ਬੀਤੇ ਪੰਜਾਬ ਦਾ ਪਿੰਡ (900-1947) ਪਿੰਡ ਦਾ ਇੰਜਰ-ਪਿੰਜਰ, ਲੋਕਾਂ ਦੀ ਰਹਿਨੀ, ਬਹਿਨੀ, ਰੁਝੇਵੇਂ, ਵਾਰਦਾਤਾਂ, ਸਮਾਜਕ ਦਸ਼ਾ, ਪੜ੍ਹਾਈ ਦੇ ਦੌਰ ਦਾ ਆਰੰਭ ਸ਼ਮਸ਼ੇਰ ਸਿੰਘ ਬੱਬਰਾ

ਬੀਤੇ ਪੰਜਾਬ ਦਾ ਪਿੰਡ (900-1947) ਪਿੰਡ ਦਾ ਇੰਜਰ-ਪਿੰਜਰ, ਲੋਕਾਂ ਦੀ ਰਹਿਨੀ, ਬਹਿਨੀ, ਰੁਝੇਵੇਂ, ਵਾਰਦਾਤਾਂ, ਸਮਾਜਕ ਦਸ਼ਾ, ਪੜ੍ਹਾਈ ਦੇ ਦੌਰ ਦਾ ਆਰੰਭ

Contents hide
1 ਬੀਤੇ ਪੰਜਾਬ ਦਾ ਪਿੰਡ (900-1947) ਪਿੰਡ ਦਾ ਇੰਜਰ-ਪਿੰਜਰ, ਲੋਕਾਂ ਦੀ ਰਹਿਨੀ, ਬਹਿਨੀ, ਰੁਝੇਵੇਂ, ਵਾਰਦਾਤਾਂ, ਸਮਾਜਕ ਦਸ਼ਾ, ਪੜ੍ਹਾਈ ਦੇ ਦੌਰ ਦਾ ਆਰੰਭ

ਸ਼ਮਸ਼ੇਰ ਸਿੰਘ ਬੱਬਰਾ

ਯਾਦਾਂ ਦਾ ਝੁਰਮਟ

ਇਕ ਵਕਤ ਸੀ, ਪੰਜਾਬ ਦੀਆਂ ਹੱਦਾਂ ਦਰਿਆ ਸਿੰਧ ਤੋਂ ਲੈ ਕੇ ਜਮਨਾ ਤੱਕ ਸਨ। ਪੰਜ ਦਰਯਾਵਾਂ ਜੇਹਲਮ, ਚਨਾਬ, ਰਾਵੀ, ਬਿਆਸ, ਸਤਲੁਜ ਨੇ ਇਸ ਦੇਸ ਨੂੰ ਨਾਮ ਦਿੱਤਾ-ਪੰਜ ਆਬ, ਭਾਵ ਪੰਜ ਪਾਣੀ । ਦਰਯਾਵਾਂ ਨੇ ਧਰਤੀ ਨੂੰ ਪੰਜ ਦੁਆਬਿਆਂ ਵਿੱਚ ਵੰਡਿਆ ਹੋਇਆ ਸੀ-ਸਿੰਧ ਸਾਗਰ, ਚੱਜ, ਰਚਨਾ, ਬਾਰੀ, ਬਿਸਤ-ਜਲੰਧਰ। ਹਮਾਲੀਆ ਪਰਬਤਾਂ ‘ਚੋਂ ਨਿਕਲੇ ਇਹ ਦਰਯਾ ਤੇ ਅਨੇਕ ਨਦੀਆਂ-ਨਾਲੇ, ਹਰ ਸਾਲ ਨਵੀਂ ਮਿੱਟੀ ਨਾਲ ਇਸ ਦੇਸ਼ ਨੂੰ ਜ਼ਰਖੇਜ਼ ਬਣਾਂਦੇ ਇਹਨਾਂ ਦਰਿਆਵਾਂ, ਨਦੀਆਂ- ਨਾਲਿਆਂ ਦੀ ਧਰਤੀ ਵਿੱਚ ਹਜ਼ਾਰਾਂ ਛੋਟੇ-ਵੱਡੇ ਪਿੰਡ ਵੱਸਦੇ ਸਨ। 

ਅਗਸਤ 1947 ਦੀ ਵੰਡ ਸਮੇਂ ਸਾਂਝਾ ਪੰਜਾਬ ਹਮੇਸ਼ਾ ਲਈ ਟੁੱਟ ਗਿਆ। ਇਹ ਕਿਤਾਬ ਉਸ ਸਾਂਝੇ ਪੰਜਾਬ ਦੇ ਇਕ ਪਿੰਡ ਦੀ ਰਹਿਣੀ-ਬਹਿਣੀ ਤੇ ਰੋਸ਼ਨੀ ਪਾਂਦੀ ਏ। ਸਮੇਂ ਨਾਲ ਯਾਦਾਂ ਉੱਤੇ ਵਕਤ ਦੀ ਧੂੜ ਪੈ ਜਾਂਦੀ ਏ। ਇਸ ਕਰਕੇ ਉਸ ਸਮੇਂ ਦੇ ਪਿੰਡ ਦਾ ਅਸਲੀ ਰੂਪ-ਰੰਗ ਦੱਸਿਆ ਹੈ ਤਾਂ ਕਿ ਤਵਾਰੀਖ ਦਾ ਇਹ ਵਿਰਸਾ ਸਾਂਭਿਆ ਜਾ मवे। 

ਖੇਤਾਂ ਵਿਚ ਘਿਰੇ, ਹਰ ਪਿੰਡ ਦੀ ਰਹਿਨੀ-ਬਹਿਨੀ ਤਕਰੀਬਨ ਇਕੋ ਜਹੀ ਸੀ। ਨਾਲੋਂ ਨਾਲ ਜੁੜੇ ਹੋਏ ਕੱਚੇ ਕੋਠੇ, ਭੀੜੀਆਂ ਗਲੀਆਂ, ਕੱਚੀਆਂ ਸੜਕਾਂ, ਮੱਝਾਂ, ਬਲਦਾਂ ਤੇ ਹੋਰ ਜਾਨਵਰਾਂ ਦੀ ਭਾਈਵਾਲੀ, ਨਹਾਉਣਾ-ਧੋਣਾ ਤੇ ਪੀਣ ਵਾਸਤੇ ਪਾਣੀ ਦੇ ਘੜੇ ਖੂਹੀਆਂ ਤੇ ਖੂਹਾਂ ਤੋਂ ਭਰਨੇ, ਸਾਫ਼ ਹਵਾ, ਤੇ ਹਰ ਕੋਈ ਆਪਨੇ ਘਰ ਦਾ ਆਪ ਮਾਲਕ, ਭਾਵੇਂ ਅਮੀਰ ਤੇ ਭਾਵੇਂ ਗਰੀਬ ਹੋਵੇ। 

ਸ਼ਹਿਰਾਂ ਦੀ ਕਲ ਕਲ ਤੋਂ ਦੂਰ, ਪਿੰਡ ਦਾ ਜੀਵਨ ਸੁਖੀ ਤੇ ਸੌਖਾ ਸੀ। ਲੋਕੀ ਸਾਂਝੀਵਾਲਤਾ ਦੀ ਰਾਹ ‘ਤੇ ਚੱਲਦੇ। ਕੱਠੇ ਹੱਸਦੇ ਖੇਡਦੇ, ਕੱਠੇ ਪਸੀਨੋ-ਪਸੀਨਾ ਹੁੰਦੇ, ਕੱਠੇ ਨੱਚਦੇ, ਖੇਡਦੇ, ਗਾਉਂਦੇ ਤੇ ਗੱਲਾਂ ਕਰਦੇ। ਬੱਚੇ ਖੁੱਲ੍ਹ ਨਾਲ ਗਲੀਆਂ ਗਾਂਹਦੇ ਤੇ ਕੋਠਿਆਂ ਤੇ ਟਪੂਸੀਆਂ ਮਾਰਦੇ ਇਕ ਦੂਜੇ ਦੇ ਘਰ ਚਲੇ ਜਾਂਦੇ । ਹਰ ਕੋਈ ਇੱਕ-ਦੂਜੇ ਨੂੰ ਜਾਣਦਾ ਸੀ। ਹਰ ਕੋਈ ਇੱਕ-ਦੂਜੇ ਦੀਆਂ ਕਾਰਸਤਾਨੀਆਂ ਵੀ ਜਾਣਦਾ ਸੀ ਪਰ ਰਵਾਜਨ ਲੋਕੀਂ ਇਹਨਾਂ ਤੇ ਪਰਦਾ ਪਾਈ ਰੱਖਦੇ ਸਨ। 

ਪੰਜਾਬ ਦੇ ਹਜ਼ਾਰਾਂ ਪਿੰਡਾਂ ‘ਚੋਂ ਛੋਟੀਆਂ ਗਲੋਟੀਆਂ ਇਕ ਸੀ ਪਰ ਇਹ ਇਕ ਅਨੋਖਾ ਪਿੰਡ ਸੀ ਕਿਉਂਕਿ ਇਸ ਵਿਚ ਚਾਰਾਂ ਧਰਮਾਂ ਦੇ ਲੋਕ ਭਾਵ ਸਿੱਖ, ਹਿੰਦੂ, ਮੁਸਲਮਾਨ ਤੇ ਈਸਾਈ ਵਸਦੇ ਸਨ। ਪਿੰਡਾਂ ਦੇ ਬੀਤ ਗਏ ਸਮੇਂ ਨੂੰ ਸਪੱਸ਼ਟ (illustrate) ਕਰਨ ਵਾਸਤੇ ਛੋਟੀਆਂ ਗਲੋਟੀਆਂ ਦਾ ਤਵਾਰੀਖ਼ੀ ਪਿੰਡ ਇਕ ਬੇਮਿਸਾਲ ਨਮੂਨਾ ਏ। 

ਲੇਖਕ ਨੇ ਆਪਣੇ ਜੀਵਨ ਦੇ ਪਹਿਲੇ ਵੀਹ ਸਾਲ, 1947 ਵਿਚ ਪੰਜਾਬ ਦੀ ਵੰਡ ਤੇ ਅਦਲਾ-ਬਦਲੀ ਤਕ, ਛੋਟੀਆਂ ਗਲੋਟੀਆਂ ਦੀਆਂ ਗਲੀਆਂ ਤੇ ਖੇਤਾਂ ਵਿਚ ਗੁਜ਼ਾਰੇ ਸਨ। ਵੰਡ ਵੇਲੇ, ਮੁਸਲਮਾਨ ਤੇ ਈਸਾਈ ਪਿੰਡ ਰਹਿ ਗਏ ਤੇ ਹਿੰਦੂ-ਸਿੱਖ ਤਿਤਰ-ਬਿਤਰ ਹੋ ਗਏ । ਬੜਾ ਕੁਝ ਸਮੇਂ ਦਾ ਸ਼ਿਕਾਰ ਬਣ ਗਿਆ। ਇਸ ਕਿਤਾਬ ਵਿਚ ਉਸ ਸਮੇਂ ਦੀਆਂ ਅੱਖੀਂ ਵੇਖੀਆਂ ਤੇ ਹੱਡ ਬੀਤੀਆਂ ਯਾਦਾਂ ਹਨ। ਵੱਡੇ-ਵਡੇਰਿਆਂ ਦੀਆਂ ਦੱਸੀਆਂ ਹੋਈਆਂ, ਵਹੀਆਂ-ਖਾਤਿਆਂ ਵਿਚ ਲਿਖੀਆਂ, ਕਿੱਸਿਆਂ ਵਿਚ ਛਪੀਆਂ ਹੋਈਆਂ ਕਹਾਣੀਆਂ ਹਨ। ਨਾਲ-ਨਾਲ ਉਸ ਸਮੇਂ ਦੇ ਕੁਝ ਸਿੱਖਾਂ ਦੇ ਬਿਆਨ ਵੀ ਸ਼ਾਮਿਲ ਹਨ। 

ਪਿੰਡ ਦੀ ਡੀਲ ਡੌਲ

ਰਾਵੀ ਤੇ ਚਨਾਬ ਦੀ ਲਪੇਟ ਵਿੱਚ ਸਾਂਝੇ ਪੰਜਾਬ ਦੀ ਹਿੱਕ ਤੇ ਸਜੇ ਰਚਨਾ ਦੁਆਬ ਦੀ ਕੋਈ ਰੀਸ ਨਹੀਂ ਸੀ। ਗੀਤਾਂ ਤੇ ਮਸਤੀਆਂ ਨਾਲ ਰੰਗੀ ਇਸ ਧਰਤੀ ਨੇ ਮਿੱਠੀ ਪੰਜਾਬੀ ਬੋਲੀ ਤੇ ਲੂੰ-ਲੂੰ ‘ਚ ਭਖ਼ਦੇ ਭੰਗੜੇ ਤੇ ਗਿੱਧੇ ਨੂੰ ਜਨਮ ਦਿੱਤਾ। ਛੋਟੀਆਂ ਗਲੋਟੀਆਂ ਨੂੰ ਇਹ ਮਾਨ ਸੀ ਕਿ ਉਹ ਰਚਨੇ ਦੇ ਹੀਰਿਆਂ ‘ਚ ਇਕ ਨਿੱਕਾ ਜਿਹਾ ਮੋਤੀ ਏ। ਸਿਆਲਕੋਟ ਜਿਲ੍ਹੇ ਦਾ ਇਹ ਪਿੰਡ, ਡੱਸਕੇ ਤੋਂ 3 ਮੀਲ ਸੀ ਤੇ ਗੁਜਰਾਂਵਾਲੇ ਤੋਂ 12 ਮੀਲ। 1946 ਵਿੱਚ ਇਸ ਦੀ ਵਸੋਂ ਤਕਰੀਬਨ 3,000 ਸੀ। ‘ਜੌੜੇ’ ਪਿੰਡ, ਵੱਡੀਆਂ ਗਲੋਟੀਆਂ ਦੀ ਅਬਾਦੀ ਕੋਈ 2,000 ਸੀ ਤੇ ਆਲੇ-ਦੁਆਲੇ ਦੇ ਪਿੰਡ ਕਾਫ਼ੀ ਛੋਟੇ ਸਨ। 

ਇਤਿਹਾਸਕ ਝਾਤੀ : ਚਿਨ੍ਹਾਂ ਤੋਂ ਲੱਗਦਾ ਸੀ ਕਿ ਪਿੰਡ ਦਾ ਪਿੜ ਨੌਵੀਂ ਸਦੀ ਦੇ ਮੋੜ ਤੇ ਬੱਝਿਆ ਜਦੋਂ ਕਿ ਦੋ ਸੌ ਸਾਲਾਂ ਦੀ ਪੰਜਾਬੀ ਬੋਲੀ ਮੁਟਿਆਰ ਹੋਣੀ ਸ਼ੁਰੂ ਹੋਈ ਸੀ। ਪਿੰਡ ਦੀ ਕਹਾਣੀ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਸੀ ਜਾਂਦੀ ਸੀ। 

ਇਕ ਸੌਖੇ ਸਜਨ ਦੀਆਂ ਦੋ ਧੀਆਂ ਸਨ। ਦੋਹਾਂ ਦਾ ਨਾਂ ਇਕੋ ਸੀ। ਵੱਡੀ ਨੂੰ ‘ਵੱਡੀ ਗਲੋਟੀ’ ਕਹਿੰਦੇ ਸਨ ਤੇ ਛੋਟੀ ਨੂੰ ‘ਛੋਟੀ ਗਲੋਟੀ’। ਸ਼ਾਇਦ ਜੌੜੀਆਂ ਸਨ। ਜਦੋਂ ਮੁਟਿਆਰ ਹੋਈਆਂ ਤਾਂ ਦੋਹਾਂ ਦਾ ਵਿਆਹ ਇਕੋ ਵਾਰੀ ਕੀਤਾ ਗਿਆ । ਲਾਡਲੀਆਂ ਧੀਆਂ ਨੂੰ ਦਾਜ ਵਿੱਚ ਇਕ-ਇਕ ਬਸਤੀ ਮਿਲੀ। ਲੋਕ ਇਹਨਾਂ ਬਸਤੀਆਂ ਨੂੰ ਵੱਡੀ ਤੇ ਛੋਟੀ ਗਲੋਟੀ ਕਹਿਣ ਲੱਗ ਪਏ। ਹੌਲੀ-ਹੌਲੀ ਇਹ ਬਸਤੀਆਂ ਪਿੰਡ ਬਣ ਗਈਆਂ। ਇਹਨਾਂ ਦਾ ਨਾਂ ਵੀ ਵੱਡੀਆਂ ਤੇ ਛੋਟੀਆਂ ਗਲੋਟੀਆਂ ਪੈ ਗਿਆ । ਸਮੇਂ ਨਾਲ ਦੋਹਾਂ ਪਿੰਡਾਂ ਨੇ ਆਪਣਾ-ਆਪਣਾ ਰੰਗ ਰੂਪ ਲੈ ਲਿਆ। ਅੰਗ੍ਰੇਜ਼ੀ ਰਾਜ ਵਿੱਚ ਜਦੋਂ ਡਾਕ ਤੁਰੀ ਤਾਂ ਡਾਕਖ਼ਾਨੇ ਵਾਲਿਆ ਇਨ੍ਹਾਂ ਪਿੰਡਾਂ ਦਾ ਨਾਂ ਉਰਦੂ ਵਿੱਚ ‘ਗਲੋਟੀਆਂ ਕਲਾਂ’ ‘ਤੇ ‘ਗਲੋਟੀਆਂ ਖੁਰਦ’ ਰੱਖ ਦਿੱਤਾ । 1936 ਵਿੱਚ ਕਾਲਜ ਦੇ ਵਿਦਿਆਰਥੀ ਅਵਤਾਰ ਨੇ ਮੁਹਿਮ ਸ਼ੁਰੂ ਕੀਤੀ ਕਿ ਛੋਟੀਆਂ ਗਲੋਟੀਆਂ ਦਾ ਨਾਂ ਬਦਲ ਕੇ ‘ਗੁਰੂ ਕੀਆਂ ਗਲੋਟੀਆਂ’ ਰੱਖਿਆ ਜਾਏ। ਪਿੰਡ ਵਿੱਚ ਸਿੱਖ ਗੁਰੂਆਂ ਨੇ ਚਰਨ ਪਾਏ ਸਨ। ਆਉਂਦੀ- ਜਾਂਦੀ ਡਾਕ ਵੀ ਤਕਰੀਬਨ ਸਾਰੀ ਦੀ ਸਾਰੀ ਸਿੱਖਾਂ ਦੀ ਹੁੰਦੀ ਸੀ ਪਰ ਰੀਕਾਡਾਂ ਵਿੱਚ ਅਜੇ ਇਹ ਨਾਂ ਨਹੀਂ ਸੀ ਬਦਲਿਆ ਗਿਆ । ਲੋਕਾਂ ਦੇ ਮੂੰਹ ਤੇ ‘ਛੋਟੀਆਂ’ ਈ ਚੜਿਆ। ਹੋਇਆ ਸੀ; ਲਿਖਤ ਵਿਚ ‘ਗਲੋਟੀਆਂ ਖੁਰਦ’। 

ਪਿੰਡ ਦੀ ਕਹਾਣੀ ਕਿਧਰੇ ਵੀ ਨਹੀਂ ਸੀ ਲਿਖੀ ਹੋਈ। ਪਰ ਇਲਾਕੇ ਦੇ ਜੰਮਪਲ ਪੂਰਨ ਭਗਤ ਦੀ ਕਹਾਣੀ ਸਦੀਆਂ ਤੋਂ ਚਲੀ ਆ ਰਹੀ ਸੀ। ਬੱਚੇ ਤੇ ਬੱਚਿਆਂ ਦੇ ਬੱਚੇ ਪੂਰਨ ਦੇ ਕਿਸੇ ਸੁਣਦੇ ਵੱਡੇ ਹੋਏ ਸਨ। ਆਟਾ ਮੰਗਣ ਆਏ ਫ਼ਕੀਰ ਬਰੂਹਾਂ ‘ਤੇ ਖਲੋ ਕੇ ਪੂਰਨ ਸੁਣਾਉਂਦੇ ਸਨ। ਪੂਰਨ ਦਾ ਕਿੱਸਾ ਹਰ ਛੋਟੇ-ਵੱਡੇ ਦੇ ਦਿਲ ਨੂੰ ਟੁੰਬਦਾ ਸੀ। ਇਹ ਕਿਸੇ ਮੇਲਿਆਂ ਤੇ ਬੜੇ ਵਿਕਦੇ ਸਨ। ਕਹਾਣੀਆਂ ਵਿੱਚ ਫ਼ਰਕ ਸੀ। 

ਪੂਰਨ ਭਗਤ 

ਸਿਆਲ ਕੋਟ ਦੇ ਰਾਜੇ ਸਲਵਾਨ ਦੇ ਘਰ ਰਾਣੀ ਇਛਰਾਂ ਦੀ ਕੁੱਖ ਤੋਂ ਪੁੱਤਰ ਜੰਮਿਆ। ਪੂਰਨ ਨਾਮ ਰੱਖਿਆ ਗਿਆ। ਸਾਰੀ ਰਿਆਸਤ ਵਿੱਚ ਦੀਪਮਾਲਾ ਹੋਈ। ਲੱਡੂ ਵੰਡੇ ਗਏ। ਜੰਮਦੇ ਦੀ ਪੰਡਤਾਂ ਨੇ ਜਨਮ ਪੱਤਰੀ ਬਣਾਈ, ਰਾਸ਼ੀਫਲ ਕੱਢਿਆ, ਟੇਵੇ ਲਾਏ। ਰਾਜੇ ਨੂੰ ਆਖਿਆ ਕਿ ਤੂੰ 12 ਸਾਲ ਇਹਦਾ ਮੂੰਹ ਨਾ ਵੇਖ। ਕਸ਼ਟ ਤਾਂ ਹੀ ਟਲੇਗਾ। ਰਾਜੇ ਨੇ ਇੰਝ ਹੀ ਕੀਤਾ। ਪੂਰਨ ਨੂੰ ਦਾਈਆਂ, ਗੋਲੀਆਂ ਸਮੇਤ ਭੋਰੇ ਵਿੱਚ ਪਾ ਦਿੱਤਾ। ਜਿਉਂ-ਜਿਉਂ ਵੱਡਾ ਹੋਇਆ ਪੂਰਨ ਨੇ ਭੋਰੇ ਵਿੱਚ ਹੀ ਪੜ੍ਹਨਾ-ਲਿਖਣਾ ਸਿੱਖਿਆ, ਤੀਰ ਕਮਾਨ ਸਿੱਖਿਆ। ਬਾਰਾਂ ਸਾਲ ਪਿਉ ਦਾ ਮੂੰਹ ਵੇਖਣ ਨੂੰ ਤਰਸਦਾ ਰਿਹਾ। ਇੰਨੇ ਚਿਰ ਵਿੱਚ ਰਾਜੇ ਨੇ ਪਹਿਲੋਂ ਸੁੰਦਰਾਂ ਤੇ ਫੇਰ ਇਕ ਹੋਰ ਰਾਣੀ ਲੈ ਆਂਦੀ ਪਰ ਉਹਨਾਂ ਦੀ ਕੁੱਖੋਂ ਕੋਈ ਬੱਚਾ ਪੈਦਾ ਨਾ ਹੋਇਆ। ਫੇਰ ਬੁੱਢੇ ਵੇਲੇ ਰਾਜੇ ਨੇ ਛੋਟੀ ਉਮਰ ਦੀ ਲੂਣਾ ਨਾਲ ਵਿਆਹ ਕਰਾ ਲਿਆ। ਉਹ ਬੜੀ ਖੂਬਸੂਰਤ ਸੀ। 

ਸੂਰਤ ਓਸਦੀ ਚੰਦ ਮਹਿਤਾਬ ਵਰਗੀ ਪੰਛੀ ਡਿਗਦੇ ਦਰਸ਼ਨ ਪਾਏਕੇ ਜੀ। 

(ਕਾਦਰ ਯਾਰ) 

ਬਾਰ੍ਹਾਂ ਸਾਲ ਦਾ ਪੂਰਨ ਰਾਜੇ ਦੇ ਦਰਬਾਰ ਪੇਸ਼ ਹੋਇਆ। ਉਸ ਦੀ ਖੂਬਸੂਰਤੀ ਵੇਖ ਕੇ ਰਾਜਾ ਤੇ ਵਜ਼ੀਰ ਦੰਗ ਰਹਿ ਗਏ। ਪੂਰਨ ਕਿਲੇ ਗਿਆ, ਮਾਂ ਨੂੰ ਮਿਲਿਆ। ਰਾਣੀਆਂ ਨੂੰ ਮੱਥਾ ਟੇਕਿਆ। ਕੁਝ ਚਿਰ ਲੰਘਿਆ, ਰਾਜੇ ਨੂੰ ਸੁਝੀ ਕਿ ਪੂਰਨ ਦਾ ਵਿਆਹ ਕਰ ਦੇਵੇ। ਅਨਸ ਤੁਰਦੀ ਰਹੇਗੀ। ਪੂਰਨ ਨੇ ਨਾਂਹ ਕਰ ਦਿੱਤੀ। ਰਾਜੇ ਨੂੰ ਗੁੱਸਾ ਤਾਂ ਬੜਾ ਆਇਆ ਪਰ ਪੀ ਗਿਆ। 

ਪੂਰਨ ਦੀ ਚੜ੍ਹਦੀ ਜਵਾਨੀ, ਖੂਬਸੂਰਤੀ ਤੇ ਮਿਠੇ ਸੁਭਾ ਦੀਆਂ ਧੁੰਮਾਂ ਪੈ ਗਈਆਂ। ਹਮ ਉਮਰ ਲੂਣਾ ਦਾ ਦਿਲ ਮੋਹਿਆ ਗਿਆ। ਉਹਦੇ ਦਿਲ ਵਿੱਚ ਪੂਰਨ ਵਾਸਤੇ ਅੱਗ ਭੜਕ ਉੱਠੀ । ਪੂਰਨ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। 

ਕਾਦਰ ਯਾਰ ਨਾ ਸੰਗਦੀ ਕਹੇ ਲੂਣਾ ਸੇਜ ਮਾਨ ਮੇਰੀ, ਜਿੰਦ ਜਾਨ ਢੋਲਾ। 

ਰਾਣੀ ਪਿਆਰ ਨਾਲ ਪਾਗ਼ਲ ਹੋ ਗਈ ਪਰ ਪੂਰਨ ਕਾਬੂ ਨਾ ਆਇਆ। ਠੁਕਰਾਈ ਹੋਈ ਔਰਤ ਚਾਪਲੂਸ ਬਣ ਜਾਂਦੀ ਏ। ਇਕ ਸ਼ਾਮ ਪਲੰਘ ‘ਤੇ ਬੈਠੀ ਰਾਣੀ ਨੇ ਆਪਣੇ ਕੱਪੜੇ ਲੀਰੋ-ਲੀਰ ਕਰ ਲਏ। ਖਰੂੰਦਰਾਂ ਮਾਰ ਲਈਆਂ। ਵਾਲ ਖਲਾਰ ਦਿੱਤੇ। ਜਦੋਂ ਰਾਜਾ ਮਹਿਲ ਆਇਆ ਤਾਂ ਸਿਸਕੀਆਂ ਲੈਣ ਲੱਗੀ। ਰਾਜੇ ਨੇ ਲੂਣਾ ਨੂੰ ਪੁੱਛਿਆ ਕਿ ਕੀ ਆਫ਼ਤ ਆਈ ਏ। ਰੋਂਦੀ-ਰੋਂਦੀ ਨੇ ਦੱਸਿਆ ਕਿ ਪੂਰਨ ਮੈਨੂੰ ਪੈ ਗਿਆ ਸੀ ਪਰ ਮੈ ਪੱਲਾ ਨਹੀਂ ਫੜਾਇਆ। ਰਾਜੇ ਨੇ ਤੈਸ਼ ਵਿੱਚ ਆਖਿਆ ਕਿ ਜਿਨ੍ਹਾਂ ਹੱਥਾਂ ਨੇ ਤੇਰੇ ‘ਤੇ ਵਾਰ ਕੀਤਾ ਏ, ਮੈਂ ਉਹ ਹੱਥ ਕੱਟ ਦਿਆਂਗਾ। ਰਾਜਪੂਤੀ ਧਰਮ ਸੀ ਕਿ ਆਖੀ ਗੱਲ ਪੂਰੀ ਕਰੇ। ਅਗਲੇ ਦਿਨ ਪੂਰਨ ਦਰਬਾਰ ‘ਚ ਪੇਸ਼ ਕੀਤਾ ਗਿਆ। ਰਾਜੇ ਨੇ ਹੁਕਮ ਸੁਣਾਇਆ ਕਿ ਪੂਰਨ ਦੇ ਹੱਥ ਕੱਟ ਦਿੱਤੇ ਜਾਣ ਤੇ ਇਹਨੂੰ ਦੂਰ ਕਿਸੇ ਡਲ ਵਿੱਚ ਸੁੱਟ ਦਿੱਤਾ ਜਾਵੇ। ਇਵੇਂ ਹੀ ਹੋਇਆ। ਇਛਰਾਂ ਰੋ-ਰੋ ਕੇ ਅੰਨ੍ਹੀ ਹੋ ਗਈ। 

ਭਾਣਾ ਵੇਖੋ, ਡਲ ਦੇ ਨੇੜੇ ਜੰਗਲ ਵਿੱਚ ਨਾਥ ਜੋਗੀਆਂ ਨੇ ਆ ਡੇਰਾ ਲਾਇਆ। ਸਵੇਰੇ-ਸਵੇਰੇ ਇਕ ਚੇਲਾ ਪਾਣੀ ਲੈਣ ਆਇਆ। ਰੱਸੀ ਨਾਲ ਬਾਲਟੀ ਨੂੰ ਲਮਕਾਇਆ। ਗੁੜ-ਗੁੜ ਹੋਈ। ਬਾਲਟੀ ਖਿੱਚੇ ਤਾਂ ਖਿੱਚੀ ਨਾ ਜਾਵੇ। ਝਾਤੀ ਮਾਰੀ, ਕੀ ਵੇਖਦਾ ਏ ਕਿ ਦੋ ਟੁੰਡੇ ਹੱਥਾਂ ਨੇ ਵਾਲਟੀ ਨੂੰ ਫੜਿਆ ਹੋਇਆ ਏ। ਘਾਬਰ ਗਿਆ। ਸਮਝਿਆ ਕੋਈ ਭੂਤ ਹੈ। ਡੇਰੇ ਨੂੰ ਦੌੜ ਗਿਆ ਤੇ ਵਾਰਦਾਤ ਦੱਸੀ। 

ਚੇਲਿਆਂ ਦਾ ਟੋਲਾ ਡਾਂਗਾਂ ਲੈ ਕੇ ਆ ਗਿਆ। ਚੰਗੀ ਤਰ੍ਹਾਂ ਵੇਖਿਆ ਤਾਂ ਪਤਾ ਲੱਗਾ ਕਿ ਡਲ ਦੀ ਕੰਧ ਨਾਲ ਲੱਗਾ ਹੋਇਆ ਇੱਕ ਨੌਜਵਾਨ ਏ। ਸਾਧੂਆਂ ਨੇ ਉਸ ਨੂੰ ਬਾਹਰ ਕੱਢਿਆ। ਡੇਰੇ ਲਿਆ ਕੇ ਭੋਜਨ ਖਵਾਇਆ। ਜਨਮ ਕਥਾ ਸੁਣੀ। ਫੇਰ ਗੁਰੂ ਜੀ ਗੋਰਖ ਨਾਥ ਕੋਲ ਲੈ ਗਏ। ਰਾਜਕੁਮਾਰ ਨੇ ਮਥਾ ਟੇਕਿਆ। ਬੇਨਤੀ ਕੀਤੀ ਕਿ ਮੈਨੂੰ ਆਪਣਾ ਚੇਲਾ ਬਣਾ ਲਵੋ। ਦਸਤੂਰ ਦੇ ਮੁਤਾਬਕ ਕਈ ਟੈਸਟ ਪਾਸ ਕਰਨੇ ਸਨ। ਪੂਰਨ ਨੇ ਉਹ ਸਾਰੇ ਪਾਸ ਕਰ ਲਏ। ਫੇਰ ਗੁਰੂ ਜੀ ਨੇ ਆਖਿਆ ਤੂੰ ਰਾਣੀ ਸੁੰਦਰਾਂ ਤੋਂ ਭੀਖ ਮੰਗ ਕੇ ਲਿਆ। ਰਾਣੀ ਬੜੇ ਕਠੋਰ ਦਿਲ ਦੀ ਸੀ ਤੇ ਕਦੀ ਕਿਸੇ ਨੂੰ ਭੀਖ ਨਹੀਂ ਸੀ ਦੇਂਦੀ। ਸੁੰਦਰਾਂ, ਲੂਣਾ ਨਾਲੋਂ ਵੀ ਕਿਤੇ ਵੱਧ ਕੇ ਖੂਬਸੂਰਤ ਸੀ। 

ਨੰਗੇ ਪੈਰ, ਭਗਵੇਂ ਕੱਪੜੇ, ਹੱਥ ਵਿੱਚ ਠੂਠਾ, ਪੂਰਨ ਸਿਆਲਕੋਟ ਸ਼ਹਿਰ ਨੂੰ ਤੁਰ ਪਿਆ। ਭੀਖ ਮੰਗਦਾ-ਮੰਗਦਾ, ਰਾਣੀ ਸੁੰਦਰਾਂ ਦੇ ਮਹਿਲ ਪਹੁੰਚ ਗਿਆ। ਹੋਕ ਦਿੱਤੀ। ਮਿੱਠੀ ਅਵਾਜ਼ ਸੁਣ ਕੇ ਰਾਣੀ ਨੇ ਕੁੰਢਾ ਖੋਲ੍ਹਿਆ। ਪੂਰਨ ਦਾ ਹੁਸਨ ਵੇਖ ਕੇ ਪੈਰਾਂ ਤੋਂ ਉਖੜ ਗਈ। ਪੂਰਨ ‘ਤੇ ਦਿਆਲ ਹੋ ਗਈ। ਜਿਹੜੀ ਜ਼ਨਾਨੀ ਪੂਰਨ ਨੂੰ ਵੇਖਦੀ- 

‘ਰੰਨਾ ਦੇਖ ਭਲਾਇਆ ਸਾਈਆ ਨੂੰ’ 

(ਕਾਦਰ ਯਾਰ) 

ਰਾਣੀ ਅੰਦਰ ਖਿੱਚੇ, ਪੂਰਨ ਨਾ ਜਾਵੇ। ਹਾਰ ਲਾਹ ਕੇ ਠੂਠੇ ਵਿੱਚ ਸੁੱਟ ਦਿੱਤਾ। ਪੂਰਨ ਫੇਰ ਵੀ ਨਾ ਥਿੜਕਿਆ, ਭਿੱਖਿਆ ਲੈ ਕੇ ਡੇਰੇ ਨੂੰ ਮੁੜ ਆਇਆ। ਠੂਠਾ ਗੁਰੂ ਗੋਰਖ ਨਾਥ ਦੇ ਪੈਰਾਂ ‘ਤੇ ਰੱਖ ਕੇ ਮੱਥਾ ਟੇਕਿਆ। ਜੋਗੀ ਜੀ ਨਿਹਾਲ ਹੋ ਗਏ। ਪੂਰਨ ਉਮਰ ਭਰ ਲਈ ਨਾਥ ਜੋਗੀ ਬਣ ਗਿਆ। 

* * * * * 

ਭੋਏਂ ਦਾ ਨਜ਼ਾਰਾ :

ਜਿਧਰ ਵੀ ਨਜ਼ਰ ਮਾਰੋ, ਜ਼ਮੀਨ ਬਿਲਕੁਲ ਪੱਧਰੀ ਸੀ। ਦਰਯਾਵਾਂ, ਨਦੀਆਂ ਨਾਲਿਆਂ ਦੀ ਵਛਾਈ ਮਿੱਟੀ ਦੀਆਂ ਤਹਿਆਂ ਏਨੀਆਂ ਡੂੰਘੀਆਂ ਸਨ ਕਿ ਜਿੰਨਾਂ ਡੂੰਘਾ ਵੀ ਪੁੱਟੋ, ਕੋਈ ਪੱਥਰ ਜਾਂ ਸਖ਼ਤ ਮਿੱਟੀ ਨਹੀਂ ਸੀ ਮਿਲਦੀ। ਏਥੋਂ ਤੱਕ ਕਿ ਬੱਚਿਆਂ ਨੂੰ ਖੇਡਣ ਵਾਸਤੇ ਗੀਟੇ ਵੀ ਨਹੀਂ ਸੀ ਲੱਭਦੇ । ਦੱਸ ਬਾਰ੍ਹਾਂ ਫੁੱਟ ਦੀ ਡੂੰਘਾਈ ‘ਤੇ ਮਿਲਦਾ ਪਾਣੀ ਮਿਠਾ, ਸਾਫ਼-ਸੁਥਰਾ ਤੇ ਸਿਹਤਮੰਦ ਸੀ । ਸੌਣ-ਭਾਦਰੋਂ ਵਿੱਚ ਪਾਣੀ ਇਕ-ਦੋ ਫੁੱਟ ਉੱਚਾ ਹੋ ਜਾਂਦਾ ਸੀ। ਪਿੰਡ ਦੇ ਨਾਲੋਂ ਇਕ ਕੱਚੀ ਸੜਕ ਲੰਘਦੀ ਸੀ ਤੇ ਇਕ ਵਿੱਚੋਂ ਦੀ। ਸੜਕਾਂ ਦੇ ਦੋਹਾਂ ਪਾਸੇ ਟਾਹਲੀ ਦੇ ਦਰਖ਼ਤ ਹੁਲਾਰੇ ਮਾਰਦੇ ਸਨ। ਪਿੰਡ ਨੂੰ ਤੇ ਖੇਤਾਂ ਨੂੰ ਕਈ ਪਹੇ ਵੀ ਆਉਂਦੇ ਜਾਂਦੇ ਸਨ। ਇਹਨਾਂ ਪਹਿਆਂ ਰਾਹੀਂ ਬਾਰਸ਼ਾਂ ਦਾ ਫ਼ਾਲਤੂ ਪਾਣੀ ਰੁੜ ਕੇ ਢਾਬਾਂ ਤੇ ਛੱਪੜਾਂ ਨੂੰ ਆ ਮਿਲਦਾ ਸੀ। ਬਾਰਸ਼ਾਂ ਆਈਆਂ ਤਾਂ ਗੱਡਿਆਂ ਰੇੜਿਆਂ ਦਾ ਤੁਰਨਾ ਬੰਦ। 

ਪਿੰਡ ਦੇ ਆਲੇ-ਦੁਆਲੇ ਤਿੰਨ ਵੱਡੀਆਂ ਢਾਬਾਂ ਤੇ 2 ਛੱਪੜ ਸਨ। ਇਸ ਤੋਂ ਇਲਾਵਾ ਬਹੁਤ ਸਾਰੇ ਖੂਹਾਂ ਦੇ ਆਪਣੇ-ਆਪਣੇ ਛੱਪੜ ਹੁੰਦੇ ਸਨ। ਜਦੋਂ ਡੱਸਕੇ ਦੀ ਨਹਿਰ ਬਣੀ ਤੇ ਹੜ੍ਹ ਆਉਣੇ ਬੰਦ ਹੋ ਗਏ ਤਾਂ ਇਹ ਢਾਬਾਂ ਸੁੰਗੜਨੀਆਂ ਸ਼ੁਰੂ ਹੋ ਗਈਆਂ। ਆਲੇ-ਦੁਆਲੇ ਰੜੇ ਥਾਂ ‘ਤੇ ਬੱਚੇ ਖੇਡਦੇ ਸਨ। ਪਰ ਹੌਲੀ-ਹੌਲੀ ਨਾਲ ਲੱਗਦੇ ਜ਼ਿਮੀਂਦਾਰਾਂ ਨੇ ਏਸ ਸ਼ਾਮਲਾਟ ਥਾਂ ਨੂੰ ਆਪਣੇ ਖੇਤਾਂ ਵਿੱਚ ਰਲਾਨਾ ਸ਼ੁਰੂ ਕਰ ਦਿੱਤਾ। ਪੱਟਵਾਰੀ ਪੈਸੇ ਲੇ ਕੇ ਖਾਤੇ ਵਿੱਚ ਦਰਜ ਕਰ ਲੈਂਦੇ ਸਨ। ਸਰਕਾਰ ਕੁਝ ਨਹੀਂ ਸੀ ਕਹਿੰਦੀ ਕਿਉਂਕਿ ਮਾਮਲਾ ਵੱਧ ਜਾਂਦਾ ਸੀ ਤੇ ਪੈਦਾਵਾਰ ਵੀ । 

ਸਾਰਣੀ – 1 

ਧਰਤੀ ਦੀ ਵਰਤੋਂ 

ਰਕਬਾ 

ਜ਼ਮੀਨ 1,175 ਘੁਮਾਂ = 1.18 ਮੁਰਬਾ ਮੀਲ = 4.7 ਮੁਰਬਾ ਕਿਲੋਮੀਟਰ 

ਘਰ : 70 ਘੁਮਾਂ 

ਖੇਤ: 1,050 ਘੁਮਾਂ  

ਢਾਬਾਂ, ਛੱਪੜ : 20 ਘੁਮਾਂ 

ਸੜਕਾਂ, ਪਹੇ : 35 ਘੁਮਾਂ 

ਖੂਹ ਸੇਤੀ ਜ਼ਮੀਨ (ਔਸਤਨ) : 40 ਘੁਮਾਂ 

ਘਰ ਸੇਤੀ ਜ਼ਮੀਨ 10 ਘੁਮਾਂ 

ਗਿਣਤੀ 

ਖੂਹ : 25 

ਢਾਬਾਂ, ਛੱਪੜ : 5 

ਛੋਟੇ ਛੱਪੜ : 12 

ਇੱਕ ਘੁਮਾਂ = 4,840 ਮੁਰਬਾ ਗਜ਼ 

ਪਿੰਡ ਦੇ ਆਲੇ-ਦੁਆਲੇ 25 ਖੂਹ ਸਨ ਜੋ ਕੋਈ 1,000 ਘੁਮਾਂ ਜ਼ਮੀਨ ਨੂੰ ਪਾਣੀ ਦੇਂਦੇ ਸਨ। ਖੂਹ ਦਾ ਆਪਣਾ-ਆਪਣਾ ਨਾਮ ਸੀ। ਪਿੱਛੇ ‘ਵਾਲਾ’ ਲੱਗਦਾ ਸੀ। ਜਿਵੇਂ ਕਿ ਅੰਬਾਂਵਾਲਾ, ਢਾਬਵਾਲਾ, ਚੀਮਿਆਂਵਾਲਾ, ਤਰਖਾਨਾਵਾਲਾ। ਖੂਹਾਂ ਦੀ ਮਾਲਕੀ ਬਦਲ ਜਾਂਦੀ ਸੀ ਪਰ ਨਾਂ ਕਾਇਮ ਰਹਿੰਦੇ ਸਨ। ਜਿਵੇਂ ਕਿ ਚੀਮਿਆਂਵਾਲਾ ਹੁਣ ਢਿਲੂਆਂ ਦਾ ਖੂਹ ਸੀ ਤੇ ਤਰਖ਼ਾਨਾਂ ਵਾਲਾ ਜੱਟਾਂ ਦਾ। ਖੇਤ ਕੱਟੇ-ਵੱਢੇ ਤੇ ਛੋਟੇ- ਵੱਡੇ ਸਨ। ਹਰ ਖੂਹ ਦੇ ਕਈ ਹਿੱਸੇਦਾਰ ਸਨ । ਮਾਲਕਾਂ ਨੂੰ ਪਾਣੀ ਦੀ ਵਾਰੀ ਬੰਨ੍ਹਣੀ ਪੈਂਦੀ ਸੀ ਜੋ ਸੌਖਾ ਕੰਮ ਨਹੀਂ ਸੀ। ਪਰ ਝੱਗੜੇ ਨਹੀਂ ਸਨ ਹੁੰਦੇ। 

ਰਿਹਾਇਸ਼ : ਅਮੀਰ ਜਾਂ ਗਰੀਬ, ਹਰ ਇਕ ਦਾ ਆਪਣਾ ਘਰ ਹੁੰਦਾ ਸੀ । ਭਾਵੇਂ ਛੋਟਾ ਤੇ ਭਾਵੇਂ ਵੱਡਾ। ਹਰ ਘਰ ਦੀਆਂ ਦੋ ਜਾਂ ਤਿੰਨ ਕੰਧਾਂ ਗਵਾਂਢੀਆਂ ਨਾਲ ਸਾਂਝੀਆਂ ਹੁੰਦੀਆਂ ਸਨ। ਇਕ ਵੀ ਘਰ ਵੱਖਰਾ ਖਲੋਤਾ ਨਹੀਂ ਸੀ । ਕੁੱਝ ਘਰਾਂ ਵਿੱਚ ਹਵਾਦਾਰ ਬਰਾਂਡਾ ਜਾ ਚੁਬਾਰਾ ਹੁੰਦਾ ਸੀ। ਘਰ ਆਮ ਤੌਰ ‘ਤੇ ਮਿੱਟੀ ਦੇ ਕੱਚੇ ਸਨ। ਪਿਛਲੇ ਕਮਰਿਆਂ ਵਿੱਚ ਧੁੱਪ ਜਾਂ ਰੋਸ਼ਨੀ ਨਹੀਂ ਸੀ ਹੁੰਦੀ। ਗਰਮੀਆਂ ਵਿੱਚ ਠੰਡੇ ਤੇ ਸਿਆਲ ਵਿੱਚ ਨਿਘੇ ਹੁੰਦੇ ਸਨ। ਇਹਨਾਂ ਕਮਰਿਆਂ ਵਿੱਚ ਕੇਵਲ ਇੱਕ ਮੁਘਾਰਾ ਹੀ ਹੁੰਦਾ ਸੀ ਜਿਸ ਦੇ ਵਿੱਚੋਂ ਹਵਾੜ ਬਾਹਰ ਨਿਕਲ ਜਾਂਦੀ ਸੀ । ਮੁਘਾਰੇ ਦੇ ਉੱਪਰ ਆਮ ਤੌਰ ‘ਤੇ ਦਾਬੜਾ ਮੁਧਾ ਮਾਰਿਆ ਹੁੰਦਾ ਸੀ ਤਾਂ ਕਿ ਮੀਂਹ-ਕਨੀ ਅੰਦਰ ਨਾ ਡਿੱਗੇ। ਕੋਠੇ ਪੱਧਰੇ ਤੇ ਜੁੜੇ ਹੋਏ ਹੋਣ ਕਰਕੇ, ਮੁੰਡੇ-ਕੁੜੀਆਂ ਕੋਠੋ-ਕੋਠੀ ਇਕ ਮੁਹੱਲੇ ਤੋਂ ਦੂਜੇ ਮੁਹੱਲੇ ਤੁਰ ਕੇ ਜਾ ਸਕਦੇ ਸਨ। ਕਈ ਗੱਲੀਆਂ ਏਨੀਆਂ ਤੰਗ ਸਨ ਕਿ ਛਾਲ ਮਾਰ ਕੇ ਟੱਪੀਆਂ ਜਾ ਸਕਦੀਆਂ ਸਨ। ਚੌੜੀਆਂ ਗੱਲੀਆਂ ਥੋੜੀਆਂ ਹੀ ਸਨ। ਇਸ ਸਿਸਟਮ ਹੇਠ ਘਰਾਂ ਦੀ ਡਾਕੂਆਂ, ਉਚੱਕਿਆਂ ਤੋਂ ਹਫਾਜ਼ਤ ਕਰਨੀ ਸੌਖੀ ਸੀ। ਕਿਸੇ-ਕਿਸੇ ਘਰ ਵਿੱਚ ਇਕ ਜਾਂ ਦੋ ਦੀਵਾਰਾਂ ਪੱਕੀਆਂ ਇੱਟਾਂ ਦੀਆਂ ਸਨ । ਪੰਜ ਸੌ ਸਾਲ ਪੁਰਾਣੀਆਂ ਆਵੇ ਦੀਆਂ ਇੱਟਾਂ ਸਿਰਫ਼ ਪੱਕੀਆਂ ਹੱਟੀਆਂ ‘ਤੇ ਲੱਗੀਆਂ ਹੋਈਆਂ ਸਨ। ਪਹਿਲੀ ਜੰਗ ਤੋਂ ਪਿਛੋਂ ਪੱਕੀਆਂ ਇੱਟਾਂ ਪ੍ਰਚੱਲਤ ਹੋ ਗਈਆਂ। 

ਪਿੰਡ ਵਿੱਚ 5 ਵੱਡੇ ਤੇ ਕਈ ਛੋਟੇ ਮੁਹੱਲੇ ਸਨ। ਹਰ ਮੁਹੱਲੇ ਵਿੱਚ ਇਕ ਜਾਂ ਵੱਧ ਖੂਹੀਆਂ ਸਨ। ‘ਪੱਕਾ ਵੇਹੜਾ’ ਇੱਟਾਂ ਦਾ ਬਣਿਆ ਹੋਇਆ ਸੀ ਤੇ ਆਲੇ-ਦੁਆਲੇ ਤਿੰਨ ਦੋ ਮੰਜ਼ਲੇ ਮਕਾਨ ਸਨ । ਦਰਮਿਆਨ ਖੂਹੀ ਸੀ। ਕੱਪੜੇ ਧੋਣ ਵਾਸਤੇ ਪਲੇਟਫ਼ਾਰਮ ਬਣਿਆ ਹੋਇਆ ਸੀ। ਸਰਦੀਆਂ ਵਿੱਚ ਔਰਤਾਂ ਮੰਜੀਆਂ-ਪੀੜੀਆਂ ‘ਤੇ ਧੁੱਪ ਸੇਕਦੀਆਂ। ਪਰ ਗਰਮੀਆਂ ਨੂੰ ਵਿਹੜੇ ਵਿੱਚੋਂ ਅੱਗ ਨਿਕਲਦੀ ਸੀ। ‘ਨਵਾਂ ਮੁਹੱਲਾ’ ਤੰਗ ਤੇ ਘੁਮਣਘੇਰੀਆਂ ਦਾ ਬਣਿਆ ਹੋਇਆ ਸੀ। ਇਕ ਵੀ ਪੱਕੀ ਕੰਧ ਨਹੀਂ ਸੀ। ਮੁਹੱਲੇ ਦੇ ਬਾਹਰ ਮਸਜਿਦ ਦੇ ਨਾਲ ਖੂਹੀ ਸੀ। ‘ਲੁਹਾਰਾਂ’ ਤੇ ‘ਰਾਮਗੜੇ’ ਦੇ ਮੁਹੱਲਿਆਂ ਵਿੱਚ ਬਹੁਤ ਸਾਰੀਆਂ ਠੰਢੀ ਛਾਂ ਦੀਆਂ ਟਾਹਲੀਆਂ ਸਨ । ‘ਇਸਾਈਆਂ’ ਦੇ ਮੁਹੱਲੇ ਵੱਡਾ ਸਾਰਾ ਪਿੱਪਲ ਸੀ। 

ਕਈ ਘਰ ਸਾਂਝੇ ਵੇਹੜੇ ਦੇ ਆਲੇ-ਦੁਆਲੇ ਬਣੇ ਹੋਏ ਸਨ ਤੇ ਕਈਆਂ ਦਾ ਛੋਟਾ ਜਿਹਾ ਆਪਣਾ ਆਪਣਾ ਵੇਹੜਾ ਹੁੰਦਾ ਸੀ। ਵੇਹੜੇ ਵਿੱਚ ਚੁੱਲ੍ਹੇ, ਤੰਦੂਰ ਤੇ ਭੜੋਲੀਆਂ ਹੁੰਦੀਆਂ ਸਨ । ਕਈ ਵਾਰੀ ਤੰਦੂਰ ਤੇ ਭੜੋਲੀਆਂ ਕੋਠੇ ਦੇ ਉੱਤੇ ਹੁੰਦੀਆਂ ਸਨ। ਕਿਸੇ- ਕਿਸੇ ਜ਼ਮੀਨਦਾਰ ਦੇ ਘਰ ਦਾਣੇ ਰੱਖਣ ਵਾਸਤੇ ਭੜੋਲਾ ਹੁੰਦਾ ਸੀ। ਹਰ ਘਰ ਵਿੱਚ ਚਾਟੀਆਂ, ਕਾਹੜਣੀਆਂ, ਘੜੇ ਹੁੰਦੇ ਸਨ । ਖੁੱਲ੍ਹੇ ਮੂੰਹ ਵਾਲੇ ਭੱਠਲ ਹੁੰਦੇ ਸਨ ਜਿਨ੍ਹਾਂ ਵਿੱਚ ਗੁੜ ਤੇ ਹੋਰ ਵਸਤੂਆਂ ਰੱਖੀਆਂ ਹੁੰਦੀਆਂ ਸਨ। ਪਿੱਤਲ ਦੇ ਕਲੀ ਕੀਤੇ ਜਾਂ ਮੁਸਲਮਾਨ ਸਿਲਵਰ (aluminium) ਦੇ ਬਰਤਨ ਵਰਤਦੇ ਸਨ। ਹਰ ਘਰ ਵਿੱਚ ਤਵਾ, ਵੇਲਨਾ, ਚਕਲਾ, ਕੜਾਹੀਆਂ, ਚਿਮਟਾ, ਕੜਛੀਆਂ, ਚਟੂ-ਵੱਟਾ ਹੁੰਦਾ ਸੀ । ਰਸੋਈ ਵਿੱਚ ਪ੍ਰਛਤੀ ਹੁੰਦੀ ਸੀ ਜਿਸ ਤੇ ਗਾਗਰਾਂ ਤੇ ਹੋਰ ਕੀਮਤੀ ਬਰਤਨ ਰੱਖੇ ਹੁੰਦੇ ਸਨ। ਪਸਾਰ ਵਿੱਚ ਇਕ ਜਾਂ ਦੋ ਸ਼ੈਲਫ ਬਣੇ ਹੁੰਦੇ ਸੀ ਜਿਨ੍ਹਾਂ ਤੇ ਹੱਥੀਂ ਬਣਾਏ ਛਿੱਕੂ, ਚੰਗੇਰਾਂ, ਪੱਖੇ ਆਦਿ ਸਜਾਏ ਹੁੰਦੇ ਸਨ। 

ਕਈ ਘਰਾਂ ਦੇ ਵੇਹੜਿਆਂ ਵਿੱਚ ਮੱਝਾਂ ਵੀ ਰਹਿੰਦੀਆਂ ਸਨ। ਔਰਤਾਂ ਲਈ ਦੁੱਧ ਚੋਣਾ ਸੌਖਾ ਹੁੰਦਾ ਸੀ। ਘਰ ਦੀ ਇੰਚੀ-ਇੰਚੀ ਥਾਂ ਵਰਤੋਂ ਵਿੱਚ ਸੀ। ਫੁਲ-ਬੂਟੇ ਲਗਾਉਣ ਦਾ ਰਿਵਾਜ ਉੱਕਾ ਹੀ ਨਹੀਂ ਸੀ ਪਰ ਹਰ ਕੋਠੇ ਤੇ ਕਵਾਰਗੰਦਲ (aloe) ਦੇ ਗਮਲੇ ਹੁੰਦੇ ਸਨ । ਲੋਕਾਂ ਨੂੰ ਵਿਸ਼ਵਾਸ ਸੀ ਇਸ ਤੋਂ ਸੱਪ ਨੇੜੇ ਨਹੀਂ ਆਉਂਦੇ। ਇਹ ਦਵਾਈਆਂ ਵਿੱਚ ਵੀ ਵਰਤੀ ਜਾਂਦੀ ਸੀ ਤੇ ਹਿੰਦੂ ਇਸ ਦੀ ਪੂਜਾ ਵੀ ਕਰਦੇ ਸਨ। ਕਈ ਟੱਬਰਾਂ ਕੋਲ ਹਵੇਲੀਆਂ ਵੀ ਹੁੰਦੀਆਂ ਸਨ ਜਿੱਥੇ ਡੰਗਰ ਰੱਖੇ ਜਾਂਦੇ ਸੀ । ਸੁੱਕੀਆਂ ਲੱਕੜਾਂ ਤੇ ਗੋਇਆਂ ਦੇ ਢੇਰ ਵੀ ਏਥੇ ਹੀ ਹੁੰਦੇ ਸਨ । ਆਦਮੀਆਂ ਦੇ ਅਰਾਮ ਤੇ ਸੌਣ ਲਈ ਕੁਝ ਮੰਜੇ ਵੀ ਇੱਧਰ ਉਧਰ ਪਏ ਹੁੰਦੇ ਸਨ। 

ਹੌਲੀ-ਹੌਲੀ ਪਿੰਡ ਦਾ ਕੱਚਾ ਨਕਸ਼ਾ ਬਦਲਣਾ ਸ਼ੁਰੂ ਹੋ ਗਿਆ। ਸਭ ਤੋਂ ਪਹਿਲੋਂ ਪੱਕੀਆਂ ਇੱਟਾਂ ਦਾ ਗੁਰਦਵਾਰਾ ਤੇ ਮਸਜਿਦਾਂ ਬਣੀਆਂ। ਪਹਿਲਾਂ ਪੱਕਾ ਘਰ 1928 ਵਿੱਚ ਜੱਜ ਸਾਹਿਬ ਭਗਤ ਸਿੰਘ ਨੇ ਬਣਾਇਆ। ਪਹਿਲੀ ਕੋਠੀ Rajinder Niwas, ਸ੍ਰ. ਰਾਜਿੰਦਰ ਸਿੰਘ ਨੇ 1936-37 ਵਿੱਚ ਬਣਾਈ। ਦੋਵੇਂ ਪਾਸੇ ਇੱਕੋ ਜਿਹੇ ਸਨ। ਇਕ ਪਾਸਾ ਪਹਿਲੀ ਵਹੁਟੀ ਲਈ ਤੇ ਦੂਸਰਾ ਦੂਜੀ ਲਈ। ਉੱਪਰ ਰਿਹਾਇਸ਼ ਸੀ। ਥੱਲੇ ਬੈਠਕ ਤੇ ਟਾਂਗੇ-ਘੋੜੇ ਦੀ ਥਾਂ ਸੀ। ਬੈਠਕ ਵਿੱਚ ਗੱਚ ਦਾ ਸੋਹਣਾ ਕੰਮ ਸੀ। ਦੂਸਰਾ ਮਸ਼ਹੂਰ ਘਰ ਸ੍ਰ. ਦੀਵਾਨ ਸਿੰਘ ਠੇਕੇਦਾਰ ਨੇ 1938-39 ਵਿੱਚ ਬਣਾਇਆ। ਇਹ ਲਿਟਰਾਂ ‘ਤੇ ਬਣਿਆ। ਡਿਓੜੀ ਵਿੱਚ ਖੂਹੀ ਸੀ। ਘਰ ਦੇ ਬਾਹਰਲੇ ਦਰਵਾਜ਼ੇ ਦੀ ਖੁਦਾਈ ਦਾ ਕੰਮ ਵੇਖਣ ਕਾਰੀਗਰ ਦੂਰੋਂ-ਨੇੜਿਉਂ ਆਉਂਦੇ। ਦਰਵਾਜ਼ੇ ਦੇ ਉੱਪਰ ਰੰਗਦਾਰ ਫੁੱਲਾਂ ਦੇ ਦਰਮਿਆਨ D.S. Babra ਲਿਖਿਆ ਹੋਇਆ ਸੀ। ਡਿਓੜੀ ਦੇ ਉੱਪਰ ਗ੍ਰੰਥ ਸਾਹਿਬ ਦੀ ਕਮਰਾ ਸੀ ਤੇ ਸਭ ਤੋਂ ਉੱਤੇ ਮਮਟੀ। ਰੌਸਾਂ ਤੇ ‘ਸਤਿਨਾਮ ਸ੍ਰੀ ਵਾਹਿਗੁਰੂ’ ਲਿਖਿਆ ਹੋਇਆ ਸੀ। 

 

2 ਲੋਕ 

ਲੋਕਾਂ ਦੇ ਨਕਸ਼ ਆਰਯਾ ਲੋਕਾਂ ਵਾਲੇ ਸਨ। ਤਿੱਖੇ ਨੱਕ, ਗੋਰਾ ਕਣਕ ਭਿੰਨਾ ਰੰਗ, ਲੰਮੇ ਕਾਲੇ ਵਾਲ, ਕਾਲੀਆਂ-ਭੂਰੀਆਂ ਅੱਖਾਂ, ਉੱਚੇ ਲੰਮੇ-ਤਕੜੇ ਜੁਸੇ, ਘੋੜਿਆਂ ਦਾ ਸ਼ੌਕ, ਜੰਗ ਲੜਾਈ ਵਿੱਚ ਮਰਨ-ਮਾਰਨ ਨੂੰ ਤਿਆਰ। ਕੁਝ ਦੀਆਂ ਅੱਖਾਂ ਬਲੌਰੀ, ਬਿੱਲੀਆਂ, ਨੀਲੀਆਂ ਤੇ ਹਰੀਆਂ ਵੀ ਹੁੰਦੀਆਂ ਸਨ । ਕਈਆਂ ਦਾ ਰੰਗ ਸੌਲਾ ਤੇ ਪੱਕਾ ਵੀ ਹੁੰਦਾ ਸੀ। ਪੰਜਾਬ ਹਜ਼ਾਰਾਂ ਸਾਲਾਂ ਤੋਂ ਕੁਠਾਲੀ ਬਣਿਆ ਹੋਇਆ ਸੀ। ਕਈ ਨਸਲਾਂ ਆਉਂਦੀਆਂ ਰਹੀਆਂ ਤੇ ਵਸਦੀਆਂ ਰਹੀਆਂ। ਲੋਕਾਂ ਦਾ ਵਤੀਰਾ ਆਰਯਾ ਲੋਕਾਂ ਵਾਲਾ ਸੀ ਜਿਵੇਂ ਕਿ ਪੱਕੇ ਰੰਗ ਨੂੰ ਘਟੀਆ ਸਮਝਿਆ ਜਾਂਦਾ ਸੀ। 

ਗੋਰਾ ਰੰਗ ਮਿਸ਼ਰੀ ਦੀਆਂ ਡਲੀਆਂ, ਘੋਲ-ਘੋਲ ਪੀ ਮਿੱਤਰਾ। 

ਲੋਕੀਂ ਮਿੱਠੀ ਤੇ ਖਾਲਸ ਪੰਜਾਬੀ ਬੋਲਦੇ ਸਨ । ਜਿਸ ਵਾਸਤੇ ਗੁਜਰਾਂਵਾਲੇ- ਸਿਆਲਕੋਟ ਦਾ ਇਲਾਕਾ ਮਸ਼ਹੂਰ ਸੀ। ਗਾਉਣਾ ਤੇ ਨੱਚਣਾ ਲੋਕਾਂ ਦੇ ਖੂਨ ‘ਚ ਰਚਿਆ ਹੋਇਆ ਸੀ। ਭੰਗੜੇ ਦਾ ਜਨਮ ਸਿਆਲਕੋਟ ਦੇ ਇਲਾਕੇ ਵਿੱਚ ਹੋਇਆ। ਵਿਆਹ ਸ਼ਾਦੀਆਂ ‘ਤੇ ਔਰਤਾਂ ਗਿੱਧਾ ਪਾਂਦੀਆਂ ਤੇ ਗਾਉਂਦੀਆਂ। ਕੱਤਨ ਵੇਲੇ ਜਾ ਚੱਕੀ ਪੀਸਦੀਆਂ ਦਰਦ-ਭਰੇ ਗੀਤ ਗਾਉਂਦੀਆਂ। 

ਪਿੰਡ ਵਿੱਚ ਮੁਸਲਮਾਨੀ ਧਰਮ ਔਰੰਗਜੇਬ (1618-1707) ਦੇ ਵੇਲੇ ਸ਼ੁਰੂ ਹੋਇਆ ਪ੍ਰਚਾਰ ਲਈ ਹਜ਼ਰਤ ਮੁਹੰਮਦ ਸਾਹਿਬ ਦੀ ਉਲਾਦ ‘ਚੋਂ ਦੱਸੇ ਜਾਂਦੇ ਕੁਰੇਸ਼ੀ ਆ ਵਸੇ। 

ਇਹ ਕੁਰਾਨ ਸ਼ਰੀਫ਼ ਦੇ ਹਾਫਜ਼ ਤੇ ਨਾਵੇਂ ਮੁਹੱਲੇ ਦੀ ਮਸਜਿਦ ਇਨ੍ਹਾਂ ਨੇ ਬਨਾਈ। ਬਾਰੋਂ ਹੋਰ ਕੋਈ ਮੁਸਲਮਾਨ ਨਹੀਂ ਸੀ ਆਇਆ। ਕਸ਼ਮੀਰੀ ਹਰ ਸਰਦੀਆਂ ਨੂੰ ਆਪਣੇ ਕੁਹਾੜੇ ਲੈ ਲੱਕੜੀਆਂ ਪਾੜਨ ਆਉਂਦੇ ਸਨ। ਫਿਰ ਇਕ ਟੱਬਰ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਪਿੰਡ ਹੀ ਟਿਕ ਗਿਆ। ਦਾਰੇ ਦੇ ਕੋਲ ਜ਼ਮੀਨ ਖ਼ਰੀਦ ਲਈ ਤੇ ਵਾਹੀ ਸ਼ੁਰੂ ਕਰ ਦਿੱਤੀ। 

ਖੁਰਸ਼ੈਦ ਪੜ੍ਹ ਗਿਆ ਤੇ ਬਾਊ ਖੁਰਸ਼ੀਦ ਮਸ਼ਹੂਰ ਹੋ ਗਿਆ। ਲੀਡਰ ਬਣ ਗਿਆ। ਰਫ਼ੀ ਨੇ ਯੂਰਪ ਦੀਆਂ ਸਬਜ਼ੀਆਂ, ਜਿਵੇਂ ਕਿ ਫੁਲ ਤੇ ਬੰਦਗੋਭੀ, ਮੱਟਰ ਬੀਜਣੇ ਸ਼ੁਰੂ ਕਰ ਦਿੱਤੇ । ਮੁਕਤੇ ਪਿੰਡ ਤੋਂ ਲੱਕੜੀ ਦੀ ਖੁਦਾਈ ਦੇ ਤਿੱਖੇ ਕਾਰੀਗਰ ਰਾਮਗੜ੍ਹੇ ਮੁਹੱਲੇ ਆ ਵਸੇ। ਇਹਨਾਂ ਦੀ ਮੁਕਤੇ ਦੇ ਜੱਟਾਂ ਨਾਲ ਬੜੀ ਖਾਰ ਸੀ। ਲਾਇਲਪੁਰ ਤੋਂ 1937 ਵਿੱਚ ਦੋ ਭਰਾ ਨਾਨਕੇ ਪਿੰਡ ਆ ਵਸੇ। ਇਕ ਭਰਾ ਇੰਜਨਾਂ ਦਾ ਮਾਹਰ ਸੀ। ਇਹਨਾਂ ਪਿੰਡ ਮਸ਼ੀਨ ਲਾਈ, ਪਹਿਲੇ ਆਟੇ ਦੀ, ਫਿਰ ਕਪਾਹ ਵੇਲਣ ਤੇ ਰੂੰ ਪਿੰਜਣ ਦੀ। ਇਹਨਾਂ ਮਸ਼ੀਨਾਂ ਨੇ ਪਿੰਡ ਦੇ ਜੀਵਨ ਦਾ ਨਕਸ਼ਾ ਬਦਲ ਦਿੱਤਾ। ਇਹ ਭਰਾ ਮਸ਼ੀਨ ਵਾਲੇ ਅਖਵਾਣ ਲੱਗ ਪਏ। 

ਬੀਤੇ ਪੰਜਾਬ ਦਾ ਪਿੰਡ (900-1947) ਪਿੰਡ ਦਾ ਇੰਜਰ-ਪਿੰਜਰ, ਲੋਕਾਂ ਦੀ ਰਹਿਨੀ, ਬਹਿਨੀ, ਰੁਝੇਵੇਂ, ਵਾਰਦਾਤਾਂ, ਸਮਾਜਕ ਦਸ਼ਾ, ਪੜ੍ਹਾਈ ਦੇ ਦੌਰ ਦਾ ਆਰੰਭ

 

ਲੋਕੀਂ ਇਕ ਦੂਜੇ ਦੀ ਪਛਾਣ ਕੌਮ ਤੋਂ ਕਰਦੇ ਸਨ। ਕੌਮ ਤੇ ਜਾਤੀ ਇਕੋ ਗੱਲ ਸੀ। ਵਹੀ-ਖਾਤਿਆਂ ਤੇ ਅਸ਼ਟਾਮਾਂ ‘ਤੇ ਲਿਖਿਆ ਹੁੰਦਾ ਸੀ: ਕੌਮ ਜੱਟ, ਕੌਮ ਤਰਖਾਨ, ਕੌਮ ਖਤਰੀ, ਕੌਮ ਤੇਲੀ, ਕੌਮ ਮਰਾਸੀ ਆਦਿ। ਧਰਮ ਦਾ ਨਾਂ ਨਹੀਂ ਸੀ ਲਿਖਿਆ ਹੁੰਦਾ। ਦੇਸ਼ ਦੀ ਵੰਡ ਦੇ ਸਮੇਂ 1947 ਵਿੱਚ ਧਮਾਂ ਸੇਤੀ ਵੇਰਵਾ ਇਸ ਤਰ੍ਹਾਂ ਸੀ-ਸਿੱਖ 52%, ਮੁਸਲਮਾਨ 39%, ਈਸਾਈ 7% ਤੇ ਹਿੰਦੂ 2%। 

ਸਿੱਖਾਂ ‘ਚ 5 ਕੌਮਾਂ ਸਨ : ਜੱਟ, ਰਾਮਗੜੀਆ, ਖੱਤਰੀ, ਸੁਨਆਰੇ ਤੇ ਮਹਿਰੋ। ਇਹਨਾਂ ‘ਚ ਢਿਲੋਂ ਤੇ ਬੱਬਰਾ ਸਿਰਕੱਢਵੇਂ ਸਨ। ਕੁੱਝ ਢਿਲੋਂ ਗੁਰੂਆਂ ਤੇ ਰਣਜੀਤ ਸਿੰਘ ਦੇ ਰਾਜ ਵੇਲੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਆ ਕੇ ਏਥੇ ਵੱਸ ਗਏ। ਕਾਸ਼ਤਕਾਰੀ ਵਿੱਚ ਸਭ ਤੋਂ ਤੇਜ਼ ਤੇ ਅੱਗੇ ਸਨ। ਇਹਨਾਂ ਹੌਲੀ-ਹੌਲੀ ਹੋਰਨਾਂ ਦੀਆਂ ਜ਼ਮੀਨਾਂ ਖ਼ਰੀਦ ਲਈਆਂ। ਇਹਨਾਂ ਦੀ ਮਲਕੀਅਤ ਸਭ ਤੋਂ ਵੱਧ ਗਈ। ਮਹਿਰ ਮੰਗਾਂ ਦੇ ਕਥਨਾਂ ਅਨੁਸਾਰ ਬੁੱਬਰਾ ਪਿੰਡ ਦੇ ਪੁਰਾਣੇ ਵਸਨੀਕਾਂ ‘ਚੋਂ ਸਨ। ਕਿਸੇ ਵੇਲੇ ਇਹਨਾਂ ਦੇ 7 ਖੂਹ ਸਨ । ਵੀਹਵੀਂ ਸਦੀ ਪਲਟਨ ਸਮੇਂ, ਕੇਵਲ ਦੋ ਖੂਹ ਰਹਿ ਗਏ ਸਨ। ਇਹ ਤਰਖਾਨਾ ਕੰਮ ਤੇ ਖੂਹਾਂ ਦੀ ਉਸਾਰੀ ਦੇ ਮਾਹਿਰ ਸਨ। ਅੰਗਰੇਜ਼ਾਂ ਦੇ ਸਮੇਂ ਇਹਨਾਂ ਪੜ੍ਹਾਈ ਨੂੰ ਤੇ ਨਵੀਂ ਕਲਾਂ (Technology) ਨੂੰ ਐਸਾ ਅਪਣਾਇਆ ਕਿ ਬਹੁਤ ਅੱਗੇ ਨਿਕਲ ਗਏ। ਸਮੇਂ ਪਿਛੋਂ ਮੁਸਲਮਾਨਾਂ ਵਿੱਚ ਸਭ ਤੋਂ ਵੱਧ ਕੌਮਾਂ ਸਨ ਜੋ ਆਪਣੇ-ਆਪਣੇ ਪੇਸ਼ਿਆਂ ਦੀਆਂ ਮਾਹਿਰ ਸਨ। ਇਹਨਾਂ 13 ਚ ਸਨ-ਜੱਟ, ਅਰਾਈਨ, ਲੁਹਾਰ, ਘੁਮਿਆਰ, ਬਰਵਾਲੇ, ਮਿਰਾਸੀ, ਤੇਲੀ, ਨਾਈ, ਮੋਚੀ, ਮਾਛੀ, ਸੱਯਦ ਤੇ ਕਸ਼ਮੀਰੀ। ਹਿੰਦੂਆਂ ਦੀਆਂ ਕੇਵਲ ਦੋ ਕੌਮਾਂ ਪਿੰਡ ‘ਚ ਵਸਦੀਆਂ ਸਨ-ਸੁਨਆਰੇ ਤੇ ਬਾਹਮਨ। ਇਹ ਕਈ ਟੱਬਰ ਸਿੱਖਾਂ ਨਾਲ ਰਲੇ-ਮਿਲੇ ਰਹਿੰਦੇ ਸਨ । ਈਸਾਈ ਸਾਰੇ ਇਕੋ ਕੌਮ ਦੇ ਜਾਪਦੇ ਸਨ। ਹਿੰਦੂਆਂ ਤੇ ਈਸਾਈਆਂ ਕੋਲ ਜ਼ਮੀਨ ਕੋਈ ਨਹੀਂ ਸੀ। 

ਬੀਤੇ ਪੰਜਾਬ ਦਾ ਪਿੰਡ (900-1947) ਪਿੰਡ ਦਾ ਇੰਜਰ-ਪਿੰਜਰ, ਲੋਕਾਂ ਦੀ ਰਹਿਨੀ, ਬਹਿਨੀ, ਰੁਝੇਵੇਂ, ਵਾਰਦਾਤਾਂ, ਸਮਾਜਕ ਦਸ਼ਾ, ਪੜ੍ਹਾਈ ਦੇ ਦੌਰ ਦਾ ਆਰੰਭ

ਸੀ। ਗਿਣਤੀ ਵਿੱਚ ਜੱਟ ਭਾਵੇਂ ਜ਼ਿਆਦਾ ਸਨ, ਪਰ ਸਾਰੇ ਆਪ ਵਾਹੀ ਨਹੀਂ ਸਨ ਕਰਦੇ। ਈਸਾਈ, ਅਰਾਈਂ ਤੇ ਤੇਲੀ, ਖੇਤੀ-ਬਾੜੀ ਤੋਂ ਇਲਾਵਾ ਹੋਰ ਕੁਝ ਨਹੀਂ ਸਨ ਕਰਦੇ। 

ਕੋਈ 32% ਲੋਕੀਂ ਦਸਤਕਾਰੀ ਤੇ ਟੈਕਨੀਕਲ ਕੰਮਾਂ ਵਿੱਚ ਰੁੱਝੇ ਹੋਏ ਸਨ। ਇਹਨਾਂ ਵਿੱਚ ਰਾਜ-ਤਰਖਾਨ ਮਿਸਤਰੀਆਂ ਦੀ ਗਿਣਤੀ ਸਭ ਤੋਂ ਵਧ ਸੀ। ਇਹ ਖੂਹਾਂ ਦੀ ਚਨਾਈ ਕਰਦੇ ਤੇ ਕੋਠੇ ਬਣਾਂਦੇ। ਇਹਨਾਂ ਦੇ ਘਰਾਂ ਵਿੱਚ ਵਰਕਸ਼ਾਪ ਹੁੰਦੀ ਜਿਸ ਵਿੱਚ ਹਲ-ਪੰਜਾਲੀਆਂ, ਦੱਸਤੇ, ਮੰਜੀਆਂ ਤੇ ਕੰਘੀਆਂ ਆਦਿ ਬਣਾਂਦੇ। ਕਈਆਂ ਖਰਾਸ ਵੀ ਲਾਏ ਹੁੰਦੇ। ਬਹੁਤ ਸਾਰੇ ਕਾਰੀਗਰ ਸ਼ਹਿਰਾਂ ਵਿੱਚ ਕੰਮ ਕਰਦੇ ਪਰ ਟੱਬਰ ਪਿੰਡ ਰਹਿੰਦੇ। ਲੁਹਾਰਾਂ ਦੀ ਵਰਕਸ਼ਾਪ ਵੀ ਘਰ ਵਿੱਚ ਹੀ ਹੁੰਦੀ। ਬਹੁਤ ਸਾਰੇ ਲੁਹਾਰ ਵੀ ਸ਼ਹਿਰਾਂ ਵਿੱਚ ਕੰਮ ਕਰਦੇ ਪਰ ਟੱਬਰ ਪਿੰਡ ਛੱਡ ਦੇਂਦੇ। ਅੱਧੇ ਕੁ ਦੱਸਤਕਾਰ (ਜੁਲਾਹੇ ਆਦਿ) ਪਿੰਡ ਹੀ ਰਹਿੰਦੇ ਤੇ ਪਿੰਡ ਹੀ ਕੰਮ ਕਰਦੇ। 

ਬਾਕੀ 30% ਵਿੱਚੋਂ, ਅੱਧੇ ਢੋਆ-ਢਆਈ (8%), ਦੁਕਾਨਦਾਰੀ ਤੇ ਕਾਰੋਬਾਰ (7%) ਕਰਦੇ। ਰਹਿੰਦੀ 15% ਗਿਣਤੀ ਜ਼ਰੂਰੀ ਸੇਵਾਵਾਂ (ਨਾਈ, ਮਰਾਸੀ, ਮਾਸਟਰ, ਧਾਰਮਿਕ ਅਦਾਰਿਆਂ ਦੀ ਰੱਖਿਆ, ਸਰਕਾਰੀ ਨੌਕਰੀ, ਮਜ਼ਦੂਰੀ, ਡਾਕਟਰੀ-ਵਕੀਲੀ ਵਿੱਚ ਜੁੜੀ ਹੋਈ ਸੀ। ਕੋਈ ਹੋਰ ਐਸਾ ਪਿੰਡ ਕਿਧਰੇ ਨਹੀਂ ਸੀ ਜਿਸ ਵਿੱਚ ਕੰਮਾਂ- ਕਾਜਾਂ ਦੀ ਇੰਨੀ ਵੰਨਗੀ ਹੋਵੇ। 

ਚੋਹਾਂ ਧਰਮਾਂ ਦੇ ਲੋਕਾਂ ਦਾ ਸਮਾਜਕ ਜੀਵਨ ਭਾਵੇਂ ਵੱਖ-ਵੱਖ ਸੀ ਪਰ ਉਹਨਾਂ ਦੀ ਰਹਿਣੀ-ਬਹਿਣੀ ਤੇ ਆਰਥਕ ਜੀਵਨ ਇਕੋ ਲੜੀ ਵਿੱਚ ਪ੍ਰੋਤਾ ਹੋਇਆ ਸੀ। ਇਸ ਤਰ੍ਹਾਂ ਰਲੇ-ਮਿਲੇ ਸਨ ਜਿਵੇਂ ਕਿ ਇਕ ਗੁਥਲੇ ਵਿੱਚ ਰੰਗ-ਬਰੰਗੇ ਬੰਟੇ ਹੁੰਦੇ ਹਨ। ਇੱਕਠੇ ਕੰਮ ਕਰਦੇ, ਇੱਕਠੇ ਖੇਡਦੇ, ਇੱਕ ਦੂਜੇ ਦੀ ਸਲਾਹ ਲੈਂਦੇ, ਮਦਦ ਕਰਦੇ, ਗਾਉਂਦੇ, ਹੱਸਦੇ, ਨੱਚਦੇ ਤੇ ਗੱਪਸ਼ਪ ਮਾਰਦੇ। ਔਰਤਾਂ ਤੇ ਬੱਚੇ ਇਕ-ਦੂਜੇ ਦੇ ਘਰਾਂ ‘ਚ ਬਗ਼ੈਰ ਰੋਕ-ਟੋਕ ਤੇ ਝਿਜਕ ਤੋਂ ਜਾਂਦੇ । ਆਦਮੀ ਕਿਸੇ ਘਰ ਦੇ ਅੰਦਰ ਜਾਣ ਤੋਂ ਪਹਿਲੋਂ ਭਾਵੇਂ ਭਰਾ ਦਾ ਘਰ ਵੀ ਹੋਵੇ, ਦਰਵਾਜ਼ੇ ਤੇ ਖਲੋ ਕੇ ਅਵਾਜ਼ ਮਾਰਦੇ ਜਾਂ ਖੰਘਦੇ। 

ਸਿੱਖ ਤੇ ਹਿੰਦੂ ਗੁਰਦਵਾਰੇ ‘ਕੱਠੇ ਹੁੰਦੇ। ਇਹ ਪਿੰਡ ਦੀ ਸਭ ਤੋਂ ਵੱਡੀ ਇਮਾਰਤ ਸੀ। ਏਥੇ ਸੱਤੇ ਦਿਨ ਕੋਈ ਨਾ ਕੋਈ ਪ੍ਰੋਗਰਾਮ ਚੱਲਦਾ ਰਹਿੰਦਾ ਸੀ। ਭਾਵੇਂ ਐਤਵਾਰ ਨੂੰ ‘ਕੱਠ ਜ਼ਿਆਦਾ ਹੁੰਦਾ ਸੀ । ਪ੍ਰਸ਼ਾਦ ਮਿਲਦਾ ਸੀ ਪਰ ਲੰਗਰ ਨਹੀਂ ਸੀ ਹੁੰਦਾ। ਨਾਮਧਾਰੀ ਗੁਰਦਵਾਰਾ ਦਮਦਮਾ ਸਾਹਿਬ, ਪਿੰਡ ਤੇ ਸਾਬੋਸਰਾਏ ਦੀ ਹੱਦ ਦੇ ਨੇੜੇ ਸੀ । ਏਥੇ ਬਸੰਤ ਨੂੰ ਭਾਰੀ ਦੀਵਾਨ ਲੱਗਦਾ, ਬਸੰਤੀ ਕੜਾਹ ਵੰਡਿਆ ਜਾਂਦਾ ਤੇ ਅਤੁੱਟ ਲੰਗਰ ਚੱਲਦਾ। ਹਿੰਦੂਆਂ ਦਾ ਕੋਈ ਮੰਦਰ ਨਹੀਂ ਸੀ ਪਰ ਠਾਕਰਦਵਾਰਾ ਹਰ ਇਕ ਵਾਸਤੇ ਬੈਠਣ ਤੇ ਖੇਡਣ ਲਈ ਸਾਂਝਾ ਹੁੰਦਾ ਸੀ। ਮੁਸਲਮਾਨਾਂ ਦੀਆਂ 3 ਮਸੀਤਾਂ ਸਨ। ਹਰ ਇਕ ਦਾ ਸੰਬੰਧ ਵੱਖੋ-ਵੱਖ ਜਾਤੀਆਂ ਨਾਲ ਸੀ। ਸਾਲ ‘ਚ ਦੋ ਵਾਰੀ ਸਾਰੇ ਮੁਸਲਮਾਨ ਪਿੰਡੋਂ ਬਾਹਰ ਈਦਗਾਹ ‘ਤੇ ‘ਕੱਠੇ ਹੁੰਦੇ। ਮੁਸਲਮਾਨ ਦਾ ਦਾਰਾ ਵੀ ਸੀ ਜਿੱਥੇ ਆਦਮੀ ‘ਕੱਠੇ ਬਹਿ ਕੇ ਹੁੱਕਾ ਪੀਂਦੇ ਤੇ ਵਿਚਾਰ-ਵਟਾਂਦਰਾ ਕਰਦੇ। 

ਸਿੱਖਾਂ ਤੇ ਮੁਸਲਮਾਨਾਂ ਦਾ ਆਪਸ ਵਿੱਚ ਮਿਲਵਰਤਨ ਬੜਾ ਨੇੜੇ ਦਾ ਸੀ। ਸਿਰਫ਼ ਇਕ ਵਾਰੀ ਰੰਜਸ਼ ਪੈਦਾ ਹੋਈ ਤੇ ਉਹ ਸਿੱਧੀ-ਪੱਧਰੀ ਗੱਲ-ਬਾਤ ਰਾਹੀਂ ਨਜਿੱਠੀ ਗਈ। ਕੁਝ ਮੁਸਲਮਾਨਾਂ ਨੇ ਛੁਪ-ਛੁਪਾ ਕੇ ਇੱਕ ਖੂਹ ਤੇ ਗਾਂ ਵੱਢੀ, ਗੱਲ ਨਿਕਲ ਗਈ। ਸਿੱਖ ਰੋਹ ‘ਚ ਆ ਗਏ। ਪਰ ਬਜਾਏ ਕਰਪਾਨਾਂ, ਬਰਛੇ ਲੈ ਕੇ ਖੂਹ ‘ਤੇ ਹੱਲਾ ਕਰਨ ਦੇ, ਸਿੱਖਾਂ ਦੇ ਨੁਮਾਇੰਦੇ ਖੂਹ ‘ਤੇ ਗਏ ਅਤੇ ਪੁੱਛਿਆ ਕਿ ਤੁਸੀਂ ਇਹ ਕਿਉਂ ਕੀਤਾ ਏ ਅਤੇ ਨਾਲ ਹੀ ਆਖਿਆ ਕਿ ਸਾਡੀ ਮੋੜਵੀਂ ਭਾਜੀ ਖੁਫ਼ੀਆ ਨਹੀਂ ਹੋਵੇਗੀ। ਅਸੀਂ ਢੋਲ ਵਜਾ ਕੇ ਪਿੰਡ ਦੇ ਅੰਦਰ ਸੂਰ ਦਾ ਜਲੂਸ ਕੱਢਾਂਗੇ। ਮੁਸਲਮਾਨਾਂ ਨੇ ਮਾਫ਼ੀ ਮੰਗੀ ਤੇ ਵਾਇਦਾ ਕੀਤਾ ਕਿ ਅੱਗੇ ਤੋਂ ਇਹ ਕਦੇ ਨਹੀਂ ਹੋਵੇਗਾ, ਨਾ ਹੀ ਫਿਰ ਕਦੀ ਹੋਇਆ। 

ਅੰਗ੍ਰੇਜ਼ੀ ਰਾਜ ਵੇਲੇ ਵਿਰਲੇ-ਵਿਰਲੇ ਸ਼ਹਿਰਾਂ ਵਿੱਚ ਗਾਹੇ-ਬਗਾਹੇ ਫ਼ਿਰਕੂ ਝੱਗੜੇ ਹੁੰਦੇ ਰਹਿੰਦੇ ਸਨ। ਲਾਹੌਰ ਦੀ ਗੱਲ ਏ, 1936 ਵਿੱਚ ਗੁਰਦੁਆਰਾ ਸ਼ਹੀਦ ਗੰਜ ਸਿੰਘਣੀਆਂ ਦੇ ਆਸੇ-ਪਾਸੇ ਫ਼ਸਾਦ ਹੋ ਰਹੇ ਸਨ। ਛੋਟੀਆਂ ਗਲੋਟੀਆਂ ਤੋਂ ਕਰਤਾਰ ਗੜ੍ਹੀਵਾਲਾ ਆਪਣੇ ਭਰਾ ਕੋਲ ਲਾਹੌਰ ਗਿਆ। ਇੱਕ ਦਿਨ ਗੁਰਦੁਆਰਿਆਂ ਦੇ ਦਰਸ਼ਨਾਂ ਨੂੰ ਤੁਰ ਪਿਆ। ਜਦੋਂ ਉਹ ਗੁਰਦੁਆਰਾ ਸ਼ਹੀਦ ਗੰਜ ਦੇ ਕੋਲ ਪੁੱਜਿਆ ਤਾਂ ਕਿਸੇ ਨੇ ਛੁਰਾ ਮਾਰ ਕੇ ਹੱਤਿਆ ਕਰ ਦਿੱਤੀ। ਜਦੋਂ ਕਰਤਾਰ ਸਿੰਘ ‘ਸ਼ਹੀਦ’ ਦੀ ਅਰਥੀ ਪਿੰਡ ਲਿਆਂਦੀ ਗਈ ਤਾਂ ਮੁਸਲਮਾਨ ਹਮਸਾਏ ਵੀ ਦੁੱਖ ਵੰਡਣ ਵਿੱਚ ਸ਼ਾਮਿਲ ਹੋਏ। ਇਸ ਵਾਕਿਆ ਦਾ ਇੱਕ ਪਹਿਲੂ ਪਿੰਡਾਂ ਤੇ ਸ਼ਹਿਰਾਂ ਦੇ ਦਰਮਿਆਨ ਬੇਵਿਸ਼ਵਾਸੀ ਸੀ। ਪਿੰਡਾਂ ਦੇ ਲੋਕ ਸ਼ਹਿਰੀਆਂ ਨੂੰ ਕੋਰੇ ਤੇ ਖ਼ੁਦਗਰਜ਼ ਸਮਝਦੇ ਸਨ। ਸ਼ਹਿਰਾਂ ਵਾਲੇ ਪੇਂਡੂਆਂ ਨੂੰ ਉਜੱਡ ਸਮਝਦੇ ਸਨ। ਕਰਤਾਰ ਦੀ ਲਾਸ਼ ਨੂੰ ਹਸਪਤਾਲ ਤੋਂ ਲੈਣ ਤੇ ਹਫ਼ਤਾ ਲੱਗ ਗਿਆ। ਘਰ ਦੇ ਬੂਹੇ ‘ਤੇ ਬੈਠੇ ਰਹੇ । ਡਾਕਟਰ ਕੋਈ ਮਿਲੇ ਨਾ ਤੇ ਅਰਦਲੀ ਕਹਿਣ ਕਿ ਪੋਸਟਮਾਰਟਮ ਹੋਣਾ ਹੈ। ਕੋਈ ਨਾ ਦੱਸੇ ਤੇ ਕੋਈ ਨਾ ਸੁਣੇ ਕਿ ਪੋਸਟਮਾਰਟਮ ਕੀ ਹੁੰਦਾ ਏ। ਉਹਨਾਂ ਦੀ ਬਲਾ ਨੂੰ ਵੀ ਨਹੀਂ ਸੀ ਪਤਾ ਕੀ ਇਹ ਕੀ ਹੁੰਦਾ ਏ। ਪਿੰਡ ਪੋਸਟ ਮਾਰਟਮ ਦਾ ਭਾਵ ਮਸ਼ਹੂਰ ਹੋ ਗਿਆ ਕਿ ਲਾਸ਼ ਨੂੰ ਉਲਟਾ ਟੰਗ ਕੇ ਮਮਆਈ ਕੱਢਦੇ ਨੇ ਜੋ ਦਿਮਾਗ਼ ‘ਚੋਂ ਤੁਪਕਾ ਤੁਪਕਾ ਡਿੱਗਦੀ ਏ। ਪੇਂਡੂਆਂ ਨੂੰ ਸ਼ਹਿਰੀਆਂ ਦੀਆਂ ਦਸੀਆਂ ਗੱਲਾਂ ‘ਤੇ ਧੇਲਾ ਵੀ ਯਕੀਨ ਨਹੀਂ ਸੀ ਹੁੰਦਾ। 

ਕੱਪੜਾ ਲੀੜਾ :

ਹਰ ਆਦਮੀ, ਔਰਤ ਸਦੀਆਂ ਤੋਂ ਚਲੱਦਾ ਆਇਆ ਘਰ ਦਾ ਖੱਦਰ ਪਾਂਦਾ ਸੀ। ਬਸ ਖੁੱਲ੍ਹਾ ਕੁੜਤਾ ਤੇ ਲੱਗੋਟੀ। ਔਰਤਾਂ ਕਈ ਵਾਰੀ ਲੰਗੋਟੀ ਰੰਗ ਲੈਂਦੀਆਂ ਸਨ। ਉਹਨਾਂ ਮਲਮਲ ਦਾ ਦੁਪੱਟਾ ਨੇੜੇ-ਤੇੜੇ ਜਾਂ ਮੋਢੇ ਤੇ ਰੱਖਿਆ ਹੁੰਦਾ। ਸੀ। ਕੋਈ ਵੱਡਾ-ਵਡੇਰਾ ਆ ਜਾਵੇ ਤਾਂ ਸਿਰ ‘ਤੇ ਓੜ ਲੈਂਦੀਆਂ ਸਨ। ਨਵੀਆਂ ਵਿਆਹੀਆਂ ਵਹੁਟੀਆਂ ਵੱਡਿਆਂ ਤੇ ਅਜਨਬੀਆਂ ਦੇ ਸਾਹਮਣੇ ਚੁੰਨੀ ਨੱਕ ਤੱਕ ਖਿੱਚ ਲੈਂਦੀਆਂ ਤੇ ਕਈ ਵਾਰੀ ਸਾਰਾ ਮੂੰਹ ਵੀ ਢੱਕ ਲੈਂਦੀਆਂ ਸਨ। ਇਸ ਤਰ੍ਹਾਂ ਦੂਜਿਆਂ ਨੂੰ ਇੱਜ਼ਤ ਵੀ ਦਿੰਦੀਆਂ ਸਨ ਤੇ ਆਪਣੀ ਇੱਜ਼ਤ ਨੂੰ ਵੀ ਬਚਾ ਕੇ ਰੱਖਦੀਆਂ ਸਨ। ਅੰਗੀ ਪਾਉਣ ਦਾ ਰਿਵਾਜ ਨਹੀਂ ਸੀ । ਕੁੜੀਆਂ ਤੇ ਮੁਟਿਆਰਾਂ ਪਰਾਂਦੀ ਪਾਂਦੀਆਂ ਸਨ; ਆਮ ਔਰਤਾਂ ਐਵੇਂ ਹੀ ਗੁੱਤ ਕਰ ਲੈਂਦੀਆਂ ਸਨ । ਖ਼ਾਸ ਮੌਕਿਆਂ ‘ਤੇ ਕਮਰ ਤੋਂ ਗਿੱਟਿਆਂ ਤੱਕ ਵਲ ਖਾਂਦੀ ਘੱਗਰੀ ਪਾਈ ਹੁੰਦੀ ਸੀ। ਉੱਪਰ ਚੋਲੀ ਹੁੰਦੀ ਸੀ ਜੋ ਅੰਗੀ ਦਾ ਵੀ ਕੰਮ ਕਰਦੀ ਸੀ। ਚੋਲੀ ਨੂੰ ਬਹੁਤ ਛੋਟੀ ਕਰ ਦਿਉ ਤਾਂ ਸਮਝੋ ਬਰਾ ਬਣ ਗਈ। 

ਜਦੋਂ 1699 ਵਿੱਚ ਖਾਲਸਾ ਪੰਥ ਦੀ ਸਾਜਨਾ ਹੋਈ ਤਾਂ ਸਿੱਖੀ ਨੇ ਪਹਿਰਾਵੇ ਵਿੱਚ ਬੜੀ ਬਦਲੀ ਲਿਆਂਦੀ । ਹਰ ਸਿੱਖ ਆਦਮੀ ਅਤੇ ਔਰਤ ਨੇ ਕਛਹਿਰਾ ਪਾਣਾ। ਸ਼ੁਰੂ ਕੀਤਾ। ਕਈ ਆਦਮੀ ਕਛਹਿਰੇ ਦੇ ਉੱਤੇ ਲੰਗੋਟੀ ਵੀ ਬੰਨ੍ਹ ਲੈਂਦੇ ਸਨ। ਕਿਸਾਨਾਂ ਨੂੰ ਇਹ ਬਦਲੀ ਬੜੀ ਸੂਤ ਆਈ। ਕਿਉਂਕਿ ਲੰਗੋਟੀ ਕੰਮ ਕਰਨ, ਦੌੜ-ਭੱਜ ਵਿੱਚ ਰੁਕਾਵਟ ਪਾਂਦੀ ਸੀ । ਸਿੱਖ ਔਰਤਾਂ ਸਤਾਰਵੀਂ ਸਦੀਂ ਦੇ ਸ਼ੁਰੂ ਤੋਂ ਸਲਵਾਰ ਕਮੀਜ਼ ਪਾਣ ਵਿੱਚ ਮੋਢੀ ਸਨ। ਸਲਵਾਰ ਕਮੀਜ਼ ਜਲਦੀ ਹੀ ਪ੍ਰਚਲਿਤ ਹੋ ਗਈ ਕਿਉਂਕਿ ਸੌਖੀ ਵੀ ਤੇ ਅਮਲੀ ਵੀ ਸੀ । ਮੁਸਲਮਾਨ ਔਰਤਾਂ ਨੇ ਬਹੁਤ ਦੇਰ ਬਾਅਦ ਸਲਵਾਰ ਕਮੀਜ਼ ਪਾਣੀ ਸ਼ੁਰੂ ਕੀਤੀ। ਵਿਆਹ-ਸ਼ਾਦੀਆਂ ਅਤੇ ਸੋਗ ਸਮੇਂ ਔਰਤਾਂ ਘੱਗਰਾ ਹੀ ਪਾਂਦੀਆਂ ਸਨ। 

ਕੁੜੀਆਂ ਵੰਗਾਂ ਦੀਆਂ ਬੜੀਆਂ ਸ਼ੌਕੀਨ ਸਨ । ਫੇਰੀ ਵਾਲੇ ਗਲੀਓ-ਗਲੀ ਹਾਕਾਂ ਮਾਰਦੇ ਹੀ ਰਹਿੰਦੇ ਸਨ । “ਚੂੜੀਆਂ ਲੈ ਲਓ, ਵੰਗਾਂ ਚੜਾ ਲਉ।” 

ਵਿਆਹ-ਸ਼ਾਦੀਆਂ ‘ਤੇ ਰੰਗਦਾਰ ਘੱਗਰੇ ਤੇ ਕਢਾਈ ਵਾਲੀ ਚੋਲੀ, ਸਿਆਪਿਆਂ ਤੇ ਸਾਦਾ ਕਾਲਾ ਘੱਗਰਾ, ਪ੍ਰਚਲਿਤ ਸੀ। ਘੱਗਰੇ ਤੇ 7 ਤੋਂ 9 ਗਜ਼ ਕਪੱੜਾ ਲੱਗਦਾ। ਸੀ । ਦੂਜੇ ਪਿੰਡ ਨੂੰ ਜਾਣ ਲੱਗਿਆ ਤੀਵੀਆਂ ਨੇ ਘੱਗਰਾ ਮੋਢਿਆਂ ‘ਤੇ ਸੁੱਟਿਆ ਹੁੰਦਾ ਸੀ ਤੇ ਪਿੰਡ ਦੇ ਨੇੜੇ ਜਾ ਕੇ ਪਾ ਲੈਂਦੀਆਂ ਸਨ । ਕਈ ਵਾਰੀ ਵੱਲ ਛੇਤੀ ਸੂਤ ਨਹੀਂ ਸਨ ਹੁੰਦੇ। ਬੋਲੀ ਮਸ਼ਹੂਰ ਸੀ ਕਿ “ਮੇਰਾ ਘੱਗਰਾ ਰਾਸ ਨਾ ਆਵੇ ਤੇ ਸੌਹਰਿਆਂ ਦਾ ਪਿੰਡ ਆ ਗਿਆ”। ਨਾਚ ਕਰਨ ਵਾਲੀਆਂ ਹਮੇਸ਼ਾ ਹੀ ਮੋਤੀਆਂ ਨਾਲ ਜੜ੍ਹਿਆ ਘੱਗਰਾ ਜਾਂ ਘੱਗਰੀ ਪਾਂਦੀਆਂ ਸਨ। 

ਵਿਆਹ ਸ਼ਾਦੀਆਂ ਤੇ ਔਰਤਾਂ ਸਾਦਗੀ ਭੁੱਲ ਜਾਂਦੀਆਂ ਸਨ । ਜਿੰਨ੍ਹਾਂ ਵੀ ਸੋਨਾ ਹੋਵੇ, ਸਾਰਾ ਹੀ ਪਾ ਲੈਂਦੀਆਂ ਸਨ। ਅੱਗੇ-ਪਿੱਛੇ ਉਹ ਪਟਾਰੀ ਵਿੱਚ ਛੁਪਾ ਕੇ ਰੱਖਿਆ ਜਾਂਦਾ ਸੀ। ਆਦਮੀ ਰੇਸ਼ਮੀ ਪਗੜੀਆਂ ਬੰਨਦੇ ਸਨ। ਹੌਲੀ-ਹੌਲੀ ਮਲਮਲ ਦੀਆਂ ਪਗੜੀਆਂ ਸ਼ੁਰੂ ਹੋ ਗਈਆਂ। ਇਹ ਸਿਰ ਤੋਂ ਖਿਸਕਦੀਆਂ ਨਹੀਂ ਸਨ; ਨਾਲੇ ਕੱਚਾ- ਪੱਕਾ ਰੰਗ ਕਰਣਾ ਵੀ ਸੌਖਾ ਸੀ। ਬੱਚਿਆਂ ਨੂੰ ਵਿਸਾਖੀ ਤੇ ਨਵੇਂ ਕੱਪੜੇ ਮਿਲਦੇ, ਮੁਸਲਮਾਨ ਬੱਚਿਆਂ ਨੂੰ ਈਦ ਦੇ ਮੌਕੇ ਉੱਤੇ। ਬਾਕੀ ਮਹੀਨੇ ਇਹਨਾਂ ਦੇ ਨਾਲ ਹੀ ਗੁਜ਼ਾਰਨੇ ਹੁੰਦੇ ਸਨ। 

20ਵੀਂ ਸਦੀਂ ਦੇ ਸ਼ੁਰੂ ਵਿੱਚ ਜਦੋਂ ਮਿੱਲਾਂ ਦਾ ਕੱਪੜਾ ਪ੍ਰਚਲਿਤ ਹੋਇਆ ਤਾਂ ਫੈਸ਼ਣ ਬੱਦਲਣੇ ਸ਼ੁਰੂ ਹੋ ਗਏ। ਔਰਤਾਂ ਨੇ ਸਭ ਤੋਂ ਪਹਿਲਾਂ ਮਸ਼ੀਨੀ ਕੱਪੜੇ ਨੂੰ ਅਪਣਾਇਆ। ਇਹਨਾਂ ਦੇ ਰੰਗ ਪੱਕੇ ਤੇ ਨਮੂਨੇ ਤੇ ਵਧੀਆ ਸਨ। ਮੌਲਵੀਆਂ ਨੇ ਕੁਲੇ ਦੇ ਦੁਆਲੇ ਮਾਇਆ ਵਾਲੀ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ। ਹਿੰਦੂ ਤੇ ਸਿੱਖ ਦੁਕਾਨਦਾਰਾਂ ਨੇ ਕੁੱੜਤਾ-ਪਜਾਮਾ ਪਾਣਾ ਸ਼ੁਰੂ ਕਰ ਦਿੱਤਾ। 1930-37 ਵਿੱਚ ਮਿੱਲਾਂ ਦਾ ਕੱਪੜਾ ਸਸਤਾ ਤੇ ਆਮ ਹੋ ਗਿਆ। ਫੇਰੀ ਵਾਲੇ ਹਰ ਗਲੀ ਵਿੱਚ ਹਰ ਕੱਪੜੇ ਦੇ 22 ਆਨੇ ਗੱਜ ਦਾ ਹੋਕਾ ਦਿੰਦੇ ਸਨ। ਚੁੰਨੀ ਤੇ ਚਾਦਰਾਂ ਵੇਚਣ ਵਾਲੇ ਸਾਲ ਵਿੱਚ ਦੋ-ਤਿੰਨ ਵਾਰੀ ਪਿੰਡ ਵਿੱਚ ਫੇਰੀ ਪਾਂਦੇ ਸਨ। ਦੂਜੀ ਲੜਾਈ ਤੋਂ ਬਾਅਦ ਰੇਆਨ ਤੇ ਨਾਈਲੋਨ ਦਾ ਕੱਪੜਾ ਸ਼ੁਰੂ ਹੋ ਗਿਆ। ਸਰਦੇ-ਪੁੱਜਦੇ ਨੇ ਪੈਰਾਸ਼ੂਟਾਂ ਦਾ ਪੱਕਾ ਕੱਪੜਾ ਲੈ ਆਂਦਾ। ਵੰਨਗੀ ਵੱਧ ਗਈ। 

ਅੰਗਰੇਜ਼ੀ ਤਾਲੀਮ, ਸ਼ਹਿਰਾਂ ਨੂੰ ਆਵਾਜਾਈ, ਫ਼ੌਜ, ਪੁਲਸ ਤੇ ਸਰਕਾਰੀ ਨੌਕਰੀਆਂ ‘ਚ ਵਾਧਾ ਹੋਣ ਨਾਲ ਕੱਪੜੇ-ਲੀੜੇ ਵਿੱਚ ਨਵੀਂ ਤਬਦੀਲੀ ਆਈ। ਪੜ੍ਹਿਆਂ- ਲਿਖਿਆਂ ਵਿੱਚ ਬੂਟ, ਜੁਰਾਬਾਂ, ਨਿੱਕਰਾਂ, ਪਤਲੂਨਾਂ ਪ੍ਰਚੱਲਿਤ ਹੋ ਗਈਆਂ। ਮੁਸਲਮਾਨ ਤੇ ਈਸਾਈ ਔਰਤਾਂ ਨੇ ਸਲਵਾਰ-ਕਮੀਜ਼ ਨੂੰ ਅਪਣਾ ਲਿਆ। ਸਭ ਦੇ ਕੱਪੜੇ ਇਕੋ ਜਿਹੇ ਹੋਣ ਕਰਕੇ ਛੇਤੀ ਪਤਾ ਨਹੀਂ ਸੀ ਲੱਗਦਾ ਕਿ ਔਰਤ ਦਾ ਧਰਮ ਕੀ ਏ ? 

ਖਾਨਾ-ਪੀਣਾ :

ਖਾਣਾ ਸਾਦਾ ਤੇ ਨਰੋਆ ਹੁੰਦਾ ਸੀ । ਕਹਾਵਤ ਮਸ਼ਹੂਰ ਸੀ ਖਾਉ ਦਾਲ, ਜਿਹੜੀ ਨਿਭੇ ਨਾਲ।  ਜੋ ਕੁਝ ਪਿੰਡ ਵਿੱਚ ਉੱਗਦਾ ਸੀ ਉਹੀ ਸਾਰੇ ਖਾਂਦੇ ਸਨ। ਦਾਲ ਰੋਟੀ ਤੇ ਦੁੱਧ ਦਹੀ ਮੱਖਣ ਘਿਉ ਪ੍ਰਚੱਲਿਤ ਸਨ। ਸਵੇਰੇ ਪ੍ਰਾਉਂਠੇ, ਦਹੀ, ਲੱਸੀ, ਮੱਖਣ ਹੁੰਦਾ ਸੀ। ਦੁਪਹਿਰ ਵੇਲੇ ਰੋਟੀਆਂ, ਦਾਲ ਜਾ ਮੌਸਮ ਦੀ ਸਬਜ਼ੀ, ਅਚਾਰ ਤੇ ਲੱਸੀ ਹੁੰਦੀ ਸੀ। 

ਗਰਮੀਆਂ ‘ਚ ਕੱਦੂ ਦਾ ਰਾਇਤਾ ਪ੍ਰਚੱਲਿਤ ਸੀ। ਦੁਪਹਿਰ ਦੇ ਢਲਣ ਤੋਂ ਪਿੱਛੋਂ, ਭੱਠੀ ‘ਤੇ ਭੁੱਜੇ ਹੋਏ ਦਾਣੇ ਤੇ ਮੌਸਮ ਮੁਤਾਬਕ ਤਰਾਂ, ਮੂਲੀਆਂ, ਗਾਜਰਾਂ, ਆਮ ਖਾਧੀਆਂ ਜਾਂਦੀਆਂ ਸਨ। ਚਾਹ ਕੋਈ ਨਹੀਂ ਸੀ ਹੁੰਦੀ। ਰਾਤ ਨੂੰ ਰੋਟੀ, ਦਾਲ-ਸਬਜ਼ੀ ਵਿੱਚ ਘਿਉ ਤਰਦਾ ਤੇ ਪਿੱਛੋਂ ਗੁੜ ਦੀ ਢੇਲੀ। ਮੌਸਮੀ ਸਬਜ਼ੀਆਂ ਵਿੱਚ ਸ਼ਾਮਲ ਸਨ-ਸਾਗ, ਬਤਾਊਂ, ਗੋਂਗਲੂ, ਗਾਜਰਾਂ, ਭਿੰਡੀ, ਕਰੇਲੇ ਤੇ ਕੱਦੂ। ਲੋਕੀਂ ਸੌਣ ਲੱਗਿਆ ਮਿੱਠੇ ਗਰਮ ਦੁੱਧ ਦਾ ਗਲਾਸ ਜ਼ਰੂਰ ਪੀਂਦੇ ਸਨ । ਕਹਿੰਦੇ ਸਨ ਇਸ ਨਾਲ ਨੀਂਦ ਚੰਗੀ ਆਉਂਦੀ ਏ। ਹਰ ਕਿਸੇ ਦੀਆਂ ਨਜ਼ਰਾਂ ਤਿਉਹਾਰਾਂ ‘ਤੇ ਲੱਗੀਆਂ ਹੁੰਦੀਆਂ ਸਨ ਕਿਉਂਕਿ ਉਦੋਂ ਖ਼ਾਸ-ਖ਼ਾਸ ਚੀਜ਼ਾਂ ਖਾਣ ਨੂੰ ਮਿਲਦੀਆਂ ਸਨ । ਸਉਣ ਮਹੀਨੇ ਦੇ ਹਰ ਐਤਵਾਰ ਨੂੰ ਪੂੜੇ, ਵਿਆਹਵਾਂ-ਸ਼ਾਦੀਆਂ ਵੇਲੇ ਹਰ ਕਿਸਮ ਦੇ ਖਾਣੇ ‘ਤੇ ਮਠਾਈਆਂ ਖੁੱਲ੍ਹੀਆਂ ਖਾਣ ਨੂੰ ਮਿਲਦੀਆਂ ਸਨ। ਕਿਸੇ 100 ਸਾਲ ਦੇ ਨੇੜੇ ਤੇ ਬਜ਼ੁਰਗ ਦੇ ਮਰਨ ਤੋਂ ਪਿੱਛੋਂ ‘ਕੱਠ ਹੁੰਦਾ ਸੀ। ਰਿਸ਼ਤੇਦਾਰ ’ਕੱਠੇ ਹੁੰਦੇ ਸਨ, ਬਹੁਤ ਕੁਝ ਖਾਣ ਨੂੰ ਹੁੰਦਾ ਸੀ ਤੇ ਮੁਹੱਲੇ ਤੇ ਭਾਈਚਾਰੇ ਵਿੱਚ ਕੜਾਹ ਵੰਡਿਆ ਜਾਂਦਾ ਸੀ। 

ਮਾਸ, ਕੁੱਕੜ ਤੇ ਆਂਡੇ ਮਹਿੰਗੇ ਹੁੰਦੇ ਸਨ। ਕਦੀ-ਕਦਾਈਂ ਹੀ ਕੋਈ ਖਾਂਦਾ ਸੀ। ਵਿਸਾਖੀ ਤੇ ਲੋਹੜੀ ਨੂੰ ਸਿੱਖ ਟੱਬਰ ਰਲ ਕੇ ਬੱਕਰੇ ਦੀਆਂ ਢੇਰੀਆਂ ਵੰਡ ਲੈਂਦੇ ਤੇ ਸਾਰਾ ਦਿਨ ਰਾਹੜ ਕੇ ਰਾਤ ਨੂੰ ਖਾਂਦੇ । ਮੁਸਲਮਾਨ ਬਕਰ ਈਦ ਨੂੰ ਭੇਡ ਵੱਢਦੇ ਤੇ ਖ਼ੁਸ਼ੀ ਨਾਲ ਖਾਂਦੇ। ਜਦੋਂ ਕਦੀ ਕੋਈ ਖ਼ਾਸ ਮਹਿਮਾਨ ਆਏ ਤਾਂ ਕੁੱਕੜ ਬਣਾਇਆ ਜਾਂਦਾ ਸੀ । 

ਲੋਕੀਂ ਖੀਰ, ਕੜਾਹ ਤੇ ਹੋਰ ਮਿੱਠੀਆਂ ਚੀਜ਼ਾਂ ਬਹੁਤ ਖਾਂਦੇ ਸਨ। ਫਲ ਤੇ ਮੇਵਾਜਾਤ ਘੱਟ ਹੁੰਦੇ ਸਨ। ਪਰ ਭੁੱਜੀ ਹੋਈ ਮੂੰਗਫਲੀ ਤੇ ਪੀਲ ਆਮ ਮਿਲਦੀ ਸੀ।  ਗਰਮੀਆਂ ‘ਚ ਤਰਬੂਜ਼, ਖਰਬੂਜੇ ਤੇ ਜਾਮਣ ਆਮ ਹੁੰਦੇ ਸਨ । ਸਰਦੀਆਂ ਨੂੰ ਹਰ ਕੋਈ ਗੰਨੇ ਚੂਪਦਾ ਸੀ ਸਵਾਏ ਬੁੜਿਆਂ ਤੋਂ। ਮਲਿਆਂ ਦੇ ਬੇਰ ਪ੍ਰਚੱਲਿਤ ਸਨ। ਤੂਤ ਹਰ ਥਾਂ ਤੇ ਸਨ ਪਰ ਕੋਈ ਘੱਟ ਹੀ ਖਾਂਦਾ ਸੀ । ਬਾਹਰੋਂ ਆਏ ਫਲ ਤੇ ਮੇਵਾਜਾਤ ਜਿਵੇਂ ਕਿ- ਅੰਬ, ਕੇਲੇ, ਅੰਗੂਰ ਤੇ ਪਿਸਤਾ-ਬਾਦਾਮ, ਸੌਗੀ ਘੱਟ ਹੀ ਮਿਲਦੇ ਸਨ। ਸੇਬ ਤੇ ਨਾਖਾਂ ਕਦੀ ਹੀ ਨਜ਼ਰ ਆਉਂਦੀਆਂ ਸਨ। 

ਅਮੀਰਾਂ ਤੇ ਗ਼ਰੀਬਾਂ ਦੇ ਖਾਣੇ ਵਿੱਚ ਵੱਡਾ ਫ਼ਰਕ ਇਹ ਸੀ ਕਿ ਸਰਦੇ-ਪੁੱਜਦੇ- ਦੁੱਧ, ਘਿਉ, ਮੱਖਣ ਤੇ ਗੁੜ ਦੂਜਿਆਂ ਨਾਲੋਂ ਵੱਧ ਖਾਂਦੇ ਸਨ। ਹਰ ਤੀਜੇ ਘਰ ਕੋਲ ਆਪਣੀ ਮੱਝ ਨਹੀਂ ਸੀ ਹੁੰਦੀ। ਘਰਾਂ ‘ਚੋਂ ਲੱਸੀ ਆਮ ਵੰਡੀ ਜਾਂਦੀ ਸੀ। ਪੰਜ ਸੇਰ ਦੁੱਧ ਰਿੜਕਿਆ ਹੋਵੇ ਤਾਂ ਕਈ ਟੱਬਰ ਲੱਸੀ ਪੀ ਸਕਦੇ ਸਨ। ਪਾਣੀ ਪਾ ਕੇ ਲੱਸੀ ਜਿੰਨੀ ਮਰਜ਼ੀ ਹੋਰ ਵਧਾ ਲਵੋ। ਲੋਕੀਂ ਕਹਿੰਦੇ ਸਨ “ਲੱਸੀ ਤੇ ਲੜਾਈ ਦਾ ਕੀ ਏ ਜਿੰਨੀ ਮਰਜ਼ੀ ਵਧਾ ਲਵੋ।” ਦੁੱਧ ਵੇਚਣ ਦਾ ਰਿਵਾਜ ਨਹੀਂ ਸੀ। ਘਿਉ ਆਮ ਵਿਕਦਾ ਸੀ। ਪਿੰਡ ਵਿੱਚ ਸਿਰਫ਼ ਭੱਤੋ ਨੇ ਬੱਕਰੀਆਂ ਰੱਖੀਆਂ ਹੁੰਦੀਆਂ ਸਨ ਤੇ ਗੜਵੀ-ਗੜਵੀ ਦੁੱਧ ਵੇਚਦਾ ਸੀ। 

ਪੀਣ ਦਾ ਪਾਣੀ ਘੜਿਆਂ ਵਿੱਚ ਰੱਖਿਆ ਜਾਂਦਾ ਸੀ। ਪਿੰਡ ਵਿੱਚ 20 ਖੂਹੀਆਂ ਸਨ। ਕੁਝ ਸਾਂਝੀਆਂ ਤੇ ਕੁਝ ਘਰਾਂ ਵਿੱਚ। ਔਰਤਾਂ ਇਹਨਾਂ ‘ਚੋਂ ਪਾਣੀ ਭਰਦੀਆਂ ਸਨ। 

ਘਰਾਂ ਵਾਲੇ ਵੀ ਦਿਨ ਵੇਲੇ ਕਿਸੇ ਵੀ ਔਰਤ ਜਾਂ ਬੱਚੇ ਨੂੰ ਪਾਣੀ ਭਰਨ ਤੋਂ ਨਹੀਂ ਸਨ। ਰੋਕਦੇ। ਪਿੰਡ ਦੇ ਨਾਲ ਲੱਗਦੇ ਖੂਹਾਂ ਤੋਂ ਵੀ ਪਾਣੀ ਭਰਿਆ ਜਾਂਦਾ ਸੀ। ਔਰਤਾਂ ਸਵੇਰੇ-ਸਵੇਰੇ ਏਥੇ ਨਹਾਉਣ ਵੀ ਆਉਂਦੀਆਂ ਸਨ । ਉਸ ਵੇਲੇ ਰਵਾਇਤ ਅਨੁਸਾਰ ਆਦਮੀ ਦੂਰ ਹੀ ਰਹਿੰਦੇ ਸਨ। ਦੁਪਹਿਰੋਂ ਬਾਅਦ, ਘਰ ਦੇ ਕੰਮ-ਕਾਜ ਕਰਕੇ ਫਿਰ ਕੱਪੜੇ ਧੋਣ ਵੀ ਆਉਂਦੀਆਂ ਸਨ। 

ਗਰਮੀਆਂ ‘ਚ ਠੰਡੇ ਪਾਣੀ ਵਾਸਤੇ ਕਈਆਂ ਨੇ ਝੱਜਰੀਆਂ ਰਖੀਆਂ ਹੁੰਦੀਆਂ ਸਨ। ਰੇਤਲੀ ਮਿੱਟੀ ਦੀਆਂ ਹੋਣ ਕਰਕੇ ਇਹਨਾਂ ‘ਚੋਂ ਜ਼ਰਾ-ਜ਼ਰਾ ਪਾਣੀ ਸਿਮਦਾ ਰਹਿੰਦਾ ਸੀ। ਜਦੋਂ ਹਵਾ ਨਾਲ ਪਾਣੀ ਉਡਦਾ ਤਾਂ ਝੱਜਰੀ ਦੇ ਪਾਣੀ ਨੂੰ ਠੰਡਾ ਕਰਦਾ ਸੀ। ਗਰਮੀਆਂ ਵਿੱਚ ਲੋਕੀਂ ਸੱਤੂ, ਕਾਂਜੀ ਤੇ ਸਰਦਾਈ ਪੀਂਦੇ ਸਨ । ਜਵਾਂ ਨੂੰ ਭੁੰਨ ਕੇ ਪੀਸ ਲਵੋ ਤਾਂ ਸੱਤੂ ਬਣ ਗਏ। ਦੋ ਚਮਚੇ ਸੱਤੂ ਤੇ ਇਕ-ਦੋ ਚਮਚੇ ਸ਼ੱਕਰ ਜਾਂ ਖੰਡ ਨੂੰ ਠੰਡੇ ਪਾਣੀ ‘ਚ ਘੋਲੋ ਤਾਂ ਸਵਾਦੀ, ਤਾਕਤ ਬਣਾਉਣ ਤੇ ਠੰਡ ਪਾਉਣ ਵਾਲਾ ਜਾਮ ਬਣ ਜਾਂਦਾ ਸੀ। ਕਾਂਜੀ ਲਾਲ ਤੇ ਕਾਲੀਆਂ ਗਾਜਰਾਂ ਤੋਂ ਬਣਾਈ ਜਾਂਦੀ ਸੀ । ਪਾਣੀ ਦੇ ਘੜੇ ਵਿੱਚ ਸਾਫ਼ ਕਰਕੇ ਤੇ ਕੱਟ ਕੇ ਸੇਰ ਕੁ ਗਾਜਰਾਂ ਸੁੱਟੋ, ਵਿੱਚ ਰਾਈ ਪਾਉ, ਦੋ- ਚਾਰ ਚਮਚ ਹੋਰ ਮਸਾਲੇ ਪਾ ਕੇ ਦੋ ਹਫ਼ਤੇ ਲਈ ਰਹਿਣ ਦਿਉ। ਕਦੀ-ਕਦੀ ਘੜੇ ਨੂੰ ਹਿਲਾ ਦਿਉ। ਜਦੋਂ ਖਮੀਰ ਬਣਨਾ ਸ਼ੁਰੂ ਹੋਵੇ ਤਾਂ ਕਾਂਜੀ ਤਿਆਰ। ਛੋਟੇ ਵੱਡੇ ਨੂੰ ਇਸ ਦਾ ਬੜਾ ਅਨੰਦ ਮਿਲਦਾ ਸੀ। ਸਰਦਾਈ ਬਾਦਾਮ, ਮਗਜ਼, ਲਾਚੀਆਂ ਨੂੰ ਰਗੜ ਕੇ ਫਿਰ ਖੰਡ ਤੇ ਪਾਣੀ ਪਾ ਕੇ ਬਣਾਈ ਜਾਂਦੀ ਸੀ। ਇਸ ਨੂੰ ਕੋਈ ਕਦੀ-ਕਦਾਈ ਬਣਾਉਂਦਾ ਸੀ। ਨਿਹੰਗ ਸਿੰਘ ਜਦੋਂ ਕਦੀ ਪਿੰਡ ਆਉਂਦੇ, ਗੁਰਦਵਾਰੇ ਬੈਠ ਕੇ ਸਰਦਾਈ ਜ਼ਰੂਰ ਰਗੜਦੇ, ਭਾਵੇਂ ਗਰਮੀ ਹੋਵੇ ਤੇ ਭਾਵੇਂ ਸਰਦੀ। ਭਾਈ ਸਾਹਿਬ ਉਹਨਾਂ ਨੂੰ ਕੁਝ ‘ਸੁਖਾ ਸਾਹਿਬ’ (ਭੰਗ) ਵੀ ਦੇ ਦੇਂਦੇ। ਪੀ ਕੇ ਆਨੰਦ ਲੈਂਦੇ ਸਨ। 

ਵਿਰਲੇ-ਵਿਰਲੇ ਬੰਦਿਆਂ ਨੂੰ ਸ਼ਰਾਬ ਬਣਾਣੀ ਵੀ ਆਉਂਦੀ ਸੀ। ਕੁਝ ਆਪਣੇ ਪੀਣ ਲਈ, ਕੁਝ ਵੇਚਣ ਲਈ ਤੇ ਕੁਝ ਦੇਣ ਦੁਆਣ ਲਈ। ਚੋਰੀ-ਚੋਰੀ ਬਣਾਈ ਜਾਂਦੀ ਸੀ। ਇਹਨੂੰ ਰੂੜ੍ਹੀ ਬਰਾਂਡ ਵੀ ਕਹਿੰਦੇ ਸੀ। ਅੰਗਰੇਜ਼ਾਂ ਨੇ ਆ ਕੇ ਅੰਗਰੇਜ਼ੀ ਸ਼ਰਾਬ ਦੇ ਲਾਈਸੈਂਸ ਦੇਣੇ ਸ਼ੁਰੂ ਕਰ ਦਿੱਤੇ। ਸਰਕਾਰ ਨੂੰ ਟੈਕਸ ਮਿਲਦਾ ਸੀ ਤੇ ਲੋਕਾਂ ਨੂੰ ਸਵਾਦ ਪੈ ਜਾਂਦਾ ਸੀ। ਇਹ ਦੁਕਾਨਾਂ ਅਫ਼ੀਮ ਵੀ ਵੇਚਦੀਆਂ ਸਨ। ਪਰ ਪਿੰਡ ਵਿੱਚ ਸ਼ਰਾਬੀ ਤੇ ਅਫੀਮਚੀ ਘੱਟ ਹੀ ਸਨ। ਇਸਲਾਮ ਦੇ ਨਾਲ ਹੁੱਕਾ ਆਇਆ। ਮੁਸਲਮਾਨ ਆਦਮੀ ਇਕੱਠੇ ਬੈਠ ਕੇ ਹੁੱਕੇ ਦੀ ਸਾਂਝ ਕਰਦੇ। ਸਿੱਖਾਂ ਲਈ ਤਮਾਕੂ ਦੀ ਮਨਾਹੀ ਸੀ। 

ਉਹ ਨੇੜੇ ਵੀ ਨਹੀਂ ਸਨ ਜਾਂਦੇ। ਕੁੱਝ ਹਿੰਦੂ ਹੁੱਕਾ ਪੀਣ ਦੇ ਆਦੀ ਹੋ ਗਏ। ਚਿਲਮ ਪੀਣੀ ਘੱਟ ਈ ਪ੍ਰਚੱਲਿਤ ਸੀ। 

ਅੱਗ ਬਾਲਣ ਵਾਸਤੇ ਘਰਾਂ ਵਿੱਚ ਗੋਹੇ, ਮਨਛਿਟੀ ਤੇ ਲੱਕੜਾਂ ਵਰਤੀਆਂ ਜਾਂਦੀਆਂ ਸਨ। ਭੱਠੀ ਵਿੱਚ ਆਮ ਤੌਰ ‘ਤੇ ਪੱਤੇ ਝੋਖੇ ਜਾਂਦੇ ਸਨ । ਰੋਸ਼ਨੀ ਲਈ ਦੀਵੇ ਸਰੋਂ ਦੇ ਤੇਲ ਨਾਲ ਜਗਾਏ ਜਾਂਦੇ ਸਨ। ਮਿੱਟੀ ਦਾ ਤੇਲ ਆਉਣ ਤੋਂ ਬਾਅਦ ਲਾਲਟੈਨ ਦੀ ਵਰਤੋਂ ਵੀ ਸ਼ੁਰੂ ਹੋ ਗਈ। ਵਿਆਹ-ਸ਼ਾਦੀਆਂ ਵੇਲੇ ਡੱਸਕੇ ਤੋਂ ਤੰਬੂਆਂ ਵਾਲੇ ਗੈਸ ਦੇ ਲੈਂਪ ਵੀ ਲੈ ਆਉਂਦੇ। ਬੜੀ ਰੋਸ਼ਨੀ ਦਿੰਦੇ ਸਨ। ਘਰਾਂ ਵਿੱਚ ਦਿਨ ਦੀ ਰੋਸ਼ਨੀ ਵੇਲੇ ਈ ਰੋਟੀ ਬਣਾਈ ਤੇ ਖਾਧੀ ਜਾਂਦੀ ਸੀ। ਲਿਖਾਈ-ਪੜ੍ਹਾਈ ਵੀ ਬਹੁਤੀ ਦਿਨੇਂ ਹੀ ਹੁੰਦੀ ਸੀ। 

ਲੋਕੀਂ ਖੂਹਾਂ, ਹਲਟੀ ਤੇ ਖੂਹੀਆਂ ਤੇ ਤਾਜ਼ੇ ਪਾਣੀ ਨਾਲ ਹਰ ਰੋਜ਼ ਨਹਾਉਂਦੇ ਸਨ। 

ਗਰਮੀਆਂ ‘ਚ ਦੋ ਵਾਰੀ। ਸਿਰ ਖੱਟੀ ਲੱਸੀ ਜਾਂ ਖੱਟੇ ਦਹੀਂ ਨਾਲ ਧੋਂਦੇ ਸਨ। ਇਸ ਦੇ ਨਾਲ ਮੈਲ ਵੀ ਨਿਕਲ ਜਾਂਦੀ ਸੀ ਤੇ ਵਾਲ ਵੀ ਮਲੈਮ ਰਹਿੰਦੇ ਸਨ। ਜੇ ਕਦੀ ਲੰਮੇ 

ਵਾਲ ਜੰਮ ਜਾਣ ਤਾਂ ਖਾਰੇ ਸੋਡੇ ਨਾਲ ਧੋਂਦੇ ਸਨ, ਖ਼ਾਸ ਤੌਰ ਤੇ ਬੱਚਿਆਂ ਦੇ ਵਾਲ। ਸਿਰ ਧੋ ਕੇ, ਸੁਕਾ ਕੇ ਹਰ ਕੋਈ ਅਰਾਮ ਨਾਲ ਤੇਲ ਲਵਾਉਂਦਾ ਸੀ ਤੇ ਕੰਘੀ ਕਰਦਾ ਸੀ। ਸਿੱਖ ਬੱਚਿਆਂ ਦੇ ਲੰਮੇ ਵਾਲਾਂ ਵਿੱਚ ਆਮ ਅੜਕਾਂ ਪੈ ਜਾਂਦੀਆਂ ਸਨ ਤੇ ਵਾਲ ਵਾਹੁਣ ਲੱਗਿਆਂ ਉਹ ਚੀਕਾਂ ਵੀ ਮਾਰਦੇ ਸਨ। ਕੱਪੜੇ ਦੇਸੀ ਸਾਬਣ ਨਾਲ ਧੋਂਦੇ ਸਨ ਪਰ ਜੇ ਕੱਪੜੇ ਬਹੁਤੇ ਮੈਲੇ ਹੋਣ ਤਾਂ ਖਾਰਾ ਸੋਡਾ ਵਰਤਦੇ ਸਨ। ਬਰਤਨ ਚਿੱਟੀ ਸੁਆਹ ਨਾਲ ਮਾਂਜ ਕੇ ਜਾ ਪੂੰਝ ਲੈਂਦੇ ਸਨ ਤੇ ਜਾਂ ਧੋ ਲੈਂਦੇ ਸਨ। 

ਨਗਰ ਦੇ ਮਸਲੇ :

ਸਫ਼ਾਈ ਰੱਖਣਾ ਸਭ ਦੀ ਸਾਂਝੀ ਜਿੰਮੇਵਾਰੀ ਸੀ। ਆਂਡੀ-  ਗੁਆਂਢੀ ਰੱਲ ਕੇ ਗਲੀਆਂ ਤੇ ਨਾਲੀਆਂ ਦੀ ਸਫ਼ਾਈ ਆਪ ਕਰਦੇ ਸਨ। ਘਰ ਦੇ ਅੰਦਰ ਕੂੜਾ-ਕਰਕਟ, ਗੋਹਿਆ ਇਕੱਠਾ ਕਰਨਾ ਤੇ ਬਾਹਰ ਸੁੱਟਣਾ-ਸੁਟਾਣਾ ਘਰ ਵਾਲਿਆਂ ਦੀ ਜ਼ਿੰਮੇਵਾਰੀ ਸੀ । ਘਰਾਂ ਵਿੱਚ ਲੈਟਰਿਨ ਨਹੀਂ ਸੀ ਹੁੰਦੀ। ਹਰ ਕੋਈ ਖੇਤਾਂ ਨੂੰ ਜਾਂਦਾ ਸੀ। ਉਸ ਤੋਂ ਬਾਅਦ ਆਪਣੇ-ਆਪ ਨੂੰ ਮਿੱਟੀ ਜਾ ਪੱਤਿਆਂ ਨਾਲ ਸਾਫ਼ ਕਰਕੇ, ਪਾਣੀ ਨਾਲ ਧੋਂਦਾ ਸੀ । ਕੁਝ ਲੋਕੀਂ ਪਾਣੀ ਦਾ ਕਰਮੰਡਲ ਨਾਲ ਲੈ ਕੇ ਜਾਂਦੇ ਸਨ ਪਰ ਬਹੁਤੇ ਵਗਦੀ ਆਡ ਤੇ ਜਾ ਕੇ ਧੋ ਲੈਂਦੇ ਸਨ । ਰਾਤ ਨੂੰ ਕੋਠਿਆਂ ‘ਤੇ ਪੰਜਾਬ ਤਾਂ ਆਮ ਕਰਦੇ ਸਨ ਪਰ ਘਰ ਟੱਟੀ ਕਰਨਾ ਮਾੜਾ ਸਮਝਦੇ ਸਨ। 

ਜੰਮਣ-ਮਰਨ ਦਾ ਰਿਕਾਰਡ ਕੋਈ ਨਹੀਂ ਸੀ ਹੁੰਦਾ। ਪਹਿਲੀ ਮਰਦਮਸ਼ੁਮਾਰੀ 1881 ਵਿੱਚ ਹੋਈ ਤੇ ਹਰ ਦਸ ਸਾਲ ਬਾਅਦ ਹੁੰਦੀ ਰਹੀ। ਮਰਦਮ ਸ਼ਮਾਰੀ ਵੇਲੇ ਧਰਮ ਦਾ ਨਾਂ ਜ਼ਰੂਰ ਲਿਖਦੇ ਸਨ। ਵੱਡੇ ਘਰਾਂ ਦੀਆਂ ਪੁਸ਼ਤਾਂ ਜਾਂ ਇਤਿਹਾਸ ਮਹਿਰ ਮੰਗ ਯਾਦ ਰੱਖਦੇ ਤੇ ਗਾ ਕੇ ਰਾਗਾਂ ਨਾਲ ਸੁਣਾਉਂਦੇ ਸਨ। ਅਗਨੀ ਭੇਟ ਕਰਨ ਤੋਂ ਕੁਝ ਮਹੀਨੇ ਬਾਅਦ ਹਿੰਦੂ ਤੇ ਸਿੱਖ ਅਸਥੀਆਂ ਨੂੰ ਹਰਦਵਾਰ ਲੈ ਕੇ ਜਾਂਦੇ ਸਨ। ਪਾਂਡੇ ਰਿਕਾਰਡ ਲਿਖ ਕੇ ਰੱਖਦੇ ਸਨ। ਉਹਨਾਂ ਦਾ ਸਿਸਟਮ ਕਮਾਲ ਦਾ ਸੀ। ਝੱਟ ਲੱਭ ਲੈਂਦੇ ਸਨ ਕਿੰਨਾ ਵੀ ਪੁਰਾਣਾ ਹੋਵੇ । ਮੁਸਲਮਾਨ ਤੇ ਈਸਾਈ ਦੇਹ ਨੂੰ ਕਬਰਾਂ ਵਿੱਚ ਦਫ਼ਨ ਕਰਦੇ ਸਨ। 

ਜੇ ਪਿੰਡ ਵਿੱਚ ਕੱਟ-ਵੱਢ ਨਾ ਹੋਏ, ਨਾ ਬਗ਼ਾਵਤ, ਨਾ ਲੋਕਾਂ ਨੂੰ ਭੜਕਾਉਣ ਦੀਆਂ ਕਾਰਵਾਈਆਂ ਹੋਣ, ਤਾਂ ਸਰਕਾਰ ਪਿੰਡਾਂ ਤੋਂ ਦੂਰ ਹੀ ਰਹਿੰਦੀ ਸੀ। ਸਰਕਾਰ ਨੂੰ ਤਾਂ ਮਾਮਲਾ ਚਾਹੀਦਾ ਸੀ। ਉਹ ਮਿਲਦਾ ਰਹੇ ਤੇ ਅਮਨ ਰਹੇ, ਤਾਂ ਸਰਕਾਰ ਖ਼ੁਸ਼! ਮਾਮਲੇ ਵਾਸਤੇ ਖੇਤਾਂ ਦਾ ਪੂਰਾ ਰਿਕਾਰਡ ਹੁੰਦਾ ਸੀ। ਪੁਲਸ ਸਟੇਸ਼ਨ ਤੇ ਕਚਹਿਰੀਆਂ ਡੱਸਕੇ ਸਨ। ਆਮ ਤੌਰ ‘ਤੇ ਪਿੰਡ ਵਿੱਚ ਪੁਲੀਸ ਨਹੀਂ ਸੀ ਆਉਂਦੀ। ਜੇ ਕੋਈ ਸਿਪਾਹੀ ਆ ਜਾਏ ਤਾਂ ਹਰ ਕੋਈ ਅੱਖਾਂ ਪਾੜ ਕੇ ਉਸ ਵੱਲ ਵੇਖਦਾ ਸੀ। ਪਿੰਡ ਦਾ ਰਾਜ ਭਾਗ ਤਿੰਨ ਬੰਦਿਆ ਤੇ ਸਪੁਰਦ ਸੀ। ਲੰਬਰਦਾਰ, ਪਟਵਾਰੀ ਤੇ ਚੌਂਕੀਦਾਰ। 

ਲੰਬਰਦਾਰ ਪਿੰਡ ਦਾ ਚੀਫ਼ ਹੁੰਦਾ ਸੀ। ਇਹ ਔਹਦਾ ਜੱਦੀ ਹੱਕ ਸੀ ਪਰ ਸਰਕਾਰ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਸੀ । ਗੱਦੀ ਸਿਰਫ਼ ਤਾਂ ਖੋਈ ਜਾਂਦੀ ਸੀ ਜੇ ਉਹ ਸਰਕਾਰ ਦਾ ਵਰੋਧੀ ਜਾਂ ਵਰੋਧੀਆਂ ਦਾ ਸਾਥੀ ਹੋਵੇ । ਲੰਬਰਦਾਰ ਮਾਮਲਾ ’ਕੱਠਾ ਕਰਕੇ ਡੱਸਕੇ ਮਾਲਖਾਨੇ ਜਮ੍ਹਾਂ ਕਰਾਂਦਾ ਸੀ। ਪਿੰਡ ਵਿੱਚ ਅਮਨ-ਅਮਾਨ ਦੀ ਜ਼ਿੰਮੇਵਾਰੀ ਵੀ ਉਸ ਦੇ ਮੋਢਿਆਂ ‘ਤੇ ਹੁੰਦੀ ਸੀ। ਉਸ ਨੂੰ ਸਰਕਾਰ ਵੱਲੋਂ ਚਮੜੇ ਦੀ ਪੇਟੀ ਜਿਸ ਉੱਤੇ ਪਿੱਤਲ ਦੀ ਮੋਹਰ ਲੱਗੀ ਹੁੰਦੀ ਸੀ, ਦਿੱਤੀ ਜਾਂਦੀ ਸੀ । ਲੰਬਰਦਾਰ ਨੂੰ ਮਾਮਲੇ ‘ਚੋਂ ਕਮਿਸ਼ਨ ਮਿਲਦੀ ਸੀ ਪਰ ਉਸ ਦੇ ਟੱਬਰ ਦਾ ਗੁਜ਼ਾਰਾ ਉਸ ਦੀ ਆਪਣੀ ਭੋਏਂ ਤੋਂ ਚੱਲਦਾ ਸੀ। ਛੋਟੀਆਂ ਗਲੋਟੀਆਂ ਦੇ ਦੋ ਲੰਬਰਦਾਰ ਸਨ। ਇਕ ਸਿੱਖਾਂ ਦਾ, ਦੂਜਾ ਮੁਸਲਮਾਨਾਂ ਦੇ ਨਾਵੇਂ ਮੁਹੱਲੇ ਦਾ। 

ਪਟਵਾਰੀ ਸਰਕਾਰ ਦੇ ਮਹਿਕਮਾ ਮਾਲ ਦਾ ਕਾਰਕੁਨ ਹੁੰਦਾ ਸੀ। ਉਹਦੀ ਤਨਖ਼ਾਹ ਥੋੜ੍ਹੀ ਹੁੰਦੀ ਸੀ ਪਰ ਜ਼ਮੀਨਾਂ ਦੀ ਤਸਦੀਕ ਕਰਨ ਦੇ ਪੈਸੇ ਵੱਖਰੇ ਮਿਲਦੇ ਸਨ। ਉਸ ਦੇ ਰਜਿਸਟਰ ਵਿੱਚ ਹਰ ਖੇਤ ਦਾ ਨਕਸ਼ਾ ਤੇ ਨੰਬਰ ਹੁੰਦਾ ਸੀ। ਉਸ ਦੇ ਰਿਕਾਰਡ ਬੜੇ ਸੁਥਰੇ ਹੁੰਦੇ ਸਨ ਤੇ ਹਰ ਥਾਂ ਮੰਨੇ ਜਾਂਦੇ ਸਨ । ਸਰਕਾਰ ਦੇ ਬਾਕੀ ਰਿਕਾਰਡ ਇੰਨੇ ਸੱਚੇ ਤੇ ਸੁੱਚੇ ਨਹੀਂ ਸੀ ਹੁੰਦੇ। 

ਚੌਂਕੀਦਾਰ ਦੀਆਂ ਕਈ ਇਕ ਜਿੰਮੇਵਾਰੀਆਂ ਹੁੰਦੀਆਂ ਸਨ। ਰਾਤ ਨੂੰ ਡੰਗੋਰੀ ਲੈ ਕੇ ਗਲੀਆਂ ਦੇ ਦੋ-ਤਿੰਨ ਚੱਕਰ ਲਾਉਣੇ ਤੇ ਪਿੰਡ ਦੀ ਰਾਖੀ ਕਰਨੀ। ਦੂਜਾ ਕੰਮ ਸੀ ਆਏ-ਗਏ ਸਰਕਾਰੀ ਅਫ਼ਸਰਾਂ ਦੀ ਅਰਦਲੀ ਕਰਨੀ ਤੇ ਢੋਲ ਵਜਾ ਕੇ ਮੁਨਾਦੀ ਕਰਨੀ। ਉਹਦਾ ਫ਼ਰਜ਼ ਇਹ ਵੀ ਸੀ ਕਿ ਪਿੰਡ ਵਿੱਚ ਜੰਮੇ-ਮਰੇ ਦੀ ਖ਼ਬਰ ਤਸੀਲੇ ਪਹੁੰਚਾਉਣੀ। 

ਇਹਨਾਂ ਤਿੰਨ ਵਿਅਕਤੀਆਂ ਤੋਂ ਇਲਾਵਾ ਕਿਸੇ-ਕਿਸੇ ਪਿੰਡ ਵਿੱਚ ਕੋਈ ਨਾ ਕੋਈ ਮੋਤਬਰ ਬੰਦਾ ਹੁੰਦਾ ਸੀ ਜੋ ਆਪਣੇ-ਆਪ ਹੀ ਸਰਕਾਰ ਦੀ ਨੁਮਾਇੰਦਗੀ ਕਰਦਾ। ਸੀ। ਹਰ ਕਿਸਮ ਦੀ ਖਬਰ ਸੁਰਤ ਵੀ ਦਿੰਦਾ ਸੀ । ਆਉਂਦੇ-ਜਾਂਦੇ ਅਫ਼ਸਰਾਂ ਨੂੰ ਰੋਟੀ ਖਵਾਉਣੀ, ਦਾਰੂ ਪਿਲਾਣਾ ਤੇ ਲੋਕਾਂ ਦੇ ਕੰਮ ਕਰਾਨੇ। ਕਚਹਿਰੀ ਤੇ ਥਾਣੇ ਵਿੱਚ ਚਲਦੀ ਸੀ। ਕਰਮਚਾਰੀ ਜੀ ਆਇਆਂ ਆਖਦੇ ਸਨ । ਇਹਦੇ ਨਾਲ ਪਿੰਡ ਵਿੱਚ ਰੋਅਬ ਕਾਇਮ ਰਹਿੰਦਾ ਸੀ। ਕੋਈ ਕੜਿਕੀ ਵਿੱਚ ਫਸ ਜਾਏ ਤਾਂ ਅਫ਼ਸਰਾਂ ਲਈ ਪੈਸੇ ਵੀ ਬਟੋਰ ਲੈਂਦਾ ਸੀ। ਕਈ ਪੁਰਾਣੇ ਜਾਗੀਰਦਾਰਾਂ ਵਾਂਗੂੰ ਇਹ ਪਿੰਡ ਵਿੱਚ ਰਾਜੇ ਹੁੰਦੇ ਸਨ। 

ਜਾਗੀਰਦਾਰ 

ਮੁਗਲਾਂ ਦੇ ਰਾਜ ਭਾਗ ਵਿੱਚ ਪਿੰਡਾਂ ਤੇ ਹਰ ਕਿਸਮ ਦਾ ਕੰਟਰੋਲ ਜਾਗੀਰਦਾਰਾਂ ਦੇ ਹੱਥ ਵਿੱਚ ਸੀ। ਇਹ ਮਾਮਲਾ ਦਿੰਦੇ, ਫ਼ੌਜਾਂ ਲਈ ਭਰਤੀ ਦਿੰਦੇ ਤੇ ਪਿੰਡ ਦੇ ਲੋਕਾਂ ਨੂੰ ਸਿੱਧਾ ਕਰਕੇ ਰੱਖਦੇ ਪਰ ਲੋਕਾਂ ਦੀ ਮੱਦਦ ਵੀ ਕਰਦੇ। ਆਪ ਜ਼ਮੀਂਦਾਰ ਹੁੰਦੇ ਸਨ, ਬਾਕੀ ਸਾਰੇ ਕਾਮੇ। ਜਦੋਂ ਸਿੱਖਾਂ ਨੇ ਪੰਜਾਬ ਫਤਹਿ ਕੀਤਾ ਤਾਂ ਜਾਗੀਰਦਾਰੀ ਹਟਾ ਦਿੱਤੀ। ਜ਼ਮੀਨ ਵਾਹਕਾਂ ਨੂੰ ਵੰਡ ਦਿੱਤੀ। ਹਰ ਕੋਈ ਆਪਣੀ-ਆਪਣੀ ਮਾਲਕੀ ਦਾ ਮਾਮਲਾ ਦੇਣ ਲਗਾ। ਪਿੰਡ ਦੀ ਵਾਗਡੋਰ ਨਿੱਕੇ-ਨਿੱਕੇ ਕਿਸਾਨਾਂ ਦੇ ਹੱਥ ਆ ਗਈ। 

ਅੰਗਰੇਜ਼ਾਂ ਨੇ ਜਾਗੀਰਦਾਰੀ ਤਾਂ ਵਾਪਸ ਨਾ ਆਂਦੀ ਪਰ ਹਰ ਪਿੰਡ ਵਿੱਚ ਸਰਕਾਰੀ ਨੁਮਾਇੰਦੇ ਨਿਯਤ ਕਰ ਦਿੱਤੇ। ਇਹਨਾਂ ਨੂੰ ਕੋਈ ਭੱਤਾ ਨਹੀਂ ਸੀ ਮਿਲਦਾ ਪਰ ਸਰਕਾਰ ਦੀ ਤਾਕਤ ਇਹਨਾਂ ਦੀ ਪਿੱਠ ‘ਤੇ ਹੁੰਦੀ ਸੀ। ਕਈਆਂ ਨੂੰ ਸਰਦਾਰ ਬਹਾਦਰ, ਮਲਿਕ ਸਾਹਿਬ, ਚੌਧਰੀ ਸਾਹਿਬ ਦੇ ਖਿਤਾਬ ਵੀ ਦਿੱਤੇ ਜਾਂਦੇ ਸਨ । ਅੰਗ੍ਰੇਜ਼ੀ ਰਾਜ ਦੇ ਇਹ ਪੁਰਜੇ ਹੁੰਦੇ ਸਨ, ਅਮੀਰ ਸਨ। ਇਹ ਨਿੱਕੇ-ਨਿੱਕੇ ‘ਰਜਵਾੜੇ’ ਬੜੀ ਐਸ਼ ਪਰਸਤੀ ਨਾਲ ਰਹਿੰਦੇ। ਰੋਅਬ ਦਾਬ ਕਾਇਮ ਰੱਖਦੇ। ਜਦੋਂ ਕਦੀ ਕੋਈ ਅਫ਼ਸਰ ਪਿੰਡ ਆਏ ਤਾਂ ਇਸ ਦੀ ਰੱਜ ਕੇ ਸੇਵਾ ਕਰਦੇ। ਜਿਹੜਾ ਕੋਈ ਕੜਿੱਕੀ ਵਿੱਚ ਫਸ ਜਾਏ, ਉਹਦਾ ਕੰਮ ਕਰਾ ਦਿੰਦੇ। ਆਮ ਪਾਰਟੀਆਂ ਕਰਦੇ ਤੇ ਮੁਜਰੇ ਕਰਾਂਦੇ, ਸ਼ਿਕਾਰ ਖੇਡਦੇ ਤੇ ਘੋੜੇ ਰੱਖਦੇ। 

ਭਾਵੇਂ ਇਹਨਾਂ ਸਰਕਾਰ ਦੇ ਕਾਰਿੰਦੀਆਂ ਕੋਲ ਕਿੰਨੀ ਵੀ ਜ਼ਮੀਨ ਹੋਵੇ, ਪੈਸੇ ਦੀ ਲੋੜ ਰਹਿੰਦੀ ਹੀ ਸੀ। ਆਲੇ-ਦੁਆਲੇ ‘ਕੱਠੇ ਕੀਤੇ ਅਮਲੇ-ਥੈਲੇ ਨੂੰ ਵੀ ਕੁਝ ਵੰਡਣਾ ਹੁੰਦਾ ਸੀ। ਇਸ ਲੋੜ ਨੂੰ ਪੂਰਾ ਕਰਨ ਲਈ ਇਹ ਕਈ ਛੁਪੇ-ਲੁਕੇ ਤਰੀਕੇ ਵਰਤਦੇ। ਚੋਰ ਆਪਣੀ ਲੁੱਟ ਦਾ ਕੁਝ ਹਿੱਸਾ ਇਹਨਾਂ ਦੇ ਪੈਰਾਂ ‘ਤੇ ਰੱਖਦੇ। ਚੋਰੀ ਕੀਤੇ ਡੰਗਰ ਇਹਨਾਂ ਦੇ ਤਬੇਲਿਆਂ ਵਿੱਚ ਬਨ੍ਹ ਜਾਂਦੇ। ਦੇਸੀ ਸ਼ਰਾਬ ਕੱਢਣ ਵਾਲੇ ਇਹਨਾਂ ਨੂੰ ਦਾਰੂ ਸਪਲਾਈ ਕਰਦੇ ਰਹਿੰਦੇ। ਇਹਨਾਂ ਦਾ ਕੰਮ ਸੀ ਪੁਲਿਸ ਤੋਂ ਬਚਾ ਦੇਣਾ। ਲੋਕਾਂ ‘ਤੇ ਰੋਅਬ ਰੱਖਦੇ ਸਨ ਤੇ ਲੋੜ ਵੇਲੇ ਗ਼ਰੀਬ ਗੁਰਬੇ ਦੀ ਮੱਦਦ ਕਰਦੇ ਸਨ। ਇਹਨਾਂ ਦੀਆਂ ਕੁਰੀਤੀਆਂ ਸਾਰੇ ਜਾਣਦੇ ਸਨ ਪਰ ਕੋਈ ਬੋਲ ਨਹੀਂ ਸੀ ਸਕਦਾ। ਕਦੀ-ਕਦਾਈ ਕਿਸੇ ਮਾੜੇ ਬੰਦੇ ਦੀ ਧੀ- ਭੈਣ ਨੂੰ ਚੁੱਕ ਵੀ ਲੈਂਦੇ ਸਨ। ਇਹਨਾਂ ਨਾਲ ਲੜਣਾ-ਝਗੜਣਾ ਔਖਾ ਸੀ। ਸਰਕਾਰ ਇਹਨਾਂ ਵੱਲ ਸੀ। 

ਸੜਕਾਂ ਦੀ ਸੰਭਾਲ ਸਰਕਾਰ ਕਰਦੀ ਸੀ ਤੇ ਕਦੀ-ਕਦਾਈਂ ਬੁੱਢੇ ਦਰਖ਼ਤਾਂ ਦੀ ਨੀਲਾਮੀ ਕਰਕੇ ਪੈਸਾ ਵਸੂਲ ਕਰ ਲੈਂਦੀ ਸੀ । ਖੂਹਾਂ ਜਾਂ ਨਿੱਕੇ ਪਿੰਡਾਂ ਨੂੰ ਜਾਂਦੇ ਪਹੇ ਰੜੇ ਜਾਂ ਰੇਤਲੇ ਹੁੰਦੇ ਸੀ। ਇਹਨਾਂ ਦੀ ਦੇਖ-ਭਾਲ ਕੋਈ ਨਹੀਂ ਸੀ ਕਰਦਾ। ਕਦੀ-ਕਦਾਈਂ ਰੋਹ ਵਿੱਚ ਆਇਆ ਕਿਸਾਨ ਗੈਲਾਂ ਨੂੰ ਪੱਧਰਾ ਕਰ ਦਿੰਦਾ ਸੀ ਤਾਂਕਿ ਗੱਡੇ ਲੰਘ ਸਕਣ। ਹੌਲੀ-ਹੌਲੀ ਇਹ ਪਹੇ ਸੌੜੇ ਹੁੰਦੇ ਜਾਂਦੇ ਸਨ ਕਿਉਂਕਿ ਆਲੇ-ਦੁਆਲੇ ਦੇ ਕਿਸਾਨ ਆਪਣੇ ਖੇਤਾਂ ਦੀ ਹੱਦ ਨੂੰ ਵਧਾਈ ਜਾਂਦੇ ਸਨ। 

ਮਿਲਵਰਤਨ :

ਹਰ ਟੱਬਰ ਵਿੱਚ ਗੱਲ-ਬਾਤ ਦਾ ਤਰੀਕਾ ਵੱਖਰਾ ਹੁੰਦਾ ਸੀ। ਪਿਉ ਪੁੱਤਾਂ ਨਾਲ ਗੱਲ ਕਰਦੇ ਸਨ, ਮਾਵਾਂ ਧੀਆਂ ਨਾਲ ਤੇ ਮੀਆਂ-ਬੀਵੀ ਕਦੀ- ਕਦਾਈਂ ਲਾਂਭੇ ਜਿਹੇ, ਅੱਖਾਂ ਤੋਂ ਓਹਲੇ ਹੋ ਕੇ ਗਿਟਮਿਟ ਕਰ ਲੈਂਦੇ। ਮਾਵਾਂ ਰੋਟੀ ਦੇ ਵੇਲੇ ਹਮੇਸ਼ਾ ਬੱਚਿਆਂ ਨਾਲ ਗੱਲਾਂ ਕਰਦੀਆਂ ਸਨ। 

ਔਰਤਾਂ ਭਾਵੇਂ ਕਿੰਨੀਆਂ ਹੀ ਰੁਝੀਆਂ ਹੁੰਦੀਆਂ ਸਨ, ਰਲ-ਮਿਲ ਕੇ ਦਿਲ ਦੀ ਹਵਾੜ ਕੱਢਣ ਦਾ ਵਕਤ ਲੱਭ ਈ ਲੈਂਦੀਆਂ ਸਨ। ਆਦਮੀ ਸਰਦੀਆਂ ਵਿੱਚ ਬਾਹਰ ਕਿਤੇ ਕੰਧਾਂ ਨਾਲ ਖਲੋ ਕੇ ਧੁੱਪ ਸੇਕਦੇ ਜਾਂ ਗਰਮੀਆਂ ‘ਚ ਦਰਖ਼ਤਾਂ ਹੇਠ ਬੈਠੇ ਗੱਪ- ਸ਼ੱਪ ਮਾਰ ਲੈਂਦੇ। ਕੁੜੀਆਂ ਆਪੋ ਵਿੱਚ ਤੇ ਮੁੰਡੇ ਆਪੋ ਵਿੱਚ ਪੱਕੀ ਦੋਸਤੀ ਨਿਭਾਉਂਦੇ ਸਨ। ਉਹ ਵੱਡਿਆਂ ਦੀਆਂ ਤਰਫ਼ਦਾਰੀਆਂ ਤੇ ਵਕਤ ਦੇ ਦਬਾਉ ਤੋਂ ਅਜੇ ਰਹਿਤ मठ। 

ਦਿਲ ਲਗੀ :

ਸਭ ਤੋਂ ਵੱਡੀ ਦਿਲ ਲਗੀ ਸੀ ਗੱਪਸ਼ੱਪ। ਆਦਮੀ ਆਦਮੀਆਂ ਨਾਲ ਉੱਚੀ-ਉੱਚੀ ਸ਼ੇਖੀਆਂ ਮਾਰਦੇ, ਔਰਤਾਂ-ਔਰਤਾਂ ਨਾਲ ਗੱਲਾਂ ਕਰਦੀਆਂ ਤੇ ਅਜਨਬੀ ਅਜਨਬੀਆਂ ਨਾਲ ਇੱਧਰ-ਉੱਧਰ ਦੀਆਂ ਕਹਾਣੀਆਂ ਪਾਉਂਦੇ। ਮੌਸਮਾਂ ਨਾਲ ਦਿਲ ਲੱਗੀ ਦੇ ਤੌਰ-ਤਰੀਕੇ ਬਦਲ ਜਾਂਦੇ। ਬਹਾਰ ਆਏ ਤਾਂ ਰੱਸਾ ਖਿੱਚਦੇ। ਪੱਤਝੜ ਆਏ ਤਾਂ ਖੇਤਾਂ ਵਿੱਚ ਨੌਜਵਾਨ ਕਬੱਡੀ ਖੇਡਦੇ, ਸੁਹਾਗਾ ਚੁੱਕਦੇ ਤੇ ਕੁਸ਼ਤੀਆਂ ਕਰਦੇ। ਆਪਣੀ ਤਾਕਤ ਵਖਾਉਂਦੇ। ਸਿਆਲਾਂ ਨੂੰ ਮੁੰਡੇ ਵਾਹਨਾਂ ‘ਚ ਮਾਲਸ਼ ਕਰਦੇ, ਡੰਡ ਬੈਠਕਾਂ ਕੱਢਦੇ, ਕਬੱਡੀ ਖੇਡਦੇ ਤੇ ਕੁਸ਼ਤੀ ਕਰਦੇ। ਇਲਾਕੇ ਦੇ ਸਭ ਤੋਂ ਵੱਡਾ ਪਹਿਲਵਾਨ ਚੀਰੇ ਪਿੰਡ ਦਾ ਗੂੰਗਾ ਸੀ। ਕਹਿੰਦੇ ਸਨ ਕਿ ਹਿੰਦੁਸਤਾਨ ਦੇ ਇਸ ਨਾਮਵਰ ਸ਼ੇਰ ਦੀ ਹੂੰਗਰ ਪਿੰਡ ਤੋਂ ਸਿਆਲਕੋਟ ਸ਼ਹਿਰ ਸੁਣੀ ਜਾਂਦੀ ਸੀ। 

ਮੀਟੀ, ਗੁੱਲੀ ਡੰਡਾ ਤੇ ਹੱਕੀ ਖੇਡਣਾ ਬਾਰ੍ਹਾਂ ਮਹੀਨੇ ਚੱਲਦਾ ਸੀ । ਹੱਕੀਆਂ ਹਰ ਕੋਈ ਆਪ ਬਣਾਉਂਦਾ ਸੀ। ਟਾਹਲੀ ’ਤੇ ਚੜ੍ਹ ਕੇ ਮੋਟੀ ਟਹਿਣੀ ਜਿਹੜੀ ਠੀਕ ਮੁੜੀ ਹੋਵੇ ਲੱਭ ਲਈ, ਕੱਟ ਲਈ, ਛਾਂਗ ਲਈ ਤੇ ਹੱਕੀ ਬਣ ਗਈ । ਆਮ ਤੌਰ ‘ਤੇ ਕੁੜੀਆਂ ਮੁੰਡੇ ਪੀਂਘਾਂ ਝੂਟਦੇ ਤੇ ਖ਼ੁਸ਼ ਹੁੰਦੇ। ਦਿਨੇ ਮੁੰਡੇ ਕਿਸੇ ਦੇ ਪੱਕੇ ਥੜੇ ਤੇ ਗੀਟੇ ਜਾਂ ਲਾਟੂ ਖੇਡਦੇ। ਖੁਲ੍ਹੇ ਥਾਂ ਬੰਟੇ ਆਮ ਖੇਡਦੇ। ਪਹਿਲੀ ਜੰਗ ਤੋਂ ਬਾਅਦ ਸਕੂਲ ਵਿੱਚ ਨਵੀਆਂ ਖੇਡਾਂ ਜਿਵੇਂ ਕਿ ਵਾਲੀਬਾਲ, ਫੁੱਟਬਾਲ ਤੇ ਜਿਮਨਾਸਟਿਕ ਪ੍ਰਚੱਲਿਤ ਹੋ ਗਈਆਂ। ਸਿਆਲਾਂ ਦੀਆਂ ਲੰਮੀਆਂ ਰਾਤਾਂ ਨੂੰ ਔਰਤਾਂ, ਕੁੜੀਆਂ ਚਰਖਾ ਕੱਤਦੀਆਂ, ਆਪਣੇ- ਆਪਣੇ ਘਰ ਜਾ ਤ੍ਰਿਜਣਾਂ ’ਚ। ਕੁੜੀਆਂ ਤਰਚੌਲੀ ਤੇ ਮਿੱਠੀਆਂ ਕੜਕ ਰੋਟੀਆਂ ਖਾਂਦੀਆਂ, ਗਾਉਂਦੀਆਂ ਤੇ ਸਾਰੀ ਰਾਤ ਕੱਤਦੀਆਂ ਰਹਿੰਦੀਆਂ। ਸਵੇਰੇ ਗਿਣਦੀਆਂ ਕਿ ਕਿੰਨੀਆਂ-ਕਿੰਨੀਆਂ ਛੱਲੀਆਂ ਬਣੀਆਂ ਨੇ। 

ਅਮੀਰ ਤੇ ਵੇਹਲੜ ਨੌਜਵਾਨਾਂ ਦੇ ਦੋ ਸ਼ੌਕ ਸਨ । ਕਦੀ-ਕਦਾਈਂ ਮੁਜਰਾ ਵੇਖਣਾ ਤੇ ਸ਼ਿਕਾਰ ਖੇਡਣਾ। ਮੁਜਰੇ ਵਿੱਚ ਗਾਉਣ ਤੇ ਨੱਚਣ ਵਾਲੀਆਂ ਕੁੜੀਆਂ ਦੇ ਨਾਲ ਢੋਲਕ ਵਜਾਉਣ ਵਾਲੇ ਆਦਮੀਆਂ ਦਾ ਟੋਲਾ ਸ਼ਾਮਲ ਹੁੰਦਾ ਸੀ। ਛੋਟੀਆਂ ਗਲੋਟੀਆਂ ‘ਚ ਸਿਰਫ਼ ਇਕੋ ਵਾਰੀ ਮੁਜਰਾ ਹੋਇਆ ਸੀ। ਸ਼ਿਕਾਰ ਵੀ ਘੱਟ ਈ ਸੀ। ਪਿੰਡ ਦੇ ਆਲੇ-ਦੁਆਲੇ ਤਾਂ ਕੇਵਲ ਖਰਗੋਸ਼ ਹੀ ਲੱਭਦੇ ਸਨ। ਪਰ ਸ਼ੇਖੂਪੁਰੇ, ਗੁਜਰਾਂਵਾਲੇ ਦੇ ਖੁਲੇ ਇਲਾਕਿਆਂ ‘ਚ ਤਰਾਂ-ਤਰਾਂ ਦਾ ਸ਼ਿਕਾਰ ਲੱਭ ਜਾਂਦਾ ਸੀ। ਬਟੇਰੇ ਫੜਨਾ ਬੜਾ ਆਮ मी। 

ਬਟੇਰ ਕੈਂਪ 

ਬਟੇਰਿਆਂ ਦਾ ਕੋਈ ਪੱਕਾ ਟਿਕਾਣਾ ਨਹੀਂ ਹੁੰਦਾ। ਟੱਪਰੀਵਾਸਾਂ ਵਾਂਗੂੰ ਫਿਰਦੇ-ਤੁਰਦੇ ਰਹਿੰਦੇ ਨੇ। ਮੌਸਮ ਅਨੁਸਾਰ ਇੱਕ ਇਲਾਕੇ ਤੋਂ ਦੂਜੇ ਇਲਾਕੇ ਨੂੰ ਤੁਰ ਜਾਂਦੇ ਨੇ। ਆਮ ਤੌਰ ‘ਤੇ ਸਤੰਬਰ ਦੇ ਮਹੀਨੇ ‘ਚ ਮਿਲਦੇ ਸਨ। ਖਾਣ ਵਾਲਿਆਂ ਲਈ ਇਹ ਬੜੀ ਸੌਗਾਤ (dedicacy) ਸੀ ਪਰ ਚੁਣੇ ਹੋਏ ਬਟੇਰਿਆਂ ਨੂੰ ਸ਼ੌਕੀਆਂ ਪਿੰਜਰਿਆਂ ਵਿੱਚ ਘਰ ਵੀ ਰੱਖਦੇ ਸਨ। ਕੁਝ ਲੋਕੀਂ ਇਹਨਾਂ ਨੂੰ ਵੇਚਣ ਵਾਸਤੇ ਫੜਦੇ ਸਨ ਪਰ ਆਮ ਤੌਰ ‘ਤੇ ਇਹ ਸ਼ਿਕਾਰੀਆਂ ਦਾ ਸ਼ੌਕ ਸੀ। ਇਹਨੂੰ ਫੜਨਾ ਔਖਾ ਨਹੀਂ ਸੀ ਪਰ ਅਨਾੜੀ ਭਾਵੇਂ ਸਾਰੇ ਦਿਨ ਵਿੱਚ ਇਕ ਵੀ ਨਾ ਫੜ ਸਕੇ ਜਿਵੇਂ ਕਿ ਹਰ ਕੋਈ ਮੱਛੀ ਨਹੀਂ ਫੜ ਸਕਦਾ। 

ਇਕ ਤਰੀਕਾ ਸੀ ਬੁਲਾਰਿਆਂ ਦਾ। ਅਸੀਂ ਨਿੱਕੇ-ਨਿੱਕੇ ਪਿੰਜਰੇ ਬਣਾ ਕੇ ਆਲੇ-ਦੁਆਲੇ ਮਲਮਲ ਨਾਲ ਢੱਕ ਦਿੰਦੇ ਸੀ। ਪਿੰਜਰਿਆਂ ਨੂੰ ਖੇਤ ਦੇ ਇਕ ਪਾਸੇ ਬਾਂਸਾਂ ਤੇ ਟੰਗ ਦਿੰਦੇ ਤੇ ਨਾਲ ਹੀ ਜਾਲ ਲਾ ਦਿੰਦੇ ਸੀ। ਸਵੇਰੇ-ਸਵੇਰੇ ਬੁਲਾਰੇ ਦਿਲਖਿੱਚਵੇਂ ਰਾਗਾਂ ਵਿੱਚ ਟੈਂ-ਟੈਂ ਕਰਨੀ ਸ਼ੁਰੂ ਕਰ ਦਿੰਦੇ ਸੀ। ਪਿਆਰ ਦੀਆਂ ਹੋਕਾਂ ਸੁਣ ਕੇ ਇੱਧਰੋਂ-ਉੱਧਰੋਂ ਬਟੇਰੇ ਦੌੜ ਕੇ ਆ ਜਾਂਦੇ ਅਤੇ ਜਾਲ ਵਿੱਚ ਫਸ ਜਾਂਦੇ। 

ਜਵਾਰ ਬਾਜਰੇ ਦੇ ਖੇਤਾਂ ਵਿੱਚ ਬਟੇਰੇ ਆਮ ਮਿਲਦੇ ਸੀ। ਅਸੀਂ ਖੇਤ ਦੇ ਇਕ ਸਿਰੇ ਤੇ ਜਾਲ ਲਾ ਦੇਣਾ। ਦੂਜੇ ਪਾਸੇ ਦੋ ਜਣਿਆਂ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਰੱਸੀ ਖਿੱਚ ਕੇ ਫੜ ਲੈਣੀ ਤੇ ਹੌਲੀ-ਹੌਲੀ ਤੁਰੀ ਜਾਣਾ। ਬਟੇਰੇ ਰੱਸੀ ਦੇ ਅੱਗੇ-ਅੱਗੇ ਦੌੜੇ ਜਾਂਦੇ ਤੇ ਵਿਚਾਰੇ ਆਖ਼ਿਰ ਜਾਲ ਵਿੱਚ ਫਸ ਜਾਂਦੇ। 

ਬਟੇਰਿਆਂ ਨੂੰ ਕਿਸੇ ਨੇ ਵੀ ਕਦੀ ਬੰਦੂਕ ਨਾਲ ਨਹੀਂ ਸੀ ਮਾਰਿਆ। ਸ਼ਿਕਾਰੀ ਹਮੇਸ਼ਾ ਇਹਨਾਂ ਖ਼ੂਬਸੂਰਤ ਪਰਿੰਦਿਆਂ ਨੂੰ ਫੜਦੇ ਹੀ ਹੁੰਦੇ ਸਨ। ਸ਼ਿਕਾਰ ਚੋਰ (poachers) ਇਹਨਾਂ ਨੂੰ ਫੜ ਕੇ ਵੇਚ ਦਿੰਦੇ ਸਨ। 1930 ਵਿੱਚ ਇਹਨਾਂ ਦਾ ਭਾਅ ਦਸਾਂ ਦਾ ਇਕ ਰੁਪਿਆ ਹੁੰਦਾ ਸੀ। ਅਸੀਂ ਪੰਜਾਬ ਸ਼ਿਕਾਰ ਕਲੱਬ ਬਣਾਈ ਹੋਈ ਸੀ। ਚੌਧਰੀ ਜ਼ਰੂਰ ਇਲਾਹੀ ਸਾਡਾ ਸਰਪ੍ਰਸਤ ਸੀ। ਅਸੀਂ ਤਿੰਨ ਰਾਤਾਂ ਦਾ ਕੈਂਪ ਲਾਉਣਾ। ਦਿਨੇ ਬਟੇਰੇ ਫੜਨੇ। ਹਰ ਕੋਈ ਪੰਜ ਕੁ ਬਟੇਰੇ ਫੜ ਲੈਂਦਾ ਸੀ। ਸ਼ਾਮ ਨੂੰ ਬਟੇਰਿਆਂ ਨੂੰ ਭੁੰਨਣਾ, ਦਾਰੂ ਪੀਣਾ, ਗੱਪਸ਼ਪ ਮਾਰਨੀ, ਦੋਸਤੀਆਂ ਵਧਾਣੀਆਂ ਤੇ ਪੱਕੀਆਂ ਕਰਨੀਆਂ। 

ਪ੍ਰੀਤਮ ਸਿੰਘ ਭਿੰਡਰ (1913-) ਕੋਟਲੀ ਅੜਬੰਗਾ 

ਬਣਤਰ-ਤੰਤਰ 

ਪੁਸ਼ਤਾਂ ਦਰ ਪੁਸ਼ਤਾਂ, ਰੀਤੀ ਰਿਵਾਜਾਂ ਦੀਆਂ ਤਹਿਆ ਇਕ ਦੇ ਉਪਰ ਦੂਜੀ ਜੰਮਦੀਆਂ ਰਹਿੰਦੀਆਂ ਨੇ। ਲੋਕਾਂ ਦੀ ਰਹਿਣੀ-ਬਹਿਣੀ ਬਦਲਦੀ ਰਹਿੰਦੀ ਏ। ਇਹ ਜ਼ਮਾਨੇ ਦਾ ਦਸਤੂਰ ਏ। ਸਤਾਰਵੀਂ ਸਦੀ ਦੇ ਸ਼ੁਰੂ ਤਕ, ਛੋਟੀਆਂ ਗਲੋਟੀਆਂ ਇੱਕ ਟਿਕਿਆ ਹੋਇਆ ਸ਼ਾਂਤ ਹਿੰਦੂ ਪਿੰਡ ਸੀ। ਉਸ ਤੋ ਬਾਅਦ ਨਵੀਆਂ ਲਹਿਰਾਂ ਚਲੀਆਂ ਜਿਨ੍ਹਾਂ ਨੇ ਪਿੰਡ ਦਾ ਨਕਸ਼ਾ ਬਦਲ ਦਿੱਤਾ। ਥੋੜ੍ਹੇ ਸਮੇਂ ਅੰਦਰ ਹੀ ਹਿੰਦੂਆਂ ਨੇ ਦੂਜੇ ਧਰਮ ਅਪਣਾ ਲਏ। ਵੀਹਵੀਂ ਸਦੀ ਦੇ ਸ਼ੁਰੂ ਹੋਣ ਤਕ ਪਿੰਡ ਇਕ ਬਹੁਵਾਦ (Plural) ਅਗਾਂਹਵਧੂ (Progressive) ਤੇ ਆਜ਼ਾਦ ਖ਼ਿਆਲਾਂ (Liberal) ਦੇ ਸਮਾਜ ਵਿੱਚ ਬਦਲ ਚੁੱਕਾ ਸੀ। ਸਿੱਖ, ਮੁਸਲਮਾਨ, ਈਸਾਈ ਤੇ ਹਿੰਦੂ ਆਪਸ ਵਿੱਚ ਮੇਲ-ਜੋਲ ਨਾਲ ਪਿਆਰ ਤੇ ਸਤਿਕਾਰ ਭਰਿਆ ਜੀਵਨ ਬਿਤਾ ਰਹੇ ਸਨ। ਪਿੰਡ ਵਿੱਚ ਸ਼ਾਂਤੀ ਤੇ ਅਮਨ ਸੀ। ਕੋਈ ਖਿੱਚੋਤਾਣ ਨਹੀਂ ਸੀ। ਪਿੰਡ ‘ਤੇ ਜੋ ਅਸਰ ਪਏ ਉਹਨਾਂ ਦਾ ਸੰਖੇਪ ਵੇਰਵਾ ਇਹ ਹੈ— 

ਹਿੰਦੂਆਂ ਦਾ ਜ਼ਮਾਨਾ :

ਪਿੰਡ ਦੇ ਆਲੇ-ਦੁਆਲੇ ‘ਚੋਂ ਕਈ ਰੱਥ, ਹਾਥੀ ਤੇ ਘੋੜੇ ਲੰਘੇ ਹੋਣਗੇ ਭਾਵੇਂ ਨਾਮੋਨਿਸ਼ਾਨ ਕੋਈ ਨਹੀਂ ਸੀ। ਪੰਜ ਹਜ਼ਾਰ ਸਾਲ ਪਹਿਲੋਂ ਤੋਂ ਆਰਯਾ ਲੋਕ ਆ ਕੇ ਵਸਣੇ ਸ਼ੁਰੂ ਹੋ ਗਏ। ਨਵੇਂ ਸਮਾਜ ਦੀਆਂ ਲੀਕਾਂ ਉੱਕਰੀਆਂ। ਰਾਜਪੂਤਾਂ ਦਾ ਰਾਜ ਬਣਿਆ। ਉਸ ਸਮੇਂ ਦਾ ਮਸ਼ਹੂਰ ਤੇ ਤਾਕਤਵਰ ਰਾਜਾ ਪੋਰਸ ਹੋਇਆ। ਉਸ ਨੂੰ ਸਿਕੰਦਰੇ ਆਜ਼ਮ ਨੇ 2,300 ਸਾਲ ਪਹਿਲੋਂ ਜੇਹਲਮ ਦੇ ਕੰਢੇ ‘ਤੇ ਹਰਾਇਆ ਪਰ ਰਾਜਪੂਤਾਂ ਦਾ ਰਾਜ ਕਾਇਮ ਦਾ ਕਾਇਮ ਰਿਹਾ। ਸੈਂਕੜੇ ਸਾਲ ਬਾਅਦ ਸਿਆਲਕੋਟ ਦੇ ਰਾਜੇ ਸਲਵਾਨ ਦੇ ਪੁੱਤਰ ਪੂਰਨ ਭਗਤ ਨੇ ਲੋਕਾਂ ਦੇ ਦਿਲਾਂ ਨੂੰ ਮੋਹਿਆ। ਪਿੰਡ-ਪਿੰਡ ਉਹਦੇ ਕਿੱਸੇ ਰਾਗ ਨਾਲ ਪੜ੍ਹੇ ਤੇ ਸੁਣੇ ਜਾਂਦੇ ਸੀ । ਯਾਰਵੀਂ ਸਦੀ ਤੋਂ ਮੁਸਲਮਾਨ ਹਮਲਾਵਰ ਆਉਣੇ ਸ਼ੁਰੂ ਹੋਏ। ਇਸਲਾਮ ਦਾ ਬੋਲਬਾਲਾ ਹੋ ਗਿਆ। ਰਾਜਪੂਤਾਂ ਦਾ ਰਾਜ ਖ਼ਤਮ ਹੋ ਗਿਆ ਪਰ ਸਿਆਲਕੋਟ ਦੇ ਆਲੇ-ਦੁਆਲੇ ਕੁਝ ਛੋਟੇ- ਛੋਟੇ ਹਿੰਦੂ ਤੇ ਸਿੱਖ ਰਾਜਪੂਤ ਰਾਜੇ ਬਰਕਰਾਰ ਰਹੇ। ਇਹਨਾਂ ਦੀ ਅੰਸ਼ ‘ਚੋਂ ਸੀ ਗਿਆਨ ਸਿੰਘ ਤੂਰ ਦਾ ਬਾਪ ਜਿਸ ਤੋਂ ਅੰਗਰੇਜ਼ਾਂ ਨੇ ਜ਼ਮੀਨ ਲੈ ਕੇ ਸਿਆਲਕੋਟ ਛੌਣੀ ਬਣਾਈ ਸੀ । ‘ਰਾਜਾ’ ਗਿਆਨ ਸਿੰਘ ਦਾ ਬੇਟਾ ਬਾਲਮੋਹਿੰਦਰ ਸਿੰਘ ਤੂਰ ਰਾਜਿਆਂ ਦੇ ਕਾਲਜ (Chiefs College, Lahore) ਪੜਿਆ , ਫੌਜ  ਵਿੱਚ ਕਪਤਾਨ ਬਣਿਆ ਤੇ ਛੋਟੀਆਂ ਗਲੋਟੀਆਂ ਦੀ ਧੀ ਮਨਜੀਤ ਕੌਰ ਨਾਲ ਵਿਆਹਿਆ ਗਿਆ। 

ਸਤਾਰਵੀਂ ਸਦੀ ਤਕ ਛਟੀਆਂ ਗਲੋਟੀਆਂ ਹਿੰਦੂਆਂ ਗੜ੍ਹ ਸੀ। ਏਥੇ ਮੰਦਰ ਵੀ ਸੀ ਤੇ ਪੁਜਾਰੀ ਵੀ। ਪਰ ਪੁਸ਼ਤਾਂ ਤੋਂ ਕਦੀ ਕਿਸੇ ਨੇ ਏਸ ਦਾ ਜ਼ਿਕਰ ਨਹੀਂ ਸੀ ਕੀਤਾ। ਪਿੰਡ ਵਿੱਚ ਬੈਠਣ-ਖੇਡਣ ਦੀ ਮਸ਼ਹੂਰ ਤੇ ਖੁੱਲ੍ਹੀ ਥਾਂ ਠਾਕਰਦਵਾਰਾ ਸੀ। ਆਲੇ ਦੁਆਲੇ ਇੱਟਾਂ ਦੀ ਦੀਵਾਰ ਬਣੀ ਹੋਈ ਤੇ ਇਕ ਨਿੱਕਾ ਜਿਹਾ ਕਮਰਾ ਵੀ ਸੀ ਜੋ ਹਰ ਇਕ ਵਾਸਤੇ ਖੁੱਲ੍ਹਾ ਸੀ। ਦਰਮਿਆਨ ਵਿੱਚ ਬੜਾ ਵੱਡਾ ਬੋਹੜ ਸੀ। ਉਸ ਦੀ ਛਾਂ ਥੱਲੇ ਗਰਮੀਆਂ ‘ਚ ਲੋਕੀਂ ਆਰਾਮ ਕਰਦੇ, ਤਾਸ਼ ਖੇਡਦੇ ਤੇ ਗੱਪਸ਼ਪ ਮਾਰਦੇ। ਬੱਚੇ ਹਰ ਕਿਸਮ ਦੀਆਂ ਖੇਡਾਂ ਖੇਡਦੇ ਤੇ ਬੋਹੜ ‘ਤੇ ਚੜ੍ਹਦੇ ਨਾਲ ਦੀ ਥਾਂ ‘ਚ ਪੰਡਤਾਂ ਦਾ ਖੁੱਲ੍ਹੇ ਵਿਹੜੇ ਵਾਲਾ ਘਰ ਸੀ । ਪਿੰਡ ਵਿੱਚ ਹਿੰਦੂ ਧਰਮ ਦਾ ਕੋਈ ਹੋਰ ਚਿੰਨ੍ਹ ਨਹੀਂ ਸੀ ਰਹਿ ਗਿਆ। ਪਰ ਬਹੁਤ ਸਾਰੇ ਹਿੰਦੂ ਰਿਵਾਜ ਤੇ ਰੀਤਾਂ ਅਜੇ ਨਵੇਂ ਆਏ ਧਰਮਾਂ ‘ਚ ਜਿਊਂਦੀਆਂ ਜਾਗਦੀਆਂ ਸਨ, ਭਾਵੇਂ ਪਿੰਡ ਵਿੱਚ ਬੜੇ ਥੋੜ੍ਹੇ ਹਿੰਦੂ ਰਹਿ ਗਏ ਸਨ। 

ਸਿਖਵਾਦ :

ਨਵੀਂਆਂ ਕੀਮਤਾਂ ਦੀ ਇਕ ਲਹਿਰ ਆਈ ਜਿਸ ਨੇ ਛੇਤੀ ਹੀ ਲੋਕਾਂ  ਦੇ ਦਿਲ ਤੇ ਦਿਮਾਗ਼ ਆਪਣੇ ਵੱਲ ਖਿੱਚ ਲਏ। 1620 ਵਿੱਚ ਛੇਵੇਂ ਸਿੱਖ ਗੁਰੂ ਹਰਗੋਬਿੰਦ ਆਪਣੇ ਸਵਾਰਾਂ, ਰਾਗੀਆਂ, ਢਾਡੀਆਂ ਤੇ ਅਹਿਲਕਾਰਾਂ ਨਾਲ ਪਿੰਡ ਆਏ, ਦਰਬਾਰ ਲਾਇਆ, ਕੀਰਤਨ ਕੀਤਾ। ਸਿੱਖੀ ਦੀ ਅਪੀਲ ਮਿਕਨਾਤੀਸੀ ਸੀ। ਨਾ ਜ਼ਾਤ-ਪਾਤ, ਨਾ ਸਮਾਜਕ ਪਾਬੰਦੀਆਂ। ਅਜ਼ਾਦੀ ਤੇ ਕਿਰਤ ਕਮਾਈ ‘ਤੇ ਜ਼ੋਰ। ਇਕ ਰੱਬ ਦੀ ਮਾਨਤਾ, ਜੋ ਹਰ ਹਿਰਦੇ ਵਿੱਚ ਵਸਦਾ ਏ। ਸਭ ਬਰਾਬਰ ਹਨ। ਜਦੋਂ ਸੱਤਵੇਂ ਗੁਰੂ ਹਰਰਾਏ 1659 ਵਿੱਚ ਪਿੰਡ ਆਏ ਤਾਂ ਬਹੁਤ ਲੋਕਾਂ ਨੇ ਸਿੱਖ ਧਰਮ ਨੂੰ ਅਪਣਾ ਲਿਆ ਹੋਇਆ ਸੀ। ਇਹ ਤਬਦੀਲੀ ਮਿੱਠੀ ਤਰ੍ਹਾਂ ਆਈ। ਨਾ ਸਮਾਜ ਵਿੱਚ ਹਿਲਜੁਲ ਹੋਈ ਤੇ ਨਾ ਕੋਈ ਗੁੱਸਾ ਗਿਲਾ । ਜਿਸ ਥਾਂ ਗੁਰੂ ਆ ਕੇ ਬੈਠੇ ਸੀ ਉੱਥੇ ਬੜਾ ਸ਼ਾਨਦਾਰ ਤੇ ਤਵਾਰੀਖੀ ਗੁਰਦੁਆਰਾ ਬਣਿਆ। ਮੀਲਾਂ ਤੋਂ ਗੁਬੰਦ ਨਜ਼ਰ ਆਉਂਦਾ ਸੀ। 

ਇਸਲਾਮ :

ਬਾਹਰਵੀਂ ਸਦੀ ਦੇ ਸ਼ੁਰੂ ਤੋਂ, ਪਠਾਨਾਂ ਤੇ ਤੁਰਕਾਂ ਦੇ ਰਾਜ ਸਮੇਂ ਇਸਲਾਮ ਹੌਲੀ-ਹੌਲੀ ਪੱਕੇ ਪੈਰੀਂ ਪੰਜਾਬ ਵਿੱਚ ਫੈਲ ਗਿਆ। ਛੋਟੀਆਂ ਗਲੋਟੀਆਂ ਦੇ ਆਲੇ ਦੁਆਲੇ ਵੀ ਇਸਲਾਮ ਨੇ ਪੈਰ ਲਾਏ ਪਰ ਪਿੰਡ ਤੋਂ ਲਾਂਭੇ ਹੀ ਰਹਿਆ। ਸਤਾਰਵੀਂ ਸਦੀ ਔਰੰਗਜ਼ੇਬ (1618-1707) ਦੇ ਰਾਜ ਸਮੇਂ ਛੇਤੀ ਹੀ ਤਬਦੀਲੀ ਆਈ। ਬਾਦਸ਼ਾਹ ਨੂੰ ਯਕੀਨ ਸੀ ਕਿ ਹਿੰਦੁਸਤਾਨ ਵਿੱਚ ਫ਼ਿਰਕੂ ਮਸਲੇ ਦਾ ਇਕ ਇਲਾਜ ਏ ਕਿ ਸਾਰੇ ਮੁਲਕ ਵਿੱਚ ਇਕੋ ਧਰਮ (ਇਸਲਾਮ) ਹੋਵੇ। ਉਸਦੇ ਰਾਜ ਸਮੇਂ ਹਰ ਤਰੀਕੇ ਨਾਲ ਮੁਸਲਮਾਨਾਂ ਦੀ ਗਿਣਤੀ ਦਿਨ ਦੂਣੀ ਤੇ ਰਾਤ ਚੌਗੁਣੀ ਵਧੀ। ਸੰ: 1,700 ਤੱਕ ਪਿੰਡ ਦਾ ਤੀਜਾ ਹਿੱਸਾ ਮੁਸਲਮਾਨ ਬਣ ਚੁੱਕਾ ਸੀ। 

ਪਿੰਡ ਵਿੱਚ ਵੱਖੋ-ਵੱਖ ਜਾਤੀਆਂ ਦੀਆਂ ਦੋ ਮਸੀਤਾਂ, ਇਕ ਤੋਂ ਬਾਅਦ ਦੂਜੀ, ਦਾਰਾ ਤੇ ਈਦਗਾਹ ਮੁਗਲ ਸਰਕਾਰ ਦੀ ਸਰਪ੍ਰਸਤੀ ਹੇਠ ਬਣੀਆਂ। ਪੱਕੀਆਂ ਇੱਟਾਂ ਦੀ ਖੂਬਸੂਰਤ ਤੀਜੀ ਮਸੀਤ 1920 ਦੇ ਕਰੀਬ ਲੁਹਾਰਾਂ ਨੇ ਆਪਣੇ ਖ਼ਰਚੇ ਤੇ ਬਣਾਈ। ਭਾਵੇਂ ਇਸਲਾਮ ਦੀ ਧਾਰਮਿਕ ਗਾਥਾ ਅਰਬੀ ਵਿੱਚ ਸੀ ਤੇ ਰੀਤੀ ਰਿਵਾਜ ਜਿਵੇਂ ਕੇ ਸੁੰਨਤ ਨਵੀਂ ਕਿਸਮ ਦੇ ਸਨ ਤੇ ਬਾਹਰੋਂ ਆਏ ਸਨ, ਲੋਕਾਂ ਨੇ ਏਸ ਬਦਲੀ ਨੂੰ ਸੁਖੀ- ਸੁਖੀ ਸਵੀਕਾਰ ਕਰ ਲਿਆ। 

ਰਣਜੀਤ ਸਿੰਘ :

ਬਲਵਾਨ ਤੇ ਜੰਗਜੂ ਸਾਂਸੀਆਂ ਦੇ ਕਬੀਲੇ ਤੁਰਦੇ-ਫਿਰਦੇ ਰਹਿੰਦੇ ਸਨ। ਟੱਪਰੀ ਵਾਸ, ਟਿਕ ਕੇ ਨਹੀਂ ਸੀ ਬੈਠਦੇ। ਗੁਰੂ ਹਰ ਗੋਬਿੰਦ ਨੇ ਸਿੱਖ ਧਰਮ ਦੀ ਖਿੱਚ ਪਾਈ, ਗੁਜਰਾਂਵਾਲੇ ਤੇ ਵਜ਼ੀਰਾਬਾਦ ਦੇ ਦਰਮਿਆਨ ਪਿੰਡਾਂ ਵਿੱਚ ਇਹਨਾਂ ਨੂੰ ਵਸਾਇਆ। ਕੋਈ ਕਹਿੰਦਾ ਸੀ 7 ਤੇ ਕੋਈ ਕਹਿੰਦਾ ਸੀ 11 ਪਿੰਡਾਂ ਦੀ ਬਖ਼ਸ਼ਸ਼ ਕੀਤੀ। ਇਹ ਸਿੱਖ ਸਾਂਸੀ ਪੰਜਾਬ ਵਿੱਚ ਸਿੱਖ ਰਾਜ ਕਾਇਮ ਕਰਨ ਦੇ ਮੋਹਰੀ ਬਣੇ। ਛੋਟੀਆਂ ਗਲੋਟੀਆਂ ਏਸ ਇਲਾਕੇ ਦਾ ਇਕ ਪਿੰਡ ਬੀ ਜਿਥੋਂ ਦਾ ਇਕ ਨੌਜਵਾਨ ਮਹਾਰਾਜੇ ਦਾ ਘੋੜਚੜਾ ਸੀ। 

ਪੰਜਾਬ ਵਿੱਚ ਸਿੱਖ ਰਾਜ (1760-1848) ਦੇ ਸਮੇਂ ਕਿਸੇ ਵੀ ਮੁਸਲਮਾਨ ਨੇ ਸਿੱਖ ਧਰਮ ਵਿੱਚ ਵਾਪਸ ਪੈਰ ਨਹੀਂ ਸੀ ਰੱਖੇ ਕਿਉਂਕਿ ਮਹਾਰਾਜੇ ਦੀ ਪਾਲਸੀ ਸੀ ਕਿ ਸਰਕਾਰ ਧਰਮ ਵਿੱਚ ਦਖ਼ਲ ਨਾ ਦੇਵੇ। ਮਹਾਰਾਜੇ ਦੇ ਸਮੇਂ ਪੰਜਾਬ ਵਿੱਚ ਅਮਨ ਰਿਹਾ, ਚੋਰੀ ਚਕਾਰੀ ਘਟੀ ਤੇ ਖੇਤੀ-ਬਾੜੀ ਵਿਚ ਬੜੀ ਤਰੱਕੀ ਹੋਈ। ਮਹਾਰਾਜੇ ਦੇ ਇਕ ਇਟਾਲੀਅਨ ਜਰਨੈਲ ਅਵੀਤਾਬਲੇ ਨੇ ਇਟਲੀ ਤੋਂ ਲਿਆ ਕੇ ਰੈੱਡ-ਬਲੱਡ ਆਰੇਜਿਜ਼ (Oranges) ਦਾ ਬਾਗ਼ ਗੁਜਰਾਂਵਾਲੇ ਲਾਇਆ। ਕਿਉਂਕਿ ਇਹਨਾਂ ਦੀਆਂ ਕਲਮਾਂ ਮਾਲਟਾ ਦੀ ਬੰਦਰਗਾਹ ਰਾਹੀਂ ਆਈਆਂ ਸਨ, ਲੋਕੀ ਇਹਨੂੰ ‘ਮਾਲਟਾ’ ਕਹਿਣ ਲੱਗ ਪਏ। ਗੁਜਰਾਂਵਾਲੇ ਦਾ ਰੈੱਡ-ਬਲੱਡ ਮਾਲਟਾ ਪੰਜਾਬ ਭਰ ਵਿੱਚ ਮਸ਼ਹੂਰ ਸੀ। 

ਬਾਬਾ ਰਾਮ ਸਿੰਘ :

ਪਿੰਡ ਦੇ ਸਮਾਜ ਵਿੱਚ ਹੋਰ ਤਬਦੀਲੀ ਆਈ ਜਦੋਂ 1862  ਵਿਚ ਨਾਮਧਾਰੀ ਗੁਰੂ ਬਾਬਾ ਰਾਮ ਸਿੰਘ (1816-1875) ਛੋਟੀਆਂ ਗਲੋਟੀਆਂ ਆਏ। ਬਾਬਾ ਜੀ ਨੇ ਸਿੱਖੀ ਵਿੱਚੋਂ ਕੁਰੀਤੀਆਂ ਕੱਢਣ ਤੇ ਪੰਜਾਬ ਵਿਚ ਗੋਰਿਆਂ ਦਾ ਰਾਜ ਖ਼ਤਮ ਕਰਨ ਦੀ ਲਹਿਰ ਚਲਾਈ। ਪਿੰਡ ਦੇ ਸਿੱਖਾਂ ਵਿੱਚ ਉਹਨਾਂ ਹੁੱਕੀ ਪੀਣਾ ਬੰਦ ਕਰ ਦਿੱਤਾ ਤੇ ਸਿੱਖ ਵਿਆਹ ਸ਼ਾਦੀਆਂ ਨੂੰ ਸਾਦਗੀ ਦਾ ਨਮੂਨਾ ਬਣਾ ਦਿੱਤਾ। ਸਵਾ ਰੁਪਏ ਦਾ ਪ੍ਰਸ਼ਾਦ ਕਰਾਕੇ ਵਿਆਹ ਹੋ ਜਾਂਦਾ ਸੀ ਤੇ ਦਾਜ ਦੀ ਮਨਾਹੀ ਸੀ। 

ਨਾਮਧਾਰੀ ਜਦੋਂ ਦੀਵਾਨ ਲਾਂਦੇ ਤਾਂ ਛੜੱਪੇ ਮਾਰ-ਮਾਰ ਕੇ ਸ਼ਬਦ ਪੜ੍ਹਦੇ ਤੇ ਸਿੱਖ ਵਰਯਾਮਾਂ ਦੀ ਕਥਾ ਗਾਉਂਦੇ। ਜਦੋਂ ਰੋਹ ਵਿੱਚ ਆ ਜਾਂਦੇ ਤਾਂ ਕਿਸੇ ਨੂੰ (ਦਰਵੇਸਾਂ ਵਾਂਗੂ) ਸੂਤਰ ਪੈ ਜਾਂਦਾ। ਜਿੰਨਾ ਚਿਰ ਢੋਲਕੀ ਵੱਜੇ, ਸੂਤਰ ਪਈ ਜਾਣਾ। ਬਾਬਾ ਜੀ ਦੀ ਯਾਦ ਵਿੱਚ ਹੱਸਨੇਵਾਲੇ ਖੂਹ ‘ਤੇ ਇਕ ਸੁੰਦਰ ਗੁਰਦਵਾਰਾ ਦਮਦਮਾ ਸਾਹਿਬ ਦੀ ਉਸਾਰੀ ਹੋਈ। 

ਈਸਾਈ ਮੱਤ :

ਸਿੱਖਾਂ ਤੇ ਮੁਸਲਮਾਨਾਂ ਨੇ (ਸਵਰਨ ਹਿੰਦੂਆਂ ਵਾਂਗ) ਪਿੰਡ ਦੇ ਅਛੂਤਾਂ (ਦਲਿਤਾਂ) ਨੂੰ ਆਪਣੇ ਧਰਮ ਵਿਚ ਨਾਂ ਵੜਨ ਦਿੱਤਾ। ਇਹ ਲੋਕੀਂ ਪਿੰਡ ਦੇ ਬਾਹਰ ਵੱਲ ਠੱਟੀ ਵਿੱਚ ਵੱਖਰੇ ਰਹਿੰਦੇ ਸਨ। ਇਹਨਾਂ ਦਾ ਵਿਸ਼ਵਾਸ ਤੇ ਪੂਜਾ ਪਾਠ ਦਾ ਤਰੀਕਾ ਪੁਰਾਤਨ ਸੀ; ਰਸਮ ਰਿਵਾਜ ਹਿੰਦੁਆਂ ਵਾਲੇ ਸਨ। 

ਅੰਗਰੇਜ਼ਾਂ ਦੇ 1848 ਵਿੱਚ ਰਾਜ ਕਾਇਮ ਹੋਣ ਤੋਂ ਬਾਅਦ, ਪੰਜਾਬ ਵਿੱਚ ਮਿਸ਼ਨਰੀ ਫੈਲ ਗਏ। 1875 ਦੇ ਲੱਗਭਗ ਪਿੰਡ ਦੇ ਸਾਰੇ ਅਛੂਤ ਇਸਾਈ ਬਣ ਗਏ। ਪਰ ਇਹਨਾਂ ਦੇ ਰਹਿਣ-ਸਹਿਣ ਤੇ ਸਮਾਜਿਕ ਹਾਲਤ ਵਿੱਚ ਕੋਈ ਹੋਰ ਤਬਦੀਲੀ ਨਾ ਆਈ। ਉਹ ਦੂਜੇ ਨੰਬਰ ਦੇ ਸ਼ਹਿਰੀ ਹੀ ਰਹੇ। 

ਜ਼ਾਤ-ਪਾਤ ਦੇ ਮੱਤਭੇਦ :

ਪੁਰਾਣੇ ਸਮਿਆਂ ਵਿੱਚ ਹਿੰਦੂ ਵਿਚਾਰਧਾਰਾ ਨੇ ਸਮਾਜ ਚਾਰ ਹਿੱਸਿਆਂ ਵਿੱਚ ਵੰਡ ਦਿੱਤਾ। ਮਤਲਬ ਇਹ ਸੀ ਕਿ ਹਰ ਸ਼੍ਰੇਣੀ ਆਪਣੇ ਕੰਮ-ਕਾਰ ਵਿੱਚ ਮਾਹਰ ਰਹੇ। ਬੱਚੇ ਛੇਤੀ ਤੇ ਚੰਗਾ ਹੁਨਰ ਸਿਖ ਜਾਣ। ਪੁੱਤ ਪਿਉ ਤੋਂ ਕਾਰ- ਵਿਹਾਰ ਸਿਖ ਲਏ। ਪੰਡਤ ਦਾ ਪੁੱਤ ਪੜ੍ਹੇ ਤੇ ਪੰਡਤ ਬਣੇ। ਕਸ਼ਤਰੀ ਦਾ ਪੁੱਤ ਫ਼ੌਜੀ ਬਣੇ ਤੇ ਰਾਜ ਭਾਗ ਸਿਖੇ, ਆਦਿ। ਹੌਲੀ-ਹੌਲੀ ਇਹ ਗਰੁੱਪ ਪੱਕੀਆਂ ਜਾਤਾਂ ਵਿੱਚ ਵੰਡੇ ਗਏ। ਜ਼ਾਤਾਂ ਅੱਗੋਂ-ਅੱਗੋਂ ਛੋਟੀਆ ਜ਼ਾਤਾਂ ਵਿੱਚ ਵੰਡੀਆ ਹੋਈਆਂ ਸਨ। ਅਛੂਤ ਬਿਲਕੁਲ ਬਾਹਰ ਸਨ। ਇਕ ਤੋਂ ਦੂਜੀ ਵਿੱਚ ਟੱਪਣਾ ਅਸੰਭਵ ਸੀ। ਜ਼ਾਤ-ਪਾਤ ਲਹਿਰ ਲੇਸ ਵਾਂਗ ਲੱਗੀ ਰਹੀ ਭਾਵੇਂ ਕੋਈ ਕਿਸੇ ਪਦਵੀ ‘ਤੇ ਪਹੁੰਚ ਜਾਏ। ਸਿੱਖ ਧਰਮ, ਇਸਲਾਮ ਤੇ ਈਸਾਈ ਮੱਤ ਨੇ ਜ਼ਾਤ-ਪਾਤ ਤੇ ਬਣੀ ਊਚ ਨੀਚ ਦੀ ਨਿਖੇਧੀ ਕੀਤੀ ਤੇ ਹਰ ਇਕ ਵਾਸਤੇ ਪੜ੍ਹਨ-ਲਿਖਣ ਦੇ ਦਰਵਾਜ਼ੇ ਖੋਲ ਦਿੱਤੇ। ਪਰ ਸਮਾਜ ਪੁਰਾਣੀ ਗੈਲ ‘ਤੇ ਹੀ ਤੁਰੀ ਗਿਆ। ਵਿਆਹ ਸ਼ਾਦੀਆਂ ਵੀ ਜ਼ਾਤਾਂ ਵਿੱਚ ਹੀ ਵੰਡੀਆ ਰਈਆਂ। ਵਿਰਲੇ ਈ ਕਿਸੇ ਸਿੱਖ ਨੇ ਇਸ ਬੰਦਸ਼ ਨੂੰ ਤੋੜਿਆ। ਮੁਸਲਮਾਨਾਂ ਵਿੱਚ ਜ਼ਾਤ-ਪਾਤ ਹੋਰ ਵੀ ਤਕੜੀ ਸੀ। ਸਿੱਖ ਤਾਂ ਇਕੋ ਗੁਰਦੁਆਰੇ ਵਿੱਚ ਇਕੱਠੇ ਹੁੰਦੇ ਸਨ ਪਰ ਮੁਸਲਮਾਨ ਆਪਣੀ ਜਾਤ ਦੀ ਮਸਜਿਦ ਵਿੱਚ ਹੀ ਨਮਾਜ਼ ਪੜ੍ਹਨ ਜਾਂਦੇ ਸਨ। ਜਿਉਂ- ਜਿਉਂ ਲੋਕੀਂ ਪਿੰਡਾਂ ਤੋਂ ਸ਼ਹਿਰਾਂ ਦੇ ਅਜ਼ਾਦ ਵਾਯੂਮੰਡਲ ਵਿੱਚ ਜਾ ਵੱਸੇ, ਪੜ੍ਹ ਗਏ, ਅਮੀਰ ਹੋ ਗਏ ਤਾਂ ਕਈਆਂ ਨੇ ਆਪਣੀਆਂ ਜਾਤਾਂ ਆਪ ਹੀ ਬਦਲ ਲਈਆਂ। ਨਾਈ ਨੇ ਨਵੇਂ ਮਾਹੌਲ ਵਿੱਚ ਆਪਣੇ-ਆਪ ਨੂੰ ਜੱਟ ਕਹਿਣਾ ਸ਼ੁਰੂ ਕਰ ਦਿੱਤਾ, ਲੁਹਾਰ ਕੁਸ਼ਤਰੀ ਬਣ ਗਿਆ। ਕੁਝ ਉਲਟਾ ਵੀ ਹੋਇਆ। ਰਾਜਪੂਤ ਬਹੁ ਗਿਣਤੀ ਜੱਟਾਂ ਵਿੱਚ ਜਾ ਮਿਲੇ, ਕੁਝ ਬ੍ਰਾਹਮਨ ਕਾਰ-ਵਿਹਾਰ ਵਿੱਚ ਪੈ ਗਏ ਤੇ ਖੱਤਰੀ ਬਣ ਗਏ। ਦੂਰ ਦੁਰੇਡੇ ਆਪਣੇ ਆਪ ਨੂੰ ਕੋਈ ਕੁਝ ਵੀ ਬਣਾ ਲਏ, ਕਿਸੇ ਨੂੰ ਕੀ ਪਤਾ। ਕਨੇਡਾ, ਅਮਰੀਕਾ ਤੇ ਇੰਗਲੈਡ ਵਿੱਚ ਖ਼ਾਸ ਤੌਰ ਤੇ ਲੋਕਾਂ ਨੇ ਜ਼ਾਤ ਦੇ ਨਾਂ ਬਦਲੇ ਹੋਏ ਨੇ। ਮਸ਼ਹੂਰ ਕਹਾਵਤ ਸੀ : 

ਪਹਿਲੋਂ ਸੀ ਅਸੀ ਜੁਲਾਹੇ, ਫੇਰ ਬਣ ਗਏ ਦਰਜੀ । ਹੌਲੀ ਹੌਲੀ ਹੋ ਗਏ ਸਯਦ, ਅੱਗੋਂ ਰੱਬ ਦੀ ਮਰਜ਼ੀ। 

ਸਾਂਝੇ ਨਾਮ :

ਸਿੱਖ ਤੇ ਹਿੰਦੂ ਧਰਮ ਵਿੱਚ ਕਈ ਕਿਸਮ ਦੀਆਂ ਸਾਂਝਾਂ ਸਨ। ਪਰ ਜਿਹੜੇ ਹਿੰਦੂ ਮੁਸਲਮਾਨ ਜਾਂ ਈਸਾਈ ਬਣ ਗਏ, ਉਹ ਵੀ ਹਿੰਦੂ ਨਾਂ ਆਪਣੇ ਨਾਲ ਹੀ ਲੈ ਗਏ। ਹਿੰਦੂਆਂ ਤੇ ਮੁਸਲਮਾਨਾਂ ਵਿੱਚ ‘ਲੱਭਾ’ ਆਮ ਨਾਂ ਸੀ। ਸਿੱਖਾਂ ਨੇ ਇਹਦੇ ਨਾਲ ਸਿੰਘ ਲਾ ਕੇ ਲਾਭ ਸਿੰਘ ਬਣਾ ਦਿੱਤਾ। ਜੀਵਾਂ ਗੁਰਦੁਆਰੇ ਦੇ ਭਾਈ ਦੀ ਧੀ ਦਾ ਨਾਂ ਸੀ। ਇਕ ਅਰੈਣ ਦਾ ਵੀ ਸੀ! ਹਾਕਮ ਸਿੰਘ ਸਕੂਲ ਦਾ ਮੁਨਸ਼ੀ ਸੀ। ਹਾਕਮਦਈ ਇਕ ਮੁਸਲਮਾਨੀ ਦਾ ਨਾਂ ਵੀ ਸੀ । ਕਈ ਨਾਮ ਤਾਂ ਸੁਦਾ ਤਰਜਮਾ ਸਨ । ਰਾਮ ਰੱਖੀ ਬਣ ਗਈ ਅੱਲਾ ਰੱਖੀ। ਰਾਮ ਲਾਲ ਬਣ ਗਿਆ ਲਾਲ ਦੀਨ। ਗੁਰਾਂਦਿਤਾ ਬਣ ਗਿਆ। ਔਲਾਦਿਤਾ। ਪਿੰਡ ਦੀ ਸਿਰ ਕੱਢਵੀਂ ਰਹੀਮ ਬੀਬੀ ਨੇ 1932 ਵਿੱਚ ਜੰਮੀ ਧੀ ਦਾ ਨਾਂ ਬਲਬੀਰ ਰੱਖਿਆ ਕਿਉਂਕਿ ਪਿੰਡ ਦੇ ਸਿੱਖ ਸਰਦਾਰ ਦੀ ਧੀ ਦਾ ਨਾਂ ਬਲਬੀਰ ਸੀ। ਈਸਾਈਆਂ ਨੇ ਲੀਡਰ ਦਾ ਨਾਂ ਗੰਡਾ ਮਲ ਪੁਰਾਨਾ ਹਿੰਦੂ ਨਾਂ ਸੀ। ਹੌਲੀ-ਹੌਲੀ ਮੌਲਵੀਆਂ ਤੇ ਪਾਦਰੀਆਂ ਨੇ ਬੱਚਿਆਂ ਦੇ ਨਾਂ ਖ਼ਾਸ ਮੁਸਲਮਾਨ ਜਾਂ ਇਸਾਈ ਰੱਖਣੇ ਸ਼ੁਰੂ ਕਰ ਦਿੱਤੇ। 

ਕਾਲਜ ਪੜ੍ਹਦੇ ਮੁੰਡਿਆਂ ਦਾ ਅਸਰ : 1932-47 ਵਿੱਚ ਕਾਲਜ ਪੜ੍ਹਦੇ ਮੁੰਡਿਆਂ ਨੇ ਕਈ ਕਿਸਮ ਦੇ ਨਵੇਂ ਤੌਰ ਤਰੀਕੇ ਪਿੰਡ ਲੈ ਆਂਦੇ। ਜਦੋਂ ਗਰਮੀਆਂ ਦੀਆਂ ਛੁੱਟੀਆਂ ‘ਚ ਆਉਣਾ ਤਾਂ ਨਾਲ ਨਵੀਂਆਂ ਆਦਤਾਂ ਤੇ ਇਨਕਲਾਬੀ ਸੋਚਾਂ ਲਿਆ ਕੇ ਪਿੰਡ ਫੈਲਾਨੀਆਂ। ਇਹਨਾਂ ਦਾ ਪਿੰਡ ‘ਤੇ ਬੜਾ ਚੰਗਾ ਪ੍ਰਭਾਵ ਪਿਆ ਪਰ ਨਾਲ ਹੀ ਕਈ ਲੋਕੀਂ ਕਹਿਣ ਲੱਗ ਪਏ ਕਿ ਇਹਨਾਂ ਵਖੇੜੇ ਪਾ ਦੇਣੇ ਨੇ। ਪਿੰਡ ਦੀ ਸ਼ਾਂਤੀ ਜਾਂਦੀ ਰਹੇਗੀ। 

ਅਵਤਾਰ ਨੇ ਪੰਜ ਦਰਿਆ, ਫੁਲਵਾੜੀ ਤੇ ਪ੍ਰੀਤਮ ਨਾਂ ਦੇ ਰਸਾਲੇ ਨਾਲ ਲੈ ਔਨੇ। ਉਹਦੀਆਂ ਭੈਣਾਂ ਤੇ ਮਾਂ ਨੇ ਵਰਕਾ-ਵਰਕਾ ਪੜ੍ਹਨਾ। ਜਦੋਂ ਅਵਤਾਰ ਨੇ ਇਹਨਾਂ ਰਸਾਲਿਆਂ ਵਿੱਚ ਆਪਣੀਆਂ ਕਵਿਤਾਵਾਂ ਛਾਪਣੀਆਂ ਸ਼ੁਰੂ ਕੀਤੀਆਂ ਤਾਂ ਇਹ ਰਸਾਲੇ ਹਰ ਮਹੀਨੇ ਆਉਣੇ ਸ਼ੁਰੂ ਹੋ ਗਏ। ਇਹਨਾਂ ਰਸਾਲਿਆਂ ਨੇ ਪਿੰਡ ਦੀਆਂ ਸਿੱਖ ਔਰਤਾਂ ‘ਤੇ ਡੂੰਘਾ ਅਸਰ ਪਾਇਆ। 

ਲਾਲ ਸਿੰਘ ਕਾਲਜ ਵਿੱਚ ਨਾਸਤਕ ਬਣ ਗਿਆ। ਪਿੰਡ ਕੋਠੇ ਤੇ ਆਰਾਮ ਕੁਰਸੀ ਡਾਹ ਕੇ ਕੈਲਕੂਲਸ ਪੜ੍ਹ ਰਿਹਾ ਸੀ। ਮੁੰਡਿਆ ਦਾ ਟੋਲਾ ਆਇਆ। ਉਹਨਾਂ ਪੁੱਛਿਆ ਰੱਬ ਹੈ ਕਿ ਨਹੀਂ। ਲਾਲ ਸਿੰਘ ਜਵਾਬ ਦਿੱਤਾ, ਨਹੀਂ। ਮੁੰਡੇ ਬੋਲੇ : ਰੱਬ ਹੈ। ਲਾਲ ਸਿੰਘ ਨੇ ਆਖਿਆ, ਦੱਸੋ ਕਿੱਥੇ ਹੈ? ਇਕ ਤਿੱਖੇ ਮੁੰਡੇ ਨੇ ਲਾਲ ਸਿੰਘ ਨੂੰ ਹੂਰਾ ਟਕਾ ਦਿੱਤਾ। ਲਾਲ ਪੀੜ ਨਾਲ ਚਲਾ ਉਠਿਆ। ਮੁੰਡਿਆਂ ਨੇ ਪੁੱਛਿਆ ਦਖਾ ਪੀੜ ਕਿੱਥੇ ਹੈ ? ਕਹਿਣ ਲੱਗਾ ਕਿ ਪੀੜ ਹੁੰਦੀ ਏ ਪਰ ਨਜ਼ਰ ਨਹੀਂ ਆਉਂਦੀ । ਮੁੰਡਿਆਂ ਕਿਹਾ। ਰੱਬ ਵੀ ਏਸੇ ਤਰ੍ਹਾਂ ਹੈ। ਰੱਬ ਜ਼ਰੂਰ ਹੈ ਪਰ ਨਜ਼ਰ ਨਹੀਂ ਆਉਂਦਾ। ਵਾਰਦਾਤ ਸੁਣ ਕੇ ਪਿੰਡ ਦੇ ਲੋਕੀਂ ਬੜੇ ਖ਼ੁਸ਼ ਹੋਏ। 

ਜੋਗਿੰਦਰ ਕਾਲਜ ਦੀ ਲਿਬਾਰੇਟਰੀ ‘ਚੋਂ ਮੈਗਨੀਸ਼ਮ (magnesium) ਦੀਆਂ ਤਾਰਾਂ ਲੈ ਆਇਆ। ਰਾਤ ਨੂੰ ਕੋਠੇ ‘ਤੇ ਖਲੋ ਕੇ ਇਕ-ਇਕ ਨੂੰ ਤੀਲੀ ਲਾਈ। ਸਾਰਾ ਪਿੰਡ ਚਾਨਣੋ ਚਾਨਣ ਹੋ ਗਿਆ। ਸਾਰੇ ਹੈਰਾਨ ਕੇ ਨਿੱਕੀ ਜਿਹੀ ਚੀਜ਼ ਏਨੀ ਰੋਸ਼ਨੀ ਦਿੰਦੀ ਏ। ਮਹਿੰਦਰ ਤੇ ਸ਼ੇਰੀ ਨੇ ਰੀਡਿੰਗ ਰੂਮ ਖੋਲ੍ਹਿਆ। ਪਿੰਡੋਂ ਪੈਸੇ ‘ਕੱਠੇ ਕਰਕੇ ਮਿਲਾਪ, ਪ੍ਰਤਾਪ ਤੇ ਅਕਾਲੀ ਪੱਤ੍ਰਿਕਾ ਮੰਗਾਣੀਆਂ ਸ਼ੁਰੂ ਕੀਤੀਆਂ। ਬੜੇ ਲੋਕੀਂ ਪੜ੍ਹਨ ਸੁਣਨ ਆਉਣ ਲੱਗ ਪਏ। ਉਹਨਾਂ ਕਮਰੇ ‘ਤੇ ਰਣਜੀਤ ਕਲੱਬ ਦਾ ਬੋਰਡ ਲਾ ਦਿੱਤਾ। ਉਦਘਾਟਨ ਵਾਸਤੇ ਸਰਦਾਰ ਰਾਜਿੰਦਰ ਸਿੰਘ ਨੂੰ ਸੱਦਿਆ। ਉਸ ਕਾਂਗਰਸ ਦਾ ਝੰਡਾ ਲਹਿਰਾਇਆ। ਮੁੰਡਿਆਂ ਆਜ਼ਾਦੀ ਦਾ ਨਾਹਰਾ ਲਾਇਆ। ਮੁੰਡੇ ਕਾਲਜ ਖੁੱਲ੍ਹਣ ‘ਤੇ ਚਲੇ ਗਏ। ਕੁਝ ਦਿਨਾਂ ਪਿੱਛੋਂ ਰਣਜੀਤ ਕਲੱਬ ਦਾ ਬੋਰਡ ਖੂਹ ਵਿੱਚ ਮਿਲਿਆ। ਸਰਦਾਰ ਤਾਂ ਸਰਕਾਰ ਦੇ ਬੜਾ ਨੇੜੇ ਸੀ। ਕਿਸੇ ਅਫ਼ਸਰ ਪੁੱਛਿਆ ਹੋਣਾ ਏ ਕਿ ਤੂੰ ਕਾਂਗਰਸ ਦਾ ਝੰਡਾ ਕਿਉਂ ਲਹਿਰਾਇਆ ? ਕਲੱਬ ਠੱਪ ਹੋ ਗਈ।  

ਬੇਮਿਸਾਲ ਅਦਾਰੇ 

ਜੀਵਨ ਦੀਆਂ ਇਹ ਕਲੀਆਂ (Fulcrums of Life)—ਹਰ ਬੱਚੇ, ਜਵਾਨ ਤੇ ਬੁੱਢੇ ਆਦਮੀ ਤੇ ਔਰਤ ਦਾ ਜੀਵਨ ਚਾਰ ਬੇਮਿਸਾਲ ਅਦਾਰਿਆਂ ਦੇ ਆਲੇ ਦੁਆਲੇ ਘੁੰਮਦਾ ਸੀ। ਹਰ ਇਕ ਦੇ ਜਿਸਮ ਤੇ ਦਿਲ ਦਾ ਇਹਨਾਂ ਨਾਲ ਸੰਬੰਧ ਸੀ। ਕੁਦਰਤ ਤੇ ਬੰਦੇ ਦੇ ਰਲ ਕੇ ਬਣਾਏ ਅਜੂਬਿਆਂ ‘ਚ ਇਹ ਸਭ ਤੋਂ ਦਿਲ ਖਿਚਵੇਂ ਸਨ। ਹਰ ਇਨਸਾਨ ਤੇ ਹੈਵਾਨ ਦਾ ਜਿਸਮ ਤੇ ਦਿਲ ਇਹਨਾਂ ਵਿੱਚ ਖੁੱਭਿਆ ਹੋਇਆ ਸੀ। ਇਹ ਸਨ : ਖੂਹ, ਖੂਈ, ਹਲਟੀ ਤੇ ਢਾਬਾਂ-ਛੱਪੜ। ਇਹ ਚਾਰੇ ਹੀ ਅਤਿ ਉੱਤਮ ਪਾਣੀ ਦੇ ਸੋਮੇ ਸਨ। 

ਕੁਦਰਤੀ ਪੁਣਿਆ ਹੋਇਆ ਖੂਹਾਂ ਤੇ ਖੂਹੀਆਂ ਦਾ ਮਿੱਠਾ ਪਾਣੀ ਗਰਮੀਆਂ ‘ਚ ਠੰਡਾ ਤੇ ਸਰਦੀਆਂ ‘ਚ ਨਿੱਘਾ ਹੁੰਦਾ ਸੀ। ਖੂਹ-ਖੂਈ ਪੁੱਟਣੀ ਤੇ ਬਨਾਣੀ ਮਹਿੰਗੀ ਹੁੰਦੀ ਸੀ। ਬਾਦਸ਼ਾਹਾਂ ਨੇ ਸੜਕਾਂ ਤੇ ਖੂਹ ਬਣਾ ਕੇ ਆਪਣਾ ਨਾਂ ਰੋਸ਼ਨ ਕੀਤਾ। ਪਰਉਪਕਾਰੀਆਂ ਨੇ ਪਿੰਡਾਂ ਤੇ ਸ਼ਹਿਰਾਂ ਵਿਚ ਖੂਈਆਂ ਬਣਾਈਆਂ ਤੇ ਲੋਕਾਂ ਦੀਆਂ ਅਸੀਸਾਂ ਲਈਆਂ। ਕਦੀ-ਕਦੀ ਲੋਕੀਂ ਰਲ-ਮਿਲ ਕੇ ਸਾਂਝੀ ਖੂਈ ਵੀ ਬਣਾ ਲੈਂਦੇ ਸਨ। ਜਾਨਵਰ ਤੇ ਡੰਗਰ ਪਾਣੀ ਨੂੰ ਭਜਦੇ ਸੀ। ਜਦੋਂ ਮੱਝਾਂ ਢਾਬ ਜਾਂ ਛਪੜ ਵਿਚ ਵੜ ਜਾਂਦੀਆਂ ਤਾਂ ਉਹਨਾਂ ਨੂੰ ਬਾਹਰ ਕੱਢਣਾ ਔਖਾ ਹੁੰਦਾ ਸੀ। ਗਰਮੀਆਂ ਵਿਚ ਉਹਨਾਂ ਦੇ ਤੈਰਣ ਵਾਲੇ ਤਲਾਅ, ਸਮਝੋ ਬਹਿਸ਼ਤ ਹੁੰਦੇ ਸਨ। 

ਇਹਨਾਂ ਸਾਰੀਆਂ ਥਾਂਵਾਂ ਤੇ ਲੋਕੀ ਕੱਪੜੇ ਵੀ ਧੋਂਦੇ ਸਨ। ਕਈ ਵਾਰੀ ਤਾਂ ਇਸ ਤਰ੍ਹਾਂ ਲਗਦਾ ਸੀ ਕਿ ਖੂਹ ਜਾਂ ਢਾਬ ਧੋਬੀ ਘਾਟ ਬਣਿਆ ਹੋਇਆ ਏ। ਨਹਾਉਣਾ ਤੇ ਪਾਣੀ ਦੇ ਘੜੇ ਭਰਨੇ, ਇਹ ਰੋਜ਼ ਦਾ ਕੰਮ ਹੁੰਦਾ ਸੀ। ਔਰਤਾਂ ਹਨੇਰੇ ਵਿੱਚ ਹੀ ਪਿੰਡ ਦੇ – ਨਾਲ ਲੱਗਦੇ ਖੂਹ ਤੇ, ਹਲਟੀ ਤੇ ਜਾਂ ਸਾਂਝੀ ਖੂਹੀ ਤੇ ਇਸ਼ਨਾਨ ਕਰਦੀਆਂ ਤੇ ਘੜੇ ਭਰ ਕੇ ਘਰ ਲੈ ਆਉਂਦੀਆਂ। ਆਦਮੀ ਤੇ ਬੱਚੇ ਬਾਅਦ ਵਿੱਚ ਜਾਂਦੇ ਤੇ ਅਰਾਮ ਨਾਲ ਨਹਾਉਂਦੇ। ਡੰਗਰਾਂ ਨੂੰ ਵੀ ਖੂਹ ਤੇ ਪਾਣੀ ਪਿਆਇਆ ਜਾਂਦਾ ਸੀ, ਨੁਹਾਇਆ ਵੀ ਜਾਂਦਾ ਸੀ। ਢਾਬ ਤੇ ਛਪੜ ਵੀ ਇਸੇ ਕੰਮ ਆਉਂਦੇ ਸਨ। 

ਖੂਹ : ਜਿਥੇ ਵੀ ਦਰਖਤਾਂ ਦਾ ਝੁੰਡ ਨਜ਼ਰ ਆਵੇ ਤਾਂ ਪੱਕਾ ਸਮਝੋ ਕਿ ਉਹਦੇ ਵਿੱਚ ਖੂਹ ਜ਼ਰੂਰ ਹੈ। ਆਲੇ ਦੁਆਲੇ ਜਾਂ ਇਕ ਪਾਸੇ ਖੁਰਲੀਆਂ ਤੇ ਕੁੜਾਂ ਹੁੰਦੀਆਂ ਸਨ । ਹਰ ਪਾਸੇ ਖੂਹ ਦੀ ਜ਼ਮੀਨ ਹੁੰਦੀ ਸੀ । ਇਹ ਸਾਰੇ ਕੁਝ ਨੂੰ ਖੂਹ ਹੀ ਕਹਿੰਦੇ ਸਨ । ਮਾਲਕਾਂ ਨੂੰ ਆਪਣੇ ਖੂਹ ‘ਤੇ ਬੜਾ ਮਾਣ ਹੁੰਦਾ ਸੀ ਤੇ ਉਨ੍ਹਾਂ ਨੂੰ ‘ਸਾਡਾ ਖੂਹ’ ਕਹਿ ਕੇ ਬੁਲਾਂਦੇ ਸਨ।  

ਖੂਹ ਦਾ ਜ਼ਿਕਰ ਪੰਜਾਬ ਦੇ ਲੋਕ ਗੀਤਾਂ ਵਿਚ ਬਹੁਤ ਆਉਂਦਾ ਏ। ਜ਼ਮੀਨਦਾਰਾਂ ਦੀ ਇਹ ਜਿੰਦ ਜਾਨ ਸੀ । ਲੋਕਾਂ ਦੀ ਰੋਜ਼ਗਾਰੀ ਦਾ ਸਾਧਨ ਵੀ ਖੂਹ ਹੀ ਸੀ। ਆਦਮੀ, ਔਰਤਾ, ਬੱਚੇ, ਪ੍ਰਿੰਦੇ, ਬਿੱਲੀਆਂ, ਕੁੱਤੇ, ਮੱਖੀਆਂ, ਮੱਛਰ ਸਭ ਕੁਝ ਹੀ ਏਥੇ ਇੱਕਠਾ ਹੁੰਦਾ ਸੀ। ਕੁਦਰਤ ਦੇ ਸਾਰੇ ਜੀ ਰਲੇ ਹੁੰਦੇ ਸੀ। ਏਥੇ ਕਾਮੇਂ ਰੱਤ-ਪਸੀਨਾ ਵੀ ਇਕੋ ਕਰਦੇ ਸਨ, ਏਥੇ ਪਿਆਰ ਦੀਆਂ ਝਲਕਾਂ ਵੀ ਪੈਂਦੀਆਂ ਸਨ ਤੇ ਏਥੇ ਕਦੇ-ਕਦਾਈਂ ਕੰਮ ਕਰਦੀਆਂ ਔਰਤਾਂ ਦੀ ਆਬਰੂ ਵੀ ਲੁੱਟੀ ਜਾਂਦੀ ਸੀ । 

ਸਮਝੋ ਕਿ ਖੂਹ ਇਕ ਅਜੈਬਘਰ ਵੀ ਸੀ ਤੇ ਚਿੜੀਆਘਰ ਵੀ । ਹਵਾ ਭਰੀ ਹੁੰਦੀ ਸੀ ਪੱਤਿਆਂ ਦੀ ਖੁਸ਼ਬੋ ਤੇ ਗੋਹੇ ਦੀ ਬੋ ਦੇ ਨਾਲ। ਕੁਦਰਤ ਦੇ ਰਾਗ ਤੋਂ ਇਲਾਵਾ ਹਰ ਪਾਸਿਉਂ ਚਿੜੀਆਂ, ਕਾਂਵਾਂ, ਤੋਤਿਆਂ ਦੀ ਅਵਾਜ਼ ਆਉਂਦੀ ਤੇ ਰਾਤੀਂ ਕੁੱਤੇ ਭੌਂਕਦੇ। ਏਧਰ-ਉਧਰ ਦਾਤਰੀਆਂ, ਟੋਕੇ, ਤਰੰਗਲੀਆਂ, ਕਹੀਆਂ, ਕੁਹਾੜੀਆਂ, ਸੁਹਾਗੇ, ਹਲ ਤੇ ਪੰਜਾਲੀਆਂ ਪਈਆਂ ਹੁੰਦੀਆਂ। ਰੋਜ਼ ਦੇ ਵਰਤਣ ਵਾਲੀਆਂ ਚੀਜ਼ਾਂ ਜਿਵੇਂ ਕੇ ਮੰਜੀਆਂ, ਦੀਵੇ, ਰੱਸੇ, ਏਥੇ ਉੱਥੇ ਪਏ ਹੁੰਦੇ। ਖੁਰਲੀਆਂ ਕਈ ਪਾਸੇ ਹੁੰਦੀਆਂ ਸਨ। ਏਸ ਖ਼ੂਬਸੂਰਤ ਖਿਲਰ ਪੁਲਰ ਦਾ ਆਪਣਾ ਹੀ ਨਜ਼ਾਰਾ ਸੀ। 

ਖੂਹ ਦੀ ਇੰਜਨੀਅਰੀ 

ਧਰਤੀ ਦੇ ਥੱਲਿਉਂ ਸਾਫ਼-ਸੁਥਰਾ ਤੇ ਮਿੱਠਾ ਪਾਣੀ ਕੱਢਣ ਦਾ ਮਸਲਾ ਸਦੀਆਂ ਤੋਂ ਚੱਲਿਆ ਆ ਰਹਿਆ ਏ। ਇਸ ਨੂੰ ਹਲ ਕਰਨ ਵਾਸਤੇ ਖੂਹ ਇਕ ਭਾਰੀ ਏਜਾਦ ਸੀ। ਇਸ ਦੀ ਇੰਜਨੀਅਰੀ ‘ਚ ਸਦੀਆਂ ਬਦੀ ਹੌਲੀ-ਹੌਲੀ ਤਰੱਕੀ ਹੁੰਦੀ ਗਈ। ਵੀਹਵੀਂ ਸਦੀ ਦੇ ਸ਼ੁਰੂ ਤੱਕ ਖੂਹ ਲੱਕੜ ਦੇ ਹੁੰਦੇ ਸਨ। ਸਿਰਫ਼ ਟਿੰਡਾਂ ਮਿੱਟੀ ਦੀਆਂ ਹੁੰਦੀਆਂ ਸਨ ਜੋ ਬੈੜ ਦੇ ਉੱਤੇ ਰੱਸਿਆਂ ਨਾਲ ਬਣੀਆਂ ਮਾਲਾ ਵਾਂਗ ਚਲਦੀਆਂ ਸਨ ਤੇ ਧੁਰਾ ਲੋਹੇ ਦਾ ਹੁੰਦਾ ਸੀ । ਹੌਲੀ-ਹੌਲੀ ਸਭ ਖੂਹ ਲੋਹੇ ਦਾ ਸਿਸਟਮ ਤੇ ਟੀਨ ਦੀਆਂ ਟਿੰਡਾਂ ਵਰਤਣ ਲੱਗ ਪਏ। ਸਿਸਟਮ ਨੂੰ ਬਲਦ ਜਾਂ ਝੋਟੇ ਚਲਾਂਦੇ ਸੀ। ਰੇਤਲੇ ਇਲਾਕਿਆਂ ਵਿੱਚ ਊਂਠ ਖੂਹ ਗੇੜਦੇ ਸਨ। ਪੰਜਾਲੀ ਪਾ ਕੇ ਇਹਨਾਂ ਨੂੰ ਖੋਪੇ ਬੰਨ੍ਹ ਦਿੱਤੇ ਜਾਂਦੇ ਤਾਂ ਕਿ ਇੱਧਰ-ਉੱਧਰ ਨਾ ਵੇਖਣ। ਗਾਦੀ ‘ਤੇ ਬੈਠਾ ਬਾਪੂ ਜਾਂ ਬੱਚਾ ਅਨੰਦ ਲੈਂਦਾ ਤੇ ਕਦੀ-ਕਦੀ ਡੰਗਰਾਂ ਨੂੰ ਹਿਕਦਾ ਰਹਿੰਦਾ ਸੀ ਕਿਧਰੇ ਖਲੋ ਨਾ ਜਾਣ ਜਾਂ ਬਹੁਤੇ ਹੌਲੀ ਨਾ ਹੋ ਜਾਣ। ਇਹ ਮਧਮ ਰਫ਼ਤਾਰ ਨਾਲ ਗੋਲ ਚੱਕਰ ਵਿੱਚ ਘੁੰਮਦੇ ਰਹਿੰਦੇ। ਇਸ ਨਾਲ ਕਈ ਧੁਰੇ ਤੇ ਗੇਯਰ ਘੁੰਮਦੇ ਤੇ ਬੈੜ ਨੂੰ ਗੇੜਦੇ ਜਿਸ ਉੱਤੇ ਟਿੰਡਾਂ ਚਲਦੀਆਂ ਸਨ । ਇਕ ਪਾਸਿਉਂ ਖਾਲੀ ਟਿੰਡਾਂ ਥੱਲੇ ਜਾਂਦੀਆਂ ਤੇ ਦੂਜੇ ਪਾਸਿਉਂ ਪਾਣੀ ਨਾਲ ਭਰੀਆਂ ਹੋਈਆ ਉੱਪਰ ਆਉਂਦੀਆਂ। 

ਪਾਣੀ ਟੀਨ ਦੇ ਬਣੇ ਟੱਪ ਵਿੱਚ ਡਿੱਗਦਾ ਤੇ ਫਿਰ ਰੁੜ ਕੇ ਨਸਾਰ ਰਾਹੀਂ ਔਲੂ ਵਿੱਚ ਆ ਡਿੱਗਦਾ। ਫਿਰ ਰੁੜਦਾ ਰੁੜਦਾ ਆਡਾਂ ਰਾਹੀਂ ਖੇਤਾਂ ਨੂੰ ਪਹੁੰਚ ਜਾਂਦਾ। 

ਵੱਡੇ ਗੇਯਰ ਨੂੰ ਤੁਕਾ ਲੱਗਿਆ ਹੁੰਦਾ ਸੀ। ਇਹ ਤੁਕਾ ਬੈੜ ਨੂੰ ਪਿੱਛੇ ਨੂੰ ਨਹੀਂ ਸੀ ਪਰਤਣ ਦੇਂਦਾ। ਜਿਉਂ-ਜਿਉਂ ਤੁਕਾ ਇਕ ਦੰਦੇ ਤੋਂ ਦੂਜੇ ਦੰਦੇ ‘ਤੇ ਆ ਵੱਜਦਾ ਤਾਂ ਟਿਕ ਟਿਕ ਹੁੰਦੀ ਰਹਿੰਦੀ। ਇਹ ਸੁੰਦਰ ਟਿਕ ਟਿਕ ਦੂਰ ਤਕ ਸੁਣੀ ਜਾਂਦੀ ਸੀ ਤੇ ਪਤਾ ਲੱਗਦਾ ਰਹਿੰਦਾ ਸੀ ਕਿ ਖੂਹ ਚਲਦਾ ਏ। 

ਮੂੰਹ ਹਨੇਰੇ ਸਵੇਰੇ ਵੇਲੇ ਤੋਂ ਲੈ ਕੇ ਸੂਰਜ ਡੁਬਣ ਤੱਕ ਪਿੰਡ ਤੋਂ ਖੂਹ ਨੂੰ ਤੇ ਖੂਹ ਤੋਂ ਪਿੰਡ ਨੂੰ ਆਵਾਜਾਈ ਚਲੀ ਰਹਿੰਦੀ ਸੀ। ਸੋਹਣੀ ਚੁੰਨੀ ਲੈ ਕੇ ਸਿਰ ‘ਤੇ ਲੱਸੀ ਦਾ ਦੋਹਨਾ, ਉੱਪਰ ਰੋਟੀਆਂ ਤੇ ਗੁੜ ਜਾਂ ਅਚਾਰ ਰੱਖਿਆ, ਬਾਹਾਂ ਲਮਕਾਂਦੀ ਮੁਟਿਆਰ ਜਦੋਂ ਖੂਹ ਨੂੰ ਜਾਂਦੀ ਤਾਂ ਮਸ਼ਹੂਰ ਸੀ ਕਿ ਹਾਲੀਆਂ ਦੇ ਹਲ ਰੁਕ ਜਾਂਦੇ ਸਨ। ਇਹ ਇਕ ਖੂਬਸੂਰਤ ਦ੍ਰਿਸ਼ ਹੁੰਦਾ ਸੀ। ਆਉਂਦੀ ਵਾਰੀ ਮੁਟਿਆਰ ਨੇ ਸਿਰ ‘ਤੇ ਸਾਗ ਜਾਂ ਹੋਰ ਸਬਜ਼ੀਆਂ ਤੇ ਕੱਛਾਂ ਵਿੱਚ ਗੰਨੇ ਜਾਂ ਕੁੱਝ ਹੋਰ ਚੁੱਕਿਆ ਹੁੰਦਾ ਸੀ। 

ਸੂਰਜ ਡੁੱਬੇ ਆਦਮੀ ਵਾਰੀ-ਵਾਰੀ ਘਰਾਂ ਨੂੰ ਜਾਂਦੇ ਤੇ ਟੱਬਰ ਨਾਲ ਰੋਟੀ ਖਾਂਦੇ। 

ਨਵੇਂ ਵਿਆਹੇ ਹੋਏ ਘਰ ਹੀ ਰਹਿ ਜਾਂਦੇ। ਪੰਜ ਸੱਤ ਜਣੇ ਡੰਗਰਾਂ ਦੀ ਰਾਖੀ ਕਰਨ ਵਾਪਸ ਆ ਜਾਂਦੇ। ਖੂਹ ਤੇ ਬਲਦ, ਝੋਟੇ, ਮੱਝਾਂ, ਕੱਟੇ-ਕੱਟੀਆਂ, ਬਿੱਲੀਆਂ, ਕੁੱਤੇ ਹਰ ਵੇਲੇ ਹੀ ਹੁੰਦੇ ਸਨ। ਜੰਗਲੀ ਜਾਨਵਰ ਕੋਈ ਨਹੀਂ ਸੀ ਰਹਿ ਗਏ ਪਰ ਕਦੀ ਕਦਾਈਂ ਸੱਪ ਤੇ ਨਿਉਲੇ ਨਜ਼ਰ ਪੈ ਜਾਂਦੇ ਸਨ। ਕਿਧਰੇ ਦੋਮੂਹੀ ਵੀ ਨਿਕਲ ਆਉਂਦੀ ਸੀ। 

ਗਾਹਲੜ, ਕਾਂ, ਚਿੜੀਆਂ, ਤੋਤੇ, ਲਾਲੜੀਆਂ, ਚੱਕੀਰਾ, ਘੁੱਗੀਆਂ, ਕਬੂਤਰ ਤੇ ਚੂਹੇ ਆਮ ਹੁੰਦੇ ਸਨ। ਤੋਤੇ ਬੜੇ ਪਿਆਰੇ ਤੇ ਸੁੰਦਰ ਹੁੰਦੇ ਸਨ । ਡਾਰਾਂ ਦੀਆਂ ਡਾਰਾਂ ਸਵੇਰੇ- ਸਵੇਰੇ ਆਉਂਦੀਆਂ ਜਾਂਦੀਆਂ ਸਨ। 

ਬੁਲਬੁਲਾਂ ਨਜ਼ਰ ਨਹੀਂ ਸਨ ਆਉਂਦੀਆਂ ਪਰ ਸਉਣ ਦੇ ਮਹੀਨੇ ਜਦੋਂ ਅੰਬ ਤੇ ਜਾਮਣੂੰ ਪੱਕਦੇ ਸਨ, ਬੁਲਬੁਲ ਦੇ ਗੀਤ ਦਿਲਾਂ ਨੂੰ ਟੁੰਬਦੇ ਸਨ। ਸੂਰਜ ਡੁੱਬੇ ਜਦੋਂ ਚਿੜੀਆਂ ਘਰਾਂ ਨੂੰ ਆ ਚਹਿਚਹਾਂਦੀਆਂ ਤਾਂ ਅਚਾਣਕ ਬਾਜ ਵਰਗਾ ਸ਼ਿਕਾਰੀ ਕਿੱਧਰੋਂ ਆ ਜਾਂਦਾ ਸੀ। ਚਿੜੀਆਂ ਫੱਟ ਚੁੱਪ ਹੋ ਜਾਂਦੀਆਂ ਸਨ। ਜਿਵੇਂ ਮਰ ਗਈਆਂ ਨੇ। ਸ਼ਿਕਾਰੀ ਨੂੰ ਹਰਮਚੀ ਕਹਿੰਦੇ ਸਨ । ਉਸ ਇੱਕ ਚਿੜੀ ਬੋਚ ਲੈਣੀ ਤੇ ਫਿਰ ਉਡ ਜਾਣਾ। ਚਿੜੀਆਂ ਨੇ ਫਿਰ ਰੌਲਾ-ਰੱਪਾ ਸ਼ੁਰੂ ਕਰ ਦੇਣਾ। ਗਿਰਜਾਂ-ਗਿੱਧਾਂ ਦਾ ਟਕਾਣਾ ਕਿਸੇ ਨੂੰ ਪਤਾ ਨਹੀਂ ਸੀ ਹੁੰਦਾ ਪਰ ਜਦੋਂ ਵੀ ਕੋਈ ਮਰਿਆ ਹੋਇਆ ਡੰਗਰ ਖੇਤ ਵਿੱਚ ਰੱਖਿਆ। ਜਾਂਦਾ ਸੀ ਤਾਂ ਤੁਰੰਤ ਹੀ ਗਿਰਜਾਂ ਖਾਣ ਨੂੰ ਆ ਜਾਂਦੀਆ। ਫਿਰ ਗਿੱਧਾਂ ਵੀ ਆ ਟਪਕਦੀਆਂ ਸਨ। ਇਕ ਦਿਨ ਬਾਅਦ ਸਿਰਫ ਹੱਡੀਆਂ ਦਾ ਸੁੱਕਾ ਪਿੰਜਰ ਹੀ ਰਹਿ ਜਾਂਦਾ ਸੀ । ਸੁੱਕੀਆਂ ਹੱਡੀਆਂ ਨੂੰ ਵੇਚਣ ਵਾਲੇ ਲੈ ਜਾਂਦੇ ਸਨ।  

ਖੂਹ ਲਗਾਣ ਦਾ ਹੁਨਰ 

ਖੂਹ ਲਗਾਣ ਵਾਸਤੇ ਤਜਰਬੇ ਤੇ ਸਿਆਣੇ ਕਾਰੀਗਰਾਂ ਤੇ ਟੋਬਿਆਂ ਦੀ ਲੋੜ ਹੁੰਦੀ ਸੀ। ਆਮ ਕਾਰੀਗਰ ਇਹ ਕੰਮ ਸਿਰੇ ਨਹੀਂ ਚਾੜ ਸਕਦਾ। ਸਭ ਤੋਂ ਪਹਿਲੋਂ ਸੋਚ ਵਿਚਾਰ ਕੇ ਥਾਂ ਚੁਣੀ ਜਾਂਦੀ ਸੀ। ਫਿਰ ਉਥੇ 9 ਜਾਂ 10 ਫੁੱਟ ਡਾਏ ਦਾ ਗੋਲਦਾਰ ਵਾਹਿਆ ਜਾਂਦਾ। ਫਿਰ ਮਿਸਤਰੀ ਪੁਰਾਣੀ ਟਾਹਲੀ ਜਾਂ ਕਿਕਰ ਦੇ 1×1×3 ਫੁੱਟ ਦੇ ਟੋਟੇ ਲਿਆਉਂਦਾ। ਇਹਨਾਂ ਦੇ ਪਾਸੇ ਗੋਲ ਜਹੇ (Curved) ਹੁੰਦੇ, ਤੇ ਇਹਨਾਂ ਦੇ ਦੰਦ ਇਕ ਦੂਜੇ ਵਿੱਚ ਫਸ ਜਾਂਦੇ। ਇਸ ਦਾ ਘੇਰਾ 28 ਫੁੱਟ ਦੇ ਕਰੀਬ ਹੁੰਦਾ ਸੀ। ਇਹਨਾਂ ਟੋਟਿਆਂ ਨੂੰ ਨਿਸ਼ਾਨ ਵਾਲੀ ਥਾਂ ਦੇ ਕੋਲ ਫਿੱਟ ਕਰਕੇ ਰੱਖਿਆ ਜਾਂਦਾ। ਇਸ ਨੂੰ ‘ਚੱਕ’ ਕਹਿੰਦੇ ਸੀ। ਮਿਸਤਰੀ ਇਸ ਦਾ ਲੈਵਲ ਤੇ ਗੁਲਾਈ ਚੈਕ ਕਰਦਾ। ਫਿਰ ਨਿਸ਼ਾਨ ਵਾਲੇ ਥਾਂ ‘ਤੇ ਖੁਦਾਈ ਸ਼ੁਰੂ ਹੁੰਦੀ ਬਿਲਕੁਲ ਗੋਲ। ਇਹ ਖ਼ਿਆਲ ਰੱਖਿਆ ਜਾਂਦਾ ਕਿ ਮਿੱਟੀ ਕਿਸੇ ਪਾਸਿਉਂ ਢਹਿ ਨਾ ਜਾਵੇ। ਜਦੋਂ ਖੁਦਾਈ ਪਾਣੀ ਮਿਲਣ ਤੱਕ ਡੂੰਘੀ ਪਹੁੰਚ ਜਾਏ ਤਾਂ ਖੁਦਾਈ ਬੰਦ ਕਰ ਦਿੱਤੀ ਜਾਂਦੀ। ਫਿਰ ਚੱਕ ਨੂੰ ਉਤਾਰਨ ਦੀ ਤਿਆਰੀ ਸ਼ੁਰੂ ਹੋ ਜਾਂਦੀ। 

ਤਕੜੀਆਂ ਬਾਹਾਂ ਵਾਲੇ ਗੱਭਰੂ ਚੱਕ ਦੇ ਆਲੇ-ਦੁਆਲੇ ਖਲੋ ਜਾਂਦੇ। ਕੁਝ ਰੱਸਿਆਂ ਨੂੰ ਫੜਦੇ ਤੇ ਕੁਝ ਚੱਕ ਨੂੰ ਥੋੜ੍ਹਾ ਉੱਚਾ ਚੁੱਕਦੇ, ਇਕੱਠੇ ਹਮਬਲਾ ਮਾਰ ਕੇ ਚੱਕ ਨੂੰ ਖਸਕਾਈ ਜਾਂਦੇ ਤੇ ਪੁੱਟੇ ਹੋਏ ਗੋਲਦਾਰੇ ‘ਤੇ ਜਾ ਟਿਕਾਂਦੇ। ਉੱਤੇ ਚਾਦਰ ਪਾ ਦਿੱਤੀ ਜਾਂਦੀ। ਫੇਰ ਹੌਲੀ- ਹੌਲੀ ਰੱਸੇ ਢਿੱਲੇ ਕੀਤੇ ਜਾਂਦੇ ਤੇ ਚੱਕ ਉਤਰਦਾ ਜਾਂਦਾ। ਜਦੋ ਜ਼ਮੀਨ ‘ਤੇ ਜਾ ਕੇ ਟਿਕ ਜਾਂਦਾ ਤਾਂ ਮਿਸਤਰੀ ਪੌੜੀ ਨਾਲ ਉਤਰ ਕੇ ਚੱਕ ਦੇ ਲੈਵਲ ਚੈੱਕ ਕਰਦਾ ਤੇ ਬਾਹਰ ਆ ਕੇ ਮੁੱਠੀ ਦਾ ਅੰਗੂਠਾ ਉੱਚਾ ਕਰਦਾ (Thums up! ) । ਜ਼ਿਮੀਂਦਾਰ ਦਾ ਸਾਹ ਵਿੱਚ ਸਾਹ ਆਉਂਦਾ। ਅਰਦਾਸ ਕੀਤੀ ਜਾਂਦੀ ਤੇ ਗੁੜ ਵੰਡਿਆ ਜਾਂਦਾ। 

ਫਿਰ ਚਨਾਈ ਸ਼ੁਰੂ ਹੁੰਦੀ। ਬਿਲਕੁਲ ਗੋਲਦਾਰੇ ਵਿੱਚ ਇੱਟਾਂ ਦੇ ਪੰਦਰਾਂ-ਵੀਹ ਰੱਦੇ ਲਾਏ ਜਾਂਦੇ। ਨਾਲ ਨਾਲ ਕੰਧ ਦਾ ਵਰਟੀਕਲ (Vertical) ਲੈਵਲ ਵੀ ਚੈੱਕ ਕੀਤਾ ਜਾਂਦਾ ਤਾਂਕਿ ਕੰਧ ਦੀ ਉਸਾਰੀ ਬਿਲਕੁਲ ਸਿੱਧੀ ਤੇ ਪੱਧਰੀ ਹੋਵੇ। ਅੰਤ ਕੋਈ ਦਸ ਫੁੱਟ ਉੱਚੇ ਰੱਦੇ ਲਾ ਕੇ ਚਨਾਈ ਬੰਦ ਕਰ ਦਿੱਤੀ ਜਾਂਦੀ। ਫਿਰ ਟੋਬੇ ਨੂੰ ਬੁਲਾਇਆ ਜਾਂਦਾ। 

ਟੋਭੇ ਦੀ ਕਾਰੀਗਰੀ ਸੀ ਕਿ ਚੱਕ ਦੇ ਥੱਲਿਉਂ ਤੇ ਖੂਹ ਦੇ ਵਿਚਕਾਰੋਂ ਹੌਲੀ-ਹੌਲੀ ਮਿੱਟੀ ਪੁੱਟੇ। ਗਾਰੇ ਨੂੰ ਬਾਲਟੀਆਂ ਨਾਲ ਬਾਹਰ ਕੱਢਿਆ ਜਾਂਦਾ। ਜਿਉਂ-ਜਿਉਂ ਟੋਬਾ ਮਿੱਟੀ ਖੁਰਚਦਾ, ਚੱਕ ਥੱਲੇ ਸਰਕਦਾ ਜਾਂਦਾ। 

ਜਦੋਂ ਪਾਣੀ ਧੁਨੀ ਤੋਂ ਉੱਪਰ ਪਹੁੰਚ ਜਾਂਦਾ ਤਾਂ ਟੋਬੇ ਨੂੰ ਟੁੱਬੀ ਮਾਰ ਕੇ ਮਿੱਟੀ ਖਰੋਚਣੀ ਤੇ ਪੁੱਟਣੀ ਪੈਂਦੀ। ਟੋਭੇ ਦੀ ਇਕ ਕਾਬਲੀਅਤ ਇਹ ਸੀ ਕਿ ਉਹ ਬੜਾ ਚਿਰ ਪਾਣੀ ਵਿੱਚ ਟੁੱਬੀ ਮਾਰ ਕੇ ਕੰਮ ਕਰ ਸਕਦਾ ਸੀ। ਜਦੋਂ ਪਾਣੀ ਅੱਠ ਫੁੱਟ ਤਕ ਚੜ੍ਹ ਜਾਏ ਤੇ ਥੱਲਿਉਂ ਸਖ਼ਤ ਜ਼ਮੀਨ ਆ ਜਾਵੇ ਤਾਂ ਟੋਬੇ ਦਾ ਕੰਮ ਖ਼ਤਮ ਹੋ ਜਾਂਦਾ। ਫੇਰ ਖੂਹ ਦੀ ਚਨਾਈ ਉੱਪਰ ਤੱਕ ਕੀਤੀ ਜਾਂਦੀ; ਧਰਤੀ ਤੋਂ ਦੋ ਫੁੱਟ ਉੱਚੀ। ਹੁਣ ਕੰਮ ਸੀ ਲੁਹਾਰਾਂ ਦਾ ਤੇ ਹੋਰ ਕਿਸਮ ਦੇ ਮਿਸਤਰੀਆਂ ਦਾ। ਇਹ ਬਹੁਤਾ ਮਕੈਨੀਕਲ ਸੀ ਤੇ ਇਹ ਸੀ ਖੂਹ ਦੀ ਇੰਜਨੀਅਰੀ। 

ਹਲਟੀ ਤੇ ਖੂਹੀਆਂ ਵੀ ਖੂਹ ਵਾਂਘਰ ਇਸੇ ਤਰ੍ਹਾਂ ਉਸਾਰੀਆਂ ਜਾਂਦੀਆ ਸਨ। ਵੱਡਾ ਫ਼ਰਕ ਇਹ ਸੀ ਕਿ ਖੂਹ ਬਲਦਾਂ ਤੇ ਝੋਟਿਆਂ ਦੀ ਤਾਕਤ ਨਾਲ ਚਲਦੇ ਸਨ, ਪਰ ਹਲਟੀ ਤੇ ਖੂਹੀਆਂ ‘ਚੋਂ ਪਾਣੀ ਇਨਸਾਨ ਆਪਣੀ ਤਾਕਤ ਨਾਲ ਕੱਢਦੇ ਸਨ। ਹਲਟੀ. ਤਾਂ ਮਿੰਨੀ ਖੂਹ ਹੀ ਹੁੰਦੀ ਸੀ। ਗਿੜਦੀਆਂ ਟਿੰਡਾਂ ਰਾਹੀਂ ਪਾਣੀ ਬਾਹਰ ਆਉਂਦਾ ਸੀ। ਖੂਹੀ ‘ਚੋਂ ਪਾਣੀ ਚਰਖੜੀ, ਰੱਸੇ ਤੇ ਬਾਲਟੀ ਦੇ ਨਾਲ ਬਾਹਰ ਕੱਢਿਆ ਜਾਂਦਾ ਸੀ । 

ਖੂਹੀ : ਔਰਤਾਂ ਦੇ ਸਮਾਜਕ ਕੇਂਦਰਾਂ ‘ਚੋਂ ਖੂਹੀ ਇਕ ਪਤਵੰਤਾ ਅੱਡਾ ਸੀ। ਇਥੇ ਜ਼ਨਾਨੀਆਂ ਪਾਣੀ ਭਰਨ ਆਉਂਦੀਆਂ ਪਰ ਇਕੱਠੀਆਂ ਹੋ ਕੇ ਦੋ-ਚਾਰ ਗੱਪਾਂ ਵੀ ਮਾਰ ਲੈਂਦੀਆਂ। ਕੁਝ ਸੁਣਦੀਆਂ, ਕੁਝ ਸੁਣਾਉਂਦੀਆਂ। ਦੁੱਖ-ਸੁੱਖ ਫੋਲ ਕੇ ਆਪਣਾ ਦਿਲ ਹੌਲਾ ਕਰ ਲੈਂਦੀਆਂ। ਕੋਈ ਘੜਾ ਸਿਰ ‘ਤੇ ਚੁੱਕਦੀ ਤੇ ਕੋਈ ਢਾਕ ਉੱਤੇ। ਪਾਣੀ ਭਰਦੀਆਂ ਮੁਟਿਆਰਾਂ ਨੂੰ ਗੀਤਾਂ ਵਿੱਚ ਬੜਾ ਪੁਕਾਰਿਆ ਤੇ ਸਤਿਕਾਰਿਆ ਗਿਆ ਹੈ। ਪਾਣੀ ਭਰਨ ਆਉਂਦੀਆਂ ਜਾਂਦੀਆਂ ਦਾ ਦ੍ਰਿਸ਼ ਵੇਖਣ ਵਾਲਾ ਹੁੰਦਾ ਸੀ। ਗੱਭਰੂਆਂ ਲਈ ਇਹ ਅੱਖਾਂ ਦਾ ਇਕ ਦਿਲ-ਖਿੱਚਵਾਂ ਸਵਾਦ ਸੀ। 

ਖੂਹੀ ਸਮਝੋ ਛੋਟੇ ਖੂਹ ਵਾਂਗ ਬਣਾਈ ਜਾਂਦੀ ਸੀ ਪਰ ਫ਼ਰਕ ਇਹ ਸੀ ਕਿ ਇਸ ਦੇ ਉੱਪਰ ਚਰਖੜੀ ਲੱਗੀ ਹੁੰਦੀ ਸੀ। ਉੱਪਰ ਰੱਸਾ ਲਪੇਟਿਆ ਹੁੰਦਾ ਸੀ। ਇਸ ਦੇ ਇਕ ਸਿਰੇ ਨਾਲ ਬਾਲਟੀ ਬਝੀ ਹੁੰਦੀ ਸੀ। ਹੱਥੀਆਂ ਨੂੰ ਆਪਣੇ ਵੱਲ ਖਿੱਚੋ ਤਾਂ ਪਾਣੀ ਦੀ ਭਰੀ ਬਾਲਟੀ ਉੱਪਰ ਆ ਜਾਂਦੀ ਸੀ । ਉਲਟੇ ਪਾਸੇ ਫੇਰੋ ਤਾਂ ਖਾਲੀ ਬਾਲਟੀ ਖੂਹੀ ਵਿੱਚ ਚਲੀ ਜਾਂਦੀ ਸੀ। ਬਾਲਟੀ ਨਾਲ ਜ਼ਨਾਨੀਆਂ ਆਪਣੇ ਘੜੇ ਭਰ ਲੈਂਦੀਆਂ ਸਨ। 

ਹਲਟੀ : ਇਹ ਲੋਕਾਂ ਦੇ ਇੱਕਠੇ ਹੋ ਕੇ ਨਹਾਉਣ ਤੇ ਕੱਪੜੇ ਧੋਣ ਦੀ ਥਾਂ ਸੀ। 

ਇਸ ਮਿੰਨੀ ਖੂਹ ਨੂੰ ਹੱਥ ਨਾਲ ਗੇੜਿਆ ਜਾਂਦਾ ਸੀ । ਨਸਾਰ ਰਾਹੀਂ ਪਾਣੀ ਚਬੱਚੇ ਤੇ ਫੇਰ ਟੂਟੀਆਂ ਵਿੱਚ ਜਾਂਦਾ ਸੀ । ਲੋਕੀਂ ਲੋੜ ਅਨੁਸਾਰ ਉਹਨਾਂ ਦਾ ਮੂੰਹ ਖੋਲ ਲੈਂਦੇ ਸਨ। ਇਥੇ ਦਾਤਣਾਂ ਰੱਖੀਆਂ ਹੁੰਦੀਆਂ ਸਨ ਤਾਂਕਿ ਲੋਕੀ ਦੰਦ ਸਾਫ਼ ਕਰ ਲੈਣ। 

ਢਾਬ-ਛਪੜ : ਬਾਰਸ਼ਾਂ ਦੇ ਇਕੱਠੇ ਹੋਏ ਪਾਣੀ ਦਾ ਇਹ ਸੋਮਾ ਪਿੰਡ ਦੇ ਜੀਵਨ ਦਾ ਇਕ ਜ਼ਰੂਰੀ ਭਾਗ ਸੀ । ਇਥੇ ਡੰਗਰ ਪਾਣੀ ਪੀਂਦੇ, ਮੱਝਾਂ ਨਹਾਉਂਦੀਆਂ, ਤੈਰਦੀਆਂ।  

ਜ਼ਨਾਨੀਆਂ ਤੇ ਧੋਬੀ ਕੱਪੜੇ ਧੋਂਦੇ। ਮੱਝਾਂ ਦੀਆਂ ਪੂਛਾਂ ਫੜ ਕੇ ਬੱਚੇ ਤੈਰਨਾ ਸਿੱਖਦੇ। ਮੁਧੇ ਘੜੇ ‘ਤੇ ਢਿੱਡ ਰੱਖ ਕੇ ਲੋਕੀਂ ਤੈਰਦੇ। ਇਹ ਡੱਡੂਆਂ ਦਾ ਘਰ ਹੁੰਦਾ ਸੀ। ਡੱਡੂ ਮੱਛਰ, ਮੱਖੀਆਂ ਖਾ ਕੇ ਇਹਨਾਂ ਨੂੰ ਸਾਫ਼ ਰੱਖਦੇ ਸਨ। 

ਸੌਣ ਦੇ ਸਰਲਾਟੇ ਆਉਣ ਤੋਂ ਪਹਿਲੇ, ਜੇਠ-ਹਾੜ ਵਿੱਚ ਛੱਪੜ ਸੁੰਗੜ ਜਾਂਦੇ ਸਨ। ਉੱਤੇ ਹਰੀ-ਹਰੀ ਝਿੱਲੀ ਜੰਮ ਜਾਂਦੀ ਸੀ । ਡੰਗਰ ਇਸ ਨੂੰ ਮੂੰਹ ਨਾਲ ਹਟਾ ਕੇ ਪਾਣੀ ਪੀਂਦੇ, ਉਹ ਵੀ ਝਿਜਕ-ਝਿਜਕ ਕੇ। ਸੌਣ ਦੇ ਮਹੀਨੇ ਵਿੱਚ ਇਹ ਫਿਰ ਜਾਗ ਉਠਦੇ। ਸਰਲਾਟਿਆਂ ਨਾਲ ਪਾਣੀ ਭਰ ਜਾਂਦਾ। ਸਾਫ਼ ਪਾਣੀ ਵਿੱਚ ਬੱਚੇ ਖੇਡਦੇ, ਛਾਲਾਂ ਮਾਰਦੇ। ਚੋਰੀ-ਚੋਰੀ ਔਰਤਾਂ ਵੀ ਆ ਕੇ ਤੈਰਦੀਆਂ। ਪਰ ਅਸਲੀ ਮੌਜ ਤਾਂ ਮੱਝਾਂ ਦੀ ਸੀ। ਜਿੰਨਾ ਚਿਰ ਪਾਣੀ ਵਿੱਚ ਡੁੱਬੀਆਂ ਰਹਿਣ, ਮੱਛਰ-ਮੱਖੀ ਤੋਂ ਬਚੀਆਂ ਰਹਿੰਦੀਆਂ। ਅਨੰਦ ਮਾਣਦੀਆਂ। 

ਬਾਰਸ਼ਾਂ ਦੇ ਆਉਣ ਨਾਲ ਇਕ ਨਵਾਂ ਰਾਗ ਵੀ ਆ ਜਾਂਦਾ ਸੀ । ਹਲਦੀ ਰੰਗ ਦੇ ਵੱਡੇ-ਵੱਡੇ ਡੱਡੂ ਪਤਾ ਨਹੀਂ ਕਿੱਥੋਂ ਨਿਕਲ ਆਉਂਦੇ। ਸਾਰੀ ਰਾਤ ਗੜੋਂ ਗੜੋਂ ਕਰਦੇ। ਕਦੀ-ਕਦੀ ਸਾਰੇ ਹੀ ਚੁੱਪ ਹੋ ਜਾਂਦੇ। ਫਿਰ ਇਕ ਦੀ ਅਵਾਜ਼ ਨਿਕਲਦੀ, ਫਿਰ ਦੂਜੇ ਤੇ ਤੀਜੇ ਦੀ, ਝੱਟ ਹੀ ਸਾਰਾ ਛੱਪੜ ਗੜੋਂ-ਗੜੋਂ ਕਰਨ ਲੱਗ ਪੈਂਦਾ। ਬਾਰਸ਼ਾਂ ਖ਼ਤਮ ਹੋਣ ‘ਤੇ ਪਤਾ ਨਹੀਂ ਕਿਥੇ ਤੁਰ ਜਾਂਦੇ। ਇਕ ਵੀ ਨਹੀਂ ਸੀ ਦਿਖਦਾ। ਆਮ ਕਿਸਮ ਦੇ ਡੱਡੂ ਤਾਂ ਬਾਰ੍ਹਾਂ ਮਹੀਨੇ ਹੀ ਨਜ਼ਰ ਆਉਂਦੇ ਸਨ; ਜਿੰਨੇ ਮਰਜ਼ੀ ਏ ਫੜ ਲਵੋ ਪਰ ਫੜਦਾ ਕੋਈ ਨਹੀਂ ਸੀ। 

ਲਿਖਾਈ-ਪੜ੍ਹਾਈ 

ਲੋਕਾਂ ਦੇ ਦਿਲਾਂ ਵਿੱਚ ਉਮੰਗ ਤਾਂ ਬੜੀ ਹੁੰਦੀ ਸੀ ਪਰ ਪੜ੍ਹਨ ਕਿੱਥੇ? ਹਿੰਦੂਆਂ ਦੇ ਮੰਦਰ ਤੇ ਮੱਠ ਪੜ੍ਹਾਈ ਦੇ ਕੇਂਦਰ ਹੁੰਦੇ ਸਨ ਪਰ ਇਥੇ ਸਿਰਫ਼ ਬਰਾਹਮਨਾਂ ਦੇ ਮੁੰਡਿਆਂ ਨੂੰ ਪੜ੍ਹਾਇਆ ਜਾਂਦਾ ਸੀ। ਦੁਕਾਨਦਾਰ ਆਪਣੇ ਬੱਚਿਆਂ ਨੂੰ ਹਿਸਾਬ-ਕਿਤਾਬ ਤੇ ਲੰਡਿਆਂ ਦੀ ਲਿਖਾਈ ਸਿਖਾ ਦਿੰਦੇ ਸਨ । ਇਸਲਾਮ ਨੇ ਮਦਰੱਸੇ ਬਨਾ ਕੇ ਪੜ੍ਹਾਈ ਨੂੰ ਸਾਰਿਆਂ ਲੋਕਾਂ ਵਾਸਤੇ ਖੋਲ੍ਹ ਦਿੱਤਾ। ਪਰ ਸਿਰਫ਼ ਮੁੰਡੇ ਹੀ ਮਦਰੱਸੇ ਜਾ ਸਕਦੇ ਸਨ ਤੇ ਪੜ੍ਹਾਈ ਸਿਰਫ਼ ਕੁਰਾਨ ਸ਼ਰੀਫ਼। ਪਹਿਲੀ ਵਾਰ ਸੀ ਕਿ ਸਿੱਖਾਂ ਨੇ ਸਾਰੇ ਮੁੰਡਿਆਂ ਤੇ ਕੁੜੀਆਂ ਨੂੰ ਲਿਖਾਣਾ-ਪੜ੍ਹਾਣਾ ਸ਼ੁਰੂ ਕੀਤਾ । ਕਈ ਗੁਰਦਵਾਰਿਆਂ ‘ਚ ਗੁਰਮੁਖੀ ਤੋਂ ਇਲਾਵਾ ਫ਼ਾਰਸੀ ਵੀ ਪੜ੍ਹਾਈ ਜਾਂਦੀ ਸੀ । ਛੋਟੀਆਂ ਗਲੋਟੀਆਂ ਵਿੱਚ ਗੁਰਮੁਖੀ ਪੜ੍ਹਨ-ਲਿਖਣ ਵਾਲੀਆਂ ਔਰਤਾਂ ਦੀ ਗਿਣਤੀ ਆਦਮੀਆਂ ਨਾਲੋਂ ਵਧੇਰੇ ਹੁੰਦੀ ਸੀ। 

ਅੰਗਰੇਜ਼ਾਂ ਨੇ ਪੜ੍ਹਾਈ-ਲਿਖਾਈ ਵਿੱਚ ਇਨਕਲਾਬ ਲਿਆ ਦਿੱਤਾ। 1848 ਵਿੱਚ ਪੰਜਾਬ ਫ਼ਤਿਹ ਕਰਨ ਤੋਂ ਕੁਝ ਸਾਲ ਬਾਅਦ ਹੀ, ਸਰਕਾਰ ਨੇ ਹਰ ਥਾਂ ਮੁੰਡਿਆਂ- ਕੁੜੀਆਂ ਵਾਸਤੇ ਸਕੂਲ ਖੋਲ੍ਹਣੇ ਸ਼ੁਰੂ ਕਰ ਦਿੱਤੇ । ਲੋੜ ਅਨੁਸਾਰ ਸਕੂਲਾਂ ਦੇ ਕਈ ਦਰਜੇ ਹੁੰਦੇ ਸਨ। 

ਪ੍ਰਾਇਮਰੀ ਸਕੂਲ :

ਕੱਚੀ ਜਮਾਤ (pre-school) ਪਹਿਲੀ ਤੋਂ ਚੌਥੀ ਤਕ ਹੁੰਦਾ 

ਸੀ । ਪੜ੍ਹਾਈ ਉਰਦੂ ਵਿੱਚ। 

ਨਾਰਮਲ ਸਕੂਲ :

ਪੰਜਵੀਂ ਤੇ ਛੇਵੀਂ ਜਮਾਤ ਤਕ; ਕਿਸੇ-ਕਿਸੇ ਨਾਰਮਲ ਸਕੂਲ ਵਿੱਚ ਅੰਗਰੇਜ਼ੀ ਵੀ ਪੜ੍ਹਾਈ ਜਾਂਦੀ ਸੀ ‘ਤੇ ਟੀਚਰਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਂਦੀ ਸੀ। 

ਮਿਡਲ ਸਕੂਲ :

ਸੱਤਵੀਂ ਤੇ ਅੱਠਵੀਂ ਜਮਾਤ, ਅੰਗ੍ਰੇਜ਼ੀ ਜ਼ਰੂਰੀ।ਹਾਈ ਸਕੂਲ : ਇਹ ਪੰਜਵੀਂ ਤੋਂ ਦਸਵੀਂ ਤੱਕ। ਅੰਗ੍ਰੇਜ਼ੀ ਪੰਜਵੀਂ ਤੋਂ ਜ਼ਰੂਰੀ ਹੋਰ ਮਜ਼ਮੂਨ ਉਰਦੂ ‘ਚ। ਨੌਵੀਂ-ਦਸਵੀਂ ਵਿੱਚ ਸਾਰੇ ਮਜ਼ਮੂਨ ਅੰਗ੍ਰੇਜ਼ੀ ਵਿੱਚ ਦਸਵੀਂ ਦਾ ਇਮਤਿਹਾਨ ਸਾਰੇ ਸੂਬੇ ਵਿੱਚ ਇਕੋ ਵਾਰੀ, ਪੰਜਾਬ ਯੂਨੀਵਰਸਟੀ ਦੀ ਨਿਗਰਾਨੀ ਵਿੱਚ ਹੁੰਦਾ ਸੀ। ਮੈਟ੍ਰਿਕ ਪਾਸ ਦਾ ਡਿਪਲੋਮਾ ਮਿਲਦਾ ਸੀ। 

ਕਾਲਜ :

ਪੰਜਾਬ ਯੂਨੀਵਰਸਟੀ 1882 ਵਿੱਚ ਖੁਲ੍ਹੀ । ਸਾਰੇ ਕਾਲਜ ਇਸ ਦੇ ਸਾਏ ਥੱਲੇ ਹੁੰਦੇ ਸਨ। ਐਫ.ਐਸ.ਸੀ. (12ਵੀਂ) ਤੇ ਬੀ.ਏ., ਬੀ.ਐਸ.ਸੀ., ਤੇ ਐਮ.ਏ. ਦੇ ਇਮਤਿਹਾਨ ਹੁੰਦੇ ਸਨ। ਟੀਚਰਾਂ ਵਾਸਤੇ ਬੀ.ਟੀ. ਕਾਲਜ ਵੀ ਹੁੰਦੇ ਸਨ । ਸਾਰੇ ਮਜ਼ਮੂਨ ਅੰਗਰੇਜ਼ੀ ‘ਚ। 

ਜਿਨਵੀਂ ਜਮਾਤ ਵਿੱਚ ਕੋਈ ਪੜ੍ਹਦਾ ਉਨ੍ਹੇ ਆਨੇ ਫ਼ੀਸ ਹੁੰਦੀ ਸੀ। ਜਿਵੇਂ ਕਿ ਚੌਥੀ ਵਿੱਚ ਚਾਰ ਆਨੇ ਮਹੀਨਾ, ਅੱਠਵੀਂ ਵਿੱਚ ਅੱਠ ਆਨੇ ਤੇ ਦਸਵੀਂ ਵਿੱਚ ਦਸ ਆਨੇ। ਨੌਵੀਂ ਦਸਵੀਂ ਵਿੱਚ ਸਾਇੰਸ ਦੀ ਫ਼ੀਸ ਵੱਖਰੀ ਹੁੰਦੀ ਸੀ। ਪਰ ਤਜਰਬਾ (experiment) ਕੇਵਲ ਮਾਸਟਰ ਹੀ ਕਰਦਾ ਸੀ। ਸਟੂਡੈਂਟਸ ਸਿਰਫ਼ ਵੇਖਦੇ ਹੀ ਹੁੰਦੇ ਸਨ । ਕਾਲਜ ਦੀ ਫੀਸ 5 ਰੁਪਏ ਤੋਂ ਲੈ ਕੇ 15 ਰੁਪਏ ਮਹੀਨਾ ਸੀ। 

ਫ਼ੌਜ ਵਿੱਚ ਸਿਪਾਹੀ ਭਰਤੀ ਹੋਣ ਵਾਸਤੇ ਪੜ੍ਹਾਈ ਦੀ ਕੋਈ ਲੋੜ ਨਹੀਂ ਸੀ ਹੁੰਦੀ। ਚੌਥੀ ਪਾਸ ਪੁਲਸ ਵਿੱਚ ਸਪਾਹੀ ਬਣ ਜਾਂਦਾ ਸੀ। ਨਾਰਮਲ ਤੇ ਮਿਡਲ ਪਾਸਾਂ ਨੂੰ ਮਾਸਟਰ-ਮਾਸਟਰਾਨੀ ਤੋਂ ਇਲਾਵਾ ਕਲਰਕੀ ਦੀ ਨੌਕਰੀ ਮਿਲ ਜਾਂਦੀ ਸੀ। ਦਸਵੀਂ ਪਾਸ ਬਹੁਤੇ ਦਫ਼ਤਰਾਂ ਵਿੱਚ ਈ ਨੌਕਰੀ ਲੱਭਦੇ ਸਨ । ਕਾਲਜਾਂ ਦੇ ਪੜ੍ਹਿਆਂ ਵਾਸਤੇ ਕਈ ਦਰਵਾਜ਼ੇ ਖੁੱਲ੍ਹੇ ਹੁੰਦੇ ਸਨ, ਪਰ ਪ੍ਰਾਈਵੇਟ ਨੌਕਰੀਆਂ ਬੜੀਆਂ ਘੱਟ ਹੁੰਦੀਆਂ ਸਨ। 

ਪ੍ਰਾਇਮਰੀ ਸਕੂਲ :

ਜਦੋਂ ਅੰਗ੍ਰੇਜ਼ੀ ਰਾਜ ਸਮੇਂ ਪਿੰਡਾਂ ਵਿੱਚ ਸਕੂਲ ਖੁੱਲ੍ਹੇ ਤਾਂ ਪੜ੍ਹਾਈ ਫੈਲਣੀ ਸ਼ੁਰੂ ਹੋ ਗਈ। ਇਲਾਕੇ ਦਾ ਪਹਿਲਾ ਸਕੂਲ 1890 ਵਿੱਚ ਵੱਡੀਆਂ ਗਲੋਟੀਆਂ ਖੁਲ੍ਹਿਆ। ਭਾਟੜਿਆਂ ਤੇ (ਸੇਠੀ) ਸ਼ਾਹੂਕਾਰਾਂ ਨੇ ਰਲ ਕੇ ਦੋ ਕੱਚੇ ਕਮਰਿਆਂ ਦਾ ਸਕੂਲ ਬਣਾ ਦਿੱਤਾ ਤੇ ਸਰਕਾਰ ਨੇ ਮਾਸਟਰ ਭੇਜ ਦਿੱਤਾ। ਛੋਟੀਆਂ ਗਲੋਟੀਆਂ ਦੇ ਕੁਝ ਮੁੰਡੇ ਵੀ ਦਾਖ਼ਲ ਹੋ ਗਏ। ਪਰ ਸਿਰਫ਼ ਹਾਕਮ, ਮੰਗਲ, ਗੰਗਾ, ਦੀਵਾਨ, ਜਗਤ ਤੇ ਦੀਵਾਨ ਨੇ ਚੌਥੀ ਪਾਸ ਕੀਤੀ। ਬਹੁਤ ਸਾਰੇ ਮੁੰਡੇ ਵਿੱਚੋਂ ਹੀ ਪੜ੍ਹਾਈ ਛੱਡ ਦਿੰਦੇ ਜਾਂ ਛੱਡ ਕੇ ਫੇਰ ਆ ਜਾਂਦੇ ਸੀ। 

ਛੋਟੀਆਂ ਗਲੋਟੀਆਂ ‘ਚ ਮੁੰਡਿਆਂ ਦਾ ਪ੍ਰਾਇਮਰੀ ਸਕੂਲ 1902 ਵਿੱਚ ਖੁੱਲ੍ਹਿਆ। ਗੁਰਦਵਾਰੇ ਨੇ ਬੜੀ ਖੁਲੀ ਥਾਂ ਤੇ ਦੋ ਕਮਰੇ ਬਣਾ ਦਿੱਤੇ ਤੇ ਹਾਤਾ ਵਲ ਦਿੱਤਾ। 

ਸਰਕਾਰ ਨੇ ਮਾਸਟਰ ਲਾ ਦਿੱਤਾ। ਪਿੰਡ ਦਾ ਨੌਜਵਾਨ ਮੁਨਸ਼ੀ ਹਾਕਮ ਸਿੰਘ ਪਹਿਲਾ ਮਾਸਟਰ ਬਣਿਆ। ਪਹਿਲੇ ਸਾਲ ਭਗਤ ਦਾਖ਼ਲ ਹੋਇਆ ਤੇ ਚੌਥੀ ਵਿੱਚ ਜ਼ਿਲ੍ਹੇ ਭਰ ਵਿੱਚ ਵੱਧ ਨੰਬਰ ਲੈ ਕੇ ਵਜ਼ੀਫ਼ਾ ਜਿੱਤਿਆ। ਪਿੰਡਾਂ ਵਿੱਚ ਧੁੰਮ ਪੈ ਗਈ। ਬੜੇ ਮੁੰਡੇ ਦਾਖ਼ਲ ਹੋਣੇ ਸ਼ੁਰੂ ਹੋ ਗਏ। 1937 ਵਿੱਚ ਕੁੜੀਆਂ ਵਾਸਤੇ ਵੀ ਦਾਖ਼ਲਾ ਖੁਲ੍ਹ ਗਿਆ। ਇਲਾਕੇ ਭਰ ਵਿੱਚ ਇਹ ਪਹਿਲਾ ਕੋਐਜੂਕੇਸ਼ਨ ਦਾ ਸਕੂਲ ਸੀ। 

ਕੁੜੀਆਂ ਦਾ ਵੱਖਰਾ ਸਕੂਲ 1920 ਵਿੱਚ ਖੁਲ੍ਹਿਆ। ਪਹਿਲੋਂ ਵਾਂਗ ਗੁਰਦਵਾਰੇ ਨੇ ਦੋ ਕੱਚੇ ਕਮਰਿਆਂ ਦਾ ਸਕੂਲ ਬਣਾ ਦਿੱਤਾ ਤੇ ਸਰਕਾਰ ਨੇ ਮਾਸਟਰਾਨੀ ਲਾ ਦਿੱਤੀ। ਸਿਰਫ਼ ਸਿੱਖ ਘਰਾਨਿਆਂ ਨੇ ਕੁੜੀਆਂ ਨੂੰ ਦਾਖ਼ਲ ਹੋਣ ਦੀ ਆਗਿਆ ਦਿੱਤੀ । ਲਿਖਾਈ ਪੜ੍ਹਾਈ ਪੰਜਾਬੀ (ਗੁਰਮੁਖੀ) ਵਿੱਚ ਹੁੰਦੀ ਸੀ । ਆਇਆ ਕੁੜੀਆਂ ਨੂੰ ਘਰਾਂ ਤੋਂ ਇਕੱਠਾ ਕਰ ਲਿਆਉਂਦੀ ਸੀ ਤੇ ਫਿਰ ਘਰੋ-ਘਰ ਛੱਡ ਵੀ ਆਉਂਦੀ। ਕੁੜੀਆਂ ਦੁਪਹਿਰ ਦੀ ਰੋਟੀ ਨਾਲ ਲੈ ਆਉਂਦੀਆਂ ਸਨ ਤੇ ਆਪਸ ਵਿੱਚ ਵੰਡ ਵੀ ਲੈਂਦੀਆਂ ਸਨ। 

ਕੁੜੀਆਂ ਦਾ ਪ੍ਰਾਇਮਰੀ ਸਕੂਲ 

ਮੈਂ 1926 ਵਿੱਚ ਦਾਖ਼ਲ ਹੋਈ। ਸਕੂਲ ਬੜੀਆਂ ਮੁਸ਼ਕਲਾਂ ‘ਚੋਂ ਲੰਘ ਰਿਹਾ ਸੀ। ਛੱਤ ਚੋਂਦੀ ਸੀ। ਕੋਈ ਮੁਰੰਮਤ ਨਾ ਕਰਾਏ। ਸਰਕਾਰ ਸੋਚੇ ਪਿੰਡ ਵਾਲੇ ਕਰਾਉਣ ਤੇ ਪਿੰਡ ਵਾਲੇ ਸਰਕਾਰ ਤੇ ਆਸ ਲਾਈ ਬੈਠੇ ਸਨ। ਆਖਰ ਦੁਖੀ ਹੋ ਕੇ ਮਾਸਟਰਆਨੀ ਛੱਡ ਕੇ ਚੱਲੀ ਗਈ। ਉਸ ਦੀ ਥਾਂ ਕੋਈ ਹੋਰ ਨਵੀਂ ਵੀ ਨਾ ਆਈ। ਸਕੂਲ ਬੰਦ ਹੋ ਗਿਆ। ਉਸ ਵੇਲੇ ਮੈਂ ਦੂਜੀ ਜਮਾਤ ਅਜੇ ਖ਼ਤਮ ਨਹੀਂ ਸੀ ਕੀਤੀ। 

ਡੱਸਕੇ ਦੇ ਮਸ਼ਹੂਰ ਦਾਨੀ ਤੇ ਡਿਸਟ੍ਰਿਕ ਬੋਰਡ ਦੇ ਮੈਂਬਰ ਸ਼ਿਵਦੇਵ ਸਿੰਘ ਨੇ ਆਪਣੇ ਖ਼ਰਚੇ ਤੇ ਗੁਰਦਆਰੇ ਵਿਚ ਸਕੂਲ ਖੋਲ ਦਿੱਤਾ। ਮੁਨਸ਼ੀ ਹਾਕਮ ਸਿੰਘ ਜੋ ਕਿ ਮੁੰਡਿਆਂ ਦੇ ਸਕੂਲ ਤੋ ਰੀਟਾਇਰ ਹੋ ਚੁੱਕਾ ਸੀ ਨੇ ਚਾਰਜ਼ ਲੈ ਲਿਆ। ਪੰਜਾਬੀ (ਗੁਰਮੁਖੀ) ਲਿਖਾਈ ਪੜ੍ਹਾਈ ਜਾਂਦੀ ਸੀ, 10-12 ਵੱਜੇ ਤਕ ਕੁੜੀਆਂ ਵਾਸਤੇ ਸਕੂਲ ਲੱਗਦਾ ਸੀ ਤੇ ਦੁਪਹਿਰੇ ਮੁੰਡਿਆਂ ਵਾਸਤੇ। ਬਾਅਦ ਵਿੱਚ ਮੁਨਸ਼ੀ ਆਦਮੀਆਂ ਤੇ ਔਰਤਾਂ ਨੂੰ ਕਥਾ-ਕਹਾਣੀਆਂ ਸੁਣਾਉਂਦਾ ਸੀ। ਮੁਨਸ਼ੀ ਸਖ਼ਤ ਸੁਭਾਅ ਦਾ ਸੀ ਪਰ ਬੜਾ ਕਾਬਲ ਸੀ। ਗਿਆਨੀ ਪਾਸ ਕੀਤੀ ਹੋਈ ਸੀ। ਪਿੰਡ ਵਿੱਚ ਕੱਲੇ ਹੀ ਗਿਆਨੀ ਪਾਸ ਸਨ। ਲੋਕੀ ਬੜੀ ਇੱਜ਼ਤ ਕਰਦੇ ਸਨ। ਸਿਰਫ਼ 10 ਰੁਪਏ ਮਹੀਨਾ ਤਨਖ਼ਾਹ ਲੈਂਦਾ ਸੀ। 

ਕੁੜੀਆਂ ਦੀ ਪੜ੍ਹਾਈ ਟੁੱਟ ਜਾਣ ਦਾ ਜੱਜ ਸਾਹਿਬ ਭਗਤ ਸਿੰਘ ਦੇ ਦਿਲ ‘ਤੇ ਬੜਾ ਅਸਰ ਪਿਆ। ਉਹਨਾਂ ਆਪਣੇ ਖ਼ਰਚੇ ਤੇ ਸਕੂਲ ਦੀ ਪੱਕੀ ਨਵੀਂ ਇਮਾਰਤ ਬਣਵਾ ਦਿੱਤੀ ਤੇ ਆਲੇ ਦੁਆਲੇ ਪੱਕੀਆਂ ਇੱਟਾਂ ਦਾ ਉੱਚਾ ਵਲਗਨ ਵੀ ਬਣਵਾ ਦਿੱਤਾ। ਇਸ ਤੋਂ ਬਾਅਦ ਉਹਨਾਂ ਸਰਕਾਰ ‘ਤੇ ਜ਼ੋਰ ਪਾਇਆ ਕਿ ਕੋਈ ਚੰਗੀ ਮਾਸਟਰਆਨੀ ਭੇਜੋ। ਸਿਆਲਕੋਟ ਤੋਂ ਬੜੀ ਤਜਰਬੇ ਵਾਲੀ ਵੀਰ ਕੌਰ ਨੇ ਆ ਕੇ ਚਾਰਜ ਲਿਆ। ਚਾਰ ਸਾਲ ਬੰਦ ਰਹਿਣ ਤੋਂ ਪਿੱਛੋਂ 1931 ਵਿੱਚ ਸਕੂਲ ਦੁਬਾਰਾ ਖੁਲ੍ਹਿਆ। ਮੈਂ ਚੌਥੀ ਜਮਾਤ ਪਾਸ ਕਰ ਲਈ। ਚਾਰ ਜਮਾਤਾਂ ਵਾਸਤੇ ਮੈਨੂੰ 8 ਸਾਲ ਲਾਉਣੇ ਪਏ। 

ਸਾਰੀਆਂ ਕੁੜੀਆਂ ਵੀਰ ਕੌਰ ਦਾ ਬੜਾ ਆਦਰ ਕਰਦੀਆਂ ਸਨ ਤੇ ਭੈਣ ਜੀ ਕਹਿ ਕੇ ਬੁਲਾਉਂਦੀਆਂ ਸਨ ਤੇ ਮਾਂ ਵਾਂਗ ਸਮਝਦੀਆਂ ਸਨ। ਸਕੂਲ ਵਿੱਚ ਕੁਦਰਤੀ ਤੌਰ ‘ਤੇ ਬੜਾ ਡਿਸਿਪਲਿਨ ਸੀ। ਸਕੂਲ ਨੇ ਇਕ ਆਯਾ ਵੀ ਰੱਖੀ ਹੋਈ ਸੀ। ਉਹ ਸੁੰਦਰ ਸਿੰਘ ਮਹਿਰੇ ਦੀ ਵਹੁਟੀ ਸੀ। ਸਾਰਾ ਪਿੰਡ ਜਾਣਦਾ ਸੀ ਕਿਉਂਕਿ ਉਹ ਭੱਠੀ ‘ਤੇ ਵੀ ਬਹਿੰਦੀ ਸੀ। ਆਯਾ ਦਾ ਕੰਮ ਸੀ ਘਰੋ-ਘਰੀਂ ਕੁੜੀਆਂ ਨੂੰ ਇਕੱਠੇ ਕਰਕੇ ਲਿਆਉਣਾ ਤੇ ਫਿਰ ਘਰੋ-ਘਰੀਂ ਉਹਨਾਂ ਨੂੰ ਛੱਡਣ ਜਾਣਾ। ਸਾਰਾ ਦਿਨ ਪਾਣੀ ਵੀ ਪਿਆਉਣਾ। ਉਸ ਨੂੰ ਕੇਵਲ 5 ਰੁਪਏ ਤਨਖ਼ਾਹ ਮਿਲਦੀ ਸੀ । ਭੈਣ ਜੀ ਦੀ ਤਨਖਾਹ 20 ਰੁਪਏ ਮਹੀਨਾ ਹੁੰਦੀ ਸੀ। ਸਕੂਲ ਵਿਚ 20-25 ਕੁੜੀਆਂ ਪੜ੍ਹਦੀਆਂ ਸਨ। ਪੜ੍ਹਨ ਲਿਖਣ, ਹਿਸਾਬ, ਖ਼ਾਸ ਤੌਰ ‘ਤੇ ਪਹਾੜੇ ਤੇ ਅਲਜਬਰਾ ਤੇ ਗੀਤਾਂ ‘ਤੇ ਜ਼ੋਰ ਹੁੰਦਾ ਸੀ। 

(ਪ੍ਰਕਾਸ਼ ਕੌਰ ਸਿੰਧੂ) 

ਜਦੋਂ ਕਦੀਂ ਕਿਸੇ ਸਰਦੇ ਪੁੱਜਦੇ ਦਾ ਪੁੱਤਰ ਸਕੂਲ ਵਿੱਚ ਦਾਖ਼ਲ ਹੁੰਦਾ ਸੀ ਤਾਂ ਉਹ ਪਤਾਸਿਆਂ ਦੀ ਥਾਲੀ ਲੈ ਕੇ ਜਾਂਦੇ ਸਨ । ਨਾਲ ਹੀ ਮਾਸਟਰ ਜੀ ਨੂੰ ਚਾਂਦੀ ਦਾ ਇਕ ਰੁਪਇਆ ਦੇਂਦੇ ਸਨ। ਕੁੜੀਆਂ ਦੇ ਸਕੂਲ ਵਿੱਚ ਇਹੋ ਜਿਹਾ ਕੋਈ ਰਿਵਾਜ ਨਹੀਂ ਸੀ। 

ਸਕੂਲ ਜਾਣ ਵਾਲੇ ਹਰ ਮੁੰਡੇ-ਕੁੜੀ ਕੋਲ ਤੱਖਤੀ ਤੇ ਬਸਤਾ ਹੁੰਦਾ ਸੀ । ਬਸਤੇ ਵਿੱਚ ਕਤਾਬਾਂ, ਕਾਪੀਆਂ, ਕਲਮ, ਦੁਆਤ, ਸਲੇਟ, ਦੁੱਧ ਪੱਥਰ ਤੇ ਗਾਚੀ ਹੁੰਦੀ ਸੀ। 

ਲਿਖਾਈ ਤਖ਼ਤੀਆਂ ‘ਤੇ ਹੁੰਦੀ ਸੀ। ਰੋਜ਼ ਦਾ ਕੰਮ ਸੀ ਕਿ ਤਖ਼ਤੀਆਂ ਨੂੰ ਧੋ ਕੇ ਉੱਤੇ ਗਾਚੀ ਦਾ ਨਵਾਂ ਲੇਪ ਕੀਤਾ ਜਾਵੇ। ਮੁੰਡੇ ਢਾਬ ਦੇ ਕੰਢੇ ਜਾ ਕੇ ਤਖ਼ਤੀਆਂ ਧੋਂਦੇ ਸਨ, ਪਰ ਕੁੜੀਆਂ ਸਕੂਲ ਦੇ ਅੰਦਰ ਈ ਨਲਕੇ ‘ਤੇ ਧੋ ਲੈਂਦੀਆਂ ਸਨ। ਤਖ਼ਤੀਆਂ ਸੁਕਾਣ ਲਈ ਸਕੂਲਾਂ ਦੇ ਹਾਤੇ ਵਿੱਚ ਕੰਧਾਂ ਨਾਲ ਸਜਾਈਆਂ ਹੁੰਦੀਆਂ ਸਨ। ਇਹ ਇਕ ਅਨੋਖਾ ਦ੍ਰਿਸ਼ ਹੁੰਦਾ ਸੀ। ਸਵਾਲ ਸਲੇਟਾਂ ‘ਤੇ ਦੁੱਧ ਪੱਥਰ ਨਾਲ ਕੱਢੇ ਜਾਂਦੇ ਸਨ । ਸਲੇਟ ‘ਤੇ ਥੁੱਕ ਕੇ ਆਪਣੀ ਮੁੱਠੀ ਨਾਲ ਜਾਂ ਆਪਣੇ ਝੱਗੇ ਨਾਲ ਸਾਫ਼ ਕੀਤਾ ਜਾਂਦਾ ਸੀ। ਕਾਪੀਆਂ-ਪੈਨਸਲਾਂ ਤੀਜੀ ਜਮਾਤ ਤੋਂ ਵਰਤਣੀਆਂ ਸ਼ੁਰੂ ਹੁੰਦੀਆਂ ਸਨ । ਪਰ ਤਖ਼ਤੀਆਂ ਵੀ ਨਾਲ-ਨਾਲ ਚਲਦੀਆਂ ਰਹਿੰਦੀਆਂ ਸਨ ਕਿਉਂਕਿ ਕਾਪੀਆਂ ਮਹਿੰਗੀਆਂ ਹੁੰਦੀਆਂ ਸਨ। ਤਖ਼ਤੀ ਘੜੀ-ਮੁੜੀ ਵਰਤੀ ਜਾ ਸਕਦੀ ਸੀ। 

ਮੁੰਡਿਆਂ ਦੇ ਸਕੂਲ ਹਰ ਜਮਾਤ ਦਾ ਮਨੀਟਰ ਹੁੰਦਾ ਸੀ । ਜਦੋਂ ਮੁਨਸ਼ੀ ਹੋਰ ਕਿਸੇ ਜਮਾਤ ਨੂੰ ਪੜਾਣ ਵਿੱਚ ਰੁਝਿਆ ਹੁੰਦਾ ਸੀ ਤਾਂ ਮਨੀਟਰ ਨੂੰ ਮੁਨਸ਼ੀ ਦੇ ਸਾਰੇ ਹੱਕ ਹੁੰਦੇ ਸਨ। ਜਿਹੜਾ ਨਾ ਆਖੇ ਲੱਗੇ ਜਾਂ ਸਵਾਲ ਠੀਕ ਨਾ ਕੱਢੇ ਤਾਂ ਉਹਨੂੰ ਕੁੱਟ ਵੀ ਸਕਦਾ ਸੀ। ਨੱਕ ਫੜ ਕੇ ਚਪੇੜ ਮਾਰਨੀ ਆਮ ਸਜਾ ਹੁੰਦੀ ਸੀ। ਕੰਨ ਫੜਣੇ ਸਖ਼ਤ ਸਜ਼ਾ ਹੁੰਦੀ ਸੀ। ਪੈਰਾਂ ਭਾਰ ਬੈਠ ਕੇ, ਲੱਤਾਂ ਦੇ ਥੱਲਿਉਂ ਦੀ ਬਾਹਵਾਂ ਕੱਢ ਕੇ ਕੰਨ ਫੜਨੇ ਹੁੰਦੇ ਸਨ। ਚਿਤੜਾਂ ਨੂੰ ਚੁੱਕ ਕੇ ਉੱਚਾ ਰੱਖਣਾ ਹੁੰਦਾ ਸੀ ਨਹੀਂ ਤਾਂ ਛਿੱਤਰ ਪੈਂਦਾ मी। 

ਕੋ ਐਜੂਕੇਸ਼ਨ 

ਕੁੜੀਆਂ ਦੇ ਸਕੂਲੇ ਪੜ੍ਹਾਈ-ਲਿਖਾਈ ਗੁਰਮੁਖੀ ‘ਚ ਹੁੰਦੀ ਸੀ, ਮੁੰਡਿਆਂ ਦੇ ਸਕੂਲੇ ਉਰਦੂ ਵਿੱਚ। ਹਾਈ ਸਕੂਲ ਉਰਦੂ ਤੇ ਅੰਗ੍ਰੇਜ਼ੀ ਚਲਦੀ ਸੀ। ਕੁੜੀਆਂ ਜਦੋਂ ਚੌਥੀ ਪਾਸ ਕਰ ਲੈਂਦੀਆਂ ਸਨ, ਤਾਂ ਉਹਨਾਂ ਵਾਸਤੇ ਅੱਗੇ ਸਭ ਰਸਤੇ ਬੰਦ ਹੁੰਦੇ ਸਨ। ਲੋਕਾਂ ਦੀ ਪੁਕਾਰ ਸੁਣ ਕੇ 1937 ਵਿੱਚ ਮੁੰਡਿਆਂ ਦੇ ਸਕੂਲ ਦਾ ਦਾਖ਼ਲਾ ਕੁੜੀਆਂ ਵਾਸਤੇ ਵੀ ਖੋਲ੍ਹ ਦਿੱਤਾ ਗਿਆ। ਪਰ ਫੇਰ ਵੀ ਹਰ ਪੈਰ ਤੇ ਰੁਕਾਵਟਾਂ ਆਉਂਦੀਆਂ ਸਨ। ਮੇਰੇ ਪਿਉ ਨੇ ਉਸੇ ਸਾਲ ਮੈਨੂੰ ਕੁੜੀਆਂ ਦੇ ਸਕੂਲ ਤੋਂ ਹਟਾ ਕੇ ਮੁੰਡਿਆਂ ਦੇ ਸਕੂਲ ਪਾ ਦਿੱਤਾ ਤਾਂਕਿ ਮੈਂ ਉਰਦੂ ਸਿਖ ਲਵਾਂ ਤੇ ਫੇਰ ਹਾਈ ਸਕੂਲ ਜਾ ਸਕਾਂ। ਮੁੰਡਿਆਂ ਦੇ ਸਕੂਲ ਸਿਰਫ਼ ਅਸੀ ਤਿੰਨ ਕੁੜੀਆਂ ਸਾਂ। ਪਰ ਸਾਨੂੰ ਕੋਈ ਸੰਗ ਨਹੀਂ ਸੀ ਕਿਉਂਕਿ ਅਸੀ ਸਾਰੇ · ਮੁੰਡਿਆ ਨੂੰ ਤੇ ਉਹਨਾਂ ਦੀਆਂ ਮਾਵਾਂ-ਭੈਣਾਂ ਨੂੰ ਜਾਣਦੀਆਂ ਸਾਂ। 

ਸਕੂਲ ਵਿੱਚ ਚਾਰ ਟੀਚਰ ਸਨ, ਹਰ ਜਮਾਤ ਤੇ ਹਰ ਮਜ਼ਮੂਨ ਵਾਸਤੇ ਵੱਖਰਾ-ਵੱਖਰਾ। ਕੁੜੀਆਂ ਦੇ ਸਕੂਲ ਦੇ ਨਾਲੋਂ ਹਿਸਾਬ ‘ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਸੀ। ਸਵੇਰੇ ਸਕੂਲ ਗੀਤ ਗਾ ਕੇ ਸ਼ੁਰੂ ਹੁੰਦਾ ਸੀ। ਆਮ ਤੌਰ ‘ਤੇ ਕੁਦਰਤ ਦੀ ਸ਼ਲਾਘਾ ਦੇ ਗੀਤ ਗਾਏ ਜਾਂਦੇ। ਕੁੜੀਆਂ ਦੇ ਸਕੂਲ ਵਿੱਚ ਅਸੀ ਭਾਂ-ਭਾਂ ਬਿੱਲੀਆਂ (ਨੱਚਣਾ-ਟੱਪਣਾ) ਜਾਂ ਇਕ ਕੁੜੀ ਦੀਆਂ ਅੱਖਾਂ ‘ਤੇ ਚੁੰਨੀ ਬੰਨ੍ਹ ਕੇ ਉਹਨੂੰ ਛੇੜਨਾ ਤੇ ਕਹਿਣਾ ਕਿ ਦੂਜੀ ਕਿਸੇ ਨੂੰ ਫੜੇ। ਮੁੰਡਿਆਂ ਦੇ ਸਕੂਲ ਬੜੀ ਕਿਸਮ ਦੀਆਂ ਸਪੋਰਟਸ (Sports) ਸਨ ਪਰ ਮੁੰਡੇ ਖੇਡਦੇ ਸਨ ਤੇ ਕੁੜੀਆਂ ਸਿਰਫ਼ ਵੇਖਦੀਆਂ ਹੀ ਰਹਿ ਜਾਂਦੀਆਂ ਸਨ। ਇਕ ਵਾਰੀ ਇਕ ਅੰਗ੍ਰੇਜ਼ ਸਕੂਲ ਵਿੱਚ ਆਇਆ। ਉਸ ਮੁੰਡਿਆਂ ਨੂੰ ਗੇਂਦ ਬਾਲ ਨੂੰ ਸਹੀ ਸੁੱਟਣ ਦਾ ਤਰੀਕਾ ਸਿਖਾਇਆ। ਅਸੀਂ ਹੈਰਾਨ ਹੀ ਰਹਿ ਗਈਆਂ ਕਿ ਗੇਂਦ ਵੀ ਕਈ ਤਰੀਕਿਆਂ ਨਾਲ ਸੁੱਟਿਆ ਜਾਂਦਾ ਏ। 

ਚੌਥੀ ਜਮਾਤ ਦੇ ਬੋਰਡ ਦੇ ਇਮਤਿਹਾਨ ਡੱਸਕੇ ਹੁੰਦੇ ਸਨ। ਕੁੜੀਆਂ ਕਿਸ ਤਰ੍ਹਾਂ ਸੱਤ ਮੀਲ ਆਉਣ ਜਾਣ ਤੁਰ ਕੇ ਡੱਸਕੇ ਜਾ ਸਕਦੀਆਂ ਸਨ ? ਹਾਲਾਤ ਇਹੋ-ਜਿਹੇ ਸਨ ਕਿ ਪਿੰਡ ‘ਚੋਂ ਇਕ ਵੀ ਕੁੜੀ ਹਾਈ ਸਕੂਲ ਵਿੱਚ ਦਾਖ਼ਲ ਨਾ ਹੋਈ। ਮੁੰਡੇ ਤਾਂ ਪੈਦਲ ਜਾਂ ਸਾਈਕਲਾਂ ਤੇ ਡੱਸਕੇ ਪੜ੍ਹਨ ਚਲੇ ਜਾਂਦੇ ਸੀ । ਤਿੰਨਾਂ ਸਾਲਾਂ ਬਾਅਦ ਮਾਂ-ਪਿਉ ਨੇ ਮੈਨੂੰ ਸਿਆਲਕੋਟ ਮਾਸੀ ਕੋਲ ਭੇਜ ਦਿੱਤਾ ਤਾਂਕਿ ਮੈਂ ਚੰਗੇ ਸਕੂਲ ਪੜ੍ਹ ਕੇ ਹਾਈ ਸਕੂਲ ਜਾ ਸਕਾਂ। ਪਰ ਸ਼ਹਿਰ ਦੀ ਰਹਿਣੀ ਸਹਿਣੀ ਵੱਖਰੀ ਸੀ। ਸਵੇਰ ਲੱਸੀ ਮੱਖਣ ਦੀ ਥਾਂ ਚਾਹ ਮਿਲਦੀ ਸੀ। ਮੈਂ ਰੋਜ਼ ਰੋਵਾਂ। ਮੇਰਾ ਪਿਉ ਆ ਕੇ ਮੈਨੂੰ ਵਾਪਸ ਪਿੰਡ ਲੈ ਗਿਆ ਤੇ ਕੁੜੀਆਂ ਦੇ ਸਕੂਲੇ ਦਾਖ਼ਲ ਕਰਾ ਦਿੱਤਾ ਤਾਂਕਿ ਘੱਟੋ-ਘੱਟ ਮੈਂ ਪੰਜਾਬੀ ਤਾਂ ਪੜ੍ਹ ਲਵਾਂ। 

ਮਹਿੰਦਰ ਕੌਰ 

ਸਕੂਲ ਵਿੱਚ ਪਹਾੜਿਆਂ ‘ਤੇ ਬੜਾ ਜ਼ੋਰ ਹੁੰਦਾ ਸੀ। ਪਹਿਲੀ ਜਮਾਤ ਵਿੱਚ ਵੀ ਦਸ ਤੱਕ ਤੇ ਫੇਰ 16 ਦੇ ਪਹਾੜੇ ਤੋਤਿਆਂ ਵਾਂਗ ਰੱਟੇ ਜਾਂਦੇ ਸਨ। ਤੀਜੀ ਚੌਥੀ ਵਿੱਚ ਅੱਧੇ, ਪੌਣੇ, ਸਵਾਏ, ਡੇਢ, ਢਾਈ ਦੇ ਪਹਾੜੇ ਵੀ ਰੱਟੇ ਜਾਂਦੇ ਸਨ । ਇਹਨਾਂ ਦੇ ਨਾਲ- ਨਾਲ ਮੂੰਹ-ਜ਼ਬਾਨੀ ਸਵਾਲ ਕੱਢਣੇ ਸੌਖੇ ਹੁੰਦੇ ਸਨ। ਔਖੇ ਸਵਾਲ ਵੀ ਛੇਤੀ ਹਲ ਹੋ ਜਾਂਦੇ ਸਨ। ਜਮੈਟਰੀ ਸਿਖਣ ਲਈ ਮਿੱਟੀ ਗੁੰਨ ਕੇ ਹਰ ਕਿਸਮ ਦੀਆਂ ਸ਼ਕਲਾਂ ਬਣਾਈਆਂ ਜਾਂਦੀਆਂ ਸਨ । ਮੁੰਡਿਆਂ ਨੂੰ ਇਹ ਚੰਗਾ ਲਗਦਾ ਸੀ ਤੇ ਜਮੈਟਰੀ ਦਾ ਸ਼ੌਕ ਪੈਦਾ ਹੋ ਜਾਂਦਾ ਸੀ। 

1918 ਵਿੱਚ ਲਾਹੌਰ ਦੇ ਵੱਡੇ ਪਾਦਰੀ ਨੇ ਈਸਾਈਆਂ ਦੇ ਮੁਹੱਲੇ ਕੋਲ ਮੁੰਡਿਆਂ ਦਾ ਦੂਜਾ ਸਕੂਲ ਖੋਲ੍ਹ ਦਿੱਤਾ। ਕਮਰਾ ਇਕੋ ਲੰਮਾ ਹਾਲ ਸੀ ਪਰ ਬਿਲਡਿੰਗ ਗਿਰਜੇ ਵਰਗੀ ਤੇ ਉੱਤੇ ਸਲੀਬਾ ਸੀ। ਵੱਡੇ ਦਿਨ ਲਈ ਇਹ ਗਿਰਜੇ ਦਾ ਕੰਮ ਦੇਂਦਾ ਸੀ। ਹਰ ਧਰਮ ਦੇ ਮੁੰਡੇ ਇਥੇ ਪੜ੍ਹਦੇ ਸੀ। 1937 ਵਿੱਚ ਕੁੜੀਆਂ ਵਾਸਤੇ ਵੀ ਦਾਖ਼ਲਾ ਸ਼ੁਰੂ ਹੋ ਗਿਆ। ਉਦੋਂ ਤਕ ਕੋਈ ਵੀ ਹਸੈਨ ਕੁੜੀ ਨਹੀਂ ਸੀ ਲਿਖ-ਪੜ੍ਹ ਸਕੀ। ਸਿਰਫ਼ ਸੱਮੇਂ ਦੀ ਧੀ ਦੋ ਸਾਲਾਂ ਵਾਸਤੇ ਮਿਸ਼ਨਰੀਆਂ ਦੇ ਖ਼ਰਚੇ ਤੇ ਲਾਹੌਰ ਪੜ੍ਹਨ ਗਈ। ਘਰ ਦੀ ਖਿੱਚ ਨੇ ਉਹਨੂੰ ਵਾਪਸ ਲੈ ਆਂਦਾ। 

ਚਾਰ ਸਾਲ ਮਿਸ਼ਨ ਸਕੂਲ (1942-46) 

ਮਿਸ਼ਨ ਸਕੂਲ ਵਿਚ ਡਸਿਪਲਨ (discipline) ਬੜਾ ਕਰੜਾ ਸੀ ਤੇ ਚੌਥੀ ਦੇ ਨਤੀਜੇ ਵੀ ਚੰਗੇ ਹੁੰਦੇ ਸਨ। ਇਸ ਕਰਕੇ ਮੇਰੇ ਪਿਉ ਨੇ ਮੈਨੂੰ ਉਥੇ ਦਾਖਲ ਕਰਾ ਦਿੱਤਾ। ਪਰ ਕਮਰੇ ਵਿੱਚ ਕੁਰਬਲ-ਕੁਰਬਲ ਹੁੰਦੀ ਸੀ। ਚਾਰੇ ਜਮਾਤਾਂ ਇਕ ਦੂਜੀ ਦੇ ਕੋਲ ਬੈਠਦੀਆਂ ਸਨ। ਸ਼ੋਰ ਵੀ ਬੜਾ ਤੇ ਮਾਸਟਰ ਦੇ ਹੁੱਕੇ ਦਾ ਧੂੰਆਂ ਵੀ ਬੜਾ। ਸਕੂਲ ਦੇ ਕੋਲ ਖੇਡਾਂ ਦਾ ਮੈਦਾਨ ਕੋਈ ਨਹੀਂ ਸੀ। ਤਫ਼ਰੀ ਵੇਲੇ ਮੁੰਡੇ ਛੱਪੜ ਦੇ ਆਲੇ-ਦੁਆਲੇ ਟੱਪਦੇ, ਦੌੜਦੇ ਤੇ ਖਰਮਸਤੀਆਂ ਕਰਦੇ। ਸਕੂਲ ਵਿੱਚ ਸਿਰਫ਼ ਤਿੰਨ ਈਸਾਈ ਕੁੜੀਆਂ ਪੜ੍ਹਦੀਆਂ ਸਨ। ਕੁਝ ਰੰਜਾਈ ਦੇ ਮੁੰਡੇ ਵੀ ਪੜ੍ਹਦੇ ਸਨ। ਬਹੁਤ ਸਾਰੇ ਮੇਰੇ ਜਮਾਤੀ ਮੇਰੇ ਨਾਲੋਂ ਉੱਚੇ ਲੰਮੇ ਤੇ ਵੱਧ ਉਮਰ ਦੇ ਸਨ ਕਿਉਂਕਿ ਉਹਨਾਂ ਕਈ ਵਾਰੀ ਸਕੂਲ ਛੱਡ ਦੇਣਾ ਤੇ ਫੇਰ ਆ ਜਾਣਾ। 

ਜਦੋਂ ਤੋਂ ਸਕੂਲ ਖੁੱਲ੍ਹਿਆ ਸੀ ਉਦੋਂ ਤੋਂ ਵਰਯਾਮ ਚੰਦ ਮਾਸਟਰ ਲੱਗਾ ਹੋਇਆ ਸੀ। ਹੁੱਕਾ ਬੜਾ ਪੀਂਦਾ ਸੀ । ਹਰ ਫਿਕਰੇ ਬਾਅਦ ਉਸ ਨੇ ਗੁੜ-ਗੁੜ ਕਰਨੀ। ਮੁੰਡੇ ਉਸ ਨੂੰ ਗੁੜ-ਗੁੜ ਮਾਸਟਰ ਕਹਿੰਦੇ ਸਨ। 

ਵਰਯਾਮ ਚੰਦ ਹਰ ਮੁੰਡੇ ਵਲ ਬਾਜ ਵਾਂਗਰ ਵੇਖਦਾ ਰਹਿੰਦਾ ਸੀ। ਬੜਾ ਸਖ਼ਤ ਸੀ । ਜਾਂ ਤੁਸੀ ਪੜ੍ਹ ਜਾਂਦੇ ਸੀ ਤੇ ਜਾਂ ਨੱਸ ਜਾਂਦੇ ਸੀ । ਜਦੋਂ ਕਦੀ ਕਿਸੇ ਮੁੰਡੇ ਨੂੰ ਡਾਹਢੀ ਸਜ਼ਾ ਦੇਣੀ ਹੁੰਦੀ ਸੀ ਤਾਂ ਉਸ ਨੂੰ ਕਹਿੰਦਾ ਸੀ ਕੱਲ੍ਹ ਮੇਰੇ ਵਾਸਤੇ ਸੁਸ਼ਕ ਲੈ ਕੇ ਆਈਂ। ਫੇਰ ਓਸੇ ਸੁਸ਼ਕ ਨਾਲ ਮਾਰਨਾ। ਬੜੀਆਂ ਅਜੀਬ ਕਿਸਮ ਦੀਆਂ ਸਜ਼ਾਵਾਂ ਦਿੰਦਾ ਸੀ। ਪਰ ਕੁੱਟ-ਕੁੱਟ ਕੇ ਪੜ੍ਹਾ ਜ਼ਰੂਰ ਦੇਂਦਾ ਸੀ। ਮਾਂ-ਪਿਉ ਖ਼ੁਸ਼ ਸਨ। 

ਰੰਜਾਈ ਦਾ ਮੁਰਾਦ ਅਲੀ ਮੇਰਾ ਜਮਾਤੀ ਸੀ। ਬੜਾ ਲੰਮਾ ਉੱਚਾ ਸੀ। ਉਸ ਨੂੰ ਸਜ਼ਾ ਦੇਣ ਲਈ ਮਾਸਟਰ ਮੈਨੂੰ ਆਖਿਆ ਕਿ ਤੂੰ ‘ਡਾਕਟਰ’ ਏਂ ਤੇ ਮੁਰਾਦ ਤੇਰਾ ਮਰੀਜ਼ ਏ। ਮੁਰਾਦ ਨੂੰ ਦਵਾਈ ਦੀ ਬੜੀ ਸਖ਼ਤ ਲੋੜ ਏ। ਮੈਨੂੰ ਦਵਾਤ ਦੇ ਕੇ ਆਖਨਾ ਕਿ ਇਸ ਦੇ ਵਿੱਚ ਦੁਆਈ ਏ। ਇਸ ਨੂੰ ਮਰੀਜ਼ ਦੇ ਮੂੰਹ ਵਿੱਚ ਡੋਲ। ਮੈਂ ਰੋਵਾਂ, ਕਿਉਂਕਿ ਮੈਨੂੰ ਪਤਾ ਸੀ ਕਿ ਬਾਹਰ ਨਿਕਲ ਕੇ ਮੁਰਾਦ ਮੈਨੂੰ ਕੁੱਟੇਗਾ। 

ਬੱਚਿਆਂ ਦੀ ਗਿਣਤੀ ਵੱਧਣ ਦੇ ਕਾਰਨ, ਲਾਹੌਰ ਤੋਂ ਮਿਸ਼ਨਰੀਆਂ ਨੇ ਦੂਜਾ ਮਾਸਟਰ ਵੀ ਭੇਜ ਦਿੱਤਾ। ਉਹ ਈਸਾਈ ਸੀ ਤੇ ਅਮੀਰ ਬਖਸ਼ ਉਸ ਦਾ ਨਾਂ ਸੀ। ਲਾਹੌਰੋਂ ਆਇਆ ਅਮੀਰ ਬਖਸ਼ ਇਹ ਸਮਝੇ ਕਿ ਜਿਵੇਂ ਸਕੂਲ ‘ਮੇਰਾ ਏ’ ਭਾਵੇਂ ਵਰਯਾਮ ਚੰਦ ਵੱਡਾ ਮਾਸਟਰ ਸੀ। ਇਸ ਕਰਕੇ ਵਰਯਾਮ ਚੰਦ ਨੂੰ ਬੜੀ ਖਿਝ ਚੜ੍ਹਦੀ ਸੀ। 

ਅਮੀਰ ਦੀ ਨਿੱਕੀ ਜਿਹੀ ਕੁੜੀ, ਅਮੇਲ ਨਾਂ ਦੀ, ਸਕੂਲ ਵਿੱਚ ਪੜ੍ਹਦੀ ਸੀ। ਲਾਹੌਰੋਂ ਆਈ ਪਿਉ ਨੂੰ ਪਾਪਾ ਤੇ ਮਾਂ ਨੂੰ ਮੰਮਾ ਕਹਿ ਕੇ ਬੁਲਾਉਂਦੀ ਸੀ। ਪੰਜਾਬੀ ਵਿੱਚ ਪੱਤੇ ਨੂੰ ਪਾਪਾ ਕਹਿੰਦੇ ਨੇ ਔਰਤਾਂ ਦੇ ਥਣਾਂ ਨੂੰ ਮੰਮਾ। ਵਰਯਾਮ ਚੰਦ ਨੇ ਅਮੇਲ ਨੂੰ ਪੁੱਛਣਾ ਤੇਰਾ ਪਾਪਾ, ਪਿੱਪਲ ਦਾ ਪਾਪਾ ਏ ਕਿ ਬੋਹੜ ਦਾ? ਵਿਚਾਰੀ ਕੁੜੀ ਨੂੰ ਸਮਝ ਨਾ ਆਉਣੀ ਤੇ ਦੋਹਾਂ ਮਾਸਟਰਾਂ ਨੇ ਮੁੰਡਿਆਂ ਦੇ ਸਾਹਮਣੇ ਹੀ ਗਰਮੀ ਖਾ ਜਾਣੀ। 

ਭਾਵੇਂ ਸਕੂਲ ਵਿਚ ਰੌਲਾ ਰੱਪਾ ਰਹਿੰਦਾ ਸੀ ਪਰ ਪੜ੍ਹਾਈ ਬੜੀ ਵਧੀਆ ਹੁੰਦੀ ਸੀ ਤੇ ਨਤੀਜੇ ਵੀ ਚੰਗੇ। ਚੌਥੀ ਜਮਾਤ ਤੋਂ ਬਾਅਦ ਮੈਂ ਨਵੇਂ-ਨਵੇਂ ਸ਼ੁਰੂ ਹੋਏ ਖਾਲਸਾ ਹਾਈ ਸਕੂਲ ਵਿਚ ਦਾਖ਼ਲ ਹੋਇਆ। ਇਥੇ ਥਾਂ ਵੀ ਖੁੱਲ੍ਹਾ ਤੇ ਹਰ ਕਿਸਮ ਦੀ ਖੁੱਲ੍ਹ-ਡੁੱਲ੍ਹ ਵੀ। ਖੇਡਾ ਸਿਖਾਉਣ ਵਾਲਾ ਇਕ ਵੱਖਰਾ ਉਸਤਾਦ ਹੁੰਦਾ ਸੀ। ਮੇਰੀ ਜਮਾਤ ਵਿੱਚ ਇਕ ਖੂਬਸੂਰਤ ਮੁੰਡਾ ਮੁਰਾਦ (ਮੁਰਾਦ ਅਲੀ) ਪੜ੍ਹਦਾ ਸੀ । ਉਸ ਦੀ ਅਵਾਜ਼ ਕੋਇਲਾਂ ਨੂੰ ਵੀ ਮਾਤ ਕਰਦੀ ਸੀ। ਰੱਬੋਂ ਹੀ ਬੜਾ ਸੋਹਣਾ ਗਾਉਂਦਾ ਸੀ। ਅਫ਼ਸੋਸ ਹੈ ਕਿ ਸਾਲ ਬਾਅਦ ਹੀ ਦੇਸ਼ ਦੀ ਵੰਡ ਹੋ ਗਈ। ਕਿੱਸਾ ਖ਼ਤਮ ਹੋ ਗਿਆ। 

ਸੁਰਿੰਦਰ ਸਿੰਘ 

ਮਿਸ਼ਨ ਹਾਈ ਸਕੂਲ : ਚਰਚ ਆਫ਼ ਸਕਾਟਲੈਂਡ (Church of Scotland) ਨੇ 1915 ਵਿੱਚ ਡੱਸਕੇ ਮੁੰਡਿਆਂ ਦਾ ਮਿਸ਼ਨ ਹਾਈ ਸਕੂਲ ਖੋਲ੍ਹ ਕੇ ਜਾਗਰਤ ਦੀ ਨਵੀਂ ਨੀਂਹ ਰੱਖ ਦਿੱਤੀ। ਸਾਰੀ ਤਸੀਲ ਵਿੱਚ ਇਹ ਪਹਿਲਾ ਹਾਈ ਸਕੂਲ ਸੀ । ਛੇਤੀ-ਛੇਤੀ ਹੀ ਇਹ ਨਵੀਂ ਪੜ੍ਹਾਈ ਦਾ ਕੇਂਦਰ ਮਸ਼ਹੂਰ ਹੋ ਗਿਆ। ਵਧੀਆ ਡਿਸਿਪਲਿਨ, ਵਧੀਆ ਉਸਤਾਦ, ਸੋਹਣੇ ਡੈਸਕ, ਵਧੀਆ ਬਿਲਡਿੰਗ ਤੇ ਕਮਰਿਆਂ ਦੇ ਸਾਮਨੇ ਸੋਹਨੀਆਂ ਫੁੱਲਾਂ ਦੀਆਂ ਕਿਆਰੀਆਂ। ਇਸ ਸਕੂਲ ਨੇ ਇਲਾਕੇ ਦੀ ਕਾਇਆ ਬਦਲ ਦਿੱਤੀ। 

ਸਕੂਲ ਦਾ ਬੈਗ ਪਾਈਪ ਬੈਂਡ ਮਸ਼ਹੂਰ ਸੀ। ਮੀਲ ਤਕ ਅਵਾਜ਼ ਗੂੰਜਦੀ ਸੀ । ਜਦੋਂ ਬੀਨ ਵਜਣੀ ਤਾਂ ਦੇਰੀ ਵਾਲਿਆ ਮੁੰਡਿਆਂ ਨੇ ਦੌੜਨਾ ਸ਼ੁਰੂ ਕਰ ਦੇਣਾ। ਸਵੇਰੇ ਪਹਿਲੋਂ ਗਰਾਊਂਡ ਵਿੱਚ ਮਾਰਚ ਹੋਣਾ, ਫੇਰ ਸਕੂਲ ਦੇ ਫੁੱਲਾਂ ਨਾਲ ਸਜੇ ਹਾਤੇ ਵਿਚ ਹਾਜ਼ਰੀ ਲੱਗਣੀ, ਹੈਡਮਾਸਟਰ ਨੇ ਅਨਜੀਲ ਚੋਂ ਇਕ ਪੈਰਾ ਪੜ੍ਹਨਾ ਤੇ ਦੁਆ ਆਖਨੀ। ਫਿਰ ਮੁੰਡਿਆ ਆਪਣੀ-ਆਪਣੀ ਜਮਾਤ ਨੂੰ ਲਾਈਨ ਵਿਚ ਚੁੱਪ-ਚਾਪ ਤੁਰ ਪੈਨਾ। 

ਸਕੂਲ ਦਾ ਪ੍ਰਿੰਸੀਪਲ ਹਮੇਸ਼ਾ ਸਕਾਟਲੈਂਡ ਤੋਂ ਆਇਆ ਮਿਸ਼ਨਰੀ ਹੁੰਦਾ ਸੀ। ਪਰ ਹੈੱਡ ਮਾਸਟਰ ਪੰਜਾਬੀ ਈਸਾਈ । ਸੀਨੀਅਰ ਮਾਸਟਰ ਹਿੰਦੂ ਹੁੰਦੇ ਸੀ ਪਰ ਬਾਕੀ ਦੇ ਮਾਸਟਰ ਆਮ ਤੌਰ ਤੇ ਪੰਜਾਬੀ ਈਸਾਈ ਹੁੰਦੇ ਸਨ। 

ਜੇ ਪੜ੍ਹਨ ਵਾਲੇ ਮੁੰਡੇ ਸਨ ਤਾਂ ਪੜ੍ਹਨ ਵਾਲੇ ਵੀ ਸਾਰੇ ਆਦਮੀ ਸਨ। ਇਕ ਵਾਰੀ ਅੰਗ੍ਰੇਜੀ ਦਾ ਮਾਸਟਰ, ਮਿਸਟਰ ਜ਼ੇਮਜ਼ ਬੜਾ ਬੀਮਾਰ ਹੋ ਗਿਆ। ਉਹਦੀ ਛੋਟੀ ਭੈਣ ਲਾਹੌਰ ਤੋਂ ਖ਼ਬਰ ਲੈਣ ਆਈ ਤੇ ਜਿਨ੍ਹਾਂ ਚਿਰ ਠੀਕ ਨਹੀਂ ਹੋਇਆ ਉਸ ਦੇ ਕੋਲ ਹੀ ਰਹੀ। ਉਸ ਨੇ ਸੋਚਿਆ ਕਿ ਭਰਾ ਦੀ ਥਾਂ ਆਪ ਅੰਗ੍ਰੇਜ਼ੀ ਪੜ੍ਹਾ ਦਏ ਤਾਂ ਕਿ ਜਮਾਤ ਦਾ ਹਰਜਾ ਨਾ ਹੋਵੇ। ਇਕ ਦਿਨ ਅਚਨ ਚੱਕੇ, ਸੁਨੈਹਰੀ ਬਾਡਰ ਵਾਲੀ, ਨੀਲੇ ਰੰਗ ਦੀ ਰੇਸ਼ਮੀ ਸਾੜ੍ਹੀ ਪਾਈ, ਇਕ ਨੌਜਵਾਨ ਔਰਤ ਜਮਾਤ ਵਿਚ ਆ ਵੜੀ। 

ਮੁੰਡਿਆਂ ਦੇ ਤੋਤੇ ਉਡ ਗਏ। ਮੁੰਡੇ ਦਿਲ ਲਾ ਕੇ ਅੰਗ੍ਰੇਜ਼ੀ ਪੜ੍ਹਦੇ ਤੇ ਦਿੱਤੀ ਹੋਈ ਲਿਖਾਈ ਵੀ ਪੂਰੀ ਕਰ ਲਿਆਉਂਦੇ। ਜਦੋਂ ਉਹ ਸਵਾਲ ਪੁੱਛੇ ਤਾਂ ਸ਼ਰਮਸਾਰ ਮੁੰਡੇ ਉਹਦੇ ਮੂੰਹ ਵੱਲ ਨਹੀਂ ਸੀ ਵੇਖਦੇ। ਹਫ਼ਤੇ ਬਾਅਦ ਜਦੋਂ ਉਹ ਵਾਪਸ ਲਾਹੌਰ ਚਲੀ ਗਈ ਤਾਂ ਮੁੰਡਿਆ ਦੇ ਮੂੰਹ ਮੁਰਝਾ ਗਏ। 

ਨੌਵੀਂ ਜਮਾਤ ਵਿੱਚ ਅੰਗ੍ਰੇਜੀ ਦੀ ਪੋਇਟਰੀ ਪ੍ਰਿੰਸੀਪਲ ਪੜਾਂਦਾ ਸੀ । ਮੁੰਡਿਆ ਨੂੰ ਕਦੀ ਸਜ਼ਾ ਨਹੀਂ ਸੀ ਦਿੰਦਾ। ਗਰਮੀਆਂ ‘ਚ ਜਦੋਂ ਕਿਸੇ ਮੁੰਡੇ ਨੂੰ ਨੀਂਦ ਆ ਜਾਨੀ ਤਾਂ ਉਹ ਸਿਰਫ਼ ਚੂੰਡੀ ਵੱਢਦਾ ਸੀ। ਮੁੰਡਿਆਂ ਨੇ ਕਹਿਣਾ ਕੇ ਇਹ ਸਾਡਾ ਕਸੂਰ ਨਹੀਂ, ਇਹ ਤੇਜ਼ ਸੂਰਜ ਦਾ ਏ। ਪ੍ਰਿੰਸੀਪਲ ਨੇ ਕਹਿਣਾ ਕੇ ਸੂਰਜ ਨੂੰ ਦੋਸ਼ ਨਾ ਦਿਉ। ਸਕਾਟਲੈਂਡ ਵਿੱਚ ਤਾਂ ਸਾਨੂੰ ਸੂਰਜ ਘੱਟ ਹੀ ਨਜ਼ਰ ਆਉਂਦਾ ਏ। ਮੁੰਡੇ ਸੁਣ ਕੇ ਹੈਰਾਨ ਹੁੰਦੇ। ਉਹਨਾ ਦੀ ਸਮਝ ਮੁਤਾਬਕ ਸੂਰਜ ਤਾਂ ਅਸਮਾਨ ਵਿੱਚ ਹਰ ਇਕ ਨੂੰ ਦਿੱਸਦਾ ਹੈ। ਦਸਵੀਂ ਵਿੱਚ ਹੈੱਡਮਾਸਟਰ ਆਪ ਅੰਗ੍ਰੇਜ਼ੀ ਪੜ੍ਹਾਂਦਾ ਸੀ । ਜਦੋਂ ਉਸ ਨੇ ਵੇਖਿਆ ਕਿ ਮੁੰਡੇ ਬੜੇ ਪਿੱਛੇ ਰਹਿ ਗਏ ਨੇ, ਉਸ ਨੂੰ ਮਿੱਠ ਬੋਲੜੇ ਸਕਾਟੀ (Scottie) ‘ਤੇ ਗੁੱਸਾ ਤਾਂ ਆਉਣਾ ਪਰ ਕੱਢਣਾ ਮੁੰਡਿਆਂ ਤੇ। ਦਸਵੀਂ ਆਖਰੀ ਜਮਾਤ ਸੀ। ਹੈਡਮਾਸਟਰ ਤਾਂ ਬੈਂਤ ਨਾਲ ਲੈ ਕੇ ਆਉਂਦਾ। ਮੁੰਡਿਆਂ ਨੂੰ ਡਰਾ ਕੇ, ਕੁੱਟ ਕੇ ਸਿੱਧਾ ਤੀਰ ਕਰ ਦੇਂਦਾ। 

ਸਕੂਲ ਵਿੱਚ ਨਵੀਆਂ-ਨਵੀਆਂ ਖੇਡਾਂ ਜਿਵੇਂ ਕਿ ਜਿਮਨਾਸਟਿਕ ਤੇ ਫੁੱਟਬਾਲ ਵਾਲੀਬਾਲ ਤੇ ਨਵੀਆਂ ਸਰਗਰਮੀਆਂ (activities) ਜਿਵੇਂ ਕਿ ਸਕਾਊਟਿੰਗ ਵੀ ਆ ਗਈਆਂ। ਜਦੋਂ ਸਾਈਕਲ ਆਏ ਤਾਂ ਸਾਈਕਲਾਂ ਦੀਆਂ ਖੇਡਾਂ ਵੀ ਆ ਗਈਆਂ। ਦੋ ਮੁੰਡੇ ਵੱਡੀਆਂ ਗਲੋਟੀਆਂ ਦਾ ਸੁੰਦਰ ਭਾਟ ਤੇ ਛੋਟੀਆਂ ਗਲੋਟੀਆਂ ਦਾ ਕਰਤਾਰ, ਬੜੇ ਮਸ਼ਹੂਰ ਹੋ ਗਏ। ਇਹਨਾਂ ਇਕ ਸਾਈਕਲ ਤੋਂ ਦੂਜੇ ਰਿੜਦੇ ‘ਤੇ ਛਾਲ ਮਾਰ ਕੇ ਚੜ੍ਹ ਜਾਣਾ, ਅੱਖਾਂ ‘ਤੇ ਪੱਟੀ ਬੰਨ੍ਹ ਕੇ ਸਿੱਧਾ ਲਾਈਨ ‘ਤੇ ਸਾਈਕਲ ਚਲਾਣਾ, ਮੂੰਹ ਪਿੱਛੇ ਨੂੰ ਕਰਕੇ ਸਾਈਕਲ ਚਲਾਣਾ, ਸੱਤ ਜਣਿਆਂ ਇਕ ਸਾਈਕਲ ‘ਤੇ ਚੜ੍ਹ ਜਾਣਾ ਤੇ ਹੋਰ ਕਈ ਕਿਸਮ ਦੀਆਂ ਖੇਡਾਂ ਕਰਨੀਆਂ। ਲੋਕੀਂ ਦੰਗ ਰਹਿ ਜਾਂਦੇ। ਉਸ ਸਮੇਂ ਸਾਈਕਲ ਕਿਸੇ ਵਿਰਲੇ ਕੋਲ ਹੀ ਹੁੰਦਾ ਸੀ। ਚਲਾਣਾ ਵੀ ਨਹੀਂ ਸੀ ਆਉਂਦਾ। 

ਸਕੂਲੋਂ ਖਿਸਕੂ 

ਰੂਹੜਾ ਬਾਹਮਨ (ਰੂੜ ਮਲ, ਪੰਡਤ) ਆਪਣੇ ਘਰ ਦੇ ਸਾਹਮਣੇ ਮੰਜੀ ‘ਤੇ ਬਹਿ ਕੇ ਛੋਟੇ ਮੁੰਡਿਆਂ ਨੂੰ ਬੜੀਆਂ ਦਿਲਚਸਪ ਕਹਾਣੀਆਂ ਸੁਣਾਂਦਾ ਹੁੰਦਾ ਸੀ। ਉਹ ਚਾਰ ਜਣੇ ਇਕੱਠੇ ਡੱਸਕੇ ਸਕੂਲ ਪੜ੍ਹਨ ਜਾਂਦੇ ਸਨ ਤੇ ਵਾਰੀ-ਵਾਰੀ ਚਾਰੇ ਹੀ ਕਿਰ ਗਏ। ਉਹਦੀਆਂ ਕੁਝ ਕਹਾਣੀਆਂ ਇਹ ਸਨ : 

“ਅਸੀਂ ਹੌਲੀ-ਹੌਲੀ ਤੇ ਮਸਾਂ-ਮਸਾਂ ਚੌਥੀ ਪਾਸ ਕੀਤੀ। ਡੱਸਕੇ ਹਾਈ ਸਕੂਲ ਵਿੱਚ ਦਾਖ਼ਲ ਹੋ ਗਏ। ਅਸੀ ਸ਼ਹਿਰ ਦੇ ਜਮਾਤੀਆਂ ਨਾਲੋਂ ਲੰਮੇ ਵੀ ਤੇ ਉਮਰੋਂ ਵੀ ਵੱਡੇ ਹੁੰਦੇ ਸਾਂ। ਆਮ ਸ਼ਹਿਰੀਆਂ ਵਿੱਚ ਤਾਂ ਏਨੀ ਹਿੰਮਤ ਹੀ ਨਹੀਂ ਸੀ ਹੁੰਦੀ ਕਿ ਫੇਲ ਹੋ ਕੇ ਵਖਾਣ। ਕਲਾਸ ਵਿੱਚ ਛੁਟਕੂ ਮੁੰਡਿਆਂ ਨਾਲ ਬਹਿਨਾ ਸਾਨੂੰ ਚੰਗਾ ਨਹੀਂ ਸੀ ਲੱਗਦਾ। ਉਤੋਂ ਸਾਨੂੰ ਮਾਸਟਰ ਲੰਬੂ ਕਹਿ ਕੇ ਅਵਾਜ਼ ਮਾਰਿਆ ਕਰੇ। ਸਾਡਾ ਜੀਅ ਕਰੇ ਕਿ ਮਾਸਟਰ ਨੂੰ ਕੁੱਟ ਦਈਏ ਪਰ ਹੈਡਮਾਸਟਰ ਦੇ ਬੈਂਤਾਂ ਤੋਂ ਡਰ ਲੱਗਦਾ ਸੀ। ਅਸੀ ਪੜ੍ਹਾਈ ਵਿੱਚ ਪਿੱਛੇ ਪੈ ਗਏ ਤੇ ਕਈ ਕਰਤੂਤਾਂ ਸ਼ੁਰੂ ਕਰ ਦਿੱਤੀਆਂ। 

ਹਰ ਮਹੀਨੇ ਦੇ ਸ਼ੁਰੂ ਵਿੱਚ ਸਾਨੂੰ ਪੰਜ-ਛੇ ਆਨੇ ਸਕੂਲ ਦੀਆਂ ਫੀਸਾਂ ਦੇਣ ਵਾਸਤੇ ਮਿਲਦੇ ਸਨ। ਇਕ ਵਾਰੀ ਪੁਰਾਣੇ ਡੱਸਕੇ ‘ਚੋਂ ਲੰਘਦਿਆਂ ਸਾਨੂੰ ਤਾਜ਼ਾ ਜਲੇਬੀਆਂ ਨਿਕਲਦੀਆਂ ਦੀ ਖ਼ੁਸ਼ਬੋ ਆਈ। ਅਸੀਂ ਹਲਵਾਈ ਦੀ ਦੁਕਾਨ ‘ਤੇ ਖਲੋ ਗਏ। ਝੱਟ ਈ ਫੀਸਾਂ ਹੜੱਪ ਕਰ ਗਏ। ਪਰ ਫ਼ੀਸਾਂ ਤਾਂ ਦੇਣੀਆਂ ਸਨ। ਅਗਲੇ ਦਿਨ ਅਸੀ ਮੂੰਹ ਹਨੇਰੇ ਉਠੇ। ਰਸਤੇ ਵਿੱਚ ਇਕ ਖੱਖੜੀਆਂ ਦੇ ਖੇਤ ਵਿੱਚ ਚੁੱਪ-ਚਾਪ ਖੱਖੜੀਆਂ ਤੋੜ ਕੇ ਆਪਣੀਆਂ ਲੰਗੋਟੀਆਂ ਵਿੱਚ ਪੰਡਾਂ ਬੰਨ੍ਹ ਲਈਆਂ ਤੇ ਸਿੱਧੇ ਮੰਡੀ ਜਾ ਰੁਕੇ। ਉਥੇ ਰੇੜੀ ਵਾਲੇ ਨੂੰ ਸਸਤੇ ਭਾਅ ਖਰਬੂਜੇ ਵੇਚੇ ਤੇ ਜਾ ਕੇ ਫ਼ੀਸਾਂ ਦਿੱਤੀਆਂ। 

ਤੁਰ ਕੇ 3 ਮੀਲ ਸਕੂਲ ਜਾਣਾ ਤੇ ਫਿਰ ਤੁਰ ਕੇ ਵਾਪਸ ਆਉਣਾ। ਵਾਪਸੀ ‘ਤੇ ਸਾਨੂੰ ਬੜੀ ਭੁੱਖ ਲੱਗੀ ਹੁੰਦੀ ਸੀ। ਇਕ ਖੂਹ ‘ਤੇ ਉੱਚੇ ਥਾਂ ਤੇ ਭੜੋਲੀ ਬਣੀ ਹੋਈ ਸੀ। ਉਹਦੇ ਵਿੱਚ ਕਾੜਨੀ ਪਈ ਹੁੰਦੀ ਸੀ। ਜਦੋਂ ਕੋਈ ਨੇੜੇ ਤੇੜੇ ਨਹੀਂ ਸੀ ਹੁੰਦਾ ਤਾਂ ਅਸਾਂ ਕਾੜਨੀ ਨੂੰ ਚੁੱਕ ਕੇ ਗਰਮ- ਗਰਮ ਦੁੱਧ ਪੀ ਲੈਣਾ। ਮਲਾਈ ਨੂੰ ਨਾ ਛੇੜਣਾ। ਬਿੱਲੀਆਂ ਦੁੱਧ ਪੀਣ ਲੱਗਿਆਂ ਮਲਾਈ ਨੂੰ ਨਹੀਂ ਖਾਂਦੀਆਂ। ਕਿਸਾਨਾਂ ਦੀਆਂ ਵਹੁਟੀਆਂ ਆਉਣਾ, ਵੇਖਣਾ ਕਿ ਅੱਧੀ ਕਾੜਨੀ ਖਾਲੀ ਏ। ਉਹਨਾਂ ਉੱਚੀ-ਉੱਚੀ ਬੋਲਣਾ “ਭੜੋਲੀ ਦੀ ਕੁੰਡੀ ਬੰਦ ਏ। ਫੇਰ ਬਿੱਲੀ ਕਿਸ ਤਰ੍ਹਾਂ ਅੰਦਰ ਵੜ ਕੇ ਦੁੱਧ ਪੀ ਗਈ”। ਵਿਚਾਰੀਆਂ ਨੂੰ ਵੱਡੇ ਬਿੱਲਿਆਂ ਦਾ ਕੀ ਪਤਾ ਸੀ। 

ਰੂੜੇ ਨੇ ਇਹੋ ਜਿਹੀਆਂ ਕਹਾਣੀਆਂ ਸੁਣਾ ਕੇ ਮੁੰਡਿਆਂ ਨੂੰ ਕਹਿਣਾ ਕਿ “ਸਕੂਲੋਂ ਕਦੀ ਨਾ ਖਿਸਕੋ। ਮੇਰੇ ਵੱਲ ਵੇਖੋ। ਮੈਂ ਹੁਣ ਇਕ ਗ਼ਰੀਬ ਟਾਂਗਾ ਡਰਾਈਵਰ ਹਾਂ।” 

* * * * * 

ਕਈ ਮੁੰਡਿਆਂ ਨੇ ਖਿਸਕਣ ਦੀ ਇਕ ਦਿਨ ਪਹਿਲੋਂ ਹੀ ਸਲਾਹ ਬਣਾ ਲਈ ਹੁੰਦੀ ਸੀ। ਤਰਲੋਕ ਆਮ ਤੁਰ ਕੇ ਸਕੂਲ ਜਾਂਦਾ ਸੀ ਤੇ ਡੱਸਕੇ ਤੋਂ ਕਰਤਾਰ ਦੇ ਸਾਈਕਲ ‘ਤੇ ਬੈਠ ਕੇ ਆ ਜਾਂਦਾ ਸੀ। ਜਦੋਂ ਕਦੀ ਸਕੂਲੋਂ ਖਿਸਕਣ ਦਾ ਇਰਾਦਾ ਹੋਵੇ ਤਾਂ ਘਰੋਂ ਘੋੜੀ ਲੈ ਜਾਣੀ। ਕਰਤਾਰ ਨੂੰ ਵੀ ਨਾਲ ਲਾ ਲੈਣਾ। ਉਹਦਾ ਸਾਈਕਲ ਆਪਣੀਆਂ ਕੁੜਾਂ ਵਿੱਚ ਲੁਕਾ ਦੇਣਾ ਤੇ ਘੋੜੀ ‘ਤੇ ਚੜ੍ਹ ਕੇ ਸਕੂਲ ਚਲੇ ਜਾਣਾ। ਇਕ ਪੀਰੀਅਡ ਬਾਅਦ ਹੀ ਸਕੂਲੋਂ ਖਿਸਕ ਜਾਣਾ ਤੇ ਡੱਸਕੇ ਦੀ ਨਹਿਰ ਤਰਦੇ ਰਹਿਣਾ। ਜਦੋਂ ਸਕੂਲ ਦੇ ਬੰਦ ਹੋਣ ਦੀ ਘੰਟੀ ਵੱਜਣੀ ਤਾਂ ਇਹਨਾਂ ਵਾਪਸ ਪਿੰਡ ਦਾ ਰਾਹ ਫੜ ਲੈਣਾ। ਪੜ੍ਹਾਈ ਵਿੱਚ ਕੁਦਰਤੀ ਪਿੱਛੇ ਪੈ ਗਏ। ਘਰ ਦੋਹਾ ਨੂੰ ਮਾਰ ਪਈ। ਤਰਲੋਕ ਨੌਵੀਂ ਜਮਾਤ ਵਿੱਚ ਸਕੂਲ ਛੱਡ ਗਿਆ। ਕਰਤਾਰ ਨੇ ਪਿਉ ਦੇ ਗੁੱਸੇ ਤੇ ਡੰਡਿਆਂ ਤੋਂ ਡਰਦਿਆਂ 1937 ਵਿੱਚ ਮਸਾਂ ਕਿਧਰੇ ਦਸਵੀਂ ਪਾਸ ਕਰ ਲਈ ਤੇ ਲਾਹੌਰ ਕਾਲਜ ਦਾਖ਼ਲ ਹੋ ਗਿਆ। 

ਸਕੂਲ ਵਿੱਚ ਪੱਛੜੇ ਹੋਏ ਮੁੰਡਿਆਂ ਨੂੰ ਆਮ ਮਾਰ ਪੈਂਦੀ ਸੀ । ਛੋਟੀਆਂ ਜਮਾਤਾਂ ਵਿੱਚ ਚਪੇੜਾਂ ਪੈਂਦੀਆਂ ਸੀ ਤੇ ਕੰਨ ਫੜਾਏ ਜਾਂਦੇ ਸਨ । ਵਿਚਕਾਰਲੀਆਂ ਜਮਾਤਾਂ ਵਿੱਚ ਡੈਸਕ ਉੱਤੇ ਖੜ੍ਹੇ ਕਰਨ ਤਾ ਆਮ ਰਿਵਾਜ ਸੀ ਤਾਕਿ ਉਹਨਾਂ ਨੂੰ ਸ਼ਰਮ ਆਵੇ।  ਵੱਡੀਆਂ ਜਮਾਤਾਂ ਵਿੱਚ ਬੈਂਤ ਵੱਜਦੇ ਸਨ । ਬਾਈਬਲ ਦੀ ਜਮਾਤ ਵਿੱਚ ਕਦੀ ਵੀ ਮਾਰ ਨਹੀਂ ਸੀ ਪੈਂਦੀ। ਜਿਹੜਾ ਵੀ ਸਕੂਲ ਲੇਟ ਪਹੁੰਚੇ ਉਹਨੂੰ ਗੇਟ ‘ਤੇ ਹੀ ਬੈਂਤ ਪੈ ਜਾਂਦੇ ਸਨ। ਕਈ ਮੁੰਡੇ ਡਰਦੇ ਮਾਰੇ ਸਕੂਲ ਵੀ ਨਹੀਂ ਸਨ ਜਾਂਦੇ। ਸ਼ਹਿਰ ਦੇ ਮੁੰਡੇ ਤਾਂ ਘੱਟ ਹੀ ਵਿੱਚੋਂ ਸਕੂਲ ਛੱਡਦੇ ਸੀ ਪਰ ਪਿੰਡਾਂ ਦੇ ਮੁੰਡਿਆਂ ‘ਚੋਂ ਅੱਧੇ ਹਾਈ ਸਕੂਲ ਖ਼ਤਮ ਕਰਨ ਤੋਂ ਪਹਿਲੋਂ ਹੀ ਕਿਰ ਜਾਂਦੇ ਸਨ। 

ਈਸਾਈ ਮੁੰਡਿਆਂ ਵਾਸਤੇ ਫ਼ੀਸਾਂ ਤੇ ਬੋਰਡਿੰਗ ਦਾ ਖ਼ਰਚਾ ਮਾਫ਼ ਹੁੰਦਾ ਸੀ। ਹਿੰਦੂ ਤੇ ਸਿੱਖ ਮੁੰਡਿਆਂ ਵਾਸਤੇ ਇਕ ਨਿੱਕਾ ਜਿਹਾ ਬੋਰਡਿੰਗ ਹਾਊਸ ਸੀ ਕਿਉਂਕਿ ਬਹੁਤੇ ਤਾਂ ਘਰ ਵਾਪਸ ਚਲੇ ਜਾਂਦੇ ਸੀ ਭਾਵੇਂ ਪਿੰਡ ਦੂਰ ਹੋਵੇ। ਤਫ਼ਰੀ ਵੇਲੇ ਸ਼ਹਿਰ ਦੇ ਮੁੰਡੇ ਘਰ ਦੌੜ ਜਾਂਦੇ ਸਨ ਪਰ ਕੁਝ ਵਿੱਚੋਂ ਰੇੜੀ ਵਾਲੇ ਤੋਂ ਛੋਲੇ-ਭਠੂਰੇ ਜਾਂ ਛੋਲੇ-ਚੌਲ ਖ਼ਰੀਦ ਕੇ ਖਾ ਲੈਂਦੇ ਸਨ। ਪਿੰਡਾਂ ਦੇ ਮੁੰਡਿਆਂ ਕੋਲ ਕੈਸ਼ ਪੈਸੇ ਨਹੀਂ ਸੀ ਹੁੰਦੇ। ਉਹ ਘਰੋਂ ਪਰਾਉਂਠੇ, ਰੋਟੀਆਂ-ਸਬਜ਼ੀ ਤੇ ਅਚਾਰ ਪੋਣੇ ਵਿੱਚ ਬੰਨ੍ਹ ਕੇ ਨਾਲ ਲੈ ਆਉਂਦੇ। ਸਾਹਮਣੇ ਸੜਕੋਂ ਪਾਰ ਅਸਤਬਲ ਦੀਆਂ ਪੌੜੀਆਂ ਦੇ ਉੱਤੇ ਬੈਠ ਕੇ ਰੋਟੀ ਖਾ ਲੈਂਦੇ ਜਾਂ ਟਾਹਲੀਆਂ ਥੱਲੇ ਬਹਿ ਜਾਂਦੇ। 

1945 ਤਕ ਸਕੂਲ ਵਿੱਚ 300-350 ਮੁੰਡੇ ਪੜ੍ਹਦੇ ਸਨ। ਹਰ ਸਾਲ 25-30 ਦਸਵੀਂ ਪਾਸ ਕਰ ਲੈਂਦੇ ਸਨ। ਇਹਨਾਂ ਵਿੱਚ ਕੋਈ 42% ਹਿੰਦੂ, 32% ਸਿਖ, 16% ਮੁਸਲਮਾਨ ਤੇ 10% ਇਸਾਈ ਹੁੰਦੇ ਸਨ। ਪਾਸ ਹੋਣ ਵਾਲਿਆਂ ‘ਚੋਂ ਤੀਜਾ ਹਿੱਸਾ ਕਾਲਜਾਂ ਵਿਚ ਦਾਖਲ ਹੋ ਜਾਂਦੇ ਸੀ ਤੇ ਬਾਕੀ ਦੇ ਨੌਕਰੀਆਂ ਕਰਨ ਲੱਗ ਪੈਂਦੇ ਸਨ। 

ਅਸਤਬਲ 

ਸਰਕਾਰੀ ਅਸਤਬਲ ਵਿੱਚ ਇਕ ਸਟੱਡ (ਨਸਲੀ) ਘੋੜਾ ਤੇ ਦੋ ਸਟੱਡ (ਨਸਲੀ) ਖੋਤੇ ਹੁੰਦੇ ਸਨ। ਇਹ ਵੱਡੇ, ਤਕੜੇ ਤੇ ਮੋਟੇ ਹੁੰਦੇ ਸਨ। ਘੋੜੀਆਂ, ਖੋਤੀਆਂ ਨੂੰ ਗਰਭ ਹੁੰਦਾ ਵੇਖਣਾ, ਸਮਝੋ ਪਸ਼ੂ ਪਾਲਣਾ ਨੂੰ ਸਿਖਣ ਵਾਲੀ ਗੱਲ ਸੀ। 

ਅਸਤਬਲ ਵਿਚ ਦੋ ਗੋਲ ਚੱਕਰ ਬਣੇ ਹੋਏ ਸਨ। ਸਾਫ-ਸੁਥਰੇ, ਵਿਚਕਾਰ ਖੁਰਲੀ ਹੁੰਦੀ ਸੀ। ਪਿੰਡਾਂ ਤੋਂ ਲੋਕ ਘੋੜੀ ਜਾਂ ਖੋਤੀ ਨੂੰ ਲੈ ਕੇ ਆਉਂਦੇ ਤੇ ਖੁਰਲੀ ਨਾਲ ਬਣ ਦੇਂਦੇ। ਖੁਰਲੀ ਵਿਚ ਤਾਜ਼ਾ ਪੱਠੇ ਪਾ ਦੇਂਦੇ। ਅਸਤਬਲ ਦਾ ਕਰਮਚਾਰੀ ਸੱਟਡ ਨੂੰ ਲਿਆਉਂਦਾ। ਆਲੇ- ਦੁਆਲੇ ਚੱਕਰ ਲਵਾਉਂਦਾ। ਸਟੱਡ ਪਿੱਛਾ ਸੁੰਘਦਾ। ਜੇ ਉਹਦਾ ਮਨ ਬਣ ਜਾਏ ਤਾਂ ਹੁਸ਼ਿਆਰੀ ਆ ਜਾਂਦੀ। ਘੋੜੀ-ਖੋਤੀ ਦਾ ਮਾਲਕ, ਆਪਣੇ ਜਾਨਵਰ ਨੂੰ ਥਾਪੜਾ ਦੇਂਦਾ ਤੇ ਧੌਣ ਨੂੰ ਜਫੀ ਪਾਈ ਰੱਖਦਾ ਤਾਕਿ ਹਿੱਲੇ ਨਾ। ਚੜਨ ਤੋਂ ਪਿਛੋਂ ਜਦੋਂ ਸਟੱਡ ਉਤਰਦਾ ਤਾਂ ਖ਼ੁਸ਼ ਖ਼ੁਸ਼ ਮਾਲਕ ਉਹਨੂੰ ਛੋਲਿਆਂ ਦਾ ਚਾਰਾ ਖਵਾਂਦਾ ਤੇ ਕਰਮਚਾਰੀ ਨੂੰ ਖ਼ੁਸ਼ੀ ਦਾ ਇਕ ਰੁਪਿਆ ਦੇਂਦਾ। ਸਰਕਾਰੀ ਅਸਤਬਲ ਹੋਣ ਕਰਕੇ ਫੀਸ ਕੋਈ ਨਹੀਂ ਸੀ ਹੁੰਦੀ। 

ਕਈ ਵਾਰੀ ਮਿਲਣ ਪੂਰਾ ਨਹੀਂ ਸੀ ਹੁੰਦਾ। ਜਦੋਂ ਸਟੱਡ ਸੁੰਘਣ ਲੱਗੇ ਤਾਂ ਘੋੜੀ-ਖੋਤੀ ਦੁਲੱਤੇ ਮਾਰਦੀ। ‘ਪਰਾਂ ਹੋ ਮੇਰਾ ਜੀਅ ਨਹੀਂ”। ਫੇਰ ਕਿਸੇ ਹੋਰ ਦਿਨ ਮਿਲਾਨ ਦੀ ਕੋਸ਼ਿਸ ਕੀਤੀ ਜਾਂਦੀ। ਪਿੰਡਾਂ ਦੇ ਮੁੰਡਿਆਂ ਵਾਸਤੇ ਇਹ ਨਜ਼ਾਰਾ ਕੋਈ ਅਜੂਬਾ ਨਹੀਂ ਸੀ ਕਿਉਂਕਿ ਕੁੱਤੇ-ਕੁੱਤੀਆਂ ਤਾਂ ਗਲੀਆਂ ਵਿੱਚ ਹੀ ਲੱਗੇ ਹੁੰਦੇ ਸਨ। ਬੋਲ ਪਈਆਂ ਮੱਝਾਂ ਨੂੰ ਆਮ ਤੌਰ ‘ਤੇ ਟਾਹਲੀ ਨਾਲ ਬੰਨ੍ਹ ਕੇ ਸਾਂਢਾਂ ਨਾਲ ਮਿਲਾਇਆ ਜਾਂਦਾ ਸੀ। ਫੇਰ ਵੀ ਅੱਖਾਂ ਦਾ ਸਵਾਦ ਬੜੀ ਚੀਜ਼ ਏ। ਵੜਦੇ-ਨਿਕਲਦੇ ਦਾ ਸਵਾਦ ਅਸਤਬਲ ਵਿੱਚ ਕੋਈ ਵੀ ਲੈ ਸਕਦਾ ਸੀ। 

ਖਾਲਸਾ ਹਾਈ ਸਕੂਲ : ਡੱਸਕੇ ਪੈਦਲ ਤੁਰ ਕੇ ਜਾਣਾ-ਆਉਣਾ ਸੌਖਾ ਨਹੀਂ 

ਸੀ। ਕਿਸੇ ਕਿਸੇ ਕੋਲ ਹੀ ਸਾਈਕਲ ਹੁੰਦਾ ਸੀ । ਕੁੜੀਆਂ ਤਾਂ ਚੌਥੀ ਤੇ ਪਿੱਛੋਂ ਕਿਧਰੇ ਵੀ ਨਹੀਂ ਸਨ ਜਾ ਸਕਦੀਆਂ। ਇਹਨਾਂ ਮੁਸ਼ਕਲਾਂ ਦਾ ਇਕੋ ਹੱਲ ਸੀ ਕਿ ਪਿੰਡ ਵਿੱਚ ਹਾਈ ਸਕੂਲ ਖੋਲ੍ਹਿਆ ਜਾਏ। ਬੜੀ ਲਗਨ ਤੋਂ ਬਾਅਦ 1946 ਵਿਚ ਪਿੰਡ ਖਾਲਸਾ ਹਾਈ ਸਕੂਲ ਖੁੱਲ੍ਹਿਆ। ਸ੍ਰ: ਦੀਵਾਨ ਸਿੰਘ ਠੇਕੇਦਾਰ ਮੈਨੇਜਿੰਗ ਕਮੇਟੀ (Managing Committee) ਦੇ ਪ੍ਰਧਾਨ ਨਿਸ਼ਚਿਤ ਹੋਏ। ਆਪ ਨੇ ਕੋਸ਼ਿਸ਼ ਕਰਕੇ ਇਕ ਪ੍ਰਸਿੱਧ ਖਿਲਾੜੀ ਤੇ ਤਜਰਬੇਕਾਰ ਮਾਸਟਰ ਨੂੰ ਪਿੰਡ ਹੈਡਮਾਸਟਰ ਦੇ ਤੌਰ ‘ਤੇ ਆਉਣ ਵਾਸਤੇ ਪ੍ਰੇਰਿਆ। ਇਹ ਸਨ ਸ੍ਰ: ਕਰਤਾਰ ਸਿੰਘ ਜੋ ਘਰਜਾਖ ਪੜ੍ਹਾਂਦੇ ਸਨ। ਦੋਹਾਂ ਨੇ ਰਲ ਕੇ ਚੁਣ ਕੇ ਮਾਸਟਰ ਆਂਦੇ । ਉਹਨਾਂ ਨੂੰ ਰਹਿਣ ਦੀ ਥਾਂ ਦਿੱਤੀ ਤੇ 25-30 ਰੁਪਏ ਮਹੀਨਾ ਤਨਖ਼ਾਹ। 

. ਸਕੂਲ ਛੇਤੀ ਹੀ ਤਰੱਕੀ ਕਰ ਗਿਆ। ਹਰ ਪਾਸਿਉਂ ਮੁੰਡੇ ਦੌੜੇ ਆਏ। ਸਾਲ ਦੇ ਅੰਦਰ-ਅੰਦਰ ਹੀ ਸੌ ਮੁੰਡੇ-ਕੁੜੀਆਂ ਦਾਖ਼ਲ ਹੋ ਗਏ। ਆਸ ਸੀ ਕਿ ਅਗਲੇ ਸਾਲ ਹੋਰ ਦੂਣੇ ਹੋ ਜਾਣਗੇ ਤੇ 1948 ਵਿੱਚ ਪੰਜਾਬ ਯੂਨੀਵਰਸਟੀ ਦੀ ਮਨਜ਼ੂਰੀ (accre dition) ਮਿਲ ਜਾਏਗੀ। ਜੱਜ ਸਾਹਿਬ ਭਗਤ ਸਿੰਘ ਦਾ ਹੱਥ ਪਿੱਠ ‘ਤੇ ਸੀ। ਪਰ ਵੰਡ ਦੇ ਕਾਰਣ 1947 ਵਿੱਚ ਇਹ ਕਾਂਡ ਮੁੱਕ ਗਿਆ । ਆਸਾਂ ਰੁੜ ਗਈਆਂ। 

ਕਾਲਜ : ਭਾਵੇਂ ਕਈ ਹੋਰ ਸ਼ਹਿਰਾਂ ਵਿੱਚ ਵੀ ਕਾਲਜ ਸਨ ਪਰ ਲਾਹੌਰ ਕਾਲਜਾਂ ਦਾ ਗੜ੍ਹ ਸੀ। ਪਿੰਡ ਦੇ ਮੁੰਡੇ ਲਾਹੌਰ ਹੀ ਪੜ੍ਹੇ ਸਨ। ਆਉਣ-ਜਾਣ ਦਾ ਕਰਾਇਆ ਤੇ ਵਕਤ ਬਹੁਤ ਲੱਗਦਾ ਸੀ । ਫ਼ੀਸਾਂ ਤੇ ਰਿਹਾਇਸ਼ ਦਾ ਖ਼ਰਚਾ 30 ਤੋਂ 50 ਰੁਪਏ ਮਹੀਨਾ ਹੁੰਦਾ ਸੀ। ਏਨਾ ਖ਼ਰਚ ਦਰਮਿਆਨੇ ਦਰਜੇ ਦੇ ਆਦਮੀ ਵੀ ਘੱਟ ਹੀ ਕਰ ਸਕਦੇ ਸਨ। 

ਮਾਂ-ਪਿਉ ਦੀਆਂ ਅੱਖਾਂ ਤੋਂ ਓਲੇ, ਪਿੰਡਾਂ ਤੋਂ ਗਏ ਬੱਚਿਆਂ ਦਾ ਜੀਵਨ ਪਿੰਡਾਂ ਵਰਗੀ ਖੁੱਲ੍ਹ ਵਾਲਾ ਨਹੀਂ ਸੀ ਹੁੰਦਾ। ਇਸ ਕਰਕੇ ਲੰਮੀਆਂ ਛੁੱਟੀਆਂ ਹੁੰਦਿਆਂ ਸਾਰ ਹੀ ਵਿਦਿਆਰਥੀ ਪਿੰਡਾਂ ਨੂੰ ਦੌੜਦੇ ਸਨ। ਮਾਂਵਾਂ ਕਦੀ ਵੀ ਕਾਲਜ ਵੇਖਣ ਨਹੀਂ ਸਨ।  

ਗਈਆਂ। ਪਿਉ ਸਾਲ ਵਿੱਚ ਦੋ ਚਾਰ ਵਾਰੀ ਪੈਸੇ, ਘਿਉ ਤੇ ਪਿੰਨੀਆਂ ਦੇਣ ਜ਼ਰੂਰ ਜਾਂਦੇ ਸਨ। 

ਛੋਟੀਆਂ ਗਲੋਟੀਆਂ ਦਾ ਪੜ੍ਹਾਈ ਦੇ ਨਾਲ ਏਨਾ ਡੂੰਘਾ ਲਗਾਉ ਸੀ ਕਿ ਬਹੁਤ ਸਾਰੇ ਬੱਚੇ ਕਾਲਜ ਪੜ੍ਹ ਗਏ। ਕਈ ਪਿੰਡਾਂ ਵਿਚੋਂ ਕੁੜੀਆਂ ਤਾਂ ਲਾਂਭੇ ਰਹੀਆਂ, ਇਕ ਵੀ ਮੁੰਡਾ ਕਾਲਜ ਨਹੀਂ ਸੀ ਗਿਆ। ਪਿੰਡ ਨੂੰ ਬੜਾ ਮਾਣ ਸੀ ਕਿ ਪਿੰਡ ਦੇ ਪਾਹੜਿਆਂ ਨੇ ਪਿੰਡ ਦਾ ਨਾਂ ਉੱਚਾ ਕੀਤਾ ਤੇ ਖ਼ਾਨਦਾਨਾਂ ਨੂੰ ਚਾਰ ਚੰਨ ਲਾਏ। ਭਗਤ ਸਿੰਘ ਨੇ ਚੌਥੀ ਤੋਂ ਲੈ ਕੇ ਲਾ (Law) ਡਿਗਰੀ ਕਰਨ ਤਕ ਵਜ਼ੀਫ਼ੇ ਜਿੱਤੇ ਤੇ ਫਿਰ 22 ਸਾਲ ਦੀ ਉਮਰ ਵਿੱਚ ਜੱਜ ਦੀ ਪਦਵੀ ਹਾਸਲ ਕੀਤੀ। ਪੜ੍ਹਾਈ ਵਿੱਚ ਹੋਰ ਅੱਗੇ ਵਧਣ ਵਾਲਿਆਂ ‘ਚੋਂ ਸਨ ਡਾਕਟਰ ਦੀਵਾਨ ਸਿੰਘ ਕਾਲੇਪਾਣੀ, ਇੰਦਰ ਸਿੰਘ ਵਕੀਲ, ਲਾਲ ਸਿੰਘ (ਐਮ. ਏ.) ਅਵਤਾਰ ਸਿੰਘ (ਜੋ ਕੀਨੀਯਾ ਚਲਾ ਗਿਆ), ਕਰਤਾਰ ਸਿੰਘ (ਇੰਜਨੀਅਰ), ਦਰਸ਼ਨ ਕੌਰ (ਡਾਕਟਰ), ਜੋਗਿੰਦਰ ਸਿੰਘ (ਕੈਮਿਸਟ) ਗੁਲਾਮ ਨਬੀ ਤੇ ਸ਼ੁਕਰ ਦੀਨ ਪਹਿਲਾ ਮੁਸਲਮਾਨ ਗਰੈਜੂਏਟ। ਇਹਨਾਂ ਦਾ ਕਾਲਜ ਦਾ ਹਾਲ ਇਥੇ ਨਹੀਂ ਲਿਖਿਆ ਕਿਉਂਕਿ ਇਹ ਪਿੰਡ ਦੀ ਹੱਦ ਤੋਂ ਬਾਹਰ ਦੂਰ-ਦੁਰੇਡਾ ਸੀ। ਇਹਨਾਂ ਬਾਰੇ ਪਿੰਡ ਦੇ ਕੰਨ ਤਾਂ ਕੁਝ ਸੁਣ ਲੈਂਦੇ ਸਨ ਪਰ ਅੱਖਾਂ ਘੱਟ ਹੀ ਵੇਖਦੀਆਂ ਸਨ। 

ਆਰਥਿਕ ਦਸ਼ਾ-ਕਾਰ-ਵਿਹਾਰ 

ਕੋਈ 3,000 ਦੀ ਆਬਾਦੀ (1946) ਦੀ ਖ਼ਾਸੀਅਤ ਇਹ ਸੀ ਕਿ ਲੋਕੀਂ ਖ਼ੁਸ਼, ਖੁਸ਼ਹਾਲ, ਸ਼ਾਂਤ, ਖੁੱਲ੍ਹੇ ਨਜ਼ਰੀਏ ਵਾਲੇ ਤੇ ਫ਼ਜ਼ੂਲ ਖ਼ਰਚੀ ਤੋਂ ਬੱਚ ਕੇ ਰਹਿਣ ਵਾਲੇ ਸਨ। ਉਹਨਾਂ ਨੂੰ ਪੜ੍ਹਾਈ-ਲਿਖਾਈ ਦੀ ਭੁੱਖ ਸੀ ਤੇ ਨਵੀਆਂ ਵਿਚਾਰਾਂ ਨੂੰ ਝੱਟ ਅਪਨਾਂਦੇ ਸਨ। ਨਵੇਂ ਜੀਵਨ ਦੀ ਖੋਜ ਵਿੱਚ ਰੁੱਝੇ ਹੋਏ ਕਿਸਾਨ, ਕਾਮੇਂ, ਕਾਰੀਗਰ, ਦੁਕਾਨਦਾਰ, ਨਵੀਆਂ ਕਾਢਾਂ ਤੇ ਨਵੇਂ ਕੰਮ ਦੇ ਉੱਦਮੀ, ਅਨਪੜ੍ਹ, ਪੜ੍ਹੇ ਲਿਖੇ, ਤੇ ਕਈ ਅਰਾਮਪ੍ਰਸਤ, ਸਾਰੇ ਰਲ ਮਿਲ ਕੇ ਜੀਵਨ ਨੂੰ ਸੁਚੱਜਾ ਬਨਾਣ ਵਿੱਚ ਲੱਗੇ ਹੋਏ ਸਨ। 

ਭਾਵੇਂ ਪੱਕੀ ਸੜਕ ਪਿੰਡ ਦੇ ਲਾਗਿਉਂ ਹੀ ਲੰਘ ਜਾਂਦੀ ਸੀ ਪਰ ਤਰ੍ਹਾਂ-ਤਰ੍ਹਾਂ ਦੇ ਕੰਮ ਕਾਜ ਵਧਣ ਕਰਕੇ ਪਿੰਡ ਦੀ ਆਰਥਿਕ ਦਸ਼ਾ ਨਵੀਂਆਂ ਉਡਾਰੀਆਂ ਲਈ ਪੰਜਾਬ ਦੇ ਹੋਰ ਪਿੰਡਾਂ ਨਾਲੋਂ ਕਿਤੇ ਪਹਿਲੋਂ ਤਿਆਰ ਹੋ ਗਈ ਸੀ। ਸਭ ਤੋਂ ਵੱਡਾ ਕਾਰਨ ਸੀ ਕਿ ਕਿਰਤੀ ਬੰਦਿਆਂ ਦੀ ਪੂੰਜੀ ਵਿੱਚ ਆਪਣੀ-ਆਪਣੀ ਕਾਰੀਗਰੀ ਵਾਲੇ ਹਰ ਜ਼ਾਤ ਦੇ ਆਦਮੀ, ਬੱਚੇ ਤੇ ਔਰਤਾਂ ਰਲ ਮਿਲ ਕੇ ਅੱਗੇ ਵਧ ਰਹੇ ਸਨ। ਹਰ ਕੋਈ ਕੰਮ ਕਰਦਾ ਸੀ। ਵਿਹਲੜੂ ਘੱਟ ਸਨ। ਸਿੱਖੀ ਨੇ ਕਿਰਤ ਕਮਾਈ ‘ਤੇ ਏਨਾ ਜ਼ੋਰ ਦਿੱਤਾ ਸੀ ਕਿ ਉਸ ਦਾ ਪ੍ਰਭਾਵ ਪਿੰਡ ‘ਚ ਮੁਸਲਮਾਨਾਂ, ਹਿੰਦੂਆਂ ਤੇ ਈਸਾਈਆਂ ‘ਤੇ ਵੀ ਪਿਆ ਹੋਇਆ ਸੀ। ਪਿੰਡ ਦੀ ਤੱਰਕੀ ਦੇ ਮੋਢੀ ਸਿੱਖ ਸਨ। ਸਿੱਖਾਂ ਨੇ ਅੰਗ੍ਰੇਜ਼ੀ ਤਹਿਜ਼ੀਬ ਦੇ ਨਾਲ ਆਈ ਪੜ੍ਹਾਈ ਲਿਖਾਈ ਤੇ ਕਲਾ ਭਾਵ ਟੈਕਨਾਲੌਜੀ ਨੂੰ ਪੱਕੇ ਇਰਾਦੇ ਨਾਲ ਆਪਣੇ ਪਲੇ ਬੰਨ੍ਹ ਲਿਆ ਸੀ। ਬਹੁਤੀਆਂ ਯੋਜਨਾਵਾਂ ਤੇ 83% ਜ਼ਮੀਨ ਦੇ ਮਾਲਕ ਸਨ। ਸ਼ਾਹੂਕਾਰਾਂ, ਬਹੁਤੀਆਂ ਦੁਕਾਨਾਂ, ਤੇ ਸਾਰਾ ਕਾਰੋਬਾਰ ਇਹਨਾਂ ਦੇ ਹੱਥ ਵਿੱਚ ਸੀ। ਸਿੱਖਾਂ ਨਾਲ ਰਲੇ ਮਿਲੇ ਹਿੰਦੂਆਂ ਕੋਲ ਇਕ ਦੁਕਾਨ, ਅੱਧਾ ਸੁਨਿਆਰਾ ਕੰਮ ਤੇ ਦੋ ਟਾਂਗੇ ਸਨ। ਆਰਥਿਕ ਢਾਂਚੇ ਵਿੱਚ ਮੁਸਲਮਾਨ ਵੰਨ-ਸਵੰਨੇ ਹੁਨਰਾਂ ਦੇ ਮਾਹਿਰ ਸਨ। ਸਬਜ਼ੀਆਂ ਬੀਜਣਾ-ਵੇਚਣਾ, ਢੋਣਾਂ ਢਵਾਣਾਂ, ਲੋਹੇ ਦਾ ਕੰਮ ਤੇ ਜਾਤੀ ਸੇਵਾਵਾਂ ਸਭ ਇਹਨਾਂ ਦੇ ਹੱਥ ਵਿੱਚ ਸਨ । ਸਫ਼ਾਈ ਤੇ ਖੇਤੀ-ਬਾੜੀ ਦੇ ਕਾਮਿਆਂ ਦੀ ਫ਼ੌਜ, ਈਸਾਈ ਸਨ। ਹੁਨਰਾਂ ਤੋਂ ਵਾਂਝੇ ਸਨ। 

ਹੌਲੀ-ਹੌਲੀ ਜ਼ਮੀਨ ਨਾਲ ਜੁੜੀ ਰੋਜ਼ਗਾਰੀ ਘੱਟ ਰਹੀ ਸੀ। 1946 ਵਿੱਚ ਕੇਵਲ 42% ਬੰਦੇ ਖੇਤੀ ਕਰਦੇ ਸਨ। ਬਾਕੀ ਹੋਰ ਕੰਮ-ਕਾਰ ਕਰਦੇ। ਕੁਝ ਲੋਕੀਂ ਪਿੰਡ ਦੂਰ ਕੰਮ-ਕਾਜ ਕਰਦੇ ਪਰ ਉਹਨਾਂ ਦੇ ਟੱਬਰ ਪਿੰਡ ਰਹਿੰਦੇ ਸਨ। 

ਖੇਤੀ-ਬਾੜੀ : ਜੱਟ ਸਭ ਤੋਂ ਤਕੜੇ ਕਿਸਾਨ ਸਨ। ਮਹਿਨਤੀ ਤੇ ਧੜਲੇਦਾਰ। 

ਹਰ ਵੇਲੇ ਹੋਰ ਜ਼ਮੀਨ ਨੂੰ ਲੈਣ ਦੇ ਸੁਪਨੇ ਲੈਂਦੇ, ਜ਼ਮੀਨ ਨੂੰ ਵੇਚਨਾ ਆਪਣੀ ਇੱਜ਼ਤ ਵੇਚਣਾ ਸਮਝਦੇ ਸਨ। 1911 ਵਿੱਚ ਪਾਸ ਹੋਏ ਲੈਂਡ ਐਲੀਨੇਸ਼ਨ ਐਕਟ (Land Alienation Act) ਨੇ ਜੱਟਾਂ ਦਾ ਕਬਜ਼ਾ ਹੋਰ ਪੱਕਾ ਕਰ ਦਿੱਤਾ । ਕਾਸ਼ਤਕਾਰ ਨੂੰ ਹੱਕ ਮਿਲ ਗਿਆ ਕਿ ਕੋਈ ਗ਼ੈਰ-ਕਾਸ਼ਤਕਾਰ ਉਹਦੀ ਜ਼ਮੀਨ ਨਹੀਂ ਸੀ ਖ਼ਰੀਦ ਸਕਦਾ। 

Photo 

ਹੌਲੀ-ਹੌਲੀ ਗ਼ੈਰ ਕਾਸ਼ਤਕਾਰ ਜਮਾਤਾਂ ਦੇ ਹੱਥਾਂ ‘ਚੋਂ ਜ਼ਮੀਨਾਂ ਖਿਸਕ ਗਈਆਂ। 

ਕਿਸੇ ਵੇਲੇ ਰਾਮਗੜ੍ਹੀਆਂ ਕੋਲ ਸਤ ਖੂਹ ਹੁੰਦੇ ਸਨ । ਉਹਨਾਂ ਤਰਖਾਨਾਂ ਵਾਲੇ ਖੂਹ ਦੀ ਜ਼ਮੀਨ ਚੰਦਾ ਸਿੰਘ ਨੂੰ ਦੇ ਕੇ ਉਸ ਤੋਂ ਪਿੰਡ ਦੇ ਨਾਲ ਲੱਗਦੀ ਜ਼ਮੀਨ ਲੈ ਲਈ ਤੇ ਉਥੇ ਮੁਹੱਲਾ ਰਾਮਗੜ੍ਹਾ ਬਣਾਇਆ। ਕਈਆਂ ਨੇ ਵਾਹੀ ਛੱਡ ਕੇ ਸ਼ਹਿਰਾਂ ਵਿੱਚ ਦਸਤਕਾਰੀ ਜਾਂ ਕਾਰੀਗਰੀ ਸ਼ੁਰੂ ਕਰ ਦਿੱਤੀ। ਲੁਹਾਰਾਂ ਨੇ ਵੀ ਇਹੋ ਰਾਹ ਫੜਿਆ। ਤੇਲੀਆਂ ਦੀਆਂ ਜ਼ਮੀਨਾਂ ਨਵੀਂ ਟੈਕਨਾਲੋਜੀ ਦਾ ਸਾਹਮਣਾ ਨਾ ਕਰ ਸਕਿਆ। ਮਿਲਾ ਨੇ ਕੋਹਲੂ ਮਾਤ ਕਰ ਦਿੱਤੇ। ਸਾਰੇ ਖੱਤਰੀ ਕਾਰੋਬਾਰ ਵਿੱਚ ਰੁਝ ਗਏ। ਵਾਹੀ ਕਰਾਉਣਾ ਉਹਨਾਂ ਲਈ ਔਖਾ ਸੀ। 1946 ਵਿੱਚ ਸਿੱਖ ਜੱਟ 20 ਖੂਹਾਂ ਦੇ ਮਾਲਕ ਸਨ, – ਮੁਸਲਮਾਨ ਜਟ 3 ਖੂਹਾਂ ਦੇ, ਰਾਮਗੜੀਆ 2 ਖੂਹਾਂ ਦੇ, ਤੇ ਅਰਾਈਂ 1 ਖੂਹ ਦੇ। ਜ਼ਮੀਨ ਦੀ ਮਾਲਕੀ ਇਸ ਤਰ੍ਹਾਂ ਸੀ: ਜੱਟ ਸਿੱਖ 75%, ਜੱਟ ਮੁਸਲਮਾਨ 12% ਰਾਮਗੜੀਏ 7%, ਅਰਾਈਂ 4%, ਖੱਤਰੀ 1% ਤੇਲੀ 2% ਕਸ਼ਮੀਰੀ /2% । 

ਆਮ ਤੌਰ ‘ਤੇ ਹਰ ਕੋਈ ਆਪਣੀ ਜ਼ਮੀਨ ਆਪ ਹੀ ਵਾਂਹਦਾ ਸੀ। ਸਿਰਫ਼ 2 ਸਿੱਖ ਤੇ 3 ਮੁਸਲਮਾਨ ਟੱਬਰ ਮੁਜ਼ਾਰੇ ਸਨ ਜੋ ਸਿੱਖ ਜੱਟਾਂ ਤੇ ਰਾਮਗੜ੍ਹੀਆਂ ਤੋਂ ਜ਼ਮੀਨ ਪੱਟੇ ‘ਤੇ ਲੈਂਦੇ, ਫ਼ਸਲ ਅੱਧੇ ਅਧੀ ਵੰਡਦੇ ਤੇ ਜਾਂ 1 ਮਾਨੀ (320 ਕਿਲੋ) ਕਣਕ ਠੇਕਾ ਦੇਂਦੇ। ਮੁਜ਼ਾਰਿਆਂ ਕੋਲ 2 ਜੋੜੀਆਂ ਬਲਦ ਤੇ ਹਲ ਆਦਿ ਹੋਣੇ ਜ਼ਰੂਰੀ ਸਨ । ਮਾਲਕ ਬੀਜ, ਮਾਮਲਾ ਤੇ ਖੂਹ ਦੀ ਮੁਰੰਮਤ ਦਾ ਜ਼ੁੰਮੇਵਾਰ ਹੁੰਦਾ ਸੀ । ਕੇਵਲ ਅਰਾਈਂ ਹੀ ਸਨ ਜੋ ਨਾ ਆਪਣੀ ਜ਼ਮੀਨ ਕਿਸੇ ਹੋਰ ਨੂੰ ਵਾਹੁਣ ਵਾਸਤੇ ਦੇਂਦੇ ਸਨ ਤੇ ਨਾਂ ਹੀ ਕਿਸੇ ਦੇ ਮੁਜ਼ਾਰੇ ਬਣਦੇ ਸੀ। 

ਖੇਤੀਬਾੜੀ ਵਾਸਤੇ ਬੜੀਆਂ ਬਾਹਾਂ ਦੀ ਲੋੜ ਹੁੰਦੀ ਸੀ। ਇਕ ਆਦਮੀ ਇਕ ਘੁਮਾਂ ਸੇਤੀ ਪੱਕਾ ਤੇ ਬਾਕੀ ਮੌਸਮੀ ਮੱਦਦ। ਕਾਮੇਂ ਕੇਵਲ ਇਸਾਈਆਂ ਦੇ ਟੱਬਰਾਂ ਤੋਂ ਮਿਲਦੇ ਸਨ। ਰੋਟੀ-ਟੁਕਰ ਤੋਂ ਇਲਾਵਾ ਕੁਝ ਦਾਣੇ ਵੀ ਦਿੱਤੇ ਜਾਂਦੇ ਸਨ। ਕੋਈ ਵੀ ਕਾਮਾਂ ਇਕ ਖੂਹ ਛੱਡ ਕੇ ਦੂਜੇ ‘ਤੇ ਨਹੀਂ ਸੀ ਜਾ ਸਕਦਾ ਜਦੋਂ ਤੱਕ ਦੋਹਾਂ ਕਿਸਾਨਾਂ ਦੀ ਮਨਜੂਰੀ ਨਾ ਹੋਵੇ। ਸਾਲ ਬਾਅਦ ਦਾਣੇ ਵੀ ਉੱਨੇ ਹੀ ਮਿਲਦੇ ਜਿੰਨੇ ਕਿਸਾਨ ਦਾ ਜੀਅ ਕਰੇ। ਜੇ ਫ਼ਸਲ ਚੰਗੀ ਹੋਵੇ ਤਾਂ ਸਾਰੇ ਖ਼ੁਸ਼ ਨਹੀਂ ਤੇ ਅਲਾ ਬੇਲੀ । 

ਸਾਰਣੀ-5 

ਡੰਗਰ-ਮਾਲ 

ਗਿਣਤੀ (ਲਗਭਗ) (1946) 

मॅां 400, बॅटे-वॅटीभां 300, श्टे 50, घलर 200, गाष्प्टीभां 10, ਘੋੜੇ 16, ਖੋਤੇ 60, ਬੱਕਰੀਆਂ 90, ਭੇਡਾਂ 30, ਰਾਖਵੇਂ ਕੁੱਤੇ 7, ਖੂਹਾਂ ਦੇ ਕੁੱਤੇ 90, ਗਲੀਆਂ ਦੇ ਕੁੱਤੇ 50, ਖੂਹਾਂ ਤੇ ਬਿੱਲੀਆਂ 50, ਘਰਾਂ ਦੀਆਂ ਬਿੱਲੀਆਂ 30। 

ਕਾਮੇਂ ਹਰ ਕਿਸਮ ਦਾ ਚੰਗਾ-ਮੰਦਾ ਕੰਮ ਕਰਦੇ ਪਰ ਇਹਨਾਂ ਨੂੰ ਹਲ ਚਲਾਣ ਦੀ ਖੁੱਲ੍ਹ ਨਹੀਂ ਸੀ ਹੁੰਦੀ। ਹੱਲ ਚਲਾਣਾ ਕੋਈ ਨਹੀਂ ਸੀ ਜਾਣਦਾ, ਨਾ ਹੀ ਹਲ- ਪੰਜਾਲੀਆਂ ਖ਼ਰੀਦਣ ਲਈ ਕਿਧਰੋਂ ਪੈਸੇ ਮਿਲ ਸਕਦੇ ਸਨ । ਉਮਰਾਂ ਬਦੀ ਕਾਮੇਂ ਦੇ ਕਾਮੇਂ ਹੀ ਰਹਿੰਦੇ ਸਨ। ਮੁਜ਼ਾਰੇ ਨਹੀਂ ਸੀ ਬਣ ਸਕਦੇ। ਉਹਨਾਂ ਦੇ ਬੱਚੇ ਡੰਗਰ ਚਾਰਦੇ, ਜ਼ਨਾਨੀਆਂ ਖੁਰਲੀਆਂ ਸਾਫ਼ ਕਰਦੀਆਂ, ਗੋਹਾ ਥਪਦੀਆਂ, ਕੂੜਾ ਸੁੱਟਦੀਆਂ, ਤੇ ਖੇਤਾਂ ਵਿੱਚ ਕੰਮ ਵੀ ਕਰਦੀਆਂ। ਕਈ ਵਾਰੀ ਇਹਨਾਂ ਤੇ ਜਬਰ-ਜਨਾਹ ਵੀ ਕੀਤਾ ਜਾਂਦਾ ਸੀ। ਵਿਚਾਰੀਆਂ ਚੁੱਪ ਰਹਿੰਦੀਆਂ, ਕਈ ਇਸ ਆਸ ਵਿੱਚ ਕਿ ਕੁਝ ਮਿਲ ਜਾਏਗਾ ਤੇ ਕਦੀ ਡਰਦੀਆਂ ਮਾਰੀਆਂ। 

“ਕਿਹੜੀ ਏਂ ਤੂੰ ਸਾਗ ਤੋੜਦੀ ਮੁੰਡਾ ਤੇਰਾ ਤੇ ਮੁਹਾਂਦਰਾ ਮੇਰਾ।” 

ਆਮ ਤੌਰ ‘ਤੇ ਦੋ ਫ਼ਸਲਾਂ ਹੁੰਦੀਆਂ ਸਨ। ਕਣਕ ਵੱਡੀ ਫਸਲ, ਦੂਜੇ ਨੰਬਰ ‘ਤੇ ਕਪਾਹ ਹੁੰਦੀ ਸੀ। ਬਾਕੀ ਗੰਨਾ, ਜਵਾਰ-ਬਾਜਰਾ, ਮੱਕੀ, ਤੰਮਾਕੂ ਆਦਿ ਵੀ ਬੀਜੇ ਜਾਂਦੇ ਸਨ । (ਸਿੱਖ ਤੰਮਾਕੂ ਨਹੀਂ ਸਨ ਬੀਜਦੇ) । ਪੱਠੇ ਆਮ ਬੀਜੇ ਜਾਂਦੇ, ਬਹੁਤੇ ਆਪਣੇ ਲਈ ਪਰ ਕੁਝ ਕਿਆਰੀਆਂ ਪਿੰਡ ਮੱਝਾਂ ਰੱਖਣ ਵਾਲਿਆਂ ਲਈ ਜਿਨ੍ਹਾਂ ਕੋਲ ਆਪਣੀ ਜ਼ਮੀਨ ਨਹੀਂ ਸੀ ਹੁੰਦੀ। ਗੰਨੇ ਗੁੜ ਵਾਸਤੇ ਤੇ ਕੁਝ ਚੂਪਣ ਵਾਸਤੇ। ਪੱਠਿਆਂ ਵਾਸਤੇ ਤੇ ਕੁਝ ਖਾਣ ਵਾਸਤੇ ਗੋਂਗਲੂ ਆਮ ਬੀਜੇ ਜਾਂਦੇ ਸਨ। ਕਣਕ ਵਿੱਚ ਮੂਲੀਆਂ ਤੇ ਗੋਂਗਲੂ ਬੀਜੇ ਹੋਏ ਹਮੇਸ਼ਾ ਮਿੱਠੇ ਹੁੰਦੇ ਸਨ । ਜੇ ਕਣਕ ਫ਼ਸਲਾਂ ਦਾ ਰਾਜਾ ਸੀ ਤੇ ਕਪਾਹ ਰਾਣੀ ਤਾਂ ਸਮਝੋ ਗੋਂਗਲੂ ਰਾਜਕੁਮਾਰ ਸੀ। ਹਰ ਫ਼ਸਲ ਦੀ ਗੋਦ ਵਿੱਚ ਉਗਿਆ ਹੁੰਦਾ ਸੀ ਤੇ ਲੋੜ ਅਨੁਸਾਰ ਪੁਟ ਲਿਆ ਜਾਂਦਾ ਸੀ। 

ਗੋਂਗਲੂ (ਸ਼ਲਗਮ) 

ਜਦੋਂ ਬਹਾਰ ਦੇ ਮੌਸਮ ਵਿੱਚ ਹੱਸਦੇ-ਹੱਸਦੇ ਗੋਂਗਲੂਆਂ ਦੇ ਸੁਨੈਹਰੀ ਫੁੱਲ ਲਹਿਰਾਂਦੇ ਤਾਂ ਹਰ ਇਕ ਦੀਆਂ ਅੱਖਾਂ ਮਸਤ ਕਰ ਦਿੰਦੇ। ਹਰ ਕਿਸਾਨ ਇਹ ਫ਼ਸਲ ਬੀਜਦਾ ਸੀ, ਕੁਝ ਡੰਗਰਾਂ ਵਾਸਤੇ, ਕੁਝ ਨਿੱਕੇ- ਨਿੱਕੇ ਮਿੱਠੇ ਸੇਬਾਂ ਵਾਂਗ ਖਾਣ ਵਾਸਤੇ, ਤੇ ਕੁਝ ਸਾਗ ਵਾਸਤੇ। 

ਗੋਂਗਲੂ ਦੀ ਇਕ ਖ਼ਾਸੀਅਤ ਸੀ ਤੇ ਇਹਨੂੰ ਪੁੰਗਰਨ ਤੋਂ ਲੈ ਕੇ ਪੱਕਣ ਤੱਕ ਵਰਤਿਆ ਜਾਂਦਾ ਸੀ। ਇਹਦਾ ਕੋਈ ਵੀ ਹਿੱਸਾ ਸੁੱਟਿਆ ਨਹੀ ਸੀ ਜਾਂਦਾ। ਜਦੋਂ ਪੁੰਗਰਦੇ ਤਾਂ ਕੂਲੇ ਪੱਤਿਆਂ ਦਾ ਸਾਗ ਬਣਦਾ। ਜਦੋਂ ਜ਼ਰਾ ਵੱਡੇ ਹੁੰਦੇ ਤਾਂ ਹਰ ਕੋਈ ਚੱਕ ਮਾਰ-ਮਾਰ ਕੇ ਖਾਂਦਾ। ਸਬਜ਼ੀ ਬਣਾਈ ਜਾਂਦੀ, ਅਚਾਰ ਪਾਇਆ ਜਾਂਦਾ, ਤੇ ਕੱਟ ਕੇ ਸੁਕਾਇਆ ਜਾਂਦਾ। ਜੇਠ-ਹਾੜ ਵਿੱਚ ਜਦੋਂ ਸਬਜ਼ੀਆਂ ਘੱਟ ਹੁੰਦੀਆਂ ਸਨ, ਸੁਕਾਏ ਹੋਏ ਗੋਂਗਲੂ ਕੰਮ ਆਉਂਦੇ। ਜਦੋਂ ਗੰਦਲਾਂ ਨਿਕਲਦੀਆਂ ਤਾਂ ਪੰਜਾਬੀਆਂ ਦਾ ਸਰ੍ਹੋਂ ਦਾ ਸਾਗ ਹਰ ਚੁੱਲ੍ਹੇ ਤੇ ਰਿਝਦਾ। ਜਦੋਂ ਗੋਂਗਲੂ ਮੋਟੇ ਹੋ ਜਾਂਦੇ, ਇਹਨਾਂ ਦੇ ਪੱਠੇ ਕੁਤਰੇ ਜਾਂਦੇ। ਡੰਗਰ ਖ਼ੁਸ਼ ਹੋ ਕੇ ਖਾਂਦੇ। 

ਗੋਂਗਲੂਆਂ ਦੀ ਇਕ ਕਿਸਮ ਇਹੋ ਜਿਹੀ ਸੀ ਜਿਹੜੀ ਸਿਰਫ਼ ਤੇਲ ਕੱਢਣ ਦੇ ਕੰਮ ਆਉਂਦੀ ਸੀ। ਸਰ੍ਹੋਂ ਦਾ ਤੇਲ ਹਰ ਘਰ ਵਿੱਚ ਮਿਲਦਾ ਸੀ। ਇਹ ਦੀਵਿਆਂ ਵਿੱਚ ਬਲ ਕੇ ਚਾਨਣ ਦਿੰਦਾ ਸੀ, ਪਕੌੜੇ ਤੇ ਹੋਰ ਚੀਜ਼ਾਂ ਤਲਣ ‘ਚ ਕੰਮ ਆਉਂਦਾ ਸੀ, ਇਸ ਦੇ ਨਾਲ ਮਾਲਸ਼ ਕੀਤੀ ਜਾਂਦੀ ਸੀ, ਪਹਿਲਵਾਨ ਇਸ ਦੇ ਪੁਜਾਰੀ ਸਨ। ਤੇਲ ਕੱਢਣ ਤੋਂ ਬਾਅਦ ਰਹਿ ਗਈ ਖਲ ਜਦੋਂ ਤੂੜੀ ਵਿੱਚ ਮਿਲਾ ਕੇ ਡੰਗਰਾਂ ਨੂੰ ਦਿੱਤੀ ਜਾਂਦੀ ਤਾਂ ਸਮਝੋ ਉਹਨਾਂ ਲਈ ਬੁਰਆਨੀ ਆ ਗਈ। 

ਇਸ ਦੀ ਇਕ ਕਿਸਮ ਤਾਰਾ ਮੀਰਾ ਸੀ। ਇਸ ਦਾ ਤੇਲ ਬੜਾ ਕੌੜਾ ਹੁੰਦਾ ਹੈ ਤੇ ਖ਼ਾਸ ਮਲ੍ਹਮਾਂ ਵਿੱਚ ਕੰਮ ਆਉਂਦਾ ਸੀ। ਜਦੋਂ ਡੰਗਰ ਨੂੰ ਚਿੱਚੜ ਪੈ ਜਾਣ ਤਾਂ ਤਾਰੇ ਮੀਰੇ ਦਾ ਤੇਲ ਲਾਇਆ ਜਾਂਦਾ ਸੀ। ਇਕ ਘੰਟੇ ਬਾਅਦ ਚਿੱਚੜ ਝੜ ਜਾਂਦੇ ਸਨ। ਕਿੰਨਾ ਸੌਖਾ ਇਲਾਜ ਸੀ। ਖੂਨ ਚੂਸਦੇ ਚਿੱਚੜਾਂ ਤੋਂ ਦੁਖੀ ਹੋਈਆਂ ਮੱਝਾਂ ਇਹ ਤੇਲ ਲਵਾ ਕੇ ਸ਼ਾਂਤੀ ਪ੍ਰਾਪਤ ਕਰਦੀਆਂ। 

ਅਰਾਈਂ ਕਿਸਮ-ਕਿਸਮ ਦੀਆਂ ਸਬਜ਼ੀਆਂ ਬੀਜਦੇ, ਜਿਵੇਂ ਕਿ ਪਿਆਜ਼, ਲੱਸਨ, ਟਮਾਟਰ, ਗਾਜਰਾਂ-ਮੂਲੀਆਂ, ਤਰਾਂ, ਪਾਲਕ, ਮੇਥਰੇ, ਮੇਥੀ, ਬਤਾਉਂ, ਭਿੰਡੀਆਂ, ਕੱਦੂ ਤੇ ਫੁਟਾਂ। ਪਿੰਡ ਦੀ ਜ਼ਮੀਨ ਵਿੱਚ ਅਦਰਕ ਨਹੀਂ ਸੀ ਹੁੰਦਾ। ਅਰੈਨਾਂ ਟੋਕਰਾ ਭਰ ਕੇ ਗੁਰਦੁਆਰੇ ਦੇ ਕੋਲ ਆ ਕੇ ਬੈਠਦੀਆਂ ਤੇ ਝੱਟ ਹੀ ਸਾਰੀ ਸਬਜ਼ੀ ਵਿਕ ਜਾਂਦੀ । ਖਰਬੂਜ਼ੇ ਤੇ ਅਧਵਾਨੇ ਕੋਈ ਕੋਈ ਕਿਸਾਨ ਸੜਕ ਦੇ ਕੰਢੇ ਦੀ ਪੈਲੀ ‘ਚ ਬੀਜਦਾ ਸੀ ਤੇ ਫੇਰ ਸਾਰਾ ਹੀ ਵਾੜਾ ਨੀਲਾਮ ਕਰ ਦਿੰਦਾ ਸੀ। ਪੈਦਾਵਾਰ ਨੂੰ ਰੇਹੜੇ ਤੇ ਸ਼ਹਿਰ ਜਾ ਕੇ ਵੇਚਦੇ ਸਨ। ਪਰ ਸੜਕ ਦੇ ਕੰਢੇ ‘ਤੇ ਵੀ ਢੇਰੀ ਲਾ ਦਿੰਦੇ ਸਨ; ਆਉਂਦਾ ਜਾਂਦਾ ਕੋਈ ਖ਼ਰੀਦ ਲਏ। ਖਰਬੂਜ਼ੇ ਮੌਸਮ ਨਾਲ ਝੱਟ ਹੀ ਪੱਕ ਜਾਂਦੇ ਸੀ । ਇਸ ਤੋਂ ਗੱਲ ਬਣੀ ਹੋਈ ਸੀ ਕਿ ਇਕ ਦੂਜੇ ਦੀ ਨਕਲ ਮਾਰਦੇ ਨੇ : ‘ਖਰਬੂਜ਼ੇ ਕੋ ਦੇਖ ਕਰ ਖਰਬੂਜ਼ਾ ਰੰਗ ਪਕੜਤਾ ਹੈ।’ 

ਬੇਰੀਆਂ ਤੇ ਤੂਤ ਆਮ ਹੁੰਦੇ ਸਨ ਪਰ ਫੁੱਲਾਂ ਦੇ ਦਰੱਖ਼ਤ ਘੱਟ ਹੀ ਸਨ। ਅੰਬਾਂ ਵਾਲੇ ਖੂਹ ਤੇ ਅਚਾਰ ਵਾਲੇ ਅੰਬਾਂ ਦਾ ਝੁੰਡ ਸੀ। ਤਰਖਾਨਾਂ ਵਾਲੇ ਦਾ ਲਸੂੜਾ ਤੇ ਜਾਮਨੂੰ ਮਸ਼ਹੂਰ ਸਨ । ਗੜੀਵਾਲੇ ਖੂਹ ਤੇ ਬਾਬੇ ਦੀ ਝੋਂਪੜੀ ਦੇ ਆਲੇ-ਦੁਆਲੇ ਇਟਲੀ ਦੇ ਹਰੇ ਨਿੰਬੂ, ਮੋਟੇ-ਮੋਟੇ, ਲੱਗੇ ਹੁੰਦੇ ਸਨ। ਕੋਈ ਵੀ ਬੱਚਾ ਮੰਗਣ ਜਾਏ ਤਾਂ ਬਾਬਾ ਮੁਫ਼ਤ ਦੇ ਦਿੰਦਾ ਸੀ। ਭੈਣਾਂ ਤੇ ਮਾਵਾਂ ਦੇ ਘੱਲੇ ਹੋਏ ਬੱਚੇ ਜਾਂਦੇ ਹੀ ਰਹਿੰਦੇ ਸਨ। ਬਾਗਬਾਣੀ ਵਲ ਧਿਆਨ ਬੜੀ ਦੇਰ ਬਾਅਦ ਗਿਆ। ਠੇਕੇਦਾਰ ਦੀਵਾਨ ਸਿੰਘ ਨੇ 1930-32 ਵਿਚ ਸਿਉ ਬੇਰੀਆਂ ਦਾ ਖੇਤ ਲਾਇਆ ਪਰ ਕਾਮਯਾਬ ਨਾ ਹੋਇਆ। ਉਹਨਾਂ ਨੂੰ ਵੱਢ ਕੇ ਕਪਾਹ ਬੀਜ ਦਿੱਤੀ। ਸਰਕਾਰ ਜ਼ੋਰ ਦਿੰਦੀ ਕਿ ਫਲ ਬੀਜੋ ਤੇ ਮੱਦਦ ਵੀ ਕਰਦੀ ਸੀ। 1942 ਵਿੱਚ ਸਰਦਾਰ ਰਾਜਿੰਦਰ ਸਿੰਘ ਨੇ ਪਹਿਲਾ ਬਾਗ਼ ਲਾਇਆ। ਸੰਗਤਰੇ, ਮਾਲਟੇ ਤੇ ਆੜੂ ਬੀਜੇ। ਛੇਤੀ ਹੀ ਪਿੱਛੋਂ ਡੁਮਾਂਵਾਲੇ ਮਾਲਕ ਸਿੰਘ ਨੇ ਮਾਲਟਿਆਂ ਦਾ ਬਾਗ਼ ਲਾਇਆ। ਇਹਨਾਂ ਬਾਗ਼ਾਂ ਦੇ ਪੈਰ ਜਮਾਣ ਤੋਂ ਛੇਤੀ ਹੀ ਪਿੱਛੋਂ ਪੰਜਾਬ ਦੀ ਵੰਡ ਹੋ ਗਈ। 

ਦਰੱਖਤ ਤੇ ਝਾੜੀਆਂ :

ਪਿੰਡ ਦੀਆਂ ਗਲੀਆਂ ਵਿੱਚ ਇਕ ਵੀ ਦਰੱਖ਼ਤ ਨਹੀਂ ਸੀ। ਸਿਰਫ਼ ਠਾਕਰਦਵਾਰੇ, ਲੰਗਰਖਾਨੇ, ਮੁੰਡਿਆਂ ਦੇ ਸਕੂਲ ਤੇ 3 ਮੁਹੱਲਿਆਂ ਵਿੱਚ ਦਰੱਖ਼ਤ ਸਨ। ਹਰ ਖੂਹ ‘ਤੇ ਦਰੱਖਤਾਂ ਦਾ ਝੁੰਡ ਹੁੰਦਾ ਸੀ। ਸੜਕਾਂ ਦੇ ਦੋਵੇਂ ਪਾਸੇ ਟਾਹਲੀਆਂ ਲੱਗੀਆਂ ਹੁੰਦੀਆਂ ਸਨ। ਪੈਲੀਆਂ ਵਿੱਚ ਦਰੱਖਤ ਆਮ ਕਿਧਰੇ ਨਹੀਂ ਸੀ ਹੁੰਦਾ ਕਿਉਂਕਿ ਛਾਂ ਥੱਲੇ ਕੁਝ ਨਹੀਂ ਉਗਦਾ। ਛਾਂ ਦੀ ਘਾਟ ਨੂੰ ਹਰ ਕੋਈ ਮਹਿਸੂਸ ਕਰਦਾ ਸੀ ਪਰ ਥਾਂ ਨਹੀਂ ਸੀ ਹੁੰਦੀ। 

ਜੇਠ ਹਾੜ ਵਿੱਚ ਛਾਂ ਦੀ ਸਖ਼ਤ ਲੋੜ ਹੁੰਦੀ ਸੀ। ਸਵਾਏ 3 ਮਹੱਲਿਆਂ ਤੋਂ, ਛਾਂ ਉੱਤੇ ਆਦਮੀਆਂ ਦਾ ਕਬਜ਼ਾ ਹੁੰਦਾ ਸੀ ਤੇ ਨਾਲ ਹੀ ਡੰਗਰਾਂ ਦਾ। ਸਭ ਤੋਂ ਵਧੀਆਂ ਛਾਂ ਠਾਕਰਦਵਾਰੇ ਬੋਹੜ ਦੇ ਥੱਲੇ ਸੀ। ਬੋਹੜ ਹਜ਼ਾਰ ਗਜ਼ ਤੋਂ ਵੱਧ ਥਾਂ ਤੇ ਫੈਲਿਆ ਹੋਇਆ ਸੀ। ਥਲੇ ਆਦਮੀਂ ਸੌਂਦੇ, ਤਾਸ਼ ਖੇਡਦੇ, ਗੱਪਸ਼ੱਪ ਮਾਰਦੇ। ਬੱਚੇ ਬੋਹੜ ਤੇ ਚੜਦੇ, ਖੇਡਾਂ ਖੇਡਦੇ । ਖੁਲ੍ਹੀ ਹਵਾ ਵਿਚ ਸਿਰਫ਼ ਬਾਪੂ ਕਰਮ ਸਿੰਘ ਹੀ ਕੰਮ ਕਰਦਾ ਨਜ਼ਰ ਆਉਂਦਾ ਸੀ। ਉਹ ਸਵੇਰ ਤੋਂ ਸ਼ਾਮ ਤਕ ਬੋਹੜ ਦੇ ਥੱਲੇ ਅੱਡਾ ਲਾਈ ਕੰਘੇ ਤੇ ਕੰਘੀਆਂ ਬਣਾਂਦਾ ਰਹਿੰਦਾ ਸੀ । ਸੂਰਜ ਡੁੱਬਣ ਦੇ ਨਾਲ ਹੀ ਇਹ ਥਾਂ ਖਾਲੀ ਹੋ ਜਾਂਦੀ ਸੀ। ਰਾਤ ਨੂੰ ਇਥੇ ਭੂਤ-ਚੜੇਲਾਂ ਆ ਡੇਰਾ ਲਾਂਦੇ ਸਨ। 

ਔਰਤਾਂ ਤੇ ਕੁੜੀਆਂ ਆਪਣੇ ਲਈ ਛਾਂ ਆਪ ਬਣਾ ਲੈਂਦੀਆ ਸਨ। ਕੋਠੇ ਤੇ ਮੰਜੀਆਂ ਨੂੰ ਉਲਾਰ ਕੇ ਖੜਾ ਕਰਦੀਆਂ, ਉੱਤੇ ਖੇਸ ਪਾ ਦਿੰਦੀਆਂ। ਵਾਹ! ਵਾਹ!! ਝੱਟ ਤੰਬੂ ਬਣ ਗਿਆ। ਵਿੱਚ ਮੰਜੀ ਡਾਹ ਲੈਂਦੀਆਂ। ਗਲੀਆਂ ਵਿੱਚ ਕੰਧਾਂ ਦੀ ਛਾਂ ਥੱਲੇ ਵੀ ਇੱਕਠੀਆਂ ਹੋ ਕੇ ਬਹਿ ਜਾਂਦੀਆਂ। ਸੇਵੀਆਂ ਵੱਟਦੀਆਂ, ਗੱਪਾਂ ਮਾਰਦੀਆਂ, ਹੱਥ ‘ਚ ਪੱਖੀ। ਟਾਹਲੀਆਂ ਦੀ ਬੜੀ ਕਦਰ ਸੀ। ਗਰਮੀਆਂ ‘ਚ ਛਾਂ, ਸਉਣ ਮਹੀਨੇ ਵਿੱਚ ਪੀਂਘਾਂ, ਕੰਡਿਆਂ ਤੋਂ ਬਗ਼ੈਰ, ਪੱਕੀ ਲੱਕੜ, ਇਹ ਬੜੇ ਕੰਮ ਆਉਂਦੀ । ਹੱਲ, ਸੁਹਾਗੇ, ਦਾਤਰੀਆਂ ਦੀਆਂ ਹੱਥੀਆਂ, ਮੰਜੀਆਂ, ਕੰਘੇ-ਕੰਘੀਆਂ, ਸਭ ਕੁਝ ਟਾਹਲੀ ਦਾ ਹੁੰਦਾ। ਸੀ। ਹੋਰ ਆਮ ਦਰੱਖਤ ਸਨ : ਪਿੱਪਲ, ਤੂਤ, ਕਿੱਕਰ, ਬੇਰੀਆਂ, ਧਰੇਕ ਤੇ ਕਿਧਰੇ- ਕਿਧਰੇ ਨਿੰਮ। ਕਿਸੇ-ਕਿਸੇ ਦਰੱਖਤ ‘ਤੇ ਆਲ੍ਹਣੇ ਵੀ ਹੁੰਦੇ ਸਨ। ਕਾਂਵਾਂ ਦੇ ਉੱਚੇ ਟਾਹਣਿਆਂ ਤੇ, ਬਾਕੀ ਨੀਵੇਂ ਥਾਂ । ਜੇ ਆਲ੍ਹਣੇ ਵਿੱਚ ਬੋਟ ਹੁੰਦੇ ਤਾਂ ਵਾਰੋ-ਵਾਰੀ ਪਰਿੰਦੇ ਆ ਕੇ ਉਹਨਾਂ ਨੂੰ ਚੋਗਾ ਦੇਂਦੇ। ਬੱਚਿਆਂ ਦਾ ਫ਼ਿਕਰ ਕਰਦੀ ਘੁੱਗੀ ਦਾ ਵਿਰਲਾਪ ਹਰ ਇਕ ਦੀ ਜ਼ਬਾਨ ‘ਤੇ ਸੀ। 

ਟਾਹਲੀ ਮੇਰੇ ਬਚੜੇ, ਲਕ ਟੁਨੂੰ ਟੁਨੂੰ ਮੀਂਹ ਵਸੇਗਾ ਭਿੱਜ ਜਾਣਗੇ, ਲਕ ਟੁਨੂੰ ਟੁਨੂੰ ਧੁੱਪ ਲੱਗੇਗੀ ਸੜ ਜਾਣਗੇ, ਲਕ ਟੁਨੂੰ ਟੁਨੂੰ ‘ਵਾ ਵਗੇਗੀ ਡਿੱਗ ਪੈਣਗੇ, ਲਕ ਟੁਨੂੰ ਟੁਨੂੰ ਵਕਤ ਸੀ ਜਦੋਂ ਪਿੰਡ ਦੇ ਆਲੇ-ਦੁਆਲੇ ਬੇਰਾਂ ਦੇ ਮਲ੍ਹੇ ਹੁੰਦੇ ਸਨ। ਭਾਵੇਂ ਕਿੰਨੇ ਕੰਢੇ ਚੁੱਭਣ, ਬੱਚੇ ਬੇਰ ਤੋੜ-ਤੋੜ ਖਾਂਦੇ। ਕੁਝ ਮਲ੍ਹਿਆਂ ਤੇ ਚੰਬੇਲੀ ਵੀ ਸੀ। 

ਹੀ ਮਲ੍ਹਿਆਂ ਵਿੱਚ ਸਹੇ (ਖਰਗੋਸ਼) ਛੁਪ ਕੇ ਰਹਿੰਦੇ। ਹਰ ਪਾਸੇ ਚੂਹਿਆਂ ਦੀਆਂ ਖੁੱਡਾਂ ਹੁੰਦੀਆਂ। ਇਹਨਾਂ ਮੋਰੀਆਂ ‘ਚ ਸੱਪਾਂ ਨੇ ਵੀ ਆਪਣੇ ਘਰ ਬਣਾਏ ਹੁੰਦੇ। ਸੱਪ ਆਪ ਖੁੱਡ ਨਹੀਂ ਕੱਢ ਸਕਦਾ। ਹੌਲੀ-ਹੌਲੀ ਕਿਸਾਨਾਂ ਨੇ ਆਲੇ-ਦੁਆਲੇ ਦੀਆਂ ਜ਼ਮੀਨਾਂ ਵਾਹ ਲਈਆਂ। 1940 ਤਕ ਕਿਧਰੇ-ਕਿਧਰੇ ਹੀ ਮਲ੍ਹੇ ਰਹਿ ਗਏ ਸਨ। 

ਹਾਏ : ਬੇਰੀਆਂ ਗਈਆਂ 

ਕੋਈ ਵਕਤ ਸੀ ਜਦੋਂ ਬਹੁਤ ਘਰਾਂ ਵਿੱਚ ਬੇਰੀ ਲੱਗੀ ਹੁੰਦੀ ਸੀ। ਇਹਨਾਂ ਤੇ ਰਾਤ ਨੂੰ ਚਿੜੀਆਂ ਬਸੇਰਾ ਕਰਦੀਆਂ। ਦਿਨੇ ਤੋਤੇ ਆਉਂਦੇ। ਬੱਚੇ ਚੜ੍ਹ ਕੇ ਬੇਰ ਲਾਂਦੇ। 

ਸੂਰਜ ਦੇ ਢਲਦੇ ਸਾਰ, ਸੈਂਕੜੇ ਹੀ ਚਿੜੀਆਂ ਆ ਕੇ ਬੇਰੀ ਤੇ ਬਹਿ ਜਾਂਦੀਆਂ। ਬੜਾ ਚੀਕ-ਚਿਹਾੜਾ ਲਾਂਦੀਆਂ ਤੇ ਫਿਰ ਹਨੇਰਾ ਹੁੰਦਿਆ ਸਾਰ ਚੁੱਪ-ਚਾਪ ਸੌਂ ਜਾਂਦੀਆਂ। ਸਵੇਰੇ ਚਾਨਣ ਹੁੰਦਿਆਂ ਸਾਰ ਪਹਿਲੇ ਇਕ ਚਿੜੀ ਚੋਂਕਦੀ, ਫੇਰ ਦੂਜੀ ਤੇ ਫੇਰ ਝੱਟ ਹੀ ਕੁਰਲਾਹਟ ਮਚ ਜਾਂਦੀ। ਘਰਾਂ ਵਿੱਚ ਸਵੇਰ ਦੇ ਆਉਣ ਦਾ ਇਹ ਆਪਣਾ ਹੀ ਰਾਗ ਹੁੰਦਾ ਸੀ। ਛੇਤੀ ਹੀ ਫੇਰ ਡਾਰਾਂ ਦੀਆਂ ਡਾਰਾਂ ਉਡਾਰੀਆਂ ਮਾਰ ਜਾਂਦੀਆਂ। ਵਿੱਠਾਂ! ਹਰ ਥਾਂ ਵਿੱਠਾਂ!! ਰਸੋਈ ਵਿੱਚ ਵੀ ਵਿੱਠਾਂ!! ਮਾਵਾਂ ਲਈ ਇਹ ਸਿਆਪਾ ਹੀ ਸੀ। 

ਬਹਾਰ ਵਿੱਚ ਡਾਲਾਂ ਬੇਰਾਂ ਨਾਲ ਪਰੋ ਕੱਤਦੀਆਂ। ਚੇਤਰ ਚੜ੍ਹਨ ਤੇ ਹਰੇ-ਹਰੇ ਬੇਰ ਰੰਗ ਬਦਲਦੇ, ਖੱਟ ਮਿੱਠੇ ਹੋ ਜਾਂਦੇ ਤੇ ਫੇਰ ਪੱਕ ਜਾਂਦੇ। ਸਾਰਾ ਮਹੀਨਾ ਸਵੇਰੇ-ਸਵੇਰੇ ਤੋਤਿਆਂ ਦੀਆਂ ਡਾਰਾਂ ਆਉਂਦੀਆਂ। ਤੋਤੇ ਟੁਕ-ਟੁਕ ਲਾਂਦੇ ਤੇ ਸੂਰਜ ਉੱਚਾ ਹੁੰਦਿਆਂ ਹੀ ਉੱਡ ਜਾਂਦੇ। ਬੇਰੀ ਦੇ ਥੱਲੇ ਸੈਂਕੜੇ ਗਿੱਟਕਾਂ ਤੇ ਟੁੱਕੇ ਹੋਏ ਬੇਰ ਡਿੱਗੇ ਹੁੰਦੇ। ਸਫ਼ਾਈ ਕੌਣ ਕਰੇ, ਸਿਵਾਏ ਮਾਵਾਂ ਦੇ। 

ਖੱਟੇ-ਮਿੱਠੇ ਬੇਰ ਤੋਤਿਆ ਤੋਂ ਬਚਾਂਦੇ, ਬੱਚੇ ਵੀ ਤੋੜ-ਤੋੜ ਕੇ ਖਾਣ ਲੱਗ ਪੈਂਦੇ ਸਨ। ਡਾਲੀ ਕੰਡਿਆਂ ਨਾਲ ਪ੍ਰੋਈ ਹੁੰਦੀ ਸੀ। ਜਿਵੇਂ ਹੀ ਬੱਚੇ ਬੇਰੀ ‘ਤੇ ਚੜ੍ਹਦੇ, ਕੰਡੇ ਚੁੱਭ ਜਾਂਦੇ। ਮਾਵਾਂ ਰੋਲਾ ਪਾਂਦੀਆ ਪਰ ਕੌਣ ਸੁਣੇ? ਪੋਟਿਆਂ ਵਿੱਚ ਕੰਡੇ ਤੇ ਸਾਰੀ ਰਾਤ ਖਾਉਂ-ਖਾਉਂ! ਕੰਡੇ ਕੌਣ ਕੱਢੇ, ਸਿਵਾਏ ਭੈਣਾਂ ਦੇ। ਜੇ ਕਦੀ ਕੰਡਾ ਡੂੰਘਾ ਹੁੰਦਾ ਤਾਂ ਉਸ ਨੂੰ ਲੂਣ ਲਾ ਕੇ ਨਰਮ ਕਰਦੀਆਂ ਤੇ ਫੇਰ ਸਹਿਜੇ-ਸਹਿਜੇ ਕੱਢਦੀਆਂ। 

ਬੇਰੀ ਦੀ ਲੱਕੜ ਘੱਟ ਹੀ ਕੰਮ ਆਉਂਦੀ ਸੀ। ਜੇ ਉਸ ਨੂੰ ਬਾਲੋ, ਤਾਂ ਸੰਘ ਸੜਦਾ ਸੀ। ਕੰਡਿਆਂ, ਪੱਕੇ ਹੋਏ ਗਲਿਆਂ, ਵਿੱਠਾਂ ਤੇ ਟੁਕੇ ਹੋਏ ਖਲਾਰੇ ਤੋਂ ਤੰਗ ਆ ਕੇ ਮਾਵਾਂ ਨੇ ਬੇਰੀਆਂ ਦਾ ਫਾਹਾ ਵੱਢਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਬੇਰੀ ਘਰਾਂ ‘ਚੋਂ ਚਲੀ ਗਈ। ਨਾਲ ਹੀ ਚਲਾ ਗਿਆ ਖ਼ੂਬਸੂਰਤ ਹਰੇ-ਹਰੇ ਲਾਲ ਡੰਡੀ ਵਾਲੇ ਤੋਤਿਆਂ ਤੇ ਚਿੜੀਆਂ ਦਾ ਸਵੇਰੇ ਸ਼ਾਮ ਰਾਗ ਤੇ ਰੌਣਕ। 

ਤੋਲਣਾ-ਮਿਣਨਾ-ਨਾਪਣਾ :

ਜ਼ਮੀਨ ਕਿਲਿਆਂ (ਘੁਮਾਵਾਂ), ਕਨਾਲਾਂ ਤੇ ਮਰਲਿਆਂ ‘ਚ ਮਿਣੀ ਜਾਂਦੀ ਸੀ। ਇਕ ਕਿਲਾ = 4840 ਮੁਰਬਾ ਗਜ਼ = 8 ਕਨਾਲ, 1 ਕਨਾਲ – 20 ਮਰਲੇ। ਛੋਟੀਆਂ ਪੈਲੀਆਂ ਜਾਂ ਥੋੜ੍ਹੀ ਲੰਬਾਈ ‘ਕਰਮਾਂ’ ਨਾਲ ਮਿਣਦੇ ਸਨ। ਆਮ ਬੰਦੇ ਦੀ ਆਮ ਰਫ਼ਤਾਰ ‘ਤੇ ਤੁਰਦੇ ਦੀ ਇਕ ਪਲਾਂਘ, ਇਕ ਕਰਮ ਗਿਣੀ ਜਾਂਦੀ ਸੀ। ਫ਼ਾਸਲਾ ਕੋਹਾਂ ਤੇ ਮੀਲਾਂ ‘ਚ ਹੁੰਦਾ ਸੀ। ਕੋਹ = 1.5 ਮੀਲ = 2.4 ਕਿਲੋਮੀਟਰ। ਛੋਟੀ ਲੰਬਾਈ ‘ਹੱਥਾਂ’ ਨਾਲ ਮਿਣੀ ਜਾਂਦੀ ਸੀ। ਇਕ ਹੱਥ, ਅਰਕ ਤੋਂ ਲੈ ਕੇ ਦਰਮਿਆਨੀ ਉਂਗਲ ਦੇ ਪੋਟੇ ਤੱਕ ਗਿਣਿਆ ਜਾਂਦਾ ਸੀ । 

ਕਣਕ ਦੜਪਿਆਂ ਨਾਲ ਮਿਣੀ ਜਾਂਦੀ ਸੀ। ਦੜੱਪਾ, ਚਾਰ ਕਿਲੋ ਨਾਲੋਂ ਥੋੜ੍ਹਾ ਛੋਟਾ ਹੁੰਦਾ ਸੀ। ਫ਼ਸਲ ਦੇ ਪਹਿਲੇ ਦੜਪੇ ਨੂੰ ਬਰਕਤ ਕਹਿੰਦੇ ਸਨ। ਇਹ ਗਿਣਿਆ ਨਹੀਂ ਸੀ ਜਾਂਦਾ। ਦੁਕਾਨਾਂ ਵਿੱਚ ਦਾਣੇ ਟੋਪਿਆਂ (1 ਟੋਪਾ = 1½ र३था), डे ਪੜੋਪੀਆਂ (1 ਟੋਪਾ = 8 ਪੜੋਪੀਆਂ) ਨਾਲ ਮਿਣਦੇ ਸਨ। ਭਾਰ ਮਣਾਂ, ਸੇਰਾਂ ਤੇ ਛਟਾਂਕੀਆਂ ਵਿੱਚ ਹੁੰਦਾ ਸੀ। (1 ਮਨ = 40 ਸੇਰ, 1 ਸੇਰ – 16 ਛਟਾਂਕੀਆਂ = 1 ਕਿਲੋ) ਦੁਕਾਨਦਾਰ ਤੇਲ ਪਲੀਆਂ ਨਾਲ ਮਿਣਦੇ। ਦੁੱਧ ਘਿਉ ਸੇਰਾਂ ਵਿੱਚ। 

ਬਿਕਰਮੀਂ ਸਾਲ ਹੁੰਦਾ ਸੀ। ਅੰਗਰੇਜ਼ਾਂ ਦੇ ਨਾਲ AD ਆ ਗਿਆ। 01 AD = 56-57 ਬਿਕਰਮੀਂ। ਆਮ ਤੌਰ ‘ਤੇ ਅਸ਼ਟਾਮਾਂ ਤੇ ਹੋਰ ਲਿਖਤਾਂ ਵਿੱਚ ਦੋਵੇਂ ਕਿਸਮ ਦੇ ਸਾਲ ਲਿਖੇ ਜਾਂਦੇ ਸਨ ਤਾਂਕਿ ਕੋਈ ਗ਼ਲਤੀ ਨਾ ਲੱਗੇ। ਕਪੜਾ ਗਜ਼ਾਂ ਤੇ ਗਿਠਾ ਨਾਲ ਮਿਨਿਆ ਜਾਂਦਾ ਸੀ । ਹੱਥ ਨੂੰ ਮੇਜ਼ ਤੇ ਖੁਲ੍ਹਾ ਰੱਖੋ ਤਾਂ ਅੰਗੂਠੇ ਦੇ ਪੋਟੇ ਤੋਂ ਲੈ ਕੇ ਚੀਚੀ ਦੇ ਪੋਟੇ ਤਕ ਇਕ ਗਿੱਠ ਹੁੰਦੀ ਸੀ। ਸੋਨਾ ਤੋਲਿਆਂ, ਮਾਸਿਆਂ ਤੇ ਰੱਤੀਆਂ ਵਿੱਚ ਤੋਲਿਆ ਜਾਂਦਾ ਸੀ। ਤੋਲਾ ਵੱਡਾ ਹੁੰਦਾ ਸੀ (- 11 ਗਰਾਮ)। ਪੈਸੇ ਰੁਪਈਆਂ ਵਿੱਚ ਗਿਣੇ ਜਾਂਦੇ ਸੀ। ਭਾਨ ਸੀ : 1 ਰੁਪਇਆ = 16 ਆਨੇ, 1 ਆਨਾ = 4 ਪੈਸੇ। ਰੁਪਏ ਚਾਂਦੀ ਦੇ ਹੁੰਦੇ ਸੀ। ਅੰਗਰੇਜ਼ਾਂ ਦੇ ਨਾਲ ਆਏ ਨੋਟ ਪੰਜ ਤੋਂ ਸੌ ਤੱਕ ਹੁੰਦੇ ਸਨ। ਆਮ ਦੁਕਾਨਾਂ ਤੇ ਵੱਟਾ-ਸੱਟਾ ਚਲਦਾ ਸੀ। ਕਣਕ ਜਾਂ ਕਪਾਹ ਦਿਉ ਤੇ ਸੌਦਾ ਲੈ ਲਵੋ। ਪੈਸਾ ਪ੍ਰਚੱਲਿਤ ਨਹੀਂ ਸੀ। ਘਰਾਂ ਦੀਆਂ ਸੇਵਾਵਾਂ (ਜਿਵੇਂ ਨਾਈ, ਨੈਣ, ਮਿਰਾਸਨ) ਵੀ ਦਾਣੇ-ਆਟੇ ਨਾਲ ਮੁਕਤ ਹੁੰਦੀਆਂ ਸਨ। 

ਕੀਮਤਾਂ : ਪੈਸਾ ਘੱਟ ਹੁੰਦਾ ਸੀ ਪਰ ਪੈਸੇ ਦੀ ਤਾਕਤ (ਕੀਮਤ) ਬੜੀ ਹੁੰਦੀ ਸੀ। 1934 ਵਿੱਚ ਇਕ ਰੁਪਏ ਦਾ ਪੰਜ ਸੇਰ ਸਰ੍ਹੋਂ ਦਾ ਤੇਲ, 4 ਸੇਰ ਨਾਰੀਅਲ ਦਾ ਤੇਲ, ਪੰਜ ਸੇਰ ਖੰਡ ਆਉਂਦੀ ਸੀ। 1900-1910 ਵਿੱਚ ਵੀ ਇਹੋ ਭਾਅ ਹੁੰਦਾ ਸੀ। 1914-18 ਵਿਚ ਕੀਮਤਾਂ ਥੱਲੇ ਡਿਗੀਆਂ। ਜੰਗ ਦੇ ਦੌਰਾਨ ਸਰਕਾਰ ਦੀ ਪਾਲਿਸੀ ਸੀ ਕਿ ਫ਼ੌਜਾਂ ਨੂੰ ਵਸਤੂਆਂ ਸਸਤੀਆਂ ਮਿਲ ਜਾਣ। ਉਹਨਾਂ ਦਿਨਾਂ ਵਿੱਚ ਇਕ ਰੁਪਏ ਦੀ 25 ਸੇਰ ਕਣਕ ਤੇ 20 ਸੇਰ ਆਟਾ ਆਉਂਦਾ ਸੀ। ਇਹ ਸ਼ਹਿਰੀਆਂ ਵਾਸਤੇ ਚੰਗਾ ਸੀ ਪਰ ਪਿੰਡਾਂ ਵਾਸਤੇ ਮਾੜਾ। ਜੰਗ ਤੋਂ ਬਾਅਦ, ਕੀਮਤਾਂ ਪਹਿਲੇ ਟਿਕਾਣੇ ‘ਤੇ ਆ ਗਈਆਂ। 

ਸੋਨਾ 20-22 ਰੁਪਏ ਤੋਲਾ ਸੀ। ਘਿਉ ਇਕ ਰੁਪਿਆ ਸੇਰ, ਚੰਗੀ ਮੱਝ 100- 120 ਰੁਪਏ। ਦੁੱਧ ਨਹੀਂ ਵੇਚਿਆ ਜਾਂਦਾ ਪਰ ਬੱਕਰੀਆਂ ਦਾ ਦੁੱਧ ਦੋ ਆਨੇ ਦੀ ਗੜਵੀ (1 ਸੇਰ) ਵਿਕਦਾ ਸੀ। ਪਿੰਡ ਤੋਂ ਗੁਜਰਾਂਵਾਲੇ ਸ਼ਹਿਰ ਨੂੰ ਟਾਂਗਾ 4 ਆਨੇ ਸਵਾਰੀ ਤੇ ਸਾਲਮ ਟਾਂਗਾ ਸਵਾ ਰੁਪਿਆ ਹੁੰਦਾ ਸੀ। 

1910-40 ਵਿੱਚ ਜ਼ਮੀਨ ਦਾ ਭਾਅ 500 ਤੋਂ 800 ਰੁਪਿਆ ਕਿਲੇ ਦਾ ਹੁੰਦਾ ਸੀ। ਦੂਜੀ ਜੰਗ ਸ਼ੁਰੂ ਹੋਣ ਨਾਲ ਭਾਅ ਵਧ ਕੇ 1000 ਰੁਪਿਆ ਹੋ ਗਿਆ। ਪਰ ਸਵਾਏ ਟੋਟਾ ਇਥੇ ਤੇ ਟੋਟਾ ਉੱਥੇ, ਵਕਾਊ ਜ਼ਮੀਨ ਬਿਲਕੁਲ ਨਹੀਂ ਸੀ ਹੁੰਦੀ। 

ਜਦੋਂ 1927 ਵਿੱਚ ਠੇਕੇਦਾਰ ਨੇ ਨਾਨੋਕੇ ਭੱਠਾ ਲਾਇਆ ਤਾਂ ਇੱਟਾਂ ਦਾ ਭਾਅ 27 ਰੁਪਏ ਹਜ਼ਾਰ ਸੀ । 1930 ਤੋਂ ਬਾਅਦ ਜਦੋਂ ਕੋਲੇ ਤੇ ਹੋਰ ਵਸਤੂਆਂ ਦੇ ਭਾਅ ਡਿੱਗੇ ਤਾਂ ਇੱਟਾਂ ਦਾ ਭਾਅ ਫਟਾ-ਫੱਟ ਅੱਧੇ-ਅੱਧ ਹੋ ਗਿਆ। 1940 ਤੋਂ ਕੀਮਤਾਂ ਵਧ ਗਈਆਂ ਪਰ ਕੋਲੇ ਦੀਆਂ ਗੱਡੀਆਂ ਨਹੀਂ ਸੀ ਮਿਲਦੀਆਂ। ਰੇਲਗੱਡੀਆਂ ਸਰਕਾਰੀ ਢੋਆ-ਢੁਆਈ ਵਿੱਚ ਲੱਗੀਆ ਹੋਈਆਂ ਸਨ। ਪਰਮਿਟ ਲੈਣਾ ਪੈਂਦਾ ਸੀ । ਕੋਲਾ ਵੀ ਰਾਸ਼ਨ ਤੇ, ਇੱਟਾਂ ਵੀ ਰਾਸ਼ਨ ਤੇ। ਸਰਕਾਰ ਨੇ ਇੱਟਾਂ ਦਾ ਭਾਅ 35 ਰੁਪਏ ਹਜ਼ਾਰ ਮੁਕੱਰਰ ਕਰਕੇ ਰਾਸ਼ਨ ‘ਤੇ ਲਾ ਦਿੱਤੀਆਂ। ਇਹਦਾ ਨਤੀਜਾ ਇਹ ਹੋਇਆ ਕਿ 1940- 45 ਵਿੱਚ ਪਿੰਡਾਂ ਵਿੱਚ ਪੱਕੇ ਮਕਾਨ ਬਣਨੇ ਬੰਦ। ਕਾਰੀਗਰ ਤੇ ਮਜ਼ਦੂਰ ਬੇਕਾਰ ਰਹੇ। ਇਸ ਨਾਲ ਫ਼ੌਜੀ ਭਰਤੀ ਸਰਕਾਰ ਲਈ ਸੌਖੀ ਰਹੀ। 

ਧਨ-ਮਾਲ ਦਾ ਹਿਸਾਬ : ਪੈਸਾ ਲੈਣਾ-ਦੇਣਾ ਜਾਂ ਵੇਚਣਾ-ਵੱਟਣਾ ਸਭ ਕੁਝ ਮੂੰਹ ਜ਼ਬਾਨੀ ਹੁੰਦਾ ਸੀ। ਹਾਂ-ਨਾਂਹ ਹੋ ਗਈ, ਅੱਖ ਨਾਲ ਅੱਖ ਮਲਾ ਲਈ ਜਾਂ ਹੱਥ ਮਲਾ ਲਿਆ, ਇਹ ਕਾਫ਼ੀ ਹੁੰਦਾ ਸੀ। ਗੱਲ ਪੱਕੀ ਹੋ ਜਾਂਦੀ ਸੀ। ਇਤਬਾਰ ਬੜੀ ਵੱਡੀ ਚੀਜ਼ ਸੀ। ਇਕ ਦੂਜੇ ਨੂੰ ਸਮਝ ਜਾਣਾ, ਬੜੀ ਵੱਡੀ ਗੱਲ ਸੀ। ਕਰਜ਼ਾ ਦੇਣਾ, ਜ਼ੇਵਰ-ਗਹਿਣੇ ਪਾਣੇ, ਕਣਕ ਜਾਂ ਕਪਾਹ ਵੇਚਣੀ, ਵਾੜੇ ਦੀ ਨੀਲਾਮੀ ਕਰਨੀ, ਜ਼ੇਵਰ ਬਣਨੇ ਦੇਣੇ, ਇਹ ਸਾਰਾ ਕੁਝ ਮੂੰਹ ਜ਼ਬਾਨੀ ਹੁੰਦਾ ਸੀ। ਜ਼ਮੀਨਾਂ ਦੀ ਅਦਲਾ-ਬਦਲੀ ਪੂਰੀ ਲਿਖਤ ਵਿੱਚ ਆਉਂਦੀ ਸੀ। ਕਚੈਹਰੀ ਤੋਂ ਅਸ਼ਟਾਮ ਲੈ ਕੇ ਪੂਰਾ ਹਿਸਾਬ-ਕਿਤਾਬ ਲਿਖਿਆ ਜਾਂਦਾ ਸੀ, ਅੰਗੂਠੇ ਲੱਗਦੇ ਸਨ, ਗਵਾਹੀਆਂ ਪੈਂਦੀਆਂ ਸਨ, ਤਾਂਕਿ ਕਾਨੂੰਨੀ ਤੌਰ ‘ਤੇ ਰਜਿਸਟਰੀ ਠੀਕ ਹੋਵੇ। ਪਟਵਾਰੀ ਪਹਿਲੋਂ ਵੀ ਖਾਤਾ ਚੈਕ ਕਰ ਲੈਂਦਾ ਸੀ ਤੇ ਰਜਿਸਟਰੀ ਤੋਂ ਪਿੱਛੋਂ ਆਪਣੇ ਪਟਵਾਰ ਵਿਚ ਦਰਜ ਕਰ ਲੈਂਦਾ ਸੀ। ਇਹ ਹਿਸਾਬ ਪੱਕਾ ਹੁੰਦਾ ਸੀ। 

ਪਰ ਇਕ ਗੱਲ ਸੀ। ਪਿੰਡ ਦੇ ਘਰਾਂ ਦਾ ਵੇਚਣਾ-ਵਟਾਂਦਰਾ ਆਮ ਤੌਰ ‘ਤੇ ਅਸ਼ਟਾਮਾਂ ਵਿੱਚ ਦਰਜ ਨਹੀਂ ਸੀ ਹੁੰਦਾ। ਪਿੰਡ ਵਿੱਚ ਹਰ ਇਕ ਨੂੰ ਪਤਾ ਹੁੰਦਾ ਹੀ ਸੀ ਕਿ ਕਿਹੜੇ ਘਰ ਦਾ ਕੌਣ ਮਾਲਕ ਏ। ਸਰਕਾਰ ਤਾਂ ਚਾਹੁੰਦੀ ਸੀ ਕਿ ਸਭ ਕੁਝ ਲਿਖਤੀ ਹੋਵੇ ਕਿਉਂਕਿ ਸਰਕਾਰ ਦੇ ਪੈਸੇ ਬਣਦੇ ਸੀ ਤੇ ਕਰਮਚਾਰੀਆਂ ਦੇ ਵੀ। 

ਵਹੀ-ਖਾਤਾ ਇਕ ਪੱਕਾ ਲਿਖਤੀ ਰਿਕਾਰਡ ਸੀ । ਹਰ ਸ਼ਾਹੂਕਾਰ, ਹਰ ਦੁਕਾਨਦਾਰ ਤੇ ਹਰ ਵੱਡੇ ਘਰਾਣੇ ਨੇ ਆਪਣੀ-ਆਪਣੀ ਵਹੀ ਰੱਖੀ ਹੁੰਦੀ ਸੀ। ਜਿਹਦੇ ਕੋਲ ਵਹੀ ਨਾ ਹੋਵੇ, ਉਹ ਦੁਕਾਨਦਾਰ ਦੀ ਵਹੀ ਵਿੱਚ ਆਪਣਾ ਖਾਤਾ ਲਿਖਵਾ ਲੈਂਦਾ ਸੀ। ਇਹ ਸਮਝੋ ਕਿ ਵਹੀ ਸਾਂਝੀ ਯਾਦਾਸ਼ਤ ਸੀ। ਇਹਨਾਂ ਵਿੱਚ ਨਿਉਂਦਰਾ ਖ਼ਾਸ ਤੌਰ ‘ਤੇ 

ਲਿਖਿਆ ਜਾਂਦਾ ਸੀ। ਵਿਆਹ-ਸ਼ਾਦੀਆਂ ਦੇ ਖ਼ਰਚੇ ਤੇ ਪਰਿਵਾਰ ਦੇ ਹੋਰ ਵੱਡੇ ਕੰਮ-ਕਾਰ ਵੀ ਲਿਖੇ ਜਾਂਦੇ । ਕਰਜ਼ੇ ਵੀ ਇਹਨਾਂ ਵਿੱਚ ਲਿਖੇ ਜਾਂਦੇ ਸਨ । ਜੇ ਕਰਜ਼ੇ ਦੀ ਲਿਖਤ ਦੇ ਥੱਲੇ ਰੈਵਿਨਿਊ ਸਟੈਂਪ ਲੱਗੀ ਹੋਵੇ, ਅੰਗੂਠੇ ਲੱਗੇ ਹੋਣ ‘ਤੇ ਗਵਾਹੀ 

ਪਈ ਹੋਵੇ ਤਾਂ ਇਹ ਲਿਖਤ ਕਚੈਹਰੀ ਵਿੱਚ ਕਾਨੂੰਨੀ ਤੌਰ ‘ਤੇ ਮੰਨੀ ਜਾਂਦੀ ਸੀ । ਅੰਗਰੇਜ਼ਾਂ ਤੋਂ ਪਹਿਲੋਂ ਤਾਂ ਅਸ਼ਟਾਮ ਵੀ ਨਹੀਂ ਸਨ ਹੁੰਦੇ। ਸਾਰਾ ਕੁਝ ਵਹੀਆਂ ਵਿੱਚ ਲਿਖਿਆ ਜਾਂਦਾ ਸੀ। 

ਸ਼ਾਹੂਕਾਰਾ 

ਆਮ ਘਰਾਣੇ ਕਰਜ਼ਾ ਲੈਂਦੇ ਸਨ। ਕੁਝ ਕਦੀ-ਕਦੀ ਤੇ ਕੁਝ ਸਾਰੀ ਉਮਰ ਹੀ ਕਰਜ਼ੇ ਵਿੱਚ ਫਸੇ ਰਹਿੰਦੇ ਸਨ। ਪੈਸੇ ਦੀ ਲੋੜ ਪੈਂਦੀ ਹੀ ਸੀ ਜੇ ਵਿਆਹ ਆ ਜਾਵੇ, ਪੁੱਤਰ ਜੰਮੇ, ਲੰਮੀ ਬੀਮਾਰੀ ਆ ਜਾਏ, ਫ਼ਸਲ ਘਟ ਹੋਵੇ, ਬੀਜ ਖ਼ਰੀਦਣਾ ਪਵੇ, ਘਰ ਬਨਾਣਾ ਪਵੇ ਜਾਂ ਕੋਈ ਆਫ਼ਤ ਆ ਜਾਵੇ। ਕਈ ਵਾਰੀ ਘਰਾਂ ਵਿੱਚ ਦਾਣੇ ਮੁੱਕ ਜਾਂਦੇ ਸੀ ਤੇ ਦਾਣੇ ਉਦਾਰ ਲੈਣੇ ਪੈਂਦੇ ਸੀ, ਹੱਥੋਂ-ਹੱਥੀ। ਪਿੰਡਾਂ ਵਿੱਚ ਬੈਂਕ ਤਾਂ ਕਦੀ ਕਿਸੇ ਨੇ ਵੇਖੇ-ਸੁਣੇ ਨਹੀਂ ਸੀ ਹੁੰਦੇ। ਸ਼ਾਹੂਕਾਰ ਦੀ ਸ਼ਰਨ ਹੀ ਲੈਣੀ ਪੈਂਦੀ ਸੀ। ਇਲਾਕੇ ਵਿੱਚ ਸਭ ਤੋਂ ਵੱਡੇ ਸ਼ਾਹੂਕਾਰ ਘੁਕਲ ਤੇ ਵੱਡੀਆਂ ਗਲੋਟੀਆਂ ਦੇ ਸੇਠੀ ਪਰਿਵਾਰ ਸਨ। ਪਿੰਡ ਵਿੱਚ ਕਰਮ ਸਿੰਘ ਭਾਟੀਆ, ਗੰਗਾ ਸਿੰਘ ਭਾਟੀਆ ਤੇ ਪੋਹਲਾ ਸਿੰਘ ਭਾਟੀਆ ਆਪਣੀਆਂ ਦੁਕਾਨਾਂ ਤੋਂ ਚੰਗਾ ਜੰਮਿਆ ਹੋਇਆ ਕਾਰ-ਵਿਹਾਰ ਕਰਦੇ ਸਨ। ਸੂਦ ਬੜਾ ਜ਼ਿਆਦਾ ਹੁੰਦਾ ਸੀ ਪਰ ਪੈਸੇ ਵਾਪਸ ਲੈਣੇ ਵੀ ਸੌਖੇ ਨਹੀਂ ਸਨ ਹੁੰਦੇ। ਏਸੇ ਕਰਕੇ ਆਮ ਤੌਰ ‘ਤੇ ਕਰਜ਼ੇ ਤੇ ਕਰਜ਼ਾ ਦੇ ਦਿੱਤਾ ਜਾਂਦਾ ਸੀ। 

ਹੱਥੋਂ-ਹੱਥੀ ਥੋੜ੍ਹੇ ਚਿਰ ਵਾਸਤੇ ਦਿੱਤੇ ਕਰਜ਼ੇ ਤੇ ਬਿਆਜ, ਮਹੀਨੇ ਦਾ ਆਨਾ- 

ਰੁਪਇਆ (1/16 = 6.2%) ਹੁੰਦਾ ਸੀ। ਲੰਮੇ ਚਿਰ ਵਾਸਤੇ ਲਿਖਤੀ ਕਰਜ਼ੇ, ਖ਼ਾਸ ਤੌਰ ‘ਤੇ ਜ਼ਮੀਨ ਗਹਿਣੇ ਪਾਈ ਹੋਵੇ ਜਾਂ ਇਵਜ਼ਾਨੇ ਵਿੱਚ ਜੇਵਰ ਜਮ੍ਹਾਂ ਕਰਾਏ ਹੋਣ ਤਾਂ ਬਿਆਜ ਪੈਸਾ-ਰੁਪਇਆ (1/641.56%) ਮਹੀਨੇ ਦਾ ਹੁੰਦਾ ਸੀ। ਬਿਆਜ ਸੂਦ- ਦਰ-ਸੂਦ ਹੁੰਦਾ ਸੀ। ਮਤਲਬ ਬਿਆਜ ਤੇ ਵੀ ਬਿਆਜ ਲੱਗਦਾ ਸੀ । ਸ਼ਾਹੂਕਾਰ ਲੱਗੀ ਵੀ ਲਾ ਲੈਂਦੇ ਸਨ। ਜਿਉਂ-ਜਿਉਂ ਕਰਜ਼ੇ ਜਮ੍ਹਾਂ ਹੁੰਦੇ ਗਏ ਤੇ ਜ਼ਮੀਨਾਂ ਕਾਸ਼ਤਕਾਰਾਂ ਦੇ ਹੱਥੋਂ ਨਿਕਲ ਕੇ ਸ਼ਾਹੂਕਾਰਾਂ ਦੇ ਹੱਥਾਂ ਵਿੱਚ ਜਾਣ ਲੱਗ ਪਈਆਂ ਤਾਂ ਲੋਕਾਂ ਨੇ ਹਾ-ਹਾ ਕਾਰ ਮਚਾਈ। ਫੇਰ 1911 ਵਿਚ ਸਰਕਾਰ ਨੇ ਲੈਂਡ ਐਲੀਨੇਸ਼ਨ ਐਕਟ ਪਾਸ ਕੀਤਾ। ਪੁਰਾਣੇ ਕਰਜ਼ੇ ਮਾਫ਼ ਹੋ ਗਏ ਤੇ ਇਹ ਵੀ ਹੋ ਗਿਆ ਕੇ ਕਾਸ਼ਤਕਾਰ ਦੀ ਜ਼ਮੀਨ ਗ਼ੈਰ- ਕਾਸ਼ਤਕਾਰ ਨਾ ਖ਼ਰੀਦ ਸਕਦਾ ਸੀ ਤੇ ਨਾ ਆਪਣੇ ਨਾਮ ਕਰਾ ਸਕਦਾ ਸੀ। ਪਰ ਕਾਸ਼ਤਕਾਰ ਨੂੰ ਹੱਕ ਸੀ ਕਿ ਉਹ ਗ਼ੈਰ-ਕਾਸ਼ਤਕਾਰ ਦੀ ਜ਼ਮੀਨ ਖ਼ਰੀਦ ਲਵੇ। ਇਸ ਐਕਟ ਨੇ ਪਿੰਡਾਂ ਵਿੱਚ ਜ਼ਮੀਨਾਂ ਦੀ ਮਾਲਕੀ ਦਾ ਢਾਂਚਾ ਬਦਲ ਦਿੱਤਾ। ਪਰ ਨਾਲ-ਨਾਲ ਵਸੂਲੀ ਵੀ ਬੜੀ ਕਠਿਨ ਹੋ ਗਈ। ਸੇਠੀਆਂ ਦੀ ਕਹਾਣੀ ਸਪੱਸ਼ਟ ਕਰਦੀ ਏ ।  

ਸੇਠੀ 

ਘੁਕਲ ਤੇ ਵੱਡੀਆਂ ਗਲੋਟੀਆਂ ਦੇ ਸੇਠੀ, ਇਲਾਕੇ ਦੇ ਸਭ ਤੋਂ ਵੱਡੇ ਸ਼ਾਹ ਸਨ। ਨਿਰੰਜਨ ਸਿੰਘ ਤਰਲੋਕ ਸਿੰਘ ਘੁਕਲ ਤੇ ਕਾਹਨ ਸਿੰਘ ਹੀਰਾ ਸਿੰਘ ਵੱਡੀਆਂ ਗਲੋਟੀਆਂ। ਕਈ ਪਿੰਡਾਂ ਵਿੱਚ ਇਹਨਾਂ ਦੇ ਲੈਣ- ਦੇਣ ਦਾ ਜਾਲ ਵਿਛਿਆ ਹੋਇਆ ਸੀ। ਬਹੁਤੇ ਕਾਸ਼ਤਕਾਰ ਤੇ ਜ਼ਮੀਨਾਂ ਦੇ ਮਾਲਕ ਜੱਟ ਸਨ। ਉਹੀ ਵੱਡੇ ਕਰਜ਼ਾਈ ਵੀ ਸਨ। ਲੈਂਡ ਐਲੀਨੇਸ਼ਨ ਐਕਟ ਦੇ ਪਾਸ ਹੋਣ ਤੋਂ ਪਿੱਛੋਂ ਵਸੂਲੀ ਔਖੀ ਹੋ ਗਈ। ਸੇਠੀਆਂ ਨੇ ਆਪਣੇ ਪੈਸੇ ਹੋਰ ਪਾਸੇ ਲਾਣੇ ਸ਼ੁਰੂ ਕਰ ਦਿੱਤੇ। ਕਾਹਨ ਸਿੰਘ ਨੇ ਡੱਸਕੇ ਸ਼ਹਿਰ ਦੇ ਹਸਪਤਾਲ ਦਾ ਸਾਰਾ ਹਾਤਾ ਖ਼ਰੀਦ ਲਿਆ। ਪੁੱਤਰ ਹਰਚਰਨ ਨੂੰ ਕੋਇਟੇ ਭੇਜ ਦਿੱਤਾ। ਹੀਰਾ ਸਿੰਘ ਦੇ ਪੁੱਤਰ ਅਮਰੀਕ ਨੇ ਡੱਸਕੇ ਦੁਕਾਨ ਖੋਲ੍ਹ ਲਈ। ਹੀਰਾ ਸਿੰਘ ਉੱਚਾ ਲੰਮਾਂ, ਰੋਬ ਵਾਲਾ ਸੋਹਣਾ ਜਵਾਨ ਸੀ। ਹਮੇਸ਼ਾ ਕਾਲੀ ਐਚਕਨ ਤੇ ਸਲਵਾਰ ਕਮੀਜ਼ ਪਾਂਦਾ ਸੀ ਤੇ ਘੋੜੀ ਤੇ ਆਮ ਛੋਟੀਆਂ ਗਲੋਟੀਆਂ ‘ਚੋਂ ਲੰਘ ਕੇ ਡੱਸਕੇ ਜਾਂਦਾ ਸੀ। ਭਾਵ, ਲੋਕਾਂ ਵਿੱਚ ਸ਼ਾਹੂਕਾਰ ਆਪਣੀ ਡੀਲ-ਡੌਲ ਪੂਰਾ ਕਾਇਮ ਰੱਖਦੇ ਸਨ। 

ਇਕ ਵਾਕਿਆ ਦੱਸਦਾ ਹੈ ਕਿ ਵਸੂਲੀ ਕਿੰਨੀ ਔਖੀ ਹੋ ਗਈ ਸੀ। ਜੱਟਾਂ ਵਿੱਚ ਇਕ ਖ਼ਾਸੀਅਤ ਸੀ ਕਿ ਉਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਲਈ ਹਮੇਸ਼ਾ ਤਿਆਰ ਹੁੰਦੇ ਸਨ। 1935 ਵਿਚ ਜਦੋਂ ਸੂਬਿਆਂ ਨੂੰ ਖ਼ੁਦਮੁਖਤਿਆਰੀ ਮਿਲੀ ਤੇ ਕੁਝ ਲੋਕਾਂ ਨੂੰ ਖ਼ਾਸ ਤੌਰ ‘ਤੇ ਜ਼ਮੀਨਦਾਰਾਂ ਨੂੰ ਵੋਟਾਂ ਦੇ ਹੱਕ ਮਿਲ ਗਏ ਤਾਂ ਜੱਟਾਂ ਦੀ ਰਾਜਸੀ ਤਾਕਤ ਬੜੀ ਵਧ ਗਈ। ਇਕ ਜੱਟ ਨੇ ਹੀਰਾ ਸਿੰਘ ਦੇ ਛੋਟੇ ਭਰਾ ਵਜ਼ੀਰ ਸਿੰਘ ਦਾ ਬਹੁਤ ਸਾਰਾ ਕਰਜ਼ਾ ਦੇਣਾ ਸੀ ਪਰ ਆਕੜ ਗਿਆ। ਡੱਸਕੇ ਕੇਸ ਚੱਲਿਆ। ਵਜ਼ੀਰ ਸਿੰਘ ਜਿੱਤ ਗਿਆ ਤੇ ਕਚੈਹਰੀ ਨੇ ਜ਼ਮੀਨ ਦਾ ਇਕ ਟੋਟਾ ਉਹਦੇ ਨਾਮ ‘ਤੇ ਕਰ ਦਿੱਤਾ ਪਰ ਜੱਟ ਕਬਜ਼ਾ ਨਾ ਦੇਵੇ। ਜਦੋਂ ਸੰਮਨ ਆਉਣ, ਇਧਰ ਉਧਰ ਹੋ ਜਾਂਦਾ। ਵਜ਼ੀਰ ਸਿੰਘ ਨੇ ਗ੍ਰਿਫ਼ਤਾਰੀ ਦੇ ਆਰਡਰ ਲੈ ਲਏ। ਪੁਲਿਸ ਦੇ ਆਉਣ ਤੋਂ ਦੋ ਦਿਨ ਪਹਿਲੋਂ ਦੀ ਗੱਲ ਏ। ਜੇਠ-ਹਾੜ ਦੇ ਦਿਨ ਸਨ। ਵਜ਼ੀਰ ਦੁਪਹਿਰੇ ਮੰਜੀ ‘ਤੇ ਟਾਹਲੀ ਥੱਲੇ ਸੁੱਤਾ ਪਿਆ ਸੀ। ਬਸ, ਕਰਜ਼ਈਆਂ ਨੇ ਚੁੱਪ ਚੁਪੀਤੇ ਆ ਕੇ ਵੱਢ ਦਿੱਤਾ। ਪੁਲਿਸ ਆਈ, ਗ੍ਰਿਫ਼ਤਾਰੀਆਂ ਹੋਈਆਂ, ਜ਼ਮਾਨਤਾਂ ਹੋਈਆਂ ਤੇ ਕੇਸ ਚਲਿਆ। ਡਰਦਾ ਮਾਰਾ ਕੋਈ ਗਵਾਹੀ ਨਾ ਦੇਵੇ। ਕੇਸ ਦੀ ਪੈਰਵੀ ਦਾ ਕੀ ਨਿਕਲਣਾ ਸੀ। ਕਤਲ ਦਾ ਕੇਸ ਵਿਚੇ ਹੀ ਰਹਿ ਗਿਆ। 

(ਹਰਚਰਨ ਸਿੰਘ ਸੇਠੀ) 

* * * * 

ਜਿਉਂ-ਜਿਉਂ ਵਸੂਲੀਆਂ ਦੀ ਬਿਪਤਾ ਵਧ ਗਈ ਤਾਂ ਛੋਟੀਆਂ ਗਲੋਟੀਆਂ ਦੇ ਸ਼ਾਹੂਕਾਰਾਂ ਨੇ ਅਪਣਾ ਧਿਆਨ ਹੋਰ ਪਾਸੇ ਲਾ ਦਿੱਤਾ, ਭਾਵੇਂ ਛੋਟਾ-ਮੋਟਾ ਸ਼ਾਹੂਕਾਰਾ ਜਾਰੀ ਰੱਖਿਆ। ਕਰਮ ਸਿੰਘ ਭਾਟੀਏ ਨੇ ਆਪਣੇ ਪੁੱਤਰਾਂ ਨੂੰ ਪੜ੍ਹਾ-ਲਿਖਾ ਦਿੱਤਾ, ਤਰਲੋਕ ਨੂੰ ਦੁਕਾਨ ਖੋਲ੍ਹ ਦਿੱਤੀ, ਪ੍ਰੀਤਮ ਨੂੰ ਬਜ਼ਾਜੀ ਵਿੱਚ ਪਾ ਦਿੱਤਾ। ਗੰਗਾ ਸਿੰਘ ਨੇ ਆਪਣੇ ਪੁੱਤਰ ਲਾਲ ਸਿੰਘ ਨੂੰ ਟਾਂਗਾ ਖ਼ਰੀਦ ਦਿੱਤਾ ਤੇ ਕਪਾਹ ਦੇ ਕਾਰੋਬਾਰ ਵਿੱਚ ਪਾ ਦਿੱਤਾ। ਪੋਹਲਾ ਸਿੰਘ ਨੇ ਉਹ ਦੁਕਾਨ ਚਲਾਈ ਕੇ ਸਾਰੀਆਂ ਮੁਸਲਮਾਨ ਜ਼ਨਾਨੀਆਂ ਉਹਦੇ ਕੋਲੋਂ ਸੌਦਾ ਖ਼ਰੀਦਣ ਆਉਂਦੀਆਂ ਸਨ। ਹੌਲੀ-ਹੌਲੀ ਆਪ ਤੇ ਪੁੱਤਰ ਸਿਆਮ ਚਲੇ ਗਏ। ਪਿੱਛੋਂ ਰਹੇ ਇੰਦਰ ਨੇ ਨਵੇਂ ਮੁਹੱਲੇ ਦੀਆਂ ਜੱਟੀਆਂ ਦਾ ਸਾਰਾ ਘਿਉ ਖ਼ਰੀਦ ਲੈਣਾ ਤੇ ਆਪਣੇ ਟਾਂਗੇ ‘ਤੇ ਜਾ ਕੇ ਗੁਜਰਾਂਵਾਲੇ ਵੇਚ ਆਉਣਾ। ਚੰਗੇ ਵਿਸ਼ਵਾਸ ਵਾਲੀ ਸਾਂਝ ਪੈ ਗਈ। 

ਭਗਤ ਸਿੰਘ ਭਾਟੀਆ ਜੋ ਭਗਤੂ ਦੇ ਨਾਂ ‘ਤੇ ਮਸ਼ਹੂਰ ਸੀ, ਨੇ ਇਕ ਬਿਲਕੁਲ ਨਵਾਂ ਰਾਹ ਫੜਿਆ। ਜ਼ਨਾਨੀਆਂ ਨੂੰ ਪੈਸੇ ਦੀ ਲੋੜ ਹੋਵੇ ਤਾਂ ਨਾ ਕਿਧਰੇ ਜਾ ਸਕਦੀਆਂ ਸਨ ਤੇ ਨਾ ਹੀ ਕੋਈ ਉਹਨਾਂ ਦੇ ਘਰ ਖੁੱਲ੍ਹ-ਡੁੱਲ੍ਹ ਨਾਲ ਆ ਜਾ ਸਕਦਾ। ਸੀ। ਭਗਤੂ ਨੂੰ ਸੁੱਝੀ ਕਿ ਕਿਉਂ ਨਾ ਜ਼ਨਾਨੀਆਂ ਦੀ ਲੋੜ ਨੂੰ ਪੂਰਾ ਕੀਤਾ ਜਾਵੇ। ਭਗਤੂ ਇਕ ਤੁਰਦਾ-ਫਿਰਦਾ ਜ਼ਨਾਨੀਆਂ ਦਾ ਬੈਂਕ ਬਣ ਗਿਆ। 

ਜ਼ਨਾਨੀਆਂ ਦਾ ਤੁਰਦਾ ਫਿਰਦਾ ਬੈਂਕ 

ਭਗਤੂ ਇਕ ਅਜੀਬ ਗਰੀਬ ਚਲਦਾ-ਫਿਰਦਾ ਬੈਂਕ ਸੀ। ਪਿੰਡੋ- ਪਿੰਡ ਤੇ ਘਰੋ-ਘਰੀਂ ਜਾਂਦਾ, ਛੋਟੇ-ਮੋਟੇ ਜ਼ੇਵਰ ਲੈ ਆਉਂਦਾ, ਪੈਸੇ ਦੇ ਆਉਂਦਾ ਤੇ ਵੇਲੇ ਸਿਰ ਜ਼ੇਵਰ ਵਾਪਸ ਕਰ ਆਉਂਦਾ ਤੇ ਪੈਸੇ ਲੈ ਆਉਂਦਾ। ਨਾ ਕੋਈ ਹੈ ਹੈ, ਨਾ ਖਹਿ-ਖਹਿ। ਭਗਤੂ ਦੀ ਮੈਲੀ-ਕੁਚੈਲੀ ਫਤੂਹੀ ਦੀਆਂ ਅੰਦਰਲੀਆਂ, ਬਾਹਰਲੀਆਂ ਜੇਬਾਂ ਪੈਸਿਆਂ, ਕਾਂਟਿਆਂ, ਮੁੰਦਰੀਆਂ, ਵੰਗਾਂ ਆਦਿ ਨਾਲ ਸਜੀਆਂ ਹੁੰਦੀਆਂ ਸਨ। ਜਿਹੜੀ ਚੀਜ਼ ਦੀ ਲੋੜ ਹੋਵੇ ਉਸ ਨੂੰ ਬਗ਼ੈਰ ਫੋਲਾ ਫੋਲੀ ਦੇ ਕੱਢ ਲੈਂਦਾ ਸੀ। ਭਗਤੂ ਦਾ ਵਰਤਾਉ ਸਿਰਫ਼ ਔਰਤਾਂ ਦੇ ਨਾਲ ਹੀ ਸੀ। ਉਸ ਦੀ ਜ਼ਾਤ ਤੇ ਕਿਸੇ ਵੀ ਮਰਦ-ਤੀਵੀਂ ਨੂੰ ਸ਼ੱਕ ਨਹੀਂ ਸੀ ਹੁੰਦਾ। ਉਸ ਨੂੰ ਕਿਸੇ ਵੀ ਘਰ ਵਿੱਚ ਆਉਣ-ਜਾਣ ਤੋਂ ਕਦੀ ਵੀ ਕੋਈ ਨਹੀਂ ਰੋਕਦਾ। ਉਸ ਦੇ ਚਾਲ-ਚਲਨ ‘ਤੇ ਹਰ ਇਕ ਨੂੰ ਵਿਸ਼ਵਾਸ ਸੀ। ਹਰ ਔਰਤ ਜਾਣਦੀ ਸੀ ਕਿ ਭਗਤੂ ਕਦੀ ਠੱਗੀ ਨਹੀਂ ਕਰੇਗਾ ਤੇ ਲੋੜ ਵੇਲੇ ਜ਼ਰੂਰ ਪਹੁੰਚ ਜਾਏਗਾ। 

ਭਗਤੂ ਕਦੀ ਵੀ ਕਿਸੇ ਆਦਮੀਂ ਨੂੰ ਕਰਜ਼ਾ ਨਹੀਂ ਸੀ ਦੇਂਦਾ। ਇਕ ਵਾਰੀ ਦੀਵਾਨ ਸਿੰਘ ਠੇਕੇਦਾਰ ਨੇ ਭੱਠੇ ਵਾਸਤੇ ਕੋਲੇ ਦੀ ਗੱਡੀ ਛੁਡਾਣੀ ਸੀ। ਦੋ ਸੌ ਰੁਪਿਆ ਘੱਟਦਾ ਸੀ। ਫਟਾਫਟ ਚਾਹੀਦਾ ਸੀ। ਭੱਠੇ ‘ਤੇ ਬੈਠੇ ਠੇਕੇਦਾਰ ਨੇ ਆਪਣੇ ਪੁੱਤਰ ਕਰਤਾਰ ਹੱਥ ਬੁਲਾ ਭੇਜਿਆ। ਭਗਤੂ ਸਮਝ ਗਿਆ ਕਿਉਂਕਿ ਪਿੰਡ ਵਿੱਚ ਆਮ ਪਤਾ ਸੀ ਕਿ ਕੋਲੇ ਦੀ ਗੱਡੀ ਗੁਜਰਾਂਵਾਲੇ ਸਟੇਸ਼ਨ ‘ਤੇ ਆਈ ਹੋਈ ਏ। ਘੁਮਿਆਰ ਖੋਤਿਆਂ ਨਾਲ ਤਿਆਰ ਬੈਠੇ ਸਨ। 

ਭਗਤੂ ਆਇਆ ਤਾਂ ਠੇਕੇਦਾਰ ਨੇ ਆਖਿਆ ਮੈਨੂੰ ਦੋ ਸੌ ਰੁਪਇਆ ਚਾਹੀਦਾ ਏ। ਭਗਤੂ ਨੇ ਝੱਟ ਹੀ ਸਾਰਿਆਂ ਦੇ ਸਾਹਮਣੇ ਕਹਿ ਦਿੱਤਾ ਕਿ ਨਹੀਂ, ਮੈਂ ਬਿਲਕੁਲ ਨਹੀਂ ਦੇ ਸਕਦਾ। ਠੇਕੇਦਾਰ ਨੇ ਇਸ ਵਿੱਚ ਆਪਣੀ ਬੇਇੱਜ਼ਤੀ ਸਮਝੀ। ਤਾਹੜ ਕਰ ਕੇ ਭਗਤੂ ਨੂੰ ਚਪੇੜ ਮਾਰੀ। ਭਗਤੂ ਦੀ ਪੱਗ ਡਿੱਗ ਪਈ ਤੇ ਨੋਟ ਖਿਲਰ ਪੁਲਰ ਗਏ। ਦਸ-ਦਸ ਰੁਪਏ ਦੇ 20 ਨੋਟ। ਭਗਤੂ ਪੈਸੇ ਤੇ ਲੈ ਕੇ ਆਇਆ ਸੀ ਕਿਉਂਕਿ ਉਸ ਦਾ ਠੇਕੇਦਾਰ ਨਾਲ ਚਿਰਾਂ ਦਾ ਜ਼ਾਤੀ ਸੰਬੰਧ ਸੀ ਪਰ ਉਸ ਦਾ ਦਿਮਾਗ਼ ਸ਼ਸ਼ੋਪੰਜ ਵਿੱਚ ਪਿਆ ਰਿਹਾ ਕਿ ਆਪਣਾ ਅਸੂਲ ਤੋੜੇ ਜਾਂ ਨਾ ਤੋੜੇ। ਇਹ ਇਕੋ ਇਕ ਕਰਜ਼ਾ ਸੀ ਜੋ ਭਗਤੂ ਨੇ ਸਾਰੀ ਉਮਰ ਵਿੱਚ ਕਿਸੇ ਆਦਮੀ ਨੂੰ ਦਿੱਤਾ ਹੋਵੇ। 

ਭਗਤੂ ਦਾ ਹਿਸਾਬ-ਕਿਤਾਬ ਸਾਰਾ ਮੂੰਹ ਜ਼ਬਾਨੀ ਹੁੰਦਾ ਸੀ। ਉਸ ਨੇ ਕਦੀ ਵੀ ਕੁਝ ਕਾਗਜ਼, ਕਾਪੀ ਜਾਂ ਪਰਚੀ ‘ਤੇ ਨਹੀ ਸੀ ਲਿਖਿਆ। ਉਸਦੀ ਯਾਦਾਸ਼ਤ ਇੰਨੀ ਤੇਜ਼ ਸੀ ਕਿ ਉਸ ਨੂੰ ਪਤਾ ਹੁੰਦਾ ਸੀ ਕਿ ਕਿਹੜੀ ਚੀਜ਼ ਕਿਸ ਤੋਂ ਕਿਹੜੇ ਮਹੀਨੇ ਗਹਿਣੇ ਲਈ। ਵਾਪਸ ਦੇਣ ਵੇਲੇ ਉਹੀ ਨਿੱਕੀ-ਮੋਟੀ ਚੀਜ਼ ਕੱਢ ਕੇ ਲੈ ਆਉਂਦਾ। ਸੂਦ ਦਾ ਹਿਸਾਬ ਵੀ ਮੂੰਹ ਜ਼ਬਾਨੀ ਲਾ ਲੈਂਦਾ। ਉਸ ਨੇ ਹਰ ਇਕ ਦੀ ਚੀਜ਼ ਘਰ ਦੀਆਂ ਵੱਖੋ-ਵੱਖ ਗੁੱਠਾਂ ਵਿੱਚ ਰੱਖੀ ਹੁੰਦੀ ਸੀ। ਮਸ਼ਹੂਰ ਸੀ ਕਿ ਉਹਨਾਂ ਗੁੱਠਾਂ ਵਿੱਚ ਸੱਪ ਰਹਿੰਦੇ ਨੇ ਤੇ ਪੂਰੀ ਪਹਿਰੇਦਾਰੀ ਕਰਦੇ ਨੇ। 

ਕਰਜ਼ੇ ਮਾਫ਼ ਹੋਣ ਦਾ ਤੇ ਜ਼ਮੀਨਾਂ ਦੀ ਕੁਰਕੀ ਨਾ ਹੋ ਸਕਣ ਦਾ ਇਕ ਨਤੀਜਾ ਇਹ ਹੋਇਆ ਕਿ ਹੁਣ ਸ਼ਾਹੂਕਾਰ ਕਰਜ਼ਾ ਘੱਟ ਹੀ ਦਿੰਦੇ ਸਨ। ਕਿਸਾਨਾਂ ਨੂੰ ਪੈਸੇ ਦੀ ਲੋੜ ਤਾਂ ਰਹਿੰਦੀ ਹੀ ਸੀ । ਇਸ ਲੋੜ ਨੂੰ ਪੂਰਾ ਕਰਨ ਲਈ ਇਕ ਨਵੀਂ ਜਮਾਤ ਉਠੀ। ਇਹ ਸਨ ‘ਜੱਟ ਸ਼ਾਹੂਕਾਰ’। 

ਕਿਸਾਨਾਂ ਨੂੰ ਕਿਸਾਨ ਭਰਾ ਸ਼ਾਹੂਕਾਰ ਤੇ ਜ਼ਿਆਦਾ ਵਿਸ਼ਵਾਸ ਸੀ। ਸਾਰੇ ਲੋੜਮੰਦ ਇਹਨਾਂ ਦੇ ਕੋਲ ਆ ਵੜੇ। ਖੱਤਰੀਆਂ ਵਾਂਗ ਇਹ ਪੜ੍ਹੇ-ਲਿਖੇ ਨਹੀਂ ਸਨ ਪਰ ਉਹਨਾਂ ਦੁਕਾਨਦਾਰਾਂ ਨੂੰ ਵਹੀ-ਖਾਤਾ ਰੱਖਣ ਵਾਸਤੇ ਨਾਲ ਲਾ ਲਿਆ। ਜੱਟ- ਸ਼ਾਹੂਕਾਰਾਂ ਨੇ ਇਕ ਨਵੀਂ ਤੇ ਸੌਖੀ ਧਾਰਨਾ ਚਲਾ ਦਿੱਤੀ। ਕਣਕ ਕਰਜ਼ੇ ਤੇ ਲਉ ਤੇ ਕਣਕ ਹੀ ਵਾਪਸ ਕਰ ਦਿਉ। ਕਿਸਾਨਾਂ ਨੇ ਇਹਦੀ ਸ਼ਲਾਘਾ ਕੀਤੀ ਕਿਉਂਕਿ ਇਸ ਨੂੰ ਸਮਝਣਾਂ ਸੌਖਾ ਸੀ, ਭਾਵੇਂ ਗੁਜਾ ਸੂਦ ਪਹਿਲੇ ਨਾਲੋਂ ਜ਼ਿਆਦਾ ਹੀ ਸੀ। ਜਿਉਂ- ਜਿਉਂ ਜੱਟ ਸ਼ਾਹੂਕਾਰ ਬਣ ਗਏ, ਪਿੰਡ ਦੀ ਮਾਲੀ ਤਾਕਤ ਖੱਤਰੀਆਂ ਦੇ ਥਾਂ ਜੱਟਾਂ ਦੇ ਹੱਥ ਵਿੱਚ ਆ ਗਈ। ਜੱਟਾਂ ਦਾ ਬੋਲ ਬਾਲਾ ਵਧ ਗਿਆ। 

ਤਖਤ ਸਿੰਘ : ਪਿੰਡ ਦਾ ਨੰਬਰਦਾਰ ਤਖਤ ਸਿੰਘ ਦੂਰ ਦੀ ਸੋਚਣ ਵਾਲਾ ਸਭ ਤੋਂ ਪਹਿਲਾਂ ਜੱਟ ਸ਼ਾਹੂਕਾਰ ਨਿਤਰਿਆ। ਇਹ ਕਿਸਾਨਾਂ ਦੀਆਂ ਰਗਾਂ ਨੂੰ ਸਮਝਦਾ ਸੀ। ਤੇ ਉਹਨਾਂ ਦੀਆਂ ਜ਼ਮੀਨਾਂ ਦਾ ਕਬਜ਼ਾ ਕਾਨੂਨੀ ਤੌਰ ‘ਤੇ ਲੈ ਵੀ ਸਕਦਾ ਸੀ । ਹੌਲੀ- ਹੌਲੀ ਤਖਤ ਸਿੰਘ ਨੂੰ ਲੰਬੜਦਾਰੀ ਨਾਲੋਂ ਸ਼ਾਹੂਕਾਰੇ ਨਾਲ ਜ਼ਿਆਦਾ ਪਿਆਰ ਹੋ ਗਿਆ। ਲੰਬੜਦਾਰੀ ਵੱਡੇ ਪੁੱਤਰ ਨੂੰ ਦੇ ਦਿੱਤੀ। ਫੇਰ ਆਏ ਦਿਨ ਘੋੜੀ ‘ਤੇ ਪਿੰਡੋ-ਪਿੰਡ ਜਾਂਦਾ, ਖੇਤਾਂ ਦੇ ਚੱਕਰ ਲਾਉਂਦਾ ਤੇ ਨਵੇਂ ਗਾਹਕਾਂ ਨਾਲ ਸੰਬੰਧ ਪੈਦਾ ਕਰਦਾ। ਹਵੇਲੀ ਉਹਦਾ ਸ਼ਾਹੂਕਾਰੇ ਦਾ ਅੱਡਾ ਸੀ । ਡੰਗਰ ਵੀ ਇਥੇ ਬੱਧੇ ਹੁੰਦੇ ਸਨ, ਸੌਂਦਾ ਵੀ ਇਥੇ ਸੀ, ਦਾਣੇ ਵੀ ਇਥੇ ਰੱਖਦਾ ਸੀ ਤੇ ਆਏ ਗਏ ਨੂੰ ਮਿਲਦਾ ਵੀ ਇਥੇ ਸੀ। ਸਿਰਫ਼ 

ਰੋਟੀ ਖਾਣ ਘਰ ਜਾਂਦਾ ਸੀ। ਦਿਨ ਵੇਲੇ ਵਿਹਲਾ ਹੋਏ ਤਾਂ ਮੰਜੀ ਤੇ ਡੱਬੀਆਂ ਵਾਲਾ ਖੇਸ  ਵਿਛਾ ਕੇ ਬਹਿ ਜਾਂਦਾ। ਆਸ ਪਾਸ ਹੋਰ ਮੰਜੀਆਂ ਆਉਣ ਜਾਣ ਵਾਲਿਆਂ ਲਈ। 

ਜ਼ੇਵਰ ਲੈ ਕੇ ਕਰਜ਼ਾ ਦੇਣਾ ਸਿੱਧਾ-ਪੱਧਰਾ ਕੰਮ ਸੀ। ਹਿਸਾਬ-ਕਿਤਾਬ ਵੀ ਸਾਦਾ। ਗੱਲ-ਬਾਤ ਤੋਂ ਪਿੱਛੋਂ ਤਖਤ ਸਿੰਘ ਇਕ ਪਰਚੀ ਤੇ ਪੈਸੇ, ਮਹੀਨਾ ਤੇ ਸੂਦ ਲਿਖਦਾ ਤੇ ਗਹਿਣਿਆਂ ਨੂੰ ਪਰਚੀ ਸਮੇਤ ਇਕ ਪੋਟਲੀ ਵਿੱਚ ਦੋ ਗੰਢਾਂ ਮਾਰ ਕੇ ਬੰਨ੍ਹ ਦਿੰਦਾ। ਪੋਟਲੀ ਨੂੰ ਬੋਰੀ ਵਿੱਚ ਪਾ ਦੇਂਦਾ ਤੇ ਕਰਜ਼ੇ ਦੇ ਪੈਸੇ ਦੇ ਦੇਂਦਾ। ਕਰਜ਼ਾ ਲੈਣ ਵਾਲੇ ਦੀ ਜ਼ੁੰਮੇਂਵਾਰੀ ਸੀ ਕਿ ਵਕਤ ਨਾਲ ਆ ਕੇ ਗਹਿਣੇ ਛੁਡਾ ਲਵੇ। ਸ਼ਾਮ ਨੂੰ ਬੋਰੀ ਘਰ ਲੈ ਜਾਂਦਾ ਤੇ ਪਿਛਲੀ ਕੋਠੜੀ ਵਿੱਚ ਇਕ ਟਰੰਕ ਵਿੱਚ ਰੱਖ ਕੇ ਜੰਦਰਾ ਮਾਰ ਦਿੰਦਾ। 

ਜਦੋਂ ਕੋਈ ਜ਼ਮੀਨ ਗਹਿਣੇ ਪਾਉਣ ਆਏ ਤਾਂ ਕਾਤਬ ਨੂੰ ਨਾਲ ਬਿਠਾ ਕੇ ਸੌਦਾ ਪੱਕਾ ਕਰ ਲੈਣਾ। ਵਹੀ ਵਿੱਚ ਖਾਤਾ ਖੋਲ ਕੇ ਜ਼ਮੀਨ ਦਾ ਹਦੂਦਰਬਾ ਲਿਖਣਾ। ਨਾਲ 

ਹੀ ਕਰਜ਼ੇ ਦੀ ਰਕਮ, ਸੂਦ ਤੇ ਮਿਆਦ ਲਿਖਣੀ। ਥੱਲੇ ਆਪ ਦਸਤਖ਼ਤ ਕਰ ਦੇਣੇ, ਕਰਜ਼ਾ ਲੈਣ ਵਾਲੇ ਅੰਗੂਠਾ ਲਾ ਦੇਣਾ ਤੇ ਕਾਤਬ ਨੇ ਗਵਾਹੀ ਪਾ ਦੇਣੀ ਤੇ ਨਾਲ ਹੀ ਇਕ ਆਨੇ ਦੀ ਟਿਕਟ ਲਾ ਦੇਣੀ। ਕਰਜ਼ਾ ਲੈਣ ਵਾਲੇ ਨੂੰ ਪੈਸੇ ਮਿਲ ਜਾਂਦੇ ਸੀ ਪਰ ਉਸ ਦੇ ਕੋਲ ਲਿਖਤੀ ਕੁਝ ਨਹੀਂ ਸੀ ਹੁੰਦਾ। ਜੇ ਕਰਜ਼ਾ ਲੈਣ ਵਾਲਾ ਪੈਸੇ ਨਾ ਮੋੜ ਸਕੇ ਤਾਂ ਉਸ ਤੋਂ ਅਸ਼ਟਾਮ ਲਿਖਵਾ ਲੈਣਾ। ਤਸੀਲੇ ਜਾ ਕੇ ਰਜਿਸਟਰੀ ਕਰਾ ਲੈਣੀ ਤੇ ਜੇ ਲੋੜ ਪਵੇ ਤਾਂ ਕਚੈਹਰੀ ਵਿੱਚ ਮੁਕੱਦਮਾ ਕਰ ਕੇ ਜ਼ਮੀਨ ਕੁਰਕ ਕਰ ਲੈਣੀ। ਤਖਤ ਸਿੰਘ ਨੇ ਮਾਲਕ ਬਣ ਜਾਣਾ ਤੇ ਮਾਲਕ ਨੇ ਮੁਜ਼ਾਰਾ ਬਣ ਕੇ ਰਹਿ ਜਾਣਾ। ਪਰ ਇਹ ਵਾਰਤਾ ਘੱਟ ਹੀ ਆਉਂਦੀ ਸੀ । ਝਗੜੇ ਵਿੱਚ ਪੈਣ ਦੀ ਥਾਂ ਹੋਰ ਰਸਤੇ ਲੱਭੇ ਜਾਂਦੇ ਸਨ । 

ਕਦੀ-ਕਦਾਈਂ ਤਖਤ ਸਿੰਘ ਘੋੜੀ ‘ਤੇ ਜਾ ਕੇ ਕਰਜ਼ਾਈ ਦਾ ਹਾਲ-ਚਾਲ ਪੁੱਛਦਾ, ਫ਼ਸਲ ਵੇਖਦਾ ਤੇ ਫ਼ੇਰ ਵਾਢੀਆਂ ਵੇਲੇ ਜਾ ਕੇ ਸੂਦ ਤੇ ਕੁਝ ਅਸਲ ਦੇ ਇਵਜ਼ ਫ਼ਸਲ ਦਾ ਹਿੱਸਾ ਲੈ ਲੈਂਦਾ। ਜਾਂ ਫੇਰ ਕੁਝ ਨਕਦੀ ਤੇ ਕੁਝ ਗਹਿਣੇ-ਟੁੰਮਾਂ। ਫਸਲ ਦੇ ਵੇਲੇ ਹਰ ਪਾਸਿਉਂ ਕਣਕ ਦੇ ਬੋਰੇ, ਜਾਂ ਫ਼ੇਰ ਕੁਝ ਨਕਦੀ ਤੇ ਜੇਵਰ ਆਉਂਦੇ। ਹਰ ਤੀਜੇ ਸਾਲ ਤਖਤ ਸਿੰਘ ਦੇ ਪੈਸੇ ਦੂਣੇ ਹੋ ਜਾਂਦੇ। ਆਮ ਤੌਰ ਤੇ ਗਹਿਣੇ ਪਈ ਜ਼ਮੀਨ ਦੇ 200 ਰੁਪਇਆ ਏਕੜ ਦਾ ਕਰਜ਼ਾ ਦਿੱਤਾ ਜਾਂਦਾ ਸੀ, ਜਦੋਂ ਕਿ ਜ਼ਮੀਨ ਦੀ ਕੀਮਤ ਤਿੰਨ ਗੁਣਾ ਹੁੰਦੀ ਸੀ। ਬਹੁਤ ਸਾਰੇ ਕਿਸਾਨ ਜ਼ਮੀਨ ਨੂੰ ਛੱਡਾ ਨਹੀਂ ਸਨ ਸਕਦੇ। ਤਖਤ ਸਿੰਘ ਦੀ ਮਾਲਕੀ ਆਲੇ ਦੁਆਲੇ ਦੇ ਪਿੰਡਾਂ ਵਿੱਚ ਵਧਦੀ ਜਾਂਦੀ। ਛੇਤੀ ਹੀ ਤਖਤ ਸਿੰਘ ਅਮੀਰ ਬਣ ਗਿਆ ਤੇ ਇਲਾਕੇ ਵਿੱਚ ਬੜਾ ਮਸ਼ਹੂਰ ਹੋ ਗਿਆ। 

ਇਕ ਦਿਨ ਹੋਣੀ ਆਫ਼ਤ ਬਣ ਕੇ ਤਖਤ ਸਿੰਘ ਦੇ ਘਰ ਆ ਵੜੀ। ਜਵਾਨ ਤੇ ਹੋਨਹਾਰ 35 ਸਾਲ ਦਾ ਪੁੱਤਰ, ਜਿਸ ਨੇ ਸ਼ਾਹੂਕਾਰਾ ਤੇ ਜ਼ਮੀਨਾਂ ਖ਼ਰੀਦਣ ਦਾ ਕੰਮ ਸੰਭਾਲ ਲਿਆ ਹੋਇਆ ਸੀ, 1926 ਵਿੱਚ ਅਚਾਨਕ ਹੀ ਚੜ੍ਹਾਈ ਕਰ ਗਿਆ। ਤਖਤ ਸਿੰਘ ਇਹ ਸਦਮਾ ਬਰਦਾਸ਼ਤ ਨਾ ਕਰ ਸਕਿਆ ਤੇ ਸਾਲ ਦੇ ਅੰਦਰ ਈ ਆਪ ਵੀ ਚੜ੍ਹਾਈ ਕਰ ਗਿਆ। ਨਾਲ ਹੀ ਸ਼ਾਹੂਕਾਰੇ ਦਾ ਵੱਡਾ ਰਾਜ ਭਾਗ ਖ਼ਤਮ ਹੋ ਗਿਆ। ਟੱਬਰ ਨਹੀਂ ਸੀ ਚਾਹੁੰਦਾ ਕਿ ਉਹਨਾਂ ਦੀ ਨੂੰਹ ਈਸ਼ਰ ਕੌਰ ਸ਼ਾਹੂਕਾਰਾ ਚਲਾਂਦੀ ਜਾਏ। ਉਸ ਦਾ ਪੁੱਤਰ ਰਾਜਿੰਦਰ ਅਜੇ ਉਮਰ ਦਾ ਛੋਟਾ ਸੀ ਤੇ ਉਸ ਨੂੰ ਪੈਸੇ ਸੰਭਾਲਣ ਨਾਲੋਂ ਪੈਸੇ ਖ਼ਰਚ ਕਰਨ ਦਾ ਜ਼ਿਆਦਾ ਸ਼ੌਕ ਸੀ। 

ਕਣਕ ਦਾ ਬੈਂਕ ਭਾਗ ਸਿੰਘ :

ਜਦੋਂ ਤਖਤ ਸਿੰਘ ਦੀ ਗੁੱਡੀ ਚੜ੍ਹੀ ਤਾਂ ਭਾਗ ਸਿੰਘ ਨੇ ਵੀ ਉਸ ਦੇ ਪੈਰਾਂ ਤੇ ਚੱਲਣਾ ਸ਼ੁਰੂ ਕਰ ਦਿੱਤਾ। ਭਾਗ ਸਿੰਘ ਇਕ ਸਾਦਾ ਕਿਸਾਨ ਸੀ ਪਰ ਅੰਦਰੋਂ ਖੱਚਰਾ ਸੀ। ਉਸ ਸ਼ਾਹੂਕਾਰਾ ਸ਼ੁਰੂ ਕਰਨ ਲਈ ਰਾਸ ਕਿਥੋਂ ਲਾਈ ? ਤਖਤ ਸਿੰਘ ਵਾਂਗਰ ਪਹਿਲੋਂ ਸੌਖਾ ਤਾਂ ਹੈ ਨਹੀਂ ਸੀ। ਆਮ ਮਖ਼ੌਲ ਦੇ ਤੌਰ ‘ਤੇ ਕਿਹਾ ਜਾਂਦਾ ਸੀ ਕਿ ਜਦੋਂ ਸਿੱਖਾਂ ਦਾ ਰਾਜ ਪਲਟਿਆ ਤਾਂ ਖ਼ਜ਼ਾਨਾ ਲਾਹੌਰੋਂ ਖ਼ੁਫ਼ੀਆ ਥਾਂ ਵੱਲ ਜਾ ਰਿਹਾ ਸੀ। ਵਿੱਚੋਂ ਇਕ ਖੱਚਰ ਨੱਸ ਕੇ ਲਾਂਭੇ ਨੂੰ ਗਵਾਚ ਗਈ। ਭਾਗ ਸਿੰਘ ਦੇ ਪਿਉ ਨੇ ਆਪਣੇ ਖੂਹ ਨੂੰ ਵਲ ਲਈ। ਪਰ ਅਸਲ ਗੱਲ ਸੀ ਕਿ ਸ਼ੁਰੂ-ਸ਼ੁਰੂ ਵਿੱਚ ਭਾਗ ਸਿੰਘ ਨੇ ਡੱਸਕੇ ਦੇ ਇਕ ਸ਼ਾਹੂਕਾਰ ਕੋਲੋਂ ਪੈਸੇ ਲੈਣੇ ਤੇ ਅੱਗੋਂ ਕਰਜ਼ੇ ‘ਤੇ ਦੇ ਦੇਣੇ। ਕਿਰਸੀ ਬੰਦੇ ਨੇ ਹੌਲੀ-ਹੌਲੀ ਆਪਣਾ ਧੰਨ ਇਕੱਠਾ ਕਰ ਲਿਆ। 

ਸ਼ੁਰੂ ਤੋਂ ਈ ਭਾਗ ਸਿੰਘ ਜ਼ੇਵਰ ਲੈ ਕੇ ਪੈਸਾ ਸੂਦ ਤੇ ਨਹੀਂ ਸੀ ਦਿੰਦਾ। ਇਹ ਕੰਮ ਉਸ ਦੇ ਸਾਦਾ ਮਨ ਵਾਸਤੇ ਗੁੰਝਲਦਾਰ ਸੀ। ਸਿਰਫ਼ ਜ਼ਮੀਨ ਲਿਖਵਾ ਕੇ ਹੀ ਕਰਜ਼ਾ ਦਿੰਦਾ ਸੀ। ਘਰ ਵੱਲੋਂ ਭਾਗ ਸਿੰਘ ਨੂੰ ਕੋਈ ਫ਼ਿਕਰ ਫ਼ਾਕਾ ਨਹੀਂ ਸੀ। ਵਹੁਟੀ ਗੁਜ਼ਰ ਗਈ ਹੋਈ ਸੀ ਤੇ ਭਾਗ ਸਿੰਘ ਦਾ ਕਿਸੇ ਵੀ ਜ਼ਨਾਨੀ ਵੱਲ ਧਿਆਨ ਨਹੀਂ ਸੀ ਜਾਂਦਾ। ਨਾ ਕੋਈ ਸ਼ੌਕ ਸੀ। ਚਾਰ ਜਵਾਨ ਪੁੱਤਰ ਵਾਹੀ ਕਰਦੇ ਸਨ। ਛੱਡੀ ਹੋਈ ਭੈਣ ਨਾਲ ਰਹਿੰਦੀ ਸੀ ਜੋ ਦਿਨੇ ਰਾਤੀਂ ਘਰ ਵਿੱਚ ਦੱਬੇ ਹੋਏ ਮਾਲ-ਮੱਤੇ ਦੀ ਰਾਖੀ ਕਰਦੀ ਸੀ। ਧੇਲਾ ਵੀ ਕਿਸੇ ਲੋੜਵੰਦ ਨੂੰ ਨਹੀਂ ਸੀ ਦਿੰਦਾ। ਗੁਰਦੁਆਰੇ ਜਾਂ ਸਕੂਲ ਨੂੰ ਚੰਦਾ ਵੀ ਰੋ ਧੋ ਕੇ ਦਿੰਦਾ ਸੀ। ਬਸ ਪੈਸਾ ਇਕੱਠਾ ਕਰਨ ਨਾਲ ਲਗਨ ਸੀ। 

ਆਮ ਤੌਰ ‘ਤੇ ਛੋਟੇ ਕਿਸਾਨਾਂ ਕੋਲ ਫ਼ਸਲ ਤੋਂ ਪਹਿਲੋਂ ਦਾਨੇ ਮੁੱਕ ਜਾਂਦੇ ਸੀ ਤੇ ਨਵੀਂ ਫ਼ਸਲ ਆਉਣ ਤਕ ਕਰਜ਼ਾ ਲੈਂਦੇ ਸਨ। ਭਾਗ ਸਿੰਘ ਨੂੰ ਕਮਾਲ ਦੀ ਸੁੱਝੀ। ਕਿਉਂ ਨਾ ਕਣਕ ਦਿੱਤੀ ਜਾਵੇ ਤੇ ਕਣਕ ਹੀ ਵਾਪਸ ਲੈ ਲਈ ਜਾਵੇ? ਕੰਮ ਵੀ ਸੌਖਾ ਤੇ ਅਨਪੜ੍ਹ ਕਿਸਾਨਾਂ ਨੂੰ ਸਮਝ ਵੀ ਆ ਜਾਵੇ। ਭਾਗ ਸਿੰਘ ਨੇ ਘੋੜੀ ‘ਤੇ ਚੜ੍ਹ ਕੇ ਦਸ ਮੀਲ ਆਲੇ-ਦੁਆਲੇ ਚੱਕਰ ਲਾਉਣਾ, ਜਿਸ ਨੂੰ ਵੀ ਖਾਣ ਵਾਸਤੇ ਜਾਂ ਬੀਜ ਵਾਸਤੇ ਦਾਣਿਆਂ ਦੀ ਲੋੜ ਹੋਣੀ ਉਸ ਦੇ ਘਰ ਦਾਣੇ ਪੁਚਾ ਦੇਣੇ। ਜਦੋਂ ਫਸਲ ਆਉਣੀ ਤਾਂ 1% (ਡਿਉੜੇ) ਲੈ ਆਉਣੇ।  

ਭਾਗ ਸਿੰਘ ਦਾ “ਕਣਕ ਦਾ ਬੈਂਕ” ਫਲਦਾ ਫੁਲਦਾ ਗਿਆ। ਵਾਢੀਆਂ ਤੋਂ ਪਿੱਛੋਂ, ਹਰ ਰਾਤ ਖੱਚਰਾਂ ਦੀਆਂ ਟੱਲੀਆਂ ਸੁਣਾਈ ਦੇਂਦੀਆਂ। ਘੁਮਿਆਰਾਂ ਕੋਠੜੀਆਂ ਵਿੱਚ ਦਾਣੇ ਸੁੱਟ ਜਾਣੇ। ਵਿਸਾਖ ਦੇ ਅਖ਼ੀਰ ਤਕ ਕੋਠੜੀਆਂ ਭਰ ਜਾਣੀਆਂ। ਜਿਸ ਦੀ ਫ਼ਸਲ ਮਾੜੀ ਹੋਵੇ ਤਾਂ ਉਸ ਤੋਂ ਜ਼ਮੀਨ ਲਿਖਾ ਲੈਣੀ ਤੇ ਫਿਰ ਉਸੇ ਕਿਸਾਨ ਨੂੰ ਵਾਪਸ ਠੇਕੇ ‘ਤੇ ਦੇ ਦੇਣੀ। ਭਾਗ ਸਿੰਘ ਨੇ ਬਹੁਤੀ ਕਣਕ ਵੇਚ ਦੇਣੀ ਤੇ ਕੁਝ ਹਿੱਸਾ ਸਾਫ਼ ਕਰਕੇ ਰੱਖ ਲੈਣੀ। ਗਰਮੀਆਂ ਤੋਂ ਪਿੱਛੋਂ ਜਿਹਨੂੰ ਲੋੜ ਪਵੇ ਉਹਨੂੰ ਕਣਕ ਪੁਚਾ ਦੇਣੀ। 

ਪਿੰਡ ਵਿੱਚ ਭਾਗ ਸਿੰਘ ਬੰਦਿਆਂ ‘ਚ ਰਲ ਕੇ ਘੱਟ ਹੀ ਬਹਿੰਦਾ ਸੀ। ਜੇ ਪਿੰਡ ਵਿੱਚ ਉਸ ਦਾ ਕੋਈ ਮਿੱਤਰ ਨਹੀਂ ਸੀ ਤਾਂ ਦੁਸ਼ਮਣ ਵੀ ਨਹੀਂ ਸੀ। ਉਸ ਨੇ ਆਪਣੇ ਪਿੰਡ ਵਿੱਚ ਇਕ ਕਨਾਲ ਵੀ ਜ਼ਮੀਨ ਨਾ ਲਈ ਤੇ ਨਾ ਦਿੱਤੀ। ਪਿੰਡ ਵਿੱਚ ਨਾ ਹੀ ਕਿਸੇ ਨੂੰ ਰੁਪਇਆ ਕਰਜ਼ਾ ਦਿੱਤਾ ਤੇ ਨਾ ਹੀ ਮੰਗਿਆ। ਉਹਦੀ ਪਾਲੇਸੀ ਸੀ : 

ਸਖੀ ਨਾਲੋਂ ਸੂਮ ਚੰਗਾ, ਤੁਰਤ ਦਏ ਜਵਾਬ 

ਭਾਗ ਸਿੰਘ ਪਿੰਡ ਵਿੱਚ ਸਭ ਤੋਂ ਅਮੀਰ ਬਣ ਗਿਆ। ਕਿਹਾ ਜਾਂਦਾ ਸੀ ਕਿ ਭਾਗ ਸਿੰਘ ਕੋਲ ਚਾਂਦੀ ਦਾ ਇਕ ਲੱਖ ਰੁਪਇਆ ਹੈ ਜਿਹੜਾ ਘਰ ਦੇ ਕੱਚੇ ਕੋਠਿਆਂ ਵਿੱਚ ਦੱਬਿਆ ਹੋਇਆ ਸੀ। ਬੱਚੇ ਸੁਣਦੇ ਸਨ ਪਰ ਕਿਸੇ ਨੂੰ ਪਤਾ ਨਹੀਂ ਸੀ ਕਿ ਲੱਖ ਰੁਪਇਆ ਕਿੰਨਾ ਹੁੰਦਾ ਹੈ। ਨਾ ਹੀ ਆਮ ਬੰਦੇ ਨੂੰ ਇਹਦਾ ਕੋਈ ਅੰਦਾਜ਼ਾ ਸੀ । ਜੇ ਪੁੱਛੋ ਤਾਂ ਇਹ ਹੀ ਕਹਿੰਦੇ ਸਨ ਕਿ ਇਕ ਲੱਖ ਦਾ ਢੇਰ ਲਾਉ ਤਾਂ ਕੁੱਤਾ ਉਹਦੀ ਛਾਵੇਂ ਬਹਿ ਜਾਂਦਾ ਏ। ਇਕ ਗੱਲ ਪੱਕੀ ਸੀ। ਇਕ ਲੱਖ ਨਾਲ 150-200 ਕਿਲੇ ਵਧੀਆ ਜ਼ਮੀਨ ਖ਼ਰੀਦੀ ਜਾ ਸਕਦੀ ਸੀ । ਸਮਝੋ ਇਕ ਨਿੱਕਾ ਜਿਹਾ ਪਿੰਡ। ਪਰ ਇਹ ਗੱਲ ਫ਼ਰਜ਼ੀ ਸੀ ਕਿਉਂਕਿ ਸਾਰੇ ਇਲਾਕੇ ਵਿੱਚ ਇੰਨੀ ਜ਼ਮੀਨ ਵਕਾਉ ਹੈ ਨਹੀਂ ਸੀ। 

ਜਿੰਦਾ :

ਪਿੰਡ ਵਿੱਚ ਇਕੋ ਹੀ ਔਰਤ ਜਿੰਦਾ ਸੀ ਜਿਸ ਨੇ ਕੁਝ ਸਮਾਂ ਸ਼ਾਹੂਕਾਰਾ ਕੀਤਾ । ਜਿੰਦਾ ਪੱਕੇ ਰੰਗ ਦੀ ਪਰ ਖੂਬਸੂਰਤ ਜਵਾਨ ਸੀ, ਘਰੋਂ ਵਿਹਲੀ ਸੀ ਕਿਉਂਕਿ ਅਜੇ ਕੋਈ ਬੱਚਾ ਨਹੀਂ ਸੀ ਹੋਇਆ ਭਾਵੇਂ ਵਿਆਹ ਨੂੰ ਕਈ ਸਾਲ ਹੋ ਗਏ ਸਨ । ਘਰੋਂ ਸੌਖੀ ਵੀ ਸੀ ਤੇ ਸੀ ਵੀ ਫ਼ਰਾਂਖ਼ ਦਿਲ। ਜਿੰਦਾ ਨੂੰ ਸ਼ੌਕ ਆ ਗਿਆ ਕਿ ਕਿਉਂ ਨਾ ਹੋਰ ਜ਼ਨਾਨੀਆਂ ਦੀ ਮੱਦਦ ਕਰੇ। ਜਿੰਦਾ ਨੇ ਲੋੜਮੰਦ ਜ਼ਨਾਨੀਆਂ ਨੂੰ ਕਰਜ਼ੇ ਦੇਣੇ ਸ਼ੁਰੂ ਕਰ ਦਿੱਤੇ । ਸੂਦ ਥੋੜ੍ਹਾ ਲਵੇ, ਗ਼ਰੀਬ ਤੋਂ ਨਾ ਵੀ ਲਵੇ। ਮੁਹੱਲੇ ਵਿੱਚ ਉਹਦੀ ਬੜੀ ਇੱਜ਼ਤ ਸੀ। ਈਰਖਾ ਨਹੀਂ ਸੀ। ਜਿੰਦਾ ਨੇ ਕਦੀ ਵੀ ਕਿਸੇ ਬੰਦੇ ਨੂੰ ਕਰਜ਼ਾ ਨਹੀਂ ਸੀ ਦਿੱਤਾ। ਬਸ ਇਕ ਵਾਰੀ ਕਿਸੇ ਹੋਰ ਜ਼ਨਾਨੀ ਦੇ ਕਹਿਣ ਤੇ ਜਿੰਦਾ ਨੇ ਇਕ ਆਦਮੀ ਨੂੰ ਕਰਜ਼ਾ ਦਿੱਤਾ। ਉਸ ਦੇ ਨਾਲ ਪਿਆਰ ਪੈ ਗਿਆ। ਗਰਭਵਤੀ ਹੋ ਗਈ। ਸ਼ਾਹੂਕਾਰਾ ਬੰਦ ਹੋ ਗਿਆ। 

ਪੇਂਡੂ ਸੱਨਅਤ 

ਸਮਿਆਂ ਤੋਂ ਆ ਰਹੀ ਪਿੰਡ ਦੀ ਸੱਨਅਤ ਦਾ ਤਾਉਲਕ ਸਿਰਫ਼ ਪਿੰਡ ਦੀ ਪੈਦਾਵਾਰ ਨਾਲ ਹੀ ਸੀ। ਕਣਕ ਤੇ ਹੋਰ ਦਾਣਿਆਂ ਨੂੰ ਪੀਸਣਾ ਤੇ ਕਪਾਹ ਨੂੰ ਵੇਲਣਾ, ਪਿੰਜਣਾ, ਕੱਤਣਾ ਤੇ ਕੱਪੜਾ ਬੁਣਨਾ ਤਾਂ ਹਰ ਘਰ ਤੇ ਹਰ ਮੁਹੱਲੇ-ਗਲੀ ਵਿੱਚ ਹੁੰਦਾ ਸੀ। ਇਸ ਤੇ ਇਲਾਵਾ ਕੋਹਲੂ, ਵੇਲਣਾ ਤੇ ਗੁੜ ਬਨਾਣਾ ਆਮ ਸੱਨਅਤਾਂ ਸਨ। 

ਪੁਰਾਤਨ ਮਸ਼ੀਨਾਂ ਤੇ ਜੰਤਰ 

ਬਹੁਤ ਸਾਰੀਆਂ ਮਸ਼ੀਨਾਂ ਤੇ ਜੰਤਰ ਹਜ਼ਾਰਾਂ ਸਾਲਾਂ ਤੋਂ ਚਲੇ ਆ ਰਹੇ ਸਨ। ਇਹਨਾਂ ‘ਚੋ ਉੱਗੇ ਸਨ ਚੱਕੀ ਖਰਾਸ, ਵੇਲਣੀ, ਪਿੰਜਣੀ, ਚਰਖਾ, ਖੱਡੀ, ਵੇਲਣਾ, ਕੋਹਲੂ, ਮਿੱਟੀ ਦੇ ਭਾਂਡੇ, ਉੱਖਲੀ, ਚੱਟੂ-ਵੱਟਾ ਤੇ ਖਰਲ। ਪਰ ਸਭ ਤੋਂ ਵੱਡੀ ਮਸ਼ੀਨ ਸਨ ਹੱਥ ਤੇ ਉਂਗਲਾਂ ਜੋ ਕਈ ਕੁਝ ਬਣਾਂਦੀਆਂ ਸਨ। ਇਹ ਮਸ਼ੀਨਾਂ ਤੇ ਜੰਤਰ ਪਿੰਡ ਦੇ ਜੀਵਨ ਦਾ ਅੰਗ ਸਨ, ਸਾਧਨ ਸਨ। 

ਚੱਕੀ : ਆਮ ਘਰਾਂ ਵਿੱਚ ਜਿਵੇਂ ਆਟੇ ਦੀ ਲੋੜ ਪੈਂਦੀ ਸੀ ਹਰ ਦੂਜੇ ਤੀਜੇ ਦਿਨ 

ਜ਼ਨਾਨੀਆਂ ਚੱਕੀ ਜ਼ਰੂਰ ਪੀਂਹਦੀਆਂ ਸਨ। ਆਮ ਤੌਰ ‘ਤੇ ਪਸਾਰ ਦੇ ਇਕ ਪਾਸੇ ਮਿੱਟੀ ਦਾ ਗੋਲ ਦੌਰ ਹੁੰਦਾ ਸੀ। ਉਸ ਵਿੱਚ ਚੱਕੀ ਰੱਖੀ ਹੁੰਦੀ ਸੀ। ਚੱਕੀ ਦੇ ਦੋ ਗੋਲ ਪੱਥਰ ਦੇ ਪੁੜੇ ਹੁੰਦੇ ਸਨ। ਉਪਰਲੇ ਪੁੜੇ ਦੇ ਦਰਮਿਆਨ ਮੌਰੀ ਹੁੰਦੀ ਹੈ ਤੇ ਇਕ ਸਿਰੇ ਵੱਲ ਲੱਕੜ ਦੀ ਹੱਥੀ। ਜ਼ਨਾਨੀ ਕੋਲ ਬੈਠ ਕੇ ਇਕ ਹੱਥ ਨਾਲ ਮੋਰੀ ਵਿੱਚ ਦਾਣੇ ਪਾਉਂਦੀ ਤੇ ਦੂਜੇ ਹੱਥ ਨਾਲ ਉੱਪਰ ਵਾਲੇ ਪੁੜ ਨੂੰ ਤੇਜ਼ੀ ਦੇ ਨਾਲ ਘੁਮਾਂਦੀ। ਦੋ ਪੁੜਾਂ ਦੇ ਦਰਮਿਆਨ ਦਾਣੇ ਪੀਸ ਜਾਂਦੇ ਤੇ ਆਟਾ ਪਾਸਿਆਂ ਤੋਂ ਬਾਹਰ ਦੌਰ ਵਿੱਚ ਡਿੱਗ ਪੈਂਦਾ। ਕਦੀ ਸੱਜੇ ਹੱਥ ਨਾਲ ਹੱਥੀ ਫੇਰਦੀ ਤੇ ਕਦੀ ਖੱਬੇ ਨਾਲ ਤਾਂ ਕਿ ਬਾਵਾਂ ਇਕੋ ਜਿਹੀਆਂ ਥੱਕਣ। 

ਜਿੰਨੀ ਤੇਜ਼ੀ ਨਾਲ ਘੁਮਾਉ ਉੱਨਾ ਹੀ ਆਟਾ ਬਰੀਕ ਹੁੰਦਾ ਸੀ। ਜੇ ਦਲੀਆ ਬਨਾਣਾ ਹੋਵੇ ਤਾਂ ਚੱਕੀ ਹੌਲੀ-ਹੌਲੀ ਫੇਰਦੀਆਂ ਸਨ। ਚੱਕੀ ਫੇਰਦੀਆਂ ਗਾਉਂਦੀਆਂ ਵੀ ਸਨ। ਹਰ ਦੂਜੇ ਸਾਲ ਪੁੜਾਂ ਦੀ ਦੁਬਾਰਾ ਖੁਦਾਈ ਕਰਾਨੀ ਪੈਂਦੀ ਸੀ। 

ਖਰਾਸ : ਕਿਸੇ ਦਾ ਦਿਮਾਗ ਕੰਮ ਕੀਤਾ, ਉਸ ਨੇ ਚੱਕੀ ਤੋਂ ਖਰਾਸ ਬਣਾ ਦਿੱਤਾ। ਅਸੂਲ ਉਹ ਹੀ ਸੀ। ਦੋ ਪੱਥਰ ਦੇ ਗੋਲ ਪੁੜੇ, ਉਪਰਲੇ ਦੇ ਵਿੱਚ ਮੋਰੀ। ਪਰ ਫ਼ਰਕ ਇਹ ਸੀ ਕੇ ਮੋਰੀ ਦੇ ਉੱਪਰ ਪੀਕ ਹੁੰਦੀ ਸੀ ਜਿਸ ਵਿੱਚੋਂ ਦਾਨੇ ਹੌਲੀ-ਹੌਲੀ ਕਿਰਦੇ ਸਨ। ਦਰਮਿਆਨ ਵਿੱਚ ਲੱਠ ਹੁੰਦੀ ਸੀ। ਲੱਠ ਦੇ ਨਾਲ ਲੰਮੀ ਬਲੀ ਬੱਜੀ ਹੁੰਦੀ ਤੇ ਬਲੀ ਦੇ ਅੱਗੇ ਬਲਦ ਜੋੜਿਆ ਹੁੰਦਾ ਸੀ । ਜਿਵੇਂ ਬਲਦ ਘੁੰਮਦਾ, ਉੱਪਰ ਵਾਲਾ ਪੁੜ ਵੀ ਘੁੰਮਦਾ ਤੇ ਆਟਾ ਪੀਸ ਕੇ ਪਾਸਿਆਂ ‘ਤੇ ਡਿੱਗ ਪੈਂਦਾ। 

ਸਾਰਣੀ-6 

ਕੰਮ-ਕਾਜ ਤੇ ਮਸ਼ੀਨਾਂ (1946) 

ਦੁਕਾਨਾਂ 14, ਟਾਂਗੇ 9, ਰੇਹੜੇ 2, ਸਾਈਕਲ 15 

ਭੱਠੀਆਂ 2, ਖਰਾਸ 2, ਆਟੇ ਦੀ ਮਸ਼ੀਨ 1, ਕਪਾਹ ਵੇਲਨ ਦੀ ਮਸ਼ੀਨ 1 

ਪਿੰਜਨੀ 1, ਪਿੰਜਨ ਦੀ ਮਸ਼ੀਨ 1, ਕੋਹਲੂ 3 

ਲੁਹਾਰਾਂ ਦੀ ਭੱਠੀਆਂ 5, ਕੰਘੇ ਕੰਘੀਆਂ ਦੇ ਕਾਰਖ਼ਾਨੇ 2 

ਗਰਾਮੋਫ਼ੋਨ ਦੀ ਸੂਈਆਂ ਦੇ ਕਾਰਖ਼ਾਨੇ 2 

ਖੱਡੀਆਂ 12, ਮਿੱਟੀ ਦੇ ਬਰਤਨਾਂ ਦੇ ਅਦਾਰੇ 2 

ਚੱਕੀਆਂ 100, ਵੇਲਨੀਆਂ 200, ਕੱਪੜੇ ਸਿਊਣ ਦੀਆਂ ਮਸ਼ੀਨਾਂ 25 

ਦਰਜ਼ੀਆਂ ਦੀਆਂ ਦੁਕਾਨਾਂ 4 

ਆਮ ਤੌਰ ‘ਤੇ ਖਰਾਸ ਘਰ ਦੇ ਨਾਲ ਤੇ ਜਾ ਬਾਹਰ ਹਵੇਲੀ ਵਿੱਚ ਲਗਾ ਹੁੰਦਾ ਸੀ। ਜਿਸ ਦੀ ਮਰਜ਼ੀ ਹੈ ਆ ਕੇ ਦਾਣੇ ਪੀਹ ਲਵੇ ਤੇ ਕੁਝ ਆਟਾ ਜਾਂ ਦਾਣੇ ਭਾੜੇ ਦੇ ਤੌਰ ‘ਤੇ ਛੱਡ ਜਾਏ। ਪਿੰਡ ਵਿੱਚ 2 ਖਰਾਸ ਸਨ। 1900 ਵਿੱਚ ਨਰੈਣ ਸਿੰਘ ਨੇ ਵਧੀਆ ਨਵਾਂ ਬਣਾਇਆ। ਵੰਡ ਤੱਕ ਉਹਦਾ ਪੁੱਤਰ ਭਗਤ ਸਿੰਘ ਖਰਾਸ ਨੂੰ ਚਲਾਂਦਾ ਰਿਹਾ। 

ਵੇਲਨੀ : ਇਹ ਬਹੁਤ ਪੁਰਾਣੀ ਮਸ਼ੀਨ ਸੀ। ਸਾਰੀ ਦੀ ਸਾਰੀ ਲੱਕੜ ਦੀ। ਦੋ ਰੋਲਰ ਫੁਰੇਮ ਵਿੱਚ ਜੁੜੇ ਹੁੰਦੇ ਜਿਨ੍ਹਾਂ ਵਿੱਚ ਥੋੜ੍ਹੀ ਜਿਹੀ ਵਿੱਥ ਹੁੰਦੀ ਸੀ। ਉੱਪਰ ਵਾਲੇ ਰੋਲਰ ਦੇ ਨਾਲ ਹੱਥੀ ਲੱਗੀ ਹੁੰਦੀ ਸੀ। ਹੱਥੀ ਨੂੰ ਫੇਰੋ ਤਾਂ ਦੋਵੇਂ ਰੋਲਰ ਫਿਰਦੇ ਸਨ। ਕਪਾਹ ਦੀਆਂ ਫੁੱਟੀਆਂ ਵਿੱਚ ਦਿਉ, ਹੱਥੀ ਫੇਰੋ ਤੇ ਵੜੇਵੇਂ ਸਾਹਮਣੇ ਕਿਰ ਜਾਂਦੇ ਸੀ ਤੇ ਦੂਜੇ ਪਾਸੇ ਕਪਾਹ। ਘਰੋ-ਘਰੀਂ ਕਪਾਹ ਵੇਲਣ ਵਾਸਤੇ ਵੇਲਣੀ ਹੁੰਦੀ ਸੀ । ਕੁੜੀਆਂ ਜਾਂ ਜ਼ਨਾਨੀਆਂ ਜਦੋਂ ਵਕਤ ਮਿਲੇ, ਕਪਾਹ ਵੇਲ ਲੈਂਦੀਆਂ ਸਨ। 

ਪਿੰਜਣੀ :

ਇਹ ਇਕ ਬੜਾ ਸਾਦਾ ਜੰਤਰ ਸੀ । ਛੇ ਫੁੱਟ ਲੰਮੇ ਬਾਂਸ ਦੇ ਨਾਲ ਸਿਤਾਰ ਦੀ ਤਾਰ ਜਾਂ ਤੂੰਬੇ ਦੀ ਤਾਰ ਵਾਂਗੂੰ, ਬੜਾ ਪਤਲਾ, ਵੱਟਿਆ ਹੋਇਆ ਪੀਡਾ ਤਾਰ ਵਰਗਾ ਧਾਗਾ ਬੰਨ੍ਹਿਆ ਹੁੰਦਾ ਸੀ। ਏਸ ਧਾਗੇ ਨੂੰ ਦੋ ਉਂਗਲੀਆਂ ਦੇ ਨਾਲ ਖਿੱਚ ਕੇ ਛੱਡ ਤਾਂ ਸਿਤਾਰ ਦੀ ਤਾਰ ਵਾਂਗ ਥਰਾਂਦਾ ਸੀ । ਸੁੰਦਰ ਰਾਗ ਨਿਕਲਦਾ। ਇਕ ਬੰਦ ਕਮਰੇ ਵਿੱਚ ਪੇਨਜਾ ਬਹਿ ਕੇ, ਵੇਲੀ ਹੋਈ ਕਪਾਹ ਪੈਰਾ ਕੋਲ ਰੱਖ ਕੇ, ਛੁਟੀਆਂ ਨੂੰ ਵਾਰੀ-ਵਾਰੀ ਤਾਰ ਦੇ ਨਾਲ ਫੜਦਾ, ਤਾਰ ਖਿੱਚਦਾ, ਫੁਟੀਆਂ ਦੇ ਤੂੰਬੇ ਉੱਡ ਜਾਂਦੇ। ਤੂੰਬਿਆਂ ਨੂੰ ‘ਕੱਠਾ ਕਰਕੇ ਪੇਨਜਾ ਉਹਨਾਂ ਨੂੰ ਦੋ ਤਿੰਨ ਵਾਰੀ ਪਿੰਜਦਾ । ਰੂੰ ਸਾਰੇ ਕੰਮਰੇ ਵਿੱਚ ਖਿਲਰ ਕੇ ਡਿੱਗ ਪੈਂਦਾ। ਭੂਤ ਲੱਗਦਾ ਸੀ । 

ਘਰਾਂ ਵਾਲੇ ਕਪਾਹ ਦੇ ਜਾਂਦੇ। ਪੇਨਜਾ ਪਿੰਜ ਦਿੰਦਾ। ਜਦੋਂ ਉਹ ਪਿੰਜ ਰਿਹਾ ਹੁੰਦਾ ਸੀ ਤਾਂ ਬਾਹਰੋਂ ਇਸ ਤਰ੍ਹਾਂ ਅਵਾਜ਼ ਆਉਂਦੀ ਸੀ ਜਿਵੇਂ ਕੋਈ ਸਿਤਾਰ ਵਜਾ ਰਿਹਾ ਹੈ। ਜਦੋਂ ਉਹ ਬਾਹਰ ਆਉਂਦਾ ਸੀ, ਉਸ ਦਾ ਸਾਰਾ ਸਿਰ ਮੂੰਹ, ਲੱਤਾਂ-ਬਾਵਾਂ ਰੂੰ ਨਾਲ ਲਿਬੜੀਆਂ ਹੁੰਦੀਆਂ ਸਨ। 

ਚਰਖਾ :

ਪੁਰਾਤਨ ਮਸ਼ੀਨਾਂ ਵਿੱਚੋਂ ਚਰਖਾ ਇਕ ਕਮਾਲ ਸੀ। ਲੱਕੜ ਦਾ ਫਰੇਮ ਦੇ ਇਕ ਪਾਸੇ ਘੁਮਾਨ ਲਈ ਦੋ ਥੰਮੀਆਂ ਹੁੰਦੀਆਂ, ਉਹਨਾਂ ਦੇ ਦਰਮਿਆਨ ਬੈੜ ਉਸ ਨੂੰ ਹੱਥੀ। ਦੂਜੀ ਤਰਫ਼ ਤਿੰਨ ਛੋਟੀਆਂ ਥੰਮ੍ਹੀਆਂ ਜਿਨ੍ਹਾਂ ਵਿੱਚ ਤਰੱਕਲਾ ਪ੍ਰੇਤਾ ਹੁੰਦਾ ਸੀ। ਬੈੜ ਤੇ ਤਰਖਲੇ ਦੇ ਦੁਆਲੇ ਮ੍ਹਾਲ (ਰਸੀ) ਦਾ ਪਟਾ ਹੁੰਦਾ ਸੀ। ਹੱਥੀ ਨੂੰ ਹੌਲੀ-ਹੌਲੀ ਘੁਮਾਉ ਤਾਂ ਤਰਕਲਾ ਤੇਜ਼ੀ ਨਾਲ ਘੁੰਦਾ ਸੀ। ਤਰਕਲੇ ਦੇ ਪਿਛੇ ਇਕ ਧਾਗਾ ਵਲੇਟਿਆ ਹੁੰਦਾ ਹੈ। ਕੱਤਣ ਵਾਲੀ ਰੂੰ ਦੀਆਂ ਪੂਣੀਆਂ ਕੋਲ ਰੱਖ ਲੈਂਦੀ, ਛੋਪਾ ਲੈ ਉਸ ਨੂੰ ਧਾਗੇ ਦੇ ਨਾਲ ਜੋੜਦੀ, ਫਿਰ ਹੱਥੀ ਘੁਮਾਂਦੀ ਤੇ ਤੰਦ ਖਿੱਚਦੀ। ਧਾਗੇ ਨੂੰ ਤਰਕਲੇ ਦੇ ਦੁਆਲੇ ਲਪੇਟਣ ਵਾਸਤੇ ਹੱਥੀ ਨੂੰ ਉਲਟਾ ਘੁਮਾਂਦੀ, ਫੇਰ ਹੋਰ ਛੋਪਾ ਲੈਂਦੀ ਤੇ ਨਵੀਂ ਤੰਦ ਖਿੱਚਦੀ । ਛੋਪਾ ਲੈਣਾ, ਤਾਰ ਖਿੱਚਣੀ ਤੇ ਛਲੀ ਦੇ ਆਲੇ-ਦੁਆਲੇ ਲਪੇਟਣਾ, ਇਹ ਸਾਰਾ ਕੁਝ ਇਕੋ ਰਫ਼ਤਾਰ ਨਾਲ ਜਿਵੇਂ ਆਪੋ ਈ ਹੋਈ ਜਾਂਦਾ ਸੀ। ਜਦੋਂ ਧਾਗੇ ਦੀ ਛਲੀ ਪੂਰੀ ਹੋ ਜਾਂਦੀ, ਉਸ ਨੂੰ ਤਰਕਲੇ ਨਾਲੋਂ ਉਤਾਰ ਕੇ ਨਵੀਂ ਛਲੀ ਸ਼ੁਰੂ ਕੀਤੀ नांरी। 

ਚੰਗਾ ਉਹ ਕੱਤਦੀ ਸੀ ਜਿਹੜੀ ਲੰਮੀ ਤੇ ਇਕੋ-ਜਿਹੀ ਪਤਲੀ ਤੰਦ ਖਿੱਚੇ ਤੇ ਧਾਗਾ ਟੁੱਟੇ ਨਾ। ਜੇ ਕਦੀ ਟੁੱਟ ਜਾਏ, ਜਾਂ ਕਿਧਰੇ ਮੋਟੇ ਹਿੱਸੇ ਨੂੰ ਤੋੜਣਾ ਪਏ ਤਾਂ ਫੇਰ ਧਾਗਾ ਦੋ ਉਂਗਲਾਂ ਨਾਲ ਗੰਢ ਕੇ ਫੇਰ ਕੱਤਣਾ ਸ਼ੁਰੂ ਕੀਤਾ ਜਾਂਦਾ ਸੀ । ਸ਼ੁਰੂ ਵਿੱਚ ਚਰਖਾ ਸਿੱਖਣਾ ਮੁਸ਼ਕਿਲ ਲੱਗਦਾ ਸੀ ਜਿਵੇਂ ਤੁਰਨਾ ਤੇ ਸਾਈਕਲ ਚਲਾਣਾ। ਪਰ ਜਦੋਂ ਇਕ ਵਾਰੀ ਹੁਨਰ ਆ ਜਾਏ ਤਾਂ ਸਾਰੀ ਉਮਰ ਹੀ ਨਾਲ ਰਹਿੰਦੈ। ਕੁੜੀਆਂ ਛੋਟੀ ਉਮਰ ਵਿੱਚ ਹੀ ਮਾਵਾਂ ਜਾਂ ਦਾਦੀਆਂ ਤੋਂ ਚਰਖਾ ਸਿੱਖ ਲੈਂਦੀਆਂ ਸਨ। 

ਖੱਡੀ :

ਕੱਪੜਾ ਬੁਣਨ ਵਾਲੀ ਖੱਡੀ, ਇਕ ਗੁੰਝਲਦਾਰ ਮਸ਼ੀਨ ਸੀ ਤੇ ਇਸ ਨੂੰ ਚਲਾਉਣ ਵਾਸਤੇ ਜਾਂਚ, ਤਜਰਬੇ ਤੇ ਸਮਝ ਦੀ ਲੋੜ ਹੁੰਦੀ ਸੀ। ਹਰ ਕੋਈ ਖੱਡੀ ਨਹੀਂ ਚਲਾ ਸਕਦਾ। 

ਆਮ ਤੌਰ ‘ਤੇ ਖੱਡੀ ਢਾਰੇ ਦੇ ਥੱਲੇ ਹੁੰਦੀ ਸੀ, ਪਰ ਕਿਧਰੇ ਵੀ ਲਗਾਈ ਜਾ ਸਕਦੀ ਸੀ। ਲੱਤਾਂ ਲਮਕਾ ਕੇ ਬੈਠਣ ਵਾਸਤੇ ਇਕ ਟੋਇਆ ਪੁੱਟਿਆ ਜਾਂਦਾ ਸੀ । ਉਸ ਦੇ ਉੱਪਰ ਪੇਟੇ ਤਾਣੇ ਵਾਸਤੇ ਫਰੇਮ ਬਣਾਇਆ ਜਾਂਦਾ। ਸਾਹਮਣੇ ਕੁਝ ਕਦਮ ਦੂਰ ਕਿਲੀਆਂ ‘ਤੇ ਤਾਣਾ ਲਾਇਆ ਜਾਂਦਾ ਤੇ ਖਿੱਚ ਕੇ ਪੇਟੇ ਤੋਂ ਕੁਝ ਉੱਚੇ ਰੋਲਰ ‘ਤੇ ਕੱਸ ਦਿੱਤਾ ਜਾਂਦਾ । ਤਾਣੇ ਦੇ ਧਾਗੇ ਇਕ ਛੱਡ ਕੇ ਦੂਸਰਾ ਇਸ ਤਰ੍ਹਾਂ ਬੰਨ੍ਹੇ ਜਾਂਦੇ ਕਿ ਖੱਡੀ ਚੱਲਣ ਵੇਲੇ ਵਾਰੀ-ਵਾਰੀ ਉੱਤਾਂਹ ਚੁੱਕੇ ਜਾਂਦੇ, ਵਿੱਚੋਂ ਦੀ ਪੇਟੇ ਵਾਲੀ ਫ਼ਿਰਕੀ ਲੰਗਦੀ। ਜਦੋਂ ਫਿਰਕੀ ਇਕ ਪਾਸੇ ਜਾਂਦੀ ਤਾਂ ਅੱਧੇ ਧਾਗੇ ਉੱਚੇ ਹੋ ਜਾਂਦੇ ਤੇ ਦੂਜੇ ਪਾਸੇ ਜਾਣ ਲੱਗਿਆਂ ਦੂਜੇ ਅੱਧੇ ਵਾਰੀ ਨਾਲ ਉੱਚੇ ਹੁੰਦੇ । ਹਰ ਵਾਰੀ ਫ਼ਿਰਕੀ ਲੰਗਦੀ ਤੇ ਹਰ ਵਾਰੀ ਪੇਟਾ ਪੀਡਾ ਕਰ ਦਿੱਤਾ ਜਾਂਦਾ। ਚੱਪਾ ਕੁ ਕੱਪੜਾ ਬੁਣਿਆ ਜਾਏ ਤਾਂ ਉਸ ਨੂੰ ਰੋਲਰ ‘ਤੇ ਲਪੇਟ ਲਿਆ ਜਾਂਦਾ। ਖੇਸਾਂ ਤੇ ਚਾਦਰਾਂ ਵਿੱਚ ਨਮੂਨੇ ਬਣਾਉਣ ਵਾਸਤੇ ਵੱਖੋ-ਵੱਖ ਰੰਗਾਂ ਵਾਲਾ ਪੇਟਾ ਵਰਤਿਆ ਜਾਂਦਾ ਸੀ । ਤਾਣੇ-ਪੇਟੇ ਨੂੰ ਬਣਾਣਾ ਵੀ ਇਕ ਗੁੰਝਲਦਾਰ ਕੰਮ ਹੁੰਦਾ ਸੀ। ਖੱਡੀ ਤਾਂ ਆਦਮੀ ਚਲਾਂਦੇ ਸਨ ਪਰ ਤਾਨਾ-ਪੇਟਾ ਸੈੱਟ ਕਰਨ ਵਿੱਚ ਬੱਚੇ, ਔਰਤਾਂ ਆਦਮੀ ਸਾਰਾ ਟੱਬਰ ਲੱਗੇ ਹੁੰਦੇ ਸਨ। (ਹੋਰ ਵੇਖੋ ਤਾਣਾ ਬੁਣਨਾ, ਸਫ਼ਾ 99) 

ਹਜ਼ਾਰਾਂ ਸਾਲਾਂ ਤੋਂ ਚਲੀ ਆ ਰਹੀ ਖੱਡੀ ਇਕ ਐਸੀ ਮਸ਼ੀਨਰੀ ਸੀ ਜਿਸ ਨੂੰ ਮਿਲਾਂ ਮਾਤ ਨਾ ਕਰ ਸਕੀਆਂ। ਇਹਦਾ ਦਰਜਾ ਭਾਵੇਂ ਘੱਟਦਾ-ਵੱਧਦਾ ਰਿਹਾ ਏ, ਪਰ ਇਹ ਕਾਇਮ ਦੀ ਕਾਇਮ ਏ। ਖੱਦਰ ਤੇ ਖੇਸਾਂ ਦੀ ਸ਼ਲਾਘਾ ਤੇ ਵਰਤੋਂ ਹਮੇਸ਼ਾ ਹੀ ਪ੍ਰਚੱਲਿਤ ਰਹੀ ਹੈ। 

ਵੇਲਨਾ :

ਜਦੋਂ ਗੰਨੇ ਪਕ ਜਾਂਦੇ ਸਨ ਤਾਂ ਉਹਨਾਂ ਦਾ ਰੱਸ ਕੱਢਣ ਵਾਸਤੇ ਵੇਲਨਾ ਚਾਲੂ ਹੋ ਜਾਂਦਾ ਸੀ। ਉਥੇ ਹੀ ਗੁੜ ਵੀ ਬਣਦਾ ਸੀ। ਇਹ ਦੋਵੇਂ ਕੰਮ ਨਾਲੋਂ ਨਾਲ ਹੀ ਚਲਦੇ ਸਨ। 

ਦੋ ਮੋਟੇ ਤੇ ਭਾਰੇ ਰੋਲਰ, ਨਾਲੋਂ ਨਾਲ ਜੜੇ ਹੁੰਦੇ ਸਨ। ਵਿੱਚੋਂ ਨਿਕਲੀ ਇਕ ਲੱਠ ਦੇ ਨਾਲ ਲੰਮੀ ਬੱਲੀ ਬਦੀ ਹੁੰਦੀ ਜਿਸ ਦੇ ਦੂਸਰੇ ਸਿਰੇ ‘ਤੇ ਝੋਟਾ ਜਾਂ ਬਲਦ ਜੋੜਿਆ ਹੁੰਦਾ ਸੀ ਜਿਹੜਾ ਖੂਹ ਨੂੰ ਗੇੜਣ ਵਾਂਗੂ ਗੋਲ ਚੱਕਰ ਲਾਂਦਾ ਰਹਿੰਦਾ। ਗੰਨੇ ਰੋਲਰਾਂ ਦੇ ਵਿੱਚ ਦਿੱਤੇ ਜਾਂਦੇ। ਜਿਵੇਂ ਹੀ ਗੰਨੇ ਫਿਸਦੇ, ਹਰੇ ਰੰਗ ਦੀ ਰੌ ਤਸ਼ਤਰੀ ਵਿੱਚ ‘ਕੱਠੀ ਹੁੰਦੀ ਤੇ ਨਾਲੀ ਰਾਹੀਂ ਬਾਲਟੀ ਜਾਂ ਦੋਹਨੇ ਵਿੱਚ ਜਾ ਡਿੱਗਦੀ। ਭਰੇ ਹੋਏ ਭਾਂਡੇ ਨੂੰ ਲਿਜਾ ਕੇ ਇਕ ਵੱਡੇ ਕੜਾਏ ਵਿੱਚ ਸੁੱਟ ਦਿੱਤਾ ਜਾਂਦਾ। ਉਸ ਦੇ ਥੱਲੇ ਛਿੱਲੜਾਂ ‘ਤੇ ‘ਕੱਠੀਆਂ ਕੀਤੀਆਂ ਟਾਹਣੀਆਂ ਦੀ ਅੱਗ ਮਚੀ ਰਹਿੰਦੀ। ਇਕ ਆਦਮੀ ਖੁਰਪੇ ਨਾਲ ਹਲਾਂਦਾ ਰਹਿੰਦਾ ਤਾਂ ਕਿ ਥੱਲੇ ਨਾ ਲੱਗ ਜਾਏ। ਨਾਲ-ਨਾਲ ਗੰਦੀ ਝਗ ਉਤਾਰੀ ਜਾਂਦੀ। ਜਿਉਂ-ਜਿਉਂ ਪਾਣੀ ਸੁੱਕਦਾ, ਸੀਰਾ ਬਣ ਜਾਂਦਾ। ਸੀਰੇ ਨੂੰ ਤਖ਼ਤੇ ਦੇ ਉੱਤੇ ਉਲਟਾ ਦਿੱਤਾ ਜਾਂਦਾ। ਜਿਉਂ-ਜਿਉਂ ਸੀਰਾ ਠੰਡਾ ਹੁੰਦਾ, ਸਖ਼ਤ ਬਣੀ ਜਾਂਦਾ। ਉਸ ਦੀਆਂ ਫਿਰ ਰੋੜੀਆਂ ਬਣਾ ਲਈਆਂ ਜਾਂਦੀਆਂ। ਇਹ ਸੀ ਪਿੰਡਾਂ ਦਾ ਗੁੜ ਜੋ ਘਰ- ਘਰ ਸਾਰਾ ਸਾਲ ਖਾਧਾ ਜਾਂਦਾ ਸੀ। ਕਦੀ-ਕਦਾਈਂ ਗੁੜ ਦੀਆਂ ਢੇਲੀਆਂ ਤੋਂ ਇਲਾਵਾ ਕੱਕੋਂ ਤੇ ਸ਼ੱਕਰ ਵੀ ਬਣਾਈ ਜਾਂਦੀ। ਕੱਕੋਂ ਨੂੰ ਪਰਾਉਂਠਿਆਂ ਨਾਲ ਖਾਉ ਤਾਂ ਬੜਾ ਅਨੰਦ ਆਉਂਦਾ ਸੀ । ਜਿੱਥੇ ਗੁੜ ਬਣਦਾ ਹੋਵੇ, ਉੱਥੋਂ ਧੂ ਤੇ ਖ਼ੁਸ਼ਬੋ ਦੂਰ-ਦੂਰ ਤੱਕ ਜਾਂਦੀ ਸੀ। ਬੱਚੇ ਆ ਹੀ ਜਾਂਦੇ ਸਨ । ਗਰਮ-ਗਰਮ ਸੀਰੇ ਵਿੱਚੋਂ ਡੂੰਘੇ ਮਾਰ ਕੇ ਸਵਾਦ ਲੈਂਦੇ। ਵੱਡ-ਵਡੇਰੇ ਵੀ ਗਰਮ-ਗਰਮ ਗੁੜ ਨੂੰ ਖਾ ਕੇ ਪ੍ਰਸੰਨ ਹੁੰਦੇ । ਰੌ ਨੂੰ ਘਰੋ- ਘਰੀ ਵੀ ਲੈ ਜਾਂਦੇ ਸਨ । ਕੁਝ ਤਾਜ਼ਾ ਪੀਣ ਲਈ ਤੇ ਕੁਝ ਖੀਰ ਬਣਾਉਣ ਲਈ। ਸਵੇਰੇ ਠੰਡੀ ਖੀਰ ਸਭ ਨੂੰ ਪਸੰਦ ਲੱਗਦੀ। ਕਈ ਖੀਰ ਤੇ ਦਹੀਂ ਪਾ ਕੇ ਖਾਂਦੇ। ਹਰ ਕੋਈ ਆਪਣਾ-ਆਪਣਾ ਸਵਾਦ ਲੈਂਦਾ। 

ਕੋਹਲੂ :

ਸਰ੍ਹੋਂ ਦਾ ਤੇਲ ਕੱਢਣ ਵਾਸਤੇ ਕੋਹਲੂ ਇਕ ਬੜਾ ਵੱਡਾ ਚਟੂ ਵੱਟਾ ਹੁੰਦਾ ਸੀ। ਚਟੂ ਮੋਟੀ ਟਾਹਲੀ ਦੇ ਮੁੱਢ ਵਾਲੇ ਪਾਸਿਉਂ ਖੋਦ ਕੇ ਇਕ ਪੀਸ ਦਾ ਬਣਦਾ ਸੀ। ਇਹ ਵੱਡਾ ਸਾਰਾ ਮੱਟ, ਥਲਿਉਂ ਬੰਦ ਤੇ ਸੌੜਾ ਤੇ ਉੱਤੋਂ ਵੱਡਾ ਖੁੱਲ੍ਹਾ। ਥਲਵੇਂ ਪਾਸੇ। ਇਕ ਮੋਰੀ ਹੁੰਦੀ ਸੀ। ਵੱਟਾ, ਟਾਹਲੀ ਦੇ ਇਕ ਮੋਟੇ ਟਾਹਣ ਤੋਂ ਬਣਦਾ ਸੀ। ਇਹਦੇ ਉੱਪਰ ਬਲੀ ਹੁੰਦੀ ਸੀ ਤੇ ਬਲੀ ਦੇ ਦੂਜੇ ਸਿਰੇ ਤੇ ਖੂਹ ਵਾਂਗਰ ਬਲਦ ਜਾਂ ਝੋਟਾ ਜੋਤਿਆ ਹੁੰਦਾ ਸੀ। ਮੱਟ ਵਿੱਚ ਸਰੋਂ ਦੇ ਬੀਜ ਪਾ ਦਿੱਤੇ ਜਾਂਦੇ। ਬਲਦ ਦੇ ਫਿਰਨ ਨਾਲ ਵੱਟਾ ਘੁੰਮਦਾ, ਸਰ੍ਹੋਂ ਫ਼ਿਸਦੀ ਰਹਿੰਦੀ। ਨਿਕਲਿਆ ਤੇਲ ਮੋਰੀ ਰਾਹ ਤੁਬਕਾ-ਤੁਬਕਾ ਇਕ ਭਾਂਡੇ ਵਿੱਚ ਇਕੱਠਾ ਹੋਈ ਜਾਂਦਾ। ਤੇਲੀ ਹੋਰ ਸਰ੍ਹੋਂ ਪਾ ਦਿੰਦਾ ਤੇ ਨਿਕਲਦੇ ਤੇਲ ਨੂੰ ਵੇਖ ਕੇ ਖ਼ੁਸ਼ ਹੁੰਦਾ। ਜਦੋਂ ਸਾਰਾ ਤੇਲ ਨਿਕਲ ਜਾਏ ਤਾਂ ਪੀਸਣਾ ਬੰਦ ਕਰ ਦਿੰਦਾ ਤੇ ਰਹਿ ਗਏ ਕਚੂੰਬਰ ਨੂੰ ਇਕੱਠਾ ਕਰਕੇ ਇਕ ਪਾਸੇ ਰੱਖ ਦਿੰਦਾ। ਠੰਢੇ ਹੋ ਕੇ ਇਹ ਖਲ੍ਹ ਦੇ ਢੇਲੇ ਬਣ ਜਾਂਦੇ। ਡੰਗਰਾਂ ਵਾਸਤੇ ਇਹ ਬੜੀ ਵਧੀਆ ਖ਼ੁਰਾਕ ਸੀ। 

ਤੇਲੀ ਜ਼ਮੀਨਦਾਰ ਸਨ। ਵਾਹੀ ਕਰਦੇ ਤੇ ਆਪਣੀ ਲੋੜ ਲਈ ਸਰ੍ਹੋਂ ਵੀ ਬੀਜਦੇ। ਸਰ੍ਹੋਂ ਤੋਂ ਇਲਾਵਾ ਘਰਾਂ ਤੋਂ ਵੜੇਵੇਂ ‘ਕੱਠੇ ਕਰਕੇ ਪੀਸਦੇ ਸਨ। ਤੇਲ ਤੇ ਖਲ ਦੁਕਾਨਦਾਰਾਂ ਜਾਂ ਲੋੜਵੰਦਾਂ ਨੂੰ ਵੇਚ ਦੇਂਦੇ। 

ਸਰ੍ਹੋਂ ਦਾ ਇਹ ਤੇਲ ਕੱਚੀ ਘਾਣੀ ਦੇ ਨਾਂ ਤੋਂ ਮਸ਼ਹੂਰ ਸੀ ਕਿਉਂਕਿ ਇਹਨੂੰ ਸੇਕ ਕਦੀ ਨਹੀਂ ਸੀ ਦਿੱਤਾ ਜਾਂਦਾ। ਏਸ ਕਰਕੇ ਖਲ ਵਿੱਚ ਕਾਫੀ ਤੇਲ ਰਹਿ ਵੀ ਜਾਂਦਾ ਸੀ ਤੇ ਇਹ ਖਲ ਵਧੀਆਂ ਹੁੰਦੀ ਸੀ। 20ਵੀਂ ਸਦੀ ਦੇ ਸ਼ੁਰੂ ਤੋਂ ਜਦੋਂ ਤੇਲ ਦੀਆਂ ਮਿਲਾਂ ਆ ਗਈਆਂ ਤਾਂ ਕੋਹਲੂ ਇਹਨਾਂ ਦਾ ਮੁਕਾਬਲਾ ਨਾ ਕਰ ਸਕੇ। ਹੌਲੀ-ਹੌਲੀ ਤੇਲੀਆਂ ਦਾ ਕੰਮ ਘੱਟ ਗਿਆ। ਪਰ ਇਹਨਾਂ ਨੂੰ ਆਪਣੀਆਂ ਜ਼ਮੀਨਾਂ ਤੇ ਆਪਣੇ ਹੁਨਰ ‘ਤੇ ਇੰਨਾ ਮਾਨ ਸੀ ਕਿ ਇਹ ਕਿਸੇ ਹੋਰ ਕੰਮ ਨਾ ਲੱਗੇ, ਪਿੱਛੇ ਰਹਿ ਗਏ। ਭੋਰਾ-ਭੋਰਾ ਕਰਕੇ ਜ਼ਮੀਨਾਂ ਵੀ ਵੇਚਣੀਆਂ ਪਈਆਂ। ਪਿੰਡ ਵਿੱਚ ਸਰ੍ਹੋਂ ਦੀ ਪੈਦਾਵਾਰ ਨਾ ਬਰਾਬਰ ਰਹਿ ਗਈ। ਤੇਲੀਆਂ ਦੀ ਆਰਥਕ ਹਾਲਤ ਪਤਲੀ ਪੈ ਗਈ। 

ਭਾਂਡਿਆਂ ਦਾ ਜੰਤਰ :

ਮਿੱਟੀ ਦੇ ਭਾਂਡੇ ਬਣਾਉਣਾ ਘੁਮਿਆਰ ਦਾ ਇਕ ਸੁੰਦਰ ਹੁਨਰ ਸੀ। ਘੁਮਿਆਰ ਦਾ ਅੱਡਾ ਇਕ ਢਾਰੇ ਦੇ ਥੱਲੇ ਹੁੰਦਾ ਸੀ। ਇਕ ਪਾਸੇ ਚੀਕਣੀ ਮਿੱਟੀ ਦੇ ਢੇਰ ਹੁੰਦੇ ਜਿੱਥੇ ਬੈਠ ਕੇ ਘੁਮਿਆਰੀ ਮਿੱਟੀ ਗੁੰਨ੍ਹਦੀ ਸੀ । ਦੂਜੇ ਪਾਸੇ ਗੋਹਿਆਂ ਤੇ ਸੁੱਕੇ ਪੱਤਿਆਂ ਦਾ ਢੇਰ ਹੁੰਦਾ ਸੀ । ਲਾਂਭੇ ਕਰ ਕੇ ਆਵੀ। ਇਕ ਦਰਖ਼ਤ ਦੇ ਥੱਲੇ ਇਕ ਜਾਂ ਦੋ ਖੋਤੇ ਬੰਨ੍ਹੇ ਹੁੰਦੇ ਸਨ ਜਿਨ੍ਹਾਂ ‘ਤੇ ਉਹ ਸਮਾਨ ਲਿਆਉਂਦਾ ਤੇ ਭਾਂਡੇ ਵੇਚਣ ਲਈ ਖੜਦਾ ਸੀ। 

ਘੁਮਿਆਰ ਦਾ ਜੰਤਰ ਜ਼ਮੀਨ ਵਿੱਚ ਗੱਡੀ ਲੱਕੜ ਦੀ ਇਕ ਥੰਮੀਂ ਹੁੰਦੀ ਜਿਸ ਦੇ ਉੱਪਰ ਲੱਕੜ ਦਾ ਚੱਕਾ ਇਸ ਤਰ੍ਹਾਂ ਰੱਖਿਆ ਹੁੰਦਾ ਸੀ ਕਿ ਚੱਕਾ ਖੁੱਲ੍ਹੀ ਤਰ੍ਹਾਂ ਤੇਜ਼ੀ ਨਾਲ ਫਿਰ ਸਕੇ ਪਰ ਡੋਲੇ ਜਾਂ ਹਿਲੇ ਨਾ। ਬਾਕੀ ਦਾ ਕੰਮ ਉਹਦੇ ਹੱਥਾਂ ਦੀ ਕਰਾਮਾਤ ਸੀ। ਕੋਲ ਬੈਠ ਕੇ ਚੁੱਕੇ ਦੇ ਉੱਤੇ ਗੁੰਨੀ ਹੋਈ ਮਿੱਟੀ ਰੱਖਦਾ, ਇਕ ਹੱਥ ਨਾਲ ਚੱਕਾ ਘੁਮਾਂਦਾ ਤੇ ਫੇਰ ਦੋਹਾਂ ਹੱਥਾਂ ਤੇ ਉਂਗਲਾਂ ਨਾਲ ਬਰਤਨ ਬਣਾਂਦਾ। ਵੱਖੋ-ਵੱਖ ਸ਼ਕਲਾਂ ਦੇ ਤੇ ਵੱਖੋ-ਵੱਖ ਸਾਈਜ਼ ਦੇ। ਜਦੋਂ ਬਰਤਨ ਬਣ ਜਾਏ ਤਾਂ ਧਾਗੇ ਨਾਲ ਉਸ ਨੂੰ ਥਲੇ ਦੀ ਮਿੱਟੀ ਨਾਲੋਂ ਕੱਟ ਲੈਂਦਾ ਤੇ ਆਠਰਨ ਵਾਸਤੇ ਲਾਂਭੇ ਰੱਖ ਦਿੰਦਾ। ਆਡਰੇ ਹੋਏ ਬਰਤਨਾਂ ਨੂੰ ਫੇਰ ਇਕ ਪਾਸੇ ਸੁਕਾਨ ਵਾਸਤੇ ਟਕਾਇਆ ਜਾਂਦਾ। ਸੁਕੇ ਹੋਏ ਕੁਝ ਭਾਂਡਿਆਂ ਤੇ ਘਮਿਆਰੀ ਰੰਗ ਕਰਦੀ ਤੇ ਬੇਲ ਬੂਟੇ ਪਾਂਦੀ। 

ਜਦੋਂ ਮਾਲ ਇਕੱਠਾ ਹੋ ਜਾਂਦਾ ਤਾਂ ਉਸ ਨੂੰ ਪਕਾਣ ਦੀ ਤਿਆਰੀ ਸ਼ੁਰੂ ਹੁੰਦੀ। ਆਵੀ ਵਿੱਚ ਪਹਿਲੋਂ ਚਾਟੀਆਂ ਤੇ ਘੜੇ ਰੱਖੇ ਜਾਂਦੇ। ਉੱਤੇ ਪੱਤੇ ਤੇ ਗੋਹੇ ਟਕਾਏ ਜਾਂਦੇ। ਫੇਰ ਹੋਰ ਭਾਂਡੇ, ਟਿੰਡਾ, ਦੀਵੇ, ਚਪਣੀਆਂ ਆਦਿ ਸਜਾਏ ਜਾਂਦੇ ਤੇ ਉੱਤੇ ਹੋਰ ਪੱਤੇ ਤੇ ਗੋਹੇ ਪਾਏ ਜਾਂਦੇ। ਹਵਾ ਦਾ ਰੁਖ ਵੇਖ ਕੇ ਅੱਗ ਲਾਈ ਜਾਂਦੀ ਤੇ ਫੱਟ ਹੀ ਬੁਝਾ ਦਿੱਤੀ ਜਾਂਦੀ ਤਾਂਕਿ ਬਲੇ ਨਾ, ਦਿਨ ਰਾਤ ਧੁਖਦੀ ਰਹੇ। ਜਦੋਂ ਸਾਰਾ ਬਾਲਣ ਧੁਖ ਜਾਏ, ਦੋ ਚਾਰ ਦਿਨ ਭੁੱਬਲ ਨੂੰ ਠੰਡਾ ਹੁੰਦਿਆ ਲੱਗਦੇ। ਉਸ ਤੋਂ ਪਿੱਛੋਂ ਸਵਾਹ ਨੂੰ ਲਾਂਭੇ ਕਰਕੇ ਬਰਤਨ ਕੱਢ ਲਏ ਜਾਂਦੇ। ਚੰਗੇ ਪੱਕੇ ਹੋਏ ਬਰਤਨ ਨੂੰ ਨੂੰਗਾ ਮਾਰੋ ਤਾਂ ਟਲੀ ਵਾਂਗਰ ਖੜਕਦਾ ਸੀ। 

ਸਮੇਂ ਨਾਲ ਮਿੱਟੀ ਦੇ ਬਰਤਨਾਂ ਦੀ ਵਰਤੋਂ ਘੱਟ ਗਈ। ਸਭ ਤੋਂ ਪਹਿਲੋਂ ਟਿੰਡਾ ਬੰਦ ਹੋਈਆਂ ਕਿਉਂਕਿ 20ਵੀਂ ਸਦੀ ਦੇ ਸ਼ੁਰੂ ਵਿੱਚ ਖੂਹਾਂ ‘ਤੇ ਟੀਨ ਦੀਆਂ ਟਿੰਡਾਂ ਚੱਲ ਪਈਆਂ। ਫੇਰ ਘਰਾਂ ਵਿੱਚ ਸਿਲਵਰ, ਪਿਤਲ ਤੇ ਕਹੈਂ ਦੇ ਬਰਤਨ ਆ ਗਏ। ਪਰ ਘੜਿਆਂ, ਚਾਟੀਆਂ, ਸੁਰਾਹੀਆਂ ਤੇ ਦੀਵਿਆਂ ਦੀ ਲੋੜ ਬਰਾਬਰ ਰਹੀ। ਟੈਕਨਾਲੋਜੀ ਦਾ ਇਹ ਹੱਲਾ ਘੁਮਿਆਰਾਂ ਨੇ ਸੋਹਣੀ ਤਰ੍ਹਾਂ ਸਹਿ ਲਿਆ। ਢੋਆ-ਢੁਆਈ ਵਿੱਚ ਪੈ ਗਏ। ਖੋਤੇ ਚੋਖੇ ਰੱਖ ਲਏ ਤੇ ਗੱਡਿਆਂ ਨੂੰ ਮਾਤ ਕਰ ਦਿੱਤਾ। 

ਘੁਮਿਆਰ ਪਿੰਡ ਦੀ ਸੱਭਿਅਤਾ ਦਾ ਇਕ ਪੱਕਾ ਅੰਗ ਸਨ। ਹਰ ਘਰ ਨਾਲ ਉਹਨਾਂ ਦਾ ਸੰਬੰਧ ਸੀ ਕਿਉਂਕਿ ਹਰ ਘਰ ਨੂੰ ਘੜਿਆਂ, ਚਾਟੀਆਂ, ਬਰਤਨਾਂ ਦੀ ਲੋੜ ਹੁੰਦੀ ਸੀ। ਘੁਮਿਆਰਾਂ ਦੀਆਂ ਬੜੀਆਂ ਕਹਾਣੀਆਂ ਪ੍ਰਚੱਲਿਤ ਸਨ। 

ਸ਼ੇਰ ਬਹਾਦਰ 

ਇਕ ਰਾਜਧਾਨੀ ਦੇ ਬਾਹਰ ਵੱਲ ਘੁਮਿਆਰ ਦਾ ਘਰ ਸੀ। ਇਕ ਪਾਸੇ ਭਾਂਡਿਆਂ ਦੀ ਫੈਕਟਰੀ ਸੀ ਤੇ ਦੂਜੀ ਗੁਠੇ ਟੱਬਰ ਰਹਿੰਦਾ ਸੀ। ਦਾਲਾਨ ਵਿੱਚ ਮਿੱਟੀ ਤੇ ਗੋਹੇ ਦੇ ਢੇਰ ਹੁੰਦੇ ਸਨ। ਦਰੱਖ਼ਤ ਦੇ ਕੋਲ ਢਾਰੇ ਥਲੇ ਖੋਤੇ ਦੀ ਖੁਰਲੀ ਸੀ ਤੇ ਇਕ ਪਾਸੇ ਕਰਕੇ ਆਵੀ। ਨੇੜੇ ਦੇ ਇਕ ਛੱਪੜ ਤੋਂ ਖੋਤੇ ਤੇ ਚੀਕਨੀ ਮਿਟੀ ਲਿਆਉਂਦਾ ਸੀ। ਉਸ ਤੋਂ ਅੱਗੇ ਜੰਗਲ ਸੀ ਜਿਸ ਵਿੱਚ ਇਕ ਦੋ ਛੋਟੀਆਂ ਗਾਰਾਂ ਵੀ ਸਨ। ਘੁਮਿਆਰ ਤੇ ਉਸ ਦਾ ਖੋਤਾ ਜੰਗਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿਉਂਕਿ ਘੁਮਿਆਰ ਉਥੋਂ ਲਕੜੀਆਂ ਲਿਆਉਂਦਾ ਹੁੰਦਾ ਸੀ। 

ਇਕ ਹਨੇਰੀ ਰਾਤ ਬੜਾ ਝਖੜ ਸੀ। ਬੱਦਲ ਗਰਜਦੇ, ਬਿਜਲੀ ਚਮਕਦੀ, ਸਰਲਾਟੇ ਪੈਂਦੇ ਤੇ ਹਨੇਰੀ ਨਾਲ ਸਭ ਕੁਝ ਹੁਲਾਰੇ ਖਾ ਰਿਹਾ ਸੀ। ਦਰੱਖ਼ਤ ਕੜਾਕੇ ਮਾਰ ਰਹੇ ਸਨ। ਘੁਮਿਆਰੀ ਘਾਬਰ ਗਈ। ਖੋਤਾ ਕਿਧਰੇ ਮਰ ਨਾ ਜਾਏ। ਬਰਬਾਦ ਹੋ ਜਾਵਾਂਗੇ। ਘਰ ਵਾਲੇ ਨੂੰ ਹਲਾਇਆ। ਗੂੜ੍ਹੀ ਨੀਂਦਰੇ ਸੁੱਤਾ, ਜ਼ਰਾ ਨਾ ਹਿਲੇ। ਠਠੰਬਰੀ ਹੌਲੀ ਅਵਾਜ਼ ਨਾਲ ਅਰਕਾ ਮਾਰ-ਮਾਰ ਕੇ ਉਹਨੂੰ ਉਠਾ ਹੀ ਦਿੱਤਾ। ਅੱਖਾਂ ਮਲਦਾ ਬਾਹਰ ਨਿਕਲਿਆ ਤਾਂ ਖੋਤਾ ਨਜ਼ਰ ਨਾ ਆਇਆ। ਕਿਲੇ ਦਾ ਰੱਸਾ ਟੁੱਟਿਆ ਵੇਖ ਕੇ ਝੱਟ ਹੀ ਅੱਟਾ-ਸੱਟਾ ਲਾ ਲਿਆ ਕਿ ਡਰਦਾ ਮਾਰਾ ਗਾਰ ਨੂੰ ਦੌੜ ਗਿਆ ਏ। ਹੱਥ ਵਿੱਚ ਸੋਟਾ ਲਿਆ, ਰੱਸਾ ਲਿਆ ਤੇ ਹਨੇਰੇ ਵਿੱਚ ਹੀ ਗ਼ਾਰ ਨੂੰ ਤੁਰ ਪਿਆ। ਅੰਦਰ ਵੜਦੇ ਨੂੰ ਸਾਹਮਣੇ ਦੋ ਅੱਖਾਂ ਨਜ਼ਰ ਆਈਆਂ। ਦੋ ਮਾਵਾਂ-ਭੈਣਾਂ ਦੀਆਂ ਗਾਲ੍ਹਾਂ ਕੱਢੀਆਂ, ਗਲ ਵਿੱਚ ਰੱਸਾ ਪਾਇਆ, ਚਿਤੜਾਂ ਤੇ ਸੋਟਾ ਮਾਰ ਕੇ ਆਖਿਆ, “ਹਰਾਮੀ! ਚਲ ਘਰ ਨੂੰ”। ਆਪ ਅੱਗੇ-ਅੱਗੇ ਤੇ ਜਾਨਵਰ ਪਿੱਛੇ-ਪਿੱਛੇ। ਬਿਜਲੀ ਕੜਕੀ ਜਾਏ। ਘਰ ਆ ਕੇ ਦਰੱਖ਼ਤ ਦੇ ਨਾਲ ਰੱਸਾ ਬੰਨ੍ਹ ਦਿੱਤਾ ਤੇ ਜਾ ਕੇ ਸੌਂ ਗਿਆ। ਵਹੁਟੀ ਨੇ ਸੁੱਖ ਦਾ ਸਾਹ ਭਰਿਆ। 

ਸਵੇਰੇ-ਸਵੇਰੇ ਸ਼ਹਿਰ ਦੇ ਲੋਕ ਜੰਗਲ-ਪਾਣੀ ਲਈ ਬਾਹਰ ਨਿਕਲੇ ਤਾਂ ਕੁਝ ਨੇ ਵੇਖਿਆ ਕਿ ਘੁਮਿਆਰ ਦੇ ਘਰ ਸ਼ੇਰ ਬੰਨ੍ਹਿਆ ਹੋਇਆ ਹੈ। 

ਹਜੂਮ ਇੱਕਠਾ ਹੋ ਗਿਆ। ਘੁਮਿਆਰ ਦਾ ਟੱਬਰ ਵੀ ਉਠ ਕੇ ਬਾਹਰ ਆਇਆ। ਸ਼ੇਰ ਵੇਖ ਕੇ ਸੁੰਨ ਹੋ ਗਏ। ਸਾਰੀ ਰਾਜਧਾਨੀ ਵਿੱਚ ਰੌਲਾ ਪੈ ਗਿਆ ਕਿ ਘੁਮਿਆਰ ਨੇ ਇਕੱਲੇ ਹੀ ਸ਼ੇਰ ਫੜ ਲਿਆ ਹੈ । ਰਾਜੇ ਨੂੰ ਖ਼ਬਰ ਹੋਈ। ਉਹ ਵੀ ਵੇਖਣ ਆ ਗਿਆ। ਦਲੇਰੀ ਤੋਂ ਇੰਨਾ ਪ੍ਰਸੰਨ ਹੋਇਆ। ਕਿ ਰਾਜੇ ਨੇ ਘੁਮਿਆਰ ਨੂੰ ਆਖਿਆ ਕਿ ਤੂੰ ਮੇਰੀ ਫ਼ੌਜ ਦਾ ਅੱਜ ਤੋਂ ਕਮਾਂਡਰ ਹੋਵੇਂਗਾ। ਘੁਮਿਆਰ ਨਾ ਹਾਂ ਕਰ ਸਕਦਾ ਸੀ ਤੇ ਨਾ ਨਾਂਹ ਕਰ ਸਕਦਾ ਸੀ। ਰਾਜੇ ਦੇ ਪੈਰੀਂ ਹੱਥ ਲਾ ਕੇ ਬੇਨਤੀ ਕੀਤੀ ਕਿ ਮੈਂ ਤਾਂ ਅੱਜ ਤੋਂ ਜਾ ਕੇ ਕਿਲੇ ਵਿੱਚ ਰਵਾਂਗਾ ਪਰ ਮੇਰੇ ਟੱਬਰ ਨੂੰ ਏਸੇ ਕੁਟੀਆ ਵਿੱਚ ਹੀ ਰਹਿਣ ਦਿੱਤਾ ਜਾਏ। ਰਾਜੇ ਨੇ ਮਨਜ਼ੂਰ ਕਰ ਲਿਆ। ਘੁਮਿਆਰ ਫ਼ੌਜ ਦੇ ਹਾਤੇ ਵਿੱਚ ਰਹਿਣ ਲੱਗ ਪਿਆ। ਉਹਦੀ ਦਲੇਰੀ ਦੇ ਕਾਰਨ ਹਰ ਕੋਈ ਉਹਦੀ ਇੱਜ਼ਤ ਕਰਦਾ ਸੀ। 

ਕੁਝ ਚਿਰ ਬਾਅਦ ਹੀ ਨੇੜੇ ਦੇ ਮਹਾਰਾਜੇ ਨੇ ਇਸ ਛੋਟੇ ਰਾਜੇ ‘ਤੇ ਹਮਲਾ ਕਰ ਦਿੱਤਾ। ਰਾਜੇ ਨੇ ਕਮਾਂਡਰ ਨੂੰ ਆਪਣਾ ਘੋੜਾ ਤੇ ਆਪਣੀ ਤਲਵਾਰ ਦਿੱਤੀ ਤੇ ਹੁਕਮ ਦਿੱਤਾ ਕਿ ਫ਼ੌਜਾਂ ਨੂੰ ਲੈ ਕੇ ਮੁਕਾਬਲਾ ਕਰੋ।  

ਕਮਾਂਡਰ ਨੇ ਆਖਿਆ ਹੁਕਮ ਸਰਕਾਰ ਦਾ ਸਿਰ ਮਥੇ ਪਰ ਮੈਨੂੰ ਆਪਣੇ ਘਰ ਹੋ ਆਉਣ ਦੀ ਆਗਿਆ ਦਿਉ। ਕਿਰਪਾਨ ਨੂੰ ਡੰਡੇ ਵਾਂਗਰ ਹੱਥ ਵਿੱਚ ਫੜ ਕੇ ਘੋੜੇ ਦੇ ਨਾਲ ਘਰ ਪੁੱਜਿਆ, ਰੋ ਕੇ ਵਹੁਟੀ ਨੂੰ ਕਿਹਾ : 

ਤੈਨੂੰ ਪਤਾ ਏ, ਮੈਂ ਘੋੜੇ ‘ਤੇ ਕਦੀ ਨਹੀਂ ਚੜ੍ਹਿਆ। ਖੇਤੇ ਤੇ ਚੜ੍ਹਨਾ ਬੜਾ ਸੌਖਾ ਸੀ। ਕੀ ਕਰਾਂ ? ਸੋਚ ਕੇ ਵਹੁਟੀ ਨੇ ਤਰਕੀਬ ਬਣਾ ਲਈ। ਖੁਰਲੀ ਦੇ ਕੋਲ ਘੋੜਾ ਖੜ੍ਹਾ ਕਰਕੇ ‘ਕਮਾਂਡਰ ਸਾਹਿਬ’ ਨੂੰ ਉੱਤੇ ਬਠਾਇਆ। ਗੱਲ ਕਿਰਪਾਨ ਪਾ ਦਿੱਤੀ। ਇਕ ਦੋ ਲੰਮੇ ਰੱਸੇ ਲੈ ਕੇ ਚੰਗੀ ਤਰ੍ਹਾਂ ਜਕੜ ਦਿੱਤਾ। ਡਿੱਗਣਾ ਤਾਂ ਕੀ, ਹਿਲ ਵੀ ਨਾ ਸਕੇ। ਜਾ ਕੇ ਘੋੜਾ ਫੌਜ਼ ਦੀ ਅਗਲੀ ਕਤਾਰ ਵਿੱਚ ਖੜਾ ਕਰ ਦਿੱਤਾ। ਨਿੱਕੀ ਜਿਹੀ ਫ਼ੌਜ ਨੇ ਮੈਦਾਨੇ ਜੰਗ ਨੂੰ ਕੂਚ ਕਰ ਦਿੱਤਾ। “ਕਮਾਂਡਰ ਸਾਹਿਬ” ਨੇ ਝੱਟ ਲਗਾਮਾਂ ਖਿੱਚੀਆਂ, ਅੱਡੀ ਮਾਰੀ, ਘੋੜਾ ਹਵਾ ਹੋ ਗਿਆ। ਪੈਦਲ ਫ਼ੌਜ ਪਿੱਛੇ ਰਹਿ ਗਈ। ਘੋੜਾ ਨਾ ਹੌਲੀ ਹੋਏ ਨਾ ਰੁਕੇ। ਕਮਾਂਡਰ ਘਾਬਰ ਗਿਆ। ਕੀ ਕਰੇ? ਜਦੋਂ ਇਕ ਦਰਖ਼ਤ ਦੇ ਕੋਲੋਂ ਲੰਘਿਆ ਤਾਂ ਉਸ ਨੂੰ ਜੱਫ਼ਾ ਮਾਰ ਲਿਆ। ਸੋਚਿਆ ਘੋੜਾ ਰੁਕ ਜਾਏਗਾ। ਉਲਟਾ ਹੋਇਆ। ਘੋੜਾ ਹੋਰ ਤੇਜ਼, ਜਕੜੇ ਹੋਏ ਨੇ ਜੱਫ਼ਾ ਵੀ ਨਾ ਛੱਡਿਆ। ਦਰੱਖ਼ਤ ਪੁੱਟ ਦਿੱਤਾ। ਹੁਣ ਵੱਡਾ ਸਾਰਾ ਦਰੱਖ਼ਤ ਸਵਾਰ ਦੀਆਂ ਬਾਹਾਂ ਵਿੱਚ ਹੁਲਾਰਾ ਖਾਂਦਾ, ਘੋੜਾ ਦੁਸ਼ਮਣ ਦੀ ਸਫ਼ਾਂ ਕੋਲ ਪਹੁੰਚ ਗਿਆ। ਦੁਸ਼ਮਣ ਫ਼ੌਜਾਂ ਨੇ ਸੋਚਿਆ ਕਿ ਕੋਈ ਦਿਓ ਆ ਗਿਆ ਹੈ। ਭੱਜ ਉੱਠੀਆਂ। ਕਲੀ ਮਹਾਰਾਜੇ ਦੀ ਰੱਥ ਹੀ ਮੈਦਾਨ ਵਿੱਚ ਰਹਿ ਗਈ। ਘੋੜਾ ਰੱਥ ਦੀਆਂ ਘੋੜੀਆਂ ਕੋਲ ਜਾ ਖਲੋਤਾ। ਮਹਾਰਾਜੇ ਦਾ ਰੰਗ ਇਕਦਮ ਫੱਕ। ਆਖਣ ਲੱਗਾ ਗਲਤੀ ਹੋ ਗਈ। ਹੁਣ ਸੁਲਹ ਕਰ ਲਵੋ। ਕਮਾਂਡਰ ਨੇ ਆਖਿਆ ਕਿ ਤੂੰ ਜਾ ਕੇ ਮੇਰੇ ਰਾਜੇ ਤੋਂ ਮੁਆਫ਼ੀ ਮੰਗ। 

ਇੰਨੇ ਚਿਰ ਨੂੰ ਰਾਜੇ ਦੀਆਂ ਫੌਜਾਂ ਵੀ ਆ ਗਈਆਂ। ਸਿਪਾਹੀਆਂ ਨੇ ਘੋੜੇ ਦੀ ਲਗਾਮ ਫੜ ਲਈ। ਪਿੱਛੇ-ਪਿੱਛੇ ਰੱਥ, ਆਪਣੀ ਰਾਜਧਾਨੀ ਨੂੰ ਤੁਰ ਪਏ। ਮਹਾਰਾਜੇ ਨੇ ਉੱਤਰ ਕੇ ਆਪਣੀ ਹੀਰਿਆਂ ਦੀ ਮਾਲਾ ਰਾਜੇ ਦੇ ਗਲ ਪਾਈ। ਸੁਲਹ ਹੋ ਗਈ। ਮਾਲ ਮਤਾ ਵੀ ਮਿਲ ਗਿਆ। ਖ਼ੁਸ਼ ਹੋ ਕੇ ਰਾਜੇ ਨੇ ਆਪਣੀ ਪਿਆਰੀ ਧੀ ‘ਕਮਾਂਡਰ’ ਦੇ ਨਾਲ ਵਿਆਹ ਦਿੱਤੀ। ਦਾਜ ਵਿੱਚ ਕਈ ਕੁਝ ਦਿੱਤਾ। ਸਾਰੀ ਰਿਆਸਤ ਵਿੱਚ ਸੁੱਖ ਤੇ ਸ਼ਾਂਤੀ ਵਰਤ ਗਏ ਤੇ ਸ਼ੇਰ ਬਹਾਦਰ ‘ਘੁਮਿਆਰ’ ਦੀ ਜੈ ਜੈ ਹੋ ਗਈ।  

ਵਿਕਾਊ ਖੋਤਾ 

ਗੁਲੂ ਸ਼ਾਹ ਦਾ ਮੇਲਾ ਬੜਾ ਮਸ਼ਹੂਰ ਸੀ। ਦੂਰੋਂ-ਦੂਰੋਂ ਮੱਝਾਂ, ਬਲਦ, ਘੋੜੇ ਵੇਚਣ ਤੇ ਖ਼ਰੀਦਣ ਵਾਲੇ ਆਉਂਦੇ। ਇਕ ਘੁਮਿਆਰ ਨੇ ਵੀ ਆ ਕੇ ਆਪਣਾ ਖੋਤਾ ਬੰਨ੍ਹ ਦਿੱਤਾ। ਕੀਮਤ ਸਿਰਫ਼ ਤਿੰਨ ਵੀਹਾਂ (ਸੱਠ ਰੁਪਏ), ਘੋੜੇ ਦੀ ਕੀਮਤ ਦਾ ਚੌਥਾ ਹਿੱਸਾ। ਸਾਰਾ ਦਿਨ ਇਕ ਵੀ ਬੰਦੇ ਨੇ ਖੋਤੇ ਵੱਲ ਨਾ ਵੇਖਿਆ। ਅਗਲੇ ਦਿਨ ਖੋਤੇ ਦੇ ਗਲ ਗਾਨੀ ਵੀ ਬੰਨ੍ਹ ਦਿੱਤੀ ਪਰ ਕੋਈ ਗਾਹਕ ਨਾ ਆਇਆ। ਦੁਪਹਿਰ ਨੂੰ ਕੀਮਤ ਘਟਾ ਕੇ ਰੋਲਾ ਪਾਏ “ਸਿਰਫ਼ ਦੋ ਵੀਹਾਂ” ਦਿਨ ਢੱਲਣ ‘ਤੇ ਆ ਗਿਆ। ਪੱਠਿਆਂ ਵਾਸਤੇ ਪੈਸੇ ਵੀ ਨਾ ਰਹੇ। ਖੇਤਾ ਵੀ ਭਾਫ ਗਿਆ ਕਿ ਮੇਰਾ ਮਾਲਕ ਨਿਰਾਸ਼ ਹੈ। ਦੋਵੇਂ ਚੁੱਪ। ਮੇਲੇ ਆਇਆ ਇਕ ਨਿਹੰਗ ਸਿੰਘ ਕੋਲੋਂ ਦੀ ਲੰਘਦਾ ਪਿਆ ਸੀ। ਦੋਹਾਂ ਨੂੰ ਨਿਮੋਝੂਨ ਵੇਖ ਕੇ ਨਿਹੰਗ ਸਿੰਘ ਘਟਨਾ ਨੂੰ ਸਮਝ ਗਿਆ। ਦੋ ਚਾਰ ਕਦਮ ਹੀ ਗਿਆ ਸੀ, ਮੁੜ ਆਇਆ। ਖੋਤੇ ਦੇ ਧੌਣ ‘ਤੇ ਹੱਥ ਫੇਰਿਆ, ਪਿਆਰ ਦਿੱਤਾ ਤੇ ਫੇਰ ਕੰਨ ਵਿੱਚ ਕੁਝ ਆਖ ਕੇ ਚਲਾ ਗਿਆ। ਨਿਹੰਗ ਸਿੰਘ ਦੀ ਕਥਨੀ ਖੋਤੇ ਦੇ ਦਿਮਾਗ਼ ਵਿੱਚ ਖੁਬ ਗਈ। ਸਮਝ ਗਿਆ ਮੇਰੇ ਵਰਗਾ ਕੌਣ? ਹੀਂਕਣ ਲੱਗ ਪਿਆ, ਹੁਸ਼ਿਆਰੀ ਆ ਗਈ। ਦੁਲੱਤੇ ਮਾਰੇ। ਦੋ ਲੱਤ ‘ਤੇ ਖੜਾ ਹੋ ਜਾਏ। ਲੋਕੀਂ ਕੱਠੇ ਹੋ ਗਏ। ਖੋਤੇ ਦਾ ਅਸਥਰ ਜ਼ਮੀਨ ਤੱਕ ਜਾਂਦਾ ਸੀ । ਲੋਕੀਂ ਮੁੱਲ ਪੁੱਛਣ। ਘੁਮਿਆਰ ਆਖਿਆ ਨੀਲਾਮੀ ਕਰ ਲਉ। ਨੀਲਾਮੀ ਵਾਲੇ ਨੂੰ ਪੰਜ ਰੁਪਏ ਦਿਆਂਗਾ। ਝੱਟ ਹੀ ਨੀਲਾਮੀ ਹੋ ਗਈ, ਖੋਤਾ ਸੱਠ ਰੁਪਇਆਂ ਵਿੱਚ ਵਿਕ ਗਿਆ। 

ਖ਼ੁਸ਼ ਖ਼ੁਸ਼ ਘੁਮਿਆਰ ਨਿਹੰਗ ਸਿੰਘ ਨੂੰ ਲੱਭਣ ਤੁਰ ਪਿਆ। ਕਈ ਪਾਸੇ ਗੇੜੇ ਲਾਏ ਤਾਂਕਿ ਉਹਦਾ ਸ਼ੁਕਰੀਆ ਕਰੇ। ਆਖ਼ਰ ਇਕ ਹਲਵਾਈ ਦੀ ਦੁਕਾਨ ‘ਤੇ ਬੈਠਾ, ਜਲੇਬੀਆਂ ਖਾਂਦਾ ਨਿਹੰਗ ਸਿੰਘ ਨਜ਼ਰ ਆ ਗਿਆ। ਘੁਮਿਆਰ ਨੇ ਧੰਨਵਾਦ ਕਰਦਿਆਂ ਉਹਦੇ ਪੱਟਾਂ ‘ਤੇ ਦਸ ਰੁਪਏ ਰੱਖੇ। ਨਿਹੰਗ ਸਿੰਘ ਨੇ ਠੁਕਰਾ ਦਿੱਤੇ ਤੇ ਆਖਿਆ ਕਿ “ਗੁਰੂ ਦੀਆਂ ਫ਼ੌਜਾਂ ਕਿਸੇ ਤੋਂ ਦਾਨ ਨਹੀਂ ਲੈਂਦੀਆਂ”। ਨਾਲ ਹੀ ਕਹਿ ਦਿੱਤਾ ਜੇ ਤੇਰਾ ਸੇਵਾ ‘ਤੇ ਜੀ ਏ ਤਾਂ ਹਲਵਾਈ ਨੂੰ ਪੈਸੇ ਦੇ ਦੇ। ਜਾਣ ਤੋਂ ਪਹਿਲੋਂ ਘੁਮਿਆਰ ਨੇ ਨਿਹੰਗ ਸਿੰਘ ਦੇ ਪੈਰ ਫੜ ਲਏ ਤੇ ਪੁੱਛਿਆ ਤੁਸੀਂ ਖੋਤੇ ਦੇ ਕੰਨ ਵਿੱਚ ਕੀ ਆਖਿਆ ਸੀ ? 

ਨਿਹੰਗ ਸਿੰਘ ਨੇ ਆਖਿਆ ਕਿ ਜੇ ਵੇਲੇ ਸਿਰ ਕਿਸੇ ਦੀ ਤਾਰੀਫ ਕਰੋ ਤਾਂ ਉਹਦਾ ਦਿਲ ਚਾਉ ਨਾਲ ਭਰ ਜਾਂਦਾ ਏ। ਰੋਗਾਂ ਦਾ ਖੂਨ ਤੇਜ਼ ਹਰਕਤ ਕਰਨ ਲੱਗ ਪੈਂਦਾ ਹੈ। ਮੈਂ ਖੋਤੇ ਨੂੰ ਸਿਰਫ਼ ਇਹ ਹੀ ਆਖਿਆ ਸੀ 

“ਮਿੱਤਰਾ ਖ਼ੁਸ਼ ਹੋ। ਰੱਬ ਦੀ ਮਿਹਰ ਨਾਲ ਤੇਰੇ ਵਰਗਾ ਕੋਈ ਨਹੀਂ। ਤੇਰੇ ਅਸਥਰ ਜਿੱਡਾ ਲੰਮਾ ਮੋਟਾ ਅਸਥਰ ਕਿਸੇ ਦਾ ਵੀ ਨਹੀਂ।” 

* * * * 

ਡੀ. ਐਸ. ਬੀ. ਭੱਠਾ : ਫ਼ੌਜ ‘ਚੋਂ ਮੁਕਤ ਹੋਣ ਤੋਂ ਸੱਤ ਸਾਲ ਬਾਅਦ ਦੀਵਾਨ ਸਿੰਘ ਨੇ ਠੇਕੇਦਾਰੀ ਛੱਡ ਕੇ 1925 ਵਿੱਚ ਨਾਨੋਕੇ ਕੋਈ ਪੰਜ ਕਿਲੇ ਜ਼ਮੀਨ ਖ਼ਰੀਦੀ ਤੇ ਭੱਠਾ ਸ਼ੁਰੂ ਕੀਤਾ। ਦੋ ਸਾਲ ਦੀ ਮਿਹਨਤ ਪਿੱਛੋਂ 1927 ਵਿੱਚ ਭੱਠਾ ਚਾਲੂ ਹੋਇਆ। ਬੜੀ ਲਾਗਤ ਲੱਗੀ। ਆਪਣੀ ਪੂੰਜੀ ਤੋਂ ਇਲਾਵਾ ਪੱਤਵੰਤੇ ਸ਼ਾਹੂਕਾਰ ਲੰਬੜਦਾਰ ਤੱਖਤ ਸਿੰਘ ਨੇ ਕਰਜ਼ ਦਿੱਤਾ। ਪਿੰਡਾਂ ਵਿੱਚ ਏਨੀ ਵੱਡੀ ਕਿਸੇ ਕਿਸਮ ਦੀ ਫੈਕਟਰੀ ਨਹੀਂ ਸੀ। ਭੱਠੇ ਨੇ ਆਲੇ-ਦੁਆਲੇ ਦੇ ਪਿੰਡਾਂ ਨੂੰ ਇੱਕ ਨਵਾਂ ਰੰਗ ਦੇ ਦਿੱਤਾ। 

ਰੇਲਵੇ ਸਟੇਸ਼ਨ ਤੋਂ 13 ਮੀਲ ਦੂਰ, ਪੱਕੀ ਸੜਕ ਤੋਂ ਦਰੇਡੇ, ਭੱਠਾ ਸ਼ੁਰੂ ਕਰਨਾ ਕੋਈ ਖਾਲਾ ਜੀ ਦਾ ਕੰਮ ਨਹੀਂ ਸੀ। ਖੁਦਾਈ ਤੇ ਕੰਧਾਂ ਬਣਾਉਣ ਵਾਲੇ ਮਜ਼ਦੂਰ ਤੇ ਕਾਰੀਗਰਾਂ ਦਾ ਘਾਟਾ ਨਹੀਂ ਸੀ। ਚਾਰ ਮਹੀਨਿਆਂ ਵਿੱਚ ਹੀ ਆਂਡੇ ਦੀ ਸ਼ਕਲ ਵਰਗਾ ਕੋਈ ਹਜ਼ਾਰ ਗਜ਼ ਲੰਮਾ, ਵੀਹ ਫੁੱਟ ਚੌੜਾ ਤੇ ਦਸ ਫੁੱਟ ਗੈਹਰਾ ਭੱਠੇ ਦਾ ਗੇੜ ਤਿਆਰ ਕਰ ਦਿੱਤਾ। ਢੋਆ-ਢੁਆਈ ਲਈ ਪਿੰਡ ਦੇ ਘੁਮਿਆਰ ਚੁਸਤ ਸਨ, ਮੁਨਸ਼ੀ ਵੀ ਵੱਡੀਆਂ ਗਲੋਟੀਆਂ ਦਾ ਤੱਕੜਾ, ਲਾਠੀ ਬਰਦਾਰ ਤੇ ਅਸਰ ਰਸੂਖ ਵਾਲਾ ਪੰਡਤ ਕੇਸ਼ੋ ਰਾਮ ਮਿਲ ਗਿਆ। ਚਿਮਨੀਆਂ ਵਾਸਤੇ ਲੋਹੇ ਦੀਆਂ ਸ਼ੀਟਾਂ ਤੇ ਰਿਬਟਾਂ ਲਾਹੌਰ ਤੋਂ ਆਈਆਂ, ਚਿਮਨੀਆਂ ਬਣਾਉਣ ਵਾਲੇ ਤਜ਼ਰਬੇਕਾਰ ਲੁਹਾਰ ਗੁਜਰਾਂਵਾਲੇ ਤੋਂ ਆਏ, ਪਥੇਰ ਅੰਬਾਲੇ ਤੋਂ ਆਈ, ਕੋਇਲਾ ਬਿਹਾਰ ਤੋਂ ਗੱਡੀ ਰਾਹੀਂ ਗੁਜਰਾਂਵਾਲੇ ਤੇ ਫੇਰ ਖੋਤਿਆਂ ‘ਤੇ ਭੱਠੇ ‘ਤੇ ਅਪੜਦਾ। ਸੱਚੇ ਜਿਨ੍ਹਾਂ ਦੇ ਵਿੱਚ ‘D.S.B.’ ਉੱਕਰਿਆ ਹੋਇਆ ਸੀ, ਲਾਹੌਰ ਤੇ ਬਣ ਕੇ ਆਏ। 

ਮਿੱਟੀ ਪੁੱਟਣ, ਛਾਣਨ, ਆਟੇ ਵਾਂਗਰ ਪੈਰਾਂ ਨਾਲ ਗੁੰਨਣ, ਸੰਚਿਆਂ ਨਾਲ ਇੱਟਾਂ ਢਾਲਣ ਤੇ ਉਲਟ-ਪਲਟ ਕੇ ਸੁਕਾਨ ਵਾਸਤੇ ਪਥੇਰ ਦੇ ਟੱਬਰਾਂ ਦੇ ਟੱਬਰ ਲੱਗੇ ਹੁੰਦੇ ਸਨ। ਜਿਉਂ-ਜਿਉਂ ਇੱਟਾਂ ਸੁੱਕਦੀਆਂ ਘੁਮਿਆਰ ਉਹਨਾਂ ਨੂੰ ਖੋਤਿਆਂ ‘ਤੇ ਲੱਦ ਕੇ ਲਿਆਉਂਦੇ ਤੇ ਤਰਤੀਬ ਨਾਲ ਇਕ ਦੂਜੀ ਦੇ ਉੱਪਰ ਪੈਰਾਂ ਤੋਂ ਅੱਠ ਫੁੱਟ ਤੱਕ ਉੱਚੀਆਂ ਟਿਕਾ ਦਿੰਦੇ। ਇਥੇ-ਉਥੇ ਅੱਗ ਦੀਆਂ ਲਾਟਾਂ, ਧੂ ਤੇ ਉੱਪਰੋਂ ਕੋਲਾ ਸੁੱਟਣ ਵਾਸਤੇ ਮੋਰੀਆਂ ਹੁੰਦੀਆਂ। ਫੇਰ ਉੱਤੋਂ ਮਿੱਟੀ ਪਾ ਕੇ ਕੱਜ ਦਿੱਤਾ ਜਾਂਦਾ । ਕਈ ਵਾਰੀ ਬਾਹਰਲੇ ਬਿਲੇ ਆ ਕੇ ਇੱਟਾਂ ਵਿੱਚ ਲੁਕ ਜਾਂਦੇ। ਜਦੋਂ ਚੋਖਾ ਕੁ ਗੇੜ ਭਰ ਜਾਂਦਾ ਤਾਂ ਅੱਗ ਲਗਾਉਣ ਦੀ ਤਿਆਰੀ ਸ਼ੁਰੂ ਹੋ ਜਾਂਦੀ, ਮੂੰਹ ਅੱਗੇ ਤਿੰਨ ਫੁੱਟ ਉੱਚੀਆਂ ਲੱਕੜਾਂ ਰੱਖੀਆਂ ਜਾਂਦੀਆਂ। ਦੋਵੇਂ ਚਿਮਨੀਆਂ ਖੜੀਆਂ ਕਰ ਦਿੱਤੀਆਂ ਜਾਂਦੀਆਂ। ਨਾਨੋਕੇ ਦੇ ਮੀਆਂ ਸਾਹਿਬ ਆ ਕੇ ਦੁਆ ਕਰਨੀ ਤੇ ਇੱਟਾਂ ਵਿੱਚ ਹੂਕ ਦੇਣੀ ਕਿ ਜੇ ਕੋਈ ਜਾਨਵਰ ਅੰਦਰ ਲੁਕਿਆ ਹੈ ਤਾਂ ਨਿਕਲ ਜਾਵੇ। ਫੇਰ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਜਾਂਦੀ । ਹਰ ਇਕ ਦੀਆਂ ਅੱਖਾਂ ਚਿਮਨੀਆਂ ਵੱਲ ਹੁੰਦੀਆਂ। ਜਦੋਂ ਧੂੰਆਂ ਨਿਕਲਣਾ ਸ਼ੁਰੂ ਹੋ ਜਾਏ ਤਾਂ ਸਮਝੋ ਭੱਠਾ ਕਾਮਯਾਬ। ਸਾਰਿਆਂ ਦੇ ਸਾਹ ਵਿੱਚ ਸਾਹ ਆਉਣਾ ਤੇ ਜ਼ੋਰ ਦੀਆਂ ਤਾੜੀਆਂ ਵੱਜਣੀਆਂ। ਠੇਕੇਦਾਰ ਨੂੰ ਵਧਾਈਆਂ ਮਿਲਣੀਆਂ, ਅੱਗ ਸੂਰਜ ਡੁੱਬਣ ਵੇਲੇ ਲਗਾਈ ਜਾਂਦੀ ਸੀ । ਤਾਂਕਿ ਸਵੇਰ ਤੱਕ ਲੱਕੜ ਦੇ ਕੋਲੇ ਨਾਲ ਪਏ ਪੱਕੇ ਕੋਲੇ ਵੀ ਭੱਖ ਜਾਣ| ਸਵੇਰ ਤੋਂ ਹਰ ਘੰਟੇ ਹੋਰ ਕੋਲੇ ਪਾਏ ਜਾਂਦੇ ਤੇ ਜਿਉਂ-ਜਿਉਂ ਇੱਟਾਂ ਪੱਕਦੀਆਂ, ਚਿਮਨੀ ਨੂੰ ਚੁੱਕ ਕੇ ਦਸ ਫੁੱਟ ਅੱਗੇ ਕੀਤਾ ਜਾਂਦਾ, ਨਾਲ-ਨਾਲ ਕੋਲੇ ਦਾ ਪੂਰ ਵੀ ਚਲਦਾ ਰਹਿੰਦਾ। ਜਿਉਂ-ਜਿਉਂ ਪੱਕੀਆਂ ਹੋਈਆਂ ਇੱਟਾਂ ਠੰਡੀਆਂ ਹੁੰਦੀਆਂ, ਉਹਨਾਂ ਨੂੰ ਕੱਢ ਲਿਆ ਜਾਂਦਾ ਤੇ ਬਾਹਰ ਚੱਠੇ ਬਣਾ ਦਿੱਤੇ ਜਾਂਦੇ । ਦੂਜੇ ਪਾਸੇ ਕੱਚੀਆਂ ਇੱਟਾਂ ਟਿਕਾ ਦਿੱਤੀਆਂ ਜਾਂਦੀਆਂ। 

ਕੌਲੀ ਦੀ ਘੜੀ 

ਹਰ ਘੰਟੇ ਕੋਲਾ ਪਾਣਾ ਹੁੰਦਾ ਸੀ। ਜੇ ਵਿੱਚੋਂ ਵਾਰੀ ਅੱਗੇ ਪਿੱਛੇ ਹੋ ਜਾਏ ਤਾਂ ਇੱਟਾਂ ਪਿੱਲੀਆਂ ਰਹਿ ਜਾਂਦੀਆਂ ਜਾਂ ਸੜ ਜਾਂਦੀਆਂ। ਟਾਈਮ ਪੀਸ ਨਾਲ ਗੱਲ ਨਹੀਂ ਸੀ ਬਣਦੀ ਕਿਉਂਕਿ ਹਰ ਇਕ ਪਥੇਰੇ ਨੂੰ ਨੰਬਰ ਪੜ੍ਹਨਾ ਨਹੀਂ ਸੀ ਆਉਂਦਾ। ਰਾਤੀਂ ਨੀਂਦਰ ਵੀ ਆ ਜਾਂਦੀ ਸੀ। ਠੇਕੇਦਾਰ ਨੂੰ ਹੱਲ ਸੁਝ ਗਿਆ। ਘਰੋਂ ਕੌਲੀ ਲੈ ਕੇ ਉਹ ਦੇ ਵਿੱਚ ਨਿੱਕੀ ਜਿਹੀ ਮੋਰੀ ਕੀਤੀ ਤੇ ਉਹਨੂੰ ਪਾਣੀ ਵਿੱਚ ਰੱਖਿਆ। ਨਾਲ ਵਕਤ ਵੇਖਿਆ। ਸ਼ੁਰੂ ਵਿੱਚ ਘੰਟੇ ਤੋਂ ਵੱਧ ਲੱਗਦਾ ਸੀ, ਮੇਰੀ ਜ਼ਰਾ ਕੁ ਵੱਡੀ ਕਰ ਦਿੱਤੀ। ਇਸ ਤਰ੍ਹਾਂ ਹੌਲੀ-ਹੌਲੀ ਕੌਲੀ ਪੂਰੇ ਘੰਟੇ ਵਿੱਚ ਡੁਬਣੀ ਸ਼ੁਰੂ ਹੋ ਗਈ। ਟੀਨ ਦਾ ਕਨਸਤਰ ਲੈ ਕੇ ਉੱਤੋਂ ਕੱਟ ਕੇ, ਅੱਧ ਤੱਕ ਪਾਣੀ ਭਰ ਕੇ, ਦੋ ਇੱਟਾਂ ਤੇ ਰੱਖ ਦਿੱਤਾ। ਜਦੋਂ ਕੌਲੀ ਡੁੱਬੇ ਤਾਂ ਵੱਡਾ ਬੁਲਬਲਾ ਨਿਕਲੇ ਤੇ ‘ਟਨ’ ਦੀ ਅਵਾਜ਼ ਆਏ। ਠੇਕੇਦਾਰ ਨੇ ਪਥੇਰਿਆਂ ਨੂੰ ਹਦਾਇਤ ਦਿੱਤੀ ਕਿ ਜਿਸ ਦੀ ਵਾਰੀ ਹੋਵੇ, ਟੀਨ ਦੇ ਕੋਲ ਬੈਠੇ। ਜਦੋਂ ਕੌਲੀ ਡੁੱਬੇ, ਜਾ ਕੇ ਕੋਲਾ ਪਾ ਆਏ ਤੇ ਫੇਰ ਖਾਲੀ ਕੌਲੀ ਨੂੰ ਪਾਣੀ ਦੇ ਉੱਪਰ ਰੱਖ ਦੇਵੇ। ਘੰਟੇ ਬਾਅਦ ਫੇਰ ਉਹ ਡੁੱਬ ਜਾਂਦੀ। ਇਹ ਅਲਾਰਮ ਨਾ ਕਦੀ ਖ਼ਰਾਬ ਹੁੰਦਾ ਤੇ ਨਾ ਚਾਬੀ ਦੇਣੀ ਪੈਂਦੀ। ਸਾਲਾਂ ਭਰ ਜਦੋਂ ਵੀ ਭੱਠਾ ਚੜ੍ਹੇ ਕੌਲੀ ਕੰਮ ਆਉਂਦੀ ਰਹੀ। ਵਾਹ! ਵਾਹ! ਕੌਲੀ ਦੀ। 

ਭੱਠੇ ਦੇ ਬਹੁਤ ਸਾਰੇ ਫ਼ਾਇਦੇ ਹੋਏ। ਬੜੀਆਂ ਨੌਕਰੀਆਂ ਨਿਕਲੀਆਂ। ਆਰਜ਼ੀ ਰਾਜ ਮਿਸਤਰੀ, ਪਥੇਰੇ, ਮਜ਼ਦੂਰ ਤੇ ਪੱਕਾ ਮੁਨਸ਼ੀ। ਪਰ ਸਭ ਤੋਂ ਵੱਡਾ ਫ਼ਾਇਦਾ ਘੁਮਿਆਰਾਂ ਨੂੰ ਹੋਇਆ। ਕੋਲਾ ਲਿਆਉਣਾ, ਇੱਟਾਂ ਨੂੰ ਟਿਕਾਣਾ ਤੇ ਇੱਟਾਂ ਖ਼ਰੀਦਣ ਵਾਲਿਆਂ ਦੇ ਘਰੋਂ-ਘਰੀ ਪਹੁੰਚਾਉਣਾ। ਪਿੰਡ ਵਿੱਚ ਖੋਤੇ ਵੱਧ ਗਏ, ਘੁਮਿਆਰੀਆਂ ਛੱਟਾਂ ਬਣਾਣ ਦੀਆਂ ਮਾਹਿਰ ਹੋ ਗਈਆਂ। ਫੇਰ ਘੁਮਿਆਰਾਂ ਨੇ ਹੋਰ ਮਾਲ ਢੋਣਾ ਵੀ ਸ਼ੁਰੂ ਕਰ ਦਿੱਤਾ ਤੇ ਗੱਡੇ ਮਾਤ ਕਰ ਦਿੱਤੇ। ਵੱਡੇ ਟਰਾਂਸਪੋਰਟਰ ਬਣ ਗਏ। ਜਿਉਂ-ਜਿਉਂ ਲੋਕਾਂ ਨੇ ਪੱਕੇ ਘਰ ਬਨਾਣੇ ਸ਼ੁਰੂ ਕੀਤੇ, ਮਜ਼ਦੂਰਾਂ ਤੇ ਰਾਜ ਮਿਸਤਰੀਆਂ ਦੀ ਲੋੜ ਵੱਧ ਗਈ। ਇਹਨਾਂ ਹੱਥ ਪੈਸੇ ਆਉਣ ਕਰਕੇ ਵਸਤੂਆਂ ਦੀ ਵਿੱਕਰੀ ਵੱਧ ਗਈ। ਭੱਠੇ ਦਾ ਮਲਟੀਪਲਾਇਅਰ ਅਸਰ (Multiplier effect) ਭਾਰੀ ਸੀ ਭਾਵ ਕਈ ਕਿਸਮ ਦੇ ਕੰਮ-ਕਾਜ ਵੱਧ ਗਏ। 

ਠੇਕੇਦਾਰ ਆਪ ਵੀ ਅਮੀਰ ਬਣ ਗਿਆ। ਹਰ ਸਾਲ ਨਵਾਂ ਰੈਲੇ ਦਾ ਸਾਈਕਲ ਖਰੀਦ ਲਵੇ। ਆਪਣੇ ਖੂਹ ਤੇ ਹੋਰ ਜ਼ਮੀਨ ਦੇ ਟੋਟੇ ਵੀ ਖ਼ਰੀਦ ਲਏ। ਪਿੰਡ ਵਿੱਚ ਬੋਲਬਾਲਾ ਵੱਧ ਗਿਆ। ਹਰ ਇੱਟ ‘ਤੇ D.S.B. ਉੱਕਰਿਆ ਵੇਖ ਕੇ ਕੁਦਰਤੀ ਜੀਅ ਵੀ ਖ਼ੁਸ਼ ਹੁੰਦਾ। 

ਮਸ਼ੀਨ :

ਨਰੈਣ ਸਿੰਘ ਦਾ ਪਿੰਡ ਵਿੱਚ ਸਭ ਤੋਂ ਵਧੀਆਂ ਖਰਾਸ ਸੀ। ਉਸ ਦੀ ਭੈਣ ਲਾਇਲਪੁਰ ਜਿਲ੍ਹੇ ਵਿੱਚ ਚੱਕ ਨੰ. 45 ਵਿੱਚ ਜਿਉਣ ਸਿੰਘ ਨਾਲ ਵਿਆਹੀ ਹੋਈ ਸੀ। ਉਹਨਾਂ ਦੇ ਦੋ ਜਵਾਨ ਪੁੱਤਰ ਸਨ । ਲਧਾ ਸੁਹਾਗੇ, ਮੁਗਦਰ, ਲੱਠਾ ਚੁੱਕਣ ਵਾਲਾ ਲੰਮਾ ਉੱਚਾ ਜਵਾਨ ਤੇ ਕਿਸ਼ਨ ਬੜਾ ਵਧੀਆ ਉਸਤਾਦਾਂ ਤੋਂ ਸਿੱਖਿਆ ਇੰਜੀਨੀਅਰ ਸੀ। ਹਰ ਕਿਸਮ ਦੀ ਮਸ਼ੀਨ ਦਾ ਮਾਹਿਰ ਸੀ। ਲਾਇਲਪੁਰ ਆਉਂਦੇ-ਜਾਂਦੇ ਨਰੈਣ ਸਿੰਘ ਨੂੰ ਯਕੀਨ ਹੋ ਗਿਆ ਕਿ ਜਿਸ ਤਰ੍ਹਾਂ ਪਿੰਡ ਕੋਹਲੂ ਮੁਕਤ ਹੋ ਗਏ ਨੇ, ਏਸੇ ਤਰ੍ਹਾਂ ਖਰਾਸ ਵੀ ਮੁਕਤ ਹੋ ਜਾਣੇ ਨੇ । ਕਾਰਖ਼ਾਨਿਆਂ ਦੀ ਹਵਾ ਸਭ ਪਾਸੇ ਫੈਲਣੀ ਸ਼ੁਰੂ ਹੋ ਗਈ ਸੀ। ਇਸ ਦੂਰ ਦੀ ਸੋਚ ਨੂੰ ਸਾਹਮਣੇ ਰੱਖ ਕੇ ਨਰੈਣ ਸਿੰਘ ਨੇ ਆਪਣੇ ਜੀਜੇ ਨੂੰ ਮਨ੍ਹਾ ਲਿਆ ਕਿ ਤੂੰ ਮੁੰਡਿਆਂ ਨੂੰ ਨਾਨਕੇ ਪਿੰਡ ਮਸ਼ੀਨ ਲਾ ਦੇ। ਤੇਰੇ ਕੋਲ ਪੂੰਜੀ ਹੈ ਤੇ ਮੁੰਡੇ ਬੜੇ ਹੁਸ਼ਿਆਰ ਨੇ। ਛੋਟੀਆਂ ਗਲੋਟੀਆ ਦੇ ਪਿੰਡਾਂ ਵਿੱਚ ਕਿਧਰੇ ਵੀ ਮਸ਼ੀਨ ਨਹੀਂ। ਜਿਉਣ ਸਿੰਘ ਨੇ 1937 ਵਿੱਚ ਇੰਗਲੈਂਡ ਦਾ ਬਣਿਆ ਹੋਇਆ ਬੜਾ ਵੱਡਾ ਇੰਜਨ ਮੰਗਵਾ ਕੇ ਆਟੇ ਦੀ ਮਸ਼ੀਨ ਤੇ ਫੇਰ ਫਾਇਦਾ ਵੇਖ ਕੇ ਕਪਾਹ ਵੇਲਣ ਤੇ ਰੂੰ ਪਿੰਜਣ ਦੀਆਂ ਮਸ਼ੀਨਾਂ ਵੀ ਲਾ ਦਿੱਤੀਆਂ। ਪਿੰਡ ਵਿੱਚ ਟੱਬਰ ‘ਮਸ਼ੀਨ ਵਾਲੇ’ ਦੇ ਨਾਮ ’ਤੇ ਮਸ਼ਹੂਰ ਹੋ ਗਿਆ। 

ਮਸ਼ੀਨ ਲੱਗਣ ਦੇ ਨਾਲ ਗਲੋਟੀਆਂ, ਤੇ ਆਲੇ ਦੁਆਲੇ ਦੇ ਪਿੰਡਾਂ ‘ਤੇ ਅਸਰ ਪਿਆ। ਜ਼ਨਾਨੀਆਂ ਚੱਕੀਆਂ ਛੱਡ, ਹੋਰ ਕੰਮਾਂ-ਕਾਰਾਂ ਵਿੱਚ ਲੱਗ ਗਈਆਂ। ਮਸ਼ੀਨ ਉਹਨਾਂ ਵਾਸਤੇ ਇਕ ਕਿਸਮ ਦੀ ਮੁਕਤੀ ਸੀ। ਜਦੋਂ ਇੰਜਨ ਚਲਦਾ ਤੇ ਘੁੱਗੂ ਬੋਲਦਾ ਤਾਂ ਘਰਾਂ-ਘਰਾਂ ਤੋਂ, ਪਿੰਡਾਂ-ਪਿੰਡਾਂ ਤੋਂ, ਜ਼ਨਾਨੀਆਂ-ਆਦਮੀ ਕਣਕ ਚੁੱਕੀ ਮਸ਼ੀਨ ਨੂੰ ਤੁਰ ਪੈਂਦੇ। ਕਣਕ ਤੋਲ ਕੇ ਲਿਖੀ ਜਾਂਦੀ ਤੇ ਫੇਰ ਤੋਲ ਕੇ ਆਟਾ ਵਾਪਸ ਦੇ ਦਿੱਤਾ। ਜਾਂਦਾ। ਵਿੱਚੋਂ ਕੁਝ ਆਟਾ, ਮਸ਼ੀਨ ਦਾ ਭਾੜਾ ਰੱਖ ਲਿਆ ਜਾਂਦਾ। ਭਾਰ ਤੋਲਣ ਲੱਗਿਆਂ ਕਣਕ ਵਾਲਾ ਬੜੀ ਕਰੜੀ ਨਜ਼ਰ ਨਾਲ ਵੇਖਦਾ। ਘੁੱਗੂ ਦੀ ਅਵਾਜ਼ ਦੋ ਮੀਲਾਂ ਤੱਕ ਜਾਂਦੀ ਸੀ । ਘੁੱਗੂ ਹਰ ਇਕ ਨੂੰ ਚੰਗਾ ਲੱਗਦਾ ਸੀ। ਗਾਣੇ ਮਸ਼ਹੂਰ ਹੋ ਗਏ। 

ਏਕ ਦੋ ਤੀਨ ਬਾਬੇ ਬੁੱਢੇ ਦੀ ਮਸ਼ੀਨ ਘੁੱਗੂ ਸੱਚ ਬੋਲਦਾ ਦੁਲਾ ਬੇਈਮਾਨ ਆਟਾ ਘੱਟ ਤੋਲਦਾ। 

ਕੰਘੇ : ਪਿੰਡ ਕੰਘੇ ਬਨਾਣ ਦਾ ਇਕ ਬੜਾ ਵੱਡਾ ਕੇਂਦਰ ਸੀ। ਕਈ ਮੁੰਡੇ-ਬੁੱਢੇ ਇਹ ਕੰਮ ਕਰਦੇ ਸਨ। ਆਮ ਤੌਰ ‘ਤੇ ਕਾਲੀ ਟਾਹਲੀ ਦੀ ਕਾਊ ਤੇ ਚਿਕੜੀ ਦੀ ਲੱਕੜ ਵਰਤੀ ਜਾਂਦੀ ਸੀ। ਮੇਲਿਆਂ ਵਿੱਚ ਵੇਚਣ ਵਾਲੇ ਤੇ ਸ਼ਹਿਰਾਂ ਦੇ ਦੁਕਾਨਦਾਰ ਮਾਲ ਖ਼ਰੀਦ ਲੈਂਦੇ ਸਨ। 

ਦਰਜੀ : ਕੱਪੜੇ ਸਿਉਣ ਲਈ ਮਸ਼ੀਨ, ਸਾਈਕਲ ਤੋਂ ਦੂਣੀ ਮਹਿੰਗੀ, ਕਿਸੇ ਵਿਰਲੇ ਘਰ ਈ ਹੁੰਦੀ ਸੀ। ਆਮ ਜ਼ਨਾਨੀਆਂ ਸੂਈ ਨਾਲ ਕੱਪੜਾ-ਲੀੜਾ ਸੀ ਲੈਂਦੀਆਂ ਸਨ। ਜਿਸ ਨੇ ਮਸ਼ੀਨ ਨਾਲ ਕੱਪੜੇ ਸਵਾਣੇ ਹੁੰਦੇ ਉਹ ਭਾਟੀਆਂ ਦੀਆਂ ਵਿਧਵਾ ਜ਼ਨਾਨੀਆਂ ਤੋਂ ਸਿਲਵਾ ਲੈਂਦੀਆਂ। ਕਮੀਜ਼ ਦੀ ਸਲਵਾਈ 4 ਆਨੇ ਹੁੰਦੀ ਸੀ। ਵਿਆਹ ਸ਼ਾਦੀਆਂ ਦੇ ਕੱਪੜੇ ਹਰ ਕੋਈ ਸ਼ਹਿਰੋਂ ਜਾ ਕੇ ਬਣਵਾਂਦਾ ਸੀ। ਦਰਜੀ ਦੀ ਪਹਿਲੀ ਤੇ ਇਕੋ-ਇਕ ਦੁਕਾਨ 1940 ਵਿੱਚ ਗੁਰਚਰਨ ਭਾਟੀਏ ਨੇ ਖੋਲ੍ਹੀ। ਚੰਗਾ ਕਾਰੀਗਰ ਸੀ। ਛੇਤੀ ਹੀ ਮਸ਼ਹੂਰ ਹੋ ਗਿਆ। 

ਧੋਬੀ: ਹਰ ਘਰ ਦੀ ਧੋਬਣ, ਘਰਵਾਲੀ ਜਾਂ ਉਸ ਦੀਆਂ ਕੁੜੀਆਂ ਹੁੰਦੀਆਂ ਸਨ। ਸਿਵਾਏ ਜਿਸ ਦੇ ਘਰ ਵਿੱਚ ਆਪਣੀ ਖੂਹੀ ਜਾਂ ਨਲਕਾ ਹੋਵੇ, ਬਾਕੀਆਂ ਦੀਆਂ ਖੂਹ ਤੇ ਜਾਂ ਢਾਬ ‘ਤੇ ਜਾ ਕੇ ਕੱਪੜੇ ਧੋਂਦੀਆਂ ਸਨ। ਪਿੰਡ ਵਿੱਚ ਇਕੋ ਧੋਬੀ ਹੁੰਦਾ ਸੀ ਜਿਹੜਾ ਖੇਸ ਤੇ ਚਾਦਰਾਂ ਧੋਂਦਾ ਸੀ। ਉਸ ਦੇ ਕੋਲ ਭੱਠੀ ਨਹੀਂ ਸੀ ਤੇ ਨਾ ਹੀ ਉਸ ਦੇ ਕੋਲ ਇਸਤਰੀ (ਪ੍ਰੈੱਸ) ਸੀ। ਸ਼ਕੀਨ ਆਦਮੀ ਆਪਣੇ ਕੱਪੜੇ ਨਾਨੋਕੇ ਦੇ ਕਾਦਰ ਤੋਂ ਧੁਆਂਦੇ ਸਨ। ਦੁੱਧ-ਚਿੱਟੇ ਕੱਪੜੇ ਸੋਹਣੀ ਤਰ੍ਹਾਂ ਪ੍ਰੈਸ ਕਰਦਾ ਸੀ। ਕਾਦਰ ਦੀ ਵਹੁਟੀ ਕੱਪੜਿਆਂ ਨੂੰ ਭੱਠੀ ਵਿੱਚ ਪਾ ਕੇ ਕਾੜ੍ਹਦੀ ਤੇ ਫੇਰ ਆਪ ਜਾਂ ਕਾਦਰ ਉਹਨਾਂ ਨੂੰ ਧੋਂਦਾ। ਕਾਦਰ ਉਹਨਾਂ ਨੂੰ ਪ੍ਰੈਸ ਕਰਦਾ। ਕਾਦਰ ਬੜਾ ਖੂਬਸੂਰਤ ਆਦਮੀ ਸੀ। ਚਿਹਰੇ ਤੇ ਹਰ ਵੇਲੇ ਮੁਸਕੁਰਾਹਟ ਤੇ ਬੋਲਣ ਵਿੱਚ ਅਦਬ। ਜਦੋਂ ਸਰਦੇ-ਪੁੱਜਦੇ ਘਰਾਂ ‘ਚੋਂ ਕਮੀਜ਼ਾਂ, ਸੂਟ ਲੈਣ ਆਉਂਦਾ ਤਾਂ ਉਸ ਨੇ ਆਪ ਬੜੇ ਸੁੰਦਰ ਕੱਪੜੇ ਪਾਏ ਹੁੰਦੇ ਸਨ। ਚਿੱਟੀ ਸਲਵਾਰ-ਕਮੀਜ਼, ਕੁਲੇ ਤੇ ਚਿੱਟੀ ਪੱਗ ਤੇ ਕਾਲਾ ਕੋਟ, ਭਾਵੇਂ ਸਿਆਲ ਹੋਵੇ ਭਾਵੇਂ ਹਾੜ। ਉਹ ਆਪਣੇ ਹੁਨਰ ਦਾ ਆਪ ਚਲਦਾ-ਫਿਰਦਾ ਨਮੂਨਾ ਸੀ। 

ਗਰਾਮੋਫੂਨ ਦੀਆਂ ਸੂਈਆਂ:

ਜਦੋਂ ਦੂਜੀ ਜੰਗ ਤੇਜ਼ ਹੋ ਗਈ ਤਾਂ ਵਲੈਤ ਤੋਂ ਤਵਿਆਂ ਦੀਆਂ ਸੂਈਆਂ ਆਉਣੀਆਂ ਬੰਦ ਹੋ ਗਈਆਂ। ਇਸ ਲੋੜ ਨੂੰ ਪੂਰਾ ਕਰਨ ਲਈ ਗੁਜਰਾਂਵਾਲੇ ਸਾਦੀਆਂ ਜਿਹੀਆਂ ਮਸ਼ੀਨਾਂ ਲੱਗ ਗਈਆਂ। ਸਾਈਕਲ ਦਾ ਚੱਕਾ ਤੇ ਪੈਡਲ ਇਕ ਪਾਸੇ ‘ਤੇ ਗੋਲ ਪੱਥਰ ਦੂਜੇ ਪਾਸੇ। ਚੱਕੇ ਨੂੰ ਘੁਮਾਉ ਤਾਂ ਪਟੇ ਦੇ ਨਾਲ ਪੱਥਰ ਤੇਜ਼ੀ ਨਾਲ ਘੁੰਮਦਾ। ਤਾਰ ਦਾ ਇਕ ਪਾਸਾ ਰਗੜ ਕੇ ਸੂਈ ਬਣਾਈ ਜਾਂਦੀ, ਉਸ ਨੂੰ ਕੱਟ ਲਿਆ ਜਾਂਦਾ ਤੇ ਫੇਰ ਦੂਜੀ ਸ਼ੁਰੂ ਕਰ ਦਿੱਤੀ ਜਾਂਦੀ। ਇਹ ਸੱਨਅਤ ਛੇਤੀ ਹੀ ਪਿੰਡ ਆ ਗਈ। ਨੌਜਵਾਨ ਕਾਰੀਗਰਾਂ ਸਾਈਕਲ ‘ਤੇ ਗੁਜਰਾਂਵਾਲੇ ਜਾਣਾ, ਤਾਰ ਲੈ ਆਉਣੀ ਤੇ ਸੂਈਆਂ ਬਣਾ ਕੇ ਉਸੇ ਦੁਕਾਨਦਾਰ ਨੂੰ ਵੇਚ ਆਉਣੀਆਂ। ਉਥੋਂ ਡੱਬਿਆਂ ਵਿੱਚ ਪੈਕ ਹੋ ਕੇ ਬੰਬਈ ਤੇ ਕਰਾਚੀ ਚਲੀਆਂ ਜਾਂਦੀਆਂ, ਠੱਪੇ ਲੱਗ ਜਾਂਦੇ ਤੇ ਗਰਾਮੋਫੂਨਾਂ ਦੀਆਂ ਦੁਕਾਨਾਂ ਤੇ ਸਾਰੇ ਹਿੰਦੁਸਤਾਨ ਵਿੱਚ ਇਸ ਤਰ੍ਹਾਂ ਵਿਕਦੀਆਂ ਜਿਵੇਂ ਵਲੈਤੋਂ ਹੀ ਆਈਆਂ ਹੁੰਦੀਆਂ ਨੇ। ਕਿਸੇ ਨੂੰ ਕੀ ਪਤਾ ਕਿ ਏਹ (Made in Gujranwala) ਗੁਜਰਾਂਵਾਲੇ ਤੋਂ ਆਉਂਦੀਆਂ ਨੇ। 

ਸੁਨੇਹੇ-ਪੱਤਰ, ਢੋਆ-ਢੁਆਈ, ਆਵਾਜਾਈ 

ਸੁਨੇਹੇ ਕੰਨੋ-ਕੰਨੀਂ ਆਉਂਦੇ ਜਾਂਦੇ ਸਨ। ਪਿੰਡ ਵਿੱਚ ਨੈਣ ਜਾਂ ਮਰਾਸਨ ਘਰੋ ਘਰੀ ਖ਼ਬਰ ਲੈ ਕੇ ਜਾਂਦੀ, ਦੂਰ-ਦੁਰੇਡੇ ਨਾਈ ਜਾਂ ਮਰਾਸੀ। ਦੁਰੇਡੇ ਆਉਣ ਜਾਣ ਦੇ ਸਾਧਨ ਮਹਿੰਗੇ ਤੇ ਹਲਕੀ ਰਫ਼ਤਾਰ ਵਾਲੇ ਸਨ। ਬਹੁਤੇ ਲੋਕੀਂ ਯਾਰਾਂ ਨੰਬਰ ਬਸ ਭਾਵ ਆਪਣੀਆਂ ਲੱਤਾਂ ਈ ਵਰਤਦੇ ਸਨ। ਪਿੰਡੋ-ਪਿੰਡੀ ਜਾਂਦੇ ਆਦਮੀਆਂ ਨੇ ਬੱਚੇ ਨੂੰ ਮੋਢੇ ‘ਤੇ ਚੁੱਕਿਆ ਹੁੰਦਾ। ਜ਼ਨਾਨੀਆਂ ਦੇ ਸਿਰ ‘ਤੇ ਬੁਗਚੀ ਹੁੰਦੀ। ਸਫ਼ਰ ਨੰਗੇ ਪੈਰੀਂ ਹੁੰਦਾ ਸੀ। ਨਵੀਆਂ ਵਿਆਹੀਆਂ ਵਹੁਟੀਆਂ ਨੂੰ ਚਾਰ ਕਹਾਰ ਖ਼ੂਬਸੂਰਤ ਤੇ ਰੰਗਦਾਰ ਡੋਲੀ ਵਿੱਚ ਖੜਦੇ। ਪਹਿਲਾ ਫੇਰਾ ਟਾਂਗੇ ‘ਤੇ ਪਾਂਦੀਆਂ। ਸਰਦੇ-ਪੁੱਜਦੇ ਆਦਮੀ ਤੇ ਔਰਤਾਂ ਘੋੜੀਆਂ ਤੇ ਸਫ਼ਰ ਕਰਦੇ ਸਨ। 

ਧਰਮ ਅਸਥਾਨਾਂ ‘ਤੇ ਜਾਣ ਵਾਸਤੇ ਲੰਮੀ ਤਿਆਰੀ ਦੀ ਲੋੜ ਹੁੰਦੀ ਸੀ। ਸੱਸਕਾਰ ਤੋਂ ਬਾਅਦ ਹਿੰਦੂ ਤੇ ਸਿੱਖ ਅਸਥੀਆਂ ਹਰਦਵਾਰ ਜਾ ਕੇ ਜਲ ਪ੍ਰਵਾਹ ਕਰਦੇ ਸਨ। ਇਹ ਨਦੀਆਂ, ਨਾਲਿਆਂ, ਦਰਿਆਵਾਂ, ਜੰਗਲਾਂ ‘ਚੋਂ ਲੰਘਦਾ 300 ਮੀਲ ਦੂਰ ਦਾ ਫ਼ਾਸਲਾ ਖ਼ਤਰਨਾਕ ਹੁੰਦਾ ਸੀ। ਪਿੰਡਾਂ ਤੋਂ ਟੋਲਾ ਬਣਾ ਕੇ, ਕਈ ਘਰਾਂ ਦੀਆਂ ਅਸਥੀਆਂ ਇਕੱਠੀਆਂ ਕਰਕੇ, ਸਾਲ ਵਿੱਚ ਇਕ ਅੱਧੀ ਵਾਰੀ ਜਾਂਦੇ। ਮਹੀਨਾ ਦੋ ਮਹੀਨੇ ਆਮ ਲੱਗ ਜਾਂਦੇ। ਪੰਡਤ ਅਰਜਨ ਦਾਸ ਉਮਰ ਭਰ ਨਿਤ ਨੇਮ ਨਾਲ ਹਰ ਸਾਲ ਤੁਰ ਕੇ ਜੰਮੂ ਮਾਤਾ ਦੇਵੀ ਦੇ ਜਾਂਦਾ ਸੀ। ਹੱਜ ‘ਤੇ ਜਾਣਾ ਏਡੀ ਦੂਰ ਸੀ ਕਿ ਪਿੰਡੋਂ ਸਿਰਫ਼ ਇਕੋ ਆਦਮੀ ਹੱਜ ‘ਤੇ ਗਿਆ ਸੀ । ਹਾਜ਼ੀ ਸਾਹਿਬ ਨੂੰ ਛੇ ਮਹੀਨੇ ਲੱਗੇ। ਸਿੱਖਾਂ ਦੇ ਕਈ ਧਰਮ ਅਸਥਾਨ ਜਿਵੇਂ ਕਿ ਬਾਬੇ ਦੀ ਬੇਰ (ਸਿਆਲਕੋਟ), ਨਨਕਾਣਾ ਸਾਹਿਬ, ਲਾਹੌਰ, ਅੰਮ੍ਰਿਤਸਰ ਤੇ ਤਰਨਤਾਰਨ ਨੇੜੇ ਸਨ, 20 ਤੋਂ 60 ਮੀਲ ਦੂਰ। 

ਛੋਟੀਆਂ-ਮੋਟੀਆਂ ਵਸਤੂਆਂ ਤਾਂ ਵਹਿੰਗੀ ਵਾਲੇ ਲੈ ਜਾਂਦੇ ਸਨ ਪਰ ਪੈਦਾਵਾਰ ਗੱਡਿਆਂ ‘ਤੇ ਜਾਂਦੀ ਸੀ। ਫੇਰ ਖੋਤਿਆਂ ਦਾ ਇਸਤੇਮਾਲ ਸ਼ੁਰੂ ਹੋ ਗਿਆ। ਇਹਨਾਂ ਦੀ ਰਫ਼ਤਾਰ ਵੀ ਤੇਜ਼ ਸੀ ਤੇ ਖੇਤਾਂ ਤੋਂ ਲੈ ਕੇ ਜਿਥੇ ਚਾਹੋ ਮਾਲ ਸੁੱਟ ਦਿੰਦੇ ਸਨ। ਘੁਮਿਆਰਾਂ ਨੇ ਗੱਡਿਆਂ ਨੂੰ ਮਾਤ ਕਰ ਦਿੱਤਾ। ਘੁਮਿਆਰ ਦੂਰ ਦਰੇਡੇ ਵੀ ਜਾਣ ਲੱਗ ਪਏ। ਸੜਕ ਹੋਵੇ ਤਾਂ ਠੀਕ ਹੈ, ਨਾ ਹੋਵੇ ਤਾਂ ਵੀ ਠੀਕ। 

ਹਰ ਸਾਲ ਮਈ ਦੇ ਮਹੀਨੇ ਘੁਮਿਆਰਾਂ ਦਾ ਟੋਲਾ ਹਮਾਲੀਆ ਦੀਆਂ ਪਹਾੜੀਆਂ ਵੱਲ ਜਾਂਦਾ। ਇਹਨਾਂ ਘਾਟੀਆਂ ਵਿੱਚ ਜੰਗਲੀ ਬੇਰ ਬੜਾ ਹੁੰਦਾ ਸੀ। ਨਿੱਕੀਆਂ- ਨਿੱਕੀਆਂ ਬਸਤੀਆਂ ਵਿੱਚ ਜ਼ਨਾਨੀਆਂ ਤੇ ਬੱਚਿਆਂ ਨੇ ਬੇਰ ਚੁਗ ਕੇ ਸੁਕਾਏ ਹੁੰਦੇ ਸਨ। ਘੁਮਿਆਰ ਲੂਣ ਲੈ ਕੇ ਜਾਂਦੇ ਤੇ ਬੇਰ ਲੱਦ ਕੇ ਲੈ ਆਉਂਦੇ। ਪਿੰਡ ਘੁਮਿਆਰੀਆਂ ਆਪਣੇ ਘਰਾਂ ‘ਚੋਂ ਬੇਰ ਵੇਚਦੀਆਂ। ਦਾਣੇ ਲੈ ਜਾਉ ਤੇ ਬਰਾਬਰ ਦੇ ਬੇਰ ਲੈ ਆਉ। ਰਵਾਜਨ ਝੂੰਗਾ ਵੀ ਦੇ ਦੇਂਦੀਆਂ ਸਨ। ਹਰ ਕੋਈ, ਖ਼ਾਸ ਤੌਰ ‘ਤੇ ਬੱਚੇ, ਸਵਾਦ ਨਾਲ ਖਾਂਦੇ। ਪਰ ਇਕ ਖ਼ਿਆਲ ਰੱਖਣ ਦੀ ਲੋੜ ਹੁੰਦੀ ਸੀ। ਕਈ ਬੇਰਾਂ ਵਿੱਚ ਲੁੜੀਆਂ ਪਈਆਂ ਹੁੰਦੀਆਂ ਸਨ। ਲੁੜੀ ਵਾਲਾ ਪਾਸਾ ਛੱਡ ਕੇ ਬਾਕੀ ਦਾ ਬੇਰ ਬੱਚੇ ਤਾਂ ਖਾਈ ਜਾਂਦੇ ਸਨ। 

ਚਿੱਤਰੇ  (Panthers) 

ਸਿਆਲ ਵਿੱਚ ਕੰਧਾਂ ਨਾਲ ਖਲੋਤੇ ਧੁੱਪ ਸੇਕਦੇ, ਘੁਮਿਆਰ ਆਪਣੇ ਸਫ਼ਰ ਦੀਆਂ ਕਹਾਣੀਆਂ ਸੁਣਾਂਦੇ। ਬੇਰ ਲੈਣ ਗਏ ਟੋਲਾ ਬਣਾ ਕੇ ਪਹਾੜੀਆਂ ਨੂੰ ਜੇਠ ਦੇ ਮਹੀਨੇ ਜਾਂਦੇ। ਨਦੀਆਂ ਨਾਲਿਆਂ ਨੂੰ ਪਾਰ ਕਰਨਾ ਸੌਖਾ ਸੀ ਕਿਉਂਕਿ ਬਰਸਾਤਾਂ ਅਜੇ ਦੂਰ ਸਨ। ਨਦੀਆਂ ਵਿੱਚ ਪਾਣੀ ਘੱਟ ਹੁੰਦਾ ਸੀ। ਪਰ ਜਾਂਦੀ ਵਾਰ ਇਕ ਗੱਲ ਦਾ ਧਿਆਨ ਰੱਖਣਾ ਪੈਂਦਾ ਸੀ। ਲੂਣ ਦੇ ਢੇਲਿਆਂ (rock salt) ਨਾਲ ਲੱਦਿਆ ਖੋਤਾ ਨਦੀ ਵਿੱਚ ਬਹਿ ਜਾਂਦਾ ਸੀ। ਕੁਝ ਲੂਣ ਖੁਰ ਜਾਂਦਾ ਭਾਰ ਹੌਲਾ ਹੋ ਜਾਂਦਾ। ਖੋਤੇ ਨੂੰ ਭਾਵੇਂ ਹਰ ਕੋਈ ਖੋਤਾ ਹੀ ਸਮਝਦਾ ਹੈ ਪਰ ਅਕਲੋਂ ਇੰਨਾ ਲਤੀਫ਼ ਨਹੀਂ ਕਿ ਨਦੀ ਵਿੱਚ ਨਾ ਬੈਠੇ। 

ਰਸਤੇ ਵਿੱਚ ਖੋਤਿਆਂ ਦੇ ਚਰਨ ਲਈ ਘਾਹ ਆਮ ਹੁੰਦਾ ਸੀ। ਆਦਮੀ ਆਪਣੇ ਰੋਟੀ-ਟੁਕਰ ਲਈ ਸਾਮਾਨ ਨਾਲ ਲੈ ਜਾਂਦੇ ਸਨ। ਪਹਾੜੀਆਂ ਵਿੱਚ ਚਿੱਤਰਾ (ਪਹਾੜੀ ਸ਼ੇਰ) ਬੜਾ ਹੁੰਦਾ ਸੀ। ਰਾਤੀਂ ਡਰ ਹੁੰਦਾ ਸੀ ਕਿ ਚਿੱਤਰਾ ਕਿਧਰੇ ਕਿਸੇ ਖੋਤੇ ਨੂੰ ਘਸੀਟ ਕੇ ਨਾ ਲੈ ਜਾਏ। ਮਾਲਕ ਤਾਂ ਮਾਰਿਆ ਗਿਆ। ਦੱਸਦੇ ਸੀ ਕਿ ਚਿੱਤਰੇ ਦੇ ਪੈਰਾਂ ਦੀ ‘ਵਾਜ਼, ਚੋਰਾਂ ਵਾਂਗਰ ਉੱਕਾ ਨਹੀਂ ਸੀ ਆਉਂਦੀ। ਰਾਤ ਨੂੰ ਨਜ਼ਰ ਨਹੀਂ ਆਉਂਦਾ ਪਰ ਉਹਦੀਆਂ ਚਮਕਦੀਆਂ ਅੱਖਾਂ ਹਨੇਰਾ ਵੀ ਪਾੜ ਦਿੰਦੀਆਂ ਸਨ। ਉਹਨਾਂ ਦੇ ਹੱਥਾਂ-ਪੈਰਾਂ ਵਿੱਚ ਇੰਨੀ ਤਾਕਤ ਹੁੰਦੀ ਕਿ ਆਪਣੇ ਤੋਂ ਚਾਰ-ਪੰਜ ਗੁਣਾ ਭਾਰੀ ਜਾਨਵਰ ਨੂੰ ਝੱਟ ਪੱਟ ਹੀ ਘਸੀਟ ਕੇ ਲੈ ਜਾਣ। ਇਕੋ ਇਲਾਜ ਸੀ ਕਿ ਰਾਤ ਭਰ ਆਲੇ-ਦੁਆਲੇ ਅੱਗ ਬਾਲੀ ਰੱਖੋ। ਚਿਤਰੇ ਅੱਗ ਤੋਂ ਬੜਾ ਡਰਦੇ, ਨੇੜੇ ਨਹੀਂ ਆਉਂਦੇ। ਚਿਤਰਿਆ ਦੀਆਂ ਕਹਾਣੀਆਂ ਤਾਂ ਹਰ ਕੋਈ ਸੁਣਦਾ ਪਰ ਕਦੀ ਕਿਸੇ ਨੇ ਉਹਦੀ ਸੂਰਤ ਜਾਂ ਮੂਰਤ ਨਹੀਂ ਸੀ ਵੇਖੀ। 

ਵੀਹਵੀਂ ਸਦੀ ਦੇ ਸ਼ੁਰੂ ਵਿੱਚ ਟਾਂਗੇ ਸ਼ੁਰੂ ਹੋਏ। ਆਪਣੇ ਵੇਲੇ ਆਵਾਜਾਈ ਵਿੱਚ ਇਹ ਇਨਕਲਾਬ ਸਨ। ਕਰਾਇਆ ਘੱਟ ਤੇ ਰਫ਼ਤਾਰ ਤੇਜ਼। ਦੋ ਘੰਟੇ ਵਿੱਚ ਗੁਜਰਾਂਵਾਲੇ ਪਹੁੰਚ ਜਾਂਦੇ ਤੇ ਕਰਾਇਆ ਚਾਰ ਆਨੇ ਇਕ ਪਾਸੇ ਦਾ। ਜੇ ਕੋਈ ਸਾਲਮ ਟਾਂਗਾ ਕਰੇ ਤਾਂ ਸਵਾ ਰੁਪਇਆ। ਡੱਸਕੇ ਜਾਣ ਲਈ ਇਕ ਟੁੱਟਾ-ਭੱਜਾ ਯੱਕਾ ਹੁੰਦਾ ਸੀ ਪਰ ਉਹ ਵੀ ਕੋਈ ਬੀਮਾਰ ਜਾਂ ਬੁੱਢਾ ਹੀ ਵਰਤਦਾ ਸੀ। ਹੌਲੀ-ਹੌਲੀ ਗੁਜਰਾਂਵਾਲੇ ਜਾਣ ਵਾਸਤੇ ਅੱਠ ਟਾਂਗੇ ਹੋ ਗਏ ਪੰਜ ਮੁਸਲਮਾਨਾਂ ਦੇ, ਤਿੰਨ ਸਿੱਖਾਂ ਦੇ ਤੇ ਇਕ ਪੰਡਤਾਂ ਦਾ। ਮਨ੍ਹਾ ਮਾਛੀ ਪਹਿਲਾਂ ਟਾਂਗੇ ਵਾਲਾ ਸੀ ਜਿਸ ਨੇ ਗੁਜਰਾਂਵਾਲੇ ਜਾਣਾ ਸ਼ੁਰੂ ਕੀਤਾ। ਕੱਚੀਆਂ ਸੜਕਾਂ ‘ਤੇ ਸਿਰਫ਼ ਅਰਜਨ ਈ ਹੁੰਦਾ ਸੀ ਜਿਹੜਾ ਟਾਂਗੇ ਤੇ ਨਵੀਆਂ ਵਹੁਟੀਆਂ ਨੂੰ ਸੌਹਰੇ ਛੱਡ ਆਉਂਦਾ ਸੀ ਜਾਂ ਪੇਕੇ ਲੈ ਆਉਂਦਾ ਸੀ। ਪਿੰਡ ਨੂੰ ਬੱਸ ਕੋਈ ਨਹੀ ਸੀ ਆਉਂਦੀ। 

ਗੁਜਰਾਂਵਾਲੇ ਤੋਂ ਲੰਘਦੀ, ਲਾਹੌਰ-ਪਸ਼ੌਰ ਦੀ ਰੇਲ ਗੱਡੀ 1883 ਵਿੱਚ ਚਲੀ। ਧੂੰਆਂ ਕੱਢਦੀ, ਚੀਕਾਂ ਮਾਰਦੀ, ਰੇਲ ਗੱਡੀ ਦੀਆਂ ਕਹਾਣੀਆਂ ਮਸ਼ਹੂਰ ਹੋ ਗਈਆਂ। 

ਗੁਜਰਾਂਵਾਲੇ ਤੋਂ ਲਾਹੌਰ ਤਿੰਨ ਘੰਟੇ ਲੱਗਦੇ ਤੇ ਕਿਰਾਇਆ ਸਿਰਫ਼ ਇਕ ਰੁਪਇਆ। ਰੇਲ ਦਾ ਪਹਿਲਾਂ ਸਫ਼ਰ ਮੰਗਲ ਸਿੰਘ ਨੇ ਆਪਣੇ ਰੋਜ਼ਨਾਮਚੇ ਵਿੱਚ ਦਰਜ ਕੀਤਾ ਜਦੋਂ ਉਹ ਲੱਖਾ ਸਿੰਘ ਰਾਮਗੜ੍ਹੀਏ ਦੇ ਪੁੱਤਰ ਸੋਹਨ ਦੇ ਵਿਆਹ ਤੇ ਆਸਨਸੋਲ ਗਏ। ਸਾਕ ਗੁਛਾ ਸਿੰਘ ਭਾਟ, ਵੱਡੀਆ ਗਲੋਟੀਆਂ ਵਾਲੇ ਨੇ ਕਰਾਇਆ ਸੀ। ਲੱਖਾ ਸਿੰਘ ਤੇ ਮੰਗਲ ਸਿੰਘ ਪਿੰਡੋਂ 21 ਨਵੰਬਰ 1916 ਨੂੰ ਰਵਾਨਾ ਹੋਏ। 22 ਨਵੰਬਰ ਨੂੰ ਗੁਜਰਾਂਵਾਲੇ ਤੋਂ ਤੇਜ਼ ਡਾਕ ਗੱਡੀ ਪਕੜੀ। ਅੰਬਾਲੇ, ਦਿੱਲੀ ਤੋਂ ਹੁੰਦੀ ਹੋਈ ਗੱਡੀ 23-24 ਨਵੰਬਰ ਦੀ ਰਾਤ ਨੂੰ ਅਲਾਹਾਬਾਦ ਪਹੁੰਚੀ। ਉਥੋਂ 24 ਨਵੰਬਰ ਨੂੰ ਐਕਸਪ੍ਰੈਸ ਗੱਡੀ ਲੈ ਕੇ ਮੁਗਲਸਰਾਏ ਹੁੰਦੇ ਹੋਏ 24-25 ਨਵੰਬਰ ਦੀ ਰਾਤ ਨੂੰ ਆਸਨਸੋਲ ਪਹੁੰਚੇ । ਇਸ ਤਰ੍ਹਾਂ 1200 ਮੀਲ ਦਾ ਫ਼ਾਸਲਾ ਪੰਜ ਦਿਨਾਂ ਤੇ ਚਾਰ ਰਾਤਾਂ ਵਿੱਚ ਪੂਰਾ ਹੋਇਆ। 

ਕਿਸੇ-ਕਿਸੇ ਦੇ ਕੋਲ ਸਾਈਕਲ ਹੁੰਦਾ ਸੀ ਕਿਉਂਕਿ ਮਹਿੰਗੇ ਹੁੰਦੇ ਸਨ। 1915 

ਵਿੱਚ ਪਹਿਲੇ ਸਾਈਕਲ ਨੇ ਪਿੰਡ ਮੂੰਹ ਵਿਖਾਇਆ। ਪਹਿਲੀ ਜੰਗ ਤੋਂ ਪਿੱਛੋਂ ਕੀਮਤਾਂ ਕੁਝ ਘੱਟੀਆ ਤੇ ਇਕ ਦੋ ਹੋਰ ਸਾਈਕਲ ਆ ਗਏ। ਹੌਲੀ-ਹੌਲੀ ਵਧ ਗਏ, ਖ਼ਾਸ ਤੌਰ ‘ਤੇ 1930 ਤੋਂ ਪਿੱਛੋਂ। ਉਹਨਾਂ ਦਿਨਾਂ ਵਿੱਚ ਰੈਲੇ (Raleigh) 55-60 ਰੁਪਏ ਦਾ ਆਉਂਦਾ ਸੀ ਤੇ ਹਰਕੋਲੀਸ (Herculese) 45 ਰੁਪਏ ਦਾ। ਸਮਝੋ ਕਿ ਇਕ ਮਿਸਤਰੀ ਜਾਂ ਬਾਊ ਦੀ ਦੋ ਮਹੀਨੇ ਦੀ ਆਮਦਨ (ਜਾਂ ਸਾਲ ਦੀ ਬੱਚਤ) ਨਾਲ ਸਾਈਕਲ ਆਉਂਦਾ ਸੀ। ਦੂਜੀ ਜੰਗ ਖ਼ਤਮ ਹੋਣ ਤਕ ਪਿੰਡ ਵਿੱਚ 15 ਸਾਈਕਲ ਸਨ, ਅੱਧੇ ਡੱਸਕੇ ਹਾਈ ਸਕੂਲੇ ਪੜ੍ਹਦਿਆਂ ਦੇ। ਚਲਾਣਾ ਵੀ ਕਿਸੇ ਨੂੰ ਘੱਟ ਹੀ ਆਉਂਦਾ ਸੀ। ਕੁੜੀ ਤਾਂ ਕੋਈ ਵੀ ਸਾਈਕਲ ਨਹੀਂ ਸੀ ਚਲਾਂਦੀ। ਇਕ ਵਾਰੀ ਬਾਵੀ ਦੀ ਭੈਣ ਬਚਨੀ (ਗੁਰਬਚਨ ਕੌਰ) ਪਿੰਡ ਛੁੱਟੀਆਂ ਕੱਟਣ ਆਈ ਤੇ ਆਪਣਾ ਛੋਟਾ ਸਾਈਕਲ ਨਾਲ ਲਿਆਈ। ਮੁੰਡੇ ਉਸ ਦੇ ਵੱਲ ਵੇਖਣ ਕਿ ਕਿਸ ਤਰ੍ਹਾਂ ਸਾਈਕਲ ‘ਤੇ ਚੜ੍ਹਦੀ ਏ। 

ਪਿੰਡ ਵਿੱਚ ਮੁਰੰਮਤ ਦੀ ਕੋਈ ਦੁਕਾਨ ਨਹੀਂ ਸੀ । ਸਾਈਕਲ ਨੂੰ ਡੱਸਕੇ ਖੜ੍ਹਣਾ ਪੈਂਦਾ ਸੀ। ਸੋਚੋ! ਕਈ ਮੀਲ ਸਾਈਕਲ ਨੂੰ ਰੋੜਣਾ ਜਾਂ ਘਸੀਟਣਾ ਛੋਟੇ ਮੁੰਡਿਆਂ ਵਾਸਤੇ ਸੌਖਾ ਨਹੀਂ ਸੀ। ਛੋਟੀ-ਮੋਟੀ ਮੁਰੰਮਤ ਤਾਂ ਆਪ ਹੀ ਕਰਨੀ ਪੈਂਦੀ ਸੀ। ਕੱਚੀਆਂ ‘ ਸੜਕਾਂ ‘ਤੇ ਕਿਧਰੇ-ਕਿਧਰੇ ਕੰਡੇ ਜਾਂ ਸੂਲਾਂ ਹੁੰਦੀਆਂ ਹੀ ਸਨ ਤੇ ਟਾਇਰ ਆਮ ਪੰਕਚਰ ਹੋ ਜਾਂਦੇ ਸਨ। ਡੱਸਕੇ ਸਾਈਕਲਾਂ ਦੀਆਂ ਪੰਜ-ਛੇ ਦੁਕਾਨਾਂ ਸਨ । ਉਹਨਾਂ ‘ਤੇ ਇਸ਼ਤਿਹਾਰਬਾਜ਼ੀ ਦੇ ਚੁਸਤ ਲਫ਼ਜ਼ ਲਿਖੇ ਹੁੰਦੇ ਸਨ, ਜਿਵੇਂ ਕਿ : 

ਕਿਧਰ ਕੋ ਜਾ ਰਹੇ ਹੋ, ਕਿਧਰ ਕਾ ਖ਼ਿਆਲ ਹੈ 

ਬੀਮਾਰ ਸਾਈਕਲੋਂ ਕਾ, ਯਹੀ ਹਸਪਤਾਲ ਹੈ। 

ਪਹਿਲਾਂ ਡਾਕਖਾਨਾ ਵੱਡੀਆਂ ਗਲੋਟੀਆਂ ਸਕੂਲੇ 1900 ਦੇ ਮੋੜ ‘ਤੇ ਖੁਲ੍ਹਿਆ। ਕਰਾਚੀ, ਬੰਬਈ ਜਾਂ ਵਲੈਤ ਗਏ ਭਾਟੜੇ ਘਰਾਂ ਨੂੰ ਆਮ ਚਿੱਠੀਆਂ ਪਾਂਦੇ ਰਹਿੰਦੇ ਸਨ। 

ਛੋਟੀਆਂ ਗਲੋਟੀਆਂ ਦੀ ਕੋਈ ਚਿੱਠੀ ਆਵੇ ਤਾਂ ਉਹ ਵੀ ਵੱਡੀਆਂ ਗਲੋਟੀਆਂ ਪੜ੍ਹਦਾ ਕੋਈ ਬੱਚਾ ਲੈ ਆਉਂਦਾ ਸੀ। ਬੜੀਆਂ ਦਰਖ਼ਾਸਤਾਂ ਤੋਂ ਬਾਅਦ 1914 ਵਿੱਚ ਪਿੰਡ ਵਿੱਚ ਡਾਕਖਾਨਾ ਖੁੱਲ੍ਹ ਗਿਆ। ਮੁੰਡਿਆਂ ਦੇ ਸਕੂਲ ਦਾ ਮੁਨਸ਼ੀ ਹਾਕਮ ਸਿੰਘ ਪਹਿਲਾਂ ਪੋਸਟਮਾਸਟਰ ਬਣਿਆ। ਉਸ ਨੂੰ ਸਕੂਲੋਂ 20 ਰੁਪਏ ਮਹੀਨਾ ਤਨਖ਼ਾਹ ਮਿਲਦੀ ਸੀ ਤੇ ਡਾਕਖਾਨੇ ਦੇ 7 ਰੁਪਏ ਵਾਧੂ ਹੋ ਗਏ। ਡਾਕ ਦਾ ਕੰਮ ਤਫ਼ਰੀ ਵੇਲੇ ਕੀਤਾ ਜਾਂਦਾ ਸੀ। 

ਡਾਂਗ ਦੇ ਪਿਛਲੇ ਪਾਸੇ, ਮੋਢੇ ‘ਤੇ ਥੈਲਾ ਲਟਕਦਾ, ਨੰਗੇ ਪੈਰੀਂ, ਉੱਚਾ ਲੰਬਾ, ਪਤਲਾ ਪਤੰਗ ਹਰਕਾਰਾ ਡੱਸਕੇ ਤੋਂ ਚਲਦਾ ਤੇ ਰਾਜੇਕੁਮਾਨ, ਵੱਡੀਆਂ ਗਲੋਟੀਆਂ ਤੇ ਛੋਟੀਆਂ ਗਲੋਟੀਆਂ ਹੋ ਕੇ ਡੱਸਕੇ ਡਾਕਘਰ ਵਾਪਸ ਪਹੁੰਚ ਜਾਂਦਾ। ਇੰਨੀ ਤੇਜ਼ੀ ਨਾਲ ਤੁਰਦਾ ਕਿ 12 ਮੀਲ ਦਾ ਗੇੜ ਅੱਧੇ ਦਿਨ ਵਿੱਚ ਪੂਰਾ ਕਰ ਲੈਂਦਾ। ਜਦੋਂ ਤਫ਼ਰੀ ਦੀ ਟੱਲੀ ਵੱਜੇ, ਐਨ ਉਸੇ ਵੇਲੇ ਹਰਕਾਰੇ ਨੇ ਪਹੁੰਚ ਜਾਣਾ। ਆ ਕੇ ਕੈਨਵਸ ਦਾ ਬੈਗ ਮੁਨਸ਼ੀ ਦੇ ਸਾਹਮਣੇ ਸੁੱਟਣਾ। ਮੁੰਡਿਆਂ ਨੇ ਆਲੇ-ਦੁਆਲੇ ਇਕੱਠੇ ਹੋ ਜਾਣਾ। ਮੁਨਸ਼ੀ ਮੋਹਰ ਤੋੜਦਾ, ਥੈਲਾ ਉਲਟਾਂਦਾ। ਵਿੱਚੋਂ ਪੰਜ-ਛੇ ਚਿੱਠੀਆਂ ਡਿੱਗ ਪੈਂਦੀਆਂ। ਕਦੀ- ਕਦਾਈਂ ਉਸ ਦੇ ਵਿੱਚ ਚਮੜੇ ਦੀ ਥੈਲੀ ਵੀ ਹੁੰਦੀ ਸੀ। ਉਸ ਉੱਤੇ ਵੀ ਲਾਖ ਦੀ ਮੋਹਰ ਹੁੰਦੀ ਸੀ। ਵਿੱਚੋਂ ਕਿਸੇ ਫ਼ੌਜੀ ਜਾਂ ਮੁਲਾਜ਼ਮ ਦੇ ਦੂਰੋਂ ਭੇਜੇ ਟੱਬਰ ਵਾਸਤੇ ਪੈਸੇ ਨਿਕਲਦੇ। ਮੁਨਸ਼ੀ ਖ਼ੁਸ਼ ਹੋ ਜਾਂਦਾ ਤੇ ਮੁੰਡਿਆਂ ਤਾੜੀਆਂ ਮਾਰਨੀਆਂ। ਝੱਟ ਹੀ ਮੁੰਡਿਆਂ ਨੇ ਘਰੋ- ਘਰੀਂ ਚਿੱਠੀਆਂ ਵੰਡ ਆਉਣੀਆਂ ਪਰ ਪੈਸੇ ਦੇਣ ਸਕੂਲ ਦੇ ਬੰਦ ਹੋਣ ਤੋਂ ਪਿੱਛੋਂ ਮੁਨਸ਼ੀ ਆਪ ਜਾਂਦਾ ਸੀ। 

ਆਮ ਲੋਕੀਂ ਅਨਪੜ੍ਹ ਹੁੰਦੇ ਸਨ । ਜੇ ਕਿਸੇ ਨੇ ਚਿੱਠੀ ਲਿਖਵਾਣੀ ਹੋਵੇ ਤਾਂ ਸਕੂਲ ਖ਼ਤਮ ਹੋਣ ‘ਤੇ ਮੁਨਸ਼ੀ ਕੋਲੋਂ ਜਾਂ ਕਿਸੇ ਦੁਕਾਨਦਾਰ ਤੋਂ ਲਿਖਵਾ ਲੈਂਦਾ ਸੀ। ਹਾਈ ਸਕੂਲ ਦੇ ਮੁੰਡੇ ਵੀ ਲਿਖ ਦਿੰਦੇ ਸੀ। ਪਰ ਜਦੋਂ ਕਿਸੇ ਮੁਟਿਆਰ ਨੇ ਆਪਣੇ ਘਰ ਵਾਲੇ ਨੂੰ ਕੋਈ ਦਿਲ ਦੀ ਗੱਲ ਲਿਖਣੀ ਹੋਵੇ ਤਾਂ ਉਹ ਵਿਹਲੇ ਵੇਲੇ ਮੁਨਸ਼ੀ ਤੋਂ ਲਿਖਵਾਉਂਦੀ। ਉਸ ਤੇ ਪੂਰਾ ਵਿਸ਼ਵਾਸ ਹੁੰਦਾ ਸੀ ਕਿ ਧੂ ਨਹੀਂ ਕੱਢੇਗਾ । ਇਸ ਕਾਰਜ ਨੂੰ ਲੋਕ ਗੀਤਾਂ ਵਿੱਚ ਵੀ ਥਾਂ ਮਿਲ ਗਈ। 

ਤੈਨੂੰ ਦਿਆਂਗੀ ਪੰਜ ਪਤਾਸੇ ਵੇ ਮੁਨਸ਼ੀ ਖ਼ਤ ਲਿਖ ਦੇ…  

10 

ਰੋਗਤਾ-ਅਰੋਗਤਾ 

ਬੱਚੇ ਘਰੋ-ਘਰੀਂ ਪੈਦਾ ਹੁੰਦੇ ਸਨ। ਪਿੰਡ ਵਿੱਚ ਦੋ ਦਾਈਆਂ ਸਨ, ਉਮਰਾਂ ਬਰਵਾਲੀ ਤੇ ਦਾਨੋ ਕਸ਼ਮੀਰਨ। ਇਹ ਗਿਆਨ ਦਾਈਆਂ ਆਪਣੀਆਂ ਨੂੰਹਾਂ ਨੂੰ ਸਿਖਾ ਦੇਂਦੀਆਂ ਸਨ ਤੇ ਟੱਬਰੋ-ਟੱਬਰੀ ਚਲਿਆ ਆਉਂਦਾ ਸੀ। ਬੱਚਾ ਹੋਣ ਤੋਂ ਮਹੀਨਾ ਪਹਿਲੋਂ, ਦਾਈ ਘਰ ਫੇਰਾ ਪਾਣ ਲੱਗ ਪੈਂਦੀ ਸੀ ਤੇ ਹੋਣ ਵਾਲੀ ਮਾਂ ਨਾਲ ਵੱਖਰੇ ਕਮਰੇ ਵਿੱਚ ਬਹਿ ਕੇ ਗੱਲਾਂ-ਬਾਤਾਂ ਕਰਦੀ ਤੇ ਪੇਟ ਵੇਖਦੀ। ਜਦੋਂ ਜੰਮਣ ਦੇ ਨੇੜੇ ਆਵੇ ਤਾਂ ਕੋਲ ਹੀ ਰਹਿੰਦੀ ਤੇ ਹੱਥੀਂ ਬੱਚਾ ਜਮਾਂਦੀ। ਘਰ ਜਾ ਮਹੱਲੇ ਦੀਆਂ ਔਰਤਾਂ ਵੀ ਕੋਲ ਹੁੰਦੀਆਂ। ਜੇ ਕਦੀ ਕੋਈ ਖ਼ਰਾਬੀ ਹੋ ਜਾਏ ਤਾਂ ਡੱਸਕੇ ਹਸਪਤਾਲ ਖੜਣ ਜੋਗਾ ਵੇਲਾ ਨਹੀਂ ਸੀ ਹੁੰਦਾ। ਕਈ ਵਾਰੀ ਖੂਨ ਨਹੀਂ ਸੀ ਰੁਕਦਾ ਤੇ ਮਾਂ ਮਰ ਵੀ ਜਾਂਦੀ ਸੀ। ਕਈ ਬੱਚੇ ਵੀ ਨਹੀਂ ਸਨ ਬੱਚਦੇ। ਰੱਬ ਦਾ ਭਾਨਾ! ਦਾਈ ਨੂੰ ਦੋਸ਼ ਕੋਈ ਨਹੀਂ ਸੀ ਦੇਂਦਾ। 

ਕਈ ਮੁਟਿਆਰਾਂ ਤਕੜੀਆਂ ਤੇ ਦਿਲ ਵਾਲੀਆਂ ਹੁੰਦੀਆਂ ਸਨ। ਇਕ ਵਾਰੀ ਮਾਇਆ ਦੇ ਨਾਲ ਚੱਕਵਾਲੇ ਖੂਹ ਤੇ ਕੁਝ ਜ਼ਨਾਨੀਆਂ ਕਪਾਹ ਚੁਗਨ ਗਈਆਂ। 

ਗਰਭਵਤੀ ਜ਼ਨਾਨੀ ਨੇ ਖੇਤ ਵਿੱਚ ਹੀ ਬੱਚਾ ਜੰਮ ਦਿੱਤਾ। ਨਾਲ ਦੀਆਂ ਜ਼ਨਾਨੀਆਂ ਨੇ ਦੇਖ ਭਾਲ ਕੀਤੀ। ਨਾੜੂ ਬੰਨ੍ਹ ਦਿੱਤਾ। ਸ਼ਾਮ ਨੂੰ ਬੱਚਾ ਆਪੇ ਚੁੱਕ ਕੇ ਦੂਜੀਆਂ ਜ਼ਨਾਨੀਆਂ ਦੇ ਨਾਲ ਪਿੰਡ ਆ ਗਈ। ਖ਼ੁਸ਼ ਹੋਈ ਮਾਇਆ ਨੇ ਉਹਦੇ ਚੁਗਣ ਦੇ ਹਿੱਸੇ ਨਾਲੋਂ ਦੁਨੀ ਕਪਾਹ ਉਹਦੇ ਘਰ ਭੇਜ ਦਿੱਤੀ। 

ਔਰਤਾਂ, ਆਦਮੀਆਂ ਨਾਲੋਂ ਲੰਮੀ ਉਮਰ ਤਕ ਜਿਉਂਦੀਆਂ ਸਨ। ਆਦਮੀਆਂ ਨਾਲੋਂ ਘੱਟ ਰੋਗੀ ਹੁੰਦੀਆਂ ਸਨ । ਆਦਮੀ ਬੁਖ਼ਾਰ ਚੜ੍ਹਨ ਦੇ ਨਾਲ ਮਰ ਜਾਂਦੇ ਸਨ। 

ਬਹੁਤੀ ਵਾਰੀ ਅਸਲੀ ਰੋਗ ਦਾ ਪਤਾ ਨਹੀਂ ਸੀ ਲੱਗਦਾ। ਫੇਰ ਵੀ ਪਿੰਡ ਦੇ ਲੋਕਾਂ ਦੀ ਕਾਠੀ ਬੜੀ ਚੰਗੀ ਸੀ। ਕਈ 80, 90, 100 ਤਕ ਪਹੁੰਚ ਜਾਂਦੇ ਸਨ । ਜਿਹੜਾ 70 ਸਾਲਾਂ ਦਾ ਹੋ ਜਾਏ ਉਸ ਨੂੰ ਬੁੱਢਾ ਸਮਝਦੇ ਸਨ । ਕਹਿੰਦੇ ਸਨ ਕਿ ਸੱਤਰ-ਬੱਤਰ ਕਤਾ ਏ, ਭਾਵੇਂ ਉਸ ਦਾ ਚੇਤਾ ਤੇ ਸਮਝ ਪੂਰੀ ਕਾਇਮ ਹੋਵੇ। ਪਿੰਡ ਦੀ ਔਸਤਨ ਉਮਰ ਕੋਈ 50 ਸਾਲ ਦੀ ਸੀ ਜਦੋਂ ਆਮ ਹਿੰਦੁਸਤਾਨੀ ਦੀ 40-42 ਸਾਲ ਹੁੰਦੀ ਸੀ। 

ਅੱਖਾਂ ਆਉਣੀਆਂ, ਫਿਨਸੀਆਂ, ਫੋੜੇ ਬੱਚਿਆਂ ਦੀਆਂ ਆਮ ਬੀਮਾਰੀਆਂ ਸਨ। 

ਜਿਨ੍ਹਾਂ ਬੀਮਾਰੀਆਂ ਤੋਂ ਹਰ ਇਕ ਨੂੰ ਡਰ ਲੱਗਦਾ ਸੀ ਉਹਨਾਂ ਵਿੱਚ ਸਨ ਟਾਈਫਾਈਡ, ਮਲੇਰੀਆ, ਹੈਜ਼ਾ ਤੇ ਯਰਕਾਨ । ਵੈਸੇ ਖੰਘ-ਖਾਂਸੀ ਤੇ ਪੇਟ ਦੀਆਂ ਖ਼ਰਾਬੀਆਂ ਆਉਂਦੀਆਂ ਜਾਂਦੀਆਂ ਸਨ। ਖਸਰੇ ਦੀ ਘੱਟ ਹੀ ਪਰਵਾਹ ਹੁੰਦੀ ਸੀ ਪਰ ਮਾਤਾ (ਚੀਚਕ) ਤੋਂ ਹਰ ਕੋਈ ਘਬਰਾਂਦਾ ਸੀ। 1920 ਵਿੱਚ ਪਿੰਡ ਟੀਕੇ ਲਗਾਣੇ ਸ਼ੁਰੂ ਹੋਏ, ਚੀਚਕ ਤੋਂ ਪੂਰਾ ਬਚਾ ਹੋ ਗਿਆ। ਛੋਟੇ ਬੱਚਿਆਂ ਦੀਆਂ ਬਾਹਾਂ ‘ਤੇ ਤਿੰਨ ਥਾਵਾਂ ‘ਤੇ ਤੇਜ਼ ਚਾਕੂ ਨਾਲ ਕਾਟੇ ਮਾਰੇ ਜਾਂਦੇ ਤੇ ਉੱਤੇ ਦਵਾਈ ਲਾਈ ਜਾਂਦੀ। ਜਿੰਨਾ ਚਿਰ ਉੱਤੇ ਖੁੰਡ ਨਾ ਬਣ ਜਾਏ, ਬੜਾ ਧਿਆਨ ਰੱਖਣਾ ਪੈਂਦਾ ਸੀ। 

ਪਿੰਡ ਵਿੱਚ ਡਾਕਟਰ ਕੋਈ ਨਹੀਂ ਸੀ । ਦੋ ਵਾਰੀ ਕੰਪਾਉਂਡਰਾਂ ਨੇ ਦੁਕਾਨ ਖੋਲੀ ਪਰ ਛੇਤੀ ਹੀ ਬੰਦ ਕਰ ਗਏ। ਜਾਂ ਡੱਸਕੇ ਹਸਪਤਾਲ ਜਾਣਾ ਪੈਂਦਾ ਸੀ ਤੇ ਜਾਂ ਡਾਕਟਰ ਨੂੰ ਡਸਕਿਉਂ ਸੱਦਣਾ ਪੈਂਦਾ ਸੀ । ਆਮ ਲੋਕੀ ਦੇਸੀ ਦਵਾਈ ਹੀ ਖਾਂਦੇ ਸਨ। ਕਈ ਯੂਨਾਨੀ ਤੇ ਦੇਸੀ ਦਵਾਈਆਂ ਬੜੀਆਂ ਕਮਾਲ ਦੀਆਂ ਸਨ। ਪੁਰਾਣੇ ਗਰੰਥਾਂ ਵਿੱਚ ਸ਼ਾਇਦ ਲਿਖੀਆਂ ਵੀ ਹੋਈਆਂ ਸਨ ਪਰ ਆਮ ਕਿਸੇ ਨੂੰ ਕੁਝ ਪਤਾ ਨਹੀਂ ਕਿ ਦਵਾਈਆਂ ਵਿੱਚ ਕੀ ਏ ਤੇ ਕਿਸ ਤਰ੍ਹਾਂ ਬਣਦੀਆਂ ਸਨ । ਦੇਸੀ ਦਵਾਈਆਂ ਤੇ ਏਨਾ ਵਿਸ਼ਵਾਸ ਸੀ ਕਿ ਹਾਸਾ ਮਖ਼ੌਲ ਵੀ ਬਣਿਆ ਹੋਇਆ ਸੀ। ਕਿਸੇ ਪੁੱਛਿਆ ਕੀ ਇਲਾਜ ਕਰਾਂ, ਜਵਾਬ ਆਇਆ : 

ਪਦ, ਬਹੇੜੇ, ਆਮਲੇ ਤੇ ਚੌਥੀ ਪਾ ਗਲੋ ਬੁੰਡ ‘ਚ ਉਂਗਲ ਲੈ ਕੇ, ਧੁਪੇ ਰਹੋ ਖਲੋ! ਗੱਲ ਠੀਕ ਵੀ ਸੀ। ਕਬਜ਼ ਹੋਵੇ ਤਾਂ ਹਰੜ ਫ਼ਟ ਠੀਕ ਕਰ ਦਿੰਦੀ ਸੀ । ਸੁੱਕੀ ਨੂੰ ਕੁੱਟ ਕੇ ਖਾ ਲਉ ਜਾਂ ਮੁਰੱਬਾ ਖਾ ਲਉ। ਇਕ ਕਿਸਮ ਇਹੋ ਜਿਹੀ ਦੱਸੀ ਜਾਂਦੀ ਸੀ ਕਿ ਇਕ ਘੰਟਾ ਹਰੜ ਨੂੰ ਮੁੱਠ ਵਿੱਚ ਰੱਖੋ ਤਾਂ ਸ਼ਰਤੀਆ ਟੁੱਟੀ ਆ ਜਾਂਦੀ ਸੀ। ਕਬਜ਼ੀ ਵਾਸਤੇ ਈਸਬਗੋਲ ਦਾ ਛਿਲਕਾ ਆਮ ਵਰਤਿਆ ਜਾਂਦਾ ਸੀ। ਜੇ ਕੋਈ ਜ਼ਖ਼ਮ ਹੋ ਜਾਵੇ ਤਾਂ ਹਲਦੀ ਘਿਉ ‘ਚ ਭੁੰਨ ਕੇ ਲਾਂਦੇ ਸਨ । ਜੇ ਕੁੱਤਾ ਵੱਢ ਦੇਵੇ ਤਾਂ ਹਲਦੀ ਤੇ ਲਾਲ ਮਿਰਚ ਭੁੰਨ ਕੇ ਰੂੰ ਨਾਲ ਬੰਨ੍ਹ ਦਿੰਦੇ ਸਨ। 

ਅੱਖਾਂ ਦੀ ਦੇਖਭਾਲ ਲਈ ਸੁਰਮਾਂ ਹਰ ਘਰ ਵਿੱਚ ਹੁੰਦਾ ਸੀ। ਬੱਚਿਆਂ ਨੂੰ ਵੀ ਪਾਇਆ ਜਾਂਦਾ ਸੀ ਪਰ ਮੁਟਿਆਰਾਂ ਅੱਖਾਂ ਸੋਹਣੀਆਂ ਬਨਾਣ ਵਾਸਤੇ ਕੱਜਲ ਜਾਂ ਸੁਰਮਾ ਜ਼ਰੂਰ ਪਾਂਦੀਆਂ ਸਨ । ਕਈ ਔਰਤਾਂ ਆਪਣਾ ਸੁਰਮਾ ਆਪ ਬਣਾਂਦੀਆਂ ਸਨ। ਬਦਾਮਾਂ ਨੂੰ ਘਿਉ ਵਿੱਚ ਸਾੜ ਕੇ ਪੀਸਦੀਆਂ। ਠੰਡਾ ਸੁਰਮਾ ਬਣਾਉਣਾ ਹੋਵੇ ਤਾਂ ਵਿੱਚ ਲਾਚੀ ਵੀ ਰਗੜ ਦੇਂਦੀਆਂ। ਅੱਖਾਂ ਆ ਜਾਣ ਤਾਂ ਕਿਸਮ-ਕਿਸਮ ਦੇ ਦਾਰੂ ਵਰਤੇ ਜਾਂਦੇ ਸਨ। ਮੇਲਿਆਂ ਵਿੱਚ, ਬੱਸਾਂ, ਗੱਡੀਆਂ, ਤੇ ਬਾਜ਼ਾਰਾਂ ਵਿੱਚ ਕਿਸਮ- ਕਿਸਮ ਦੇ ਦਾਰੂ ਵਿੱਕਦੇ ਸਨ । ਬਨਾਣ ਦਾ ਤਰੀਕਾ ਤੇ ਵਿੱਚ ਕੀ ਕੁਝ ਪਾਇਆ ਏ, ਬਿਲਕੁਲ ਖ਼ੁਫ਼ੀਆ ਹੁੰਦਾ ਸੀ । ਕਈ ਔਰਤਾਂ, ਮੁਫ਼ਤ ਦਾਰੂ ਦਿੰਦੀਆਂ ਸਨ। ਵੇਚਣ ਵਾਲਿਆਂ ਦੇ ਤਰੀਕੇ ਭਾਂਤ-ਭਾਂਤ ਦੇ ਹੁੰਦੇ ਸਨ। 

ਦਾਰੂ ਸ਼ੋ 

ਸੜਕ ਦੇ ਨਾਲ ਇਕ ਦਾਰੂ ਵੇਚਣ ਵਾਲਾ ਉੱਚੀ-ਉੱਚੀ ਬੋਲ ਰਿਹਾ ਸੀ। ਲੋਕੀਂ ਇਕੱਠੇ ਹੋ ਗਏ। ਕਹਾਣੀ ਦੱਸਣ ਲੱਗਾ ਕਿ ਅੱਖਾਂ ਕਿਸ ਤਰ੍ਹਾਂ ਆਉਂਦੀਆਂ ਨੇ ਤੇ ਇਸ ਦਾ ਕੀ ਇਲਾਜ ਏ।  ਉਸ ਨੇ ਸ਼ੀਸ਼ੇ ਦਾ ਇਕ ਗਲਾਸ ਸਾਰਿਆਂ ਦੇ ਸਾਹਮਣੇ ਰੱਖਿਆ ਤੇ ਉਸ ਵਿੱਚ ਸਾਫ਼ ਪਾਣੀ ਪਾ ਦਿੱਤਾ। ਲਲਕਾਰ ਕੇ ਬੋਲਿਆ ਕਿ “ਤੁਹਾਡੀਆਂ ਕੀਮਤੀ ਅੱਖਾਂ ਇਸੇ ਤਰ੍ਹਾਂ ਸਾਫ਼ ਹੁੰਦੀਆਂ ਨੇ। ਫੇਰ ਉਹਨਾਂ ਵਿੱਚ ਘੱਟਾ-ਮਿੱਟੀ ਪੈ ਜਾਂਦੈ” । ਉਸ ਨੇ ਮਿੱਟੀ ਦੀ ਚੁੰਡੀ ਲੈ ਕੇ ਗਲਾਸ ਵਿੱਚ ਪਾ ਦਿੱਤੀ। “ਅੱਖਾਂ ਵਿੱਚ ਰੜਕ ਪੈਂਦੀ ਏ। ਕੁਦਰਤੀ ਤੁਸੀਂ ਉਹਨਾਂ ਨੂੰ ਮਲਦੇ ਓ”। ਸਾਫ਼ ਸੁਰਮਚੂ ਲੈ ਕੇ ਪਾਣੀ ਨੂੰ ਰਲਾਇਆ। “ਖੁਰਕ ਹੁੰਦੀ ਏ, ਤੁਸੀਂ ਹੋਰ ਮਲਦੇ ਹੋ।” ਫ਼ੇਰ ਪਾਣੀ ਨੂੰ ਹਲਾਇਆ। ਪਾਣੀ ਗੁਲਾਬੀ ਹੋ ਗਿਆ। “ਮਲਣ ਨਾਲ ਅੱਖਾਂ ਦਾ ਰੰਗ ਗੁਲਾਬੀ ਹੋ ਜਾਂਦਾ ਏ ਤੇ ਹੋਰ ਖੁਰਕ ਹੁੰਦੀ ਏ”। ਪਾਣੀ ਨੂੰ ਹੋਰ ਹਲਾਇਆ। ਪਾਣੀ ਲਾਲ ਹੋ ਗਿਆ। ਹਰ ਇਕ ਦੀ ਟਿਕ-ਟਿਕੀ ਗਲਾਸ ਵੱਲ ਸੀ। “ਜਿਉਂ-ਜਿਉਂ ਤੁਸੀਂ ਮਲਦੇ ਓ, ਅੱਖਾਂ ਲਾਲ ਹੋ ਜਾਂਦੀਆਂ ਨੇ”। ਫੇਰ ਹਲਾਇਆ ਤੇ ਪਾਣੀ ਦਾ ਰੰਗ ਗੂਹੜਾ ਲਾਲ ਹੋ ਗਿਆ। ਤੁਸੀਂ ਹੋਰ ਮਲਦੇ ਓ ਤੇ ਅੱਖਾਂ ਗੂਹੜੀਆਂ ਲਾਲ ਹੋ ਜਾਂਦੀਆਂ ਨੇ । ਤੁਸੀਂ ਦੁਖੀ ਹੁੰਦੇ ਓ। ਸੋਚਦੇ ਓ ਕੀ ਕਰੀਏ। “ਗ਼ਮ ਨਾ ਖਾਉ। ਇਸ ਦਾ ਇਲਾਜ ਮੇਰਾ ਦਾਰੂ ਏ।” ਸ਼ੀਸ਼ੀ ‘ਚੋਂ ਰਤਾ ਕੁ ਦਾਰੂ ਗਲਾਸ ਵਿੱਚ ਪਾਇਆ। ਪਾਣੀ ਦਾ ਰੰਗ ਬਦਲ ਕੇ ਗੁਲਾਬੀ ਹੋ ਗਿਆ। ਦੋ ਵਾਰੀ ਫੇਰ ਦਾਰੂ ਪਾਇਆ। ਪਾਣੀ ਹਲਾਇਆ। ਹੌਲੀ-ਹੌਲੀ ਪਾਣੀ ਬਿਲਕੁਲ ਸਾਫ਼ ਹੋ ਗਿਆ। “ਤੁਸੀ ਇਹ ਦਾਰੂ ਅੱਖਾਂ ਵਿੱਚ ਪਾਓ, ਅੱਖਾਂ ਝਮਕੋ। ਤੁਹਾਡੀਆਂ ਅੱਖਾਂ ਸੋਲ੍ਹਾਂ ਆਨੇ ਠੀਕ ਹੋ ਜਾਣਗੀਆਂ।” ਲੋਕੀਂ ਦੰਗ ਰਹਿ ਜਾਂਦੇ। 

“ਇਕ ਸ਼ੀਸ਼ੀ ਇਕ ਆਨੇ ਦੀ ਏ। ਅੱਜ ਦਾ ਰੇਟ”। ਮਿੰਟਾਂ ਵਿੱਚ ਈ ਸ਼ੀਸ਼ੀਆਂ ਤੇ ਸ਼ੀਸ਼ੀਆਂ ਵਿਕ ਜਾਂਦੀਆਂ। ਮਿੱਟੀ ਤੇ ਦਾਰੂ ਦੀ ਕੀ ਕੈਮਿਸਟਰੀ ਸੀ। ਇਹਨੂੰ ਰੱਬ ਈ ਜਾਣੇ। 

ਕਈ ਔਰਤਾਂ ਦਾ ਆਪਣਾ ਦਾਰੂ ਮਸ਼ਹੂਰ ਸੀ। ਕੋਈ ਪੈਸਾ-ਧੇਲਾ ਨਹੀਂ ਸੀ ਲੈਂਦੀਆਂ। ਸ਼ਾਮ ਦੇ ਵੇਲੇ ਮਾਵਾਂ ਬੱਚੇ ਲੈ ਕੇ ਦਾਰੂ ਪਵਾਣ ਆਉਂਦੀਆਂ। ਦਾਰੂ ਵਾਲੀ ਚੌਂਕੜੀ ਮਾਰਕੇ ਬਹਿ ਜਾਂਦੀ। ਬੱਚੇ ਦਾ ਸਿਰ ਉਹਦੀ ਗੋਦ ਵਿੱਚ ਰੱਖਿਆ ਜਾਂਦਾ। ਮਾਂ ਸਿਰ ਨੂੰ ਫੜ ਕੇ ਰੱਖਦੀ। ਕੋਈ ਕੁੜੀ ਬਾਹਾਂ ਨੂੰ ਫੜ ਲੈਂਦੀ । ਦਾਰੂ ਵਾਲੀ ਉਹਦੇ ਕੁਕਰੇ ਖੋਲਦੀ ਤੇ ਪੋਟੇ ਨਾਲ ਦਾਰੂ ਲਾ ਦੇਂਦੀ । ਬੱਚਾ ਚੀਕਾਂ ਮਾਰਦਾ। ਦੋ ਚਾਰ ਵਾਰੀ ਦਾਰੂ ਪਾਣ ਦੇ ਨਾਲ ਅੱਖਾਂ ਠੀਕ ਹੋ ਜਾਂਦੀਆਂ। ਮਹੱਲੇ ਵਿੱਚ ਮਾਇਆ ਦਾ ਜੰਗਾਲੀ ਦਾਰੂ ਬੜਾ ਮਸ਼ਹੂਰ ਸੀ ਤੇ ਅੱਖਾਂ ਨੂੰ ਲੱਗਦਾ ਵੀ ਬੜਾ ਸੀ । 

ਮਾਇਆ ਦਾ ਜੰਗਾਲੀ ਦਾਰੂ 

ਚਾਰ ਚੀਜ਼ਾਂ : ਚਾਂਦੀ ਦੇ ਰੁਪਈਆਂ ਦਾ ਜੰਗਾਲ, ਨਸ਼ਾਦਰ ਤੇ ਹੋਰ ਚੀਜ਼ਾਂ ਜਿਨ੍ਹਾਂ ਦਾ ਨਾਮ ਕਿਸੇ ਨੂੰ ਯਾਦ ਨਹੀਂ-ਮਿਲਾ ਕੇ ਖਰਲ ਵਿੱਚ ਪੀਸੀਆਂ ਜਾਂਦੀਆਂ। ਦੋ ਚਾਰ ਦਿਨ, ਵੇਲੇ-ਕੁਵੇਲੇ ਪੀਸਣ ਨਾਲ ਬੜਾ ਮੁਲੈਮ ਪਾਊਡਰ ਬਣ ਜਾਂਦਾ। ਇਕ ਮੰਜੀ ਨੂੰ ਉਲਟਾ ਕੇ ਉਹਦੇ ਚਾਰੇ ਪਾਵਿਆਂ ਦੇ ਨਾਲ ਸਾਫ਼-ਸੁਥਰੀ, ਚਿੱਟੀ ਮਲ-ਮਲ ਦੀ ਚੁੰਨੀ ਬੰਨ੍ਹ ਦਿੱਤੀ ਜਾਂਦੀ । ਮੰਜੀ ਕੋਠੇ ‘ਤੇ ਲਾਂਭੇ ਜਿਹੇ ਕਰਕੇ ਰੱਖੀ ਜਾਂਦੀ ਤੇ ਉਹਦੇ ਥੱਲੇ ਕੌਂਲੀ ਰੱਖੀ ਜਾਂਦੀ। ਸ਼ਾਮ ਨੂੰ ਚੁੰਨੀ ਵਿੱਚ ਪਾਊਡਰ ਪਾ ਦਿੱਤਾ ਜਾਂਦਾ। ਰਾਤ ਨੂੰ ਤਰੇਲ ਪੈਂਦੀ, ਪਾਊਡਰ ਗਿਲਾ ਹੋ ਜਾਂਦਾ। ਤੁਬਕੇ ਕੌਲੀ ਵਿਚ ਡਿਗ ਪੈਂਦੇ। ਦੋ ਰਾਤਾਂ ਵਿਚ ਸਭ ਕੁਝ ਘੁਲ ਮਿਲ ਕੇ ਕੌਲੀ ਵਿੱਚ ਜਮਾਂ ਹੋ ਜਾਂਦਾ। ਇਸ ਨੂੰ ਧੁੱਪੇ ਸੁਕਾ ਕੇ ਫੇਰ ਖਰਲ ਵਿੱਚ ਬਰੀਕ ਪੀਸਿਆ ਜਾਂਦਾ। ਹਫ਼ਤੇ ਵਿੱਚ ਜੰਗਾਲੀ ਦਾਰੂ ਤਿਆਰ। 

* * * * * 

ਹਰ ਸਾਲ ਸਾਵਨ ਚੜ੍ਹਨ ਤੋਂ ਪਹਿਲੋਂ, ਖੂਨ ਸਾਫ਼ ਕਰਨ ‘ਤੇ ਬੜਾ ਜ਼ੋਰ ਹੁੰਦਾ ਸੀ। ਖ਼ਾਸ ਤੌਰ ‘ਤੇ ਬੱਚਿਆਂ ਦਾ ਖੂਨ । ਨਿੰਮ ਜਾਂ ਧੱਕ ਦੀਆਂ ਕਰੂੰਬਲੀਆਂ ਲੈ ਕੇ ਉਹਨਾਂ ਨੂੰ ਦੌਰੀ ਵਿੱਚ ਰਗੜਿਆ ਜਾਂਦਾ। ਕੁਝ ਪਾਣੀ ਪਾ ਕੇ ਹੋਰ ਰਗੜਨ ਤੋਂ ਪਿੱਛੋਂ ਪੁਨਿਆ ਜਾਂਦਾ। ਇਸ ਹਰੀ ਤੇ ਸੰਘਣੀ ਸ਼ਰਦਾਈ ਦੀ ਕੌਲੀ ਹਰ ਬੱਚੇ ਨੂੰ ਦਿੱਤੀ ਜਾਂਦੀ। ਡੀਕ ਲਾ ਕੇ ਪੀ ਜਾਨ। ਬੜੀ ਕੌੜੀ ਹੁੰਦੀ ਸੀ। ਮਗਰੋਂ ਰੋਟੀ ਦੀ ਇਕ ਗਰਾਹੀ ਖਾ ਕੇ ਮੂੰਹ ਦਾ ਸਵਾਦ ਠੀਕ ਕਰ ਲਿਆ ਜਾਂਦਾ। ਇਹ ਪੀਣ ਨਾਲ ਸੌਣ ਭਾਦਰੋਂ ਵਿੱਚ ਮੱਖੀ-ਮੱਛਰ ਕੱਟਣ ਦੇ ਨਾਲ ਖ਼ਰਾਬੀਆਂ ਤੋਂ ਬਚਾਉ ਰਹਿੰਦਾ ਸੀ। 

ਬਹੁਤ ਸਾਰੇ ਫ਼ਿਨਸੀਆਂ ਫੋੜੇ ਪੱਕ ਜਾਂਦੇ, ਵੱਗ ਪੈਂਦੇ ਤੇ ਆਪਣੇ ਆਪ ਠੀਕ ਹੋ ਜਾਂਦੇ। ਕਈ ਵਾਰੀ ਵੱਡੇ ਗੜਾਂ ਤੇ ਮਲ੍ਹਮ ਲਾਣੀ ਪੈਂਦੀ। ਮੂੰਹ ਬਣ ਜਾਂਦਾ, ਵਿੱਚੋਂ ਪਾਕ ਨਿਕਲਦੀ ਤੇ ਹਫ਼ਤੇ ਦੇ ਪਿੱਛੋਂ ਅਰਾਮ ਆ ਜਾਂਦਾ। ਕਦੀ-ਕਦੀ ਲੱਤਾਂ ਬਾਹਾਂ ‘ਤੇ ਰੱਤਗੜ ਨਿਕਲ ਆਉਣਾ। ਉਹਦਾ ਕੋਈ ਮੂੰਹ ਨਹੀਂ ਸੀ ਹੁੰਦਾ, ਰੰਗ ਲਾਲ ਜਾਂ ਨੀਲਾ ਜਿਹਾ ਹੁੰਦਾ ਸੀ। ਪੀੜ ਬੜੀ ਹੁੰਦੀ ਸੀ। ਇਹਨਾਂ ਦਿਨਾਂ ਵਿੱਚ ਜੋਕਾਂ ਵਾਲੇ ਗਲੀਆਂ ਦੇ ਚੱਕਰ ਲਾਉਂਦੇ ਰਹਿੰਦੇ ਸਨ। ਮਿੱਟੀ ਦਾ ਭਾਂਡਾ, ਜਿਸ ਵਿੱਚ ਜੋਕਾਂ ਹੁੰਦੀਆਂ ਸਨ, ਲੈ ਕੇ ਬਹਿ ਜਾਂਦੇ ਤੇ ਦੱਸਦੇ ਕਿ ਜੋਕਾਂ ਗੰਦਾ ਖੂਨ ਚੂਸਦੀਆਂ ਨੇ, ਚੰਗੇ ਖੂਨ ਨੂੰ ਨਹੀਂ ਛੇੜਦੀਆਂ। ਬੱਚੇ ਦਾ ਮੂੰਹ ਇਕ ਪਾਸੇ ਨੂੰ ਕਰਕੇ ਰਤਗੜ ਦੇ ਆਲੇ-ਦੁਆਲੇ ਜੋਕਾਂ ਲਾ ਦੇਂਦੇ। ਸ਼ੁਰੂ ਵਿੱਚ ਜੋਕ ਦਾ ਮੂੰਹ ਚੁਬਨਾਂ ‘ਤੇ ਫੇਰ ਪਤਾ ਵੀ ਨਾ ਲੱਗਣਾ। ਮਿੰਟਾਂ ਵਿੱਚ ਜੋਕਾਂ ਭਰ ਕੇ ਮੋਟੀਆਂ ਹੋ ਜਾਣਾ ਤੇ ਗੜ ਥੱਲੇ ਬਹਿ ਜਾਣਾ। ਦਰਦ ਖ਼ਤਮ ਹੋ ਜਾਣੀ। ਬਗ਼ੈਰ ਕਿਸੇ ਉਪਰੇਸ਼ਨ ਦੇ ਲੱਤ-ਬਾਂਹ ਠੀਕ ਹੋ ਜਾਣੀ। ਹਫ਼ਤੇ ਪਿੱਛੋਂ ਨਿਸ਼ਾਨ ਵੀ ਮਿਟ ਜਾਣਾ। 

ਇਕ ਵਾਰੀ ਅਵਤਾਰ ਨੂੰ ਹੱਥਾਂ ਤੇ ਖਾਰਸ਼ ਹੋ ਗਈ। ਜਿਉਂ-ਜਿਉਂ ਦਵਾਈ ਲਾਏ, ਖਾਰਸ਼ ਵਧਦੀ ਜਾਏ। ਪੈਰਾਂ ਤੀਕਰ ਫੈਲ ਗਈ। ਰਾਤ ਨੂੰ ਨੀਂਦਰ ਵੀ ਨਾ ਆਵੇ। ਖੁਰਕਿਆਂ ਖੂਨ ਵੀ ਵੱਗੇ। ਅਖ਼ੀਰ ਇਕ ਸੰਤ-ਸਾਧੂ ਮਿਲਿਆ। ਉਸ ਨੇ ਇਲਾਜ ਦੱਸਿਆ। ਗੰਦਕ ਨੂੰ ਘਿਉ ਵਿੱਚ ਮਿਲਾ ਕੇ ਬੋਤਲ ਵਿੱਚ ਪਾ ਦਿਉ| ਕਾਰਕ ਲਾ ਦਿਉ ਤੇ ਧੁੱਪੇ ਰੱਖੋ। ਹਰ ਰੋਜ਼ ਉਸ ਨੂੰ ਹਲਾਂਦੇ ਰਹੋ। ਰਾਤ ਨੂੰ ਇਹ ਦਾਨੇ-ਦਾਨੇ ਬਣ ਜਾਂਦੇ ਤੇ ਦਿਨੇ ਫੇਰ ਪਿਘਲ ਜਾਂਦੇ। ਦੋ ਹਫ਼ਤੇ ਬਾਅਦ ਗੰਦਕ ਘਿਉ ਵਿੱਚ ਰੱਚ ਮਿਚ ਜਾਂਦੀ। ਦੋ ਚਮਚੇ, ਚਾਰ ਵਾਰੀ, ਰੋਜ਼ ਖਾਉ। ਅਵਤਾਰ ਨੇ ਇਸ ਤਰ੍ਹਾਂ ਹੀ ਕੀਤਾ। ਉਸ ਦੇ ਰੋਮ-ਰੋਮ ‘ਚੋਂ ਗੰਦਕ ਦੀ ਬੋ ਆਵੇ। ਪਰ ਦੋ ਹਫ਼ਤੇ ਬਾਅਦ ਉਸ ਦਾ ਸਾਰਾ ਜਿਸਮ ਸਾਫ਼ ਹੋ ਗਿਆ ਤੇ ਫੇਰ ਕਦੀ ਖਾਰਸ਼ ਨੇੜੇ ਨਾ ਆਈ। ਇਕ ਵਾਰੀ ਅਵਤਾਰ ਦੀ ਕੌਲੀ ਮੰਜੇ ਦੇ ਥੱਲੇ ਪਈ ਸੀ। ਇਕ ਕੁੱਤੀ ਆਈ ਜਿਸ ਦਾ ਜਿਸਮ ਖੁਰਕ ਨਾਲ ਭਰਿਆ ਹੋਇਆ ਸੀ। 

ਸਾਰਾ ਘਿਉ ਖਾ ਗਈ। ਆਮ ਤੌਰ ‘ਤੇ ਕੁੱਤੇ-ਕੁੱਤੀਆਂ ਇਸ ਰੋਗ ਨਾਲ ਮਰ ਜਾਂਦੇ ਸਨ। ਪਰ ਉਹ ਕੁੱਤੀ ਵੀ ਠੀਕ ਹੋ ਗਈ। ਉਸ ਦੀ ਕਿਸਮਤ! 

ਨੌਜਵਾਨ ਟਹਿਲ ਸਿੰਘ ਗੱਚ ਦੇ ਕੰਮ ਦਾ ਮਸ਼ਹੂਰ ਕਾਰੀਗਰ ਸੀ। ਇਕ ਵਾਰੀ ਉਹਨੂੰ ਯਰਕਾਨ ਹੋ ਗਿਆ। ਰੰਗ ਪੀਲਾ ਪੈ ਗਿਆ। ਪੁੱਛ ਪੁਛਾ ਕੇ ਇਕ ਹਕੀਮ ਕੋਲ ਗਿਆ। ਉਸ ਦਸ ਪੁੜੀਆਂ ਦਿੱਤੀਆਂ। ਹਰ ਸਵੇਰ ਨੂੰ ਛਟਾਂਕੀ ਮੱਖਣ, ਤਾਜ਼ਾ-ਤਾਜ਼ਾ ਰਿੜਕਿਆ, ਤਲੀ ‘ਤੇ ਰੱਖ ਕੇ, ਉਹਦੇ ਵਿੱਚ ਡੂੰਗਾ ਮਾਰ ਕੇ ਪੁੜੀ ਲੁਦ ਦੇਵੇ ਤੇ ਸਾਰਾ ਇਕੋ ਵਾਰੀ ਲੰਘਾ ਜਾਵੇ। ਮਗਰੋਂ ਇਕ ਵੱਡਾ ਗਲਾਸ ਲੱਸੀ ਪੀਵੇ। ਦਸ ਦਿਨ ਵਿੱਚ ਟਹਿਲ ਸਿੰਘ ਬਿਲਕੁਲ ਰਾਜ਼ੀ ਹੋ ਗਿਆ। ਪਿੰਡ ਵਿੱਚ ਇਲਾਜ ਦੀ ਮਸ਼ਹੂਰੀ ਹੋ ਗਈ। 

ਅਗਲੇ ਸਾਲ ਤੇਜੇ ਨੂੰ ਯਰਕਾਨ ਹੋ ਗਿਆ। ਰੰਗ ਪੀਲਾ, ਤਾਕਤ ਟੁੱਟ ਗਈ। ਟਹਿਲ ਸਿੰਘ ਨੂੰ ਆ ਬੇਨਤੀ ਕੀਤੀ ਕਿ ਮੈਨੂੰ ਦਵਾਈ ਲਿਆ ਦੇ। ਟਹਿਲ ਸਿੰਘ ਟਾਲ-ਮਟੋਲ ਕਰਦਾ ਰਿਹਾ ਕਿਉਂਕਿ ਹਕੀਮ ਕੋਲ ਜਾਣ ਵਾਸਤੇ ਉਸ ਦੀਆਂ ਦੋ ਦਿਹਾੜੀਆਂ ਖ਼ਰਾਬ ਹੋਣੀਆਂ ਸਨ। ਅਖ਼ੀਰ ਤੇਜੇ ਦੇ ਤਰਲੇ ਸੁਣ ਕੇ ਹਾਂ ਕਰ ਦਿੱਤੀ ਕਿ ਮੈਂ ਰਾਤੋ-ਰਾਤ ਸਾਈਕਲ ‘ਤੇ ਜਾ ਕੇ ਦਵਾਈ ਲਿਆਵਾਂਗਾ। ਪਰ ਰਾਤੀਂ ਟਹਿਲ ਸਿੰਘ ਨੇ ਫੁਲਾਦੀ ਰੰਗ ਦੀ ਸੁਥਰੀ ਸਵਾਹ ਲੈ ਕੇ 10 ਪੁੜੀਆਂ ਬਣਾ ਦਿੱਤੀਆਂ ਤੇ ਅਗਲੇ ਦਿਨ ਤੇਜੇ ਨੂੰ ਦੇ ਆਇਆ। ਪਰ ਤੇਜਾ ਗ਼ਰੀਬ ਸੀ। ਉਹਦੇ ਕੋਲ ਮੱਝ-ਗਾਂ ਨਹੀਂ ਸੀ । ਉਹਦੀ ਵਹੁਟੀ ਨੇ ਗਵਾਂਢਣ ਸੰਤੋ ਦੇ ਜਾ ਪੈਰ ਫੜੇ ਕਿ ਮੇਰੇ ਘਰ ਵਾਲੇ ਨੂੰ ਬਚਾ ! ਉਸ ਤੋਂ ਦਸ ਦਿਨ ਛਟਾਂਕੀ ਮੱਖਣ ਤੇ ਲੱਸੀ ਮੰਗੀ। ਸੰਤੋ ਨੂੰ ਤਰਸ ਆ ਗਿਆ। ਮੱਖਣ ਤੇ ਇਕ ਥਾਂ, ਦੋ ਗਲਾਸ ਲੱਸੀ ਪਿਆ ਦਿਆ ਕਰੇ। ਦਸ ਦਿਨਾਂ ਵਿੱਚ ਤੇਜਾ ਠੀਕ ਹੋ ਗਿਆ। ਹੱਥ ਜੋੜ ਕੇ ਟਹਿਲ ਸਿੰਘ ਤੇ ਸੰਤੋ ਦਾ ਧੰਨਵਾਦ ਕੀਤਾ। ਪ੍ਰਕਾਸ਼ 14 ਸਾਲ ਦੀ ਸੀ ਜਦੋਂ 1936 ਵਿੱਚ ਉਹਦੇ ਦੋਵੇਂ ਗੋਡੇ ਜੁੜ ਗਏ, ਤੁਰ ਨਾ ਸਕੇ। ਰੋਜ਼ ਭਾਰ ਘੱਟਦਾ ਜਾਏ। ਕੋਈ ਦਵਾਈ-ਤੇਲ ਵੀ ਕੰਮ ਨਾ ਕਰੇ। ਅਖ਼ੀਰ ਉਹਦੇ ਪਿਉ ਨੇ ਅੰਮ੍ਰਿਤਸਰ ਜਾ ਕੇ ਨਿਰਮਾਨ ਸੰਤਾਂ ਨੂੰ ਬੇਨਤੀ ਕੀਤੀ। ਜਿਹੜਾ ਕੋਈ ਡੇਰੇ ਆਵੇ, ਸੰਤ ਪਹਿਲੋਂ ਉਹਨੂੰ ਗਾਲ੍ਹਾਂ ਕੱਢਦੇ। ਬੇਵਿਸ਼ਵਾਸੇ ਖਿਸਕ ਜਾਂਦੇ ਸਨ। ਨੇਤਰਹੀਨ ਸੰਤ ਜੀ ਆਏ ਗਏ ਨੂੰ ਅਵਾਜ਼ ਤੋਂ ਪਹਿਚਾਣ ਜਾਂਦੇ ਸਨ। ਪੁੱਛਿਆ “ਦੀਵਾਨ ਸਿੰਘ ਕੀ ਗੱਲ ਏ”। ਧੀ ਦੀ ਹਾਲਤ ਸੁਣ ਕੇ ਸੰਤਾਂ ਆਖਿਆ ਕੱਲ੍ਹ ਆ ਜਾਈਂ। ਅਗਲੇ ਦਿਨ ਸੰਤਾਂ ਨੇ ਗੋਲੀਆਂ ਦੀ ਸ਼ੀਸ਼ੀ ਦਿੱਤੀ ਤੇ ਆਖਿਆ ਕਿ ਰੋਜ਼ ਇਕ ਗੋਲੀ ਘਿਉ ਦੀ ਅੱਧੀ ਕੌਲੀ ਦੇ ਨਾਲ ਖਾਣੀ ਹੈ ਤੇ ਨਾਲੇ ਹਰ ਵੇਲੇ ਰੋਟੀ ਦੇ ਨਾਲ ਬਦਾਮ ਰੋਗਨ ਦੇ ਦੋ ਚਮਚੇ ਖਾਨੇ ਨੇ। ਗੋਲੀਆਂ ਸਰੋਂ ਦੇ ਦਾਨਿਆਂ ਦੇ ਬਰਾਬਰ ਦੀਆਂ ਤੇ ਰੰਗ ਵੀ ਉਹੀ। ਖ਼ੁਸ਼ਕ, ਪਰ ਬੜੀਆਂ ਅਸਰ ਵਾਲੀਆਂ ਸਨ। ਪੰਜ ਦਿਨਾਂ ਬਾਅਦ ਪ੍ਰਕਾਸ਼ ਦੇ ਗੋਡੇ ਹਿੱਲਣੇ ਸ਼ੁਰੂ ਹੋ ਗਏ, ਹਫ਼ਤੇ ਪਿਛੋ ਉਠ ਕੇ ਟੁਰਨ ਲੱਗ ਪਈ ਤੇ 15 ਦਿਨਾਂ ਵਿੱਚ ਪਹਿਲੋਂ ਵਰਗੀ ਹੋ ਗਈ। 87 ਸਾਲ ਦੀ ਉਮਰ ਹੋ ਗਈ ਏ। ਅੱਜ ਤਕ ਪ੍ਰਕਾਸ਼ ਨੂੰ ਗੋਡਿਆਂ ਦੀ ਤਕਲੀਫ਼ ਨਹੀਂ ਹੋਈ। 

ਮੰਗਲ ਸਿੰਘ ਇਕੱਲਾ ਹੀ “ਡਾਕਟਰ” ਸੀ ਜਿਹੜਾ ਪਿੰਡ ਰਹਿੰਦਾ ਸੀ । ਉੱਚਾ, ਲੰਮਾ, ਖ਼ੂਬਸੁਰਤ, ਭੱਖਦਾ ਰੰਗ। ਕਦੀ-ਕਦਾਈਂ ਸਿਆਲ ਵਿੱਚ ਹਰੇ ਰੰਗ ਦਾ ਉਵਰਕੋਟ ਪਾਂਦਾ। ਜਦੋਂ ਕਿਸੇ ਦੇ ਕੰਨ ਪੱਕ ਜਾਣ ਤਾਂ ਹਰੀ ਵਲਵਲਟੀਨ ਵਿੱਚ ਲਪੇਟੀ ਹੋਈ ਸਰਿੰਜ ਲੈ ਕੇ ਪਹੁੰਚ ਜਾਂਦਾ। ਪੀਹੜੀ ‘ਤੇ ਬੈਠ ਕੇ ਮਿੱਠਾ ਸੋਡਾ ਪਾਣੀ ਵਿੱਚ ਘੋਲਦਾ ਤੇ ਸਰਿੰਜ ਭਰ ਲੈਂਦਾ। ਰੋਗੀ ਦਾ ਸਿਰ ਆਪਣੇ ਪੱਟਾਂ ਤੇ ਰੱਖ ਕੇ, ਉਹਦਾ ਮੂੰਹ ਦੂਜੇ ਪਾਸੇ ਕਰ ਕੇ, ਤਸ਼ਤਰੀ ਥੱਲੇ ਰੱਖਦਾ। ਫੇਰ ਜ਼ੋਰ ਦੀ ਪਚਕਾਰੀ ਮਾਰਦਾ। ਕੰਨ ਵਿੱਚੋਂ ਬਹੁਤ ਕੁਝ ਨਿਕਲ ਪੈਂਦਾ। “ਡਾਕਟਰ” ਆਪਣੀ ਕਾਮਯਾਬੀ ‘ਤੇ ਖ਼ੁਸ਼ ਹੁੰਦਾ। ਕਦੀ- ਕਦੀ ਕਿਸੇ ਦੇ ਕੰਨ ਦਾ ਪਰਦਾ ਵੀ ਫਾੜ ਦਿੰਦਾ ਸੀ। ਫ਼ੀਸ ਕੋਈ ਨਹੀਂ ਸੀ ਲੈਂਦਾ। 

ਮੰਗਲ ਸਿੰਘ ਫ਼ੌਜੀ ਹਸਪਤਾਲ ਵਿੱਚੋਂ ਅਰਦਲੀ ਰੀਟਾਇਰ ਹੋਇਆ ਸੀ। ਸਰਿੰਜ ਤੇ ਹਰਾ ਕੋਟ ਹਸਪਤਾਲ ਦੀਆਂ ਯਾਦਗਾਰੀ ਚੀਜ਼ਾਂ ਸਨ। ਕੁਝ ਸਾਲ ਪਿੱਛੋਂ ਮੰਗਲ ਸਿੰਘ ਦਾ ਭਤੀਜਾ “ਡਾਕਟਰ” ਠਾਕਰ ਸਿੰਘ ਪਿੰਡ ਵਾਪਸ ਆ ਗਿਆ। ਫ਼ੌਜੀ ਹਸਪਤਾਲ ਦੀ ਡਿਸਪੈਨਸਰੀ ਵਿੱਚ ਕੰਮਪੌਂਡਰ ਸੀ। ਆਉਂਦੀ ਵਾਰੀ ਆਪਣੇ ਨਾਲ ਬਹੁਤ ਸਾਰੀਆਂ ਜਿਨਕਲੋਸ਼ਨ ਦੀਆਂ ਸ਼ੀਸ਼ੀਆਂ ਤੇ ਡਰਾਪਰ ਲੈ ਆਇਆ। ਪਿੰਡ ਦੇ ਬੱਚਿਆਂ ਦੀਆਂ ਅੱਖਾਂ ਵਿੱਚ ਬਗ਼ੈਰ ਫ਼ੀਸ ਕਿਉਂ ਦਵਾਈ ਪਾਂਦਾ। ਪਰ ਕਿਸੇ ਦੇ ਘਰ ਨਹੀਂ ਸੀ ਜਾਂਦਾ। 

ਪਿੰਡ ਵਿੱਚ ਨਾ ਕੋਈ ਹਕੀਮ ਸੀ ਤੇ ਨਾ ਕੋਈ ਹੋਰ ਡਾਕਟਰ। ਕਦੀ-ਕਦਾਈਂ ਆਉਣ ਵਾਲਾ ਅਸਲੀ ਡਾਕਟਰ ਡੱਸਕੇ ਦਾ ਡਾ. ਨਜ਼ੀਰ ਅਹਿਮਦ ਐੱਮ. ਬੀ. ਬੀ. ਐੱਸ. ਸੀ । ਡੱਸਕੇ ਉਹਦਾ ਕਲਿਨਿਕ ਭਰਿਆ ਹੀ ਰਹਿੰਦਾ ਸੀ ਤੇ ਸ਼ਹਿਰ ਵਿੱਚ ਬੜੀ ਇੱਜ਼ਤ ਸੀ। ਠੇਕੇਦਾਰ ਨਾਲ ਦੋਸਤੀ ਹੋਣ ਕਰਕੇ ਕਈ ਵਾਰੀ ਸਾਈਕਲ ‘ਤੇ ਪਿੰਡ ਆਉਂਦਾ ਸੀ। ਟਾਈਫ਼ਾਈਡ ਦੇ ਇਨਜੈਕਸ਼ਨ ਦੇਣ ਦਾ ਮਾਹਰ ਸੀ। ਠੇਕੇਦਾਰ ਦੇ ਦੋ ਪੁੱਤਰ ਉਸ ਨੇ ਪਿੰਡ ਆ ਕੇ ਰਾਜ਼ੀ ਕੀਤੇ ਸਨ। 

11 

ਜੰਮਣਾ-ਮਰਨਾ 

“ਛੋਟਿਆਂ ਹੁੰਦਿਆਂ ਡੰਗਰ ਚਾਰੇ, ਵੱਡਿਆਂ ਹੋ ਹਲ ਵਾਹਿਆ ਬੁੱਢਿਆਂ ਹੋ ਕੇ ਮਾਲਾ ਫੇਰੀ, ਤੇ ਰੱਬ ਦਾ ਉਲਾਮਾ ਲਾਹਿਆ।” 

(ਧੰਨਾ ਭਗਤ) 

ਚਿਰਾਂ ਤੋਂ ਆ ਰਿਹਾ ਜੀਵਨ ਦਾ ਚੱਕਰ : ਜੰਮਣਾ, ਵੱਡੇ ਹੋਣਾ, ਵਿਆਹ, ਬੱਚੇ, ਬੱਚਿਆਂ ਦੇ ਵਿਆਹ, ਪੋਤੇ-ਪੋਤੀਆਂ, ਬੁਢਾਪਾ, ਮੌਤ-ਉਮਰਾਂ ਭਰ ਕਾਇਮ ਦਾ ਕਾਇਮ ਸੀ। ਜੀਵਨ ਪੰਧ ਕਦੋਂ ਤੇ ਕਿਥੇ ਮੁੱਕ ਜਾਣਾ ਏ, ਦੁੱਖ-ਸੁੱਖ ਸਭ ਕੁਝ ਰੱਬ ਦੀ ਰਜ਼ਾ ਮੰਨੀ ਜਾਂਦੀ ਸੀ। 

ਘਰ ਵਿੱਚ ਰਹਿ ਰਿਹਾ ਪਰਿਵਾਰ ਤਿੰਨ ਪੱਧਰਾਂ ‘ਤੇ ਚਲਦਾ ਸੀ : ਦਾਦੇ- ਦਾਦੀਆਂ, ਮਾਂ-ਪਿਉ, ਪੋਤੇ-ਪੋਤੀਆਂ। ਹਰ ਇਕ ਨੂੰ ਆਪਣੇ-ਆਪਣੇ ਫ਼ਰਜ਼ਾਂ ਤੇ ਜ਼ੁੰਮੇਂਵਾਰੀ ਦਾ ਪਤਾ ਹੁੰਦਾ ਸੀ। ਦਾਦੇ ਦੇ ਕੰਮ ਸਨ ਡੰਗਰ ਚਾਰੇ, ਰੱਸਾ ਵੱਟੇ, ਰਾਖੀ ਕਰੇ, ਨਿੱਕੜ-ਸੁੱਕੜ ਦੇ ਕੰਮ ਕਰੇ ਤੇ ਆਪਣਾ ਦਿਨ ਘਰੋਂ ਬਾਹਰ ਗੁਜ਼ਾਰੇ । ਦਾਦੀ ਘਰ ਵਿੱਚ ਕੁਝ ਵੀ ਕਰ ਸਕਦੀ ਸੀ ਜਦੋਂ ਤਕ ਰਸੋਈ ਵਿੱਚ ਨਾ ਵੜੇ ਤੇ ਮੂੰਹ ਬੰਦ ਰੱਖੋ। ਪਿਉ ਘਰ ਦਾ ਮੋਢੀ ਹੁੰਦਾ ਸੀ । ਮਾਵਾਂ ਟੱਬਰ ਪਾਲਦੀਆਂ, ਕਦਰਾਂ-ਕੀਮਤਾਂ ਸਖਾਂਦੀਆਂ ਤੇ ਪਰਿਵਾਰ ਦੀ ਇੱਜ਼ਤ ਨੂੰ ਸੰਭਾਲ ਕੇ ਰੱਖਦੀਆਂ। ਬੱਚੇ ਘਰ ਵਿੱਚ ਜੰਮਦੇ ਤੇ ਵੱਡੇ ਹੁੰਦੇ, ਕੁੜੀਆਂ ਕੁੜੀਆਂ ਨਾਲ ਖੇਡਦੀਆਂ ਤੇ ਮੁੰਡੇ ਮੁੰਡਿਆਂ ਨਾਲ। ਟੱਬਰ ਵੱਡੇ ਹੁੰਦੇ ਸਨ, ਇਕੱਠੇ ਰਹਿੰਦੇ ਸਨ ਤੇ ਇਕੋ ਰਸੋਈ ‘ਚ ਰੋਟੀ ਪਕਦੀ ਸੀ। ਨਵੀਂ ਵਿਆਹੀ ਦਾ ਵਿੱਚੋ ਵਿੱਚ ਜੀਅ ਹੁੰਦਾ ਸੀ ਕਿ ਮੇਰੀ ਰਸੋਈ ਵੱਖਰੀ ਹੋ ਜਾਵੇ । ਘਰ ਵਾਲੇ ਨੂੰ ਚੁੱਪ ਚਪੀਤੇ ਕਹਿੰਦੀਆਂ ਈ ਰਹਿੰਦੀਆਂ ਸਨ। 

ਮਾਵਾਂ ਤੇ ਦਾਦੀਆਂ ਖ਼ਿਆਲ ਰੱਖਦੀਆਂ ਸਨ ਕਿ ਕੁੜੀਆਂ ਉਹਨਾਂ ਦੇ ਸਾਏ ਥੱਲੇ ‘ ਰਹਿਣ। ਜਦੋਂ ਕੁੜੀਆਂ ਰਲ ਕੇ ਖੇਡਦੀਆਂ ਹੋਣ ਤਾਂ ਵੀ ਮਾਂ ਦੀਆਂ ਨਜ਼ਰਾਂ ਜਾਂ ਦਾਦੀ ਦੇ ਕੰਨ ਉਹਨਾਂ ਵੱਲ ਹੁੰਦੇ। ਮਾਂ ਉਹਨਾਂ ਨੂੰ ਜੀਵਨ ਜਾਂਚ ਸਖਾਂਦੀ: ਸਫ਼ਾਈ, ਰੋਟੀ ਪਕਾਣੀ, ਕੱਤਨਾ, ਵੇਲਨਾ, ਸੀਣਾ-ਪ੍ਰੋਣਾ, ਤੇ ਗੀਤ ਗਾਉਣੇ। ਕੁੜੀਆਂ ਨੂੰ ਕੱਤਣਾ ਬੜਾ ਚੰਗਾ ਲੱਗਦਾ ਸੀ। ਤ੍ਰਿੰਵਣਾਂ ਵਿੱਚ ਇਕੱਠੀਆਂ ਬੈਠ ਕੇ ਚਰਖੇ ਕੱਤਣੇ, ਹੱਸਣਾ, ਗਾਉਣਾ। ਇਕੱਠੀਆਂ ਖਿੱਦੂ ਖੇਡਣਾ, ਮਸਤੀ ਕਰਨੀ ਪਰ ‘ਕਲੀਆਂ ਕਿਧਰੇ ਨਹੀਂ ਸਨ। ਜਾ ਸਕਦੀਆਂ, ਭਾਵੇਂ ਸਕੂਲ ਹੋਵੇ ਜਾਂ ਧਰਮ ਅਸਥਾਨ। ਖੇਤਾਂ ਨੂੰ, ਭੱਠੀ ਤੇ, ਪਾਣੀ ਲੈਣ ਇਕੱਠੀਆਂ ਚਿੜੀਆਂ ਦੀਆਂ ਡਾਰਾਂ ਵਾਂਗਰ ਜਾਂਦੀਆਂ। ਇਸੇ ਤਰ੍ਹਾਂ ਪੱਕੀਆਂ। ਸਹੇਲੀਆਂ ਬਣ ਜਾਂਦੀਆਂ। ਹਰ ਕੋਈ ਨਜ਼ਰ ਰੱਖਦਾ ਕਿ ਕੁੜੀਆਂ ਨੂੰ ਕੋਈ ਛੇੜੇ ਨਾ, ਹੱਥ ਨਾ ਲਾਏ। ਕੁੜੀਆਂ ਨੂੰ ਸਿਖਾਇਆ ਜਾਂਦਾ ਸੀ ਕਿ ਘਰੋਂ ਬਾਹਰ ਨਜ਼ਰ ਨੀਵੀਂ ਕਰਕੇ ਤੁਰਨ। ਪੰਜਾਬੀਆਂ ਦੀ ਆਦਤ ਹੈ ਕਿ ਮੁਟਿਆਰਾਂ ਵੱਲ ਅੱਖਾਂ ਫਾੜ-ਫਾੜ ਕੇ ਵੇਖਣ। 

ਮਾਂ-ਪਿਉ ਦੀ ਨੀਤੀ ਸੀ ਕੁੜੀਆਂ ਵਾਸਤੇ ਮੁੰਡਾ ਲੱਭਣਾ, ਦਾਜ ਇਕੱਠਾ ਕਰਨਾ, ਵਿਆਹ ਕਰਨਾ । ਵਿਆਹ ਕਰਕੇ ਮਾਂ-ਪਿਉ ਸਮਝਦੇ ਸਨ ਕਿ ਉਹਨਾਂ ਦਾ ਭਾਰ ਹੌਲਾ ਹੋ ਗਿਆ ਏ। ਉਹਨਾਂ ਆਪਣਾ ਫ਼ਰਜ਼ ਪੂਰਾ ਕਰ ਦਿੱਤਾ ਏ। ਪਰ ਜਦੋਂ ਆਪਣੇ ਘਰ ਨੂੰ ਤੁਰ ਜਾਂਦੀਆਂ ਸਨ ਤਾਂ ਉਹਨਾਂ ਦੇ ਨਾ ਹੋਣ ਦੀ ਘਾਟ ਨੂੰ ਦਿਲ ‘ਤੇ ਲਾਂਦੇ ਸਨ। ਧੀਆਂ ਵੀ ਦਿਨ ਰਾਤ ਯਾਦ ਕਰਦੀਆਂ ਭਾਵੇਂ ਕਿੰਨੀਆਂ ਵੀ ਸੁਖੀ ਕਿਉਂ ਨਾ ਹੋਣ। 

ਕਣਕਾਂ ਨਿਸਰੀਆਂ ਨੀ ਮਾਏ, ਧੀਆਂ ਕਿਉਂ ਵਿਸਰੀਆਂ ਨੀ ਮਾਏ 

ਮੁੰਡਾ ਜੰਮਣ ਦੀ ਬੜੀ ਖ਼ੁਸ਼ੀ ਮਨਾਈ ਜਾਂਦੀ ਸੀ । ਲੱਡੂ ਵੰਡੇ ਜਾਂਦੇ ਸਨ। ਕੁੜੀ ਵਾਰੀ ਇਹ ਕੁਝ ਨਹੀਂ ਸੀ ਹੁੰਦਾ। 

ਮੁੰਡਾ ਜੰਮਿਆ ਜਗਾ ਲਿਆ ਦੀਵਾ ਤੇ ਕੁੜੀ ਵਾਰੀ ਤੇਲ ਮੁੱਕਿਆ ਮੁੰਡਿਆਂ ਨਾਲ ਸਮਾਜ ਵਿੱਚ ਇੱਜ਼ਤ ਬਣਦੀ ਸੀ। ਜਿੰਨੀਆਂ ਬਾਹਾਂ ਉੱਨੀ ਤਾਕਤ। ਇਕੱਲੇ ਪੁੱਤਰ ਦਾ ਡਰ ਰਹਿੰਦਾ ਸੀ ਕਿ ਕਿਧਰੇ ਮਰ ਨਾ ਜਾਵੇ, ਕੋਈ ਮਾਰ ਨਾ ਦੇਵੇ। ਜੱਗੇ ਡਾਕੂ ਦੀ ਰੋਂਦੀ ਮਾਂ ਦਾ ਗੀਤ ਸੀ : 

ਜੇ ਮੈਂ ਜਾਣਦੀ ਜੱਗੇ ਮਰ ਜਾਣਾ ਤਾਂ ਇਕ ਦੇ ਦੋ ਜੰਮਦੀ ਮੁੰਡੇ ਗਲੀਆਂ ਮਹੱਲਿਆਂ ‘ਚ ਦੌੜਦੇ-ਭੱਜਦੇ, ਖੇਡਦੇ, ਕੋਠੇ ਟੱਪਦੇ, ਜਦੋਂ ਜੀਅ ਕਰੇ ਕਿਸੇ ਵੀ ਘਰ ਜਾ ਵੜਣਾ, ਕਿਸੇ ਖੂਹ ‘ਤੇ ਨਹਾ ਲੈਣਾ, ਕਿਸੇ ਖੇਤ ਵਿੱਚ ਚਲੇ ਜਾਣਾ, ਕਿਸੇ ਦਰਖ਼ਤ ‘ਤੇ ਚੜ੍ਹ ਜਾਣਾ, ਕਿਸੇ ਛੱਪੜ ਵਿੱਚ ਟੁੱਬੀਆਂ ਮਾਰਨਾ। ਬਿਲਕੁਲ ਆਜ਼ਾਦ ਸਨ । ਪਰ ਇਕ ਸਖ਼ਤ ਮਨਾਹੀ ਸੀ । ਕਿਸੇ ਖੇਤ ‘ਚੋਂ ਕੁਝ ਵੀ ਪੁੱਟ ਨਹੀਂ ਸਨ ਸਕਦੇ ਤੇ ਨਾ ਹੀ ਕੋਈ ਚੋਰੀ ਕਰ ਸਕਦੇ ਸਨ। ਘਰੋਂ ਵੀ ਮਾਰ ਤੇ ਬਾਹਰੋਂ ਵੀ ਮਾਰ। ਹਰ ਕੋਈ ਹਰ ਮੁੰਡੇ ਦੇ ਮਾਂ-ਪਿਉ, ਦਾਦੇ ਨੂੰ ਜਾਣਦਾ ਸੀ। 

ਹਰ ਮਾਂ-ਪਿਉ ਦੀ ਖਾਹਿਸ਼ ਹੁੰਦੀ ਸੀ ਕਿ ਮੁੰਡੇ-ਕੁੜੀ ਦਾ ਵਿਆਹ ਬੜੀ ਸ਼ਾਨ ਨਾਲ ਕਰੇ। ਆਪਣੀ ਹੈਸੀਅਤ ਤੋਂ ਵਧ ਪੈਸਾ ਲਾ ਦਿੰਦੇ ਸਨ। ਕਰਜ਼ਾ ਵੀ ਚੁੱਕ ਲੈਂਦੇ ਸਨ । ਮਾਂ-ਪਿਉ ਲੱਭਦੇ ਕਿ ਦੋਵੇਂ ਟੱਬਰ ਰਲਦੇ ਮਿਲਦੇ, ਇਕੋ ਜਿਹੇ ਹੋਣ। ਬਹੁਤੀਆਂ ਸ਼ਾਦੀਆਂ ਤਾਂ ਦੂਰ ਨੇੜੇ ਦੇ ਰਿਸ਼ਤੇਦਾਰਾਂ ਵਿੱਚ ਹੀ ਹੋ ਜਾਂਦੀਆਂ ਸਨ। ਕੁੜੀਆਂ ਦੇ ਵਿਆਹ 13 ਸਾਲ ਤੋਂ 20 ਸਾਲ ਦੀ ਉਮਰ ਦੇ ਵਿੱਚ ਵਿੱਚ ਹੋ ਜਾਂਦੇ ਸਨ। ਮੁੰਡਿਆਂ ਦੇ 18-22 ਦੇ ਦਰਮਿਆਨ। ਕੁਝ ਵਿਆਹ ਵੱਟੇ-ਸੱਟੇ ‘ਤੇ ਹੁੰਦੇ ਸਨ। ਕੁੜੀ ਦਿਉ ਤੇ ਕੁੜੀ ਲੈ ਲਵੋ| ਜੇ ਮੁੰਡਾ ਵੱਡੀ ਉਮਰ ਤਕ ਕਵਾਰਾ ਰਹਿ ਜਾਏ, ਤੇ ਗਰੀਬ ਹੋਵੇ, ਤਾਂ ਉਸ ਨੂੰ ਵਿਆਹ ਕਰਾਣ ਲਈ ਕੁੜੀ ਖ਼ਰੀਦਣੀ ਪੈਂਦੀ ਸੀ ਭਾਵ ਕੁੜੀ ਵਾਲਿਆਂ ਨੂੰ ਪੈਸਾ ਦੇਣਾ ਪੈਂਦਾ ਸੀ। ਜਿਹੜੇ ਆਦਮੀ ਸੌਖੇ ਤੇ ਜ਼ੋਰ ਵਾਲੇ ਹੋਣ, ਉਹਨਾਂ ਦੀਆਂ ਦੋ ਵਹੁਟੀਆਂ ਵੀ ਹੁੰਦੀਆਂ ਸਨ । ਰੋਕ ਕੋਈ ਨਹੀਂ, ਨਾ ਕਾਨੂੰਨੀ ਤੇ ਨਾ ਸਮਾਜਕ। 

ਸਾਰਾ ਜੀਵਨ ਘਰ ਦੇ ਦਾਇਰੇ ਵਿੱਚ ਹੀ ਗੁਜ਼ਰਦਾ ਸੀ । ਘਰ ਜੰਮਣਾ, ਘਰ ਵਿੱਚ ਹੀ ਵਿਆਹ ਦੀਆਂ ਰਸਮਾਂ ਹੋਣੀਆਂ ਤੇ ਘਰ ਹੀ ਮਰਨਾ । ਬਹੁਤੀਆਂ ਰਸਮਾਂ ਸਾਰੇ ਧਰਮਾਂ ਦੀਆਂ ਇਕੋ ਜਿਹੀਆਂ ਸਨ । ਕੁਝ ਦਾ ਬੜਾ ਫ਼ਰਕ ਸੀ। ਜਿਵੇਂ ਕਿ ਸਿੱਖ ਜਨਮ ਤੇ ਮਰਨ ਦੀਆਂ ਕੁਝ ਰਸਮਾਂ ਗੁਰਦੁਆਰੇ ਮਨਾਂਦੇ ਸਨ। ਕੁਝ ਦਿਨਾਂ ਦੇ ਬੱਚੇ ਨੂੰ ਗੁਰਦੁਆਰੇ ਲਿਜਾਣਾ, ਅੰਮ੍ਰਿਤ ਮੂੰਹ ਵਿੱਚ ਪਾਣਾ ਤੇ ਪ੍ਰਸ਼ਾਦ ਕਰਾਣਾ । ਮਰਨ ਤੇ ਗੁਰਦੁਆਰੇ ਲੈ ਕੇ ਜਾਣਾ, ਖੂਹੀ ਤੇ ਨਵਾਣਾ, ਤੇ ਗੁਰਦੁਆਰੇ ਪਏ ਹੋਏ ਪੱਟੜੇ ‘ਤੇ ਮੜ੍ਹੀਆਂ ਨੂੰ ਲੈ ਕੇ ਜਾਣਾ ਤੇ ਵੱਡੇ ਪੁੱਤਰ ਨੇ ਚਿਖਾ ਨੂੰ ਅੱਗ ਲਾਣੀ। ਫਿਰ ਸਾਰਿਆਂ ਗੁਰਦੁਆਰੇ ਆ ਕੇ ਅਰਦਾਸ ਕਰਨੀ । ਹਾਂ ਛੋਟੇ ਬੱਚੇ ਦੀ ਲਾਸ਼ ਨੂੰ ਚੁੱਕ ਕੇ ਸਿੱਧਾ ਘਰੋਂ ਮੜ੍ਹੀਆਂ ਨੂੰ ਲੈ ਜਾਂਦੇ ਸਨ ਤੇ ਸਿੱਧਾ ਘਰ ਆ ਜਾਂਦੇ ਸਨ । ਹਿੰਦੂ ਵੀ ਇਸੇ ਤਰ੍ਹਾਂ ਕਰਦੇ ਸਨ। ਮੁਸਲਮਾਨ ਤੇ ਈਸਾਈ, ਕਬਰ ਪੁੱਟ ਕੇ ਮੁਰਦੇ ਨੂੰ ਦੱਬਦੇ ਸਨ ਤੇ ਦੁਆ ਕਰਦੇ ਸਨ।  

 

12 

ਰੁਝੇਵੇਂ 

ਪੰਜਾਬ ਦੇ ਪਿੰਡਾਂ ਦਾ ਜੀਵਨ ਜਿਸ ਤਰ੍ਹਾਂ ਗੀਤਾਂ ਤੇ ਕਿੱਸਿਆਂ ਵਿੱਚ ਬਿਆਨ ਕੀਤਾ ਗਿਆ ਸੀ, ਸੈਂਕੜੇ ਸਾਲਾਂ ਤੋਂ ਉਸੇ ਤਰ੍ਹਾਂ ਹੀ ਚਲਿਆ ਆ ਰਿਹਾ ਸੀ । ਖੂਬਸੁਰਤ ਜਵਾਨ, ਬੰਸਰੀ ਤੇ ਗੀਤਾਂ ਨਾਲ ਮੋਹਣ ਵਾਲਾ ਪਰ ਵਿਹਲੜੂ ਰਾਂਝਾ, ਭਰਜਾਈਆਂ ਦੇ ਤਾਨਿਆਂ ਤੋਂ ਤੰਗ ਆ ਕੇ ਸਵੇਰੇ-ਸਵੇਰੇ ਜਦੋਂ ਘਰੋਂ ਨਿਕਲ ਜਾਂਦਾ ਏ ਤਾਂ ਵਾਰਸ ਸ਼ਾਹ ਨੇ ਅਠਾਰਵੀਂ ਸਦੀ ਵਿੱਚ ਜੋ ਨਕਸ਼ਾ ਖਿੱਚਿਆ ਸੀ, ਵੀਹਵੀਂ ਸਦੀ ਵਿੱਚ ਉਵੇਂ ਹੀ ਕਾਇਮ ਸੀ। 

ਚਿੜੀ ਚੂਕਦੀ ਨਾਲ ਉਠ ਤੁਰੇ ਪਾਂਧੀ ਪਈਆਂ ਦੁੱਧਾਂ ਦੇ ਵਿਚ ਮਧਾਣੀਆਂ ਨੀ। ਹੋਈ ਸੁਬਹ ਸਾਦਕ ਜਦੋਂ ਆਣ ਰੋਸ਼ਨ, ਤਦੋਂ ਲਾਲੀਆਂ ਆਣ ਚਿਚਲਾਣੀਆਂ ਨੀ। ਲਈਆਂ ਕੱਢ ਹਰਨਾਲੀਆਂ ਹਾਲੀਆਂ ਨੇ, ਸੋਆਂ ਭੋਏਂ ਨੂੰ ਜਿਨ੍ਹਾਂ ਨੇ ਲਾਣੀਆਂ ਨੀ।  ਘਰ ਬਾਰ ਚੱਕੀਆਂ ਝੋਤੀਆਂ ਨੀ ਜਿਨਾਂ ਤਉਣਾ ਗੁਨ੍ਹ ਪਕਾਣੀਆਂ ਨੀ। ਕਾਰੋਬਾਰ ਵਿਚ ਹੋਇਆ ਜਹਾਨ ਸਾਰਾ, ਚਰਖੇ ਕਤਦੀਆਂ ਉਠਿ ਸਵਾਣੀਆਂ ਨੀ। ਉਠਿ ਗੁਸ਼ਲ ਦੇ ਵਾਸਤੇ ਜਾਣ ਦੌੜੇ, ਸੇਜਾਂ ਜਿਨ੍ਹਾਂ ਨੇ ਰਾਤ ਨੂੰ ਮਾਣੀਆਂ ਨੀ। 

ਰੋਜ਼ ਦੇ ਰੁਝੇਵਿਆਂ ਦਾ ਢੰਗ ਇਹੋ ਜਿਹਾ ਸੀ ਕਿ ਆਦਮੀ ਜੋਸ਼ ਪਰ ਫੁਰਸਤ ਨਾਲ ਕੰਮ ਕਰਦੇ, ਔਰਤਾਂ ਹਰ ਵੇਲੇ ਕੰਮ ਕਰਦੀਆਂ ਤੇ ਬੱਚੇ ਜੋ ਵੱਡੇ ਕਹਿਣ ਉਸੇ ਤਰ੍ਹਾਂ ਕਰਦੇ। ਹਰ ਕੋਈ ਕਿਸੇ ਨਾਂ ਕਿਸੇ ਧੰਦੇ ਵਿੱਚ ਰੁੱਝਿਆ ਹੁੰਦਾ ਸੀ। ਵਿਹਲੜ ਕੋਈ ਵਿਰਲਾ ਈ ਸੀ। 

ਰੁਝੇਵਿਆਂ ਦਾ ਢਾਂਚਾ : ਸਾਰੇ ਟੱਬਰ ਦਾ ਇਕੱਠਿਆਂ ਕੰਮ-ਕਾਜ ਵਿੱਚ ਫਸੇ ਰਹਿਣ ਦਾ ਢਾਂਚਾ ਸਦੀਆਂ ਤੋਂ ਚਲਿਆ ਆ ਰਿਹਾ ਸੀ । 1900-1946 ਵਿਚ ਹੌਲੀ- ਹੌਲੀ ਇਹ ਢਾਂਚਾ ਬਦਲਣਾ ਸ਼ੁਰੂ ਹੋ ਗਿਆ। ਕੁਝ ਬੱਚੇ ਸਕੂਲ ਜਾਣ ਲੱਗ ਪਏ ਤੇ ਟੱਬਰ 

ਦੇ ਕੰਮਾਂ ਵਿੱਚੋਂ ਖਿਸਕ ਗਏ। ਸਰਕਾਰੀ ਨੌਕਰੀਆਂ ਵਿੱਚ ਵਾਧਾ ਹੋ ਗਿਆ। ਟਾਂਗੇ,  ਬੱਸਾਂ ਤੇ ਰੇਲ ਗੱਡੀਆਂ ਦੇ ਆਉਣ ਨਾਲ ਆਵਾਜਾਈ ਸੌਖੀ ਹੋ ਗਈ। ਛਾਪੇਖਾਨੇ ਨੇ ਅਖ਼ਬਾਰਾਂ ਤੇ ਰਸਾਲਿਆਂ ਰਾਹੀਂ ਬਾਹਰ ਦੀ ਦੁਨੀਆਂ ਨੇੜੇ ਲੈ ਆਂਦੀ। ਫ਼ੌਜ ਵਿੱਚੋਂ ਜਾਂ ਪੁਲਿਸ ਵਿੱਚੋਂ ਜੇ ਕੋਈ ਮੁਕਤ ਹੋਇਆ ਤਾਂ ਉਹ ਪੁਰਾਣੇ ਧੰਦੇ ਵਿੱਚ ਨਾ ਪਿਆ। ਕਾਰੋਬਾਰ ਵਧ ਗਏ। ਸ਼ਹਿਰਾਂ ਵਿੱਚ ਨੌਕਰੀਆਂ ਕਰਨ ਵਾਲਿਆਂ ਨੇ ਪਿੰਡ ਪੈਸੇ ਭੇਜਣੇ ਸ਼ੁਰੂ ਕਰ ਦਿੱਤੇ ਤੇ ਹੋਰ ਭਰਾਵਾਂ ਨੂੰ ਖਿੱਚ ਲਿਆ। ਇਹਨਾਂ ਵਸੀਲਿਆਂ ਦਾ ਪਿੰਡ ਦੇ ਲੋਕਾਂ ਨੇ ਪੂਰਾ ਫ਼ਾਇਦਾ ਉਠਾਇਆ। ਜ਼ਮਾਨਾ ਬਦਲਣਾ ਸ਼ੁਰੂ ਹੋ ਗਿਆ। ਪਰ ਬਦਲੀ ਦੀ ਰਫ਼ਤਾਰ ਸੁਸਤ ਰਹੀ। ਖੇਤੀ-ਬਾੜੀ ਤੇ ਤਾਣਾ-ਬੁਣਨਾ ਦੋ ਰੁਝੇਵੇਂ ਸਨ ਜਿਨ੍ਹਾਂ ਵਿੱਚ ਹਮੇਸ਼ਾ ਵਾਂਗਰ ਸਾਰਾ ਟੱਬਰ ਖੂਬਿਆ ਹੁੰਦਾ ਸੀ। 

ਖੇਤੀ-ਬਾੜੀ : ਕਾਸ਼ਤਕਾਰੀ ਤਾਂ ਕੁਦਰਤ ਦੇ ਦੌਰ ਦੇ ਨਾਲ ਨਥੀ ਹੋਈ ਸੀ। ਬਜਾਈ, ਗੋਡੀ, ਵਾਢੀ ਦੇ ਦਿਨਾਂ ਵਿੱਚ ਕਿਸਾਨਾਂ ਨੂੰ ਸਿਰ ਖੁਰਕਣ ਦੀ ਵਿਹਲ ਨਹੀਂ ਸੀ ਹੁੰਦੀ। ਗੋਡੀ ਤੇ ਵਾਢੀ ਵੇਲੇ ਗ਼ੈਰ-ਕਾਸ਼ਤਕਾਰ ਵੀ ਹੱਥ ਵਟਾਂਦੇ ਸਨ। ਸੌਣ ਦੇ ਮਹੀਨੇ ਤੇ ਕਣਕ ਦੀ ਵਾਡੀ ਤੋਂ ਪਹਿਲੋਂ ਫਰਵਰੀ, ਮਾਰਚ ਵਿੱਚ, ਕਿਸਾਨਾਂ ਨੂੰ ਦਿਲ ਖੋਲ ਕੇ ਮਜ਼ੇ ਲੈਣ ਦਾ ਵਕਤ ਮਿਲ ਜਾਂਦਾ ਸੀ। 

ਖੂਹ ਕਿਸਾਨ ਦਾ ਧੁਰਾ ਹੁੰਦਾ ਸੀ। ਉਸ ਦਾ ਜੀਵਨ ਹਲ-ਪੰਜਾਲੀ ਦੇ ਨਾਲ ਜੁੜਿਆ ਹੁੰਦਾ ਸੀ । ਉਹਦੀ ਟੀਮ ਹੁੰਦੇ ਸਨ : ਆਪ, ਜਵਾਨ ਪੁੱਤਰ, ਕਾਮੇਂ, 4 ਬਲਦ, ਇਕ ਦੋ ਮੱਝਾਂ, ਇਕ ਦੋ ਸਾਂਢ, ਤੇ ਹੋ ਸਕਦਾ ਹੈ ਇਕ ਘੋੜੀ। ਟੀਮ ਦੀ ਪਿੱਠ ‘ਤੇ ਬਾਪੂ, ਔਰਤਾਂ ਤੇ ਬੱਚੇ ਹੁੰਦੇ ਸਨ। ਕੁੱਤੇ, ਬਿੱਲੀਆਂ ਵੀ ਡੇਰਾ ਜਮਾਈ ਬੈਠੇ ਹੁੰਦੇ ਸਨ। 

ਬਾਪੂ ਡੰਗਰਾਂ ਨੂੰ ਪੱਠੇ ਪਾਂਦਾ ਤੇ ਬੱਚੇ ਚਰਾਣ ਲੈ ਜਾਂਦੇ । ਪਰ ਅਥਰੇ ਬਲਦਾਂ ਤੇ ਸਾਂਡਾਂ ਨੂੰ ਚਰਨ ਵਾਸਤੇ ਨਹੀਂ ਸੀ ਛੱਡਿਆ ਜਾਂਦਾ, ਤੇ ਨਾ ਹੀ ਘੋੜੀ ਨੂੰ। ਕੀ ਪਤੈ ਕਿਧਰ ਨੱਸ ਜਾਣ। ਘੋੜੀ ਨੂੰ ਤਾਂ ਹਰ ਵੇਲੇ ਢੰਗਾ ਪਾਈ ਰੱਖਦੇ ਸਨ ਕਣਕ ਬੀਜਣ ਲਈ, ਖੇਤਾਂ ਨੂੰ ਤਿਆਰ ਕਰਨ ਵਾਸਤੇ ਪਹਿਲੋਂ ਦੋ ਚਾਰ ਵਾਰੀ ਹਲ ਵਾਹਿਆ ਜਾਂਦਾ ਸੀ । ਇਹ ਕੰਮ ਸਵੇਰ ਦੀ ਲੋ ਵੇਲੇ ਸ਼ੁਰੂ ਹੁੰਦਾ ਤੇ ਦੋ ਹਲ (4 ਬਲਦ) ਸੂਰਜ ਚੜ੍ਹਨ ਤਕ ਇਕ 

ਕਿਲਾ ਜ਼ਮੀਨ ਵਾਹ ਦੇਂਦੇ। ਹਲ ਦੇ ਪਿੱਛੇ-ਪਿੱਛੇ ਪਰਿੰਦੇ ਉਡਦੇ ਤੇ ਗੰਡੋਇਆਂ ਨੂੰ, ਟਿੱਡਿਆਂ ਨੂੰ ਬੋਚਣ ਦੀ ਕੋਸ਼ਿਸ਼ ਕਰਦੇ। ਇਹ ਸਾਰਾ ਨਜ਼ਾਰਾ ਬੜਾ ਖ਼ੂਬਸੂਰਤ ਹੁੰਦਾ ਸੀ। ਜੇ ਕੋਈ ਮੁਟਿਆਰ ਬੰਨੇ ਤੋਂ ਲੰਘਦੀ ਹੋਵੇ ਤਾਂ ਹਾਲੀਆਂ ਦੇ ਮੂੰਹ ਪਰਤ ਈ ਜਾਂਦੇ ਸਨ । 

ਤੇਰੇ ਲੌਂਗ ਦਾ ਪਿਆ ਲਿਸ਼ਕਾਰਾ ਤੇ ਹਾਲੀਆਂ ਦੇ ਹਲ ਰੁਕ ਗਏ ਹਲ ਵਾਹੁਣ ਦੇ ਪਿੱਛੋਂ ਸੁਹਾਗਾ ਫੇਰਿਆ ਜਾਂਦਾ ਸੀ ਤਾਂ ਕਿ ਮੋਟੀਆਂ ਢੇਮਾਂ ਟੁੱਟ ਜਾਣ ਤੇ ਜ਼ਮੀਨ ਪੱਧਰੀ ਹੋ ਜਾਏ। ਫੇਰ ਰੂੜ੍ਹੀ ਖਲਾਰੀ ਜਾਂਦੀ, ਪਾਣੀ ਦਿੱਤਾ ਜਾਂਦਾ, ਤੇ ਅਖ਼ੀਰ ਤੇ ਮਾੜਾ-ਮਾੜਾ ਹਲ ਵਾਹ ਕੇ, ਵੱਤਰ ਵੇਖ ਕੇ, ਮੁੱਠੀਆਂ ਨਾਲ ਬੀਜ ਸੁੱਟਿਆ ਜਾਂਦਾ ਸੀ ਤੇ ਝੱਟ ਹੀ ਤਰੰਗਲੀਆਂ ਨਾਲ ਸਿਆੜ ਪੱਧਰੇ ਕਰ ਦਿੱਤੇ ਜਾਂਦੇ ਸੀ ਤਾਂ ਕਿ ਪਰਿੰਦੇ ਬੀਜ ਨਾ ਚੁਗ ਲੈਣ। ਫੇਰ ਕਿਆਰੀਆਂ ਬਣਾਈਆਂ ਜਾਂਦੀਆਂ ਤਾਂ ਕਿ ਪਾਣੀ ਸਾਰੇ ਖੇਤ ਨੂੰ ਇਕੋ ਜਿਹਾ ਦਿੱਤਾ ਜਾ ਸਕੇ। 

ਪਾਣੀ ਦੇਣ ਦਾ ਕੰਮ ਬਲਦਾਂ ਵਾਸਤੇ ਔਖਾ ਹੁੰਦਾ ਸੀ ਕਿਉਂਕਿ ਕਈ ਘੰਟੇ ਖੂਹ ‘ਤੇ ਭਵੀਂ ਲੱਗੇ ਰਹਿੰਦੇ ਸਨ ਪਰ ਕਿਸਾਨਾਂ ਵਾਸਤੇ ਸੌਖਾ। ਇਕ ਧਿਆਨ ਰੱਖਣਾ ਪੈਂਦਾ ਸੀ ਕਿ ਆਡ ਸਾਫ਼ ਰਹੇ, ਕਿਆਰਿਆਂ ਦੀਆਂ ਬਣੀਆਂ ਕਿਧਰੇ ਟੁੱਟ ਨਾ ਜਾਣ। ਚਲਦੇ ਖੂਹ ‘ਤੇ ਨਹਾਉਣ ਵਾਲੇ, ਪਾਣੀ ਭਰਨ ਤੇ ਕੱਪੜੇ ਧੋਣ ਵਾਲੀਆਂ ਆ ਜੰਮਦੀਆਂ। ਬੱਚੇ ਗਾਦੀ ‘ਤੇ ਝੂਟੇ ਲੈਂਦੇ। ਰੌਣਕ ਲੱਗੀ ਰਹਿੰਦੀ। ਹਰ ਕੋਈ ਖ਼ੁਸ਼ ਨਜ਼ਰ ਆਉਂਦਾ। 

ਜਦੋਂ ਫ਼ਸਲ ਉਗਨੀ ਸ਼ੁਰੂ ਹੋਣੀ ਤਾਂ ਨਾਲ ਹੀ ਘਾਹ-ਪੱਤੇ ਵੀ ਨਿਕਲ ਆਉਂਦੇ। ਗੋਡੀ ਦੀ ਲੋੜ ਪੈਂਦੀ। ਰੰਬੀਆਂ ਲੈ ਕੇ ਬੰਦੇ ਤੇ ਜ਼ਨਾਨੀਆਂ ਗੋਡੀ ਕਰਦੀਆਂ, ਪਿੱਛੋਂ ਪਾਣੀ ਦਿੱਤਾ ਜਾਂਦਾ। ਹੋਰ ਘਾਹ-ਪੱਤੇ ਉਗ ਆਉਣੇ, ਫੇਰ ਗੋਡੀ ਕਰਨੀ ਪੈਂਦੀ। ਇਹ ਸਿਲਸਿਲਾ ਚੱਲਦਾ ਰਹਿਣਾ। ਜਦੋਂ ਫ਼ਸਲ ਉੱਚੀ ਹੋ ਜਾਏ ਤਾਂ ਘਾਹ-ਪੱਤਾ ਆਪੇ ਹੀ ਨਹੀਂ ਸੀ ਉਗਦਾ। ਹੁਣ ਕਿਸਾਨ ਫ਼ਸਲ ਨੂੰ ਵੱਧਦਾ ਵੇਖੇ ਤੇ ਵਿਹਲਾ ਅਨੰਦ ਲਵੇ। ਇਧਰ-ਓਧਰ ਪੰਗੇ ਵੀ ਲਵੇ। 

ਮਹੀਨਾ ਭਰ ਚੇਤਰ ਵਿੱਚ ਕਣਕ ਦਾ ਰੰਗ ਬਦਲਦਾ ਜਾਂਦਾ, ਹਰੇ ਹਰੇ ਬੂਟਿਆਂ ‘ਚੋਂ ਸਿੱਟੇ ਨਿਕਲਣੇ ਸ਼ੁਰੂ ਹੁੰਦੇ। ਖਾਉ-ਪਿਉ ਤੋਂ ਪਿੱਛੋਂ ਸ਼ੇਖ਼ ਢੋਲ ਲੈ ਕੇ ਪਿੰਡ ਦੇ ਦਲਾਨ ਵਿੱਚ ਆ ਜਾਂਦਾ। ਢੋਲ ਸੁਣਦਿਆਂ ਹੀ ਜਵਾਨ ਤੇ ਮੁੰਡੇ ਘਰੋਂ ਦੌੜਦੇ ਤੇ ਰਾਤ ਦੇਰ ਤਕ ਭੰਗੜਾ ਪਾਂਦੇ ਰਹਿੰਦੇ। ਕਣਕ ਦਾ ਰੰਗ ਹੌਲੀ-ਹੌਲੀ ਸੋਨੇ ਵਰਗਾ ਹੁੰਦਾ ਜਾਂਦਾ ਤੇ ਭੰਗੜਾ ਪੈਂਦਾ ਰਹਿੰਦਾ। ਸ਼ੇਖ਼ ਨੂੰ ਕੋਈ ਪੈਸਾ ਧੇਲਾ ਨਹੀਂ ਸੀ ਦੇਂਦਾ। ਇਹ ਉਹਦੀ ਆਪਣੀ ਖ਼ੁਸ਼ੀ ਸੀ । ਕਣਕਾਂ ਪੱਕ ਜਾਣੀਆਂ, ਵਿਸਾਖੀ ਆ ਜਾਣੀ, ਵਾਢੀਆਂ ਸ਼ੁਰੂ ਹੋ ਜਾਣੀਆਂ। ਤਕਰੀਬਨ ਸਾਰਾ ਪਿੰਡ ਵਾਢੀਆਂ ਵਿੱਚ ਰੁੱਝ ਜਾਂਦਾ। 

ਵਾਢੀਆਂ ਦਾ ਨਜ਼ਾਰਾ ਕਮਾਲ ਦਾ ਹੁੰਦਾ ਸੀ । ਦਸ ਦਿਨ ਵਾਸਤੇ ਹਰ ਸਵੇਰ ਨੂੰ, ਦਾਤਰੀਆਂ ਹੱਥ ਵਿੱਚ, ਜਵਾਨ ਕੀ ਬੁੱਢਾ ਕੀ, ਫ਼ੌਜ ਦੇ ਸਿਪਾਹੀਆਂ ਵਾਂਗ ਪਿੰਡੋਂ ਨਿਕਲਦੇ ਤੇ ਹਰ ਪਾਸੇ ਛਾਂ ਜਾਂਦੇ। ਘਰ-ਘਰ ਵਿੱਚ ਤੰਦੂਰ ਤੱਪ ਜਾਂਦੇ। ਜ਼ਨਾਨੀਆਂ ਥੱਬੇ ਦੇ ਥੱਬੇ ਰੋਟੀਆਂ ਪਕਾਂਦੀਆਂ, ਚੋਪੜਦੀਆਂ ਤੇ ਚੰਗੇਰ ਵਿੱਚ ਇਕੱਠੀਆਂ ਕਰੀ ਜਾਂਦੀਆਂ। ਫੇਰ ਅਚਾਰ, ਗੰਡੇ, ਗੁੜ, ਦਾਲ ਤੇ ਲੱਸੀ ਦਾ ਘੜਾ ਲੈ ਕੇ ਖੇਤਾਂ ਨੂੰ ਤੁਰ ਪੈਂਦੀਆਂ। ਭੱਤਾ ਵੇਖਦਿਆਂ ਈ ਵਾਢੀਆਂ ਨੇ ਦਾਤਰੀਆਂ ਸੁੱਟ ਦੇਣੀਆਂ। ਰੋਟੀ-ਟੁਕਰ ਖਾਣ ਤੋਂ ਪਿੱਛੋਂ ਫ਼ੇਰ ਵਾਢੀ ਸ਼ੁਰੂ ਹੋ ਜਾਣੀ। ਸ਼ਾਮ ਨੂੰ ਵੱਢੀ ਹੋਈ ਕਣਕ ਦੀਆਂ ਭਰੀਆਂ ਬੰਨ੍ਹ ਕੇ ਇਕੱਠੀਆਂ ਕਰ ਦੇਣੀਆਂ। ਵਾਢੀ ਕਰਨ ਵਾਲਿਆਂ ਨੂੰ ਦਿਹਾੜੀ ਦੀ ਇਕ- ਇਕ ਭਰੀ ਮਿਲਦੀ । ਘਰੋ-ਘਰੀਂ ਲੈ ਜਾਂਦੇ। 

ਜਦੋਂ ਕਿਸੇ ਕਿਸਾਨ ਦੀ ਚੋਖੀ ਕਣਕ ਖਲੋਤੀ ਹੋਣੀ, ਤੇ ਉਹਨੂੰ ਕਾਲ੍ਹ ਹੋਣੀ ਤਾਂ ਉਸ ਮਾਂਗੀ ਪਾ ਦੇਣੀ। ਸਵੇਰੇ-ਸਵੇਰੇ ਉਹਦੇ ਘਰ ਦੇ ਕੋਲ ਢੋਲ ਵੱਜਣਾ। ਜਿਦਾਂ ਜੀ ਕਰੇ ਵਾਢੀ ਦੇ ਬਰਗੇਡ ਵਿਚ ਸ਼ਾਮਲ ਹੋ ਜਾਏ। ਖੇਤ ਨੂੰ ਇਕੱਠੀਆਂ ਤੁਰ ਪੈਣਾ, ਸਾਰਾ ਦਿਨ ਢੋਲ ਵੱਜਦਾ ਰਹਿਣਾ। ਜਵਾਨ ਗਰਮਾਂ-ਗਰਮੀ ਵਿੱਚ ਵਾਢੀ ਕਰੀ ਜਾਂਦੇ। ਸ਼ਾਮ ਨੂੰ ਭਰੀ ਦੇ ਥਾਂ ਵਿਆਹ ਵਰਗੀ ਰੋਟੀ ਮਿਲਦੀ ਸੀ । ਢੋਲ ਦੇ ਮਗਰ-ਮਗਰ ਸਾਰਿਆਂ ਨੇ ਜੰਜ ਵਾਂਗਰ ਕਿਸਾਨ ਦੇ ਘਰ ਪਹੁੰਚ ਜਾਣਾ। ਅੱਗੇ ਹਲਵਾਈ ਮਾਲ-ਮੱਤਾ ਤਿਆਰ ਕਰਕੇ ਉਡੀਕਦਾ ਹੁੰਦਾ ਸੀ। 

ਪਹਿਲੋਂ ਚੌਲ, ਸ਼ੱਕਰ ਤੇ ਘਿਉ ਦਿੱਤਾ ਜਾਂਦਾ। ਫੇਰ ਛੋਲੇ ਤੇ ਪੁੜੀਆਂ। ਉਸ ਤੋਂ ਪਿੱਛੇ ਕੜਾਹ ਤੇ ਅਖ਼ੀਰ ਤੇ ਗਰਮਾ-ਗਰਮ ਜਲੇਬੀਆਂ। ਜਿੰਨਾ ਵੀ ਕੋਈ ਢਿੱਡ ਵਿੱਚ ਤੂੜ ਸਕੇ ਤੁੜ ਲਏ। ਚੋਰੀ-ਚੋਰੀ ਕਿਸੇ ਨੂੰ ਦਾਰੂ ਦਾ ਘੁੱਟ ਵੀ ਮਿਲ ਜਾਂਦਾ। 

ਹੁਣ ਗਾਹਨ ਦਾ ਵੇਲਾ ਆ ਗਿਆ। ਟਾਹਨੀਆਂ ਇਕੱਠੀਆਂ ਕਰਕੇ ਕੋਈ 2 ਗਜ਼ × 2 ਗਜ਼ ਤੇ ਇਕ ਫੁੱਟ ਮੋਟਾ ਫ਼ੇਲਾ ਬਣਾਇਆ ਜਾਂਦਾ ਤੇ ਖਿੱਚਣ ਵਾਸਤੇ ਰੱਸਾ ਬਣਿਆ ਜਾਂਦਾ। ਖਲਾੜੇ ਦੇ ਨੇੜੇ ਰੜੀ ਤੇ ਸਾਫ ਥਾਂ ਤੇ ਗੋਲਦਾਰੇ ਵਿੱਚ ਕੁਝ ਭਰੀਆਂ ਵਿਛਾਈਆਂ ਜਾਂਦੀਆਂ । ਫੇਲਾ ਉਤੇ ਰੱਖ ਕੇ, ਉਹਦੇ ਅੱਗੇ ਸਾਂਢ ਨੂੰ ਜੋਤ ਦਿੱਤਾ ਜਾਂਦਾ ਤੇ ਉਹ ਭਵੀ ਲੱਗ ਜਾਂਦਾ। ਜਿਉਂ-ਜਿਉਂ ਨੜ ਫ਼ਿਸਦੇ ਉਹਨਾਂ ਨੂੰ ਤਰੰਗਲੀ ਨਾਲ ਉਲਟਾ ਦਿੱਤਾ ਜਾਂਦਾ। ਸਿੱਟਿਆਂ ‘ਚੋਂ ਕਣਕ ਨਿਕਲ ਕੇ ਥਲੇ ਬਹਿ ਜਾਂਦੀ ਤੇ ਤੂੜੀ ਉੱਪਰ ਰਹਿ ਜਾਣੀ। ਉੱਪਰੋਂ ਤੂੜੀ ਹਟਾ ਕੇ ਕਣਕ ਤੇ ਸਿੱਟਿਆਂ ਦੇ ਬਰੀਕ ਚੂਰੇ ਨੂੰ ਇਕ ਪਾਸੇ ਕਰ ਦਿੱਤਾ ਜਾਂਦਾ। ਹੋਰ ਭਰੀਆਂ ਇਸੇ ਤਰ੍ਹਾਂ ਗਾਹੀਆਂ ਜਾਂਦੀਆਂ। ਇਹ ਕੰਮ ਸਾਰਾ ਦਿਨ ਹਰ ਰੋਜ਼ ਚਲਦਾ ਰਹਿੰਦਾ, ਜਿੰਨਾ ਚਿਰ ਸਾਰਾ ਖਲਾੜਾ ਨਾ ਗਾਹ ਕਤੇ। 

ਹੁਣ ਬਰੀਕ ਤੂੜੀ ਤੇ ਦਾਨਿਆਂ ਨੂੰ ਵੱਖਰਾ ਕਰਨ ਦਾ ਵਕਤ ਆ ਜਾਂਦਾ। ਛੱਜਾਂ ਵਾਲੀਆਂ ਪਹੁੰਚ ਜਾਂਦੀਆਂ। ਗਾਹੇ ਹੋਏ ਦਾਣਿਆਂ ਨੂੰ ਛੱਜ ਵਿੱਚ ਪਾ ਕੇ, ਛੱਜ ਨੂੰ ਦੋਹਾਂ ਬਾਹਾਂ ਦੇ ਨਾਲ ਸਿਰ ਤੋਂ ਉੱਚਾ ਚੁੱਕਦੀਆਂ, ਤਰੀਕੇ ਨਾਲ ਛੱਜ ਹਲਾਂਦੀਆਂ ਤੇ ਕੇਰਦੀਆਂ। ਚੂਰਾ ਪਾਸੇ ਨੂੰ ਉਡ ਜਾਂਦਾ ਤੇ ਦਾਨੇ ਪੈਰਾਂ ਕੋਲ ਡਿਗ ਪੈਂਦੇ। ਛੱਟਣ ਦਾ ਕੰਮ ਚਲਦਾ ਰਹਿੰਦਾ, ਜਦੋਂ ਤੱਕ ਸਾਰੇ ਦਾਣੇ ਸਾਫ਼ ਨਾ ਹੋ ਜਾਣ। ਇਕੱਠੀ ਕੀਤੀ ਕਣਕ ਦਾ ਬੋਹਲ ਵੇਖ ਕੇ ਹਰ ਇਕ ਦਾ ਜੀਅ ਖ਼ੁਸ਼ ਹੁੰਦਾ। 

ਹੁਣ ਬੋਹਲ ਨੂੰ ਵੰਡਣ ਦਾ ਵੇਲਾ ਆ ਗਿਆ। ਕੁਝ ਲੋਕ ਆਲੇ-ਦੁਆਲੇ ਮੰਜੀਆਂ ਤੇ ਬਹਿ ਜਾਂਦੇ ਤੇ ਕੁਝ ਪੈਰੀਂ ਭਾਰ ਬਹਿ ਜਾਂਦੇ ਜਾਂ ਖਲੋਤੇ ਰਹਿੰਦੇ। ਧੜਵਈ ਦੜੋਪਾ ਲੈ ਕੇ ਪਹੁੰਚ ਜਾਂਦਾ ਤੇ ਘੁਮਿਆਰ ਆਪਣੇ ਖੋਤੇ ਤੇ ਛੋਟਾ ਲੈ ਆਉਂਦੇ। ਜੇ ਜ਼ਮੀਨ ਠੇਕੇ ‘ਤੇ ਲਈ ਹੋਵੇ, ਤਾਂ ਕਣਕ ਦਾ ਅੱਧ ਮਾਲਕ ਨੂੰ ਚਲਾ ਜਾਂਦਾ ਸੀ । ਛੋਟੀਆਂ ਗਲੋਟੀਆਂ ਵਿਚ ਇਹੋ ਜਿਹੇ ਕਿਸਾਨ ਸਿਰਫ਼ ਪੰਜ ਘਰ ਸਨ। ਬਾਕੀ ਸਾਰੇ ਆਪ ਮਾਲਕ ਸਨ। ਜੇ ਕਿਸਾਨ ਨੇ ਬੀਜ ਜਾਂ ਹੋਰ ਲੋੜਾਂ ਲਈ ਕਰਜ਼ਾ ਲਿਆ ਹੁੰਦਾ ਸੀ ਤਾਂ ਪਹਿਲੋਂ ਉਹ ਦਿੱਤਾ ਜਾਂਦਾ ਸੀ। ਉਸ ਤੋਂ ਬਾਅਦ ਕਿਸਾਨ ਕਾਮਿਆਂ ਤੇ ਸੇਪੀਆਂ ਨੂੰ ਆਪਣੀ ਮਰਜ਼ੀ ਨਾਲ ਹਿੱਸਾ ਦਿੰਦਾ ਸੀ । ਲੁਹਾਰ ਤੇ ਨਾਈ ਨੂੰ ਕੁਝ ਦਾਨੇ ਦੇਣੇ ਹੁੰਦੇ ਸਨ । ਬਾਕੀ ਦਾ ਬੱਚਿਆ ਹੋਇਆ ਬੋਹਲ ਕਿਸਾਨ ਦਾ ਆਪਣਾ ਹੁੰਦਾ ਸੀ। ਛੋਟੇ ਹਿਸੇਦਾਰ ਬੋਰੀਆਂ ਵਿੱਚ ਜਾਂ ਪੰਡਾਂ ਬੰਨ੍ਹ ਕੇ ਕਣਕ ਘਰ ਲੈ ਜਾਂਦੇ ਸਨ । ਪਰ ਵੱਡੇ ਹਿੱਸੇਦਾਰ ਖੋਤਿਆਂ ‘ਤੇ ਲਦਵਾ ਕੇ ਖੜਦੇ। ਜੇ ਫ਼ਸਲ ਚੰਗੀ ਹੋਵੇ ਤਾਂ ਹਰ ਕੋਈ ਖ਼ੁਸ਼ ਹੋ ਜਾਂਦਾ ਸੀ । 

ਤਾਣਾ-ਬੁਣਨਾ : ਇਕ ਹੋਰ ਰੁਝੇਵਾਂ ਜਿਦੇ ਵਿਚ ਸਾਰਾ ਟੱਬਰ ਲੱਗਦਾ ਸੀ, ਉਹ ਸੀ ਖਦਰ, ਚਾਦਰਾਂ ਤੇ ਖੇਸ ਬੁਣਨਾ। ਘਰ ਦਾ ਹਰ ਜੀ ਇਸ ਵਿਚ ਹੱਥ ਵਟਾਉਂਦਾ ਸੀ। 

ਇਸ ਟੈਕਨੀਕਲ ਕੰਮ ਦੇ ਕਈ ਪਹਿਲੂ ਸਨ। ਹਰ ਘਰ ਵਾਲੇ ਆਪਣੇ-ਆਪਣੇ ਕੱਤੇ ਦੀਆਂ ਛਲੀਆਂ ਇਕੱਠੀਆਂ ਕਰਕੇ ਬਰਵਾਲੀ ਦੇ ਘਰ ਛੱਡ ਜਾਂਦੇ। ਚਰਖੇ ਦੇ ਨਾਲ ਬਰਵਾਲੀ ਉਹਨਾਂ ਤੋਂ ਨੜੀ ਦੇ ਦੁਆਲੇ ਵੱਡੀਆਂ ਛਲੀਆਂ ਬਣਾਂਦੀ। ਉਸ ਦੀਆਂ ਕੁੜੀਆਂ ਹੱਥ ਵਟਾਂਦੀਆਂ। ਇਹਨਾਂ ਨੂੰ ਫੇਰ ਤਾਣੇ ਤੇ ਪੇਟੇ ਵਾਸਤੇ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ। ਅਗਲਾ ਕੰਮ, ਤਾਣਾ-ਤਣਨਾ ਪੇਚੀਦਾ ਕੰਮ ਹੁੰਦਾ ਸੀ। ਇਸ ਦੇ ਵਿੱਚ ਸਾਰਾ ਟੱਬਰ ਲੱਗਦਾ ਸੀ । ਬਰਵਾਲਾ ਖੁਲ੍ਹੀ ਥਾਂ ਤੇ ਹਿਸਾਬ ਨਾਲ ਦੋ ਕਤਾਰਾਂ ਵਿੱਚ ਕਾਨੇ ਠੋਕਦਾ । ਬੱਚੇ ਬੈਠ ਕੇ ਛਲੀ ਦੀਆਂ ਨੜੀਆਂ ਨੂੰ ਇਕ ਸੋਟੀ ਦੇ ਸਿਰੇ ਤੇ ਇਸ ਤਰ੍ਹਾਂ ਟਕਾਂਦੇ ਕਿ ਨੜੀ ਫ਼ਿਰਕੀ ਵਾਂਗਰ ਘੁੰਮ ਸਕੇ। ਇਹਨਾਂ ਨੂੰ ਲੈ ਕੇ ਬਰਵਾਲੀ ਤਾਣਾ-ਤਣਦੀ। ਕਿਧਰੇ ਨਾ ਕਿਧਰੇ ਧਾਗਾ ਟੁੱਟ ਜਾਣਾ ਤੇ ਦੋ ਉਂਗਲੀਆਂ ਦੇ ਨਾਲ ਨਿੱਕੀ ਜਿਹੀ ਗੰਢ ਮਾਰ ਕੇ ਜੋੜਨਾ ਪੈਂਦਾ। ਉਸ ਤੋਂ ਬਾਅਦ ਬਰਵਾਲਾ ਤੇ ਬਰਵਾਲੀ ਤਾਣੇ ਨੂੰ ਲੱਕੜ ਦੀਆਂ ਘੋੜੀਆਂ ‘ਤੇ ਖਿੱਚ ਕੇ ਚਾੜਦੇ। ਫੇਰ ਬੁਰਸ਼ ਦੇ ਨਾਲ ਤਾਣੇ ਨੂੰ ਆਟੇ ਦੀ ਮਾਵਾ ਲਾਂਦੇ। ਜਦੋਂ ਸੁੱਕ ਜਾਵੇ ਤਾਂ ਉਸ ਨੂੰ ਖੱਡੀ ’ਤੇ ਚੜ੍ਹਾਇਆ ਜਾਂਦਾ । ਬਰਵਾਲੀ ਚਰਖੇ ਨਾਲ ਪੇਟੇ ਨੂੰ ਫ਼ਿਰਕੀਆਂ ‘ਤੇ ਚਾੜ੍ਹਦੀ। ਬਰਵਾਲਾ ਖੱਡੀ ‘ਤੇ ਅਰਾਮ ਨਾਲ ਕੱਪੜਾ ਬੁਣਦਾ। ਜੇ ਰੰਗਦਾਰ ਪਿੜੀਆਂ ਪਾਣੀਆਂ ਹੋਣ ਤਾਂ ਕੁਝ ਪੇਟੇ ਨੂੰ ਪਹਿਲੋਂ ਰੰਗਿਆ ਜਾਂਦਾ ਸੀ। 

ਬਰਵਾਲੀ ਤੇ ਬਰਵਾਲੇ ਨੂੰ ਜੁਲਾਹੀ ਤੇ ਜੁਲਾਹਿਆ ਵੀ ਆਖਿਆ ਜਾਂਦਾ ਸੀ । 

ਜਦੋਂ ਵਿਹਲ ਮਿਲੇ ਤਾਂ ਬਰਵਾਲੀ ਕਈ ਘਰਾਂ ਦੇ ਨਿੱਕੇ-ਮੋਟੇ ਕੰਮ ਵੀ ਕਰਦੀ ਸੀ ਤੇ ਬਰਵਾਲਾ ਟੱਬਰ ਦੇ ਸੁਨੇਹੇ ਪੱਤਰ ਲੈ ਕੇ ਦੂਰ ਦੁਰੇਡੇ ਵੀ ਜਾ ਆਉਂਦਾ ਸੀ।  

 

13 

ਜ਼ਨਾਨਾਪਣ 

ਕੁੜੀ ਨੂੰ ਜ਼ਨਾਨੀ ਦਾ ਰੁਤਬਾ ਕਦੋਂ ਨਸੀਬ ਹੁੰਦਾ ਸੀ? ਇਸ ਸਵਾਲ ਦਾ ਸਿੱਧਾ ਜਵਾਬ ਕੋਈ ਨਹੀਂ। ਚਾਰ-ਪੰਜ ਸਾਲ ਦੀ ਉਮਰ ਤੱਕ, ਧੀ ਮਾਂ ਦਾ ਪੱਲਾ ਫੜੀ ਰੱਖਦੀ, ਲੇਲੇ ਵਾਂਗ ਪਿੱਛੇ-ਪਿੱਛੇ। ਫੇਰ ਮਾਂ ਦੀ ਚੇਲੀ ਬਣ ਜਾਂਦੀ। ਤੇ ਫੇਰ ਸਾਥਨ। ਮੁਟਿਆਰ ਹੁੰਦੀ ਤਾਂ ਵਿਆਹ ਹੋ ਜਾਂਦਾ। ਸੌਹਰੇ ਘਰ ਵਹੁਟੀ ਅਖਵਾਏ ਪਰ ਪੇਕੇ ਘਰ ਪਹਿਲੋਂ ਵਾਂਗਰ ਧੀ। ਪਹਿਲਾ ਬੱਚਾ ਹੋਣ ਤੋਂ ਪਿੱਛੋਂ, ਘਰ ਦੀਆਂ ਜ਼ੁੰਮੇਵਾਰੀਆਂ ਚੁੱਕਣੀਆਂ ਸ਼ੁਰੂ ਕਰਦੀ ਤੇ ਹੌਲੀ-ਹੌਲੀ ਜ਼ਨਾਨੀ ਦੀ ਪਦਵੀ ਤੇ ਪਹੁੰਚ ਜਾਂਦੀ। ਇਹ ਪੜਾਅ ਕਿਸੇ ਦਾ 15 ਸਾਲ ਦੀ ਉਮਰ ਵਿੱਚ ਆ ਜਾਂਦਾ ਤੇ ਕਿਸੇ ਦਾ 25 ਲੰਘ ਕੇ ਵੀ ਨਾ ਆਉਂਦਾ। ਹਰ ਟੱਬਰ ਦੀ ਹਾਲਾਤ ਤੇ ਮਜਬੂਰੀਆਂ ਵੱਖਰੇ ਹੁੰਦੇ ਸਨ। 

ਵਹੁਟੀ ਦਾ ਦੌਰ ਬੜਾ ਕਠਿਨ ਸਮਾਂ ਹੁੰਦਾ ਸੀ। ਘਰ ਦੀ ਪ੍ਰਧਾਨ ਤਾਂ ਸੱਸ ਹੁੰਦੀ ਸੀ। ਉਹਦਾ ਹੁਕਮ ਚੱਲਦਾ ਸੀ। ਅੱਲ੍ਹੜ ਉਮਰ ਵਿੱਚ ਉਸ ਦੇ ਨਾਲ ਨਿਭਾਣ ਦਾ ਤਰੀਕਾ ਲੱਭਣਾ, ਰੱਬ ਨੂੰ ਲੱਭਣ ਨਾਲੋਂ ਵੀ ਔਖਾ ਹੁੰਦਾ ਸੀ । ਆਮ ਸ਼ਿਕਾਇਤ ਹੁੰਦੀ ਸੀ ਕਿ ਘਰ ਵਾਲਾ ਮਾਂ ਦਾ ਲਾਈ ਲੱਗ ਏ। 

“ਨੀ ਮੈਨੂੰ ਕਦੀ-ਕਦੀ ਕਰਦਾ ਏ ਪਿਆਰ  ਕਦੀ ਕਦੀ ਮਾਰਦਾ ਏ ਛਮਕਾਂ ਦੀ ਮਾਰ”। 

ਜੇ ਸੱਸ ਨਾ ਹੋਵੇ ਪਰ ਘਰ ਦੀ ਦਫ਼ੇਦਾਰ ਜਠਾਣੀ ਹੋਵੇ, ਤੇ ਉਹ ਵੀ ਚੰਦਰੀ ਜ਼ਨਾਨੀ, ਤਾਂ ਹੋਰ ਵੀ ਔਖਾ। ਜੇ ਘਰ ਵਿੱਚ ਛੋਟੀ ਨਨਾਣ ਹੋਵੇ ਤਾਂ ਨਨਾਣ-ਭਰਜਾਈ ਦਾ ਜੁੱਟ ਬਣ ਜਾਂਦਾ ਸੀ। ਸਹੇਲੀਆਂ ਵਾਂਗਰ ਇਕ ਦੂਜੀ ਦਾ ਸਾਥ ਦਿੰਦੀਆਂ। ਜੇ ਦਿਉਰ ਹੋਵੇ ਤਾਂ ਦੁੱਖ-ਸੁੱਖ ਵੇਲੇ ਜ਼ਰੂਰ ਕੰਮ ਆਉਂਦਾ ਸੀ। ਉਹਦੇ ਨਾਲ ਪਿਆਰ ਪੈ ਜਾਂਦਾ ਸੀ ਤੇ ਕਈ ਵਾਰੀ ਡੂੰਘਾ । ਬੋਲੀਆਂ ਮਸ਼ਹੂਰ ਸਨ- 

ਚਾਂਦੀ, ਚਾਂਦੀ, ਚਾਂਦੀ  ਦਿਉਰਾ ਮੇਰਾ ਢਿੱਡ ਮਲ ਦੇ ਮੇਰੀ ਜਾਨ ਨਿਕਲਦੀ ਜਾਂਦੀ। 

ਤੇ ਫੇਰ ਜਦੋਂ ਦਿਉਰ ਦਾ ਵਿਆਹ ਰਚੇ ਤਾਂ ਭਾਬੀ ਨੱਚਦੀ ਤੇ ਗਾਉਂਦੀ-  

ਨੀ ਮੈਨੂੰ ਦਿੳਰ ਦੇ ਵਿਆਹ ਵਿੱਚ ਨੱਚ ਲੈਣ ਦੇ  ਜਿਨੂੰ ਝੂਠ ਝੂਠ ਕਹਿੰਦੇ ਨੇ, ਸੱਚ ਲੈਣ ਦੇ। 

ਕਈ ਨੂੰਹਾਂ ਢਾਡੀਆਂ ਵੀ ਹੁੰਦੀਆਂ ਸਨ। ਸੱਸਾਂ ਨੂੰ ਟੰਗ ਦੇਂਦੀਆਂ ਸਨ। 

ਹੁਣ ਰਾਜ ਨੂੰਹਾਂ ਦਾ ਆਇਆ ਏ, ਜਿਨ੍ਹਾਂ ਸੱਸਾਂ ਨੂੰ ਸੁਕਨੇ ਪਾਇਆ ਏ। 

ਕੁਝ ਵੀ ਹੋਵੇ, ਸੌਹਰੇ ਘਰ ਵਹੁਟੀ ਦਾ ਦਮ ਘੁਟਿਆ ਰਹਿੰਦਾ ਸੀ। ਮਾਂ-ਪਿਉ ਦੇ ਘਰ ਦੀ ਖੁੱਲ੍ਹ ਨੂੰ ਯਾਦ ਕਰਕੇ ਰੋਂਦੀ ਸੀ। ਸੌਹਰਾ ਘਰ ਪ੍ਰਦੇਸ ਸੀ- 

ਬਾਬਲ ਤੇਰੇ ਮਹਿਲਾਂ ਵਿੱਚੋਂ ਤੇਰੀ ਲਾਡੋ ਪ੍ਰਦੇਸਨ ਹੋਈ 

ਜਦੋਂ ਪੇਕੇ ਜਾਵੇ ਤਾਂ ਮਾਂਵਾਂ ਧੀਆਂ ਰੱਜ ਕੇ ਦਿਲ ਦੀ ਹਵਾੜ ਕੱਢਦੀਆਂ। ਗਲੇ ਮਿਲਦੀਆਂ ਤਾਂ ਪਿਆਰ ਇੰਨਾ ਡੁੱਲ-ਡੁੱਲ ਪੈਂਦਾ ਕਿ ਧਰਤੀ ਕੰਬ ਉਠਦੀ- 

ਕਲੀਆਂ, ਕਲੀਆਂ, ਕਲੀਆਂ ਮਾਵਾਂ ਧੀਆਂ ਮਿਲਣ ਲੱਗੀਆਂ ਚਾਰੇ ਕੰਧਾਂ ਨੇ ਚੁਬਾਰੇ ਦੀਆਂ ਹਿੱਲੀਆਂ। 

ਪਰ ਛੇਤੀ ਜਾਂ ਕੁਛੇਤੀ ਵਹੁਟੀ ਆਪਣੇ ਘਰ ਦੀ ਆਪ ਮਾਲਕ ਬਣ ਜਾਂਦੀ। ਹਰ ਇਕ ਜ਼ਨਾਨੀ ਨੂੰ ਰਸੋਈ ਦਾ ਕੰਮ, ਤੰਦੂਰ ‘ਤੇ ਰੋਟੀਆਂ ਲਾਨੀਆਂ, ਦੁੱਧ ਚੋਣਾ, ਕਾਹੜਨਾ, ਜਮਾਣਾ ਤੇ ਰਿੜਕਣਾ, ਕਪਾਹ ਵੇਲਣੀ, ਚੱਕੀ ਪੀਹਣੀ, ਚਰਖਾ ਕੱਤਣਾ, ਰਜਾਈਆਂ-ਤਲਾਈਆਂ ਭਰਨੀਆਂ ਸੀਨਾ-ਪ੍ਰੋਨਾ ਸੱਭ ਕੁਝ ਆਉਂਦਾ ਸੀ। ਕਿਸੇ ਨੂੰ ਵਧ ਤੇ ਕਿਸੇ ਨੂੰ ਘੱਟ। ਜਿਉਂ-ਜਿਉਂ ਟੱਬਰ ਵਧਦਾ ਜਾਂਦਾ, ਜੀਵਨ ਦਾ ਨਵਾਂ ਦੌਰ ਪੂਰੇ ਜ਼ੋਰ ਨਾਲ ਸ਼ੁਰੂ ਹੋ ਜਾਂਦਾ। 

ਜ਼ਨਾਨੀਆਂ ਖਾਨਦਾਨ ਦੀ ਇੱਜ਼ਤ ਹੁੰਦੀਆਂ ਸਨ । ਘਰ ਵਾਲੇ ਦੀਆਂ ਸਾਥਨਾਂ ਵੀ ਤੇ ਅੱਖਾਂ ਤੇ ਕੰਨ੍ਹ ਵੀ । ਆਮ ਤੌਰ ‘ਤੇ ਜੋ ਵੀ ਘਰ ਵਾਲਾ ਕਰੇ ਉਸ ਨੂੰ ਮੰਨਦੀਆਂ ਸਨ। ਘਰ ਵਾਲੇ ਨੂੰ ‘ਕੱਲਿਆਂ, ਉਹਲੇ ਹੋ ਕੇ ਸਮਝਾਂਦੀਆਂ ਵੀ ਸਨ। ਜੇ ਘਰਵਾਲਾ ਕਦੀ ਗ਼ਲਤ-ਮਲਤ ਕੰਮ ਕਰੇ ਜਾਂ ਕੁਰਾਹੇ ਤੁਰੇ ਤੇ ਜ਼ਨਾਨੀ ਅੱਖਾਂ ਉਠਾਏ, ਤਾਂ ਕਈ ਘਰਵਾਲੇ ਉਹਨੂੰ ਕੁੱਟਦੇ ਵੀ ਸਨ। ਇਹ ਭੈਅ ਉਹਨਾਂ ਨੂੰ ਖਾਂਦਾ ਰਹਿੰਦਾ ਸੀ। 

ਕਈ ਘਰਾਂ ਵਿੱਚ ਦਰਾਨੀਆਂ-ਜਠਾਨੀਆਂ ਦੀ ਲੜਾਈ ਹੁੰਦੀ ਹੀ ਰਹਿੰਦੀ ਸੀ। ਗਾਲ੍ਹੀ ਗਲੋਚ ਹੁੰਦਾ ਪਰ ਹੱਥੋਂ-ਬਾਹੀਂ ਨਹੀਂ ਸਨ ਹੁੰਦੀਆਂ। ਭਾਵੇਂ ਵੱਖ ਹੋ ਜਾਣ, ਸਾਂਝਾ ਰਸੋਈ ਜਾਂ ਤੰਦੂਰ ਨਾ ਵਰਤਣ ਪਰ ਵਿਹੜਾ ਤਾਂ ਸਾਂਝਾ ਹੁੰਦਾ ਸੀ। ਕੁੱਝ ਕਾਰਨ ਗੁੱਝੇ ਹੁੰਦੇ ਪਰ ਇਕ ਦੂਜੀ ਦਾ ਸਾੜਾ ਆਮ ਕਾਰਨ ਹੁੰਦਾ ਸੀ। ਆਦਮੀ ਕਦੀ ਵੀ ਇਹਨਾਂ ਦੇ ਵਿੱਚ ਦਖ਼ਲ ਨਹੀਂ ਸਨ ਦੇਂਦੇ। ਆਪੇ ਹੀ ਠੰਡੀਆਂ ਹੋ ਜਾਂਦੀਆਂ ਸਨ। ਕਈ ਜ਼ਨਾਨੀਆਂ ਦਾ ਉੱਚੀ-ਉੱਚੀ ਗਾਲੀ-ਗਲੋਚ ਸੁਨਣ ਵਾਲਾ ਹੁੰਦਾ ਸੀ। ਲਾ-ਲਾ ਕੇ ਗੱਲਾਂ ਇਸ ਤਰ੍ਹਾਂ ਕਰਦੀਆਂ ਜਿਵੇਂ ਨਾਵਲ ਵਿੱਚ ਕਹਾਣੀ ਹੁੰਦੀ ਏ। 

ਸਵੇਰੇ ਮੂੰਹ ਹਨੇਰੇ ਉੱਠ ਕੇ ਰਾਤੀ ਟੱਬਰ ਦੇ ਸੌਂ ਜਾਣ ਤੋਂ ਘੰਟਾ, ਦੋ ਘੰਟੇ ਬਾਅਦ ਵੀ ਕੰਮ ਕਰਦੀਆਂ ਰਹਿੰਦੀਆਂ। ਥੱਕ ਜਾਣ ਤਾਂ ਵੀ ਕੰਮ ਅੱਧ ਵਿੱਚ ਨਹੀਂ ਸਨ। ਛੱਡਦੀਆਂ। ਅੰਦਾਜ਼ਨ ਪਿੰਡ ਵਿੱਚ 300 ਜ਼ਨਾਨੀਆਂ ਸਵੇਰੇ ਦੁੱਧ ਰਿੜਕਦੀਆਂ ਹੁੰਦੀਆਂ, 50 ਚੱਕੀ ਝੋਂਦੀਆਂ ਤੇ ਬਾਕੀ ਦੀਆਂ ਕੱਤਣ ਤੇ ਹੋਰ ਫੁਟਕਲ ਕੰਮਾਂ ਵਿੱਚ ਲੱਗੀਆਂ ਹੁੰਦੀਆਂ। ਬਹੁਤ ਸਾਰਾ ਕੰਮ ਬੱਚਿਆਂ ਦੇ ਉੱਠਣ ਤੋਂ ਪਹਿਲੋਂ ਕਰਦੀਆਂ। ਹਰ ਇਕ ਦਾ ਰੋਜ਼ ਦਾ ਰੁਝੇਵਾਂ ਕੁਝ ਸਾਂਝਾ ਤੇ ਕੁਝ ਵੱਖਰਾ ਹੁੰਦਾ ਸੀ। ਵੰਨਗੀ ਵੱਲੋਂ 6 ਜ਼ਨਾਨੀਆਂ ਦੇ ਰੋਜ਼ ਦੇ ਕੰਮ-ਕਾਜ ਦੀਆਂ ਝਲਕੀਆਂ ਦਰਜ ਨੇ। ਇਹ ਕੋਈ ਅਨੋਖੀਆਂ ਨਹੀਂ ਸਨ ਪਰ ਸਮੁੱਚੇ ਤੌਰ ‘ਤੇ ਇਹ ਸੈਂਪਲ ਹਰ ਜ਼ਨਾਨੀ ਦੇ ਰੁਝੇਵੇਂ ‘ਤੇ ਰੋਸ਼ਨੀ ਪਾਂਦਾ टे। 

ਦੁੱਧ-ਘਿਉ 

ਦੁੱਧ ਨੂੰ ਪਵਿੱਤਰ ਸਮਝਿਆ ਜਾਂਦਾ ਸੀ। 

ਜਦੋਂ ਮੱਝ ਸੂਣ ਤੇ ਆਉਂਦੀ ਤਾਂ ਟੱਬਰ ਦੀ ਟਿਕਟਿਕੀ ਉਹਦੇ ਵੱਲ ਲੱਗੀ ਹੁੰਦੀ ਸੀ। ਕਈ ਵਾਰੀ ਤਾਂ ਕੱਟਾ-ਕੱਟੀ ਆਪੇ ਹੀ ਨਿਕਲ ਕੇ ਜ਼ਮੀਨ ਤੇ ਡਿਗ ਪੈਂਦਾ ਸੀ ਤੇ ਕਈ ਵਾਰੀ ਉਸ ਨੂੰ ਫੜ ਕੇ ਪ੍ਰੇਮ ਨਾਲ ਬਾਹਰ ਖਿੱਚਣਾ ਪੈਂਦਾ ਸੀ। ਕੱਟੀ ਤਾਂ ਦੋ ਘੰਟਿਆਂ ਬਾਅਦ ਉਠ ਖਲੋਂਦੀ ਸੀ ਪਰ ਕੱਟੇ ਨੂੰ ਦੂਣਾ ਵਕਤ ਲੱਗਦਾ ਸੀ। ਉਠਦਿਆਂ ਸਾਰ ਸੁਭਾਵਕ ਹੀ ਕੱਟਾ-ਕੱਟੀ ਮੱਝ ਵੱਲ ਦੌੜਦੇ ਤੇ ਥਣ ਚੁੰਗਣ ਲੱਗ ਪੈਂਦੇ। ਮੱਝ ਦਾ ਦੁੱਧ ਉਤਰ ਆਉਂਦਾ। ਚਾਰੇ ਥਣ ਭਰ ਜਾਂਦੇ। ਕੱਟੇ-ਕੱਟੀ ਨੂੰ ਰੱਸੀ ਦੇ ਨਾਲ ਕਿਲੀ ਤੇ ਬਨ੍ਹ ਦਿੱਤਾ ਜਾਂਦਾ ਤੇ ਦੁੱਧ ਚੋਇਆ ਜਾਂਦਾ। ਜਦੋਂ ਵਾਰੀ-ਵਾਰੀ ਦੋਵੇਂ ਮੁੱਠੀਆਂ ਥਣਾਂ ਨੂੰ ਘੁਟਦੀਆਂ ਤਾਂ ਦੁੱਧ ਦੀ ਧਾਰ ਬਰਤਨ ਵਿੱਚ ਤੇਜ਼ ਰਫ਼ਤਾਰ ਨਾਲ ਡਿਗਦੀ। ਦੁੱਧ ਚੋਣ ਤੋਂ ਬਾਅਦ ਕੱਟੇ-ਕੱਟੀ ਨੂੰ ਛੱਡਿਆ ਜਾਂਦਾ ਤਾਂ ਕਿ ਰਹਿ ਗਿਆ ਦੁੱਧ ਉਹ ਚੁੰਗ ਲਵੇ। ਮੁੰਡਿਆਂ ਨੂੰ ਧਾਰਾਂ ਲੈਣ ਦਾ ਬੜਾ ਸ਼ੌਕ ਹੁੰਦਾ ਸੀ। ਜੇ ਧਾਰ ਸਿੱਧੀ ਸੰਘ ‘ਤੇ ਜਾ ਕੇ ਵਜੇ ਤਾਂ ਕੁਤਕੁਤੀ ਵੀ ਹੁੰਦੀ ਸੀ। ਧਾਰਾਂ ਦਾ ਸਵਾਦ ਇਲਾਹੀ ਹੁੰਦਾ ਸੀ। ਨਵੀਂ-ਨਵੀਂ ਸੂਈ ਮਝ ਦੇ ਦੁੱਧ ਦੀ ਬਾਉਲੀ ਬਣਦੀ ਸੀ ਤੇ ਫੇਰ ਦੋ-ਚਾਰ ਦਿਨਾਂ ਬਾਅਦ ਆਮ ਦੁੱਧ ਸ਼ੁਰੂ ਹੁੰਦਾ ਸੀ। ਜੇ ਕਦੀ ਕੱਟਾ-ਕੱਟੀ ਮਰ ਜਾਏ ਤਾਂ ਮੱਝ ਨੂੰ ਪ੍ਰੇਮ ਨਾਲ ਪਸਮਾਣਾ ਪੈਂਦਾ ਸੀ ਤਾਂ ਕਿ ਦੁੱਧ ਉਤਰ ਆਵੇ। ਮੱਝ ਨੂੰ ਦੋ ਵਾਰੀ ਚੋਇਆ ਜਾਂਦਾ ਸੀ, ਸਵੇਰੇ ਦਿਨ ਚੜ੍ਹੇ ਤੇ ਫੇਰ ਸ਼ਾਮ ਨੂੰ ਤਰਕਾਲਾਂ ਵੇਲੇ। ਸਵੇਰ ਦੇ ਦੁੱਧ ਨੂੰ ਕਾੜਨੀ ਵਿੱਚ ਪਾ ਕੇ ਭੜੋਲੀ ਵਿੱਚ ਰੱਖ ਕੇ, ਗੋਹਿਆਂ ਨੂੰ ਅੱਗ ਲਾ ਦਿੱਤੀ ਜਾਂਦੀ ਸੀ। ਉਹ ਸਾਰਾ ਦਿਨ ਧੁਖਦੇ ਰਹਿੰਦੇ, ਹੌਲੀ-ਹੌਲੀ ਦੁੱਧ ਕੜਦਾ ਰਹਿੰਦਾ ਤੇ ਉੱਤੇ ਮਲਾਈ ਆ ਜਾਂਦੀ। ਸ਼ਾਮ ਦਾ ਦੁੱਧ ਗਰਮ ਕਰਕੇ (ਗਰਮੀਆਂ ਵਿੱਚ ਕੱਚਾ ਵੀ) ਪੀਤਾ ਜਾਂਦਾ ਸੀ। 

ਰੋਟੀ-ਟੁੱਕਰ ਤੋਂ ਪਿੱਛੋਂ ਰਾਤ ਨੂੰ ਕਾੜਨੀ ਦੇ ਦੁੱਧ, ਤੇ ਸ਼ਾਮ ਦਾ ਗਰਮ ਕੀਤਾ ਬਚਿਆ ਹੋਇਆ ਦੁੱਧ ਚਾਟੀ ਵਿੱਚ ਪਾਇਆ ਜਾਂਦਾ ਸੀ। ਨਿੱਘੇ-ਨਿੱਘੇ ਦੁੱਧ ਨੂੰ ਦਹੀਂ ਨਾਲ ਜਾਗ ਲਾ ਦਿੱਤੀ ਜਾਂਦੀ। ਸਵੇਰ ਤਕ ਦਹੀਂ ਜੰਮ ਜਾਂਦਾ। ਮੂੰਹ ਹਨੇਰੇ ਜ਼ਨਾਨੀਆਂ ਰਿੜਕਣਾ ਸ਼ੁਰੂ ਕਰਦੀਆਂ। ਜਦੋਂ ਮੱਖਣ ਉੱਪਰ ਨਿਤਰ ਆਵੇ ਤਾਂ ਉਹਨੂੰ ਕੱਢ ਕੇ ਬਾਕੀ ਦੇ ਰਿੜਕੇ ਵਿੱਚ ਪਾਣੀ ਪਾਇਆ ਜਾਂਦਾ। ਇਹ ਲੱਸੀ ਸਾਰਾ ਦਿਨ ਵਰਤੀ ਜਾਂਦੀ ਤੇ ਵਰਤਾਈ ਵੀ ਜਾਂਦੀ। ਚਿੱਟਾ, ਤਾਜ਼ਾ, ਮਿੱਠਾ ਮੱਖਣ ਹਰ ਕੋਈ ਬੱਚਾ-ਬੁੱਢਾ ਸਵਾਦ ਨਾਲ ਖਾਂਦਾ। ਜੋ ਬਚ ਜਾਵੇ ਉਹਨੂੰ ਜਨਾਨੀਆਂ ਹਫ਼ਤਾ ਭਰ ਇਕੱਠਾ ਕਰਦੀਆਂ। ਫੇਰ ਉਸ ਮੱਖਣ ਨੂੰ ਗਰਮ ਕਰਕੇ ਉੱਤੋਂ ਝੱਗ ਲਾਂਦੀਆਂ। ਨਿਤਾਰ ਕੇ ਹੋਰ ਭਾਂਡੇ ਵਿੱਚ ਪਾ ਲੈਂਦੀਆਂ। ਬਸ ਖਾਲਸ ਘਿਉ ਤਿਆਰ। 

ਜੀਵਾਂ : ਇਸ ਅਰੈਣ ਦੇ ਹੱਸੂ-ਹੱਸੂ ਕਰਦੇ ਚਿਹਰੇ ਤੇ ਸੁਚੱਜੇ ਤੌਰ ਤਰੀਕਿਆਂ ‘ਤੇ ਪਿੰਡ ਦੀਆਂ ਸਾਰੀਆਂ ਜ਼ਨਾਨੀਆਂ ਫ਼ਿਦਾ ਸਨ। ਗੋਲ ਮੂੰਹ, ਭਰੀਆਂ ਹੋਈਆਂ ਗੁਲਾਬੀ ਗੱਲਾਂ, ਗੋਰਾ ਰੰਗ, ਭੂਰੀਆਂ ਅੱਖਾਂ, ਧੀਰਜ ਵਾਲਾ ਸੁਭਾਅ ਤੇ ਹਰ ਵੇਲੇ ਖ਼ੁਸ਼ । ਕਿਸਾਨ, ਤੇ ਹੋਰ ਆਮ ਮੁਸਲਮਾਨੀਆਂ ਵਾਂਗਰ, ਜੀਵਾਂ ਹਮੇਸ਼ਾ ਤਿੰਨ ਸਾਦੇ ਕੱਪੜੇ ਪਾਂਦੀ ਸੀ : ਕੁੜਤਾ, ਲਕਦੀ ਤੇ ਦੁਪੱਟਾ। ਸਾਦਗੀ ਜੀਵਾਂ ਦਾ ਸੁਹੱਪਣ ਸੀ। 

ਸਰਗੀ ਵੇਲੇ ਉੱਠਦੀ, ਦੁੱਧ ਰਿੜਕਦੀ, ਬੌਕਰ-ਬਾਰੀ ਕਰਦੀ ਤੇ ਚੱਕੀ ਪੀਂਹਦੀ। 

ਉੱਨੇ ਚਿਰ ਨੂੰ ਘਰਵਾਲਾ ਦੁੱਧ ਦਾ ਦੋਹਨਾ ਲੈ ਕੇ ਖੂਹ ਤੋਂ ਆਉਂਦਾ ਤੇ ਝੱਟ ਹੀ ਮੁੜ ਜਾਂਦਾ। ਜੀਵਾਂ ਆਟਾ ਗੁੰਨ੍ਹਦੀ, ਦੁੱਧ ਨੂੰ ਕਾੜਣੀ ਵਿੱਚ ਪਾ ਕੇ ਭੜੋਲੀ ਵਿੱਚ ਰੱਖਦੀ। 

ਚੰਗੇਰ ਭਰ ਕੇ ਰੋਟੀਆਂ ਪਕਾਂਦੀ ਤੇ ਖੂਹ ‘ਤੇ ਜਾਣ ਦੀ ਤਿਆਰੀ ਕਰਦੀ। ਦੁਪੱਟੇ ਦਾ ਇਨੂੰ ਬਣਾ ਕੇ ਸਿਰ ‘ਤੇ ਰੱਖਦੀ, ਲੱਸੀ ਦਾ ਦੋਹਨਾ, ਵਿੱਚ ਮੱਖਣ ਤਰਦਾ, ਸਿਰ ‘ਤੇ ਟਿਕਾਂਦੀ। ਉੱਪਰ ਰੋਟੀਆਂ ਤੇ ਅਚਾਰ ਰੱਖ ਕੇ ਨੰਗੇ ਪੈਰੀਂ ਤੁਰ ਪੈਂਦੀ। ਘਰਵਾਲਾ, ਪੁੱਤਰ ਤੇ ਕਾਮੇਂ ਉਡੀਕਦੇ ਹੁੰਦੇ ਸਨ । ਛਾ ਵੇਲਾ ਖਵਾ ਕੇ ਕੁਝ ਸਬਜ਼ੀਆਂ ਨਾਲ ਲੈ ਕੇ ਝੱਟ ਹੀ ਮੁੜ ਆਉਂਦੀ। ਆ ਕੇ ਸਬਜ਼ੀ ਚਾੜ੍ਹਦੀ, ਆਟੇ ਦੀ ਤੌਣ ਗੁੰਨ੍ਹ ਕੇ ਤੰਦੂਰ ਵਿੱਚ ਰੋਟੀਆਂ ਲਾਂਦੀ। ਭੱਤੇ ਵੇਲਾ ਲੈ ਕੇ ਖੂਹ ਨੂੰ ਵਾਪਸ ਜਾਂਦੀ। ਆਦਮੀ ਬਹਿ ਕੇ ਰੋਟੀ ਖਾਂਦੇ, ਲੱਸੀ ਦੇ ਛੰਨੇ ਭਰ-ਭਰ ਪੀਂਦੇ। ਜੀਵਾਂ ਜਾ ਕੇ ਸਬਜ਼ੀਆਂ ਵੇਖਦੀ। 

ਐਤਵਾਰ ਸਵੇਰੇ, ਛਾ ਵੇਲਾ ਦੇਣ ਤੋਂ ਤੁਰੰਤ ਹੀ ਪਿੱਛੋਂ ਸਬਜ਼ੀਆਂ, ਸਾਗ-ਪੱਤਰ ਦਾ ਟੋਕਰਾ ਭਰ ਕੇ ਸਿਰ ‘ਤੇ ਚੁੱਕਦੀ ਤੇ ਗੁਰਦੁਆਰੇ ਦੇ ਕੋਨੇ ‘ਤੇ ਆ ਕੇ ਬੈਠ ਜਾਂਦੀ । 

ਜੀਵਾਂ ਦੀ ਜਠਾਣੀ ਹਾਕਮ ਦਈ ਵੀ ਆਪਣਾ ਟੋਕਰਾ ਲੈ ਕੇ ਪਹੁੰਚ ਜਾਂਦੀ। ਜੀਵਾਂ ਦੀਆਂ ਸਬਜ਼ੀਆਂ ਫਟਾਫੱਟ ਵਿਕ ਜਾਂਦੀਆਂ। ਹਰ ਇਕ ਨੂੰ ਧਨੀਆਂ ਤੇ ਹਰੀਆਂ ਮਿਰਚਾਂ ਬੁੰਗੇ ਦੇ ਤੌਰ ‘ਤੇ ਦੇਂਦੀ ਤੇ ਹਾਲ ਚਾਲ ਵੀ ਪੁੱਛਦੀ । ਪੈਸੇ ਲੁੰਗੀ ਦੇ ਕੋਨੇ ਵਿੱਚ ਬੰਨ੍ਹ ਕੇ ਘਰ ਨੂੰ ਤੁਰ ਪੈਂਦੀ। ਜੀਵਾਂ ਵਿੱਚ ਇਕ ਸਿਫ਼ਤ ਸੀ, ਦਰਿਆ ਦਿਲੀ। ਜੇ ਵੇਖਦੀ ਕਿ ਬਾਜ਼ਾਰ ਵਿੱਚ ਕਈ ਬੱਚਾ ਉਸ ਦੀਆਂ ਤਰਾਂ ਵੱਲ ਵੇਖ ਰਿਹਾ ਹੈ ਤਾਂ ਫੱਟ ਹੀ ਇਕ ਕੱਢ ਕੇ ਉਹਨੂੰ ਦੇ ਦੇਂਦੀ। ਜਦੋਂ ਜੀਵਾਂ ਕੋਲ ਸਾਗ ਜਾਂ ਸਬਜ਼ੀ ਫ਼ਾਲਤੂ ਹੋਵੇ, ਤਾਂ ਆਪਣੀ ਗਲੀ ਦੀਆਂ ਘੁਮਿਆਰੀਆਂ ਤੇ ਫ਼ਾਤਮਾ ਜੁਲਾਹੀ ਨੂੰ ਵੰਡ ਆਉਂਦੀ। 

ਦੁਪਹਿਰ ਤੋਂ ਬਾਅਦ ਮਹੱਲੇ ਦੀਆਂ ਜ਼ਨਾਨੀਆਂ ਠੇਕੇਦਾਰ ਦੇ ਥੜ੍ਹੇ ‘ਤੇ ਆ ਕੇ ਕੁਝ ਸਮਾਂ ਬੈਠਦੀਆਂ। ਸਾਫ਼-ਸੁਥਰਾ ਸੀਮੇਂਟ ਦਾ ਥੜਾ ਇਕੱਠੇ ਬੈਠਣ ਵਾਸਤੇ ਚੰਗੀ ਥਾਂ ਸੀ, ਸਿਆਲ ਵਿੱਚ ਧੁੱਪ ਤੇ ਗਰਮੀਆਂ ਵਿੱਚ ਠੰਡਾ। ਜੀਵਾਂ ਵੀ ਆ ਕੇ ਬਹਿ ਜਾਂਦੀ। ਸਾਰੀਆਂ ਗੱਪ-ਸ਼ੱਪ ਮਾਰਦੀਆਂ, ਦੁੱਖ-ਸੁੱਖ ਫੋਲਦੀਆਂ। ਉਹਨਾਂ ਨੂੰ ਇਕ ਅਫ਼ਸੋਸ ਸੀ ਕਿ ਸਾਹਮਣੇ ਮਕਾਨ ਵਿੱਚ ਰਹਿੰਦਾ ਸ਼ੁਕਰਦੀਨ ਕਦੀ ਵੀ ਆਪਣੀ ਵਹੁਟੀ ਫ਼ਾਤਮਾ ਨੂੰ ਉਹਨਾਂ ਵਿੱਚ ਨਹੀਂ ਸੀ ਬੈਠਣ ਦੇਂਦਾ। ਸੋਹਣੀ ਬੜੀ ਸੀ। 

ਕਹਿੰਦੀਆਂ ਹੁੰਦੀਆਂ ਸਨ ਕਿ ਸ਼ੁਕਰਾ ਡਰਦੈ ਏ ਕਿ ਉਹਨਾਂ ਦਾ ਕੋਈ ਦਿਉਰ ਜਾਂ ਭਰਾ, ਉਹਨੂੰ ਕੱਢ ਕੇ ਨਾ ਲੈ ਜਾਏ। ਸੋਹਣਾ ਹੋਣਾ ਵੀ ਇਕ ਜੁਰਮ ਸੀ:- 

ਗੋਰਾ ਰੰਗ ਨਾ ਕਿਸੇ ਨੂੰ ਰੱਬ ਦੇਵੇ ਸਾਰਾ ਪਿੰਡ ਵੈਰ ਪੈ ਗਿਆ। 

ਸਉਣ ਦੇ ਮਹੀਨੇ ਆਦਮੀਆਂ ਨੂੰ ਖੇਤੀ ਤੋਂ ਵਿਹਲ ਹੁੰਦਾ ਸੀ ਪਰ ਜੀਵਾਂ ਦਾ ਕੰਮ ਵਧ ਜਾਂਦਾ ਸੀ ਕਿਉਂਕਿ ਹਰ ਇਕ ਦਾ ਜੀਅ ਪੂੜੇ ਖਾਣ ਤੇ ਕਰ ਆਉਂਦਾ ਸੀ। 

ਜੀਵਾਂ ਦੀ ਧੀ ਹੈ ਨਹੀਂ ਸੀ ਜਿਹੜੀ ਹੱਥ ਵਟਾਏ। ਰਮਜ਼ਾਨ ਦੇ ਦਿਨਾਂ ਵਿੱਚ ਜੀਵਾਂ ਨੂ ਕੁਝ ਵਿਹਲ ਮਿਲਦਾ ਸੀ ਕਿਉਂਕਿ ਖੂਹ ਤੇ ਭੱਤਾ ਲੈ ਕੇ ਨਹੀਂ ਸੀ ਜਾਣਾ ਪੈਂਦਾ । ਈਦ ਵਾਲੇ ਦਿਨ ਜੀਵਾਂ ਪਕਵਾਨ, ਖੀਰ, ਕੜਾਹ ਤੇ ਹੋਰ ਜੋ ਜੀ ਆਏ ਬਣਾਂਦੀ। ਸਾਰਾ ਦਿਨ ਲੋਕੀਂ ਆਉਂਦੇ ਜਾਂਦੇ ਰਹਿੰਦੇ, ਦਾਵਤ ਚਲਦੀ ਰਹਿੰਦੀ। ਜੀਵਾਂ ਦੇ ਚਿਹਰੇ ਤੋਂ ਇੰਨੀ ਖ਼ੁਸ਼ੀ ਟਪਕੇ ਕਿ ਦਿਨ ਭਰ ਕੰਮ ਕਰਨ ਦੀ ਥਕਾਵਟ ਮਹਿਸੂਸ ਹੀ ਨਾ ਹੋਵੇ। 

ਜੀਵਾਂ ਦੇ ਦੋ ਜਵਾਨ ਪੁੱਤਰ ਸਨ। ਉਮਰ ਵਿੱਚ ਸਿਰਫ਼ 18 ਮਹੀਨਿਆਂ ਦਾ ਫ਼ਰਕ ਸੀ। ਮੁੰਡੇ ਬੜੇ ਖੂਬਸੂਰਤ ਸਨ । ਉਹਨਾਂ ਦਾ ਵਿਆਹ ਆਪਣੀ ਕਿਸਮ ਦਾ ਸੀ। ਦੋਹਾਂ ਦਾ ਵਿਆਹ ਇਕੋ ਟੱਬਰ ਵਿੱਚ ਚਾਚੇ-ਤਾਏ ਦੀਆਂ ਭੈਣਾਂ ਨਾਲ ਹੋਇਆ। ਬੈਂਡ ਵਾਜੇ ਦੇ ਨਾਲ ਇਕੋ ਜੰਜ ਗਈ, ਇਕੋ ਘਰ ਢੁਕੀ। ਦੋਵੇਂ ਭਰਾ ਇਕੱਠੀਆਂ ਦੋ ਡੋਲੀਆਂ ਲੈ ਕੇ ਆਏ। ਜੀਵਾਂ ਨੇ ਦੋਹਾਂ ਦਾ ਇਕੱਠਾ ਸਵਾਗਤ ਕੀਤਾ। ਤੇਲ ਚੋਇਆ। ਪਾਣੀ ਵਾਰਿਆ। ਸਾਰੇ ਸ਼ਰੀਕਾਂ ਤੇ ਮਹੱਲੇ ਦੀਆਂ ਜ਼ਨਾਨੀਆਂ ਨੇ ਗਲੀ ਵਿੱਚ ਤੇ ਕੋਠਿਆਂ ‘ਤੇ ਖਲੋ ਕੇ ਨਜ਼ਾਰਾ ਵੇਖਿਆ। ਵਹੁਟੀਆਂ ਬੜੀਆਂ ਹੀ ਸੋਹਣੀਆਂ ਸਨ। ਲੰਮੀਆਂ- ਉੱਚੀਆਂ ਲਗਰਾਂ, ਤਿੱਖੇ ਨਕਸ਼, ਗੋਰੇ ਰੰਗ, ਚਮਕਦੀਆਂ ਅੱਖੀਆਂ। ਕੁਝ ਜ਼ਨਾਨੀਆਂ ਨੇ ਸੋਚਿਆ ਕਿ ਕਿਧਰੇ ਭੈੜੀ ਨਜ਼ਰ ਨਾ ਲੱਗ ਜਾਏ। ਹੋਣੀ ਵੇਖੋ। ਇਉਂ ਹੀ ਹੋਇਆ। 

ਛੋਟੀ ਨੂੰਹ ਨਵਾਬ ਬੀਬੀ ਨੂੰ ਚੜੇਲ ਚਿੰਬੜ ਗਈ। ਸੂਤ ਨਾ ਆਵੇ। ਜਦੋਂ ਚੜੇਲ ਨੂੰ ਗੁੱਸਾ ਆਵੇ ਤਾਂ ਨਵਾਬ ਬੀਬੀ ਚੀਕਾਂ ਮਾਰੇ, ਭਾਂਡੇ ਤੋੜੇ। ਜਦੋਂ ਚੜੇਲ ਸ਼ਾਂਤ ਹੋਵੇ। ਤਾਂ ਬੀਬੀ ਹੱਸੇ, ਘਰਵਾਲੇ ਦੇ ਕੋਲ ਬੈਠੇ, ਸੌਹਰੇ ਦੇ ਪੈਰੀਂ ਹੱਥ ਲਾਏ, ਜੀਵਾਂ ਨੂੰ ਗਲੇ ਨਾਲ ਲਾਵੇ। ਪਰ ਅੰਦਰੋਂ ਸਿਓਣਕ ਖਾਈ ਜਾਏ। ਚੜੇਲ ਨੇ ਨਵਾਬ ਬੀਬੀ ਦੀ ਜਾਨ ਲੈ ਕੇ ਹੀ ਛੱਡੀ। ਜੀਵਾਂ ਰੋ-ਰੋ ਕੇ ਬੇਹਾਲ ਹੋ ਗਈ। ਹਰ ਜ਼ਨਾਨੀ ਜੀਵਾਂ ਦਾ ਦੁੱਖ ਵੰਡੇ। ਜ਼ਿੰਦਗੀ ਦਾ ਦੌਰ ਤਾਂ ਚਲਦਾ ਹੀ ਰਹਿੰਦਾ ਏ। ਹੌਲੀ-ਹੌਲੀ ਪੁੱਤਰ ਦਾ ਹੋਰ ਵਿਆਹ ਕਰਨ ਦੀ ਸੋਚਣ ਲੱਗ ਪਈ। ਪਰ ਪਿਆਰੀ ਨੂੰਹ ਨੂੰ ਨਾ ਭੁੱਲੀ। ਚੌਦ੍ਹਵੀਂ ਦੇ ਚੰਨ ਨੂੰ ਕੌਣ ਭੁੱਲ ਸਕਦਾ ਏ ? 

ਮਾਇਆ :

ਪਿੰਡ ਤੋਂ ਸ਼ਹਿਰ ਨੂੰ ਗਈਆਂ ਕੁੜੀਆਂ ਚੁਸਤ ਹੋ ਜਾਂਦੀਆਂ ਸਨ ਤੇ ਕੱਪੜੇ ਵੀ ਸ਼ਾਨਦਾਰ ਪਾਣ ਲੱਗ ਪੈਂਦੀਆਂ ਸਨ। ਪਿੰਡਾਂ ਦੀਆਂ ਕੁੜੀਆਂ ਦੀ ਆਸ਼ਾ ਹੁੰਦੀ ਸੀ ਕਿ ਸ਼ਹਿਰ ਵਿਆਹ ਹੋਵੇ ਤੇ ਸਾਂਝੇ ਪਰਿਵਾਰ ਤੋਂ ਵੱਖਰਾ ਰਹਿ ਸਕਣ। ਮਾਇਆ। ਹੀ ਇਕੋ ਇਕ ਮਿਸਾਲ ਸੀ ਜਿਸ ਨੇ ਸ਼ਹਿਰੋਂ ਆ ਕੇ ਪਿੰਡ ਵਿੱਚ ਪੈਰ ਪੱਕੇ ਕੀਤੇ ਹੋਣ। ਇਸ ਦਾ ਸਿਹਰਾ ਸੀ ਪੇਂਡੂ ਜ਼ਨਾਨੀਆਂ ਦੀ ਤਹਿਜ਼ੀਬ ! 

ਸਿਆਲਕੋਟ ਜ਼ਿਲ੍ਹੇ ਵਿੱਚ ਸੰਧਾਂਵਾਲਾ ਇਕ ਤਕੜਾ ਪਿੰਡ ਸੀ। ਜਦੋਂ 1880-90 ਵਿੱਚ ਲਾਹੌਰ ਦਰਬਾਰੇ ਨੂੰ ਬਹਾਲ ਕਰਨ ਤੇ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਡ ਤੋਂ ਵਾਪਸ ਲਿਆ ਕੇ ਗੱਦੀ ‘ਤੇ ਬੈਠਾਣ ਦੀ ਮੁਹਿੰਮ ਚੱਲੀ ਤਾਂ ਸੰਧਾਵਾਲੀਏ ਉਸ ਦੇ ਲੀਡਰ ਸੀ। ਨੌਜਵਾਨ ਜਿਊਣ ਸਿੰਘ ਨੇ ਉਸ ਵਿੱਚ ਹਿੱਸਾ ਲਿਆ। ਬਗ਼ਾਵਤ ਤੋਂ ਡਰਦੇ ਅੰਗਰੇਜ਼ਾਂ ਨੇ ਠਾਕਰ ਸਿੰਘ ਸੰਧਾਵਾਲੀਏ ਦੀ ਜਾਗੀਰ ਜ਼ਬਤ ਕਰ ਲਈ ਤੇ ਪਿੰਡ ਦੇ ਬਹੁਤ ਸਾਰੇ ਲੋਕਾਂ ਨੂੰ ਜ਼ਮੀਨਾਂ ਤੋਂ ਬੇਦਖ਼ਲ ਕਰਕੇ ਪਿੰਡੋਂ ਕੱਢ ਦਿੱਤਾ। ਜਿਊਣ ਸਿੰਘ ਉਹਨਾਂ ਵਿੱਚੋਂ ਸੀ। ਰਾਵਲਪਿੰਡੀ ਜਾ ਕੇ ਮਿਸਤਰੀ ਦਾ ਕੰਮ ਸ਼ੁਰੂ ਕਰ ਦਿੱਤਾ। ਉਥੇ ਹੀ ਬੱਚੇ ਜੰਮੇ ਪਲੇ ਜਿਨ੍ਹਾਂ ਵਿੱਚੋਂ ਇਕ ਮਾਇਆ ਸੀ । ਅਕਸਰ ਜਿਊਣ ਸਿੰਘ ਪਿੰਡਾਂ ਦੀਆਂ ਕਹਾਣੀਆਂ ਸੁਣਾਇਆ ਕਰਦਾ ਸੀ । ਮਾਇਆ ਨੂੰ ਪਿੰਡ ਵੇਖਣ ਦਾ ਚਾਉ ਸੀ। 13 ਸਾਲ ਦੀ ਹੋਈ ਤਾਂ 1913 ਵਿੱਚ ਪਿਉ ਨੇ ਛੋਟੀਆਂ ਗਲੋਟੀਆਂ ਦੇ ਇਕ ਮੁੰਡੇ ਦੀਵਾਨ ਨਾਲ ਵਿਆਹ ਦਿੱਤੀ। ਕੁੜੀਆਂ ਨੂੰ ਸਿਖਾਇਆ ਜਾਂਦਾ ਸੀ ਕਿ ਵਿਆਹ ਤੋਂ ਪਿੱਛੋਂ ਤੁਸੀਂ ਸੌਹਰੇ ਘਰ ਹੀ ਵਸਣਾ ਏ, ਭਾਵੇਂ ਭੁੱਖੀਆਂ ਰਹੋ, ਡੁੱਬੋ, ਮਰੋ। 

ਮਾਇਆ ਜਦੋਂ ਪਿੰਡ ਆ ਵੱਸੀ ਤਾਂ ਉਸ ਵੇਖਿਆ ਕਿ ਪੇਂਡੂ ਜ਼ਨਾਨੀਆਂ ਬੜੀਆਂ ਦਿਲਕਸ਼ ਹੁੰਦੀਆਂ ਨੇ, ਸਿੱਧੀ-ਸਿੱਧੀ ਗੱਲ ਕਰਦੀਆਂ ਨੇ, ਬਗ਼ੈਰ ਕਿਸੇ ਵੱਲ ਵਲੋਂਵੇਂ ਦੇ। ਆਪਣਾ ਵਕਤ ਤੇ ਜੋ ਕੁਝ ਕੋਲ ਹੋਵੇ ਹੱਸ ਕੇ ਸਹੇਲੀਆਂ ਤੇ ਪੜੋਸਣਾਂ ਨਾਲ ਸਾਂਝਾ ਕਰਦੀਆਂ ਨੇ। ਲਫ਼ਜ਼ਾਂ ਦੀ ਬਜਾਏ ਜੋ ਕੁਝ ਕਹਿਣਾ ਹੋਵੇ ਬਾਹਾਂ ਵਿੱਚ ਬਾਹਾਂ ਪਾ ਕੇ (body language) ਜਾਂ ਅੱਖਾਂ ਨਾਲ ਬਿਆਨ ਕਰ ਦੇਂਦੀਆਂ। ਮਾਇਆ ਉਹਨਾਂ ਦੀ ਬਣ ਕੇ ਰਹਿ ਗਈ ਤੇ ਉਹੋ ਜਿਹੀ ਬਣ ਗਈ। 

ਹਾਲਾਤ ਨੇ ਮਾਇਆ ਨੂੰ ਹੋਰ ਪੀਡਾ ਕਰ ਦਿੱਤਾ । ਸੌਹਰੇ ਘਰ ਵਿੱਚ ਪੰਜ ਮੌਤਾਂ ਹੋ ਚੁਕੀਆਂ ਸਨ, ਇਕ ਤੋਂ ਬਾਅਦ ਦੂਜੀ। ਪਹਿਲੋਂ ਸੱਸ, ਫੇਰ ਦੋ ਜਠਾਣੀਆਂ ਤੇ ਫੇਰ ਦੋਵੇਂ ਜੇਠ ਨੌਜਵਾਨ ਚਲੇ ਗਏ। ਇਕੋ-ਇਕ ਨਨਾਣ ਦਾ ਵਿਆਹ ਵੀ ਹੋ ਚੁੱਕਾ ਸੀ। ਸੋਹਰੇ ਦੀ 7 ਕਿਲੇ ਜ਼ਮੀਨ ਸੀ । ਭਰਾਵਾਂ ਦੇ ਨਾਲ ਸਾਂਝਾ ਖੂਹ ਸੀ। ਖੇਤੀ ਵੀ ਕਰਦਾ ਤੇ ਨਾਲੇ ਪੁੱਤਰਾਂ ਪੋਤਰਿਆਂ ਨੂੰ ਪਾਲਣ ਵਾਸਤੇ ਤਰਖਾਨਾ ਕੰਮ ਵੀ ਵੇਲੇ-ਕੁਵੇਲੇ ਕਰ ਲੈਂਦਾ। ਘਰ ਵਿੱਚ ਔਰਤਾਂ ਨਹੀਂ ਸਨ। ਰਹਿੰਦੇ ਦੋ ਪੁੱਤਰਾਂ ਦਾ ਵਿਆਹ ਕਰ ਦਿੱਤਾ। ਪਰ ਸਾਲ ਬਾਅਦ ਹੀ ਮਾਇਆ ਦਾ ਘਰਵਾਲਾ ਭਰਤੀ ਹੋ ਕੇ ਦੂਜੀ ਜੰਗ ਵਿੱਚ ਪਰਦੇਸ ਚਲਾ ਗਿਆ। 

ਮਾਇਆ ਨੂੰ ਨਵੀਂ ਕਿਸਮ ਦੇ ਕੰਮ ਫਟਾਫੱਟ ਸਿੱਖਣੇ ਪਏ-ਧਾਰ ਕੱਢਣੀ, ਦੁੱਧ- ਦਹੀਂ ਜਮਾਣਾ, ਰਿੜਕਣਾ, ਤੰਦੂਰ ਰੋਟੀਆਂ ਲਾਣੀਆਂ, ਕਪਾਹ ਚੁਗਨੀ, ਵੇਲਨੀ ਤੇ ਚਰਖਾ ਕੱਤਣਾ। ਜਠਾਨੀ ਨਿਹਾਲ ਕੌਰ ਤੇ ਮੁਹੱਲੇ ਦੀਆਂ ਜਨਾਨੀਆਂ ਨੇ ਪੂਰੀ ਮੱਦਦ ਕੀਤੀ। ਮਾਇਆ ਨੂੰ ਇਹ ਸਾਰਾ ਕੁਝ ਚੰਗਾ ਲੱਗਿਆ। ਜਵਾਨੀ ਦੇ ਦੇਸ਼ ਵਿੱਚ ਇਹ ਸਾਰੇ ਕੰਮ ਸਾਂਭ ਲਏ। 

ਹੋਰ ਜਨਾਨੀਆਂ ਵਾਂਗ ਸਵੇਰੇ-ਸਵੇਰੇ ਉੱਠ ਕੇ, ਬਾਹਰ ਜਾਣਾ, ਨਹਾ ਕੇ ਦੁੱਧ ਰਿੜਕਣਾ, ਬੇਕਰ ਫੇਰਨਾ। ਪਰ ਹੋਰ ਜ਼ਨਾਨੀਆਂ ਨਾਲੋਂ ਸੋਖੀ ਸੀ। ਘਰ ਵਿੱਚ ਖੂਹੀ ਸੀ। ਕਿਧਰੇ ਪਾਣੀ ਭਰਨ, ਨਹਾਉਣ ਜਾਂ ਕੱਪੜੇ ਧੋਣ ਨਹੀਂ ਸੀ ਜਾਣਾ ਪੈਂਦਾ। ਘਰ ਵਿੱਚ ਮੱਝ ਸੀ। ਪੱਠੇ ਖੂਹ ਤੋਂ ਆ ਜਾਂਦੇ ਸਨ। ਦਾਣੇ, ਕਪਾਹ, ਸਾਗ-ਪੱਤਰ ਖੂਹ ਤੋਂ ਆ ਜਾਂਦਾ ਸੀ। ਪੈਸੇ ਦੀ ਲੋੜ ਨਹੀਂ ਸੀ ਹੁੰਦੀ। ਜੰਗ ਖ਼ਤਮ ਹੋਣ ‘ਤੇ ਘਰਵਾਲੇ ਨੇ ਨਵੇਂ ਕਾਰੋਬਾਰ ਸ਼ੁਰੂ ਕਰ ਦਿੱਤੇ। ਭੱਠਾ ਲਾ ਲਿਆ। ਫਟਾਫੱਟ ਬੱਚੇ ਹੋ ਗਏ ਛੇ ਮੁੰਡੇ ਤੇ ਦੋ ਕੁੜੀਆਂ। ਵੱਡਾ ਸਾਰਾ ਘਰ ਬਣਾ ਦਿੱਤਾ। ਇੱਜ਼ਤ ਮਾਣ ਵੀ ਵਧ ਗਿਆ ਪਰ ਘਰ ਦੇ ਕੰਮ ਵੀ ਵਧ ਗਏ। 

ਬੱਚੇ ਸਕੂਲੇ ਜਾਣ ਲਈ ਤਿਆਰ ਹੁੰਦੇ। ਉੱਨੇ ਚਿਰ ਵਿੱਚ ਮਾਇਆ ਨੇ ਮੱਝ ਨੂੰ ਪੱਠੇ ਪਾਣੇ ਤੇ ਧਾਰ ਚੋਣੀ। ਫੇਰ ਬੱਚਿਆਂ ਨੂੰ ਪਰਾਉਂਠੇ, ਮੱਖਣ ਤੇ ਲੱਸੀ ਦੇਣੀ। ਜਿਹੜੇ ਡੱਸਕੇ ਪੜ੍ਹਨ ਜਾਂਦੇ, ਉਹਨਾਂ ਨੂੰ ਦੁਪਹਿਰ ਦੀ ਰੋਟੀ ਪੋਣੇ ਵਿੱਚ ਬੰਨ੍ਹ ਕੇ ਦੇਣੀ। ਫੇਰ ਸੋਹਰੇ (ਬਾਪੂ) ਨੂੰ ਚੂਰੀ ਕੁੱਟ ਕੇ ਨਾਲ ਲੱਸੀ ਦਾ ਗਲਾਸ ਦੇਣਾ। ਹੁਣ ਘਰ ਵਾਲੇ ਨੂੰ ਉਸ ਦੀ ਮਰਜ਼ੀ ਦੇ ਪਰਾਉਂਠੇ, ਮੱਖਣ ਤੇ ਲੱਸੀ ਦੇਣੀ । ਉਸ ਨੇ ਖੂਹ, ਭੱਠੇ ਜਾਂ ਸ਼ਹਿਰ ਨੂੰ ਜਾਣਾ। ਫੇਰ ਦੌਲਤੇ ਗੋਹਾ ਤੇ ਕੂੜਾ ਚੁੱਕਣ ਆ ਜਾਣਾ। ਉਸ ਨੂੰ ਰੋਟੀਆਂ ਤੇ ਲੱਸੀ ਦੇਣੀ। ਹੋਰ ਲੱਸੀ ਮੰਗਣ ਵਾਲੀਆਂ ਨੇ ਵਾਰੀ-ਵਾਰੀ ਆ ਜਾਣਾ। ਫੇਰ ਗੰਡਾ ਮੱਲ ਨੇ ਖੂਹ ਤੋਂ ਪੱਠਿਆਂ ਦੀ ਪੰਡ ਲੈ ਕੇ ਆ ਜਾਣਾ। ਤੂੜੀ ਵਾਲੇ ਕਮਰੇ ‘ਚੋਂ ਆਪਣੇ ਭਾਂਡੇ ਕੱਢ ਕੇ ਬੋਰੀ ‘ਤੇ ਬਹਿ ਜਾਂਦਾ। ਖਾਣ ਨੂੰ ਤਕੜਾ ਸੀ। ਇਕੋ ਡੀਕ ਨਾਲ ਲੱਸੀ ਦਾ ਕੜੇ ਵਾਲਾ ਗਲਾਸ ਪੀ ਜਾਂਦਾ। ਦੋ ਚਾਰ ਗਲਾਸ ਮਮੂਲੀ ਸਨ। ਉਸ ਨੇ ਖੂਹ ਦੀਆਂ ਗੱਲਾਂ ਸੁਣਾ ਕੇ, ਫ਼ਸਲ ਦਾ ਹਾਲ ਦੱਸ ਕੇ, ਆਪਣੇ ਬਰਤਨ ਧੋਣੇ ਤੇ ਤੂੜੀ ਵਾਲੇ ਕਮਰੇ ਵਿੱਚ ਟਿਕਾ ਦੇਣੇ। ਪੱਠੇ ਕੁਤਰਨੇ ਤੇ ਮੱਝ ਨੂੰ ਬਾਹਰ ਬੰਨ੍ਹ ਕੇ ਚਲੇ ਜਾਣਾ। ਹੱਸ- ਮੁਖਾ ਗੰਡਾ ਮੱਲ ਹਰ ਇਕ ਨੂੰ ਬੜਾ ਚੰਗਾ ਲੱਗਦਾ। ਪਿਆਰਾ ਆਦਮੀ ਸੀ। ਈਸਾਈਆਂ ਦਾ ਲੀਡਰ ਸੀ। 

ਦੁਪਹਿਰ ਦੀ ਰੋਟੀ ਤੋਂ ਬਾਅਦ ਸੀਨ-ਪ੍ਰੈਣ, ਕਰੋਸ਼ੀਏ ਦੀ ਕੱਢਾਈ ਤੇ ਮੁੰਡਿਆਂ ਨੂੰ ਗੁਰਮੁਖੀ ਲਿਖਣ ਪੜ੍ਹਨ ਦਾ ਵੇਲਾ ਹੁੰਦਾ ਸੀ। ਸਕੂਲ ਵਿੱਚ ਮੁੰਡੇ ਸਿਰਫ ਉਰਦੂ ਪੜ੍ਹਦੇ ਸਨ । ਕੁਝ ਚਿਰ ਲਈ ਬਾਹਰ ਆ ਕੇ ਥੜ੍ਹੇ ‘ਤੇ ਹੋਰ ਜ਼ਨਾਨੀਆਂ ਵਿੱਚ ਗੱਪ-ਸ਼ੱਪ ਲਈ ਬਹਿ ਜਾਣਾ। ਆਮ ਤੌਰ ‘ਤੇ ਬੇਗਮ, ਫਜ਼ਲਾਂ, ਲਾਲਦੀਨ ਦੀ ਵਹੁਟੀ ਤੇ ਜੀਵਾਂ ਗੱਪਾਂ ਮਾਰਦੀਆਂ ਤੇ ਨਾਲ-ਨਾਲ ਸੇਵੀਆਂ ਵੱਟਦੀਆਂ ਹੁੰਦੀਆਂ ਸਨ। ਕਦੀ-ਕਦੀ ਰਹੀਮ ਬੀਬੀ, ਐਲਾਹ ਰੱਖੀ, ਚੀਮੀਂ ਤੇ ਮੰਗਲ ਸਿੰਘ ਨਿਹੰਗ ਦੀ ਵਹੁਟੀ ਵੀ ਆ ਜਾਂਦੀਆਂ। ਪਰ ਫ਼ਾਤਮਾ ਵਿਚਾਰੀ ਘਰਵਾਲੇ ਤੋਂ ਡਰਦੀ ਬੁਲਾਇਆਂ ਵੀ ਨਹੀਂ ਸੀ ਆਉਂਦੀ। ਹਫ਼ਤ ਵਿੱਚ ਇਕ ਵਾਰੀ ਸੈਦਾਂ ਆ ਜਾਣਾ। ਮਾਇਆ ਦੀਆਂ ਲੱਤਾਂ-ਬਾਹਾਂ ਘੁੱਟਣੀਆਂ, ਪਿੱਠ ਮਲਣੀ, ਦੂਜਿਆਂ ਦੀਆਂ ਖ਼ਬਰਾਂ ਸੁਨਾਣੀਆਂ ਤੇ ਮਾਇਆ ਦੀਆਂ ਸੁਣਨੀਆਂ। ਸੈਦਾਂ ਖ਼ਬਰਾਂ ਦੀ ਮਾਸਟਰ ਸੀ। ਪਿੰਡ ਦੀ ਚੰਗੀ-ਮੰਦੀ ਉਹਦੇ ਤੋਂ ਲੁਕੀ ਹੋਈ ਨਹੀਂ ਸੀ। ਉਹਨੂੰ ਦਾਣੇ ਦੇ ਕੇ ਤੋਰਨਾ। 

ਛੁੱਟੀ ਵਾਲੇ ਦਿਨ ਮੁੰਡਿਆਂ ਨੂੰ ਕਾਬੂ ਕਰਨਾ ਬੜਾ ਔਖਾ ਹੁੰਦਾ ਸੀ। ਜੇ ਘਰ ਹੋਣ ਤਾਂ ਤਰਥਲੀ ਮਚਾਂਦੇ, ਲੜਦੇ-ਭਿੜਦੇ, ਕੁਸ਼ਤੀ ਕਰਦੇ, ਸਿਰ ਖਾ ਜਾਂਦੇ। ਜਦੋਂ ਖੇਡਣ ਚਲੇ ਗਏ ਤਾਂ ਸੂਰਜ ਡੁੱਬੇ ਵੀ ਘਰ ਆਉਣਾ ਭੁੱਲ ਜਾਂਦੇ। ਐਤਵਾਰ ਨੂੰ ਉਹਨਾਂ ਦਾ ਸਿਰ ਧੋਣਾ, ਤੇਲ ਲਾਣਾ, ਕੰਘੀ ਕਰਨੀ, ਜੂੜੇ ਕਰਨੇ ਇਹ ਕੰਮ ਮੁਕਨ ਤੇ ਹੀ ਨਹੀਂ ਸਨ ਆਉਂਦੇ। ਕੁੜੀਆਂ ਤਾਂ ਆਪਣੇ ਵਾਲ ਆਪੇ ਸੰਭਾਲ ਲੈਂਦੀਆਂ ਸਨ । ਨੈਣ ਨੇ ਆ ਕੇ ਮਾਇਆ ਦੇ ਸਿਰ ਨੂੰ ਤੇਲ ਲਾਣਾ, ਘੁਟਨਾ ਤੇ ਗੁਤ ਕਰ ਦੇਣੀ। ਮੁੰਡੇ ਮੱਝ ਨੂੰ ਤਾਂ ਢਾਬ ਤੇ ਲੈ ਜਾਂਦੇ ਸਨ ਪਰ ਗੁਤਾਵਾ ਕਰਨ ਤੋਂ ਕਨੀ ਕੱਤਰਾਂਦੇ ਸਨ ਕਿਉਂਕਿ ਰਾਤ ਦੀ ਭਿਜੀ ਹੋਈ ਖਲ ਅੱਖਾਂ ਨੂੰ ਬੜੀ ਲੱਗਦੀ ਸੀ। ਚਾਰ ਵਜੇ ਭਾਈ ਸਾਹਿਬ ਦਾ ਘੜਿਆਲ ਵੱਜਣਾ ਤਾਂ ਕੁੜੀਆਂ ਨੇ ਦਾਣੇ ਲੈ ਕੇ ਭਠੀ ਨੂੰ ਦੌੜਣਾ। ਟੋਲੀ ਬਣਾ ਕੇ ਜਾਂਦੀਆਂ ਤੇ ਆਪਣਾ-ਆਪਣਾ ਪ੍ਰਾਗਾ ਕਢਾ ਕੇ ਲੈ ਆਉਂਦੀਆਂ। ਸਾਰੇ ਖਾਂਦੇ । 

ਅੱਗੇ-ਪਿੱਛੇ ਤਾਂ ਮਾਇਆ ਨੂੰ ਖੂਹ ‘ਤੇ ਜਾਣ ਦੀ ਮਨਾਹੀ ਸੀ ਪਰ ਜਦੋਂ ਕਪਾਹ ਖਿੜਣੀ ਤਾਂ ਖਿੜੇ ਦਿਲ ਨਾਲ ਜ਼ਨਾਨੀਆਂ ਦਾ ਟੋਲਾ ਲੈ ਕੇ ਜਾਂਦੀ। ਤੇਲ ਦੇ ਉਡਦਿਆਂ ਹੀ ਚਾਦਰਾਂ ਲੈ ਕੇ ਤੁਰ ਪੈਦੀਆਂ। ਹੱਸਦੀ ਕਪਾਹ ਨੂੰ ਵੇਖ ਕੇ ਹੱਸਦੀਆਂ, ਮਸ਼ਕਰੀਆਂ ਕਰਦੀਆਂ, ਨਾਲੇ ਗੱਲਾਂ ਕਰਦੀਆਂ ਤੇ ਨਾਲੇ ਕਪਾਹ ਚੁਗੀ ਜਾਂਦੀਆਂ। ਰਵਾਜਨ ਕੋਈ ਆਦਮੀ ਖੇਤ ਦੇ ਨੇੜੇ ਨਹੀਂ ਸੀ ਆਉਂਦਾ। ਚਾਰ ਵਜੇ ਜਦੋਂ ਭਾਈ ਸਾਹਿਬ ਦਾ ਘੜਿਆਲ ਵੱਜਣਾ ਤਾਂ ਹਰ ਇਕ ਨੇ ਆਪਣੀ ਕਪਾਹ ਦੀ ਗੰਢ ਬੰਨ੍ਹ ਲੈਣੀ ਤੇ ਟੋਲੇ ਨੇ ਮਾਇਆ ਦੇ ਘਰ ਨੂੰ ਤੁਰ ਪੈਣਾ। ਤੱਕੜੀ ਨਾਲ ਮਾਇਆ ਨੇ ਹਰ ਇਕ ਦੀ ਕਪਾਹ ਤੋਲਣੀ ਤੇ ਚੁਗਣ ਦਾ ਹਿੱਸਾ ਦੇ ਦੇਣਾ। ਨਾਲ ਬੁੱਕ ਭਰ ਕੇ ਝੂੰਗਾ ਵੀ ਦੇਣਾ। ਹਰ ਇਕ ਨੂੰ ਕੀਤੇ ਕੰਮ ਦੀ ਦਿਹਾੜੀ ਮਿਲ ਜਾਣੀ। ਨਾ ਹੈ ਹੈ, ਨਾ ਖੈਹ- ਖੈਹ, ਨਾ ਸਿਰ ਖਪਾਈ। 

ਰਾਤ ਦੀ ਰੋਟੀ ਟੱਬਰ ਇਕੱਠਿਆਂ ਖਾਂਦਾ ਸੀ । ਇਹ ਸੂਰਜ ਡੁੱਬੇ ਦੀ ਲੋ ਵਿੱਚ ਖਾਧੀ ਜਾਂਦੀ ਸੀ। ਧੀਆਂ ਰੋਟੀ ਪਕਾਣ ਵਿੱਚ ਮੱਦਦ ਵੀ ਕਰਦੀਆਂ ਤੇ ਨਾਲੇ ਸਿਖ ਲੈਂਦੀਆਂ। ਸਿਆਲ ਵਿੱਚ ਬੱਚੇ ਰਸੋਈ ਵਿੱਚ ਚੁੱਲ੍ਹੇ ਦੇ ਨੇੜੇ ਬੋਰੀ ਵਿਛਾ ਕੇ ਕਤਾਰ ਵਿੱਚ ਬੈਠ ਜਾਂਦੇ ਤੇ ਆਦਮੀ ਨੇੜੇ ਮੰਜੀਆਂ ‘ਤੇ। ਤਵੇ ਦੀ ਤਾਜ਼ਾ ਰੋਟੀ ਰਾਤ ਨੂੰ ਮਿਲਣੀ । ਪਹਿਲੋਂ ਮੁੰਡਿਆਂ ਨੂੰ, ਛੋਟੇ ਤੋਂ ਸ਼ੁਰੂ ਕਰਕੇ, ਫੇਰ ਕੁੜੀਆਂ ਨੂੰ ਤੇ ਫੇਰ ਆਦਮੀਆਂ ਨੂੰ। ਪਿੱਛੋਂ ਆਪ ਰੋਟੀ ਖਾਣੀ ਤੇ ਨਾਲ ਹੀ ਦੁੱਧ ਉਬਲਣਾ ਰੱਖ ਦੇਣਾ। ਗਰਮੀਆਂ ਵਿੱਚ ਤੰਦੂਰ ਦੀਆਂ ਰੋਟੀਆਂ ਕੋਠੇ ‘ਤੇ ਬਹਿ ਕੇ ਖਾਣੀਆਂ। ਹਰ ਇਕ ਨੂੰ ਗਰਮ ਦੁੱਧ ਦਾ ਗਲਾਸ ਮਿਲਣਾ, ਸੌਣ ਦੇ ਵੇਲੇ। ਕੁੜੀਆਂ ਨੂੰ ਅੱਧਾ ਗਲਾਸ ਦੇਣਾ, ਛੇਤੀ ਜਵਾਨ ਹੋ ਜਾਦੀਆਂ ਨੇ। ਫੇਰ ਕਾੜਣੀ ਦੇ ਤੇ ਰਾਤ ਦੇ ਬਚੇ ਹੋਏ ਦੁੱਧ ਨੂੰ ਚਾਟੀ ਵਿੱਚ ਪਾ ਕੇ ਜਾਗ ਲਾਣੀ। ਭਾਂਡਿਆਂ ਨੂੰ ਤੇ ਰਸੋਈ ਨੂੰ ਸਾਫ਼ ਕਰਨਾ। ਗਰਮੀਆਂ ਨੂੰ ਕੋਠੇ ‘ਤੇ ਛੇਤੀ ਸੌਂ ਜਾਣਾ ਪਰ ਸਿਆਲਾਂ ਦੀਆਂ ਲੰਮੀਆਂ ਰਾਤਾਂ ਨੂੰ ਚਰਖਾ ਕੱਤਣਾ। ਇਸੇ ਤਰ੍ਹਾਂ ਮਾਇਆ ਦਾ ਦਿਨ ਰਾਤ ਲੰਘ ਜਾਣਾ। 

ਦੌਲਤੇ : ਉੱਚੀ-ਲੰਮੀ, ਤਾਕਤ ਦੀ ਭਰੀ ਹੋਈ, ਠੋਸ, ਦੌਲਤੇ ਦੇ ਨਕਸ਼ ਬੜੇ ਤਿੱਖੇ ਤੇ ਉਂਗਲਾਂ ਲੰਮੀਆਂ ਸਨ । ਡਾਂਗ ਵਾਂਗਰ ਸਿੱਧੀ ਤੁਰਦੀ । ਹੱਥ ਬੜੀ ਤੇਜ਼ੀ ਨਾਲ ਕੰਮ ਕਰਦੇ, ਤੇ ਜੋ ਕੁਝ ਵੀ ਕਰਦੀ, ਸਾਫ਼-ਸੁਥਰਾ ਕਰਦੀ। ਇਕ ਭੀੜੀ ਜਿਹੀ, ਵਲ ਖਾਂਦੀ ਗਲੀ ਉਸ ਦੇ ਘਰ ਨੂੰ ਜਾਂਦੀ। ਦੋ ਕੋਠੜੀਆਂ, ਅੱਗੇ ਖੁੱਲ੍ਹਾ ਵਿਹੜਾ, ਛੱਪੜ ਦੇ ਕੰਢੇ ਤਿੰਨ ਚਾਰ ਰੁੱਖਾਂ ਦੇ ਸਾਹਮਣੇ ਬੜੀ ਸਾਫ਼-ਸੁਥਰੀ ਕੁਟੀਆ। 

ਦੌਲਤੇ ਘਰ ਦੀ ਸਫ਼ਾਈ ਕਰਕੇ ਸੂਰਜ ਉਗਦਿਆਂ ਈ ਬੱਚਿਆਂ ਨੂੰ ਤੇ ਘਰਵਾਲੇ ਨੂੰ ਨਾਸ਼ਤਾ ਦੇਣਾ। ਘਰਵਾਲਾ ਸੱਮਾ ਖੇਤਾਂ ਵਿੱਚ ਕੰਮ ਕਰਦਾ ਸੀ। ਸਾਂਵਲਾ ਰੰਗ, ਚੌੜੀ ਛਾਤੀ, ਸੱਮਾ ਇੱਕਲਾ ਹੀ ਈਸਾਈ ਸੀ ਜਿਹੜਾ ਗੁਰਮੁਖੀ ਵਿੱਚ ਅੰਜੀਲ ਪੜ੍ਹ ਸਕਦਾ ਸੀ। ਐਤਵਾਰ ਨੂੰ ਗੰਡਾ ਮੱਲ ਦੇ ਘਰ ਵਿੱਚ ਗਿਰਜਾ ਲੱਗਣਾ ਤੇ ਸੱਮੇ ਨੇ ਭਜਨ ਸੁਨਾਣੇ ਤੇ ਦੁਆ ਕਰਨੀ । ਬਾਕੀ ਹਫ਼ਤਾ ਸੱਮੇ ਨੂੰ ਤੋਰਨ ਤੋਂ ਬਾਅਦ, ਬੱਚਿਆਂ ਨੂੰ ਘਰ ਛੱਡ ਕੇ ਦੌਲਤੇ ਨੇ ਟੋਕਰੀ ਚੁੱਕਣੀ ਤੇ ਘਰਾਂ ਦੀ ਸਫ਼ਾਈ ਨੂੰ ਤੁਰ ਪੈਣਾ। ਘਰਾਂ ਦੇ ਦਰਵਾਜ਼ੇ ਖੁੱਲ੍ਹੇ ਹੁੰਦੇ ਸਨ ਕਿਉਂਕਿ ਦੌਲਤੇ ਵਕਤ ਦੀ ਬੜੀ ਪਾਬੰਦ ਸੀ। 

ਦੌਲਤੇ ਨੇ ਕੂੜਾ ‘ਕੱਠਾ ਕਰਕੇ ਰੂੜੀ ‘ਤੇ ਸੁੱਟਣਾ । ਵਾਪਸ ਆ ਕੇ ਗੋਹਾ ਕੱਠਾ ਕਰਕੇ ਦਾਬੜਾ ਭਰਨਾ ਤੇ ਉਸ ਨੂੰ ਰੂੜ੍ਹੀ ਦੇ ਕੋਲ, ਢੇਰ ਤੇ ਸੁੱਟ ਆਉਣਾ। ਆਮ ਤੌਰ ‘ਤੇ ਦੋ ਚੱਕਰ ਲੱਗਣੇ । ਵਿਹੜਾ ਸਾਫ਼ ਕਰਕੇ ਦੌਲਤੇ ਅਗਲੇ ਘਰ ਚਲੇ ਜਾਂਨਾ । ਸਫ਼ਾਈ ਖ਼ਤਮ ਹੋਣੀ ਤਾਂ ਵਾਪਸ ਜਾ ਕੇ ਗੋਹੇ ਦੀਆਂ ਪਾਥੀਆਂ ਬਨਾਣੀਆਂ। ਇਕ ਦਿਨ ਪਹਿਲੋਂ ਦੀਆਂ ਪਾਥੀਆਂ ਨੂੰ ਉਲਟਾਣਾ ਤਾਂਕਿ ਪੂਰੀਆਂ ਸੁੱਕ ਜਾਣ। ਦੂਜੇ-ਤੀਜੇ ਦਿਨ ਸੁੱਕੀਆਂ ਹੋਈਆਂ ਪਾਥੀਆਂ ਨੂੰ ਢਾਰੇ ਵਿੱਚ ਟਿਕਾ ਦੇਣਾ। ਦੌਲਤੇ ਕਿਸੇ ਜ਼ਨਾਨੀ ਨਾਲ ਵੀ ਕੋਈ ਫ਼ਾਲਤੂ ਗੱਲ ਨਹੀ ਸੀ ਕਰਦੀ। ਘਰ ਵਾਲੀਆਂ ਉਹਦੀ ਇੱਜ਼ਤ ਕਰਦੀਆਂ ਸਨ ਤੇ ਕੰਮ ਤੋਂ ਬਾਅਦ ਉਸ ਨੂੰ ਰੋਟੀਆਂ ਤੇ ਲੱਸੀ ਦੇਂਦੀਆਂ। 

ਦੌਲਤੇ ਘਰ ਪਹੁੰਚਣਾ ਤਾਂ ਉਡੀਕਦੇ ਕੁੱਤਿਆਂ ਨੇ ਪੂੰਛਾਂ ਹਿਲਾਣੀਆਂ ਸ਼ੁਰੂ ਕਰ ਦੇਣੀਆਂ। ਦੌਲਤੇ ਉਹਨਾਂ ਨੂੰ ਟੁਕਰ ਦੇਣਾ; ਖਾ ਕੇ ਉਹਨਾਂ ਖਿਸਕ ਜਾਣਾ। ਬੱਚਿਆਂ ਨੂੰ ਰੋਟੀ ਖਵਾ ਕੇ, ਆਪ ਖਾ ਕੇ, ਦੌਲਤੇ ਮੁਹੱਲੇ ਦੀਆਂ ਪਿੱਪਲ ਥੱਲੇ ਇਕੱਠੀਆਂ ਹੋਈਆਂ ਜ਼ਨਾਨੀਆਂ ਦੇ ਕੋਲ ਜਾ ਬੈਠਣਾ। ਇਕ ਦੂਜੀ ਦੀਆਂ ਸੁਣ ਲੈਣੀਆਂ, ਸੁਣਾ ਦੇਣੀਆਂ ਤੇ ਗੱਪ-ਸ਼ੱਪ ਮਾਰ ਲੈਣੀ। ਫੇਰ ਸੱਮੇਂ ਦਾ ਹੱਥ ਵਟਾਣ ਖੂਹ ਨੂੰ ਤੁਰ ਪੈਣਾ। ਕੂੜਾ ਸਾਫ਼ ਕਰਨਾ, ਗੋਹਾ ਇਕੱਠਾ ਕਰਨਾ, ਪਾਥੀਆਂ ਬਨਾਣੀਆਂ, ਖੁਰਲੀਆਂ ਸਾਫ਼ ਕਰਨੀਆਂ। ਡੰਗਰਾਂ ਨੂੰ ਪੱਠੇ ਪਾ ਕੇ, ਦੋਹਾ ਜੀਆਂ ਘਰ ਮੁੜ ਆਉਣਾ। ਨਾਲ ਮੌਸਮੀ ਸਬਜ਼ੀ-ਪਤਰ ਲੈ ਆਉਣਾ, ਸਾਗ ਲੈ ਆਉਣਾ। ਸਮੇਂ ਆਦਮੀਆਂ ਵਿੱਚ ਜਾ ਬਹਿਣਾ ਤੇ ਦੌਲਤੇ ਰਾਤ ਦੀ ਰੋਟੀ ਬਨਾਣੀ। ਟੱਬਰ ਨੇ ਇਕੱਠੇ ਬਹਿ ਕੇ ਰੋਟੀ ਖਾਣੀ ਤੇ ਫੇਰ ਛੇਤੀ ਹੀ ਸੌ ਜਾਣਾ। ਫ਼ਿਕਰ ਫ਼ਾਕਾ ਤਾਂ ਕਦੀ ਦੌਲਤ ਦੇ ਨੇੜੇ ਨਹੀਂ ਸੀ ਆਇਆ। ਕੁੱਕੜ ਦੀ ਬਾਂਗ ਸੁਣ ਕੇ ਦੌਲਤੇ ਉੱਠ ਬਹਿਣਾ। ਦੌਲਤੇ ਦੇ ਘਰ ਹਮੇਸ਼ਾ ਹੀ ਚਾਰ ਪੰਜ ਕੁੱਕੜੀਆਂ ਤੇ ਇਕ ਕੁੱਕੜ ਹੁੰਦਾ ਸੀ। 

ਚੀਮੀਂ :

ਹਰ ਕੋਈ ਉਸ ਨੂੰ ਪੇਕਿਆਂ ਦੇ ਨਾਮ ਤੇ ਚੀਮੀਂ ਬੁਲਾਂਦਾ ਸੀ। ਕਣਕ ਭਿਨਾ ਰੰਗ, ਗੁਲਾਬੀ ਗਲ਼ਾਂ, ਹਰਨੀ ਵਰਗੀਆਂ ਚਮਕੀਲੀਆਂ ਅੱਖਾਂ, ਦੁੱਧ ਚਿੱਟੇ ਦੰਦ ਤੇ ਸਕ ਨਾਲ ਰੰਗੇ ਲਾਲ ਹੋਂਟ, ਤਣੀ ਹੋਈ ਛਾਤੀ, ਜਦੋਂ ਹੱਸਦੀ ਸੀ ਤਾਂ ਇੰਝ ਲੱਗਦਾ। ਸੀ ਕਿ ਫੁੱਲ ਕਿਰ ਰਹੇ ਨੇ। ਤਿਲੇ ਦੀ ਤਾਰ ਨੂੰ ਵੇਖ ਕੇ ਕੋਈ ਨਹੀਂ ਸੀ ਕਹਿ ਸਕਦਾ ਕਿ ਚਾਰ ਪੁੱਤਰਾਂ, ਦੋ ਮਰ ਗਏ ਹੋਏ ਤੇ ਦੋ ਜਿਉਂਦੇ, ਦੀ ਮਾਂ ਏ। ਪਹਿਲਾਂ ਮੁੰਡਾ ਮਸਾਂ ਦੋ ਸਾਲ ਦਾ ਸੀ ਜਦੋਂ ਮਰ ਗਿਆ। ਪਿੰਡ ਵਿੱਚ ਮਸ਼ਹੂਰ ਹੋ ਗਿਆ ਕਿ ਬਾਜੀ ਡੈਣ ਉਹਦਾ ਕਲੇਜਾ ਕੱਢ ਕੇ ਲੈ ਗਈ ਏ। ਛੇਤੀ ਹੀ ਦੂਜਾ ਮੁੰਡਾ ਹੋਇਆ ਤੇ ਉਹ ਵੀ ਮਰ ਗਿਆ। ਚੋਰੀ ਰੋ ਰੋ ਕੇ ਬੇਹਾਲ ਹੁੰਦੀ। ਫੇਰ ਤੀਜਾ ਤੇ ਚੌਥਾ ਮੁੰਡਾ ਆ ਗਏ। ਪਰ ਹੋਣੀ ਵੇਖੋ। ਇਕ ਮੁੰਡੇ ਦਾ ਖੱਬਾ ਹੱਥ ਵੇਲਣ ਵਿੱਚ ਪੀਸ ਕਤਾ ਤੇ ਡੱਸਕੇ ਹਸਪਤਾਲ ਜਾ ਕੇ ਕਟਾਣਾ ਪਿਆ। ਭਾਵੇਂ ਇਕ ਮੁੰਡਾ ਟੁੰਡਾ ਸੀ, ਪਰ ਦੋਵੇਂ ਬੜੇ ਸੋਹਣੇ ਸਨ। ਚੀਮੀਂ ਵਿੱਚ ਸਬਰ ਬੜਾ ਸੀ। 

ਚੀਮੀਂ ਮੂੰਹ ਹਨੇਰੇ ਉੱਠਦੀ, ਚੱਕੀ ਝੋਂਦੀ, ਦੁੱਧ ਰਿੜਕਦੀ, ਫੇਰ ਬੱਚਿਆਂ ਨੂੰ ਉਠਾਂਦੀ। ਅਦਿੜਕਾ ਪੀਣ ਨੂੰ ਦਿੰਦੀ, ਲੱਸੀ ਤੇ ਮੱਖਣ ਦੋਹਣੇ ਵਿੱਚ ਪਾਂਦੀ ਤੇ ਪਰਾਉਂਠਿਆਂ ਦਾ ਥੱਬਾ ਅਚਾਰ ਨਾਲ ਲਪੇਟ ਕੇ ਉੱਤੇ ਰੱਖਦੀ। ਖੂਹ ‘ਤੇ ਜਾਣ ਦੀ ਤਿਆਰੀ ਕਰਦੀ। ‘ਕੱਲੀ ਚੀਮੀਂ ਹੀ ਸੀ ਜਿਹੜੀ ਖੂਹ ‘ਤੇ ਜਾਣ ਲੱਗਿਆਂ ਵੀ ਰੰਗਦਾਰ ਸਲਵਾਰ-ਕਮੀਜ਼ ਤੇ ਚੁੰਨੀ ਪਾਂਦੀ। ਉਹਨੂੰ ਆਪਣੇ ਘਰ ਵਾਲੇ ਦੀ ਪੰਜ ਕਿਲੇ ਜ਼ਮੀਨ ‘ਤੇ ਮਾਣ ਸੀ ਤੇ ਆਪਣੇ ਆਪ ‘ਤੇ ਭਰੋਸਾ। ਸਿਰ ‘ਤੇ ਲੱਸੀ ਦਾ ਦੋਹਨਾ ਰੱਖ ਕੇ ਤੇ ਦੋਹਾਂ ਮੁੰਡਿਆਂ ਨੂੰ ਨਾਲ ਲੈ ਕੇ ਤੁਰ ਪੈਂਦੀ। ਜੇ ਕੋਈ ਸਾਹਮਣਿਉਂ ਆ ਜਾਏ ਤਾਂ ਉਸ ਨੂੰ ਰਾਹ ਛੱਡਣਾ ਪੈਂਦਾ। 

ਖੂਹ ‘ਤੇ ਪਹੁੰਚਦਿਆਂ ਹੀ, ਮੁੰਡੇ ਪਿਉ ਵੱਲ ਦੌੜ ਜਾਂਦੇ। ਚੀਮੀਂ ਨੇ ਦੋਹਨਾ ਮੰਜੀ ‘ਤੇ ਰੱਖਨਾ ਤੇ ਕੁੜਾਂ ਵਿੱਚੋਂ ਥਾਲ ਤੇ ਗਲਾਸ ਲੈ ਆਉਣੇ। ਮੰਗਲ ਦੂਜੀ ਮੰਜੀ ‘ਤੇ ਬਹਿ ਜਾਂਦਾ। ਇਕ ਮੁੰਡਾ ਇਕ ਪੱਟ ‘ਤੇ, ਦੂਜਾ ਦੂਜੇ ਪੱਟ ‘ਤੇ। ਮੰਗਲ ਤੇ ਚੀਮੀਂ ਨੇ ਪਿਆਰ ਨਾਲ ਨਜ਼ਰਾਂ ਮਲਾਣੀਆਂ ਪਰ ਬੋਲਣਾ ਕੁਝ ਨਾ। ਦੋਵੇਂ ਕਾਮੇਂ ਆ ਕੇ ਭੁੰਝੇ ਬਹਿ ਜਾਂਦੇ ਤੇ ਗੱਲਾਂ ਕਰੀ ਜਾਂਦੇ । ਸਾਰਿਆਂ ਨੇ ਛਾ ਵੇਲਾ ਇਕੱਠਾ ਖਾਣਾ। ਮੁੰਡੇ ਦੌੜ ਕੇ ਗਾਹਦੀ ‘ਤੇ ਹੂਟੇ ਲੈਣ ਵਾਸਤੇ ਬਹਿ ਜਾਂਦੇ। ਚੀਮੀਂ ਨੇ ਭੜੋਲੀ ਵਿੱਚ ਗੋਹੇ ਰੱਖਣੇ, ਉਹਨਾਂ ਨੂੰ ਧੁਖਾਣਾ। ਫੇਰ ਵਿੱਚ ਦੁੱਧ ਦੀ ਭਰੀ ਕਾੜਨੀ ਅਡੋਲ ਕਰਕੇ ਰੱਖ ਦੇਣੀ। ਮੰਗਲ ਕਿਆਰੀਆਂ ਵੇਖਣ ਚਲਾ ਜਾਂਦਾ ਤੇ ਚੀਮੀਂ ਘਰ ਨੂੰ ਦੌੜ ਆਉਂਦੀ। 

ਚੀਮੀਂ ਨੇ ਫ਼ਟਾਫੱਟ ਤੰਦੂਰ ਤਪਾਣਾ, ਦੋ ਪੂਰ ਰੋਟੀਆਂ ਦੇ ਲਾਹੁਣੇ, ਉਹਨਾਂ ਨੂੰ ਚਪੜਣਾ ਤੇ ਫਿਰ ਤਿਆਰ ਹੋਈ ਦਾਲ ਸਬਜ਼ੀ ਤੇ ਲੱਸੀ ਦਾ ਦੋਹਨਾ ਲੈ ਕੇ ਵਾਪਸ ਖੂਹ ਨੂੰ ਚਲੇ ਜਾਣਾ। ਜਦੋਂ ਸਾਰੇ ਦੁਪਹਿਰ ਦੀ ਰੋਟੀ ਖਾਣ ਲੱਗਣ ਤਾਂ ਚੀਮੀਂ ਨੇ ਨਸਾਰ ਦੇ ਥੱਲ ਬਹਿ ਕੇ ਸਹਿਜੇ ਸਹਿਜੇ ਨਹਾਨਾ। ਇੰਨੇ ਚਿਰ ਨੂੰ ਬੱਚੇ ਨਿੰਮ ਦੇ ਥੱਲੇ ਸੋ ਜਾਂਦੇ। ਚੀਮੀਂ ਨੇ ਮੰਗਲ ਨੂੰ ਸੈਨਤ ਮਾਰਨੀ। ਦੋਵੇਂ ਮਕਈ ਦਾ ਖੇਤ ਵੇਖਣ ਚਲੇ ਜਾਂਦੇ। ਕਿੰਨਾ ਚਿਰ ਨਾ ਮੁੜਦੇ। ਜਦੋਂ ਛੋਟੇ ਮੁੰਡੇ ਨੂੰ ਜਾਗ ਆਉਣੀ, ਉਸ ਜ਼ੋਰ ਦੀ ਅਵਾਜ਼ ਮਾਰਨੀ । ਬੀਬੀ। ਬੀਬੀ। ਚੀਮੀ ਦੌੜ ਆਉਣਾ। ਉਹਨੂੰ ਕੋਈ ਪ੍ਰਵਾਹ ਨਹੀਂ ਸੀ ਕੇ ਉਸ ਦੇ ਵਾਲਾਂ ਵਿੱਚ ਬੂਰ ਡਿੱਗਿਆ ਹੋਇਆ ਏ ਤੇ ਉਹਦੀ ਸਲਵਾਰ ਕਮੀਜ਼ ਨੂੰ ਵੱਟ ਪਏ ਹੋਏ ਨੇ। ਬੱਚੇ ਫੇਰ ਖੇਡਣ ਲੱਗ ਪੈਂਦੇ। ਚੀਮੀ ਨੇ ਜਾ ਕੇ ਸਾਗ ਚੁਗਣਾ, ਨਿੱਕੇ-ਨਿੱਕੇ ਗੋਂਗਲੂ ਪੁੱਟਣੇ। 

ਭਾਈ ਸਾਹਿਬ ਦਾ ਘੜਿਆਲ ਚਾਰ ਵਾਰੀ ਖੜਕਿਆ ਹੁਣ ਘਰ ਮੁੜਨ ਦਾ ਵਕਤ ਸੀ। ਰਾਤ ਦੀ ਰੋਟੀ ਬਨਾਣੀ ਸੀ। ਕੁਝ ਚਿਰ ਪਿੱਛੋਂ ਮੰਗਲ ਨੇ ਸ਼ਾਮ ਦਾ ਦੁੱਧ ਲੈ ਕੇ ਆ ਜਾਨਾ। ਪਿੱਛੇ-ਪਿੱਛੇ ਇਕ ਕਾਮਾਂ ਕਾੜਨੀ ਲੈ ਕੇ ਆ ਜਾਂਦਾ । ਕਾਮਾਂ ਰੋਟੀਆਂ ਲੈ ਕੇ ਵਾਪਸ ਖੂਹ ਨੂੰ ਚਲਾ ਜਾਂਦਾ। ਬੱਚੇ ਰੋਟੀ ਖਾ ਕੇ ਸੌਂ ਜਾਂਦੇ। ਮੰਗਲ ਵੀ ਵਾਪਸ ਚਲਾ ਜਾਂਦਾ। ਚੀਮੀਂ ਨੇ ਕਾੜਨੀ ਦਾ ਦੁੱਧ ਚਾਟੀ ਵਿੱਚ ਪਾਣਾ, ਜਾਗ ਲਾਨੀ ਤੇ ਲਪੇਟ ਕੇ ਰੱਖ ਦੇਣਾ। ਸਵੇਰ ਤੱਕ ਦਹੀਂ ਬਣ ਜਾਏਗਾ ਤੇ ਹੋਰ ਦਿਨ ਦਾ ਦੌਰ ਸ਼ੁਰੂ ਹੋ ਜਾਏਗਾ। 

ਭਾਂਡਾ-ਟੀਂਡਰਾ ਸਾਂਭ ਕੇ ਚੀਮੀਂ ਚਰਖਾ ਕੱਤਣ ਲੱਗ ਪੈਂਦੀ। ਚਰਖੇ ਦੀ ਘੂਕ ਨੇ ਮਾਂ ਯਾਦ ਕਰਾ ਦੇਣੀ। ਆਪਣੇ ਕਵਾਰੇ ਦਿਨ ਯਾਦ ਆ ਜਾਣੇ । ਸੁਪਨੇ ਲੈਂਦੀ ਸੋ ਜਾਂਦੀ। ਇਸ ਆਸ ਵਿੱਚ ਕਿ ਅਗਲਾ ਦਿਨ ਫੇਰ ਸੋਹਣਾ ਚੜ੍ਹੇਗਾ। 

ਸੈਦਾਂ : ਜੇ ਉਹ ਬਰਵਾਲੀ ਨਾ ਹੁੰਦੀ, ਸੌ ਸਾਲ ਬਾਅਦ ਜੰਮਦੀ ਤਾਂ ਜੋ ਗੁਣ ਸੈਦਾਂ ਵਿਚ ਸਨ, ਉਹ ਜਨਤਾ ਦੀ ਮਹਾਨ ਲੀਡਰ ਤੇ ਪਤਵੰਤੇ ਲੋਕਾਂ ਦੀ ਕੁੰਜੀ ਹੁੰਦੀ । 

ਪਿੰਡ ਦੇ ਉਪਰਲੇ ਖ਼ਾਨਦਾਨਾਂ ਵਿੱਚ ਸੈਦਾਂ ਦਾ ਅਸਰ-ਰੂਸਖ਼ ਲਾਸਾਨੀ ਸੀ। ਉਹ ਪਿੰਡ ਦੀਆਂ ਗਲੀਆਂ ਵਿੱਚ ਛਾਤੀ ਉੱਚੀ ਕਰਕੇ ਤੁਰਦੀ। ਲੰਮੀ, ਪਤਲੀ ਤੇ ਧੜੱਲੇਦਾਰ ਸੀ। ਪਿੰਡ ਵਿੱਚ ਇਕੋ ਹੀ ਉਹ ਔਰਤ ਸੀ ਜਿਹੜੀ ਕਿਸੇ ਵੀ ਥਾਂ ਕਿਸੇ ਵੀ ਵੇਲੇ ਮੱਥਾ ਲਾ ਸਕਦੀ ਸੀ, ਬਗ਼ੈਰ ਆਪਣੀ ਆਬਰੂ ਨੂੰ ਕੁਰਬਾਨ ਕਰਨ ਦੇ। 

ਸੈਦਾਂ ਦਾ ਘਰਵਾਲਾ ਈਦਾ, ਪਿੰਡ ਦਾ ਚੌਕੀਦਾਰ ਸੀ । ਉਸ ਦੀ ਜ਼ੁੰਮੇਵਾਰੀ ਸੀ। 

ਕਿ ਪਿੰਡ ਵਿੱਚ ਚੋਰੀ-ਚਕਾਰੀ, ਜੰਮਣ-ਮਰਨ ਦੀਆਂ ਖ਼ਬਰਾਂ ਤਸੀਲੇ ਪੁਚਾਵੇ। ਪਰ ਡੱਸਕੇ ਤਾਂ ਉਹ ਕੱਦੀ ਕੱਦੀ ਜਾਂਦਾ ਸੀ । ਸੈਦਾਂ ਨੂੰ ਰੋਜ਼ ਦੀ ਰੋਜ਼ ਖ਼ਬਰ ਦੇ ਦਿੰਦਾ ਸੀ। 

ਪਰ ਸੈਦਾਂ ਦੇ ਆਪਣੇ ਜ਼ਿਰਯੇ ਵੀ ਸਨ। ਉੱਘੇ ਘਰਾਂ ਦੀਆਂ ਔਰਤਾਂ ਦੀ ਉਹ ਮਾਲਸ਼ ਕਰਨ ਜਾਂਦੀ, ਘੁੱਟਦੀ ਤੇ ਗੱਲਾਂ ਬਾਤਾਂ ਕਰਦੀ। ਸੈਦਾਂ ਅਸਲੀ ਖ਼ੁਫੀਆ ਪੁਲਿਸ ਸੀ ਪਰ ਕਿਸੇ ਨੂੰ ਵੇਚਦੀ ਨਹੀਂ ਸੀ। ਜਦੋਂ ਕਦੀ ਘਰ ਆਏ, ਔਰਤਾਂ ਉਹਨੂੰ ਚੰਗੇ ਦਾਣੇ ਦੇ ਕੇ ਤੋਰਦੀਆਂ ਸਨ। ਸੈਦਾਂ ਆਪਣੀਆਂ ਸ਼ਰੀਕਣਾਂ ਨੂੰ ਵੰਡ ਦੇਂਦੀ ਤੇ ਉਹ ਸੈਦਾਂ ਦੇ ਬੱਚੇ ਸਾਂਭਦੀਆਂ। ਘਰ ਦੇ ਕੰਮਾਂ ਤੋਂ ਵਿਹਲੇ ਹੋਣ ਕਰਕੇ, ਸੈਦਾਂ ਕੋਲ ਸਮਾਜਕ ਕੰਮਾਂ ਵਿੱਚ ਭਾਗ ਲੈਣ ਦਾ ਖੁੱਲ੍ਹਾ ਵਕਤ ਹੁੰਦਾ ਸੀ । ਪਿੰਡ ਵਿੱਚ ਉਹਦਾ ਰੋਹਬ ਵੀ ਸੀ ਤੇ ਇੱਜ਼ਤ ਵੀ । 

ਪਰ ਸੈਦਾਂ ਦਾ ਅਸਲੀ ਤੱਲਕ ਪਿੰਡ ਦੇ ਸਰਦਾਰ ਦੇ ਨਾਲ ਸੀ। ਹਰ ਰੋਜ਼ ਉਸ ਦੇ ਘਰ ਆਉਂਦੀ ਸੀ। ਸਰਦਾਰ ਦੀਆਂ ਦੋਵਾਂ ਵਹੁਟੀਆਂ ਨਾਲੋਂ ਸੈਦਾਂ ਨੂੰ ਘਰ ਦਾ ਜ਼ਿਆਦਾ ਪਤਾ ਹੁੰਦਾ ਸੀ। ਸਰਦਾਰ ਲਈ ਸਭ ਕੁਝ ਕਰਨ ਮਰਨ ਵਾਸਤੇ ਤਿਆਰ ਹੁੰਦੀ ਸੀ। ਪਿੰਡ ਵਿੱਚ ਸਰਦਾਰ ਦੇ ਰੋਹਬ-ਦਾਬ ਨੂੰ ਕਾਇਮ ਰੱਖਣ ਵਿੱਚ ਮਦਦ ਕਰਦੀ ਤੇ ਸਲਾਹ ਦੇਂਦੀ। ਸਰਦਾਰ ਦੇ ਕਾਮ ਦੀਆਂ ਲੋੜਾਂ ਨੂੰ ਵੀ ਪੂਰਾ ਕਰਦੀ। ਪਰ ਕੁਝ ਵਾਰੀ ਨਾਕਾਮ ਵੀ ਹੋਈ। ਸਰਦਾਰ ਦਾ ਇਕ ਨੌਜਵਾਨ ਬਾਹਮਨੀ ਬੇਵਾ ਤੇ ਬੜਾ ਦਿਲ ਸੀ । ਸੈਦਾਂ ਉਸ ਨੂੰ ਆਪਣੇ ਜਾਲ ਵਿੱਚ ਨਾ ਫਸਾ ਸਕੀ। 

ਈਦਾ ਤੇ ਸੈਦਾਂ ਕਦੀ ਵੀ ਮਸਜਦ ਨਹੀਂ ਸਨ ਗਏ। ਉਹਨਾਂ ਵਾਸਤੇ ਅਲਾਹ ਹਰ ਦਿਲ ਤੇ ਹਰ ਘਰ ਵਿੱਚ ਵਸਦਾ ਸੀ । ਸੈਦਾਂ ਨੂੰ ਹਰ ਘਰ ਦਾ ਭੇਤ ਪਤਾ ਸੀ। ਪਿੰਡ ਦੀਆਂ ਸਾਰੀਆਂ ਔਰਤਾਂ ਇਕੱਠੀਆਂ ਕਰ ਲਵੋ, ਤਾਂ ਵੀ ਉਹਨਾਂ ਨੂੰ ਏਨਾ ਕੁਝ ਪਤਾ ਨਹੀਂ ਸੀ ਹੁੰਦਾ ਜੋ ਸੈਦਾਂ ਜਾਣਦੀ ਸੀ । ਪੰਜਾਬ ਦੀ ਵੰਡ ਨੇ ਸੈਦਾਂ ਦਾ ਦਿਲ ਚੂਰ-ਚੂਰ ਕਰ ਦਿੱਤਾ ਤੇ ਉਸ ਦੇ ਰਾਜ ਭਾਗ ਨੂੰ ਮਿੱਟੀ ਵਿਚ ਮਿਲਾ ਦਿੱਤਾ। ਜੇ ਕਦੀ ਉਹ ਦਿਲਾਂ ਦੇ ਭੇਦ ਖੋਲ੍ਹ ਕੇ ਬਿਆਨ ਕਰਦੀ ਤਾਂ ਉਹ ਇਕ ਮਹਾਨ ਨਾਵਲ ਬਣ ਸਕਦਾ ਸੀ। ਇਕ ਸੱਚੀ ਤੇ ਦਿਲ ਖਿੱਚਵੀਂ ਤਵਾਰੀਖ! 

ਬਾਵੀ, ਇਕ ਨਾਜ਼ਨੀਨ ਦੀਆਂ ਯਾਦਾਂ : “ਸਾਡੇ ਬਜ਼ੁਰਗਾਂ ਨੂੰ ਚੌਥੀ ਪਾਤਸ਼ਾਹੀ 

ਗੁਰੂ ਰਾਮ ਦਾਸ (1531-1581) ਨੇ ‘ਬਾਬਾ’ ਦਾ ਖ਼ਿਤਾਬ ਦਿਤਾ ਸੀ। ਉਹ ਹੌਲੀ- ਹੌਲੀ ਵਿਗੜ ਕੇ ‘ਬਾਵਾ’ ਬਣ ਗਿਆ । ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਸੱਤ ਪਿੰਡਾਂ ਦੀ ਬਖ਼ਸ਼ਿਸ਼ ਕੀਤੀ। ਮੇਰੇ ਬਾਪ (ਬਾਵਾ ਫੌਜਾ ਸਿੰਘ, ਕੋਟ ਰਾਮਦਾਸ) ਦੀ ਜ਼ਮੀਨ ਇਹਨਾਂ ਸੱਤਾਂ ਪਿੰਡਾਂ ਵਿੱਚ ਸੀ। ਵਾਹੀ ਨਹੀਂ ਸਨ ਕਰਦੇ। ਰਾਗ ਤੇ ਸ਼ਾਇਰੀ ਦਾ ਸ਼ੌਕ ਸੀ। ਪੱਕੇ ਰਾਗ ਗਾਉਂਦੇ। ਆਜ਼ਾਦ ਖ਼ਿਆਲਾਂ ਦੇ ਸਨ। ਔਰਤਾਂ ਦੀ ਤਰਕੀ ਤੇ ਆਜ਼ਾਦੀ ਦੇ ਹੱਕ ਵਿੱਚ । ਸਾਨੂੰ ਭੈਣਾ ਨੂੰ ਬੜੀ ਖੁੱਲ੍ਹ ਸੀ। ਘੋੜੇ ‘ਤੇ ਚੜ੍ਹਨਾ, ਬਾਗੇ ਜਾਣਾ। 

ਸਰਦਾਰ (ਰਾਜਿੰਦਰ ਸਿੰਘ) ਦੂਜਾ ਵਿਆਹ ਕਰਾਣ ਦੀ ਸੋਚਦਾ ਸੀ। ਬਾਕੀ ਘਰ ਦੇ ਖ਼ਿਲਾਫ਼ ਸਨ ਪਰ ਅਰਜਨ ਸਿੰਘ ਨੇ ਆਖਿਆ ਕਿ ਵਿਆਹ ਕਰਾ ਲੈ ਪਰ ਖੁਰਸ਼ੈਦਾਂ ਦਾ ਖਹਿੜਾ ਛੱਡ ਦੇ। (ਰਾਜਿੰਦਰ) ਘੋੜੇ ਤੇ ਚੜ੍ਹ ਕੇ ਕੋਟ ਰਮਦਾਸ ਆ ਗਿਆ। ਬਾਗ਼ ਵਿੱਚ ਬੈਠਾ ਸੀ। ਸਾਨੂੰ ਵੇਖ ਕੇ ਮੇਰੇ ਵਲ ਇਸ਼ਾਰਾ ਕੀਤਾ। ਬਾਪ ਨੇ ਹਾਂ ਕਰ ਦਿਤੀ। ਸਾਰੇ ਕਹਿਣ ਕੀ ਕੀਤਾ ਈ। ਕਿਦੇ ਨਾਲ ਕੁੜੀ ਮੰਗ ਦਿੱਤੀ ਆ। ਪਰ (ਮੇਰੇ ਬਾਪ) ਆਖਿਆ ਕਿ ਮੈਂ ਹਾਂ ਕਰ ਦਿੱਤੀ ਏ। ਜ਼ਬਾਨ ਤੇ ਪੂਰਾ ਉਤਰਿਆ। 

ਚੌਦਾਂ-ਪੰਦਰਾ ਸਾਲ ਦੀ ਉਮਰ ਵਿਚ ਵਿਆਹ ਹੋ ਗਿਆ। ਪੇਕੇ ਮੇਰਾ ਨਾਮ ਰਣਬੀਰ ਸੀ। ਸੋਹਰੇ ਬਦਲ ਕੇ ਸੋਹਿੰਦਰ ਰਖ ਦਿਤਾ। ਪਰ ਬਾਵਿਆਂ ਦੀ ਧੀ ਹੋਣ ਕਰਕੇ ਮੈਨੂੰ ਸਾਰੇ ਬਾਵੀ ਬੁਲਾਂਦੇ ਸਨ । ਸੌਹਰੇ ਪਿੰਡ ਮੇਰਾ ਅਸਲੀ ਨਾਮ ਕਿਸੇ ਨੂੰ ਘਟ ਹੀ ਪਤਾ ਸੀ। ਬੜੀਆਂ ਪਾਬੰਦੀਆਂ ਸਨ । ਨੂੰਹਾਂ ‘ਤੇ ਸਖ਼ਤੀ ਹੁੰਦੀ ਸੀ। ਘਰੋਂ ਬਾਹਰ ਝਾਤੀ ਨਹੀਂ ਸਨ ਮਾਰ ਸਰਕੀਆਂ। ਇਕ ਵਾਰੀ ਮੈਂ ਕੋਠਿਉਂ ਕੋਠੇ ਸਰਦਾਰਾਂ (ਵਜ਼ੀਰ ਸਿੰਘ-ਖੜਕ ਸਿੰਘ) ਦੇ ਘਰ ਚਲੀ ਗਈ। ਮੈਨੂੰ ਬੜੀਆਂ ਗਾਲ੍ਹਾਂ ਪਈਆਂ। ਭਾਈ ਸ਼ੇਰ ਸਿੰਘ ਦੀ ਧੀ ਜੀਵਾਂ ਨੇ ਮੈਨੂੰ ਕਈ ਵਾਰੀ ਸੱਦਿਆ। ਮੇਰਾ ਬੜਾ ਜੀ ਸੀ ਕਿ ਮਹੱਲਾ ਰਾਮਗੜਾ ਵੇਖਾਂ। ਪਰ ਮੈਨੂੰ ਇਜਾਜ਼ਤ ਨਹੀਂ ਸੀ। ਮੈਂ ਖੂਹ ਤੇ ਵੀ ਕਦੀ ਨਹੀਂ ਸੀ ਗਈ। ਸਿਰਫ਼ ਨੇਰੇ-ਸਵੇਰੇ ਖੇਤਾਂ ਨੂੰ ਬਾਹਰ ਜਾਣਾ, ਹੋਰ ਜ਼ਨਾਨੀਆਂ ਦੇ ਨਾਲ। 

ਵਿਹੜੇ ਵਿੱਚ 20 ਘਰ ਸਨ । ਰੋਜ਼ ਸਵੇਰੇ ਵੱਡਿਆਂ ਨੂੰ ਮੱਥਾ ਟੇਕਣਾ। ਮੈਂ ਮੰਜੀ ‘ਤੇ ਬੈਠੀ ਸਾਂ। (ਚਾਚੇ) ਆਖਿਆ ਕੁੜੀ ਨੂੰ ਕੁਝ ਮੱਤ ਦਿਉ। ਪੀੜੀ ਤੇ ਬੈਠਿਆ ਕਰੇ। ਸਾਡਾ ਘਰ ਦੋ ਮੰਜ਼ਲਾ ਸੀ। ਥਲੇ ਵੱਡੀ ਵਹੁਟੀ (ਹਰਬੰਸ ਕੌਰ) ਰਹਿੰਦੀ ਸੀ ਤੇ ਉੱਪਰ ਮੈਂ! ਥੱਲੇ ਘੱਟ ਹੀ ਆਉਂਦੀ ਸਾਂ । ਸਾਰੀਆਂ ਜ਼ਨਾਨੀਆਂ ਖੱਦਰ ਪਾਂਦੀਆਂ ਸਨ। ਆਪੇ ਹੀ ਰੰਗ ਵੀ ਲੈਂਦੀਆਂ ਸਨ । ਮੈਂ ਰੇਸ਼ਮ ਜਾਂ ਮਿੱਲ ਦੇ ਕੱਪੜੇ ਪਾਣੇ ਤੇ ਰੋਜ਼ ਸੂਟ ਬਦਲਣਾ। ਜ਼ਨਾਨੀਆਂ ਲਾ ਕੇ ਗੱਲਾਂ ਕਰਦੀਆਂ ਸਨ। ਮੈਨੂੰ ‘ਈਵਨਿੰਗ ਇਨ ਪੈਰਸ’ (Evening in Paris) रगिरीभां मठ । 

ਸੌਹਰਾ ਮੇਰਾ (ਮੰਗਲ ਸਿੰਘ) 35 ਸਾਲ ਦੀ ਉਮਰ ਵਿਚ ਗੁਜ਼ਰ ਗਏ ਹੋਏ ਸਨ। ਚਾਂਦੀ ਦਾ ਵਿਉਪਾਰ ਕਰਦੇ ਸਨ । ਕਰਤਾਰੋ (ਨਨਾਣ) ਭੱਤਾ ਲੈ ਕੇ ਖੂਹ ਤੇ ਜਾਂਦੀ ਸੀ, ਮੈਂ ਉਸ ਨੂੰ ਮਨ੍ਹਾ ਕਰਨਾ। 

ਤਰਲੋਕ (ਦਿਉਰ) ਦਾ ਵਿਆਹ ਕੀਤਾ। ਰਸ਼ੀਦਾਂ (ਕੰਜਰੀ) ਨੂੰ ਨਾਚ-ਗਾਨੇ ਵਾਸਤੇ ਬੁਲਾਇਆ। ਲੰਗਰ ਖਾਨੇ ਰੋਟੀ ਕੀਤੀ। ਸਿਖਾਂ ਦੀ ਵੱਖਰੀ ਤੇ ਮੁਸਲਮਾਨਾਂ ਦੀ ਵੱਖਰੀ। 

ਵਿਹੜੇ ਵਿੱਚ ਮੇਰਾ ਦਮ ਘੁਟਿਆ ਰਹਿੰਦਾ ਸੀ । ਬੜਾ ਜ਼ੋਰ ਲਾ ਕੇ ਨਵਾਂ ਘਰ ਬਨਵਾਇਆ। ਮੈਂ ਆਪਣੇ ਅੱਧੇ ਹਿਸੇ ਨੂੰ ਮਨ ਮਰਜ਼ੀ ਨਾਲ ਸਜਾ ਲਿਆ। ਘਰ ਦਾ ਸਾਰਾ ਕੰਮ, ਰੋਟੀ ਆਦਿ ਹਰਬੰਸ ਕੌਰ ਕਰਦੀ ਸੀ । ਮੈਨੂੰ ਰੋਟੀ ਪਕਾਣੀ ਬਿਲਕੁਲ ਨਹੀਂ ਸੀ ਆਉਂਦੀ। ਫੇਰ ਮੈਂ ਜ਼ੋਰ ਪਾ ਕੇ ਬਾਗ਼ ਲਵਾਇਆ। ਦੋ ਚਾਰ ਵਾਰੀ ਬਾਗ਼ ਵੇਖਣ ਗਈ। ਕਈ ਜ਼ਨਾਨੀਆਂ ਸ਼ਰਾਰਤਨ ਸਨ, ਖ਼ਾਸ ਤੌਰ ’ਤੇ ਮੰਡ (ਚਾਚੇ ਦੀ ਵੱਡੀ ਵਹੁਟੀ) ਤੇ ਡਾਕਟਰਆਨੀ। ਮੈਂ ਉਹਨਾਂ ਤੋਂ ਦੂਰ ਈ ਰਹਿਣਾ। 

ਕਈ ਵਾਰੀ ਸਰਦਾਰ ਨੂੰ ਪਿੰਡ ਵਿੱਚ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਸੰਤ ਸੁੰਦਰ ਸਿੰਘ ਹੁਰਾਂ ਦੋ ਵਾਰੀ ਗੁਰਦੁਆਰੇ ਬੁਲਾਇਆ ਤੇ ਆਖਿਆ ਕਿ ਦਾੜ੍ਹੀ ਕੱਟਣੀ ਬੰਦ ਕਰ ਦੇ। ਪਰ ਸਰਦਾਰ ਆਪਣੀ ਮਰਜ਼ੀ ਦਾ ਮਾਲਕ ਸੀ। ਇਕ ਵਾਰੀ ਮੰਨੇ ਮਾਛੀ ਨਾਲ ਝਗੜਾ ਹੋ ਗਿਆ । ਗੱਲ ਵੱਧ ਗਈ। ਸਰਦਾਰ ਆਖੇ, ਪਿੰਡੋਂ ਨਿਕਲ ਜਾ। ਮਨ੍ਹਾ ਆਕੜ ਗਿਆ । ਲੋਕੀਂ ਉਹਨੂੰ ਕਹਿਣ ਕਿ ਪੈਰ ਫੜ ਲੈ, ਮਾਫ਼ੀ ਮੰਗ ਲੈ। ਮਨ੍ਹਾ ਆਖੇ ਪਿੰਡ ਛੱਡ ਜਾਵਾਂਗਾ ਪਰ ਮਾਫ਼ੀ ਨਹੀਂ ਮੰਗਣੀ। ਹੌਲੀ-ਹੌਲੀ ਗੱਲ ਰਫ਼ਾ-ਦਫ਼ਾ ਹੋ ਗਈ ।” ਬਾਵੀ (ਮੋਗਾ) 

14 

ਰੰਗ-ਰਲੀਆਂ 

ਉਮਰ ਦੇ ਨਾਲ ਜੀ ਪਰਚਾਵੇ ਵਾਲੇ ਸਵਾਦ ਬਦਲਦੇ ਰਹਿੰਦੇ ਨੇ। ਪਰ ਆਮ ਤੇ ਡੂੰਘੇ ਸਵਾਦ ਤਿੰਨ ਹਰਫ਼ੇ ਸਨ :- 

ਕਨ ਰਸ, ਜੀਭ ਰਸ, ਫੁਲੋ ਰਸ। 

ਹਰ ਇਨਸਾਨ ਚਾਹੁੰਦਾ ਹੈ ਕਿ ਸੰਗੀਤ, ਸਿਫ਼ਤ, ਗੱਪਾਂ, ਨਿੰਦਿਆ, ਅਫ਼ਵਾਹਾਂ, ਖ਼ਬਰਾਂ, ਕਹਾਣੀਆਂ ਸੁਣੇ। ਜੀਭ ਦੇ ਵੀ ਕਈ ਸਵਾਦ ਹਨ। ਖਾਣ-ਪੀਣ ਉਹਨਾਂ ਵਿੱਚੋਂ ਦੋ ਹਨ। ਕਾਮ ਭੋਗਣਾ ਇਕ ਕੁਦਰਤੀ ਤੇ ਉੱਤਮ ਸਵਾਦ ਏ। ਜਜ਼ਬੇ ਤੇ ਵਲਵਲੇ ਵਾਲੇ ਹੋਰ ਸਵਾਦ ਵੀ ਹਨ ਜਿਵੇਂ ਕਿ ਸੁੰਗਣਾ, ਵੇਖਣਾ ਜਾਂ ਅੱਖਾਂ ਮਲਾਣੀਆਂ ਤੇ ਹੱਥ ਫੇਰਨਾ। 

ਕਾਮ ਦਾ ਨਸ਼ਾ ਚੋਰੀ-ਚੋਰੀ ਲਿਆ ਜਾਂਦਾ ਸੀ। ਕਦੀ ਵੀ ਕਿਸੇ ਜੋੜੀ ਨੂੰ ਚੁੰਮਦਿਆਂ ਕਿਸੇ ਨਹੀਂ ਸੀ ਵੇਖਿਆ। ਪਰ ਬਾਕੀ ਦੇ ਸਵਾਦ ਖੁੱਲਮ-ਖੁੱਲੇ ਲਏ ਜਾਂਦੇ ਸਨ। ਖਾ ਕੇ ਡਕਾਰ ਮਾਰਨਾ ਤਾਂ ਆਮ ਸੀ। ਮਸ਼ਕਰੀਆਂ ਦਾ ਸਵਾਦ ਬਹੁਤ ਵਾਰੀ ਹੱਸ-ਹੱਸ ਕੇ ਲੋਕੀਂ ਲੈਂਦੇ ਸਨ ਭਾਵੇਂ ਕਈ ਵਾਰੀ ਵੱਡਿਆਂ ਨੂੰ ਬੱਚਿਆਂ ਦੀਆਂ। ਮਸ਼ਕਰੀਆਂ ਪਸੰਦ ਨਹੀਂ ਸਨ ਆਉਂਦੀਆਂ। 

ਇਕ ਸ਼ੌਕ ਹਰ ਛੋਟੇ-ਵੱਡੇ ਅਮੀਰ-ਗ਼ਰੀਬ, ਆਦਮੀ-ਜ਼ਨਾਨੀ ਨੂੰ ਸੀ । ਉਹ ਸੀ ਮੇਲਾ ਵੇਖਣ ਜਾਣਾ। ਰੋਜ਼ ਦੇ ਰੁਝੇਵਿਆਂ ਨੂੰ ਛੱਡ ਕੇ ਹਰ ਕੋਈ ਸ਼ਾਮਿਲ ਹੁੰਦਾ, ਜੀ ਖੁਸ਼ ਕਰਦਾ। ਤਿੰਨ ਮੇਲੇ ਬੜੇ ਮਸ਼ਹੂਰ ਸਨ-ਪਿੰਡ ਦਾ ਮੇਲਾ, ਮਾੜੀ ਤੇ ਵਿਸਾਖੀ। ਗੁਲੂ ਸ਼ਾਹ ਦਾ ਮੇਲਾ ਕਈ ਦਿਨ ਚੱਲਦਾ ਸੀ ਪਰ ਉਸ ਦੇ ਵਿੱਚ ਸਿਰਫ਼ ਆਦਮੀ ਸ਼ਾਮਿਲ ਹੁੰਦੇ ਸਨ ਕਿਉਂਕਿ ਡੰਗਰਾਂ ਦਾ ਮੇਲਾ ਸੀ। 

ਪਿੰਡ ਦਾ ਮੇਲਾ : ਇਹ ਮਸ਼ਹੂਰ ਮੇਲਾ ਤਿੰਨ ਦਿਨ, ਦਿਨੇ-ਰਾਤ ਚਲਦਾ ਸੀ । 

ਦੂਰੋਂ-ਦੂਰੋਂ ਲੋਕੀ ਆਉਂਦੇ ਸਨ ਪਰ ਬਹੁਤੇ ਸਿੱਖ ਹੀ ਹੁੰਦੇ ਸਨ। ਫਰਵਰੀ (ਚੇਤਰ) ਦੇ ਮਹੀਨੇ, ਗੁਰੂ ਹਰ ਰਾਏ ਦੇ ਜਨਮ ਦਿਨ ਤੇ ਬੜੀ ਸ਼ਾਨ ਨਾਲ ਮਨਾਇਆ ਜਾਂਦਾ ਸੀ । ਸਕੂਲ ਵਿੱਚ ਤੰਬੂਆਂ ਦੇ ਥੱਲੇ ਧਾਰਮਿਕ ਪ੍ਰੋਗਰਾਮ ਹੁੰਦਾ, ਸਮਾਜਕ ਤੇ ਰਾਜਸੀ ਮਾਮਲਿਆਂ ਤੇ ਲੈਕਚਰ ਵੀ ਹੁੰਦੇ । ਬਾਹਰ ਸੜਕ ਤੇ ਮੇਲਾ ਲੱਗਦਾ। ਇਸ ਮੇਲੇ ਵਿੱਚ ਜ ਕੋਈ ਸ਼ਰਾਬ ਪੀ ਕੇ ਜਾਂ ਸਿਗਰਟ-ਤੰਬਾਕੂ ਲੈ ਕੇ ਆ ਜਾਏ ਤਾਂ ਉਸ ਦੀ ਸਖ਼ਤ ਜੁੱਤੀ ਪ੍ਰੇਡ ਹੁੰਦੀ ਸੀ। ਪਿੰਡ ਦਾ ਹਰ ਸਿੱਖ ਟੱਬਰ ਸੇਵਾ ਵਿੱਚ ਵੱਧ-ਚੜ੍ਹ ਕੇ ਹਿੱਸਾ ਪਾਂਦਾ ਸੀ। 

ਪੋਹ ਸ਼ੁਦੀ ਪੰਜਾਵੀ ਨੂੰ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਨ ਤੇ ਸਾਰੇ ਸਿੱਖ ਇਕੱਠੇ ਹੁੰਦੇ। ਰਾਤ ਦੇ ਪੂਰੇ ਦਸ ਵਜੇ ਕੀਰਤਨ ਬੰਦ ਹੋ ਜਾਂਦਾ । ਹਰ ਮਨ ਪਿਆਰਾ ਹਰਨਾਮ ਸਿੰਘ ਚੈਹਲ ਖੜਾ ਹੋ ਜਾਂਦਾ । ਫ਼ਤੂਹੀ ਦੀ ਜੇਬ ਵਿੱਚੋਂ ਸਾਲਾਂ ਦੀ ਚਲੀ ਆ ਰਹੀ ਕਾਪੀ ਤੇ ਨਿਕੀ ਜਹੀ ਪੈਨਸਲ ਕੱਢਦਾ। ਪਿਛਲੇ ਸਾਲ ਉਗਰਾਈ ਦੇਣ ਵਾਲਿਆਂ ਦੇ ਨਾਮ ਪੜ੍ਹਦਾ ਤੇ ਅਪੀਲ ਕਰਦਾ ਕਿ ਦਿਲ ਖੋਲ੍ਹ ਕੇ ਪੈਸੇ ਜਾਂ ਪਦਾਰਥਾਂ ਦੀ ਸੇਵਾ ਲਖਾਓ। 

ਸਭ ਤੋਂ ਪਹਿਲੇ ਠੇਕੇਦਾਰ ਨੇ ਕਹਿਣਾ ਕਿ ਹਰ ਸਾਲ ਵਾਂਗਰ ਦਾਲਾਂ ਦਾ ਸਾਰਾ ਖ਼ਰਚ ਜੱਜ ਸਾਹਿਬ ਭਗਤ ਸਿੰਘ ਦੇਣਗੇ। ਕਿਸੇ ਨੇ ਫਟ ਜੈਕਾਰਾ ਬੁਲਾ ਦੇਣਾ। ਈਸ਼ਰ ਸਿੰਘ ਭਾਟੀਏ ਕਹਿਣਾ ਕਿ ਗੁਜਰਾਂਵਾਲੇ ਤੋਂ ਦਾਲਾਂ ਦੀਆਂ ਬੋਰੀਆਂ ਲਿਆਉਣ ਲਈ ਉਹਦਾ ਟਾਂਗਾ ਹਾਜ਼ਰ ਏ। ਫੇਰ ਕਿਸਾਨਾਂ ਨੇ ਕਣਕ ਲੱਖਵਾ ਦੇਣੀ। ਲੱਧਾ ਸਿੰਘ ਕਿਸ਼ਨ ਸਿੰਘ ਨੇ ਕਹਿਣਾ ਕਿ ਉਹ ਦੋ ਦਿਨ ਮਸ਼ੀਨ ਸਿਰਫ਼ ਲੰਗਰ ਦਾ ਆਟਾ ਪੀਸਣ ਵਾਸਤੇ ਲਗਾਤਾਰ ਚਲਾਣਗੇ। ਭਾਟੀਆ ਪਰਿਵਾਰਾਂ ਨੇ ਕਹਿ ਦੇਣਾ ਕਿ ਚਾਹ, ਖੰਡ, ਲੂਣ- ਮਿਰਚ-ਮਸਾਲੇ ਸਾਰੇ ਉਹ ਲਿਆਉਣਗੇ। ਹੁਣ ਵਾਰੀ ਆ ਜਾਣੀ 500 ਰੁਪਿਆ ਇਕੱਠਾ ਕਰਨ ਦੀ। ਰਾਗੀਆਂ, ਢਾਡੀਆਂ, ਕਵੀਆਂ, ਲਾਹੌਰੋਂ ਸੱਦੇ ਰੇਡੀਉ ਆਰਟਿਸਟਾਂ, ਪੰਡਾਲ ਤੇ ਗੈਸਾਂ ਵਾਲਿਆਂ ਨੂੰ ਪੈਸੇ ਦੇਣੇ ਹੋਣਗੇ। ਪਹਿਲੋਂ ਉਗਰਾਹੀ ਭਾਗ ਸਿੰਘ ਸ਼ਾਹੂਕਾਰ ਤੋਂ ਸ਼ੁਰੂ ਹੋਨੀ । ਉਹ ਪਿੰਡ ਦਾ ਸਭ ਤੋਂ ਅਮੀਰ ਆਦਮੀ ਸੀ। ਉਸ ਨੇ ਪੰਜ ਰੁਪਏ ਤੇ ਟਿਕੇ ਰਹਿਣਾ। ਸੰਗਤ ਵਿੱਚ ਰੌਲਾ ਪੈ ਜਾਣਾ। ਜ਼ਨਾਨੀਆਂ ਆਪੋ ਵਿੱਚ ਗੱਲਾਂ ਸ਼ੁਰੂ ਕਰ ਦੇਣੀਆਂ| ਫਿਰ ਸ੍ਰ. ਵਜੀਰ ਸਿੰਘ ਨੇ ਖੜਕਦੀ ਅਵਾਜ਼ ਦੇ ਨਾਲ ਸਭ ਨੂੰ ਚੁੱਪ ਕਰਾਣਾ। ਆਖ਼ਰ ਭਾਗ ਸਿੰਘ ਮਨ ਜਾਣਾ ਕਿ ਪਿਛਲੇ ਸਾਲ ਵਾਂਗਰ 25 ਰੁਪਏ ਦੇਵੇਗਾ। ਛੇਤੀ ਹੀ ਹੋਰਾਂ ਨੇ ਆਪਣੀ-ਆਪਣੀ ਉਗਰਾਹੀ ਲਿਖਵਾ ਦੇਣੀ। ਲੋਕਾਂ ਦੀ ਇਕ ਗੱਲ ਪੱਕੀ ਸੀ । ਜੋ ਕੁਝ ਲਖਵਾਇਆ, ਆਪਣੇ ਆਪ ਦੇਂਦੇ ਸਨ। 

ਜੋਸ਼ ਨਾਲ ਤਿਆਰੀ ਸ਼ੁਰੂ ਹੋ ਜਾਣੀ। ਰੰਗ ਬਰੰਗੀਆਂ ਝੰਡੀਆਂ ਬਣਦੀਆਂ, ਇਸ਼ਤਿਹਾਰ ਪਿੰਡ-ਪਿੰਡ ਕੰਧਾਂ ‘ਤੇ ਲਾਏ ਜਾਂਦੇ। ਜ਼ਨਾਨੀਆਂ ਨੇ ਕਣਕ ਨੂੰ ਧੁੱਪ ਲਵਾ ਕੇ ਛੱਟ ਦੇਣਾ, ਸਾਫ਼ ਕਰ ਦੇਣੀ, ਦਾਲ ਚੁਗ ਦੇਣੀ । ਗਵਾਂਢੀ ਪਿੰਡ ਦੇ ਕਿਸਾਨਾਂ ਨੇ ਜਿਹੜੇ ਮੁੰਝੀ ਬੀਜਦੇ ਸੀ, ਪ੍ਰਾਲੀ ਲਿਆ ਦੇਣੀ। ਲੱਕੜਾਂ ਕਈ ਪਾਸਿਉਂ ਆ ਜਾਣੀਆਂ। 

ਮਿਸਤਰੀਆਂ ਨੇ ਦਰਬਾਰ ਸਾਹਿਬ ਵਾਸਤੇ ਉੱਚਾ ਤਖ਼ਤ ਤੇ ਕੀਰਤਨ ਵਾਸਤੇ ਸਟੇਜ ਬਣਾ ਦੇਣੀ। ਗਲੀਆਂ, ਬਜ਼ਾਰ ਸਾਫ਼ ਕੀਤੇ ਜਾਣੇ। ਪਿੰਡ ਦਾ ਮੂੰਹ ਖਿੜ ਆਉਣਾ। ਡੱਸਕੇ ਤੋਂ ਆਈਆਂ ਤੰਬੂ ਕਨਾਤਾਂ ਲੱਗ ਜਾਣੀਆਂ। ਦਰੀਆਂ ਵਿੱਛ ਜਾਣੀਆਂ। ਇਹ ਸਾਰੇ ਕੰਮ ਮੇਲੇ ਤੋਂ ਤਿੰਨ ਦਿਨ ਪਹਿਲੋਂ ਪੂਰੇ ਕਰ ਲਏ ਜਾਂਦੇ। ਹਰ ਪਾਸਿਉਂ ਦੁੱਧ, ਘਿਉ, ਪਿਆਜ, ਹਰੀਆਂ ਮਿਰਚਾਂ ਆਉਣੀਆਂ ਸ਼ੁਰੂ ਹੋ ਜਾਣੀਆਂ ਤੇ ਮੇਲੇ ਦੇ ਤਿੰਨੇ ਦਿਨ ਵੀ ਆਉਂਦੀਆਂ ਰਹਿਣੀਆਂ। ਕੋਈ ਤੋਟ ਨਹੀਂ ਸੀ ਪੈਂਦੀ। ਦੁਕਾਨਦਾਰਾਂ ਹੱਟ ਤਿਆਰ ਕਰ ਲੈਣੇ ਤੇ ਮਠਾਈਆਂ ਬਣਾਣੀਆਂ ਸ਼ੁਰੂ ਕਰ ਦੇਣੀਆਂ। ਮੇਲੇ ਵਾਲੀ ਸਵੇਰ ਤਕ ਹੱਟ ਮਠਾਈਆਂ ਨਾਲ ਸੱਜ ਜਾਣੇ। ਰੇੜੀਆਂ ਤੇ ਵਹਿੰਗੀਆਂ ਉੱਤੇ ਲੱਦਿਆ ਹੋਇਆ ਸਾਮਾਨ ਆ ਜਾਣਾ। ਮੂੰਗਫਲੀ ਤੇ ਮਰੂੰਡੇ ਬਹੁਤ ਵਿਕਦੇ ਸਨ। ਤਸਵੀਰਾਂ, ਕਿੱਸੇ, ਕਲੰਡਰ, ਕੰਘੇ, ਵੰਗਾਂ, ਭਕਾਨੇ ਵੇਚਣ ਵਾਲਿਆਂ ਪਹੁੰਚ ਜਾਣਾ। ਲੋਕਾਂ ਦੇ ਘਰ ਦੂਰੋਂ ਨੇੜਿਉਂ ਆਏ ਰਿਸ਼ਤੇਦਾਰਾਂ ਦੇ ਨਾਲ ਭਰ ਜਾਣੇ । ਮੇਲਾ ਚਾਲੂ ਹੋ ਜਾਣਾ। 

ਪਹਿਲੀ ਸਵੇਰ ਨੂੰ ਨਗਰ ਕੀਰਤਨ ਦਾ ਜਲੂਸ ਗੁਰਦਵਾਰੇ ਤੋਂ ਸ਼ੁਰੂ ਹੋਣਾ। ਦਰਬਾਰ ਸਾਹਿਬ ਦੀ ਪਾਲਕੀ ਦੇ ਅੱਗੇ ਨੰਗੀਆਂ ਕਰਪਾਨਾਂ ਲੈ ਕੇ ਪੰਜ ਪਿਆਰ ਤੁਰਦੇ। ਅੱਗੇ-ਪਿੱਛੇ ਸ਼ਬਦ ਪੜ੍ਹਦੇ, ਢੋਲਕੀ, ਛੈਣੇ, ਚਿਮਟੇ ਵਜਾਂਦੇ ਜੱਥੇ। ਪਿੰਡ ਗੂੰਜ ਉੱਠਦਾ। ਗੁਜਰਾਂਵਾਲੇ ਯਤੀਮਖਾਨੇ ਦਾ ਮਸ਼ਹੂਰ ਗੱਤਕਾ ਜੱਥਾ ਤੇ ਨਿਹੰਗ ਆ ਜਾਣੇ। ਉਹਨਾਂ ਦੇ ਕਰਤਬ ਵੇਖ ਕੇ ਦੁਨੀਆਂ ਹੈਰਾਨ ਰਹਿ ਜਾਂਦੀ। ਤਲਵਾਰਾਂ ਚਲਦੀਆਂ, ਢਾਲਾਂ ‘ਤੇ ਟੱਕ-ਟੱਕ ਹੁੰਦੀ, ਤੀਰ ਚਲਦੇ। ਗੱਤਕੇ ਦੇ ਖਿਲਾੜੀ ਮੈਦਾਨ ਵਿੱਚ ਛਾਲਾਂ ਮਾਰਦੇ। ਪੰਡਾਲ ਦੇ ਅੰਦਰ ਕੀਰਤਨ, ਢਾਡੀ ਜੱਥੇ, ਕਵੀ ਤੇ ਲੈਕਚਰਾਰ ਦਿਨ-ਰਾਤ ਸੰਗਤਾਂ ਨੂੰ ਨਿਹਾਲ ਕਰਦੇ। ਇਸ ਤਰ੍ਹਾਂ ਲੱਗਦਾ ਸੀ ਕਿ ਤਿੰਨ ਦਿਨ ਤੇ ਤਿੰਨ ਰਾਤਾਂ ਕੋਈ ਸੁੱਤਾ ਈ ਨਹੀਂ। 

ਤਿੰਨੇ ਦਿਨ ਲੰਗਰ ਅਤੁਟ ਵਰਤਦਾ। ਇੰਤਜਾਮ ਸਾਰਾ ਵੀਰ ਸਿੰਘ ਸੇਠੀ ਦੇ ਹੱਥ ਹੁੰਦਾ। ਮਾਈਆਂ-ਬੀਬੀਆਂ ਲੋਹਾਂ ਤੇ ਰੋਟੀਆਂ ਦੇ ਥੱਬੇ ਲਾਂਦੀਆਂ। ਆਦਮੀ ਪੈਰਾਂ ਨਾਲ ਵੱਡੇ-ਵੱਡੇ ਪਰਾਤਿਆਂ ਵਿੱਚ ਆਟਾ ਗੁੰਨ੍ਹਦੇ, ਦਾਲਾਂ ਦੀਆਂ ਦੇਸ਼ਾਂ ਦਿਨ-ਰਾਤ ਰਿੱਝਦੀਆਂ। ਬੀਬੀਆਂ ਧੂ ਦੇ ਵਿੱਚ ਹੀ ਕੰਮ ਕਰੀ ਜਾਂਦੀਆਂ, ਭਾਵੇਂ ਅੱਖਾਂ ਚੋਂ ਅੱਥਰੂ ਕਿਰਦੇ ਹੋਣ। ਸਵੇਰੇ ਹਰ ਇਕ ਨੂੰ ਰਾਤ ਦੀ ਰੋਟੀ ਤੇ ਮਿੱਠੀ ਦੁੱਧ ਦੀ ਚਾਹ ਮਿਲਦੀ। ਲੰਗਰ ਦੀਆਂ ਤਿੰਨ-ਚਾਰ ਪੰਗਤਾਂ ਦੁਪਹਿਰ ਤੇ ਸ਼ਾਮ ਨੂੰ ਲੱਗਦੀਆਂ। ਹਰ ਕੋਈ ਚੌਂਕੜੀ ਮਾਰ ਕੇ ਭੁੰਝੇ ਕਤਾਰਾਂ ਵਿੱਚ ਬੈਠਦਾ। ਕੋਈ-ਕੋਈ ਪੈਰਾਂ ਭਾਰ ਹੀ ਬੈਠਾ ਰਹਿੰਦਾ। ਜ਼ਨਾਨੀਆਂ ਦੀਆਂ ਪੰਗਤਾਂ ਵੱਖਰੀਆਂ ਲੱਗਦੀਆਂ ਸਨ। ਹੱਥਾਂ ਵਿੱਚ ਦੋ ਰੋਟੀਆਂ, ਉੱਤੇ ਸੰਘਣੀ ਦਾਲ ਤੇ ਕੁਝ ਪਿਆਜ ਜਾਂ ਅਚਾਰ ਮਿਲਣਾ। ਖਾਣ ਵਾਲਾ ਖ਼ਿਆਲ ਰੱਖਦਾ ਕਿ ਦਾਲ ਡੁੱਲ ਨਾ ਜਾਏ। ਪੱਤਲ ਵੀ ਨਹੀਂ ਸਨ ਹੁੰਦੇ, ਥਾਲੀਆਂ ਕੌਲੀਆਂ ਤਾਂ ਕਿਧਰੇ ਰਹੀਆਂ। ਦੋ-ਤਿੰਨ ਵਾਰੀ ਰੋਟੀਆਂ ਦਾਲ ਵਰਤਣੀ। ਹਰ ਇਕ ਨੇ ਪਾਣੀ ਹਲਟੀ ‘ਤੇ ਜਾ ਕੇ ਪੀਣਾ। ਰੋਟੀਆਂ ਵੱਡੀਆਂ-ਵੱਡੀਆਂ ਹੁੰਦੀਆਂ ਸਨ। ਕਈ ਜਿੰਨੀਆਂ ਮਿਲ ਜਾਣ, ਓਨੀਆਂ ਹੱੜਪ ਕਰ ਜਾਂਦੇ ਸਨ। ਪੇਂਡੂ ਜੇ ਦੱਬ ਕੇ ਖਾਂਦੇ ਸਨ। ਤਾਂ ਕੰਮ ਵੀ ਦੱਬ ਕੇ ਕਰਦੇ ਸਨ। 

ਪੈਸੇ-ਧੇਲੇ ਦੀ ਚੋਰੀ ਤਾਂ ਨਹੀਂ ਸੀ ਹੁੰਦੀ ਪਰ ਜੁੱਤੀਆਂ ਦਾ ਪੂਰਾ ਖ਼ਿਆਲ ਰੱਖਣਾ ਪੈਂਦਾ ਸੀ। ਇਹ ਕੰਮ ਸਕੂਲ ਦੀਆਂ ਵੱਡੀਆਂ ਜਮਾਤਾਂ ਦੇ ਮੁੰਡੇ ਕਰਦੇ ਸਨ। ਗੱਤੇ ਦੀਆਂ ਟਿਕਟਾਂ ਕੱਟ ਕੇ ਉੱਤੇ ਦੋਹਰੇ ਨੰਬਰ ਲਿਖਣੇ। ਇਕ ਟਿਕਟ ਜੁੱਤੀ ਵਾਲੇ ਨੂੰ ਦੇ ਦੇਣੀ ਤੇ ਇਕ ਜੁੱਤੀ ਵਿੱਚ । ਗੜਬੜੀ ਦਾ ਬੜਾ ਡਰ ਰਹਿੰਦਾ ਸੀ । ਕਦੀ ਕਿਸੇ ਚਲਾਕ ਆਦਮੀ ਨੇ ਕਹਿਣਾ ਕਿ ਇਹ ਮੇਰੀ ਜੁੱਤੀ ਨਹੀਂ। ਨਵੀਂ ਜੁੱਤੀ ਵੱਲ ਇਸ਼ਾਰਾ ਕਰਨਾ ਕਿ ਮੇਰੀ ਤਾਂ ਉਹ ਜੁੱਤੀ ਏ। ਝਗੜਾ ਹੋ ਜਾਣਾ। ਵੱਡੇ ਸੇਵਾਦਾਰ ਨੂੰ ਸਦਣਾ ਪੈਂਦਾ । ਉਸ ਨੇ ਜੁੱਤੀ ਵੱਲ ਵੇਖਣਾ, ਪੈਰਾ ਵੱਲ ਵੇਖਣਾ ਤੇ ਆਮ ਤੌਰ ‘ਤੇ ਕਹਿਣਾ ਕਿ ਆਪਣੀ ਪੁਰਾਣੀ ਜੁੱਤੀ ਲੈਣੀਆਂ ਤਾਂ ਲੈ ਜਾ। ਗਵਾਚੀ ਜੁੱਤੀ ਦਾ ਕਦੀ ਕਦੀ ਇਕ ਰੁਪਇਆ ਦੇਣਾ ਪੈਂਦਾ। ਇਕ ਵਾਰੀ ਅੱਧੀ ਰਾਤੀਂ ਰੈਕ ਡਿੱਗ ਪਿਆ ਜੁੱਤੀਆਂ ਲੈਣੀਆਂ-ਦੇਣੀਆਂ ਬੰਦ ਕਰਕੇ ਸਵੇਰੇ ਚਾਰ ਵਜੇ ਤੱਕ ਅਵਤਾਰ ਤੇ ਕਰਤਾਰ ਲਾਲਟੈਨ ਲੈ ਕੇ ਜੁੱਤੀਆਂ ਮਿਲਾਂਦੇ ਰਹੇ। ਫ਼ਿਕਰ ਤਾਂ ਬੜਾ ਸੀ ਪਰ ਨੌਜਵਾਨ ਮੁੰਡੇ ਘਬਰਾਏ ਨਹੀਂ। 

ਕਦੀ-ਕਦੀ ਮੇਲੇ ਵਿੱਚ ਕਿਸੇ ਵੱਡੇ ਲੀਡਰ ਨੇ ਆਉਣਾ ਤਾਂ ਉਸ ਦਾ ਪੱਕੀ ਸੜਕ ਤੋਂ ਲੈ ਕੇ ਭਰ ਮੇਲੇ ਤਕ ਜਲੂਸ ਕੱਡਿਆ ਜਾਂਦਾ। ਡੱਸਕੇ ਦਾ ਸਰਦਾਰ ਸ਼ਿਵਦੇਵ ਸਿੰਘ 1926 ਵਿੱਚ ਆਪਣੀ ਕਾਨਵਰਟੇਬਲ ਰੋਲਜ਼ ਰਾਏਸ (Convertible Rolls Royce) ਵਿੱਚ ਆਇਆ। ਪਿੰਡ ਵਿੱਚ ਇਹ ਪਹਿਲੀ ਕਾਰ ਆਈ ਸੀ। ਇਸ ਕਾਰ ਤੇ 1933 ਵਿੱਚ ਬਾਬਾ ਖੜਕ ਸਿੰਘ ਆਏ। ਕਾਰ ਦੇ ਪਿੱਛੇ ਤੇ ਅੱਗੇ ਤੁਰਦੇ ਲੋਕਾਂ ਨੇ ਬੜੇ ਨਾਹਰੇ ਲਾਏ : “ਪੰਥ ਦਾ ਬੇਤਾਜ ਪਾਤਸ਼ਾਹ ਜਿੰਦਾਬਾਦ”। ਬਾਬਾ ਜੀ ਨੇ ਦੇਸ਼ ਦੀ ਆਜ਼ਾਦੀ ਵਾਸਤੇ ਬੜੀ ਜੋਸ਼ੀਲੀ ਤਕਰੀਰ ਕੀਤੀ। ਕਈ ਲੈਕਚਰਾਰ, ਜਿਵੇਂ ਕਿ ਲਾਭ ਸਿੰਘ ਫ਼ਕਰ, ਮੋਤਾ ਸਿੰਘ ਆਦਮਪੁਰੀ, ਗੜਗਜ, ਆਮ ਆਉਂਦੇ ਸਨ। ਲੋਕਾਂ ਨੂੰ ਢਾਡੀ ਜੱਥੇ ਦੇ ਪ੍ਰਸੰਗ ਤੇ ਕਵੀ ਦਰਬਾਰ ਖ਼ਾਸ ਤੌਰ ‘ਤੇ ਚੰਗੇ ਲੱਗਦੇ। ਰੇਡੀਉ ਆਰਟਿਸਟਾਂ ਦੇ ਸ਼ਬਦ ਸੁਣਨ ਨੂੰ ਵੀ ਸੰਗਤਾਂ ਜੰਮ ਜਾਂਦੀਆਂ। ਜੋਗਿੰਦਰ ਕੌਰ ਮਸ਼ਹੂਰ ਸੀ। ਕਵੀਆਂ ਵਿੱਚੋਂ ਤੇਜਾ ਸਿੰਘ ਸਾਬਰ, ਧਨੀ ਰਾਮ ਚਾਤ੍ਰਿਕ ਤੇ ਗੁਰਮੁਖ ਸਿੰਘ ਮੁਸਾਫ਼ਰ ਮਸ਼ਹੂਰ ਸਨ। ਪਿੰਡ ਦਾ ਤਰਲੋਕ ਸਿੰਘ ਤਰਲੋਕ ਆਪ ਕਵਿਤਾਵਾਂ ਵੀ ਸੁਣਾਉਂਦਾ ਤੇ ਨਾਲੇ ਕਵੀ ਦਰਬਾਰ ਦਾ ਪ੍ਰੋਗਰਾਮ ਨਿਭਾਉਂਦਾ। 

ਮਾੜੀ ਦਾ ਮੇਲਾ : ਵਸਾਖੀ ਤੋਂ ਇਕ ਮਹੀਨਾ ਪਹਿਲੋਂ, ਇਹ ਛੋਟਾ ਮੇਲਾ ਘੁਕਲ ਤੇ ਪਿੰਡ ਦੇ ਅੱਧ ਵਿੱਚ ਰੜੀ ਥਾਂ ‘ਤੇ ਹੁੰਦਾ ਸੀ। ਗੱਲ ਮਸ਼ਹੂਰ ਸੀ ਕਿ ‘ਮਾੜੀ ਮਾੜਿਆਂ ਦੀ, ਵਸਾਖੀ ਸਾਰਿਆਂ ਦੀ’। ਇਸ ਦਿਨ ਤੋਂ ਪਿੰਡਾਂ ਵਿੱਚ ਭੰਗੜਾ ਪੈਣਾ ਸ਼ੁਰੂ ਹੁੰਦਾ ਸੀ। 

ਮਹੀਨਾ ਭਰ ਵਸਾਖੀ ਤੱਕ ਹਰ ਸ਼ਾਮ ਨੂੰ ਭੰਗੜਾ ਜ਼ਰੂਰ ਪੈਂਦਾ। ਇਸ ਮੇਲੇ ਵਿੱਚ ਸਿਰਫ਼ ਆਦਮੀ ਤੇ ਮੁੰਡੇ ਸ਼ਾਮਿਲ ਹੁੰਦੇ ਸਨ। ਸਾਰਾ ਦਿਨ ਭੰਗੜਾ ਪੈਂਦਾ। ਖ਼ੁਸ਼ੀਆਂ ਦਾ ਅਸਲ ਕਾਰਨ ਸੀ ਕਿ ਕਣਕਾਂ ਨਿਸਰ ਪਈਆਂ ਸਨ। ਪਿੰਜਰੇ ਵਿੱਚ ਬਟੇਰੇ ਜਾਂ ਕੱਛੇ ਕੁਕੜ ਚੁਕੀ, ਆਮ ਫਿਰਦੇ ਤੁਰਦੇ ਨਜ਼ਰ ਆਉਂਦੇ ਸਨ। ਮੇਲਾ ਇਹਨਾਂ ਦੀਆਂ ਲੜਾਈਆਂ ਕਰਕੇ ਮਸ਼ਹੂਰ ਸੀ। 

ਜਦੋਂ ਸੂਰਜ ਲਾਲ ਸੂਹਾ ਹੋ ਜਾਣਾ, ਢੋਲ ਵੱਜਣਾ ਬੰਦ ਹੋ ਜਾਣਾ। ਮੇਲੇ ਆਇਆਂ ਘਰਾਂ ਨੂੰ ਤੁਰ ਪੈਣਾ । ਜਿਨ੍ਹਾਂ ਨੇ ਦੋ ਘੁੱਟ ਵੱਧ ਪੀਤੇ ਹੋਣੇ, ਉਹ ਦਰੱਖ਼ਤਾਂ ਮੁੱਢ ਬੈਠੇ ਦੇਰ ਤੱਕ ਮਸਤੀਆਂ ਮਾਰਦੇ ਰਹਿੰਦੇ। 

ਬਟੇਰਿਆਂ ਤੇ ਕੁੱਕੜਾਂ ਦੀਆਂ ਲੜਾਈਆਂ 

ਲੜਾਈ ਕੋਈ ਵੀ ਹੋਵੇ, ਤਮਾਸ਼ਬੀਨ ਝੱਟ ਇਕੱਠੇ ਹੋ ਜਾਂਦੇ ਨੇ। ਪਰ ਬਟੇਰਿਆਂ ਤੇ ਕੁਕੜਾਂ ਦੇ ਘੁਮਸਾਨ ਦਾ ਆਪਣਾ ਹੀ ਰੰਗ ਹੁੰਦਾ ਸੀ। ਲੜਾਈ ਨਾਲੋਂ ਟੀਕਾ-ਟਿੱਪਣੀ ਜ਼ਿਆਦਾ ਸਵਾਦੀ ਹੁੰਦੀ ਸੀ।  ਇਕ ਦੂਜੇ ਦੇ ਸਾਹਮਣੇ, ਪੰਜ-ਸੱਤ ਕਦਮ ਦੂਰ, ਚਾਦਰ ਵਿਛਾ ਕੇ, ਉੱਤੇ ਪਿੰਜਰਾ ਰੱਖ ਕੇ, ਬਟੇਰਿਆਂ ਵਾਲੇ ਬਹਿ ਜਾਂਦੇ । ਹੋਕਾ ਸ਼ੁਰੂ ਕਰ ਦਿੰਦੇ। “ਆਉ ਵੇਖੋ ਦੋ ਪਹਿਲਵਾਨ ਕਿਸ ਤਰ੍ਹਾਂ ਇਕ ਦੂਜੇ ਦੇ ਪੜਛੇ ਲਾਹੁੰਦੇ ਨੇ। ਬਹਾਦਰਾਂ ਦੇ ਕਾਰਨਾਮੇ ਵੇਖੋ।” ਲੋਕ ਆਲੇ-ਦੁਆਲੇ ਇਕੱਠੇ ਹੋ ਜਾਂਦੇ। ‘ਵਾਜ ਆਉਣੀ : “ਬੱਚੇ ਦਾ ਢਿੱਡ ਪਾਲਣ ਲਈ ਦੋ ਚਾਰ ਆਨੇ ਸੁੱਟੋ।” ਕਿਸੇ ਪੈਸਾ, ਕਿਸੇ ਦੋ ਸੁੱਟ ਦੇਣੇ। ਇਕ ਨੇ ਬਟੇਰੇ ਨੂੰ ਫੜ ਕੇ ਬਾਹਰ ਕੱਢਣਾ, ਉਹਦੇ ਕੰਨ ਵਿੱਚ ਕੁਝ ਕਹਿਣਾ। ਫੇਰ ਬਟੇਰੇ ਨੂੰ ਦੋਹਾਂ ਹੱਥਾਂ ਨਾਲ ਫੜ ਕੇ ਗੋਡਿਆਂ ਭਾਰ ਬਹਿ ਜਾਣਾ ਤੇ ਦੂਜੇ ਨੂੰ ਵੰਗਾਰਣਾ, ਲਿਆ ਆਪਣੇ ਚੂਚੇ ਨੂੰ। ਮੇਰਾ ਸ਼ੇਰ ਤਿਆਰ ਏ। ਦੂਜੇ ਨੇ ਬਟੇਰੇ ਨੂੰ ਸਾਹਮਣੇ ਲਿਆਣਾ ਤੇ ਆਖਣਾ: “ਔਹ ਵੇਖ ਸਾਹਮਣੇ ਘੁੱਗੀ, ਉਹਦੀ ਧੌਣ ਮਰੋੜ ਦੇ।” ਬਟੇਰਿਆਂ ਲੜਨ ਲੱਗ ਪੈਣਾ। ਚੁੰਝਾਂ ਮਾਰਨੀਆਂ, ਖੰਭ ਖਲਾਰ ਕੇ ਦੂਜੇ ਨੂੰ ਲਤਾੜਨ ਦੀ ਕੋਸ਼ਿਸ਼ ਕਰਨੀ। ਧੌਣਾਂ ਵਿੱਚੋਂ ਖ਼ੂਨ ਨਿਕਲ ਆਉਣਾ। ਆਪਣੇ-ਆਪਣੇ ਬਟੇਰੇ ਨੂੰ ਹੱਲਾ-ਸ਼ੇਰੀ ਦਿੰਦੇ : “ਕੱਚੇ ਨੂੰ ਖਾਹ ਜਾ।” ਜਦੋਂ ਇਕ ਬਟੇਰਾ ਨੱਸ ਜਾਏ ਤਾਂ ਖੇਲ ਖ਼ਤਮ। ਭਾਵੇਂ ਉੱਪਰ ਜਾਲ ਹੁੰਦਾ ਸੀ ਤਾਂ ਵੀ ਕਦੀ-ਕਦੀ ਕੋਈ ਬਟੇਰਾ ਉੱਡ ਈ ਜਾਂਦਾ ਸੀ। ਨੇੜੇ ਹੋਰ ਪਿੱੜ ਭੱਜ ਜਾਣਾ। ਦੂਜੀ ਲੜਾਈ ਦੀ ਤਿਆਰੀ ਹੋ ਜਾਂਦੀ। 

ਕੁੱਕੜਾਂ ਦੀ ਲੜਾਈ ਬੜੇ ਜ਼ੋਰ ਸ਼ੋਰ ਵਾਲੀ ਤੇ ਖ਼ੂਨੀ ਹੁੰਦੀ ਸੀ। ਲਾਲ ਕਲਗੀ, ਰੰਗਦਾਰ ਚਮਕਦੇ ਖੰਭ, ਮੋਟੇ ਤਾਜ਼ੇ, ਪਾਲੇ ਪੋਸੇ, ਕੁੱਕੜਾਂ ਨੂੰ ਬਗਲ ਵਿੱਚ ਲਈ, ਜਵਾਨ ਤੁਰਦੇ ਫਿਰਦੇ, ਇਕ ਦੂਜੇ ਨੂੰ ਲਲਕਾਰਦੇ। ਕਿਸੇ ਨੇ ਚਾਂਦੀ ਦਾ ਰੁਪਿਆ ਕੱਢ ਕੇ ਆਖਣਾ, “ਦਖਾਉ ਆਪਣੇ ਜੋਹਰ।” ਦੋਹਾਂ ਨੇ ਆਮਣੇ-ਸਾਹਮਣੇ ਬਹਿ ਜਾਣਾ ਆਲੇ-ਦੁਆਲੇ ਹਜ਼ੂਮ ਇਕੱਠੇ ਹੋ ਜਾਣਾ। ਇਕ ਨੇ ਕਹਿਣਾ : “ਬਹਾਦਰਾ, ਤੇਰੇ ਸਾਹਮਣੇ ਤਾਂ ਖੁਸਰਾ ਈ। ਉਹਦੀ ਜਹੀ ਤਹੀ ਫੇਰ ਦੇ।” ਕੁੱਕੜਾਂ ਇਕ-ਦੂਜੇ ਨੂੰ ਪੈ ਜਾਣਾ। ਧੌਣ ਲੰਮੀ ਕਰਕੇ ਇਕ ਦੂਜੇ ਨੂੰ ਨੂੰਗੇ ਮਾਰਨੇ। ਜੰਗ ਤੇਜ਼ ਹੁੰਦੀ ਜਾਂਦੀ। ਰੌਲਾ ਵੱਧਦਾ ਜਾਂਦਾ। ਟੀਕਾ ਟਿੱਪਣੀ ਗਰਮ ਹੋ ਜਾਣੀ। ਕੁੱਕੜਾਂ ਜੋਸ਼ ਨਾਲ ਲੜਨਾ। ਧੌਣਾਂ ਦੇ ਖੰਭ ਉੱਡ-ਪੁੱਡ ਜਾਣੇ। ਕਲਗੀਆਂ ਲਹੂ- ਲੁਹਾਨ ਹੋ ਜਾਣੀਆਂ। ਪਰ ਬੱਬਰ ਸ਼ੇਰ ਮਰਨ-ਮਾਰਨ ਤੋਂ ਨਾ ਡਰਦੇ। ਵੇਖਣ ਵਾਲਿਆਂ ਉਲਰ-ਉਲਰ ਕੇ ਆਪਣਾ ਜ਼ੋਸ਼ ਵਖਾਣਾ। ਆਪਣੇ ਪਾਸੇ ਵੱਲ ਪੈਸੇ ਸੁੱਟਣੇ। ਕਦੀ ਕਦਾਈਂ ਕਿਸੇ ਕੁੱਕੜ ਨੇ ਮੈਦਾਨ ਵਿੱਚੋਂ ਭੱਜ ਜਾਣਾ ਪਰ ਆਮ ਤੌਰ ‘ਤੇ ਬੇਰਹਿਮੀ ਨਾਲ ਮਾਰ ਖਾਂਦੇ। ਤਰਸ ਖਾ ਕੇ ਲੜਖੜਾਂਦੇ ਕੁੱਕੜ ਨੂੰ ਕਿਸੇ ਨੇ ਚੁੱਕ ਲੈਣਾ। ਲਹੂ ਪੂੰਝਣਾ ਤੇ ਪਾਣੀ ਪਿਆਣਾ। ਰਹਿਮ ਬੜੀ ਚੀਜ਼ ਹੈ। ਜਿੱਤਣ ਵਾਲੇ ਦੀ ਜੈ-ਜੈ।  

ਵਸਾਖੀ :

ਖੇਤ ਸੋਨੇ ਵਾਂਗੂੰ ਚਮਕਦੇ ਨੇ। ਕਣਕਾਂ ਪੱਕ ਗਈਆਂ ਨੇ। ਗਰਮੀ ਦਾ ਦਰਜਾ ਸੌ (100 ° F = 34°C) ਪਹੁੰਚ ਗਿਆ ਏ । ਅੱਜ ਭੰਗੜਾ ਪਾਉਣ ਦਾ ਆਖ਼ਰੀ ਦਿਨ ਹੈ। ਕਲ ਨੂੰ ਵਾਢੀਆਂ ਸ਼ੁਰੂ ਹੋ ਜਾਣੀਆਂ ਨੇ। ਅੱਜ ਰੱਜ ਕੇ ਖੁਸ਼ੀਆਂ ਮਨਾ ਲਉ। ਅੱਜ ਵਸਾਖੀ ਏ। ਵਿਸਾਖ ਦੀ ਪਹਿਲੀ। 

ਵਸਾਖੀ ਦਾ ਮੇਲਾ ਵੱਡੀਆਂ ਗਲੋਟੀਆਂ ਲੱਗਦਾ ਸੀ। ਪਿੰਡ ਦੇ ਚੜ੍ਹਦੇ ਪਾਸੇ। ਬੜਾ ਵੱਡਾ ਮੈਦਾਨ ਸੀ। ਇਕ ਪਾਸੇ ਸਦੀਆਂ ਦਾ ਬੁੱਢਾ ਬੋਹੜ ਸੀ। ਟਾਹਣਾਂ ਵਿੱਚੋਂ ਲਮਕਦੇ ਦਾਹੜ ਜ਼ਮੀਨ ਵਿੱਚ ਆ ਮਿਲਦੇ। ਨਵਾਂ ਤਣਾ ਬਣ ਜਾਂਦਾ। ਬੋਹੜ ਖਿਲਰਦਾ ਜਾਂਦਾ । ਹੁਣ ਇਹ ਬੋਹੜ ਇਕ ਕਿਲੇ ਵਿੱਚ ਫੈਲਿਆ ਹੋਇਆ ਸੀ । ਹਰੀ-ਹਰੀ ਠੰਡੀ ਛਾਂ, ਸਮਝੋ ਕਸ਼ਮੀਰ ਪੰਜਾਬ ਆ ਗਿਆ ਏ। ਦੂਜੇ ਪਾਸੇ ਬੜੀ ਵੱਡੀ ਢਾਬ ਸੀ। ਵਿਚਕਾਰ ਰੜਾ ਮੈਦਾਨ । ਵਸਾਖੀ ਮਨਾਣ ਲਈ ਇਸ ਤੋਂ ਚੰਗਾ ਥਾਂ ਦੇਸਾਂ-ਪ੍ਰਦੇਸਾਂ ਵਿੱਚ ਹੋਰ ਕਿਧਰੇ ਨਹੀਂ ਸੀ। 

ਗੱਭਰੂ ਭੰਗੜਾ ਪਾਂਦੇ, ਬੱਕਰੇ ਬੁਲਾਂਦੇ, ਢੋਲ ਦੇ ਡੱਗੇ ਦੀ ਮਸਤੀ ਵਿੱਚ ਤੁਰੀ ਆਉਂਦੇ। ਕਈਆਂ ਦੀਆਂ ਡੱਬਾਂ ਵਿੱਚ ਆਪਣਾ ਖ਼ਾਸ ਕੱਢਿਆ ਸੋਮ ਰਸ ਜਾਂ ਇਲਾਹੀ ਜਾਮ ਡਲਕਾਂ ਮਾਰਦਾ। ਕੁਝ ਟੋਲੇ ਪਹਿਲੋਂ ਪਿੰਡ ਦੇ ਪਿੱਪਲ ਥੱਲੇ ਜਾ ਕੇ ਏਨੇ ਜੋਸ਼ ਨਾਲ ਨੱਚਦੇ ਕਿ ਧਰਤੀ ਪੁਟ ਦੇਂਦੇ। ਉੱਥੇ ਭੰਗ ਦੇ ਤਾਜ਼ੇ ਪਕੌੜੇ ਵੀ ਮਿਲਦੇ ਸਨ ਤੇ ਨਾਲੇ ਅੰਗਰੇਜ਼ੀ ਸ਼ਰਾਬ ਦਾ ਠੇਕਾ ਵੀ ਸੀ। ਅੰਗਰੇਜ਼ਾਂ ਨੂੰ ਪੈਸੇ ਬਟੋਰਨ ਦਾ ਢੰਗ ਆਉਂਦਾ ਸੀ ਤੇ ਪੰਜਾਬੀਆਂ ਨੂੰ ਪੈਸੇ ਰੋਹੜਣ ਦਾ। ਦੋਵੇਂ ਧਿਰਾਂ ਖ਼ੁਸ਼ । ਫੇਰ ਇਹ ਖ਼ੁਸ਼ੀਆਂ ਦੇ ਟੋਲੇ ਮੇਲੇ ਵੱਲ ਧਾਵਾ ਕਰ ਦਿੰਦੇ। 

ਬੱਚੇ-ਬੁੱਢੇ, ਆਦਮੀ-ਔਰਤਾਂ, ਜ਼ਮੀਨਦਾਰ-ਕਾਮੇ, ਅਮੀਰ-ਗ਼ਰੀਬ, ਪੰਡਤ-ਅਛੂਤ, ਨਵੇਂ ਕੱਪੜੇ ਪਾ ਸਭ ਮੇਲੇ ਨੂੰ ਤੁਰੀ ਆਉਂਦੇ। ਰੰਗਦਾਰ, ਵਲ ਖਾਂਦੀਆਂ ਸਲਵਾਰਾਂ ਪਾਈ, ਸੱਤ ਰੰਗੀਆਂ ਚੁੰਨੀਆਂ ਨਾਲ ਆਪਣਾ ਉਭਰਦਾ ਸੀਨਾ ਢੱਕੀ, ਪੈਲਾਂ ਪਾਂਦੀਆਂ ਮੁਟਿਆਰਾਂ ਮੇਲੇ ਨੂੰ ਤੁਰੀ ਆਉਂਦੀਆਂ। ਅੱਖਾਂ ਪਾੜ-ਪਾੜ ਕੇ ਵੇਖਣ ਵਾਲੇ ਰਾਹ ਵਿੱਚ ਖਲੋਤੇ ਰਹਿ ਜਾਂਦੇ। 

ਮੇਲੇ ਵਿੱਚ ਚੂੜੀਆਂ, ਵੰਘਾਂ, ਸੱਕ, ਖਡੌਣੇ, ਛੋਲੇ-ਭਠੂਰੇ, ਸਮੋਸੇ, ਜਲੇਬੀਆਂ ਵੇਚਣ ਵਾਲਿਆਂ ਨੂੰ ਸਾਹ ਨਾ ਮਿਲਦਾ। ਗਲੀ ਵਾਲੀਆਂ ਬੋਤਲਾਂ, ਸੋਡਾ ਠੰਢਾ ਹੋਣ ਤੋਂ ਪਹਿਲੋਂ ਹੀ ਵਿਕ ਜਾਂਦੀਆਂ। ਬਹੁਤੇ ਲੋਕ ਸੋਡੇ ਦੀ ਮਸ਼ੀਨ ਨੂੰ ਵੇਖ ਕੇ ਦੰਗ ਰਹਿ ਜਾਂਦੇ। ਬੋਤਲਾਂ ਚਰਖੜੀ ਵਿੱਚ ਪਾਉ, ਆਪਣੇ ਆਪ ਪਾਣੀ ਭਰਦਾ, ਚਾਸਨੀ ਪੈਂਦੀ, ਸਲੰਡਰ ਦੀ ਗੈਸ ਪੈਂਦੀ ਤੇ ਬਨਟਾ ਫੱਟ ਉੱਪਰ ਚੜ੍ਹ ਕੇ ਬੋਤਲ ਦਾ ਮੂੰਹ ਬੰਦ ਕਰ ਦਿੰਦਾ। ਹਰ ਟੱਬਰ ਮੇਲੇ ਵਿੱਚ ਖਾਣ-ਪੀਣ ‘ਤੇ ਇਕ ਦੋ ਰੁਪਏ ਖ਼ਰਚ ਕਰਦਾ। ਬੱਚੇ ਭੰਘੂੜਿਆਂ ‘ਤੇ ਚੜ੍ਹਦੇ, ਕੋਈ ਹੱਥ ਵਖਾਂਦਾ, ਬਾਜ਼ੀਗਰ ਆਪਣੇ ਕਰਤਬ ਵਖਾਂਦੇ। ਜੇ ਕੋਈ ਜੇਬਕਤਰਾ ਮਿਲ ਜਾਂਦਾ ਤਾਂ ਹਰ ਇਕ ਨੇ ਕੋਸ਼ਸ਼ ਕਰਨੀ ਕਿ ਉਹਨੂੰ ਇਕ ਦੋ ਜੁੱਤੀਆਂ ਜ਼ਰੂਰ ਮਾਰੇ। ਨਾ ਪੁਲਿਸ ਆਉਂਦੀ ਸੀ ਤੇ ਨਾ ਕੋਈ ਪੁਲਿਸ ਨੂੰ ਸੱਦਦਾ। 

ਵੇਚਣ ਵਾਲੇ ਚਲਾਕ, ਮੇਲੇ ਵਿੱਚ ਸਭ ਕੁਝ ਵੇਚ ਜਾਂਦੇ। ਔਰਤਾਂ ਨੂੰ ਮਨਾ ਲੈਂਦੇ ਕਿ ਸੋਨੇ ਦਾ ਦੰਦ ਲਵਾ ਕੇ ਹੋਰ ਸੋਹਣੀਆਂ ਬਣ ਜਾਓ। ਪਿੱਤਲ ਦਾ ਸੋਨੇ ਵਾਂਗਰ ਚਮਕਦਾ ਖੌਲ ਚੜ੍ਹਾ ਦੇਂਦੇ। ਬੰਦਿਆਂ ਨੂੰ ਸਾਂਢੇ ਦਾ ਤੇਲ ਵੇਚ ਦੇਂਦੇ, ਸ਼ਰਤੀਆ ਤਾਕਤ! ਟੈਟੂ ਮਸ਼ੀਨ ਵਾਲੇ ਦੇ ਆਲੇ-ਦੁਆਲੇ ਘੇਰਾ ਪਿਆ ਰਹਿਣਾ। ਨਵੀਂਆਂ ਵਿਆਹੀਆਂ ਨੂੰ ਠੋਡੀ ਜਾਂ ਗਲ੍ਹਾਂ ‘ਤੇ ਬਿੰਦੀ ਲਵਾਉਣ ਦਾ ਬੜਾ ਸ਼ੌਕ ਸੀ । ਕੋਈ ਆਦਮੀ ਮੱਥੇ ‘ਤੇ ਚੰਨ-ਤਾਰਾ ਬਣਵਾ ਲੈਂਦਾ, ਕੋਈ ਹੱਥ ਦੇ ਪੁੱਠੇ ਪਾਸੇ ੴ ਲਿਖਵਾ ਲੈਂਦਾ। ਡੌਲਿਆਂ ਵਾਲੇ ਜਵਾਨ ਡੌਲਿਆਂ ‘ਤੇ ਮੂਰਤਾਂ ਬਣਵਾ ਕੇ ਖ਼ੁਸ਼ ਹੁੰਦੇ। 

ਢਾਬ ਦੇ ਕੋਲ ਕੁਸ਼ਤੀਆਂ ਹੋਣੀਆਂ। ਕਬੱਡੀ ਖੇਡੀ ਜਾਂਦੀ। ਮੈਦਾਨ ਵਿੱਚ ਢੋਲ ਵੱਜਦਾ ਰਹਿੰਦਾ, ਭੰਗੜਾ ਪੈਂਦਾ ਰਹਿੰਦਾ। ਸੂਰਜ ਡੁੱਬਣ ‘ਤੇ ਆਉਂਦਾ ਤਾਂ ਮੇਲਾ ਉੱਜੜ ਜਾਂਦਾ। ਸਮੇਟਾ-ਸਮੇਟੀ ਹੋ ਜਾਂਦੀ, ਢੋਲ ਵਾਲੇ ਚੁੱਪ ਚਪੀਤੇ ਪਿੰਡਾਂ ਨੂੰ ਤੁਰ ਪੈਂਦੇ। ਥੱਕੇ ਟੁੱਟੇ, ਲੰਮ ਲੇਟ ਹੋਏ ਜਵਾਨ ਵੀ ਰਿੜ-ਖਿੜ ਕੇ ਘਰਾਂ ਨੂੰ ਚਾਲੇ ਪਾ ਦਿੰਦੇ। ਜਿਹੜੇ ਸਵੇਰੇ ਵਿਸਾਖੀ ਗਾਉਂਦੇ ਸਨ ਹੁਣ ਹੁੰਘਾਰਾ ਭਰਨਾ ਵੀ ਭਾਰ ਸਮਝਦੇ ਸਨ। ਨੀ ਵਸਾਖੀਏ! ਵਾਹ! ਵਾਹ!! ਤੇਰੇ ਰੰਗ। 

ਗੱਭਰੂਆਂ ਦੀਆਂ ਮਸ਼ਕਰੀਆਂ : ਜਦੋਂ ਗੱਭਰੂ ਪੰਗੇ ਲੈਣ ‘ਤੇ ਉੱਤਰ ਆਉਂਦੇ, ਤਾਂ ਕੀ-ਕੀ ਮਸ਼ਕਰੀਆਂ ਕਰਦੇ ਸਨ। ਸੁਣੋ! 

ਖੁੱਡ ਉੱਤੇ ਪੁਲਸੀਆ : ਖੂਹ ‘ਤੇ ਕੋਈ ਵੀ ਕਦੇ ਵੀ ਜਾ ਸਕਦਾ ਸੀ। ਕੋਈ ਰੋਕ ਨਹੀਂ ਸੀ। ਪਾਣੀ ਪੀਏ, ਮੂੰਹ ਪੈਰ ਧੋਵੇ ਜਾਂ ਐਵੇਂ ਬੈਠ ਕੇ ਅਨੰਦ ਲਵੇ। ਇਕ ਵਾਰੀ ਇਸ ਤਰ੍ਹਾਂ ਹੋਇਆ, ਗੜ੍ਹੀ ਵਾਲੇ ਖੂਹ ‘ਤੇ ਇਕ ਪੁਲਸੀਆ ਆ ਗਿਆ। ਵਰਦੀ ਪਾਈ ਹੋਈ। ਸ਼ਾਇਦ ਸੋਚਦਾ ਹੋਵੇ ਕਿ ਕੋਈ ਮੇਰਾ ਆਦਰ-ਮਾਨ ਕਰੇਗਾ, ਲੱਸੀ ਪਿਆਏਗਾ। ਇੱਧਰ-ਉੱਧਰ ਝਾਕੇ, ਅਫ਼ਸਰੀ ਦੀ ਸ਼ਾਨ ਵਖਾਵੇ। ਗੜ੍ਹੀ ਵਾਲੇ ਤਿੰਨ ਭਰਾਵਾਂ ‘ਚੋਂ ‘ਕੱਲਾ ਲਧੂ ਈ ਖੂਹ ‘ਤੇ ਸੀ। ਲੱਧੂ ਡੰਡ-ਬੈਠਕਾਂ ਕੱਢਣ ਵਾਲਾ ਜਵਾਨ ਸੀ । ਕਾਣੀ ਨਜ਼ਰ ਨਾਲ ਵੇਖਦਾ ਰਿਹਾ। ਸ਼ਾਇਦ ਕੁਝ ਗੱਲਬਾਤ ਕਰੇ, ਪੁੱਛੇ-ਪਛਾਵੇ। 

ਪੁਲਸੀਏ ਦੀ ਹੈਂਕੜ ਵੇਖ ਕੇ ਲਧੂ ਨੂੰ ਤੈਸ਼ ਆ ਗਿਆ। ਜੱਫ਼ਾ ਮਾਰ ਕੇ ਪਟਕ ਪੁਲਸੀਏ ਨੂੰ ਥੱਲੇ ਸੁੱਟਿਆ । ਉਹ ਹੱਕਾ-ਬੱਕਾ ਰਹਿ ਗਿਆ। ਕੀ ਹੋ ਗਿਆ ਏ? ਲਧੂ ਏਥੇ ਹੀ ਨਾ ਰੁਕਿਆ। ਪੁਲਸੀਏ ਦੀ ਲੱਥੀ ਹੋਈ ਪੱਗ ਨਾਲ ਉਸ ਦੀਆਂ ਮੁਸ਼ਕਾਂ ਬੰਨ੍ਹ ਦਿੱਤੀਆਂ। ਭਰੀ ਬਣਾ ਦਿੱਤੀ। ਪੁਲਸੀਆ ਗਾਲ੍ਹਾਂ ਕੱਢੇ, ਤੈਨੂੰ ਬੰਦ ਕਰ ਦਿਆਂਗਾ। ਲਧੂ ਨੂੰ ਹੋਰ ਤੈਸ਼ ਆਇਆ। ਗੱਠੜੀ ਨੂੰ ਚੁੱਕ ਕੇ ਧੁੱਪੇ, ਕੀੜਿਆਂ ਦੀ ਖੁੱਡ ਉੱਤੇ ਰੱਖ ਕੇ ਪਿੰਡ ਨੂੰ ਖਿਸਕ ਗਿਆ। 

ਪੋਟਲੀ ਬੰਨ੍ਹਿਆ ਪਿਆ ਪੁਲਿਸ ਦਾ ਅਫ਼ਸਰ, ਰੌਲਾ ਪਾਏ, ਕੀੜੇ ਲੜਣ। ਕੋਈ ਪੇਸ਼ ਨਾ ਜਾਏ। ਨੇੜੇ ਕੋਈ ਹੈ ਨਹੀਂ ਸੀ। ਕਾਮੇ ਖੇਤਾਂ ਨੂੰ ਗਏ ਹੋਏ ਸਨ। ਸਾਰੀ ਫੂਕ ਨਿਕਲ ਗਈ। ਸਿਖਰ ਦੁਪਹਿਰ ਦੋ-ਚਾਰ ਘੰਟੇ ਪਿੱਛੋਂ ਕਿਸੇ ਆਉਂਦੇ-ਜਾਂਦੇ ਨੇ ਪੱਗ ਦੀਆਂ ਪੀਚੀਆਂ ਹੋਈਆਂ ਗੰਢਾਂ ਖੋਲ੍ਹ ਕੇ ਉਸ ਨੂੰ ਬਚਾਇਆ। ਖੂਹ ‘ਤੇ ਪਾਣੀ ਪਿਆਇਆ। ਚੁੱਪ-ਚਾਪ ਪੁਲਸੀਆ ਡੱਸਕੇ ਨੂੰ ਤੁਰ ਗਿਆ। 

ਪਿੰਡ ਵਿੱਚ ਲਧੂ ਦੀ ਵਾਹ! ਵਾਹ! ਕਹਾਣੀ ਸੁਣ ਕੇ ਹਰ ਕੋਈ ਸਵਾਦ ਲਵੇ। ਨਕਲੀਏ : ਤਰਲੋਕ ਤੇ ਕੀਮਾਂ ਤੇਲੀ ਗੁੱਲੂ ਸ਼ਾਹ ਦਾ ਮੇਲਾ ਵੇਖਣ ਚਲੇ ਗਏ। 

ਡੰਗਰਾਂ ਦਾ ਮੇਲਾ ਹਫ਼ਤਾ ਭਰ ਚੱਲਦਾ ਸੀ। ਦੂਜੇ ਦਿਨ ਹੀ ਬੇਚੈਨ ਹੋ ਗਏ। ਸੋਚਣ, ਕੀ ਸ਼ਗਲ ਕਰੀਏ। ਜ਼ਰਾ ਹਲ ਚਲ ਹੋਵੇ, ਜੀ ਪਰਚਾਈਏ। ਪੁਲਿਸ ਦੇ ਤੰਬੂ ‘ਚੋਂ ਦੋ ਵਰਦੀਆਂ ਚੋਰੀ ਕਰ ਲਈਆਂ। ਤਰਲੋਕ ਹੌਲਦਾਰ ਬਣ ਗਿਆ ਤੇ ਕੀਮਾਂ ਸਿਪਾਹੀ। ਸ਼ਾਨ ਨਾਲ ਮੇਲੇ ਦੀ ਗਸ਼ਤ ਕਰਨ ਲੱਗ ਪਏ। ਇਸ ਤਰ੍ਹਾਂ ਫਿਰਨ ਜਿਸ ਤਰ੍ਹਾਂ ਸਰਕਸ ਵਿੱਚ ਕਲੌਨ ਫਿਰਦੇ ਨੇ ਕਿਸੇ ਦੁਕਾਨ ਤੋਂ ਲੱਡੂ ਚੁੱਕ ਕੇ ਖਾ ਜਾਣ, ਕਿਸੇ ਨੂੰ ਹੈਂਟਰ ਮਾਰ ਦੇਣ, ਕਿਸੇ ਵਿਚਾਰੇ ਰੇੜੀ ਵਾਲੇ ਤੋਂ ਮੁਫ਼ਤ ਛੋਲੇ-ਭਠੂਰੇ ਖਾ ਲੈਣ। ਹਰ ਇਕ ਤੇ ਰੋਅਬ ਪਾਈ ਜਾਣ। 

ਕਿਸੇ ਨੂੰ ਸ਼ੱਕ ਪੈ ਗਿਆ ਜਾਂ ਕਿਸੇ ਨੇ ਥਾਣੇਦਾਰ ਨੂੰ ਸ਼ਕਾਇਤ ਕੀਤੀ। ਅਸਲੀ ਪੁਲਸ ਨੇ ਦੋਹਾਂ ਨੂੰ ਫੜ ਲਿਆ। ਥਾਣੇਦਾਰ ਜਾਣ ਗਿਆ ਕਿ ਇਹ ਮਸ਼ਕਰੀਆਂ ਕਰਨ ਵਾਲੇ ਨੌਜਵਾਨ ਨੇ। ਚੋਰ-ਉੱਚਕੇ ਨਹੀਂ। ਪਰ ਹੱਥਕੜੀ ਲਾ ਕੇ ਬਠਾਈ ਰੱਖਿਆ। ਕਿਸੇ ਜਾਣੂੰ ਨੇ ਵੇਖ ਲਿਆ ਤੇ ਦੋਹਾਂ ਨੂੰ ਰਿਹਾਅ ਕਰਾਇਆ। 

ਮੰਮੇ ਪੁਟ : ਮੁਟਿਆਰ ਦੇ ਮੰਮੇਂ, ਕਾਮ ਦਾ ਇਕ ਮਹਾਨ ਤੇ ਸੁੰਦਰ ਰੂਪ ਨੇ । ਹਜ਼ਾਰਾਂ ਸਾਲਾਂ ਤੋਂ ਨਕਾਸ਼, ਚਿੱਤਰਕਾਰ ਤੇ ਪੱਥਰ ਘਾੜੇ ਇਹਨਾਂ ਨੂੰ ਦੇਵੀਆਂ, ਮਾਵਾਂ, ਨਾਚੀਆਂ ਤੇ ਹੋਰ ਕਈ ਰੂਪਾਂ ਵਿੱਚ ਹਰ ਥਾਂ, ਪੁਰਾਣੇ ਮੰਦਰਾਂ ਤੇ ਗਿਰਜਿਆਂ ਵਿੱਚ, ਵਰਣਨ ਕਰਦੇ ਆਏ ਨੇ। ਇਹਨਾਂ ਦੀ ਸੱਚੀ ਸੁੰਦਰਤਾ ਹਰ ਅਜਾਇਬਘਰ ਵਿੱਚ ਨਜ਼ਰ ਆਉਂਦੀ ਹੈ। ਮੇਲਿਆਂ ਵਿੱਚ ਜਾਂ ਹੋਰ ਕਿਸੇ ਭੀੜ-ਭੜੱਕੇ ਵਾਲੀ ਥਾਂ ਕਿਸੇ ਨੌਜਵਾਨ ਦੀ ਅਰਕ ਜਾਂ ਹਥ ਇਹਨਾਂ ਨੂੰ ਛੋਹ ਜਾਂਦਾ ਤਾਂ ਕਹਿੰਦਾ ਕਰੰਟ (current) ਵੱਜ ਗਈ ਏ। ਚੂੰਕਿ ਅੰਗੀਆਂ ਦਾ ਅਜੇ ਰਿਵਾਜ ਨਹੀਂ ਆਇਆ, ਕਮੀਜ਼ ਵਿੱਚ ਉਭਰੇ ਹੋਏ ਨਿਪਲ ਦਿਸ ਪੈਂਦੇ ਸਨ। ਹਰ ਗੱਭਰੂ ਦੀ ਲਾਲਸਾ ਹੁੰਦੀ ਸੀ ਕਿ ਕਿਸੇ ਤਰ੍ਹਾਂ ਇਹਨਾਂ ਤੇ ਹੱਥ ਫੇਰ ਲਵੇ। ਪਿੰਡ ਦੀਆਂ ਦੋ ਵਾਰਦਾਤਾਂ ਦਾ ਸਭ ਨੂੰ ਪਤਾ ਸੀ। 

ਗੁਰਦਵਾਰੇ ਤੋਂ ਭੀੜੀਆਂ ਗਲੀਆਂ ਲੰਘ ਕੇ ਬਕਰੀਆਂ ਦਾ ਵਾੜਾ ਸੀ। ਅੰਦਰ ਭਤੋ ਦੀ ਕੁਟੀਆ ਸੀ। ਨਵੀਂ-ਨਵੀਂ ਵਿਆਹੀ ਸੱਤੀ ਉਥੇ ਰਹਿੰਦੀ ਸੀ। ਗਰੀਬ ਘਰ ਦੀ ਸੀ। ਭੱਤੋ ਨੇ ਉਹਨੂੰ ਖਰੀਦ ਕੇ ਆਂਦਾ ਸੀ। ਸੱਤੋ ਦੂਜੀ ਜ਼ਨਾਨੀਆਂ ਨਾਲ ਗੱਲਬਾਤ ਘੱਟ ਹੀ ਕਰਦੀ ਸੀ। ਸੋਲਾ ਰੰਗ ਸੱਤੋ ਦੀ ਖ਼ੂਬਸੂਰਤੀ ਸਿਆਲਕੋਟ ਦੀ ਰਾਣੀ ਲੂਣਾ ਨੂੰ ਮਾਤ ਕਰਦੀ ਸੀ। ਲੱਗਦਾ ਸੀ ਕਿ ਰੱਬ ਨੇ ਕਿਸੇ ਐਕਸ ਦਾ ਕਾਂਸੀ ਦਾ ਬੁਤ ਬਣਾ ਦਿੱਤਾ ਹੈ। ਜੇ ਕਦੀ ਗਲੀ ਵਿੱਚ ਕੋਈ ਆਦਮੀ ਉਹਨੂੰ ਵੇਖ ਲਵੇ ਤਾਂ ਉਹਦੇ ਮੂੰਹ ਵਿੱਚ ਪਾਣੀ ਆ ਜਾਂਦਾ ਸੀ। ਸਵੇਰੇ ਮੂੰਹ ਹਨੇਰੇ ਸੱਤੋ ਗੁਰਦਵਾਰੇ ਦੀ ਖੂਹੀ ‘ਚੋਂ ਪਾਣੀ ਦੇ ਘੜੇ ਭਰ ਕੇ ਲਿਆਉਂਦੀ, ਕੁਝ ਬਕਰੀਆਂ ਵਾਸਤੇ ਤੇ ਕੁਝ ਆਪਣੀਆਂ ਲੋੜਾਂ ਵਾਸਤੇ। 

ਹੋਰ ਜ਼ਨਾਨੀਆਂ ਵਾਂਗ ਸੱਤੋ ਆਪਣਾ ਘੜਾ ਭਰਦੀ। ਜਵਾਨ ਸੀ, ਆਪੇ ਹੀ ਚੁੱਕ ਕੇ ਸਿਰ ਤੇ ਰੱਖ ਲੈਂਦੀ। ਕੁਝ ਪਾਣੀ ਉੱਛਲ ਜਾਂਦਾ। ਕਮੀਜ਼ ਗਿੱਲੀ ਹੋ ਜਾਂਦੀ। ਸੱਤੋ ਦਾ ਹੁਲੀਆ ਨਿਖੜ ਆਉਣਾ, ਦੋਵੇਂ ਹੱਥ ਘੜੇ ਨੂੰ ਪਾਏ ਹੁੰਦੇ ਸਨ। ਸੱਤੋਂ ਦਾ ਸੀਨਾ ਹੋਰ ਤਨ ਜਾਂਦਾ। ਮੋੜ ਮੁੜਦਿਆ ਹੀ ਤੋਕੀ ਖੜਾ ਹੁੰਦਾ ਸੀ । ਝਟ ਮੰਮਿਆਂ ਨੂੰ ਫੜਨ ਦਾ ਸਵਾਦ ਲੈ ਕੇ ਦੌੜ ਜਾਂਦਾ। ਕਈ ਵਾਰੀ ਕੁਝ ਕਹਿ ਵੀ ਜਾਂਦਾ । ਸੱਤੋ ਨੇ ਨਾ ਈ ਤੋਕੀ ਨੂੰ ਨੇੜੇ ਲੱਗਣ ਦਿੱਤਾ ਤੇ ਨਾ ਹੀ ਕਿਸੇ ਅੱਗੇ ਉਸ ਦੀ ਸ਼ਿਕਾਇਤ ਕੀਤੀ। 

ਅਮਰ ਤੇ ਤਰਲੋਕ ਜਿਗਰੀ ਯਾਰ ਸਨ। ਡੱਸਕੇ ਪੜ੍ਹਦੇ ਸਨ। ਦੋਹਾਂ ਦਾ ਧਿਆਨ ਪੜ੍ਹਾਈ ਨਾਲੋਂ ਮਸ਼ਕਰੀਆਂ ਵੱਲ ਜਾਂਦਾ ਸੀ । ਸ਼ਹਿਰ ਦੇ ਸੱਜੇ ਪਾਸੇ ਨਹਿਰ ਤੇ ਇਕ ਹੋਰ ਪੁਲ ਸੀ। ਇਸ ਤੋਂ ਆਮ ਤੌਰ ਤੇ ਜਾਨਵਰ ਹੀ ਲੰਘਦੇ ਸਨ। ਦੋਵੇਂ ਪਾਸੇ ਖੇਤ ਸਨ। ਇਕ ਦਿਨ ਦੋਵੇਂ ਸਾਈਕਲਾਂ ਤੇ ਪੁਲ ਤੋਂ ਲੰਘਦੇ ਪਏ ਸਨ। ਅੱਧ ਵਿੱਚ 17-18 ਸਾਲਾਂ ਦੀ ਕੁੜੀ, ਕੋਈ ਛੇ ਮਹੀਨੇ ਦਾ ਮੁੰਡਾ ਚੁਕੀ, ਕਿੰਗਰੇ ਨਾਲ ਢਾਸ ਲਾ ਕੇ ਖਲੋਤੀ ਸੀ। ਮੁੰਡਾ ਉੱਚੀ-ਉੱਚੀ ਰੋ ਰਿਹਾ ਸੀ। ਪੁਲ ਲੰਘ ਕੇ ਦੋਵੇਂ ਖਲੋ ਗਏ। ਸ਼ਰਾਰਤ ਸੁੱਝੀ, ਅੱਖਾਂ ਮਲਾਈਆਂ, ਸੈਂਨਤ ਨਾਲ ਗੱਲ ਕਰ ਲਈ। ਅਮਰ ਸਾਈਕਲ ‘ਤੇ ਵਾਪਸ ਗਿਆ। ਕੁੜੀ ਨੂੰ ਪੁੱਛਿਆ ਮੁੰਡਾ ਕਿਉਂ ਇੰਨਾ ਰੋਂਦਾ ਪਿਆ ਏ ? ਕਹਿਣ ਲੱਗੀ ਮੈਂ ਇਸ ਨੂੰ ਦੁੱਧ ਪਿਆਇਆ ਏ, ਥਾਪੜਿਆ ਏ, ਹੂਟੇ ਵੀ ਦਿੱਤੇ ਨੇ ਪਰ ਚੁੱਪ ਕਰਨ ‘ਤੇ ਹੀ ਨਹੀਂ ਆਉਂਦਾ। ਕੁੜੀ ਦੀਆਂ ਅੱਖਾਂ ਵਿੱਚ ਅੱਥਰੂ ਸਨ। ਅਮਰ ਕਹਿਣ ਲੱਗਾ ਮੇਰਾ ਦੋਸਤ ਡਾਕਟਰ ਹੈ। ਜੇ ਤੂੰ ਚਾਹੇ ਤਾਂ ਮੈਂ ਡਾਕਟਰ ਸਾਹਿਬ ਨੂੰ ਭੇਜਦਾ ਹਾਂ। ਕੁੜੀ ਕਹਿਣ ਲੱਗੀ, ਜ਼ਰੂਰ। ਪੁਲ ਦੇ ਦੂਜੇ ਸਿਰੇ ‘ਤੇ ਜਾ ਕੇ ਫਟਾਫੱਟ “ਡਾਕਟਰ ਸਾਹਿਬ” ਨੂੰ ਭੇਜ ਦਿੱਤਾ। 

ਡਾਕਟਰ ਸਾਹਿਬ ਆ ਕੇ ਮੁੰਡੇ ਦਾ ਮੁਆਇਨਾ ਕੀਤਾ। ਜੀਭ ਵੇਖੀ। ਢਿੱਡ ਨੂੰ ਟੋਹ ਕੇ ਵੇਖਿਆ। ਆਖਿਆ, “ਲੱਗਦਾ ਹੈ ਕਿ ਸ਼ਾਇਦ ਦੁੱਧ ਵਿੱਚ ਕੁਝ ਖ਼ਰਾਬੀ ਹੈ। ਚੈੱਕ ਕਰ ਲਵਾਂ।” ਬਗ਼ੈਰ ਬਟਨਾਂ ਦਾ ਕੁੜਤਾ ਸੀ। ਕੁੜੀ ਨੇ ਝੱਟ ਇਕ ਮੰਮਾ ਬਾਹਰ ਕੱਢ ਦਿੱਤਾ। ਡਾਕਟਰ ਸਾਹਿਬ ਨੇ ਅਡੋਲ ਜਿਹੇ ਨਿੱਪਲ ‘ਤੇ ਉਂਗਲੀ ਫੇਰੀ, ਉਂਗਲ ਨੂੰ ਸੁੰਘਿਆ ਤੇ ਆਖਿਆ ਦੂਸਰਾ ਵੀ ਦਿਖਾ। ਕੁੜੀ ਨੇ ਝੱਟ ਦੂਜਾ ਵੀ ਬਾਹਰ ਕੱਢ ਦਿੱਤਾ। ਡਾਕਟਰ ਸਾਹਿਬ ਨੇ ਇਕ ਨੂੰ ਮਾੜਾ ਜਿਹਾ ਜੀਭ ਨਾਲ ਚੱਟਿਆ। ਫੇਰ ਦੂਜੇ ਨੂੰ । ਸੋਚ ਕੇ ਮੁੰਡੇ ਨੂੰ ਥਾਪੜਾ ਦਿੱਤਾ ਤੇ ਕਿਹਾ ਕਿ ਮਾਂ ਤੇਰੀ ਦਾ ਦੁੱਧ ਠੀਕ ਕਰ ਦਿਆਂਗਾ। ਸਬਰ ਕਰ। ਫੇਰ ਡਾਕਟਰ ਸਾਹਿਬ ਨੇ ਦੋਵੇਂ ਮੰਮੇ ਫੜ ਲਏ, ਚੁੰਗਣੇ ਸ਼ੁਰੂ ਕਰ ਦਿੱਤੇ (ਦੁੱਧ ਠੀਕ ਕਰਨਾ ਸੀ) ਦੋਵੇਂ ਹੱਥ ਛਾਤੀ ਔਰ ਕਮਰ ‘ਤੇ ਫੇਰੀ ਜਾਏ। ਹੁਸ਼ਿਆਰੀ ਆ ਗਈ। ਲੁਕੀ ਨਾ ਰਹੀ। ਜਿਵੇਂ ਈ ਕੁੜੀ ਨੂੰ ਸਮਝ ਲੱਗੀ, ਉਸ ਜ਼ੋਰ ਦੀ ਚੀਕ ਮਾਰੀ। ਹਲ ਵਾਹੁੰਦਾ ਘਰਵਾਲਾ ਡਾਂਗ ਲੈ ਕੇ ਪੁਲ ਵੱਲ ਦੌੜਿਆ। ਅਮਰ ਤੇ ਤਰਲੋਕ ਸਾਈਕਲਾਂ ‘ਤੇ ਹਵਾ ਹੋ ਗਏ। ਪਿੰਡ ਆ ਕੇ ਸਾਹ ਲਿਆ। ਯਾਰਾਂ ਵਿੱਚ ਬਹਿ ਕੇ ਅਮਰ ਹੱਸ-ਹੱਸ ਕੇ ਆਖਿਆ ਕਰੇ ਕਿ ਤਰਲੋਕ ਨੂੰ ਡਾਕਟਰੀ ਦੀ ਡਿਗਰੀ ਮਿਲ ਗਈ ਏ। 

ਧੂਤਾ : ਸ਼ਹਿਰਾਂ ਵਿੱਚ ਮੁਨਾਦੀ ਵਾਸਤੇ ਧੂਤਾ ਆਮ ਵਰਤਿਆ ਜਾਂਦਾ ਸੀ । ਪਰ ਪਿੰਡਾਂ ਵਿੱਚ ਕਿਸੇ ਨੇ ਕਦੀ ਨਹੀਂ ਸੀ ਵੇਖਿਆ। ਇਕ ਵਾਰੀ ਕਰਤਾਰ ਨੇ ਇੰਜਨੀਅਰਿੰਗ ਕਾਲਜ ਦੀ ਵਰਕਸ਼ਾਪ ਵਿੱਚ ਧੂਤਾ ਬਣਾਇਆ ਤੇ ਸ਼ੌਕੀਆਂ ਪਿੰਡ ਲੈ ਆਇਆ। ਸੁਰਿੰਦਰ ਨੇ ਵੇਖਿਆ ਕਿ ਧੂਤੇ ਨਾਲ ਅਵਾਜ਼ ਕਈ ਗੁਣਾ ਵੱਧ ਜਾਂਦੀ ਹੈ। ਬੋਲੋ ਤਾਂ ਸਾਰੀ ਗਲੀ ਦੇ ਕੰਨ ਖੜੇ ਹੋ ਜਾਂਦੇ ਨੇ। 

ਅਮਰ ਸਿੰਘ ਦੀ ਬਜਾਜ਼ੀ ਦੀ ਦੁਕਾਨ ਬੜੀ ਮਸ਼ਹੂਰ ਸੀ। ਦੁਕਾਨ ਇਕ ਤੰਗ ਗਲੀ ਵਿੱਚ ਘਰ ਦੀ ਸਾਮ੍ਹਣੀ ਬੈਠਕ ਵਿੱਚ ਸੀ। ਇਕ ਵਾਰੀ ਅਮਰ ਸਿੰਘ ਨੇ ਟਾਂਗਾ ਭਰ ਕੇ ਨਵੀਂ ਬਜਾਜ਼ੀ ਲਿਆਂਦੀ। ਹਰ ਕਿਸੇ ਨੇ ਥਾਨਾਂ ਦੇ ਥਾਨ ਉਹਦੇ ਘਰ ਨੂੰ ਜਾਂਦੇ ਵੇਖੋ। ਜਨਾਨੀਆਂ ਉਡੀਕਣ ਲੱਗੀਆਂ। 

ਦੂਜੇ ਦਿਨ ਸੁਰਿੰਦਰ ਨੇ ਧੂਤਾ ਲੈ ਕੇ ਹਰ ਗਲੀ-ਮੁਹੱਲੇ ਵਿੱਚ ਮੁਨਾਦੀ ਕਰ ਦਿੱਤੀ ਕਿ ਅਮਰ ਸਿੰਘ ਬਜਾਜ ਦੀ ਦੁਕਾਨ ਅੱਠ ਵਜੇ ਖੁਲੇਗੀ ਤੇ ਹਰ ਇਕ ਕੱਪੜੇ ਦਾ ਭਾ ਢਾਈ ਆਨੇ ਗਜ਼ ਹੋਵੇਗਾ। ਜਨਾਨੀਆਂ ਹੁਮ-ਹੁਮਾ ਕੇ ਪਹੁੰਚ ਗਈਆਂ। ਗਲੀ ਭਰ ਗਈ। ਲੰਘਣ ਦਾ ਰਾਹ ਨਾ ਰਿਹਾ। ਘੁਰ-ਘੁਰ ਸੁਣ ਕੇ ਅਮਰ ਸਿੰਘ ਘਰੋਂ ਬਾਹਰ ਆਇਆ ਤੇ ਪੁੱਛਿਆ ਕੀ ਹੋ ਗਿਆ ਏ। ਜ਼ਨਾਨੀਆਂ ਆਖਣ ਦੁਕਾਨ ਖੋਲ। ਉਹ ਕਹੇ ਮੈਂ ਭਾਅ ਦਾ ਅੱਟਾ-ਸੱਟਾ ਵੀ ਨਹੀਂ ਲਾਇਆ। ਦੁਕਾਨ ਪਰਸੋਂ ਖੋਲਾਂਗਾ। ਜਨਾਨੀਆਂ ਆਖਣ “ਉਹ ਖਸਮਾਂ ਨੂੰ ਖਾਣਿਆ, ਤੂੰ ਮੁਨਾਦੀ ਕਿਉਂ ਕਰਾਈ?” ਉਹ ਆਖੇ ਮੈਨੂੰ ਕੋਈ ਪਤਾ ਨਹੀਂ, ਮੈਂ ਮੁਨਾਦੀ ਨਹੀਂ ਕਰਾਈ। ਮਾਫ਼ੀ ਮੰਗੇ। ਝੱਟ ਹੀ ਰਾਜ਼ ਫਾਸ਼ ਹੋ ਗਿਆ ਕਿਉਂਕਿ ਧੂਤਾਂ ਤਾਂ ਸਿਰਫ਼ ਸੁਰਿੰਦਰ ਕੋਲ ਸੀ। ਉਸ ਨੇ ਹੀ ਸ਼ਰਾਰਤ ਕੀਤੀ ਹੋਣੀ ਏ। ਸੁਰਿੰਦਰ ਦੀ ਮਾਂ ਨੂੰ ਜਾ ਕੇ ਅਮਰ ਸਿੰਘ ਨੂੰ ਠੰਡਾ ਕਰਨਾ ਪਿਆ। 

ਮੁੰਡਿਆਂ ਦੀਆਂ ਮਸ਼ਕਰੀਆਂ, ਮਾਂ ਪਿਉ ਦੀ ਆਫ਼ਤ।  

15 

ਭੂਤ-ਪ੍ਰੇਤ, ਵਹਿਮ 

ਭੂਤ-ਪ੍ਰੇਤਾਂ ਦਾ ਡਰ-ਭੌ ਸਮਾਜ ਦੇ ਨਾਲ-ਨਾਲ ਪ੍ਰਛਾਵੇਂ ਵਾਂਗਰ ਤੁਰਿਆ ਆ ਰਿਹਾ ਸੀ। ਕਿਸੇ ਦਾ ਯਕੀਨ ਹੋਵੇ ਜਾਂ ਨਾ ਹੋਵੇ, ਕੋਈ ਟੱਬਰ ਵੀ ਇਹਨਾਂ ਦੇ ਦਾਇਰੇ ਤੋਂ ਬਾਹਰ ਨਹੀਂ ਸੀ। ਇਹਨਾਂ ਦੀਆਂ ਆਪਣੀਆਂ-ਆਪਣੀਆਂ ਰਹਿਣ ਦੀਆਂ ਥਾਵਾਂ, ਆਪਣੇ-ਆਪਣੇ ਨਾਂ ਤੇ ਆਪਣੀ-ਆਪਣੀ ਤਾਕਤ ਹੁੰਦੀ ਸੀ। ਚੜੇਲ ਨਵੀਆਂ ਵਿਆਹੀਆਂ ਕੁੜੀਆਂ ਨੂੰ ਚੰਬੜਦੀ ਸੀ, ਜਿੰਨ ਭੂਤ ਨੌਜਵਾਨ ਮੁੰਡਿਆਂ ਨੂੰ ਤੇ ਡੈਣ ਨਿੱਕੇ ਮੁੰਡਿਆਂ ਦਾ ਕਲੇਜਾ ਕੱਢ ਕੇ ਲੈ ਜਾਂਦੀ ਸੀ। ਦੈਂਤ ਜ਼ਨਾਨੀਆਂ ਚੁੱਕ ਲੈ ਜਾਂਦੇ ਸਨ। ਦਿਓ ਜਿਹੜਾ ਹੱਥ ਆਵੇ ਉਹਨੂੰ ਖਾ ਜਾਂਦੇ ਸਨ । ਜਾਦੂਗਰਨੀਆਂ ਭੋਲਿਆਂ ਨੂੰ ਬਚਾਨ ਲਈ ਉਹਨਾਂ ਦਾ ਰੂਪ ਬਦਲ ਦਿੰਦੀਆਂ ਸਨ। ਜੰਗਲ ਵਿਚ ਉਜੜੇ ਹੋਏ ਮਹਲਾਂ ਵਿੱਚ ਰਹਿੰਦੇ ਦੇਉ ਤੇ ਉਹਨਾਂ ਦੀਆਂ ਕਾਬੂ ਕੀਤੀਆਂ ਸੁੰਦਰ ਤੇ ਜਵਾਨ ਜਾਦੂਗਰਨੀਆਂ ਦੀਆਂ ਕਹਾਣੀਆਂ ਬੱਚਿਆਂ ਨੂੰ ਬੜੀਆਂ ਚੰਗੀਆਂ ਲਗਦੀਆਂ ਸਨ। 

ਭੂਤ-ਪ੍ਰੇਤ ਹੈ ਕਿ ਨਹੀਂ? ਇਸ ਦਾ ਕੋਈ ਸਬੂਤ ਨਹੀਂ ਸੀ। ਵਿਸ਼ਵਾਸ ਦੀ ਗੱਲ ਸੀ। ਕੋਈ ਆਖੇ ਸੱਚ ਏ, ਕੋਈ ਆਖੇ ਬਕਵਾਸ। ਬਹਿਸ ਹੋ ਗਈ। ਇਕ ਮੁੰਡਾ ਬੋਲਿਆ ਕਿ ਰਾਤ ਨੂੰ ਕਬਰਾਂ ਵਿੱਚ ਭੂਤ ਨਿਕਲਦੇ ਨੇ । ਜੇ ਤੂੰ ਨਹੀਂ ਮਨੰਦਾ ਤਾਂ ਰਾਤ ਨੂੰ ਕਿਲੀ ਠੋਕ ਕੇ ਦੱਸ। ਦੂਜਾ ਮੁੰਡਾ ਕਿਲੀ ਲੈ ਕੇ ਹਨੇਰੇ ਪਏ ਚਲਾ ਗਿਆ। ਰੋੜਾ ਫੜ ਕੇ, ਉਸ ਕਬਰ ਦੇ ਕੋਲ ਕਿੱਲੀ ਠੋਕੀ। ਵਾਪਸ ਮੁੜਿਆ ਤਾਂ ਪਿੱਛੋਂ ਕਿਸੇ ਨੇ ਉਸ ਦੀ ਲਕਦੀ ਖਿੱਚ ਲਈ। ਘਾਬਰ ਕੇ ਦੌੜਿਆ। ਲੰਗੋਟੀ ਉਥੇ ਹੀ ਰਹਿ ਗਈ । ਬੌਂਦਲਿਆ ਹੋਇਆ ਘਰ ਆਇਆ। ਸਾਹ ਵਿੱਚ ਸਾਹ ਨਾ ਆਵੇ। ਜ਼ਨਾਨੀਆਂ ਇਕੱਠੀਆਂ ਹੋ ਗਈਆਂ। ਕਹਿਣ ਕਿ ਭੂਤਾਂ ਨੇ ਇਸ ਨੂੰ ਕੁੱਟਿਆ ਏ। ਅਗਲੀ ਸਵੇਰੇ ਕਿਸੇ ਨੇ ਕਬਰ ਦੇ ਕੋਲ ਲੰਗੋਟੀ ਪਈ ਹੋਈ ਵੇਖੀ। ਇਕ ਕੋਨੇ ਵਿੱਚ ਕਿਲੀ ਠੁਕੀ ਹੋਈ ਸੀ। ਨਵੀਂ ਬਹਿਸ ਸ਼ੁਰੂ ਹੋ ਗਈ। ਹਨੇਰੇ ਵਿੱਚ ਕੀ ਮੁੰਡੇ ਨੇ ਆਪਣੀ ਚਾਦਰ ਵਿੱਚ ਆਪੇ ਕਿਲੀ ਠੋਕ ਦਿੱਤੀ ਜਾਂ ਭੂਤਾਂ ਨੇ ਉਸ ਦੇ ਹੱਥੋਂ ਜ਼ਬਰਦਸਤੀ ਠੁਕਵਾਈ? ਸੱਚ-ਝੂਠ ਕੌਣ ਨਤਾਰੇ! 

ਭੂਤ-ਪ੍ਰੇਤ ਕਿਥੇ ਰਹਿੰਦੇ ਨੇ? ਆਮ ਕਹਿੰਦੇ ਸਨ ਕਿ ਚੜੇਲਾਂ ਮਲ੍ਹਿਆਂ ਤੇ ਟਿੱਲਿਆ ਵਿੱਚ ਰਹਿੰਦੀਆਂ ਨੇ ਤੇ ਭੂਤ ਕਬਰਾਂ ਵਿੱਚ ਜਾਂ ਕਿਸੇ ਉਜੜੇ ਹੋਏ ਖੋਲੇ ਵਿਚ। ਇਹਨਾਂ ਦੀ ਵੱਖਰੀ-ਵੱਖਰੀ ਦੁਨੀਆਂ ਏ। ਰਾਤ ਨੂੰ ਜਾਗਦੇ ਨੇ ਤੇ ਦਿਨੇ ਸੌਂਦੇ ਨੇ। ਕਦੀ ਨਜ਼ਰ ਨਹੀਂ ਆਉਂਦੇ। ਰਾਤ ਨੂੰ ਚੜੇਲਾਂ ਸਾਫ਼ ਸੁਥਰੇ ਪੱਕੇ ਥਾਂ ਤੇ ਇਕੱਠੀਆਂ ਹੋ ਕੇ ਨੱਚਦੀਆਂ ਨੇ । ਭੂਤ ਘਣੇ ਝੁੰਡ ਦੇ ਥੱਲੇ ਇਕੱਠੇ ਹੋ ਕੇ ਨੱਚਦੇ ਤੇ ਮਸਤੀਆਂ ਕਰਦੇ ਨੇ।  

ਲੋਕੀਂ ਡਰਦੇ ਰਾਤ ਨੂੰ ਇਹਨਾਂ ਥਾਂਵਾਂ ‘ਤੇ ਘੱਟ ਹੀ ਜਾਂਦੇ ਸਨ । ਜੇ ਕੋਈ ਦਖ਼ਲਅੰਦਾਜ਼ੀ ਕਰੇ ਤਾਂ ਉਸ ਨੂੰ ਪਕੜ ਲੈਂਦੇ ਸਨ। ਪਿੰਡ ਵਿੱਚ ਕਈ ਵਾਕਿਆਤ ਹੋਏ ਸਨ । ਇਹਨਾਂ ਵਿੱਚੋਂ ਤਿੰਨ ਅੱਖੀਂ ਡਿੱਠੇ ਇਹ ਸਨ । 

ਚੰਬੇਲੀ : ਹਰ ਇਕ ਨੂੰ ਪਤਾ ਸੀ ਕਿ ਮਲ੍ਹੇ ਜਾਂ ਟਿੱਬੇ ਤੇ ਉਗੀ ਹੋਈ ਚੰਬੇਲੀ ਦੇ  ਫੁੱਲ ਨਹੀਂ ਤੋੜਨੇ ਤੇ ਨਾ ਹੀ ਉੱਥੇ ਪਿਸ਼ਾਬ ਕਰਨਾ ਏ। ਇਹ ਕਿਸੇ ਨਾ ਕਿਸੇ ਭੂਤ-ਪ੍ਰੇਤ ਦਾ ਬਾਗ਼ ਏ। ਇਕ ਸ਼ਾਮ ਮੁੰਡਿਆਂ ਦਾ ਟੋਲਾ ਮੀਟੀ ਖੇਡ ਰਿਹਾ ਸੀ। ਨੰਗੇ ਪੈਰੀਂ ਖੇਤਾਂ ਵਿੱਚ ਦੌੜਦੇ, ਵਾਰੀ ਨਾਲ ਕਿਸੇ ਹੋਰ ਨੂੰ ਫ਼ੜਨ ਦੀ ਕੋਸ਼ਿਸ਼ ਕਰਦੇ। ਦੌੜਦੇ-ਦੌੜਦੇ ਮਹਿੰਦਰ ਤੇ ਸ਼ੇਰੀ ਇਕ ਮਲ੍ਹੇ ਦੇ ਪਿੱਛੇ ਲੁਕ ਗਏ। ਸੁਭਾਵਿਕ ਈ ਮਹਿੰਦਰ ਨੇ ਫੁੱਲਾਂ ਦੀਆਂ ਡੋਡੀਆਂ ਤੋੜ ਲਈਆਂ। ਫੱਟ ਹੀ ਹਊਆ ਨਿਕਲ ਪਿਆ। ਦੋਵੇਂ ਡਰ ਕੇ ਦੌੜ ਉਠੇ। ਖੇਤ ਵਿੱਚ ਕੱਟੀ ਹੋਈ ਮਨਛਿਟੀ ਦੀ ਕਿਲੀ ਸ਼ੇਰੀ ਦੇ ਪੈਰ ਦੀ ਤਲੀ ਵਿੱਚ ਖੂਬ ਗਈ। ਖੂਨ ਵਗਦਾ, ਨੱਸ ਕੇ ਘਰ ਆ ਗਿਆ। ਮਾਂ ਨੇ ਪਹਿਲੋਂ ਹਲਦੀ ਨੂੰ ਘਿਉ ਵਿੱਚ ਸਾੜ ਕੇ ਪੱਟੀ ਬਨ੍ਹੀ। ਫੇਰ ਮਿਰਚਾਂ ਵਾਰ ਕੇ ਚੁੱਲ੍ਹੇ ਵਿੱਚ ਸੁੱਟੀਆਂ। ਬਲਾ ਟਲ ਜਾਵੇ। 

ਮਹਿੰਦਰ ਨੂੰ ਘਰ ਪਹੁੰਚਦਿਆਂ ਹੀ ਤਾਪ ਚੜ੍ਹ ਗਿਆ। ਉਸ ਦੀ ਮਾਂ ਤਿੰਨ ਦਿਨ ਪਾਠ ਕਰਦੀ ਰਹੀ। ਫੇਰ ਜਾ ਕੇ ਤਾਪ ਉਤਰਿਆ। ਸਾਰਿਆਂ ਮੁੰਡਿਆਂ ਨੂੰ ਚੇਤਾਵਨੀ ਹੋ ਗਈ ਕਿ ਜੰਗਲੀ ਚੰਬੇਲੀ ਦੇ ਫੁੱਲ ਕਦੀ ਨਹੀਂ ਤੋੜੀਦੇ। 

ਨਵਾਬ ਬੀਬੀ : ਨਵੀਂ ਨਵੀਂ ਵਿਆਹੀ ਨਵਾਬ ਬੀਬੀ ਦਾ ਹੁਸਨ ਡੁਲ੍ਹ-ਡੁਲ੍ਹ ਪੈਂਦਾ ਸੀ। ਖੂਹ ‘ਤੇ ਗਈ ਨੂੰ ਚੜੇਲ ਚੰਬੜ ਗਈ। ਘਰ ਆ ਕੇ ਉਹਨੇ ਤੂਫ਼ਾਨ ਮਚਾ ਦਿੱਤਾ। ਕਦੀ ਮੰਜੀਆਂ ਉਲਟਾਏ, ਕਦੀ ਆਪਣੇ ਵਾਲਾਂ ਨੂੰ ਰੂੰ ਦੇ ਛੋਪਿਆਂ ਦੇ ਨਾਲ ਸਜਾਏ। ਘਰ ਵਾਲਾ ਖੇਤਾਂ ਤੋਂ ਵਾਪਸ ਆਵੇ ਤਾਂ ਉਸ ਨੂੰ ਗਾਲ੍ਹਾਂ ਕੱਢੇ। ਕਦੀ ਹਾਰ ਸ਼ਿੰਗਾਰ ਪਾ ਲਵੇ, ਪਿਛਲੇ ਜਨਮ ਦੀਆਂ ਕਹਾਣੀਆਂ ਦੱਸੇ। ਕਦੀ ਦੱਬ ਕੇ ਹੱਸੇ, ਦਾਲ ਵਿੱਚ ਲੂਣ ਦਾ ਬੁੱਕ ਪਾ ਦੇਵੇ। ਇਹ ਸਿਲਸਲਾ ਕਈ ਦਿਨ ਚਲਦਾ ਰਿਹਾ। 

ਸਾਰਾ ਟੱਬਰ ਬੜਾ ਪਰੇਸ਼ਾਨ। ਮੌਲਵੀ ਸਹਿਬ ਆ ਕੇ ਕੰਨ ਵਿੱਚ ਕਲਮਾਂ ਪੜ੍ਹਿਆ। ਆਉਂਦੇ ਜਾਂਦੇ ਫ਼ਕੀਰਾਂ ਨੇ ਰੋਟੀ ਦੀ ਥਾਲੀ ‘ਤੇ ਹੱਥ ਰੱਖ ਕੇ ਰੱਬ ਦੀ ਮਿਹਰ ਮੰਗੀ ਤੇ ਰੋਟੀ ਨਵਾਬ ਬੀਬੀ ਨੂੰ ਦਿੱਤੀ। ਕੋਈ ਵੀ ਫ਼ਰਕ ਨਾ ਪਿਆ। ਚੜੇਲ ਕਦੀ ਰੌਲਾ ਪਾਵੇ, ਤੇ ਕਦੀ ਦੇਵੀ ਬਣ ਕੇ ਚੁੱਪ ਬੈਠੀ ਰਹੇ। ਅਖੀਰ ਤੇ ਘਰ ਵਾਲਿਆਂ ਨੇ ਚੜੇਲਾਂ ਕੱਢਣ ਵਾਲੇ ਮਾਹਿਰ ਨੂੰ ਬੁਲਾਇਆ। ਹੁਕਮਾ ਉਹਦਾ ਨਾਂ ਸੀ। ਪੱਕਾ ਰੰਗ, ਲਾਲ ਅੱਖਾਂ, ਲਮਕਦੀਆਂ ਜਟਾਂ, ਚੋਲਾ ਪਾਇਆ ਹੋਇਆ। ਹੁਕਮੇ ਨੇ ਆ ਕੇ ਵਿਹੜੇ ਵਿੱਚ ਡੇਰਾ ਲਾ ਲਿਆ। ਦੋ ਦਿਨ ਲਗਾਤਾਰ ਚੜੇਲ ਦੇ ਨਾਲ ਗੱਲਾਂ ਕਰਦਾ ਰਿਹਾ। 

ਉਹਨੂੰ ਖ਼ੁਸ਼ ਕਰਨ ਲਈ ਕੜਾਹ-ਪੂੜੀ ਬਣਵਾ ਲਏ। ਕਦੀ ਨੈਣ ਉਹਦੇ ਵਾਲਾਂ ਦੀਆਂ ਸੋਹਣੀਆਂ ਮੀਡੀਆਂ ਗੁਣਦੀਆਂ। ਜੇ ਚੜੇਲ ਆਖੇ ਨਾ ਲੱਗੇ ਤਾਂ ਹੁਕਮਾਂ ਉਹਨੂੰ ਜੁੱਤੀਆਂ ਨਾਲ ਜਾਂ ਚਿਮਟਿਆਂ ਨਾਲ ਮਾਰਦਾ। ਅਖੀਰ ਚੜੇਲ ਵਸ ਵਿੱਚ ਆ ਗਈ ਤੇ ਦਸਿਆ ਕਿ ਉਹ ਕੌਣ ਏ, ਕਿਉਂ ਨਵਾਬ ਬੀਬੀ ਨੂੰ ਚੰਬੜੀ ਤੇ ਹੁਣ ਛੱਡਣ ਦੀਆਂ ਕੀ-ਕੀ ਸ਼ਰਤਾਂ ਨੇ।  

ਚੜੇਲ ਕਹਿਣ ਲੱਗੀ ਕਿ ਮੈਂ ਵੀ ਨਵਾਬ ਬੀਬੀ ਵਾਂਗ ਇਕ ਬੜੀ ਖੂਬਸੂਰਤ ਕੁੜੀ ਸਾਂ। ਨਾਨੋਕੇ ਵਿਆਹੀ ਗਈ। ਹਰ ਇਕ ਦੀ ਅੱਖ ਮੇਰੇ ‘ਤੇ ਸੀ । ਟੱਬਰ ਦੇ ਜੀ ਮੈਨੂੰ ਤਲੀਆਂ ਤੇ ਚੁੱਕ ਕੇ ਰੱਖਦੇ ਸਨ । ਮੈਂ ਮਾਂ ਬਨਣ ਵਾਲੀ ਹੋ ਗਈ। ਮੇਰਾ ਰੂਪ ਹੋਰ ਨਿਖਰ ਆਇਆ। ਮੇਰੀ ਅੱਡੀ ਨਹੀਂ ਸੀ ਲੱਗਦੀ, ਮੈਂ ਅਸਮਾਨ ‘ਤੇ ਚੜ੍ਹੀ ਹੋਈ ਸਾਂ। ਮੁੰਡਾ ਜੰਮਿਆ। ਮੈਂ ਸੂਤਕ ਵਿੱਚ ਮਰ ਗਈ। ਮੁੰਡੇ ਨੂੰ ਘੁੱਟ ਕੇ ਜਫ਼ੀ ਵੀ ਨਾ ਪਾਈ। ਜਦੋਂ ਬਲੂੰਗੜਾ ਮਾਂ ਦੇ ਦੁੱਧ ਨੂੰ ਰੋਵੇ, ਮੇਰੀ ਰੂਹ ਦੀਆਂ ਵੀ ਚੀਕਾਂ ਨਿਕਲ ਜਾਣ। ਮੇਰੀ ਵਿਲਕਦੀ ਰੂਹ ਪਿੰਡ ਦੇ ਆਲੇ-ਦੁਆਲੇ ਚੱਕਰ ਲਾਂਦੀ ਰਹੀ। ਦੂਰ ਨਹੀਂ ਸੀ ਜਾਣਾ। ਚਾਹੁੰਦੀ। 

ਹੁਕਮਾਂ ਪੁੱਛਦਾ ਗਿਆ, ਚੜੇਲ ਬੋਲਦੀ ਗਈ। ਨਾਨੋਕੇ ਦੀ ਹੱਦ ਦੇ ਨਾਲ ਲੱਗਦਾ ਅਰਾਇਆਂ ਦਾ ਖੂਹ ਸੀ । ਸਾਫ਼-ਸੁਥਰਾ, ਬੂਟਿਆਂ ਦੀਆਂ ਕਿਆਰੀਆਂ, ਮੈਨੂੰ ਚੰਗਾ ਲਗਿਆ। ਖੂਹ ਦੇ ਇਕ ਪਾਸੇ ਵੱਡਾ ਸਾਰਾ ਮਲਾ ਸੀ । ਮੈਂ ਉਥੇ ਆਪਣਾ ਮਜ਼ਾਰ ਬਣਾ ਲਿਆ। ਮੈਂ ਕਿਸੇ ਨੂੰ ਕੁਝ ਨਹੀਂ ਸੀ ਕਹਿੰਦੀ ਤੇ ਨਾ ਕੋਈ ਮੈਨੂੰ ਛੇੜਦਾ। ਮੁੰਡੇ ਆ ਕੇ ਮਲ੍ਹੇ ਤੋਂ ਬੇਰ ਤੋੜ ਕੇ ਲੈ ਜਾਂਦੇ । ਮੈਨੂੰ ਚੰਗਾ ਲੱਗਦਾ। ਇਕ ਦਿਨ ਲੋਡੇ ਵੇਲੇ ਨਵਾਬ ਬੀਬੀ ਟਹਿਲਦੀ ਆਈ, ਮਲ੍ਹੇ ਦਾ ਚੱਕਰ ਲਾਇਆ ਤੇ ਫ਼ੇਰ ਮਲ੍ਹੇ ਦੇ ਉਹਲੇ ਥਾਂ ‘ਤੇ ਬੈਠ ਕੇ ਪਿਸ਼ਾਬ ਕਰਨ ਲੱਗ ਪਈ। ਉਹ ਮੇਰਾ ਮਜ਼ਾਰ ਸੀ। ਮੇਰਾ ਪਾਰਾ ਅਸਮਾਨ ‘ਤੇ ਚੜ੍ਹ ਗਿਆ। ਨਵਾਬ ਬੀਬੀ ਅਜੇ ਚਾਰ ਕਦਮ ਹੀ ਗਈ ਸੀ, ਮੈਂ ਕੜਕ ਕੇ ਬਿਜਲੀ ਵਾਂਗ ਉਹਨੂੰ ਚੰਬੜ ਗਈ। ਪਟਕਾ ਕੇ ਮਾਰਿਆ। ਚੀਕਾਂ ਮਾਰਦੀ ਨੂੰ ਮੈਂ ਆਖਿਆ ਕਿ ਹੁਣ ਮੈਂ ਤੈਨੂੰ ਨਹੀਂ ਛੱਡਣਾ। ਹੁਣ ਮੈਂ ਇਸ ਦੀ ਸਾਥਣ ਆਂ। ਹੁਕਮੇਂ ਨੇ ਛੱਡਣ ਦੀਆਂ ਸ਼ਰਤਾਂ ਪੁੱਛੀਆਂ। 

ਚੜੇਲ ਨੇ ਮੰਗ ਕੀਤੀ ਕਿ ਪਹਿਲੋਂ ਮੇਰੇ ਮਜ਼ਾਰ ਤੇ ਜਾ ਕੇ ਸੱਤਰੰਗੀ ਚੁੰਨੀ ਚਾੜ੍ਹੋ। ਫੇਰ ਘਰ ਵਿੱਚ ਦਾਅਵਤ ਕਰੋ। ਇਸ ਤਰ੍ਹਾਂ ਹੀ ਕੀਤਾ ਗਿਆ। ਸੱਸ ਨੇ ਜਾ ਕੇ ਚੁੰਨੀ ਚੜ੍ਹਾਈ। ਦਾਅਵਤ ਦਾ ਸੱਦਾ ਪੱਤਰ ਦਿੱਤਾ ਗਿਆ। ਹਲਵਾਈ ਆਏ। ਵਿਹੜੇ ਵਿੱਚ ਦਰੀਆਂ ਵਿਛੀਆਂ। ਆਏ ਮਿਹਮਾਨ ਜੁੱਤੀਆਂ ਲਾਹ ਕੇ ਦਰੀਆਂ ‘ਤੇ ਬਹਿ ਗਏ। ਗਵਾਂਢੀਆਂ ਦੇ ਸਾਰੇ ਮੁੰਡੇ-ਕੁੜੀਆਂ ਬਨ੍ਹੇਰਿਆਂ ‘ਤੇ ਵੇਖਣ ਲਈ ਟਿਕ ਗਏ। ਪਸਾਰ ਦੇ ਅੰਦਰ ਹੁਕਮਾਂ ਤੇ ਚੜੇਲ ਸਮਝੌਤੇ ਦੀਆਂ ਗੱਲਾਂ ਕਰਦੇ ਰਹੇ। ਨਵਾਬ ਬੀਬੀ ਦੀ ਜਠਾਣੀ-ਭੈਣ ਕੋਲ ਬੈਠੀ ਰਹੀ। ਚੜੇਲ ਕਹਿਣ ਲੱਗੀ ਕਿ ਹੁਣ ਮੈਨੂੰ ਸ਼ਾਂਤੀ ਆ ਗਈ ਏ। ਮੈਂ ਚੱਲੀ ਆਂ। ਹੁਕਮੇਂ ਪੁੱਛਿਆ ਕਿ ਜਾਣ ਦੀ ਨਿਸ਼ਾਨੀ ਕੀ ਦੇਵੇਂਗੀ। ਚੜੇਲ ਨੇ ਆਖਿਆ ਕਿ ਜਾਂਦੀ ਵਾਰ ਬਰੂਆਂ ਦੇ ਕੋਲ ਪਈ ਇਕ ਜੁੱਤੀ ਨੂੰ ਉਲਟਾ ਦਿਆਂਗੀ। 

ਇੰਝ ਹੀ ਹੋਇਆ। ਇਕ ਚੀਕ ਵੱਜੀ। ਜੁੱਤੀ ਉਲਟ ਗਈ। ਜਠਾਣੀ-ਭੈਣ ਦੀ ਬਾਂਹ ਵਿੱਚ ਬਾਂਹ ਪਾਈ, ਮੁਸਕਰਾਉਂਦੀ ਹੋਈ, ਅੱਧਾ ਘੁੰਡ ਕੱਢੀ, ਨਵਾਬ ਬੀਬੀ ਬਾਹਰ ਆਈ। ਸੱਸ ਨੂੰ ਮੱਥਾ ਟੇਕਿਆ। ਫੇਰ ਘਰ ਵਾਲੇ ਦੇ ਪੈਰੀਂ ਹੱਥ ਲਾਏ। ਇੰਨੀ ਖ਼ੁਸ਼, ਇਸ ਤਰ੍ਹਾਂ ਲੱਗੇ ਜਿਵੇਂ ਇਸ ਨੂੰ ਕਦੀ ਕੁਝ ਹੋਇਆ ਹੀ ਨਹੀਂ। ਸਭ ਪਾਸੇ ਵਧਾਈਆਂ। ਸੂਰਜ ਢਲ ਗਿਆ ਸੀ। ਦਾਅਵਤ ਖਾ ਕੇ ਲੋਕੀਂ ਤੁਰ ਗਏ। ਹੁਕਮਾਂ ਵੀ ਰੇਜਾ ਅਤੇ ਪੈਸੇ ਲੈ ਕੇ ਚਲਾ ਗਿਆ ਕਿ ਲਮੂ ਈ ਲ ਸਪਾਡ ਮਾਸ ਨੂੰ ਲੈ 

ਬਾਜੀ : ਛੋਟੇ ਕੱਦ ਦੀ ਸੜੀ, ਸੁਕੜੀ, ਬਾਜੀ ਦੇ ਬੁੱਢੇ ਹੋਣ ਤੋਂ ਪਹਿਲੋਂ ਈ ਸਿਰਫ਼ ਚਾਰ ਸਾਹਮਣੇ ਦੰਦ ਰਹਿ ਗਏ ਸਨ। ਪਿੰਡ ਵਿੱਚ ਫਿਰਦੀ ਤੁਰਦੀ, ਆਮ ਲੋਕਾਂ ਵਾਂਗਰ ਨਜ਼ਰ ਆਉਂਦੀ ਸੀ ਪਰ ਜ਼ਨਾਨੀਆਂ ਉਸ ਨੂੰ ਕਦੀ ਘਰ ਨਹੀਂ ਸਨ ਵੜਣ ਦੇਂਦੀਆਂ। ਉਸ ਬਾਰੇ ਕਈ ਗੱਲਾਂ ਹੁੰਦੀਆਂ ਸਨ। ਜਦੋਂ ਬਾਜੀ ਤੇ ਭੂਤ ਸਵਾਰ ਹੋ ਜਾਏ ਤਾਂ ਉਹ ਡੈਣ ਬਣ ਜਾਂਦੀ ਸੀ। ਫੇਰ ਕਾਹਲੀ-ਕਾਹਲੀ ਤੁਰਦੀ। ਵਾਵਰੋਲਾ ਤੁਰਿਆ ਜਾਂਦਾ ਲੱਗਦਾ ਸੀ। ਕਹਿੰਦੇ ਸਨ ਕਿ ਉਸ ਹਾਲਤ ਵਿਚ ਉਸ ਦੇ ਪੈਰ ਪਿੱਛੇ ਨੂੰ ਮੁੜ ਜਾਂਦੇ ਸਨੂਉਨ ਦੇ ਸਨ। ਇਕ ਵਾਰੀ ਸਵੇਰੇ-ਸਵੇਰੇ ਖੂਹ ਪਿਆ ਚਲਦਾ ਸੀ । ਭੋਲਾ ਗਾਦੀ ‘ਤੇ ਬੈਠਾ ਸੀ । ਭੋਲੇ ਨੂੰ ਝੌਲਾ ਪਿਆ ਕਿ ਕੋਈ ਜ਼ਨਾਨੀ, ਦੋਵੇਂ ਹੱਥ ਚੁੱਕੀ ਉਸ ਦੇ ਪਿੱਛੇ-ਪਿੱਛੇ ਤੁਰ ਰਹੀ ਏ। ਤਬਕ ਕੇ ਉੱਠਿਆ। ਝੱਟ ਹੀ ਡਿਗ ਪਿਆ। ਬਲਦ ਖਲੋ ਗਏ। ਖੂਹ ਵਗਣਾ ਬੰਦ ਹੋ ਗਿਆ। ਕਾਮੇਂ ਦੌੜੇ ਆਏ। ਭੋਲੇ ਨੂੰ ਚੁੱਕ ਕੇ ਖੜ੍ਹਾ ਕੀਤਾ। ਭੋਲਾ ਅਜੀਬਰ ਬੋਲੀਆਂ ਬੋਲਣ ਲੱਗ ਪਿਆ। ਕਿਸੇ ਨੂੰ ਕੁਝ ਸਮਝ ਨਾ ਆਵੇ ਕੀ ਆਖਦਾ ਏ। ਘਰ ਲੈ ਆਏ। ਸੇਵਾ ਕੀਤੀ। ਮੁਹੱਲੇ ਦੀਆਂ ਜ਼ਨਾਨੀਆਂ ਹਾਲ ਪੁੱਛਣ ਆਈਆਂ। ਕੁਝ ਦਾ ਕੁਝ ਬੋਲੀ ਜਾਏ। ਹਰ ਇਕ ਨੇ ਕਿਆਫ਼ਾ ਲਾਇਆ ਕਿ ਇਹਨੂੰ ਭੂਤ ਚੰਬੜ ਗਿਆ ਏ। ਪਿੱਛੇ ਤੁਰਨ ਵਾਲੀ ਜ਼ਰੂਰ ਬਾਜੀ ਹੀ ਹੋਣੀ ਏ। ਹਰ ਕਿਸੇ ਨੇ ਉਪਾਉ ਦੱਸੇ ।ਮਾਂ ਚੱਡੀ  ਜਿ ਮੂਲੇ ਨਾਂ ਦਾ ਜਾਮਕੇ ਪਿੰਡ ਦਾ ਇਕ ਮਸ਼ਹੂਰ ਜਾਦੂਗਰ ਸੀ । ਉਸ ਨੂੰ ਭੂਤ ਵਸ ਕਰਨੇ ਆਉਂਦੇ ਸਨ। ਘੋੜੀ ਭੇਜ ਕੇ ਮੂਲੇ ਨੂੰ ਲਿਆਂਦਾ ਗਿਆ। ਉਸ ਨੇ ਤਿੰਨ ਦਿਨ ਘਰ ਡੇਰਾ ਲਾਇਆ। ਮੂਲਾ ਤੇ ਭੋਲਾ ਦਿਨ-ਰਾਤ ਗੱਲਾਂ ਕਰਨ। ਜੇ ਭੂਤ ਆਕੜੇ ਤਾਂ ਮੂਲਾ ਉਹਨੂੰ ਜੁੱਤੀਆਂ ਨਾਲ ਕੁੱਟੇ। ਜੇ ਅੱਗੋਂ ਗਾਲ੍ਹਾਂ ਕੱਢੇ ਤਾਂ ਮੂਲਾ ਉਸ ਨੂੰ ਚਿਮਟਿਆਂਲ ਨਾਲ ਮਾਰੇ। ਆਖੇ ਕਿ ਜੇ ਤੂੰ ਜਾਨ ਬਚਾਣੀ ਆ ਤਾਂ ਭਲੀ ਪਰਕਾਰ ਤੁਰਦਾ ਹੋ। ਤੀਜੇ ਦਿਨ ਭੋਲਾ ਖੇਡਣ ਲੱਗ ਪਿਆ, ਭਾਵ ਮੂਲੇ ਦੇ ਵੱਸ ਪੈ ਗਿਆ । ਫੇਰ ਭੂਤ ਨੇ ਕਹਾਣੀ ਦੱਸੀ। ਰਾਤੀਂ ਉਹ ਕਬਰਾਂ ਦੇ ਛੱਪੜ ‘ਤੇ ਰੰਗ ਰਲੀਆਂ ਮਨਾਂਦੇ ਸਨ । ਇਕ ਚਾਨਣੀ ਰਾਤ ਉਸ ਨੇ ਕੱਪੜੇ ਧੋ ਕੇ ਇਕ ਝਾੜੀ ਦੇ ਉੱਪਰ ਸੁੱਕਣੇ ਪਾ ਦਿੱਤੇ ਤੇ ਜਾ ਕੇ ਸੌਂਪ ਗਿਆ। ਦਿਨੇ ਲੰਘਦਾ-ਲੰਘਦਾ ਭੋਲਾ ਆਇਆ। ਝਾੜੀ ਦੇ ਕੋਲ ਖਲੋ ਕੇ ਮੇਰੇ ਲੀੜਿਆਂ ਨੂੰ ਲੀਰਾਂ ਸਮਝ ਕੇ ਉਹਨਾਂ ਉੱਤੇ ਪੇਸ਼ਾਬ ਦੀਆ ਧਾਰਾਂ ਮਾਰ ਦਿੱਤੀਆਂ। 

ਅਗਲੀ ਰਾਤ ਜਦੋਂ ਭਰਿਸ਼ਟ ਹੋਏ ਹੋਏ ਕੱਪੜੇ ਦਿੱਸੇ ਤਾਂ ਮੈਨੂੰ ਬੜਾ ਤੈਸ਼ ਆਇਆ। ਰਾਤ ਭਰ ਸੁੰਘਦੇ ਸੁੰਘਦੇ ਮੈਂ ਭੋਲੇ ਦਾ ਖੁਰਾ ਲੱਭ ਲਿਆ। ਮੂੰਹ ਹਨੇਰੇ ਮੈਂ ਬਾਜੀ ਨੂੰ ਆਖਿਆ ਮੈਨੂੰ ਲੈ ਚੱਲ ਖੂਹ ‘ਤੇ। ਮੈਂ ‘ਕੱਲਿਆਂ ਨਹੀਂ ਸੀ ਜਾ ਸਕਦਾ, ਆਪਣੀ ਹੱਦ ਤੋਂ ਪਾਰ ਸੀ। ਗਾਦੀ ‘ਤੇ ਬੈਠੇ ਨੂੰ ਮੈਂ ਬੋਚ ਲਿਆ। ਮੂਲੇ ਨੂੰ ਆਖੇ ਹੁਣ ਮੈਂ ਤੇਰਾ ਮੁਰੀਦ ਬਣ ਗਿਆ ਹਾਂ। ਜੋ ਤੂੰ ਆਖੇਂ, ਮੈਂ ਕਰਾਂਗਾ। ਮੂਲੇ ਨੇ ਉੱਚੀ ਉੱਚੀ ਹੇਕ ਨਾਲ ਗਾਉਣਾ ਸ਼ੁਰੂ ਕਰ ਦਿੱਤਾ ਤੇ ਭੂਤ ਨੂੰ ਹੁਕਮ ਦਿੱਤਾ ਕਿ ਤੂੰ ਚੁੱਪ ਚਪੀਤਾ ਚਲੇ ਜਾ। ਭੂਤ ਹਵਾ ਹੋ ਗਿਆ। ਭੋਲਾ ਬਿਲਕੁਲ ਠੀਕ ਹੋ ਗਿਆ । ਖ਼ੁਸ਼-ਖ਼ੁਸ਼ ਮੂਲਾ ਦਾਣਿਆਂ ਦੀ ਗਠੜੀ ਤੇ ਨਵਾਂ ਖੇਸ ਲੈ ਕੇ ਜਾਮਕੇ ਵਾਪਸ ਚਲਾ ਗਿਆ। ਮੂਲੇ ਦੀ ਜੈ ਜੈ ਤੇ ਟੱਬਰ ਰਾਜ਼ੀ। 

ਬੁਰੀ ਨਜ਼ਰ : ਲੋਕਾਂ ਨੂੰ ਨਜ਼ਰ ਲੱਗ ਜਾਣ ਦਾ ਬੜਾ ਡਰ ਹੁੰਦਾ ਸੀ। ਆਮ ਆਖਿਆ ਜਾਂਦਾ ਸੀ-“ਬੁਰੀ ਨਜ਼ਰ ਵਾਲੇ, ਤੇਰਾ ਮੂੰਹ ਕਾਲਾ”। ਨਜ਼ਰ ਦੀ ਤਾਕਤ ਸਿਰਫ਼ ਪਿਆਰ ਨਾਲ ਟਿਕਟਿਕੀ ਲਾ ਕੇ ਵੇਖਣ ਵਾਲਿਆਂ ਵਿੱਚ ਹੁੰਦੀ ਸੀ। ਆਮ ਤੌਰ ‘ਤੇ ਆਦਮੀਆਂ ਵਿੱਚ। ਮਾਵਾਂ ਬੱਚਿਆਂ ਦੇ ਗਲਾਂ ਵਿੱਚ ਕਾਲਾ ਧਾਗਾ ਬਨ੍ਹ ਦਿੰਦੀਆਂ ਸਨ। ਨਵਾਂ ਘਰ ਬਣਨ ਤੋਂ ਪਿੱਛੋਂ ਮਿਸਤਰੀ ਮਿੱਟੀ ਦੀ ਟਿੰਡ ਦੇ ਪਿਛਲੇ ਪਾਸੇ ਰੰਗ- ਬਰੰਗਾ, ਲੰਮੀ ਜੀਭ ਵਾਲਾ ਮੂੰਹ ਬਣਾ ਦੇਂਦੇ ਸਨ। ਨਜ਼ਰ ਘਰ ’ਤੇ ਨਾ ਪਵੇ, ਉਹਦੇ ਉੱਤੇ ਪਵੇ। ਮੱਝਾਂ ਦਾ ਹਵਾਨਾ ਭਰਿਆ ਹੋਵੇ, ਤੇ ਜੇ ਤੇਜ਼ ਨਜ਼ਰ ਵਾਲਾ ਕੋਲੋਂ ਲੰਘ ਜਾਏ, ਤਾਂ ਜ਼ਨਾਨੀਆਂ ਮੱਝ ਤੋਂ ਲਾਲ ਮਿਰਚਾਂ ਵਾਰ ਕੇ ਅੱਗ ਵਿੱਚ ਸੁੱਟਦੀਆਂ ਸਨ। ਨਹੀਂ ਤੇ ਮੱਝਾਂ ਦੁੱਧ ਨਹੀਂ ਸਨ ਚੋਣ ਦੇਂਦੀਆਂ। ਆਮ ਸੀ ਕਿ ਫੁਲਕਾਰੀ ਜਾਂ ਬਾਗ਼ ਕੱਢ ਕੇ ਔਰਤਾਂ ਇਕ ਕੋਨੇ ਵਿੱਚ ਨਜ਼ਰ-ਪੱਟੂ ਬਣਾ ਦੇਂਦੀਆਂ ਸਨ। ਹੋਰ ਵੀ ਬੜੇ ਉਪਾਉ ਚਲਤ ਸਨ। 

ਨਵੇਂ ਮੁਹੱਲੇ ਵਾਲਿਆਂ ਦਾ ਬਾਬਾ, ਵਹੁਟੀ ਦੇ ਮਰਨ ਤੋਂ ਬਾਅਦ ਕਦੀ ਪਿੰਡ ਨਹੀਂ ਸੀ ਆਇਆ। ਜਵਾਨ ਪੁੱਤਰ ਵਾਹੀ ਕਰਦੇ ਸਨ । ਆਪ ਦਿਨ-ਰਾਤ ਖੂਹ ਤੇ ਕੋਠੜੀ ਵਿੱਚ ਅਬਾਦਤ ਕਰਦਾ। ਨੂੰਹਾਂ ਉਹਦੀ ਰੋਟੀ ਵੀ ਦਰਵਾਜ਼ੇ ਦੇ ਕੋਲ ਰੱਖ ਦੇਂਦੀਆਂ। ਜਦੋਂ ਜੀ ਆਏ ਖਾ ਲਵੇ। ਸਿਰਫ਼ ਸਵੇਰੇ ਮੂੰਹ ਹਨੇਰੇ ਤੇ ਰਾਤ ਨੂੰ ਜੰਗਲ ਪਾਣੀ ਲਈ ਬਾਹਰ ਆਉਂਦਾ। ਜੇ ਕੋਈ ਉਸ ਦਾ ਬੂਹਾ ਖੜਕਾਏ ਤਾਂ ਗਾਲ੍ਹਾਂ ਕੱਢਦਾ ਸੀ। ਪਿੰਡ ਵਾਲਿਆਂ ਨੂੰ ਉਹਦੀ ਰੂਹਾਨੀ ਤਾਕਤ ‘ਤੇ ਬੜਾ ਵਿਸ਼ਵਾਸ ਸੀ। ਜਦੋਂ ਕਦੀ ਨਜ਼ਰ ਲੱਗਨ ਕਰਕੇ ਅਥਰੀ ਮੱਝ ਦੁਧ ਨਾਂ ਦੇਵੇ ਤਾਂ ਜ਼ਨਾਨੀਆਂ ਕਿਸੇ ਦੇ ਹੱਥ ਆਟੇ ਦਾ ਪੇੜਾ ਬਾਬੇ ਕੋਲ ਭੇਜਦੀਆਂ। ਬੂਹਾ ਖੜਕਾਣ ਵਾਲੇ ਨੂੰ ਦੋ ਚਾਰ ਗਾਲ੍ਹਾਂ ਕੱਢਦਾ ਪਰ ਇਲਤਜਾ ਸੁਣ ਕੇ ਬਾਹਰ ਆ ਜਾਂਦਾ। ਪੇੜਾ ਲੈ ਕੇ ਕਲਮਾ ਪੜ੍ਹਦਾ, ਫੇਰ ਫੂਕ ਮਾਰਦਾ। ਪੇੜਾ ਮੱਝ ਨੂੰ ਦਿਤਾ ਜਾਂਦਾ । ਸ਼ਰਤੀਆਂ ਮਝ ਠੰਬਰ ਜਾਂਦੀ ਤੇ ਦੁਧ ਦੇਣ ਲਗ ਪਈ । 

ਇਕ ਵਾਰੀ ਤੱਤਲਿਆਂ ਤੋਂ ਬਲਾਕਾ ਸਿੰਘ ਪਿੰਡ ਆਇਆ। ਮੰਜੀ ਤੇ ਬੈਠਾ ਸੀ। ਸ਼ਹਿਰੋਂ ਆਏ ਟਾਂਗੇ ਤੋਂ ਉਸ ਦਾ ਸਾਲਾ ਉਤਰਿਆ। ਸਫ਼ਾਰੀ ਸੂਟ ਪਾਇਆ ਹੋਇਆ ਸੀ । ਬਲਾਕਾ ਸਿੰਘ ਨੇ ਖ਼ੁਸ਼ੀ ਦੀ ਨਜ਼ਰ ਭਰ ਕੇ ਵੇਖਿਆ। ਵਾਪਸ ਤੱਤਲੇ ਜਾ ਕੇ ਵਹੁਟੀ ਨੂੰ ਕਹਿਣ ਲੱਗਾ ਕਿ ਤੇਰਾ ਭਰਾ ਬੜਾ ਅਫ਼ਸਰ ਲਗਦਾ ਸੀ। ਉਸ ਨੂੰ ਫ਼ਿਕਰ ਲਗ ਗਿਆ ਕਿਧਰੇ ਮੇਰੇ ਭਰਾ ਨੂੰ ਨਜ਼ਰ ਨਾ ਲਾ ਆਇਆ ਹੋਵੇ। ਘੋੜੀ ਲੈ ਕੇ ਫੱਟ ਪਿੰਡ ਆ ਗਈ। ਵਾਕਿਆਈ ਭਰਾ ਨੂੰ ਬੜਾ ਬੁਖ਼ਾਰ ਚੜ੍ਹਿਆ ਹੋਇਆ ਸੀ । ਭੈਣ ਨੂੰ ਝਾੜਾ ਕਰਨਾ ਆਉਂਦਾ ਸੀ । ਨਵਾਂ ਮਿੱਟੀ ਦਾ ਕੁੱਜਾ ਲੈ ਕੇ ਉਸ ਵਿੱਚ ਕੁੱਤੇ ਦੀਆਂ ਲੰਡੀਆਂ ਪਾਈਆਂ ਤੇ ਉਹਨਾਂ ਨੂੰ ਧੁਖਾਇਆ। ਤਿੰਨ ਵਾਰੀ ਭਰਾ ਦੀ ਮੰਜੀ ਦੇ ਆਲੇ ਦੁਆਲੇ ਧੂੰਆਂ ਦਿੱਤਾ। ਨਾਲ-ਨਾਲ ਮੂੰਹ ਵਿਚ ਕੁਝ ਬੋਲਦੀ ਗਈ। ਵੇਖਦਿਆਂ-ਵੇਖਦਿਆਂ ਹੀ ਭਰਾ ਦਾ ਬੁਖ਼ਾਰ ਟੁੱਟ ਗਿਆ। ਰਾਜ਼ੀ ਹੋ ਗਿਆ। 

ਜਾਦੂ-ਟੂਣੇ : ਕੁਝ ਲੋਕ ਈਰਖਾ ਨਾਲ ਭਰੇ ਹੁੰਦੇ ਸਨ। ਆਂਡੀਆਂ-ਗਵਾਂਢੀਆਂ ਤੇ  ਸ਼ਰੀਕਾਂ ਦੀ ਖ਼ੁਸ਼ੀ ਦਾ ਸਾੜਾ ਉਹਨਾਂ ਨੂੰ ਖਾਂਦਾ ਸੀ । ਜੇ ਕੋਈ ਗਵਾਂਢੀ ਨਵਾਂ ਮਕਾਨ ਬਣਾਏ, ਤਾਂ ਸਾੜਾ। ਜੇ ਕਣ ਦੇ ਘਰ ਪੁੱਤਰ ਹੋਣ ਤੇ ਆਪਣੇ ਘਰ ਨਾ ਹੋਵੇ, ਤਾਂ ਸਾੜਾ। ਜੇ ਕਿਸੇ ਦਾ ਕਾਰੋਬਾਰ ਜਾਂ ਫ਼ਸਲ ਬਹੁਤੀ ਚੰਗੀ ਹੋਵੇ, ਤਾਂ ਸਾੜਾ। ਭਾਵੇਂ ਕਹਿੰਦੇ ਸਨ ਕਿ ‘ਹਾਂਡੀ ਉਬਲੇਗੀ ਤਾਂ ਆਪਣੇ ਕੰਢੇ ਈ ਸਾੜੇਗੀ’, ਪਰ ਈਰਖਾ ਤੋਂ ਬਚ ਕੇ ਰਹਿਣਾ ਔਖਾ ਸੀ ਕਿਉਂਕਿ ਕਈਆਂ ਦਾ ਦਿਲ ਸੜ ਕੇ ਇੰਨਾ ਰਾਖ ਹੋ ਜਾਂਦਾ ਸੀ ਕਿ ਉਹ ਰੰਗ ਵਿੱਚ ਭੰਗ ਪਾਣ ਲਈ ਕੁਝ ਨਾ ਕੁਝ ਕਰ ਦੇਂਦੇ ਸਨ। ਆਦਮੀ ਆਪਣੇ ਸੁੱਖ ਲਈ ਸੁੱਖਣਾ ਤਾਂ ਸੁਖਦੇ, ਪਰ ਦੂਜਿਆਂ ਦੇ ਕਸ਼ਟ ਦੀ ਮੰਗ ਵੀ ਕਰਦੇ। ਜ਼ਨਾਨੀਆਂ ਆਮ ਤੌਰ ‘ਤੇ ਟੂਣੇ ਕਰਦੀਆਂ। ਕਿਸਮ-ਕਿਸਮ ਦੇ ਟੂਣੇ ਹੁੰਦੇ ਸਨ ਤੇ ਹਰ ਇਕ ਦਾ ਉਪਾਓ ਵੀ ਹੁੰਦਾ ਸੀ। 

ਤੁਰਦੇ-ਫਿਰਦੇ ਫ਼ਕੀਰ ਨੇ ਆਉਣਾ। ਘਰ ਵਾਲੀ ਨੇ ਆਟਾ ਦੇਣਾ ਤੇ ਕਹਿਣਾ ਕਿ ਮੈਨੂੰ ਤਵੀਤ ਬਣਾ ਦੇ। ਗੱਲ ਸੁਣ ਕੇ ਫ਼ਕੀਰ ਨੇ ਕਾਗਜ਼ ਦੇ ਪੁਰਜ਼ੇ ਉੱਤੇ ਕੁਝ ਸਿੱਧਾ-ਪੁੱਠਾ ਲਿਖ ਦੇਣਾ ਜਿਸ ਨੂੰ ਕੋਈ ਨਾ ਪੜ੍ਹ ਸਕੇ । ਕਈ ਵਾਰੀ ਐਵੇਂ ਈ ਝਰੀਟਾਂ ਮਾਰ ਦੇਣੀਆਂ। ਪੁਰਜ਼ੇ ਨੂੰ ਮਰੁੰਡ ਕੇ ਦੋ ਚਾਰ ਫ਼ੂਕਾਂ ਮਾਰਨੀਆਂ ਤੇ ਆਖਣਾ ਕਿ ਜਿਹੜੇ ਘਰ ਟੂਣਾ ਕਰਨਾ ਈ ਉਸ ਦੀ ਕੰਧ ਦੀ ਕਿਸੇ ਮੋਰੀ ਵਿੱਚ ਫ਼ਸਾ ਦੇ। ਨਾਲੇ ਯਕੀਨ ਦਵਾਣਾ ਕਿ ਕੁਝ ਦਿਨਾਂ ਬਾਅਦ ਘਰ ਤੇ ਕੋਈ ਆਫ਼ਤ ਆ ਜਾਏਗੀ । ਹੋਰ ਆਟਾ ਲੈ ਕੇ ਤੁਰਦੇ ਹੋਣਾ। ਜਦੋਂ ਕਦੀ ਕਿਸੇ ਘਰਵਾਲੀ ਨੇ ਪੁਰਜ਼ਾ ਵੇਖਨਾ ਤਾਂ ਉਸ ਰੌਲਾ ਪਾ ਦੇਣਾ। ਕਿਸੇ ਨਖੁੱਟੇ ਨੇ ਕੀ ਕਰ ਦਿੱਤਾ ਏ! ਗਾਲ੍ਹਾਂ ਕੱਢਣੀਆਂ, ਜ਼ਨਾਨੀਆਂ ਇਕੱਠੇ ਹੋ ਜਾਣਾ। ਕਿਸੇ ਨੇ ਉਪਾਉ ਦੱਸ ਦੇਣਾ ਜਾਂ ਕਿਸੇ ਫ਼ਕੀਰ ਨੇ ਆ ਕੇ ਉਪਾਉ ਦੱਸ ਦੇਣਾ। ਕੀ ਪਤਾ ਫ਼ਕੀਰ ਵੀ ਇਕੋ ਕਲਬ ਦੇ ਹੋਣ ਕਿਉਂਕਿ ਆਮ ਉਪਾਓ ਤਾਂ ਇਹ ਹੁੰਦਾ ਸੀ ਕਿ ਕਿਸੇ ਮਜ਼ਾਰ ਤੇ ਕੱਪੜਾ ਜਾਂ ਰੋਟੀ ਭੇਜ ਦਿਉ। 

ਨਵਾਂ ਮਕਾਨ ਪਿਆ ਬਣਦਾ ਸੀ। ਈਰਖਾ ਵਾਲਾ ਕਿਸੇ ਵੇਲੇ ਆਇਆ। ਕਿੰਗਰਿਆਂ ਵਾਲੀ ਟੁੱਟੀ ਹੋਈ ਟਿੰਡ ਦੇ ਪਿੱਛੇ ਕੁਝ ਲੀਕਾਂ ਮਾਰ ਕੇ, ਟਿੰਡ ਮੂਧੀ ਕਰਕੇ ਡਿਉੜੀ ਵਿੱਚ ਰੱਖ ਗਿਆ। ਸਾਰੇ ਕਹਿਣ ਕਿਸੇ ਨੇ ਟੂਣਾ ਕਰ ਦਿੱਤਾ ਏ। ਘਰਵਾਲੀ ਟਿੰਡ ਨੂੰ ਤੋੜ ਕੇ ਰੂੜੀ ਉੱਤੇ ਸੁੱਟ ਆਈ ਤੇ ਟਿੰਡ ਵਾਲੇ ਥਾਂ ਤੇ ਅੱਗ ਬਾਲੀ। ਸਮਝੋ, ਟੂਣੇ ਨੂੰ ਸਾੜ ਦਿੱਤਾ। ਸੌਖਾ ਇਲਾਜ। 

ਇਕ ਵਾਰੀ ਪਲੇਠੀ ਦਾ ਮੁੰਡਾ ਬਾਲਟੀ ਵਿੱਚ ਬੈਠਾ, ਪਾਣੀ ਨਾਲ ਖੇਡ ਰਿਹਾ ਸੀ । ਬੜਾ ਮਨਮੋਹਣਾ ਪਿਆ ਲੱਗਦਾ ਸੀ । ਕੋਈ ਜ਼ਨਾਨੀ ਆਈ, ਚੱਕਰ ਲਾ ਕੇ ਚਲੀ ਗਈ। ਮਿੰਟਾਂ ਵਿੱਚ ਹੀ ਮੁੰਡਾ ਸੁੰਨ ਹੋ ਗਿਆ। ਰੌਲਾ ਪੈ ਗਿਆ। ਮਹੱਲੇ ਦੀਆਂ ਜ਼ਨਾਨੀਆਂ ‘ਕੱਠੀਆਂ ਹੋ ਗਈਆ। ਇਕ ਨੇ ਮਾਂ ਨੂੰ ਆਖਿਆ ਕਿ ਤੈਨੂੰ ਪਤਾ ਤਾਂ ਹੈ ਕੌਣ ਆਈ ਸੀ। ਤੂੰ ਉਹਦੇ ਘਰ ਜਾ, ਕੋਈ ਚੀਜ਼ ਮੰਗ ਕੇ ਲਿਆ ਤੇ ਮੁੰਡੇ ਨੂੰ ਦੇ, ਠੀਕ ਹੋ ਜਾਏਗਾ। ਘਾਬਰੀ ਹੋਈ ਮਾਂ ਉਸ ਵੇਲੇ ਦੌੜੀ-ਦੌੜੀ ਗਈ। ਉਸ ਜ਼ਨਾਨੀ ਦੀਆਂ ਮਿਨਤਾਂ-ਤਰਲੇ ਕੀਤੇ ਕਿ ਮੈਨੂੰ ਆਪਣੇ ਘਰੋਂ ਕੋਈ ਖ਼ਾਸ ਚੀਜ਼ ਦੇ। ਟਾਲਮਟੋਲ ਕਰਨ ਤੋਂ ਬਾਅਦ ਮੰਨ ਗਈ। ਅੰਦਰੋਂ ਇਕ ਚੂੰਡੀ ਪੀਸੇ ਹੋਏ ਕਛੋਪਰ ਦੀ ਲਿਆ ਦਿੱਤੀ। ਮਾਂ ਨੇ ਆ ਕੇ ਮੁੰਡੇ ਦੇ ਮੂੰਹ ਵਿੱਚ ਪਾਈ। ਗੋਦ ਵਿੱਚ ਲੈ ਕੇ ਬਹਿ ਗਈ। ਤਰੰਤ ਹੀ ਮੁੰਡਾ ਠੀਕ ਹੋ ਗਿਆ। ਸਾਰੀਆਂ ਆਖਣ : “ਸ਼ੁਮ ਨੇ ਇਕੋ ਚੂੰਡੀ ਦਿੱਤੀ। ਜੇ ਵੱਧ ਦੇ ਦਿੰਦੀ ਤਾਂ ਮੁੰਡੇ ਨੇ ਬੜਾ ਤਾਕਤਵਰ ਬਣ ਜਾਣਾ ਸੀ”। 

ਮੁਸਲਮਾਨ ਮੁੰਡਿਆਂ ਨੇ ਆਮ ਤੇ ਕਿਸੇ-ਕਿਸੇ ਸਿੱਖ ਮੁੰਡੇ ਨੇ ਚਾਂਦੀ ਦਾ ਤਵੀਤ ਪਾਇਆ ਹੁੰਦਾ ਸੀ। ਸਾਰੇ ਪਹਿਲਵਾਨ ਤਵੀਤ ਪਾਂਦੇ ਸਨ । ਸਮਝਦੇ ਸਨ ਕਿ ਬੁਰੀ ਨਜ਼ਰ ਨਹੀਂ ਲੱਗਦੀ। ਵੈਸੇ ਚਾਂਦੀ ਦੇ ਤਵੀਤ ਸੋਹਣੇ ਵੀ ਲੱਗਦੇ ਸਨ। 

16 ਸਮਾਜਿਕ ਉਲਟਮ-ਪਲਟਮ 

ਜਿਉਂ-ਜਿਉਂ ਨਵੀਆਂ ਤਹਿਜ਼ੀਬਾਂ ਪੁੰਗਰੀਆਂ, ਧਰਮ ਪ੍ਰਗਟ ਹੋਏ, ਤਿਉਂ-ਤਿਉਂ ਵਿਤਕਰੇ ਵੀ ਵਧਦੇ ਗਏ। ਧਰਮਾਂ ਦੇ ਟਾਕਰੇ ਤੇ ਅੰਦਰੂਨੀ ਖਿੱਚੋ-ਤਾਣ ਦੇ ਕਾਰਨ ਹਰ ਧਰਮ, ਹਰ ਸਮਾਜ ਵਿੱਚ ਕਿਸਮ-ਕਿਸਮ ਦੀ ਊਚ-ਨੀਚ ਉਘੜ ਪਈ। ਲੋਕਾਂ ਦੀ ਰਹਿਣੀ-ਬਹਿਣੀ ਵਿੱਚ ਕਮੀਆਂ-ਪੇਸ਼ੀਆਂ ਹੋਰ ਸਪੱਸ਼ਟ ਹੋ ਗਈਆਂ। ਇਥੇ ਇਹਨਾਂ ਘਟਨਾਵਾਂ ਦੀ ਛਾਣ-ਬੀਣ (analysis) ਨਹੀਂ ਕੀਤੀ ਗਈ। ਸਿਰਫ਼ ਪਿੰਡ ਵਿੱਚ ਵਾਪਰ ਰਹੇ ਸਮਾਜਿਕ ਉਲਟਮ-ਪਲਟਮ (Social Contradictions) ਦਾ ਜ਼ਿਕਰ टे। 

  1. ਧਰਮ-ਪਿੰਡ ਵਿਚ ਚਾਰ ਧਰਮ ਸਨ-ਸਿੱਖ, ਹਿੰਦੂ, ਮੁਸਲਮਾਨ ਤੇ ਈਸਾਈ। ਇਕ-ਦੂਜੇ ਦੇ ਧਰਮ ਦੀ ਇੱਜ਼ਤ ਕਰਦੇ ਸਨ। ਪਰ ਤੌਰ-ਤਰੀਕੇ ਜੁਦਾ-ਜੁਦਾ ਸਨ। 
  2. ਰੱਬ-ਲੋਕ ਇਕੋ ਰੱਬ ਨੂੰ ਮੰਨਦੇ ਸਨ। ਰੱਬ ਤੋਂ ਡਰਦੇ ਸਨ। ਸੱਚ ਦਾ ਗਵਾਹ ਰੱਬ ਹੁੰਦਾ ਸੀ। ਲੋਕ ਰੱਬ ਦੀ ਸੌਂਹ, ਰੱਬ ਦੀ ਕਸਮ ਖਾਂਦੇ ਸਨ। ਪਰ ਹਰ ਧਰਮ ਦਾ ਯਕੀਨ ਵੱਖਰਾ ਸੀ। 

ਸਿੱਖ-ਰੱਬ ਇਕੋ ਹੈ। ਉਸ ਨੂੰ ਮਿਲਣ ਦੇ ਰਸਤੇ ਵੱਖਰੋ-ਵੱਖਰੇ ਹਨ। 

ਹਿੰਦੂ—ਰੱਬ ਇਕੋ ਹੈ। ਉਸ ਦੇ ਅਨੇਕ ਰੂਪ ਹਨ। ਰਸਤਾ ਪੂਜਾ ਹੈ। 

ਇਸਲਾਮ-ਰੱਬ ਇਕੋ ਹੈ। ਉਸ ਨੂੰ ਮਿਲਣ ਦਾ ਰਸਤਾ ਸਿਰਫ਼ ਇਕੋ ਹੈ। ਅੱਲਾਹ! 

ਈਸਾਈ-ਰੱਬ ਇਕੋ ਹੈ। ਉਸ ਨੂੰ ਮਿਲਣ ਦਾ ਰਸਤਾ ਉਹਦਾ ਬੇਟਾ ਯਸੂਮਸੀਹ वै। 

ਸਾਰੇ ਕਹਿੰਦੇ ਸਨ ਕਿ ਰੱਬ ਇਕੋ ਹੈ। ਪਰ ਰੱਬ ਦੀ ਤਾਰੀਫ਼ ਆਪਣੀ-ਆਪਣੀ। ਰੱਬ ਕਿਥੇ ਰਹਿੰਦਾ ਏ ? ਜਿੰਨੇ ਸਵਾਲ, ਉੱਨੇ ਜਵਾਬ! 

ਰੱਬ ਇਕ ਗੁੰਝਲਦਾਰ ਬੁਝਾਰਤ, ਰੱਬ ਇਕ ਗੋਰਖ ਧੰਦਾ 

ਖੋਲਣ ਲੱਗਿਆਂ ਪੇਚ ਏਸ ਦੇ, ਪਾਗ਼ਲ ਹੋ ਜਾਏ ਬੰਦਾ। 

(ਮੋਹਨ ਸਿੰਘ ਮਾਹਰ) 

  1. ਪਾਠ, ਪੂਜਾ, ਨਮਾਜ਼, ਦੁਆ-ਚਾਰੇ ਧਰਮ ਆਪਣੀ ਰੇਖਾ ‘ਤੇ ਚਲਦੇ ਸਨ। 

ਸਿੱਖ-ਆਦਮੀਂ, ਔਰਤਾਂ, ਬੱਚੇ ਇਕੱਠੇ ਗੁਰਦੁਆਰੇ ਜਾਂਦੇ । ਸਿਰ ਢੱਕ ਕਿ, ਨੰਗੇ ਪੈਰੀਂ ਇਕੱਠੇ ਬੈਠਦੇ। ਆਦਮੀ ਗਰੰਥ ਸਾਹਿਬ ਦੇ ਸੱਜੇ ਪਾਸੇ, ਔਰਤਾਂ ਖੱਬੇ ਪਾਸੇ। ਬੱਚੇ ਸਭ ਪਾਸੇ। ਪਰਸ਼ਾਦ ਸਾਰਿਆਂ ਨੂੰ ਕੱਠਾ ਵਰਤਦਾ। ਜੇ ਲੰਗਰ ਹੋਵੇ, ਤਾਂ ਉਹ ਵੀ ਇਕੱਠਾ ਵਰਤਦਾ। ਸ਼ਬਦ ਕੀਰਤਨ ਹੁੰਦਾ, ਸਾਜ਼ ਵੱਜਦੇ, ਹਰ ਧਰਮ ਦੇ ਲੋਕ ਸ਼ਾਮਲ ਹੋ ਸਕਦੇ ਸਨ। ਪਰ ਆਮ ਤੌਰ ‘ਤੇ ਸਿੱਖ ਤੇ ਹਿੰਦੂ ਹੀ ਸ਼ਾਮਲ ਹੁੰਦੇ ਸਨ। 

ਹਿੰਦੂ—ਕੁਝ ਸਦੀਆਂ ਤੋਂ ਮੰਦਰ ਕੋਈ ਨਹੀਂ ਸੀ ਰਹਿ ਗਿਆ। ਹਿੰਦੂ ਵੀ ਗੁਰਦੁਆਰੇ ਇਕੱਠੇ ਹੁੰਦੇ ਸਨ। ਪੰਡਤ ਆਪਣੇ ਘਰ ਦਿਨ-ਦਿਹਾਰ ਨੂੰ ਠਾਕਰਾਂ ਦੀ ਪੂਜਾ ਕਰਦੇ ਸਨ। 

ਇਸਲਾਮ-ਨਮਾਜ਼ ਵਿੱਚ ਸਿਰਫ਼ ਮੁਸਲਮਾਨ ਈ ਸ਼ਾਮਲ ਹੋ ਸਕਦੇ ਸਨ। ਆਦਮੀਆਂ 

ਦੇ ਨਮਾਜ਼ ਪੜ੍ਹਨ ਦਾ ਵਕਤ ਹੋਰ ਤੇ ਔਰਤਾਂ ਦਾ ਹੋਰ: ਇਕੱਠਿਆਂ ਕਦੀ ਨਹੀਂ। 

ਔਰਤਾਂ ਘਟ ਹੀ ਨਮਾਜ਼ ਪੜ੍ਹਨ ਜਾਂਦੀਆਂ ਸਨ । ਖਾਲੀ ਵੇਲੇ ਹੋਰ ਧਰਮਾਂ ਦੇ ਲੋਕ ਜੁੱਤੀ ਲਾਹ ਕੇ ਜਾਂ ਕਛੇ ਮਾਰ ਕੇ ਮਸੀਤ ਵੇਖਣ ਜਾ ਸਕਦੇ ਸਨ। ਅੰਦਰ ਤੇ ਨੇੜੇ ਤੇੜੇ ਵੀ ਗਾਉਣ ਦੀ ਤੇ ਸਾਜ਼ ਵਜਾਉਣ ਦੀ ਸਖ਼ਤ ਮਨਾਹੀ ਸੀ। 

ਈਸਾਈ-ਆਦਮੀ, ਔਰਤਾਂ ਤੇ ਬੱਚੇ ਇਕੱਠੇ ਗਿਰਜੇ ਜਾਂਦੇ ਤੇ ਇਕੱਠੇ ਬਹਿੰਦੇ ਖਲੋਂਦੇ। ਗੀਤ ਵੀ ਗਾਉਂਦੇ। ਗਿਰਜੇ ਕੋਈ ਵੀ ਜਾ ਸਕਦਾ ਸੀ। ਅਨਜੀਲ ਪੜ੍ਹਨ ਤੇ ਦੁਆ ਦੇ ਵੇਲੇ ਵੀ ਹਰ ਕੋਈ ਸ਼ਾਮਲ ਹੋ ਸਕਦਾ ਸੀ। 

  1. ਜ਼ਾਤ-ਪਾਤ-ਧਰਮ ਦੱਸਦੇ ਕੁਝ ਸਨ। ਲੋਕੀਂ ਕਰਦੇ ਕੁਝ ਸਨ। ਸਮੇਂ ਦੇ ਦਸਤੂਰ ਦੇ ਮੁਤਾਬਿਕ ਚੱਲਦੇ ਸਨ। ਹਰ ਧਰਮ ਵਿੱਚ ਜ਼ਾਤ-ਪਾਤ ਦਾ ਪੂਰਾ ਅਸਰ ਤੇ 

ਜ਼ੋਰ ਸੀ। 

ਸਿੱਖ-ਧਰਮ ਜ਼ਾਤ-ਪਾਤ ਦੀ ਨਖੇਦੀ ਕਰਦਾ ਸੀ। ਗੁਰਦੁਆਰੇ ਤੇ ਰਸਮਾਂ 

ਰਿਵਾਜਾਂ ਵਿੱਚ ਸਾਰੇ ਸਿੱਖ ਇਕੱਠੇ ਹੁੰਦੇ। ਇਕੱਠੀ ਰੋਟੀ ਖਾਂਦੇ। ਪਰ ਬਰਾਦਰੀਆਂ ਜ਼ਾਤ- ਪਾਤ ਦੇ ਆਧਾਰ ‘ਤੇ ਵੰਡੀਆਂ ਹੋਈਆਂ ਸਨ । ਭਾਵੇਂ ਤਿੰਨ ਸ਼ਾਦੀਆਂ ਇਸ ਹੱਦ ਨੂੰ ਟੱਪ ਕੇ ਹੋਈਆਂ ਪਰ ਆਮ ਤੌਰ ‘ਤੇ ਬੇਟੀ ਦੀ ਸਾਂਝ ਕੋਈ ਨਹੀਂ ਸੀ । 

ਹਿੰਦੂ-ਆਰਯਾ ਲੋਕ ਜ਼ਾਤ-ਪਾਤ ਦੇ ਜਨਮਦਾਤਾ ਸਨ। ਜ਼ਾਤ-ਪਾਤ ਧਰਮ ਦਾ ਹਿੱਸਾ ਸੀ। ਜ਼ਾਤਾਂ ਜੱਦੀ ਹੁਨਰ ਦੇ ਆਧਾਰ ‘ਤੇ ਬਣੀਆਂ ਸਨ। 

ਇਸਲਾਮ-ਅਰਬ ਦੇਸ, ਜਿੱਥੇ ਇਸਲਾਮ ਪਰਗਟ ਹੋਇਆ, ਦੇ ਅੰਦਰ ਕਿਸੇ ਨੇ 

ਜ਼ਾਤ-ਪਾਤ ਦਾ ਨਾਮ ਵੀ ਨਹੀਂ ਸੀ ਸੁਣਿਆ। ਇਹੋ-ਜਿਹੀਆਂ ਵੰਡੀਆਂ ਦਾ ਮਸਲਾ ਹੀ ਨਹੀਂ ਸੀ। ਪਰ ਜਦੋਂ ਹਿੰਦੂਆਂ ਨੇ ਇਸਲਾਮ ਕਬੂਲ ਕੀਤਾ ਤਾਂ ਜ਼ਾਤ-ਪਾਤ ਨਾਲ ਲੈ ਗਏ। ਸਿੱਖਾਂ ਵਾਂਗਰ ਮੁਸਲਮਾਨਾਂ ਦੀ ਹਰ ਜ਼ਾਤ ਦੀ ਬਰਾਦਰੀ ਵੱਖਰੀ ਸੀ। ਸਗੋਂ ਮਸਜਿਦਾਂ ਵੀ ਵੱਖਰੀਆਂ ਸਨ। ਬੇਟੀ ਦੀ ਸਾਂਝ ਨਹੀਂ ਸੀ। ਵਿਆਹ ਬਰਾਦਰੀਆਂ ਦੇ ਵਿੱਚ ਹੀ ਹੁੰਦੇ ਸਨ। 

ਈਸਾਈ-ਪਿੰਡ ਵਿਚ ਸਾਰੇ ਈਸਾਈ ਇਕੋ ਜ਼ਾਤ ਦੇ ਸਨ। 

  1. ਖਾਣਾ-ਪੀਣਾ-ਇਕੋ ਚੱਕੀ ਦਾ ਆਟਾ, ਰੋਟੀ ਪੱਕ ਗਈ ਤੇ ਸਾਂਝ ਖ਼ਤਮ! ਇਕ ਖੂਹ ਦਾ ਪਾਣੀ, ਘੜੇ ਵਿੱਚ ਪੈ ਗਿਆ ਤੇ ਸਾਂਝ ਖਤਮ। ਇਸ ਤੋਂ ਵੱਡੀ ਉਲਟਮ- ਪਲਟਮ ਦੀ ਮਿਸਾਲ ਹੋਰ ਕੀ ਮਿਲ ਸਕਦੀ ਏ ? ਪਰ ਏਸ ਫਰੇਬ ਨੂੰ ਕੋਈ ਫਰੇਬ ਨਹੀਂ ਸੀ ਸਮਝਦਾ। ਵਕਤ ਦਾ ਦਸਤੂਰ ਸਮਝ ਕਿ ਹਰ ਕੋਈ ਇਸ ਦੀ ਪਾਲਣਾ ਕਰਦਾ ਸੀ। ਇਕ ਚੁੱਪ ਤੇ ਸੌ ਸੁੱਖ। ਇਸ ਉਲਟਮ ਪਲਟਮ ਦਾ ਵੇਰਵਾ ਇਸ ਤਰ੍ਹਾਂ ਦਾ ਸੀ। 

ਅਨਾਜ-ਕੋਈ ਬੀਜੇ, ਕੱਟੇ, ਸਾਫ਼ ਕਰੇ। ਹਰ ਕੋਈ ਖਾਏ। ਇਹੋ ਹਾਲ ਸਬਜ਼ੀਆਂ ਫਲਾਂ ਦਾ ਸੀ। 

ਰੋਟੀ-ਟੁਕਰ-ਸਿਖ ਤੇ ਹਿੰਦੂ ਕੇਵਲ ਸਿਖਾਂ-ਹਿੰਦੂਆਂ ਦੇ ਹੱਥਾਂ ਦਾ ਬਣਿਆ ਹੋਇਆ ਖਾਣਾ ਖਾਂਦੇ ਸਨ। ਜਦੋਂ ਵੀ ਕੋਈ ਮੁਸਲਮਾਨ ਜਾਂ ਈਸਾਈ ਕਿਸੇ ਸਿੱਖ ਜਾਂ ਹਿੰਦੂ ਦੇ ਘਰ ਰੋਟੀ ਖਾਵੇ, ਤਾਂ ਉਸ ਦਾ ਥਾਲੀ ਗਲਾਸ ਅਲੱਗ ਹੁੰਦੇ ਸਨ । ਜੇ ਕੋਈ ਖ਼ਾਸ ਮਹਿਮਾਨ, ਮੁਸਲਮਾਨ ਜਾਂ ਈਸਾਈ ਬਾਹਰੋਂ ਆਵੇ ਤਾਂ ਸ਼ੀਸ਼ੇ ਦੇ ਗਲਾਸ ਤੇ ਚੀਨੀ ਦੇ ਬਰਤਨ ਵਰਤੇ ਜਾਂਦੇ ਸਨ । ਪਰ ਇਹੋ ਜਿਹੇ ਦੋ ਘਰ ਈ ਸਨ । ਈਸਾਈਆਂ ਦੇ ਹੱਥਾਂ ਦਾ ਬਣਿਆ ਹੋਇਆ ਖਾਣਾ ਨਾ ਸਿੱਖ-ਹਿੰਦੂ ਤੇ ਨਾ ਮੁਸਲਮਾਨ ਖਾਂਦੇ ਸਨ। ਵਿਆਹ ਸ਼ਾਦੀਆਂ ਵੇਲੇ ਮੁਸਲਮਾਨ ਪੜੋਸੀ ਜਾਂ ਮਿੱਤਰ ਸਿੱਖਾਂ ਨੂੰ ਕੱਚੀ ਰੋਟੀ (ਆਟਾ, ਦਾਲ, ਚੌਲ, ਘਿਉ) ਦੇਂਦੇ ਸਨ। ਪਰ ਬਹੁਤੇ ਮੁਸਲਮਾਨ ਸਿੱਖਾਂ ਦੇ ਘਰਾਂ ਤੋਂ ਹਲਵਾਈਆਂ ਦੀਆਂ ਬਣੀਆਂ ਹੋਈਆਂ ਕੜਾਹ-ਪੂੜੀ, ਖਿਚੜੀ ਤੇ ਪਲਾਉ ਲੈ ਲੈਂਦੇ ਸਨ । ਈਸਾਈ ਹਰ ਘਰ ਤੋਂ ਖਾਣਾ ਸਵੀਕਾਰ ਕਰ ਲੈਂਦੇ ਸਨ। 

ਦੁੱਧ-ਕੱਚੇ ਦੁੱਧ ਵਿੱਚ ਕੋਈ ਮਤ-ਭੇਦ ਨਹੀਂ ਸੀ। 

ਘਿਉ—ਹਰ ਧਰਮ ਵਾਲੇ ਦੂਜੇ ਧਰਮਾਂ ਤੋਂ ਘਿਉ ਖ਼ਰੀਦ ਲੈਂਦੇ ਸਨ। ਘਿਉ ਵਿੱਚ ਊਚ-ਨੀਚ ਨਹੀਂ ਸੀ ਸਮਝੀ ਜਾਂਦੀ। 

ਲੱਸੀ ਮੱਖਣ-ਸਿੱਖ ਹਿੰਦੂ ਕਦੀ ਵੀ ਮੁਸਲਮਾਨਾਂ ਦੇ ਘਰਾਂ ਤੋਂ ਲੱਸੀ ਮੱਖਣ ਨਹੀਂ ਸਨ ਲੈਂਦੇ । ਮੁਸਲਮਾਨ ਕਾਮੇਂ ਹਰ ਰੋਜ਼ ਸਿੱਖਾਂ ਦੇ ਘਰਾਂ ਦੀ ਲੱਸੀ ਪੀਂਦੇ ਸਨ, ਮਿਲ ਜਾਏ ਤਾਂ ਮੱਖਣ ਖਾਂਦੇ। ਈਸਾਈਆਂ ਨੂੰ ਸਾਰੇ ਪ੍ਰਵਾਨ ਸਨ। 

ਮਾਸ-ਸਿੱਖ ਹਿੰਦੂ ਗਾਂ ਦੀ ਰੱਖਿਆ ਕਰਦੇ ਸਨ ਤੇ ਮੁਸਲਮਾਨ ਸੂਰ ਦੀ। ਪਿੰਡ ਵਿੱਚ ਕਦੀ ਵੀ ਇਹਨਾਂ ਦਾ ਮਾਸ ਨਹੀਂ ਸੀ ਬਣਾਇਆ ਜਾਂਦਾ । ਲੜਾਈ ਦਾ ਡਰ ਹੁੰਦਾ ਸੀ। ਸਿਰਫ਼ ਕੁੱਕੜ, ਬੱਕਰੇ ਤੇ ਭੇਡ ਦਾ ਮਾਸ ਬਣਾਇਆ ਜਾਂਦਾ ਸੀ ਤੇ ਉਹ ਵੀ ਕਦੇ-ਕਦੇ। ਸਿੱਖ ਝਟਕਾ ਕਰਦੇ ਸਨ ਤੇ ਮੁਸਲਮਾਨ ਹਲਾਲ। ਇਹ ਰੀਤ ਇੰਨੀ ਪੱਕੀ ਸੀ ਕਿ ਇਕ ਦੂਜੇ ਦੇ ਮਾਸ ਨੂੰ ਨਾ ਹੱਥ ਲਾਂਦੇ ਸਨ ਤੇ ਨਾ ਕੱਟਦਾ ਵੇਖਦੇ ਸਨ। 

ਪਾਣੀ-ਕੁਦਰਤ ਦੇ ਦਿੱਤੇ ਇਸ ਮੁਫ਼ਤ ਤੋਫ਼ੇ ਨੂੰ ਉਲਟਮ-ਪਲਟਮ ਨੇ ਘੇਰਿਆ ਹੋਇਆ ਸੀ। ਖੂਹ ਦਾ ਪਾਣੀ ਸਾਂਝਾ ਸੀ ਪਰ ਖੂਹੀਆਂ ‘ਤੇ ਲੇਬਲ ਲੱਗੇ ਹੋਏ ਸਨ-ਸਿੱਖਾਂ ਦੀ ਖੂਹੀ, ਮੁਸਲਮਾਨਾਂ ਦੀ ਖੂਹੀ, ਈਸਾਈਆਂ ਦੀ ਖੂਹੀ । ਖੂਹ ਗਿੜਦਾ ਸੀ ਤਾਂ ਹਰ ਕੋਈ ਉਥੇ ਨਹਾਉਣ ਜਾਂਦਾ। ਜ਼ਨਾਨੀਆਂ ਘੜੇ ਭਰਦੀਆਂ, ਪਰ ਜਦੋਂ ਪਾਣੀ ਘੜੇ ਵਿਚ ਪੈ ਗਿਆ ਤਾਂ ਉਹ ਸਿੱਖ ਪਾਣੀ ਤੇ ਮੁਸਲਮ ਪਾਣੀ ਬਣ ਗਿਆ। ਇਕ ਦੂਜੇ ਦੇ ਘੜੇ ‘ਚੋਂ ਪਾਣੀ ਨਹੀ ਸਨ ਪੀਂਦੇ। ਇਥੋਂ ਤਕ ਹੀ ਨਹੀਂ, ਜੇ ਕੋਈ ਮੁਸਲਮਾਨੀ ਕਿਸੇ ਸਿੱਖ ਜਾਂ ਹਿੰਦੂ ਔਰਤ ਦੇ ਘੜੇ ਨੂੰ ਹੱਥ ਲਾ ਦੇਵੇ ਤਾਂ ਉਸੇ ਥਾਂ ਠਾ ਮਾਰ ਕੇ ਤੋੜ-ਫੋੜ ਦਿੱਤਾ ਜਾਂਦਾ ਸੀ। ਕਹਿੰਦੇ ਸਨ : “ਘੜਾ ਭਿੱਟ ਕਤਾ ਏ।” (ਨਾਕਾਰਾ ਹੋ ਗਿਆ ਏ)। ਜਿਥੇ ਵੀ ਮੁਸਾਫ਼ਰਾਂ ਵਾਸਤੇ ਪਿਆਉ ਹੋਵੇ, ਉਥੇ ਲਿਖਿਆ ਹੁੰਦਾ ਸੀ “ਹਿੰਦੂ ਪਾਣੀ”, “ਮੁਸਲਮ ਪਾਣੀ” ਇਕੋ ਰੱਬ ਦਾ ਇਕੋ ਪਾਣੀ, ਵਾਹ! ਵਾਹ ! ਬੰਦਿਆ ਤੇਰੀ ਕਾਰਸਤਾਨੀ। 

  1. ਨਰ-ਮਾਦਾ-ਆਦਮੀ ਇਕ ਤੋਂ ਜ਼ਿਆਦਾ ਔਰਤਾਂ ਦੇ ਨਾਲ ਵਿਆਹ ਕਰਾ ਸਕਦਾ ਸੀ ਪਰ ਔਰਤ ਇਕ ਤੋਂ ਜ਼ਿਆਦਾ ਆਦਮੀਆਂ ਨਾਲ ਵਿਆਹ ਨਹੀਂ ਸੀ ਕਰਾ ਸਕਦੀ। ਕਿਉਂ ? ਮਖ਼ੌਲ ਵਾਲੀ ਗੱਲ ਨਹੀਂ! ਇਹ ਸਵਾਲ ਜ਼ਾਹਰ ਕਰਦਾ ਏ ਕਿ ਸਮਾਜ ਵਿੱਚ ਆਦਮੀ ਤੇ ਔਰਤ ਬਰਾਬਰ ਨਹੀਂ। ਇਹੋ ਜਿਹੇ ਕਿਸਮ-ਕਿਸਮ ਦੇ ਵਿਤਕਰੇ ਘਰਾਂ ਵਿੱਚ ਵੀ ਸੀ ਤੇ ਘਰਾਂ ਤੋਂ ਬਾਹਰ ਵੀ ਸੀ। 

ਫ਼ਰਕ ਜੰਮਣ ਤੋਂ ਹੀ ਸ਼ੁਰੂ ਹੋ ਜਾਂਦਾ ਸੀ । ਮੁੰਡਾ ਜੰਮਣ ਦੀਆਂ ਬੜੀਆਂ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਸਨ। ਧਮਾਨ ਕੀਤਾ ਜਾਂਦਾ ਸੀ। ਲੱਡੂ ਵੰਡੇ ਜਾਂਦੇ ਸਨ। 

ਕੁੜੀਆਂ ਦੀ ਵਾਰੀ ਸੋਗ ਫੈਲ ਜਾਂਦਾ ਸੀ । ਮੁੰਡੇ ਦੀ ਲੋਹੜੀ ਮਨਾਈ ਜਾਂਦੀ ਸੀ, ਲਾਗ ਦਿੱਤੇ ਜਾਂਦੇ ਸਨ। ਕੁੜੀ ਦੀ ਵਾਰੀ ਇਹ ਕਦੀ ਨਹੀਂ ਸੀ ਹੁੰਦਾ ਭਾਵੇਂ ਪੰਜ ਭਰਾਵਾਂ ਦੀ ਇਕੋ ਭੈਣ ਕਿਉਂ ਨਾ ਹੋਵੇ । ਕੁੜੀਆਂ ਨੂੰ ਅੱਧਾ ਗਲਾਸ ਦੁੱਧ ਦਿੱਤਾ ਜਾਂਦਾ ਸੀ। ਮੁੰਡਿਆਂ ਨੂੰ ਪੂਰਾ ਗਲਾਸ । ਹੋਰ ਖਾਣ ਵਾਲੀਆਂ ਚੀਜ਼ਾ ਵੀ ਮੁੰਡਿਆਂ ਨੂੰ ਹਿਸਾਬ ਨਾਲੋਂ ਜ਼ਿਆਦਾ ਮਿਲਦੀਆਂ ਸਨ । ਮਾਵਾਂ ਫ਼ਿਕਰ ਕਰਦੀਆਂ ਸਨ : ‘ਕੁੜੀਆਂ ਛੇਤੀ ਜਵਾਨ ਹੋ ਜਾਂਦੀਆਂ ਨੇ’। ਪਰ ਪਿੰਡ ਵਿੱਚ ਨਵੀਂ ਜੰਮੀ ਕੁੜੀ ਨੂੰ ਮਾਰਨ ਦਾ ਵਾਕਿਆ ਕਦੀ ਨਹੀਂ ਸੀ ਹੋਇਆ। ਜੇ ਜਵਾਨ ਆਦਮੀ ਮਰ ਜਾਵੇ ਤਾਂ ਸਿਆਪਾ ਕੀਤਾ ਜਾਂਦਾ ਸੀ । ਪਰ ਜਵਾਨ ਔਰਤ ਦੀ ਵਾਰੀ ਕੋਈ ਸਿਆਪਾ ਨਹੀਂ ਸੀ ਹੁੰਦਾ। 

ਹਾਂ! ਆਮ ਤੌਰ ‘ਤੇ ਕੁੜੀਆਂ ਦੇ ਵਿਆਹ ਤੇ ਮੁੰਡਿਆਂ ਦੇ ਵਿਆਹ ਨਾਲੋਂ ਜ਼ਿਆਦਾ ਪੈਸਾ ਖ਼ਰਚ ਕੀਤਾ ਜਾਂਦਾ ਸੀ । ਪਰ ਕੁੜੀਆਂ ਨੂੰ ਜਾਇਦਾਦ ਦਾ ਕੋਈ ਹੱਕ ਨਹੀਂ ਸੀ ਹੁੰਦਾ। 

ਇਹਨਾਂ ਵਿਤਕਰਿਆਂ ਦੇ ਬਾਵਜੂਦ, ਔਰਤ ਖ਼ਾਨਦਾਨ ਦੀ ਇੱਜ਼ਤ ਤੇ ਆਬਰੂ ਹੁੰਦੀ ਸੀ। ਉਸ ਦੀ ਰਾਖੀ ਕਰਨਾ ਹਰ ਆਦਮੀ ਤੇ ਹਰ ਭਰਾ ਦਾ ਫਰਜ਼ ਹੁੰਦਾ ਸੀ। 

17 

ਜ਼ਰ, ਜ਼ੋਰੂ, ਜ਼ਮੀਨ 

ਹਰ ਆਦਮੀ ਦੇ ਮਨ ਵਿੱਚ, ਭਾਵੇਂ ਉਹ ਰਾਜਾ ਸੀ ਤੇ ਭਾਵੇਂ ਫ਼ਕੀਰ, ਇਹ ਖੁਬਿਆ ਹੋਇਆ ਸੀ ਕਿ ਪੈਸਾ, ਔਰਤ ਤੇ ਜ਼ਮੀਨ ਉਸ ਦੀ ਜਾਤੀ ਮਲਕੀਅਤ, ਉਹਦੀ ਇੱਜ਼ਤ ‘ਤੇ ਆਨ ਦੀ ਨਿਸ਼ਾਨੀ ਨੇ। ਇਹਨਾਂ ਨੂੰ ਹਾਸਲ ਕਰਨ ਲਈ ਬੰਦਾ ਮਿਹਨਤ ਕਰਦਾ, ਲੜਦਾ, ਜੂਆ ਖੇਡਦਾ ਤੇ ਸਕੀਮਾਂ ਬਣਾਂਦਾ। ਫੇਰ ਇਹਨਾਂ ਦੀ ਰੱਖਿਆ ਲਈ ਜਾਨ ਵੀ ਵਾਰ ਦੇਂਦਾ। ਜ਼ਰ, ਜ਼ੋਰੂ ਤੇ ਜ਼ਮੀਨ ਦੀ ਖਿੱਚ ਦੇ ਨਾਲ ਕੁਦਰਤੀ ਤੌਰ ‘ਤੇ ਹਉਮੈਂ (ਖੁਦੀ) ਤੇ ਸਾੜਾ ਆ ਜੁੜਦੇ ਤੇ ਇਨਸਾਨ ਨੂੰ ਜੁਰਮਾਂ- ਅਪਰਾਧਾਂ ਦੀ ਰਾਹ ‘ਤੇ ਧੱਕ ਦੇਂਦੇ। ਗੱਭਰੂ ਭਿੜਦਾ, ਝਗੜਦਾ ਤੇ ਖੂਨ ਕਰਦਾ। ਚੋਰੀਆਂ ਤੇ ਹੇਰਾ ਫੇਰੀਆਂ ਵੱਲ ਤੁਰ ਪੈਂਦਾ। 

ਪੰਜਾਬ ਦੇ ਪਿੰਡਾਂ ਵਿੱਚ ਖੂਨ ਖ਼ਰਾਬੇ ਆਮ ਹੁੰਦੇ ਸਨ। ਛੋਟੀਆਂ ਗਲੋਟੀਆਂ ਇਹਨਾਂ ਤੋਂ ਕਾਫ਼ੀ ਬਚਿਆ ਹੋਇਆ ਸੀ ਕਿਉਂਕਿ ਸਮਿਆਂ ਤੋਂ ਲੋਕਾਂ ਦੇ ਚਾਲ ਚਲਨ ਤੇ ਸਭਿਅਤਾ ਨੇ ਚੰਗਾ ਸੁਹਾਗਾ ਫੇਰ ਦਿੱਤਾ ਹੋਇਆ ਸੀ। ਲੋਕਾਂ ਨੇ ਆਪਸ ਵਿੱਚ ਪਿਆਰ ਨਾਲ ਰਹਿਣਾ ਸਿੱਖ ਲਿਆ ਸੀ। ਜਿਥੋਂ ਤੱਕ ਯਾਦਦਾਸ਼ਤ ਜਾਂਦੀ ਏ, ਪਿੰਡ ਵਿੱਚ ਦੋ ਲੜਾਈਆਂ ਹੋਈਆਂ, ਇਕ ਖੂਨ ਹੋਇਆ ਤੇ ਖੂਹ ‘ਤੇ ਸੁੱਤੇ ਹੋਏ ਇਕ ਮਾਣਯੋਗ ਜੱਥੇਦਾਰ ਨੂੰ ਅੱਧਮੋਇਆ ਕੀਤਾ ਗਿਆ। ਇਹ ਕੇਵਲ ਸਿੱਖਾਂ ਵਿੱਚ ਹੋਇਆ। 

ਜ਼ਨਾਨੀਆਂ ਵਿੱਚ ਉੱਚੀ-ਨੀਵੀਂ ਆਮ ਹੁੰਦੀ ਸੀ । ਕੜਾਕੇਦਾਰ ਮਿਹਣੇ ਮਾਰਦੀਆਂ ਸਨ ਪਰ ਹੱਥੋਂ ਬਾਹੀ ਘੱਟ ਈ ਹੁੰਦੀਆਂ ਸਨ । ਇਕ ਘਰ ਵਿੱਚ ਜਾਂ ਇਕੋ ਵਿਹੜੇ ਵਿੱਚ ‘ਕੱਠੀਆਂ ਰਹਿੰਦੀਆਂ ਦਰਾਣੀ-ਜਠਾਣੀ ਦਾ ਝਗੜਾ ਆਮ ਸੀ । ਨੂੰਹ ਸੱਸ ਦੀ ਲੜਾਈ ਤਾਂ ਮਸ਼ਹੂਰ ਸੀ। ਸੌਂਕਣਾਂ ਇਕ ਦੂਜੀ ਨੂੰ ਗੁੱਝੇ ਤੀਰ ਮਾਰਦੀਆਂ ਸਨ । ਇਹ ਸਾਰੇ ਝਗੜੇ ਆਪਣੇ ਦਾਇਰੇ ਵਿੱਚ ਖੁੱਲ੍ਹੇ ਤੇ ਪੱਕੇ ਪੈਰ ਜਮਾਣ ਦੀ ਕੋਸ਼ਸ਼ ਕਰਕੇ ਹੁੰਦੇ ਸਨ। ਪਰ ਕਦੀ ਕਿਸੇ ਸੱਸ ਨੇ ਨੂੰਹ ਦੀ ਗੁੱਤ ਨਹੀਂ ਸੀ ਪੁੱਟੀ। 

ਨਿਹੰਗਾਂ ਦੀਆਂ ਲੜਾਈਆਂ : ਦੋ ਨਿਹੰਗ ਭਰਾ ਪਿੰਡ ਦੇ ਅੰਦਰਲੇ ਘਰ ਵਿੱਚ ਰਹਿੰਦੇ ਸਨ। ਵੱਡੇ ਭਰਾ ਦੇ ਚਾਰ ਮੁੰਡੇ ਸਨ (ਮੰਗਲ, ਜਵੰਦਾ, ਸੋਹਨ ਤੇ ਭਤੋ); ਤਿੰਨ ਵਿਆਹੇ ਗਏ। ਸਮਾਂ ਆਇਆ, ਭਰਾਵਾਂ ਨੇ ਜ਼ਮੀਨ ਤੇ ਘਰ ਵੰਡ ਲਏ। ਮੰਗਲ, ਜਵੰਦੇ ਤੇ ਸੋਹਨ ਨੇ ਹਵੇਲੀ ਵਿੱਚ ਖੁੱਲ੍ਹੇ ਘਰ ਬਣਾ ਲਏ ਤੇ ਭਤੋ ਨੂੰ ਸਾਹਮਣੇ ਦੀ ਥਾਂ ‘ਤੇ ਢਾਰਾ ਪਾ ਦਿੱਤਾ। ਚਾਚਾ ਤੇ ਉਹਦੇ ਮੁੰਡੇ ਜਵਾਨ ਹੋ ਗਏ ਤੇ ਵਿਆਹੇ ਗਏ। ਘਰ ਸੌੜਾ ਸੀ। ਉਹਨਾਂ ਸੋਚਿਆ ਕਿ ਵਿੱਚੋਂ ਦੋ ਭਰਾ ਖੁੱਲ੍ਹੇ ਥਾਂ ‘ਤੇ ਜਿਥੇ ਭਤੋਂ ਰਹਿੰਦਾ ਏ, ਨਵੇਂ ਘਰ ਬਣਾ ਲੈਣ। ਤਾਏ ਦੇ ਪੁੱਤਰਾਂ ਨੇ ਇਤਰਾਜ਼ ਕੀਤਾ। ਜਦੋਂ ਘਰ ਵੰਡੇ ਗਏ ਸਨ, ਏਸ ਪਲਾਟ ਬਾਰੇ ਕੋਈ ਲਿਖਤ ਪੜ੍ਹਤ ਨਹੀਂ ਸੀ ਹੋਈ। ਬੁੱਢੇ ਚਾਚੇ ਨੇ ਐਲਾਨ ਕੀਤਾ। ਕਿ ਮੈਂ ਭਤੋ ਦਾ ਢਾਰਾ ਢਾਹ ਕੇ ਜ਼ਬਰਦਸਤੀ ਕਬਜ਼ਾ ਲੈ ਲਵਾਂਗਾ। ਪਲਾਟ ਦੇ ਝਗੜੇ ਕਰ ਕੇ, 1929 ਵਿੱਚ ਨਿਹੰਗਾਂ ਦੀ ਪਹਿਲੀ ਲੜਾਈ ਹੋਈ। 

ਇਕ ਸਵੇਰ ਚਾਚਾ ਖੂੰਡਾ ਲੈ ਕੇ ਪਲਾਟ ‘ਤੇ ਪਹੁੰਚ ਗਿਆ। ਪੁੱਤਰ ਸੁੰਮਾਂ ਵਾਲੀਆਂ ਡਾਂਗਾਂ ਲੈ ਕੇ ਪਾਸੇ ਦੀ ਗਲੀ ਵਿੱਚ ਖਲੋਤੇ ਰਹੇ। ਚਾਚਾ ਉਚੀ-ਉਚੀ ਬੋਲੇ, ਗਾਲੀ ਗਲੋਚ ਹੋਇਆ। ਭਤੀਜਿਆਂ ਨੇ ਚਾਚੇ ਨੂੰ ਧੱਕੇ ਮਾਰੇ। ਤੁਰੰਤ ਹੀ ਉਸ ਦੇ ਪੁੱਤਰ ਡਾਂਗਾਂ ਲੈ ਕੇ ਆ ਨਿਤਰੇ। ਮੰਗਲ ਤੇ ਉਸ ਦੇ ਭਰਾਵਾਂ ਨੇ ਵੀ ਡਾਂਗਾਂ ਕੱਢ ਲਈਆਂ। ਲੜਾਈ ਸ਼ੁਰੂ ਗੋ ਗਈ। ਪਿੰਡ ਦਾ ਕੋਈ ਆਦਮੀਂ ਵੀ ਨੇੜੇ ਨਾਂ ਆਇਆ। ਜ਼ਨਾਨੀਆਂ ਤੇ ਬੱਚੇ ਆਲੇ-ਦੁਆਲੇ ਕੋਠਿਆਂ ‘ਤੇ ਖਲੋ ਕੇ ਵੇਖਦੇ ਰਹੇ। ਡਾਂਗਾਂ ਤੇ ਡਾਂਗਾਂ ਖੜਕੀਆਂ, ਸਿਰ ਪਾਟੇ, ਖੂਨ ਨਿਕਲੇ, ਨਿਹੰਗਾਂ ਦੀਆਂ ਜ਼ਨਾਨੀਆਂ ਰੋਂਦੀਆਂ ਪਿਟਦੀਆਂ ਕੁਰਲਾਂਦੀਆ ਰਹੀਆਂ। ਮੰਗਲ ਤੇ ਉਹਦੇ ਭਰਾਵਾਂ ਨੂੰ ਬੜੀ ਕੁਟ ਪਈ। ਜਦੋਂ ਚਾਰੇ ਭਰਾ ਡਿਗ ਪਏ ਤਾਂ ਵੀ ਕੁੱਟ ਪੈਂਦੀ ਗਈ। ਕਿਸੇ ਨੇ ਡੱਸਕੇ ਥਾਣੇ ਇਤਲਾਹ ਦੇ ਦਿੱਤੀ। ਪੁਲਿਸ ਆਈ। ਜ਼ਖਮੀਆਂ ਨੂੰ ਡੱਸਕੇ ਹਸਪਤਾਲ ਲੈ ਗਏ। ਮੁਕੱਦਮਾ ਚਲਿਆ। ਚਾਚੇ ਦੇ ਦੋ ਪੁੱਤਰਾਂ ਨੂੰ ਛੇ-ਛੇ ਮਹੀਨੇ ਕੈਦ ਹੋਈ। ਬਾਕੀ ਦੇ ਛੁੱਟ ਗਏ। ਪਲਾਟ ਦਾ ਫ਼ੈਸਲਾ ਨਾ ਹੋਇਆ ਕਿਉਂਕਿ ਇਹ ਸਿਵਿਲ ਕੇਸ (Civil Case) ਸੀ। 

ਰਾਜ਼ੀ ਹੁੰਦਿਆਂ ਸਾਰ ਹੀ, ਮੰਗਲ ਤੇ ਉਹਦੇ ਭਰਾਵਾਂ ਨੇ ਪਲਾਟ ਦੇ ਆਲੇ- ਦੁਆਲੇ ਵਾੜ ਲਾ ਦਿੱਤੀ। ਇਕ ਕਮਰਾ ਪਾ ਦਿੱਤਾ ਤੇ ਭਤੋ ਦੇ ਗੁਜ਼ਾਰੇ ਵਾਸਤੇ ਉਸ ਨੂੰ ਬੱਕਰੀਆਂ ਲੈ ਦਿੱਤੀਆਂ। ਪਲਾਟ ਦਾ ਝਗੜਾ ਨਾ ਨਿਪਟਿਆ। ਦੋਹਾਂ ਧਿਰਾਂ ਨੇ ਟਾਕਰੇ ਦੀ ਤਿਆਰੀ ਸ਼ੁਰੂ ਕਰ ਦਿੱਤੀ। ਨਿਹੰਗਾਂ ਦੀ ਦੂਜੀ ਲੜਾਈ 1932 ਵਿੱਚ ਹੋਈ। 

ਸਿਆਲ ਚਮਕਦੀ ਸਵੇਰੇ, ਐਤਵਾਰ ਨੂੰ, ਚਾਚਾ ਤੇ ਉਹਦੇ ਪੁੱਤਰ ਸੁੰਮਾਂ ਵਾਲੀਆਂ ਡਾਂਗਾਂ ਲੈ ਕੇ ਵਾੜੇ ਵਿੱਚ ਆ ਵੜੇ ਤੇ ਭੱਤੋ ਦਾ ਢਾਰਾ ਤੋੜਣਾ ਸ਼ੁਰੂ ਕਰ ਦਿੱਤਾ। ਮੰਗਲ ਤੇ ਉਸ ਦੇ ਭਰਾ ਵੀ ਸੁੰਮਾਂ ਵਾਲੀਆਂ ਡਾਂਗਾਂ ਲੈ ਕੇ ਆ ਗਏ। ਜ਼ਨਾਨੀਆਂ ਕੋਠਿਆਂ ਤੇ ਖਲੋ ਕੇ ਹਾਲ ਪਾਰਿਆ ਕਰਨ ਲੱਗ ਪਈਆਂ। ਗਲੀਆਂ ਵਿੱਚ ਵੀ ਕੁਝ ਲੋਕੀਂ ‘ਕੱਠੇ ਹੋ ਗਏ ਪਰ ਕਿਸੇ ਦੀ ਹਿੰਮਤ ਨਾ ਪਈ ਕਿ ਦਖ਼ਲ ਦੇਵੇ । ਸੁਣਨੀ ਵੀ ਕਿਸੇ ਨਹੀਂ ਸੀ। 

ਲੜਾਈ ਬੜੇ ਘਮਸਾਨ ਦੀ ਹੋਈ। ਇਕ ਵੀ ਬੰਦਾ ਨਹੀਂ ਸੀ ਜਿਸ ਦਾ ਸਿਰ ਨਾ ਪਾਇਆ ਹੋਏ ਜਾਂ ਹੱਡੀਆਂ ਨਾਂ ਟੁੱਟੀਆਂ ਹੋਣ। ਪਹਿਲੇ ਵਾਂਗਰ ਚਾਚੇ ਦੇ ਪੁੱਤਰਾਂ ਦਾ ਪਲੜਾ ਭਾਰੀ ਵੇਖ ਕੇ ਜਵੰਦੇ ਨੇ ਟੋਕੇ ਨਾਲ ਚਾਚੇ ਦਾ ਸਿਰ ਪਾੜ ਦਿੱਤਾ। ਜਦੋਂ ਟੋਕਾ ਖੱਪਰੀ ‘ਚੋਂ ਬਾਹਰ ਕੱਢਿਆ ਤਾਂ ਲਹੂ ਦੀਆਂ ਧਾਰਾਂ ਵਗ ਤੁਰੀਆਂ। ਜਵੰਦੇ ਨੇ ਟੈਕ ਨੂੰ ਲਪੇਟ ਕੇ ਗਲੀ ਦੇ ਦੂਜੇ ਪਾਸੇ ਕੋਠੇ ਤੇ ਖਲੋਤੀ ਵਹੁਟੀ ਵੱਲ ਸੁੱਟ ਦਿੱਤਾ। ਡਰ ਸੀ ਕਤਲ ਦਾ ਮੁਕੱਦਮਾ ਨਾ ਬਣ ਜਾਏ। ਵਹੁਟੀ ਨੇ ਟੋਕੇ ਨੂੰ ਧੋ ਕੇ ਪੱਠਿਆਂ ਵਿੱਚ ਲੁਕਾ ਦਿੱਤਾ। ਤੈਸ਼ ਏਨਾ ਵਧ ਗਿਆ ਕਿ ਚਾਚੇ ਦੇ ਪੁੱਤਰਾਂ ਨੇ ਤਿੰਨ ਭਰਾਵਾਂ ਜਵੰਦੇ, ਸੋਹਨ ਤੇ ਭੱਤੋ ਨੂੰ ਕੁੱਟ-ਕੁੱਟ ਕੇ ਭੋਹ ਬਣਾ ਦਿੱਤਾ। ਚੌਥਾ ਮੰਗਲ ਟੁੱਟੀ ਹੋਈ ਲੱਤ ਨੂੰ ਘਸੀਟਦਾ ਨਾਲ ਦੇ ਘਰ ਤੇਲੀਆਂ ਦੇ ਕੋਹਲੂ ਵਿੱਚ ਜਾ ਲੁਕਿਆ। ਚਾਚੇ ਦਾ ਪੁੱਤਰ ਓਥੇ ਵੀ ਪਹੁੰਚ ਗਿਆ। ਮੰਗਲ ਦੇ ਪਾਸੇ ਤੋੜ ਦਿੱਤੇ। ਲੜਾਈ ਖ਼ਤਮ ਹੋਈ ਜਦੋਂ ਇਹ ਸਾਰੇ ਭਰਾ ਬੇਹੋਸ਼ ਹੋ ਕੇ ਜ਼ਮੀਨ ‘ਤੇ ਡਿੱਗ ਪਏ ਤੇ ਉਹਨਾਂ ਦੀਆਂ ਤਿੰਨੇ ਵਹੁਟੀਆਂ ਨੇ ਆ ਕੇ ਸਿਆਪਾ ਸ਼ੁਰੂ ਕਰ ਦਿੱਤਾ। ਚਾਚਾ ਤੇ ਉਹਦੇ ਦੋ ਪੁੱਤਰ ਵੀ ਬੇਹੋਸ਼ ਹੋਏ ਡਿਗੇ ਪਏ ਸਨ, ਉੱਨੇ ਚਿਰ ਨੂੰ ਡੱਸਕੇ ਤੋਂ ਘੋੜਿਆਂ ‘ਤੇ ਪੁਲਿਸ ਆ ਗਈ। ਪੁਲਿਸ ਨੂੰ ਇਤਲਾਹ ਪੁਚਾਣ ਤੇ ਪੁਲਿਸ ਦੇ ਆਉਣ ਨੂੰ ਤਿੰਨ ਚਾਰ ਘੰਟੇ ਲੱਗ ਗਏ। ਫੱਟੜਾਂ ਨੂੰ ਚੁੱਕ ਕੇ ਸਕੂਲ ਵਿੱਚ ਮੰਜੀਆਂ ‘ਤੇ ਲਟਾਇਆ ਗਿਆ। ਰੋਂਦੀਆਂ ਔਰਤਾਂ ਉਹਨਾਂ ਨੂੰ ਪਾਣੀ ਪਿਆਂਦੀਆਂ ਤੇ ਘੁਟਦੀਆਂ। ਚੁੰਨੀਆਂ ਪਾੜ ਕੇ ਪੱਟੀਆਂ ਕਰਦੀਆਂ। ਪਿੰਡ ਦੇ ਆਦਮੀ ਮੰਜੀਆਂ ਨੂੰ ਚੁੱਕ ਕੇ ਡੱਸਕੇ ਹਸਪਤਾਲ ਲੈ ਗਏ। ਚਾਚੇ ਦੇ ਦੋ ਪੁੱਤਰਾਂ ਨੂੰ ਸਿਰਫ਼ ਮਲ੍ਹਮ ਪੱਟੀ ਕਰਾਣੀ ਪਈ। ਪੁਲਿਸ ਨੇ ਮੁਕੱਦਮਾ ਦਾਇਰ ਕਰ ਦਿੱਤਾ। ਦੋਹਾਂ ਟੱਬਰਾਂ ਨੂੰ ਪੁਲਿਸ ਦੀ ਭੇਟਾ ਤੇ ਮੁਕੱਦਮੇ ਲੜਣ ਵਾਸਤੇ ਜ਼ਮੀਨ ਗਹਿਣੇ ਪਾਉਣੀ ਪਈ। 

ਇਹਨਾਂ ਲੜਾਈਆਂ ਦਾ ਦਰਦਨਾਕ ਹਾਲ ਨਾਵੇਂ ਮਹੱਲੇ ਦੇ ਲੰਬਰਦਾਰ ਬੁੱਢਾ ਸਿੰਘ ਦੇ ਛੋਟੇ ਭਰਾ ਦੇਵਾ ਸਿੰਘ ਨੇ ਦੋ ਕਵਿਤਾਵਾਂ ਵਿੱਚ ਰੁਬਰੂ ਬਿਆਨ ਕੀਤਾ। ਦੇਵਾ ਸਿੰਘ ਲੜਾਈਆਂ ਦਾ ਹਾਲ ਗਾ ਕੇ ਸੁਣਾਇਆ ਕਰਦਾ ਸੀ। ਇਹ ਪਿੰਡ ਦੀ ਮਹਾਂਭਾਰਤ ਸੀ। ਕਿਸ ਤਰ੍ਹਾਂ ਇਕ ਗੱਭਰੂ ਅੱਡੀਆਂ ਭਾਰ ਖਲੋ ਕੇ ਸਿਰ ਉੱਤੋਂ ਲਿਆ ਕੇ ਦੋਹਾਂ ਹੱਥਾਂ ਨਾਲ ਡਾਂਗ ਮਾਰਦਾ, ਕੋਈ ਵੱਜਦੀ, ਕੋਈ ਤਿਲਕ ਜਾਂਦੀ, ਕੋਈ ਹੱਡੀਆਂ ਤੋੜ ਦੇਂਦੀ। ਟੋਕੇ ਦਾ ਵੱਜਣਾ, ਲਹੂ ਦੀਆਂ ਧਾਰਾਂ, ਚੀਕ-ਚਿਹਾੜਾ, ਜਵਾਨੀ ਦਾ ਜੋਸ਼, ਮਾਂ ਦੇ ਪੀਤੇ ਦੁੱਧ ਦਾ ਜ਼ੋਰ, ਇਹ ਸਭ ਕੁਝ ਸ਼ਾਇਰ ਦੇ ਬਿਆਨ ਵਿੱਚ ਸੀ । ਦੇਵਾ ਸਿੰਘ ਅਨਪੜ੍ਹ ਸੀ ਪਰ ਉਸ ਦਾ ਚੇਤਾ ਬੜਾ ਚੰਗਾ ਸੀ । ਕਿਸੇ ਨੂੰ ਵੀ ਖ਼ਿਆਲ ਨਾ ਆਇਆ ਕਿ ਉਹ ਕਵਿਤਾਵਾਂ ਲਿਖ ਦੇਵੇ। ਸੋਹਨ ਸਿੰਘ ਦੇ ਪੁੱਤਰ ਹਜ਼ੂਰ ਨੂੰ ਜ਼ਬਾਨੀ ਯਾਦ ਸਨ ਪਰ ਉਹ ਵੀ ਆਪਣਾ ਚੇਤਾ ਆਪਣੇ ਨਾਲ ਲੈ ਗਿਆ। 

ਚੁੱਪ-ਚਪੀਤਾ ਕਤਲ : ਪਿੰਡ ਵਿੱਚ ਇਕੋ ਹੀ ਕਤਲ ਹੋਇਆ। ਇਕ ਨੌਜਵਾਨ ਨੇ 1946 ਵਿਚ ਆਪਣੀ ਵਹੁਟੀ ਨੂੰ ਮਾਰ ਦਿੱਤਾ। ਕਿਸੇ ਵਜ੍ਹਾ ਕਰਕੇ ਸੱਸ ਨੂੰਹ ਤੋਂ ਔਖੀ ਸੀ । ਉਸ ਨੂੰ ਘਰੋਂ ਕੱਢਣਾ ਚਾਹੁੰਦੀ ਸੀ । ਪੁੱਤਰ ਨੂੰ ਰੋਜ਼ ਆਖੇ ਕਿ ਮੈਂ ਤੇਰਾ ਦੂਜਾ। ਵਿਆਹ ਕਰ ਦਿਆਂਗੀ। ਨੂੰਹ ਨੇ ਪੇਕੇ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਸੱਸ ਨੇ ਸੋਚਿਆ ਕਿ ਸੋਖਾ ਇਲਾਜ ਇਹ ਹੈ ਕਿ ਨੂੰਹ ਨੂੰ ਪਾਸੇ ਲਾ ਦਿੱਤਾ ਜਾਵੇ । ਪੁੱਤਰ ਮੰਨ ਗਿਆ। ਇਕ ਗਈ ਰਾਤ, ਸੱਸ ਨੇ ਨੂੰਹ ਨੂੰ ਆਖਿਆ ਕਿ ਮੈਂ ਜ਼ਰੂਰੀ ਬਾਹਰ ਜਾਣਾ ਏ. ਤੂੰ ਮੇਰੇ ਨਾਲ ਚੱਲ। ਔਰਤਾਂ ਹਮੇਸ਼ਾਂ ਹੀ ਇਕੱਠੀਆਂ ਬਾਹਰ ਜਾਂਦੀਆਂ ਸਨ, ਖ਼ਾਸ ਤੌਰ ‘ਤੇ ਹਨੇਰੇ ਪਏ। ਕਪਾਹ ਦੇ ਖੇਤ ਵਿੱਚ ਜਾ ਬੈਠੀਆਂ। ਦਰੱਖ਼ਤ ਦੇ ਪਿਛੇ ਕਿਰਪਾਨ ਲੈ ਕੇ ਨੌਜਵਾਨ ਖੜਾ ਸੀ। ਫ਼ਟਾਫੱਟ ਹੀ ਉਸ ਨੇ ਨੂੰਹ ਦੇ ਟੋਟੇ-ਟੋਟੇ ਕਰ ਦਿੱਤੇ। ਭੂਰੇ ਵਿੱਚ ਬੰਨ੍ਹ। ਕੇ, ਘੋੜੀ ‘ਤੇ ਪੰਡ ਨੂੰ ਰੱਖ ਕੇ ਰਾਤੋ-ਰਾਤ ਡੱਸਕੇ ਦੀ ਨਹਿਰ ਵਿੱਚ ਸੁੱਟ ਆਇਆ। ਅੰਦਰੋਂ ਅੰਦਰੀ ਚਾਚੇ ਦੇ ਪੁੱਤਰ ਨੇ ਮੱਦਦ ਵੀ ਕੀਤੀ। 

ਟੱਬਰ ਨੇ ਸੁੱਖ ਦਾ ਸਾਹ ਲਿਆ। ਪਿੰਡਾਂ ਵਿੱਚ ਕੋਈ ਗੱਲ ਬਹੁਤਾ ਚਿਰ ਲੁਕੀ ਨਹੀਂ ਰਹਿੰਦੀ। ਨੂੰਹ ਕਿਥੇ ਗਈ ? ਲਹੂ ਦੇ ਤੁਬਕਿਆਂ ਦੀ ਲਕੀਰ ਕਿਦੀ ਏ ? ਸੱਸ ਚੁੱਪ ਕਿਉਂ ਏ? ਲੋਕਾਂ ਨੇ ਕਿਆਫ਼ਾ ਤੇ ਲਾ ਲਿਆ ਪਰ ਪਿੰਡ ਵਿਚੋਂ ਕੋਈ ਬੋਲਿਆ ਨਾਂ। ਕੁੜੀ ਦੇ ਪਿਉ ਨੂੰ ਸੂਹ ਮਿਲੀ। ਉਹ ਪਿੰਡ ਆਇਆ। ਕੁਝ ਪਤਾ ਨਾ ਲੱਗਾ। ਥਾਨੇ ਗਿਆ। ਰਸੂਖ ਵਰਤਿਆ। ਪੈਮੇ ਭਰੇ। ਪੁਲਿਸ ਪਿੰਡ ਆਈ। ਤਫ਼ਤੀਸ਼ ਕੀਤੀ। ਪਿੰਡ ਵਾਲਿਆਂ ਦਾ ਇਕੋ ਜਵਾਬ ਸੀ : “ਸਾਨੂੰ ਨਹੀਂ ਪਤਾ”। ਸਗੋਂ ਉਹਨਾਂ ਮੁਲਜ਼ਮਾਂ ਨੂੰ ਛੁਪਾਈ ਰੱਖਿਆ। ਘਰ ਵਾਲਿਆਂ ਨੇ ਥਾਣੇਦਾਰ ਨੂੰ ਇਕ ਘੋੜੀ ਤੇ ਇਕ ਹਜ਼ਾਰ ਰੁਪਇਆ ਦੇ ਕੇ ਵਾਪਸ ਤੋਰਿਆ। ਕੇਸ ਅਜੇ ਚਲਦਾ ਪਿਆ ਸੀ। ਵੰਡ ਨੇ ਸਲੇਟ ਸਾਫ਼ ਕਰ ਦਿੱਤੀ। 1947 ਦੀ ਮਿਹਰਬਾਨੀ। 

ਜਬਰ ਜਨ੍ਹਾ : ਖੇਤਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੀ ਇੱਜ਼ਤ ਅਕਸਰ ਲੁੱਟੀ ਜਾਂਦੀ ਸੀ । ਕਈ ਵਾਰੀ ਉਹ ਡਰਦੀਆਂ ਚੁੱਪ ਰਹਿੰਦੀਆਂ ਕਿ ਰੋਜ਼ਗਾਰੀ ਚਲੀ ਜਾਏਗੀ ਤੇ ਕਈ ਵਾਰੀ ਇਸ ਆਸ ਵਿੱਚ ਕਿ ਕੁਝ ਇਵਜ਼ਾਨਾ ਮਿਲ ਜਾਏਗਾ। ਇਹ ਸਾਰੀਆਂ ਔਰਤਾਂ ਈਸਾਈ (ਦਲਿਤ) ਹੁੰਦੀਆਂ ਸਨ। 

ਇਕ ਭਿਆਨਕ ਘਟਨਾ ਵਿੱਚ 15-16 ਸਾਲਾਂ ਦੀਆਂ ਦੋ ਖੂਬਸੂਰਤ ਕੁੜੀਆਂ ਤੇ ਅਸਰ ਰਸੂਖ ਵਾਲੇ ਖ਼ਾਨਦਾਨ ਦੇ ਦੋ ਗੱਭਰੂ ਸ਼ਾਮਲ ਸਨ । ਕੁੜੀਆਂ ਆਪਣੀ ਮਾਂ ਦੇ ਨਾਲ ਹਵੇਲੀ ਸਾਫ਼ ਕਰਨ ਤੇ ਗੋਹਿਆ ਥੱਪਣ ਆਉਂਦੀਆਂ ਸਨ। ਸ਼ਾਇਦ ਅੱਖ ਮਟੱਕਾ ਚਲਦਾ ਹੋਵੇ ਕਿਉਂਕਿ ਕਈ ਵਾਰੀ ਕੁੜੀਆਂ ਨੇ ਸੋਹਣੀ ਰੰਗਦਾਰ ਸਲਵਾਰ- ਕਮੀਜ਼ ਪਾਈ ਹੁੰਦੀ ਸੀ। ਇਕ ਵਾਰੀ ਮਾਲਕਾਂ ਦੇ ਮੁੰਡੇ ਨੇ ਸਕੀਮ ਬਣਾਈ। ਮਾਂ ਨੂੰ ਆਖਣ ਲੱਗਾ ਕਿ ਮੇਰੀ ਉਂਗਲ ਕਟੀ ਗਈ ਏ ਤੇ ਮੈਂ ਮੱਝਾਂ ਦੀ ਧਾਰ ਨਹੀਂ ਕੱਢ ਸਕਦਾ। ਦੋ ਦਿਨ ਕੁੜੀਆਂ ਹਵੇਲੀ ਰਹਿ ਕੇ ਸਵੇਰੇ ਸ਼ਾਮ ਧਾਰ ਕੱਢ ਦਿਆ ਕਰਨ। ਮਾਂ ਮੰਨ ਗਈ, ਕੁੜੀਆਂ ਰਹਿ ਪਈਆਂ । ਸ਼ਾਇਦ ਮਾਂ ਨੂੰ ਕੁੱਝ ਦਿੱਤਾ ਵੀ ਹੋਵੇ। ਇਕ ਹੋਰ ਭਰਾ ਵੀ ਆ ਰਲਿਆ। ਦੇ ਦੇ ਥਾਂ ਤਿੰਨ ਦਿਨ ਲੰਘ ਗਏ। ਸਵੇਰੇ ਸ਼ਾਮ ਬਲਾਤਕਾਰ ਦਲਦਾ ਰਿਹਾ। ਮੁੰਡਿਆਂ ਨੇ ਦੇ ਹਰ ਮਿੱਤਰ ਵੀ ਬੁਲਾ ਲਏ। ਸ਼ਰਾਬ ਪੀ ਕੇ ਕੁੜੀਆਂ ਨੂੰ ਠੇਕਦੇ ਰਹੇ। 

ਚੌਦਾਂ ਸਾਲਾਂ ਦਾ ਮੋਹਨੀ, ਪਿਉ ਦਾ ਇਕੋ ਇਕ ਪੁੱਤਰ ਸੀ। ਹਵੇਲੀ ਦੇ ਨੇੜੇ ਉਹਦੀ ਪਕੌੜਿਆਂ ਦੀ ਦੁਕਾਨ ਸੀ । ਆਲੂ, ਗੋਭੀ, ਪਾਲਕ, ਆਂਡੇ, ਜਿਸ ਕਿਸਮ ਦੇ ਪਕੌੜੇ ਚਾਹੋ, ਬਣਾ ਦਿੰਦਾ ਸੀ। ਜਿੰਨੇ ਦਿਨ ਹਵੇਲੀ ਵਿੱਚ ਗਰਮਾ-ਗਰਮੀ ਚਲਦੀ ਰਹੀ, ਮੋਹਨੀ ਦਿਨ ਰਾਤ ਪਕੌੜੇ ਤੇ ਆਂਡੇ ਬਣਾ ਕੇ ਖਵਾਂਦਾ ਰਿਹਾ। ਇਕ ਰਾਤ ਸ਼ਰਾਬੀਆਂ ਨੇ ਮੋਹਨੀ ਨੂੰ ਆਖਿਆ ਤੂੰ ਵੀ ਵਾਰੀ ਲੈ ਲੈ । ਹੋ ਸਕਦੈ ਮੋਹਨੀ ਨੇ ਇਕ ਤੋਂ ਵਧ ਵਾਰੀ ਸਵਾਦ ਲਿਆ ਹੋਵੇ। ਅਨਜਾਣ ਉਮਰ ਦੇ ਨੂੰ ਬੀਮਾਰੀ ਲੱਗ ਗਈ। ਡਰਦੇ ਨੇ ਧੂੰ ਨਾ ਕੱਢਿਆ। ਜਦੋਂ ਪੀੜ ਬਹੁਤ ਵਧ ਗਈ ਤਾਂ ਪਿਉ ਨੂੰ ਦੱਸਿਆ। ਪਿਉ ਉਹਨੂੰ ਟਾਂਗ ‘ਤੇ ਗੁਜਰਾਂਵਾਲੇ ਲੈ ਗਿਆ । ਡਾਕਟਰਾਂ ਨੂੰ ਵਿਖਾਇਆ। ਉਹਨਾਂ ਦਿਨਾਂ ਵਿੱਚ ਫੈਲ ਗਏ ਆਤਸ਼ਕ-ਮੌਜ਼ਾਕ ਦਾ ਕੋਈ ਇਲਾਜ ਨਹੀਂ ਸੀ ਹੁੰਦਾ। ਮਾਂ-ਪਿਉ ਦਾ ਇਕੋ- ਇਕ ਪੁੱਤਰ ਚਲਾ ਗਿਆ। ਅਕਸਰ, ਅੱਧੀ ਰਾਤੀਂ, ਚੁਬਾਰੇ ਵਿੱਚ ਉੱਚੀ-ਉੱਚੀ ਰੋ ਕੇ, ਮੋਹਨੀ ਨੂੰ ਪੁਕਾਰਦਾ ਹੁੰਦਾ ਸੀ । ਉਸ ਦਾ ਦੁਖੀ ਪਿਉ, ਈਸ਼ਰ ਸਿੰਘ ਭਾਟੀਆ। 

ਦੋ ਨੌਜਵਾਨ ਸਿੱਖ ਕੁੜੀਆਂ ਦੀ ਇੱਜ਼ਤ ਲੁੱਟੀ ਜਾਣ ਦਾ ਕਿੱਸਾ ਪਿੰਡ ਵਿਚ ਹਰ ਇਕ ਨੂੰ ਪਤਾ ਸੀ ਪਰ ਰਵਾਜਨ ਡਰਦੇ ਮਾਰੇ ਕੋਈ ਗੱਲ ਨਹੀਂ ਸੀ ਕਰਦਾ। ਵਾਕਿਅਤ ਵੱਖਰੇ-ਵੱਖਰੇ ਸਾਲਾਂ ਵਿੱਚ ਹੋਏ ਪਰ ਇਹ ਉਸੇ ਥਾਂ ਤੇ ਉਸੇ ਰਸੂਖ ਵਾਲੇ ਆਦਮੀ ਦੇ ਕਾਰਨਾਮੇਂ ਸਨ। ਕਾਰਜ ਵੀ ਇਕੋ ਜਿਹੇ ਸਨ। ਇਕ ਕੇਸ ਵਿੱਚ ਕੁੜੀ ਦੀ ਮਾਂ ਨੇ ਇਕ ਉਚੇ ਟੱਬਰ ਦੇ ਗੁੱਝੇ ਰਾਜ਼ ਨੂੰ ਕੁਝ ਜ਼ਨਾਨੀਆਂ ਨਾਲ ਸਾਂਝਾ ਕਰ ਲਿਆ। ਗਲ ਨਿਕਲ ਗਈ। ਦੂਜੇ ਕੇਸ ਵਿੱਚ ਕੁੜੀ ਦੇ ਭਰਾ ਨੇ ਉਸੇ ਸਰਦਾਰ ਦੀ ਖੁੱਲ੍ਹਮ-ਖੁੱਲ੍ਹਾ ਵਿਰੋਧਤਾ ਕੀਤੀ ਸੀ। ਪਿੰਡ ਵਿੱਚ ਰੋਅਬਦਾਬ ਰੱਖਣ ਲਈ ਜ਼ਰੂਰੀ ਸੀ ਕਿ ਚੰਗਾ ਸਬਕ ਸਿਖਾਇਆ ਜਾਏ। ਪਰ ਕਸੂਰ ਕਿਸੇ ਦਾ ਤੇ ਭਰੇ ਕੋਈ ਹੋਰ। ਕੱਪੜੇ ਧੋਣ ਜਾਂਦੀਆਂ ਕੁੜੀਆਂ ਉਸੇ ਥੜ੍ਹੇ ਕੋਲੋਂ ਲੰਘੀਆਂ ਤਾਂ ਉਹਨਾਂ ਨੂੰ ਕੁੜ੍ਹ ਵਿੱਚ ਖਿੱਚ ਲਿਆ ਗਿਆ। 

ਕੁੜੀਆਂ ਦੇ ਪਿਉ ਇੰਨੀ ਤਾਕਤ ਵਾਲੇ ਨਹੀਂ ਸਨ ਕਿ ਮੱਥਾ ਲਾ ਲੈਂਦੇ। ਚੁੱਪ ਕਰਕੇ ਜ਼ਹਿਰ ਪੀ ਗਏ। ਰੌਲਾ ਪਾਣ ਦਾ ਫ਼ਾਇਦਾ ਵੀ ਨਹੀਂ ਸੀ ਕਿਉਂਕਿ ਅੱਗੋਂ ਕੁੜੀਆਂ ਦੇ ਵਿਆਹ ਵੀ ਤਾਂ ਕਰਨੇ ਸਨ। 

ਸਾੜ ਫੂਕ-ਈਰਖਾ ਦੇ ਨਾਲ ਕਿਸੇ ਦਾ ਘਰ ਸਾੜਨਾ ਨਾਮੁਮਕਿਨ ਹੁੰਦਾ ਸੀ। ਨਾਲ-ਨਾਲ ਜੁੜੇ ਘਰਾਂ ਦੀਆਂ ਕੰਧਾਂ ਆਮ ਮਿਟੀ ਦੀਆਂ ਹੁੰਦੀਆਂ ਸਨ। ਛੱਤ ਵੀ ਮਿੱਟੀ ਦੇ। ਲੱਕੜੀ ਦੀ ਵਰਤੋਂ ਬੜੀ ਘੱਟ ਸੀ । ਹਰ ਘਰ ਦੀ ਰਸੋਈ ਵੇਹੜੇ ਵਿੱਚ ਹੁੰਦੀ ਸੀ। ਚੁੱਲ੍ਹੇ ਤੇ ਤੰਦੂਰ ਵਿੱਚ ਰੋਜ਼ ਅੱਗ ਬਲਦੀ ਸੀ ਪਰ ਇਹਨਾਂ ਦੇ ਭਾਂਬੜ ਫੈਲਦੇ ਨਹੀਂ ਸਨ ਤੇ ਘਰ ਨੂੰ ਸਾੜ ਨਹੀਂ ਸਨ ਸਕਦੇ। ਹੋਰ ਕਿਸੇ ਦੇ ਘਰ ਨੂੰ ਕੀ, ਆਪਣੇ ਘਰ ਨੂੰ ਵੀ ਅੱਗ ਨਹੀਂ ਸੀ ਲਾਈ ਜਾ ਸਕਦੀ। ਪਰ ਨਫ਼ਰਤ ਨਾਲ ਇਕੱਠੀ ਕੀਤੀ ਹੋਈ ਫਸਲ ਨੂੰ ਅੱਗ ਲਾਣੀ ਸੌਖੀ ਸੀ। 

ਵਾਢੀਆਂ ਤੋਂ ਬਾਅਦ ਕਣਕ ਦੀਆਂ ਭਰੀਆਂ ਖਿਲਾੜੇ ਵਿੱਚ ਇਕੱਠੀਆਂ ਕੀਤੀਆਂ ਜਾਂਦੀਆਂ ਸਨ। ਸੋਨੇ ਦਾ ਟਿੱਬਾ ਨਜ਼ਰ ਆਉਂਦਾ ਸੀ। ਕਿਸਾਨ ਦੀਆਂ, ਕਾਮਿਆਂ ਦੀਆਂ ਤੇ ਹੋਰ ਹਿੱਸੇਦਾਰਾਂ ਦੀਆਂ ਉਮੰਗਾਂ ਦੇ ਢੇਰ ਦੀ ਦਿਨ ਰਾਤ ਰਾਖੀ ਕੀਤੀ ਜਾਂਦੀ ਸੀ । ਇਕ ਤੀਲੀ ਵੀ ਇਸ ਨੂੰ ਮਚਾ ਸਕਦੀ ਸੀ। ਕਿਤੇ ਨਾ ਕਿਤੇ ਕੋਈ ਈਰਖਾ ਦਾ ਅੰਨ੍ਹਾ ਅੱਗ ਲਾ ਈ ਦੇਂਦਾ ਸੀ । ਭਾਂਬੜ ਏਨੀ ਤੇਜ਼ੀ ਤੇ ਏਨੇ ਜ਼ੋਰ ਨਾਲ ਮਚਦਾ ਸੀ ਕਿ ਇਕ ਵੀ ਭਰੀ ਨਹੀਂ ਸੀ ਬਚਾਈ ਜਾ ਸਕਦੀ। ਲਾਟਾਂ ਏਨੀਆਂ ਉੱਚੀਆਂ ਉਠਦੀਆਂ ਸਨ ਕਿ ਰਾਤ ਦੇ ਹਨੇਰੇ ਵਿਚ ਮੀਲਾਂ ਦੂਰ ਕੋਠਿਆਂ ਤੋਂ ਵੇਖੀਆਂ ਜਾ ਸਕਦੀਆਂ ਸਨ । ਜੇ ਕਿਸੇ ਦਾ ਖਿਲਾੜਾ ਸੜ ਜਾਏ ਤਾਂ ਉਹ ਕਿਸਾਨ ਕੰਗਾਲ ਹੋ ਜਾਂਦਾ ਸੀ । ਹਮਸਾਏ ਭਾਵੇਂ ਕੁਝ ਦਾਨੇ ਦੇ ਦੇਣ, ਹੋਰ ਮੱਦਦ ਦਾ ਜ਼ਿਰੀਆ ਨਹੀਂ ਸੀ ਹੁੰਦਾ। 

ਪਸ਼ੂ ਕੱਢਣੇ-ਆਮ ਬੰਦਾ ਪਸ਼ੂ ਨਹੀਂ ਕੱਢ ਸਕਦਾ। ਇਸ ਵਾਸਤੇ ਹੁਨਰ, ਤਜਰਬਾ ਤੇ ਪਸ਼ੂ ਲੁਕਾਣ ਦੀ ਥਾਂ ਚਾਹੀਦੀ ਏ। ਤੁਸੀਂ ਘਰ ਮੱਝ ਲੈ ਆਵੋ ਤਾਂ ਸਾਰਾ। ਪਿੰਡ ਪੁੱਛਦਾ ਸੀ ਕਿ ਕਿਥੋਂ ਖ਼ਰੀਦੀ, ਕਿੰਨੇ ਦੀ ਖ਼ਰੀਦੀ। ਹਰ ਇਕ ਨੂੰ ਇਹ ਵੀ ਪਤਾ ਹੁੰਦਾ ਸੀ ਕਿ ਇਸ ਬੰਦੇ ਵਿੱਚ ਮੱਝ ਖ਼ਰੀਦਣ ਦੀ ਫੁਰਸਤ ਵੀ ਹੈ ਕਿ ਨਹੀਂ। ਇਹ ਕੰਮ ‘ਕੱਲਾ ਬੰਦਾ ਪਸ਼ੂ ਨਹੀਂ ਕਢ ਸਕਦਾ। ਘੱਟੋ-ਘੱਟ ਜੁੱਟ ਚਾਹੀਦਾ ਏ ਤੇ ਪਿੱਠ ‘ਤੇ ਕੋਈ ਤਬੇਲੇ ਵਾਲਾ ਤਕੜਾ ਬੰਦਾ ਵੀ ਚਾਹੀਦਾ ਏ। ਮੱਝਾਂ ਦੀ ਚੋਰੀ ਕੁਝ ਸੌਖੀ ਸੀ ਕਿਉਂਕਿ ਇਹ ਵੱਗ ਵਿੱਚ ਰਲ ਜਾਂਦੀਆਂ ਸਨ । ਬਲਦਾਂ ਤੇ ਘੋੜੀਆਂ-ਘੋੜਿਆ ਦੀ ਚੋਰੀ ਔਖੀ ਹੁੰਦੀ ਸੀ । ਕੋਲ ਕੋਈ ਸੁੱਤਾ ਵੀ ਹੁੰਦਾ ਸੀ ਤੇ ਅਗਲੀਆਂ ਲੱਤਾਂ ਨੂੰ ਸੰਗਲ ਵੀ ਮਾਰਿਆ ਹੁੰਦਾ ਸੀ। ਘਰਾਂ ਦੇ ਅੰਦਰ ਵੀ ਸੰਗਲ ਮਾਰ ਦਿੰਦੇ ਸਨ। 

ਪਸ਼ੂ ਆਮ ਤੌਰ ‘ਤੇ ਗਰਮੀਆਂ ਦੀਆਂ ਹਨੇਰੀਆਂ ਰਾਤਾਂ ਵਿੱਚ ਕੱਢੇ ਜਾਂਦੇ ਸਨ। ਡੰਗਰ ਬਾਹਰ ਬੱਝੇ ਹੁੰਦੇ ਸਨ । ਜਦੋਂ ਕਦੀ ਅਫ਼ਵਾਹ ਉਡ ਜਾਏ ਕਿ ਚੋਰ ਫਿਰਦੇ ਪਏ ਨੇ ਤਾਂ ਪਿੰਡ ਵਿੱਚ ਠੀਕਰੀ ਪਹਿਰਾ ਸ਼ੁਰੂ ਹੋ ਜਾਂਦਾ ਸੀ । ਇਹ ਬੜਾ ਪੁਰਾਣਾ ਸਿਸਟਮ ਸੀ। ਚਾਰ-ਪੰਜ ਨੌਜਵਾਨ ਪਿੰਡ ਦੇ ਆਲੇ-ਦੁਆਲੇ ਖਲੋ ਜਾਂਦੇ। ਇਕ ਜਨਾ ਠੀਕਰੀ ਲੈ ਕੇ ਤੁਰਦਾ ਤੇ ਦੂਜੇ ਨੂੰ ਦੇ ਦੇਂਦਾ ਤੇ ਉਹਦੀ ਥਾਂ ‘ਤੇ ਖਲੋ ਜਾਂਦਾ। ਦੂਜਾ ਠੀਕਰੀ ਲੈ ਕੇ ਅਗਲੇ ਵੱਲ ਤੁਰ ਪੈਂਦਾ। ਇਸ ਤਰ੍ਹਾਂ ਪਹਿਰਾ ਤੁਰਦਾ ਰਹਿੰਦਾ। ਅੰਗਰੇਜ਼ਾਂ ਨੂੰ ਇਹ ਸਿਸਟਮ ਬੜਾ ਪਸੰਦ ਆਇਆ ਤੇ ਉਹਨਾਂ ਨੇ ਜੇਲ੍ਹਾਂ ਵਿੱਚ ਵੀ ਲਾਗੂ ਕਰ ਦਿੱਤਾ। 

ਜੇ ਚੋਰ ਡੰਗਰ ਕੱਢ ਕੇ ਲੈ ਜਾਣ ਤਾਂ ਖੋਜੀ ਨੂੰ ਸੱਦਿਆ ਜਾਂਦਾ ਸੀ । ਉਸ ਨੂੰ ਖੁਰਾ ਕੱਢਣਾ ਆਉਂਦਾ ਸੀ। ਦੋ ਮੁਸ਼ਕਲਾਂ ਆਉਂਦੀਆਂ ਸਨ। ਕਈ ਵਾਰੀ ਚੋਰ ਖੋਜੀ ਨੂੰ ਖ਼ਰੀਦ ਲੈਂਦੇ ਸਨ ਤੇ ਉਹ ਖੁਰਾ ਕਿਸੇ ਦਾ ਕਿਸੇ ਪਾਸੇ ਲੈ ਜਾਂਦਾ ਸੀ। ਦੂਜੀ ਮੁਸ਼ਕਲ ਇਹ ਹੁੰਦੀ ਸੀ ਕਿ ਜੇ ਡੰਗਰ ਪੱਕੀ ਸੜਕ ‘ਤੇ ਚੜ੍ਹ ਜਾਏ ਤਾਂ ਖੁਰਾ ਟੁੱਟ ਜਾਂਦਾ ਸੀ । 

ਕਈ ਤਜ਼ਰਬੇਕਾਰ ਖੋਜੀ ਅੱਗੋਂ ਜਾ ਕੇ ਜਿਥੇ ਡੰਗਰ ਪੱਕੀ ਸੜਕ ਤੋਂ ਉਤਰ ਕੇ ਰਾਹ ਪਿਆ ਹੋਵੇ, ਫੇਰ ਖੁਰਾ ਫੜ ਲੈਂਦੇ ਸਨ। ਪਰ ਚੋਰਾਂ ਦੇ ਆਗੂ ਨੂੰ ਕੁਝ ਦੇ ਦੁਆ ਕੇ ਈ ਡੰਗਰ ਵਾਪਸ ਮਿਲਦਾ ਸੀ। ਪੁਲਿਸ ਕੁਝ ਨਹੀਂ ਕਰਦੀ ਜਾਂ ਕਰ ਸਕਦੀ। 

ਚੋਰੀ-ਚਕਾਰੀ-ਲੋਕੀਂ ਚੋਰਾਂ ਤੋਂ ਬੜਾ ਡਰਦੇ ਸਨ ਕਿਉਂਕਿ ਕਦੀ ਕੋਈ ਚੋਰ ਫੜਿਆ ਨਹੀਂ ਸੀ ਗਿਆ। ਮਸ਼ਹੂਰ ਸੀ ਕਿ ਚੋਰਾਂ ਨੇ ਸਿਰਫ਼ ਜਾਂਘੀਆ ਪਾਇਆ ਹੁੰਦੈ ਤੇ ਸਾਰੇ ਜਿਸਮ ਤੇ ਦੱਬ ਕੇ ਤੇਲ ਮਲਿਆ ਹੁੰਦੈ। ਜੇ ਕਦੀ ਕੋਈ ਚੋਰ ਫਸ ਵੀ ਜਾਏ ਤਾਂ ਤਿਲਕ ਕੇ ਨਸ ਜਾਂਦਾ ਸੀ। 

ਚੋਰ ਸਿਰਫ਼ ਬਾਹਰੋਂ ਨਹੀਂ ਸਨ ਆਉਂਦੇ। ਪਿੰਡ ਦਾ ਵੀ ਕੋਈ ਨਾਲ ਰਲਿਆ ਹੋਣਾ ਚਾਹੀਦਾ ਏ। ਚੋਰੀ, ਟੀਮ ਦਾ ਕੰਮ ਹੁੰਦਾ ਸੀ । ਘਰਾਂ ਦੀਆਂ ਚੋਰੀਆਂ ਗਰਮੀਆਂ ਦੀਆਂ ਰਾਤਾਂ ਨੂੰ ਹੁੰਦੀਆਂ ਸਨ, ਜਦੋਂ ਸਾਰਾ ਟੱਬਰ ਕੋਠੇ ‘ਤੇ ਸੁੱਤਾ ਹੁੰਦਾ ਸੀ। ਕਹਿੰਦੇ ਸਨ ਕਿ ਚੋਰਾਂ ਕੋਲ ਇਕ ਖ਼ਾਸ ਰੁਮਾਲ ਹੁੰਦੈ, ਜਿਸ ਦੇ ਮੂੰਹ ’ਤੇ ਰੱਖਣ, ਉਹ ਗੂੜ੍ਹੀ ਨੀਂਦਰੇ ਸੌਂ ਜਾਂਦੈ। ਆਮ ਚੋਰੀ ਹੋਣ ਵਾਲੀਆਂ ਚੀਜ਼ਾਂ ਸਨ-ਖੇਸ, ਚਾਦਰਾਂ, ਦਾਜਾਂ ਦੇ ਕੱਪੜੇ ਤੇ ਕੰਬਲ । ਜ਼ੇਵਰ ਘੱਟ ਹੀ ਹੱਥ ਲੱਗਦੇ ਸਨ । ਪੈਸਾ ਘਰਾਂ ਵਿੱਚ ਖ਼ਾਸ ਹੁੰਦਾ ਨਹੀਂ ਸੀ। 

ਚੋਰਾਂ ਕੋਲ ਲੁਹਾਰਾਂ ਦੀ ਬਣਾਈ ਹੋਈ ਖ਼ਾਸ ਚਾਬੀ (Master Key) ਹੁੰਦੀ ਸੀ ਜਿਹੜੀ ਹਰ ਦੇਸੀ ਜੰਦਰੇ ਨੂੰ ਖੋਲ੍ਹ ਦੇਂਦੀ ਸੀ। 

ਚੋਰ ਕੰਧ ਟੱਪ ਕੇ ਸੰਤ ਸੁੰਦਰ ਸਿੰਘ ਦੇ ਵਿਹੜੇ ਵਿੱਚ ਗਏ। ਚਾਬੀ ਨਾਲ ਪਸਾਰ ਦਾ ਜੰਦਰਾ ਖੋਲ ਲਿਆ। ਕੱਪੜੇ ਲੀੜੇ ਦੀਆਂ ਪੰਡਾਂ ਬੰਨ੍ਹ ਕੇ ਤਿੱਤਰ ਹੋ ਗਏ। ਸੰਤ ਜੀ ਕਿਲੇ ਵਾਲੇ ਸੰਤਾਂ ਦੇ ਬੜੇ ਪ੍ਰੇਮੀ ਸਨ । ਟੱਬਰ ਨੂੰ ਸਮਝਾਇਆ ਕਿ ਚੋਰੀ ਹੋਇਆ ਮਾਲ ਉਹਨਾਂ ਦੀ ਕਿਸਮਤ ਵਿੱਚ ਨਹੀਂ ਸੀ। ਫ਼ਿਕਰ ਕਿਸ ਗੱਲ ਦਾ। 

ਇਕ ਵਾਰੀ ਕੰਧ ਪਾੜ ਕੇ ਚੋਰ ਚੀਮੀਂ ਦੇ ਘਰ ਜਾ ਵੜੇ। ਇੱਟਾਂ ਦੀ ਕੰਧ ਸੀ। ਉਸ ਰਾਤ ਨਾ ਤਾਂ ਚੌਕੀਦਾਰ ਗਲੀ ਵਿੱਚੋਂ ਲੰਘਿਆ ਤੇ ਨਾ ਹੀ ਕੋਈ ਕੁੱਤਾ ਭੌਂਕਿਆ। ਚੋਰ ਅਰਾਮ ਨਾਲ ਖੇਸਾਂ, ਚਾਦਰਾਂ, ਫੁਲਕਾਰੀਆਂ ਤੇ ਰੇਜਿਆਂ ਦੀ ਪੰਡ ਬੰਨ੍ਹ ਕੇ ਤੁਰਦੇ ਬਣੇ। 

ਕਈ ਕੱਚੇ ਚੋਰ ਵੀ ਹੁੰਦੇ ਸਨ। ਆਮ ਕਹਾਣੀ ਸੁਣਾਈ ਜਾਂਦੀ ਸੀ ਕਿ ਇਕ ਵਾਰੀ ਚੋਰ ਜੁਲਾਹੇ ਦੇ ਘਰ ਆ ਵੜਿਆ । ਜੁਲਾਹੇ ਨੂੰ ਜਾਗ ਤਾਂ ਆ ਗਈ ਪਰ ਮੰਜੀ ‘ਤੇ ਘੁਰਾੜੇ ਮਾਰਦਾ ਰਿਹਾ। ਕਦੀ-ਕਦੀ ਕਾਣੀ ਅੱਖ ਨਾਲ ਵੇਖ ਵੀ ਲਵੇ। ਚੋਰ ਖੱਡੀ ਤਾਂ ਚੁੱਕ ਨਹੀਂ ਸੀ ਸਕਦਾ, ਬਰਤਨ ਮਿੱਟੀ ਦੇ ਸਨ, ਰਸੋਈ ਵਿੱਚ ਘਿਉ ਵੀ ਹੈ ਨਹੀਂ ਸੀ। ਆਖ਼ਰ ਕੰਧ ਟੱਪ ਕੇ ਚੋਰ ਬਾਹਰ ਜਾਣ ਲੱਗਾ। ਜੁਲਾਹੇ ਨੇ ਉਸ ਦਾ ਤਹਿਮਤ ਫੜ ਲਿਆ ਤੇ ਆਖਿਆ ਮਿੱਤਰਾ! ਰੁਕ ਜਾ। ਮੈਂ ਤੈਨੂੰ ਕੁਝ ਨਾ ਕੁਝ ਦੇ ਦਿਆਂਗਾ। ਖਾਲੀ bi ਹੱਥ ਨਹੀਂ ਜਾਣ ਦੇਣਾ। ਰੌਲਾ ਸੁਣ ਕੇ ਲੋਕੀਂ ਜਾਗ ਪਏ। ਕੋਠੇ ਤੋਂ ਉਹਨਾਂ ਵੇਖਿਆ ਕਿ 616 ਇਕ ਅਲਫ਼ ਨੰਗਾ ਆਦਮੀ ਗਲੀ ਵਿੱਚ ਦੌੜਿਆ ਜਾ ਰਿਹਾ ਸੀ। ਅਗਲੇ ਦਿਨ 15 b ਜੁਲਾਹਾ ਸਾਰਿਆਂ ਨੂੰ ਡੱਬੀਆਂ ਵਾਲਾ ਚਾਦਰਾ ਵਖਾਏ ਤੇ ਆਖੇ ਕਿ ਮੈਂ ਰਾਤੀਂ ਇਹ ਤਹਿਮਤ ਬੁਣਿਆ ਸੀ। ਵੇਖੋ! ਕਿੰਨਾ ਸੋਹਣਾ ਏ! 

ਤੈਨੂੰ ਸਕਤੀ ਆਨਾਕਾਮ ਚੋਰਾਂ ਦੀਆਂ ਕਹਾਣੀਆਂ : 

ਰਹੀਮ ਬੀਬੀ-ਮਹੱਲੇ ਵਿਚ ਹਰ ਕੋਈ ਰਹੀਮ ਬੀਬੀ ਦੀ ਬੜੀ ਇੱਜ਼ਤ ਕਰਦਾ ਸੀ। ਉਸਦੀ ਰੂਹ ਬੜੀ ਪਾਕ ਸੀ । ਦਿਲ ਸਾਫ਼ ਸੀ । ਰਹੀਮ ਬੀਬੀ ਦਾ ਇਕੋ-ਇਕ ਪੁੱਤਰ ਸੀ ਉਮਬਰ। ਰਹੀਮ ਬੀਬੀ ਨੂੰ ਬੜਾ ਚਾਉ ਸੀ ਕਿ ਉਮਬਰ ਦਾ ਵਿਆਹ ਸ਼ਾਨ ਨਾਲ ਕਰਾਂ। ਵਹੁਟੀ ਨੂੰ ਗਜਰੇ ਤੇ ਹੱਸ ਪਾਵਾਂ । ਸਾਰੀ ਬਰਾਦਰੀ ਨੂੰ ਘਿਉ-ਸੇਵੀਆਂ ਤੇ ਜਲੇਬੀਆਂ-ਲੱਡੂ ਖੁਆਵਾਂ। ਪੈਸੇ ਜੋੜਨੇ ਸ਼ੁਰੂ ਕਰ ਦਿੱਤੇ। ਰਹੀਮ ਬੀਬੀ ਇਕ ਚੰਗੀ ਕਲਾਕਾਰ ਸੀ। ਘਰ ਵਾਲਾ ਚਾਟੀਆਂ ਤੇ ਘੜੇ ਬਣਾਂਦਾ। ਰਹੀਮ ਬੀਬੀ ਉਹਨਾਂ ਨੂੰ ਸੁਕਾ ਕੇ, ਉੱਤੇ ਕਿਸਮ-ਕਿਸਮ ਦੀ ਰੰਗ-ਬਰੰਗੀ ਚਿਤ੍ਰਕਾਰੀ ਕਰਦੀ। ਬੇਲ ਬੂਟੇ ਬਣਾਂਦੀ ਤੇ ਫੇਰ ਪਕਾਣ ਵਾਸਤੇ ਚਾਚੇ ਦੀ ਆਵੀ ਤੇ ਭੇਜ ਦੇਂਦੀ। 

ਰੋ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਰਹੀਮ ਬੀਬੀ ਨੇ ਚਾਰ ਸੌ ਰੁਪਇਆ ਜੋੜ ਲਿਆ। ਬੜੀ ਰਕਮ ਸੀ । ਜੋ ਕੁਝ ਵੀ ਵਿਆਹ ਵਾਸਤੇ ਰਹੀਮ ਬੀਬੀ ਨੇ ਸੋਚਿਆ ਸੀ, ਮੁਹੱਲੇ ਦੀਆਂ ਸਾਰੀਆਂ ਔਰਤਾਂ ਨੂੰ ਪਤਾ ਸੀ। ਚੰਗੀ ਸਾਂਝ ਸੀ। ਚੋਰਾਂ ਨੂੰ ਵੀ ਪਤਾ ਲੱਗ ਗਿਆ। ਇਕ ਰਾਤ ਜੰਦਰੇ ਤੋੜ ਕੇ ਆ ਵੜੇ। ਪਰ ਪੈਸੇ ਨਾ ਲੱਭੇ। ਰਹੀਮ ਬੀਬੀ ਚੁਕੰਨੀ ਹੋ ਗਈ। ਰਾਤੀਂ ਕਈ ਵਾਰ ਜਾਗ ਪਿਆ ਕਰੇ। ਬਨੇਰੇ ਤੋਂ ਅੱਗੇ ਪਿੱਛੇ ਵੇਖਿਆ ਕਰੇ। ਪੂਰੀ ਤਾੜ ਰੱਖੇ। ਪਰ ਫੇਰ ਵੀ ਦੋ ਵਾਰੀ ਚੋਰ ਆ ਵੜੇ। ਕੁਝ ਨਾ ਲੱਭਿਆ। ਪੈਸੇ ਕਿਥੇ ਛਪਾਂਦੀ ਸੀ, ਇਸ ਦਾ ਘਰਵਾਲੇ ਨੂੰ ਵੀ ਪਤਾ ਨਹੀਂ ਸੀ। ਮਹੱਲੇ ਦੇ ਬੰਦੇ ਤੇ ਜ਼ਨਾਨੀਆਂ ਬੜੇ ਖੁਸ਼ ਸਨ ਕਿ ਰਹੀਮ ਬੀਬੀ ਨੇ ਚੋਰਾਂ ਨੂੰ ਮਾਤ ਕਰ ਦਿੱਤਾ ਏ। 

ਪੁੱਤਰ ਦਾ ਵਿਆਹ ਬੜੀ ਸ਼ਾਨ ਤੇ ਢੋਲ-ਢਮਕੇ ਨਾਲ ਹੋਇਆ। ਜਿਹੋ ਜਿਹਾ ਖ਼ਬਸੂਰਤ ਉਮਬਰ ਦੀਨ ਸੀ, ਉਸੇ ਤਰ੍ਹਾਂ ਦੀ ਖੂਬਸੂਰਤ ਹੁਸੈਨ ਬੀਬੀ ਨੂੰਹ ਘਰ ਆਈ। 

ਰਹੀਮ ਬੀਬੀ ਨੇ ਸੋਨੇ ਤੇ ਚਾਂਦੀ ਦੇ ਜ਼ੇਵਰ ਪਾਏ। ਕੋਲ ਬਹਿ ਕੇ ਸੁਨਿਆਰੇ ਤੋਂ ਬਣਵਾਏ। ਬਰਾਦਰੀ ਨੂੰ ਬੁਰਿਆਨੀ ਦੀ ਰੋਟੀ ਕੀਤੀ। ਲਾਗ ਦਿੱਤੇ। ਮਹੱਲੇ ਵਿੱਚ ਲੱਡੂ ਵੰਡੇ। ਰਹੀਮ ਬੀਬੀ ਬੇਹਦ ਖ਼ੁਸ਼ ਸੀ । ਰੱਬ ਦੀ ਰਜ਼ਾ ਨੂੰ ਕੌਣ ਜਾਣਦਾ ਏ । ਰਹੀਮ ਬੀਬੀ ਨੂੰ ਦੁੱਧ-ਫੋੜਾ (breast cancer) ਹੋ ਗਿਆ । ਦਰਦ ਨੂੰ ਬਰਦਾਸ਼ਤ ਕੀਤਾ। ਸਬਰ ਦਾ ਘੁੱਟ ਭਰੀ ਰੱਖਿਆ। ਪੋਤਰਾ ਜੰਮਣ ਤੋਂ ਚਾਰ ਮਹੀਨੇ ਪਹਿਲੋਂ ਇਸ ਜਹਾਨ ਤੋਂ ਚਲੀ ਗਈ। ਕਈ ਅੱਖ ਨਹੀਂ ਸੀ ਜਿਸ ਨੇ ਅਥਰੂ ਨਾ ਕਰੇ ਹੋਣ। ਕੱਫ਼ਣ ਪਾਉਣ ਵੇਲੇ ਰਹੀਮ ਬੀਬੀ ਦੇ ਚਿਹਰੇ ‘ਤੇ ਰੂਹਾਨੀ ਨੂਰ ਸੀ। 

ਤਖਤ ਸਿੰਘ-ਲੰਬੜਦਾਰੀ ਤੋਂ ਸ਼ਾਹੂਕਾਰ ਬਣੇ ਤਖਤ ਸਿੰਘ ਦੀ ਕੱਚੀ ਹਵੇਲੀ ਡੂੰਮਾਂ ਵਾਲੇ ਖੂਹ ਨੂੰ ਜਾਂਦੀ ਨਿੱਕੀ ਜਿਹੀ ਗਲੀ ਵਿੱਚ ਸੀ। ਦੋ ਕਮਰੇ ਡਿਉਢੀ ਦੇ ਇਕ ਪਾਸੇ ਤੇ ਦੋ ਦੂਜੇ ਪਾਸੇ। ਪਿੱਛੇ ਵਿਹੜਾ ਤੇ ਉਸ ਤੋਂ ਪਿੱਛੇ ਕੁੜਾਂ। ਖੱਬੇ ਪਾਸੇ ਦੇ ਕਮਰਿਆਂ ਵਿੱਚ ਪੱਠੇ ਤੇ ਸਿਆਲ ਵਿੱਚ ਸੌਣ ਵਾਸਤੇ ਮੰਜੀਆਂ ਹੁੰਦੀਆਂ ਸਨ। ਸੱਜੇ ਪਾਸੇ ਕਣਕ ਦੇ ਗੁਦਾਮ । ਜੇਠ ਤੋਂ ਲੈ ਕੇ ਸਾਲ ਦੇ ਅਖ਼ੀਰ ਤਕ ਇਹ ਕਮਰੇ ਦਾਣਿਆਂ ਦੇ ਨਾਲ ਭਰੇ ਹੁੰਦੇ ਸਨ। 

ਗਰਮੀਆਂ ਵਿੱਚ ਇਕ ਵਾਰੀ ਦੋ ਭੁੱਖੇ ਭਾਣੇ ਚੋਰ ਆਏ। ਕੰਧ ਵਿੱਚ ਮੋਰੀ ਕਰਕੇ ਸੋਟੀ ਦੇ ਨਾਲ ਦਾਣੇ ਬੋਰੀ ਵਿੱਚ ਕੇਰਨ ਲੱਗ ਪਏ। ਇਕ ਬੋਰੀ ਭਰ ਕੇ ਦੂਜੀ ਸ਼ੁਰੂ ਕੀਤੀ ਸੀ। ਤਖਤ ਸਿੰਘ ਨੂੰ ਕੈੜ ਆਈ। ਪੱਬੀ ਪੈਰੀਂ ਬਨੇਰੇ ‘ਤੇ ਜਾ ਖਲੋਤਾ। ਵੇਖਿਆ ਕਿ ਦੋ ਆਦਮੀ ਹੌਲੀ-ਹੌਲੀ ਕਣਕ ਨਾਲ ਬੋਰੀ ਭਰ ਰਹੇ ਨੇ। ਤਖਤ ਸਿੰਘ ਨੇ ਚੁੱਪ ਚਪੀਤੇ ਉਹਨਾਂ ਦੇ ਸਿਰ ‘ਤੇ ਪਿਸ਼ਾਬ ਕਰ ਦਿੱਤਾ। ਬਗ਼ੈਰ ਕੁਝ ਬੋਲਿਉਂ, ਵਾਪਸ ਆ ਕੇ ਸੋ ਗਿਆ। ਚੋਰ ਭੱਜ ਗਏ। ਤਖਤ ਸਿੰਘ ਸ਼ਾਹੂਕਾਰ ਨੂੰ ਦੋ ਬੋਰੀਆਂ ਮੁਫ਼ਤ ਦੀਆਂ ਮਿਲ ਗਈਆਂ। ਜਦੋਂ ਕਦੀ ਸਿਆਲ ਵਿੱਚ ਸਵੇਰੇ ਧੁੱਪ ਸੇਕਣ ਵਾਸਤੇ ਲੋਕ ਸੜਕ ‘ਤੇ ਇਕੱਠੇ ਹੁੰਦੇ ਤੇ ਗੱਪ-ਸ਼ੱਪ ਮਾਰਦੇ ਤਾਂ ਕੋਈ ਨਾ ਕੋਈ ਇਹ ਵਾਕਿਆ ਜ਼ਰੂਰ ਸੁਣਾਂਦਾ। 

ਮੁਨਸ਼ੀ ਰਾਮ-ਮੁੰਡਿਆਂ ਦੇ ਸਕੂਲ ਵਿੱਚ ਇਕ ਛੋਟਾ ਕਮਰਾ ਸੀ ਜਿਸ ਵਿੱਚ ਮਾਸਟਰ ਦਾ ਦਫ਼ਤਰ ਸੀ ਤੇ ਰਾਤ ਨੂੰ ਉਸ ਦੇ ਵਿਚ ਹੀ ਸੌਂਦਾ ਸੀ। ਮਾਸਟਰ ਮੁਨਸ਼ੀ ਰਾਮ ਦੀ ਤਨਖ਼ਾਹ 20 ਰੁਪਏ ਮਹੀਨਾ ਸੀ । ਡਾਕ ਰਾਹੀਂ ਔਂਦੀ ਸੀ। ਮਾਸਟਰ ਜੀ ਦਾ ਖ਼ਰਚ ਕੋਈ ਖ਼ਾਸ ਨਹੀਂ ਸੀ ਕਿਉਂਕਿ ਰੋਟੀਆਂ ਮੁੰਡਿਆਂ ਦੀਆਂ ਮਾਵਾਂ ਵਾਰੀ-ਵਾਰੀ ਭੇਜ ਦੇਂਦੀਆਂ ਸਨ। ਪੈਸੇ ਡੈਸਕ ਵਿੱਚ ਪਏ ਰਹਿੰਦੇ ਸਨ। ਕਦੀ-ਕਦਾਈਂ ਮਾਸਟਰ ਜੀ ਘਰ ਜਾਂਦੇ ਤੇ ਟੱਬਰ ਨੂੰ ਪੈਸੇ ਦੇ ਆਉਂਦੇ। ਹਰ ਇਕ ਨੂੰ ਪੈਸਿਆਂ ਦਾ ਪਤਾ ਸੀ ਪਰ ਕਦੀ ਵੀ ਕੋਈ ਚੋਰੀ ਨਹੀਂ ਸੀ ਕਰਦਾ। ਪੱਕੇ ਚੋਰ ਵੀ ਪੈਸੇ ਚੋਰੀ ਨਹੀਂ ਸਨ ਕਰਦੇ, ਉਹਨਾਂ ਦਾ ਵੀ ਅਸੂਲ ਸੀ ਕਿ ਮਾਸਟਰ ਜੀ ਦੇ ਪੈਸੇ ਨਹੀਂ ਚੁੱਕਣੇ। 

ਇਕ ਵਾਰੀ ਮਾਸਟਰ ਜੀ ਬਾਹਰ ਸੁੱਤੇ ਹੋਏ ਸਨ। ਚੋਰ ਨੇ ਤਾਲਾ ਤੋੜ ਕੇ ਪੈਸੇ ਕੱਢ ਲਏ। ਸਵੇਰੇ ਖਬਰ ਫੈਲ ਗਈ। ਪਿੰਡ ਦੇ ਲੁੱਚਿਆਂ ਲਫੰਗਿਆਂ ਨੂੰ ਫ਼ਿਕਰ ਪੈ ਗਿਆ। ਕਿ ਉਹਨਾਂ ਦਾ ਨਾਂ ਲੱਗੇਗਾ। ਉਹਨਾਂ ਏਧਰ ਓਧਰ ਗੱਲਾਂ ਕੀਤੀਆਂ ਪਰ ਕੋਈ ਸੂਹ ਨਾ ਮਿਲੀ। ਪਿੰਡ ਦੀ ਗਸ਼ਤ ਕਰਦੇ ਰਹੇ ਕਿ ਕੋਈ ਉੱਘ-ਸੁੱਘ ਮਿਲ ਜਾਵੇ। ਉਹਨਾਂ ਨੂੰ ਪਤਾ ਸੀ ਕਿ ਬਾਹਰ ਦੇ ਚੋਰਾਂ ਦਾ ਵੀ ਪਿੰਡ ਵਿੱਚ ਕੋਈ ਸਾਥੀ ਹੁੰਦੇ। ਦੁਪਹਿਰ ਵਲੋਂ ਇਕ ਨੇ ਵੇਖਿਆ ਕਿ ਚਰਾਗ਼ ਡੂੰਮਾਂਵਾਲੇ ਖੂਹ ਤੇ ਐਲੂ ਵਿੱਚ ਬੈਠਿਆ ਅੰਗ੍ਰੇਜ਼ੀ ਸਾਬਣ ਦੇ ਨਾਲ ਸਿਰ ਧੋ ਰਿਹਾ ਏ ਤੇ ਕੋਲ ਤੇਲ ਦੀ ਨਵੀਂ ਬੋਤਲ ਵੀ ਪਈ ਏ। ਸ਼ੱਕ ਪੈ ਗਿਆ। 

ਚਰਾਗ ਕੋਲ ਇਸ ਮਹਿੰਗੇ ਸ਼ੌਂਕ ਵਾਸਤੇ ਪੈਸੇ ਕਿਥੋਂ ਆਏ? ਇੰਨੇ ਚਿਰ ਨੂੰ ਦੂਜਾ ਮੁੰਡਾ ਖ਼ਬਰ ਲੈ ਕੇ ਆ ਗਿਆ ਕਿ ਚਰਾਗ਼ ਨੇ ਪੰਜ ਰੁਪਏ ਦਾ ਨੋਟ ਦੇ ਕੇ ਭਾਟੀਏ ਦੀ ਦੁਕਾਨ ਤੋਂ ਕੋਈ 11 ਵਜੇ ਸਨਲਾਈਟ ਸਾਬਣ ਤੇ ਤੇਲ ਦੀ ਬੋਤਲ ਖ਼ਰੀਦੀ ਸੀ। ਮੁੰਡਿਆਂ ਚਰਾਗ਼ ਨੂੰ ਜਾ ਘੇਰਿਆ। ਚਰਾਗ਼ ਦਾ ਸਿਰ ਮੂੰਹ ਝੱਗ ਨਾਲ ਭਰਿਆ ਹੋਇਆ ਸੀ। 

ਬਗ਼ੈਰ ਕੁਝ ਆਖਿਆਂ, ਮੁੰਡਿਆਂ ਨੇ ਘਸੁੰਨ ਮਾਰਨੇ ਸ਼ੁਰੂ ਕਰ ਦਿੱਤੇ । ਸਾਬਣ ਚਰਾਗ ਦੀਆਂ ਅੱਖਾਂ ਵਿੱਚ ਪੈ ਗਿਆ। ਹੱਥ ਜੋੜ ਕੇ ਕਹਿਣ ਲੱਗਾ ਕਿ ਚੋਰੀ ਮੈਂ ਕੀਤੀ ਸੀ। 

ਸਿਰਫ਼ 3 ਰੁਪਏ ਖ਼ਰਚੇ ਨੇ, ਬਾਕੀ 17 ਮੇਰੇ ਕੁੜਤੇ ਦੇ ਬੋਝੇ ਵਿੱਚ ਨੇ। ਸਾਬਨ, ਤੇਲ, ਪੈਸੇ ਖੋਹ ਕੇ, ਸ਼ਰਮ ਵਿੱਚ ਡੁੱਬੇ ਚਰਾਗ਼ ਨੂੰ ਛੱਡ ਦਿੱਤਾ। ਇਕੱਠੇ ਹੋਏ ਲੋਕਾਂ ਨੇ 3 ਰੁਪਏ ਹੱਥੋਂ-ਹੱਥੀ ਪਾ ਦਿੱਤੇ। ਮੁਆਫ਼ੀ ਮੰਗ ਕੇ ਪੂਰੇ ਪੈਸੇ ਮਾਸਟਰ ਨੂੰ ਦੇ ਦਿੱਤੇ ਤੇ ਨਾਲ ਹੀ ਸਾਬਣ-ਤੇਲ ਵੀ। ਸਬਕ! ਮਾਸਟਰ ਦੀ (ਤੇ ਗੁਰੂ ਦੀ) ਚੋਰੀ ਨਹੀਂ ਕਰਨੀ ਚਾਹੀਦੀ।  

18 

ਵਿਆਹ-ਸ਼ਾਦੀਆਂ 

ਵਿਆਹ ਦੇ ਰੰਗ-ਢੰਗ, ਆਨ-ਸ਼ਾਨ ਦੇ ਨਾਲ, ਠਾਕੇ ਤੋਂ ਲੈ ਕੇ ਮੁਕਲਾਵੇ ਤਕ ਤਰਤੀਬ ਵਾਰ ਕਈ ਮਹੀਨੇ ਤੁਰਦੇ ਰਹਿੰਦੇ ਸਨ। ਹਰ ਟੱਬਰ ਆਪਣੀ ਫੁਰਸਤ ਦੇ ਮੁਤਾਬਕ, ਪੈਸੇ ਤੇ ਫੁੱਲਾਂ ਨੂੰ ਮੀਂਹ ਵਾਂਗਰ ਕਰਦਾ ਸੀ। ਧਾਰਮਿਕ ਰਸਮਾਂ ਹਰ ਧਰਮ ਦੀਆਂ ਵੱਖਰੀਆਂ-ਵੱਖਰੀਆਂ ਸਨ ਪਰ ਪਿਤਾ ਪੁਰਸ਼ੀ ਲੀਕਾਂ ‘ਤੇ ਚਲਦੀਆਂ ਆਉਂਦੀਆਂ। ਵਖਾਵੇ ਦੀਆਂ ਰਵਾਇਤਾਂ ਚਾਰੇ ਧਰਮਾਂ ਵਿੱਚ ਤਕਰੀਬਨ ਇਕੋ ਜਿਹੀਆਂ ਸਨ। ਕਈ ਰੀਤਾਂ ਦੀ ਮਹੱਤਤਾ ਤੇ ਭਾਵ ਲੋਕਾਂ ਨੂੰ ਪਤਾ ਸਨ ਪਰ ਕਈ ਰਵਾਇਤਾਂ ਕਦੋਂ ਤੇ ਕਿਵੇਂ ਸ਼ੁਰੂ ਹੋਈਆਂ, ਇਹ ਬੀਤੇ ਹੋਏ ਸਮਿਆਂ ਦਾ ਰਾਜ਼ ਸਨ। ਹੋ ਸਕਦਾ ਏ ਕਿ ਵਕਤ ਤੇ ਦਰਿਆਵਾਂ ਦੀਆਂ ਵਿੱਥਾਂ ਕਰਕੇ ਬਦਲ ਵੀ ਗਈਆਂ ਹੋਣ। ਇਥੇ ਸਿਰਫ਼ ਪਿੰਡ ਵਿੱਚ ਪ੍ਰਚਲਿਤ ਚਾਰੇ ਧਰਮਾਂ ਦੀਆਂ ਸਾਂਝੀਆਂ ਰੀਤਾਂ ਦਾ ਹੀ ਜ਼ਿਕਰ ਏ। 

ਤੇਲ ਚੋਨਾ-ਜੀ ਆਇਆਂ ਆਖਣ ਦਾ ਇਕ ਨਿੱਘਾ ਤਰੀਕਾ ਤੇਲ ਚੋਨਾ ਸੀ। 

ਜਦੋਂ ਕੋਈ ਸਾਕ ਲੈ ਕੇ ਆਵੇ, ਜਾਂ ਨਵਾਂ ਰਿਸ਼ਤੇਦਾਰ ਪਹਿਲੀ ਵਾਰੀ ਘਰ ਆਵੇ, ਤਾਂ ਘਰ ਦੀਆਂ ਜ਼ਨਾਨੀਆਂ ਇਕੱਠੀਆ ਹੋ ਕੇ ਸਰਦਲ ਤੇ ਸਰੋਂ ਦਾ ਤੇਲ ਚੋਂਦੀਆਂ ਸਨ। ਲਾੜਾ-ਲਾੜੀ ਤਾਂ ਘਰ ਦੇ ਅੰਦਰ ਪੈਰ ਨਹੀਂ ਸਨ ਰੱਖ ਸਕਦੇ ਜਦੋਂ ਤਕ ਹੱਸਦੀਆਂ ਹੱਸਦੀਆਂ ਕੁੜੀਆਂ ਤੇਲ ਨਹੀਂ ਸਨ ਚੋ ਲੈਂਦੀਆਂ। 

ਲਾਗ-ਰਸਮਾਂ ਨੂੰ ਨਿਭਾਨ ਵੇਲੇ, ਹਰ ਪੈਰ ਤੇ ਲਾਗੀਆਂ ਨੂੰ ਲਾਗ ਦੇਣਾ ਜ਼ਰੂਰੀ ਸੀ | ਲਾਗ ਪੈਸਿਆਂ ਦਾ ਹੁੰਦਾ ਸੀ। ਨਾ ਦਿਉ ਤਾਂ ਲਾਗੀ ਵਿਟਰ ਬਹਿੰਦੇ ਸਨ। ਕਾਜਾਂ ਦਾ ਨਿਭਾ ਉਹਨਾਂ ਦੇ ਹਥ ਵਿੱਚ ਹੁੰਦਾ ਸੀ। ਮੌਕੇ ਅਨੁਸਾਰ, ਇਹ ਪੈਸੇ ਮਰਾਸਨ, ਨੈਨ, ਮਿਰਾਸੀ ਜਾਂ ਨਾਈ ਨੂੰ ਦਿੱਤੇ ਜਾਂਦੇ ਸਨ । ਸਿਰਫ਼ ਲਾੜੇ ਦੇ ਘੋੜੀ ਚੜ੍ਹਨ ਵੇਲੇ, ਭੈਣਾਂ ਨੂੰ ਵਾਗ ਫੜਾਈ ਦੇ ਪੈਸੇ ਦਿੱਤੇ ਜਾਂਦੇ ਸਨ। 

ਠਾਕਾ-ਵਰ ਲੱਭਣ ਲਈ ਰਿਸ਼ਤੇਦਾਰਾਂ ਤੇ ਦੋਸਤਾਂ-ਮਿੱਤਰਾਂ ਨੂੰ ਪੁੱਛਿਆ ਜਾਂਦਾ ਸੀ। ਜੇ ਕਿਧਰੇ ਦੱਸ ਪੈ ਜਾਏ ਤਾਂ ਕੁੜੀ ਦਾ ਪਿਉ ਜਾਂ ਕੋਈ ਚਾਚਾ-ਤਾਇਆ ਮੁੰਡਾ ਵੇਖਣ ਜਾਂਦਾ ਸੀ। ਜੇ ਗੱਲ ਬਣਦੀ ਨਜ਼ਰ ਆਵੇ ਤਾਂ ਮੁੰਡੇ ਦੀ ਮਾਂ ਕੁੜੀ ਵੇਖਣ ਵੀ ਜਾ ਆਉਂਦੀ ਸੀ। ਮੁੰਡਾ ਕੁੜੀ ਘੱਟ ਹੀ ਇਕ-ਦੂਜੇ ਨੂੰ ਵੇਖਦੇ ਸਨ। ਜੇ ਰਿਸ਼ਤਿਆਂ ਵਿੱਚ ਰਿਸ਼ਤਾ ਹੋਵੇ ਤਾਂ ਵੱਖਰੀ ਗੱਲ ਸੀ। ਜੇ ਗੱਲ ਬਣ ਜਾਏ ਤਾਂ ਕੁੜੀ ਦਾ ਪਿਉ ਜਾਂ ਪਰਿਵਾਰ ਦਾ ਕੋਈ ਹੋਰ ਉੱਘਾ ਜੀਅ ਮੁੰਡੇ ਦੀ ਤਲੀ ‘ਤੇ ਚਾਂਦੀ ਦਾ ਰੁਪਇਆ ਰੱਖ ਦੇਂਦਾ ਸੀ। ਬਸ ਠਾਕਾ ਹੋ ਗਿਆ। ਮੁੰਡਾ ਰੋਕ ਲਿਆ। ਦੋਵੇਂ ਪਾਸੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ। ਰਿਸ਼ਤਾ ਕਰਾਣ ਵਾਲੇ ਨੂੰ ਵਿਚੋਲਾ (ਵਚੋਲੀ) ਕਹਿੰਦੇ मठ। 

ਮੰਗਣੀ-ਪਹਿਲਾ ਵਿਹਾਰ ਮੰਗਣੀ ਹੁੰਦਾ ਸੀ। ਕੁੜੀ ਦਾ ਪਿਉ ਸ਼ਗਨ ਲੈ ਕੇ ਮੁੰਡੇ ਦੇ ਘਰ ਜਾਂਦਾ ਸੀ । ਰਸਮ ਤੋਂ ਬਾਅਦ, ਮੁੰਡੇ ਦੇ ਮੂੰਹ ਨੂੰ ਛੁਹਾਰਾ ਲਾਂਦਾ ਤੇ ਉਸ ਦੇ ਮੂੰਹ ਵਿੱਚ ਲੱਡੂ ਪਾਂਦਾ ਸੀ। ਸਗਨ ਦੀ ਥਾਲੀ ਵਿੱਚ ਮਿਸ਼ਰੀ, ਪਤਾਸੇ ਤੇ ਪੈਸੇ ਵੀ ਰੱਖੇ ਹੁੰਦੇ ਸਨ। ਕੁੜਮ ਜੱਫ਼ੀਆਂ ਪਾ ਕੇ ਮਿਲਦੇ। ਸਾਰੇ ਵਧਾਈਆਂ ਦੇਂਦੇ। 

ਹੋਰ ਰਸਮਾਂ-ਵਿਆਹ ਤੋਂ ਪਹਿਲੋਂ ਕਈ ਰਸਮਾਂ ਹੁੰਦੀਆਂ ਸਨ। ਮੁੰਡੇ ਦੀ ਮਾਂ ਕੁੜੀ ਦੇ ਘਰ ਜਾ ਕੇ ਕੁੜੀ ਨੂੰ ਚੁੰਨੀ ਚੜ੍ਹਾਂਦੀ। ਵਿਆਹ ਤੋਂ ਹਫ਼ਤਾ-ਦਸ ਦਿਨ ਪਹਿਲੋਂ ਦੋਹਾਂ ਘਰਾਂ ਵਿੱਚ ਸ਼ਾਮ ਨੂੰ ਗੀਤਾਂ ਲਈ ਜ਼ਨਾਨੀਆਂ-ਕੁੜੀਆਂ ਇਕੱਠੀਆਂ ਹੁੰਦੀਆਂ। ਇਕ ਸ਼ਾਮ ਨੂੰ ਮਰਾਸਨ ਮੁੰਡੇ ਨੂੰ ਤੇ ਕੁੜੀ ਨੂੰ ਮਹਿੰਦੀ ਲਾਂਦੀ। ਹੋਰ ਜ਼ਨਾਨੀਆਂ, ਕੁੜੀਆਂ ਤੇ ਮੁੰਡੇ ਵੀ ਮਹਿੰਦੀ ਲਵਾਂਦੇ। ਵਿਆਹ ਤੋਂ ਇਕ ਦਿਨ ਪਹਿਲੋਂ ਮੁੰਡੇ ਨੂੰ ਤੇ ਕੁੜੀ ਨੂੰ ਖਾਰੇ ਪਾਇਆ ਜਾਂਦਾ ਤੇ ਵੱਟਣਾ ਮਲ ਕੇ ਨੁਹਾਇਆ ਜਾਂਦਾ। 

ਜੰਜ-ਵਿਆਹ ਦਾ ਸਭ ਤੋਂ ਰੰਗੀਲਾ ਸ਼ੋ ਜੰਜ ਹੁੰਦੀ ਸੀ। ਜਿਸ ਦਿਨ ਜੰਜ ਤੁਰਨੀ ਹੋਵੇ, ਮੁੰਡੇ ਵਾਲਿਆਂ ਦੇ ਘਰ ਬੈਂਡ ਵਾਜਾ ਸਵੇਰੇ ਹੀ ਸ਼ੁਰੂ ਹੋ ਜਾਂਦਾ। ਪਿਉ ਪੁੱਤਰ ਨੂੰ ਸਿਹਰਾ ਬੰਨ੍ਹਦਾ । ਸਰਬਾਲੇ ਨੂੰ ਵੀ ਸਜਾ ਦੇਂਦੇ। ਔਰਤਾਂ ਗੀਤ ਗਾਂਦੀਆਂ। ਫੇਰ ਲਾੜੇ ਨੂੰ ਘੋੜੀ ਤੇ ਚੜਾਇਆ ਜਾਂਦਾ । ਭੈਣਾਂ ਵਾਗਾਂ ਗੁੰਦਦੀਆਂ। ਜੰਜ ਤੁਰਦੀ ਤਾਂ ਪਿਉ ਲਾੜੇ ਦੇ ਸਿਰ ਤੋਂ ਪੈਸਿਆਂ ਦੀ ਛੋਟ ਕਰਦਾ। ਬੱਚੇ ਦੌੜ-ਦੌੜ ਕੇ ਪੈਸੇ ਚੁੱਕਦੇ। ਜੰਜ ਸਿਰਫ਼ ਆਦਮੀਆਂ ਦੀ ਹੁੰਦੀ ਸੀ। ਜੰਜ ਨੂੰ ਵਿਦਾ ਕਰਕੇ ਔਰਤਾਂ ਗਿੱਧਾ ਤੇ ਕਿੱਕਲੀ ਪਾਂਦੀਆਂ, ਗੀਤ ਗਾਂਦੀਆਂ, ਮਸ਼ਕਰੀਆਂ ਕਰਦੀਆਂ, ਹੱਸਦੀਆਂ, ਖੇਡਦੀਆਂ। 

ਕੁੜੀ ਵਾਲੇ ਘਰ ਜੰਜ ਦੇ ਸਵਾਗਤ ਦੀ ਤਿਆਰੀ ਜ਼ੋਰ-ਸ਼ੋਰ ਨਾਲ ਹੁੰਦੀ। ਸਵੇਰੇ- ਸਵੇਰੇ ਮਾਮੇ ਕੁੜੀ ਨੂੰ ਚੂੜਾ ਚੜ੍ਹਾਂਦੇ । ਜੰਜ ਸ਼ਾਮ ਨੂੰ ਪਹੁੰਚਦੀ। ਆਦਰ ਤੇ ਮਾਣ ਦੇ ਨਾਲ ਸਵਾਗਤ ਕਰਦੇ। ਮਿਲਨੀ ਹੁੰਦੀ। ਢੁੱਕਣ ਵੇਲੇ ਪਿੰਡ ਦੀਆਂ ਜ਼ਨਾਨੀਆਂ ਸਿੱਠਣੀਆਂ ਦਿੰਦੀਆਂ। ਕਈ ਕੁਝ ਉੱਚਾ-ਨੀਵਾਂ ਕਹਿੰਦੀਆਂ। ਇਹ ਵੀ ਸ਼ੁਗਲ ਹੁੰਦਾ। ਸੀ। ਰਾਤ ਨੂੰ ਜੰਜ ਢੁੱਕਦੀ, ਆਤਸ਼-ਬਾਜ਼ੀ ਚਲਾਈ ਜਾਂਦੀ । 

ਵਿਆਹ-ਮੁਸਲਮਾਨਾਂ ਤੇ ਹਿੰਦੂਆਂ ਦੇ ਵਿਆਹ ਦੀ ਰਸਮ ਨਿਜੀ ਤਰੀਕੇ ਨਾਲ ਹੁੰਦੀ, ਇਸਾਈਆਂ ਦੀ ਧੀਰਜ ਨਾਲ ਤੇ ਸਿੱਖਾਂ ਦੀ ਦੁਪਹਿਰ ਤੋਂ ਪਹਿਲੋਂ ਸ਼ੋ ਨਾਲ ਹੁੰਦੀ। ਖਾਣਾ-ਪੀਣਾ ਚਲਦਾ ਰਹਿੰਦਾ। ਘਰ ਦੇ ਅੰਦਰ ਦਾਜ ਵਖਾਇਆ ਜਾਂਦਾ। ਮੁੰਡੇ ਵਾਲਿਆਂ ਨੂੰ ਬਹੁਤ ਕੁਝ ਦਿੱਤਾ ਜਾਂਦਾ । ਫੇਰ ਡੋਲੀ ਤੋਰਨ ਦੀ ਤਿਆਰੀ ਸ਼ੁਰੂ ਹੋ ਜਾਂਦੀ। 

ਡੋਲੀ-ਕਹਾਰ ਡੋਲੀ ਸਜਾ ਕੇ ਸੜਕ ‘ਤੇ ਰੱਖ ਦੇਂਦੇ। ਵਿਆਹ ਦਾ ਦਰਦ ਭਰਿਆ ਪ੍ਰਸੰਗ ਸ਼ੁਰੂ ਹੋ ਜਾਂਦਾ । ਨਵੀਂ ਜੋੜੀ ਘਰ ਵਿਦਿਆ ਹੁੰਦੀ। ਲਾੜਾ ਅੱਗੇ-ਅੱਗੇ। ਭੈਣਾਂ ਤੇ ਸਹੇਲੀਆਂ ਵਿੱਚ ਘਿਰੀ ਹੋਈ ਲਾੜੀ ਪਿੱਛੇ, ਅੱਖਾਂ ਅੱਥਰੂਆਂ ਨਾਲ ਧੋਤੀਆਂ ਹੁੰਦੀਆਂ, ਹੌਲੀ-ਹੌਲੀ ਡੋਲੀ ਕੋਲ ਪਹੁੰਚਦੀਆਂ। ਨੈਣ ਜਾਂ ਮਰਾਸਨ ਜਿਸ ਨੇ ਨਾਲ ਜਾਣਾ ਸੀ, ਚੁੱਪ ਕਰਕੇ ਡੋਲੀ ਵਿੱਚ ਬੈਠ ਜਾਂਦੀ। ਕੁੜੀ ਹਰ ਇਕ ਨੂੰ ਜਫ਼ੀ ਪਾ ਕੇ ਉੱਚੀ-ਉੱਚੀ ਰੋਂਦੀ। ਮਾਂ ਵੀ ਰੋਏ, ਭੈਣਾਂ ਵੀ ਰੋਣ, ਸਹੇਲੀਆਂ ਤੇ ਗਵਾਂਢਣਾਂ ਵੀ। ਪਿਉ ਤੇ ਭਰਾ ਵੀ ਅੱਖੀਆਂ ਪੂੰਝਣ। ਆਖ਼ਰ ਕੁੜੀ ਨੂੰ ਡੋਲੀ ਵਿੱਚ ਬਿਠਾਇਆ ਜਾਂਦਾ। ਚਾਰ ਕਹਾਰ ਡੋਲੀ ਚੁੱਕ ਲੈਂਦੇ। ਲਾੜਾ ਅੱਗੇ-ਅੱਗੇ ਤੇ ਡੋਲੀ ਪਿੱਛੇ। ਕੁੜੀ ਸੋਹਰਿਆਂ ਦੇ ਪਿੰਡ ਨੂੰ ਰਵਾਨਾ ਹੋ ਜਾਂਦੀ। ਪਿੱਛੇ ਘਰ ਵਿੱਚ ਗਹਿਮਾ-ਗਹਿਮੀ ਦੀ ਥਾਂ ਚੁੱਪ ਵਰਤ ਜਾਂਦੀ। 

ਲਾੜੇ ਦੇ ਪਿੰਡ, ਡੋਲੀ ‘ਚੋਂ ਉੱਤਰ ਕੇ ਜੋੜੀ ਘਰ ਵੱਲ ਤੁਰਦੀ। ਦਰਵਾਜ਼ੇ ਕੋਲ ਮੁੰਡੇ ਦੀ ਮਾਂ ਪਾਣੀ ਵਾਰਨ ਵਾਸਤੇ ਖੜੀ ਹੁੰਦੀ, ਕੁੜੀਆਂ ਤੇਲ ਚੋਨ ਵਾਸਤੇ ਖਲੋਤੀਆਂ ਹੁੰਦੀਆਂ। ਅੰਦਰ ਜੋੜੀ ਕੁਝ ਚਿਰ ਵਾਸਤੇ ਪਲੰਘ ‘ਤੇ ਬੈਠਦੀ। ਫੇਰ ਘਰਵਾਲਾ ਖਿਸਕ ਜਾਂਦਾ। ਕੁੜੀਆਂ, ਦਿਉਰਾਂ ਤੇ ਜ਼ਨਾਨੀਆਂ ਨੇ ਵਹੁਟੀ ਦਾ ਮੂੰਹ ਵੇਖਣ ਵਾਸਤੇ ਝੁਰਮਟ ਪਾ ਦੇਣਾ। ਵਹੁਟੀ ਤੇ ਸਾਥਨ (Lady-in-waiting) ਇਕੱਠੀਆਂ ਕੋਲ-ਕੋਲ ਸੌਂਦੀਆਂ। ਅਗਲੀ ਸਵੇਰੇ ਦੋਵੇਂ ਵਾਪਸ ਪੇਕੇ ਘਰ ਮੁੜ ਜਾਂਦੀਆਂ। 

ਮੁਕਲਾਵਾ-ਕੁਝ ਦਿਨਾਂ ਬਾਅਦ ਘਰ ਵਾਲਾ ਵਹੁਟੀ ਨੂੰ ਲੈਣ ਆਉਂਦਾ। ਵਹੁਟੀ ਨੂੰ ਪੇਕੇ ਘਰੋਂ ਕੱਪੜਿਆਂ, ਲੱਡੂਆਂ, ਮੱਠੀਆਂ ਨਾਲ ਲੱਦ ਕੇ ਤੋਰਿਆ ਜਾਂਦਾ ਤੇ ਜੋੜੀ ਘਰ ਪਹੁੰਚ ਜਾਂਦੀ। ਨਵੀਂ ਵਿਆਹੀ ਜੋੜੀ ਦਾ ਇਕੱਠਿਆਂ ਰਹਿਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ। ਮੁਕਲਾਵੇ ਵਾਲੀ ਪਹਿਲੀ ਰਾਤ ਦਾ ਨਕਸ਼ਾ ਪੰਜਾਬ ਦੇ ਲੋਕ ਗੀਤ ਗੂਹੜੀ ਤਰ੍ਹਾਂ ਬੰਨ੍ਹਦੇ ਨੇ। ਹਫ਼ਤੇ ਦਸ ਦਿਨ ਵਾਸਤੇ ਵਹੁਟੀ ਨੂੰ ਕੁਝ ਘਰ ਦਾ ਕੰਮ ਨਹੀਂ ਸੀ ਕਰਨਾ ਪੈਂਦਾ ਤਾਂਕਿ ਪੂਰਾ ਧਿਆਨ ਘਰਵਾਲੇ ਨੂੰ ਦੇਵੇ, ਜਵਾਨੀ ਮਾਨੇ। ਫੇਰ ਵਹੁਟੀ ਨੂੰ ਚੌਂਕੇ ਚੜਾਇਆ ਜਾਂਦਾ । ਹੁਣ ਉਹਨੂੰ ਪੂਰੀ ਖੁੱਲ੍ਹ ਸੀ ਕਿ ਰੋਟੀਆਂ ਪਕਾਵੇ, ਹੱਥ ਸਾੜੇ ਤੇ ਦਿਲ ਵੀ ਸਾੜੇ। ਅੱਗੋਂ ਤੇਰੇ ਭਾਗ ਲੱਛੀਏ ! 

ਚਾਦਰ ਪਾਣੀ-ਪੁਰਾਣੇ ਸਮਿਆਂ ਤੋਂ ਰਿਵਾਜ ਚਲਿਆਂ ਆ ਰਿਹਾ ਸੀ ਕਿ ਜੇ ਖ਼ੁਦਾ ਨਖਾਸਤਾ ਕੋਈ ਔਰਤ ਜਵਾਨ ਉਮਰ ਵਿਚ ਬੇਵਾ ਹੋ ਜਾਏ ਤਾਂ ਉਸ ਦੇ ਜੇਠ ਜਾਂ ਦਿਉਰ ਨੂੰ ਹੱਕ ਸੀ ਕਿ ਉਸ ਦੇ ਉਪਰ ਚਾਦਰ ਪਾ ਲਵੇ ਭਾਵ ਵਿਆਹ ਕਰ ਲਵੇ। ਇਸ ਦਾ ਫ਼ਾਇਦਾ ਇਹ ਸੀ ਕਿ ਘਰ ਦੀ ਇੱਜ਼ਤ ਘਰ ਵਿੱਚ ਹੀ ਰਹਿੰਦੀ ਸੀ। ਟੱਬਰ ਵੱਖ ਨਹੀਂ ਸੀ ਹੁੰਦਾ ਤੇ ਜਾਇਦਾਦ ‘ਕੱਠੀ ਰਹਿੰਦੀ ਸੀ । ਬੇਵਾ ਨੂੰ ਡਰ ਹੁੰਦਾ ਸੀ ਕਿ ਜੇ ਜੇਠ ਜਾ ਦਿਉਰ ਵਿਆਹਿਆ ਹੋਵੇ ਤਾਂ ਕੀ ਪਤਾ ਸੌਂਕਣ ਦੇ ਨਾਲ ਨਿਭੇ ਜਾਂ ਨਾ ਨਿਭੇ। ਇਹ ਵੀ ਡਰ ਹੁੰਦਾ ਸੀ ਕਿ ਕਿਧਰੇ ਉਹਦੀ ਜਾਇਦਾਦ ਨੂੰ ਹੜੱਪ ਕਰਨ ਦੀ ਚਾਲ ਤਾਂ ਨਹੀਂ। ਇਹਨਾਂ ਸਵਾਲਾਂ ਦਾ ਜਵਾਬ ਤਾਂ ਵਕਤ ਨਾਲ ਈ ਮਿਲਦਾ ਸੀ । ਪਰ ਚੱਦਰ ਪਾਣ ਦਾ ਆਮ ਰਿਵਾਜ ਸੀ। ਰਸਮ ਬੜੀ ਸਾਦਾ ਜਿਹੀ ਹੁੰਦੀ ਸੀ। ਆਦਮੀ-ਚਨਾਨੀ ਦੇਵੇ ਨਾਲੋ ਨਾਲ ਦੇ ਚੌਕੀਆਂ ਤੇ ਬੈਠਦੇ। ਘਰ ਦੀਆਂ ਜਨਾਨੀਆਂ ਉਹਨਾਂ ਦੇ ਸਿਰਾਂ ਦੇ ਉੱਪਰ ਚਾਦਰ ਵਡ ਕੇ ਖਲੇਂਦੀਆਂ ਗੀਤ ਗਾਂਦੀਆਂ, ਚੋਲ ਵਾਰ ਕੇ ਸੁੱਟਦੀਆਂ। ਆਦਮੀ ਕੋਈ ਨਹੀਂ ਸੀ। ਸ਼ਾਮਲ ਹੁੰਦਾ। ਰਸਮ ਖ਼ਤਮ ਹੋਣ ਤੇ ਦੋਵੇਂ ਜੋੜੀ ਸਮਝੇ ਜਾਂਦੇ ਸਨ। ਸਮਾਜ ਤੇ ਕਚਹਿਰੀਆਂ ਇਹਨਾਂ ਵਿਆਹਾਂ ਨੂੰ ਸਵੀਕਾਰ ਕਰਦੀਆਂ ਸਨ। ਇਸ ਨੂੰ ਸਮਾਜ ਦਾ बात (Customary Law) वगिरे मत। 

ਦਾਜ-ਦਾਜ ਦੇ ਤਿੰਨ ਰੂਪ ਹੁੰਦੇ ਸਨ। ‘ਦਾਜ’, ‘ਵੱਟਾ’ ਤੇ ‘ਉਲਟਾ ਦਾਜ’। ਵਿਆਹ ਵੇਲੇ ਜੋ ਕੁਝ ਧੀ ਨੂੰ ਤੇ ਉਸ ਦੇ ਸੋਹਰੇ ਘਰ ਨੂੰ ਦਿੱਤਾ ਜਾਂਦਾ ਸੀ, ਉਸ ਨੂੰ ਦਾਜ ਕਹਿੰਦੇ ਸਨ। ਇਸ ਵਿੱਚ ਜ਼ੇਵਰ, ਸੂਟ, ਖੇਸ, ਤਲਾਈਆਂ, ਰਜਾਈਆਂ, ਦਰੀਆਂ, ਬਰਤਨ ਤੇ ਰੋਜ਼ ਵਰਤਨ ਦਾ ਹਰ ਕਿਸਮ ਦਾ ਸਾਮਾਨ ਹੁੰਦਾ ਸੀ। ਕਈ ਵਾਰੀ ਚਰਖੇ, ਪਲੰਘ ਤੇ ਪੈਸੇ ਵੀ ਹੁੰਦੇ ਸਨ। ਸੱਸ ਤੇ ਨਨਾਣਾ ਵੱਲ ਖ਼ਾਸ ਧਿਆਨ ਦਿੱਤਾ ਜਾਂਦਾ। ਸੀ। ਸੋਹਰੇ ਦਾ ਘੱਟ ਹੀ ਫ਼ਿਕਰ ਹੁੰਦਾ ਸੀ। ਗੋਟਾ ਕਨਾਰੀ ਬੜਾ ਵਰਤਿਆ ਜਾਂਦਾ ਸੀ । ਕੁੜੀ ਦੇ ਹੱਥਾਂ ਦੀਆਂ ਬਣਾਈਆਂ ਸਾਰੀਆਂ ਚੀਜ਼ਾਂ ਦਾਜ ਵਿੱਚ ਰਖੀਆਂ ਜਾਂਦੀਆ ਸਨ। ਇਹ ਖ਼ਿਆਲ ਰੱਖਣਾ ਪੈਂਦਾ ਸੀ ਕਿ ਦਾਜ ਕੁੜੀ ਦੇ ਪਰਿਵਾਰ ਤੇ ਸੋਹਰੇ ਪਰਿਵਾਰ ਦੀ ਹੈਸੀਅਤ ਦੇ ਬਰਾਬਰ ਦਾ ਹੋਏ। ਜੇ ਘੱਟ ਹੋਏ ਤਾਂ ਗੱਲਾਂ ਹੁੰਦੀਆਂ ਸਨ। 

ਦਾਜ ਦੀ ਭਾਵੇਂ ਕਿੰਨੀ ਵੀ ਆਸ ਹੋਵੇ, ਇਸ ਦੀ ਕੋਈ ਮੰਗ ਨਹੀਂ ਸੀ ਕਰਦਾ। ਨਾ ਹੀ ਕੋਈ ਵਹੁਟੀ ਨੂੰ ਤਾਅਨੇ ਮਾਰਦਾ ਸੀ ਕਿ ਤੂੰ ਦਾਜ ਘੱਟ ਆਂਦਾ ਏ। ਦਾਜ ਦੀਆਂ ਮੰਗਾਂ ਤਾਂ ਪੜ੍ਹਿਆਂ-ਲਿਖਿਆਂ ਨੇ ਸ਼ੁਰੂ ਕੀਤੀਆਂ ਨੇ। ਇਹ ਪੁਰਾਣੀ ਸੱਭਿਅਤਾ ਵਿੱਚ ਨੀਚਪੁਣਾ ਗਿਣਿਆ ਜਾਂਦਾ ਸੀ । 

ਵੱਟਾ-ਗ਼ਰੀਬ ਘਰ ਵਾਲਿਆਂ ਨੂੰ ਮੁੰਡੇ ਲਈ ਸਾਕ ਲੱਭਣਾ ਬੜਾ ਔਖਾ ਹੁੰਦਾ ਸੀ । ਹਰ ਮਾਂ ਪਿਉ ਨੂੰ ਫ਼ਿਕਰ ਹੁੰਦਾ ਸੀ ਕਿ ਧੀ ਸੌਹਰੇ ਘਰ ਜਾ ਕੇ ਕੀ ਖਾਏਗੀ ਤੇ ਕੀ ਹੰਢਾਏਗੀ। ਗ਼ਰੀਬ ਖ਼ਾਨਦਾਨਾਂ ਕੋਲ ਇਸ ਦਾ ਹਲ ਸੌਖਾ ਸੀ। ਆਪਣੀ ਕੁੜੀ ਦੇ ਦਿਉ। ਤੇ ਦੂਜੇ ਦੀ ਕੁੜੀ ਲੈ ਲਵੋ। ਦੋਵੇਂ ਮੁੰਡੇ ਵਿਆਹੇ ਗਏ ਤੇ ਦੋਵੇਂ ਕੁੜੀਆਂ। ਇਹ ਬੜਾ ਸੌਖਾ ਬਰਾਬਰ ਦਾ ਵਟਾਂਦਰਾ (even exchange) ਹੁੰਦਾ ਸੀ । ਕੁੜੀਆਂ ਨੂੰ ਸੱਸਾਂ ਦੁਖੀ ਕਰਨ ਤੋਂ ਕੱਤਰਾਦੀਆਂ ਸਨ। ਪਰ ਜੇ ਇਕ ਕੁੜੀ, ਦੂਜੀ ਨਾਲੋਂ ਜ਼ਿਆਦਾ ਸੁਚੱਜੀ ਤੇ ਸੋਹਣੀ ਹੋਵੇ ਤਾਂ ਵੀ ਰਫ਼ੜ ਪੈ ਜਾਂਦਾ ਸੀ । ਬੜਾ ਖ਼ਿਆਲ ਰੱਖਿਆ ਜਾਂਦਾ। ਸੀ ਕਿ ਜਿਥੋਂ ਤਕ ਹੋ ਸਕੇ, ਵੱਟਾ ਬਰਾਬਰ ਦਾ ਹੋਵੇ। 

ਉਲਟਾ ਦਾਜ-ਜ਼ਰੂਰਤਮੰਦ ਟੱਬਰਾਂ ਵਿੱਚ ਆਮ ਸੀ ਕਿ ਜੇ ਮੁੰਡਾ ਜਾਦਾ ਉਮਰ ਦਾ ਹੋ ਜਾਏ, ਰਿਸ਼ਤਾ ਨਾ ਮਿਲੇ ਤਾਂ ਉਹ ਕੁੜੀ ਵਾਲਿਆਂ ਨੂੰ ਪੈਸੇ ਦੇ ਕੇ ਮੁੰਡਾ ਵਿਆਹ ਲੈਂਦੇ ਸਨ। ਪਿੰਡ ਵਿੱਚ ਕਈ ਕਾਂਡ ਸਨ ਜਿਨ੍ਹਾਂ ਵਿੱਚ ਕੁੜੀਆਂ ਵੇਚੀਆਂ ਵੀ ਗਈਆਂ ਤੇ ਖਰੀਦੀਆਂ ਵੀ ਗਈਆਂ। ਕਈ ਕਾਮਸਾਬ ਸਨ ਤੇ ਕਈ ਨਾਕਾਮ। 

ਸਭ ਤੋਂ ਮਸ਼ਹੂਰ ਉਲਟਾ ਦਾਜ ਸੋਹਨ ਸਿੰਘ ਨਹੰਗ ਦੇ ਘਰ ਦਾ ਸੀ। ਉਸ ਦੀਆਂ ਪੰਜ ਧੀਆਂ ਤੇ ਇਕ ਨਿਕਾ ਪੁੱਤਰ ਸੀ। ਜ਼ਮੀਨ ਗਹਿਣੇ ਪਈ ਹੋਈ ਸੀ ਤੇ ਗੁਜ਼ਾਰਾ ਔਖਾ ਸੀ। ਕਰਜਾ ਬੜਾ ਸੀ । ਉਸ ਨੇ ਵਾਰੀ-ਵਾਰੀ ਪੰਜਾਂ ਧੀਆਂ ਦੇ ਵਿਆਹ ਪੈਸੇ ਲੈ ਕੇ ਕਰ ਦਿੱਤੇ। ਕਰਜ਼ਾ ਲਹਿ ਗਿਆ। ਜ਼ਮੀਨ ਛੁੱਟ ਗਈ। ਬਰਾਦਰੀ ਮੇਹਣੇ ਮਾਰਦੀ ਸੀ। ਪਰ ਸੋਹਨ ਨੇ ਕੋਈ ਪਰਵਾਹ ਨਾ ਕੀਤੀ। ਰੱਬ ਦੀ ਮਿਹਰ, ਪੰਜੇ ਧੀਆਂ ਆਪਣੇ ਘਰਾਂ ਵਿੱਚ ਖ਼ੁਸ਼ ਸਨ। ਸੋਹਨ ਸਿੰਘ ਦੀ ਜਵਾਈਆਂ ਨਾਲ ਵੀ ਚੰਗੀ ਬਣਦੀ ਸੀ। ਕਰਜ਼ੇ ਲਹਿ ਜਾਣ ਤੋਂ ਬਾਅਦ, ਮਾਂ ਦਿਨ ਦਿਹਾਰ ਕੁੜੀਆਂ ਨੂੰ ਘਰ ਸੱਦਦੀ ਰਹਿੰਦੀ ਸੀ। ਸਰਦਾ-ਪੁੱਜਦਾ ਕੁਝ ਨਾ ਕੁਝ ਦੇ ਵੀ ਦੇਂਦੀ ਸੀ। 

19 

ਵਿਆਹੀਆਂ ਦੇ ਸੰਕਟ 

ਕਵਾਰੀ ਤਾਂ ਚਾਉ, ਵਿਆਹੀ ਤਾਂ ਮਾਮਲੇ 

(ਫਰੀਦ ) 

ਘਰੇਲੂ ਮੱਸਲਿਆਂ ਵਿੱਚ ਵੀ ਆਦਮੀਆਂ ਦੇ ਮੁਕਾਬਲੇ ਤੇ ਔਰਤਾਂ ਦਾ ਪੱਲਾ ਹਲਕਾ ਹੁੰਦਾ ਸੀ। ਆਮ ਤੌਰ ‘ਤੇ ਸੰਕਟ ਢੱਕੇ ਰਹਿੰਦੇ ਸਨ। ਰਸੀ ਹੋਈ ਤੇ ਪੁਗੀ ਹੋਈ ਔਰਤ ਨੂੰ ਪਤਾ ਹੁੰਦਾ ਸੀ ਕਿ ਬੇਇਨਸਾਫ਼ੀ ਦਾ ਤੇ ਆਫ਼ਤਾਂ ਦਾ ਸਾਮ੍ਹਣਾ ਕਿਸ ਤਰ੍ਹਾਂ ਕਰਨਾ ਹੈ। ਜੇ ਘਰ ਵਾਲੇ ਨੇ ਦੂਜਾ ਵਿਆਹ ਕਰ ਲਿਆ ਤਾਂ ਉਹ ਉਸ ਨੂੰ ਪ੍ਰਚਲਿਤ ਰਿਵਾਜ ਸਮਝ ਕੇ ਬਰਦਾਸ਼ਤ ਕਰਦੀ ਸੀ। ਕਈ ਵਾਰੀ ਉਹ ‘ਜੇ ਕੰਧ ਢਹਿੰਦੀ ਹੈ ਤਾਂ ਅੰਦਰ ਨੂੰ ਢਾਹ ਲਉ’ ਦੀ ਗੱਲ ਵਾਂਗੂ ਆਪਣੀ ਭੈਣ ਦਾ ਰਿਸ਼ਤਾ ਵੀ ਲਿਆ ਦੇਂਦੀ ਸੀ। ਜੇ ਜਵਾਨ ਘਰ ਵਾਲੇ ਦੀ ਮੌਤ ਹੋ ਜਾਏ ਤਾਂ ਇਸ ਆਸ ਵਿੱਚ ਵਕਤ ਗੁਜ਼ਾਰਦੀ ਕਿ ਇਕ ਦਿਨ ਬੱਚੇ ਉਡਾਰੂ ਹੋ ਜਾਣਗੇ ਤੇ ਘਰ ਸੰਭਾਲ ਲੈਣਗੇ। ਜੇ ਕੋਈ ਬੱਚਾ ਨਾ ਹੋਵੇ, ਤਾਂ ਉਹ ਸੌਹਰੇ ਘਰ ਵੀ ਰਹਿ ਸਕਦੀ ਸੀ ਤੇ ਪੇਕੇ ਘਰ ਵੀ ਜਾ ਸਕਦੀ ਸੀ। ਦੋਹਾਂ ਥਾਵਾਂ ਤੇ ਉਸ ਦੇ ਕੰਮ ਦੀ ਮੰਗ ਹੁੰਦੀ ਸੀ। ਉਹ ਮਨ ਨਾਲ ਫੈਸਲਾ ਕਰਦੀ ਸੀ ਕਿ ਕਿਧਰ ਜਾਏ। 

ਕਈ ਵਾਰੀ ਮਾਂ ਦੇ ਉਕਸਾਏ ਹੋਏ ਘਰ ਵਾਲੇ ਆਪਣੀ ਨੌਜਵਾਨ ਵਹੁਟੀ ਨੂੰ ਘਰੋਂ ਕੱਢ ਦੇਂਦੇ ਸਨ। ਉਹ ਆਪਣੇ ਪੇਕੇ ਚਲੀ ਜਾਂਦੀ। ਨੌਜਵਾਨ ਬੇਵਾ ਦੇ ਰਾਹ ਵਿੱਚ ਕਈ ਕੰਡੇ ਹੁੰਦੇ ਸਨ। ਜੇ ਉਸ ਦੀ ਮਰਜ਼ੀ ਨਾਲ, ਜੇਠ ਜਾਂ ਦਿਉਰ ਨੇ ਚਾਦਰ ਪਾ ਲਈ ਤਾਂ ਮਸਲਾ ਹਲ ਹੋ ਗਿਆ। ਨਹੀਂ ਤਾਂ ਉਹ ਵੀ ਪੇਕੇ ਚਲੀ ਜਾਂਦੀ ਸੀ। ਦੋਹਾਂ ਹਾਲਤਾਂ ਵਿੱਚ ਮਾਂ-ਪਿਉ ਨੂੰ ਨਵਾਂ ਵਰ ਲੱਭਣਾ ਪੈਂਦਾ ਸੀ। ਗ਼ਰੀਬ ਘਰਾਂ ਦੀਆਂ ਔਰਤਾਂ ਵਾਸਤੇ ਦੂਜਾ ਵਿਆਹ ਕਰਨਾ ਸੌਖਾ ਹੁੰਦਾ ਸੀ। ਨੌਜਵਾਨ ਮੁਸਲਮਾਨੀਆਂ ਵਾਸਤੇ ਹੋਰ ਵੀ ਸੌਖਾ ਹੁੰਦਾ ਸੀ। ਕੋਈ ਨਾ ਕੋਈ ਆਦਮੀ ਭਾਵੇਂ ਉਹ ਪਹਿਲੋਂ ਵਿਆਹਿਆ ਹੋਵੇ, ਉਸ ਦੀ ਬਾਂਹ ਫੜ ਲੈਂਦਾ ਸੀ। ਹਿੰਦੂ ਔਰਤਾਂ ਆਮ ਤੌਰ ‘ਤੇ ਦੂਜਾ ਵਿਆਹ ਨਹੀਂ ਸਨ ਕਰ ਸਕਦੀਆਂ। ਈਸਾਈ ਤੇ ਗਰੀਬ ਘਰਾਂ ਦੀਆਂ ਸਿੱਖ ਔਰਤਾਂ ਜਿਹੜਾ ਵੀ ਕੋਈ ਉਹਨਾਂ ਦੀ ਜਿੰਮੇਵਾਰੀ ਲੈਣ ਨੂੰ ਤਿਆਰ ਹੋ ਜਾਏ, ਉਸ ਦੇ ਨਾਲ ਵਿਆਹ ਕਰਾ ਲੈਂਦੀਆ ਸਨ। 

ਮੁਸ਼ਕਿਲ ਪੈਂਦੀ ਸੀ ਸਰਦੇ-ਪੁਜਦੇ ਘਰਾਂ ਦੀਆਂ ਸਿੱਖ ਔਰਤਾਂ ਨੂੰ। ਜੇ ਉਹ ਪੇਕੇ ਜਾਏ ਤਾਂ ਉਸ ਦੀ ਸਾਰੀ ਜਾਇਦਾਦ ਖੁੱਸ ਜਾਂਦੀ ਸੀ। ਜੇ ਉਹ ਸੋਹਰੇ ਰਹੇ ਤਾਂ ਉਸ ਤੇ ਦਖਾਉ ਪਾਇਆ ਜਾਂਦਾ ਸੀ ਕਿ ਜੇਠ ਜਾਂ ਦਿਉਰ ਨਾਲ ਚਾਦਰ ਪਾ ਲਏ। ਜੇ ਉਹ ਇਕੱਲਾ ਜਾਂ ਕਵਾਰਾ ਹੋਵੇ ਤਾਂ ਠੀਕ ਸੀ। ਜੇ ਉਹ ਵਿਆਹਿਆ ਹੋਇਆ ਹੋਵੇ ਤਾਂ ਔਰਤ ਨੂੰ ਡਰ ਹੁੰਦਾ ਸੀ ਕਿ ਉਸ ਦੀ ਜ਼ਮੀਨ ਹੜੱਪ ਨਾ ਹੋ ਜਾਏ, ਖ਼ਾਸ ਤੌਰ ‘ਤੇ ਜੇ ਸੈਕਨ ਉਸ ਨਾਲੋਂ ਤੇਜ਼ ਨਿਕਲੇ। ਮੱਖਣ ਵਿੱਚੋਂ ਵਾਲ ਕੱਢਣ ਵਾਂਗੂ ਇਕ ਦਿਨ ਉਸ ਨੂੰ ਲਾਂਭੇ ਨਾ ਕਰ ਦੇਵੇ। 

ਸਲਾਹ ਦੇਣ ਵਾਲੇ ਤਾਂ ਕਈ ਹੁੰਦੇ ਸਨ ਪਰ ‘ਜਿਸ ਤਨ ਲਾਗੇ, ਸੋਈ ਜਾਨੇ’ ਵਾਲੀ ਗੱਲ ਹੁੰਦੀ ਸੀ। ਆਖਰ ਔਰਤ ਨੂੰ ਆਪ ਹੀ ਫ਼ੈਸਲਾ ਕਰਨਾ ਪੈਂਦਾ ਸੀ ਕਿ ਕਿੱਧਰ ਜਾਏ। ਪਿੰਡ ਦੀਆਂ ਚਾਰ ਵਾਰਦਾਤਾਂ ਇਸ ਤੇ ਰੋਸ਼ਨੀ ਪਾਂਦੀਆਂ ਨੇ। 

ਫ਼ਜ਼ਲ ਬੀਬੀ (ਫ਼ਜ਼ਲਾਂ)—ਗਰਮੀਆਂ ਦੀਆਂ ਰਾਤਾਂ ਨੂੰ ਆਏ ਦਿਨ ਫ਼ਜ਼ਲਾਂ ਕੋਠੇ ਤੇ ਖਲੋ ਕੇ ‘ਚੋਰ! ਚੋਰ ।’ ਪੁਕਾਰਦੀ। ਮਹੱਲਾ ਜਾਗ ਉੱਠਦਾ। ਨੇੜੇ ਹਵੇਲੀ ਵਿੱਚ ਆਪਣੇ ਖੋਤਿਆਂ ਦਾ ਰਾਖੀ ਚਰਾਗ਼ ਉਠ ਕੇ ਘਰ ਨੂੰ ਦੋੜਿਆਂ ਆਉਂਦਾ। ਉਹਨੂੰ ਵੇਖ ਕੇ ਫ਼ਜ਼ਲਾ ਚੁੱਪ ਕਰ ਜਾਂਦੀ। ਮੁਹੱਲੇ ਵਿੱਚੋਂ ਕੋਈ ਨਹੀਂ ਉੱਠਦਾ। ਉਹਨਾਂ ਨੂੰ ਅੰਦਰਲੀ ਕਹਾਣੀ ਦਾ ਪਤਾ ਸੀ। 

ਫ਼ਜ਼ਲਾਂ ਇਕ ਕਰਾਰੀ, ਮਸਾਲੇਦਾਰ, ਤੇ ਨੌਜਵਾਨ ਪੁਤਲੀ ਸੀ। ਮਹੱਲੇ ਦੀਆਂ ਜ਼ਨਾਨੀਆਂ ਵਿੱਚ ਬੜਾ ਰਚ-ਮਿਚ ਕੇ ਰਹਿੰਦੀ। ਹੱਸਦੀ, ਖੇਡਦੀ, ਸਾਂਗ ਲਾਂਦੀ, ਐਕਸ ਲੱਗਦੀ ਸੀ। ਸਾਰੀਆਂ ਨੂੰ ਖ਼ੁਸ਼ ਰੱਖਦੀ। ਚਰਾਗ਼ ਤਾਂ ਉਹਦੀ ਪੂਜਾ ਕਰਦਾ ਸੀ। ਉਸ ਦੇ ਵਾਸਤੇ ਤਾਂ “ਤੂੰ ਮੇਰੀ ਜ਼ਿੰਦਗੀ ਹੈ, ਤੂੰ ਮੇਰੀ ਬੰਦਗੀ ਹੈ” ਵਾਲੀ ਗੱਲ ਸੀ। ਫ਼ਜ਼ਲਾਂ ਨੂੰ ਆਪਣਾ ਆਲਾ-ਦੁਆਲਾ ਬੜਾ ਚੰਗਾ ਲੱਗਦਾ ਸੀ। 

ਫ਼ਜ਼ਲਾਂ ਦੇ ਪੇਕੇ ਦਸ-ਬਾਰਾਂ ਮੀਲ ਦੀ ਦੂਰੀ ‘ਤੇ ਸਨ । ਤਿੰਨ ਜਵਾਨ ਭਰਾ ਸਨ। 

ਫ਼ਜ਼ਲਾਂ ਦਾ ਵਿਆਹ ਵੱਟੇ ਵਿੱਚ ਹੋਇਆ ਸੀ। ਚਰਾਗ਼ ਦੀ ਚਚੇਰੀ ਭੈਣ ਫ਼ਜ਼ਲਾਂ ਦੇ ਇਕ ਭਰਾ ਨਾਲ ਵਿਆਹੀ ਗਈ ਤੇ ਉਸੇ ਵੇਲੇ ਫ਼ਜ਼ਲਾਂ ਚਰਾਗ ਨਾਲ। ਪਰ ਚਰਾਗ਼ ਦੀ ਚਚੇਰੀ ਭੈਣ ਨਾ ਸੋਹਣੀ ਸੀ ਤੇ ਨਾ ਹੁਸ਼ਿਆਰ। ਫ਼ਜ਼ਲਾਂ ਦੇ ਭਰਾ ਸਮਝਣ ਕਿ ਉਹਨਾਂ ਨਾਲ ਧੋਖਾ ਹੋਇਆ ਹੈ। ਬਰਾਬਰ ਦਾ ਵੱਟਾ ਨਹੀਂ ਮਿਲਿਆ। ਵਿਆਹ ਟੁੱਟ ਗਿਆ, ਕੁੜੀ ਵਾਪਸ ਆ ਗਈ ਤੇ ਝੱਟ ਹੀ ਉਹਦਾ ਹੋਰ ਥਾਂ ਨਿਕਾਹ ਹੋ ਗਿਆ। ਫ਼ਜ਼ਲਾਂ ਦੇ ਪੇਕੇ ਚਾਹੁੰਦੇ ਸਨ ਕਿ ਉਹ ਵਾਪਸ ਘਰ ਆ ਜਾਏ ਤੇ ਭਰਾ ਦਾ ਕਿਸੇ ਹੋਰ ਥਾਂ ਵੱਟੇ ਵਿੱਚ ਵਿਆਹ ਕਰ ਦੇਣ। ਡਰਦੀ ਫ਼ਜ਼ਲਾ ਪੇਕੇ ਮਿਲਣ ਵਾਸਤੇ ਵੀ ਨਹੀਂ ਸੀ ਜਾਂਦੀ । ਭਰਾਵਾਂ ਨੇ ਫ਼ਜ਼ਲਾ ਨੂੰ ਚੁੱਕ ਕੇ ਲੈ ਜਾਣ ਦਾ ਫੈਸਲਾ ਕਰ ਲਿਆ। ਆਏ ਦਿਨ ਗਰਮੀਆਂ ਵਿੱਚ ਕੋਠੇ ‘ਤੇ ਸੁੱਤੀ ਫ਼ਜ਼ਲਾ ਨੂੰ ਚੁਕਣ ਵਾਸਤੇ ਆਉਣ । ਫ਼ਜ਼ਲਾ ‘ਚੋਰ! ਚੋਰ!’ ਦਾ ਰੌਲਾ ਪਾ ਦੇਵੇ। ਇਹ ਨਾਟਕ ਕਈ ਮਹੀਨੇ ਚੱਲਦਾ ਰਿਹਾ। ਫ਼ਜ਼ਲਾ ਨਹੀਂ ਸੀ ਚਾਹੁੰਦੀ ਕਿ ਉਸ ਦੀ ਕਿਸੇ ਹੋਰ ਥਾਂ ਤਜਾਰਤ ਹੋ ਜਾਏ। ਚੋਰ! ਚੋਰ! ਦਾ ਰੌਲਾ ਇਕ ਐਲਾਨ ਹੁੰਦਾ ਸੀ ਕਿ ਮੈਂ ਪੇਕੇ ਨਹੀਂ ਜਾਣਾ। ਮੈਂ ਵਿਚਾਰੇ ਚਰਾਗ ਨੂੰ ਛੱਡ ਕੇ ਨਹੀਂ ਜਾਣਾ। ਤੇਰੀ ਵਾਹ! ਵਾਹ। ਪਿਆਰੀ ਫ਼ਜ਼ਲ ਬੀਬੀ।  

ਸੁੰਦਰਤਾ ਮੁਟਿਆਰ ਜਦੋਂ ਹੋ ਰੰਗ ਰੂਪ ਚੱੜ੍ਹ ਭੱਖਦੀ

ਆਪੇ ਤੇ ਆਸ਼ਕ ਹੋ ਆਪੇ, ਮਧ ਆਪੇ ਦਾ ਛਕਦੀ। 

ਭਾਈ ਵੀਰ ਸਿੰਘ 

ਇਹ ਲਿਖਤ ਕਰਤਾਰਾਂ ਤੇ ਪੂਰੀ ਢੁੱਕਦੀ ਸੀ। ਜਦੋਂ ਜੋਬਨ ਵਿੱਚ ਆਈ ਤਾਂ ਉਹਦਾ ਸੁਹੱਪਣ ਡੁਲ੍ਹ-ਡੁਲ੍ਹ ਪੈਂਦਾ ਸੀ। ਜੇ ਕੋਈ ਉਸ ਦੀਆਂ ਮੋਟੀਆਂ-ਮੋਟੀਆਂ ਚਮਕਦੀਆਂ ਅੱਖਾਂ ਵੱਲ ਵੇਖੇ ਤਾਂ ਉਹਨਾਂ ਦਾ ਤੇਜ ਸਹਿ ਨਹੀਂ ਸੀ ਹੁੰਦਾ। ਜੇ ਅੱਖਾਂ ਨੀਵੀਆਂ ਕਰੇ ਤਾਂ ਉਸ ਦਾ ਭਰਿਆ ਹੋਇਆ ਸੀਨਾ ਕਾਂਬਾ ਛੇੜ ਦੇਂਦਾ ਸੀ। ਧੱਕ ਜੋਰੀ ਵੇਖਣ ਵਾਲੇ ਦੀਆਂ ਨਜ਼ਰਾਂ ਪੈਰਾਂ ਵੱਲ ਚਲੀਆਂ ਜਾਂਦੀਆਂ ਸਨ। ਕਰਤਾਰਾਂ ਵਿੱਚ ਕੁਦਰਤੀ ਰੋਬ ਸੀ। 

ਕਰਤਾਰਾ ਅਜੇ ਨੌਂ ਸਾਲ ਦੀ ਸੀ ਜਦੋਂ ਉਸ ਦੀ ਮੰਗਣੀ ਹੋ ਗਈ। ਦਾਦਾ ਲੰਬੜਦਾਰ ਤੇ ਅਮੀਰ ਸੀ । ਪਿਉ ਬੜਾ ਸਚਾ ਤੇ ਨਾਮਵਰ ਸੀ। ਭਾਣਾ ਵੇਖੋ, ਦੋ ਸਾਲਾਂ ਵਿੱਚ ਹੀ ਪਿਉ-ਦਾਦਾ ਗੁਜ਼ਰ ਗਏ। ਪੰਦਰਾ ਸਾਲਾਂ ਦੀ ਹੋਈ ਤਾਂ ਮਾਂ ਨੇ ਵਿਆਹ ਕਰ ਦਿੱਤਾ। ਦਿਲ ਖੋਲ੍ਹ ਕੇ ਦਾਜ ਦਿੱਤਾ। ਘਰ ਵਾਲਾ ਨਿਖੱਟੂ ਸੀ। ਵੇਹਲੜ। ਸੌਹਰਾ ਪੁਲਿਸ ਇਨਸਪੈਕਟਰ ਸੀ । ਬੜਾ ਮਿੱਠੇ ਸੁਭਾਅ ਦਾ ਸੀ। ਘਰ ਵਿੱਚ ਅਸਲੀ ਪੁਲਸ ਅਫ਼ਸਰ ਸੱਸ ਸੀ। ਕਰਤਾਰਾਂ ਬੜੀ ਅਣਖੀਲੀ ਸੀ। ਥੱਲੇ ਲੱਗ ਕੇ ਨਹੀਂ ਸੀ ਰਹਿੰਦੀ। 

ਸੱਸ ਨੂੰ ਗੁਸਾ ਆਏ ਤਾਂ ਨੂੰਹ ਨੂੰ ਘੋੜਿਆਂ ਵਾਸਤੇ ਛੋਲੇ ਪੀਹਣ ‘ਤੇ ਲਾ ਦੇਵੇ। ਸਤਾਰਾ ਸਾਲਾਂ ਦੀ ਦੇ ਮੁੰਡਾ ਜੰਮ ਪਿਆ। ਨੂੰਹ-ਸੱਸ ਦੀ ਤਾਂ ਵੀ ਨਾ ਨਿੱਭੀ। ਘਰ ਵਾਲਾ ਮਾਂ ਵੱਲ ਦਾ ਸੀ। ਸੱਸ ਨੇ ਮੁੰਡਾ ਰੱਖ ਲਿਆ ਤੇ ਨੂੰਹ ਨੂੰ ਘਰੋਂ ਕੱਢ ਦਿੱਤਾ । 

ਕਰਤਾਰਾਂ ਪੇਕੇ ਘਰ ਦੇ ਨਿੱਘ ਵਿੱਚ ਆ ਗਈ। ਭਰਾਵਾਂ ਦੀ ਵੱਡੀ ਭੈਣ ਦੇ ਤੌਰ ‘ਤੇ ਘਰ ਸੰਭਾਲ ਲਿਆ। ਦਿਲ ਦੀ ਸਖੀ ਤੇ ਦਲੇਰ ਸੀ। ਆਮ ਕਿਸਾਨ ਔਰਤਾਂ ਵਾਂਗਰ ਖੂਹ ‘ਤੇ ਭੱਤਾ ਲੈ ਕੇ ਜਾਂਦੀ । ਲੱਸੀ ਦੀ ਚਾਟੀ ਚੁੱਕ ਕੇ ਜਦੋਂ ਡੀਲ-ਡੌਲ ਨਾਲ ਤੁਰਦੀ ਤਾਂ ਵੇਖਣ ਵਾਲੇ ਦੀ ਬਹਿਜਾ-ਬਹਿਜਾ ਹੋ ਜਾਂਦੀ। 

ਨੇੜੇ ਦੇ ਪਿੰਡ ਰਾਜੇ ਕੁਮਾਨ ਵਿੱਚ ਬੜਾ ਭਾਰੀ ਸਤਿਸੰਗ ਸੀ। ਹਰ ਪਾਸਿਉਂ ਲੋਕੀਂ ‘ਕਿਲੇ ਵਾਲੇ’ ਸੰਤਾਂ ਦੀਆਂ ਅਸੀਸਾਂ ਲੈਣ ਵਾਸਤੇ ਇਕੱਠੇ ਹੋਏ ਸਨ। ‘ਕੱਠ ਵਿੱਚ ਕਰਤਾਰਾਂ ਤੇ ਤਾਰਾ ਸਿੰਘ ਦੀਆਂ ਜਜ਼ਬੇ ਭਰੀਆਂ ਅੱਖਾਂ ਲੜ ਗਈਆਂ। ਬਿਜਲੀ ਆਰ-ਪਾਰ ਹੋ ਗਈ। ਦਿਲ ਮਿਲ ਗਏ। ਖ਼ੁਫ਼ੀਆ ਚਿੱਠੀ-ਪੱਤਰ ਹੋਣ ਲੱਗਾ। ਪਿੰਡ ਵਿੱਚ ਗੱਲ ਅੱਗ ਵਾਂਗੂ ਫੈਲ ਗਈ। ਕਰਤਾਰਾਂ ਦਾ ਭਰਾ ਬੜਾ ਤਾਕਤਵਰ ਸੀ। ਉਸ ਨੇ ਗੱਲ ਨੂੰ ਨੱਪਣ ਦੀ ਕੋਸ਼ਿਸ਼ ਕੀਤੀ। ਪਰ ਵਸ ਨਾ ਚਲਿਆ। ਦੇਸੀ ਦਵਾਈਆਂ ਦੇ ਮਾਹਿਰ, ਡਾ. ਤਾਰਾ ਸਿੰਘ ਦੇ ਦੋ ਵਿਆਹ ਟੁੱਟ ਚੁੱਕੇ ਸਨ । ਲੋਕੀਂ ਉਹਨੂੰ ਖੂਨੀ ਤੇ ਬਦਮਾਸ਼ ਸਮਝਦੇ ਸਨ। ਉਨੀ ਸਾਲਾਂ ਦੀ ਕਰਤਾਰਾਂ ਡੱਟੀ ਰਹੀ। 

ਡਾਕਟਰ ਤਾਰਾ ਸਿੰਘ ਦੀਆਂ ਅੱਖਾਂ ਭਖਦੇ ਕੋਲਿਆਂ ਵਾਂਗੂ ਸਨ । ਤਲਵਾਰ ਦਾ ਧਨੀ ਸੀ, ਦਲੇਰ ਸੀ। ਕੋਈ ਉਹਦਾ ਰਾਹ ਕੱਟੇ ਤਾਂ ਫਟ ਸਿਰ ਵੱਢਣ ਨੂੰ ਤਿਆਰ ਹੋ ਜਾਂਦਾ ਸੀ। ਖੂਬਸੂਰਤ ਤੇ ਤਕੜਾ ਜਵਾਨ ਸੀ। ਉਹਦੀ ਸ਼ਖਸੀਅਤ ਮਿਕਨਾਤੀਸੀ ਸੀ। ਜੋ ਆਖੇ, ਉਹ ਕਰਕੇ ਵਿਖਾਂਦਾ ਸੀ। ਕਰਤਾਰਾਂ ਨੂੰ ਉਸ ਦੀਆਂ ਖ਼ਾਸੀਅਤਾਂ ਬੜੀਆਂ ਚੰਗੀਆਂ ਲੱਗਦੀਆਂ ਸਨ। ਉਸ ਨੇ ਘਰੋਂ ਨਿਕਲ ਜਾਣ ਦਾ ਫ਼ੈਸਲਾ ਕਰ ਲਿਆ। ਵਾਗਾਂ ਹੱਥ ਵਿੱਚ, ਡਾ. ਤਾਰਾ ਸਿੰਘ ਆਪਣੇ ਟਾਂਗੇ ਤੇ ਆਪ ਆਇਆ। ਲੁਹਾਰਾਂ ਦੀ ਮਸਜਦ ਦੇ ਕੋਲ ਆ ਕੇ ਖਲੋਤਾ ਹੀ ਸੀ ਕਿ ਕਰਤਾਰਾਂ ਬਾਹਵਾਂ ਲਮਕਾਂਦੀ, ਖਾਲੀ ਹੱਥ, ਪਹੁੰਚ ਗਈ। ਦੋਵੇਂ ਪਰੀਆਂ ਦੀਆਂ ਕਹਾਣੀਆਂ ਵਾਂਗੂੰ ਹਵਾ ਹੋ ਗਏ। ਉਹਨਾਂ ਦਾ ਵਿਆਹ ਤੇ ਪ੍ਰੇਮ ਭਰਿਆ ਜੀਵਨ ਹਰ ਲਹਿਆਜ਼ ਨਾਲ ਪ੍ਰਫੁੱਲਤ ਰਿਹਾ। 

ਦੋ ਵਾਰੀ ਵਿਕੀ—ਇਕ ਕਿਸਾਨ ਦੇ ਤਿੰਨ ਪੁੱਤਰ ਤੇ ਪੰਜ ਕਿਲੇ ਜ਼ਮੀਨ ਸੀ। 

ਵਾਹੀ ਕਰਕੇ ਸੌਖਾ ਗੁਜ਼ਾਰਾ ਕਰਦਾ ਸੀ। ਘਰ ਦਾ ਵਿਹੜਾ ਬੜਾ ਵੱਡਾ ਸੀ। ਸੋਚਦਾ ਸੀ ਕਿ ਇਕ ਦਿਨ ਪੁੱਤਰਾਂ ਵਾਸਤੇ ਤਿੰਨ ਘਰ ਬਣਾਏਗਾ। ਪਰ ਅੰਦਰੋਂ-ਅੰਦਰੀ ਉਸਨੂੰ ਇਕ ਫ਼ਿਕਰ ਖਾਈ ਜਾਂਦਾ ਸੀ ਕਿ ਜਦੋਂ ਜ਼ਮੀਨ ਵੰਡੀ ਗਈ ਤਾਂ ਤਿੰਨ ਟੱਬਰਾਂ ਦਾ ਗੁਜ਼ਾਰਾ ਨਹੀਂ ਹੋਣਾ। ਅਰਦਾਸ ਸੁਣੀ ਗਈ। ਵੱਡੇ ਪੁੱਤਰ ਮੰਗਲ ਨੇ ਪਿਉ ਦੇ ਨਾਲ ਵਾਹੀ ਸ਼ੁਰੂ ਕਰ ਦਿੱਤੀ । ਵਿਚਕਾਰਲੇ ਪੁੱਤਰ ਨੂੰ ਫ਼ੌਜ ਵਿੱਚ ਨੌਕਰੀ ਮਿਲ ਗਈ। ਅੰਬਾਲੇ 

ਛੌਣੀ ਵਿੱਚ ਉਸ ਦਾ ਇਕ ਪੜ੍ਹੀ-ਲਿਖੀ ਸਕੂਲ ਟੀਚਰ ਨਾਲ ਵਿਆਹ ਹੋ ਗਿਆ। ਰਹਿਣ ਵਾਸਤੇ ਸਰਕਾਰੀ ਕਵਾਟਰ ਮਿਲ ਗਿਆ। ਉਸ ਨੇ ਛੋਟੇ ਭਰਾ ਨੂੰ ਵੀ ਕੋਲ ਬੁਲਾ ਲਿਆ। ਸੁੱਖ ਦੇ ਸਾਹ ਲੈਂਦਾ ਪਿਉਂ ਇਸ ਫ਼ਾਨੀ ਦੁਨੀਆਂ ਤੋਂ ਚਲਾ ਗਿਆ। 

ਭਰਾ ਨੇ ਛੋਟੇ ਨੂੰ ਡਰਾਈਵਰੀ ਸਿਖਾ ਦਿੱਤੀ। ਟਰੱਕ ਚਲਾਣ ਦੀ ਨੌਕਰੀ ਮਿਲ ਗਈ। ਸ਼ਹਿਰੋਂ-ਸ਼ਹਿਰ ਤੁਰਿਆ ਰਹਿੰਦਾ ਸੀ। ਨੌਕਰੀ ਕੱਚੀ ਸੀ, ਘਰ ਹੈ ਨਹੀਂ ਸੀ, ਕੋਈ ਸਾਕ ਨਾ ਆਵੇ। ਕੁੜੀ ਰਹੇਗੀ ਕਿੱਥੇ ? ਭਰਾਵਾਂ ਨੇ ਪੈਸੇ ਪਾ ਕੇ ਉਸ ਨੂੰ ਪਿੰਡ ਆਪਣੇ ਵਿਹੜੇ ਵਿੱਚ ਘਰ ਬਣਾ ਦਿੱਤਾ। ਵਿਚਕਾਰਲੇ ਭਰਾ ਤੇ ਉਸ ਦੀ ਟੀਚਰ ਵਹੁਟੀ ਨੇ ਚਾਰ ਸੌ ਰੁਪਿਆ ਇਕੱਠਾ ਕਰਕੇ ਉਸ ਨੂੰ ਵਹੁਟੀ ਖ਼ਰੀਦ ਦਿੱਤੀ। ਜੋੜੀ ਪਿੰਡ ਰਹਿਣ ਲੱਗ ਪਈ। ਵਹੁਟੀ ਦੀ ਜਠਾਨੀ ਦੇ ਨਾਲ ਚੰਗੀ ਬਣ ਗਈ। ਘਰ ਵਾਲੇ ਨੂੰ ਜਦੋਂ ਛੁੱਟੀ ਹੋਵੇ, ਘਰ ਚੱਕਰ ਲਾ ਜਾਇਆ ਕਰੇ । ਪੁੱਤਰ ਵੀ ਜੰਮ ਪਿਆ। ਟੱਬਰ ਨੇ ਇਕੱਠੇ ਹੋ ਕੇ ਧਮਾਨ ਕੀਤਾ। ਪਰਿਵਾਰ ਨੂੰ ਸਕੂਲ ਟੀਚਰ ਤੇ ਬੜਾ ਫ਼ਖਰ ਸੀ। ਘਰ ਵਿੱਚ ਉਹ ’ਕੱਲੀ ਹੀ ਪੜ੍ਹੀ ਹੋਈ ਸੀ। ਪਿੰਡ ਆਉਂਦੀ ਤਾਂ ਸਾਰਾ ਟੱਬਰ ਉਸ ਦਾ ਆਦਰ ਕਰਦਾ। 

ਇਕ ਵਾਰੀ ਟੀਚਰ ਆਈ ਤਾਂ ਖ੍ਰੀਦੀ ਹੋਈ ਦਰਾਣੀ ਦੇ ਨਾਲ ਕੁਝ ਉੱਚੀ ਨੀਵੀਂ ਹੋ ਗਈ। ਖੱਟਪੱਟ ਵਧ ਗਈ। ਟੀਚਰ ਨੇ ਮੰਗ ਕੀਤੀ ਕਿ ਛੋਟੀ ਵਹੁਟੀ ਨੂੰ ਘਰੋਂ ਕੱਢ ਦਿਉ। ਖ਼ਰੀਦਣ ਵਾਸਤੇ ਬਹੁਤੇ ਪੈਸੇ ਤਾਂ ਉਸ ਨੇ ਪਾਏ ਸਨ । ਇੰਝ ਈ ਹੋਇਆ। ਪੁੱਤਰ ਰੱਖ ਲਿਆ ‘ਵਹੁਟੀ’ ਨੂੰ ਡੱਸਕੇ ਦੇ ਇਕ ਰਾਜ-ਮਿਸਤਰੀ ਨੂੰ ਚਾਰ ਸੌ ਰੁਪਏ ਵਿੱਚ ਵੇਚ ਦਿੱਤਾ। ਪੈਸੇ ਖਰੇ ਹੋ ਗਏ। 

ਸ਼ਹਿਰ ਵਿੱਚ ਰਹਿੰਦੀ ‘ਵਹੁਟੀ’ ਦੇ ਮੱਥੇ ‘ਤੇ ਖ਼ਰੀਦੀ ਹੋਈ ਦਾ ਦਾਗ਼ ਨਹੀਂ ਸੀ। ਘਰਵਾਲਾ ਰੋਜ਼ ਸ਼ਾਮ ਨੂੰ ਘਰ ਆ ਜਾਂਦਾ । ਕਮਾਈ ਚੰਗੀ ਸੀ । ਨਵੇਂ ਸੂਟ ਪਾਣ ਲੱਗ ਪਈ। ਦੋਵੇਂ ਜੀ ਬੜੇ ਖ਼ੁਸ਼ ਸਨ। ‘ਵਹੁਟੀ’ ਦੀ ਜੇਬ ਵਿੱਚ ਪੰਜਾ-ਧੇਲਾ ਵੀ ਲੋੜ ਅਨੁਸਾਰ ਹੁੰਦਾ ਸੀ। ਪਰ ਮਾਂ ਨੂੰ ਪੁੱਤਰ ਦੀ ਖਿੱਚ ਮਾਰੀ ਜਾਂਦੀ ਸੀ । ਕਈ ਵਾਰੀ ਟਾਂਗ ‘ਤੇ ਪਿੰਡ ਆਉਂਦੀ। ਮੁਹੱਲੇ ਦੀਆਂ ਜ਼ਨਾਨੀਆਂ ਨੂੰ ਮਿਲਦੀ। ਦਿਲ ਵਿੱਚ ਆਸ ਇਹੋ ਹੁੰਦੀ ਸੀ ਕਿ ਕਿਧਰੇ ਪੁੱਤਰ ਨਜ਼ਰ ਆ ਜਾਵੇ। ਪਰ ਘਰ ਵਾਲੇ ਪੁੱਤਰ ਨੂੰ ਖੂਹ ‘ਤੇ ਛੁਪਾ ਦੇਂਦੇ ਸਨ। ਤੜਫਦੇ ਦਿਲ ਨਾਲ ਵਾਪਸ ਤੁਰ ਜਾਂਦੀ। ਜਦੋਂ ਉਸ ਦੇ ਦੇ ਹੋਰ ਬੱਚੇ ਹੋ ਗਏ, ਟੱਬਰਦਾਰੀ ਵਿੱਚ ਖੁਬ ਗਈ, ਤਾਂ ਫੇਰ ਉਸ ਪਿੰਡ ਦੇ ਚੱਕਰ ਛੱਡ ਦਿੱਤੇ। ਪਿੰਡ ਵਿੱਚ ਭਾਵੇਂ ਉਸ ਨੂੰ ‘ਦੋ ਵਾਰੀ ਵਿਆਹੀ’ ਕਹਿੰਦੇ ਸਨ, ਸ਼ਹਿਰ ਵਿੱਚ ਉਹ ਆਜ਼ਾਦ ਸੁਲਖਨੀ ਸੀ। 

ਬੇਵਾ ਦੀ ਨਿਜਾਤ-ਰਾਜਨ ਦੀ ਉਮਰ 32 ਸਾਲ ਦੀ ਸੀ ਜਦੋਂ ਉਸ ਦੇ ਪੰਜਵੀਂ ਕੁੜੀ ਜੰਮੀ। ਕੁਝ ਚਿਰ ਬਾਅਦ ਹੀ ਉਸ ਦਾ ਘਰ ਵਾਲਾ ਮਰ ਗਿਆ। ਸਾਰੇ ਕਹਿਣ ਕਿ ਇਸ ਗ਼ਮ ਨਾਲ ਮਰ ਗਿਆ ਹੈ ਕਿ ਪੰਜ ਕੁੜੀਆਂ ਦਾ ਦਾਜ ਕਿੱਥੋਂ ਇਕੱਠਾ ਕਰੇਗਾ! ਹੁਣ ਗੁਜ਼ਾਰਾ ਕਿਸ ਤਰ੍ਹਾਂ ਹੋਵੇਗਾ! ਰਿਸ਼ਤੇਦਾਰਾਂ ਤੇ ਪੜੋਸੀਆਂ ਨੇ ਹੱਥ ਵਟਾਇਆ ਪਰ ਆਖਰ ਰਾਜਨ ਨੂੰ ਆਪਣੇ ਪੈਰਾਂ ਤੇ ਖਲੋਣਾ ਹੀ ਪੈਣਾ ਸੀ। ਬੜੀ ਮਿਹਨਤ ਕੀਤੀ। 

ਲੋਕਾਂ ਦੀ ਕਣਕ ਛੱਟੇ, ਆਟਾ ਪੀਸੇ, ਕਪਾਹ ਵੇਲੇ, ਸੇਵੀਆਂ ਵੱਟੇ, ਦਿਨ ਰਾਤ ਲੱਗੀ ਰਹਿੰਦੀ। ਉਸ ਦੀਆਂ ਚਿੜੀਆਂ ਦੀ ਡਾਰ ਬੜੀ ਪਿਆਰੀ ਸੀ। ਮੁਹਲੇ ਵਿੱਚ ਹੱਸਦੀਆਂ-ਖੇਡਦੀਆਂ, ਘਰ ਦੀ ਸਫ਼ਾਈ ਕਰਦੀਆਂ, ਮਿੱਠਾ ਬੋਲਦੀਆਂ, ਵਿੱਚੋਂ ਸਕੂਲੇ ਵੀ ਜਾ ਆਉਂਦੀਆਂ। ਵੱਡੀ ਕੁੜੀ ਸਤਾਰਾਂ ਵਰ੍ਹਿਆਂ ਦੀ ਹੋਈ ਤਾਂ ਰਾਜਨ ਨੇ ਸਰਨੋ ਦਾ ਵਿਆਹ ਗੁਜਰਾਂਵਾਲੇ ਇਕ ਯਤੀਮ ਮਿਸਤਰੀ ਨਾਲ ਕਰ ਦਿੱਤਾ। ਕਪੂਰ ਸਿੰਘ ਦੀ ਕਿਸਮਤ ਖੁਲ੍ਹ ਗਈ। ਨਿੱਕੀ ਮੋਟੀ ਠੇਕੇਦਾਰੀ ਨੂੰ ਹੱਥ ਪਾਇਆ, ਚਲ ਗਈ। ਹੋਰ ਠੇਕੇ ਲੈ ਲਏ। ਰਾਜਨ ਦੀ ਮੱਦਦ ਕਰਨ ਲੱਗ ਪਿਆ। ਰਾਜਨ ਅਸੀਸਾਂ ਦੇਵੇ। ਕਪੂਰ ਸਿੰਘ ਨੇ ਗੁਜਰਾਂਵਾਲੇ ਆਪਣਾ ਘਰ ਬਣਾ ਲਿਆ। ਛੋਟੀਆਂ ਕੁੜੀਆਂ ਆਮ ਭੈਣ ਕੋਲ ਜਾਂਦੀਆਂ। ਉਹਨਾਂ ਸ਼ਹਿਰ ਦੀ ਚੰਗੀ ਬੋਲ ਚਾਲ ਸਿਖ ਲਈ। 

ਸਰਨੋ ਦੇ ਕੋਈ ਬੱਚਾ ਨਹੀਂ ਸੀ। ਕਪੂਰ ਸਿੰਘ ਨੇ ਦੂਜੀ ਕੁੜੀ ਦਾ ਰਿਸ਼ਤਾ ਮੰਗਿਆ। ਰਾਜਨ ਨੇ ਖ਼ੁਸ਼ੀ-ਖ਼ੁਸ਼ੀ ਧੀ ਦੇ ਦਿੱਤੀ। ਇਹ ਸਿਲਸਿਲਾ ਆਮ ਸੀ। ਦੋ ਬੱਚੇ ਹੋ ਗਏ। ਜਵਾਈ ਵੀ ਖ਼ੁਸ਼ ਤੇ ਸੱਸ ਵੀ। ਪੈਸੇ ਦੀ ਕੋਈ ਤੰਗੀ ਨਹੀਂ ਸੀ । ਵਿਚਕਾਰਲੀ ਕੁੜੀ ਆਮ ਭੈਣਾਂ ਕੋਲ ਆਉਂਦੀ ਜਾਂਦੀ ਸੀ । ਜਦੋਂ ਸੋਲ੍ਹਾਂ ਸਾਲਾਂ ਦੀ ਜਵਾਨ ਹੋਈ ਤਾਂ ਹੀਰੇ ਵਾਂਗੂੰ ਚਮਕ ਉੱਠੀ । ਰੂਪਵਤੀ, ਮਨਮੋਹਣੀ, ਮਸਤੀਆਂ ਕਰਦੀ, ਨੱਚਦੀ, ਟੱਪਦੀ। ਕਪੂਰ ਸਿੰਘ ਦਾ ਦਿਲ ਉਹਦੇ ‘ਤੇ ਡੁਲ੍ਹ ਪਿਆ। ਜਿਉਂ-ਜਿਉਂ ਉਹਦੇ ਵੱਲੇ ਵੇਖੇ, ਪਿਆਰ ਦੀ ਲਾਲਸਾ ਵਧਦੀ ਗਈ। ਉਸ ਨੇ ਸਾਲੀ ਨੂੰ ਮਸਤਾ ਲਿਆ ਤੇ ਸੱਸ ਨੂੰ ਮਨ੍ਹਾ ਲਿਆ ਕਿ ਤੀਜੀ ਵੀ ਮੈਨੂੰ ਵਿਆਹ ਦੇ । ਤਿੰਨ ਭੈਣਾ ਹੁਣ ਸੌਂਕਣਾਂ। ਕਦੀ ਕਿਸੇ ਨੇ ਸੁਣਿਆ ਨਹੀਂ ਸੀ। ਪਿੰਡ ਵਿੱਚ ਹੀ ਨਹੀਂ, ਦੂਰ-ਦਰੇਡੇ ਵੀ ਕਿੱਸਾ ਕਹਾਣੀ ਬਣ ਗਈ । ਲੋਕੀਂ ਗੱਲਾਂ ਕਰਨ। ਪਰ ਨਾ ਕਪੂਰ ਸਿੰਘ ਨੇ ਕੋਈ ਪਰਵਾਹ ਕੀਤੀ ਤੇ ਨਾ ਹੀ ਰਾਜਨ ਨੇ ਸਮਝਿਆ ਕਿ ਉਹਦਾ ਨੱਕ ਵੱਢਿਆ ਗਿਆ ਏ। ਮੀਆਂ-ਬੀਵੀ ਰਾਜ਼ੀ, ਤਾਂ ਕੀ ਕਰੇਗਾ ਕਾਜ਼ੀ। 

ਕੈਦੀ ਵਹੁਟੀ-ਤਿੰਨ ਅਰਾਈ ਭਰਾਵਾਂ ਦਾ ਆਪਣਾ ਖੂਹ ਸੀ । ਆਪਣੀ ਜ਼ਮੀਨ ਵਾਹੁੰਦੇ ਸਨ, ਸੌਖੇ ਸਨ। ਵੱਡੇ ਦੀ ਵਹੁਟੀ ਦਾ ਨਾਂ ਹਾਕਮਦਈ ਸੀ। ਦੂਜੇ ਦੀ ਵਹੂਟੀ ਜੀਵਾਂ ਸੀ। ਤੀਜਾ ਅਜੇ ਕਵਾਰਾ ਸੀ। ਵਕਤ ਨਾਲ ਵੱਡਾ ਭਰਾ ਵੱਖ ਹੋ ਗਿਆ। ਆਪਣੇ ਤੀਜੇ ਹਿੱਸੇ ਵਿੱਚ ਹਾਕਮ ਦਈ ਨੇ ਦੋ ਮੰਜਲਾ ਪੱਕਾ ਘਰ ਬਣਾ ਲਿਆ। ਵਿਹੜਾ ਸੌੜਾ ਰਹਿ ਗਿਆ। ਦੋਹਾਂ ਘਰਾਂ ਵਿੱਚ ਨਲਕਾ ਸੀ। ਦਰਾਣੀ-ਜਠਾਣੀ ਸਬਜ਼ੀ ਵੇਚਦੀਆਂ ਸਨ ਹਫ਼ਤੇ ਦੇ ਹਫ਼ਤੇ। ਹਾਕਮਦਈ ਸੜੀ-ਬਲੀ ਰਹਿੰਦੀ ਸੀ। ਜੀਵਾਂ ਹੱਸਮੁਖ ਤੇ ਮਿਲਣਸਾਰ ਸੀ । ਲੋਕੀਂ ਜੀਵਾਂ ਦੀ ਸਬਜ਼ੀ ਪਹਿਲੋਂ ਖ਼ਰੀਦਦੇ ਸਨ ਤੇ ਫੇਰ ਹਾਕਮ ਦਈ ਤੋਂ। ਜੀਵਾਂ ਦੇ ਦੋਵੇਂ ਪੁੱਤਰ ਸੋਹਣੇ ਜਵਾਨ ਸਨ । ਹਾਕਮ ਦਈ ਵਿਚਾਰੀ ਦਾ ਇਕੋ ਪੁੱਤਰ ਹੋਇਆ, ਤੇ ਉਹ ਵੀ ਬੋਲਾ। ਇਸ਼ਾਰੇ ਨਾਲ ਗੱਲਾਂ ਕਰਦਾ ਸੀ । ਜੀਵਾਂ ਨੇ ਸ਼ਾਨ ਨਾਲ ਪੁੱਤਰਾਂ ਦਾ ਵਿਆਹ ਕੀਤਾ। ਸਾੜੇ ਕਰਕੇ ਦਰਾਣੀ-ਜਠਾਣੀ ਦੀ ਉੱਚੀ-ਨੀਵੀਂ ਹੁੰਦੀ ਹੀ ਰਹਿੰਦੀ ਸੀ । ਬੇਵਜਾ ਗਾਲੀ ਗਲੋਚ ਹੋ ਜਾਂਦਾ ਸੀ । ਬੋਲਾ ਮੁੰਡਾ ਰੋਜ਼ ਮਾਂ ਨਾਲ ਲੜੇ ਕਿ ਮੇਰਾ ਵਿਆਹ ਕਰ । ਸਾਕ ਮਿਲਦਾ ਨਹੀਂ ਸੀ। 

ਆਖ਼ਰ ਹਾਕਮਦਈ ਨੇ ਪੈਸੇ ਦੇ ਕੇ ਨੂੰਹ ਘਰ ਲੈ ਆਂਦੀ। ਵਹੁਟੀ ਸੋਹਣੀ ਸੀ। 

ਗ਼ਰੀਬ ਨੂੰ ਇਹ ਵੀ ਨਹੀਂ ਸੀ ਪਤਾ ਕਿ ਮੁੰਡਾ ਬੋਲਾ ਹੈ । ਸ਼ਾਇਦ ਉਸ ਦੇ ਮਾਂ-ਪਿਉ ਨੂੰ ਵੀ ਪਤਾ ਨਹੀਂ ਹੋਣਾ। ਸੱਸ ਦਾ ਸੁਭਾਅ ਵੀ ਕੌੜਾ ਸੀ। ਕੁੜੀ ਵਿਚਾਰੀ ਰੋ-ਰੋ ਕੇ ਆਖੇ ਕਿ ਮੈਂ ਮਾਂ-ਪਿਉ ਨੂੰ ਮਿਲਣ ਜਾਣਾ ਚਾਹੁੰਦੀ ਆ। ਪਰ ਹਾਕਮਦਈ ਨੂੰ ਠੀਕ ਡਰ ਸੀ ਕਿ ਇਹ ਇੱਕ ਵਾਰੀ ਗਈ ਤਾਂ ਇਸ ਨੇ ਵਾਪਸ ਨਹੀਂ ਆਉਣਾ। ਫੇਰ ਹੋਰ ਡਰ ਪੈ ਗਿਆ ਕਿ ਕੋਈ ਕੱਢ ਕੇ ਨਾ ਲੈ ਜਾਵੇ। ਘਰ ਵਿੱਚ ਕਿਸੇ ਵੀ ਆਦਮੀ ਜਾਂ ਔਰਤ ਦੇ ਆਉਣ ਦੀ ਮਨਾਹੀ ਹੋ ਗਈ। ਮਾਂ-ਪੁੱਤਰ ਦਿਨ ਰਾਤ ਵਾਰੀ-ਵਾਰੀ ਘਰ ਦੀ ਰਾਖੀ ਕਰਨ। ਕਰਮ ਵੇਖੋ! ਜਵਾਨ ਉਮਰੇ, ਘਰ ਵਿੱਚ ਨਜ਼ਰਬੰਦ!  

20 

ਪ੍ਰੇਮ ਮੁਹੱਬਤਾਂ 

ਢੱਕੀ ਰਿਜੇ ਤੇ ਕੋਈ ਨਾ ਬੁਝੇ ਕਿੰਨਾ ਵੀ ਘੁੱਟ ਕੇ ਢੱਕਣ ਰੱਖੋ, ਹਵਾੜ ਤਾਂ ਨਿਕਲ ਹੀ ਜਾਂਦੀ ਏ। ਖ਼ਾਸ ਤੌਰ ‘ਤੋਂ ਪਿੰਡ ਦੀ ਸੱਭਿਅਤਾ ਵਿੱਚ ਜਿੱਥੇ ਹਰ ਇਕ ਦੀ ਗੱਲ ਹਰ ਇਕ ਨੂੰ ਪਤਾ ਹੁੰਦੀ ਏ। 

ਲੋਕੀਂ ਹਰ ਕਿਸਮ ਦੀ ਹਵਾੜ ਨੂੰ ਬੜੀ ਦਿਲਚਸਪੀ ਨਾਲ ਸੁੰਘਦੇ ਨੇ । ਗਰਮਾਂ-ਗਰਮ ਮੁਹੱਬਤਾਂ ਤਾਂ ਬਦਲੀਆਂ ਵਾਂਗਰ ਉੱਡਦੀਆਂ ਨੇ। ਸ਼ਰਮ ਤੇ ਕੁਟ ਤੋਂ ਡਰਦੇ ਮੁੰਡੇ- ਕੁੜੀਆਂ ਤਾਂ ਇਕ-ਦੂਜੇ ਨੂੰ ਨਹੀਂ ਸਨ ਮਿਲ ਸਕਦੇ। ਪਰ ਵਿਆਹਿਆਂ ਹੋਇਆਂ ਨੂੰ 

ਕੋਈ ਕੁਝ ਕਹਿੰਦਾ ਵੀ ਘੱਟ ਈ ਸੀ ਤੇ ਉਹਨਾਂ ਨੂੰ ਪਰਦਾ ਪਾਣਾ ਵੀ ਆਉਂਦਾ ਸੀ। 

ਜੇ ਗੱਲ ਨਿਕਲ ਵੀ ਜਾਏ ਤਾਂ ਕੰਨਾਂ ਵਿੱਚ ਹੀ ਰਹਿੰਦੀ। ਢੰਡੋਰਾ ਕੋਈ ਨਹੀਂ ਸੀ ਪਿੱਟਦਾ। ਮੁਹੱਬਤਾਂ ਕਈ ਸਨ ਪਰ ਕੁਝ ਦਾ ਹਰ ਬੱਚੇ-ਬੁੱਢੇ ਨੂੰ ਪਤਾ ਸੀ। 

ਤਰਲੋਕ ਤੇ ਕੁਸ਼ਲਿਆ-ਤਰਲੋਕ ਇਕ ਮੰਨਿਆ ਹੋਇਆ ਕਵੀ ਸੀ । ਖੂਬਸੂਰਤ ਸੀ। ਨੌਜਵਾਨ ਸੀ। ਪਿੰਡ ਦੇ ਇਕ ਸ਼ਾਹੂਕਾਰ ਦਾ ਪੁੱਤਰ ਸੀ। ਬਾਜ਼ਾਰ ਵਿੱਚ ਉਸ ਦੀ ਪੱਕੇ ਥੜੇ ਵਾਲੀ ਸੋਹਣੀ ਦੁਕਾਨ ਸੀ । ਦੋ ਨਿੱਕੇ-ਨਿੱਕੇ ਬੱਚੇ ਸਨ। ਵਹੁਟੀ ਗੋਰੇ ਰੰਗ ਦੀ ਸੋਹਣੀ ਸੀ। ਟੱਬਰ ਖੁੱਲ੍ਹੇ ਘਰ ਵਿੱਚ ਇਕੱਠਾ ਰਹਿੰਦਾ ਸੀ। ਕੋਠੇ ਦੇ ਪਿਛਲੇ ਪਾਸੇ, ਦੂਜੇ ਵਿਹੜੇ ਵਿੱਚ ਢੂੰਡੇ ਸੁਨਿਆਰੇ ਦਾ ਘਰ ਸੀ। ਕੱਜੇ ਹੋਏ ਵੇਹੜੇ ਵਿੱਚ ਸੀਖਾਂ ਵਾਲਾ ਮੱਗ ਸੀ। ਕੋਠੇ ‘ਤੇ ਕੋਈ ਹੋਏ ਤਾਂ ਨਜ਼ਰ ਆ ਜਾਂਦਾ ਸੀ । ਨਾਲ ਹੀ ਪੌੜੀਆਂ ਸਨ । ਮਾਂ ਪੁੱਤਰ ਘਰ ਵਿੱਚ ਰਹਿੰਦੇ ਸਨ। ਮਾਂ ਦੀ ਖ਼ਾਤਰ ਢੂੰਡੇ ਨੇ ਵਿਆਹ ਨਹੀਂ ਸੀ ਕਰਾਇਆ। ਮਾਂ ਦੇ ਗੁਜ਼ਰਨ ਤਕ ਉਮਰ ਢੱਲ ਗਈ। ਫੇਰ ਢੂੰਡੇ ਨੂੰ ਪੈਸੇ ਦੇ ਕੇ ਵਿਆਹ ਕਰਾਣਾ ਪਿਆ । ਕੁਸ਼ਲਿਆ (ਕ੍ਰਿਸ਼ਨ ਮਹਾਰਾਜ ਵਾਂਗਰ) ਕਾਂਸੀ ਰੰਗ ਦੀ ਸੀ । ਪਰ ਉਹਦੇ ਨਕਸ਼ ਹੂਰਾਂ ਨੂੰ ਮਾਤ ਕਰਦੇ ਸਨ । ਸ਼ਰਮਸਾਰ ਸੀ । ਅੱਖਾਂ ਹਮੇਸ਼ਾ ਨੀਵੀਆਂ ਰੱਖਦੀ ਸੀ। ਉਸ ਦੀ ਖੂਬਸੂਰਤੀ ਦਾ ਮੁੱਲ ਜਾਂ ਸੰਗਤ੍ਰਾਸ਼ ਜਾਂ ਬੁੱਤ ਪ੍ਰਸਤ ਜਾਂ ਸ਼ਾਇਰ ਹੀ ਪਾ ਸਕਦਾ ਸੀ । 

ਹਮੇਸ਼ਾ ਸਾਦਾ ਪਰ ਰੰਗਦਾਰ ਸਲਵਾਰ ਕਮੀਜ਼ ਤੇ ਆਪੇ ਰੰਗੀ ਹੋਈ ਚੁੰਨੀ ਪਾਂਦੀ ਸੀ । 

ਔਰਤਾਂ ਤਰਲੋਕ ਦੀ ਹੱਟੀ ਤੇ ਅੰਗਰੇਜ਼ੀ ਸਾਬਣ, ਮਸਾਲੇ ਤੇ ਰੰਗ ਲੈਣ ਆਮ ਜਾਂਦੀਆਂ ਸਨ। ਕੁਸ਼ਲਿਆ ਵੀ ਕਦੀ-ਕਦਾਈਂ ਜਾਂਦੀ ਸੀ। ਇਹਨਾਂ ਮੌਕਿਆਂ ‘ਤੇ ਤਰਲੋਕ ਤੇ ਕੁਸ਼ਲਿਆ ਦੇ ਦਰਮਿਆਨ ਕਸ਼ਿਸ਼ ਪੈਦਾ ਹੋ ਗਈ। ਅੱਖਾਂ ਵਿੱਚ ਅੱਖਾਂ ਪੇ ਗਈਆਂ। ਸੋਦਾ ਲੈਂਦਿਆਂ ਦਿੰਦਿਆਂ ਹੱਥ ਨਾਲ ਹੱਥ ਵੀ ਲੱਗ ਜਾਂਦਾ। ਗੋਲੀਆਂ ਦਾ ਝੂੰਗਾ ਦੇਂਦਿਆਂ ਹੋਇਆ ਮੌਕਾ ਮਿਲੇ ਤਾਂ ਹੱਥ ਵੀ ਫੜ ਲੈਂਦਾ। ਪਿਆਰ ਪੈ ਗਿਆ। ਇਕ ਵਾਰੀ ਕੁਸ਼ਲਿਆ ਨੂੰ ਨਜ਼ਰ ਰੱਖਦਿਆਂ ਹੋਇਆ ਤਰਲੋਕ ਨੇ ਕਵਿਤਾ ਵੀ ਲਿਖੀ। 

ਜੋਬਨ, ਪਤਲੀ ਕਮਰ, ਤਿੱਖੇ ਨਕਸ਼, ਸ਼ਰਮਾਂਦੀਆਂ ਅੱਖਾਂ, ਨਿੰਮਾਂ-ਨਿੰਮਾਂ ਹਾਸਾ, ਕੂਲੇ-ਕੂਲੇ ਅੰਗ, ਮੋਤੀਆਂ ਦੀ ਮਾਲਾ ਵਾਂਗ ਪਰੋ ਦਿੱਤੇ। ਜਦੋਂ ਕਦੀ ਢੂੰਡਾ ਫੇਰੀ ‘ਤੇ ਹੋਰ ਪਿੰਡ ਜਾਂਦਾ। ਤਾਂ ਤਰਲੋਕ ਆਪਣੀਆਂ ਪੌੜੀਆਂ ਚੜ੍ਹ ਕੇ ਢੂੰਡੇ ਦੀਆਂ ਪੌੜੀਆਂ ਵਿੱਚੋਂ ਉੱਤਰ ਕੇ ਉਡੀਕਦੀ ਕੁਸ਼ਲਿਆ ਨੂੰ ਜਾ ਜੱਫ਼ੀ ਪਾਂਦਾ। ਨਿੱਕੇ ਜਿਹੇ ਘਰ ਵਿੱਚ ਦੋਵੇਂ ‘ਕੱਲੇ। 

ਆਉਂਦੇ-ਜਾਂਦੇ ਨੂੰ ਮੁਹੱਲੇ ਦੀ ਜ਼ਨਾਨੀਆਂ ਨੇ ਵੇਖ ਲਿਆ ਪਰ ਗੱਲਾਂ ਨਹੀਂ ਸਨ। ਕਰਦੀਆਂ। ਆਪਣੇ ਘਰ ਵਾਲਿਆਂ ਨੂੰ ਤਾਂ ਉੱਕਾ ਨਹੀਂ ਸਨ ਦੱਸਦੀਆਂ। ਚੁੱਪ- ਚੁਪੀਤੇ ਸਹੇਲੀਆਂ ਕੰਨਾਂ ਵਿੱਚ ਗੱਲ ਕਰਕੇ ਸਵਾਦ ਲੈਂਦੀਆਂ ਸਨ। 

ਗੱਲ ਨਿਕਲ ਗਈ। ਨੌਜਵਾਨ ਅੱਖਾਂ ਫਾੜ-ਫਾੜ ਕੇ ਕੁਸ਼ਲਿਆ ਵੱਲ ਵੇਖਣ ਲੱਗ ਪਏ। ਇਕ ਹੋਰ ਤਰਲੋਕ ਨੇ ਤਾਂ ਪੂਰੀ ਟੰਗ ਅੜਾ ਦਿੱਤੀ। ਪਹਿਲੋਂ ਤਾਂ ਭਰੀ ਸਭਾ ਵਿੱਚ ਤਾਅਨਾ ਮਾਰਿਆ ਕਿ ਕਵੀ ਸਾਹਿਬ ਨੇ ਮੂੰਹ ਕਾਲਾ ਕੀਤਾ ਏ। ਤਰਲੋਕ ਸ਼ਰੀਫ ਸੀ। ਉਸ ਸੌਂਹ ਖਾਧੀ ਕਿ ਹੁਣ ਕਦੀ ਵੀ ਪੌੜੀਆਂ ਨਹੀਂ ਉਤਰੇਗਾ। ਫੇਰ ਹਵਸ਼ ਦੇ ਮਾਰੇ 

ਦੂਜੇ ਤਰਲੋਕ ਨੇ ਇਕ ਵਿਚੋਲੀ ਹੱਥ ਕੁਸ਼ਲਿਆ ਨੂੰ ਸੁਨੇਹੇ ਭੇਜੇ। ਤੱਕੜਾ ਸੀ, ਡਰਾਇਆ ਧਮਕਾਇਆ ਵੀ ਤੇ ਤੋਹਫ਼ੇ ਵੀ ਭੇਜੇ। ਵਿਚੋਲੀ ਨੇ ਦੋਹਾਂ ਦਾ ਮੇਲ ਕਰਾ ਦਿੱਤਾ। ਕੁਸ਼ਲਿਆ ਫਸ ਗਈ। ਇਕ ਖ਼ਾਲੀ ਮਕਾਨ ਵਿੱਚ ਕਾਮਵਾਸ਼ਨਾ ਨੂੰ ਪੂਰਾ ਕਰਨ ਲਈ ਦੋਵੇਂ ਮਿਲਣ ਲੱਗ ਪਏ। ਸਿਲਸਿਲਾ ਤਾਂ ਕਿੰਨਾ ਚਿਰ ਚੱਲਦਾ ਰਿਹਾ ਪਰ ਕਦੀ-ਕਦਾਈਂ ਕੁਸ਼ਲਿਆ ਹੌਂਕੇ ਭਰਦੀ ਸੀ। ਉਹਦਾ ਪਹਿਲਾ ਪਿਆਰ ਤਾਂ ਚੰਨ-ਚਕੋਰ ਵਾਂਗਰ ਸੁੱਚਾ ਸੀ। ਤੇ ਦੂਜਾ ਤਵੇ ਦਾ ਪੁੱਠਾ ਪਾਸਾ। 

ਬੇਗਮ ਨਜ਼ੀਰ ਤੇ ਬਸ਼ੀਰ-ਲੋਹਾਰਾਂ ਦੀ ਮਸਜਿਦ ਦੇ ਮੌਲਵੀ ਸਾਹਿਬ, ਮੀਆਂ 

ਹਸਨ ਮੁਹੰਮਦ ਦੇ ਵੱਡੇ ਮੁੰਡੇ ਲਾਹੌਰ-ਅਲੀਗੜ੍ਹ ਕੰਮ ਕਰਦੇ ਸਨ। ਛੋਟਾ ਡੱਸਕੇ ਹਾਈ ਸਕੂਲ ਵਿੱਚ ਪੜ੍ਹਦਾ ਸੀ। ਮੌਲਵੀ ਸਾਹਿਬ ਦੀ ਅੱਖ ਦਾ ਤਾਰਾ ਸੀ। ਕਿਸੇ ਵਜ੍ਹਾ ਕਰਕੇ ਬਸ਼ੀਰ ਨੇ ਸਕੂਲ ਛੱਡ ਦਿੱਤਾ। ਕਰਤਾਰ ਦਾ ਜਮਾਤੀ ਸੀ । ਉਸ ਨੇ ਬੜਾ ਮਨਾਇਆ ਪਰ ਬਸ਼ੀਰ ਆਖੇ ਕਿ ਬਸ, ਮੈਂ ਹੋਰ ਨਹੀਂ ਪੜ੍ਹਨਾ। ਮੌਲਵੀ ਸਾਹਿਬ ਤੇ ਕਰਤਾਰ ਦਾ ਪਿਉ ਠੇਕੇਦਾਰ ਬੜੇ ਕਰੀਬੀ ਦੋਸਤ ਸਨ । ਮੌਲਵੀ ਸਾਹਿਬ ਨੇ ਸਲਾਹ ਮੰਗੀ ਕਿ ਬਸ਼ੀਰ ਦਾ ਕੀ ਕਰਾਂ। ਠੇਕੇਦਾਰ ਨੇ ਆਖਿਆ ਕਿ ਇਸ ਨੂੰ ਕਾਰ ਚਲਾਣੀ ਸਿਖਾ ਦਿਉ। ਇਹ ਨਵਾਂ ਤੇ ਇੱਜ਼ਤ ਵਾਲਾ ਕੰਮ ਏ। ਨੌਕਰੀ ਜ਼ਰੂਰ ਮਿਲ ਜਾਵੇਗੀ। ਬਸ਼ੀਰ ਲਾਹੌਰ ਚਲਾ ਗਿਆ। ਕਾਰ ਚਲਾਣੀ ਸਿੱਖ ਲਈ। ਤਜਰਬਾ ਵੀ ਹੋ ਗਿਆ। ਪਰ ਬਸ਼ੀਰ ਦਾ ਲਾਹੌਰ ਦਿਲ ਨਾ ਲੱਗਿਆ। ਵਾਪਸ ਪਿੰਡ ਆ ਗਿਆ । ਬਸ਼ੀਰ ਤਾਂ ਖੁਸ਼ ਸੀ ਪਰ ਮੀਆਂ ਸਾਹਿਬ ਨੂੰ ਫ਼ਿਕਰ। 

ਭੱਜਕੇ ਸਦਰ ਬਾਜ਼ਾਰ ਵਿੱਚ ਡਾਕਟਰ ਨਜੀਰ ਅਹਿਮਦ ਐਮ ਬੀ ਬੀ ਐਸ ਦਾ ਮਲਿਨਕ ਸੀ। ਮਰੀਜਾਂ ਦੀ ਭੀੜ ਲੱਗੀ ਰਹਿੰਦੀ। ਡਾਕਟਰ ਸਾਹਿਬ ਤੇ ਠੇਕੇਦਾਰ ਬੜੇ ਦੋਸਤ ਸਨ। ਹਰ ਸਾਲ ਇਕੱਠੇ ਲਾਹੌਰ ਜਾ ਕੇ ਨਵਾਂ ਰੈਲੇ ਦਾ ਵਲੈਤੀ ਸਾਈਕਲ ਖਰੀਦਦੇ ਸਨ। ਲਾਹੌਰ ਵਿੱਚ ਠੇਕੇਦਾਰ ਦੀਆਂ ਨਿੱਜੀ ਠਾਰਾਂ ਸਨ । ਠੇਕੇਦਾਰ ਦਾ ਕੋਈ ਮੁੰਡਾ ਬੀਮਾਰ ਹੋ ਜਾਏ ਤਾਂ ਡਾਕਟਰ ਸਾਹਿਬ ਸਾਈਕਲ ਤੇ ਪਿੰਡ ਆ ਕੇ ਟੀਕਾ ਲਾਦੇ ਹੁੰਦੇ ਸਨ। ਵਕਤ ਆਇਆ ਡਾਕਟਰ ਸਾਹਿਬ ਨੇ ਕਾਰ ਖ਼ਰੀਦ ਲਈ। ਇਕ ਵਾਰੀ ਕਾਰ ਤੇ ਠੇਕੇਦਾਰ ਨੂੰ ਮਿਲਣ ਪਿੰਡ ਆਏ। ਛੋਟੇ ਵੱਡੇ ਕਾਰ ਵੇਖਣ ਨੂੰ ਇਕੱਠੇ ਹੋ ਗਏ। 

ਮੌਲਵੀ ਸਾਹਿਬ ਤੁਰੰਤ ਠੇਕੇਦਾਰ ਦੀ ਬੈਠਕ ਵਿੱਚ ਜਾ ਪਹੁੰਚੇ। ਕੰਨ ਵਿੱਚ ਕੁਝ ਆਖਿਆ। ਠੇਕੇਦਾਰ ਨੇ ਸੈਨਤ ਮਾਰੀ। ਬਸ਼ੀਰ ਨੂੰ ਸੱਦਿਆ ਗਿਆ। ਠੇਕੇਦਾਰ ਨੇ ਡਾਕਟਰ ਸਾਹਿਬ ਨੂੰ ਆਖਿਆ ਕਿ ਬਸ਼ੀਰ ਸਾਡਾ ਮੁੰਡਾ ਏ। ਵਧੀਆ ਡਰਾਈਵਰ ਏ। 

ਪੜ੍ਹਿਆ ਹੋਇਆ ਵੀ ਏ । ਬਸ਼ੀਰ ਬੜਾ ਸੋਹਣਾ ਸੀ । ਬੋਲ-ਚਾਲ ਦਾ ਮਿੱਠਾ ਸੀ। ਬੜੇ ਅਦਬ ਦੇ ਨਾਲ ਡਾਕਟਰ ਸਾਹਿਬ ਦੇ ਸਾਹਮਣੇ ਖਲੋ ਗਿਆ । ਡਾਕਟਰ ਸਾਹਿਬ ਨੇ ਪੁੱਛ ਪ੍ਰਤੀਤ ਕੀਤੀ। ਬਸ਼ੀਰ ਨੇ ਡਾਕਟਰ ਸਾਹਿਬ ਦਾ ਦਿਲ ਮੋਹ ਲਿਆ। ਨੌਕਰੀ ਮਿਲ ਗਈ। 

ਬਸ਼ੀਰ ਦਾ ਕੰਮ ਸੀ ਸਵੇਰੇ ਬੱਚਿਆਂ ਨੂੰ ਸਕੂਲੇ ਛੱਡੇ, ਫੇਰ ਡਾਕਟਰ ਸਾਹਿਬ ਨੂੰ ਲੈ ਕੇ ਜਾਏ, ਘਰ ਆ ਕੇ ਡਾਕਟਰ ਸਾਹਿਬ ਦਾ ਖਾਣਾ ਲੈ ਕੇ ਜਾਏ। ਵਾਪਸ ਆ ਕੇ ਬੇਗਮ ਸਾਹਿਬਾ ਨੂੰ ਇੱਧਰ-ਉੱਧਰ ਲੈ ਜਾਏ। ਬੇਗਮ ਸਾਹਿਬਾ ਦਾ ਨੱਕ ਬੜਾ ਉੱਚਾ। ਸੀ। ਬਸ਼ੀਰ ਵਿੱਚੋਂ ਹੱਸਦਾ ਪਰ ਉੱਤੋਂ ਬੇਗਮ ਦੇ ਪੈਰਾਂ ਦੀ ਖ਼ਾਕ ਬਣਿਆ ਰਹਿੰਦਾ। 

ਸਕੂਲ ਤੋਂ ਬਾਅਦ ਬੱਚਿਆਂ ਨੂੰ ਤੇ ਫੇਰ ਡਾਕਟਰ ਸਾਹਿਬ ਨੂੰ ਘਰ ਲੈ ਆਉਂਦਾ। ਰਾਤ ਨੂੰ ਵਾਪਸ ਪਿੰਡ । ਬਸ਼ੀਰ ਕੋਲ ਖ਼ਾਲੀ ਵਕਤ ਕਾਫ਼ੀ ਹੁੰਦਾ ਸੀ ਕਿਉਂਕਿ ਛੋਟਾ ਜਿਹਾ। ਸ਼ਹਿਰ ਹੋਣ ਕਰਕੇ ਸਾਰੀਆਂ ਥਾਵਾਂ ਇਕ-ਅੱਧਾ ਮੀਲ ਹੀ ਦੂਰ ਸਨ । ਬੱਚਿਆਂ ਦੇ ਨਾਲ ਖੇਡਦਾ। ਬੱਚਿਆਂ ਨੂੰ ਇੰਨਾ ਪਿਆਰ ਹੋ ਗਿਆ ਕਿ ਰਾਤ ਪਈ ਜਦੋਂ ਬਸ਼ੀਰ ਪਿੰਡ ਜਾਣ ਲੱਗੇ ਤਾਂ ਉਸ ਦੀਆਂ ਲੱਤਾਂ ਨਾਲ ਚੰਬੜ ਜਾਣ। ਕਈ ਵਾਰੀ ਸਾਈਕਲ ਦੀ ਫੂਕ ਕੱਢ ਦੇਣ ਤੇ ਮਾਂ ਨੂੰ ਆਖਣ ਕਿ ਰਾਤ ਏਥੇ ਰਹੇ। ਬੇਗਮ ਸਾਹਿਬਾ ਨੂੰ ਬੜਾ ਚੰਗਾ ਲੱਗਦਾ ਕਿ ਬੱਚੇ ਖ਼ੁਸ਼ ਨੇ। ਬਸ਼ੀਰ ਵਾਸਤੇ ਦਿਲ ਵਿੱਚ ਨਿੱਘ ਪੈਦਾ ਹੋ ਗਿਆ। 

ਘਰ ਦੀ ਸਫ਼ਾਈ ਵਾਲੀ ਸਵੇਰੇ ਆਏ, ਦੋ ਗੱਲਾਂ ਕਰੇ, ਕੰਮ ਕਰਕੇ ਚਲੀ ਜਾਏ। 

ਰਸੋਈ ਘਰ ਦੇ ਬਾਹਰ ਹੁੰਦੀ ਸੀ । ਬੁੱਢਾ ਬਾਵਰਚੀ ਆਪਣੇ ਅੱਡੇ ਤੇ ਹੌਲੀ-ਹੌਲੀ ਰੁਝਿਆ ਰਹੇ। ਮਾਲੀ ਦਾ ਕੰਮ ਤਾਂ ਬਾਹਰ ਦਾ ਹੁੰਦਾ ਹੀ ਸੀ । ਘਰ ਵਿੱਚ ਬੇਗਮ ਸਾਹਿਬਾ ‘ਕੱਲੀ। 

ਅੰਦਰ ਸਿਰਫ਼ ਬਸ਼ੀਰ ਆਉਂਦਾ ਜਾਂਦਾ ਸੀ । ਤਨਹਾਈ ਵਿੱਚ, ਵਿਹਲੀ ਬੇਗਮ ਸਾਹਿਬਾ ਦੇ ਅੰਦਰ ਬਸ਼ੀਰ ਖੁਬ ਗਿਆ। ਪਿਆਰ ਜਾਗ ਉੱਠਿਆ। ਲਾਟਾਂ ਨਿਕਲ ਆਈਆਂ। ਡਾਕਟਰ ਸਾਹਿਬ ਨੂੰ ਛੱਡ ਕੇ ਆਵੇ ਤਾਂ ਬੇਗਮ ਦੀਆਂ ਖੁੱਲ੍ਹੀਆਂ ਬਾਵਾਂ ਬਸ਼ੀਰ ਨੂੰ ਲਪੇਟ ਲੈਣ । ਹਰ ਰੋਜ਼ ਜਦੋਂ ਵਕਤ ਮਿਲੇ ਤਾਂ ਬਸ਼ੀਰ ਬੇਗਮ ਇਕਮਿਕ। ਖ਼ੁਸ਼ ਬੇਗਮ, ਡਾਕਟਰ ਸਾਹਿਬ ਤੇ ਬੱਚਿਆਂ ਵੱਲ ਵੀ ਜ਼ਿਆਦਾ ਧਿਆਨ ਦੇਣ ਲੱਗ ਪਈ। ਘਰ ਦੀ ਹਵਾ ਬਦਲ ਗਈ। ਸਮਾਂ ਲੰਘਦਾ ਗਿਆ। ਡਾਕਟਰ ਸਾਹਿਬ ਨੂੰ ਸ਼ੱਕ ਪੈ ਗਿਆ। ਉਹਨਾਂ ਬਸ਼ੀਰ ਦੀ ਛੁੱਟੀ ਕਰ ਦਿੱਤੀ। 

ਕਰਤਾਰ ਦਾ ਹਾਈ ਸਕੂਲ ਦਾ ਆਖਰੀ ਸਾਲ ਸੀ। ਡਾਕਟਰ ਸਾਹਿਬ ਦਾ ਵੱਡਾ ਮੁੰਡਾ ਮੁਦੀ, ਕਰਤਾਰ ਦਾ ਜਮਾਤੀ ਸੀ। ਬਸ਼ੀਰ ਕੁਝ ਲਿਖ ਕੇ ਕਰਤਾਰ ਨੂੰ ਦੇਵੇ, ਕਰਤਾਰ ਮੂਦੀ ਦੀ ਕਾਪੀ ਵਿੱਚ ਰੱਖ ਦੇਵੇ, ਮੂਦੀ ਰੁੱਕਾ ਮਾਂ ਨੂੰ ਦੇ ਦੇਵੇ। ਕਿਸੇ ਵੀ ਰੁੱਕੇ ਦਾ ਜਵਾਬ ਨਾ ਆਇਆ। ਕਰਤਾਰ ਦਸਵੀਂ ਪਾਸ ਕਰਕੇ ਲਾਹੌਰ ਕਾਲਜ ਚਲਾ ਗਿਆ। ਬਸ਼ੀਰ ਨੂੰ ਨੰਦਾ ਬੱਸ ਸਰਵਿਸ ਦੀ ਨੌਕਰੀ ਮਿਲ ਲਈ। ਛੁੱਟੀ ਵਾਲੇ ਦਿਨ ਪਿੰਡ ਰਹਿੰਦਾ ਸੀ। ਜਦੋਂ ਕਰਤਾਰ ਛੁੱਟੀਆਂ ਨੂੰ ਪਿੰਡ ਆਵੇ ਤਾਂ ਦੋਵੇਂ ਮਸਜਿਦ ਦੇ ਕੋਲ ਬੰਨ੍ਹੀ ‘ਤੇ ਬਹਿ ਕੇ ਦਿਲ ਸਾਂਝੇ ਕਰਦੇ। ਬਸ਼ੀਰ ਗੀਤ ਗਾਇਆ ਕਰਦਾ ਸੀ 

ਸਦਾ ਨਾ ਬਾਗ਼ੀ ਬੁਲ ਬੁਲ ਬੋਲੇ ਸਦਾ ਨਾ ਬਾਗ਼ ਬਹਾਰਾਂ। ਸਦਾ ਜਵਾਨੀ ਨਾਲ ਨਹੀਂ ਨਿਭਨੀ ਸਦਾ ਨਾਂ ਸੋਬਤ ਯਾਰਾਂ। 

ਜਿੰਦਾਂ ਤੇ ਵਸਾਵਾ-ਗੈਹਨਾ ਤੇ ਲੈਹਣਾ ਦੋ ਭਰਾ ਸਨ । ਤੀਹ ਕਿਲੇ ਡੂਮਾਂ ਵਾਲੇ 

ਖੂਹ ਤੇ ਜ਼ਮੀਨ ਸੀ। ਬੜੇ ਸੌਖੇ ਸਨ। ਹੱਸਦਾ, ਖੇਡਦਾ ਗੈਹਨਾ ਬੜਾ ਬੇਪਰਵਾਹ ਆਦਮੀ ਸੀ। ਨਾ ਫ਼ਿਕਰ ਨਾ ਫਾਕਾ। ਜਵਾਨ ਉਮਰ ਵਿੱਚ ਮਰ ਗਿਆ। ਪੱਤਲੇ ਵਜੂਦ ਵਾਲਾ ਲਹਿਣਾ ਵਾਹੀ ਵਿੱਚ ਰੁੱਝਿਆ ਰਹਿੰਦਾ। ਹੋਰ ਕੋਈ ਦਿਲਸਚਪੀ ਨਹੀਂ ਸੀ। ਕਠੋਰ ਤੇ ਰੁੱਖਾ ਸੀ। ਹਰ ਇਕ ਵਲ ਕਰੜੀ ਨਜ਼ਰ ਨਾਲ ਵੇਖਦਾ। ਹਰ ਵੇਲੇ ਤਿੰਨ ਕੱਪੜੇ—ਛੋਟੀ ਦਸਤਾਰ, ਬਾਹਾਂ ਵਾਲੀ ਲੰਮੀ ਬਨੈਣ, ਕਛਹਿਰਾ ਤੇ ਗਾਤਰੇ ਵਾਲੀ ਕਿਰਪਾਨ ਪਾਈ ਰੱਖਦਾ ਸੀ। ਸਾਰੇ ਉਹਨੂੰ ‘ਸਿੰਘ ਸਾਹਿਬ’ ਕਹਿੰਦੇ ਸਨ, ਕਵਾਰਾ ਸੀ। ਚਾਚਾ ਤੇ ਉਸ ਦੇ ਪੁੱਤਰ ਨਹੀਂ ਸਨ ਚਾਹੁੰਦੇ ਕਿ ਕੋਈ ਸਾਕ ਆਏ। ਸਾਰੀ ਜ਼ਮੀਨ ਉਹਨਾਂ ਦੇ ਵਿਰਸੇ ਵਿੱਚ ਆ ਜਾਵੇਗੀ। ਪੱਕੀ ਉਮਰ ਦਾ ਹੋ ਗਿਆ। 

ਜਾਇਦਾਦ ਦੀ ਕਨਸੋਅ ਸੁਣ ਕੇ ਇਕ ਚੰਗੇ ਰਿਸ਼ਤੇ ਵਾਲੇ ਆ ਗਏ। ਖੇਤਾਂ ਵਿੱਚ ਹੀ ਲਹਿਣਾ ਸਿੰਘ ਦੀ ਤਲੀ ‘ਤੇ ਰੁਪਇਆ ਰੱਖਿਆ। ਸਿੰਘ ਸਾਹਿਬ ਨੇ ਸਿੱਖੀ ਅਸੂਲਾਂ ਦੇ ਮੁਤਾਬਕ ਸਾਦਾ ਵਿਆਹ ਕੀਤਾ। ਜਿੰਦਾ ਨੇ ਆ ਕੇ ਘਰ ਵੀ ਵਸਾਇਆ ਤੇ ਮੁਹੱਲੇ ਵਿੱਚ ਆਪਣੀ ਧਾਕ ਵੀ ਵਿਖਾ ਦਿੱਤੀ। ਜਿੰਦਾਂ ਦੇ ਕਈ ਸ਼ੌਕ ਸਨ। ਜਿਸ ਦਿਨ ਸਿਰ ਧੋਵੇ, ਨੈਣ ਆਉਂਦੀ। ਹੱਥ-ਪੈਰ ਘੁਟਦੀ। ਸਿਰ ਨੂੰ ਤੇਲ ਲਾਂਦੀ । ਵਾਹ-ਵਾਹ ਮਾਲਸ਼ ਕਰਦੀ। ਅੱਧਾ ਦਿਨ ਲਾ ਕੇ ਵਾਲ ਵਾਹੁੰਦੀ, ਗੁਤ ਕਰਦੀ, ਮੀਂਡੀਆਂ ਬਣਾਂਦੀ, ਕੱਜਲ ਪਾਂਦੀ। ਮੋਟੀਆਂ-ਮੋਟੀਆਂ ਅੱਖਾਂ, ਜੋਬਨ ਨਾਲ ਭਰਿਆ ਹੋਇਆ ਸੀ, ਜਿੰਦਾ ਇਕ ਹੀਰ ਲੱਗਦੀ। 

ਸਿੰਘ ਸਾਹਿਬ ਜਿਸ ਤਰ੍ਹਾਂ ਫਜ਼ੂਲ ਖ਼ਰਚੀ ਨਹੀਂ ਸੀ ਕਰਦਾ, ਇਸੇ ਤਰ੍ਹਾਂ ਵਹੁਟੀ ਨਾਲ ਵਕਤ ਗੁਜ਼ਾਰਨ ਵਿੱਚ ਕਿਰਸ ਕਰਦਾ ਸੀ। ਜਿੰਦਾ ਨੂੰ ਇਕ ਘਾਟ ਖਾਈ ਜਾਂਦੀ ਸੀ। ਵਕਤ ਗੁਜ਼ਰਦਾ ਜਾ ਰਿਹਾ ਸੀ । ਅਜੇ ਹਾਮਲਾ ਨਹੀਂ ਸੀ ਹੋਈ। ਸੰਤਾਂ, ਸਾਧੂਆ, ਫ਼ਕੀਰਾਂ ਦੀਆਂ ਝੋਲੀਆਂ ਭਰ ਦੇਂਦੀ। ਆਹਿਸਤਾ-ਆਹਿਸਤਾ ਜਿੰਦਾਂ ਢਿੱਲੀ ਪੈ ਗਈ। 

ਮੱਖਣ ਖਾਏ, ਲੱਸੀ ਪੀਏ, ਪਰਾਉਂਠੇ ਖਾਏ, ਹੋਰਾਂ ਨੂੰ ਖਵਾਏ। ਸਾਰਾ ਦਿਨ ਜ਼ਨਾਨੀਆਂ ਨਾਲ ਗੱਪਾਂ ਮਾਰ ਕੇ ਗੁਜ਼ਾਰ ਦੇਂਦੀ। ਮੋਟੀ ਹੋ ਗਈ। ਆਪਣੇ ਰੁਝੇਵੇਂ ਲਈ ਤੇ ਸਿੰਘ ਸਾਹਿਬ ਦੇ ਪੈਸੇ ਚੰਗੇ ਪਾਸੇ ਲਾਣ ਲੱਗ ਪਈ। ਫ਼ਰਾਖ਼ ਦਿਲ, ਲੋੜਮੰਦ ਜਨਾਨੀਆਂ ਨੂੰ ਕਰਜਾ ਬਗ਼ੈਰ ਸੂਦ ਲਏ ਦੇਣ ਲੱਗ ਪਈ। ਅੱਗੇ ਨਾਲੋਂ ਵੀ ਮਸ਼ਹੂਰ ਹੋ ਗਈ। 

ਜਮਸ਼ੇਦਪੁਰ ਲੋਹੇ ਦੇ ਕਾਰਖ਼ਾਨੇ ਧੜਾ-ਧੜ ਬਣ ਰਹੇ ਸਨ। ਮਿਸਤਰੀਆਂ ਦੀ ਬੜੀ ਮੰਗ ਸੀ। ਪਿੰਡ ਦਾ ਵਸਾਵਾ ਸਿੰਘ ਜਮਸ਼ੇਦਪੁਰ ਵਿੱਚ ਰਾਜਗਿਰੀ ਕਰਦਾ ਸੀ। ਬੜੇ ਚੰਗੇ ਪੈਸੇ ਬਣਾਏ। ਪਿੰਡ ਨਵਾਂ ਘਰ ਬਣਾਣ ਲਈ ਆਇਆ। ਪੱਕੀਆਂ ਇੱਟਾਂ, ਪੱਕੀ ਲੱਕੜ, ਚੂਨੇ ਦੀ ਚਣਾਈ, ਗੱਚ ਦਾ ਕੰਮ। ਪੈਸੇ ਮੁੱਕ ਗਏ। ਵਹੁਟੀ ਦੇ ਜੇਵਰ ਗਹਿਣੇ ਪਾਣ ਨੂੰ ਤਿਆਰ ਹੋ ਗਿਆ। ਇਕ ਜ਼ਨਾਨੀ, ਵਸਾਵੇ ਦੀ ਚੰਗੀ ਜਾਨੂੰ, ਜਿੰਦਾ ਤੋਂ ਕਦੀ-ਕਦਾਈਂ ਪੈਸੇ ਹੁਦਾਰੇ ਲੈਂਦੀ ਸੀ। ਚੰਗੀ ਬਣਦੀ ਸੀ । ਉਸ ਨੇ ਜਿੰਦਾ ਨੂੰ ਮਨ੍ਹਾ ਲਿਆ ਕਿ ਵਸਾਵਾ ਭਾਵੇਂ ਆਦਮੀ ਏ, ਉਹਦੀ ਲੋੜ ਪੂਰੀ ਕਰ ਦੇਵੇ ਤੇ ਸੂਦ ਭਾਵੇਂ ਗੁਰਦਵਾਰੇ ਜਾਂ ਸਕੂਲ ਨੂੰ ਦੇ ਦੇਵੇ। ਜਿੰਦਾ ਮੰਨ ਗਈ। 

ਵਸਾਵਾ ਰੁਮਾਲ ਵਿੱਚ ਲਪੇਟੀਆਂ ਟੀਮਾਂ ਲੈ ਕੇ ਆਇਆ। ਜਿੰਦਾ ਬਰਾਂਡੇ ‘ਚੋਂ ਉੱਠ ਕੇ ਪਸਾਰ ਵਿੱਚ ਗਈ। ਟੀਮਾਂ ਲੈ ਕੇ ਪੈਸੇ ਦੇ ਦਿੱਤੇ। ਪਰ ਦੋਹਾਂ ਦੀ ਅੱਖ ਲੜ ਗਈ। ਦਿਲ ਧੜਕ ਉੱਠੇ। ਦੋ ਦਿਨਾਂ ਬਾਅਦ ਵਸਾਵਾ ਹੋਰ ਟੂਮਾਂ ਲੈ ਕੇ ਆਇਆ। ਦੋਵੇਂ ਪਸਾਰ ਵਿੱਚ ਚਲੇ ਗਏ। ਗਰਮਾ-ਗਰਮੀ ਹੋ ਗਈ। ਕੁਝ ਚਿਰ ਪਿਛੋਂ ਵਸਾਵਾ ਪੈਸੇ ਹੱਥ ਵਿੱਚ ਫੜੀ ਬਾਹਰ ਆਇਆ। ਕੋਈ ਇਹ ਨਾ ਸੋਚੇ ਕਿ ਸੌਦਾ ਨਹੀਂ ਹੋਇਆ। ਵਸਾਵਾ ਆਮ ਆਉਣ ਲੱਗ ਪਿਆ। ਕਦੀ ਪੈਸੇ ਹੱਥ ਵਿੱਚ ਫੜੀ ਆਵੇ, ਕੁਝ ਚਿਰ ਬਾਅਦ ਟੀਮਾਂ ਦਾ ਰੁਮਾਲ ਭਰਿਆ ਲੈ ਕੇ ਚਲਾ ਜਾਵੇ। ਕਦੀ ਟੀਮਾਂ ਲੈ ਆਵੇ ਤੇ ਪੈਸੇ ਲੈ ਜਾਵੇ। ਮੁਹੱਲੇ ਦੀਆਂ ਔਰਤਾਂ ਵੇਖਦੀਆਂ ਪਰ ਕੰਮਾਂ ਵਿੱਚ ਰੁਝੀਆਂ ਨੇ ਕੋਈ ਗ਼ੌਰ ਨਾ ਕੀਤਾ। 

ਭੂਆ ਮੁਲਖਾ ਗਲੀ ਦੇ ਦਰਵਾਜ਼ੇ ਕੋਲ ਆਪਣੀ ਟੀਸੀ ‘ਤੇ ਰੋਜ਼ ਬੈਠਦੀ ਸੀ। ਬਾਜ਼ਾਰ ਦੀ ਆਉਂਦੀ-ਜਾਂਦੀ ਰੌਣਕ ਵੇਖਦੀ ਸੀ। ਉਹਨੂੰ ਖ਼ਿਆਲ ਆਇਆ ਕਿ ਵਸਾਵਾ ਏਨੀ ਵਾਰੀ ਕਿਉਂ ਆਉਂਦਾ ਏ? ਇਕ ਦਿਨ ਭੂਆ ਨੇ ਨੋਟ ਕੀਤਾ ਕਿ ਵਸਾਵਾ ਚਿਰ ਦਾ ਅਜੇ ਅੰਦਰ ਹੀ ਵੜਿਆ ਹੋਇਆ ਹੈ। ਖੂਹ ਤੇ ਸੁਨੇਹਾ ਭੇਜ ਦਿੱਤਾ। ਸਿੰਘ ਸਾਹਿਬ ਟੋਕਾ ਕੱਛ ਲਈ ਫਟਾ-ਫਟ ਆ ਗਿਆ । ਪਸਾਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਜ਼ੋਰ ਦੀ ਖੜਕਾਇਆ। ਜਿੰਦਾ ਹੌਲੀ ਜਿਹੇ ਬੋਲੀ ਆਉਣੀ ਪਈ ਆਂ। ਅੱਖਾਂ ਮਲਦੀ ਨੇ ਆ ਕੇ ਦਰਵਾਜ਼ਾ ਖੋਲਿਆ। ਟੋਕਾ ਹੱਥ ਵਿੱਚ ਲੈ ਕੇ ਸਿੰਘ ਸਾਹਿਬ ਨੇ ਸਾਰਾ ਪਸਾਰ ਵੇਖਿਆ। ਪਿਛਲੀਆਂ ਕੋਠੜੀਆਂ ਵਿੱਚ ਮੰਜਿਆਂ ਦੇ ਥਲੇ। ਸੰਦੂਕਾਂ ਦੇ ਪਿੱਛੇ, ਰਜਾਈਆਂ ਵਾਲੇ ਟਰੰਕ ਵਿੱਚ, ਸਾਰੀ ਥਾਂ ਛਾਣ ਮਾਰੀ। ਕੋਈ ਨਜ਼ਰ ਨਾ ਆਇਆ। ਟੋਕਾ ਨਾਲ, ਮੰਜੀ ‘ਤੇ ਲੇਟ ਗਿਆ। ਸਿੰਘ ਸਾਹਿਬ ਤਾਂ ਗਵਾਂਢਣਾਂ ਨਾਲ ਕਦੀ ਬੋਲਿਆ ਵੀ ਨਹੀਂ ਸੀ। ਹਰ ਕੋਈ ਚੁੱਪ। ਧਾਰ ਕੱਢਣ ਦਾ ਵੇਲਾ ਹੋ ਗਿਆ। ਆਖਰ ਸਿੰਘ ਸਾਹਿਬ ਉਠ ਕੇ ਖੂਹ ਨੂੰ ਚਲਾ ਗਿਆ। ਕੁਝ ਚਿਰ ਪਿਛੋਂ ਕਿਸੇ ਨੇ ਵਸਾਵੇ ਨੂੰ ਕੋਠਿਉਂ ਕੋਠੀ ਪਿਛਲੇ ਪਾਸੇ ਜਾਂਦਿਆਂ ਵੇਖਿਆ। ਹਿੰਦੂ ਸੁਨਿਆਰਿਆਂ ਦੀ ਪੌੜੀ ਤੋਂ ਉੱਤਰ ਕੇ ਘਰ ਨੂੰ ਚਲਾ ਗਿਆ । ਕੁਝ ਦਿਨ ਬਾਅਦ ਜਮਸ਼ੇਦਪੁਰ ਨੂੰ ਕੂਚ ਕਰ ਗਿਆ। ਜਿੰਦਾਂ ਦੀਆਂ ਆਸਾਂ ਪੂਰੀਆਂ ਹੋ ਗਈਆਂ। ਨੌਵੇਂ ਮਹੀਨੇ ਮੁੰਡਾ ਜੰਮਿਆ। ਜ਼ਨਾਨੀਆਂ ਵਿੱਚ ਘੁਸਰ-ਮੁਸਰ ਹੁੰਦੀ ਰਹਿੰਦੀ ਸੀ। ਜਿੰਦਾ ਦੇ ਮਜ਼ੇਦਾਰ ਕਾਰਨਾਮੇਂ ਦਾ ਰਾਜ ਖੁੱਲ੍ਹ ਗਿਆ, ਪਰ ਬੜੇ ਚਿਰ ਪਿੱਛੋਂ। ਗੱਲ ਹੋਵੇ ਤਾਂ ਮੁੰਡੇ ਨੂੰ ਖਿਡਾਂਦੀ ਜਿੰਦਾਂ ਹੱਸ ਕੇ ਕਹਿ ਦੇਵੇ ਕਿ ਮੈਨੂੰ ਨਹੀਂ ਪਤਾ। 

ਜੋ ਕੁਝ ਹੋਇਆ ਉਹ ਇਕ ਕਮਾਲ ਦਾ ਡਰਾਮਾ ਸੀ । ਪਸਾਰ ਵਿੱਚ ਇਕ ਬੜਾ। ਵੱਡਾ ਮਿੱਟੀ ਦਾ ਭੜੋਲਾ ਸੀ। ਇਹ ਭੜੋਲੇ ਖੁੱਲੇ ਘੇਰੇ ਦੇ ਹੁੰਦੇ ਸਨ। ਜ਼ਮੀਨ ਤੋਂ ਲੈ ਕੇ ਛੱਤ ਤੋਂ ਕੋਈ ਚਾਰ ਗਿੱਠਾਂ ਨੀਵੇਂ। ਮਿੱਟੀ ਦੇ ਮੁਸਾਮਾਂ ਕਰਕੇ ਵਿਚ ਭਰੀ ਹੋਈ ਕਣਕ ਖ਼ਰਾਬ ਨਹੀਂ ਸੀ ਹੁੰਦੀ। ਦਰਜਾ ਹਰਾਤ ਤੇ ਨਮੀ ਇਕੋ ਜਿਹੀ ਰਹਿੰਦੀ ਸੀ। ਖਪਰਾ ਨਹੀਂ ਸੀ ਲੱਗਦਾ। ਥੱਲੇ ਦੇ ਕੋਲ ਦਾਣੇ ਕੱਢਣ ਵਾਸਤੇ ਮੌਰੀ ਹੁੰਦੀ ਸੀ । ਉੱਪਰੋਂ ਦਾਣੇ ਪਾਣ ਵਾਸਤੇ ਮੂੰਹ ਖੁੱਲ੍ਹਾ ਹੁੰਦਾ ਸੀ ਤੇ ਮਿੱਟੀ ਦੇ ਢੱਕਣ ਨਾਲ ਬੰਦ ਕੀਤਾ ਜਾਂਦਾ ਸੀ। ਜਦੋਂ ਈ ਕੁੰਡਾ ਖੜਕਿਆ, ਜਿੰਦਾ ਨੇ ਮੰਜੀ ਖੜੀ ਕਰਕੇ ਵਸਾਵੇ ਨੂੰ ਵਿੱਚ ਵਾੜ ਦਿੱਤਾ, ਉੱਤੇ ਢੱਕਣ ਰੱਖ ਦਿੱਤਾ ਤੇ ਮੰਜੀ ਦੁਜੀ ਗੁੱਠੇ ਡਾਹ ਦਿੱਤੀ ਤੇ ਸਰ੍ਹਾਣਾ ਵੀ ਰੱਖ ਦਿੱਤਾ। ਜਿੰਦਾ ਨੂੰ ਵੇਲੇ ਸਿਰ ਠੀਕ ਸੁੱਝ ਗਈ। ਮਿੰਟ ਵੀ ਇਕ ਲੱਗਾ। ਸਿੰਘ ਸਾਹਿਬ ਟੋਕਾ ਲੈ ਕੇ ਤਲਾਸ਼ੀ ਕਰਦਾ ਰਿਹਾ ਤੇ ਜਿੰਦਾ ਅਰਾਮ ਨਾਲ ਮੰਜੀ ‘ਤੇ ਲੇਟੀ ਰਹੀ ਜਿਵੇਂ ਕੁਝ ਨਹੀਂ ਹੋਇਆ। ਵੇਲੇ ਦੀ ਸੋਚ ਨੇ ਕਤਲ ਬਚਾ ਦਿੱਤਾ।  

21 

ਦੋ ਰੰਗਦਾਰ ਕੌਮਾਂ 

ਮਰਾਸੀ ਤੇ ਭਾਟੜੇ ਦੇ ਅਨੋਖੀਆਂ ਕੰਮਾਂ ਸਨ ਜੋ ਪਿੰਡ ਦੇ ਜੀਵਨ ਨੂੰ ਲਸ਼ਕਾ ਕੇ ਰੱਖਦੀਆਂ ਸਨ। ਮਰਾਸੀਆਂ ਤੋਂ ਬਗ਼ੈਰ ਸਮਾਜ ਬੇ-ਢੰਗਾ ਹੋਣਾ ਸੀ ਤੇ ਭਾਟੜਿਆਂ ਤੋਂ ਬਰੀਰ ਬੇ-ਸਵਾਦ। ਇਹਨਾਂ ਕੌਮਾਂ ਦੀ ਸਾਂਝ ‘ਤੇ ਵਕਤ ਦੀ ਧੂੜ ਪੈ ਚੁੱਕੀ ਸੀ । ਮਰਾਸੀ ਮੁਸਲਮਾਨ ਸਨ ਤੇ ਭਾਟੜੇ ਸਿਖ। ਇਕ ਫ਼ਰਕ ਇਹ ਵੀ ਸੀ ਕਿ ਮਰਾਸੀ ਛੋਟੀਆਂ ਗਲੋਟੀਆਂ ਰਹਿੰਦੇ ਸਨ ਤੇ ਭਾਟੜੇ ਵੱਡੀਆਂ ਗਲੋਟੀਆਂ। ਪਰ ਪੁਰਾਣੇ ਸਮਿਆਂ ਵਿੱਚ ਦੋਵੇਂ ਕੰਮਾਂ ਬਰਾਹਮਨਾਂ ਦਾ ਅੰਗ ਹੁੰਦੀਆਂ ਸਨ। 

ਮਰਾਸੀ-ਪੁਰਾਤਣ ਸਮਿਆਂ ਤੋਂ ਦਿਲ-ਪ੍ਰਚਾਵੇ ਦਾ ਹੁਨਰ ਇਸ ਅਨੋਖੀ ਕੌਮ ਦੀਆਂ ਹੱਡੀਆਂ ਵਿੱਚ ਰਚਿਆ ਹੋਇਆ ਸੀ। ਜੋ ਬਰਤਾਨੀਆ ਦੇ ਸੂਬੇ ਵੇਲਜ਼ ਦੇ ਲੋਕਾਂ ਬਾਰੇ ਦੁਨੀਆਂ ਭਰ ਦੇ ਮਸ਼ਹੂਰ ਕਵੀ ਬਰਾਇਨ ਹੈਰਸ ਨੇ ਲਿਖਿਆ ਸੀ, ਉਹ ਮਰਾਸੀਆਂ ‘ਤੇ ਪੂਰਾ ਢੁੱਕਦਾ ਏ : 

“To be born Welsh is to be born previleged but music in your blood and poetry in your soul.” 

not with a silver spoon in your mouth, 

-Brian Harris 

ਭਾਵ ਕਿ: 

ਮਰਾਸੀ ਦਾ ਪੁੱਤਰ ਜੰਮਦਾ ਅਮੀਰ 

ਖੂਨ ਵਿੱਚ ਰਾਗ ਤੇ ਲਹੂ ਵਿੱਚ ਗੀਤ 

ਕਿਸੇ ਜ਼ਮਾਨੇ ਵਿਚ ਮਿਰਾਸੀ ਨੀਵੀਂ ਪੌੜੀ ਤੇ ਬ੍ਰਾਹਮਨ ਹੁੰਦੇ ਸਨ। ਇਹਨਾਂ ਨੇ ਸਮਾਜ ਦੀਆਂ ਜੰਜ਼ੀਰਾਂ ਤੋੜ ਕੇ ਸੁਧਾਰ ਸ਼ੁਰੂ ਕੀਤਾ। ਬੇਵਾ ਔਰਤਾਂ ਦੇ ਵਿਆਹ ਕਰਨੇ ਸ਼ੁਰੂ ਕਰ ਦਿੱਤੇ। ਉੱਚੀ ਪੌੜੀ ਵਾਲੇ ਬ੍ਰਾਹਮਨਾਂ ਨੇ ਇਹਨਾਂ ਨੂੰ ਕੌਮ ‘ਚੋਂ ਖਾਰਿਜ ਕਰ ਦਿੱਤਾ। ਫਿਰ ਵੀ ਇਹਨਾਂ ਨੇ ਆਪਣਾ ਸਿਰ ਉੱਚਾ ਹੀ ਰੱਖਿਆ। ਮਰਾਸਨਾਂ ਕਦੀ ਵੀ ਨੌਕਰਾਣੀ ਦੇ ਤੌਰ ‘ਤੇ ਕੰਮ ਨਹੀਂ ਸਨ ਕਰਦੀਆਂ। ਮਰਾਸਨ ਦੀ ਕੋਇਲ ਵਰਗੀ ਅਵਾਜ਼ ਵਿਆਹ ਸ਼ਾਦੀਆਂ ਵੇਲੇ ਹੋਰ, ਸਿਆਪੇ ਦੀ ਤਰਜ਼ ਵੱਖਰੀ ਤੇ ਚੁੱਪ ਵੇਲੇ ਚੁੱਪ। ਕੱਪੜੇ ਵੀ ਵੇਲੇ ਮੁਤਾਬਕ ਪਾਂਦੀ ਸੀ । 

ਮਰਾਸੀਆਂ ਨੂੰ ਔਖੀ ਘੜੀ ਨੂੰ ਤਰੀਕੇ ਨਾਲ ਟਾਲਣਾ ਆਉਂਦਾ ਸੀ। ਮੂੰਹ ਤੇ ਸਚੀ ਗਲ ਵੀ ਕਹਿ ਦੇਂਦੇ ਸਨ। ਡਰਦੇ ਨਹੀ ਸਨ। ਇਕ ਵਾਰੀ ਇਕ ਤੜਕ-ਬੜਕ ਵਾਲੇ ਮਰਾਸੀ ਦਾ ਮੂੰਹ ਬੰਦ ਕਰਨ ਲਈ ਕਿਸੇ ਨੇ ਆਖਿਆ ਕਿ ਜੇ ਤੂੰ ਇੰਨਾ ਦਲੇਰ ਐਂ ਤਾਂ ਰਣਜੀਤ ਸਿੰਘ ਦੇ ਮੂੰਹ ਤੇ ਉਹਨੂੰ ਕਾਨਾ ਆਖ ਕੇ ਵਿਖਾ। ਮਰਾਸੀ ਨੇ ਤੁਰੰਤ ਜਵਾਬ ਦਿੱਤਾ ‘ਭਲਾ। ਇਹ ਵੀ ਕੋਈ ਗੱਲ ਏ।’ ਸ਼ਰਤ ਲੱਗ ਗਈ। 

ਮਹਾਰਾਜਾ ਰਣਜੀਤ ਸਿੰਘ ਦੇ ਰਾਜਸੀ ਦਰਬਾਰ ਵਿੱਚ ਕੋਈ ਵੀ ਆ ਕੇ ਪੁਕਾਰ ਕਰ ਸਕਦਾ ਸੀ। ਮਰਾਸੀ ਵੀ ਧੋਤੇ ਹੋਏ ਕੱਪੜੇ ਪਾ ਕੇ ਪਹੁੰਚ ਗਿਆ। ਸਾਰੇ ਦਰਬਾਰੀ ਹਾਜ਼ਰ ਸਨ। ਮੌਕਾ ਮਿਲਣ ‘ਤੇ ਮਰਾਸੀ ਮਹਾਰਾਜੇ ਦੇ ਸਾਹਮਣੇ ਖਲੋ ਗਿਆ। ਗਲ ਵਿੱਚ ਪੱਲਾ ਪਾਇਆ, ਹੱਥ ਜੋੜੇ, ਪ੍ਰਣਾਮ ਕੀਤਾ ਤੇ ਗਾਉਣ ਲੱਗ ਪਿਆ :- 

ਇਕੋ ਅੱਖ ਸੁਲੱਖਣੀ ਜਿਹੜੀ ਟੀਪਾਂ ਢਾਲੇ ਨਿਉਂ ਨਿਉਂ ਕਰਨ ਸਲਾਮਾਂ ਦੋ ਅੱਖੀਆਂ ਵਾਲੇ 

ਇਕ ਘਾਟ ਨੂੰ ਸਿਫ਼ਤ ਵਿੱਚ ਬਦਲ ਦੇਣ ਦਾ ਕਿਆ ਸ਼ਾਨਦਾਰ ਤੌਰ ਸੀ। ਮਹਾਰਾਜਾ ਹੱਸ ਪਿਆ। ਦਰਬਾਰੀ ਦੀ ਖਿੜ-ਖਿੜ ਕੇ ਹੱਸ ਪਏ। ਘੁਟਨੇ ਟੇਕ ਕੇ ਬੈਠੇ ਮਰਾਸੀ ਨੂੰ ਉੱਠਣ ਵਾਸਤੇ ਆਖਿਆ ਤੇ ਮਹਾਰਾਜੇ ਨੇ ਪੰਜ ਮੋਹਰਾਂ ਇਨਾਮ ਦਿੱਤਾ। 

ਇਹ ਸਿਫ਼ਤ ਲੋਕਾਂ ਦੇ ਮੂੰਹ ਤੇ ਐਸੀ ਚੜ੍ਹੀ ਕਿ ਇਕ ਅਖਾਣ ਬਣ ਗਈ। 

ਪਿੰਡ ਵਿੱਚ ਮਰਾਸੀਆਂ ਦੇ ਅੱਠ ਘਰ ਸਨ । ਗੁਰਦੁਆਰੇ ਦੇ ਨਾਲ ਰਹਿੰਦੇ ਸਨ। ਜਦੋਂ ਟੱਬਰ ਵਧ ਗਏ ਤਾਂ ਹੋਰ ਮੁਹੱਲਿਆਂ ਵਿੱਚ ਵੀ ਜਾ ਵੱਸੇ। ਨਵਾਬ ਤੇ ਦੌਲਾ ਕੌਮ ਦੇ ਲੀਡਰ ਸਨ। ਦੌਲੇ ਦਾ ਪੁੱਤਰ ਗਾਮਾਂ (ਗੁਲਾਮ ਅਲੀ) ਤਾਂ ਜਮਾਂਦਰੂ ਗਵੀਆ ਸੀ। ਸਕੂਲ ਵਿੱਚ ਬੜੀ ਸੁਰ ਦੇ ਨਾਲ ਗਾਉਂਦਾ ਸੀ। ਵੰਡ ਤੋਂ ਬਾਅਦ ਵੀ ਸੁਰਿੰਦਰ ਤੇ ਹੋਰ ਜਮਾਤੀ ਉਹਨੂੰ ਯਾਦ ਕਰਦੇ ਸਨ। ਪਿੰਡ ਵਿੱਚ ਕੋਈ ਛੋਟਾ ਮੋਟਾ ‘ਕੱਠ ਹੋਵੇ ਤਾਂ ਵੀ ਗਾਮਾਂ ਬਗ਼ੈਰ ਝਿਜਕ ਦੇ ਗਾਉਂਦਾ ਸੀ। 

ਮਰਾਸੀਆਂ ਨੂੰ ਹਰ ਧਰਮ ਦੀਆਂ ਰੀਤਾਂ ਤੇ ਨਾਜ਼ਕ ਪਾਸਿਆਂ ਦਾ ਪੂਰਾ ਪਤਾ ਹੁੰਦਾ ਸੀ। ਮੌਕੇ ਦੇ ਮੁਤਾਬਕ ਝਟ ਈ ਗੀਅਰ ਸ਼ਿਫ਼ਟ ਕਰ ਲੈਂਦੇ ਸਨ । ਜੰਮਣ ਤੋਂ ਮਰਨ ਤਕ ਹਰ ਕਾਰਜ ਵਿੱਚ ਇਹਨਾਂ ਦਾ ਹੱਥ ਹੁੰਦਾ ਸੀ। ਹਰ ਮੌਕੇ ‘ਤੇ ਲਾਗ ਮਿਲਦਾ ਸੀ। 

ਸਿਆਪਾ 

ਸਿਆਪੇ ਦਾ ਆਮ ਰਿਵਾਜ ਸੀ। ਸਿਆਪਾ ਸਿਰਫ਼ ਵਿਆਹੇ ਹੋਏ ਜਵਾਨ ਦੇ ਮਰਨ ‘ਤੇ ਹੁੰਦਾ ਸੀ। ਹੋਰ ਕਿਸੇ ਦੇ ਮਰਨ ਤੇ ਰੋਣੇ-ਧੋਣੇ ਨੂੰ ਮਕਾਣ ਕਹਿੰਦੇ ਸਨ। ਮਰਾਸਣ ਸਿਆਪੇ ਦੀ ਅਗਵਾਈ ਕਰਦੀ ਸੀ। ਜ਼ਨਾਨੀਆਂ ਭੁੰਜੇ ਬਹਿ ਜਾਂਦੀਆਂ। ਮਰਾਸਨ ਸ਼ੁਰੂ ਕਰਦੀ “ਹਾਏ! ਹਾਏ! ਸ਼ੇਰਾ।” ਜ਼ਨਾਨੀਆਂ ਪਿੱਛੇ-ਪਿੱਛੇ ਬੋਲਦੀਆਂ “ਹਾਏ! ਹਾਏ! ਸ਼ੇਰਾ!” ਤਾਲ ਵਧਦਾ ਜਾਂਦਾ। ਜ਼ਨਾਨੀਆਂ ਉੱਠ ਕੇ ਖਲੋ ਜਾਂਦੀਆਂ। ਵਾਰੀ- ਵਾਰੀ ਆਪਣੀ ਛਾਤੀ ਤੇ ਗਲਾਂ ‘ਤੇ ਚਪੇੜਾਂ ਮਾਰਦੀਆਂ। ਵਿੱਚ-ਵਿੱਚ ਮਰਾਸਨ ਜਵਾਨ ਦੀਆਂ ਸਿਫ਼ਤਾਂ ਕਰਦੀ, ਬੱਚਿਆਂ ਦਾ ਜ਼ਿਕਰ ਕਰਦੀ। ਸੁਰ ਵਧਦੀ ਜਾਂਦੀ। ਪਿੱਟਣਾ ਤੇਜ਼ ਹੋ ਜਾਂਦਾ। ਜਵਾਨ ਰੰਡੀ ਇੰਨੇ ਜ਼ੋਰ ਦੇ ਨਾਲ ਪਿੱਟਦੀ, ਕਿ ਉਹਦੇ ਸੀਨੇ ਤੇ ਮੂੰਹ ‘ਤੇ ਲਾਸਾਂ ਪੈ ਜਾਂਦੀਆ। ਆਪਣਾ ਕੁੜਤਾ ਪਾੜ ਦੇਂਦੀ। ਜਦੋਂ ਗਸ਼ ਪੈਣ ਦਾ ਡਰ ਹੁੰਦਾ, ਜ਼ਨਾਨੀਆ ਉਹਨੂੰ ਪਕੜ ਲੈਂਦੀਆਂ। ਭੇਜੇ ਬਹਿ ਜਾਂਦੀਆਂ। ਘੁਸਰ-ਮੁਸਰ ਕਰਨ ਲੱਗ ਜਾਂਦੀਆਂ। ਫੇਰ ਮਰਾਸਨ ਸਾਰਿਆਂ ਨੂੰ ਘਰੋ-ਘਰੀਂ ਸਹਿਜ ਨਾਲ ਤਰ रेंगे। 

ਜੋ ਕੋਈ ਬੁੱਢਾ ਸੋ ਸਾਲ ਟੱਪ ਜਾਏ ਜਾਂ ਨੇੜੇ-ਤੇੜੇ ਪਹੁੰਚ ਜਾਏ, ਤਾਂ ਵੀ ਸਿਆਪਾ ਹੁੰਦਾ ਸੀ । ਘੱਗਰੇ ਪਾਈ, ਘੁੰਡ ਕੱਢੀ ਜ਼ਨਾਨੀਆਂ ਮਕਾਣੇ ਆਉਂਦੀਆਂ। ਅਵਾਜ਼ ਰੋਣ ਦੀ ਹੁੰਦੀ ਪਰ ਅੱਖਾਂ ਹੱਸਦੀਆਂ। ਹੁੰਦੀਆਂ। ਕੋਈ ਵਿੱਚੋਂ ਪੱਟਾਂ ‘ਤੇ ਥੱਪੜ ਵੀ ਮਾਰ ਦੇਂਦੀ। ਇਹ ਸ਼ੁਗਲ ਹੁੰਦਾ ਸੀ ਕਿਉਂਕਿ ਵਿਹੜੇ ਵਿੱਚ ਤਾਂ ਹਲਵਾਈ ਬੈਠੇ ਕੜਾਹ-ਪੂਰੀ ਤੇ ਜਲੇਬੀਆਂ ਬਣਾ ਰਹੇ ਹੁੰਦੇ ਸਨ। ਕੋਈ ਕਿਸਮਤ ਵਾਲਾ ਹੀ ਏਡੀ ਪਦਵੀ ਹਾਸਲ ਕਰਦਾ ਸੀ। 

* * * * * 

ਹਰ ਕੋਈ ਇਹਨਾਂ ਦੀ ਇੱਜ਼ਤ ਤੇ ਸਤਿਕਾਰ ਕਰਦਾ ਸੀ । ਜੇ ਕੋਈ ਇਹਨਾਂ ਨੂੰ ਟਿਚਕਰ ਕਰੇ ਤਾਂ ਝੱਟ ਹੀ ਉਸ ਦੀ ਜਹੀ-ਤਹੀ ਫੇਰ ਦੇਂਦੇ ਸਨ । ਆਖ਼ਰ ਉਹਨਾਂ ਨੂੰ ਪਿਉ ਦਾਦਿਆਂ ਦੀਆਂ ਕਾਰਸਤਾਨੀਆਂ ਦਾ, ਟੱਬਰ ਦੇ ਜੀਆਂ ਨਾਲੋਂ ਜ਼ਿਆਦਾ ਪਤਾ ਹੁੰਦਾ ਸੀ। 

ਮਰਾਸੀ ਦੇ ਗੌਣ ਦੀ ਤਰਜ਼ ਅਨੋਖੀ ਹੁੰਦੀ ਸੀ। ਇਕ ਹੱਥ ਕੰਨ ‘ਤੇ ਰੱਖ ਕੇ ਦੂਜੀ ਬਾਂਹ ਉੱਚੀ ਕਰਕੇ, ਲੰਮੀਂ ਹੇਕ ਨਾਲ ਗਾਉਂਦਾ। ਇਹਨਾਂ ਦਾ ਢਾਡੀ ਫ਼ਿਰਕਾ ਵੀ ਇਸੇ ਤਰ੍ਹਾਂ ਅਲਾਪ ਕਰਦਾ ਸੀ। ਇਕ ਹੋਰ ਫ਼ਿਰਕਾ ਭੰਡ ਹੁੰਦੇ ਸਨ । ਨਾਟਕ ਵੀ ਬੜੇ ਸੋਹਣੇ ਕਰਦੇ ਸਨ। ਭਾਵੇਂ ਪੜ੍ਹੇ-ਲਿਖੇ ਨਹੀਂ ਸਨ, ਨਾਟਕ ਮੂੰਹ ਜ਼ਬਾਨੀ ਬਣਾ ਲੈਂਦੇ ਸਨ। ਮਜ਼ਾਕ ਦੇ ਬੜੇ ਮਾਹਰ ਸਨ। 

ਡਿਪਟੀ ਕਮਿਸ਼ਨਰ 

ਇਕ ਵਾਰੀ ਮੁਨਾਦੀ ਹੋਈ ਕਿ ਡਿਪਟੀ ਕਮਿਸ਼ਨਰ (ਡੀ.ਸੀ.) ਸਾਹਿਬ ਪਿੰਡ ਤਸ਼ਰੀਫ਼ ਲਿਆ ਰਹੇ ਨੇ । ਕਦੀ ਵੀ ਕੋਈ ਅੰਗਰੇਜ਼ ਅਫ਼ਸਰ ਪਿੰਡ ਨਹੀਂ ਸੀ ਆਇਆ। ਸਵਾਗਤ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਸਕੂਲ ਵਿੱਚ ਉੱਚੀ ਸਟੇਜ ਬਣਾਈ ਗਈ। ਉੱਪਰ ਮੇਜ਼ ਤੇ ਕੁਰਸੀ ਸਜਾਏ ਗਏ। ਮਰਾਸੀਆਂ ਨੂੰ ਜੀ ਪ੍ਰਚਾਵੇ ਦਾ ਪ੍ਰੋਗਰਾਮ ਬਨਾਣ ਵਾਸਤੇ ਆਖਿਆ ਗਿਆ। ਜਦੋਂ ਡਿਪਟੀ ਸਾਹਿਬ ਦੀ ਕਾਰ ਆਈ ਤਾਂ ਉਹਨਾਂ ਦਾ ਜਲੂਸ ਕੱਢਿਆ ਗਿਆ। ਸਕੂਲੇ ਲਿਜਾ ਕੇ ਸਟੇਜ ਉਤੇ ਆਦਰ ਨਾਲ ਬਿਠਾਇਆ ਗਿਆ। ਬਾਕੀ ਦੇ ਅਫ਼ਸਰ ਤੇ ਪਿੰਡ ਦੇ ਪਤਵੰਤੇ ਸੱਜਣ ਮੰਜੀਆਂ ‘ਤੇ ਬਹਿ ਗਏ। ਜੰਤਾ ਸਾਹਮਣੇ ਬਹਿ ਗਈ। ਸਕੂਲ ਦੇ ਮੁੰਡੇ ਕੰਧ ‘ਤੇ ਬੈਠ ਗਏ ਜਾਂ ਦਰਖ਼ਤਾਂ ‘ਤੇ ਚੜ੍ਹ ਗਏ। ਕੁਝ ਜ਼ਨਾਨੀਆਂ ਕੋਠੇ ‘ਤੇ ਚੜ੍ਹ ਕੇ ਬਹਿ ਗਈਆਂ। ਗਰਾਊਂਡ ਭਰੀ ਪਈ। ਕਿਸੇ ਨੂੰ ਪਤਾ ਨੂੰ ਨਹੀਂ ਸੀ ਕਿ ਸਾਹਿਬ ਕਿਉਂ ਦੌਰੇ ‘ਤੇ ਆਇਆ ਏ। 

ਅੱਗੇ ਅੱਗੇ ਢੋਲ ਵੱਜਦਾ, ਪਿੱਛੇ ਮਰਾਸੀਆਂ ਦਾ ਟੋਲਾ ਆ ਪਹੁੰਚਿਆ। ਪ੍ਰਣਾਮ ਕੀਤਾ। ਸਵਾਗਤ ਦਾ ਗੀਤ ਗਾਇਆ। ਫੇਰ ਬਾਹਰ ਨਿਕਲ ਗਏ। ਇਕ ਨੇ ਵਾਪਸ ਆ ਕੇ ਮੁਨਾਦੀ ਕੀਤੀ ਕਿ ਡੀ. ਸੀ. ਸਾਹਿਬ ਤਸ਼ਰੀਫ਼ ਲਿਆ ਰਹੇ ਨੇ। ਸਾਰੇ ਹੈਰਾਨ ਕਿਉਂਕਿ ਡੀ. ਸੀ. ਸਾਹਿਬ ਤਾਂ ਕੁਰਸੀ ‘ਤੇ ਡਟ ਕੇ ਬੈਠੇ ਹੋਏ ਸਨ । ਮੁਨਾਦੀ ਵਾਲਾ ਚਲਾ ਗਿਆ। ਤੁਰੰਤ ਹੀ ਇਕ ਆਦਮੀ ਦੌੜਿਆ ਆਇਆ, ਸਟੇਜ ਦੇ ਸਾਹਮਣੇ ਮੇਮੀਂ ਬਣ ਗਿਆ। ਕਿਸੇ ਨੇ ਉੱਤੇ ਮੇਜ਼ਪੋਸ਼ ਵਿਛਾ ਦਿੱਤਾ। ਮੇਜ਼ ਬਣ ਗਿਆ। ਇਕ ਹੋਰ ਦੌੜਿਆ ਆਇਆ ਤੇ ਪਿੱਛੇ ਮੇਮੀਂ ਬਣ ਗਿਆ। ਕਿਸੇ ਨੇ ਉੱਤੇ ਗੱਦੀ ਰੱਖ ਦਿੱਤੀ, ਕੁਰਸੀ ਬਣ ਗਈ। ਗੇਟ ਦੇ ਕੋਲ ਢੋਲ ਵੱਜਿਆ। ਮਰਾਸੀਆਂ ਦੇ ਲੀਡਰ ਨੇ ਰਾਜਿਆਂ ਵਾਲੀ ਲੀਰੋ ਲੀਰ ਹੋਈ ਪੁਸ਼ਾਕ ਪਾਈ ਹੋਈ, ਅੰਦਰ ਦਾਖ਼ਲ ਹੋਇਆ। ਸਿਰ ‘ਤੇ ਟੁੱਟਾ ਭੱਜਾ ਛਤਰ ਝੁਲ ਰਿਹਾ ਸੀ ਤੇ ਪਿਛੇ ਕੋਈ ਝਾੜੂ ਦੇ ਨਾਲ ਪੱਖਾ ਫੇਰ ਰਿਹਾ ਸੀ । ਡਿਪਟੀ ਸਾਹਿਬ ਆ ਕੇ ਧੜੱਕ ਕੁਰਸੀ ਤੇ ਬੈਠ ਗਿਆ। ਕੁਰਸੀ ਦੀਆਂ ਚੀਕਾਂ ਨਿਕਲ ਗਈਆਂ। ਮੇਜ਼ ਖ਼ਾਲੀ ਸੀ। ਗਾਲ੍ਹ ਕੱਢ ਕੇ ਅਰਦਲੀ ਨੂੰ ਬੁਲਾਇਆ। ਉਹ ਝੱਟ ਹੀ ਕਾਗਜ਼, ਕਲਮ ਤੇ ਦਵਾਤ ਲੈ ਆਇਆ। ਦੇਰੀ ਦੀ ਮੁਆਫ਼ੀ ਮੰਗੀ। ਰੋਜ਼ਨਾਮਚਾ ਸਾਹਮਣੇ ਰੱਖਿਆ। ਕੋਰਾ ਕਾਗਜ਼ ਸੀ। ਹਰ ਇਕ ਦੀ ਟਿਕਟਿਕੀ ਮਰਾਸੀਆਂ ਵੱਲ। 

ਤੁਰੰਤ ਹੀ, ਇਕ ਮਰੀਅਲ ਜਿਹੇ ਬੰਦੇ ਨੂੰ ਹੱਥਕੜੀ ਲਾਈ ਹੋਈ, ਪੁਲਸੀਆ ਹਾਜ਼ਰ ਹੋਇਆ। ਸਲੂਟ ਮਾਰਿਆ। ਅਫ਼ਸਰਾਂ ਵਾਲੇ ਰੋਅਬ ਨਾਲ ਬੋਲਦਿਆਂ ਹੋਇਆਂ ‘ਡਿਪਟੀ’ ਨੇ ਪੁੱਛਿਆ “ਮੁਜ਼ਰਮ ਦਾ ਕੀ ਜੁਰਮ ਏ ?” ਪੁਲਸੀਆ ਬੋਲਿਆ: “ਜਨਾਬ! ਇਸ ਨੇ ਖ਼ਜ਼ਾਨਾ ਲੁੱਟਿਆ ਏ।” “ਇਸ ਚੂਹੇ ਨੇ ਸਰਕਾਰ ਦਾ ਖ਼ਜ਼ਾਨਾ ਲੁੱਟਿਆ ਏ?” “ਹਾਂ ਜਨਾਬ!” ਖ਼ਜ਼ਾਨੇ ਵਿੱਚ ਕਿੰਨੇ ਪੈਸੇ ਸਨ ?” “ਜਨਾਬ! ਖ਼ਜ਼ਾਨਾ ਤਾਂ ਖ਼ਾਲੀ ਸੀ। ਵਿੱਚ ਕੁਝ ਨਹੀਂ ਸੀ।” ਲੋਕ ਹੱਸ ਪਏ। ਕਚੈਹਰੀ ਵਿੱਚ ਰੌਲਾ ਪੈ ਗਿਆ । 

‘ਡਿਪਟੀ’ ਗੁੱਸੇ ਨਾਲ ਬੋਲਿਆ “ਆਰਡਰ ! ਆਰਡਰ!” ਲੋਕੀਂ ਚੁੱਪ ਹੋ ਗਏ। “ਅਲਜ਼ਾਮ ਇਹ ਹੋਇਆ ਕਿ ਇਸ ਨੇ ਖ਼ਾਲੀ ਖ਼ਜ਼ਾਨਾ ਲੁੱਟਿਆ ਏ।” “ਨਹੀਂ ਜਨਾਬ, ਨਹੀਂ।” “ਫੇਰ ਕੀ?” ਢਿੱਲੀ ਜਿਹੀ ਅਵਾਜ਼ ਵਿੱਚ ਪੁਲਸੀਆ ਬੋਲਿਆ “ਜਨਾਬ! ਜਨਾਬ! ਥਾਣੇਦਾਰ ਦੀ ਵਹੁਟੀ ਆ ਕੇ ਸਾਰੇ ਪੈਸੇ ਘਰ ਲੈ ਗਈ ਸੀ । ਅਸੀ ਕਿਸੇ ਨਾ ਕਿਸੇ ਨੂੰ ਤਾਂ ਫੜਨਾ ਹੀ ਹੋਇਆ।” ਬਗ਼ੈਰ ਹੋਰ ਗੱਲ ਸੁਣਿਉਂ, ਡਿਪਟੀ ਸਾਹਿਬ ਬੋਲੇ, “ਕੇਸ ਡਿਸਮਿਸਡ”। ਆਰਡਰ ਲਿਖਣ ਵਾਸਤੇ ਕਲਮ ਚੁੱਕੀ। ਦਵਾਤ ਖਾਲੀ ਸੀ। ਕਲਮ ਨੂੰ ਮੇਜ਼ ਦੇ ਚਿਤੜਾਂ ਵਿੱਚ ਖੋਬ ਦਿੱਤਾ। ਮੇਜ ਦੀਆਂ ਚਾਰੇ ਲੱਤਾਂ ਕੰਬ ਉੱਠੀਆਂ। ਕਾਗਜ਼, ਪੱਤਰ, ਕਲਮ, ਦੁਆਤ, ਸਭ ਕੁਝ ਡਿੱਗ ਪਿਆ। ਡਿਪਟੀ ਸਾਹਿਬ ਕਚੈਹਰੀ ਬੰਦ ਕਰਕੇ ਚਲਦੇ ਬਣੇ। ਕੁਰਸੀ ਨੂੰ ਸਾਹ ਆਇਆ। 

ਮਰਾਸੀਆਂ ਨੇ ਡਿਪਟੀ ਕਮਿਸ਼ਨਰ ਤੇ ਪੁਲਿਸ ਦੇ ਅਫ਼ਸਰਾਂ ਦੇ ਸਾਹਮਣੇ ਹੀ ਉਹਨਾਂ ਦਾ ਮਖੌਲ ਉਡਾਇਆ । ਸਾਹਿਬ ਦਾ ਹਾਸਾ ਹੀ ਨਾ ਰੁਕੇ। ਪਿੰਡ ਦੇ ਬੱਚੇ-ਬੁੱਢੇ ਹਮੇਸ਼ਾ ਇਸ ਕਮਾਲ ਨੂੰ ਯਾਦ ਕਰਦੇ ਸਨ। ਜੇ ਮਰਾਸੀ ਪੜ੍ਹੇ-ਲਿਖੇ ਹੁੰਦੇ ਤਾਂ ਕੀ ਪਤੈ ਸ਼ੈਕਸਪੀਅਰ ਵਾਂਗਰ ਕਿੰਨੇ ਨਾਟਕ ਲਿਖ ਮਾਰਦੇ! 

* * * 

ਮਹਿਰ ਮੰਗ-ਮਰਾਸੀਆਂ ਦਾ ਉੱਚ ਦਰਜੇ ਦਾ ਇਕ ਫ਼ਿਰਕਾ ਮਹਿਰ ਮੰਗ ਸਨ। ਕਵੀ ਤੇ ਗੀਤਕਾਰ ਸਨ । ਇਹਨਾਂ ਦਾ ਇਕ ਖ਼ਾਸ ਧੰਦਾ ਸੀ ਕਿ ਵੱਡੇ-ਵੱਡੇ ਘਰਾਂ ਦੇ ਬੂਹੇ ‘ਤੇ ਖਲੋ ਕੇ ਬੰਸਾਵਲੀਨਾਮਾ ਗਾਉਣਾ। ਹਰ ਪੀੜ੍ਹੀ ਦੇ ਕਾਰਨਾਮਿਆਂ ਦਾ ਜ਼ਿਕਰ ਕਰਨਾ। ਬੜੀਆਂ ਵਧੀਆ ਤੇ ਦਿਲਚਸਪ ਕਹਾਣੀਆਂ ਵੀ ਸੁਣਾਂਦੇ। ਪਿੰਡ ਵਿੱਚ ਮਹਿਰ ਮੰਗ ਆਉਂਦਾ ਸੀ ਸਾਲ ‘ਚ ਦੋ ਵਾਰੀ ਉੱਚੇ ਘਰਾਂ ਦੇ ਦੋ ਚੱਕਰ ਲਾਂਦਾ। ਉਸ ਦੇ ਵੱਡੇ-ਵਡੇਰੇ ਵੀ ਇਹੋ ਕੰਮ ਕਰਦੇ ਸਨ। ਇਸ ਕਰਕੇ ਸਾਰਾ ਵਿਰਸਾ ਮੂੰਹ ਜ਼ਬਾਨੀ ਯਾਦ ਹੁੰਦਾ ਸੀ। ਨਮੂਨੇ ਦੇ ਤੌਰ ‘ਤੇ ਅੱਖੀਂ ਵੇਖਿਆ ਇਕ ਸ਼ਾਮ ਦਾ ਹਾਲ ਦਰਜ ਏ। 

ਮਹਿਰ ਮੰਗ ਦੀ ਫੇਰੀ 

ਸੂਰਜ ਡੁੱਬੇ ਦੀਵਾਨ ਸਿੰਘ ਠੇਕੇਦਾਰ ਦੇ ਘਰ ਮਹਿਰ ਮੰਗ ਬੜੀ ਸ਼ਾਨ ਦੇ ਨਾਲ ਆਇਆ। ਬਾਹਰਲੇ ਦਰਵਾਜ਼ੇ ਤੇ ਖਲੋ ਕੇ ਉੱਚੀ ਹੇਕ ਨਾਲ ਕਲਾਮ ਪੜ੍ਹਿਆ। ਟੱਬਰ ਸਭ ਕੁਝ ਛੱਡ ਕੇ ਕਲਾਮ ਸੁਣਨ ਲੱਗਾ। ਹੌਲੀ-ਹੌਲੀ ਡਿਉੜੀ ਲੰਘ, ਅੰਦਰਲੇ ਦਰਵਾਜ਼ੇ ਕੋਲ ਖਲੋ ਕੇ ਬੰਸਾਵਲੀ ਸੁਣਾਈ। ਨਾਲ-ਨਾਲ ਖ਼ਾਨਦਾਨ ਦੀਆਂ ਵਡਿਆਈਆਂ ਸੁਣਾਈਆਂ। ਠੇਕੇਦਾਰ ਦੇ ਪਿਉ (ਕਾਹਨ ਸਿੰਘ) ਦਾ ਵਧੇਰੇ ਜ਼ਿਕਰ ਕੀਤਾ। 

ਮਹਿਰ ਮੰਗ ਨੇ ਸਾਫ਼-ਸੁਥਰੇ ਤੇ ਸੋਹਨੇ ਕੱਪੜੇ ਪਾਏ ਹੋਏ ਸਨ। ਥੋੜ੍ਹੀ ਜਿਹੀ ਮਾਵਾ ਲਾ ਕੇ ਇਸਤਰੀ ਕੀਤੀ ਹੋਈ ਚਿੱਟੀ ਸਲਵਾਰ ਕਮੀਜ਼, ਕਾਲਾ ਕੋਟ, ਸੁਨਹਿਰੀ ਕੁਲ ਉੱਤੇ ਆਕੜੀ ਹੋਈ ਤੁਰਲੇ ਵਾਲੀ ਚਿੱਟੀ ਪੱਗ, ਲੰਮਾਂ ਪੱਲਾ, ਤਿੱਲੇ ਵਾਲੀ ਜੁੱਤੀ, ਕੱਤਰੀ ਹੋਈ ਤੇ ਮਹਿੰਦੀ ਨਾਲ ਰੰਗੀ ਹੋਈ ਦਾੜ੍ਹੀ। ਪਤਾ ਨਹੀਂ ਸੀ ਲੱਗਦਾ ਕਿ ਦੂਰੋਂ ਆਇਆ ਏਂ। ਪੱਕੀ ਗੱਲ ਸੀ ਕਿ ਪਿੰਡ ਦੇ ਨੇੜੇ ਆ ਕੇ ਉਸ ਨੇ ਕੱਪੜੇ ਬਦਲੇ ਹੋਣਗੇ। 

ਜੁੱਤੀ ਉਤਾਰ ਕੇ ਅੰਦਰ ਆਇਆ। ਕੁਲਾ ਤੇ ਕੋਟ ਉਤਾਰ ਕੇ ਪਾਸੇ ਰਖ, ਪੀੜੀ ਲੈ ਕੇ ਬੈਠ ਗਿਆ ਤੇ ਠੇਕੇਦਾਰ ਦੇ ਪੈਰ ਘੁੱਟਣੇ ਸ਼ੁਰੂ ਕਰ ਦਿੱਤੇ। ਲੱਤਾਂ ਬਾਵਾਂ ਘੁਟਦਾ ਤੇ ਬਗ਼ੈਰ ਰੁਕਿਉਂ ਗਲਾਂ ਬਾਤਾਂ ਕਰੀ ਜਾਂਦਾ। ਤਾਜ਼ਾ ਵਾਕਿਆਤ ਸੁਣਾਂਦਾ। ਬੱਚਿਆਂ ਦੇ ਕੰਨ ਖੜੇ ਰਹਿੰਦੇ। ਦੋ ਕਹਾਣੀਆਂ ਚੋਰਾਂ ਦੀ ਹੁਸ਼ਿਆਰੀ ਦੀਆਂ ਸਨ। ਉਸ ਦੇ ਕਹਿਣ ਅਨੁਸਾਰ ਇਕ ਚੋਰੀ ਪਿਛਲੇ ਕੁਝ ਦਿਨਾਂ ਵਿੱਚ ਹੋਈ ਸੀ ਤੇ ਇਕ ਮਹੀਨਾ ਦੋ ਪਹਿਲੋਂ। 

ਡੰਗਰਾਂ ਦੇ ਮੇਲੇ ‘ਤੇ ਬੜੀਆਂ ਕਿਸਮਾਂ ਦੇ ਬਲਦ ਆਏ। ਕੋਈ ਖ਼ਰੀਦਣ ਵਾਲਾ ਤੇ ਕੋਈ ਵੇਚਣ ਵਾਲਾ। ਜੇਬਕਤਰੇ ਤੇ ਚੋਰ ਵੀ ਪਹੁੰਚ ਗਏ। ਬਲਦਾਂ ਦੀ ਇਕ ਜੋੜੀ ਬੜੀ ਪਿਆਰੀ ਸੀ। ਚਿੱਟਾ ਦੁੱਧ ਰੰਗ, ਕਿਧਰੇ-ਕਿਧਰੇ ਕਾਲੀਆਂ ਡਬੀਆਂ। ਜ਼ੋਰ ਇੰਨਾ ਕਿ ਜੇ ਸੁਹਾਗਾ ਖਿੱਚਣ, ਤਾਂ ਨੱਸਦੇ ਬੰਦਿਆਂ ਨੂੰ ਪਿੱਛੇ ਛੱਡ ਜਾਣ। ਜੇ ਖੂਹ ਗੇੜਨ ਤਾਂ ਟਿੰਡਾਂ ਤਕਰੀਬਨ ਖਾਲੀ ਨਿਕਲਣ। ਚੋਰਾਂ ਨੇ ਖ਼ਰੀਦਣ ਵਾਲੇ ਦੀ ਸੂਹ ਕੱਢ ਲਈ। ਪਿੰਡ ਨਹਿਰ ਦੇ ਦੂਜੇ ਪਾਸੇ ਸੀ। 

ਪਤਾ ਕਰ ਕਿ ਖੂਹ ‘ਤੇ ਪਹੁੰਚ ਗਏ। ਡੰਗਰ ਖਰੀਦਨ ਦੇ ਬਹਾਨੇ ਆਲਾ-ਦੁਆਲਾ ਵੇਖ ਗਏ। ਦੂਜੀ ਰਾਤੀਂ ਆਏ। ਵੇਖਿਆ ਕਿ ਬਲਦਾਂ ਦੇ ਅਗਲੇ ਪੈਰਾਂ ਨੂੰ ਸੰਗਲ ਵੱਜਿਆ ਹੋਇਆ ਸੀ। ਨਹਿਰ ਦੇ ਪੁਲ ਉੱਤੇ ਪੁਲਿਸ ਦਾ ਪਹਿਰਾ ਰਾਤ ਭਰ ਰਹਿੰਦਾ ਸੀ। ਸੋਚ ਕੇ ਪੂਰੀ ਸਕੀਮ ਬਣਾਈ। ਲੁਹਾਰ ਤੋਂ ਖ਼ਾਸ ਚਾਬੀ ਬਣਵਾਈ। ਦੋ ਵਾਰੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋਏ। ਮੰਜੀ ਤੇ ਕੋਈ ਕੋਲ ਸੁੱਤਾ ਹੁੰਦਾ ਸੀ। ਗਏ ਪਹਿਰ ਇਕ ਰਾਤੀਂ ਬਲਦ ਖੋਲ ਲਏ ਤੇ ਸਿੱਧੇ ਪੁਲ ਨੂੰ ਤੁਰ ਪਏ। ਰਸਤੇ ਵਿੱਚ ਇਕ ਹੋਰ ਖੂਹ ਤੋਂ ਹਲ-ਪੰਜਾਲੀ ਤੇ ਦੋ ਕਹੀਆਂ ਚੋਰੀ ਕਰ ਲਈਆਂ। ਪੁਲ ਲੰਘਣ ਲੱਗੇ ਤਾਂ ਮੰਜੀ ‘ਤੇ ਅਰਾਮ ਕਰਦੇ ਪੁਲਸੀਏ ਨੇ ਆਖਿਆ : “ਰੁਕੋ! ਕੌਣ ਓ?” ਜਵਾਬ ਦਿੱਤਾ ਸਾਹਮਣੇ ਸਾਡੀਆ ਪੈਲੀਆਂ ਨੇ। ਪਿੰਡ ਸਾਡਾ ਇਸ ਪਾਸੇ ਪੈਂਦੈ। ਸਵੱਖਤੇ-ਸਵੱਖਤੇ ਹਲ ਵਾਹੁਣ ਚਲੇ ਆਂ। ਪੁਲਿਸ ਵਾਲੇ ਨੇ ਆਖਿਆ ਜਾਉ। ਕੁਝ ਦੂਰ ਜਾ ਕੇ ਹਲ-ਪੰਜਾਲੀ ਸੁੱਟ ਦਿੱਤੇ ਤੇ ਬਲਦਾਂ ਨੂੰ ਭਜਾ ਕੇ ਲੈ ਗਏ। 

ਇਕ ਹੋਰ ਪਿੰਡ ਦਾ ਵਾਕਿਆ ਸੀ । ਰਾਤੀਂ ਚਾਰ ਚੋਰ ਪੂਰੀ ਸਕੀਮ ਬਣਾ ਕੇ ਆਏ। ਬਲਦਾਂ ਦੀ ਜੋੜੀ ਚੋਰੀ ਕਰ ਲਈ। ਰਾਹ ‘ਚੋਂ ਗੱਡਾ ਚੋਰੀ ਕਰ ਲਿਆ। ਬਲਦਾਂ ਨੂੰ ਜੋੜਿਆ। ਇਕ ਚੋਰ ਦੀਆਂ ਲੱਤਾਂ ਨੂੰ ਲਹੂ ਦੀ ਭਿੱਜੀ ਪੱਗ ਦਾ ਟੋਟਾ ਲਪੇਟ ਦਿੱਤਾ। ਗੱਡੇ ‘ਤੇ ਲੰਮਾ ਪਾਇਆ। ਇਕ ਸਿਰ ਫੜ ਕੇ ਬੈਠ ਗਿਆ ਤੇ ਦੂਜਾ ਪੈਰ। ਚੌਥਾ ਗੱਡਾ ਹਿਕੀ ਤੁਰੀ ਜਾਏ। ਪੁਲ ਦੇ ਨੇੜੇ ਪਹੁੰਚ ਕੇ ਮਰੀਜ਼ ਨੇ ਹਾਏ। ਹਾਏ। ਸ਼ੁਰੂ ਕਰ ਦਿੱਤੀ। ਡਿਊਟੀ ਦੇਂਦੇ ਪੁਲਿਸ ਵਾਲੇ ਨੇ ਪੁੱਛਿਆ ਕੀ ਹੋਇਆ? ਦੱਸਿਆ ਕਿ ਸਾਡੇ ਭਰਾ ਨੂੰ ਕੋਡੀਆਂ ਵਾਲੇ ਸੱਪ ਨੇ ਡੰਗਿਆ। ਅਸੀਂ ਦਾਤਰੀ ਨਾਲ ਚੀਰ ਕੇ ਜ਼ਹਿਰ ਤਾਂ ਕੱਢ ਦਿੱਤਾ ਏ ਪਰ ਹੁਣ ਹਸਪਤਾਲ ਲੈ ਕੇ ਜਾ ਰਹੇ ਹਾਂ। ਪੁਲਿਸ ਵਾਲੇ ਨੇ ਆਖਿਆ “ਫਟਾਫੱਟ। ਫਟਾਫੱਟ ਜਾਉ।” ਹੁਸ਼ਿਆਰ ਚੋਰ ਗੱਡਾ ਭਜਾ ਕੇ ਰਾਹ ਪਏ। 

ਭਾਟ-‘ਭੱਟ’ ਲਫ਼ਜ਼ ਤੋਂ ਵਿਗੜ ਕੇ ਭਾਟ ਬਣੇ, ਭਾਟੜੇ ਗਵੱਈਏ ਹੁੰਦੇ ਸਨ। ਤੁਰਦੇ-ਫਿਰਦੇ ਰਹਿੰਦੇ ਸਨ। ਕਿਧਰੇ ਟਿਕ ਕੇ ਨਹੀਂ ਸਨ ਬੈਠਦੇ। ਪੁਰਾਣੇ ਬਾਹਮਣਾਂ ਦਾ ਅੰਗ ਹੋਣ ਕਰਕੇ ਜੋਤਸ਼ ਵਿੱਦਿਆ ਸਿੱਖ ਲਈ। ਹੱਥ ਵੇਖਣੇ ਤੇ ਮੱਥੇ ਦੀਆਂ ਲਕੀਰਾਂ ਪੜ੍ਹਨੀਆਂ। ਲਿਖਣ-ਪੜ੍ਹਨ ਤੋਂ ਦੂਰ ਰਹੇ। ਗੁਰੂ ਨਾਨਕ ਦੇ ਵੇਲੇ ਸਿੱਖ ਬਣ ਗਏ। ਕਈ ਸਦੀਆਂ ਪਹਿਲੋਂ ਇਹ ਵੱਡੀਆਂ ਗਲੋਟੀਆਂ, ਛੋਟੇ (ਪੁਰਾਣੇ) ਡੱਸਕੇ ਤੇ ਭਾਂਡੇਵਾਲੇ ਦੇ ਪਿੰਡਾਂ ਵਿੱਚ ਵਸ ਗਏ। ਛੋਟੀਆਂ ਗਲੋਟੀਆਂ ‘ਚੋਂ ਇਹਨਾਂ ਦਾ ਆਮ ਲਾਂਘਾ ਹੁੰਦਾ ਸੀ। ਗੁਰੂ ਗੋਬਿੰਦ ਸਿੰਘ ਦੇ ਵੇਲੇ ਇਹਨਾਂ ਦਾ ਨਿਹੰਗਾ ਦਾ ਜੱਥਾ ਮਸ਼ਹੂਰ ਸੀ । ਵਹੁਟੀਆਂ- ਬੱਚੇ ਪਿੰਡ ਰਹਿੰਦੇ ਤੇ ਆਦਮੀ ਤੁਰਦੇ-ਫਿਰਦੇ। 

ਅੰਗਰੇਜ਼ਾਂ ਦੇ ਰਾਜ ਵੇਲੇ ਸਮੁੰਦਰੀ ਜਹਾਜ਼ਾਂ ਦਾ ਸਫ਼ਰ ਆਮ ਹੋ ਗਿਆ। ਜਹਾਜ਼ਾਂ ਵਿੱਚ ਆਉਂਦੇ ਜਾਂਦੇ ਅੰਗ੍ਰੇਜ਼ਾਂ ਦੇ ਟੱਬਰਾਂ ਦੇ ਨਾਲ-ਨਾਲ ਭਾਟੜਿਆਂ ਨੇ ਵੀ ਸਫ਼ਰ ਸ਼ੁਰੂ ਕਰ ਦਿੱਤਾ। ਅੰਗ੍ਰੇਜ਼ੀ ਬੋਲਣੀ ਸਿੱਖ ਲਈ। ਵਲੈਤ ਦੇ ਇਕ ਪਾਸੇ ਦੇ ਸਫ਼ਰ ਨੂੰ ਤਕਰੀਬਨ ਮਹੀਨਾ ਤਾਂ ਆਮ ਲੱਗਦਾ ਸੀ। ਵਿਹਲ ਹੁੰਦਾ ਸੀ । ਅੰਗ੍ਰੇਜ਼ਾਂ ਨੂੰ ਖ਼ਾਸ ਤੌਰ ‘ਤੇ ਜ਼ਨਾਨੀਆਂ ਨੂੰ, ਹੱਥ ਵਿਖਾਣ ਦਾ ਬੜਾ ਚਸਕਾ ਹੁੰਦਾ ਸੀ। ਭਾਟੜੇ ਪਹਿਲੀ ਕੌਮ ਸਨ ਜਿਨ੍ਹਾਂ ਨੇ ਗੋਰਿਆਂ ਦੇ ਭਰਮਾਂ ਤੇ ਵਹਿਮਾਂ ਨੂੰ ਸਮਝ ਗਏ ਸਨ ਤੇ ਖੋਜ ਕਰ ਲਈ मी। 

ਪਹਿਲੇ ਹਿੰਦੁਸਤਾਨੀ ਸਨ ਜਿਨ੍ਹਾਂ ਨੇ ਉਨੀਵੀਂ ਸਦੀ ਦੇ ਅਖ਼ੀਰ ਵਿੱਚ ਪੱਕੇ ਤੌਰ ‘ਤੇ ਇੰਗਲੈਂਡ ਵਸਣਾ ਸ਼ੁਰੂ ਕੀਤਾ। ਪਹਿਲੇ ਸਮਿਆਂ ਵਿੱਚ ਭਾਟੜੇ ਹੀ ‘ਕੱਲੇ ਅਨਪੜ੍ਹ ਹਿੰਦੁਸਤਾਨੀ ਸਨ, ਜਿਨ੍ਹਾਂ ਨੂੰ ਵਲੈਤ ਜਾਨ ‘ਤੇ ਕੋਈ ਰੋਕ ਟੋਕ ਨਹੀਂ ਸੀ ਹੁੰਦੀ। ਜ਼ਿਆਦਾਤਰ ਮਿਡਲੈਂਡਜ਼ ਤੇ ਲੰਦਨ ਵਿੱਚ ਪੈਰ ਜਮਾਏ। ਗੱਲਾਂ ਬਾਤਾਂ ਵਿਚ ਹੁਸ਼ਿਆਰ ਸਨ। ਨਾਲ-ਨਾਲ ਤੁਰਦੇ ਜਾਂਦੇ ਨੂੰ ਪੁੱਛਣ ਕਿ ਤੈਨੂੰ ਫੁੱਲ ਕਿਹੜੇ ਸੋਹਣੇ ਲੱਗਦੇ ਨੇ? ਤੇਰੇ ਮਨਪਸੰਦ ਪਰਿੰਦੇ ਕਿਹੜੇ ਨੇ ? ਫੇਰ ਜੇਬ ਵਿੱਚੋਂ ਮਰੂੰਡਿਆ ਹੋਇਆ ਕਾਗਜ਼ ਕੱਢ ਕੇ ਉਸ ਦੀ ਤਲੀ ‘ਤੇ ਰੱਖ ਦੇਣ। ਉਸ ਖੋਲ ਕੇ ਹੱਕਾ ਬੱਕਾ ਰਹਿ ਜਾਣਾ। ਜਿਸ ਨੂੰ ਪਿਆਰ ਕਰਦਾ ਕਰਦੀ) ਹੋਵੇ, ਉਸ ਦਾ ਨਾਂ ਲਿਖਿਆ ਮਿਲਣਾ। ਦੱਸੇ ਹੋਏ ਲਫਜ਼ਾਂ ਤੋਂ ਹੀ ਕਿਆਫਾ ਲਾ ਲੈਂਦੇ ਸਨ। 

ਪੰਨਾ ਸਿੰਘ 1920 ਵਿੱਚ ਇੰਗਲੈਂਡ ਗਿਆ। ਉਸ ਦੀ ਮਸ਼ਹੂਰੀ ਸੀ ਕਿ ਬਾਰਸ਼ ਹੋਵੇ ਜਾਂ ਨਾ ਹੋਵੇ, ਛਤੜੀ ਲੈ ਕੇ ਤੁਰਦਾ। ਹੱਥ ਵੇਖੇ, ਪੈਸਾ ਕਦੀ ਨਾ ਲਵੇ। ਪਰ ਉਹਦੇ ਲੱਕੀ (lucky) ਰੰਗ ਦਾ ਨਾਂ ਦੱਸ ਦੇਵੇ। ਆਖੇ, ਇਹ ਰੰਗ ਪਾਇਆ ਕਰ। ਇਹ ਵੀ ਕਹਿ ਦੇਵੇ ਕਿ ਜੇ ਤੇਰੇ ਕੋਲ ਇਹ ਰੰਗ ਨਹੀਂ ਤਾਂ ਮੇਰੇ ਕੋਲ ਹੈ। ਛਤਰੀ ਦੇ ਵਿੱਚ ਟਾਈਆਂ ਤੇ ਰੁਮਾਲ ਟੰਗੇ ਹੁੰਦੇ ਹਨ। ਮੌਕੇ ‘ਤੇ ਹੀ ਚੰਗੀ ਕੀਮਤ ਵਸੂਲ ਕਰ ਲੈਣੀ। 

ਫੇਰ ਇਹਨਾਂ ਨੇ ਕਮਾਲ ਦੀ ਕਾਢ ਕੱਢੀ। ਗੋਰਿਆਂ ਨੂੰ ਸ਼ੁੱਕਰਵਾਰ ਤਨਖ਼ਾਹ ਮਿਲਣੀ, ਪੱਬ ਜਾਂਦੇ, ਐਤਵਾਰ ਤੱਕ ਸਾਰੇ ਖ਼ਤਮ। ਘਰਵਾਲੀਆਂ ਕੋਲ ਬੱਚਿਆਂ ਦੇ ਕੱਪੜੇ ਖ਼ਰੀਦਣ ਵਾਸਤੇ ਵੀ ਪੈਸੇ ਨਹੀਂ ਸਨ ਰਹਿ ਜਾਂਦੇ। ਭਾਟੜਿਆਂ ਨੇ ਪਿੰਡ-ਪਿੰਡੀ ਜ਼ਨਾਨੀਆਂ ਨੂੰ ਕਿਸ਼ਤਾਂ ‘ਤੇ ਕੱਪੜੇ ਵੇਚ ਦੇਣੇ। ਹੌਲੀ-ਹੌਲੀ ਪੈਸੇ ਵਾਪਸ ਲੈ ਲੈਣੇ। ਇਹ ਵਪਾਰ ਐਸਾ ਚਲਿਆ ਕਿ ਜਦੋਂ ਦੁਆਬੇ ਦੇ ਲੋਕੀਂ ਆ ਕੇ ਵਸੇ ਤਾਂ ਜੱਟਾਂ ਨੇ ਵੀ ਫੇਰੀ ਦਾ ਕੰਮ ਸ਼ੁਰੂ ਕਰ ਦਿੱਤਾ। 

ਪੈਸੇ ਵਸੂਲ ਕਰਨੇ ਔਖੇ ਹੁੰਦੇ ਸਨ। ਇਕ ਵਾਰੀ ਇਕ ਜ਼ਨਾਨੀ ਪੈਸੇ ਨਾ ਦੇਵੇ ਤੇ ਹੋਰ ਕੱਪੜੇ ਮੰਗੀ ਜਾਵੇ । ਝਗੜਾ ਹੋ ਨਹੀਂ ਸੀ ਸਕਦਾ। ਦੁਖੀ ਹੋ ਕੇ ਨੌਜਵਾਨ ਫੇਰੀ ਵਾਲੇ ਆਖਿਆ ਕਿ ਜੇ ਪੈਸੇ ਨਹੀਂ ਤਾਂ ਮੇਰਾ ਜੀ ਪ੍ਰਚਾਵਾ ਕਰਦੇ । ਉਹਦਾ ਜਵਾਬ : “ਮੈਂ ਦੇਣੀ ਤਾਂ ਨਹੀਂ, ਪਰ ਹੱਥ ਨਾਲ ਤੇਰਾ ਕੰਮ ਸਾਰ ਦਿੰਦੀ ਆਂ।” 

ਭਾਟੜਿਆਂ ਨੇ ਆਪਣੇ ਬੱਚਿਆਂ ਨੂੰ ਪੜ੍ਹਾਣ ਵੱਲ ਖ਼ਾਸ ਧਿਆਨ ਦਿੱਤਾ। 

ਭਾਟੜਿਆਂ ਨੇ ਪੂਰਾ ਹਿੱਸਾ ਪਾ ਕੇ ਵੱਡੀਆਂ ਗਲੋਟੀਆਂ ਵਿੱਚ 1892 ਵਿੱਚ ਪ੍ਰਾਇਮਰੀ ਸਕੂਲ ਖੋਲ੍ਹਿਆ। ਇਲਾਕੇ ਵਿੱਚ ਉਹ ਪਹਿਲਾ ਸਕੂਲ ਸੀ। ਆਲੇ-ਦੁਆਲੇ ਦੇ ਮੁੰਡਿਆਂ ਨੇ ਪੜ੍ਹਾਈ ਏਥੋਂ ਹੀ ਸ਼ੁਰੂ ਕੀਤੀ। ਇਸੇ ਉਤਸ਼ਾਹ ਦਾ ਨਤੀਜਾ ਸੀ ਕਿ 1902 ਵਿੱਚ ਛੋਟੀਆਂ ਗਲੋਟੀਆਂ ਵਿੱਚ ਸਕੂਲ ਸ਼ੁਰੂ ਹੋਇਆ। ਪਿੰਡ ਵਿਚ ਭਾਟੜਿਆਂ ਦੀ ਅਬਾਦੀ ਭਾਵੇਂ 40% ਸੀ, ਵੱਡੀਆਂ ਗਲੋਟੀਆਂ ਭਾਟੜਿਆਂ ਦਾ ਪਿੰਡ ਅਖਵਾਂਦਾ ਸੀ। ਪਿੰਡ ਦਾ ਗੁਰਦੁਆਰਾ ਵੀ ਇਹਨਾਂ ਦੀ ਹਿੰਮਤ ਸੀ। ਇਹਨਾਂ ਨੇ ਪੱਕੇ ਘਰ ਤਾਂ ਬਣਾਏ ਪਰ ਜ਼ਮੀਨ ਕਦੀ ਨਹੀਂ ਸੀ ਖਰੀਦੀ। ਜ਼ਮੀਨ ਦੇ ਰੁਝੇਵਿਆਂ ਤੋ ਦੂਰ ਰਹਿੰਦੇ ਸਨ ਕਿਉਂਕਿ ਆਦਮੀ ਟਿਕ ਕੇ ਬੈਠਦੇ ਨਹੀਂ ਸਨ। 

ਪਿੰਡ ਵਿੱਚ ਭਾਟੜਿਆਂ ਦੀ ਕਦੀ ਵੀ ਕਿਸੇ ਨਾਲ ਤੂੰ-ਤੂੰ, ਮੈਂ-ਮੈਂ ਨਹੀਂ ਸੀ ਹੁੰਦੀ। ਕੋਈ ਹੈ ਹੈ, ਖੈ ਖੈ ਨਹੀਂ ਸੀ। ਚੰਗਾ ਪਾਂਦੇ-ਹਢਾਂਦੇ ਸਨ। ਇਹਨਾਂ ਦੇ ਪਿੰਡ ਅੰਗ੍ਰੇਜ਼ੀ ਸ਼ਰਾਬ ਦਾ ਠੇਕਾ ਹੁੰਦਾ ਸੀ। ਜਦੋਂ ਵੀ ਕੋਈ ਟੋਲਾ ਵਲੈਤ ਤੋਂ ਵਾਪਸ ਆਉਂਦਾ ਤਾਂ ਵਿਕਰੀ ਦੀ ਸੁਸਤੀ ਦੂਰ ਹੋ ਜਾਂਦੀ । ਆਂਡਿਆਂ ਤੇ ਮੁਰਗਿਆਂ ਦੇ ਭਾਅ ਵੱਧ ਜਾਂਦੇ। ਇਹ ‘ਕੱਲੀ ਹੀ ਕੌਮ ਸੀ ਜਿਸ ਦੇ ਬੰਦੇ ਭਾਵੇਂ ਕਿੰਨਾ ਦਾਰੂ ਪੀ ਲੈਣ, ਆਪਣਾ ਬੇਵਕੂਫ਼ ਨਹੀਂ ਸਨ ਬਣਾਂਦੇ।  

22 

ਫੌਜੀ  

ਲੜਣਾ-ਭਿੜਣਾ ਪੰਜਾਬੀਆਂ ਦੇ ਖੂਨ ਵਿੱਚ ਸੀ। ਰਵਾਇਤ ਵੀ ਸੀ ਤੇ ਪੈਸੇ ਦੀ ਲੋੜ ਵੀ। ਲੋਕੀਂ ਹੱਸ ਕੇ ਫ਼ੌਜ ਵਿੱਚ ਭਰਤੀ ਹੁੰਦੇ ਸਨ। ਰਣਜੀਤ ਸਿੰਘ ਦੇ ਖ਼ਾਸ ਘੋੜੇ ਚੜ੍ਹਿਆਂ ‘ਚੋਂ ਇਕ ਜਵਾਨ ਪਿੰਡ ਦਾ ਸੀ। ਜਦੋਂ ਅੰਗਰੇਜ਼ਾਂ-ਸਿੱਖਾਂ ਦੀ ਦੂਜੀ ਜੰਗ (1848) ਤੋਂ ਬਾਅਦ ਅੰਗਰੇਜ਼ਾਂ ਨੇ ਸਿੱਖ ਫ਼ੌਜਾਂ ਨੂੰ ਮੁਕਤ ਕਰ ਦਿੱਤਾ ਤਾਂ ਉਹ ਪਿੰਡ ਵਾਪਸ ਆ ਕੇ ਵਾਹੀ ਕਰਨ ਲੱਗ ਪਿਆ। ਅੰਗਰੇਜ਼ਾਂ ਦੇ ਸਮੇਂ ਪਹਿਲੀ ਜੰਗ (1914- 18) ਵਿੱਚ ਕੇਵਲ ਇਕ ਨੌਜਵਾਨ ਦੀਵਾਨ ਸਿੰਘ ਭਰਤੀ ਹੋਇਆ। ਉਸ ਨੂੰ ਦੋ ਤਮਗੇ ਮਿਲੇ । ਮੈਦਾਨੇ ਜੰਗ ਮੈਸੋਪੋਟੇਮੀਆਂ (ਇਰਾਕ) ਸੀ। 

ਮੈਸੋਪੋਟੇਮੀਆਂ 

ਪਹਿਲੀ ਵੱਡੀ ਜੰਗ (1914-18) ਵਿੱਚ ਜਰਮਨ ਤੇ ਆਟੋਮੈਨ (ਟਰਕੀ) ਸਾਥੀ ਸਨ। ਦੂਜੇ ਪਾਸੇ ਅੰਗਰੇਜ਼ ਤੇ ਫਰਾਂਸੀਸੀ ਸਨ। ਅੱਜ ਦਾ ਇਰਾਕ, ਆਟੋਮੈਨ ਐਮਪਾਇਅਰ ਦਾ ਹਿੱਸਾ ਸੀ। ਅੰਗ੍ਰੇਜ਼ਾਂ ਨੇ ਜਨਬੀ ਫਰੰਟ ਖੋਲ੍ਹ ਦਿੱਤਾ। ਫ਼ੌਜਾਂ ਬਹੁਤੀਆਂ ਹਿੰਦੁਸਤਾਨੀ ਸੀ। ਦੀਵਾਨ ਸਿੰਘ ਨੂੰ ਭਰਤੀ ਹੁੰਦਿਆਂ ਸਾਰ ਸੈਪਰਜ਼ ਐਂਡ ਮਾਈਨਰਜ਼ ਦੇ ਦਸਤੇ ਦੇ ਨਾਲ ਇਸ ਫਰੰਟ ‘ਤੇ ਭੇਜ ਦਿੱਤਾ। ਅੰਗਰੇਜ਼ਾ ਨੇ ਝੱਟ ਹੀ ਯੂਫ਼ਰੇਟਜ਼ (Euphrates) ਦਰਿਆ ਦੇ ਜਨੂਬ-ਮਸ਼ਰਕੀ ਇਲਾਕੇ ‘ਤੇ ਕਬਜ਼ਾ ਕਰ ਲਿਆ। ਦਰਿਆ ਦੇ ਦੂਜੇ ਪਾਸੇ ਬੱਸਰਾ ਸ਼ਹਿਰ ਤੇ ਟਰਕੀ ਫ਼ੌਜਾਂ ਦਾ ਹੈਡਕੁਆਰਟਰ ਸੀ। ਪੁਲ ਦੇ ਦੋਵੇਂ ਪਾਸੇ ਟਰਕੀ ਫ਼ੌਜਾਂ ਡੱਟੀਆਂ ਹੋਈਆਂ ਸਨ। ਜੇ ਪੁਲ ਤੋੜ ਦਿੱਤਾ ਜਾਏ ਤਾਂ ਟਰਕੀ ਫ਼ੌਜ ਦੀ ਸਪਲਾਈ ਲਾਈਨ ਕੱਟੀ ਜਾਏਗੀ। ਅੰਗਰੇਜ਼ੀ ਫ਼ੌਜਾਂ ਵਿੱਚ ਚਰਚਾ ਹੋ ਰਿਹਾ ਸੀ ਕਿਸ ਤਰ੍ਹਾਂ ਤੋੜਿਆ ਜਾਵੇ। ਅੰਗਰੇਜ਼ਾਂ ਦਾ ਇਕ ਸਿੱਧੇ ਹਮਲੇ ਦੇ ਵਿੱਚ ਬੜਾ ਨੁਕਸਾਨ ਹੋਇਆ ਸੀ। ਇਕ ਸਕੀਮ ਸੀ ਕਿ ਕੋਈ ਤਰਦਾ-ਤਰਦਾ ਡੈਨਾਮਾਈਟ (Dynamite) ਦੇ ਨਾਲ ਇਕ ਥੰਮਾਂ ਉਡਾ ਦੇਵੇ। ਪਰ ਉਸ ਨੇ ਤਾਂ ਝਟ ਗੋਲੀ ਦਾ ਨਿਸ਼ਾਨ ਬਣਨਾ ਸੀ। ਕੀ ਕੀਤਾ ਜਾਏ? 

ਦੀਵਾਨ ਸਿੰਘ ਦੇ ਦਿਮਾਗ਼ ਵਿੱਚ ਗੱਲ ਆਈ ਕਿ ਪਿੰਡਾਂ ਵਿੱਚ ਖੂਹ ਪੁੱਟਣ ਲੱਗਿਆਂ ਟੋਬੇ ਦੇਰ ਤਕ ਪਾਣੀ ਵਿੱਚ ਡੁੱਬੇ ਰਹਿੰਦੇ ਨੇ। ਯਾਦ ਫਤੂਰ ਬਣ ਗਈ। ਜੇ ਫ਼ੌਜ ਵਿੱਚ ਕੋਈ ਬਾ ਹੋਵੇ ਤਾਂ ਮਸਲਾ ਹਲ ਹੋ ਜਾਏਗਾ। ਸਾਰੇ ਦਸਤਿਆਂ ਵਿੱਚ ਪੁੱਛ-ਪਛਾਈ ਸ਼ੁਰੂ ਕਰ ਦਿੱਤੀ। ਆਖਰ ਇਕ ਪਹਿਲਵਾਨ ਮਿਲ ਗਿਆ ਜਿਹੜਾ ਟੋਬਾ ਹੁੰਦਾ ਸੀ। ਗੱਲਬਾਤ ਹੋਈ। ਦੀਵਾਨ ਸਿੰਘ ਨੇ ਟੋਬੇ ਤੇ ਪੱਟੂ ਪਾ ਲਿਆ ਕਿ ਤੂੰ ਬੜਾ ਨਾਮਵਰ ਬਣ ਜਾਏਂਗਾ। ਆਖਰ ਟੋਬੇ ਨੇ ਆਖਿਆ, “ਸਰਦਾਰ। ਤੇਰੇ ਆਖੇ ਤੇ ਅਲਾਹ ਦੀ ਮਿਹਰ ਦੇ ਨਾਲ ਮੈਂ ਕਰ ਦਿਆਗਾਂ”। 

ਹਿੰਮਤੀ ਦੀਵਾਨ ਸਿੰਘ ਸਿੱਧਾ ਹੀ ਕਮਾਂਡਰ ਦੇ ਤੰਬੂ ਵਿੱਚ ਚਲਾ ਗਿਆ। ਕਰਨਲ ਸਾਹਿਬ ਨੂੰ ਟੁੱਟਿਆ ਫੁੱਟਿਆ ਉਰਦੂ ਆਉਂਦਾ ਸੀ। ਦੀਵਾਨ ਸਿੰਘ ਟੁੱਟੀ ਹੋਈ ਅੰਗ੍ਰੇਜ਼ੀ ਵਿੱਚ ਜੋਸ਼ ਨਾਲ ਬੋਲੇ, “ਸਰ! ਮਾਈ ਮੈਨ ਡੂ ਇਟ (Sir! my man do it) ਕਰਨੈਲ ਘੜੀ ਮੁੜੀ ਪੁੱਛੇ ਕੈਸੇ? ਕੈਸੇ ?” ਦੀਵਾਨ ਸਿੰਘ : “ਮੇਰਾ ਦੋਸਤ ਮਛਲੀ ਜੈਸੇ ਤਰ ਸਕਦਾ ਹੈ” ਸਾਹਿਬ ਨੂੰ ਮਨਾ ਹੀ ਲਿਆ। ਬੜੀ ਗੱਲ ਇਹ ਹੋਵੇਗੀ ਕਿ ਇਕ ਹੋਰ ਹਿੰਦੁਸਤਾਨੀ ਮਰ ਜਾਵੇਗਾ। ਹੁਕਮ ਹੋ ਗਿਆ। ਸਾਮਾਨ ਇਕੱਠਾ ਕੀਤਾ ਗਿਆ। ਟੋਬੇ ਨੂੰ ਟ੍ਰੇਨਿੰਗ ਦਿੱਤੀ ਗਈ। 

ਇਕ ਹਨੇਰੀ ਰਾਤ ਨੂੰ ਟੋਬਾ, ਦੀਵਾਨ ਤੇ ਦੋ ਫ਼ੌਜੀ ਮਾਹਿਰ ਚੁੱਪ ਚੁਪੀਤੇ ਦਰਿਆ ਦੇ ਕੰਡੇ ਤੇ ਪਹੁੰਚ ਗਏ। ਮੋਮਜਾਮੇਂ ਵਿੱਚ ਲਪੇਟਿਆਂ ਹੋਇਆ ਡੈਨਾਮਾਈਟ ਟੋਬੇ ਦੀ ਪਿੱਠ ‘ਤੇ ਬੰਨ੍ਹਿਆ ਗਿਆ। ਜ਼ਮੀਨ ਨੂੰ ਸਲਾਮ ਕਰਕੇ ਟੋਬਾ ਸਹਿਜੇ-ਸਹਿਜੇ ਪਾਣੀ ਵਿੱਚ ਵੜ ਗਿਆ। ਸਾਹਮਣੇ ਪਾਸਿਉਂ ਆਉਂਦੇ ਪਾਣੀ ਦੀ ਰਫ਼ਤਾਰ ਮੱਠੀ ਸੀ। ਮੱਛੀ ਵਾਂਗਰ ਤੈਰਦੇ ਟੋਬੇ ਨੇ ਸਿੱਧੇ ਪੁਲ ਦਾ ਰੁਖ ਕੀਤਾ। ਹਰ ਪਾਸੇ ਚੁੱਪਚਾਪ। ਦੀਵਾਨ ਦੀ ਜਾਨ ਤਲੀ ਤੇ ਸੀ। ਟੋਬਾ ਕਦੀ ਕਦੀ ਸਾਹ ਲੈਣ ਵਾਸਤੇ ਸਿਰ ਕੱਢਦਾ, ਪੁਲ ਦੇ ਵਿਚਲੇ ਖੰਬੇ ਨੂੰ ਜਾ ਲੱਗਾ । ਬਰੂਦ ਦੀਆਂ ਡਲੀਆਂ ਬਨ੍ਹੀਆਂ। ਪਲੀਤਾ ਲਾਇਆ। ਜਿਉਂ ਹੀ ਮਾਚਸ ਦੇ ਨਾਲ ਪਲੀਤੇ ਨੂੰ ਅੱਗ ਲਾਈ, ਟਰਕ ਰਫ਼ਲਾਂ ਦੀ ਬੁਛਾੜ ਹੋ ਗਈ। ਪਰ ਟੋਬਾ ਤਾਂ ਡੂੰਘੀ ਟੁੱਬੀ ਮਾਰ ਚੁੱਕਾ ਸੀ। ਵਾਪਸ ਰੁੜੀ ਆਉਂਦਾ ਸੀ। ਸਕਿੰਟਾਂ ਦੇ ਵਿੱਚ ਹੀ ਜ਼ੋਰਦਾਰ ਧਮਾਕਾ ਹੋਇਆ। ਪੁਲ ਢਹਿ ਗਿਆ। ਟਰਕੀ ਫ਼ੌਜਾਂ ਦੀ ਸਪਲਾਈ ਲਾਈਨ ਕੱਟੀ ਗਈ। ਕੁਝ ਸਮਾਂ ਪਿੱਛੋਂ ਘਿਰੇ ਹੋਏ ਟਰਕੀ ਦਸਤਿਆਂ ਨੂੰ ਹਥਿਆਰ ਸੁੱਟਣੇ ਪਏ। ਅਗਲੇ ਹਮਲੇ ਵਿੱਚ ਅੰਗਰੇਜ਼ਾਂ ਨੇ ਬਸਰਾ ਫ਼ਤਹਿ ਕਰ ਲਿਆ। 

ਟੋਬੇ ਨੂੰ ਬੜੇ ਇਨਾਮ ਦਿਤੇ ਗਏ। ਦੀਵਾਨ ਨੂੰ ਟਰਕਿਸ਼ ਕੈਦੀਆਂ ਦਾ ਦਰੋਗਾ ਬਣਾ ਦਿੱਤਾ ਗਿਆ ਤੇ ਪੁਲ ਦੀ ਉਸਾਰੀ ਸ਼ੁਰੂ ਹੋ ਗਈ। ਇਕ ਸਿਰਦਰਦੀ ਹੋਰ। ਦਿਨੇ ਕੰਮ ਕਰਕੇ ਰਾਤ ਨੂੰ ਮੌਕਾ ਵੇਖ ਕੇ ਕਈ ਕੈਦੀ ਆਪਣੇ ਬੇਲਚੇ ਦਰਿਆ ਵਿੱਚ ਸੁੱਟ ਦਿੰਦੇ। ਗਿਣਤੀ ਵੇਲੇ ਘੱਟ ਨਿਕਲਦੇ। ਕਿਸ ਵੱਲ ਉਂਗਲੀ ਕਰੋ। ਹਰ ਇਕ ਨੂੰ ਸਾਰੇ ਪ੍ਰਦੇਸੀ ਇਕ ਸ਼ਕਲ ਦੇ ਨਜ਼ਰ ਆਉਂਦੇ ਨੇ। ਇਕ ਦੂਜੇ ਦੀ ਬੋਲੀ ਵੀ ਨਹੀਂ ਸਨ ਸਮਝਦੇ। ਦੀਵਾਨ ਜੰਗ ਦੇ ਖ਼ਤਮ ਹੋਣ ਤਕ ਬਸਰੇ ਟਿਕਿਆ ਰਿਹਾ। ਦੇ ਚਾਂਦੀ ਦੇ ਤਮਗੇ ਮਿਲੇ ਜਿਨ੍ਹਾਂ ਤੇ ਦੀਵਾਨ ਸਿੰਘ 1914-18 ਲਿਖਿਆ ਹੋਇਆ ਸੀ। ਦੋਵੇਂ ਕੀਮਤੀ ਯਾਦਾਂ 1947 ਦੀ ਵੰਡ ਵੇਲੇ ਘਰ ਹੀ ਰਹਿ ਗਈਆਂ। 

ਦੂਜੀ ਵੱਡੀ ਜੰਗ (1939-45) ਵਿਚ ਪਿੰਡ ਦੇ ਕਈ ਨੌਜਵਾਨ ਭਰਤੀ ਹੋਏ। ਚੁੱਕਿ ਉਹਨਾ ਦਾ ਡਾਕ ਦਾ ਪਤਾ (Advance Base Post Office) ਬੇਨਾਮ ਸੀ, ਪਤਾ ਨਹੀਂ ਸੀ ਹੁੰਦਾ ਕਿਹੜਾ ਕਿਸ ਫ਼ਰੰਟ ‘ਤੇ ਹੈ। ਤਿੰਨ ਸਿਪਾਹੀ ਤਾਂ ਮੁੜ ਕੇ ਘਰ ਨਾ ਆਏ ਤੇ ਪਤਾ ਨਹੀਂ ਕਿਥੇ ਮਰੇ। ਕਿੰਗ ਸਾਹਿਬ ਦਾ ਜਵਾਈ ਸਹਰਾ (North African Desert) ਵਿੱਚ ਮਾਰਿਆ ਗਿਆ। ਨਰਿੰਦਰ ਤੇ ਹਰਬੰਸ 1943 ਵਿੱਚ ਦਸਵੀਂ ਪਾਸ ਕਰਕੇ ਕਲਰਕ ਭਰਤੀ ਹੋ ਗਏ। ਉਹਨਾਂ ਵਾਪਸ ਆ ਕੇ ਦੱਸਿਆ ਕਿ ਉਹ ਬਰਮਾ ਫ਼ਰੰਟ ‘ਤੇ ਸਨ। 

ਦੀਵਾਨ ਸਿੰਘ ਦੀ ਖਾਹਸ਼ ਸੀ ਕਿ ਮੇਰੇ ਵਾਂਗਰ ਮੇਰੇ ਪੁੱਤਰ (ਫ਼ੌਜ ਵਿੱਚ) ਅਫ਼ਸਰ ਬਣਨ ਤੇ ਪਿੰਡ ਵਿੱਚ ਸ਼ਾਨ ਹੋਰ ਵਧੇ। ਜੋਗਿੰਦਰ 1943 ਵਿੱਚ ਐਫ.ਐਸ.ਸੀ. (F.Sc.) ਪਾਸ ਕਰਕੇ ਰਾਇਲ ਕਮਿਸ਼ਨ ਵਿੱਚ ਸੀਲੈਕਟ ਹੋ ਗਿਆ। ਪਰ ਛਾਤੀ ਅੱਧਾ ਇੰਚ ਘੱਟ ਚੌੜੀ ਨਿਕਲੀ। ਦੂਜਾ ਪੁੱਤਰ ਕਰਤਾਰ ਮੈਕਲਾਗਨ ਇੰਜਨੀਅਰ ਕਾਲਜ ਪਾਸ ਕਰਕੇ 1942 ਵਿੱਚ ਮਿਲੀਟਰੀ ਇੰਜਨੀਅਰਿੰਗ ਸਰਵਿਸ ਵਿੱਚ ਦਾਖ਼ਲ ਹੋ ਗਿਆ। ਜੰਗ ਤੇਜ਼ੀ ਤੇ ਸੀ ਤੇ ਹਿੰਦੁਸਤਾਨ ਵਿੱਚ ਗਾਂਧੀ ਦੀ ਚਲਾਈ ਹੋਈ ‘ਕਵਿਟ ਇੰਡੀਆ’ (Quit India) ਲਹਿਰ ਵੀ ਤੇਜ਼ੀ ‘ਤੇ ਸੀ । ਨੌਜਵਾਨਾਂ ਵਿੱਚ ਅਜ਼ਾਦੀ ਵਾਸਤੇ ਜ਼ਜਬਾ ਉਬਲ ਰਿਹਾ ਸੀ। ਕਰਤਾਰ ‘ਤੇ ਵੀ ਇਹ ਰੰਗ ਚੜ੍ਹਿਆ ਹੋਇਆ ਸੀ । ਕਾਬਲ ਇੰਜਨੀਅਰ ਸੀ। ਪਰ ਤਿਖੇ ਸੁਭਾ ਦਾ ਸੀ। ਅੰਗਰੇਜ਼ ਅਫ਼ਸਰਾਂ ਦੀ ਜੀ ਹਜ਼ੂਰੀ ਨੂੰ ਘਿਰਣਾ ਨਾਲ ਵੇਖਦਾ ਸੀ। ਬਾਈ ਸਾਲ ਦੀ ਉਮਰ ਸੀ। ਅਣਖੀਲੇ ਰਵੱਈਏ ਦੀ ਕਰਤਾਰ ਨੂੰ ਸਖ਼ਤ ਕੀਮਤ ਅਦਾ ਕਰਨੀ ਪਈ ਪਰ ਸਿਰ ਉੱਚੇ ਦਾ ਉੱਚਾ ਰੱਖਿਆ। 

ਆ ਬੈਲ ਮੁਝੇ ਮਾਰ 

ਹਾਂਡਾ ਤੇ ਕਰਤਾਰ ਕਲਕੱਤੇ ਫ਼ੌਜੀ ਸਪਲਾਈ ਜ਼ਖੀਰੇ (Supply Base) ਵਿੱਚ ਡਿਊਟੀ ‘ਤੇ ਸਨ। ਕਿਸੇ ਵਜ੍ਹਾ ਕਰਕੇ ਦੋਹਾਂ ਦੀ ਇਕ ਅੰਗਰੇਜ਼ ਲਫ਼ਟੈਨ ਨਾਲ ਤਕਰਾਰ ਹੋ ਗਈ। ਲਫ਼ਟੈਨ ਨੇ ਅੰਗ੍ਰੇਜ਼ੀ ਰਾਜ ਦਾ ਰੋਅਬ ਦਿਖਾਂਦਿਆਂ ਹੋਇਆਂ ਆਪਣਾ ਪੈਰ ਅੱਗੇ ਕਰਕੇ ਆਖਿਆ “this is white” ਇਹ ਗੋਰਾ ਏ। ਕਰਤਾਰ ਨੇ ਪੈਰ ਨਾਲ ਰੱਖ ਦਿੱਤਾ ਤੇ ਆਖਿਆ “this is black” ਇਹ ਕਾਲਾ ਏ। ਲਫ਼ਟੇਨ ਨੇ ਗਾਲ੍ਹ ਕੱਢੀ। ਕਰਤਾਰ ਨੇ ਉਹਨੂੰ ਚਪੇੜ ਮਾਰ ਦਿੱਤੀ। ਅੰਗਰੇਜ਼ਾਂ ਦਾ ਰਾਜ, ਅੰਗਰੇਜ ਅਫ਼ਸਰ ਨੂੰ ਚਪੇੜ। ਇਹ ਆ ਬੈਲ ਮੁਝੇ ਮਾਰ ਵਾਲੀ ਗੱਲ ਸੀ। ਹਾਂਡੇ ਤੇ ਕਰਤਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਲਜ਼ਾਮ ਚੋਰੀ ਦਾ ਲੱਗਾ। 

ਫ਼ੌਜੀ ਕਾਨੂੰਨ ਦੇ ਮੁਤਾਬਕ ਪੜਤਾਲ ਵਾਸਤੇ ਕਮਿਸ਼ਨ ਮੁਕੱਰਰ ਹੋਇਆ। ਵੈਸੇ ਹਰ ਇਕ ਨੂੰ ਪਤਾ ਸੀ ਕਿ ਇਹਨਾਂ ਚੋਰੀ ਤਾਂ ਨਹੀਂ ਕੀਤੀ ਪਰ ਅਫ਼ਸਰ ਦੀ ਸਖ਼ਤ ਬੇਇਜ਼ਤੀ ਜ਼ਰੂਰ ਕੀਤੀ ਏ। ਕਮਿਸ਼ਨ ਦਾ ਪ੍ਰਧਾਨ ਮੇਜਰ ਮੋਹਤਾ ਸੀ। ਬੰਗਾਲੀ ਸੀ। ਰੋਬ ਵਾਲਾ ਅਫ਼ਸਰ ਸੀ। ਰੰਡਾ ਸੀ। ਦਫ਼ਤਰ ਦੇ ਉੱਪਰ ਆਪਣੀ ਧੀ ਦੇ ਨਾਲ ਰਹਿੰਦਾ ਸੀ। ਕਰਤਾਰ ਨੇ ਕਈ ਵਾਰੀ ਉਹਦੀ ਧੀ ਦੇ ਨਾਲ ਅੱਖ-ਮਟੱਕਾ ਕੀਤਾ ਸੀ। ਮੌਕਾ ਪਾ ਕੇ ਕੁੜੀ ਕੋਲ ਚਲਾ ਗਿਆ। ਉਸ ਮੱਦਦ ਕਰਨ ਦੀ ਹਾਂ ਕਰ ਦਿੱਤੀ। ਮੇਜਰ ਸਾਹਿਬ ਨੇ ਸਕੱਚ ਦੀ ਬੋਤਲ ਤੇ 200 ਰੁਪਇਆ ਮੰਗਿਆ। ਦੋਵੇਂ ਬਰੀ ਹੋ ਗਏ। ਪਰ ਕਰਤਾਰ ਦੀ ਬੰਬਈ ਬਦਲੀ ਹੋ ਗਈ। ਫ਼ਾਈਲ ਵੀ ਨਾਲ ਹੀ ਚਲੀ ਗਈ। 

ਜੰਗ ਖ਼ਤਮ ਹੋਈ। ਬਰਤਾਨੀਆਂ ਸਰਕਾਰ ਨੇ ਫ਼ਾਲਤੂ ਜੰਗੀ ਸਾਮਾਨ ਨੂੰ ਵੇਚਣਾ ਸ਼ੁਰੂ ਕਰ ਦਿੱਤਾ। ਹਿੰਦੁਸਤਾਨ ਦੀ ਫੌਜ ਨੇ ਰੱਦੀ ਤੇ ਬੇ-ਲੋੜਾ ਸਾਮਾਨ ਭਾਰੀ ਕੀਮਤ ਤੇ ਖ਼ਰੀਦ ਲਿਆ। ਬਗ਼ੈਰ ਕਿਸੇ ਦੇ ਆਖੇ ਕਰਤਾਰ ਨੇ ਰੀਪੋਰਟ ਲਿਖ ਮਾਰੀ। ਕਰਨਲ ਸਾਹਿਬ ਨੂੰ ਦਿੱਤੀ। ਉਸ ਨੇ ਰੀਪੋਰਟ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਰਤਾਰ ਨੂੰ ਆਖਿਆ ਕਿ ਜੇ ਤੂੰ ਜ਼ਰੂਰ ਭੇਜਣੀ ਏ ਤਾਂ ਆਪੇ ਸਿੱਧੀ ਕਮਾਂਡਰ ਸਾਹਿਬ ਨੂੰ ਭੇਜ ਦੇ। ਕਰਤਾਰ ਨੇ ਇਸ ਤਰ੍ਹਾਂ ਹੀ ਕੀਤਾ। ਤਿੰਨ ਅੰਗ੍ਰੇਜ਼ ਕਰਨਲ ਪੜਤਾਲ ਕਰਨ ਆਏ। ਇਕ ਨੇ ਕਰਤਾਰ ਨੂੰ ਪੁੱਛਿਆ: “ਤੂੰ ਨੌਕਰੀ ਕਿਦੀ ਕਰਦਾ ਏਂ?” ਇਹ ਦੋਹਰਾ ਸਵਾਲ ਸੀ। ਕਰਤਾਰ ਨੇ ਜਵਾਬ ਦਿੱਤਾ ਆਪਣੇ ਪੇਟ ਲਈ। ਕਰਤਾਰ ਦੀ ਬਦਲੀ ਲਾਹੌਰ ਹੋ ਗਈ ਤੇ ਫ਼ਾਈਲ ਵੀ ਨਾਲ ਈ ਚਲੀ ਗਈ। 

ਲਾਹੌਰ ਐਮ. ਈ. ਐਸ. ਡਿਪੋ (MES Depot) ਦਾ ਇਨਚਾਰਜ ਕਰਨਲ ਐਲ. ਸੀ. ਫੁਲੀਲਵ ਸੀ । ਗੁਰੂ ਗੋਬਿੰਦ ਸਿੰਘ ਦੇ ਜਨਮ ਦਿਨ ‘ਤੇ ਕਰਤਾਰ ਹੋਰ ਸਿੱਖ ਮੁਲਾਜ਼ਮਾਂ ਨੂੰ ਨਾਲ ਲੈ ਕੇ ਕਰਨਲ ਸਹਿਬ ਦੇ ਦਫ਼ਤਰ ਗਿਆ। ਛੁੱਟੀ ਦੀ ਮੰਗ ਕੀਤੀ। ਮੇਜਰ ਸਹਿਗਲ, ਜੋ ਹਮੇਸ਼ਾ ਆਖਿਆ ਕਰਦਾ ਸੀ ਕਿ “ਤਕੜੇ ਰਹੋ, ਜਿੱਤ ਸਾਡੀ ਹੋਵੇਗੀ” ਨੇ ਛੁੱਟੀ ਦੇਣ ਦੀ ਸਿਫ਼ਾਰਸ਼ ਕੀਤੀ। ਪਰ ਕਰਨੈਲ ਸਾਹਿਬ ਨੇ ਨਾਂਹ ਕਰ ਦਿੱਤੀ। ਜੋਸ਼ ਵਿੱਚ ਕਰਤਾਰ ਨੇ ਆਪਣੀ ਛੋਟੀ ਕਿਰਪਾਨ ਕੱਢ ਕੇ ਮੇਜ਼ ‘ਤੇ ਖੋਬ ਦਿੱਤੀ ਤੇ ਬੋਲਿਆ। “ਅਸੀ ਖੂਨ ਦੇਣ ਲਈ ਤਿਆਰ ਹਾਂ”। ਕਰਨਲ ਹੱਕਾ-ਬੱਕਾ ਰਹਿ ਗਿਆ। ਸਾਰੇ ਸਿੱਖਾਂ ਨੂੰ ਛੁੱਟੀ ਦੇ ਦਿੱਤੀ। ਪਰ ਵਿਸ ਘੋਲਦਾ ਰਿਹਾ। 

ਕੁਝ ਮਹੀਨੇ ਬਾਅਦ ਰਾਜ ਬਦਲ ਗਿਆ। ਪਾਕਿਸਤਾਨ ਬਣ ਗਿਆ। ਲਾਹੌਰ ਵਿੱਚ ਫ਼ਸਾਦ ਹੋ ਰਹੇ ਸਨ । ਕਾਨੂੰਨ ਦੀ ਪਰਵਾਹ ਘੱਟ ਈ ਸੀ। ਹਾਲਤ ਦਾ ਫ਼ਾਇਦਾ ਉਠਾ ਕੇ ਫੁਲੀਲਵ ਨੇ ਕਰਤਾਰ ਨੂੰ ਖ਼ਤਮ ਕਰ ਦੇਣ ਦਾ ਮਨਸੂਬਾ ਬਣਾ ਲਿਆ। ਕਰਤਾਰ ਦੀ ਕਿਸਮਤ! ਕੋਟਲੀ ਲੁਹਾਰਾਂ ਦੇ ਮੌਲਵੀ ਅਬਦੁਲ ਹਕੀਮ, ਜੋ ਡਿਪੋ ਵਿੱਚ ਕੰਮ ਕਰਦਾ ਸੀ, ਨੂੰ ਆਪਣੇ ਸਿਆਲਕੋਟੀ ਭਰਾ ਦੇ ਖ਼ਿਲਾਫ਼ ਸਾਜ਼ਸ਼ ਦਾ ਪਤਾ ਲੱਗ ਗਿਆ। ਰਾਜ਼ ਫਾਸ਼ ਹੋ ਗਿਆ, ਕਰਤਾਰ ਬਚ ਗਿਆ। 

ਤਕਦੀਰ 

ਇਨਸਾਨ ਲਾਖ ਚਾਹੇ ਤੋ ਕਿਆ ਹੋਤਾ ਹੈ ਆਖਰ ਵਹੀ ਹੋਤਾ ਹੈ ਜੋ ਮਨਜ਼ੂਰੇ ਖ਼ੁਦਾ ਹੋਤਾ ਹੈ 

19 ਅਗਸਤ 1947, ਰਾਜ ਦੇ ਪਲਟਨ ਤੋਂ ਪਹਿਲੋਂ ਹਰ ਸਰਕਾਰੀ ਮੁਲਾਜ਼ਮ ਨੇ ਫ਼ੈਸਲਾ ਕਰਨਾ ਸੀ ਕਿ ਹਿੰਦੁਸਤਾਨ ਦੀ ਨੌਕਰੀ ਕਰਨੀ ਏ ਯਾ ਪਾਕਿਸਤਾਨ ਦੀ। ਮਿਲਿਟਰੀ ਇੰਜਨੀਅਰਿੰਗ ਸਰਵਿਸ (MES) ਦੇ ਸਟੋਰਜ਼ ਡੀਪਾਰਟਮੈਂਟ ਲਾਹੌਰ, ਦੇ ਹਿੰਦੂ-ਸਿੱਖ ਸਟਾਫ਼ ਨੇ ਹਿੰਦੁਸਤਾਨ ਚੁਣਿਆ। ਸਿਰਫ਼ ਮੇਜਰ ਸਹਿਗਲ ਤੇ ਕਰਤਾਰ ਸਿੰਘ ਬੱਬਰਾ ਦੋ ਗ਼ੈਰ ਮੁਸਲਮ ਸਨ ਜਿਨ੍ਹਾਂ ਪਾਕਿਸਤਾਨ ਦੀ ਸੇਵਾ ਕਬੂਲ ਕੀਤੀ। ਬਾਕੀ ਦੇ ਸਾਰੇ ਅਫ਼ਸਰ ਅੰਗ੍ਰੇਜ਼ ਸਨ। ਕਰਨਲ ਐਲ.ਸੀ. ਫੁਲੀਲੱਵ ਕਮਾਂਡਰ ਸੀ। ਕਰਨਲ ਸਾਹਿਬ ਨੂੰ ਇਹ ਗੱਲ ਬੜੀ ਰੜਕਦੀ ਸੀ ਕਿ ਕਰਤਾਰ ਅੰਗਰੇਜ਼ੀ ਰਾਜ ਦਾ ਵਫ਼ਾਦਾਰ ਨਹੀਂ ਸੀ। ਕਲਕੱਤੇ, ਬੰਬਈ, ਲਾਹੌਰ, ਹਰ ਥਾਂ ਪੰਗੇ ਲੈਣ ਦਾ ਰੀਕਾਰਡ ਸਰਵਿਸ ਬੁੱਕ ਵਿੱਚ ਸੀ। ਲਾਹੌਰ ਵਿੱਚ ਬੁਰਸ਼ਾ-ਗਰਦੀ ਜ਼ੋਰਾਂ ‘ਤੇ ਸੀ। ਕਮਾਂਡਰ ਸਾਹਿਬ ਨੇ ਸੋਚਿਆ ਕਿ ਕਰਤਾਰ ਨੂੰ ਬਿਲੇ ਲਗਾਣ ਦਾ ਸੋਹਣਾ ਮੌਕਾ ਏ। ਕੋਈ ਛੁਰਾ ਘੋਪ ਦੇਵੇ ਤਾਂ ਸੜਕ ‘ਤੇ ਇਕ ਹੋਰ ਆਦਮੀ ਮਰਿਆ ਪਿਆ ਹੋਵੇਗਾ। ਕੋਈ ਗਿਣਤੀ ਜਾਂ ਪੁੱਛ-ਗਿੱਛ ਤਾਂ ਹੈ ਨਹੀਂ ਸੀ। 

ਤਕਦੀਰ! ਕੋਟਲੀ ਲੁਹਾਰਾਂ ਦਾ ਮੌਲਵੀ ਅਬਦੁਲ ਹਕੀਮ ਵੀ MES ਵਿੱਚ ਨੌਕਰੀ ਕਰਦਾ ਸੀ। ਹਰ ਰੋਜ਼ ਵਾਂਗਰ ਕਰਤਾਰ ਸਵੇਰੇ ਦਫ਼ਤਰ ਪਹੁੰਚ ਗਿਆ। ਕਰਤਾਰ ਦੀ ਮੇਜ਼-ਕੁਰਸੀ ਉਚੇ ਥਾਂ ਪਲੇਟਫਾਰਮ ‘ਤੇ ਸੀ। ਸਾਹਮਣੇ ਹਾਲ ਵਿੱਚ ਬਾਊਆਂ ਦੀਆਂ ਮੇਜ਼-ਕੁਰਸੀਆਂ ਸਨ। ਮੁਲਾਜ਼ਮ ਹੌਲੀ-ਹੌਲੀ ਆ ਰਹੇ ਸਨ। ਮੌਲਵੀ ਸਾਹਿਬ ਨੂੰ ਸਾਜ਼ਸ਼ ਦੀ ਸੂਹ ਮਿਲ ਚੁੱਕੀ ਸੀ ਕਿ ਅੱਜ ਕਰਤਾਰ ਦਾ ਫ਼ਾਤਾ ਪੜਿਆ ਜਾਏਗਾ। ਦੋਵੇਂ ਸਿਆਲਕੋਟੀ ਸਨ। ਮੌਲਵੀ ਵੀ ਸਵੇਰੇ ਈ ਦਫ਼ਤਰ ਆ ਗਿਆ। ਸਿੱਧਾ ਕਰਤਾਰ ਦੇ ਕੋਲ ਗਿਆ । ਕੁਰਸੀ ਲੈ ਕੇ ਬੈਠ ਗਿਆ। ਦੋਵੇਂ ਹੱਥ ਤੇ ਸਿਰ ਮੇਜ਼ ‘ਤੇ ਰੱਖ ਕੇ ਰੋਣ ਲੱਗ ਪਿਆ। ਹੈਰਾਨ ਹੋ ਕੇ ਕਰਤਾਰ ਨੇ ਪੁੱਛਿਆ “ਮੌਲਵੀ ਸਾਹਿਬ! ਕੀ ਗੱਲ ਏ?” ਮੌਲਵੀ ਸਾਹਿਬ ਨੇ ਜਵਾਬ ਦਿੱਤਾ, “ਤੂੰ ਅੱਜ ਕਿਉਂ ਦਫ਼ਤਰ ਆਇਆ ਏਂ? ਤੈਨੂੰ ਤਾਂ ਅੱਜ ਕਿਸੇ ਨੇ ਚੁੱਕ ਦੇਣਾ ਏ।” ਕਰਤਾਰ ਨੇ ਆਖਿਆ ਜੇ ਇਹ ਗੱਲ ਏ ਤਾਂ ਮੈਂ ਚਲਾ ਜਾਂਦਾ ਵਾਂ। ਮੌਲਵੀ ਸਾਹਿਬ ਨੇ ਸਿਰ ਹਿਲਾ ਕੇ ਹਾਂ ਮਲਾਈ। 

ਕਰਤਾਰ ਨੇ ਆਪਣਾ ਸਾਈਕਲ ਲਿਆ। ਬਾਹਰ ਜਾਣ ਲੱਗਾ ਤਾਂ ਪਠਾਨ ਮੰਤਰੀ ਨੇ ਗੇਟ ਬੰਦ ਕਰ ਦਿੱਤਾ। ਸਾਈਕਲ ਥੰਮੇਂ ਦੇ ਨਾਲ ਰੱਖ ਕੇ ਕਰਤਾਰ ਬਰਾਂਡੇ ਵਿੱਚ ਖਲੋ ਗਿਆ। ਪਿੱਠ ਕੰਧ ਵੱਲ। ਚਾਰੇ ਪਾਸੇ ਝਾਕੇ। ਸ਼ਾਇਦ ਘੰਟਾ ਲੰਘ ਗਿਆ। ਮੇਜਰ ਸਾਹਿਬ (ਮੋਨਾ ਸਿਖ) ਦੀ ਕਾਰ ਅੰਦਰ ਆਈ। ਕਰਤਾਰ ਨੂੰ ‘ਕੱਲਿਆਂ ਖਲੋਤਾ ਵੇਖ ਕੇ ਸਮਝ ਗਿਆ ਕਿ ਦਾਲ ਵਿੱਚ ਕੁਝ ਕਾਲਾ ਏ। ਕਰਤਾਰ ਨੂੰ ਆਖਿਆ, “ਸਾਈਕਲ ਲੈ, ਤੇ ਜਾ”। ਸੰਤਰੀਆਂ ਨੇ ਗੇਟ ਖੋਲਣ ਤੋਂ ਫੇਰ ਨਾਂਹ ਕਰ ਦਿੱਤੀ। ਮੇਜਰ ਸਾਹਿਬ ਨੇ ਪਸਤੌਲ ਕੱਢਿਆ ਤੇ ਗੇਟ ਖੋਲਣ ਦਾ ਹੁਕਮ ਦਿੱਤਾ। ਗੋਲੀ ਦਾ ਡਰ ! ਗੇਟ ਖੁਲ੍ਹ ਗਿਆ। ਕਰਤਾਰ ਨੇ ਧਮਪੁਰੇ ਘਰ ਆ ਕੇ ਸਾਹ ਲਿਆ। ਵਹੁਟੀ ਹਾਮਲਾ ਸੀ। ਛੋਟੇ ਭਰਾ ਜੋਗਿੰਦਰ ਨੇ ਵੀ ਪਾਕਿਸਤਾਨ ਰੇਲਵੇ ਦੀ ਨੌਕਰੀ ਚੁਣੀ ਹੋਈ ਸੀ । ਅੱਧੀ ਰਾਤੀ ਗਲੀ ਦੇ ਸਾਰੇ ਟੱਬਰ ਮੁਗਲਪੁਰੇ ਸਟੇਸ਼ਨ ਨੂੰ ਦੌੜ ਤੁਰੇ। ਰੇਲਗੱਡੀਆਂ ਅਜੇ ਚਲਦੀਆਂ ਸਨ। ਰੀਫ਼ਿਊਜੀਆਂ ਦਾ ਟੋਲਾ ਅੰਮ੍ਰਿਤਸਰ ਪਹੁੰਚ ਗਿਆ। ਨਾ ਪਿੰਡ ਵਾਲਿਆਂ ਦਾ ਪਤਾ, ਨਾ ਪਿੰਡ ਵਾਲਿਆਂ ਨੂੰ ਇਹਨਾਂ ਦਾ ਪਤਾ, ਕੌਣ ਕਿਥੇ ਹੈ? ਕੀ ਵਾਪਰ ਰਹੀ ਹੈ?  

 

23 

ਰੰਗੀਨ ਅਦਾਕਾਰ 

ਕਈ ਇਨਸਾਨਾਂ ਦੇ ਕਾਰਜ ਤੇ ਕਰਤਬ ਇਹੋ ਜਿਹੇ ਸਨ ਕਿ ਉਹਨਾਂ ਦੀ ਚਰਚਾ ਹਰ ਗੁਠੇ ਹੁੰਦੀ ਸੀ। ਉਹਨਾਂ ਵਿਚੋਂ ਕੁਝ ਦੇ ਮੂਲ-ਤੱਤ ਇਹ ਸਨ। 

ਭਗਤੂ-ਨਿੱਕੇ ਹੁੰਦੇ ਦਾ ਨਾਂ ਭਗਤੂ ਸੀ। ਵੱਡਾ ਹੋਇਆ ਤਾਂ ਵੀ ਭਗਤੂ, ਭਗਤੂ ਹੀ ਰਹਿਆ। 

ਭਗਤੂ ਇਕ ਫ਼ਰਿਸ਼ਤਾ ਵੀ ਸੀ ਤੇ ਫ਼ੱਕਰ ਵੀ। ਉਹਦਾ ਦੋਸਤ ਕੋਈ ਨਹੀਂ ਸੀ ਤੇ ਦੁਸ਼ਮਣ ਵੀ ਕੋਈ ਨਹੀਂ ਸੀ। ਕਦੀ ਕਿਸੇ ਨਾਲ ਠੱਗੀ ਨਹੀਂ ਸੀ ਕਰਦਾ। ਕੌੜਾ ਨਹੀਂ ਸੀ ਬੋਲਦਾ, ਨਾਂ ਹੀ ਕਿਸੇ ਦੀ ਚੁਗਲੀ ਕਰਦਾ ਸੀ । ਉਸ ਦੇ ਵਾਸਤੇ ਵੇਖਿਆ ਤੇ ਨਾ ਵੇਖਿਆ ਇਕੋ ਚੀਜ਼ ਸੀ। ਨਾ ਕਦੀ ਕਿਸੇ ਨੂੰ ਪੈਸਾ-ਧੇਲਾ ਦੇਂਦਾ ਤੇ ਨਾ ਹੀ ਲੈਂਦਾ। ਨਾ ਕਦੀ ਪੈਸਾ ਖਰਚ ਕਰਦਾ। 

ਭਗਤੂ ਪਿਉ-ਦਾਦੇ ਦੇ ਬਣਾਏ ਹੋਏ ਅੱਧੇ ਘਰ ਵਿੱਚ ਰਹਿੰਦਾ ਸੀ। ਛੜਾ ਸੀ। 

ਇਕ ਮੰਜੀ ਤੇ ਖੇਸ ਤੋਂ ਇਲਾਵਾ ਸ਼ਾਇਦ ਘਰ ਦੇ ਅੰਦਰ ਰਜ਼ਾਈ ਵੀ ਨਾ ਹੋਵੇ। ਕਦੀ ਵੀ ਕੋਈ ਉਹਦੇ ਘਰ ਦੇ ਅੰਦਰ ਨਹੀਂ ਸੀ ਵੜਿਆ। ਜਦੋਂ ਵੇਖੋ ਉਹੀ ਕੁੜਤਾ-ਪਜਾਮਾਂ, ਫਤੂਹੀ ਤੇ ਮੈਲੇ ਰੰਗ ਦੀ ਪੱਗ ਬਨ੍ਹੀ ਹੁੰਦੀ ਸੀ । ਫ਼ਤੂਹੀ ਦੀਆਂ ਅੰਦਰ ਬਾਹਰ ਕਈ ਜੇਬਾਂ ਸਨ। ਕਦੀ ਕਦਾਈਂ ਖੂਹ ਉੱਤੇ ਨਹਾਂਦਿਆਂ-ਨਹਾਂਦਿਆਂ ਕੱਪੜੇ ਤਾਂ ਧੋ ਲੈਂਦਾ ਸੀ ਪਰ ਫ਼ਤੂਹੀ ਕਦੀ ਨਹੀਂ ਸੀ ਧੋਂਦਾ; ਜੇਬਾਂ ਖਾਲੀ ਨਾ ਕਰਨੀਆਂ ਪੈਣ। ਜੇ ਉਸ ਦੇ ਕੱਪੜੇ ਫੱਟ ਜਾਣ ਤਾਂ ਕੋਈ ਨਾ ਕੋਈ ਪਿਆਰਾ ਉਹਨੂੰ ਬਿਲਕੁਲ ਉਹੋ ਜਿਹੇ ਕੱਪੜੇ ਸਵਾ ਦੇਂਦਾ ਸੀ। ਘਰ ਵਿਚ ਦੋ ਘੜੇ, ਦੋ ਗਲਾਸ ਤੇ ਇਕ ਥਾਲੀ ਸੀ। ਲੋੜ ਹੋਵੇ ਤਾਂ ਕਿਸੇ ਤਪਦੇ ਤੰਦੂਰ ਤੇ ਦੋ ਰੋਟੀਆਂ ਲਾਹ ਲੈਂਦਾ ਸੀ ਤੇ ਗੁੜ ਜਾਂ ਅਚਾਰ ਨਾਲ ਖਾ ਲੈਂਦਾ ਸੀ । ਹਰ ਇਕ ਨੂੰ ਬੜਾ ਪਿਆਰਾ ਲੱਗਦਾ ਸੀ । ਜ਼ਨਾਨੀਆਂ ਉਸ ਨੂੰ ਰੋਟੀ ਖਵਾ ਕੇ ਖ਼ੁਸ਼ ਹੁੰਦੀਆਂ ਸਨ। ਹਰ ‘ਕੱਠ ਤੇ, ਹਰ ਵਿਆਹ ਸ਼ਾਦੀ ਦੇ ਭੋਜਨ ‘ਤੇ ਭਗਤੂ ਨੂੰ ਜ਼ਰੂਰ ਸੱਦਿਆ ਜਾਂਦਾ ਸੀ। ਮਸ਼ਹੂਰ ਸੀ ਕਿ ਉਹਦੇ ਜਿੰਨਾ ਕੜਾਹ ਕੋਈ ਨਹੀਂ ਸੀ ਖਾ ਸਕਦਾ। ਪਰ ਜੇ ਕੋਈ ਉਸ ਨੂੰ ਤੋਲ ਕੇ ਕੜਾਹ ਦੇਵੇ ਜਾਂ ਗਿਣ ਕੇ ਰੋਟੀਆਂ ਦੇਵੇ ਤਾਂ ਭਗਤੂ ਦਾਅਵਤ ਦੇ ਵਿੱਚੋਂ ਉਠ ਕੇ ਚਲਾ ਜਾਂਦਾ ਸੀ । 

ਭਗਤੂ ਸ਼ਾਹੂਕਾਰਾ ਕਰਦਾ ਸੀ। ਕੇਵਲ ਔਰਤਾਂ ਨੂੰ ਪੈਸੇ ਹੁਧਾਰੇ ਦੇਂਦਾ ਸੀ। ਸੋਨਾ, ਚਾਂਦੀ, ਪੈਸਾ ਬੜਾ ਸੀ ਪਰ ਕਿਸੇ ਨੂੰ ਪਤਾ ਨਹੀਂ ਸੀ ਕਿ ਕਿਥੇ ਰੱਖਦਾ ਏ। ਘਰ ਦੀਆਂ ਹਨ੍ਹੇਰੀਆਂ ਕੋਠੜੀਆਂ ਵਿਚ ਕੋਈ ਨਹੀਂ ਸੀ ਵੜਦਾ। ਕੰਧਾਂ ਵਿੱਚ ਮੇਰੀਆਂ ਹੀ ਮੋਰੀਆਂ। ਕਹਿੰਦੇ ਸਨ ਕਿ ਜਿਥੇ ਖ਼ਜ਼ਾਨਾ ਦੱਬਿਆ ਹੋਇਆ ਏ ਉਥੇ ਕਾਲਾ ਨਾਗ ਰਹਿੰਦਾ ਏ। ਪੂਰੀ ਰਾਖੀ ਕਰਦਾ ਏ। ਕਈ ਵਾਰੀ ਜਦੋਂ ਮੌਜ ਵਿੱਚ ਹੁੰਦਾ ਸੀ ਤਾਂ ਚਾਂਦੀ ਦੇ ਰੁਪਏ ਗੋਹੇ ਵਿਚ ਥਪ ਦੇਂਦਾ ਸੀ ਤੇ ਪਾਥੀਆਂ ਨੂੰ ਘਰ ਦੇ ਅੰਦਰ ਸੱਪਾਂ ਦੀਆਂ ਖੁੱਡਾਂ ‘ਤੇ ਰੱਖ ਦੇਂਦਾ ਸੀ। ਕਿਸੇ ਨੂੰ ਨਹੀਂ ਸੀ ਪਤਾ ਲੱਗਦਾ ਕਿ ਕਿਹੜੀ ਪਾਥੀ ਵਿੱਚ ਪੈਸੇ ਨੇ ਤੇ ਕਿਹੜੀ ਸੱਖਣੀ ਏ। 

ਇਕ ਵਾਰੀ ਚੋਰਾਂ ਨੇ ਭਗਤੂ ਦੀਆਂ ਦੋਨੋਂ ਕੋਠੜੀਆਂ ਫੋਲ ਮਾਰੀਆਂ। ਪਾਥੀਆਂ ਤੋੜੀਆਂ। ਕੁਝ ਵੀ ਨਾ ਲੱਭਿਆ। ਲੋਕੀਂ ਕਹਿੰਦੇ ਸਨ ਕਿ ਭਗਤੂ ਨੂੰ ਆਪਣੇ ਪੈਸੇ ਨਜ਼ਰ ਆ ਜਾਂਦੇ ਨੇ ਪਰ ਹੋਰ ਕਿਸੇ ਨੂੰ ਨਹੀਂ ਦਿਸਦੇ। ਦੂਜੀ ਵਾਰੀ ਚੋਰਾਂ ਨੇ ਭਗਤੂ ਨੂੰ ਫੜ ਲਿਆ। ਰਸੋਈ ਵਿਚ ਬੰਦ ਕਰਕੇ ਕਹਿਣ ਕਿ ਦੱਸ ਪੈਸੇ ਕਿੱਥੇ ਨੇ। ਭਗਤੂ ਨਾ ਬੋਲਿਆ। ਚੋਰਾਂ ਨੇ ਬੜੇ ਤਸੀਹੇ ਦਿੱਤੇ। ਉਹਦੀ ਦਾਹੜੀ ਪੁੱਟੀ, ਇਕ-ਇਕ ਕਰਕੇ ਵਾਲ ਖਿੱਚੇ, ਕਾਗ਼ਜ਼ਾਂ ਨੂੰ ਅੱਗ ਲਾ ਕੇ ਭਗਤੂ ਦੇ ਨੱਕ ਵਿੱਚ ਪਾਏ। ਉਹਦੇ ਚਿਤੜਾਂ ਵਿੱਚ ਉਂਗਲਾਂ ਤੇ ਸੋਟੀਆਂ ਖੋਬੀਆਂ। ਸਾਰੀ ਰਾਤ ਇਹ ਜ਼ੁਲਮ ਹੁੰਦਾ ਰਿਹਾ ਪਰ ਭਗਤੂ ਨਾ ਡੋਲਿਆ। ਭਗਤੂ ਨੇ ਚੋਰਾਂ ਨੂੰ ਪਛਾਣ ਲਿਆ ਸੀ ਪਰ ਉਹਨੇ ਕਦੀ ਉਹਨਾਂ ਦਾ ਨਾਂ ਨਹੀਂ ਸੀ ਲਿਆ। ਇਸ ਕਰਕੇ ਨਹੀਂ ਕਿ ਭਗਤੂ ਡਰਦਾ ਸੀ, ਬਲਕਿ ਉਹਦਾ ਦਿਲ ਰੱਬੀ ਮਿਹਰ ਦੇ ਨਾਲ ਸਿੰਝਿਆ ਹੋਇਆ ਸੀ। ਭਗਤੂ ਦੀ ਇੱਜ਼ਤ ਹਰ ਬੱਚੇ ਤੇ ਹਰ ਆਦਮੀ ਔਰਤ ਦੇ ਦਿਲ ਵਿੱਚ ਹੋਰ ਵਧ ਗਈ। ਹੌਲੀ-ਹੌਲੀ ਲੋਕਾਂ ਨੇ ਕਿਆਫ਼ਾ ਲਾ ਲਿਆ ਕਿ ਚੋਰ ਕੌਣ ਸਨ। ਇਕ ਵਢੇ ਘਰ ਦੇ ਮੁੰਡੇ। ਚੋਰਾਂ ਨੂੰ ਸ਼ਰਮ ਆਈ ਕਿ ਨਾ ਆਈ, ਇਹਦਾ ਕੋਈ ਪਤਾ ਨਹੀਂ। 

ਇਹ ਵੀ ਮਸ਼ਹੂਰ ਸੀ ਕਿ ਜੇ ਕੋਈ ਭਗਤੂ ਦਾ ਪੈਸਾ ਲਵੇਗਾ ਤਾਂ ਉਹਨੂੰ ਕਦੀ ਨਹੀਂ ਪਚੇਗਾ। ਇਕ ਵਾਰੀ ਚਾਚੇ ਦੇ ਪੁੱਤਰਾਂ ਨੇ ਭਗਤੂ ਦੇ ਪੈਸਿਆ ਨਾਲ-ਟਾਂਗਾ ਘੋੜਾ ਖ਼ਰੀਦਿਆ। ਘੋੜਾ ਮਰ ਗਿਆ । ਦੂਜਾ ਖ਼ਰੀਦਿਆ, ਉਹ ਵੀ ਮਰ ਗਿਆ। ਉਸ ਤੋਂ ਬਾਅਦ ਕਦੀ ਵੀ ਕਿਸੇ ਰਿਸ਼ਤੇਦਾਰ ਨੇ ਉਸ ਦੀ ਜਾਇਦਾਦ ਤੇ ਹਕ ਨਹੀਂ ਸੀ ਜਮਾਇਆ। ਜਦੋਂ ਭਗਤੂ ਮਰਿਆ ਤਾਂ ਪਿੰਡ ਵਾਲਿਆਂ ਨੇ ਬੜੇ ਸਤਿਕਾਰ ਦੇ ਨਾਲ ਉਸ ਨੂੰ ਵਿਦਾ ਕੀਤਾ। ਫ਼ੈਸਲਾ ਹੋਇਆ ਕਿ ਭਗਤੂ ਦੇ ਪੈਸਿਆਂ ਨਾਲ ਸੰਗਮਰਮਰ ਖ਼ਰੀਦਿਆ ਜਾਏਗਾ ਤੇ ਉਹਦੀ ਯਾਦ ਵਿੱਚ ਗੁਰਦੁਆਰੇ ਲਾਇਆ ਜਾਏਗਾ। ਭਗਤੂ ਦੀ ਯਾਦ ਹਰ ਦਿਲ ਵਿੱਚ ਜਿੰਦਾ ਸੀ । ਉਸਨੂੰ ਹਰ ਕੋਈ ਪਿਆਰ ਤੇ ਚੰਗੀ ਨਜ਼ਰ ਨਾਲ ਵੇਖਦਾ ਸੀ। ਉਸ ਦੀਆਂ ਗੱਲਾਂ ਹੁੰਦੀਆਂ ਈ ਰਹਿੰਦੀਆਂ ਸਨ। 

ਪਾਰਬਤੀ-ਗੋਰਾ ਰੰਗ, ਤਿੱਖੇ ਨਕਸ਼, ਪਤਲੀ ਪਤੰਗ, ਪਾਰਬਤੀ ਇਕ ਉੱਦਮੀਂ ਸੁੰਦਰੀ ਸੀ। ਛੋਟੀ ਉਮਰ ਵਿੱਚ ਵਿਧਵਾ ਹੋ ਗਈ। ਇਕੋ ਇਕ ਪੁੱਤਰ ਸੀ। ਜਵਾਨੀ ਆਈ ਤਾਂ ਘਰੋ ਨਿਕਲ ਗਿਆ। ਕਦੀ-ਕਦੀ ਆਉਂਦਾ। ਘਰ ਦੇ ਇਕ ਪਾਸੇ ਆਪ ਰਹਿੰਦੀ ਸੀ, ਦੂਜੇ ਪਾਸੇ ਭਗਤੂ, ਸੱਕਾ ਭਤੀਜਾ। ਵਿਹੜਾ ਸਾਂਝਾ, ਹੋਰ ਕੋਈ ਸਾਂਝ ਨਹੀਂ ਸੀ। ਪਾਰਬਤੀ ਨੇ ਮੋਹ ਮਾਇਆ ਤਿਆਗ ਦਿੱਤਾ ਹੋਇਆ ਸੀ। ਉਸ ਦਾ ਘਰ ਮਹੱਲ ਦੀਆਂ ਜ਼ਨਾਨੀਆਂ ਦਾ ਮਰਕਜ਼ ਸੀ । ਰੂਹ ਬੱਦਲਾਂ ਵਿੱਚ ਉਡਦੀ ਸੀ। 

ਪਿੰਡ ਵਿਚ ਕਿਲੇ ਵਾਲੇ ਸੰਤ ਹਰਨਾਮ ਸਿੰਘ ਦੇ ਬੜੇ ਉਪਾਸ਼ਕ ਸਨ। ਇਕ ਵਾਰੀ ਪਿੰਡ ਆਏ। ਪਾਰਬਤੀ ਨੇ ਕੀਰਤਨ ਸੁਣਿਆ, ਦਰਸ਼ਨ ਕੀਤੇ। ਹਮੇਸ਼ਾ ਲਈ ਉਹਨਾਂ ਦੀ ਹੋ ਗਈ। ਜਦੋਂ ਕਦੀ ਸੰਤਾਂ ਨੂੰ ਯਾਦ ਕਰਦੀ, ਉਹ ਪੁਹੰਚ ਜਾਂਦੇ । ਪਾਰਬਤੀ ਵੀ ਕਈ ਹਫ਼ਤੇ ਲਗਾਤਾਰ ਸੰਤਾਂ ਦੇ ਡੇਰੇ ਤੇ ਰਹਿੰਦੀ ਤੇ ਦਿਨ-ਰਾਤ ਸੇਵਾ ਕਰਦੀ। ਖੁਸ਼ੀਆਂ ਲੈਂਦੀ ਤੇ ਖੁਸ਼ੀਆਂ ਵੰਢਦੀ। ਜੇ ਕਦੀ ਸੰਤਾਂ ਨੇ ਉਹਦੇ ਘਰ ਆਉਣਾ ਹੋਵੇ ਤਾਂ ਗਲੀਆਂ ਸਾਫ਼ ਕਰਦੀ, ਘਰ ਵਿੱਚ ਅੰਦਰ ਬਾਹਰ ਫੁਲਕਾਰੀਆਂ ਵਿਛਾਂਦੀ। ਪਿੰਡ ਦੀ ਹੱਦ ਤੇ ਜਾ ਖਲੋਂਦੀ। ਸੰਤ ਜੀ ਦਾ ਜਥਾ ਆਉਂਦਾ ਤਾਂ ਹੱਥ ਜੋੜ ਕੇ ਪਿਛਲੇ ਪੈਰੀਂ ਘਰ ਤਕ ਤੁਰਦੀ ਆਉਂਦੀ। ਮਸਤੀ ਵਿੱਚ ਸਾਰੀ ਰਾਤ ਨੱਚਦੀ। 

ਪਾਰਬਤੀ ਨੇ ਪਿੰਡ ਵਿਚ ਇਕ ਹੋਰ ਰੰਗਤ ਆਂਦੀ। ਆਪਣੇ ਘਰ ਔਰਤਾਂ ਦਾ ਸਤਿਸੰਗ ਸ਼ੁਰੂ ਕੀਤਾ। ਗਰਮੀਆਂ ਵਿੱਚ ਕੋਠੇ ਦੇ ਉੱਪਰ, ਸਿਆਲ ਵਿੱਚ ਅੰਦਰ। ਜਨਾਨੀਆਂ ਹੁਮ-ਹੁਮਾ ਕੇ ਆਉਂਦੀਆਂ। ਖਾਣ ਦੀਆਂ ਚੀਜ਼ਾਂ ਬਣਾ ਕੇ ਲਿਆਂਦੀਆਂ। ਰਲ ਕੇ ਸ਼ਬਦ ਗਾਂਦੀਆਂ। ਵੀਰ ਸਿੰਘ ਸੇਠੀ ਦੀ ਵਿਧਵਾ ਭੈਣ ਤੇ ਜਗਤ ਸਿੰਘ ਧੜਵਾਈ ਦੀ ਵਹੁਟੀ ਦੀ ਅਵਾਜ਼ ਰਸ ਦੀ ਭਰੀ ਹੋਈ ਹੁੰਦੀ ਸੀ । ਪਾਰਬਤੀ ਦਾ ਘਰ ਔਰਤਾਂ ਵਾਸਤੇ ਰੁਹਾਨੀ ਕੇਂਦਰ ਬਣ ਗਿਆ। ਸਾਰੀਆਂ ਜ਼ਨਾਨੀਆਂ ਦੀ ਰੂਹ, ਪਾਰਬਤੀ ਦੀ ਰੂਹ ਦੇ ਨਾਲ ਜੁੜ ਗਈ। 

ਗੜ੍ਹੀਵਾਲਾ ਖੂਹ—ਲੁਬਾਣਿਆਂ ਦੀ ਢਾਬ ਦੇ ਕੰਢੇ ‘ਤੇ ਗੜੀਵਾਲਾ ਖੂਹ ਸੀ। ਪੰਜ ਭਰਾ ਮਾਲਕ ਸਨ। ਪੈਰ ਖੂਹ ਤੇ ਖੁਬੇ ਹੁੰਦੇ ਸਨ ਪਰ ਰਮਜ਼ਾਂ ਵੱਖਰੀਆਂ-ਵੱਖਰੀਆਂ ਸਨ। ਹਰ ਇਕ ਦੀ ਆਪਣੀ ਮੌਜ ਸੀ। ਪੰਜ ਭਰਾ ਤੇ ਪੰਜ ਰੁਜੇਵੇਂ। 

ਸਭ ਤੋਂ ਵੱਡਾ ਲਧੂ, ਸੰਤ ਆਦਮੀ ਸੀ । ਵਾਹੀ ਵਿੱਚ ਲੱਗਾ ਰਹਿੰਦਾ। ਜੋ ਵੀ ਕੁਝ ਭਰਾ ਕਹਿੰਦੇ ਕਰ ਦੇਂਦਾ। ਕਦੀ ਵੀ ਮੱਥੇ ਤੇ ਵੱਟ ਨਾ ਪਾਂਦਾ । ਦੂਜਾ ਇੰਦਰ ਲਾਹੌਰ ਲੋਕ ਸ਼ੈੱਡ ਵਿੱਚ ਨੌਕਰੀ ਕਰਦਾ ਸੀ। ਜਦੋਂ ਵੀ ਮੌਕਾ ਮਿਲੇ ਪਿੰਡ ਨੂੰ ਖਿਸਕ ਆਉਂਦਾ ਸੀ ਤੇ ਸਾਰਾ ਵਕਤ ਖੂਹ ‘ਤੇ ਕੱਟਦਾ ਸੀ । ਲੰਮੇਂ-ਲੰਮੇ ਸਾਹ ਲੈ ਕੇ ਫੇਫੜਿਆਂ ਨੂੰ ਖੇਤਾਂ ਦੀ ਹਵਾ ਨਾਲ ਭਰਦਾ ਸੀ। ਫੇਰ ਨੌਕਰੀ ‘ਤੇ ਚਲਾ ਜਾਂਦਾ ਪਰ ਜਦੋਂ ਵੀ ਫੂਕ ਨਿਕਲੇ, ਪਿੰਡ ਦੌੜ ਆਉਂਦਾ। 

ਤੀਜੇ ਭਰਾ ਸੁੰਦਰ ਦਾ ਪਿਆਰ ਬਲਦਾਂ ਦੇ ਨਾਲ ਸੀ । ਬਲਦ ਉਹਦੀ ਜਿੰਦ ਜਾਨ ਸਨ। ਉਹਦੀ ਇਕੋ ਖ਼ਾਹਿਸ਼ ਸੀ ਕਿ ਨਵੇਂ ਤੋਂ ਨਵੇਂ ਤੇ ਵਧੀਆ ਤੋਂ ਵਧੀਆ ਬਲਦ ਖੂਹ ‘ਤੇ ਬੱਝੇ ਹੋਣ। ਕੋਈ ਵੀ ਡੰਗਰਾਂ ਦਾ ਮੇਲਾ ਆਵੇ, ਸੁੰਦਰ ਓਥੇ ਪਹੁੰਚਿਆ ਹੁੰਦਾ ਸੀ, ਹੱਥ ਵਿੱਚ ਸੋਟਾ ਤੇ ਜੇਬਾਂ ਵਿੱਚ ਨੋਟ । ਸੁੰਦਰ ਨੂੰ ਬਲਦਾਂ ਦੀ ਪਛਾਣ ਕਰਨੀ ਆਉਂਦੀ ਸੀ। ਜੇ ਵੇਖਣ ਨੂੰ ਚੰਗਾ ਲੱਗਿਆ ਤਾਂ ਬਲਦ ਦੇ ਕੋਲ ਖਲੋ ਜਾਂਦਾ। ਬਾਂਹ ਉੱਤੇ ਲੂਣ ਤੇ ਸਰ੍ਹੋਂ ਦਾ ਤੇਲ ਪਾ ਕੇ ਬਲਦ ਦੇ ਅੱਗੇ ਕਰਦਾ। ਬਲਦ ਖ਼ੁਸ਼ੀ ਨਾਲ ਚੱਟਦਾ। ਫੇਰ ਦੂਜੀ ਬਾਂਹ ਕਰਦਾ। ਸਾਂਝ ਪੈ ਜਾਂਦੀ। ਪੈਰਾਂ ਭਾਰ ਬਹਿ ਕੇ ਨਲ ਵੇਖਦਾ। ਪੂੰਛ ਚੁੱਕਦਾ। ਫੇਰ ਲੱਤਾਂ ਵਿੱਚ ਡੰਡਾ ਦੇ ਕੇ ਟੁੱਟਿਆਂ ਨੂੰ ਗੁਦਗੁਦੀ ਕਰਕੇ ਵੇਖਦਾ ਕਿ ਬਲਦ ਕਿਸ ਤਰ੍ਹਾਂ ਟੱਪਦਾ ਏ। ਜੋੜੀ ਪਸੰਦ ਆਈ, ਖ਼ਰੀਦ ਲਈ। ਪਹਿਲੀ ਜੋੜੀ ਵੇਚ ਦਿੱਤੀ। ਸੁੰਦਰ ਦੀ ਸੋਚ ਅਨੁਸਾਰ ਦੋ ਸਾਲਾਂ ਬਾਅਦ ਬਲਦਾਂ ਦੀ ਜਵਾਨੀ ਢਲਨੀ ਸ਼ੁਰੂ ਹੋ ਜਾਂਦੀ ਏ। ਹਰ ਦੂਜੇ ਸਾਲ ਨਵੀਂ ਜੋੜੀ ਖ਼ਰੀਦ ਲੈਣੀ। 

ਪਿੰਡ ਵਿੱਚ ਧੁੰਮ ਪੇ ਜਾਂਦੀ ਕਿ ਸੁੰਦਰ ਦੇ ਬਲਦ ਆ ਗਏ ਨੇ। ਹਫ਼ਤਾ ਦਸ ਦਿਨ ਬਲਦਾਂ ਨੂੰ ਰਵਾਂ ਕਰਦਾ। ਫੇਰ ਗੜ੍ਹੀਵਾਲੇ ਢੋਲ ਵੱਜਦਾ। ਆਦਮੀ ‘ਕੱਠੇ ਹੋ ਜਾਂਦੇ। ਸੁੰਦਰ ਬਲਦਾਂ ਨੂੰ ਖੂਹ ‘ਤੇ ਜੋਤਦਾ। ਪਹਿਲੋਂ ਅਰਾਮ ਨਾਲ ਤੁਰਦੇ। ਟਿੰਡਾਂ ਪਾਣੀ ਦੀਆਂ ਭਰੀਆਂ ਹੋਈਆਂ ਨਿਕਲਦੀਆਂ। ਸੁੰਦਰ ਸੋਟੀ ਲੈ ਕੇ ਮਗਰ-ਮਗਰ ਤੁਰ ਪੈਂਦਾ। ਰਫ਼ਤਾਰ ਤੇਜ਼ ਹੋ ਜਾਂਦੀ। ਬਲਦਾਂ ਦੀ ਪੂਸ਼ਲ ਮਰੋੜਦਾ। ਰਫ਼ਤਾਰ ਹੋਰ ਤੇਜ਼ ਹੋ ਜਾਂਦੀ । ਸੋਟੇ ਨਾਲ ਹੁੱਝ ਦੇਂਦਾ, ਬਲਦ ਹਵਾ ਹੋ ਜਾਂਦੇ। ਟਿੰਡਾਂ ਅੱਧੀਆਂ ਖ਼ਾਲੀ ਆਉਂਦੀਆਂ। ਫੇਰ ਡੰਡਾ ਫੜ ਕੇ ਉਹਨਾਂ ਦੇ ਟੁੱਟਿਆਂ ਨੂੰ ਕੁਤਕਤਾਰੀਆਂ ਕਰਦਾ। ਬਲਦ ਦੌੜ ਪੈਂਦੇ। ਪਿੱਛੇ- ਪਿੱਛੇ ਆਪ ਦੌੜਦਾ। ਲੋਕੀਂ ਬੱਲੇ! ਬੱਲੇ! ਕਹਿੰਦੇ। ਟਿੰਡਾ ਦੇ ਮਾਲ ਦੀ ਰਫ਼ਤਾਰ ਏਨੀ ਤੇਜ਼ ਹੋ ਜਾਂਦੀ ਕਿ ਚੂਲੀ ਭਰ ਵੀ ਪਾਣੀ ਨਾ ਆਉਂਦਾ। ਸਾਰਾ ਖੂਹ ਹਿਲਦਾ। ਨਜ਼ਾਰਾ ਵੇਖ ਕੇ ਲੋਕੀਂ ਦੰਗ ਰਹਿ ਜਾਂਦੇ। ਢੋਲ ਬੰਦ ਹੋ ਜਾਂਦਾ । ਬਲਦਾਂ ਦੀਆਂ ਸਿਫ਼ਤਾਂ ਸੁਣ ਕੇ, ਵਕਤ ਦਾ ਬਾਦਸ਼ਾਹ, ਸੁੰਦਰ ਖ਼ੁਸ਼ ਹੁੰਦਾ। ਸੁੰਦਰ ਦੀ ਵਹੁਟੀ ਗੁੜ ਦਾ ਥਾਲ ਲੈ ਕੇ ਵੰਡਦੀ। ਸੁੰਦਰ ਦੀ ਜੈ! ਜੈ! ਬੱਲੇ ! ਬੱਲੇ! 

ਚੌਥੇ ਭਰਾ ਕਰਤਾਰ ਨੂੰ ਆਉਂਦਾ ਸੀ ਕਿ ਜ਼ਮੀਨ ਵਿੱਚੋਂ ਸੋਨਾ ਕਿਸ ਤਰ੍ਹਾਂ ਪੈਦਾ ਕਰਨਾ ਏ। ਕਮਾਲ ਦਾ ਕਿਸਾਨ ਸੀ। ਪਿੰਡ ਵਿਚ ਉਹਦੇ ਮੁਕਾਬਲੇ ਦਾ ਹੋਰ ਕੋਈ ਵਾਹਕ ਨਹੀਂ ਸੀ। ਨੌਜਵਾਨ ਉਮਰ ਸੀ, ਦੋ ਨਿੱਕੇ ਬਾਲ ਸਨ । ਭਰਾ ਨੂੰ ਮਿਲਣ 1936 ਵਿਚ ਲਾਹੌਰ ਗਿਆ। ਗੁਰਦਵਾਰਿਆਂ ਦੇ ਦਰਸ਼ਨ ਵੀ ਕਰਨੇ ਸਨ। ਸਟੇਸ਼ਨ ਤੋਂ ਨੇੜੇ ਹੀ ਗੁਰਦੁਆਰਾ ਸ਼ਹੀਦ ਗੰਜ ਸਿੰਘਨੀਆਂ ਸੀ। ਇਸ ਇਤਹਾਸਕ ਥਾਂ ਤੇ ਮੁਗਲਾਂ ਦੇ ਸਮੇਂ ਸਿੱਖ ਔਰਤਾਂ ਤੇ ਬੱਚੇ ਭਾਰੀ ਗਿਣਤੀ ਵਿੱਚ ਲਗਾਤਾਰ ਸ਼ਹੀਦ ਕੀਤੇ ਜਾਂਦੇ ਸਨ । ਨਾਲ ਹੀ ਮਸਜਦ ਸੀ ਜਿਥੋਂ ਫਤਵਾ ਦਿੱਤਾ ਜਾਂਦਾ ਸੀ। ਕੁਝ ਮੁਸਲਮਾਨ ਕਹਿੰਦੇ ਸਨ ਕਿ ਗੁਰਦਵਾਰਾ ਮਸਜਿਦ ਦਾ ਹਿੱਸਾ ਹੁੰਦਾ ਸੀ। ਜ਼ਬਰਦਸਤੀ ਕਬਜ਼ਾ ਲੈਣਾ ਚਾਹੁੰਦੇ ਸਨ। ਮੁਸਲਮ-ਸਿੱਖ ਫ਼ਸਾਦ ਜ਼ੋਰਾਂ ‘ਤੇ ਸਨ। ਕਿਸੇ ਨੇ ਤੁਰਦੇ ਜਾਂਦੇ ਕਰਤਾਰ ਨੂੰ ਛੁਰਾ ਘੋਪ ਦਿੱਤਾ। ਵਿਚਾਰਾ ਭੰਗ ਦੇ ਭਾ ਮਾਰਿਆ ਗਿਆ । ਲਾਸ਼ ਪਿੰਡ ਆਈ। ਕਰਤਾਰ ਸਿੰਘ ਸ਼ਹੀਦ ਦੀ ਅਰਥੀ ਵਿਚ ਮੁਸਲਮਾਨ ਵੀ ਸ਼ਾਮਲ ਹੋਏ ਤੇ ਈਸਾਈ ਵੀ। 

ਸਭ ਤੋਂ ਛੋਟੇ ਪਿਆਰੇ ਦਾ ਕੰਮ ਗਲੀਆਂ ਕਛਨਾ ਸੀ। ਅਵਤਾਰ ਦਾ ਬੇਲੀ ਸੀ। ਦੋਵੇਂ ਸ਼ਰਾਬੀ ਸਨ। ਪਿਆਰੇ ਨੇ ਸ਼ਰਾਬ ਕੱਢਣੀ ਸਿਖ ਲਈ। ਖੂਹ ‘ਤੇ ਰੂੜੀ ਦਾ ਢੰਡ ਵੱਡਾ ਹੋ ਜਾਏ ਤਾਂ ਉਹਦੇ ਵਿਚ ਪਿਆਰਾ ਮੱਟ ਦੱਬ ਦੇਂਦਾ। ਰੂੜੀ ਦੀ ਗਰਮਾਇਸ਼ ਬਿਲਕੁਲ ਸਹੀ ਹੁੰਦੀ ਸੀ। ਇਸ ਕਰਕੇ ਇਸ ਦੇਸੀ ਸ਼ਰਾਬ ਨੂੰ ਰੂੜੀ ਬਰਾਂਡ ਆਖਦੇ ਸਨ। ਭਰਾ ਕਮਾਦ ਬੀਜਦੇ ਤਾਂ ਪਿਆਰਾ ਵਿੱਚ ਆਪਣੀ ਡਿਸਟਿਲਰੀ ਲਾ ਦੇਂਦਾ। ਗੁੜ, ਕਿੱਕਰ ਦਾ ਸੱਕ ਤੇ ਸੰਗਤਰਿਆਂ ਦੀਆਂ ਛਿੱਲੜਾਂ ਪਾ ਕੇ ਪਿਆਰੇ ਦੀ ਕੱਢੀ ਹੋਈ ਸ਼ਰਾਬ ਦੀ ਬੋਤਲ ਨੂੰ ਹਲਾਉ ਤਾਂ ਦਾਣਾ ਕਦੀ ਨਹੀਂ ਸੀ ਟੁੱਟਦਾ। 

ਜਿਗਰੀ ਦੋਸਤ-ਮੰਗਲ ਤੇ ਦੀਵਾਨ ‘ਕੱਠੇ ਕੋਠਿਆਂ ‘ਤੇ ਟੱਪਦੇ, ਕਠੇ ਗਲੀਆਂ ਤੇ ਖੇਤਾਂ ਵਿਚ ਖੇਡਦੇ, ਕੱਠੇ ਸਿਰ ਤੇ ਤਖਤੀ, ਉਪਰ ਬਸਤਾ ਰੱਖ ਕੇ ਵੱਡੀਆਂ ਗਲੋਟੀਆਂ ਸਕੂਲੇ ਜਾਂਦੇ। ਦੋਵੇਂ ਇਕੋ ਗੁਲਾਬ ਦੀਆਂ ਡੋਡੀਆਂ ਸਨ। ਜਦੋਂ ਖੇੜਾ ਆਇਆ ਤਾਂ ਦੋਹਾਂ ਨੇ ਵੱਖਰਾ-ਵੱਖਰਾ ਰਸਤਾ ਚੁਣਿਆ। ਮੰਗਲ ਸ਼ਾਹੂਕਾਰ ਪਿਉ ਦਾ ਹਿਸਾਬ-ਕਿਤਾਬ ਰੱਖਣ ਤੇ ਜ਼ਮੀਨਾਂ ਖ਼ਰੀਦਣ ਵੱਲ ਤੁਰ ਪਿਆ। ਦੀਵਾਨ ਫ਼ੌਜ ਵਿੱਚ ਭਰਤੀ ਹੋ ਕੇ ਮੈਸੋਪੋਟੇਮੀਆਂ (ਇਰਾਕ) ਚਲਾ ਗਿਆ। ਪਰ ਆਪਸ ਵਿਚ ਵਿਸ਼ਵਾਸ ਤੇ ਸਾਂਝਾ ਨਜ਼ਰੀਆ ਏਨਾ ਗੂਹੜਾ ਤੇ ਪੱਕਾ ਸੀ ਕਿ ਕੋਈ ਮਿਸਾਲ ਨਹੀਂ ਸੀ ਮਿਲਦੀ। ਆਪਣੇ ਕੰਮਾਂ-ਕਾਜਾਂ ਵਿੱਚ ਤੇ ਪਿੰਡ ਦੀ ਭਲਾਈ ਲਈ ਹਮੇਸ਼ਾ ਪੈਰ ਨਾਲ ਪੈਰ ਮਿਲਾ ਕੇ ਤੁਰੇ। 

ਪਿੰਡਾਂ ਵਿੱਚ ਜ਼ਮੀਨ ਦੀ ਹਵਸ਼ ਏਨੀ ਹੁੰਦੀ ਸੀ ਕਿ ਭਰਾਵਾਂ-ਭਰਾਵਾਂ ਵਿੱਚ ਵੀ ਫ਼ਿਕ ਪਾ ਦੇਂਦੀ ਸੀ। ਦੁਸ਼ਮਣੀ ਪੈ ਜਾਂਦੀ ਸੀ । ਪਰ ਮੰਗਲ ਤੇ ਦੀਵਾਨ ਇਕ ਹੋਰ ਮਿੱਟੀ ਦੇ ਘੜੇ ਹੋਏ ਸਨ। ਦੀਵਾਨ ਚਾਰ ਸਾਲ ਮੈਸੋਪੋਟੇਮੀਆਂ (ਇਰਾਕ) ਰਿਹਾ। ਸਾਰੀ ਤਨਖ਼ਾਹ ਮੰਗਲ ਨੂੰ ਭੇਜ ਦੇਣੀ। ਜੇ ਦੀਵਾਨ ਦੇ ਜੱਦੀ ਖੂਹ ‘ਤੇ ਕੋਈ ਪੈਲੀ ਵਿਕਾਉ ਹੋਵੇ ਜਾਂ ਗਹਿਣੇ ਪੈਂਦੀ ਹੋਵੇ ਤਾਂ ਮੰਗਲ ਸੌਦਾ ਕਰ ਲਵੇ, ਖ਼ਰੀਦ ਲਵੇ ਤਾਂ ਕਿ ਦੀਵਾਨ ਦਾ ਆਪਣੇ ਖੂਹ ‘ਤੇ ਕਬਜ਼ਾ ਹੋਰ ਪੱਕਾ ਹੋ ਜਾਏ। ਮੰਗਲ ਜ਼ਮੀਨਾਂ ਦੇ ਕੰਮ ਵਿੱਚ ਤੇਜ਼ ਸੀ। ਕੋਲ ਪੈਸਾ ਵੀ ਬੜਾ ਸੀ । ਚਾਹੁੰਦਾ ਤਾਂ ਜ਼ਮੀਨ ਆਪ ਖ਼ਰੀਦ ਲੈਂਦਾ ਪਰ ਮੰਗਲ ਨੇ ਨਾ ਵਿਸ਼ਵਾਸ਼ ਤੋੜਿਆ ਤੇ ਨਾਂ ਸਾਂਝ ਨੂੰ ਮਿੱਟੀ ਲੱਗਣ ਦਿੱਤੀ। 

ਜੰਗ ਤੋਂ ਬਾਅਦ ਵਾਪਸ ਪਿੰਡ ਆ ਕੇ ਦੀਵਾਨ ਨੇ ਵੀ ਇਸ ਦੋਸਤੀ ਦਾ ਮੁੱਲ ਪਾਇਆ। ਮੰਗਲ ਨੇ ਕੋਰਪੁਰ ਖੂਹ ਤੇ 4.96 ਕਿਲੇ ਜ਼ਮੀਨ ਸਸਤੇ ਭਾਅ ‘ਤੇ 3,000 ਰੁਪਇਆ ਦੇ ਕੇ ਅੱਲਾ ਬਖ਼ਸ਼ ਤੇਲੀ ਤੋਂ ਖ਼ਰੀਦੀ। ਸੌਦਾ ਵਧੀਆ ਸੀ ਪਰ ਰਜਿਸਟਰੀ ਕਰਨੀ ਔਖੀ। ਕਾਨੂੰਨ ਦੇ ਮੁਤਾਬਕ ਅਲਾ ਬਖ਼ਸ਼ ਦਾ ਕੋਈ ਵੀ ਰਿਸ਼ਤੇਦਾਰ ਹੱਕ ਸੂਬੇ ਦਾ ਇਤਰਾਜ਼ ਕਰ ਸਕਦਾ ਸੀ ਕਿ ਖ਼ਰੀਦਣ ਦਾ ਪਹਿਲਾ ਹੱਕ ਉਹਦਾ ਏ। ਕਿਉਂਕਿ ਸੌਦਾ ਚੁੱਪ-ਚਪੀਤੇ ਹੋਇਆ ਸੀ, ਅੱਲਾ ਬਖ਼ਸ਼ ਦੇ ਨਾਬਾਲਗ ਪੁੱਤਰ ਦੇ ਨਾਮ ‘ਤੇ ਵੀ ਕੋਈ ਰੋੜਾ ਅਟਕਾ ਸਕਦਾ ਸੀ। ਮੰਗਲ ਨੂੰ ਬੜਾ ਫ਼ਿਕਰ ਸੀ ਪਰ ਦੀਵਾਨ ਦੇ ਕਾਨੂੰਨੀ ਦਿਮਾਗ਼ ਨੇ ਤਜਵੀਜ਼ ਸੋਚ ਲਈ। 

ਮੰਗਲ ਆਪਣੇ ਰੋਜ਼ਨਾਮਚੇ ਵਿੱਚ ਲਿਖਦਾ ਏ ਕਿ ਇਸ ਸੌਦੇ ਨੂੰ ਪੱਕਾ ਕਰਨ ਵਾਸਤੇ ਦੀਵਾਨ ਨੇ ਮੁਕੱਦਮਾ ਕਰ ਦਿੱਤਾ ਕਿ ਇਹ ਸੋਦਾ ਗਲਤ ਏ। ਜ਼ਮੀਨ ਖਰੀਦਣ ਦਾ ਪਹਿਲਾ ਚੌਂਕ ਉਸ ਦਾ ਏ। ਮੰਗਲ ਨੇ ਪੁਰਾਣੀ ਤਰੀਕ ਪਵਾ ਕੇ ਅੱਲਾ ਬਖ਼ਸ਼ ਤੋਂ ਪਰਮੇਸ਼ਰੀ ਨੋਟ ਲਿਖਵਾ ਲਿਆ ਸੀ ਕਿ ਦੀਵਾਨ ਨੇ ਅਲਾ ਬਖਸ਼ ਨੂੰ ਕਰਜ਼ਾ ਦਿੱਤਾ ਸੀ। ਦੋਸਤ ਉੱਤੇ ਮੁਕੱਦਮੇ ਦਾ ਫ਼ਾਇਦਾ ਇਹ ਸੀ ਕਿ ਜੇ ਕੋਈ ਹੋਰ ਇਤਰਾਜ਼ ਕਰਨ ਵਾਲਾ ਤੇ ਵੱਧ ਪੈਸੇ ਦੇਣ ਵਾਲਾ ਹੋਇਆ ਤਾਂ ਉਹ ਵੀ ਨੰਗਾ ਹੋ ਕੇ ਮੈਦਾਨ ਵਿੱਚ ਆ ਜਾਏਗਾ। ਜੇ ਦੀਵਾਨ ਮੁਕੱਦਮਾ ਹਾਰ ਜਾਂਦਾ ਤਾਂ ਮੰਗਲ ਨੂੰ ਪੱਕਾ ਕਬਜ਼ਾ ਮਿਲ ਜਾਂਦਾ। ਜੇ ਦੀਵਾਨ ਜਿੱਤ ਜਾਂਦਾ ਤਾਂ ਫੇਰ ਮੁੜ ਕੇ ਉਸੇ ਭਾਅ ਮੰਗਲ ਨੂੰ ਵੇਚ ਦੇਂਦਾ। ਕੁਝ ਹੋਵੇ ਮੰਗਲ ਨੂੰ ਜ਼ਮੀਨ ਮਿਲ ਜਾਂਦੀ। ਇਹ ਅੱਲਾ ਬਖ਼ਸ਼, ਮੰਗਲ ਤੇ ਦੀਵਾਨ ਦਾ ਤਿਕੋਣਾ ਵਿਸ਼ਵਾਸ ਸੀ। ਹੋ ਸਕਦਾ ਏ ਕਿ ਅੱਲਾ ਬਖ਼ਸ਼ ਦੋਹਾਂ ਵਿਚ ਫਸਿਆ ਹੋਵੇ। 

ਨੌਜਵਾਨ ਉਮਰ ਵਿੱਚ ਹੀ ਦੋਹਾਂ ਦੋਸਤਾਂ ਨੇ ਪਿੰਡ ਦੇ ਜੀਵਨ ਨੂੰ ਸੁਧਾਰਣ ਦਾ ਮਨੋਰਥ ਬਣਾਇਆ। ਪਿੰਡ ਦੇ ਵਿੱਚੋਂ ਲੰਘਦੀ ਸੜਕ ਦੇ ਸੱਜੇ ਖੱਬੇ ਹਾਥੀ ਟੋਏ ਦੇ ਨਾਂ ‘ਤੇ ਡੂੰਘੇ ਛੱਪੜ ਨੂੰ ਪੂਰਨ ਦੀ ਸਖ਼ਤ ਲੋੜ ਸੀ। ਨਵਾਂ ਗੁਰਦਵਾਰਾ, ਹਲਟੀ ਤੇ ਸਕੂਲ ਚਾਹੀਦੇ ਸਨ। ਖੂਹੀਆਂ ਘੱਟ ਸਨ। ਪੁਰਾਣਾ ਗੁਰਦੁਆਰਾ ਸੀ ਜਿਥੇ ਛੇਵੇਂ ਤੇ ਸਤਵੇਂ ਪਾਤਸ਼ਾਹ ਆ ਕੇ ਠਹਿਰੇ ਸਨ। ਪਹਿਲੋਂ ਨਵੇਂ ਗੁਰਦਵਾਰੇ ਦਾ ਕੰਮ ਫੜਿਆ। ਲੀਕਾਂ ਉਲੀਕੀਆਂ। ਪੈਮਾਇਸ਼ ਕੀਤੀ। ਪੁਰਾਣੇ ਜਮਾਤੀ ਕਰਮ ਸਿੰਘ, ਈਸ਼ਰ ਸਿੰਘ ਤੇ ਗੰਗਾ ਸਿੰਘ ਭਾਟੀਏ ਰਲ ਗਏ। ਪਹਿਲੋਂ ਚਾਰ ਬਾਵਾਂ ਸਨ । ਹੁਣ ਜੁਟ ਬਣ ਗਿਆ । ਪਹਿਲੀ ਬਿਲਡਿੰਗ ਢਾਹ ਕੇ ਨੀਂਹਾ ਪੁੱਟੀਆਂ, ਮਲਬਾ ਹਾਥੀ ਟੋਲੇ ਵਿੱਚ ਸੁੱਟਿਆ। ਪਿੰਡ ਦਾ ਹਰ ਜੀ ਨਾਲ ਲੱਗਾ। ਪਰ ਉਸੇ ਸਾਲ ਦੀਵਾਨ ਦਾ ਲੰਗੋਟੀਆ ਸਾਥੀ ਮੰਗਲ 1926 ਵਿਚ ਚਲਾ ਗਿਆ। ਡੋਡੀਆਂ ਫੁੱਲ ਬਣੀਆਂ ਈ ਸਨ ਕਿ ਇਕ ਮੁਰਝਾ ਗਈ। 

ਤੋਤਲਾਪਣ-ਪਾਲੇ ਬਾਹਮਨ ਦੀ ਬਜ਼ਾਰ ਵਿਚ ਲੂਣ, ਤੇਲ, ਦਾਲਾਂ ਦੀ ਦੁਕਾਨ ਸੀ। ਕਦੀ ਕਦੀ ਉਹਦਾ ਦਸ ਸਾਲਾਂ ਦਾ ਪੁੱਤਰ ਰਾਜੂ ਵੀ ਦੁਕਾਨ ਤੇ ਬੈਠਦਾ ਸੀ। ਬੜਾ ਤੋਤਲਾ ਬੋਲਦਾ ਸੀ। ਥੱਥਲਾ ਵੀ ਜਾਂਦਾ ਸੀ । ਜਦੋਂ ਰਾਜੂ ਦੁਕਾਨ ਤੇ ਹੋਵੇ, ਵਿਆਹੀਆਂ ਹੋਈਆਂ ਮੁਟਿਆਰਾਂ ਵਾਰੋ-ਵਾਰੀ ਜ਼ਰੂਰ ਸੌਦਾ ਲੈਣ ਜਾਂਦੀਆਂ। ਸਾਰੀਆਂ ਕੱਚੀ ਹਲਦੀ ਮੰਗਣ। ਇਕ ਗੰਡੀ ਫੜ ਕੇ ਪੁੱਛਣ : “ਤੇਰੀ ਹਲਦੀ ਚੰਗੀ ਏ ਕਿ ਨਹੀਂ?” ਰਾਜੂ ਦਾ ਇਕੋ ਜਵਾਬ: “ਦੰਦੀ ਵੱਢ, ਥੁਤ ਲਾ, ਰੰਗ ਬੇਖ, ਫੁਦੀ ਆ ਲੈ, ਫੁਦੀ ਆ ਨਾ ਲੈ।” ਇਕ ਮੁਟਿਆਰ ਖਿੜ ਖਿੜ ਕਿ ਹੱਸਦੀ ਚਲੀ ਜਾਂਦੀ, ਫੇਰ ਦੂਜੀ ਆ ਜਾਂਦੀ। ਰਾਜੂ ਵਿਚਾਰੇ ਨੂੰ ਕੀ ਪਤਾ ਸੀ ਕਿ ਉਹਦੇ ਥੋਥਲੇ ਮੂੰਹ ਵਿੱਚੋਂ ਰੋਮਾਂਸ ਦੀ ਗੱਲ ਨਿਕਲਦੀ ਸੀ। ਆਪਣੇ ਵੱਲੋਂ ਤਾਂ ਉਹ ‘ਪੁਜਦੀ’ ਕਹਿੰਦਾ ਸੀ ਪਰ ਨਿਕਲੇ ਫ਼ੁਦੀ। 

ਟਕਸਾਲ-ਗੁਜਰਾਂਵਾਲੇ ਇਕ ਮਸ਼ਹੂਰ ਸੁਨਿਆਰੇ ਦੀ ਦੁਕਾਨ ਸੀ ਜਿਥੇ ਤਮਗੇ ਤੇ ਮੋਹਰਾਂ ਬਣਦੀਆਂ ਸਨ। ਓਥੇ ਮੂਲਾ ਸਿੰਘ ਬਾਡੀ ਦਾ ਕੰਮ ਸੀ ਸੰਚੇ ਬਨਾਣਾ ਤੇ ਉਕਰਨਾ-ਖੋਦਣਾ। ਇਕ ਦਿਨ ਸ਼ੌਕੀਆ ਮੂਲੇ ਨੇ ਰੁਪਏ ਦਾ ਸੰਚਾ ਬਣਾ ਮਾਰਿਆ। ਚਾਂਦੀ ਢਾਲ ਕੇ ਬੁਰਸ਼ ਦੇ ਨਾਲ ਧੋਤਾ, ਸਾਫ਼ ਕੀਤਾ। ਰੂ-ਬਰੂ ਮਲਕਾ ਦਾ ਅਸਲੀ ਰੁਪਈਆ ਲੱਗੇ। ਮੂਲੇ ਨੂੰ ਖ਼ਿਆਲ ਆਇਆ ਕਿਉਂ ਨਾ ਸਰਕਾਰ ਵਾਂਗਰ ਆਪਣੀ ਟਕਸਾਲ ਚਲਾਈ ਜਾਏ। ਪਿੰਡ ਵਾਪਸ ਆ ਗਿਆ। ਚਾਂਦੀ ਦੇ ਵਿੱਚ ਕੁਝ ਸਿੱਕਾ ਮਿਲਾ ਕੇ ਢਾਲਣ ਵਾਸਤੇ ਸੁਨਿਆਰੇ ਨੂੰ ਨਾਲ ਮਲਾਇਆ। ਗਵਾਂਢੀ ਨਾਈ ਨੂੰ ਰਲਾ ਲਿਆ ਤਾਂਕਿ ਡੂੰਮਾਂਵਾਲੇ ਖੂਹ ਦੇ ਔਲੂ ਵਿੱਚ ਰੁਪਈਏ ਧੋ ਲਿਆ ਕਰੇ। ਪਿੰਡ ਵਿੱਚ ਟਕਸਾਲ ਸ਼ੁਰੂ ਕਰ ਦਿੱਤੀ। ਮੂਲਾ ਸ਼ਹਿਰ ਜਾ ਕੇ ਨਵੇਂ ਰੁਪਈਏ ਚਲਾ ਲਿਆ ਕਰੇ। ਮੁਨਾਫ਼ਾ ਠੀਕ ਸੀ, ਵੰਡ ਲੈਂਦੇ ਸਨ। 

ਸਭ ਕੁਝ ਤਾਂ ਜ਼ਾਹਿਰਾ ਕਰਦੇ ਸਨ। ਗੱਲ ਤਾਂ ਨਿਕਲਣੀ ਸੀ। ਪੁਲਿਸ ਆ ਗਈ। ਤਿੰਨਾਂ ਨੂੰ ਫੜ ਲਿਆ। ਸੁਨਿਆਰਾ ਤੇ ਨਾਈ ਸਰਕਾਰੀ ਗਵਾਹ ਬਣ ਗਏ। ਮੂਲੇ ਨੂੰ ਸੱਤ ਸਾਲ ਕੈਦ ਹੋਈ। ਪਿੰਡ ਵਿੱਚ ਕਿਸੇ ਨੇ ਵੀ ਮੂਲੇ ਨੂੰ ਮੁਜਰਮ ਨਾ ਸਮਝਿਆ। ਸਗੋਂ ਤਾਰੀਫ਼ ਕਰਿਆ ਕਰਨ ਕਿ ਮੂਲੇ ਨੇ ਅੰਗ੍ਰੇਜ਼ੀ ਹਕੂਮਤ ਦੇ ਬਰਾਬਰ ਦੀ ਟਕਸਾਲ ਚਲਾ ਦਿੱਤੀ। ਬੱਚੇ ਤਾਂ ਮੂਲੇ ਨੂੰ ਹੀਰੋ ਸਮਝਦੇ ਸਨ। 

ਬਾਬਾ ਰਾਮ ਚੰਦ-ਜੇਠ-ਹਾੜ ਦੀ ਲੂ ਧਰਤੀ ਸਾੜ ਦੇਂਦੀ ਸੀ। ਇੰਜ ਲੱਗਦਾ ਸੀ ਕਿ ਗਰਮੀਆਂ ਕਦੀ ਖ਼ਤਮ ਹੀ ਨਹੀਂ ਹੋਣਗੀਆਂ । ਬਾਰਸ਼ਾਂ ਨੂੰ ਦੇਰੀ ਹੋ ਜਾਏ ਤਾਂ ਹਰ ਕੋਈ ਦਿਨੇ ਅਸਮਾਨ ‘ਤੇ ਰਾਤੀਂ ਚੰਨ ਵੱਲ ਵੇਖਦਾ ਸੀ। ਇੰਦਰ ਦੇਵਤਾ ਨੂੰ ਸੱਦਣ ਵਾਸਤੇ ਆਪਣੇ-ਆਪਣੇ ਉਪਾਉ ਕਰਦੇ ਸਨ। ਮੁੰਡੇ ਦਰੱਖ਼ਤਾਂ ਦੀਆਂ ਟੀਸੀਆਂ ‘ਤੇ ਚੜ੍ਹ ਕੇ ਕਾਵਾਂ ਦੇ ਆਂਡੇ ਉਤਾਰਦੇ । ਕਾਂ ਨੂੰਗੇ ਮਾਰਦੇ ਪਰ ਪ੍ਰਵਾਹ ਨਾ ਕਰਦੇ। ਫੇਰ ਚੁਰਸਤੇ ਵਿੱਚ ਇਕ ਦੂਜੀ ਨੂੰ ਕੱਟਦੀਆਂ ਲੀਕਾਂ ਮਾਰਦੇ। ਵਾਰੀ-ਵਾਰੀ ਆਂਡਾ ਦਰਮਿਆਨ ਵਿੱਚ ਸੁੱਟਦੇ। ਜਿਹੜੇ ਪਾਸੇ ਆਂਡੇ ਰੁੜ ਕੇ ਜਾਣ, ਕਹਿੰਦੇ ਉਸ ਪਾਸਿਉਂ ਮੀਂਹ ਵਾਲੇ ਬਦਲ ਆਉਣਗੇ। 

ਕੁੜੀਆਂ ਦਾ ਇੰਦਰ ਦੇਵਤੇ ਨੂੰ ਸੱਦਣ ਦਾ ਤਰੀਕਾ ਸੁਚਜਾ ਸੀ। ਕਹਿੰਦੀਆਂ ਸਨ ਕੋਠੇ ਉਤੋਂ ਜੇ ਕਿਸੇ ਆਉਂਦੇ ਜਾਂਦੇ ਦੇ ਸਿਰ ਉੱਤੇ ਪਾਣੀ ਦੀ ਬਾਲਟੀ ਰੋਹੜੋ ਤਾਂ ਮੀਂਹ ਛੇਤੀ ਆਏਗਾ। ਕੋਠੇ ‘ਤੇ ਬਾਲਟੀਆਂ ਰਖ ਕੇ ਬਨੇਰੇ ਦੇ ਕੋਲ ਬਹਿ ਜਾਂਦੀਆਂ। ਜਦੋਂ ਕੋਈ ਲੰਘੇ, ਬਾਲਟੀ ਪਲਟਾ ਦੇਣ । ਕੋਈ ਤਾਂ ਚੁੱਪ ਕਰਕੇ ਦੌੜ ਜਾਂਦਾ ਤੇ ਕੋਈ ਗਾਲ੍ਹਾਂ ਕੱਢਦਾ। ਦੋ ਚਾਰ ਗਲੀਆਂ ਵਿੱਚ ਇਹ ਖੇਡ ਹਰ ਦੁਪੈਹਰ ਤੇ ਪਿਛਲੇ ਪਹਿਰ ਚਲਦੀ ਰਹਿੰਦੀ। ਜੇ ਨਾਂ ਕੋਈ ਲੰਘੇ ਤਾਂ ਕੁੜੀਆਂ ਮਾਯੂਸ ਹੋ ਜਾਂਦੀਆਂ। ਬਾਬਾ ਰਾਮ ਚੰਦ ਬੱਚਿਆਂ ਨੂੰ ਬੜਾ ਪਿਆਰ ਕਰਦਾ ਸੀ। ਉਸ ਚਿੱਟਾ ਕੁੜਤਾ ਤੇ ਚਿੱਟੀ ਲੰਗੋਟੀ ਪਾਣੀ ਤੇ ਟਹਿਲਦੇ-ਟਹਿਲਦੇ ਗਲੀ ਵਿੱਚੋਂ ਲੰਘਣਾ। ਕੁੜੀਆਂ ਨੇ ਸਿਰ ਤੇ ਬਾਲਟੀਆਂ ਮੁਧੀਆਂ ਕਰਨੀਆਂ। ਗੰਜੇ ਸਿਰ ‘ਚੋਂ ਪਾਣੀ ਰਿੜਦਾ, ਚਿੱਟੇ ਵਾਲਾਂ ਤੇ ਚਿੱਟੀ ਦਾਹੜੇ ‘ਚੋਂ ਹੁੰਦਾ ਹੋਇਆ ਪੈਰਾਂ ਤਕ ਚਲਾ ਜਾਂਦਾ। ਬਾਬਾ ਬਾਵਾਂ ਉੱਚੀਆਂ ਕਰਕੇ ਕਹਿੰਦਾ “ਆਹਾ! ਆਹਾ!” ਕੁੜੀਆਂ ਹੱਸਦੀਆਂ। ਬਾਬਾ ਘਰ ਜਾ ਕੇ ਸੁੱਕੇ ਕੱਪੜੇ ਪਾਂਦਾ ਤੇ ਫੇਰ ਦੂਜੀ ਗਲੀ ਵਿੱਚ ਚਲੇ ਜਾਂਦਾ। ਜਿਥੇ ਵੀ ਕੁੜੀਆਂ ਉਡੀਕਦੀਆਂ ਹੁੰਦੀਆਂ ਬਾਬਾ ਪਹੁੰਚ ਜਾਂਦਾ। ਬਾਬੇ ਦੀ ਤੇ ਕੁੜੀਆਂ ਦੀ ਖੇਡ ਚਲਦੀ ਰਹਿੰਦੀ। ਮੀਂਹ ਆ ਜਾਂਦਾ। 

ਪਿਆਰਾ, ਪਿਆਰਾ ਬਾਬਾ ਤੇ ਪਿਆਰਾ ਪਿਆਰਾ ਮੀਂਹ। 

ਦਹੀਮ ਬਖਸ਼-ਚੋਪੜੇ ਹੋਏ ਲੰਮੇ ਪੈਟੇ, ਵੱਖਰੀ ਕਿਸਮ ਦੀ ਦੇਸੀ ਤਣੀਆਂ ਵਾਲੀ ਕਮੀਜ਼, ਰਹੀਮ ਬਖ਼ਸ਼ ਨਾਈ ਇਕ ਡੀਲ ਡੋਲ ਵਾਲਾ ਜਵਾਨ ਸੀ। ਘਰ ਦੀ ਕੰਧ ਭਗਤ ਸਿੰਘ ਖਰਾਸੀ ਦੇ ਨਾਲ ਲੱਗਦੀ ਸੀ। ਦੋਹਾਂ ਦੀਆਂ ਵਹੁਟੀਆਂ ਬੜੀਆਂ ਸਹੇਲੀਆਂ ਸਨ। ਰਹੀਮ ਦੀ ਧੀ ਜੈਨਾ ਮੁਹੱਲੇ ਦੀ ਪਰੀ ਸੀ। ਔਖ ਸੌਖ ਵੇਲੇ ਸਾਰਾ ਟੱਬਰ ਹਰ ਕਿਸੇ ਦੀ ਮੱਦਦ ਕਰਦਾ। ਪਿੰਡ ਦਾ ਇਕ ਸਿਹਰਾ ਰਹੀਮ ਦੇ ਸਿਰ ‘ਤੇ ਸੀ। ਪਿੰਡ ਵਿੱਚ ਰਸਾ ਕਸ਼ੀ ਦਾ ਬਾਨੀ ਸੀ। ਸਣ ਦਾ ਮੋਟਾ ਰੱਸਾ ਆਪਣੀ ਜਾਨ ਵਾਂਗਰ ਸਾਂਭ ਕੇ ਰਖਦਾ। 

ਸੂਰਜ ਡਿਗਣ ਦੇ ਵੇਲੇ, ਰਹੀਮ ਬਖ਼ਸ਼ ਰੱਸਾ ਲੈ ਕੇ ਢਾਬਾਂ ਦੇ ਦਰਮਿਆਨ ਮੈਦਾਨ ਵਿੱਚ ਆ ਜਾਂਦਾ। ਰੱਸੇ ਨੂੰ ਲੰਮਿਆਂ ਪਾ ਕੇ ਅੱਧ ਵਿੱਚ ਲੀਕ ਮਾਰਦਾ। ਥਾਂ ਸਾਫ਼ ਕਰਦਾ। ਲੀਡਰ ਦਾ ਤਾਂ ਇਹ ਹੀ ਅਸਲੀ ਕੰਮ ਹੁੰਦਾ ਏ। ਇੰਨੇ ਚਿਰ ਨੂੰ ਨੌਜਵਾਨ ਖੇਤਾਂ ‘ਚੋਂ ਵਿਹਲੇ ਹੋ ਕੇ ਤਾਕਤ ਅਜ਼ਮਾਣ ਲਈ ‘ਕੱਠੇ ਹੋ ਜਾਂਦੇ। ਦੋ ਟੀਮਾਂ ਬਣਾ ਲੈਂਦੇ। ਹੱਥਾਂ ‘ਤੇ ਥੁੱਕ ਮਲ ਕੇ ਰੱਸਾ ਫੜਦੇ। ਅੱਡੀਆਂ ਖੋਬ ਲੈਂਦੇ। ਜਿਸਮ ਉਲਰ ਜਾਂਦੇ । ਇਕ ਸੁਰ ਵਿਚ ਹੁੰਗਰ ਭਰਦੇ। ਜਿੰਨਾ ਮਾਂ ਦਾ ਦੁੱਧ ਪੀਤਾ ਸੀ ਉੱਨਾ ਜ਼ੋਰ ਲਾ ਕੇ ਰੱਸਾ ਖਿੱਚਦੇ। ਵੇਖਣ ਵਾਲੇ ਵੀ ਉਲ੍ਹਰਦੇ ਤੇ ਜ਼ੋਰ ਲਾਉਂਦੇ ਜਿਵੇਂ ਉਹ ਵੀ ਰੱਸਾ ਖਿੱਚ ਰਹੇ ਹੁੰਦੇ ਨੇ। ਇਕ ਟੀਮ ਦੇ ਪੈਰ ਉਖੜ ਜਾਂਦੇ, ਦੂਜੀ ਜਿੱਤ ਜਾਂਦੀ। ਫੇਰ ਨਵੇਂ ਸਿਰੋਂ ਟੀਮਾਂ ਬਣਾਂਦੇ ਤਾਂਕਿ ਬਰਾਬਰ ਦੀ ਤਾਕਤ ਦੀਆਂ ਹੋਣ। ਚਾਰ-ਪੰਜ ਵਾਰੀ ਰੱਸਾ ਖਿੱਚ ਕੇ ਥੱਕ-ਟੁੱਟ ਕੇ ਬਹਿ ਜਾਂਦੇ। ਗੱਪ-ਸ਼ਪ ਮਾਰਦੇ। ਰਹੀਮ ਰੱਸਾ ਮੋਢੇ ਦੇ ਆਲੇ-ਦੁਆਲੇ ਲਮਕਾ ਕੇ ਲਪੇਟ ਲੈਂਦਾ। ਸਾਰੇ ਘਰੋ-ਘਰੀ ਚਲੇ ਜਾਂਦੇ। ਅਗਲੀ ਸ਼ਾਮ ਫੇਰ ਇਹੋ ਖੇਡ। 

ਅਰਜਨ-ਜਦੋਂ ਸੌ ਸਾਲ ਦਾ ਹੋ ਕੇ ਅਰਜਨ 1932 ਵਿੱਚ ਗੁਜ਼ਰਿਆ ਤਾਂ ਉਹਦੀ ਅਰਥੀ ਤੋਤੇ-ਚਿੜੀਆਂ ਨਾਲ ਸਜਾਈ ਗਈ ਤੇ ਲੰਬਾ ਜਲੂਸ ਨਿਕਲਿਆ। 

ਜਿੰਨਾ ਚਿਰ ਅਰਜਨ ਦੀਆਂ ਲੱਤਾਂ ਨੇ ਸਾਥ ਦਿੱਤਾ, ਅਰਜਨ ਹਰ ਸਾਲ, ਪੈਦਲ ਜੰਮੂ ਦੇ ਕੋਲ ਦੇਵੀ ਦਵਾਰੇ ਜਾਂਦਾ ਹੁੰਦਾ ਸੀ । ਏਸੇ ਤਰ੍ਹਾਂ ਵੱਡੇ ਵਡੇਰੇ ਵੀ ਦੇਵੀ ਦਵਾਰੇ ਦੇ ਦਰਸ਼ਨਾਂ ਨੂੰ ਜਾਂਦੇ ਹੁੰਦੇ ਸੀ। ਪਿੰਡ ਦੇ ਬਰਾਹਮਨ ਸਨ। ਦਿਨ ਦਿਹਾਰ ਘਰਾਂ ‘ਚੋਂ ਹੁੰਦੇ ਵੀ ਲੈ ਆਉਂਦਾ ਸੀ। ਜਦੋਂ ਪਿੰਡ ਦੇ ਬਹੁਤੇ ਹਿੰਦੂ, ਸਿੱਖ ਜਾਂ ਮੁਸਲਮਾਨ ਬਣ ਗਏ ਤੇ ਬਾਹਮਨਾਂ ਦੀ ਲੋੜ ਨਾ ਰਹੀ, ਅਰਜਨ ਨੇ ਬੜੀ ਖੂਬਸੂਰਤੀ ਦੇ ਨਾਲ ਆਪਣਾ ਵਿਹਾਰ ਬਦਲ ਲਿਆ। ਅਰਜਨ ਨੇ ਟਾਂਗਾ ਖ਼ਰੀਦ ਲਿਆ, ਪਹਿਲਾ ਟਾਂਗਾ। ਪਿੰਡ ਦੀਆਂ ਨਵੀਆਂ ਵਿਆਹੀਆਂ ਸਿੱਖ ਕੁੜੀਆਂ ਨੂੰ ਸੌਹਰੇ ਪਿੰਡ ਲੈ ਕੇ ਜਾਂਦਾ ਤੇ ਵਾਪਸ ਵੀ ਲਿਆਉਂਦਾ। ਏਸੇ ਤਰ੍ਹਾਂ ਪਿੰਡ ਦੀਆਂ ਨੂੰਹਾਂ ਨੂੰ ਉਹਨਾਂ ਦੇ ਪੇਕੇ ਲੈ ਕੇ ਜਾਂਦਾ ਤੇ ਸਮੇਂ ਨਾਲ ਵਾਪਸ ਲੈ ਆਉਂਦਾ। ਇਹ ਕਮਾਲ ਦੀ ਸੇਵਾ ਸੀ। 

ਠਾਕਰਦਵਾਰਾ ਤਾਂ ਬਾਹਮਨਾਂ ਦੇ ਹੱਥੋਂ ਖੁੱਸ ਚੁੱਕਾ ਸੀ ਪਰ ਅਰਜਨ ਨਾਲ ਦੇ ਕੱਚੇ ਘਰ ਵਿੱਚ ਰਹਿੰਦਾ ਸੀ । ਵਡੇਰੀ ਉਮਰੇ ਘਰ ਪੁੱਤਰ ਪਾਲੇ ਨੂੰ ਦੇ ਦਿੱਤਾ ਤੇ ਆਪ ਸਾਹਮਣੇ ਇਕ ਕੱਚੀ-ਪੱਕੀ ਕੁਟੀਆ ਵਿੱਚ ਚਲਾ ਗਿਆ। ਦਰਵਾਜ਼ਾ ਪੱਕੀ ਲੱਕੜ ਦਾ, ਸੋਹਣੀ ਖੁਦਾਈ। ਇਕ ਕੁੰਡਾ ਉੱਪਰ, ਇਕ ਥੱਲੇ, ਹਮੇਸ਼ਾ ਬੰਦ ਰਹਿੰਦਾ ਸੀ । ਬਾਰੀ ਕੋਈ ਨਹੀਂ ਸੀ। ਅਰਜਨ ਦੀ ਕੁਟੀਆ ਦੇ ਅੰਦਰ ਕਦੀ ਕੋਈ ਨਹੀਂ ਸੀ ਵੜਿਆ। ਅਫ਼ਵਾਹ ਸੀ ਕਿ ਅੰਦਰ ਲੱਕੜ ਦੇ ਸੰਦੂਕ ਵਿੱਚ ਪੁਰਾਣੇ ਖ਼ਜ਼ਾਨੇ ਪਏ ਹੋਏ ਨੇ। ਇਸ ਵਿੱਚੋਂ ਜ਼ਰੀ-ਤਿੱਲੇ ਵਾਲੀਆਂ ਰਾਜਸੀ ਪੁਸ਼ਾਕਾਂ ਉਹਨੇ ਪਾਲੇ ਨੂੰ ਦੇ ਦਿੱਤੀਆਂ ਸਨ। ਇਹ ਨਾਟਕਾਂ ਵੇਲੇ ਪਾਈਆਂ ਜਾਂਦੀਆਂ ਸਨ। ਹੋਲੀਆਂ ਦੇ ਵੇਲੇ ਹਰ ਸਾਲ ਪਾਲਾ। ਪੂਰਨ ਭਗਤ ਦਾ ਨਾਟਕ ਕਰਾਇਆ ਕਰਦਾ ਸੀ । ਸਾਰੇ ਧਰਮਾਂ ਦੇ ਲੋਕ ਇਸ ਨੂੰ ਬੜੇ ਸ਼ੌਕ ਦੇ ਨਾਲ ਵੇਖਦੇ ਸਨ। ਨਾਟਕ ਕਈ ਦਿਨ ਚਲਦਾ ਸੀ । ਬਾਕਾਇਦਾ ਰਾਜੇ ਦੇ ਮਹਿਲ ਬਣਾਏ ਜਾਂਦੇ ਸਨ। ਪੂਰਨ ਦਾ ਖੂਹ ਵੀ ਬਣਦਾ ਸੀ। ਕੋਈ 15 ਕੁ ਆਦਮੀ- ਔਰਤਾਂ-ਬੱਚੇ ਸਾਂਘਾ ਵਿਚ ਹਿੱਸਾ ਲੈਂਦੇ। 

ਬਾਬਾ ਭੇਡ-ਪੁੱਤਰ ਜਵਾਨ ਹੋ ਗਏ, ਵਿਆਹ ਦਿੱਤੇ। ਵਹੁਟੀ ਗੁਜ਼ਰ ਗਈ। ਆਪ ਅਜੇ ਬੁੱਢਾ ਨਹੀਂ ਸੀ ਹੋਇਆ। ਘਰ ਦੇ ਵਿੱਚ ਨੂੰਹਾਂ ਦੇ ਨਾਲ ਰਹਿਣਾ ਚੰਗਾ ਨਾ ਲੱਗਿਆ। ਖੂਹ ‘ਤੇ ਕੁੱਲੀ ਪਾ ਲਈ। ਨੂੰਹਾਂ ਵੀ ਖ਼ੁਸ਼ ਹੋ ਗਈਆਂ। ਦੋਵੇਂ ਵੇਲੇ ਰੋਟੀ ਦੇ ਜਾਣ। ਸਿਆਲ ਵਿੱਚ ਅਲਸੀ ਦੀਆਂ ਪਿੰਨੀਆਂ ਵੀ ਬਣਾ ਦੇਣ। ਪੁੱਤਰਾਂ ਸੋਚਿਆ, ਵਾਹੀ ਦੇ ਥਾਂ ਪਿਉ ਕੋਈ ਵੱਖਰਾ ਧੰਦਾ ਕਰੇ। ਕੁਟੀਆ ਦੇ ਨਾਲ ਵਾੜਾ ਬਣਾ ਦਿੱਤਾ। ਭੇਡਾਂ ਤੇ ਇਕ ਭੇਡੂ ਲੈ ਦਿੱਤਾ । ਬਾਬੇ ਨੂੰ ਨਵਾਂ ਕੰਮ ਚੰਗਾ ਲੱਗਿਆ। ਆਜ਼ਾਦੀ, ਤੇ ਕੰਮ ਵੀ ਸੌਖਾ। ਬਾਬਾ ਖ਼ੁਸ਼। ਪਰ ‘ਕੱਲਾ ? 

ਉਜਾੜ ਵਿੱਚ ਭੇਡਾਂ ਚਾਰਦੇ ਬਾਬੇ ਨੇ ਵੇਖਿਆ ਕਿ ਬੱਕਰੀਆਂ, ਕੁੱਤੀਆਂ ਤੇ ਹੋਰ ਜਾਨਵਰਾਂ ਨਾਲੋਂ ਭੇਡਾਂ ਚੰਗੀਆਂ ਸਾਥਨਾਂ ਨੇ । ਭੇਡੂ ਦਾ ਜੀ ਆਏ ਤਾਂ ਭੇਡਾਂ ਨਾਂਹ ਨੁੱਕਰ ਨਹੀਂ ਕਰਦੀਆਂ। ਭੇਡੂ ਜਿਹਨੂੰ ਜੀ ਕਰੇ, ਇਕ ਪਾਸੇ ਕਰ ਲਵੇ। ਬਾਬੇ ਦੇ ਸਿਰ ‘ਤੇ ਭੂਤ ਸਵਾਰ ਹੋ ਗਿਆ। ਇਕ ਦਿਨ ਇਕ ਲਵੀ ਭੇਡ ਨੂੰ ਦਰੱਖ਼ਤ ਦੇ ਥੱਲੇ ਰੋਕ ਲਿਆ। ਭੇਡ ਖਲੋਤੀ ਰਹੀ। ਬਾਬੇ ਨੇ ਸਵਾਦ ਲੈ ਲਿਆ। ਇਹ ਵੀ ਜਾਂਚ ਗਿਆ ਕਿ ਪਿਆਰੀ ਜੱਫੀ ਪਾਣ ਲਈ ਬੜੀ ਨਿੱਘੀ ਹੁੰਦੀ ਏ। ਜੰਗਲ ਵਿੱਚ ਜਦੋਂ ਜੀਅ ਕਰੇ ਬਾਬਾ ਆਪਣਾ ਕੰਮ ਸਾਰ ਲਏ, ਨਾ ਹਿੰਗ ਲੱਗੇ ਨਾ ਫਟਕੜੀ ਤੇ ਰੰਗ ਵੀ ਗੂਹੜਾ। ਇਕ ਦਿਨ ਮੁੰਡੇ ਤੋਤੇ ਫੜਦੇ-ਫੜਦੇ ਉਧਰ ਆ ਨਿਕਲੇ। ਚਾਨਸ ਦੀ ਗੱਲ । ਬਾਬਾ ਕਿੱਕਰ ਦੇ ਥੱਲੇ ਲੱਗਾ ਪਿਆ ਸੀ। ਵੇਖਦਿਆਂ ਸਾਰ ਚਾਂਬਲੇ ਹੋਏ ਮੁੰਡੇ ਪਿੰਡ ਨੂੰ ਦੌੜ ਆਏ। ਰੌਲਾ ਪਾਈ ਜਾਣ “ਬਾਬਾ ਭੇਡ”! “ਬਾਬਾ ਭੇਡ”। ਲੋਕਾਂ ਕਿਆਫ਼ਾ ਲਾ ਲਿਆ। ਪੱਕਾ ਨਾਮ ਪੈ ਗਿਆ।  

24 

ਭੂਆ 

ਸਮਾਜ ਵਿੱਚ ਭੂਆ ਦਾ ਦਰਜਾ ਬੜਾ ਉੱਚਾ ਸੀ । ਹਰ ਕੋਈ ਉਹਨੂੰ ਮਾਨ ਦੇਂਦਾ ਸੀ । ਭੂਆ ਦਾ ਭਤੀਜਿਆਂ ਤੇ ਪਿੰਡ ਦੇ ਹੋਰ ਬੱਚਿਆਂ ਨਾਲ ਪਿਆਰ ਬੜਾ ਡੂੰਘਾ ਹੁੰਦਾ ਸੀ। ਉਹਨਾਂ ਨੂੰ ਖਾਣ ਵਾਸਤੇ ਵੰਨ-ਸਵੰਨੀਆਂ ਚੀਜ਼ਾਂ ਦੇਣੀਆ, ਗੱਲਾਂ ਕਰਨੀਆਂ, ਕਹਾਣੀਆਂ ਸੁਨਾਣੀਆਂ। ਚੰਗੀ ਸਾਂਝ ਪੈਦਾ ਕਰ ਲੈਣੀ। ਭੂਆ ਦੋ ਕਿਸਮ ਦੀਆਂ ਹੁੰਦੀਆਂ ਸਨ। ਇਕ ਤਾਂ ਜਿਹੜੀਆਂ ਸੌਹਰੇ ਟੱਬਰ ਆਪਨੇ ਬੱਚਿਆਂ ਵਿੱਚ ਇੰਨੀਆਂ ਖੁੱਭ ਜਾਂਦੀਆਂ ਕਿ ਪੇਕੇ ਔਣ ਦਾ ਕਦੀ-ਕਦੀ ਵਕਤ ਮਿਲਦਾ। ਭੂਆ ਈਸਰੋ ਇਕੋ ਮਿਸਾਲ ਸੀ ਜਿਹੜੀ ਵਡੇਰੀ ਉਮਰ ਤਕ ਲਗਾਤਾਰ ਪੇਕੇ ਪਿੰਡ ਆਉਂਦੀ ਜਾਂਦੀ ਰਹੀ। ਦੂਜੀ ਕਿਸਮ ਸੀ ਉਹਨਾਂ ਦੀ ਜਿਨ੍ਹਾ ਦਾ ਕਿਸੇ ਵਜਾ ਕਰਕੇ ਸੌਹਰਿਆਂ ਦੇ ਨਾਲ ਨਾਤਾ ਟੁੱਟ ਜਾਂਦਾ ਸੀ । ਪੇਕੇ ਵਾਪਸ ਆ ਜਾਂਦੀਆਂ ਸਨ । ਮੁਸਲਮਾਨਾਂ ਤੇ ਈਸਾਈਆਂ ਵਿੱਚ ਔਰਤ ਦਾ ਦੂਜਾ ਵਿਆਹ ਝੱਟ ਹੋ ਜਾਂਦਾ ਸੀ ਪਰ ਸਿੱਖਾਂ ਤੇ ਹਿੰਦੂਆਂ ਵਿੱਚ ਔਰਤ ਦਾ ਦੂਜੇ ਥਾਂ ਵਿਆਹ ਕਰਨਾ ਔਖਾ ਹੁੰਦਾ ਸੀ। ਦੁਖੀ ਧੀਆਂ-ਭੈਣਾਂ ਲਈ ਦਰਵਾਜ਼ੇ ਖੁੱਲ੍ਹੇ ਰੱਖਣੇ ਕਲਚਰ ਦਾ ਇਕ ਚੰਗਾ ਅੰਗ (safety net) ਸੀ। ਇਹ ਔਰਤਾਂ ਸਹਿਜੇ-ਸਹਿਜੇ ਸਾਰੇ ਪਿੰਡ ਦੀ ਭੂਆ ਬਣ ਜਾਂਦੀਆਂ ਸਨ । ਉਹਨਾਂ ਦਾ ਕਿਸੇ ਨਾਲ ਟਕਰਾ ਨਹੀਂ ਸੀ ਹੁੰਦਾ ਕਿਉਂਕਿ ਕਿਸੇ ਚੀਜ਼ ਜਾਂ ਕਿਸੇ ਆਦਮੀ ‘ਤੇ ਹੱਕ ਨਹੀਂ ਸਨ ਜਮਾਂਦੀਆਂ। ਇਹਨਾਂ ਵਿੱਚੋਂ ਚਾਰ ਦੀ ਕਹਾਣੀ ਪਿੰਡ ਦੇ ਜੀਵਨ ‘ਤੇ ਰੋਸ਼ਨੀ ਪਾਂਦੀ ਏ। 

ਭੂਆ ਕੇਸਰੋ—ਲੰਮੀ, ਸੁਕੜੀ ਹੋਈ, ਮੂੰਹ ‘ਤੇ ਦੋ ਚਾਰ ਝੁਰੜੀਆਂ, ਹੱਥਾਂ ਪੈਰਾਂ ਵਿਚ ਤੇਜ਼ੀ, ਭੂਆ ਕੇਸਰੋ ਇਕ ਸੁੱਚੇ ਜੀਵਨ ਦੀ ਮਿਸਾਲ ਸੀ। ਕਿਸੇ ਵਜ੍ਹਾ ਕਰਕੇ ਸੋਹਰੇ ਘਰ ਨੂੰ ਛੱਡ ਆਈ। ਭਰਾਵਾਂ ਦੇ ਟੱਬਰਾਂ ਨਾਲ ਰਹਿੰਦੀ ਸੀ। ਕਦੀ ਵੀ ਘਰਵਾਲੇ ਦਾ ਜਾਂ ਸੌਹਰੇ ਘਰ ਦਾ ਜ਼ਿਕਰ ਨਹੀਂ ਸੀ ਕਰਦੀ। ਜੀਵਨ ਦਾ ਇਹ ਵਰਕਾ ਉਹਨੇ ਪਾੜ ਦਿੱਤਾ ਹੋਇਆ ਸੀ। ਸਲੇਟ ਸਾਫ਼ ਸੀ। ਉਹਦਾ ਦਿਲ ਤੇ ਆਲਾ-ਦੁਆਲਾ ਸ਼ਾਂਤ मठ। 

ਵਿਹੜੇ ਵਿੱਚ ਢਾਰੇ ਵਾਲੇ ਵੱਖਰੇ ਕਮਰੇ ਵਿੱਚ ਰਹਿੰਦੀ ਸੀ। ਸਵੇਰੇ-ਸਵੇਰੇ ਉਠਦੀ। ਬਾਹਰ ਜਾਂਦੀ, ਇਸ਼ਨਾਨ ਕਰਕੇ ਪਾਠ ਕਰਦੀ, ਵਿਹੜਾ ਸਾਫ਼ ਕਰਦੀ ਤੇ ਫੇਰ ਮੰਜੀ ‘ਤੇ ਬਹਿ ਜਾਂਦੀ । ਟੱਬਰ ਉਠ ਪੈਂਦਾ। ਭਰਜਾਈਆਂ ਛਾ ਵੇਲਾ ਤਿਆਰ ਕਰਦੀਆਂ, ਬੱਚਿਆਂ ਨੂੰ ਸਕੂਲੇ ਭੇਜਣ ਦੀ ਤਿਆਰੀ ਕਰਦੀਆਂ। ਨਾਲ-ਨਾਲ ਘਰ ਵਾਲਿਆਂ ਦੀਆਂ ਮੰਗਾਂ ਪੂਰੀਆਂ ਕਰਦੀਆਂ। ਹਰ ਪਾਸੇ ਚੀਕ ਚਿਹਾੜਾ। ਭੂਆ ਕਦੀ ਦਖ਼ਲ ਨਾ ਦਿੰਦੀ। ਜੇ ਭਰਜਾਈਆਂ ਆਖਣ ਤਾਂ ਬੱਚਿਆਂ ਨੂੰ ਕੱਪੜੇ ਪਾ ਦੇਂਦੀ, ਮੰਜੀਆਂ ਤੇ ਬਿਸਤਰੇ ਸਾਂਭ ਦੇਂਦੀ ਤੇ ਬਰਤਨ ਸਾਫ਼ ਕਰ ਦੇਂਦੀ। ਜੇ ਨਾ ਆਖਣ ਤਾਂ ਭਾਵੇਂ ਕੋਈ ਬੱਚਾ ਰੋਂਦਾ ਹੋਵੇ, ਦਖ਼ਲ ਨਾ ਦੇਂਦੀ। ਆਪਣੀਆਂ ਲੀਕਾਂ ਤੋਂ ਬਾਹਰ ਨਾ ਜਾਂਦੀ। 

ਭੂਆ ਅਚਾਰ ਬਨਾਉਣ ਦੀ ਬੜੀ ਮਾਹਿਰ ਸੀ। ਅੰਬ, ਔਲੇ, ਸ਼ਲਗਮ, ਗਾਜਰ, ਨਿੰਬੂ, ਮਿਰਚਾਂ, ਕਰੇਲੇ, ਗੋਭੀ ਜੋ ਆਖੋ ਬਣਾ ਦੇਂਦੀ। ਜ਼ਨਾਨੀਆਂ ਥਾਲੀਆਂ ਭਰ ਕੇ ਚੀਜ਼ਾਂ, ਮਰਤਬਾਨ, ਤੇਲ, ਮਸਾਲੇ ਲਿਆਉਂਦੀਆਂ । ਗੱਪਾਂ ਮਾਰਦੀਆਂ। ਭੂਆ ਚੀਜ਼ਾਂ ਨੂੰ ਸਾਫ਼ ਕਰਕੇ ਲੋੜ ਅਨੁਸਾਰ ਕੱਟਦੀ, ਕੜਾਈ ਵਿੱਚ ਤੇਲ ਗਰਮ ਕਰਕੇ ਵਾਰੀ-ਵਾਰੀ ਸਭ ਕੁਝ ਮਲਾਉਂਦੀ, ਮਰਤਬਾਨਾਂ ਵਿੱਚ ਪਾ ਕੇ ਧੁੱਪੇ ਰੱਖ ਦਿੰਦੀ। 

ਕੁਝ ਦਿਨਾ ਬਾਅਦ, ਵਾਰੋ-ਵਾਰੀ ਜ਼ਨਾਨੀਆਂ ਆ ਕੇ ਆਪਣਾ ਮਰਤਬਾਨ ਲੈ ਜਾਂਦੀਆਂ। ਭੂਆ ਦੇ ਗੁਣ ਗਾਉਂਦੀਆਂ। ਦੁਪਹਿਰਾਂ ਤੋ ਬਾਅਦ ਕੁੜੀਆਂ ਤਾਂ ਚਿੜੀਆਂ ਵਾਂਗ ਆਈਆ ਹੀ ਰਹਿੰਦੀਆਂ ਸਨ। ਭੂਆ ਨੇ ਉਹਨਾਂ ਵਾਸਤੇ ਖ਼ਾਸ ਖੱਟੇ-ਮਿੱਠੇ ਅਚਾਰ ਬਣਾਏ ਹੁੰਦੇ ਸਨ । ਚੱਪਾ ਰੋਟੀ ਲੈ ਕੇ ਖਾਂਦੀਆਂ। ਹੱਸਦੀਆਂ, ਖੇਡਦੀਆਂ, ਖ਼ੁਸ਼ ਹੁੰਦੀਆਂ। ਭੂਆ ਵੀ ਖ਼ੁਸ਼। ਕਦੀ-ਕਦਾਈਂ ਭੂਆ ਉਹਨਾਂ ਨੂੰ ਤਮਾਸ਼ਾ ਵਿਖਾਣ ਵੀ ਲੈ ਜਾਂਦੀ। ਡਮਰੂ ਵੱਜੇ ਤਾਂ ਮੁੰਡੇ ਤੇ ਆਪੇ ਦੌੜ ਕੇ ਚਲੇ ਜਾਂਦੇ ਸਨ। ਪਰ ਕੁੜੀਆਂ ਨੂੰ ਕੋਈ ਖੜੇ, ਤਾਂ ਹੀ ਜਾ ਸਕਦੀਆਂ ਸਨ। ਭੂਆ ਆਪਣੀ ਨਿਗਰਾਨੀ ਵਿੱਚ ਲੈ ਜਾਂਦੀ। 

ਹਰ ਸਾਲ ਪੱਤਝੜ ਦੇ ਮੌਸਮ ਵਿੱਚ ਭੂਆ ਬੱਚਿਆਂ ਦੇ ਟੋਲੇ ਨੂੰ ਲੈ ਕੇ ਮਹਾਸਤੀਆਂ ਦੀ ਯਾਦਗਾਰੀ ਥਾਂ ਤੇ ਜਾਂਦੀ। ਦੀਵੇ ਬਾਲ ਕੇ ਹਰ ਸਾਲ ਉਹੀ ਕਹਾਣੀ ਸੁਣਾਂਦੀ। ਕਿਸ ਤਰ੍ਹਾਂ ਦੋ ਮਾਸੂਮ ਕੁੜੀਆਂ ਦੀ ਇੱਜ਼ਤ ਬਚਾਣ ਲਈ ਧਰਤੀ ਨੇ ਵੇਲ ਦਿੱਤੀ ਸੀ। ਦਰਦਨਾਕ ਕਹਾਣੀ ਸੁਣ ਕੇ ਬੱਚੇ ਚੁੱਪਚਾਪ ਘਰਾਂ ਨੂੰ ਵਾਪਸ ਆ ਜਾਂਦੇ। ਬੱਚਿਆਂ ਦਾ ਤੇ ਭੂਆ ਦਾ ਦਿਲ ਇਕੋ ਧੜਕਨ ਦੇ ਨਾਲ ਧੜਕਦਾ ਸੀ। 

ਮਹਾਸਤੀਆਂ 

ਪਿੰਡ ਦੇ ਬਾਹਰ ਇਕ ਨਿੱਕਾ ਜਿਹਾ ਟਿੱਲਾ ਸੀ। ਉੱਤੇ ਮਲ੍ਹੇ ਉਗੇ ਹੋਏ ਸਨ। ਆਲੇ-ਦੁਆਲੇ ਤਿੜਾਂ ਵਾਲਾ ਘਾਹ ਉਗਿਆ ਹੋਇਆ ਸੀ। 

ਇਹ ਮਹਾਸਤੀਆਂ ਦੀ ਯਾਦਗਾਰੀ ਥਾਂ ਸੀ। ਭੂਆ ਹਰ ਸਾਲ ਬੱਚਿਆਂ ਦਾ ਟੋਲਾ ਲੈ ਕੇ ਜਾਂਦੀ, ਹੱਥ ਜੋੜ ਕੇ ਮੂੰਹ ਵਿੱਚ ਅਰਦਾਸ ਕਰਦੀ। ਫੇਰ ਥੈਲੇ ਵਿੱਚੋਂ ਦੀਵੇ ਤੇ ਸਰ੍ਹੋਂ ਦੇ ਤੇਲ ਦੀ ਬੋਤਲ ਕੱਢਦੀ। ਬੱਚਿਆਂ ਨੂੰ ਦੀਵਿਆਂ ਵਿੱਚ ਬੱਤੀਆਂ ਬਣਾ ਕੇ ਰੱਖਣ ਵਾਸਤੇ ਕਹਿੰਦੀ। ਫੇਰ ਦੀਵਿਆਂ ਨੂੰ ਜਗਾਂਦੀ। ਬੱਚੇ ਚੌਂਕੜੀ ਮਾਰ ਕੇ ਬੈਠ ਜਾਂਦੇ। ਭੂਆ ਮਹਾਸਤੀਆਂ ਦੀ ਕਥਾ ਸੁਣਾਂਦੀ। 

ਇਕ ਦਿਨ ਮੌਸਮ ਸੋਹਣਾ ਸੀ। ਪਿਉ ਰੰਬਾ ਤੇ ਚਾਦਰ ਲੈ ਕੇ ਮੱਝ ਵਾਸਤੇ ਘਾਹ ਖੋਤਰਨ ਨੂੰ ਤੁਰ ਪਿਆ। ਉਸ ਦੀਆਂ ਦੋਹਾਂ ਕੁੜੀਆਂ ਨੇ ਆਖਿਆ ਕਿ ਅਸੀਂ ਵੀ ਨਾਲ ਜਾਨੈ। ਤੁਸੀਂ ਘਾਹ ਖੋਤਰਨਾ ਤੇ ਅਸੀ ਬੇਰ ਚੁਗ ਲਵਾਂਗੀਆਂ। ਪਿਉ ਮੰਨ ਗਿਆ। ਕੁਝ ਚਿਰ ਬਾਅਦ ਉਸ ਨੇ ਵੇਖਿਆ ਕਿ ਦੇ ਪਠਾਣ ਘੋੜੇ ਦੁੜਾਈ ਉਹਨਾਂ ਵੱਲ ਆ ਰਹੇ ਨੇ। 

(ਅਹਿਮਦ ਸ਼ਾਹ ਅਬਦਾਲੀ ਦੇ ਅੱਠਵੇਂ ਹਮਲੇ ਦੇ ਵੇਲੇ 1766 ਵਿਚ ਡੱਸਕੇ ਅਬਦਾਲੀ ਦੇ ਲਸ਼ਕਰ ਨੇ ਤੰਬੂ ਲਾਏ ਹੋਏ ਸਨ। ਫ਼ੌਜਾਂ ਇਲਾਕੇ ਦੀ ਗਸ਼ਤ ਕਰ ਰਹੀਆਂ ਸਨ। ਆਮ ਸੀ ਕਿ ਪਠਾਨ ਕੁੜੀਆਂ ਤੇ ਨੌਜਵਾਨ ਔਰਤਾਂ ਨੂੰ ਚੁੱਕ ਕੇ ਲੈ ਜਾਂਦੇ ਸਨ () 

ਡਰ ਦੇ ਮਾਰੇ ਪਿਉ ਨੇ ਕੁੜੀਆਂ ਨੂੰ ਲੈਟ ਜਾਣ ਵਾਸਤੇ ਆਖਿਆ। ਉਤੇ ਚਾਦਰ ਤੇ ਘਾਹ ਪਾ ਕੇ ਉਹਨਾਂ ਨੂੰ ਲੁਕਾ ਦਿੱਤਾ। ਆਪ ਦੂਜੇ ਪਾਸੇ ਜਾ ਕੇ ਘਾਹ ਖੋਤਰਨ ਲੱਗ ਪਿਆ। ਪਠਾਣ ਆਏ ਤੇ ਚਲੇ ਗਏ। ਵਾਪਸ ਆ ਕੇ ਘਾਹ ਫੋਲਿਆ। ਕੁੜੀਆਂ ਨਾ ਮਿਲੀਆਂ। ਚਾਰ ਚੁਫ਼ੇਰੇ ਵੇਖਿਆ। ਕੋਈ ਨਾਮ-ਨਿਸ਼ਾਨ ਨਾ ਮਿਲਿਆ। ਰੋਂਦਾ-ਰੋਂਦਾ ਘਰ ਆ ਗਿਆ। ਗ਼ਮ ਦਾ ਮਾਰਿਆ ਨਾ ਕੁਝ ਖਾਵੇ ਨਾ ਪੀਵੇ। ਕੌਣ ਉਹਨੂੰ ਦਲਾਸਾ ਦੋਵੇ ? 

ਇਕ ਰਾਤ ਦੋਵੇਂ ਕੁੜੀਆਂ ਪਿਉ ਨੂੰ ਸੁਪਨੇ ਵਿੱਚ ਮਿਲੀਆਂ। ਦੱਸਿਆ ਕਿ ਜਦੋਂ ਪਠਾਨਾਂ ਨੇ ਆ ਕੇ ਨੇਜ਼ਿਆਂ ਦੇ ਨਾਲ ਘਾਹ ਫੋਲਨਾ ਸ਼ੁਰੂ ਕੀਤਾ ਤਾਂ ਅਸੀ ਧਰਤੀ ਮਾਂ ਤੋਂ ਵੇਲ ਮੰਗੀ। ਧਰਤੀ ਫਟੀ, ਝੱਟ ਸਾਨੂੰ ਗੋਦ ਵਿੱਚ ਲੈ ਲਿਆ ਤੇ ਫੇਰ ਬੰਦ ਹੋ ਗਈ। ਸਬੂਤ ਦੇ ਤੌਰ ‘ਤੇ ਅਸੀ ਚੁੰਨੀ ਦੀ ਇਕ ਕੰਨੀ ਬਾਹਰ ਰਹਿਣ ਦਿੱਤੀ। ਪਿਉ ਨੂੰ ਆਖਿਆ ਜਾ ਕੇ ਵੇਖ ਲੈ, ਤਸੱਲੀ ਕਰ ਲੈ। ਪਿਉ ਗਿਆ। ਹੋਰ ਜੀ ਵੀ ਗਏ। ਸੱਚਮੁਚ ਓਸੇ ਥਾਂ ਤੇ ਚੁੰਨੀ ਦੀ ਟਾਕੀ ਮਿਲੀ। ਉਹ ਥਾਂ ਮਹਾਸਤੀਆਂ ਦੀ ਯਾਦਗਾਰ ਬਣ ਗਈ। 

** ** * 

ਭੂਆ ਮੁਲਖਾਂ-ਭਾਗ ਸਿੰਘ ਪਿੰਡ ਦਾ ਸਭ ਤੋਂ ਅਮੀਰ ਆਦਮੀ ਸੀ । ਪੁੱਤਰ ਵਾਹੀ ਕਰਦੇ ਸਨ ਤੇ ਆਪ ਸ਼ਾਹੂਕਾਰਾ। ਰੰਡਾ ਸੀ । ਇਕੋ ਭੈਣ ਸੀ, ਮੁਲਖਾਂ । ਵਿਆਹੀ ਹੋਈ। ਬੱਚਾ ਕੋਈ ਨਹੀਂ ਸੀ। ਜਦੋਂ ਬੱਚਾ ਹੋਣ ਦੀ ਆਸ ਖ਼ਤਮ ਹੋ ਗਈ ਤਾਂ ਸੌਹਰਾ ਘਰ ਛੱਡ ਕੇ ਪਿੰਡ ਆ ਗਈ । ਭਾਗ ਸਿੰਘ ਬੜਾ ਖ਼ੁਸ਼ ਹੋਇਆ ਕਿਉਂਕਿ ਉਹਨੂੰ ਸਾਥਣ ਦੀ ਲੋੜ ਸੀ ਜਿਹਦੇ ਤੇ ਉਹ ਵਿਸ਼ਵਾਸ ਕਰ ਸਕੇ, ਤੇ ਜਿਹੜੀ ਦਿਨ ਰਾਤ ਘਰ ਵਿਚ ਦੱਬੇ ਹੋਏ ਖਜ਼ਾਨੇ ਦੀ ਰਾਖੀ ਕਰ ਸਕੇ। ਦੋਵੇਂ ਸਵੇਰੇ ਸ਼ਾਮੀ ‘ਕੱਠੇ ਬੈਠ ਕੇ ਗੱਲਾਂ-ਬਾਤਾਂ ਕਰਦੇ। ਨੂਹਾਂ ਦੇ ਕੰਮਾਂ-ਕਾਜਾਂ ਵਿੱਚ ਕੋਈ ਦਖ਼ਲ ਨਾ ਦੇਂਦੇ। ਸਵੇਰੇ ਛਾ ਵੇਲਾ ਕਰਕੇ ਤੇ ਦੋ ਰੋਟੀਆਂ ਨਾਲ ਲੈ ਕੇ, ਭਰਾ ਘੋੜੀ ਤੇ ਪਿੰਡੋ ਪਿੰਡੀ ਸਾਮੀਆਂ ਨੂੰ ਮਿਲਣ ਚਲੇ ਜਾਂਦਾ। ਘਰ ਦੀ ਰਾਖਣ ਮੁਲਖਾਂ, ਸੋਟੀ ਲੈ ਘਰ ਦੀ ਗਲੀ ਦੇ ਦਰਵਾਜ਼ੇ ਅੱਗੇ ਬਹਿ ਜਾਂਦੀ। ਇਹ ਉਹਦੀ ਪੱਕੀ ਟੀਸੀ ਸੀ।  

ਭਾਵੇਂ ਮੂੰਹ ‘ਤੇ ਦੇ ਚਾਰ ਝੁਰੜੀਆਂ ਖੋ ਗਈਆਂ ਸਨ, ਮੁਲਖਾਂ ਸੋਹਣੀ ਸੀ। ਨਕੜ ਬੜੇ ਸੁਨੱਖ ਸਨ। ਪਰ ਸਭਾ ਦੀ ਬੜੀ ਖਰਵੀ ਸੀ। ਪਿੰਡ ਵਿੱਚ ਉਹਨੂੰ ਸਾਰੇ “ਮੂੰਹ ਜ਼ੋਰ ਸਿੰਘ” ਕਹਿੰਦੇ ਸਨ। ਬੜੀ ਡਾਡੀ ਸੀ। ਬੰਦਾ ਤਾਂ ਕੀ, ਕੋਈ ਕੁੱਤਾ ਵੀ ਗਲੀ ਵਿੱਚ ਨਹੀਂ ਸੀ ਵੜ ਸਕਦਾ। ਜੇ ਕਿਸੇ ਬੰਦੇ ਨੂੰ ਗਲੀ ਦੇ ਹੋਰ ਘਰ ਵਿੱਚ ਵੀ ਕੰਮ ਹੋਵੇ ਭੂਆ ਉਸ ਦਾ ਅੱਗਾ-ਪਿੱਛਾ ਛਾਣ ਕੇ ਰਾਹ ਦੇਂਦੀ। ਗਲੀ ਦਾ ਰਾਹ ਬਾਜ਼ਾਰ ਦੇ ਵਿੱਚੋਂ ਦੀ ਸੀ। ਕੋਈ ਵੀ ਬਾਜ਼ਾਰ ਵਿੱਚੋਂ ਲੰਘੇ, ਭੂਆ ਮੁਲਖਾਂ ਦੇ ਨਾਲ ਜ਼ਰੂਰ ਗੱਲਾਂ ਕਰੋ। ਦੇ ਖ਼ਬਰਾਂ ਸੁਣ ਜਾਏ। ਦੋ ਸੁਣਾ ਜਾਏ। ਪਿੰਡ ਦੀਆਂ ਸਾਰੀਆਂ ਖ਼ਬਰਾਂ ਦਾ ਅੱਡਾ ਸੀ। ਪਿੰਡ ਦੀਆਂ ਜ਼ਨਾਨੀਆਂ ਭੂਆ ਦੇ ਨੇੜੇ ਨਹੀਂ ਸਨ ਲੱਗਦੀਆਂ। 

ਮੁੰਡਿਆਂ ਨੂੰ ਭੂਆ ਮੁਲਖਾਂ ਬੜੀ ਚੰਗੀ ਲੱਗਦੀ। ਖੇਡਦੇ ਖੇਡਦੇ ਆ ਕੇ ਭੂਆ ਦੇ ਦੁਆਲੇ ਹੋ ਜਾਂਦੇ ਸਨ। ਭੂਆ ਟੋਕਰੀ ਵਿੱਚੋਂ ਮੂਲੀਆਂ, ਗਾਜਰਾਂ, ਤਰਾਂ ਉਹਨਾਂ ਨੂੰ ਦੇਂਦੀ। ਹਰ ਇਕ ਦਾ ਹਾਲ ਪੁੱਛਦੀ। ਗੱਲਾਂ ਕਰਦੀ। ਉਹਨਾਂ ਦੀਆਂ ਕਰਤੂਤਾਂ ਸੁਣਦੀ ਪਰ ਉਹਨਾਂ ‘ਤੇ ਪੋਚਾ ਪਾਈ ਰੱਖਦੀ। ਭੂਆ ਨੇ ਕਿਸੇ ਨੂੰ ਸੁਨੇਹਾ ਪੱਤਰ ਭੇਜਣਾ ਹੋਵੇ। ਤਾਂ ਉਹਦਾ ਅਰਦਲੀਆਂ ਵਾਂਗਰ ਕੰਮ ਕਰਦੇ। ਆਪਸ ਵਿਚ ਪਿਆਰੀ ਤੇ ਨਿਘੀ ਸਾਂਝ मी। 

ਭੂਆ ਸੰਤੋ—ਜਵਾਨ ਹੋਈ, ਵਿਆਹ ਹੋ ਗਿਆ। ਪੁੱਤਰ ਜੰਮ ਪਿਆ। ਭੈੜੇ ਦਿਨ। ਆਉਣੇ ਸਨ। ਘਰਵਾਲਾ ਮਰ ਗਿਆ। ਸੌਹਰੇ ਘਰ ਰਹਿਣਾ ਔਖਾ ਹੋ ਗਿਆ । ਵਾਪਸ ਪਿੰਡ ਆ ਗਈ। ਅੰਮ੍ਰਿਤ ਛਕਿਆ, ਕਿਰਪਾਨ ਪਾਉਣੀ ਸ਼ੁਰੂ ਕੀਤੀ। ਸਵੇਰੇ-ਸ਼ਾਮ ਪਾਠ ਕਰਦੀ। ਇਕਲੌਤੀ ਧੀ ਸੀ । ਮਾਂ-ਪਿਉ ਗੁਜ਼ਰ ਗਏ। ਪੁੱਤਰ ਵੀ ਬਹੁਤਾ ਨਾਣਕੇ ਘਰ ਹੀ। ਰਹਿੰਦਾ ਸੀ। ਘਰ ਵਿੱਚ ‘ਕੱਲੀ ਪਰ ਨਿਡਰ। ਪਿੰਡ ਵਿੱਚ ਕਿਸੇ ਨੇ ਵਾਂਢੇ ਜਾਣਾ ਹੋਵੇ ਤਾਂ ਸੰਤ ਕੌਰ ਦਾ ਤਰਲਾ ਮਾਰਦੀਆਂ। ਬੱਚਿਆਂ ਨੂੰ ਇਸ ਤਰ੍ਹਾਂ ਸਾਂਭਦੀ ਜਿਵੇਂ ਆਪਣੇ ਜੰਮੇ ਹੋਣ। ਸੰਤੋਖ ਤੇ ਸਬਰ ਦੇ ਨਾਲ ਵਕਤ ਕੱਟਦੀ। ਪਿਉ ਦੇ ਪੈਸੇ ਮੁੱਕ ਗਏ। ਅਣਖ ਵਾਲੀ ਸੀ। ਆਪਣੇ ਪੈਰਾਂ ‘ਤੇ ਖਲੋਣਾ ਚਾਹੁੰਦੀ ਸੀ । ਕੁਝ ਕਿਰਤ ਕਰਨ ਦਾ ਖ਼ਿਆਲ ਆਇਆ। 

ਭੂਆ ਸੰਤੋ ਨੇ ਸੇਵੀਆਂ ਵੱਟਣੀਆਂ ਸ਼ੁਰੂ ਕਰ ਦਿੱਤੀਆਂ। ਕੋਈ ਮੈਦਾ ਦੇ ਜਾਏ ਜਾਂ ਆਟਾ ਤੇ ਮੈਦਾ ਰਲਿਆ ਹੋਇਆ ਦੇ ਜਾਏ, ਸੰਤੋ ਪ੍ਰੇਮ ਦੇ ਨਾਲ ਗੁੰਨ੍ਹਦੀ ਤੇ ਵਿਚਕਾਰਲੀ ਉਂਗਲ ਤੇ ਅੰਗੂਠੇ ਦੇ ਨਾਲ ਸੇਵੀਆਂ ਵੱਟਦੀ। ਸੇਵੀਆਂ ਵਿੱਚ ਆਪਣੇ ਦਿਲ ਦਾ ਪ੍ਰੇਮ ਪਾ ਦੇਂਦੀ। ਮਿੱਠੀਆਂ, ਬਰੀਕ, ਇਕ ਇਕ ਸੇਵੀਂ ਵੱਖਰੀ। ਮਸ਼ਹੂਰ ਹੋ ਗਈ। ਗਾਹਕ ਵਧਦੇ ਗਏ। ਲੋਕੀਂ ਆਟਾ ਮੈਦਾ ਦੇ ਜਾਂਦੇ, ਸੰਤੋ ਸੇਵੀਆਂ ਵੱਟ ਦੇਂਦੀ। ਸੁਕਾ ਕੇ ਮਲਮਲ ਦੀਆਂ ਪੋਟਲੀਆਂ ਬੰਨ੍ਹ ਦੇਂਦੀ । ਲੋਕੀਂ ਆ ਕੇ ਲੈ ਜਾਂਦੇ । ਕਿਸੇ ਨੂੰ ਸ਼ੌਕ ਹੋਵੇ ਤਾਂ ਰੰਗ ਬਰੰਗੀਆਂ ਸੇਵੀਆਂ ਵੀ ਬਣਾ ਦੇਂਦੀ। ਕਾਰੋਬਾਰ ਵਧ ਗਿਆ। ਕਈ ਵਾਰੀ ਸਾਰੀ-ਸਾਰੀ ਰਾਤ ਮੂੰਹ ਵਿੱਚ ਸ਼ਬਦ ਗੁਨਗੁਣਾਂਦੀ ਤੇ ਸੇਵੀਆਂ ਵੱਟਦੀ। ਸੇਤੋਂ ਇਕ ਵਾਹਿਦ ਔਰਤ ਸੀ ਜਿਸ ਦੇ ਮਨ ਵਿੱਚ ਸੁਝਾਅ ਆਇਆ, ਮਿਹਨਤ ਕੀਤੀ ਤੇ ਇਕ ਨਵਾਂ ਕਾਰੋਬਾਰ ਚਲਾ ਦਿੱਤਾ। ਕਿਆ ਬਾਤ ਭੂਆ ਸੰਤੋ ਦੀ।  

ਭੂਆ ਈਸਰੋ-ਪਿੰਡ ਵਿੱਚ ਨਾ ਰਹਿੰਦੀ ਹੋਈ ਵੀ, ਈਸਰੇ (ਈਸਰ ਕੌਰ 1889- 1945) ਪਿੰਡ ਦੀ ਭੂਆ ਅਖਵਾਂਦੀ ਸੀ। ਇਸ ਸਾਂਝ ਦੀਆਂ ਤਿੰਨ ਥੰਮੀਆਂ ਸਨ। 

ਮੁਹੱਲੇ ਦੀਆਂ ਜਨਾਨੀਆਂ, ਬੱਚੇ ਤੇ ਛੋਟਾ ਭਰਾ। ਈਸਰੇ ਛੇ ਸਾਲ ਦੀ ਸੀ ਜਦੋਂ ਮਾਂ ਗੁਜ਼ਰ ਗਈ। ਮਾਂ ਦੀ ਕੱਲੀ ਧੀ ਸੀ। ਚਾਰ-ਪੰਜ ਸਾਲ ਲੰਘੇ ਤਾਂ ਦੋਵੇ ਭਰਜਾਈਆਂ ਇਕ ਇਕ ਬਲੂੰਗਾ ਛੱਡ ਕੇ ਕੂਚ ਕਰ ਗਈਆਂ। ਛੋਟੀ ਉਮਰ ਵਿਚ ਹੀ ਈਸਰੇ ਟੱਬਰ ਦੀ “ਮਾਂ” ਬਣ ਗਈ। ਹਰ ਕੋਈ ਦੰਗ ਰਹਿ ਗਿਆ ਕਿ ਕਿਸ ਤਰ੍ਹਾਂ ਈਸਰ ਨੇ ਘਰ ਸੰਭਾਲ ਲਿਆ ਏ। ਮੁਹੱਲੇ ਦੀਆਂ ਜ਼ਨਾਨੀਆਂ ਦੇ ਦਿਲ ਤੇ ਰੂਹ ਇਸ ਨਿੱਕੀ ਜਿਹੀ ਕੁੜੀ ਦੇ ਨਾਲ ਜੁੜ ਗਏ। ਮਦਦ ਕਰਨ, ਪਿਆਰ ਵੰਡਣ। ਸੋਲ੍ਹਾਂ ਸਾਲਾਂ ਦੀ ਹੋਈ ਤਾਂ ਤੱਤਲੇ ਵਿਆਹੀ ਗਈ। ਘਰਵਾਲਾ ਬਲਾਕਾ ਸਿੰਘ ਭਾਈ ਲਾਲੋ ਦੀ ਅੰਸ਼ ਵਿੱਚੋਂ ਸੀ। ਅੱਧੇ ਪਿੰਡ ਦੇ ਮਾਲਕ ਸਨ। ਡੰਗਰ ਘੋੜੀਆਂ ਬੜੀਆਂ ਸਨ। ਸਰੀਫ਼ ਸਨ। ਕਿਸੇ ਖੇਤ ਤੇ ਕੋਈ ਧਰਨਾ ਮਾਰ ਲਵੇਂ ਤਾਂ ਸਾਲ ਪਿਛੋਂ ਪਤਾ ਲਗਦਾ। ਬੜੇ ਦਾਨੀ ਸਨ। ਪਿੰਡ ਵਿਚ ਮੰਦਰ ਤੇ ਗੁਰਦੁਆਰਾ ਬਣਾਇਆ। 

ਈਸਰੋ ਦਾ ਦਿਲ ਤੇ ਰੂਹ ਆਪਣੇ ਛੋਟੇ ਭਰਾ ਦੀਵਾਨ ਦੇ ਨਾਲ ਜੁੜੇ ਹੋਏ ਸਨ। ਜਦੋਂ ਵੀ ਜੀ ਓਦਰ ਜਾਂਦਾ, ਘੋੜੀ ਲੈ ਕੇ ਪੇਕੇ ਆ ਜਾਂਦੀ। ਇਮਨਾਬਾਦ ਦੇ ਮੁਸ਼ਕਨ ਦੇ ਚੌਲ ਮਸ਼ਹੂਰ ਸਨ । ਘਰ ਦੇ ਖ਼ਸ਼ਬਦਾਰ ਚੌਲਾਂ ਦੀਆਂ ਇਕ-ਦੋ ਬੋਰੀਆਂ ਨਾਲ ਲੈ ਆਉਂਦੀ । ਦੋ-ਦੋ ਗਲਾਸ ਸਾਰੀਆਂ ਜ਼ਨਾਨੀਆਂ ਨੂੰ ਵੰਡਦੀ। ਸੁਗਾਤ ਲੈ ਕੇ ਜਾਣਾ। ਕਲਚਰ ਦਾ ਹਿੱਸਾ ਸੀ । ਸਾਂਝ ਬਣੀ ਰਹਿੰਦੀ ਸੀ। ਆਏ ਮਗਰੋਂ ਤੇ ਗੱਲ ਪਹਿਲੋਂ ਫੈਲ ਜਾਂਦੀ ਕਿ ਭੂਆ ਆ ਗਈ ਏ। ਬੱਚਿਆਂ ਨੇ ਚਾਂਬਲ ਜਾਣਾ ਕਿਉਂਕਿ ਉਹਨਾਂ ਨੂੰ ਨਿੱਤ ਨਵੀਆਂ ਕਹਾਣੀਆਂ ਸੁਣਾਂਦੀ ਸੀ। ਜੇ ਤੱਤਲੇ ਮੁੰਜੀ ਬੜੀ ਹੁੰਦੀ ਸੀ ਤਾਂ ਕੱਲਰ ਵੀ ਬੜਾ ਸੀ। ਕੱਲਰ ਦੇ ਸੱਪ ਬੜੇ ਜ਼ਹਿਰੀਲੇ ਹੁੰਦੇ ਸਨ। ਭੂਆ ਦੀਆਂ ਬਹੁਤੀਆਂ ਕਹਾਣੀਆਂ ਵਿੱਚ ਸੱਪਾਂ ਦਾ ਜ਼ਿਕਰ ਹੁੰਦਾ ਸੀ। ਇਕ ਕਹਾਣੀ ਤਾਂ ਬੱਚਿਆਂ ਦੇ ਮਨਾਂ ਵਿੱਚੋਂ ਨਿਕਲਦੀ ਹੀ ਨਹੀਂ ਸੀ। 

ਖੇਤਾਂ ਵਿੱਚ ਕੰਮ ਕਰਨ ਵਾਲਿਆਂ ਦੇ ਹੱਥ-ਪੈਰ ਤੇ ਲੱਤਾਂ-ਬਾਵਾਂ ਹਮੇਸ਼ਾ ਨੰਗੀਆਂ ਹੁੰਦੀਆਂ ਸਨ। ਮੁੰਜੀ ਦੇ ਗਿੱਟੇ-ਗਿੱਟੇ ਹੋਣ ਤਕ, ਹਰ ਚੌਥੇ ਦਿਨ ਪੈਲੀਆਂ ਨੂੰ ਪਾਣੀ ਦੇਣਾ ਹੁੰਦਾ ਸੀ। ਪਾਣੀ ਭਰ ਜਾਏ ਤਾਂ ਸੱਪ ਵੀ ਨਿਕਲ ਆਉਂਦੇ ਸਨ। ਸ਼ਾਮ ਹੋਣ ਵਾਲੀ ਸੀ। ਦੋ ਭਰਾ ਨੱਕੇ ਬੰਨ੍ਹ ਰਹੇ ਸਨ । ਇਕ ਨੂੰ ਨਾਗ ਲੜ ਗਿਆ। ਸਕਿੰਟਾਂ ਦੇ ਵਿਚ ਹੀ ਮਰ ਗਿਆ। ਦੂਜੇ ਭਰਾ ਨੇ ਦੌੜ ਕੇ ਘੋੜੀ ਆਂਦੀ। ਭਰਾ ਨੂੰ ਚੁੱਕ ਕੇ ਘੋੜੀ ‘ਤੇ ਪਾਇਆ ਤੇ ਪਿੰਡ ਵਲ ਦੁੜਕੀ ਲਾਈ। ਜ਼ਹਿਰ ਫੈਲ ਗਿਆ। ਨਾੜਾਂ ਫੱਟ ਗਈਆਂ। ਮੂੰਹ ਤੇ ਜਿਸਮ ਵਿੱਚੋਂ ਖੂਨ ਵਗ ਪਿਆ। ਭਰਾ ਘੋੜੀ ਦੁੜਾਈ ਜਾਏ। ਘੋੜੀ ਦੀ ਪਿੱਠ ਖੂਨ ਦੇ ਨਾਲ ਲਿਬੜ ਗਈ। ਜ਼ਹਿਰ ਇੰਨਾ ਤੇਜ਼ ਸੀ, ਘੋੜੀ ਦਾ ਮਾਸ ਫਟ ਗਿਆ। ਖੂਨ, ਖੂਨ ਵਿੱਚ ਜਾ ਰਚਿਆ। ਘੋੜੀ ਵੀ ਮਰ ਗਈ। ਭੂਆ ਬੱਚਿਆਂ ਨੂੰ ਆਖੇ ਕਿ ਬਾਰਸ਼ਾਂ ਦੇ ਦਿਨਾਂ ਵਿਚ ਖ਼ਾਸ ਧਿਆਨ ਰੱਖੋ। ਜਦੋਂ ਸੱਪਾਂ ਦੀਆਂ ਮੋਰੀਆਂ ਵਿੱਚ ਪਾਣੀ ਜਾਂਦੈ, ਸੱਪ ਨਿਕਲ ਆਉਂਦੇ ਨੇ। 

ਕਦੀ-ਕਦਾਈਂ ਬਲਾਕਾ ਸਿੰਘ ਵੀ ਭੂਆ ਦੇ ਨਾਲ ਆਉਂਦਾ। ਕਿਸਮ ਕਿਸਮ ਦੀਆਂ ਅਵਾਜ਼ਾਂ ਕੱਢ ਕੇ ਵੰਨ-ਸਵੰਨੀਆਂ ਕਹਾਣੀਆਂ ਸੁਣਾਉਂਦਾ। ਇਕ ਕਹਾਣੀ ਬਿੱਲੀ ਤੇ ਬਘਿਆੜ ਦੀ ਸੀ। ਜੰਗਲ ਵਿੱਚ ਰਹਿੰਦੇ ਸਨ। 

ਬਿੱਲੀ ਦੇ ਤਿੰਨ ਬਲੂੰਗੇ ਹੋਏ। ਪਿਆਰ ਨਾਲ ਉਹਨਾਂ ਨੂੰ ਚੁੰਮੇਂ, ਚੱਟੇ ਤੇ ਫੇਰ ਦੁੱਧ ਪਿਆਏ। ਉਹਨਾਂ ਦਾ ਨਾਂ ਰੱਖ ਦਿੱਤਾ “ਪੁੱਤਰ ਅੱਖਨਾ, ਪੁੱਤਰ ਮੱਖਨਾ, ਧੀ ਭੋਲਾਂ ।” ਹੁਣ ਬਿੱਲੀ ਨੇ ਸ਼ਿਕਾਰ ਜਾਣਾ ਹੁੰਦਾ ਸੀ | ਗਾਰ ਦੇ ਮੂੰਹ ਅੱਗੇ ਦਰਵਾਜ਼ਾ ਬਣਾਇਆ। ਚਿਟਕਣੀ ਲਾਈ। ਬੱਚਿਆਂ ਨੂੰ ਤਾਕੀਦ ਕੀਤੀ ਕਿ ਕਦੀ ਬਾਹਰ ਨਾ ਜਾਣਾ। ਕੁੰਡੀ ਤਾਂ ਖੋਲਣਾ ਜਦੋਂ ਮੈਂ ਆ ਕੇ ਤੁਹਾਡਾ ਨਾਂ ਲੈ ਕੇ ‘ਵਾਜ ਮਾਰਾਂ। ਹੋਰ ਕਿਸੇ ਵਾਸਤੇ ਨਾ ਖੋਲਣਾ। 

ਤੁਰਦੇ-ਫਿਰਦੇ ਬਘਿਆੜ ਨੇ ਬਲੂੰਗੇ ਵੇਖੇ। ਮੂੰਹ ਵਿੱਚ ਪਾਣੀ ਆ ਗਿਆ। ਵੇਖਦਾ ਰਿਹਾ ਕਿ ਬਿੱਲੀ ਗ਼ਾਰ ਦਾ ਦਰਵਾਜ਼ਾ ਕਿਸ ਤਰ੍ਹਾਂ ਖੁਲਾਂਦੀ ਏ । ਸਾਂਘ ਲਾਣਾ ਸਿਖ ਗਿਆ। ਇਕ ਦਿਨ ਆ ਕੇ ਬੋਲਿਆ, “ਪੁਟੜ ਔਖਨਾ, ਪੁਟੜ ਮੌਖਨਾ, ਡੀ ਭੋਲੜੀਆਂ ਦਰਵਾਜ਼ਾ ਖੋਲੋ”। ਬਲੂੰਗੇ ਦੌੜੇ ਆਏ। ਸੋਚਣ ਲੱਗੇ ਇਹ ਤਾਂ ਸਾਡੀ ਮਾਂ ਦੀ ਅਵਾਜ਼ ਨਹੀਂ। ਵਾਪਸ ਗ਼ਾਰ ਵਿੱਚ ਜਾ ਲੁਕੇ । ਬਘਿਆੜ ਤੁਰ ਗਿਆ। ਬਿੱਲੀ ਆਈ। ਪਿਆਰ ਭਰੀ ਸੁਰੀਲੀ ਅਵਾਜ਼ ਨਾਲ ਬੋਲੀ “ਪੁੱਤਰ ਅੱਖਨਾ, ਪੁਤਰ ਮੱਖਨਾ, ਧੀ ਭੋਲਾਂ, ਦਰਵਾਜ਼ਾ ਖੋਲੋ”। ਅਵਾਜ਼ ਪਛਾਣ ਕੇ ਬਲੂੰਗੇ ਦੌੜੇ ਆਏ। ਕੁੰਡੀ ਖੋਲੀ। ਮਾਂ ਨੂੰ ਦੱਸਿਆ ਕਿ ਕੋਈ ਹੋਰ ਜਾਨਵਰ ਆਇਆ ਸੀ । ਸਾਨੂੰ ਆਖੇ ਦਰਵਾਜ਼ਾ ਖੋਲ੍ਹੋ। ਅਸੀਂ ਨਹੀਂ ਸੀ ਖੋਲਿਆ। ਮਾਂ ਖ਼ੁਸ਼ ਹੋਈ। ਬੱਚਿਆਂ ਨੂੰ ਚੁੰਮਿਆ ਚੱਟਿਆ, ਦੁੱਧ ਪਿਆਇਆ। ਪਰ ਚੁਕੰਨੀ ਹੋ ਗਈ। ਸ਼ਿਕਾਰ ਖੇਡਣ ਜਾਏ ਤਾਂ ਛੇਤੀ ਵਾਪਸ ਆ ਜਾਏ। 

ਬਘਿਆੜ ਨੇੜਿਉਂ ਵੇਖਦਾ ਰਿਹਾ। ਬਿੱਲੀ ਦੀ ਅਵਾਜ਼ ਦਾ ਸਾਂਗ ਲਾਣਾ ਠੀਕ ਸਿਖ ਲਿਆ। ਇਕ ਦਿਨ ਮੁੱਛਾਂ ਨੂੰ ਤਾਅ ਦੇ ਕਿ ਆਇਆ। ਸਹਿਜੇ-ਸਹਿਜੇ ਬੋਲਿਆ। 

“ਪੁੱਤਰ ਅੱਖਨਾ, ਪੁੱਤਰ ਮੱਖਨਾ, ਧੀ ਭੋਲਾਂ, ਦਰਵਾਜ਼ਾ ਖੋਲ”। ਬਲੂੰਗੇ ਦੌੜੇ ਆਏ। ਕੁਝ ਚਿਰ ਝਿਜਕੇ। ਫੇਰ ਸੋਚਿਆ ਅਵਾਜ਼ ਤਾਂ ਮਾਂ ਦੀ ਲੱਗਦੀ ਏ। ਕੁੰਡੀ ਖੋਲ ਦਿੱਤੀ। ਬਘਿਆੜ ਨੂੰ ਵੇਖਦਿਆ ਹੀ, ਗਾਰ ਵਿਚ ਇਧਰ-ਉਧਰ ਦੌੜ ਗਏ। ਬਘਿਆੜ ਅਜੇ ਲੱਭਦਾ ਹੀ ਪਿਆ ਸੀ, ਉਤੋਂ ਬਿੱਲੀ ਆ ਗਈ। ਸ਼ੇਰਨੀ ਵਾਂਗਰ ਪੈ ਗਈ। ਬਘਿਆੜ ਦੁਮ ਦਬਾ ਕੇ ਵਾਪਸ ਮੁੜਿਆ। ਬਿੱਲੀ ਨੇ ਖਰੂੰਦਰਾਂ ਮਾਰੀਆਂ, ਪੁਸ਼ਲ ਤੇ ਚੱਕੀ ਵੱਢੀ। ਬਘਿਆੜ ਦੌੜ ਗਿਆ। ਬਿੱਲੀ ਨੇ ਬੱਚਿਆਂ ਨੂੰ ‘ਵਾਜਾਂ ਮਾਰੀਆਂ। ਤਿੰਨੇ ਘਾਬਰੇ ਹੋਏ ਆ ਗਏ। ਮਾਂ ਨੇ ਗੋਦੀ ਵਿੱਚ ਲੈ ਲਿਆ। ਫੇਰ ਤਾਕੀਦ ਕੀਤੀ ਕਿ ਹਮੇਸ਼ਾਂ ਹੁਸ਼ਿਆਰ ਰਿਹਾ ਕਰੋ। 

25 

ਗੁਣਾਂ ਦੇ ਗੁਥਲੇ 

ਜੱਦੀ ਸਰਦਾਰ : ਵਜ਼ੀਰ ਸਿੰਘ-ਖੜਕ ਸਿੰਘ ਪਿੰਡ ਦੇ ਦੋ ਜੱਦੀ ਸਰਦਾਰ ਸਨ। 

ਉਹਨਾਂ ਦਾ ਦਾਦਾ ਮਹਾਰਾਜਾ ਰਣਜੀਤ ਸਿੰਘ ਦੀ ਖ਼ਾਸ ਫੋਜ਼ ਵਿੱਚ ਘੋੜ ਚੜ੍ਹਿਆ ਸੀ। ਸਿੱਖ ਰਾਜ ਦੇ ਖਾਤਮੇਂ ਬਾਅਦ ਪਿੰਡ ਵਾਪਸ ਆ ਕੇ ਤਰਖਾਨਾ ਵਾਲੇ ਖੂਹ ਤੇ ਜ਼ਮੀਨ ਖ਼ਰੀਦ ਲਈ ਤੇ ਅਰਾਮ ਨਾਲ ਵਾਹੀ ਕਰਨ ਲੱਗ ਪਿਆ। ਸਿੱਖ ‘ਸਰਦਾਰ’ ਦੀ ਬੜੀ ਇੱਜ਼ਤ ਸੀ। ਦਿਲ ਬੜਾ ਵੱਡਾ ਸੀ। ਪੁੱਤਰ ਤੇ ਪੋਤਰਿਆਂ ਨੇ ਖ਼ਾਨਦਾਨੀ, ਇੱਜ਼ਤ ਤੇ ਆਬਰੂ ਨੂੰ ਕਾਇਮ ਰੱਖਿਆ। ਵੇਲਾ ਆਇਆ ਜਦੋਂ ਆਮਦਨ ਨਾਲੋਂ ਖ਼ਰਚੇ ਵਧ ਗਏ, ਜ਼ਮੀਨ ਗਹਿਣੇ ਪਾਣੀ ਪਈ। ਤਾਂ ਵੀ ਦਰਿਆ ਦਿਲ ਈ ਰਹੇ। ਖੂਹ ਤੇ ਜਿਹੜਾ ਵੀ ਲੋੜਵੰਦ ਆਇਆ, ਉਹਨੂੰ ਇੱਜ਼ਤ ਤੇ ਮਾਣ ਦਿੱਤਾ । ਬੱਚੇ ਆਮ ਖੂਹ ਤੇ ਆਉਂਦੇ ਰਹਿੰਦੇ। ਦਰੱਖਤਾਂ ਤੇ ਚੜ੍ਹ ਕੇ ਜਾਮੂਨ ਤੇ ਲਸੂੜੇ ਖਾਂਦੇ। ਕੋਈ ਕੁਝ ਨਾ ਕਹਿੰਦਾ। ਖੂਹ ‘ਤੇ ਕੁਸ਼ਤੀਆਂ ਹੁੰਦੀਆਂ, ਕੌਡੀ ਖੇਡੀ ਜਾਂਦੀ, ਸੁਹਾਗਾ ਚੁੱਕਿਆ ਜਾਂਦਾ। ਰਾਤ ਨੂੰ ਕੋਈ ਵੰਝਲੀ ਤੇ ਮੁਰਲੀ ਵਜਾਂਦਾ। ਪਰ ਸ਼ਰਾਬ ਨਾ ਕੋਈ ਪੀਂਦਾ, ਨਾ ਕਢਦਾ, ਨਾ ਪਿਲਾਂਦਾ। ਜਦੋਂ ਸਰਦਾਰਾਂ ਦੀ ਮਾਂ ਗੁਜ਼ਰੀ ਤੇ ਉਹਨੂੰ ਚਿੱਟੇ ਖੱਦਰ ਦੀ ਬਜਾਏ ਰੇਸ਼ਮ ਵਿੱਚ ਲਪੇਟਿਆ ਗਿਆ। ਸੰਤ ਅਤਰ ਸਿੰਘ ਨੇ ਆ ਕੇ ਅਰਥੀ ਦੀ ਅਗਵਾਈ ਕੀਤੀ ਤੇ 

ਸ਼ਬਦ ਪੜਿਆ : 

ਮਹਿਲਾਂ ਵਿੱਚ ਸੌਣ ਵਾਲੀਏ

ਤੇਰੇ ਅਰਸ਼ਾਂ ਤੇ ਹੋਣਗੇ ਬਸੇਰੇ । 

ਵਜ਼ੀਰ ਸਿੰਘ ਦੇ ਫ਼ੇਫੜੇ ਇੰਨੇ ਵੱਡੇ ਸਨ ਕਿ ਜਦੋਂ ਗੱਜਦਾ ਸੀ ਤਾਂ ਮੀਲਾਂ ਤਕ ਅਵਾਜ਼ ਜਾਂਦੀ ਸੀ। ਇਕ ਵਾਰੀ ਉਹਨਾਂ ਦੀ ਘੋੜੀ ਦੌੜ ਗਈ। ਵਜ਼ੀਰ ਸਿੰਘ ਸੜਕ ਤੇ ਖਲੋ ਕੇ ਗੱਜਿਆ। ਅਮਰ ਸਿੰਘ ਨੇ ਡੱਸਕੇ ਅਵਾਜ਼ ਸੁਣ ਲਈ। ਨਹਿਰ ਦੇ ਕੋਲ ਘੋੜੀ ਨੂੰ ਪਕੜ ਕੇ ਪਿੰਡ ਛੱਡ ਗਿਆ। ਖੜਕ ਸਿੰਘ ਦਾ ਇਕਲੌਤਾ ਪੁੱਤਰ ਅਜੀਤ ਪਿੰਡ ਵਿੱਚ ਸੁਹਾਗਾ ਚੁੱਕਦਾ, ਵੇਖ ਕੇ ਲੋਕੀਂ ਬੱਲੇ-ਬੱਲੇ ਕਰਦੇ। ਇਕ ਵਾਰੀ ਇਕੋ ਹੱਥ ਨਾਲ ਬਾਲਾ ਕੱਢਿਆ। ਸੁਹਾਗਾ ਤਿਲਕ ਗਿਆ। ਧੌਣ ਟੁੱਟ ਗਈ। ਅਠਾਰਾਂ ਸਾਲਾਂ ਦਾ ਖੂਬਸੂਰਤ ਗੱਭਰੂ ਐਵੇਂ ਹੀ ਚਲਾ ਗਿਆ। ਪਿੰਡ ਵਿੱਚ ਕੋਈ ਅੱਖ ਨਹੀਂ ਸੀ ਜਿਸ ਅੱਥਰੂ ਨਾ ਕਰੇ ਹੋਣ ਵਜ਼ੀਰ ਸਿੰਘ ਦਾ ਵੀ ਇਕੋ ਪੁੱਤਰ (ਖ਼ਜ਼ਾਨ ਸਿੰਘ) ਸੀ। ਯੂ.ਪੀ. ਪੁਲਿਸ ਦੀ ਨੌਕਰੀ ਛੱਡ ਕੇ ਵਾਪਸ ਘਰ ਨੂੰ ਮੁੜ ਆਇਆ। 

ਸੰਗੀਨ ਚਟਾਨ : ਕਾਹਨ ਸਿੰਘ ਦੇ ਲੰਮੇ ਜੀਵਨ ਦੇ ਭਾਂਤ-ਭਾਂਤ ਦੇ ਦ੍ਰਿਸ਼, ਫ਼ਿਲਮ ਦੀਆਂ ਝਾਕੀਆਂ ਵਾਂਗਰ ਸਨ । ਬਚਪਨ ਵਿੱਚ ਮਿਹਨਤ, ਜਵਾਨੀ ਵਿੱਚ ਹੱਡਾਂ ਦੀ ਰਗੜਾਈ, ਅੱਧਖੜ ਉਮਰ ਵਿੱਚ ਦੁੱਖਾਂ ਦੀ ਹਨੇਰੀ, ਫੇਰ ਪੁੱਤਰ-ਪੋਤਰਿਆਂ ਦੀਆਂ ਕਾਮਯਾਬੀਆਂ, ਬੁੱਢੇ ਵੇਲੇ ਰੂਹ ਨੂੰ ਸ਼ਾਂਤੀ, ਤਕਰੀਬਨ ਸੋ ਸਾਲ ਦੀ ਉਮਰੇ 1934 ਵਿੱਚ ਸ਼ਾਹੀ ਰਵਾਨਗੀ। ਜੀਵਨ ਵਿੱਚ ਹਿੰਮਤ, ਹੌਸਲਾ ਤੇ ਦ੍ਰਿੜਤਾ ਪਿਘਲ ਕੇ ਇਕ-ਮਿਕ ਹੋ ਗਏ ਸਨ। ਕਾਹਨ ਸਿੰਘ ਇਕ ਸੰਗੀਨ ਚਟਾਨ ਸੀ। ਨਾ ਖੁਰੀ, ਨਾ ਤਿੜਕੀ। 

ਕਾਹਨ ਦੇ ਬਚਪਨ ਵਿੱਚ ਸਿੱਖ ਰਾਜ ਦਾ ਸਿਤਾਰਾ ਡੁੱਬਿਆ ਤੇ ਅੰਗ੍ਰੇਜ਼ਾਂ ਦਾ ਚੜ੍ਹਿਆ। ਕਾਹਨ ਨੇ ਕਿਸੇ ਰਾਜ-ਭਾਗ ਦੀ ਕਦੀ ਗੱਲ ਨਹੀਂ ਸੀ ਕੀਤੀ। ਆਪਣੇ ਕੰਮ ਵਿੱਚ ਮਸਤ। ਪਿਉ-ਦਾਦੇ ਪੁਸ਼ਤਾਂ ਤੋਂ ਹਸਨੇ ਵਾਲੇ ਖੂਹ ਦੇ ਮਾਲਕ ਸਨ । ਵਾਹੀ ਕਰਦੇ ਪਰ ਮਿਸਤਰੀਆਂ ਦਾ ਖ਼ਾਨਦਾਨੀ ਕੰਮ ਵੀ ਕਰਦੇ। ਹਿੱਸੇ ਦੀ ਜ਼ਮੀਨ ਹੌਲੀ-ਹੌਲੀ ਘਟਦੀ ਗਈ। ਟੱਬਰ ਦੇ ਨੌਜਵਾਨ ਵਾਰੀ-ਵਾਰੀ ਸ਼ਹਿਰਾਂ ਨੂੰ ਚਲੇ ਗਏ। ਖੇਤੀ ਕਾਹਨ ਦੇ ਜ਼ੁੰਮੇਂ ਪੈ ਗਈ। ਕਾਹਨ ਨੇ ਲਗਨ ਦੇ ਨਾਲ ਨਿਭਾਈ। ਵੱਡੇ ਪੁੱਤਰਾਂ ਨੂੰ ਵੀ ਕਾਸ਼ਤਕਾਰੀ ਵਿਚ ਪਾ ਦਿਤਾ। ਬਾਵਾਂ ਵਧ ਗਈਆਂ, ਆਮਦਨ ਵਧ ਗਈ। ਉਨੇ ਚਿਰ ਨੂੰ 1890 ‘ਚ ਵੱਡੀਆਂ ਗਲੋਟੀਆਂ ਸਕੂਲ ਖੁਲ ਗਿਆ । ਬਾਕੀ ਦੇ ਬੱਚਿਆਂ ਨੂੰ ਪੜ੍ਹਾਣ ਦਾ ਟੀਚਾ ਪਕਾ ਲਿਆ। 

ਕੁਦਰਤ ਦਾ ਭਾਣਾ। ਆਫ਼ਤਾਂ ਦੀ ਹਨੇਰੀ ਝੁਲ ਪਈ। ਚਾਰ ਪੁੱਤਰ ਤੇ ਇਕ ਧੀ ਪਿਛੇ ਛੱਡ ਕੇ 1895 ਵਿੱਚ ਵਹੁਟੀ ਮਰ ਗਈ। 1899 ਵਿੱਚ ਵੱਡੇ ਪੁੱਤਰ ਦੂਲੇ ਦੀ ਵਹੁਟੀ ਮਰ ਗਈ। ਸਾਲ ਲੰਘਿਆ, 1900 ਵਿੱਚ ਦੂਜੇ ਪੁੱਤਰ ਖ਼ਜ਼ਾਨ ਦੀ ਵਹੁਟੀ ਮਰ ਗਈ। ਦੋਵੇਂ ਮੌਤਾਂ, ਦੂਜਾ ਬੱਚਾ ਜੰਮਣ ਦੇ ਵੇਲੇ ਹੋਈਆਂ। ਨਿੱਕੀ ਜਿਹੀ ਧੀ ਈਸਰੋ ਨੇ ਘਰ ਦਾ ਰੋਟੀ-ਟੁੱਕਰ ਸੰਭਾਲ ਲਿਆ। 1902 ਵਿੱਚ ਪਲੇਗ ਫੈਲ ਗਈ। ਜਵਾਨ ਦੂਲਾ ਤੇ ਖਜ਼ਾਨ ਪਲੇਗ ਦਾ ਸ਼ਿਕਾਰ ਬਣ ਗਏ। ਸੱਤਾਂ ਸਾਲਾਂ ਵਿੱਚ ਪੰਜ ਮੌਤਾਂ। ਰੋਂਦਾ ਤਾਂ ਜ਼ਰੂਰ ਹੋਵੇਗਾ ਪਰ ਕਾਹਨ ਨਾ ਡੋਲਿਆ ਤੇ ਨਾ ਹੀ ਨਿਸ਼ਾਨਾ ਛੱਡਿਆ। 

ਪੁੱਤਰ ਦੀਵਾਨ ਤੇ ਪੋਤਰੇ ਜਗਤ ਨੂੰ ਵੱਡੀਆਂ ਗਲੋਟੀਆਂ ਸਕੂਲੇ ਦਾਖ਼ਲ ਕਰਾ ਦਿੱਤਾ। ਰੋਜ਼ ਪੈਦਲ ਆਉਂਦੇ ਜਾਂਦੇ। ਸਕੂਲ ਚੌਥੀ ਤਕ ਸੀ । ਪਾਸ ਹੋਣ ਤੋਂ ਬਾਅਦ ਉਹਨਾਂ ਨੂੰ ਗੁਜਰਾਂਵਾਲੇ ਹਾਰਮੋਨੀਅਮ ਦੀ ਨਵੀਂ ਸਨਅਤ ਸਿੱਖਣ ਵਾਸਤੇ ਭੇਜ ਦਿੱਤਾ। 1902 ਵਿੱਚ ਪਿੰਡ ਪ੍ਰਾਇਮਰੀ ਸਕੂਲ ਖੁੱਲ ਗਿਆ। ਦੂਜੇ ਪੋਤਰੇ ਭਗਤ ਨੂੰ ਉਸ ਵਿਚ ਦਾਖ਼ਲ ਕਰਾ ਦਿੱਤਾ। 1907 ਵਿੱਚ ਧੀ ਦਾ ਵਿਆਹ ਕਰ ਦਿੱਤਾ। ਘਰ ਵਿੱਚ ਕੋਈ ਅੋਰਤ ਨਾ ਰਹੀ। ਤੀਜੇ ਪੁੱਤਰ ਗੰਗੇ ਦਾ ਵਿਆਹ ਕਰ ਦਿੱਤਾ। ਕੋਈ ਤਾਂ ਘਰ ਸੰਭਾਲੇ। ਖ਼ਰਚਾ ਪੂਰਾ ਕਰਨ ਲਈ ਵਾਹੀ ਵੀ ਕਰਦਾ ਤੇ ਨਾਲ ਮਿਸਤਰੀ ਦਾ ਕੰਮ ਵੀ ਕਰਦਾ। 

ਦਿਨ ਬਦਲੇ, ਰੱਬ ਦਿਆਲ ਹੋ ਗਿਆ। ਦੀਵਾਨ ਕੰਮਾਂ-ਕਾਰਾਂ ਵਿੱਚ ਤਿੱਖਾ ਨਿਕਲਿਆ। ਜੋ ਕੁਝ ਕਰੇ, ਕਾਮਯਾਬੀ ਤੇ ਕਾਮਯਾਬੀ ਹੋਵੇ। ਭਗਤ ਏਨਾ ਹੁਸ਼ਿਆਰ ਸੀ ਚੌਥੀ ਵਿੱਚ ਵਜ਼ੀਫ਼ਾ ਮਿਲ ਗਿਆ। ਅਗਲੀ ਪੜ੍ਹਾਈ ਦੀ ਜੁੰਮੇਵਾਰੀ ਦੀਵਾਨ ਨੇ ਲੈ ਲਈ। ਜਗਤ ਸੁਰਾਂ ਦਾ ਮਾਹਿਰ ਨਿਕਲਿਆ। ਉਸ ਦੇ ਵਰਗਾ ਟਿਊਨਰ ਕੋਈ ਨਹੀਂ ਸੀ| ਹਾਰਮੋਨੀਅਮ ਬਣਾਣ ਦਾ ਬਾਦਸ਼ਾਹ ਬਣ ਗਿਆ। ਗੁਜਰਾਂਵਾਲੇ ਕਿੰਗ ਸਾਹਿਬ ਦੇ ਨਾਮ ‘ਤੇ ਮਸ਼ਹੂਰ ਹੋ ਗਿਆ। ਦਸਵੀਂ ਵਿੱਚ ਭਗਤ ਪੰਜਾਬ ਵਿੱਚ ਫਸਟ ਆਇਆ। ਫੇਰ ਬੀ.ਏ ਵਿੱਚ ਫਸਟ, ਲਾਅ ਕਾਲਜ ਵਿੱਚ ਫਸਟ। ਦੀਵਾਨ ਫ਼ੌਜ ਵਿੱਚ ਭਰਤੀ ਹੋ ਕੇ ਮੈਸੋਪੋਟੇਮੀਆਂ ਚਲਾ ਗਿਆ। ਭਗਤ 22 ਸਾਲ ਦੀ ਉਮਰ ਵਿੱਚ ਜੱਜ ਬਣ ਗਿਆ। ਕਾਹਨ ਸਿੰਘ ਦੇ ਟੱਬਰ ਦਾ ਸਿਤਾਰਾ ਚਮਕ ਉੱਠਿਆ। ਜੱਜ ਸਾਹਿਬ ਦਾ ਬਾਪੂ। ਵਾਹ। ਵਾਹ! ਸਾਰੇ ਇਲਾਕੇ ਵਿੱਚੋਂ ਪਹਿਲਾ ਜੱਜ। 

ਹੁਣ ਕਾਹਨ ਸਿੰਘ ਨੂੰ ਨਵਾਂ ਫ਼ਿਕਰ ਪੈ ਗਿਆ। ਜ਼ਮੀਨ ਕੌਣ ਸਾਂਭੇਗਾ। ਜ਼ਮੀਨ ਨੱਪਣ ਵਾਲੇ ਤਾਂ ਸਮਝੋ ਨਿਰੀਆਂ ਗਿਰਜਾਂ! ਫਟਾਫੱਟ ਖਾ ਜਾਂਦੇ ਨੇ। ਇਹਨਾਂ ਸੋਚਾਂ ਵਿੱਚ ਹੀ ਸੀ ਕਿ ਦੀਵਾਨ ਨੇ ਮੈਸੋਪੋਟੇਮੀਆਂ ਤੋਂ ਹੋਰ ਜ਼ਮੀਨ ਖ਼ਰੀਦਣ ਵਾਸਤੇ ਪੈਸੇ ਭੇਜਣੇ ਸ਼ੁਰੂ ਕਰ ਦਿੱਤੇ ਤਾਂ ਕਿ ਖੂਹ ‘ਤੇ ਕਬਜ਼ਾ ਪੱਕੇ ਦਾ ਪੱਕਾ ਰਹੇ ਤੇ ਇੱਜ਼ਤ ਵੀ ਬਣੀ ਰਹੇ। ਜੰਗ ਤੋਂ ਮੁਕਤ ਹੋਣ ਤੋਂ ਬਾਅਦ ਦੀਵਾਨ ਨੇ ਭੱਠਾ ਸ਼ੁਰੂ ਕਰ ਦਿੱਤਾ। ਜ਼ਮੀਨ ਠੇਕੇ ‘ਤੇ ਦੇ ਦਿੱਤੀ। ਕਾਹਨ ਸਿੰਘ ਬੁਢਾਪੇ ਵਿੱਚ ਝੰਮੇਲਿਆਂ ਤੋਂ ਸੁਰਖਰੂ ਹੋ ਗਿਆ। ਪੁੱਤਰ ਭੱਠੇ ਤੇ ਜ਼ਮੀਨਾਂ ਦਾ ਮਾਲਕ। ਪੋਤਰਾ ਮਸ਼ਹੂਰ ਜੱਜ। ਰੱਬ ਦਾ ਸ਼ੁਕਰ ਕਰੇ ਤੇ ਅਨੰਦ ਲਵੇ। ਪਰ ਬਹਿ ਨਾ ਸਕੇ। ਪੈਰ ਟਿਕੇ ਨਾ ਰਹਿਣ। 

ਜਦੋਂ ਪੋਤਰੇ ਨੂੰ ਮਿਲਣ ਤੇ ਜੀ ਕਰੇ ਤਾਂ ਆਪਣੀਆਂ ਲੱਤਾਂ ਤੋਂ ਕੰਮ ਲਵੇ। ਪਹਿਲੋਂ ਟਾਂਗਾ ਲੈ ਕੇ ਗੁਜਰਾਂਵਾਲੇ ਜਾਣਾ। ਫੇਰ ਟੇਸ਼ਨ ਤੋਂ ਰੇਲ ਗੱਡੀ ਲੈ ਕੇ ਲਾਹੌਰ ਜਾਣਾ। ਫੇਰ ਟਾਂਗਾ ਕਰਕੇ ਕੋਠੀ ਜਾਣਾ। ਇਹ ਵਲਵਲਿੰਗਿਆਂ ਵਾਲਾ ਪੂਰੇ ਦਿਨ ਦਾ ਸਫ਼ਰ ਕਾਹਨ ਸਿੰਘ ਨੂੰ ਉੱਕਾ ਨਾ ਚੰਗਾ ਲਗੇ। ਰਾਤ ਨੂੰ ਸਵੱਖ਼ਤੇ ਰੋਟੀ ਖਾ ਕੇ ਨੂੰਹ ਮਾਇਆ ਨੂੰ ਆਖੇ ਕਿ ਸੌਣ ਤੋਂ ਪਹਿਲੋਂ ਮੇਰਾ ਕੱਪੜਿਆਂ ਦਾ ਜੋੜਾ ਤੇ ਜੁੱਤੀ ਮੰਜੀ ਦੇ ਕੋਲ ਤੇ ਦੋ ਪਰਾਉਂਠੇ, ਅਚਾਰ ਤੇ ਗੁੜ ਮੇਰੇ ਸਰ੍ਹਾਣੇ ਰੱਖ ਦੇਵੀਂ। ਅੱਧੀ ਰਾਤੀਂ ਉੱਠ ਕੇ ਜੁੱਤੀ ਕਛੇ ਮਾਰਨੀ, ਚੀਜ਼ਾਂ ਮੋਢੇ ‘ਤੇ ਲਟਕਾਣੀਆਂ ਤੇ ਤੁਰ ਪੈਣਾ। ਚੰਨ-ਤਾਰਿਆਂ ਦੀ ਲੋ, ਦਿਨ ਚੜ੍ਹੇ ਤਕ ਅੱਧਾ ਰਸਤਾ, ਕੋਈ 20-25 ਮੀਲ ਕਰ ਲੈਣਾ। ਕਿਸੇ ਖੂਹ ਤੇ ਬੈਠ ਕੇ ਇਸ਼ਨਾਨ ਕਰਨਾ, ਰੱਬ ਦਾ ਨਾਮ ਲੈਣਾ, ਰੋਟੀ ਖਾਣੀ ਤੇ ਘੰਟਾ ਭਰ ਲੇਟ ਜਾਨਾ। ਅਗਲਾ ਪੜਾਂ ਦਰਿਆ ਰਾਵੀ ਹੁੰਦਾ ਸੀ। ਜਿਥੇ ਵੀ ਪਾਟ ਚੌੜਾ ਹੁੰਦਾ ਸੀ ਘੋੜਿਆਂ ਤੇ ਖੋਤਿਆਂ ਵਾਲਿਆਂ ਕਾਨਿਆਂ ਦੀ ਨਿਸ਼ਾਨੀ ਲਾਈ ਹੁੰਦੀ ਸੀ । ਪਾਣੀ ਮੋਢਿਆਂ ਤਕ ਈ ਅੱਪੜਦਾ ਸੀ। ਕੱਪੜੇ-ਜੁੱਤੀ ਉਚੀਆਂ ਬਾਵਾਂ ਵਿੱਚ ਚੁੱਕ ਕੇ ਪਾਰ ਲੰਘ ਜਾਣਾ। ਸ਼ਹਿਰ ਪਹੁੰਚ ਕੇ ਕੱਪੜੇ ਬਦਲ ਲੈਣੇ। ਸ਼ਾਮ ਤਕ ਪੋਤਰੇ ਦੀ ਕੋਠੀ। ਜੱਜ ਨੇ ਪੈਰੀਂ ਹੱਥ ਲਾਣੇ। ਅਰਦਲੀਆਂ ਵੇਖਦੇ ਰਹਿਣਾ। ਮਸਾਂ ਹਫ਼ਤਾ ਕੁ ਰਹਿ ਕੇ ਵਾਪਸੀ। ਰੂਹ ਤਾਂ ਪਿੰਡ ਰਹਿ ਗਈ ਸੀ। ਪੋਤਰੇ ਨੇ ਗੱਡੀ ਚੜਾ ਦੇਣਾ ਤੇ ਬੰਦੋਬਸਤ ਕਰ ਦੇਣਾ ਕਿ ਗੁਜਰਾਂਵਾਲੇ ਟੇਸ਼ਨ ‘ਤੇ ਪਿੰਡ ਦਾ ਟਾਂਗਾ ਖਲੋਤਾ ਹੋਵੇ। ਅਰਾਮ ਨਾਲ ਘਰ। 

ਬਾਪੂ ਦੇ ਆਖਰੀ ਸਾਲ ਸਵਰਗ ਦਾ ਝੂਟਾ ਸਨ। ਪੋਤਰਿਆਂ ਦੀ ਰੌਣਕ, ਮੱਝ- ਕੱਟੀ ਵਿਹੜੇ ਵਿੱਚ, ਦੁੱਧ, ਦਹੀਂ, ਲੱਸੀ। ਦੰਦ ਨਹੀਂ ਸਨ । ਖਾਣ ਨੂੰ ਸ਼ੱਕਰ ਪਾ ਕੇ ਚੂਰੀ। ਕੋਈ ਪਿੰਡਾ ਵੀ ਮਲ ਦੇਵੇ, ਪੈਰ ਵੀ ਘੁੱਟ ਦੇਵੇ। ਵਾਹ! ਵਾਹ! ਰੰਗ ਕਰਤਾਰ ਦੇ। ਸੋ ਸਾਲ ਹੋਣ ਲੱਗਾ, ਬਾਪੂ ਤੁਰਦਾ ਬਣਿਆ। ਅਰਥੀ ਤੱਤ ਚਿੜੀਆਂ ਤੇ ਗੁਟ ਦੇ ਫੁੱਲਾਂ ਨਾਲ ਸਜਾਈ ਗਈ। ਸਾਰੇ ਪਤਰਿਆਂ ਦੇ ਗਲ ਵਿੱਚ ਫੁੱਲਾਂ ਦੇ ਹਾਰ। ਅਗੇ ਦੋ ਕਾਲ ਘੜ, ਉੱਪਰ ਪੋਤਰੇ, ਪਿੱਛੇ-ਪਿੱਛੇ ਪੁੱਤਰ, ਹੋਰ ਪੋਤਰੇ, ਨਾਲ ਪਿੰਡ ਦੇ ਆਦਮੀ। ਅਰਥੀ ਤੋਂ ਪੈਸਿਆਂ ਤੋਂ ਮਖਾਣਿਆਂ ਦੀ ਸੋਟ ਹੋਈ। ਹੋਰ ਪਿਛੇ ਜਨਾਨੀਆਂ ਦੇ ਟੋਲੇ। ਮੜੀਆਂ ਵਿੱਚ ਅਰਦਾਸ ਹੋਈ। 

ਪੁਤਰ ਨੇ ਚਿਤਾ ਨੂੰ ਅੱਗ ਲਾਈ। ਬੁੱਢੇ ਸ਼ੇਰ ਦੀ ਰੂਹ ਅਸਮਾਨਾਂ ਨੂੰ ਤੁਰ ਗਈ। ਤੇਰ੍ਹਾਂ ਦਿਨਾਂ ਬਾਅਦ ਭਾਰੀ ਕਠ ਹੋਇਆ। ਦੂਰੋਂ-ਨੇੜਿਉਂ ਸਾਕ-ਸੰਬੰਧੀ ਆਏ। ਹੱਸਦੀਆਂ ਹੱਸਦੀਆਂ ਜ਼ਨਾਨੀਆਂ ਨੇ ਮਰਾਸਨ ਦੀ ਅਗਵਾਈ ਹੇਠ ਨਕਲੀ ਸਿਆਪਾਂ ਵੀ ਕੀਤਾ। ਸਾਰੇ ਪਿੰਡ ਨੂੰ ਕੜਾਹ-ਪੂਰੀ ਖਵਾਇਆ ਗਿਆ। ਮਹੀਨਾਂ ਪਿੱਛੋਂ ਅਸਥੀਆਂ ਹਰਦਵਾਰ ਵਿੱਚ ਗੰਗਾ ਦੀ ਭੇਟ ਕੀਤੀਆਂ ਗਈਆਂ। ਤੱਤ, ਤੱਤਾਂ ਵਿੱਚ ਮਿਲ ਗਏ। 

ਲੰਬੜਦਾਰ-ਪੈਂਤੀ ਸਾਲ ਦੀ ਉਮਰ, 1900 ਵਿੱਚ ਤਖਤ ਸਿੰਘ ਨੇ ਜੱਦੀ ਲੰਬੜਦਾਰੀ ਨੂੰ ਸੰਭਾਲਿਆ। ਚੌੜੀ ਛਾਤੀ, ਪੀਡਾ ਜੁੱਸਾ, ਕਿਸਾਨਾਂ ਵਾਲੇ ਡੋਲੇ, ਤਖਤ ਸਿੰਘ ਵਿੱਚ ਮਿਠਾਸ, ਸਾਦਗੀ ਤੇ ਨਿਮ੍ਰਤਾ ਕੁੱਟ-ਕੁੱਟ ਕੇ ਭਰੀ ਹੋਈ ਸੀ । ਨਾਂ ਕਦੀ ਗਾਲ੍ਹਾਂ ਕੱਢਦਾ, ਨਾ ਸੁਣਦਾ। ਨਾ ਕਦੀ ਸ਼ਰਾਬ ਪੀਂਦਾ ਨਾ ਪਿਆਂਦਾ । ਪਹਿਲੀ ਵਹੁਟੀ ਇਕ ਪੁੱਤਰ ਸੁਲਖਣ ਛੱਡ ਕੇ ਗੁਜ਼ਰ ਗਈ। ਦੂਜੀ ਵੀ ਇਕ ਪੁੱਤਰ ਮੰਗਲ ਛੱਡ ਕੇ ਗੁਜ਼ਰ ਗਈ । ਉਸ ਤੋਂ ਬਾਅਦ ਤਖਤ ਸਿੰਘ ਕਿਸੇ ਜਨਾਨੀ ਦੇ ਨੇੜੇ ਨਾ ਲੱਗਾ। ਪੁੱਤਰਾਂ ਨੂੰ ਛਾਤੀ ਦੇ ਨਾਲ ਲਾ ਕੇ ਰੱਖਿਆ। ਲੈ ਬੁਰਜ ਤਖਤ ਸਿੰਘ ਦੇ ਅੰਦਰੋਂ ਅਵਾਜ਼ ਉਠਦੀ ਸੀ ਕਿ ‘ਕੁਝ ਹੋਰ ਕਰਾਂ। ਮੌਕਾ ਆਇਆ ਜਦੋਂ 1911 ਦਾ ਲੈਂਡ ਐਲੀਨੇਸ਼ਨ ਐਕਟ ਪਾਸ ਹੋਇਆ। ਕਿਸੇ ਜ਼ਿਮੀਂਦਾਰ ਦੀ ਜ਼ਮੀਨ ਕੋਈ ਗ਼ੈਰ-ਜ਼ਮੀਨਦਾਰ ਆਪਣੇ ਨਾਮ ਨਹੀਂ ਸੀ ਲਵਾ ਸਕਦਾ। ਸ਼ਾਹੂਕਾਰ ਅਸ਼ਟਾਮ ਤਾਂ ਲਿਖਵਾ ਸਕਦਾ ਸੀ ਪਰ ਜ਼ਮੀਨ ‘ਤੇ ਕਾਨੂੰਨੀ ਹੱਕ ਨਹੀਂ ਸੀ ਜਮਾ ਸਕਦਾ। ਕਿਸਾਨਾਂ ਨੂੰ ਕਰਜ਼ੇ ਮਿਲਣੇ ਬੰਦ ਹੋ ਗਏ।ਤਲ ਏ ਓ ਨਿਤਾਮ 

ਬਲ ਤਖਤ ਸਿੰਘ ਦੀ ਤੇਜ਼ ਬੁੱਧੀ ਨੇ ਇਸ ਘਾਟ ਦਾ ਪੂਰਾ ਫ਼ਾਇਦਾ ਉਠਾਇਆ। ਕਿਸਾਨਾ ਨੂੰ ਕਰਜ਼ੇ ਦੇਣੇ ਸ਼ੁਰੂ ਕਰ ਦਿੱਤੇ। ਪਹਿਲਾ ਜੱਟ ਸੀ ਜਿਹੜਾ ਸ਼ਾਹੂਕਾਰ ਬਣ ਗਿਆ। ਜੱਟ ਕਰਜ਼ਾ ਲੈਣ ਇਹਦੇ ਕੋਲ ਲਾਮ ਡੋਰੀ ਲਾ ਕੇ ਆਉਣੇ ਸ਼ੁਰੂ ਹੋ ਗਏ। ਭਾਵੇਂ ਬਿਆਜ ਸ਼ਾਹੂਕਾਰਾਂ ਦੇ ਬਰਾਬਰ ਦਾ ਲਾਂਦਾ ਸੀ ।

ਤਖਤ ਸਿੰਘ ਨੂੰ ਸ਼ਾਹੂਕਾਰਾ ਬੜਾ ਫਲਿਆ। ਸੋਨਾ-ਚਾਂਦੀ ਲੈ ਕੇ ਜਾਂ ਜ਼ਮੀਨ ਲਿਖਵਾ ਕੇ ਕਰਜ਼ਾ ਦੇ ਦੇਵੇ। ਜੇ ਕੋਈ ਕਿਸਾਨ ਜ਼ਮੀਨ ਨਾ ਛੁਡਾ ਸਕੇ ਤਾਂ ਉਹਦੀ ਕੁਰਕੀ ਕਰਾ ਲੈਣੀ ਪਰ ਜ਼ਮੀਨ ਉਸ ਨੂੰ ਹੀ ਵਾਪਸ ਠੇਕੇ ‘ਤੇ ਦੇ ਦੇਣੀ। ਆਪਣੇ ਪਿੰਡ ਦੇ ਚਾਰ ਚੁਫ਼ੇਰੇ ਦੇ ਪਿੰਡਾਂ ਦੇ ਕਿਸਾਨ ਉਸ ਦੇ ਕਰਜ਼ਾਈ ਸਨ। ਸਵੇਰੇ ਨਾਸ਼ਤਾ ਕਰਕੇ ਘੋੜੀ ‘ਤੇ ਬਹਿਣਾ ਤੇ ਘੋੜੀ ਨੂੰ ਪੁੱਛਣਾ : ‘ਅੱਜ ਕਿਧਰ ਚਲੀਏ ?’ ਸੋਚ ਕੇ ਤੁਰ ਪੈਣਾ। ਹਾਲ-ਚਾਲ ਪੁੱਛਣਾ। ਲੋੜ ਅਨੁਸਾਰ ਦਾਣੇ ਭੇਜ ਦੇਣੇ। ਘਰ ਦੇ ਟਰੰਕ ਜ਼ੇਵਰਾਂ ਨਾਲ ਭਰ ਗਏ। ਵਾਢੀਆਂ ਤੋਂ ਬਾਅਦ ਠੇਕਾ ਆਉਂਦਾ ਤਾਂ ਹਵੇਲੀ ਦੀਆਂ ਕੋਠੜੀਆਂ ਭਰ ਜਾਂਦੀਆਂ। ਫੇਰ ਲੋੜਮੰਦਾਂ ਨੂੰ ਡਿਉਢ ‘ਤੇ ਕਣਕ ਦੇ ਦੇਣੀ। 

ਦੂਰ ਦੀ ਸੋਚ ਵਾਲਾ ਸੀ । ਤਖਤ ਸਿੰਘ ਨੇ 1914 ਵਿੱਚ ਜ਼ਮੀਨ ਪੁੱਤਰਾਂ ਦੇ ਨਾਮ ਲਵਾਣੀ ਸ਼ੂਰੂ ਕਰ ਦਿੱਤੀ 1915 ਵਿੱਚ ਵੀ ਵੰਡ ਦਿੱਤਾ ਅੱਧਾ ਸੁਲੱਖਣ ਨੂੰ । ਉਸ ਦੀਆਂ ਦੋ ਵਹੁਟੀਆਂ ਸਨ । ਅੱਧਾ ਮੰਗਲ ਨੂੰ। ਆਪ ਮੰਗਲ ਦੇ ਨਾਲ ਰਹਿਣ ਲੱਗ ਪਿਆ। ਸਾਹੂਕਾਰੇ ਵਿੱਚ ਏਨਾ ਦਿਲ ਖੁੱਤਿਆ ਕਿ 1925 ਵਿੱਚ ਲੰਬੜਦਾਰੀ ਸੁਲਖਣ ਨੂੰ ਦੇ ਦਿੱਤੀ। ਮੰਗਲ ਮਿਡਲ ਪਾਸ ਸੀ। ਪਿਉ ਦਾ ਹਿਸਾਬ-ਕਿਤਾਬ ਰੱਖਦਾ ਸੀ। ਜਮੀਨਾਂ ਦੀ ਖਰੀਦੋ-ਫਰੋਖਤ ਦੇ ਢੰਗ ਸਿੱਖ ਲਏ। ਵਰਖਤ ਤਾਂ ਕਦੀ ਹੁੰਦੀ ਨਹੀਂ ਸੀ, ਅਰੀਦ ਹੀ ਖ਼ਰੀਦ। ਮੰਗਲ ਪਿਉ ਦੇ ਨਕਸ਼ੇ ਕਦਮ ‘ਤੇ ਚਲਿਆ। ਪਿਉ ਵਾਂਗਰ ਧੀਰਜ ਵਾਲਾ, ਇਨਸਾਫ਼ ਪਸੰਦ ਤੇ ਰਹਿਮ ਦਿਲ ਸੀ। ਬਾਪ ਦੀਆਂ ਅੱਖਾਂ ਦਾ ਤਾਰਾ ਸੀ।. 

ਪੋਤਰਿਆਂ-ਪੋਤਰੀਆਂ ਵਾਲੇ ਤਖਤ ਸਿੰਘ ਦਾ ਹਿਰਦਾ ਖੁਸ਼ ਸੀ ਤੇ ਰੂਹ ਸ਼ਾਂਤ ਸੀ। ਇਕ ਦਿਨ ਅਚਾਨਚਕੇ ਅਸਮਾਨ ਡਿਗ ਪਿਆ। ਪੈਂਤੀਆਂ ਸਾਲਾਂ ਦੇ ਜਵਾਨ ਮੰਗਲ ਨੂੰ ਐਸਾ ਬੁਖ਼ਾਰ ਚੜ੍ਹਿਆ ਕਿ ਕੁਝ ਦਿਨਾਂ ‘ਚ ਹੀ ਮੌਤ ਹੋ ਗਈ। ਤਖਤ ਸਿੰਘ ਦਾ ਦਿਲ ਟੁੱਟ ਗਿਆ। ਬਰਦਾਸ਼ਤ ਨਾ ਕਰ ਸਕਿਆ। ਟੁੱਟੀਆਂ ਲੱਗ ਗਈਆਂ। ਮੰਜੀ ‘ਤੇ ਪਿਆ ਰਿਹਾ। ਸਾਰੀਆਂ ਚਾਥੀਆਂ ਮੰਗਲ ਦੀ ਵਹੁਟੀ ਈਸ਼ਰ ਨੂੰ ਦੇ ਦਿੱਤੀਆਂ। ਅੰਦਰ- ਅੰਦਰ ਖੁਰਦਾ ਖੁਰਦਾ, ਸਾਲ ਦੇ ਅੰਦਰ ਈ 1927 ਵਿੱਚ ਅਕਾਲ ਚਲਾਣਾ ਕਰ ਗਿਆ। 

ਮੁਨਸ਼ੀ : ਪਿੰਡ ਦੇ ਪਹਿਲੇ ਪੜ੍ਹ-ਲਿਖੇ ਹੋਣ ਦਾ ਸਿਹਰਾ ਹਾਕਮ ਸਿੰਘ ਦੇ ਸਿਰ ‘ਤੇ ਸੀ। ਮਿਡਲ ਪਾਸ ਕੀਤੀ। ਪੰਜਾਬ ਯੂਨੀਵਰਸਿਟੀ ਤੋਂ ਗਿਆਨੀ ਪਾਸ ਕੀਤੀ। ਪਿੰਡ ਵਿੱਚ ਕਈ ਹੋਰ ਗਿਆਨੀ ਪਾਸ ਨਹੀਂ ਸੀ। ਜਦੋਂ 1902 ਪਿੰਡ ਸਕੂਲ ਖੁਲ੍ਹਿਆ ਤਾਂ ਹਾਕਮ ਸਿੰਘ ਪਹਿਲਾਂ ਮੁਨਸ਼ੀ ਲੱਗਿਆ। ਪ੍ਰੇਰਨਾ ਕਰਕੇ ਛੇ-ਸੱਤ ਮੁੰਡੇ ਦਾਖਲ ਹੋਏ। ਭਗਤ ਉਹਨਾਂ ਵਿੱਚੋਂ ਸੀ। ਪਹਿਲੇ ਪੂਰ ਨੇ ਚੌਥੀ ਦਾ ਇੰਮਤਿਹਾਨ ਦਿੱਤਾ। ਭਗਤ ਜ਼ਿਲ੍ਹੇ ਭਰ ਵਿੱਚ ਇਕ ਨੰਬਰ ‘ਤੇ ਆਇਆ। ਵਜ਼ੀਫ਼ਾ ਜਿੱਤ ਲਿਆ। ਮੁਨਸ਼ੀ ਹਾਕਮ ਸਿੰਘ ਦੀ ਜੈ ਜੈ ਹੋ ਗਈ। ਸਕੂਲ ਚਲ ਪਿਆ। ਕੁਝ ਸਾਲ ਬਾਅਦ ਡਾਕਖਾਨਾ ਖੁਲ ਗਿਆ। ਮਨੁਸ਼ੀ ਪਿੰਡ ਦਾ ਪੋਸਟ ਮਾਸਟਰ ਬਣ ਗਿਆ। ਸ਼ਖ਼ਸੀਅਤ ਡਾਢੀ ਸੀ, ਆਪ ਵੀ ਸੁਕੜੀ ਸੀ, ਤੇ ਸੁਭਾ ਵੀ ਸੁਕੜੀ। ਪਰ ਕਮਾਲ ਦਾ ਉਸਤਾਦ ਸੀ। ਕੋਈ 30 ਸਾਲ ਲਗਾਤਾਰ ਨੌਕਰੀ ਕੀਤੀ। ਪਿੰਡ ਵਿਚ ਪੜ੍ਹਾਈ ਫੈਲਾ ਦਿੱਤੀ। FORE 

ਰੀਟਾਇਰਮੈਂਟ ਤੋਂ ਬਾਅਦ ਜੱਦੀ ਦੁਕਾਨ ਤੇ ਜਾ ਕੇ ਬੈਠਣ ਦੀ ਬਜਾਏ ਆਪਣਾ ਦਿਲ ਤੇ ਦਿਮਾਗ਼ ਜਨਤਾ ਨੂੰ ਅਰਪਣ ਕਰ ਦਿੱਤਾ। ਗੁਰਦਵਾਰੇ ਦੀ ਬਿਲਡਿੰਗ ਵਿੱਚ ਬਾਲਗ਼ ਉਮਰ ਵਾਲਿਆਂ ਨੂੰ ਮੁਫ਼ਤ ਪੜ੍ਹਾਨਾ ਸ਼ੁਰੂ ਕਰ ਦਿੱਤਾ। ਸੋਮਵਾਰ ਤੋਂ ਸ਼ਨੀਚਰਵਾਰ ਤੱਕ (adult education) ਸਕੂਲ ਚਲਦਾ। ਇਕ ਸ਼ਿਫ਼ਟ ਕੁੜੀਆਂ ਦੀ। ਇਕ ਮੁੰਡਿਆਂ ਦੀ। ਪੂਰੇ ਚਾਰ ਵਜੇ ਪ੍ਰੇਮ ਦੇ ਨਾਲ ਕਥਾ ਕਰਨੀ । ਆਦਮੀ ਔਰਤਾਂ ‘ਕੱਠੇ ਹੋ ਜਾਂਦੇ। ਗੁਰਬਾਣੀ ਦੀ ਕਥਾ ਤੋਂ ਇਲਾਵਾ ਸਿਖ ਸੂਰਬੀਰਾਂ ਦੇ ਕਾਰਨਾਮੇ ਸੁਨਾਣੇ। ਮੁਨਸ਼ੀ ਹਾਕਮ ਸਿੰਘ ਪਿੰਡ ਦਾ ਦਿਮਾਗੀ ਮੁੱਢੀ ਵੀ ਤੇ ਮੁੱਢ ਵੀ ਸੀ। 

ਰੁਹਾਨੀ ਰੂਹ : ਮੰਗਲ ਜਮਾਂਦਰੂ ਈ ਰੂਹਾਨੀ ਰੂਹ ਸੀ । ਸੁਭਾਅ ਦਾ ਪਿਆਰਾ, ਬਚਪਨ ਤੋਂ ਹੀ ਗੁਰਦਵਾਰੇ ਸ਼ਬਦ ਪੜ੍ਹਦਾ। ਸ਼ੌਕ ਦੇ ਨਾਲ ਆਪਣਾ ਵਾਜਾ ਸਿਰ ਤੇ ਚੁੱਕ ਕੇ ਗੁਰਦੁਆਰੇ ਲੈ ਕੇ ਜਾਂਦਾ। ਮੰਗਲ ਚਾਰ ਸਾਲਾਂ ਦਾ ਸੀ ਜਦੋਂ 1895 ਵਿੱਚ ਮਾਂ ਮਰ ਗਈ। ਪਿਉ ਦੇ ਲੜ ਲੱਗਾ ਰਿਹਾ। ਚੌਥੀ ਜਮਾਤ ਤੱਕ ਵੱਡੀਆਂ ਗਲੋਟੀਆਂ ਪੜ੍ਹ ਕੇ ਡੱਸਕੇ ਤੋਂ ਨਾਰਮਲ ਪਾਸ ਕੀਤਾ। 

ਗੱਭਰੂ ਹੋਇਆ, 19 ਸਾਲ ਦੀ ਉਮਰ ਵਿੱਚ ਲਾਇਲਪੁਰ ਦੇ ਇਕ ਵੱਡੇ ਜ਼ਮੀਨਦਾਰ ਤੇ ਸਫੈਦਪੋਸ਼ ਦੀ ਧੀ ਈਸ਼ਰ ਦੇ ਨਾਲ ਵਿਆਹ ਹੋ ਗਿਆ। ਈਸ਼ਰ ਨੂੰ ਬਾਣੀ ਕੰਠ ਸੀ। ਇਕੋ ਜਿਹੀਆਂ ਰੂਹਾਂ ਰਲ ਗਈਆਂ। ਮੰਗਲ ਹਿਸਾਬ-ਕਿਤਾਬ ਦੀ ਜਾਂਚ ਤੇ ਜ਼ਮੀਨਾਂ ਦੀ ਦੇਖ-ਭਾਲ ਕਰਨ ਲੱਗ ਪਿਆ। ਫਰਮਾਬਰਦਾਰ ਸੀ । ਪਿਉ ਦੀਆਂ ਅੱਖਾਂ ਦਾ ਤਾਰਾ ਸੀ। ਪਿਉ ਤੋਂ ਜ਼ਮੀਨਾਂ ਦੇ ਸੋਦੇ ਕਰਨੇ ਸਿਖ ਗਿਆ। 1923 ਵਿੱਚ ਪਹਿਲਾ ਸੌਦਾ ਆਪ ਕੀਤਾ। ਕੌਰਪੁਰ ਖੂਹ ‘ਤੇ 4.96 ਏਕੜ ਜ਼ਮੀਨ ਅੱਲਾ ਬਖ਼ਸ਼ ਤੇਲੀ ਤੋਂ ਖ਼ਰੀਦੀ। ਤਿੰਨ ਹਜ਼ਾਰ (3,000) ਰੁਪਏ ਦਾ ਬੜਾ ਵਧੀਆ ਸੌਦਾ ਸੀ । ਪਿਉ ਖ਼ੁਸ਼ ਹੋਇਆ ਕਿ ਪੁੱਤਰ ਆਪਣੇ ਪੈਰਾਂ ‘ਤੇ ਖਲੋ ਗਿਆ ਏ। ਮੰਗਲ ਨੇ ਨਿਸ਼ਾਨਾ ਬਣਾ ਲਿਆ ਕਿ ਚੀਮਿਆਂ ਵਾਲੇ ਖੂਹ ਦੀ ਸਾਂਝੀ ਜ਼ਮੀਨ ਤੋਂ ਇਲਾਵਾ ਕੌਰਪੁਰ ਖੂਹ ‘ਤੇ ਹੌਲੀ-ਹੌਲੀ ਪੁੱਤਰਾਂ ਵਾਸਤੇ ਵੱਖਰੇ ਪੈਰ ਜਮਾ ਲਵੇ। 

ਮੰਗਲ ਦੇ ਕਈ ਸ਼ੌਕ ਸਨ। ਸਫ਼ਰ ਦਾ ਸ਼ੌਕੀਨ ਸੀ। ਬੰਬਈ-ਕਲਕਤੇ ਤਕ ਰੇਲਗੱਡੀ ‘ਤੇ ਸੈਰ ਕਰ ਆਇਆ। ਸੱਠ ਰੁਪਏ ਦਾ ਸਾਈਕਲ 1915 ਵਿੱਚ ਖ਼ਰੀਦ ਕੇ ਲਿਆਇਆ। ਪਿੰਡ ਵਿੱਚ ਪਹਿਲਾਂ ਸਾਈਕਲ! ਘੋੜੀ ਨਾਲੋਂ ਮਹਿੰਗਾ। ਅਗਲੇ ਸਾਲ ਸਾਈਕਲ ਵੇਚ ਦਿੱਤਾ। ਹੋਰ ਮਹਿੰਗਾ ਤਿੰਨ ਸਪੀਡ ਸਵਿਫ਼ਟ ਮਾਡਲ 247 ਰੁਪਏ ਦਾ ਲੈ ਆਂਦਾ। ਕੱਚੀਆਂ ਗਲੀਆਂ, ਕੱਚੀਆਂ ਸੜਕਾਂ! ਸ਼ੌਂਕ ਦੀ ਗੱਲ ਸੀ। ਲਿਖਤ ਦਾ ਸ਼ੌਕ ਸੀ। ਰੋਜ਼ਨਾਮਚਾ ਰੱਖਦਾ ਸੀ। ਇਹ ਰਜਿਸਟਰ ਪਿੰਡ ਦੇ ਕਾਰਾਂ-ਵਿਹਾਰਾਂ ‘ਤੇ ਬੜੀ ਰੋਸ਼ਨੀ ਪਾਂਦਾ ਏ। 

ਮੰਗਲ ਬੜਾ ਨੇਕ ਤੇ ਘਰੇਲੂ ਇਨਸਾਨ ਸੀ। ਚਾਰ ਮੁੰਡੇ ਤੇ ਦੋ ਧੀਆਂ ਹੋਈਆਂ। ਰਿਵਾਜ ਦੇ ਮੁਤਾਬਕ ਵੱਡੇ ਮੁੰਡੇ ਰਾਜਿੰਦਰ ਦੀ ਮੰਗਣੀ ਕਰ ਦਿਤੀ, ਦੂਜਾ ਪੁੱਤਰ ਅਵਤਾਰ ਦਸ ਸਾਲ ਦਾ ਹੋਇਆ ਤਾਂ ਮੰਗਣੀ ਕਰ ਦਿੱਤੀ। ਧੀ ਕਰਤਾਰਾਂ 9 ਸਾਲ ਦੀ ਸੀ ਤਾਂ ਰਿਸ਼ਤਾ ਕਰ ਦਿੱਤਾ। ਗੁਰਦੁਆਰੇ ਰੋਜ਼ ਜਾਂਦਾ। ਜਿਸ ਦਿਨ ਨਾ ਜਾਵੇ, ਆਪਣੇ ਆਪ ਨੂੰ ਜੁਰਮਾਨਾ ਕਰ ਦੇਂਦਾ। ਦਸਵੰਦ ਜ਼ਰੂਰ ਕੱਢਦਾ। ਪੈਸੇ ਗੁਰਦੁਆਰੇ ਨੂੰ ਦੇ रेंरा। 

ਮੰਗਲ ਸਿੰਘ ਬੜਾ ਖੂਬਸੂਰਤ ਜਵਾਨ ਸੀ । ਕਾਮਯਾਬ ਸੀ। ਦਰਦਮੰਦ ਸੀ। ਦੋਸਤਾਂ ਦਾ ਦੋਸਤ ਸੀ । ਦੀਵਾਨ ਦੇ ਨਾਲ ਰਲ ਕੇ ਜ਼ਮੀਨਾਂ ਖ਼ਰੀਦਣ ਵਿੱਚ ਇਕ ਦੂਜੇ ਦੀ ਮਦਦ ਕੀਤੀ। ਸੋਨੇ-ਚਾਂਦੀ ਦੇ ਸੱਟੇ ਦਾ ਸ਼ੌਕ ਸੀ। ਪੈਸੇ ਬਣਾਏ। ਦੀਵਾਨ ਨੂੰ ਵੀ ਚਸਕਾ ਪਾ ਦਿੱਤਾ। ਦੋਹਾਂ ਨੇ ਰਲ ਕੇ ਪਿੰਡ ਦੀ ਜੀਵਨੀ ਨੂੰ ਅੱਗੇ ਲੈ ਜਾਣ ਦੇ ਪ੍ਰੋਗਰਾਮ ਬਣਾਏ। ਰਲ ਕੇ ਗੁਰਦੁਆਰਾ ਸ਼ੁਰੂ ਕੀਤਾ। ਨਵੀਂ ਆਲੀਸ਼ਾਨ ਇਮਾਰਤ ਦੀਆਂ 1925 ਵਿੱਚ ਨੀਂਹਾਂ ਪੁੱਟੀਆਂ। ਦਿਨ ਰਾਤ ਇਕ ਕਰਨ ਵਾਲਾ ਕੰਮ ਅੱਗੇ ਪਿਆ ਹੋਇਆ ਸੀ। 

ਇਕ ਦਿਨ ਤੇਜ਼ ਬੁਖ਼ਾਰ ਚੜ੍ਹ ਗਿਆ। ਹਰ ਕਿਸਮ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਬੁਖਾਰ ਨਾ ਟੁੱਟਿਆ। ਅਜੇ 35 ਸਾਲ ਦਾ ਸੀ, 1926 ਵਿੱਚ ਅਕਾਲ ਚਲਾਣਾ ਕਰ ਗਿਆ। ਟੱਬਰ ਰੋਇਆ। ਦੋਸਤ ਹੋਏ। ਪਿੰਡ ਰੋਇਆ। ਅਮੀਰ ਪੁੱਤਰ ਦਾ ਅਮੀਰ ਬਾਪ ਤਖਤ ਸਿੰਘ ਇਹ ਸੱਦਮਾ ਨਾ ਸਹਿ ਸਕਿਆ। ਗ਼ਮ ਖਾਂਦਾ, ਮੰਜੀ ‘ਤੇ ਪਿਆ ਰਿਹਾ। ਸਾਲ ਦੇ ਅੰਦਰ ਈ ਪੂਰਾ ਹੋ ਗਿਆ। ਪਿੰਡ ਦੇ ਦੋ ਨਾਮਵਰ ਆਗੂ ਇਕ ਦੂਜੇ ਦੇ ਅੱਗੇ- ਪਿੱਛੇ ਚਲੇ ਗਏ। ਟੱਬਰ ਦੇ ਪੈਰ ਉਖੜ ਗਏ। ਹੋਨੀ ਹੋ ਕੇ ਰਹਿੰਦੀ ਏ। 

ਠੇਕੇਦਾਰ ਸਾਹਿਬ-ਪਿਉ ਨੇ ਦੀਵਾਨ ਦੇ ਚਿੱਤ ਵਿੱਚ ਕੁੱਟ-ਕੁੱਟ ਕੇ ਭਰ ਦਿੱਤਾ। ਸੀ ਕਿ ਪਿੰਡ ਵਿਚ ਜਿੰਨੀ ਜ਼ਮੀਨ ਓਨੀ ਇੱਜ਼ਤ, ਤੇ ਜਿੰਨੀਆਂ ਬਾਵਾਂ (ਭਰਾ-ਪੁੱਤਰ) ਓਨੀ ਤਾਕਤ। ਵਿਰਸੇ ਵਿੱਚ ਮਿਲਿਆਂ ਠਾਠਾਂ ਮਾਰਦਾ ਦਮ, ਕੰਮ ਦੇ ਨਾਲ ਅਣਬਕ ਲਗਨ, ਕੁਰਬਾਨੀ ਦਾ ਮਾਦਾ ਤੇ ਹਰ ਮੁਸ਼ਕਲ ਦਾ ਸਾਹਮਣਾ ਕਰਨ ਦੀ ਹਿੰਮਤ। 

ਕਮਾਈ ਲਈ ਹਰ ਕਿਸਮ ਦੇ ਕੰਮਾਂ ਨੂੰ ਨਿਡਰ ਹੋ ਕੇ ਹੱਥ ਪਾਣਾ ਤੇ ਤਾਲੀਮ ਦੀ ਇੱਜ਼ਤ ਕਰਨੀ। ਦੀਵਾਨ ਇਸ ਮਿੱਟੀ ਦਾ ਪੁਤਲਾ ਸੀ। 

ਦੀਵਾਨ ਦਾ ਬਚਪਨ ਤਕਦੀਰ ਦੇ ਝੱਖੜ ਦਾ ਛੱਪੜ ਸੀ। ਦੋ ਸਾਲਾਂ ਦਾ ਸੀ ਤਾਂ 1895 ਵਿਚ ਮਾਂ ਗੁਜ਼ਰ ਗਈ। ਸੱਤਾਂ ਸਾਲਾਂ ਦੇ ਅੰਦਰ ਦੋਵੇਂ ਭਾਬੀਆਂ ਤੇ ਦੋਵੇਂ ਵੱਡੇ ਭਰਾ ਗੁਜ਼ਰ ਗਏ। ਭਾਬੀਆਂ ਦੂਜਾ ਬੱਚਾ ਜੰਮਣ ਵੇਲੇ ਤੇ ਭਰਾ ਪਲੇਗ ਦੇ ਸ਼ਿਕਾਰ। 

ਭਾਵੇਂ ਵੱਡੀ ਭੈਣ ਨੇ ਸਾਰੀ ਉਮਰ ਪਿਆਰ ਦੀ ਮਲਮ ਲਾਈ, ਜ਼ਖ਼ਮਾਂ ਦੇ ਨਿਸ਼ਾਨ ਨਾ ਗਏ। ਵੱਡੀਆਂ ਗਲੋਟੀਆਂ ਤੋਂ ਚੌਥੀ ਪਾਸ ਕਰ ਲਈ। ਹਿਸਾਬ ਵਿੱਚ ਤੇਜ ਸੀ। ਹਾਈ ਸਕੂਲ ਜਾਣ ਵਾਸਤੇ ਕਿਸੇ ਸ਼ਹਿਰ ਕੋਈ ਠਾਰ ਨਹੀਂ ਸੀ। ਜਦੋਂ ਭਤੀਜੇ ਭਗਤ ਨੇ ਵਜ਼ੀਫ਼ਾ ਲੈ ਕੇ ਚੌਥੀ ਪਾਸ ਕੀਤੀ ਤਾਂ ਛੇ ਸਾਲ ਗੁਜਰਾਂਵਾਲੇ ਹੱਥੀਂ ਕੰਮ ਕੀਤਾ ਤਾਂਕਿ ਭਤੀਜਾ ਦਸਵੀਂ ਪਾਸ ਕਰ ਲਵੇ | ਚਾਚੇ-ਭਤੀਜੇ ਵਿੱਚ ਉਮਰ ਭਰ ਦੀ ਸਾਂਝ ਪੈਦਾ ਹੋ ਗਈ। ਛੇ ਸਾਲ ਮਿਹਨਤ ਕਰਕੇ ਸਿੱਟਾ ਇਹ ਕੱਢਿਆ ਕਿ ਜੋ ਕੁਝ ਕਰਨਾ ਏ ਉੱਦਮ ਤੇ ਦਲੇਰੀ ਨਾਲ ਕਰਨਾ ਏ । ਪੈਸਾ ਬਨਾਣਾ ਏ, ਫ਼ਜ਼ੂਲ ਖ਼ਰਚੀ ਨਹੀਂ ਕਰਨੀ ਤੇ ਦਾਤੇ ਦਾ ਸ਼ੁਕਰ ਕਰਨਾ ਏ। ਸਵੇਰੇ-ਸ਼ਾਮ ਨਿੱਤ ਨੇਮ। ਭਗਤ ਵਜ਼ੀਫ਼ਾ ਲੈ ਕੇ 1913 ਵਿੱਚ ਕਾਲਜ ਚਲਾ ਗਿਆ, ਦੀਵਾਨ ਦਾ ਮਾਇਆ ਦੇ ਨਾਲ ਵਿਆਹ ਹੋ ਗਿਆ। 

ਪਹਿਲੀ ਵੱਡੀ ਜੰਗ (1914-18) ਦੇ ਦੌਰਾਨ ਚਾਰ ਸਾਲ ਮੈਸੋਪਟੇਮੀਆਂ ਗੁਜ਼ਾਰੇ। ਤਨਖ਼ਾਹ ਆਪਣੇ ਦੋਸਤ ਮੰਗਲ ਨੂੰ ਭੇਜਦਾ ਰਿਹਾ ਤਾਂਕਿ ਜੱਦੀ ਖੂਹ ‘ਤੇ ਜੇ ਕੋਈ ਪੈਲੀ ਵਿਕਾਊ ਹੋਵੇ ਤਾਂ ਖ਼ਰੀਦ ਲਵੇ । ਕਬਜ਼ਾ ਖੂਹ ‘ਤੇ ਕਾਇਮ ਰਹੇ। ਪਿਉ ਬੜਾ ਖ਼ੁਸ਼ । ਜੰਗ ਦੇ ਦਿਨਾਂ ਵਿੱਚ ਅੰਗਰੇਜ਼ਾਂ, ਅਰਬਾਂ, ਟਰਕੀ ਦੇ ਲੋਕਾਂ ਤੇ ਹੋਰ ਹਿੰਦੁਸਤਾਨੀਆਂ ਨਾਲ ਵਾਹ ਪਿਆ। ਨਜ਼ਰੀਆ ਵਿਸ਼ਾਲ ਹੋ ਗਿਆ। ਅੰਗਰੇਜ਼ੀ ਨਾ ਆਉਣ ਦੀ ਘਾਟ ਨੂੰ ਮਹਿਸੂਸ ਕੀਤਾ। ਨਤੀਜਾ ਕੱਢਿਆ ਕਿ ਅੰਗਰੇਜ਼ੀ ਹਰ ਇਕ ਨੂੰ ਆਉਣੀ ਚਾਹੀਦੀ ਏ। ਇਹ ਵੀ ਵੇਖ ਲਿਆ ਕਿ ਚੁਸਤ ਆਦਮੀ ਦੀ ਕਦਰ ਹੁੰਦੀ ਏ। ਇਹ ਸਬਕ ਮਿਲੇ ਤੇ ਨਾਲੇ ਦੋ ਚਾਂਦੀ ਦੇ ਦੋ ਤਗ਼ਮੇ ਵੀ ਮਿਲੇ। ਉਸ ਤੋਂ ਵਧ, ਅਫ਼ਸਰਾਂ ਤੋਂ ਕੰਮ ਕਰਵਾਉਣ ਦਾ ਢੰਗ ਸਿਖ ਲਿਆ। 

ਜੰਗ ਖ਼ਤਮ ਹੋਣ ‘ਤੇ ਵਾਪਸ ਆ ਕੇ ਪਹਿਲੋਂ ਖੂਹ ਨੂੰ ਸੰਭਾਲਿਆ। ਕਪਾਹ ਦੀ ਲਾਈਨਾਂ ਵਿੱਚ ਬਜਾਈ ਸ਼ੁਰੂ ਕਰਾਈ। ਬੇਰੀਆਂ ਲਾਈਆਂ। ਇਕ ਹੋਰ ਖੂਹ ਖੁਦਵਾਇਆ। ਜ਼ਮੀਨ ਠੇਕੇ ‘ਤੇ ਦੇ ਕੇ ਆਪ ਠੇਕੇਦਾਰੀ ਸ਼ੁਰੂ ਕੀਤੀ । ਗੁਜਰਾਂਵਾਲੇ ਮਕਾਨ ਬਣਾਇਆ, ਵੇਦਿਆ। ਨਹਿਰ ਦਾ ਠੇਕਾ ਲਿਆ। ਦਿਲ ਕੋਈ ਵਡਾ ਕੰਮ ਕਰਨ ਨੂੰ ਲਲਕਾਰਦਾ ਸੀ। ਕਈ ਸਕੀਮਾਂ ਬਣਾਈਆਂ। ਆਖਰ ਛਾਲ ਮਾਰੀ, ਨਾਨਕੇ ਭੱਠਾ ਲਾਇਆ। ਜ਼ਮੀਨ ਖ਼ਰੀਦੀ, ਖੁਦਵਾਈ ਕਰਾਈ, ਸੰਚੇ ਬਣਵਾਏ, ਪਥੇਰ ਅੰਬਾਲੇ ਤੋਂ ਆਂਦੀ, ਚਿਮਨੀਆਂ ਬਣਵਾਈਆਂ, ਬਿਹਾਰ ਤੋਂ ਕਲਾ ਮੰਗਵਾਇਆ। ਘੁਮਿਆਰਾਂ ਨੂੰ ਨਵੇਂ ਆਰੇ ਲਾਇਆ- ਗੁਜਰਾਂਵਾਲੇ ਤੋਂ ਕੈਲਾ ਢੋਣ, ਭੱਠੇ ਵਿੱਚ ਕੱਚੀਆਂ ਇੱਟਾਂ ਨੂੰ ਜੋੜਨ ਤੇ ਪੱਕੀਆਂ ਇੱਟਾਂ ਨੂੰ ਪਿੰਡੋ-ਪਿੰਡੀ ਲਿਜਾਣ। ਬੜਾ ਕੰਮ ਸੀ । ਪੈਸਾ ਵੀ ਬੜਾ ਲੱਗਿਆ। ਤਖਤ ਸਿੰਘ ਨੇ ਮੱਦਦ ਕੀਤੀ। ਕਰਜ਼ਾ ਦਿੱਤਾ। ਆਖ਼ਰ 1927 ਵਿੱਚ ਭੱਠਾ ਚਾਲੂ ਹੋ ਗਿਆ। ਮੀਲਾਂ ਤੋਂ ਧੂੰਆਂ ਕੱਢਦੀਆਂ ਚਿਮਨੀਆਂ ਨਜ਼ਰ ਆਉਂਦੀਆਂ। ਲੋਕਾਂ ਨੂੰ ਨਵੇਂ ਧੰਦੇ ਮਿਲ ਗਏ। ਪੈਸਾ ਵੀ ਬਣਿਆ ਤੇ ਇੱਜ਼ਤ ਵੀ। ਦੀਵਾਨ ਸਿੰਘ ਨੂੰ ਸਾਰੇ ਲੋਕ ਠੇਕੇਦਾਰ ਦੇ ਨਾਮ ਨਾਲ ਬੁਲਾਣ ਲੱਗ ਪਏ। ਹਰ ਇੱਟ ‘ਤੇ D.S.B ਦਾ ਠੱਪਾ। ਜੰਗ ਦੇ ਦਿਨਾਂ ਤੋਂ ਖੱਬੀ ਬਾਂਹ ਉੱਤੇ ਵੀ ਇਹੇ ਅੱਖਰ ਉਕਰੇ ਹੋਏ ਸਨ। ਇਹ ਦੀਵਾਨ ਸਿੰਘ ਬੱਬਰਾ ਨਾਉਂ ਦੇ ਪਹਿਲੇ ਅੱਖਰ ਸਨ। D.S.B ਜਿਸਮ ਦਾ ਵੀ ਤੇ ਇੱਟਾਂ ਦਾ ਵੀ ਟ੍ਰੇਡਮਾਰਕ (Trade Mark) ਬਣ ਗਿਆ। 

ਠੇਕੇਦਾਰ ਦਾ ਜੀਵਨ ਬਹੁਰੰਗਾ ਸੀ। ਦੋਸਤਾਂ ਦੇ ਨਾਲ ਰਲ ਕੇ ਤੇ ਲੋਕਾਂ ਦੇ ਸਹਿਯੋਗ ਨਾਲ, ਨਵਾਂ ਗੁਰਦੁਆਰਾ ਬਣਾਇਆ, ਬਾਜ਼ਾਰ ਪੱਕਾ ਕੀਤਾ, ਹਾਥੀ ਟੋਆ ਪੂਰਿਆ, ਹਲਟੀ ਬਣਾਈ, ਸਕੂਲ ਬਣਵਾਏ, ਪਿੰਡ ਦੇ ਜੀਵਨ ਨੂੰ ਸੁਧਾਰਨ ਦੇ ਕਈ ਰਾਹ ਸੋਚੇ ਤੇ ਹੋਂਦ ਵਿਚ ਆਂਦੇ।ਇ 

ਇਤਿਹਾਸਕ ਗੁਰਦੁਆਰਾ 

ਛੇਵੀਂ ਪਾਤਸ਼ਾਹੀ, ਗੁਰੂ ਹਰਗੋਬਿੰਦ 1620 ਵਿੱਚ ਆਪਣੇ ਜਥਿਆਂ ਜ0 ਤੇ ਘੋੜ ਸਵਾਰਾਂ ਦੇ ਨਾਲ ਛੋਟੀਆਂ ਗਲੋਟੀਆਂ ਆਏ। ਸੰਗਤਾਂ ਨੂੰ 6 ਨਿਹਾਲ ਕੀਤਾ। ਹੱਥ ਲਿਖਤੀ ਗ੍ਰੰਥ ਸਾਹਿਬ ਦੀ ਬੀੜ ਆਪ ਦਸਤਖਤ ਅਨਿਕਰਕੇ ਸੰਗਤਾ ਨੂੰ ਦਿਤੀ। ਪਿੰਡ ਵਿਚ ਸਿਖੀ ਦਾ ਮੁਢ ਬਝ ਗਿਆ। ਲਿਖੇ ਸ ਸਤੱਵੇ ਪਾਤਸ਼ਾਹ ਗੁਰੂ ਹਰ ਰਾਏ ਨੇ 1659 ਵਿਚ ਚਰਨ ਪਾਏ। ਬਹੁਤ ਸੁਖ ਇਸਾਰੇ ਹੋਰ ਲੋਕੀਂ ਸਿੱਖ ਬਣ ਗਏ। ਜਿਥੇ ਬੈਠੇ ਉਥੇ ਪਹਿਲੋਂ ਬੜ੍ਹਾ ਬਣਿਆ, ਮਾਨਿ ਫੇਰ ਗੁਰਦੁਆਰਾ ਬਣ ਗਿਆ। ਕੱਚੀਆਂ ਕੰਧਾਂ ‘ਤੇ ਚੂਨੇ ਦਾ ਲੇਪ ਸੀ। to ਰੰਗ-ਬਰੰਗੇ ਫੁੱਲ ਤੇ ਵੇਲਾਂ ਤੋਂ ਇਲਾਵਾ ਕਿਧਰੇ ਕਿਧਰੇ ਦੇਵਤਿਆਂ ਦੇ ਚਾਦ ਚਿੱਤਰ ਸਜਾਵਟ ਵਜੋਂ ਬਣੇ ਹੋਏ ਸਨ  

ਸਿੰਘ ਸਭਾ ਲਹਿਰ ਦਾ ਨਤੀਜਾ ਇਹ ਹੋਇਆ ਕਿ 1891 ਤੋਂ ਗੁਰੂ Voo ਮ ਹਰ ਰਾਏ ਸਾਹਿਬ ਦੇ ਜਨਮ ਦਿਨ ਫਰਵਰੀ ਵਿਚ ਤਿੰਨ ਦਿਨ ਦਾ ਸਾਲਾਨਾ ਮੇਲਾ ਲੱਗਣਾ ਸ਼ੁਰੂ ਹੋ ਗਿਆ। ਅਕਾਲੀ ਲਹਿਰ ਦਾ ਅਸਰ ਠਾਪਤ। ਇਹ ਹੋਇਆ ਕਿ 1920-22 ਵਿੱਚ ਪੁਰਾਣੇ ਗੁਰਦੁਆਰੇ ਨੂੰ ਢਾਹ ਕੇ ਨਵਾਂ ਪੱਕਾ ਗੁਰਦੁਆਰਾ ਬਣਾਉਣ ਦਾ ਫੈਸਲਾ ਹੋਇਆ। ਇਸ ਕੰਮ ਨੂੰ ਹੱਥ ਪਾਉਣ ਵਾਲੇ ਸਨ ਮੰਗਲ ਸਿੰਘ, ਦੀਵਾਨ ਸਿੰਘ ਠੇਕੇਦਾਰ, ਕਰਮ 1 ਸਿੰਘ ਭਾਟੀਆ, ਗੰਗਾ ਸਿੰਘ ਭਾਟੀਆ, ਈਸ਼ਰ ਸਿੰਘ ਭਾਟੀਆ ਤੇ ਵੀਰ ਸਿੰਘ ਸੇਠੀ। ਦੇਖ-ਭਾਲ ਦੀ ਸਾਰੀ ਸੇਵਾ ਮੰਗਲ ਸਿੰਘ ਨੇ ਲਈ। ਰੂਪ ਰੇਖਾ ਤੇ ਨਕਸਿਆ ਦੀ ਸੇਵਾ ਠੇਕੇਦਾਰ ਨੇ ਲਈ। ਗੁਜਰਾਂਵਾਲੇ, ਲਾਹੋਰ ਤੇ ਅੰਮ੍ਰਿਤਸਰ ਦੇ ਆਗੂਆਂ ਤੋਂ ਸਲਾਹ ਲੈ ਕੇ ਬਗ਼ੈਰ ਖੰਬਿਆਂ ਦੇ ਦੋ ਮੰਜ਼ਲਾਂ ਹਾਲ ਤੇ ਵਿਚਕਾਰਲੀ ਛੱਤ ‘ਤੇ ਚਾਰੇ ਪਾਸੇ ਗੈਲਰੀ ਬਣਾਉਣ ਦਾ ਫੈਸਲਾ ਕੀਤਾ। 1926 ਵਿਚ ਨੀਹਾਂ ਪੁਟੀਆਂ ਗਈਆਂ। ਰੱਬ ਦਾ ਭਾਣਾ ਉਸੇ ਸਾਲ ਮੰਗਲ ਸਿੰਘ ਗੁਜ਼ਰ ਗਿਆ। ਠੇਕੇਦਾਰ ਦੇ ਸਿਰ ‘ਤੇ ਹੋਰ ਭਾਰ ਪੈ ਗਿਆ। ਪਿੰਡ ਵਿਚ ਬੜਾ ਉਤਸ਼ਾਹ ਸੀ । ਹਰ ਸਿੱਖ ਘਰ ਨੇ ਉਗਰਾਈ ਦਿੱਤੀ ਤੇ ਕਾਰ ਸੇਵਾ ਵਿੱਚ ਹਿੱਸਾ ਲਿਆ। ਧਿਆਨ ਸਿੰਘ ਪੱਥਰਾਂ ਵਾਲੇ 18 ਨੇ ਲਾਹੌਰ ਤੋਂ ਸੰਗੇਮਰਮਰ ਭੇਜ ਕੇ ਚੌਖੰਡੀ ਬਣਵਾ ਦਿੱਤੀ। ਮਿਸਤਰੀ ਟੇਕ ਸਿੰਘ ਨੇ ਗੁੰਬਦ ਦੀ ਜ਼ੁੰਮੇਵਾਰੀ ਲੈ ਲਈ। ਜੱਜ ਸਾਹਿਬ ਭਗਤ ਸਿੰਘ ਨੇ ਲਗਾਤਾਰ ਪੈਸਾ ਭੇਜਿਆ। ਕਾਰ ਸੇਵਾ ਸੰਤ ਚੇਤ ਸਿੰਘ ਨੇ ਕਰਾਈ। ਨੰਦੀਪੁਰ ਦੇ ਨਾਲ ਦੇ ਪਿੰਡ ਭੰਬੋਵਾਲੀ ਦੇ ਸੰਤ ਸੁੰਦਰ ਸਿੰਘ ਨੇ ਉਗਰਾਈ ਸ਼ੁਰੂ ਕਰ ਦਿੱਤੀ। ਸੰਤ ਜੀ ਹਰ ਸਾਲ ਨਾਲਾਗੜ੍ਹ ਦੇ ਰਾਜੇ ਤੋਂ ਵੀ ਉਗਰਾਈ ਲੈ ਆਉਂਦੇ। 1931 ਵਿੱਚ ਇਤਿਹਾਸਕ ਗੁਰਦੁਆਰਾ ਤਿਆਰ ਹੋ ਗਿਆ। ਉੱਚੀਆਂ-ਉੱਚੀਆਂ ਬਾਰੀਆਂ ਵਿੱਚ ਰੰਗ-ਬਰੰਗੇ ਬੈਲਜੀਅਮ (Belgium) ਤੋਂ ਆਏ ਸ਼ੀਸ਼ੇ ਲੱਗੇ। ਹਾਲ ਤੇ ਤੇ ਗੈਲਰੀ ਦੀ ਸ਼ਿਖ਼ਤ ਦਾ ਬੜੀ ਸ਼ਾਨ ਸੀ। ਵਿਹੜੇ ਵਾਲੇ ਪਾਸੇ ਵੀ ਗੈਲਰੀ ਸੀ। ਸਾਮਨੇ ਉੱਚਾ b ਕਿਤੇ ਨਿਸ਼ਾਨ ਸਾਹਿਬ। ਇਕ ਪਾਸੇ ਰਸੋਈ ਦੂਜੇ ਪਾਸੇ ਖੂਹੀ, ਟੂਟੀਆਂ ਤੇ ਯਾਤਰੀਆਂ ਵਾਸਤੇ ਕਮਰੇ। ਵਿਹੜੇ ਵਿੱਚੋਂ ਬਾਹਰ ਜਾਣ ਦਾ ਇਕੋ ਦੋ ਓਲੀ ਠਿਠਾਈਏ ਵੱਡੇ ਭਿੱਤਾਂ ਵਾਲਾ ਦਰਵਾਜ਼ਾ। ਗੁਰਦੁਆਰਾ ਕਿਲਾ ਲੱਗਦਾ ਸੀ। 

ਚਲੋ ਚਲੀ ਦੇ ਦੌਰਾਨ ਦੋਸਤ ਦੀ ਬੇਵਾ ਤੇ ਲੰਬੜਾਂ ਦੀ ਨੂੰਹ ਈਸ਼ਰ ਕੌਰ ਦੇ ਨਾਲ ਪਿਆਰ ਪੈ ਗਿਆ। ਦੂਜਾ ਵਿਆਹ ਕਰ ਲਿਆ। ਪਿੰਡ ਵਿੱਚ ਸ਼ਾਂਤੀ ਰੱਖਣੀ ਜ਼ਰੂਰੀ ਸੀ। ਬਜਾਏ ਟੱਬਰਾਂ ਵਿਚ ਅਦਾਵਤ ਪਾਣ ਦੇ, ਦੂਜਾ ਟੱਬਰ ਸ਼ਹਿਰ ਵਿੱਚ ਰੱਖਿਆ। ਜਦੋਂ 1935 ਦੇ ਇਰਦ-ਗਿਰਦ ਦੁਨੀਆਂ ਭਰ ਵਿੱਚ ਕਾਰੋਬਾਰ ਮੰਦੇ ਹੋ ਗਏ ਤਾਂ ਵੱਡੀਆਂ ਗਲੋਟੀਆਂ ਸ਼ਰਾਬ ਦਾ ਠੇਕਾ ਲੈ ਲਿਆ। ਸੋਨੇ-ਚਾਂਦੀ ਦੇ ਸੱਟੇ ਵਿੱਚ ਹੱਥ ਫਸਾਏ । ਬੜਾ ਪੈਸਾ ਬਣਾਇਆ ਤੇ ਬੜਾ ਗਵਾਇਆ  

ਠੇਕੇਦਾਰ ਨੂੰ ਹਿਰਖ ਸੀ ਕਿ ਅੰਗਰੇਜ਼ੀ ਨਾਂ ਆਉਣ ਕਰਕੇ ਉਹ ਹੋਰ ਅੱਗੇ ਨਾ ਵਧ ਸਕੀਆਂ। ਬੱਚਿਆਂ ਦੀ ਲਿਖਾਈ-ਪੜ੍ਹਾਈ ਨੂੰ ਆਪਣਾ ਮਨੋਰਥ ਬਣਾਇਆ। ਪਿੰਡ ਵਿੱਚ 1946 ਵਿਚ ਹਾਈ ਸਕੂਲ ਬਣਾਇਆ। ਉਸ ਦੀ ਕਮੇਟੀ ਦਾ ਪਹਿਲਾ ਪ੍ਰਧਾਨ ਚੁਣਿਆ ਗਿਆ। ਕਾਬਲ ਉਸਤਾਦ ਲਿਆਂਦੇ। ਕੁੜੀਆਂ ਦੇ ਸਕੂਲ ਨੂੰ ਅੱਠਵੀਂ ਤਕ ਕਰਾਉਣ ਦਾ ਪ੍ਰੋਗਰਾਮ ਬਣਾਇਆ। ਪਰ 1947 ਵਿੱਚ ਪੰਜਾਬ ਵੰਡਿਆ ਗਿਆ। ਪਿੰਡ ਛੱਡਣਾ ਪਿਆ। 

ਉਤਸ਼ਾਹ ਦਾ ਭਰਿਆ, ਹਾਜ਼ਰ ਦਿਮਾਗ਼ ਤੇ ਧਨ ਵਾਲਾ, 54 ਸਾਲ ਦੀ ਉਮਰ ਵਿੱਚ ਰੀਫਿਊਜੀ ਬਣ ਗਿਆ। ਜੇਬ ਵਿੱਚ ਸਿਰਫ਼ 90 ਰੁਪਏ ਨਕਦ ਸਨ । ਸਾਰਾ ਕੁਝ ਕੀਤਾ ਕਰਾਇਆ ਤੇ ਸਾਰੇ ਸੁਪਨੇ ਮਿੱਟੀ ਵਿੱਚ ਮਿਲ ਗਏ। 

ਮੀਆਂ ਹਸਨ ਮੁਹੰਮਦ-ਦੋ ਲੁਹਾਰ ਭਰਾ ‘ਕੱਠੇ ਰਹਿੰਦੇ ਸਨ । ਵਾਹੀ ਵੀ ਕਰਦੇ ਤੇ ਲੁਹਾਰਾ ਕੰਮ ਵੀ। ਰੱਬ ਨੇ ਉਹਨਾਂ ਨੂੰ ਬਹੁਤ ਸਾਰੇ ਪੁੱਤਰਾਂ ਦੀ ਦਾਤ ਬਖਸ਼ੀ। ਪਿੰਡ ਵਿਚ ਕੰਮ ਘਟ ਸੀ। ਸੋ ਪਈ ਕਿ ਲਾਹੌਰ ਲੁਹਾਰਾ ਕੰਮ ਬਹੁਤ ਏ। ਵਾਰੀ-ਵਾਰੀ ਪੁੱਤਰਾਂ ਨੂੰ ਲਾਹੌਰ ਭੇਜ ਦਿੱਤਾ। ਸਿਰਫ਼ ਹਸਨ ਪਿੰਡ ਰਹਿ ਗਿਆ। ਹੌਲੀ-ਹੌਲੀ ਨੌਜਵਾਨਾਂ ਨੇ ਆਪਣਾ ਕਾਰਖ਼ਾਨਾ ਲਾ ਲਿਆ। ਵਿੱਚੋਂ ਕੁਝ ਅਲੀਗੜ੍ਹ ਤਾਲਿਆਂ ਦੀ ਫੈਕਟਰੀ ਵਿੱਚ ਕੰਮ ਕਰਨ ਚਲੇ ਗਏ। ਵਿਆਹੇ ਗਏ। ਪਿੰਡ ਘਰਾਂ ਦੀ ਲੋੜ ਸੀ। ਪੂਰਾ ਮਹੱਲਾ ਹੀ ਬਣਾ ਦਿੱਤਾ। ਇਕੋ ਦਰਵਾਜ਼ਾ ਜਾਂਦਾ ਸੀ। ਅੰਦਰ ਕੋਈ 20 ਘਰ। ਲੁਹਾਰਾਂ ਦਾ ਮਹੱਲਾ ਮਸ਼ਹੂਰ ਹੋ ਗਿਆ। ਆਪ ਲਾਹੌਰ ਤੇ ਵਹੁਟੀਆਂ ਬੱਚੇ ਪਿੰਡ। ਮੁੰਡੇ ਵੱਡੇ ਹੋਏ ਤਾਂ ਉਹ ਵੀ ਲਾਹੌਰ। 

ਮਹੱਲੇ ਦੀ ਗਲੀ ਦੇ ਕੋਨੇ ‘ਤੇ ਇਕ ਮਸੀਤ ਬਣਾਈ। ਪੱਕੀਆਂ ਇੱਟਾਂ ਦੀ ਬੜੀ ਖੂਬਸੂਰਤ। ਅੰਦਰ ਇਕ ਪਾਸੇ ਖੂਹੀ ‘ਤੇ ਯਾਤਰੀਆਂ ਲਈ ਕਮਰਾ। ਵੇਖੋ, ਸੜਕ ਦੇ ਉੱਤੇ ਲੁਹਾਰਾਂ ਦੀ ਸੁੰਦਰ ਮਸਜਦ। ਹਸਨ ਨੇ ਵਾਹੀ ਛੱਡ ਦਿੱਤੀ ਤੇ ਮਸਜਿਦ ਦਾ ਕੰਮ ਸੰਭਾਲ ਲਿਆ। ਹਸਨ, ਮੀਆਂ ਹਸਨ ਮੁਹੰਮਦ ਬਣ ਗਿਆ। ਚੌੜੀ ਛਾਤੀ, ਚੌੜਾ ਮੂੰਹ, ਮੋਟੀਆਂ ਅੱਖਾਂ, ਸਾਫ਼ ਸੁਥਰੀ ਕੱਟੀ ਹੋਈ ਦਾਹੜੀ, ਤਿਲੇ ਨਾਲ ਜੜੇ ਹੋਏ ਕੁਲੇ ਦੇ ਉੱਪਰ ਹਰੀ ਪੱਗ, ਮੀਆਂ ਸਾਹਿਬ ਬਿਲਕੁਲ ਸ਼ੇਰ ਲੱਗਦਾ ਸੀ । ਜਦੋਂ ਧੌਲੇ ਆਉਣੇ ਸ਼ੁਰੂ ਹੋਏ ਤਾਂ ਮਹਿੰਦੀ ਦੇ ਨਾਲ ਦਾਹੜੀ ਤੇ ਪੱਟੇ ਵੀ ਰੰਗ ਲਏ। ਮੀਆਂ ਸਾਹਿਬ ਦੇ ਹੱਥ ਵਿੱਚ ਹਰੇ ਰੰਗ ਦੀ ਕੀਮਤੀ ਪੰਨਿਆਂ ਦੀ ਤਸਬੀ (ਮਾਲਾ) ਹੁੰਦੀ ਸੀ। 

ਮੀਆਂ ਸਾਹਿਬ ਦੀ ਅਵਾਜ਼ ਬੜੀ ਸੁਰੀਲੀ ਸੀ । ਬਾਂਗ ਦੇਣੀ, ਨਮਾਜ ਪੜ੍ਹਨੀ, ਬੱਚਿਆਂ ਨੂੰ ਕੁਰਾਨ ਸ਼ਰੀਫ਼ ਪੜ੍ਹਾਣਾ। ਬਾਕੀ ਦਾ ਸਮਾਂ ਤਸਬੀ ਲੈ ਕੇ ਮੁਹੱਲੇ ਦੀ ਗਲੀ ਦੇ ਅੱਗੇ ਸੜਕ ਤੇ ਖਲੋ ਜਾਣਾ। ਅੰਦਰ ਕੋਈ 20-22 ਟੱਬਰ। ਵਹਿੜੇ ਵਿਚ ਟਾਲੀਆਂ। ਪਿੰਡ ਵਿੱਚ ਕਿਸੇ ਨੂੰ ਨਹੀਂ ਸੀ ਪਤਾ ਹੁੰਦਾ ਕਿ ਕਿਹੜੀ ਕਿਦੀ ਵਹੁਟੀ ਏ ਤੇ ਕਿਹੜਾ ਮੁੰਡਾ-ਕੁੜੀ ਕਿਦੇ ਬੱਚੇ ਨੇ। ਕਿਸੇ ਨੂੰ ਨਹੀਂ ਸੀ ਪਤਾ ਕਿ ਮੀਆਂ ਸਾਹਿਬ ਦੀਆਂ ਕਿੰਨੀਆਂ ਵਹੁਟੀਆਂ ਨੇ । ਮੀਆਂ ਸਾਹਿਬ ਟੱਬਰਾਂ ਦਾ ਰਖਵਾਲਾ ਸੀ । ਰੋਟੀ ਮੰਗਣ ਵਾਲਾ ਜਾਂ ਫ਼ਕੀਰ ਵੀ ਦਾਖਲ ਨਹੀਂ ਸੀ ਹੋ ਸਕਦਾ। ਕੋਈ ਦੂਜਾ ਬੱਚਾ ਵੀ ਮੀਆਂ ਸਾਹਿਬ ਦੀ ਇਜ਼ਾਜ਼ਤ ਤੋਂ ਬਗ਼ੈਰ ਨਹੀਂ ਸੀ ਜਾ ਸਕਦਾ। ਮੀਆਂ ਸਾਹਿਬ ਕਹਿੰਦੇ ਕੁਝ ਨਹੀਂ ਸਨ। ਅੱਖ ਨਾਲ ਹੀ ਭਜਾ ਦੇਂਦੇ ਸਨ। 

ਮੀਆਂ ਹਸਨ ਮੁਹੰਮਦ ਦੀ ਪਿੰਡ ਵਿੱਚ ਬੜੀ ਬਣੀ ਹੋਈ ਸੀ। ਕਿਸੇ ਨਾਲ ਕੋਈ ਉਚੀ ਨੀਵੀਂ ਨਹੀਂ ਸੀ। ਧੀਰਜ ਵਾਲਾ ਸੀ। ਨੇਕ ਸਲਾਹ ਦੇਂਦਾ ਸੀ। ਜਦੋਂ 1947 ਵਿੱਚ ਵੰਡ ਹੋਈ ਤੇ ਜਿੰਨਾ ਚਿਰ ਸਿੱਖ ਪਿੰਡ ਟਿਕੇ ਰਹੇ, ਮੀਆਂ ਸਾਹਿਬ ਨੇ ਕਿਸੇ ਵੀ ਓਪਰੇ ਆਦਮੀ ਨੂੰ ਮਸਜਿਦ ਵਿੱਚ ਰਹਿਣ ਦੀ ਇਜ਼ਾਜਤ ਨਾਂ ਦਿਤੀ। ਪਿੰਡ ਦੀ ਸਾਂਝ ਵਿੱਚ ਕੋਈ ਤਰੇੜ ਨਾ ਆਉਣ ਦਿੱਤੀ। 

ਸਰਦਾਰ : ਪਿੰਡ ਦੇ ਲੰਬੜਦਾਰ ਦਾ ਪੋਤਰਾ, ਅਮੀਰ ਸ਼ਾਹੂਕਾਰ ਤੇ ਰੂਹਾਨੀ ਮਾਂ- ਬਾਪ ਦਾ ਪੁੱਤਰ, ਰਾਜਿੰਦਰ ਇਕ ਬੁਝਾਰਤ ਸੀ, ਪੇਚੀਦਾ ਆਦਮੀ ਸੀ। ਮਜਮੇਂ ਦਾ ਸ਼ੌਕੀਨ ਸੀ ਪਰ ਲੋਕਾਂ ਤੋਂ ਦੂਰ ਰਹਿੰਦਾ ਸੀ। ਪੈਸਾ ਖਰਚਣਾ ਆਉਂਦਾ ਸੀ ਪਰ ਪੈਸਾ ਜੋੜਦਾ ਨਹੀਂ ਸੀ। ਔਰਤਾਂ ਦਾ ਚਾਹਵਾਨ ਸੀ ਪਰ ਕਿਸੇ ਔਰਤ ਦੇ ਨਾਲ ਦਿਲ ਸਾਂਝਾ ਨਹੀਂ ਸੀ ਕਰਦਾ। ਰੂਹ ਖੇਤਾਂ ਵਿੱਚ ਸੀ ਪਰ ਹੱਥ ਵਿਚ ਕਦੀ ਦਾਤਰੀ ਵੀ ਨਹੀਂ ਸੀ ਫੜੀ। ਸ਼ਿਕਾਰੀ ਕੁੱਤੇ ਰੱਖਦਾ ਸੀ ਪਰ ਕਦੀ ਸ਼ਿਕਾਰ ਨਹੀਂ ਸੀ ਗਿਆ। ਸ਼ਰਾਬ ਪੀਂਦਾ ਘਟ ਈ ਸੀ ਪਰ ਸ਼ਰਾਬੀਆਂ ਦੇ ਨਾਲ ਬੈਠਦਾ-ਖਲੋਂਦਾ ਸੀ। ਮਿਹਮਾਨ ਆਉਣ ਤਾਂ ਘਰ ਖੁਲੀ ਸ਼ਰਾਬ ਚਲਦੀ। ਬੱਚਿਆਂ ਨੂੰ ਪਿਆਰ ਕਰਦਾ ਸੀ ਪਰ ਬੱਚਿਆਂ ਦੇ ਵਿੱਚ ਕਦੀ ਰਚ-ਮਿਚ ਕੇ ਨਹੀਂ ਸੀ ਬੈਠਦਾ। ਦੋਸਤਾਂ ਦਾ ਦੋਸਤ ਸੀ, ਦੁਸ਼ਮਣਾਂ ਦਾ ਦੁਸ਼ਮਣ। ਕੰਮ ਪਿਆਰ ਨਾਲ ਨਹੀਂ ਸੀ ਲੈਂਦਾ, ਰੋਬ ਨਾਲ। 

ਰਾਜਿੰਦਰ 13 ਸਾਲ ਦਾ ਸੀ ਜਦੋਂ 1926 ਵਿੱਚ ਬਾਪ ਗੁਜ਼ਰ ਗਿਆ। ਸਾਲ ਦੇ ਅੰਦਰ ਹੀ ਦਾਦਾ ਵੀ ਗੁਜ਼ਰ ਗਿਆ। ਪੈਸਾ ਹੱਥਾਂ ਵਿੱਚ ਆ ਗਿਆ। ਪੜ੍ਹਾਈ ਛੱਡ ਦਿੱਤੀ। ਪਿੰਡ ਜੀ ਨਾ ਲਗੇ। ਮੁਜਰਿਆਂ ‘ਤੇ ਜਾਣਾ, ਰੰਗਰਲੀਆਂ ਤੇ ਤੁਰੇ ਰਹਿਣਾ। ਇਹਨਾਂ ਮਜਲਸਾਂ ਦੇ ਦੌਰਾਨ ਦੋ ਪੱਕੀਆਂ ਸਾਂਝਾਂ ਪੈ ਗਈਆਂ। ਇਕ ਸੀ ਸਿਰਾਂਵਾਲੀ ਦੀ ਖੁਰਸ਼ੈਦਾਂ। ਉਹਦੇ ਸਿਰ ਤੋਂ ਬੜਾ ਪੈਸਾ ਵਾਰਿਆ। ਦੂਜੀ, ਸੱਤਰਾਹ ਦੇ ਚੌਧਰੀ ਗੁਲਾਮ ਰਸੂਲ ਨਾਲ ਦੋਸਤੀ ਹੋ ਗਈ। ਇਹ ਬੜੇ ਵੱਡੇ ਜ਼ਮੀਨਦਾਰ ਪਹਿਲੋਂ ਸਿੱਖ ਹੁੰਦੇ ਸਨ। ਔਰੰਗਜ਼ੇਬ ਦੇ ਸਮੇਂ ਮੁਸਲਮਾਨ ਬਣ ਗਏ। ਅੰਗ੍ਰੇਜ਼ ਅਫ਼ਸਰ ਸ਼ਾਹੀ ਦੇ ਨਾਲ ਮੇਲ ਮਿਲਾਪ ਸੀ। ਇਹਨਾਂ ਸਾਂਝਾਂ ਦਾ ਇਕ ਨਤੀਜਾ ਇਹ ਨਿਕਲਿਆ ਕਿ ਮੁਸਲਮਾਨਾਂ ਤੇ ਜਾਗੀਰਦਾਰਾਂ ਦੇ ਤੌਰ-ਤਰੀਕੇ, ਠਾਠ-ਬਾਠ, ਰਾਜਿੰਦਰ ਦਾ ਅੰਗ ਬਣ ਗਏ। 

ਰਾਜਿੰਦਰ ਦੀ ਮਾਂ ਦਿਲ ਦੀ ਤਕੜੀ ਤੇ ਰੁਹਾਨੀ ਰੂਹ ਵਾਲੀ, ਸਿਖੀ ਵਿਚ ਖ਼ੁਬੀ ਹੋਈ ਸੀ। ਪੇਕੇ ਵੀ ਇਹੋ ਜਿਹੇ ਸਨ ਤੇ ਘਰਵਾਲਾ ਵੀ ਇਹੋ ਜਿਹਾ ਸੀ । ਪੁੱਤਰ ਨੂੰ ਸਿੱਧੇ ਰਾਹ ਪਾਣ ਵਾਸਤੇ ਗੁਰਦਵਾਰੇ ਬੜੀਆਂ ਆਰਦਾਸਾਂ ਕੀਤੀਆਂ। ਫ਼ਕੀਰਾ ਤੋਂ ਤਵੀਤ ਲੈ ਕੇ ਰਾਜਿੰਦਰ ਦੇ ਗਲ ਵਿੱਚ ਪਾਏ। ਕਿਲੇ ਵਾਲੇ ਸੰਤਾ ਦੇ ਘਰ ਚਰਣ ਪਵਾਏ। ਪੈਰ ਧੋ ਕੇ ਪੁੱਤਰ ਨੂੰ ਇਸ਼ਨਾਨ ਕਰਾਇਆ। ਕੁਝ ਵੀ ਰਾਸ ਨਾ ਆਇਆ। ਮਾਂ ਤਾਂ ਕਦੀ ਦਿਲ ਨਹੀਂ ਛੱਡਦੀ। ਗੁਰਦੁਆਰੇ ਦੀ ਕਾਰ ਸੇਵਾ ਵਾਲੇ ਬਿਰਧ ਸੰਤ ਚੇਤ ਸਿੰਘ ਗੁਰਦੁਆਰੇ ਹੀ ਰਹਿੰਦੇ ਸਨ । ਵੱਖਰਾ ਚੁਬਾਰਾ ਸੀ। ਦਿਨ-ਰਾਤ ਆਪਣੀ ਰਮਜ਼ ਵਿੱਚ ਗੁਜ਼ਾਰਦੇ ਸਨ। ਲੋਕੀਂ ਆਮ ਕਹਿੰਦੇ ਸਨ ਕਿ ਸੰਤ ਜੀ ਦਾ ਕਥਨ ਹਮੇਸ਼ਾ ਪੂਰਾ ਹੁੰਦਾ। ਏ। ਨਵਾਂ ਬਿਸਤਰਾ ਲੈ ‘ ਈਸ਼ਰ ਕੌਰ ਸੰਤਾਂ ਦੇ ਹਾਜ਼ਰ ਹੋਈ। ਸੰਤਾਂ ਦੀ ਲਿਵ ਲਗੀ ਹੋਈ ਸੀ। ਚੁੱਪ ਚਾਪ ਪੈਰ ਘੁਟਦੀ ਰਹੀ। ਜੇ ਫ਼ਰਯਾਦ ਕੀਤੀ ਤਾਂ ਮੂੰਹ ਵਿੱਚ ਈ। ਆਖ਼ਰ ਸੰਤਾਂ ਦੀ ਸਮਾਧੀ ਖੁੱਲ੍ਹੀ । ਉਂਗਲ ਅਸਮਾਨ ਵੱਲ ਕਰਕੇ ਬੋਲੇ : “ਇਕ ਹੋਰ ਪੁੱਤਰ ਦੀ ਦਾਤ ਮਿਲੇਗੀ। ਮੈਂ ਨਹੀਂ ਕਹਿੰਦਾ। ਉਪਰ ਵਾਲਾ ਕਹਿ ਰਿਹਾ ਏ।” ਮਾਯੂਸ! ਲੜਖੜਾਂਦੀ ਘਰ ਵਾਪਸ ਆ ਗਈ। ਕਿਸੇ ਨੂੰ ਕੀ ਦੱਸੇ ਕਿ ਸੰਤਾਂ ਨੇ ਤਾਂ ਸਰਾਪ ਦਿੱਤਾ ਏ। ਮੰਗਣ ਕੁਝ ਗਈ, ਮਿਲਿਆ ਕੁਝ ਹੋਰ! ਹੋਣੀ ਕਿ ਅਨਹੋਣੀ !  

ਰਾਜਿੰਦਰ ਐਸ਼ੋ-ਇਸ਼ਰਤ ਦੀ ਦਲਦਲ ਵਿੱਚ ਫਸਿਆ ਹੋਇਆ ਸੀ। ਪੁਲਿਸ ਦੇ ਅਫ਼ਸਰਾਂ ਨਾਲ ਰਿਸ਼ਤਾ ਪੈਦਾ ਕਰ ਲਿਆ। ਦਾਅਵਤ ਤੇ ਦਾਅਵਤ। ਚੋਰ-ਉਚੱਕੇ ਵੀ ਆਲੇ-ਦੁਆਲੇ ‘ਕੱਠੇ ਹੋ ਗਏ। ਪੰਜਾਬੀ ਆਮ ਕਹਿੰਦੇ ਨੇ ਕਿ ‘ਕੁੱਬੇ ਨੂੰ ਸੱਟ ਵੱਜੇ ਤਾਂ ਕੁੱਬ ਨਿਕਲ ਜਾਂਦਾ ਏ’। ਰਾਜਿੰਦਰ ਨੂੰ ਦੋ ਵੱਡੀਆਂ ਸੱਟਾਂ ਲੱਗੀਆਂ, ਇਕ ਤੋਂ ਬਾਅਦ ਦੂਜੀ। ਪਹਿਲੋਂ ਮਾਂ ਪਿੰਡ ਛੱਡ ਕੇ ਚਲੀ ਗਈ। ਫੇਰ ਵੱਡੀ ਭੈਣ ਨੇ ਆਪਣੀ ਮਰਜ਼ੀ ਨਾਲ ਆਪੇ ਵਿਆਹ ਕਰਾ ਲਿਆ। ਰਾਜਿੰਦਰ ਸੰਭਲ ਗਿਆ। ਛੋਟੀ ਵਹੁਟੀ ਸੋਹਿੰਦਰ (ਬਾਵੀ) ਬੜੀ ਕਲਚਰ ਵਾਲੀ ਸੀ। 20 ਘਰਾਂ ਦੇ ਸਾਂਝੇ ਵਿਹੜੇ ਵਿੱਚ ਸ਼ਰਾਰਤਨਾਂ ਵਿੱਚ ਘਿਰੀ ਦਾ ਦਮ ਘੁਟਦਾ ਸੀ । ਉਸ ਨੇ ਚੁਪ ਚਪੀਤੇ ਘਰ ਦਾ ਰੁਖ ਬਦਲਣ ਦਾ ਫੈਸਲਾ ਕਰ ਲਿਆ। ਪਿਆਰ ਨਾਲ ਜ਼ੋਰ ਦੇ ਕੇ ਬਾਹਰ ਨਵੀਂ ਕੋਠੀ ਬਣਵਾਈ। ਦੋਵੇਂ ਵਹੁਟੀਆਂ ਵੇਹੜੇ ਵਾਲਾ ਪੁਰਾਣਾ ਘਰ ਛੱਡ ਕੇ ਵੱਖਰੀ ਕੋਠੀ ‘ਰਾਜਿੰਦਰ ਨਿਵਾਸ’ ਵਿਚ ਆ ਗਈਆਂ। ਵੱਡੀ ਹਰਬੰਸ ਨੇ ਖੂਹ ‘ਤੇ ਰਸੋਈ ਸੰਭਾਲ ਲਈ। ਛੋਟੀ ਨੇ ਆਪਣੇ ਕੂਲੇ ਹੱਥਾਂ ਦੇ ਨਾਲ ਕਠੋਰ ਦਿਲ ਮਲੰਮ ਕਰਨੇ ਸ਼ੁਰੂ ਕਰ ਦਿੱਤੇ। ਕਿਲੇ ਵਾਲੇ ਸੰਤਾ ਨੂੰ ਘਰ ਬੁਲਾਇਆ, ਜਿਸ ਤਰ੍ਹਾਂ ਪਹਿਲਾਂ ਸੱਸ ਨੇ ਬੁਲਾਇਆ ਸੀ। ਬੇਨਤੀ ਕੀਤੀ ਕਿ ਮੇਰੇ ਘਰ ਵਾਲੇ ਨੂੰ ਸਿੱਧੇ ਰਾਹ ਪਾਉ। ਕੀਰਤਨ ਤੋਂ ਬਾਅਦ ਸੰਤਾਂ ਨੇ ਰਾਜਿੰਦਰ ਦੇ ਜਢੇ ‘ਤੇ ਥਾਪੜਾ ਦੇ ਕੇ ਵਰ ਦਿੱਤਾ ਤੇ ਰਾਜ ਕਰੇਗਾ । ਗੱਲ ਸੱਚ ਹੋਈ। ਰਾਜਿੰਦਰ ਨੇ ਦਸ ਸਾਲ 1937-47 ਪਿੰਡ ਵਿੱਚ ਰਾਜ ਕੀਤਾ। 

ਰਾਜਿੰਦਰ ਨੇ ਸ਼ਾਨ ਨਾਲ ਡੱਸਕੇ ਪੁਲਿਸ ਸਟੇਸ਼ਨ ਤੇ ਕਚੈਹਰੀ ਜਾਣ ਵਾਸਤੇ ਬੱਘੀ ਤੇ ਕਾਲਾ ਘੋੜਾ ਖ਼ਰੀਦ ਲਿਆ। ਸਰਕਾਰੀ ਅਫ਼ਸਰਾਂ ਦੇ ਨਾਲ ਚੰਗਾ ਰਾਬਤਾ ਬਣਾ ਲਿਆ। ਲੋਕਾਂ ਦੇ ਕੰਮ ਕਰਨ ਸ਼ੁਰੂ ਕਰ ਦਿੱਤੇ। ਰੋਅਬ ਵੀ ਪੂਰਾ ਰੱਖਣਾ ਤ ਲੋੜਵੰਦਾਂ ਦੀ ਮੱਦਦ ਵੀ ਕਰਨੀ। ਪਿੰਡ ਦਾ ਸਰਦਾਰ ਬਣ ਗਿਆ। ਵੱਡਾ ਛੋਟਾ ਸਰਦਾਰ ਕਹਿ ਕੇ ਬੁਲਾਣ ਲੱਗ ਪਿਆ। ਜਿਹੜਾ ਵੀ ਕੋਈ ਅੜਿਕੀ ਵਿੱਚ ਫਸ ਜਾਵੇ, ਉਸ ਨੂੰ ਬਚਾ ਦੇਣਾ। ਚਾਲੂ ਆਦਮੀ ਵੀ ਆਉਣੇ ਸ਼ੁਰੂ ਹੋ ਗਏ। ਪਿੰਡ ਦਾ ਸਰਦਾਰ, ਚੋਰਾਂ ਤੇ ਉਚੱਕਿਆਂ ਦਾ ਸਰਦਾਰ ਵੀ ਬਣ ਗਿਆ। ਪੈਸਿਆਂ ਦਾ ਮੱਥਾ ਟੇਕ ਜਾਂਦੇ। ਪੁਲਿਸ ਵਾਲਿਆਂ ਨੂੰ ਵੀ ਗੱਫ਼ੇ ਮਿਲ ਜਾਂਦੇ। 

ਸਰਦਾਰ ਨੇ ਕਦੀ ਵੀ ਕੰਜਰੀਆਂ ਨੂੰ ਪਿੰਡ ਨਹੀਂ ਸੀ ਬੁਲਾਇਆ। ਸਿਰਫ਼ ਇਕੋ ਵਾਰੀ 1936 ਵਿਚ ਛੋਟੇ ਭਰਾ ਤਰਲੋਕ ਦੇ ਵਿਆਹ ਤੇ ਰਸ਼ੀਦਾਂ ਨੂੰ ਸਦਿਆ। ਪਿੰਡ ਦੇ ਆਦਮੀਂ ਮੁਜਰਾ ਵੇਖਣ ਆਏ। ਅਗਲੇ ਸਾਲ ਪਲੇਠੀ ਦੇ ਪੁੱਤਰ ਰੰਧੀਰ ਦੀ ਲੋਹੜੀ ਮਨਾਈ। ਬੈਠਕ ਵਿੱਚ ਸ਼ਰਾਬ ਦਾ ਦੌਰ ਚਲਿਆ। ਨੱਚਦਾ ਨੱਚਦਾ ਹਰਨਾਮ ਡਿਗ ਪਿਆ, ਲਤਾੜਿਆ ਗਿਆ। ਸਰਦਾਰ ਦਾ ਲਛੇਦਾਰ ਜੀਵਨ ਕਈ ਲੋਕਾਂ ਨੂੰ, ਖ਼ਾਸ ਤੌਰ ਤੇ ਟੱਬਰ ਦੇ ਕੁਝ ਪਤਵੰਤਿਆਂ ਨੂੰ ਪਸੰਦ ਨਹੀਂ ਸੀ। ਪਰ ਜਿਹੜਾ ਬੋਲੇ, ਉਹਨੂੰ ਕੁਟਾਪਾ ਫਿਰ ਜਾਏ। ਕੋਈ ਘਟ ਹੀ ਕੁਸਕਦਾ ਸੀ। ਸਰਦਾਰ ਨੇ ਆਲੇ-ਦੁਆਲੇ ਦੇ ਪਿੰਡਾਂ ਵਿਚ ਧਾਂਕ ਬਨਾਣ ਦੀ ਕੋਸ਼ਿਸ਼ ਕੀਤੀ। ਇਕ ਵਾਰੀ ਤਾਂ ਖੂਨ-ਖ਼ਰਾਬਾ ਹੋਣ ਤਕ ਆ ਗਿਆ । ਪਰ ਸਰਦਾਰ ਨੂੰ ਮੁਸ਼ਕਲਾਂ ‘ਚੋਂ ਲੰਘਣ ਦਾ ਢੰਗ ਆ ਗਿਆ ਸੀ। ਕਦੀ ਲੜ ਕੇ ਤੇ ਕਦੀ ਨੀਵੀਂ ਪਾ ਕੇ । 

ਖੂਨ ਦੇ ਕਿਨਾਰੇ ਤੱਕ 

ਮਾਰਚ 1937 ਦੇ ਮਾੜੀ ਦੇ ਮੇਲੇ ਦਾ ਜ਼ਿਕਰ ਏ। ਛੋਟੀਆਂ ਗਲੋਟੀਆਂ ਦੇ ਸਰਦਾਰ ਰਾਜਿੰਦਰ ਤੇ ਘੁਕਲ ਦੇ ਤੱਕੜੇ ਜੱਟ ਗੁਰਯੇ ਦੇ ਦਰਮਿਆਨ ਝਪਟ ਹੋ ਗਈ। ਡਾਂਗਾਂ ਉਲਰੀਆਂ ਪਰ ਵਸੀਆ ਨਾ। ਪੱਗ ਰਾਸਤਿ ਲਹਿ ਗਈ। ਝਗੜਾ ਚੰਗੀ ਨਸਲ ਦੇ ਕਤੂਰੇ ਤੋਂ ਹੋਇਆ। ਇਕ ਦੇ 1 ਕਤੂਰੇ ਨੂੰ ਦੂਜੇ ਨੇ ਨੱਪਣ ਦੀ ਕੋਸ਼ਿਸ਼ ਕੀਤੀ। ਦੋਹਾਂ ਧਿਰਾਂ ਨੇ ਵਿਸਾਖੀ ਤੇ ਸਿਜ ਲੈਣ ਦਾ ਐਲਾਨ ਕਰ ਦਿੱਤਾ। 

ਦੋਹਾਂ ਪਿੰਡਾਂ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ। ਗੁਰਯੇ ਦਾ ਪਲੜਾ ਭਾਰੀ ਸੀ। ਸਰਦਾਰ ਕੋਲ ਮਰ ਮਿਟਨ ਵਾਲੇ ਬੰਦੇ ਘੱਟ ਸਨ। ਸਰਦਾਰ ਨੇ ਜੰਡੂ ਤੋਂ ਬੰਦੇ ਲੈ ਆਂਦੇ। ਇਹ ਮਹਾਰਾਜਾ ਰਣਜੀਤ ਸਿੰਘ ਦੇ ਸਾਂਸੀ ਕਬੀਲੇ ਦਾ ਪਿੰਡ ਸੀ। ਮਰਨ ਮਾਰਨ ਨੂੰ ਤਕੜੇ ਸਨ। ਵਿਸਾਖੀ ਵਾਲੇ ਦਿਨ ਢੋਲ ਵੱਜੇ। ਨੱਚਦੇ ਗੱਭਰੂ ਹੱਥਾਂ ਵਿੱਚ ਸੰਮਾਂ ਵਾਲੀਆਂ ਡਾਂਗਾਂ, ਡੱਬਾਂ ਵਿੱਚ ਸ਼ਰਾਬ ਦੀਆਂ ਬੋਤਲਾਂ, ਜੋਸ਼ ਨਾਲ ਭਰੇ ਹੋਏ ਸ਼ਰਾਬੀ ਵੱਡੀਆਂ ਗਲੋਟੀਆਂ ਦੇ ਵਸਾਖੀ ਦੇ ਮੈਦਾਨ ਵਲ ਤੁਰ ਪਏ। ਪੁਲਿਸ ਦਾ ਛੋਟਾ ਦਸਤਾ ਵੀ ਪਹੁੰਚਿਆ ਹੋਇਆ ਸੀ ਪਰ ਲੜਾਈ ਵੇਲੇ ਤਾਂ ਉਹਨਾਂ ਕੁਝ ਦਖ਼ਲ ਨਹੀਂ ਸੀ ਦੇ ਸਕਣਾ। 

ਖੂਨ ਖਰਾਬੇ ਦਾ ਪੂਰਾ ਡਰ ਸੀ । ਛੋਟੀਆਂ ਗਲੋਟੀਆਂ ਤੋਂ ਦੀਵਾਨ ਸਿੰਘ ਠੇਕੇਦਾਰ ਨਾਨੋਕੇ ਗਿਆ। ਮੰਗਲ ਸਿੰਘ ਲੰਬੜਦਾਰ ਨੂੰ ਨਾਲ ਲਿਆ ਤੇ ਵੱਡੀਆਂ ਗਲੋਟੀਆਂ ਚੌਂਕ ਵਿੱਚ ਪਹੁੰਚ ਗਏ। ਉੱਥੇ ਠੇਕੇਦਾਰ ਦੀ ਸ਼ਰਾਬ ਦੇ ਠੇਕੇ ਦੀ ਦੁਕਾਨ ਵੀ ਸੀ। ਘੁਕਲ ਦੇ ਸ਼ਾਹੂਕਾਰ ਵੀ ਆ ਗਏ। ਰਲ ਮਿਲ ਕੇ ਤਜਵੀਜ਼ ਬਣਾਈ ਕਿ ਮੇਲੇ ਵਿੱਚ ਦੋਵੇਂ ਧਿਰਾਂ ਦਾਖ਼ਲ ਨਾ ਹੋਣ। ਹਰ ਸਾਲ ਵਾਂਗਰ ਲੋਕੀ ਵਿਸਾਖੀ ਦੀਆਂ ਖੁਸ਼ੀਆਂ ਮਨਾਉਣ। ਇਕ ਪਾਸੇ ਢਾਬ ਦੇ ਮੈਦਾਨ ਵਿੱਚ ਗੁਰਯੀਏ ਦੇ ਬੰਦੇ ਭੰਗੜਾ ਪਾ ਲੈਣ ਤੇ ਰਜ ਕੇ ਬਕਰੇ ਬੁਲਾ ਲੈਣ। ਦੂਜੇ ਪਾਸੇ ਚੌਂਕ ਵਿੱਚ ਸਰਦਾਰ ਦੇ ਬੰਦੇ ਬੜਕਾਂ ਮਾਰ ਲੈਣ ਤੇ ਮੌਜਾਂ ਕਰਨ। ਕਿਸੇ ਧਿਰ ਦੀ ਹਾਨੀ ਨਾ ਹੋਵੇਗੀ ਤੇ ਵੱਡੀਆਂ ਗਲੋਟੀਆਂ ਦੀ ਪਤ ਰਹਿ ਜਾਏ। ਦੋਹਾਂ ਧਿਰਾਂ ਨੇ ਸਿਆਣਪ ਵਖਾਈ ਤੇ ਤਜ਼ਵੀਜ਼ ਮਨਜੂਰ ਕਰ ਲਈ। ਪੁਲਸ ਵੀ ਖ਼ੁਸ਼ ਹੋ ਗਈ। 

ਗੁਰਯੀਏ ਦੀ ਫੌਜ਼ ਢਾਬ ਦੇ ਕੰਢੇ ਭੰਗੜਾ ਪਾਂਦੀ ਰਹੀ ਤੇ ਦਾਰੂ ਪੀਂਦੀ ਰਹੀ। ਗੁਰਯਾ ਸਰਦਾਰ ਨੂੰ ਗਾਲ੍ਹਾਂ ਕੱਢੇ। ਬਕਰਾ ਬੁਲਾਵੇ। ਇੱਧਰ ਸਰਦਾਰ ਘੋੜੇ ਤੇ ਚੜ੍ਹਿਆ ਹੋਇਆ ਚੌਕ ਵਿੱਚ ਗੁਰਯੀਏ ਦੀ ਧੀ ਭੈਣ ਦੀ ਕਰੇ। ਬੜਕਾ ਮਾਰੇ। ਢੋਲਾਂ ਦੀ ਆਵਾਜ਼ ਤਾਂ ਦੋਹਾਂ ਪਾਸੇ ਸੁਣੀ ਜਾਵੇ ਪਰ ਗਾਲ੍ਹਾਂ ਤਾਂ ਅੱਧ ਵੀ ਨਾ ਟੱਪਣ। ਸ਼ਾਮ ਨੂੰ ਹੁਲਾਰੇ ਖਾਂਦੇ ਆਪਣੇ- ਆਪਣੇ ਪਿੰਡ ਨੂੰ ਮੁੜ ਗਏ। ਜਾ ਕਿ ਬੱਕਰੇ ਵੱਢੇ। ਦੋਵਾਂ ਧਿਰਾਂ ਨੇ ਆਪਣੀ ਜਿੱਤ ਦੀਆਂ ਖ਼ੁਸ਼ੀਆਂ ਮਨਾਈਆਂ। ਨਾ ਕਿਸੇ ਦੀ ਜਿੱਤ ਤੇ ਨਾ ਕਿਸੇ ਦੀ ਹਾਰ। ਵਸਾਖੀ ਦੀ ਜਿੱਤ ਹੋਈ। 

ਸਰਦਾਰ ਨੂੰ ਸਿਰਫ਼ ਪੰਜ ਆਦਮੀਆਂ ‘ਤੇ ਪੂਰਾ ਭਰੋਸਾ ਸੀ। ਈਸਾ ਮਰਾਸੀ (ਇਸਮਾਈਲ) ਬਹੁਤਾ ਸਰਦਾਰ ਦੇ ਘਰ ਹੀ ਰਹਿੰਦਾ ਸੀ। ਹਰ ਥਾਂ ਟਾਂਗੇ ‘ਤੇ ਨਾਲ ਜਾਂਦਾ ਸੀ। ਪਿੰਡ ਦਾ ਚੌਕੀਦਾਰ ਈਦਾ ਬਰਵਾਲਾ ਤੇ ਪਿੰਡ ਦਾ ਨਾਈ ਰਹੀਮ। ਬਾਕੀ ਦੋ ਸਨ ਛੋਟੇ ਭਰਾ ਤਰਲੋਕ ਤੇ ਅਵਤਾਰ ਜਿਹੜੇ ਹਰ ਵੇਲੇ ਜਾਣ ਦੇਣ ਵਾਸਤੇ ਤਿਆਰ ਹੁੰਦੇ ਸਨ। ਛੇਵੀਂ ਸੀ ਸਯਦਾਂ (ਸੈਦਾਂ), ਈਦੇ ਦੇ ਵਹੁਟੀ ਜਿਹੜੀ ਪਿੰਡ ਦੀ ਹਰ ਗੱਲ ਸਰਦਾਰ ਤੱਕ ਪਹੁੰਚਾਉਂਦੀ ਸੀ। ਸਮਝੋ ਕਿ ਇਹ ਛੇ ਸਰਦਾਰ ਦਾ ਮੰਤਰੀ ਮੰਡਲ ਸਨ। ਘੱਟ ਹੀ ਕੋਈ ਇਨਸਾਨ ਹੁੰਦਾ ਹੈ ਜਿਹੜਾ ਭਰੋਸੇ ਵਾਲੇ ਛੇ ਸਾਥੀ ‘ਕੱਠੇ ਕਰ ਸਕੇ। ਕਮਜ਼ੋਰੀ ਇਹ ਸੀ ਕਿ ਦੋ ਭਰਾਵਾਂ ਤੋਂ ਇਲਾਵਾ ਬਾਕੀ ਸਾਰੇ ਮੁਸਲਮਾਨ ਸਨ । ਪਿੰਡ ਦੀ ਬਹੁਤੀ ਵਸੋਂ ਤੇ ਸਾਰੀ ਬਰਾਦਰੀ ਸਿੱਖ ਸਨ । ਪੱਕੇ ਸਿੱਖ। 

ਸਰਦਾਰ ਰਾਜਸੀ ਤਾਕਤ ਦੀ ਕਦਰ ਕਰਦਾ ਸੀ। ਜੀ ਸੀ ਕਿ ਚੌਧਰੀ ਗੁਲਾਮ ਰਸੂਲ ਵਾਂਗਰ ਡਿਸਟਰਿਕਟ ਬੋਰਡ ਦਾ ਮੈਂਬਰ ਬਣੇ। 1944 ਵਿੱਚ ਅਲੈਕਸ਼ਨਾਂ ਆਈਆਂ। 

ਖੜਾ ਹੋ ਗਿਆ, ਜਿੱਤ ਗਿਆ। ਕੋਈ ਰਾਜਸੀ ਪਾਰਟੀ ਪਿੱਠ ‘ਤੇ ਨਹੀਂ ਸੀ। ਆਪਣੇ ਬਲ ਦੇ ਨਾਲ ਜਿੱਤਿਆ। ਅਗਲੇ ਸਾਲ ਅਸੰਬਲੀ ਦੀਆਂ ਅਲੈਕਸ਼ਨਾਂ ਸਨ । ਸਰਗਰਮੀਆਂ ਸ਼ੁਰੂ ਹੋ ਗਈਆਂ। ਪੰਜਾਬ ਦੇ ਪ੍ਰੀਮੀਅਰ ਸਰ ਖਿਜ਼ਰ ਹਯਾਤ ਖ਼ਾਂ ਟਿਵਾਨਾ ਦੇ ਨਾਲ ਸਿੱਧਾ ਮੇਲ-ਜੋਲ ਪੈਦਾ ਕਰ ਲਿਆ। ਉਹਨੂੰ ਪਿੰਡ ਸੱਦਿਆ। ਪਰ ਰੰਜਾਈ (1946 ਵਿੱਚ) ਮੁਲਾਕਾਤ ਹੋਈ। ਛੇਤੀ ਹੀ ਰਾਜਸੀ ਹਾਲਾਤ ਉਲਟ-ਪੁਲਟ ਗਏ। 1947 ਵਿੱਚ ਪੰਜਾਬ ਵੰਡਿਆ ਗਿਆ। ਅਜੇ ਸਿਰਫ਼ 36 ਸਾਲ ਦੀ ਉਮਰ ਹੋਈ ਸੀ, ਪਿੰਡ ਪਰਦੇਸ ਬਣ ਗਿਆ।  

 

26 

ਦਿਲ ਪਿੱਛੇ ਪੈਰ ਅੱਗੇ 

ਸਦੀਆਂ ਤੋਂ ਲੋਕੀਂ ਆਪਣੇ-ਆਪਣੇ ਥਾਵਾਂ ‘ਤੇ ਟਿਕੇ ਆ ਰਹੇ ਸਨ। ਜ਼ਮੀਨਾਂ ਖੁੱਲ੍ਹੀਆਂ ਤੇ ਜ਼ਰਖੋਜ਼ ਸਨ। ਰੋਜ਼ੀ ਦੀ ਤਲਾਸ਼ ਵਿੱਚ ਘੱਟ ਹੀ ਕੋਈ ਪਿੰਡ ਛੱਡ ਕੇ ਜਾਂਦਾ ਸੀ। 1848 ਵਿੱਚ ਅੰਗਰੇਜ਼ਾਂ ਦਾ ਰਾਜ ਆਇਆ। ਬੜੀਆਂ ਬਦਲੀਆਂ ਸ਼ੁਰੂ ਹੋ ਗਈਆਂ। ਥਾਂ-ਥਾਂ ਛੋਣੀਆਂ ਬਣੀਆਂ। ਨਹਿਰਾਂ ਤੇ ਰੇਲ ਦੇ ਜਾਲ ਵਿਛਣੇ ਸ਼ੁਰੂ ਹੋ ਗਏ। ਮਿਸਤਰੀਆਂ ਦੀ ਲੋੜ ਬੜੀ ਵੱਧ ਗਈ। ਕਈ ਰਾਜ, ਤਰਖਾਨ ਤੇ ਲੁਹਾਰ ਇਹਨਾਂ ਸ਼ਹਿਰਾਂ ਨੂੰ ਚਲੇ ਗਏ। ਸ਼ੁਰੂ ਵਿੱਚ ਟੱਬਰ ਪਿੰਡ ਛੱਡਦੇ ਪਰ ਫੇਰ ਉਹਨਾਂ ਨੂੰ ਵੀ ਲੈ ਜਾਂਦੇ । 

ਪੜ੍ਹੇ-ਲਿਖੇ ‘ਵਾਸਤੇ ਨੇੜੇ-ਤੇੜੇ ਕੋਈ ਨੌਕਰੀ ਨਹੀਂ ਸੀ ਹੁੰਦੀ। ਦੂਰ ਦਰੇੜੇ ਜਾਣਾ ਪੈਂਦਾ ਸੀ। ਸਿਰਫ਼ ਇੰਦਰ ਸਿੰਘ ਵਕੀਲ ਸੀ ਜਿਸ ਨੇ ਬੀ. ਏ. ਐਲ. ਐਲ. ਬੀ. ਕਰਕੇ ਡੱਸਕੇ ਕਚਹਿਰੀ ਵਿੱਚ ਵਕਾਲਤ ਕੀਤੀ। ਰੋਜ਼ ਸਾਈਕਲ ‘ਤੇ ਪਿੰਡ ਜਾਂਦਾ। ਜਾਂ ਫੇਰ ਗੁਲਾਮ ਨਬੀ ਤੇ ਸ਼ੁਕਰ ਦੀਨ ਸਨ ਜਿਨ੍ਹਾਂ ਦਾ ਇਕ ਪੈਰ ਪਿੰਡ ਦੇ ਅੰਦਰ ਤੇ ਇਕ ਬਾਹਰ ਸੀ। ਨੌਜਵਾਨਾਂ ਵਾਸਤੇ ਸ਼ਹਿਰ ਦੇ ਜੀਵਨ ਖ਼ਾਸ ਤੌਰ ਤੇ ਲਾਹੌਰ ਦੀ ਬੜੀ ਖਿਚ प्रो। 

ਪ੍ਰਦੇਸ ਜਾਣਾ ਪਹਿਲੀ ਜੰਗ ਤੋਂ ਬਾਅਦ ਸ਼ੁਰੂ ਹੋਇਆ। ਪੋਹਲਾ ਸਿੰਘ ਦਾ ਪੁੱਤਰ ਵਜ਼ੀਰ ਸਿੰਘ ਭਾਟੀਆ 1920 ਵਿੱਚ ਸਿਆਮ ਗਿਆ। ਹੌਲੀ-ਹੌਲੀ ਬਾਕੀ ਦੇ ਭਰਾ ਵੀ ਚਲੇ ਗਏ। ਸਿਰਫ਼ ਇੰਦਰ ਪਿੱਛੇ ਰਹਿ ਗਿਆ। ਦੋ ਭਰਾ ਗਿਆਨ ਸਿੰਘ ਤੇ ਮਾਨ ਸਿੰਘ ਈਸਟ ਅਫ਼ਰੀਕਾ ਗਏ। ਮਾਨ ਸਿੰਘ ਦਾ ਜੀ ਨਾ ਲੱਗਿਆ । ਵਾਪਸ ਆ ਗਿਆ। 

ਗਿਆਨ ਸਿੰਘ ਟਿਕਿਆ ਰਿਹਾ। ਮਿਸਤਰੀ ਤੋਂ ਠੇਕੇਦਾਰ ਬਣ ਗਿਆ। ਉਸ ਤੋਂ ਬਾਅਦ ਕੇਵਲ ਅਵਤਾਰ ਸਿੰਘ 1943 ਵਿੱਚ ਨੈਰੋਬੀ ਗਿਆ। ਜੱਟਾਂ ‘ਚੋਂ ਕਰਮ ਸਿੰਘ ਪ੍ਰਦੇਸ ਗਿਆ। ਸ਼ੰਗਾਈ ਇਕ ਬਾਗੜੀ ਤਾਜਰ ਦੇ ਕੋਲ ਚੌਕੀਦਾਰੀ ਕਰਦਾ ਸੀ। ਬਾਗੜੀ ਦੇ ਮਰਨ ਤੋਂ ਬਾਅਦ ਉਸਦੀ ਵਹੁਟੀ ਦੇ ਨਾਲ ਵਿਆਹ ਕਰਾ ਲਿਆ। ਵਡੇਰੀ ਉਮਰੇ ਦੋਵੇਂ ਜੀ ਪਿੰਡ ਆ ਗਏ। ਕਰਮ ਸਿੰਘ ਦੀ ਵਹੁਟੀ ਦਾ ਨਾਮ ਕਿਸੇ ਨੂੰ ਪਤਾ ਨਹੀਂ ਸੀ। ਸਾਰੇ ਬੇਬੇ ਬਾਗੜੀ ਕਹਿੰਦੇ ਸਨ । ਮਸ਼ਹੂਰ ਸੀ ਕਿ ਜਦੋਂ ਬਾਗੜੀ ਪਿੰਡ ਆਈ ਤਾਂ ‘ਕਈ ਮਣ’ ਸੋਨਾ ਨਾਲ ਲੈ ਕੇ ਆਈ। ਗੋਖੜੂ, ਕਾਂਟੇ ਤੇ ਹਾਰ ਹਰ ਵੇਲੇ ਪਾ ਕੇ ਰੱਖਦੀ। 

ਆਪਣੇ ਪਿੰਡ ਨੂੰ ਲੋਕ ਵਤਨ ਕਹਿੰਦੇ ਸਨ। ਹਰ ਵਤਨ ਛੱਡਣ ਵਾਲੇ ਦਾ ਸੁਪਨਾ ਹੁੰਦਾ ਸੀ ਕਿ ਧਨ-ਦੌਲਤ ਇਕੱਠਾ ਕਰ ਲਵੇ। ਮਾਲੋ-ਮਾਲ ਹੋ ਜਾਏ। ਸਿਰਫ਼ ਧਿਆਨ ਸਿੰਘ ਦਾ ਇਹ ਸੁਪਨਾ ਪੂਰਾ ਹੋਇਆ। ਹਰ ਇਕ ਦੀ ਖਾਹਿਸ਼ ਹੁੰਦੀ ਸੀ ਕਿ ਪਿੰਡ ਵਾਸਤੇ ਕੁਝ ਕਰੇ। ਇਹ ਮਾਨ ਸਿਰਫ਼ ਤਿੰਨਾਂ ਨੂੰ ਹਾਸਿਲ ਹੋਇਆ। ਲੁਹਾਰਾਂ ਨੇ ਮੁਹੱਲਾ ਬਣਾਇਆ ਤੇ ਇਕ ਖੂਬਸੂਰਤ ਮਸਜਿਦ ਬਣਾਈ। ਧਿਆਨ ਸਿੰਘ ਨੇ ਗੁਰਦਵਾਰਾ ਦਮਦਮਾ ਸਾਹਿਬ ਬਣਾਇਆ। ਸਿੰਘ ਸਭਾ ਗੁਰਦਵਾਰੇ ਦੀ ਚੁਖੰਡੀ ਸੰਗੇਮਰਮਰ ਨਾਲ ਬਣਾਈ ਤੇ ਪਿੰਡ ਵਿੱਚ ਜਨਤਾ ਵਾਸਤੇ ਖੂਹੀ ਲਾਈ। ਭਗਤ ਸਿੰਘ ਜੱਜ ਨੇ ਕੁੜੀਆਂ ਦਾ ਸਕੂਲ ਬਣਾਇਆ ਤੇ ਕਈ ਹੋਰ ਕਾਰਜ ਸਵਾਰੇ। 

ਧਿਆਨ ਸਿੰਘ ਪੱਥਰਾਂਵਾਲਾ (1848-1938)— ਜਦੋਂ ਧਿਆਨ ਸਿੰਘ ਪੈਦਾ ਹੋਇਆ, ਕਿਧਰੇ ਵੀ ਕੋਈ ਸਕੂਲ ਨਹੀਂ ਸੀ। ਗੁਰਮੁਖੀ ਪੜ੍ਹਨੀ-ਲਿਖਣੀ ਗੁਰਦਵਾਰੇ ਸਿਖ ਲਈ। ਟੱਬਰ ਦੀਆਂ ਕੁੜੀਆਂ ਘੋੜੀ ਗਾਉਂਦੀਆਂ ਹੁੰਦੀਆਂ ਸਨ : 

ਬੱਬਰਾ ਰਾਜੇ, ਹੇਠ ਘੋੜੇ ਤਾਜ਼ੇ ਸੋਨੇ ਦੀਆਂ ਪੌੜੀਆਂ, ਚਾਂਦੀ ਦੇ ਦਰਵਾਜ਼ੇ। 

ਧਿਆਨ ਸਿੰਘ ਨੇ ਇਹ ਸੱਚ ਕਰ ਵਿਖਾਇਆ। ਪੱਥਰਾਂ ਦਾ ਰਾਜਾ ਬਣ ਗਿਆ। ਲਾਹੌਰ ਹਵੇਲੀ ਵਿੱਚ ਘੋੜੇ, ਰੋਲਜ਼ ਰਾਇਸ (Rolls Royce) ਕਾਰਾਂ, ਚਾਂਦੀ ਦੇ ਗਲਾਸ, ਕੌਲੀਆਂ ਤੇ ਥਾਲ। ਘਰ ਬਾਹਰ, ਥਾਂ-ਥਾਂ, ਲੰਗਰ ਦਿਨ-ਰਾਤ ਚੱਲਦਾ। 

ਬਿਸ਼ਨਾ ਤੇ ਉਹਦਾ ਭਰਾ ਹਸਨੇਵਾਲੇ ਖੂਹ ‘ਤੇ ਵਾਹੀ ਕਰਦੇ ਸਨ । ਸਿੱਖ ਸਨ ਪਰ ਗਾਧੀ ਤੇ ਬਹਿ ਕੇ ਹੁਕੀ ਪੀਣ ਦਾ ਬੜਾ ਸ਼ੌਕ ਸੀ। 1863 ਵਿੱਚ ਅਚਾਨਕ ਨਾਮਧਾਰੀ ਗੁਰੂ ਬਾਬਾ ਰਾਮ ਸਿੰਘ ਖੂਹ ਤੇ ਆਏ। ਹੁਕੀਆਂ ਤੋੜ ਦਿੱਤੀਆਂ। ਫੇਰ ਗਿਆਨ ਦਿੱਤਾ, ਨਾਮ ਦਿੱਤਾ। ਬਿਸ਼ਨਾ ਤੇ ਪੁੱਤਰ ਬੂਟਾ ਨਾਮਧਾਰੀ ਬਣ ਗਏ। ਅਗਲੇ ਸਾਲ ਬੂਟਾ ਆਪਣੇ ਪੁੱਤਰ ਧਿਆਨ ਨੂੰ ਨਾਲ ਲੈ ਕੇ ਬਾਬਾ ਜੀ ਦੇ ਦਰਸ਼ਨ ਕਰਨ ਲਾਹੌਰ ਗਿਆ। ਧਿਆਨ ਤਾਂ ਮੁਰੀਦ ਬਣ ਗਿਆ। ਚਾਨਣਾ ਹੋ ਗਿਆ। ਲਾਹੌਰ ਹੀ ਰਹਿ ਪਿਆ। 

ਕਿਰਤ ਕਮਾਈ ਕਰਨੀ ਸੀ। ਧਿਆਨ ਨੇ ਕੁਝ ਚਿਰ ਰਾਜਗਿਰੀ ਕੀਤੀ। ਫੇਰ ਛੋਟੇ ਮੋਟੇ ਠੇਕੇ ਲਏ। ਉਹਨਾਂ ਦਿਨਾਂ ਵਿੱਚ ਸੱਖਰ ਦਾ ਮਹਾਨ ਪੁਲ ਤੇ ਉਥੋਂ ਨਹਿਰਾਂ ਕੱਢਣੀਆਂ ਸ਼ੁਰੂ ਹੋਈਆਂ। ਧਿਆਨ ਨੇ ਵੀ ਇਕ ਠੇਕਾ ਲੈ ਲਿਆ। ਨਿੱਤ ਨੇਮੀ ਦਾ ਅਸੂਲ ਸੀ ‘ਹੱਥ ਕਾਰ ਵੱਲ ਤੇ ਦਿਲ ਯਾਰ ਵੱਲ’। ਧਿਆਨ ਦੀ ਚੁਣਾਈ ਵੇਖ ਕੇ ਸਾਰੇ ਦੰਗ ਰਹਿ ਗਏ। ਨਾਲੇ ਵਕਤ ਤੋਂ ਪਹਿਲੋਂ ਕੰਮ ਪੂਰਾ ਕਰ ਦੇਵੇ। ਦੂਜੇ ਸਾਲ ਦਰਿਆ ਸਿੰਧ ਵਿੱਚ ਅਚਾਨਕ ਹੜ੍ਹ ਆ ਗਿਆ । ਸਾਰੇ ਬੰਨ੍ਹ ਰੁੜ ਗਏ। ਹਰ ਇਕ ਠੇਕੇਦਾਰ ਨੇ ਕਲੇਮ ਦਰਜ਼ ਕਰਾਇਆ। ਵਸੂਲੀ ਲਈ। ਧਿਆਨ ਨੇ ਕਲੇਮ ਨਾ ਕੀਤਾ। ਕਰਨਲ ਸਾਹਿਬ ਬੜਾ ਹੈਰਾਨ ਹੋਇਆ। ਕੰਮ ਦਾ ਮਾਹਿਰ ਤੇ ਵਸੂਲੀ ਨਹੀਂ ਮੰਗਦਾ। ਧਿਆਨ ਨੂੰ ਦਫ਼ਤਰ ਬੁਲਾਇਆ ਤੇ ਪੁੱਛਿਆ “ਤੁਮਨੇ ਕਲੇਮ ਕਿਉਂ ਨਹੀਂ ਫਾਈਲ ਕੀਆ ?” ਧਿਆਨ ਨੇ ਜਵਾਬ ਦਿੱਤਾ “ਜਨਾਬ। ਕਲੇਮ ਕਿਸ ਬਾਤ ਕਾ? ਤੋਫ਼ਾਨ ਤੋ ਰੱਬ ਕਾ ਰੰਗ ਥਾ। ਮੈਂ ਰੱਬ ਕੀ ਰਜ਼ਾ ਕੇ ਖ਼ਿਲਾਫ਼ ਕਲੇਮ ਕਰੂੰ ? ਮੈਂ ਮਾਮੂਲੀ ਇਨਸਾਨ ਹੂੰ । ਮੈਂ ਯੇ ਨਹੀਂ ਕਰ ਸਕਤਾ।” ਕਰਨੈਲ ਸਾਹਿਬ ਨੂੰ ਧਿਆਨ ਦੇ ਕੰਮ ਦਾ ਤਾਂ ਪਹਿਲੋਂ ਹੀ ਪਤਾ ਸੀ । ਹੁਣ ਧਿਆਨ ਦੀ ਰੂਹਾਨੀ ਸੱਚਾਈ ਦਾ ਵੀ ਪਤਾ ਲੱਗ ਗਿਆ। ਧਿਆਨ ਨੂੰ ਠੇਕੇ ਤੇ ਠੇਕੇ ਦੇਣੇ ਸ਼ੁਰੂ ਕਰ ਦਿੱਤੇ। ਧਿਆਨ ਨੇ ਇੱਟਾਂ ਦੀ ਆਪਣੀ ਲੋੜ ਲਈ ਭੱਠੇ ਵੀ ਲਾ ਲਏ। ਦਿਆਨਤਦਾਰੀ ਨਾਲ ਬੜਾ ਪੈਸਾ ਬਣਾ ਲਿਆ। 

ਸਖਰ ਬਰਾਜ ਖ਼ਤਮ ਹੋਇਆ। ਲਾਹੌਰ ਮੁੜ ਆਇਆ। ਪੱਥਰਾਂ ਦੇ ਕੰਮ ਵਿੱਚ ਪੈਰ ਪਾ ਲਏ। ਅੰਗ੍ਰੇਜ਼ਾਂ ਦੀਆਂ ਕਬਰਾਂ ਤੇ ਪੱਥਰ ਲਾਉਣ ਦਾ ਠੇਕਾ ਲੈ ਲਇਆ। ਕੰਮ ਬੜਾ ਸੁਥਰਾ। ਫੇਰ ਚੀਫਜ਼ ਕਾਲਜ ਤੇ ਕੈਥੀਡਰਲ ਦਾ ਠੇਕਾ ਮਿਲ ਗਿਆ। ਮਲਕਾ ਵਿਕਟੋਰੀਆ ਦੇ ਬੁਤ ਦਾ ਠੇਕਾ ਮਿਲ ਗਿਆ। ਬੰਦਾ ਸਾਦਾ ਸੀ ਪਰ ਅੰਗ੍ਰੇਜ਼ ਅਫ਼ਸਰਾਂ ਦੇ ਨਾਲ ਮੀਟਿੰਗ ਹੋਵੇ ਤਾਂ ਆਪਣੀ ਰੋਲਜ਼ ਰਾਇਸ ‘ਤੇ ਚੜ੍ਹ ਕੇ ਜਾਂਦਾ ਸੀ । ਦੂਰ ਦੀ ਸੋਚਦਾ ਸੀ ਭਾਵੇਂ ਅਨਪੜ੍ਹ ਸੀ। ਪੁੱਤਰ ਕਰਤਾਰ ਨੂੰ ਇਟਲੀ ਭੇਜਿਆ ਤਾਂਕਿ ਫੁਆਰਿਆਂ ਦੀ ਸਕਲਪਚਰਿੰਗ (Sculpturing) ਸਿੱਖ ਲਵੇ। ਕਰਤਾਰ ਫੁਆਰਿਆਂ ਦਾ ਮਾਹਿਰ ਬਣ ਗਿਆ। ਇਟਲੀ ਤੋਂ ਪੱਥਰ ਮੰਗਵਾਇਆ। ਲਾਹੌਰ ਕਿਲੇ ਦੇ ਸਾਹਮਣੇ ਤੇ ਫੇਰ ਲਾਇਲਪੁਰ ਫੁਆਰੇ ਬਣਾਏ। ਧਿਆਨ ਸਿੰਘ ਪੱਥਰਾਂਵਾਲੇ ਦਾ ਨਾਮ ਸਭ ਪਾਸੇ ਮਸ਼ਹੂਰ ਹੋ ਗਿਆ। ਭਾਟੀ ਦਰਵਾਜੇ ਬੜੀ ਵੱਡੀ ਹਵੇਲੀ ਬਣਾਈ। ਕਿਲੇ ਵਰਗਾ। ਦਰਵਾਜ਼ਾ। ਥਲੇ ਕਾਰਾਂ, ਘੋੜਿਆਂ ਦੀ ਥਾਂ, ਨਾਮਧਾਰੀਆਂ ਦੀ ਧਰਮਸਾਲਾ। ਦੂਜੀ ਮੰਜ਼ਿਲ ਤੇ ਮਹਿਮਾਨਾਂ ਦੀ ਰਿਹਾਇਸ਼ ਦੇ ਕਮਰੇ। ਤੀਜੀ ਮੰਜ਼ਿਲ ਤੇ ਟੱਬਰ। ਫੇਰ ਸਿਨੇਮਾ ਬਣਾਇਆ ‘ਮਨਰਵਾ ਟਾਕੀਜ਼’। ਪਿੰਡ ਤੋਂ ਕੋਈ ਆਵੇ, ਘਰ ਰਹੇ ਤੇ ਮੁਫ਼ਤ ਸਿਨੇਮਾ ਵੇਖੇ। ਪਿੰਡ ਵਾਲੇ ਕਿਸੇ ਨੇ ਵੀ ਪਹਿਲੋਂ ਕਦੀ ਸਿਨੇਮਾ ਨਹੀਂ ਸੀ ਵੇਖਿਆ। 

ਲੰਗਰ ਦੀ ਸੇਵਾ ਵਿੱਚ ਨਾਮਧਾਰੀ ਸਭ ਤੋਂ ਅੱਗੇ ਸਨ। ਬਾਬੇ ਧਿਆਨ ਸਿੰਘ ਸਾਰਾ ਖ਼ਰਚਾ ਵੀ ਕਰਨਾ ਤੇ ਆਪ ਵੀ ਰਸੋਈ ਵਿੱਚ ਕੰਮ ਕਰਨਾ। 1912 ਦੀ ਸਿੱਖ ਐਜ਼ੂਕੇਸ਼ਨ ਕਾਨਫਰੰਸ ਦਾ ਸਾਰਾ ਪ੍ਰਬੰਧ ਕੀਤਾ। ਸਭ ਤੋਂ ਵੱਡਾ ਲੰਗਰ 1929 ਵਿੱਚ ਕੀਤਾ। ਰਾਵੀ ਦੇ ਕੰਢੇ ਤੇ ਆਲ ਇੰਡੀਆ ਕਾਂਗਰਸ ਦਾ ਅਜਲਾਸ ਸੀ। ਜਵਾਹਰ ਲਾਲ ਨਹਿਰੂ ਨੇ ਅਜ਼ਾਦੀ ਦਾ ਝੰਡਾ ਲਹਿਰਾਇਆ। ਅਲਫ਼ ਤੋਂ ਲੈ ਕੇ ਯੇ ਤੱਕ ਲੰਗਰ ਦਾ ਪ੍ਰਬੰਧ (ਤੇ ਖ਼ਰਚਾ) ਨਾਮਧਾਰੀਆਂ ਦੇ ਹੱਥ ਸੀ। ਬਾਬਾ ਧਿਆਨ ਸਿੰਘ ਦਾ ਇੰਤਜ਼ਾਮ ਵੇਖ ਕੇ ਸਾਰਾ ਕਾਂਗਰਸੀ ਤਬਕਾ ਦੰਗ ਰਹਿ ਗਿਆ। ਪ੍ਰੇਮ ਤੇ ਆਦਰ ਨਾਲ ਸੇਵਾ! ਨਾਮਧਾਰੀਆਂ ਦੀ ਮਸ਼ਹੂਰੀ ਹੋ ਗਈ। 

ਅੱਸੀ ਸਾਲ ਦੀ ਉਮਰ ਹੋਈ। ਸਾਰਾ ਕਾਰੋਬਾਰ ਤਿੰਨਾਂ ਪੁੱਤਰਾਂ (ਨਰੈਣ ਸਿੰਘ, ਕਰਤਾਰ ਸਿੰਘ, ਗੁਰਦਿੱਤ ਸਿੰਘ) ਦੇ ਹਵਾਲੇ ਕਰ ਦਿੱਤਾ। ਕਰਤਾਰ ਤਾਂ ਰਾਜਸੀ ਕੰਮਾਂ ਵਿੱਚ ਪੈ ਗਿਆ । ਲਾਹੌਰ ਮਿਊਨਸਪਲ ਕਾਰਪੋਰੇਸ਼ਨ ਦਾ ਪਹਿਲਾ ਸਿੱਖ ਮੈਂਬਰ ਚੁਣਿਆ ਗਿਆ । ਬਾਬਾ ਜੀ ਆਪ ਪਿੰਡ ਆ ਗਏ। ਦਮਦਮਾ ਸਾਹਿਬ ਗੁਰਦਵਾਰਾ ਬਣਾਇਆ। ਇਸ ਥਾਂ ਤੇ ਆ ਕੇ ਬਾਬਾ ਰਾਮ ਸਿੰਘ ਨੇ ਪਰਿਵਾਰ ਨੂੰ ਪੱਕੀ ਸਿੱਖੀ ਵੱਲ ਤੋਰਿਆ ਸੀ। ਬਗ਼ੈਰ ਥੰਮਿਆਂ ਤੋਂ 60×40 ਦਾ ਹਾਲ ਬਣਾਇਆ। ਸੰਗੇਮਰਮਰ ਦੀ ਚੁਖੰਡੀ ਬਣਾਈ, ਜਿਸ ਤਰ੍ਹਾਂ ਪਹਿਲੋਂ ਪਿੰਡ ਦੇ ਇਤਿਹਾਸਕ ਗੁਰਦਵਾਰੇ ਦੀ ਚੌਖੰਡੀ ਬਣਾਈ ਸੀ। ਨਾਮਧਾਰੀਆਂ ਦੇ ਰਹਿਣ ਦੇ ਕਮਰੇ, ਖੂਹੀ ਤੇ ਰਸੋਈ ਵੀ ਬਣਾਈ। ਪਿੰਡ ਦੇ ਵਿੱਚ ਇਕ ਬੜੀ ਵੱਡੀ ਖੂਹੀ ਬਣਾਈ। ਉੱਤੇ ਛੱਤ ਤੇ ਆਲੇ-ਦੁਆਲੇ ਪੱਕੀਆਂ ਇੱਟਾਂ ਦਾ ਬੜਾ ਪਿੰਡ ਦੀਆਂ ਜ਼ਨਾਨੀਆਂ ਨੂੰ ਕੱਪੜੇ ਧੋਣ ਦਾ ਸੌਖ ਹੋ ਗਿਆ । 1932 ਵਿੱਚ ਕੰਮ ਖਤਮ ਹੋਈਆ ਤਾਂ ਬਾਬਾ ਜੀ ਵਾਪਸ ਲਾਹੌਰ ਚਲੇ ਗਏ। 

ਰੱਬ ਦਾ ਬੰਦਾ, ਸਾਈਂ ਦੀ ਮਿਹਰ, ਖ਼ੁਦਾ ਦਾ ਖ਼ੌਫ਼, ਕਿੱਥੋਂ ਉਠ ਕੇ ਕਿਥੇ ਪਹੁੰਚਿਆ। ਰੂਹ ਸ਼ਾਂਤ ਸੀ। ਹਿਰਦੇ ਵਿੱਚ ਆਨੰਦ ਸੀ । ਤੁਰਦਾ-ਫਿਰਦਾ, 90 ਸਾਲ ਦੀ ਉਮਰ, 1938 ਵਿੱਚ ਬਾਬਾ ਧਿਆਨ ਸਿੰਘ ਉਡਾਰੀ ਮਾਰ ਗਿਆ। “ਲਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ”। 

ਹਾਕਮ ਸਿੰਘ-ਹਰਨਾਮ ਸਿੰਘ : ਜਿਉਂ-ਜਿਉਂ ਟੱਬਰ ਵੱਧਦੇ ਗਏ, ਹਿੱਸੇ ਦੀ ਜ਼ਮੀਨ ਘੱਟਦੀ ਗਈ। ਪਿਉਂ-ਦਾਦਾ ਵਾਹੀਂ ਤਾਂ ਕਰਦੇ ਰਹੇ ਪਰ ਆਮਦਨ ਨੂੰ ਬਰਕਰਾਰ ਰੱਖਣ ਵਾਸਤੇ ਨਾਲੋਂ ਨਾਲ ਮਿਸਤਰੀਆਂ ਦਾ ਜੱਦੀ ਹੁਨਰ ਵੀ ਸਾਂਭ ਕ ਰੱਖਿਆ। ਜਦੋਂ ਪਿੰਡ ਸਕੂਲ ਖੁੱਲ੍ਹਿਆ ਤਾਂ ਬੱਚਿਆਂ ਨੂੰ ਪੜ੍ਹਾਇਆ, ਪਿੰਡ ਸਿਰਫ਼ ਪ੍ਰਾਇਮਰੀ ਸਕੂਲ ਸੀ। ਦੋ ਭਰਾ ਹਾਕਮ ਤੇ ਹਰਨਾਮ ਪ੍ਰਾਇਮਰੀ ਪਾਸ ਸਨ, ਹੁਨਰਮੰਦ ਸਨ। ਪਿੰਡ ਦਾ ਮਾਹੌਲ ਸੁੰਘੜਦਾ ਨਜ਼ਰ ਆਇਆ। ਲਾਹੌਰ ਚਲੇ ਗਏ। ਧਰਮਪੁਰੇ ਦਾ ਨਵਾਂ ਸੱਯਾਰਾ ਕੱਸਬਾ ਬਣ ਰਿਹਾ ਸੀ। ਕੰਮ ਕੀਤਾ, ਤਜਰਬਾ ਹੋ ਗਿਆ। ਠੇਕੇਦਾਰੀ ਸ਼ੁਰੂ ਕਰ ਦਿੱਤੀ। ਕਾਮਯਾਬ ਹੋ ਗਏ। ਕਈ ਇਮਾਰਤਾਂ ਬਣਾਈਆਂ। ਫੇਰ ਨਵੇਂ ਘਰਾਂ ਦੀ ਇਕ ਪੂਰੀ ਗਲੀ ਬਣਾਈ। ਦੋ ਘਰ ਆਪਣੇ ਕੋਲ ਰੱਖੇ। ਬਾਕੀ ਵੇਚ ਦਿੱਤੇ। ਗਲੀ ਵਸ ਗਈ। “ਕਿੱਥੇ ਰਹਿੰਦੇ ਉਹ ?” “ਹਰਨਾਮ ਸਿੰਘ ਦੀ ਗਲੀ” ਨਾਮ ਪੱਕਾ ਹੋ ਗਿਆ। ਲਿਖਤਾਂ ਵਿੱਚ ਆ ਗਿਆ । (ਪਾਕਿਸਤਾਨ ਬਣਨ ਤੋਂ ਬਾਅਦ, ਸਰਕਾਰ ਨੇ ‘ਹਰਨਾਮ ਸਿੰਘ ਦੀ ਗਲੀ’ ਦਾ ਬੋਰਡ ਵੀ ਲਾ ਦਿੱਤਾ) । ਯਾਦਗਾਰ ਬਣ ਗਈ। 

ਬੱਚਿਆਂ ਨੂੰ ਠੇਕੇਦਾਰੀ ਵਿੱਚ ਪਾਣ ਦੀ ਬਜਾਏ ਉੱਚੀ ਪੜ੍ਹਾਈ ਦੇ ਪਾਸੇ ਤੋਰਿਆ। ਹਾਕਮ ਸਿੰਘ ਦਾ ਪੁੱਤਰ ਮਹਿਰ, ਐਮ. ਈ. ਐਸ. (M.E.S) ਵਿੱਚ ਕਾਰਕੁਨ ਬਣ ਗਿਆ। ਮਹਿਰ ਨੂੰ ਲੋਕਾਂ ਨਾਲ ਮੇਲ-ਜੋਲ ਦਾ ਸ਼ੌਕ ਸੀ। ਲੀਡਰ-ਬਣ ਗਿਆ। ਹਰਨਾਮ ਸਿੰਘ ਦਾ ਪੁੱਤਰ ਤਰਲੋਕ ਪੜ੍ਹਾਈ ਵਿੱਚ ਤੇਜ਼ ਸੀ। 1937 ਵਿੱਚ ਮੈਕਲਾਗਨ ਇੰਜਨੀਅਰਿੰਗ ਕਾਲਜ ਦਾਖ਼ਲਾ ਹਾਸਲ ਕਰ ਲਿਆ । ਸਾਰੇ ਸ਼ਮਾਲੀ ਹਿੰਦੁਸਤਾਨ ਵਿੱਚ ਉੱਚ ਚੋਟੀ ਦਾ ਇਹ ਇਕੋ ਇੰਜਨੀਅਰਿੰਗ ਕਾਲਜ ਸੀ । ਸੀਟਾਂ ਦੀ ਅਲਾਟਮੈਂਟ ਇਸ ਤਰ੍ਹਾਂ ਸੀ ਕਿ ਕੇਵਲ ਪੰਜ ਸਿੱਖ ਲੜਕੇ ਦਾਖ਼ਲ ਹੋ ਸਕਦੇ ਸਨ। ਅੱਗੋਂ ਉਹਨਾਂ ਵਿਚ ਵੀ ਵੰਡੀਆਂ ਸਨ। ਚੋਟੀ ਦਾ ਵਿਦਿਆਰਥੀ ਹੀ ਦਾਖ਼ਲਾ ਲੈ ਸਕਦਾ ਸੀ। ਤਰਲੋਕ 1942 ਵਿੱਚ ਬੀ. ਐਸ. ਸੀ. (B.Sc. Engineering) ਪਾਸ ਕੀਤੀ ਤੇ ਇੰਜਨੀਅਰ ਲੱਗ ਗਿਆ । ਬਾਕੀ ਪੁੱਤਰ ਅਜੇ ਪੈਰਾਂ ‘ਤੇ ਖੜੇ ਹੋਏ ਹੀ ਸਨ ਕਿ ਪੰਜਾਬ ਵੰਡਿਆ ਗਿਆ। “ਹਰਨਾਮ ਸਿੰਘ ਦੀ ਗਲੀ” ਲਾਹੌਰ ਈ ਰਹਿ ਗਈ। 

ਦੀਵਾਨ ਸਿੰਘ ਕਾਲੇਪਾਣੀ : ਨਿੱਕੇ ਹੁੰਦਿਆ ਮਾਂ-ਬਾਪ ਗੁਜ਼ਰ ਗਏ। ਚਾਚੇ ਸੋਹਨ ਸਿੰਘ ਨੇ ਪਾਲਿਆ। ਚਾਚੇ ਨੇ ਸਾਰੀ ਉਮਰ ਵਿਆਹ ਨਾ ਕਰਾਇਆ। ਦੀਵਾਨ ਟੱਬਰ ਦੀ ਲੋ, ਟੱਬਰ ਦੇ ਨਿੰਘ ਤੋਂ ਵਾਂਜਾ ਰਿਹਾ। ਹੋਣਹਾਰ ਸੀ। ਚੌਥੀ ਪਾਸ ਕਰਕੇ ਡੱਸਕੇ ਮਿਸ਼ਨ ਸਕੂਲ ਵਿੱਚ ਦਾਖ਼ਲ ਹੋ ਗਿਆ। ਯਤੀਮ, ਅੰਗਰੇਜ਼ ਪਾਦਰੀ ਦੀ ਨਜ਼ਰ ਵਿੱਚ ਆ ਗਿਆ। ਉਸ ਪਿਆਰ ਨਾਲ ਆਖਿਆ ਕਿ ਜੇ ਤੂੰ ਈਸਾਈ ਬਣ ਜਾਏ ਤਾਂ ਤੈਨੂੰ ਵਜ਼ੀਫ਼ਾ ਦੇ ਦਿਆਂਗੇ। ਦੀਵਾਨ ਨੇ ਹਾਂ ਕਰ ਦਿੱਤੀ । ਗੱਲ ਅੱਗ ਵਾਂਗੂੰ ਫੈਲ ਗਈ। ਡੱਸਕੇ ਦੇ ਸਰਦਾਰ ਬਹਾਦਰ ਸ਼ਿਵਦੇਵ ਸਿੰਘ ਨੂੰ ਪਤਾ ਲੱਗਾ। ਉਹਨਾਂ ਦੀਵਾਨ ਨੂੰ 8 ਰੁਪਏ ਮਹੀਨਾ ਵਜ਼ੀਫ਼ਾ ਦੇ ਕੇ ਖਾਲਸਾ ਹਾਈ ਸਕੂਲ ਸਿਆਲਕੋਟ ਭੇਜ ਦਿੱਤਾ। ਦਸਵੀਂ ਪਾਸ ਕਰਕੇ ਮੈਡੀਕਲ ਸਕੂਲ, ਆਗਰਾ ਦਾਖਲ ਹੋ ਗਿਆ। ਐਲ. ਐਮ. ਐਫ. ਐਸ. (L.M.F.S.) ਦਾ ਡਿਪਲੋਮਾ ਪਾਸ ਕੀਤਾ। ਚੁਸਤ ਜਣਾਨੀ, ਇੰਦਰ ਕੋਰ ਨਾਲ ਵਿਆਹ ਹੋ ਗਿਆ। ਕੁਝ ਚਿਰ ਫ਼ੌਜੀ ਹਸਪਤਾਲਾਂ ਵਿੱਚ ਨੌਕਰੀ ਕੀਤੀ। ਫੇਰ ਕਾਲੇਪਾਣੀ ਨੌਕਰੀ ਲੈ ਲਈ। ਇਹ ਅੰਗਰੇਜ਼ਾਂ ਦਾ ਫ਼ੌਜੀ ਅੱਡਾ ਸੀ । ਉਮਰ ਕੈਦ ਵਾਲਿਆਂ ਨੂੰ ਏਥੋਂ ਭੇਜਿਆ ਜਾਂਦਾ ਸੀ। ਬਹੁਤੇ ਪੰਜਾਬੀ ਸਨ, ਖ਼ਾਸ ਤੌਰ ਤੇ ਸਿੱਖ। ਡਾਕਟਰ ਦੀਵਾਨ ਸਿੰਘ ਹਰਮਨ ਪਿਆਰਾ ਸੀ। ਠੇਕੇਦਾਰ ਗਿਆਨ ਸਿੰਘ ਵੀ ਛੋਟੀਆਂ ਗਲੋਟੀਆਂ ਦਾ ਜੰਮਪਲ ਸੀ। ਦੋਹਾਂ ਰਲ ਕੇ ਗੁਰਦਵਾਰਾ ਬਣਾਇਆ। 

ਖੁਲ੍ਹੀ ਕਵਿਤਾ ਲਿਖਣ ਦਾ ਸ਼ੌਕ ਸੀ। ਕਲਕੱਤੇ ਤੋਂ ਛਪਣੀਆਂ ਸ਼ੁਰੂ ਹੋ ਗਈਆਂ। ਪੰਜਾਬੀ ਲਖਾਰੀਆਂ ਦੇ ਨਾਲ ਸਾਂਝ ਪੈਦਾ ਹੋ ਗਈ। ‘ਕਾਲੇਪਾਣੀ’ ਆਪਣਾ ਤਖਲਸ ਰੱਖ ਲਿਆ। ਕਵਿਤਾਵਾਂ ਨੂੰ ਇਕੱਠਾ ਕਰਕੇ ਦੋ ਕਿਤਾਬਾਂ ਛਾਪੀਆਂ। ਜਵਾਨ ਉਮਰ ਸੀ, ਟੱਬਰ ਸੀ, ਕਾਲੇਪਾਣੀ ਦੂਰ ਸੀ। ਡਾਕਟਰ ਦੀਵਾਨ ਸਿੰਘ ਨੂੰ ਪਿੰਡ ਆਉਣ ਦਾ ਵਿਹਲ ਘੱਟ ਹੀ ਮਿਲਦਾ। ਟੱਬਰ ਕਦੀ ਨਾ ਆਇਆ। 

ਜਾਪਾਨ ਦੂਜੀ ਜੰਗ ਦੇ ਵਿੱਚ ਕੁੱਦ ਪਿਆ। ਜਦੋਂ ਆਸਾਰ ਨਜ਼ਰ ਆਏ ਕਿ ਜਾਪਾਨ ਹਮਲਾ ਕਰਨ ਵਾਲਾ ਹੈ ਤਾਂ 1942 ਵਿੱਚ ਟੱਬਰ ਪਿੰਡ ਭੇਜ ਦਿੱਤਾ। ਅਗ੍ਰੇਜ਼ਾਂ ਦੇ ਨਾਲ ਬੜੀ ਬਣਦੀ ਸੀ। ਜਜ਼ੀਰੇ ਖਾਲੀ ਕਰਨ ਲੱਗਿਆ ਉਹਨਾਂ ਪੋਰਟ ਬਲੇਆਰ ਦੇ ਅਖ਼ਤਿਆਰ ਡਾ. ਦੀਵਾਨ ਸਿੰਘ ਨੂੰ ਦੇ ਦਿੱਤੇ । ਜਾਪਾਨ ਨੇ ਹਵਾਈ ਹਮਲੇ ਕੀਤੇ। ਕਬਜ਼ਾ ਕਰ ਲਿਆ। ਕੁਝ ਚਿਰ ਬਾਅਦ ਜਾਪਾਨੀਆਂ ਨੇ ਡਾ. ਦੀਵਾਨ ਸਿੰਘ ਤੇ ਗਿਆਨ ਸਿੰਘ ਠੇਕੇਦਾਰ ਨੂੰ ਗ੍ਰਿਫ਼ਤਾਰ ਕਰ ਲਿਆ। ਇਲਜ਼ਾਮ ਇਹ ਸੀ ਕਿ ਅੰਗ੍ਰੇਜ਼ਾਂ ਨੂੰ ਖ਼ੁਫ਼ੀਆਂ ਖ਼ਬਰਾਂ ਦੇਂਦੇ ਨੇ। ਦਸੰਬਰ 1944 ਵਿੱਚ ਜਾਸੂਸੀ ਦਾ ਮੁਕਦਮਾ ਚਲਿਆ। ਮੌਤ ਦੀ ਸਜ਼ਾ ਹੋਈ ਕਾਲਪਾਣੀ ਦਾ ਹੀਰਾ, ਕਾਲੇਪਾਣੀ ਹੀ ਰੁੜ ਗਿਆ। 

ਗਿਆਨ ਸਿੰਘ ਠੇਕੇਦਾਰ : ਦੂਲਾ ਸਿੰਘ ਵਾਹੀ ਕਰਦਾ ਸੀ। ਮਾਨ ਤੇ ਗਿਆਨ ਦੇ ਪੁੱਤਰ ਸਨ। ਜ਼ਮੀਨ ਥੋੜੀ ਸੀ। ਪੁਤਰਾਂ ਨੂੰ ਰਾਜ ਮਿਸਤਰੀ ਬਣਾ ਦਿੱਤਾ । ਬੱਬਰਾਵਾਂ ਨੂੰ ਖੂਹਾਂ ਦੀ ਚੁਣਾਈ ਕਰਨੀ ਵਿਰਸੇ ਵਿੱਚ ਮਿਲੀ ਸੀ। ਜਦੋਂ ਜਵਾਨ ਹੋਏ ਤਾਂ ਦੋਵੇਂ ਕੀਨੀਆ ਖਿਸਕ ਗਏ। ਰੇਲਵੇ ਲਾਈਨ ਬਣਦੀ ਸੀ। ਮਿਸਤਰੀਆਂ ਦੀ ਬੜੀ ਲੋੜ ਸੀ। ਮਾਣ ਦਾ ਜੀ ਨਾ ਲੱਗਿਆ, ਵਾਪਸ ਪਿੰਡ ਆ ਗਿਆ। ਗਿਆਨ ਨੇ ਠੇਕੇਦਾਰੀ ਸ਼ੁਰੂ ਕਰ ਦਿੱਤੀ। ਬੜੀ ਕਾਮਯਾਬੀ ਹੋਈ। ਜਦੋਂ ਜੇਬਾਂ ਪੈਸਿਆਂ ਦੇ ਨਾਲ ਭਰ ਗਈਆਂ ਤਾਂ ਪੁੱਤਰਾਂ ਨੂੰ ਪੜ੍ਹਾਨ ਵਾਸਤੇ 1930 ਵਿੱਚ ਵਾਪਸ ਆ ਗਿਆ। ਉਹਨਾਂ ਨੂੰ ਗੁਜਰਾਂਵਾਲ ਖਾਲਸਾ ਹਾਈ ਸਕੂਲ ਵਿੱਚ ਦਾਖ਼ਲ ਕਰਾਇਆ ਤੇ ਮੀਲ ਦੂਰ ਘਰਜਾਖ ਪਿੰਡ ਵਿੱਚ ਘਰ ਖਰੀਦ ਲਿਆ। ਸੁਖ ਨਾਲ ਰਹਿਣ ਲੱਗ ਪਿਆ। ਮਾਨ ਪਿੰਡ ਹੀ ਟਿਕਿਆ ਰਿਹਾ। 

ਜਦੋਂ ਜੰਗ ਦੇ ਆਸਾਰ ਨਜ਼ਰ ਆਏ ਤਾਂ ਅੰਗ੍ਰੇਜ਼ਾਂ ਨੇ ਪੋਰਟ ਬਲੇਆਰ ਨੂੰ ਫੌਜ਼ੀ ਅੱਡਾ ਬਣਾਉਣ ਦਾ ਫ਼ੈਸਲਾ ਕਰ ਲਿਆ। ਬਾਰਕਾਂ ਬਣਨੀਆਂ ਸ਼ੁਰੂ ਹੋ ਗਈਆਂ । ਡਾ. ਦੀਵਾਨ ਸਿੰਘ ਕਾਲੇਪਾਣੀ ਦਾ ਅਸਰ ਰਸੂਖ ਸੀ । ਗਿਆਨ ਸਿੰਘ ਨੂੰ ਸੱਦਾ ਭੇਜਿਆ। 

ਦੋਵਾਂ ਨੇ ਬਚਪਨ ਛੋਟੀਆਂ ਗਲੋਟੀਆਂ ਵਿੱਚ ਇਕ ਵੇਹੜੇ ਵਿੱਚ ਗੁਜ਼ਾਰਿਆ ਸੀ। ਠੇਕਾ ਦਵਾ ਦਿੱਤਾ। ਦੋਹਾਂ ਨੇ ਰੱਲ ਕੇ ਪੋਰਟ ਬਲੇਆਰ ਵਿੱਚ ਗੁਰਦਵਾਰਾ ਵੀ ਬਣਾਇਆ। ਜਦੋਂ ਜੰਗ ਸ਼ੁਰੂ ਹੋਈ ਤਾਂ ਅੰਗ੍ਰੇਜ਼ਾਂ ਨੇ ਵਾਇਰਲੈਸ ਸਟੇਸ਼ਨ ਬਣਾਣ ਦੀ ਸੋਚੀ। ਕਿਸੇ ਖ਼ਾਸ ਵਿਸ਼ਵਾਸ ਵਾਲੇ ਠੇਕੇਦਾਰ ਦੀ ਢੂੰਡ ਸ਼ੁਰੂ ਹੋਈ। ਡਾ. ਦੀਵਾਨ ਸਿੰਘ ਨੇ ਸਟੇਸ਼ਨ ਬਣਾਉਣ ਵਾਸਤੇ ਗਿਆਨ ਸਿੰਘ ਨੂੰ ਮਨਾ ਲਿਆ। ਗਿਆਨ ਸਿੰਘ ਬੜਾ ਹੁਨਰਮੰਦ ਸੀ। ਮਿਆਦ ਤੋਂ ਪਹਿਲੋਂ ਹੀ ਸਟੇਸ਼ਨ ਤਿਆਰ ਕਰ ਦਿੱਤਾ। ਜੰਗ ਸ਼ੁਰੂ ਹੋ ਗਈ। ਜਾਪਾਨੀ ਫੌਜ਼ਾਂ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਸਨ। ਅੰਗ੍ਰੇਜ਼ਾਂ ਨੇ 1943 ਦੇ ਸ਼ੁਰੂ ਵਿੱਚ ਪਹਿਲੋਂ ਸਿੰਘਾਪੁਰ ਤੇ ਫੇਰ ਕਾਲੇਪਾਣੀ ਖਾਲੀ ਕਰ ਦਿੱਤਾ। ਡਾ. ਦੀਵਾਨ ਸਿੰਘ ਤੇ ਗਿਆਨ ਸਿੰਘ, ਪੋਰਟ ਬਲੇਆਰ ਹੀ ਟਿਕੇ ਰਹੇ। 

ਜਾਪਾਨੀਆਂ ਨੇ ਇਕੋ ਝਪਟ ਵਿੱਚ ਕਾਲੇਪਾਣੀ ਦੇ ਜਜ਼ੀਰਿਆਂ ਤੇ 1943 ਸ਼ੁਰੂ ਵਿੱਚ ਕਬਜ਼ਾ ਕਰ ਲਿਆ। ਵਾਇਰਲੈਸ ਸਟੇਸ਼ਨ ਖ਼ਾਲੀ ਮਿਲਿਆ। ਟਰਾਂਸਮੀਟਰ ਦਾ ਕੁਝ ਪਤਾ ਨਾ ਲੱਗਾ। ਤਫ਼ਤੀਸ਼ ਤੋਂ ਬਾਅਦ ਜਾਪਾਨੀਆਂ ਨੇ ਡਾ. ਦੀਵਾਨ ਸਿੰਘ ਤੇ ਗਿਆਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਜਾਸੂਸੀ ਦਾ ਮੁਕੱਦਮਾ ਚਲਿਆ। ਦੋਹਾਂ ਨੂੰ ਮੌਤ ਦੀ ਸਜ਼ਾ ਹੋਈ। 1944 ਵਿਚ, 52 ਸਾਲ ਦਾ ਗਿਆਨ ਸਿੰਘ ਕੁਝ ਹੋਰ ਸਾਥੀਆਂ ਤੇ ਡਾ. ਦੀਵਾਨ ਸਿੰਘ ਦੇ ਨਾਲ ਮੌਤ ਦੇ ਘਾਟ ਉਤਾਰਿਆ ਗਿਆ। 

ਪਿੰਡ ਦੇ ਦੋ ਹੋਨਹਾਰ ਜਵਾਨਾਂ ਦੀ ਭਿਆਨਕ ਮੌਤ 

ਜੰਗ ਜ਼ੋਰਾਂ ‘ਤੇ ਸੀ। ਕਾਲੇਪਾਣੀ ਤੇ ਜਾਪਾਨੀਆਂ ਦਾ ਕਬਜ਼ਾ ਸੀ। ਪਿੰਡ ਖ਼ਬਰ ਆਈ ਕਿ ਜਾਪਾਨੀਆਂ ਨੇ ਡਾ. ਦੀਵਾਨ ਸਿੰਘ ਤੇ ਗਿਆਨ ਸਿੰਘ ਨੂੰ ਹਰਾਸਤ ਵਿੱਚ ਲੈ ਲਿਆ ਹੈ। ਫੇਰ ਪਤਾ ਲੱਗਾ ਕਿ ਉਹਨਾਂ ਨੂੰ ਤਸੀਏ ਦਿੱਤੇ ਜਾ ਰਹੇ ਨੇ। ਦਸੰਬਰ 1944 ਵਿੱਚ ਖ਼ਬਰ ਆਈ ਕਿ ਉਹਨਾਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਨਾਲ ਕੁਝ ਹੋਰ ਸਾਥੀ ਵੀ ਸਨ। ਦੋਸ਼ ਇਹ ਲਾਇਆ ਗਿਆ ਕਿ ਇਹ 

ਅੰਗ੍ਰੇਜ਼ਾਂ ਦੇ ਜਾਸੂਸ ਨੇ। ਪੂਰੀ ਗੱਲ ਦਾ ਕਿਸੇ ਨੂੰ ਵੀ ਕੁਝ ਪਤਾ ਨਹੀਂ ਸੀ। ਟੱਬਰਾਂ ਦੇ ਜੀ ਵੀ ਅੰਧੇਰੇ ਵਿੱਚ ਸਨ। 

ਜਾਪਾਨ ਨੇ 1943 ਦੇ ਸ਼ੁਰੂ ਵਿੱਚ ਸਿੰਘਾਪੁਰ ਫ਼ਤਹਿ ਕੀਤਾ ਤੇ ਫੇਰ ਕਾਲੇਪਾਣੀ ਕਬਜ਼ੇ ਵਿੱਚ ਲੈ ਲਿਆ। ਅੰਗ੍ਰੇਜ਼ਾਂ ਦਾ ਸਮੁੰਦਰੀ ਬੇੜਾ ਚਾਰੇ ਪਾਸੇ ਸੀ। ਜਾਪਾਨੀ ਸਿਰਫ਼ ਹਵਾਈ ਜਹਾਜ਼ਾਂ ਦੇ ਰਾਹੀਂ ਪੋਰਟ ਬਲੇਆਰ ਆ ਜਾ ਸਕਦੇ ਸਨ। ਆ ਤਾਂ ਠੀਕ ਜਾਂਦੇ ਪਰ ਜਾਂਦੀ ਵਾਰੀ ਉਡਦਿਆਂ ਸਾਰ ਸਮੁੰਦਰੀ ਜਹਾਜ਼ਾਂ ਦੀਆਂ ਤੋਪਾਂ ਉਹਨਾਂ ਨੂੰ ਉੜਾ ਦੇਂਦੀਆਂ। ਜਾਪਾਨੀਆਂ ਨੇ ਕਈ ਸਾਧਨ ਕੀਤੇ ਪਰ ਫੇਰ ਵੀ ਵਿਰਲਾ ਜਹਾਜ਼ ਹੀ ਬੱਚਦਾ। 

ਜਾਪਾਨੀਆਂ ਨੂੰ ਪੂਰਾ ਸ਼ੱਕ ਹੋ ਗਿਆ ਕਿ ਹਵਾਈ ਜਹਾਜ਼ ਦੇ ਉੱਡਣ ਦੀ ਖਬਰ ਤੁਰੰਤ ਹੀ ਅੰਗ੍ਰੇਜ਼ੀ ਬੇੜੇ ਨੂੰ ਦੇ ਦਿੱਤੀ ਜਾਂਦੀ ਏ। ਵਾਇਰਲੈਸ ਸਟੇਸ਼ਨ ‘ਚੋਂ ਟ੍ਰਾਂਸਮਿਟਰ ਤਾਂ ਸ਼ੁਰੂ ਤੋਂ ਗਾਇਬ ਸੀ। ਤਫ਼ਤੀਸ ਦੇ ਬਾਵਜੂਦ ਨਾ ਲੱਭਿਆ। ਉਹਨਾਂ ਡਾ. ਦੀਵਾਨ ਸਿੰਘ ਜਿਸ ਨੂੰ ਅੰਗ੍ਰੇਜ਼ ਚਾਰਜ ਦੇ ਗਏ ਸਨ ਤੇ ਗਿਆਨ ਸਿੰਘ ਜਿਸ ਨੇ ਸਟੇਸ਼ਨ ਬਣਾਇਆ ਸੀ, ਨੂੰ ਹਿਰਾਸਤ ਵਿੱਚ ਲੈ ਲਿਆ। ਤਸੀਏ ਦਿੱਤੇ। ਹੋਰ ਬੰਦੇ ਫੜੇ। ਜਾਪਾਨੀਆਂ ਨੂੰ ਕੀ ਕੁਝ ਪਤਾ ਲੱਗਾ, ਇਸ ਦਾ ਕਿਸੇ ਨੂੰ ਇਲਮ ਨਹੀਂ ਸੀ। ਸਾਜ਼ਸ਼ ਤੇ ਜਾਸੂਸੀ ਦਾ ਮੁਕੱਦਮਾ ਚਲਿਆ। ਮੌਤ ਦੀ ਸਜ਼ਾ ਦਿੱਤੀ ਗਈ। ਦਸੰਬਰ 1944 ਸਾਰੇ ਈ ਗੋਲੀ ਦਾ ਸ਼ਿਕਾਰ ਹੋ ਗਏ। 

ਅਗਲੇ ਸਾਲ ਜਾਪਾਨ ਜੰਗ ਹਾਰ ਗਿਆ। ਅੰਗ੍ਰੇਜ਼ਾਂ ਨੇ ਵੀ ਜਾਸੂਸੀ ਬਾਰੇ ਕੁਝ ਨਾ ਦੱਸਿਆ ਅਸਲੀਅਤ ਛੁਪ ਗਈ। ਝੂਠੇ ਕਿਆਫ਼ੇ ਰਹਿ ਗਏ। 

** * * 

ਜੱਜ ਸਾਹਿਬ ਭਗਤ ਸਿੰਘ : ਜਦੋਂ ਕਦੀ ਜੱਜ ਸਾਹਿਬ ਪਿੰਡ ਆਉਂਦੇ, ਲੋਕੀਂ  ਹੁਮ ਹੁਮਾ ਕੇ ਇਕੱਠੇ ਹੋ ਜਾਂਦੇ। ਹਰ ਆਦਮੀ ਹੱਥ ਮਲਾਂਦਾ। ਪਹਿਲੋਂ ਕਦੀ ਕਿਸੇ ਨੇ ਇਕ ਜੱਜ ਦੇ ਨਾਲ ਹਥ ਨਹੀਂ ਸੀ ਮਲਾਇਆ। ਜਿਸ ਮਹੱਲੇ ਜਾਂ ਘਰ ਵਿੱਚ ਬਜ਼ੁਰਗਾਂ ਨੂੰ ਪੈਰੀਂ ਹੱਥ ਲਾਣ ਜਾਂਦੇ, ਔਰਤਾਂ ਕਾੜਨੀ ਦੇ ਦੁੱਧ ਦਾ ਗਲਾਸ ਦੇਂਦੀਆਂ। ਪਿਆਰ ਨਾਲ ਇਕ ਘੁੱਟ ਭਰ ਲੈਂਦੇ। ਸਾਂਝੀਆਂ ਮੁਹੱਬਤਾਂ ਦਾ ਇਹ ਨਜ਼ਾਰਾ ਤਾਂ ਅੱਜ ਦੀ ਦੁਨੀਆਂ ਵਿੱਚ ਉਕਾ ਨਜ਼ਰ ਨਹੀਂ ਆਉਂਦਾ। ਇਹੋ ਜਹੀ ਨਿਮਰਤਾ ਦੀ ਮਸਾਲ ਵੀ ਘੱਟ ਹੀ ਮਿਲਦੀ ਏ। 

ਜੰਮਣ ਤੋਂ ਪਹਿਲੋਂ ਦਾਦੀ ਮਰ ਗਈ। ਦੋ ਸਾਲ ਦਾ ਸੀ, 1899 ਵਿੱਚ ਮਾਂ ਦੂਜੇ ਬੱਚੇ ਦੇ ਨਾਲ ਸੂਤਕ ਵਿੱਚ ਚਲਾਣਾ ਕਰ ਗਈ। ਪੰਜ ਸਾਲ ਦਾ ਸੀ, ਬਾਪ ਪਲੇਗ ਦਾ ਸ਼ਿਕਾਰ ਹੋ ਗਿਆ। ਸਾਰੀ ਉਮਰ ਇਹਨੂੰ ਰੱਬ ਦਾ ਹੁਕਮ ਮਨ ਕੇ ਬਰਦਾਸ਼ਤ ਕੀਤਾ। ਦਾਦੇ ਤੇ ਚਾਚੇ ਨੇ ਪਿਆਰ ਦੀ ਮਲਮ ਲਾਈ। ਧੀਰਜ ਵਾਲਾ ਮਾਸੂਮ ਬੱਚਾ, ਅਕੀਦਤ ਦੇ ਨਾਲ ਜ਼ਿੰਦਗੀ ਦੇ ਰਸਤੇ ਤੇ ਤੁਰਦਾ ਗਿਆ। 

1902 ਵਿੱਚ ਪਿੰਡ ਸਕੂਲ ਖੁਲ੍ਹਿਆ। ਭਗਤ ਦਾਖ਼ਲ ਹੋ ਗਿਆ। ਚੌਥੀ ਵਿੱਚ ਜ਼ਿਲ੍ਹੇ ਵਿੱਚ ਅੱਵਲ ਰਹਿ ਕੇ ਵਜੀਫ਼ਾ ਜਿੱਤਿਆ। ਚਾਰ ਰੁਪਏ ਮਹੀਨਾ। ਚਾਚੇ ਦੀਵਾਨ ਸਿੰਘ ਦੀ ਹੱਲਾਸ਼ੇਰੀ ਨਾਲ ਗੁਜਰਾਂਵਾਲੇ ਖਾਲਸਾ ਹਾਈ ਸਕੂਲ ਦਾਖ਼ਲ ਹੋ ਗਿਆ। 

ਖਰਚੇ ਲਈ ਚਾਚੇ ਨੇ ਸ਼ਹਿਰ ਵਿੱਚ ਨੌਕਰੀ ਕਰ ਲਈ। ਛੇ ਸਾਲ (1907-13) ਦੋਵੇਂ ਇਕੱਠੇ ਰਹੇ। ਭਗਤ ਇਸ ਸੁੱਚੇ ਯਤਨ ਨੂੰ ਸਾਰੀ ਉਮਰ ਨਾ ਭੁਲਿਆ । ਮੈਟ੍ਰਿਕ ਦਾ ਇਮਤਿਹਾਨ ਹੋਇਆ ਪੰਜਾਬ ਯੂਨੀਵਰਸਿਟੀ ਵਿੱਚ ਫਸਟ, ਵਜੀਫ਼ਾ ਜਿੱਤਿਆ। ਅੰਮ੍ਰਿਤਸਰ ਖਾਲਸਾ ਕਾਲਜ ਦਾਖ਼ਲ ਹੋਇਆ। ਐਫ਼. ਏ. ਵਿੱਚ ਪੰਜਾਬ ਵਿੱਚ ਫਸਟ, ਫੇਰ ਬੀ.ਏ. ਵਿੱਚ ਫਸਟ। ਵਜੀਫ਼ੇ ਜਿੱਤੇ। ਲਾ ਕਾਲਜ ਲਾਹੋਰ ਦਾਖਲ ਹੋਇਆ। ਚਾਚੇ ਦੀ ਮੱਦਦ ਨਾਲ ਚਲਦੀ ਰਹੀ। ਐਲ.ਐਲ.ਬੀ. ਕਰ ਕੇ ਪੀ. ਸੀ. ਐਸ. ਦਾ ਇਮਤਹਾਨ ਪਾਸ ਕਰਕੇ ਸਿੱਧਾ ਜੱਜ ਲੱਗ ਗਿਆ। ਸਾਰੇ ਇਲਾਕੇ ‘ਚੋਂ ਅੱਜ ਤੱਕ ਕੋਈ ਜੱਜ ਨਹੀਂ ਸੀ ਬਣਿਆ। ਇਹ ਲਾਸਾਨੀ ਜਿੱਤਾਂ ਸਨ। 

ਕਲਮ ਦਾ ਧਨੀ ਸੀ। ਕਾਨੂੰਨ ਦੀ ਛਾਨਬੀਣ ਤੇ ਕਾਨੂੰਨ ਦੀ ਪਾਲਣਾ ਕਰਨਾ ਧਰਮ ਸੀ। ਸਫ਼ਾਰਸ਼ੀਆਂ ਤੋਂ ਡਰ ਕੇ ਰਹਿਣਾ। ਏਸੇ ਕਰਕੇ ਸ਼ੁਰੂ ਵਿੱਚ ਸਰਕਾਰ ਨੂੰ ਲਿਖ ਕੇ ਦੇ ਦਿੱਤਾ ਕਿ ਮੈਨੂੰ ਕਦੀ ਵੀ ਸਿਆਲਕੋਟ ਤੇ ਗੁਜਰਾਂਵਾਲੇ ਦੇ ਜਿਲ੍ਹਿਆਂ ਵਿੱਚ ਤੈਨਾਤ ਨਾ ਕੀਤਾ ਜਾਵੇ। ਦੀਵਾਲੀ ਵਾਲੇ ਦਿਨ ਵੀ ਕਿਸੇ ਤੋਂ ਮਿਠਾਈ ਦਾ ਡੱਬਾ ਨਾ ਲੈਣਾ। ਭਗਤ ਸਿੰਘ ਦੇ ਇਨਸਾਫ਼ ਦੀ ਧੁੰਮ ਸੀ। ਇਕ ਵਾਰੀ ਟਿਵਾਨਾ ਖ਼ਾਨਦਾਨ ਦਾ ਜ਼ਮੀਨ ਤੋਂ ਝਗੜਾ ਹੋ ਗਿਆ। ਬੜੇ ਤਾਕਤਵਰ ਜ਼ਮੀਨਦਾਰ ਸਨ। ਸੈਂਕੜੇ ਮੁਰੱਬਿਆਂ ਦੀ ਮਾਲਕੀ ਦਾ ਸਵਾਲ ਸੀ। ਚਾਚੇ ਤਾਏ ਦੇ ਪੁੱਤ ਭਰਾਵਾਂ ਨੇ ਦੀਵਾਨੀ ਦਾਅਵਾ ਕਰ ਦਿੱਤਾ। ਖ਼ਾਨਦਾਨ ਦੀ ਇਕ ਸ਼ਾਖ ਦਾ ਪੰਜਾਬ ‘ਤੇ ਰਾਜ ਸੀ, ਵਜ਼ੀਰ-ਏ-ਆਜ਼ਮ Prime Minister)। ਸੋਚ ਸੋਚ ਕੇ ਚੀਫ਼ ਜਸਟਿਸ ਨੇ ਮੁਕੱਦਮਾ ਭਗਤ ਸਿੰਘ ਦੇ ਸਪੁਰਦ ਕਰ ਦਿੱਤਾ। ਪਤਾ ਸੀ ਕਿਸੇ ਦੀ ਤਾਕਤ ਦੀ ਪਰਵਾਹ ਨਹੀਂ ਕਰੇਗਾ। ਕਾਨੂੰਨ ਤੇ ਚੱਲੇਗਾ। ਮੁਕੱਦਮਾ ਲੰਮਾ ਸੀ। ਪੇਚੀਦਾ ਸੀ। ਵਜ਼ੀਰ-ਏ-ਆਲਮ ਵੱਲੋਂ ਸੁਨੇਹਾ। 

ਆਇਆ। ਭਗਤ ਸਿੰਘ ਨੇ ਕੰਨ ਬੰਦ ਰੱਖੇ। ਕਾਨੂੰਨ ਦੀ ਪੂਰੀ ਛਾਣ-ਬੀਣ ਕਰ ਕੇ ਫ਼ੈਸਲਾ ਦਿੱਤਾ। ਕਿਸੇ ਵੀ ਪਾਰਟੀ ਦੇ ਵਕੀਲ ਕੋਈ ਵੀ ਨੁਕਤਾ ਨਾ ਲੱਭ ਸਕੇ ਜਿਸ ਦੇ ਆਧਾਰ ਤੇ ਅਪੀਲ ਕਰ ਸਕਣ। ਫ਼ੈਸਲਾ ਮਨਜੂਰ ਕਰ ਲਿਆ। 

ਕਾਨੂੰਨ ਅੰਗ੍ਰੇਜ਼ੀ ਵਿੱਚ ਅੰਗ੍ਰੇਜ਼ਾਂ ਦੇ ਲਿਖੇ ਹੋਏ ਸਨ । ਬਹੁਤ ਸਾਰੇ ਤਸੀਲਦਾਰ ਤੇ ਮੈਜਿਸਟ੍ਰੇਟ ਖ਼ਾਨਦਾਨੀ ਸਿਫਾਰਸ਼ੀ ਹੁੰਦੇ ਸਨ। ਅੰਗ੍ਰੇਜ਼ੀ ਪੜ੍ਹ ਲੈਂਦੇ ਸਨ ਪਰ ਕਾਨੂੰਨ ਦਾ ਨੁਕਤਾ ਨਹੀਂ ਸਨ ਸਮਝਦੇ। ਭਗਤ ਸਿੰਘ ਨੇ ਸਲੀਸ ਉਰਦੂ ਵਿੱਚ ‘ਮੁਕਦਮਾ’ ਲਿਖਿਆ। ਕਤਾਬ ਕੀ, ਕਾਨੂੰਨ ਦੀ ਕੁੰਜੀ ਛਾਪ ਦਿੱਤੀ। ਫੇਰ ਦਾਦੇ ਦੀ ਯਾਦ ਲਿਖੀ: ‘ਕਾਹਨ ਸਿੰਘ ਦੀ ਫੁਲਵਾੜੀ’। 1946 ਵਿੱਚ ਭਗਤ ਸਿੰਘ ਸੈਸ਼ਨ ਜੱਜ ਬਣ ਗਿਆ। ਅੰਗਰੇਜ਼ਾਂ ਦੇ ਰਾਜ ਵੇਲੇ ਘੱਟ ਹੀ ਹਿੰਦੁਸਤਾਨੀ ਸੈਸ਼ਨ ਜੱਜ ਹੁੰਦੇ ਸਨ। ਹਿਰਦਾ ਇਜਾਜ਼ਤ ਨਹੀਂ ਸੀ ਦੇਂਦਾ, ਕਿਸੇ ਵੀ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਨਾ ਦਿੱਤੀ। ਬੱਸ ਉਮਰ ਕੈਦ। ਅਗਲੇ ਸਾਲ ਅੰਗ੍ਰੇਜ਼ ਚਲੇ ਗਏ। ਇਨਸਾਫ਼ ਵੀ ਨਾਲ ਹੀ ਚਲਾ ਗਿਆ। 

“ਪਿਉ ਪੈ ਪੂਤ, ਤੁਖ਼ਸ ਪੈ ਘੋੜਾ ਬਹੁਤ ਨਹੀਂ ਤੋ ਥੋੜਾ, ਥੋੜਾ।” 

ਪਿਉ ਵਾਂਗਰ ਪੁੱਤਰ ਵੀ ਹੁਸ਼ਿਆਰ ਤੇ ਹੋਣਹਾਰ ਨਿਕਲਿਆ। ਅਰਦਰਮ ਨੇ ਮੈਕਲਾਗਨ ਇੰਜਨੀਅਰਿੰਗ ਕਾਲਜ, ਲਾਹੌਰ ਤੋਂ ਬੀ. ਐਸ. ਸੀ. (B.Sc. Engineering) ਪਾਸ ਕੀਤੀ। ਪਿੰਡ ਦਾ ਪਹਿਲਾ ਇੰਜਨੀਅਰ! ਉਸ ਜ਼ਮਾਨੇ ਵਿੱਚ ਸੀਟਾਂ ਦੀ ਅਲਾਟਮੈਂਟ ਐਸੀ ਸੀ ਕਿ ਸਾਰੇ ਹਿੰਦੁਸਤਾਨ ਵਿੱਚੋਂ ਕੇਵਲ ਪੰਜ ਸਿੱਖ ਮੁੰਡੇ ਦਾਖ਼ਲ ਹੋ ਸਕਦੇ ਸਨ। ਅਰਦਮਨ ਨੇ ਆਪਣੇ ਨੰਬਰਾਂ ਦੇ ਅਦਾਰ ‘ਤੇ ਦਾਖਲਾ ਲਿਆ। ਜੱਜ ਸਾਹਿਬ ਨੇ ਇਸ ਜਿੱਤ ਦਾ ਰੱਬ ਅੱਗੇ ਸ਼ੁਕਰਾਨਾ ਕੀਤਾ। 

ਜੱਜ ਸਾਹਿਬ ਦਾ ਜੀਵਨ ਬੜਾ ਸਾਦਾ ਸੀ । ਜਾਤੀ ਖ਼ਰਚਾ ਬੜਾ ਘੱਟ ਸੀ। ਨਾ ਕਾਰ, ਨਾ ਸ਼ਰਾਬ, ਨਾ ਪਾਰਟੀਆਂ। ਡੂੰਘੀ ਸੋਚ ਤੇ ਸੁੱਚਾ ਜੀਵਨ ਜਨਤਾ ਦੀ ਮਦਦ ਕਰਨ ਨਾਲ ਰੰਗਿਆ ਹੋਇਆ ਸੀ। ਦਿਲ ਪਿੰਡ ਦੀਆਂ ਗਲੀਆਂ ਤੇ ਪਿੰਡ ਦੇ ਲੋਕਾਂ ਵਿੱਚ ਵੱਸਦਾ ਸੀ। 1926-32 ਵਿੱਚ ਤਵਾਰੀਖੀ ਗੁਰਦਵਾਰੇ ਦੀ ਉਸਾਰੀ ਲਈ ਲਗਾਤਾਰ ਦਸਵੰਦ ਭੇਜਦੇ ਰਹੇ। ਜੇ ਹੋਰ ਪੈਸੇ ਦੀ ਲੋੜ ਹੋਵੇ ਤਾਂ ਵਾਧੂ ਵੀ ਭੇਜ ਦੇਣੇ। ਕੰਮ ਨਾ ਰੁਕੇ। ਪਿੰਡ ਵਿੱਚ ਕੁੜੀਆਂ ਦਾ ਪੱਕਾ ਸਕੂਲ ਬਨਵਾਇਆ। 1927 ਵਿੱਚ ਇਕ ਸੁੰਦਰ ਘਰ ਬਣਾਇਆ ਤਾਂਕਿ ਪਿੰਡ ਆਏ ਗਏ ਸੰਤ-ਮਹਾਤਮਾ ਉੱਥੇ ਉਤਾਰਾ ਕਰ ਸਕਣ। ਕਿਲੇ ਵਾਲੇ ਸੰਤ ਆਮ ਆ ਕੇ ਰਹਿੰਦੇ ਸਨ। 1920 ਤੋਂ 1946 ਤੱਕ ਹਰ ਸਾਲ ਮੇਲੇ ਦੇ ਤਿੰਨਾਂ ਦਿਨਾਂ ਦਾ ਦਾਲੇ ਦਾ ਸਾਰਾ ਖਰਚਾ ਦੇਣਾ ਧਰਮ ਸੀ। ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਵਜ਼ੀਫ਼ੇ ਦੇਣੇ। ਪਿੰਡ ਆਉਂਦੇ ਤਾਂ ਬੱਚਿਆਂ ਨੂੰ ਪੜ੍ਹਾਈ ਕਰਨ ਦੀ ਸਿੱਖਿਆ ਦੇਂਦੇ । ਹਾਈ ਸਕੂਲ ਵਾਸਤੇ ਪੈਸਾ ਦਿੱਤਾ। 1947 ਵਿੱਚ ਦੇਸ਼ ਦੀ ਵੰਡ ਹੋ ਗਈ। ਬਾਕੀ ਸਿੱਖਾਂ ਤੇ ਹਿੰਦੂਆਂ ਵਾਂਗਰ ਪਿੰਡ ਨਾਲੋਂ ਰਿਸ਼ਤਾ ਟੁੱਟ ਗਿਆ, ਨਹੀਂ ਤਾਂ ਪਿੰਡ ਜੱਜ ਸਾਹਿਬ ਦੀ ਯਾਦਗਾਰ ਹੋਣੀ ਸੀ। 

ਅਨੋਖ ਸਿੰਘ ਥਾਣੇਦਾਰ : ਤਿੰਨ ਭਰਾ ਬਾਲ ਸਿੰਘ, ਲੱਖਾ ਸਿੰਘ ਤੇ ਮੰਗਲ ਸਿੰਘ। ਢਾਬ ਵਾਲੇ ਖੂਹ ਦੇ ਮਾਲਕ ਸਨ । ਪੈਲੀਆਂ ਵੱਡੀ ਢਾਬ ਦੇ ਨਾਲ ਲੱਗਦੀਆਂ ਸਨ। ਜਦੋਂ ਢਾਬ ਭਰੀ ਹੁੰਦੀ ਸੀ ਤਾਂ ਪਿੰਡ ਦੇ ਮੁੰਡੇ ਬੰਨੇ ‘ਤੇ ਖਲੋ ਕੇ ਢਾਬ ਵਿੱਚ ਛਾਲਾਂ ਮਾਰਦੇ ਸਨ। ਇਸ ਕਰਕੇ ਖੂਹ ਨੂੰ ਢਾਬਵਾਲਾ ਆਖਦੇ ਸਨ । ਤਿੰਨੇ ਭਰਾ ਖੇਤੀ ਵਿੱਚ ਮਸਤ ਰਹਿੰਦੇ। ਪੈਲੀਆਂ ਹਮੇਸ਼ਾ ਸਾਫ਼ ਸੁਥਰੀਆਂ ਹੁੰਦੀਆਂ। ਪੈਦਾਵਾਰ ਵੀ ਚੰਗੀ । ਬਾਲ ਸਿੰਘ ਦਾ ਪੁੱਤਰ ਭਗਵਾਨ ਪਿਆਦਾ ਸੀ । ਸਮਨ ਲੈ ਕਿ ਪਿੰਡੋਂ ਪਿੰਡੀ ਜਾਂਦਾ। ਵਿੱਚੋਂ ਖੂਹ ‘ਤੇ ਵੀ ਕੰਮ ਕਰਦਾ। ਮੰਗਲ ਸਿੰਘ ਨੇ ਵਿਆਹ ਨਹੀਂ ਸੀ ਕਰਾਇਆ। ਰੱਬ ਦੀ ਰਜ਼ਾ ਵਿੱਚ ਰਹਿੰਦਾ ਸੀ। ਸਾਰੇ ਉਹਨੂੰ ਸੰਤ ਆਖਦੇ ਸਨ। ਜਦੋਂ ਵਾਹੀ ਤੋਂ ਵਿਹਲ ਮਿਲਦਾ ਤਾਂ ਨਾਲ ਲੱਗਦੇ ਦਮਦਮੇਂ ਗੁਰਦਵਾਰੇ ਜਾ ਬਹਿਣਾ। ਭਾਈ ਨੇ ਪ੍ਰੇਮ ਨਾਲ ਭੱਟ ਪ੍ਰਸ਼ਾਦ ਬਣਾ ਦੇਣਾ। ਪੇਟ ਪੂਜਾ ਦਾ ਸੁਕੀਨ ਸੀ । ਸਵੇਰ ਦਾ ਚਇਆ ਹੋਇਆ ਦੁੱਧ ਖੂਹ ਤੇ ਭੜੋਲੀ ਵਿੱਚ ਕਾੜਨ ਵਾਸਤੇ ਰੱਖਿਆ ਜਾਂਦਾ ਸੀ । ਇਕ ਵਾਰੀ ਦੀ ਗੱਲ ਏ। ਭਾਬੀਆਂ ਜਦ ਸ਼ਾਮ ਨੂੰ ਆਈਆਂ ਤਾਂ ਕਾੜਨੀ ਅੱਧੀ ਖਾਲੀ ਸੀ । ਰੌਲਾ ਪਾਇਆ, ਸਭ ਨੂੰ ਪੁੱਛਿਆ। ਫੇਰ ਸੰਤ ਜੀ ਹੌਲੀ ਜਿਹੇ ਬੋਲੇ “ਰੱਬ ਆਇਆ ਸੀ। ਦੁੱਧ ਛੱਕ ਗਿਆ।” ਪਿੰਡ ਵਿੱਚ ਗੱਲ ਮਸ਼ਹੂਰ ਹੋ ਗਈ ਕਿ ‘ਰੱਬ ਦੁੱਧ ਚੋਰ ਏ’। 

ਲੱਖਾ ਸਿੰਘ ਦਾ ਪੁੱਤਰ ਅਨੋਖ ਦਸਵੀਂ ਪਾਸ, ਪੜ੍ਹ ਗਿਆ। ਪੁਲਸ ਵਿੱਚ ਭਰਤੀ ਹੋ ਗਿਆ। ਥਾਣੇਦਾਰ ਬਣ ਗਿਆ। ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਥਾਣੇਦਾਰ ਬੜੀ ਵੱਡੀ ਚੀਜ਼ ਹੁੰਦੀ ਸੀ। ਪਿੰਡ ਵਿੱਚ ਹੌਲਦਾਰ ਆ ਜਾਏ ਤਾਂ ਲੋਕੀਂ ਅੱਗੇ-ਪਿੱਛੇ ਤੁਰਦੇ ਸਨ। 

ਲੰਬੜਦਾਰ ਮੰਜੀਆਂ ‘ਤੇ ਖੇਸ ਵਿਛਾ ਕੇ ਬਿਠਾਂਦੇ ਸਨ। ਪਿੰਡ ਦਾ ਜੰਮ-ਪਲ ਕੋਈ ਥਾਣੇਦਾਰ ਨਹੀਂ ਸੀ। ਇਹ ਪੱਦਵੀ ਅਨੋਖ ਸਿੰਘ ਨੂੰ ਹਾਸਲ ਹੋਈ। ਰਮਣੀਕ ਆਦਮੀ ਸੀ। ਪਿੰਡ ਵਿੱਚ ਕਦੀ ਵੀ ਥਾਣੇਦਾਰੀ ਦਾ ਰੋਬ ਨਹੀਂ ਸੀ ਵਿਖਾਂਦਾ। ਨਾ ਹੀ ਚਾਚੇ- ਤਾਏ ਜਾਂ ਪਿਉਂ ਨੇ ਬੜਕਾਂ ਮਾਰੀਆਂ ਸਨ ਕਿ ਸਾਡਾ ਪੁੱਤਰ ਥਾਣੇਦਾਰ ਏ। ਨਿਰਮਲ ਸੁਭਾ ਦਾ ਅਨੋਖ ਸਿੰਘ ਨਾ ਆਪਣੇ ਪਿੰਡ ਤੇ ਨਾ ਸੋਹਰੇ ਪਿੰਡ ਥਾਣੇਦਾਰੀ ਵਿਖਾਂਦਾ। ਇਹ ਕਸਰ ਵਹੁਟੀ ਨੇ ਪੂਰੀ ਕਰ ਦਿੱਤੀ। ਪਿੰਡ ਦੀਆਂ ਜ਼ਨਾਨੀਆਂ ਵਿੱਚ ਘੱਟ ਹੀ ਰਲ ਕੇ ਬਹਿੰਦੀ। ਕੁਦਰਤੀ ਜ਼ਨਾਨੀਆਂ ਥਾਣੇਦਾਰਨੀ ਦੀਆਂ ਗੱਲਾਂ ਕਰਦੀਆਂ ਸਨ। ਹਾਮਲਾ ਹੋ ਗਈ। ਥਾਣੇ ਦੇ ਕਵਾਟਰਾਂ ਵਿੱਚ ਰਹਿਣਾ ਨਾ ਠੀਕ ਸੀ ਤੇ ਨਾ ਈ ਇਸ ਦਾ ਰਿਵਾਜ ਸੀ। ਪਿੰਡ ਆ ਗਈ। ਮਾਹੌਲ ਪਸੰਦ ਨਾ ਆਇਆ। ਪੇਕੇ ਚਲੀ ਗਈ। ਜੀਅ ਨਾ ਲੱਗਿਆ। ਸੋਹਰੇ ਆ ਗਈ। ਕੱਚੀਆਂ ਸੜਕਾਂ ਪੱਧਰੀਆਂ ਨਹੀਂ ਹੁੰਦੀਆਂ। ਟਾਂਗਿਆਂ ਵਿੱਚ ਹਜੋਕੇ ਬੜੇ ਲੱਗਦੇ ਨੇ। ਵਕਤ ਨੇੜੇ ਆ ਗਿਆ। ਪਲੇਠੀ ਦਾ ਬੱਚਾ, ਸੋਹਰੇ ਜੰਮੇ ਕਿ ਪੇਕੇ ? ਫ਼ੈਸਲਾ ਨਾ ਕਰ ਸਕੀ। ਤਾਣਾ ਤਣਦੀ ਇਕ ਵਾਰੀ ਪਿੰਡ ਆ ਰਹੀ ਸੀ। ਪਾਣੀ ਟੁੱਟ ਗਿਆ। ਟਾਂਗੇ ਵਾਲੇ ਨੇ ਬੰਦਾ ਭਜਾਇਆ। ਜ਼ਨਾਨੀਆਂ ਦੌੜੀਆਂ ਆਈਆਂ। ਟਾਂਗੇ ਵਿੱਚ ਪਲੇਠੀ ਦਾ ਪੁੱਤਰ ਜੰਮ ਪਿਆ। ਘਰ ਲੈ ਆਂਦਾ ਧਮਾਨ ਕੀਤਾ। ਗੁਰਦਵਾਰੇ ਨਾਮ ਰੱਖਿਆ-ਸਵਰਨਜੀਤ। ਜ਼ਨਾਨੀਆਂ ਹਮੇਸ਼ਾ ਗੱਲਾਂ ਕਰਦੀਆਂ ਕਿ, ‘ਥਾਣੇਦਾਰਨੀ ਦਾ ਮੁੰਡਾ ਹਜੋਕੇ ਖਾਂਦਾ, ਛਣਕਣੇ ਵਾਂਗੂੰ ਟਰ-ਟਰ ਕਰਦਾ ਜੰਮਿਆ’। 

ਪੰਜਾਬ ਦੀ ਵੰਡ ਵੇਲੇ 1947 ਵਿੱਚ ਅਨੋਖ ਸਿੰਘ ਲਾਹੌਰ, ਮਜ਼ੰਗ ਦਾ ਥਾਣੇਦਾਰ ਸੀ। ਹਰ ਸਰਕਾਰੀ ਨੌਕਰ ਨੇ ਫੈਸਲਾ ਕਰਨਾ ਸੀ-ਪਾਕਿਸਤਾਨ ਜਾਂ ਹਿੰਦੁਸਤਾਨ। 

ਪਿੰਡ ਪਾਕਿਸਤਾਨ ਵਿੱਚ ਸੀ। ਹਿੰਦੂ-ਸਿੱਖ ਸਾਥੀਆਂ ਨੇ ਹਿੰਦੁਸਤਾਨ ਚੁਣਿਆ। ਅਨੋਖ ਸਿੰਘ ਦੁਬਦੁਬਾ ਵਿੱਚ ਸੀ ਕਿ ਕੀ ਕਰੇ। ਇਹ ਫ਼ੈਸਲਾ ਛੇਤੀ ਹੀ ਹਿਸਟਰੀ ਨੇ ਕਰ ਦਿੱਤਾ, ਤਕਦੀਰ ਨੇ ਕਰ ਦਿੱਤਾ । ਬਾਕੀ ਸਿੱਖਾਂ-ਹਿੰਦੂਆਂ ਵਾਂਗਰ ਅਨੋਖ ਸਿੰਘ ਨੂੰ ਲਾਹੌਰ ਛੱਡ ਕੇ ਦੌੜਣਾ ਪਿਆ। 

ਟਹਿਲ ਸਿੰਘ-ਲਾਭ ਸਿੰਘ : ਬਾਪ ਸੋਨੇ ਚਾਂਦੀ ਦਾ ਕੰਮ ਕਰਦਾ ਸੀ। ਦੋ ਪੁੱਤਰ ਸਨ-ਟਹਿਲ ਤੇ ਲਾਭ। ਖ਼ਬੂਸੂਰਤ ਸਨ । ਮਿੱਠਾ ਬੋਲਦੇ ਸਨ। ਸਕੂਲੇ ਦਾਖ਼ਲ ਕਰਾ ਦਿੱਤਾ। ਟਹਿਲ ਨੇ ਚੰਥੀ ਪਾਸ ਕੀਤੀ। ਹਾਈ ਸਕੂਲ ਨੇੜੇ ਨਹੀਂ ਸੀ। ਨੌਕਰੀ ਕਰ ਲਈ। ਕੋਇਟੇ ਚਲਾ ਗਿਆ। ਉਥੋਂ ਪੈਸੇ ਭੇਜਦਾ ਰਿਹਾ ਤਾਂਕਿ ਛੋਟਾ ਭਰਾ ਸ਼ਹਿਰ ਜਾ ਕੇ ਹੋਰ ਪੜ੍ਹ ਜਾਏ। ਲਾਭ ਦਸਵੀਂ ਪਾਸ ਕਰਕੇ ਰੇਲਵੇ ਵਿੱਚ ਨੌਕਰ ਹੋ ਗਿਆ। ਤਰੱਕੀ ਹੈ। ਗਈ। ਅੰਮ੍ਰਿਤਸਰ ਸਟੇਸ਼ਨ ਮਾਸਟਰ ਲੱਗ ਗਿਆ। ਪਿੰਡ ਦਾ ਪਹਿਲਾ ਸਟੇਸ਼ਨ ਮਾਸਟਰ। ਟਹਿਲ ਸਿੰਘ ਦੀ ਮਿਹਨਤ ਬਿਲੇ ਲੱਗ ਗਈ। 

ਟਹਿਲ ਸਿੰਘ ਇਕ ਬੜਾ ਖੂਬਸੂਰਤ ਜਵਾਨ ਨਿਕਲਿਆ, ਲੋਹੇ ਦੀ ਲੱਠ, ਲੰਮਾ- ਉੱਚਾ, ਚੌੜਾ। ਲਾਲਦਈ ਨਾਲ ਵਿਆਹ ਹੋ ਗਿਆ। ਪਿੰਡ ਆਏ ਤਾਂ ਜ਼ਨਾਨੀਆਂ ਕਹਿੰਦੀਆਂ : “ਲਾਲਦਈ ਵਰਗੀ ਖੂਬਸੂਰਤ ਕੋਈ ਜ਼ਨਾਨੀ ਨਹੀਂ ਹੋ ਸਕਦੀ।” ਸਾਰੇ ਬੱਚਿਆਂ ਨੂੰ ਕੋਇਟੇ ਸਕੂਲੇ ਪਾਇਆ । ਪਰ 1936 ਵਿੱਚ ਇਕ ਰਾਤ ਭੁਚਾਲ ਆਇਆ, ਕੋਇਟਾ ਗ਼ਰਕ ਹੋ ਗਿਆ, ਬਰਬਾਦ ਹੋ ਗਿਆ। ਹਜ਼ਾਰਾਂ ਲੋਕੀਂ ਮਾਰੇ ਗਏ, ਹਜ਼ਾਰਾਂ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਗੱਡੀ ਕੋਇਟੇ ਤੋਂ ਲਾਹੌਰ ਆਈ। ਇਕ ਮੀਲ ਲੰਬੀ ਸੀ। ਟਹਿਲ ਸਿੰਘ ਟੱਬਰ ਲੈ ਕੇ ਪਿੰਡ ਮੁੜ ਆਇਆ। ਘਰ ਦੀ ਕੰਧ ਗੁਰਦਵਾਰੇ ਦੀ ਗਲੀ ਦੇ ਨਾਲ ਲੱਗਦੀ ਸੀ। ਕੋਠੇ ‘ਤੇ ਚੁਬਾਰਾ ਬਣਾ ਲਿਆ। ਵੱਡੇ ਮੁੰਡੇ ਹਰਬੰਸ ਨੂੰ ਮਿਸ਼ਨ ਸਕੂਲ ਡੱਸਕੇ ਪਾਇਆ। ਉਹ ਦਸਵੀਂ ਪਾਸ ਕਰਕੇ 1943 ਵਿੱਚ ਫ਼ੌਜ ਵਿੱਚ ਭਰਤੀ ਹੋ ਗਿਆ। 1945 ਵਿੱਚ ਜੰਗ ਖ਼ਤਮ ਹੋਈ ਤਾਂ ਸਰਕਾਰੀ ਨੌਕਰੀ ਮਿਲ ਗਈ। ਅੱਗੋਂ ਦੀ ਸੋਚ ਟਹਿਲ ਸਿੰਘ ਦੇ ਦਿਲ ‘ਤੇ ਸੀ ਕਿਉਂਕਿ ਪਿੰਡ ਕੋਈ ਕੰਮ-ਕਾਜ ਹੈ ਨਹੀਂ ਸੀ। ਪਰ 1947 ਵਿੱਚ ਪੰਜਾਬ ਵੰਡਿਆ ਗਿਆ। ਪਿੰਡ ਛੱਡਣਾ ਪਿਆ । 

ਸਟੇਸ਼ ਮਾਸਟਰ ਲਾਭ ਸਿੰਘ ਬੜਾ ਮਿਲਨਸਾਰ ਸੀ। ਪਿੰਡੋਂ ਜਿਹੜਾ ਵੀ ਅੰਮ੍ਰਿਤਸਰ ਜਾਏ ਉਸ ਦੀ ਸੇਵਾ ਕਰਨੀ। ਥਰਡ ਕਲਾਸ ਦੀ ਟਿਕਟ ਨੂੰ ਬਦਲ ਕੇ ਸੈਕੰਡ ਕਲਾਸ ਦੀ ਬਣਾ ਦੇਣੀ। ਕਦੀ-ਕਦੀ ਮੁਫ਼ਤੋ-ਮੁਫ਼ਤ ਗੁਜਾਰਾਂਵਾਲੇ ਭੇਜ ਦੇਣਾ। ਪਿੰਡ ਦੇ ਲੋਕੀਂ ਗੁਣ ਗਾਉਂਦੇ। ਪਿੰਡ ਵਿੱਚ ਸੋਹਣਾ ਘਰ ਬਣਾਇਆ। ਹਰ ਸਾਲ ਗਰਮੀਆਂ ਤੇ ਸਿਆਲ ਦੀਆਂ ਛੁੱਟੀਆਂ ਵਿੱਚ ਬੱਚਿਆਂ ਨੂੰ ਪਿੰਡ ਭੇਜਦਾ ਤਾਂਕਿ ਪਿੰਡ ਦੇ ਨਾਲ ਰਾਬਤਾ ਬਣ ਜਾਏ। ਪਰ ਬੱਚਿਆਂ ਦਾ ਦਿਲ ਪਿੰਡ ਨਾ ਲੱਗੇ। ਪਿੰਡ ਦੇ ਮੁੰਡੇ ਨਿੱਕੀ ਜਿਹੀ ਗੱਲ ‘ਤੇ ਮਾਂ-ਭੈਣ ਦੀ ਗਾਲ੍ਹ ਕੱਢਦੇ। ਇਕ ਦੂਜੇ ਨੂੰ ਢਾਹ ਲੈਂਦੇ। ਖੇਡਣ ਦੇ ਤੌਰ ਤਰੀਕੇ ਹੋਰ ਸਨ। ਜੀ ਕਿਸ ਤਰ੍ਹਾਂ ਲੱਗੇ । ਤਾਂ ਵੀ ਲਾਭ ਸਿੰਘ ਨੇ ਬੱਚਿਆਂ ਨੂੰ ਹਰ ਸਾਲ ਭੇਜ ਹੀ ਦੇਣਾ। ਸੋਚਦਾ ਸੀ ਕਦਰ ਕਰਨ ਲੱਗ ਪੈਣਗੇ। ਪਰ ਉਹ ਸਮਾਂ ਆਉਣ ਤੋਂ ਪਹਿਲੋਂ ਹੀ ਪਿੰਡ ਹਮੇਸ਼ਾ ਲਈ ਖੁੱਸ ਗਿਆ। 

ਅਵਤਾਰ ਸਿੰਘ ਬੱਬਰਾ-ਇਕ ਮਸ਼ਹੂਰ ਲਿਖਾਰੀ ਨੇ ਕਾਲਜ ਪੜ੍ਹਦੇ ਅਵਤਾਰ ਦੀ ਗੁਰਮੁਖੀ ਲਿਖਤ ਦਾ ਢੰਗ ਤੇ ਖੁਸ਼ਖਤੀ ਵੇਖੀ। ਦੰਗ ਰਹਿ ਗਿਆ। ਸੁਭਾਵਿਕ ਹੀ ਆਖਿਆ ਕਿ ਤੇਰੀ ਗੁਰਮੁਖੀ ਵੀ ਅੰਗ੍ਰੇਜ਼ੀ ਲੱਗਦੀ ਏ, ਤੂੰ ਦਸਤਖ਼ਤ ਗੁਰਮੁਖੀ ਵਿੱਚ ਕਰਿਆ ਕਰ। ਅਵਤਾਰ ਨੇ ਗੱਲ ਪੱਲੇ ਬੰਨ੍ਹ ਲਈ। ਸਾਰੀ ਉਮਰ ਸਰਕਾਰੀ ਕਾਗਜ਼ਾਂ ਤੇ ਬੈਂਕਾਂ ਦੇ ਚੈਕਾਂ ਤੇ ਦਸਤਖ਼ਤ ਗੁਰਮੁਖੀ ਵਿੱਚ ਕੀਤੇ। ਫੇਰ ਅੰਗ੍ਰੇਜ਼ੀ ਨੂੰ ਗੁਰਮੁਖੀ ਦੇ ਵਾਂਗ ਲਿਖਣ ਦਾ ਢੰਗ ਇਜ਼ਾਦ ਕੀਤਾ। (ਸਮੇਂ ਨਾਲ ਇਹ ਢੰਗ ਗੁਰਮੁਖੀ ਤੇ ਦੇਵਨਾਗਰੀ ਦੇ ਇਸ਼ਤਿਹਾਰਾਂ ਵਿੱਚ ਵਰਤਿਆ ਜਾਣ ਲੱਗਾ ।) 

ਪਿੰਡ ਪ੍ਰਾਇਮਰੀ ਸਕੂਲ ਤੇ ਫੇਰ ਡੱਸਕੇ ਮਿਸ਼ਨ ਹਾਈ ਸਕੂਲ ਤੋਂ ਮੈਟ੍ਰਿਕ ਪਾਸ ਕੀਤਾ। 1935 ਵਿੱਚ ਦਿਆਲ ਸਿੰਘ ਕਾਲਜ ਲਾਹੌਰ ਦਾਖਲ ਹੋ ਗਿਆ। ਇਹ ਤਾਂ ਦੁਨੀਆਂ ਹੀ ਹੋਰ ਸੀ। ਜਿਮਨਾਸਟਿਕਸ (Gymnastics) ਦਾ ਸ਼ੌਕ ਪੈ ਗਿਆ। ਕਾਲਜ ਦੀ ਮੈਗਜ਼ੀਨ ਵਿੱਚ ਫੋਟੋਆਂ ਛਪੀਆਂ। ਬੜੀ ਲਚਕ ਸੀ। ਜਿਮਨਾਸਟਿਕਸ ਕਲੱਬ ਦਾ ਸੈਕਟਰੀ ਬਣ ਗਿਆ। 1936 ਵਿੱਚ ਕਾਲਜ ਮੈਗਜ਼ੀਨ ਦੇ ਪੰਜਾਬੀ ਸੈਕਸ਼ਨ ਦਾ ਐਡੀਟਰ ਬਣ ਗਿਆ। ਕਵਿਤਾਵਾਂ ਤੇ ਲੇਖ ਲਿਖਣ ਦਾ ਸ਼ੌਕ ਪੈਦਾ ਹੋ ਗਿਆ। ਰਸਾਲਿਆਂ ਵਾਲਿਆਂ ਨੇ ਚੁੱਕ ਲਿਆ। ਪਿੰਡ ਫੁਲਵਾੜੀ ਤੇ ਪ੍ਰੀਤਮ ਰਸਾਲੇ ਭੇਜਣੇ ਸ਼ੁਰੂ ਕਰ ਦਿੱਤੇ। ਸਮਝੋ ਕਿ ਲਾਹੌਰ ਆਪ ਤੁਰ ਕੇ ਪਿੰਡ ਆ ਗਿਆ, ਖ਼ਾਸ ਤੌਰ ‘ਤੇ ਜ਼ਨਾਨੀਆਂ ਵਾਸਤੇ। 

ਲਾਹੌਰ ਵਿੱਚ ਅਵਤਾਰ ਖੱਬੇ ਪੱਖ ਦੇ ਵਰਕਰਾਂ ਤੇ ਲਿਖਾਰੀਆਂ ਦੇ ਵਿੱਚ ਰਚ-ਮਿਚ ਗਿਆ । ਪੜ੍ਹਾਈ ਇਕ ਪਾਸੇ ਰਹਿ ਗਈ। ਪਿਉ ਸੋਚੇ ਪੜ੍ਹਨ ਆਇਆ ਸੈਂ, ਕਿ ਖੇਹ ਖਾਣ ? ਕਾਲਜ ‘ਚੋਂ ਉਠਾ ਕੇ ਦਿੱਲੀ ਦੰਦਾਂ ਦਾ ਧੰਦਾ ਸਿਖਣ ਵਾਸਤੇ ਡਾਕਟਰ ਉਧਮ ਸਿੰਘ ਕੋਲ ਭੇਜ ਦਿੱਤਾ। ਡਾਕਟਰ ਸਾਹਿਬ ਦਾ ਕਨਾਟ ਪਲੇਸ ਵਿੱਚ ਕਲਿਨਿਕ ਸੀ। ਫੈਸ਼ਨ ਦੀ ਦੁਨੀਆਂ ਵੇਖ ਕੇ ਫੈਸ਼ਨ ਸਿੱਖ ਲਏ। ਲੰਮੇ ਵਾਲਾਂ ਨੂੰ ਐਸ ਤਰ੍ਹਾਂ ਲਪੇਟ ਲੈਣਾ ਕਿ ਜਿਵੇਂ ਸਿਰ ‘ਤੇ ਵਾਲਾਂ ਦੀ ਥਾਪੀ ਮਾਰੀ ਹੁੰਦੀ ਏ। ਪੱਗ ਦੀ ਕੀ ਲੋੜ ? ਟਾਈ-ਡਾਈ ਸਿਖ ਲਈ। ਸੱਤ ਰੰਗੀਆਂ ਪੀਂਘਾਂ ਵਾਲੀਆਂ ਪੱਗੜੀਆਂ। ਦੋ ਸਾਲ 1937-39 ਲਾ ਦਿੱਤੇ। ਸਿਰਫ਼ ਦੰਦਾਂ ਦੇ ਸੰਚੇ ਬਣਾਉਣੇ ਸਿੱਖੇ। ਪਿਉ ਚਾਹੁੰਦਾ ਸੀ ਕਿ ਇਕ ਦਿਨ ਪੁੱਤਰ ਡਾਕਟਰ ਬਣ ਜਾਏਗਾ । ਵਾਪਸ ਪਿੰਡ ਮੁੜ ਆਇਆ। ਪਿਉਂ ਨੇ ਆਖਿਆ ਕਿ ਭੱਠਾ ਸਾਂਭ ਲੈ। ਮੁਨਸ਼ੀ ਵੀ ਤੇ ਮਾਲਕ ਵੀ। ਇਸ ਦੀ ਬਜਾਏ ਖਾਸੇ ਡਿਸਟਿਲਰੀ ਵਿੱਚ ਨੌਕਰੀ ਪਸੰਦ ਕੀਤੀ। 1940 ਵਿੱਚ ਕੀਨੀਆਂ ਦੀ ਜੰਮ-ਪਲ ਹਰਬੰਸ ਦੇ ਨਾਲ ਵਿਆਹ ਹੋ ਗਿਆ। ਤਨਖ਼ਾਹ ਕਾਲਜ ਦੇ ਖਰਚੇ ਨਾਲੋਂ ਘੱਟ ਸੀ | ਲਾਹੌਰ ਫ਼ੌਜੀ ਇਨਸਟਰਕਟਰ (Instructor) ਦੀ ਨੌਕਰੀ ਕੀਤੀ, ਪੈਰ ਨਾ ਖੁੱਬੇ। 1943 ਵਿੱਚ ਨੈਰੋਬੀ ਚਲਾ ਗਿਆ। ਜੰਗ ਤੇਜ਼ੀ ‘ਤੇ ਸੀ। ਮੁਸਾਫਰਾਂ ਦੇ ਜਹਾਜ਼ ਬੰਦ ਸਨ । ਬਾਦਬਾਨੀ ਜਹਾਜ਼ ਵਿੱਚ ਸਮੁੰਦਰ ਦੇ ਕੰਢੇ-ਕੰਢੇ ਹੋ ਕੇ ਅਫ਼ਰੀਕਾ ਪਹੁੰਚਿਆ। ਅਜੇ ਪੈਰ ਪੱਕੇ ਵੀ ਨਹੀਂ ਸਨ ਹੋਏ ਕਿ 1947 ਵਿੱਚ ਦੇਸ ਦੀ ਵੰਡ ਹੋ ਗਈ। ਦੇਸ਼ ਪ੍ਰਦੇਸ ਹੋ ਗਿਆ। ਮੁੜ ਕੇ ਪਿੰਡ ਕਦੀ ਵੀ ਨਾ ਵੇਖਿਆ। ਕਿਸਮਤ ਦੇ ਕੜਛੇ। 

ਬਚਪਨ ਤੋਂ ਹੀ ਆਤਮਾ ਸੇਵਾ ਦੇ ਨਾਲ ਜੁੜੀ ਹੋਈ ਸੀ । ਹਾਈਜੀਨ ਪੜ੍ਹ ਕੇ ਵਿਚਾਰ ਆਇਆ ਕਿ ਲੋਕੀਂ ਦੰਦ ਤਰੀਕੇ ਦੇ ਨਾਲ ਸਾਫ਼ ਨਹੀਂ ਕਰਦੇ। ਟੁਥਪੇਸਟ ਤੇ ਬੁਰਸ਼ ਦਾ ਕਿਸੇ ਨਾਮ ਵੀ ਨਹੀਂ ਸੀ ਸੁਣਿਆ। ਮੰਜਨ ਕੋਈ ਵਿਰਲਾ ਹੀ ਵਰਤਦਾ ਸੀ । ਹਰ ਰੋਜ਼ ਸ਼ਾਮ ਨੂੰ ਅਵਤਾਰ ਨੇ ਕੁਲਹਾੜੀ ਲੈ ਦੂਰ ਸੜਕ ਤੇ ਲੱਗੇ ਕਿਕਰਾਂ ਦੀਆਂ ਦਾਤਨਾਂ ਕੱਟਣੀਆਂ ਤੇ ਖੂਹੀਆਂ ਤੇ ਹਲਟੀ ‘ਤੇ ਰੱਖ ਦੇਣੀਆਂ। ਲੋਕਾਂ ਨੂੰ ਪ੍ਰੇਰਨਾ ਕਰਨੀ ਕਿ ਸਵੇਰੇ ਨਹਾਉਣ ਲੱਗਿਆਂ ਦਾਤਨ ਜ਼ਰੂਰ ਕਰਿਆ ਕਰੋ। ਫੇਰ ਛੋਟੇ ਭਰਾਵਾਂ ਨੇ ਇਹ ਸੇਵਾ ਲੈ ਲਈ। ਪਿੰਡ ਦੇ ਸਿੱਖਾਂ ਵਿੱਚ ਦਾਤਨ ਦਾ ਰਿਵਾਜ ਪੱਕਾ ਹੋ ਗਿਆ। 

ਅਵਤਾਰ ਨਰਮ ਦਿਲ ਸੀ। ਹਲੀਮੀ ਤੇ ਦਇਆ ਬੜੀ ਸੀ । ਨਾਵੇਂ ਮੁਹੱਲੇ ਦੇ ਸਯਦਾਂ ਦਾ ਮੁੰਡਾ ਜਮਾਤੀ ਸੀ । ਗੁਲਾਮ ਨਬੀ ਤੇ ਅਵਤਾਰ ਦੋਵੇਂ ਸੜਕ ਤੇ ਕ੍ਰਿਕੇਟ ਖੇਡ ਰਹੇ ਸਨ। ਲੱਕੜ ਦਾ ਬਾਲ ਸੀ। ਪਤਾ ਨਹੀਂ ਕੀ ਖਿਆਲ ਆਇਆ, ਗੁਲਾਮ ਨੇ ਬਾਲ ਸਿਧਾ ਅਵਤਾਰ ਦੇ ਮੂੰਹ ਵੱਲ ਸੁਟਿਆ। ਦੋ ਉਪਰਲੇ ਦੰਦ ਟੁਟ ਗਏ। ਖੂਨ ਦੀਆਂ ਧਾਰਾਂ ਵਗੀਆਂ। ਅਵਤਾਰ ਦੀਆਂ ਚੀਕਾਂ ਨਿਕਲ ਗਈਆਂ। ਗੁਲਾਮ ਘਰ ਦੌੜ ਗਿਆ। ਚਾਰ ਦਿਨ ਬਾਅਦ ਅਵਤਾਰ ਸਕੂਲੇ ਵਾਪਸ ਚਲਾ ਗਿਆ ਪਰ ਗੁਲਾਮ ਨਾ ਆਇਆ। ਸ਼ਾਇਦ ਕੁਟ ਤੋਂ ਡਰਦਾ ਸੀ। ਹਫ਼ਤਾ ਹੋਰ ਲੰਘ ਗਿਆ, ਤਾਂ ਵੀ ਗੁਲਾਮ ਸਕੂਲ ਨਾ ਆਇਆ। ਪੜ੍ਹਾਈ ਵਿੱਚ ਪਛੜ ਗਿਆ। ਅਵਤਾਰ ਨੂੰ ਖ਼ਿਆਲ ਆਇਆ। ਕਿਧਰੇ ਸਕੂਲ ਹੀ ਨਾ ਛੱਡ ਦੇਵੇ। ਮਾਂ ਨਾਲ ਸਲਾਹ ਕਰ ਕੇ ਗੁਲਾਮ ਦੇ ਘਰ ਗਿਆ। ਉਹ ਅਗੋਂ ਛੁਪ ਗਿਆ। ਉਹਦੀ ਛੋਟੀ ਭੈਣ ਨੇ ਇਸ਼ਾਰਾ ਕਰਕੇ ਲੁਕਣ ਦੀ ਥਾਂ ਦਸ ਦਿੱਤੀ । ਪਲੰਗ ਦੇ ਥੱਲੇ, ਕਪਾਹ ਦੇ ਢੇਰ ਦੇ ਪਿੱਛੇ ਬੈਠਾ ਸੀ । ਅਵਤਾਰ ਨੇ ਗੁਲਾਮ ਨੂੰ ਵਾਪਸ ਸਕੂਲ ਮੁੜ ਆਉਣ ਵਾਸਤੇ ਮਨਾ ਲਿਆ। ਦੋਸਤੀ ਹੋਰ ਪੱਕੀ ਹੋ ਗਈ। ਗੁਲਾਮ ਨਬੀ ਨੇ ਹਾਈ ਸਕੂਲ ਪਾਸ ਕੀਤਾ। ਪਹਿਲਾ ਮੁਸਲਮਾਨ ਲੜਕਾ ਸੀ ਜਿਸ ਨੇ ਇਹ ਪਦਵੀ ਹਾਸਲ ਕੀਤੀ।  

27 

ਵਿਛੋੜਾ  

ਹਿੰਦੁਸਤਾਨ ਦੀ ਆਜ਼ਾਦੀ ਦੀ ਲਹਿਰ ਬਹੁਤੀ ਟੇਢੀ-ਮੇਢੀ ਨਹੀਂ ਸੀ। ਪਾਕਿਸਤਾਨ ਦੀ ਮੰਗ ਤਾਂ ਥੋੜੇ ਅਰਸੇ ਵਿਚ ਹੀ ਪੂਰੀ ਹੋ ਗਈ। ਅੰਗ੍ਰੇਜ਼ਾਂ ਭਾਵ ਬਰਤਾਨੀਆ ਨੇ ਰਾਜ ਭਾਗ ਛੇਤੀ-ਛੇਤੀ ਛੱਡ ਦਿੱਤਾ। ਚੋਣਵੇਂ ਕਾਰਨ ਸਨ : ਬਹੁਤੇ ਮੁਲਕਾਂ ਵਿੱਚ ਪੈਰ ਪਸਾਰੇ ਹੋਏ ਸਨ, ਜਰਮਨੀ-ਜਾਪਾਨ ਦੇ ਨਾਲ ਲੰਮੀ ਜੰਗ ਨੇ ਮੁਲਕ ਦੀ ਕਮਰ ਤੋੜ ਦਿੱਤੀ ਸੀ, ਇੰਗਲਸਤਾਨ ਦੇ ਲੋਕ ਥੱਕ ਗਏ ਸਨ, ਖਿਲਰੇ ਪੁਲਰੇ ਹਿੰਦੁਸਤਾਨ ਵਿੱਚ ਰਾਜ ਕਰਨਾ ਔਖਾ ਹੋ ਗਿਆ ਸੀ। ਸਿਆਣਪ ਦੇ ਨਾਲ ਅਖ਼ਤਿਆਰ ਸੋਂਪ ਦਿਤੇ। ਨਾਲੋ-ਨਾਲ ਵੰਡੀਆਂ ਪਾਈਆਂ। ਇਕ ਦੇ ਦੋ ਮੁਲਕ ਬਣੇ। ਜੇ ਅੰਗਰੇਜ਼ ਕਾਹਲੇ ਸਨ। ਤਾਂ ਰਾਜ ਲੈਣ ਵਾਲੇ ਹੋਰ ਵੀ ਕਾਹਲੇ ਸਨ। 

ਰਾਜ ਦਾ ਇੰਤਕਾਲ ਪੱਟਵਾਰੀ ਦੇ ਦਾਖਲ-ਖਾਰਜ ਲਿਖਣ ਵਾਂਗਰ ਹੋਇਆ। ਪਿੰਡਾਂ ਵਿਚ ਇਸ ਤਰ੍ਹਾਂ ਲੱਗਿਆ ਜਿਵੇਂ ਮਸਿਆ ਦੀ ਰਾਤ ਨੂੰ ਔਂਸੀਆਂ ਪਾਈਆਂ ਤੇ ਅਗਲੀ ਸ਼ਾਮ ਨੂੰ ਚੰਨ ਚੜ੍ਹ ਪਿਆ । ਧਾਰਮਿਕ ਗਿਣਤੀ ਦੇ ਆਧਾਰ ਤੇ ਦੇਸ ਦੀ ਵੰਡ ਹੋਈ। ਵਿੱਚ ਰੇਖ-ਮੇਖ ਵੀ ਲੱਗੀ। 14 ਅਗਸਤ 1947 ਨੂੰ ਕਰਾਚੀ ਵਿੱਚ ਪਾਕਿਸਤਾਨ ਸਰਕਾਰ ਨੂੰ ਅਖਤਿਆਰ ਸੌਂਪੇ ਗਏ ਤੇ ਅਗਲੇ ਦਿਨ 15 ਅਗਸਤ ਨੂੰ ਦਿੱਲੀ ਵਿਚ ਹਿੰਦੁਸਤਾਨ ਦੀ ਸਰਕਾਰ ਨੂੰ । 

ਪਾਕਿਸਤਾਨ ਦਾ ਜਨਮ : ਪਿੰਡ ਵਿਚ 14 ਅਗਸਤ ਨੂੰ ਦਿਨ ਚੜ੍ਹਦੇ, ਹਰ ਮੁਸਲਮਾਨ ਘਰ ਦੇ ਕੋਠੇ ਉੱਤੇ ਹਰੀ-ਚਿੱਟੀ ਝੰਡੀ ਸਵੇਰ ਦੀਆਂ ਕਿਰਨਾਂ ਵਿਚ ਝੂਲ ਰਹੀ ਸੀ। ਪਿੰਡ ਦੇ ਸਿੱਖਾਂ ਨੇ ਇਹ ਕਦੀ ਸੋਚਿਆ ਵੀ ਨਹੀਂ ਸੀ ਕਿ ਇਕ ਸਵੇਰ ਆਏਗੀ ਜਦੋਂ ਇਹ ਨਜ਼ਾਰਾ ਵੇਖਣਗੇ। ਕੰਧਾਂ ਸਾਂਝੀਆਂ ਸਨ। ਕੋਠੇ ਨਾਲ-ਨਾਲ ਸਨ। ਇਹ ਇਕ ਚੁੱਪ-ਚਾਪ ਤੇ ਸ਼ਾਂਤ ਐਲਾਨ ਸੀ ਕਿ ਰਾਜ ਪਲਟ ਗਿਆ ਏ। 

ਡੱਸਕੇ ਤਸੀਲ ਵਿੱਚ ਪਾਕਿਸਤਾਨ ਦੇ ਜਨਮ ਦੀ ਰਸਮ ਅਦਾ ਹੋਣੀ ਸੀ। ਈਸੇ ਸਾਈਸ ਨੇ ਸਵੇਰੇ ਉਠਦਿਆਂ ਕਾਲੇ ਘੋੜੇ ਨੂੰ ਤਿਆਰ ਕੀਤਾ। ਘੋੜਾ ਬੱਘੀ ਜੋੜਿਆ। ਚਿੱਟੀ ਸਲਵਾਰ ਕਮੀਜ਼, ਚਿੱਟੀ ਸ਼ਮਲੇ ਤੇ ਤੁਰਲੇ ਵਾਲੀ ਪੱਗੜੀ, ਸਰਦਾਰ ਕੋਠੀ ‘ਚੋਂ ਬਾਹਰ ਆਇਆ। ਅਗਲੀ ਸੀਟ ‘ਤੇ ਬੈਠ ਗਿਆ। ਲਗਾਮਾਂ ਈਸੇ ਨੂੰ ਦਿੱਤੀਆਂ। ਈਦੇ ਚੌਕੀਦਾਰ ਨੂੰ ਪਿੱਛੇ ਬਿਠਾਇਆ ਤੇ ਡੱਸਕੇ ਰਵਾਨਾ ਹੋ ਗਏ। ਪਿੰਡ ਦੇ ਕੁਝ ਮੁਸਲਮਾਨ ਵੀ ਪੈਦਲ ਪਹੁੰਚ ਗਏ ਸਨ। ਕਚਹਿਰੀ ਦੇ ਸਾਹਮਣੇ ਬੈਂਡ ਵੱਜ ਰਿਹਾ ਸੀ । ਲੋਡਸਪੀਕਰਾਂ ਦਾ ਸ਼ੋਰ ਤੇ ਮੁਸਲਮਾਨ ਹਜੂਮ ਦੇ ਰੌਲੇ ਬਰਾਬਰ ਦੇ ਸਨ। ਮੁੱਠੀ ਭਰ ਸਿੱਖ, ਹਿੰਦੂ ਤੇ ਈਸਾਈ ਵੀ ਸ਼ਾਮਲ ਸਨ। ਤਕਰੀਰਾਂ ਹੋਈਆਂ। ਯੂਨੀਅਨ ਜੈਕ ਉਤਾਰਿਆ ਗਿਆ। ਪਾਕਿਸਤਾਨ ਦਾ ਝੰਡਾ ਲਹਿਰਾਇਆ ਗਿਆ। ਅਫ਼ਸਰਾਂ ਨੇ ਸਲੂਟ ਮਾਰੇ। ਲੋਕਾਂ ਨੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਾਏ। 

ਸਰਦਾਰ ਦਾ ਰਸਮ ਵਿਚ ਸ਼ਾਮਲ ਹੋਣਾ ਚੰਗੀ ਸੋਚ ਸੀ। ਸਿੱਖਾਂ ਨੇ ਪਾਕਿਸਤਾਨ ਬਣਾਏ ਜਾਣ ਦੀ ਪੁਰਜ਼ੋਰ ਮੁਖਾਲਫ਼ਤ ਕੀਤੀ ਸੀ। ਪਰ ਹੁਣ ਪਾਕਿਸਤਾਨ ਵਿੱਚ ਰਹਿਣਾ ਸੀ। ਨਵੇਂ ਰਾਜ ਦੇ ਨਾਲ ਬਣਾ ਕੇ ਰੱਖਣ ਦੀ ਲੋੜ ਸੀ। ਪਿੰਡ ਦੇ ਕੁਝ ਆਦਮੀ ਕੋਠੀ ਦੇ ਅੱਗੇ ਖਲੋਤੇ ਹੋਏ ਸਨ। ਰਸਮ ਦੀ ਖਬਰ ਸੁਣਨਾ ਚਾਹੁੰਦੇ ਸਨ। ਪਰ ਸਰਦਾਰ ਟਾਂਗੇ ਤੋਂ ਉੱਤਰ ਕੇ ਚੁੱਪ-ਚਾਪ ਕੋਠੀ ਦੇ ਅੰਦਰ ਵੜ ਗਿਆ। ਜਿਹੜੀ ਜਵਾਨੀ ਆਮ ਤੌਰ ‘ਤੇ ਡੁਲ੍ਹ-ਡੁਲ੍ਹ ਪੈਂਦੀ ਸੀ, ਢਿਲਕੀ ਹੋਈ ਸੀ । ਡੱਸਕੇ ਅਜਨਬੀਆਂ ਦਾ ਬੋਲਬਾਲਾ ਤੇ ਜਾਣ-ਪਛਾਣ ਵਾਲੇ ਚਿਹਰੇ ਘੱਟ ਵੇਖ ਕੇ ਸ਼ਾਇਦ ਦਿਲ ਸਹਿਮ ਗਿਆ ਹੋਵੇ। 

15 ਅਗਸਤ ਤੋਂ 1 ਸਤੰਬਰ : ਪਾਕਿਸਤਾਨ ਬਣ ਗਿਆ ਪਰ ਪਿੰਡ ਵਿਚ ਜ਼ਿੰਦਗੀ ਦਾ ਦੌਰ ਪਹਿਲੋਂ ਵਾਂਗਰ ਹੀ ਚਲਦਾ ਰਿਹਾ। ਲੋਕੀਂ ਕੰਮਾਂ-ਕਾਰਾਂ ਵਿੱਚ ਰੁੱਝੇ ਰਹੇ। ਅੰਗ੍ਰੇਜ਼ ਪਾਦਰੀਆਂ ਨੂੰ ਅੰਦਰਲੀਆਂ ਗੱਲਾਂ ਦਾ ਪਤਾ ਸੀ। ਉਹਨਾਂ ਨੇ ਪਿੱਤਲ ਦੀਆਂ ਸਲੀਬਾਂ ਭੇਜ ਦਿੱਤੀਆਂ ਤੇ ਹਰ ਈਸਾਈ ਆਦਮੀ ਨੂੰ ਹਦਾਇਤ ਕੀਤੀ ਕਿ ਨਿਸ਼ਾਨੀ ਵਜੋਂ ਗਲ ਵਿੱਚ ਪਾ ਕੇ ਰੱਖਣ। ਸਿੱਖਾਂ ਨੇ ਮੁਸਲਮਾਨੀ ਹਕੂਮਤ ਵਿੱਚ ਬਾ- ਇੱਜ਼ਤ ਤਰੀਕੇ ਨਾਲ, ਉੱਚਾ ਸਿਰ ਕਰਕੇ ਰਹਿਣਾ ਕਬੂਲ ਕਰ ਲਿਆ। ਸਿੱਖਾਂ ਦਾ ਤਾਂ ਜਨਮ ਹੀ ਮੁਸਲਮਾਨੀ ਰਾਜ ਵਿੱਚ ਹੋਇਆ ਸੀ। ਫ਼ਿਕਰ ਕਾਹਦਾ ਪਰ ਨਵੀਂ ਸਰਕਾਰ ਨੇ ਕੁਝ ਹੋਰ ਸਕੀਮ ਬਣਾ ਰੱਖੀ ਸੀ। 

ਫ਼ੌਜੀ ਤੇ ਗ਼ੈਰ-ਫ਼ੌਜੀ ਵੱਡੇ ਅਫ਼ਸਰਾਂ ਨੂੰ ਪੋਸ਼ੀਦਾ ਹੁਕਮ ਆ ਗਿਆ ਕਿ ਸਿੱਖਾਂ ਨੂੰ ਪਾਕਿਸਤਾਨ ‘ਚੋਂ ਕੱਢ ਦਿਉ। ਸਿੱਖ ਵਫ਼ਾਦਾਰਾਂ ਨੂੰ ਬਚਾਣ ਵਾਸਤੇ ਪ੍ਰਬੰਧ ਵੀ ਕੀਤੇ। 

ਖੁਫ਼ੀਆ ਪੁਲਿਸ ਨੇ ਸਰਦਾਰ ਨੂੰ ਸੁਨੇਹਾ ਭੇਜਿਆ ਕਿ ਤੂੰ ਆਪਣੀ ਸਲਾਮਤੀ ਲਈ ਖ਼ਤਰੇ ਤੋਂ ਖਾਲੀ ਥਾਂ ਤੇ ਚਲਾ ਜਾ। ਸਰਦਾਰ ਨੇ ਫਟਾਫਟ ਇਹੋ ਕੁਝ ਕੀਤਾ। 16 ਅਗਸਤ ਨੂੰ ਜ਼ਰੂਰੀ ਸਾਮਾਨ ਆਪਣੇ ਟਾਂਗੇ ‘ਤੇ ਲੱਦਿਆ ਤੇ ਪਰਿਵਾਰ ਸਮੇਤ ਆਪ ਟਾਂਗਾ ਚਲਾ ਕੇ ਚਲਾ ਗਿਆ। ਨਾ ਕਿਸੇ ਨਾਲ ਗੱਲ ਕੀਤੀ, ਨਾ ਬਾਤ। ਦੋ ਦਿਨਾਂ ਬਾਅਦ ਆਪਣੇ ਭਰਾਵਾਂ ਨੂੰ ਸੁਨੇਹਾ ਭੇਜਿਆ ਕਿ ਤੁਰੰਤ ਸਿਆਲਕੋਟ ਛੌਣੀ ਆ ਜਾਉ। ਛੋਣੀ ਵਿੱਚ ਸਰਦਾਰ ਦਾ ਸਾਲਾ ਗੁਲਾਮ ਸਰਵਰ ਚੀਮਾਂ (ਗੁਰਦਿਆਲ ਸਿੰਘ ਚੀਮਾਂ) ਲੈਫ਼ਟੀਨੈਂਟ ਕਰਨਲ ਸੀ । ਛੋਟੇ ਦੋਹਾਂ ਭਰਾਵਾਂ ਨੇ ਟਾਂਗੇ ਲੱਦੇ। ਆਪ ਅੱਥਰੂ ਕੇਰੇ। ਸੰਬੰਧੀਆਂ ਨੇ ਅੱਥਰੂ ਕੇਰੇ। ਹਵਾ ਹੋ ਗਏ। ਪਿੰਡ ਦੇ ਸਿੱਖਾਂ ਨੂੰ ਮਹਿਸੂਸ ਹੋਇਆ ਕਿ ਸਰਦਾਰ ਤੇ ਸਰਦਾਰ ਦੇ ਭਰਾ ਡਰਪੋਕ ਨਿਕਲੇ ਨੇ। ਬਹਾਦਰ ਸਿੱਖਾਂ ਲਈ ਇਹ ਕਲੰਕ ਦਾ ਟਿੱਕਾ ਸੀ। 

ਸਾਰੇ ਪੰਜਾਬ ਵਿਚ ਹਲਚਲ ਸੀ। ਪਿੰਡ ਵਿੱਚ ਸਿੱਖਾਂ-ਮੁਸਲਮਾਨਾਂ ਦਾ ਇਤਹਾਦ ਪੂਰਾ ਕਾਇਮ ਸੀ। ਪਰ ਬਾਹਰ ਹਮਲੇ ਦਾ ਡਰ ਫੈਲ ਗਿਆ । ਗੁਰਦੁਆਰੇ ਚੋਣਵੇਂ ਸਿੱਖਾਂ ਦਾ ‘ਕੱਠ ਹੋਇਆ। ਪਿੰਡ ਦੀ ਰਾਖੀ ਦੀ ਸਕੀਮ ਬਣਾਈ। ਤਿੰਨ ਟੋਲੀਆਂ ਬਣਾਈਆਂ। ਠੇਕੇਦਾਰ ਦੇ ਕੋਲ 7 ਗੋਲੀਆਂ ਵਾਲੀ 45 ਬੋਰ ਦੀ ਰਫ਼ਲ ਸੀ। ਸ਼ਾਮ ਪਈ, ਰਫ਼ਲ ਤੇ ਪੁੱਤਰ ਸ਼ੇਰੀ ਨੂੰ ਨਾਲ ਲੈ ਕੇ ਦਮਦਮਾ ਸਾਹਿਬ ਖੂਹ ਤੇ ਗਏ। ਪੈਲੀ ਵਿੱਚ ਗੋਡਾ ਟੇਕ ਕੇ ਨਿਸ਼ਾਨਾ ਬਨਾਣਾ ਸਿਖਾਇਆ। ਰਫ਼ਲ ਦੀ ਕਿਕ (kick) ਤੋਂ ਬਚਣ ਲਈ ਰਫ਼ਲ ਦਾ ਬੱਟ ਮੋਢੇ ਦੇ ਨਾਲ ਟਿਕਿਆ ਹੋਵੇ। ਦੋ ਚਾਰ ਵਾਰੀ ਖਾਲੀ ਪ੍ਰੈਕਟਿਸ ਕਰਕੇ ਠੇਕੇਦਾਰ ਨੇ ਇਕ ਕੀਮਤੀ ਗੋਲੀ ਜੇਬ ਵਿੱਚੋਂ ਕੱਢੀ। ਸ਼ੇਰੀ ਨੂੰ ਆਖਿਆ ਕਿ ਪਿੱਪਲ ਦੇ ਮੁੱਢ ਤੋਂ ਚਾਰ ਫੁੱਟ ਉੱਚਾ ਨਿਸ਼ਾਨਾ ਬਣਾਏ। ਸ਼ੇਰੀ ਨੇ ਗੋਲੀ ਭਰੀ, ਨਸ਼ਾਨਾ ਬਨਾਇਆ ਤੇ ਸਾਹ ਰੋਕ ਕੇ ਘੋੜਾ ਦੱਬਿਆ। ਚਿੜੀਆਂ ਤੋਤੇ ਉੱਡ ਪਏ। ਕਾਵਾਂ ਰੌਲੀ ਪਾ ਦਿੱਤੀ। ਗੋਲੀ ਸਿੱਧੀ ਪਿੱਪਲ ਵਿੱਚ ਵੱਜੀ। ਸ਼ੇਰੀ ਰੰਗਰੂਟ ਬਣ ਗਿਆ । 

ਰਾਤਾਂ ਨੂੰ ਪਿੰਡ ਦੀ ਰਾਖੀ ਸ਼ੁਰੂ ਹੋ ਗਈ। ਅਰਜਨ ਸਿੰਘ, ਹਰਬੰਸ ਬਾਬਾ, ਖ਼ਜ਼ਾਨ ਸਿੰਘ, ਲੱਧਾ ਸਿੰਘ ਮਸ਼ੀਨਵਾਲਾ ਬਰਛੇ ਲੈ ਕੇ ਡੱਸਕੇ ਵਾਲੇ ਪਾਸੇ ਸੜਕ ਦੀ ਰਾਖੀ ਕਰਦੇ। ਇਕ ਟੋਲਾ ਖਾਲੀ ਹੱਥ ਪਿੰਡ ਦੇ ਚਕਰ ਕੱਟਦਾ। ਸ਼ੇਰਾ, ਅਰੂੜ ਨਹੰਗ, ਅਰਡ ਮਾਨ ਸਿੰਘ ਦਾ, ਮਹਿੰਦਰ ਆਤਮਾ ਸਿੰਘ ਦਾ ਤੇ ਸ਼ੇਰੀ ਵੱਡੀਆਂ ਗਲੋਟੀਆਂ ਵਾਲੇ ਪਾਸੇ ਲੁਹਾਰਾਂ ਦੀ ਮਸਜਦ ਦੇ ਅੱਗੇ ਡੇਰਾ ਲਾ ਲੈਂਦੇ। ਸ਼ੇਰੀ ਦੇ ਕੋਲ ਰਫ਼ਲ ਤੇ ਗੋਲੀਆਂ ਦਾ ਪਟਾ ਹੁੰਦਾ। ਮੀਆਂ ਹਸਨ ਮੁਹੰਮਦ ਆ ਕੇ ਖੈਰੀਅਤ ਵੇਖ-ਚਾਖ ਲੈਂਦੇ। ਕਿਸਾਨ ਡੰਗਰਾਂ ਦੀ ਰਾਖੀ ਕਰਦੇ ਖੂਹਾਂ ‘ਤੇ ਟਿਕੇ ਰਹਿੰਦੇ। ਰਾਤ ਬਤੀਤ ਹੋ ਜਾਂਦੀ। ਸਵੇਰੇ ਕੰਮ ਕੰਮੀ। 

ਛੋਟੀਆਂ ਗਲੋਟੀਆਂ ਸਿੱਖਾਂ ਦਾ ਤਕੜਾ ਗੜ੍ਹ ਸੀ । ਪਾਕਿਸਤਾਨ ਦੇ ਬਨਣ ਤੋਂ ਇਕ ਹਫ਼ਤਾ ਬਾਅਦ ਦੂਜੇ ਪਿੰਡਾਂ ਤੋਂ ਸਿੱਖ-ਹਿੰਦੂ ਰੀਫ਼ਿਊਜੀ ਆਉਣੇ ਸ਼ੁਰੂ ਹੋ ਗਏ। ਹਰ ਇਕ ਪ੍ਰਵਾਰ ਦੀ ਵੱਖੋ-ਵੱਖ ਦਰਦ ਕਹਾਣੀ। ਜਾਂ ਮੁਸਲਮਾਨ ਬਣ ਜਾਉ ਜਾਂ ਖਾਲੀ ਹੱਥ ਜਾਨ ਬਚਾ ਕੇ ਦੌੜ ਜਾਉ। ਕਈ ਦੱਸਣ ਕਿ ਉਹਨਾਂ ਦੇ ਰਿਸ਼ਤੇਦਾਰਾਂ ਨੂੰ ‘ਕੱਠਾ ਕਰਕੇ ਸਿਰ ਮੁੰਨੇ ਗਏ। ਬੱਚਿਆਂ ਦੀ ਸੁੰਨਤ ਕੀਤੀ ਗਈ। ਸਾਹਮਣੇ ਗਾਂ ਨੂੰ ਵੱਢ ਕੇ ਚੌਲਾਂ ਦੇ ਨਾਲ ਜ਼ਰਦਾ ਖਵਾਇਆ ਗਿਆ। ਜਵਾਨ ਕੁੜੀਆਂ ਦੇ ਮੁਸਲਮਾਨਾਂ ਨਾਲ ਵਿਆਹ ਕੀਤੇ ਤਾਂਕਿ ਰਿਸ਼ਤਾ ਪੱਕਾ ਹੋ ਜਾਏ। ਦੌੜ ਆਇਆਂ ਵਿੱਚੋਂ ਕੋਈ ਚੁੱਪ ਤੇ ਕੋਈ ਸਹਿਮਿਆ ਹੋਇਆ ਗੁੱਠੇ ਬਹਿ ਕੇ ਰੋਵੇ। ਕੋਈ ਲੱਕੜੀਆਂ ਪਾੜੇ। ਰੋਟੀ ਦਾ ਪ੍ਰਬੰਧ ਕਰੇ। ਹਫ਼ਤੇ ਦੇ ਅੰਦਰ-ਅੰਦਰ ਕੋਈ 2,500 ਰੀਫਿਊਜੀ ‘ਕੱਠੇ ਹੋ ਗਏ। ਗੁਰਦੁਆਰਾ, ਸਕੂਲ, ਲੰਗਰਖਾਨਾ ਸਭ ਭਰ ਗਏ। ਗਰਮੀਆਂ ਦੇ ਦਿਨ ਸਨ । ਜਿਥੇ ਮਰਜ਼ੀ ਏ ਕੋਈ ਸੌਂ ਜਾਏ ਪਰ ਖਾਣ-ਪੀਣ ਦਾ ਸਾਮਾਨ ਘਟਣਾ ਸ਼ੁਰੂ ਹੋ ਗਿਆ । ਖ਼ਾਸ ਤੌਰ ‘ਤੇ ਦਾਲ, ਲੂਣ ਤੇ ਪਿਆਜ਼। ਹਰ ਪਾਸੇ ਬੱਚਿਆਂ ਦੀ ਕੁਰਲਾਹਟ। 

28 ਅਗੱਸਤ, ਸ਼ਾਮ ਨੂੰ ਸਿੱਖ ਆਗੂ ਗੁਰਦਵਾਰੇ ‘ਕੱਠੇ ਹੋਏ। ਠੇਕੇਦਾਰ ਨੂੰ ਆਖਿਆ ਕਿ ਆਪਣਾ ਅਸਰ ਰਸੂਖ ਵਰਤ ਕੇ ਛੋਟੀਆਂ ਗਲੋਟੀਆਂ ਨੂੰ ਰੀਫਿਊਜੀ ਕੈਂਪ (Refugee Camp) ਬਨਾਣ ਦੀ ਸਰਕਾਰੀ ਮਨਜ਼ੂਰੀ ਲਵੇ । ਕੈਂਪ ਨੂੰ ਸਰਕਾਰ ਰਾਸ਼ਨ ਦੇਂਦੀ ਸੀ, ਰਾਖੀ ਕਰਦੀ ਸੀ ਤੇ ਫੇਰ ਹੌਲੀ-ਹੌਲੀ ਕਾਫ਼ਲੇ ਹਿੰਦੁਸਤਾਨ ਨੂੰ ਭੇਜਦੀ ਸੀ । 

29 ਅਗਸਤ ਨੂੰ ਠੇਕੇਦਾਰ ਨੇ ਪਹਿਲੀ ਜੰਗ ਵਾਲਾ (ਸਾਂਭਿਆ ਹੋਇਆ) ਸਫ਼ਾਰੀ ਸੂਟ ਪਾਇਆ। ਇੰਦਰ ਸਿੰਘ ਵਕੀਲ ਨੂੰ ਨਾਲ ਲਿਆ। ਦੋਵੇਂ ਸਾਈਕਲਾਂ ਤੇ ਡੈਸਕ ਗਏ। ਫੇਰ ਬੱਸ ਫੜ ਕੇ ਸਿਆਲਕੋਟ ਗਏ। ਡਿਪਟੀ ਕਮਿਸ਼ਨਰ ਨੂੰ ਮਿਲੇ । ਫ਼ੌਜ ਦੇ ਕਮਾਂਡਰ ਨੂੰ ਮਿਲੇ। ਜ਼ੋਰ ਲਾਇਆ ਕਿ ਛੋਟੀਆਂ ਗਲੋਟੀਆਂ ਨੂੰ ਰੀਫਿਊਜੀ ਕੈਂਪ ਕਰਾਰ ਦਿਤਾ ਜਾਏ। ਯਕੀਨ ਦਵਾਇਆ ਗਿਆ ਕਿ ਅਗਲੇ ਦਿਨ ਤਕ ਸਰਕਾਰ ਫੈਸਲਾ ਕਰ ਦੇਵੇਗੀ। ਦੋਵੇਂ ਸ਼ਾਮ ਨੂੰ ਪਿੰਡ ਵਾਪਸ ਆ ਗਏ। ਸਭ ਨੂੰ ਹੌਂਸਲਾ ਦਿੱਤਾ। ਪਰ ਅਫ਼ਵਾਹ ਫੈਲ ਗਈ ਕਿ ਪੱਛਮੀ ਪੰਜਾਬ ‘ਚੋਂ ਕੱਢੇ ਗਏ ਮੁਸਲਮਾਨਾਂ ਦਾ ਕਾਫ਼ਲਾ ਆ ਰਿਹਾ ਏ। ਸੱਚ ਯਾ ਝੂਠ ? ਇਹਦਾ ਅਸਰ ਬੜਾ ਕਰੜਾ ਹੋਇਆ। ਡਰ ਫੈਲ ਗਿਆ। ਸਿਖ ਕਿਸਾਨ ਖੂਹ ਤੇ ਡੰਗਰ ਸੇਪੀਆਂ ਦੇ ਸਪੁਰਦ ਕਰ ਕੇ ਘਰਾਂ ਨੂੰ ਟੱਬਰਾਂ ਦੇ ਕੋਲ ਆ ਗਏ। ਰਾਤ ਜਾਗਦਿਆਂ ਲੰਘ ਗਈ। ਅਗਲੇ ਦਿਨ 30 ਅਗਸਤ, ਹਰ ਕੋਈ ਐਲਾਨ ਦੀ ਇੰਤਜ਼ਾਰ ਕਰ ਰਿਹਾ ਸੀ । ਘੁਸਰ-ਮੁਸਰ ਕਰਦਿਆਂ, ਲੋਕਾਂ ਨੇ ਦਿਨ ਗੁਜ਼ਾਰਿਆ। ਰਾਤ ਉਸ ਤੋਂ ਵੀ ਲੰਮੀ ਸੀ। 

ਅਗਲੇ ਦਿਨ 31 ਅਗਸਤ ਨੂੰ ਹਰ ਇਕ ਦਿਲ ਬੇਕਰਾਰ ਸੀ। ਸਰਕਾਰ ਦੇ ਐਲਾਨ ਦੀ ਇੰਤਜ਼ਾਰ ਸੀ । ਦੁੱਧ ਲੱਸੀਆਂ ਪੀਣ ਵਾਲੇ ਕਈ ਦਿਨਾਂ ਤੋਂ ਰੁਖੀ ਰੋਟੀ ਤੇ ਪਾਣੀ ਪੀ ਕੇ ਗੁਜ਼ਾਰਾ ਕਰ ਰਹੇ ਸਨ। ਖੇਤਾਂ ਵਿੱਚ ਕੋਈ ਫ਼ਸਲ ਵੀ ਨਹੀਂ ਸੀ ਸਵਾਏ ਡੰਗਰਾਂ ਦੇ ਚਰਨ ਵਾਸਤੇ ਘਾਹ ਦੇ । ਆਖਰ ਖ਼ਬਰ ਆਈ। ਅੱਗ ਵਾਂਗਰ ਫ਼ੈਲ ਗਈ। ਡੱਸਕਾ ਕੈਂਪ ਬਣ ਗਿਆ ਏ। ਭਾਜੜ ਪੈ ਗਈ। ਜੋ ਕੁਝ ਕੋਈ ਸਿਰ ‘ਤੇ ਚੁੱਕ ਸਕਿਆ ਜਾਂ ਕਛੇ ਮਾਰ ਸਕਿਆ, ਲੈ ਕੇ ਦੌੜ ਉਠਿਆ। ਮਾਵਾਂ ਨੇ ਬੱਚੇ ਚੁੱਕ ਲਏ। ਚਾਰ ਘੰਟਿਆਂ ਦੇ ਅੰਦਰ, ਚਾਰ-ਪੰਜ ਹਜ਼ਾਰ ਲੋਕ ਨੱਸ ਤੁਰੇ। ਸਿੱਖਾਂ ਤੇ ਹਿੰਦੂਆਂ ਦੇ ਘਰਾਂ ਨੂੰ ਤਾਲੇ ਵੱਜ ਗਏ। ਹਰ ਕੋਈ ਸੋਚਦਾ ਸੀ ਕਿ ਰੌਲੇ ਖ਼ਤਮ ਹੋਣ ਤੇ ਵਾਪਸ ਘਰ ਆ ਜਾਵਾਂਗੇ। ਪਿੰਡ ਵਿੱਚ ਸਿਰਫ਼ ਸੌ ਦੇ ਕਰੀਬ ਆਦਮੀ ਤੇ ਪੰਜਾਹ ਦੇ ਕਰੀਬ ਜ਼ਨਾਨੀਆਂ ਤੇ ਬੱਚੇ ਰਹਿ ਗਏ। ਠੇਕੇਦਾਰ ਨਾ ਹਿਲਿਆ। ਜੁੰਮੇਵਾਰੀ ਸੀ ਜਾਂ ਪਿੰਡ ਦੇ ਮੁਸਲਮਾਨਾਂ ਦੀ ਮਿਤ੍ਰਤਾ ‘ਤੇ ਵਿਸ਼ਵਾਸ਼ ? ਜ਼ਰੂਰ ਦੋਵੇਂ ਗੱਲਾਂ ਹੋਣਗੀਆਂ। 

31 ਅਗਸਤ ਦੀ ਰਾਤ : ਸੂਰਜ ਡੁੱਬਣ ‘ਤੇ ਆਇਆ। ਪਿੰਡ ਵਿੱਚ ਰਹਿ ਗਏ ਸਿੱਖ ਆਦਮੀ, ਔਰਤਾਂ, ਬੱਚੇ, ਠੇਕੇਦਾਰ ਦੇ ਘਰ ਆ ਗਏ। ਘਰ ਪੱਕਾ ਸੀ। ਕਿਲੇ ਵਾਂਗਰ ਸੀ। ਔਰਤਾਂ ਤੇ ਛੋਟੇ ਬੱਚੇ ਪਹਿਲੀ ਤੇ ਦੂਜੀ ਮੰਜ਼ਲ ਦੇ ਬਰਾਂਡਿਆਂ ਤੇ ਕਮਰਿਆਂ ਵਿੱਚ। ਗਰਮੀ ਬੜੀ ਸੀ। ਮਾਵਾਂ ਤੇ ਕੁੜੀਆਂ ਬੱਚਿਆਂ ਨੂੰ ਪੱਖੀਆਂ ਝੱਲਦੀਆਂ। ਮੱਝ ਵਿਹੜੇ ਵਿੱਚ। ਆਦਮੀਂ ਤੇ ਮੁੰਡੇ ਛੱਤਾਂ ‘ਤੇ। ਕੁਝ ਮੁੰਡੇ ਮੱਮਟੀ ‘ਤੇ ਚੜ੍ਹ ਗਏ। ਉੱਪਰੋਂ ਪਿੰਡ ਦਾ ਸਾਰਾ ਆਲਾ-ਦੁਆਲਾ ਨਜ਼ਰ ਆਉਂਦਾ ਸੀ। ਬੱਚੇ ਤਾਂ ਰੋਂਦੇ ਧੋਂਦੇ ਗੋਦੀਆਂ ਵਿੱਚ ਸੋ ਗਏ ਪਰ ਹੋਰ ਕੋਈ ਵੀ ਸਾਰੀ ਰਾਤ ਨਾਂ ਸੁੱਤਾ। ਸਿੱਖਾਂ-ਹਿੰਦੂਆਂ ਦੇ ਸਾਰੇ ਦੇ ਸਾਰੇ ਘਰ ਤੇ ਉੱਚਾ-ਸੁੱਚਾ ਗੁਰਦੁਆਰਾ ਖ਼ਾਲੀ ਸਨ। ਰਹਿ ਗਏ ਸਿੱਖਾਂ ਵਾਸਤੇ ਇਹ ਸਭ ਤੋਂ ਲੰਮੀ ਤੇ ਪਿੰਡ ਵਿਚ ਆਖ਼ਰੀ ਰਾਤ ਸੀ। 

ਪੂਰਨਮਾਸ਼ੀ ਜਾਂ ਚੌਦਵੀ ਦੀ ਰਾਤ ਸੀ। ਨਾ ਕੋਈ ਬੱਦਲ ਸੀ ਨਾ ਕੋਈ ਪੱਤਾ ਹਿਲਦਾ ਸੀ। ਸਾਰਾ ਪਿੰਡ ਚੰਨ ਦੀ ਚਾਨਣੀ ਨਾਲ ਭਿੱਜਿਆ ਹੋਇਆ ਸੀ। ਹਰ ਪਾਸੇ ਚੁੱਪ-ਚਾਪ ਸੀ। ਕੋਈ ਕੁੱਤਾ ਵੀ ਨਹੀਂ ਸੀ ਭੌਂਕ ਰਿਹਾ। ਖਾਲੀ ਘਰਾਂ ਵਿੱਚ ਕੋਈ ਲੁੱਟ ਮਾਰ ਨਾ ਹੋਈ। ਇਹ ਪਿੰਡ ਦੇ ਸਿੱਖਾਂ ਤੇ ਮੁਸਲਮਾਨਾਂ ਦੇ ਇਤਹਾਦ ਦੀ ਲਾਸਾਨੀ ਮਿਸਾਲ ਸੀ। ਅੱਧੀ ਰਾਤ ਲੰਘੀ। ਦੂਰੋਂ ਉਚੀਆਂ-ਉਚੀਆਂ ਅਵਾਜ਼ਾਂ ਆਈਆਂ। 

ਸ਼ਾਇਦ ਚੋਰ ਖੂਹਾਂ ਤੋਂ ਡੰਗਰ ਖੇਲਨ ਆਏ ਹੋਣ, ਲਾਠੀਆਂ ਦੇ ਖੜਕਣ ਦੀ ਅਵਾਜ਼ ਆਈ। ਘਰ ਵਿਚ ਘਿਰੇ ਹੋਏ, ਬਨੇਰਿਆਂ ਤੋਂ ਝਾਕਦੇ ਆਦਮੀ ਚੁਕੰਨੇ ਹੋ ਗਏ। ਡਾਂਗਾਂ। ਦੀ ਅਵਾਜ਼ ਨੇੜੇ ਆ ਗਈ। ਗਲੀ ਦੇ ਅਖੀਰ ਤੇ ਪੁਹੰਚ ਗਈ। ਝੂਠੀ ਮੂਠੀ ਦੀਆਂ ਲਾਠੀਆਂ ਤੇ ਲਾਠੀਆਂ ਵੱਜਦੀਆਂ। ਕੁਝ ਆਦਮੀਂ ਘਰ ਦੇ ਸਾਮਨੇ ਤੁਰਨ ਫਿਰਨ ਲੱਗ ਪਏ। ਉੱਚੀ-ਉੱਚੀ ਬੋਲਣ । ਘਰ ਦੇ ਅੰਦਰ ਦਹਿਸ਼ਤ ਫ਼ੈਲ ਗਈ। ਬੱਚੇ ਰੋਣ ਲਗ ਪਏ। ਕੀ ਹੁਣ ਹਲਾ-ਗੁਲਾ ਹੋਏਗਾ ? 

ਹਾਲਾਤ ਨੂੰ ਸੰਭਾਲਣ ਦੇ ਵਾਸਤੇ ਠੇਕੇਦਾਰ ਨੇ ਬੈਠਕ ਦੀ ਅਲਮਾਰੀ ਵਿੱਚੋਂ ਰਫ਼ਲ ਚੁੱਕੀ। ਦਗੜ-ਦਗੜ ਪੌੜੀਆਂ ਚੜ੍ਹ ਕੇ ਦੂਸਰੀ ਮੰਜ਼ਲ ‘ਤੇ ਗਿਆ। ਗੋਲੀ ਭਰੀ। ਰਫ਼ਲ ਦੀ ਨਾਲੀ ਬਨੇਰੇ ‘ਤੇ ਟਕਾਈ। ਥੱਲੇ ਗਲੀ ਵੱਲ ਵੇਖਿਆ। ਸਾਹਮਣੇ ਕੋਠਿਆਂ ਵੱਲ ਵੇਖਿਆ। ਫੇਰ ਨਾਲ ਦਾ ਮੂੰਹ ਥੋੜਾ ਉੱਚਾ ਕਰਕੇ ਘੋੜਾ ਦੱਬਿਆ। ਰਾਤ ਦਾ ਸੰਨਾਟਾ ਕੰਬ ਉਠਿਆ। ਤਾਕਤ ਦੀ ਭਰੀ ਹੋਈ 45 ਬੋਰ ਦੀ ਗੋਲੀ, ਹਵਾ ਨੂੰ ਚੀਰਦੀ ਹੋਈ ਪਿੰਡ ਦੇ ਉੱਤੋਂ ਲੰਘ ਗਈ। ਕੋਠਿਆਂ ‘ਤੇ ਸੁੱਤੀਆਂ ਮੁਸਲਮਾਨੀਆਂ ਨੇ ਹਾਹਾ- ਕਾਰ ਮਚਾ ਦਿੱਤੀ। ਬੱਚਿਆਂ ਨੂੰ ਚੁੱਕ ਕੇ ਥਲੇ ਨੂੰ ਦੋੜੀਆਂ। ਠੇਕੇਦਾਰ ਉਚੀ ਅਵਾਜ਼ ਨਾਲ ਗਰਜਿਆ “ਡਰੋ ਨਾ। ਕਿਸੇ ਦਾ ਵੀ ਨੁਕਸਾਨ ਨਹੀਂ ਹੋਵੇਗਾ। ਇਹ ਹਵਾਈ ਗੋਲੀ ਸ਼ਰਾਰਤੀਆਂ ਨੂੰ ਖ਼ਬਰਦਾਰ ਕਰਨ ਵਾਸਤੇ ਸੀ।” ਲਾਠੀਆਂ ਖੜਕਣੀਆਂ ਫਟ ਬੰਦ ਹੋ ਗਈਆਂ। ਪਿੰਡ ਦੇ ਕੁਝ ਮੁਸਲਮਾਨ ਆਦਮੀ ਘਰ ਦੇ ਸਾਹਮਣੇ ਆਏ ਤੇ ਉੱਚੀ ਬੋਲੇ “ਠੇਕੇਦਾਰ ਸਾਹਿਬ, ਗੋਲੀ ਨਾ ਚਲਾਉ। ਅਸੀਂ ਘਰ ਦੀ ਰਾਖੀ ਕਰਾਂਗੇ । ਸ਼ਰਾਰਤੀਆਂ ਨੂੰ ਅਸੀਂ ਸਾਂਭ ਲਵਾਂਗੇ, ਯਕੀਨ ਰੱਖੋ। ਅਸੀਂ ਤੁਹਾਡੇ ਨਾਲ ਹਾਂ । ਮੁਹਬੱਤਾਂ ਵਾਲੇ ਪਿੰਡ ਦੇ ਲੋਕ ਤੇ ਤੁਹਾਡੇ ਪੜੋਸੀ ।” ਬਾਕੀ ਦੀ ਰਾਤ ਚੁੱਪ-ਚਾਪ ਸ਼ਾਂਤੀ ਨਾਲ ਗੁਜ਼ਰ ਗਈ ਪਰ ਸੁੱਤਾ ਕੋਈ ਨਾ। 

1 ਸਤੰਬਰ 1947 : ਉਜਾਲਾ ਹੋਇਆ। ਨਿੱਤ ਵਾਂਗੂੰ ਸੂਰਜ ਚੜ੍ਹਿਆ। ਮਾਇਆ ਨੇ ਧਾਰ ਕੱਢ ਕੇ ਨਿੱਕੇ ਬੱਚਿਆਂ ਨੂੰ ਕੌਲੀ-ਕੌਲੀ ਦੁੱਧ ਪਲਾਇਆ। ਨਾ ਕਿਸੇ ਨੇ ਆਟਾ ਗੁੰਨਿਆ, ਨਾ ਕਿਸੇ ਨੇ ਰੋਟੀਆਂ ਸੇਕੀਆਂ। ਠੇਕੇਦਾਰ ਨੇ ਡਿਉੜੀ ਦੇ ਦੋਵੇਂ ਭਿੱਤਾਂ ਦੀਆਂ ਚਿਟਕਣੀਆਂ ਖੋਲ੍ਹੀਆਂ। ਇਕੱਲਾ ਬਾਹਰ ਆਇਆ। ਮੁਸਲਮਾਨ ਪੜੋਸੀ ਵੀ ਬਾਹਰ ਆ ਗਏ। ਸਾਹ-ਸਲਾਮਤ ਕੀਤੀ। ਗਲੀਆਂ ਵਿੱਚ ਕੁੱਝ ਆਵਾਜਾਈ ਸ਼ੁਰੂ ਹੋ ਗਈ। ਘਰ ਵਿੱਚੋਂ ਸਿੱਖ ਬਾਹਰ ਨਿਕਲ ਆਏ। ਕੁਝ ਘਰਾਂ ਨੂੰ ਦੌੜੇ, ਆਪਣੀਆਂ ਜ਼ਰੂਰੀ ਚੀਜ਼ਾਂ ਚੁੱਕਣ ਵਾਸਤੇ। ਕੁਝ ਗੁਰਦਵਾਰੇ ਗਏ, ਆਖਰੀ ਵਾਰ ਮੱਥਾ ਟੇਕਣ ਵਾਸਤੇ। 

ਹਰਨਾਮ ਸਿੰਘ ਚਹਿਲ, ਜੱਥੇਦਾਰ ਉਜਾਗਰ ਸਿੰਘ, ਭਾਈ ਸ਼ੇਰ ਸਿੰਘ ਅਤੇ ਮਿਸਤਰੀ ਟੇਕ ਸਿੰਘ ਨੇ ਗੁਰਦੁਆਰੇ ਸਲਾਹ ਕੀਤੀ । ਫ਼ੈਸਲਾ ਕੀਤਾ ਕਿ ਦਰਬਾਰ ਸਾਹਿਬ ਦੀਆਂ ਬੀੜਾਂ ਨੂੰ ਜਲਪ੍ਰਵਾਹ ਕਰ ਦਿੱਤਾ ਜਾਵੇ ਤਾਂਕਿ ਪਿੱਛੋਂ ਬੇਅਦਬੀ ਨਾ ਹੋਵੇ। ਸੱਤਕਾਰ ਨਾਲ ਚੁੱਕ ਕੇ ਗੁਰਦੁਆਰੇ ਦੀ ਖੂਹੀ ਵਿੱਚ ਸੁੱਟਿਆ। ਇਨ੍ਹਾਂ ਵਿੱਚ ਬੜੀ ਵੱਡੀ ਤੇ ਭਾਰੀ ਹੱਥ ਲਿਖਤੀ ਬੀੜ ਵੀ ਸੀ, ਜਿਸ ਉੱਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਦਸਤਖ਼ਤ ਕੀਤੇ ਹੋਏ ਸਨ। ਇੱਕ ਅਨਮੋਲ ਤਵਾਰੀਖੀ ਲਿਖਤ ਜਲ ਪ੍ਰਵਾਹ ਹੈ। ਗਈ। ਠੇਕੇਦਾਰ ਨੇ ਆਪਣੀ ਬੀੜ ਰੁਮਾਲਿਆਂ ਵਿੱਚ ਲਪੇਟ ਕੇ ਜਲ ਪ੍ਰਵਾਹ ਕਰ ਦਿੱਤੀ। ਸ਼ੇਰੀ ਨੇ ਟੀਨ ਦੇ ਡੱਬਿਆਂ ਵਿੱਚ ਹਥੀਂ ਬਣਾਏ ਕੱਚੇ ਬੰਬ ਵੀ ਖੂਹੀ ਵਿੱਚ ਸੁੱਟ ਦਿੱਤੇ ਪਰ ਅਕਾਲੀ ਦਲ ਦੇ ਜਰਨਲ ਸਕੱਤਰ ਅਮਰ ਸਿੰਘ ਅੰਬਾਲਵੀ ਦੇ ਲਾਹੌਰ ਵਿਖੇ ਦਿੱਤੇ ਤਿੰਨ ਪਲੀਤੇ ਵਾਲੇ ਪੱਕੇ ਬੰਬ ਝੋਲੇ ਵਿੱਚ ਪਾ ਲਏ। ਇਹਨਾਂ ਨੂੰ ਚੁੱਕਣਾ ਬੇਹਿਨੀ ਸੀ ਕਿਉਂਕਿ ਇਹਨਾਂ ਨੂੰ ਚਲਾਣ ਦਾ ਤਰੀਕਾ ਤਾਂ ਆਉਂਦਾ ਨਹੀਂ ਸੀ । ਸਾਰਿਆਂ ਨੇ ਇਹ ਫੈਸਲੇ ਹਫੜਾ-ਦਫੜੀ ਵਿੱਚ ਕੀਤੇ। 

ਠੇਕੇਦਾਰ ਨੇ ਇਸਮਾਈਲ ਨੂੰ ਬੁਲਾ ਕੇ ਈਸ਼ਰ ਸਿੰਘ ਭਾਟੀਏ ਦਾ ਟਾਂਗਾ ਜੋੜਣ ਵਾਸਤੇ ਆਖਿਆ। ਆਪ ਅੰਦਰ ਜਾ ਕੇ ਰਫ਼ਲ ਤੇ ਗੋਲੀਆਂ ਦੇ ਪੱਟੇ ਨੂੰ 1918 ਦੇ ਬੱਸਰੇ ਤੋਂ ਆਂਦੇ ਗਲੀਚੇ ਵਿੱਚ ਲਪੇਟ ਕੇ ਰੱਸੀ ਬੰਨ੍ਹੀ । ਮਾਇਆ ਨੇ ਆਟਾ, ਘਿਉ, ਲੂਣ ਤੇ ਰਸੋਈ ਦਾ ਰੋਜ਼ ਦੇ ਵਰਤਨ ਵਾਲਾ ਸਾਮਾਨ ਇਕੱਠਾ ਕੀਤਾ। ਠੇਕੇਦਾਰ ਨੇ ਸਾਂਭੀ ਹੋਈ ਬਰਾਂਡੀ ਦੀ ਬੋਤਲ ਵੀ ਰੱਖ ਦਿੱਤੀ। ਕੱਪੜੇ ਇਕੱਠੇ ਕੀਤੇ। ਪੜੋਸੀਆਂ ਨੇ ਸਾਮਾਨ ਟਾਂਗੇ ‘ਤੇ ਲੱਦ ਦਿੱਤਾ। ਇਸਮਾਈਲ ਟਾਂਗਾ ਲੈ ਕੇ ਪੱਕੀ ਸੜਕ ਦਾ ਰੁਖ ਕੀਤਾ, ਡੱਸਕੇ ਨੂੰ ਚਲਾ ਗਿਆ। ਮਾਇਆ ਨੇ ਖੇਸ, ਚਾਦਰਾਂ ਦਾ ਬਿਸਤਰਾ ਤਿਆਰ ਕੀਤਾ। ਰਹੀਮ ਬੀਬੀ ਦੇ ਜਵਾਨ, ਖ਼ੂਬਸੂਰਤ ਪੁੱਤਰ ਉਂਬਰ ਦੀਨ ਨੇ ਆਖਿਆ ਕਿ ਉਹ ਇਹ ਬਿਸਤਰਾ ਚੁੱਕ ਕੇ ਨਾਲ ਡੱਸਕੇ ਛੱਡ ਆਵੇਗਾ। ਪਿਆਰਾ ਪੜੋਸੀ। 

ਠੇਕੇਦਾਰ ਸੜਕ ਦੇ ਚੌਕ ਵਿੱਚ ਜਾ ਖਲੋਤਾ। ਘਰ ਵਿੱਚੋਂ ਸਾਰੇ ਬਾਹਰ ਆਏ। ਆਖੀਰ ਤੇ ਮਾਇਆ ਨਿਕਲੀ। ਹੱਥ ਵਿੱਚ ਰੱਸਾ, ਪਿੱਛੇ-ਪਿੱਛੇ ਮੱਝ। ਗੱਲੀ ਵਿੱਚ ਪੜੋਸਣਾਂ ਖਲੋਤੀਆਂ ਸਨ, ਚੁੱਪ-ਚਾਪ। ਹਰ ਇੱਕ ਦੀਆਂ ਅੱਖਾਂ ਵਿੱਚ ਅੱਥਰੂ। ਮਾਇਆ ਨੇ ਹਰ ਇੱਕ ਨਾਲ ਅੱਖ ਮਿਲਾਈ। ਪਿਆਰ ਭਰੇ ਵਲ-ਵਲੇ ਨਾਲ ਹਰ ਇਕ ਦੇ ਹੋਂਠ ਫਰਕੇ। ਮਾਇਆ ਨੇ ਮੱਝ ਨੂੰ ਆਖ਼ਰੀ ਥਾਪੜਾ ਦਿੱਤੀ । ਅੱਖਾਂ ‘ਚੋਂ ਬੇਤਹਾਸ਼ਾ। ਅੱਥਰੂ ਕਿਰ ਪਏ। ਸਾਹਮਣੇ ਲਾਲਦੀਨ ਦੀ ਵਹੁਟੀ ਬੱਚਾ ਚੁੱਕੀ ਖਲੋਤੀ ਸੀ। ਮੱਝ ਦਾ ਰੱਸਾ ਉਹਦੇ ਹੱਥ ਫੜਾਇਆ। ਉਸ ਨੇ ਦਿਲ ਰੁਬਾ ਤਰੀਕੇ ਨਾਲ ਰੱਸਾ ਪੱਕੜ ਲਿਆ। 

ਪਿੱਛੇ ਰਹਿ ਗਏ ਸਿੱਖ ਟੱਬਰਾਂ ਦੀ ਲਾਮ ਡੋਰੀ ਰੋਟੀ ਟੁਕਰ ਦੇ ਸਾਮਾਨ ਤੇ ਕੱਪੜਿਆਂ ਦੀਆਂ ਬੁਗਚੀਆਂ ਚੁਕੀ ਡੱਸਕੇ ਨੂੰ ਰਵਾਨਾ ਹੋ ਗਈ। ਬਾਕੀ ਦੇ ਸੜਕ ‘ਤੇ ਕੱਠੇ ਹੋ ਗਏ। ਚੌਂਕ ਵਿੱਚ ਪੰਦਰਾਂ-ਵੀਹ ਚੀਦਾ ਮੁਸਲਮਾਨ ਵੀ ਸਨ । ਸਾਰੇ ਜਣੇ ਸਿੱਖਾਂ ਦੇ ਆਖਰੀ ਟੋਲੇ ਨੂੰ ਪਿੰਡ ਛੱਡਦਾ ਵੇਖ ਰਹੇ ਸਨ। 

ਠੇਕੇਦਾਰ ਨੇ ਔਰਤਾਂ-ਬੱਚਿਆਂ ਨੂੰ ਰਾਹੇ ਪੈਣ ਵਾਸਤੇ ਇਸ਼ਾਰਾ ਕੀਤਾ। ਨਾਲ ਕੁਝ ਆਦਮੀ ਵੀ ਤੁਰ ਪਏ। ਰਹਿ ਗਏ ਪੰਜ-ਸੱਤ ਸਿੱਖ ਖਾਲੀ ਹੱਥ ਸਨ। ਸਿਰਫ ਸ਼ੇਰੀ ਦੇ ਹੱਥ ਵਿੱਚ ਝੋਲਾ ਸੀ। ਬਾਕੀ ਹਰ ਕੋਈ ਚੁੱਪ ਸੀ ਪਰ ਠੇਕੇਦਾਰ ਇਕ ਦੇ ਆਦਮੀਆਂ ਨਾਲ ਗੱਲਾਂ-ਬਾਤਾਂ ਵਿਚ ਰੁਝਿਆ ਹੋਇਆ ਸੀ। ਜਦੋਂ ਤੁਰਨ ਲੱਗੇ ਤਾਂ ਬੇਰੀ ਨੂੰ ਕਿਸੇ ਨੇ ਉੱਚੀ ਅਵਾਜ਼ ਨਾਲ ਆਖਿਆ, “ਜਿਹੜੇ ਬੰਬ ਤੂੰ ਪਿੰਡ ਦੀ ਹਫ਼ਾਜ਼ਤ ਵਾਸਤੇ ਬਣਾਏ ਸਨ, ਸਾਨੂੰ ਦੇ ਦੇ। ਅਸੀਂ ਪਿੱਛੋਂ ਪਿੰਡ ਦੀ ਹਿਫ਼ਾਜ਼ਤ ਕਰਨੀ ਏ”। ਸ਼ੇਰੀ ਨੇ ਜਵਾਬ ਦਿੱਤਾ : “ਮੈਂ ਗੁਰਦਵਾਰੇ ਦੀ ਖੂਹੀ ਵਿੱਚ ਸੁੱਟ ਦਿੱਤੇ ਨੇ।” ਕੁਝ ਮੁਸਲਮਾਨ ਸ਼ੱਕ ਦੀਆਂ ਨਜ਼ਰਾਂ ਨਾਲ ਝੋਲੇ ਵੱਲ ਵੇਖ ਰਹੇ ਸਨ। ਉਹਨਾਂ ਦੀਆਂ ਅੱਖਾਂ ਦੇ ਰੁਖ ਬਦਲੇ ਹੋਏ ਨਜ਼ਰ ਆਉਂਦੇ ਸਨ। 

ਰੱਬ ਦੀ ਕਰਨੀ। ਐਨ ਓਸੇ ਵੇਲੇ ਘੋੜਿਆਂ ਦੇ ਖੁਰਾਂ ਦੀ ਆਵਾਜ਼ ਆਈ। ਸਭ ਉੱਧਰ ਦੇਖਣ ਲੱਗ ਪਏ। ਅਗਲੇ ਘੋੜੇ ਤੇ ਹੱਥ ਵਿੱਚ ਪਿਸਤੌਲ ਲਈ ਲੰਬੜਾਂ ਦਾ ਪੁੱਤਰ ਇੰਦਰ ਸੀ। ਪਿੱਛੇ ਦੂਜਾ ਘੋੜਾ। ਸਵਾਰ ਦੇ ਪੱਟਾਂ ਤੇ ਕਿਰਪਾਨ। ਦੋਵੇਂ ਆ ਖਲੋਤੇ। ਰਾਤ ਦੀ ਗੋਲੀ ਦੀ ਆਵਾਜ਼ ਡੱਸਕੇ ਕੈਂਪ ਵਿੱਚ ਸੁਣੀ ਗਈ ਸੀ। ਅਫ਼ਵਾਹ ਫੈਲ ਗਈ ਕਿ ਪਿੰਡ ਵਿੱਚ ਰਹਿ ਗਏ ਟੱਬਰਾਂ ‘ਤੇ ਹਮਲਾ ਹੋਇਆ ਹੈ। ਸਵੇਰੇ ਮਸ਼ਵਰਾ ਹੋਇਆ। ਕਿਸੇ ਨੇ ਪਸਤੌਲ ਤੇ ਕਿਸੇ ਨੇ ਘੋੜੇ ਦੇ ਦਿੱਤੇ। ਦੋਵੇਂ ਨੌਜਵਾਨ ਪਤਾ ਲੈਣ ਵਾਸਤੇ ਪਿੰਡ ਨੂੰ ਦੁੜਕੀ ਹੋ ਗਏ। ਉਹਨਾਂ ਦੇ ਆਉਂਦਿਆਂ ਸਾਰ ਸ਼ੇਰੀ ਦੇ ਝੋਲੇ ਨੂੰ ਹਰ ਕੋਈ ਭੁੱਲ ਗਿਆ। 

ਇੰਦਰ ਦਾ ਕੱਦ ਛੋਟਾ, ਸੁਕੜੀ ਪਰ ਬੜਾ ਦਲੇਰ, ਤਿੱਖਾ ਬਗ਼ੈਰ ਕੁਝ ਪੁੱਛਿਓਂ- ਗਿੱਛਿਓਂ ਘੋੜਾ ਤੇ ਪਸਤੌਲ ਸ਼ੇਰੀ ਨੂੰ ਦੇ ਕੇ ਆਖਿਆ ਕਿ ਤੂੰ ਜਾ ਕੇ ਔਰਤਾਂ ਤੇ ਬੱਚਿਆਂ ਦੇ ਟੋਲੇ ਨਾਲ ਰੱਲ। ਉਹਨਾਂ ਨੂੰ ਨਾਲ ਲੈ ਕੇ ਡੱਸਕੇ ਕੈਂਪ ਵਿੱਚ ਪਹੁੰਚ। ਰਸਤੇ ਵਿੱਚ ਸ਼ੇਰੀ ਨੇ ਵੇਖਿਆ ਕਿ ਪਸਤੌਲ ਦਾ ਘੋੜਾ ਜਾਮ ਸੀ । ਪਸਤੌਲ ਵਿੱਚ ਗੋਲੀਆਂ ਸਨ ਕਿ ਨਹੀਂ? ਬੱਲੇ ! ਬੱਲੇ! ਇੰਦਰ ਦੇ! ਰਹਿ ਗਏ ਜਵਾਨ ਸਿੱਖ ਵੀ ਤੁਰ ਪਏ। ਦੋਵੇਂ ਸਵਾਰ ਦੂਜੇ ਘੋੜੇ ਤੇ ਵਾਪਿਸ ਕੈਂਪ ਜਾਣ ਤੋਂ ਪਹਿਲਾਂ ਗੁਰਦਵਾਰੇ ਤੇ ਸੁੰਨਸਾਨ ਬਾਜ਼ਾਰ ਦਾ ਆਖਰੀ ਚੱਕਰ ਲਗਾਣ ਚਲੇ ਗਏ। ਠੇਕੇਦਾਰ ਨੇ ਦੋ-ਚਾਰ ਬੰਦਿਆਂ ਨਾਲ ਹੱਥ ਮਿਲਾਇਆ। ਨਿਡਰ, ਬਾਵਾਂ ਲੰਮਕਾਂਦਾ, ਇਕੱਲਾ ਡੱਸਕੇ ਨੂੰ ਤੁਰ ਪਿਆ। ਇਕ ਵਾਰੀ ਵੀ ਮੁੜ ਕੇ ਪਿਆਰੇ ਪਿੰਡ ਵੱਲ ਨਾ ਵੇਖਿਆ। 

ਲੈ ਵੇ ਰਾਂਝਿਆ ਰੱਬ ਨੂੰ ਸੌਂਪਿਉ ਤੂੰ ਤੇ ਅਸੀਂ ਨਾਲ ਨਹਿਉਂ ਕੁਝ ਲੈ ਚਲੇ।  

 

ਵਾਦੂੰ ਵਰਕੇ 

(Epilogue) 

ਨਖੇੜਾ 

1947 ਵਿੱਚ ਫਰੰਗੀਆਂ ਦਾ ਰਾਜ ਖ਼ਤਮ ਹੋਇਆ। ਦੇ ਨਵੇਂ ਮੁਲਕ ਬਣੇ-ਹਿੰਦੁਸਤਾਨ ਤੇ ਪਾਕਿਸਤਾਨ। ਅੰਗਰੇਜ਼ ਚੁਪ-ਚੁਪੀਤੇ ਨਿਕਲ ਗਏ। ਨਾਲ- ਨਾਲ ਪੰਜਾਬ ਦੀ ਵੰਡ ਵੀ ਕਰ ਗਏ। ਅੰਗਰੇਜ਼ੀ ਰਾਜ ਸਮੇਂ ਪੰਜਾਬ ਵਿਚ 30 ਤੋਂ ਉਪਰ ਛੋਟੀਆਂ-ਵੱਡੀਆਂ ਰਿਆਸਤਾਂ ਵੀ ਸਨ, ਜਿਨਾਂ ਦੇ ਰਾਜੇ ਤੇ ਨਵਾਬ ਅੰਗਰੇਜ਼ਾਂ ਦੀ ਸਰਪ੍ਰਸਤੀ ਨੂੰ ਪੂਰਾ ਮੰਨਦੇ ਸਨ। ਮੁਸਲਮਾਨ ਬਹੁ-ਗਿਣਤੀ ਵਾਲਾ ਇਲਾਕਾ, ਤਿੰਨ ਤੋਂ ਜ਼ਿਆਦਾ ਦੁਆਬੇ, ਪਾਕਿਸਤਾਨ ਨੂੰ ਮਿਲੇ ਤੇ ਦੋ ਤੋਂ ਘੱਟ ਹਿੰਦੁਸਤਾਨ ਨੂੰ। ਨਾਲ ਹੀ ਰਿਆਸਤਾਂ ਦੇ ਖ਼ਤਮ ਹੋਣ ਦਾ ਮੁੱਢ ਬੱਝ ਗਿਆ। 

ਪੰਜ ਮਹੀਨੇ ਪਹਿਲੋਂ ਆਪਣੀ ਤਾਕਤ ਦਾ ਮੁਜ਼ਾਹਿਰਾ ਕਰਨ ਵਾਸਤੇ ਮੁਸਲਿਮ ਲੀਗ ਦੇ ਲੀਡਰਾਂ ਨੇ ਪੋਠੋਹਾਰ ਵਿੱਚ ਸਿੱਖਾਂ-ਹਿੰਦੂਆਂ ਦਾ ਕਤਲੋ-ਗਾਰਤ ਕਰਾਇਆ ਸੀ। ਫ਼ਰੰਟੀਅਰ ਵਿੱਚ ਵੀ ਇਹੋ ਜਿਹੀਆਂ ਵਾਰਦਾਤਾਂ ਹੋਈਆਂ ਸਨ। ਸ਼ਹਿਰਾਂ ਵਿਚ ਹਲਚਲ ਸੀ; ਡਰ ਦੇ ਮਾਰੇ ਕੁਝ ਲੋਕ ਭੱਜ ਨੱਸ ਰਹੇ ਸਨ। ਪਿੰਡਾਂ ਦੇ ਲੋਕ ਟਿਕ ਕੇ ਬੈਠੇ ਰਹੇ। ਛੋਟੀਆਂ ਗਲੋਟੀਆਂ ਵਿੱਚੋਂ ਸਿਰਫ਼ ਡਾਕਟਰਨੀ ਇੰਦਰ ਕੌਰ ਪਰਿਵਾਰ ਸਮੇਤ ਬੋਰੀ ਬਿਸਤਰਾ ਗੋਲ ਕਰਕੇ ਨਿਕਲ ਗਈ ਸੀ। ਇਸ ਦੀ ਕਿਸੇ ਨੇ ਧੇਲਾ ਦੀ ਪ੍ਰਵਾਹ ਨਹੀਂ ਸੀ ਕੀਤੀ। ਪਿੰਡਾਂ ਦੇ ਲੋਕ ਹਮੇਸ਼ਾ ਵਾਂਗਰ ਮੇਲ-ਮਿਲਾਪ ਤੇ ਪਿਆਰ ਦੇ ਨਾਲ ਰਹਿ ਰਹੇ ਸਨ। ਕਿਸੇ ਨੂੰ ਖਾਬ-ਖ਼ਿਆਲ ਵੀ ਨਹੀਂ ਸੀ ਕਿ ਇਕ ਦਿਨ ਆਏਗਾ ਜਦੋਂ ਉਹਨਾਂ ਤੇ ਸਦੀਵੀ ਵਿਛੋੜਾ ਜ਼ਬਰਦਸਤੀ ਠੋਸ ਦਿੱਤਾ ਜਾਏਗਾ। ਪੁਸ਼ਤਾਂ ਦੀਆਂ ਸਾਂਝਾਂ ਟੁੱਟ ਜਾਣਗੀਆਂ। 

ਪੰਜਾਬ ਦੀ ਵੰਡ ਲੋਕਾਂ ਦੀ ਮਰਜ਼ੀ ਦੇ ਬਗ਼ੈਰ, ਕਾਹਲੀ-ਕਾਹਲੀ ਹੋਈ ਤੇ ਬੜੀ ਖੂਨੀ ਸੀ। ਕੁਝ ਹਫ਼ਤਿਆਂ ਦੇ ਵਿੱਚ ਹੀ ਦਸ ਲੱਖ ਸਿੱਖ, ਹਿੰਦੂ ਮੁਸਲਮਾਨ ਆਦਮੀ, ਔਰਤਾਂ, ਬੱਚੇ-ਕਤਲ ਹੋਏ। ਉਸ ਵੇਲੇ ਪੰਜਾਬ ਦੀ ਅਬਾਦੀ 22 ਕਰੋੜ ਸੀ। ਚਾਲੀ ਫੀਸਦੀ ਲੋਕਾਂ ਨੂੰ ਘਰ-ਬਾਰ ਛੱਡ ਕੇ ਨੱਸਣਾ ਪਿਆ। ਕੋਈ ਪੰਜਾਹ ਲੱਖ ਹਿੰਦੂ-ਸਿੱਖ ਪੱਛਮੀ ਪੰਜਾਬ ਤੋਂ ਪੂਰਬੀ ਪੰਜਾਬ ਨੂੰ ਆਏ ਤੇ ਕੋਈ ਏਨੇ ਹੀ ਮੁਸਲਮਾਨ ਦੂਜੇ ਪਾਸੇ ਗਏ। ਦੁਨੀਆਂ ਦੀ ਤਾਰੀਖ ਵਿੱਚ ਏਨਾ ਅੱਤਿਆਚਾਰ ਕਦੀ ਨਹੀਂ ਸੀ ਹੋਇਆ। ਪਰ ਲੋਕੀਂ ਹੋਣੀ ਤੋਂ ਨਾ ਬੱਚ ਸਕੇ। ਪਾਕਿਸਤਾਨ ਦੇ ਬਨਣ ਤੋਂ 17 ਦਿਨ ਬਾਅਦ 31 ਅਗਸਤ-1 ਸਤੰਬਰ 1947 ਨੂੰ ਛੋਟੀਆਂ ਗਲੋਟੀਆਂ ਦੇ 1600 ਸਿੱਖ-ਹਿੰਦੂ ਡਸਕੇ ਰੀਫੂਜੀ ਕੈਂਪ ਵਿੱਚ ਜਾ ਟਿਕੇ। ਸਿਰਫ਼ ਮੁਸਲਮਾਨ ਤੇ ਈਸਾਈ ਹੀ ਪਿੰਡ ਰਹਿ ਗਏ।  

ਇਹ ਖੂਬਸੂਰਤ ਮਨਾਰ ਫਟਾ-ਫਟ ਹੀ ਢਹਿ ਗਿਆ। ਅੰਗਰੇਜ਼ਾਂ ਦੀ ਕਾਹਲ ਤੇ ਲੀਡਰਾਂ ਦੀ ਭੁਖ ਨੇ ਰਲ ਕੇ ਇਕ ਲੀਕ ਵਾਹ ਸੁੱਟੀ ਤੇ ਲੋਕਾਂ ਨੂੰ ਇਕ-ਦੂਜੇ ਤੋਂ ਜੁਦਾ ਕਰ ਦਿੱਤਾ। 

ਵੰਢ ਦਾ ਨਤੀਜਾ ਇਹ ਨਿਕਲਿਆ ਕਿ ਸਦੀਆਂ ਤੋਂ ਬਣਿਆ ਸਮਾਜਕ ਢਾਂਚਾ ਝੱਟ ਹੀ ਢੇਰੀ ਹੋ ਗਿਆ। ਪਿੜ ਟੁੱਟ ਗਿਆ। ਵਿਰਸਾ ਰੁੜ ਗਿਆ । ਖੂਨ-ਪਸੀਨਾ ਲਾ ਕੇ ਜੋ ਅਦਾਰੇ ਬਣਾਏ ਸਨ ਉਹ ਢਹਿ-ਢੇਰੀ ਹੋ ਗਏ। ਸਿੱਖਾਂ ਵਾਸਤੇ ਵੰਡ ਇੱਕ ਭਾਰੀ ਸੱਟ ਸੀ। ਉਹਨਾਂ ਵਾਸਤੇ : 

ਪਿੰਡ ਗਿਆ, ਘਰ-ਬਾਰ ਗਿਆ। ਮੇਰੇ ਸਾਈਂ ਦਾ ਦਰਬਾਰ ਗਿਆ। 

ਜੱਦੀ ਧਰਤੀ ਦੇ ਜੰਮਪਲ, ਵਿਛੋੜੇ ਦੇ ਜ਼ਖ਼ਮ ਨਾਲ ਲੈ ਕੇ ਇਕ ਦਮ ਰੀਫ਼ੂਜੀ ਬਣ ਗਏ। ਛੇ-ਸਤ ਦਹਾਕੇ ਗੁਜ਼ਰ ਗਏ ਨੇ, ਕੁਝ ਜੰਮਪਲ ਅਜੇ ਜਿਉਂਦੇ ਨੇ, ਉਹ ਮਿਠੀਆਂ ਯਾਦਾਂ ਨੂੰ ਨਾਲ ਲੈ ਕੇ ਹਵਾ-ਪਾਣੀ-ਧਰਤੀ ਵਿੱਚ ਸਮਾ ਜਾਣਗੇ। ਦੂਰ-ਦੁਰੇੜੇ ਉਸ ਧਰਤੀ ਤੋਂ ਜਿੱਥੇ ਉਹਨਾਂ ਦੇ ਵੱਡੇ ਵਡੇਰੇ, ਪੁਸ਼ਤਾਂ ਦਰ ਪੁਸ਼ਤਾਂ ਜੰਮੇ ਪਲੇ ਤੇ ਸਵਰਗਵਾਸ ਹੋਏ। ਇਸ ਕਿਤਾਬ ਵਿੱਚ ਲਿਖੀਆਂ ਯਾਦਾਂ ਉਹਨਾਂ ਲੋਕਾਂ ਦੀ ਕਹਾਣੀ ਤੇ ਉਹਨਾਂ ਦੇ ਬਣਾਏ ਅਦਾਰਿਆਂ ਦੀ ਕਹਾਣੀ ਦਸਦੀਆਂ ਨੇ। 

ਜੋ ਨਿਖੜੇ ਉਹ ਦਿਨ-ਰਾਤ ਸੁਪਨੇ ਲੈਂਦੇ ਤੜਫਦੇ ਰਹੇ। ਜਦੋਂ ਵੀ ਯਾਦਾਂ ਦੇ ਹੜ੍ਹ ਆਉਂਦੇ ਤਾਂ ਉਹਨਾਂ ਦੇ ਦਿਲਾਂ ਵਿੱਚੋਂ ਗੀਤ ਦੀ ਦਰਦ ਭਰੀ ਹੋਕ ਉਠਦੀ : 

ਵੰਡਿਆ ਪੰਜਾਬ ਮੇਰੇ, ਅਧਿਆ ਪੰਜਾਬ ਮੇਰੇ, ਦਿਨੇ ਰਾਤੀਂ ਚੱਨਾ ਤੇਰੇ, ਤਕਦੀ ਆਂ ਖਾਬ ਵੇ। 

ਅਫ਼ਸੋਸ ਹੈ ਕਿ ਕਿਸੇ ਨੇ ਵੀ ਉਹਨਾਂ ਦੇ ਸੁਪਨੇ ਕਲਮ-ਬੰਦ ਨਹੀਂ ਕੀਤੇ। ਸਿਰਫ਼ ਦੋ ਸੁਪਨੇ ਇਥੇ ਦਰਜ ਹਨ। 

ਝੂਠਾ ਸਰਗੀ ਵੇਲਾ 

ਧੂਆਂ ਕੱਢਦੀ, ਚੀਕਾਂ ਮਾਰਦੀ ਗੱਡੀ ਟੇਸ਼ਨ ਤੇ ਆ ਰੁਕੀ 

ਚਾਚਾ ਕੀਮਾਂ, ਪਿੰਡ ਦੇ ਹਰ ਬੱਚੇ ਦਾ ਚਾਚਾ 

ਟਾਂਗੇ ਕੋਲ, ਧੀਰਜ ਭਰੀ ਇੰਤਜ਼ਾਰ ਵਿੱਚ ਸੀ 

ਫਰੰਟ ਸੀਟ ਤੇ ਬਿਠਾਇਆ 

ਆਪ ਲੱਤਾਂ ਲਮਕਾ, ਬਾਂਸ ਤੇ ਬੈਠ, 

ਵੱਤਰ ਵੇਖ਼, ਵਾਗਾਂ ਖਿੱਚੀਆਂ।

ਬਾਂਸ ਤੇ ਚਾਬਕ ਮਾਰ ਆਖਿਆ ‘ਚਲ ਪੁੱਤਰਾ’ 

ਘੋੜਾ ਦਲਕੀ ਦੇ ਗਿਆ।

ਛੇ ਮੀਲ ਲੰਘੇ, ਨੰਦੀਪੁਰ ਆ ਪਹੁੰਚੇ

ਏਥੇ ਘੋੜੇ ਸਾਹ ਲੈਂਦੇ, ਪਾਣੀ ਪੀਂਦੇ 

ਸਵਾਰੀਆਂ ਨੂੰ ਲੱਸੀ ਤੇ ਪਕੌੜੇ ਮਿਲਦੇ

ਕਦੀ ਤਾਜਾ ਤੇ ਕਦੀ ਬੁਸੇ ਹੋਏ।

ਸਾਹ ਲੈ , ਟਾਂਗਾ ਨਹਿਰ ਦੀ ਝਾਲ  ਦੇ

ਪੱਕੇ ਪੁਲ ਤੋਂ ਜੂੰ ਦੀ ਰਫ਼ਤਾਰ ਤੇ ਲੰਘਿਆ 

ਨਜ਼ਾਰਾ ਡਰਾਉਣਾ ਪਰ ਸ਼ਾਨਦਾਰ 

ਖੱਬੇ ਪਾਸਿਉਂ ਰੁੜਦੀ, ਪਾਣੀ ਦੀ ਕੰਧ 

ਸ਼ਾਂ-ਸ਼ਾਂ ਕਰਦੀ, ਖੂਆਂ ਵਿੱਚ ਡਿੱਗਦੀ 

ਸਜੇ ਪਾਸੇ ਠਾਠਾਂ ਮਾਰਦੀ ਝੱਗ ।

ਪਾਣੀ ਨਾ ਰੁਕੇ, ਨਾ ਵੇਖੇ ਚਾਖੇ

ਝਾਲ ਦੇ ਰਾਗ ਵਿੱਚ ਚੁੱਪ ਚਾਪ ਤੁਰੀ ਜਾਂਦਾ।

ਜ ਮੀਲ ਹੋਰ ਦੁੜਕੀ, ਫਿਰ ਘੋੜਾ ਆਪਣੇ ਆਪ 

ਸੱਜੇ ਨੂੰ, ਕੱਚੀ ਸੜਕੇ ਗੋਲੇ ਪੈ ਗਿਆ 

ਦੋਹਾਂ ਪਾਸੇ ਟਾਹਲੀਆਂ ਦੀਆਂ ਕਤਾਰਾਂ 

ਹਰੀਆਂ, ਭਰੀਆਂ, ਮਨਮੋਹਣੀਆਂ।

ਵਿਚਕਾਰ, ਰਾਤ ਭਰ ਭੌਂਕ-ਭੌਂਕ ਕੇ ਲੇਟੇ ਕੁੱਤੇ, 

ਕੌਣ ਹਟਾਵੇ ਕੌਣ ਦਰਕਾਰੇ

ਟਾਂਗਾ ਸਜੇ ਉਲਰਿਆ, ਖੱਬੇ ਉਲਰਿਆ।

ਫਿਰ ਮੁੜ ਗੈਲ ਵਿੱਚ ਪੈ ਗਿਆ।

ਸਰਗੀ ਦਾ ਵੇਲਾ ਸੀ। ਇਕ ਹੂਕ ਉੱਠੀ 

ਅੱਲਾਹ ਹੂ ਅਕਬਰ…….

ਅੱਲਾਹ ਹੂ ਅਕਬਰ? ਇਹ ਬਾਂਗ ਕਿੱਥੋਂ ਆਈ?

ਸ਼ੇਰਾਂ ਵਾਲੇ ਸਿੱਖਾਂ ਦੇ ਖੂਹ ਤੇ ਮੁਸਲਮਾਨ ਤਾਂ ਕੋਈ ਹੈ ਨਹੀਂ ਸੀ।

ਤਰਿਬਕ ਕੇ ਜਾਗ ਆ ਗਈ। 

ਇਹ ਇਕ ਝੂਠੀ ਸਰਗੀ ਸੀ, ਤੇ ਇਕ ਝੂਠ ਸੁਪਨਾ। ਲੱਖਾਂ ਈ ਰੀਫ਼ੀਊਜੀਆਂ ਨੇ ਇਹੋ ਜਿਹੇ ਸੁਪਨੇ ਆਪਣੇ ਆਪਣੇ ਪਿੰਡ ਨੂੰ ਜਾਂਦੀ ਆਪਣੀ ਸੜਕ ਵੇਖਦੇ ਹੋਣਗੇ, ਭਾਵੇਂ ਹੁਣ ਨਾ ਈ ਉਹੀ ਕੱਚੀ ਸੜਕ ਰਹਿ ਗਈ ਏ ਤੇ ਨਾ ਈ ਉਹੀ ਪਿੰਡ। 

ਮੋੜਵਾਂ ਫੇਰਾ 

‘ਠੇਕੇਦਾਰ ਸਾਹਿਬ’ ਨੂੰ ਪਾਕਿਸਤਾਨ ਸਰਕਾਰ ਵੱਲੋਂ ਸਦਾ-ਪੱਤਰ ਆਇਆ ਕਿ ਟੱਬਰ ਸਮੇਤ ਆਪਣਾ ਪਿੰਡ ਵੇਖਣ ਆਉ। ਉਹਨਾਂ ਤੁਰੰਤ ਹੀ ਮਨਜ਼ੂਰ ਕਰ ਲਿਆ। ਫੱਟਾ-ਫੱਟ ਤਿਆਰੀ ਹੋਈ, ਤੁਰ ਪਏ। ਪਲਕਾਂ ਵਿੱਚ ਹੀ ਆਪਣੇ ਘਰ ਪਹੁੰਚ ਗਏ। ਸਵਾਗਤ ਦੀ ਪਾਰਟੀ ਸ਼ੁਰੂ ਸੀ । ਸਰਕਾਰੀ ਅਫ਼ਸਰ, ਨਾਮਵਰ ਸ਼ਹਿਰੀ ਤੇ ਪਿੰਡ ਦੇ ਸਿਰ ਕੱਢਵੇਂ ਆਦਮੀ ਤੇ ਆਂਡੀ-ਗੁਆਂਢੀ ਸਾਰੇ ਹੀ ਉੱਥੇ ਸਨ। ਘਰ ਭਰਿਆ ਹੋਇਆ ਸੀ। ਪਹਿਲੀ ਮੰਜ਼ਿਲ ‘ਤੇ ਜ਼ਨਾਨੀਆਂ ਤੇ ਉੱਪਰ ਦੀਆਂ ਦੋਹਾਂ ‘ਤੇ ਆਦਮੀ ਮਿਲ-ਗਿਲ ਕੇ ਗੱਲਾਂ-ਬਾਤਾਂ ਕਰ ਰਹੇ ਸਨ। ਕਈਆਂ ਨੇ ਲੜ ਤੇ ਤੁਰਲੇ ਵਾਲੀਆਂ ਪੱਗਾਂ, ਸਰ ਸਕੰਦਰ ਤੇ ਸਰ ਖਿਜ਼ਰ ਹਯਾਤ ਖਾਂ ਟਿਵਾਨਾ ਦੇ ਸਟਾਈਲ ਵਿੱਚ ਬਨੀਆਂ ਹੋਈਆਂ ਸਨ । ਠੇਕੇਦਾਰ ਨੇ ਸਰਦਈ ਪੱਗੜੀ ਤੇ ਨਿਮੇ ਅਸਮਾਨੀ ਰੰਗ ਦਾ ਸੂਟ ਪਾਇਆ ਹੋਇਆ ਸੀ । 

ਬੈਹਰੇ ਥਾਲੀਆਂ ਵਿੱਚ ਸਮੋਸੇ, ਪਕੌੜੇ ਤੇ ਬਰਫ਼ੀ ਲੈ ਕੇ ਫਿਰ-ਤੁਰ ਰਹੇ ਸਨ। ਕਈਆਂ ਦੀਆਂ ਟ੍ਰੇਆਂ ਵਿੱਚ ਸੋਡੇ ਦੇ ਗਿਲਾਸ ਟਿੱਕੇ ਹੋਏ ਸਨ । ਖਾਣ-ਪੀਣ ਨੂੰ ਬਹੁਤ ਸੀ। ਨਿੰਘਾ ਤੇ ਸੁੰਦਰ ਕੱਠ ਸੀ। 

ਹੌਲੀ-ਹੌਲੀ ਸ਼ਾਮ ਢਲ ਗਈ। ਕੁਝ ਲੋਕੀਂ ਖਿਸਕਣੇ ਸ਼ੁਰੂ ਹੋ ਗਏ। ਪਾਰਟੀ ਢੱਲਣੀ ਸ਼ੁਰੂ ਹੋ ਗਈ। ਸ਼ੇਰ ਨੇ ਹੌਲੀ ਜਿਹੀ ਪਿਉ ਨੂੰ ਯਾਦ ਕਰਾਇਆ ਕਿ ਹੁਣ ਛੁੱਟੀ ਲੈਣ ਦਾ ਵੇਲਾ ਆ ਗਿਆ ਏ । ਉਹ ਮਮਟੀ ਦੀ ਬਨ੍ਹੀ ਨਾਲ ਢਾਸਨਾ ਲਾ ਕੇ ਖਲੋ ਗਿਆ ਤੇ ਸਖ਼ਤੀ ਨਾਲ ਬੋਲੇ-“ਤੂੰ ਜਾ, ਮੈਂ ਏਥੇ ਹੀ ਰਹਿਣਾ ਏ। ਇਹ ਮੇਰਾ ਘਰ ਏ।” 

ਸ਼ੇਰ ਦੇ ਢਿੱਡ ਵਿੱਚ ਵੱਟ ਜਿਹਾ ਪਿਆ। ਜਾਗ ਆ ਗਈ। ਗੱਲ ਠੀਕ ਸੀ । ਇਹ ਤਾਂ ਉਹਨਾਂ ਦਾ ਘਰ ਸੀ ਜਿਹੜਾ ਉਹਨਾਂ ਬੜੀਆਂ ਰੀਝਾਂ ਤੇ ਸਧਰਾਂ ਨਾਲ ਬਣਾਇਆ ਸੀ। ਇਹ ਘਰ ਉਹਨਾਂ ਦੀ ਰੂਹ ਦਾ ਠੀਕ ਟਿਕਾਣਾ ਸੀ। 

ਹਰ ਰੀਫ਼ਿਊਜੀ ਨੂੰ ਭਾਵੇਂ ਉਹ ਕਿੱਥੋਂ ਆਇਆ ਤੇ ਕਿੱਥੇ ਗਿਆ, ਇਹੋ ਜਿਹੇ ਸੁਪਨੇ ਆਉਂਦੇ ਰਹੇ ਹੋਣਗੇ ਤੇ ਢਿੱਡ ਵਿੱਚ ਵੱਟ ਵੀ ਪਿਆ ਹੋਵੇਗਾ। 

 

 

 

 

Credit – ਸ਼ਮਸ਼ੇਰ ਸਿੰਘ ਬੱਬਰਾ 

 

Leave a Comment