ਨਵ-ਰਹੱਸਵਾਦੀ ਕਾਵਿਧਾਰਾ

ਨਵ-ਰਹੱਸਵਾਦੀ ਕਾਵਿਧਾਰਾ

Contents hide
1 ਨਵ-ਰਹੱਸਵਾਦੀ ਕਾਵਿਧਾਰਾ

ਜਸਵੰਤ ਸਿੰਘ ਨੇਕੀ (1925 )

ਡਾ ਨੇਕੀ ਨਵੀਂ ਪੰਜਾਬੀ ਕਵਿਤਾ ਦੀ ਨਵ-ਰਹੱਸਵਾਦੀ ਕਾਵਿਧਾਰਾ ਦਾ ਪ੍ਰਵਰਤਕ ਕਵੀ ਹੈ। ਆਧੁਨਿਕ ਪੰਜਾਬੀ ਕਵਿਤਾ ਦੇ ਤੀਜੇ ਚਰਣ ਵਿਚ ਨਵੇਂ ਯੁੱਗ-ਬੋਧ ਤੇ ਨਵੇਂ ਭਾਵ-ਬੋਧ ਦੇ ਪਰਿਵੇਸ਼ ਵਿਚ ਜੋ ਨਵਾਂ ਅਨੁਭਵ/ਚਿੰਤਨ ਅਤੇ ਜੋ ਨਵੀ ਰੂਪ ਚੇਤਨਾ ਪੈਦਾ ਹੋਈ ਹੈ। ਉਸਦੇ ਅਧੀਨ ਪੰਜਾਬੀ ਕਵੀ ਕਾਵਿ-ਪਰੰਪਰਾਵਾਂ ਨੂੰ ਨਵਰੂਪਿਤ ਕਰਨ ਦੇ ਆਹਰ ਵਿਚ ਹਨ। ਇਸ ਯੁਗ ਬਿਰਤੀ ਦੇ ਵਹਿਣ ਵਿਚ ਡਾ . ਨੇਕੀ ਦੀ ਕਵਿਤਾ ਵਿਚ ਪਰੰਪਰਾਗਤ ਰਹੱਸ-ਚਿੰਤਨ ਦਾ ਨਵਰੂਪਣ ਹੋਇਆ ਦਿੱਸਦਾ ਹੈ। ਸਿੱਟੇ ਵਜੋਂ ਨੇਕੀ ਦਾ ਕਾਵਿ-ਲੋਕ ਇਕ ਅਦਭੁਤ ਵਿਲੱਖਣਤਾ ਨਾਲ ਉਭਰਿਆ ਹੈ ਜਿਸਦਾ ਨਿਵੇਕਲਾ ਰੰਗ ਹੈ ਤੇ ਨਿਵੇਕਲਾ ਢੰਗ ਹੈ।

ਨੇਕੀ ਨੇ ਹੁਣ ਤੱਕ ਪੰਜ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ। ਉਹ ਹਨ :- ਅਸਲੇ ਤੇ ਉਹਲੇ, ਇਹ ਮੇਰੇ ਸੰਸੇ ਇਹ ਮੇਰੇ ਗੀਤ, ਸਿਮਰਤੀ ਦੇ ਕਿਰਨ ਤੋਂ ਪਹਿਲਾਂ, ਕਰੁਣਾ ਦੀ ਛੋਹ ਤੋਂ ਮਗਰੋਂ, ਪ੍ਰਤਿਬਿੰਬਾਂ ਦੇ ਸਰੋਵਰ ‘ਚੋ ਅਤੇ ਇਕ ਹੋਰ ਸੰਗ੍ਰਹਿ ਨ ਇਹ ਗੀਤ ਨ ਬਿਰਹੜਾ, ਛਪਾਈ ਅਧੀਨ ਹੈ । ਇਨ੍ਹਾਂ ਕਾਵਿ-ਸੰਗ੍ਰਹਿਆਂ ਵਿਚ ਦਰਜ ਕਵਿਤਾਵਾਂ ਦੇ ਪਠਨ-ਪਾਠਨ ਤੋਂ ਜ਼ਾਹਰ ਹੋ ਜਾਂਦਾ ਹੈ ਕਿ ਡਾ ਨੇਕੀ ਦੀ ਕਾਵਿ-ਚੇਤਨਾ ਦੀ ਆਧਾਰ-ਭੂਮੀ ਵਿਚ ਮਨੋਵਿਗਿਆਨ (Psychology) ਸਰੀਰ ਵਿਗਿਆਨ (Physiology), ਭੌਤਿਕ ਵਿਗਿਆਨ (Physics) ਸਮਾਜ ਵਿਗਿਆਨ (Sociology), ਦਰਸ਼ਨ ਤੇ ਸਾਹਿਤ-ਵਿਗਿਆਨ ਆਦਿ ਵਿਭਿੰਨ ਵਿਗਿਆਨਿਕ ਸਿਧਾਂਤ- ਪ੍ਰਣਾਲੀਆਂ ਕਰਮਸ਼ੀਲ ਹਨ ਜਿਸ ਕਾਰਨ ਉਸਦੀ ਹਰ ਕਵਿਤਾ ਵਿਚ ਸਮਕਾਲੀ ਯੁੱਗ ਦੀਆਂ ਵਿਗਿਆਨਿਕ ਬਿਰਤੀਆਂ ਦੀ ਆਭਾ ਲਿਸ਼ਕਦੀ ਦਿਸਦੀ ਹੈ। ਇਸ ਪਰਿਪੇਖ ਵਿਚ ਹੀ ਨੇਕੀ ਦੀਆਂ ਕਾਵਿ-ਰਚਨਾਵਾਂ ਦਾ ਵਿਵੇਚਨ ਸੰਭਵ ਹੈ।

“ਅਸਲੇ ਤੇ ਉਹਲੇ” ਨੇਕੀ ਦੀ ਕਾਵਿ-ਪ੍ਰਤਿਭਾ ਦੇ ਵਿਕਾਸ ਦਾ ਵਿਦਾ-ਬਿੰਦੂ ਹੈ । ਇਸ ਵਿਚ ਮਾਨਵੀ ਸਮਸਿਆਵਾਂ ਸਿਆਸੀ ਨੀਤੀਆਂ ਰੋਮਾਂਟਿਕ ਪ੍ਰਤਿਕਰਮਾਂ, ਅਤੀਤ ਦੀਆਂ ਸਮ੍ਰਿਤੀਆਂ ਅਤੇ ਭਵਿੱਖ ਦੇ ਸੁਪਨੇ ਵਸਤੂ ਰੂਪ ਵਿਚ ਅੰਕਿਤ ਹੋਏ ਹਨ। ਮਾਨਵੀ ਸਮਾਜ ਵਿਚ ਇਸਤਰੀ ਦੀ ਦੁਖਾਂਤਕ ਹੋਂਦ, ਮਨੁੱਖ ਦਾ ਇਸਤਰੀ ਪ੍ਰਤੀ ਕਰੂਰ ਰਵਈਆਂ, ਇਸਤਰੀ ਤੇ ਮਰਦ ਦੀ ਸ਼ੋਸ਼ਣ ਬਿਰਤੀ, ਮਨੁੱਖੀ ਸਮਾਜ ਵਿਚ ਢਿੱਡ ਦੀਆਂ ਭੁੱਖਾਂ ਤੇ ਮਾਨਸਿਕ ਦੁੱਖਾਂ ਆਦਿ ਮਾਨਵੀ ਸਮਸਿਆਵਾਂ ਦਾ ਚਿਤਰਣ ਹੈ। ਸਾਇੰਸ ਤੇ ਨਵੀਆਂ ਖੋਜਾਂ ਦੇ ਗਿਆਨ ਨਾਲ ਮਨੁੱਖ ਜੋ ਕੁਫਰ ਵਲ ਰੁਚਿਤ ਸੀ। ਉਹ ਖੋਜ ਦੀਆਂ ਅਗਲੀਆਂ ਮੰਜ਼ਲਾਂ ਤੇ ਮੁੜ ਆਸਤਿਕ ਤੇ ਮੋਮਿਨ ਬਣ ਰਿਹਾ ਹੈ ਪਰ ਆਧੁਨਿਕ ਮਾਨਵ ਦਾ ਮਨੋ-ਜਗਤ ਤਿੜਕ ਰਿਹਾ ਹੈ ਜਿਸ ਕਰਕੇ ਨਾ ਕੋਈ ਕਿਸੇ ਦਾ ਮਹਿਰਮ ਤੇ ਨਾ ਕੋਈ ਰਾਜਦਾਨ ਹੈ। ਕਵੀ ਲਿਖਦਾ ਹੈ :-

“ਮੈਂ ਦਿਲੋਂ ਕੁਝ ਹੋਰ ਬਾਹਰੋਂ ਹੋਰ ਹਾਂ

ਹੋਰ ਹਾ ਸਜਨੀ! ਅਸਲ ਵਿਚ ਹੋਰ ਹਾਂ”

ਇਸ ਤਰ੍ਹਾਂ ‘ਅਸਲੇ ਤੇ ਉਹਲੇ’ ਵਿਚ ਮਾਨਵ ਦੇ ਸੰਦਰਭ ਵਿਚ ਯਥਾਰਥ ਸਥਿਤੀ ਤੇ ਆਦਰਸ਼ ਸਥਿਤੀ ਦਾ ਸਮਨਵੈ-ਭਾਵ ਸੰਕਲਿਤ ਹੈ। ਨੇਕੀ ਦਾ ਦੂਜਾ ਕਾਵਿ-ਸੰਗ੍ਰਹਿ ‘ਇਹ ਮੇਰੇ ਸੰਸੇ ਇਹ ਮੇਰੇ ਗੀਤ’ ਹੈ ਜੋ ਕਵੀ ਦੇ ਮੁਕਾਬਲਤਨ ਪ੍ਰੌਢ ਚਿੰਤਨ ਦਾ ਪ੍ਰਮਾਣ ਹੈ। ਜਿਵੇਂ ਕਿ ਟਾਈਟਲ ਤੋਂ ਪ੍ਰਗਟ ਹੈ ਕਵੀ ਇਸ ਪੜਾਅ ਤੇ ਸੰਸਿਆ ਤੇ ਪ੍ਰਗੀਤਾ ਦੀ ਦਵੱਲੀ ਪ੍ਰਕ੍ਰਿਆ ਵਿਚੋਂ ਲੰਘ ਰਿਹਾ ਹੈ। ਉਸ ਦੇ ਜਗਿਆਸੂ ਮਨ ਵਿਚ ਪ੍ਰਸ਼ਨਾਂ ਦੀ ਭੀੜ ਜੁੜੀ ਹੈ, ਪੁੱਛਾਂ, ਸ਼ੰਕਿਆਂ, ਸਵਾਲਾਂ, ਤੇ ਸੰਸਿਆਂ, ਨੇ ਉਸ ਦੇ ਅਸਤਿੱਤਵ ਨੂੰ ਗ੍ਰਸਿਆ ਹੋਇਆ ਹੈ। ਉਹ ਕੁਦਰਤ ਦੀਆ ਵਿਸਮਾਦਾਂ, ਪੁਲਾੜਾ, ਮਹਾਵਿਥਾਂ, ਹੋਂਦ- ਨਿਹੋਂਦ, ਸੱਤਾ-ਨਿਸੱਤਾ, ਹੋਸ਼ੀ-ਬੇਹੋਸ਼ੀ ਆਦਿ ਮਹਾਵਿਸਮਾਦਕ ਅਨੁਭਵਾਂ ਦੇ ਉੱਤਰਾਂ ਦਾ ਮੁਤਲਾਸ਼ੀ ਹੈ। ਕਵੀ ਲਿਖਦਾ ਹੈ –

“ਇਸੇ ਹੀ ਭਾਲ ਵਿਚ ਨਿਤ ਰੂਹ ਹੈ ਮੇਰੀ ਕਲਵਲ,

ਕਿ ਅੰਤ ਕਿਹੜੀ ਹੈ ਕੀਮਤ ਕਿ ਜੋ ਹੈ ਨਿਹਕੇਵਲ” (ਨਜ਼ਰ ਨਿਢਾਲ ਹੈ)

ਇਸ ਢੂੰਢਾਊ, ਸ਼ੰਕਾਲੂ ਤੇ ਪ੍ਰਸ਼ਨਸ਼ੀਲ ਭਾਵਨਾ ਅਧੀਨ ਕਵੀ ਨੇ ਚਿੰਤਨ-ਪਰਕ ਪ੍ਰਗੀਤ ਰਚੇ ਹਨ ਜੋ ਕਿਸੇ ਪਰਮ ਰਹੱਸ ਜਾਂ ਮਰਮ ਦਾ ਉਦਾਘਾਟਨ ਵੀ ਕਰਦੇ ਹਨ ਅਤੇ ਨਾਲੋ ਨਾਲ ਸੰਗੀਤਕ ਲੈ ਦਾ ਸੁਹਜ ਆਨੰਦ ਵੀ ਪ੍ਰਦਾਨ ਕਰਦੇ ਹਨ। ਵੰਨਗੀ ਵੇਖੋ:

ਅਖੀਓ, ਜਾਚ ਸਿਖੋ ਵੇਖਣ ਦੀ ਰੂਪ ਦੁਹਾਈਆਂ ਦੇਂਦਾ ਨੀ,

ਇਹ ਤਾਂ ਲਿਸਕੰਦੜਾ ਕਚ-ਪਰਦਾ ਸੁਹਣਾ ਪਾਰ ਵਸੇਂਦਾ ਨੀ”

‘ਸਿਮਰਤੀ ਦੇ ਕਿਰਨ ਤੋਂ ਪਹਿਲਾ’ ਨੇਕੀ ਦਾ ਅਗਲਾ ਸੰਗ੍ਰਹਿ ਹੈ। ਇਹ ਸੰਗ੍ਰਹਿ ਦਾਰਸ਼ਨਿਕ ਤੇ ਪਰਾਭੌਤਿਕ ਯਥਾਰਥਾਂ ਨੂੰ ਕਲਾ ਦੇ ਰਸਿਕ ਵਾਤਾਵਰਣ ਵਿਚ ਪੇਸ਼ ਕਰਨ ਦਾ ਪ੍ਰਸ਼ੰਸਨੀ ਉਪਰਾਲਾ ਹੈ। ਕਵੀ ਏਥੈ ਸਿਮਰਤੀ ਤੇ ਵਿਸਿਮਰਤੀ ਦੇ ਵਿਚਕਾਰ ਖੜਾ ਨਵੇਂ ਅਨੁਭਵ ਪੇਸ਼ ਕਰ ਰਿਹਾ ਹੈ। ਵਿਅਕਤੀ, ਜੀਵਨ ਤੇ ਪਰਾਮਾਨਵੀ ਘਟਨਾਵਾਂ ਬਾਰੇ ਕਵੀ ਨੂੰ ਜਿਹੜੀਆਂ ਅਸਲੀਅਤਾਂ ਦਾ ਆਭਾਸ ਮਿਲਦਾ ਹੈ ਉਨ੍ਹਾਂ ਨੂੰ ਉਹ ਕਾਵਿ-ਬੱਧ ਕਰਨ ਦੇ ਅਸਰ ਵਿਚ ਦਿਸਦਾ ਹੈ। ਮੌਤ ਇਕ ਪਰਾਮਾਨਵੀ ਘਟਨਾ ਹੈ। ਕਵੀ ਦੀ ਮੌਤ ਬਾਰੇ ਪ੍ਰਤਿਕ੍ਰਿਆ ਵੇਖੋ :

“ਮੌਤ ਜੋ ਹੋਂਦ ਤੇ ਨਿਹੋਂਦ ਵਿਚਲੀ ਸਰਹੱਦ ਹੈ

ਧੁੱਪ ਤੇ ਛਾਂ ਨੂੰ ਨਖੇੜਦੀ ਲੀਕ ਵਾਂਗ ਹੈ,

ਤੇ ਇਸ ਦੂਹਰੇ ਰਹੱਸ ਤੋਂ ਕੋਈ ਨਵ-ਨਚਿਕੇਤਾ ਹੀ ਜਾਣੂ ਹੁੰਦਾ ਹੈ ਜੋ ਜਿੰਦਗੀ ਤੇ ਮੌਤ ਦੋਹਾਂ ਦੇ ਘਰ ਮਹਿਮਾਨ ਰਿਹਾ ਹੋਵੇ ।”

ਇਸੇ ਤਰ੍ਹਾਂ ਪਿਆਰ ਤਾਂ ਇਕ ਨਿੱਤ ਨਵਾਂ, ਨਿੱਤ ਨਵੇਰ ਵੈਰਾਗ ਹੈ, ਇਕ ਧਰਵਾਸ, ਧਰਤੀ ਦੇ ਹੀਏ ਜੇਡਾ ਆਦਿ ਕਾਵਿ ਕਥਨ ਉਸਦੀ ਰਹੱਸ ਦ੍ਰਿਸ਼ਟੀ ਦੀ ਸਾਖੀ ਭਰਦੇ ਹਨ। ਵਿਅਕਤੀ ਸਮਾਜਿਕ ਤੇ ਸਾਂਸਕ੍ਰਿਤਿਕ ਸੀਮਾਵਾਂ ਵਿਚ ਬੱਝਾ ਹੋਇਆ, ਤ੍ਰਿਸ਼ਨਾ, ਆਸ਼ਾ, ਨਿਰਾਸ਼ਾ ਭਰਮ-ਭੁਲੇਖਿਆਂ ਨੂੰ ਹੰਢਾ ਰਿਹਾ ਹੈ। ਕਵੀ ਅਜੇਹੀ ਵਿਅਕਤੀਗਤ ਤੇ ਸਮੂਹਿਕ ਮਾਨਸਿਕਤਾ ਦਾ ਨਿਰੂਪਣ ਕਰਦਾ ਹੈ। ਕਵੀ ਨਵੇਂ ਨਵੇਂ ਬਿੰਬਾਂ ਦੀ ਸਿਰਜਨਾ ਕਰਨ ਵਿਚ ਸਮੱਰਥ ਹੈ। ‘ਕਰੁਣਾ ਦੀ ਛੋਹ ਤੋਂ ਮਗਰੋਂ” ਉਸਦਾ ਅਗਲਾ ਸੰਗ੍ਰਹਿ ਹੈ। ਇਸ ਵਿਚ ਰਹੱਸਵਾਦੀ ਤੇ ਅਧਿਆਤਮਿਕ ਅਨੁਭਵ ਹੋਰ ਵੀ ਗਹਿਰਾ ਹੋਇਆ ਹੈ । ਅਸਲ ਵਿਚ ਇਹ ਸੰਗ੍ਰਹਿ ਆਪਣੀ ਵਿਰਾਟ ਅਧਿਆਤਮਿਕ ਸੰਸਕ੍ਰਿਤੀ ਨਾਲ ਮੁੜ ਜੁੜਨ ਦਾ ਕਾਵਿਕ ਤਰਲਾ ਹੈ, ਜੋ ਸੰਸਕ੍ਰਿਤੀ ਸਾਡੇ ਹੱਡਾਂ, ਰੰਗਾਂ, ਸਾਹਾਂ ਵਿਚ ਸਦੀਆ ਤੋਂ ਘੁਲੀ ਚਲੀ ਆ ਰਹੀ ਹੈ । ਏਥੇ ਆਪਾ ਤੇ ਆਤਮਾ ਅਤੇ ਕਵੀ ਤੇ ਪਾਤਵੀ ਦੇ ਸੰਵਾਦ ਬੜੇ ਹੀ ਗੰਭੀਰ ਤੇ ਵਿਚਾਰ-ਉਤੇਜਕ ਹਨ “ਆਪਾ” ਆਤਮਾ ਪ੍ਰਤਿ ਪ੍ਰਸ਼ਨ ਕਰਦਾ ਹੈ :-

ਹਕੀਕਤ ਕਰਦੇ ਰੌਸ਼ਨ

ਰੋਜ਼ ਦਾ ਸੰਕਾ ਮਿਟਾ. ਦੇ ਤੂੰ,

ਨਜ਼ਰ ਬੇਤਾਬ ਹੈ ਮੇਰੀ

ਜ਼ਰਾ ਪਰਦਾ ਹਟਾ ਦੇ ਤੂੰ ।

‘ਪ੍ਰਤੀਬਿੰਬਾਂ ਦੇ ਸਰੋਵਰ ਚੋਂ’ ਸੰਗ੍ਰਹਿ ਵਿਚ ਡਾ. ਨੇਕੀ ਦਾ ਪ੍ਰੋਢ ਚਿੰਤਨ ਉਜਾਗਰ ਹੁੰਦਾ ਹੈ। ਏਥੇ ਡਾ. ਨੇਕੀ ਵਿਭਿੰਨ ਜਾਗਤਿਕ ਵਿਸ਼ਿਆ ਨੂੰ ਦਾਰਸ਼ਨਿਕ ਧਰਾਤਲ ਪ੍ਰਦਾਨ ਕਰਨ ਵਿਚ ਸਫਲ ਹੋਇਆ ਹੈ। ਪ੍ਰਕ੍ਰਿਤੀ ਦੇ ਅਦਭੁਤ ਦ੍ਰਿਸ਼ਾਂ ਉਹਲੇ ਉਸਦੀ ਕਲਪਨਾ ਵਿਚ ਰਹੱਸਮਈ ਸੰਕੇਤ ਝਲਕਦੇ ਹਨ। ਇਕ ਵੰਨਗੀ ਪੇਸ਼ ਹੈ :-

ਜਦ ਸੁਪਨ ਮੋਤੀਆਂ ਲੈਂਦਾ ਏ

ਕੀ ਚਿਤ੍ਰਲਿਪੀ ਵਿਚ ਕਹਿੰਦਾ ਏ ?

ਜਦ ਰਾਤ ਚੰਮੇਲੀ ਰੋਂਦੀ ਏ

ਕਿਹੜੇ ਪਛਤਾਵੇ ਧੋਂਦੀ ਏ ?

.ਸਮੁੱਚੇ ਤੌਰ ਤੇ ਡਾ. ਨੇਕੀ ਸੰਚੇਤਨਾ ਤੇ ਸੰਵੇਦਨਾ ਦੋਹਾਂ ਮਤਵਾਜ਼ੀ ਫੈਕਲਟੀਆਂ ਨਾਲ ਸੰਪੰਨ ਕਵੀ ਹੈ । ਉਸਦੀ ਕਾਵਿ-ਸਿਰਜਨਾ ਬਹੁ-ਪਾਸਾਰੀ ਤੇ ਬਹੁਪਰਤੀ ਧਰਾਤਲਾਂ ਤੇ ਵਿਚਰਦੀ ਹੈ । ਉਸਦੀ ਕਵਿਤਾ ਵਿਚੋਂ ਪਰਾ-ਮਾਨਵੀ, ਮਾਨਵੀ ਤੇ ਮਨੋਜਗਤਿਕ ਲੈਵਲ ਉਭਰਦੇ ਹਨ। ਆਧੁਨਿਕ ਵਿਗਿਆਨਿਕ ਸ਼ਬਦਾਵਲੀ ਦੇ ਮਾਧਿਅਮ ਨਾਲ ਉਹ ਪੁਲਾੜਾਂ, ਮਹਾਪੁਲਾੜਾਂ, ਅੰਤਰਿਕਸ਼ਾਂ, ਸਿਤਾਰਿਆ ਆਦਿ ਭੌਤਿਕ ਪਸਾਰ ਦੀ ਗੱਲ ਕਰਦਾ ਹੈ ਅਤੇ ਇਸ ਮਹਾਪੁਲਾੜ ਤੋਂ ਪਰ੍ਹੇ ਕੋਈ ਹੋਂਦ/ਸੱਤਾ ਦਾ ਅਨੁਭਵ ਉਸਦੀ ਕਾਵਿ-ਬਿਰਤੀ ਵਿਚ ਉਤਰਦਾ ਹੈ। ਉਸਦੇ ਥੀਮਿਕ ਵਸਤੂ ਦੇ ਵਿਕਾਸ ਵਿਚ ਨਿਰਗੁਣ ਨਿਰਾਕਾਰ, ਅਰੂਪ, ਅਨੂਪ ਹਸਤੀ ਦੇ ਕਾਵਿਮਈ ਇਸ਼ਾਰੇ ਹਨ, ਇਸ ਲਈ ਉਸ ਦੀ ਕਾਵਿਭੂਮੀ ਕਿਸੇ ਰਹੱਸਮੁਖੀ ਵਾਤਾਵਰਣ ਵਿਚ ਉਸਰਦੀ ਹੈ। ਇਹੋ ਕਾਰਨ ਹੈ ਕਿ ਨੇਕੀ ਦੇ ਕਾਵਿ ਵਿਚ ਮਾਨਵੀ ਖਲਾਅ (Vaccuum) ਕਿਸੇ ਪਰਾ-ਮਾਨਵੀ ਹਸਤੀ ਦੀ ਆਹਟ, ਆਮਦ ਤੇ ਛਣਕਾਹਟ ਨਾਲ ਪਰਿਪੂਰਨ ਹੁੰਦਾ ਦਿਸਦਾ ਹੈ। ਇਸ ਤਰ੍ਹਾਂ ਨੇਕੀ ਦਾ ਕਾਵਿ ਚਿੰਤਨ ਡੂੰਘੇ ਤੇ ਵਿੱਲਖਣ ਅਨੁਭਵ ਉਤੇ ਆਧਾਰਿਤ ਹੈ, ਇਸੇ ਲਈ ਉਹ ਥਾਂ ਥਾਂ ਤਰਕ, ਦਲੀਲ, ਵਿਗਿਆਨਿਕਤਾ ਦੇ ਮੁਕਾਬਲੇ ਤੇ ਅਨੁਭਵ ਦੀ ਮਹਿਮਾ ਦਾ ਕਾਇਲ ਹੈ। ਨੇਕੀ ਕਹਿੰਦਾ ਹੈ :-

ਤੂੰ ਮੰਨੇਂ ਤਰਕ ਦੀ ਮਹਿਮਾ/ਮੈਂ ਜਾਣਾ ਇਸ ਦੀ ਮਜ਼ਬੂਰੀ,

ਕਿ ਅਨੁਭਵ ਸਾਹਮਣੇ ਇਸਦੀ/ਕਦੇ ਪੈਂਦੀ ਨਹੀਂ ਪੂਰੀ,

ਜਿਨ੍ਹਾਂ ਦਾ ਦੇਸ਼ ਅਨੁਭਵ ਹੈ/ਉਹ ਅਨੁਭੂਤੀ ‘ਚਿ ਵਸਦੇ ਨੇ,

ਨਿਰੀ ਸੰਵੇਦਨਾ ਹੋ ਕੇ ਸਦਾ ਵੇਦਨ ‘ਚ ਰਸਦੇ ਨੇ ।

ਨੇਕੀ ਹੋਂਦ-ਨਿਹੋਂਦ, ਆਤਮ-ਅਨਾਤਮ, ਵਿਸਮਾਦ-ਪ੍ਰਸ਼ਨ, ਆਪਾ-ਆਤਮਾ, ਆਦਿ ਦਵੰਦਾਂ ਦਾ ਚਿੰਤਨ ਕਰਦਾ ਹੋਇਆ ਵੀ ਅਨੁਭਵ ਦੇ ਰਹੱਸ-ਲੋਕ ਦਾ ਢੂੰਢਾਉ ਹੈ। ਇਹੋ ਅਨੁਭਵ ਉਸਦੇ ਨਵ- ਰਹੱਸਵਾਦ ਦੀ ਆਧਾਰ-ਸ਼ਿਲਾ ਹੈ। ਇਸ ਦੇ ਨਤੀਜੇ ਵਜੋਂ ਇਹ ਕਹਿਣਾ ਤਰਕ-ਸੰਗਤ ਹੈ ਕਿ ਡਾ ਨੇਕੀ ਆਧੁਨਿਕ ਪੰਜਾਬੀ ਕਵਿਤਾ ਦੀ ਨਵ-ਰਹੱਸਵਾਦੀ ਧਾਰਾ ਦਾ ਪ੍ਰਵਰਤਕ ਕਵੀ ਹੈ।

ਸਵਾਮੀ ਬ੍ਰਹਮਦੇਵ ਉਦਾਸੀ-

ਪੰਜਾਬੀ ਕਵਿਤਾ ਦੀ ਨਵ-ਰਹੱਸਵਾਦੀ ਧਾਰਾ ਵਿਚ ਸਵਾਮੀ ਬ੍ਰਹਮਦੇਵ ਉਦਾਸੀ ਇਕ ਹੋਰ ਉਲੇਖਯੋਗ ਕਵੀ ਹੈ। ਸਵਾਮੀ ਜੀ ਨੇ ਆਪਣੀ ਕਾਵਿ-ਪੁਸਤਕ “ਨੂਰ ਦੇ ਨੇੜੇ” ਸਿਰਜਕੇ ਪੰਜਾਬੀ ਕਵਿਤਾ ਵਿਚ ਇਕ ਨਿਵੇਕਲਾ ਸਥਾਨ ਬਣਾ ਲਿਆ ਹੈ। “ਨੂਰ ਦੇ ਨੇੜੇ” ਵਿਚ ਦੋ ਕਾਵਿ-ਵਰਗ ਹਨ ਸਹਿਜ ਕਾਵਿ ਤੇ ਅਧਿਆਤਮ ਕਾਵਿ । ਸਹਿਜ ਕਾਵਿ ਵਿਚ ਉਪਦੇਸ਼ ਤੇ ਨੀਤੀਪਰਕ ਵਿਸ਼ੇ ਦਰਜ ਹਨ ਜਿਵੇਂ ਸਤਿ ਪੁਰਖ, ਸੇਵਾ, ਮਿੱਤਰਤਾ, ਗ੍ਰਿਹਸਥ, ਵਿਸ਼ਵਾਸ਼, ਅਵਿਸ਼ਵਾਸ਼ ਆਦਿ ਅਤੇ ਅਧਿਆਤਮ ਕਾਵਿ ਵਿਚ ਈਸ਼ਵਰ, ਨਿਰਗਤ ਬ੍ਰਹਮ, ਸਤਿਸੰਗਤ ਅਦਭੁਤ, ਯਾਚਨਾ ਆਦਿ ਪਰਾਭੌਤਿਕ ਵਿਸ਼ ਕਾਵਿਬੱਧ ਕੀਤੇ ਗਏ ਹਨ। ਸਹਿਜ ਕਾਵਿ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਗੌਰਵ-ਗਾਇਨ ਕਰਦੇ ਹੋਏ ਸਵਾਮੀ ਜੀ ਲਿਖਦੇ ਹਨ :

ਜਿਸਨੇ ਕਲਪਿਆ ਇਕ ਅਖੰਡ ਭਾਰਤ, ਸੂਬੇ ਬੰਦੀ ਨੂੰ ਜਿੰਨ੍ਹੇ ਵਿਸਾਰ ਦਿੱਤਾ,

ਪੰਜਾਂ ਸੂਬਿਆਂ ਚੋਂ ਲੈ ਕੇ ਪੰਜ ਪਿਆਰੇ ਜਿਸਨੇ ਪੰਜਾਂ ਨੂੰ ਇਕੋ ਜਿਹਾ ਪਿਆਰ ਦਿੱਤਾ ।

ਅਧਿਆਤਮਕ ਕਾਵਿ ਦੀ ਇਕ ਵੰਨਗੀ ਹਾਜ਼ਰ ਹੈ :-

ਸੋਚਾਂ ਸਮਝਾਂ ਵਾਲਿਓ ਸਿਆਣਿਓ! ਪਰਮੇਸ਼ਵਰ ਹੈ ਦਰਪਣ

ਜਿਸਦੇ ਵਿਚ ਪ੍ਰਤਿਬਿੰਬਿਤ ਹੁੰਦਾ ਪ੍ਰਕਿਰਤੀ ਦਾ ਕਣ ਕਣ

ਜ਼ਰਰੇ ਜ਼ਰਰੇ ਦੇ ਵਿਚ ਵਸਦੈ ਉਹ ਪਿਆਰਾ ਵਣਮਾਲੀ

ਬਾਹਰੋਂ ਵੇਖਣ ਵਿਚ ਨਹੀਂ ਆਉਂਦਾ ਜਿਉਂ ਮਹਿੰਦੀ ਦੀ ਲਾਲੀ ।

“ਨੂਰ ਦੇ ਨੇੜੇ” ਕਾਵਿ ਪੁਸਤਕ ਨੇ ਪੰਜਾਬੀ ਦੇ ਆਲੋਚਕਾਂ ਦਾ ਧਿਆਨ ਆਪਣੇ ਵੱਲ ਖਿਚਿਆ ਹੈ । ਆਲੋਚਕਾਂ ਨੇ ਤਰ੍ਹਾਂ ਤਰ੍ਹਾਂ ਦੇ ਵਿਸ਼ੇਸ਼ਣੀ ਵਾਕਾਂ ਤੇ ਸਿਫਾਤੀ ਫਿਕਰਿਆ ਨਾਲ ਇਸ ਕਵਿਤਾ’ ਨੂੰ ਆਲੋਚਿਤ ਕੀਤਾ ਹੈ। ਕੇਵਲ ਕਸ਼ਮੀਰੀ ਨੇ ਇਸਨੂੰ ਅਧਿਆਤਮਵਾਦ ਦਾ ਪੁਨਰ-ਜਾਗਰਣ ਕਿਹਾ ਹੈ, ਪਿਆਰਾ ਸਿੰਘ ਪਦਮ ਅਨੁਸਾਰ ਇਹ ਸਨਾਤਨ ਸੱਚ ਹੈ । ਡਾ ਗੁਰਦੀਪ ਸਿੰਘ ਭੰਡਾਰੀ ਨੇ ਨੂਰ ਦਾ ਅਨੁਭਵ ਆਖਿਆ ਹੈ, ਐਸ ਐਸ ਸਹੋਤਾ ਇਸ ਨੂੰ ਸਤ ਚਿਤ ਆਨੰਦ ਦੀ ਸਮੁੱਚਤਾ ਕਹਿੰਦਾ ਹੈ । ਡਾ. ਮਹਿੰਦਰ ਕੌਰ ਗਿੱਲ ਨੇ ਇਸ ਨੂੰ ਗੁਰਮਤਿ ਕਾਵਿ ਦਰਸ਼ਨ ਦੀ ਪੇਸ਼ਕਾਰੀ ਕਿਹਾ ਹੈ ਅਤੇ ਡਾ. ਗੁਰਦਿਆਲ ਸਿੰਘ ਫੁੱਲ ਅਨੁਸਾਰ ਇਹ ਅਧਿਆਤਮਿਕ ਇਕ ਸੁਰਤਾ ਦਾ ਲਖਾਇਕ ਹੈ। ਡਾ. ਜੀਤ ਸਿੰਘ ਸੀਤਲ, ਗਿਆਨੀ ਲਾਲ ਸਿੰਘ ਨੇ ਵੀ ਇਸ ਬਾਰੇ ਆਪੋ ਆਪਣੇ ਅਧਿਐਨ ਪੇਸ਼ ਕੀਤੇ ਹਨ।

ਨਵਰਹੱਸਵਾਦੀ ਧਾਰਾ ਦੇ ਹੋਰ ਕਵੀ :

ਜਗਜੀਤ ਸਿੰਘ ਗੁਲੇਰੀਆ ਦੇ ਝਰਨਾਟਾਂ ਤੇ ਔਸੀਆਂ ਦੋ ਕਾਵਿ ਸੰਗ੍ਰਹਿ ਅਤੇ ਮੇਵਾ ਸਿੰਘ ਤੁੰਗ ਦੇ ਬਿਖ-ਅੰਮ੍ਰਿਤ ਤੇ ਮਨ ਪ੍ਰਦੇਸੀ ਜੇ ਥੀਏ, ਦੋ ਕਾਵਿ-ਸੰਗ੍ਰਹਿ ਇਸ ਧਾਰਾ ਨੂੰ ਵਿਕਸਿਤ ਕਰਦੇ ਹਨ। ਬਲਜੀਤ ਤੁਲਸੀ ਇਕ ਹੋਰ ਕਵਿਤ੍ਰੀ ਹੈ ਜਿਸ ਦੇ ਕਾਵਿ ਸੰਗ੍ਰਹਿ ਨਿਮਨ ਅਨੁਸਾਰ ਹਨ : ਨੀਲ ਕੰਠ, ਨੀਲ ਕਮਲ, ਨੀਲ ਅੰਬਰ, ਤਿੰਨ ਵਾਰਾਂ, ਮੌਲਸਰੀ, ਪਾਰਸ ਟੋਟੇ, ਪ੍ਰੇਮਾਂਜਲੀ, ਮੌਜੇ ਬਹਿਰ ।

ਨਵ-ਪ੍ਰਗਤੀਵਾਦੀ ਕਾਵਿਧਾਰਾ

ਸੰਤੋਖ ਸਿੰਘ ਧੀਰ (1920- )

ਪੰਜਾਬੀ ਕਹਾਣੀ-ਸਾਹਿੱਤ ਵਿਚ ਸੁਪਰਿਚਿਤ ਸੰਤੋਖ ਸਿੰਘ ਧੀਰ ਕਾਵਿ-ਸਾਧਨਾ ਵਿਚ ਵੀ ਲਗਾਤਾਰ ਜੁੜਿਆ ਆ ਰਿਹਾ ਹੈ । ਉਸ ਦੀ ਕਾਵਿ ਸਾਧਨਾ ਦੀ ਨਿਰੰਤਰਤਾ ਦਾ ਪ੍ਰਮਾਣ ਉਸ ਦੇ ਅੱਠ ਕਾਵਿ- ਸੰਗ੍ਰਹਿ ਹਨ। ਉਹ ਹਨ :-

ਗੁਡੀਆਂ ਪਟੋਲੇ (1944), ਪਹੁ ਫੁਟਾਲਾ (1944), ਧਰਤੀ ਮੰਗਦੀ ਮੀਂਹ ਵੇ (1952), ਪੱਤ ਝੜੇ ਪੁਰਾਣੇ (1955), ਬਿਰਹੜੇ (1960) ਕਾਲੀ ਬਰਛੀ (1980) ਸੰਜੀਵਨੀ ਸਿੰਘਾਵਲੀ (1984) ਅੱਕ ਦੇ पॅडे ।

ਧੀਰ ਦੀਆਂ ਕਵਿਤਾਵਾਂ ਦੇ ਅਧਿਐਨ ਤੋਂ ਜ਼ਾਹਰ ਹੁੰਦਾ ਹੈ ਕਿ ਕਵੀ ਮਾਨਵੀ ਰੋਮਾਂਟਿਕ ਭਾਵਾਂ ਤੇ ਪ੍ਰਗਤੀਵਾਦੀ ਵਿਚਾਰਾਂ ਦਾ ਪ੍ਰਤਿਬੱਧ ਅਗਰਗਾਮੀ ਕਵੀ ਹੈ। ਧੀਰ ਰੋਮਾਂਟਿਕ-ਪ੍ਰਗਤੀਵਾਦੀ ਪ੍ਰਯੋਗਵਾਦੀ ਤੇ ਆਧੁਨਿਕਤਾਵਾਦੀ ਕਾਵਿ-ਧਾਰਾ ਦੇ ਸਮਾਨੰਤਰ ਰਹਿੰਦਾ ਹੋਇਆ ਵੀ ਨਵੀਂ ਕਵਿਤਾ ਦੇ ਇਸ ਯੁੱਗ ਵਿਚ ਪ੍ਰਗਤੀਵਾਦੀ ਪੰਜਾਬੀ ਕਾਵਿਧਾਰਾ ਨੂੰ ਨਵ-ਪ੍ਰਗਤੀਵਾਦੀ ਪੰਜਾਬੀ ਕਾਵਿਧਾਰਾ ਦੇ

ਰੂਪ ਵਿਚ ਪੁਨਰ-ਜਨਮ ਕਰਨ ਦੇ ਆਹਰ ਵਿਚ ਤਤਪਰ ਹੈ ਧੀਰ ਦੀ ਪ੍ਰਗਤੀਵਾਦੀ ਕਵਿਤਾ ਸਮਾਜ ਦੀ ਤੋਰ ਵਿਚ ਜਿੰਦਗੀ ਦੇ ਤਰਜ਼ੇ-ਅਮਲ ਨੂੰ ਸਮਝਣ ਦੇ ਸਮਰੱਥ ਹੈ । ਧੀਰ ਉਨ੍ਹਾਂ ਪ੍ਰਗਤੀਵਾਦੀ ਕਵੀਆਂ ਵਿਚੋਂ ਇਕ ਹੈ ਜਿਨ੍ਹਾਂ ਨੇ ਪ੍ਰਗਤੀਸ਼ੀਲ ਸਿਆਸੀ ਅਮਲ ਨੂੰ ਕਾਵਿ-ਵਸਤੂ ਵਿਚ ਰੂਪਾਂਤਰਿਤ ਕਰਕੇ ਪ੍ਰਗਤੀਵਾਦੀ ਕਾਵਿ-ਧਾਰਾ ਨੂੰ ਹੁਣ ਵੀ ਬਰਕਰਾਰ ਰਖਿਆ ਹੈ।

ਪਰ ਧੀਰ ਵੀ ਕਵਿਤਾ ਡਾ. ਪਰਮਿੰਦਰ ਸਿੰਘ ਦੇ ਅਨੁਸਾਰ, ਕਈ ਵਾਰ ਕਲਾ ਨਾ ਰਹਿ ਕੇ ਸਪਸ਼ਟ ਪ੍ਰਚਾਰ ਤੇ ਨਾਅਰੇਬਾਜ਼ੀ ਦਾ ਰੂਪ ਵੀ ਧਾਰ ਲੈਂਦੀ ਹੈ ਅਤੇ ਉਹ ਅੰਮ੍ਰਿਤਾ-ਮੋਹਨ ਸਿੰਘ ਦੇ ਪ੍ਰਭਾਵ ਹੇਠ ਦਬਿਆ ਦਬਿਆ ਜਾਪਦਾ ਹੈ। ਉਸ ਦੀਆਂ ਬਿਰਹੜੇ ਆਦਿ ਵਿਚ ਸੰਕਲਿਤ ਬਹੁਤੀਆਂ ਕਵਿਤਾਵਾਂ ਰੋਮਾਂਟਿਕ ਕਿਸਮ ਦੀ ਵਿਅਕਤੀਗਤ ਵੇਦਨਾ ਨੂੰ ਮੂਰਤੀਮਾਨ ਕਰਦੀਆਂ ਹਨ। ਇਸ ਤਰ੍ਹਾਂ ਧੀਰ ਦੀ ਸਮਾਜਿਕ ਯਥਾਰਥਵਾਦੀ ਕਵਿਤਾ ਮਸ਼ਕੂਕ ਹੋ ਜਾਂਦੀ ਹੈ। ਉਹ ਰੋਮਾਂਸ ਦੇ ਪਰਿਵੇਸ਼ ਵਿਚ ਪ੍ਰਗਤੀ ਨੂੰ ਸਥਾਪਿਤ ਕਰਨਾ ਲੋੜਦਾ ਹੈ ਜਿਵੇ

ਨਾ ਹੁੰਦੀ ਮੁਕੇਸਾਂ ਜੜੀ ਤੇਰੀ ਚੁੰਨੀ

ਇਹ ਅੰਬਰ ਨਾ ਹੁੰਦਾ ਇਹ ਤਾਰੇ ਨਾ ਹੁੰਦੇ ।

ਮੇਰੇ ਖਾਬ ਹੁੰਦੇ ਨਾ ਮਹਿਲਾਂ ਤੋਂ ਆਕੀ

ਜੇ ਝਗੀਆਂ ਦੀ ਹਿਕ ਤੇ ਉਸਾਰੇ ਨਾ ਹੁੰਦੇ ।

ਪਰ ਫਿਰ ਵੀ ਧੀਰ ਪ੍ਰਗਤੀਵਾਦੀ ਕਾਵਿਧਾਰਾ ਪ੍ਰਤੀ ਵਿਸ਼ਵਾਸੀ ਵੀ ਹੈ ਅਤੇ ਸੁਹਿਰਦ ਵੀ।

ਆਧੁਨਿਕ ਆਲੋਚਕ ਹਰਭਜਨ ਹਲਵਾਰਵੀ ਨੇ ਸੰਤੋਖ ਸਿੰਘ ਧੀਰ ਨੂੰ ਰਾਜਨੀਤਿਕ ਚੇਤਨਾ ਦਾ ਕਵੀ ਕਿਹਾ ਹੈ। ਉਸ ਦੇ ਲਫਜ਼ਾਂ ਵਿਚ ਉਸ (ਧੀਰ) ਦੀ ਰਾਜਨੀਤਿਕ ਚੇਤਨਾ ਸਧਾਰਨ ਲੋਕਾਂ ਦੀ ਧਿਰ ਬਣ ਕੇ ਦੇਸ਼ ਦੀ ਵਰਤਮਾਨ ਦਸ਼ਾ ਦਾ ਮੁਲਾਂਕਣ ਕਰਦੀ, ਸਮਕਾਲੀ ਰਾਜਸੀ ਤੇ ਸਮਾਜਕ ਘਟਨਾਵਾਂ ਨੂੰ ਇਤਿਹਾਸਕ ਦ੍ਰਿਸ਼ਟੀ ਤੋਂ ਪੇਸ਼ ਕਰਦੀ, ਰਾਜਪ੍ਰਬੰਧ ਵਿਚ ਜ਼ੋਰ ਫੜ ਚੁੱਕੇ ਭ੍ਰਿਸ਼ਟਾਚਾਰ ਤੇ ਜੁਲਮ ਸਿਤਮ ਵਿਰੁੱਧ ਆਵਾਜ਼ ਉਠਾਉਂਦੀ ਅਤੇ ਚੰਗੇਰੇ ਭਵਿੱਖ ਲਈ ਸੰਘਰਸ਼ ਦੀ ਪ੍ਰੇਰਣਾ ਦੇਣ ਵਾਲੀ ਹੈ। (ਪੰਜਾਬੀ ਟ੍ਰਿਬਿਊਨ) । ਭਾਰਤ ਦੀ ਵਰਤਮਾਨ ਦਸ਼ਾ ਕਵੀ ਧੀਰ ਤੋਂ ਸੁਣੇ :

ਭਾਰਤ ! ਤੂੰ ਸੁੰਦਰ ਮੋਰ/ਨਾ ਨੱਚੇ ਨਾਂ ਪੈਲਾਂ ਪਾਵੇਂ/ਕਿਉਂਕਿ ਹੈ ਨਹੀਂ ਘਟਾ ਘਨਘੋਰ,

ਚਾਰ ਚੁਫੇਰੇ ਅੱਗ ਦੀਆਂ ਲਾਟਾਂ/ਸੜਨ ਰੋਟੀਆਂ, ਸੜਨ ਕਿਤਾਬਾਂ/ਤੇਰੇ ਦਿਲ ਵਿਚ ਪੈਂਦਾ ਸ਼ੇਰ

(ਸੰਜੀਵਨੀ)

ਇਸ ਲਈ ਨਵ-ਪ੍ਰਗਤੀਵਾਦੀ ਧਾਰਾ ਪ੍ਰਤੀ ਸੰਤੋਖ ਸਿੰਘ ਧੀਰ ਦਾ ਯਕੀਨਨ ਵਿਸ਼ਿਸ਼ਟ ਯੋਗਦਾਨ ਹੈ।

ਗੁਰਚਰਨ ਰਾਮਪੁਰੀ (1929-)

ਗੁਰਚਰਨ ਰਾਮਪੁਰੀ ਉਨਾਂ ਕਵੀਆਂ ਵਿਚੋਂ ਇਕ ਹੈ ਜੋ ਡਾ. ਅਮਰ ਕੋਮਲ (ਆਧੁਨਿਕ ਪੰਜਾਬੀ ਕਵਿਤਾ ਖੋਜ ਪੱਤਰ) ਦੇ ਆਖਣ ਅਨੁਸਾਰ, ਨਵਪ੍ਰਗਤੀਵਾਦੀ ਕਾਵਿ ਪਰੰਪਰਾ ਨੂੰ ਪੰਜਾਬੀ ਕਵਿਤਾ ਰਾਹੀਂ ਜਿਉਂਦਾ ਰੱਖ ਰਹੇ ਹਨ। ਗੁਰਚਰਨ ਨੇ ਸਮਕਾਲੀ ਯਥਾਰਥ ਤੇ ਸਮਾਜਿਕ ਡਾਇਲੈਕਟਿਕ ਨੂੰ ਸਮਝਣ ਦੇ ਯਤਨ ਕੀਤੇ ਹਨ ਅਤੇ ਉਹ ਆਪਣੇ ਚਿੰਤਨ ਤੇ ਸੰਚੇਤਨਾ ਰਾਹੀਂ ਨਵ-ਯਥਾਰਥ ਦੀ ਗੱਲ ਕਰਦਾ ਹੈ। ਗੁਰਚਰਨ ਦੇ ਕਾਵਿ-ਸੰਗ੍ਰਹਿ ਇਹ ਹਨ :-

ਕਣਕਾਂ ਦੀ ਖੁਸ਼ਬੋ (1952) ਕੌਲ ਕਰਾਰ, ਕਿਰਨਾਂ ਦਾ ਆਲ੍ਹਣਾ, ਅੰਨ੍ਹੀ ਗਲੀ, ਕੰਚਨੀ ।

ਆਪਣੇ ਪਹਿਲੇ ਸੰਗ੍ਰਹਿ ‘ਕਣਕਾਂ ਦੀ ਖੁਸ਼ਬੋ’ ਦੇ ਰਾਹੀਂ ਗੁਰਚਰਨ ਰਾਮਪੁਰੀ ਅਮਨ-ਲਹਿਰ ਨਾਲ ਜੁੜਿਆ ਸੀ ਜੋ ਪ੍ਰਗਤੀਵਾਦੀ ਵਿਚਾਰਧਾਰਾ ਦਾ ਇਕ ਕੇਂਦਰੀ ਸੰਕਲਪ ਹੈ । ਅਗਲਿਆਂ ਕਾਵਿ- ਸੰਗ੍ਰਹਿਆਂ ਵਿਚ ਉਹ ਸਮਾਜਿਕ ਸਮਸਿਆਵਾਂ ਤੇ ਰਾਜਨੀਤਿਕ ਸ਼ਡਯੰਤਰਾਂ ਦੇ ਚੱਕਰ-ਵਿਊ ਨੂੰ ਸਮਝਣ ਲਈ ਯਤਨਸ਼ੀਲ ਹੈ। ਡਾ. ਹਰਬੰਸ ਸਿੰਘ (ਸਮਕਾਲੀ ਪੰਜਾਬੀ ਸਾਹਿਤ) ਦਾ ਕਥਨ ਹੈ “ਸਮਕਾਲੀਨ ਚੇਤਨਾ ਦੀਆਂ ਛੁਹਾਂ ਅਤੇ ਨਵੀਂ ਚੇਤਨਾ ਗੁਰਚਰਨ ਰਾਮਪੁਰੀ ਦੀ ਕਵਿਤਾ ਨੂੰ ਸ਼ੈਲੀ ਦੀ ਤਾਜ਼ਗੀ ਬਖਸਦੇ ਗੁਣ ਹਨ। ਉਹ ਸਮਾਚਾਰ ਪੱਤਰ, ਟੈਲੀਫੋਨ ਪ੍ਰਸਾਰਣ, ਮਨੋ ਰੋਗ ਵਿਗਿਆਨ ਅਤੇ ਹੋਰ ਆਧੁਨਿਕ ਸਾਮਗੱਰੀ ਅਤੇ ਧਾਰਨਾਵਾਂ ਦੇ ਦੁਆਲੇ ਆਪਣਾ ਕਾਵਿ-ਸੰਸਾਰ ਉਸਾਰਦਾ ਹੈ।” ‘ਅੰਨ੍ਹੀ ਗਲੀ’ ਵਿਚ ਆਕੇ ਗੁਰਚਰਨ ਰਾਮਪੁਰੀ ਵਧੇਰੇ ਚਿੰਤਨਸ਼ੀਲ ਤਰਕਵਾਦੀ ਤੇ ਦਾਰਸ਼ਨਿਕ ਬਣਦਾ ਦਿਸਦਾ ਹੈ। ਉਸਦੀ ਪੈਨੀ ਦੂਰਦ੍ਰਿਸ਼ਟੀ ਨਾਅਰਿਆਂ ਤੇ ਵਾਅਦਿਆਂ ਦੀ ਨਿਰ-ਅਰਥਕਤਾ ਦਾ ਪਰਦਾ ਫਾਸ਼ ਕਰਨ ਵਿਚ ਕਰਮਸ਼ੀਲ ਹੈ। ਅੰਨ੍ਹੀ ਗਲੀ ਦੀ “ਸ਼ਬਦ” ਕਵਿਤਾ ਵਿਚ ਕਵੀ ਕਿਵੇਂ ਲੀਡਰਾਂ ਦੇ ਕੂਟ-ਬਚਨਾਂ ਦਾ ਉਪਹਾਸ ਕਰਦਾ ਹੈ ਜੋ ਅਰਥ ਨੂੰ ਅਨਰਥ ਬਣਾ ਦਿੰਦੇ ਹਨ :

ਸ਼ਬਦਾਂ ਨੂੰ ਮੁਢਲੇ ਅਰਥਾਂ ਦਾ ਦਾਨ ਦਿਉ

ਇਨ੍ਹਾਂ ਦਾ ਘਰ ਉਜੜ ਗਿਆ ਹੈ,

ਭਲੇਮਾਣਸਾ ਵਸਦੇ ਘਰ ਨੂੰ ਲੁੱਟ ਲਿਆ ਹੈ

ਇਹ ਬੇਚਾਰੇ ਨਿਰਬਲ ਜ਼ਖਮੀ :

“ਵਿਦਵਾਨਾਂ” ਤੇ ਨੇਤਾਵਾਂ ਦੀ ਧਾੜ ਇਨ੍ਹਾਂ ਨੂੰ ਗੁੰਗੇ ਕਰਕੇ ਛੱਡ ਗਈ ਹੈ।”

ਗੁਰਚਰਨ ਰਾਮਪੁਰੀ ਦੀ ਕਵਿਤਾ ਵਰਤਮਾਨ ਦੇ ਕੋਝਾਂ, ਅਨਿਆਇ ਜੁਲਮਾਂ ਤੇ ਧੱਕੇਸ਼ਾਹੀਆਂ ਦੇ ਵਿਰੁੱਧ ਜੂਝਦੀ ਹੋਈ ਲੋਕਾਈ ਦੀ ਮੁਕਤੀ ਦੇ ਸੁਪਨੇ ਲੈ ਰਹੀ ਹੈ। ਸੁਰਜੀਤ ਰਾਮਪੁਰੀ ਦੇ ਸ਼ਬਦਾਂ ਵਿਚ “ਗੁਰਚਰਨ ਦੀ ਕਵਿਤਾ ਵਿਚ ਲਚਕ ਵੀ ਹੈ ਤੇ ਪਾਰੇ ਵਰਗੀ ਚੰਚਲਤਾ ਵੀ, ਸ਼ਬਦਾਂ ਤੇ ਅਰਥਾਂ ਦਾ ਸੁਮੇਲ ਵੀ, ਮਨ ਦੀ ਪੀੜ ਵੀ ਤੇ ਸਾਰੇ ਵਿਸ਼ਵ ਦਾ ਦੁੱਖ ਵੀ ।” ਗੁਰਚਰਨ ਦੀ ਪ੍ਰਗਤੀਵਾਦੀ ਕਾਵਿਦ੍ਰਿਸ਼ਟੀ ਵਿਚ ਮਾਨਵਤਾ ਦਾ ਇਤਿਹਾਸ ਪ੍ਰਗਤੀ ਤੇ ਵਿਕਾਸ ਦਾ ਇਤਿਹਾਸ ਹੈ :-

ਅਜਕਲ ਨਾਲੋਂ ਰਤਾ ਕੁ ਚੰਗੀ

ਆਉਂਦੀ ਕੱਲ ਅੱਜ ਨਾਲੋਂ ਸੋਹਣੀ ਹੋ ਸਕਦੀ ਹੈ ?

ਪਹੀਏ ਨੂੰ ਪਿੱਛੇ ਨਾ ਮੋੜੇ/ਅਗੇ ਝਾਕੋ ।

ਸੁਰਜੀਤ ਰਾਮਪੁਰੀ (1926-1990)

ਸੁਰਜੀਤ ਰਾਮਪੁਰੀ ਰਾਮਪੁਰ ਦੇ ਮਾਰਕਸਵਾਦੀ ਕਾਵਿ-ਕੇਂਦਰ ਦੀ ਉਪਜ ਹੈ। ਪੰਜਾਬੀ ਕਾਵਿ- ਸਾਹਿਤ ਨੂੰ ਉਸਦਾ ਕਲਮੀ ਯੋਗਦਾਨ ਇਨਾਂ ਕਾਵਿ-ਪੁਸਤਕਾਂ ਦੇ ਰੂਪ ਵਿਚ ਉਪਲਬਧ ਹੈ : ਠਰੀ ਚਾਨਣੀ (1959), गीडां उठी मदेव (1956) हिँडा रा नलभ (1968) मुथतिभां से वहाटें (1973) ਗਾਉਂਦੀ ਹੈ ਤਨਹਾਈ (1981) ਮੈਂ ਸਿਰਫ ਆਵਾਜ਼ ਹਾਂ (1981) ਦਰਦ ਕਹਾਣੀ ਰਾਤਾਂ ਦੀ (1977), ਬੁੱਢਾ ਦਰਿਆ (1978) ਸੁਰਜੀਤ ਰਾਮਪੁਰੀ ਦੀ ਕਵਿਤਾ ਇਕ ਪਾਸੇ ਪਰੰਪਰਾ ਨਾਲ ਜੁੜੀ ਹੈ ਅਤੇ ਦੂਜੇ ਪਾਸੇ ਸਮਕਾਲੀ ਚੇਤੰਨਤਾ ਨਾਲ ਵੀ। ਕਵੀ ਦੇ ਸਮਾਜਿਕ ਅਨੁਭਵ ਦਾ ਸਰੋਤ ਤਾਂ ਪ੍ਰਗਤੀਵਾਦੀ ਚਿੰਤਨ ਹੈ ਪਰ ਸ਼ੈਲੀ ਵਿਅਕਤੀਵਾਦੀ ਮਾਨਸਿਕਤਾ ਨਾਲ ਭਰਪੂਰ ਹੈ। ਇਸ ਲਈ ਸੁਰਜੀਤ ਦੀ ਕਵਿਤਾ ਵਿਚ ਰੋਮਾਂਟਿਕ ਰੰਗ ਮੱਲੋ ਮਲੀ ਛਾਇਆ ਰਹਿੰਦਾ ਹੈ। ਸਹੀ ਗੱਲ ਤਾਂ ਇਹ ਹੈ ਕਿ ਸੁਰਜੀਤ ਦੇ ਦਿਲ ਵਿਚ ਉਪਭਾਵੁਕਤਾ ਦਾ ਵੇਗ ਹੈ ਪਰ ਉਸਦੇ ਦਿਮਾਗ ਵਿਚ ਲੋਕ-ਭਾਵਨਾ ਦਾ ਅਨੁਸ਼ਾਸ਼ਨ ਹੈ । ਇਸ ਲਈ ਸੁਰਜੀਤ ਰੋਮਾਂਸ-ਪ੍ਰਗਤੀ ਦੇ ਦਵੰਦ ਨੂੰ ਭੋਗਣ ਵਾਲਾ ਕਵੀ ਹੈ। ਪ੍ਰਿੰ ਸੰਤ ਸਿੰਘ ਸੇਖੋਂ ਨੇ ਠੀਕ ਕਿਹਾ ਹੈ ਕਿ ਸੁਰਜੀਤ ਰਾਮਪੁਰੀ ਨੂੰ ਜੀਵਨ ਨਾਲ ਪਿਆਰ ਹੈ ਤਦੇ “ਜਨਮ ਦਿਨ” (ਕਵਿਤਾ) ਵਿਚ ਉਹ ਜ਼ਿੰਦਗੀ ਦੇ ਸਿਰ ਉਤੇ ਲਿਸ਼ਲਿਸ਼ ਕਰਦਾ ਅੰਬਰ ਤੇ ਇਸ ਦੇ ਪੈਰਾਂ ਵਿਚ ਕਈ ਸਾਗਰ ਵਿਛਾਂਦਾ ਹੈ :-

“ਹੇ ਜਿੰਦਗੀ !”ਅੱਜ ਤੇਰੇ ਜਨਮ ਦਿਹਾੜੇ

ਆਦਿ ਕਵੀ ਮੈਂ ਤੇਰੀ ਸੁਖ ਮਨਾਵਾਂ ।

ਸਿਰ ਉੱਤੇ ਤਾਣਾ ਮੈਂ ਲਿਸਲਿਸ਼ ਅੰਬਰ

ਪੈਰਾਂਦੇ ਵਿਚ ਸਾਗਰ ਕਈ ਵਿਛਾਵਾਂ।”

ਸੁਰਜੀਤ ਦੀ ਬਹੁਤ ਕਵਿਤਾ ਰੋਮਾਂਸ ਦੀ ਚੂਲ ਦੁਆਲੇ ਘੁੰਮਦੀ ਹੈ। ਕਾਵਿ ਵਿਚ ਸਮਾਜਿਕ ਯਥਾਰਥ ਦਾ ਰੰਗ ਤਾਂ ਹੈ ਪਰ ਵੇਗ ਤੇ ਆਵੇਸ਼ ਨਹੀਂ। ਇਸ ਦੁਵੱਲੀ ਕਸ਼ਮਕਸ਼ ਦਾ ਲੱਗਭੱਗ ਹਰ ਕਵਿਤਾ ਵਿਚ ਦੀਦਾਰ ਹੁੰਦਾ ਹੈ । ਕਵੀ ਦੀ ਤਮੰਨਾ ਇਸ਼ਕੀਆ ਤਰਜ਼ ਰਾਹੀਂ ਸਮਾਜਵਾਦ ਦੀ ਅਭਿਵਿਅਕਤੀ ਕਰਨਾ ਹੈ। ਜਿਸ ਕਾਰਨ ਕਵਿਤਾ ਵਿਚ ਭਾਵ-ਚਿੜ ਨਾਲੋਂ ਰਸਾਭਾਸ ਦਾ ਖੰਡਿਤ ਬਿੰਬ ਉਲੀਕਿਆ ਜਾਂਦਾ ਹੈ, ਇਸ ਲਈ ਵਿਚਾਰ-ਸੁਹਜ ਦਾ ਕੋਈ ਬਝਵਾਂ ਪ੍ਰਭਾਵ ਉਜਾਗਰ ਨਹੀਂ ਹੁੰਦਾ।

ਸੁਰਜੀਤ ਦਾ ਪ੍ਰਕ੍ਰਿਤੀ ਚਿਤਰਣ ਬੜਾ ਹੀ ਸੁਹਜਾਤਮਕ, ਬਿੰਬਾਤਮਕ ਤੇ ਸੰਸ਼ਲਿਸ਼ਟ ਹੈ। ਪ੍ਰਕ੍ਰਿਤੀ ਦੇ ਚਿੱਤਰ ਕਦੇ ਉਦੀਪਨ ਦੇ ਕਦੇ ਆਲੰਬਨ ਭਾਵ ਵਿਅੰਜਿਤ ਕਰਦੇ ਹਨ। ਪ੍ਰਕ੍ਰਿਤੀ ਚਿਤਰਣ ਦਾ ਇਕ ਨਮੂਨਾ ਵੇਖੋ :-

ਰਾਤ ਦੀ ਜੋਗਣ ਵਾਲ ਖਿਲਾਰੇ/ਇਕ ਇਕ ਵਾਲ ‘ਚ ਸੋ ਸੋ ਤਾਰੇ,

ਮੱਥੇ ਉਪਰ ਚੰਨ ਲਿਸਕਾਇਆ/ਕਹਿਕਸ਼ਾਂ ਦਾ ਹਾਰ ਸਜਾਇਆ,

ਰਿਸ਼ਮਾਂ ਦਾ ਉਹ ਰੂਪ ਖਿਲਾਰੇ/ਰਾਤ ਦੀ ਜੋਗਣ ਵਾਲ ਖਿਲਾਰੇ”

(ਮੈਂ ਸਿਰਫ ਆਵਾਜ਼ ਹਾਂ)

ਅਜਾਇਬ ਚਿੱਤਰਕਾਰ (1924- )

ਇਥੇ ਇਥੇ ਚਿੱਤਰਕਾਰ ਇਕ ਵਚਨਬੰਧ ਪ੍ਰਗਤੀਵਾਦੀ ਕਵੀ ਹੈ। ਸ਼ੁਰੂ ਤੋਂ ਹੀ ਉਹ ਜਨ-ਸਾਧਾਰਨਦੇ ਸੰਘਰਸ਼ਸ਼ੀਲ ਜੀਵਨ ਨਾਲ ਜੁੜਿਆ ਆ ਰਿਹਾ ਹੈ। ਉਸ ਦੇ ਕਾਵਿ-ਸੰਗ੍ਰਹਿ ਇਹ ਹਨ :- ਦੁਮੇਲ, ਸੱਜਰੀ ਪੈੜ, ਭੁਲੇਖੇ, ਸੱਚ ਦਾ ਸੂਰਜ, ਮਨੁਖ ਬੀਤੀ, ਚਾਰ ਜੁੱਗ, ਸੂਰਜ ਮੁਖੀਆ, ਲਹੂ ਤਰੰਗ, ਆਵਾਜ਼ਾਂ ਦੇ ਰੰਗ (ਗਜ਼ਲਾਂ), ਜ਼ਖ਼ਮੀ ਖਿਆਲ ਦਾ ਚਿਹਰਾ (1980), ਨਗਮੇ ਦਾ ਲਿਬਾਸ (1982-ਗਜ਼ਲਾਂ)

ਅਜਾਇਬ ਚਿੱਤਰਕਾਰ ਦਾ ਪ੍ਰਗਤੀਵਾਦੀ ਸ੍ਵਰ ਆਧੁਨਿਕ ਪੰਜਾਬੀ ਕਵਿਤਾ ਦੇ ਹਰ ਮੋੜ ਤੇ ਗੁੰਜਿਆ ਹੈ। ਉਸ ਦਾ ਵਿਸ਼ਵਾਸ ਹੈ ਕਿ ਮਨੁੱਖਤਾ ਵਿਕਾਸ-ਪੰਧ ਤੇ ਗਤੀਸ਼ੀਲ ਹੈ

ਫੁੱਲ ਸਰਘੀ ਦਾ ਖਿੜੇਗਾ, ਕਾਲੀਆਂ ਰਾਤਾਂ ਤੋਂ ਬਾਅਦ,

ਪੀਂਘ ਸਤਰੰਗੀ ਪਵੇਗੀ, ਫੇਰ ਬਰਸਾਤਾਂ ਤੋਂ ਬਾਅਦ” (ਨਗਮੇ ਦਾ ਲਿਬਾਸ)

ਹਰਭਜਨ ਸਿੰਘ ਹੁੰਦਲ (ਸਿਰਜਣਾ 1982) ਦਾ ਖਿਆਲ ਹੈ ਕਿ ਅਜਾਇਬ ਨੇ ਪੰਜਾਬੀ ਪ੍ਰਗਤੀਵਾਦੀ ਕਵਿਤਾ ਨੂੰ ਗ਼ਜ਼ਲ (ਕਾਵਿ-ਵਿਧਾ) ਨਾਲ ਭਰਪੂਰ ਕੀਤਾ ਹੈ ਅਤੇ ਆਪਣੀ ਗਜ਼ਲ ਲਈ ਇਕ ਵਖਰੇ ਬਿੰਬ-ਵਿਧਾਨ ਨੂੰ ਸਿਰਜਿਆ ਹੈ। ਅਜਾਇਬ ਚਿੱਤਰਕਾਰ ਕੋਲ ਲੋਕਾਂ ਨਾਲ ਜੁੜਿਆ ਦਿਲ ਹੈ, ਵਰ੍ਹਿਆ ਦੀ ਤਪਸਿਆ ਹੈ ਅਤੇ ਗ਼ਜ਼ਲ ਦਾ ਪਕਿਆ-ਰਸਿਆ ਹੋਇਆ ਕਸਬ ਹੈ । ਉਸ ਦੀਆਂ ਨਜ਼ਮਾਂ ਖਾਸ ਕਰਕੇ ਗਜ਼ਲਾਂ ਪੜ੍ਹ ਕੇ ਪਾਠਕ ਇਕ ਮਾਨਸਿਕ ਰੱਜ ਇਕ ਡੂੰਘੀ ਸੰਤੁਸਟਾ ਦਾ ਅਨੁਭਵ ਕਰਦੇ ਹਨ।

ਜਗਤਾਰ (1935- )

ਡਾ ਜਗਤਾਰ ਪੰਜਾਬੀ ਕਾਵਿ-ਜਗਤ ਵਿਚ ਜਾਣਿਆ-ਪਛਾਣਿਆ ਤੇ ਮਾਨਤਾ-ਪ੍ਰਾਪਤ ਆਧੁਨਿਕ ਕਵੀ ਹੈ। ਦੇਵਿੰਦਰ ਸਤਿਆਰਥੀ (ਦੁੱਧ ਪੱਥਰੀ, ਪ੍ਰਵੇਸ਼) ਦੇ ਸ਼ਬਦਾਂ ਵਿਚ, “ਕਵਿਤਾ ਲਈ ਜਿਸ ਸੂਖਮ ਦ੍ਰਿਸ਼ਟੀ ਤੀ ਲੋੜ ਹੁੰਦੀ ਹੈ ਉਹਦੀ ਦਾਤ ਜਗਤਾਰ ਨੂੰ ਰਬੋਂ ਮਿਲੀ ਹੈ ਤੇ ਜਿਨ੍ਹਾਂ ਪਰਿਸਥਿਤੀਆ ਵਿਚੋਂ ਉਹ ਲੰਘਿਆ ਤੇ ਲੰਘ ਰਿਹਾ ਹੈ ਉਨ੍ਹਾਂ ਸਦਕਾ ਉਹਦੀ ਸ਼ਖਸੀਅਤ ਦੀ ਇਹ ਸ਼ਕਤੀ ਹੋਰ ਹੋਰ ਬਲਵਤੀ ਹੁੰਦੀ ਗਈ ।” ਜਗਤਾਰ ਇਕ ਵਿਕਾਸਸ਼ੀਲ ਕਵੀ ਹੈ ਜੋ ਆਪਣੇ ਸਮਕਾਲੀ ਯੁੱਗਾਂ ਦਾ ਹਾਣੀ ਰਿਹਾ ਹੈ “ਉਸ ਦੀ ਕਵਿਤਾ ਨੇ ਰੋਮਾਂਟਿਕ ਤੇ ਰੀਤੀਵਾਦੀ ਪੜਾਅ ਤੋਂ ਲੈ ਕੇ ਪ੍ਰਗਤੀਵਾਦੀ, ਪ੍ਰਯੋਗਸ਼ੀਲ ਅਤੇ ਕ੍ਰਾਂਤੀਕਾਰੀ ਚੇਤਨਾ ਵਾਲੀ ਕਵਿਤਾ ਤੇ ਰੂਪ ਵਿਚ ਵਿਕਾਸ ਕੀਤਾ ਹੈ ”(ਕਸੇਲ) ਉਸਨੇ ਕਵਿਤਾਵਾਂ ਗੀਤਾਂ, ਗ਼ਜਲਾਂ ਦੇ ਇਹ ਸੰਗ੍ਰਹਿ ਰਚੇ ਹਨ :

ट्रॅडां तांगलीभां (1957), उलधीभां गीलीभां (1960), ट्रॅप-पॅचठी (1961), अपुता भाभी (1968), लवू रे रुवम् (1973), ढांगिभा बॅध (1976) भडे प्तीने र नेताल (1980) । ਇਨ੍ਹਾਂ ਕਾਵਿ-ਸੰਕਲਨਾਂ ਤੋਂ ਗਿਆਤ ਹੁੰਦਾ ਹੈ ਕਿ ਜਗਤਾਰ ਦੀ ਕਵਿਤਾ ਦੀ ਥੀਮ ਤੇ ਵਿਸ਼ੇ ਬਦਲਦੇ ਰਹੇ ਪਰ ਇਨ੍ਹਾਂ ਸਾਰਿਆਂ ਪਰਿਵਰਤਨੀ-ਮੋੜਾਂ ਦੀ ਕਵਿਤਾ ਵਿਚ ਜਗਤਾਰ ਦੀ ਮੂਲ ਕਾਵਿਕਤਾ ਵਿੱਦਮਾਨ ਰਹੀ ਹੈ। ਗੀਤਾਂ ਦੀ ਤਰਲਤਾ ਤੋਂ ਲੈ ਕੇ ਆਧੁਨਿਕ ਕਵਿਤਾ ਦੀ ਜਟਿਲਤਾ ਤੱਕ ਇਸ ਦੀ ਕਵਿਤਾ ਨੇ ਸਫ਼ਰ ਤੈਅ ਕੀਤਾ ਹੈ ਪਰ ਉਹ ਹਰ ਥਾਂ ਕਾਵਿ-ਵਸਤੂ ਨੂੰ ਕਾਵਿ-ਕਲਾ ਵਿਚ ਰੂਪਾਂਤਰਿਤ ਕਰਨ ਦਾ ਸਬੂਤ ਦਿੰਦਾ ਆ ਰਿਹਾ ਹੈ ਉਹ ਕਵਿਤਾ ਦੀ ਤਬੀਅਤ ਅਨੁਸਾਰ ਢੁੱਕਵਾਂ ਕਾਵਿ-ਮੁਹਾਵਰਾ ਸਿਰਜਨ ਵਿਚ ਵੀ ਸ਼ਕਤੀ-ਸੰਪੰਨ ਹੈ।

ਜਗਤਾਰ ਦਾ ਨਵੀ ਕਵਿਤਾ ਵਿਚ ਵਿਸ਼ੇਸ਼ ਸਥਾਨ ਹੈ। ਦੁੱਧ-ਪੱਥਰੀ, ਅਧੂਰਾ ਆਦਮੀ, ਲਹੂ ਦੇ ਨਕਸ਼ ਵਿਚ ਉਸ ਦੀ ਕਵਿਤਾ ਦੀ ਪੁਖ਼ਤਗੀ ਤੋ ਪ੍ਰੌਢਤਾ ਉਭਰੀ ਹੈ। ਏਥੇ ਭਾਵੁਕਤਾ ਨੂੰ ਛੱਡ ਕੇ ਉਹ ਵਿਚਾਰ-ਮੰਥਨ ਦੀ ਪ੍ਰਕਿਰਿਆ ਵਿਚ ਲੀਨ ਹੋਇਆ ਹੈ। ਇਸ ਲਈ ਉਹ ਆਪਣੇ ਹਮਵਕਤੀ ਨਿਜ਼ਾਮ ਦੀ ਭ੍ਰਿਸ਼ਟਤਾ ਤੇ ਸਮਾਜਕ ਕੋਝਾਂ ਤੇ ਵਰ੍ਹਦਾ ਹੈ । ਉਹ ਰਾਜਨੀਤਿਕ ਪਤਨ ਤੇ ਅਨਿਆਏ ਵਿਰੁੱਧ ਹੰਝੂਆਂ ਦਾ ਹਥਿਆਰ ਨਹੀਂ ਵਰਤਦਾ ਸਗੋਂ ਵਿਦਰੋਹ ਤੇ ਕ੍ਰਾਂਤੀ ਭਾਵਨਾ ਨੂੰ ਪ੍ਰੇਰਿਤ ਕਰਦਾ ਹੈ। “ਏਸੇ ਲਈ ਉਸ ਦੀ ਕਵਿਤਾ ਵਿਚ ਨਿੱਗਰ ਅਸਲੀਅਤ ਤੇ ਠੋਸ ਯਥਾਰਥ ਹੈ । ਹਰਫਾਂ ਦਾ ਜਾਲ, ਸੁਗੰਧਾਂ ਦੀਆਂ ਜ਼ਜੀਰਾਂ ਤੇ ਸ਼ਬਦਾਂ ਦੇ ਹੇਰ-ਫੇਰ ਨਾਲ ਰਚੀ ਕੇਵਲ ਰੂਪਵਾਦੀ ਸ਼ਾਇਰੀ ਨਹੀਂ।” ਜਗਤਾਰ ਦੀ ਕਵਿਤਾ ਉਸਦੇ ਬੌਧਿਕ ਵਿਅੰਗ ਨੂੰ ਕਦਮ ਕਦਮ ਤੇ ਸਾਖਿਆਤ ਕਰਦੀ ਹੈ। ਸਰਲਾਰਥ ਵਲੋਂ ਵਿਅੰਗਾਰਥ ਵੱਲ ਉਸਦੀ ਕਵਿਤਾ ਰੁਚਿਤ ਹੈ। ਉਹ ਨਿੱਜੀ ਗ਼ਮ ਦੀ ਗੱਲ ਕਰ ਰਿਹਾ ਹੋਵੇ ਜਾਂ ਲੋਕਾਂ ਦੇ ਗ਼ਮ ਦੀ, ਵਿਅੰਗ-ਸ਼ੈਲੀ ਹਰ ਥਾਂ ਪ੍ਰਸਫੁਟਿਤ ਹੁੰਦੀ ਹੈ।

ਜਗਤਾਰ ਪੰਜਾਬੀ ਗ਼ਜ਼ਲ ਨੂੰ ਸਿਰਫ ਰੋਮਾਂਸ, ਰੁਦਨ ਤੇ ਕਲਪਨਾਮਈ ਨਜ਼ਾਕਤ ਲਈ ਹੀ ਨਹੀ ਸਿਰਜਦਾ ਸਗੋਂ ਬੌਧਿਕ ਸੰਜੀਦਗੀ ਲਈ ਵੀ ਪ੍ਰਯੁਕਤ ਕਰਦਾ ਹੈ । ਸ਼ੀਸ਼ੇ ਦੇ ਜੰਗਲਾਂ ਦੀਆਂ ਗ਼ਜ਼ਲਾਂ ਦੀ ਵੰਨਗੀ ਹਾਜ਼ਰ ਹੈ :

ਖੂਨ ਲੋਕਾਂ ਦਾ ਹੈ ਇਹ ਪਾਣੀ ਨਹੀਂ।

ਏਸ ਦੀ ਸੁਰਖ਼ੀ ਕਦੇ ਜਾਣੀ ਨਹੀਂ।

ਦੁਸ਼ਮਣਾਂ ਹਥਿਆਰ ਸਾਰੇ ਵਰਤਣੇ ।

ਜ਼ਿੰਦਗੀ ਨੇ ਮਾਰ ਪਰ ਖਾਣੀ ਨਹੀ।

ਜਗਤਾਰ ਦੀ ਕਵਿਤਾ ਦੀ ਜ਼ਮੀਨ ਬਦਲਦੀ ਰਹੀ ਜਾਂ ਅਸਮਾਨ ਬਦਲਦੇ ਰਹੇ ਪਰ ਉਹ ਮੁਢੋਂ- ਸੁਢੋਂ ਪ੍ਰਗਤੀਵਾਦੀ ਧਾਰਾ ਦਾ ਪ੍ਰਤਿਬੱਧ ਉੱਚ ਕਵੀ ਹੈ।

ਜੋਗਾ ਸਿੰਘ

‘ਕਰਕ ਕਲੇਜੇ ਮਾਹਿ, ਅਲਵਿਦਾ ਖੁਸ਼ ਆਮਦੀਦ ਅਤੇ ਆਪਣੀ ਮਿੱਟੀ’ ਆਪਣੀਆਂ ਇਨ੍ਹਾਂ ਕਾਵਿ-ਪੁਸਤਕਾਂ ਦੀ ਰਚਨਾ ਨਾਲ ਪ੍ਰਤਿਸ਼ਠਿਤ ਕਵੀ ਵਜੋਂ ਜਾਣਿਆ ਜਾ ਰਿਹਾ ਹੈ। ਪ੍ਰਗਤੀਵਾਦੀ ਵਿਚਾਰਧਾਰਾ ਨਾਲ ਪ੍ਰਤਿਬੱਧ ਜੋਗਾ ਸਿੰਘ ਸਮਕਾਲੀ ਯਥਾਰਥ ਨੂੰ ਆਪਣੀ ਕਾਵਿ-ਚੇਤਨਾ ਦੀ ਵਸਤੂ ਬਣਾਉਂਦਾ ਹੈ। “ਆਪਣੀ ਮਿੱਟੀ” ਉਸਦੇ ਨਿਵੇਕਲੇ ਗੱਦ-ਕਾਵਿ ਦਾ ਨਮੂਨਾ ਪੇਸ਼ ਕਰਦੀ ਹੈ। ਡਾ. ਕੇਸਰ ਸਿੰਘ ਕੇਸਰ (ਸਿਰਜਣਾ) ਨੇ ਠੀਕ ਕਿਹਾ ਹੈ ਕਿ ਇਹ ਅਜੋਕੀ ਬੁਰਜੂਆ ਕਲਚਰ ਦੀ ਅਮਾਨਵੀ ਧੁੰਦ ਹੇਠ ਆਏ ਮਾਨਵੀ ਸੱਚ ਦਾ ਪ੍ਰਕਾਸ਼ ਹੈ। ਉਹ ਅੱਜ ਦੇ ਭੁਲੇਖਾਕਾਰੀ ਸਾਂਸਕ੍ਰਿਤਕ ਪ੍ਰਪੰਚ ਦੀਆਂ ਤਹਿਆਂ ਹੇਠੋਂ ਸੱਚੀ ਮਾਨਵਤਾ ਨੂੰ ਕੁਰੇਦ ਲਿਆਇਆ ਹੈ । ਆਪਣੀ ਮਿੱਟੀ ਨਾਲ ਮੋਹਖੋਰੇ ਪੇਂਡੂ ਪਾਤਰ ਜੋਗਾ ਸਿੰਘ ਦੀ ਕਵਿਤਾ ਦੇ ਮਾਧਿਅਮ ਰਾਹੀਂ ਸਥਾਪਿਤ ਨਿਜ਼ਾਮ ਦੀ ਬੀਭਤਸ ਉਦਾਸੀਨਤਾ ਦਾ ਪਰਦਾ ਫਾਸ਼ ਕਰਦੇ ਹਨ। ਪੰਜਾਬ ਦੀ ਸਭਿਆਚਾਰਿਕ ਚੇਤਨਾ ਜੋਗਾ ਸਿਘ ਦਾ ਮੀਰੀ ਗੁਣ ਹੈ।

ਸੁਰਜੀਤ ਪਾਤਰ (1945- )

“ਹਵਾ ਵਿਚ ਲਿਖੇ ਹਰਫ” ਗ਼ਜ਼ਲ ਸੰਗ੍ਰਹਿ ਦੇ ਨਾਲ ਸੁਰਜੀਤ ਪਾਤਰ ਪੰਜਾਬੀ ਕਾਵਿ-ਜਗਤ ਵਿਚ ਪ੍ਰਵੇਸ਼ ਕਰਦਾ ਹੈ। ਗ਼ਜ਼ਲਾਂ ਤੇ ਗੀਤਾਂ ਦੀ ਮਕਬੂਲੀਅਤ ਦਾ ਰਾਜ ਇਹ ਹੈ ਕਿ ਜਿੱਥੇ ਪਾਤਰ ਕਾਵਿ-ਕਲਾ ਦੇ ਪੱਖ ਤੋਂ ਚੇਤੰਨ ਹੈ ਉਥੇ ਉਹ ਤਰੰਨਮ ਨਾਲ ਗਾਉਣ ਵਿਚ ਵੀ ਕੁਸ਼ਲ ਹੈ। ਪਾਤਰ ਦੀ ਕਵਿਤਾ ਵਿਚ ਹਰਬੰਸ ਚਾਹਲ (ਸਿਰਜਣਾ) ਦੇ ਕਥਨ ਅਨੁਸਾਰ, ਭਾਵੁਕਤਾ ਤੇ ਬੌਧਿਕਤਾ ਦੀ ਟੱਕਰ ਉਭਰਦੀ ਰਹਿੰਦੀ ਹੈ ਜਿਸ ਨਾਲ ਉਸ ਦੀ ਮਾਨਸਿਕਤਾ ਵਿਚ ਇਕ ਦਵੰਦ ਦਾ ਸਹਿਮ ਪਸਰਿਆ ਰਹਿੰਦਾ ਹੈ। ਪਾਤਰ ਆਪਣੇ ਸੀਮਿਤ ਜਿਹੇ ਬਿੰਬ-ਪ੍ਰਬੰਧ ਨਾਲ ਮਾਨਵੀ ਰਿਸ਼ਤਿਆਂ ਤੇ ਜਦੋਂ ਨਜ਼ਰ ਸਿੱਟਦਾ ਹੈ ਤਾਂ ਉਸ ਦੀ ਕਲਾ ਸਿਖਰ ਪ੍ਰਾਪਤ ਕਰਦੀ ਹੈ। ਅੱਜ ਦੀ ਯੁਵਾ ਪੀੜ੍ਹੀ ਵਿਚ ਪਾਤਰ ਦੇ ਕਾਵਿ-ਬੋਲ ਬੜੇ ਹੀ ਮਕਬੂਲ ਹਨ। ਪਾਤਰ ਦੀ ਸੱਜਰੀ ਕਵਿਤਾ ਦਾ ਇਕ ਬੰਦ ਹਾਜ਼ਰ ਹੈ :-

ਉਦੋਂ ਵਾਰਸਸ਼ਾਹ ਨੂੰ ਵੰਡਿਆ ਸੀ/ਹੁਣ ਸਿਵਕੁਮਾਰ ਦੀ ਵਾਰੀ ਏ, ਉਹ ਜ਼ਖ਼ਮ ਤੁਹਾਨੂੰ ਭੁਲ ਵੀ ਗਏ/ਨਵਿਆਂ ਦੀ ਜੋ ਫੇਰ ਤਿਆਰੀ ਏ, ਦੁਖਾਂ ਦੇ ਖਿਲਾਫ ਅਜੇ ਲੜਨਾ/ਭੁਖਾਂ ਦੇ ਖਿਲਾਫ ਅਜੇ ਲੜਨਾ, ਜੋ ਛਾਂ ਦੇ ਬਹਾਨੇ ਖਾ ਜਾਂਦੇ/ਰੁਖਾਂ ਦੇ ਖਿਲਾਫ ਅਜੇ ਲੜਨਾਂ (ਪੰਜਾਬ)

ਹਰਭਜਨ ਸਿੰਘ ਹੁੰਦਲ

ਹੁੰਦਲ ਦੇ ਪੰਜ ਕਾਵਿ ਸੰਗ੍ਰਹਿ ਉਪਲਬਧ ਹਨ : ਅਸਲ ਗੱਲ, ਮੁਖੌਟੇ, ਕਾਲੇ ਦਿਨ, ਸਫਰ ਦੀਆਂ ਪੈੜਾਂ, ਮਾਰਗ, ਜੇਲ੍ਹ ਅੰਦਰ ਜੇਲ੍ਹ, “ਕੌਣ ਜਗਾਵੇ ਸੁੱਤੇ ਹੋਏ ਲੋਕਾਂ ਨੂੰ/ਜੇ ਵੀ ਕਰਨੈ, ਹੈ ਕਰਨਾ ਹਥਿਆਰਾਂ ਨੇ” ਆਦਿ ਕ੍ਰਾਂਤੀਸ਼ੀਲ ਬੋਲਾਂ ਦਾ ਸਿਰਜਕ ਹਰਭਜਨ ਸਿੰਘ ਹੁੰਦਲ ਪੂਰਾ ਵਿਸ਼ਵਾਸੀ ਤਰੱਕੀ ਪਸੰਦ ਕਵੀ ਹੈ। ਵਿਚਾਰਧਾਰਕ ਤੌਰ ਤੇ ਉਹ ਸੁਹਿਰਦ, ਈਮਾਨਦਾਰ ਤੇ ਸੁਦ੍ਰਿੜ ਆਸਥਾਵਾਨ ਹੈ। ਰੂਪ ਨਾਲੋਂ ਵਿਚਾਰ-ਵਸਤੂ ਦੀ ਪ੍ਰਥਮਤਾ ਹੁੰਦਲ ਦੀ ਉਪਲਬਧੀ ਹੈ।

ਨਵ-ਪ੍ਰਗਤੀਵਾਦੀ ਧਾਰਾ ਦੇ ਹੋਰ ਹੋਣਹਾਰ ਕਵੀ :-

ਮੋਹਨਜੀਤ-

(ਸਹਿਕਦਾ ਸ਼ਹਿਰ, ਤੁਰਦੇ ਫਿਰਦੇ ਮਸਖਰੇ, ਆਰੰਭ), ਅਮਿਤੋਜ, ਫਤਹਿਜੀਤ, ਮਿੰਦਰ (ਜਖ਼ਮ ਦੀ ਆਤਮਕਥਾ), ਪ੍ਰਮਿੰਦਰ, ਤ੍ਰੈਲੋਚਨ (ਤ੍ਰਿਸ਼ੰਕੂ, ਅਹਮ), ਸਤਿ ਕੁਮਾਰ – (ਘੋੜਿਆਂ ਦੀ ਉਡੀਕ, ਰਹਾਉ, ਪੰਚਮ, ਤਾਂਬੇ ਦਾ ਰੁੱਖ), ਸੁਖਬੀਰ (ਪੈੜਾਂ, ਨੈਣ ਨਕਸ਼, ਅੱਖਾਂ ਵਾਲੀ ਰਾਤ), ਸ਼ਹਿਰਯਾਰ (ਸਿੱਧਾਰਥ ਦੀ ਵਾਪਸੀ, ਹਲਫੀਆ ਬਿਆਨ), ਸੋਹਣ ਢੰਡ (ਕਾਲੀ ਰੋਹੀ ਵਰਗੀ ਜ਼ਿੰਦਗੀ), ਅਤੇ ਸਿੰਘ-(ਉਂਨੀ-ਇੱਕੀ), ਸਰੋਦ ਸੁਦੀਪ (ਉਸਨੂੰ ਕਹੋ), ਜੁਗਿੰਦਰ ਅਮਰ (ਦੂਜਾ ਸੂਰਜ), ਹਰਨਾਮ ਸਿੰਘ ਨਾਜ਼ (ਪਿਉਂਦ, ਅੱਖਰਾਵਲੀ), ਅਨੂਪ ਵਿਰਕ (ਪੋਣਾਂ ਦਾ ਸਿਰਨਾਵਾਂ), ਆਦਿ ।

ਜੁਝਾਰ ਕਾਵਿ-ਧਾਰਾ

ਪਾਸ਼ (1950- )

ਜੁਝਾਰੂ ਪੰਜਾਬੀ ਕਵਿਤਾ ਵਿਚ ਪਾਸ਼ ਸਭ ਤੋਂ ਵੱਧ ਜ਼ਰਖੇਜ਼ ਹੈ। ਉਸਨੇ ਦੋ ਕਾਵਿ-ਸੰਗ੍ਰਹਿ “ਉਡਦਿਆਂ ਬਾਜ਼ਾਂ ਮਗਰ” ਤੇ “ਲੋਹ-ਕਥਾ” ਪੰਜਾਬੀ ਕਾਵਿ ਸਾਹਿਤ ਨੂੰ ਪ੍ਰਦਾਨ ਕੀਤੇ। ਪਾਸ਼ ਦੇ ਪਾਸ ਪੇਂਡੂ ਮੱਧ ਸ਼ੇਣਿਕ ਜੀਵਨ ਦਾ ਡੂੰਘਾ ਤਜਰਬਾ ਹੈ, ਇਸ ਲਈ ਪੇਂਡੂ ਸਮਾਜ ਦੀਆਂ ਸਮਸਿਆਵਾਂ ਨੂੰ ਉਸਨੇ ਆਪਣੀਆਂ ਕਵਿਤਾਵਾਂ ਵਿਚ ਬੜੀ ਸ਼ਿੱਦਤ ਨਾਲ ਰੂਪਮਾਨ ਕੀਤਾ ਹੈ। ਉਸ ਨੇ ਪੇਂਡੂ ਪ੍ਰਕ੍ਰਿਤੀ ਅਤੇ ਜੀਵਨ ਵਿਚੋਂ ਅਜੇਹੇ ਪ੍ਰਤੀਕ ਤੇ ਬਿੰਬ ਚੁਣੇ ਹਨ ਜੋ ਉਸ ਦੇ ਵਿਦਰੋਹੀ ਭਾਵਾਂ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕਰਨ ਦੇ ਸਮਰੱਥ ਸਿੱਧ ਹੋਏ ਹਨ। ਪਾਸ਼ ਰਾਜਨੀਤਿਕ ਸੂਝ ਤੇ ਸਮਾਜਿਕ ਚੇਤਨਾ ਜਗਾਉਣ ਵਿਚ ਕਾਮਯਾਬ ਹੋਇਆ ਹੈ। ਉਸਦੀ ਕਵਿਤਾ ਵਿਚ ਪ੍ਰਗੀਤਕ ਵਹਾਉ, ਪ੍ਰਤੀਕਾਤਮਕ ਵਿਧਾਨ, ਸ਼ਬਦ ਚੌਣ ਤੇ ਰਾਗਾਤਮਕ ਪ੍ਰਵਾਹ ਵੇਖਣ-ਯੋਗ ਹੈ। ਇਕ ਗੀਤ ਦੀ ਵੰਨਗੀ ਹੈ :

ਪੈਰਾਂ ਦੀਏ ਮਿੱਟੀਏ ਪਹਾੜ ਬਣ ਜਾਈਂ,

ਕੱਖਾਂ ਦੀਏ ਕੁੱਲੀਏ ਮੀਨਾਰ ਬਣ ਜਾਈਂ,

ਝੁੱਗੀਏ ਨੀ ਹੁਣ ਪਾਸਬਾਨ ਤੇਰੇ ਜਾਗ ਪਏ,

ਜਾਗੇ ਤੇਰੇ ਖੇਤ ਤੇ ਕਿਸਾਨ ਤੇਰੇ ਜਾਗ ਪਏ,

ਖੋਲ੍ਹੀ ਅੱਖ ਮਜ਼ਦੂਰ, ਹਾਲੀ ਜਾਣਾ ਬੜੀ ਦੂਰ,

ਉਹਨੇ ਖੋਹਣਾ ਅਜੇ ਜਾਬਰਾਂ ਤੋਂ ਹੱਕ ਨੀ, ਕਿਰਤੀ ਦੀਏ ਕੁੱਲੀਏ –

ਦਰਸ਼ਨ ਖਟਕੜ (1948- )

ਖਟਕੜ ਨੇ “ਸੰਗੀ ਸਾਥੀ” ਵਿਚ ਥੋੜੀਆਂ ਜਿਹੀਆਂ ਕਵਿਤਾਵਾਂ ਸਿਰਜ ਕੇ ਪੰਜਾਬੀ ਕਾਵਿ-ਸਾਹਿੱਤ ਵਿਚ ਆਪਣੀ ਨਿਵੇਕਲੀ ਥਾਂ ਬਣਾਈ ਹੈ। ਦਰਸ਼ਨ ਖਟਕੜ ਇਕ ਵਿਚਾਰਸ਼ੀਲ, ਗੰਭੀਰ ਤੇ ਸੰਜਮੀ ਜੁਝਾਰਵਾਦੀ ਕਵੀ ਹੈ। ਉਸਨੂੰ ਪੰਜਾਬੀ ਜੀਵਨ, ਸਭਿਆਚਾਰ ਤੇ ਇਤਿਹਾਸ ਦੀ ਭਰਪੂਰ ਵਾਕਫੀਅਤ ਹੈ। ਇਸ ਲਈ ਇਤਿਹਾਸ ਵਿਚੋਂ ਇਨਕਲਾਬੀ ਅੰਸ਼ ਲੈ ਕੇ ਉਹ ਆਪਣੀ ਕਵਿਤਾ ਵਿਚ ਰੋਹ, ਲਲਕਾਰ, ਵੰਗਾਰ ਤੇ ਕ੍ਰਾਂਤੀ ਉਭਾਰਨ ਦਾ ਯਤਨ ਕਰਦਾ ਹੈ। ਵੰਨਗੀ :

ਲੋਕ ਯੁਧ ਤੋਂ ਵੱਡੀ ਕੋਈ ਸ਼ਕਤੀ ਨਹੀਂ

ਸ਼ਹੀਦੀ ਤੋਂ ਵੱਡੀ ਕੋਈ ਮਸਤੀ ਨਹੀਂ,

ਅੱਜ ਗੁਰੂ ਦੇ ਪੁੱਤਰਾਂ ਨੇ ਪ੍ਰਣ ਕੀਤਾ ਹੈ,

ਅੱਜ ਗੁਰੂ ਦੇ ਖਾਲਸੇ ਨੇ ਕਸਮ ਖਾਧੀ ਹੈ।

ਜਾਂ

ਕਿਰਤ ਦੀ ਮੁਕਤੀ ਲਈ ਸੰਗਰਾਮ ਸਾਡਾ ਇਸ਼ਕ ਹੈ।

ਇਸ ਦੀ ਸਰਤਾਜੀ ਲਈ ਮਰ ਜਾਣਾ ਸਾਡਾ ਇਸ਼ਕ ਹੈ (ਸੰਗੀ ਸਾਥੀ)

ਲਾਲ ਸਿੰਘ ਦਿਲ (1942- )

ਪ੍ਰਗਤੀਵਾਦੀ ਤੇ ਜੁਝਾਰਵਾਦੀ ਦੋਹਾਂ ਤਹਿਰੀਕਾਂ ਤੋਂ ਭਲੀ ਪ੍ਰਕਾਰ ਪਰਿਚਿਤ ਅਤੇ ਜਮਾਤੀ ਸੰਘਰਸ਼ ਤੇ ਜੀਵਨ ਦੇ ਅਨੁਭਵਾਂ ਤੋਂ ਚੰਗੀ ਤਰ੍ਹਾਂ ਪ੍ਰੇਰਿਤ ਲਾਲ ਸਿੰਘ ਇਸ ਲਹਿਰ ਦਾ ਇਕ ਸੁਘੜ ਤੇ ਪ੍ਰੌੜ, ਕਵੀ ਹੈ। ਉਸਨੇ “ਸਤਲੁਜ ਦੀ ਹਵਾ” (1970) ਇਕ ਕਾਵਿ ਸੰਗ੍ਰਹਿ ਦੀ ਰਚਨਾ ਕਰਕੇ ਪੰਜਾਬੀ ਕਾਵਿ ਸਾਹਿਤ ਵਿਚ ਆਪਣੀ ਥਾਂ ਬਣਾ ਲਈ ਹੈ। ਕਾਮੇ ਤੇ ਕਿਰਤੀਆਂ ਨਾਲ ਜੁੜੇ ਹੋਣ ਕਰਕੇ “ਦਿਲ” ਨੂੰ ਪੰਜਾਬੀ ਲੋਕ ਜੀਵਨ ਦਾ ਡੂੰਘਾ ਤਜਰਬਾ ਹੈ, ਇਸ ਲਈ ਵਿਚਾਰਸ਼ੀਲ ਹੋ ਕੇ ਉਹ ਮਜ਼ਲੂਮ ਤੇ ਸ਼ੋਸ਼ਿਤ ਸ਼ਰੇਣੀਆਂ ਦੇ ਦਿਲ ਚੀਰਵੇਂ ਦੁਖਾਂ ਦਰਦਾਂ ਨੂੰ ਧੀਮੇ ਸੁਰ ਵਿਚ ਬੜੇ ਕਲਾਤਮਕ ਢੰਗ ਨਾਲ ਅਭਿਵਿਅਕਤ ਕਰਦਾ ਹੈ। ਇਨ੍ਹਾ ਅਰਥਾਂ ਵਿਚ ਲਾਲ ਸਿੰਘ ਸਭ ਤੋਂ ਵੱਧ ਲੋਕਾਂ ਨਾਲ ਜੁੜਿਆ ਕਵੀ ਹੈ। ਇਸੇ ਕਰਕੇ ਕਵੀ “ਦਿਲ” ਦੀਆਂ ਬਹੁਤੀਆਂ ਕਵਿਤਾਵਾਂ ਇਨਕਲਾਬੀ ਬਣਨ ਦੀ ਸਮਰੱਥਾ ਰਖਦੀਆਂ ਹਨ। ਉਹ ਵਿਦਰੋਹੀ ਕਵੀਆਂ ਵਿਚੋਂ ਇਨਕਲਾਬੀ ਅਮਲ ਤੇ ਚੇਤੰਨ ਜਮਾਤੀ ਪਹਿਲੂਆਂ ਬਾਰੇ ਵਧੇਰੇ ਸੁਚੇਤ ਹੈ। ਡਾ. ਜੀਤ ਸਿੰਘ ਸ਼ੀਤਲ (ਇਤਿਹਾਸ) ਨੇ ਠੀਕ ਲਿਖਿਆ ਹੈ ਕਿ “ਸਤਲੁਜ ਦੀ ਹਵਾ” ਕਾਵਿ ਸੰਗ੍ਰਹਿ ਉਸ ਦੀ ਕਵਿਤਾ ਦੀ ਪਲੇਟੀ ਪੁਸਤਕ ਨਿਵੇਕਲੀ ਸੁਰ, ਕਾਵਿਕ ਬਿੰਬ ਵਿਧਾਨ, ਸ਼ਬਦਾਵਲੀ ਤੇ ਸਭ ਤੋਂ ਵੱਧ ਰਾਗਾਤਮਕ ਗੁਣ ਕਾਰਣ ਪੰਜਾਬੀ ਕਵਿਤਾ ਵਿਚ ਇਕ ਵਿਲੱਖਣ ਹਸਤਾਖਰ ਕਹੀ ਜਾ ਸਕਦੀ ਹੈ। ਕਾਵਿ ਵੰਨਗੀ :-

ਇਕ ਮੇਰੇ ਵਤਨ ਦੀ ਦੂਜੀ ਸ਼ਕਲ ਹੈ

ਇਕ ਮੇਰੀ ਕੌਮ ਕੋਈ ਹੋਰ ਵੀ ਹੈ।

ਜਦ ਕਦੇ ਵੀ ਮੈਂ, ਏਸ ਆਪਣੇ ਵਤਨ ਦਾ

ਕੋਈ ਗੀਤ ਗਾਵਣ ਦੇ ਲਈ

ਛੇੜਾਂ ਸਿਤਾਰ, ਸਾਗਰਾਂ ਦੇ ਪਾਰੋਂ, ਤੁਰ ਆਉਂਦੇ ਸ੍ਵਾਂਗ,

ਕੌਣ ਹੈ ਜੋ ਇਨ੍ਹਾਂ ਦਾ ਸਵਾਗਤ ਕਰੇ ?

ਕੌਣ ਹੈ ਜੋ ਇਹਨਾਂ ਸਰਹੱਦਾਂ ਦੇ ਨਾਲ, ਖੂਨ ਦੇ ਸਾਗਰ ਵਹਾਏ ਹਰ ਵਰ੍ਹੇ ?”

ਗੁਰਦੀਪ ਗਰੇਵਾਲ (1942- )

ਗੁਰਦੀਪ ਗਰੇਵਾਲ ਦਾ ਕਾਵਿ ਸੰਗ੍ਰਹਿ “ਸਫਰ ਦੇ ਬੋਲ” ਨੇ ਉਸ ਨੂੰ ਜੁਝਾਰ ਕਵੀਆਂ ਦੀ ਪਾਲ ਵਿਚ ਲਿਆ ਖੜਾ ਕੀਤਾ ਹੈ । ਬਲਜੀਤ ਬਾਸੀ (ਸਿਰਜਣਾ) ਦੇ ਅਨੁਸਾਰ “ਸਫਰ ਦੇ ਬੋਲ ਦਰਅਸਲ ਇਨਕਾਬ ਲਈ ਜੂਝਦੇ ਮਨੁੱਖ ਦੀ ਮਾਨਸਿਕ ਪ੍ਰਕਿਰਿਆ ਤੇ ਇਨਕਲਾਬੀ ਕਾਰਜਾਂ ਰਾਹੀਂ ਸ਼ੁਧ ਤੋਂ ਸ਼ੁਧ ਤੇ ਵਿਸ਼ਾਲ ਤੋਂ ਵਿਸ਼ਾਲ ਹੁੰਦਾ ਮਨ ਦੇ ਅਕਸ ਨਹੀਂ ਸਗੋਂ ਅੰਦਰਲੇ ਖਿਲਾਅ ਨੂੰ ਪੂਰਨ ਵਾਸਤੇ ਬੇਤੁੱਕੇ ਬਿੰਬਾਂ ਦਾ ਅਭਿਆਸ ਹੈ” । ਪਰ ਕਿਤੇ ਕਿਤੇ ਜਿਵੇਂ “ਚਿਹਰੇ ਦੀ ਪਹਿਚਾਣ” ਵਿਚ ਸ਼ਹਿਰੀ ਸਭਿਅਤਾ ਦੀ ਖੋਖਲੀ ਦੰਭੀ ਸਥਿਤੀ ਉਤੇ ਕਾਟਵੀਂ ਚੋਟ ਹੈ :-

ਪਿਆਰ ਮੁਹੱਬਤ ਦੇ ਰਿਸ਼ਤੇ/ਸ਼ੀਸ਼ੀਆਂ ਦੇ / ਕੇਸਾਂ ‘ਚ ਸਜੇ

ਬੇਮਹਿਕ ਗੁਲਦਾਨ ਸਨ/ਪਾਣੀ ਦੀ ਸਤਹ ਹੀ ਵੇਖ ਕੇ

ਪਿਆਸ ਤਾਂ ਮਰਦੀ ਨਹੀਂ।

ਸੰਤਰਾਮ ਉਦਾਸੀ (1942- )

ਉਦਾਸੀ ਇਸ ਧਾਰਾ ਦਾ ਸਿਰਕੱਢ ਲੋਕ ਕਵੀ ਹੈ। ਉਸਦੇ ਪਲੇਠੇ ਕਾਵਿ ਸੰਗ੍ਰਹਿ “ਲਹੂ ਭਿੱਜੇ ਬੋਲ” ਵਿਚ ਕਿਰਤੀਆਂ ਮਿਹਨਤਕਸ਼ਾਂ, ਸ਼ੋਸ਼ਿਤਾਂ ਤੇ ਮਜ਼ਬੂਰਾਂ ਦੇ ਦੁੱਖ ਸੁੱਖ ਨੂੰ ਇਤਨੀ ਕਰੁਣਾਮਈ ਅਭਿਵਿਅਕਤੀ ਮਿਲੀ ਹੈ ਕਿ ਉਸਦੀ ਕਵਿਤਾ ਲੋਕਾਂ ਵਿਚ ਹਰ ਦਿਲ ਅਜ਼ੀਜ਼ ਬਣ ਗਈ ਹੈ। ਉਸਨੇ ਲੋਕ ਕਾਵਿ ਰੂਪਾਂ, ਲੋਕ ਗੀਤਾਂ ਤੇ ਤਰਜ਼ਾਂ ਆਦਿ ਲੋਕ ਧਾਰਨਾਵਾਂ ਤੇ ਆਧਾਰਿਤ ਗੀਤ ਲਿਖੇ ਹਨ। ਨਿਸ਼ਚੇ ਹੀ ਉਸਦੇ ਗੀਤਾਂ ਵਿਚੋਂ ਜਮਾਤੀ ਕਿਰਦਾਰ ਤੇ ਜਮਾਤੀ ਵਿਸ਼ਲੇਸ਼ਣ ਸਾਡੇ ਸਾਹਮਣੇ ਆਉਂਦਾ ਹੈ। ਉਦਾਸੀ, ਨਵੇਂ ਪ੍ਰਤੀਕਾਂ ਤੇ ਬਿੰਬਾਂ ਰਾਤੀ ਦਰਦ-ਰੰਵਾਣੀ ਜਨਤਾ ਦਾ ਯਥਾਰਥਮਈ ਚਿੱਤਰ ਪੇਸ਼ ਕਰਨ ਵਿਚ ਸਫਲ ਹੈ।

ਇਨ੍ਹਾਂ ਤੋਂ ਇਲਾਵਾ ਇਤਿਹਾਸਕ ਚੇਤਨਾ ਮੁੱਖੀ ਜੁਝਾਰਵਾਦੀ ਕਾਵਿਧਾਰਾ ਵਿਚ ਹਰਿਭਜਨ ਹਲਵਾਰਵੀ (ਪੌਣ ਉਦਾਸ ਹੈ), ਅਮਰਜੀਤ ਚੰਦਨ (ਕੌਣ ਨਹੀਂ ਚਾਹੇਗਾ), ਸੰਤ ਸੰਧੂ, ਲੋਕ ਨਾਥ (ਬਿਨ ਉਮਰੇ ਪਲ), ਸੀ. ਮਾਰਕੰਡਾ (ਸੂਰਜ ਦਾ ਜਨਮ, ਮੈਂ ਦਸਾਂਗਾ), ਰਵਿੰਦਰ ਭੱਠਲ (ਓਪਰੀ ਧੁੱਪ, ਕਾਲੇ ਕੋਹਾਂ ਤੋਂ ਪਰੇ,) ਇਕਬਾਲ ਰਾਮੂਵਾਲੀਆ (ਸੁਲਘਦੇ ਅਹਿਸਾਸ), ਵਰਿਆਮ ਅਸਰ (ਸੜਕ ਵਰਗਾ ਮਨੁੱਖ, ਸੱਪਾਂ ਦੇ ਰੰਗ, ਆਪਣੇ ਰੁੱਖ ਜਿਹੀ ਛਾਂ), ਪ੍ਰੀਤਮ ਸਿੰਘ ਰਾਹੀਂ (ਅਥਰਾ ਘੋੜਾ), ਜੁਝਾਰ ਸਿੰਘ, ਸ਼ਮਸ਼ੇਰ ਸੰਧੂ (ਸਾਂਝਾ ਦਰਦ), ਗੁਰਦੀਪ ਗਰੇਵਾਲ (ਅਸੀ ਜਿਉਂਦੇ ਅਸੀਂ ਜਾਗਦੇ), ਸ਼ਹਿਰ ਯਾਰ (ਹਲਫੀਆ ਬਿਆਨ, ਸਿੱਧਾਰਥ ਦੀ ਵਾਪਸੀ) ਆਦਿ ਹੋਰ ਕਵੀ ਸ਼ਾਮਲ ਹਨ।

ਆਧੁਨਿਕ ਪੰਜਾਬੀ ਕਵਿਤਾ: ਨਵੀਨਤਮ ਕਾਵਿਧਾਰਾ

ਸੋਹਨ ਸਿਘ ਮੀਸ਼ਾ ( 1933-1986)

ਸੋਹਨ ਸਿੰਘ ਮੀਸ਼ਾ ਪੰਜਾਬੀ ਨਵੀਂ ਕਵਿਤਾ ਦੀ ਨਵੀਨਤਮ ਕਾਵਿਧਾਰਾ ਦਾ ਵਾਦਮੁਕਤ ਸਚੇਤਨ ਕਵੀ ਹੈ। ਰੋਮਾਂਸਵਾਦ, ਮਾਰਕਸਵਾਦ, ਅਸਤਿਤਵਾਦ ਦੇ ਆਧੁਨਿਕਤਾਵਾਦ ਆਦਿ ਵਿਭਿੰਨ ਵਾਦਾਂ ਤੋਂ ਪੜੋਸ ਤੇ ਪਰਿਵੇਸ਼ ਵਿਚ ਵਿਚਰਦਾ ਹੋਇਆ ਵੀ ਮੀਸ਼ਾ ਮੁਕਤ-ਚਿੰਤਨ ਤੋਂ ਸੁੰਤਤਰ ਕਾਵਿ-ਮੁਹਾਵਰੇ ਵਾਲਾ ਇਕ ਨਵਾਂ ਹਸਤਾਖਰ ਹੈ। ਪੰਜਾਬੀ ਕਾਵਿ-ਸੰਸਕ੍ਰਿਤੀ ਦੀਆਂ ਪਰੰਪਰਾਵਾਂ ਦੀ ਪ੍ਰਿਸ਼ਠਭੂਮੀ ਉਤੇ ਉਸਦੀਆਂ ਕਈ ਕਵਿਤਾਵਾਂ ਸਿਰਜਤ ਹੁੰਦੀਆਂ ਹਨ । ਪਰੰਤੂ ਆਧੁਨਿਕ ਥੀਮ-ਵਿਸਤਾਰ ਤੇ ਨਵੀਨ ਭਾਵ- ਉਸਦੀਆਂ ਉਸਦੀ ਕਾਵਿ-ਉਸਾਰੀ ਵਿਚ ਅਗਰਭੂਮਿਤ ਹੁੰਦੇ ਹਨ। ਇਉਂ ਪਰੰਪਰਾ ਮੀਸ਼ਾ ਦੇ ਕਾਵਿ ਦੀ: ਪਿੱਠ ਭੂਮੀ ਹੈ ਅਤੇ ਨਵੀਨਤਾ ਉਸਦੀ ਅਗਰਭੂਮੀ ਹੈ । ਪਰੰਪਰਾ ਤੇ ਨਵੀਨਤਾ ਦੀ ਸਹਿਹੋਂਦ ਹੀ ਮੀਸ਼ਾ ਦੇ ਕਾਵਿ-ਵਿਕਾਸ ਦਾ ਪਛਾਣ-ਚਿੰਨ੍ਹ ਹੈ। ਐਸ.ਐਸ. ਮੀਸ਼ਾ ਨੇ ਗੀਤਾਂ, ਗ਼ਜ਼ਲਾਂ ਤੇ ਨਜ਼ਮਾਂ (ਕਵਿਤਾਵਾਂ) ਨੂੰ ਆਪਣੇ ਕਾਵਿ-ਸੰਕਲਨਾਂ ਵਿਚ ਸੰਗ੍ਰਹਿਤ ਕੀਤਾ ਹੈ। ਕਾਵਿ-ਸੰਗ੍ਰਹਿ ਇਹ ਹਨ :- ਚੁਰਸਤਾ (1961), ਦਸਤਕ (1966), ਕੱਚ ਦੇ हमउत (1974), पीने घेल ।

ਚੁਰਸਤਾ ਦੀਆਂ ਕਵਿਤਾਵਾਂ ਕਵੀ ਮੀਸ਼ਾ ਦੀ ਮੁੱਢਲੀ ਦੁਬਿਧਾ ਗ੍ਰਸਤ ਮਨੋਸਥਿਤੀ ਦੀਆਂ ਪ੍ਰਤੀਕ ਹਨ ਜਿਸ ਪੜਾਅ ਤੇ ਉਸਦੀ ਮੁੰਤਸਿਰ ਤੇ ਖਿੰਡੀ ਖਿੰਡੀ ਕਾਵਿ-ਚੇਤਨਾ ਵਿਵਿਧ ਪ੍ਰਕਾਰ ਦੇ ਵਿਸ਼ਿਆ ਨੂੰ ਕਾਵਿ ਦਾ ਲਕਸ਼ ਬਣਾਉਂਦੀ ਹੈ। ਇਥੇ ਮੀਸ਼ਾ ਇਸ਼ਕ ਦਾ ਸ਼ੈਗਤ (Subjective) ਅਨੁਭਵ ਪੇਸ਼ ਕਰਦਾ ਹੈ । ਇਸ਼ਕ ਦੀ ਬੇਵਫਾਈ, ਹਿਜਰ ਦੀਆਂ ਵੇਦਨਾਤਮਕ ਪੀੜਾਂ, ਵਸਲ ਦੀਆਂ ਦ੍ਰਾਵਕ ਸਥਿਤੀਆਂ, ਇਸ਼ਕ ਦੀ ਸਮ੍ਰਿਤੀ ਤੇ ਵਿਸਮ੍ਰਿਤੀ ਦੀ ਕਸ਼ਮਕਸ਼ ਆਦਿ ਵੰਨਸੁਵੰਨੇ ਭਾਵ ਚਿਤ੍ਰਿਤ ਕੀਤੇ ਗਏ ਹਨ। ਮੀਸ਼ਾ ਦੀ ਕਵਿਤਾ ਵਿਚ ਇਸ਼ਕ ਦਾ ਜੋ ਵਿਰੋਧਾਭਾਸੀ ਸੰਕਲਪ ਉਜਾਗਰ ਹੁੰਦਾ ਹੈ ਵੇਖੋ :-

ਇਸ਼ਕ ਤਾਂ ਹੈ ਖੁਦੀ ਦਾ ਮਰ ਜਾਣਾ

ਭੁੱਲ ਉਨ੍ਹਾਂ ਦੀ ਤੇ ਆਪ ਬਖ਼ਸ਼ਾਣਾ”

ਪਰ ਇਸ ਤੋਂ ਅੱਗੇ ਕਵੀ ਤ੍ਰਿੰਞਣ – ਜੰਗ, ਮਿੱਟੀ ਦਾ ਪੁਤਲਾ, ਆਦਿ ਨਜ਼ਮਾਂ ਵਿਚ ਤਰਕਸ਼ੀਲ ਤੇ ਵਿਚਾਰਸ਼ੀਲ ਹੁੰਦਾ ਦਿਸਦਾ ਹੈ ਜਿਥੇ ਉਹ ਪ੍ਰਾਕਿਰਤਕ ਸੱਚ ਤੇ ਮਾਨਵੀ ਸੱਚ ਦੇ ਸੰਕੋਤ ਕਰਦਾ ਹੈ। ਰਵਾਇਤੀ ਕਿਸਮ ਦੀ ਸੂਫੀ ਬਿੰਬਾਵਲੀ ਦੇ ਮਾਧਿਅਮ ਨਾਲ ਕਵੀ ਨੇ ਨਵਾਂ ਦਾਰਸ਼ਿਕ ਕਾਵਿ- ਮੁਹਾਵਰਾ ਸਿਰਜਿਆ ਹੈ ਵੇਖੋ :-

ਠੀਕ ਇਹ ਮਿੱਟੀ ਦਾ ਪੁਤਲਾ ਹੀ ਸਹੀ/ਮੰਨਿਆ ਇਸ ਦੀ ਹਕੀਕਤ ਬਹੁਤ ਨਹੀਂ,

ਇਕ ਸੁਅਲਾ ਹੈ ਪਰ ਇਸ ਵਿਚ ਭੜਕਦਾ

ਵੇਖ ਮਿੱਟੀ ਅੰਬਰਾਂ ਤੇ ਛਾ ਗਈ/ਵੇਖ ਮਿੱਟੀ ਭੇਤ ਕੀ ਕੀ ਪਾ ਗਈ।”

ਜਾਂ

“ਸੁਰਗ ਅਸਲੀਅਤ ਨਹੀਂ ਆਦਰਸ਼ ਹੈ,

ਅਸਲੀਅਤ ਆਦਰਸ਼ ਦਾ ਸੰਘਰਸ਼ ਹੈ”

ਪਰ ਸਾਰੇ ਕਾਵਿ-ਸੰਗ੍ਰਹਿ ਵਿਚ ਕਵੀ ਦੀ ਉਪਰਾਮ ਬਿਰਤੀ ਦਾ ਸਾਇਆ ਉਭਰਦਾ ਦਿਸਦਾ ਹੈ। ਚੁਰਸਤਾ, ਘਰ, ਗ਼ਮ ਆਦਿ ਕਵਿਤਾਵਾਂ ਵਿਚ ਉਪਰਾਮਤਾ ਦਾ ਇਹ ਵਿਸ਼ਾਦੀ ਅਹਿਸਾਸ ਵਿਅਕਤ ਹੁੰਦਾ ਹੈ :-

“ਸੁੰਘਿਆ ਇਸ ਨੂੰ ਉਦਾਸੀ – ਸੱਪ ਨੇ/ਸੌਂ ਗਿਆ ਕਿ ਮਰ ਗਿਆ ਇਹ ਸ਼ਹਿਰ ਹੈ”

“ਹੁਣ ਇਸ ਘਰ ਵਿਚ ਜੀ ਨਹੀਂ ਲਗਦਾ,

ਸਾਰਾ ਦਿਲ ਤਕਿਆ ਅਸਮਾਨੀ/ ਭੈ ਦੀਆਂ ਗਿਰਝਾਂ ਭੋਂਦੀਆਂ ਰਹੀਆਂ”

ਡੂੰਘੀ ਨੀਝ ਲਾਕੇ ਵੇਖੀਏ ਤਾਂ ਅਜੇਹੀ ਵਿਸ਼ਾਦੀ ਅਨੁਭਵ ਵਾਲੀਆਂ ਕਵਿਤਾਵਾਂ ਦੀ ਆਤਮਾ ਵਿਚ ਪੱਛਮ ਦਾ ਅਸਤਿੱਤਵ – ਵਾਦੀ ਦਰਸ਼ਨ ਪ੍ਰਤਿਫਲਤ ਹੁੰਦਾ ਦਿਸਦਾ ਹੈ। ਖੁਦਕੁਸ਼ੀ, ਉਦਾਸੀ, ਸਹਿਮ, ਭੈਅ, ਸੰਤ੍ਰਾਸ, ਮਨੁੱਖੀ, ਲਘੂਤਾ, ਆਦਿ ਸਾਰੇ ਖੰਡਨਮੁਖੀ ਮਨੋਵਿਕਾਸ ਅਸਤਿਤ੍ਰ – ਦਰਸ਼ਨ ਦੀ ਹੀ ਦੇਣ ਹਨ। ਆਧੁਨਿਕ ਪ੍ਰਯੋਗਸ਼ੀਲ ਕਾਵਿ ਵਿਚ ਇਨ੍ਹਾਂ ਦਾ ਅਧਿਕ ਪਾਸਾਰ ਸਮੂਰਤ ਹੋਇਆ ਹੈ। ਮੀਸ਼ਾ ਦੇ ਕਾਵਿ-ਅਨੁਭਵ ਨੂੰ ਵੀ ਅਸਤਿਤ੍ਰ- ਵਾਦੀ ਦਰਸ਼ਨ ਨੇ ਆਂਸ਼ਿਕ ਰੂਪ ਵਿਚ ਪ੍ਰਭਾਵਿਤ ਕੀਤਾ ਹੈ । “ਦਸਤਕ” ਕਾਵਿ ਸੰਗ੍ਰਹਿ ਦੇ ਪੜਾਅ ਤੋਂ ਕਵੀ ਮੀਸਾ ਮਾਨਵੀ ਹੋਂਦ ਦੀਆਂ ਜਟਿਲਤਾਵਾਂ ਪ੍ਰਤੀ ਹੋਰ ਵੀ ਰੁਚਿਤ ਹੁੰਦਾ ਹੈ। ਇਥੇ ਉਸ ਦੀ ਤਰਕ-ਬਿਰਤੀ ਤੇ ਦਾਰਸ਼ਨਿਕ ਚੇਤਨਾ ਵਧੇਰੇ ਕ੍ਰਿਆਸ਼ੀਲ ਤੇ ਸਰਗਰਮ ਹੁੰਦੀ ਹੈ। ਮਨੁੱਖੀ ਅਸਤਿੱਤਵ ਨਾਲ ਚਿੰਬੜੀਆਂ ਸਨਾਤਨ ਸੱਮਸਿਆਵਾਂ ਉਸਦੀ ਕਾਵਿ-ਵਸਤੂ ਬਣੀਆਂ ਹਨ ਮੌਤ, ਬੁਢਾਪਾ, ਦਿਲ, ਮਨ, ਹੋਂਦ-ਯਥਾਰਥ ਉਸਦੀ ਚੇਤਨਾ ਨੂੰ ਕਚੋਟਦਾ ਤੇ ਕੁਰੇਦਦਾ ਹੈ । ਇਸ ਸਬੰਧ ਵਿਚ ਪ੍ਰਿਜ਼ਮ ਕਵਿਤਾ ਦੇ ਇਹ ਕਾਵਿ-ਬੋਲ ਬੜੇ ਹੀ ਮਾਰਮਿਕ ਹਨ :-

ਤੁਸੀਂ ਤਾਂ ਮਾਧਿਅਮ ਨੂੰ ਹੀ ਸੋਮਾਂ ਸਮਝਣ ਵਾਲੇ

ਹੁਣ ਮੈਥੋਂ ਸਤਰੰਗੀ ਲੀਲ੍ਹਾ ਕਿਉਂ ਮੰਗਦੇ ਹੋ,

ਮੈਂ ਤਾ ਤਿੱਖਿਆ ਕੋਨਿਆਂ ਵਾਲਾ/ਰੰਗਹੀਣ ਕੱਚ ਦਾ ਟੁਕੜਾ ਹਾਂ”

ਪਰ ਇੱਥੇ ਇਕ ਹੋਰ ਪ੍ਰਵਿਰਤੀ ਪ੍ਰਮੁੱਖਤਾ ਧਾਰਨ ਕਰਦੀ ਹੈ ਉਹ ਹੈ ਸਮਕਾਲੀ ਯਥਾਰਥ ਦਾ ਕਾਵਿ- ਬੋਧ। ਵਾਜਾਂ ਦੀ ਭੀੜ, ਚਾਕਰੀ, ਮੱਤਦਾਨ ਆਦਿ ਨਜ਼ਮਾਂ ਸਮਕਾਲੀ ਸਮੱਸਿਆਵਾਂ ਬਾਰੇ ਤਤਕਾਲੀ ਪ੍ਰਤਿਕਰਮ ਹਨ। ਇਹ ਰੁਚੀ ਅਗਲੇ ਕਾਵਿ – ਸੰਗ੍ਰਹਿ “ਕੱਚ ਦੇ ਵਸਤਰ” ਵਿਚ ਹੋਰ ਵੀ ਸ਼ਿੱਦਤ ਨਾਲ ਅਗ੍ਰਭੂਮਿਤ ਹੋਈ ਹੈ। ਕੱਚ ਦਾ ਵਸਤਰ, ਇਕ ਸੱਜਰਾ ਦ੍ਰਿਸ਼ – ਬਿੰਬ ਹੈ ਜੋ ਆਧੁਨਿਕ ਸ਼ੰਕਾ ਗ੍ਰਸਤ ਸਮਾਜੀ ਵਰਤਾਰੇ ਉਤੇ ਬੜਾ ਤਿੱਖਾ ਵਿਅੰਗ ਹੈ। ਘਰਾਂ ਵਿਚ, ਬਾਜਾਰਾਂ ਵਿਚ, ਦਫਤਰਾਂ ਵਿਚ ਤੇ ਦਾਅਵਤਾਂ ਵਿਚ ਅੱਜ ਦਾ ਮਨੁੱਖ ਇਕ ਦੂਜੇ ਤੋਂ ਇੰਨ੍ਹਾ ਤਹਿੰਦਾ ਤੇ ਸਹਿਮਦਾ ਹੈ ਕਿ ਉਸਦੀ ਆਤਮ – ਸੱਤਿਆ ਖੁਰਦੀ ਤੇ ਭੁਰ-ਭੁਰ ਜਾਂਦੀ ਹੈ। ਉਸਦਾ ਸਚੇਤਨ ਤੇ ਅਚੇਤਨ ਆਪਾ ਸੰਤ੍ਰਾਸ ਤੇ ਭੈਅ ਨਾਲ ਪਾਟਿਆ ਹੋਇਆ ਹੈ ਅਤੇ ਉਹ ਤਨਹਾਈ, ਇਕਲਾਪੇ ਦਾ ਬੁਰੀ ਤਰ੍ਹਾਂ ਸ਼ਿਕਾਰ ਹੈ। “ਇਹ ਜੋ ਅੱਜਕੱਲ” ਨਜ਼ਮ ਵਿਚ ਕਵੀ ਆਪਸੀ ਤ੍ਰਾਸ ਤੇ ਸਹਿਮ ਦਾ ਬੜਾ ਹੀ ਪ੍ਰਭਾਵ- ਜਨਕ ਵਰਣਨ ਕਰਦਾ ਹੈ :-

“ਕੁਰਸੀ ਉਤੇ/ਇਜ਼ਤ ਵਾਲੇ/ਕੱਚ ਦੇ ਵਸਤਰ ਪਾਕੇ ਬਹਿੰਦੇ,

ਕਿਤੇ ਕਿਤੇ ਕੁਝ ਤਿੜਕ ਨਾ ਜਾਏ/ਹਰਦਮ ਸਹਿੰਮੇ

ਅੰਗਾਂ ਦਾ ਅਕੜੇਵਾਂ ਸਹਿੰਦੇ ਬਚਿਆਂ ਦੀ ਦਿਲਜੋਈ ਨੂੰ ਉਤੋਂ ਮੁਸਕਾਂਉਦੇ”

ਇਸ ਯੁੱਗ ਦੇ ਇਨਸਾਨ ਨੂੰ ਆਰਥਿਕ ਸਮਸਿਆਵਾਂ ਨੇ ਅਸਲੋਂ ਰੰਗਹੀਣਾ ਤੇ ਰਸਵਿਹੂਣਾ ਕਰ ਦਿੱਤਾ ਹੈ। ਉਸ ਵਿਚ ਜੋ ਕੁੜਨ, ਘੁਟਨ ਤੇ ਤੁਰਸ਼-ਕਲਾਮੀ ਹੈ, ਕਵੀ ਮੀਸ਼ਾ ਉਸ ਦੀ ਤਰਸ-ਯੋਗ ਅਵਸਥਾ ਦਾ ਭਰਪੂਰ ਚਿਤਰਣ ਕਰਦਾ ਹੈ । ਹੁਣ ਤਾਂ ਮਨੁੱਖ ਆਪਣੇ ਆਪ ਤੋਂ ਵੀ ਸੰਤ੍ਰਿਸਤ ਹੈ :-

ਆਪਣਾ ਹੀ ਮੂੰਹ ਤਕਣਾ ਚਾਹਿਆ ਸ਼ੀਸ਼ੇ ਵਿਚ,

ਤੈਥੋਂ, ਆਪਣੈ ਨਕਸ਼ ਸਿਆਣੇ ਜਾਣੇ ਨਹੀਂ (ਔਝੜ)

ਸੱਚਮੁੱਚ ਮਨੁੱਖ ਦਾ ਇਹ ਵਿਜੋਗੀਕਰਣ ਤੇ ਅਜਨਬੀਕਰਣ ਬੜਾ ਹੀ ਭਿਆਨਕ ਹੈ :

ਇਸ ਪੜਾਅ ਦੀਆਂ “ਦਾਅਵਤ ਤੋਂ ਬਾਅਦ, ਕੈਬਰੇ ਤੋਂ ਬਾਅਦ, ਆਦਿ ਨਜ਼ਮਾਂ ਵਿਚ ਲਘੂਵਿਸ਼ਿਆਂ ਅਤੇ ਸਾਮਿਅਕ ਸਥਿਤੀਆਂ ਦਾ ਜੋ ਚਿਤਰਣ ਹੋਇਆ ਹੈ ਉਸ ਤੋਂ ਲੱਗਦਾ ਹੈ ਕਿ ਮੀਸ਼ਾ ਸਥਿਤੀਆਂ ਕਾ ਕਵੀ ਹੈ ਜਿਸ ਤੋਂ ਨਿੱਕੀ ਤੋਂ ਨਿੱਕੀ, ਅਣਗੋਲੀ ਅਮੂਰਤ ਸਥਿਤੀ ਬਚ ਨਹੀਂ ਸਕਦੀ । ਇਨ੍ਹਾਂ ਅਰਥਾਂ ਵਿਚ ਮੀਸ਼ਾ ਸੂਖਮ-ਦ੍ਰਸ਼ਟਾ (Visionary) ਕਵੀ ਹੈ।”

ਮੀਸਾ ਦਾ ਨਵੀਨ ਕਾਵਿ ਅਨੁਭਵ ਨਵੀਨ ਕਲਾ-ਪ੍ਰਸਾਧਨ ਦੀ ਮੰਗ ਕਰਦਾ ਹੈ । ਉਸ ਦਾ ਪ੍ਰਮੁੱਖ ਕਲਾ-ਪ੍ਰਸਾਧਨ “ਵਕ੍ਰੋਕਤੀ” ਹੈ ਅਰਥਾਤ ਵਿੰਗ-ਵਲੇਵੇਂ ਤੋਂ ਚਕ੍ਰਿਤਕਾਰੀ ਢੰਗ ਨਾਲ ਗੱਲ ਕਹਿਣੀ ਜੋ ਪਾਠਕਾਂ ਨੂੰ ਹੱਕਾ – ਬੱਕਾ ਕਰ ਦੇਵੇ । ਰੂਟੀਨ ਕਾਵਿ – ਮੁਹਾਵਰੇ ਤੋਂ ਪਰ੍ਹੇ ਹਟਕੇ ਉਸਦੀ ਵਕ੍ਰੋਕਤੀ ਦਾ ਜਾਦੂਈ ਕ੍ਰਿਸ਼ਮਾ “ਕੱਚ ਦੇ ਵਸਤਰ” ਵਿਚ ਕਈ ਥਾਈਂ ਉਘੜਿਆ ਹੈ। ਇਕ ਵੰਨਗੀ ਪੇਸ਼ ਹੈ :-

“ਏਸ ਸ਼ਹਿਰ ਵਿਚ ਲੋਕ ਪੁਸ਼ਾਕਾਂ ਨਹੀਂ ਪਹਿਨਦੇ

 ਸਗੋਂ ਸੁਕੀਨ ਪੁਸ਼ਾਕਾਂ ਪਿੰਡੇ ਪਹਿਨਦੀਆਂ ਨੇ”

ਮੀਸ਼ਾ ਦੀ ਕਾਵਿ ਵਕ੍ਰੋਕਤੀ ਦਾ ਇਹ ਨਵਾਂ ਵਿਆਕਰਣ ਹੈ ਜਿਥੇ ਕਵੀ ਆਮ ਰਵਾਇਤੀਂ ਵਾਕ- ਮਾਹਵਰੇ ਨੂੰ ਉਲਟਾ ਕੇ “ਪੁਸ਼ਾਕਾਂ ਪਿੰਡੇ ਪਹਿਨਦੀਆਂ” ਵਾਲੀ ਅਦਭੁਤ ਸ਼ੈਲੀ ਉਸਾਰਦਾ ਹੈ । ਇਸ ਤੋਂ ਇਲਾਵਾ, ਕਵੀ ਮੀਸ਼ਾ ਨੇ ਕਈ ਤਾਜ਼ੇ ਬਿੰਬ, ਰੂਪਕ ਤੇ ਪ੍ਰਤੀਕ ਵੀ ਸਿਰਜੇ ਹਨ। ਰੌਲੇ ਰੱਪੇ ਦਾ ਇਕ ਗੰਦਾ ਛੱਪੜ, ਲੋਚਾ ਦੀ ਕੱਚੀ ਰੁੱਤ, ਅਕਲ ਦੇ ਬੂਟੇ, ਬੜੇ ਹੀ ਸਾਰਥਕ ਤੇ ਸਮਰਥ ਰੂਪਕ ਹਨ ਜੋ ਕਵੀ ਵੀ ਕਾਵਿ-ਸ੍ਰਿਸ਼ਟੀ ਨੂੰ ਨਵੀਆਂ ਸੁਹਜ-ਰੇਖਾਵਾਂ ਨਾਲ ਅਲੰਕ੍ਰਿਤ ਕਰਦੇ ਹਨ। ਪਰ ਫਾਰਸੀ- ਉਰਦੂ ਦੇ ਕਈ ਸਮਾਸੀ ਸ਼ਬਦ (ਜਿਵੇਂ ਕਮਜ਼ਰਫ = ਨਿਰਧਨ, ਖੁਦਫਰੇਬੀ = ਸੈਧੋਖਾ) ਉਸਦੀ ਕਵਿਤਾ ਦੀ ਸੁਬੋਧਤਾ ਤੇ ਸੰਚਾਰ – ਪ੍ਰਬੰਧ ਵਿਚ ਅੜਿੱਕੇ ਪੈਦਾ ਕਰਦੇ ਹਨ ।

ਕਵੀ ਮੀਸਾ ਦੀ ਇਹ ਵੀ ਉਲੇਖਨੀ ਵਿਸ਼ੇਸ਼ਤਾ ਹੈ ਕਿ ਉਹ ਧੀਮੇਸੁਰ ਦਾ ਚਿੰਤਨਸ਼ੀਲ ਕਵੀ ਹੈ, ਬਿਆਨਬਾਜ਼ੀਆਂ ਤੇ ਨਾਅਰਿਆਂ ਨਾਲ ਆਪਣੇ ਕਾਵਿ-ਜਗਤ ਵਿਚ ਸ਼ੋਰ ਪੈਦਾ ਨਹੀਂ ਕਰਦਾ ਸਗੋਂ ਤਰਕ ਤੇ ਦਲੀਲ ਨਾਲ ਸੰਵਾਦ ਅੱਗੇ ਤੋਰਦਾ ਹੈ । ਇਉਂ ਉਸ ਦਾ ਸੰਬੋਧਨ ਵੀ ਧੀਮਾ ਹੈ ਅਤੇ ਸੰਬੋਧ (ਸੰਕਲਪ) ਵੀ ਧੀਮਾਂ ਹੈ। ਇਕ ਗੱਲ ਹੋਰ ਵੀ ਹੈ। ਮੀਸ਼ਾ ਦੀ ਕਾਵਿ-ਸਿਰਜਨਾ ਵਿਚ ਘੋਰ ਅਸ਼ਲੀਲਤਾ, ਨੰਗੇਜ਼, ਬੀਭਤਸ ਤੇ ਬਿਭਚਾਰੀ ਚਿਤਰਣ ਦੀ ਸਵੀਕ੍ਰਿਤੀ ਨਹੀਂ ਹੈ। ਉਹ ਸਾਊ ਸ਼ੈਲੀ ਦਾ ਸਿਰਜਕ ਹੈ, ਉਸ ਦੀ ਕਵਿਤਾ ਵਿਚ ਕਿਸੇ ਵੀ ਰਸ ਰੰਗ ਨਹੀਂ ਮਿਲਦਾ। ਇਸ ਤਰ੍ਹਾਂ ਮੀਸ਼ਾ ਵਿਸੰਗਤੀਆਂ ਤੇ ਉਲ ਜਲੂਲਤਾਵਾਂ ਦੇ ਦੂਸ਼ਣਾ ਤੋਂ ਬਚ ਨਿਕਲਿਆ ਹੈ । ਸਚਮੁੱਚ ਮੀਸ਼ਾ ਸਿਸ਼ਟਾਚਾਰੀ ਕਵੀ ਹੈ ਜਿਸਦੀ ਅਜੋਕੀ ਪੰਜਾਬੀ ਕਵਿਤਾ ਨੂੰ ਡਾਢੀ ਲੋੜ ਹੈ।

ਸੋਹਨ ਸਿਘ ਮੀਸ਼ਾ ਦੀ ਹੁਣ ਤੱਕ ਦੀ ਕਾਵਿ – ਉਪਲਬਧੀ ਤੋਂ ਯਕੀਨੀ ਤੌਰ ਤੇ ਇਹ ਇਕਰਾਰ ਬੱਝਦਾ ਹੈ ਕਿ ਮੀਸਾ ਪੰਜਾਬੀ ਦੇ ਪਾਠਕਾਂ ਨਾਲ ਛਿਣਜੀਵੀ ਸਾਮਿਅਕ ਸਮਸਿਆਵਾਂ ਸਾਂਝੀਆਂ ਕਰਨ ਤੋਂ ਇਲਾਵਾ ਕੋਈ ਸ੍ਵੈ-ਅਨੁਭੂਤ ਜੀਵਨ-ਦਰਸ਼ਨ ਰੇਖਾਂਕਿਤ ਕਰਨ ਵੱਲ ਰੁਚਿਤ ਹੋਵੇਗਾ ਤਾਂ ਜੇ ਜਨ- ਮਨ-ਗਣ ਨਾਲ ਸਾਹਿਤਿਕ ਸਾਝਾਂ ਹੋਰ ਵੀ ਪ੍ਰਪੱਕ ਹੋ ਸਕਣ।

ਰਣਧੀਰ ਸਿੰਘ ਚੰਦ (1943-1992)

ਰਣਧੀਰ ਸਿੰਘ ਚੰਦ ਪੰਜਾਬੀ ਦਾ ਇਕ ਅਧਿਐਨਸ਼ੀਲ ਤੇ ਅਨੁਭੂਤੀਸ਼ੀਲ ਕਵੀ ਹੈ। ਪਿਛਲੇ ਦੋ ਢਾਈ ਦਹਾਕਿਆ ਤੋਂ ਕਵੀ ਚੰਦ ਆਪਣੀ ਕਾਵਿ- ਸਾਧਨਾ ਦੇ ਮਾਰਗ ਤੇ ਸੁਹਿਰਦਤਾ, ਈਮਾਨਦਾਰੀ ਤੇ ਲਗਨ ਨਾਲ ਅਗ੍ਰਸਰ ਹੁੰਦਾ ਆ ਰਿਹਾ ਹੈ। ਉਹ ਸਿਰਜਨਾ ਤੇ ਸਿਖਿਆ ਦੋਹਾਂ ਪੜਾਵਾਂ ਤੇ ਡੂੰਘੇ ਲਹਿ ਕੇ ਕਵਿਤਾ ਦੇ ਮਰਮ ਦਾ ਚਿੰਤਨ ਤੋਂ ਅਨੁਭਵ ਕਰਦਾ ਹੈ। ਇਸ ਕਸ਼ਮਕਸ਼ ਵਿਚ ਭਾਵ-ਵਿਭੋਰ ਹੋ ਕੇ ਚੰਦ ਆਪਣੇ ਤਰਲ ਅਹਿਸਾਸਾਂ, ਖ਼ਿਆਲਾਂ ਤੇ ਕਲਪਨਾ ਨੂੰ ਜਦੀਦ ਗ਼ਜ਼ਲਾਂ, ਆਜ਼ਾਦ ਨਜ਼ਮਾਂ, ਤੇ ਕਾਵਿ-ਪੁਸਤਕਾਂ ਵਿਚ ਮੂਰਤੀਮਾਨ ਕਰਨ ਦਾ ਯਤਨ ਕਰਦਾ ਹੈ।

ਰਣਧੀਰ ਸਿੰਘ ਚੰਦ ਦੇ ਕਾਵਿ-ਸੰਗ੍ਰਹਿ ਇਹ ਹਨ :- ਮੇਰੇ ਗੁਮਨਾਮ ਦਿਨ (1967), ਗੁੰਬਦ, ਇਕ ਸੂਰਜ ਮੇਰਾ ਵੀ, ਬਰਫ ਦੇ ਘਰ, ਰਾਤ ਸ਼ਹਿਰ ਤੇ ਰੇਤ (1981) ਇਨ੍ਹਾਂ ਕਵਿਤਾਵਾਂ ਦੇ ਵਿਸ਼ਲੇਸ਼ਣ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਚੰਦ ਦੀ ਕਾਵਿ-ਯਾਤਰਾ ਦਾ ਵਿਦਾ ਬਿੰਦੂ ਉਸਦਾ “ਆਪਾ” ਹੈ । ਉਸਦਾ ਆਪਾ ਹੀ ਉਸ ਦੀਆਂ ਬਹੁਤੀਆਂ ਕਵਿਤਾਵਾਂ ਦੀ ਵਸਤੂ ਤੇ ਥੀਮ ਹੈ। ਅਸਲ ਵਿਚ ਇਹ ਆਪਾ ਹੀ ਵਿਅਕਤੀ – ਸੱਚ ਹੈ ਜੋ ਉਸਦੇ ਦਿਲ-ਦਿਮਾਗ, ਮਨ-ਬਚਨ ਤੇ ਇੰਦਰਿਆਵੀ ਅਹਿਸਾਸਾਂ ਦੀ ਸ਼ਕਲ ਵਿਚ ਉਸਦੇ ਕਾਵਿ-ਗਗਨ ਤੋਂ ਰੋਸ਼ਨ ਹੁੰਦਾ ਹੈ। ਉਸਦੇ ਆਪੋ ਵਿਚ ਪ੍ਰੀਤ, ਹਿਜਰ ਤੇ ਵਸਲ ਦੇ ਜੋ ਅਹਿਸਾਸ ਆਤਮਸਾਤ ਹੋਏ ਹਨ ਉਨ੍ਹਾਂ ਦਾ ਸਮੂਰਤਨ (Concretisation) ਪਹਿਲੀਆਂ ਕਵਿਤਾਵਾਂ/ਗ਼ਜ਼ਲਾਂ ਹਨ ਜਿਨ੍ਹਾਂ ਵਿਚ ਭਾਂਤ ਭਾਂਤ ਦੇ ਸੰਚਾਰੀ ਭਾਵ ਵਿਅੰਜਿਤ ਹੁੰਦੇ ਹਨ ਜਿਵੇਂ ਦਰਦ, ਪੀੜ, ਪਛਤਾਵਾ, ਯਾਦਾਂ, ਉਦਾਸੀ, ਗ਼ਮ, ਤਰਸੇਵਾਂ, ਉਦਰੇਵਾਂ, ਅਜਨਬੀਅਤ, ਬੇਗਾਨਗੀ, ਇਕਲਾਪਾ, ਵਿਸ਼ਾਦ ਤਾਅਨੇ-ਨਿਹੋਰੇ, ਜਬਰ-ਸਿਤਮ, ਭਟਕਣ, ਹੱਕੇ-ਹਾਵੇ, ਸਧਰਾਂ ਤੇ ਅਰਮਾਨ। ਇਕਲਾਪੇ ਤੇ ਦਰਦ ਦੀ ਭਾਵ-ਗਾਥਾ ਇਨ੍ਹਾਂ ਕਵਿਤਾਵਾਂ ਵਿਚ ਵੇਖਣ-ਯੋਗ ਹੈ :-

“ਉਪਰਾਮ ਸੁਝਾ, ਸਾਮਾਂ ਦੀ ਬੇਨਾਮ ਉਦਾਸੀ,

ਸੋਖੀ ਵੀ ਮੇਰੇ ਨਾਲ ਹੈ ਗੁਮਨਾਮ ਦਿਨਾਂ ਦੀ,

ਉਗਿਆ ਹੈ ਮੇਰੇ ਰਾਹ ‘ਚ ਦੀਵਾਰਾਂ ਦਾ ਜੰਗਲ,

ਖਾਮੋਸ਼ੀ ਅਤੇ ਰੇਤ ਦਾ ਤਾਲਾਬ ਖੜਾ ਹੈ।

ਇਕਲਾਪੇ ਅਤੇ ਦਰਦ ਦਾ ਇਹ ਅਜਬ ਪੜਾ ਹੈ” (ਸਵਰ ਤੇ ਪੜਾ)

ਅਜੇਹੇ ਤਿਲਕਵੇਂ ਛਿਣਜੀਵੀ ਸੰਚਾਰੀ ਭਾਵਾਂ ਨੂੰ ਕਵੀ ਆਪਣੇ ਕਾਵਿ-ਬੋਲਾਂ ਵਿਚ ਉਤਾਰ ਕੇ ਉਨ੍ਹਾਂ ਨੂੰ ਸੁਹਜ ਤੇ ਉਦਾਰਤਾ (Sublimity) ਬਖਸਦਾ ਹੈ ਜਿਸ ਕਾਰਨ ਉਨ੍ਹਾਂ ਵਿਚ ਮਾਂਸਲਤਾ ਤੇ ਅਸ਼ਲੀਲਤਾ ਦੀ ਬੂ ਨਹੀਂ ਰਹੀ ਅਤੇ ਉਹ ਰਸ ਤੇ ਆਸਵਾਦਨ ਦੀ ਵਸਤੂ ਬਣ ਗਏ ਹਨ। ਅਸਲ ਵਿਚ ਚੰਦ ਦੀ ਬਹੁਤੀ ਕਵਿਤਾ ਭਾਵ-ਤਰੰਗਾਂ ਹਨ ਜੋ ਝਟ-ਬਿੰਦ ਲਈ ਸ਼ਬਦ-ਧੁਨੀਆਂ ਦੇ ਸੁਰਤਾਲ ਵਿਚ ਵਿਅਕਤ ਹੋ ਕੇ ਸਿਹਰਨ ਤੇ ਥਿਰਕਣ ਦਾ ਵਾਤਾਵਰਣ ਪੈਦਾ ਕਰ ਜਾਂਦੀਆਂ ਹਨ। ਜ਼ਜ਼ਬਿਆਂ ਦੇ ਨਾਂ ਹੇਠ ਭਾਵ- ਤਰੰਗਾਂ ਦੀ ਗਾਥਾ ਸੁਣੋ :-

“ਜਜ਼ਬਿਆਂ ਨੂੰ ਰਹੇ ਨੇ ਹਮੇਸ਼ਾ ਸਫਰ/ਸਾਗਰਾਂ ਦੇ ਕਦੀ ਮਾਰੂਥਲ ਦੇ ਰਹੇ,

ਡਟ ਗਏ ਨੇ ਕਦੇ ਪਰਬਤਾਂ ਵਾਗਰਾਂ/ਮੋਮ ਵਾਂਗਰ ਕਦੀ ਪਰ ਪਿਘਲਦੇ ਰਹੇ”

(ਰਾਤ, ਸ਼ਹਿਰ ਤੇ ਰੇਤ)

ਰਣਧੀਰ ਸਿੰਘ ਚੰਦ ਆਪਣੇ ਪਰਿਵੇਸ਼ ਤੇ ਪਰਿਸਥਿਤੀਆਂ ਤੋਂ ਚੇਤੰਨ ਕਵੀ ਹੈ। ਆਧੁਨਿਕ ਯੁੱਗ ਵਿਚ ਸਮਾਜ, ਵਿਅਕਤੀ, ਵਿਚਾਰਧਾਰਾ, ਘਟਨਾਵਾਂ, ਤਜਰਬਿਆਂ ਤੇ ਮਾਨਵੀਂ ਰਿਸ਼ਤਿਆਂ ਆਦਿ ਸਾਰੀਆਂ ਕਿਰਿਆਵਾਂ ਪ੍ਰਤੀ ਉਤੇਜਿਤ ਹੋਈਆਂ ਨਿੱਜੀ ਪ੍ਰਤਿਕਿਰਿਆਵਾਂ ਨੂੰ ਉਹ ਢੁਕਵੇਂ ਕਾਵਿ-ਚਿੰਨ੍ਹਾਂ ਤੇ ਪ੍ਰਤੀਕਾਂ ਰਾਹੀਂ ਰੂਪਾਂਤਰਿਤ ਕਰਨ ਵਿਚ ਕੁਸ਼ਲ ਹੈ ਪਰ ਇਸ ਪਰਿਵੇਸ਼-ਚੇਤੰਨਤਾ ਤੋਂ ਯੁੱਗਬੋਧ ਦੇ ਬਾਵਜੂਦ ਉਹ ਕਿਸੇ ਮਤ, ਵਾਦ ਜਾਂ ਡੌਗਮਾ ਨਾਲ ਪ੍ਰਤਿਬੱਧ ਨਹੀਂ ਹੈ। ਕਵੀ ਨੇ ਆਪਣੇ ਕਾਵਿ ਸੰਗ੍ਰਹਿ. “ਮੇਰੇ ਗੁਮਨਾਮ ਦਿਨ” ਦੇ ਸ੍ਵੈ-ਕਥਨ ਵਿਚ ਲਿਖਿਆ ਹੈ ਕਿ “ਇਨ੍ਹਾਂ ਕਵਿਤਾਵਾਂ ਤੇ ਹਾਲੇ ਠੀਕ ਤੀਕ ਕਿਸੇ ਵਾਦ ਦਾ ਲੇਬਲ ਨਹੀਂ ਹੈ” ਇਸ ਲਈ ਕਵੀ ਚੰਦ ਵਾਦ-ਮੁਕਤ ਤੇ ਆਜ਼ਾਦ ਸੋਚਣੀ ਵਾਲਾ ਕਵੀ ਹੈ।

ਕਵੀ ਚੰਦ ਆਮ ਤੌਰ ਤੇ ਭਾਵ-ਕਵਿਤਾ ਦਾ ਉਸਰਈਆ ਹੈ ਪਰ ਕਿਤੇ ਕਿਤੇ ਵਿਚਾਰ-ਕਵਿਤਾ ਦੀ ਸਿਰਜਨਾ ਵੀ ਕਰ ਸਕਿਆ ਹੈ । ਅਜੋਕੇ ਆਰਥਿਕ ਸੰਕਟ ਵੱਲ ਇਸ਼ਾਰਾ ਕਰਦਾ ਹੋਇਆ ਕਵੀ ਲਿਖਦਾ ਹੈ ਕਿ:

“ਜਿਸਦੇ ਸਿਰ ਤੇ ਮੌਤੋਂ ਵਧ ਜ਼ਿੰਦਗੀ ਦਾ ਡਰ ਹੈ/ਉਸ ਬਸਤੀ ਵਿਚ ਮੇਰਾ ਘਰ ਹੈ”

ਜਾਂ ਉਹ ਕਹਿੰਦਾ ਹੈ :-

ਦੌਰ ਰਫ਼ਤਾਰ ਦਾ ਹੈ/ਜ਼ਿਹਨ ਬੜਾ ਸਨਕੀ ਹੈ,

———ਜ਼ਿੰਦਗੀ ਅਜਬ ਜਿਹਾ ਭਾਰ ਬਣ ਜਾਂਦੀ ਹੈ

———ਜ਼ਿੰਦਗੀ ਵਿਹਲ ਕਦੋਂ ਦੇਂਦੀ ਹੈ ਇੰਜ ਸੋਚਣ ਦੀ।

ਪਰ ਅਜੇਹੇ ਵਿਚਾਰ-ਚਿੰਤਨ ਦੇ ਦਾਇਰੇ ਇਨ੍ਹਾਂ ਕਵਿਤਾਵਾਂ ਦੀ ਮੰਜ਼ਿਲ ਨਹੀਂ ਲੱਗਦੇ ਇਹ ਤਾਂ ਕਵੀ ਦੀ ਉਪਭਾਵਕਤਾ, ਨਿਰਾਸ਼ਾ, ਸਨਕੀਵਾਦੀ ਤੇ ਹੋਰ ਨਕਾਰਾਤਮਕ ਰੁਚੀਆਂ ਦੇ ਮਾਧਿਅਮ ਹਨ। ਇਸ ਤੋਂ ਅੱਗੇ ਕਵੀ ਨੇ ਨਵੀਂ ਨਵੀਂ ਤਰਜ਼ੇ-ਜ਼ਿੰਦਗੀ ਉਤੇ ਤਨਜ਼ ਤੇ ਵਿਅੰਗ ਦੀ ਖੋਭ ਵੀ ਕੀਤੀ ਹੈ ਜਿਵੇ :-

“ਹੁਣ ਉਹਨਾਂ ਦਾ/ਬਾਜੂਹੀਨ ਕਮੀਜ਼ਾ ਪਹਿਨਣ ਵਿਚ ਵਿਸ਼ਵਾਸ਼

ਤੇ ਉਹ ਖੁਸ਼ ਹਨ, ਹੁਣ ਸੱਪ ਕਿਹੜੀ ਆਸਤੀਨ ਵਿਚ ਲੁਕ ਸਕਦਾ ਹੈ”

ਕਵੀ ਚੰਦ ਦੀ ਉਲੇਖਨੀ ਵਿਸ਼ੇਸ਼ਤਾ ਇਹ ਹੈ ਕਿ ਅੱਜ ਤੇ ਇਸ ਆਜ਼ਾਦ ਨਜ਼ਮਾਂ ਦੇ ਦੌਰ ਜਾਂ ਫੈਸ਼ਨ ਵਿਚ ਉਸ ਦੀ ਕਵਿਤਾ ਇਕ ਸੁਰ-ਤਾਲ, ਲੈ-ਤੋਲ ਤੇ ਵਜ਼ਨ-ਬਹਿਰ ਵਿਚ ਪ੍ਰਸਫੁਟਿਤ ਹੁੰਦੀ ਹੈ; ਉਸ ਦੇ ਸ਼ਬਦ ਸਰਵ-ਵਿਅੰਜਨ ਧੁਨੀਆਂ ਇਕ ਤਰਨੁਮ ਵਿਚ ਗੂੰਜਦੀਆਂ ਹਨ। ਉਹ ਬਹੁਤਾ ਕਰਕੇ ਛੰਦ ਬੱਧ ਧਾਰਾ ਦਾ ਸਮਰਥਕ ਹੈ। ਉਸ ਦੀ ਕਾਵਿ-ਸਿਰਜਨਾ ਪ੍ਰਕ੍ਰਿਆ ਤੋਂ ਪ੍ਰਗਟ ਹੁੰਦਾ ਹੈ ਕਿ ਉਸ ਦੀ ਕਾਵਿ-ਪ੍ਰਤਿਭਾ ਗਜ਼ਲ ਦੀ ਤਰਜ਼ ਵਿਚ ਵੱਧ ਅਧਿਕਾਰ ਨਾਲ ਪ੍ਰਵਾਹਿਤ ਹੁੰਦੀ ਹੈ ਇਸੇ ਲਈ ਨਜ਼ਮਾਂ ਨਾਲੋਂ ਗਜ਼ਲਾਂ ਵਿਚ ਕਾਵਿਕਤਾ ਤੇ ਰਸਿਕਤਾ ਵਧੇਰੇ ਹੈ । ਉਸ ਦੀ ਉਕਤੀ, ਕਥਨ, ਬੋਲ ਤੇ ਸ਼ਬਦ ਅਕਸਰ ਅਜੇ ਇਕ-ਧਰਤੀ ਪੱਧਰ ਦੇ ਚਿੰਨ੍ਹਕਾਂ ਤੱਕ ਹੀ ਮਹਿਦੂਦ ਹਨ। ਜਿਥੇ ਵਿਅੰਗਰਥ ਨਾਲੋਂ ਸੂਚਨਾਰਥ ਦਾ ਅਧਿਕ ਪ੍ਰਭਾਵ ਉਭਰਦਾ ਹੈ। ਉਸ ਦੀ ਸ਼ੈਲੀ ਵਿਚ ਡੂੰਘੀ ਰਮਜ਼ ਤੇ ਡੂੰਘੀ ਕਾਵਿ- ਧੁਨੀ ਦਾ ਇਕਰਾਰ ਅਜੇ ਪੂਰਾ ਹੋਣਾ ਹੈ ਪਰ ਫਿਰ ਵੀ ਕਵੀ ਚੰਦ ਦੀ ਕਾਵਿ-ਉਸਾਰੀ ਵਿਚ ਬੜੀਆਂ ਸੰਭਾਵਨਾਵਾਂ ਹਨ ਕਿਉਂਕਿ ਉਹ ਕਲਾ ਦਾ ਅਭਿਆਸੀ ਤੇ ਲਫਜਾਂ ਦਾ ਮਰਮੀ ਹੈ

ਕਾਵਿ-ਵੰਨਗੀ :-

ਜਿਸਮ ਤਾਂ ਬੇਗਾਨਗੀ ਪਹਿਨੇ ਹੁਣੇ ਲੰਘ ਜਾਣਗੇ, :

ਪਰ ਮਨਾਂ ਵਿਚ ਨੇੜ ਦਾ ਜਜ਼ਬਾ ਰਹੇਗਾ ਦੇਰ ਤਕ।

ਇੱਕ ਬਿੰਦੂ ਫੈਲਕੇ ਦਾਇਰੇ ਬਰਾਬਰ ਹੋ ਗਿਆ,

ਤੇਰਾ ਗੁਮ ਚਸਮੇ ਜਿਹਾ ਸੀ ਹੁਣ ਸਮੁੰਦਰ ਹੋ ਗਿਆ।

ਤਨ ਦੀ ਤਨਹਾਈ ਸਹਿ ਸਹਿ ਕੇ/ਮਨ ਦੀ ਗਹਿਰਾਈ ਵਿਚ ਲਹਿਕੇ,

ਸੀਨੇ ਵਿਚ ਧੁੰਧਲੀ ਆਸ ਲਈ/ਅੱਖਾਂ ਵਿਚ ਅਜ਼ਲੀ ਪਿਆਸ ਲਈ,

ਤੂੰ ਵਾਂਗ ਅਜਨਬੀ ਭਟਕ ਰਿਹਾ/ਕਿਸ ਨੂਰ ਜੋਤਿ ਨੂੰ ਟੋਲ ਰਿਹਾ,

ਕਿਸ ਦੋਚਿੱਤੀ ਵਿਚ ਲਟਕ ਰਿਹਾ।

ਭਗਵੰਤ ਸਿੰਘ

ਪੰਜਾਬੀ ਦੀ ਨਵੀਨਤਮ ਕਾਵਿਧਾਰਾ ਦੇ ਕਵੀ ਭਗਵੰਤ ਸਿੰਘ ਨੇ ਇਹ ਕਾਵਿ-ਸੰਗ੍ਰਹਿ ਲਿਖੇ ਹਨ – ਆਸ ਨਿਰਾਸ (1960) ਹਨੇਰੇ ਸਾਥ (1962) ਅਸਗਾਹ ਭਟਕਣ (1965) ਸੂਲ ਸਿਰਜਣਾ (1963) ਵੇਦਨਾ ਪ੍ਰਤਿਵੇਦਨਾ (1971) ਬੋਲ ਕਬੋਲ (1976) ਮੈਨੂੰ ਸਮਝ ਸਤਾਇਆ (1976) ਗੱਲ ਕੱਥ (1982) ਇਨ੍ਹਾਂ ਸੰਗ੍ਰਹਿਆਂ ਵਿਚ ਦਰਜ ਕਵਿਤਾਵਾਂ, ਗ਼ਜ਼ਲਾਂ ਤੇ ਗੀਤਾਂ ਵਿਚ ਭਗਵੰਤ ਸਿੰਘ ਮੁਕਤ ਕਾਵਿ- ਚਿੰਤਨ ਦੇ ਕਵੀ ਦੇ ਤੌਰ ਤੇ ਉਭਰਦਾ ਹੈ। ਉਸ ਦੀ ਕਿਸੇ ਮਤ-ਵਾਦ ਨਾਲ ਕੋਈ ਪ੍ਰਤਿਬੱਧਤਾ ਨਹੀਂ ਹੈ, ਉਸ ਦੀ ਪ੍ਰਤਿਬੱਧਤਾ ਤਾਂ ਉਸਦੀ ਲੇਖਣੀ ਨਾਲ ਜ਼ਰੂਰ ਹੈ। ਭਗਵੰਤ ਸਿੰਘ ਦੀਆਂ ਬਹੁਤ ਸਾਰੀਆਂ ਕਵਿਤਾਵਾਂ (ਤੇ ਗਜ਼ਲਾਂ) ਦੀ ਹੱਦ ਕਵੀ ਦੇ ਸਮਕਾਲੀ ਹਾਦਸਿਆਂ, ਘਟਨਾਵਾਂ, ਤਜਰਬਿਆਂ, ਅਣਹੋਣੀਆਂ, ਬੇਇਨਸਾਫੀਆਂ ਤੇ ਧਿੰਝੋਜੋਰੀਆਂ ਦਾ ਪ੍ਰਤਿਫਲ ਹੈ। ਕਵੀ ਦੀ ਕਾਵਿ-ਚੇਤਨਾ ਵਿਚ ਸਮੇਂ ਸਮੇਂ ਜੋ ਆਇਨ ਵਰੀਆਂ ਗੇ, ਉਸ ਆਸ ਵਿਦ੍ਰੋਹ ਜਾਂ ਕ੍ਰਾਂਤੀ, ਅਹਿਸਾਸ ਜਾਂ ਵਿਸ਼ਾਦ, ਵਿਸੰਗਤੀ ਜਾਂ ਵਿੰਡਬਨਾ ਵਾਪਰੀ ਹੈ। ਉਸ ਨੇ ਮਾਡਰਨ ਈਡੀਅਮ (Modern Idiom) ਨਾਲ ਨਜ਼ਮ ਦੇ ਰੂਪ ਵਿਚ ਰੂਪਾਂਤਰਿਤ ਕਰ ਦਿੱਤਾ ਹੈ। ਕਿਤੇ ਕਿਤੇ ਉਸਦੀ ਰਸਿਕਤਾ ਗ਼ਜ਼ਲਾਂ ਜਾਂ ਗੀਤਾਂ ਰਾਹੀਂ ਵੀ ਵਹਿ ਤੁਰੀ ਹੈ। ਅਸਲ ਵਿਚ ਉਸ ਦੇ ਗੀਤ ਕਵੀ ਦੀ ਪ੍ਰਗੀਤਕ ਕਾਵਿਕਤਾ ਤੇ ਰਸਿਕਤਾ ਦੇ ਸੁੰਦਰ ਨਮੂਨੇ ਹਨ। ਗੀਤਾਂ ਵਿਚ ਕਵੀ ਦੀ ਪੋਠੋਹਾਰੀ ਡਾਇਲੈਕਟ ਦੀ ਮਿਠਾਸ ਦਾ ਪ੍ਰਭਾਵਕਾਰੀ ਮਿਸ਼ਰਨ ਹੈ। ਭਗਵੰਤ ਸਿੰਘ ਦੀ ਕਾਵਿ-ਦ੍ਰਿਸ਼ਟੀ ਵਿਚ ਵਿਵੇਕ, ਬੌਧਿਕਤਾ, ਤਰਕ-ਵਿਤਰਕ ਤੇ ਕਿਤੇ ਕਿਤੇ ਵਿਤੰਡਾਵਾਦ ਦੇ ਅੰਸ਼ ਵੀ ਝਲਕਦੇ ਹਨ। ਕਵੀ ਦੀ ਜੀਵਨ-ਦ੍ਰਿਸ਼ਟੀ ਅਤੀ-ਆਧੁਨਿਕ ਹੈ ਜੋ ਆਪਣੇ ਪੜੋਸ ਤੇ ਪਰਿਵੇਸ਼ ਦੀਆਂ ਵਿਸੰਗਤੀਆਂ ਦੀ ਤੁਰਸ਼ ਤੇ ਤਲਖ਼ ਆਲੋਚਨਾ ਵੱਲ ਰੁਚਿਤ ਹੈ ਪਰ ਉਸ ਦੀ ਆਲੋਚਨਾ-ਦ੍ਰਿਸ਼ਟੀ ਦਾ ਟੀਚਾ ਵਿਅਕਤੀ, ਸਮਾਜ ਤੇ ਰਾਸ਼ਟਰ ਵਿਚ ਸਵਸਥ ਕੀਮਤਾਂ ਦੀ ਸਥਾਪਨਾ ਕਰਨਾ ਹੈ । ਉਸਦੀ ਸੰਵੇਦਨਾ-ਬਿਰਤੀ ਨਿੱਕੇ ਨਿੱਕੇ ਅਣਗੋਲੇ ਲਘੂ ਵਿਸ਼ਿਆ ਪ੍ਰਤੀ ਵੀ ਪ੍ਰੇਰਿਤ ਹੁੰਦੀ ਹੈ ਅਤੇ ਇਸ ਕਾਰਨ ਉਸਨੇ ਕਈ ਲਘੂ ਕਵਿਤਾਵਾਂ ਸਿਰਜੀਆਂ ਹਨ।

ਭਗਵੰਤ ਸਿੰਘ ਦੀ ਬਹੁਤ ਸਾਰੀ ਕਾਵਿ-ਸਿਰਜਨਾ ਆਤਮ-ਸੰਵਾਦ ਦੀਆਂ ਰੂਪਾਤਮਕ ਜੁਗਤਾਂ ਵਿਚ ਸੰਪੰਨ ਹੋਈ ਹੈ। ਉਹ ਬਿਰਤਾਂਤਕ ਕਲਾ ਤੇ ਸੰਬੋਧਨ-ਸ਼ੈਲੀ ਵੀ ਉਸਾਰ ਲੈਂਦਾ ਹੈ। ਅਕਸਰ ਉਸ ਦੀ ਗੁਫਤਗੁ ਕਿਸੇ ਗੈਰ-ਹਾਜ਼ਰ, ਕਲਪਿਤ ਤੇ ਖਾਮੋਸ਼ ਪ੍ਰੇਮਿਕਾ ਨਾਲ ਹੁੰਦੀ ਰਹਿੰਦੀ ਹੈ ਜਿਸਨੂੰ ਮੁਖਾਤਬ ਹੋਕੇ ਉਹ ਤਿਲਿਸਮੀ ਸ਼ਬਦ-ਕ੍ਰੀੜਾ ਨਾਲ ਤਾਜ਼ਾ ਸਮਾਚਾਰ ਤੇ ਵਿਗਿਆਪਨ ਪ੍ਰਸਾਰਿਤ ਕਰਦਾ ਰਹਿੰਦਾ ਹੈ। ਉਸਦੀ ਕਾਵਿ ਰਚਨਾ ਵਿਚ ਖ਼ਾਸ ਕਰਕੇ ਕਵਿਤਾ ਵਿਚ ਪੱਤਰਕਾਰੀ, ਅਫ਼ਸਰਸ਼ਾਹੀ, ਸੰਵਿਧਾਨ, ਪ੍ਰਸ਼ਾਸ਼ਨੀ ਗਤੀ-ਵਿਧੀਆਂ, ਸਮਾਜੀ ਉਤਸਵਾਂ, ਸਭਿਆਚਾਰਿਕ ਮਹੋਤਸਵਾਂ, ਵਿਸ਼ਵ ਘਟਨਾਵਾਂ, ਵਿਗਿਆਨਿਕ ਲੱਭਤਾਂ ਤੇ ਮਾਡਰਨ ਤਰਜ਼ੇ-ਜਿੰਦਗੀ ਦੇ ਬਹੁਤ ਸਾਰੇ ਚਿੰਨ੍ਹ ਤੇ ਪ੍ਰਤੀਕ ਸਮੋਏ ਰਹਿੰਦੇ ਹਨ ਜੋ ਉਸਦੀ ਚੁਸਤ ਚੇਤਨਾ ਦੇ ਪ੍ਰਮਾਣ ਹਨ ।

ਬੋਲ ਕਬੋਲ ਵਿਚ ਦਰਜ “ਡਰੀ ਚਾਨਣੀ” ਇਕ ਆਤਮ-ਸੰਵਾਦਕ ਕਵਿਤਾ ਹੈ ਜੋ ਸਾਡੀ ਅਜੋਕੀ ਤਰਜ਼ੇ-ਜਿੰਦਗੀ ਉਤੇ ਇਕ ਕਟਾਖਮਈ ਬੌਧਿਕ ਟਿੱਪਣੀ ਹੈ/ਇਸ ਵਿਚ ਕਵੀ ਚੇਤਨਾ ਪ੍ਰਵਾਹਕ ਧਾਰਾ ਵਿਚ ਦਿਮਾਗੀ ਚਿੱਤਰਪਟ ਉਤੇ ਅੰਕਿਤ ਹੋਏ ਮਹਾਨਗਰੀ ਮੱਧਸ੍ਰੇਣਿਕ ਯਾਂਤਰਿਕ ਤਜਰਬਿਆਂ ਅਤੇ ਬੌਧਿਕ ਕਸ਼ਮਕਸ਼ ਦਾ ਮਾਨਵੀ ਸੰਦਰਭਾਂ ਵਿਚ ਰਮਜ਼ੀਆ ਵਰਣਨ ਕਰਦਾ ਜਾਂਦਾ ਹੈ।

ਕਾਵਿ ਬੰਦ ਹੈ :-

“ਸਵਿੱਚ ਆਨ ਕਰ/ਢਾਈ ਸੋ ਮੀਟਰ/ਮੀਡੀਅਮ ਵੇਵ ਤੇ/ਨੇੜਿਉਂ ਹੀ ਸੁਣੋ

ਵਿਵਿਧ ਭਾਰਤੀ/ਰਵੀ ਸੰਕਰ/ਬੜੇ ਗੁਲਾਮ ਅਲੀ/ਉਸਤਾਦ ਅਨਾਇਤ ਖਾਂ

ਦੇ ਪੱਕੇ ਰਾਗ ਦੇ ਪਲਟਿਆਂ ਦੇ ਗਾਇਣ——–

 ਹਕੀਕਤਾਂ ਵਲੋਂ ਅਸੀਂ ਅਖਾਂ ਫੇਰੀਏ/ਸਲੀਪਿੰਗ ਪਿਲਜ਼-ਨੀਂਦਾਵਰ ਨਸ਼ਾ

ਸਾਡੀ ਲਾਹਵੇ ਥਕਾਨ ——–

ਕਵੀ ਭਗਵੰਤ ਸਿੰਘ ਦੀਆਂ ਬਹੁਤੀਆਂ ਕਵਿਤਾਵਾਂ ਸਟੇਟਮੈਂਟਾਂ ਤੇ ਕਥਨਾਂ ਦੇ ਲੈਵਲ ਤੇ ਹੀ ਸਿਰਜਿਤ ਹੋਈਆਂ ਹਨ ਜੋ ਵਿਅੰਜਨਾਰਥ ਨਾਲੋਂ ਸੂਚਨਾਰਥ ਤੱਕ ਮਹਿਦੂਦ ਰਹਿੰਦੀਆਂ ਹਨ। ਇਸ ਕਾਰਨ ਉਨ੍ਹਾ ਵਿਚ ਰਸਾਤਮਕ ਪ੍ਰੇਰਨਾ ਨਾਲੋਂ ਬੌਧਿਕ ਉਤੇਜਨਾ ਦਾ ਮਾਹੌਲ ਅਧਿਕ ਪਸਰਿਆ ਰਹਿੰਦਾ ਹੈ। ਕਵੀ ਦੀ ਭਾਸ਼ਾ ਦਾ ਚਰਿਤਰ ਵੀ ਦੋ ਪੱਧਰਾਂ ਤੇ ਉਜਾਗਰ ਹੁੰਦਾ ਹੈ। ਗੀਤਾਂ ਦੀ ਭਾਸ਼ਾ ਸੰਗੀਤਕ, ਬਿੰਬਾਤਮਕ ਦੇ ਭਾਵ-ਪਰੁਚੀ ਧੁਨੀਆਂ ਦਾ ਅਲਾਪ ਹੈ, ਵੰਨਗੀ ਹਾਜ਼ਰ ਹੈ :-

“ਮੰਨਿਆ ਸੱਜਣ ਤੇਰਾ ਪੰਧ ਲੰਮੇਰਾ/ਤੇ ਦੂਰ ਦੁਰੇਡੀ ਇਹ ਦੀ ਵਾਟ,

ਵਿਚ ਪ੍ਰਦੇਸੀ ਜਾਂਦਿਆਂ ਵੇ ਮਿਤਰਾ/ਸਾਨੂੰ ਵੀ ਲੈ ਚਲ ਅਧੀ ਕੁ ਵਾਟ।”

ਪਰੰਤੂ ਕਵਿਤਾਵਾਂ ਦੀ ਭਾਸ਼ਾ ਕੁਝ ਅਟਪਟੀ ਤੇ ਖੁਰਦਰੀ ਪਰ ਸੰਜੀਵ ਤੇ ਸਸ਼ਕਤ ਹੋ ਨਿਬੜੀ

ਹੈ। ਵੰਨਗੀ ਵੇਖੋ :-

“ਭਾਖੜੇ ਨੂੰ ਅਸੀਂ ਭੋਖੜੇ ਦੀ ਥਾਂ/ਬਦਲੀ-ਸ਼ਬਦ ਵਜੋਂ ਵਰਤੀਏ

ਤੇ ਇੰਜ ਲੋਕ ਸੰਪਰਕ ਪੈਦਾ ਕਰੀਏ/ਮੁਮਕਿਨ ਨਹੀਂ ਸਾਡੇ ਲਈ” (ਬੋਲ ਕਬੋਲ)

ਗੌਤਮ ਦੋਸਤ ਇਹ ਤਰੇਤੇ ਜਾਂ ਦੁਆਪਰ ਦਾ ਇੰਦਰ ਨਹੀਂ, ਇਹ ਤੇਰੇ ਨਾਲ ਆਪਣਾ ਗ੍ਰਹਿਣ ਕੀਤਾ ਗਿਆਨ, (ਟੈਕਨੀਕਲ ਨੇ ਹਾਊ) ਸਾਂਝਾ ਕਰ ਸਕਦਾ ਹੈ । (ਗੱਲ-ਕੱਥ)

ਕਵੀ ਭਗਵੰਤ ਸਿੰਘ ਦਾ ਕਾਵਿ-ਜਗਤ ਉਸ ਦੇ ਸਵੈ-ਸੰਬੋਧਤ ਆਤਮ-ਦਰਸ਼ਨ ਦੀ ਪੈਦਾਵਾਰ ਹੈ। ਜਿਥੇ ਸਮਕਾਲੀ ਤੇ ਸੀਮਿਅਕ ਸਥਿਤੀਆਂ ਪ੍ਰਤੀ ਕਵੀ ਦੀਆਂ ਤਤਕਾਲੀ ਪ੍ਰਤਿਕ੍ਰਿਆਵਾਂ ਦਾ ਇਕ- ਪਰਤੀ ਅੰਕਨ ਹੈ ।

ਡਾ. ਵਿਸ਼ਵਾਨਾਥ ਤਿਵਾੜੀ (1936-1984)

ਡਾ. ਵਿਸ਼ਵਾਨਾਥ ਤਿਵਾੜੀ ਪੰਜਾਬੀ ਦੇ ਅਕਾਦਮਿਕ ਹਲਕਿਆਂ ਵਿਚ ਇਕ ਪ੍ਰਾਧਿਆਪਕ, ਬੁੱਧੀਜੀਵੀ ਤੇ ਆਲੋਚਕ ਹੋਣ ਦੇ ਨਾਲ ਨਾਲ ਪੰਜਾਬੀ ਦੀ ਨਵੀਨਤਮ ਕਾਵਿਧਾਰਾ ਵਿਚ ਇਕ ਸੁਚੇਤਨ ਕਵੀ ਦੇ ਤੌਰ ਤੇ ਪ੍ਰਤਿਸ਼ਠਿਤ ਸੀ। ਭਾਵੇਂ ਡਾ. ਤਿਵਾੜੀ ਕਿਸੇ ਵਾਦ, ਮਤ ਜਾਂ ਸਿਧਾਂਤ ਨਾਲ ਪ੍ਰਤਿਬੱਧ ਨਹੀਂ ਸੀ ਪਰ ਉਸਦੀ ਚਿੰਤਨਧਾਰਾ ਵਿਚ ਮਾਰਕਸ, ਫ੍ਰਾਇਡ, ਸਾਰਤਰ, ਕਾਮੂ ਆਦਿ ਦੀ ਪੱਛਮੀ ਵਿਚਾਰਧਾਰਾ ਅਤੇ ਸੂਫੀ, ਸਿੱਖ-ਗੁਰੂਆਂ, ਅਰਵਿੰਦ, ਗਾਂਧੀ ਆਦਿ ਦੀ ਪੂਰਬੀ ਵਿਚਾਰਧਾਰਾ ਦੇ ਅਣੁ ਅਵਸ਼ ਮੌਜੂਦ ਸਨ । ਕਵੀ ਆਪ ਕਹਿੰਦਾ ਹੈ :-

“ਪੱਛਮ ਦਾ ਮੈਂ ਆਸ਼ਿਕ ਲੋਕ/ਪੂਰਬ ਦਾ ਮੈਂ ਜਾਇਆ

ਰੌਸ਼ਨੀ ਜਿਸ ਤੇ ਪੱਛਮੀ ਹੋਵੇ/ਅੰਦਰ ਜਿਸਦੇ ਪੂਰਬ ਹੋਵੇ” (ਪੰਧ ਲਮੇਰੇ)

ਡਾ ਤਿਵਾੜੀ ਮੁਕਤ ਚਿੰਤਨ ਦਾ ਕਵੀ ਹੁੰਦਾ ਹੋਇਆ ਵੀ ਇਨਸਾਨੀ ਪ੍ਰਗਤੀ ਤੇ ਮੁਕਤੀ ਲਈ ਵਚਨਬੱਧ ਸੀ। ਉਸਦੀ ਕਵਿਤਾ ਦਾ ਵਿਸ਼ਾਲ ਪਰਿਪੇਖ ਤੇ ਖੁਲ੍ਹਾ-ਵਲ੍ਹਾ ਚਿੱਤਰਪਟ ਉਸਦੀ ਉਦਾਰ ਮਾਨਸਿਕਤਾ ਦਾ ਪ੍ਰਤੀਕ ਹੈ ਜਿਥੇ ਉਹ ਭਾਵਨਾ ਤੇ ਤਰਕ ਨੂੰ ਇਕਸੁਰ ਕਰਨ ਵਿਚ ਕਾਮਯਾਬ ਹੋਇਆ ਹੈ।

ਸੈਕੂਲਰ ਭੂਮਿਕਾ :- ਸੁਤੰਤ੍ਰਤਾ ਉਪਰੰਤ ਭਾਰਤ ਦੇ, ਖਾਸ ਕਰਕੇ ਪੰਜਾਬ ਦੇ ਵਿਹੜੇ ਵਿਚ ਜੋ ਰਾਜਨੀਤਿਕ, ਆਰਥਿਕ ਤੇ ਸਾਂਸਕ੍ਰਿਤਿਕ ਸੰਭਾਵਨਾਵਾਂ ਉਜਾਗਰ ਹੋਈਆਂ, ਤਿਵਾੜੀ ਦਾ ਕਵੀ ਮਨ ਉਨ੍ਹਾਂ ਦੇ ਉਨਮੁਕਤ ਦੀਦਾਰ ਕਰਨ ਵੱਲ ਰੁਚਿਤ ਹੋਇਆ। ਇਸਦੇ ਨਤੀਜੇ ਵਜੋਂ ਉਸਦੀ ਕਾਵਿ-ਚੇਤਨਾ ਦੇਸ਼-ਵਿਆਪੀ ਸਰਗਰਮੀਆਂ ਦੇ ਕਰਮ-ਪ੍ਰਤਿਕਰਮਾਂ ਨੂੰ ਜਜ਼ਬ ਕਰਨ ਵਿਚ ਲੀਨ ਹੁੰਦੀ ਰਹੀ। ਉਸਦੀ ਇਸ ਪ੍ਰਬੁੱਧ ਚੇਤਨਾ ਤੇ ਉਦਾਰ ਬਿਰਤੀ ਦਾ ਹੀ ਨਤੀਜਾ ਸੀ ਕਿ ਕਵੀ ਦਾ ਕਾਵਿਕ ਧਰਾਤਲ ਤੇ ਜੀਵਨ- ਦ੍ਰਿਸ਼ਟੀ ਦੋਵੇਂ ਸਕੂਲਰ, ਗੈਰ-ਸੰਪ੍ਰਦਾਇਕ, ਮਾਨਵੀ, ਤੇ ਮਜ਼ਲੂਮ-ਪੱਖੀ ਹੋ ਨਿਬੜੇ। ਇਸ ਭੂਮਿਕਾ ਵਿਚ ਰੱਖਕੇ ਹੀ ਤਿਵਾੜੀ ਦੀਆਂ ਕਾਵਿ-ਕਿਰਤਾਂ ਦਾ ਮੁਲਾਂਕਣ ਕੀਤਾ ਜਾ ਸਕਦਾ ਹੈ। ਕਵੀ ਤਿਵਾੜੀ ਨੇ ਪੰਜਾਬੀ ਕਾਵਿ-ਸਾਹਿਤ ਨੂੰ ਇਹ ਕਾਵਿ ਸੰਗ੍ਰਿਹ ਭੇਟ ਕੀਤੇ ਹਨ : ਯਾਦਾਂ ਵਿਚੋਂ ਯਾਦਾਂ, ਤਨ ਦੀ ਚਿਖਾ (1966), ਗਰਾਜ ਤੋਂ ਫੁੱਟਪਾਥ ਤੱਕ (1980) ਅੱਕ ਦੀ ਅੰਬੀ (1981)।

ਇਨ੍ਹਾਂ ਕਾਵਿ-ਸੈਂਚੀਆਂ ਵਿਚ ਸੰਚਿਤ ਕਵਿਤਾਵਾਂ ਤੋਂ ਕਵੀ ਤਿਵਾੜੀ ਦੀ ਕਾਵਿ-ਚੇਤਨਾ ਦਾ ਨਿਰੰਤਰ ਵਿਕਾਸ ਦ੍ਰਿਸ਼ਟੀਗੋਚਰ ਹੁੰਦਾ ਹੈ। ਉਸਦੀ ਕਵਿਤਾ ਰੋਮਾਂਸ, ਪ੍ਰਯੋਗ, ਯਥਾਰਥ ਤੇ ਸਮਕਾਲੀ ਸਥਿਤੀ ਚਿਤਰਣ ਦੀ ਯਾਤਰਾ ਕਰਦੀ ਹੈ । ਤਿਵਾੜੀ ਦੀ ਕਾਵਿ ਅਨੁਭੂਤੀ ਵਿਚ ਜੋ ਜੋ ਕੌੜੀਆਂ-ਕਸੈਲੀਆਂ ਯਾਦਾਂ, ਨਿੱਜੀ ਤੇ ਅਨਿਜੀ ਸੰਸਕਾਰ, ਸਮੂਰਤ ਤੇ ਅਮੂਰਤ ਅਹਿਸਾਸ, ਸੂਖਮ ਤੇ ਸਥੂਲ ਵਿਚਾਰ ਅਤੇ ਤਿੱਖੇ-ਡੂੰਘੇ ਜਜ਼ਬੇ ਉਮੜੇ ਸਨ ਉਹ ਉਸਦੀਆਂ ਕਵਿਤਾਵਾਂ ਵਿਚ ਸਾਕਾਰ ਹੋਏ ਹਨ। ਅਸਲ ਵਿਚ ਤਿਵਾੜੀ “ਸਮੇਂ ਦੇ ਸੱਚ” ਪ੍ਰਤੀ ਸੰਵੇਦਨਸ਼ੀਲ ਹੈ। ਉਹ “ਸ਼ਾਇਰ ਦੀ ਮੌਤ” ਕਵਿਤਾ ਵਿਚ ਇਸ ਸੰਕਲਪ ਨੂੰ ਇਉਂ ਰੂਪਮਾਨ ਕਰਦਾ ਹੈ :-

“ਆਪੇ ਨੂੰ ਮਾਰ ਕੇ ਤਰੱਕੀ ਤਾਂ ਹੋ ਸਕਦੀ ਹੈ ਪਰ ਸ਼ਾਇਰ ਮਰਦਾ ਹੈ,

ਸ਼ਾਇਰ ਜੋ ਸਮੇਂ ਦਾ ਸੱਚ ਹੁੰਦਾ ਹੈ । ਸ਼ਾਇਰ ਜੋ ਸਮੇਂ ਦਾ ਸੱਚ ਕਹਿੰਦਾ ਹੈ ।”

ਅਸਲ ਵਿਚ ਤਿਵਾੜੀ ਦਾ ਕਵੀ ਮਨ ਜਦੋਂ ਆਪਣੇ ਪਰਿਵੇਸ਼ ਵਿਚ ਨਿੱਤ-ਵਾਪਰਦੀਆਂ ਅਮਾਨਵੀ ਘਟਨਾਵਾਂ, ਅਨੈਤਿਕ ਚਾਲਾਂ, ਸਮਾਜਕ ਬੇਇਨਸਾਫ਼ੀਆਂ, ਰਾਜਸੀ ਸਾਜਿਸ਼ਾਂ ਅਤੇ ਇਨਸਾਨੀ ਸ਼ੰਕਿਆਂ ਤੋਂ ਬਿਹਬਲ ਤੇ ਬੈਚੇਨ ਹੁੰਦਾ ਹੈ ਤਾਂ ਉਹ ਉਨ੍ਹਾਂ ਪ੍ਰਤੀ ਆਪਣੇ ਤਿੱਖੇ ਪ੍ਰਤਿਕਰਮਾਂ ਨੂੰ ਪ੍ਰਚੰਡਤਾ ਨਾਲ ਮੂਰਤੀਮਾਨ ਕਰਦਾ ਹੈ। ਸੂਰਤੇ-ਹਾਲ ਬਾਰੇ ਕਵੀ ਦਾ ਕਲਾਤਮਕ ਵਿਅੰਗ ਵੇਖੋ –

ਮੇਰੇ ਮੁਲਕ ਨੂੰ/ਕੋਈ ਮੌਸਮ ਰਾਸ ਨਹੀਂ ਹੈ

ਸੂਰਜ ਦੀ ਭੱਠੀ ਵਿੱਚ ਦਾਣੇ ਨਹੀਂ, ਬੰਦੇ ਭੁਜਦੇ ਨੇ (ਮੌਸਮ)

ਜਾਂ

ਪੂਜਾ ਹੁੰਦੀ ਹੈ ਅਜਕਲ/ਪੈਸੇ ਦੀ/ਤੇ ਪੈਸੇ ਲਈ ਵਿਕਦੇ ਨੇ/

ਜੁੱਸਾ, ਅਕਲ ਤੇ ਈਮਾਨ/ਘੋਰ ਕਲਯੁਗ ਹੈ (ਉਦਾਸ ਨਹੀਂ ਹਾਂ)

ਖੰਡਿਤ ਰਿਸ਼ਤੇ :-

ਕਵੀ ਤਿਵਾੜੀ ਨੇ ਅੱਜ ਦੇ ਮਸ਼ੀਨੀ ਯੁੱਗ ਵਿਚ ਮਾਨਵੀ ਸਥਿਤੀਆਂ ਨੂੰ ਵੀ ਬੜੇ ਅਦਭੁਤ ਕਾਵਿ- ਕਟਾਖ ਨਾਲ ਪ੍ਰਤਿਬਿੰਬਤ ਕੀਤਾ ਹੈ। ਇਨਸਾਨੀ ਰਿਸ਼ਤਿਆਂ ਦੀ ਟੁੱਟ-ਭੱਜ, ਪਰਿਵਾਰਕ ਬੈਗਾਨਗੀ, ਮਨੋ-ਜਗਤ ਦਾ ਅੰਤਰ-ਸੰਘਰਸ਼, ਇੱਕਲਤਾ ਦਾ ਅਹਿਸਾਸ, ਆਸਥਾ ਤੇ ਵਿਸ਼ਵਾਸ਼ ਦਾ ਖੰਡਨ, ਤਿੜਕੀਆਂ ਸ਼ਖਸ਼ੀਅਤਾਂ, ਸਭਿਆਚਾਰਿਕ ਲਗਾਉ ਆਦਿ ਵਿਭਿੰਨ ਮਾਨਵੀ ਸਥਿਤੀਆਂ ਉਸ ਦੇ ਕਾਵਿ ਵਿਚ ਰੂਪਮਾਨ ਹੋਈਆਂ ਹਨ। ਅੱਜ ਦਾ ਪਰਿਵਾਰਿਕ ਜੀਵਨ ਕਿੰਨਾ ਮਮਤਾ-ਹੀਨ ਹੋ ਰਿਹਾ ਹੈ ਵੇਖੋ:

“ਬੈਂਡ ਟੀ ਤੋਂ ਡਿਨਰ ਤਕ ਦਾ ਵਿਕਰ/ਬੰਗਲੇ ਦੇ ਬਹਿਰੇ ਨੂੰ ਹੈ

ਤੇ ਬੱਚੇ/“ਆਇਆ” ਦੀ ਕੁੱਛੜ ਚੋਂ ਹੀ/ਮਮਤਾ ਦਾ ਨਿੱਘ ਭਾਲ ਰਹੇ ਨੇ ।

ਕਰੌਕਰੀ, ਸਟੀਰੀਓ ਤੇ ਫਰਨੀਚਰ——— ਸਮਾਨ ਘਰ ਲਈ ਹੁੰਦਾ ਹੈ

ਘਰ ਕੇਵਲ ਸਮਾਨ ਨਹੀਂ ਹੈ (ਬੂਹਾ)”

ਉਪਰੋਕਤ ਕਾਵਿ-ਸਤਰਾਂ ਵਿਚ “ਘਰ ਦਾ ਪ੍ਰਯੋਗ ਬੜਾ ਹੀ ਮਾਰਮਿਕ ਹੈ। ਏਥੇ “ਘਰ” ਲਫ਼ਜ਼ ਬਹੁਪਰਤੀ ਪਾਸਾਰ ਵਿਚ ਪੇਸ਼ ਹੋਇਆ ਹੈ। ਕਵੀ ਫਰਨੀਚਰਾਂ ਨਾਲ ਸਜਾਏ ਪਰ ਮਮਤਾ ਵਿਹੂਣੇ ਘਰ ਨੂੰ ਘਰ ਮੰਨਣ ਤੋਂ ਇਨਕਾਰੀ ਹੈ, ਉਹ ਤਾਂ ਨਿੱਘ ਤੇ ਮਮਤਾ ਨਾਲ ਭਰਪੂਰ ਘਰ ਨੂੰ ਘਰ ਵਜੋਂ ਪਰਿਭਾਸ਼ਤ ਕਰਦਾ ਹੈ।

ਆਧੁਨਿਕ ਮਨੁੱਖ :-

ਆਧੁਨਿਕ ਮਨੁੱਖ “ਅੱਗ ਦਾ ਦਰਿਆ” ਹੈ। ਉਹ ਰਸਮੀ ਤੇ ਓਪਰਾ ਹੈ, ਉਤੋਂ ਹੱਸਦਾ ਹੈ ਪਰ ਅੰਦਰੋਂ ਈਰਖਾਲੂ ਹੈ, ਤਿਵਾੜੀ ਦੀ ਕਾਵਿ ਟਿੱਪਣੀ ਹੈ :

ਚਿਹਰੇ ਤੇ ਸਮਾਇਲਾਂ/ਅੰਦਰ ਅੱਗ ਦਾ ਦਰਿਆ

ਕਿਹਾ ਆਧੁਨਿਕ ਮਨੁੱਖ ਹੈ ? (ਅੱਕ ਦੀ ਅੰਬੀ)

ਅੱਜ ਦੇ ਮਨੁੱਖ ਦੀ ਕਮੀਨਗੀ ਤੇ ਖੁਦਗਰਜ਼ੀ ਉਸਨੂੰ ਮਾਡਰਨ ਬਣਾਉਣ ਦਾ ਪ੍ਰਮਾਣ ਹੈ। ਅੱਜ ਜੋ ਸਵਾਰਥੀ ਹੈ, ਕੰਮ ਕੱਢੂ ਹੈ ਉਹ ਮਾਡਰਨ ਹੈ ਪਰ ਜੋ ਪਰ-ਸੁਆਰਥੀ ਹੈ ਉਹ ਪਾਗਲ ਹੈ, ਪੁਰਾਣੀ ਇਮਾਰਤ ਦਾ ਢਹਿ ਰਿਹਾ “ਜ਼ੀਨਾ” ਹੈ। ਆਧੁਨਿਕ ਮਨੁੱਖ ਦਾ ਚਿਹਰਾ ਹੁਣ ਮਨ ਦਾ ਅਕਸ (Index) ਨਹੀਂ ਰਿਹਾ, ਚਿਹਰਾ ਤਾਂ ਇਕ ਰੋਡ ਸਾਈਨ ਹੈ ਜਿਸਤੇ ਕੁਝ ਵੀ ਲਿਖਿਆ ਜਾ ਸਕਦਾ ਹੈ। ਚਿਹਰੇ ਦੀ ਖੂਬਸੂਰਤ ਮੇਕ-ਅਪ ਹੇਠਾਂ ਜੋ ਭਿਆਨਕ ਹਨੇਰਾ ਪਸਰਿਆ ਹੈ ਕਵੀ ਦੀ ਅੱਖ ਉਸ ਨੂੰ ਪਛਾਣਦੀ ਹੈ :

“ਮਨ ਤੇ ਚਿਹਰੇ ਦਾ ਰਿਸ਼ਤਾ/ਬੱਸ ਏਨਾ ਹੈ,

ਜਿਵੇਂ ਕਿਸੇ ਸੁੰਨ ਬੂਹੇ ਤੇ/ਰੋਗਨ ਕੀਤਾ ਹੋਵੇ,

ਦਰਵਾਜ਼ੇ ਦਾ ਰੋਗਨ ਹੱਸੇ/ਤੇ ਕਮਰੇ ਦਾ ਨੇਰ੍ਹਾ ਰੋਵੇ (ਰੋਡ ਸਾਈਨ)”

ਇਸ ਤਰ੍ਹਾਂ ਤਿਵਾੜੀ ਦੀ ਕਵਿਤਾ ਮਾਨਸਿਕ ਪੱਧਰ ਤੇ ਜੂਝਦੇ ਅਤੇ ਦਿਨੋਂ ਦਿਨ ਨਿੱਘਰਦੇ ਜਾ ਰਹੇ ਆਧੁਨਿਕ ਮਨੁੱਖ ਦੀ ਤਰਸਯੋਗ ਹਾਲਤ ਉਤੇ ਇਕ ਸ਼ੋਕ-ਗੀਤ (Dirge) ਹੈ । ਇਉਂ ਡਾ. ਤਿਵਾੜੀ ਦੇ ਕਾਵਿ-ਜਗਤ ਵਿਚ ਮਨੁੱਖ, ਮਨੁੱਖੀ ਰਿਸ਼ਤੇ, ਸਮਾਜ, ਸਿਆਸਤ, ਤਰਜ਼ੇ-ਜਿੰਦਗੀ, ਰਸਮੇ -ਵਫ਼ਾ, ਰੋਮਾਂਸ, ਸ੍ਰਿਸ਼ਟਾਚਾਰ, ਅਦਬ-ਆਦਾਬ, ਜਸਨ-ਦਾਅਵਤਾਂ ਉਦਘਾਟਨ ਤੇ ਅਭਿਨੰਦਨ, ਕੁਰਸੀ ਤੇ ਪਦਵੀ ਆਦਿ ਬਹੁਤ ਸਾਰੀਆਂ ਵਿਸੰਗਤ ਤੇ ਤ੍ਰਾਸਦਿਕ (Absurd and tragic) ਸਥਿਤੀਆਂ ਨੂੰ ਕਟਾਖਮਈ ਕਾਵਿ-ਬਾਣੀ ਮਿਲੀ ਹੈ। ਪਰ ਕਵੀ ਦੀ ਚੇਤਨਾ ਦਾ ਲਕਸ਼ ਸ਼ਹਿਰੀ ਮੱਧ ਸ਼੍ਰੇਣੀ ਦਾ ਮਿਨਾਰਟੀ ਕਲਚਰ ਹੈ ਜੋ ਉਦਯੋਗਿਕ ਤੇ ਪੂੰਜੀਵਾਦੀ ਸਭਿਅਤਾ ਦੀ ਪੈਦਾਵਾਰ ਹੈ। ਫਿਰ ਵੀ ਤਿਵਾੜੀ ਦਾ ਚਿੰਤਨ ਖੇਤਰ ਮੋਕਲਾ ਤੇ ਵਿਸ਼ਾਲ ਹੈ ਅਤੇ ਭਾਵ-ਬੋਧ ਨੂਤਨ ਤੇ ਆਧੁਨਿਕ ਹੈ ।

ਅਭਿਵਿਅਕਤੀ ਦੇ ਪੱਧਰ ਤੇ ਡਾ. ਤਿਵਾੜੀ ਨੇ ਕਈਂ ਨਵੀਆਂ ਕਲਾ-ਜੁਗਤਾਂ ਅਪਣਾਈਆਂ ਹਨ। ਤਿਵਾੜੀ ਦੀ ਸਭ ਤੋਂ ਵੱਧ ਪ੍ਰਭਾਵਸ਼ਾਲੀ ਕਲਾ ਜੁਗਤ ਵਕ੍ਰੋਕਤੀ ਹੈ ਜੋ ਪਾਠਕ ਨੂੰ ਤੜਫ਼ਾ ਸਕਦੀ ਹੈ, ਹਿਲੂਣ ਸਕਦੀ ਹੈ ਅਤੇ ਘੜੀ ਦੀ ਘੜੀ ਡੂੰਘੀ ਸੋਚ ਵਿਚ ਗਰਕ ਕਰ ਸਕਦੀ ਹੈ। ਕੁਝ ਆਦਰਸ਼ ਵੰਨਗੀਆਂ ਹਾਜ਼ਰ ਹਨ।

ਤੁਸੀਂ” ਤੋਂ “ਤੂੰ” ਦਾ ਸਫਰ ਬੜਾ ਹੀ ਲੰਮਾ ਸੀ (ਲੋਹੇ ਦਾ ਬਿਰਛ)

ਜਾਂ

“ਤਾਂ ਰੱਬ ਦਾ ਸੱਚ ਪੇਟ ਦੇ ਸੱਚ ਤੋਂ ਬਹੁਤ ਛੋਟਾ ਲਗਦਾ ਹੈ (ਡਰ ਦਾ ਸਿੱਕਾ)”

ਕਵੀ ਆਪਣੀ ਕਾਵਿਕ ਉਕਤੀ ਤੇ ਤਰਜ਼ੇ ਬਿਆਨੀ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸਮਕਾਲੀ ਜੀਵਨ ਵਿਚੋਂ ਨਵੇਂ ਨਵੇਂ ਬਿੰਬਾਂ, ਪ੍ਰਤੀਕਾਂ, ਰੂਪਕਾਂ ਤੇ ਉਪਮਾਨਾ ਦੀ ਸਿਰਜਨਾ ਕਰਦਾ ਹੈ। ਉਸ ਦੀ ਰੂਪ-ਸੰਰਚਨਾ ਵਿਚ ਜ਼ੀਨਾ, ਸ਼ਹਿਰ, ਤੂਫਾਨ, ਭੂਚਾਲ, ਮਖੌਟਾ, ਖੂਹ ਆਦਿ ਕਈਂ ਅਣਛੋਹ ਅਣਵਰਤੇ ਤੇ ਤਰੋ-ਤਾਜ਼ਾ ਪ੍ਰਤੀਕ ਤੇ ਉਪਮਾਨ ਪ੍ਰਵਿਸ਼ਟ ਹੁੰਦੇ ਹਨ। ਜਿਨ੍ਹਾਂ ਦੀ ਹੋਂਦ ਨਾਲ ਕਵਿਤਾ ਦੇ ਸਾਰੇ ਮਾਹੌਲ ਵਿਚ ਇਕ ਸੱਜਰੀ ਤਾਜ਼ਗੀ ਕੌਂਧ ਜਾਂਦੀ ਹੈ। ਅਜੇਹਾ ਝਟਪਟਾ ਬਹੁਪਰਤੀ ਪ੍ਰਭਾਵ ਹੀ ਉਕਤੀ- ਚਮਤਕਾਰ ਹੈ। ਤਿਵਾੜੀ ਸ਼ਬਦਾਂ ਦੀਆਂ ਭੀਤਰੀ ਅਰਥ-ਰੂਹਾਂ ਦਾ ਸ਼ਨਾਖ਼ਤੀ ਹੈ । “ਮਨੁਖ ਜੋ ਸਾਇੰਸ ਦੇ ਭਾਰੀ ਪਰਾਂ ਤੇ ਬੈਠਾ ਹੈ – ਉਸ ਦੀ ਕਿਸਮਤ ਵਿਚ ਉਡਣਾ ਕਿਥੇ ? ਉਸ ਦੀ ਕਿਸਮਤ ਵਿਚ ਤਾਂ ਰੀਂਗਣਾ ਹੈ” ਏਥੇ “ਉਡੱਣਾ” ਤੇ “ਰੀਂਗਣਾ” ਕ੍ਰਿਆਵੀ ਸ਼ਬਦ-ਰੂਪਾਂ ਵਿਚ ਵਿਅੰਗਾਰਥ ਦੀ ਪ੍ਰਤਿਧੁਨੀ ਗੂੰਜਦੀ ਹੈ।

ਪਰ ਡਾ . ਤਿਵਾੜੀ ਦੀ ਕਾਵਿ-ਸਿਰਜਨਾ ਵਿਚੋਂ ਕਾਵਿਕਤਾ ਨਾਲੋਂ ਗੱਦ-ਕਾਵਿਕਤਾ (ਅਕਾਵਿਕਤਾ) ਵਧੇਰੇ ਹੈ ; ਸੈਟੇਟਮੈਂਟ ਸ਼ੈਲੀ ਤੇ ਭਾਸ਼ਣੀ ਜੁਗਤਾਂ ਹਨ। (ਤਿਵਾੜੀ ਦੀ ਆਜ਼ਾਦ ਨਜ਼ਮ) ਦਾ ਇਹੋ ਰਾਜ਼ ਹੈ।

ਫਿਰ ਵੀ ਡਾ. ਡਿਵਾੜੀ ਜਦੋਂ ਕਦੇ ਪੰਜਾਬੀ ਕਲਚਰ ਤੇ ਇਤਿਹਾਸ ਦੇ ਰੂਬਰੂ ਹੁੰਦਾ ਹੈ ਤਾਂ ਉਸਦੀ ਸਾਰੀ ਸ਼ਖ਼ਸੀਅਤ ਕਿਸੇ ਖੁਮਾਰੀ ਵਿਚ ਮਖਮੂਰ ਹੋ ਜਾਂਦੀ ਹੈ । ਤਾਂ ਉਸਦਾ ਕਾਵਿ-ਚਿੰਤਨ ਇਉਂ ਬੁਲੰਦੀਆਂ ਨੂੰ ਛੂੰਹਦਾ ਹੈ :-

“ਇੰਜ ਹਿੰਦ ਦੀ ਚਾਦਰ ਨੇ/ਧਰਮ ਦੀ ਚਾਦਰ ਨੂੰ

ਇਤਿਹਾਸ ਅੰਦਰ ਵਿਛਾ ਦਿੱਤਾ ਹੈ,

ਸਾਬਰ ਨੇ ਜਾਬਰ ਨੂੰ ਕੰਬਾ ਦਿੱਤਾ ਹੈ” (ਗੁਰੂ ਤੇਗ ਬਹਾਦਰ)

ਗੁਲਵੰਤ ਫਾਰਗ

ਗੁਲਵੰਤ ਫਾਰਗ ਆਪਣੀਆਂ ਪਹਿਲੀਆਂ ਕਾਵਿ ਪੁਸਤਕਾਂ (ਇਕ ਧੁੰਦ ਸੁਨਹਿਰੀ, ਤੇ ਨੀਲਾਕਸ਼ੀ) ਲਿਖ ਕੇ ਪਾਠਕ-ਜਗਤ ਵਲੋਂ ਭਰਪੂਰ ਨਾਮਣਾ ਖੱਟ ਚੁਕਿਆ ਹੈ। ਗੁਲਵੰਤ ਪੰਜਾਬੀ ਦਾ ਸਫਲ ਕਵੀ ਹੈ ਜਿਸਨੇ ਪੰਜਾਬ ਦੀ ਸੰਸਕ੍ਰਿਤੀ ਤੇ ਸਭਿਅਤਾ ਨੂੰ ਆਪਣੇ ਚਿੰਤਨ ਤੇ ਸਿਰਜਨ ਵਿਚ ਪੂਰੀ ਤਰ੍ਹਾਂ ਸਮਾਇਆ ਹੋਇਆ ਹੈ। ਉਹ ਪਿਆਰ, ਰੋਮਾਂਸ, ਸਮਾਜਕ ਯਥਾਰਥ, ਲੋਕ-ਵੇਦਨਾ, ਤੀਬਰ ਅਨੁਭੂਤੀ ਤੇ ਆਸਥਾ ਦਾ ਕਵੀ ਹੈ। ਉਹ ਨਿੱਜਤਵ ਦੇ ਰੰਗ ਵਿਚ ਵੀ ਲੋਕਤਾ ਵੀ ਗੱਲ ਕਰ ਜਾਂਦਾ ਹੈ। ਫਾਰਗ ਮਨੁੱਖ ਦੀ ਲਘੂਤਾ ਵਿਚ ਵਿਰਾਟਤਾ ਨੂੰ ਵੇਖਦਾ ਹੈ। ਇਸ ਲਈ ਉਹ ਸਾਹਸੀ, ਆਸ਼ਵਾਦੀ ਤੇ ਭਵਿੱਖ ਦਾ ਸੁਪਨਕਾਰ ਹੈ। ਉਸ ਦਾ ਵਿਸ਼ਵਾਸ਼ ਹੈ :-

“ਵਿਸ਼ਵਾਸ਼ ਮੇਰਾ ਜਾਗਦਾ/ਤੇ ਸਾਹਸ ਹੈ ਮੇਰਾ ਗਾ ਰਿਹਾ,

ਨ੍ਹੇਰ-ਕੁਖ ‘ਚੋ ਮੌਲਣੀ ਜੋ/ਮੈਂ ਉਹ ਉਸ਼ਾ-ਮੁਸ਼ਕਣੀ ਹਾਂ”

ਤਾਰਾ ਸਿੰਘ (1929)

ਪੱਤਰਕਾਰ ਤਾਰਾ ਸਿੰਘ ਦੇ ਪੰਜ ਪ੍ਰਮੁੱਖ ਕਾਵਿ ਸੰਗ੍ਰਹਿ ਹਨ : ਸਿੰਮਦੇ ਪੱਥਰ, ਮੇਘਲੇ, ਅਸੀਂ ਤੁਸੀਂ, ਨਾਥ ਬਾਣੀ, ਸੂਰਜ ਦਾ ਲੈਟਰ ਬਾਕਸ। ਤਾਰਾ ਸਿੰਘ ਦੇ ਕਾਵਿ ਅਨੁਭਵ ਵਿਚ, ਪਿਆਰ, ਨਿਰਾਸ਼ਾ, ਗਮੇ ਜਾਨਾਂ, ਗਮੇ ਦੌਰਾਂ, ਆਧੁਨਿਕ ਮਨੁੱਖ ਦੀ ਗੁਆਚੀ ਹੋਂਦ, ਅਜਨਬੀਅਤ, ਅਨੈਤਿਕ ਵਿਕਰਾਲਤਾ, ਰਾਜਨੀਤਿਕ ਦਾਉਪੇਚ ਤੇ ਅਨਾਚਾਰ ਤੇ ਭ੍ਰਿਸ਼ਟਾਚਾਰ ਆਦਿ ਕਾਵਿ ਅਭਿਆਸ ਨਾਲ ਅਭਿਵਿਅਕਤ ਹੋਏ ਹਨ। ਉਸਦਾ ਸੱਜਰਾ ਕਾਵਿ ਸੰਗ੍ਰਹਿ “ਸੂਰਜ ਦਾ ਲੈਟਰ ਬਾਕਸ” ਬਹੁਚਰਚਿਤ ਕਾਵਿ ਸੰਗ੍ਰਹਿ ਹੈ। ਉਸ ਵਿਚੋਂ ਕੁਝ ਨਜ਼ਮਾਂ ਉਲੇਖਯੋਗ ਹਨ :-

“ਤੇਰੀ ਗੱਲ ਜੇ ਮੈਨੂੰ ਸਮਝ ਨਾ ਆਏ/ਜਾਂ ਆਪਣੀ ਗੱਲ ਤੂੰ ਸਮਝਾ ਨਾ ਸਕਿਆ,

ਫਿੱਟੇ ਮੂੰਹ ਦੋਹਾਂ ਦਾ/ਤੇਰਾ ਬਹੁਤਾ।” (ਵਿਦਵਾਨ)

“ਜਿਨ੍ਹਾਂ ਦੇ ਕਦ ਛੋਟੇ ਸੀ/ਉਨ੍ਹਾਂ ਨੇ ਚਾਰ ਇੱਟਾਂ ਰਖੀਆਂ

ਪੈਰਾਂ ਦੇ ਹੇਠਾਂ/ਹੋ ਗਏ ਬਾਲਗ (ਸਜਾ ਕਿੰਨੀ ਕੁ ਬਾਕੀ ਹੈ)”

ਕਰਤਾਰ ਸਿੰਘ ਦੁੱਗਲ ਲਿਖਦਾ ਹੈ ਕਿ ਤਾਰਾ ਸਿੰਘ ਦੀ ਕਲਮ ਵਿਚ ਸਰਲਤਾ ਤੇ ਸੁਗਮਤਾ

ਹੈ, ਉਸਦੀ ਬਿਆਨ ਦੀ ਸਾਦਗੀ ਉਸਦੀ ਕਵਿਤਾ ਦੀ ਕਸੌਟੀ ਹੈ । ਉਹ ਜਨ ਸਾਧਾਰਨ ਦੇ ਆਮ ਮੁਹਾਵਰੇ ਵਿਚ ਆਪਣੀ ਕਵਿਤਾ ਦੇ ਬੋਲਾਂ ਤੇ ਸਥਿਤੀਆਂ ਦੀ ਸਿਰਜਨਾ ਕਰਦਾ ਹੈ । ਪਖੰਡਾਂ, ਝੂਠੀਆਂ ਕਦਰਾਂ-ਕੀਮਤਾਂ ਤੇ ਭ੍ਰਿਸ਼ਟ ਵਰਤਾਰਿਆਂ ਦੇ ਸਮਾਜਕ ਯਥਾਰਥ ਤੋਂ ਉਹ ਚਿੜ੍ਹਦਾ ਹੈ, ਇਸ ਲਈ ਵਿਅੰਗ, ਚੋਟ ਤੇ ਤਨਜ਼ ਦੀ ਵਰਤੋਂ ਕਰਦਾ ਹੈ। ਉਸ ਦੀ ਕਵਿਤਾ ਵਿਚ ਕਲਾਤਮਕ ਡੰਗ ਹੀ ਨਹੀਂ ਨਿਰੀ ਹਲਾਹਲ ਹੈ। ਉਹ ਝੂਠ ਤੇ ਕੂੜ ਦੇ ਧਉਲਰਾਂ ਨੂੰ ਤਹਿਸ-ਨਹਿਸ਼ ਕਰਨਾ ਲੋਚਦਾ ਹੈ। ਉਹ ਸੰਵੇਦਨਾ ਨਾਲੋਂ ਸੰਚੇਤਨਾ ਦਾ ਵੱਧ ਕਵੀ ਹੈ ਪਰ ਜਦ ਕਦੇ ਉਸ ਦੀ ਪ੍ਰਤਿਭਾ ਵਿਚ ਉਰਦੂ ਦੀ ਨਜ਼ਾਕਤ ਤੇ ਸੁਕੋਮਲਤਾ ਪ੍ਰਭਾਵੀ ਹੁੰਦੀ ਹੈ ਤਾਂ ਉਹ ਰਸਿਕ ਗ਼ਜ਼ਲ ਦੀ ਸਿਰਜਨਾ ਕਰਦਾ ਹੈ। ਉਸਨੇ ਕਈ ਪੜ੍ਹਨ ਯੋਗ ਗ਼ਜ਼ਲਾਂ ਲਿਖੀਆਂ ਹਨ।

ਡਾ. ਤ੍ਰਿਲੋਕ ਸਿੰਘ ਅਨੰਦ (1942-)

ਪੰਜਾਬੀ ਕਾਵਿਧਾਰਾ ਦਾ ਉਹ ਨਵਾਂ ਹਸਤਾਖਾਰ ਹੈ ਜੋ ਪ੍ਰਯੋਗਸ਼ੀਲ ਲਹਿਰ ਤੇ ਜੁਝਾਰ ਕਾਵਿ ਧਾਰਾ ਦੇ ਸਮਾਨੰਤਰ ਚਲਦਾ ਹੋਇਆ ਵੀ ਨਵੀਂ ਪਹਿਚਾਣ ਸਥਾਪਿਤ ਕਰਨ ਵਿਚ ਸਫਲ ਹੋਇਆ ਹੈ। ਉਸਦੀ ਇਹੋ ਵਿਸ਼ੇਸ਼ਤਾ ਹੈ ਕਿ ਉਸਨੇ ਕਦੇ ਵੀ ਕਿਸੇ ਵਕਤੀ ਲਹਿਰ ਦੇ ਵਹਾਉ ਵਿਚ ਵਹਿਕੇ ਰਚਨਾ ਨਹੀਂ ਕੀਤੀ ਸਗੋਂ ਆਪਣੇ ਮੌਲਿਕ ਅੰਦਾਜ਼ ਨੂੰ ਕਾਇਮ ਰਖਿਆ ਹੈ ਅਤੇ ਹਮੇਸ਼ਾ ਆਪਣਾ ਨਿਵੇਕਲਾ ਮੁਹਾਵਰਾ ਸਿਰਜਨ ਦੇ ਆਹਰ ਵਿਚ ਰਿਹਾ ਹੈ।

ਡਾ. ਆਨੰਦ ਦੀਆਂ “ਇਕ ਬਿਆਨ ਹਲਫੀਆ (1969) ਅਤੇ ਇਕ ਨਿਰੰਤਰ ਮੌਤ (1982)” ਦੋ ਕਾਵਿ-ਰਚਨਾਵਾਂ ਉਪਲਬਧ ਹਨ। ਪਹਿਲੀ ਕਾਵਿ-ਸੰਗ੍ਰਹਿ ਹੈ ਤੇ ਦੂਜੀ ਗਜ਼ਲ ਸੰਗ੍ਰਹਿ ਹੈ। ਆਨੰਦ ਦੀਆਂ ਕਵਿਤਾਵਾਂ ਦਾ ਪਰਿਪੇਖ ਸਮਕਾਲੀ ਯਥਾਰਥ ਹੈ। ਉਹ ਅਜੋਕੀ ਵਿਵਸਥਾ ਤੇ ਚੋਟ ਕਰਦਾ ਹੈ ਅਤੇ ਇਸ ਵਿਵਸਥਾ ਨੂੰ ਭੋਗ ਰਹੇ ਮਨੁੱਖਾਂ ਦੀ ਹੋਣੀ ਦਾ ਵਰਣਨ ਕਰਦਾ ਹੈ। ਗ਼ਜਲਾਂ ਵਿਚ ਪਿਆਰ ਦਾ ਪਰੰਪਰਾਵਾਦੀ ਬਿਆਨ ਹੈ। ਆਨੰਦ ਦੀ ਕਾਵਿ-ਸੰਵੇਦਨਾ ਅੱਜ ਦੇ ਪੀੜਤ ਯੁੱਗ ਨਾਲ ਇਕਸੁਰ ਹੁੰਦੀ ਹੈ ਇਸ ਲਈ ਉਸਦੀ ਸ਼ਾਇਰੀ ਦਾ ਸੁਰ ਵਿਸ਼ਾਦ-ਪੂਰਨ, ਗੁਮਗੀਨ ਤੇ ਨਿਰਾਸ਼ਾਮਈ ਉਭਰਦਾ

ਹੈ। ਇਕ ਵੰਨਗੀ ਹਾਜ਼ਰ ਹੈ:-

“ਸੋਚਿਆ ਸੀ ਦਰਦ ਹੁਣ ਭੁਲਿਆ ਰਹੇਗਾ ਦੇਰ ਤਕ।

ਕੀ ਪਤਾ ਸੀ ਜਿਹਨ ਵਿਚ ਖੁਭਿਆ ਰਹੇਗਾ ਦੇਰ ਤਕ।

ਦੁਸਮਣਾਂ ਦੇ ਪਥਰਾਂ ਦੀ ਮਾਰ ਤਾਂ ਭੁਲ ਜਾਏਗੀ,

ਦੋਸਤਾਂ ਦੇ ਫੁੱਲ ਦਾ ਚਰਚਾ ਰਹੇਗਾ ਦੇਰ ਤਕ “

ਡਾ. ਗੁਰਚਰਨ ਸਿੰਘ ਅਰਸੀ (1944)

ਡਾ. ਅਰਸੀ ਦਾ ਪੰਜਾਬੀ ਕਵਿਤਾ ਨੂੰ ਕਲਮੀ ਯੋਗਦਾਨ ਉਸ ਦੇ ਕਾਵਿ ਸੰਗ੍ਰਹਿ ਹਨ : ਰਾਗ ਵੈਰਾਗ (1966), ਬੇਚਿਹਰਾ (1976) ਅਤੇ “ਤਿੜਕਿਆ ਸ਼ੀਸ਼ਾ” (1984)। ਅਰਸੀ ਦੇ ਪ੍ਰਥਮ ਕਾਵਿ- ਸੰਗ੍ਰਹਿ ਰਾਗ-ਵੈਰਾਗ ਪਿਆਰ ਦੀਆਂ ਪ੍ਰਤਿਕ੍ਰਿਆਵਾਂ ਦਾ ਕਾਵਿ ਮਈ ਰੂਪਾਂਤਰਣ ਹੈ। ਪ੍ਰਭਜੋਤ ਕੌਰ ਨੇ ਲਿਖਿਆ ਹੈ ਕਿ ਰਾਗ ਵੈਰਾਗ ਵਿਚ ਵੈਰਾਗ ਦੇ ਗੀਤ ਹਨ, ਇਨ੍ਹਾਂ ਗੀਤਾਂ ਵਿਚ ਸੁਪਨੇ ਹਨ। ਅਟੁੱਟ ਪ੍ਰੇਰਣਾ ਦੀ ਤਾਰ ਹੈ, ਗਮ ਹੈ ਤੇ ਕਲਪਨਾ ਦੀਆਂ ਉਡਾਰੀਆਂ ਹਨ (ਭੂਮਿਕਾ) । “ਬੇਚਿਹਰਾ” ਕਵੀ ਦੇ ਪ੍ਰੋੜ ਚਿੰਤਨ ਦਾ ਪ੍ਰਤੀਕ ਹੈ। ਇਸ ਦੀਆਂ ਕਵਿਤਾਵਾਂ ਅਰਸੀ ਦੀ ਕਾਵਿ ਸੰਵੇਦਨਾ ਦੇ ਮਨੋਜਗਤ ਦੀਆਂ ਵਿਸੰਗਤੀਆਂ, ਕੁਹਜਾਂ, ਵਿਡੰਬਨਾ, ਨਿਰਅਰਥਕ ਆਡੰਬਰਾਂ ਤੇ ਅਮਾਨਵੀ ਸਥਿਤੀਆਂ ਨੂੰ ਆਧੁਨਿਕ ਤੇ ਨਵੀਨ ਬਿੰਬਾ ਦੇ ਮਾਧਿਅਮ ਦੁਆਰਾ ਕਾਵਿ ਬੱਧ ਕਰਨ ਵਿਚ ਸਮਰੱਥ ਹੋਈ ਹੈ। ਉਹ ਹੁਣ ਵਿਚਾਰਸ਼ੀਲ ਤੇ ਚਿੰਤਨਸ਼ੀਲ ਹੋ ਕੇ ਆਪਣੇ ਪਰਿਵੇਸ਼ ਨੂੰ ਘੋਖਦਾ ਪੜਚੋਲਦਾ ਤੇ ਬੇਨਕਾਬ ਕਰਦਾ ਹੈ । ਡਾ ਸਤਿੰਦਰ ਸਿੰਘ ਨੂਰ ਨੇ ਠੀਕ ਕਿਹਾ ਹੈ ਕਿ “ਬੇਚਿਹਰਾ” ਵਿਚ ਆਧੁਨਿਕ ਸੰਵੇਦਨਸ਼ੀਲਤਾ ਇਕ ਨਿਵੇਕਲੇ ਅੰਦਾਜ਼ ਵਿਚ ਪੇਸ਼ ਹੋਈ ਹੈ। ਮੁਖੌਟਿਆਂ ਦੇ ਪਿਛੇ ਲੁਕੇ ਹੋਏ ਮਨੁੱਖੀ ਚਿਹਰਿਆਂ, ਅਰਥਹੀਨਤਾ ਦੀ ਅਵਸਥਾ ਵਿਚ ਭਟਕਦੀਆਂ ਖੰਡਿਤ ਸ਼ਖ਼ਸ਼ੀਅਤਾਂ, ਤਣਾਉਪਰਨ ਪਿਆਰ ਸਬੰਧਾਂ ਤੇ ਅਜੋਕੀ ਜ਼ਿੰਦਗੀ ਦੇ ਖੋਖਲੇਪਨ ਦੇ ਚਿੱਤਰ ਸੰਵੇਦਨਸ਼ੀਲਤਾ ਦੇ ਪੱਧਰ ਉਤੇ ਪੇਸ਼ ਹੋਏ ਹਨ।”

ਡਾ . ਗੁਰਬਖ਼ਸ਼ ਸਿੰਘ (1929-1984)

ਆਧੁਨਿਕ ਪੰਜਾਬੀ ਕਵਿਤਾ ਦਾ ਇਕ ਅਜੇਹਾ ਚਿਰ ਨੂਤਨ ਕਵੀ ਹੈ ਜੋ ਪਿਛਲੇ ਦੋ-ਢਾਈ ਦਹਾਕਿਆਂ ਤੋਂ ਕਾਵਿ-ਸਾਧਨਾਂ ਵਿਚ ਨਿਰੰਤਰ ਜੁਟਿਆ ਆ ਰਿਹਾ ਹੈ। ਉਸਦੇ ਇਹ ਕਾਵਿ-ਸੰਗ੍ਰਹਿ ਹਨ :- ਰੰਗ-ਸੁਗੰਧ, ਨਿਕੀ ਨਿਕੀ ਪੌਣ, ਮੈਂ ਡਿਗਾਂ ਤੂੰ ਰਾਖੇ, ਨੀਲ ਗਗਨ ਵਿਚ, ਦੂਰ ਦੁਮੇਲੀ, ਨੀਲ ਵਸਤਰ, ਮੇਰੇ ਸੁਪਨਬੀਜ, ਨਿਖਾਰ, ਨਾਨਕ ਜੀ ।

ਰੰਗ-ਸੁਗੰਧ ਦੀਆਂ ਸੈਗਤ ਸੰਬੋਧਨੀ ਕਵਿਤਾਵਾਂ ਤੋਂ ਚਲਕੇ ਡਾ. ਗੁਰਬਖ਼ਸ਼ ਸਿੰਘ “ਨਾਨਕ ਜੀ” ਵਿਚ ਮਹਾਕਾਵਿਕ ਪਾਸਾਰ ਨੂੰ ਸ਼ਬਦ ਬੱਧ ਕਰਨ ਵਿਚ ਸਫਲ ਹੋਇਆ ਹੈ। ‘ਨਾਨਕ ਜੀ’ ਉਸਦੀ ਬਹੁਚਰਚਿਤ ਕਾਵਿ ਪੁਸਤਕ ਹੈ। ਇਸ ਵਿਚ ਕਵੀ ਨੇ ਬੜੀ ਕੁਸ਼ਲਤਾ ਤੇ ਵਿੱਲਖਣਤਾ ਨਾਲ ਗੁਰੂ ਨਾਨਕ ਦੀ ਇਤਿਹਾਸਿਕਤਾ ਵਿਚ ਸਮਕਾਲੀਨਤਾ ਦਾ ਯਥਾਰਥ ਚਿੱਤਰ ਅੰਕਿਤ ਕੀਤਾ ਹੈ। ਇਸ ਤਰ੍ਹਾਂ ਏਥੇ ਗੁਰੂ ਨਾਨਕ ਅੰਲਕਾਰ ਤੇ ਯੁੱਗ ਦੀ ਸੰਵੇਦਨਾ ਨੂੰ ਇਕ ਰਿਸ਼ਤੇ ਵਿਚ ਓਤਪ੍ਰੋਤ ਕਰਨ ਦਾ ਅਦਭੁਤ ਹੁਨਰ ਸਾਕਾਰ ਹੁੰਦਾ ਹੈ । ਕੌਡੇ ਰਾਖਸ਼ ਦੀ ਇਤਿਹਾਸਕਿ ਮਿੱਥ ਨੂੰ ਪਿਠਭੂਮਨ ਵਿਚ ਰੱਖਕੇ ਕਵੀ ਸਮਕਾਲੀਨ ਯਥਾਰਥ ਨੂੰ ਅਗਰਭੂਮਤ ਕਰਦਾ ਲਿਖਦਾ ਹੈ :-

ਤਪੇ ਕੜਾਹਾ ਥਾਂ ਥਾਂ ਅਜਕਲ/ਕਉਡੇ ਰਾਖਸ ਧੰਦਾ,

ਫੜ ਫੜ ਤਲ ਤਲ ਖਾਈ ਜਾਵੇ/ਬੰਦੇ ਨੂੰ ਪਿਆ ਬੰਦਾ ।

ਡਾ. ਗੁਰਚਰਨ ਸਿੰਘ (ਹਸਤਾਖਰ, ਦਿੱਲੀ 1982)

ਡਾ. ਗੁਰਚਰਨ ਸਿੰਘ ਨੇ “ਨਾਨਕ ਜੀ” ਦਾ ਅਧਿਐਨ ਪੇਸ਼ ਕਰਦਿਆਂ ਲਿਖਿਆ ਹੈ ਕਿ ਇਸ ਕਾਵਿ-ਸੰਗ੍ਰਹਿ ਦੀ ਵਿੱਲਖਣਤਾ ਉਸ ਸੰਗਠਨਾਤਮਕ ਮਨੋਬਿਰਤੀ ਵਿਚ ਹੈ ਜਿਸ ਰਾਹੀਂ ਕਵੀ ਆਪਣੀ ਸੰਦਰਭ-ਚੇਤਨਾ ਨੂੰ ਆਪਣੀ ਸਮਕਾਲੀਨ ਇਤਿਹਾਸ-ਚੇਤਨਾ ਦੇ ਪ੍ਰਸੰਗ ਵਿਚ ਵਿਸਥਾਪਿਤ ਕਰਕੇ ਨਵੀਨ ਟੈਕਸਟ ਦਾ ਸਿਰਜਨ ਕਰਦਾ ਹੈ। ਇਹ ਰਚਨਾ ਨਾਨਕ ਮਿੱਥ/ਮੈਟਾਫਰ ਦੇ ਦੁਆਲੇ ਸਿਰਜੇ ਆਧੁਨਿਕ ਸਾਹਿਤ ਦੀ ਖੜੋਤ ਨੂੰ ਗਤੀ ਪ੍ਰਦਾਨ ਕਰਨ ਦਾ ਇਕ ਵਿੱਲਖਣ ਯਤਨ ਕਰਦੀ ਹੈ ।

ਇਸ ਦੌਰ ਦੇ ਹੋਣਹਾਰ ਕਵੀ :-

ਸਰਵਣ ਸਿੰਘ ਅਮੋਲਕ (ਅਰਾਧਨਾ), ਜਸਬੀਰ ਸਿੰਘ ਜ਼ਮੀਰ (ਆਪਣੀ ਛਾਵੇਂ ਬੈਠਾ ਮਨੁਖ), ਜਗਬੀਰ (ਅਧੂਰੇ ਪੱਤਰ), ਮਹਿੰਦਰ ਭੱਟੀ (ਇਕ ਮੁੱਠੀ ਅੰਗਿਆਰ, ਆਵਾਜ਼, ਜਰਦਪੱਤ), ਰਾਮਨਾਥ ਸ਼ੁਕਲਾ (ਲਕੀਰਾਂ, ਮਨੁਖ ਦੀ ਵਾਟ), ਚਰਨ ਸਿੰਘ ਵਿਰਦੀ (ਤੀਸਰੀ ਅੱਖ, ਮਿੱਟੀ ‘ਚ ਉੱਕਰੇ ਅੱਖਰ, ਸ਼ੀਸ਼ੇ ਵਿਚਲਾ ਸੂਰਜ), ਸਵਰਨ ਸਿੰਘ (ਝੀਲ ਬਲੋਰੀ), ਅਜਾਇਬ ਕਮਲ (ਸ਼ਬਦ ਨੰਗੇ ਹਨ), ਸ਼ਰਨ

ਮੱਕੜ (ਅਪਰਾਧ ਦਾ ਸ਼ਗਨ), ਅਮਰਜੀਤ ਚੰਦਨ (ਕੌਣ ਨਹੀਂ ਚਾਹੇਗਾ), ਮਨਜੀਤ ਟਿਵਾਣਾ (ਇਲਹਾਮ, ਇਲਜ਼ਾਮ) ਹਰਿਨਾਮ (ਨੇਤਰ ਕੰਕਾਲ), ਸੁਰਿੰਦਰ ਗਿੱਲ (ਸ਼ਗਨ), ਸਤਿੰਦਰ ਸਿੰਘ ਨੂਰ (ਬਿਰਖ ਨਿਪੱਤਰੇ), ਤਾਰਾ ਸਿੰਘ ਵਿਰਕ (ਧਰਤੀ ਦਾ ਚਿਹਰਾ), ਆਤਮ ਹਮਰਾਹੀ (ਜ਼ਿਕਰ, ਈਮਾਨ), ਕੁਲਦੀਪ ਕਲਪਣਾ (ਜਗਦੇ ਬੁਝਦੇ ਜ਼ਜ਼ੀਰੇ, ਬਸਤੀ ਤੇ ਸਹਿਰਾ) ਬਲਦੇਵ ਧਾਲੀਵਾਲ (ਉੱਚੇ ਟਿੱਬੇ ਦੀ ਰੇਤ), ਕਰਤਾਰ ਸਿੰਘ ਕਾਲੜਾ (ਚਾਨਣ ਦੀ ਰਖਵਾਲੀ), ਮਨਮੋਹਨ ਸਿੱਧੂ (ਅਗਲੇ ਚੁਰਾਹੇ ਤਕ), ਨਛੱਤਰ ਸਿੰਘ ਕੰਵਲ (ਸੱਚ ਦੀ ਆਵਾਜ਼), ਰਵਿੰਦਰ (ਆਪਣੀ ਉਡੀਕ ਵਿਚ), ਹਰਿੰਦਰ ਪਾਲ ਸਿੰਘ (ਤ੍ਰਿਵੇਣੀ), ਨਵਰਾਹੀ ਘੁਗਿਆਣਵੀ (ਥਲਾਂ ਦੇ ਰਾਹੀਂ), ਧਰਮ ਕੰਮਿਆਣਾ (ਮੈਨੂੰ ਹੱਸਣਾ ਭੁਲ ਗਿਆ ਮਾਂ), ਚਾਨਣ ਸਿੰਘ ਨਿਰਮਲ (ਭੌਰ), ਡਾ. ਦਲਜੀਤ ਸਿੰਘ (ਧਰਤੀ ਤ੍ਰਿਹਾਈ), ਸੱਜਣ ਗਰੇਵਾਲ (ਫੁੱਲ ਖਿੜੇ ਅੰਗਿਆਰ ਦਾਂ) ਰਾਜਿੰਦਰ ਸਿੰਘ ਛਾਬੜਾ (ਸੋਨ ਸਵੇਰ), ਇਕਬਾਲ ਅਰਪਣ (ਕਬਰ ਦਾ ਫੁੱਲ), ਇਕਬਾਲ ਦੀਪ (ਤਾਰੀਖ ਦੇ ਬੂਹੇ), ਚਰਨ ਸੀਚੇਵਾਲਵੀ (ਚੁੱਪ ਦੀ ਆਵਾਜ਼), ਰਾਜ ਦੁਲਾਰ (ਉਡੀਕਾਂ, ਦੁਪਹਿਰ ਖਿੜੀ) ਗੁਰਚਰਨ ਚੀਮਾ (ਅਬਾਬੀਲ ਸੋਚਦੀ ਹੈ), ਜਗਤਾਰ ਢਾਅ (ਗੁਆਚੇ ਘਰ ਦੀ ਤਲਾਸ਼), ਪ੍ਰੇਮ ਅਬੋਹਰਵੀ (ਨੂਰ ਦਾ ਬੁਕ), ਰਾਜਿੰਦਰ ਸੁਲਤਾਨ (ਸ਼ਬਦ ਦੇ ਨਕਸ਼), ਸੋਹਣ ਸਿੰਘ ਜੋਸ਼ (ਧੁੱਪ ਛਾਂ, ਸਮੇਂ ਦੀ ਅੱਖ, ਗੂੰਗੀ ਧਰਤੀ), ਦਰਸ਼ਨ ਗਿੱਲ (ਜੰਗਲ ਦੀ ਅੱਗ, ਰੂਪ ਅਨੂਪ, ਖੁਲੀਜ, ਆਪਣੇ ਸਨਮੁਖ), ਕਰਤਾਰ ਸਿੰਘ (ਸਰਦਲ), ਮੁਸਤਾਕ ਸਿੰਘ (ਤੁਰਦੇ ਜਾਵਣ ਪੈਰ, ਧਾਰ ਤੇ ਤੁਰਦੇ ਪੈਰ), ਬੀਬੀ ਬਲਵੰਤ (ਤੇਰੀਆਂ ਗਲਾਂ ਤੇਰੇ ਨਾਂ) ਸੁਰਿੰਦਰ ਸੀਰਤ (ਛੱਲਾਂ), ਗੁਰਨਾਮ ਗਿੱਲ (ਸਵੈ ਤੋਂ ਸਰਬ ਤਕ), ਸੁਖਮਿੰਦਰ ਸਿੰਘ (ਪਰਛਾਈਆਂ), ਅਮਰਜੀਤ ਅਸ਼ਕ (ਮ੍ਰਿਗ ਤ੍ਰਿਸ਼ਨਾ), ਚਮਨਸ਼ਾਹ (ਸੂਰਜ ਚੜ੍ਹਨ ਤੋਂ ਪਹਿਲਾਂ), ਕਰਨੈਲ ਬਾਗੀ (ਧਰਤੀ ਲਹੂ ਲੁਹਾਣ), ਜਨਮੀਤ (ਲਫਜ਼ੀ ਰਿਸ਼ਤੇ), ਦਰਸ਼ਨ ਸਿੰਘ ਗਿੱਲ (ਜੰਗ ਰੋਟੀ ਦੀ), ਮਹਿੰਦਰ ਜੋਸ਼ੀ (ਹਾਸ਼ੀਏ ਤੋਂ ਬਿਨਾਂ), ਹਰਭਜਨ ਸਿੰਘ ਸਹਿਗਲ (ਮਣਕੇ ਮਾਲਾਂ ਟੂਟੀਆਂ ਦੇ), ਬਲਵਿੰਦਰ ਕੌਰ ਬਾਜਵਾ (ਤ੍ਰਿਹਾਈ ਧੁੱਪ), ਕਮਲ (ਪਤਝੜ ਦਾ ਸੰਗੀਤ), ਹਰਭਜਨ ਸਿੰਘ ਕੋਮਲ (ਮੁੱਖ ਬੰਧ), ਰਣਜੀਤ ਸਿੰਘ ਰਾਏ (ਸੁਤੇ ਸਿਧ), ਕੁਲਵੰਤ ਜਗਰਾਉਂ (ਕੌਣ ਦਿਲਾਂ ਦੀਆਂ ਜਾਣੇ), ਜਸਬੀਰ ਸਿੰਘ ਧੀਮਾਨ (ਦਿਨ ਵੇਲੇ ਦੀ ਬਾਤ), ਚਰਨਜੀਤ ਸਿੰਘ (ਸੜਕਾਂ ਦਾ ਜੰਗਲ), ਸੰਤੋਖ ਸਿੰਘ ਸਫਰੀ (ਵਰਿਆਮ ਇਕੇਲਾ), ਪ੍ਰਤਾਪ ਸਿੰਘ (ਗੀਤ-ਅਗੀਤ), ਪ੍ਰੀਤਮ ਰਸੀਆ (ਕਿਰਨਾ ਨੂਰ ਦੀਆਂ), ਗੁਰਦਿਆਲ ਕੰਵਲ (ਕੱਚ ਕੰਕਰਾਂ), ਸੁਬੇਗ ਸੱਧਰ (ਕੈਕਟਸ ਤੇ ਕਹਿਕਸ਼ਾਂ), ਗੁਰਬਖਸ਼ ਸਿੰਘ ਸ਼ੋਕ (ਸ਼ੋਕ ਤਰਾਨੇ), ਰਤਨ ਰਾਹੀਂ ਟਾਹਲਵੀ (ਥੱਲ ਦਾ ਰਾਹੀਂ), ਦਲੀਪ ਸਿੰਘ ਭੂਪਾਲ (ਗਜ਼ਲੇਰੀਆਂ), ਜਗਜੀਤ ਸਿੰਘ ਬਰਾੜ (ਲਾਲਸਾ), ਸੰਤੋਖ ਸਿੰਘ ਸੰਤੋਖ (ਉਜਲੇ ਹਨੇਰੇ, ਰੰਗ ਰੂਪ), ਨਿਰੰਜਨ ਸਿੰਘ ਨੂਰ (ਮੁਕਤੀ, ਨੂਰ ਦਾ ਜਾਮ), ਸ਼ਿਵਚਰਨ ਗਿੱਲ (ਅਲਖ), ਦੇਵ (ਵਿਦਰੋਹ, ਦੂਸਰੇ ਕਿਨਾਰੇ ਦੀ ਤਲਾਸ਼), ਸੁਖਿੰਦਰ (ਸ਼ਹਿਰ, ਧੁੰਦ ਤੇ ਰੌਸ਼ਨੀਆਂ), ਖੁਸਵੰਤ ਕੋਹਲੀ (ਜਮ੍ਹਾਂ, ਜ਼ਰਬ, ਤਕਸੀਮ), ਗੁਰਭਜਨ ਗਿੱਲ (ਸ਼ੀਸ਼ਾ ਝੂਠ ਬੋਲਦਾ ਹੈ), ਦਰਸ਼ਨ ਨੱਤ (ਅਕਸ), ਮਨਜੀਤ ਇੰਦਰਾ (ਅੰਤਹਕਰਣ, ਕਾਲਾ ਬਾਗ), ਪ੍ਰੀਤ ਮਹਿੰਦਰ ਤਿਵਾੜੀ (ਜਦੋਂ ਚੁੱਪ ਬੋਲਦੀ ), ਅੱਛਰ ਸਿੰਘ (ਫੁੱਲ ਪੱਤੀਆਂ) ਸ਼ਰਨ ਮਕੱੜ (ਕਦੋਂ ਕੋਈ ਆਏਗਾ? ਅਪਰਾਧ ਦਾ ਸ਼ਗਨ) ਊਸ਼ਮਾ (ਜ਼ਰਦ ਪੱਤੇ ਦਾ ਸਾਂਗ)

ਪੰਜਾਬੀ ਮੰਚ ਕਾਵਿਧਾਰਾ

ਆਧੁਨਿਕ ਯੁੱਗ ਵਿਚ ਉਤਕ੍ਰਿਸ਼ਟ ਤੋ ਸਾਹਿਤਿਕ ਕਵਿਤਾ ਤੋਂ ਇਲਾਵਾ ਪੰਜਾਬੀ ਦੀ ਸਟੇਜੀ ਕਵਿਤਾ ਦੀ ਪਰੰਪਰਾ ਵੀ ਜਾਰੀ ਰਹੀ ਹੈ ਜਿਸਨੂੰ ਅਸੀਂ ਮੰਚ-ਕਾਵਿ ਦੀ ਸੰਗਿਆ ਦੇ ਸਕਦੇ ਹਾਂ। ਮੰਚ ਕਾਵਿ ਦਾ ਪ੍ਰਚਲਨ ਭਾਵੇਂ ਮੱਧ ਯੁੱਗ ਵਿਚ ਵੀ ਰਿਹਾ ਪਰ ਆਧੁਨਿਕ ਯੁੱਗ ਵਿਚ ਵਿਧਾਨਿਕ ਤੇ ਸੁਤੰਤਰ ਤੌਰ ਤੇ ਮੰਚ ਕਾਵਿ ਦਾ ਸੰਕਲਪ ਸਥਾਪਿਤ ਹੋਇਆ ਮਿਲਦਾ ਹੈ । ਮੰਚਕਾਵਿ ਦੇ ਵਿਕਾਸ ਵਿਚ ਮੰਚਕਵੀਆਂ ਦੀ ਭਾਰੀ ਗਿਣਤੀ ਨੇ ਸਮੇਂ ਸਮੇਂ ਹਿੱਸਾ ਪਾਇਆ ਹੈ ਅਤੇ ਸਮਕਾਲੀ ਪਰਿਸਥਿਤੀਆਂ ਅਨੁਸਾਰ ਨਵੇਂ ਤੋਂ ਨਵੇਂ ਮਜ਼ਮੂਨ ਵੀ ਨਿਭਾਏ ਹਨ। ਵੀਹਵੀਂ ਸਦੀ ਦੇ ਪਹਿਲੇ ਦਹਾਕਿਆਂ ਵਿਚ ਫੀਰੋਜ਼ਦੀਨ ਸ਼ਰਫ, ਵਿਧਾਤਾ ਸਿੰਘ, ਮੌਲਾਬਖ਼ਸ਼ ਕੁਸਤਾ, ਮੁਨਸ਼ਾ ਸਿੰਘ ਦੁਖੀ, ਹੀਰਾ ਸਿੰਘ ਦਰਦ, ਗੁਰਮੁਖ ਸਿੰਘ ਮੁਸਾਫਰ, ਸੋਹਣ ਸਿੰਘ ਜੋਸ਼ ਆਦਿ ਕਵੀ ਕਵੀ-ਦਰਬਾਰਾਂ ਦੀ ਸ਼ਾਨ ਜੋ ਸਮਾਜ-ਸੁਧਾਰ, ਦੇਸ਼ ਪਿਆਰ, ਖੂਨੀ ਸਾਕੇ ਤੇ ਹੋਰ ਸਿਖਿਆਦਾਇਕ ਕਵਿਤਾਵਾਂ ਪੜ੍ਹਦੇ ਰਹਿੰਦੇ ਸਨ । ਇਹ ਹੋਰ ਬਹੁਤ ਸਾਰੇ ਕਵੀ ਪੰਜਾਬ ਦੀ ਗੌਰਵਮਈ ਸੰਸਕ੍ਰਿਤੀ ਨੂੰ ਵੀ ਗਾ ਗਾ ਕੇ ਪੰਜਾਬੀਆਂ ਨੂੰ ਆਪਣੀ ਵਿਰਾਸਤ ਤੋਂ ਜਾਣੂੰ ਕਰਦੇ ਸਨ । ਧਨੀ ਰਾਮ ਚਾਤ੍ਰਿਕ, ਦਰਸ਼ਨ ਸਿੰਘ ਅਵਾਰਾ, ਗੁਰਦਿਤ ਸਿੰਘ ਕੁੰਦਨ, ਅੱਲਾ ਦਿੱਤਾ ਸਾਬਰ, ਜਸਵੰਤ ਸਿੰਘ ਵੰਤਾ, ਮੋਹਨ ਸਿੰਘ ਮਾਹਰ ਆਦਿ ਨੇ ਇਸ ਪਰੰਪਰਾ ਨੂੰ ਸਮ੍ਰਿਧ ਤੇ ਸੰਪੰਨ ਕੀਤਾ। ਆਜ਼ਾਦੀ ਦੀ ਪ੍ਰਾਪਤੀ ਮਗਰੋਂ ਮੰਚ ਕਵੀਆਂ ਦੀ ਇਕ ਤਕੜੀ ਢਾਣੀ ਮੰਚ-ਕਵਿਤਾ ਦੀ ਸਿਰਜਨਾ ਕਰਦੀ ਰਹੀ ਹੈ । ਇਨ੍ਹਾਂ ਕਵੀਆਂ ਵਿਚ ਕਰਤਾਰ ਸਿੰਘ ਬਲਗੱਣ, ਨੰਦ ਲਾਲ ਨੂਰਪੁਰੀ, ਤੇਜਾ ਸਿੰਘ, ਸਾਬਰ, ਰਾਮ ਨਰਾਇਣ ਸਿੰਘ ਦਰਦੀ, ਸੰਤੋਖ ਸਿੰਘ ਧੀਰ, ਗੁਰਦੇਵ ਸਿੰਘ ਮਾਨ, ਸਾਧੂ ਸਿੰਘ ਹਮਦਰਦ, ਹਜ਼ਾਰਾ ਸਿੰਘ ਗੁਰਦਾਸਪੁਰੀ, ਗੁਰਾਂਦਿੱਤਾ ਖੰਨਾ, ਬਰਕਤ ਰਾਮ ਯਮਨ, ਸੁੰਦਰਦਾਸ ਆਸੀ, ਹਰਸਾ ਸਿੰਘ ਚਾਤਰ, ਮੁਸ਼ਤਾਕ ਫਰਿਆਦੀ ਤੇ ਸ਼ਿਵ ਕੁਮਾਰ ਉਲੇਖ ਯੋਗ ਹਨ। ਅੱਜ ਵੀ ਟੀ. ਵੀ (ਦੂਰ-ਦਰਸ਼ਨ), ਰੇਡੀਉ ਤੇ ਹੋਰ ਸਾਹਿਤਿਕ ਤੇ ਸਭਿਆਚਾਰਿਕ ਪ੍ਰੋਗਰਾਮਾਂ ਵਿਚ ਕਵੀ-ਦਰਬਾਰ ਹੁੰਦੇ ਰਹਿੰਦੇ ਹਨ ਜਿਨ੍ਹਾਂ ਵਿਚ ਮੰਚ ਕਾਵਿ ਦਾ ਆਧੁਨਿਕ ਰੂਪ ਉਪਲਬਧ ਹੁੰਦਾ ਹੈ।

ਪੰਜਾਬੀ ਦੀ ਗ਼ਜ਼ਲ ਕਾਵਿ ਧਾਰਾ

ਪੰਜਾਬੀ ਸਾਹਿਤ ਦੇ ਆਧੁਨਿਕ ਯੁੱਗ ਵਿਚ ਪੰਜਾਬੀ ਗ਼ਜ਼ਲ-ਕਾਵਿ ਦਾ ਬੜੀ ਤੇਜ਼ੀ ਨਾਲ ਵਿਕਾਸ ਹੋਇਆ ਹੈ। ਹੁਣ ਤਾਂ ਪੰਜਾਬੀ ਵਿਚ ਇਕ ਤਰ੍ਹਾਂ ਨਾਲ “ਗ਼ਜ਼ਲ ਲਹਿਰ” ਵੀ ਚਲ ਪਈ ਹੈ । ਗਜ਼ਲ- ਕਾਵਿ ਦੀ ਰੂਪ-ਵਿਧਾ ਦਾ ਸੋਮਾ ਭਾਵੇਂ ਉਰਦੂ-ਫਾਰਸੀ ਗ਼ਜ਼ਲ-ਪਰੰਪਰਾ ਹੈ ਪਰ ਪੰਜਾਬੀ ਗ਼ਜ਼ਲ ਨਵੀਆਂ ਪਰਿਸਥਿਤੀਆਂ ਵਿਚ ਕੱਥ ਤੇ ਕਲਾ ਪਖੋਂ ਨਵੀਆਂ ਸੰਭਾਵਨਾਵਾਂ ਲੈ ਕੇ ਅਗ੍ਰਸਰ ਹੋ ਰਹੀ ਹੈ। ਜਿਥੇ ਉਰਦੂ-ਫਾਰਸੀ ਗਜ਼ਲ ਵਿਚ ਅਧਿਕਤਰ ਹੁਸਨ-ਇਸ਼ਕ ਜਾਂ ਹਿਜਰ-ਵਸਲ ਨੂੰ ਬਿਆਨਿਆ ਜਾਂਦਾ ਸੀ ਉਥੇ ਪੰਜਾਬੀ ਗ਼ਜ਼ਲ ਵਿਚ ਤਰ੍ਹਾਂ ਤਰ੍ਹਾਂ ਦੇ ਵਿਚਾਰ ਤੇ ਭਾਵ ਪ੍ਰਗਟਾਏ ਜਾਂਦੇ ਹਨ । ਪੰਜਾਬੀ ਸਭਿਆਚਾਰ, ਭਾਰਤੀ ਮਿਥ-ਵਿਗਿਆਨ ਤੇ ਇਤਿਹਾਸ, ਪ੍ਰਗਤੀਵਾਦੀ ਵਿਚਾਰਧਾਰਾ ਅਸਤਿਤ੍ਰਵਾਦੀ ਦਰਸ਼ਨ ਅਨੇਕ ਆਧੁਨਿਕ ਵਿਸ਼ੇ ਪੰਜਾਬੀ ਗ਼ਜ਼ਲ ਵਿਚ ਚਿਤਰਿਤ ਕੀਤੇ ਜਾ ਰਹੇ ਹਨ। ਡਾ ਜਗਤਾਰ (ਖੋਜ ਪੱਤਰ, ਅੰਮ੍ਰਿਤਸਰ 1982) ਦਾ ਇਹ ਕਥਨ ਉੱਲੇਖਯੋਗ ਹੈ ਕਿ “1960 ਤੋਂ ਪਿਛੋਂ ਪੰਜਾਬੀ ਗ਼ਜ਼ਲ ਨੇ ਬਹੁਤ ਹੀ ਵਿਕਾਸ ਕੀਤਾ ਹੈ ਅਤੇ ਆਧੁਨਿਕ ਯੁੱਗ ਦੀ ਸੰਵੇਦਨਾ, ਪਰਮਾਣੂ ਯੁੱਗ ਦੇ ਮਨੁੱਖੀ ਮਨ ਦੀ ਪੀੜਾ ਤੇ ਵਿਸ਼ਾਦ ਦੇ ਨਾਲ-ਨਾਲ ਆਪਣੇ ਹੱਕਾਂ ਲਈ ਲੜ ਰਹੇ ਜੁਝਾਰੂ ਮਨੁੱਖ ਦੇ ਆਕ੍ਰੋਸ਼ ਤੇ ਵਿਦੇਹ ਤੇ ਅਜੋਕੇ ਆਦਮੀ ਦੇ ਪਿਆਰ ਸੰਕਲਪ, ਪਿਆਰ ਅਨੁਭਵ ਤੇ ਪਿਆਰ ਦਿਸ੍ਰਟੀ ਦੀ ਅਭਿਵਿਅਕਤੀ ਵੀ ਕੀਤੀ ਹੈ।” ਡਾ ਜਗਤਾਰ ਨੇ ਅੱਗੇ ਜਾ ਕੇ ਪੰਜਾਬੀ ਗ਼ਜ਼ਲ-ਕਾਵਿ ਵਿਚ ਤਿੰਨ ਸਮਾਨੰਤਰ ਲਹਿਰਾਂ ਦੇ ਪ੍ਰਚਲਣ ਦੀ ਗੱਲ ਕੀਤੀ ਹੈ। ਪਹਿਲਾਂ ਵਰਗ ਅਜੇਹੇ ਪੰਜਾਬੀ ਗ਼ਜ਼ਲਕਾਰਾਂ ਦਾ ਹੈ ਜੋ ਬੇਹੇ-ਬਾਸੇ ਸੰਸਕਾਰਾਂ ਤੇ ਕਾਲਪਨਿਕ ਸੰਸਾਰ ਦੀ ਮੁੜ-ਪਿੜ ਅਭਿਵਿਅਕਤੀ ਕਰ ਰਿਹਾ ਹੈ। ਦੂਜੀ ਲਹਿਰ ਦੇ ਗਜ਼ਲ ਗੋਆਂ ਨੇ ਪਰੰਪਰਾ ਤੇ ਆਧੁਨਿਕਤਾ ਵਿਚਕਾਰ ਇਕ ਪੁਲ ਦਾ ਕੰਮ ਸਰਅੰਜਾਮ ਦਿੱਤਾ ਹੈ। ਤੀਜੀ ਲਹਿਰ ਵਿਚ ਉਹ ਗ਼ਜ਼ਲਕਾਰ ਸ਼ਾਮਲ ਹਨ ਜਿਨ੍ਹਾਂ ਨੇ ਨਵਪ੍ਰਗਤੀਵਾਦੀ ਸੁਰ ਵਾਲੀਆਂ ਯਥਾਰਥਮਈ ਗ਼ਜ਼ਲਾਂ ਨੂੰ ਜਨਮ ਦਿੱਤਾ ਹੈ ਅਤੇ ਹੁਣ ਪੰਜਾਬੀ ਗ਼ਜ਼ਲ ਇਕ ਸਮਰਥ ਤੇ ਸਸ਼ਕਤ ਕਾਵਿ- ਵਿਧਾ ਬਣ ਚੁਕੀ ਹੈ ਜਿਸ ਵਿਚ ਡਾ. ਸਾਧੂ ਸਿੰਘ ਹਮਦਰਦ ਦੇ ਲਫਜ਼ਾਂ ਵਿਚ ਰੁਮਾਂਸਵਾਦੀ, ਸਮਾਜਵਾਦੀ, ਪ੍ਰਯੋਗਸ਼ੀਲ, ਜੁਝਾਰਵਾਦੀ ਤੇ ਨਵੀਂ ਕਵਿਤਾ ਦੇ ਵਿਚਾਰ ਬਖੂਬੀ ਬਿਆਨ ਕੀਤੇ ਜਾ ਸਕਦੇ ਹਨ।

ਆਧੁਨਿਕ ਯੁਗ ਦੇ ਮੁਢ ਵਿਚ ਭਾਵੇਂ ਪੰਜਾਬੀ ਗ਼ਜ਼ਲ-ਰਚਨਾ ਦੇ ਕਈ ਸੰਕੇਤ ਮਿਲਦੇ ਹਨ ਪਰ ਪੰਜਾਬੀ ਗ਼ਜ਼ਲ ਦਾ ਅਸਲੀ ਮੂੰਹ-ਮੁਹਾਂਦਰਾ ਮੌਲਾਬਖ਼ਸ਼ ਕੁਸ਼ਤਾ (1876-1955 ਈ:) ਦੇ ਗ਼ਜ਼ਲ ਸੰਗ੍ਰਹਿ “ਦੀਵਾਨੇ-ਕੁਸ਼ਤਾ” ਦੇ ਪ੍ਰਕਾਸ਼ਨ ਨਾਲ ਨਿਖਰਿਆ ਹੈ । ਏਸੇ ਸਮੇਂ ਧਨੀਰਾਮ ਚਾਤ੍ਰਿਕ ਨੇ ਵੀ ਕੁਝ ਕੁ ਪੰਜਾਬੀ ਗ਼ਜ਼ਲਾਂ ਲਿਖਿਆਂ। ਪੰਜਾਬੀ ਗ਼ਜ਼ਲ ਨੂੰ ਅੱਗੇ ਵਧਾਉਣ ਤੇ ਉਸ ਵਿਚ ਨਵਾਂ ਰੰਗ ਸੰਚਾਰਨ ਲਈ ਬਾਵਾ ਬਲਵੰਤ ਤੇ ਪ੍ਰੋ. ਮੋਹਨ ਸਿੰਘ ਦਾ ਯੋਗਦਾਨ ਵੀ ਵਰਣਨਯੋਗ ਹੈ ਪਰ ਵਾਸਤਵ ਵਿਚ ਪੰਜਾਬੀ ਗ਼ਜ਼ਲ-ਕਾਵਿ ਦੀ ਵਿਧੀਵਤ ਤਹਿਰੀਕ ਡਾ ਸਾਧੂ ਸਿੰਘ ਹਮਦਰਦ ਦੇ ਗ਼ਜ਼ਲ-ਕਾਵਿ ਨਾਲ ਹੀ ਸ਼ੁਰੂ ਹੁੰਦੀ ਹੈ।

ਸਾਧੂ ਸਿੰਘ ਹਮਦਰਦ (1918-1984)

ਡਾ. ਸਾਧੂ ਸਿੰਘ ਹਮਦਰਦ ਪੰਜਾਬੀ ਗ਼ਜ਼ਲ ਦੇ ਪ੍ਰਵਕਤਾ ਹਨ। ਉਰਦੂ ਫਾਰਸੀ ਦੇ ਪ੍ਰਕਾਂਡ ਵਿਦਵਾਨ ਹੋਣ ਕਰਕੇ ਗ਼ਜ਼ਲ ਦੀ ਪ੍ਰਕ੍ਰਿਤੀ ਨੂੰ ਉਹ ਬੜੀ ਚੰਗੀ ਤਰ੍ਹਾਂ ਸਮਝਦੇ ਹਨ। ਸੁਪ੍ਰਸਿਧ ਉਰਦੂ ਸ਼ਾਇਰ ਜਨਾਬ ਮੇਲਾ ਰਾਮ ਵਵਾ ਦਾ ਕਥਨ ਹੈ ਕਿ ਸਾਧੂ ਸਿੰਘ ਹਮਦਰਦ ਪੰਜਾਬੀ ਦਾ ਸ਼ਾਇਦ ਪਹਿਲਾ ਤੇ ਸੰਭਵ ਰੂਪ ਵਿਚ ਇਕੋ ਇਕ ਸ਼ਾਇਰ ਹੈ ਜੋ ਉਰਦੂ ਦੀਆਂ ਬਹਿਰਾਂ ਵਿਚ ਵੀ ਸਫਲਤਾ ਨਾਲ ਸ਼ੇਅਰ ਲਿਖਣ ਦੀ ਸਮਰੱਥਾ ਰੱਖਦਾ ਹੈ। ਗ਼ਜ਼ਲ ਨਾਲ ਹਮਦਰਦ ਨੂੰ ਇਸ਼ਕ ਦੀ ਹੱਦ ਤੀਕਰ ਪਿਆਰ ਹੈ। ਆਪਣੇ ਲੰਮੇ ਅਭਿਆਸ ਤੇ ਨਿਰੰਤਰ ਕਾਵਿ-ਸਾਧਨਾ ਦੇ ਫਲਸਰੂਪ ਡਾ. ਹਮਦਰਦ ਨੇ ਛੇ ਗਜ਼ਲ ਸੰਗ੍ਰਹਿ ਲਿਖੇ ਹਨ :- ਗ਼ਜ਼ਲ (1963) ਮਾਡਰਨ ਗ਼ਜ਼ਲ (1967) ਗ਼ਜ਼ਲ ਦੇ ਰੰਗ (1974) ਕਾਕਟੇਲ (1972) ਰੰਗ ਸੁਗੰਧ (1974) ਵਾਸ-ਸੁਵਾਸ

ਡਾ. ਧਰਮਪਾਲ ਸਿੰਗਾਲ ਨੇ ਲਿਖਿਆ ਹੈ ਕਿ ਸਾਧੂ ਸਿੰਘ ਹਮਦਰਦ ਨੇ ਪੰਜਾਬੀ ਗ਼ਜ਼ਲ ਵਿਚ ਵਿਸ਼ਿਆ ਦੀ ਵਿਵਿਧਤਾ ਲਿਆਂਦੀ ਹੈ (ਭੂਮਿਕਾ : ਗ਼ਜ਼ਲ ਦੇ ਰੰਗ) ਹਮਦਰਦ ਨੇ ਨੈਤਿਕਤਾ, ਜੀਵਨ- ਨੀਤੀ, ਸੁਹਜ-ਸੁਆਦ, ਸੌਂਦਰਯ-ਵਰਣਨ, ਸਮਾਜਕ ਅਨੁਭਵ, ਸ੍ਵੈ-ਪੜਚੋਲ, ਪ੍ਰਗਤੀਸ਼ੀਲਤਾ ਸਮਕਾਲੀ ਯਥਾਰਥ ਆਦਿ ਵਿਭਿੰਨ ਵਿਸ਼ੇ ਕਲਾਤਮਕ ਤਨਜ਼ ਤੇ ਲਤਾਫਤ ਨਾਲ ਚਿਤਰਿਤ ਕੀਤੇ ਹਨ। ਕੁਝ ਆਦਰਸ਼ ਵੰਨਗੀਆਂ ਵੇਖੋ :-

“ਮੁਹੱਬਤ ‘ਚਿ ਕੀ ਆਰਜੂ ਦਾ ਸਵਾਲ/ਮੁਹੱਬਤ ਤਾਂ ਖੁਦ ਇਕ ਬੜੀ ਬਾਤ ਹੈ।”

ਇਸ਼ਕ ਵਿਚ ਲਫਜਾਂ ਦੇ ਉਲਟੇ ਅਰਥ ਨੇ/ਦਿਲ ਜਦੋਂ ਆਇਆ ਤਾ ਸਮਝੋ ਦਿਲ ਗਿਆ”

ਗੁਜ਼ਰਦਾ ਉਹ ਭਾਵੇਂ ਨਜ਼ਰ ਆ ਰਿਹਾ ਏ/ਸਮਾਂ ਤਿਰੇ ਬਾਝੋਂ ਗੁਜ਼ਰਦਾ ਨਹੀਂ ਹੈ।

“ਬੰਦਾ ਭਾਵੇਂ ਸਭ ਕੁਝ ਬਣਿਆ ਬਣਿਆ ਪਰ ਇਨਸਾਨ ਨਹੀਂ ਹੈ ।

ਇਨਸਾਨਾਂ ਦੀ ਦੁਨੀਆਂ ਵਿਚ ਇਨਸਾਨਾਂ ਦਾ ਤੋੜਾ ਹੈ ।”

ਪ੍ਰਿੰ. ਤਖ਼ਤ ਸਿੰਘ (1918-1990)

ਤਖ਼ਤ ਸਿੰਘ ਨੇ 1956 ਤੋਂ ਪੰਜਾਬੀ ਵਿਚ ਲਿਖਣਾ ਸ਼ੁਰੂ ਕੀਤਾ। ਭਾਵੇਂ ਇਸ ਨੇ ਵੰਗਾਰ, ਕਾਵਿ- ਹਿਲੂਣੇ, ਹੰਭਲੇ, ਅਣਖ ਦੇ ਫੁੱਲ ਕਾਵਿ-ਸੰਗ੍ਰਹਿ ਲਿਖੇ ਹਨ ਪਰ ਉਸਦੀ ਮਸ਼ਹੂਰੀ ਗ਼ਜ਼ਲਾਂ ਕਰਕੇ ਹੋਈ ਹੈ । ਉਸਨੇ ਪਹਿਲਾਂ-ਪਹਿਲ ਉਰਦੂ ਵਿਚ ਵੀ ਗ਼ਜ਼ਲਾਂ ਤੇ ਹੱਥ ਅਜ਼ਮਾਇਆ ਸੀ ਪਰ ਹੁਣ ਉਸਦਾ ਲਕਸ਼ ਪੰਜਾਬੀ ਗ਼ਜ਼ਲਾਂ ਦੀ ਰਚਨਾ ਕਰਨਾ ਹੀ ਹੋ ਗਿਆ ਹੈ। ਉਸਦੇ ਹੇਠ ਲਿਖੇ ਗ਼ਜ਼ਲ ਸੰਗ੍ਰਹਿ ਹਨ :-

ਲਿਸ਼ਕੋਰਾਂ (1962), ਮੇਰੀ ਗ਼ਜ਼ਲ-ਯਾਤਰਾ (1974) ਗ਼ਜ਼ਲ ਕਾਵਿ (1980) ਲਹੂ ਦੀ ਵਰਖਾ (1982) 1

ਤਖ਼ਤ ਸਿੰਘ ਦੀਆਂ ਗ਼ਜ਼ਲਾਂ ਪੜ੍ਹ ਕੇ ਇਹ ਅਹਿਸਾਸ ਉਭਰਦਾ ਹੈ ਕਿ ਇਨ੍ਹਾਂ ਵਿਚ ਨਾ ਤਾਂ ਉਪਭਾਵੁਕ ਵਿਲਕਣੀ ਤੇ ਵਿਰਲਾਪ ਹੈ ਅਤੇ ਨਾ ਹੀ ਕਾਲਪਨਿਕ ਪ੍ਰਿਆ ਨੂੰ ਕਰੂਰ ਤਾਅਨੇ-ਮਿਹਣੇ ਹਨ ਸਗੋਂ ਇਨ੍ਹਾਂ ਵਿਚ ਇਕ ਠਰੰਮੇ ਤੇ ਸੰਜੀਦਗੀ ਵਾਲਾ ਮਾਹੌਲ ਹੈ। ਇਸ ਸੰਜੀਦਾ ਚਿੰਤਨ ਦਾ ਹੀ ਸਿੱਟਾ ਹੈ ਕਿ ਤਖ਼ਤ ਸਿੰਘ ਦੇ ਗਜ਼ਲ ਕਾਵਿ ਵਿਚ ਬ੍ਰਹਿਮੰਡ, ਪ੍ਰਕ੍ਰਿਤੀ, ਸਮਾਜ, ਵਿਅਕਤੀ, ਮਾਨਸਿਕਤਾ ਹੁਸਨ, ਪਿਆਰ, ਇਨਸਾਨੀ, ਰਿਸ਼ਤੇ, ਅਖ਼ਲਾਕੀ ਕਦਰਾਂ-ਕੀਮਤਾਂ ਤੇ ਜਿੰਦਗੀ ਦੇ ਅਨੇਕ ਮਰਮਾਂ (ਭੇਤਾਂ) ਸਬੰਧੀ ਵਿਸ਼ਿਆਂ ਦੀ ਸੁਹਜਾਤਮਕ ਪੇਸ਼ਕਾਰੀ ਹੈ। ਕੁਝ ਆਦਰਸ਼ ਸ਼ੇਅਰ ਵੇਖਣ-ਯੋਗ ਹਨ :-

ਉਹ ਤਾਂ ਭਲਾ ਸਜਣ ਸੀ ਕੀ ਆਉਣਾ ਸੀ ਓਸ ਨੇ ?

ਕਮਬਖ਼ਤ ਨੀਂਦ ਵੀ ਕਿਤੇ ਓਧਰ ਹੀ ਰਹਿ ਗਈ।

ਆਕਾਰ ਹਾਂ ਮਿੱਟੀ ਦਾ ਸ਼ੀਸ਼ੇ ਦਾ ਕਲੇਜਾ ਹਾਂ,

ਕਿਉਂ ਬੰਦ ਕਰੇਂ ਮੈਨੂੰ ਪੱਥਰਾਂ ਦੀ ਗੁਫਾ ਅੰਦਰ ।

ਲੱਖ ਸਮੁੰਦਰ ਵਾਂਗ ਸਨ ਗੋਰੀ ਦੇ ਨੈਣ,

ਪਰ ਜੋ ਇਸ ਸਾਗਰ ‘ਚ ਡੁੱਬਾ, ਤਰ ਗਿਆ ।

ਮੰਗੇ ਨਹੀਂ ਜਵਾਬ ਮੈਂ ਕਿਹੜੇ ਸਵਾਲ ਦੇ ? .

ਪੁਛਿਆ ਨਹੀਂ ਜਵਾਬ ਤੋਂ ਕਿਹੜਾ ਸਵਾਲ ਮੈਂ।

ਇਨ੍ਹਾਂ ਗ਼ਜ਼ਲਾਂ ਦੇ ਕਲਾ-ਸ਼ਿਲਪ ਤੋਂ ਇਕ ਗੱਲ ਪ੍ਰਤੱਖ ਹੈ ਕਿ ਤਖ਼ਤ ਸਿੰਘ ਪੰਜਾਬੀ ਭਾਸ਼ਾ ਦੇ ਠੇਠ ਮੁਹਾਵਰੇ ਨੂੰ ਗ਼ਜ਼ਲ ਵਰਗੀ ਨਫੀਸ ਕਲਾ ਵਿਚ ਬੜੀ ਪ੍ਰਬੀਨਤਾ ਨਾਲ ਨਜ਼ਮ ਕਰਨ ਵਿਚ ਕਾਮਯਾਬ ਹੋਇਆ ਹੈ। ਕੁਲ ਮਿਲਾ ਕੇ ਤਖ਼ਤ ਸਿੰਘ ਤੱਥਾਤਮਕ ਯਥਾਰਥ ਦੇ ਚਿਤਰਣ ਨਾਲੋਂ ਤਾਤਵਿਕ ਯਥਾਰਥ ਦੀ ਪ੍ਰਸਤੁਤੀ ਵਿਚ ਵਧੇਰੇ ਰੁਚਿਤ ਹੈ ।

ਡਾ. ਦੀਵਨ ਸਿੰਘ (1921)

ਡਾ . ਦੀਵਾਨ ਸਿੰਘ ਫਾਰਸੀ, ਉਰਦੂ, ਅੰਗਰੇਜ਼ੀ, ਬ੍ਰਜਭਾਸ਼ਾ ਤੇ ਪੰਜਾਬੀ ਦਾ ਸਥਾਪਿਤ ਵਿਦਵਾਨ ਹੈ । ਸੂਫ਼ੀ ਸਾਹਿਤ, ਗੁਰਬਾਣੀ ਤੇ ਆਧੁਨਿਕ ਸਾਹਿਤ ਦਾ ਅਧਿਏਤਾ ਤੇ ਅਧਿਆਪਕ ਹੋਣ ਤੋਂ ਇਲਾਵਾ ਇਕ ਕਵੀ ਤੇ ਗਜ਼ਲਗੋਂ ਵੀ ਹੈ। ਪਰ ਪੰਜਾਬੀ ਕਾਵਿ ਜਗਤ ਵਿਚ ਡਾ ਦੀਵਾਨ ਸਿੰਘ ਨੂੰ ਕਵੀ ਨਾਲੋਂ ਗ਼ਜ਼ਲਗੋ ਤੇ ਤੌਰ ਤੇ ਵਧੇਰੇ ਖਿਆਤੀ ਪ੍ਰਾਪਤ ਹੈ। ਦੀਵਾਨ ਸਿੰਘ ਦੀਆਂ ਕਾਵਿ-ਕ੍ਰਿਤਾਂ ਇਹ ਹਨ :- ਰਸ-ਰੰਗ, ਤਿਹਾਏ ਸੁਪਨੇ, ਅੰਦਾਜ਼-ਇ-ਗ਼ਜ਼ਲ । ਇਨ੍ਹਾਂ ਕਾਵਿ-ਰਚਨਾਵਾਂ ਵਿਚ ਗੀਤ, ਰੁਬਾਈਆਂ ਤੇ ਗ਼ਜ਼ਲਾ ਸੰਕਲਿਤ ਹਨ।

ਦੀਵਾਨ ਸਿੰਘ ਦੀਆਂ ਗ਼ਜ਼ਲਾਂ ਵਿਚ ਕਈ ਤਰ੍ਹਾਂ ਦੇ ਵਿਸ਼ੇ ਰੂਪਮਾਨ ਹੋਏ ਹਨ ਪਰ ਉਸਦਾ ਪ੍ਰਮੁੱਖ ਸ੍ਵਰ ਸੂਫ਼ੀਵਾਦੀ ਤੇ ਸਿੱਖ-ਰਹੱਸਵਾਦੀ ਹੈ । ਕਵੀ ਕਹਿੰਦਾ ਹੈ :-

“ਬੰਦਗੀ ਦਾ ਬੋਝ ਬੰਦੇ ਤੋਂ ਉਠਾਇਆ ਨਾ ਗਿਆ,

ਰੱਬਾ, ਤੇਰਾ ਮਿਹਰ-ਰਿਣ ਸਾਥੋਂ ਚੁਕਾਇਆ ਨਾ ਗਿਆ”

ਕਵੀ ਦੇ ਗ਼ਜ਼ਲ-ਕਾਵਿ ਵਿਚ ਹੁਸਨ-ਇਸ਼ਕ ਦਾ ਰੰਗ ਵੀ ਨਿਖਰਿਆ ਹੈ ਪਰੰਤੂ ਇਸ ਦੀ ਪ੍ਰਕ੍ਰਿਤੀ ਸੂਫੀਆਨਾ ਹੈ। ਦੀਵਾਨ ਸਿੰਘ ਦੀਆਂ ਗ਼ਜ਼ਲਾਂ ਵਿਚ ਸਮਾਜਕ ਚੇਤਨਾ ਵੀ ਪ੍ਰਬੁੱਧ ਹੋਈ ਪਰ ਇਸ ਦੀ ਮਾਤਰਾ ਅਲਪ ਹੈ। ਇਕ ਸ਼ਿਅਰ ਹੈ :-

“ਦੁਨੀਆਂ ਦੀ ਸਭ ਦੌਲਤ ਲੋਕਾਂ ਸਾਂਝੀ ਕਰਕੇ ਰਹਿਣਾ ਹੈ,

ਵੇਖੋ ਦੋ ਦਿਨ ਹੋਰ ਤਮਾਸ਼ਾ ਇਹਨਾਂ ਅਤੇ ਅਮੀਰਾਂ ਦਾ”

ਡਾ. ਦੀਵਾਨ ਸਿੰਘ ਸੂਫੀ ਕਵੀਆਂ ਵਾਂਗ ਨਿਰਾਪੁਰਾ ਅੰਤਰਮੁਖੀ ਤੇ ਸ੍ਵੈ-ਕੇਂਦ੍ਰਿਤ ਨਹੀਂ ਹੈ, ਉਹ ਤਾਂ ਅੱਖਾਂ ਖੋਲ੍ਹ ਕੇ ਆਪਣੇ ਪਰਿਵੇਸ਼ ਤੇ ਆਲੇ-ਦੁਆਲੇ ਨਿੱਤ ਵਾਪਰਦੀਆਂ ਸਮੱਸਿਆਂ ਅਤੇ ਤਲਖ ਹਕੀਕਤਾਂ ਦਾ ਅਧਿਐਨ ਵੀ ਕਰਦਾ ਹੈ । ਇਸ ਲਈ ਡਾ. ਦੀਵਾਨ ਦੇ ਗੁਜ਼ਲ ਕਾਵਿ ਵਿਚ ਸਨਾਤਨਤਾ ਤੇ ਨਵੀਨਤਾ ਦਾ ਰੰਗਾਰੰਗੀ ਸੰਗਮ ਹੈ।

ਗੁਰਦੇਵ ਨਿਰਧਨ (1923-)

ਇਕ ਹੋਰ ਬਹੁਚਰਚਿਤ ਜਦੀਦ ਗ਼ਜ਼ਲਕਾਰ ਹੈ। ਇਸਦੇ ਗ਼ਜ਼ਲ ਸੰਗ੍ਰਹਿ ਹਨ :- ਪੁਰਾਣੇ ਮੌਸਮਾਂ ਦੀ ਆਵਾਜ਼, ਧੁੰਦ ਵਿਚ ਡੁੱਬੀਆਂ ਰੌਸ਼ਨੀਆਂ, ਸਮੁੰਦਰ, ਖੁਸ਼ਕ ਜਦ ਹੋਇਆ, ਜ਼ਰਦ ਚਿਰਹੇ ਵਾਲੀ ਕਿਤਾਬ । ਡਾ ਸੀਤਲ ਦੇ ਸ਼ਬਦਾਂ ਵਿਚ ਗੁਰਦੇਵ ਨਿਰਧਨ ਦੀ ਗ਼ਜ਼ਲ ਵਿਚ ਮਨੁੱਖ ਅੰਦਰਲੀ ਭਟਕਣ, ਅਨਿਰਣੈਮਈ ਮਨੋਦਸ਼ਾ, ਛਿਣਭੰਗਰੀ ਹੋਂਦ ਤੇ ਸਹਿਮੀ ਸਥਿਤੀ ਦਾ ਸਹਜ ਬਿਆਨ ਹੋਇਆ ਮਿਲਦਾ ਹੈ। ਪਰ ਨਿਰਧਨ ਦੇ ਕਾਵਿ ਦਾ ਇਕ ਹੋਰ ਵਿਲੱਖਣ ਰੰਗ ਹੈ। ਉਸ ਦੇ ਕਾਵਿ ਅਨੁਭਵ ਵਿਚ ਅੱਜ ਦੀ ਘੋਰ ਬੌਧਿਕਤਾ ਦੇ ਨਿਰਾਸ਼ਾਮਈ ਪ੍ਰਭਾਵ ਵਿਭਿੰਨ ਕਲਾ ਮਾਧਿਅਮ ਰਾਹੀਂ ਉਜਾਗਰ ਹੋਏ ਹਨ। ਅਜੋਕੇ ਸ਼ਹਿਰੀ ਜੀਵਨ ਦਾ ਵਿਜੋਗੀਕਰਣ, ਇਕਲਾਪੇ ਦੀ ਪੀੜ, ਆਧੁਨਿਕ ਮਨੁੱਖ ਦੀ ਵਿਆਕੁਲਤਾ ਸ਼ਖਸ਼ੀਅਤਾਂ ਦੀ ਟੱਕਰ, ਕੁੰਠਾ-ਗ੍ਰਸਤ ਹੋਂਦ ਤੇ ਖੰਡਿਤ ਆਪਾ ਆਦਿ ਆਧੁਨਿਕ ਬੋਧ ਦੇ ਵਿਸ਼ਿਆਂ ਨਾਲ ਨਿਰਧਨ ਦੀਆਂ ਗ਼ਜ਼ਲਾਂ ਓਤਪ੍ਰੋਤ ਹਨ। ਆਜ਼ਾਦ ਗੁਲਾਟੀ ਨੇ ਠੀਕ ਕਿਹਾ ਹੈ ਕਿ ਨਿਰਧਨ ਅੱਜ ਦੇ ਮਨੁੱਖ ਦੇ ਅੰਦਰਮੁਖੀ ਦਵੰਦਾਂ ਤੇ ਗੁੰਝਲਾਂ ਨੂੰ ਬਾਹਰਮੁੱਖੀ ਬਿੰਬਾਂ ਵਿਚ ਢਾਲ ਕੇ ਖੂਬਸੂਰਤ ਸ਼ਬਦਾਂ ਤੇ ਸੰਗੀਤਮਈ ਬਹਿਰਾਂ ਨਾਲ ਅਲੰਕ੍ਰਿਤ ਕਰਦਾ ਹੈ । ਕਲਾਸਕੀ ਗ਼ਜ਼ਲ ਕਾਵਿ-ਰੂਪ ਵਿਚ ਅਤੀ ਆਧੁਨਿਕ ਵਸਤੂ ਨੂੰ ਪੰਜਾਬੀ ਦੇ ਠੇਠ ਮੁਹਾਵਰੇ ਵਿਚ ਪੇਸ਼ ਕਰਨਾ ਨਿਰਧਨ ਦੇ ਗ਼ਜ਼ਲ ਕਾਵਿ ਦੀ ਮਹੱਤਵਪੂਰਨ ਉਪਲਬਧੀ ਹੈ। ਨਿਰਧਨ ਦੀ ਅਭਿਵਿਅਕਤੀ-ਕਲਾ ਵੀ ਬੜੀ ਖੂਬਸੂਰਤ ਤੇ ਤਾਜ਼ੀ ਹੈ। ਨਵੀਆਂ ਉਪਮਾਵਾਂ, ਸੱਜਰੇ ਰੂਪਕਾਂ, ਤਾਜ਼ੇ ਬਿੰਬਾਂ ਅਤੇ ਸਮਰਥ ਮੁਹਾਵਰਿਆਂ ਨਾਲ ਉਸਦੀ ਕਲਾ-ਸ਼ਕਤੀ ਖੂਬ ਨਿਖਰੀ ਹੈ। ਇਸ ਤਰ੍ਹਾਂ ਨਿਰਧਨ ਪੰਜਾਬੀ ਜਦੀਦ ਗ਼ਜ਼ਲ ਦਾ ਸਾਹਸਪ੍ਰੀਵਕਤਾ ਹੈ । ਕੁਝ ਵੰਨਗੀਆਂ ਪੇਸ਼ ਹਨ :-

“ਇਉਂ ਹਾਲ ਹੈ ਜਿੰਦ ਨਿਮਾਣੀ ਦਾ। ਜਿਉਂ ਵਰਕਾ ਕਿਸੇ ਕਹਾਣੀ ਦਾ (ਦ੍ਰਿਸ਼ਟਾਂਤ)”

“ਖੁਸ਼ਬੂ ਮੇਰੇ ਘਰ ਹੁਣ ਕੀਕਣ ਆਵੇਗੀ। ਬਾਹਰ ਤੇਜ਼ ਹਵਾ ਦੇ ਪਹਿਰੇ ਲਗੇ ਨੇ (ਪ੍ਰਤੀਕ)”

ਸਫਰ ਵਿਚ ਮੈਨੂੰ ਕਿਤੇ ਦਿਸਿਆ ਨਹੀਂ/ਮੈ ਤਾਂ ਆਪਣੇ ਸਾਏ ਨੂੰ ਵੀ ਤਰਸਿਆ,

ਗਰਦ ਇਸ ਤੇ ਜੰਮੀ ਸੀ ਤਨਹਾਈ ਦੀ/ਲਾਹ ਕੇ ਜਦ ਮੈਂ ਜਿਸਮ ਅਪਣਾ ਟੰਗਿਆ

ਇਕ ਸਮਾਂ ਸੀ ਜਦ ਕਿ “ਨਿਰਧਨ” ਸ਼ਹਿਰ ਨਹੀਂ ਸਨ ਸ਼ੀਸ਼ੇ ਦੀ

ਓਦੋਂ ਘਰ ਘਰ ਦੀਵਾਰਾਂ ਦਾ ਹੋਇਆ ਕਰਦਾ ਸੀ ਸਾਇਆ।

ਸਮਸ਼ੇਰ ਸਿੰਘ ਸਾਜ਼ (1928- )

ਪੰਜਾਬੀ ਗ਼ਜ਼ਲ-ਕਾਵਿ ਵਿਚ ਇਕ “ਨਵਾਂ” ਹਸਤਾਖਰ ਹੈ । ਇਸ ਦਾ ਭਾਵੇਂ ਇਕੋ ਗ਼ਜ਼ਲ-ਸੰਗ੍ਰਹਿ “ਗੁਲਜ਼ਾਰ-1981” ਹੁਣ ਤਕ ਪ੍ਰਕਾਸ਼ਿਤ ਹੋਇਆ ਹੈ ਪਰ ਗ਼ਜ਼ਲ ਰਚਨਾ ਦੀ ਸਾਧਨਾ ਇਸ ਦੀ ਚਿਰੋਕਣੀ ਹੈ ਗੁਲਜ਼ਾਰ ਦੇ ਅਧਿਐਨ ਤੋਂ ਵਸਤੂ ਦੀ ਅਮੀਰੀ ਤੇ ਰੂਪ ਦੀ ਪੁਖ਼ਤਗੀ ਦੋਵੇਂ ਪਹਿਲੂ ਦ੍ਰਿਸ਼ਟੀਗੋਚਰ ਹੁੰਦੇ ਹਨ। ਜੋ ਇਸ ਗੱਲ ਦੇ ਪ੍ਰਮਾਣ ਹਨ ਕਿ ਸਾਜ਼ ਇਕ ਪ੍ਰੌੜ ਗ਼ਜ਼ਲਕਾਰ ਹੈ। ਡਾ. ਦੀਵਾਨ ਸਿੰਘ ਨੇ ਠੀਕ ਕਿਹਾ ਹੈ ਕਿ ਸਾਜ਼ ਇਕ ਸਿੱਕੇ ਬੰਦ ਸ਼ਾਇਰ ਹੈ, ਟਕਸਾਲੀ ਕਵੀ ਜਿਸਦੀ ਸ਼ੈਲੀ ਪੱਕੀ ਤੇ ਵਿਚਾਰ ਪ੍ਰੌੜ ਹਨ (ਭੂਮਿਕਾ) ਸਾਜ਼ ਦੀਆਂ ਗਜ਼ਲਾਂ ਵਿਚ ਮਜ਼ਮੂਨਾਂ ਦੀ ਵਿਵਿਧਤਾ ਤੇ ਰੰਗਾਰੰਗੀ ਹੈ। ਹੁਸਨ-ਇਸ਼ਕ ਦੇ ਸੌਂਦਰਯਵਾਦੀ ਚਿੰਨ੍ਹਾਂ ਬਿੰਬਾਂ ਤੇ ਅੰਲਕਾਰਾਂ ਨੂੰ ਸਿਰਜਦਾ ਹੋਇਆ ਵੀ ਸਾਜ਼ ਡੂੰਘੇ ਸ੍ਵੈ-ਅਨੁਭਵ ਦੀ ਇਕ ਵਿਲੱਖਣ ਅੰਦਾਜ਼ ਵਿਚ ਗੱਲ ਕਰ ਜਾਂਦਾ ਹੈ। ਉਸ ਦੀ ਕਾਵਿ- ਸ੍ਰਿਸ਼ਟੀ ਵਿਚ ਜੀਵਨਗਤ ਯਥਾਰਥ, ਨੈਤਿਕ ਆਚਾਰ, ਅਖਲਾਕੀ ਕਦਰਾਂ-ਕੀਮਤਾਂ, ਮਾਨਵੀ ਚਿੰਤਨ, ਦਾਰਸ਼ਨਿਕ ਸੱਚ ਅਤੇ ਅਮੀਰੀ-ਗਰੀਬੀ ਦੇ ਸ੍ਰੇਣਿਕ ਵਿਤਕਰੇ ਵਸਤੂ-ਰੂਪ ਵਿਚ ਰੂਪਾਂਤਰਿਤ ਹੋਏ ਹਨ। ਕੁਝ ਆਦਰਸ਼ ਸ਼ੇਅਰ ਅੰਕਿਤ ਹਨ :-

“ਬੰਦਾ ਤਾਂ ਇਕ ਖਿਡੌਣਾ ਹੈ, ਕਿਵੇਂ ਖੇਡਣਹਾਰ ਖਿਡਾ ਵੇਖੇ,

ਦਮ ਨਿਕਲਣ ਲਗਿਆ ਰੁਕ ਨਾ ਸਕੇ, ਲਖ ਤਰਲੇ ਕਰੀਏ ਨਾ ਨਿਕਲੇ ।”

“ਵਾਅਦਾ ਕਰਕੇ ਪਿੱਛੇ ਹਟਣਾ, ਮਰਦਾਂ ਦਾ ਦਸਤੂਰ ਨਹੀਂ ਏ,

ਮੰਜ਼ਲ ਸਾਡੇ ਪਾਸ ਖਲੋਤੀ ਮਿਹਣੇਮਾਰ ਰਹੀ ਵੇ ਲੋਕਾਂ।”

“ਕਲੀਆਂ ਦੇ ਮੂੰਹ ਝਰੀਟੇ, ਫੁਲਾਂ ਦੇ ਸੀਨੇ ਜ਼ਖ਼ਮੀ,

ਇਹ ਕਿਸ ਤਰ੍ਹਾਂ ਦੀ ਰੁਤ ਹੈ! ਐ ਦੇਸ਼ ਦੇ ਖੁਦਾਓ”

ਪੰਜਾਬੀ ਦੇ ਹੋਰ ਗ਼ਜ਼ਲਕਾਰ

ਹਰੀ ਕਿਸ਼ਨ ਰਤਨ (ਗ਼ਜ਼ਲ ਗੁਲਜ਼ਾਰ), ਠਾਕੁਰ ਭਾਰਤੀ (ਕੰਡਿਆਲੀਆਂ ਤਾਰਾਂ), ਡਾ ਗੁਰਚਰਨ ਸਿੰਘ (ਤਿੰਨ-ਅੱਗੀ), ਅਜਾਇਬ ਚਿੱਤਰਕਾਰ (ਅਵਾਜ਼ਾਂ ਦੇ ਰੰਗ), ਨਾਜ਼ਰ ਸਿੰਘ ਤਰਸ (ਗ਼ਜ਼ਲਾਂ ਤਰਸ ਦੀਆਂ), ਮਹਿੰਦਰ ਸਿੰਘ ਦੀਵਾਨਾ (ਮਿੱਟੀ ਗਲ ਕਰੇ), ਦੇਵਿੰਦਰ ਜੋਸ਼ (ਚਾਂਦੀ ਦੇ ਫੁੱਲ, ਰੰਗ ਦਰਿਆਵਾਂ ਦੇ), ਉਜਾਗਰ ਸਿੰਘ ਉਲਫਤ (ਉਲਫਤ ਗ਼ਜ਼ਲਾਂ), ਕੁਲਵੰਤ ਨੀਲੋਂ (ਆਸਾਂ ਦੇ ਬੋਟ), ਗੁਰਦਰਸੁਨ (ਮਹਿਕ ਵਲ੍ਹੇਟੀ ਧੁੱਪ), ਸੁਰਜੀਤ ਪਾਤਰ (ਹਵਾ ਵਿਚ ਲਿਖੇ ਹਰਫ), ਸਿਰੀ ਰਾਮ ਅਰਸ਼ (ਰਬਾਬ), ਜਗਤਾਰ (ਸ਼ੀਸ਼ੇ ਦਾ ਜੰਗਲ), ਸੁਰਜੀਤ ਰਾਮਪੁਰੀ (ਸੁਪਨਿਆਂ ਦੇ ਪਰਛਾਵੇਂ), ਜਸਪਾਲ ਘਈ (ਸਲੀਬਾਂ), ਗੁਰਦੀਪ (ਰੰਗਾਂ ਦੀ ਮਹਿਫਲ), ਮੁਰਸ਼ਦ ਬੁੱਟਰਵੀ (ਖੱਬੀ ਬੁੱਕਲ, ਕਚੇ ਅਥਰੂ), ਮਹਿੰਦਰ ਦੀਵਾਨਾ (ਭਵਿਖ ਸਾਡਾ ਹੈ), ਅਮਰ ਚਿਤ੍ਰਕਾਰ (ਭਰੇ ਪੀਤੇ), ਬਿਕਰਮਜੀਤ ਨੂਰ (ਅਹਿਸਾਸ ਦੇ ਪਰਛਾਵੇਂ), ਸੁਲੱਖਣ ਸਰਹੱਦੀ (ਤੀਜੀ ਅੱਖ ਦਾ ਜਾਦੂ), ਪ੍ਰਕਾਸ਼ ਸਾਥੀ (ਪਿਆਸੇ ਜਾਮ), ਰਾਜ ਦੁਲਾਰ (ਦੁਪਹਿਰ ਖਿੜੀ) ।

Leave a Comment

error: Content is protected !!