ਪਤਾਰਾ
ਸਥਿਤੀ :
ਤਹਿਸੀਲ ਜਲੰਧਰ ਦਾ ਪਿੰਡ ਪਤਾਰਾ, ਜਲੰਧਰ-ਹੁਸ਼ਿਆਰਪੁਰ ਸੜਕ ਤੋਂ 4 ਕਿਲੋਮੀਟਰ ਦੂਰ ਅਤੇ ਬੋਲੀਨਾ ਦੋਆਬੇ ਰੇਲਵੇ ਸਟੇਸ਼ਨ ਤੋਂ 4 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬੱਝਿਆ। ਕਿਹਾ ਜਾਂਦਾ ਹੈ ਕਿ ਇਸ ਥਾਂ ਤੇ ਇੱਕ ਭਲਵਾਨ ਨੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਪਹਿਲਵਾਨ ਨੂੰ ਢਾਹਿਆ ਜਿਸ ਤੋਂ ਖੁਸ਼ ਹੋ ਕੇ ਮਹਾਰਾਜੇ ਨੇ 500 ਏਕੜ ਜ਼ਮੀਨ ਇਨਾਮ ਵਜੋਂ ਉਸਨੂੰ ਦਿੱਤੀ। ਕਿਉਂਕਿ ਭਲਵਾਨ ਨੇ ਮਹਾਰਾਜੇ ਦੇ ਪਹਿਲਵਾਨ ਨੂੰ ਹਰਾਇਆ ਤੇ ਪਿੰਡ ਦੀ ‘ਪੱਤ’ ਰੱਖੀ ਇਸ ਕਰਕੇ ਇਸ ਦਾ ਨਾਂ ‘ਪਤਾਰਾ’ ਪੈ ਗਿਆ। ਭਲਵਾਨ ਦੇ ਪਿਛੋਕੜ ਬਾਰੇ ਬਹੁਤਾ ਪਤਾ ਨਹੀਂ ਪਰ ਪਿੰਡ ਵਿੱਚ ਜ਼ਿਆਦਾ ਲੋਕ ਖੁਣਖੁਣ ਗੋਤ ਦੇ ਵੱਸਦੇ ਹਨ ਜਿਸ ਤੋਂ ਅੰਦਾਜ਼ਾ ਲਗਦਾ ਹੈ ਕਿ ਭਲਵਾਨ ਖੁਣਖੁਣਾ ਪਿੰਡ ਦਾ ਹੋਵੇਗਾ।
1920-22 ਦੀ ਬੱਬਰ ਅਕਾਲੀ ਲਹਿਰ ਸਮੇਂ ਪਤਾਰਾ ਬੱਬਰਾਂ ਦਾ ਮੱਕਾ ਸਮਝਿਆ ਜਾਂਦਾ ਸੀ। ਇਸ ਲਹਿਰ ਦੌਰਾਨ ਬਹੁਤ ਸਾਰੇ ਫੈਸਲੇ ਇਸ ਪਿੰਡ ਵਿੱਚ ਸਥਿਤ ਮਾਸਟਰ ਮੋਤਾ ਸਿੰਘ ਦੇ ਘਰ ‘ਦੀਵਾਨ ਖਾਨਾ ਅਕਾਲੀਆਂ’ ‘ਚ ਲਾਏ ਜਾਂਦੇ ਸਨ। ਇਸ ਤਰ੍ਹਾਂ ਬੱਬਰ ਅਕਾਲੀ ਲਹਿਰ ਦਾ ਗੜ੍ਹ ਹੋਣ ਕਰਕੇ ਅੰਗਰੇਜ਼ਾਂ ਨੇ ਪਿੰਡ ਉਪਰ ਬਹੁਤ ਜ਼ੁਲਮ ਢਾਹੇ। ਜਦੋਂ ਵੀ ਪੁਲਿਸ ਉਨ੍ਹਾਂ ਨੂੰ ਫੜਣ ਆਉਂਦੀ ਤਾਂ ਸਾਰਾ ਪਿੰਡ ਉਨ੍ਹਾਂ ਦਾ ਸਾਥ ਦੇਂਦਾ। ਉਸ ਸਮੇਂ ਪਿੰਡ ਨੂੰ 27 ਰੁਪੈ ਪ੍ਰਤੀ ਜੀਅ ਜੁਰਮਾਨਾ ਹੋਇਆ ਤੇ ਨੰਬਰਦਾਰਾਂ ਦੀਆਂ ਨੰਬਰਦਾਰੀਆਂ ਅੰਗਰੇਜ਼ਾਂ ਨੇ ਵਾਪਸ ਲੈ ਲਈਆਂ। ਮਾਸਟਰ ਮੋਤਾ ਸਿੰਘ ਨੇ ਉਮਰ ਦੇ 30-32 ਸਾਲ ਜੇਲ ਦੀ ਚਾਰ ਦਿਵਾਰੀ ਵਿੱਚ ਗੁਜ਼ਾਰੇ। ਆਪਣੀਆਂ ਇਨਕਲਾਬੀ ਸਰਗਰਮੀਆਂ ਦੌਰਾਨ ਉਨ੍ਹਾਂ ਅਫਗਾਨਿਸਤਾਨ ਤੇ ਰੂਸ ਦੀ ਯਾਤਰਾ ਕੀਤੀ ਤੇ ਸਟਾਲਿਨ ਨਾਲ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਦੁਆਰਾ ਲਿਖਵਾਈ ਗਈ ਪੁਸਤਕ ‘ਦੁਆਬੇ ਦਾ ‘ ਇਤਿਹਾਸ’ ਤੇ’ ਜੇਲ੍ਹ ਵਿੱਚੋਂ ਭੇਜੇ ਖੱਤ ਅਤੇ ਮਤੇ ਅੱਜ ਵੀ ਉਨ੍ਹਾਂ ਦੇ ਪਰਿਵਾਰ ਕੋਲ ਪਏ ਹਨ।
ਅੰਗਰੇਜ਼ੀ ਸਰਕਾਰ ਦਾ ਕੀਤਾ ਹੋਇਆ ਜੁਰਮਾਨਾ ਜਦੋਂ ਦੇਸੀ ਸਰਕਾਰ ਨੇ ਵਿਆਜ ਸਮੇਤ ਵਾਪਿਸ ਕੀਤਾ ਤਾਂ ਉਸ ਪੈਸੇ ਨਾਲ ਪਿੰਡ ਵਿੱਚ ਪਸ਼ੂਆਂ ਦਾ ਹਸਪਤਾਲ ਬਣਿਆ। ਪਿੰਡ ਵਿੱਚ ਗੁਰਦੁਆਰਾ, ਸ਼ਿਵਦਵਾਲੇ, ਠਾਕੁਰਦੁਆਰੇ ਤੇ ਮੰਦਰ ਹਨ। ਇੱਕ ਨਾਥ ਜੀ ਦੀ ਕੁਟੀਆ ਦੀ ਪਿੰਡ ਵਿੱਚ ਕਾਫੀ ਮਾਨਤਾ ਹੈ। ਦਸੰਬਰ ਵਿੱਚ ਖੇਡਾਂ ਦੇ ਟੂਰਨਾਮੈਂਟ ਹੁੰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ