ਪੰਜਾਬੀ ਵਿਰਸਾ ਮੰਗਲ ਹਠੂਰ | Punjabi Virsa

ਮੁੱਖ ਬੰਧ

ਕਵਿਤਾ ਕਿਵੇਂ ਉਪਜਦੀ ਹੈ? ਗੀਤ ਕਿੱਥੋਂ ਆਉਂਦੇ ਹਨ ? ਇਹ ਸਵਾਲ ਸਿਰਫ ਜਨ-ਸਧਾਰਨ ਲਈ ਹੀ ਨਹੀਂ, ਸਗੋਂ ਕਵੀਆਂ ਲਈ ਵੀ ਇਕ ਬੁਝਾਰਤ ਹਨ। ਚੰਗੀ ਕਵਿਤਾ ਸੁਣਕੇ ਜਾਂ ਪੜ੍ਹਕੇ ਇੰਝ ਲੱਗਦਾ ਹੈ ਕਿ ਜਿਵੇਂ ਅਸੀਂ ਉਹਦੀਆਂ ਭਾਵਨਾਵਾਂ ਨੂੰ ਸਦੀਆਂ ਤੋਂ ਹੰਢਾਉਂਦੇ ਆਏ ਹੋਈਏ। ਕਵਿਤਾ ਪਾਣੀ ਹੈ ਤੇ ਕਵੀ ਖੂਹ ਪੁੱਟ ਕੇ ਪਾਣੀ ਕੱਢ ਸਕਦਾ ਹੈ ਪਰ ਪਾਣੀ ਬਣਾ ਨਹੀਂ ਸਕਦਾ। ਕਵਿਤਾ ਹਵਾ ਹੈ, ਕਵੀ ਪੱਖਾ ਝੱਲ ਕੇ ਇਸ ਨੂੰ ਹਿਲਾ ਸਕਦਾ ਪਰ ਹਵਾ ਬਣਾ ਨਹੀਂ ਸਕਦਾ। ਕਵਿਤਾ ਅੱਗ ਹੈ, ਕਵੀ ਇਸ ਨੂੰ ਝੱਲ ਮਾਰ ਕੇ ਭੜਕਾ ਸਕਦਾ ਹੈ ਪਰ ਇਸਦੀ ਚੰਗਿਆੜੀ ਨੂੰ ਪੈਦਾ ਨਹੀਂ ਕਰ ਸਕਦਾ। ਮੇਰੇ ਖਿਆਲ ਅਨੁਸਾਰ ਚੰਗੀ ਕਵਿਤਾ ਕਵੀ ਦੇ ਦਿਲੋ-ਦਿਮਾਗ ‘ਚ ਨਹੀਂ, ਸਗੋਂ ਪੜ੍ਹਨ- ਸੁਣਨ ਵਾਲੇ ਦੇ ਮਨ ‘ਚ ਵਸਦੀ ਹੈ। ਕਵੀ ਦੀਆਂ ਲਿਖੀਆਂ ਸਤਰਾਂ, ਕਵਿਤਾ ਨੂੰ ਮਾਨਣ ਵਾਲੇ ਦੇ ਦਿਲ ‘ਚ ਸੁੱਤੀ ਹੋਈ ਮੌਲਿਕ ਕਵਿਤਾ ਨੂੰ ਜਗਾਉਣ ਦਾ ਸਿਰਫ ਇਕ ਉਪਰਾਲਾ वै।

ਜੇ ਹਰ ਇਕ ਕਵਿਤਾ ਨੂੰ ਇਸ ਕਸੌਟੀ ‘ਤੇ ਰੱਖ ਕੇ ਪਰਖਣਾ ਹੋਵੇ ਤਾਂ ਚੰਗੀ ਕਵਿਤਾ ਲਿਖਣ ਦਾ ਕੰਮ ਔਖਾ ਨਹੀਂ, ਸਗੋਂ ਅਸੰਭਵ ਹੀ ਲੱਗਦਾ ਹੈ। ਇਕ ਪੁਰਾਣਾ ਕਥਨ ਹੈ ਕਿ ਸੁੰਦਰਤਾ ਦੇਖਣ ਵਾਲੇ ਦੀ ਅੱਖ ‘ਚ ਹੈ। ਜੇ ਕਵਿਤਾ ਸੁਣਨ ਵਾਲੇ ‘ਤੇ ਅਸਰ ਨਹੀਂ ਕਰਦੀ ਤਾਂ ਉਸਦਾ ਮੁੱਲ ਕੁੱਝ ਵੀ ਨਹੀਂ।

ਭਾਵੇਂ ਅਜੋਕੀ ਪੰਜਾਬੀ ਕਵਿਤਾ ਦਾ ਇਤਿਹਾਸ ਕੋਈ ਬਹੁਤਾ ਲੰਬਾ ਨਹੀਂ ਪਰ ਫਿਰ ਵੀ ਪੰਜਾਬ ਨੇ ਕਈ ਐਸੇ ਕਵੀ ਪੈਦਾ ਕੀਤੇ ਨੇ ਜਿਨ੍ਹਾਂ ਦੀਆਂ ਕਵਿਤਾਵਾਂ ਪੱਥਰਾਂ ‘ਚੋਂ ਅੱਥਰੂ ਕੱਢਣ ਦਾ ਦਮ ਰੱਖਦੀਆਂ ਹਨ। ਪੰਜਾਬੀ ਕਵਿਤਾ ਦਾ ਦੁਖਾਂਤ ਇਹ ਰਿਹਾ ਹੈ ਕਿ ਆਮ ਪੰਜਾਬੀ ਲੋਕਾਂ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਨਹੀਂ ਤੇ ਉਨ੍ਹਾਂ ਦੇ ਦਿਲਾਂ ‘ਚ ਸੁਲਗਦੀਆਂ ਚੰਗਿਆੜੀਆਂ ਨੂੰ ਭੜਕਾਉਣ ਵਾਲੀਆਂ ਸਤਰਾਂ ਸ਼ੈਲਫਾਂ ਅਣ-ਗੌਲੀਆਂ ਹੀ ਪਈਆਂ ਰਹਿ ਜਾਂਦੀਆਂ ਹਨ। ਪੰਜਾਬੀ ਲੋਕ ਕਵਿਤਾ ਦਾ ਅਨੰਦ ਸੀਨਾ-ਬਸੀਨਾ ਯਾਦ ਕੀਤੇ ਲੋਕ ਗੀਤਾਂ ਤੋਂ ਲੈਂਦੇ ਆਏ ਹਨ।

ਜਦੋਂ ਗ੍ਰਾਮੋਫੋਨ ਤੇ ਬਾਅਦ ਵਿਚ ਟੇਪਾਂ ਦੀਆਂ ਕਾਢਾਂ ਨਾਲ ਗੀਤ ਰਿਕਾਰਡ ਹੋਣ ਲੱਗੇ, ਤਾਂ ਪਹਿਲਾਂ-ਪਹਿਲਾਂ ਕੁੱਝ ਅਜਿਹੇ ਗੀਤਕਾਰ ਪਰਦੇ ‘ਤੇ ਆਏ ਜਿਨ੍ਹਾਂ ਦੇ ਗੀਤ, ਲੋਕ ਗੀਤਾਂ ਦੀ ਭੰਨ-ਤੋੜ ਕਰ ਕੇ ਰੋੜਿਆਂ ਦੀ ਕੰਧ ਖੜ੍ਹੀ ਕਰਨ ਵਾਂਗ ਸਨ ਪਰ ਹੌਲੀ-ਹੌਲੀ ਗੀਤਕਾਰੀ ਦੇ ਖੇਤਰ ਵਿਚ ਨਿਖਾਰ ਆਉਂਦਾ ਗਿਆ ਤੇ ਕਈ ਚੰਗੇ-ਚੰਗੇ ਗੀਤਕਾਰਾਂ ਤੇ ਕਵੀਆਂ ਵਿਚ ਲਕੀਰ ਵਾਹੁਣੀ ਕੋਈ ਸੌਖਾ ਕੰਮ ਨਹੀਂ । ਇਸ ਦਾ ਕਾਰਣ ਇਹ ਹੈ ਕਿ ਕੋਈ ਚਾਹ ਕੇ ਗੀਤ ਜਾਂ ਕਵਿਤਾ ਨਹੀਂ ਲਿਖਦਾ। ਇਹ ਤਾਂ ਇਕੋ ਕਲਾ ਦਾ ਇਕੋ ਚਿਹਰਾ ਹੈ ਜਿਸਨੂੰ ਵੇਖਣ ਵਾਲੇ ਵੱਖ-ਵੱਖ ਰੰਗ ਦੀ ਐਨਕ ਲਾ ਕੇ ਵੇਖਦੇ ਹਨ।

ਆਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ ਵਿਚ ਪੱਕੀ ਥਾਂ ਬਣਾਉਣ ਵਾਲਿਆਂ ‘ਚੋਂ ਇਕ ਨਾਂਅ ਹੈ, ਮੰਗਲ ਹਠੂਰ। ਮੰਗਲ ਹਠੂਰ ਦੀ ਕਵਿਤਾ ਦਾ ਵਹਾਅ ਇੰਝ ਹੈ ਜਿਵੇਂ ਪਾਣੀ ਉਤੇ ਫੁੱਲ ਤਰਦਾ ਹੋਵੇ। ਮੰਗਲ ਇਕ ਮੌਲਿਕ ਤੇ ਠੇਠ ਪੰਜਾਬੀ ਕਵੀ ਹੈ। ਉਸ ਦੇ ਦਿਲ ਵਿਚ ਪੰਜਾਬ ਅਤੇ ਪੰਜਾਬੀਅਤ ਇੰਨੀ ਡੂੰਘੀ ਵਸ ਚੁੱਕੀ ਹੈ ਕਿ ਉਸਦੇ ਇਕ-ਇਕ ਸ਼ਬਦ ‘ਚੋਂ ਇਹ ਸ਼ਹਿਦ ਵਾਂਗਰਾਂ ਚੋਂਦੀ ਹੈ। ਮੰਗਲ ਦੀਆਂ ਕਵਿਤਾਵਾਂ, ਸ਼ੇਅਰਾਂ ਤੇ ਗੀਤਾਂ ਦੇ ਵਿਸ਼ੇ ਲੋਕਾਂ ਦੇ ਦਰਦਾਂ ਤੇ ਖੁਸ਼ੀਆਂ ਨੂੰ ਸ਼ਿੱਦਤ ਨਾਲ ਮਹਿਸੂਸ ਕਰਨ ਵਾਲੇ ਮਨ ਦੀ ਉਪਜ ਹਨ। ਉਸਦੀ ਹਰ ਇਕ ਕਵਿਤਾ ਤੇ ਗੀਤ, ਤੇ ਅਗਾਂਹ ਇਨ੍ਹਾਂ ਦੀ ਇਕ-ਇਕ ਸਤਰ, ਪੜ੍ਹਨ-ਸੁਣਨ ਵਾਲ਼ੇ ਨੂੰ ਆਪਣੀ ਜ਼ਿੰਦਗੀ ਦੇ ਅਣ-ਲਿਖੇ ਇਤਿਹਾਸ ‘ਚੋਂ ਪਾੜਿਆ ਹੋਇਆ ਇਕ ਪੰਨਾ ਮਹਿਸੂਸ ਹੁੰਦੀ ਹੈ।

ਇਸ ਕਸੌਟੀ ‘ਤੇ ਉਤਰਨ ਵਾਲਾ ਇਕ ਤੋਂ ਬਾਅਦ ਇਕ ਗੀਤ, ਇਕ ਤੋਂ ਬਾਅਦ ਇਕ ਸ਼ੇਅਰ ਲਿਖਣਾ ਅਸਾਨ ਕੰਮ ਨਹੀਂ ਪਰ ਮੰਗਲ ਹਠੂਰ ਦੀ ਕਲਮ ਦਿਲਾਂ ਦੀ ਵਾਰਤਾ ਨੂੰ ਕਵਿਤਾ ‘ਚ ਐਨੇ ਅਸਾਨ ਤਰੀਕੇ ਨਾਲ ਬੰਨ੍ਹ ਜਾਂਦੀ ਹੈ ਕਿ ਲਗਦਾ ਹੈ ਜਿਵੇਂ ਕਿਸੇ ਫਲਦਾਰ ਬੂਟੇ ਤੋਂ ਇਕ ਹੋਰ ਫਲ ਤੋੜਿਆ ਹੋਵੇ ਜਾਂ, ਜਿਵੇਂ ਫੁੱਲਾਂ ਦੇ ਬਾਗ਼ ‘ਚੋਂ ਇਕ ਹੋਰ ਸੁਗੰਧ ਭਰੀ ਸਾਹ ਲਈ ਹੋਵੇ । ਉਹ ਔਖੇ ਵਿਸ਼ਿਆਂ ਨੂੰ ਇੰਝ ਨਿਭਾਉਂਦਾ ਹੈ ਜਿਵੇਂ ਕੋਈ ਬਾਜ ਹਵਾ ਦਿਆਂ ਬੁੱਲਿਆਂ ਉਤੇ ਬਿਨਾਂ ਪਰ ਮਾਰਿਆਂ ਉੱਡਦਾ ਹੋਵੇ। ਕਵਿਤਾ ਮੰਗਲ ਦੇ ਅੰਦਰੋਂ ਇੰਝ ਵਗਦੀ ਹੈ ਜਿਵੇਂ ਕਿਸੇ ਵਿਯੋਗਣ ਦੀਆਂ ਅੱਖਾਂ ‘ਚੋਂ ਅੱਥਰੂ ਵਗਦੇ ਨੇ ਜਾਂ ਜਿਵੇਂ ਅੱਲ੍ਹੜਾਂ ਦੇ ਬੁੱਲ੍ਹਾਂ ‘ਚੋਂ ਮੁਸਕਾਨ ਕਿਰਦੀ ਹੈ।

ਪੰਜਾਬੀ ਨੂੰ ਕਵਿਤਾ ਦੀ ਲੋੜ ਹੈ ਤੇ ਕਵਿਤਾ ਨੂੰ ਕਵੀਆਂ ਦੀ। ਮੰਗਲ ਹਠੂਰ ਵਰਗੇ ਕਵੀਆਂ ਦੀ ਕਵਿਤਾ ਕਿਸੇ ਵੀ ਬੋਲੀ ਦੇ ਸਾਹਿਤ ਲਈ ਸੱਗੀ ਫੁੱਲ ਹੋ ਸਕਦੀ ਹੈ। ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਮੰਗਲ ਪੰਜਾਬੀ ਵਿਚ ਲਿਖਦਾ ਹੈ। ਮੰਗਲ ਦੀ ਕਵਿਤਾ ਦਾ ਸਵਾਦ ਟਿੰਡਾਂ ਵਾਲੇ ਖੂਹ ਦੇ ਪਾਣੀ ਵਰਗਾ ਹੈ, ਝੱਲ ਤੂਤ ਦੀ ਛਾਵੇਂ ਮਾਣੇ ਬੁਲਿਆਂ ਵਰਗੀ ਤੇ ਸੇਕ ਕਾਨਿਆਂ, ਟਾਹਲੀ ਤੇ ਕਿੱਕਰ ਦੀਆਂ ਝਿੰਘਾਂ ਦੀ ਧੂਣੀ ਵਰਗਾ ਹੈ। ਇਹੋ ਜਿਹੀਆਂ ਕਵਿਤਾਵਾਂ ਵਾਲੀ ਕਿਤਾਬ ਦਾ ਨਾਂਅ ‘ਪੰਜਾਬੀ ਵਿਰਸਾ’ ਨਾ ਹੋਵੇ ਤਾਂ ਹੋਰ ਕੀ ਹੋਵੇ!

– ਸੰਗਤਾਰ

ਪੰਜਾਬੀ ਵਿਰਸਾ ਭਾਗ-1

ਮੁੰਡਿਓ-ਕੁੜੀਓ ਸੁਣ ਲਓ ਹੋਕਾ,

ਖ਼ਰਾ ਏ ਸੌਦਾ ਜਰਾ ਨਾ ਧੋਖਾ,

ਆ ਜਾਓ ਲੈ ਲਓ ਲੋਕ ਬੋਲੀਆਂ,ਸਿੱਖ ਲਓ ਘੜੇ ਵਜਾਣੇ ਪੰਜਾਬੀ ਵਿਰਸਾ।

ਢੱਡ, ਸਾਰੰਗੀ ਤੇ ਅਲਗੋਜ਼ਿਆਂ ਵਾਲੇ ਗੀਤ ਪੁਰਾਣੇ ਪੰਜਾਬੀ ਵਿਰਸਾ।

ਹੀਰ-ਰਾਂਝਾ ਤੇ ਮਿਰਜ਼ਾ ਸਹਿਬਾਂ ਕਿੱਸੇ ਆਸ਼ਿਕ ਲੋਕਾਂ ਵਾਲੇ।

ਸੁੱਚਾ, ਦੁੱਲਾ, ਜੱਗਾ, ਜਿਉਣਾ, ਸਾਡੀਆਂ ਇੱਜ਼ਤਾਂ ਦੇ ਰਖਵਾਲੇ।

ਘੁੱਕਰ, ਕੈਦੋਂ ਤੇ ਡੋਗਰ ਦੇ, ਕਦੀ ਵਿਸਾਹ ਨਾ ਖਾਣੇ ਪੰਜਾਬੀ ਵਿਰਸਾ।

ਢੱਡ, ਸਾਰੰਗੀ ਤੇ ਅਲਗੋਜ਼ਿਆਂ ਵਾਲੇ ਗੀਤ ਪੁਰਾਣੇ ਪੰਜਾਬੀ ਵਿਰਸਾ

ਕਿੱਕਲੀ ਪਾ ਕੇ ਰੱਖੜੀ ਬੰਨ੍ਹ ਕੇ, ਵੀਰਾਂ ਲਈ ਅਰਦਾਸਾਂ ਕਰ ਲਓ।

ਜਾਗੋ, ਹੋਲੀ, ਦੀਵਾਲੀ ਨਾਲ, ਜ਼ਿੰਦਗੀ ਦੇ ਵਿਚ ਖੁਸ਼ੀਆਂ ਭਰ ਲਓ।

ਮਾਘੀ, ਮੱਸਿਆ ਅਤੇ ਵਿਸਾਖੀ, ਘੋੜੀਆਂ-ਬਲਦ ਭਜਾਣੇ ਪੰਜਾਬੀ ਵਿਰਸਾ

ਢੱਡ, ਸਾਰੰਗੀ ਤੇ ਅਲਗੋਜ਼ਿਆਂ ਵਾਲੇ, ਗੀਤ ਪੁਰਾਣੇ ਪੰਜਾਬੀ ਵਿਰਸਾ।

ਡੰਡ-ਬੈਠਕਾਂ, ਘੋਲ, ਕਬੱਡੀ, ਆਪਣਾ ਜ਼ੋਰ ਵਿਖਾਵਣ ਦੇ ਲਈ। ਚਿਮਟਾ, ਕਾਟੋ, ਢੋਲ ਤੇ ਤੂੰਬਾ, ਗਿੱਧੇ-ਭੰਗੜੇ ਪਾਵਣ ਦੇ ਲਈ। ਘਰ ਦੀ ਕੱਢੀ ਦਾਰੂ ਪੀ ਲਓ, ਜੇਕਰ ਮੂਡ ਬਨਾਣੇ ਪੰਜਾਬੀ ਵਿਰਸਾ।

ਢੱਡ, ਸਾਰੰਗੀ ਤੇ ਅਲਗੋਜ਼ਿਆਂ ਵਾਲੇ ਗੀਤ ਪੁਰਾਣੇ ਪੰਜਾਬੀ ਵਿਰਸਾ।

ਜੇ ਗਰਮੀ ਤਾਂ ਸੱਤੂ ਪੀ ਲਓ, ਖੀਰ-ਪੂੜੇ ਜੇ ਪੈਂਦੀਆਂ ਕਣੀਆਂ। ਸਾਗ ਸਰ੍ਹੋਂ ਦਾ ਅਤੇ ਸੇਵੀਆਂ, ਤੋਕੜ ਮੱਝ ਦੇ ਦੁੱਧ ਵਿਚ ਬਣੀਆਂ। ਹਰੇ ਪੁਦੀਨੇ ਵਾਲੀ ਚੱਟਣੀ, ਜੋ ਖਾਵੇ ਸੋ ਜਾਣੇ ਪੰਜਾਬੀ ਵਿਰਸਾ ।

ਢੱਡ, ਸਾਰੰਗੀ ਤੇ ਅਲਗੋਜ਼ਿਆਂ ਵਾਲੇ ਗੀਤ ਪੁਰਾਣੇ ਪੰਜਾਬੀ ਵਿਰਸਾ।

ਦਾਤਰ, ਟਕੂਏ ਤੇ ਕਿਰਪਾਨਾਂ, ਜੇ ਵੈਰੀ ਨਾਲ ਜੰਗ ਹੁੰਦੀ ਏ।

ਪਿਆਰ, ਮਾਫ਼ੀਆਂ ਤੇ ਗਲਵੱਕੜੀ, ਜੇ ਭਾਈਆਂ ਵਿਚ ਵੰਡ ਹੁੰਦੀ ਏ

ਵਿਚ ਪੰਚਾਇਤ ਦੇ ਕਰੋ ਫ਼ੈਸਲਾ, ਗੱਲ ਨਾ ਪਹੁੰਚੇ ਥਾਣੇ ਪੰਜਾਬੀ ਵਿਰਸਾ ਢੱਡ,

ਸਾਰੰਗੀ ਤੇ ਅਲਗੋਜਿਆਂ ਵਾਲੇ ਗੀਤ ਪੁਰਾਣੇ ਪੰਜਾਬੀ ਵਿਰਸਾ।

ਆਵਾਜ਼- ਮਨਮੋਹਨ ਵਾਰਿਸ

ਪੰਜਾਬੀ ਵਿਰਸਾ ਭਾਗ-2

ਕੇਸਮੈਂਟ ਦੀਆਂ ਕੱਢੀਆਂ ਚਾਦਰਾਂ, ਪਾਕੇ ਭੱਖੜੀ ਪੋਲੇ ਤੋਪੇ।

ਸੂਟ ਖੱਦਰ ਦੇ ਡੱਬੀਆਂ ਵਾਲੇ, ਨਿਆਣਿਆਂ ਦੇ ਲਈ ਨਿੱਘੇ ਟੋਪੇ।

ਪੇਂਜਾ ਖੱਡੀ, ਜੁੱਤੀ ਕੱਢੀ, ਰੂੰ ਤੇ ਰੰਗਲੇ ਤਾਣੇ ਪੰਜਾਬੀ ਵਿਰਸਾ।

ਢੱਡ, ਸਾਰੰਗੀ ਤੇ ਅਲਗੋਜ਼ਿਆਂ ਵਾਲੇ ਗੀਤ ਪੁਰਾਣੇ ਪੰਜਾਬੀ ਵਿਰਸਾ

ਘੜਾ, ਕਾੜਨੀ, ਚਿਮਟਾ, ਚਾਟੀ, ਛੱਜ ਛਾਨਣੀ ਗੜਵੀ ਡੋਲੂ।

ਤੂਤ ਦੇ ਖੂੰਡੇ, ਮਿੱਟੀ ਦੇ ਕੂੰਡੇ, ਚਕਲੇ, ਵੇਲਣੇ, ਮੰਜੇ, ਕੋਹਲੂ।

ਚੱਕੀ ਦੇ ਪੁੜ, ਸ਼ੱਕਰ ਤੇ ਗੁੜ ਨਾਲ ਡੱਬ, ਜੁਆਰ ਦੇ ਦਾਣੇ ਪੰਜਾਬੀ ਵਿਰਸਾ।

ਸਾਰੰਗੀ ਤੇ ਅਲਗੋਜ਼ਿਆਂ ਵਾਲੇ ਗੀਤ ਪੁਰਾਣੇ ਪੰਜਾਬੀ ਵਿਰਸਾ

ਆਪਣੀ ਸਿਹਤ ਸੰਭਾਲਣ ਦੇ ਲਈ, ਦੇਸੀ ਨੁਸਖੇ ਸੁਣ ਲਓ ਜਲਦੀ।

ਦਾਤੀ ਦਾ ਟੱਕ ਛੇਤੀ ਹਟ ਜਾਊ, ਤੇਲ ‘ਚ ਭੁੰਨ ਕੇ ਬੰਨ੍ਹ ਲਉ ਹਲਦੀ।

ਸ਼ਹਿਦ, ਮਮੀਰਾ ਅੱਖੀਆਂ ਦੇ ਲਈ, ਦੱਸਣ ਲੋਕ ਸਿਆਣੇ ਪੰਜਾਬੀ ਵਿਰਸਾ।

ਢੱਡ, ਸਾਰੰਗੀ ਤੇ ਅਲਗੋਜ਼ਿਆਂ ਵਾਲੇ ਗੀਤ ਪੁਰਾਣੇ ਪੰਜਾਬੀ ਵਿਰਸਾ

ਵੱਡਿਆਂ ਦੀ ਸਦਾ ਇੱਜਤ ਕਰਨੀ, ਝੂਠੀ ਗੱਲ ਕਦੀ ਨਾ ਜਰਨੀ।

ਬੁਰੀ ਸੰਗਤ ਤੋਂ ਦੂਰ ਹੀ ਰਹਿਣਾ, ਨਾ ਬੁਰਾਈ ਦਿਲਾਂ ‘ਚ ਭਰਨੀ।

ਪਿਆਰ ਨਾਲ ਰਹਿਣਾ ਜ਼ੁਲਮ ਨਾ ਸਹਿਣਾ, ਗੁਰੂ ਨਾ ਦਿਲੋਂ ਭੁਲਾਣੇ ਪੰਜਾਬੀ ਵਿਰਸਾ ਢੱਡ,

ਸਾਰੰਗੀ ਤੇ ਅਲਗੋਜ਼ਿਆਂ ਵਾਲੇ ਗੀਤ ਪੁਰਾਣੇ ਪੰਜਾਬੀ ਵਿਰਸਾ

ਠੂਠੀ, ਸੱਗੀ ਫੁੱਲ, ਫੁਲਕਾਰੀ, ਕਾਲਾ ਡੋਰੀਆ ਚਿੱਟੀ ਕਿਨਾਰੀ।

ਇਕ ਫੱਟੀ ਇਕ ਲੱਜ ਲਉ ਨੀਂ, ਤੀਲੀ ਪੁਆਲੇ ਵਿਆਹੀ ਕੁਆਰੀ।

ਸਾਉਣ ਮਹੀਨੇ ਤੀਆਂ ਦੇ ਦਿਨ, ਲੱਗਣੇ ਬੜੇ ਸੁਹਾਣੇ ਪੰਜਾਬੀ ਵਿਰਸਾ।

ਢੱਡ, ਸਾਰੰਗੀ ਤੇ ਅਲਗੋਜ਼ਿਆਂ ਵਾਲੇ ਗੀਤ ਪੁਰਾਣੇ ਪੰਜਾਬੀ ਵਿਰਸਾ ।

‘ਮੰਗਲਾ’ ਧੂਣੇ ਸੇਕਣ ਦੇ ਲਈ, ਪੋਹ-ਮਾਘ ਦੀਆਂ ਲੈ ਲਉ ਰਾਤਾਂ

ਮਾਂ ਦੀ ਲੋਰੀ,ਪਿਉ ਦੀਆਂ ਝਿੜਕਾਂ, ਦਾਦੀ ਤੇ ਨਾਨੀ ਦੀਆਂ ਬਾਤਾਂ।

ਆ ਜਾਓ ਸਿੱਖ ਲਓ ਧਰਮ ਦੀ ਖਾਤਰ ਸਿਰ, ਕੱਟਣੇ ਕਟਵਾਣੇ ਪੰਜਾਬੀ ਵਿਰਸਾ

ਢੱਡ, ਸਾਰੰਗੀ ਤੇ ਅਲਗੋਜ਼ਿਆਂ ਵਾਲੇ ਗੀਤ ਪੁਰਾਣੇ ਪੰਜਾਬੀ ਵਿਰਸਾ

ਆਵਾਜ਼- ਮਨਮੋਹਨ ਵਾਰਿਸ

 

ਕੋਕਾ ਕਰਕੇ ਧੋਖਾ..

ਕੋਕਾ ਕਰਕੇ ਧੋਖਾ ਨੀਂ ਦਿਲ ਲੈ ਗਿਆ

ਦਿਨੇ ਯਾਦ ਕਰਾਂ ਮੁਟਿਆਰੇ,

ਜਾਂ ਗਿਣਾ ਰਾਤ ਨੂੰ ਤਾਰੇ,

ਮੈਂ ਦੋਵਾਂ ਕੰਮਾਂ ਜੋਗਾ ਰਹਿ ਗਿਆ।

ਕੋਕਾ ਕਰਕੇ ਧੋਖਾ ਨੀਂ ਦਿਲ ਲੈ ਗਿਆ।

ਲੰਘ ਗਈ ਜਦ ਕੋਲੋਂ ਹਿੱਕ ਤਣਕੇ, ਉੱਡ ਗਏ ਹੋਸ਼ ਕਬੂਤਰ ਬਣਕੇ।

ਅਕਲਾਂ ਨੂੰ ਵੀ ਘੇਰਾ ਪਾ ਗਏ, ਗਾਨੀ ਵਾਲੇ ਕਾਲੇ ਮਣਕੇ।

ਤੇਰਾ ਮਲਿਆ ਲਾਲ ਦੰਦਾਸਾ ਨੀਂ, ਜਿਓ ਚੰਡਿਆ ਹੋਇਆ ਗੰਡਾਸਾ।

ਮੇਰੇ ਸੀਨੇ ਦੇ ਨਾਲ ਖਹਿ ਗਿਆ। ਕੋਕਾ ਕਰਕੇ ਧੋਖਾ ਨੀਂ ਦਿਲ ਲੈ ਗਿਆ।

ਅੱਖ ਤੇਰੀ ਵੀ ਘੱਟ ਨਾ ਕੁੜੀਏ, ਲੜ ਗਈ ਜਿਹੜੀ ਜੱਟ ਨਾ ਕੁੜੀਏ।

ਬਿਨ ਤੇਰੇ ਹੁਣ ਰਹਿ ਨਾ ਹੋਣਾ, ਹਾੜਾ ਈ ਪਾਸਾ ਵੱਟ ਨਾ ਕੁੜੀਏ।

ਗੱਲ ਬੜੀ ਹੈਰਾਨੀ ਵਾਲੀ ਏ, ਸਾਡੀ ਚੜ੍ਹੀ ਜਵਾਨੀ ਵਾਲੀ ਏ,

ਹਰ ਪਾਸੇ ਰੌਲਾ ਪੈ ਗਿਆ, ਕੋਕਾ ਕਰਕੇ ਧੋਖਾ ਨੀਂ ਦਿਲ ਲੈ ਗਿਆ।

ਚੱਲ ਨੀਂ ਦੋਵੇਂ ਮੇਲੇ ਚੱਲੀਏ, ਐਵੇਂ ਜ਼ਿੱਦ ਨਹੀਂ ਕਰੀ ਦੀ ਝੱਲੀਏ।

ਬਾਂਹ ‘ਤੇ ਸਾਡਾ ਨਾਂਅ ਖੁਣਵਾ ਲੈ, ਹਰ ਭੁੱਲ ਬਖਸ਼ ਦਿਆਂਗੇ ਬੱਲੀਏ।

ਕੋਈ ਪੁੱਛੇ ਤੇਰਾ ਹਾਲ ਸਾਨੂੰ,

ਕੋਈ ਜੋੜੇ ਰਾਂਝੇ ਨਾਲ ਸਾਨੂੰ,

ਕੋਈ ਹੀਰ ਜੱਟੀ ਤੈਨੂੰ ਕਹਿ ਗਿਆ,

ਕੋਕਾ ਕਰਕੇ ਧੋਖਾ ਨੀਂ ਦਿਲ ਲੈ ਗਿਆ।

ਆ ਨੀਂ ਗੋਰੀ ਮਾਂ ਦੀਏ ਜਾਈਏ, ‘ਕੱਠੇ ਬਹਿ ਕੇ ਗੱਲ ਮੁਕਾਈਏ।

ਦਿਲ ਵੱਟੇ ਦਿਲ ਦੇਦੇ ਸਾਨੂੰ, ਕੋਰਟ-ਕਚਹਿਰੀ ਵਿਚ ਨਾ ਜਾਈਏ।

ਬਾਹਾਂ ਵਿਚ ਚੂੜਾ ਪਾ ਲੈ ਨੀਂ,

ਤਲੀਆਂ ‘ਤੇ ਮਹਿੰਦੀ ਲਾ ਲੈ ਨੀਂ।

ਤੇਰਾ ਹੋ ਕੇ ‘ਮੰਗਲ’ ਬਹਿ ਗਿਆ।

ਕੋਕਾ ਕਰਕੇ ਧੋਖਾ ਨੀ ਦਿਲ ਲੈ ਗਿਆ

ਆਵਾਜ਼- ਮਨਮੋਹਨ ਵਾਰਿਸ

 

 

ਬੈਠ ਕੇ ਤ੍ਰਿੰਝਣਾਂ ‘ਚ…

ਬੈਠ ਕੇ ਤ੍ਰਿੰਝਣਾਂ ‘ਚ ਸੋਹਣੀਏਂ, ਕੱਢੇ ਜਦੋਂ ਚਾਦਰ ‘ਤੇ ਫੁੱਲ ਤੂੰ ।

ਕੀਹਨੂੰ ਯਾਦ ਕਰ-ਕਰ ਹੱਸਦੀ, ਚੁੰਨੀ ‘ਚ ਲੁਕਾਕੇ ਸੂਹੇ ਬੁੱਲ ਤੂੰ।

ਦੱਸ ਕੀਹਦੇ ਲਈ ਤੂੰ, ਏਨਾਂ ਖੁਦ ਨੂੰ ਸਜਾਵੇਂ ਨੀਂ।

ਫੁੱਲ ਬੂਟੇ ਪਾਕੇ, ਮਹਿੰਦੀ ਤਲੀਆਂ ’ਤੇ ਲਾਵੇਂ ਨੀਂ।

ਕਿਹੜੇ ਗੱਭਰੂ ‘ਤੇ ਮਾਣ ਮੱਤੀਏ, ਬਣਕੇ ਹਨੇਰੀ ਗਈਏਂ ਝੁੱਲ ਤੂੰ।

ਕੀਹਨੂੰ ਯਾਦ ਕਰ-ਕਰ ਹੱਸਦੀ, ਚੁੰਨੀ ‘ਚ ਲੁਕਾਕੇ ਸੂਹੇ ਬੁੱਲ ਤੂੰ ।

ਕੀਹਦੇ ਆਖੇ ਮੁੰਦੀਆਂ ਤੇ, ਛੱਲੇ ਪਾਉਣ ਲੱਗ ਪਈ।

ਕੀਹਦੇ ਪਿਛੇ ਮੱਸਿਆ ‘ਤੇ, ਮੇਲੇ ਆਉਣ ਲੱਗ ਪਈ।

ਪਾਵੇਂ ਚਮਕਾਰੇ ਚੰਨ ਵਾਂਗਰਾਂ, ਸੋਹਣੀਏ ਨੀਂ ਹੀਰਿਆਂ ਦੇ ਤੁੱਲ ਤੂੰ ।

ਕੀਹਨੂੰ ਯਾਦ ਕਰ-ਕਰ ਹੱਸਦੀ, ਚੁੰਨੀ ‘ਚ ਲੁਕਾਕੇ ਸੂਹੇ ਬੁੱਲ ਤੂੰ।

ਗਿੱਧੇ ਵਿਚ ਜਾਕੇ, ਪਾਵੇਂ ਬੋਲੀਆਂ ਪਿਆਰੀਆਂ।

ਅੱਗੇ ਨਾਲੋਂ ਵੱਧ ਨੱਚੇਂ, ਦੱਸਣ ਕੁਆਰੀਆਂ।

ਮਾਰ-ਮਾਰ ਅੱਡੀ ਪਾਵੇਂ ਧਮਕਾਂ, ਸੰਗਣਾਂ-ਸੰਗਾਉਣਾ ਗਈ ਏਂ ਭੁੱਲ ਤੂੰ ।

ਕੀਹਨੂੰ ਯਾਦ ਕਰ-ਕਰ ਹੱਸਦੀ, ਚੁੰਨੀ ‘ਚ ਲੁਕਾਕੇ ਸੂਹੇ ਬੁੱਲ ਤੂੰ।

ਜੀਹਦੇ ਪਿੱਛੇ ਦਿਲ ਤੇਰਾ ਖੋਇਆ-ਖੋਇਆ ਰਹਿੰਦਾ ਏ।

ਸੁਣਿਆਂ ਉਹ ‘ਮੰਗਲ’ ‘ਹਠੂਰ ਪਿੰਡ’ ਰਹਿੰਦਾ ਏ।

ਅੱਧ ‘ਚੋਂ ਨਾ ਤੋੜ ਜਾਵੀਂ ਲੱਗੀਆਂ, ਪਾਉਣਾ ਜੇ ਮੁਹੱਬਤਾਂ ਦਾ ਮੁੱਲ ਤੂੰ ।

ਕੀਹਨੂੰ ਯਾਦ ਕਰ ਕਰ ਹੱਸਦੀ, ਚੁੰਨੀ ‘ਚ ਲੁਕਾਕੇ ਸੂਹੇ ਬੁੱਲ ਤੂੰ ।

ਆਵਾਜ਼- ਕਮਲ ਹੀਰ

 

 

ਕਿਉਂ ਮੁੜਦੇ-ਮੁੜਦੇ…

ਕਿਉਂ ਮੁੜਦੇ-ਮੁੜਦੇ, ਸ਼ਹਿਰ ਸੱਜਣ ਦੇ ਆ ਪਹੁੰਚੇ।

ਜੇ ਮੁੜ ਜਾਂਦੇ ਤਾਂ, ਬੜੇ ਹੀ ਚੰਗੇ ਰਹਿਣਾ ਸੀ।

ਨਾ ਵੇਖਦੇ ਸੱਜਣਾਂ, ਦੇ ਹੱਥ ਮਹਿੰਦੀ ਗ਼ੈਰਾਂ ਦੀ।

ਨਾ ਪੈਰਾਂ ਦੇ ਵਿਚ, ਕੋਈ ਵੀ ਛਾਲਾ ਪੈਣਾ ਸੀ।

ਸੋਚਿਆ ਸੀ ਸੱਜਣ ਸਾਡੇ ਨੇ, ਇਸ ਆਸ ਸਹਾਰੇ ਜਿਊਂਦੇ ਸਾਂ।

ਹਰ ਸਾਹ ਨਾਲ ਪੱਥਰ ਵਰਗਿਆਂ ਨੂੰ, ਅਸੀਂ ਰੱਬ ਦੇ ਵਾਂਗ ਧਿਆਉਂਦੇ ਸਾਂ।

ਨਾ ਟੁੱਟਦਾ ਸਾਡਾ ਵਹਿਮ, ਸੰਭਾਲਿਆ ਉਮਰਾਂ ਦਾ,

ਨਾ ਮਹਿਲ ਆਸ ਦਾ ਵਿਚ ਪਲਾਂ ਦੇ ਢਹਿਣਾ ਸੀ।

ਕਿਉਂ—

ਔਹ ਦਿਸੇ ਚੁਬਾਰਾ ਸੱਜਣਾਂ ਦਾ, ਜੀਹਦੀ ਰਾਹ ਵੱਲ ਖੁਲ੍ਹਦੀ ਬਾਰੀ ਸੀ।

ਉਸ ਬਾਰੀ ‘ਚੋਂ ਚੰਨ ਚੜ੍ਹ ਜਾਂਦਾ, ਜਦੋਂ ਗੂੜ੍ਹੀ ਲੱਗੀ ਯਾਰੀ ਸੀ।

ਬੰਦ ਹੋ ਗਈ ਬਾਰੀ, ਚੰਨ ਹੋਰ ਥਾਂ ਜਾ ਚੜ੍ਹਿਆ ਅਸੀਂ ਜਿਊਂਦੀ ਜਾਨੇ,

ਇਹ ਘਾਟਾ ਵੀ ਸਹਿਣਾ ਸੀ

ਕਿਓਂ—

ਜ਼ਿੰਦ ‘ਕੱਲੀ ਤੇ ਦੁੱਖ ਜ਼ਿਆਦਾ ਨੇ, ਹੁਣ ਹੋਰ ਨਾ ਜਾਵੇ ਪੀੜ ਜਰੀ।

ਜਿਸ ਜ਼ਿੰਦਗੀ ਦੇ ਵਿਚ ਖੁਸ਼ੀਆਂ ਨਹੀਂ, ਉਸ ਜ਼ਿੰਦਗੀ ਨਾਲੋਂ ਮੌਤ ਖਰੀ।

ਜੇ ਥੋੜ੍ਹੀਆਂ ਖੁਸ਼ੀਆਂ ਵੀ ਮਿਲ ਜਾਂਦੀਆਂ ‘ਮੰਗਲ’ ਨੂੰ ਕਦੀ ਰਾਣੀ ਮੌਤ ਨੂੰ ਮਿਲਣ,

ਲਈ ਨਾ ਕਹਿਣਾ ਸੀ।

ਕਿਉਂ ਮੁੜਦੇ-ਮੁੜਦੇ ਸ਼ਹਿਰ ਸੱਜਣ ਦੇ ਆ ਪਹੁੰਚੇ ।

ਜੇ ਮੁੜ ਜਾਂਦੇ ਤਾਂ ਬੜੇ ਹੀ ਚੰਗੇ ਰਹਿਣਾ ਸੀ।

ਆਵਾਜ਼- ਮਨਮੋਹਨ ਵਾਰਿਸ

 

 

ਵਤਨਾਂ ਦੀ ਯਾਦ

ਵਤਨਾਂ ਦੀ ਯਾਦ ਭੁਲਾ ਕੇ,

ਬੈਠਾ ਪ੍ਰਦੇਸੀ ਆਕੇ।

ਦਿਨਾਂ, ਹਫ਼ਤਿਆਂ, ਸਾਲਾਂ ਵਾਲਾ ਲਾਕੇ ਵੇਖ ਹਿਸਾਬ।

ਓਏ ਪੰਜਾਬੀ ਸ਼ੇਰਾ, ਸੱਦਦਾ ਏ ਤੈਨੂੰ ਇਹ ਪੰਜਾਬ।

ਵਤਨੀ ਤੇਰੀ ਮਾਂ ਰਹਿੰਦੀ ਏ, ਮਮਤਾ ਵਾਲੀ ਛਾਂ ਰਹਿੰਦੀ ਏ।

ਭੈਣ, ਭਾਈ ਤੇ ਬਾਪ ਨੂੰ ਮਿਲਜਾ, ਬਾਪ ‘ਚ ਥੋੜ੍ਹੀ ਜਾਂਅ ਰਹਿੰਦੀ ਏ।

ਦੌਲਤ ਪਿੱਛੇ ਭੱਜਦੇ ਦਿਲ ਨੂੰ, ਕੋਰਾ ਦੇ ਦੇ ਜੁਆਬ।

ਉਏ ਪੰਜਾਬੀ—

ਬਿਨ ਤੇਰੇ ਸੱਖਣੇ ਸਭ ਮੇਲੇ, ਕੋਈ ਨਾ ਪਿੰਡ ਕਬੱਡੀ ਖੇਲੇ।

ਬੈਠੇ ਸੱਥ ਵਿਚ ਪੁੱਛਦੇ ਬਾਬੇ, ਕਿੱਥੇ ਗਏ ਗੱਭਰੂ ਅਲਬੇਲੇ।

ਤੇਰੇ ਮਗਰੋਂ ਕਿਸੇ ਨਾ ਕੱਢੀ, ਗੁੜ੍ਹ ‘ਚੋਂ ਕਦੀ ਸ਼ਰਾਬ।

ਉਏ ਪੰਜਾਬੀ—

ਜਦੋਂ ਸਾਉਣ ਦੀ ਬਦਲੀ ਵਰਸੇ, ਹੂਰ ਤੇਰੀ ਤੇਰੇ ਪਿਆਰ ਨੂੰ ਤਰਸੇ।

ਕਦੋਂ ਆਏਂ ਗਾ ਕਦੋਂ ਮੁੱਕਣ ਗੇ ਵੇ ਸੱਜਣਾਂ ਬਿਰਹੋਂ ਦੇ ਅਰਸੇ।

ਤੂੰ ਹੀ ਦਸ ਕਿਸ ਹੌਸਲੇ ਨੱਚੇ, ਗਿੱਧਿਆ ਵਿਚ ਸ਼ਬਾਬ।

ਉਏ ਪੰਜਾਬੀ—

ਮਹਿਫ਼ਲ ਤੇਰਿਆਂ ਯਾਰਾਂ ਵਾਲੀ, ਲੋਚੇ ਘੜੀ ਦੀਦਾਰਾਂ ਵਾਲੀ।

ਕਹਿੰਦਾ ਸੀ ਮੈਂ ਛੇਤੀ ਆਊਂ, ਕਰ ਗੱਲ ਯਾਦ ਕਰਾਰਾਂ ਵਾਲੀ।

ਕੀਹਨੇ ਬਦਲੇ ਕਾਹਤੋਂ ਬਦਲੇ ‘ਮੰਗਲਾ’ ਤੇਰੇ ਖ਼ਾਬ,

ਉਏ ਪੰਜਾਬੀ ਸ਼ੇਰਾ, ਸੱਦਦਾ ਏ ਤੈਨੂੰ ਇਹ ਪੰਜਾਬ।

ਆਵਾਜ਼- ਮਨਮੋਹਨ ਵਾਰਿਸ

 

 

ਧੰਨਵਾਦਾਂ ਦਾ ਕਰਜ਼ਾ

ਧੰਨਵਾਦੀ ਮੈਂ ਰੱਬ ਦਾ, ਜਿਸ ਨੇ ਦੁਨੀਆਂ ਨੂੰ ਸਜਾਇਆ।

ਧੰਨਵਾਦੀ ਉਸ ਮਾਂ ਦਾ, ਜਿਸ ਨੇ ਮੇਰੀ ਮਾਂ ਨੂੰ ਜਾਇਆ।

ਧੰਨਵਾਦੀ ਉਸ ਕੁੱਖ ਦਾ, ਜਿਥੇ ਪੌਣਾ ਸਾਲ ਬਿਤਾਇਆ।

ਧੰਨਵਾਦੀ ਉਸ ਮਾਂ ਦਾ, ਜਿਸ ਨੇ ਪੀੜਾਂ ਝੱਲ ਕੇ ਜਾਇਆ।

ਧੰਨਵਾਦੀ ਉਸ ਪਿਉ ਦਾ, ਜੀਹਦਾ ਗੋਤੀ ਮੈਂ ਕਹਾਇਆ।

ਧੰਨਵਾਦੀ ਉਸ ਦੁੱਧ ਦਾ, ਜਿਸਨੇ ਭੁੱਖੇ ਨੂੰ ਰਜਾਇਆ।

ਧੰਨਵਾਦੀ ਉਹਨਾਂ ਪੋਤੜਿਆਂ ਦਾ, ਜੀਹਨਾ ਥਾਂ ਸੁਕਾਇਆ।

ਧੰਨਵਾਦੀ ਉਹਨਾਂ ਵੱਡਿਆਂ ਦਾ. ਜੀਹਨਾ ਨੇ ਚੁੱਕ ਖਿਡਾਇਆ।

ਧੰਨਵਾਦੀ ਉਸ ਮਿੱਟੀ ਦਾ, ਜਿੱਥੇ ਪਹਿਲਾ ਆਸਣ ਲਾਇਆ।

ਜਿਥੇ ਰੁੜਨਾ ਤੁਰਨਾ ਸਿੱਖਿਆ, ਜਿਸ ਨੂੰ ਮੂੰਹ ਵਿਚ ਪਾਇਆ।

ਧੰਨਵਾਦੀ ਉਸ ਦਿਨ ਦਾ, ਜਦ ਮੈਨੂੰ ਪੜ੍ਹਨ ਘਲਾਇਆ।

ਧੰਨਵਾਦੀ ਉਹਨਾਂ ਹਾਣੀਆਂ ਦਾ, ਜੀਹਨਾਂ ਸੰਗ ਸ਼ੋਰ ਮਚਾਇਆ।

ਧੰਨਵਾਦੀ ਉਸਤਾਦਾਂ ਦਾ, ਜੀਹਨਾ ਕੁੱਟਿਆ ਨਾਲੇ ਪੜ੍ਹਾਇਆ।

ਧੰਨਵਾਦੀ ਉਸ ਦਿਨ ਦਾ, ਜਦੋ ਪੜਨੋ ਮੈਨੂੰ ਹਟਾਇਆ।

ਧੰਨਵਾਦੀ ਉਹਨਾਂ ਮੁਸ਼ਕਿਲਾਂ ਦਾ, ਜੀਹਨਾ ਸੁੱਖ ਦਾ ਸਾਹ ਭਲਾਇਆ।

ਧੰਨਵਾਦੀ ਉਹਨਾਂ ਯਾਰਾਂ ਦਾ, ਜੀਹਨਾ ਔਖੇ ਵੇਲੇ ਸਾਥ ਨਿਭਾਇਆ।

ਧੰਨਵਾਦੀ ਮੈਂ ਓਸ ਕਲਾ ਦਾ, ਜਿਸ ਨੇ ਮੈਂ ਅਪਣਾਇਆ,

ਧੰਨਵਾਦੀ ਸਭ ਕਦਰਦਾਨਾਂ ਦਾ, ਜੀਹਨਾ ਦਿਲੀਂ ਵਸਾਇਆ।

ਧੰਨਵਾਦਾਂ ਦਾ ਦਰਜਾ ਸਭ ਨੇ, ਮੇਰੇ ਸਿਰ ਚੜ੍ਹਾਇਆ।

ਇਹ ਧੰਨਵਾਦ ਨਾ ਉਤਰੂ ‘ਮੰਗਲਾ’ ਮੈਂ ਜੇ ਉਤਾਰਨਾ ਚਾਹਿਆ।

ਆਵਾਜ਼- ਕਮਲ ਹੀਰ

 

 

ਵਿੱਛੜਿਆ ਨਨਕਾਣਾ

ਰੱਬਾ ਦਿਲ ਪੰਜਾਬ ਦਾ, ਪਾਕਿਸਤਾਨ ‘ਚ ਰਹਿ ਗਿਆ ਏ।

ਕਦੀ ਨਾ ਪੂਰਾ ਹੋਣਾ, ਐਸਾ ਘਾਟਾ ਪੈ ਗਿਆ ਏ।

ਵਰ੍ਹਿਆ ਬੱਦਲ ਸਾਡੇ ‘ਤੇ, ਜ਼ਾਲਮ ਦੇ ਭਾਣੇ ਦਾ।

ਨਹੀਂ ਭੁੱਲਣਾ ਦੁੱਖ ਸੰਗਤਾਂ ਨੂੰ, ਵਿਛੜੇ ਨਨਕਾਣੇ ਦਾ।

ਜਿਨ੍ਹਾਂ ਗਰੀਬਾਂ ਦੇ ਘਰ ਬਾਬਾ, ਚੱਲ ਕੇ ਆਉਂਦਾ ਸੀ।

ਪੂੜੇ ਛੱਡ ਕੇ ਸਾਗ ਬੇ ਲੂਣਾ, ਖਾਣਾ ਚਾਹੁੰਦਾ ਸੀ।

ਉਹਨਾਂ ਨੂੰ ਵੀ ਹੁਕਮ ਹੋਇਆ, ਵੀਜ਼ਾ ਲਗਵਾਣੇ ਦਾ।

ਜਿਥੇ ਬਾਬੇ ਜਨਮ ਲਿਆ, ਉਹ ਕੈਸੀ ਥਾਂ ਹੋਣੀ।

ਪੁੱਛੇਗਾ ਹਰ ਬੱਚਾ ਪੀੜ੍ਹੀ, ਜਦੋਂ ਅਗਾਂਹ ਹੋਣੀ।

ਕਹਿਣਾ ਪਊਗਾ ਰਸਤਾ ਏ ਬੰਦ, ਓਸ ਟਿਕਾਣੇ ਦਾ।

ਅਰਜ਼ ਕਰਾਂ ਗੁਰੂ ਨਾਨਕ ਜੀ ਨੂੰ, ਮੁੜ ਕੇ ਆਵਣ ਲਈ।

ਕਰਕੇ ਇਕ ਉਦਾਸੀ ਸਭ, ਸਰਹੱਦਾਂ ਢਾਵਣ ਲਈ।

ਹਾਲ ਵੇਖ ਜਾਣ ਰੋਂਦੇ, ਹਰ ਮਜ਼ਲੂਮ ਨਿਮਾਣੇ ਦਾ।

ਮਹਾਂਬਲੀ ਰਣਜੀਤ ਸਿੰਘ, ਜੇ ਜਿਊਂਦਾ ਰਹਿ ਜਾਂਦਾ।

ਕਿਸ ਵਿਚ ਦਮ ਸੀ ‘ਮੰਗਲਾ’, ਖੋਹ ਨਨਕਾਣਾ ਲੈ ਜਾਂਦਾ।

ਹੌਸਲਾ ਕੋਈ ਨਾ ਕਰਦਾ, ਸਾਡਾ ਮੁਲਕ ਵੰਡਾਣੇ ਦਾ।

ਨਹੀਂ ਭੁਲਣਾ ਦੁੱਖ ਸੰਗਤਾਂ ਨੂੰ, ਵਿਛੜੇ ਨਨਕਾਣੇ ਦਾ।

ਆਵਾਜ਼- ਮਨਮੋਹਨ ਵਾਰਿਸ

 

Leave a Comment

error: Content is protected !!