ਪਿਓਰੀ
ਸਥਿਤੀ :
ਤਹਿਸੀਲ ਗਿੱਦੜਬਾਹਾ ਦਾ ਪਿੰਡ ਪਿਓਰੀ, ਗਿੱਦੜਬਾਹਾ – ਪਿਊਰੀ – ਬਠਿੰਡਾ ਸੜਕ ‘ਤੇ ਸਥਿਤ ਹੈ ਅਤੇ ਗਿੱਦੜਬਾਹਾ ਰੇਲਵੇ ਸਟੇਸ਼ਨ ਤੋਂ 7 ਕਿਲੋਮੀਟਰ ਦੀ ਦੂਰੀ ‘ਤੇ है।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਭਾਈ ਬਾਗ ਸਿੰਘ ਤੇ ਉਸਦਾ ਭਰਾ ਪਿੰਡ ‘ਥੇੜ੍ਹੀ ਭਾਈ ਕੇ’ ਬੰਨ ਕੇ ਇਸ ਇਲਾਕੇ ਵਿੱਚ ਆ ਗਏ ਅਤੇ ਇਹ ਇਲਾਕਾ ਪਿਓਰੀ ਪਿੰਡ ਬੱਝਣ ਤੋਂ ਪਹਿਲਾਂ ਭਾਈਆਂ ਦੇ ਕਬਜ਼ੇ ਹੇਠ ਸੀ। ਕਿਹਾ ਜਾਂਦਾ ਹੈ ਕਿ 1857 ਦੀ ਭਾਰਤ ਦੀ ਪਹਿਲੀ ਅਜ਼ਾਦੀ ਦੀ ਜੰਗ ਵੇਲੇ ਇਨ੍ਹਾਂ ਭਾਈਆਂ ਨੇ ਅੰਗਰੇਜ਼ਾਂ ਵਿਰੁੱਧ ਕੰਮ ਕੀਤਾ ਅਤੇ ਬਠਿੰਡੇ ਦੇ ਕਿਲ੍ਹੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਕੀਤੀ ਜਿਸ ਵਿੱਚ ਉਹ ਸਫਲ ਨਾ ਹੋ ਸਕੇ। ਇਸੇ ਕਾਰਨ ਅੰਗਰੇਜ਼ ਸਰਕਾਰ ਨੇ ਇਹਨਾਂ ਕੋਲੋਂ ਇਹ ਇਲਾਕਾ ਖੋਹ ਲਿਆ। ਪਰ ਭਾਈਆਂ ਨੇ ਇਹ ਇਲਾਕਾ ਆਪਣੇ ਹੱਥੋਂ ਜਾਂਦਾ ਵੇਖਕੇ ਕੁੱਝ ਇਲਾਕਾ ਆਪਣੀਆਂ ਰਖੇਲਾਂ ਦੇ ਨਾਂ ਕਰ ਦਿੱਤਾ। ਇਨ੍ਹਾਂ ਵੇਸਵਾਵਾਂ ਦੇ ਨਾਂ ਸਨ ਪਿਓਰੀ ਬਾਈ, ਲਾਲ ਬਾਈ, ਬੀਦੋ ਬਾਈ ਅਤੇ ਲੂਹਲੋ ਬਾਈ। ਜਾਰਜ ਕਾਰਨ ਵਾਲਿਸ (ਬੰਦੋਬਸਤ ਅਫਸਰ) ਦੇ ਸਮੇਂ ਜ਼ਮੀਨਾਂ ਦੀ ਪੱਕੀ ਬੰਦੋਬਸਤ ਹੋਈ। ਉਸ ਵੇਲੇ ਇਹਨਾਂ ਇਲਾਕਿਆਂ ਦੇ ਨਾਂ ਇਹਨਾਂ ਚਾਰ ਵੇਸਵਾਵਾਂ ਦੇ ਨਾਂ ਤੇ ਹੀ ਪੱਕੇ ਕਰ ਦਿੱਤੇ ਗਏ। ਇਸ ਤਰ੍ਹਾਂ ਇਸ ਪਿੰਡ ਦਾ ਨਾਂ ਵੀ ਪਿਓਰੀ ਬਾਈ ਦੇ ਨਾਂ ਤੇ ‘ਪਿਓਰੀ’ ਪੈ ਗਿਆ।
ਇਹ ਪਿੰਡ ਤਕਰੀਬਨ ਢਾਈ ਸੌ ਸਾਲ ਪਹਿਲਾਂ ਰਾਜਸਥਾਨ ਤੋਂ ਆਏ ਸਿੱਧੂ ਖਾਨਦਾਨ ਨੇ ਵਸਾਇਆ ਸੀ। ਪਰ ਇਲਾਕੇ ਵਿੱਚ ਬਦਅਮਨੀ ਕਾਰਨ ਧਾੜਵੀ (ਕਟਕ) ਆਉਂਦੇ ਅਤੇ ਪਿੰਡਾਂ ਨੂੰ ਉਜਾੜ ਦੇਂਦੇ ਸਨ। ਪਰ ਕੁੱਝ ਸਾਲਾਂ ਬਾਅਦ ਪੋਲ ਸਿੰਘ, ਭੋਸਨਾ ਅਤੇ ਸੁਹਾਨੂੰ ਸਿੰਘ ਥਰਾਜ ਨੇ ਪਿਓਰੀ ਵੇਸਵਾ ਕੋਲੋਂ ਕੁੱਝ ਰਕਬਾ ਆਰਜੀ ਤੌਰ ਤੇ ਵੱਸਣ ਲਈ ਪ੍ਰਾਪਤ ਕਰ ਲਿਆ।
ਇਸ ਪਿੰਡ ਦੇ ਮੁੱਖ ਵਸਨੀਕ ਸਿੱਧੂ ਹਨ ਜਿਹੜੇ ਕਿ ਅਕਬਰ ਬਾਦਸ਼ਾਹ ਦੇ ਜ਼ਮਾਨੇ ਵਿੱਚ ਰਾਜਸਥਾਨ ਦੇ ਜ਼ਿਲ੍ਹਾ ਜੈਸਲਮੇਰ ਤੋਂ ਆ ਕੇ ਇੱਥੇ ਅਬਾਦ ਹੋਏ ਸਨ।
ਪਿੰਡ ਵਿੱਚ ਦੋ ਗੁਰਦੁਆਰੇ, ਇੱਕ ਸਾਹਸੀ ਦੀ ਕਬਰ, ਇੱਕ ਪੀਰ ਖਾਨਾ ਤੇ ਇੱਕ ( ਬਾਲਮੀਕ ਥੜਾ ਪੂਜਨੀਕ ਸਥਾਨ ਹਨ। ਗੁਰੂ ਗੋਬਿੰਦ ਸਿੰਘ ਜੀ ਵੀ ਇਸ ਪਿੰਡ ਵਿੱਚ ਆਏ ਅਤੇ ਉਹਨਾਂ ਦੀ ਯਾਦ ਵਿੱਚ ਇੱਕ ਗੁਰਦੁਆਰਾ ਕਾਇਮ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ