ਪਰਤਾਬਪੁਰਾ
ਸਥਿਤੀ :
ਤਹਿਸੀਲ ਫਿਲੌਰ ਦਾ ਇਹ ਪਿੰਡ ਪਰਤਾਬਪੁਰਾ ਫਿਲੌਰ-ਨੂਰਮਹਿਲ ਸੜਕ ਤੋਂ 1 ਕਿਲੋਮੀਟਰ ਤੇ ਰੇਲਵੇ ਸਟੇਸ਼ਨ ਪੁਰਤਾਬਪੁਰਾ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਰਤਾਬਪੁਰ ਪਿੰਡ ਵਿੱਚ ਵਧੇਰੇ ਘਰ ਦੁੱਲੇ (ਜੱਟ) ਗੋਤ ਨਾਲ ਸੰਬੰਧ ਰੱਖਦੇ ਹਨ। ਇਹ ਪਿੰਡ ਉਹਨਾਂ ਦੇ ਕਿਸੇ ਵਡੇਰੇ ਪਰਤਾਪ ਸਿੰਘ ਦੇ ਨਾਂ ਤੇ ਬੱਝਿਆ। ਪਹਿਲਾਂ ਇਸ ਪਿੰਡ ਦਾ ਨਾਂ ਪਰਤਾਪਪੁਰਾ ਸੀ ਪਰ ਜਲੰਧਰ ਜਿਲ੍ਹੇ ਵਿੱਚ ਇੱਕ ਹੋਰ ਪਿੰਡ ਲੋਹਾਰ ਪਰਤਾਪਪੁਰਾ ਹੈ ਇਸ ਕਰਕੇ ਇਸ ਪਿੰਡ ਨੂੰ ਪਰਤਾਬਪੁਰਾ ਲਿਖਣ ਲੱਗ ਪਏ। 1905 ਵਿੱਚ ਇਸ ਪਿੰਡ ਦੇ ਨਾਲ ਰੇਲਵੇ ਲਾਈਨ ਵਿਛਾਈ ਗਈ ਪਿੰਡ ਦੇ ਇੱਕ ਬਜ਼ੁਰਗ ਨੇ ਅੰਗਰੇਜ਼ ਅਫ਼ਸਰ ਨੂੰ 15 ਰੁਪਏ ਰਿਸ਼ਵਤ ਦੇ ਕੇ ਲਾਈਨ ਨੂੰ ਉਸਦੇ ਖੇਤ ਤੋਂ ਪਰੇ ਕਰਨ ਲਈ ਕਿਹਾ। ਅੰਗਰੇਜ਼ ਅਫ਼ਸਰ ਨੇ ਉਸਦੇ ਸਾਹਮਣੇ ਪੈਸੇ ਖੂਹ ਵਿੱਚ ਸੁੱਟ ਦਿੱਤੇ ਤੇ ਲਾਈਨ ਉੱਥੇ ਹੀ ਰੱਖੀ। ਇਸ ਪਿੰਡ ਦੇ ਚੜ੍ਹਦੇ ਪਾਸੇ ਪ੍ਰਸਿੱਧ ਭਗਤ ਸੈਣ ਜੀ ਦਾ ਪੁਰਾਣਾ ਦੇਹਰਾ ਹੈ ਜਿੱਥੇ ਦਿਵਾਲੀ ਤੋਂ ਪਿੱਛੇ ਭਾਈ ਦੂਜ ਵਾਲੇ ਦਿਨ ਬੜਾ ਭਾਰੀ ਜੋੜ ਮੇਲਾ ਲਗਦਾ ਹੈ ਅਤੇ ਲੋਕ ਦੂਰ ਦੁਰਾਡਿਓਂ ਪਹੁੰਚਦੇ ਹਨ। ਦੇਹਰੇ ਵਿੱਚ ਭਗਤ ਜੀ ਦੀ ਸੰਗਮਰਮਰ ਦੀ ਮੂਰਤੀ ਹੈ। ਮੰਦਰ ਤੋਂ ਇਲਾਵਾ ਇੱਕ ਗੁਰਦੁਆਰੇ ਦੀ ਵੀ ਸਥਾਪਨਾ ਕੀਤੀ ਗਈ ਹੈ।
1923 ਦੇ ਜੈਤੋ ਦੇ ਮੋਰਚੇ ਸਮੇਂ ਕਈਆਂ ਨੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਜਥੇ ਦੀ ਸੇਵਾ ਕੀਤੀ, ਉਹਨਾਂ ਨੂੰ ਕੈਦ ਤੇ ਜੁਰਮਾਨੇ ਹੋਏ। ਪਿੰਡ ਦੇ ਇੱਕ ਵਿਅਕਤੀ ਬੰਨਾ ਸਿੰਘ ਵਲੋਂ ਡਾਇਰੀ ਦੇਣ ਕਰਕੇ ਉਸ ਨੂੰ ਅੰਗਰੇਜ਼ਾਂ ਦਾ ਪਿੱਠੂ ਕਰਾਰ ਦੇਂਦੇ ਹੋਏ ਪਿੰਡ ਦੇ ਲੋਕਾਂ ਨੇ ਉਸ ਨਾਲ ਬਾਈਕਾਟ ਕੀਤਾ।
ਪਰਤਾਬਪੁਰਾ ਵਿੱਚ ਉਨੀਵੀਂ ਸਦੀ ਦਾ ਸਥਾਪਤ ਪ੍ਰਾਇਮਰੀ ਸਕੂਲ ਹੈ। ਇਸ ਪਿੰਡ ਨੇ ਵਿਦਿਅਕ ਤੇ ਸਾਹਿਤਕ ਖੇਤਰ ਵਿੱਚ ਕਾਫੀ ਪ੍ਰਸਿੱਧੀ ਪਾਈ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ