ਫਫੜੇ ਭਾਈ ਕੇ
ਸਥਿਤੀ :
ਤਹਿਸੀਲ ਮਾਨਸਾ ਦਾ ਪਿੰਡ ਫਫੜੇ ਭਾਈ ਕੇ, ਭਿੱਖੀ – ਬੁੱਢਲਾਡਾ ਸੜਕ ਤੋਂ 8 ਕਿਲੋਮੀਟਰ ਤੇ ਮਾਨਸਾ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਰਾਜਾ ਰਾਏ ਅਲੀ ਦੇ ਰਿਸ਼ਤੇਦਾਰਾਂ ਦਾ ਸੀ ਅਤੇ ਇਸਦਾ ਪਹਿਲਾ ਨਾਂ ਰਾਏਪੁਰ ਸੀ। । ਮੁਗਲਾਂ ਦੇ ਰਾਜ ਸਮੇਂ ਸਿੱਧੂ ਗੋਤ ਦੇ ਜੱਟ ਸਿੱਖ ਮੱਲ ਉਰਫ ‘ਫਫੜਾ’ ਨੇ ਦੀਪਾਲਪੁਰ ਪਿੰਡ ਜ਼ਿਲ੍ਹਾ ਲਾਹੌਰ ਦੇ ਰਾਜਾ ਰਾਏ ਅਲੀ ਤੋਂ ਪੁਰਾਣੀ ਦੋਸਤੀ ਕਾਰਨ ਪਿੰਡ ਦੀ ਮਾਲਕੀ ਹਾਸਲ ਕੀਤੀ ਤੇ ਹੁਣ ਵਾਲੀ ਜਗ੍ਹਾਂ ਤੇ ਪਿੰਡ ਆਬਾਦ ਕੀਤਾ। ਅੱਗੋਂ 1856-1857 ਦੇ ਗਦਰ ਸਮੇਂ ਇਹ ਪਿੰਡ ਰਿਆਸਤ ਪਟਿਆਲਾ ਦੇ ਰਾਜਾ ਨੂੰ ਪ੍ਰਾਪਤ ਹੋਇਆ। ਇਹ ਪਿੰਡ ਲਗਭਗ 700 ਸਾਲ ਪੁਰਾਣਾ ਹੈ।
ਮੱਲ ਜੱਟ ਦੀ ਪੰਜਵੀਂ ਪੀੜ੍ਹੀ ਵਿੱਚ ਵਰਿਆਮ ਹੋਇਆ ਜਿਸ ਦੇ ਦੋ ਪੁੱਤਰ ਮੂੰਗੋ ਤੇ ਅਲਦਿਤ ਹੋਏ। ਅਲਦਿਤ ਦਾ ਪੁੱਤਰ ਬਹਿਲੋ ਹੋਇਆ ਜੋ ਸੰਤ ਸੁਭਾਅ ਦੇ ਪੁਰਸ਼ ਸਨ। ਬਹਿਲੋ ਪਹਿਲੇ ਨਗਾਹੀਆ ਪੀਰ ਦੇ ਸ਼ਰਧਾਲੂ ਸਨ ਪਰ ਜਦੋਂ ਗੁਰੂ ਰਾਮਦਾਸ ਜੀ ਦੇ ਸਮੇਂ ਅੰਮ੍ਰਿਤਸਰ ਪੁੱਜੇ ਤਾਂ ਅੰਮ੍ਰਿਤਸਰ ਪੰਜਵੇਂ ਗੁਰੂ ਸਾਹਿਬ ਨੇ ਜਦੋਂ ਸਰੋਵਰ ਨੂੰ ਪੱਕਿਆ ਕਰਨਾ ਆਰੰਭ ਕੀਤਾ ਤਾਂ ਉਸ ਵੇਲੇ ਭਾਈ ਬਹਿਲੋ ਨੇ ਅੰਮ੍ਰਿਤਸਰ ਦੀਆਂ ਗਲੀਆਂ ਵਿੱਚੋਂ ਕੂੜਾ ਕਰਕਟ ਢੋਹ ਕੇ ਆਵਾ ਪਕਾਇਆ ਅਤੇ ਇੱਟਾਂ ਤਿਆਰ ਕਰਕੇ ਸਰੋਵਰ ਤੇ ਲਾਈਆਂ। ਗੁਰੂ ਅਰਜਨ ਦੇਵ ਜੀ ਨੇ ਸੇਵਾ ਤੋਂ ਪ੍ਰਭਾਵਿਤ ਹੋ ਕੇ ‘ਭਾਈ ਬਹਿਲੋ ਸਭ ਤੋਂ ਪਹਿਲਾਂ’ ਕਹਿ ਕੇ ਸਨਮਾਨ ਬਖਸ਼ਿਆ ਇਸ ਤੋਂ ਬਾਅਦ ਇਸ ਪਿੰਡ ਨੂੰ ‘ਭਾਈ ਕੇ ਫਫੜੇ’ ਨਾਲ ਜਾਣਿਆ ਜਾਣ ਲੱਗਿਆ।
ਦੱਸਿਆ ਜਾਂਦਾ ਹੈ ਕਿ ਭਾਈ ਬਹਿਲੋ ਆਪਣੇ ਸਮੇਂ ਦੇ ਇੱਕ ਵਿਦਵਾਨ ਕਵੀ ਵੀ ਸਨ । ਗੁਰੂ ਉਪਮਾ ਦੇ ਨਾਲ-ਨਾਲ ਤਿੰਨ ਸੀਹਰਫੀਆ, ਇੱਕ ਪੈਂਤੀਸ ਅੱਖਰੀ, 262 ਸਲੋਕ, ਕੁੱਝ ਵਾਕ, ਦੋ ਬਾਰਾਮਾਂਹ ਅਤੇ ਇੱਕ ਸਿੱਧੂਆਂ ਦੀ ਬੰਸਾਵਲੀ ਆਦਿ ਰਚਨਾਵਾਂ ਰਚੀਆਂ। ਪਿੰਡ ਵਿੱਚ ਭਾਈ ਬਹਿਲੋ ਜੀ ਦਾ ਗੁਰਦੁਆਰਾ ਹੈ ਜਿਸ ਦੇ ਨਾਂ 700 ਵਿੱਘੇ ਜ਼ਮੀਨ ਹੈ। ਪਿੰਡ ਵਿੱਚ ਹਰ ਸਾਲ ਅਸੂ ਵਦੀ 8-9 ਅਤੇ ਦਸਵੀਂ ਨੂੰ ਬਰਸੀ ਰੂਪ ਵਿੱਚ ਭਾਰੀ ਜੋੜ-ਮੇਲਾ ਲੱਗਦਾ ਹੈ। ਖੇਡਾਂ ਤੇ ਭਾਰੀ ਦੀਵਾਨ ਲੱਗਦੇ ਹਨ। ਭਾਈ ਬਹਿਲੋ ਦੀ ਯਾਦ ਵਿੱਚ ਇੱਕ ਹਾਈ ਸਕੂਲ ਤੇ ਭਾਈ ਬਹਿਲੋ ਹਸਪਤਾਲ ਹੈ। ਗੁਰਦੁਆਰਾ ਭਾਈ ਬਹਿਲੋ ਸੀਸ ਗੰਜ ਗੁਰਦੁਆਰਾ ਦਿੱਲੀ ਦੇ ਨਕਸ਼ੇ ਤੇ ਬਣਿਆ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸੁੰਦਰ ਚੋਲਾ ਅਤੇ ਇੱਕ ਪੈਰ ਦੀ ਜੁੱਤੀ ਇੱਕ ਸ਼ਰਧਾਲੂ ਪਾਸ ਹੈ ਜਿਸ ਦੇ ਦਰਸ਼ਨ ਮੇਲੇ ਸਮੇਂ ਲੋਕਾਂ ਨੂੰ ਕਰਾਏ ਜਾਂਦੇ ਹਨ।
ਪਿੰਡ ਵਿੱਚ ਇੱਕ ਦਾਦੂ ਪੰਥੀਆਂ ਦਾ ਡੇਰਾ ਵੀ ਹੈ। ਸੁਤੰਤਰਤਾ ਸੰਗਰਾਮ ਵੇਲੇ ਵੀ ਇਹ ਪਿੰਡ ਪਿੱਛੇ ਨਹੀਂ ਰਿਹਾ। ਗੁਰਦੁਆਰਾ ਸੁਧਾਰ ਲਹਿਰ ਸਮੇਂ ਸਰਦਾਰ ਹਾਕਮ ਸਿੰਘ ਤੇ ਉਨ੍ਹਾਂ ਦੇ ਅਨੇਕਾਂ ਸਾਥੀਆਂ ਨੇ ਭਾਰੀ ਕੁਰਬਾਨੀ ਕੀਤੀ।
ਇਸ ਪਿੰਡ ਵਿੱਚੋਂ ਭਾਈ ਭਗਤਾ, ਭਾਈ ਦੇਸਾ, ਭਾਈ ਰੂਪਾ, ਕਲੈਹਰ, ਸਲੇਬਰਾਹ ਅਤੇ ਸਲੋਕ ਮਾਜਰਾ ਆਦਿ ਪਿੰਡ ਵੱਸੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ