ਬੁੱਟਰ
ਸਥਿਤੀ :
ਤਹਿਸੀਲ ਫਰੀਦਕੋਟ ਦਾ ਪਿੰਡ ਬੁੱਟਰ, ਮੁਕਤਸਰ – ਫਿਰੋਜ਼ਪੁਰ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਫਰੀਦਕੋਟ ਤੋਂ 15 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਮੁਸਲਮਾਨਾਂ ਦਾ ਪਿੰਡ ਸੀ ਤੇ ਬੁੱਟਰ ਉਹਨਾਂ ਦੇ ਕਿਸੇ ਵਡੇਰੇ ਦਾ ਨਾਂ ਸੀ ਜਿਸ ਤੇ ਪਿੰਡ ਦਾ ਨਾਂ ਪਿਆ। ਕਿਸੇ ਫਕੀਰ ਦੇ ਸਰਾਪ ਨਾਲ ਮੁਸਲਮਾਨ ਇੱਥੋਂ ਉਜੜ ਗਏ। ਉਸ ਫਕੀਰ ਦੀ ਖਾਨਗਾਹ ਭੁੱਲਰ ਪੱਤੀ ਵਿੱਚ ਬਣੀ ਹੋਈ ਹੈ ਜਿਸ ਨੂੰ ਲੋਕ ਪੂਜਦੇ ਵੀ ਹਨ। ਉਜੜੀ ਹੋਈ ਥਾਂ ਉੱਤੇ ਪਿੰਡ ਰਤੀਏ ਤੋਂ ਢਿਲੋਂ ਅਤੇ ਹੋਰ ਬਾਹਰੋਂ ਆ ਕੇ ਲੋਕ ਵੱਸ ਗਏ। ਪਿੰਡ ਵਿੱਚ ਭੁੱਲਰ ਤੇ ਢਿੱਲੋਂ ਦੋ ਹੀ ਵੱਡੀਆਂ ਪੱਤੀਆਂ ਹਨ।
ਰਾਣੀ ਸਦਾ ਕੌਰ ਦੇ ਪੇਕੇ ਨਜ਼ਦੀਕੀ ਪਿੰਡ ਰਾਊਕੇ ਹੋਣ ਕਰਕੇ ਇਹ ਇਲਾਕਾ ਉਸ ਦੇ ਪ੍ਰਭਾਵ ਹੇਠ ਸੀ। ਇੱਥੇ ਕਨ੍ਹਈਆ ਮਿਸਲ ਦਾ ਜ਼ੋਰ ਸੀ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਉਸਨੇ ਆਪਣੇ ਦੋ ਜਰਨੈਲ ਸੋਢੀ ਜਗਤ ਸਿੰਘ ਤੇ ਭਗਤ ਸਿੰਘ ਨੂੰ ਪਿੰਡ ਮਨਾਵਾਂ ਤੇ ਬੁੱਟਰ ਬਤੌਰ ਜਗੀਰ ਦੇ ਕੇ ਇੱਥੇ ਭੇਜ ਦਿੱਤਾ। ਇਹਨਾਂ ਦੀਆਂ ਸਮਾਧਾਂ ਪਿੰਡ ਦੇ ਚੜ੍ਹਦੇ ਪਾਸੇ ਹਨ। ਸੋਢੀਆਂ ਨੇ ਆਪਣੀਆਂ ਮਨਮਾਨੀਆਂ ਕਰਕੇ ਪਿੰਡ ਵਾਸੀਆਂ ਨੂੰ ਬੜਾ ਤੰਗ ਕੀਤਾ। ਪਿੰਡ ਦੇ ਨੌਜਵਾਨਾਂ ਨੇ ਸੋਢੀਆਂ ਦੀ ਹਵੇਲੀ ਵਿੱਚੋਂ ਸੁਰੰਗ ਕੱਢ ਕੇ ਬਰੂਦ ਦੇ ਕੁੱਪੇ ਦੱਬ ਦਿੱਤੇ। ਸੋਢੀਆਂ ਨੂੰ ਕਿਸੇ ਨੇ ਸੂਹ ਦੇ ਦਿੱਤੀ ਤੇ ਉਹ ਬੱਚ ਨਿਕਲੇ ਪਰ ਅੱਗ ਲਾਉਣ ਗਿਆ ਘੋਗਾ ਸਿੰਘ ਨੌਜਵਾਨ ਸੁਰੰਗ ਵਿੱਚ ਹੀ ਸ਼ਹੀਦ ਹੋ ਗਿਆ। ਦੋਵੇਂ ਸਰਦਾਰ ਮਹਾਰਾਜਾ ਰਣਜੀਤ ਸਿੰਘ ਕੋਲ ਸ਼ਿਕਾਇਤ ਲੈ ਕੇ ਗਏ। ਮਹਾਰਾਜੇ ਨੇ ਇੱਕ ਅਹਿਲਕਾਰ ਬੁੱਟਰ ਭੇਜਿਆ। ਅਹਿਲਕਾਰ ਪਿੰਡ ਵਾਸੀਆਂ ਨੂੰ ਮਾਲਕ ਤੇ ਸੋਢੀਆਂ ਨੂੰ ਮਰੂਸੀ ਬਣਾ ਗਿਆ। ਉਹਨਾਂ ਨੂੰ ਬਤੌਰ ਜਗੀਰ ਰੁਪਏ ਵਿੱਚੋਂ ਚਾਰ ਆਨੇ ਮਿਲੇ।
1849 ਤੋਂ ਬਾਅਦ ਅੰਗਰੇਜ਼ ਆ ਗਏ। ਸੋਢੀਆਂ ਨੇ ਅੰਗਰੇਜ਼ਾਂ ਕੋਲ ਅਪੀਲ ਕੀਤੀ। ਪਰ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਵਾਲਾ ਫੈਸਲਾ ਹੀ ਬਹਾਲ ਰੱਖਿਆ। ਉਹਨਾਂ ਦਿਨਾਂ ਵਿੱਚ ਬਾਬਾ ਰਾਮ ਸਿੰਘ ਭੈਣੀ ਵਾਲਿਆਂ ਨੇ ਅੰਗਰੇਜ਼ਾਂ ਨੂੰ ਵਖਤ ਪਾ ਰੱਖਿਆ ਸੀ। ਸੋਢੀਆਂ ਦੇ ਹੀ ਇੱਕ ਥਾਣੇਦਾਰ ਮਾਨ ਸਿੰਘ ਨੇ ਬਾਬਾ ਰਾਮ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਅੰਗਰੇਜ਼ਾਂ ਪ੍ਰਤੀ ਵਫਾਦਾਰੀ ਵਿਖਾਉਣ ਬਦਲੇ ਸੋਢੀ ਮਾਨ ਸਿੰਘ ਨੂੰ ਮੁਕਤਸਰ ਤਹਿਸੀਲ ਵਿੱਚ ਗਿਆਰਾਂ ਪਿੰਡ ਤੇ 27 ਦਫਾ ਦੀ ਅਦਾਲਤ ਲਾਉਣ ਦੇ ਅਧਿਕਾਰ ਮਿਲ ਗਏ। ਸੋਢੀਆਂ ਨੇ ਹੀ ਪਿੰਡ ਵਿੱਚ ਵਿਸਾਖੀ ਦਾ ਮੇਲਾ ਲਾਉਣਾ ਸ਼ੁਰੂ ਕੀਤਾ।
ਸੋਢੀਆਂ ਦੀ ਜਦੋਂ ਕਚਹਿਰੀ ਲਗਣੀ ਸ਼ੁਰੂ ਹੋਈ ਤਾਂ ਫੇਰ ਉਹਨਾਂ ਦੀਆਂ ਮਨਮਾਨੀਆਂ ਦਾ ਦੌਰ ਸ਼ੁਰੂ ਹੋ ਗਿਆ। ਲੋਕਾਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ। ਬਰੂਦ ਨਾਲ ਹਵੇਲੀ ਉਡਾਉਣਸਰ ਹੋ ਗਿਆਜ ਲੋਕਾਂ ਜਾਗ ਪਏ। ਇਹਨਾਂ ਦੇ ਏਕੇ ਤੇ ਭਖਦੇ ਰੋਹ ਅੱਗੇ ਸੋਢੀ ਟਿੱਕ ਨਾ ਸਕੇ ਤੇ ਉਹ ਆਸੇ ਪਾਸੇ ਪਿੰਡ ਗਏ। ਪਿੰਡ ਵਿੱਚ 1858 ਈ. ਵਿੱਚ ਪ੍ਰਾਇਮਰੀ ਸਕੂਲ ਖੁਲ੍ਹਿਆ ਅਤੇ 1880 ਵਿੱਚ ਮਿਡਲ ਸਕੂਲ ਇਸ ਕਰਕੇ ਇਹ ਪਿੰਡ ਪੜਿਆਂ ਲਿਖਿਆਂ ਦਾ ਪਿੰਡ ਹੈ। ਪਿੰਡ ਦੇ ਲੋਕਾਂ ਨੇ ‘ਮਾਸਟਰ ਬੂਟਾ ਸਿੰਘ ਲਾਇਬਰੇਰੀ’ ਉਸਾਰੀ ਹੈ ਜੋ ਕਿ ਇੱਕ ਨਮੂਨੇ ਦੇ ਅਧਿਆਪਕ ਸਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ