ਪਰਜੀਆਂ ਕਲਾਂ
ਸਥਿਤੀ :
ਤਹਿਸੀਲ ਸ਼ਾਹਕੋਟ ਦਾ ਇਹ ਪਿੰਡ ਸ਼ਾਹਕੋਟ-ਮਹਿਤਪੁਰ ਸੜਕ ਤੇ 2 ਕਿਲੋਮੀਟਰ ਤੇ ਰੇਲਵੇ ਸਟੇਸ਼ਨ ਮਲਸੀਆਂ ਸ਼ਾਹਕੋਟ ਤੋਂ 3 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਇਹ ਪਿੰਡ ਕਿਸੇ ਵੇਲੇ ਦਰਿਆ ਸਤਲੁਜ ਦੇ ਬੇਟ ਦੇ ਇਲਾਕੇ ਦਾ ਪ੍ਰਸਿੱਧ ਤਜ਼ਾਰਤੀ ਕਸਬਾ ਰਿਹਾ ਹੈ। ਸਤਿਲੁਜ ਦੇ ਕੰਢੇ ਤੇ ਸਥਿਤ ਹੋਣ ਕਰਕੇ ਸ਼ਿਕਾਰੀਆਂ ਤੇ ਸਰਕਾਰ ਤੋਂ ਬਾਗੀ ਲੋਕਾਂ ਦੀ ਪਨਾਹਗਾਹ ਵੀ ਸੀ। ਪਿੰਡ ਦੇ ਲੋਕਾਂ ਮੁਤਾਬਿਕ ਇਹ ਪਿੰਡ ਬਾਦਸ਼ਾਹ ਅਕਬਰ ਵੇਲੇ ਮੁਸਲਮਾਨ ਪੀਰਾਂ, ਫ਼ਕੀਰਾਂ ਦੀ ਦਰਗਾਹ ਵਜੋਂ ਇਸ ਇਲਾਕੇ ਵਿੱਚ ਪ੍ਰਸਿੱਧ ਸੀ ਅਤੇ ਮੁਸਲਮਾਨ ਫ਼ਕੀਰਾਂ ਨੇ ਇਸ ਨੂੰ ਪਰਜੀਆਂ ਦਾ ਨਾਂ ਦਿੱਤਾ ਅਤੇ ਕੁਝ ਲੋਕ ਦੂਰ ਜਾ ਕੇ ਵੱਸ ਗਏ ਜਿਹੜਾ ਕਿ ਇੱਕ ਵੱਖਰਾ ਪਿੰਡ ਬਣ ਗਿਆ ਜਿਸ ਨੂੰ ਛੋਟੀਆਂ ਪਰਜੀਆਂ ਜਾਂ ਪਰਜੀਆਂ ਖੁਰਦ ਦੇ ਨਾ ਨਾਲ ਜਾਣਿਆ ਜਾਂਦਾ ਹੈ ਤੇ ਇਹ ਪਰਜੀਆਂ ਕਲਾਂ ਦੇ ਨਾਂ ਨਾਲ ਜਾਣਿਆ ਜਾਣ ਲੱਗ ਪਿਆ। ਇਹ ਪਿੰਡ ਪੀਰ ਮੁਹੰਮਦ ਅਕਬਰੀ ਨੇ ਵਸਾਇਆ ਸੀ ਅਤੇ ਉਸ ਤੋਂ ਬਾਅਦ ਪੀਰ ਮਾਲੇ ਸ਼ਾਹ ਆਦਿ ਦੇ ਨਾਂ ਨਾਲ ਇਸ ਪਿੰਡ ਦੀ ਪ੍ਰਸਿੱਧਤਾ ਬਣੀ ਰਹੀ ਹੈ। ਇਹ ਪਿੰਡ ਮੁਸਲਮਾਨਾਂ ਪਿੰਡ ਸੀ ਜੋ ਵੰਡ ਵੇਲੇ ਪਾਕਿਸਤਾਨ ਚਲੇ ਗਏ ਤੇ ਉੱਥੇ ਜਾ ਕੇ ਜ਼ਿਲ੍ਹਾ ਮਿੰਟਗੁਮਰੀ ਵਿੱਚ ਵੀ ਇਸੇ ਨਾਂ ਦਾ ਪਿੰਡ ਵਸਾਇਆ। ਮੁਸਲਮਾਨ ਪੀਰ ਮੁਹੰਮਦ ਦੇ ਚਿਰਾਗ ਅੱਜ ਵੀ ਪਿੰਡ ਵਿੱਚ ਬਲਦੇ ਹਨ।
ਇਸ ਪਿੰਡ ਦੇ ਬਹੁਤੇ ਲੋਕ ਵਿਦੇਸ਼ਾਂ ਵਿੱਚ ਗਏ ਹੋਏ ਹਨ। ਸਾਈ ਮਾਲੇ ਸ਼ਾਹ ਦੀ ਮਜ਼ਾਰ ਤੇ 27 ਜੇਠ ਨੂੰ ਬਹੁਤ ਭਾਰੀ ਮੇਲਾ ਲਗਦਾ ਹੈ ਜਿਸ ਵਿੱਚ ਖੇਲ ਮੁਕਾਬਲੇ ਤੇ ਸਿਆਸੀ ਕਾਨਫਰੰਸਾਂ ਹੁੰਦੀਆਂ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ