ਬੁਟਰਾਂ
ਸਥਿਤੀ :
ਤਹਿਸੀਲ ਜਲੰਧਰ ਦਾ ਪਿੰਡ ਬੁਟਰਾਂ, ਭੋਗਪੁਰ-ਭੁਲੱਥ ਸੜਕ ਤੋਂ 4 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਭੋਗਪੁਰ ਤੋਂ 6 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਬਜ਼ੁਰਗਾਂ ਦੇ ਦਸਣ ਮੁਤਾਬਕ ਇਹ ਪਿੰਡ ਕੋਈ 350 ਸਾਲ ਪਹਿਲਾਂ ਵਸਿਆ। ਸਭ ਤੋਂ ਪਹਿਲੇ ਅੰਮ੍ਰਿਤਸਰ ਜਿਲ੍ਹੇ ਦੇ ‘ਵਾਂ’ ਪਿੰਡ ਦੇ ਇੱਕ ਬਜ਼ੁਰਗ ਨੇ ਆ ਕੇ ਇਹ ਪਿੰਡ ਵਸਾਇਆ। ਉਸਦਾ ਗੋਤ ਬੁੱਟਰ ਸੀ ਇਸ ਕਰਕੇ ਪਿੰਡ ਦਾ ਨਾਂ ‘ਬੁੱਟਰ’ ਪੈ ਗਿਆ। ਇੱਕ ਖਾਨ ਨਾਂ ਦਾ ਆਦਮੀ ਪਸ਼ੂ ਚਰਾਂਦਾ ਇਸ ਪਿੰਡ ਵਿੱਚ ਆ ਗਿਆ। ਉਸ ਨੇ ਉਸ ਵੇਲੇ ਦੇ ਰਾਜੇ ਦੇ ਭਲਵਾਨ ਨੂੰ ਘੋਲ ਵਿੱਚ ਹਰਾ ਦਿੱਤਾ। ਜਿਸ ਤੋ ਖੁਸ਼ ਹੋ ਕੇ ਰਾਜੇ ਨੇ ਉਸਨੂੰ ਬਹੁਤ ਸਾਰੀ ਜ਼ਮੀਨ ਇਨਾਮ ਵਿੱਚ ਦੇ ਦਿੱਤੀ। ਖਾਨ ਦੇ ਦੋ ਪੁੱਤਰ ਸਨ, ਕੋਰਾ ਤੇ ਮੁਨਸ਼ਾ। ਇਹਨਾਂ ਦੋਹਾਂ ਦੇ ਨਾਂ ਤੇ ਹੀ ਪਿੰਡ ਵਿੱਚ ਦੋ ਪੱਤੀਆਂ ਕੌਰੇਕਿਆ ਅਤੇ ਮਨਸ਼ੇਕਿਆਂ ਹਨ। ਇਸ ਸਮੇਂ ਇਹ ਪਿੰਡ ਦੇ ਲੋਕ ਇੱਕੋ ਬਜ਼ੁਰਗ ਦੀ ਔਲਾਦ ਮੰਨੇ ਜਾਂਦੇ ਹਨ। ਪਿੰਡ ਦੇ ਲੋਕ ਆਪਣੇ ਇੱਕ ਵਡੇਰੇ ਭਾਈ ਤਾਰਾ ਸਿੰਘ ਦਾ ਨਾਂ ਬੜੇ ਆਦਰ ਨਾਲ ਲੈਂਦੇ ਹਨ ਜਿਸ ਨੇ ਪਿੰਡ ਲਈ ਕਈ ਲੜਾਈਆਂ ਲੜੀਆਂ ਤੇ ਇੱਕ ਲੜਾਈ ਵਿੱਚ ਹੀ ਸ਼ਹੀਦੀ ਪਾਈ। ਪਿੰਡ ਵਿੱਚ ਭਾਈ ਤਾਰਾ ਸਿੰਘ ਦੀ ਸਮਾਧ ਵੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ