ਭਾਰ ਸਿੰਘ ਪੁਰਾ
ਸਥਿਤੀ :
ਤਹਿਸੀਲ ਫਿਲੌਰ ਦਾ ਪਿੰਡ ਭਾਰ ਸਿੰਘ ਪੁਰਾ ਫਿਲੌਰ-ਨਵਾਂ ਸ਼ਹਿਰ ਸੜਕ ਤੋਂ 2 ਕਿਲੋਮੀਟਰ ਅਤੇ ਫਿਲੌਰ ਰੇਲਵੇ ਸਟੇਸ਼ਨ ਤੋਂ 10 ਕਿਲੋਮੀਟਰ ਦੀ ਦੂਰੀ ਦੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਭਾਰ ਸਿੰਘ ਪੁਰਾ ਇੱਕ ਇਤਿਹਾਸਕ ਪਿੰਡ ਹੈ ਜਿਸ ਦੀ ਨੀਂਹ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਇੱਕ ਬਹਾਦਰ ਸਿਪਾਹੀ ਬਾਬਾ ਭਾਰਾ ਸਿੰਘ ਨੇ 18ਵੀਂ ਸਦੀ ਦੇ ਆਰੰਭ ਵਿੱਚ ਰੱਖੀ ਸੀ। ਇਹ ਖੁਦਕਾਸ਼ਤ ਪਿੰਡ ਸੀ ਜਿਸ ਦੀ ਜੱਦੀ ਜ਼ਮੀਨ 1000 ਘੁਮਾਂ ਸੀ। ਬਾਬਾ ਭਾਰਾ ਸਿੰਘ ਅਜਨਾਲੇ ਤੋਂ ਆ ਕੇ ਗੁਰੂ ਸਾਹਿਬ ਦੀ ਫੌਜ ਵਿੱਚ ਸ਼ਾਮਲ ਹੋਏ ਸਨ। ਇਤਿਹਾਸਕ ਤੱਥਾਂ ਤੋਂ ਪਤਾ ਲੱਗਦਾ ਹੈ ਕਿ ਅਜਨਾਲੇ ਦਾ ਪਹਿਲਾਂ ਨਾਂ ਨਿਝਰਾਂ ਵਾਲੀ ਸੀ। ਅਤੇ ਬਾਬਾ ਭਾਰਾ ਸਿੰਘ ਨਿਝਰ ਗੋਤ ਦੇ ਜੱਟ ਸਨ। ਜਿਸ ਕਰਕੇ ਪਿੰਡ ਭਾਰ ਸਿੰਘ ਪੁਰਾ ਦੀ ਵਸੋਂ ਦਾ ਬਹੁਤਾ ਹਿੱਸਾ ਨਿਝਰ ਗੋਤ ਦੇ ਲੋਕਾਂ ਦਾ ਹੈ। ਇਹਨਾਂ ਤੋਂ ਇਲਾਵਾ ਜਵੰਦਾ, ਘੁੰਮਣ ਧਾਲੀਵਾਲ, ਜੌਹਲ ਅਤੇ ਬੈਂਸ ਆਦਿ ਗੋਤ ਦੇ ਕੁਝ ਪਰਿਵਾਰ ਰਹਿੰਦੇ ਹਨ।
ਇਸ ਪਿੰਡ ਦੇ ਹਰ ਪਰਿਵਾਰ ਵਿਚੋਂ ਕੋਈ ਨਾਂ ਕੋਈ ਵਿਦੇਸ਼ਾਂ ਵਿੱਚ ਰਹਿੰਦਾ ਹੈ ਤੇ ਵਿਦੇਸ਼ਾਂ ਦੇ ਪੈਸੇ ਨਾਲ ਪਿੰਡ ਨੇ ਬਹੁਤ ਤੱਰਕੀ ਕੀਤੀ ਹੈ, ਗੁਆਂਢੀ ਪਿੰਡਾਂ ਤੋਂ ਕਾਫੀ ਜ਼ਮੀਨ ਹੋਰ ਖਰੀਦੀ ਗਈ ਹੈ। ਪਿੰਡ ਭਾਰ ਸਿੰਘ ਪੁਰਾ 1955 ਤੋਂ 1965 ਤੱਕ ਇੱਕ ਵਾਰ ਸਫਾਈ ਖੇਤਰ ਅਤੇ ਦੂਜੀ ਵਾਰ ਸਰਬ ਪੱਖੀ ਉੱਨਤੀ ਲਈ ਦੇਸ਼ ਵਿੱਚ ਪਹਿਲੇ ਨੰਬਰ ਤੇ ਰਹਿ ਚੁੱਕਾ ਹੈ।
ਸੁਤੰਤਰਤਾ ਸੰਗਰਾਮ ਵਿੱਚ ਇਸ ਦਾ ਕਾਫੀ ਯੋਗਦਾਨ ਹੈ। ਗੁਰੂ ਕੇ ਬਾਗ ਦੇ ਮੋਰਚੇ ਵਿੱਚ ਹਿੱਸਾ ਲੈਣ ਕਾਰਨ ਨੰਬਰਦਾਰ ਜਵਾਲਾ ਸਿੰਘ ਦੀ ਜੱਦੀ ਨੰਬਰਦਾਰੀ ਅਤੇ ਜਿਲ੍ਹਾ ਮਿੰਟਗੁਮਰੀ ਵਿੱਚ ਉਹਨਾਂ ਦੀ ਡੇਢ ਮੁਰੱਬਾ ਜ਼ਮੀਨ ਜ਼ਬਤ ਹੋਈ। ਇਸ ਪਿੰਡ ਦੇ ਛੇ ਸਿੰਘ, ਜੈਤੋ ਦੇ ਮੋਰਚੇ ਵਿੱਚ ਗਏ ਅਤੇ ਭਾਈ ਉਧਮ ਸਿੰਘ ਗੰਗਸਰ ਵਿੱਚ ਕੈਦ ਹੋਏ ਜਿਹਨਾਂ ਦਾ ਹੁਣ ਤੱਕ ਕੁਝ ਪਤਾ ਨਹੀਂ ਹੈ।
ਪਿੰਡ ਵਿੱਚ ਇੱਕ ਬਾਬਾ ਧੰਨਾ ਸਿੰਘ ਦੀ ਥਾਂ ਬਣੀ ਹੋਈ ਹੈ ਜੋ ਗਊਆ ਦੀ ਬਹੁਤ ਸੇਵਾ ਕਰਿਆ ਕਰਦੇ ਸਨ, ਇੱਕ ਸ਼ਹੀਦਾਂ ਦੀ ਸਮਾਧ ਹੈ ਜਿੱਥੇ ਹਰ ਸਾਲ ਮੇਲਾ ਲਗਦਾ ਹੈ ਤੇ ਛਿੰਝ ਪੈਂਦੀ ਹੈ ਤੇ ਦੂਰੋਂ ਦੂਰੋਂ ਪਹਿਲਵਾਨ ਹਿੱਸਾ ਲੈਣ ਲਈ ਆਉਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ