ਪੱਕੀ ਟਿੱਬੀ
ਸਥਿਤੀ :
ਤਹਿਸੀਲ ਮਲੋਟ ਦਾ ਪਿੰਡ ਪੱਕੀ ਟਿੱਬੀ, ਮਲੋਟ – ਅਬੋਹਰ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਪੱਕੀ ਟਿੱਬੀ ਦੇ ਨਾਲ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
‘ਪੱਕੀ ਟਿੱਬੀ’ ਪਿੰਡ 1895 ਈ. ਵਿੱਚ ਰਾਜਸਥਾਨ ਤੋਂ ਆਏ ਦੋ ਮੁਸਲਮਾਨ ਭਰਾਵਾਂ ਖਾਨ ਮੁਹੰਮਦ ਅਤੇ ਅਲੀ ਮੁਹੰਮਦ ਨੇ ਵਸਾਇਆ ਸੀ। ਇਹਨਾਂ ਭਰਾਵਾਂ ਦੇ ਨਾਨਕੇ ਸਰਾਵਾਂ ਬੋਦਲਾਂ ਵਿੱਚ ਸਨ । ਸਰਾਵਾਂ ਬੋਦਲਾਂ ਵਾਲਿਆਂ ਦੀ ਜ਼ਮੀਨ (ਜਿਥੇ ਅੱਜਕਲ ਪਿੰਡ। ਪੱਕੀ ਹੈ) ਪੱਕੀ ਸੀ। ਪਿੰਡ ਵਿੱਚ ਇੱਕ ਹੋਰ ਆਦਮੀ ਉਹਨਾਂ ਭਰਾਵਾਂ ਦੇ ਨਾਨੇ ਨਾਲ ਪੁਰਾਣੀ ਈਰਖਾ ਰੱਖਦਾ ਸੀ ਤੇ ਜ਼ਮੀਨ ‘ਤੇ ਆਪ ਮੱਲ ਮਾਰਨੀ ਚਾਹੁੰਦਾ ਸੀ। ਇਸ ਕਰਕੇ ਆਪਸ ਵਿੱਚ ਕਾਫੀ ਲੜਾਈ ਅਤੇ ਵੱਢ ਟੁੱਕ ਹੋਈ ਪਰ ਅਖੀਰ ਮੁਸਲਮਾਨ ਭਰਾਵਾਂ ਦੀ। ਜਿੱਤ ਹੋਈ। ਜਿੱਤ ਦੀ ਖੁਸ਼ੀ ਵਿੱਚ ਜਸ਼ਨ ਮਨਾਇਆ ਅਤੇ ਕੁੱਝ ਹੀ ਦਿਨਾਂ ਵਿੱਚ ਉਹਨਾਂ ਨੇ ਆਪਣੇ ਲਈ ਇਮਾਰਤ ਉਸਾਰ ਲਈ। ਉਹਨਾਂ ਦੀ ਜ਼ਮੀਨ ਵਿੱਚ ਰੇਤ ਦੀ ਕਾਫੀ ਵੱਡੀ ਟਿੱਬੀ ਸੀ ਅਤੇ ਉਹ ਟਿੱਬੀ ਵਾਲੇ ਵੱਜਣ ਲੱਗ ਪਏ। ਪਿਛਲੇ ਪਿੰਡ ਪੱਕੀ ਦੇ ਨਾਲ ‘ਟਿੱਬੀ’ ਜੋੜ ਕੇ ਉਹਨਾਂ ਆਪਣੇ ਪਿੰਡ ਦਾ ਨਾਂ ‘ਪੱਕੀ ਟਿੱਬੀ’ ਰੱਖ ਦਿੱਤਾ।
ਇਸ ਪਿੰਡ ਵਿੱਚ ਸੰਨ 1947 ਤੋਂ ਪਾਕਿਸਤਾਨ ਤੋਂ ਆਏ ਜ਼ਿਲ੍ਹਾ ਲਾਹੌਰ ਦੇ ਚਾਰ ਪਿੰਡਾਂ ਦੇ ਲਾਹੌਰੀਏ ਰਹਿੰਦੇ ਹਨ, ਜੋਧੂ ਕੇ, ਲੋਧੇ ਕੇ, ਲਲਿਆਣੀ ਤੇ ਬੰਦੋ ਕੇ। ਪਹਿਲਾਂ ਇਹ ਸਾਰਾ ਪਿੰਡ ਮੁਸਲਮਾਨਾਂ ਦਾ ਹੁੰਦਾ ਸੀ। ਪਿੰਡ ਵਿੱਚ ਲਾਹੌਰੀਏ, ਹਰੀਜਨ, ਰਾਏ ਸਿੱਖ, ਚੌਧਰੀ ਤੇ ਖੱਤਰੀ ਆਦਿ ਵਰਗਾਂ ਦੇ ਲੋਕ ਰਹਿੰਦੇ ਹਨ। ਇਹ ਪਿੰਡ ਬਾਗਾਂ ਵਿੱਚ ਘਿਰਿਆ ਹੋਇਆ ਹੈ। ਇੱਥੇ ਹਰ ਤਰ੍ਹਾਂ ਦੇ ਫਲਾਂ ਦੇ ਬਾਗ ਹਨ।
ਪਿੰਡ ਦੇ ਲਹਿੰਦੇ ਵੱਲ ਇਲਾਹੀ ਫਕੀਰ ‘ਬਾਬਾ ਬੁੱਲੇ ਸ਼ਾਹ’ ਦੀ ਸਮਾਧ ਹੈ। ਜਿੱਥੇ ਹਰ ਸਾਲ ਬਾਬਾ ਬਲਕਾਰ ਸਿੰਘ ਵਲੋਂ ਬੜਾ ਭਾਰੀ ਮੇਲਾ ਲਗਵਾਇਆ ਜਾਂਦਾ ਹੈ। ਦੂਜੇ ਪਾਸੇ ਇੱਕ ਸਮਾਧ ਜਾਣੀ ਜਾਣ ਸਾਈਂ ਦੇਵਤਾ ਸੁਦਾਗਰ ਸਿੰਘ ਦੀ ਹੈ। ਇੱਥੇ ਵੀ ਹਰ ਸਾਲ ਭਾਦੋਂ ਦੀ 27 ਤਰੀਖ ਨੂੰ ਮੇਲਾ ਲੱਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ