ਭੁੱਲਰ
ਤਹਿਸੀਲ ਅਜਨਾਲਾ ਦਾ ਪਿੰਡ ਭੁੱਲਰ, ਅੰਮ੍ਰਿਤਸਰ-ਅਜਨਾਲਾ ਸੜਕ ਤੇ ਸਥਿਤ ਤੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ 16 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਦੱਸਿਆ ਜਾਂਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਨੇੜੇ ਦੇ ਪਿੰਡ ਵੈਰੋਕੇ ਕੋਲ ਲੰਘ ਤਾ ਇਹ ਪਿੰਡ ਭੁੱਲਰ ਪੂਰੀ ਤਰ੍ਹਾਂ ਵਿਕਸਤ ਸੀ। ਇਸ ਗੱਲ ਤੋਂ ਸਿੱਧ ਹੁੰਦਾ ਹੈ ਕਿ ਇਹ ਪਿੰਡ 550 ਸਾਲ ਤੋਂ ਵੱਧ ਪੁਰਾਣਾ ਹੈ। ਬਜ਼ੁਰਗਾਂ ਮੁਤਾਬਕ ਮੁਲਤਾਨ ਸਿੰਧ (ਪਾਕਿਸਤਾਨ) ਵਲੋਂ ਅਰਾਈਂ ਮੁਸਲਮਾਨ ਇੱਥੇ ਆ ਕੇ ਬੈਠੇ । ਉਹਨਾਂ ਲੋਲ੍ਹੇਵਾਲ ਖੂਹ ਲਾਇਆ ਅਤੇ ਆਸ ਪਾਸ ਵੱਸ ਗਏ। ਉਹਨਾਂ ਦੇ ਕਿਸੇ ਵਡੇਰੇ ਦੇ ਨਾਂ ਤੇ ਹੀ ਪਿੰਡ ਦਾ ਨਾਂ ਭੁੱਲਰ ਪਿਆ। ਉਸ ਵੇਲੇ ਇੱਥੇ ਜੰਗਲ ਹੀ ਜੰਗਲ ਅਤੇ ਜੰਡ ਦੇ ਦਰਖਤ ਹੁੰਦੇ ਸਨ। ਉਸ ਸਮੇਂ ਵਿਆਹ ਉਸ ਨੌਜਵਾਨ ਦਾ ਕੀਤਾ ਜਾਂਦਾ ਸੀ ਜੋ ਘੱਟੋ ਘੱਟ ਇੱਕ ਜੰਡ ਵੱਢ ਜਾਂ ਪੁੱਟ ਕੇ ਆਸ ਪਾਸ ਥਾਂ ਸਾਫ ਕਰੇ ਭਾਵ ਵਾਹੀਯੋਗ ਬਣਾਵੇ।
ਕਿਸੇ ਵੇਲੇ ਇਹ ਪਿੰਡ ਕਸਬਾ ਹੁੰਦਾ ਸੀ ਅਤੇ 80 ਪਿੰਡਾਂ ਦੇ ਵਸਨੀਕ ਵਿਆਹ ਸ਼ਾਦੀਆਂ ਤੇ ਸਾਰੀਆ ਲੋੜੀਂਦੀਆਂ ਵਸਤਾਂ ਇੱਥੋਂ ਖ੍ਰੀਦਦੇ ਹੁੰਦੇ ਸਨ। ਉਸ ਸਮੇਂ ਪਿੰਡ ਵਿੱਚ 120 ਤੇਲ ਦੇ ਕੋਹਲੂ ਹੁੰਦੇ ਸਨ ਅਤੇ ਸਰੋਂ ਦਾ ਤੇਲ ਲਾਹੌਰ ਭੇਜਿਆ ਜਾਂਦਾ ਸੀ।
ਇਹ ਪਿੰਡ ਰਾਜਨੀਤਿਕ ਪੱਖੋਂ ਵੀ ਕਾਫੀ ਚੇਤੰਨ ਹੈ। ਇਹ ਕਾਮਰੇਡ ਫੌਜਾ ਸਿੰਘ ਭੁੱਲਰ ਅਤੇ ਕਾਮਰੇਡ ਵੀਰ ਭਾਨ ਭੁੱਲਰ ਦਾ ਪਿੰਡ ਹੈ। ਅਜ਼ਾਦੀ ਦੀ ਲੜਾਈ ਵੇਲੇ ਸ.. ਵੱਸਣ ਸਿੰਘ, ਗੁਲਾਮ ਨਬੀ, ਅਨੰਤ ਰਾਮ ਅਤੇ ਗੁਣਸੀ ਰਾਮ ਨੇ ਜੇਲ੍ਹਾਂ ਕੱਟੀਆਂ ਅਤੇ ਤਸੀਹੇ ਝੱਲੇ।
ਪਿੰਡ ਵਿੱਚ ਮੁੱਖ ਤੌਰ ਤੇ ਜੱਟ ਸਿੱਖ ਔਲਖ ਅਤੇ ਸੰਧੂ ਗੋਤ ਦੇ ਹਨ। ਹਿੰਦੂ ਹਾਂਡਾ ਅਤੇ ਪ੍ਰਾਸਰ ਹਨ। ਮਹਿਰੇ ਅਤੇ ਹੋਰ ਜਾਤਾਂ ਦੇ ਲੋਕ ਵੀ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ