ਸਹੋਤੇ ਜੱਟਾ ਦਾ ਵਸਾਇਆ: ਬਾੜੀਆਂ ਕਲਾਂ
ਤੀਹ ਪੈਂਤੀ ਸਾਲਾਂ ਤੋਂ ਅਕਸਰ ਹੀ ਰੋਜ਼ਾਨਾ ਪੰਜ-ਛੇ ਵਾਰ ਇੱਕ ਨਾਂਅ ਰੇਡੀਓ ਤੋਂ ਸੁਣੀਦਾ ਹੈ- ‘ਬਾੜੀਆਂ ਕਲਾਂ ਸੇ ਬੂਟੀ ਰਾਮ ਹਾਂਡਾ’, ਸਰੋਤਿਆਂ ਨੂੰ ਇਵੇਂ ਲੱਗਦਾ ਹੈ, ਜਿਵੇਂ ਬਾੜੀਆਂ ਕਲਾਂ ਤੇ ਸ੍ਰੀ ਬੂਟੀ ਰਾਮ ਹਾਂਡਾ ਇੱਕ ਪਿੰਡ ਤੇ ਇੱਕ ਬੰਦਾ ਨਾ ਹੋ ਕੇ ਇੱਕੋ ਸਿੱਕੇ ਦੇ ਦੋ ਪਾਸੇ ਹੋਣ ਰੂਹ ਤੇ ਵਜੂਦ ਦਾ ਸੁਮੇਲ। ਹੁਸ਼ਿਆਰਪੁਰ ਜ਼ਿਲ੍ਹੇ ਦੇ ਬਲਾਕ ਮਾਹਿਲਪੁਰ ਦੇ ਦੇ ਹੱਦਬਸਤ ਨੰਬਰ 38 ਮਾਲਕੀ 790 ਏਕੜ ਵਾਲਾ ਇੱਕ ਪੁਰਾਣਾ ਪਿੰਡ ਜੇ ਵੱਸਦਾ ਤਾਂ ਹੈ ਭਾਵੇਂ ਹੁਸ਼ਿਆਰਪੁਰ-ਚੰਡੀਗੜ੍ਹ ਸ਼ਾਹ ਰਾਹ ਉੱਤੇ ਵਸੇ ਮਾਹਿਲਪੁਰ ਤੋਂ ਚਾਰ ਕੁ ਕਿਲੋਮੀਟਰ ਦੂਰ ਉੱਤਰੀ ਪੱਛਮੀ ਦਿਸ਼ਾ ‘ਚ ਪਰ ਕਿਤੇ ਅੱਗੇ-ਪਿੱਛੇ ਗਿਆ ਪਛਾਣ ਲਈ ਦੱਸਣ ਲਈ ਕਹਿਣਾ ਪੈਂਦਾ ਹੈ ਮਾਹਿਲਪੁਰ ਬਾੜੀਆਂ। ਗੱਲ ਇਹ ਐਨੀ ਪੀਡੀ ਹੈ। ਕਿ ਇਸ ਨਾਲ ਜੁੜਵੇਂ ਪਿੰਡਾਂ ਦੇ ਦੂਰ-ਦੁਰਾਡੇ ਤਾਂ ਕੀ ਬਾਹਰਲੇ ਮੁਲਖੀ ਗਿਆਂ ਨੂੰ ਵੀ ਆਪਣਾ ਪਿੰਡ ਦੱਸਣ ਲਈ ਇਹ ਆਖਣਾ ਪੈਂਦਾ ਹੈ ਕਿ- ‘ਮੇਰਾ ਪਿੰਡ ਮਾਹਿਲਪੁਰ-ਬਾੜੀਆਂ ਦੇ ਕੋਲ ਹੈ, ਜੀ।’ ਇੰਜ ਜਾਪਦਾ ਹੈ ਕਿ ਜਿੱਥੇ ਕਿਸੇ ਵੇਲੇ ਮਾਹਿਲਪੁਰ-ਬਾੜੀਆਂ ਇੱਕ ਦੂਜੇ ਦੇ ਪੂਰਕ ਸਨ, ਉੱਥੇ ਹੁਣ ਇਹੀ ਬਾੜੀਆਂ ਤੇ ਬੂਟੀ ਰਾਮ ਹਾਂਡਾ ਇੱਕ ਦੂਜੇ ਦੇ ਪੂਰਕ ਬਣ ਗਏ ਹਨ। ਪਹਿਲਾਂ ਬਾੜੀਆਂ ਨੂੰ ਇੱਥੋਂ ਦੇ ਜੁਲਾਹਿਆਂ ਤੇ ਰੰਗਰੇਜ਼ਾਂ ਨੇ ਬੜੀ ਮਸ਼ਹੂਰੀ ਦੁਆਈ ਸੀ ਤੇ ਹੁਣ ਬੂਟੀ ਰਾਮ ਹਾਂਡੇ ਨੇ। ਉਂਜ ਇਸ ਨਾਲੋਂ ਮਾਹਿਲਪੁਰ ਕਦੇ ਵੀ ਨਹੀਂ ਲਹਿਣਾ। ਗੱਲ ਇਹ ਹੈ ਵੀ ਸੱਚ ਕਿਉਂਕਿ ਜਿੱਥੇ ਬਾੜੀਆਂ ਦੇ ਵੱਸਣ ਦਾ ਸਬੱਬ ਮਾਹਿਲਪੁਰੀਏ ਬਣਦੇ ਹਨ, ਉੱਥੇ ਅੱਜ ਮਾਹਿਲਪੁਰ ਕੌਮੀ ਮਾਰਗ ਉੱਤੇ ਹੋਣ ਕਾਰਨ ਲੱਖ ਤਰੱਕੀ ਤਾਂ ਭਾਵੇਂ ਕਰ ਗਿਆ ਹੈ, ਪਰ ਸਮੇਂ ਉਹ ਵੀ ਸਨ ਕਿ ਇਹੀ ਮਾਹਿਲਪੁਰ ਕਦੇ ਸੌਦੇ-ਪੱਤੇ ਲਈ ਇਸੇ ਬਾੜੀਆਂ ਉੱਤੇ ਨਿਰਭਰ ਸੀ ਅਤੇ ਜੰਗੇ ਅਜ਼ਾਦੀ ਦੀ ਲਹਿਰ ਸਮੇਤ ਉਹ ਹੋਰ ਵੀ ਕਈ ਗੱਲਾਂ ਤੋਂ ਬਾੜੀਆਂ ਤੋਂ ਕਿਤੇ ਪਿੱਛੇ ਸੀ। ਬਾੜੀਆਂ ਦੇ ਵੱਸਣ ਦਾ ਸਬੱਬ ਬੇਸ਼ੱਕ ਇਲਾਕੇ ਦਾ ਵੱਡਾ ਪਿੰਡ ਇਹੀ ਮਾਹਿਲਪੁਰ ਬਣਦਾ ਹੈ, ਪਰ ਕਾਮਾ ਜਾਤਾਂ ਅਤੇ ਮਹਾਜਨਾਂ ਦੇ ਬਾੜੀਆਂ ਆ ਵੱਸਣ ਨਾਲ ਬਾਜ਼ਾਰ ਇਸਦਾ ਐਨਾ ਤਰੱਕੀ ਕਰ ਗਿਆ ਸੀ ਕਿ ਜੇ ਦੋਨਾਂ-ਮਾਲਵੇ ਤੱਕ ਤੋਂ ਅਨਾਜ ਇੱਥੇ ਵਿਕਣ ਆਉਂਦਾ ਤਾਂ ਇੱਥੋਂ ਦੇ ਬੁਣੇ ਕੱਪੜੇ ਨੇ ਪੰਜਾਬ ਸਮੇਤ ਉਪਰਲੇ ਪਹਾੜੀ ਇਲਾਕੇ ਵਿੱਚ ਵੀ ਧਮਾਲਾਂ ਪਾਈਆਂ ਹੋਈਆਂ ਸਨ। ਸੂਤੀ ਕੱਪੜਾ ਰੰਗਣ ਦੇ ਮਾਹਿਰ ਮੁਸਲਿਮ ਕਾਰੀਗਰਾਂ ਕਾਰਨ ਜਿੱਥੇ ਇਸ ਦੀ ਪੂਰੇ ਪੰਜਾਬ ‘ਚ ਚੜ੍ਹ ਮੱਚੀ ਹੋਈ ਸੀ, ਉੱਥੇ ਪੁਰਾਣੇ ਵਕਤੀ ਜਾਪਣ ਇਹ ਵੀ ਲੱਗ ਪਿਆ ਸੀ ਕਿ ਜਿਵੇਂ ਪੂਰਾ ਬਾੜੀਆਂ ਪਿੰਡ ਹੀ ਜੁਲਾਹਿਆਂ, ਲਲਾਰੀਆਂ ਤੇ ਰੰਗਰੇਜਾਂ ਦੇ ਕਰਮ ਖੇਤਰ ਦਾ ਪਿੜ ਹੋਵੇ।
ਬਾੜੀਆਂ ਸਹੋਤੇ ਜੱਟਾਂ ਦਾ ਵਸਾਇਆ ਹੋਇਆ ਹੈ। ਕਦ ਵਸਿਆ? ਪੱਕ ਨਾਲ ਤਾਂ ਕੁਝ ਨਹੀਂ ਕਿਹਾ ਜਾ ਸਕਦਾ, ਪਰ ਰਾਮ ਪਿਆਰਾ ਬੈਂਸ ਰਚਿਤ ਸੰਨ 1886 ਦੀ ਕ੍ਰਿਤ ਜੋ ਕਿ ਲੰਡਨ ਦੀ ਲਾਇਬ੍ਰੇਰੀ ‘ਚ ਪਈ ਹੋਈ ਹੈ, ਇਸ ਦੇ ਕਾਫੀ ਪੁਰਾਣਾ ਪਿੰਡ ਹੋਣ ਦੀ ਸ਼ਾਹਦੀ ਭਰਦੀ ਹੈ। ਇੱਕ ਮਿੱਥ ਇਹ ਵੀ ਹੈ ਕਿ ਸਮਰਾਟ ਅਕਬਰ (1542-1605) ਦੇ ਸਮੇਂ ਜਦ ਚੌਧਰੀ ਰਾਮ ਰਾਏ ਬੈਂਸ ਮਾਹਿਲਪੁਰ ਦਾ ਜਗੀਰਦਾਰ ਸੀ, ਦੇ ਵਕਤ ਜੈਸ ਦੇ ਜਸਵਾਲ ਰਾਜਪੂਤਾਂ ਨੇ ਜਦ ਮਹਿਲਪੁਰੀਏ ਬੈਂਸਾਂ ਦੇ ਨਾਸੀਂ ਧੂੰਆਂ ਲਿਆ ਦਿੱਤਾ ਤਾਂ ਹੈਗਾ। ਦੇ ਚੜ੍ਹਦੇ ਪਾਸੇ ਦੇ ਪਹਾੜੀ ਵਸੇ ਪੁਬੋਵਾਲ-ਪੋਲੀਆਂ ਦੇ ਜੱਟਾਂ, ਬਸੀ ਕਲਾਂ ਦੇ ਪਠਾਣਾਂ ਅਤੇ ਬੜੇ ਪਿੰਡ ਦੇ ਸਹੇਤਿਆਂ ਨੇ ਇਨ੍ਹਾਂ ਬੈਂਸਾਂ ਦੀ ਮਦਦ ਕੀਤੀ ਸੀ। ਬੜੇ ਪਿੰਡ (ਗੁਰਾਇਆ) ਦੇ ਸਹੋਤੇ ਉਦੋਂ ਲੜਾਈ ਲਈ ਮੰਨੇ ਹੋਏ ਲੜਾਕੇ ਸਨ। ਮਾਹਿਲਪੁਰੀਆਂ ਬੈਂਸਾਂ ਦੀ ਪਿਠ ਤਾਂ ਪੂਰਨੀ ਸੀ ਉਹਨੇ ਰਿਸ਼ਤੇਦਾਰੀ ਪਿੱਛੇ, ਪਰ ਇਨ੍ਹਾਂ ਬੈਂਸ ਜੱਟਾਂ ਨੇ ਉਨ੍ਹਾਂ ਨੂੰ ਸ਼ੁਕਰਾਨ ਵਜੋਂ ਉੱਤਰ-ਪੱਛਮੀ ਵੱਲ ਦੀ ਉਹ ਜ਼ਮੀਨ ਜਿੱਥੇ ਉਨ੍ਹਾਂ ਦੇ ਕਦੇ ਬਾੜੇ ਹੁੰਦੇ ਸਨ, ਦੇ ਦਿੱਤੀ। ਇਨ੍ਹਾਂ ਬਾੜੇ ਸ਼ਬਦਾਂ ਤੋਂ ਹੀ ਵਿਗੜਦਾ ਸੰਵਰਦਾ ਇਹ ਥਾਂ ਬਾਣੀਆਂ ਨਾਂਅ ਧਾਰ ਗਿਆ। ਇੰਜ ਇਹ ਸਮਾਂ ਪੰਜ ਕੁ ਸਦੀਆਂ ਬਣਦਾ ਹੈ। ਸ. ਕਰਮ ਸਿੰਘ ਸਹੋਤਾ ਦੀ ਹਰਿਦਵਾਰ ਤੋਂ ਪ੍ਰਾਪਤ ਕੀਤੀ ਗਈ ਪਰਿਵਾਰਕ ਬੰਸਾਵਲੀ ਘੁਨੇ-ਉਧ-ਭੋਲੂ-ਬਗਾ- ਜੀਣਾਂ-ਜਸਪਾਲ-ਸ਼ਾਹ-ਬਹਾਦਰ-ਹੰਸਾ-ਘਨੇਈਆ-ਮੈਂਹਗਾ-ਗੁਲਾਬਾ-ਵੀਰਭਾਨ-ਰਾਮ ਦਿਆਲ-ਡਾਲਾ ਨੱਥੂਆਂ-ਲਾਭ ਸਿੰਘ-ਗੰਗਾ ਸਿੰਘ ਤੇ ਅਠਾਰਵੀਂ ਪੀੜ੍ਹੀ ਕਰਮ ਸਿੰਘ (ਉਮਰ 80 ਸਾਲ) ਇੰਜ (18×25+80=530 ਸਾਲ) ਵਾਚਣ ਨਾਲ ਵੀ ਪਿੰਡ ਬੱਝਣ ਦਾ ਸਮਾਂ ਲੱਗਭਗ ਪੰਜ ਕੁ ਸਦੀਆਂ ਹੀ ਬਣਦਾ ਹੈ। ਘੁਨੋ ਉਹ ਸ਼ਖ਼ਸ ਹੈ, ਜੋ ਪਹਿਲ-ਪਲਕੜਿਆਂ ਵਿੱਚ ਇੱਥੇ ਆਉਣ ਵਾਲੇ ਬਜ਼ੁਰਗਾਂ ‘ਚ ਇੱਕ ਸੀ, ਪਰ ਗਿਆਨ ਵੇਤਾ, ਬੱਗੂ ਸਹੋਤਾ ਇੱਥੇ ਪੈਰ ਧਰਨ ਵਾਲੇ ਪਹਿਲੇ ਸਹੋਤੇ ਦਾ ਨਾਂਅ ਨਰੈਣਾ ਦੱਸਦਾ ਹੈ। ਇੱਕ ਇਸ਼ਾਰਾ ਇਹ ਵੀ ਮਿਲਦਾ ਹੈ ਕਿ ਬੜੇ ਪਿੰਡ ਦੇ ਸਹੋਤਿਆਂ ਨੇ ਬੈਂਸਾਂ ਦੀ ਮਦਦ ਉਦੋਂ ਕੀਤੀ ਸੀ, ਜਦ ਮਹਾਰਾਜਾ ਰਣਜੀਤ ਸਿੰਘ (1780-1839 ਈ:) ਵਲੋਂ ਇਹ ਇਲਾਕਾ ਮੱਲਣ ਤੋਂ ਪਹਿਲਾਂ ਕਾਂਗੜੇ ਦਾ ਰਾਜਾ ਰਾਣਾ ਸੰਸਾਰ ਚੰਦ ਕਟੋਚ ਬਜਵਾੜਾ-ਜੈਜੋਂ ਤੱਕ ਦੇ ਖਿੱਤੇ ਨੂੰ ਮਿੱਧਦਾ ਹੋਇਆ ਮਾਹਿਲਪੁਰ ਇਲਾਕੇ ਨੂੰ ਵੀ ਨੱਪਣਾ ਚਾਹੁੰਦਾ ਸੀ ਤਾਂ ਉਸ ਦੇ ਸ਼ਿਸਕਾਰੇ ਹੋਏ ਜੈਜੋਂ ਦੇ ਜਸਵਾਲ ਰਾਣੇ ਇਧਰ ਨੂੰ ਝਪਟਣ ਲੱਗੇ। ਇਸ ਤਰ੍ਹਾਂ ਇਹ ਸਮਾਂ ਲਗਭਗ ਸਵਾ ਕੁ ਦੋ ਸਦੀਆਂ ਬਣਦਾ ਹੈ। ਇਹ ਇਸ ਕਰਕੇ ਵੀ ਸਹੀ ਜਾਪਦਾ ਹੈ ਕਿਉਂਕਿ ਆਮ ਤੌਰ ਤੇ ਪਿੰਡ ਦੀ ਮੋਹੜੀ ਗੱਡਣ ਉਪਰੰਤ ਹੀ ਕਾਮਾ ਅਤੇ ਮਹਾਜਨ ਜਾਤਾਂ ਲੋਕਾਂ ਖਾਤਰ ਲਿਆ ਕੇ ਵਸਾਈਆਂ ਜਾਂਦੀਆਂ ਸਨ ਜਾਂ ਰੋਜ਼ੀ-ਰੋਟੀ ਦੀ ਭਾਲ ‘ਚ ਖੁਦ ਹੀ ਆ ਵਸਦੀਆਂ। ਇਨ੍ਹਾਂ ਵਿੱਚੋਂ ਹੀ ਇੱਥੋਂ ਦੀ ਇੱਕ ਪ੍ਰਮੁੱਖ ਬਿਰਾਦਰੀ ਢੰਡੇ ਆਦਿਧਰਮੀਆਂ ਦੀ ਬੰਸਾਵਲੀ ਸ਼ਾਹੂ-ਦਲੀਪਾ-ਅੱਛਰੂ-ਗੇਂਦਾ-ਫੇਰੂ ਰਾਮ ਤੇ ਛੇਵੀਂ ਪੀੜ੍ਹੀ ਠਾਕੁਰ ਚੰਦ ਉਮਰ 94 ਸਾਲ ਵਾਚਣ ਨਾਲ ਇਹ ਸਮਾਂ ਸਿਰਫ਼ ਸਵਾ ਕੁ ਦੋ ਸੌ ਵਰ੍ਹੇ ਬਣਦਾ ਹੈ। ਇੱਕ ਹੋਰ ਪਰਿਵਾਰ ਸ਼ਾਹੂ-ਡਿੰਗ-ਕੇਸਰ-ਭੋਲਾ-ਮੋਠੂ ਤੇ ਫਿਰ ਜਗਤਾ ਦੀ ਬੰਸਾਵਲੀ ਵੀ ਇਹੋ ਆਖਦੀ ਹੈ। ਬਹੁਤ ਸਹੋਤੇ ਜੱਟ ਬਜ਼ੁਰਗਾਂ ਦਾ ਕਹਿਣਾ ਹੈ ਕਿ ਸ੍ਰੀ ਕਰਮ ਸਿੰਘ ਦੀ ਪਰਿਵਾਰਕ ਬੰਸਾਵਲੀ ਵਿੱਚ ਉਸ ਦੇ ਪੂਰਬਲੇ ਬੜੇ ਪਿੰਡ (ਗੁਰਾਇਆਂ) ਵਾਲੇ ਵੀ ਬਜ਼ੁਰਗ ਸ਼ਾਮਲ ਹਨ। ਗੱਲ ਇਹ ਇਸ ਕਰਕੇ ਵੀ ਜਚਦੀ ਹੈ ਕਿਉਂਕਿ ਗੜ੍ਹਦੀਵਾਲਾ ਜੋ ਕਿ ਜੱਟਾਂ ਦੀ ਭਰਤਪੁਰ (ਰਾਜਸਥਾਨ) ਰਿਆਸਤ ਤੋਂ ਆਉਣ ਵਾਲੇ ਸਹੋਤਿਆਂ ਦਾ ਪੰਜਾਬ ਵਿਚਲਾ ਸਦਰ-ਮੁਕਾਮ ਬਣਿਆ ਸੀ, ਉਥੋਂ ਇਹ ਲੋਕ ਸਿਰਫ਼ ਪੰਜ ਕੁ ਸਦੀਆਂ ਪਹਿਲਾਂ ਹੀ ਆਏ ਸਨ ਤੇ ਉਨ੍ਹਾਂ ਦੀ ਇੱਕ ਸਾਖ ਨੇ ਫਿਰ ਗੁਰਾਇਆ ਲਾਗਲੇ ਬੜਾ ਪਿੰਡ (ਸਮੇਤ ਧੁਲੇਤਾ, ਚੱਕ ਰੱਕੜ, ਪੜਪੋਤਾ, ਅਨਿਆਂ ਦਾ ਚੱਕ, ਸਾਧੂ ਦਾ ਚੱਕ ਆਦਿ ਵੀ) ਵਸਾਇਆ ਅਤੇ ਇੱਥੋਂ ਦੇ ਹੀ ਇੱਕ ਬਜ਼ੁਰਗ ਦੇ ਚਾਰ ਪੁੱਤਰਾਂ ਵਿੱਚੋਂ ਇੱਕ ਨਰੈਣੇ ਨੇ ਬਾੜੀਆਂ ਨੂੰ ਰੁਖ ਕੀਤਾ। ਇਸ ਗੱਲ ਦੇ ਦੋ ਕਾਰਨ ਦੱਸੇ ਜਾਂਦੇ ਹਨ, ਪਹਿਲਾ ਇਹ ਕਿ ਆਪਣੇ ਅਤੇ ਆਪਣੇ ਡੰਗਰ- ਪਾਲੀਆਂ ਦੀਆਂ ਜ਼ਮੀਨੀ ਲੋੜਾਂ ਨੂੰ ਮੁੱਖ ਰੱਖ ਕੇ ਇਹ ਇੱਧਰਲੇ ਹਰੇ-ਭਰੇ ਵਿਹਲੇ ਪਏ ਇਲਾਕੇ ਵੇਖ ਕੇ ਸਦਾ ਬਹਾਰ ਸੀਰਾਂ ਵਗਣ ਵਾਲੇ ਚੋਅ ਕੰਢੇ ਆ ਟਿਕਿਆ ਤੇ ਬੜੇ ਪਿੰਡ ਦੇ ਨਾਂਅ ‘ਤੇ ਉਸ ਇਹੀ ਨਾਂਅ ਰੱਖਿਆ ਹੋਵੇਗਾ, ਜੋ ਬਾੜੀਆਂ ਨਾਂਅ ਧਾਰ ਗਿਆ। ਦੱਸਿਆ ਜਾਂਦਾ ਹੈ ਕਿ ਉਸ ਨੂੰ ਇੱਥੇ ਕੱਢਣ ਲਈ ਮਾਹਿਲਪੁਰੀਆਂ ਨੇ ਕੋਟਫਤੂਹੀ ਤੋਂ ਪਾਰਲੇ ਪਿੰਡਾਂ ਦੇ ਰੰਘੜ ਮੁਸਲਮਾਨਾਂ ਦੀ ਮਦਦ ਨਾਲ ਹੱਲਾ ਵਿੱਢਿਆ, ਪਰ ਵੇਲੇ ਸਿਰ ਬੜੇ ਪਿੰਡ ਦੇ ਸਹੋਤਿਆਂ ਤੋਂ ਮਿਲੀ ਮਦਦ ਸਦਕਾ ਉਹ ਇੱਥੇ ਪੈਰ ਗੱਡ ਗਿਆ।
ਉਨ੍ਹਾਂ ਮੁਸਲਮਾਨ ਧਾੜਵੀਆਂ ਨੂੰ ਇਨ੍ਹਾਂ ਮਾਹਿਲਪੁਰੀਆਂ ਨੇ ਸਹੋਤਿਆਂ ਦੇ ਮੋੜਵੇਂ ਸੰਭਾਵੀ ਹਮਲੇ ਤੋਂ ਬਚਣ ਲਈ ਦੋਹਾਂ ਪਿੰਡਾਂ ਵਿਚਕਾਰ ਬਘੋਰੇ ਵਿਖੇ ਵਸਾ ਦਿੱਤਾ। ਦੂਜਾ ਕਾਰਨ ਇਹ ਸੁਣਨ ਵਿੱਚ ਆਇਆ ਕਿ ਇੱਕ ਸੀ ਬੈਂਸ ਚੌਧਰੀ ਤੇ ਨਾਂਅ ਸੀ। ਜਿਸ ਦਾ ਸ਼ਾਦੀ ਉਸ ਦੀ ਇੱਕੋ ਇੱਕ ਧੀ ਬੜੇ ਪਿੰਡ ਦੀਆਂ ਚੌਂਹ ਪੱਤੀਆਂ ਵਿੱਚੋਂ ਇੱਕ ਪੂਰੀ ਸੂਰੀ ਪੱਤੀ ਦੇ ਅਤੇ ਨਾਲ ਲੱਗਦੇ ਕੁਝ ਪਿੰਡਾਂ ਦੀ ਜ਼ਮੀਨ ਦੇ ਮਾਲਕ ਇੱਕ ਸਹੋਤਾ ਚੌਧਰੀ ਦੇ ਇੱਕੋ-ਇੱਕ ਪੁੱਤਰ ਨਾਲ ਵਿਆਹੀ ਵਰੀ ਗਈ। ਉਸ ਦੇ ਹੱਥੋਂ ਸੁਹਾਗ ਚੂੜਾ ਵੀ ਨਹੀਂ ਸੀ ਅਜੇ ਉਤਰਿਆ ਕਿ ਸਾਈਂ ਸਿਰੋਂ ਉੱਠ ਗਿਆ। ਜਿਵੇਂ ਕਿ ਉਦੋਂ ਹੁੰਦਾ ਹੀ ਸੀ, ਜ਼ਮੀਨ ਨੱਪਣ ਲਈ ਸ਼ਰੀਕਾਂ ਦੀ ਬਾਜ ਅੱਖ ਵੇਖ ਕੇ ਉਹ ਆਪਣੇ ਸੱਸ-ਸਹੁਰੇ ਨਾਲ ਵਾਰਸ ਜੰਮਣ ਲਈ ਮਾਹਿਲਪੁਰ ਨੂੰ ਹੋ ਤੁਰੀ। ਸ਼ਰੀਕੀ ਟਕੋਰਾਂ ਤੋਂ ਬਚਣ ਲਈ ਇਸੇ ਬਾੜੀਆਂ ਵਾਲੀ ਥਾਂ ਦੇ ਮਾਲਕ ਉਸ ਦੇ ਬੁੱਢੇ ਬਾਪ ਨੇ ਉਸ ਨੂੰ ਇੱਥੋਂ ਦੇ ਆਪਣੇ ਬਾੜੇ ਵਿੱਚ ਜਾ ਵਸਣ ਲਈ ਕਿਹਾ। ਇਸ ਤਰ੍ਹਾਂ ਸਹੋਤਿਆਂ ਦੇ ਇੱਥੇ ਆ ਵਸਣ ਦੀਆਂ ਤਿੰਨ-ਚਾਰ ਕਹਾਣੀਆਂ ਪ੍ਰਚੱਲਤ ਹਨ, ਪਰ ਆਖਰੀ ਉੱਤੇ ਜ਼ੋਰ ਦੇਣ ਵਾਲਿਆਂ ਦਾ ਕਹਿਣਾ ਹੈ ਕਿ ਉਸਦੇ ਅਗਾਂੲ ਚਾਰ ਪੁੱਤਰ ਹੋਏ। ਵੱਡੇ ਨੂੰ ਜੋ ਥਾਂ ਸੌਂਪਿਆ ਗਿਆ, ਉੱਥੇ ਵਸਿਆ ਬਾੜੀਆਂ ਕਲਾਂ, ਉਸ ਤੋਂ ਛੋਟੇ ਨੂੰ ਬਾੜੀਆਂ ਖੁਰਦ ਵਾਲੀ ਥਾਂ ਹਿੱਸੇ ਆਈ। ਤੀਜਾ ਮੁਸਲਮਾਨ ਧਰਮ ਗ੍ਰਹਿਣ ਕਰਕੇ ਕੱਦ ਪੰਡੋਰੀ ਜਾ ਟਿਕਿਆ, ਕਾਰਨ ਇਹ ਦੱਸਿਆ ਗਿਆ ਕਿ ਉਹ ਇੱਕ ਮੁਸਲਿਮ ਨੱਢੀ ਉੱਤੇ ਆਸ਼ਕ ਹੋ ਕੇ ਘਰੋਂ ਪੱਤਰਾ ਵਾਚ ਗਿਆ। ਚੌਥਾ ਜਿਸ ਨੂੰ ਬਾਹੋਵਾਲ ਲਾਗਲੀ ਥਾਂ ਮਿਲੀ ਦੇ ਦੋ ਪੁੱਤਰ ਹੋਏ ਬੂੜੋ ਤੇ ਭੂਨਾ। ਬੂੜੋ ਦੇ ਵਸੋਂ ਵਾਲੀ ਥਾਂ ਬੂੜੋ ਬਾੜੀ ਤੇ ਭੂਨਾ ਦੇ ਵਸੇਵੇ ਵਾਲੀ ਥਾਂ ਪਹਿਲਾਂ ਕਹਾਈ ਭੁਨੋ ਬਾੜੀ ਤੇ ਹੁਣ ਸਿਰਫ਼ ਭੂਨੋ ਪਿੰਡ ਹੀ ਅਖਵਾਉਂਦੀ ਹੈ, ਪ੍ਰੰਤੂ ਸਹੋਤਿਆਂ ਦਾ ਪ੍ਰੋਹਤ ਮਾਸਟਰ ਸਾਧੂ ਰਾਮ ਤਕਨੇਤ ਉਨ੍ਹਾਂ ਦੇ ਚਾਰ ਪੁੱਤਰਾਂ ਦੇ ਨਾਂਅ ਵੱਡਾ ਸੁੰਹ, ਛੋਟਾ ਸੁੰਹ, ਬੂੜੋ ਤੇ ਭੂਨਾ ਦੱਸਦਾ ਹੈ, ਇਨ੍ਹਾਂ ਦੀ ਜ਼ਮੀਨੀ ਵੰਡ ਅਨੁਸਾਰ ਇਨ੍ਹਾਂ ਅੱਡ-ਅੱਡ ਬਾੜੀਆਂ ਵਾਲੀ ਥਾਂ ਇਹ ਚਾਰ ਪਿੰਡ ਵਸੇ-ਵੱਡੀਆਂ ਬਾੜੀਆਂ (ਬਾੜੀਆਂ ਕਲਾਂ), ਛੋਟੀਆਂ ਬਾੜੀਆਂ (ਬਾੜੀਆਂ ਖੁਰਦ), ਬੂੜੋ ਬਾੜੀ ਤੇ ਭੂਨੋ ਬਾੜੀ। ਅੱਜ ਵੀ ਗੜ੍ਹਦੀਵਾਲਾ ਤੇ ਬੜਾ ਪਿੰਡ (ਗੁਰਾਇਆ) ਦੇ ਇਲਾਕੇ ਤੋਂ ਬਾਅਦ ਇਧਰ ਇਨ੍ਹਾਂ ਚੋਹਾਂ ਪਿੰਡਾਂ ਵਿੱਚ ਸਹੋਤੇ ਜੱਟਾਂ ਦੀ ਭਰਮਾਰ ਹੈ। ਭੂਨੋ ਬੇਸ਼ੱਕ ਕੁਝ ਹਟਵੀਂ ਹੈ, ਪਰ ਤਿੰਨੇ ਬਾੜੀਆਂ ਜੁੜਵੀਆਂ ਅਤੇ ਇਕੋ ਸੰਪਰਕ ਸੜਕ ਉੱਤੇ ਹੋਣ ਕਾਰਨ ਇਨ੍ਹਾਂ ਦੇ ਇਤਿਹਾਸ ਦੀ ਗਾਥਾ ਇਕੱਠੀ ਹੀ ਕਹੀ ਸੁਣੀ ਜਾਂਦੀ ਹੈ। ਕਹਿਣ ਨੂੰ ਭਾਵੇਂ ਤਿੰਨਾਂ ਦਾ ਹੱਦਬਸਤ ਨੰਬਰ ਵੀ ਅੱਡ-ਅੱਡ ਹੈ ਤੇ ਕੁਲ ਮਾਲਕੀ ਵੀ ਲੱਗਭਗ ਪੰਦਰਾਂ ਸੌ ਏਕੜ ਤੋਂ ਟੱਪ ਜਾਂਦੀ ਹੈ, ਪ੍ਰੰਤੂ ਇਨ੍ਹਾਂ ਕਾਲਮਾਂ ਵਿੱਚ ਅਸਾਂ ਜ਼ਿਕਰ ਇਨ੍ਹਾਂ ਤਿੰਨਾਂ ਦਾ ਸਾਂਝਾ ਹੀ ਕਰਨਾ ਹੈ ਤੇ ਨਾਂਅ ਵਰਤਣਾ ਹੈ, ਸਿਰਫ਼ ਬਾੜੀਆਂ, ਗੋਤਾਂ ‘ਚੋਂ ਗੱਲ ਕਰਨੀ ਹੈ ਕਿ ਫ ਸਹੋਤਿਆਂ ਤੇ ਢੰਡਿਆਂ ਦੀ।
ਅੰਗਰੇਜ਼ ਵਿਦਵਾਨ ਐੱਚ, ਰੋਜ਼ ਦੁਆਰਾ ਸਮਬੰਧ ਕੀਤੀ ਸਰ ਡੇਨਜਿਲ ਇਬਟਸਨ ਦੀ 19ਵੀਂ ਸਦੀ ਸੰਸਾਰ ਪ੍ਰਸਿੱਧ ਕਿਤਾਬ ‘ਏ ਗਲੋਸਰੀ ਆਫ ਕਾਸਟ ਐਂਡ ਟਰਾਇਬ’ ਵਿੱਚ ਜ਼ਿਕਰ ਆਉਂਦਾ ਹੈ ਕਿ- “ਸਹੋਤਾ ਗੋਤ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਪ੍ਰਮੁੱਖ ਗੋਤ ਜਿਸ ਦਾ ਹੈੱਡਕੁਆਟਰ ਹੈ ਗੜ੍ਹਦੀਵਾਲਾ। ਬਾਦਸ਼ਾਹ ਅਕਬਰ ਦੁਆਰਾ ਇਸ ਖਿੱਤੇ ਦੇ ਚੌਧਰੀ ਲਕਬ ਨਾਲ ਬਖ਼ਸ਼ੇ ਖਿਤਾਬ ਨਾਲ ਨਿਵਾਜੇ ਗਏ, ਕੁਝ ਪ੍ਰਮੁੱਖ ਜੱਟ ਬਰਾਦਰੀਆਂ ਵਿੱਚੋਂ ਇੱਕ ਹੈ।” ਚੌਧਰ ਬਖ਼ਸ਼ੇ ਜਾਣ ਦਾ ਕਾਰਨ ਇਹ ਦੱਸਿਆ ਗਿਆ ਕਿ ਮਾਹਿਲਪੁਰੀਏ ਬੈਂਸਾਂ, ਗੜ੍ਹਦੀਵਾਲੇ ਦੇ ਸਹੋਤਿਆਂ ਅਤੇ ਬੁੱਢੀ ਪਿੰਡ ਵਾਲਿਆਂ ਨੇ ਅਕਬਰ ਦੇ ਅੰਤਰਜਾਤੀ-ਅੰਤਰਧਰਮ ਵਿਆਹਾਂ ਨੂੰ ਮਾਨਤਾ ਪ੍ਰਦਾਨ ਕੀਤੀ ਸੀ। ਉਸ ਕਿਤਾਬ ਵਿੱਚ ਇਹ ਵੀ ਲਿਖਿਆ ਹੈ ਕਿ- “ਘੋੜੇ ਪਾਲਕਾਂ ਦੀ ਇੱਕ ਧਿਰ ਨੂੰ ਵੀ ਸਹੋਤੇ ਕਿਹਾ ਜਾਂਦਾ ਸੀ, ਜਿਸ ਦਾ ਸੰਬੰਧ ਕੰਜਰ ਕਬੀਲੇ ਨਾਲ ਜਾ ਜੁੜਦਾ ਸੀ। ” ਉਂਜ ਇਹੀ ਕਿਤਾਬ ਬੋਲਦੀ ਹੈ ਕਿ- “ਪੰਜਾਬੀ ਡਿਕਸ਼ਨਰੀ ਦੇ ਪੰਨਾ 989 ਅਨੁਸਾਰ ਸਹੋਤੇ ਸ਼ਬਦ ਦੇ ਅਰਥ ਜੁਆਨ ਤਵਾਇਫ ਵੀ ਬਣਦਾ ਹੈ। ” ਪ੍ਰਾਚੀਨ ਕਥਾਵਾਂ ‘ਚ ਜ਼ਿਕਰ ਤਾਂ ਇਹ ਵੀ ਆਉਂਦਾ ਹੈ ਕਿ- “ਸਹੋਤਾ ਮਹਾਂਭਾਰਤ ਦੇ ਸਮੇਂ ਦੇ ਪੁਰਾਣੇ ਕਬੀਲਿਆਂ ਵਿੱਚੋਂ ਇੱਕ ਹੈ। ਇਹ ਮਗਧ ਦੇ ਰਾਜਾ ਜਰਾਸਿੰਧ ਤੋਂ ਤੰਗ ਆ ਕੇ ਪੱਛਮ ਵੱਲ ਆ ਵਸਿਆ, ਇਸ ਵੰਸ਼ ਦਾ ਮੋਢੀ ਰਾਜਾ ਸਹੋਤਾ ਸੀ।” ਪ੍ਰੰਤੂ ਖੋਜੀ ਬੀ.ਐਸ. ਦਾਹੀਆ ਅਨੁਸਾਰ- “ਇਸ ਜੱਟ ਰਾਜੇ ਦੇ ਨਾਂਅ ਤੋਂ ਹੀ ਸਹੋਤਾ ਗੋਤਰ ਪ੍ਰਚਲਿਤ ਹੋਇਆ, ਜੋ ਕਿ ਭਾਰਤ ਦਾ ਪੋਤਾ ਸੀ। ” ਇਹ ਭਾਰਤ ਉਹ ਸੂਰਮਾ ਸੀ, ਜਿਸ ਤੋਂ ਆਪਣੇ ਮੁਲਕ ਦਾ ਨਾਂਅ ਭਾਰਤ ਵਰਸ਼ ਪਿਆ ਦੱਸੀਦਾ ਹੈ। ਉਂਜ ਸਹੋਤਾ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ । ਦਾਰੀਏ ਅਨੁਸਾਰ ਵੀ ਸਹੋਤੇ ਜੱਟ ਭਰਤਪੁਰ ਤੋਂ ਦੁਆਬਾ ਖੇਤਰ ਦੇ ਗੜ੍ਹਦੀਵਾਲਾ ਵਿੱਚ ਆ ਕੇ ਆਬਾਦ ਹੋਏ। ਹੋ ਸਕਦਾ ਹੈ ਕਿ ਜਿਸ ਭਾਰਤ ਯੋਧੇ ਤੋਂ ਸਾਡੇ ਮੁਲਕ ਦਾ ਨਾਂਅ ਭਾਰਤ ਪਿਆ, ਉਸ ਦੀ ਬਜਾਏ ਸਹੋਤਾ ਭਰਤਪੁਰ ਵਸਾਉਣ ਵਾਲੇ ਜੱਟ ਰਾਜੇ ਭਰਤ ਦਾ ਪੋਤਾ ਹੋਵੇ, ਜਿਸ ਬਾਰੇ ਦਾਹੀਆ ਕਹਿੰਦਾ ਹੈ। ਕਈ ਹੋਰ ਖੋਜੀਆਂ ਦਾ ਵੀ ਕਹਿਣਾ ਹੈ ਕਿ ਸਹੋਤੇ ਰਾਜਸਥਾਨ ਦੀ ਭਰਤਪੁਰ ਰਿਆਸਤ ‘ਚੋਂ ਹੀ ਬੈਂਸਾਂ ਨਾਲ ਇਧਰ ਆਏ ਸਨ। ਔਰੰਗਜ਼ੇਬ ਦੀ ਕੱਟੜ ਨੀਤੀ ਤੋਂ ਤੰਗ ਆ ਕੇ ਕੁਝ ਜੱਟ ਸਿੰਧ ਦੇ ਇਲਾਕੇ ਤੋਂ ਭਰਤਪੁਰ ਆ ਵਸੇ ਸਨ, ਜਿੱਥੇ ਦਾ ਰਾਜਾ ਚੌਧਰੀ ਸੂਰਜ ਮੱਲ ਬਹੁਤ ਤਾਕਤਵਰ ਤੇ ਪ੍ਰਭਾਵੀ ਸੀ। ਭਰਤਪੁਰ ਤੋਂ ਧੌਲਪੁਰ ਦੀਆਂ ਰਿਆਸਤਾਂ ਜੱਟਾਂ ਦੀਆਂ ਹੀ ਸਨ। ਗੋਤ ਸਹੋਤਾ ਪ੍ਰਚੱਲਿਤ ਹੋਣ ਦਾ ਕਾਰਨ ਕੁਝ ਇਹ ਵੀ ਦੱਸਦੇ ਹਨ ਕਿ ਇਨ੍ਹਾਂ ਜੱਟਾਂ ਦੇ ਇੱਕ ਬਜ਼ੁਰਗ ਨੇ ਆਪਣੇ ਬਾੜੇ ਵਿੱਚ ਆ ਵੜੇ ਸ਼ੇਰ ਨੂੰ ਮੱਲ ਯੁੱਧ ਨਾਲ ਹੀ ਮਾਰ ਦਿੱਤਾ ਸੀ। ਇਸੇ ਸ਼ੀਂਹ ਹੱਤਿਆ ਸ਼ਬਦ ਤੋਂ ਉਸ ਬਜ਼ੁਰਗ ਦੇ ਟੱਬਰ ਦੀ ਪਈ ਅੱਲ ਤੋਂ ਵਿਗੜਦਾ-ਸੰਵਰਦਾ ਇਹ ਨਾਂਅ ਸਹੋਤਾ ਅਜਿਹਾ ਉਘੜਿਆ ਕਿ ਉਸ ਟੱਬਰ ਦੀਆਂ ਅਗਲੀਆਂ ਪੀੜ੍ਹੀਆਂ ਸਹੋਤਾ ਅਖਵਾਈਆਂ। ਕਈ ਆਖਦੇ ਹਨ ਕਿ ਇਹ ਸ਼ੀਂਹ ਹੱਤਿਆ ਗੁਰਾਇਆ ਲਾਗੇ ਇੱਕ ਬਾੜੇ ‘ਚ ਹੋਈ, ਉਸੇ ਬਾੜੇ ਤੋਂ ਬੜਾ ਪਿੰਡ ‘ਤੇ ਸ਼ੀਂਹ ਹੱਤਿਆ ਤੋਂ ‘ਸਹੋਤਾ’ ਸ਼ਬਦ ਪ੍ਰਚੱਲਿਤ ਹੋਇਆ ਅਤੇ ਫਿਰ ਇੰਜ ਹੀ ਇਸੇ ਮਹਾਨਤਾ ਤੋਂ ਸਹੋਤਿਆ ਦੀਆਂ ਬਾੜੀਆਂ, ਖੈਰ ਠੋਸ ਸਬੂਤ ਡੂੰਘੀ ਖੋਜ ਹੀ ਨਿਤਾਰਾ ਕਰੇਗੀ। ਇਸ ਸਾਰੇ ਦਾ ਅਕਬਰ ਦੇ ਸਮੇਂ ਸਹੋਤੇ ਜੱਟਾਂ ਦੀ ਰਾਜ ਦਰਬਾਰ ਵਿੱਚ ਬਹੁਤ ਪਹੁੰਚ ਸੀ। ਇਨ੍ਹਾਂ ਦੇ ਮੁਖੀ ਨੂੰ ਚੌਧਰੀ ਕਿਹਾ ਜਾਂਦਾ ਸੀ। ਉਸ ਸਮੇਂ ਇਨ੍ਹਾਂ ਨੂੰ ਘੋੜੇ ਪਾਲਣ ਤੇ ਸ਼ਿਕਾਰ ਖੇਡਣ ਦਾ ਬਹੁਤ ਸ਼ੌਕ ਸੀ। ਜੱਟ ਕਬੀਲੇ ਅਕਸਰ ਹੀ ਖੁੱਲ੍ਹੇ ਘੁੰਮਦੇ ਫਿਰਦੇ ਰਹਿੰਦੇ ਸਨ। ਸਹੋਤਾ ਬਹੁਤ ਹੀ ਉੱਘਾ ਤੇ ਪ੍ਰਾਚੀਨ ਗੋਤ ਵੀ ਮੰਨਿਆ ਜਾਂਦਾ ਹੈ ਜੋ ਇੱਕ ਆਰੀਆ ਭਾਈਚਾਰੇ ਵਿਚੋਂ ਹੈ। ਸਹੋਤੇ ਜੱਟਾਂ ਦਾ ਪੰਜਾਬ ਦੇ ਇਤਿਹਾਸ ‘ਚ ਮਹਾਨ ਯੋਗਦਾਨ ਹੈ। ਕੁਝ ਵਿਦਵਾਨ ਇਨ੍ਹਾਂ ਨੂੰ ਭੱਟੀ (ਚੰਦਰਬੰਸੀ) ਰਾਜਪੂਤਾਂ ਨਾਲ ਵੀ ਜੋੜਦੇ ਹਨ। ਕੁਝ ਕਾਰੀਗਰ ਤੇ ਕਾਮਾ ਜਾਤਾਂ ਵਿੱਚ ਵੀ ਸਹੇਤੇ ਗੋਤ ਦੇ ਲੋਕ ਹਨ।
ਦੰਦ ਕਥਾਵਾਂ ਅਨੁਸਾਰ ਰਾਮਾਇਣ ਕਾਲ ਦੇ ਚਿੰਨ੍ਹ ਵਜੋਂ ਛੋਟੀਆਂ ਬਾੜੀਆਂ ਦੇ ਪਿੱਛੋ ਨੂੰ ਰਾਜਾ ਜਨਕ ਦੇ ਇੱਕ ਕਿਲ੍ਹੇ ਦਾ ਥੇਹ ਹੁੰਦਾ ਸੀ। ਜੋ ਇਹ ਸੱਚ ਸੀ ਤਾਂ ਸਿੱਧ ਹੁੰਦਾ ਹੈ ਕਿ ਉਸ ਜ਼ਮਾਨੇ ਵਿੱਚ ਇਧਰ ਪਿੰਡ ਆਬਾਦ ਸਨ। ਉਂਜ ਬਾੜੀਆਂ ਕਲਾਂ ਦੇ ਦੱਖਣੀ-ਪੱਛਮੀ ਪਾਸੇ ਚੋਅ ਪਾਰ ਬਘੋਰੇ ਸਾਈਡ ਅਜੇ ਵੀ ਕੁਝ ਖੇਤਾਂ ਵਿੱਚ ਠੀਕਰੀਆਂ ਤੇ ਹੋਰ ਚਿੰਨ੍ਹ ਮਿਲਦੇ ਹਨ। ਹੋ ਸਕਦਾ ਹੈ ਇਹ ਪਿੰਡ ਪਹਿਲਾਂ ਉੱਥੇ ਆਬਾਦ ਹੋਇਆ ਹੋਵੇ ਤੇ ਸਮੇਂ ਦੇ ਗੇੜ ਨਾਲ ਮੌਜੂਦਾ ਥਾਂ ਆ ਵੱਸਿਆ। ਇੱਕ ਗੱਲ ਤਾਂ ਪੱਕ ਨਾਲ ਹੀ ਕਹੀ ਜਾ ਸਕਦੀ ਹੈ ਕਿ ਬਾੜੀਆਂ ਵਿੱਚ ਚੋਅ ਕੰਢੇ ਸ਼ਰਨੇ ਲੁਹਾਰ ਦੇ ਕਾਰਖਾਨੇ ਦੀ ਦੱਖਣੀ ਬਾਹੀ ਵਿੱਚ ਇੱਕ ਕੱਚੀ ਗੜ੍ਹੀ ਹੁੰਦੀ ਸੀ । ਬਜ਼ੁਰਗ ਲੋਕ ਇਸ ਨੂੰ ਅਜੇ ਵੀ ਕਿਲ੍ਹੇ ਦੇ ਨਾਂਅ ਨਾਲ ਯਾਦ ਕਰਦੇ ਹਨ। ਅਠਾਰਵੀਂ ਸਦੀ ਦੇ ਅਖੀਰ ਵਿੱਚ ਸਿੱਖਾਂ ਵੱਲੋਂ ਸ਼ੁਰੂ ਕੀਤੀ ਰਾਖੀ ਪ੍ਰਥਾ ਵੇਲੇ ਇਹ ਗੜ੍ਹੀ ਉਸਾਰਨ ਦੀ ਕਨਸੋਅ ਮਿਲਦੀ ਹੈ, ਜਦ ਨੇੜਲੇ ਇਲਾਕਿਆਂ ਜਿਵੇਂ ਗੋਂਦਪੁਰ, ਸਕਰੂਲੀ, ਬਾਹੋਵਾਲ, ਕੋਟਫਤੂਹੀ ਵਿੱਚ ਲੱਗਭਗ ਰਾਖੀ ਪ੍ਰਥਾ ਵੇਲੇ ਹੀ ਪਰ ਗੜ੍ਹਸ਼ੰਕਰ, ਮਨਸੌਵਾਲ, ਕਾਠਗੜ੍ਹ, ਹਰਿਆਣਾ, ਗੁਣਾਚੌਰ ਵਿੱਚ ਕੁਝ ਪਹਿਲਾਂ ਹੀ ਅਜਿਹੀਆਂ ਗਤੀਆਂ (ਛੋਟੇ ਕੱਚੇ ਕਿਲ੍ਹੇ) ਉਸਾਰੀਆਂ ਹੋਈਆਂ ਸਨ, ਪ੍ਰੰਤੂ ਅਜੜਾਮ, ਬਜਵਾੜਾ, ਬਸੀ ਕਲਾਂ, ਜੈਜੋਂ ਤੇ ਰਾਹੋਂ ਵਿਖੇ ਮੁਕਾਬਲਤਨ ਵੱਡੇ ਗੜ੍ਹ (ਕਿਲ੍ਹੇ) ਸਨ ਜਦੋਂ ਅੰਗਰੇਜ਼ਾਂ ਨੇ ਰਣਜੀਤ ਸਿੰਘ ਦੀ ਮੌਤ (ਸੰਨ 1839) ਤੋਂ ਬਾਅਦ ਇੱਕ ਦਹਾਕੇ (ਸੰਨ 1849 ਤੱਕ) ਵਿੱਚ ਲੱਗਭਗ ਮੁਕੰਮਲ ਰੂਪ ‘ਚ ਪੰਜਾਬ ‘ਤੇ ਕਬਜ਼ਾ ਕਰ ਲਿਆ ਤਾਂ ਇਸ ਪ੍ਰਕਿਰਿਆ ਦੌਰਾਨ ਦੋਆਬੇ ਦੇ ਇਧਰਲੇ ਕੁਝ ਸਿੱਖ ਸਰਦਾਰਾਂ ਨੇ ਉਸ ਦੀ ਈਨ ਮੰਨਣ ਤੋਂ ਆਨਾ-ਕਾਨੀ ਕੀਤੀ ਤਾਂ ਅੰਗਰੇਜ਼ਾਂ ਨੇ ਇਨ੍ਹਾਂ ਪਨਾਹ ਸਥਾਨਾਂ ਨੂੰ 1842 ਤੋਂ 1845 ਦੌਰਾਨ ਹੀ ਸਿਰਫ਼ ਬਜਵਾੜੇ ਵਾਲਾ ਕਿਲ੍ਹਾ ਆਪਣੇ ਕਬਜ਼ੇ ਹੇਠ ਰੱਖ ਕੇ (ਬਜਵਾੜੇ ਦੇ ਕਿਲ੍ਹੇ ਦੀ ਸ਼ਾਮਿਤ ਆਈ ਸੀ। 1857 ਦੇ ਗਦਰ ਵੇਲੇ ਤੇ ਫਿਰ ਸੰਨ 1942 ਦੀ ਨਾ ਮਿਲਵਰਤਣ ਲਹਿਰ ਦੇ ਜੰਗੇ ਕੈਦੀਆਂ ਦੀ ਹਿੰਸਕ ਹੜਤਾਲ ਵਕਤ) ਬਾਕੀਆਂ ਨੂੰ ਪੂਰੀ ਤਰ੍ਹਾਂ ਫਨਾਹ ਕਰਕੇ ਰੱਖ ਦਿੱਤਾ। ਸਿੱਖ ਰਾਜ ਸਤਹ ਦੇ ਇਹ ਚਿੰਨ੍ਹ ਤਾਂ ਵੀ ਢਹਿ-ਢੇਰੀ ਕਰ ਦਿੱਤੇ ਗਏ ਸਨ ਤਾਂ ਕਿ ਇਨ੍ਹਾਂ ਨੂੰ ਵੇਖ ਕੇ ਸਿੱਖ ਰਾਜ ਦੀ ਯਾਦ ਹੀ ਨਾ ਆਵੇ। ਬਾੜੀਆਂ ਦੀ ਇਹ ਗੜ੍ਹੀ ਵੀ ਐਨ ਉਹਨੀਂ ਵਕਤੀ ਹੀ ਥੇਹ ਕਰਕੇ ਰੱਖ ਦਿੱਤੀ। ਇਸ ਨੂੰ ਉਡਾਉਣ ਲਈ ਮਾਲਕਾਈ ਥੇਹ ਲਾਗਲੀ ਬੋਹੜ ਕੋਲ ਤੋਪਾਂ ਬੀੜੀਆਂ ਗਈਆਂ ਸਨ। ਗੜ੍ਹੀ ਦੇ ਕੇਂਦਰੀ ਸਥਾਨ ਉੱਤੇ ਉਨ੍ਹਾਂ ਵੇਲਿਆਂ ਦਾ ਇੱਕ ਛੋਟੀ ਇੱਟ ਦਾ ਖੂਹ ਅੱਜ ਵੀ ਮੌਜੂਦ ਹੈ। ਵੱਡੇ ਰੋਲਿਆ ਤੱਕ ਇਸ ਗੜ੍ਹੀ ਦੇ ਵੱਡੇ ਕੰਧ ਭਿੱਤਾ ਦੇ ਚਿੰਨ੍ਹ ਆਮ ਹੀ ਵੇਖੇ ਜਾ ਸਕਦੇ ਸਨ ਤੇ ਕਿਤੇ ਬਾਅਦ ਤੱਕ ਇਸੇ ਸਥਾਨ ਤੋਂ ਭਾਂਡੇ ਠੀਕਰ ਤੇ ਰਿਵਾਇਤੀ ਹਥਿਆਰ ਵੀ ਮਿਲਦੇ ਰਹੇ।
ਪਹਿਲਾਂ ਇਹ ਇਲਾਕੇ ਥੋੜ੍ਹੇ ਸਮੇਂ ਲਈ ਕਰੋੜ ਸਿੰਘੀਆ ਮਿਸਲ ਤੇ ਫਿਰ ਡੱਲੇਵਾਲੀਆ ਮਿਸਲ ਦੇ ਅਧੀਨ ਰਹੇ, ਉਂਜ ਆਹਲੂਵਾਲੀਆਂ ਦੇ ਘੋੜਿਆਂ ਦੀ ਪੈੜ-ਚਾਲ ਵੀ ਕਦੇ-ਕਦੇ ਇਧਰ ਆ ਸੁਣਾਈ ਦਿੰਦੀ ਰਹੀ। ਇਸ ਗੜ੍ਹੀ ਲਾਗਲਾ ਇੱਕ ਘਰ ਸਿੱਖਾਂ ਕਿਆਂ ਦਾ ਇਸ ਕਾਰਨ ਵੱਜਦਾ ਸੀ ਕਿ ਉਨ੍ਹਾਂ ਦਾ ਇੱਕ ਬਜ਼ੁਰਗ ਜੇ ਪਹਿਲਾਂ ਮਿਸਚਲੀ ਸੀ ਬਾਅਦ ‘ਚ ਰਣਜੀਤ ਸਿੰਘ ਦੀ ਫੌਜ ‘ਚ ਜਾ ਭਰਤੀ ਹੋਇਆ। ਉਂਜ ਬਾੜੀਆਂ ਦੇ ਸਾਰੇ ਦੇ ਸਾਰੇ ਜੱਟ ਪਹਿਲ-ਪਲੱਕੜਿਆਂ ਵਿੱਚ ਜਾਂ ਤਾਂ ਸਨ ਦੇਵੀ ਦੇ ਭਗਤ ਜਾਂ ਫਿਰ ਸੁਲਤਾਈਏ ਸਨ। ਇਸ ਲਈ ਲੱਗਦਾ ਹੈ ਕਿ ਸ਼ਾਇਦ ਇਹ ਗੜ੍ਹੀ ਸਹੋਤੇ ਜੱਟਾਂ ਨੇ ਬੈਂਸਾਂ ਅਤੇ ਰੰਘੜ ਮੁਸਲਮਾਨਾਂ ਦੇ ਸੰਭਾਵੀ ਹਮਲਿਆਂ ਤੋਂ ਬਚਣ ਲਈ ਤਾਮੀਰ ਕਰਵਾਈ ਹੋਵੇ, ਜੋ ਬਾਅਦ ‘ਚ ਰਾਖੀ ਪ੍ਰਥਾ ਵੇਲੇ ਸਿੱਖ ਮਿਸਲਾਂ ਦੇ ਹੱਥ ਆ ਗਈ।
ਦੇਸ਼ ਭਗਤ ਨਾ ਤਾਂ ਕਿਸੇ ਜਾਤ-ਪਾਤ ਦੇ ਵਿਸ਼ੇਸ਼ ਹੁੰਦੇ ਹਨ ਤੇ ਨਾ ਹੀ ਉਹ ਅਜਿਹਾ ਚਾਹੁੰਦੇ ਸਨ, ਇਸ ਲਈ ਸਰੋਤੇ ਜੱਟਾਂ ਵਿੱਚੋਂ ਹੋਏ ਦੇਸ਼ ਭਗਤਾਂ ਦੀ ਗੱਲ ਵੀ ਬਾਕੀਆਂ ਨਾਲ ਅਗਲੇ ਪੈਰਿਆਂ ‘ਚ ਹੀ ਕਰਨੀ ਹੈ, ਪਰ ਜੋ ਹੋਰ ਚਰਚਿਤ ਬਜ਼ੁਰਗ ਹੋਏ ਸਨ, ਉਹ ਹਨ ਉਠ ਰੱਖਣ ਵਾਲਾ ਇੱਕ ਕਰਮ ਸਿੰਘ ਜਿਸ ਨੇ ਲੋਅਰ ਕੋਰਟ ਤੋਂ ਹਾਈਕੋਰਟ-ਸੁਪਰੀਮ ਕੋਰਟ ਤੱਕ 65 ਸਾਲ ਲੰਮਾ ਮੁਕੱਦਮਾ ਲੜਿਆ ਬਾਹਰਲੇ ਮੁਲਕ ਨਿਰੋਬੀ ਵਿੱਚ ਜਾ ਕੇ ਟਰਾਂਸਪੋਰਟ ਸਲਤਨਤ ਖੜੀ ਕਰਨ ਵਾਲਾ ਨਸੀਬ ਚੰਦ ਸਹੋਤਾ, ਭੰਗੜਾ ਦਾ ਬਗੀਚਾ ਤੇ ਉਸ ਦਾ ਭਾਈ ਭਜਨਾ ਕੀਰਤਨੀਆਂ, ਸ਼ਾਹੂਕਾਰਾ ਕਰਨ ਵਾਲਾ ਵਿਦਵਾਨ ਪੁਰਸ਼ ਜਿਸ ਦੀ ਅੱਲ ਸੀ ਅਨੋਖਾ ਪੰਡਤ ਉਹ ਸੀ ਅਲਬੇਲ ਸਿੰਘ ਜਿਸ ਨੂੰ ਅੰਗਰੇਜ਼ਾਂ ਨੇ ਪੰਜ ਪਿੰਡਾਂ ਦੀ ਚੌਧਰ ਵੀ ਦੇ ਰੱਖੀ ਸੀ, ਤੋਂ ਬਿਨਾਂ ਸ੍ਰੀ ਕਾਬਲ ਸਿੰਘ ਤੇ ਸ੍ਰੀ ਸੁੱਚਾ ਸਿੰਘ ਆਦਿ ਵੀ ਜ਼ਿਕਰਯੋਗ ਸ਼ਖ਼ਸ ਤਾਂ ਸਨ ਹੀ ਬਲਕਿ ਫਰੀ ਹਸਪਤਾਲ ਖੋਲ੍ਹਣ ਵਾਲਾ ਯੋਰਪ ‘ਚ ਵਸਦਾ ਪ੍ਰੋ: ਜੋਗਿੰਦਰ ਸਿੰਘ ਅਤੇ ਇੱਕ ਹੋਰ ਨਿਵੇਕਲਾ ਪੁਰਸ਼ ਹਰ ਧਰਮ ਦੇ ਗ੍ਰੰਥਾਂ ਤੇ ਮਿਥਿਹਾਸਿਕ ਕਥਾਵਾਂ ਦਾ ਗਿਆਤਾ ਹੈ। ਇਨ੍ਹਾਂ ਜੱਟਾਂ ਦਾ ਹੀ ਇੱਕ ਬਜ਼ੁਰਗ ਦਿਲਬਾਗ ਸਿੰਘ ਉਰਫ਼ ਬੱਗੂ ਸਹੋਤਾ, ਸਦੀ ਕੁ ਨੂੰ ਢੁੱਕ ਚੁੱਕਾ ਇਹ ਬਿਰਧ ਅਜੇ ਵੀ ਨਿੱਤ ਕੋਈ ਨਾ ਕੋਈ ਪੁਸਤਕ ਪੜ੍ਹਦਾ ਰਹਿੰਦਾ ਹੈ।
ਨਵਾਂ ਪਿੰਡ ਬੱਝਣ ਵਕਤ ਹੋਰ ਬਰਾਦਰੀਆਂ ਵੀ ਸੁਖੇਰੀ ਰੋਜ਼ੀ-ਰੋਟੀ ਦੀ ਭਾਲ ‘ਚ ਆਮ ਮੁਕਾਮ ਕਰਦੀਆਂ ਜਾਂ ਫਿਰ ਲੋੜਾਂ ਖਾਤਰ ਤੇ ਰਾਖੀ ਲਈ ਉਨ੍ਹਾਂ ਨੂੰ ਲਿਆ ਵਸਾਇਆ ਜਾਂਦਾ। ਇਨ੍ਹਾਂ ਸਹੋਤਿਆਂ ਦੇ ਛੇਤੀ ਬਾਅਦ ਹੀ ਬੜੇ ਪਿੰਡ ਤੋਂ ਹੀ ਉਨ੍ਹਾਂ ਦੇ ਪ੍ਰੇਰਿਤ ਤਕਨੇਤ ਬ੍ਰਾਹਮਣਾਂ ਦਾ ਇੱਕ ਟੱਬਰ ਇੱਥੇ ਆ ਵਸਿਆ, ਫਿਰ ਆ ਗਏ ਅਗਨੀਹੋਤਰੀ ਬ੍ਰਾਹਮਣ ਨੇੜਲੇ ਪਿੰਡ ਮੋਤੀਆਂ ਤੋਂ ਜਿਨ੍ਹਾਂ ਦੇ ਪਹਿਲੇ ਬਜ਼ੁਰਗ ਦਾ ਨਾਂਅ ਪਾਲੀ ਰਾਮ ਸੀ। ਹੁਣ ਵਾਲੀ ਉਨ੍ਹਾਂ ਦੀ ਪੀੜ੍ਹੀ ਇੰਜ ਤੁਰੀ ਸੀ, ਸੂਬੇਦਾਰ ਤਰਸੇਮ ਲਾਲ (67 ਸਾਲ) ਭਗਤ ਰਾਮ ਸ਼ਾਲਿਗ ਰਾਮ ਤੇ ਉਸ ਦਾ ਬਾਪ ਸੀ ਪਾਲੀ ਰਾਮ। ਇਸੇ ਪਾਲੀ ਰਾਮ ਦੇ ਬਜ਼ੁਰਗ ਮੇਸਾ ਰਾਮ, ਸੁਦਾਗਰ, ਰਾਮ ਦਿਆਲ, ਦਿਲਾ ਰਾਮ, ਕੂੜਾ ਰਾਮ, ਪਰਸੂ ਰਾਮ ਤਾਂ ਮੋਤੀਆਂ ਵਸਦੇ ਸਨ। ਪਰਸ ਰਾਮ ਦੇ ਬਾਪ ਦਾ ਨਾਂਅ ਸੀ ਮੋਤੀ, ਜਿਸ ਦੇ ਨਾਂਅ ਉੱਤੇ ਹੀ ਬਾੜੀਆਂ ਦੀ ਲਹਿੰਦੀ ਵੱਖੀ ਵਿੱਚ ਹੀ ਬ੍ਰਾਹਮਣਾਂ ਦਾ ਹੀ ਇੱਕ ਛੋਟਾ ਜਿਹਾ ਗਰਾਂ ਵਸਦਾ ਹੈ ਮੋਤੀਆਂ। ਮੋਤੀ ਬ੍ਰਾਹਮਣ ਦਾ ਇੱਕ ਸਕਾ ਭਾਈ ਸੀ ਗੋਪਾਲ ਜਿਸ ਦੇ ਨਾਂਅ ‘ਤੇ ਹੀ ਇਸੇ ਬਾੜੀਆਂ ਦੀ ਦੱਖਣੀ ਪੱਛਮੀ ਗੁੱਠ ‘ਚ ਬ੍ਰਾਹਮਣਾਂ ਦੀ ਇੱਕ ਹੋਰ ਛੋਟਾ ਜਿਹਾ ਪਿੰਡ ਵਸਿਆ-ਗੋਪਾਲੀਆਂ। ਮੋਤੀ ਤੇ ਗੋਪਾਲ ਬੜੇ ਕਹਿੰਦੇ ਕਹਾਉਂਦੇ ਯੋਧੇ ਤੇ ਕਰਮਯੋਗੀ ਸਨ, ਜਿਨ੍ਹਾਂ ਇਹ ਪਿੰਡ ਵਸਾਏ, ਉਂਜ ਇਨ੍ਹਾਂ ਦਾ ਅਸਲ ਪਿਛਲਾ ਪਿੰਡ ਤਾਂ ਸੀ ਨਵਾਂ ਸ਼ਹਿਰ ਲਾਗਲੇ ਦਾ ਕਰਿਆਮ ਜਿਸ ਨੂੰ ਕਿਸੇ ਮਿਥਿਹਾਸਿਕ ਸਰਾਪ ਕਾਰਨ ਉਨ੍ਹਾਂ ਦੇ
ਬਜ਼ੁਰਗ ਲੱਖੀ-ਲੱਖਾ ਭੈਣ-ਭਰਾ ਨੇ ਸਦਾ ਲਈ ਛੱਡ ਦਿੱਤਾ ਸੀ। ਇਸੇ ਲੱਖੇ ਪੰਡਤ ਦੀ ਹੀ ਸੰਤਾਨ ਗੋਪਾਲੀਆਂ-ਮੋਤੀਆਂ ਅਤੇ ਬਾੜੀਆਂ ‘ਚ ਵਸਦੀ ਹੈ। ਹੈਰਾਨੀ ਦੀ ਗੱਲ ਇਹ ਹੋਈ ਕਿ ਜਦੋਂ ਮੋਤੀਆਂ ਦੇ ਸਾਰੇ ਹੀ ਅਗਨੀਹੋਤਰੀ ਬਾੜੀਆਂ ਆ ਟਿਕੇ ਅਤੇ ਉਨ੍ਹਾਂ ਦਾ ਦਾ ਮੋਤੀਆ ਵਿਖੇ ਸਿਰਫ਼ ਰਹਿ ਗਿਆ ਇੱਕ ਬਾੜਾ ਤੇ ਮੋਤੀਆਂ ਉਜੜ ਗਿਆ, ਪ੍ਰੰਤੂ ਸੰਨ 1884 ਦੇ ਬੰਦੋਬਸਤ ਤੋਂ ਐਨ ਪਹਿਲਾਂ ਭਗਤ ਕਹਾਉਂਦੇ ਬਾੜੀਆਂ ਦਾ ਹੀ ਇੱਕ ਬ੍ਰਾਹਮਣ ਪਰਿਵਾਰ ਉਸ ਮੋਤੀ ਦੇ ਬਾੜੇ ਮੁੜ ਅਜਿਹਾ ਟਿਕਿਆ ਕਿ ਨਵੇਂ ਸਿਰੇ ਤੋਂ ਪਿੰਡ ਦਾ ਮੁੱਢ ਬੱਝ ਗਿਆ ਤੇ ਇਸ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ। 1884 ਦੇ ਬੰਦੋਬਸਤ ਨਿਯਮਾਂ ਨੇ। ਬਾੜੀਆਂ ਦੇ ਲੋਕ ਤਕਨੇਤ ਬ੍ਰਾਹਮਣਾਂ ਨੂੰ ਪ੍ਰੋਹਿਤ ਅਤੇ ਅਗਨੀਹੋਤਰੀਆਂ ਪਾਂਧੇ ਆਖਦੇ ਸਨ। ਪ੍ਰੋਹਿਤ ਦਾ ਮਤਲਬ ਹੈ- ਪਰਾਏ ਹਿੱਤ ਦਾ ਖਿਆਲ ਰੱਖਣ ਵਾਲਾ। ਪ੍ਰੋਹਿਤ ਤੇ ਪਾਂਧੇ ਦਾ ਫਰਕ ਦੱਸਣ ਲਈ ਇਹ ਕਹਾਵਤ ਪ੍ਰਸਿੱਧ ਹੈ ਪ੍ਰੋਹਿਤ ਜੱਦੋ ਤੇ ਪਾਂਧਾ ਹੱਦੋ। ਅਰਥਾਤ ਪ੍ਰੋਹਿਤ ਤਾਂ ਕੁੱਲ ਤੋਂ ਚਲਿਆ ਆਉਂਦਾ ਹੈ ਤੇ ਪਾਂਧਾ ਮੌਕੇ ਅਨੁਸਾਰ ਬਦਲਿਆ ਜਾ ਸਕਦਾ ਹੈ। ਤੂਕਨੇਤ ਤੇ ਅਗਨੀਹੋਤਰੀ ਜਿੱਥੇ ਆਪਣੇ ਆਪ ਨੂੰ ‘ਉੱਚ’ ਸਰਸਵਤ ਬ੍ਰਾਹਮਣ ਅਖਵਾਉਂਦੇ ਸਨ, ਉੱਥੇ ਕੁਝ ‘ਨੀਵੇਂ’ ਆਖੇ ਜਾਂਦੇ ਗੌੜ ਬ੍ਰਾਹਮਣਾਂ ਦਾ ਇੱਕ ਘਰ ਪਰ ਕੁਝ ਹੋਰ ਘਰ ਅਚਾਰਜ ਬ੍ਰਾਹਮਣਾਂ (ਡਕੌਤਾਂ) ਦੇ ਵੀ ਸਨ। ਇਨ੍ਹਾਂ ਦਾ ਕੰਮ ਮੁਰਦੇ ਦੀ ਕਿਰਿਆ ਕਰਮ (ਸ਼ਾਂਤੀ ਦੀ ਰਸਮ) ਕਰਨੀ ਹੁੰਦੀ ਸੀ। ਜੀਵ ਮਰਨ ਉਪਰੰਤ ਦਾਨ ਲੈਣ ਦੇ ਪਾਤਰ ਵੀ ਅਚਾਰਜ ਬ੍ਰਾਹਮਣ ਮੰਨ ਜਾਂਦੇ । ਅਖੌਤੀ ਗ੍ਰਹਿ ਚਾਲ ਨਮਿਤ ਕੀਤਾ ਦਾਨ ਡਕੌਤ ਲੈਂਦੇ ਸਨ, ਜਿਸ ਵਿੱਚ ਤੇਲ, ਮਾਂਹ, ਲੋਹਾ, ਪੇਠਾ ਵਗੈਰਾ ਜ਼ਰੂਰ ਹੁੰਦਾ। ਸਮਝ ਨਹੀਂ ਆਈ ਕਿ ਇਨ੍ਹਾਂ ਲੋਕਾਂ ਨੂੰ ਨਿਮਨ ਬ੍ਰਾਹਮਣ ਕਿਉਂ ਆਖਿਆ ਗਿਆ, ਕਿਉਂਕਿ ਜੇ ਅਚਾਰਜੀ ਸ਼ਬਦ ਦੇ ਅਰਥ ਵੇਖੀਏ ਤਾਂ ਇਹ ਹੈ- “ਉਚੇ ਆਚਰਨ ਵਾਲਾ ਤੇ ਵਿਦਵਾਨ” ਪੰਡਤਾਂ ਦੇ ਮੁਨਸ਼ੀ ਮੱਲ ਤੇ ਸਾਲਗ ਰਾਏ ਜਿੱਥੇ ਖਾਂਚੀ (ਦੇਸੀ ਖੰਡ ਬਣਾਉਣ ਦਾ ਲਘੂ ਉਦਯੋਗ) ਦਾ ਕੰਮ ਕਰਦੇ ਸਨ, ਉੱਥੇ ਸਿੱਖ ਮਿਸਲ ਵੇਲੇ ਛੋਟੇ-ਮੋਟੇ ਜੁਰਮਾਂ ਵਾਲਿਆਂ ਨੂੰ ਕਾਠ ਮਾਰਨ ਦਾ ਅਧਿਕਾਰ ਮਲਾਵਾ ਪੰਡਤ ਦੇ ਪਿਉ ਪਾਸ ਸੀ । ਭਜਨੀਕ ਭੋਲਾ ਪੰਡਤ, ਦੁਰਗਾ ਦਾਸ ਜੋਤਸ਼ੀ ਜਿਸ ਬਾਰੇ ਪ੍ਰਚਾਰਿਆ ਗਿਆ ਸੀ ਕਿ ਉਸ ਨੇ ਇਹ ਵਿੱਦਿਆ ਕਲਕੱਤਿਓਂ ਸਿੱਖੀ, ਅਮਰ ਚੰਦ ਸ਼ਰਮਾ ਜਿਸ ਸੰਨ 1934 ‘ਚ ਹੀ ਹੱਥ ਤਸਵੀਰਾਂ ਤੇ ਮੀਨਾਕਾਰੀ ਵਾਲੇ ਘਰ ਉੱਤੇ ਸ਼ੀਸ਼ਿਆਂ ਵਾਲਾ ਚੁਬਾਰਾ ਪਾਇਆ, ਮਾਸਟਰ ਮਨਸ਼ਾ ਰਾਮ ਤੇ ਮਾਸਟਰ ਲਾਹੌਰੀ ਵੀ ਚਰਚਿਤ ਪੁਰਸ਼ ਸਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਜੱਜ ਸ੍ਰੀ ਮੰਗਤ ਰਾਮ ਅਗਨੀਹੋਤਰੀ ਤੇ ਲਾਹੌਰ ਜਾ ਕੇ ਦੇਸ਼ ਭਗਤਾਂ ਦੇ ਮੁਕੱਦਮੇ ਲੜਨ ਵਾਲਾ ਪੰਡਤ ਕੁੰਦਨ ਲਾਲ ਵਕੀਲ ਇੱਕ ਹੋਰ ਨਾਮਵਰ ਹਸਤੀ ਸੀ, ਫਿਰ ਮਜ਼ਦੂਰ ਤੋਂ ਉੱਠ ਕੇ ਲੁਧਿਆਣੇ ਵੱਡੇ ਕਾਰਖਾਨੇ ਸਥਾਪਤ ਕਰਨ ਵਾਲੇ ਦਾਨੀ ਪੁਰਸ਼ ਸੋਮ ਦੱਤ ਵੀ ਇੱਥੋਂ ਦੀਆਂ ਬੀਹੀਆਂ ‘ਚ ਕਦੇ ਖੇਡਦਾ ਹੁੰਦਾ ਸੀ। ਮੂੰਹ ਉੱਤੇ ਹੀ ਕਹਿੰਦੇ ਕਹਾਉਂਦਿਆਂ ਨੂੰ ਖਰੀਆਂ-ਖਰੀਆਂ ਸੁਣਾਉਣ ਵਾਲਾ ਨਹਿਰੂ ਦਾ ਸਾਥੀ ਬੋਬਨ ਪਾਂਧਾ ਬਾੜੀਆਂ ਦਾ ਉਹ ਦਲੇਰ ਪੁੱਤ ਸੀ, ਜਿਸ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਦੇਸ਼ ਭਗਤ ਬੋਧਨ ਪਾਂਧੇ ਨੂੰ ਇੰਦਰਾ ਗਾਂਧੀ ਆਪਣੇ ਘਰ ਆਉਣ ਦਾ ਸੱਦਾ ਦੇ ਕੇ ਪ੍ਰਧਾਨ ਮੰਤਰੀ ਵਜੋਂ ਸਾਰੇ ਪਿੰਡ ਨੂੰ ਨਿਵਾਜ ਗਈ ਸੀ। ਗੀਤਾ ਦਾ ਗਿਆਤਾ ਤੇ ਪੁਰਾਣ-ਕਥਾਵਾਂ ਨੂੰ ਦੇਸ਼ ਭਗਤੀ ਦੇ ਲੈਕਚਰਾਂ ਨਾਲ ਜੋੜ ਕੇ ਵਿਰਸੇ ਦੀ ਦੁਹਾਈ ਪਾਉਣ ਵਾਲਾ ਹਰਬੰਸ ਲਾਲ, ਦੇਸ਼ ਭਗਤੀ ਦੀਆਂ ਨਜ਼ਮਾਂ ਲਿਖਣ ਵਾਲਾ ਰਾਮ ਦਾਸ ਇੱਥੋਂ ਦੇ ਬ੍ਰਾਹਮਣਾਂ ਦਾ ਹੀ ਜਾਇਆ ਸੀ, ਪਰ ਪੰਡਤ ਓਮ ਪ੍ਰਕਾਸ਼ ਦੀਆਂ ਤਾਂ ਕਿਆ ਬਾਤਾਂ ਫਗਵਾੜੇ ਵਾਲੀ ਵਿਧਾਨ ਸਭਾਈ ਸੀਟ ਤੋਂ ਪ੍ਰਸਿੱਧ ਕਾਂਗਰਸੀ ਆਗੂ ਸ੍ਰੀ ਹੰਸ ਰਾਜ ਨੂੰ ਅਜ਼ਾਦ ਉਮੀਦਵਾਰ ਦੇ ਤੌਰ ਉੱਤੇ ਹਰਾਉਣ ਵਾਲੇ ਮਿੱਲ ਮਜ਼ਦੂਰ ਲੀਡਰ ਇਸ ਓਮ ਪ੍ਰਕਾਸ਼ ਨੂੰ ਪਹਿਲਾਂ ਲੋਕਾਂ ਫਗਵਾੜਾ ਮਿਊਂਸਪਲ ਕਮੇਟੀ ਦਾ ਪ੍ਰਧਾਨ ਬਣਾਇਆ ਕਿ ਨਾਂਹ-ਨਾਂਹ ਕਰਦਿਆਂ ਵੀ ਫਗਵਾੜੀਆਂ ਉਸ ਨੂੰ ਅਜ਼ਾਦ ਐਮ.ਐੱਲ.ਏ. ਤਾਂ ਜਿਤਾਇਆ ਹੀ ਬਲਕਿ ਵੋਟਾਂ ਦੇ ਨਾਲ ਨੋਟ ਵੀ ਐਨੇ ਦਿੱਤੇ ਸਨ ਕਿ ਭਲੇ ਸਮਿਆਂ ਵਿੱਚ ਹੀ ਲਗਭਗ 16 ਹਜ਼ਾਰ ਰੁਪਏ ਪਾਰਟੀ ਫੰਡ ਲਈ ਉਦੋਂ ਬਚ ਗਏ, ਜਦੋਂ ਰੁਪਏ ਦਾ ਸੇਰ ਪੱਕਾ ਦੇਸੀ ਘਿਓ ਆ ਜਾਂਦਾ ਸੀ।
ਦੂਸਰੀ ਜੋ ਪ੍ਰਮੁੱਖ ਜਾਤੀ ਇਥੇ ਆਈ ਉਹ ਸੀ ਆਦਿਧਰਮੀਆਂ ਦੇ ਢਾਂਡਾ ਗੋਤਰ। ਗੁਰਮੁਖੀ ਅਨੁਸਾਰ ਤਾਂ ਇਹ ਢੰਡੇ ਹੀ ਲਿਖੇ ਜਾਂਦੇ ਸਨ ਤੇ ਇਹ ਕਹਾਉਂਦੇ ਤੇ ਕਹਿੰਦੇ ਵੀ ਇਹੀ ਢੰਡੇ ਸਨ ਪਰ ਜਦੋਂ ਦੀ ਅੰਗਰੇਜ਼ੀ ਆਈ ਇਸ ਢੰਡੇ ਸ਼ਬਦ ਨੂੰ ਰੋਮਨ ਵਿੱਚ (ਢਾਂਡਾ) ਅਜਿਹਾ ਲਿਖਿਆ ਗਿਆ ਕਿ ਹੁਣ ਪੱਕੇ ਤੌਰ ‘ਤੇ ਹੀ ਢੰਡੇ ਤੋਂ ਢਾਂਡਾ ਬਣ ਗਏ। ਪੰਜਾਬ ਦੇ ਕੁਝ ਜੱਟਾਂ ਦਾ ਗੋਤ ਵੀ ਢੰਡੇ ਹੈ। ਕਥਨ ਹੈ ਕਿ ਇਨ੍ਹਾਂ ਜੱਟਾਂ ਵਿੱਚੋਂ ਹੀ ਕਬੀਲਿਆਂ ਦੀ ਆਪਸੀ ਲੜਾਈ ਤਹਿਤ ਗੁਲਾਮ ਬਣਾਏ ਗਏ ਲੋਕ, ਦਰਾਵਤੀ ਜਾਂ ਦਲਿਤ ਤੀਵੀਆਂ ਨਾਲ ਵਿਆਹ ਕਰਵਾਉਣ ਵਾਲੇ ਅਖੌਤੀ ਉੱਚ-ਜਾਤੀਆਂ ਦੇ ਜੱਟ ਮਰਦਾਂ ਦੇ ਟੱਬਰ ਵੀ ਆਦਿਧਰਮੀ ਦਲਿਤਾਂ ‘ਚ ਤਬਦੀਲ ਹੋ ਗਏ।
ਵੈਸੇ ਢੰਡਾ (ਢਾਂਡਾ) ਤੂਰਾਂ (ਤੂਰ ਜੱਟ) ਦਾ ਇੱਕ ਉਪ ਗੋਤ ਹੈ। ਇਹ ਤਰ ਰਾਜਪੂਤਾਂ ਦੀ ਇੱਕ ਸਾਖ ਵੀ ਮੰਨੀ ਜਾਂਦੀ ਹੈ। ਤੁਰ ਜੱਟਾਂ ਦੇ ਹੀ ਇੱਕ ਢੰਡੇ ਨਾਂਅ ਦੇ ਮੋਹਤਬਰ ਸ਼ਖ਼ਸ ਤੋਂ ਇਹ ਗੋਤ ਪ੍ਰਚੱਲਤ ਹੋਇਆ, ਜੋ ਕਿ ਦਿੱਲੀ ਦੇ ਖੇਤਰ ਤੋਂ ਉੱਠ ਕੇ ਰਾਜਸਥਾਨ ਵੱਲ ਚਲੇ ਗਏ ਸਨ। ਬਾਰ੍ਹਵੀਂ ਸਦੀ ਦੇ ਆਸ-ਪਾਸ ਇਹ ਰਾਜਸਥਾਨ ਤੋਂ ਚਲ ਕੇ ਪੰਜਾਬ ਦੇ ਲੁਧਿਆਣੇ ਨੇੜਲੇ ਖੇਤਰਾਂ ਵਿੱਚ ਆ ਆਬਾਦ ਹੋਏ। ਤੂਰਾਂ ਦੇ ਹੋਰ ਕਬੀਲੇ ਖੋਸੇ, ਸੀਂਡ, ਕੰਪੋਲੇ, ਗਰਚੇ, ਨੈਨ, ਚੰਦੜ ਵੀ ਇਨ੍ਹਾਂ ਦੇ ਨਾਲ ਹੀ ਇਸ ਇਲਾਕੇ ਵਿੱਚ ਆ ਵਸੇ। ਹੁਣ ਵੀ ਲੁਧਿਆਣੇ ਵਿੱਚ ਢੰਡਾਰੀ, ਢੰਡੇ ਅਤੇ ਰੁਪਾਲੋਂ ਢੰਡੇ ਆਦਿ ਕਈ ਨਿਰੋਲ ਆਪਣੇ ਪਿੰਡ ਆਬਾਦ ਕੀਤੇ ਸਨ। ਪੰਜਾਬ ਵਿੱਚ ਢੰਡੇ ਜਾਂ ਢੰਡੇ ਨਾਂਅ ਦੇ ਕਈ ਪਿੰਡ ਹੋਰ ਵੀ ਹਨ। ਬਠਿੰਡੇ ਵਿੱਚ ਵੀ ਇੱਕ ਪਿੰਡ ਦਾ ਨਾਂਅ ਢੰਡੇ ਹੈ। ਮਾਝਾ ਮਜੀਠਾ ਖੇਤਰ ਵਿੱਚ ਵੀ ਢੰਡੇ ਗੋਤ ਦੇ ਲੋਕ ਵਸਦੇ ਹਨ, ਪਰ ਸੰਗਰੂਰ ਵਿੱਚ ਢੰਡੇ ਜੱਟ ਕਾਫੀ ਵਸਦੇ ਹਨ। ਬੀ.ਐਸ. ਦਾਹੀਆ ਆਪਣੀ ਪੁਸਤਕ ‘ਜਾਟਸ’ ਵਿੱਚ ਢੰਡੇ ਭਾਈਚਾਰੇ ਦੇ ਲੋਕਾਂ ਨੂੰ ਭਾਰਤ ਵਿੱਚ ਈਸਵੀ ਸਦੀ ਤੋਂ ਵੀ ਪੰਜ ਸੌ ਸਾਲ ਪੁਰਾਣਾ ਪਹਿਲਾਂ ਵਸਿਆ ਇੱਕ ਕਬੀਲਾ ਮੰਨਦਾ ਹੈ। ਦੁਆਬੇ ਦੇ ਫਗਵਾੜਾ ਖੇਤਰ ਵਿੱਚ ਵੀ ਇੱਕ ਪਿੰਡ ਦਾ ਨਾਂਅ ਢੱਡੇ ਹੈ, ਪਰ ਬਾੜੀਆਂ ਦੇ ਢੰਡੇ (ਹੁਣ ਢਾਂਡਾ) ਫਗਵਾੜੇ ਲਾਗਲੇ ਚਹੇੜੂ-ਮਹੇੜੂ ਇਲਾਕੇ ਤੋਂ ਇੱਥੇ ਆਏ। ਪਹਿਲੇ ਵੰਡੇ ਭਰਾ ਜੋ ਇੱਥੇ ਆਏ, ਉਹ ਸੀ-ਸ਼ਾਹੂ ਤੇ ਬਸ਼ਾਹੂ ਜੋ ਬਾਬਾ ਸੁਖਾਲੀਆਂ ਦੇ ਪੁੱਤਰ ਸਨ। ਬਸ਼ਾਹੂ ਤਾਂ ਮੁੜ ਚਹੇੜੂ ਜਾ ਟਿਕਿਆ ਤੇ ਬਾੜੀਆਂ ਦੇ ਢੰਡੇ ਸਦਾ ਲਈ ਹੀ ਇੱਥੇ ਵਸ ਗਏ, ਸ਼ਾਹੂ ਦੀ ਹੀ ਔਲਾਦ ਹਨ। ਇਨ੍ਹਾਂ ਢੰਡਿਆਂ ਨੂੰ ਅੰਦਰਲੇ ਤੇ ਬਾਹਰਲੇ ਆਖਿਆ ਜਾਂਦਾ ਹੈ। ਸ਼ਾਹੂ ਦੇ ਦੋ ਪੁੱਤਰਾਂ ਜਿਨ੍ਹਾਂ ਦੀ ਔਲਾਦ ਅੱਡ-ਅੱਡ ਥਾਂ ਵਸਣ ਕਰਕੇ ਖੂਹ ਦੀ ਵਲਗਣ ਵਿੱਚ ਆਉਣ ਵਾਲੇ ਕਹਾਏ ਅੰਦਰਲੇ ਤੇ ਇਸ ਵਲਗਣ ਤੋਂ ਕੁਝ ਹਟਵਾਂ ਵਸ ਜਾਣ ਵਾਲੇ ਬਾਹਰਲੇ ਕਹੇ ਜਾਣ ਲੱਗ ਪਏ। ਦੋਵੇਂ ਧਿਰਾਂ ਬਹੁਤਾ ਕਰਕੇ ਕਰਦੀਆਂ ਤਾਂ ਸਨ ਮਿਹਨਤ ਮਸ਼ਕੱਤ ਪ੍ਰੰਤੂ ਜਿੱਥੇ ਅੰਦਰਲਿਆਂ ਦੀ ਘਰਾਂ ਤੇ ਵਿਸ਼ੇਸ਼ ਕਰਕੇ ਭੱਠਿਆਂ ਦੇ ਕੰਧ ਭਿੱਤ ਕੁੱਟਣ ਵਿੱਚ ਕੋਈ ਮੁਕਾਬਲਾ ਨਹੀਂ ਸੀ ਕਰ ਸਕਦਾ ਉੱਥੇ ਬਾਹਰਲਿਆਂ ਨੇ ਹੱਥ-ਖੱਡੀ ਦੇ ਕੰਮ ਵਿੱਚ ਬੜਾ ਹੀ ਨਾਮਣਾ ਖੱਟਿਆ। ਇਨ੍ਹਾਂ ਅੰਦਰਲਿਆਂ ਦਾ ਇੱਕ ਬਜ਼ੁਰਗ ਸਲਾਮਤ ਭੱਠਿਆਂ ਦੇ ਕੰਧ ਭਿੱਤ ਉਸਾਰਦਾ-ਉਸਾਰਦਾ ਆਪਣੀ ਮਿਹਨਤ ਕਮਾਈ ਦੇ ਬਲਬੂਤੇ ਪਹਿਲਾਂ ਭੱਠਾ ਲਾਉਣ ਕਰਕੇ ਪੂਰੇ ਇਲਾਕੇ ਵਿੱਚ ਸਲਾਮਤ ਰਾਏ ਵਜੋਂ ਚਰਚਿਤ ਹੋਇਆ। ਕਿਸੇ ਦਲਿਤ ਵੱਲੋਂ ਪੂਰੇ ਪੰਜਾਬ ਵਿੱਚ ਲਾਇਆ ਗਿਆ, ਪਹਿਲਾ ਭੱਠਾ ਸ਼ਾਇਦ ਇਸੇ ਦਾ ਹੀ ਹੋਵੇ। ਫਿਰ ਜਦ ਉਹ ਪੈਸੇ ਵੀ ਵਿਆਜੂ ਦੇਣ ਲੱਗ ਪਿਆ ਤਾਂ ਲੋਕ ਉਸ ਨੂੰ ਸ਼ਾਹ ਸਲਾਮਤ ਰਾਏ ਆਖਣ ਲੱਗੇ। ਜਿਸ ਆਪਣੇ ਸੱਤ ਪੁੱਤਰਾਂ (ਗੱਦਾ, ਮੋਠੂ, ਭੋਲਾ, ਮੋਤੀ, ਦਲੀਪਾ, ਨੱਥੂ ਤੇ ਗੋਂਦੀ) ਨੂੰ ਅੱਡ-ਅੱਡ ਸੱਤ ਚੁਬਾਰੇ ਪਾ ਕੇ ਦਿੱਤੇ, ਜਦ ਕਿ ਪਿੱਛੜੇ ਲੋਕ ਗਰੀਬੀ ਕਾਰਨ ਉਦੋਂ ਕੱਚੇ ਢਾਰਿਆਂ ‘ਚ ਵਸਦੇ ਸਨ। ਦੋਆਬਾ ਖੇਤਰ ਵਿੱਚ ਆਦਿਧਰਮੀਆਂ ਵੱਲੋਂ ਪਾਏ ਇਨ੍ਹਾਂ ਚੁਬਾਰਿਆਂ ਨੇ ਇੰਨੀਆਂ ਧੁੰਮਾਂ ਪਾਈਆਂ ਕਿ ਲੋਕ ਦੂਰੋਂ-ਦੂਰੋਂ ਇਨ੍ਹਾਂ ਨੂੰ ਵੇਖਣ ਆਉਂਦੇ। ਬਾੜੀਆਂ ਵਿੱਚ ਇੱਕਾ-ਦੁਕਾ ਚੁਬਾਰੇ ਤਾਂ ਪਹਿਲਾਂ ਵੀ ਸਨ, ਪਰ ਇਸੇ ਕਾਰਨ ਅਚੇਤ-ਸੁਚੇਤ ਚੱਲੀ ਮੁਕਾਬਲੇਬਾਜ਼ੀ ਵਿੱਚ ਇਥੋਂ ਦੇ ਮਹਾਜਨਾਂ ਨੇ ਉੜੋ-ਤੋੜੀ ਚੁਬਾਰਿਆਂ ਦੀ ਐਨੀ ਤਾਮੀਰ ਕਰਵਾਈ ਕਿ ‘ਬਾੜੀਆਂ ਚੁਬਾਰਿਆਂ ਵਾਲਾ ਪਿੰਡ ਵਜੋਂ ਵੀ ਮਸ਼ਹੂਰ ਹੋ ਗਿਆ। ਮਹਾਜਨਾਂ ਨਾਲ ਇਨ੍ਹਾਂ ਲੋਕਾਂ ਨਾਲ ਭਰਾਤਰੀ ਭਾਵ ਜੱਟਾਂ ਵਾਂਗ ਹੀ ਸਦਾ ਬਰਕਰਾਰ ਰਿਹਾ। ਬਾਹਰਲੇ ਵੱਜਦੇ ਢੰਡਿਆਂ ਨੇ ਕੱਪੜਾ ਬੁਨਣ ਵਿੱਚ ਐਸੀ ਮੁਹਾਰਤ ਖੱਟੀ ਕਿ ਉਨ੍ਹਾਂ ਵੱਲੋਂ ਬੁਣੀ ਜਾਂਦੀ ਢੇਸੀ, ਮਲਮਲ, ਬਾਰੀਕ ਖੱਦਰ, ਰੇਸ਼ਮ, ਸਨਾਟਾ ਤੇ ਤੂਫਾਨ ਮੇਲ ਬੇਸਕੀ ਕੰਢੀ ਇਲਾਕੇ ਦੀਆਂ ਬਾਈ ਬਸੀਆਂ ਸਮੇਤ ਬਜਵਾੜਾ, ਮਹਿਨਾਂਵਾਲੀ ਦੇ ਮਸ਼ਹੂਰ ਮੁਸਲਿਮ ਜੁਲਾਹਿਆਂ ਨੂੰ ਮਾਤ ਪਾਉਣ ਲੱਗੀ। ਕਿਹਾ ਜਾਂਦਾ ਹੈ ਕਿ ਰੇਸ਼ਮੀ ਤੇ ਬੋਸਕੀ ਕੱਪੜੇ ਦੀ ਕਲਾਤਮਿਕ ਮਹਾਰਤਾ ਰੱਖਣ ਵਾਲੇ ਇਹ ਮੁਸਲਿਮ ਕਾਰੀਗਰ ਇਸ ਹੁਨਰ ਦਾ ਭੇਦ ਆਪਣੀ ਨੂੰਹ ਨੂੰ ਤਾਂ ਦੇ ਦਿੰਦੇ, ਪਰ ਇਸ ਤਾਣੇ-ਪੇਟੇ ਦੀਆਂ ਤੰਦਾਂ ਦਾ ਜ਼ਿਕਰ ਆਪਣੀ ਧੀ ਪਾਸ ਨਾ ਖੋਲਦੇ, ਮਤਾ ਇਹ ਹੁਨਰ ਕਿਤੇ ਬਾਹਰ ਨਾ ਚੱਲਿਆ ਜਾਵੇ। ਕੱਪੜਾ ਉਦੋਂ ਹੋਰ ਵੀ ਕਈ ਬੁਣਦੇ ਸਨ, ਪਰ ਕੀਮਤ ਹੁਨਰ ਦੀ ਪੈਂਦੀ ਸੀ। ਵਪਾਰੀ ਇਨ੍ਹਾਂ ਦੇ ਉਣੇ ਕੱਪੜਿਆਂ ਦੀਆਂ ਪੰਡਾਂ-ਥਾਨ ਅੱਡ ਰੱਖਦੇ ਤੇ ਕੀਮਤ ਵੀ ਜ਼ਿਆਦਾ ਵਸੂਲਦੇ, ਪ੍ਰੰਤੂ ਬਾੜੀਆਂ ਦੇ ਢੰਡੇ ਬਹੁਤ ਹੀ ਜੁਗਤੀ ਢੰਗ ਨਾਲ ਉਨ੍ਹਾਂ ਦੀ ਇਹ ਕਾਰੀਗਰੀ ਅਜਿਹੇ ਭੇਤ-ਭਰੇ ਢੰਗ ਨਾਲ ਗ੍ਰਹਿਣ ਕਰ ਲਿਆਏ ਕਿ ਕੰਨੋ-ਕੰਨ ਧੂ ਨਾ ਨਿਕਲੀ ਤੇ ਫਿਰ ਮੁਕਾਬਲੇਬਾਜ਼ੀ ਵਿੱਚ ਐਸੇ ਨਿੱਤਰੇ ਕਿ ਮੁਸਲਮਾਨ ਜੁਲਾਹਿਆਂ ਦੀ ਜਾਗੀਰ ਸਮਝੀ ਜਾਂਦੀ ਬੇਸਕੀ ਤਾਂ ਕੀ, ਬਹੁਤ ਹੀ ਸ਼ੋਅ ਵਾਲਾ ਡੇਢ ਗਜ਼ ਅਰਜ ਵਾਲਾ ਚਿੜੀ ਪੰਜਾ ਰੇਸ਼ਮੀ ਕੱਪੜਾ ਤਿਆਰ ਕਰਕੇ ਕਹਿੰਦੇ-ਕਹਾਉਂਦੇ ਕਾਗੀਗਰਾਂ ਦੀਆਂ ਉਂਗਲਾਂ ਮੂੰਹ ਵਿੱਚ ਪੁਆ ਦਿੱਤੀਆਂ ਤੇ ਕਈਆਂ ਦੀਆਂ ਤਾਂ ਅੱਖਾਂ ਹੀ ਟੱਡੀਆਂ ਰਹਿ ਗਈਆਂ। ਫਿਰ ਚੱਲ ਸੋ ਚੱਲ ਐਸੀ ਚੱਲੀ ਕਿ ਬਾੜੀਆਂ ਦਾ ਕੱਪੜਾ ਨੇੜੇ ਦੀਆਂ ਕੱਪੜਾ ਮੰਡੀਆਂ ਇਸੀ ਕਲਾਂ, ਬਜਵਾੜਾ, ਬਹਾਦਰਪੁਰ (ਹੁਸ਼ਿਆਰਪੁਰ) ਸਮੇਤ ਪੁਰਾਣੇ ਪੰਜਾਬ ਵਿੱਚ ਤਾਂ ਕੀ ਧੁਰ ਹਿਮਾਚਲ ਦੇ ਕਬਾਇਲੀ ਇਲਾਕਿਆਂ ਵਿੱਚ ਵੀ ਧੁੰਮਾਂ ਪਾਉਣ ਲੱਗਾ। ਪ੍ਰਸਿੱਧ ਦੇਸ਼ ਭਗਤ ਤੇ ਮਜ਼ਦੂਰ ਜਮਾਤ ਦਾ ਮੋਹਰੀ ਮਾਰਕਸੀ ਵਰਕਰ ਕਾਮਰੇਡ ਸਦਾ ਰਾਮ ਬਾੜੀਆਂ ਦੇ ਬਾਪ-ਦਾਦੇ ਤੋਂ ਬਿਨਾਂ ਕੁਝ ਮਸ਼ਹੂਰ ਕੱਪੜਾ ਕਾਰੀਗਰ ਸਨ। ਠਾਕਰ, ਚਿੰਤਾ, ਰੱਖੂ, ਲਛਮਣ ਤੇ ਪ੍ਰੀਤੂ ਆਦਿ ਜਿਨ੍ਹਾਂ ਦੁਆਰਾ ਬੁਣੀ ਗਈ ਸੌ ਨੰਬਰੀ ਤੇ ਡੇਢ ਸੋ ਨੰਬਰੀ ਬਾਰੀਕ ਸਿਲਕ ਆਪਣਾ ਵਿਸ਼ੇਸ਼ ਸਥਾਨ ਰੱਖਦੀ ਸੀ। ਇੱਥੋਂ ਦਾ ਈਸ਼ਰ ਜੁਲਾਹਾ ਵੱਡੀ ਬਸੀ ਦੇ ਕੱਪੜਾ ਖਰੀਦਣ ਵਾਲੇ ਥੋਕ ਦੇ ਵਪਾਰੀਆਂ ਦਾ ਨੁਮਾਇੰਦਾ ਸੀ, ਘਰ ਉਸ ਦੇ ਹਰ ਕਿਸਮ ਦੇ ਸਿੱਕਿਆਂ ਦੀਆਂ ਬੋਰੀਆਂ ਭਰੀਆਂ ਰਹਿੰਦੀਆਂ। ਉਸ ਦਾ ਇੱਕੋ-ਇੱਕ ਪੁੱਤ ਰੱਖਾ ਪਹਾੜਾਂ ਨੂੰ ਕੱਪੜੇ ਦਾ ਵਪਾਰ ਕਰਦਾ-ਕਰਦਾ ਆਪਣੀ ਤਾਣੀ ਦੀਆਂ ਧੁੰਮਾਂ ਪਾਉਂਦਾ ਉਪਰਲੇ ਹਿਮਾਚਲ ਦੇ ਹੁਸਨ ਦੀਆਂ ਤੰਦਾਂ ‘ਚ ਅਜਿਹਾ ਉਲਝਿਆ ਕਿ ਉਸ ਸੋਹਣੇ-ਸੁਨੱਖੜੇ ਦਾ ਸਾਰਾ ਤਾਣਾ ਪੇਟਾ ਹੀ ਔਝੜੇ ਪੈ ਗਿਆ। ਆਖਰ ਕੱਖੋਂ ਹੌਲੇ ਹੋਏ ਕਹਿੰਦੇ ਕਹਾਉਂਦੇ ਸ਼ਾਹ ਦੇ ਉਸ ਪੁੱਤ ਨੂੰ ਆਪਣੀ ਅੰਤਲੀ ਵਰੇਸ ‘ਚ ਬੱਕਰੇ ਵੱਢ ਕੇ ਗੁਜ਼ਾਰਾ ਕਰਨਾ ਪਿਆ। ਢੰਡਿਆਂ ਤੋਂ ਬਿਨਾਂ ਉਨ੍ਹਾਂ ਦੇ ਸਿੱਧੂ ਗੋਤਰੀ ਦੋਹਤੇ-ਭਾਣਜਿਆਂ ਦੇ ਆ ਵਸਣ ਨਾਲ ਹੁਣ ਕੁਝ ਘਰ ਉਨ੍ਹਾਂ ਸਿੱਧੂ ਦਲਿਤਾਂ ਦੇ ਹਨ, ਜੋ ਕਿ ਏਥੇ ਚੌਥੇ ਹਿੱਸੇ ਵਾਲੇ ਇਸ ਕਰਕੇ ਵੱਜਦੇ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਸਕੇ-ਸੋਹਦਰਿਆਂ ਨੇ ਚੌਥੇ ਹਿੱਸੇ ਦਾ ਮੁਰਦਾਰ ਚੁੱਕਣ ਦਾ ਹੱਕ ਦਿੱਤਾ ਹੋਇਆ ਸੀ। ਢੰਡਿਆਂ ਦੀ ਇਹ ਸਿਫਤ ਰਹੀ ਹੈ ਕਿ ਉਹ ਮੁਰਦਾਰ ਤੋਂ ਹੋਣ ਵਾਲੀ ਆਮਦਨ ਸਿਰਫ਼ ਸਾਂਝੇ ਕੰਮਾਂ ਲਈ ਹੀ ਵਰਤਦੇ ਸਨ। ਵਧੀਆ ਜੋੜੇ ਬਣਾਉਣ ‘ਚ ਇੱਥੋਂ ਦੇ ਚੀਗੂੰ ਮੋਚੀ ਦਾ ਕੋਈ ਮੁਕਾਬਲਾ ਨਹੀਂ ਸੀ। ਅੱਤਵਾਦ ਦੇ ਕਾਲੇ ਦੌਰ ‘ਚ ਦਲੇਰੀ ਨਾਲ ਮੁਕਾਬਲਾ ਕਰਨ ਵਾਲਾ ਸੁਰਿੰਦਰ ਪਾਲ ਫੌਜੀ ਤੇ ਪਿੰਡ ਦੀ ਪੰਚਾਇਤ ਦੀ ਅਗਵਾਈ ਕਰਨ ਵਾਲੇ ਚੌਧਰੀ ਰੱਖੂ ਤੇ ਗਰੀਬ ਦਾਸ ਵੀ ਇਨ੍ਹਾਂ ਢੰਡਿਆਂ ਵਿੱਚੋਂ ਹੀ ਹਨ।
ਕਹਿਣ ਵਾਲੇ ਕਹਿੰਦੇ ਹਨ ਕਿ ਬਾੜੀਆਂ ਦੇ ਢਾਂਡੇ ਤੇ ਹਾਂਡੇ ਬੜੇ ਹੀ ਮਸ਼ਹੂਰ ਹਨ। ਹਾਂਡਾ ਖੱਤਰੀਆਂ ਦਾ ਇੱਕ ਸਿਰਕੱਢ ਗੋਤ ਹੈ, ਜੋ ਕਿ ਕਸੂਰ-ਲਾਹੌਰ ਦੇ ਇਲਾਕੇ ਵਿੱਚੋਂ ਇੱਥੇ ਆ ਕੇ ਵਸੇ। ਇਨ੍ਹਾਂ ਦੀ ਔਲਾਦ ਦੇ ਵਾਧੇ ਨਾਲ ਇਸ ਪਿੰਡ ਨੂੰ ਮਹਾਜਨੀ ਦਿੱਖ ਪ੍ਰਦਾਨ ਹੋ ਗਈ। ਇਸੇ ਵਪਾਰੀ ਕੌਮ ਕਰਕੇ ਬਾੜੀਆਂ ਵਿਖੇ ਗਹਿਮਾ-ਗਹਿਮੀ ਵਾਲਾ ਬਾਜ਼ਾਰ ਸਥਾਪਤ ਹੋ ਗਿਆ। ਉਦੋਂ ਸਿਰਫ਼ ਮਹਾਜਨ ਲੋਕ ਹੀ ਦੁਕਾਨਦਾਰੀ ਕਰਦੇ ਸਨ ਤੇ ਇਨ੍ਹਾਂ ਦਾ ਤਾਂ ਵਪਾਰ ਵੀ ਦੂਰ-ਦੁਰਾਡੇ ਇਲਾਕਿਆਂ ਤੱਕ ਚੱਲਦਾ ਸੀ। ਕਦੇ ਸਮਾਂ ਸੀ ਕਿ ਸਿਰਫ਼ ਬਾੜੀਆਂ ਵਿੱਚੋਂ ਹੀ ਉਦੋਂ ਦੀ ਵਰਤੋਂ ਦੀ ਹਰ ਚੀਜ਼ ਵਸਤੂ ਪ੍ਰਾਪਤ ਹੋ ਜਾਂਦੀ। ਚੱਬੇਵਾਲ ਤੋਂ ਲੈ ਕੇ ਸੈਲੇ ਤੱਕ ਤੇ ਜੈਜੋਂ ਤੇ ਕੋਟਫਤੂਹੀ ਦੇ ਵਿਚਕਾਰਲਾ ਪੂਰਾ ਖਿੱਤਾ ਇੱਥੋਂ ਜੀਵਨ-ਨਿਰਬਾਹ ਦੀਆਂ ਵਸਤਾਂ ਲੈਣ ਆਉਂਦਾ। ਮੁੱਖ ਕੇਂਦਰੀ ਬਾਜ਼ਾਰ ‘ਚ ਭੀੜ-ਭੜੱਕਾ ਐਨਾ ਹੁੰਦਾ ਸੀ ਕਿ ਲੋਕ ਖਹਿ-ਫਸ ਕੇ ਲੰਘਦੇ।
ਸੂਤ ਦਾ ਵਪਾਰ ਤਾਂ ਏਨਾ ਚਲਦਾ ਸੀ ਕਿ ਸਰਕਾਰ ਅੰਗਰੇਜ਼ ਵੱਲੋਂ ਜੇ ਪੰਜਾਬ ਦੇ ਕਿਸੇ ਪਿੰਡ ‘ਚ ਖੱਦਰ ਭੰਡਾਰ ਖੋਲ੍ਹਿਆ ਗਿਆ ਤਾਂ ਉਹ ਪਿੰਡ ਸੀ ਇਹੀ ਬਾੜੀਆਂ ਜਿੱਥੋਂ ਕਫਾਇਤੀ ਮੁੱਲ ਤੇ ਸਰਕਾਰੀ ਨਿਯਮਾਂ ਨਾਲ ਰੂੰ-ਸੂਤ ਵੀ ਮਿਲਦਾ। ਖੱਦਰ ਭੰਡਾਰ ਇਹ ਇਸ ਕਰਕੇ ਵੀ ਚਰਚਿਤ ਹੋਇਆ ਕਿ ਇਸ ਦਾ ਇੱਕ ਮੈਨੇਜਰ ਸੀ ਡੁਮੇਲੀ ਵਾਲਾ ਕਰਤਾਰ ਸਿੰਘ ਦੇਸ਼ ਭਗਤ ਬੱਬਰ ਅਕਾਲੀਆਂ ਦੇ ਹਮਾਇਤੀ ਇਸ ਸ਼ਖ਼ਸ ਦਾ ਜ਼ਿਕਰ ਬੱਬਰ ਲਹਿਰ ‘ਚ ਛੋਟਾ ਕਰਤਾਰ ਸੂੰਹ ਦੇ ਤੌਰ ‘ਤੇ ਆਉਂਦਾ ਹੈ। ਮਸ਼ਹੂਰ ਗ਼ਦਰੀ ਬਾਬਾ ਭਗਤ ਸਿੰਘ ਬਿਲਗਾ, ਮਫਰੂਰ ਸਾਧੂ ਸ਼ਰਧਾ ਨੰਦ, ਜਿਸ ਨੂੰ ਲੋਕੀ ਚਿੱਟਾ ਸਾਧ ਆਂਹਦੇ ਸਨ, ਕਿਉਂਕਿ ਉਸ ਦਾ ਸੰਧੂਰੀ ਰੰਗਾ ਗੋਰਾ-ਨਿਛੋਹ ਮੁਖੜਾ ਮੈਮਾਂ ਨੂੰ ਵੀ ਮਾਤ ਪਾਉਂਣ ਉਟੈਗਨਾਂ ਦੇਸ਼ ਭਗਤਾਂ ਸੰਗ ਕਦੇ ਕਦੇ ਇਸ ਪਾਸਖਆ ਮੇਮਾਂ ਨੂੰ ਵੀ ਦਾ ਬੱਬਰ ਆਉਣਗੇ ਹੀ। ਇਸੇ ਮੈਨੇਜਰ ਦੀ ਪ੍ਰੇਰਨਾ ਸਦਕਾ ਇੱਕ ਵਾਰ ਭਗਲਤ ਅਛਰੋਵਾਲੀ ਅਜੈਬਾ ਤੇ ਕਾਲਰੇ ਦ ਜੈਲਾ ਡਾਕੇ ਛੱਡ ਕੇ ਦੇਸ਼ ਭਗਤਾਂ ਦੀ ਮਦਦ ਲਈ ਨਿੱਤਰ ਪਏ ਸਨ।
ਅਜ਼ਾਦੀ ਉਪਰੰਤ ਸਥਾਪਤ ਹੋਏ ਪੱਕੇ ਸੜਕੀ ਮਾਰਗ ਉੱਪਰ ਸਥਾਪਤ ਹੋਣ ਵਾਲੇ ਨਵੇਂ ਬਜ਼ਾਰਾਂ ਤੇ ਵਪਾਰਕ ਕੇਂਦਰਾਂ ਨੇ ਇੱਥੋਂ ਦੇ ਵਪਾਰ-ਦੁਕਾਨਦਾਰੀ ਨੂੰ ਅਜਿਹੀ ਤਕੜੀ ਸੱਟ ਮਾਰੀ ਕਿ ਕਈ ਹਾਂਡੇ ਤੇ ਵਪਾਰੀ ਲੋਕ ਇੱਥੋਂ ਚਾਲੇ ਪਾ ਕੇ ਹੋਰ ਸ਼ਹਿਰ-ਕਸਬਿਆਂ ਨੂੰ ਚਲੇ ਗਏ। ਬਾਜ਼ਾਰ ਖੂਨ ਦੇ ਅੱਥਰੂ ਤਾਂ ਕੇਰਨ ਉਹਨੀਂ ਵਕਤੀ ਹੀ ਲੱਗ ਪਿਆ ਸੀ ਤੇ ਸ਼ਾਇਦ ਇਹ ਥੀਮੀ ਤੋਰ ਚੱਲਿਆ ਵੀ ਰਹਿੰਦਾ ਪਰ ਨਵੰਬਰ 1987 ਨੂੰ ਅੱਤਵਾਦੀਆਂ ਵੱਲੋਂ ਵਰਤਾਏ ਖੂਨੀ ਕਹਿਰ ਨੇ ਇਸ ਭੀੜ ਭੜੱਕੇ ਵਾਲੇ ਬਜ਼ਾਰ ਦੀ ਆਬਰੂ ਗਲੀਆਂ ‘ਚ ਰੋਲ ਕੇ ਰੱਖ ਦਿੱਤੀ। ਦੋ-ਚਾਰ ਦੁਕਾਨਦਾਰਾਂ ਨੂੰ ਛੱਡ ਕੇ ਬਾਕੀ ਦੁਕਾਨਦਾਰਾਂ ਨੇ ਉਸੇ ਮਾਹਿਲਪੁਰ ਕਸਬੇ ਨੂੰ ਚਾਲੇ ਪਾ ਦਿੱਤੇ, ਜੋ ਕਦੇ ਇੱਥੋਂ ਦੇ ਬਜ਼ਾਰ ਉੱਤੇ ਹੀ ਨਿਰਭਰ ਇੱਕ ਪਿੰਡ ਸੀ। ਪੁਰਾਣੇ ਬਾਜ਼ਾਰ ਦੀ ਰਹਿੰਦ-ਖੂੰਹਦ ਨੇ ਪਿੰਡੋਂ ਬਾਹਰ ਪੱਕੀ ਸੜਕ ਉੱਤੇ ਫਿਰ ਅੰਗੜਾਈ ਲਈ ਹੈ। ਨਿੱਤ-ਦਿਨ ਪੈ ਰਹੀਆਂ ਭਾਂਤ-ਸੁਭਾਂਤੀਆਂ ਨਵੀਆਂ ਦੁਕਾਨਾਂ ਕਾਰਨ ਅੱਜ-ਕੱਲ੍ਹ ਇਹ ਮਾਰਗ ਬਾਜ਼ਾਰ ਦੀ ਸ਼ਕਲ ਅਖ਼ਤਿਆਰ ਕਰਨ ਵੱਲ ਵੱਧ ਰਿਹਾ ਹੈ, ਪਰ ਪੁਰਾਣੇ ਦਿਨ ਫਿਰ ਨਹੀਂ ਜੇ ਮੁੜਨੇ ਕਿਉਂਕਿ ਬਹੁਤੇ ਹਾਂਡੇ ਇੱਥੋਂ ਆਪਣੇ ਪੁਰਾਣੇ ਸੰਗੀਆਂ ਵਾਂਗ ਪੱਕੀ ਉਡਾਰ ਮਾਰ ਚੁੱਕੇ ਹਨ। ਫਗਵਾੜਾ ਵਿਖੇ ਬਾੜੀਆਂ ਦੇ ਹਾਂਡਿਆਂ ਦਾ ਇੱਕ ਪੂਰਾ ਸੂਰਾ ਮਹੱਲਾ ਹੀ ਸਥਾਪਤ ਹੈ ਤੇ ਫਗਵਾੜੇ ਵਾਲੀ ਮੈਸਰਜ਼ ਮਲਾਵਾ ਰਾਮ ਹਾਂਡਾ ਐਂਡ ਸੰਨਜ਼ ਮਸ਼ਹੂਰ ਸਨਅਤ ਕਦੇ ਇੱਥੋਂ ਹੀ ਗਈ ਸੀ। ਹੁਗਲੀ (ਕਲਕੱਤਾ) ਵਿਖੇ ਟਰੱਕਾਂ ਦਾ ਇੱਕ ਵੱਡਾ ਫਲੀਟ ਖੜ੍ਹਾ ਕੀਤਾ ਇੱਥੋਂ ਦੇ ਹੀ ਜਮਨਾ ਦਾਸ-ਹੰਸ ਰਾਜ ਨੇ ਜੋ ਪੁੱਤ ਤਾਂ ਸਨ ਬੰਨਾ ਮੱਲ ਦੇ ਜਿਸ ਦਾ ਇੱਕ ਪੜਪੋਤਾ ਅੰਮ੍ਰਿਤ ਲਾਲ ਹਾਂਡਾ ਇਸ ਪਿੰਡ ਦੀ ਤਰੱਕੀ ਵਿੱਚ ਦਿਲਚਸਪੀ ਵਿਖਾਉਣ ਲਈ ਸੰਪਰਕ ਜੋੜ ਰਿਹਾ ਹੈ। ਹਾਂਡੇ ਖੱਤਰੀ ਮੁੱਖ ਤੌਰ ‘ਤੇ ਕੱਪੜੇ ਦਾ ਹੀ ਹੀ ਕਾਰੋਬਾਰ ਕਰਦੇ ਸਨ, ਉਂਝ ਦੁਕਾਨਦਾਰੀਆਂ ਉਹ ਹਰ ਕਿਸਮ ਦੀਆਂ ਕਰਦੇ ਰਹੇ। ਜਿੱਥੇ ਰਾਜਾ ਰਾਮ ਸੂਤਰ ਰੇਸ਼ਮ ਤੇ ਖੱਦਰ ਦਾ ਪ੍ਰਮੁੱਖ ਵਪਾਰੀ ਸੀ, ਉੱਥੇ ਉਸ ਦਾ ਭਰਾ ਬਿੱਲੂ ਰਾਮ ਤੇ ਅਗਾਂਹ ਉਸ ਦਾ ਪੁੱਤਰ ਪ੍ਰੀਤਮ ਚੰਦ ਪ੍ਰਸਿੱਧ ਬਜਾਜ ਸਨ।
ਇੱਕ ਸੀ ਇੱਥੋਂ ਦਾ ਵੱਡਾ ਕਾਰੋਬਾਰੀ ਅਮਰ ਚੰਦ ਸ਼ਾਹ ਜਿਸ ਨੇ ਇਸ ਮੈਦਾਨੀ ਇਲਾਕੇ ਵਿੱਚ ਹੀ ਪਹਾੜਾਂ ਤੋਂ ਪੱਥਰ ਖੜ-ਤਰਾਸ਼ ਕੇ ਆਪਣਾ ਘਰ ਐਨਾ ਆਲੀਸ਼ਾਨ ਬਣਾਇਆ ਕਿ ਇੱਕ ਮੰਜ਼ਲਾ ਹੁੰਦਾ ਹੋਇਆ ਵੀ ਇਹ ਪਹਾੜਾਂ ਦਾ ਕੋਈ ਮਹਿਲ ਜਾਪਦਾ। ਸ੍ਰੀ ਜਗੀਰੀ ਲਾਲ ਹਾਂਡਾ ਨੇ ਪਹਿਲਕਿਆਂ ਵਿੱਚ ਤਾਂ ਭਾਵੇਂ ਗੁਰਬਤ ਹੀ ਹੰਢਾਈ ਸੀ, ਪਰ ਉਸ ਦੇ ਬਾਹਰਲੇ ਮੁਲਖੀਂ ਜਾ ਵਸੇ ਸਰਵਣ ਪੁੱਤ ਸੁਖਦੇਵ ਨੇ ਗਰੀਬਾਂ ਦੀ ਭਲਾਈ ਲਈ ਇੱਕ ਟਰੱਸਟ ਬਣਾ ਕੇ ਪਿੰਡ ਦੀਆਂ ਗਰੀਬ ਧੀਆਂ-ਧਿਆਣੀਆਂ ਨੂੰ ਵਿਆਹ ਵਰਨ ਅਤੇ ਗਰੀਬ ਮਰੀਜ਼ਾਂ ਨੂੰ ਮੌਤ ਦੇ ਮੂੰਹੋਂ ਮੋੜ ਲਿਆਉਣ ਦਾ ਅਜਿਹਾ ਕਾਰਜ ਸ਼ੁਰੂ ਕਰਵਾ ਦਿੱਤਾ ਹੈ ਕਿ ਲੋਕ ਭੁੱਲੇ-ਵਿਸਰੇ ਚੁੱਕੇ ਉਸ ਜਗੀਰੀ ਨੂੰ ਹੁਣ ਸ੍ਰੀ ਜਗੀਰੀ ਲਾਲ ਜੀ ਹਾਂਡਾ ਜੀ ਦੇ ਤੌਰ ‘ਤੇ ਉੱਤੇ ਯਾਦ ਕਰਨ ਲੱਗ ਪਏ ਹਨ। ਇੱਕ ਹੋਰ ਸ਼ਖ਼ਸ ਜੋ ਦੇਸ਼ ਭਗਤਾਂ ਦੇ ਮੁਕੱਦਮੇ ਲਾਹੌਰ ਤੱਕ ਲੜਦਾ ਰਿਹਾ, ਉਹ ਸੀ ਬਾੜੀਆਂ ਦੇ ਸ਼ਾਹਾਂ ਦਾ ਪੁੱਤਰ ਵਕੀਲ ਲਾਲ ਜੀ। ਕਾਰੋਬਾਰੀ ਖੱਤਰੀਆਂ ਦੇ ਮਹਿਲ-ਭਵਨਾਂ ਦਾ ਭੁਲੇਖਾ ਪਾਉਂਦੇ ਬਹੁਤ ਹੀ ਸੁਹਣੀ ਦਿੱਖ ਦੇ ਦੋ-ਦੋ ਤਿੰਨ-ਤਿੰਨ ਮੰਜ਼ਲੇ ਕਈ ਘਰਾਂ ਵਿੱਚ ਤਾਂ ਪਾਣੀ ਭਰਨ ਲਈ ਆਪੋ-ਆਪਣੀਆਂ ਖੂਹੀਆਂ ਸਨ, ਜੋ ਉਦੋਂ ਅਮੀਰੀ ਤੇ ਸ਼ਾਹੀ ਠਾਠ ਦੀਆਂ ਨਿਸ਼ਾਨੀਆਂ ਹੁੰਦੀਆਂ ਸਨ, ਮਗਰੋਂ ਕਿਤੇ ਜਾ ਕੇ ਬਾਅਦ ‘ਚ ਪਤਾ ਲੱਗਾ ਕਿ ਭਾਮੀਆਂ ਸ਼ਾਹਾਂ ਦੇ ਘਰ ਤਾਂ ਕਿਸੇ ਦੂਸਰੇ ਪਾਸੇ ਸੁਰੱਖਿਅਤ ਨਿਕਲਣ ਲਈ ਇੱਕ ਗੁਪਤ ਸੁਰੰਗ ਵੀ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਲੋਕੀ ਅਮੀਰ ਵੀ ਬਹੁਤ ਸਨ। ਮਾਹਿਲਪੁਰ ਵਸਦੇ ਡਾ. ਰੌਸ਼ਨ ਲਾਲ ਹਾਂਡਾ ਦੇ ਬਜ਼ੁਰਗ ਡਾ. ਚਿੰਤ ਰਾਮ ਤੇ ਡਾ. ਬਾਲੀ ਰਾਮ ਜਿੱਥੇ ਚਰਚਿਤ ਚਕਿਤਸਕ ਸਨ, ਉੱਥੇ ਸਾਲਿਗ ਰਾਮ ਤੇ ਅਮਰ ਚੰਦ ਨਾਮੀ-ਗਰਾਮੀ ਸ਼ਾਹ ਸਨ ਪਿੰਡ ਵਸਦਿਆਂ ਸਾਰ ਹੀ ਜੋ ਪਹਿਲਾਂ ਹਾਂਡਾ ਇੱਥੇ ਆਇਆ, ਉਹ ਸੀ ਦੁਨਾ ਮੱਲ ਉਸ ਦੇ ਵਪਾਰ ਕਰਨ ਵਾਲੇ ਪੁੱਤਾਂ ਮੁਕੰਦ ਲਾਲ ਤੇ ਬੰਨਾ ਮੱਲ ਨੂੰ ਵੀ ਅੰਗਰੇਜ਼ਾਂ ਨੇ ਚੌਧਰੀ ਖਿਤਾਬ ਨਾਲ ਨਵਾਜਿਆ। ਕਿਸੇ ਵੇਲੇ ਮੁਨਿਆਰੀ-ਸਟੇਸ਼ਨਰੀ ਦੇ ਥੋਕ ਦੁਕਾਨਦਾਰ ਰਾਮਾ ਤੇ ਸ਼ਾਮਾ ਭਰਾਵਾਂ ਦੇ ਬਜ਼ੁਰਗ ਰਾਮ ਸ਼ਰਨ ਨਿਗਾਹੀਆ ਮੱਲ, ਗੁਸਾਈਂ ਮੱਲ, ਬਿੰਨਾ ਮੱਲ, ਦੁਨਾ ਮੱਲ ਤੇ ਫੈਮਲੀ ਟਰੀਅ ਮੁਤਾਬਕ ਹਾਂਡੇ ਖੱਤਰੀ ਵੀ ਲਗਭਗ ਦੋ ਕੁ ਸਦੀਆਂ ਪਹਿਲਾਂ ਹੀ ਇੱਥੇ ਆ ਕੇ ਵਸੇ ਸਨ।
ਇੰਨਾਂ ਹਾਂਡਿਆਂ ਵਿੱਚੋਂ ਸਭ ਤੋਂ ਨਿਵੇਕਲਾ ਸ਼ਖ਼ਸ ਜਿਸਦਾ ਰੇਡੀਓ ਤੋਂ ਰੋਜ਼ਾਨਾ ਜ਼ਿਕਰ ਸੁਣਦੇ ਹਾਂ ਉਹ ਹੈ ਬੂਟੀ ਰਾਮ ਹਾਂਡਾ। ਸੰਨ 1966 ਦੇ ਜੂਨ ਮਹੀਨੇ ਦੇ ਤਿੱਖੜ-ਦੁਪਹਿਰੇ ਪਿੰਡ ਦੇ ਡਾਕਖਾਨੇ ਦੇ ਢੋਲ ‘ਚ ਘਰਦਿਆਂ ‘ਚੋਂ ਚੁਪਕੇ-ਚੁਪਕੇ ਰੇਡੀਓ ਨੂੰ ਪਹਿਲਾ ਖਤ ਪਾਉਣ ਵਾਲਾ ਇਹ ਭਲਾ ਬੰਦਾ ਹੁਣ ਜਨੂੰਨ ਦੀ ਹੱਦ ਤੱਕ ਰੇਡੀਓ ਨੂੰ ਮੁਹੱਬਤ ਕਰਦਾ ਹੈ। ਉਸੇ ਸਾਲ ਤੋਂ ਹੀ ਅੱਡ-ਅੱਡ ਚੈਨਲਾਂ ਨੂੰ ਬਿਨਾ-ਨਾਗਾ ਲਗਭਗ ਹਰ ਹਫਤੇ ਪੰਜਾਹ ਕੁ ਚਿੱਠੀਆਂ ਹੁਣ ਘੱਲਦਾ ਹੈ ਇਹ ਸ੍ਰੀਮਾਨ। ਆਪਣੀ ਧੁੰਨ ‘ਚ ਮਸਤ ਇਸ ਅਵੱਲੜੇ ਸ਼ੌਕ ਦੇ ਮਾਲਕ ਦੀ ਬਦੌਲਤ ਬਾੜੀਆਂ ਦਾ ਨਾਂਅ ਵਿਸ਼ਵ ਭਰ ਦੇ ਕਈ ਮੁਲਕਾਂ ‘ਚ ਰੋਜ਼ਾਨਾ ਹੀ ਗੂੰਜਦਾ ਹੈ। ਜੇ ਇਵੇਂ ਹੀ ਜਾਰੀ ਰਿਹਾ ਜਿਵੇਂ ਕਿ ਆਸ ਵੀ ਹੈ ਤਾਂ ਆਉਣ ਵਾਲੇ ਵਕਤਾਂ ਵਿੱਚ ਇਸ ਪਿੰਡ ਨੂੰ ਬੂਟੀ ਰਾਮ ਹਾਂਡੇ ਵਾਲਾ ਬਾੜੀਆਂ ਕਿਹਾ ਜਾਣ ਲੱਗ ਪਵੇਗਾ। ਪਹਿਲਾ ਖਤ ਜੋ ਉਸ ਪਾਇਆ, ਉਸ ਗੀਤ ਦੇ ਬੋਲ ਸਨ- ‘ਉਨ ਸੇ ਮਿਲੀ ਨਜ਼ਰ ਮੇਰੇ ਹੋਸ਼ ਉੱਡ ਗਏ।’ ਫਿਲਮ ਸੀ- ‘ਝੁਕ ਗਿਆ ਆਸਮਾਨ’। ਗਾਇਕ ਸੀ ‘ਲਤਾ ਮੁਗੇਸ਼ਕਰ’। ਪਹਿਲੀ ਵਾਰ ਰੇਡੀਓ ਤੋਂ ਆਪਣਾ ਨਾਂਅ ਸੁਣ ਕੇ ਖੀਵੇ ਹੋਏ ਉਦੋਂ ਚੜ੍ਹਦੀ ਜਵਾਨੀ ਵਾਲੇ ਬੂਟੀ ਰਾਮ ਹਾਂਡਾ ਨੇ ਹਰ ਖੇਤਰ ਦੇ ਸਟੇਸ਼ਨਾਂ ਅਤੇ ਹਰ ਪ੍ਰੋਗਰਾਮ ਲਈ ਖਤੋ-ਖਿਤਾਬਤ ਦੀ ਅਜਿਹੀ ਛਹਿਬਰ ਲਾਈ ਕਿ ਹੁਣ ਬਿਰਧ ਅਵਸਥਾ ‘ਚ ਪੈਰ ਰੱਖਣ ਜਾ ਰਹੇ ਇਸ ਪੁਰਸ਼ ਨੇ ਇਹ ਸਿਲਸਿਲਾ ਤਾਂ ਹਯਾਤ ਤੱਕ ਜਾਰੀ ਰੱਖਣ ਦਾ ਪ੍ਰਣ ਕਰ ਲਿਆ। ਪਿੰਡ ਦੀ ਜੂਹ ‘ਚ ਬਾਹਰੋਂ ਆਉਣ ਵਾਲਾ ਹਰ ਪ੍ਰਾਹੁਣਾ, ਪਿੰਡ ਢੁਕੀ ਹਰ ਜੰਝ ਦਾ ਜਨੇਤੀ ਇੱਥੇ ਆ ਕੇ ਜ਼ਰੂਰ ਪੁੱਛ-‘ਬਾਈ! ਬੂਟੀ ਰਾਮ ਹਾਂਡੇ ਦਾ ਘਰ ਕਿਹੜਾ।’ ਆਪਣੇ ਕੰਮ-ਕਾਰ ਅਤੇ ਸਫਰ ਉੱਤੇ ਵੀ ਰੇਡੀਓ ਸੁਣਨ ਦੇ ਸ਼ੌਕੀਨ ਬਾੜੀਆਂ ਦੇ ਇਸ ਪੁੱਤ ਨੇ ਕਦੇ ਨਿਰੋਲ ਆਪਣੇ ਲਈ ਆਪਣੀ ਹੀ ਕਮਾਈ ਨਾਲ ਕਿਸ਼ਤਾਂ ਵਿੱਚ ਖਰੀਦਿਆ 356 ਰੁਪਏ ਵਾਲਾ ਜਨਕ ਕੰਪਨੀ ਦਾ ਵੱਡੇ ਸਾਈਜ਼ ਵਾਲਾ ਟਿਊਬਾਂ ਵਾਲਾ ਦੇਸੀ ਰੇਡੀਓ ਅੱਜ ਵੀ ਕਾਰਆਮਦ ਹਾਲਤ ਵਿੱਚ ਰੱਖਿਆ ਹੋਇਆ ਹੈ। ਘਰ ਇੱਥੇ ਸਿਰਫ਼ ਹਾਂਡਾ ਖੱਤਰੀਆਂ ਦੇ ਹੀ ਨਹੀਂ ਬਲਕਿ ਉਨ੍ਹਾਂ ਨਾਲ ਰਿਸ਼ਤੇਦਾਰੀ ਕਾਰਨ ਇੱਥੇ ਆ ਵੱਸਣ ਵਾਲੇ ਵਰਿੰਦਾ ਗੋਤਰ ਖੱਤਰੀਆਂ ਦੇ ਨਾਲ-ਨਾਲ ਕੁਝ ਘਰ ਮੈਨਰਾ ਗੋਤੀਆਂ ਦੇ ਵੀ ਹਨ। ਇਨ੍ਹਾਂ ਮੈਨਰਿਆਂ ਦਾ ਲਾਲਾ ਫਕੀਰ ਚੰਦ ਦੇਸ਼ ਭਗਤ ਕਾਂਗਰਸੀ ਰੁਕਨ ਲੰਮਾ ਸਮਾਂ ਪਿੰਡ ਦਾ ਸਰਪੰਚ ਰਹਿਣ ਵਾਲਾ ਸਮਾਜ ਸੇਵੀ ਤੇ ਮਿੱਠ ਬੋਲੜਾ ਇਹ ਬਿਰਧ ਜਦ ਬਾੜੀਆਂ ਦੇ ਉਜੜ ਚੁੱਕੇ ਬਜ਼ਾਰਾਂ ਦੀ ਦਾਸਤਾਂ ਦੱਸਦਾ ਹੋਇਆ, ਸਭ ਦੀ ਥੈਰ-ਸੁੱਖ ਮੰਗਦਾ ਹੈ ਤਾਂ ਉਦਾਸੀ ਦੀਆਂ ਲਕੀਰਾਂ ਉਸ ਦੇ ਮੱਥੇ ਤੋਂ ਸਪੱਸ਼ਟ ਉੱਘੜ ਆਉਂਦੀ ਆਪ ਮੰਗਦਾ ਭਰੀਆਂ ਦੀ ਹੈ। ਇੱਕ ਉੱਪ-ਜਾਤ ਕਲਾਲ ਜਿਨ੍ਹਾਂ ਨੂੰ ਕਈ ਕਰਾੜ ਵੀ ਆ ਦਿਲ ਨੇ ਖੱਤਰੀ ਕੁਝ ਘਰ ਇਸ ਖੇੜੇ ਵੱਸਦੇ ਸਨ, ਜੋ ਕਿ ਆਹਲੂਵਾਲੀ ਮਹਾਜਨ ਸਰਦਾਰਾ ਵਿੱਚੋਂ ਹਨ। ਹਿੰਦੂ ਸਿੱਖ ਦੋਹਵੇਂ ਤਰ੍ਹਾਂ ਦੇ ਇਨ੍ਹਾਂ ਲੋਕਾਂ ਦਾ ਇੱਕ ਵਡੇਰਾ ਮਿਸਲਾਂ ਵੇਲੇ ਸੀ ਜੱਸਾ ਸਿੰਘ ਆਹਲੂਵਾਲੀਆ ਜਿਸ ਨੂੰ ਜੱਸਾ ਸਿੰਘ ਕਲਾਲ ਵੀ ਕਹਿੰਦੇ ਹਨ। ਕਪੂਰਥਲਾ ਰਿਆਸਤ ਵਿੱਚ ਸ਼ਿਰਕਤ ਕਰਕੇ ਇੱਥੇ ਆ ਵੱਸਣ ਵਾਲੇ ਕਲਾਲਾਂ ਦਾ ਇੱਕ ਸੀ ਕਾਂਗਰਸੀ ਦੇਸ਼ ਭਗਤ ਬਾਬੂ ਰਾਮ ਕਲਾਲ ਤੇ ਦੂਸਰਾ ਜੋ ਨਾਮਵਰ ਸੀ ਉਹ ਸੀ ਹਿੰਦ ਸਮਾਚਾਰ ਅਖਬਾਰ ਦਾ ਲੰਮਾ ਸਮਾਂ ਰਹਿਣ ਵਾਲਾ ਇੱਕ ਸਬ ਐਡੀਟਰ ਗਿਰਧਾਰੀ ਲਾਲ ਬਾੜੀਆਂ।
“ਗਾਮਿਆਂ ਤੂੰ ਕਿੱਥੇ ਹੈਂ ਵੇ?” ਆਪਣੇ ਹਮ-ਸਾਇਆ ਸੰਗ ਸੰਤਾਲੀ ਦੇ ਹੱਲਿਆਂ ਵੇਲੇ ਪਾਕਿਸਤਾਨ ਤੁਰ ਗਏ ਬਾੜੀਆਂ ਦੇ ਸਰਵਣ ਪੁੱਤ ਇਸ ਸਿਰਮੌਰ ਗਵੱਈਏ ਨੂੰ ਆਹਾਂ ਭਰ ਕੇ ਇਹ ਪਿੰਡ ਅਜੇ ਵੀ ਯਾਦ ਕਰਦਾ ਹੈ।
Credit – ਵਿਜੈ ਬੰਬੇਲੀ