ਬਜਹੇੜੀ
ਸਥਿਤੀ :
ਤਹਿਸੀਲ ਖਰੜ ਦਾ ਪਿੰਡ ਬਜਹੇੜੀ, ਖਰੜ – ਬਸੀ ਸੜਕ ਤੋਂ 4 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਕੁਰਾਲੀ ਤੋਂ 14 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਬਜ਼ੁਰਗਾਂ ਮੁਤਾਬਕ ਇਹ ਪਿੰਡ ਵਣਜਾਰਿਆਂ ਕਰਕੇ ਹੋਂਦ ਵਿੱਚ ਆਇਆ। ਇਹ ਪਿੰਡ ਵਣਜਾਰਿਆਂ ਦਾ ਪੜਾਅ ਹੋਇਆ ਕਰਦਾ ਸੀ। ਇਸ ਤਰ੍ਹਾਂ ਇੱਥੇ ਹੌਲੀ ਹੌਲੀ ਪਿੰਡ ਵੱਸ ਗਿਆ ਅਤੇ ਪਿੰਡ ਦਾ ਨਾਂ ‘ਵਣਜਹੇੜੀ’ ਤੋਂ ‘ਬਜਹੇੜੀ’ ਪ੍ਰਚਲਤ ਹੋ ਗਿਆ। ਉਹਨਾਂ ਦੇ ਸਮੇਂ ਦੇ ਪੁਰਾਣੇ ਖੂਹ ਹੁਣ ਵੀ ਪਿੰਡ ਵਿੱਚ ਮੌਜੂਦ ਹਨ। ਇਹ ਪਿੰਡ ਸਿੱਖ ਰਾਜ ਤੋਂ ਪਹਿਲਾਂ ਦਾ ਵੱਸਿਆ ਹੋਇਆ ਹੈ ਕਿਉਂਕਿ ਇਸ ਪਿੰਡ ਵਿੱਚ ਸਿੰਘ ਸ਼ਹੀਦਾਂ ਦੀਆਂ ਸਮਾਧਾਂ ਮੌਜੂਦ ਹਨ। ਬਜ਼ੁਰਗਾਂ ਅਨੁਸਾਰ ਇੱਥੇ ਇੱਕ ਕਿਲ੍ਹਾ ਵੀ ਹੁੰਦਾ ਸੀ ਜਿਸਦੀ ਕੋਈ ਨਿਸ਼ਾਨੀ ਹੁਣ ਦਿਖਾਈ ਨਹੀਂ ਦੇਂਦੀ।
ਪਿੰਡ ਵਿੱਚ ਜੱਟਾਂ ਤੇ ਸੈਣੀਆਂ ਦੀ ਅਬਾਦੀ ਜ਼ਿਆਦਾ ਹੈ। ਇਹਨਾਂ ਤੋਂ ਇਲਾਵਾ ਮਜ਼੍ਹਬੀ ਆਹਲੂਵਾਲੀਏ, ਪੰਡਤ, ਨਾਈ, ਤੇਲੀ, ਮਿਸਤਰੀ, ਝਿਊਰ, ਪੀਜੇ, ਮਰਾਸੀ ਆਦਿ ਜਾਤਾਂ ਦੇ ਲੋਕ ਵੀ ਪਿੰਡ ਵਿੱਚ ਵਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ