ਸਿੱਖ ਮਿਸਲਾਂ ਦਾ ਜਾਇਆ ਪਿੰਡ : ਬੰਬੇਲੀ
ਬੰਬੇਲੀ ਪਿੰਡ ਦੀ ਬਾਤ ਪਾਉਣੀ ਹੋਵੇ ਤਾਂ ਗੱਲ ਤੋਰਨੀ ਪਊ ਅਠਾਰ੍ਹਵੀਂ ਸਦੀ ਦੇ ਲੱਗਭਗ ਪਹਿਲੇ ਅੱਧ ਤੋਂ ਜ਼ਰਾ ਕੁ ਪਹਿਲਾਂ ਦੀ। ਉਦੋਂ ਦੀ ਜਦ ਪੁਰਾਣਾ ਮਹਾਂ-ਪੰਜਾਬ ਚਾਰ ਮੁੱਖ ਲੜਾਕੂ ਧਿਰਾਂ ਮੁਗ਼ਲਾਂ, ਮਰਹੱਟਿਆਂ, ਸਿੱਖਾਂ ਅਤੇ ਪਠਾਣਾਂ ਦਾ ਯੁੱਧ ਖੇਤਰ ਬਣਿਆ ਹੋਇਆ ਸੀ। ਮਰਹੱਟਿਆਂ ਅਤੇ ਮੁਗ਼ਲਾਂ ਪਾਸ ਬਕਾਇਦਾ ਬੱਝਵਾਂ ਰਾਜ ਸੀ ਅਤੇ ਉਨ੍ਹਾਂ ਪਾਸ ਸਨ ਜਥੇਬੰਦ ਫੌਜਾਂ, ਜਦਕਿ ਸਿੱਖ ਅਤੇ ਪਠਾਣ ਗੁਰੀਲਾ ਯੁੱਧ ਲੜਦੇ ਸਨ। ਮੁਗ਼ਲਾਂ ਦਾ ਰਾਜ ਸੀਗਾ ਦਿੱਲੀ ਤਖ਼ਤ ‘ਤੇ ਅਤੇ ਮਰਹੱਟੇ ਦਿੱਲੀ ਦੇ ਉਤਲੇ ਪਾਸਿਓਂ ਪਾਣੀਪਤ ਦੇ ਮੈਦਾਨਾਂ ਅਤੇ ਹੁਣ ਦੇ ਰਾਜਸਥਾਨ ਦੇ ਗੰਗਾਨਗਰ ਦੇ ਖਿੱਤਿਆਂ ਤੱਕ ਇੱਕ ਅੱਧ ਛਤਰੀਨੁਮਾ ਕਬਜ਼ਾ ਜਮਾਈ ਬੈਠੇ ਸਨ। ਇਨ੍ਹਾਂ ਵਿਚੋਂ ਦੋ ਜਣੇ ਮੁਗ਼ਲ ਅਤੇ ਮਰਹੱਟੇ ਪੰਜਾਬ ਦੇ ਜ਼ਰਖੇਜ਼ ਇਲਾਕੇ ਨੂੰ ਆਪਣੇ ਸਥਾਈ ਪ੍ਰਭਾਵ ਹੇਠ ਰੱਖਣ ਅਤੇ ਲਿਆਉਣ ਲਈ ਬਕਾਇਦਾ ਜਥੇਬੰਦਕ ਯੁੱਧ ਲੜਦੇ ਸਨ, ਜਦਕਿ ਸਿੱਖ ਅਤੇ ਪਠਾਣ ਗੁਰੀਲਾ ਲੜਾਈ ਲੜਨ ਲਈ ਮਜਬੂਰ ਸਨ। ਜਦ ਮੁਗ਼ਲਾਂ ਅਤੇ ਮਰਹੱਟਿਆਂ ਵੇਖਿਆ ਕਿ ਜ਼ਿਆਦਾ ਖਰਚਿਆਂ ਅਤੇ ਵੱਧ ਮਿਹਨਤ ਨਾਲ ਵੀ ਕੋਈ ਸਾਰਥਕ ਪ੍ਰਾਪਤੀ ਨਹੀਂ ਹੋ ਰਹੀ ਤਾਂ ਉਹ ਲੱਗਭਗ ਆਪਣੇ ਪੱਕੇ ਸਥਾਈ ਖੇਤਰਾਂ ਤੋਂ ਬਿਨਾਂ ਬਾਕੀ ਹਿੱਸਿਆਂ ਵਿਚਲੇ ਯੁੱਧ ਖੇਤਰੋਂ ਬਾਹਰ ਹੋ ਗਏ ਅਤੇ ਮੈਦਾਨ ਵਿੱਚ ਰਹਿ ਗਈਆਂ ਦੋ ਮੁੱਖ ਧਿਰਾਂ ਪਠਾਣ ਅਤੇ ਸਿੱਖ। ਜਿੱਥੇ ਪਠਾਣਾਂ ਦਾ ਇੱਕੋ-ਇਕ ਮਕਸਦ ਲੁੱਟ ਮਾਰ ਕਰਨਾ ਸੀ, ਉੱਥੇ ਸਿੱਖ ਰਾਜ ਸਥਾਪਤੀ ਦੇ ਨਾਲ ਨਾਲ ਆਪਣੀ ਹੋਂਦ ਦੀ ਲੜਾਈ ਵੀ ਲੜ ਰਹੇ ਸਨ ਅਤੇ ਇੱਥੋਂ ਹੀ ਤੁਰਦੀ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਮਾਹਿਲਪੁਰ ਦੇ ਪਿੰਡ ਬੰਬੇਲੀ ਦੇ ਵਸਣ ਦੀ ਗਾਥਾ। ਇਹ ਪਿੰਡ ਜੋ ਹਸ਼ਿਆਰਪੁਰ ਚੰਡੀਗੜ੍ਹ ਰਾਜ ਮਾਰਗ ਤੋਂ ਲਹਿੰਦੇ ਪਾਸੇ ਆਪਣੇ ਚਾਰੇ ਪਾਸੇ ਇੱਕੋ ਜਿੰਨੀ ਦੁਰੀ ‘ਤੇ ਵੱਸਦੇ ਚਾਰ ਦਿਸ਼ਾਵੀ ਪਿੰਡ ਜੈਤਪੁਰ, ਭੁੰਨੋ, ਬਿਲਾਸਪੁਰ ਅਤੇ ਮੁਖੋ ਮਜਾਰੇ ਦੇ ਐਨ ਵਿਚਕਾਰ ਧਰੂ ਤਾਰੇ ਵਾਂਗ ਚਮਕਦਾ ਲੱਗਭਗ ਹਰ ਤਰ੍ਹਾਂ ਦੀਆਂ ਸਹੂਲਤਾਂ ਨਾਲ ਲੈਸ ਇੱਕ ਮਾਣ-ਮੱਤਾ ਵੱਡਾ ਪਿੰਡ ਹੈ।
ਸੰਨ 1745 ਈ. ਵਿੱਚ ਪੰਜਾਬ ਦੇ ਸੂਬੇਦਾਰ ਜ਼ਕਰੀਆ ਖਾਂ ਦੀ ਮੌਤ ਉਪਰੰਤ ਸਿੱਖਾਂ ਨੇ ਆਪਣੇ ਆਪ ਨੂੰ ਲੱਗਭਗ 25 ਪ੍ਰਮੁੱਖ ਜੱਥਿਆਂ ‘ਚ ਸੰਗਠਿਤ ਕਰ ਲਿਆ ਅਤੇ ਕੁਝ ਕੁ ਟੁੱਟਵੇਂ ਇਲਾਕਿਆਂ ‘ਚ ਆਪਣਾ-ਆਪਣਾ ਪ੍ਰਭਾਵ ਵੀ ਸਥਾਪਤ ਕਰ ਲਿਆ। ਸਹਿਜੇ-ਸਹਿਜੇ ਇਨ੍ਹਾਂ ਸਿੱਖ ਜੱਥਿਆਂ ਦੀ ਗਿਣਤੀ 65 ਤੱਕ ਪਹੁੰਚ ਗਈ। ਸੰਨ 1748 ਈ. ਵਿੱਚ ਸ. ਕਪੂਰ ਸਿੰਘ ਦੇ ਸੁਝਾਅ ਤੇ ਸਿੱਖਾਂ ਦੀ ਸਾਂਝੇ ਕਾਰਜਾਂ ਲਈ ਇੱਕ ਸੈਨਾ ਦਾ ਗਠਨ ਕੀਤਾ ਅਤੇ ਨਾਂਅ ਦਿੱਤਾ ਗਿਆ ਸੀ ਉਸ ਨੂੰ ਦਲ ਖਾਲਸਾ। ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਇਸ ਦਾ ਪ੍ਰਧਾਨ ਸੈਨਾਪਤੀ ਥਾਪ ਕੇ ਇਨ੍ਹਾਂ 65 ਸਿੱਖ ਜੱਥਿਆਂ ਨੂੰ 12 ਮੁੱਖ ਜੱਥਿਆਂ ‘ਚ ਸੰਗਠਿਤ ਕੀਤਾ ਗਿਆ ਜੋ ਬਾਅਦ ‘ਚ ਸਿੱਖ ਮਿਸਲਾਂ ਕਹਾਈਆਂ, ਪਰ ਇਨ੍ਹਾਂ 12 ਜੱਥਿਆਂ ਦਾ ਆਪੋ ਆਪਣਾ ਇੱਕ ਆਗੂ ਫੌਜੀ ਦਸਤਾ ਅਤੇ ਨਿਸ਼ਾਨ ਵੀ ਸੀ। ਇਨ੍ਹਾਂ ਜਥਿਆਂ ਨੇ ਬੜੀ ਹਿੰਮਤ ਅਤੇ ਦਲੇਰੀ ਨਾਲ ਕਈ ਵਰ੍ਹਿਆਂ ਤੱਕ ਅਫ਼ਗਾਨਾਂ ਦਾ ਸਫਲਤਾ ਪੂਰਵਕ ਟਾਕਰਾ ਕੀਤਾ ਅਤੇ ਅੰਤ ਪੰਜਾਬ ਦੇ ਕਈ ਵੱਖਰੇ-ਵੱਖਰੇ ਸੁਤੰਤਰ ਖਿੱਤੇ ਕਾਇਮ ਕਰਨ ਵਿੱਚ ਸਫਲ ਹੋ ਗਏ। 1767 ਤੋਂ 1799 ਤੱਕ ਸਾਰੇ ਪੰਜਾਬ ‘ਤੇ ਹੀ ਇਨ੍ਹਾਂ ਮਿਸਲਾਂ ਦਾ ਕਿਸੇ ਨਾ ਕਿਸੇ ਰੂਪ ‘ਚ ਕਬਜ਼ਾ ਹੋ ਗਿਆ। ਇਨ੍ਹਾਂ ਮਿਸਲਾਂ ਵੇਲੇ ਸ਼ੁਰੂ ਕੀਤੀ ਗਈ ਰਾਖੀ ਪ੍ਰਥਾ ਵੇਲੇ ਕਰੋੜ ਸਿੰਘੀਆ ਮਿਸਲ ਦੇ ਇੱਕ ਆਗੂ ਸਰਦਾਰ ਗੁਰਬਖਸ਼ ਨੇ ਹੀ ਇਸ ਪਿੰਡ ਦੀ ਮੋੜ੍ਹੀ ਗੱਡੀ ਸੀ ਅਤੇ ਇਸ ਪਿੰਡ ਦੇ ਸੰਨ 1748 ਤੋਂ 1766 ਦੇ ਵਿਚਾਲੜੇ ਸਮੇਂ ਵਿੱਚ ਉਗਮਣ ਦੇ ਸੰਕੇਤ ਮਿਲਦੇ ਹਨ।
ਸ. ਗੁਰਬਖਸ਼ ਸਿੰਘ ਬਾਰੇ ਗੱਲ ਹੋਰ ਸਾਫ਼ ਹੋ ਜਾਏ, ਇਸ ਲਈ ਇਹ ਦੱਸਣਾ ਵੀ ਬੜਾ ਜ਼ਰੂਰੀ ਹੈ ਕਿ 1745 ਈ. ਦੇ ਸ੍ਰੀ ਅੰਮ੍ਰਿਤਸਰ ਦੇ ਗੁਰਮੱਤੇ ਵੇਲੇ ਜਦ 25 ਮੁੱਖ ਜਥੇ ਬਣੇ ਸਨ ਤਾਂ ਉਨ੍ਹਾਂ ‘ਚ ਕਰੋੜ ਸਿੰਘ, ਕਰਮ ਸਿੰਘ, ਧਰਮ ਸਿੰਘ, ਜੱਸਾ ਸਿੰਘ, ਦੀਪ ਸਿੰਘ, ਹਰੀ ਸਿੰਘ, ਜੈ ਸਿੰਘ, ਹੀਰਾ ਸਿੰਘ ਆਦਿ ਪ੍ਰਮੁੱਖ ਆਗੂਆਂ ਸਣੇ ਇੱਕ ਆਗੂ ਗੁਰਬਖਸ਼ ਸਿੰਘ ਵੀ ਸੀ। ਇੱਕ ਹੋਰ ਗੁਰਬਖਸ਼ ਸਿੰਘ ਪਿੰਡ ਗੰਗੂਬਾਹਾ (ਤਰਨਤਾਰਨ) ਦਾ ਹੋਇਆ ਹੈ, ਜੋ ਕਿ ਸ਼ਹੀਦ ਮਿਸਲ ਦਾ ਇੱਕ ਵੱਡਾ ਆਗੂ ਸੀ। ਇੱਕ ਗੁਰਬਖਸ਼ ਸਿੰਘ ਕਨ੍ਹਈਆ ਮਿਸਲ ਦੇ ਸ. ਜੈ ਸਿੰਘ ਦਾ ਪੁੱਤਰ ਸੀ ਜੋ ਕਿ ਆਹਲੂਵਾਲੀਏ ਮਿਸਲ ਦੇ ਸ. ਜੱਸਾ ਸਿੰਘ ਨਾਲ ਹੋਈ ਝੜਪ ਸਮੇਂ ਮਾਰਿਆ ਗਿਆ। ਇਸੇ ਗੁਰਬਖਸ਼ ਸਿੰਘ ਦੀ ਭੈਣ ਬਾਅਦ ‘ਚ ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਵਿਆਹ ਕੇ ਲਿਆਂਦੀ ਗਈ ਮਹਾਰਾਣੀ ਸੀ, ਜੋ ਕਿ ਉਦੋਂ ਸ਼ੁਕਰਚੱਕੀਆ ਮਿਸਲ ਦੇ ਸ. ਮਹਾਂ ਸਿੰਘ ਦਾ ਸ਼ਹਿਜ਼ਾਦਾ ਸੀ, ਪ੍ਰੰਤੂ ਬੰਬੇਲੀ ਪਿੰਡ ਨੂੰ ਵਸਾਉਣ ਵਾਲਾ ਸਿੱਧੂ ਗੋਤ ਦੇ ਜੱਟ ਗੁਰਬਖਸ਼ ਸਿੰਘ ਦੀ ਜੰਮਣ ਭੋਂ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ ਦਾ ਪਿੰਡ ਕਲਸੀਆਂ ਸੀ। ਪਹਿਲਾਂ-ਪਹਿਲ ਉਸ ਦੇ ਪਰਿਵਾਰ ਦਾ ਸੰਬੰਧ ਕਰੋੜ ਸਿੰਘੀਆ ਮਿਸਲ ਨਾਲ ਰਿਹਾ, ਜਿਸ ਨੇ ਬਾਅਦ ‘ਚ ਕਲਸੀਆਂ ਸਟੇਟ ਦਾ ਰੂਪ ਅਖਤਿਆਰ ਕੀਤਾ। ਇਸੇ ਗੁਰਬਖਸ਼ ਸਿੰਘ ਦੀ ਸਮਾਧ ਪਿੰਡ ਦੀ ਉਦਾਸੀਨ ਧਰਮਸ਼ਾਲਾ ‘ਚ ਅਜੇ ਵੀ ਮੌਜੂਦ ਹੈ। ਕਰੋੜਸਿੰਘੀਆ ਮਿਸਲ ਦਾ ਮੋਢੀ ਕਰੋੜਾ ਸਿੰਘ ਸੀ ਅਤੇ ਇਸ ਦਾ ਉਸ ਵੇਲੇ ਭੂੰਗਾ ਤੋਂ ਨਵਾਂ ਸ਼ਹਿਰ ਤੱਕ ਕਬਜ਼ਾ ਸੀ। ਹਰਿਆਣਾ ਕਸਬਾ ਇਸ ਦਾ ਮੁੱਖ ਟਿਕਾਣਾ ਸੀ। ਜਦੋਂ ਮਿਸਲਦਾਰਾਂ ਨੇ ਰਾਖੀ ਪ੍ਰਥਾ ਸ਼ੁਰੂ ਕੀਤੀ, ਜਿਸ ਦਾ ਅਰਥ ਸੀ ਕਿ ਜੋ ਪਿੰਡ ਜਾਂ ਸਮੂਹ ਵੱਖ-ਵੱਖ ਕਿਸਮ ਦੇ ਧਾੜਵੀਆਂ (ਲੁਟੇਰਿਆਂ) ਆਦਿ ਤੋਂ ਆਪਣੀ ਜਾਨ-ਮਾਲ ਦੀ ਰਾਖੀ ਕਰਵਾਉਣਾ ਚਾਹੁੰਦੇ ਹੋਣ, ਉਹ ਆਪਣੀ ਹਰ ਕਿਸਮ ਦੀ ਪੈਦਾਵਾਰ ਦਾ ਪੰਜਵਾਂ ਹਿੱਸਾ ਦੇ ਕੇ ਸਿੱਖ ਸਰਦਾਰਾਂ ਤੋਂ ਆਪਣੀ ਹਿਫਾਜ਼ਤ ਦੀ ਗਰੰਟੀ ਲੈ ਸਕਦੇ ਸਨ। ਇੰਜ ਇਸ ਖਿੱਤੇ ਦੀ ਰਾਖੀ ਦਾ ਕੰਮ ਕਰੋੜਸਿੰਘੀਆ ਮਿਸਲ ਦੇ ਇੱਕ ਪ੍ਰਮੁੱਖ ਉਸ ਗੁਰਬਖਸ਼ ਸਿੰਘ ਨੂੰ ਸੌਂਪਿਆ ਗਿਆ, ਜੋ ਬਾਅਦ ‘ਚ ਬੰਬੇਲੀ ਪਿੰਡ ਦਾ ਜਨਮਦਾਤਾ ਬਣਿਆ। ਜਦ ਗੁਰਬਖਸ਼ ਸਿੰਘ ਆਪਣੇ ਧੱਕੇ ਨਾਲ ਇਸ ਇਲਾਕੇ ‘ਚ ਵਿਚਰਨ ਲੱਗਾ ਤਾਂ ਉਸ ਨੇ ਆਪਣਾ ਮੁੱਖ ਹੈਡਕੁਆਟਰ ਤਾਂ ਮਾਹਿਲਪੁਰ ਲਾਗਲੇ ਪਿੰਡ ਗੋਂਦਪੁਰ ਨੂੰ ਬਣਾਇਆ, ਪਰ ਜ਼ਿਆਦਾ ਕਰਕੇ ਬੰਬੇਲੀ ਜਿੱਥੇ ਕਿ ਉਦੋਂ ਬਹੁਤ ਹੀ ਘੱਟ ਜੰਗਲ ਅਤੇ ਅੰਬਾਂ ਦੇ ਦਰੱਖਤਾਂ ਦੇ ਸਮੂਹ ਸਨ, ਵਿਖੇ ਆਪਣਾ ਮੁਕਾਮ ਰੱਖਦਾ। ਸੰਘਣੇ ਜੰਗਲੀ ਝਾੜ ਬੇਲੇ ਵਾਲੇ ਇਸ ਖਿੱਤੇ ਨੂੰ ਉਦੋਂ ਬਣ ਵੇਲੀ ਕਹਿੰਦੇ ਹੁੰਦੇ ਸਨ ਅਤੇ ਇਹੀ ਨਾਂਅ ਵਿਗੜਦਾ ਸੰਵਰਦਾ ਬੰਬੇਲੀ ਲਫਜ਼ ਬਣ ਗਿਆ। ਮੌਜੂਦਾ ਉਦਾਸੀ ਧਰਮਸ਼ਾਲਾ ਦੇ ਸਥਾਨ ‘ਤੇ ਉਸ ਨੇ ਇੱਕ ਛੋਟੀ ਜਿਹੀ ਕੱਚੀ ਗੜ੍ਹੀ ਵੀ ਤਾਮੀਰ ਕਰਵਾਈ ਸੀ ਅਤੇ ਆਪਣਾ ਆਰਜ਼ੀ ਰਿਹਾਇਸ਼ੀ ਸਥਾਨ ਚੁਣਿਆ ਸੀ, ਹੁਣ ਵੀ ਪਿੰਡ ਫੋ ਐਨ ਵਿਚਕਾਰ ਹਿੱਕ ਠਾਣੀ ਖੜੀ ਸਰਦਾਰ ਬਹਾਦਰ ਗੁਲਾਬ ਸਿੰਘ ਦੀ ਤਿੰਨ ਮੰਜ਼ਲਾਂ ਫਿਲਾਨੁਮਾ ਹਵੇਲੀ ਵਾਲੇ ਥਾਂ ਨੂੰ। ਗੁੱਗਿਆਂ ਵਾਲੇ ਡੂੰਘੇ ਟੋਭੇ ‘ਚ ਉਦੋਂ ਉਸ ਦੇ ਹਾਥੀ-ਘੋੜੇ ਨਰਾਏ ਜਾਂਦੇ ਹਨ ਜਿਸਨੂੰ ਉਦੋਂ ਹਾਥੀ ਤਾਲ ਕਹਿੰਦੇ ਸਨ।
ਗੁਰਬਖਸ਼ ਸਿੰਘ ਦੇ ਇੱਥੇ ਠਹਿਰ ਜਾਣ ਦੀ ਘਟਨਾ ਵੀ ਬੜੀ ਦਿਲਚਸਪ ਹੈ। ਪੀੜ੍ਹੀ ਦਰ ਪੀੜ੍ਹੀ ਤੁਰੀ ਆਉਂਦੀ ਦੰਦ-ਕਥਾ ਤੇ ਮਹੰਤ ਵਿਜੈ ਮੁਨੀ ਦੇ ਦੱਸਣ ਅਨੁਸਾਰ ਹੁਣ ਵਾਲੀ ਉਦਾਸੀ ਧਰਮਸ਼ਾਲਾ ਦੇ ਸਥਾਨ ‘ਤੇ ਜਦੋਂ ਉਹ ਆਪਣੇ ਸੰਗੀ-ਸਾਥੀਆਂ ਨਾਲ ਠਹਿਰਿਆ ਹੋਇਆ ਸੀ ਤਾਂ ਸਿੱਖ ਧਰਮ ਦੇ ਇੱਕ ਪ੍ਰਮੁੱਖ ਬਾਬਾ ਗੁਰਦਿੱਤਾ ਜੀ ਦੀ ਸੰਪਰਦਾ ਦਾ ਇੱਕ ਅਨੁਆਈ, ਜੋ ਕਿ ਨਿਰਵਾਣ-ਬ੍ਰਾਹਮਣ ਸੀ, ਗੁਰੂ ਵਿੱਦਿਆ ਪ੍ਰਾਪਤ ਕਰਕੇ ਆਨੰਦਪੁਰ ਸਾਹਿਬ ਤੋਂ ਗੁਰੂ ਆਗਿਆ ਨਾਲ ਧਰਮ ਪ੍ਰਚਾਰ ਖਾਤਰ ਇਧਰ ਭਰਮਣ ਕਰਦਾ ਆ ਨਿਕਲਿਆ। ਸ. ਗੁਰਬਖਸ਼ ਸਿੰਘ ਨੇ ਉਸ ਵਿਦਵਾਨ ਪੁਰਖ ਦਾ ਬਹੁਤ ਆਦਰ ਭਾਵ ਕੀਤਾ। ਰੁੱਤ ਅੰਬਾਂ ਦੀ ਸੀ ਅਤੇ ਅਰਜ਼ ਗੁਜ਼ਾਰੀ ਕਿ ਘੱਟੋ-ਘੱਟ ਅੰਬਾਂ ਦੇ ਸੀਜ਼ਨ ਤੱਕ ਇੱਥੇ ਰੁਕੋ। ਸਾਧੂ ਹੱਸ ਕੇ ਬੋਲਿਆ, ਸੂਰਮਿਆ! ਇੰਜ ਤਾਂ ਤੂੰ ਸਾਨੂੰ ਅੰਬ ਚੁਪਾ-ਚੁਪਾ ਕੇ ਅੰਬ ਖਾਣ ਦੀ ਆਦਤ ਪਕਾ ਦੇਵੇਗਾ। ਫਿਰ ਐਨੇ ਅੰਬ ਕਿੱਥੋਂ ਮਿਲਿਆ ਕਰਨਗੇ, ਤਾਂ ਉਹ ਯੋਧਾ ਬੋਲਿਆ ਕਿ ਇਹ ਸਮੁੱਚਾ ਬਾਗ ਤਾਂ ਕੀ, ਜਿਨ੍ਹਾ ਵੀ ਖੇਤਰ ਆਪ ਨੂੰ ਹੋਰ ਚਾਹੀਦਾ ਹੈ, ਪੱਕੇ ਤੌਰ ‘ਤੇ ਸਾਂਭ ਲਵੋ। ਇਸ ਕਥਨ ਵਿੱਚ ਕਿੰਨੀ ਕੁ ਸੱਚਾਈ ਹੈ, ਇਸ ਤੋਂ ਲਾਂਭੇ ਜਾਂਦਿਆਂ ਇੱਕ ਗੱਲ ਤਾਂ ਜ਼ਰੂਰ ਵਾਪਰੀ ਸੀ ਕਿ ਉਸ ਨਿਰਵਾਣ ਸਾਧੂ ਦੇ ਨਿੱਤ-ਪ੍ਰਤੀ ਦੇ ਪ੍ਰਵਚਨਾਂ ਤੋਂ ਉਹ ਐਨਾ ਪ੍ਰਭਾਵਤ ਹੋਇਆ ਕਿ ਵਿਯੋਗੀ ਹੋ ਗਿਆ ਅਤੇ ਜੱਥੇ ਦੀ ਸਰਦਾਰੀ ਤਿਆਗ ਦਿੱਤੀ। ਉਸ ਨੇ ਆਪਣੇ ਪਰਿਵਾਰ ਜਨਾਂ ਅਤੇ ਹੋਰ ਸਾਥੀਆਂ ਨੂੰ ਕਹਿ ਭੇਜਿਆ ਕਿ ਅੱਜ ਤੋਂ ਮੇਰੇ ਵੱਲੋਂ ਇਹ ਲੜਾਈਆਂ ਭੜਾਈਆਂ ਬੰਦ । ਤੁਸੀਂ ਜਿੱਥੇ ਜਾਣਾ ਚਾਹੋ ਜਾ ਸਕਦੇ ਹੋ। ਆਪ ਇਸ ਅਸਥਾਨ ‘ਤੇ ਪੱਕੇ ਤੌਰ ‘ਤੇ ਹੀ ਉਸ ਸਾਧੂ ਨਾਲ ਟਿਕ ਗਿਆ। ਇੰਜ ਕਿਹਾ ਜਾ ਸਕਦਾ ਹੈ ਕਿ ਉਸ ਵੇਲੇ ਤੋਂ ਹੀ ਇਸ ਧਰਮਸ਼ਾਲਾ ਜਾਂ ਪਿੰਡ ਦੀ ਨੀਂਹ ਰੱਖੀ ਗਈ। ਦਰਅਸਲ ਇਹ ਧਰਮਸ਼ਾਲਾ ਅਤੇ ਬੰਬੇਲੀ ਪਿੰਡ ਇੱਕ ਦੂਜੇ ਦੇ ਪੂਰਕ ਹਨ। ਅਰਥਾਤ ਇਨ੍ਹਾਂ ਦੋਵਾਂ ਦੀ ਹੋਂਦ ਅੰਤਰ ਸੰਬੰਧਿਤ ਹੈ। ਯੋਧੇ ਗੁਰਬਖਸ਼ ਸਿੰਘ ਵਲੋਂ ਅਗਵਾਈ ਛੱਡਣ ਉਪਰੰਤ ਅਤੇ ਹੋਰਨਾਂ ਮਿਸਲਾਂ ਦੇ ਸਰਦਾਰਾਂ ਦਾ ਜ਼ੋਰ ਪੈਣ ਕਾਰਨ ਮਜਬੂਰਨ ਉਸ ਦੇ ਪਰਿਵਾਰ ਜਨਾਂ ਅਤੇ ਸਹਿਯੋਗੀਆਂ ਨੇ ਇੱਥੋਂ ਲੁਧਿਆਣੇ ਜਾ ਟਿਕਾਣਾ ਕੀਤਾ, ਜਿੱਥੇ ਅੱਜ ਕੱਲ੍ਹ ਉਨ੍ਹਾਂ ਦੇ ਕਲਸੀ ਪਿੰਡ ਤੋਂ ਪਈ ਅੱਲ ਮੁਤਾਬਕ ਮਸ਼ਹੂਰ ਕਲਸੀਆਂ ਮੁਹੱਲਾ ਹੈ ਅਤੇ ਫਿਰ ਉੱਥੋਂ ਕੁਝ ਨੇ ਕੂਚ ਕਰਕੇ ਦਰਿਆ ਮਾਰਕੰਡਾ ਅਤੇ ਯਮੁਨਾ ਨਦੀ ਦੇ ਵਿਚਾਲੜੇ ਖਿੱਤੇ ਵਿੱਚ ਆਪਣਾ ਮਿਸਲ ਟਾਈਪ ਰਾਜ ਜਾਂ ਕਾਇਮ ਕੀਤਾ ਅਤੇ ਉਨ੍ਹਾਂ ਅੰਬਾਲਾ ਜ਼ਿਲ੍ਹੇ ਦੇ ਛਛਰੋਲੀ ਪਿੰਡ ਨੂੰ ਆਪਣਾ ਸਦਰ-ਮੁਕਾਮ ਬਣਾਇਆ, ਜਦ ਮਹਾਰਾਜਾ ਰਣਜੀਤ ਸਿੰਘ ਨੇ ਇਸ ਮਿਸਲ ਦੇ ਦੁਆਬੇ ਵਿਚਲੇ ਇਲਾਕਿਆਂ ‘ਤੇ ਕਬਜ਼ਾ ਕਰਨ ਉਪਰੰਤ ਇਨ੍ਹਾਂ ਵੱਲ ਰੁਖ ਕੀਤਾ ਤਾਂ ਇਨ੍ਹਾਂ ਕਲਸੀਆਂ ਸਟੇਟ ਦਾ ਰੂਪ ਅਖਤਿਆਰ ਕਰਕੇ ਅੰਗਰੇਜ਼ਾਂ ਨਾਲ ਰਾਬਤਾ ਪੈਦਾ ਕਰ ਲਿਆ, ਇੱਕ ਲੰਬੇ ਅਰਸੇ ਤਾਈਂ ਪਰ ਅੱਜ ਤੋਂ ਪੰਜ ਕੁ ਦਹਾਕੇ ਪਹਿਲਾਂ ਤੱਕ ਇਹ ਕਲਸੀ ਰਾਜ ਪਰਿਵਾਰ ਅਤੇ ਲੁਧਿਆਣਾ ਦੇ ਕਲਸੀਆਂ ਵਾਸ਼ਿੰਦੇ ਆਪਣੇ ਉਸ ਬਜ਼ੁਰਗ ਦੀ ਯਾਦ ‘ਚ ਉਸ ਸਾਧੂ ਵੱਲੋਂ ਸ਼ੁਰੂ ਕੀਤੇ ਗਏ ਆਸ਼ਰਮ ਲਈ ਰਸਦ ਪਾਣੀ ਅਤੇ ਪੂਜਾ ਅਰਚਨਾ ਦਾ ਸਮਾਨ ਵਗੈਰਾ ਭੇਜਦੇ ਰਹੇ ਸਨ।
ਸ. ਗੁਰਬਖਸ਼ ਸਿੰਘ ਦੇ ਵਕਤ ਇੱਕ ਜੱਟ ਪਰਿਵਾਰ, ਇੱਕ ਤਰਖਾਣ ਅਤੇ ਇੱਕ ਬੇਦੀ ਪਰਿਵਾਰ ਨੇ ਵੀ ਇੱਥੇ ਹੀ ਮੁਕਾਮ ਲਿਆ। ਬਸਰਾ ਗੋਤ ਦਾ ਜੱਟ ਪਰਿਵਾਰ, ਜਿਸ ਦਾ ਗੋਤਰ ਹੁਣ ਸਾਰਾ ਕਰਕੇ ਜਾਣਿਆ ਜਾਂਦਾ ਹੈ, ਦਾ ਬਜ਼ੁਰਗ ਜੋ ਇੱਥੇ ਠਹਿਰਿਆ, ਚ ਨਾਂਅ ਸੀ ਫਲਾ। ਫੂਲੇ ਦੇ ਅਗਾਂਹ ਦੋ ਪੁੱਤਰ ਹੋਏ ਸਨ- ਹਮੀਰਾ ਅਤੇ ਗੁਰਮੁੱਖ। ਹਮਤ ਦਾ ਇੱਕੋ-ਇੱਕ ਪੁੱਤਰ ਦਸੋਂਧੀ ਦੇ ਅਗਾਂਹ ਸਨ ਸੱਤ ਪੁੱਤਰ, ਜਿਨ੍ਹਾਂ ‘ਚੋਂ ਪ੍ਰਤਾਪ ਸਿੰਘ ਨੇ ਯੁਵਾ ਅਵਸਥਾ ‘ਚ ਹੀ ਵਿਸ਼ਵ ਯੁੱਧਾਂ ‘ਚ ਐਨਾ ਨਾਮਣਾ ਖੱਟਿਆ ਕਿ ਉਸ ਨੂੰ ਮਹਾਰਾਣੀ ਵਿਕਟੋਰੀਆ ਤੋਂ ਤਾਮਿਰ ਪੱਤਰ ਅਤੇ ਤਮਗਾ ਮਿਲਿਆ ਅਤੇ ਸ਼ਹੀਦੀ ਉਪਰੰਤ ਉਸ ਦੇ ਮਾਂ-ਬਾਪ ਨੂੰ ਜੰਗੀ ਪੈਨਸ਼ਨ ਮਿਲਦੀ ਰਹੀ। ਉਸ ਦੇ ਹੋਰ ਭਰਾਵਾਂ ਸ. ਜਰਨੈਲ ਸਿੰਘ ਅਤੇ ਸ. ਗੁਰਚਬਨ ਸਿੰਘ ਨੇ ਵੀ ਫ਼ੌਜੀ ਯੋਧਿਆਂ ਦੇ ਤੌਰ ਤੇ ਦੇਸ਼ਾਂ-ਦੇਸ਼ਾਂਤਰਾਂ ‘ਚ ਜੰਗ ਲੜੀ ਸੀ। ਫੂਲੇ ਦੇ ਦੂਸਰੇ ਪੁੱਤਰ ਸ੍ਰੀ ਗੁਰਮੁੱਖ ਸਿੰਘ ਦੇ ਹੋਏ ਸਨ ਦੋ ਬੇਟੇ ਗੁੱਜਰ ਅਤੇ ਗੁਲਾਬ ਸਿੰਘ। ਜਿੱਥੇ ਗੁੱਜਰ ਦਾ ਪਰਿਵਾਰ ਬਾਅਦ ‘ਚ ਕਲਕੱਤੇ ਸਾਈਡ ‘ਚ ਜਾ ਵੱਸਿਆ, ਉੱਥੇ ਸ. ਗੁਲਾਬ ਸਿੰਘ ਜੋ ਕਿ ਵੇਲੇ ਦੀਆਂ ਸਿਰਫ਼ ਪੰਜ ਪਾਸ ਸੀ, ਆਪਣੀ ਲਿਆਕਤ ਨਾਲ ਤਰੱਕੀ ਕਰਦਾ-ਕਰਦਾ ਜ਼ਿਲ੍ਹਾ ਪ੍ਰਬੰਧਕ ਦੀ ਪੋਸ਼ਟ ਤੱਕ ਪਹੁੰਚ ਗਿਆ। ਅੰਗਰੇਜ਼ ਹਕੂਮਤ ਨੇ ਉਸ ਨੂੰ ਸਰਦਾਰ ਬਹਾਦਰ ਦਾ ਖਿਤਾਬ ਦਿੱਤਾ ਅਤੇ ਮੁਰੱਬੇ ਦਿੱਤੇ ਸਨ ਬਾਰ ਦੇ ਇਲਾਕੇ ’ਚ। ਕੈਨੇਡਾ ਵੱਸਦਾ ਇਨਕਲਾਬੀ ਤੇ ਤਰਕਸ਼ੀਲ ਕਾਰਕੁੰਨ ਅਤੇ ਪ੍ਰਸਿੱਧ ਪੰਜਾਬੀ ਲੇਖਕ ਅਮਨਪਾਲ ਸਾਰਾ ਇਸ ਦਾ ਹੀ ਪੜਪੋਤਰਾ ਹੈ। ਗੁਲਾਬ ਸਿੰਘ ਦੇ ਦੋ ਪੁੱਤਰਾਂ ਵਿੱਚੋਂ ਸ. ਗੁਰਬਖਸ਼ ਸਿੰਘ ਦਾ ਪਰਿਵਾਰ ਵੀ ਅਨੇਕਾਂ ਪ੍ਰਾਪਤੀਆਂ ਅਤੇ ਯੋਗਤਾਵਾਂ ਦਾ ਮਾਲਕ ਹੁਣ ਬਾਹਰਲੇ ਮੁਲਕੀਂ ਵੱਸਦਾ ਹੈ ਅਤੇ ਦੂਸਰਾ ਪੁੱਤਰ ਸ. ਹਰਬਖਸ਼ ਸਿੰਘ ਜੋ ਇੰਗਲੈਂਡ ਬਰਿਸਟਰੀ ਪਾਸ ਕਰਨ ਉਪਰੰਤ ਨਾਭੇ ਰਿਆਸਤ ਦਾ ਵਜ਼ੀਰ ਰਹਿ ਚੁੱਕਿਆ ਸੀ, ਦੇ ਪੁੱਤਰ ਵੀ ਵੱਡੀ ਲਿਆਕਤ ਦੇ ਮਾਲਕ ਹਨ, ਜਿਨ੍ਹਾਂ ਚੋਂ ਸ੍ਰੀ ਹਰਨੋਨਿਹਾਲ ਸਿੰਘ ਵਿੱਦਿਅਕ ਖੇਤਰ ‘ਚ ਉੱਘਾ ਯੋਗਦਾਨ ਪਾਉਣ ਉਪਰੰਤ ਅੱਜਕਲ੍ਹ ਇੱਕ ਮਾਣਮੱਤੇ ਸਮਾਜ ਸੇਵਕ ਦੀ ਜ਼ਿੰਦਗੀ ਬਸਰ ਕਰ ਰਿਹਾ ਹੈ। ਉਸ ਦੇ ਘਰੋਂ ਸਰਦਾਰਨੀ ਗੁਰਮੀਤ ਕੌਰ ਦੇਸ਼ ਭਗਤ ਜਰਨੈਲ ਮੂਲਾ ਸਿੰਘ ਬਾਹੋਵਾਲ ਦੀ ਧੀ ਹੈ, ਜਿਸ ਦੀਆਂ ਹੋਰ ਭੈਣਾਂ ਵੀ ਇਸ ਪਰਿਵਾਰ ਦੀ ਬਦੌਲਤ ਉੱਘੇ ਦੇਸ਼ ਭਗਤਾਂ ਨੂੰ ਵਿਆਹੀਆਂ ਵਰ੍ਹੀਆਂ ਗਈਆਂ। ਪੰਡੋਰੀ ਲੱਧਾ ਸਿੰਘ ਵਾਲੇ ਗ਼ਦਰੀ ਬਾਬਾ ਨਿਰੰਜਣ ਸਿੰਘ ਅਤੇ ਕੈਨੇਡਾ ਦੇ ਚਰਚਿੱਤ ਪੰਜਾਬੀ ਆਗੂ ਸ. ਉਜਲ ਦੀਦਾਰ ਸਿੰਘ ਦੁਸਾਂਝ ਦੀਆਂ ਰਿਸ਼ਤੇਦਾਰੀਆਂ ਵੀ ਇਸੇ ਟੱਬਰ ਨਾਲ ਹਨ। ਸ. ਬਹਾਦਰ ਗੁਲਾਬ ਸਿੰਘ, ਸ: ਹਰਬਖਸ਼ ਸਿੰਘ ਬੈਰਿਸਟਰ ਤੇ ਉਨ੍ਹਾਂ ਦੀਆਂ ਸਰਦਾਰਨੀਆਂ ਦੇ ਨਾਂਅ ਤੇ ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਵਜੀਫ਼ੇ ਦੇਣ ਲਈ ਸ. ਹਰਕ੍ਰਿਪਾਲ ਸਿੰਘ ਸਾਰਾ ਵਲੋਂ ਟਰੱਸਟ ਬਣਵਾਇਆ ਗਿਆ ਹੈ। ਦੂਸਰੇ ਇੱਥੇ ਰੁਕ ਜਾਣ ਵਾਲੇ ਤਰਖਾਣ ਪਰਿਵਾਰ ਜੋ ਨਰੈਣੇ ਦੇ ਟੱਬਰ ਦੇ ਵੱਡੇ-ਵਡੇਰੇ ਸਨ, ਦੇ ਸਾਰੇ ਮਰਦ ਮੈਂਬਰ ਫੌਤ ਹੋ ਜਾਣ ਕਾਰਨ ਹੁਣ ਸਿਰਫ਼ ਉਨ੍ਹਾਂ ਦੀਆਂ ਧੀਆਂ-ਧਿਆਣੀਆਂ ਹੀ ਕਦੇ-ਕਦਾਈਂ ਇਸ ਪਿੰਡ ਗੇੜਾ ਮਾਰਦੀਆਂ ਹਨ। ਉਸ ਵਕਤ ਜੋ ਬੇਦੀ ਪਰਿਵਾਰ ਇੱਥੇ ਠਹਿਰਿਆ ਸੀ, ਦੇ ਬਜ਼ੁਰਗ ਡੇਢ ਕੁ ਸਦੀ ਪਹਿਲਾਂ ਹੀ ਇੱਥੋਂ ਉੱਠ ਕੇ ਨੇੜਲੇ ਪਿੰਡ ਬਾੜੀਆਂ ਕਲਾਂ ਜਾ ਵੱਸੇ ਸਨ। ਕਹਿੰਦੇ ਨੇ ਉਨ੍ਹਾਂ ਪਾਸ ਉਦੋਂ ਗੁਰੂ ਗ੍ਰੰਥ ਸਾਹਿਬ ਦੀ ਹੱਥ ਲਿਖਤ ਬੀੜ ਸੀ, ਜਿਸ ਦੇ ਦਰਸ਼ਨ ਕਰਵਾ ਕੇ ਅਤੇ ਮੰਗਲਾਚਾਰ ਕਰਕੇ ਉਹ ਆਪਣੀ ਪਰਿਵਾਰਕ ਬਸਰ ਕਰਦੇ ਸਨ ਅਤੇ ਉਸ ਵਕਤ ਉਨ੍ਹਾਂ ਦੇ ਘਰ ਆਏ-ਗਏ ਅਤੇ ਰਾਹੀ ਮੁਸਾਫ਼ਰਾਂ ਲਈ ਅੱਠ ਪਹਿਰ ਲੋਹ-ਲੰਗਰ ਚੱਲਦਾ ਰਹਿੰਦਾ ਸੀਤੇ ਜਦੋਂ ਉਹ ਪਰਿਵਾਰ ਇੱਥੋਂ ਜਾਣ ਲੱਗਿਆ ਤਾਂ ਡੇਰੇ ਦੇ ਰੋਧਕ ਮਹੰਤ ਉੱਤਮ ਦਾਸ ਅਤੇ ਸ. ਗੁਲਾਬ ਸਿੰਘ ਨੇ ਉਸ ਗ੍ਰੰਥ ਦੀ ਨਕਲ ਲਾਗਲੇ ਪਿੰਡ ਨੰਗਲਹੋਰਾਂ ਦੇ ਦੋ ਕਬੀਰ ਪੰਥੀ ਭਰਾਵਾਂ ਤੋਂ ਤਿਆਰ ਕਰਵਾਈ। ਸਮੇਂ ਦੀ ਮਾਗਨੇ ਪਿੰਡ ਐਚੀ ਦੀ ਹੋਂਦ ਨੂੰ ਖ਼ਤਮ ਕਰ ਦਿੱਤਾ ਸੀ।
ਡੇਰੇ ਦੇ ਪਹਿਲੇ ਪ੍ਰਬੰਧਕ ਉਸ ਨਿਰਵਾਣ ਬ੍ਰਾਹਮਣ ਤੋਂ ਬਾਅਦ ਫਿਰ ਹੇਮ ਦਾਸ, ਪ੍ਰੇਮ ਉੱਤਮ ਦਾਸ ਤਰਤੀਬਵਾਰ ਹੋਏ ਸਨ। ਅਗਾਂਹ ਸ੍ਰੀ ਉੱਤਮ ਦਾਸ ਦੇ 9 ਚੇਲੇ ਹੋਏ, ਜਿਨ੍ਹਾਂ ‘ਚੋਂ ਨਰਾਇਣ ਦਾਸ, ਭਗਵਾਨ ਦਾਸ, ਗੰਗਾ ਦਾਸ ਅਤੇ ਯਮੁਨਾ ਦਾਸ ਕਾਫੀ ਚਰਚਿਤ ਸਨ। ਮੇਲਾ, ਧਿਆਨ ਦਾਸ ਅਤੇ ਭਜਨ ਦਾਸ ਬਚਪਨ ਤੋਂ ਹੀ ਅੱਖੋਂ ਵਿਹੂਣਾ ਸੀ. ਪਰ ਤਜਰਬੇ ਨੇ ਉਸ ਨੂੰ ਐਨਾ ਪਾਰਖੂ ਬਣਾ ਦਿੱਤਾ ਕਿ ਪੈੜ ਚਾਲ ਤੋਂ ਹੀ ਬੰਦਾ ਪਛਾਣ ਲੈਂਦਾ ਸੀ ਅਤੇ ਡੇਰੇ ਦੇ ਦੂਰ-ਦੁਰਾਡੇ ਖੇਤਾਂ ਦੇ ਬੰਨਿਆਂ ‘ਤੇ ਵੀ ਵਜ਼ਲ ਚੁੱਕ ਕੇ ਮੋਰ ਚਾਲ ਹੋਰ ਤੁਰਦਾ ਸੀ। ਹੁਣ ਜਮੁਨਾ ਦਾਸ ਦੇ ਅਨੁਆਈ ਇਸ ਡੇਰੇ ਜੋ ਕਿ ਕਿਸੇ ਵਕਤ ਦਵਾ ਗੁਰੂ, ਵਿੱਦਿਅਕ ਅਤੇ ਸਮਾਜਿਕ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ, ਦੇ ਪ੍ਰਬੰਧਕ ਹਨ। ਇਹ ਡੇਰਾ ਕਿਸੇ ਵਕਤ ਪੁਰਾਣੇ ਰਿਸ਼ੀਆਂ-ਮੁਨੀਆਂ ਦੇ ਆਸ਼ਰਮਾਂ ਵਾਂਗ ਸਰਗਰਮ ਰਿਹਾ ਹੈ
ਜਿਸ ਵਕਤ ਪਿੰਡ ਦੀ ਨੀਂਹ ਰੱਖੀ ਗਈ ਸੀ ਤਾਂ ਬੇਸ਼ੱਕ ਸਿਰਫ਼ ਤਿੰਨ ਪਰਿਵਾਰ ਅਤੇ ਦੋ ਮੁਖੀ ਹੀ ਮੁੱਖ ਵਾਸ਼ਿੰਦੇ ਸਨ, ਪ੍ਰੰਤੂ ਹੌਲੀ-ਹੌਲੀ ਲੋੜ ਅਨੁਸਾਰ ਅਤੇ ਕਾਮੇ ਹੋਰਨਾਂ ਥਾਵਾਂ ਤੋਂ ਲਿਆ ਕੇ ਵਸਾਏ ਜਾਂਦੇ ਰਹੇ। ਭੁੱਲੀਆਂ ਵਿਸਰੀਆਂ ਯਾਦਾਂ ਨੂੰ ਸਮੇਟਦੇ ਹੋਏ ਪੁਰਾਣੇ ਬਜ਼ੁਰਗ ਦੱਸਦੇ ਹਨ ਕਿ ਸੈਣੀ ਆਏ, ਲਾਗਲੇ ਬੇਚਿਰਾਗ ਪਿੰਡ ਬੀਨੈਵਾਲ ਬਾੜੀਆਂ ਅਤੇ ਬੁੱਲ੍ਹੇਵਾਲ ਦੇ ਇਲਾਕੇ ਤੋਂ। ਤਰਖਾਣ ਭੂਨੋ ਅਤੇ ਦੋਲਹਰੋ ਤੋਂ ਜੁਲਾਹੇ ਨੰਗਲਚੋਰਾਂ ਅਤੇ ਬ੍ਰਾਹਮਣ ਕਸ਼ਮੀਰੀ ਖਿੱਤੇ ਤੋਂ। ਜੱਟ ਅਟਵਾਲਾ ਚੱਬੇਵਾਲ ਅਤੇ ਕੁਝ ਇੱਕ ਹੋਰ ਇਲਾਕਿਆਂ ਤੋਂ। ਆਦਿ ਧਰਮੀ ਇੱਥੇ ਆ ਕੇ ਵਸੇ ਹੁਣ ਦੇ ਲੋਅਰ ਹਿਮਾਚਲ ਤੋਂ ਅਤੇ ਕੁਝ ਆਏ ਲਾਗਲੇ ਪਿੰਡਾਂ ਤੋਂ। ਮੁਸਲਮਾਨ ਵੀ ਇੱਕੇ ਬਾਹਰੋਂ ਆ ਕੇ ਵੱਸੇ। ਇੰਜ ਵੱਖ-ਵੱਖ ਕੌਮਾਂ ਸ਼੍ਰੇਣੀਆਂ ਵੱਖਰੇ-ਵੱਖਰੇ ਖੇਤਰਾਂ ਤੋਂ ਆ ਕੇ ਇੱਥੇ ਵੱਸ ਗਈਆਂ ਅਤੇ ਪਿੰਡ ਦਾ ਸਰੂਪ ਬਣ ਗਿਆ। ਪਾਕਿਸਤਾਨ ਬਣਨ ਵੇਲੇ ਖੱਤਰੀ ਵੀ ਬਾਅਦ ‘ਚ ਝੰਗ-ਸਿਆਲ ਦੇ ਇਲਾਕਿਓਂ ਆ ਵੱਸੇ। ਇੱਥੇ ਆ ਕੇ ਵੱਸਣ ਵਾਲੇ ਕੁਝ ਪਰਿਵਾਰਾਂ ਦੀ ਅੱਲ ਵੀ ਬਹੁਤ ਅਜੀਬੋ ਗਰੀਬ ਪਈ ਹੋਈ ਹੈ। ਇੱਕ ਹੈ ਬਾਰੀਆ ਦਾ ਟੱਬਰ, ਉਨ੍ਹਾਂ ਦੇ ਬਜ਼ੁਰਗ ਬਾਰ (ਹੁਣ ਪਾਕਿਸਤਾਨ) ਦੇ ਇਲਾਕੇ ਤੋਂ ਆਏ ਸਨ। ਇੱਕ ਪਰਿਵਾਰ ਦੇ ਵਡੇਰੇ ਬਿੱਲੀਆਂ ਅੱਖਾਂ ਵਾਲੇ ਹੁੰਦੇ ਸਨ ਤੇ ਉਨ੍ਹਾਂ ਦੀ ਅੱਲ ਪੈ ਗਈ ਬਿੱਲੇ। ਢੇਰ ਸਮਾਂ ਬੀਤ ਗਿਆ। ਇੱਕ ਹੋਰ ਪਰਿਵਾਰ ਦਾ ਮੁਖੀ, ਅੱਖੋਂ ਥੋੜ੍ਹਾ ਮੀਣਾ ਸੀ ਅਤੇ ਉਸ ਦੇ ਪਰਿਵਾਰ ਦੀ ਪਈ ਅੱਲ ਮੀਣੇਕਿਆਂ ਦੇ ਉਨ੍ਹਾਂ ਦਾ ਅਜੇ ਵੀ ਪਿੱਛਾ ਨਹੀਂ ਪਈ ਛੱਡਦੀ। ਇੱਕ ਟੱਬਰ ਗੁੰਗਿਆਂ ਦਾ ਕਹਾਉਂਦਾ ਹੈ, ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਵਡੇਰੇ ਗੁੱਗੇ ਪੀਰ ਦੇ ਭੋਜਕੀ ਸਨ । ਗ੍ਰੰਥੀਆਂ ਦੇ ਵੀ ਕੁਝ ਇੱਕ ਪਰਿਵਾਰ ਇੱਥੇ ਵੱਸਦੇ ਹਨ, ਕਿਉਂਕਿ ਪਹਿਲਾਂ-ਪਹਿਲ ਗ੍ਰੰਥੀ ਉਨ੍ਹਾਂ ਦੇ ਬਜ਼ੁਰਗ ਬਣੇ ਸਨ। ਇੱਕ ਹੋਰ ਪਰਿਵਾਰ, ਜਿਸ ਨੇ ਪਹਿਲੇ-ਪਹਿਲ ਪਿੰਡ ਬਾਹਰਲੇ ਟੋਭੇ ਕੰਢੇ ਰੈਣ ਬਸੇਰਾ ਕੀਤਾ ਸੀ, ਦੀ ਵੀ ਅੱਲ ਬੜੀ ਅਜੀਬੋ ਗਰੀਬ ਪਈ ਹੋਈ ਹੈ। ਬਰਮਾ ‘ਚ ਕਿਸੇ ਸਮੇਂ ਰਹਿੰਦੇ ਰਹੇ ਪਰਿਵਾਰਾਂ ਨੂੰ ਲੋਕ ਬਰਮੀਏ ਕਹਿਣ ਲੱਗ ਪਏ ਅਤੇ ਕੁਝ ਘਰ ਮੁਤਬੰਨਿਆਂ ਦੇ ਹਨ, ਕਿਉਂਕਿ ਉਨ੍ਹਾਂ ਦਾ ਵਡੇਰਾ ਇੱਥੋਂ ਦੇ ਰਹਿਣ ਵਾਲੇ ਇੱਕ ਪਰਿਵਾਰ ਨੂੰ ਪਛਾਣ ਵੀ ਹੈ। ਇੱਕ ਬੰਦੇ ਦਾ ਵਾੜਾ (ਪਸ਼ੂਆਂ ਦਾ ਢਾਰਾ) ਟੋਭੇ ਕੰਢੇ ਹੋਣ ਕਾਰਨ ਲੋਕ ਉਸ ਨੂੰ ਕੱਛੂ-ਖੋਰਾ ਕਹਿਣ ਲੱਗ ਪਏ, ਉਂਜ ਹੈ ਉਹ ਬੜਾ ਸਾਊ ਬੰਦਾ। ਅਜ਼ਾਦ ਹਿੰਦ ਫੌਜ ਵਾਲੇ ਹਰਨਾਮ ਸਿੰਘ ਨੂੰ ਲੋਕ ਜੈ ਹਿੰਦ ਕਹਿੰਦੇ ਸਨ ਅਤੇ ਘਾਟੀ (ਚੋਈ ਤੋਂ ਉੱਚੇ ਥੇਹ ਨੂੰ ਜਾਂਦੀਆਂ ਪੌੜੀਆਂ) ਕੰਢੇ ਵੱਸਦੇ ਇੱਕ ਪਰਿਵਾਰ ਦਾ ਨਾਂਅ ਹੀ ਘਾਟੀ ਵਾਲੀਏ ਧਰ ਦਿੱਤਾ ਗਿਆ। ਪੀੜ੍ਹੀ ਦਰ ਪੀੜ੍ਹੀ ਤੁਰੀਆਂ ਆਉਂਦੀਆਂ ਇਹ ਅੱਲਾਂ ਅੱਜ ਵੀ ਉਨ੍ਹਾਂ ਦਾ ਪਿੱਛਾ ਛੱਡਦੀਆਂ ਨਜ਼ਰ ਨਹੀਂ ਆਉਂਦੀਆਂ, ਪਰ ਜੇਕਰ ਕੋਈ ਘੁਣਤਰੀ ਅੱਲ ਨਾ ਪਈ ਹੋਵੇ ਤਾਂ ਵੱਡੇ ਪਿੰਡਾਂ ਵਿੱਚ ਸੌਖੀ ਪਰਿਵਾਰਕ ਪਛਾਣ ਲਈ ਇਹ ਹੈ ਬੜੀਆ ਕਾਰਗਰ । ਉਂਜ ਇਹ ਨਹੀਂ ਹੋਣਾ ਚਾਹੀਦਾ ਕਿ ਕਿਸੇ ਉੱਚੀ ਬੋਲਣ ਵਾਲੇ ਦਾ ਨਾਂਅ ਪਾ ਦਿੱਤਾ ਜਾਵੇ ਭੌਂਕੜ ਅਤੇ ਕੁਝ ਇੱਕ ਪਰਿਵਾਰਾਂ ਦੇ ਮਗਰ ਰੋੜੇ ਵਿਸ਼ੇਸ਼ਣ ਲਾ ਦਿੱਤੇ ਜਾਣ।
ਪਹਿਲੇ ਸਮਆਂ ਵਿੱਚ ਇਹ ਪਿੰਡ ਪਾੜ੍ਹਿਆਂ ਦਾ ਪਿੰਡ ਤੌਰ ‘ਤੇ ਬੜਾ ਮਸ਼ਹੂਰ ਰਿਹਾ। ਲੋਕ ਦੂਰੋ-ਦੂਰੋਂ ਇੱਥੇ ਦਸਤਾਵੇਜ਼ ਲਿਖਵਾਣ, ਖਤੋ-ਖਿਤਾਬਤ ਅਤੇ ਹਿਸਾਬ ਵਗੈਰਾ ਕਰਵਾਉਣ ਆਉਂਦੇ ਸਨ। ਕਿਹਾ ਜਾਂਦਾ ਹੈ ਕਿ ਢੇਰ ਵਕਤ ਬੀਤ ਗਿਆ ਜਦ ਪਹਿਲੇ ਵੇਲਿਆਂ ਤੋਂ ਪਿੰਡ ਦੇ ਲਹਿੰਦੇ ਪਾਸੇ ਸੰਘਣੇ ਅਮਰੂਦਾਂ ਦੇ ਬਾਗ ਵਿੱਚ, ਉੱਥੇ ਉਸ ਵਕਤ ਵਗਦੀ ਸੀਰਾਂ ਵਾਲੀ ਚੋਈ ਕੰਢੇ ਦਿਆਲ ਸ਼ਾਹ ਨਾਂ ਦਾ ਹਿੰਦੂ ਮੁਸਲਿਮ ਦਰਵੇਸ਼ ਟਾਈਪ ਬੰਦਾ ਪੜ੍ਹਾਈ ਕਰਵਾਉਂਦਾ ਸੀ। ਫਿਰ ਉਦਾਸੀ ਆਸ਼ਰਮ ਵਿੱਚ ਪੂਰਨ ਚੰਦ, ਹੁਕਮ ਚੰਦ ਬੱਚਿਆਂ ਨੂੰ ਪੂਰਨੇ ਪੁਆਉਂਦੇ ਰਹੇ ਅਤੇ ਇਸੇ ਪਿੰਡ ਦੇ ਅਲੀਬਖਸ਼ ਨੇ ਵੀ ਬਾਅਦ ‘ਚ ਇਹ ਪਿਰਤ ਤੋਰੀ ਰੱਖੀ। ਟੁੱਟਵੇਂ ਰੂਪ ‘ਚ ਸਮੇਂ-ਸਮੇਂ ਹੋਰਨਾਂ ਨੇ ਵੀ ਇਹ ਕਾਰਜ ਕੀਤਾ। ਬੇਸ਼ੱਕ ਪੜ੍ਹਾਈ ਮਾਨਤਾ ਪ੍ਰਾਪਤ ਨਹੀਂ ਸੀ, ਪ੍ਰੰਤੂ ਚੌਥੀ ਕਲਾਸ ਤੱਕ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਸਕੂਲ ਬਣਿਆ ਸੰਨ 1915 ਵਿੱਚ ਅਤੇ ਪੰਜਵੀਂ ਲੋਕ ਬਾੜੀਆਂ ਪੜ੍ਹਨ ਜਾਂਦੇ ਸਨ। ਦਸਵੀਂ ਮਾਹਿਲਪੁਰ ਕਰਨੀ ਪੈਂਦੀ ਸੀ। ਫਿਰ 1920 ਵਿੱਚ ਪੰਜਵੀਂ ਤੱਕ ਸਕੂਲ ਬਣਿਆ ਅਤੇ ਅੱਠਵੀਂ ਤੱਕ ਮਨਜ਼ੂਰ ਹੋਇਆ ਸੰਨ 1934 ਵਿੱਚ। ਉਦੋਂ ਸਕੂਲ ਕਿਤੇ-ਕਿਤੇ ਹੀ ਹੁੰਦਾ ਸੀ ਅਤੇ ਦੂਰ-ਦੁਰਾਡੇ ਦੇ ਪਿੰਡਾਂ ਤੋਂ ਬੱਚੇ ਇੱਥੇ ਪੜ੍ਹਨ ਆਉਂਦੇ ਹੁੰਦੇ ਸਨ ਅਤੇ ਹਰ ਕਲਾਸ ਦੇ ਚਾਰ-ਪੰਜ ਸੈਕਸ਼ਨ ਤੱਕ ਹੁੰਦੇ ਸਨ। ਹੁਣ ਇੱਥੇ ਸਕੂਲ ਪਿਛਲੇ ਲੰਬੇ ਸਮੇਂ ਤੋਂ ਬੇਸ਼ਕ ਦਸਵੀਂ ਤੱਕ ਹੈ, ਪਰ ਲੋੜ ਸੀਨੀਅਰ ਸੈਕੰਡਰੀ ਸਕੂਲ ਦੀ ਵੀ ਬਣੀ ਹੋਈ ਹੈ। ਇਲਾਕੇ ਦਾ ਨਿਰੋਲ ਲੜਕੀਆਂ ਦਾ ਪਹਿਲਾ ਪੇਂਡੂ ਸਕੂਲ ਇਥੇ ਹੀ ਸੰਨ 1924 ਵਿੱਚ ਸ਼ੁਰੂ ਹੋਇਆ ਸੀ। ਪੁਰਾਣੇ ਸਮਿਆਂ ਵਿੱਚ ਲੜਕਿਆਂ ਦੇ ਨਾਲ-ਨਾਲ ਲੜਕੀਆਂ ਦੀ ਪੜ੍ਹਾਈ ਲਈ ਵੀ ਇਥੋਂ ਹੀ ਪਹਿਲ ਕਦਮੀਆਂ ਸ਼ੁਰੂ ਹੋਈਆਂ। ਪੁਰਾਣੇ ਸਮਿਆਂ ਵਿੱਚ ਸਾਰੇ ਪਰਿਵਾਰ ਤੋਂ ਬਿਨਾਂ ਪੰਡਿਤ ਬ੍ਰਿਜ ਲਾਲ ਅਤੇ ਮੋਤੀ ਲਾਲ ਵੀ ਵਿਦਵਾਨ ਪੁਰਸ਼ ਹੋਏ ਹਨ। ਸੁਨਆਰਿਆਂ ਦੇ ਬਜ਼ੁਰਗ ਬਲਦੇਵ ਨੇ ਉਦੋਂ ਦਸ ਜਮਾਤਾਂ ਪਾਸ ਕੀਤੀਆਂ ਸਨ, ਜਦ ਪੰਜ ਪੜ੍ਹਿਆ ਵੀ ਸਿੱਧਾ ਤਹਿਸੀਲਦਾਰ ਜਾ ਭਰਤੀ ਹੁੰਦਾ ਸੀ। ਪੁਰਾਣਾ ਪੜ੍ਹਿਆ ਬਜ਼ੁਰਗ ਧਨਪਤ ਨਾਈ ਧਾਰਮਿਕ ਕਥਾਵਾਂ ਅਤੇ ਮਿਥਿਹਾਸਿਕ ਇਤਿਹਾਸਿਕ ਕਿੱਸਿਆ ਦਾ ਬੜਾ ਗਿਆਤਾ ਸੀ। ਇਸ ਤੋਂ ਬਿਨਾਂ ਮਾਸਟਰ ਬਾਵਾ ਸਿੰਘ ਸੈਣੀ ਅਤੇ ਉਸੇ ਟੱਬਰ ਵਿੱਚੋਂ ਹੈੱਡਮਾਸਟਰ ਰਾਮ ਕਿਸ਼ਨ ਸਿੰਘ ਵੀ ਉਘੇ ਵਿੱਦਿਅਕ ਦਾਨੀ ਹੋਏ ਹਨ। ਅੱਜ ਵੀ ਇਸੇ ਪਿੰਡ ਦੇ ਕਾਫੀ ਅਧਿਆਪਕ ਹਨ, ਜਿਨ੍ਹਾਂ ਵਿੱਚ ਸਭ ਤੋਂ ਉੱਘਾ ਨਾਂਅ ਭੈਣ ਕੁਸ਼ੱਲਿਆ ਸ਼ਰਮਾ ਜੀ ਦਾ ਹੈ। ਉਨ੍ਹਾਂ ਦਾ ਸਮੁੱਚਾ ਪਰਿਵਾਰ ਹੀ ਅਧਿਆਪਨ ਲਾਈਨ ਵਿੱਚ ਹੈ। ਇਸ ਤੋਂ ਬਿਨਾਂ ਸੀਨੀਅਰ ਆਈ.ਏ.ਐਸ. ਅਫਸਰ ਸ. ਜੇ. ਐਸ. ਕੈਂਸਰ ਦੀ ਵੀ ਜੰਮਣ ਭੋਂ ਇਹੀ ਪਿੰਡ ਹੈ, ਜੋ ਕਿ ਪਿੰਡ ਦੀ ਤਰੱਕੀ ਲਈ ਇੱਕ ਮੀਲ ਪੱਥਰ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਨਾਨਕੇ ਪਿੰਡ ਦੀ ਤਰੱਕੀ ‘ਚ ਰਾਮਪੁਰ ਵਾਲੇ ਸਰਦਾਰ ਸਿੰਘ ਸੈਣੀ ਅਤੇ ਖੜੇਦੀ ਵਾਲੇ ਕੁਝ ਹੋਰ ਆਹਲਾ ਅਫ਼ਸਰ ਵੀ ਇਸੇ ਪਿੰਡ ਦੇ ਬਾਸ਼ਿੰਦੇ ਹਨ। ਮਾਣਯੋਗ ਗੱਲ ਇਹ ਵੀ ਹੈ ਕਿ ਸਿਰਫ਼ ਅਖੌਤੀ ਉੱਚੀਆਂ ਜਾਤਾਂ ਵਾਲੇ ਹੀ ਨਹੀਂ, ਆਦਿਧਰਮੀ ਪਰਿਵਾਰ ਵੀ ਫ਼ਖ਼ਰਯੋਗ ਵਿੱਦਿਅਕ ਯੋਗਤਾ ਦੇ ਮਾਲਕ ਪਹਿਲਾਂ ਤੋਂ ਹੀ ਤੁਰੇ ਆ ਰਹੇ ਹਨ। ਮਿਲਟਰੀ ਵਿੱਚ ਸ਼ਹੀਦੀ ਪਾ ਜਾਣ ਵਾਲਾ ਅਧਿਆਪਕ ਇੰਜ. ਨਗਾਹੀਆਂ ਰਾਮ ਸੈਣੀ, ਅੱਤ ਦੀ ਗ਼ਰੀਬੀ ‘ਚ ਵੀ ਚੰਦ-ਚਾਨਣੀ ਰਾਤਾਂ ‘ਚ ਚੰਦ ਦੇ ਸਹਾਰੇ ਪੜ੍ਹਦਾ ਰਿਹਾ ਹੈ, ਗਰੀਬ ਪ੍ਰੰਤੂ ਹੁਸ਼ਿਆਰ ਬੱਚਿਆਂ ਲਈ ਉਹ ਇੱਕ ਮਾਰਗ ਦਰਸ਼ਕ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਉਸ ਵਰਗਾ ਯੋਗ ਮਿਲਟਰੀ ਅਧਿਆਪਕ ਕੋਈ ਵਿਰਲਾ ਹੀ ਪੈਦਾ ਹੋਵੇਗਾ। ਮਾਸਟਰ ਬਾਵਾ ਸਿੰਘ ਦੇ ਬੋਲਾਂ ‘ਚ ਐਨਾ ਦਮ ਸੀ ਕਿ ਉਸ ਦੀ ਅਵਾਜ਼ ਚਾਰ ਕੋਹਾਂ ਤੱਕ ਸੁਣਾਈ ਦੇ ਦਿੰਦੀ ਸੀ। ਅਜ਼ਾਦ ਹਿੰਦ ਫੌਜ ਵਾਲਾ ਹਰਨਾਮ ਸਿੰਘ ਵੀ ਇਸੇ ਪਿੰਡ ਦਾ ਇੱਕ ਹੋਰ ਲਾਡਲਾ ਪੁੱਤਰ ਹੋਇਆ ਹੈ, ਉਂਜ ਭਾਰਤੀ ਸੈਨਾਵਾਂ ‘ਚ ਵੀ ਇਸ ਪਿੰਡ ਦਾ ਪਹਿਲਾਂ ਤੋਂ ਹੀ ਵੱਡਮੁੱਲਾ ਯੋਗਦਾਨ ਚੱਲਿਆ ਆ ਰਿਹਾ ਹੈ। ਸ੍ਰੀ ਕਰਮ ਸਿੰਘ ਪੰਜਾਬ ਦਾ ਇੱਕ ਇੱਕ ਦਲਿਤ ਸਰਪੰਚ ਹੋਇਆ ਜਿਹੜਾ ਲਗਾਤਾਰ ਸਰਬਸੰਮਤੀ ਨਾਲ ਸਰਪੰਚ ਰਿਹਾ।
ਪਿੰਡ ਬੰਬੇਲੀ ਨੂੰ ਬਣਵੇਲੀ ਤੋਂ ਬਿਨਾਂ ਬੋਹੜਾਂ ਵਾਲੀ ਬੰਬੇਲੀ ਕਿਹਾ ਜਾਂਦਾ ਸੀ ਕਿਉਂਕਿ ਇਥੇ ਬਹੁਤਰੀ ਵੱਡੇ-ਵੱਡੇ ਆਕਾਰ ਦੇ ਵੱਡੀ ਗਿਣਤੀ ਵਿੱਚ ਬੋਹੜ ਦੇ ਦਰੱਖਤ ਸਨ ਜਿਨ੍ਹਾਂ ਦਾ ਰਿਕਾਰਡ ਘੇਰਾ ਹੁੰਦਾ ਸੀ। ਦੇਸੀ ਅੰਬਾਂ ਦੇ ਬਾਗ ਇੱਥੇ ਹੁਣ ਵੀ ਮਿਲਦੇ ਹਨ। ਇਸ ਨੂੰ ਮੱਲਾਂ ਦੀ ਬੰਬੇਲੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਥੋਂ ਦੇ ਪਹਿਲਵਾਨ ਪੁਰਾਣੇ ਸਮਿਆਂ ਵਿੱਚ ਬੜੇ ਮਸ਼ਹੂਰ ਸਨ। ਕਈ ਪਿੰਡਾਂ ਦੇ ਅਖਾੜੇ ਉਨ੍ਹਾਂ ਦੇ ਨਾਂਅ ਸਨ। ਅੱਜ ਵੀ ਕਈ ਪਿੰਡਾਂ ਦੇ ਅਖਾੜਿਆਂ ਵਿੱਚ ਇਨ੍ਹਾਂ ਜੱਟ ਮੱਲ ਪਰਿਵਾਰਾਂ ਦੀ ਪ੍ਰੋਹਿਤਗਿਰੀ ਮੰਨੀ ਜਾਂਦੀ ਹੈ। ਇਨ੍ਹਾਂ ਦੀ ਗੁਰ-ਮਾਨਤਾ ਹੈ। ਕਿਸੇ ਮੌਕੇ ਇਥੋਂ ਦੇ ਬੜੇ ਨਾਮੀ ਭਲਵਾਨ ਹੋਏ ਸਨ। ਜਿਨ੍ਹਾਂ ਵਿੱਚ ਘੀਸਾ ਅਤੇ ਮਲਾਵਾ ਤਾਂ ਪੂਰੇ ਉੱਤਰੀ ਭਾਰਤ ਵਿੱਚ ਪ੍ਰਸਿੱਧ ਸਨ। ਘੋਰ ਗਰੀਬੀ ਨਾਲ ਟਾਕਰਾ ਕਰਦੇ ਕਰਦੇ ਹੋਏ ਵੀ, ਉਨ੍ਹਾਂ ਵੇਲੇ ਦੇ ਮਸ਼ਹੂਰ ਭਲਵਾਨਾਂ ਨੂੰ ਢਾਹਿਆ। ਘੀਸਾ ਪਹਿਲਵਾਨ ਇਲਾਕੇ ਦਾ ਰੁਸਤਮੇ ਹਿੰਦ ਸੀ ਅਤੇ ਅਤਰੂ ਇੱਕ ਅਜਿਹਾ ਭਲਵਾਨ ਸੀ ਜਿਹਨਾਂ ਕਈ ਵਾਰ ਪਹਾੜੀ ਰਾਜਿਆਂ ਦੇ ਮੱਲਾਂ ਨੂੰ ਢਾਹਿਆ। ਪੁਰਾਣੇ ਵੇਲਿਆਂ ਦੇ ਇਸ ਇਲਾਕੇ ਦੇ ਸ਼ਾਇਦ ਦੋ ਹੀ ਲੋਕ-ਮਾਨਤਾ ਵਾਲੇ ਛਿੰਝ ਅਖਾੜੇ ਸਨ, ਇੱਕ ਚੱਕ ਮੱਲਾ ਅਤੇ ਦੂਜਾ ਬੰਬੇਲੀ ਮੱਲਾਂ ਵਾਲੀ।
ਜਦੋਂ ਪਹਿਲਾਂ ਪਹਿਲ ਜੇਹਾ ਫਾਰਮਰ ਕਲੱਬ (1951) ਬਣੇ ਸਨ ਤਾਂ ਹੁਸ਼ਿਆਰਪੁਰ ਜ਼ਿਲੇ ਦਾ ਪਹਿਲਾ ਕਲੱਬ ਬੰਬੇਲੀ ਬਣਿਆ ਸੀ। ਦੱਸਣ ਵਾਲੇ ਦੱਸਦੇ ਹਨ ਕਿ ਅਜ਼ਾਦੀ ਉਪਰੰਤ ਸਰਕਾਰੀ ਮਦਦ ਅਤੇ ਮਾਨਤਾ ਪ੍ਰਾਪਤ ਕਰਨ ਵਾਲਾ ਪਹਿਲਾ ਕਲੱਬ ਇਸੇ ਬੰਬੇਲੀ ਦਾ ਸੀ। ਰੱਸਾਕਸ਼ੀ, ਫੁੱਟਬਾਲ ਵਗੈਰਾ ਗੇਮਾਂ ਤੋਂ ਬਿਨਾਂ ਚੰਗੇਰੀ ਖੇਤੀ ਕਰਨੀ ਵੀ ਇਸਦੀ ਕਾਰਜ ਵਿਉਂਤ ਸੀ। ਦਿੱਲੀ ਪੁਲਿਸ ਵਿੱਚ ਪਹਿਲਾ ਵੱਡਾ ਪੰਜਾਬੀ ਅਫਸਰ ਡਾਇਰੇਕਟ ਭਰਤੀ ਹੋਣ ਵਾਲਾ ਇਥੋਂ ਦਾ ਹੀ ਮਸ਼ਹੂਰ ਖਿਡਾਰੀ ਤੇ ਪਾੜਾ ਸ. ਹਰਕ੍ਰਿਪਾਲ ਸਿੰਘ ਸਾਰਾ ਸੀ ਅਤੇ ਹਰਇਕਬਾਲ ਸਿੰਘ ਪਹਿਲਾ ਅਜਿਹਾ ਭਾਰਤੀ ਸੀ ਜਿਹੜਾ ਅਮਰੀਕਨ ਖਿੱਤੇ ਦਾ ਮਸ਼ਹੂਰ ਐਡਵੋਕੇਟ ਹੋਇਆ। ਪੰਜਾਬੀ ਤਾਂ ਯੂਰਪ ਵਿੱਚ ਬਹੁਤ ਪਹੁੰਚੇ ਪਰ ਅਪਰੂਵਡ ਵਕੀਲੀ ਬੰਬੇਲੀ ਵਾਲਿਆ ਹੀ ਕੀਤੀ।
ਪਿੰਡ ਦੇ ਬਹੁਤੇ ਲੋਕੀਂ ਬਾਹਰਲੇ ਮੁਲਖੀ ਗਏ ਹੋਏ ਹਨ। ਇੱਕ ਵੀ ਪਰਿਵਾਰ ਐਸਾ’ ਨਹੀਂ, ਜਿਸ ਦਾ ਕੋਈ ਨਾ ਕੋਈ ਜੀਅ ਬਾਹਰ ਨਾ ਗਿਆ ਹੋਵੇ। ਬਹੁਤੇ ਪਰਿਵਾਰ ਨੌਕਰੀ ਪੇਸ਼ਾ ਹਨ, ਪਰ ਹੁਣ ਸਰਕਾਰੀ ਨੌਕਰੀਆਂ ਦੀ ਘਾਟ ਹੁੰਦੇ ਜਾਣ ਕਾਰਨ ਬਹੁਤਿਆਂ ਨੇ ਟਰਾਂਸਪੋਰਟ ਦਾ ਧੰਦਾ ਅਪਣਾ ਲਿਆ ਹੈ। ਇਲਾਕੇ ਵਿੱਚ ਇਸ ਪਿੰਡ ਦਾ ਟਰਾਂਸਪੋਰਟ ਵਿੱਚ ਉੱਘਾ ਹਿੱਸਾ ਹੈ ਅਤੇ ਕਈਆਂ ਨੇ ਹੋਰਨਾਂ ਸੂਬਿਆਂ ਵਿੱਚ ਜਾਂ ਪੈਰ ਜਮਾਏ ਹਨ। ਹਲਵਾਈ ਇਥੋਂ ਦੇ ਐਨੇ ਮਸ਼ਹੂਰ ਹਨ ਕਿ ਸਮਾਰੋਹਾਂ ਲਈ ਉਨ੍ਹਾਂ ਨੂੰ ਮਹੀਨਿਆਂ ਬੱਧੀ ਪਹਿਲਾਂ ਬੁੱਕ ਕਰਨਾ ਪੈਂਦਾ ਹੈ। ਸਿੰਘਾਪੁਰ-ਮਲਾਇਆ ਤੱਕ ਇਨ੍ਹਾਂ ਹਲਵਾਈਆਂ ਦੀ ਪੈਂਠ ਹੈ। ਸੋਹਣ, ਬਿੰਦਾ ਅਤੇ ਸ਼ਿੰਗਾਰਾ ਸਿੰਘ ਹਲਵਾਈ ਦੇ ਜੁੱਟਾਂ ਧੁੰਮ ਪਾ ਛੱਡੀ ਹੋਈ ਹੈ। ਪਿੰਡ ਦੀ ਮਾਲਕੀ (ਰਕਬਾ) ਕਾਫ਼ੀ ਘੱਟ ਹੋਣ ਕਰਕੇ ਬਹੁਤੀ ਛੋਟੀ ਕਿਸਾਨੀ ਹੈ, ਜੋ ਕਿ ਦੁੱਧ ਅਤੇ ਸਬਜ਼ੀਆਂ ਵਗੈਰਾ ਦੀ ਪੈਦਾਵਾਰ ਕਰਕੇ ਚੰਗੀ ਪਰਿਵਾਰਕ ਬਸਰ ਕਰ ਰਹੇ ਹਨ। ਪਿੰਡ ਕਾਫੀ ਧਨੀ ਹੈ, ਸੋਹਣੇ ਮਕਾਨ ਹਨ ਅਤੇ ਪਿੰਡ ਹੈ ਵੀ ਬੜਾ ਸਾਫ਼-ਸੁਥਰਾ। ਦਲਿਤ ਪਰਿਵਾਰ ਵੀ ਚੰਗੀ ਅਤੇ ਉਸਾਰੂ ਜ਼ਿੰਦਗੀ ਜੀਅ ਰਹੇ ਹਨ। ਇਲਾਕੇ ਦੀ ਆਹਲਾ ਲੰਬੜਦਾਰੀ ਵੀ ਅੰਗਰੇਜ਼ਾਂ ਵਕਤ ਇੱਥੇ ਹੀ ਸੀ ਅਤੇ ਪੈਂਤੀ ਕੁ ਪਿੰਡਾਂ ਦੀ ਜ਼ੈਲਦਾਰੀ ਵੀ ਕਦੇ ਇੱਥੇ ਹੀ ਰਹੀ ਸੀ। ਯੂਰਪ ਖਾਸ ਕਰਕੇ ਕੈਨੇਡਾ ‘ਚ ਪੰਗਤ ਅਤੇ ਮੇਜ਼ ਕੁਰਸੀਆਂ ਉੱਤੇ ਬੈਠ ਕੇ ਲੰਗਰ ਛਕਣ ਛਕਾਉਣ ਵਾਲੇ ਮਾਮਲੇ ਵਿੱਚ ਪੰਗਤ ਦੇ ਹੱਕ ਵਿੱਚ ਮੁਹਰੈਲ ਆਗੂ ਦਾ ਰੋਲ ਨਿਭਾਉਣ ਵਾਲਾ ਸਰਦਾਰ ਕੁੰਦਨ ਸਿੰਘ ਵੀ ਇਸੇ ਪਿੰਡ ਦਾ ਜੰਮਪਲ ਹੈ ਅਤੇ ਕਿਸੇ ਵਕਤ ਬਰਤਾਨੀਆ ਵਿੱਚ ਅਕਾਲੀ ਆਗੂ ਦੀ ਪਦਵੀ ਪ੍ਰਾਪਤ ਕਰਨ ਵਾਲੇ ਸ. ਸੰਗਤਾਰ ਸਿੰਘ ਦੀ ਵੀ ਜਨਮਦਾਤੀ ਇਸੇ ਪਿੰਡ ਦੀ ਸਰਜ਼ਮੀਨ ਹੈ। ਮਹਾਰਾਜਾ ਫਰੀਦਕੋਟ, ਸ. ਹਰਿੰਦਰ ਸਿੰਘ ਦਾ ਇੱਕ ਅਤੀ ਭਰੋਸੇਯੋਗ ਦਰਬਾਰੀ ਵੀ ਇਸੇ ਪਿੰਡ ਦਾ ਹੀ ਸ. ਹਰੀ ਸਿੰਘ ਹੀ ਸੀ, ਜੋ ਕਿ ਬਹੁਤ ਹੀ ਮੋਹਤਬਰ ਸੱਜਣ ਹੋਇਆ ਹੈ। ਉਸ ਨੇ ਅਤੇ ਉਸ ਦੇ ਸਮਕਾਲੀਆਂ ਨੇ ਪਿੰਡ ਦੀ ਤਰੱਕੀ ਵਿੱਚ ਬਹੁਤ ਹੀ ਯੋਗਦਾਨ ਪਾਇਆ। ਉਸੇ ਵਕਤ ਹੀ ਸੇਠ ਬੰਤੁਰਾਮ ਵੀ ਚਰਚਿਤ ਨਾਂਅ ਸੀ ਅਤੇ ਬਾਅਦ ‘ਚ ਇੱਕ ਹੋਰ ਜ਼ਿਕਰਯੋਗ ਵਿਅਕਤੀ ਪੰਡਤ ਰੱਖਾ ਰਾਮ ਵੀ ਹੋਇਆ ਹੈ। ਬਰਮਾ ਵਿੱਚ ਠੇਕੇਦਾਰੀ ਕਰਨ ਵਾਲੇ ਸ. ਬਾਵਾ ਸਿੰਘ ਐਂਡ ਬ੍ਰਦਰਜ਼, ਜਿਨ੍ਹਾਂ ਦੀ ਅੱਲ ਵੀ ਹੁਣ ਬਰਮੀਏ ਪੈ ਚੁੱਕੀ ਹੈ, ਦੇ ਪਰਿਵਾਰ ਵੀ ਪਿੰਡ ਦੇ ਉੱਘੇ ਅਤੇ ਸਮਾਜ ਸੇਵੀ ਪਰਿਵਾਰ ਹਨ। ਬਾਬਾ ਬਾਘ ਸਿੰਘ ਅਤੇ ਜਥੇਦਾਰ ਹਰਭਜਨ ਸਿੰਘ ਨਿਰਮਲਾ ਡੇਰਾ ਧਰਮ ਸਿੰਘ ਵਾਲਾ ਅਤੇ ਜੌਹਲਾਂ ਵਾਲੇ ਮਹਾਂਪੁਰਸ਼ਾਂ ਦੇ ਤੌਰ ਉੱਤੇ ਬਹੁਤ ਹੀ ਉੱਘੇ ਸ੍ਰੀਮਾਨ ਗਿਆਨ ਸਿੰਘ ਜੀ ਦੀ ਵੀ ਜਨਮ ਭੂਮੀ ਇਹੀ ਨਗਰ ਹੈ। ਪੁਰਾਣੇ ਸਮਿਆਂ ਵਿੱਚ ਜਦੋਂ ਸਿਰਫ਼ ਸੂਈ ਧਾਗੇ ਨਾਲ ਹੀ ਕੱਪੜਿਆਂ ਦੀ ਸਿਲਾਈ ਹੁੰਦੀ ਸੀ, ਦੇ ਵਕਤ ਬਾਬਾ ਦਾਸ ਰਾਮ ਇੱਕ ਮਸ਼ਹੂਰ ਕਾਰੀਗਰ ਦੇ ਤੌਰ ਉੱਤੇ ਸਾਰੇ ਇਲਾਕੇ ਵਿੱਚ ਪ੍ਰਸਿੱਧ ਸੀ। ਤਰਖਾਣ-ਲੁਹਾਰਾਂ ਦੀ ਕਾਰੀਗਰੀ ਪੂਰੇ ਖਿੱਤੇ ‘ਚ ਬੜੀ ਹੀ ਚਰਚਿਤ ਰਹੀ ਹੈ। ਹੁਣ ਇਹ ਮਿਸਤਰੀ ਲੋਕ ਬਾਹਰਲੇ ਮੁਲਕੀ ਅਤੇ ਸੂਬਿਆਂ ‘ਚ ਵੀ ਮੱਲਾਂ ਮਾਰ ਰਹੇ ਹਨ, ਮਿਸਤਰੀ ਖੁਸ਼ੀ ਰਾਮ ਲੁਹਾਰਾ ਅਤੇ ਸ੍ਰੀ ਨਰੰਜਨ ਸਿੰਘ ਤਰਖਾਣਾਂ ਦੇ ਕੰਮ ਦੇ ਐਨੇ ਮਾਹਿਰ ਹੋਏ ਹਨ ਕਿ ਪੁਰਾਣੇ ਬੰਦੇ ਅੱਜ ਵੀ ਉਨ੍ਹਾਂ ਦੀਆਂ ਬਾਤਾਂ ਪਾਉਂਦੇ ਹਨ। ਖੂਹਾਂ ਦੀਆਂ ਟਿੰਡਾਂ (ਮਾਹਲਾਂ) ਅਤੇ ਗੱਡੇ ਰੇਹੜੀਆਂ ਬਣਾਉਣ ‘ਚ ਇਸ ਪਿੰਡ ਦੇ ਮਿਸਤਰੀਆਂ ਦਾ ਕੋਈ ਸਾਨੀ ਨਹੀਂ ਸੀ। ਬੰਬੇਲੀ ਦੇ ਤਰਖਾਣ ਹੱਥਖੰਡੀ ਉਦਯੋਗ ਲਈ ਖੈਰ ਦੀ ਲੱਕੜੀ ਦੇ ਤੁਰਾ, ਹੱਥੇ ਅਤੇ ਹੱਥ ਖੱਡੀਆਂ (ਫਲਾਈ ਸ਼ੀਟਲ) ਵੀ ਬਣਾਉਂਦੇ ਸਨ। ਇਹ ਸੰਦ-ਵਸਤਾਂ ਪੂਰੇ ਖਿੱਤੇ। ਮਸ਼ੀਨੀ ਆਰੇ ਉਦੋਂ ਹੁੰਦੇ ਨਹੀਂ ਸੀ ਜਦ ਬਿਅੰਤ ਤੇ ਪੂਰਨ ਤਰਖਾਣਾਂ ਦੀਆਂ ਜੋੜੀਆਂ ਹੱਥ ਆਰਿਆਂ ਅਤੇ ਹੋਰ ਔਜ਼ਾਰਾਂ ਨਾਲ ਤਵਾਰੀਖੀ ਗੱਡੇ-ਰੇਹੜੀਆਂ ਬਣਾਉਂਦੇ ਸਨ। ਗੁਲਾਬ ਸਿੰਘ ਦੇ ਘਰ ਲਾਗੇ ਵਸਦੇ ਤਰਖਾਣ ਜਿਹੜੇ ਸਖ਼ਤ ਮਿਹਨਤ ਕਰਕੇ ਕਲਕੱਤੇ ਤਰਫ਼ ਵੱਡੇ ਠੇਕੇਦਾਰ ਬਣੇ ਨੇ ਉਨ੍ਹਾਂ ਸਰਦਾਰਾਂ ਦੇ ਬਰਾਬਰ ਉਸੇ ਉਚਾਈ ਦੀ ਖੜਵੱਲੇ ਇਮਾਰਤ ਮੁਕਾਬਲੇਬਾਜ਼ੀ ਵਿੱਚ ਤਿਆਰ ਕੀਤੀ ਜਿਹੜੀ ਇਲਾਕੇ ਦੀ ਚਰਚਾ ਦਾ ਵਿਸ਼ਾ ਬਣੀ। ਇਹੀ ਨਹੀਂ ਉਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਵੀ ਬੀ.ਏ. ਐਮ.ਏ ਕਰਵਾਈ। ਇਲਾਕੇ ਵਿੱਚ ਗੰਨਾਰਸ ਵਾਲੇ ਵੇਲਣਿਆਂ ਦੇ ਪੁੜਾਂ ਨੂੰ ਸਿਰਫ਼ ਇੱਥੇ ਹੀ ਖਰਾਦਿਆ ਜਾਂਦਾ ਸੀ ਅਤੇ ਸਭ ਤੋਂ ਵੱਧ ਖਰਾਸ ਆਟਾ ਪੀਹ) ਵੀ ਇੱਥੇ ਹੀ ਲੱਗੇ ਹੋਏ ਸਨ। ਇਲਾਕੇ ਦੀ ਸਭ ਤੋਂ ਪਹਿਲੀ ਆਟਾ ਚੱਕੀ ਵੀ ਇੱਥੇ ਹੀ ਲੱਗੀ ਸੀ, ਜਿਸ ਦੇ 15 ਤੋਂ 50 ਹਾਰਸ ਪਾਵਰਾਂ ਵਾਲੇ ਲਿਸਟਰ ਇੰਜਣਾਂ ਦੀ ਸੀਟੀ ਟਿਕੀ ਰਾਤ ਨੂੰ ਵੀਹ-ਵੀਹ ਕੋਹ ਦੂਰ ਸੁਣਾਈ ਦਿੰਦੀ ਸੀ, ਫਿਰ ਇੱਥੇ ਮਸ਼ੀਨੀ ਆਰੇ ਅਤੇ ਹੋਰ ਮਸ਼ੀਨਾਂ ਵੀ ਲੱਗ ਗਈਆਂ। ਸੰਨ 47 ਦੇ ਰੌਲਿਆਂ ਵਕਤ ਮੁਸਲਮਾਨ ਪਾਕਿਸਤਾਨ ਚਲੇ ਗਏ ਸਨ, ਜਿਨ੍ਹਾਂ ਨੂੰ ਯਾਦ ਕਰਦਿਆਂ ਬਜ਼ੁਰਗ ਅਜੇ ਵੀ ਹੁਬਕੀਂ ਰੋ ਪੈਂਦੇ ਹਨ। ਦੁੱਖ ਇਸ ਗੱਲ ਦਾ ਵੀ ਹੈ ਕਿ ਸੰਤਾਲੀ ਦੇ ਰੌਲਿਆਂ ਵੇਲੇ ਛਵੀਆਂ-ਗੰਡਾਸੇ ਇਸ ਪਿੰਡ ‘ਚ ਵੀ ਤਿਆਰ ਹੁੰਦੇ ਰਹੇ ਸਨ, ਪਰ ਕੋਈ ਗੰਭੀਰ ਕਿਸਮ ਦੀ ਰਾਜਨੀਤਿਕ ਪਾਰਟੀਆਂ ਦੇ ਲੜ ਲੱਗਣ ਵਾਲੀ ਗੱਲ ਇਸ ਪਿੰਡ ‘ਚ ਕਦੇ ਨਹੀਂ ਹੋਈ। ਸਿਆਸੀ ਤੌਰ ‘ਤੇ ਇਹ ਇੱਕ ਉਪਰਾਮ ਅਤੇ ਉਦਾਸੀਨ ਪਿੰਡ ਹੈ। ਬੇਜ਼ਮੀਨੇ ਹੁਣ ਸ਼ਹਿਰਾਂ ਨੂੰ ਹਿਜਰਤ ਕਰੀ ਜਾਂਦੇ ਹਨ। ਯੁਵਕ ਹੁਣ ਜਾਂ ਤਾਂ ਡਰਾਈਵਰ ਬਣਦੇ ਹਨ ਅਤੇ ਜਾਂ ਫਿਰ ਹਲਵਾਈ। ਕਦੇ ਇੱਥੇ ਦਾ ਹੱਥ ਖੱਡੀ ਕੱਪੜਾ ਬੜਾ ਮਸ਼ਹੂਰ ਰਿਹਾ ਅਤੇ ਖੱਡੀ ਕੱਪੜੇ ਦਾ ਵਪਾਰ ਵੀ। ਹੱਥ-ਖੱਡੀ ਕੱਪੜੇ ਦੇ ਇਥੋਂ ਦੇ ਮਸ਼ਹੂਰ ਵਪਾਰੀਆ ਵਿੱਚੋਂ ਲਤਾੜੇ ਲੋਕਾਂ ਦੇ ਜਾਏ ਚੌਧਰੀ ਖੁਸ਼ਹਾਰ, ਤੇਜਾ ਸਿੰਘ ਅਤੇ ਬਤਨ ਸਿੰਘ ਸਨ। ਜਿਨਾਂ ਵਿਚੋਂ ਸ੍ਰੀ ਖੁਸ਼ਹਾਲ ਤੇ ਤੇਜਾ ਬੜੇ ਦਾਨੀ ਪੁਰਸ਼ ਵੀ ਸਨ। ਹੌਲੀ-ਹੌਲੀ ਮਸ਼ੀਨੀ ਕੱਪੜੇ ਨੇ ਇਸ ਉਦਯੋਗ ਅਤੇ ਵਪਾਰ ਨੂੰ ਬਹੁਤ ਢਾਅ ਲਾ ਦਿੱਤੀ। ਪੂਰੇ ਇਲਾਕੇ ਵਿਚੋਂ ਭੱਠਿਆਂ ਦੀਆਂ ਚਿਮਨੀਆਂ ਵੀ ਇਸੇ ਪਿੰਡ ਬਣਨੀਆਂ ਸ਼ੁਰੂ ਹੋਈਆਂ ਸਨ ਅਤੇ ਇੱਟਾਂ ਪੱਥਣ ਵਾਲੇ ਸੈਂਚੇ ਵੀ।
ਬੰਬੇਲੀ ਪਿੰਡ ਦੇ ਬਾਨੀਆਂ ‘ਚੋਂ ਹੋਇਆ ਇੱਕ ਨਾਮਵਰ ਸ਼ਖ਼ਸ ਜੋ ਇੱਕ ਖਤ ਵੀਹਵੀਂ ਸਦੀ ਦੇ ਸ਼ੁਰੂ ‘ਚ ਨਾਭਾ ਰਿਆਸਤ ਦੇ ਵਿਦੇਸ਼ ਮੰਤਰੀ ਨੂੰ ਲਿਖਦਾ ਹੈ, ਵਿੱਚ ਜ਼ਿਕਰ ਕਰਦਾ ਹੈ ਕਿ ਮੇਰੇ ਬਜ਼ੁਰਗ ਮੱਧ ਪੰਜਾਬ ਵਿੱਚੋਂ ਸ. ਗੁਰਬਖਸ਼ ਸਿੰਘ ਕਲਸੀਆ ਨਾਲ ਆਏ ਅਤੇ ਉਨ੍ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਬੰਬੇਲੀ ਨਾਂਅ ਦੇ ਸਥਾਨ ਉੱਤੇ ਟਿਕਾਣਾ ਕੀਤਾ। ਇਹ ਇਲਾਕਾ ਵੀ ਉਦੋਂ ਜਲੰਧਰ ਦੇ ਸੂਬੇਦਾਰ ਅਦੀਨਾਬੇਗ ਅਧੀਨ ਸੀ। ਬਾਅਦ ‘ਚ ਬੇਸ਼ਕ ਕਲਸੀ ਸਰਦਾਰ ਅੰਬਾਲਾ ਜ਼ਿਲ੍ਹਾ ਨੂੰ ਪ੍ਰਸਥਾਨ ਕਰ ਗਏ ਸਨ ਪਰ ਮੇਰੇ ਵਡੇਰੇ ਇੱਥੇ ਹੀ ਟਿਕੇ ਰਹੇ ਅਤੇ ਸਾਡਾ ਹੁਣ ਵਾਲਾ ਘਰ ਐਨ ਉਸੇ ਜਗ੍ਹਾ ਹੈ, ਜਿਥੇ ਕਦੇ ਕਲਸੀਆਂ ਸਰਦਾਰਾਂ ਦੀ ਹਵੇਲੀ ਸੀ। ਪਿੰਡ ਦੇ ਬਾਨੀ ਐਨੇ ਰੋਸ਼ਨ ਦਿਮਾਗ ਸਨ ਕਿ ਅੰਗਰੇਜ਼ ਹਕੂਮਤ ਨੇ ਜਦ ਇਸ ਇਲਾਕੇ ਵਿੱਚ ਪੈਰ ਜਮਾਏ ਤਾਂ ਪਹਿਲਾਂ ਪਹਿਲ ਵੇਲੇ ਦੀ ਮਸ਼ਹੂਰ ਪਦਵੀ ਆਹਲਾ ਲੰਬੜਦਾਰ ਵੀ ਇੱਥੋਂ ਦੇ ਬਜ਼ੁਰਗ ਥਾਪੇ ਗਏ। ਮੇਰੇ ਪਿਤਾ ਦਾ ਨਾਨਾ ਸ਼ਹਿਰ ਹੁਸ਼ਿਆਰਪੁਰ ਦਾ ਇੱਕ ਨਾਮੀ ਸੇਠ ਸੀ, ਜੋ ਕਿ ਸ਼ਾਹੂਕਾਰਾ ਕਰਦਾ ਸੀ। ਕਿਸੇ ਘਟਨਾ ਜਾਂ ਕਾਰਨ ਵੱਸ ਉਹ ਜ਼ਿੰਦਗੀ ਤੋਂ ਐਨਾ ਉਪਰਾਮ ਹੋਇਆ ਕਿ ਉਸ ਸ਼ਾਹੂਕਾਰਾ ਛੱਡ ਦਿੱਤਾ, ਲੈਣ-ਦੇਣ ਸੰਬੰਧੀ ਲਿਖਵਾਏ ਗਏ ਕਾਗਜ਼ ਅਤੇ ਦਸਤਾਵੇਜ਼ ਸਾੜ ਦਿੱਤੇ ਅਤੇ ਕਰਜ਼ੇ ਮਾਫ਼ ਕਰਕੇ ਉਹ ਘਰੋਂ ਚਲਾ ਗਿਆ। ਬਾਅਦ ‘ਚ ਉਹ ਬਹੁਤ ਹੀ ਮਸ਼ਹੂਰ ਸੰਨਿਆਸੀ ਦੇ ਤੌਰ ਉਤੇ ਪ੍ਰਸਿੱਧ ਹੋਇਆ, ਜਿਸ ਨੂੰ ਸਿੱਖ ਰਾਜ ਦੇ ਥਾਪੇ ਲਾਹੌਰ ਦੇ ਰਾਜੇ ਦੀਨਾ ਨਾਥ ਨੇ ਆਪਣਾ ਗੁਰੂ ਧਾਰ ਲਿਆ। ਜਦੋਂ ਮਰਹੂਮ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਸੰਧਾਵਾਲੀਏ ਨੇ ਕੀਤਾ ਤਾਂ ਇਹ ਸੰਨਿਆਸੀ ਵੀ ਰਾਜਾ ਦੀਨਾ ਨਾਥ ਨਾਲ ਮੌਕੇ ਉੱਤੇ ਹਾਜ਼ਰ ਸੀ । ਸਾਡੇ ਉਸ ਬਜ਼ੁਰਗ ਜੋ ਕਿ ਸਰਦਾਰ ਬਹਾਦਰ ਗੁਲਾਬ ਸਿੰਘ ਦਾ ਨਾਨਾ ਸੀ, ਦਾ ਸੰਬੰਧ ਵੀ ਬੰਬੇਲੀ ਪਿੰਡ ਨਾਲ ਬਹੁਤ ਰਿਹਾ ਅਤੇ ਉਸ ਨੇ ਵੀ ਇਸ ਦੇ ਵਿਸਥਾਰ ‘ਚ ਹਿੱਸਾ ਪਾਇਆ ਸੀ।
ਪਹਿਲਾਂ-ਪਹਿਲ ਇਸ ਪਿੰਡ ਦੇ ਵਾਸੀ ਆਪਣੀਆਂ ਪਾਣੀ ਦੀਆਂ ਲੋੜਾਂ ਪਿੰਡ ਦੀ ਜੁਹ ‘ਚ ਵਗਦੀ ਸਦਾ ਬਹਾਰ ਸੀਰਾਂ ਵਾਲੀ ਚੋਈ ਤੋਂ ਕਰਦੇ ਸਨ, ਜਿਸ ਦਾ ਪਾਣੀ ਇੱਕ ਤੋਂ ਬਾਅਦ ਇੱਕ ਟੋਭਿਆਂ ਵਿੱਚੋਂ ਹੁੰਦਾ ਹੋਇਆ ਫਿਰ ਚੋਈ ‘ਚ ਹੀ ਜਾ ਰਲਦਾ ਸੀ, ਪਰ ਇਲਾਕੇ ‘ਚ ਜਦੋਂ ਅਜੇ ਲੋਕ ਟੋਭਿਆਂ ਦਾ ਹੀ ਪਾਣੀ ਨਿੱਤ ਵਰਤੋਂ ਦੀਆਂ ਲੋੜਾਂ ਲਈ ਕਰਦੇ ਸਨ ਤਾਂ ਇਸ ਖੇਤਰ ਵਿੱਚ ਸਭ ਤੋਂ ਪਹਿਲਾਂ ਪੱਕੇ ਖੂਹਾਂ ਦੀ ਉਸਾਰੀ ਇਸੇ ਪਿੰਡ ‘ਚ ਹੋਈ ਸੀ, ਜਿਸ ਵਿੱਚ ਉਸ ਬਜ਼ੁਰਗ ਸੰਨਿਆਸੀ ਦਾ ਬੜਾ ਰੋਲ ਸੀ। ਕੁਝ ਵੀ ਹੋਵੇ, ਕਿਹਾ ਜਾ ਸਕਦਾ ਹੈ ਕਿ ਇਸ ਪਿੰਡ ਦੀਆਂ ਜੜ੍ਹਾਂ ਸਿੱਖ ਰਿਆਸਤਾਂ ਦੇ ਉਗਮਨ ਨਾਲ ਜੁੜੀਆਂ ਹੋਈਆਂ ਹਨ। ਬੇਸ਼ਕ ਅਜੇ ਹੋਰ ਖੋਜ ਦੀ ਲੋੜ ਹੈ, ਪਰ ਜਦੋਂ ਵੀ ਇਸ ਇਲਾਕੇ ਦਾ ਇਤਿਹਾਸ ਵਿਸ਼ਲੇਸ਼ਣ ਕੀਤਾ ਜਾਵੇਗਾ ਤਾਂ ਗੋਹੜੇ ‘ਚੋਂ ਕੱਤੀ ਜਾਣ ਵਾਲੀ ਪਹਿਲੀ ਪੂਣੀ ਦਾ ਨਾਂ ਬੰਬੇਲੀ ਵੀ ਹੋਵੇਗਾ। ਆਓ ਇਤਿਹਾਸ ਦੀਆਂ ਪੈੜਾਂ ਲੱਭੀਏ। ਦੇਖੀਏ ਇਤਿਹਾਸ ਦਾ ਖੁਰਾ-ਖੋਜ ਕਿੱਧਰ ਨੂੰ ਜਾਂਦਾ ਹੈ। ਆਓ! ਉੱਜਲ ਭਵਿੱਖ ਲਈ ਬੀਤੇ ਦੀਆਂ ਬਾਤਾਂ ਪਾਈਏ।
Credit – ਵਿਜੈ ਬੰਬੇਲੀ