ਪ੍ਰਾਚੀਨ ਸੱਭਿਅਤਾ ਵਾਲਾ ਪਿੰਡ : ਫਤਿਹਪੁਰ ਕੋਠੀ
ਕਥਾ ਇੱਥੋਂ ਤੋਰਨੀ ਹੀ ਠੀਕ ਰਹੇਗੀ ਕਿ ਹਥਲੀਆਂ ਸਤਰਾਂ ਦੇ ਲੇਖਕ ਨੇ ਜਦੋਂ ਆਪਣੇ ਸਰਕਾਰੀ ਕਰਮ- ਖੇਤਰ ਵਿੱਚ ਭਰਮਣ ਦੌਰਾਨ ਕੋਠੀ ਪਿੰਡ ਦੇ ਲਾਗਲੇ ਜੰਗਲ ਵਿੱਚ ਕੁਝ ਬੇਹ-ਖੰਡਰਾਤ, ਮੂਰਤੀਆਂ ਅਤੇ ਤਰਾਸ਼ੇ ਪੱਥਰ ਰੁਲਦੇ ਵੇਖੇ ਤਾਂ ਇਨ੍ਹਾਂ ਮੂਰਤੀਆਂ ਆਦਿ ਦੀ ਬਣਤਰ ਅਤੇ ਪਿੰਡ ਦੇ ਕੁਝ ਲੋਕਾਂ ਪਾਸ ਪਏ ਪ੍ਰਾਚੀਨ ਸਿੱਕਿਆਂ ਨੇ ਸਾਧੂ ਆਸ਼ਰਮ ਹੁਸ਼ਿਆਰਪੁਰ ਵਿੱਚ ਪਈਆਂ ਪ੍ਰਾਚੀਨ ਵਸਤੂਆਂ ਵੱਲ ਧਿਆਨ ਦੁਆਇਆ ਹੈ ਮਨ ‘ਚ ਉਤਸੁਕਤਾ ਜਾਗੀ ਕਿ ਹੋਵੇ ਨਾ ਹੋਵੇ ਹੁਸ਼ਿਆਰਪੁਰ ਦੇ ਖੋਜ ਕੇਂਦਰ ਵਿੱਚ ਢੋਲਬਾਹਾ-ਜਨੌਤੀ ਸਾਈਡ ਤੋਂ ਪ੍ਰਾਪਤ ਹੋਈਆਂ ਉਨ੍ਹਾਂ ਵਸਤੂਆਂ ਅਤੇ ਸੱਭਿਆਤਾਵਾਂ ਦਾ ਸੰਬੰਧ ਵੀ ਇਸ ਖੇਤਰ ਨਾਲ ਵੀ ਜੁੜਦਾ ਹੋਵੇ। ਹੋ ਇਹ ਵੀ ਸਕਦਾ ਹੈ ਕਿ ਢੋਲਬਾਹਾ-ਰਾਮ ਟਟਵਾਲੀ-ਜਨੌੜੀ-ਬਜਵਾੜਾ-ਕੋਠੀ ਅਤੇ ਜੈਜ ਆਦਿ ਸ਼ਿਵਾਲਿਕ ਪਹਾੜੀਆਂ ‘ਚ ਵਸੇ ਖਿੱਤੇ ਇੱਕ ਪ੍ਰਾਚੀਨ ਜੜ੍ਹਤ ਸੱਭਿਆਤਾਵਾਂ ਵਾਲੇ ਕਿਸੇ ਵਕਤ ਦੇ ਆਬਾਦ ਪਰ ਸਮਖੇਤਰ ਹੋਣ, ਜੋ ਕਿ ਅਤਿ ਪ੍ਰਾਚੀਨ ਕਾਲ ਵਿੱਚ ਇਸ਼ਾਰਾ ਕਰਦੇ ਲੱਗਦੇ ਹਨ। ਡੂੰਘੀ ਖੋਜ ਅਤੇ ਬਹੁਤੀ ਘਾਲਣਾ ਦੀ ਲੋੜ ਤਾਂ ਭਾਵੇਂ ਬਣਦੀ ਹੀ ਹੈ, ਪਰ ਸੱਚ ਇਹ ਵੀ ਹੈ ਕਿ ਆਦਿ ਮਨੁੱਖ ਨੇ ਪਹਿਲੋਂ-ਪਹਿਲ ਰੈਣ-ਬਸੇਰਾ ਉੱਥੇ ਹੀ ਕੀਤਾ ਸੀ ਜਿੱਥੇ ਪੀਣ ਲਈ ਪਾਣੀ, ਖਾਣ ਲਈ ਕੰਦ-ਮੂਲ ਅਤੇ ਲੁਕਣ ਲਈ ਪਹਾੜੀ ਕੰਦਰਾਂ ਸਨ। ਪਰ ਜਦੋਂ ਵੀ ਕਿਸੇ ਥਾਂ ਬਾਰੇ ਇਤਿਹਾਸਿਕ ਤੌਰ ‘ਤੇ ਬੱਝਵੀ ਜਾਣਕਾਰੀ ਪ੍ਰਾਪਤ ਨਾ ਹੋਵੇ ਤਾਂ ਉਸ ਬਾਰੇ ਅਕਸਰ ਹੀ ਬਜ਼ੁਰਗ ਬਾਸ਼ਿੰਦਿਆਂ ਅਤੇ ਪੀੜ੍ਹੀ-ਦਰ-ਪੀੜ ਵੀ ਤੁਰੀਆਂ ਆਉਂਦੀਆਂ ਦੰਦ-ਕਥਾਵਾਂ ‘ਤੇ ਨਿਰਭਰ ਕਰਨਾ ਪੈਂਦਾ ਹੈ। ਭਾਰਤ ਦਾ ਇਹ ਇਤਿਹਾਸਿਕ ਦੁਖਾਂਤ ਹੀ ਕਿਹਾ ਜਾ ਸਕਦਾ ਹੈ ਕਿ ਜਿਨ੍ਹਾਂ ਬਾਰੇ ਵਿਸ਼ਵਾਸਯੋਗ ਸਮੱਗਰੀ ਸਾਨੂੰ ਮਿਲਦੀ ਵੀ ਹੈ, ਉਹ ਹੈ ਬਹੁਤ ਘੱਟ ਅਤੇ ਜਿੱਥੇ ਬਹੁਤੀ ਸਮੱਗਰੀ ਮਿਲਦੀ ਹੈ, ਉਹ ਵਿਸ਼ਵਾਸ਼ਯੋਗ ਹੀ ਨਹੀਂ ਹੁੰਦੀ ਜਾਂ ਫਿਰ ਹੁੰਦੀ ਵੀ ਹੈ ਤਾਂ ਇੱਕ ਪਾਸੜ। ਕੁਝ ਵੀ ਹੋਵੇ, ਮਨ ਨੂੰ ਧੂਹ ਇਸ ਗੱਲ ਦੀ ਪੈ ਹੀ ਗਈ ਕਿ ਕੁਝ ਨਾ ਕੁਝ ਤਾਂ ਜ਼ਰੂਰ ਲਿਖਿਆ ਜਾਵੇ। ਹੁਸ਼ਿਆਰਪੁਰ ਜ਼ਿਲ੍ਹੇ ਦੇ ਬਲਾਕ ਮਾਹਿਲਪੁਰ ਦੇ ਉੱਤਰੀ-ਪੂਰਬੀ ਪਾਸੇ 13 ਕੁ ਕਿਲੋਮੀਟਰ ਦੂਰ ਸ਼ਿਵਾਲਿਕ ਪਹਾੜੀਆਂ ‘ਚ ਸਥਿਤ ਕੋਠੀ ਅਤੇ ਫਤਿਹਪੁਰ ਜੋ ਅੱਡ-ਅੱਡ ਹੱਦਬਸਤ ਨੰਬਰਾਂ ਵਾਲੇ ਜੁੜਵੇਂ ਪਿੰਡ ਹਨ, ਪਰ ਇਨ੍ਹਾਂ ਦੀ ਸਥਾਪਤੀ ਅਤੇ ਹੋਂਦ ਦਾ ਇਸ਼ਾਰਾ ਇੱਕ-ਦੂਜੇ ਦੇ ਜ਼ਿਕਰ ਤੋਂ ਬਿਨਾਂ ਅਧੂਰਾ ਹੈ। ਇੱਕ ਪਿੰਡ ਬਾਰੇ ਦੱਸਣਾ ਹੋਵੇ ਤਾਂ ਦੂਜੇ ਦਾ ਨਾਂਅ ਲੈਣਾ ਹੀ ਪੈਂਦਾ ਹੈ। ਇੱਕ-ਦੂਜੇ ਨਾਲ ਸਿਰ ਜੋਤੀ ਅਤੇ ਗਲਵਕੜੀ ਪਾਈ ਬੈਠੇ ਇਨ੍ਹਾਂ ਪਿੰਡਾਂ ਨੂੰ ਹੁਣ ਸਿਰਫ਼ ਤੇ ਸਿਰਫ਼ ਇੱਕੋ ਨਾਂਅ ਨਾਲ ਹੀ ਜਾਣਿਆ ਜਾਂਦਾ ਹੈ, ਫਤਿਹਪੁਰੀ ਕੋਠੀ। ਪੰਚਾਇਤ ਅਤੇ ਕੁਝ ਸਰਕਾਰੀ ਅਦਾਰੇ ਵੀ ਦੋਵਾਂ ਦੇ ਬੇਸ਼ੱਕ ਵੱਖਰੇ-ਵੱਖਰੇ ਹਨ, ਪਰ ਜੇ ਫਤਹਿਪੁਰ ਦੇ ਸਰਪੰਚ ਨੂੰ ਵੀ ਪੁੱਛ ਲਿਆ ਜਾਵੇ ਕਿ ਤੇਰਾ ਪਿੰਡ ਕਿਹੜਾ ਹੈ ਤਾਂ ਉਹ ਬੋਲੇਗਾ-ਫਤਿਹਪੁਰ ਕੋਠੀ ਅਤੇ ਇਹੀ ਹਾਲ ਪਿੰਡ ਕੋਠੀ ਵਾਲਿਆਂ ਦਾ ਹੈ। ਜਿੱਥੋਂ ਪਿੰਡ ਕੋਠੀ ਐਨ ਸ਼ਿਵਾਲਿਕ ਪਹਾੜੀਆਂ ‘ਚ ਵਸਿਆ ਹਜ਼ਾਰਾਂ ਵਰ੍ਹੇ ਪੁਰਾਣਾ ਪਿੰਡ ਹੈ, ਉੱਥੇ ਫਤਿਹਪੁਰ ਦੀ ਉਮਰ ਅਜੇ ਤਿੰਨ ਕੁ ਸਦੀਆਂ ਹੀ ਹੈ।
ਪੀੜ੍ਹੀ-ਦਰ-ਪੀੜ੍ਹੀ ਤੁਰੀ ਆਉਂਦੀ ਦੰਦ-ਕਥਾ ਕਿ ਹੁਸ਼ਿਆਰਪੁਰ ਲਾਗਲੇ ਬਜਵਾੜਿਓਂ ਕੋਠੇ ਚੜ੍ਹੀ ਬੱਕਰੀ ਬਰਾਸਤਾ ਕੋਠੀ ਮਾਹਿਲਪੁਰ ਲਾਗਲੀ ਜੇਜੋਂ ਜਾ ਉਤਰਦੀ ਹੈ ਇਸ ਗੱਲ ਦੀ ਸ਼ਾਹਦੀ ਭਰਦੀ ਹੈ ਕਿ ਕਿਸੇ ਵੇਲੇ ਇਹ ਇਲਾਕਾ ਸੰਘਣੀ ਵੱਸੋਂ ਵਾਲਾ ਸੀ। ਪ੍ਰਾਚੀਨ ਲਿਖਤਾਂ ‘ਚ ਜ਼ਿਕਰ ਬਜਵਾੜੇ ਅਤੇ ਜੇਜੋਂ ਦਾ ਆਉਂਦਾ ਹੈ, ਛੇਵੀਂ ਸਦੀ ‘ਚ ਵੀ ਪ੍ਰਸਿੱਧ ਚੀਨੀ ਯਾਤਰੀ ਹਿਊਨਸਾਂਗ ਵੀ ਇਸ ਬਾਰੇ ਬੋਲਦਾ ਹੈ ਅਤੇ ਜਦੋਂ ਕੋਠੀ ਦੇ ਖੰਡਰਾਤ ਜੈਜੋਂ ਬਜਵਾੜੇ ਨਾਲ ਮਿਲਦੇ ਹੋਣ ਤਾਂ ਜ਼ਰੂਰ ਹੀ ਇਹ ਪਿੰਡ ਉਦੋਂ ਵੀ ਵਸਦਾ ਹੋਊ। 11ਵੀਂ ਸਦੀ ਤੱਕ ਪੰਜਾਬ ਵਿੱਚ ਮੁਹੰਮਡਨ ਮੁਸਲਿਮ ਸਰਦਾਰਾਂ ਦੀ ਜਦ ਸ਼ਿਵਾਲਿਕ ਦੇ ਪੈਰਾਂ ‘ਚ ਪੈਂਦੇ ਮੈਦਾਨੀ ਇਲਾਕਿਆਂ ਵਿੱਚ ਕਿਸੇ ਹੱਦ ਤੱਕ ਪ੍ਰਭੂਸਤਾ ਕਾਇਮ ਹੋ ਗਈ ਸੀ ਤਾਂ ਸ਼ਿਵਾਲਿਕ ਪਹਾੜਾਂ ‘ਚ ਹਿੰਦੂ ਰਾਜਿਆਂ ਦਾ ਹੀ ਰਾਜ ਸੀ, ਪਰ ਚੌਧਵੀਂ ਅਤੇ ਪੰਦਰ੍ਹਵੀਂ ਸਦੀ ਦਾ ਇਤਿਹਾਸ ਫਰੋਲਿਆ ਜਾਵੇ ਤਾਂ ਜ਼ਿਕਰ ਆਉਂਦਾ ਹੈ ਕਿ ਇੱਕ ਖੋਖਰ ਸਰਦਾਰ ਕੋਠੀ ਦੀ ਜੂਹ ‘ਚ ਲਾਹੌਰ ਨੂੰ ਗਵਰਨਰ ਦਾ ਚਾਰਜ ਲੈਣ ਤੁਰੇ ਸਰਦਾਰ ਨਾਲ ਪਹਾੜੋ ਨਿਕਲ ਕੇ ਇਸ ਸਥਾਨ ਲਾਗੇ ਅਜਿਹੀ ਟੱਕਰ ਲਈ ਕਿ ਮਲਿਕ ਅਲਾਹਾਬਾਦ ਲੋਧੀ ਨੂੰ ਕੋਠੀ ਵਿਖੇ ਪਨਾਹ ਲੈਣ ਲਈ ਮਜਬੂਰ ਹੋਣਾ ਪਿਆ ਅਤੇ ਉਸ ਦੀ ਮਦਦ ਲਈ ਆਇਆ। ਜਨਰਲ ਮੁਬਾਰਿਕ ਸ਼ਾਹ ਵੀ ਇੱਥੇ ਹੀ ਮਾਰਿਆ ਗਿਆ। ਇਹ ਗੱਲ ਹੈਗੀ ਆ ਸੰਨ 1434 ਦੀ। ਇਨ੍ਹਾਂ ਇਤਿਹਾਸਿਕ ਤੱਥਾਂ ਦਾ ਟੁੱਟਵੇਂ ਰੂਪ ‘ਚ ਜ਼ਿਕਰ ਕਰਨ ਦਾ ਭਾਵ ਇਹ ਹੈ ਕਿ ਕੋਠੀ ਇੱਕ ਮਹੱਤਵਪੂਰਨ ਪੁਰਾਣੇ ਵੇਲਿਆਂ ਦਾ ਪਿੰਡ ਹੈ। ਉਦੋਂ ਦੀ ਤਵਾਰੀਖ ‘ਚ ਆਉਂਦਾ ਹੈ ਕਿ ਇਸ ਕੋਠੀ ਵਿਖੇ ਯੁੱਧਨੀਤਕ ਪੱਖੋਂ ਮੋਰਚਾਬੰਦੀ ਸੀ, ਜੋ ਕਿ ਮਾਹਿਲਪੁਰ-ਜੈਜੋਂ’ ਨੇੜੇ ਬਜਵਾੜੇ ਦੇ ਦੱਖਣ ‘ਚ ਸਥਿਤ ਹੈ। ਕੋਠੀ ਨਾਂਅ ਇਸ ਕਰਕੇ ਵੀ ਪੈ ਗਿਆ ਹੋਵੇਗਾ ਕਿ ਇੱਕ ਹੁੰਦਾ ਹੈ ਕਿਲ੍ਹਾ (ਯੁੱਧਨੀਤਕ ਪੱਖੋਂ ਵੱਡਾ ਗੜ੍ਹ-ਜਿੱਥੇ ਬਕਾਇਦਾ ਫੌਜ ਅਤੇ ਰਾਜ ਮਹੱਲ ਹੋਣ) ਦੂਜਾ ਹੁੰਦਾ ਸੀ ਕੋਟ (ਅਰਥਾਤ ਛੋਟਾ ਕਿਲ੍ਹਾ). ਕੋਠੀ ਆਉਂਦੀ ਸੀ ਤੀਜੇ ਨੰਬਰ ‘ਤੇ। (ਛੋਟੀ ਯੁੱਧਨੀਤਕ ਗੜ੍ਹੀ ਸਮੇਤ ਲੋੜ ਸਮੇਂ ਰਿਹਾਇਸ਼ੀ ਸਥਾਨ ਦੀ ਸਹੂਲਤ) ਅਤੇ ਸਭ ਤੋਂ ਅਖੀਰ ‘ਤੇ ਆਉਂਦਾ ਹੈ ਕੋਠਾ-ਇੱਕ ਸਧਾਰਨ ਮਨੁੱਖ ਦਾ ਰੈਣ-ਬਸੇਰਾ ਹੈ। ਹੋ ਸਕਦਾ ਇਸ ਛੋਟੀ ਯੁੱਧਨੀਤਕ ਗੜ੍ਹੀ ਦਾ ਨਾਂਅ ਹੋਵੇ-ਕੋਠੀ, ਜਿਸ ਤੋਂ ਇੱਥੋਂ ਦੀ ਵਸੋਂ ਦੇ ਰਿਹਾਇਸ਼ੀ ਸਥਾਨ ਦਾ ਨਾਂਅ ਵੀ ਕੋਠੀ ਪ੍ਰਚੱਲਤ ਹੋ ਗਿਆ ਹੋਵੇ ਪ੍ਰੰਤੂ ਇਸ ਪਿੰਡ ਨੂੰ ਕੋਠੀ ਦੀ ਬਣਤਰ ਇਸਨੂੰ ਕੁਦਰਤੀ ਭੂਗੋਲਿਕ ਸਥਿਤੀ ਨੇ ਪ੍ਰਦਾਨ ਕੀਤੀ ਹੋਈ ਸੀ ਕਿਉਂਕਿ ਚਾਰੇ ਪਾਸਿਓ ਇਸ ਪਹਾੜ ਨਾਲ ਘਿਰੀ ਇਸ ਆਬਾਦੀ ਨੂੰ ਇਕੋ ਇੱਕ ਲਾਂਘਾ ਇਸਦੀ ਮੁੱਖ ਖੱਡ ਹੀ ਸੀ ਜਿਸਨੂੰ ਬੰਦ ਕਰਨ ਨਾਲ ਇਹ ਆਬਾਦੀ ਬਿਲਕੁਲ ਹੀ ਜੂਹਬੰਦ ਹੋ ਜਾਂਦੀ ਸੀ। ਇਸ ਗੱਲ ਦੀ ਪੁਸ਼ਟੀ ਜੰਮੂ-ਕਸ਼ਮੀਰ ‘ਚ ਇਵੇਂ ਦੀ ਕੁਦਰਤ ਭੂਗੋਲਿਕ ਵੰਡ ਬਣਤਰ ਨਾਲ ਘਿਰੀਆਂ ਕੋਠੀ (ਕੋਠੜੀ) ਨਾਂ ਦੇ ਕੁਝ ਪਿੰਡਾਂ ਦੇ ਨਾਵਾਂ ਉਪਨਾਵਾਂ ਤੋਂ ਹੁੰਦੀ ਹੈ।
ਮੁਸਲਿਮ ਯੁੱਧ ਸਰਦਾਰਾਂ ਦੇ ਕਮਜ਼ੋਰ ਪੈ ਜਾਣ ਤੋਂ ਬਾਅਦ ਇਹ ਇਲਾਕਾ ਫਿਰ ਉਪਰਲੇ ਪਹਾੜੀ ਹਿੰਦੂ ਰਾਜਿਆਂ ਦੇ ਅਧੀਨ ਆ ਗਿਆ, ਜਿਨ੍ਹਾਂ ‘ਚੋਂ ਰਾਜਪੂਤ ਜਸਵਾਲ ਰਾਜਿਆਂ ਦੀ ਹੋਂਦ ‘ ਦੇ ਚਿੰਨ੍ਹ ਅਜੇ ਵੀ ਸਪੱਸ਼ਟ ਮਿਲਦੇ ਹਨ। ਨੇੜੇ ‘ਵਾਕਿਆ ਜੇਜੋਂ ਕਸਬੇ
ਵਿੱਚ ਜਸਵਾਲ ਰਾਜਿਆਂ ਦੇ ਕਿਲ੍ਹਿਆਂ ਦੇ ਥੇਹ ਵਿੱਚ ਬਾਹਰੀ ਦਖਲ ਰਸਤਿਆਂ ਦੇ ਗੇਟਾਂ ਵਰਗੇ ਕੁਝ ਖੰਡਰਾਤ ਕੋਠੀ ਦੇ ਜੰਗਲਾਂ ‘ਚ ਲਾਗਲੇ ਪਿੰਡਾਂ ਦੇ ਰਸਤਿਆਂ ਵੱਲ ਅਜੇ ਵੀ ਜੰਗਲੀ ਪਹਾੜਾਂ ਵਿੱਚ ਦੇਖਣ ਵਿੱਚ ਆਉਂਦੇ ਹਨ। ਪੁਰਾਣੇ ਰਾਜਿਆਂ ਦੇ ਮਹਿਲਾਂ ਦੇ ਬੇਹ ਅਤੇ ਕੁਝ ਹੋਰ ਨਿਸ਼ਾਨੀਆਂ ਅਜੇ ਵੀ ਮੌਜੂਦ ਹਨ ਅਜੇ ਵੀ ਇਸਦੇ ਜੰਗਲਾਂ ‘ਚ ਕਲਾਤਮਿਕ ਕਲਾ-ਕ੍ਰਿਤਾਂ ਮਿਲਦੀਆਂ ਹਨ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਇੱਕ ਵਕਤ ਜਦ ਮਹਿਲਾਂ ਦੀ ਉਸਾਰੀ ਹੋ ਰਹੀ ਸੀ ਤਾਂ ਕੇਸਰ ਤੱਕ ਨੂੰ ਚੂਨਾ ਮਿੱਟੀ ਦੀ ਘਾਣੀ ‘ਚ ਵਰਤਿਆ ਗਿਆ। ਇੱਕ ਦੰਦ-ਕਥਾ ਅਨੁਸਾਰ ਉਸ ਵੇਲੇ ਰਾਜਾ ਬੈਨ ਇਸ ਇਲਾਕੇ ਵਿੱਚ ਰਾਜ ਕਰਿਆ ਕਰਦਾ ਸੀ ਅਤੇ ਉਹ ਆਪਦੀ ਇੱਕ ਕੋਠੀ (ਮਹੱਲ) ਇੱਥੇ ਤਾਮੀਰ ਕਰਵਾ ਰਿਹਾ ਸੀ ਤਾਂ ਧੌਲਧਾਰ ਪਹਾੜੀਆਂ ਦੇ ਰਾਜੇ ਦੁਗਰੀ ਨੇ ਫੈਸਲਾ ਲੈ ਲਿਆ ਕਿ ਉਹ ਉਸ ਸ਼ਖ਼ਸ ਨੂੰ ਆਪਣੀ ਧੀ ਦਾ ਡੋਲਾ ਦੇਵੇਗਾ, ਜੋ ਉਸ ਵੱਲੋਂ ਕੇਸਰ ਨਾਲ ਲੱਦ ਕੇ ਤੋਰੇ ਗਏ ਅਠਾਰਾਂ ਉਨ੍ਹਾਂ ਨੂੰ ਇਕੋ ਸੰਨ ਦੇ ਸਿੱਕਿਆ ਨਾਲ ਖਰੀਦੇਗਾ। ਤੁਰਦਾ-ਤੁਰਦਾ ਇਹ ਕਾਫਲਾ ਜਦ ਇਸ ਸਥਾਨ ਤੋਂ ਲੰਘਿਆ ਤਾਂ ਇਹ ਗੱਲ ਸੁਣ ਕੇ ਰਾਜ-ਯੁਵਕ ਨੇ ਕਿਹਾ ਕਿ ਕੇਸਰ ਤਾਂ ਕਰ ਦਿਓ ਢੇਰੀ ਤਾਮੀਰ ਲਈ ਵਰਤੀ ਜਾ ਰਹੀ ਚੂਨੇ-ਇੱਟ ਰੋੜੇ ਦੀ ਘਾਣੀ ਵਿੱਚ ਅਤੇ ਜਿਸ ਵੀ ਸੰਨ ਦੇ ਜਿੰਨੇ ਵੀ ਸਿੱਕੇ ਚਾਹੀਦੇ ਹਨ, ਉਹ ਊਠਾਂ ‘ਤੇ ਲੱਦ ਕੇ ਲੈ ਜਾਓ, ਉਪਰੰਤ ਉਸ ਦੁਗਰੀ ਦੇ ਰਾਜ ਨੇ ਆਪਣੀ ਧੀ ਰਾਜੇ ਬੈਨ ਨੂੰ ਵਿਆਹ ਦਿੱਤੀ। ਇਸ ਕਥਾ ਵਿੱਚ ਕਿੰਨੀ ਕੁ ਸੱਚਾਈ ਹੈ, ਇਸ ਤੋਂ ਲਾਂਭੇ ਜਾਂਦਿਆਂ. ਇਹ ਗੱਲ ਜ਼ਰੂਰ ਨੋਟਿਸ ਵਿੱਚ ਆਉਂਦੀ ਹੈ ਕਿ ਇਹ ਇਲਾਕਾ ਉਦੋਂ ਹੈ ਸੀ ਬੜਾ ਅਮੀਰ। ਖੰਡਰਾਤ ਤਾਂ ਹਨ ਹੀ, ਅੱਜ ਵੀ ਵਰਖਾ ਵੇਲੇ ਹੁੰਦੇ ਭੌਂ-ਖੋਰ ਸਮੇਂ ਪ੍ਰਾਚੀਨ ਸਿੱਕੇ ਅਤੇ ਭਾਂਡੇ ਵਗੈਰਾ ਲੋਕਾਂ ਨੂੰ ਮਿਲ ਜਾਂਦੇ ਹਨ। ਜਸਵਾਲ ਰਾਜਿਆਂ ਵਲੋਂ ਸਦੀਆਂ ਪਹਿਲਾਂ ਬਣਾਏ ਖੂਹ ਅਜੇ ਵੀ ਚੰਗੀ ਹਾਲਤ ‘ਚ ਹਨ। ਸੰਨ 1815 ਵਿੱਚ ਜਦ ਮਹਾਰਾਜਾ ਰਣਜੀਤ ਸਿੰਘ ਨੇ ਇਸ ਇਲਾਕੇ ‘ਤੇ ਕਬਜ਼ਾ ਕਰ ਲਿਆ ਤਾਂ ਇਹ ਰਾਜੇ ਇਧਰੋਂ ਉੱਠ ਕੇ ਹਿਮਾਚਲ ਦੀ ਅੰਬ ਤਹਿਸੀਲ ਨੂੰ ਕੂਚ ਕਰ ਗਏ। ਬਾਅਦ ‘ਚ ਇਹ ਖਿੱਤਾ ਅੰਗਰੇਜ਼ਾਂ ਹੇਠ ਆ ਗਿਆ, ਜਿਨ੍ਹਾਂ ਕੋਠੀ ਦੇ ਲਾਗਲੇ ਕਸਬੇ ਜੈਜੋਂ ਤੱਕ 19ਵੀਂ ਸਦੀ ਦੇ ਸ਼ੁਰੂ ਤੱਕ ਰੇਲ ਲਾਈਨ ਲੈ ਆਂਦੀ।
ਰਹੀ ਗੱਲ ਪਿੰਡ ਫਤਿਹਪੁਰ ਵੱਸਣ ਦੀ। ਮਨੁੱਖ ਦਾ ਮੁੱਖ ਕਿੱਤਾ ਫਸਲ ਅਤੇ ਖੇਤੀ ‘ਤੇ ਅਧਾਰਤ ਸੀ। ਸਿੰਚਾਈ ਸਾਧਨ ਸਨ ਨਹੀਂ ਅਤੇ ਭਰਪੂਰ ਚਰਾਗਾਹਾਂ ਅਤੇ ਪਾਣੀ ਦੇ ਸਰੋਤ ਅਤੇ ਚਸ਼ਮੇ ਨਦੀਆਂ ਪਹਾੜਾਂ ‘ਚ ਸਨ। ਟੋਭੇ ਅਤੇ ਹੋਰ ਸਿੰਚਾਈ ਸਾਧਨ ਬੰਦੇ ਨੂੰ ਪੁੱਟਣੇ ਨਹੀਂ ਸੀ ਆਉਂਦੇ ਤਾਂ ਵਕਤ ਦੀ ਮਾਰ ਅਤੇ ਲੋੜ ਮੂਜ਼ਬ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਗੁਰਾਇਆ ਲਾਗੇ ਪੈਂਦੇ ਬੜਾ ਪਿੰਡ ਨਾਂਅ ਦੇ ਥਾਂ ਤੋਂ ਫੱਤੂ ਨਾਂਅ ਦਾ ਸਹੋਤਾ ਜੱਟ ਆਪਣੇ ਪਰਿਵਾਰ ਨਾਲ ਸਮੇਤ ਮਾਲ ਡੰਗਰ ਆ ਨਿਕਲਿਆ। ਗੱਲ ਸ਼ਾਇਦ ਹੈ ਇਹ 16ਵੀਂ ਸਦੀ ਦੀ। ਕੋਠੀ, ਜੋ ਕਿ ਬਿਲਕੁਲ ਹੀ ਪਹਾੜੀਆਂ ਵਿੱਚ ਆਬਾਦ ਸੀ, ਉੱਥੇ ਉਸ ਨੇ ਆਪਸੀ ਰਜ਼ਾਮੰਦੀ ਨਾਲ ਇਨ੍ਹਾਂ ਪਹਾੜੀਆਂ ਦੇ ਪੈਰਾਂ ‘ਚ ਆਪਣਾ ਰੈਣ-ਬਸੇਰਾ ਕਰ ਲਿਆ। ਲੋੜਾਂ ਅਨੁਸਾਰ ਆਬਾਦੀ ਵੱਧਦੀ ਗਈ ਅਤੇ ਹੌਲੀ-ਹੌਲੀ ਉਸ ਫੱਤੂ ਉਰਫ਼ ਫਤਿਹ ਸਿੰਘ ਦੇ ਨਾਂਅ ‘ਤੇ ਇਹ ਥਾਂ ਫਤਿਹਪੁਰ ਦੇ ਨਾਂਅ ਨਾਲ ਜਾਣਿਆ ਜਾਣ ਲੱਗ ਪਿਆ। ਪਰ ਕਿਹਾ ਇਸ ਨੂੰ ਕੋਠੀ ਹੀ ਜਾਂਦਾ ਸੀ। ਬੇਸ਼ੱਕ ਹੌਲੀ-ਹੌਲੀ ਦੋਵਾਂ ਪਿੰਡਾਂ ਦੀ ਆਬਾਦੀ ਇੱਕ-ਦੂਜੇ ਵਿੱਚ ਰਲਗੱਡ ਹੋ ਗਈ ਸੀ, ਪਰ 1887 ਈ. ਦੇ ਬਦੋਬਸਤ ਕਾਨੂੰਨ ਵੇਲੇ ਇਨ੍ਹਾਂ ਨੂੰ ਦੋ ਅੱਡ-ਅੱਡ ਹੱਦਬਸਤ ਨੰਬਰਾਂ ਵਾਲੇ ਕੋਠੀ ਅਤੇ ਫਤਿਹਪੁਰ ਨਾਂਅ ਦੇ ਪਿੰਡ ਮੰਨਿਆ ਗਿਆ। ਹਰ ਜਾਤ-ਧਰਤ ਦੇ ਬੰਦੇ ਬੇਸ਼ੱਕ ਦੋਵੀਂ ਪਿੰਡੀਂ ਵੱਸਦੇ ਹਨ, ਪਰ ਕੋਠੀ ਬਹੁਤੀ ਵੱਸੋਂ ਹੈ ਬ੍ਰਾਹਮਣਾਂ, ਆਦਿਧਰਮੀਆਂ ਅਤੇ ਸੈਣੀਆਂ ਦੀ ਅਤੇ ਫਤਿਹਪੁਰ ਹੈ- ਸਹੋਤੇ ਜੱਟਾਂ ਦੀ। ਘੁਮਿਆਰ ਇੱਥੋਂ ਦੇ ਇੱਕ ਹੋਰ ਜ਼ਿਕਰਯੋਗ ਬਾਸ਼ਿੰਦੇ ਹਨ, ਉਂਜ ਥੋੜ੍ਹੇ-ਥੋੜ੍ਹੇ ਘਰ ਸਾਰੀਆਂ ਬਰਾਦਰੀਆਂ ਦੇ ਹਨ, ਪਰ ਮੁਸਲਮਾਨ ਵੱਸਦੇ ਸਨ ਲਾਗਲੇ ਪਿੰਡ ਕਾਂਗੜ ਵਿੱਚ। ਕਹਿਣ ਵਾਲੇ ਇਹ ਵੀ ਕਹਿੰਦੇ ਹਨ ਕਿ ਕਾਂਗੜ ਤੱਕ ਮੁਸਲਮਾਨੀ ਕਬਜ਼ਾ ਰਿਹਾ ਸੀ ਅਤੇ ਕੋਠੀ ਰਿਹਾ ਹਿੰਦੂ ਰਾਜਿਆਂ ਦਾ। ਤਾਹੀਓਂ ਸ਼ਾਇਦ ਕੋਠੀ ਕੋਈ ਮੁਸਲਿਮ ਧਾਰਮਿਕ ਚਿੰਨ੍ਹ ਨਹੀਂ ਹੈ, ਪਰ ਨਾਲ ਜੁੜਵੇਂ ਕਾਂਗੜ ‘ਚ ਮੁਸਲਮਾਨੀ ਮਸਜਿਦਾਂ ਤਾਂ ਹਨ ਹੀ ਵਕਫ ਬੋਰਡ ਦੀ ਜ਼ਮੀਨ ਵੀ ਹੈ। ਉਂਜ ਕਾਂਗੜੀਏ ਵੀ ਆਪਣੇ ਪਿੰਡ ਦਾ ਨਾਂਅ ਦੱਸਣ ਲੱਗਿਆਂ ਕਾਂਗੜ ਕੋਠੀ ਕਹਿਣਗੇ ਅਤੇ ਇਹੀ ਹਾਲ ਬਿਲਕੁਲ ਨਾਲ ਜੁੜਵੇਂ ਗੰਗੋਵਾਲੀਆ ਦਾ ਹੈ, ਜੋ ਇਹ ਸਿੱਧ ਕਰਦਾ ਹੈ ਕਿ ਕੋਠੀ ਬੜਾ ਪੁਰਾਣਾ ਅਤੇ ਮਸ਼ਹੂਰ ਪਿੰਡ ਹੈ।
ਫਤਹਿਪੁਰ-ਕੋਠੀ ਪ੍ਰਮੁੱਖ ਜੈਨ ਧਰਮ ਦੇ ਸਮਾਰਕਾਂ ਕਾਰਨ ਵੀ ਪ੍ਰਸਿੱਧ ਹੈ। ਜਦੋਂ ਲੁਟੇਰੇ ਮੁਗ਼ਲ ਹਮਲਾਵਰਾਂ ਤੋਂ ਮਜਬੂਰ ਸੂਬਾ ਗੁਜਰਾਤ-ਰਾਜਸਥਾਨ ਦੇ ਅਮੀਰ ਜੈਨੀ ਵਪਾਰੀਆਂ ਨੂੰ ਉੱਥੋਂ ਹਿਜਰਤ ਕਰਨੀ ਪਈ ਤਾਂ ਪਈ ਤਾਂ ਉਹ ਹਿੰਦੂ ਰਾਜਿਆਂ ਦੇ ਅਧੀਨ ਦੁਰਗਮ ਪਹਾੜੀ ਖਿੱਤਿਆਂ ਵੱਲ ਪਨਾਹ ਲੈਣ ਲਈ ਮਜਬੂਰ ਹੋ ਗਏ। ਰਾਜਸਥਾਨ ਦੇ ਓਮੀਆਂ ਪਿੰਡ ਤੋਂ ਉਨ੍ਹਾਂ ਦੇ ਜਿਹੜੇ 17 ਪ੍ਰਮੁੱਖ ਬਜ਼ੁਰਗਾਂ ਇੱਥੋਂ ਮੁਕਾਮ ਕੀਤਾ, ਉਨ੍ਹਾਂ ਪੂਜਨੀਕ ਬਜ਼ੁਰਗਾਂ ਦੀ ਯਾਦ ਵਿੱਚ ਜੈਨ ਪੰਥੀਆਂ ਵੱਲੋਂ ਇੱਥੇ ਬਹੁਤ ਹੀ ਕਲਾਤਮਿਕ ਉਸਾਰੀਆਂ ਕਰਵਾਈਆਂ ਜਾ ਰਹੀਆਂ ਹਨ। ਭਾਂਬੂ, ਘੁਮਿਆਰੇ, ਦੁਗੜ, ਤੱਤੜ, ਬਣਤੀਏ, ਰਿੰਕੇ, ਮਹਿੰਮੀ, ਨਾਹਰ (ਓਸਵਾਲ), ਗਧੀਏ, ਬੰਗੇ ਅਤੇ ਮਲ ਗੋਤਰ ਆਦਿ ਦੇ ਜੈਨ ਸਮੁਦਾਏ ਪ੍ਰਮੁੱਖ ਧਾਰਮਿਕ ਰਸਮਾਂ ਇੱਥੇ ਅਦਾ ਕਰਦੇ ਹਨ। ਦੱਖਣ ਭਾਰਤ ਤੋਂ ਉਰਲੇ ਪੁਨੇ-ਸਤਾਰੇ ਕੋਲ ਦੇ 369 ਪਰਿਵਾਰਾਂ ਦੇ ਨਵ-ਜੰਮੇ ਬੱਚੇ ਦੇ ਝੱਗੀ ਤੱਕ ਇੱਥੇ ਆ ਕੇ ਪਹਿਨਾਉਂਦੇ ਹਨ ਅਤੇ ਕੁਝ ਮੁੰਡਨ ਸੰਸਕਾਰ ਵੀ ਇੱਥੇ ਆ ਕੇ ਹੀ ਕਰਦੇ ਹਨ। ਬੜੇ ਅਮੀਰ ਇਹ ਵਪਾਰੀ ਲੋਕ ਹਰ ਸਾਲ ਦੋ ਤਿੰਨ ਵੱਡੇ ਸਮਾਰੋਹ ਇੱਥੇ ਆ ਕੇ ਕਰਦੇ ਹਨ। ਇਨ੍ਹਾਂ ਵੱਲੋਂ ਵੱਡੀ ਪੱਧਰ ‘ਤੇ ਬਜ਼ੁਰਗਾਂ ਦੀ ਯਾਦ ਵਿੱਚ ਕਰਵਾਈ ਜਾ ਰਹੀ ਉਸਾਰੀ ਤੋਂ ਬਿਨਾਂ ਜੇ ਇਹ ਪਿੰਡ ਲਈ ਲੋੜੀਂਦੀਆਂ ਹੋਰ ਸਹੂਲਤਾਂ ਵੱਲ ਧਿਆਨ ਦੇਣ ਤਾਂ ਇੱਕ ਚੰਗੀ ਰਵਾਇਤ ਹੋਵੇਗੀ ਕਿਉਂਕਿ ਇਸ ਪਿੰਡ ਦੇ ਹੀ ਨਾਥ ਸੰਪਰਦਾ ਦੇ ਸੰਸਥਾਪਕ ਸਕਾਈਨਾਥ ਨੇ ਖਤਰਾ ਸਹੇੜ ਕੇ ਵੀ ਇਨ੍ਹਾਂ ਦੇ ਬਜ਼ੁਰਗਾਂ ਨੂੰ ਇੱਥੇ ਪਨਾਹ ਦਿੱਤੀ ਸੀ। ਬੇਸ਼ੱਕ ਸਕਾਈਨਾਥ ਦੀ ਯਾਦਗਾਰ ਵੀ ਇਨ੍ਹਾਂ ਦੇ ਸਮਾਰਕਾਂ ਨਾਲ ਹੀ ਬਣੀ ਹੈ ਅਤੇ ਜੈਨੀ ਵੀ ਨਾਥ ਪਰਿਵਾਰਾਂ ਦਾ ਅਹਿਸਾਨ ਨਹੀਂ ਭੁਲਾਉਂਦੇ ਇਹੀ ਕਾਰਨ ਹੈ ਕਿ ਧਾਰਮਿਕ ਵਖਰੇਵਾਂ ਹੋਣ ਦੇ ਬਾਵਜੂਦ ਜੈਨ ਸਮਾਰਕਾਂ ਦਾ ਮੁੱਖ ਪੁਜਾਰੀ ਨਾਥ ਸੰਪਰਦਾ ‘ਚੋਂ ਹੀ ਚੱਲਿਆ ਆ ਰਿਹਾ ਹੈ, ਜੋ ਕਿ ਇੱਕ ਵਿਲੱਖਣ ਗੱਲ ਹੈ। ਸਕਾਈਨਾਥ ਬਾਰੇ ਕਿਹਾ ਜਾਂਦਾ ਹੈ ਕਿ ਉਹ ਅੱਜ ਤੋਂ 500 ਸਾਲ ਪਹਿਲਾਂ ਇਸ ਪਹਾੜੀ ‘ਤੇ ਸਥਿਤ ਨਾਥਾਂ ਦੇ ਡੇਰੇ ਦਾ ਇੱਕ ਮਸ਼ਹੂਰ ਮੁਖੀ ਸੀ। ਸੁਣਾਈ ਜਾਂਦੀ ਇੱਕ ਕਥਾ ਅਨੁਸਾਰ ਸਕਾਈਨਾਥ ਦੇ ਇੱਥੋਂ ਰੋਜ਼ਾਨਾ ਹਰਿਦੁਆਰ ਜਾ ਕੇ ਗੰਗਾ ਇਸ਼ਨਾਨ ਕਰਨ ਦੀ ਮਿੱਥ ਦੱਸੀ ਜਾਂਦੀ ਹੈ ਅਖੇ ਉਹ ਆਪਣੇ ਪਹਾੜੀ ਰਿਹਾਇਸ਼ ਵਾਲੇ ਭੋਰੇ ਰਾਹੀਂ ਜੋ ਕਿ ਹਰਿਦੁਆਰ ਗੰਗਾ ਤੱਕ ਜਾਂਦਾ ਸੀ, ਰਾਹੀਂ ਰੋਜ਼ਾਨਾ ਗੰਗਾ ਜਾ ਨਹਾਉਂਦਾ ਸੀ। ਭੋਰਾ ਤਾਂ ਇਹ ਅਜੇ ਵੀ ਮੌਜੂਦ ਹੈ ਪਰ ਲੱਗਦਾ ਹੈ ਕਿ ਇਹ ਭੋਰਾ ਗੰਗਾ ਨੂੰ ਨਹੀਂ ਬਲਕਿ ਲਾਗੇ ਵੱਗਦੇ ਚਸ਼ਮਿਆ ਤੱਕ ਜਾਂ ਹੋਰ ਧਰਤ ਹੇਠਲੇ ਪਾਣੀ ਸਰੋਤਾਂ ਤੱਕ ਜਾਂਦਾ ਹੋਵੇਗਾ, ਨਾਥ ਜਦ ਕੁਝ ਦੇਰ ਬਾਅਦ ਇਸ਼ਨਾਨ ਅਤੇ ਉੱਥੇ ਹੀ ਪੂਜਾ ਅਰਚਨਾ ਬਗੈਰਾ ਕਰਕੇ ਸਮੇਤ ਜਲ ਬਾਹਰ ਆਉਂਦਾ ਹੋਵੇਗਾ ਤਾਂ ਉਸ ਦਾ ਇਹ ਨਿੱਤ ਦਾ ਕ੍ਰਮ ਗੰਗਾ ਇਸ਼ਨਾਨ ਨਾਲ ਜੇਡ ਵਿਚ ਗਿਆ ਹੋਵੇਗਾ।
ਪਹਿਲੋਂ-ਪਹਿਲ ਆਏ ਜੈਨੀ ਬਜ਼ੁਰਗਾਂ ਵਿੱਚੋਂ ਬਾਬਾ ਬਿੰਜਲ ਅਤੇ ਸਾਰਾ ਪਰਮਾ ਅਜਿਹੇ ਸੂਰਬੀਰ ਹੋਏ ਸਨ, ਜਿਨ੍ਹਾਂ ਨੇ ਹੁਣ ਦੇ ਰਾਜਨੀ ਮਾਤਾ (ਨੇੜੇ ਚੰਦੋਵਾਲ ਚੰਰਵਾਲ) ਮੰਦਰ ਸਥਾਨ ‘ਤੇ ਉਸ ਮੁਸਲਿਮ ਹੁਕਮਰਾਨ ਨਾਲ ਟੱਕਰ ਲਈ ਸੀ, ਜਿਸਨੇ ਹਰ ਨਵ-ਵਿਆਹੀ ਜਾਣ ਵਾਲੀ ਕੰਨਿਆ ਦਾ ਡੋਲਾ ਪਹਿਲੀ ਰਾਤ ਉਸ ਦੇ ਮਹਿਲਾਂ ‘ਚ ਪਹੁੰਚਾਉਣ ਦਾ ਧੱਕੜ ਫੁਰਮਾਨ ਜਾਰੀ ਕਰ ਰੱਖਿਆ ਹੋਇਆ ਸੀ, ਬਾਬਾ ਪਰਮਾ ਯੁੱਧ ‘ਚ ਮਾਰਿਆ ਗਿਆ ਸੀ ਅਤੇ ਬਾਬੇ ਬਿੰਜਲ ਦੀ ਵੀ ਯਾਦਗਾਰ ਕੋਠੀ ਕਾਂਗੜ ਕਸੀਮੇ ਲਾਗੇ ਸਥਿਤ ਹੈ, ਜਿੱਥੇ ਕਿ ਬਹੁਤਾ ਕਰਕੇ ਹੁਸ਼ਿਆਰਪੁਰੀਏ ਜੈਨੀ ਪਹੁੰਚਦੇ ਹਨ। ਇਹ ਜੈਨੀ ਸੂਰਮੇ ਬੇਸ਼ੱਕ ਪੂਰਨ ਕਾਮਯਾਬ ਨਾ ਹੋਏ, ਸ਼ਹੀਦੀ ਪਾ ਗਏ, ਪਰ ਇਸ ਘਟਨਾ ਤੋਂ ਬਾਅਦ ਆਈ ਲੋਕ ਜਾਗ੍ਰਿਤੀ ਨੇ ਨਾ ਸਿਰਫ਼ ਇਸ ਕਰੂਰ ਪ੍ਰਥਾ ਦਾ ਹੀ ਅੰਤ ਕਰ ਦਿੱਤਾ, ਬਲਕਿ ਉਨ੍ਹਾਂ ਹਾਕਮਾਂ ਦੀਆਂ ਰਿਹਾਇਸ਼ਗਾਹਾਂ ਨੂੰ ਐਨਾ ਢਹਿ-ਢੇਰੀ ਕਰ ਦਿੱਤਾ ਕਿ ਅੱਜ ਵੀ ਉਹ ਰਾਜਨੀ ਸਥਾਨ ਇੱਕ ਉੱਚੇ ਥੇਹ ਦੇ ਰੂਪ ‘ਚ ਮੌਜੂਦ ਹੈ, ਜਿੱਥੇ ਸਮੇਂ-ਸਮੇਂ ਪ੍ਰਾਚੀਨ ਵਸਤਾਂ ਅਤੇ ਸਿੱਕੇ ਪ੍ਰਾਪਤ ਹੁੰਦੇ ਰਹਿੰਦੇ ਹਨ। ਇਸ ਸਥਾਨ ਦੀ ਪੁਰਾਤਤਵ ਵਿਭਾਗ ਨੂੰ ਖੁਦਾਈ ਕਰਕੇ ਖੋਜ ਕਾਰਜ ਵਿੱਢਣਾ ਚਾਹੀਦਾ ਹੈ। ਅੱਜ ਵੀ ਉੱਥੇ ਉਸ ਕੰਨਿਆ ਜਿਹੜੀ ਕਲੰਕ ਤੋਂ ਬਚਣ ਲਈ ਸੰਘਰਸ਼ਮਈ ਹੋ ਗਈ ਸੀ ਦੀ ਯਾਦ ‘ਚ ਰਾਜਨੀ ਮਾਤਾ ਦੇ ਨਾਂਅ ਮੇਲੇ ਲੱਗਦੇ ਹਨ ਅਤੇ ਸੰਬੰਧਿਤ ਕਥਾ ਦਾ ਜ਼ਿਕਰ ਭਾਵੇਂ ਕੁਝ ਹੋਰ ਢੰਗ ਨਾਲ ਕੀਤਾ ਜਾਂਦਾ ਹੈ, ਪਰ ਇਤਿਹਾਸਿਕ ਤੱਥਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ। ਵਪਾਰਕ ਮਜਬੂਰੀਆਂ ਕਾਰਨ ਬਾਅਦ ਦੇ ਜੈਨੀ ਪਰਿਵਾਰ ਜੈਜੋਂ ਹੁਸ਼ਿਆਰਪੁਰ-ਨਵਾਂ ਸ਼ਹਿਰ-ਲੁਧਿਆਣਾ-ਦਿੱਲੀ ਅਤੇ ਹੋਰ ਮੁੱਖ ਸ਼ਹਿਰਾਂ ‘ਚ ਜਾ ਵੱਸੇ, ਪਰ ਅੱਜ ਵੀ ਪੂਰੇ ਭਾਰਤ ‘ਚੋਂ ਕੁਝ ਜੈਨ ਸਮੁਦਾਏ ਇੱਥੇ ਪਧਾਰ ਕੇ ਆਪਣੇ ਬਜ਼ੁਰਗਾਂ ਨੂੰ ਨਮਸਕਾਰ ਕਰਨ ਆਉਂਦੇ ਹਨ। ਇੱਥੋਂ ਮਿਲੀਆਂ ਕੁਝ ਮੂਰਤੀਆਂ ਜੈਨ ਅਤੇ ਬੁੱਧ ਧਰਮ ਦੇ ਪੈਰੋਕਾਰਾਂ ਵੱਲ ਇਸ਼ਾਰਾ ਕਰਦੀਆਂ ਹਨ।
ਜਿਵੇਂ ਕਿ ਜ਼ਿਕਰ ਹੀ ਕੀਤਾ ਜਾ ਚੁੱਕਾ ਹੈ ਕਿ ਇਹ ਪਿੰਡ ਬਿਲਕੁਲ ਪਹਾੜੀ ‘ਚ ਸਥਿਤ ਹੈ, ਪਰ ਹੁਣ ਦੀ ਆਬਾਦੀ ਵਾਲੇ ਸਥਾਨਾਂ ਨਾਲੋਂ ਇਸ ਦੀ ਪੁਰਾਣੀ ਆਬਾਦੀ ਬਾਹਰਲੇ ਜੰਗਲੀ ਇਲਾਕਿਆਂ ‘ਚ ਵੀ ਵੱਸਦੀ ਸੀ। ਪਹਾੜਾਂ ਦੀ ਖੇਤਨੁਮਾ ਬਣਤਰ ਅਤੇ ਖੰਡਰਾਤ ਇਸ ਗੱਲ ਦੀ ਹਾਮੀ ਭਰਦੇ ਹਨ, ਤਾਹੀਓਂ ਤਾਂ ਬਜ਼ੁਰਗਾਂ ਜਾਂ ਜਾਤਾਂ ਦੇ ਨਾਂਅ ‘ਤੇ ਕਈ ਟਿੱਬਿਆਂ (ਪਹਾੜ) ਅਤੇ ਚੋਆਂ (ਖੱਡਾਂ) ਦੀ ਅੱਲ ਪਈ ਹੋਈ ਹੈ। ਲਲਵਾਨ ਕੋਠੀ ਅਤੇ ਮੈਲੀ ਪਿੰਡ ਦੇ ਜੰਗਲੀ ਬਸੀਮੇ ‘ਤੇ ਸਥਿਤ ਜੱਟੂ ਟਿੱਲੇ ‘ਤੇ ਅੱਜਕੱਲ੍ਹ ਜੰਗਲਾਤ ਫਾਇਰ ਅਤੇ ਰਖਵਾਲਾ ਟਾਵਰ ਹੈ। ਲਲਵਾਨ-ਕੋਠੀ ਦੇ ਬਸੀਮੇ ‘ਤੇ ਸਥਿਤ ਇੱਕ ਹੋਰ ਟਿੱਲੇ ਦਾ ਨਾਂਅ ਕੰਪਾਸ ਟਿੱਲਾ ਹੈ, ਜਿੱਥੇ ਅੰਗਰੇਜ਼ਾਂ ਕੰਪਾਸ ਫਿੱਟ ਕੀਤੀ ਹੋਈ ਸੀ। ਉਚਾਈ ਇਸ ਦੀ ਐਨੀ ਹੈ ਕਿ ਜੇ ਇਸ ‘ਤੇ ਦੂਰਬੀਨ ਫਿੱਟ ਕਰ ਦੇਈਏ ਤਾਂ ਇੱਥੋਂ 50 ਕੁ ਕਿਲੋਮੀਟਰ ਦੂਰ ਸਥਿਤ ਸ਼ਹਿਰ ਫਗਵਾੜੇ ਦੇ ਦਰਸ਼ਨ ਹੋ ਜਾਂਦੇ ਹਨ। ਤਿੰਨ ਪਿੰਡਾਂ ਅਤੇ ਹਿਮਾਚਲ ਦੀ ਹੱਦ ‘ਤੇ ਵਾਕਿਆ ਇੱਕ ਹੋਰ ਸਭ ਤੋਂ ਉੱਚੇ ਟਿੱਲੇ ਦਾ ਨਾਂਅ ਭੱਠੀਆਂ ਦਾ ਟਿੱਬਾ ਕਹਾਉਂਦਾ ਹੈ। ਦੂਰ ਜੰਗਲ ‘ਚ ਸਥਿਤ ਇਸ ਟਿੱਬੇ ‘ਚ ਬੱਬਰ ਅਕਾਲੀ ਦੇਸ਼ ਭਗਤਾਂ ਨੇ ਲੁਕਣ ਲਈ ਭੋਰੇ ਬਣਾ ਕੇ ਮੋਰਚਾਬੰਦੀ ਕੀਤੀ ਹੋਈ ਸੀ। ਪੂਰਾ ਟਿੱਲਾ ਲਾ ਕੇ ਵੀ ਅੰਗਰੇਜ਼ ਉਨ੍ਹਾਂ ਨੂੰ ਕਾਬੂ ਨਾ ਕਰ ਸਕੇ। ਇਹ ਭੋਰੇ ਅਜੇ ਵੀ ਮੌਜੂਦ ਹਨ। ਗੱਲ ਅੰਗਰੇਜ਼ਾਂ ਦੀ ਚੱਲੀ ਹੈ ਤਾਂ ਉਨ੍ਹਾਂ ਦੁਆਰਾ ਤਾਮੀਰ ਕਰਵਾਈ ਗਈ ਉਸ ਸੜਕ ਦਾ ਵੀ ਜ਼ਿਕਰ ਕਰ ਦੇਈਏ ਜੋ ਹੁਸ਼ਿਆਰਪੁਰ ਤੋਂ ਉਨੇ ਨੂੰ ਸ਼ਿਵਾਲਿਕ ਪਹਾੜੀਆਂ ‘ਚ ਪੈਰਾਂ ਵਿੱਚ ਮੈਲੀ ਕਾਂਗੜ ਤੱਕ ਅਤੇ ਅਗਾਂਹ ਕੋਠੀ ਤੋਂ ਨਿਰੋਲ ਪਹਾੜਾਂ ਰਾਹੀਂ ਉਨੇ ਨੂੰ ਜਾਂਦੀ ਸੀ। ਇਹ ਉਸ ਵਕਤ ਹੁਸ਼ਿਆਰਪੁਰ ਤੋਂ ਉਨੇ ਨੂੰ ਜਾਂਦਾ ਸਭ ਤੋਂ ਨੇੜਲਾ ਪੰਧ ਸੀ । ਜੰਗਲਾਂ ਦੀ ਰਖਵਾਲੀ ਅਤੇ ਹੋਰ ਕਾਰਜਾਂ ਲਈ ਬਣਾਈ ਗਈ ਇਹ ਕੱਚੀ ਪੱਕੀ ਅਤੇ ਸਿੱਲ ਪੱਥਰਾਂ ਨਾਲ ਬਣੀ ਹੋਈ ਸੜਕ ਨੂੰ ਪਹਾੜਾਂ ਵਿੱਚ ਪੱਕੇ ਪੱਥਰਾਂ ਦੇ ਡੰਗੇ ਲਾ ਕੇ ਮਜ਼ਬੂਤੀ ਪ੍ਰਦਾਨ ਕੀਤੀ ਗਈ ਸੀ। ਬਾਅਦ ‘ਚ ਇਸ ਨੂੰ ਡਿਸਟ੍ਰਿਕਟ ਬੋਰਡ ਦੀ ਸੜਕ ਕਿਹਾ ਜਾਣ ਲੱਗ ਪਿਆ। ਇਸ ਸੜਅ ਦੀ ਪਹਾੜਾਂ ‘ਚ ਹੱਦ ਅਜੇ ਵੀ ਸਪੱਸ਼ਟ ਹੈ। 20-25 ਫੁੱਟ ਚੌੜੀ ਇਹ ਸੜਕ ਜੋ ਮਾਲ ਮਹਿਕਮੇ ਦੇ ਕਾਗਜ਼ਾਂ ‘ਚ ਅਜੇ ਵੀ ਬੋਲਦੀ ਹੈ, ਨੂੰ ਜੇ ਵਰਤਣਯੋਗ ਬਣਾ ਲਈਏ ਤਾਂ ਇਹ ਇਤਿਹਾਸਿਕ ਸੜਕ ਬਹੁਪੱਖੀ ਲਾਭ ਦੇਣ ਵਾਲਾ ਸਭ ਤੋਂ ਨੇੜਲਾ ਪੰਧ ਹੋਵੇਗੀ। ਕਿਹਾ ਜਾਂਦਾ ਹੈ ਕਿ ਉਸ ਸੜਕ ਦੇ ਵਕਤ ਹੀ ਜੰਗਲਾਂ ਦੀ ਰਾਖੀ ਬੜੀ ਸਾਰਥਿਕ ਢੰਗ ਨਾਲ ਹੁੰਦੀ ਸੀ। ਇਹੋ ਕਾਰਨ ਹੈ ਕਿ ਬਨਸਪਤੀ ਦੀ ਸਾਂਭ-ਸੰਭਾਲ ਦੇ ਨਾਲ-ਨਾਲ ਭੂਮੀ ਤੇ ਜਲ ਸੰਭਾਲ ਦੇ ਕਾਰਜਾਂ ਤਹਿਤ ਸੰਨ 1920 ਵੇਲੇ ਹੀ ਕੋਠੀ ਵਿਖੇ ਰਜਿਸਟਰਡ ਸਾਇਲ ਗੈਸਟ੍ਰੇਸ਼ਨ ਸੁਸਾਇਟੀ ਕੰਮ ਕਰਨ ਲੱਗ ਪਈ ਸੀ, ਜੋ ਅੱਜ ਵੀ ਹੈ। ਕੋਠੀ ਪਿੰਡ ਦੇ ਬਰਸਾਤੀ ਅਤੇ ਸਦਾਬਹਾਰ ਚਸ਼ਮਿਆਂ ਵਾਲੀਆਂ ਖੇਡਾਂ (ਚੋਆਂ) ਦੇ ਨਾਂਅ ਵੀ ਕੁਝ ਵਿਸ਼ੇਸ਼ਤਾਈਆਂ ਅਤੇ ਉੱਥੇ ਉਸ ਵਕਤ ਵੱਸੋਂ ਕਰਨ ਵਾਲੇ ਬਾਸ਼ਿੰਦਿਆਂ ਦੇ ਨਾਂਅ ‘ਤੇ ਰੱਖੇ ਹੋਏ ਸਨ, ਜਿਵੇਂ ਮੰਦਰ ਵਾਲਾ ਚੇਅ (ਮੰਡਿਆਲਾ ਅਤੇ ਚੱਕੀ), ਅੰਧਲਾ ਚੇਅ (ਤਾਲ ਦਾ ਚੇਅ-ਇੱਕ ਪੱਤੀ ਸਿੰਘ ਪੱਥਰਾਂ ਦੀ ਬਣੀ ਛੱਪਤੀ, ਜਿਸ ਰਾਹੀਂ ਇਸ ਚੇਅ ਦਾ ਸਦਾ ਵਗਦਾ ਪਾਣੀ (ਅਦਾ ਸੀ। ਤੇ ਇਹ ਛੱਪੜੀ ਪੀਣਯੋਗ ਕਾਰਜਾਂ ਆਦਿ ਲਈ ਵਰਤੀ ਜਾਂਦੀ ਸੀ।। ਭੱਜਿਆ ਦਾ ਚੇਅ (ਕਿਸੇ ਵਕਤ ਇਸ ਸਾਈਡ ਭੁੱਲ ਖੇਤਰੀ ਰਹਿੰਦੇ ਸਨ, ਜੇ ਅਜੇ ਵੀ ਦੂਰ-ਦੁਰਾਡਿਓਂ ਆਪਣੇ ਬਜ਼ੁਰਗਾਂ ਦੀ ਯਾਦ ਤਾਜ਼ਾ ਕਰਨ ਆਉਂਦੇ ਹਨ)। ਮਾਨਕੋਟੀਆਂ ਚੇਅ (ਇਧਰ ਮਾਨਕੋਟ ਗੋਤਰ ਦੇ ਰਾਜਪੂਤ ਬਾਸ਼ਿੰਦੇ ਵਾਸ ਕਰਦੇ ਰਹੇ ਅਤੇ ਤੋਲਿਆਂ ਦਾ ਚੇਅ (ਚੱਕਨਰਿਆਲ ਕੋਠੀ ਹੱਦ ‘ਤੇ ਵਗਦੇ ਇਸ ਚੇਅ ‘ਤੇ ਜੈਜੋਂ ਸਾਈਡ ਤੋਂ ਆਉਣ ਵਾਲਿਆਂ ਲਈ ਪੱਕਾ ਸਿੱਲ ਪੰਥਰਾਂ ਅਤੇ ਨਾਨਕਸ਼ਾਹੀ ਇੱਟਾਂ ਦਾ ਚੌਤਾ/ਪ੍ਰਵੇਸ਼ ਦੁਆਰ ਬਣਿਆ ਹੋਇਆ ਸੀ। ਜਿਸ ਦੇ ਕੁਝ ਹਿੱਸੇ ਹੁਣ ਵੀ ਜੰਗਲ ‘ਚ ਆਪਣਾ ਇਤਿਹਾਸ ਲੁਕੋਈ ਬੈਠ ਹਨ। ਕਾਲੂ ਨਾਂਅ ਦੇ ਬਜ਼ੁਰਗ, ਜਿਸ ਨੂੰ ਬਾਅਦ ‘ਚ ਕੈਲੂ ਪੀਰ ਦਾ ਨਾਂ ਦੇ ਦਿੱਤਾ ਗਿਆ। ਇਸ ਦੀ ਯਾਦਗਾਰ ਬਹੁਤ ਹੀ ਉੱਚੀ ਜਗ੍ਹਾ ਸਥਿਤ ਹੈ, ਜਿੱਥੇ ਪਹੁੰਚਣ ਲਈ ਪੁਰਾਣੀ ਟਾਈਪ ਪੌੜੀਆਂ ਦੇ ਚਿੰਨ੍ਹ ਤਾਂ ਅਜੇ ਮੌਜੂਦ ਹੀ ਹਨ, ਬਲਕਿ ਇਸ ਜਗ੍ਹਾ ਇੱਕ ਬਹੁਤ ਹੀ ਪੁਰਾਣੀ ਉਪਲੀ ਮੋਹਲਾ (ਪੱਥਰ ਦਾ) ਪਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਉਦੋਂ ਇੱਥੇ ਵੀ ਇੱਕ ਆਮ ਰਸਤਾ ਵਗਦਾ ਸੀ, ਪਰ ਹੁਣ ਭੂਮੀਖੇਰ ਨਾਲ ਖੰਡ-ਪਹਾੜੀ ਟਾਈਪ ਰੂਪ ਅਖਤਿਆਰ ਹੋ ਚੁੱਕਾ ਹੈ। ਇਸ ਸਭ ਤੋਂ ਬਿਨਾਂ ਘਾਲੀਆਂ ਅਤੇ ਜੱਟੂ (ਇੰਧਰ ਜੱਟ ਰਹਿੰਦੇ ਹੁੰਦੇ ਸਨ) ਉਆਂ ਦੀ ਅੱਲ ਵੀ ਇਨ੍ਹਾਂ ਸਾਈਡ ਵੱਸਦੇ ਰਹੇ ਬਾਸ਼ਿੰਦਿਆਂ ਦੇ ਨਾਂ ਹੀ ਪਈ ਹੋਈ ਹੈ। ਉਦੋਂ ਕੋਠੀ ਬਹੁਤ ਵੱਡੇ ਖੇਤਰ ‘ਚ ਵਸੀ ਹੋਈ ਸੀ, ਜੋ ਕਿ ਹੁਣ ਸੁੰਗੜ ਕੇ ਇੱਕ ਛੋਟਾ ਜਿਹਾ ਪਰ ਲੰਬੂਤਰਾ ਖਿੰਡਿਆ ਹੋਇਆ ਪਿੰਡ ਬਣ ਚੁੱਕਾ ਹੈ। ਜੰਗਲ ‘ਚ ਥਾਂ-ਥਾਂ ਮਿਲਦੇ ਚਿੰਨ੍ਹ ਮੂਰਤੀਆਂ, ਪੂਜਨੀਕ ਸਥਾਨ ਇਸ ਗੱਲ ਦੀ ਸ਼ਾਹਦੀ ਭਰਦੇ ਹਨ ਕਿ ਕਿਸ ਵੇਲੇ ਭਰਪੂਰ ਵੱਸੋਂ ਵਾਲਾ ਇਹ ਇੱਕ ਘੁੱਗ ਵਸਦਾ ਵਿਸ਼ਾਲ ਪਿੰਡ ਹੋਵੇਗਾ।
ਗੱਲ ਜੇ ਧਾਰਮਿਕ ਸਥਾਨਾਂ ਦੀ ਛੋਹੀ ਹੈ ਤਾਂ ਦੱਸ ਦੇਈਏ ਕਿ ਇੱਥੇ ਅਸਲ ਵਿੱਚ ਪੰਜ ਪੀਰੀ ਹੋਇਆ ਕਰਦੀ ਸੀ। (1) ਕੈਲੂ ਪੀਰ (2) ਸਕਾਈਨਾਥ (ਗੋਰਖ ਡੇਰਾ) (3)ਟਾਹਲੀ ਵਾਲਾ ਪੀਰ, (ਇਹ ਬਜ਼ੁਰਗ ਸਕਾਈਨਾਥ ਨੂੰ ਮਿਲਣ ਆਇਆ, ਇੱਥੇ ਪੱਕਾ
ਟਿਕ ਗਿਆ ਸੀ), (4) ਅਗੰਮ ਪੀਰ, (5) ਪੀਰ ਵਾਲਾ। ਜੋ ਵੀ ਹੋਵੇ, ਇਹ ਜ਼ਰੂਰ ਹੀ ਇਸ ਪਿੰਡ ਦੇ ਸਤਿਕਾਰਤ ਬਜ਼ੁਰਗ ਰਹੇ ਹੋਣਗੇ, ਜਿਨ੍ਹਾਂ ਨੂੰ ਬਾਅਦ ‘ਚ ਪੀਰਾਂ ਦਾ ਦਰਜਾ ਦਿੱਤਾ ਗਿਆ ਹੋਵੇਗਾ। ਇਨ੍ਹਾਂ ਦੀ ਮਾਨਤਾ ਅਤੇ ਪੁਰਾਤਨਤਾਵਾਂ ਬਾਰੇ ਹੋਰ ਖੋਜ ਦੀ ਲੋੜ ਹੈ। ਪੀਰ ਵਾਲਾ ਦੇ ਨਾਂ ਤੋਂ ਗੱਲ ਤੋਰੀਏ ਤਾਂ ਹੁਣ ਇੱਥੇ ਕੁਝ ਕੁ ਹੀ ਦਹਾਕੇ ਪਹਿਲਾਂ ਹੋਂਦ’ਚ ਆਏ ਪੀਰ ਬਾਲਾਂ ਨਾਂ ਦੇ ਗੁਰਦੁਆਰਾ ਸਾਹਿਬ ਦੀ, ਜੋ ਕਿ ਹੁਣ ਵੱਡੀ ਸੰਸਥਾ ਦਾ ਰੂਪ ਧਾਰਨ ਕਰ ਚੁੱਕਾ ਹੈ, ਪ੍ਰਬੰਧਕਾਂ ਦੇ ਦੱਸਣ ਮੁਤਾਬਕ ਇਸ ਸਥਾਨ ਤੋਂ ਸ੍ਰੀ ਗੁਰੂ ਨਾਨਕ
ਦੈਵ ਜੀ, ਰਾਜਾ ਭਰਥਰੀ ਨੂੰ ਬਗਦਾਦ ਸ਼ਹਿਰ ਵਿੱਚ ਵਿਆਹੁਣ ਗਏ ਸਨ । ਰਾਜਾ ਭਰਥਰੀ ਆਪਣਾ ਰਾਜ-ਭਾਗ ਛੱਡ ਕੇ ਸਿੱਧਾ ਯੋਗੀਆਂ ਨਾਲ ਆ ਰਲਿਆ ਅਤੇ ਇਸ ਸਥਾਨ ‘ਤੇ ਰਹਿਣ ਲੱਗ ਪਿਆ ਸੀ। ‘ਪਿਛਲੇ ਕਰਮਾਂ’ ਅਨੁਸਾਰ ਉਸ ਦਾ ਵਿਆਹ ਬਗਦਾਦ ਦੇ ਰਾਜੇ ਭੱਦਰਸੈਨ ਦੀ ਲੜਕੀ ਨਾਲ ਹੋਣਾ ਸੀ। ਇਨੇ ਥੋੜ੍ਹੇ ਸਮੇਂ ‘ਚ ਸਿੱਧ ਯੋਗੀ ਰਾਜਾ ਭਰਥਰੀ ਨੂੰ ਬਗਦਾਦ ਸ਼ਹਿਰ ਪਹੁੰਚਾਉਣ ਵਿੱਚ ਅਸਮਰਥ ਸਨ। ਸਿੱਧ ਯੋਗੀਆਂ ਤੋਂ ਉਦਾਸ ਹੋ ਕੇ ਰਾਜਾ ਭਰਥਰੀ ਤੁਰ ਪਿਆ ਤਾਂ ਉਸ ਨੂੰ ਦੂਜੀ ਪਹਾੜੀ ਉੱਤੇ ਬਾਬਾ ਨਾਨਕ ਮਿਲ ਪਿਆ। ਉਸ ਨੇ ਸਾਰਾ ਬਿਰਤਾਂਤ ਜਦ ਬਾਬੇ ਨਾਨਕ ਨੂੰ ਸੁਣਾਇਆ ਤਾਂ ਹੋਇਆ ਕੀ, ਕਿ ਬਾਬਾ ਨਾਨਕ ਅੱਖ ਫਟਕਣ ਦੇ ਸਮੇਂ ਵਿੱਚ ਰਾਜੇ ਨੂੰ ਬਗਦਾਦ ਲੈ ਗਏ ਅਤੇ ਵਿਆਹ ਉਪਰੰਤ ਸਿੱਧਾਂ ਕੋਲ ਪਹੁੰਚਾ ਦਿੱਤਾ। ਇਸ ਘਟਨਾ ਤੋਂ ਬਾਅਦ ਸਿੱਧ ਯੋਗੀ ਬਾਬਾ ਨਾਨਕ ਜੀ ਦੇ ਚਰਨੀਂ ਪੈ ਗਏ ਅਤੇ ਇਹੀ ਕਾਰਨ ਇਸ ਗੁਰਦੁਆਰੇ ਦੀ ਉਸਾਰੀ ਕੀਤੇ ਜਾਣ ਦਾ ਦੱਸਿਆ ਜਾਂਦਾ ਹੈ, ਪਰ ਇਤਿਹਾਸਿਕ ਤੱਥ ਇਸ ਗੱਲ ਨੂੰ ਪ੍ਰਮਾਣਤ ਨਹੀਂ ਕਰਦੇ। ਪਹਿਲੀ ਤਾਂ ਇਹ ਕਿ ਤੱਥਾਂ ‘ਤੇ ਅਧਾਰਿਤ ਇਤਿਹਾਸ ਵਿੱਚ ਇਸ ਇਲਾਕੇ ਵੱਲ ਬਾਬੇ ਨਾਨਕ ਦੇ
ਆਉਣ ਦੀ ਪੁਸ਼ਟੀ ਨਹੀਂ ਹੁੰਦੀ। ਆਪਣੀਆਂ ਤਿੰਨੇ ਉਦਾਸੀਆਂ ਵਿੱਚ (ਚੌਥੀ ਉਦਾਸੀ ਬਾਰੇ ਇਤਿਹਾਸਿਕਾਰਾਂ ‘ਚ ਮਤਭੇਦ ਹਨ) ਗੁਰੂ ਜੀ ਇਧਰ ਤਾਂ ਕੀ ਪੁਰਾਣੇ ਵਿਸ਼ਾਲ ਹੁਸ਼ਿਆਰਪੁਰ ਜ਼ਿਲ੍ਹੇ ‘ਚ ਵੀ ਕਿਧਰੇ ਨਹੀਂ ਸਨ ਆਏ। ਦੂਸਰਾ ਰਾਜਾ ਭਰਥਰੀ ਉਨ੍ਹਾਂ ਦਾ
ਸਮਕਾਲੀ ਨਹੀਂ ਸੀ, ਫਿਰ ਮੇਲ ਕਿਵੇਂ ਹੋ ਗਿਆ ਕਿਉਂਕਿ ਭਰਥਰੀ ਪੰਜਾਬੀ ਦੇ ਆਦਿ ਕਵੀ ਗੋਰਖ ਦਾ ਸਮਕਾਲੀ ਸੀ ਜੋ ਨੌਵੀਂ ਸਦੀ ‘ਚ ਹੋਇਆ। ਤੀਸਰਾ ਇਹ ਇੱਕ ਘਟਨਾਇੱਕ ਕਰਾਮਾਤੀ ਕਾਂਡ ਵੱਲ ਇਸ਼ਾਰਾ ਕਰਦੀ ਹੈ, ਪਰ ਸਿੱਖ ਗੁਰੂ ਇਨ੍ਹਾਂ ਦੇ ਸਦਾ ਹੀ
ਵਿਰੁੱਧ ਰਹੇ। ਵਿਗਿਆਨਿਕ ਪੱਖ ਵੀ ਕਰਾਮਾਤਾਂ ਨੂੰ ਬਿਲਕੁਲ ਰੱਦ ਕਰਦਾ ਹੈ। ਉਂਜ ਵੀ ਕਿਸੇ ਸਾਰਥਕ ਅਤੇ ਘਾਲਣਾ ਵਾਲੇ ਕੰਮ ਨਾਲ ਕਰਾਮਾਤ ਜੋੜ ਕੇ ਉਸ ਮਹਾਂਪੁਰਸ਼ ਦੀ ਮਿਹਨਤ, ਕੁਰਬਾਨੀ ਨੂੰ ਸਿਫਰ ਕਰ ਦੇਣ ਦੇ ਬਰਾਬਰ ਹੋ ਨਿਬੜਦਾ ਹੈ। ਕਈ ਵਿਅਕਤੀ
ਇਸ ਥਾਂ ਨੂੰ ਗੁਰੂ ਨਾਨਕ ਦੇ ਤੀਸਰੇ ਸਾਥੀ ਬਾਲੇ ਤੋਂ ਪੀਰ ਬਾਲਾ ਗੁਰੁਦਆਰੇ ਨਾਲ ਜੋੜ ਦਿੰਦੇ ਹਨ, ਪਰ ਇਹ ਗੱਲ ਵੀ ਢੁੱਕਵੀਂ ਨਹੀਂ, ਕਿਉਂਕਿ ਸਿਰਫ਼ ਮਰਦਾਨਾ ਹੀ ਗੁਰੂ ਜੀ ਨਾਲ ਯਾਤਰਾ ਕਰਦਾ ਰਿਹਾ ਮਰਦਾਨੇ ਤੋਂ ਕਿਤੇ ਬਾਅਦ ‘ਚ ਗੁਰੂ ਜੀ ਦਾ ਸੇਵਕ ਬਣੇ ਬਾਲੇ ਦਾ ਉਦਾਸੀਆਂ ਵਕਤ ਨਾਲ ਜਾਣ ਦਾ ਠੋਸ ਤੱਥ ਅਤੇ ਵਿਸ਼ਲੇਸ਼ਣ ਨਹੀਂ ਮਿਲਦੇ। ਹੋ ਇਹ ਵੀ ਸਕਦਾ ਹੈ ਕਿ ਇਸ ਪਿੰਡ ਦੇ ਇੱਥੋਂ ਰਹਿੰਦੇ ਰਹੇ ਸਤਿਕਾਰਤ ਬੁਜ਼ਰਗ ਬਾਲੇ ਨੂੰ ਪੀਰ
ਵਾਲਾ ਅਤੇ ਫਿਰ ਪੀਰ ਬਾਲਾ ਧਾਰਮਿਕ ਸਥਾਨ ਦਾ ਨਾਂ ਦੇ ਦਿੱਤਾ ਗਿਆ ਹੋਵੇ ਜਾਂ ਇਸ ਪਿੰਡ ‘ਚ ਵਸਦੀ ਨਾਥ (ਜੋਗੀ) ਸੰਪਰਦਾਏ ਅਤੇ ਜੋਗੀ ਗੋਰਖ ਨਾਥ ਦੇ ਅਸਥਾਨ ਤੋਂ ਬਾਬੇ ਨਾਨਕ ਜੀ ਦੀ ਦੂਸਰੀ ਉਦਾਸੀ ਸਮੇਂ ਸੁਮੇਰ ਪਰਬਤ ਲੜੀਆਂ ‘ਤੇ ਸਿੱਧਾਂ ਜੋਗੀਆਂ ਨਾਲ ਹੋਈਆਂ ਗੋਸ਼ਟੀਆਂ ਨੂੰ ਇੱਥੇ ਵੀ ਰਹਿੰਦੇ ਜੋਗੀਆਂ, ਸਿੱਧਾਂ ਨਾਥਾਂ ਨਾਲ ਜੋੜ ਕੇ ਪੀਰ ਵਾਲਾ ਨਾਥ ਨਾਂ ਦੇ ਜੋਗੀ ਦੇ ਟਿੱਲੇ ਨੂੰ ਬਾਬੇ ਨਾਨਕ ਬਾਲਾ ਤੇ ਮਰਦਾਨੇ ਨਾਲ ਜੋੜ ਦਿੱਤਾ ਗਿਆ ਹੋਵੇ। ਇਸ ਸਥਾਨ ਦੀ ਹੋਰ ਇਤਿਹਾਸ ਪਛਾਣ ਦੀ ਲੋੜ ਹੈ, ਤਾਂ ਜੋ ਇਤਿਹਾਸਿਕ ਖਿਲਵਾੜ ਤੋਂ ਬਚਿਆ ਜਾ ਸਕੇ। ਪੀਰ ਬਾਲੇ ਗੁਰਦੁਆਰੇ ਦੇ ਪਹਿਲੇ ਸੰਸਥਾਪਕ ਸ੍ਰੀ ਹਰੀਆਂਵੇਲਾਂ ਵਾਲੇ ਤਰਨਾ ਦਲ ਦੇ ਨਿਹੰਗ ਸਮੁਦਾਏ ਦੇ ਇੱਕ ਰਹਿ ਚੁੱਕੇ ਸਤਿਕਾਰਤ ਮੁਖੀ ਬਾਬਾ ਹਰਭਜਨ ਸਿੰਘ, ਜੋ ਕਿ ਇਸੇ ਪਿੰਡ ਦੇ ਜੰਮਪਲ ਸਨ ਅਤੇ ਮੌਜੂਦਾ ਪ੍ਰਬੰਧਕ ਹਨ ਬਾਬਾ ਹਾਕਮ ਸਿੰਘ, ਬਹੁਤੀ ਤਰੱਕੀ ਇਸੇ ਦੇ ਵਕਤ ਹੋਈ ਹੈ, ਜੋ ਕਿ ਪਿੰਡ ਲਈ ਹੋਰ ਭਲਾਈ ਸਕੀਮਾਂ ਲਈ ਵੀ ਕੋਸ਼ਿਸ਼ਾਂ ਜੁਟਾਉਂਦਾ ਰਹਿੰਦਾ ਹੈ। ਉੱਪਰ ਜ਼ਿਕਰ ਕੀਤੇ ਗਏ ਅਸਥਾਨਾਂ ਤੋਂ ਬਿਨਾਂ ਹੋਰ ਵੀ ਕਈ ਵੰਨਗੀ ਦੇ ਧਾਰਮਿਕ ਸਥਾਨ ਇਸ ਪਿੰਡ ‘ਚ ਵਾਕਿਆ ਹਨ, ਜੋ ਕਿ ਇਸ ਪਿੰਡ ਦੇ ਪਹਿਲੇ ਵਸਨੀਕਾਂ ਦੀ ਖੰਡਰਾਤ ਸੋਚ ਦੀ ਸ਼ਾਹਦੀ ਭਰਦੇ ਹਨ।
ਪੁਰਾਣੇ ਵੇਲਿਆਂ ਵਿੱਚ ਇਥੇ ਇੱਕ ਸੰਸਕ੍ਰਿਤ ਵਿਦਿਆਲਾ ਵੀ ਹੋਇਆ ਕਰਦਾ ਸੀ। ਸਾਧੂ ਸ਼ੰਕਰ ਪਰਬਤ ਵੇਲੇ ਇਹ ਸੰਸਥਾ ਬੜੀ ਮਸ਼ਹੂਰ ਸੀ, ਪਰ ਬਾਅਦ ‘ਚ ਸਮੇਂ ਦੀ ਗਰਦਿਸ਼ ਕਾਰਨ ਅਗਲੀਆਂ ਪੀੜ੍ਹੀਆਂ ਵਿੱਚੋਂ ਹੋਏ ਪ੍ਰਬੰਧਕ ਜੈਜੋਂ ਦੇ ਬਾਸ਼ਿੰਦੇ ਕਾਲੂ ਪਰਬਤ ਨੂੰ ਇਹ ਸੰਸਥਾ ਹਦੀਆਬਾਦ (ਫਗਵਾੜੇ) ਸ਼ਿਫਟ ਕਰਨੀ ਪਈ। ਲੁਧਿਆਣੇ ਦੀ ਅੱਗਰਵਾਲ ਬਰਾਦਰੀ ਦੇ ਕਈ ਪਰਿਵਾਰ ਇਸ ਸੰਸਥਾ ਦੇ ਥੇਹਾਂ’ਤੇ ਹੁਣ ਵੀ ਨਮਸਕਾਰ ਕਰਨ ਪਹੁੰਚਦੇ ਹਨ। ਬੇਸ਼ੱਕ ਕਾਲੂ ਪਰਬਤ ਦਾ ਅਗਲਾ ਸਿਰਮੌਰ ਸ਼ਿਸ ਦੇ ਰਸੋਈਏ ਵਲੋਂ ਪ੍ਰਬੰਧਕੀ ਝਗੜਿਆਂ ਕਾਰਨ ਜ਼ਹਿਰ ਦਿੱਤੇ ਜਾਣ ਕਾਰਨ ਮਾਰੇ ਜਾਣ ਸਮੇਂ ਇਸ ਸੰਸਥਾ ਨੂੰ ਰੌਲਿਆਂ ਤੋਂ ਪਹਿਲਾਂ ਵੱਡੀ ਢਾਹ ਲੱਗੀ, ਪਰ ਹੁਣ ਫਿਰ ਇਸ ਸੰਕ੍ਰਿਤ ਸੰਸਥਾ ਦੀ ਫਗਵਾੜੇ ਵਿਖੇ ਜ਼ਿਕਰਯੋਗ ਹੋਂਦ ਹੈ ਜੋ ਕਿ ਸੰਸਕ੍ਰਿਤ ਅਤੇ ਪੰਡਤਾਊ ਪੜ੍ਹਾਈ ‘ਚ ਉੱਤਰੀ ਭਾਰਤ ‘ਚ ਇੱਕ ਵਡਮੁੱਲਾ ਯੋਗਦਾਨ ਪਾ ਰਹੀ ਹੈ। ਇਸ ਦੇ ਹਰ ਗੱਦੀ-ਨਿਸ਼ਾਨ ਦੇ ਪਗੜੀ ਬੰਨ੍ਹਣ ਸਮੇਂ ਆਗੂਪੁਣੇ ਦੀ ਪੁਸ਼ਟੀ ਕੋਠੀ ਵਾਲਿਆਂ ਵੱਲੋਂ ਭੇਟ ਕੀਤੇ ਸਿਰੋਪੇ-ਪਗੜੀ ਤੋਂ ਹੀ ਹੁੰਦੀ ਹੈ। ਗੱਲ ਪੜ੍ਹਾਈ ਦੀ ਤੁਰੀ ਹੈ ਤਾਂ ਦੱਸ ਦੇਣਾ ਜ਼ਰੂਰੀ ਹੈ ਕਿ ਇੱਥੇ ਦੋਵਾਂ ਪਿੰਡਾਂ ਦੇ ਆਪੋ-ਆਪਣੇ ਪ੍ਰਾਇਮਰੀ ਸਕੂਲ ਤਾਂ ਹਨ, ਪਰ ਇੱਕ ਸਾਂਝੇ ਮਿਡਲ ਸਕੂਲ ਦੀ ਬੜੀ ਲੋੜ ਹੈ, ਜਿੱਥੇ ਕਿ ਨਾਲ ਲੱਗਦੇ ਪਿੰਡਾਂ ਕਾਂਗੜ ਗੰਗੂਵਾਲ ਦੇ ਬੱਚੇ ਵੀ ਪੜ੍ਹ ਸਕਦੇ ਹਨ ਕਿਉਂਕਿ ਬਰਸਾਤੀ ਦਿਨਾਂ ਵਿੱਚ ਖੱਡਾਂ-ਚੋਆਂ ਕਾਰਨ ਛੋਟੇ-ਛੋਟੇ ਬੱਚਿਆਂ ਨੂੰ 5 ਕਿਲੋਮੀਟਰ ਦੂਰ ਪਿੰਡ ਰਾਮਪੁਰ-ਝੰਜੋਵਾਲ ਦੇ ਸੀਨੀਅਰ ਸਕੂਲ ਵਿੱਚ ਪਹੁੰਚਣਾ ਹੈ ਬੜਾ ਔਖੇਰਾ। ਫਿਰ ਵੀ ਇੱਥੋਂ ਦੇ ਕੁਝ ਜੰਮਪਲ ਨਾ ਸਿਰਫ਼ ਪੜਾਈ ਦੇ ਬਲਬੂਤੇ ਚੰਗੇ ਅਹੁਦਿਆਂ ਤੇ ਰਹਿ ਚੁੱਕੇ ਹਨ, ਹੁਣ ਵੀ ਹਨ ਖਾਸ ਕਰਕੇ ਮਿਲਟਰੀ ‘ਚ।
ਜੰਗੇ ਅਜ਼ਾਦੀ ਦੀ ਲਹਿਰ ਵਿੱਚ ਵੀ ਇਨ੍ਹਾਂ ਪਿੰਡਾਂ ਦੀ ਜ਼ਿਕਰਯੋਗ ਦੇਣ ਹੈ। ਗ਼ਦਰੀ ਮੂਵਮੈਂਟ ਵੇਲੇ ਇਸ ਪਿੰਡ ਦੇ ਸੰਤ ਰਾਮ, ਦਲੀਪ ਸਿੰਘ ਅਤੇ ਹਰਨਾਮ ਸਿੰਘ ਅਮਰੀਕਾ ਤੋਂ ਖੁਸ਼ਹਾਲ ਜ਼ਿੰਦਗੀ ਨੂੰ ਲੱਤ ਮਾਰ ਕੇ ਵਤਨੀ ਪਰਤ ਕੇ ਸਰਗਰਮ ਰਹੇ। ਅਜ਼ਾਦ ਹਿੰਦ ਫੌਜ ਵਿੱਚ ਇੱਥੋਂ ਦੇ ਬਲਦੇਵ ਸਿੰਘ, ਬੰਤਾ ਸਿੰਘ (ਕੈਦ ਇੱਕ ਸਾਲ), ਗੁਰਬਚਨ ਸਿੰਘ (ਜੰਗੇ ਕੈਦੀ), ਗੁਰਮੀਤ ਸਿੰਘ ਅਤੇ ਪਿਆਰਾ ਸਿੰਘ (ਜੰਗੇ ਕੈਦੀ) ਹੋਏ ਹਨ ਤੇ ਜਰਨੈਲ ਸਿੰਘ ਜੈਤੋ ਮੋਰਚੇ ‘ਚ ਕੈਦ ਹੋਇਆ ਅਤੇ ਬੱਬਰ ਅਕਾਲੀ ਲਹਿਰ ਸਮੇਂ ਇੱਥੋਂ ਦਾ ਹੁਸ਼ਿਆਰ ਸਿੰਘ (ਫਾਂਸੀ), ਪਸ਼ੋਤਮ ਸਿੰਘ, ਭਗਵਾਨ ਸਿੰਘ (7 ਸਾਲ ਕੈਦ) ਅਤੇ ਜਵਾਲ ਮੰਡੇਰ ਸਾਕਾ) ਆਦਿ ਹੋਏ ਹਨ। ਬੱਬਰਾਂ ਪ੍ਰੈਸ ਜੋ ਕਿ ਉਡਾਰੂ ਪ੍ਰੈਸ (Flying Press) ਦੇ ਤੌਰ ‘ਤੇ ਜਾਣੀ ਜਾਂਦੀ ਸੀ, ਵੀ ਇੱਥੋਂ ਹੀ ਫੇਸ ਗਈ ਸੀ । ਲੋਕ ਹਮਾਇਤ ਅਤੇ ਚੰਗੀ ਕਾਰਜਸ਼ੀਲਤਾ ਕਾਰਨ ਬੱਬਰ ਪੂਰਾ ਇਲਾ ਫਉਣ ਦੇ ਬਾਵਜੂਦ ਵੱਡੀਆਂ ਫੋਰਸਾਂ ਦੇ ਬਲਬੂਤੇ ਵੀ ਫੜੇ ਨਹੀਂ ਸੀ ਜਾ ਸਕਦੇ। ਇਸੇ ਕਾਰਨ ਦੂਸਰੇ ਇਲਾਕਿਆਂ ਦੇ ਦੇਸ਼ ਭਗਤ ਵੀ ਇੱਥੇ ਪਨਾਹ ਲੈਣ ਆ ਨਿਕਲਦੇ ਸਨ। ਇੱਕ ਵਾਰ ਤਾਂ ਅੰਗਰੇਜ਼ਾਂ ਚਿੜ ਕੇ ਪਿੰਡ ਨੂੰ ਤੋਪਾਂ ਨਾਲ ਉਡਾਉਣ ਦਾ ਫੈਸਲਾ ਲੈ ਲਿਆ ਸੀ ਅਤੇ ਮਿਲਟਰੀ ਪੁਲਿਸ ਚੌਂਕੀ 6 ਮਹੀਨੇ ਤੋਂ ਵੀ ਵੱਧ ਸਮੇਂ ਇੱਥੇ ਆ ਕੇ ਪਿੰਡ ਵਾਸੀਆਂ ਨੂੰ ਨਾ ਸਿਰਫ਼ ਖਰਚਾ ਹੀ ਪਾਇਆ ਬਲਕਿ ਵੱਡੀ ਪੱਧਰ ਤੇ ਜੁਰਮਾਨੇ-ਕੁਰਕੀਆਂ ਅਤੇ ਤਸ਼ੱਦਦ ਦਾ ਦੌਰ ਚੱਲਿਆ। ਪੰਡਤ ਮਾਲਵਾ ਰਾਮ ਦਾ ਵਿਦਵਾਨ ਕਿਸਮ ਦਾ ਸਾਰੀ ਉਮਰ ਅੰਨ ਨੂੰ ਮੂੰਹ ਨਾ ਲਾਉਣ ਵਾਲਾ ਵੱਡਾ ਭਾਈ ਪੰਡਤ ਭਰਥ ਵੀ ਇੱਥੋਂ ਦਾ ਹੀ ਜੰਮਪਲ ਸੀ, ਜਿਸ ਦਾ ਕਿਸੇ ਵਕਤ ਕਾਨਪੁਰ (ਯੂ.ਪੀ) ਵਿਖੇ ਅਜ਼ਾਦੀ ਤੋਂ ਪਹਿਲਾਂ ਟਰੱਕਾਂ ਦਾ ਇੱਕ ਵੱਡਾ ਫਲੀਟ ਹੁੰਦਾ ਸੀ। ਸਮਾਜ ਸੇਵਕੀ ਕਾਰਨ ਵਿਆਹ ਨਾ ਕਰਵਾਉਣ ਵਾਲੇ ਇਸ ਮਹਾਂਪੁਰਸ਼ ਦੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਸ੍ਰੀ ਰਾਜਿੰਦਰ ਪ੍ਰਸ਼ਾਦ ਨਾਲ ਹੀ ਨਹੀਂ, ਬਲਕਿ ਮਸ਼ਹੂਰ ਦੇਸ਼ ਭਗਤ ਚੰਦਰ ਸ਼ੇਖਰ ਅਤੇ ਉਸ ਦੇ ਸਾਥੀਆਂ ਨਾਲ ਬੜੇ ਨੇੜਲੇ ਸੰਬੰਧ ਰਹੇ ਸਨ। ਅਫਸੋਸ ਇਸ ਗੱਲ ਦਾ ਹੈ ਕਿ ਅਜ਼ਾਦੀ ਦੀ ਲਹਿਰ ‘ਚ ਵੱਡਾ ਯੋਗਦਾਨ ਪਾਉਣ ਵਾਲੇ ਇਨ੍ਹਾਂ ਦੇਸ਼ ਭਗਤਾਂ, ਉਨ੍ਹਾਂ ਦੇ ਪਰਵਾਰਾਂ ਅਤੇ ਪਿੰਡਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਲਕਲ ਹੀ ਅੱਖੋਂ-ਪਰੋਖੇ ਕਰ ਛੱਡਿਆ ਹੈ। ਕਈ ਬੁਨਿਆਦੀ ਸਹੂਲਤਾਂ ਨੂੰ ਅਜੇ ਵੀ ਬਿਲਕੁਲ ਇਹ ਇਲਾਕਾ ਤਰਸਦਾ ਹੈ।
ਸ਼ਹਿਦ, ਮਿੱਟੀ ਦੇ ਭਾਂਡੇ, ਬਾਣ-ਬਗੜ, ਗੁੜ ਅਤੇ ਦਾਲਾਂ ਇਸ ਪਿੰਡ ਦੀਆਂ ਬੜੀਆਂ ਮਸ਼ਹੂਰ ਹਨ। ਪਿੰਡ ਦੇ ਲੋਕਾਂ ਦੀ ਰੋਜ਼ੀ ਰੋਟੀ ਦਾ ਮੁੱਖ ਕਿੱਤਾ ਅਜੇ ਵੀ ਖੇਤੀ ਬਾੜੀ, ਪਸ਼ੂ-ਧੰਨ, ਮਜ਼ਦੂਰੀ ਅਤੇ ਜੰਗਲਾਂ ‘ਤੇ ਅਧਾਰਤ ਹੈ। ਸਰਕਾਰੀ ਮੁਲਾਜ਼ਮ ਬੜੇ ਘੱਟ ਹਨ ਅਤੇ ਕੁਝ ਕੁ ਲੋਕ ਬਾਹਰਲੇ ਮੁਲਖੀਂ ਵੀ ਗਏ ਹੋਏ ਹਨ। ਸਮੇਂ ਦੀਆਂ ਮਾਰਾਂ, ਭੂਮੀ ਅਤੇ ਜਲਖੋਰ, ਜੰਗਲਾਤੀ ਵਿਤਕਰਾ ਅਤੇ ਸਰਕਾਰਾਂ ਵੱਲੋਂ ਕੰਢੀ ਇਲਾਕੇ ਪ੍ਰਤੀ ਅਪਣਾਈਆਂ ਜਾਂਦੀਆਂ ਨਾਂਹ-ਪੱਖੀ ਨੀਤੀਆਂ, ਟੁੱਟਵੀਆਂ ਅਤੇ ਗੈਰ-ਯੋਜਨਾਬੱਧ ਵਿਕਾਸ ਸਕੀਮਾਂ ਕਾਰਨ ਇਹ ਇਹਿਤਾਸਕ ਪਿੰਡ ਕਾਫੀ ਪਛੜਿਆ ਹੋਇਆ ਹੈ। ਸੜਕਾਂ, ਪੁਲਾਂ ਅਤੇ ਆਵਾਜਾਈ ਸਾਧਨਾਂ ਦੀ ਘਾਟ ਤਾਂ ਸਮੱਸਿਆ ਹੈ ਹੀ, ਪਰ ਸਭ ਤੋਂ ਵੱਧ ਲੋੜ ਹੈ ਜੰਗਲ, ਖੇਤੀਬਾੜੀ, ਪਸ਼ੂ ਧਨ ਅਤੇ ਸਿੰਚਾਈ ਸਾਧਨਾਂ ਨੂੰ ਵਿਗਿਆਨਿਕ ਢੰਗ ਨਾਲ ਵਿਕਸਿਤ ਕਰਨ ਦੀ। ਬਾਰਾਨੀ ਖੇਤੀ ਅਧਾਰਤ ਇਸ ਖਿੱਤੇ ਨੂੰ ਮਹਿਕਮਾ ਭੂਮੀ ਤੇ ਜਲ ਸੰਭਾਲ ਦੀਆਂ ਲਗਾਤਾਰ ਕੋਸ਼ਿਸ਼ਾਂ ਨਾਲ ਭੂਮੀ ਅਤੇ ਪਾਣੀ ਨਾਲ ਸੰਬੰਧਿਤ ਵਿਕਾਸ ਸਕੀਮਾਂ ਤਹਿਤ ਸਬਜ਼ਬਾਗ ਕਰਨ ਦੇ ਉਪਰਾਲੇ ਪਿਛਲੇ ਵਰ੍ਹਿਆਂ ਤੋਂ ਜਾਰੀ ਹਨ। ਜ਼ਮੀਨ ਪੱਧਰ, ਭੋਂ-ਖੋਰ ਰੋਕੂ ਕਾਰਜ, ਛੋਟੇ-ਛੋਟੇ ਸਿੰਜਾਈ ਬੰਨ੍ਹਾਂ ਤੋਂ ਇਲਾਵਾ ਬਿਨਾਂ ਊਰਜਾ ਤੋਂ ਚੱਲਣ ਵਾਲੇ ਸੀਰ ਪਾਣੀ ਦੇ ਸਿੰਜਾਈ ਪ੍ਰੋਜੈਕਟਾਂ ਕਾਰਨ ਮਾਰੂ-ਚਾਰਾ ਵੀ ਪੈਦਾ ਨਾ ਕਰਨ ਵਾਲੇ ਖੇਤਾਂ ‘ਚ ਵਪਾਰਕ ਫਸਲਾਂ ਪੈਦਾ ਕਰਕੇ ਲੋਕਾਂ ਦੀ ਸਮਾਜਿਕ ਅਤੇ ਆਰਥਿਕ ਜ਼ਿੰਦਗੀ ਨੂੰ ਇਨਕਲਾਬੀ ਤਬਦੀਲੀ ਪ੍ਰਦਾਨ ਕੀਤੀ ਹੈ। ਪਸ਼ੂਆਂ ਦੇ ਹਸਪਤਾਲ ਦੀ ਇਮਾਰਤ ਬਣਿਆਂ ਕਈ ਸਾਲ ਹੋ ਗਏ ਹਨ, ਪਰ ਡੰਗਰ ਡਾਕਟਰ ਕਦੋਂ ਆਉ, ਇਹ ਸਰਕਾਰ ਹੀ ਜਾਣੇ। ਇਸ ਖਿੱਤੇ ਨੂੰ ਇੱਕ ਲਿਫਟ ਸਿੰਜਾਈ ਸਕੀਮ ਅਤੇ ਇੱਕ ਛੋਟਾ ਡੈਮ ਹੋਰ ਦੇ ਦਿੱਤਾਜਾਵੇ ਤਾਂ ਇਸ ਪਿੰਡ ਦਾ ਰਹਿੰਦਾ ਰਕਬਾ ਅਤੇ ਪਰਿਵਾਰ ਵੀ ਖੁਸ਼ਹਾਲੀ ਦੀ ਤੰਦ ਪਾ ਸਕਣਗੇ। ਭੂਮੀ ਇੱਥੋਂ ਦੀ ਇੰਨੀ ਉਪਜਾਊ ਹੈ ਅਤੇ ਬਸ਼ਿੰਦੇ ਐਨੇ ਮਿਹਨਤੀ ਹਨ ਕਿ ਇਸ ਇਲਾਕੇ ਨੂੰ ਦਾਲਾਂ, ਤੇਲ ਬੀਜ, ਸਬਜ਼ੀਆਂ, ਫੁੱਲਾਂ, ਬਾਗਾਂ, ਮੱਛੀ, ਡੰਗਰ ਪਾਲਣ ਅਧਾਰਤ ਖਿੱਤੇ ਦੇ ਤੌਰ ‘ਤੇ ਵਿਕਸਿਤ ਕੀਤਾ ਜਾ ਸਕਦਾ ਹੈ। ਕੁਦਰਤੀ ਦ੍ਰਿਸ਼ ਸੈਲਾਨੀਆਂ ਨੂੰ ਖਿੱਚਣਗੇ। ਕਾਂਗੜ ਲਾਗੇ ਪੱਧਰ ਰਾਖਵੇਂ ਤਿੰਨ ਸੌ ਏਕੜ ਜੰਗਲ ਨੂੰ ਜੇਕਰ ਕੰਢੀ ਖੋਜ ਕੇਂਦਰ ‘ਤੇ ਵਿਕਸਿਤ ਕਰ ਲਿਆ ਜਾਵੇ ਤਾਂ ਫਿਰ ਕੁਦਰਤੀ ਸੈਰਗਾਹ ਦੇ ਤੌਰ ‘ਤੇ ਨਿਵੇਕਲੀ, ਪਰ ਉਪਜਾਊ ਗੱਲ ਹੋਵੇਗੀ। ਕਈ ਏਕੜਾਂ ‘ਚ ਫੈਲੀ ਇੱਥੋਂ ਦੀ ਇੱਕ ਵੱਡੀ ਬੋਹੜ ਜਿੰਨੀ ਸ਼ਾਇਦ ਸਾਰੇ ਪੰਜਾਬ ‘ਚ ਹੀ ਕੋਈ ਹੋਰ ਬੋਹੜ ਨਾ ਹੋਵੇ।
ਪੰਡਤ ਪਿਆਰਾ ਲਾਲ, ਮਾਸਟਰ ਰਾਮੇਸ਼, ਸਰਪੰਚ ਖੁਸ਼ੀ ਰਾਮ, ਹਰੀ ਸਿੰਘ, ਕਾਮਰੇਡ ਮਸਤਾਨ ਸਿੰਘ ਅਤੇ ਰਾਹਗੀਰ ਫਾਰਸੈੱਟ ਵਾਲਾ ਮਦਨ ਪਾਲ ਸਿੰਘ ਇੱਥੋਂ ਦੇ ਉੱਘੇ ਸਮਾਜ ਸੇਵਕ ਅਤੇ ਕਰਮਯੋਗੀ ਬੰਦੇ ਹਨ। ਵੱਖੋ-ਵੱਖ ਖੇਤਰਾਂ ‘ਚ ਸਰਗਰਮ ਕਈ ਭਲੇਪੁਰਸ਼ ਤਾਂ ਹੋਰ ਵੀ ਹਨ, ਪਰ 8ਵੇਂ ਦਹਾਕੇ ਨੂੰ ਢੁਕਿਆ ਦਰਵੇਸ਼ ਕਾਮਰੇਡ ਮਸਤਾਨ ਸਿੰਘ ਦਾ ਲੋਕ ਭਲਾਈ ਲਈ ਸਰਕਾਰੀ, ਗੈਰ-ਸਰਕਾਰੀ ਅਦਾਰਿਆਂ ‘ਚ ਸਾਈਕਲ ‘ਤੇ ਸਾਰਾ ਦਿਨ ਗੇੜਾ ਮਾਰ ਕੇ ਆਪਣੇ ਘਰ ਮੁੜਨਾ ਜਿੱਥੇ ਨਿੱਤ ਦਾ ਕ੍ਰਮ ਹੈ, ਉੱਥੇ ਮਾਹਿਲਪੁਰ ਵਿਖੇ ਲੋਕ ਭਲਾਈ ਲਈ ਇੱਕ ਬਹੁਪੱਖੀ ਹਾਲ ਉਸਾਰਨ ਵਾਲਾ ਕਾਮਰੇਡ ਮਦਨ ਪਾਲ ਹੁਣ ਕਾਂਗੜ ਕੋਠੀ ਇਲਾਕੇ ‘ਚ ਲੋਕ ਸਹੂਲਤਾਂ ਨਾਲ ਲੈਸ ਸੀਤਲ ਵਣ ਆਸ਼ਰਮ ਉਸਾਰਨ ਵੱਲ ਤੁਰਿਆ ਹੈ। ਵੀਹ ਕੁ ਏਕੜ ਵਿੱਚ ਪਹਾੜਾਂ ਦੀ ਗੋਦ ਵਿੱਚ ਵਿਕਸਿਤ ਕੀਤਾ ਜਾਣ ਵਾਲਾ ਇਹ ਕੁਦਰਤੀ ਸਬਲ-ਕੁਦਰਤ ਪ੍ਰੇਮੀਆਂ, ਖੋਜੀਆਂ, ਲੇਖਕਾਂ, ਕਲਾਕਾਰਾਂ, ਅਤੇ ਅਗਾਂਹਵਧੂ ਜਥੇਬੰਦੀਆਂ ਦੀਆਂ ਗਤੀਵਿਧੀਆਂ ਸੈਮੀਨਾਰਾਂ ਆਦਿ ਲਈ ਉਸ ਵੱਲੋਂ ਸੰਜੋਇਆ ਇੱਕ ਸੁਪਨਾ ਜਲਦੀ ਹੀ ਸਾਕਾਰ ਰੂਪ ਲੈ ਲਵੇਗਾ। ਮਹਿਕਮਾ ਭੂਮੀ ਤੇ ਜਲ ਸੰਭਾਲ ਦਾ ਜ਼ਿਕਰ ਜਿੱਥੇ ਇਹ ਲੋਕ ਬੜੇ ਮਾਣ ਨਾਲ ਕਰਦੇ ਹਨ, ਉੱਥੇ ਆਸ ਕਰਦੇ ਹਨ ਕਿ ਜੰਗਲਾਤ, ਪਸ਼ੂ ਪਾਲਣ, ਬਾਗਬਾਨੀ, ਡਰੇਨੇਜ਼ ਅਤੇ ਸੜਕੀ ਮਹਿਕਮਿਆਂ ਤੋਂ ਬਿਨਾਂ ਹੋਰ ਵੀ ਸਾਰੇ ਰਲ ਕੇ ਜੇਕਰ ਇੱਕ ਬੱਝਵਾਂ ਵਿਕਾਸਮਈ ਪ੍ਰੋਗਰਾਮ ਉਲੀਕ ਕੇ ਅਮਲੀ ਜਾਮਾ ਪਹਿਨਾ ਦੇਣ ਤਾਂ ਇਹ ਇਲਾਕਾ ਵੀ ਬਹੁਤ ਹੀ ਉਪਜਾਊ ਸੈਰਗਾਹੀ ਖਿੱਤੇ ਦੇ ਤੌਰ ‘ਤੇ ਉਭਰ ਕੇ ਸਾਹਾਮਣੇ ਆ ਸਕਦਾ ਹੈ।
ਲਿਖਿਆ ਹੋਰ ਵੀ ਬੜਾ ਕੁਝ ਜਾ ਸਕਦਾ ਹੈ, ਪਰ ਇਤਿਹਾਸਿਕ ਅਤੇ ਜੰਗੇ ਘੁਲਾਟੀਆਂ ਦੇ ਇਸ ਪਿੰਡ ਦੀ ਪ੍ਰਾਚੀਨ ਸੱਭਿਅਤਾ ਦੀ ਤਹਿ ਤੱਕ ਜਾਣ ਲਈ ਇਤਿਹਾਸਿਕ ਖੋਜੀਆਂ ਅਤੇ ਪੁਰਾਤੱਤਵ ਵਿਭਾਗ ਨੂੰ ਤੁਰੰਤ ਸਰਗਰਮ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ, ਤਾਂ ਜੋ ਲੁਪਤ ਹੋ ਰਹੇ ਖੰਡਰਾਤਾਂ-ਚਿੰਨਾਂ ਅਤੇ ਜੰਗਲਾਂ ‘ਚ ਖਿੰਡਰੀਆਂ ਕਲਾਤਮਿਕ ਵਸਤਾਂ ਅਤੇ ਮੂਰਤੀਆਂ ਤੋਂ ਕੁਝ ਠੋਸ ਕਲਮਬੱਧ ਕਰਨ ਲਈ ਉਪਰਾਲੇ ਕੀਤੇ ਜਾ ਸਕਣ।
Credit – ਵਿਜੈ ਬੰਬੇਲੀ