ਫਤਿਹਾਬਾਦ
ਸਥਿਤੀ :
ਤਹਿਸੀਲ ਖਡੂਰ ਸਾਹਿਬ ਦਾ ਪਿੰਡ ਫਤਿਹਾਬਾਦ, ਤਰਨਤਾਰਨ-ਗੋਇੰਦਵਾਲ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਤਰਨਤਾਰਨ ਤੋਂ 18 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਬਹੁਤ ਪੁਰਾਣਾ ਅਤੇ ਇਤਿਹਾਸਕ ਪਿੰਡ ਹੈ। ਇਸ ਦਾ ਪਹਿਲਾਂ ਨਾ ‘ਬਜਾਜਾ’ ਦੱਸਿਆ ਜਾਂਦਾ ਹੈ। ਕਾਫੀ ਸਦੀਆਂ ਪਹਿਲਾਂ ਇੱਥੇ ਇੱਕ ਮੁਸਲਮਾਨ ਫਤਿਹ ਖਾਂ ਦੀ ਜਗੀਰ ਹੁੰਦੀ ਸੀ, ਉਸ ਦੇ ਨਾਂ ਤੇ ਪਿੰਡ ਦਾ ਨਾਂ ਫਤਿਹਾਬਾਦ ਚਲਿਆ ਆ ਰਿਹਾ ਹੈ ।
ਸ਼ੇਰ ਸ਼ਾਹ ਸੂਰੀ ਨੇ ਭਾਰਤ ਵਿੱਚ ਕਈ ਸਰਾਵਾਂ ਬਣਵਾਈਆਂ ਸਨ, ਉਹਨਾਂ ਵਿਚੋ ਇੱਕ ਸਰਾਂ ਪਿੰਡ ਫਤਿਹਾਬਾਦ ਵਿਖੇ ਬਣਾਈ ਗਈ ਸੀ ਜਿਸ ਦੇ ਖੰਡਰਾਤ ਅਜੇ ਵੀ ਮੌਜੂਦ ਹਨ। 1745ਈ. ਵਿੱਚ ਜੱਸਾ ਸਿੰਘ ਆਹਲੂਵਾਲੀਏ ਦੀ ਸ਼ਾਦੀ ਫਤਿਹਾਬਾਦ ਵਿਖੇ ਹੋਈ। ਉਸ ਦੀਆਂ ਦੋ ਲੜਕੀਆਂ ਵਿਚੋਂ ਇੱਕ ਲੜਕੀ ਸ. ਮੋਹਨ ਸਿੰਘ ਫਤਿਹਾਬਾਦੀ ਨਾਲ ਵਿਆਹੀ ਹੋਈ ਸੀ। ਜੱਸਾ ਸਿੰਘ ਆਹਲੂਵਾਲੀਏ ਨੇ ਫਤਿਹਾਬਾਦ ਨੂੰ ਜਿੱਤ ਕੇ ਇਕ ਆਪਣੀ ਰਾਜਧਾਨੀ ਬਣਾਈ ਬਾਅਦ ਵਿੱਚ ਸੰਨ 1778 ਵਿੱਚ ਕਪੂਰਥਲੇ ਨੂੰ ਰਾਜਧਾਨ ਬਣਾ ਕੇ ਜੱਸਾ ਸਿੰਘ ਆਹਲੂਵਾਲੀਏ ਨੇ ਕਪੂਰਥਲੇ ਡੇਰੇ ਲਾ ਲਏ ਅਤੇ ਫਤਿਹਾਬਾਦ ਰਿਆਸਤ ਕਪੂਰਥਲੇ ਦੀ ਤਹਿਸੀਲ ਬਣ ਗਈ।
ਤਰਨਤਾਰਨ ਸਾਹਿਬ ਦੀ ਜ਼ਮੀਨ ਦੀ 25,000 ਰੁਪਏ ਦੀ ਹੁੰਡੀ ਪਿੰਡ ਫਤਿਹਾਬਾਦ ਵਿਖੇ ਹੋਈ ਅਤੇ ਇਸ ਸੰਬੰਧ ਵਿੱਚ ਬਾਬਾ ਬੁਢਾ ਜੀ ਅਤੇ ਗੁਰੂ ਅਰਜਨ ਦੇਵ ਜੀ ਤਿੰਨ ਦਿਨ ਤੱਕ ਇੱਥੇ ਹੀ ਰਹੇ। ਮਹਾਰਾਜਾ ਫਤਿਹ ਸਿੰਘ ਦਾ ਜਨਮ ਸ. ਆਲਾ ਸਿੰਘ ਦੇ ਘਰ ਇਸ ਪਿੰਡ ਵਿੱਚ ਹੋਇਆ ਸੀ। ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਫਤਿਹਸਿੰਘ ਨੂੰ ਫਤਿਹਾਬਾਦ ਤੋਂ ਤਰਨਤਾਰਨ ਬੁਲਾ ਕੇ ਉਸ ਨਾਲ ਪੱਗ ਵਟਾਈ ਸੀ। ਸੀ। ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਸਮੇ ਕੁਝ ਦਿਨ ਪਿੰਡ ਫਤਿਹਾਬਾਦ ਵਿਖੇ ਰਹੇ ਸਨ। ਇਸ ਪਿੰਡ ਦੀ ਧਰਤੀ ਨੂੰ ਪਹਿਲੇ ਛੇ ਗੁਰੂਆਂ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਹੋਈ ਹੈ। ਇੱਥੇ ਗੁਰੁ ਨਾਨਕ ਦੇਵ ਜੀ ਦੀ ਯਾਦ ਵਿੱਚ ਗੁਰਦੁਆਰਾ ਅਤੇ ਪਵਿੱਤਰ ਸਰੋਵਰ ਬਣਿਆ ਹੋਇਆ ਹੈ।
ਅਹਿਮਦ ਸ਼ਾਹ ਅਬਦਾਲੀ ਨੇ ਫਤਿਹਾਬਾਦ ਤੇ 28 ਦਸੰਬਰ 1768 ਈ. ਨੂੰ ਹਮਲਾ ਕੀਤਾ, ਕਿਲ੍ਹੇ ਵਿਚਲੇ ਸਿੱਖਾਂ ਨੇ ਡੱਟ ਕੇ ਮੁਕਾਬਲਾ ਕੀਤਾ ਅਤੇ ਸ਼ਹੀਦ ਹੋ ਗਏ। ਕਿਹਾ ਜਾਂਦਾ ਹੈ ਕਿ ਅਹਿਮਦ ਸ਼ਾਹ ਅਬਦਾਲੀ ਨੇ ਇਸ ਪਿੰਡ ਦੇ ਇਲਾਕੇ ਨੂੰ ਖੂਬ ਲੁੱਟਿਆ। ਪਿੰਡ ਵਿੱਚ ਕਈ ਪੀਰਾਂ ਫਕੀਰਾਂ ਦੀਆਂ ਥਾਵਾਂ ਹਨ ਅਤੇ ਕਰਮਸ਼ਾਹ ਦੀ ਖਾਨਗਾਰ ਉਪਰ ਹਰ ਸਾਲ 24 ਹਾੜ ਨੂੰ ਭਾਰੀ ਮੇਲਾ ਲੱਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ