ਬਸੀ
ਸਥਿਤੀ :
ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਬਸੀ, ਨੂਰਪੁਰ ਬੇਦੀ – ਬੁੰਗਾ ਸਾਹਿਬ ਸੜਕ ‘ਤੇ ਸਥਿਤ, ਰੇਲਵੇ ਸਟੇਸ਼ਨ ਕੀਰਤਪੁਰ ਸਾਹਿਬ ਤੋਂ 8 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਸੱਤਵੇਂ ਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੀ ਬਖਸ਼ਿਸ਼ ਨਾਲ ਵੱਸਿਆ ਹੈ। ਕਿਹਾ ਜਾਂਦਾ ਹੈ ਕਿ ਗੁਰੂ ਜੀ ਆਪਣੇ ਹਜ਼ਾਰਾਂ ਘੋੜ ਸਵਾਰ ਸਿੱਖਾਂ ਨਾਲ ਇਧਰੋਂ ਜੰਗਲਾਂ ਵਿਚੋਂ ਲੰਘ ਰਹੇ ਸਨ ਤੇ ਹਨ੍ਹੇਰਾ ਹੋ ਚੁੱਕਾ ਸੀ ਅਤੇ ਸਾਹਮਣੇ ਸਤਲੁਜ ਦਰਿਆ ਦਾ ਕਹਿਰੀ ਵਹਾ ਸੀ। ਸਿੱਖਾਂ ਦੇ ਪੁੱਛਣ ਤੇ ਕਿ ਕਿੱਥੇ ਬਸੇਰਾ ਕਰਨਾ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਇੱਥੇ ਹੀ ਵੱਸ ਜਾਓ ਅਤੇ ਸਵੇਰੇ ਚਾਲੇ ਪਾਉਣੇ ਹਨ। ਗੁਰੂ ਜੀ ਦੇ ਬਚਨਾਂ ’ਤੇ ਇਸ ਪਿੰਡ ਦਾ ਨਾਂ ‘ਬਸੀ’ ਪੈ ਗਿਆ। ਇੱਥੇ ਸੱਤਵੇਂ ਪਾਤਸ਼ਾਹ ਦਾ ਬਹੁਤ ਸੁੰਦਰ ਗੁਰਦੁਆਰਾ ‘ਕਚਾਲ ਸਾਹਿਬ’ ਹੈ। ਗੁਰਦੁਆਰੇ ਦੀ ਜ਼ਮੀਨ ’ਤੇ ਖੇਤੀ ਹੁੰਦੀ ਹੈ ਜਿਸ ਨਾਲ ਲੰਗਰ ਚੱਲਦਾ ਹੈ। ਇਸ ਗੁਰਦੁਆਰੇ ਨੂੰ ‘ਕਜਲੀ ਵਣਾ’ ਵੀ ਕਹਿੰਦੇ ਹਨ, ਇਸ ਦਾ ਪ੍ਰਬੰਧ ਨਿਹੰਗ ਸਿੰਘਾਂ ਪਾਸ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ