ਬੋਦੀਵਾਲਾ ਖੜਕ ਸਿੰਘ
ਸਥਿਤੀ:
ਤਹਿਸੀਲ ਮਲੋਟ ਦਾ ਪਿੰਡ ਬੋਦੀਵਾਲਾ ਖੜਕ ਸਿੰਘ, ਮਲੋਟ-ਫਾਜ਼ਿਲਕਾ ਸੜਕ ‘ਤੇ ਸਥਿਤ ਹੈ ਅਤੇ ਮਲੋਟ ਤੋਂ 15 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਲਗਭਗ ਪੌਣੇ ਦੋ ਸੌ ਸਾਲ ਪਹਿਲਾਂ ਅਮਰਗੜ੍ਹ ਪਿੰਡ ਤੋਂ ਸ. ਖੜਕ ਸਿੰਘ ਭੁੱਲਰ ਜ਼ਮੀਨ ਦੀ ਤਲਾਸ਼ ਵਿੱਚ ਏਧਰ ਆਇਆ। ਅਖੀਰ ਉਸ ਨੇ ਇਸ ਪਿੰਡ ਦੀ ਜ਼ਮੀਨ ਦਾ ਸੌਦਾ ਅੰਗਰੇਜ਼ ਹਕੂਮਤ ਨਾਲ ਕੀਤਾ। ਜ਼ਮੀਨ ਬਹੁਤੀ ਸੀ ਆਪ ਇਕੱਲਾ ਸੀ ਜਿਸ ਕਰਕੇ ਉਸਨੇ ਆਪਣੇ ਰਿਸ਼ਤੇਦਾਰ ਹੁਸਨਰ ਪਿੰਡ ਦੇ ‘ਸਿੱਧੂ ਨੂੰ ਕੁੱਝ ਜ਼ਮੀਨ ਦੇ ਕੇ ਆਪਣੇ ਬਰਾਬਰ ਵਸਾਇਆ। ਇਸੇ ਕਰਕੇ ਇਹ ਪਿੰਡ ਅੱਧਾ ਭੁੱਲਰਾਂ ਅਤੇ ਅੱਧਾ ਸਿੱਧੂਆਂ ਦਾ ਹੈ। ਜਿੱਥੇ ਖੜਕ ਸਿੰਘ ਨੇ ਆਪਣਾ ਘਰ ਬਣਾਇਆ ਉੱਥੇ ਇੱਕ ਵੱਡਾ ਛੱਪੜ ਸੀ। ਛੱਪੜ ਦੇ ਕਿਨਾਰਿਆਂ ਤੇ ਵਣ ਦੇ ਦਰਖਤਾਂ ਦਾ ਭਾਰੀ ਝੁੰਡ ਸੀ। ਇੱਕ ਵਣ ਦੇ ਉੱਪਰ ਵੱਡੀ ਬੋਦੀ ਸੀ। ਮਲੌਟ ਤੋਂ ਫਾਜ਼ਿਲਕਾ ਵਲੋਂ ਆਉਂਦੇ ਜਾਂਦੇ ਰਾਹੀ ਇਸ ਵਣ ਹੇਠ ਆਰਾਮ ਕਰਿਆ ਕਰਦੇ ਸਨ ਕਿਉਂਕਿ ਛੱਪੜ ਵਿੱਚੋਂ ਪੀਣ ਲਈ ਪਾਣੀ ਵੀ ਮਿਲ ਜਾਂਦਾ ਸੀ। ਇਹ ਰਾਹੀ ਜਦੋਂ ਚਲਦੇ ਤਾਂ ਇਹ ਧਾਰ ਲੈਂਦੇ ਸਨ ਕਿ ਬੋਦੀਵਾਲੇ ਵਣਾਂ ਹੇਠ ਹੀ ਅਰਾਮ ਕਰਨਾ ਹੈ। ਇਸ ਤਰ੍ਹਾਂ ਇਹ ਜਗ੍ਹਾ ਬੋਦੀਵਾਲਾ ਕਰਕੇ ਮਸ਼ਹੂਰ ਹੋ ਗਈ। ਖੜਕ ਸਿੰਘ ਦੇ ਪੋਤਰਿਆਂ ਨੇ ਇਸ ਪਿੰਡ ਦਾ ਨਾਂ ‘ਬੋਦੀਵਾਲਾ ਖੜਕ ਸਿੰਘ’ ਰੱਖ ਦਿੱਤਾ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ