ਬਿਲਗਾ
ਸਥਿਤੀ :
ਫਿਲੌਰ ਤਹਿਸੀਲ ਦਾ ਪਿੰਡ ਬਿਲਗਾ, ਫਿਲੌਰ-ਨੂਰਮਹਿਲ ਸੜਕ ਤੋਂ 2 ਕਿਲੋਮੀਟਰ ਦੱਖਣ ਵੱਲ ਵੱਸਿਆ ਹੋਇਆ ਹੈ। ਰੇਲਵੇ ਸਟੇਸ਼ਨ ਬਿਲਗਾ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਇਤਿਹਾਸ ਕੋਈ ਸਾਢੇ ਪੰਜ ਸਦੀਆਂ ਪੁਰਾਣਾ ਹੈ। ਤਲਵਣ ਵਸਾਉਣ ਵਾਲੇ ਤੁਲ੍ਹੇ ਦੇ ਭਰਾ ਬੇਗੇ ਨੇ ਇਹ ਪਿੰਡ ਵਸਾਇਆ ਤੇ ਉਹਦੇ ਨਾਂ ‘ਤੇ ਹੀ ਇਸ ਪਿੰਡ ਦਾ ਨਾਂ ‘ਬਿਲਗਾ’ ਪਿਆ। ਬਿਲਗੇ ਦੀ ਬਹੁਗਿਣਤੀ ਵਸੋਂ ਸੰਘੇੜਾ ਗੋਤ ਦੇ ਜੱਟ ਸਿੱਖਾਂ ਦੀ ਹੈ ਤੇ ਇਹ ਗੋਤ ਅਸਲ ਵਿੱਚ ਫਿਲੋਰ ਵਸਾਉਣ ਵਾਲੇ ਫੁੱਲੇ ਨਾਮੀ ਜੱਟ ਦਾ ਸੀ। ਕਿਹਾ ਜਾਂਦਾ ਹੈ ਕਿ ਬੇਗਾ ਤੇ ਫੁੱਲ ਧਰਮ ਦੇ ਭਰਾ ਬਣੇ ਹੋਏ ਸਨ। ਬੇਗੇ ਦੇ ਘਰ ਪੁੱਤਰ ਨਹੀਂ ਸੀ ਤੇ ਹੱਜ ਨੂੰ ਜਾਣ ਲੱਗਿਆਂ ਉਹ ਆਪਣੀ ਪਤਨੀ ਅਤੇ ਲੜਕੀ ਨੂੰ ਫੁੱਲੇ ਕੋਲ ਛੱਡ ਗਿਆ ਸੀ। ਬੇਗੇ ਦੀ ਮੌਤ ਓਧਰ ਹੀ ਹੋ ਗਈ ਤੇ ਉਸਦੀ ਪਤਨੀ ਅਤੇ ਲੜਕੀ ਦੀਆਂ ਕਬਰਾਂ ਬਿਲਗੇ ‘ਚ ਬਾਹਰ ਵੱਲ ‘ਬੀਬੀ ਦੇ ਕਬਰ’ ਦੇ ਨਾਂ ਨਾਲ ਜਾਣੀ ਜਾਂਦੀ ਜਗ੍ਹਾ ‘ਤੇ ਹਨ। ਜਿਸਦੀ ਸੰਘੇੜੇ ਬਹੁਤ ਮਾਨਤਾ ਕਰਦੇ ਹਨ। ਬੇਗੇ ਤੋਂ ਬਾਅਦ ਤੁਲਾਇੱਥੋਂ ਦੀ ਜ਼ਮੀਨ ਦਾ ਹੱਕਦਾਰ ਸੀ ਪਰ ਉਹਨੇ ਇਸਦੇ ਬਦਲੇ ਫਿਲੌਰ ਲੈ ਲਿਆ ਤੇ ਇਸ ਤਰ੍ਹਾਂ ਫੁੱਲ ਤੇ ਉਹਦੇ ਭਰਾ ਭੀਖੀ ਦੀ ਔਲਾਦ ਇਸ ਬਿਲਗੇ ਪਿੰਡ ਵਿੱਚ ਹੈ।
ਬਿਲਗੇ ਦੇ ਨਾਲ ਵਾਲਾ ਪਿੰਡ ਮੌ ਸਾਹਿਬ ਹੈ ਜਿੱਥੇ ਗਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਨੂੰ ਵਿਆਹੁਣ ਆਏ ਸਨ। ਗੁਰੂ ਜੀ ਇਸ ਪਿੰਡ ਵਿੱਚ ਠਹਿਰੇ ਤੇ ਕੱਪੜੇ ਬਦਲ ਕੇ ਗਏ। ਉਸ ਸਮੇਂ ਪਿੰਡ ਵਿੱਚ ਸੱਤ ਝੁੱਗੀਆਂ ਸਨ। ਗੁਰੂ ਜੀ ਦਾ ਚੋਲਾ, ਪਜਾਮਾ, ਟੋਪੀ ਰੁਮਾਲ, ਬਟੂਆ, ਰੁਮਾਲਾ, ਹਜ਼ੂਰੀਆ, ਹੱਥ ਸਿਮਰਨਾ ਅਤੇ ਚੌਂਕੀ ਸਾਹਿਬ ਇੱਥੇ ਵਿਸ਼ਾਲ ਗੁਰਦੁਆਰੇ ਵਿੱਚ ਸਲਾਮਤ ਪਏ ਹਨ। ਇੱਥੇ 18-19-20 ਹਾੜ ਨੂੰ ਬਹੁਤ ਵੱਡਾ ਮੇਲਾ ਲੱਗਦਾ ਹੈ। ਪਿੰਡ ਦੇ ਉੱਤਰ ਵੱਲ ਪਿੱਪਲ ਸਾਹਿਬ ਹੈ ਜਿੱਥੇ ਗੁਰੂ ਜੀ ਨੇ ਦਾਤਣ ਕੀਤੀ ਸੀ। ਇਸ ਤੋਂ ਇਲਾਵਾ ਪਿੰਡ ਵਿੱਚ 6 ਗੁਰਦੁਆਰੇ ਤੇ ਕਈ ਮੰਦਰ ਹਨ।
ਆਜ਼ਾਦੀ ਦੀਆਂ ਲਹਿਰਾਂ ਵਿੱਚ ਇਹ ਪਿੰਡ ਹਮੇਸ਼ਾਂ ਅੱਗੇ ਰਿਹਾ ਹੈ। ਜਦੋਂ ਅੰਗਰੇਜ਼ਾਂ ਨੇ ਪਹਿਲੀ ਵਾਰ ਸਤਲੁਜ ਪਾਰ ਕੀਤਾ ਸੀ ਤਾਂ ਬਿਲਗੀਆਂ ਨੇ ਅੱਗੋਂ ਟਾਕਰਾ ਕੀਤਾ ਤੇ ਹਾਰ ਜਾਣ ਤੋਂ ਬਾਅਦ ਬਹੁਤ ਸਾਰਿਆਂ ਨੂੰ ਪਿੰਡ ਛਡਣਾ ਪਿਆ ਪਰ ਆਜ਼ਾਦੀ ਲਈ ਜਦੋ ਜਹਿਦ ਹੋਰ ਬਲਵਾਨ ਹੁੰਦੀ ਗਈ। ਕਈਆਂ ਨੇ ਅੰਗਰੇਜ਼ਾਂ ਦਾ ਸਾਥ ਵੀ ਦਿੱਤਾ ਤੇ ਜ਼ਮੀਨਾਂ ਹਾਸਲ ਕੀਤੀਆਂ ਤੇ ਪਿੰਡ ਵਿੱਚ ਪੁਲਿਸ ਚੌਂਕੀ ਦੀ ਥਾਂ ਦਿੱਤੀ । ਇਸ ਥਾਂ ‘ਤੇ ਇੱਕ ਵਾਰ ਅੰਗਰੇਜ਼ਾਂ ਨੇ ਮਸ਼ੀਨਗੰਨ ਨਾਲ ਲੋਕਾਂ ਦੇ ਹਜੂਮ ਨੂੰ ਰੋਕਣਾ ਚਾਹਿਆ ਪਰ ਲੋਕਾਂ ਨੇ ਮਸ਼ੀਨ ਗੰਨ ਅੱਗੇ ਛਾਤੀਆਂ ਡਾਹ ਦਿੱਤੀਆਂ ਪਰ ਜਲੂਸ ਨਾ ਰੁਕਣ ਦਿੱਤਾ । ਬਿਲਗੇ ਵਾਲੇ ਹੁਣ ਤੱਕ ਉਸ ਗਲੀ ਵਿਚੋਂ ਜਲੂਸ ਨਹੀਂ ਕੱਢਦੇ। ਪਿੰਡ ਵਿੱਚ 24 ਅਗਸਤ 1931 ਵਿੱਚ ਦਿਹਾਤੀ ਪੋਲੀਟੀਕਲ ਕਾਨਫਰੰਸ ਸਰਵੋਦਾ ਨੇਤਾ ਉਜਾਗਰ ਸਿੰਘ ਬਿਲਗਾ ਨੇ ਕਰਵਾਈ ਜਿਸ ‘ਕਾਰਨ ਬਿਲਗੇ ਵਿਚੋਂ ਬਹੁਤ ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ। ਪਿੰਡ ਦੇ ਕਾਮਰੇਡ ਜਵਾਲਾ ਸਿੰਘ ਨੇ ਰੂਸ ਵਿੱਚ ਰਹਿ ਕੇ ਮਾਰਕਸਵਾਦ ਤੇ ਫ਼ੌਜੀ ਦਾਅ ਪੇਚਾਂ ਦਾ ਅਧਿਐਨ ਕੀਤਾ। ਸ੍ਰੀ ਭਗਤ ਸਿੰਘ ਬਿਲਗਾ ਨੇ ਸਾਰੀ ਜ਼ਿੰਦਗੀ ਇਨਕਲਾਬੀ ਲਹਿਰਾਂ ਵਿੱਚ ਲਾਈ।
ਉਹ ਅਰਜਨਟਾਈਨਾ ਵਿੱਚ ਰਹਿ ਕੇ ਗ਼ਦਰ ਪਾਰਟੀ ਦੇ ਜਰਨਲ ਸਕੱਤਰ ਬਣੇ। ਅੰਗਰੇਜ਼ਾਂ ਨੇ ਬਿਲਗੇ ਨੂੰ ਬਲੈਕ ਲਿਸਟ ਕੀਤਾ ਹੋਇਆ ਸੀ ਅਤੇ ਫੌਜ ਤੇ ਸਰਕਾਰੀ ਨੌਕਰੀਆਂ ਦੇ ਬੂਹੇ ਬਿਲਗੀਆਂ ਲਈ ਬੰਦ ਸਨ। ਇਸ ਲਈ ਬਿਲਗਾ ਉੱਨਤੀ ਪੱਖੋਂ ਪਿਛੇ ਰਹਿ ਗਿਆ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ