ਬਹਿਕ ਗੁੱਜਰਾਂ
ਸਥਿਤੀ :
ਤਹਿਸੀਲ ਜੀਰਾ ਦਾ ਪਿੰਡ ਬਹਿਕ ਗੁੱਜਰਾਂ, ਅੰਮ੍ਰਿਤਸਰ-ਫਿਰੋਜ਼ਪੁਰ ਸੜਕ ਤੋਂ । ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਮਖੂ ਤੋਂ 8 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੋਇਆ ਹੈ ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਇਲਾਕੇ ਦਾ ਸਭ ਤੋਂ ਪੁਰਾਣਾ ਪਿੰਡ ਮੰਨਿਆ ਜਾਂਦਾ ਹੈ । ਸਭ ਤੋਂ ਪਹਿਲਾਂ ਇਹ ਹੁਜਰੇ ਸ਼ਰੀਫ ਦੇ ਪੀਰਾਂ ਦੀ ਮਲਕੀਅਤ ਦੱਸਿਆ ਜਾਂਦਾ ਹੈ ਜੋ ਜ਼ਿਲ੍ਹਾ ਮਿੰਟਗੁਮਰੀ ਦੇ ਸਨ। ਬਾਅਦ ਵਿੱਚ ਇੱਥੇ ਮੁਸਲਮਾਨ ਗੁੱਜਰ ਆਬਾਦੀ ਦੇ ਵਸਣ ਨਾਲ ਪਿੰਡ ਦਾ ਨਾਂ ‘ਬਹਿਕ ਗੁਜਰਾਂ’ ਰੱਖ ਦਿੱਤਾ ਗਿਆ। ਬਹਿਕ ਦੇ ਅਖਰੀ ਅਰਥ ਹਨ ਰਿਹਾਇਸ਼। ਫਿਰੋਜ਼ਪੁਰ ਜ਼ਿਲ੍ਹੇ ਵਿੱਚ ਬਹਿਕ ਨਾਂ ਦੇ ਸੱਤ ਪਿੰਡ ਹਨ। ਉਸ ਸਮੇਂ ਪਿੰਡ ਸਤਲੁਜ ਦਰਿਆ ਦੇ ਕੰਢੇ ਤੇ ਸੀ, ਹੌਲੀ ਹੌਲੀ ਦਰਿਆ ਦਾ ਵਹਿਣ ਦੂਰ ਚਲਾ ਗਿਆ ਹੈ ਅਤੇ ਉੱਥੇ ਸੇਮ ਨਾਂ ਦਾ ਨਾਲਾ ਹੈ। 1947 ਤੋਂ ਪਹਿਲਾਂ ਇੱਥੇ ਮੁਸਲਮਾਨ ਗੁੱਜਰ ਵਸਦੇ ਸਨ। ਪਿੰਡ ਵਿੱਚ ਛੇ ਮਸੀਤਾਂ ਸਨ। ਸਹਾਬੂਦੀਨ ਥਾਣੇਦਾਰ ਪਿੰਡ ਦੀ ਉੱਘੀ ਹਸਤੀ ਸੀ ਜਿਸ ਦੀ ਪਿੰਡ ਵਿੱਚ ਆਲੀਸ਼ਾਨ ਕੋਠੀ ਸੀ। 1947 ਤੋਂ ਕੁੱਝ ਚਿਰ ਪਹਿਲਾਂ ਕੰਬੋਜ ਸਿੱਖ ਦੁਆਬ ਤੋਂ ਆ ਕੇ ਪਿੰਡ ਵਿੱਚ ਵਸ ਗਏ ਸਨ। 1947 ਤੋਂ ਬਾਅਦ ਸਿੱਖਾਂ ਦੀ ਆਬਾਦੀ ਅੱਧ ਤੋਂ ਜ਼ਿਆਦਾ ਅਤੇ ਬਾਕੀ ਤੀਜਾ ਹਿੱਸਾ ਆਬਾਦੀ ਹਰੀਜਨਾਂ ਦੀ ਹੈ।
ਪਿੰਡ ਵਿੱਚ ਇੱਕ ਮੁਸਲਮਾਨ ਪੀਰ ਵਲੈਤ ਸ਼ਾਹ ਦੀ ਕਬਰ ਹੈ ਜਿਸ ਨੂੰ ‘ਸਾਨ੍ਹਾ ਪੀਰ’ ਕਹਿੰਦੇ ਸਨ, ਪਿੰਡ ਵਿੱਚ ਇੱਕ ਵੱਡੇ ਗੁਰਦੁਆਰੇ ਤੋਂ ਇਲਾਵਾ ਬਸਤੀਆਂ ਵਿੱਚ ਵੀ ਗੁਰਦੁਆਰੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ