ਬਲੂਆਣਾ ਪਿੰਡ ਦਾ ਇਤਿਹਾਸ | Balluana Village History

ਬਲੂਆਣਾ

ਬਲੂਆਣਾ ਪਿੰਡ ਦਾ ਇਤਿਹਾਸ |  Balluana Village History

ਸਥਿਤੀ :

ਤਹਿਸੀਲ ਅਬੋਹਰ ਦਾ ਪਿੰਡ ਬਲੂਆਣਾ ਅਬੋਹਰ – ਮਲੌਟ ਸੜਕ ‘ਤੇ ਸਥਿਤ ਹੈ। ਅਤੇ ਰੇਲਵੇ ਸਟੇਸ਼ਨ ਪੱਕੀ ਤੋਂ 4 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਸ ਪਿੰਡ ਨੂੰ ਹੋਂਦ ਵਿੱਚ ਆਇਆਂ ਪੌਣੇ ਦੋ ਸੌ ਸਾਲ ਹੋ ਚੁੱਕੇ ਹਨ। ਇਹ ਪਿੰਡ ਜ਼ਿਲ੍ਹਾ ਲਾਹੌਰ ‘ਬਲੂ ਕਸਲਾਨਾ’ ਦੇ ਛੇੜੂ ਕਰੀਮ ਬਖਸ਼ ਬੇਟੂ ਨੇ ਵਸਾਇਆ ਸੀ। ਇਹ ਇਲਾਕਾ ਉਸ ਵੇਲੇ ਉਜਾੜ ਤੇ ਵੀਰਾਨ ਸੀ, ਪਾਣੀ ਊਂਠਾਂ ‘ਤੇ ਅਬੋਹਰ ਜਾਂ ਮਲੌਟ ਤੋਂ ਲਿਆਇਆ ਜਾਂਦਾ ਸੀ ਅਤੇ ਲੋਕ ਬਹੁਤਾ ਭੇਡਾਂ ਬਕਰੀਆਂ ਦਾ ਧੰਧਾ ਕਰਦੇ ਸਨ। ਇੱਕ ਵਾਰੀ ਇੱਕ ਅੰਗਰੇਜ਼ ਅਫ਼ਸਰ ਇਸ ਥਾਂ ਤੋਂ ਲੰਘਿਆ ਤਾਂ ਕਰੀਮਬਖਸ਼ ਨੇ ਉਸ ਦੀ ਬਹੁਤ ਆਓ ਭਗਤ ਕੀਤੀ ਜਿਸ ਤੋਂ ਖੁਸ਼ ਹੋ ਕੇ ਉਸ ਨੇ ਕਰੀਮਬਖਸ਼ ਦੇ ਨਾਂ ‘ਤੇ ਪਿੰਡ ਦੀ ਸਾਰੀ ਜ਼ਮੀਨ ਅਲਾਟ ਕਰ ਦਿੱਤੀ । ਇਸ ਪਿੰਡ ਦਾ ਨਾਂ ਉਸਦੇ ਪੁਰਾਣੇ ਪਿੰਡ ‘ਬਲੂ ਕਸਲਾਨੇ’ ਨਾਂ ‘ਤੇ ਹੀ ਬੰਦੋਬਸਤ ਵੇਲੇ ‘ਬਲੂਆਣਾ ਬੇਟੂਆ’ ਦਰਜ ਕੀਤਾ ਗਿਆ। 1947 ਦੀ ਵੰਡ ਤੋਂ ਪਹਿਲਾਂ ਇੱਥੇ ਬਹੁਤ ਅਬਾਦੀ ਮੁਸਲਮਾਨਾਂ ਦੀ ਸੀ । ਵੰਡ ਤੋਂ ਬਾਅਦ ਮਿੰਟਗੁਮਰੀ ਤੋਂ ਆਏ ਕੰਬੋਜ, ਚੌਧਰੀ, ਅਰੋੜਾ ਸਿੱਖ ਅਤੇ ਮਹਾਜਨਾਂ ਦੀ ਵਸੋਂ ਹੋ ਗਈ। ਹਰੀਜਨਾਂ ਦੀ ਆਬਾਦੀ ਵੀ ਪਿੰਡ ਵਿੱਚ ਕਾਫੀ ਹੈ। ਜੱਟ ਸਿੱਖਾਂ ਵਿੱਚੋਂ ਬਰਾੜ, ਚਹਿਲ ਅਤੇ ਔਲਖ ਗੋਤਾਂ ਦੇ ਲੋਕ ਪਿੰਡ ਵਿੱਚ ਵੱਸਦੇ ਹਨ।

ਪਿੰਡ ਵਿੱਚ ਇਤਿਹਾਸਕ ਗੁਰਦੁਆਰਾ ‘ਟਿੱਬਾ ਸਾਹਿਬ’ ਹੈ। ਗੁਰਦੁਆਰਾ ਟਿੱਬਾ ਸਹਿਬ ਮਿੰਟਗੁਮਰੀ ਵਿੱਚ ਪਿੰਡ ਦਾਖਲੀ ਮਾਮੂਦਪੁਰ ਦੀ ਜ਼ਮੀਨ ਵਿੱਚ ਸੀ ਜੋ ਵੰਡ ਤੋਂ ਬਾਅਦ ਬਲੂਆਣਾ ਪਿੰਡ ਵਿੱਚ ਅਲਾਟ ਹੋਈ। ਇੱਥੇ ਪਹਿਲੀ ਅੱਸੂ ਤੋਂ ਕੱਤੇ ਦੀ ਪਹਿਲੀ ਤੱਕ ਅਖੰਡ ਪਾਠਾਂ ਦੀ ਲੜੀ ਸ਼ੁਰੂ ਹੁੰਦੀ ਹੈ। ਅੱਸੂ 29 ਤੋਂ 1 ਤੱਕ ਮੇਲਾ ਲੱਗਦਾ ਹੈ। ਇਸ ਤੋਂ ਇਲਾਵਾ ਕ੍ਰਿਸ਼ਨ ਜੀ ਦਾ ਮੰਦਰ ਅਤੇ ਪੀਰ ਕਾਲੂ ਦੀ ਮਜ਼ਾਰ ਵੀ ਪਿੰਡ ਦੇ ਸ਼ਰਧਾ ਦੇ ਸਥਾਨ ਹਨ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment