ਬੜਾ ਪਿੰਡ ਦਾ ਇਤਿਹਾਸ | Bara Pind Village History

ਬੜਾ ਪਿੰਡ

ਬੜਾ ਪਿੰਡ ਦਾ ਇਤਿਹਾਸ | Bara Pind Village History

ਸਥਿਤੀ :

ਤਹਿਸੀਲ ਫਿਲੋਰ ਦਾ ਇਹ ਬੜਾ ਪਿੰਡ, ਗੁਰਾਇਆ – ਮਸਾਨੀ – ਬੰਗਾ ਸੜਕ ਤੇ ਸਥਿਤ, ਗੁਰਾਇਆ ਤੋਂ 5 ਕਿਲੋ ਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ

ਇਹ ਪਿੰਡ 750 ਸਾਲ ਪਹਿਲਾਂ ਕੁਲੇਤਾ ਨਾਂ ਦਾ ਪਿੰਡ ਸੀ। ਇੱਥੇ ਮਹਿਤੋ ਜਾਤੀ ਦੇ ਲੋਕ ਵਸਦੇ ਸਨ। ਸੰਨ 1236 ਵਿੱਚ ਰਿਆਸਤ ਭਰਤਪੁਰ ਤੋਂ ਸ਼ੀਹੋਤਾ ਜਾਤੀ ਦੇ ਦੋ ਪਹਿਲਵਾਨ ਮਲ ਤੇ ਸੋਹਲ ਇਸ ਪਿੰਡ ਦੇ ਨੇੜੇ ਆਏ ਅਤੇ ਇੱਥੋਂ ਦੀ ਮਹਿਤੋਆਂ ਦੀ ਲੜਕੀ ਤੇ ਆਸ਼ਕ ਹੋ ਗਏ। ਮਹਿਤਾਵਾਂ ਨੂੰ ਇਸ ਗੱਲ ਦਾ ਬੁਰਾ ਲੱਗਾ ਉਹਨਾਂ ਮਲ ਤੇ ਸੋਹਲ ਨੂੰ ਉੱਥੋਂ ਦੇ ਰਾਜੇ ਕੋਲ ਪਕੜਵਾ ਦਿੱਤਾ। ਇਹਨਾਂ ਨੇ ਰਾਜੇ ਦੇ ਪਹਿਲਵਾਨ ਨੂੰ ਹਰਾ ਦਿੱਤਾ ਤੇ ਰਾਜੇ ਨੇ ਖੁਸ਼ ਹੋ ਕੇ ਇਹਨਾਂ ਨੂੰ ਛੱਡ ਦਿੱਤਾ ਤੇ ਮਹਿਤੋਆਂ ਦੀ ਲੜਕੀ ਨਾਲ ਵਿਆਹ ਵੀ ਕਰਵਾ ਦਿੱਤਾ ਤੇ ਨੇੜੇ ਦੇ 365 ਪਿੰਡਾਂ ਦਾ ਰਾਜ ਵੀ ਸੌਂਪ ਦਿੱਤਾ। ਮਹਿਤਾਵਾਂ ਨੂੰ ਚੰਗਾ ਨਾ ਲੱਗਾ ਤੇ ਉਹ ਪਿੰਡ ਛੱਡ ਕੇ ਪੰਜੌੜੇ (ਹੁਸ਼ਿਆਰਪੁਰ) ਚਲੇ ਗਏ।

15ਵੀਂ ਸਦੀ ਵਿੱਚ ਗੁਰੂ ਨਾਨਕ ਦੇਵ ਜੀ ਇਸ ਪਿੰਡ ਵਿੱਚ ਆਏ ਤੇ ਉਹਨਾਂ ਨੂੰ ਬਕਰੀਆਂ ਦਾ ਦੁੱਧ ਪਿਆਇਆ ਗਿਆ। ਚੋਹਦਵੀਂ ਸਦੀ ਵਿੱਚ ਪਿੰਡ ਵਾਸੀਆਂ ਦੇ ਵਡੇਰੇ ਬਾਘ ਮੱਲ ਨੇ ਮੁਸਲਮਾਨ ਪੀਰ ਸਖੀ ਸੁਲਤਾਨ ਰਹਿਮਤਉਲਾ ਔਲੀਆ ਦੀ ਮਜਾਰ ਇੱਕ ਲੱਖ ਰੁਪਏ ਵਿੱਚ ਬਣਵਾਈ ਸੀ ਤੇ 25000 ਰੁਪਏ ਨਾਲ ਖੂਹ ਬਣਵਾਇਆ ਸੀ। ਇਸ ਪਿੰਡ ਦੇ ਮੁੱਖੀ ਬਾਘ ਮੱਲ ਦੇ ਪੜਪੋਤੇ ਗੁਲਾਬ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਤੇ ਕੇਸਗੜ੍ਹ ਦੀ ਲੜਾਈ ਵਿੱਚ ਸ਼ਹੀਦੀ ਪਾਈ।

ਅੱਜ ਤੋਂ ਕੋਈ 200 ਸਾਲ ਪਹਿਲਾਂ ਪਿੰਡ ਦੀ ਅਬਾਦੀ ਏਨੀ ਵੱਧ ਗਈ ਕਿ ਇਸ ਪਿੰਡ ਦਾ ਨਾਂ ‘ਬੜਾ ਪਿੰਡ’ ਰੱਖ ਦਿੱਤਾ। ਹੁਣ ਇਸ ਨੂੰ ‘ਬੜਾ ਪਿੰਡ ਕੁਲੇਤਾਂ’ ਕਹਿੰਦੇ ਹਨ। ਇੱਥੋਂ ਦੇ ਕਾਫੀ ਲੋਕ ਹਜ਼ਾਰਾਂ ਵਿੱਚ ਬਾਹਰ ਵਿਦੇਸ਼ਾਂ ਵਿੱਚ ਗਏ ਹਨ। ਅੰਗਰੇਜ਼ਾਂ ਵਿਰੁੱਧ ਲੜਾਈਆਂ ਵਿੱਚ ਇਸ ਪਿੰਡ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!