ਮਹਾਰਾਜਾ ਰਣਜੀਤ ਸਿੰਘ | Maharaja Ranjit Singh |

ਭਾਗ ਪਹਿਲਾ : ਚਾਰ ਰੱਬੀ ਹੁਕਮ  

Contents hide

ਰਹੱਸਮਈ ਦ੍ਰਿਸ਼

ਰਣਜੀਤ ਸਿੰਘ ਨੇ ਇਕ ਜੇਤੂ ਦੇ ਤੌਰ ‘ਤੇ ਲਾਹੋਰ ਕਿਲ੍ਹੇ ਵਿਚ 7 ਜੁਲਾਈ, 1799 ਨੂੰ ਪ੍ਰਵੇਸ਼ ਕੀਤਾ। ਆਪਣੇ ਬੰਦਿਆਂ ਤੋਂ ਵੱਖ ਹੋ ਕੇ ਫਿਰਦੇ ਫਿਰਾਂਦੇ ਉਹ ਸਮਨ ਬੁਰਜ ਵੱਲ ਵਧਿਆ, ਇਹ ਰਾਵੀ ਦਰਿਆ ਦੇ ਕਿਨਾਰੇ ਇਕ ਅੱਠ ਨੁਕਰੀ ਇਮਾਰਤ ਸੀ । ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਹਨੇਰੇ ਵਿਚ ਉਸ ਨੇ ਝਾਤੀ ਮਾਰੀ ਤੇ ਇਕ ਸ਼ੇਰ ਦੀ ਸ਼ਕਲ ਵੇਖ ਕੇ ਕੁਝ ਹੈਰਾਨ ਜਿਹਾ ਹੋ ਗਿਆ । ਉਹ ਵਾਪਸ ਜਾਣ ਲਈ ਮੁੜਿਆ ਹੀ ਸੀ ਕਿ ਉਸ ਨੇ ਅੰਦਰੋਂ ਇਕ ਆਵਾਜ਼ ਸੁਣੀ, “ਰਣਜੀਤ ਸਿੰਘ, ਡਰ ਨਾ, ਅੰਦਰ ਆ ਜਾ ।” ਆਵਾਜ਼ ਵਿਚ ਕੁਝ ਅਜਿਹੀ ਖਿੱਚ ਸੀ ਕਿ ਉਸ ਨੂੰ ਇਸ ਦੇ ਹੁਕਮ ਦੀ ਪਾਲਣਾ ਕਰਨੀ ਪਈ। ਅੰਦਰ ਪਹੁੰਚ ਕੇ ਇਕ ਕਮਜ਼ੋਰ ਬੁੱਢੇ, ਚਿੱਟੇ ਦਾੜ੍ਹੇ ਵਾਲੇ ਮਧਰੇ ਕੱਦ ਦੇ ਮਨੁੱਖ ਦੀ ਹਾਜ਼ਰੀ ਵਿਚ ਆਪਣੇ ਆਪ ਨੂੰ ਖਲੋਤਾ ਦੇਖਿਆ, ਜਿਸ ਨੇ ਇਸ਼ਾਰਾ ਕਰਕੇ ਉਸ ਨੂੰ ਆਪਣੇ ਪਾਸ ਬੁਲਾਇਆ। ਜਦੋਂ ਉਸ ਨੇ ਇੰਝ ਕੀਤਾ ਤਾਂ ਉਸ ਮਨੁੱਖ ਨੇ ਭਵਿੱਸ਼ਵਾਣੀ ਕੀਤੀ ਕਿ ਉਹ ਪੰਜਾਬ ਵਿਚ ਸੁਤੰਤਰ ਰਾਜ ਜਲਦੀ ਹੀ ਸਥਾਪਤ ਕਰ ਲਵੇਗਾ। ਉਸ ਨੇ ਇਸ ਨੌਜਵਾਨ ਨੂੰ ਤਾੜਨਾ ਕੀਤੀ ਕਿ ਜੇ ਉਹ ਚਾਰ ਨਿਯਮਾਂ ਦੀ ਪਾਲਨਾ ਕਰੇਗਾ ਤਾਂ ਉਸ ਦਾ ਰਾਜ-ਭਾਗ ਵਧੇਰੇ ਸ਼ਕਤੀਸ਼ਾਲੀ ਤੇ ਖੁਸ਼ਹਾਲ ਹੋਏਗਾ । ਇਹ ਨਿਯਮ ਹੇਠ ਲਿਖੇ ਸਨ :

  1. ਰੋਜ਼ ਸਵੇਰੇ ਬਿਨਾਂ ਨਾਗਾ ਪੂਜਾ-ਪਾਠ ਕਰਨਾ ।
  2. ਮੁਗ਼ਲ ਬਾਦਸ਼ਾਹ ਦੇ ਤਖ਼ਤ ‘ਤੇ ਬੈਠ ਕੇ ਕਦੀ ਵੀ ਦਰਬਾਰ ਨਾ ਲਗਾਣਾ ।
  3. ਆਪਣੀ ਪਰਜਾ ਨਾਲ ਸਮ-ਦ੍ਰਿਸ਼ਟੀ ਵਰਤਣੀ ਤੇ ਜ਼ਾਤ-ਪਾਤ ਤੇ ਬਰਾਦਰੀ ਆਦਿ ਦਾ ਕੋਈ ਅੰਤਰ ਨਾ ਰਖਣਾ।
  4. ਲਾਹੌਰ ਦੇ ਫ਼ਕੀਰ ਸੱਯਦ ਗ਼ੁਲਾਮ ਮੁਹੀਉੱਦੀਨ ਦਾ ਸਤਿਕਾਰ ਕਰਨਾ ਤੇ ਮਿੱਤਰਤਾ ਪਾਲਣੀ ਕਿਉਂਕਿ ਉਹ ਇਕ ਖ਼ੁਦਾ ਪ੍ਰਸਤ ਬੰਦਾ ਹੈ ਜੋ ਨਵੇਂ ਰਾਜ ਭਾਗ ਦੀ ਦੇਖ-ਭਾਲ ਕਰੇਗਾ ਤੇ ਉਹਦੇ ਲੜਕੇ ਭੀ ਸੱਚੀ ਤੇ ਚੰਗੀ ਸੇਵਾ ਕਰਨਗੇ ।

ਰਣਜੀਤ ਸਿੰਘ ਨੇ ਇਸ ਘਟਨਾ ਦਾ ਵਰਣਨ ਕਿਸੇ ਨਾਲ ਨਹੀਂ ਕੀਤਾ ਪਰ ਕਈ ਵਰ੍ਹਿਆਂ ਉਪਰੰਤ ਉਸ ਨੂੰ ਮਜਬੂਰਨ ਇਹ ਗੱਲ ਇਵਜ ਖ਼ਾਨ ਨੂੰ ਸੁਣਾਨੀ ਪਈ, ਜੋ ਸ਼ਾਹੀ ਹਾਥੀਆਂ ਦਾ ਸਭ ਤੋਂ ਉੱਚ-ਅਧਿਕਾਰੀ ਸੀ । ਇਵਜ਼ ਖ਼ਾਨ ਦਾ ਪਵਿੱਤਰ ਪੁਰਸ਼ਾਂ ਪ੍ਰਤੀ ਬੜਾ ਭਰੋਸਾ ਸੀ ਤੇ ਉਹ ਇਕ ਫ਼ਕੀਰ ਨੂੰ ਮਿਲਿਆ ਸੀ ਜੋ ਗੜ੍ਹੀ ਸ਼ਾਹੂ ਮਸਜਿਦ ਵਿਚ ਠਹਿਰਿਆ ਸੀ। ਫ਼ਕੀਰ ਨੇ ਉਸ ਨੂੰ ਮਹਾਰਾਜੇ ਕੋਲੋਂ ਪੁੱਛਣ ਲਈ ਹਦਾਇਤ ਕੀਤੀ ਸੀ ਕਿ ਕੀ ਉਹ ਦਰਵੇਸ਼ ਜੋ ਲਾਹੌਰ ਕਿਲ੍ਹੇ ਵਿਚ ਉਸ ਨੂੰ ਮਿਲਿਆ ਸੀ ਉਸ ਦੇ ਦੱਸੇ ਹੋਏ ਹੁਕਮਾਂ ਦੀ ਪਾਲਨਾ ਕਰਦਾ ਹੈ ਜਾਂ ਨਹੀਂ। ਜਦ ਇਵਜ਼ ਖ਼ਾਨ ਨੇ ਰਣਜੀਤ ਸਿੰਘ ਤੋਂ ਇਸ ਬਾਰੇ ਪੁੱਛਿਆ ਤਾਂ ਰਣਜੀਤ ਸਿੰਘ ਦਾ ਰੰਗ ਕੁਝ ਪੀਲਾ ਜਿਹਾ ਹੋ ਗਿਆ ਤੇ ਪਸੀਨਾ ਆਉਣਾ ਸ਼ੁਰੂ ਹੋ ਗਿਆ, ਹਾਲਾਂਕਿ ਰੁੱਤ ਸਰਦੀ ਦੀ ਸੀ। ਕੁਝ ਪਲਾਂ ਬਾਅਦ ਉਸ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਆਪਣੇ ਨਿੱਜੀ ਤਜਰਬੇ ਦੀ ਘਟਨਾ ਦਾ ਵਰਣਨ ਕੀਤਾ ਤੇ ਉਸ ਨੂੰ ਹਦਾਇਤ ਕੀਤੀ ਕਿ ਮਹਾਰਾਜੇ ਦੀ ਮੌਤ ਤਕ ਇਹ ਗੱਲ ਛਿਪੀ ਰਹੇ। ਇਵਜ਼ ਖ਼ਾਨ ਨੇ ਇੰਜ ਹੀ ਕੀਤਾ ਤੇ ਰਣਜੀਤ ਸਿੰਘ ਦੀ ਮੌਤ ਪਿੱਛੋਂ ਇਹ ਕਹਾਣੀ ਫ਼ਕੀਰ ਸੱਯਦ ਕਮਰਉੱਦੀਨ ਨੂੰ ਸੁਣਾਈ ਜਿਸ ਰਾਹੀਂ ਇਹ ਲੇਖਕ ਦੇ ਘਰਾਣੇ ਦੇ ਪੁਰਾਣੇ ਕਾਗਜ਼ਾਂ ਵਿਚ ਦਰਜ ਹੋਈ ਮਿਲਦੀ ਹੈ।

ਇਹ ਕਹਾਣੀ ਕਿਥੋਂ ਤਕ ਸੱਚ ਹੈ-ਇਹ ਕੋਈ ਬਹੁਤੀ ਮਹੱਤਤਾ ਵਾਲੀ ਗੱਲ ਨਹੀਂ। ਲੇਖਕ ਨੂੰ ਖ਼ੁਦ ਨੂੰ ਯਕੀਨ ਹੈ ਕਿ ਇਹ ਸੱਚ ਹੈ ਪਰ ਆਪਣੇ ਪਾਠਕਾਂ ‘ਤੇ ਉਹ ਇਹ ਆਸ ਨਹੀਂ ਰਖਦਾ ਕਿ ਉਹ ਵੀ ਇਸ ਨੂੰ ਇਵੇਂ-ਸੱਚ ਮੰਨਣ । ਇਸ ਕਹਾਣੀ ਦੀ ਖ਼ਾਸ ਗੱਲ ਇਸ ਦੀ ਪ੍ਰਤੀਕਾਤਮਕ ਮਹੱਤਤਾ ਹੈ : ਭਾਵ ਇਸ ਤੋਂ ਰਣਜੀਤ ਸਿੰਘ ਦੀ ਰਾਜਨੀਤੀ ਅਤੇ ਉਸ ਦੇ ਨਿੱਜੀ ਕਿਰਦਾਰ ਦਾ ਪਤਾ ਚਲਦਾ ਹੈ।

  ਇਕ ਸੱਚਾ ਸਿੱਖ

ਰਣਜੀਤ ਸਿੰਘ ਇਕ ਸਿਦਕੀ ਸਿੱਖ ਸੀ। ਉਸ ਦੀ ਨਿੱਤ ਦੀ ਕਾਰਵਾਈ ਸਵੇਰ ਦੀ ਪ੍ਰਾਰਥਨਾ ਨਾਲ ਆਰੰਭ ਹੁੰਦੀ ਸੀ। ਉਹ ਇਸ਼ਨਾਨ ਕਰਦਾ, ਕੱਪੜੇ ਪਹਿਨਦਾ, ਸ਼ਸਤਰ ਸਜਾਂਦਾ ਤੇ ਪ੍ਰਾਰਥਨਾ ਵਾਲੇ ਕਮਰੇ ਵਿਚ ਜਾ ਕੇ ਗੁਰੂ ਗਰੰਥ ਸਾਹਿਬ ਦਾ ਪਾਠ ਸੁਣਦਾ । ਉਪਰੰਤ ਉਹ ਗੁਰੂ ਗੋਬਿੰਦ ਸਿੰਘ ਜੀ ਦੀ “ਅਦਭੁਤ ਕਲਗੀ’ ਨਾਲ ਆਪਣੀਆਂ ਅੱਖਾਂ ਤੇ ਮਸਤਕ ਨੂੰ ਛੂੰਹਦਾ । ਇਹ ਸਾਰਾ ਕੁਝ ਕਰਨ ਤੋਂ ਬਾਅਦ ਹੀ ਉਹ ਰੋਜ਼ਾਨਾ ਸਰਕਾਰੀ ਕੰਮ ਲਈ ਬੈਠਦਾ । ਗੁਰੂ ਗਰੰਥ ਸਾਹਿਬ ਵਾਸਤੇ ਉਸ ਦਾ ਇੰਨਾ ਸਿਦਕ ਸੀ ਕਿ ਕੋਈ ਵੱਡਾ ਫ਼ੈਸਲਾ ਜਾਂ ਜ਼ਰੂਰੀ ਕੰਮ ਦਾ ਆਰੰਭ ਇਨ੍ਹਾਂ ਦੀ ਅਗਵਾਈ ਬਿਨਾਂ ਨਹੀਂ ਸੀ ਕਰਦਾ। ਕਦੀ ਕਦੀ ਤਾਂ ਉਹ ਛੋਟੇ ਕੰਮਾਂ ਲਈ ਵੀ ਇਨ੍ਹਾਂ ਤੋਂ ਭਵਿੱਖਵਾਣੀ ਪ੍ਰਾਪਤ ਕਰਦਾ ਸੀ । ਪ੍ਰੰਤੂ ਉਹ ਅੰਨ੍ਹੀ ਲਗਨ ਵਾਲਾ ਤੇ ਕੱਟੜ ਵਿਅਕਤੀ ਨਹੀਂ ਸੀ ਅਤੇ ਸੱਚੇ ਧਾਰਮਿਕ ਪੁਰਸ਼ਾਂ ਵਾਂਗ ਦਿਖਾਵੇ ਤੇ ਪਾਖੰਡ ਲਈ ਉਸ ਨੂੰ ਬੜੀ ਘਿਰਣਾ ਸੀ । ਕੁਝ ਕੁ ਵਿਦੇਸ਼ੀ ਯਾਤਰੂਆਂ ਨੇ ਜੋ ਉਸ ਦੇ ਦਰਬਾਰ ਵਿਚ ਆਏ, ਉਸ ਦੇ ਇਸ ਪੱਖ ਨੂੰ ਗ਼ਲਤ ਸਮਝਿਆ । ਉਦਾਹਰਨ ਵਜੋਂ ਵਿਕਟਰ ਯਾਕਮੋਂ (Victor Jacquemen) ਆਪਣੀ ਪੁਸਤਕ ‘ਭਾਰਤ ਤੋਂ ਚਿੱਠੀਆਂ’ ਵਿਚ ਉਸ ਬਾਰੇ ਕਹਿੰਦਾ ਹੈ : “ਉਹ ਕਿਰਤ ਵਿਰਤ ਵਜੋਂ ਤਾਂ ਸਿੱਖ ਸੀ ਪਰ ਅਸਲ ਵਿਚ ਅਸ਼ਰਧਕ । ਹਰ ਸਾਲ ਉਹ ਅੰਮ੍ਰਿਤਸਰ ਮੱਥਾ ਟੇਕਣ ਜਾਂਦਾ ਹੈ ਤੇ ਅਨੋਖੀ ਗੱਲ ਇਹ ਹੈ ਕਿ ਉਹ ਮੁਸਲਮਾਨ ਦਰਵੇਸ਼ਾਂ ਦੇ ਮਕਬਰਿਆਂ ‘ਤੇ ਵੀ ਜਾਂਦਾ ਹੈ, ਪਰੰਤੂ ਇਹ ਪਵਿੱਤਰ ਯਾਤਰਾ ਕਰਕੇ ਉਸ ਦੇ ਆਪਣੇ ਧਰਮ ਦੇ ਕੱਟੜਵਾਦੀ ਨਰਾਜ਼ ਨਹੀਂ ਸਨ ਹੁੰਦੇ ।” ਇਸੀ ਤਰ੍ਹਾਂ ਡਬਲਿਊ. ਜੀ. ਆਸਬਰਨ ਆਪਣੀ ਪੁਸਤਕ ‘ਰਣਜੀਤ ਸਿੰਘ ਦਾ ਦਰਬਾਰ ਤੇ ਕੈਂਪ’ ਵਿਚ ਲਿਖਦਾ ਹੈ, “ਭਾਵੇਂ ਉਹ ਪੇਸ਼ੇ ਵਜੋਂ ਸਿਪਾਹੀ ਹੈ ਪਰ ਧਰਮ ਦੇ ਮਾਮਲੇ ਵਿਚ ਉਹ ਸ਼ੱਕੀ ਹੈ ਅਤੇ ਇਹ ਗੱਲ ਦੱਸਣੀ ਮੁਸ਼ਕਿਲ ਹੈ ਕਿ ਉਸ ਦਾ ਇਹ ਵਿਚਾਰ ਸੱਚਾ ਹੈ ਜਾਂ ਕੇਵਲ ਆਪਣੇ ਲੋਕਾਂ ਨੂੰ ਖ਼ੁਸ਼ ਰਖਣ ਲਈ ਤੇ ਆਪਣੇ ਵੱਲ ਖਿੱਚਣ ਲਈ ਇਕ ਪ੍ਰਕਾਰ ਦਾ ਬੁਰਕਾ ।” ਇਸੀ ਤਰ੍ਹਾਂ ਡਬਲਿਊ. ਐਲ. ਮੈਕਗਰੈਗਰ (W.L. M’Gregor) ਆਪਣੀ ਪੁਸਤਕ ‘ਸਿੱਖਾਂ ਦੇ ਇਤਿਹਾਸ’ ਵਿਚ ਲਿਖਦਾ ਹੈ, “ਰਣਜੀਤ ਸਿੰਘ ਦੇ ਆਪਣੇ ਧਾਰਮਿਕ ਕਿਰਦਾਰ ਬਾਰੇ ਇਹ ਨਿਸ਼ਚਿਤ ਨਹੀਂ ਕਿ ਉਸ ਦੇ ਕੁਝ ਖ਼ਾਸ ਆਪਣੇ ਅਸੂਲ ਹਨ ਕਿ ਨਹੀਂ, ਪਰ ਸਿੱਖਾਂ ਦੇ ਸੁਤੰਤਰ ਹੁਕਮਰਾਨ ਹੋਣ ਦੇ ਨਾਤੇ ਗੁਰੂ ਨਾਨਕ ਦੇ ਧਾਰਮਿਕ ਨਿਯਮਾਂ ਦੀ ਪਾਲਨਾ ਕਰਨੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਵਿਚ ਕੀਤੇ ਪਰਿਵਰਤਨਾਂ ਦਾ ਪੱਖ ਪੂਰਨਾ ਉਸ ਲਈ ਰਾਜਨੀਤਿਕ ਤੋਰ ‘ਤੇ ਆਵੱਸ਼ਕ ਹੈ ਅਤੇ ਉਹ ਇਹ ਕੰਮ ਬੜੀ ਉਦਾਰਤਾ ਸਹਿਤ ਕਰਦਾ ਹੈ।” ਅਸਲ ਗੱਲ ਤਾਂ ਇਹ ਹੈ ਕਿ ਰਣਜੀਤ ਸਿੰਘ ਕੋਈ ਦੰਭੀ, ਵਹਿਮੀ ਜਾਂ ਮੌਕਾਪ੍ਰਸਤ ਨਹੀਂ ਸਗੋਂ ਦਿਲ ਦੀਆਂ ਡੂੰਘਾਣਾਂ ਤੋਂ ਧਾਰਮਿਕ ਤੇ ਸਿਦਕੀ ਬੰਦਾ ਸੀ । ਉਹ ਬਗ਼ੈਰ ਕਿਸੇ ਧਾਰਮਿਕ ਭਿੰਨ-ਭੇਦ ਦੇ ਸਭ ਪਵਿੱਤਰ ਤੇ ਆਤਮਕ ਗੱਲਾਂ ਦਾ ਅਤਿ ਸਤਿਕਾਰ ਕਰਦਾ ਸੀ । ਉਸ ਦਾ ਮੁਸਲਮਾਨ ਦਰਵੇਸ਼ਾਂ ਦੇ ਸਥਾਨਾਂ ‘ਤੇ ਜਾਣਾ ਤੇ ਹਿੰਦੂਆਂ ਦੇ ਮੰਦਰਾਂ ਦੀ ਯਾਤਰਾ ਕਰਨੀ ਉੱਨੀ ਹੀ ਧਾਰਮਿਕ ਗੱਲ ਸੀ ਜਿੰਨੀ ਕਿ ਦਰਬਾਰ ਸਾਹਿਬ ਜਾਂ ਤਰਨਤਾਰਨ ਦੀ ਯਾਤਰਾ ‘ਤੇ ਜਾਣਾ ਅਤੇ ਅਜਿਹੇ ਸਭ ਧਾਰਮਿਕ ਸਥਾਨਾਂ ਨੂੰ ਉਸ ਨੇ ਦਾਨ, ਜਾਗੀਰ ਤੇ ਤੋਹਫ਼ੇ ਪੂਰੀ ਖੁਲ੍ਹ-ਦਿਲੀ ਨਾਲ ਦਿੱਤੇ । ਅਜਿਹੀਆਂ ਭੇਟਾਵਾਂ ਉਸ ਦੇ ਦਿਲੀ ਸਤਿਕਾਰ ਦੇ ਅਨੁਕੂਲ ਸਨ ਜੋ ਉਹ ਹਰ ਧਰਮ ਦੇ ਆਗੂਆਂ ਜਾਂ ਸੰਸਥਾਵਾਂ ਲਈ ਦਿੰਦਾ ਰਹਿੰਦਾ ਸੀ। ਕਦੀ ਕਦੀ ਉਹ ਇੱਥੋਂ ਤਕ ਕਰਦਾ ਸੀ ਕਿ ਤਖ਼ਤ ਤੋਂ ਉਤਰ ਕੇ ਅਜਿਹੇ ਮਹਾਤਮਾ ਪੁਰਸ਼ਾਂ ਦੇ ਚਰਨਾਂ ਨੂੰ ਆਪਣੀ ਲੰਬੀ ਦਾਹੜੀ ਨਾਲ ਝਾੜਦਾ । ਕਈ ਸਿੱਖ ਪੁਜਾਰੀਆਂ, ਹਿੰਦੂ ਭਗਤਾਂ ਤੇ ਮੁਸਲਮਾਨ ਫ਼ਕੀਰਾਂ ਨੇ ਉਸ ਦੀ ਅਜਿਹੀ ਸ਼ਾਹੀ ਨਿਮਰਤਾ ਨੂੰ ਖੁੱਲ੍ਹੇ ਦਰਬਾਰ ਵਿਚ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਉਸ ਨੇ ਆਪਣੇ ਧਰਮ ਦੇ ਨਿਯਮਾਂ ਵੱਲੋਂ ਕਦੀ ਲਾਪਰਵਾਹੀ ਨਹੀਂ ਕੀਤੀ । ਇਕ ਵਾਰ ਅਕਾਲ ਤਖ਼ਤ ‘ਤੇ ਜਾਣ ਸਮੇਂ ਕਿਸੇ ਪਾਵਨ ਨਿਯਮ ਦੀ ਉਲੰਘਣਾ ਕਰਕੇ ਉਹ ਕਸੂਰਵਾਰ ਠਹਿਰਾਇਆ ਗਿਆ । ਉਸ ਨੇ ਉਸੇ ਵਕਤ ਆਪਣੀ ਪਿੱਠ ਨੰਗੀ ਕਰ ਕੇ ਅਕਾਲ ਤਖ਼ਤ ਦੇ ਮੁੱਖ ਅਧਿਕਾਰੀ ਨੂੰ ਕੋੜ੍ਹੇ ਮਾਰਨ ਲਈ ਕਹਿ ਦਿੱਤਾ । ਜੇ ਇਹ ਗੱਲਾਂ ਮਹਿਜ਼ ਵਹਿਮ ਜਾਂ ਦੰਭ ਹਨ ਤਾਂ ਸਾਰਾ ਧਰਮ ਹੀ ਇਕ ਦੰਭ ਹੈ

ਮਹਾਰਾਜਾ ਰਣਜੀਤ ਸਿੰਘ | Maharaja Ranjit Singh |

ਫ਼ਕੀਰ ਅਜ਼ੀਜ਼ਉੱਦੀਨ ਨੇ ਅਜਿਹੇ ਬਿਰਤਾਂਤ ਦਾ ਵਰਣਨ ਕੀਤਾ ਹੈ ਜਿਨ੍ਹਾਂ ਵਿਚੋਂ ਰਣਜੀਤ ਸਿੰਘ ਦਾ ਆਤਮਕ ਗੱਲਾਂ ਵਿਚ ਭਰੋਸਾ ਤੇ ਉਦਾਰਤਾ ਆਪ-ਮੁਹਾਰੀ ਉਮੜਦੀ ਜਾਪਦੀ ਹੈ। ਇਕ ਅਜਿਹੇ ਮੌਕੇ ‘ਤੇ ਮਹਾਰਾਜ ਤੇ ਫ਼ਕੀਰ ਸਾਹਿਬ ਲਾਹੌਰ ਦੇ ਬਾਹਰ ਸੈਰ ਕਰ ਰਹੇ ਸਨ, ਉਨ੍ਹਾਂ ਇਕ ਬੈਲ-ਗੱਡੀ ਦੇਖੀ ਜਿਸ ‘ਤੇ ਇਕ ਬੜੀ ਵੱਡੀ ਪੁਸਤਕ ਲੱਦੀ ਹੋਈ ਸੀ। ਮਹਾਰਾਜੇ ਨੇ ਗੱਡੀ ਨੂੰ ਠਹਿਰਾਇਆ ਤੇ ਚਾਲਕ ਨੂੰ ਪੁੱਛਿਆ ਕਿ ਉਹ ਕੀ ਲਿਜਾ ਰਿਹਾ ਸੀ । ਉਸ ਉੱਤਰ ਦਿੱਤਾ, “ਮਹਾਰਾਜ ਮੈਂ ਇਕ ਸੁਲੇਖਕ ਹਾਂ ਤੇ ਇਹ ਸਾਡੇ ਕੁਰਾਨ ਸਾਹਿਬ ਦਾ ਹੱਥ ਲਿਖਤ ਖਰੜਾ ਹੈ ਜੋ ਮੈਂ ਸਾਰੀ ਉਮਰ ਲਗਾ ਕੇ ਸੰਪੂਰਨ ਕੀਤਾ ਹੈ ਤੇ ਮੈਂ ਹੈਦਰਾਬਾਦ ਵੱਲ ਜਾ ਰਿਹਾ ਹਾਂ ਤਾਂ ਕਿ ਉੱਥੋਂ ਦੇ ਮੁਸਲਮਾਨ ਬਾਦਸ਼ਾਹ ਅੱਗੇ ਵੇਰ ਸਕਾਂ। ਮੈਂ ਸੁਣਿਆ ਹੈ ਕਿ ਉਹ ਬਹੁਤ ਹੀ ਧਾਰਮਿਕ ਤੇ ਦਰਿਆ-ਦਿਲ ਪੁਰਸ਼ ਹੈ। ਮਹਾਰਾਜੇ ਨੇ ਫ਼ਕੀਰ ਅਜੀਜਉੱਦੀਨ ਵੱਲ ਦੇਖ ਕੇ ਕਿਹਾ, “ਇਸ ਆਦਮੀ ਦਾ ਖ਼ਿਆਲ ਹੈ ਕਿ ਹੈਦਰਾਬਾਦ ਦੇ ਇਸ ਪਾਸੇ ਕੋਈ ਵੀ ਇੰਨਾ ਧਾਰਮਿਕ ਜਾਂ ਸਖੀ ਨਹੀਂ ਜੋ ਅਡੀ ਕੀਮਤ ਦੇ ਸਕੇ ।” ਫਿਰ ਉਸ ਨੇ ਸਲੇਖਕ ਨੂੰ ਪੁੱਛਿਆ, “ਕਿੰਨੀ ਕ ਕੀਮਤ ਦੀ ਆਸ ਹੈ ਭਲੇ ਪੁਰਸ਼, ਦੱਸ ਤਾਂ ਸਹੀ?” ਸੁਲੇਖਕ ਨੇ ਤਕੜੀ ਰਕਮ ਦੱਸੀ ਜੋ ਅੱਜ ਕਲ੍ਹ ਵੀ ਇਕ ਖਰੜੇ ਲਈ ਬਹੁਤ ਜਾਪਦੀ ਹੈ— ‘ਦਸ ਹਜ਼ਾਰ ਰੁਪਏ ।’ ਇਸ ਤੋਂ ਪਹਿਲਾਂ ਕਿ ਵਜ਼ੀਰ ਕੁਝ ਦਖ਼ਲ ਦੇ ਸਕੇ, ਸੌਦਾ ਹੋ ਗਿਆ । ਮਹਾਰਾਜੇ ਨੇ ਹੁਕਮ ਦਿੱਤਾ, “ਫ਼ਕੀਰ ਜੀ, ਕ੍ਰਿਪਾ ਕਰਕੇ ਧਿਆਨ ਦੇਣਾ ਤੇ ਇਸ ਆਦਮੀ ਨੂੰ ਦਸ ਹਜ਼ਾਰ ਰੁਪਏ ਦਿਵਾ ਦਿਓ।” ਇਹ ਖਰੜਾ ਪ੍ਰਾਪਤ ਕਰਨ ਉਪਰੰਤ ਜਲਦੀ ਹੀ ਮਹਾਰਾਜੇ ਨੇ ਫ਼ਕੀਰ ਅਜ਼ੀਜ਼ਉੱਦੀਨ ਨੂੰ ਉਸ ਰਚਨਾ ਵਿਚੋਂ ਕੋਈ ਅੰਸ਼ ਸੁਣਾਉਣ ਲਈ ਕਿਹਾ। ਅਜ਼ੀਜ਼ਉੱਦੀਨ ਨੇ ‘ਸੂਰਾ ਯੂਸਫ’ (ਯੂਸਫ ਸਬੰਧੀ ਕਾਂਡ) ਪੜ੍ਹ ਕੇ ਮਹਾਰਾਜੇ ਦੇ ਲਾਭ ਲਈ ਇਸ ਦਾ ਉਲਥਾ ਕਰਕੇ ਸੁਣਾਇਆ। ਰਣਜੀਤ ਸਿੰਘ ਨੇ ਕਿਹਾ, “ਫ਼ਕੀਰ ਜੀ, ਗੁਰੂ ਗਰੰਥ ਸਾਹਿਬ ਵੀ ਤਾਂ ਇਹੀ ਆਖਦਾ ਹੈ, ਫਰਕ ਕੀ ਹੈ?” ਫ਼ਕੀਰ ਨੇ ਉੱਤਰ ਦਿੱਤਾ, “ਹਜ਼ੂਰੇ ਆਲਾ, ਫਰਕ ਕੋਈ ਨਹੀਂ, ਉਦੇਸ਼ ਉਹੀ ਹੈ, ਸਿਰਫ਼ ਰਾਹ ਵੱਖ ਹਨ।” ਮਹਾਰਾਜੇ ਨੇ ਇਸ ਢੁੱਕਵੇਂ ਉੱਤਰ ’ਤੇ ਅਜ਼ੀਜ਼ਉੱਦੀਨ ਨੂੰ ਇਨਾਮ ਵਜੋਂ ਉਹ ਖਰੜਾ ਦੇ ਦਿੱਤਾ।

ਇਸ ਘਟਨਾ ਦਾ ਇਕ ਹੋਰ ਪ੍ਰਚਲਿਤ ਬਿਰਤਾਂਤ ਵੀ ਮਿਲਦਾ ਹੈ ਜੋ ਇਸ ਨੂੰ ਹੋਰ ਨਾਟਕੀ ਬਣਾਂਦਾ ਹੈ। ਕਹਾਣੀ ਇਸ ਪ੍ਰਕਾਰ ਹੈ ਕਿ ਸੁਲੇਖਕ ਮਹਾਰਾਜੇ ਦੇ ਮਹਿਲ ਵਿਚ ਫ਼ਕੀਰ ਅਜ਼ੀਜ਼ਉੱਦੀਨ ਪਾਸ ਪਹੁੰਚਿਆ। ਫ਼ਕੀਰ ਨੇ ਕੰਮ ਦੀ ਸ਼ਲਾਘਾ ਕੀਤੀ ਪਰ ਮੂੰਹ ਮੰਗੀ ਰਕਮ ਦੇਣ ਦੀ ਅਸਮਰਥਾ ਦੱਸੀ। ਮਹਾਰਾਜੇ ਨੇ ਇਹ ਗੱਲ ਕਿਵੇਂ ਸੁਣ ਲਈ ਤੇ ਜਦ ਇਹ ਆਦਮੀ ਜਾ ਰਿਹਾ ਸੀ ਉਸ ਨੂੰ ਰੁਕਵਾ ਕੇ ਆਪਣੇ ਪਾਸ ਬੁਲਵਾਇਆ । ਉਸ ਨੇ ਕਿਹਾ ਕਿ ਉਹ ਸਿਵਾਇ ਹੈਦਰਾਬਾਦ ਦੇ ਰਾਜੇ ਦੇ ਭਾਰਤ ਦੇ ਸਾਰੇ ਮੁਸਲਮਾਨ ਹਾਕਮਾਂ ਪਾਸ ਹੋ ਆਇਆ ਹੈ ਪਰ ਕਿਸੇ ਨੇ ਵੀ ਇਸ ਨੂੰ ਠੀਕ ਕੀਮਤ ਦੇਣ ਦੀ ਹਾਮੀ ਨਹੀਂ ਭਰੀ । ਮਹਾਰਾਜੇ ਨੇ ਉਸ ਖਰੜੇ ਨੂੰ ਉਸ ਪਾਸੋਂ ਲੈ ਕੇ ਆਪਣੇ ਮੱਥੇ ਨਾਲ ਛੁਹਾਇਆ, ਜਿਵੇਂ ਗੁਰੂ ਗਰੰਥ ਸਾਹਿਬ ਦੀ ਬੀੜ ਨੂੰ ਛੁਹਾਈਦਾ ਹੈ ਤੇ ਹੁਕਮ ਦਿੱਤਾ ਕਿ ਜੋ ਕੀਮਤ ਇਹ ਆਦਮੀ ਮੰਗ ਰਿਹਾ ਹੈ ਉਹ ਦੇ ਦਿੱਤੀ ਜਾਵੇ । ਜਦੋਂ ਬਾਅਦ ਵਿਚ ਵਿਦੇਸ਼ ਮੰਤਰੀ ਨੇ ਜ਼ਰਾ ਕੁ ਹੁਜਤ ਕੀਤੀ ਤਾਂ ਮਹਾਰਾਜੇ ਨੇ ਕਿਹਾ, “ਪ੍ਰਭੂ ਚਾਹੁੰਦਾ ਹੈ ਕਿ ਮੈਂ ਸਭ ਧਰਮਾਂ ਨੂੰ ਇਕ ਅੱਖ ਨਾਲ ਵੇਖਾਂ, ਇਸੇ ਕਰਕੇ ਮੇਰੀ ਇਕ ਅੱਖ ਦੀ ਨਜ਼ਰ ਖੋਹ ਲਈ ਗਈ ਹੈ। ਇਹ ਇਕ ਪਵਿੱਤਰ ਪੁਸਤਕ ਹੈ, ਮੈਂ ਇਸ ਆਦਮੀ ਦੀ ਮਿਹਨਤ ਦੀ ਕੀਮਤ ਨਹੀਂ ਚੁਕਾ ਰਿਹਾ ਸਗੋਂ ਪ੍ਰਭੂ ਲਈ ਭੇਟਾ ਪੇਸ਼ ਕਰ ਰਿਹਾ ਹਾਂ।”

ਇਕ ਹੋਰ ਕਹਾਣੀ ਫ਼ਕੀਰ ਨੂਰਉੱਦੀਨ ਤੋਂ ਪ੍ਰਾਪਤ ਹੋਈ ਹੈ ਜੋ ਦੱਸਦੀ ਹੈ ਕਿ ਰਣਜੀਤ ਸਿੰਘ ਦਾ ਉਦਾਰ-ਚਿਤ ਇਹੋ ਜਿਹੇ ਭਗਤੀ ਭਾਵਨਾ ਵਾਲੇ ਕੰਮਾਂ ਲਈ ਕੈਸਾ ਸੀ। ਇਕ ਦਿਨ ਮਹਾਰਾਜਾ ਤੇ ਫ਼ਕੀਰ ਨੂਰਉੱਦੀਨ ਆਹਮੋ-ਸਾਹਮਣੇ ਬੈਠੇ ਆਪਣੀ ਮਾਲਾ ਫੇਰ ਰਹੇ ਸਨ-ਦੋ ਵੱਖ-ਵੱਖ ਧਰਮਾਂ ਦੇ ਸਿਦਕੀ ਬੰਦੇ ਇਕੱਠੇ ਪ੍ਰਾਰਥਨਾ ਵਿਚ ਰੁਝੇ ਹੋਏ ਸਨ। ਮਹਾਰਾਜੇ ਪਾਸ ਬਹੁਤ ਕੀਮਤੀ ਮਾਲਾ ਸੀ ਤੇ ਫ਼ਕੀਰ ਪਾਸ ਮਾਮੂਲੀ ਕਾਹੂ ਲੱਕੜ ਦੀ। ਦੋਵੇਂ ਆਪੋ ਆਪਣੀ ਧਾਰਮਿਕ ਮਰਿਆਦਾ ਅਨੁਸਾਰ ਮਣਕੇ ਫੇਰ ਰਹੇ ਸਨ ਭਾਵ ਮਹਾਰਾਜਾ ਆਪਣੇ ਵੱਲ ਕਰਕੇ ਅਤੇ ਫ਼ਕੀਰ ਆਪਣੇਂ ਤੋਂ ਉਲਟ ਪਾਸੇ ਕਰਕੇ।

ਮਹਾਰਾਜਾ ਰਣਜੀਤ ਸਿੰਘ | Maharaja Ranjit Singh |

ਅਚਾਨਕ ਮਹਾਰਾਜੇ ਨੇ ਪੁੱਛਿਆ, “ਫ਼ਕੀਰ ਜੀ, ਮਾਲਾ ਫੇਰਨ ਦਾ ਠੀਕ ਤਰੀਕਾ ਕੀਹੈ?” ਫ਼ਕੀਰ ਨੇ ਉੱਤਰ ਦਿੱਤਾ, “ਮਹਾਰਾਜ, ਮਾਲਾ ਫੇਰਨ ਦਾ ਮਨੋਰਥ ਹੈ ਪ੍ਰਭੂ ਦਾ ਨਾਮ ਲੈਣਾ, ਜੇ ਤੁਸੀਂ ਪ੍ਰਭੂ ਦੀ ਬਖ਼ਸ਼ਿਸ਼ ਚਾਹੁੰਦੇ ਹੋ ਤਾਂ ਮਣਕਿਆਂ ਨੂੰ ਅੰਦਰ ਵੱਲ ਫੇਰੋ, ਜੇ ਤੁਸੀਂ ਕਿਸੇ ਬਲਾਅ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਬਾਹਰ ਵੱਲ ਨੂੰ ਫੇਰੋ।” ਇਸ ਉੱਤਰ ਨਾਲ ਮਹਾਰਾਜਾ ਇੰਨਾ ਪ੍ਰਸੰਨ ਹੋਇਆ ਕਿ ਉਸ ਨੇ ਆਪਣੀ ਕੀਮਤੀ ਮਾਲਾ ਫ਼ਕੀਰ ਨੂੰ ਇਨਾਮ ਦੇ ਤੌਰ ‘ਤੇ ਦੇ ਦਿੱਤੀ। ਰਣਜੀਤ ਸਿੰਘ ਦੀ ਇਹ ਨੀਤੀ ਹੁੰਦੀ ਸੀ ਕਿ ਹਰ ਧਰਮ ਦੇ ਲੋਕ ਆਪਣੇ ਰਸਮ ਰਿਵਾਜ ਅਨੁਸਾਰ ਧਰਮ ਨੂੰ ਪੂਰੀ ਆਜ਼ਾਦੀ ਨਾਲ ਨਿਭਾਹੁਣ ਪਰ ਕਦੀ ਕਦੀ ਪਰਸਪਰ ਵਿਰੋਧੀ ਮੰਗਾਂ ਕਿਸੇ ਧਿਰ ਵੱਲੋਂ ਉਸ ਨੂੰ ਪੇਸ਼ ਕੀਤੀਆਂ ਜਾਂਦੀਆਂ ਜੋ ਕਿ ਕਠਿਨ ਸਮੱਸਿਆ ਬਣ ਜਾਂਦੀਆਂ ਸਨ। ਹੇਠਲੀ ਘਟਨਾ ਇਕ ਅਜਿਹੇ ਨਮੂਨੇ ਵੱਜੋਂ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਅਜਿਹੇ ਸੰਪਰਦਾਇਕ ਦ੍ਰਿਸ਼ਟੀਕੋਣ ਨੂੰ ਸਮਝਾਉਣ ਤੇ ਸੁਲਝਾਉਣ ਵਿਚ ਕਿੰਨੀ ਸਹਾਇਤਾ ਕਰਦਾ ਹੁੰਦਾ ਸੀ । ਲਾਹੌਰ ਦੇ ਇਕ ਹਿੱਸੇ ਦੇ ਸਿੱਖਾਂ ਦਾ ਇਕ ਵਫਦ ਮਹਾਰਾਜੇ ਪਾਸ ਗਿਆ ਤੇ ਸ਼ਿਕਾਇਤ ਕੀਤੀ ਕਿ ਉਹ ਮੁੱਲਾਂ ਦੀ ਪੰਜ ਵਾਰੀ ਬਾਂਗ ਦੇਣ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੇ ਤੇ ਉਨ੍ਹਾਂ ਨੇ ਕਰੜੀ ਮੰਗ ਕੀਤੀ ਕਿ ਬਾਂਗ ਬੰਦ ਕਰ ਦਿੱਤੀ ਜਾਏ । ਮਹਾਰਾਜੇ ਨੇ ਫ਼ਕੀਰ ਅਜ਼ੀਜ਼ਉੱਦੀਨ, ਜੋ ਹਾਜ਼ਰ ਸੀ, ਉਸ ਵੱਲ ਪ੍ਰਸ਼ਨਵਾਚਯ ਨਜ਼ਰ ਨਾਲ ਵੇਖਿਆ। ਫ਼ਕੀਰ ਨੇ ਕਿਹਾ, “ਮਹਾਰਾਜ, ਬਾਂਗ ਪ੍ਰਾਰਥਨਾ ਲਈ ਇਕ ਸੱਦਾ ਹੈ ਕਿਉਂਕਿ ਮੁਸਲਮਾਨਾਂ ਦੀ ਨਿਮਾਜ਼ ਜਮਾਤੀ ਰੂਪ ਵਿਚ ਹੁੰਦੀ ਹੈ ਸੋ ਸਪਸ਼ਟ ਹੀ ਉਹ ਬਾਂਗ ਤੋਂ ਬਿਨਾਂ ਰਹਿ ਨਹੀਂ ਸਕਦੇ।” ਪਰ ਵਫ਼ਦ ਬਜ਼ਿਦ ਸੀ ਕਿ ਉਨ੍ਹਾਂ ਦੀ ਮੰਗ ਮੰਨੀ ਜਾਏ । ਫ਼ਕੀਰ ਨੇ ਮਹਾਰਾਜੇ ਨੂੰ ਬੇਨਤੀ ਕੀਤੀ ਤੇ ਕਿਹਾ, “ਮਹਾਰਾਜ, ਕੀ ਇਹ ਲੋਕ ਹਰ ਮੁਸਲਮਾਨ ਦੇ ਘਰ ਜਾ ਕੇ ਉਸ ਨੂੰ ਪੰਜ ਵਾਰੀ ਨਿਮਾਜ਼ ਲਈ ਸੱਦਾ ਦੇਣ ਲਈ ਤਿਆਰ ਹਨ?” ਸਿੱਖਾਂ ਨੇ ਇਸ ਪ੍ਰਬੰਧ ਲਈ ਹਾਂ ਕਰ ਦਿੱਤੀ ਤੇ ਫ਼ੈਸਲਾ ਹੋ ਗਿਆ ਕਿ ਬਾਂਗ ਬੰਦ ਕਰ ਦਿੱਤੀ ਜਾਏ । ਇਕ ਹਫ਼ਤੇ ਬਾਅਦ ਉਹ ਵਾਪਸ ਆ ਗਏ ਤੇ ਉਨ੍ਹਾਂ ਦੇ ਚਿਹਰੇ ਵਧੇਰੇ ਚਿੰਤਾਤੁਰ ਸਨ ਤੇ ਉਨ੍ਹਾਂ ਨੇ ਬੇਨਤੀ ਕੀਤੀ ਕਿ ਬਾਂਗ ਨੂੰ ਮੁੜ ਚਾਲੂ ਕੀਤਾ ਜਾਏ। ਉਨ੍ਹਾਂ ਨੇ ਇਹ ਗੱਲ ਕਬੂਲ ਕੀਤੀ ਕਿ, “ਅਸੀਂ ਹੁਣ ਸਮਝੇ ਹਾਂ ਕਿ ਕਿਉਂ ਮੁਸਲਮਾਨਾਂ ਨੇ ਲੋਕਾਂ ਨੂੰ ਪ੍ਰਾਰਥਨਾ ਲਈ ਇਕੱਠੇ ਕਰਨ ਵਾਸਤੇ ਇਹ ਵਿਸ਼ੇਸ਼ ਤਰੀਕਾ ਜਾਰੀ ਕੀਤਾ ਹੈ।”

ਰਣਜੀਤ ਸਿੰਘ ਆਪਣੇ ਖੁੱਲ੍ਹ-ਦਿਲੇ ਸੁਭਾ ਅਨੁਸਾਰ ਆਪ ਤੇ ਉਸ ਦਾ ਸ਼ਾਹੀ ਟੱਬਰ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਦੇ ਧਾਰਮਿਕ ਤਿਉਹਾਰਾਂ ਨੂੰ ਮਨਾਉਣ ਵਿਚ ਇਕੋ ਜਿਹਾ ਹਿੱਸਾ ਲੈਂਦੇ ਸਨ । ਕੁਝ ਕੁ ਈਦ-ਉਲ-ਫਿਤਰ ਦੇ ਅਵਸਰਾਂ ਤੇ ਮਹਾਰਾਜੇ ਨੇ ਆਪ ਹਾਜਰੀ ਭੂਰੀ, ਹਾਲਾਂਕਿ ਇਹ ਇਕ ਨਿਰੋਲ ਧਾਰਮਿਕ ਤਿਉਹਾਰ ਹੈ ਤੇ ਮੁਹੱਰਮ ਦੇ ਦਿਨਾਂ ਵਿਚ ਨੌਜਵਾਨ ਸ਼ਹਿਜ਼ਾਦੇ ਨਿਆਜ ਭੇਟਾ ਕਰਦੇ ਸਨ ਜਿਵੇਂ ਕਿ ਤੂੰ ਹੈ ਤੇ ਮਰਨ ਹੋਣ। ਰਣਜੀਤ ਸਿੰਘ ਦੀ ਹਿੰਦੂ, ਮੁਸਲਮਾਨ ਤੇ ਸਿੱਖ ਪਰਜਾ ਉਸ ਦੇ ਇਸ ਨਿੱਘੇ ਵਰਤਾਉ ਕਰਕੇ ਅਜਿਹੇ ਪੂਜਾ-ਪਾਠ ਦੇ ਮੌਕਿਆਂ ‘ਤੇ ਉਸ ਨੂੰ ਯਾਦ ਕਰਦੀ ਰਹਿੰਦੀ ਸੀ—ਜਿਵੇਂ ਕਿ ਜਦੋਂ ਕੋਈ ਨਵੀਂ ਮੁਹਿੰਮ ‘ਤੇ ਜਾਣਾ ਹੋਵੇ, ਕੋਈ ਨਵੀਂ ਜਿੱਤ ਪ੍ਰਾਪਤ ਕੀਤੀ ਹੋਵੇ ਜਾਂ ਕਿਸੀ ਦੁਰਘਟਨਾ ਤੋਂ ਵਾਲ-ਵਾਲ ਬਚਣ ਦੀ ਗੱਲ ਹੋਵੇ ਜਾਂ ਬੀਮਾਰ ਹੋਣ ਜਾਂ ਬਿਮਾਰੀ ਤੋਂ ਰਾਜ਼ੀ ਹੋ ਜਾਣ ਅਤੇ ਅੰਤਿਮ ਸੰਸਕਾਰ ਸਮੇਂ । ਲੇਖਕ ਦੇ ਘਰੇਲੂ ਕਾਗਜ਼ਾਂ ਤੋਂ ਅਤੇ ਜੋ ਲੋਕੀਂ ਇਕ ਦੂਜੇ ਨੂੰ ਪੁਸ਼ਤ ਦਰ ਪੁਸ਼ਤ ਕਹਾਣੀਆਂ ਸੁਣਾਂਦੇ ਆਏ ਹਨ, ਉਨ੍ਹਾਂ ਤੋਂ ਜੋ ਸਮੁੱਚਾ ਪ੍ਰਭਾਵ ਮਿਲਦਾ ਹੈ ਉਹ ਇਹ ਹੈ ਕਿ ਰਣਜੀਤ ਸਿੰਘ ਦੇ ਰਾਜ ਵਿਚ ਪੂਰਨ ਧਾਰਮਿਕ ਇਕਸੁਰਤਾ ਸੀ । ਹਰ ਫਿਰਕੇ ਦੇ ਲੋਕ ਉਸ ਨੂੰ ਆਪਣਾ ਮਦਦਗਾਰ ਹੀ ਨਹੀਂ ਸਗੋਂ ਆਪਣਾ ਇਕ ਅੰਗ ਸਮਝਦੇ ਸਨ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੀ ਪਰੰਪਰਾ ਅਨੁਸਾਰ ਉਹ ਪੱਕਾ ਸਿੱਖ ਸੀ । ਗੁਰੂ ਨਾਨਕ ਮੁਸਲਮਾਨਾਂ ਦੀਆਂ ਨਿਮਾਜ਼ਾਂ ਤੇ ਹਿੰਦੂਆਂ ਦੀ ਮੰਦਰਾਂ ਵਿਚ ਪੂਜਾ ਵਿਚ ਸ਼ਾਮਲ ਹੁੰਦੇ ਸਨ; ਉਨ੍ਹਾਂ ਮੱਕੇ ਦਾ ਹੱਜ ਤੇ ਹਿੰਦੂ ਤੀਰਥਾਂ ਦੀ ਯਾਤਰਾ ਵੀ ਕੀਤੀ। ਗੁਰੂ ਨਾਨਕ ਨੇ ਆਪਣੇ ਧਰਮ ਦਾ ਸਾਰੰਸ਼ ਸਾਦੇ ਲਫ਼ਜ਼ਾਂ ਵਿਚ ਇਉਂ ਦਿੱਤਾ ਸੀ, “ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ ।” ਜੇ ਉਦੋਂ ਕੋਈ ਸਿੱਖ ਹੁੰਦੇ ਤਾਂ ਉਨ੍ਹਾਂ ਬਿਨਾਂ ਸ਼ੱਕ ਇਹ ਵੀ ਕਹਿਣਾ ਸੀ, “ਨਾ ਕੋਈ ਸਿੱਖ।” ਰਣਜੀਤ ਸਿੰਘ ਨੇ ਗੁਰੂ ਨਾਨਕ ਦੇ ਸਿਧਾਂਤ ਨੂੰ ਪੂਰਨ ਤੌਰ ‘ਤੇ ਆਪਣੇ ਸਮੇਂ ਦੀ ਮੰਗ ਅਨੁਸਾਰ ਅਪਣਾਇਆ। ਮਹਾਰਾਜੇ ਦਾ ਜਨਮ ਤੇ ਪਰਵਰਿਸ਼ ਸਿੱਖ ਘਰਾਣੇ ਵਿਚ ਹੋਈ ਸੀ ਇਸ ਲਈ ਉਹ ਸਿੱਖਾਂ ਵਾਂਗ ਪੂਜਾ-ਪਾਠ ਕਰਦਾ ਸੀ ਪਰ ਉਸ ਨੇ ਇਹ ਸਭ ਕੁਝ ਕਰਦਿਆਂ ਹੋਇਆਂ ਸਿੱਖਾਂ ਦੇ ਅੰਤਿਮ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਆਦੇਸ਼ ਨੂੰ ਸਦਾ ਯਾਦ ਰਖਿਆ :

“ਦੇਹੁਰਾ ਮਸੀਤ ਸੋਈ, ਪੂਜਾ ਓ ਨਿਵਾਜ਼ ਓਈ,

ਮਾਨਸ ਸਬੈ ਏਕ ਪੈ, ਅਨੇਕ ਕੋ ਭ੍ਰਮਾਓ ਹੈ।”

ਮੁਗ਼ਲਾਂ ਦਾ ਤਖ਼ਤ

ਜਦੋਂ ਰਣਜੀਤ ਸਿੰਘ ਪੰਜਾਬ ਦੇ ਰਾਜ ਦਾ ਮਾਲਕ ਬਣਿਆ ਤਦ ਉਹ ਕਿਸੇ ਤਖ਼ਤ ਉੱਤੇ ਨਹੀਂ ਸੀ ਬੈਠਿਆ। ਮੁਗ਼ਲ ਬਾਦਸ਼ਾਹਾਂ ਦੇ ਤਖ਼ਤ ’ਤੇ ਬੈਠਣ ਬਾਰੇ ਸਾਰੇ ਸੁਝਾਅ ਉਸ ਨੇ ਨਾ-ਮਨਜ਼ੂਰ ਕਰ ਦਿੱਤੇ ਸਨ। ਇਕ ਲੱਤ ’ਤੇ ਦੂਜੀ ਲੱਤ ਰੱਖਕੇ, ਇਕ ਕੁਰਸੀ ‘ਤੇ ਬੈਠਕੇ ਉਹ ਦਰਬਾਰ ਲਗਾਉਂਦਾ ਸੀ ਤੇ ਇਸ ਕੁਰਸੀ ਦਾ ਸ਼ਾਹੀ ਤਖ਼ਤ ਨਾਲ ਕੋਈ ਵੀ ਮੇਲ-ਜੋਲ ਨਹੀਂ ਸੀ । ਕਦੀ ਉਹ ਦਰਬਾਰ ਬਹੁਤ ਹੀ ਸਾਧਾਰਨ ਬੇਤੁਕੱਲਫੀ ਨਾਲ ਇਕ ਕਾਲੀਨ ਤੇ ਮਖ਼ਮਲੀ ਤਕੀਏ ਨਾਲ ਢੋ ਲਾਕੇ ਲਗਾਇਆ ਕਰਦਾ ਸੀ । ਇਸ ਗੱਲੋਂ ਉਹ ਬੜਾ ਦ੍ਰਿੜ੍ਹ ਸੀ ਕਿ ਸਰਦਾਰਾਂ ਵਾਲੀ ਪੱਗ ਬੰਨ੍ਹ ਕੇ ਕਿਸੇ ਕਲਗੀ ਦੀ ਵਰਤੋਂ ਨਾ ਕੀਤੀ ਜਾਏ । ਜਦੋਂ ਉਸ ਦੇ ਦਰਬਾਰੀ ਇਸ ਬਾਰੇ ਚੂੰ ਚਾਂ ਕਰਦੇ ਤਾਂ ਉਹ ਦੋ ਟੁੱਕ ਫ਼ੈਸਲਾ ਦਿੰਦਾ ਤੇ ਕਹਿੰਦਾ, “ਮੈਂ ਇਕ ਕਿਸਾਨ ਤੇ ਸਿਪਾਹੀ ਹਾਂ, ਮੈਨੂੰ ਬਾਹਰ ਦੀ ਠਾਠ-ਬਾਠ ਦੀ ਕੋਈ ਪਰਵਾਹ ਨਹੀਂ। ਮੇਰੀ ਤਲਵਾਰ ਇਸ ਕੰਮ ਲਈ ਕਾਫ਼ੀ ਹੈ ਤੇ ਉਹ ਮੈਨੂੰ ਲੋੜੀਂਦੀ ਵਿਸ਼ੇਸ਼ਤਾ ਦੇ ਸਕਦੀ ਹੈ।” ਸਜ-ਧਜ ਜਾਂ ਦਿਖਾਵੇ ਲਈ, ਉਸ ਅੰਦਰ ਕੋਈ ਕਮਜ਼ੋਰੀ ਨਹੀਂ ਸੀ । ਉਹ ਸਾਦੇ ਕਪੜੇ ਪਹਿਨਦਾ ਜੋ ਸਾਧਾਰਨ ਰੇਸ਼ਮ ਜਾਂ ਕਸ਼ਮੀਰੀ ਕਪੜੇ ਦੇ ਹੁੰਦੇ ਤੇ ਸ਼ੋਖ ਭੜਕੀਲੇ ਕਪੜਿਆਂ ਬਾਰੇ ਉੱਕਾ ਇਨਕਾਰ ਕਰ ਛੱਡਦਾ ਸੀ, ਸਿਵਾਇ ਖ਼ਾਸ ਖ਼ਾਸ ਮੌਕਿਆਂ ਦੇ ਜਦੋਂ ਇਸ ਬਿਨਾਂ ਨਹੀਂ ਸੀ ਸਰਦਾ। ਗਹਿਣੇ ਆਦਿ ਦੀ ਵਰਤੋਂ ਵਿਚ ਵੀ ਉਹ ਬਹੁਤ ਸੰਜਮੀ ਸੀ । ਆਮ ਤੌਰ ‘ਤੇ ਕੋਈ ਗਹਿਣਾ ਨਹੀਂ ਸੀ ਪਹਿਨਦਾ ਪਰ ਜਦੋਂ ਵਿਦੇਸ਼ੀ ਮਹਿਮਾਨ ਆਇਆ ਕਰਦੇ ਉਦੋਂ ਉਹ ਮੋਤੀਆਂ ਜਾਂ ਹੀਰਿਆਂ ਦੀ ਮਾਲਾ ਪਹਿਨ ਲੈਂਦਾ। ਕੇਵਲ ਖ਼ਾਸ ਸਰਕਾਰੀ ਸਮਾਗਮਾਂ ’ਤੇ ਹੀ ਉਹ ਕੋਹਿਨੂਰ ਹੀਰੇ ਦੀ ਵਰਤੋਂ ਕਰਦਾ ਸੀ। ਇਸ ਦੇ ਨਾਲ ਮੋਤੀਆਂ ਤੇ ਹੀਰਿਆਂ ਦੋਹਾਂ ਜਾਂ ਇਨ੍ਹਾਂ ਵਿਚੋਂ ਇਕ ਦੀ ਮਾਲਾ ਵੀ ਪਹਿਨ ਲੈਂਦਾ ਸੀ।

ਮਹਾਰਾਜਾ ਦੀ ਨਿਜੀ ਸਜਾਵਟ ਵਜੋਂ ਲਾਪਰਵਾਹੀ ਜਾਂ ਸੰਕੋਚ ਦੀ ਮਹੱਤਤਾ ਹੋਰ । ਵਧੇਰੇ ਹੋ ਜਾਂਦੀ ਹੈ ਜਦੋਂ ਅਸੀਂ ਇਹ ਵੇਖਦੇ ਹਾਂ ਕਿ ਉਹ ਆਪਣੇ ਆਲੇ-ਦੁਆਲੇ ਦੇ ਰੰਗ ਤੇ ਸਜਾਵਟ ਦਾ ਕਿੰਨਾ ਧਿਆਨ ਰਖਦਾ ਸੀ । ਉਸ ਦੇ ਆਸ ਪਾਸ ਦੇ ਆਦਮੀ-ਸਲਾਹਕਾਰ, ਦਰਬਾਰੀ ਤੇ ਫ਼ੌਜੀ ਅਫ਼ਸਰ ਆਪਣੇ ਸਮੇਂ ਦੇ ਸਭ ਤੋਂ ਖੂਬਸੂਰਤ ਤੇ ਚਮਕ ਦਮਕ ਵਾਲੀਆਂ ਪੁਸ਼ਾਕਾਂ ਪਹਿਨਣ ਵਾਲੇ ਸਨ । ਸੁਹਣੇ ਨੈਣ ਨਕਸ਼ ਦਾ ਹੋਣਾ ਉਸ ਦੇ ਨਜ਼ਦੀਕੀ ਦਾਇਰੇ ਵਿਚ ਪਰਵੇਸ਼ ਕਰਨ ਲਈ ਬੜੀ ਜ਼ਰੂਰੀ ਸ਼ਰਤ ਹੁੰਦੀ ਸੀ । ਉਸ ਦੇ ਹਰਮ ਵਿਚ ਰਾਜ ਦੇ ਵੱਖ-ਵੱਖ ਇਲਾਕਿਆਂ ਤੋਂ ਸਭ ਤੋਂ ਖੂਬਸੂਰਤ ਔਰਤਾਂ ਸਨ । ਸੁੰਦਰ ਘੋੜੇ ਤੇ ਸੁਹਣੇ ਸਜੇ ਫਬੇ ਹਾਥੀਆਂ ਦਾ ਉਸ ਨੂੰ ਖ਼ਾਸ ਸ਼ੌਕ ਸੀ । ਜੇਵਰ ਉਸ ਨੂੰ ਚੰਗਾ ਲੱਗਦਾ—ਜਦੋਂ ਉਸ ਦੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੇ ਪਹਿਨਿਆ ਹੁੰਦਾ। ਇੱਥੋਂ ਤਕ ਕਿ ਕਦੀ ਕਦੀ ਜੋ ਜ਼ੇਵਰ ਨਹੀਂ ਸਨ ਖ਼ਰੀਦ ਸਕਦੇ ਉਨ੍ਹਾਂ ਨੂੰ ਉਹ ਖ਼ੁਦ ਇਨਾਮ ਵਜੋਂ ਦੇ ਦਿੰਦਾ ਸੀ। ਫ਼ਕੀਰ ਅਜ਼ੀਜ਼ਉੱਦੀਨ ਇਕ ਘਟਨਾ ਦਾ ਕਥਨ ਕਰਦਾ ਹੈ ਕਿ ਕਿਵੇਂ ਕਈ ਵਾਰ ਇਸ ਕਮਜ਼ੋਰੀ ਦਾ ਨਜਾਇਜ਼ ਫ਼ਾਇਦਾ ਵੀ ਉਠਾਇਆ ਜਾਂਦਾ ਸੀ। ਇਕ ਦਿਨ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਬੜਾ ਸੋਹਣਾ ਤੇ ਖਿੱਚ ਪਾਣ ਵਾਲਾ ਕੀਮਤੀ ਹਾਰ ਪਹਿਨ ਕੇ ਆਇਆ। ਦੂਜੇ ਦਿਨ ਇਹ ਹਾਰ ਉਸ ਦੇ ਗਲੇ ਵਿਚ ਨਹੀਂ ਸੀ । ਮਹਾਰਾਜੇ ਨੇ ਇਸ ਬਾਰੇ ਪੁੱਛ ਕੀਤੀ। ਸਰਦਾਰ ਨੇ ਕਿਹਾ ਕਿ ਜਿਸ ਜੌਹਰੀ ਪਾਸੋਂ ਉਸ ਨੇ ਲਿਆ ਸੀ ਉਹ ਸੱਤਰ ਹਜ਼ਾਰ ਰੁਪਿਆ ਮੰਗਦਾ ਹੈ ਪਰ ਉਹ ਸਿਰਫ਼ ਪੰਜਾਹ ਹਜ਼ਾਰ ਦੇਣਾ ਚਾਹੁੰਦਾ ਹੈ । ਜੌਹਰੀ ਨੇ ਇਹ ਨਹੀਂ ਮੰਨਿਆ ਜਿਸ ਕਰਕੇ ਹਾਰ ਵਾਪਸ ਕਰ ਦਿੱਤਾ ਹੈ। ਮਹਾਰਾਜੇ ਨੇ ਉਸੇ ਵੇਲੇ ਸਰਦਾਰ ਨੂੰ ਸੱਤਰ ਹਜ਼ਾਰ ਰੁਪਏ ਦਿੱਤੇ ਤੇ ਹੁਕਮ ਕੀਤਾ ਕਿ ਹਾਰ ਪਹਿਨ ਕੇ ਦਰਬਾਰ ਵਿਚ ਆਇਆ ਕਰੇ ।

ਇੰਝ ਪ੍ਰਤੀਤ ਹੁੰਦਾ ਹੈ ਕਿ ਫ਼ਕੀਰ ਅਜ਼ੀਜ਼ਉੱਦੀਨ ਦਾ ਖ਼ਿਆਲ ਸੀ ਕਿ ਰਣਜੀਤ ਸਿੰਘ ਦਾ ਪੁਸ਼ਾਕ ਤੇ ਪਹਿਰਾਵੇ ਦਾ ਖ਼ਿਆਲ ਨਾ ਕਰਨ ਦਾ ਕਾਰਨ ਉਸ ਵਿਚ ਹਉਮੇ ਦਾ ਉੱਕਾ ਅਭਾਵ ਸੀ ਅਤੇ ਉਸ ਸਰੀਰਕ ਹਾਨੀ ਨੂੰ ਸਵੀਕਾਰ ਕਰਨਾ ਸੀ ਜੋ ਰੱਬ ਵੱਲੋਂ ਉਸ ਉੱਤੇ ਮੜ੍ਹੀ ਗਈ ਸੀ । ਉਹ ਜਾਣਦਾ ਸੀ ਕਿ ਮਾਤਾ ਦੇ ਦਾਗਾਂ ਨਾਲ ਭਰੇ ਚਿਹਰੇ, ਇਕ ਅੱਖ ਦੀ ਅਣਹੋਂਦ ਤੇ ਮਧਰੇ ਕੱਦ ਦੇ ਕਾਰਨ ਉਸ ਦੀ ਸ਼ਕਲ ਉਹਦੀ ਸ਼ਖ਼ਸੀਅਤ ਦਾ ਸਭ ਤੋਂ ਘੱਟ ਮਹੱਤਵਪੂਰਨ ਭਾਗ ਹੈ। ਇਸ ਕਰਕੇ ਉਹ ਇਸ ਨੂੰ ਵਧੀਆ ਬਣਾਉਣ ਲਈ ਪੈਸਾ ਜਾਂ ਸਮਾਂ ਖ਼ਰਚ ਨਹੀਂ ਕਰਨਾ ਚਾਹੁੰਦਾ ਸੀ। ਉਸ ਦਾ ਮਨ ਵੱਡੇ ਕੰਮਾਂ ਤੇ ਲਗਿਆ ਹੋਇਆ ਸੀ ਤੇ ਇਹ ਗੱਲਾਂ ਕੁਝ ਖ਼ਾਸ ਅਰਥ ਨਹੀਂ ਸਨ ਰਖਦੀਆਂ। ਫ਼ਕੀਰ ਅਜ਼ੀਜ਼ਉੱਦੀਨ ਇਸ ਗੱਲ ਦੀ ਪ੍ਰੋੜ੍ਹਤਾ ਕਰਦਾ ਲਿਖਦਾ ਹੈ ਕਿ ਇਕ ਸਮੇਂ ਰਣਜੀਤ ਸਿੰਘ ਤੇ ਉਸ ਦੀ ਪਿਆਰੀ ਪ੍ਰੇਮਿਕਾ ਮੋਰਾਂ ਦੀਆਂ ਆਪਸ ਵਿਚ ਹਾਸ ਰਸ ਦੀਆਂ ਗੱਲਾਂ ਹੋਈਆਂ ਸਨ। ਮੋਰਾਂ ਨੂੰ ਵਧੀਕੀ ਵੀ ਕਰ ਲੈਣ ਦੀ ਆਗਿਆ ਸੀ । ਉਸ ਨੇ ਪੁੱਛਿਆ, “ਮਹਾਰਾਜ, ਤੁਸੀਂ ਕਿੱਥੇ ਸਾਓ ਜਦੋਂ ਪਰਮਾਤਮਾ ਸੁੰਦਰ ਨੈਣ ਨਕਸ਼ ਵੰਡ ਰਿਹਾ ਸੀ?” ਰਣਜੀਤ ਸਿੰਘ ਨੇ ਝੱਟ ਹੀ ਉੱਤਰ ਦਿੱਤਾ, “ਮੈਂ ਬਹੁਤ ਰੁੱਝਾ ਹੋਇਆ ਸਾਂ ਤਾਂ ਕਿ ਦੇਵਤੇ ਮੈਨੂੰ ਆਪਣੇ ਡੋਲਿਆਂ ਤੇ ਸ਼ਸਤਰਾਂ ਦੇ ਜ਼ੋਰ ਨਾਲ ਪਰਾਪਤ ਹੋਣ ਵਾਲਾ ਕੋਈ ਰਾਜ ਭਾਗ ਸਪੁਰਦ ਕਰ ਦੇਣ।” ਅਜ਼ੀਜ਼ਉੱਦੀਨ ਇਹ ਨਹੀਂ ਦੱਸਦਾ ਕਿ ਹਰਮ ਦੇ ਅੰਦਰ ਹੋਈ ਇਹ ਗੱਲ-ਬਾਤ ਕਿਵੇਂ ਬਾਹਰ ਨਿਕਲੀ, ਪਰ ਅਸੀਂ ਇਹ ਅਨੁਮਾਨ ਲਗਾ ਸਕਦੇ ਹਾਂ ਕਿ ਮੋਰਾਂ ਨੇ ਲੋਕਾਂ ਤੇ ਰੋਅਬ ਪਾਣ ਲਈ ਇਸ ਗੱਲ ਨੂੰ ਫੈਲਾਇਆ ਹੋਵੇਗਾ। ਇਹ ਵਧੇਰੇ ਸੰਭਵ ਹੈ ਕਿ ਮਹਾਰਾਜੇ ਨੇ ਆਪਣੇ ਬਹੁਤ ਨੇੜੇ ਦੇ ਮਿੱਤਰਾਂ ਨਾਲ ਆਪ ਹੀ ਗੱਲ ਕੀਤੀ ਹੋਵੇ। ਇਸ ਕਹਾਣੀ ਦੀ ਸਚਾਈ ਬਾਰੇ ਭਾਵੇਂ ਕੁਝ ਵੀ ਕਿਹਾ ਜਾਏ ਅਸਲ ਨੁਕਤਾ ਇਹ ਹੈ ਕਿ ਰਣਜੀਤ ਸਿੰਘ ਨੇ ਆਪਣੀਆਂ ਸਰੀਰਕ ਖ਼ਾਮੀਆਂ ਨੂੰ ਹਾਸ ਬਿਲਾਸ ਤੇ ਖਿੜੇ ਮੱਥੇ ਨਾਲ ਸਵੀਕਾਰ ਕਰ ਲਿਆ ਸੀ।

ਇਕ ਹੋਰ ਨੋਕ-ਝੋਕ ਦਾ ਵੀ ਵਰਣਨ ਮਿਲਦਾ ਹੈ ਜੋ ਰਣਜੀਤ ਸਿੰਘ ਤੇ ਕੱਟੜ ਅਕਾਲੀ ਫੂਲਾ ਸਿੰਘ ਵਿਚ ਵਾਪਰੀ ਤੇ ਜਿਸ ਦੀ ਪ੍ਰੋੜ੍ਹਤਾ ਅਜੀਜ਼ਉੱਦੀਨ ਕਰਦਾ ਹੈ। ਇਕ ਦਿਨ ਜਦੋਂ ਮਹਾਰਾਜ ਹਾਥੀ ਤੇ ਸਵਾਰ ਫੂਲਾ ਸਿੰਘ ਦੇ ਚੌਬਾਰੇ ਹੇਠੋਂ ਲੰਘਿਆ ਤਾਂ ਫੂਲਾ ਸਿੰਘ ਨੇ ਉੱਚੀ ਸਾਰੀ ਕਿਹਾ, “ਓਹ ਕਾਣੇ, ਤੈਨੂੰ ਇਹ ਸੰਢਾ ਕਿਸ ਨੇ ਚੜ੍ਹਨ ਲਈ ਦਿੱਤਾ?” ਮਹਾਰਾਜੇ ਨੇ ਉਸ ਵੱਲ ਹੱਸਕੇ ਇਕ ਖਿੜੀ ਨਿਮਰਤਾ ਨਾਲ ਉੱਤਰ ਦਿੱਤਾ, “ਸਰਕਾਰ ਇਹ ਆਪ ਦਾ ਹੀ ਦਿੱਤਾ ਤੁਹਫਾ ਹੈ।” ਇਸ ਦਾ ਅੰਦਰੂਨੀ ਭਾਵ ਸੀ ਕਿ ਫੂਲਾ ਸਿੰਘ ਅਕਾਲੀ ਆਗੂ ਹੋਣ ਕਰਕੇ ਖ਼ਾਲਸਾ ਸਰਕਾਰ ਦਾ ਪ੍ਰਤੀਬਿੰਬ ਸੀ, ਤੇ ਇਸ ਕਰਕੇ ਹਾਥੀ ਦਾ ਵੀ ਅਸਲ ਮਾਲਕ ਉਹੀ ਸੀ।

ਰਣਜੀਤ ਸਿੰਘ ਦੇ ਸੁਹਣੇ ਨੈਣ ਨਕਸ਼ਾਂ ਦੀ ਘਾਟ ਉਸ ਦੀ ਸ਼ਖ਼ਸੀਅਤ ਨੂੰ ਘਾਟਾ ਪਾਣ ਦੀ ਬਜਾਇ ਸਗੋਂ ਉਸ ਦੇ ਗੁਣਾਂ ਨੂੰ ਚਮਕਾਂਦੀ ਸੀ । ਉਸ ਦੀ ਕਿਸਾਨਾਂ ਵਾਲੀ ਸਾਦਗੀ ਦੇ ਪਿੱਛੇ ਬੜੇ ਉੱਚੇ ਗੁਣਾਂ ਵਾਲੀ ਸੂਝ-ਬੂਝ ਸੀ; ਉਸ ਦੀ ਬੋਲ-ਚਾਲ ਇੰਨੀ ਖੁਲ੍ਹੀ-ਡੁਲ੍ਹੀ ਸੀ ਕਿ ਸੁਣਨ ਵਾਲਾ ਮੋਮ ਹੋ ਜਾਂਦਾ, ਫਿਰ ਇਸ ਵਿਚ ਸੋਚੀ ਸਮਝੀ ਚੁੱਪ ਦੇ ਲੰਮੇ ਲੰਮੇ ਵਕਫ਼ੇ ਜਿਸ ਕਾਰਨ ਗੱਲਬਾਤ ਕਰਨ ਵਾਲੇ ਆਪਣਾ ਮਨ ਖੋਲ੍ਹ ਦਿੰਦੇ ਸਨ; ਇਸ ਦੇ ਬਾਵਜੂਦ ਸੁਖਾਵੀਂ ਬੇਤੁਕਲਫੀ ਜੋ ਸਤਿਕਾਰ ਤੇ ਨੇਕ ਚਾਲ-ਚਲਣ ਦਾ ਵਾਤਾਵਰਨ ਪੈਦਾ ਕਰਦੀ ਸੀ; ਇਕ ਖ਼ੁਸ਼ਗਵਾਰ ਤਬੀਅਤ ਸੀ ਜੋ ਬੇਤੁਕੱਲਫੀ ਦੀ ਸੀਮਾ ਤਕ ਅਪੜਦੀ ਸੀ। ‘ਲਾਹੌਰ ਦਾ ਬਬਰ ਸ਼ੇਰ’ ਦਾ ਖ਼ਿਤਾਬ ਜੋ ਉਸ ਨੇ ਆਪਣੀ ਬਹਾਦਰੀ ਦੇ ਸਦਕੇ ਜਿੱਤਿਆ ਸੀ, ਉਸ ਦੀ ਸਰੀਰਕ ਸ਼ਕਤੀ ਦੇ ਬਿਲਕੁਲ ਅਨੁਕੂਲ ਸੀ ਅਤੇ ਉਸ ਦੀ ਮੌਜੂਦਗੀ ਵਿਚ ਅਜਿਹਾ ਹੀ ਪ੍ਰਭਾਵ ਪੈਂਦਾ ਸੀ । ਉਸ ਦੇ ਆਸ ਪਾਸ ਇਕ ਸੁਭਾਵਿਕ ਆਨ-ਸ਼ਾਨ ਦਾ ਜਲਾਉ ਸੀ ਜਿਸ ਕਰਕੇ ਬੜੇ ਵਧੀਆ ਨਕਸ਼-ਨੈਣ ਤੇ ਸਜ-ਧਜ ਵਾਲੇ ਬੰਦੇ ਉਸ ਦੇ ਵੱਲ ਖਿੱਚੇ ਜਾਂਦੇ ਅਤੇ ਉਹ ਇਸ ਦੀ ਸੇਵਾ ਕਰਨ ਵਿਚ ਬੜਾ ਫ਼ਖ਼ਰ ਮਹਿਸੂਸ ਕਰਦੇ । ਅੰਗਰੇਜ਼ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਜਦੋਂ ਫ਼ਕੀਰ ਅਜ਼ੀਜ਼ਉੱਦੀਨ ਨੂੰ ਸ਼ਿਮਲੇ ਵਿਚ ਮਿਲਿਆ ਤਦ ਉਸ ਨੇ ਪੁੱਛਿਆ ਕਿ ਮਹਾਰਾਜੇ ਦੀ ਕਿਹੜੀ ਅੱਖ ਅੰਨ੍ਹੀ ਹੈ? ਫ਼ਕੀਰ ਲਿਖਦਾ ਹੈ ਕਿ ਉਸ ਨੂੰ ਆਪਣੇ ਮਾਲਕ ਦਾ ਇੰਨਾ ਮਾਣ ਸੀ ਕਿ ਸਰੀਰਕ ਨੁਕਸ ਬਾਰੇ ਇਸ ਪੁੱਛ ਤੋਂ ਉਹ ਬਹੁਤ ਦੁੱਖੀ ਹੋਇਆ। ਪਰ ਉਸ ਨੇ ਆਪਣੀ ਅਕਲ ਤੇ ਸੂਝ-ਬੂਝ ਨੂੰ ਝੱਟ ਵਰਤੋਂ ਵਿਚ ਲਿਆਂਦਾ ਤੇ ਕਿਹਾ, “ਜਨਾਬ, ਮਹਾਰਾਜੇ ਦੀ ਇੱਕੋ ਅੱਖ ਸੂਰਜ ਵਾਂਗ ਹੈ (ਹਿੰਦੂ ਜੋਤਸ਼ ਵਿਦਿਆ ਅਨੁਸਾਰ ਸੂਰਜ ਦੇਵਤੇ ਦੀ ਇਕ ਅੱਖ ਹੈ। ਜੇਕਰ ਦੋ ਅੱਖਾਂ ਹੁੰਦੀਆਂ ਤਾਂ ਸਾਰਾ ਸੰਸਾਰ ਸੜ ਕੇ ਸੁਆਹ ਹੋ ਜਾਣਾ ਸੀ), ਜਿਸ ਤਰ੍ਹਾਂ ਸੂਰਜ ਵੱਲ ਕੋਈ ਪੂਰੀ ਤਰ੍ਹਾਂ ਵੇਖਣ ਦਾ ਹੌਸਲਾ ਨਹੀਂ ਕਰ ਸਕਦਾ, ਇਸੇ ਤਰ੍ਹਾਂ ਮੈਨੂੰ ਵੀ ਕਦੇ ਹੌਸਲਾ ਨਹੀਂ ਪਿਆ ਕਿ ਮੈਂ ਮਹਾਰਾਜੇ ਦੇ ਚਿਹਰੇ ਵੱਲ ਵੇਖ ਸਕਾਂ। ਮੇਰੀਆਂ ਅੱਖਾਂ ਸਦਾ ਉਸ ਦੇ ਪੈਰਾਂ ਤੇ ਜੰਮੀਆਂ ਰਹਿੰਦੀਆਂ ਹਨ। ਜੇ ਤੁਸੀਂ ਪੈਰਾਂ ਬਾਰੇ ਵਾਕਫੀਅਤ ਚਾਹੁੰਦੇ ਹੋ ਤਾਂ ਮੈਂ ਦੱਸ ਸਕਦਾ ਹਾਂ।” ਲਾਰਡ ਵਿਲੀਅਮ ਬੈਂਟਿਕ ਇਸ ਉੱਤਰ ਨਾਲ ਇੰਨਾ ਪ੍ਰਸੰਨ ਹੋਇਆ ਕਿ ਉਸ ਨੇ ਆਪਣੀ ਜੇਬ ਵਿਚੋਂ ਘੜੀ ਕੱਢ ਕੇ ਫ਼ਕੀਰ ਨੂੰ ਇਨਾਮ ਵਜੋਂ ਦੇ ਦਿੱਤੀ। ਇਹ ਉਸ ਦੇ ਘਰ ਦੀਆਂ ਕੀਮਤੀ ਚੀਜ਼ਾਂ ਵਿਚ ਹਾਲੀ ਵੀ ਮੌਜੂਦ ਹੈ। ਘੜੀ ਦੇਣ ਸਮੇਂ ਉਸ ਕਿਹਾ, “ਜਦ ਤਕ ਰਣਜੀਤ ਸਿੰਘ ਪਾਸ ਤੁਹਾਡੇ ਵਰਗੇ ਪੁਰਸ਼ ਸੇਵਾ ਲਈ ਹਾਜ਼ਰ ਹਨ ਉਸ ਦੇ ਰਾਜ ਭਾਗ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ।”

ਲੋਕਾਂ ਕੋਲੋਂ ਸਤਿਕਾਰ ਤੇ ਵਿਸ਼ਵਾਸ ਜਿੱਤਣ ਦੇ ਇਸ ਗੁਣ ਕਰਕੇ ਰਣਜੀਤ ਸਿੰਘ ਨੂੰ ਆਪਣੇ ਆਦਮੀਆਂ ਦੇ ਪਦ-ਅਸਥਾਨ ਬਾਰੇ ਨਿਰਣਾ ਕਰਨ ਵਿਚ ਕੋਈ ਔਖ ਨਹੀਂ ਸੀ । ਇਸ ਕੰਮ ਲਈ ਖ਼ਾਸ ਨਿਯਮ ਲਿਖਤ ਰੂਪ ਵਿਚ ਨਹੀਂ ਸਨ ਪਰ ਅਮਲੀ ਤੌਰ ਤੇ ਕੁਝ ਕਾਇਦੇ ਜਾਂ ਰਿਵਾਜ ਵਕਤ ਦੇ ਨਾਲ ਨਾਲ ਬਣਦੇ ਗਏ। ਇਨ੍ਹਾਂ ਦੇ ਦੋ ਲਾਭ ਸਨ : ਇਕ, ਆਪਣੇ ਵਜ਼ੀਰਾਂ ਤੇ ਸਲਾਹਕਾਰਾਂ ਨੂੰ ਆਪਣੀ ਆਪਣੀ ਥਾਂ ਤੇ ਰੱਖਕੇ ਉਨ੍ਹਾਂ ਦੀਆਂ ਗੱਲਾਂ ਉਨ੍ਹਾਂ ਦੀ ਮਹੱਤਤਾ ਅਨੁਸਾਰ ਸੁਣੀਆਂ ਜਾ ਸਕਦੀਆਂ ਸਨ ਅਤੇ ਦੂਜਾ ਇਹ ਕਿ ਇਸ ਨਾਲ ਮਹਾਰਾਜੇ ਪਾਸ ਆਮ ਲੁਕਾਈ ਦੀ ਪਹੁੰਚ ਸੋਖੀ ਹੋ ਜਾਂਦੀ ਸੀ । ਸਾਰੇ ਵਾਤਾਵਰਨ ਦੀ ਬੇਤੁਕੱਲਫੀ ਦੇ ਬਾਵਜੂਦ ਉਸ ਦੇ ਸਲਾਹਕਾਰ ਉਸ ਨੂੰ ਬੜੇ ਸਤਿਕਾਰ ਨਾਲ ਸੁਣਦੇ ਸਨ ਤੇ ਆਪੂੰ ਕਦੀ ਵੀ ਬਗ਼ੈਰ ਉਸ ਦੇ ਇਸ਼ਾਰੇ ਦੇ ਗੱਲ-ਬਾਤ ਨਹੀਂ ਸਨ ਕਰਦੇ। ਇਸ ਤਰੀਕੇ ਦੀ ਵਰਤੋਂ ਆਮ ਮਨੁੱਖ-ਪ੍ਰਾਰਥਕ ਤੇ ਉਨ੍ਹਾਂ ਦੇ ਗਵਾਹ—ਸਭ ਕਰਦੇ ਸਨ। ਉਸ ਦੇ ਸਲਾਹਕਾਰਾਂ ਵਿਚੋਂ ‘ਕਲਮ ਵਾਲੇ ਲੋਕ’ ਮਹਾਰਾਜੇ ਦੇ ਸੱਜੇ ਪਾਸੇ ਬੈਠਦੇ ਸਨ, ਫ਼ਕੀਰ ਅਜੀਜ਼ਉੱਦੀਨ ਸਾਹਮਣੇ ਤੇ ‘ਤਲਵਾਰ ਵਾਲੇ ਲੋਕ’ ਉਸ ਦੇ ਖੱਬੇ ਪਾਸੇ ਤੇ ਰਾਜਾ ਧਿਆਨ ਸਿੰਘ ਇਨ੍ਹਾਂ ਦੇ ਸਾਹਮਣੇ ਬੈਠਿਆ ਕਰਦੇ ਸਨ । ਸ਼ੁਰੂ ਵਿਚ ਰਣਜੀਤ ਸਿੰਘ ਸਾਧਾਰਨ ਸ਼ਬਦਾਂ ਵਿਚ ‘ਸਿੰਘ ਸਾਹਿਬ’ ਸੰਬੋਧਨ ਕੀਤਾ ਜਾਣਾ ਪਸੰਦ ਕਰਦਾ ਸੀ ਤੇ ਇਹ ਹਰ ਸਿੱਖ ਲਈ ਵੀ ਵਰਤਿਆ ਜਾਂਦਾ ਸੀ । ਬਜ਼ੁਰਗ, ਸਿੱਖ ਸਰਦਾਰ ਕਦੀ ਕਦੀ ਉਸ ਨੂੰ ‘ਭਰਾ’ ਕਹਿ ਕੇ ਵੀ ਬੁਲਾਇਆ ਕਰਦੇ ਸਨ ਪਰ ਇਹ ਸਭ ਕੁਝ ਮਹਾਰਾਜਾ ਦੇ ਸ਼ਬਦ ਦੀ ਆਮ ਵਰਤੋਂ ਤੋਂ ਪਹਿਲਾਂ ਦੀ ਗੱਲ ਹੈ । ਜਿਉਂ ਜਿਉਂ ਵਕਤ ਲੰਘਦਾ ਗਿਆ। ਉਸ ਨੂੰ ‘ਮਹਾਰਾਜ’ ਕਰਕੇ ਸੱਦਿਆ ਜਾਣ ਲੱਗ ਪਿਆ ਤੇ ਉਹ ਆਪਣੇ ਆਪ ਬਾਰੇ ਵੀ ਇੰਝ ਹੀ ਤੀਸਰੀ ਧਿਰ ਲਈ ਵਰਤੇ ਜਾਣ ਵਾਲੇ ਬਹੁ-ਵਚਨ ਲਹਿਜੇ ਵਿਚ ਗੱਲਾਂ ਕਰਦੇ ਸਨ । ਪਰ ਫ਼ਕੀਰ ਅਜੀਜਉੱਦੀਨ ਦੱਸਦਾ ਹੈ ਕਿ ਉਹ ਇਸ ਦੀ ਅਚੇਤ ਮਨ ਨਾਲ ਵਰਤੋਂ ਕਰਦੇ ਸਨ ਤੇ ਇਸ ਵਿਚ ਕੋਈ ਵੀ ਹੰਕਾਰ ਦਾ ਅੰਸ਼ ਨਹੀਂ ਸੀ ਜਾਪਦਾ। ਕਦੀ ਕਦੀ ਉਹ ‘ਅਸੀਂ’ ਸ਼ਬਦ ਵੀ ਵਰਤ ਲੈਂਦਾ ਸੀ ਪਰ ਇਹ ਗੱਲ-ਬਾਤ ਵਾਲੀ ਪੰਜਾਬੀ ਦੇ ਆਮ ਰਿਵਾਜ ਵਾਲੀ ਹੀ ਗੱਲ ਸੀ। ਉਸ ਦਾ ਖ਼ਾਸ ਜਤਨ ਆਪਣੇ ਦਰਬਾਰੀਆਂ ਨੂੰ ਇਹ ਦਰਸਾਉਣਾ ਸੀ ਕਿ ਸੱਚਾ ਪਾਤਸ਼ਾਹ ਤਾਂ ਗੁਰੂ ਹੈ ਤੇ ਉਹ ਗੁਰੂ ਦਾ ਛੋਟਾ ਜਿਹਾ ਸੇਵਕ। ਆਪਣੀ ਸਰਕਾਰ ਬਾਰੇ ਉਹ ‘ਖਾਲਸਾ ਜੀ’ ਜਾਂ ‘ਸਰਕਾਰ ਖ਼ਾਲਸਾ’ ਦੇ ਸ਼ਬਦ ਵਰਤਦਾ ਤੇ ਜੇ ਕਦੀ ਉਹ ਆਪਣੇ ਆਪ ਨੂੰ ਸਰਕਾਰ ਸਦਦਾ ਜਾਂ ਸਦਾਂਦਾ ਤਾਂ ਇਹ ਇਕ ਗ਼ੈਰ-ਨਿਜੀ ਲਕਬ ਹੁੰਦਾ ਜਿਸ ਤੋਂ ਕੇਵਲ ਉਸ ਦੀ ਤਾਕਤ ਦਾ ਸੋਮਾ ਹੀ ਪ੍ਰਤੀਤ ਹੁੰਦਾ ਸੀ। ਅਜੀਜ਼ਉੱਦੀਨ ਤੇ ਨੂਰਉੱਦੀਨ ਦੋਵੇਂ ਵਰਣਨ ਕਰਦੇ ਹਨ ਕਿ ਮਹਾਰਾਜਾ ਆਪਣੇ ਨਾਮ ਦੇ ਭਾਵ ਨੂੰ ਖੋਲ੍ਹ ਕੇ ਬਿਆਨ ਕਰਦੇ ਹੁੰਦੇ ਸਨ । ਉਹ ਕਹਿੰਦੇ ਸਨ, ‘ਰਣਜੀਤ ਸਿੰਘ’ ਦਾ ਅੱਖਰੀ ਅਰਥ ਤਾਂ ਜੇਤੂ ਹੈ ਜਿਸ ਨੂੰ ਉਸ ਦੇ ਪਿਤਾ ਨੇ ਉਹਦੇ ਮੁੱਢਲੇ ਨਾਮ ‘ਬੁਧ ਸਿੰਘ* ਤੋਂ ਤਰਜੀਹ ਦਿੱਤੀ ਸੀ, ਪਰ ਇਸ ਦਾ ਅਸਲ ਭਾਵ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਇੱਕ ਨਗਾਰੇ ਦਾ ਇਹ ਨਾਮ ਸੀ । ਗੁਰੂ ਨਗਾਰਾ ਤੇ ਉਹ ਦੋਵੇਂ ਖ਼ਾਲਸੇ ਦੀ ਜਿੱਤ ਦਾ ਐਲਾਨ ਕਰਨ ਲਈ ਹਨ, ਪਰ ਆਪਣੇ ਆਪ ਇਹ ਕੁਝ ਵੀ ਨਹੀਂ ਹਨ—ਸਿਰਫ਼ ਮਾਧਿਅਮ ਹੀ ਹਨ। ਉਸ ਦੇ ਸਿੱਕੇ ਜਿਨ੍ਹਾਂ ਦਾ ਨਾਮ ਨਾਨਕਸ਼ਾਹੀ ਸੀ, ਉਨ੍ਹਾਂ ਉੱਪਰ ਸ਼ਬਦ ਉਕਰੇ ਹੋਏ ਸਨ, “ਦੇਗੋ ਤੇਗੋ ਫਤਹਿ ਨੁਸਰਤ ਬੇਦਰਿੰਗ, ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ।” ਉਸ ਨੇ ਆਪਣੇ ਨਾਮ ਦਾ ਕੋਈ ਸਿੱਕਾ ਜਾਰੀ ਨਹੀਂ ਸੀ ਕੀਤਾ।

ਫ਼ਕੀਰ ਅਜ਼ੀਜ਼ਉੱਦੀਨ ਅਨੁਸਾਰ ਰਣਜੀਤ ਸਿੰਘ ਦੇ ਇਸ ਫ਼ੈਸਲੇ ਦੇ ਪਿੱਛੇ ਕਿ ਉਹ ਮੁਗ਼ਲ ਤਖ਼ਤ ਤੇ ਨਹੀਂ ਬੈਠੇਗਾ ਨਿਮਰਤਾ ਤੇ ਸਿਆਣਪ ਦੇ ਗੁਣ ਮੌਜੂਦ ਸਨ। ਉਹ ਸੋਚਦਾ ਸੀ ਕਿ ਜੇ ਉਹ ਐਸੀ ਉੱਚੀ ਥਾਂ ਤੇ ਦਰਬਾਰ ਲਾਏ ਤਾਂ ਇਸ ਦਾ ਭਾਵ ਇਹ ਹੋਵੇਗਾ ਕਿ ਉਸ ਵਿਚ ਹੈਂਕੜ ਹੈ ਅਤੇ ਉਹ ਉਸ ਤਖ਼ਤ ‘ਤੇ ਬੈਠ ਕੇ ਰਾਜ ਕਰਨਾ ਚਾਹੁੰਦਾ ਹੈ ਜਿਸ ਉੱਤੇ ਮੁਗ਼ਲ ਬਾਦਸ਼ਾਹ, ਜਦੋਂ ਲਾਹੌਰ ਆਉਂਦੇ ਸਨ, ਬੈਠ ਕੇ ਸਾਰੇ ਭਾਰਤ ਤੇ ਰਾਜ ਕਰਿਆ ਕਰਦੇ ਸਨ। ਇਸ ਤਰ੍ਹਾਂ ਕਰਨ ਨਾਲ ਉਸ ਦੀ ਮੁਸਲਮਾਨ ਪਰਜਾ ਨੂੰ ਨਿਰਾਸ਼ਾਜਨਕ ਯਾਦਦਾਸ਼ਤ ਨਿਤ ਪੈਦਾ ਹੋਣੀ ਸੰਭਵ ਸੀ। ਇਸ ਦਾ ਇਹ ਭਾਵ ਵੀ ਨਿਕਲ ਸਕਦਾ ਸੀ ਕਿ ਉਹ ਦਿੱਲੀ ਵਿਚ ਮੁਗ਼ਲ ਬਾਦਸ਼ਾਹਾਂ ਦਾ ਆਪਣੇ ਆਪ ਨੂੰ ਸੂਬੇਦਾਰ ਬਣਾ ਬੈਠਾ ਹੈ ਭਾਵੇਂ ਦਿੱਲੀ ਦੀ ਤਾਕਤ ਇਸ ਗੱਲ ਦੀ ਨਾ ਤਾਂ ਮਨਜ਼ੂਰੀ ਦੇ ਸਕਦੀ ਸੀ ਤੇ ਨਾ ਹੀ ਇਸ ਪੱਖੋਂ ਇਨਕਾਰ ਕਰ ਸਕਦੀ ਸੀ । ਉਸ ਦੇ ਇਸ ਫ਼ੈਸਲੇ ਤੋਂ ਪਤਾ ਲਗਦਾ ਹੈ ਕਿ ਇਕ ਛੋਟੇ ਸਰਦਾਰ ਤੋਂ ਵੱਡਾ ਮਹਾਰਾਜਾ ਬਣਨ ਵਿਚ ਵੀ ਉਸ ਨੇ ਆਪਣੀ ਹਉਮੈ ਦਾ ਅਭਾਵ ਰਖਿਆ। ਰਣਜੀਤ ਸਿੰਘ ਦੇ ਅੰਦਰ ਨਿਮਰਤਾ ਤੇ ਉੱਚ ਆਚਰਨ ਦੇ ਗੁਣ ਉਹਦੇ ਨਾਲ ਨਿਭਣ ਲਈ ਆਖ਼ਰੀ ਦਮ ਤਕ ਮੌਜੂਦ ਸਨ। ਇਸ ਦੇ ਰਾਜਸੀ ਲਾਭ ਜੋ ਹੋਏ ਉਨ੍ਹਾਂ ਨੇ ਉਸ ਨੂੰ ਬੜਾ ਲਾਭ ਪੁਚਾਇਆ। ਸਾਫ ਜ਼ਾਹਰ ਸੀ ਕਿ ਨਵੇਂ ਰਾਜ ਦੇ ਇਸ ਬਾਨੀ ਨੇ ਇਸ ਤਾਕਤ ਉੱਪਰ ਹੱਕ ਪੰਥ ਖ਼ਾਲਸਾ ਜੀ ਤੋਂ ਪ੍ਰਾਪਤ ਕੀਤਾ ਹੈ। ਤੇ ਪੰਥ ਖਾਲਸਾ ਇਕ ਐਸੀ ਮੱਧਮਈ ਤਾਕਤ ਦਾ ਪ੍ਰਤੀਕ ਹੈ ਜੋ ਸਾਰੇ ਸਿੱਖ ਪੰਥ ਨਾਲ ਵਾਸਤਾ ਰੱਖਦੀ ਹੈ ਅਤੇ ਮੁਗ਼ਲ ਬਾਦਸ਼ਾਹ ਵੱਲੋਂ ਕੋਈ ਪ੍ਰਵਾਨਗੀ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ, ਕਿਉਂਕਿ ਜਿਥੋਂ ਤਕ ਪੰਜਾਬ ਦਾ ਮਸਲਾ ਸੀ ਮੁਗ਼ਲ ਬਾਦਸ਼ਾਹ ਦੀ ਐਸੀ ਕੋਈ ਹੈਸੀਅਤ ਨਹੀਂ ਸੀ । ਪੰਜਾਬ ਵਿਚ ਉਹ ਮੁਗ਼ਲ ਰਾਜ ਦਾ ਕਾਗਜ਼ੀ ਤੇ ਕਾਨੂੰਨੀ ਵਾਰਸ ਬਣ ਗਿਆ ਸੀ ਤੇ ਮੁਗ਼ਲ ਰਾਜ ਦੀ ਅਣਹੋਂਦ ਨਾਲ ਜੋ ਖਿਲਾਅ ਬਣਿਆ ਹੋਇਆ ਸੀ, ਉਸ ਨੂੰ ਉਸ ਨੇ ਭਲੀ ਪ੍ਰਕਾਰ ਪੂਰਾ ਕਰ ਲਿਆ ਸੀ । ਇਸ ਲਈ ਉਸ ਨੇ ਮੁਗ਼ਲ ਪਾਤਸ਼ਾਹ ਦੇ ਤਖ਼ਤ ਦੀ ਮਲਕੀਅਤ ਤਖ਼ਤ ਤੇ ਬਗ਼ੈਰ ਬੈਠਣ ਦੇ ਪ੍ਰਾਪਤ ਕਰ ਲਈ ਸੀ। ਇਹ ਇਕ ਐਸੀ ਗੱਲ ਹੈ ਜਿਸ ਨਾਲ ਉਹ ਹਿੰਦੂ ਤੇ ਸਿੱਖ ਪਰਜਾ ਦੇ ਨਾਲ ਨਾਲ ਮੁਸਲਮਾਨ ਪਰਜਾ ਨੂੰ ਵੀ ਪ੍ਰਵਾਨ ਸੀ।

ਪਰਜਾ ਦੇ ਹੱਕ

ਮਹਾਰਾਜਾ ਰਣਜੀਤ ਸਿੰਘ ਦੇ ਇਨਸਾਫ਼ ਬਾਰੇ ਦੋ ਹੁਕਮਨਾਮਿਆਂ ਦੇ ਤਰਜਮੇ ਹੇਠਾਂ ਦਿੱਤੇ ਜਾਂਦੇ ਹਨ। ਇਹ ਹੁਕਮ, ਜਿਨ੍ਹਾਂ ਉੱਪਰ ਸ਼ਾਹੀ ਮੋਹਰ ਲੱਗੀ ਹੋਈ ਹੈ, ਲੇਖਕ ਦੇ ਘਰਾਣੇ ਵਿਚ ਹਾਲੀ ਵੀ ਮੌਜੂਦ ਹਨ। ਇਨ੍ਹਾਂ ਦੀਆਂ ਫੋਟੋ ਕਾਪੀਆਂ ਇਸ ਪੁਸਤਕ ਵਿਚ ਦਿੱਤੀਆਂ ਜਾਂਦੀਆਂ ਹਨ।

I “ਸੱਚੇ ਖ਼ੈਰ ਖ਼ਾਹ, ਫ਼ਕੀਰ ਨੂਰਉੱਦੀਨ ਜੀ, ਤੁਸੀਂ ਸਦਾ ਖੁਸ਼ ਰਹੋ। ਪੁਰ ਜ਼ੋਰ ਤਾਕੀਦ ਸਹਿਤ ਸਰਕਾਰ ਦਾ ਇਹ ਹੁਕਮ ਹੈ ਕਿ ਕੋਈ ਆਦਮੀ ਸ਼ਹਿਰ ਵਿਚ ਲੋਕਾਂ ਉੱਪਰ ਕੋਈ ਵਧੀਕੀ ਜਾਂ ਜਬਰ ਨਾ ਕਰੇ। ਸਗੋਂ ਜੇ ਮਹਾਰਾਜ ਆਪੂੰ ਲਾਹੌਰ ਦੇ ਕਿਸੇ ਵਸਨੀਕ ਵਿਰੁੱਧ ਨਾ-ਮੁਨਾਸਬ ਹੁਕਮ ਦੇਣ ਤਾਂ ਉਹ ਹੁਕਮ ਮਹਾਰਾਜਾ ਦੇ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਕਿ ਉਸ ਵਿਚ ਲੋੜੀਂਦੀ ਤਰਮੀਮ ਕੀਤੀ ਜਾ ਸਕੇ । ਬਹਾਦਰੀ ਦੇ ਰੱਖਿਅਕ ਮਾਲਵਾ ਸਿੰਘ ਨੂੰ ਹਮੇਸ਼ਾਂ ਸਲਾਹ ਦਿੱਤੀ ਜਾਵੇ ਕਿ ਉਹ ਵਾਜਬ ਅਧਿਕਾਰਾਂ ਨੂੰ ਸਦਾ ਧਿਆਨ ਵਿਚ ਰੱਖੇ ਤੇ ਰਤੀ ਮਾਸਾ ਜ਼ੁਲਮ ਤੋਂ ਵੀ ਪਰਹੇਜ਼ ਕਰੇ। ਇਸ ਤੋਂ ਇਲਾਵਾ ਉਸ ਨੂੰ ਇਹ ਵੀ ਦੱਸਿਆ ਜਾਵੇ ਕਿ ਆਪਣੇ ਹੁਕਮ ਸ਼ਹਿਰ ਦੇ ਪੰਚਾਂ ਤੇ ਜੱਜਾਂ ਨਾਲ ਸਲਾਹ ਮਸ਼ਵਰਾ ਕਰ ਕੇ ਦੇਵੇ ਅਤੇ ਉਹ ਹੁਕਮ ਦੋਵਾਂ ਧਿਰਾਂ ਦੇ ਧਰਮਾਂ ਅਨੁਸਾਰ, ਸ਼ਾਸਤਰਾਂ ਜਾਂ ਕੁਰਾਨ ਦੇ ਮੁਤਾਬਕ ਹੋਣ। ਇਹੀ ਸਾਡੀ ਖੁਸ਼ੀ ਹੈ ਜੇ ਕੋਈ ਆਦਮੀ ਤੁਹਾਡੀ ਇਸ ਹਦਾਇਤ ਜਾਂ ਸਲਾਹ ਨੂੰ ਨਹੀਂ ਮੰਨਦਾ, ਤਦ ਉਸ ਨੂੰ ਬਾਕਾਇਦਾ ਚਿੱਠੀ ਲਿਖੀ ਜਾਏ ਕਿ ਜਿਸ ਦੀ ਬਿਨਾਂ ਉੱਪਰ ਉਸ ਨੂੰ ਸਰਕਾਰ ਵੱਲੋਂ ਹੁਕਮ ਅਦੁੱਲੀ ਦੀ ਸਜ਼ਾ ਦਿੱਤੀ ਜਾ ਸਕੇ।

ਸਰਕਾਰ ਦੇ ਦਰਬਾਰ ਤੋਂ ਭੇਜੀ ਗਈ ਮਿਤੀ 31 ਭਾਦੋਂ, ਸੰਮਤ 1882 –  ਪੁਰਾਣੀ ਖਾਈ ਦੀ ਮੁਰੰਮਤ ਲਈ ਦੋ ਹਜ਼ਾਰ ਰੁਪਏ ਦੇ ਖਰਚ ਦੀ ਆਗਿਆ ਦਿੱਤੀ ਜਾਂਦੀ ਹੈ।

ਇਸ ਵਕਤ ਫ਼ਕੀਰ ਸਾਹਿਬ ਦੀ ਤਨਖ਼ਾਹ 1500/ਰੁਪਏ ਹੈ । ਖਾਈ ਉੱਪਰ ਖਰਚ ਕਰਨ ਬਾਅਦ ਸ਼ੇਰ ਦਿਆਲ ਦੀ ਤਨਖਾਹ 500/ਰੁਪਏ ਹੋਵੇਗੀ।”

II “ਉੱਜਲ ਦੀਦਾਰ, ਨਿਰਮਲ ਬੁੱਧ ਸਰਦਾਰ ਅਮੀਰ ਸਿੰਘ ਜੀ ਤੇ ਸਾਡੇ ਨੇਕ ਖ਼ੈਰ ਖ਼ਾਹ ਫ਼ਕੀਰ ਨੂਰਉੱਦੀਨ ਜੀ, ਸ੍ਰੀ ਅਕਾਲ ਪੁਰਖ ਦੀ ਕ੍ਰਿਪਾ ਨਾਲ ਤੁਹਾਡੀ ਲੰਮੀ ਉਮਰ ਹੋਵੇ ਤੇ ਸ੍ਰੀ ਅਕਾਲ ਬੁਧ ਦੀ ਰੱਖਿਆ ਮਾਣੋ।

ਸਿਰੀ ਸਤਿਗੁਰੂ ਜੀ ਦੀ ਕ੍ਰਿਪਾ ਨਾਲ ਲਾਹੌਰ ਦੀ ਹਿਫ਼ਾਜ਼ਤ ਦੀ ਜ਼ਿੰਮੇਵਾਰੀ ਤੁਹਾਡੇ ਉੱਪਰ ਹੋਣ ਕਰਕੇ ਇਹ ਵਿਸ਼ੇਸ਼ ਹੁਕਮ ਦਿੱਤਾ ਜਾਂਦਾ ਹੈ ਕਿ ਤੁਸੀਂ ਇਸ ਕੰਮ ਲਈ ਆਪਣੇ ਫ਼ਰਜ਼ਾਂ ਦਾ ਖਿਆਲ ਰੱਖੋ। ਸ੍ਰੀ ਸਤਿਗੁਰੂ ਜੀ ਐਸਾ ਨਾ ਕਰਾਉਣ, ਪਰ ਜੇ ਮਹਾਰਾਜਾ ਸਾਹਿਬ ਦਾ ਪਿਆਰਾ ਲੜਕਾ ਸ. ਖੜਕ ਸਿੰਘ, ਕੰਵਰ ਸ਼ੇਰ ਸਿੰਘ ਜੀ ਰਾਜਾ ਕਲਾਨ ਬਹਾਦਰ, ਸ. ਸੁਚੇਤ ਸਿੰਘ ਜੀ ਜਾਂ ਜਮਾਂਦਾਰ ਜੀ ਵੀ ਕੋਈ ਐਸਾ ਨਾਗਵਾਰ ਕੰਮ ਕਰਨ, ਤੁਸੀਂ ਮਹਾਰਾਜ ਦੇ ਨੋਟਿਸ ਵਿਚ ਅਜਿਹੀ ਗੱਲ ਲਿਆਓ। ਤੁਸੀਂ ਸਰਦਾਰਾਂ ਦੇ ਵਿਸ਼ਵਾਸਪਾਤਰ ਨੁਮਾਇੰਦਿਆਂ ਨੂੰ ਹਦਾਇਤ ਭੇਜੋ ਕਿ ਉਹ ਵੀ ਕੋਈ ਐਸਾ ਗ਼ਲਤ ਕੰਮ ਨਾ ਕਰਨ। ਜੇ ਇਹ ਸਰਦਾਰ ਤੁਹਾਡੇ ਹੁਕਮ ਮੁਤਾਬਕ ਕੰਮ ਕਰਦੇ ਹਨ ਤਾਂ ਬਹੁਤ ਚੰਗੀ ਗੱਲ ਹੈ, ਜੇ ਨਹੀਂ ਤਾਂ ਤੁਸੀਂ ਉਨ੍ਹਾਂ ਨੂੰ ਦੱਸੋ ਕਿ ਇਹ ਗੱਲ ਮਹਾਰਾਜੇ ਦੇ ਨੋਟਿਸ ਵਿਚ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਤੁਸੀਂ ਕਿਸੇ ਨੂੰ ਆਗਿਆ ਨਹੀਂ ਦੇਣੀ ਕਿ ਉਹ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰੇ, ਜਾਂ ਕਿਸੇ ਦੇ ਘਰ ਨੂੰ ਢਾਏ। ਨਾ ਹੀ ਤੁਸੀਂ ਕਿਸੇ ਨੂੰ ਆਗਿਆ ਦੇਣੀ ਕਿ ਕੋਈ ਕਿਸੇ ਲੱਕੜਹਾਰੇ, ਚਰ੍ਹੀ ਵੇਚਣ ਵਾਲੇ, ਤੇਲ ਵੇਚਣ ਵਾਲੇ, ਘੋੜਿਆਂ ਨੂੰ ਨਾਲ ਲਗਾਉਣ ਵਾਲੇ, ਕਾਰਖਾਨੇਦਾਰ ਨਾਲ ਵਧੀਕੀ ਇਤਿਆਦਿ ਕਰ ਸਕੇ । ਇਹੋ ਜਿਹੀਆਂ ਹਾਲਤਾਂ ਵਿਚ ਤੁਹਾਨੂੰ ਚਾਹੀਦਾ ਹੈ ਕਿ ਜ਼ਾਲਮ ਨੂੰ ਜ਼ੁਲਮ ਕਰਨ ਤੋਂ ਰੋਕੋ । ਤੁਸੀਂ ਪ੍ਰਬੰਧ ਐਸਾ ਕਰਨਾ ਹੈ ਜਿਵੇਂ ਸਰਦਾਰ ਦੇਸਾ ਸਿੰਘ ਜੀ ਕਰਦਾ ਹੈ ਤੇ ਕਿਸੇ ਨੂੰ ਵੀ ਸਖ਼ਤੀ ਕਰਨ ਦੀ ਆਗਿਆ ਨਹੀਂ ਦੇਣੀ । ਜੇ ਕੋਈ ਐਸੀ ਵਧੀਕੀ ਦੀ ਸ਼ਿਕਾਇਤ ਹੋਵੇ ਤਾਂ ਉਹ ਸਰਕਾਰ ਨੂੰ ਭੇਜ ਦੇਣੀ । ਇਸ ਤੋਂ ਇਲਾਵਾ ਤੁਸੀਂ ਰੋਜ਼ ਚਾਂਦ ਮੱਲ ਸ਼ਾਹੀ ਕੋਤਵਾਲ ਨੂੰ ਤੇ ਬਾਬੂ ਪੰਡੇ ਨੂੰ ਬੁਲਾਓ ਅਤੇ ਉਨ੍ਹਾਂ ਪਾਸੋਂ ਸਾਰੇ ਵਾਕਿਆਤ ਦੀ ਖ਼ਬਰ ਪ੍ਰਾਪਤ ਕਰੋ ਤਾਂ ਕਿ ਹਰ ਇਕ ਨੂੰ ਆਪਣੇ ਹੱਕ ਮਿਲਣ ਤੇ ਕਿਸੇ ਤੇ ਵੀ ਕੋਈ ਧੱਕਾ ਨਾ ਹੋਵੇ। ਸ਼ਹਿਰ ਦੇ ਦਰਵਾਜ਼ਿਆਂ ਦੀ ਮੁਰੰਮਤ ਅਦਾਲਤਾਂ ਦੀ ਆਮਦਨ ਵਿਚੋਂ ਕੀਤੀ ਜਾਏ। ਸੜਕਾਂ ਦੀ ਦੇਖ-ਭਾਲ ਲਈ ਹਜ਼ਾਰਾਂ ਦੇ ਸਵਾਰ ਮੁਕੱਰਰ ਕੀਤੇ ਜਾਣ ਅਤੇ ਕਿਉਂਕਿ ਸ਼ਹਿਰ ਦੀ ਜ਼ਿੰਮੇਵਾਰੀ ਤੁਹਾਡੇ ਉੱਪਰ ਹੈ ਇਸ ਲਈ ਇਸ ਹੁਕਮ ਦੇ ਮੁਤਾਬਿਕ ਕਾਰਵਾਈ ਕਰਨੀ ਚਾਹੀਦੀ ਹੈ। ਲਾਹੌਰ, ਮਿਤੀ 19 ਪੋਹ, ਸੰਮਤ 1888 ।”

ਇਹ ਹੁਕਮ ਕੋਈ ਸ਼ਾਹੀ ਫੁਰਮਾਨਾਂ ਦੇ ਆਦਰਸ਼ਕ ਨਮੂਨੇ ਤਾਂ ਨਹੀਂ—ਜੇ ਅਸੀਂ ਪੁਰਾਣੇ, ਨਵੇਂ ਜਾਂ ਪੱਛਮੀ ਜਾਂ ਪੂਰਬੀ ਪੈਮਾਨੇ ਨਾਲ ਨਾਪ ਕੇ ਵੇਖੀਏ । ਪਰ ਇਕ ਗੱਲ ਵਿਚ ਇਨ੍ਹਾਂ ਦਾ ਸਾਨੀ ਹੋਰ ਕੋਈ ਨਹੀਂ : ਪੁਰਾਣੇ ਸਮੇਂ ਤੋਂ ਇਕ ਗ਼ਲਤ ਕਾਨੂੰਨੀ ਪਰੰਪਰਾ ਚਲੀ ਆਉਂਦੀ ਸੀ ਕਿ ਬਾਦਸ਼ਾਹ ਕੋਈ ਗ਼ਲਤ ਕੰਮ ਨਹੀਂ ਕਰ ਸਕਦਾ। ਮਹਾਰਾਜਾ ਦੇ ਇਹ ਹੁਕਮ ਅਜਿਹੇ ਫੋਕੇ ਅਸੂਲ ਨੂੰ ਉੱਕਾ ਰੱਦ ਕਰ ਦਿੰਦੇ ਹਨ। ਰਣਜੀਤ ਸਿੰਘ ਦੀ ਇਹ ਵਿਸ਼ੇਸ਼ਤਾ ਸੀ ਕਿ ਉਹ ਆਪਣੇ ਆਪ ਨੂੰ ਇਕ ਮਨੁੱਖ ਤੇ ਬਾਦਸ਼ਾਹ ਦੇ ਨਾਤੇ ਸੰਪੂਰਨ ਨਹੀਂ ਸੀ ਮੰਨਦਾ। ਇਸ ਦੇ ਉਲਟ ਉਹ ਮੰਨਦਾ ਸੀ ਕਿ ਉਸ ਕੋਲੋਂ ਵੀ ਗਲਤੀ ਹੋ ਸਕਦੀ ਹੈ। ਅਤੇ ਇਸ ਹਾਲਤ ਵਿਚ ਉਸ ਦਾ ਫ਼ਰਜ ਹੈ ਕਿ ਪਰਜਾ ਨੂੰ ਕਿਸੇ ( ਪ੍ਰਕਾਰ ਦੇ ਗ਼ਲਤ ਸਿੱਟੇ ਭੁਗਤਣ ਤੋਂ ਬਚਾਏ। ਪੱਛਮ ਦੇ ਕਈ ਲਿਖਾਰੀ ਉਸ ਨੂੰ ਇਕ ਪੂਰਬੀ ਨਿਰੰਕੁਸ਼ ਸਮਰਾਟ ਮੰਨਦੇ ਹਨ। ਉਹ ਉਸ ਦੀ ਮਾਨਵਤਾ ਤੇ ਵਿਸ਼ਾਲ-ਦਿਲੀ ਦੇ ਕਾਇਲ ਤਾਂ ਹਨ ਪਰ ਦਿਮਾਗੀ ਤੌਰ ਤੇ ਇਹ ਨਹੀਂ ਮੰਨਣ ਨੂੰ ਤਿਆਰ ਕਿ ਇਕ ਪੂਰਬੀ ਬਾਦਸ਼ਾਹ ਸਮਰਾਟ ਹੁੰਦਾ ਹੋਇਆ ਅਜਿਹੇ ਗੁਣਾਂ ਦਾ ਮਾਲਕ ਵੀ ਹੋ ਸਕਦਾ ਹੈ। ਉਹ ਬਾਦਸ਼ਾਹਤ ਤੋਂ ਨਾ ਕੇਵਲ ਨਿਰੰਕੁਸ਼ ਸ਼ਕਤੀ ਦਾ ਹੀ ਭਾਵ ਲੈਂਦੇ ਹਨ, ਸਗੋਂ ਉਹ ਇਸ ਨੂੰ ਮਨਮਰਜ਼ੀ, ਜਬਰ, ਜ਼ੁਲਮ ਦੇ ਅਰਥਾਂ ਵਿਚ ਸਮਝਦੇ ਹਨ। ਜੋ ਮਨੁੱਖ ਉੱਪਰ ਦਿੱਤੇ ਹੋਏ ਹੁਕਮ ਦੇ ਸਕਦਾ ਹੈ। ਉਸ ਨੂੰ ਕਿਸੇ ਹਾਲਤ ਵਿਚ ਵੀ ਇਕ ਜਾਬਰ ਬਾਦਸ਼ਾਹ ਨਹੀਂ ਕਿਹਾ ਜਾ ਸਕਦਾ।

ਇਹ ਹੁਕਮ ਕੋਈ ਐਸੇ ਨਹੀਂ ਸਨ ਜੋ ਗੜਬੜ ਦੀ ਹਾਲਤ ਵਿਚ ਠੀਕ ਪ੍ਰਬੰਧ ਲਿਆਉਣ ਦੀਆਂ ਟਾਂਵੀਆਂ ਟਾਂਵੀਆਂ ਕੋਸ਼ਿਸ਼ਾਂ ਹੋਣ। ਉਸ ਦੀ ਨਿਆਂ-ਪ੍ਰਣਾਲੀ ਨੂੰ ਉਸ ਸਮੇਂ ਦੇ ਨਾਪ ਅਨੁਸਾਰ ਇਕ ਸੁਚੱਜੀ ਪ੍ਰਣਾਲੀ ਮੰਨਿਆ ਜਾ ਸਕਦਾ ਹੈ। ਉਦੋਂ ਬਕਾਇਦਾ ਕਚਹਿਰੀਆਂ ਹੁੰਦੀਆਂ ਸਨ ਜਿਨ੍ਹਾਂ ਉੱਪਰ ਜੱਜ ਸਾਹਿਬਾਨ ਇਨਸਾਫ਼ ਕਰਨ ਲਈ ਨਿਯੁਕਤ ਕੀਤੇ ਜਾਂਦੇ ਸਨ। ਹਰ ਕਿਸਮ ਦੇ ਲੋਕ ਹਿੰਦੂ, ਸਿੱਖ ਜਾਂ ਮੁਸਲਮਾਨ ਜੋ ਆਮ ਰਿਵਾਜੀ ਕਾਨੂੰਨ ਅਨੁਸਾਰ ਪ੍ਰਬੰਧ ਚਾਹੁੰਦੇ ਸਨ, ਉਨ੍ਹਾਂ ਨੂੰ ਇਨ੍ਹਾਂ ਕਚਹਿਰੀਆਂ ਦੀ ਵਰਤੋਂ ਦੀ ਖੁਲ੍ਹ ਸੀ। ਇਸ ਤੋਂ ਇਲਾਵਾ ਖ਼ਾਸ ਕਚਹਿਰੀਆਂ ਮੁਸਲਮਾਨਾਂ ਵਾਸਤੇ ਹੁੰਦੀਆਂ ਸਨ ਜਿੱਥੇ ਸ਼ਰ੍ਹਾ ਮੁਤਾਬਕ ਕਾਰਵਾਈ ਹੁੰਦੀ ਸੀ । ਲਾਹੌਰ ਜਿੱਤਣ ਤੋਂ ਬਾਅਦ ਰਣਜੀਤ ਸਿੰਘ ਦਾ ਪਹਿਲਾ ਕੰਮ ਇਹ ਸੀ ਕਿ ਉਸ ਨੇ ਮੁਗ਼ਲ ਸਮੇਂ ਦੇ ਪ੍ਰਬੰਧ ਅਨੁਸਾਰ ਕਾਜ਼ੀਆਂ ਤੇ ਮੁਫਤੀਆਂ ਦਾ ਸਿਲਸਿਲਾ ਫਿਰ ਚਾਲੂ ਕਰ ਦਿੱਤਾ । ਮੁਸਲਮਾਨਾਂ ਦੇ ਵਿਆਹ ਤੇ ਤਲਾਕ ਦੇ ਝਗੜਿਆਂ ਨੂੰ ਨਿਪਟਾਨ ਲਈ ਕਾਜੀ ਨਿਜ਼ਾਮਉੱਦੀਨ ਨੂੰ ਨਿਯੁਕਤ ਕੀਤਾ। ਅਹਿਲ ਜਾਇਦਾਦਾਂ ਦੇ ਇੰਤਕਾਲ ਦੀ ਰਜਿਸਟਰੀ ਲਈ ਮੁਹੰਮਦ ਸ਼ਾਹਪੁਰੀ ਤੇ ਸਦੁੱਲਾ ਚਿਸ਼ਤੀ ਨੂੰ ਮੁਫਤੀ ਲਗਾਇਆ ਗਿਆ । ਪੁਰਾਣੀ ਮੁਹੱਲੇਦਾਰੀ ਪ੍ਰਣਾਲੀ ਮੁੜ ਸ਼ੁਰੂ ਕੀਤੀ ਗਈ ਜਿਸ ਨਾਲ ਹਰ ਮੁਹੱਲੇ ਉੱਪਰ ਇਕ ਜ਼ਿੰਮੇਵਾਰ ਪੁਰਸ਼ ਹੁੰਦਾ ਸੀ । ਕੋਤਵਾਲ ਦਾ ਕੰਮ ਇਮਾਮ ਬਖ਼ਸ਼ ਨੂੰ ਸੌਂਪਿਆ ਗਿਆ ਤੇ ਕਿਲ੍ਹੇ ਦੇ ਦਰਵਾਜ਼ਿਆਂ ਉੱਪਰ ਹੋਰ ਪਹਿਰੇਦਾਰ ਲਗਾਏ ਗਏ। ਸ਼ਹਿਰ ਦੇ ਦੁਆਲੇ ਨਵੀਆਂ ਦੀਵਾਰਾਂ ਤੇ ਇਕ ਖਾਈ ਵੀ ਬਣਾਈ ਗਈ ।

ਜ਼ਮੀਨ ਤੇ ਜ਼ਮੀਨ ਦੇ ਮਾਲੀਆ ਪ੍ਰਬੰਧ ਨੂੰ ਰਣਜੀਤ ਸਿੰਘ ਨੇ ਉਸੀ ਤਰ੍ਹਾਂ ਰਖਿਆ ਜਿਵੇਂ ਕਿ ਮੁਗ਼ਲਾਂ ਵੇਲੇ ਹੁੰਦਾ ਸੀ । ਇਸ ਨਾਲ ਚੰਗੀ ਆਮਦਨੀ ਦਾ ਭਰੋਸਾ ਬੱਝ ਜਾਂਦਾ ਸੀ । ਇਸ ਆਮਦਨ ਦਾ ਅੱਧਾ ਹਿੱਸਾ ਕਿਸਾਨ ਨੂੰ ਮਿਲਦਾ ਤੇ ਉਹ ਵੱਡੇ ਜ਼ਿਮੀਂਦਾਰਾਂ, ਮਾਲੀਆ ਅਫ਼ਸਰਾਂ ਤੇ ਸਰਕਾਰੀ ਅਫ਼ਸਰਾਂ ਦੀ ਲੁੱਟ-ਖਸੁੱਟ ਤੋਂ ਬਚ ਜਾਂਦਾ ਸੀ। ਅਸਲ ਕਾਸ਼ਤਕਾਰਾਂ ਨੂੰ ਤਰਜੀਹ ਦਿੱਤੀ ਜਾਂਦੀ ਸੀ, ਅਤੇ ਜੋ ਮਾਲਕ ਤੇ ਜਗੀਰਦਾਰ ਆਪੂੰ ਕਾਸ਼ਤ ਨਹੀਂ ਸਨ ਕਰਦੇ ਉਨ੍ਹਾਂ ਦੇ ਅਧਿਕਾਰ ਕੇਵਲ ਨਾਮ ਮਾਤਰ ਹੀ ਸਨ।

ਪੂਰਬ ਦੇ ਹੋਰ ਬਾਦਸ਼ਾਹਾਂ ਵਾਂਗ ਰਣਜੀਤ ਸਿੰਘ ਦੀ ਵੀ ਆਦਤ ਸੀ ਕਿ ਜਦੋਂ ਬਾਜ਼ਾਰ ਵਿਚੋਂ ਲੰਘਦਾ ਤਾਂ ਲੋਕਾਂ ਦੀਆਂ ਸ਼ਿਕਾਇਤਾਂ ਸੁਣਦਾ ਤੇ ਦਰਖ਼ਾਸਤਾਂ ਲੈਂਦਾ ਹੁੰਦਾ ਸੀ । ਆਮ ਤਰੀਕਾ ਇਹ ਸੀ ਕਿ ਫਰਿਆਦੀ ਸ਼ਾਹੀ ਜਲੂਸ ਵਾਲੇ ਰਸਤੇ ਤੇ ਲੇਟ ਜਾਂਦਾ ਜਾਂ ਇਕੱਠ ਤੇ ਭੀੜ ਵਿਚੋਂ ਹੀ ਮਹਾਰਾਜੇ ਨੂੰ ਉੱਚੀ ਸਾਰੀ ਆਵਾਜ਼ ਵਿਚ ਸਹਾਇਤਾ ਲਈ ਬੇਨਤੀ ਕਰਦਾ। ਕੁਝ ਫ਼ੈਸਲੇ ਮਹਾਰਾਜਾ ਮੌਕੇ ਤੇ ਹੀ ਕਰ ਦਿੰਦਾ ਤੇ ਬਾਕੀਆਂ ਬਾਰੇ ਜੋ ਅਫ਼ਸਰ ਨਾਲ ਹੁੰਦੇ ਉਨ੍ਹਾਂ ਨੂੰ ਕਹਿ ਦਿੰਦਾ। ਉਸ ਦੀ ਯਾਦ ਸ਼ਕਤੀ ਇੰਨੀ ਤੇਜ਼ ਸੀ ਕਿ ਇਨਸਾਫ਼ ਹੋਇਆ ਹੈ ਕਿ ਨਹੀਂ, ਬਾਅਦ ਵਿਚ ਇਨ੍ਹਾਂ ਬਾਰੇ ਪੁੱਛਦਾ ਤੇ ਹੇਠਲੇ ਅਫ਼ਸਰਾਂ ਦੇ ਫ਼ੈਸਲਿਆਂ ਦੀ ਵੀ ਪੜਤਾਲ ਕਰਦਾ। ਕਦੀ ਕਦੀ ਐਸੇ ਮੌਕੇ ਵੀ ਆਏ ਜਦੋਂ ਉਸ ਨੇ ਆਪਣੀ ਨਿਜੀ ਵਾਕਫੀਅਤ ਸਦਕਾ ਅਫ਼ਸਰਾਂ ਦੇ ਫ਼ੈਸਲੇ ਦੀ ਤਸਦੀਕ ਕੀਤੀ ਜਾਂ ਬਦਲ ਦਿੱਤਾ। ਆਪਣੇ ਮਹੱਲ ਦੇ ਇਕ ਹਿੱਸੇ ਵਿਚ ਉਸ ਨੇ ਦਰਖ਼ਾਸਤਾਂ ਲਈ ਇਕ ਡੱਬਾ ਰਖਿਆ ਹੋਇਆ ਸੀ ਜਿਸ ਤੀਕ ਹਰ ਇਕ ਨੂੰ ਪਹੁੰਚ ਪ੍ਰਾਪਤ ਸੀ ਅਤੇ ਇਸ ਬਕਸੇ ਦੀ ਚਾਬੀ ਉਹ ਆਪਣੀ ਜੇਬ ਵਿਚ ਰੱਖਦਾ। ਬਕਸੇ ਵਾਲੀਆਂ ਦਰਖ਼ਾਸਤਾਂ ਉਸ ਨੂੰ ਪੜ੍ਹ ਕੇ ਸੁਣਾਈਆਂ ਜਾਂਦੀਆਂ ਤੇ ਉਹ ਤੁਰੰਤ ਯੋਗ ਕਾਰਵਾਈ ਕਰਨ ਲਈ ਹੁਕਮ ਦਿੰਦਾ ।

ਉਸ ਤੋਂ ਪਹਿਲੇ ਦੇ ਰਾਜਿਆਂ, ਭੰਗੀਆਂ, ਦੇ ਸਮੇਂ ਜੁਰਮ ਬਹੁਤ ਵਧ ਗਿਆ ਸੀ ਪਰ ਉਸ ਦੇ ਆਪਣੇ ਰਾਜ ਵਿਚ ਇਹ ਘਟਦਾ ਘਟਦਾ ਤਕਰੀਬਨ ਖ਼ਤਮ ਹੋ ਗਿਆ ਸੀ। ਇਸ ਦੇ ਕਈ ਕਾਰਨ ਸਨ-ਰੋਕ-ਥਾਮ ਦੀ ਕਾਰਵਾਈ, ਲੋਕਾਂ ਲਈ ਅਮਨ ਤੇ ਸ਼ਾਂਤੀ ਦੇ ਸਮੇਂ ਦਾ ਆਣਾ, ਵਧੇਰੇ ਖ਼ੁਸ਼ਹਾਲੀ ਤੇ ਇਨਸਾਫ਼ ਦਾ ਉੱਤਮ ਪ੍ਰਬੰਧ। ਸਜ਼ਾਵਾਂ ਵੀ ਮਾਨਵ-ਹਿਤੈਸ਼ੀ ਸਨ । ਮਿਸਾਲ ਵਜੋਂ, ਫਾਂਸੀ ਦੀ ਸਜ਼ਾ ਜਿਸ ਨੂੰ ਹੁਣ ਦੀਆਂ ਸਰਕਾਰਾਂ ਵੀ ਨਹੀਂ ਖ਼ਤਮ ਕਰ ਸਕਦੀਆਂ, ਉਸ ਦੇ ਸਮੇਂ ਕਿਸੇ ਨੂੰ ਨਹੀਂ ਮਿਲੀ । ਇਥੋਂ ਤਕ ਕਿ ਜਦੋਂ ਮਹਾਰਾਜਾ ਦੀ ਆਪਣੀ ਜ਼ਿੰਦਗੀ ਤੇ ਵੀ ਮਾਰੂ ਹੱਲੇ ਕੀਤੇ ਗਏ ਤਦ ਵੀ ਫਾਂਸੀ ਦੀ ਸਜ਼ਾ ਨਹੀਂ ਸੀ ਦਿੱਤੀ ਗਈ ।

ਸਰਕਾਰੀ ਨੌਕਰੀਆਂ ਬਾਰੇ ਰਣਜੀਤ ਸਿੰਘ ਖ਼ਾਸ ਖ਼ਿਆਲ ਰੱਖਦਾ ਸੀ ਕਿ ਹਰ ਫਿਰਕੇ ਨੂੰ ਉਸ ਦਾ ਯੋਗ ਹਿੱਸਾ ਦਿੱਤਾ ਜਾਏ, ਨਿਰੀਆਂ ਛੋਟੀਆਂ ਨੌਕਰੀਆਂ ਵਿਚ ਹੀ ਨਹੀਂ ਸਗੋਂ ਦਰਬਾਰ ਦੀਆਂ ਸਾਰੀਆਂ ਨੋਕਰੀਆਂ ਵਿਚ । ਸਿਵਲ ਤੇ ਮਿਲਟਰੀ ਪ੍ਰਬੰਧ ਲਈ ਚੋਣਵੀਆਂ ਤੇ ਵਿਸ਼ੇਸ਼ ਨੌਕਰੀਆਂ ਉੱਪਰ ਵੱਖ-ਵੱਖ ਫਿਰਕਿਆਂ ਦੇ ਅਫ਼ਸਰ ਲਾਏ ਗਏ ਜੋ ਸੰਸਾਰ ਦੇ ਅੱਡ-ਅੱਡ ਹਿੱਸਿਆਂ ਵਿਚੋਂ ਲਿੱਤੇ ਗਏ—ਮੁਸਲਮਾਨ, ਸਿੱਖ, ਖੱਤਰੀ, ਬ੍ਰਾਹਮਣ, ਡੋਗਰੇ, ਰਾਜਪੂਤ, ਪਠਾਣ, ਇਤਾਲਵੀ, ਅੰਗਰੇਜ਼, ਫਰਾਂਸੀਸੀ ਤੇ ਅਮਰੀਕਨ ਵਗ਼ੈਰਾ । ਨਿਯੁਕਤੀ ਤੇ ਚੋਣ ਵੇਲੇ ਉਸ ਦੀ ਕਸਵੱਟੀ ਸੀ ਲਿਆਕਤ ਤੇ ਵਫ਼ਾਦਾਰੀ। ਲਿਆਕਤ ਲੱਭਣ ਲਈ ਉਸ ਦੀ ਅੱਖ ਬੜੀ ਤੇਜ਼ ਸੀ ਤੇ ਅਫ਼ਸਰਾਂ ਵਿਚ ਵਫ਼ਾਦਾਰੀ ਜਗਾਉਣ ਲਈ ਉਸ ਦੀ ਨਿਜੀ ਸ਼ਖ਼ਸੀਅਤ ਦਾ ਅਥਾਹ ਤੇ ਸਫ਼ਲ ਪ੍ਰਭਾਵ ਪੈਂਦਾ ਸੀ । ਜੋ ਆਦਮੀ ਉਸ ਚੁਣੇ, ਉਹ ਹੇਠਲੀ ਪਉੜੀ ਤੋਂ ਉੱਨਤੀ ਕਰਦੇ ਗਏ ਤੇ ਅੰਤ ਤਕ ਵਫ਼ਾਦਾਰ ਰਹੇ।

ਪ੍ਰਧਾਨ-ਮੰਤਰੀ ਰਾਜਾ ਧਿਆਨ ਸਿੰਘ ਡੋਗਰਾ ਸੀ । ਉਸ ਦਾ ਇਕ ਭਰਾ ਰਾਜਾ ਗੁਲਾਬ ਸਿੰਘ ਬੜਾ ਉੱਚੇ ਅਹੁਦੇ ਦਾ ਪ੍ਰਬੰਧਕ ਸੀ ਤੇ ਇਕ ਹੋਰ ਰਾਜਾ ਸੁਚੇਤ ਸਿੰਘ ਇਕ ਵੱਡਾ ਫੌਜੀ ਅਫ਼ਸਰ ਸੀ । ਜਮਾਂਦਾਰ ਖੁਸ਼ਹਾਲ ਸਿੰਘ ਮੇਰਠ ਦੇ ਇਕ ਬ੍ਰਾਹਮਣ ਘਰ ਤੋਂ ਬਣਿਆ ਸਿੱਖ ਡਿਉਢੀਦਾਰ ਸੀ । ਉਸ ਦਾ ਭਰਾ ਭਈਆ ਰਾਮ ਸਿੰਘ ਸ਼ਹਿਜ਼ਾਦੇ ਖੜਕ ਸਿੰਘ ਦਾ ਦੀਵਾਨ ਸੀ ਤੇ ਉਸ ਦਾ ਭਤੀਜਾ ਤੇਜਾ ਸਿੰਘ ਇਕ ਫ਼ੌਜੀ ਅਫ਼ਸਰ ਸੀ । ਰਾਜਾ ਦੀਨਾ ਨਾਥ, ਰਾਜਾ ਸਾਹਿਬ ਦਿਆਲ, ਰਾਜਾ ਰਲੀਆ ਰਾਮ, ਦੀਵਾਨ ਜੁਧਿਆ ਪ੍ਰਸ਼ਾਦ ਤੇ ਪੰਡਤ ਸ਼ੰਕਰ ਨਾਥ ਇਹ ਵੀ ਸਾਰੇ ਬ੍ਰਾਹਮਣ ਸਨ ਤੇ ਅੱਛੀਆਂ ਨੌਕਰੀਆਂ ਤੇ ਲੱਗੇ ਹੋਏ ਸਨ। ਮੁਸਲਮਾਨਾਂ ਵਿਚ ਫ਼ਕੀਰ ਅਜ਼ੀਜ਼ਉੱਦੀਨ, ਨੂਰਉੱਦੀਨ, ਅਮਾਮਉੱਦੀਨ, ਕਾਜ਼ੀ ਨਿਜ਼ਾਮਉੱਦੀਨ ਤੇ ਮੁਫਤੀ ਮੁਹੰਮਦ ਸ਼ਾਹ ਤੇ ਕੁਝ ਹੋਰ ਉੱਚੀਆਂ ਤੇ ਖ਼ਾਸ ਪਦਵੀਆਂ ਤੇ ਲੱਗੇ ਹੋਏ ਸਨ। ਸਿੱਖਾਂ ਵਿਚੋਂ ਉਸ ਦੇ ਵਿਸ਼ੇਸ਼ ਦਰਬਾਰੀ ਤੇ ਸਲਾਹਕਾਰ ਸਨ-ਸ ਫ਼ਤਿਹ ਸਿੰਘ ਆਹਲੂਵਾਲੀਆ, ਸ. ਚਤਰ ਸਿੰਘ, ਸ. ਸ਼ੇਰ ਤੇ ਸ. ਸ਼ਾਮ ਸਿੰਘ ਅਟਾਰੀ ਵਾਲਾ ਅਤੇ ਮਜੀਠਾ ਘਰਾਣੇ ਦੇ ਦੇਸਾ ਸਿੰਘ ਤੇ ਲਹਿਣਾ ਸਿੰਘ । ਮਹਾਰਾਜੇ ਦੇ ਜਰਨੈਲ ਵੀ ਵੱਖ ਵੱਖ ਫਿਰਕਿਆਂ ਦੇ ਸਨ। ਦੀਵਾਨ ਮੁਹਕਮ ਚੰਦ, ਉਸ ਦਾ ਲੜਕਾ ਪ੍ਰੇਮ ਦਿਆਲ, ਤੇ ਪੋਤਰਾ ਰਾਮ ਦਿਆਲ ਅਤੇ ਮਿਸਰ ਦੀਵਾਨ ਚੰਦ ਹਿੰਦੂ ਸਨ । ਸ. ਹਰੀ ਸਿੰਘ ਨਲੂਆ, ਫ਼ਤਿਹ ਸਿਘ ਕਾਲਿਆਵਾਲਾ, ਫਤਿਹ ਸਿੰਘ ਡਲੇਵਾਲੀਆ ਅਤੇ ਨਿਹਾਲ ਸਿੰਘ ਅਟਾਰੀ ਵਾਲਾ ਸਿੱਖ ਜਰਨੈਲ ਸਨ । ਅਲਾਰਡ, ਵੈਨਤੁਰਾ ਤੇ ਅਵੀਤੇਬੀਲ ਯੂਰਪੀਨ ਸਨ । ਇਲਾਹੀ ਬਖ਼ਸ਼ ਤੇ ਮੀਆਂ ਘੋਸਾ ਮੁਸਲਮਾਨ ਸਨ ਤੇ ਬਲਭਦਰ ਗੋਰਖਾ ਸੀ । ਉਸ ਦੇ ਵਿਸ਼ਾਲ ਅਸਮਾਨ ਦੇ ਚਮਕਦੇ ਸਿਤਾਰਿਆਂ ਵਿਚੋਂ ਇਹ ਕੁਝ ਸਨ ਜਿਨ੍ਹਾਂ ਕਰਕੇ ਉਸ ਦਾ ਦਰਬਾਰ ਪ੍ਰਸਿੱਧ ਸੀ। ਉਸ ਦੇ ਮੰਤਰੀ, ਸਲਾਹਕਾਰ, ਪ੍ਰਬੰਧਕ ਤੇ ਸਿਪਾਹੀ ਅਜਿਹੇ ਸਨ ਜੋ ਕਿਸੇ ਵੀ ਸਰਕਾਰ ਲਈ ਮਾਣ ਤੇ ਵਡਿਆਈ ਦਾ ਕਾਰਨ ਹੁੰਦੇ । ਜਿੱਥੋਂ ਤੀਕ ਮਸਲਮਾਨਾਂ ਦਾ ਸਬੰਧ ਹੈ, ਲੇਖਕ ਦੇ ਘਰਾਣੇ ਦੇ ਪੁਰਾਣੇ ਰਿਕਾਰਡਾਂ ਵਿਚੋਂ ਦਰਮਿਆਨੀ ਤੇ ਉਤਲੀ ਸ਼੍ਰੇਣੀ ਦੇ ਮੁਸਲਮਾਨਾਂ ਦੀਆਂ ਸੂਚੀਆਂ ਮਿਲਦੀਆਂ ਹਨ। ਫ਼ੌਜ ਵਿਚ 41 ਉੱਚ ਅਧਿਕਾਰੀ ਮੁਸਲਮਾਨ ਸਨ, ਜਿਨ੍ਹਾਂ ਵਿਚੋਂ ਦੋ ਜਰਨੈਲ, ਕਈ ਕਰਨੈਲ ਤੇ ਕਈ ਹੋਰ ਅੱਛੀਆਂ ਨੌਕਰੀਆਂ ਤੇ ਲੱਗੇ ਹੋਏ ਅਫ਼ਸਰ ਸਨ । ਪੁਲਸ, ਅਦਾਲਤ, ਕਾਨੂੰਨੀ ਦਫ਼ਤਰ, ਸਿਵਲ ਸਪਲਾਈ, ਮੋਦੀਖਾਨੇ ਦੇ ਕੰਮਾਂ ਵਿਚ 92 ਮੁਸਲਮਾਨ ਉੱਚੇ ਉੱਚੇ ਅਹੁਦਿਆਂ ਤੇ ਕੰਮ ਕਰਦੇ ਸਨ।

ਇਸ ਤਰ੍ਹਾਂ ਜਦੋਂ ਕਿ ਰਾਜਾ ਸਿੱਖ ਸੀ, ਉਸ ਦਾ ਸਾਰਾ ਰਾਜਸੀ ਪ੍ਰਬੰਧ ਵੱਖ-ਵੱਖ ਫਿਰਕਿਆਂ ਦੇ ਚੋਣਵੇਂ ਤੇ ਕਾਬਲ ਅਫ਼ਸਰਾਂ ਨਾਲ ਚਲਾਇਆ ਜਾ ਰਿਹਾ ਸੀ । ਇਸ ਨਾਲ ਰਣਜੀਤ ਸਿੰਘ ਦੇ ਰਾਜ ਨੂੰ ਇਕ ਗ਼ੈਰ ਫਿਰਕਾਦਾਰ ਰੂਪ-ਰੇਖਾ ਮਿਲਦੀ ਸੀ, ਭਾਵੇਂ ਕਿ ਰਾਜ ਦੀ ਉਸਾਰੀ ਧਾਰਮਿਕ ਨੀਹਾਂ ਤੇ ਸੀ ।

ਮਹਾਰਾਜਾ ਰਣਜੀਤ ਸਿੰਘ | Maharaja Ranjit Singh |

ਫ਼ਕੀਰ ਟੱਬਰ

ਤਿੰਨ ਫ਼ਕੀਰ ਭਰਾਵਾਂ ਵਿਚੋਂ ਜੋ ਮਹਾਰਾਜਾ ਰਣਜੀਤ ਸਿੰਘ ਦੇ ਹੇਠਾਂ ਉੱਚ ਪਦਵੀਆਂ ਤੇ ਲੱਗੇ ਹੋਏ ਸਨ, ਸਭ ਤੋਂ ਪਹਿਲਾਂ ਅਜ਼ੀਜ਼ਉੱਦੀਨ ਉਸ ਨੂੰ ਮਿਲਿਆ ਸੀ । ਲਾਹੌਰ ਨੂੰ ਫਤਿਹ ਕਰਨ ਪਿੱਛੋਂ ਮਹਾਰਾਜੇ ਨੇ ਆਪਣੀ ਅੱਖ ਦੇ ਇਲਾਜ ਲਈ ਉਸ ਦੇ ਪਿਤਾ ਗ਼ੁਲਾਮ ਮੁਹੀਉੱਦੀਨ ਨੂੰ ਸੱਦਿਆ ਤੇ ਇਹ ਅਜ਼ੀਜ਼ਉੱਦੀਨ ਆਪਣੇ ਪਿਤਾ ਨਾਲ ਆਇਆ। ਫਿਰ ਨੂਰਉੱਦੀਨ ਆਇਆ ਤੇ ਆਖ਼ਰ ਈਮਾਮਉੱਦੀਨ ਆਇਆ। ਇਸ ਟੱਬਰ ਦਾ ਮੁੱਢਲਾ ਬੰਦਾ ਅਰਬ ਦਾ ਵਸਨੀਕ ਸੱਯਦ ਜਲਾਲਉੱਦੀਨ ਇਕ ਪ੍ਰਸਿੱਧ ਧਾਰਮਿਕ ਵਿਅਕਤੀ ਸੀ ਜਿਸ ਨੇ ਬੁਖਾਰੇ ਦੇ ਮਸ਼ਹੂਰ ਹਲਾਕੂ ਖ਼ਾਨ ਨੂੰ ਮੁਸਲਮਾਨ ਬਣਾਇਆ ਸੀ ਤੇ ਉਸ ਦੀ ਇਕ ਲੜਕੀ ਨਾਲ ਵਿਆਹ ਕੀਤਾ, ਉਸੇ ਦੇ ਨਾਲ ਉਹ ਪੰਜਾਬ ਆਇਆ ਤੇ ਇੱਥੇ ਆ ਕੇ ਰਹਿਣ ਲੱਗ ਪਿਆ। ਜਲਾਲਉੱਦੀਨ ਦੀ ਬੁਖ਼ਾਰੇ ਵਿਚ ਰਿਹਾਇਸ਼ ਹੋਣ ਕਰਕੇ ਇਸ ਘਰਾਣੇ ਦਾ ਨਾਮ ‘ਬੁਖਾਰੀ’ ਪੈ ਗਿਆ, ਪਰ ਰਣਜੀਤ ਸਿੰਘ ਦੇ ਸਮੇਂ ਇਹ ਨਾਮ ਬਦਲ ਕੇ ਫ਼ਕੀਰ ਪੈ ਗਿਆ ਸੀ । ਸਭ ਤੋਂ ਪਹਿਲਾਂ ਇਹ ਨਾਮ ਗ਼ੁਲਾਮ ਮੁਹੀਉੱਦੀਨ ਨੂੰ ਆਮ ਲੋਕਾਂ ਨੇ ਉਸ ਦੀ ਧਾਰਮਿਕ ਰੁਚੀ ਕਰਕੇ ਦਿੱਤਾ ਸੀ ਪਰ ਅਜ਼ੀਜਉਦੀਨ ਦੇ ਸਮੇਂ ਇਸ ਨੂੰ ਸਰਕਾਰੀ ਮਾਨਤਾ ਮਿਲ ਗਈ । ਰਣਜੀਤ ਸਿੰਘ ਤੇ ਉਸ ਦੇ ਬਦੇਸ਼ ਮੰਤਰੀ ਦੇ ਪਰਸਪਰ ਸੰਬੰਧਾਂ ਤੋਂ ਇੰਜ ਹੋਣਾ ਵੀ ਸੁਭਾਵਕ ਸੀ। ਸ਼ੁਰੂ ਸ਼ੁਰੂ ਵਿਚ ਰਣਜੀਤ ਸਿੰਘ ਅਜ਼ੀਜ਼ਉੱਦੀਨ ਨੂੰ ‘ਸ਼ਾਹ ਜੀ’ ਕਰਕੇ ਸੰਬੋਧਨ ਕਰਦਾ ਜਿਵੇਂ ਕਿ ਪੰਜਾਬ ਵਿਚ ਹਾਲੀਂ ਵੀ ਸੱਯਦਾਂ ਨਾਲ ਗੱਲ-ਬਾਤ ਕਰਨ ਦਾ ਰਿਵਾਜ ਹੈ। ਇਕ ਦਿਨ ਜਦੋਂ ਮਹਾਰਾਜਾ ਅਜ਼ੀਜ਼ਉੱਦੀਨ ਉੱਤੇ ਖ਼ਾਸ ਪ੍ਰਸੰਨ ਸੀ ਤਾਂ ਉਸ ਨੇ ਕਿਹਾ, “ਸ਼ਾਹ ਜੀ ਮੈਂ ਤੁਹਾਨੂੰ ਇਕ ਐਸਾ ਖ਼ਿਤਾਬ ਦੇਣਾ ਚਾਹੁੰਦਾ ਹਾਂ ਜੋ ਤੁਹਾਡੇ ਟੱਬਰ ਨਾਲ ਕਈ ਪੁਸ਼ਤਾਂ ਤਕ ਚਲਦਾ ਰਹੇ, ਕੀ ਤੁਸੀਂ ਦੱਸ ਸਕਦੇ ਹੋ, ਇਹ ਕੀ ਹੋਵੇ?” ਅਜ਼ੀਜ਼ਉੱਦੀਨ ਨੇ ਉੱਤਰ ਦਿੱਤਾ, ਮਹਾਰਾਜ, ਜੇ ਤੁਸੀਂ ਇੰਨੇ ਖੁਸ਼ ਹੋ ਤਾਂ ਕ੍ਰਿਪਾ ਕਰਕੇ ਇਕ ਐਸਾ ਖ਼ਿਤਾਬ ਦਿਓ ਜੋ ਬਹੁਤ ਵੱਡਾ ਨਾ ਹੋਵੇ ਕਿਉਂਕਿ ਭਵਿੱਸ਼ ਵਿਚ ਅਸੀਂ ਗ਼ਰੀਬ ਵੀ ਹੋ ਸਕਦੇ ਹਾਂ, ਪਰੰਤੂ ਇਹ ਐਸਾ ਹੋਵੇ ਜੋ ਸਾਡੇ ਘਰਾਣੇ ਨੂੰ ਹੋਰ ਸਤਿਕਾਰ ਯੋਗ ਬਣਾਵੇ । ਮਹਾਰਾਜੇ ਨੇ ਪੁੱਛਿਆ, “ਫ਼ਕੀਰ ਖ਼ਿਤਾਬ ਬਾਰੇ ਕੀ ਖ਼ਿਆਲ ਹੈ?” “ਤੇਰੇ ਪਿਤਾ ਨੂੰ ਇਸ ਨਾਲ ਅੱਗੇ ਹੀ ਬੁਲਾਇਆ ਜਾਂਦਾ ਹੈ।” ਅਜੀਜਉੱਦੀਨ ਨੇ ਹਾਂ ਕੀਤੀ ਤੇ ਕਿਹਾ, “ਇਸ ਤੋਂ ਵਧੀਆ ਮੇਰੇ ਜਾਂ ਮੇਰੇ ਟੱਬਰ ਵਾਸਤੇ ਕੋਈ ਖ਼ਿਤਾਬ ਨਹੀਂ ਹੋ ਸਕਦਾ।” ਸੋ ਇਹ ਖ਼ਿਤਾਬ ਐਲਾਨੀਆਂ ਤੌਰ ਤੇ ਦਿੱਤਾ ਗਿਆ ਤੇ ਇਸ ਨਾਲ ਦੋ ਕੀਮਤੀ ਸ਼ਾਲ ਗੇਰੂ ਰੰਗ ਦੇ, ਜੋ ਰੰਗ ਫ਼ਕੀਰਾਂ ਤੇ ਸਾਧੂਆਂ ਦਾ ਵਿਸ਼ੇਸ਼ ਹੁੰਦਾ ਹੈ, ਇਨਾਮ ਦੇ ਤੌਰ ਤੇ ਦਿੱਤੇ ।

‘ਫ਼ਕੀਰ’ ਸ਼ਬਦ ਅਰਬ ਬੋਲੀ ਤੋਂ ਆਇਆ ਹੈ ਤੇ ਆਮ ਬੋਲ-ਚਾਲ ਵਿਚ ਮੰਗਤੇ ਵਾਸਤੇ ਵਰਤਿਆ ਜਾਂਦਾ ਹੈ। ਪਰ ਇਹ ਇਸ ਦੀ ਗ਼ਲਤ ਵਰਤੋਂ ਹੈ । ਧਰਮ ਤੇ ਰਹੱਸਵਾਦ ਦੀ ਬੋਲੀ ਵਿਚ ਇਸ ਦੇ ਅਰਥ ਇਸ ਦੇ ਐਨ ਉਲਟ ਹਨ। ਫ਼ਕੀਰ ਉਹ ਹੈ ਜੋ ਪਰਮਾਤਮਾ ਦੇ ਭਾਣੇ ਵਿਚ ਸਦਾ ਸ਼ਾਕਰ ਰਹਿੰਦਾ ਹੈ ਤੇ ਸਦਾ ਆਤਮਕ ਉੱਨਤੀ ਦਾ ਚਾਹਵਾਨ ਰਹਿੰਦਾ ਹੈ।

ਮਹਾਰਾਜੇ ਦਾ ਭਰੋਸਾ ਤੇ ਸਤਿਕਾਰ ਜਿੱਤਣ ਵਿਚ ਅਜ਼ੀਜ਼ਉੱਦੀਨ ਨੇ ਸ਼ੁਰੂ ਤੋਂ ਅਖੀਰ ਤਕ ਆਪਣੀ ਇਕ ਖ਼ਾਸ ਥਾਂ ਬਣਾ ਲਈ ਸੀ । ਮਹਾਰਾਜੇ ਨੇ ਕਦੇ ਵੀ ਉਸ ਦੀ ਸਲਾਹ ਤੋਂ ਬਿਨਾਂ ਕਿਸੇ ਮੁਹਿੰਮ ਜਾਂ ਕਾਰਵਾਈ ਦਾ ਆਰੰਭ ਨਹੀਂ ਸੀ ਕੀਤਾ । ਮਹਾਰਾਜੇ ਦੇ ਅੰਗਰੇਜ਼ੀ ਸਰਕਾਰ ਨਾਲ ਚੰਗੇ ਸੰਬੰਧ ਹੋਣ ਦਾ ਕਾਰਨ ਵੀ ਉਸ ਦੀ ਨੇਕ ਸਲਾਹ ਹੁੰਦੀ ਸੀ, ਅਤੇ ਦੋਹਾਂ ਤਾਕਤਾਂ ਦਾ ਆਪਸ ਵਿਚ ਬਰਾਬਰ ਦਾ ਸਨਮਾਨ ਹੋਣ ਦਾ ਕਾਰਨ ਵੀ ਉਸ ਦੀ ਰਣਜੀਤ ਸਿੰਘ ਲਈ ਡੂੰਘੀ ਵਫ਼ਾਦਾਰੀ ਦਾ ਸਿੱਟਾ ਸੀ, ਜੋ ਉਸ ਨੇ ਬੜੀ ਹਿੰਮਤ, ਸੂਝ-ਬੂਝ ਤੇ ਨੀਤੀਵਾਨ ਗੱਲਾਂ-ਬਾਤਾਂ ਰਾਹੀਂ ਪ੍ਰਾਪਤ ਕੀਤੀ ਸੀ। 1808 ਈ. ਵਿਚ, ਅੰਗਰੇਜ਼ੀ ਫ਼ੌਜਾਂ ਦਰਿਆ ਸਤਲੁਜ ਵੱਲ ਵਧੀਆਂ ਤਾਂ ਕਿ ਰਣਜੀਤ ਸਿੰਘ ਨੂੰ ਦਰਿਆ ਦੀ ਉੱਤਰੀ ਹੱਦ ਵੱਲ ਧਕੇਲ ਦਿੱਤਾ ਜਾਵੇ । ਮਹਾਰਾਜਾ ਇਸ ਤੇ ਇੰਨਾ ਨਾਰਾਜ਼ ਸੀ ਕਿ ਉਹ ਜੰਗ ਲਈ ਤਿਆਰ ਹੋ ਗਿਆ ਪਰ ਅਜ਼ੀਜ਼ਉੱਦੀਨ ਨੇ ਆਪਣੀ ਸੂਝ-ਬੂਝ ਤੇ ਸਿਆਣਪ ਨਾਲ ਖ਼ਤਰੇ ਵਾਲੀ ਨੀਤੀ ਤੇ ਚਲਣ ਤੋਂ ਰੋਕ ਲਿਆ ਅਤੇ ਪਰਸਪਰ ਗੱਲ ਬਾਤ ਰਾਹੀਂ ਸਾਰੇ ਮਾਮਲੇ ਨੂੰ ਐਸਾ ਸੁਲਝਾਇਆ ਕਿ ਦੋਹਾਂ ਧਿਰਾਂ ਵਿਚ ਮਿੱਤਰਤਾ ਕਾਇਮ ਹੋ ਗਈ ਜੋ ਕਈ ਔਕੜਾਂ ਦੇ ਬਾਵਜੂਦ ਵੀ ਨਾ ਟੁੱਟੀ ਤੇ ਰਣਜੀਤ ਸਿੰਘ ਨੂੰ ਇਸ ਦਾ ਬਹੁਤ ਲਾਭ ਹੋਇਆ।

ਰਣਜੀਤ ਸਿੰਘ ਦੇ ਅਫ਼ਗਾਨਾਂ ਦੇ ਨਾਲ ਸੰਬੰਧ ਵਿਚ ਅਜ਼ੀਜ਼ਉੱਦੀਨ ਹੋਰ ਵਧੇਰੇ ਲਾਭਦਾਇਕ ਸਾਬਤ ਹੋਇਆ। ਜਿਵੇਂ ਉਸ ਅਮੀਰ ਦੋਸਤ ਮੁਹੰਮਦ ਖ਼ਾਨ ਨਾਲ ਮਾਮਲੇ ਨੂੰ ਨਜਿੱਠਿਆ, ਉਸ ਦੀ ਇਕ ਸੁਹਣੀ ਮਿਸਾਲ ਮਿਲਦੀ ਹੈ। ਜਦੋਂ ਦੋਸਤ ਮੁਹੰਮਦ ਖ਼ਾਨ ਇਕ ਵੱਡੀ ਸਾਰੀ ਫ਼ੌਜ ਲੈ ਕੇ ਪਸ਼ੌਰ ਵੱਲ ਵਧਿਆ ਤਾਂ ਕਿ ਰਣਜੀਤ ਸਿੰਘ ਪਾਸੋਂ ਇਹ ਸ਼ਹਿਰ ਵਾਪਸ ਲੈ ਲੀਤਾ ਜਾਵੇ, ਤਦ ਦੂਜੇ ਪਾਸੇ ਰਣਜੀਤ ਸਿੰਘ ਵੀ ਫ਼ੌਜ ਲੈ ਕੇ ਅਫ਼ਗਾਨਾਂ ਦੇ ਹੱਲੇ ਨੂੰ ਰੋਕਣ ਲਈ ਵਧਿਆ। ਇਸ ਤੋਂ ਪਹਿਲਾਂ ਅਜ਼ੀਜਉੱਦੀਨ ਨੂੰ ਭੇਜਿਆ ਗਿਆ ਤਾਂਕਿ ਦੋਸਤ ਮੁਹੰਮਦ ਨਾਲ ਸਾਰੀ ਗੱਲ-ਬਾਤ ਕੀਤੀ ਜਾਵੇ । ਦੋਸਤ ਮੁਹੰਮਦ ਨੇ ਅਜੀਜਉੱਦੀਨ ਦੇ ਨਾਲ ਵੈਰੀਆਂ ਵਾਲਾ ਸਲੂਕ ਕੀਤਾ। ਇਕ ਅਮਰੀਕਨ ਅਫ਼ਸਰ ਜੋਸੂਆਂ ਹਰਲਨ ਅਨੁਸਾਰ, ਜੋ ਅਜੀਜਉੱਦੀਨ ਨਾਲ ਸਹਾਇਕ ਦੇ ਤੋਰ ਤੇ ਗਿਆ ਸੀ, ਜਦੋਂ ਇਹ ਅਫ਼ਗ਼ਾਨਾਂ ਦੇ ਕੈਂਪ ਵਿਚ ਪੁਜੇ ਤਾਂ ਅਮੀਰ ਨੇ ਗਾਲ੍ਹਾਂ ਤਕ ਕੱਢੀਆਂ, “ਕਾਫਰੋ, ਹੁਣ ਮੈਂ ਤੁਹਾਨੂੰ ਕਾਬੂ ਕਰ ਲਿਆ ਹੈ।” ਫਕੀਰ ਅਜੀਜ਼ਉੱਦੀਨ ਨੇ ਇਸ ਮੰਦੇ ਸਲੂਕ ਤੇ ਸਖ਼ਤ ਇਤਰਾਜ ਕੀਤਾ ਕਿ ਇਨ੍ਹਾਂ ਰਾਜਦੂਤਾਂ ਨੂੰ ਮਿਲਣ ਲਈ ਅਮੀਰ ਨੇ ਪਹਿਲੇ ਹਾਂ ਕੀਤੀ ਹੋਈ ਸੀ । ਫਿਰ, ਅਫਗਾਨ ਦਰਬਾਰੀਆਂ ਤੇ ਅਜ਼ੀਜਉੱਦੀਨ ਵਿਚਕਾਰ ਧਰਮ ਤੇ ਸਿਆਸੀ ਮਾਮਲਿਆਂ ਤੇ ਗਰਮਾਗਰਮ ਬਹਿਸ ਹੋਈ। ਅਜ਼ੀਜਉੱਦੀਨ ਨੇ ਆਪਣੀ ਲਿਆਕਤ ਅਤੇ ਠਰੰਮੇ ਵਾਲੀ ਬੋਲ-ਚਾਲ ਨਾਲ ਅਫ਼ਗ਼ਾਨਾਂ ਨੂੰ ਮਾਤ ਕਰ ਦਿੱਤਾ । ਦੋਸਤ ਮੁਹੰਮਦ ਬੜੇ ਧਿਆਨ ਨਾਲ ਸੁਣਦਾ ਰਿਹਾ ਤੇ ਇਕ ਦੋ ਵਾਰੀ ਵਾਹ ਵਾਹ ਵੀ ਉਸ ਕੀਤੀ। ਅਜ਼ੀਜ਼ਉੱਦੀਨ ਆਪਣੇ ਮਿਸ਼ਨ ਵਿਚ ਸਫ਼ਲ ਹੋ ਹੀ ਗਿਆ ਸੀ ਜਦ ਇਕ ਦਰਬਾਰੀ ਨੇ ਜੋ ਹੁਣ ਤਕ ਚੁੱਪ-ਚਾਪ ਸੀ, ਵਿਰੋਧਤਾ ਵਿਚ ਆਵਾਜ਼ ਉਠਾਈ। ਉਸ ਨੇ ਅਜ਼ੀਜ਼ਉੱਦੀਨ ਨੂੰ ਕਿਹਾ, “ਫ਼ਕੀਰ ਸਾਹਿਬ, ਬੜੀ ਹੈਰਾਨੀ ਹੈ ਕਿ ਤੁਸੀਂ ਆਪਣੀ ਲਿਆਕਤ ਤੇ ਧਾਰਮਿਕਤਾ ਦੇ ਹੁੰਦਿਆਂ ਮੁਸਲਮਾਨ ਅਮੀਰ ਦੇ ਵਿਰੁੱਧ ਇਕ ਕਾਫਰ ਦਾ ਪੱਖ ਲਈ ਜਾ ਰਹੇ ਹੋ।” ਇਸ ਪੁਰ ਫ਼ਕੀਰ ਨੇ ਦੋਸਤ ਮੁਹੰਮਦ ਦੀ ਰਣਜੀਤ ਸਿੰਘ ਨੂੰ ਹੇਠੀ ਭਰਪੂਰ ਵੰਗਾਰ ਦਾ ਪੱਤਰ ਖੋਲ੍ਹ ਕੇ ਦੱਸਿਆ ਤੇ ਕਿਹਾ, “ਇਸ ਚਿੱਠੀ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅਮੀਰ ਇਲਾਕੇ ਵਾਸਤੇ ਲੜ ਰਿਹਾ ਹੈ, ਇਸਲਾਮ ਵਾਸਤੇ ਨਹੀਂ। ਇਕ ਚੰਗੇ ਮੁਸਲਮਾਨ ਹੋਣ ਦੇ ਨਾਤੇ ਕੀ ਇਹ ਮੇਰਾ ਫਰਜ਼ ਨਹੀਂ ਕਿ ਮੈਂ ਨਿਮਕਹਲਾਲੀ ਦਾ ਸਬੂਤ ਦੇਵਾਂ ਤੇ ਆਪਣੇ ਮੁਲਕ ਨੂੰ ਨਵਾਜਬ ਹੱਲੇ ਤੋਂ ਬਚਾਵਾਂ।” ਇਹ ਬਹਿਸ ਚਲ ਹੀ ਰਹੀ ਸੀ ਕਿ ਰਣਜੀਤ ਸਿੰਘ ਨੇ ਸਾਰੀ ਗੱਲ ਬਾਤ ਦੇ ਸਿੱਟੇ ਨੂੰ ਭਾਂਪ ਲਿਆ ਤੇ ਫ਼ੌਜਾਂ ਨਾਲ ਵਧਦਾ ਵਧਦਾ ਅਫ਼ਗਾਨਾਂ ਦੇ ਕੈਂਪ ਨੂੰ ਘੇਰਾ ਪਾ ਲਿਆ। ਅਮੀਰ ਦੋਸਤ ਮੁਹੰਮਦ ਲਈ ਹੁਣ ਕੋਈ ਰਾਹ ਨਹੀਂ ਸੀ ਸਿਵਾਇ ਵਾਪਸ ਹਟਣ ਦੇ। ਇਸ ਸਮੇਂ ਉਸ ਨੇ ਅਜ਼ੀਜ਼ਉੱਦੀਨ ਨੂੰ ਬੰਦੀ ਦੇ ਤੌਰ ਤੇ ਲੈ ਜਾਣਾ ਚਾਹਿਆ, ਪਰ ਇਹ ਕੋਸ਼ਿਸ਼ ਅਸਫ਼ਲ ਰਹੀ ।

ਮਹਾਰਾਜਾ ਰਣਜੀਤ ਸਿੰਘ | Maharaja Ranjit Singh |

ਫ਼ਕੀਰ ਅਜ਼ੀਜ਼ਉੱਦੀਨ ਬਹੁਤ ਹੀ ਵਿਦਵਾਨ ਸੀ। ਕਸਬ ਵੱਲੋਂ ਉਹ ਸਿਪਾਹੀ ਨਹੀਂ ਸੀ। ਫਿਰ ਵੀ ਰਣਜੀਤ ਸਿੰਘ ਨੂੰ ਉਸ ਦੀ ਸਰਬ-ਪੱਖੀ ਲਿਆਕਤ ਤੇ ਵਫਾਦਾਰੀ ਉੱਪਰ ਇਤਨਾ ਭਰੋਸਾ ਸੀ ਕਿ ਕੁਝ ਔਖੇ ਤੇ ਗੁੰਝਲਦਾਰ ਫ਼ੌਜੀ ਕੰਮ ਉਸ ਨੂੰ ਸੌਂਪੇ ਗਏ । ਸਰਦਾਰ ਸਾਹਿਬ ਸਿੰਘ ਭੰਗੀ ਤੋਂ ਗੁਜਰਾਤ ਦਾ ਇਲਾਕਾ ਕਾਬੂ ਕਰਨ ਲਈ ਉਸ ਨੂੰ ਭੇਜਿਆ ਗਿਆ। ਫਿਰ ਉਹ ਜਹਾਂਦਾਦ ਖ਼ਾਨ ਦੀ ਹਾਰ ਪਿੱਛੋਂ ਅਟਕ ਕਿਲ੍ਹੇ ਦੀ ਮੱਦਦ ਲਈ ਗਿਆ, ਮਗਰੋਂ ਦਿਵਾਨ ਕਿਰਪਾ ਰਾਮ ਦੇ ਮਹਾਰਾਜ ਦੀਆਂ ਨਜ਼ਰਾਂ ਵਿਚੋਂ ਡਿਗਣ ਕਰਕੇ ਫਿਲੌਰ ਦੇ ਕਿਲ੍ਹੇ ਨੂੰ ਪ੍ਰਾਪਤ ਕਰਨ ਲਈ ਗਿਆ ਅਤੇ ਅੰਤਿਮ ਤੌਰ ਤੇ ਕਪੂਰਥਲਾ, ਜੰਡਿਆਲਾ, ਹੁਸ਼ਿਆਰਪੁਰ ਤੇ ਫ਼ਤਿਹ ਸਿੰਘ ਆਹਲੂਵਾਲੀਏ ਦੀ ਜਗੀਰ ਨੂੰ ਆਪਣੇ ਚਾਰਜ ਵਿਚ ਲੈਣ ਲਈ, ਜਦੋਂ ਕਿ ਉਹ ਅੰਗਰੇਜਾਂ ਦੀ ਸਹਾਇਤਾ ਲੈਣ ਲਈ ਸਤਲੁਜ ਤੋਂ ਪਾਰ ਨੱਠ ਗਿਆ ਸੀ । ਕਈ ਵਾਰੀ ਐਸਾ ਵੀ ਹੋਇਆ ਕਿ ਰਣਜੀਤ ਸਿੰਘ ਸਾਰੀ ਫ਼ੌਜ ਨੂੰ ਲੈ ਕੇ ਦੂਰ ਕਿਸੀ ਮੁਹਿੰਮ ਤੇ ਗਿਆ ਤੇ ਪਿੱਛੋਂ ਲਾਹੌਰ ਦੀ ਰਾਖੀ ਲਈ ਫ਼ਕੀਰ ਅਜੀਜਉੱਦੀਨ ਨੂੰ ਕੁਝ ਛੋਟੇ ਅਫਸਰਾਂ ਸਮੇਤ ਸਪੁਰਦ ਕਰ ਗਿਆ।

ਰਣਜੀਤ ਸਿੰਘ ਦੇ ਅੰਤਿਮ ਸਮੇਂ ਦੇ ਦਿਨਾਂ ਵਿਚ ਉਸ ਦੇ ਅਜੀਜਉੱਦੀਨ ਨਾਲ ਸੰਬੰਧ ਸਿਖਰਾਂ ਤੇ ਪੁੱਜ ਗਏ। ਪਰ ਇਹ ਸਿਖਰ ਬਹੁਤ ਹੀ ਦੁਖਦਾਈ ਸੀ । ਦਸੰਬਰ 1838 ਵਿਚ ਜਦੋਂ ਰਣਜੀਤ ਸਿੰਘ ਨੂੰ ਅਧ-ਰੰਗ ਦਾ ਦੋ ਵਰ੍ਹਿਆਂ ਵਿਚ ਤੀਜਾ ਹੱਲਾ ਹੋਇਆ ਤੇ ਉਸ ਦੇ ਬੋਲਣ ਦੀ ਸ਼ਕਤੀ ਜਾਂਦੀ ਰਹੀ ਤੇ ਉਹ ਕੇਵਲ ਇਸ਼ਾਰਿਆਂ ਨਾਲ ਆਪਣੇ ਭਾਵ ਨੂੰ ਸਮਝਾਉਣ ਦੇ ਸਮਰਥ ਹੀ ਰਹਿ ਗਿਆ, ਉਸ ਸਮੇਂ ਕੇਵਲ ਦੋ ਦਰਬਾਰੀ ਹੀ ਸਨ, ਇਕ ਅਜ਼ੀਜ਼ਉੱਦੀਨ ਤੇ ਦੂਜਾ ਭਾਈ ਰਾਮ ਸਿੰਘ, ਜੋ ਮਹਾਰਾਜਾ ਦੇ ਇਸ਼ਾਰਿਆਂ ਨੂੰ ਸਮਝ ਸਕਦੇ ਸਨ । ਮਹਾਰਾਜਾ ਦੇ ਮਨ ਨੂੰ ਅਜ਼ੀਜ਼ਉੱਦੀਨ ਇੰਨਾ ਅੱਛੀ ਤਰ੍ਹਾਂ ਸਮਝ ਲੈਂਦਾ ਸੀ ਕਿ ਜੋ ਸੰਕੇਤ ਉਹ ਨਾ ਬੋਲ ਸਕਣ ਵਾਲੀ ਜ਼ਬਾਨ ਜਾਂ ਇਕ ਅੱਖ ਜਾਂ ਇਕੋ ਅਰੋਗ ਹੱਥ ਨਾਲ ਕਰਦਾ ਸੀ ਉਸ ਤੋਂ ਉਹ ਬਹੁਤ ਚੰਗੀ ਤਰ੍ਹਾਂ ਮਹਾਰਾਜੇ ਦੇ ਭਾਵ ਨੂੰ ਸਮਝ ਲੈਂਦਾ ਸੀ। ਪਰ ਇਸ ਕੰਮ ਲਈ ਘੰਟਿਆਂ ਬੱਧੀ ਲਗਾਤਾਰ ਮਹਾਰਾਜੇ ਪਾਸ ਬੈਠਣਾ ਪੈਂਦਾ ਸੀ ਤੇ ਕਈ ਦਿਨ ਇਸ ਤਰ੍ਹਾਂ ਹੁੰਦਾ ਰਿਹਾ। ਕਿਹਾ ਜਾਂਦਾ ਹੈ ਕਿ ਆਪਣਾ ਪੁੱਤਰ ਵੀ ਆਪਣੇ ਬੀਮਾਰ ਪਿਉ ਲਈ ਇੰਨਾ ਕੁਝ ਨਹੀਂ ਸੀ ਕਰ ਸਕਦਾ । ਰਣਜੀਤ ਸਿੰਘ ਦੀ ਆਖ਼ਰੀ ਬਿਮਾਰੀ ਸਮੇਂ ਤਾਂ ਅਜੀਜਉੱਦੀਨ ਦੀ ਇਸ ਸੇਵਾ ਭਾਵ ਵਾਲੀ ਵਰਤੋਂ ਦੀ ਹੱਦ ਹੀ ਹੋ ਗਈ। ਆਪਣੇ ਮਰ ਰਹੇ ਮਾਲਿਕ ਤੇ ਮਿੱਤਰ ਲਈ ਜੋ ਪਿਆਰ ਦੀ ਬਹੁਲਤਾ ਉਸ ਦੇ ਮਨ ਵਿਚ ਸੀ, ਅਜ਼ੀਜ਼ਉੱਦੀਨ ਨੇ ਉਸ ਨੂੰ ਮਾਤ ਪਾ ਦਿੱਤਾ । ਇਸ ਕਰਕੇ ਰਣਜੀਤ ਸਿੰਘ ਨੇ ਉਸ ਨੂੰ ਹੀ ਪੁੱਛਿਆ, ਜਿਵੇਂ ਕਿ ਉਹ ਪਹਿਲਾਂ ਸਭ ਮਹੱਤਵਪੂਰਨ ਮਾਮਲਿਆਂ ਵਿਚ ਕਰਦਾ ਆਇਆ ਸੀ ਕਿ ਉਹ ਉਸ ਨੂੰ ਸਲਾਹ ਦੇਵੇ ਕਿ ਉਸ ਪਿੱਛੋਂ ਗੱਦੀ ਤੇ ਕੌਣ ਬੈਠੇ ਤਾਂ ਕਿ ਤਖ਼ਤਨਸ਼ੀਨੀ ਦਾ ਕੰਮ ਸੌਖਾ ਨਜਿੱਠਿਆ ਜਾਵੇ। ਫ਼ਕੀਰ ਅਜ਼ੀਜ਼ਉੱਦੀਨ ਨੇ ਇਹ ਸਲਾਹ ਦਿੱਤੀ ਕਿ ਸ਼ਹਿਜ਼ਾਦਾ ਖੜਕ ਸਿੰਘ ਨੂੰ ਮਹਾਰਾਜੇ ਦਾ ਵਾਰਸ ਕਰਾਰ ਦਿੱਤਾ ਜਾਵੇ ਤੇ ਰਾਜਾ ਧਿਆਨ ਸਿੰਘ ਨੂੰ ਉਸ ਦਾ ਮੁੱਖ ਮੰਤਰੀ ਬਣਾਇਆ ਜਾਏ ਅਤੇ ਇਹ ਸਲਾਹ ਮਹਾਰਾਜੇ ਨੇ ਮੰਨ ਲਈ ਤੇ ਇਸ ਉੱਤੇ ਹੀ ਅਮਲ ਕੀਤਾ। ਇਹ ਕੋਈ ਛੋਟੀ ਜਾਂ ‘ਸਾਧਾਰਨ ਗੱਲ ਨਹੀਂ ਸੀ ਕਿ ਸਲਾਹ ਦਿੱਤੀ ਗਈ ਤੇ ਪ੍ਰਵਾਨ ਕੀਤੀ ਗਈ ਕਿਉਂਕਿ ਦੂਜਾ ਸ਼ਹਿਜ਼ਾਦਾ ਸ਼ੇਰ ਸਿੰਘ ਇਸ ਮਾਮਲੇ ਵਿਚ ਖੜਕ ਸਿੰਘ ਦਾ ਪੱਕਾ ਵਿਰੋਧੀ ਸੀ।

ਮਹਾਰਾਜਾ ਰਣਜੀਤ ਸਿੰਘ | Maharaja Ranjit Singh |

ਰਣਜੀਤ ਸਿੰਘ ਦੇ ਗ੍ਰਹਿ ਮੰਤਰੀ, ਫ਼ਕੀਰ ਨੂਰਉੱਦੀਨ, ਪਾਸ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸਨ : ਉਹ ਸ਼ਾਹੀ ਵੈਦ, ਦਵਾਈਆਂ ਦਾ ਵੱਡਾ ਪ੍ਰਬੰਧਕ, ਦਾਨ-ਪੁੰਨ ਦਾ ਅਫ਼ਸਰ, ਸ਼ਾਹੀ ਮਹੱਲਾਂ ਤੇ ਬਾਗ਼ਾਂ ਦਾ ਅਫ਼ਸਰ, ਕਿਲ੍ਹੇ ਵਿਚ ਅਸਲੇ ਦਾ ਅਫ਼ਸਰ, ਸ਼ਾਹੀ ਖ਼ਜ਼ਾਨੇ ਦੀਆਂ ਚਾਬੀਆਂ ਦੇ ਤਿੰਨ ਅਫ਼ਸਰਾਂ ਵਿਚੋਂ ਇਕ ਅਫ਼ਸਰ, ਖ਼ਾਸ ਜੱਜ, ਮਹਾਰਾਜੇ ਦੇ ਨਿਆਂ ਪ੍ਰਤੀ ਜ਼ਮੀਰ ਇਤਿਆਦਿ ਤੇ ਹੋਰ ਕਈ ਕੁਝ । ਇਨ੍ਹਾਂ ਬਸ਼ੁਮਾਰ ਕੰਮਾਂ ਕਰਕੇ ਉਹ ਮਹਾਰਾਜੇ ਦੇ ਕਾਫੀ ਨੇੜੇ ਰਹਿੰਦਾ ਤੇ ਮਹਾਰਾਜਾ ਉਸ ਦੀ ਈਮਾਨਦਾਰੀ ਤੇ ਧਾਰਮਿਕਤਾ ਦਾ ਸਦਾ ਸਤਿਕਾਰ ਕਰਦਾ ਸੀ । ਸਮੇਂ ਨਾਲ ਦੋਹਾਂ ਵਿਚ ਬਹੁਤ ਗੂੜ੍ਹਾ ਆਤਮਕ ਸੰਬੰਧ ਤੇ ਸਾਂਝ ਹੋ ਗਈ। ਭਾਵੇਂ ਉਹ ਮਹਾਰਾਜੇ ਦੀ ਕੌਂਸਲ ਦਾ ਮੈਂਬਰ ਨਹੀਂ ਸੀ, ਫਿਰ ਵੀ ਨੂਰਉੱਦੀਨ ਦਾ ਨਿਜੀ ਪ੍ਰਭਾਵ ਮਹਾਰਾਜੇ ਉੱਪਰ ਬਹੁਤ ਸੀ । ਸ਼ਾਹੀ ਘਰਾਣੇ ਦੇ ਮੈਂਬਰ ਵੀ ਇਸ ਗੱਲ ਦਾ ਲਾਭ ਉਠਾਇਆ ਕਰਦੇ ਸਨ । ਲੇਖਕ ਦੇ ਘਰਾਣੇ ਦੇ ਕਾਗਜ਼ਾਂ ਵਿਚ ਕੁਝ ਇਸ ਗੱਲ ਦੀ ਪੁਸ਼ਟੀ ਵਜੋਂ ਵਾਕਿਆਤ ਦਾ ਵਰਣਨ ਮਿਲਦਾ ਹੈ। ਇਨ੍ਹਾਂ ਦੀ ਸਭ ਤੋਂ ਵੱਡੀ ਮਿਸਾਲ ਹੈ ਜਦੋਂ ਨੂਰਉੱਦੀਨ ਨੇ ਵਿਚ ਪੈ ਕੇ ਸ਼ਹਿਜ਼ਾਦਾ ਸ਼ੇਰ ਸਿੰਘ ਦੇ ਸ਼ਾਹੀ ਜੀਵਨ ਨੂੰ ਖਤਮ ਹੋਣ ਤੋਂ ਬਚਾਇਆ। ਇਹ ਵਾਕਿਆ ਇੰਜ ਹੋਇਆ : ਕਾਫੀ ਸਮੇਂ ਤੋਂ ਸ਼ੇਰ ਸਿੰਘ ਦੀ ਅੱਖ ਮਹਾਰਾਜੇ ਦੇ ਖ਼ਾਸ ਘੋੜੇ ‘ਦੂਲੋ’ ਉੱਪਰ ਸੀ । ਕਈ ਵਾਰੀ ਉਸ ਨੇ ਮਹਾਰਾਜੇ ਪਾਸੋਂ ਇਸ ਦੀ ਮੰਗ ਕੀਤੀ ਪਰ ਉਹ ਹਰ ਵਾਰੀ ਨਿਰਾਸ਼ ਹੁੰਦਾ ਰਿਹਾ। ਇਕ ਦਿਨ ਜਦ ਉਹ ਆਪਣੀ ਖਾਹਸ਼ ਨੂੰ ਨਾ ਰੋਕ ਸਕਿਆ, ਉਹ ਸ਼ਾਹੀ ਅਸਤਬਲ ਵੱਲ ਗਿਆ ਤੇ ਦਰੋਗੇ ਨੂੰ ਹੁਕਮ ਦਿੱਤਾ ਕਾਠੀ ਵਗ਼ੈਰਾ ਪਾ ਕੇ ਘੋੜਾ ਤਿਆਰ ਕੀਤਾ ਜਾਏ ਕਿਉਂਕਿ ਉਹ ਸੈਰ ਨੂੰ ਜਾਣਾ ਚਾਹੁੰਦਾ ਹੈ। ਦਰੋਗੇ ਨੇ ਹੁਕਮ ਦੀ ਪਾਲਨਾ ਕਰ ਦਿੱਤੀ। ਉਸ ਸੋਚਿਆ ਕਿ ਸੈਰ ਉਪਰੰਤ ਸ਼ਹਿਜ਼ਾਦਾ ਘੋੜਾ ਵਾਪਸ ਲੈ ਆਵੇਗਾ। ਪਰ ਸ਼ਹਿਜ਼ਾਦੇ ਦੀ ਤਾਂ ਮਰਜ਼ੀ ਹੀ ਹੋਰ ਸੀ । ਸੈਰ ਬਾਅਦ ਉਸ ਨੇ ਘੋੜੇ ਨੂੰ ਆਪਣੇ ਅਸਤਬਲ ਵਿਚ ਭੇਜ ਦਿੱਤਾ । ਜਦੋਂ ਕਈ ਦਿਨ ਲੰਘ ਗਏ ਤੇ ਘੋੜਾ ਸ਼ਾਹੀ ਅਸਤਬਲ ਵਿਚ ਨਾ ਪੁੱਜਾ ਤਾਂ ਦਰੋਗੇ ਨੇ ਡਰ ਦੇ ਮਾਰੇ ਮਹਾਰਾਜੇ ਪਾਸ ਆਪ ਜਾ ਸ਼ਿਕਾਇਤ ਕੀਤੀ। ਮਹਾਰਾਜਾ ਬੜਾ ਹੀ ਕ੍ਰੋਧਵਾਨ ਹੋਇਆ। ਉਸ ਦੇ ਗੁੱਸੇ ਦੀਆਂ ਦੋ ਨਿਸ਼ਾਨੀਆਂ ਸਨ : ਇਕ ਮੁੱਛਾਂ ਨੂੰ ਤਾਅ ਦੇਣਾ ਤੇ ਦੂਜਾ ਆਪਣੇ ਆਪ ਨੂੰ ਰੁਮਾਲ ਨਾਲ ਪੱਖੇ ਵਾਂਗ ਝਲਣਾ ਤੇ ਇਹ ਰੁਮਾਲ ਦੀ ਵਰਤੋਂ ਜ਼ਿਆਦਾ ਖ਼ਤਰਨਾਕ ਗੱਲ ਹੁੰਦੀ ਸੀ। ਇਸ ਮੌਕੇ ਤੇ ਇਸ ਨਿਸ਼ਾਨੀ ਦੀ ਵਰਤੋਂ ਹੋਈ। ਮਹਾਰਾਜੇ ਨੇ ਹੁਕਮ ਦਿੱਤਾ ਕਿ ਸ਼ਹਿਜ਼ਾਦੇ ਨੂੰ ਦੇਸ਼ ਨਿਕਾਲਾ ਦਿੱਤਾ ਜਾਏ ਤੇ ਉਸ ਦਾ ਸਾਰਾ ਸਾਮਾਨ ਜ਼ਬਤ ਕੀਤਾ ਜਾਵੇ । ਜ਼ਬਤੀ ਦਾ ਹੁਕਮ ਪੂਰਾ ਅਮਲ ਵਿਚ ਆਣ ਤੋਂ ਪਹਿਲਾਂ ਸ਼ਹਿਜ਼ਾਦਾ ਨੂਰਉੱਦੀਨ ਪਾਸ ਨਠਿਆ ਗਿਆ ਕਿਉਂਕਿ ਉਹ ਉਸ ਦਾ ਉਸਤਾਦ ਸੀ। ਉਸ ਨੇ ਬੇਨਤੀ ਕੀਤੀ ਕਿ ਉਹ ਮਹਾਰਾਜੇ ਅੱਗੇ ਉਸ ਲਈ ਸਿਫਾਰਸ਼ ਕਰੇ। ਫ਼ਕੀਰ ਨੇ ਪਹਿਲਾਂ ਤਾਂ ਸ਼ਹਿਜ਼ਾਦੇ ਨੂੰ ਇਸ ਗ਼ਲਤ ਕੰਮ ਲਈ ਝਾੜਿਆ ਤੇ ਫਿਰ ਇਕਰਾਰ ਕੀਤਾ ਕਿ ਖ਼ਿਮਾ ਪ੍ਰਾਪਤ ਕਰਨ ਲਈ ਉਹ ਪੂਰਾ ਵਾਹ ਲਾਏਗਾ । ਸ਼ਾਮ ਨੂੰ, ਸਦਾ ਵਾਂਗ ਫ਼ਕੀਰ ਮਹਾਰਾਜੇ ਦੇ ਪੇਸ਼ ਹੋਇਆ ਤੇ ਉਸ ਦੇ ਸ਼ਾਗਿਰਦ ਦੀ ਗ਼ਲਤੀ ਬਾਰੇ ਮਹਾਰਾਜੇ ਨੇ ਗੁੱਸਾ ਪ੍ਰਗਟ ਕੀਤਾ। ਫ਼ਕੀਰ ਨੇ ਕਿਹਾ—“ਮਹਾਰਾਜ, ਤੁਸਾਂ ਬਹੁਤ ਹੀ ਨਰਮ ਸਜ਼ਾ ਦਿੱਤੀ। ਉਹ ਘੋੜਾ ਤਾਂ ਇੰਝ ਲੈ ਗਿਆ ਜਿਵੇਂ ਉਸ ਦੇ ਪਿਉ ਦਾ ਹੁੰਦਾ ਹੈ।” ਇਸ ਹਾਸ ਬਿਲਾਸ ਤੇ ਮਹਾਰਾਜਾ ਵੀ ‘ਖੂਬ ਹੱਸਿਆ ਤੇ ਨਾ ਕੇਵਲ ਜਾਇਦਾਦ ਦੀ ਜ਼ਬਤੀ ਦਾ ਹੁਕਮ ਹੀ ਵਾਪਸ ਲੈ ਲਿਆ ਤੇ ਦੇਸ਼ ਨਿਕਾਲੇ ਦਾ ਹੁਕਮ ਮਨਸੂਖ ਕੀਤਾ, ਸਗੋਂ ਕਾਫੀ ਸ਼ਾਹੀ ਸਾਮਾਨ ਸਮੇਤ ਦੂਲੋ ਘੋੜਾ ਵੀ ਸ਼ਹਿਜਾਦੇ ਨੂੰ ਦੇ ਦਿੱਤਾ।

ਇਕ ਵੱਡੀ ਜ਼ਿੰਮੇਵਾਰੀ ਵਾਲਾ ਫਰਜ ਜੋ ਫ਼ਕੀਰ ਨੂਰਉੱਦੀਨ ਦੇ ਜਿੰਮੇ ਸੀ ਉਹ ਸੀ ਮਹਾਰਾਜੇ ਦੇ ਖਾਣੇ ਦੀ ਦੇਖ-ਭਾਲ। ਹਕੀਮ ਬਿਸ਼ਨ ਦਾਸ ਦੀ ਨਿਗਰਾਨੀ ਹੇਠ ਰੋਟੀ ਤਿਆਰ ਹੁੰਦੀ ਸੀ । ਇਹ ਫ਼ਕੀਰ ਨੂਰਉੱਦੀਨ ਦਾ ਇਤਬਾਰੀ ਸਹਾਇਕ ਸੀ ਤੇ ਇਕ ਖ਼ਾਸ ਅਫ਼ਸਰਾਂ ਦੀ ਟੀਮ ਦੀ ਮੌਜੂਦਗੀ ਵਿਚ ਸਾਰੇ ਖਾਣੇ ਦਾ ਸਵਾਦ ਚਖਿਆ ਜਾਂਦਾ ਸੀ ਤੇ ਖਾਣੇ ਨੂੰ ਅਜਿਹੀਆਂ ਕਰੇਬੀਆਂ ਵਿਚ ਪਰੋਸਿਆ ਜਾਂਦਾ ਸੀ ਤਾਂਕਿ ਜ਼ਹਿਰ ਦੀ ਪੜਤਾਲ ਹੋ ਸਕੇ। ਫਿਰ ਇਨ੍ਹਾਂ ਖਾਣ ਵਾਲਿਆਂ ਉੱਪਰ ਖਾਣੇ ਦੇ ਅਸਰ ਨੂੰ ਦੋ ਘੰਟਿਆਂ ਲਈ ਚੰਗੀ ਤਰ੍ਹਾਂ ਵਾਚਿਆ ਜਾਂਦਾ। ਫਿਰ ਸਾਰੇ ਖਾਣੇ ਨੂੰ ਖ਼ਾਸ ਡੱਬਿਆਂ ਵਿਚ ਬੰਦ ਕਰਕੇ ਜੰਦਰੇ ਲਗਾਏ ਜਾਂਦੇ ਤੇ ਇਨ੍ਹਾਂ ਜੰਦਰਿਆਂ ਉੱਪਰ ਫ਼ਕੀਰ ਨੂਰਉੱਦੀਨ ਦੀ ਨਿਜੀ ਮੋਹਰ ਲਗਾਈ ਜਾਂਦੀ । ਮਹਾਰਾਜੇ ਨੇ ਕਦੀ ਵੀ ਇਸ ਮੋਹਰ ਦੀ ਤਸੱਲੀ ਬਿਨਾਂ ਖਾਣਾ ਨਹੀਂ ਸੀ ਖਾਧਾ।

ਤੀਸਰਾ ਫ਼ਕੀਰ ਭਾਈ ਇਮਾਮਉੱਦੀਨ ਦਰਬਾਰ ਵਿਚ ਨਹੀਂ ਸੀ ਰਹਿੰਦਾ ਪਰ ਉਸ ਨੂੰ ਵੀ ਕਈ ਮਹੱਤਵਪੂਰਨ ਪ੍ਰਬੰਧਕ ਤੇ ਫ਼ੌਜੀ ਅਹੁਦੇ ਬਾਹਰ ਇਲਾਕੇ ਵਿਚ ਦਿੱਤੇ ਹੋਏ ਸਨ। ਰਣਜੀਤ ਸਿੰਘ ਦੇ ਰਾਜ ਸਮੇਂ ਬਹੁਤੀ ਦੇਰ ਲਈ ਉਹ ਅੰਮ੍ਰਿਤਸਰ ਵਿਚ ਗੋਬਿੰਦਗੜ੍ਹ ਕਿਲ੍ਹੇ ਦਾ ਅਫ਼ਸਰ ਰਿਹਾ ਤੇ ਆਸ ਪਾਸ ਦੇ ਇਲਾਕੇ ਦਾ ਗਵਰਨਰ ਵੀ। ਇਨ੍ਹਾਂ ਕੰਮਾਂ ਤੋਂ ਇਲਾਵਾ ਉਸ ਪਾਸ ਬਾਰੂਦ, ਅਸਲੇ ਤੇ ਸ਼ਾਹੀ ਅਸਤਬਲਾਂ ਦਾ ਵੀ ਚਾਰਜ ਸੀ। ਕੁਝ ਮੁਹਿੰਮਾਂ ਵਿਚ ਉਸ ਨੇ ਫ਼ੌਜੀ ਸੇਵਾ ਵੀ ਕੀਤੀ ਜਿਵੇਂ ਕਿ ਸਦਾ ਕੌਰ ਤੇ ਘਨੱਈਆ ਦੇ ਕਿਲ੍ਹਿਆਂ ਵਿਰੁੱਧ ਕਾਰਵਾਈ ਸਮੇਂ।

ਕਿਉਂਕਿ ਫ਼ਕੀਰ ਭਰਾਵਾਂ ਨਾਲ ਰਣਜੀਤ ਸਿੰਘ ਦਾ ਇੱਤਨਾ ਨਿਕਟੀ ਸਬੰਧ ਸੀ ਤੇ ਇਸ ਪੁਸਤਕ ਲਿਖਣ ਦਾ ਵਿਸ਼ੇਸ਼ ਜਾਂ ਅਸਲ ਕਾਰਨ ਵੀ ਇਹੀ ਹੈ, ਲੇਖਕ ਸਮਝਦਾ ਹੈ ਕਿ ਇਹ ਗੱਲ ਅਯੋਗ ਨਹੀਂ ਹੋਵੇਗੀ ਕਿ ਉਹ ਤਿੰਨ ਹਵਾਲੇ ਅਜਿਹੀਆਂ ਮਕਬੂਲ ਤੇ ਪ੍ਰਸਿੱਧ ਪੁਸਤਕਾਂ ਤੋਂ ਦੇਵੇ ਜਿਨ੍ਹਾਂ ਵਿਚ ਇਨ੍ਹਾਂ ਫ਼ਕੀਰ ਭਰਾਵਾਂ ਦੀ ਮਹਾਰਾਜੇ ਦੇ ਮੁਖੀ ਸਲਾਹਕਾਰਾਂ ਤੇ ਇਤਬਾਰੀ ਮੁਲਾਜ਼ਮਾਂ ਦੇ ਰੂਪ ਵਿਚ ਪ੍ਰਸੰਸਾ ਕੀਤੀ ਗਈ ਹੈ। ਪਹਿਲਾ ਹਵਾਲਾ ਸਰ ਲੈਪਲ ਗਰਿਫਨ ਦੀ ਪੁਸਤਕ ‘ਰਣਜੀਤ ਸਿੰਘ” ਵਿਚੋਂ ਹੈ :

“ਜੋ ਬਦੇਸ਼ੀ ਯਾਤਰੂ ਮਹਾਰਾਜਾ ਦੇ ਦਰਬਾਰ ਵਿਚ ਆਉਂਦੇ ਉਨ੍ਹਾਂ ਦੀ ਅੱਖਾਂ ਵਿਚ ਸਭ ਤੋਂ ਵਧੇਰੇ ਜੋ ਸ਼ਖ਼ਸੀਅਤ ਪ੍ਰਭਾਵ ਪਾਉਂਦੀ ਉਹ ਸੀ ਮਹਾਰਾਜਾ ਦਾ ਬਦੇਸ਼ ਮੰਤਰੀ, ਫ਼ਕੀਰ ਅਜ਼ੀਜ਼ਉੱਦੀਨ । ਉਹ ਆਪਣੇ ਸਮੇਂ ਦਾ ਸਭ ਤੋਂ ਚੰਗਾ ਵਕਤਾ ਸੀ ਜੋ ਕਲਮ ਤੇ ਜ਼ਬਾਨ ਦੋਹਾਂ ਵਿਚ ਮਾਹਿਰ ਸੀ। ਜੋ ਸਰਕਾਰੀ ਕਾਗਜ਼ ਉਹ ਤਿਆਰ ਕਰਦਾ ਉਹ ਪੂਰੀ ਕਸਵੱਟੀ ਅਨੁਸਾਰ ਸੁਚੱਜਤਾ ਤੇ ਸਲੀਕੇ ਦੇ ਨਮੂਨੇ ਮਾਤਰ ਸਨ। ਉਹ ਸਾਰੇ ਪੂਰਬੀ ਇਲਮਾਂ ਦਾ ਚੰਗਾ ਗਿਆਤਾ ਸੀ ਤੇ ਬੜਾ ਹੀ ਵਿਸ਼ਾਲ ਦਿਲ ਵਾਲਾ ਤੇ ਸੂਝ ਵਾਲਾ ਇਲਮ ਦਾ ਕਦਰਦਾਨ ਸੀ । ਬਤੌਰ ਇਕ ਕਵੀ ਦੇ ਵੀ ਫ਼ਕੀਰ ਅਜ਼ੀਜਉੱਦੀਨ ਦਾ ਦਰਜਾ ਉੱਚਾ ਸੀ, ਉਹ ਹੁਣ ਜੀਉਂਦਾ ਨਹੀਂ, ਪਰ ਕਈ ਵਰ੍ਹੇ ਮੈਂ ਉਸ ਦੀ ਮਿੱਤਰਤਾ ਦਾ ਭਾਗੀ ਰਿਹਾ ਹਾਂ। ਭਾਰਤ ਵਿਚ ਰਹਿੰਦਿਆਂ ਮੈਂ ਕੋਈ ਇੰਨਾ ਵਧੀਆ ਤੇ ਸੱਭਯ ਪੁਰਸ਼ ਨਹੀਂ ਵੇਖਿਆ ਜਿਸ ਵਿਚ ਵਰਤੋਂ ਵਿਹਾਰ ਤੇ ਮਿਲਣ-ਜੁਲਣ ਦਾ ਗੁਣ ਇੰਨੇ ਕਮਾਲ ਦਾ ਹੋਵੇ, ਜਾਂ ਜਿਸ ਵਿਚ ਲੱਛੇਦਾਰ ਫ਼ਾਰਸੀ ਬੋਲੀ ਦਾ ਇੰਨਾ ਵਧੀਆ ਪ੍ਰਵਾਹ ਹੋਵੇ । ਨੂਰਉੱਦੀਨ ਦਾ ਸਾਰੇ ਇਲਾਕੇ ਵਿਚ ਖ਼ਾਸ ਸਤਿਕਾਰ ਸੀ ਤੇ 1846 ਈ. ਦੀ ਲੜਾਈ ਤੋਂ ਬਾਅਦ ਜਦੋਂ ਰਾਜਾ ਲਾਲ ਸਿੰਘ ਗੱਦਾਰੀ ਕਰਕੇ ਹਟਾਇਆ ਗਿਆ ਸੀ ਤਦੋਂ ਨੂਰਉੱਦੀਨ ਨੂੰ ਉਸ ਰਾਜਸੀ ਕੌਂਸਲ ਦਾ ਮੈਂਬਰ ਬਣਾਇਆ ਗਿਆ ਤਾਂ ਕਿ ਛੋਟੇ ਬਾਲਕ ਮਹਾਰਾਜਾ ਦਲੀਪ ਸਿੰਘ ਦੇ ਬਾਲਗ਼ ਹੋਣ ਤਕ ਰਾਜ-ਪ੍ਰਬੰਧ ਕੌਂਸਲ ਚਲਾਏ । ਵੱਡੇ ਭਰਾ ਨੂੰ ਤਾਂ ਦਰਬਾਰ ਵਿਚ ਆਮ ਤੌਰ ਤੇ ਫ਼ਕੀਰ ਸਾਹਿਬ ਕਰਕੇ ਸੱਦਦੇ ਸਨ, ਇਸ ਦਾ ਮਤਲਬ ਗ਼ਰੀਬੀ ਨਹੀਂ ਕਿਉਂਕਿ ਸਾਰੇ ਭਰਾ ਕਾਫੀ ਅਮੀਰ ਸਨ।”

ਦੂਜਾ ਹਵਾਲਾ ਇਕ ਸਰਕਾਰੀ ਰਿਪੋਰਟ ਵਿਚੋਂ ਹੈ ਜੋ ਅੰਗਰੇਜ਼ਾਂ ਅਧੀਨ ਭਾਰਤ ਦੇ ਗਵਰਨਰ-ਜਨਰਲ ਨੂੰ ਭੇਜੀ ਗਈ ਸੀ। ਇਸ ਨੂੰ ਡਬਲਿਊ. ਐਲ. ਮੈਕਗਰੇਗਰ ਨੇ ਆਪਣੀ ਪੁਸਤਕ ‘ਸਿੱਖਾਂ ਦਾ ਇਤਿਹਾਸ’ ਵਿਚ ਅੰਕਿਤ ਕੀਤਾ ਹੈ :

“ਇਹ ਮਹਾਨ ਪੁਰਸ਼ (ਫ਼ਕੀਰ ਅਜ਼ੀਜ਼ਉੱਦੀਨ) ਕਦੀ ਵੀ ਆਪਣੇ ਮਾਲਕ ਦੇ ਕੰਮ ਵੱਲ ਧਿਆਨ ਦੇਣ ਤੋਂ ਲਾਪਰਵਾਹੀ ਨਹੀਂ ਕਰਦਾ ਤੇ ਇਸ ਦਾ ਮਾਲਕ ਇਸ ਨਾਲ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਪੇਸ਼ ਆਉਂਦਾ ਹੈ—ਫ਼ਕੀਰ ਦਾ ਸੁਭਾ ਬੜਾ ਹੀ ਮਨੁੱਖੀ ਦਰਦ ਵਾਲਾ ਹੈ ਤੇ ਉਹ ਇਕ ਕੀੜੇ ਦੇ ਮਾਰਨ ਨੂੰ ਵੀ ਪਾਪ ਸਮਝਦਾ ਹੈ। ਜਦੋਂ ਉਹ ਆਪਣੇ ਮਾਲਕ ਨਾਲ ਸ਼ਿਕਾਰ ਤੇ ਜਾਂਦਾ ਹੈ ਤਦ ਜ਼ਰੂਰ ਉਸ ਨੂੰ ਜਾਨਵਰਾਂ ਦੀਆਂ ਮੌਤਾਂ ਵੇਖਣੀਆਂ ਪੈਂਦੀਆਂ ਹਨ । ਉਹ ਆਪ ਕਥਨ ਕਰਦਾ ਹੈ ਕਿ ਜਦ ਕਿਸੇ ਖਰਗੋਸ਼ ਦੇ ਪਿੱਛੇ ‘ਕੁੱਤੇ ਦੌੜਦੇ ਹਨ ਤਾਂ ਉਹ ਉਸ ਦੇ ਬਚ ਨਿਕਲਣ ਦੀ ਪ੍ਰਾਰਥਨਾ ਕਰਦਾ ਹੈ—ਇਨ੍ਹਾਂ ਗੱਲਾਂ ਤੋਂ ਪਤਾ ਲਗਦਾ ਹੈ ਕਿ ਇਸ ਮਾਨਯੋਗ ਪੁਰਸ਼ ਦਾ ਦਿਲ ਕਿਤਨਾ ਨਰਮ ਤੇ ਰਹਿਮ ਵਾਲਾ ਹੈ।”

ਤੀਸਰਾ ਹਵਾਲਾ ਪ੍ਰੋਫ਼ੈਸਰ ਨਰਿੰਦਰ ਕ੍ਰਿਸ਼ਨ ਸਿਨਹਾ ਦੀ ਪੁਸਤਕ ‘ਰਣਜੀਤ ਸਿੰਘ’ ਵਿਚੋਂ ਹੈ—“ਉਹ (ਅਜ਼ੀਜ਼ਉੱਦੀਨ) ਆਪਣੇ ਆਪ ਨੂੰ ਫ਼ਕੀਰ ਕਹਾਉਂਦਾ ਹੈ ਤੇ ਫ਼ਕੀਰ ਵਾਲਾ ਪਹਿਰਾਵਾ ਪਹਿਨਦਾ ਹੈ। ਇਹ ਲਾਹੌਰ ਦਰਬਾਰ ਵਿਚ ਇਕ ਸੰਜੋਅ ਵਾਂਗਰ ਸੀ ਜਿੱਥੇ ਕਿ ਬਾਅਦ ਵਿਚ ਇੰਨੀਆਂ ਸਾਜ਼ਸ਼ਾਂ ਹੋਈਆਂ-ਰਣਜੀਤ ਸਿੰਘ ਨਾਲ ਉਸ ਦੇ ਸੰਬੰਧ ਬੜੇ ਨਿਜੀ ਤੇ ਡੂੰਘੇ ਸਨ—ਇਨ੍ਹਾਂ ਮੁਸਲਮਾਨ ਅਫ਼ਸਰਾਂ ਦੇ ਹੱਥਾਂ ਵਿਚ ਇਤਨੀ ਤਾਕਤ ਸੀ ਕਿ ਜੇ ਉਹ ਚਾਹੁੰਦੇ, ਉਹ ਵੀ ਰਣਜੀਤ ਸਿੰਘ ਦੀ ਮੌਤ ਮਗਰੋਂ ਜੋ ਤਿੰਨ ਪਾਰਟੀਆਂ ਬਣੀਆਂ ਉਨ੍ਹਾਂ ਵਿਚ ਇਕ ਹੋਰ ਆਪਣੀ ਪਾਰਟੀ ਖੜ੍ਹੀ ਕਰ ਸਕਦੇ ਸਨ। ਦਰਬਾਰ ਡੋਗਰਾ ਤੇ ਸਿੰਧਾਂਵਾਲੀਆ ਗਰੂਪਾਂ ਦੇ ਨਾਲ-ਨਾਲ ਇਕ ਮੁਸਲਮਾਨ ਪਾਰਟੀ ਫ਼ਕੀਰ ਭਰਾਵਾਂ ਦੀ ਮੱਦਦ ਨਾਲ ਬਣ ਸਕਦੀ ਸੀ ਜਿਸ ਵਿਚ ਤੋਪਖ਼ਾਨੇ ਦੇ ਮੁਸਲਮਾਨ ਅਫ਼ਸਰ ਤੇ ਪੰਜਾਬ ਦੀ ਆਮ ਮੁਸਲਮਾਨ ਪਰਜਾ ਸ਼ਾਮਲ ਕੀਤੀ ਜਾ ਸਕਦੀ ਸੀ। ਅਜ਼ੀਜ਼ਉੱਦੀਨ ਤੇ ਉਸ ਦੇ ਛੋਟੇ ਭਰਾਵਾਂ ਦੀ ਇਮਾਨਦਾਰੀ ਤੇ ਨੇਕਨੀਅਤੀ ਦਾ ਇਸ ਤੋਂ ਵੱਡਾ ਕੀ ਸਬੂਤ ਹੋ ਸਕਦਾ ਹੈ ਕਿ ਰਣਜੀਤ ਸਿੰਘ ਦਾ ਜੋ ਭਰੋਸਾ ਉਨ੍ਹਾਂ ਪ੍ਰਾਪਤ ਕੀਤਾ ਉਸ ਦਾ ਕਦੀ ਵੀ ਨਜਾਇਜ਼ ਫ਼ਾਇਦਾ ਨਾ ਉਠਾਇਆ।”

ਇਨ੍ਹਾਂ ਹਵਾਲਿਆਂ ਤੋਂ ਭਲੀ ਪ੍ਰਕਾਰ ਸਿੱਧ ਹੁੰਦਾ ਹੈ ਕਿ ਰਣਜੀਤ ਸਿੰਘ ਕੈਸਾ ਮਨੁੱਖ ਤੇ ਕੈਸਾ ਰਾਜਾ ਸੀ। ਹਰ ਬਾਦਸ਼ਾਹ ਨੂੰ ਇਹ ਸੁਭਾਗ ਪ੍ਰਾਪਤ ਨਹੀਂ ਹੁੰਦਾ ਕਿ ਉਸ ਨੂੰ ਅਜਿਹੇ ਲਾਇਕ ਤੇ ਕਾਬਲ ਅਫ਼ਸਰ ਸੇਵਾ ਕਰਨ ਲਈ ਮਿਲੇ ਹੋਣ।

ਭਾਗ ਦੂਜਾ : ਹੋਣੀ ਦਾ ਮਨੁੱਖ

ਪੰਜਾਬ ਦਾ ਗੋਰਖ ਧੰਦਾ ਅੜਾਉਣੀ

ਸਿੱਖ ਇਤਿਹਾਸਕਾਰਾਂ ਨੇ ਮੁਗ਼ਲ ਸਾਮਰਾਜ ਦੇ ਬਾਨੀ ਬਾਬਰ ਤੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੀ ਪਰਸਪਰ ਮੁਲਾਕਾਤ ਦਾ ਬੜਾ ਹੀ ਦਿਲਚਸਪ ਹਾਲ ਵਰਣਨ ਕੀਤਾ ਹੈ। ਉਹ ਕਹਿੰਦੇ ਹਨ ਕਿ ਜਦੋਂ ਭਾਰਤ ਤੇ ਦੋ ਅਸਫ਼ਲ ਹਮਲਿਆਂ ਉਪਰੰਤ ਬਾਬਰ ਦਿੱਲੀ ਵੱਲ 1525 ਈ. ਵਿਚ ਵਧ ਰਿਹਾ ਸੀ, ਇਕ ਵੇਰ ਹੋਰ ਕਿਸਮਤ ਅਜ਼ਮਾਉਣ ਲਈ, ਤਾਂ ਕੁਝ ਕੈਦੀ ਪੰਜਾਬ ਦੇ ਇਕ ਨਿੱਕੇ ਜਿਹੇ ਸ਼ਹਿਰ ਐਮਨਾਬਾਦ ਵਿਚ, ਉਸ ਅੱਗੇ ਪੇਸ਼ ਕੀਤੇ ਗਏ। ਇਨ੍ਹਾਂ ਵਿਚੋਂ ਇਕ ਤੇ ਉਸ ਦੀ ਨਜ਼ਰ ਜੋ ਪਈ ਤਾਂ ਉਹ ਖੜ੍ਹਾ ਹੋ ਗਿਆ ਤੇ ਤੁਰਕੀ ਬੋਲੀ ਵਿਚ ਆਪਣੇ ਵਜ਼ੀਰ ਨੂੰ ਕਹਿਣ ਲੱਗਾ, “ਕਮਾਲ ਹੈ ! ਇਹੀ ਹੈ ਸਾਖਿਆਤ ਉਹ ਪਵਿੱਤਰ ਪੁਰਸ਼ ਜੋ ਗਜ਼ਨੀ ਵਿਚ ਮੈਨੂੰ ਸੁਪਨੇ ਵਿਚ ਮਿਲਿਆ ਸੀ ਤੇ ਜਿਸ ਨੇ ਮੈਨੂੰ ਸੱਦਾ-ਪੱਤਰ ਦਿੱਤਾ ਸੀ ਕਿ ਤੂੰ ਭਾਰਤ ਤੇ ਤੀਜੀ ਵਾਰੀ ਹੱਲਾ ਬੋਲ ਤੇਰੀ ਜਿੱਤ ਹੋਵੇਗੀ।” ਇਹ ਪਵਿੱਤਰ ਪੁਰਸ਼ ਗੁਰੂ ਨਾਨਕ ਸੀ । ਬਾਬਰ ਨੇ ਬੜੇ ਸਤਿਕਾਰ ਨਾਲ ਉਨ੍ਹਾਂ ਨਾਲ ਗੱਲ-ਬਾਤ ਕੀਤੀ ਤੇ ਕਿਹਾ ਕਿ ਕੋਈ ਮੰਗ ਦੱਸੋ ਜੋ ਮੈਂ ਪੂਰੀ ਕਰ ਸਕਾਂ । ਗੁਰੂ ਨਾਨਕ ਨੇ ਕਿਹਾ ਕਿ ਸਾਰੇ ਕੈਦੀ ਰਿਹਾ ਕਰ ਦੇਵੋ । ਬਾਬਰ ਨੇ ਫੌਰਨ ਸਭ ਕੈਦੀ ਰਿਹਾਅ ਕਰ ਦਿੱਤੇ । ਗੁਰੂ ਸਾਹਿਬ ਨੇ ਫੇਰ ਬਾਬਰ ਨੂੰ ਅਸ਼ੀਰਵਾਦ ਦਿੱਤੀ ਤੇ ਪੇਸ਼ੀਨਗੋਈ ਕੀਤੀ ਕਿ ਜੇ ਉਸ ਨੇ ਰਿਆਇਆ ਨਾਲ ਬਗ਼ੈਰ ਕਿਸੇ ਵਿਤਕਰੇ ਦੇ ਇਨਸਾਫ ਭਰਿਆ ਸਲੂਕ ਕੀਤਾ ਤਾਂ ਉਸ ਦਾ ਖ਼ਾਨਦਾਨ ਭਾਰਤ ਤੇ ਸਦੀਆਂ ਤਕ ਰਾਜ ਕਰੇਗਾ।

ਗੁਰੂ ਨਾਨਕ ਦੀ ਇਹ ਭਵਿੱਸ਼ ਬਾਣੀ ਪੂਰੀ ਹੋਈ, ਪਰ ਉਸੇ ਸ਼ਰਤ ਦੇ ਆਧਾਰ ਤੇ ਹੀ ਮੁਗ਼ਲਾਂ ਨੇ ਭਾਰਤ ਨੂੰ ਦੋ ਸਦੀਆਂ ਤਕ ਇਕ ਚੰਗਾ ਤੇ ਸੁਖਾਵਾਂ ਰਾਜ ਦਿੱਤਾ ਤੇ ਇਸ ਦਾ ਲਾਭ ਸਭ ਛੋਟੇ ਵੱਡੇ ਫਿਰਕਿਆਂ ਨੇ ਉਠਾਇਆ। ਸਿੱਖ ਧਰਮ ਦਾ ਸ਼ਾਂਤੀ, ਰਵਾਦਾਰੀ ਤੇ ਭਗਤੀ ਭਾਵ ਦਾ ਸੰਦੇਸ਼ ਵੀ ਇਥੋਂ ਦੇ ਸੋਹਣੇ ਵਾਤਾਵਰਨ ਵਿਚ ਉੱਨਤੀ ਕਰਦਾ ਰਿਹਾ। ਸਰਕਾਰ ਤੇ ਸਿੱਖਾਂ ਦੇ ਪਰਸਪਰ ਸੰਬੰਧ ਚੋਖੇ ਸਮੇਂ ਤੀਕ ਬੜੇ ਚੰਗੇ ਰਹੇ ਤੇ ਕਿਸੇ ਨੂੰ ਵੀ ਕੋਈ ਸ਼ਿਕਾਇਤ ਨਹੀਂ ਸੀ । ਹਾਂ, ਮਗਰੋਂ ਕੁਝ ਗ਼ਲਤਫਹਿਮੀਆਂ ਦੇ ਕਾਰਨ ਇਨ੍ਹਾਂ ਸੰਬੰਧਾਂ ਵਿਚ ਜ਼ਰੂਰ ਕਸ਼ੀਦਗੀ ਆ ਗਈ।

ਮੁਗ਼ਲ ਹਕੂਮਤ ਦੀਆਂ ਸਖ਼ਤ ਨੀਤੀਆਂ ਦੇ ਕਾਰਨ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਰਾਜਸੀ ਤੇ ਮੁਲਕਗੀਰ ਲਈ ਮੋੜ ਦੇਣਾ ਜ਼ਰੂਰੀ ਸਮਝਿਆ। ਉਨ੍ਹਾਂ ਸਿੱਖਾਂ ਅੱਗੇ ਕੌਮੀ ਰਾਜ ਦਾ ਨਿਸ਼ਾਨਾ ਰਖਿਆ ਜੋ ਯੋਗ ਸਮੇਂ ਤੇ ਨੇਪਰੇ ਚੜ੍ਹਨਾ ਸੀ। ਇਸ ਮੰਤਵ ਲਈ ਕੁਝ ਸੂਰਮਿਆਂ ਨੂੰ ਅੰਮ੍ਰਿਤ ਛਕਾ ਕੇ, ਸਿੰਘ ਨਾਮ ਰੱਖ ਕੇ ਉਨ੍ਹਾਂ ਨੂੰ ਪੱਕ ਕੀਤੀ ਕਿ ਖ਼ਾਲਸੇ ਦੀ ਪ੍ਰਮੁਖਤਾ ਲਈ ਜੰਗ ਕਰੇ। ਖ਼ਾਲਸੇ ਤੋਂ ਭਾਵ ਨਿਖ਼ਾਲਸ ਤੇ ਚੋਣਵੇਂ ਲੋਕ ਅਰਥਾਤ ਸਮੁੱਚੀ ਸਿੱਖ ਕੋਮ ਸੀ। ਗੁਰੂ ਗੋਬਿੰਦ ਸਿੰਘ, ਆਖਰੀ ਸਿੱਖ ਗੁਰੂ, ਔਰੰਗਜ਼ੇਬ, ਆਖਰੀ ਵੱਡਾ ਮੁਗ਼ਲ ਬਾਦਸ਼ਾਹ, ਦੇ ਸਮਕਾਲੀ ਸਨ । ਔਰੰਗਜ਼ੇਬ ਦੀ ਮੌਤ 1707 ਈ. ਵਿਚ ਹੋਈ। ਇਕ ਵਰ੍ਹਾ ਬਾਅਦ ਗੁਰੂ ਗੋਬਿੰਦ ਸਿੰਘ ਜੀ ਵੀ ਚੜ੍ਹਾਈ ਕਰ ਗਏ। ਇਸ ਤਰ੍ਹਾਂ ਮਾਨੋ ਦੋ ਇਤਿਹਾਸਕ ਲਹਿਰਾਂ ਦਾ ਆਰੰਭ ਤੇ ਅੰਤ ਨਾਲ ਨਾਲ ਹੋਇਆ। ਇਨ੍ਹਾਂ ਲਹਿਰਾਂ ਨੇ ਮੁਗ਼ਲਾਂ ਦੀ ਮਹਾਨਤਾ ਤੇ ਸਿੱਖਾਂ ਦੀ ਆਤਮਕ ਉੱਨਤੀ ਦਾ ਸਿਖਰ ਦੇਖਿਆ। ਇਸ ਤੋਂ ਬਾਅਦ ਗਿਰਾਵਟ ਤੇ ਪਤਨ ਵਜੋਂ ਜੋ ਮੁਗ਼ਲ ਸਾਮਰਾਜ ਦੇ ਟੁਕੜੇ ਹੋਏ ਉਨ੍ਹਾਂ ਤੇ ਕਬਜ਼ਾ ਜਮਾਉਣ ਲਈ ਕੁਝ ਤਾਕਤਾਂ ਉਭਰੀਆਂ ਤੇ ਇਨ੍ਹਾਂ ਵਿਚ ਸਿੱਖ ਖ਼ਾਸ ਮਹੱਤਤਾ ਵਾਲੇ ਸਨ।

ਗੁਰੂ ਗੋਬਿੰਦ ਸਿੰਘ ਜੀ ਮਗਰੋਂ ਬੰਦਾ, ਪਹਿਲਾ ਸਿੱਖ ਰਾਜਸੀ ਆਗੂ ਹੋਇਆ ਹੈ ਜਿਸ ਨੇ ਪੰਜਾਬ ਵਿਚ ਸਿੱਖ ਰਾਜ ਸਥਾਪਤ ਕਰਨ ਦਾ ਜਤਨ ਕੀਤਾ; ਆਰੰਭ ਵਿਚ ਕੁਝ ਸਫ਼ਲਤਾ ਦੇ ਪਿੱਛੋਂ ਇਹ ਜਤਨ ਅਸਫ਼ਲ ਹੋ ਗਿਆ। ਸਿੱਖਾਂ ਦੀ ਫ਼ੌਜੀ ਜੱਥੇਬੰਦੀ ਟੁੱਟ ਕੇ ਕੁਝ ਜੱਥਿਆਂ ਵਿਚ ਵੰਡੀ ਗਈ ਜਿਨ੍ਹਾਂ ਪੰਜਾਬ ਦੀਆਂ ਸਰਹੱਦਾਂ ਅਤੇ ਜੰਗਲਾਂ ਤੇ ਪਹਾੜਾਂ ਵਿਚ ਪਨਾਹ ਲਈ। ਇਹ ਲੋਕ ਵਸੋਂ ਵਾਲੇ ਇਲਾਕਿਆਂ ਤੋਂ ਦੂਰ ਰਹਿੰਦੇ ਸਨ ਪਰ ਵੱਡੀਆਂ-ਵੱਡੀਆਂ ਸੜਕਾਂ ਤੇ ਚੱਕਰ ਲਾਉਂਦੇ ਰਹਿੰਦੇ ਤੇ ਸਫਰ ਕਰਦੇ ਕਾਫਲਿਆਂ ਨੂੰ ਲੁੱਟਦੇ ਰਹਿੰਦੇ ਸਨ। ਜਦੋਂ ਨਾਦਰ ਸ਼ਾਹ ਦਾ ਹਾਥੀਆਂ, ਊਠਾਂ, ਘੋੜਿਆਂ ਤੇ ਖੱਚਰਾਂ ਦਾ ਮਹਾਨ ਕਾਫਲਾ ਵਾਪਸ ਈਰਾਨ ਨੂੰ ਜਾ ਰਿਹਾ ਸੀ, ਦਿੱਲੀ ਦੀ ਲੁੱਟੀ ਹੋਈ ਦੌਲਤ ਨਾਲ ਲੱਦਿਆ ਹੋਇਆ, ਤਾਂ ਸਿੱਖਾਂ ਲਈ ਲੁੱਟ-ਮਾਰ ਦਾ ਇਹ ਪਹਿਲਾ ਵੱਡਾ ਅਵਸਰ ਸੀ। ਇਹ ਤਖ਼ਤ ਤਾਊਸ ਤੇ ਕੋਹਿਨੂਰ ਹੀਰਾ ਤਾਂ ਨਾ ਲੈ ਸਕੇ ਕਿਉਂਕਿ ਇਨ੍ਹਾਂ ਦੀ ਹਿਫਾਜ਼ਤ ਦਾ ਖ਼ਾਸ ਤੇ ਪੱਕਾ ਪ੍ਰਬੰਧ ਸੀ ਫਿਰ ਵੀ ਇਸ ਮੌਕੇ ਤੇ ਸਿੱਖਾਂ ਦੇ ਹੱਥ 30 ਕਰੋੜ ਦੀ ਲੁੱਟ-ਮਾਰ ਆਈ। ਜੋ ਕੈਦੀ ਉਹ ਆਪਣੇ ਨਾਲ ਭਾਰਤ ਤੋਂ ਲੈ ਕੇ ਜਾ ਰਿਹਾ ਸੀ ਉਨ੍ਹਾਂ ਵਿਚੋਂ ਵੀ ਕੁਝ ਛੁਡਾ ਲਏ ਗਏ। ਫਿਰ ਜਦ ਅਹਿਮਦ ਸ਼ਾਹ ਨੇ ਇਕ ਦੂਜੇ ਮਗਰੋਂ ਛੇਤੀ ਛੇਤੀ ਨੌਂ ਹਮਲੇ ਕੀਤੇ, ਉਨ੍ਹਾਂ ਨੇ ਵੀ ਸਿੱਖਾਂ ਨੂੰ ਮੁੜ ਮੌਕਾ ਦਿੱਤਾ, ਨਾ ਕੇਵਲ ਅਮੀਰ ਹੋਣ ਦਾ ਸਗੋਂ ਹਥਿਆਰਾਂ ਨਾਲ ਲੈਸ ਹੋਣ, ਕੈਦੀਆਂ ਨੂੰ ਛੁਡਾਉਣ, ਆਮ ਲੋਕਾਂ ਵਿਚ ਕੌਮੀ ਵੀਰ ਨਾਇਕਾਂ ਦੇ ਰੂਪ ਵਿਚ ਉਭਰਨ ਅਤੇ ਆਪਣੇ ਪੈਰੋਕਾਰਾਂ ਦੀ ਗਿਣਤੀ ਵਧਾਉਣ ਦਾ ਵੀ।

ਅਹਿਮਦ ਸ਼ਾਹ ਦੇ ਹਮਲਿਆਂ ਨੇ ਮੁਗ਼ਲਾਂ ਨੂੰ ਡਾਢਾ ਕਮਜੋਰ ਕਰ ਦਿੱਤਾ ਤੇ ਸਿੱਖਾਂ ਨੂੰ ਮਜ਼ਬੂਤ ਬਣਾਇਆ। ਆਪਣਾ ਕੰਮ ਪੂਰਨ ਹੋਣ ਤੱਕ ਉਸ ਨੇ ਮੁਗਲ ਰਾਜ ਦਾ ਆਖਰੀ ਨਿਸ਼ਾਨ ਪੰਜਾਬ ਵਿਚੋਂ ਮਿਟਾ ਦਿੱਤਾ। ਕੰਮ ਪਲ ਹੋਣ ਤਕ ਉਸ ਨੇ ਮੁਗਲੜ ਤੇ ਆਪਾ-ਧਾ ਫੈਲ ਗਈ। ਸਿੱਖਾਂ ਨੇ ਇਸ ਸਥਿਤੀ ਦਾ ਪੂਰਾ ਲਾਭ ਉਠਾਇਆ। ਨਾਦਰ ਸ਼ਾਹ ਦੀ ਵਾਪਸੀ ਤੇ ਅਹਿਮਦ ਸ਼ਾਹ ਦੇ ਪਹਿਲੇ ਹਮਲੇ ਦੇ ਦਰਮਿਆਨ ਸਿੱਖਾਂ ਨੇ ਅਜਿਹੀ ਪੋਜ਼ੀਸ਼ਨ ਦੀ ਨੀਂਹ ਰੱਖ ਦਿੱਤੀ ਸੀ ਜੋ ਬਾਅਦ ਵਿਚ ‘ਮਿਸਲਦਾਰੀ’ ਪ੍ਰਬੰਧ ਦੇ ਨਾਮ ਨਾਲ ਪ੍ਰਸਿੱਧ ਹੋਈ।

ਪਿੰਡਾਂ ਦੇ ਪਿੰਡ ਕਿਸੇ ਧੜੱਲੇਦਾਰ ਆਗੂ ਜੱਥੇਦਾਰ ਦੇ ਪ੍ਰਬੰਧ ਹੇਠ ਇਕੱਠੇ ਹੋ ਗਏ। ਇਹ ਛੋਟੀਆਂ-ਛੋਟੀਆਂ ਫ਼ੌਜੀ ਰਾਜਸੀ ਕਿਸਮ ਦੀਆਂ ਟੁਕੜੀਆਂ ਸਨ ਜੋ ਸਭ ਇਕ ਦੂਜੇ ਦੇ ਬਰਾਬਰ ਸਨ, ਕਿਉਂਕਿ ‘ਮਿਸਲ’ ਸ਼ਬਦ ਦਾ ਅਰਥ ਹੀ ‘ਵਾਂਗਨ’ ਜਾਂ ‘ਬਰਾਬਰ’ ਹੈ। ਜਿਸ ਵਕਤ ਅਹਿਮਦ ਸ਼ਾਹ ਦਾ ਪਹਿਲਾ ਹੱਲਾ ਹੋਣ ਵਾਲਾ ਸੀ, ਸਿੱਖਾਂ ਨੇ ਇਕ ਇਕੱਠ ਕੀਤਾ ਜਿਸ ਦਾ ਨਾਮ ‘ਸਰਬਤ ਖ਼ਾਲਸਾ’ ਰਖਿਆ। ਉਨ੍ਹਾਂ ਜੱਥਿਆਂ ਨੂੰ ਮੁੜ 12 ਮਿਸਲਾਂ ਵਿਚ ਵੰਡਿਆ, ਹਰ ਮਿਸਲ ਦੇ ਜ਼ਿੰਮੇ ਕੰਮ ਸੀ ਕਿ ਉਹ ਸਾਂਝੀ ਕੌਮੀ ਸੈਨਾ ਨੂੰ ਯੋਗਦਾਨ ਦੇਵੇ। ਇਸ ਨਵੀਂ ਜੱਥੇਬੰਦੀ ਦਾ ਨਾਂ ‘ਦਲ ਖ਼ਾਲਸਾ’ ਰਖਿਆ ਤੇ ਇਸ ਦੀ ਕਮਾਂਡ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਦਿੱਤੀ । ਦਲ ਖ਼ਾਲਸਾ ਭਾਵੇਂ ਅਹਿਮਦ ਸ਼ਾਹ ਨਾਲ ਪੂਰੀ ਟੱਕਰ ਤਾਂ ਨਾ ਲੈ ਸਕਿਆ, ਪਰ ਜਦ ਵੀ ਉਹ ਵਾਪਸ ਪਰਤਦਾ, ਦਲ ਦੇ ਆਗੂ ਮੁਗ਼ਲਾਂ ਦੇ ਪੁਰਾਣੇ ਕਿਲ੍ਹੇ ਕਾਬੂ ਕਰ ਲੈਂਦੇ ਜਾਂ ਕੁਝ ਨਵੇਂ ਕਿਲ੍ਹੇ ਬਣਾ ਲੈਂਦੇ ਤੇ ਉਨ੍ਹਾਂ ਵਿਚ ਆਪਣੇ ਸਿਪਾਹੀ ਰੱਖ ਦਿੰਦੇ । ਇਨ੍ਹਾਂ ਕਿਲ੍ਹਿਆਂ ਤੋਂ ਉਹ ਆਸ ਪਾਸ ਦੇ ਪਿੰਡਾਂ ਦੀ ਰੱਖਿਆ ਕਰਦੇ ਤੇ ਇਸ ਦੇ ਬਦਲੇ ਉਹ ਲੋਕਾਂ ਤੋਂ ਇਕ ਟੈਕਸ ਉਗਰਾਹੁੰਦੇ । ਇਸ ਪ੍ਰਬੰਧ ਨੂੰ ‘ਰਾਖੀ’ ਕਿਹਾ ਜਾਂਦਾ ਸੀ ਤੇ ਇਸ ਨਾਲ ਮਿਸਲਾਂ ਨੂੰ ਕਾਫੀ ਸਹਾਇਤਾ ਮਿਲੀ, ਜਿਸ ਕਰਕੇ ਇਨ੍ਹਾਂ ਮਿਸਲਾਂ ਦੇ ਨਿੱਕੇ ਨਿੱਕੇ ਰਾਜ ਬਣ ਗਏ । ਹਰ ਰਾਜ ਦਾ ਇਕ ਹਾਕਮ ਹੁੰਦਾ ਅਤੇ ਹਰ ਹਾਕਮ ਦੇ ਪਾਸ ਕੁਝ ਇਲਾਕਾ, ਇਕ ਮੁਸਤਕਿਲ ਫ਼ੌਜ ਤੇ ਟੈਕਸਾਂ ਤੇ ਮਾਮਲੇ ਦੀ ਸੂਰਤ ਵਿਚ ਬਾਕਾਇਦਾ ਆਮਦਨ ਸੀ । ਇਸ ਤਰ੍ਹਾਂ ਇਹ ਕੰਮ ਕੁਝ ਉਤਾਰ ਚੜ੍ਹਾ ਨਾਲ ਅਹਿਮਦ ਸ਼ਾਹ ਦੇ ਹੱਲਿਆਂ ਦੇ ਜ਼ਮਾਨੇ ਵਿਚ ਚਲਦਾ ਗਿਆ । ਜਦੋਂ ਉਸ ਦੀ ਮੌਤ 1772 ਈ. ਵਿਚ ਹੋਈ, ਤਦ ਤਕ ਸਿੱਖਾਂ ਨੇ ਮੁਗ਼ਲ ਇਲਾਕੇ ਦਾ ਬਹੁਤ ਵੱਡਾ ਹਿੱਸਾ ਸਿੰਧ ਤੇ ਜਮਨਾ ਦੇ ਵਿਚਕਾਰ ਦਾ ਕਾਬੂ ਕਰ ਲਿਆ ਸੀ ਤੇ ਇਸ ਨੂੰ 12 ਮਿਸਲਾਂ ਵਿਚ ਵੰਡ ਲਿਆ ਸੀ । ਇਨ੍ਹਾਂ ਵਿਚੋਂ ਛੇ ਤਾਂ ਸਿੰਧ ਤੇ ਸਤਲੁਜ ਦੇ ਵਿਚਕਾਰ ਸਨ ਜਿਸ ਨੂੰ ਮਾਝਾ ਕਹਿੰਦੇ ਹਨ ਅਤੇ ਬਾਕੀ ਛੇ ਸਤਲੁਜ ਤੇ ਜਮਨਾ ਦੇ ਵਿਚਲੇ ਇਲਾਕੇ ਮਾਲਵਾ ਵਿਚ ਸਨ । ਮਾਝੇ ਵਿਚ ਮਿਸਲਾਂ ਨੂੰ ਸਥਾਪਤ ਕਰਨ ਵਾਲੇ ਘਰਾਣੇ ਸਨ । ਆਹਲੂਵਾਲੀਆ, ਭੰਗੀ, ਘਨੱਈਆ, ਰਾਮਗੜ੍ਹੀਆ, ਨਿੱਕਈ ਤੇ ਸ਼ੁਕਰਚੱਕੀਆ-ਮਾਲਵੇ ਵਿਚ ਫੂਲਕੀਆਂ, ਸਿੰਘ ਪੂਰੀਆਂ, ਕਰੋੜ ਸਿੰਘੀਆਂ, ਨਿਸ਼ਾਨ ਵਾਲੀਆਂ, ਡਲੇਵਾਲੀਆਂ ਤੇ ਸ਼ਹੀਦਾਂ ਦੀਆਂ ਮਿਸਲਾਂ ਸਨ । ਸਿਰਫ ਇਕੋ ਸੰਸਥਾ ਸੀ ਜਿਸ ਨੂੰ ਇਹ ਸਭ ਮਿਸਲਾਂ ਮੰਨਦੀਆਂ ਸਨ ਤੇ ਉਹ ਸੀ ਸਰਬਤ ਖ਼ਾਲਸਾ ਜਾਂ ਪੰਥ ਖ਼ਾਲਸਾ ਜੋ ਗੁਰੂ ਗੋਬਿੰਦ ਜੀ ਨੇ ਸਿੱਖ ਕੌਮ ਦੀ ਸ਼੍ਰੋਮਣੀ ਤਾਕਤਵਰ ਸੰਸਥਾ ਬਣਾਈ ਸੀ । ਇਕ ਕੜੀ ਜੋ ਇਨ੍ਹਾਂ ਮਿਸਲਾਂ ਨੂੰ ਬੰਨ੍ਹ ਕੇ ਰਖਦੀ ਸੀ ਉਹ ਸੀ ਪੰਥ ਦੀ ਰੱਖਿਆ, ਬਾਕੀ ਹਰ ਕੰਮ ਲਈ ਇਹ ਸਾਮੰਤਵਾਦੀ ਸਰਦਾਰੀਆਂ ਸਨ। ਸਮੁੱਚੇ ਤੌਰ ਤੇ ਇਹ ਇਕ ਖੁੱਲ੍ਹੇ ਪ੍ਰਕਾਰ ਦੀ ਧਰਮਾਂਤਾਂਤ੍ਰਿਕ ਸਰਕਾਰ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਕਲਪਨਾ ਦੇ ਇਕ ਧਰਮ ਆਧਾਰਿਤ ਰਾਜ ਤੋਂ ਬਹੁਤ ਹੀ ਵੱਖਰੀ ਕਿਸਮ ਦੀ ਸੀ। ਜਦ ਤਕ ਅਹਿਮਦ ਸ਼ਾਹ ਦੇ ਹਮਲੇ ਹੁੰਦੇ ਰਹੇ, ਉਹ ਸਾਰੇ ਇਨ੍ਹਾਂ ਦੁਰਾਣਿਆਂ ਦਾ ਮੁਕਾਬਲਾ ਕਰਨ ਲਈ ਇਕੱਠੇ ਹੋ ਜਾਂਦੇ ਤੇ ਗੁਰੀਲਾ ਯੁੱਧ-ਸ਼ੈਲੀ ਨਾਲ ਲੜਦੇ । ਪਰ ਜਦ ਹੀ ਬਾਹਰਲਾ ਖ਼ਤਰਾ ਖ਼ਤਮ ਹੁੰਦਾ, ਇਹ ਮਿਸਲਾਂ ਸਾਮੰਤਵਾਦੀਆਂ ਵਾਂਗੂੰ ਇਕ ਦੂਜੇ ਤੇ ਹਮਲੇ ਕਰਕੇ ਆਪਣੇ ਆਪਣੇ ਇਲਾਕੇ ਵਧਾਉਣ ਦੀ ਪਿਆਰੀ ਖੇਡ ਵਿਚ ਲੀਨ ਹੋ ਜਾਂਦੀਆਂ। ਇਸ ਕਾਰਜ ਵਿਚ ਕੁਝ ਸਮੇਂ ਬਾਅਦ ਪੰਜ ਮਿਸਲਾਂ ਉਭਰ ਆਈਆਂ, ਜਿਵੇਂ ਕਿ ਭੰਗੀ, ਜਿਸ ਪਾਸ ਲਾਹੌਰ, ਅੰਮ੍ਰਿਤਸਰ ਤੇ ਪੱਛਮੀ ਪੰਜਾਬ ਦਾ ਹਿੱਸਾ ਸੀ, ਘਨੱਈਆ ਮਿਸਲ ਜਿਸ ਪਾਸ ਹਿਮਾਲੀਆ ਪਹਾੜੀਆਂ ਦੇ ਦਾਮਨ ਦਾ ਇਲਾਕਾ ਸੀ, ਆਹਲੂਵਾਲੀਆ ਮਿਸਲ ਜਿਸ ਪਾਸ ਰਾਵੀ ਤੇ ਬਿਆਸ ਦੇ ਵਿਚਕਾਰ ਦਾ ਇਲਾਕਾ ਸੀ ਤੇ ਸ਼ੁਕਰਚੱਕੀਆ ਮਿਸਲ ਜੋ ਗੁਜਰਾਂਵਾਲੇ ਤੇ ਇਸ ਦੇ ਨਾਲ ਦੇ ਪਿੰਡਾਂ ਤੇ ਰਾਜ ਕਰਦੀ ਸੀ।

ਇਹ ਮਿਸਲਾਂ ਕਈ ਹੋਰ ਛੋਟੀਆਂ ਰਿਆਸਤਾਂ ਨਾਲ ਲੜਾਈਆਂ ਵਿਚ ਪੈ ਕੇ ਗੁਜ਼ਾਰਾ ਕਰਦੀਆਂ ਰਹੀਆਂ । ਇਨ੍ਹਾਂ ਰਿਆਸਤਾਂ ਵਿਚੋਂ ਖ਼ਾਸ ਪ੍ਰਸਿੱਧ ਇਹ ਸਨ : ਮੁਲਤਾਨ, ਬਹਾਵਲਪੁਰ, ਡੇਰਾ ਗਾਜ਼ੀ ਖ਼ਾਂ, ਮਨਕੇਰਾ, ਪਸ਼ੋਰ, ਬੰਨੂ, ਟਾਂਕ ਤੇ ਹਜ਼ਾਰਾ—ਜੋ ਅਹਿਮਦ ਸ਼ਾਹ ਨੇ ਆਪਣੇ ਅਧੀਨ ਕਰਕੇ ਪਠਾਨ ਸਰਦਾਰਾਂ ਨੂੰ ਕਰ ਵਸੂਲੀ ਦੀ ਸ਼ਰਤ ਉੱਪਰ ਦਿੱਤੀਆਂ ਸਨ । ਫਿਰ ਕੁਝ ਪਹਾੜੀ ਇਲਾਕੇ ਸਨ, ਜਿਨ੍ਹਾਂ ਉੱਪਰ ਰਾਜਪੂਤ ਘਰਾਣਿਆਂ ਦਾ ਰਾਜ ਸੀ ਤੇ ਹਿਮਾਲੀਆ ਦੇ ਅੰਦਰਲੀਆਂ ਪਹਾੜੀਆਂ ਵਿਚ ਸਥਿਤ ਸਨ। ਆਖਰ ਵਿਚ ਕੁਝ ਬਹਾਦਰ ਪੰਜਾਬੀ ਮੁਸਲਮਾਨ ਕਬੀਲਿਆਂ ਦੇ ਵੀ ਇਲਾਕੇ ਸਨ, ਜਿਥੇ ਇਕ ਕਿਸਮ ਦੇ ਸੁਤੰਤਰ ਰਾਜ ਕਾਇਮ ਸਨ, ਜਿਵੇਂ ਕਿ ਕਸੂਰ ਦੇ ਪਠਾਣ, ਰੱਸੂਲ ਨਗਰ ਦੇ ਚੱਠੇ, ਸ਼ਾਹਪੁਰ ਦੇ ਟਿਵਾਣੇ ਤੇ ਤੰਗ ਦੇ ਸਿਆਲ। ਇਹ ਇਕ ਗੋਰਖ-ਧੰਦਾ ਜਿਹਾ ਸੀ। ਜਿਸ ਦੇ ਟੁਕੜਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਇਕੱਠਾ ਕਰਕੇ ਸਿੱਖ ਰਾਜ ਦੀ ਸਥਾਪਨਾ ਕੀਤੀ।

ਬੁੱਧ ਸਿੰਘ ਤੋਂ ਰਣਜੀਤ ਸਿੰਘ ਤਕ

ਪੰਜਾਬ ਵਿਚ ਸਿੱਖ ਰਾਜ ਦੀ ਸਥਾਪਨਾ ਵਿਚ ਰਣਜੀਤ ਸਿੰਘ ਨੇ ਉਹ ਸੁਪਨਾ ਸਾਕਾਰ ਕੀਤਾ ਜੋ ਕਿ ਸੋ ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਨੇ ਵੇਖਿਆ ਸੀ। ਇਸ ਦੌਰਾਨ ਸਿੱਖਾਂ ਦੀਆਂ ਕਈ ਪੁਸ਼ਤਾਂ ਤੇ ਉਸ ਦੇ ਆਪਣੇ ਵੱਡੇ ਵਡੇਰੇ ਇਸ ਸੁਪਨੇ ਨੂੰ ਰੂਪਮਾਨ ਕਰਨ ਦਾ ਜਤਨ ਕਰਦੇ ਰਹੇ ਸਨ । ਪਰੰਤੂ ਰਣਜੀਤ ਸਿੰਘ ਦੀ ਉੱਚੀ ਪ੍ਰਤਿਭਾ ਬਿਨਾਂ ਇਹ ਕਦੀ ਵੀ ਸੰਭਵ ਨਹੀਂ ਸੀ ਹੋ ਸਕਦਾ। ਇਸ ਦੀ ਦੇਣ ਅਰੰਭ ਹੁੰਦੀ ਹੈ ਉਸ ਦੇ ਪੜਦਾਦੇ ਦੇ ਦਾਦੇ ਬੁੱਧ ਸਿੰਘ ਤੋਂ ਜਿਸ ਨੇ ਗੁਰੂ ਗੋਬਿੰਦ ਤੋਂ ਅੰਮ੍ਰਿਤ ਛਕਿਆ ਸੀ ਤੇ ਸਾਰੀ ਉਮਰ ਸਿੱਖਾਂ ਦੀ ਹਸਤੀ ਨੂੰ ਕਾਇਮ ਰੱਖਣ ਲਈ ਰਾਜਸੀ ਸ਼ਕਤੀ ਲਈ ਕਈ ਗੁਰੀਲਾ ਜੰਗ ਕੀਤੇ । ਉਸ ਨੇ ਮੌਤ ਪਿੱਛੋਂ ਵਿਰਾਸਤ ਵਿਚ ਦੋ ਚੀਜ਼ਾਂ ਛੱਡੀਆਂ : ਇਕ ਰਾਬਿਨ ਹੁਡ ਵਰਗੇ ਸੂਰਬੀਰ ਦੀ ਪ੍ਰਸਿੱਧੀ ਤੇ ਦੂਜੇ ਕੁਝ ਪਿੰਡਾਂ ਦੀ ਮਾਲਿਕੀ । ਬੁੱਧ ਸਿੰਘ ਦਾ ਪੁੱਤਰ ਨੌਧ ਸਿੰਘ ਮਿਸਲ ਦਾ ਪਹਿਲਾ ਸਰਦਾਰ ਬਣਿਆ। ਉਸ ਨੇ ਸ਼ੁਕਰਚੱਕ ਪਿੰਡ ਦੀ ਫਸੀਲਬੰਦੀ ਕੀਤੀ ਤੇ ਕੁਝ ਖ਼ਾਲਸਿਆਂ ਨੂੰ ਆਪਣੀ ਕਮਾਨ ਹੇਠ ਜੱਥੇਬੰਦ ਕੀਤਾ। ਨੌਧ ਸਿੰਘ ਦੇ ਲੜਕੇ ਚੜ੍ਹਤ ਸਿੰਘ ਨੇ ਸ਼ੁਕਰਚੱਕ ਤੋਂ ਆਪਣਾ ਪੱਕਾ ਟਿਕਾਣਾ ਗੁਜਰਾਂਵਾਲੇ ਬਦਲ ਲਿਆ ਤੇ ਸ਼ਹਿਰ ਦੇ ਦੁਆਲੇ ਪੱਕੀ ਕਿਲ੍ਹੇਬੰਦੀ ਕੀਤੀ । ਉਹ ਇਤਨਾ ਤਕੜਾ ਹੋ ਗਿਆ ਕਿ ਉਸ ਨੇ ਲਾਹੌਰ ਦੇ ਪਠਾਣ ਗਵਰਨਰ ਦੇ ਹੱਲੇ ਨੂੰ ਅਸਫ਼ਲ ਬਣਾ ਦਿੱਤਾ ਤੇ ਉਹ ਕਾਫ਼ੀ ਨੁਕਸਾਨ ਉਠਾ ਕੇ ਨੱਸ ਗਿਆ ਤੇ ਉਸ ਦਾ ਬਹੁਤ ਸਾਰਾ ਇਲਾਕਾ ਇਸ ਨੇ ਕਾਬੂ ਕਰ ਲਿਆ। ਕੁਝ ਵਰ੍ਹੇ ਬਾਅਦ ਜਦ ਅਬਦਾਲੀ ਨੇ ਹੱਲਾ ਬੋਲਿਆ ਤਾਂ ਇਹ ਉਸ ਦਾ ਟਾਕਰਾ ਨਾ ਕਰ ਸਕਿਆ ਅਤੇ ਉਸ ਨੇ ਇਸ ਦੀ ਬਣਾਈ ਹੋਈ ਤਕੜੀ ਕਿਲ੍ਹੇਬੰਦੀ ਤੋੜ ਦਿੱਤੀ । ਪਰੰਤੂ ਅਬਦਾਲੀ ਦੇ ਮੁੜਨ ਦੀ ਢਿੱਲ ਸੀ ਕਿ ਇਸ ਨੇ ਵਾਪਸ ਆ ਸਭ ਕੁਝ ਮੁਰੰਮਤ ਕਰਕੇ ਫਿਰ ਦੀਵਾਰਾਂ ਖੜ੍ਹੀਆਂ ਕਰ ਲਈਆਂ ਅਤੇ ਕੇਵਲ ਆਪਣਾ ਹੀ ਇਲਾਕਾ ਨਾ ਜਿੱਤਿਆ ਸਗੋਂ ਕੁਝ ਹੋਰ ਇਲਾਕੇ ਵੀ ਨਾਲ ਮਿਲਾ ਲਏ । ਉਸ ਦੀ ਮੌਤ ਆਪਣੀ ਹੀ ਬੰਦੂਕ ਦੇ ਫਟਣ ਨਾਲ ਹੋ ਗਈ ਜਦੋਂ ਕਿ ਉਸ ਨੇ ਜੰਮੂ ਤੇ ਧਾਵਾ ਕੀਤਾ ਹੋਇਆ ਸੀ । ਇਸ ਧਾਵੇ ਵਿਚ ਉਸ ਦੀ ਟੱਕਰ ਮਿਸਲ ਭੰਗੀਆਂ ਨਾਲ ਸੀ । ਉਸ ਦੀ ਮੌਤ ਪਿੱਛੋਂ ਉਸ ਦੇ 14 ਵਰ੍ਹੇ ਦੇ ਜਵਾਨ ਪੁੱਤਰ ਮਹਾਂ ਸਿੰਘ ਨੇ ਸ਼ੁਕਰਚੱਕੀਆ ਦੇ ਇਲਾਕੇ ਤੇ ਤਾਕਤ ਨੂੰ ਹੋਰ ਵਧਾਉਣ ਦਾ ਕੰਮ ਜਾਰੀ ਰਖਿਆ। ਇਸ ਸੰਬੰਧ ਵਿਚ ਇਕ ਕਦਮ ਇਹ ਵੀ ਸੀ ਕਿ ਉਸ ਨੇ ਰਾਜ ਕੌਰ ਨਾਲ ਸ਼ਾਦੀ ਕੀਤੀ। ਇਹ ਬੀਬੀ ਜੀਂਦ ਦੇ ਰਾਜਾ ਗਜਪਤ ਸਿੰਘ ਦੀ ਲੜਕੀ ਸੀ, ਜਿਸ ਨੂੰ ਆਮ ਕਰਕੇ ਮਾਈ ਮਲਵੈਣ ਸੱਦਿਆ ਜਾਂਦਾ ਹੈ। ਇੰਜ ਤਕੜਾ ਹੋ ਕੇ ਉਸ ਨੇ ਆਪਣੇ ਪਿਤਾ ਦੇ ਪੂਰਨਿਆਂ ਤੇ ਚਲਦੇ ਹੋਏ ਜੰਮੂ ਤੇ ਧਾਵਾ ਕੀਤਾ। ਇਸ ਨੂੰ ਘਨੱਈਆ ਮਿਸਲ ਨਾਲ ਮੁਕਾਬਲਾ ਕਰਨਾ ਪਿਆ ਜੋ ਉਸ ਸਮੇਂ ਸਭ ਤੋਂ ਤਕੜੀ ਮਿਸਲ ਸੀ । ਪਰੰਤੂ ਇਹ ਵਿਰੋਧਤਾ ਖ਼ਤਮ ਹੋ ਗਈ ਜਦੋਂ ਘਨੱਈਆ ਸਰਦਾਰ ਦਾ ਇਕੋ ਇਕ ਲੜਕਾ ਲੜਾਈ ਵਿਚ ਮਾਰਿਆ ਗਿਆ। ਇਹ ਦੁਸ਼ਮਣੀ ਥੋੜ੍ਹੇ ਸਮੇਂ ਮਗਰੋਂ ਦੋਸਤੀ ਵਿਚ ਬਦਲ ਗਈ ਤੇ ਘਨੱਈਆ ਸਰਦਾਰ ਦੀ ਪੁੱਤਰੀ ਦੀ ਮੰਗਣੀ ਮਹਾਂ ਸਿੰਘ ਦੇ ਪੁੱਤਰ ਰਣਜੀਤ ਸਿੰਘ ਨਾਲ ਹੋ ਗਈ। ਜਦ ਘਨੱਈਆ ਸਰਦਾਰ ਦੇ ਮਰਨ ਉਪਰੰਤ ਉਸ ਦੀ ਵਿਧਵਾ ਨੂੰਹ, ਸਰਦਾਰਨੀ ਸਦਾ ਕੌਰ, ਸਾਰੇ ਰਾਜ ਭਾਗ ਦੀ ਇਨਚਾਰਜ ਬਣ ਗਈ ਤਾਂ ਇਹ ਸੰਬੰਧ ਹੋਰ ਵੀ ਗੂੜ੍ਹੇ ਹੋ ਗਏ ।

ਕਈ ਹੋਰ ਗੱਲਾਂ ਵਾਂਗੂੰ, ਜੋ ਰਣਜੀਤ ਸਿੰਘ ਨਾਲ ਸੰਬੰਧਿਤ ਹਨ, ਉਸ ਦੇ ਜਨਮ ਸਥਾਨ ਤੇ ਜਨਮ ਤਰੀਕ ਵੀ ਬਹਿਸ ਦਾ ਵਿਸ਼ਾ ਹਨ। ਇਕ ਰਾਏ ਹੈ, ਕਿ ਉਸ ਦਾ ਜਨਮ ਨਵੰਬਰ 13, ਸੰਨ 1780 ਨੂੰ ਆਪਣੀ ਮਾਂ ਰਾਜ ਕੌਰ ਦੇ ਪੇਕੇ ਘਰ ਬਡਰੁਖਾਂ ਦੇ ਇਕ ਛੋਟੇ ਕਿਲ੍ਹੇ ਵਿਚ ਹੋਇਆ ਸੀ। ਦੋ ਹੋਰ ਸਿਧਾਂਤ ਸਨ ਜਿਨ੍ਹਾਂ ਅਨੁਸਾਰ ਉਹ ਦੋ ਨਵੰਬਰ ਜਾਂ 13 ਨਵੰਬਰ 1780 ਨੂੰ ਗੁਜਰਾਂਵਾਲੇ ਪੈਦਾ ਹੋਇਆ। ਇਕ ਹੋਰ ਰਾਏ ਇਹ ਵੀ ਹੈ ਕਿ ਉਸ ਦਾ ਜਨਮ 1776 ਈ. ਵਿਚ ਹੋਇਆ। ਲੇਖਕ ਦੇ ਘਰਾਣੇ ਦੇ ਕਾਗਜ਼ਾਂ ਵਿਚੋਂ ਇਸ ਨੁਕਤੇ ਤੇ ਕੋਈ ਰੋਸ਼ਨੀ ਨਹੀਂ ਮਿਲਦੀ ਜਿਸ ਕਰਕੇ ਇਸ ਵਿਸ਼ੇ ਤੇ ਫ਼ੈਸਲਾਕੁੰਨ ਰਾਏ ਨਹੀਂ ਦਿੱਤੀ ਜਾ ਸਕਦੀ, ਜਦ ਤਕ ਇਤਿਹਾਸਕ ਖੋਜ ਇਸ ਦਾ ਨਿਪਟਾਰਾ ਨਹੀਂ ਕਰਦੀ ।

ਰਣਜੀਤ ਸਿੰਘ ਦੇ ਮੁੱਢਲੇ ਬਚਪਨ ਬਾਰੇ ਕੇਵਲ ਇਕ ਹੀ ਭਰੋਸੇਯੋਗ ਘਟਨਾ ਮਿਲਦੀ ਹੈ ਅਤੇ ਉਹ ਹੈ ਕਿ ਉਸ ਨੂੰ ਮਾਤਾ (ਚੇਚਕ) ਨਿਕਲੀ ਜਿਸ ਨਾਲ ਚਿਹਰੇ ਦੀ ਖੂਬਸੂਰਤੀ ਜਾਂਦੀ ਰਹੀ ਤੇ ਖੱਬੀ ਅੱਖ ਦੀ ਜੋਤ ਵੀ ਖ਼ਤਮ ਹੋ ਗਈ ਤੇ ਚਿਹਰਾ ਸਦਾ ਲਈ ਦਾਗੀ ਹੋ ਗਿਆ । ਬਾਕੀ ਗੱਲਾਂ ਲਈ ਬਚਪਨ ਬਾਰੇ ਇਤਨਾ ਹੀ ਪਤਾ ਹੈ ਕਿ ਉਹ ਬਹੁਤ ਸਮਾਂ ਤੈਰਨ, ਘੋੜ ਸਵਾਰੀ ਤੇ ਸ਼ਿਕਾਰ ਵਿਚ ਲਗਾਂਦਾ ਸੀ ਤੇ ਹਰ ਵਰ੍ਹੇ ਅਵੱਸ਼ ਹੀ ਅੰਮ੍ਰਿਤਸਰ ਦੇ ਸਰੋਵਰ ਵਿਚ ਇਸ਼ਨਾਨ ਕਰਦਾ ਤੇ ਉੱਥੇ ਸਰਦਾਰਾਂ ਦੀ ਕੌਂਸਿਲ ਜਾਂ ਗੁਰਮਤੇ ਵਿਚ ਸ਼ਾਮਿਲ ਹੁੰਦਾ ਸੀ । ਉਸ ਪਾਸ ਪੜ੍ਹਨ ਲਿਖਣ ਲਈ ਕੋਈ ਸਮਾਂ ਨਹੀਂ ਸੀ ਤੇ ਗੁਰਮੁਖੀ ਅੱਖਰਾਂ ਦੀ ਜਾਣਕਾਰੀ ਤੋਂ ਅਗਾਂਹ ਉਹ ਨਾ ਜਾ ਸਕਿਆ। ਪਰ ਬੰਦੂਕ ਚਲਾਣ ਤੇ ਤਲਵਾਰ ਨਾਲ ਕਰਤੱਵ ਕਰਨੇ ਇਸ ਨੇ ਸਿੱਖ ਲਏ। ਇਕ ਬਚਪਨ ਦੀ ਆਦਤ ਜਿਸ ਦਾ ਉਸ ਦੀ ਜੀਵਨੀ ਲਿਖਣ ਵਾਲਿਆਂ ਨੇ ਜਿਕਰ ਕੀਤਾ ਹੈ ਉਹ ਇਹ ਹੈ ਕਿ ਜਦੋਂ ਉਹ ਸ਼ਿਕਾਰ ਜਾਂ ਤੈਰਨ ਲਈ ਜਾਂਦਾ ਤਦ ਜੋ ਪੈਸੇ ਜਾਂ ਚੀਜਾਂ ਉਸ ਪਾਸ ਹੁੰਦੀਆਂ, ਉਹ ਆਪਣੇ ਗ਼ਰੀਬ ਸਾਥੀਆਂ ਵਿਚ ਵੰਡ ਦਿੰਦਾ ਸੀ।

ਰਣਜੀਤ ਸਿੰਘ ਬਾਰਾਂ ਵਰ੍ਹਿਆਂ ਦਾ ਹੀ ਸੀ ਜਦੋਂ ਮਹਾਂ ਸਿੰਘ ਨੇ ਸੋਧਰਾਂ ਦੇ ਕਿਲ੍ਹੇ ਨੂੰ ਘੇਰਾ ਪਾਇਆ । ਇੱਥੇ ਸਾਹਿਬ ਸਿੰਘ ਭੰਗੀ ਗੁਜਰਾਤ ਵਾਲਿਆਂ ਖਿਰਾਜ ਦੇਣ ਤੋਂ ਇਨਕਾਰੀ ਹੋ ਕੇ ਲੁਕਿਆ ਹੋਇਆ ਸੀ । ਇਸ ਮੌਕੇ ਤੇ ਮਹਾਂ ਸਿੰਘ ਅਚਾਨਕ ਪੇਚਸ਼ ਕਰਕੇ ਬੀਮਾਰ ਹੋ ਗਿਆ ਅਤੇ ਰਣਜੀਤ ਸਿੰਘ ਨੂੰ ਮਿਸਲ ਦਾ ਮੁਖੀ ਥਾਪ ਕੇ ਤੇ ਫ਼ੌਜ ਦਾ ਮੁਖੀ ਬਣਾ ਕੇ ਆਪ ਗੁਜਰਾਂਵਾਲੇ ਪਰਤ ਆਇਆ । ਇਸ ਨਾਲ ਲਾਹੌਰ ਦੇ ਭੰਗੀ ਸਰਦਾਰਾਂ ਦਾ ਉਤਸ਼ਾਹ ਵਧਿਆ ਅਤੇ ਉਹ ਸੋਧਰਾਂ ਨੂੰ ਬਚਾਉਣ ਲਈ ਉਠ ਦੌੜੇ। ਰਣਜੀਤ ਸਿੰਘ ਨੇ ਬੜੀ ਸਿਆਣਪ ਤੇ ਦਲੇਰੀ ਨਾਲ ਉਨ੍ਹਾਂ ਨੂੰ ਘੇਰ ਕੇ ਹਰਾਇਆ ਤੇ ਉਹ ਕਿਲ੍ਹੇ ਤਕ ਪੁੱਜ ਹੀ ਨਾ ਸਕੇ । ਉਪਰੰਤ ਜਦ ਰਣਜੀਤ ਸਿੰਘ ਗੁਜਰਾਂਵਾਲੇ ਪੁੱਜਾ ਤਾਂ ਉਸ ਦੇ ਪਿਤਾ ਦੀ ਮ੍ਰਿਤੂ ਹੋ ਚੁੱਕੀ ਸੀ।

ਬਾਰ੍ਹਾਂ ਵਰ੍ਹਿਆਂ ਦੇ ਲੜਕੇ ਲਈ ਇਕ ਰਾਜ ਦਾ ਪ੍ਰਬੰਧ ਕਰਨਾ ਇੰਨਾ ਸੌਖਾ ਕੰਮ ਨਹੀਂ ਸੀ ਜਿੰਨਾ ਕਿ ਜੰਗ ਨੂੰ ਜਿੱਤਣਾ । ਰਣਜੀਤ ਸਿੰਘ ਨੇ ਆਪਣੇ ਪਿਤਾ ਦੇ ਮੈਨੇਜਰ ਲਖਪਤ ਰਾਏ ਨੂੰ ਮਿਸਲ ਦੇ ਪ੍ਰਬੰਧ ਲਈ ਰਹਿਣ ਦਿੱਤਾ । ਉਸ ਦੀ ਮਾਤਾ ਵੀ ਲਖਪਤ ਰਾਏ ਨੂੰ ਚਾਹੁੰਦੀ ਸੀ ਪਰ ਉਸ ਦਾ ਭਰਾ ਦਲ ਸਿੰਘ ਉਸ ਨੂੰ ਹਟਾ ਕੇ ਆਪ ਮੈਨੇਜਰ ਬਣਨਾ ਚਾਹੁੰਦਾ ਸੀ । ਇਸ ਦਲ ਸਿੰਘ ਦੀ ਮਦਦ ਰਣਜੀਤ ਸਿੰਘ ਦੀ ਵਿਧਵਾ ਸੱਸ ਬਟਾਲੇ ਤੋਂ ਕਰਦੀ ਰਹਿੰਦੀ ਤੇ ਕਦੀ ਕਦੀ ਗੁਜਰਾਂਵਾਲੇ ਵੀ ਆ ਜਾਂਦੀ । ਨੌਜਵਾਨ ਸਰਦਾਰ ਰਣਜੀਤ ਸਿੰਘ ਇਸ ਗੱਲ ਕਰਕੇ ਦੁਖੀ ਤੇ ਉਪਰਾਮ ਰਹਿੰਦਾ, ਸੋ ਬਹੁਤਾ ਵਕਤ ਉਹ ਸ਼ਿਕਾਰ ਵਗ਼ੈਰਾ ਤੇ ਖ਼ਰਚ ਕਰਦਾ। ਮਹਿਤਾਬ ਕੌਰ ਨਾਲ ਜੋ ਸ਼ਾਦੀ ਉਸ ਸੋਲ੍ਹਵੇਂ ਸਾਲ ਦੀ ਉਮਰ ਵਿਚ ਕੀਤੀ ਸੀ ਉਸ ਨਾਲ ਵੀ ਉਸ ਦੇ ਜੀਵਨ ਵਿਚ ਕੋਈ ਤਬਦੀਲੀ ਨਾ ਆਈ। ਇਹ ਸ਼ਾਦੀ ਤਾਂ ਇਕ ਰਾਜਸੀ ਸੰਬੰਧ ਸੀ ਤੇ ਦੋਵੇਂ ਧਿਰਾਂ ਇਹ ਜਾਣਦੀਆਂ ਸਨ। ਜੇ ਕਦੀ ਮਹਿਤਾਬ ਕੌਰ ਰਣਜੀਤ ਸਿੰਘ ਦੀ ਕੋਝੀ ਸ਼ਕਲ ਨੂੰ ਭੁਲਾ ਕੇ ਉਸ ਨਾਲ ਇਕ-ਸੁਰ ਹੋ ਜਾਂਦੀ, ਫਿਰ ਵੀ ਉਸ ਨੂੰ ਇਹ ਭੁੱਲਣਾ ਔਖਾ ਸੀ ਕਿ ਰਣਜੀਤ ਸਿੰਘ ਦੇ ਪਿਤਾ ਕਰਕੇ ਹੀ ਉਸ ਦੇ ਪਿਤਾ ਦੀ ਮੌਤ ਹੋਈ ਸੀ । ਰਣਜੀਤ ਸਿੰਘ ਲਈ ਉਸ ਦੀ ਸਾਧਾਰਨ ਜਾਂ ਕੋਝੀ ਸ਼ਕਲ ਇਕ ਬੜੀ ਵੱਡੀ ਰੁਕਾਵਟ ਸੀ। ਇਸ ਨਾਲ ਇਹ ਵੀ ਮਹਿਸੂਸ ਹੁੰਦਾ ਸੀ ਕਿ ਮਹਿਤਾਬ ਕੌਰ ਤੇ ਉਸ ਦੀ ਮਾਂ ਸਦਾ ਕੌਰ ਉਸ ਵਿਚ ਉੱਨੀ ਹੀ ਦਿਲਚਸਪੀ ਰਖਦੀਆਂ ਹਨ ਜਿਸ ਨਾਲ ਉਨ੍ਹਾਂ ਨੂੰ ਰਾਜਸੀ ਸੰਬੰਧ ਵਿਚ ਸੁਖੈਨਤਾ ਹੋਵੇ ਤੇ ਘਨੱਈਆ ਮਿਸਲ ਦੀ ਚੜ੍ਹਤ ਹੋਵੇ । ਸਗੋਂ ਸਦਾ ਕੌਰ ਦੇ ਕੰਮ-ਕਾਜ ਸਾਫ਼ ਦੱਸਦੇ ਸਨ ਕਿ ਉਹ ਇਨ੍ਹਾਂ ਕੰਮਾਂ ਲਈ ਸਾਜ਼ਸ਼ਾਂ ਤਕ ਕਰ ਸਕਦੀ ਹੈ। ਕੁਝ ਵੀ ਕਾਰਨ ਹੋਣ, ਦੋਹਾਂ ਵਿਚੋਂ ਕਿਸੇ ਵੀ ਇਸ ਸਮੱਸਿਆ ਨੂੰ ਸੁਲਝਾਣ ਦਾ ਜਤਨ ਨਾ ਕੀਤਾ । ਨਤੀਜਾ ਇਹ ਨਿਕਲਿਆ ਕਿ ਇਹ ਸ਼ਾਦੀ ਨਾਖੁਸ਼ਗਵਾਰ ਸਾਬਤ ਹੋਈ । ਕਲੇਸ਼ ਵਧਦਾ ਇਥੋਂ ਤਕ ਅਪੜ ਗਿਆ ਕਿ 1798 ਈ. ਵਿਚ ਰਣਜੀਤ ਸਿੰਘ ਨੇ ਨਕੱਈ ਸਰਦਾਰ ਦੀ ਭੈਣ ਰਾਜ ਕੌਰ ਨਾਲ ਦੂਜੀ ਸ਼ਾਦੀ ਕਰ ਲਈ। ਰਾਜ ਕੌਰ ਦਾ ਨਾਂ ਬਦਲ ਕੇ ਦਾਤਾਰ ਕੌਰ ਰਖਿਆ ਗਿਆ। ਉਸ ਨੂੰ ਪਿਆਰ ਵਜੋਂ ਮਾਈ ਨਕੈਣ ਕਰਕੇ ਸੱਦਿਆ ਜਾਂਦਾ ਸੀ, ਤੇ ਇਹ ਮਹਾਰਾਜੇ ਦੀ ਸਭ ਤੋਂ ਵੱਧ ਸਤਿਕਾਰ ਵਾਲੀ ਰਾਣੀ ਸੀ।

ਇਸ ਦੂਜੀ ਸ਼ਾਦੀ ਦੇ ਮਗਰੋਂ ਜਲਦੀ ਹੀ ਦੀਵਾਨ ਲਖਪਤ ਰਾਇ ਦਾ ਕਤਲ ਹੋ ਗਿਆ ਜਦ ਕਿ ਉਹ ਮਾਮਲਾ ਉਗਰਾਹੁਣ ਲਈ ਗਿਆ ਹੋਇਆ ਸੀ। ਫਿਰ ਰਣਜੀਤ ਸਿੰਘ ਨੇ ਸਾਰਾ ਕੰਮ ਆਪਣੇ ਹੱਥ ਲੈ ਲਿਆ। ਇਹ ਸਦਾ ਕੋਰ ਲਈ ਅਸਹਿ ਸੀ, ਸੋ ਉਹ ਮਹਿਤਾਬ ਕੋਰ ਨੂੰ ਨਾਲ ਲੈ ਕੇ ਆਪਣੀ ਮਿਸਲ ਵਿਚ ਵਾਪਸ ਚਲੀ ਗਈ।

ਸਿੱਖਾਂ ਦਾ ਆਗੂ

ਜਦੋਂ ਜਵਾਨ ਆਗੂ ਰਣਜੀਤ ਸਿੰਘ ਨੇ ਆਪਣੇ ਘਰੇਲੂ ਕੰਮਾਂ ਨੂੰ ਨਿਪਟਾ ਕੇ ਆਪਣੇ ਘਰ ਤੇ ਮਿਸਲ ਤੋਂ ਬਾਹਰ ਦੀ ਹਾਲਤ ਨੂੰ ਵੇਖਿਆ ਤਾਂ ਡੂੰਘੀ ਸੋਚ ਵਿਚ ਪੈ ਗਿਆ । ਇਕ ਗੱਲ ਸਪਸ਼ਟ ਸੀ ਕਿ ਸਿੱਖਾਂ ਲਈ ਹਾਲੀ ਮੁਸ਼ਕਲ ਸਮਾਂ ਸਾਹਮਣੇ ਸੀ । ਮਿਸਲ ਪ੍ਰਬੰਧ, ਜੋ ਗੁਰੂ ਗੋਬਿੰਦ ਸਿੰਘ ਦੇ ਖ਼ਾਲਸਾ ਸੂਰਬੀਰਾਂ ਦੁਆਰਾ ਰੱਖੀ ਨੀਂਹ ‘ਤੇ ਇਕ ਸੰਯੁਕਤ ਭਾਈਚਾਰੇ ਦੇ ਰੂਪ ਵਿਚ ਉਸਾਰਿਆ ਗਿਆ ਸੀ, ਉਹ ਹੌਲੀ ਹੌਲੀ ਗਿਰਦਾ ਜਾ ਰਿਹਾ ਸੀ। ਅਤੇ ਅਜਿਹੀਆਂ ਨਿੱਕੀਆਂ ਨਿੱਕੀਆਂ ਰਿਆਸਤਾਂ ਦਾ ਰੂਪ ਧਾਰਨ ਕਰੀ ਜਾ ਰਿਹਾ ਸੀ ਜਿਨ੍ਹਾਂ ਦੇ ਸਰਦਾਰ ਆਪਸ ਵਿਚ ਲੜਦੇ, ਇਕ ਦੂਜੇ ਦੇ ਵਿਰੁੱਧ ਸਾਜ਼ਸ਼ਾਂ ਕਰਦੇ ਰਹਿੰਦੇ ਸਨ । ਇਥੋਂ ਤਕ ਕਿ ਪਟਿਆਲੇ ਦੇ ਰਾਜਾ ਸਾਹਿਬ ਸਿੰਘ ਨੇ ਅਬਦਾਲੀ ਦੇ ਪੋਤਰੇ ਜ਼ਮਾਨ ਸ਼ਾਹ ਨੂੰ ਉੱਤਰੀ ਭਾਰਤ ਵਿਚ ਦੋਬਾਰਾ ਅਫ਼ਗਾਨ ਹਕੂਮਤ ਕਾਇਮ ਕਰਨ ਲਈ ਮਦਦ ਦੀ ਪੇਸ਼ਕਸ਼ ਕੀਤੀ। ਸ਼ਾਹ ਜ਼ਮਾਨ ਨੂੰ ਦੋ ਹੋਰ ਸਰਦਾਰਾਂ ਤੋਂ ਵੀ ਸਹਾਇਤਾ ਦੀ ਆਸ ਸੀ, ਇਕ ਨਜ਼ਾਮੁਉੱਦੀਨ ਖ਼ਾਨ ਕਸੂਰ ਦਾ ਪਠਾਨ ਸਰਦਾਰ ਤੇ ਦੂਜਾ, ਸੰਸਾਰ ਚੰਦ ਕਾਂਗੜੇ ਦਾ ਰਾਜਪੂਤ ਰਾਜਾ । ਨਜਾਮਉੱਦੀਨ ਧਰਮ ਤੇ ਨਸਲ ਦੋਹਾਂ ਪੱਖਾਂ ਤੋਂ ਅਫ਼ਗਾਨ ਬਾਦਸ਼ਾਹ ਦਾ ਵਫ਼ਾਦਾਰ ਸੀ ਅਤੇ ਉਹ ਸਿੱਖ ਮਿਸਲਾਂ ਦੀ ਵਧਦੀ ਤਾਕਤ ਵੱਲੋਂ ਔਖਾ ਵੀ ਸੀ । ਸੰਸਾਰ ਚੰਦ ਆਪਣੇ ਰਾਜ ਭਾਗ ਨੂੰ ਵਧਾ ਕੇ ਪਹਾੜੀ ਇਲਾਕੇ ਤੋਂ ਇਲਾਵਾ ਸਿੱਖ ਗੁਆਂਢੀਆਂ ਦੇ ਮੈਦਾਨੀ ਇਲਾਕੇ ਨੂੰ ਕਾਬੂ ਕਰਨ ਦੇ ਸੁਪਨੇ ਲੈ ਰਿਹਾ ਸੀ । ਇਕ ਹੋਰ ਅੰਦਰੂਨੀ ਖ਼ਤਰਾ ਸਿੱਖਾਂ ਨੂੰ ਅੰਗਰੇਜ਼ ਜਾਰਜ ਥਾਮਸ ਤੋਂ ਵੀ ਸੀ, ਜਿਸ ਨੇ ਇਕ ਵੱਖਰੀ ਰਿਆਸਤ ਬਣਾ ਲਈ ਸੀ ਤੇ ਜਿਸ ਦੀ ਰਾਜਧਾਨੀ ਹਾਂਸੀ ਸੀ । ਇਹ ਅੰਗਰੇਜ਼ ਨਿਰਾ ਪਟਿਆਲਾ ਤੇ ਜੀਂਦ ਦੇ ਇਲਾਕਿਆਂ ਵਿਚ ਅਚਾਨਕ ਲੁੱਟ-ਮਾਰ ਹੀ ਨਹੀਂ ਕਰਦਾ ਸੀ ਬਲਕਿ ਸਿੰਧ ਦਰਿਆ ਦੇ ਕੰਢੇ ਤੇ ‘ਯੂਨੀਅਨ ਜੈਕ’ ਦਾ ਝੰਡਾ ਵੀ ਗੱਡਣਾ ਚਾਹੁੰਦਾ ਸੀ। ਇਕ ਹੋਰ ਖ਼ਤਰਾ, ਗੋਰਖਾ ਸਰਦਾਰ ਅਮਰ ਸਿੰਘ ਥਾਪਾ ਤੋਂ ਸੀ, ਜਿਸ ਨੇ ਆਪਣੀ ਰਾਜਸੀ ਹੱਦ ਨੂੰ ਸੰਸਾਰ ਚੰਦ ਦੇ ਰਾਜ ਤਕ ਲੈ ਆਂਦਾ ਸੀ ਅਤੇ ਡਰ ਸੀ ਕਿ ਇਹ ਸੰਸਾਰ ਚੰਦ ਨਾਲ ਰਲਕੇ ਸਿੱਖਾਂ, ‘ਤੇ ਵੀ ਹੱਲਾ ਬੋਲ ਸਕਦਾ ਹੈ।

ਦੋ ਹੋਰ ਮਹਾਨ ਤਾਕਤਾਂ ਜਿਨ੍ਹਾਂ ਨਾਲ ਵਾਹ ਪੈਂਦਾ ਸੀ, ਮਰਹੱਟੇ ਤੇ ਅੰਗਰੇਜ਼ ਸਨ। ਮਰਹੱਟਿਆਂ ਨੇ ਮੁਗ਼ਲ ਬਾਦਸ਼ਾਹ ਨੂੰ ਆਪਣੇ ਅਧੀਨ ਕੀਤਾ ਹੋਇਆ ਸੀ ਤੇ ਦੱਖਣੀ ਪੰਜਾਬ ਵਿਚ ਖੂਬ ਜੰਮੇ ਬੈਠੇ ਸਨ ਤੇ ਉਨ੍ਹਾਂ ਦਾ ਪੱਕਾ ਅੱਡਾ ਮੇਰਠ ਸੀ । ਉਨ੍ਹਾਂ ਦੇ ਫਰਾਂਸੀਸੀ ਜਰਨੈਲ ਅਕਸਰ ਡੀਗਾਂ ਮਾਰਦੇ ਫਿਰਦੇ ਸਨ ਕਿ ਉਹ ਮਰਹੱਟਾ ਰਾਜ ਨੂੰ ਸਾਰੇ ਪੰਜਾਬ ਤੇ ਨਹੀਂ ਬਲਕਿ ਖ਼ੈਬਰ ਤਕ ਲੈ ਜਾਣਗੇ । ਅੰਗਰੇਜ਼, ਜੋ ਪੂਰਬੀ ਭਾਰਤ ਤੇ ਰਾਜ ਕਰਦੇ ਸੀ ਉਨ੍ਹਾਂ ਨੇ ਵੀ ਆਪਣੀ ਸੁਰੱਖਿਆ ਅਧੀਨ ਇਲਾਕੇ ਦੀ ਹੱਦ ਨੂੰ ਸਤਲੁਜ ਨਦੀ ਦੇ ਦੱਖਣ ਕੰਢੇ ਤੀਕ ਪਹੁੰਚਾ ਦਿੱਤਾ ਸੀ। ਕੋਈ ਨਹੀਂ ਸੀ ਕਹਿ ਸਕਦਾ ਕਿ ਉਹ ਅੱਗੋਂ ਕੀ ਕਰਨ ਵਾਲੇ ਹਨ।

ਅਫ਼ਗਾਨ ਹਮਲਾ ਜਿਸ ਦਾ ਚਿਰਾਂ ਤੋਂ ਡਰ ਸੀ ਉਹ 1796 ਈ. ਦੇ ਅੰਤ ਵਿਚ ਆ ਵਾਪਰਿਆ। ਸ਼ਾਹ ਜ਼ਮਾਨ ਨੇ 30 ਹਜ਼ਾਰ ਸੈਨਾ ਸਮੇਤ ਭਾਰਤ ਉੱਤੇ ਹਮਲਾ ਕੀਤਾ। ਉਸ ਨੂੰ ਕਸੂਰ ਦੇ ਨਵਾਬ ਨਜ਼ਾਮਉੱਦੀਨ ਤੇ ਪਟਿਆਲੇ ਦੇ ਰਾਜਾ ਸਾਹਿਬ ਸਿੰਘ ਤੋਂ ਹੀ ਨਹੀਂ ਬਲਕਿ ਰਹੋਲਾ ਅਫ਼ਗਾਨਾਂ ਤੇ ਅਵਧ ਦੇ ਨਵਾਬ ਵਜ਼ੀਰ ਪਾਸੋਂ ਵੀ ਸਹਾਇਤਾ ਦੀ ਆਸ ਸੀ । ਉਸ ਨੂੰ ਮੁਗ਼ਲ ਬਾਦਸ਼ਾਹ ਦੀ ਕੋਈ ਪਰਵਾਹ ਨਹੀਂ ਸੀ । ਉਸ ਨੂੰ ਆਸ ਸੀ ਕਿ ਅੰਗਰੇਜ਼ ਸਿਆਣਪ ਤੋਂ ਕੰਮ ਲੈਣਗੇ ਤੇ ਅਟੰਕ ਰਹਿਣਗੇ। ਜਿੱਥੋਂ ਤੀਕ ਮਰਹੱਟਿਆਂ ਦਾ ਸੰਬੰਧ ਹੈ, ਉਹ ਉਨ੍ਹਾਂ ਨਾਲ, ਸਿੱਖਾਂ ਨਾਲ ਨਿਪਟ ਕੇ ਨਿਬੜਣਾ ਚਾਹੁੰਦਾ ਸੀ।

ਇਸ ਵਕਤ ਸਿੱਖਾਂ ਦੀਆਂ ਪ੍ਰਸਿੱਧ ਮਿਸਲਾਂ ਸ਼ੁਕਰਚੱਕੀਆਂ ਤੇ ਫੂਲਕੀਆਂ, ਜੋ ਦੁਸ਼ਮਨਾਂ ਵੱਲ ਸਨ, ਤੋਂ ਇਲਾਵਾ ਘਨੱਈਆ, ਨਕੱਈ, ਆਹਲੂਵਾਲੀਆ ਤੇ ਭੰਗੀ ਸਨ। ਰਣਜੀਤ ਸਿੰਘ ਦੇ ਪਹਿਲਾਂ ਹੀ ਘਨੱਈਆ ਤੇ ਨਕੱਈਆ ਨਾਲ ਵਿਆਹ ਦੇ ਸੰਬੰਧ ਸਨ। ਆਹਲੂਵਾਲੀਆ ਬਾਰੇ ਉਹ ਉਮੀਦ ਕਰਦਾ ਸੀ ਕਿ ਉਨ੍ਹਾਂ ਦਾ ਸਰਦਾਰ ਫਤਹ ਸਿੰਘ, ਪੰਜਾਬ ਦੇ ਬਚਾਉ ਲਈ ਰਣਜੀਤ ਸਿੰਘ ਦਾ ਸਾਥ ਦੇਵੇਗਾ । ਭੰਗੀਆਂ ਪਾਸੋਂ ਉਸ ਨੂੰ ਇਹ .ਆਸ ਨਹੀਂ ਸੀ ਸੋ ਉਨ੍ਹਾਂ ਨਾਲ ਨਿਪਟਣ ਲਈ ਉਹ ਤਿਆਰ ਸੀ।

ਛੋਟੇ ਮੋਟੇ ਮਿਸਲਦਾਰ ਜੋ ਅਫ਼ਗ਼ਾਨਾਂ ਦੇ ਹੱਲੇ ਵਾਲੇ ਰਸਤੇ ਤੇ ਵਸਦੇ ਸਨ, ਉਹ ਆਪਣੇ ਬਚਾਉ ਲਈ ਪਹਾੜਾਂ ਵਿਚ ਜਾ ਲੁਕੇ। ਜਲਦੀ ਹੀ ਅਫ਼ਗ਼ਾਨ ਗੁਜਰਾਤ ਪੁੱਜ ਗਏ । ਸਾਹਿਬ ਸਿੰਘ ਭੰਗੀ ਨੇ ਨਾਉਂ-ਮਾਤਰ ਮੁਕਾਬਲਾ ਕੀਤਾ ਤੇ ਫਿਰ ਨੱਸ ਉਠਿਆ। ਹੱਲੇ ਵਾਲੇ ਰਸਤੇ ਵਿਚ ਦੂਜੀ ਮਿਸਲ ਰਣਜੀਤ ਸਿੰਘ ਦੀ ਆਪਣੀ ਸੀ । ਉਸ ਪਾਸ ਕੇਵਲ ਪੰਜ ਹਜ਼ਾਰ ਘੋੜ ਸਵਾਰ ਸਨ ਜਿਹੜੇ ਅਨੁਸ਼ਾਸਨ ਦੇ ਪੱਖੋਂ ਬਹੁਤ ਕਮਜ਼ੋਰ ਸਨ । ਇਨ੍ਹਾਂ ਪਾਸ ਸਿਰਫ ਬਰਛੇ ਤੇ ਤੋੜੇਦਾਰ ਬੰਦੂਕਾਂ ਹੀ ਸਨ, ਦੂਜੇ ਪਾਸੇ ਅਫ਼ਗਾਨਾਂ ਪਾਸ ਤੀਹ ਹਜ਼ਾਰ ਦੀ ਭਾਰੀ ਤੋਪਾਂ ਨਾਲ ਲੈਸ ਤਕੜੀ ਫ਼ੌਜ ਸੀ ਤੇ ਇਸ ਫ਼ੌਜ ਵਿਚ ਜੰਬੂਰਿਆਂ ਨਾਲ ਲਦੇ ਊਠ ਵੀ ਬਹੁਤ ਸਨ। ਰਣਜੀਤ ਸਿੰਘ ਲਈ ਇਸ ਵੱਡੀ ਸੈਨਾ ਨਾਲ ਗੁਜਰਾਂਵਾਲੇ ਦੇ ਸਥਾਨ ਤੇ ਮੁਕਾਬਲਾ ਕਰਨਾ ਆਤਮ-ਹੱਤਿਆ ਦੇ ਬਰਾਬਰ ਸੀ । ਇਸ ਲਈ ਉਹ ਅੰਮ੍ਰਿਤਸਰ ਵੱਲ ਪਿਛਾਂਹ ਹਟ ਗਿਆ। ਉਹ ਹੋਰਨਾਂ ਮਿਸਲਾਂ ਦੀਆਂ ਫ਼ੌਜਾਂ ਨੂੰ ਇਕੱਠੀਆਂ ਕਰਕੇ ਇਕ ਸੰਯੁਕਤ ਮੁਹਾਜ ਬਣਾਉਣਾ ਚਾਹੁੰਦਾ ਸੀ । ਸਰਬੱਤ ਖ਼ਾਲਸਾ ਦੇ ਨਾਮ ਤੇ ਉਸ ਦੀ ਅਪੀਲ ਸਦਕਾ ਕਈ ਸਿੱਖ ਸਰਦਾਰ ਅੰਮ੍ਰਿਤਸਰ ਵਿਖੇ ਫ਼ੌਜਾਂ ਲੈ ਕੇ ਇਕੱਠੇ ਹੋ ਗਏ; ਮਾਨੋ ਸਿੱਖ ਕੌਮ ਸਾਰੀ ਦੀ ਸਾਰੀ ਇਕੱਠੀ ਹੋ ਗਈ। ਬਹੁਤੇ ਤਾਂ ਇਹ ਚਾਹੁੰਦੇ ਸਨ ਕਿ ਪਹਿਲਾਂ ਪਹਾੜਾਂ ਵਿਚ ਲੁਕ ਜਾਈਏ ਤੇ ਮਗਰੋਂ ਜਦੋਂ ਅਫ਼ਗਾਨ ਪਿੱਛੇ ਪਰਤਣ, ਉਨ੍ਹਾਂ ‘ਤੇ ਥਾਂ ਪਰ ਥਾਂ ਹੱਲੇ ਕਰਕੇ ਸਾਰਾ ਲੁੱਟ-ਮਾਰ ਦਾ ਸਾਮਾਨ ਉਨ੍ਹਾਂ ਤੋਂ ਖੋਹ ਲਿਆ ਜਾਏ। ਰਣਜੀਤ ਸਿੰਘ ਨੂੰ ਇਹ ਪਹਿਲਾਂ ਹੀ ਡਰ ਸੀ ਕਿ ਸਰਦਾਰ ਸਾਹਿਬ ਸਿੰਘ ਭੰਗੀ ਇੰਜ ਕਰਨਾ ਲੋਚਦਾ ਹੈ। ਇਸ ਸਮੇਂ ਰਾਣੀ ਸਦਾ ਕੌਰ ਨੇ ਮੌਕਾ ਸੰਭਾਲਿਆ ਤੇ ਉਸ ਨੇ ਰਣਜੀਤ ਸਿੰਘ ਨਾਲ ਮਿਲ ਕੇ ਸਭ ਨੂੰ ਅਪੀਲ ਕੀਤੀ ਕਿ ਸਾਰੇ ਸਿੱਖ ਇਕੱਠੇ ਹੋ ਕੇ ਡੱਟ ਕੇ ਲੜਨ। ਰਣਜੀਤ ਸਿੰਘ ਨੂੰ ਫ਼ੌਜ ਦੀ ਸਰਦਾਰੀ ਸੌਂਪੀ ਗਈ ਤੇ ਉਹ ਲਾਹੌਰ ਵੱਲ ਵਧਿਆ । ਸਾਰੇ ਇਲਾਕੇ ਵਿਚੋਂ ਅਫਗਾਨਾਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਕੱਢ ਕੇ ਉਸ ਨੇ ਲਾਹੌਰ ਨੂੰ ਘੇਰਾ ਪਾਇਆ । ਲਾਹੌਰ ਨੂੰ ਬਚਾਣ ਲਈ ਬੜੇ ਹੀ ਪੱਕੇ ਪ੍ਰਬੰਧ ਸਨ ਤੇ ਉਨ੍ਹਾਂ ਨੂੰ ਤੋੜਨਾ ਉਸ ਲਈ ਔਖਾ ਸੀ । ਇਧਰ ਇਹ ਘੇਰਾ ਕਿੰਨਾ ਹੀ ਸਮਾਂ ਲੈ ਲੈਂਦਾ ਜੇ ਸ਼ਾਹ ਜਮਾਨ ਨੂੰ ਅਫ਼ਗ਼ਾਨਿਸਤਾਨ ਨਾ ਜਾਣਾ ਪੈਂਦਾ ਕਿਉਂਕਿ ਉਸ ਨੂੰ ਖ਼ਬਰ ਪੁੱਜੀ ਕਿ ਉਹਦੇ ਭਰਾ ਮਹਿਮੂਦ ਨੇ ਬਗ਼ਾਵਤ ਦੀ ਤਿਆਰੀ ਅਰੰਭੀ ਹੈ। ਉਸ ਦੀ ਵਾਪਸੀ ਤੇ ਸਿੱਖਾਂ ਨੇ ਖੂਬ ਲੁੱਟ-ਮਾਰ ਕਰਕੇ ਮਾਲ-ਮਤਾ ਖੋਹ ਲਿਆ ਤੇ ਇਸ ਲਈ ਜੋ ਤਰੀਕਾ ਵਰਤਿਆ ਉਹ ਸੀ ਫੜੋ, ਲੁੱਟੋ ਤੇ ਨੱਸੋ । ਸ਼ਾਹ ਜ਼ਮਾਨ ਦੇ ਜਰਨੈਲ ਸੈਹਨਾਚੀ ਬਾਸ਼ੀ ਨੂੰ ਹਾਰ ਦਿੱਤੀ ਜੋ ਲਾਹੌਰ ਤੋਂ ਸਿੱਖਾਂ ਨੂੰ ਮਜ਼ਾ ਚਖਾਉਣ ਤੇ ਉਨ੍ਹਾਂ ਤੋਂ ਲੁੱਟਿਆ ਮਾਲ ਵਾਪਸ ਲੈਣ ਆਇਆ ਸੀ।

ਪੰਜਾਬ ਨੇ ਹਾਲੀ ਇਕ ਹੋਰ ਅਫ਼ਗ਼ਾਨ ਹੱਲਾ ਵੇਖਣਾ ਸੀ । ਜਦੋਂ ਸ਼ਾਹ ਜ਼ਮਾਨ ਇਕ ਵਰ੍ਹੇ ਬਾਅਦ ਫਿਰ ਇਧਰ ਆਇਆ, ਸਰਬੱਤ ਖ਼ਾਲਸੇ ਨੇ ਇਕ ਹੋਰ ਇਕੱਤਰਤਾ ਅੰਮ੍ਰਿਤਸਰ ਵਿਚ ਕੀਤੀ ਤੇ ਰਣਜੀਤ ਸਿੰਘ ਨੂੰ ਫਿਰ ਫ਼ੌਜਾਂ ਦੀ ਅਗਵਾਈ ਲਈ ਚੁਣਿਆ। ਸ਼ਾਹ ਜ਼ਮਾਨ ਨੇ ਲਾਹੋਰ ਵਿਚ ਜੇਤੂ ਦੇ ਤੌਰ ਤੇ ਦਾਖ਼ਲ ਹੋ ਕੇ ਇਕ ਤਕੜਾ ਦਸਤਾ ਅੰਮ੍ਰਿਤਸਰ ਵੱਲ ਭੇਜਿਆ। ਸਿੱਖਾਂ ਨੇ ਇਨ੍ਹਾਂ ਅਫ਼ਗ਼ਾਨਾਂ ਨੂੰ ਹਰਾ ਦਿੱਤਾ ਤੇ ਇਨ੍ਹਾਂ ਨੂੰ ਲਾਹੌਰ ਵਾਪਸ ਜਾਣਾ ਪਿਆ। ਰਣਜੀਤ ਸਿੰਘ ਨੇ ਤੇਜ਼ੀ ਨਾਲ ਪਿੱਛਾ ਕੀਤਾ ਤੇ ਲਾਹੌਰ ਦੁਆਲੇ ਘੇਰਾ ਪਾ ਲਿਆ। ਇਸੇ ਮੁਹਾਸਰੇ ਵਿਚ ਰਣਜੀਤ ਸਿੰਘ ਘੋੜੇ ਤੇ ਸਵਾਰ ਹੋ ਕੇ ਲਾਹੌਰ ਕਿਲ੍ਹੇ ਦੇ ਸਮਨ ਬੁਰਜ ਵੱਲ ਵਧਿਆ ਤੇ ਸ਼ਾਹ ਨੂੰ ਚੈਲੰਜ ਕੀਤਾ ਕਿ ਉਹ ਆ ਕੇ ਉਸ ਨਾਲ ਦੋ ਹੱਥ ਕਰੇ । ਸ਼ਾਹ ਨੇ ਇਸ ਵੰਗਾਰ ਨੂੰ ਮਨਜੂਰ ਨਾ ਕੀਤਾ ਤੇ ਨਾ ਹੀ ਉਸ ਦੀ ਫ਼ੌਜ ਵਿਚੋਂ ਕਿਸੇ ਨੇ ਬਾਹਰ ਆ ਕੇ ਲੜਨ ਲਈ ਆਪਣੀ ਇੱਛਾ ਪ੍ਰਗਟ ਕੀਤੀ। ਉਪਰੰਤ, ਰਣਜੀਤ ਸਿੰਘ ਨੇ ਉਨ੍ਹਾਂ ਦੀ ਰਸਦ ਆਦਿ ਪਹੁੰਚਣ ਦੀ ਲਾਈਨ ਕੱਟ ਦਿੱਤੀ ਤੇ ਉਨ੍ਹਾਂ ਨੂੰ ਮਜਬੂਰਨ ਬਾਹਰ ਆ ਕੇ ਲੜਨਾ ਪਿਆ। ਭਾਵੇਂ ਕਸੂਰ ਦੇ ਨਜਾਮਉੱਦੀਨ ਨੇ ਉਨ੍ਹਾਂ ਦੀ ਮਦਦ ਕੀਤੀ ਪਰ ਉਨ੍ਹਾਂ ਨੂੰ ਭਾਰੀ ਨੁਕਸਾਨ ਉਠਾ ਕੇ ਪਿਛਾਂਹ ਹਟਣਾ ਪਿਆ ਤੇ ਘੇਰਾ ਕਿੰਨਾ ਚਿਰ ਚਲਦਾ ਰਿਹਾ। ਇਹ ਘੇਰਾ ਕੇਵਲ ਉਦੋਂ ਚੁੱਕਿਆ ਗਿਆ ਜਦੋਂ ਸਿੱਖ ਸਰਦਾਰਾਂ ਨੂੰ ਆਪਣੇ ਵੱਲ ਕਰਨ ਦੀਆਂ ਸ਼ਾਹ ਦੀਆਂ ਸਭ ਕੋਸ਼ਿਸ਼ਾਂ ਵਿਅਰਥ ਹੋ ਗਈਆਂ ਤੇ ਉਸ ਨੇ ਕਾਬਲ ਵਾਪਸ ਜਾਣ ਦਾ ਇਕਰਾਰ ਕੀਤਾ । ਹੋਰ ਸਰਦਾਰ ਤਾਂ ਫ਼ੌਜਾਂ ਤੋੜ ਕੇ ਘਰੋ ਘਰੀਂ ਚਲੇ ਗਏ ਪਰ ਰਣਜੀਤ ਸਿੰਘ ਨੇ ਅਫ਼ਗ਼ਾਨਾਂ ਦਾ ਖੂਬ ਪਿੱਛਾ ਕੀਤਾ ਤੇ ਗੁਜਰਾਂਵਾਲੇ ਤੋਂ ਜੇਹਲਮ ਦਰਿਆ ਦੇ ਕਿਨਾਰੇ ਤਕ ਲੜਦਾ ਰਿਹਾ। ਰਣਜੀਤ ਸਿੰਘ ਹੁਣ ਸਾਰੇ ਇਲਾਕੇ ਦਾ ਸਿੱਖ ਆਗੂ ਮੰਨਿਆ ਜਾਣ ਲੱਗਾ। ਗੁਰੂਆਂ ਦੇ ਸਮੇਂ ਤੋਂ ਲੈ ਕੇ ਹੁਣ ਤਕ ਇਕੋ ਆਦਮੀ ਨੇ ਅਜਿਹੀ ਪਦਵੀ ਉਸ ਤੋਂ ਪਹਿਲਾਂ ਪ੍ਰਾਪਤ ਕੀਤੀ ਸੀ, ਉਹ ਸੀ ਜੱਸਾ ਸਿੰਘ ਆਹਲੂਵਾਲੀਆ।

ਮਿਸਲਦਾਰ ਤੋਂ ਪੰਜਾਬ ਦਾ ਮਹਾਰਾਜਾ

ਅਫ਼ਗ਼ਾਨਾਂ ਦੇ ਜਾਣ ਤੋਂ ਬਾਅਦ ਤਿੰਨ ਸਾਲ ਤਕ ਲਾਹੌਰ ‘ਤੇ ਤਿੰਨ ਸਿੱਖ ਸਰਦਾਰਾਂ, ਚੇਤ ਸਿੰਘ, ਸਾਹਿਬ ਸਿੰਘ ਤੇ ਮੋਹਰ ਸਿੰਘ ਨੇ ਬੜਾ ਭੈੜਾ ਰਾਜ ਕੀਤਾ। ਇਨ੍ਹਾਂ ਸਰਦਾਰਾਂ ਦੇ ਪਿਤਾਵਾਂ ਨੇ ਅਫ਼ਗ਼ਾਨਾਂ ਤੋਂ ਲਾਹੌਰ ਨੂੰ 1764 ਈ. ਵਿਚ ਜਿੱਤ ਕੇ ਕਬਜਾ ਕੀਤਾ ਸੀ। ਇਸ ਭੈੜੇ ਰਾਜ ਪ੍ਰਬੰਧ ਤੋਂ ਤੰਗ ਆ ਕੇ ਮੁਸਲਮਾਨਾਂ, ਹਿੰਦੂਆਂ ਤੇ ਸਿੱਖਾਂ ਨੇ ਇਕ ਸਾਂਝਾ ਵਫਦ ਰਣਜੀਤ ਸਿੰਘ ਵੱਲ ਭੇਜਿਆ ਤੇ ਲਾਹੌਰ ਨੂੰ ਆਪਣੇ ਹੱਥ ਵਿਚ ਲੈਣ ਲਈ ਬੇਨਤੀ ਕੀਤੀ ਅਤੇ ਪੂਰਨ ਸਹਿਯੋਗ ਦਾ ਇਕਰਾਰ ਕੀਤਾ। ਰਣਜੀਤ ਸਿੰਘ ਨੇ ਆਪਣੇ ਇਕ ਤਜਰਬੇਕਾਰ ਮੁਸਲਮਾਨ ਅਫ਼ਸਰ ਨੂੰ ਲਾਹੌਰ ਉਸ ਵਫਦ ਨਾਲ ਭੇਜਿਆ ਤਾਂ ਕਿ ਪਤਾ ਕਰੇ ਕਿ ਇਹ ਮੰਗ ਕਿੱਥੋਂ ਤੀਕ ਸੱਚੀ ਹੈ ਅਤੇ ਇਸ ਦੀ ਸਫ਼ਲਤਾ ਲਈ ਕਿਹੋ ਜਿਹਾ ਵਾਯੂ-ਮੰਡਲ ਹੈ । ਜਦੋਂ ਉਹ ਅਫ਼ਸਰ ਵਾਪਸ ਆਇਆ ਤਾਂ ਉਸ ਨੇ ਰਿਪੋਰਟ ਦਿੱਤੀ ਕਿ ਵਾਤਾਵਰਨ ਸੁਖਾਵਾਂ ਹੈ। ਫਿਰ ਰਣਜੀਤ ਸਿੰਘ ਬਟਾਲੇ ਗਿਆ ਤੇ ਉੱਥੇ ਸਦਾ ਕੌਰ ਨਾਲ ਸਲਾਹ ਕੀਤੀ । ਉਸ ਦੀ ਪੱਕੀ ਰਾਏ ਸੀ ਕਿ ਇਸ ਸੱਦੇ ਨੂੰ ਜਰੂਰ ਪ੍ਰਵਾਨ ਕਰ ਲੈਣਾ ਚਾਹੀਦਾ ਹੈ।

ਜੋ ਕਾਰਵਾਈ ਸੰਨ 1799 ਵਿਚ ਮੁਹੱਰਮ ਦੇ ਦਸਵੇਂ ਦਿਨ ਦੇ ਬਾਅਦ ਆਉਣ ਵਾਲੀ ਰਾਤ ਨੂੰ ਕੀਤੀ ਗਈ ਉਹ ਯੁੱਧ-ਕਲਾ ਦੀ ਇਕ ਸ਼ਾਹਕਾਰ ਘਟਨਾ ਸੀ । ਜਦੋਂ ਲਾਹੌਰ ਦੇ ਸਾਰੇ ਲੋਗ ਸ਼ਹਿਰ ਦੇ ਬਾਜ਼ਾਰਾਂ ਵਿਚ ਸਮਾਰੋਹ ਦੇ ਤਮਾਸ਼ੇ ਵਿਚ ਜਾਂ ਇਸ ਨੂੰ ਵੇਖਣ ਵਿਚ ਰੁੱਝੇ ਹੋਏ ਸਨ, ਉਦੋਂ ਰਣਜੀਤ ਸਿੰਘ ਅਹਿਸਤਾ ਅਹਿਸਤਾ ਲਾਹੌਰ ਵੱਲ ਵੱਧ ਰਿਹਾ ਸੀ। ਸ਼ਹਿਰ ਤੋਂ ਕੁਝ ਦੂਰੀ ਤੇ ਉਹ ਰੁਕ ਗਿਆ ਤੇ ਰਾਤ ਦੇ ਹਨੇਰੇ ਦੀ ਉਡੀਕ ਕੀਤੀ। ਰਾਤੀਂ ਜਦੋਂ ਹਾਲੀ ਜਸ਼ਨ ਮਨਾਏ ਜਾ ਰਹੇ ਸਨ, ਇਸ ਦੀ ਫ਼ੌਜ ਨੇ ਸ਼ਹਿਰ ਦੀ ਚਾਰਦੀਵਾਰੀ ਦੇ ਗਿਰਦ ਮੋਰਚੇ ਲਾ ਲਏ। ਦੂਜੇ ਦਿਨ ਬੱਸ ਕੁਝ ਕੁ ਥਾਵਾਂ ਤੇ ਦੀਵਾਰ ਤੋੜਨ ਦੀ ਹੀ ਗੱਲ ਸੀ ਤੇ ਇਸ ਤਰ੍ਹਾਂ ਉਹ ਅੰਦਰ ਦਾਖ਼ਲ ਹੋ ਗਿਆ । ਪੂਰੀ ਤਰ੍ਹਾਂ ਕਬਜਾ ਕਰਨ ਤੇ ਇਸ ਦਾ ਮਾਲਿਕ ਬਣਨ ਲਈ ਰਣਜੀਤ ਸਿੰਘ ਨੂੰ ਇਕ ਦਿਨ ਹੋਰ ਲੱਗਾ, ਇਹ ਸਭ ਕੁਝ ਸਿਰੇ ਚੜ੍ਹ ਗਿਆ ਤੇ ਇਕ ਵੀ ਗੋਲੀ ਨਾ ਚਲਾਣੀ ਪਈ। ਰਣਜੀਤ ਸਿੰਘ ਆਪਣੇ ਵੈਰੀਆਂ ਨਾਲ ਬੜੀ ਨਰਮੀ ਨਾਲ ਵਰਤਿਆ। ਸਾਹਿਬ ਸਿੰਘ ਇਸ ਸਮੇਂ ਕਿਧਰੇ ਬਾਹਰ ਸੀ । ਉਸ ਦੇ ਪਰਿਵਾਰ ਦੇ ਜੀਆਂ ਤੇ ਸਿਪਾਹੀਆਂ ਨੂੰ ਨਿਕਲ ਜਾਣ ਦਿੱਤਾ ਗਿਆ।

ਇਸੇ ਤਰ੍ਹਾਂ ਮੋਹਰ ਸਿੰਘ, ਉਸ ਦੇ ਟੱਬਰ ਤੇ ਸੈਨਿਕਾਂ ਨਾਲ ਵਰਤਾਉ ਕੀਤਾ ਗਿਆ। ਚੇਤ ਸਿੰਘ ਨੇ ਆਪਣੇ ਆਪ ਨੂੰ ਇਕ ਦਿਨ ਲਈ ਲਾਹੌਰ ਵਿਚ ਬੰਦ ਰਖਿਆ। ਜਦ ਉਹ ਭੁੱਖਾ ਮਰਨ ਲੱਗਾ ਤਾਂ ਉਸ ਨੇ ਬਾਹਰ ਆ ਕੇ ਈਨ ਮੰਨ ਲਈ। ਰਣਜੀਤ ਸਿੰਘ ਨੇ ਉਸ ਨੂੰ ਜੱਫੀ ਵਿਚ ਲਿਆ ਤੇ ਸਾਰੇ ਜੀਵਨ ਲਈ ਇਕ ਅੱਛੀ ਜਾਗੀਰ ਉਸ ਨੂੰ ਪ੍ਰਦਾਨ ਕੀਤੀ ।

‘ਲਾਹੌਰ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਸੀ। ਸਿੱਖਾਂ ਦੀਆਂ ਨਜ਼ਰਾਂ ਵਿਚ ਇਹ ਅੰਮ੍ਰਿਤਸਰ ਤੋਂ ਦੂਜੇ ਨੰਬਰ ਤੇ ਸੀ ਕਿਉਂਕਿ ਲਾਹੌਰ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਦਾ ਜਨਮ ਸਥਾਨ ਸੀ। ਹੋਰ ਵੱਡੀ ਗੱਲ ਇਹ ਹੈ ਕਿ ਇਹ ਸੂਬੇ ਦੀ ਰਾਜਧਾਨੀ ਵੀ ਸੀ । ਇਸ ਦੇ ਕਬਜ਼ੇ ਨੇ ਕੇਵਲ ਰਣਜੀਤ ਸਿੰਘ ਦੀ ਤਾਕਤ ਤੇ ਮਹੱਤਤਾ ਨੂੰ ਹੀ ਨਹੀਂ ਵਧਾਇਆ ਸਗੋਂ ਉਸ ਨੂੰ ਇਸ ਨਾਲ ਬਾਕੀ ਸਾਰੇ ਪੰਜਾਬ ਤੇ ਅਧਿਕਾਰ ਜਮਾਉਣ ਦਾ ਰਾਜਸੀ ਹੱਕ ਵੀ ਮਿਲ ਗਿਆ। ਈਰਖਾ ਕਰਕੇ ਉਸ ਦੇ ਪਹਿਲੇ ਕੁਝ ਸਾਥੀਆਂ ਨੇ ਭੰਗੀਆਂ ਤੇ ਕਸੂਰ ਦੇ ਨਜ਼ਾਮਉੱਦੀਨ ਨਾਲ ਮਿਲ ਕੇ ਰਣਜੀਤ ਸਿੰਘ ਨੂੰ ਲਾਹੌਰ ‘ਚੋਂ ਕੱਢਣ ਦਾ ਜਤਨ ਕੀਤਾ, ਪਰ ਇਹ ਜਤਨ ਨਿਸਫ਼ਲ ਗਿਆ। ਰਣਜੀਤ ਸਿੰਘ ਲਾਹੌਰ ਤੋਂ ਦਸ ਮੀਲ ਪੂਰਬ ਵੱਲ ਪਿੰਡ ਭਸੀਨ ਕੋਲ ਉਨ੍ਹਾਂ ਦੇ ਟਾਕਰੇ ਲਈ ਪੁੱਜ ਗਿਆ ਤੇ ਉਨ੍ਹਾਂ ਦੀਆਂ ਫ਼ੌਜਾਂ ਨੂੰ ਤਿਤਰ-ਬਿਤਰ ਕਰ ਦਿੱਤਾ। ਰਣਜੀਤ ਸਿੰਘ ਨੇ ਨਿਸ਼ਚਾ ਕਰ ਲਿਆ ਕਿ ਉਸ ਦੇ ਵੈਰੀਆਂ ਨੂੰ ਮੁੜ ਅਜਿਹਾ ਜਤਨ ਨਾ ਕਰਨ ਦਿੱਤਾ ਜਾਵੇ । ਉਸ ਨੇ ਪਹਿਲਾਂ ਜੰਮੂ ਦੇ ਰਾਜੇ ਨੂੰ, ਜੋ ਅਫ਼ਗ਼ਾਨਾਂ ਦਾ ਸਾਥ ਦਿੰਦਾ ਸੀ, ਆਪਣੇ ਅਧੀਨ ਕੀਤਾ ਤੇ ਫਿਰ ਸਾਹਿਬ ਸਿੰਘ ਭੰਗੀ ਜੋ ਗੁਜਰਾਤ ਦਾ ਸਰਦਾਰ ਸੀ ਤੇ ਜੋ ਅਕਾਲਗੜ੍ਹ ਦੇ ਸਰਦਾਰ ਨਾਲ ਮਿਲ ਕੇ ਗੁਜਰਾਂਵਾਲ਼ੇ ਤੇ ਹੱਲਾ ਬੋਲਣ ਦੀ ਸਾਜ਼ਸ਼ ਕਰ ਰਿਹਾ ਸੀ, ਨੂੰ ਸੋਧਿਆ ।

ਜਦ ਇਸ ਸੰਘਰਸ਼ ਦੀ ਖ਼ਬਰ ਸ਼ਾਹ ਜ਼ਮਾਨ ਨੂੰ ਮਿਲੀ ਉਸ ਆਪਣੇ ਖ਼ਾਸ ਬੰਦੇ ਵੱਖ ਵੱਖ ਵਿਰੋਧੀ ਸਰਦਾਰਾਂ ਵੱਲ ਘੱਲੇ। ਜੋ ਆਦਮੀ ਰਣਜੀਤ ਸਿੰਘ ਕੋਲ ਆਏ, ਮਹਾਰਾਜਾ ਨੇ ਉਨ੍ਹਾਂ ਦੀ ਬੜੀ ਆਉ-ਭਗਤ ਕੀਤੀ ਅਤੇ ਉਨ੍ਹਾਂ ਕੋਲੋਂ ਸ਼ਾਹ ਵੱਲੋਂ ਭੇਜੇ ਤੁਹਫੇ ਸਵੀਕਾਰ ਕੀਤੇ ਤੇ ਹੋਰ ਵਧੇਰੇ ਕੀਮਤੀ ਤੁਹਫੇ ਉਨ੍ਹਾਂ ਹੱਥ ਸ਼ਾਹ ਨੂੰ ਭੇਜੇ ਇਸ ਭਾਵ ਨਾਲ ਕਿ ਸ਼ਾਹ ਜ਼ਮਾਨ ਉਸ ਦੇ ਵਿਰੋਧੀਆਂ ਦੀ ਚੁੱਕ ਨਾਲ ਉਸ ਦੇ ਖ਼ਿਲਾਫ ਕੋਈ ਕਾਰਵਾਈ ਨਾ ਕਰੇ। ਇਨ੍ਹਾਂ ਤੋਹਫਿਆਂ ਵਿਚ ਕੁਝ ਤੋਪਾਂ ਵੀ ਸਨ ਜੋ ਵਾਪਸੀ ਵੇਲੇ ਸ਼ਾਹ ਜ਼ਮਾਨ ਦਰਿਆ ਚਿਨਾਬ ਵਿਚ ਗਵਾ ਬੈਠਾ ਸੀ । ਇਨ੍ਹਾਂ ਨੂੰ ਰਣਜੀਤ ਸਿੰਘ ਨੇ ਮਗਰੋਂ ਕਢਵਾਇਆ ਸੀ। ਇਨ੍ਹਾਂ ਤੋਹਫਿਆਂ ਦੇ ਲੈਣ ਦੇਣ ਨਾਲ ਜੋ ਮਿੱਤਰਤਾ ਦੀ ਭਾਵਨਾ ਦੋਹਾਂ ਧਿਰਾਂ ਵਿਚ ਪੈਦਾ ਹੋਈ। ਉਸ ਤੋਂ ਅੰਗਰੇਜ਼ਾਂ ਨੂੰ ਕੁਝ ਚਿੰਤਾ ਹੋਈ ਕਿਉਂਕਿ ਸ਼ਾਹ ਜਮਾਨ ਦੀ ਅੱਖ ਇਸ ਮੁਲਕ ਤੇ ਹੋਰ ਹੱਲੇ ਕਰਨ ਦੀ ਜਾਪਦੀ ਸੀ ਤੇ ਇਸ ਨਾਲ ਅੰਗਰੇਜ਼ਾਂ ਨੂੰ ਕਾਫੀ ਖ਼ਤਰਾ ਭਾਸਦਾ ਸੀ। ਇਸ ਤੋਂ ਪਹਿਲਾਂ ਜਦੋਂ ਸ਼ਾਹ ਜਮਾਨ ਦਾ ਹੱਲਾ ਹੋਣ ਵਾਲਾ ਸੀ ਤਦ ਅੰਗਰੇਜ਼ਾਂ ਨੇ ਖੁਫੀਆ ਤੌਰ ਤੇ ਸਿੱਖ ਸਰਦਾਰਾਂ ਨੂੰ ਮਨਾਇਆ ਸੀ ਕਿ ਉਹ ਰਣਜੀਤ ਸਿੰਘ ਦੀ ਅਗਵਾਈ ਪ੍ਰਵਾਨ ਕਰ ਲੈਣ ਕਿਉਂਕਿ ਅੰਗਰੇਜ਼ਾਂ ਨੂੰ ਰਣਜੀਤ ਸਿੰਘ ਵੱਲੋਂ ਹੀ ਅਫ਼ਗ਼ਾਨਾਂ ਦੀ ਵਿਰੋਧਤਾ ਦੀ ਆਸ ਸੀ। ਇਸ ਨਵੀਂ ਤਬਦੀਲੀ ਨਾਲ ਉਨ੍ਹਾਂ ਦੀ ਇਹ ਆਸ ਜਾਂਦੀ ਦਿਸੀ । ਉਨ੍ਹਾਂ ਨੇ ਆਪਣੇ ਏਜੰਟ ਮੀਰ ਯੂਸਫ ਅਲੀ ਨੂੰ ਸਿੱਖ ਸਰਦਾਰਾਂ ਵੱਲ ਭੇਜਿਆ। ਸਤਲੁਜ ਦੇ ਦੱਖਣ ਵਿਚ ਮਾਲਵੇ ਦੇ ਸਰਦਾਰਾਂ ਨੇ ਉਸ ਵੱਲ ਕੋਈ ਖ਼ਾਸ ਧਿਆਨ ਨਾ ਦਿੱਤਾ। ਫਿਰ ਉਹ ਅੰਮ੍ਰਿਤਸਰ ਗਿਆ ਤੇ ਉੱਥੇ ਸਦਾ ਕੋਰ ਨੂੰ ਮਿਲਿਆ। ਸਦਾ ਕੋਰ ਨੇ ਰਣਜੀਤ ਸਿੰਘ ਨੂੰ ਬੁਲਾ ਲਿਆ। ਇਸ ਵੇਲੇ ਅੰਮ੍ਰਿਤਸਰ ਜਾਣਾ ਰਣਜੀਤ ਸਿੰਘ ਲਈ ਖ਼ਤਰੇ ਤੋਂ ਖ਼ਾਲੀ ਨਹੀਂ ਸੀ, ਕਿਉਂਕਿ ਉੱਥੇ ਭੰਗੀ ਸਰਦਾਰਾਂ ਦਾ ਕਬਜ਼ਾ ਸੀ ਪਰ ਉਸ ਨੇ ਖ਼ਤਰੇ ਦੀ ਪਰਵਾਹ ਨਾ ਕੀਤੀ। ਜੋ ਮੀਟਿੰਗ ਰਣਜੀਤ ਸਿੰਘ ਤੇ ਸਦਾ ਕੌਰ ਦੀ ਯੂਸਫ ਅਲੀ ਨਾਲ ਹੋਈ ਉਹ ਸਫ਼ਲ ਨਾ ਹੋ ਸਕੀ। ਇਸ ਦਾ ਕਾਰਨ ਇਹ ਸੀ ਕਿ ਕਾਬਲ ਵਿਚ ਖਾਨਾਜੰਗੀ ਸ਼ੁਰੂ ਹੋ ਜਾਣ ਨਾਲ ਕਿਸੇ ਹੋਰ ਅਫ਼ਗ਼ਾਨ ਹੱਲੇ ਦਾ ਖ਼ਤਰਾ ਟਲ ਗਿਆ ਸੀ।

ਮਹਾਰਾਜਾ ਰਣਜੀਤ ਸਿੰਘ | Maharaja Ranjit Singh |

ਰਣਜੀਤ ਸਿੰਘ ਲਈ ਪੰਜਾਬ ਦੇ ਮਹਾਰਾਜੇ ਦਾ ਖ਼ਿਤਾਬ ਧਾਰਨ ਕਰਨ ਲਈ ਇਹ ਸਮਾਂ ਬਹੁਤ ਢੁੱਕਵਾਂ ਸੀ । ਇਹ ਖ਼ਿਤਾਬ ਧਾਰਨਾ ਇਸ ਲਈ ਵੀ ਵਾਜਬ ਸੀ ਕਿਉਂਕਿ ਉਹ ਪੰਜਾਬ ਦੇ ਬਹੁਤ ਸਾਰੇ ਇਲਾਕੇ ਦਾ ਮਾਲਕ ਬਣ ਚੁੱਕਾ ਸੀ ਅਤੇ ਪੰਜਾਬ ਦੇ ਬਹੁਤ ਸਾਰੇ ਸਰਦਾਰ ਉਸ ਨੂੰ ਆਪਣਾ ਆਗੂ ਮੰਨਣ ਲੱਗ ਪਏ ਸਨ । ਇਸ ਨਾਲ ਇਕ ਸੰਯੁਕਤ ਸਿੱਖ ਰਾਜ ਦੇ ਸੰਕਲਪ ਨੂੰ ਇਕ ਠੋਸ ਰੂਪ ਮਿਲਦਾ ਸੀ। ਮਿਸਲਾਂ ਦੀ ਹੁਣ ਲੋੜ ਨਹੀਂ ਸੀ ਤੇ ਉਹ ਇਕੱਠੀਆਂ ਕਰ ਕੇ ਇਕ ਗੁੱਟ ਵਿਚ ਪ੍ਰੋਤੀਆਂ ਜਾ ਸਕਦੀਆਂ ਸਨ। ਤੇ ਫਿਰ ਇਸ ਦਾ ਇਕ ਇਹ ਵੀ ਲਾਭ ਹੋ ਸਕਦਾ ਸੀ ਕਿ ਵੱਖਰੇ-ਵੱਖਰੇ ਧਾਰਮਿਕ ਨਸਲੀ ਫਿਰਕਿਆਂ ਨੂੰ ਇਕੱਠੇ ਗੁੰਦ ਕੇ ਪੰਜਾਬੀਆਂ ਦੀ ਇਕ ਸਾਂਝੀ ਕੋਮ ਇਕ ਆਜ਼ਾਦ ਪੰਜਾਬੀ ਹੁਕਮਰਾਨ ਦੀ ਅਗਵਾਈ ਵਿਚ ਉਸਾਰੀ ਜਾ ਸਕਦੀ ਸੀ । ਰਣਜੀਤ ਸਿੰਘ ਨੇ ਪਹਿਲਾਂ ਇਹ ਖ਼ਿਤਾਬ ਧਾਰਨ ਤੋਂ ਝਿਜਕ ਜ਼ਾਹਰ ਕੀਤੀ, ਇਸ ਡਰ ਨਾਲ ਕਿ ਕਿਧਰੇ ਇਸ ਨਾਲ ਦੂਸਰੇ ਸਰਦਾਰਾਂ ਵਿਚ ਈਰਖਾ ਨਾ ਪੈਦਾ ਹੋ ਜਾਏ । ਆਖ਼ਰ 12 ਅਪ੍ਰੈਲ, 1801 ਨੂੰ ਇਕ ਬੜਾ ਸ਼ਾਨਦਾਰ ਦਰਬਾਰ ਹੋਇਆ ਤੇ ਬਾਬਾ ਸਾਹਿਬ ਸਿੰਘ ਬੇਦੀ ਨੇ, ਜੋ ਗੁਰੂ ਨਾਨਕ ਦੇਵ ਜੀ ਦੀ ਵੰਸ਼ ਵਿਚੋਂ ਸਨ, ਉਸ ਨੂੰ ਰਾਜ ਤਿਲਕ ਲਗਾ ਕੇ ਪੰਜਾਬ ਦੇ ਮਹਾਰਾਜੇ ਵਜੋਂ ਐਲਾਨ ਕਰ ਦਿੱਤਾ।

ਫਿਰ ਵੀ, ਕੁਝ ਅਜਿਹੇ ਸਰਦਾਰ ਸਨ ਜੋ ਰਣਜੀਤ ਸਿੰਘ ਦੀ ਪ੍ਰਮੁੱਖਤਾ ਮੰਨਣੋਂ ਇਨਕਾਰੀ ਸਨ। ਇਨ੍ਹਾਂ ਵਿਚੋਂ ਸਭ ਤੋਂ ਵਧੇਰੇ ਖ਼ਤਰਨਾਕ ਸਨ ਨਜਾਮਉੱਦੀਨ ਕਸੂਰ ਵਾਲਾ ਤੇ ਸੰਸਾਰ ਚੰਦ ਕਾਂਗੜੇ ਵਾਲਾ। ਇਨ੍ਹਾਂ ਦੋਹਾਂ ਦੇ ਵਿਰੁੱਧ ਮੁਹਿੰਮਾਂ ਭੇਜੀਆਂ ਗਈਆਂ। ਦੋਹਾਂ ਨੇ ਅੰਤ ਨੂੰ ਈਨ ਮੰਨੀ ਤੇ ਤਾਵਾਨ ਭਰਿਆ। ਇਸ ਤੋਂ ਛੁੱਟ ਕੁਝ ਇਲਾਕਾ ਵੀ ਦਿੱਤਾ ਤੇ ਨਜ਼ਰਾਨਾ ਦੇਣਾ ਪ੍ਰਵਾਨ ਕੀਤਾ। ਇਸ ਉਪਰੰਤ ਉਸ ਫਤਹਿ ਸਿੰਘ ਆਹਲੂਵਾਲੀਏ ਨਾਲ ਤਰਨਤਾਰਨ ਵਿਖੇ ਪੱਗ ਵਟਾਈ ਤੇ ਉਸ ਦੀ ਮਦਦ ਨਾਲ ਪਿੰਡੀ ਭਟੀਆਂ ਦੇ ਮੁਸਲਮਾਨ ਸਰਦਾਰਾਂ ਨੂੰ ਅਧੀਨ ਕੀਤਾ ਤੇ ਚਾਰ ਸੋ ਘੋੜਿਆਂ ਦਾ ਨਜ਼ਰਾਨਾ ਪ੍ਰਾਪਤ ਕੀਤਾ। ਹੁਣ ਵਾਰੀ ਸੀ ਜੱਸਾ ਸਿੰਘ ਦੁਲੂ ਦੀ ਜਿਸ ਨੇ ਭੰਗੀਆਂ ਨੂੰ ਰਣਜੀਤ ਸਿੰਘ ਦੇ ਵਿਰੁੱਧ ਸਹਾਇਤਾ ਦਿੱਤੀ ਸੀ । ਉਸ ਕਾਫ਼ੀ ਲੰਮੇ ਘੇਰੇ ਉਪਰੰਤ ਈਨ ਮੰਨੀ। ਉਸ ਦੀ ਬਹਾਦਰੀ ਕਰਕੇ ਉਸ ਨੂੰ ਰਣਜੀਤ ਸਿੰਘ ਨੇ ਆਪਣੀ ਨੌਕਰੀ ਵਿਚ ਲੈ ਲਿਆ। ਇਸ ਸਮੇਂ ਨਜ਼ਾਮਉੱਦੀਨ ਨੇ ਫਿਰ ਆਜ਼ਾਦੀ ਲਈ ਇਕ ਯਤਨ ਕੀਤਾ ਪਰ ਉਹ ਮੁੜ ਹਾਰ ਗਿਆ ਤੇ ਉਸ ਨੂੰ ਫਿਰ ਮਾਫੀ ਦਿੱਤੀ ਗਈ। ਇਨ੍ਹਾਂ ਸਭ ਨਾਲੋਂ ਵਧੇਰੇ ਔਖ ਵਾਲੀ ਇਕ ਹੋਰ ਸਮੱਸਿਆ ਸੀ ਮੁਲਤਾਨ ਦੀ, ਜਿਸ ਦੇ ਮੁਸਲਮਾਨ ਮਾਲਕ ਨੇ ਹੁਣ ਤਕ ਅਫ਼ਗ਼ਾਨਾਂ ਦੀ ਤਾਬਿਆਦਾਰੀ ਕੀਤੀ ਸੀ ਅਤੇ ਜੋ ਪੰਜਾਬ ਦੀ ਆਜ਼ਾਦਾਨਾ ਹਕੂਮਤ ਦੀ ਲਹਿਰ ਤੋਂ ਅਲੱਗ ਰਿਹਾ ਸੀ। ਇਸ ਦਾ ਕਿਲ੍ਹਾ ਵੀ ਕਾਫ਼ੀ ਤਕੜਾ ਸੀ । ਆਪਣੇ ਸਰਦਾਰਾਂ ਦੀ ਸਲਾਹ ਦੇ ਵਿਰੁੱਧ ਰਣਜੀਤ ਸਿੰਘ ਮੁਲਤਾਨ ਵੱਲ ਵਧਿਆ ਅਤੇ ਮੁਸਲਮਾਨ ਕਬੀਲਿਆਂ ਨਾਲ ਲੜਦਾ ਭਿੜਦਾ, ਜਿਨ੍ਹਾਂ ਨੂੰ ਨਵਾਬ ਮੁਜ਼ੱਫਰ ਖ਼ਾਨ ਨੇ ਭੜਕਾਇਆ ਹੋਇਆ ਸੀ, ਮੁਲਤਾਨ ਸ਼ਹਿਰ ਪੁੱਜ ਗਿਆ। ਮੁਜ਼ੱਫਰ ਖ਼ਾਨ ਨੇ ਸੋਚਿਆ ਕਿ ਕਿਲ੍ਹੇ ਦੀਆਂ ਕੱਚੀਆਂ ਦੀਵਾਰਾਂ ਰਣਜੀਤ ਸਿੰਘ ਦੀਆਂ ਤੋਪਾਂ ਅੱਗੇ ਕੁਝ ਵੀ ਮੁਕਾਬਲਾ ਨਹੀਂ ਕਰ ਸਕਣਗੀਆਂ ਇਸ ਲਈ ਉਸ ਨੇ ਤਾਵਾਨ ਭਰਨਾ ਕਬੂਲ ਕਰ ਲਿਆ ਤੇ ਰਣਜੀਤ ਸਿੰਘ ਦੀ ਅਧੀਨਗੀ ਪ੍ਰਵਾਨ ਕਰ ਲਈ। ਇਸ ਤਰ੍ਹਾਂ ਪੰਜਾਬ ਦੇ ਆਜ਼ਾਦ ਸਰਦਾਰਾਂ ਨੂੰ ਜਿੱਤ ਕੇ ਅਧੀਨ ਕਰਨ ਦੀ ਇਕ ਕੜੀ ਪੂਰੀ ਹੋ ਗਈ।

ਦੂਜੀ ਕੜੀ ਅੰਮ੍ਰਿਤਸਰ ਦੀ ਜਿੱਤ ਨਾਲ 1802 ਈ. ਵਿਚ ਸ਼ੁਰੂ ਹੋਈ। ਅੰਮ੍ਰਿਤਸਰ ਦੀ ਜਿੱਤ ਵਿਚ ਵੀ ਯੁੱਧ ਸ਼ੈਲੀ ਦਾ ਉਹ ਕਮਾਲ ਵਿਖਾਇਆ ਗਿਆ ਜੋ ਲਾਹੌਰ ਦੀ ਜਿੱਤ ਵਿਚ ਵਿਖਾਇਆ ਗਿਆ ਸੀ। ਇਸ ਸੰਬੰਧ ਵਿਚ ਅੰਮ੍ਰਿਤਸਰ ਹਿੰਦੂ ਸੱਦਾਗਰਾਂ ਵੱਲੋਂ ਸੱਦਾ ਪੁੱਜਾ। ਦਸ ਬਾਰਾਂ ਸਿੱਖ ਘਰਾਣੇ ਅੰਮ੍ਰਿਤਸਰ ਤੇ ਕਬਜ਼ਾ ਕਰੀ ਬੈਠੇ ਸਨ। ਇਨ੍ਹਾਂ ਦੁਆਰਾ ਲਗਾਏ ਕਰਾਂ ਦਾ ਬੋਝਾ ਦਿਨੋਂ ਦਿਨ ਵਧੀ ਜਾ ਰਿਹਾ ਸੀ ਅਤੇ ਇਸ ਬੋਝੇ ਹੇਠ ਇਹ ਲੋਕ ਕੁਰਲਾਂਦੇ ਤੇ ਦੁਖੀ ਸਨ। ਰਣਜੀਤ ਸਿੰਘ, ਸਦਾ ਕੌਰ ਤੇ ਫਤਹਿ ਸਿੰਘ ਆਹਲੂਵਾਲੀਆ ਦੀ ਰਲੀ ਮਿਲੀ ਫ਼ੌਜ ਨੇ ਸ਼ਹਿਰ ਤੇ ਧਾਵਾ ਕੀਤਾ ਤੇ ਉਸ ਨੂੰ ਘੇਰ ਲਿਆ। ਲੜਨ ਬਗ਼ੈਰ ਹੀ ਉਨ੍ਹਾਂ ਹੌਲੀ ਹੌਲੀ ਇਸ ਨੂੰ ਕਾਬੂ ਕਰ ਲਿਆ। ਸਿਰਫ ਮਾਈ ਸੁੱਖਾਂ ਜੋ ਗੁਲਾਬ ਸਿੰਘ ਭੰਗੀ ਦੀ ਵਿਧਵਾ ਸੀ, ਨੇ ਹੀ ਮੁਕਾਬਲਾ ਕੀਤਾ। ਰਣਜੀਤ ਸਿੰਘ ਨੇ ਉਸ ਨੂੰ ਤੇ ਉਸ ਦੇ ਨਾਬਾਲਗ ਲੜਕੇ ਨੂੰ ਚੰਗੀ ਪੈਨਸ਼ਨ ਦੇ ਦਿੱਤੀ। ਅੰਮ੍ਰਿਤਸਰ ਕੇਵਲ ਸਿੱਖਾਂ ਦਾ ਧਾਰਮਿਕ ਸ਼ਹਿਰ ਹੀ ਨਹੀਂ ਸੀ ਬਲਕਿ ਪੰਜਾਬ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਅਤੇ ਸਭ ਤੋਂ ਵੱਡਾ ਵਪਾਰਕ ਕੇਂਦਰ ਵੀ ਸੀ । ਇਸ ਦੇ ਕਬਜ਼ੇ ਨੇ ਰਣਜੀਤ ਸਿੰਘ ਦੀ ਤਾਕਤ ਤੇ ਇਕਬਾਲ ਨੂੰ ਖੂਬ ਵਧਾਇਆ। ਰਣਜੀਤ ਸਿੰਘ ਦਾ ਅਗਲਾ ਹਮਲਾ ਝੰਗ ਉੱਤੇ ਸੀ ਜਿੱਥੇ ਇਕ ਸਿਆਲ ਸਰਦਾਰ, ਨਵਾਬ ਅਹਿਮਦ ਖ਼ਾਨ ਰਾਜ ਕਰਦਾ ਸੀ ਤੇ ਰਣਜੀਤ ਸਿੰਘ ਨੂੰ ਕਰ ਦੇਣ ਤੋਂ ਇਨਕਾਰੀ ਸੀ । ਤਿੰਨ ਦਿਨਾਂ ਦੇ ਘੇਰੇ ਬਾਅਦ ਅਹਿਮਦ ਖ਼ਾਨ ਮੁਲਤਾਨ ਵੱਲ ਭੱਜ ਗਿਆ। ਕੁਝ ਮਹੀਨੇ ਬਾਅਦ ਉਸ ਨੇ ਈਨ ਮੰਨ ਲਈ ਅਤੇ ਉਸ ਨੂੰ ਬਹਾਲ ਕਰ ਦਿੱਤਾ ਗਿਆ। ਫਿਰ ਸਿੰਧ ਤੇ ਝਨਾ ਦੇ ਵਿਚਲੇ ਇਲਾਕੇ ਦੇ ਮੁਸਲਮਾਨ ਜ਼ਿਲ੍ਹਿਆਂ ਤੋਂ ਖਿਰਾਜ ਵਸੂਲ ਕੀਤਾ। ਉਪਰੰਤ, ਮਹਾਰਾਜੇ ਨੇ ਮੁਲਤਾਨ ਤੇ ਇਕ ਹੋਰ ਹੱਲਾ ਕਰਨ ਦੀ ਧਮਕੀ ਦਿੱਤੀ ਪਰ ਨਵਾਬ ਨੇ ਖਿਰਾਜ ਦੇ ਕੇ ਜਾਨ ਛੁਡਾ ਲਈ। ਇਸ ਨਾਲ ਹੀ ਰਣਜੀਤ ਸਿੰਘ ਦੀ ਸਫ਼ਲਤਾ ਭਰਪੂਰ ਜਿੱਤਾਂ ਦੀ ਦੂਜੀ ਕੜੀ ਵੀ ਸੰਪੂਰਨ ਹੋ ਗਈ।

ਰਣਜੀਤ ਸਿੰਘ ਹੁਣ ਤਕ ਸਤਲੁਜ ਤੋਂ ਉੱਤਰ ਵੱਲ ਸਾਰੇ ਪੰਜਾਬ ਦਾ ਮਾਲਕ ਬਣ ਗਿਆ ਸੀ। ਆਜ਼ਾਦ ਸਰਦਾਰ ਅਤੇ ਇਲਾਕੇ ਜੋ ਸਿੱਖਾਂ, ਮੁਸਲਮਾਨਾਂ ਤੇ ਹਿੰਦੂਆਂ ਕੋਲ ਸਨ, ਸ਼ੁਕਰਚੱਕੀਏ ਮਿਸਲ ਦੇ ਇਲਾਕੇ ਸਮੇਤ, ਹੁਣ ਖ਼ਤਮ ਹੋ ਗਏ, ਕਿਉਂਕਿ ਉਹ ਸਭ ਇਸ ਬਹਾਦਰ ਤੇ ਕਾਬਲ ਪੁਰਸ਼ ਦੇ ਰਾਜ ਦਾ ਅਨਿੱਖੜਵਾਂ ਹਿੱਸਾ ਬਣ ਚੁੱਕੇ ਸਨ।

ਅੰਗਰੇਜ਼ਾਂ ਦਾ ਵਿਰੋਧੀ ਤੇ ਸਾਥੀ

ਜਦੋਂ ਰਣਜੀਤ ਸਿੰਘ ਸਤਲੁਜ ਦੇ ਉੱਤਰ ਦੇ ਇਲਾਕਿਆਂ ਵਿਚ ਰਾਜਸੀ ਸੰਗਠਨ ਵਿਚ ਰੁੱਝਿਆ ਹੋਇਆ ਸੀ ਉਦੋਂ ਦਰਿਆ ਦੇ ਦੂਜੇ ਪਾਸੇ ਹੋਰ ਹੀ ਹਾਲਾਤ ਵਾਪਰ ਰਹੇ ਸਨ। ਅੰਗਰੇਜ਼ਾਂ ਦੀ ਮਰਹੱਟਿਆਂ ਨਾਲ ਲੜਾਈ ਹੋ ਚੁੱਕੀ ਸੀ ਤੇ ਉਨ੍ਹਾਂ ਨੇ ਕੁਝ ਤਕੜੀਆਂ ਹਾਰਾਂ ਵੀ ਮਰਹੱਟਿਆਂ ਨੂੰ ਟਿਕਾਈਆਂ ਸਨ । ਅੰਗਰੇਜ਼ਾਂ ਨੇ ਪਹਿਲਾਂ ਦਿੱਲੀ ਤੇ ਆਗਰੇ ਨੂੰ ਲਿਆ, ਸਿੰਧੀਆ ਪਾਸੋਂ ਮੁਗ਼ਲ ਬਾਦਸ਼ਾਹ ਨੂੰ ਆਪਣੇ ਹੱਥ ਵਿਚ ਲੈ ਕੇ ਬਾਕੀ ਰਹਿੰਦੇ ਮਰਹੱਟਾ ਲੀਡਰ ਜਸਵੰਤ ਰਾਓ ਹੁਲਕਰ ਨੂੰ ਵੀ ਭਜਾ ਦਿੱਤਾ ਸੀ, ਮਰਹੱਟਿਆਂ ਦਾ ਸਮੁੱਚੇ ਭਾਰਤ ਉੱਪਰ ਰਾਜ ਦਾ ਜੋ ਸੁਪਨਾ ਸੀ ਉਹ ਸਦਾ ਲਈ ਖ਼ਤਮ ਹੋ ਗਿਆ। ਸਿੰਧੀਆਂ ਦਾ ਫਰਾਂਸੀਸੀ ਜਰਨੈਲ ਪੈਰੋਂ ਜਿਸ ਨੇ ਇਕ ਅੰਗਰੇਜ਼ ਮਨਚਲੇ ਸਰਦਾਰ ਜਾਰਜ ਥਾਮਸ ਨੂੰ ਮੈਦਾਨ ਵਿਚੋਂ ਹਟਾ ਦਿੱਤਾ ਸੀ, ਰਾਜਸੀ ਰਾਜ ਮੰਚ ਤੇ ਕੁਝ ਚਿਰ ਟਹਿਲ ਕੇ ਅਲੋਪ ਹੋ ਗਿਆ।

ਹੁਲਕਰ ਤੇ ਉਸ ਦਾ ਰੋਹੀਲਾ ਮਿੱਤਰ ਅਮੀਰ ਖ਼ਾਨ, ਮਾਲਵੇ ਦੇ ਰਾਜਿਆਂ ਪਾਸੋਂ ਸਹਾਇਤਾ ਲੈਣ ਵਿਚ ਨਿਸਫ਼ਲ ਰਹਿਣ ਕਰਕੇ ਅੰਮ੍ਰਿਤਸਰ ਪੁੱਜੇ ਤਾਂਕਿ ਰਣਜੀਤ ਸਿੰਘ ਨੂੰ ਮਿਲਣ । ਉਦੋਂ ਉਹ ਮੁਲਤਾਨ ਵਿਚ ਸੀ, ਇਸ ਕਰਕੇ ਉਨ੍ਹਾਂ ਨੇ ਉਸ ਵੱਲ ਰਾਜਦੂਤ ਭੇਜੇ । ਉੱਧਰ ਅੰਗਰੇਜ਼ ਕਮਾਂਡਰ ਲਾਰਡ ਲੇਕ ਜੋ ਹੁਲਕਰ ਦਾ ਪਿੱਛਾ ਕਰ ਰਿਹਾ ਸੀ, ਬਿਆਸ ਦੇ ਕੰਢੇ ਪੁੱਜਕੇ ਡੇਰਾ ਲਾਈਂ ਬੈਠਾ ਸੀ । ਰਣਜੀਤ ਸਿੰਘ ਨੇ ਆਪਣੇ ਸਭ ਵੱਡੇ ਸਰਦਾਰਾਂ ਦੀ ਮੀਟਿੰਗ ਅੰਮ੍ਰਿਤਸਰ ਵਿਖੇ ਬੁਲਾਈ । ਜਦ ਹੁਲਕਰ ਨੇ ਰਣਜੀਤ ਸਿੰਘ ਪਾਸੋਂ ਸਹਾਇਤਾ ਦੀ ਮੰਗ ਕੀਤੀ ਕਿ ਅੰਗਰੇਜ਼ਾਂ ਨੂੰ ਪਿਛਾਂਹ ਧਕਿਆ ਜਾਏ ਤਦ ਲਾਰਡ ਲੇਕ ਨੇ ਸਪੱਸ਼ਟ ਕਰ ਦਿੱਤਾ ਕਿ ਇੰਜ ਅੰਗਰੇਜ਼-ਮਰਹੱਟਿਆਂ ਦੀ ਲੜਾਈ ਰਣਜੀਤ ਸਿੰਘ ਦੇ ਇਲਾਕੇ ਵਿਚ ਪਹੁੰਚ ਜਾਏਗੀ। ਰਣਜੀਤ ਸਿੰਘ ਨਹੀਂ ਸੀ ਚਾਹੁੰਦਾ ਕਿ ਪੰਜਾਬ ਇਕ ਜੰਗ ਦਾ ਅਖਾੜਾ ਬਣ ਜਾਏ ਜਦੋਂ ਕਿ ਉਸ ਦੇ ਆਪਣੇ ਪੈਰ ਹਾਲਾਂ ਪੂਰੇ ਤੋਰ ਤੇ ਜੰਮੇ ਹੋਏ ਨਹੀਂ ਸਨ। ਸੋ ਉਹ ਭੇਸ ਬਦਲ ਕੇ ਲਾਰਡ ਲੇਕ ਨੂੰ ਮਿਲਿਆ ਤੇ ਉਸ ਨੇ ਅੰਗਰੇਜ਼ ਤੇ ਮਰਹੱਟਿਆਂ ਵਿਚ ਸੁਲਾਹ ਕਰਾਉਣ ਦੀ ਪੇਸ਼ਕਸ਼ ਕੀਤੀ। ਰਣਜੀਤ ਸਿੰਘ ਦੀ ਵਿਚੋਲਗੀ ਨਾਲ ਜੋ ਫ਼ੈਸਲਾ ਹੋਇਆ ਉਹ ਇਹ ਸੀ ਕਿ ਹੁਲਕਰ ਪਾਸ ਉਸ ਦੇ ਇਲਾਕੇ ਰਹਿਣ ਦਿੱਤੇ ਗਏ। ਉਹ ਸਤਲੁਜ ਦੇ ਪਾਰ ਚਲਾ ਗਿਆ ਤੇ ਫਿਰ ਵਾਪਸ ਕਦੀ ਨਾ ਆਇਆ। ਇਕ ਸੰਧੀ, ਜੋ ਲਾਹੌਰ ਦੀ ਸੰਧੀ ਕਰਕੇ ਮਸ਼ਹੂਰ ਹੈ, ਸੰਨ 1806 ਦੀ ਪਹਿਲੀ ਜਨਵਰੀ ਨੂੰ ਰਣਜੀਤ ਸਿੰਘ ਤੇ ਫ਼ਤਹ ਸਿੰਘ ਆਹਲੂਵਾਲੀਆ ਅਤੇ ਅੰਗਰੇਜ਼ਾਂ ਵਿਚਕਾਰ ਹੋਈ। ਸਿੱਖਾਂ ਨੇ ਇਸ ਦੁਆਰਾ ਇਹ ਜ਼ਿੰਮੇ ਲਿਆ ਕਿ ਹੁਲਕਰ ਦੀ ਫ਼ੌਜ ਚਲੀ ਜਾਵੇਗੀ ਤੇ ਉਨ੍ਹਾਂ ਦਾ ਉਸ ਨਾਲ ਕੋਈ ਵਾਸਤਾ ਨਹੀਂ ਹੋਵੇਗਾ। ਅੰਗਰੇਜ਼ਾਂ ਨੇ ਆਪਣੇ ਵੱਲੋਂ ਇਕਰਾਰ ਕੀਤਾ ਕਿ ਉਹ ਉਨ੍ਹਾਂ ਦੇ ਇਲਾਕੇ ਤੋਂ ਪਰੇ ਰਹਿਣਗੇ।

ਫਿਰ, ਕੁਝ ਚਿਰ ਆਰਾਮ ਕਰ ਕੇ ਜੋ ਕਿ ਬੀਮਾਰੀ ਦੀ ਵਜ਼ਹ ਕਰਕੇ ਜ਼ਰੂਰੀ ਸੀ, ਰਣਜੀਤ ਸਿੰਘ ਦੋ ਵਰ੍ਹੇ ਖੂਬ ਮਿਹਨਤ ਨਾਲ ਟੂਰਾਂ ਤੇ ਮੁਹਿੰਮਾਂ ਵਿਚ ਜੁਟਿਆ ਰਿਹਾ । ਨਾਭੇ ਤੇ ਪਟਿਆਲਾ ਦੇ ਰਾਜਿਆਂ ਦਾ ਸਖ਼ਤ ਝਗੜਾ ਸੀ ਅਤੇ ਡਰ ਸੀ ਕਿ ਇਹ ਝਗੜਾ ਸਾਰੇ ਉੱਤਰ-ਪੂਰਬੀ ਪੰਜਾਬ ਵਿਚ ਨਾ ਫੈਲ ਜਾਏ । ਇਸ ਝਗੜੇ ਨੂੰ ਨਿਪਟਾਉਣ ਲਈ ਪਟਿਆਲੇ ਜਾਂਦਿਆਂ ਉਸ ਨੇ ਫੈਜ਼ਲਪੁਰੀਆਂ, ਡਲੇਵਾਲੀਆਂ ਮਿਸਲਾਂ, ਕਰਤਾਰਪੁਰ ਦੇ ਸੋਢੀਆਂ ਅਤੇ ਲੁਧਿਆਣੇ ਤੇ ਜਗਰਾਉਂ ਸ਼ਹਿਰ ਤੋਂ ਨਜ਼ਰਾਨਾ ਉਗਰਾਹਿਆ । ਉਸ ਨੇ ਪਟਿਆਲੇ ਨੂੰ ਜਿਸ ਦੀ ਸ਼ਕਾਇਤ ਜਾਇਜ਼ ਸੀ, ਕੁਝ ਇਲਾਕਾ ਦੇ ਕੇ ਝਗੜੇ ਦਾ ਨਬੇੜਾ ਕਰ ਦਿੱਤਾ । ਫਿਰ ਮਾਲਵੇ ਦੇ ਸਰਦਾਰ ਪਟਿਆਲੇ ਵਿਖੇ ਇਕੱਠੇ ਹੋਏ, ਉਸ ਦਾ ਸਤਿਕਾਰ ਕੀਤਾ ਤੇ ਉਸ ਨੂੰ ਸਾਰੇ ਪੰਜਾਬ ਦਾ ਮਹਾਰਾਜਾ ਸਵੀਕਾਰ ਕੀਤਾ। ਲਾਹੌਰ ਨੂੰ ਵਾਪਸੀ ਸਮੇਂ ਰਣਜੀਤ ਸਿੰਘ ਨੇ ਆਪਣੇ ਪਹਿਲੇ ਵਿਰੋਧੀ ਕਾਂਗੜੇ ਦੇ ਸੰਸਾਰ ਚੰਦ ਦੀ ਸਹਾਇਤਾ ਕੀਤੀ ਤੇ ਅਮਰ ਸਿੰਘ ਥਾਪਾ ਨੂੰ ਜਿਸ ਨੇ ਉਸ ਦੇ ਸ਼ਹਿਰ ਨੂੰ ਘੇਰਾ ਪਾਇਆ ਹੋਇਆ ਸੀ, ਨਠਾ ਦਿੱਤਾ। ਲਾਹੌਰ ਪੁੱਜਣ ਉਪਰੰਤ ਉਸ ਕਸੂਰ ਤੇ ਇਕ ਹੋਰ ਹੱਲਾ ਕੀਤਾ ਜਿੱਥੇ ਨਜ਼ਾਮਉੱਦੀਨ ਖ਼ਾਨ ਦਾ ਉੱਤਰਾਧਿਕਾਰੀ ਕੁਤਬਉੱਦੀਨ ਖ਼ਾਨ, ਮੁਜ਼ਫਰ ਖ਼ਾਨ ਨਵਾਬ ਮੁਲਤਾਨ ਦੀ ਖੁਫੀਆ ਸਹਾਇਤਾ ਨਾਲ ਲੜਾਈ ਦੀ ਤਿਆਰੀ ਕਰ ਰਿਹਾ ਸੀ। ਇਕ ਮਹੀਨੇ ਦੇ ਘੇਰੇ ਉਪਰੰਤ ਕੁਤਬਉੱਦੀਨ ਦੇ ਕਿਲ੍ਹੇ ਦੀ ਦੀਵਾਰ ਤੋੜ ਕੇ ਕਬਜ਼ਾ ਕਰ ਲਿਆ ਗਿਆ । ਕੁਤਬਉੱਦੀਨ ਨੱਸਣ ਦੀ ਤਿਆਰੀ ਵਿਚ ਸੀ ਪਰ ਫੜਿਆ ਗਿਆ । ਉਸ ਨੂੰ ਨਿਰਾ ਮਾਫ ਹੀ ਨਹੀਂ ਕੀਤਾ ਗਿਆ ਸਗੋਂ ਇਕ ਚੰਗੀ ਜਗੀਰ ਮਮਦੋਤ ਦੇ ਇਲਾਕੇ ਵਿਚ ਜੋ ਸਤਲੁਜ ਦੇ ਪਾਰਲੇ ਕੰਢੇ ਸੀ, ਦਿੱਤੀ ਗਈ। ਮੁਜ਼ੱਫਰ ਖ਼ਾਨ ਜਿਸ ਨੇ ਕੁਤਬਉੱਦੀਨ ਦੀ ਸਹਾਇਤਾ ਕੀਤੀ ਸੀ, ਨੂੰ ਸਜ਼ਾ ਵਜੋਂ ਇਕ ਛੋਟੀ ਜਿਹੀ ਰਕਮ ਵੀਹ ਹਜ਼ਾਰ ਰੁਪਏ ਨਕਦ ਤਾਰਨੀ ਪਈ । ਉਸ ਨੇ ਮੁਸਲਮਾਨ ਗੁਆਂਢੀਆਂ ਨਾਲ ਰਲ ਕੇ ਦਰਬਾਰ ਦੀਆਂ ਫ਼ੌਜਾਂ ਨੂੰ ਮੁਲਤਾਨ ਵਿਚ ਦਾਖ਼ਲ ਹੋਣ ਤੋਂ ਰੋਕਣ ਦਾ ਇਕ ਜਤਨ ਕੀਤਾ ਪਰ ਉਹ ਸਫ਼ਲ ਨਾ ਹੋਇਆ।

ਮਗਰੋਂ ਰਣਜੀਤ ਸਿੰਘ ਨੂੰ ਇਕ ਵਾਰ ਫੇਰ ਪਟਿਆਲੇ ਜਾਣਾ ਪੈ ਗਿਆ । ਹੁਣ ਸਾਹਿਬ ਸਿੰਘ ਦੀ ਵਹੁਟੀ ਆਸ ਕੌਰ ਦੇ ਸੱਦੇ ਤੇ ਉਹ ਗਿਆ, ਇਸ ਮਨੋਰਥ ਨਾਲ ਕਿ ਪਤੀ ਪਤਨੀ ਦੇ ਇਕ ਝਗੜੇ ਨੂੰ ਨਿਪਟਾ ਸਕੇ । ਇਹ ਇਕ ਗੁੰਝਲਦਾਰ ਮਸਲਾ ਸੀ ਕਿਉਂਕਿ ਰਾਣੀ ਚਾਹੁੰਦੀ ਸੀ ਕਿ ਉਸ ਦਾ ਪੁੱਤਰ ਕਰਮ ਸਿੰਘ ਉਸ ਦੇ ਪਤੀ ਦੇ ਜਿਉਂਦਿਆਂ ਹੀ ਰਾਜਾ ਥਾਪਿਆ ਜਾਏ । ਰਣਜੀਤ ਸਿੰਘ ਨੇ ਫ਼ੈਸਲਾ ਕੀਤਾ ਕਿ ਰਾਜਾ ਤਾਂ ਸਾਹਿਬ ਸਿੰਘ ਹੀ ਰਹੇਗਾ ਪਰ ਕਰਮ ਸਿੰਘ ਨੂੰ 50 ਹਜਾਰ ਸਾਲਾਨਾ ਦੀ ਜਗੀਰ ਦਿੱਤੀ ਜਾਵੇਗੀ। ਵਾਪਸੀ ਤੇ ਰਣਜੀਤ ਸਿੰਘ ਨੇ ਸਰਹੰਦ ਦੇ ਸਰਦਾਰਾਂ ਪਾਸੋਂ ਨਜ਼ਰਾਨਾ ਪ੍ਰਾਪਤ ਕੀਤਾ ਤੇ ਨਰੈਣਗੜ੍ਹ, ਮੋਰਿੰਡਾ, ਰਾਹੋਂ, ਨੋਸ਼ਹਿਰਾ, ਬਹਿਲੋਲਪੁਰ, ਭਰਤਗੜ੍ਹ, ਪਠਾਨਕੋਟ, ਜਸਰੋਟਾ, ਚੰਬਾ ਤੇ ਬਸੌਲੀ ਸਭ ’ਤੇ ਕਬਜ਼ਾ ਕਰ ਲਿਆ।

ਲਾਹੌਰ ਵਾਪਸ ਪੁੱਜ ਕੇ ਉਸ ਨੇ ਇਕ ਵੱਡਾ ਦਰਬਾਰ ਕੀਤਾ । ਜੋ ਸਰਦਾਰ ਦਰਬਾਰ ਵਿਚ ਹਾਜ਼ਰ ਹੋਏ ਉਨ੍ਹਾਂ ਨੂੰ ਖਿਲਅਤਾਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੀ ਆਪਣੇ ਇਲਾਕਿਆਂ ਦੀ ਮਲਕੀਅਤ ਪੱਕੀ ਕੀਤੀ ਗਈ, ਜੋ ਨਾ ਹਾਜ਼ਰ ਹੋਏ ਉਨ੍ਹਾਂ ਵਿਰੁੱਧ ਫ਼ੌਜੀ ਕਾਰਵਾਈ ਕਰਨ ਦਾ ਫ਼ੈਸਲਾ ਹੋਇਆ। ਇਨ੍ਹਾਂ ਵਿਚੋਂ ਜੋ ਤਕੜੇ ਸਰਦਾਰ ਸਨ ਉਹ ਸਿਆਲਕੋਟ, ਜੰਮੂ ਤੇ ਅਖਨੂਰ ਦੇ ਸਨ। ਇਹੋ ਮੁਹਿੰਮ ਸ਼ੇਖੂਪੁਰੇ ਦੀ ਜਿੱਤ ਨਾਲ ਸਮਾਪਤ ਹੋਈ ਜਿੱਥੋਂ ਦਾ ਕਿਲ੍ਹਾ ਵੱਡੀ ਮਹਾਨਤਾ ਵਾਲਾ ਸੀ।

ਰਣਜੀਤ ਸਿੰਘ ਨਿਰਸੰਦੇਹ ਹੁਣ ਤਕਰੀਬਨ ਸਾਰੇ ਪੰਜਾਬ ਦਾ ਰਾਜਾ ਸੀ, ਸਿਵਾਇ ਛੇ ਮਿਸਲਾਂ ਦੇ ਜੋ ਸਤਲੁਜ ਤੇ ਜਮਨਾ ਦੇ ਵਿਚਕਾਰ ਸਨ । ਸਗੋਂ ਇਨ੍ਹਾਂ ਮਿਸਲਾਂ ਦੇ ਆਗੂਆਂ ਨੇ ਵੀ ਉਸ ਦੀ ਸਰਦਾਰੀ ਨੂੰ ਪ੍ਰਵਾਨ ਕਰ ਲਿਆ ਸੀ, ਖ਼ਾਸ ਕਰਕੇ ਦੋ ਅਵਸਰਾਂ ਤੇ, ਜਦੋਂ ਉਹ ਪਟਿਆਲੇ ਆਇਆ ਸੀ ਅਤੇ ਇਸ ਵੇਲੇ ਅੰਗਰੇਜ਼ਾਂ ਨੇ ਜਾਣ ਬੁੱਝ ਕੇ ਇਸ ਗੱਲ ਨੂੰ ਨਾ ਗੋਲਿਆ। ਜੋ ਗੱਲ ਪੱਕੀ ਤਹਿ ਹੋ ਚੁੱਕੀ ਸੀ, ਉਸ ਲਈ ਕਾਨੂੰਨ ਮਨਜ਼ੂਰੀ ਹੀ ਬਾਕੀ ਸੀ। ਕੇਵਲ ਇਕ ਉਲਝਣ ਸੀ : ਹੁਲਕਰ ਨਾਲ ਸੰਧੀ ਸਮੇਂ ਰਣਜੀਤ ਸਿੰਘ ਨੇ ਲਾਰਡ ਲੇਕ ਨੂੰ ਸੁਝਾ ਦਿੱਤਾ ਸੀ ਕਿ ਅੰਗਰੇਜ਼ਾਂ ਤੇ ਰਣਜੀਤ ਸਿੰਘ ਦੇ ਵਿਚਕਾਰ ਸਤਲੁਜ ਨੂੰ ਸਰਹੱਦ ਪ੍ਰਵਾਨ ਕਰ ਲਿਆ ਜਾਏ। ਅੰਗਰੇਜ਼ਾਂ ਨੇ ਉਸ ਸਮੇਂ ਇਸ ਸੁਝਾ ਦੀ ਬਹੁਤੀ ਪਰਵਾਹ ਨਾ ਕੀਤੀ। ਪਰ ਹੁਣ ਹਾਲਤ ਬਿਲਕੁਲ ਬਦਲ ਗਏ। ਨਪੋਲੀਅਨ ਬੋਨਾਪਾਰਟ ਤੇ ਜ਼ਾਰ ਅਲੈਗਜ਼ੈਂਡਰ ਨੇ ਟਿਲਸਤ (Tilsit) ਦੀ ਸੰਧੀ ਕਰ ਲਈ ਸੀ ਜੋ ਅੰਗਰੇਜ਼ਾਂ ਦੇ ਵਿਰੁੱਧ ਸੀ । ਇਸ ਨਾਲ ਰੂਸੀਆਂ ਨੂੰ ਅੰਗਰੇਜ਼ਾਂ ਦੇ ਭਾਰਤੀ ਇਲਾਕੇ ਤੇ ਅਫ਼ਗਾਨਿਸਤਾਨ, ਫਰਾਂਸ, ਸਿੰਧ ਤੇ ਪੰਜਾਬ ਦੇ ਖੁਸ਼ਕੀ ਦੇ ਰਸਤਿਉਂ ਹੱਲਾ ਕਰਨ ਦਾ ਬਹਾਨਾ ਮਿਲ ਸਕਦਾ ਸੀ। ਹੁਣ ਅੰਗਰੇਜ਼ਾਂ ਲਈ ਜਮਨਾ ਦੀ ਬਜਾਇ ਸਤਲੁਜ ਨੂੰ ਉਨ੍ਹਾਂ ਦੇ ਤੇ ਰਣਜੀਤ ਸਿੰਘ ਦੇ ਇਲਾਕਿਆਂ ਦੀ ਹੱਦ ਬਣਾਏ ਜਾਣ ਦੀ ਮਹੱਤਤਾ ਬਹੁਤ ਵਧ ਗਈ। ਜਿੰਨੀ ਅਗਾਂਹ ਉਨ੍ਹਾਂ ਦੀ ਸਰਹੱਦ ਹੋਵੇਗੀ ਉੱਨਾ ਹੀ ਉਹ ਵਧੇਰੇ ਚੰਗੀ ਤਰ੍ਹਾਂ ਆਪਣੇ ਬਚਾਉ ਲਈ ਪ੍ਰਬੰਧ ਕਰ ਸਕਦੇ ਸਨ। ਇਹ ਹੋਰ ਵੀ ਜ਼ਰੂਰੀ ਇਸ ਕਰਕੇ ਹੋਇਆ ਕਿਉਂਕਿ ਅਫ਼ਗ਼ਾਨਿਸਤਾਨ, ਈਰਾਨ, ਸਿੰਧ ਤੇ ਪੰਜਾਬ ਵਿਚ ਉਹੋ ਵੱਡੇ ਵੱਡੇ ਸੁਰੱਖਿਆ ਦੇ ਪ੍ਰਬੰਧ ਕਰਨਾ ਚਾਹੁੰਦੇ ਸਨ। ਸੋ ਅੰਗਰੇਜ਼ਾਂ ਨੇ ਫ਼ੈਸਲਾ ਕੀਤਾ ਕਿ ਰਣਜੀਤ ਸਿੰਘ ਨੂੰ ਇਸ ਬਾਰੇ ਟੋਹਿਆ ਜਾਵੇ। ਉਨ੍ਹਾਂ ਬੜੀ ਹੁਸ਼ਿਆਰੀ ਨਾਲ ਇਹ ਕੰਮ ਕੀਤਾ। ਰਣਜੀਤ ਸਿੰਘ ਨੇ ਹਰਦੁਆਰ ਗੰਗਾ ਇਸ਼ਨਾਨ ਲਈ ਜਾਣਾ ਸੀ । ਅੰਗਰੇਜਾਂ ਨੇ ਮੈਟਕਾਫ ਨੂੰ ਭੇਜਿਆ ਜੋ ਉਸ ਦਾ ਜਮਨਾ ਦੇ ਦੱਖਣੀ ਕਿਨਾਰੇ ਤੇ ਸਵਾਗਤ ਕਰੇ ਤੇ ਵਾਪਸੀ ਤੇ ਵੀ ਉਸ ਨਾਲ ਉੱਥੋਂ ਤੀਕ ਜਾਵੇ। ਮਤਲਬ ਇਹ ਸੀ ਕਿ ਉਸ ਨੂੰ ਦੱਸਿਆ ਜਾਵੇ ਕਿ ਜਮਨਾ ਉਨ੍ਹਾਂ ਦੀ ਉੱਤਰੀ ਹੱਦ ਹੈ। ਰਣਜੀਤ ਸਿੰਘ ਦਾ ਹਰਦੁਆਰ ਜਾਣ ਦਾ ਪ੍ਰੋਗਰਾਮ ਰਹਿ ਗਿਆ ਤੇ ਮੈਕਾਲਫ ਪੰਜਾਬ ਵੱਲ ਉਸ ਨੂੰ ਮਿਲਣ ਲਈ ਚੱਲ ਪਿਆ।

ਮਹਾਰਾਜਾ ਰਣਜੀਤ ਸਿੰਘ | Maharaja Ranjit Singh |

ਪਿਛਲੇ ਕੁਝ ਸਮੇਂ ਤੋਂ ਮਾਲਵੇ ਦੇ ਰਾਜਿਆਂ ਦੇ ਵਿਚਾਰ, ਪਟਿਆਲਾ ਤੇ ਜੀਂਦ ਦੀ ਅਗਵਾਈ ਹੇਠ, ਰਣਜੀਤ ਸਿੰਘ ਦੀ ਸਰਦਾਰੀ ਬਾਰੇ ਬਦਲ ਰਹੇ ਸਨ । ਉਨ੍ਹਾਂ ਨੇ ਇਕ ਵਫ਼ਦ, ਅੰਗਰੇਜ਼ੀ ਰੈਜ਼ੀਡੈਂਟ ਸੀਟਨ ਨੂੰ ਮਿਲਣ ਲਈ ਭੇਜਿਆ ਅਤੇ ਇਕ ਦਰਖ਼ਾਸਤ ਵਿਚ ਬੇਨਤੀ ਕੀਤੀ ਕਿ ਰਣਜੀਤ ਸਿੰਘ ਤੋਂ ਉਨ੍ਹਾਂ ਦੀ ਰੱਖਿਆ ਕੀਤੀ ਜਾਵੇ। ਭਾਵੇਂ ਗਵਰਨਰ ਜਨਰਲ ਨੇ, ਜਿਸ ਪਾਸ ਇਹ ਮੰਗ ਭੇਜੀ ਗਈ ਸੀ, ਵਫ਼ਦ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ, ਪਰ ਰਣਜੀਤ ਸਿੰਘ ਨੂੰ ਪੱਕਾ ਸ਼ੱਕ ਸੀ ਕਿ ਅੰਗਰੇਜ਼ ਏਜੰਟਾਂ ਦਾ ਇਸ ਵਿਚ ਹੱਥ ਹੈ। ਉਸ ਨੇ ਮਾਲਵੇ ਦੇ ਸਰਦਾਰਾਂ ਨੂੰ ਅੰਮ੍ਰਿਤਸਰ ਬੁਲਾਇਆ ਤੇ ਦੱਸਿਆ ਕਿ ਉਸ ਦੇ ਮਨ ਵਿਚ ਕੋਈ ਐਸਾ ਵੈਸਾ ਖ਼ਿਆਲ ਨਹੀਂ ਜੋ ਅੰਗਰੇਜ਼ਾਂ ਨੇ ਦੱਸ ਰਖਿਆ ਹੈ। ਇਨ੍ਹਾਂ ਸਰਦਾਰਾਂ ਨੇ ਉਸ ਨੂੰ ਯਕੀਨ ਦਿਵਾਇਆ ਕਿ ਉਹ ਉਸ ਦੇ ਵਫ਼ਾਦਾਰ ਰਹਿਣਗੇ।

ਜਦੋਂ ਮੈਟਕਾਫ਼ ਰਣਜੀਤ ਸਿੰਘ ਨੂੰ ਮਿਲਣ ਲਈ ਪੰਜਾਬ ਆ ਰਿਹਾ ਸੀ, ਪਟਿਆਲੇ ਦੇ ਸਥਾਨ ‘ਤੇ ਮਹਾਰਾਜੇ ਵੱਲੋਂ ਫ਼ਕੀਰ ਇਮਾਮਉੱਦੀਨ ਨੇ ਉਸ ਦੀ ਅਗਵਾਈ ਕੀਤੀ। ਇਹ ਜਗ੍ਹਾ ਇਸ ਕਰਕੇ ਚੁਣੀ ਗਈ ਸੀ ਤਾਂ ਕਿ ਮੈਟਕਾਫ਼ ਨੂੰ ਪਤਾ ਲੱਗੇ ਕਿ ਉਹ ਹੁਣ ਮਹਾਰਾਜੇ ਦੇ ਇਲਾਕੇ ਵਿਚ ਸੀ । ਇਸ ਤੋਂ ਇਲਾਵਾ ਕੁਝ ਸਰਦਾਰਾਂ ਨੂੰ ਜਿਨ੍ਹਾਂ ਨੇ ਮੈਟਕਾਫ਼ ਨੂੰ ਮਿਲਣਾ ਸੀ, ਰਣਜੀਤ ਸਿੰਘ ਨੇ ਲਾਹੌਰ ਸੱਦਿਆ ਹੋਇਆ ਸੀ ! ਮੈਟਕਾਫ਼ ਬਾਕੀ ਦੇ ਸਰਦਾਰਾਂ ਨੂੰ ਮਿਲਿਆ ਤੇ ਰਣਜੀਤ ਸਿੰਘ ਬਾਰੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ।

ਰਣਜੀਤ ਸਿੰਘ ਮੈਟਕਾਫ਼ ਨੂੰ ਖੇਮਕਰਨ, ਕਸੂਰ ਦੇ ਨੇੜੇ, ਸਤੰਬਰ 11, 1808 ਨੂੰ ਮਿਲਿਆ। ਜਦ ਪਹਿਲੀ ਮੀਟਿੰਗ, ਜਿਸ ਵਿਚ ਕੇਵਲ ਰਸਮੀ ਕਾਰਵਾਈਆਂ ਹੋਈਆਂ, ਹੋ ਚੁੱਕੀਆਂ ਤਾਂ ਮੈਟਕਾਫ਼ ਮਾਲਵੇ ਦੇ ਸਰਦਾਰਾਂ ਦੇ ਇਕ ਵਫਦ ਨੂੰ ਮਿਲਿਆ। ਰਣਜੀਤ ਸਿੰਘ ਨੇ ਬੜੇ ਸਲੀਕੇ ਤੇ ਸਭਿਅ ਤਰੀਕੇ ਨਾਲ ਮੈਟਕਾਫ਼ ਨੂੰ ਕਹਿ ਭੇਜਿਆ ਸੀ ਕਿ ਕਿਸੇ ਜਰੂਰੀ ਕੰਮ ਲਈ ਉਹ ਕਿਧਰੇ ਜਾ ਰਿਹਾ ਹੈ ਤੇ ਮਹਾਰਾਜਾ ਪ੍ਰਸੰਨ ਹੋਵੇਗਾ ਜੇ ਮੈਟਕਾਫ਼ ਉਸ ਦੇ ਅਦਾਬ ਵਗ਼ੈਰਾ ਗਵਰਨਰ ਜਨਰਲ ਨੂੰ ਪੁਚਾ ਦੇਵੇ। ਲੇਕਿਨ ਮੈਟਕਾਫ਼ ਉੱਥੇ ਹੀ ਟਿਕਿਆ ਰਿਹਾ ਤੇ ਤਿੰਨ ਦਿਨ ਬਾਅਦ ਫਿਰ ਰਣਜੀਤ ਸਿੰਘ ਨੂੰ ਮਿਲਿਆ। ਇਸ ਮੀਟਿੰਗ ਨਾਲ ਉਨ੍ਹਾਂ ਦੇ ਪਰਸਪਰ ਸੰਬੰਧ ਠੀਕ ਹੋ ਗਏ । ਤਿੰਨ ਦਿਨ ਹੋਰ ਗੁਜ਼ਰਨ ਮਗਰੋਂ ਅਸਲੀ ਗੱਲ-ਬਾਤ ਪੂਰੇ ਦਰਬਾਰ ਵਿਚ ਅਰੰਭ ਹੋਈ । ਮੈਟਕਾਫ਼ ਨੇ ਇਕ ਬਿਆਨ ਪੜ੍ਹ ਕੇ ਸੁਣਾਇਆ ਜਿਸ ਵਿਚ ਲਿਖਿਆ ਸੀ ਅੰਗਰੇਜ਼ਾਂ ਦੀ ਇਤਲਾਹ ਅਨੁਸਾਰ ਫਰਾਂਸ ਦਾ ਰਸੂਖ ਈਰਾਨ ਵਿਚ ਵਧ ਰਿਹਾ ਹੈ ਤੇ ਉਨ੍ਹਾਂ ਦੀ ਅੱਖ ਅਫ਼ਗ਼ਾਨਿਸਤਾਨ, ਪੰਜਾਬ ਤੇ ਭਾਰਤ ਦੇ ਅੰਗਰੇਜ਼ੀ ਇਲਾਕੇ ਤੇ ਹੈ। ਇਸ ਗੱਲ ਨੂੰ ਧਿਆਨ ਵਿਚ ਰਖਦਿਆਂ ਉਸ ਅਪੀਲ ਕੀਤੀ ਕਿ ਸਾਂਝੇ ਬਚਾਉ ਲਈ ਅਫ਼ਗ਼ਾਨਿਸਤਾਨ, ਪੰਜਾਬ ਤੇ ਅੰਗਰੇਜ਼ਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ। ਰਣਜੀਤ ਸਿੰਘ ਨੂੰ ਪਹਿਲਾਂ ਤੋਂ ਹੀ ਸ਼ੱਕ ਸੀ ਕਿ ਅੰਗਰੇਜ਼ਾਂ ਨੇ ਫਰਾਂਸੀਸੀ ਹੱਲੇ ਦਾ ਹਊਆ ਜਾਣ ਬੁੱਝ ਕੇ ਘੜਿਆ ਹੋਇਆ ਹੈ ਤਾਂ ਕਿ ਰਣਜੀਤ ਸਿੰਘ ਕੁਝ ਡਰ ਜਾਏ ਤੇ ਅੰਗਰੇਜ਼ਾਂ ਨੂੰ ਪਹਿਲਾਂ ਮਾਲਵੇ ਵਿਚ ਤੇ ਫਿਰ ਆਪਣੇ ਰਾਜ ਵਿਚ ਪ੍ਰਵੇਸ਼ ਕਰਨ ਦਾ ਅਵਸਰ ਦੇਵੇ । ਮਹਾਰਾਜੇ ਦੇ ਪ੍ਰਸ਼ਨਾਂ ਦੇ ਜੋ ਉੱਤਰ ਮੈਟਕਾਫ਼ ਨੇ ਦਿੱਤੇ, ਉਨ੍ਹਾਂ ਨਾਲ ਵੀ ਰਣਜੀਤ ਸਿੰਘ ਦਾ ਸ਼ੱਕ ਦੂਰ ਨਾ ਹੋਇਆ।

ਅਗਲੇ ਦਿਨ ਮਹਾਰਾਜੇ ਦੇ ਸਲਾਹਕਾਰਾਂ ਨੇ ਫ਼ਕੀਰ ਅਜ਼ੀਜ਼ਉੱਦੀਨ ਦੀ ਸਰਦਾਰੀ ਹੇਠ ਮੈਟਕਾਫ਼ ਨਾਲ ਮੁਲਾਕਾਤ ਕੀਤੀ। ਅੰਗਰੇਜ਼ਾਂ ਦਾ ਸੁਝਾਉ ਤਾਂ ਇਹ ਸੀ ਕਿ ਸਾਂਝੇ ਬਚਾਉ ਲਈ ਕੁਝ ਕਰੀਏ। ਮਹਾਰਾਜੇ ਦੇ ਸਲਾਹਕਾਰਾਂ ਨੇ ਉਸ ਤੋਂ ਅਗਾਂਹ ਵਧਕੇ ਕਿਹਾ ਕਿ ਇਹ ਸਮਝੌਤਾ ਸੰਪੂਰਨ ਹੋਣਾ ਚਾਹੀਦਾ ਹੈ ਜਿਸ ਵਿਚ ਰਣਜੀਤ ਸਿੰਘ ਨੂੰ ਸਾਰੇ ਸਿੱਖਾਂ ਦੇ ਮਹਾਰਾਜੇ ਦੇ ਤੌਰ ਤੇ ਪ੍ਰਵਾਨ ਕੀਤਾ ਗਿਆ ਹੋਵੇ । ਮੈਟਕਾਫ਼ ਨੇ ਟਾਲਮਟੋਲ ਕਰਦੇ ਹੋਏ ਕਿਹਾ ਕਿ ਇਹ ਸੁਝਾਉ ਮੰਨਣਾ ਉਸ ਦੇ ਇਖ਼ਤਿਆਰ ਤੋਂ ਬਾਹਰ ਹੈ ਕਿਉਂਕਿ ਉਹ ਕੇਵਲ ਪਰਸਪਰ ਗੱਲਾਂ ਬਾਰੇ ਹੀ ਕੁਝ ਕਰ ਸਕਦਾ ਹੈ। ਜਦੋਂ ਫ਼ਕੀਰ ਅਜ਼ੀਜ਼ਉੱਦੀਨ ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰ ਵਿਚ ਦੋਹਾਂ ਰਾਜਾਂ ਦੀ ਸਾਂਝੀ ਸਰਹੱਦ ਦਾ ਪ੍ਰਸ਼ਨ ਇੰਨਾ ਹੀ ਜ਼ਰੂਰੀ ਹੈ ਜਿੰਨਾ ਕਿ ਬਚਾਉ ਸਮਝੌਤੇ ਦਾ, ਤਾਂ ਮੈਟਕਾਫ਼ ਨੇ ਅਸਪਸ਼ਟ ਜੇਹੇ ਲਹਿਜੇ ਵਿਚ ਉੱਤਰ ਦਿੱਤਾ ਕਿ ਉਸ ਦੀ ਸਰਕਾਰ ਦੀ ਕੋਈ ਖ਼ਾਹਸ਼ ਨਹੀਂ ਕਿ ਆਪਣੀ ਬਣ ਚੁੱਕੀ ਪੱਕੀ ਸਰਹੱਦ ਤੋਂ ਅਗਾਂਹ ਵਧੇ। ਅਜ਼ੀਜ਼ਉੱਦੀਨ ਨੇ ਜਦ ਜ਼ੋਰ ਦੇ ਕੇ ਪੁੱਛਿਆ ਕਿ ਉਹ ਸਰਹੱਦ ਕਿੱਥੇ ਹੈ ਤਾਂ ਮੈਟਕਾਫ਼ ਨੇ ਕਿਹਾ ਕਰਨਾਲ। ਹੁਣ, ਕਰਨਾਲ ਗੁਰਦਿੱਤ ਸਿੰਘ ਦੇ ਰਾਜ ਵਿਚ ਸੀ ਤੇ ਉਹ ਰਣਜੀਤ ਸਿੰਘ ਦਾ ਇਕ ਪੁਰਾਣਾ ਮਿੱਤਰ ਸੀ । ਜਦ ਇਹ ਗੱਲ ਮੈਟਕਾਫ਼ ਨੂੰ ਦੱਸੀ ਗਈ ਤਾਂ ਉਹ ਕੋਈ ਤਸੱਲੀਬਖਸ਼ ਉੱਤਰ ਨਾ ਦੇ ਸਕਿਆ।

ਅਗਲੇ ਦਿਨ ਮਹਾਰਾਜੇ ਦੀ ਮੈਟਕਾਫ਼ ਨਾਲ ਫਿਰ ਮੁਲਾਕਾਤ ਹੋਈ ਜਿਸ ਵਿਚ ਮਹਾਰਾਜੇ ਨੇ ਮੰਗ ਕੀਤੀ ਕਿ ਉਸ ਨੂੰ ਸਪਸ਼ਟ ਸ਼ਬਦਾਂ ਵਿਚ ਦੱਸਿਆ ਜਾਏ ਕਿ ਸਤਲੁਜ ਤੋਂ ਦੱਖਣ ਵੱਲ ਦੀਆਂ ਰਿਆਸਤਾਂ ਬਾਰੇ ਅੰਗਰੇਜ਼ਾਂ ਦੀ ਕੀ ਨੀਤੀ ਹੈ। ਮੈਟਕਾਫ਼ ਨੇ ਉੱਤਰ ਦਿੱਤਾ ਕਿ ਉਸ ਦੀ ਸਰਕਾਰ ਜਮਨਾ ਤੋਂ ਪਰੇ ਸਰਹੱਦ ਨਹੀਂ ਬਣਾਉਣਾ ਚਾਹੁੰਦੀ ਅਤੇ ਸੰਕੇਤ ਦਿੱਤਾ ਕਿ ਉਪਚਾਰਕ ਘੋਸ਼ਣਾ ਦੀ ਮੰਗ ਨਾਲ ਮਹਾਰਾਜੇ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਉਸ ਨੇ ਇਹ ਡਰਾਵਾ ਵੀ ਦਿੱਤਾ ਕਿ ਇਸ ਦਾ ਸਿੱਟਾ ਇਹ ਵੀ ਹੋ ਸਕਦਾ ਹੈ ਕਿ ਗਵਰਨਰ ਜਨਰਲ ਸਤਲੁਜ ਨੂੰ ਦੋਹਾਂ ਦੇ ਵਿਚਕਾਰ ਦੀ ਸਰਹੱਦ ਦਾ ਐਲਾਨ ਕਰ ਦੇਵੇ। ਇਸ ਨਾਲ ਗੱਲ-ਬਾਤ ਠੱਪ ਹੋ ਗਈ ਤੇ ਰਣਜੀਤ ਸਿੰਘ ਆਪਣੀ ਮੁਹਿੰਮ ਲਈ ਸਤਲੁਜ ਪਾਰਲੇ ਇਲਾਕੇ ਵੱਲ ਰੁਖਸਤ ਹੋ ਗਿਆ। ਉਸ ਨੇ ਫ਼ਕੀਰ ਅਜ਼ੀਜ਼ਉੱਦੀਨ ਨੂੰ ਅੰਗਰੇਜ਼ ਸਫ਼ੀਰ ਦੇ ਨਾਲ ਰਹਿਣ ਲਈ ਛੱਡ ਦਿੱਤਾ ਤਾਂ ਜੋ ਸਫ਼ੀਰ ਚਾਹੇ ਤਾਂ ਉਸ ਨਾਲ ਅੱਗੋਂ ਗੱਲ-ਬਾਤ ਕੀਤੀ ਜਾ ਸਕੇ ।

ਮੈਟਕਾਫ਼ ਫਿਰ ਰਣਜੀਤ ਸਿੰਘ ਨੂੰ ਖਾਈ ਦੇ ਮੁਕਾਮ ਤੇ ਮਿਲਿਆ ਪਰ ਕੋਈ ਫ਼ੈਸਲਾ ਨਾ ਹੋ ਸਕਿਆ। ਫਿਰ ਉਹ ਮਹਾਰਾਜੇ ਦੇ ਪਿੱਛੇ ਫਰੀਦਕੋਟ ਪੁੱਜਿਆ ਜਿਥੋਂ ਦੇ ਸਰਦਾਰ ਨੇ ਦਰਬਾਰ ਵਿਰੁੱਧ ਬਗ਼ਾਵਤ ਕੀਤੀ ਹੋਈ ਸੀ। ਮੈਟਕਾਫ਼ ਦੇ ਉੱਥੇ ਪੁੱਜਣ ਤੋਂ ਇਕ ਦਿਨ ਪਹਿਲਾਂ ਉਹ ਕੈਦ ਕਰ ਲਿਆ ਗਿਆ ਸੀ । ਫਰੀਦਕੋਟ ਵਿਚ ਫਿਰ ਦੋਹਾਂ ਦੇ ਦਰਮਿਆਨ ਗੱਲ-ਬਾਤ ਅਰੰਭ ਹੋਈ । ਇਸ ਵੇਲੇ ਬੜੀ ਗੰਭੀਰਤਾ ਨਾਲ ਵਾਰਤਾ ਹੋਈ। ਮੈਟਕਾਫ਼ ਨੇ ਸੰਧੀ ਬਾਰੇ ਇਕ ਤਜਵੀਜ਼ ਪੇਸ਼ ਕੀਤੀ, ਜਿਸ ਦੀਆਂ ਤਿੰਨ ਸ਼ਰਤਾਂ ਸਨ : (I) ਫਰਾਂਸੀਸੀਆਂ ਦੇ ਹੋਣ ਵਾਲੇ ਹੱਲੇ ਵਿਰੁੱਧ ਦੋਵੇਂ ਧਿਰਾਂ ਰਲ ਕੇ ਬਚਾਉ ਦੀ ਕਾਰਵਾਈ ਕਰਨਗੀਆਂ, (II) ਅੰਗਰੇਜ਼ ਫ਼ੌਜਾਂ ਨੂੰ ਪੰਜਾਬ ਵਿਚੋਂ ਲੰਘਣ ਲਈ ਆਗਿਆ ਦਿੱਤੀ ਜਾਏਗੀ, (III) ਸਿੰਧ ਦਰਿਆ ਤੋਂ ਪਰੇ ਅੰਗਰੇਜ਼ਾਂ ਨੂੰ ਇਕ ਚੌਕਸ ਚੌਕੀ ਦੀ ਸਥਾਪਨਾ ਦਾ ਅਧਿਕਾਰ ਹੋਵੇਗਾ। ਤਿੰਨ ਦਿਨਾਂ ਪਿੱਛੋਂ ਮਹਾਰਾਜੇ ਦੇ ਨੁਮਾਇੰਦਿਆਂ ਨੇ ਆਪਣੇ ਵੱਲੋਂ ਇਕ ਤਜਵੀਜ਼ ਪੇਸ਼ ਕੀਤੀ ਤੇ ਇਹ ਪਹਿਲੀ ਤਜਵੀਜ਼ ਤੋਂ ਵੱਖ ਸੀ । ਇਸ ਵਿਚ ਪੰਜਾਬ ਦਰਬਾਰ ਨਾਲ ਖ਼ਾਸ ਸਲੂਕ ਦੀ ਮੰਗ, ਰਣਜੀਤ ਸਿੰਘ ਨੂੰ ਸਾਰੀ ਸਿੱਖ ਕੌਮ ਦੀ ਸਰਦਾਰੀ ਦੀ ਪ੍ਰਵਾਨਗੀ ਦੇਣਾ, ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿਚ ਕੋਈ ਦਖ਼ਲ ਨਾ ਦੇਣਾ ਤੇ ਇਕ ਪੱਕੀ ਸਦੀਵੀ ਸੰਧੀ ਦਾ ਜ਼ਿਕਰ ਸੀ । ਇਸ ਦਾ ਫੌਰੀ ਸਿੱਟਾ ਇਹ ਨਿਕਲਿਆ ਕਿ ਗੱਲ-ਬਾਤ ਵਿਚ ਅੜਿੱਕਾ ਪੈਦਾ ਹੋ ਗਿਆ। ਦੋਹਾਂ ਦੇ ਸੁਝਾਉ ਇਕ ਦੂਜੇ ਤੋਂ ਬਿਲਕੁਲ ਭਿੰਨ ਸਨ।

ਮੈਟਕਾਫ਼ ਨੂੰ ਵਧੇਰੇ ਯਕੀਨ ਦਿਵਾਉਣ ਲਈ ਕਿ ਰਣਜੀਤ ਸਿੰਘ ਜੋ ਕੁਝ ਕਹਿ ਰਿਹਾ ਹੈ, ਦਿਲੋਂ ਕਹਿ ਰਿਹਾ ਹੈ, ਰਣਜੀਤ ਸਿੰਘ ਦੋ ਹਫ਼ਤਿਆਂ ਬਾਅਦ ਮਲੇਰਕੋਟਲੇ ਨੂੰ • ਰਵਾਨਾ ਹੋ ਗਿਆ ਤੇ ਉੱਥੋਂ ਦੇ ਪਠਾਨ ਸਰਦਾਰ ਅਤਾਉਲਾ ਖ਼ਾਨ ਪਾਸੋਂ ਤਾਵਾਨ ਉਗਰਾਹਿਆ। ਇਹ ਸਭ ਕੁਝ ਮੈਟਕਾਫ਼ ਦੇ ਸਾਹਮਣੇ ਕੀਤਾ ਗਿਆ। ਫਿਰ ਫਤਹਿਗੜ੍ਹ-ਗੋਂਗਰਾਨ ਵਿਚ ਇਕ ਹੋਰ ਮੀਟਿੰਗ ਹੋਈ ਜਿੱਥੇ ਮੈਟਕਾਫ਼ ਰਣਜੀਤ ਸਿੰਘ ਦੇ ਪਿੱਛੇ-ਪਿੱਛੇ ਪੁੱਜਿਆ। ਇਸ ਮੁਲਾਕਾਤ ਵਿਚ ਮੈਟਕਾਫ਼ ਨੂੰ ਪੱਕਾ ਵਿਸ਼ਵਾਸ ਹੋ ਗਿਆ ਕਿ ਮਾਲਵਾ ਦੇ ਸਰਦਾਰਾਂ ਉੱਤੇ ਰਣਜੀਤ ਸਿੰਘ ਦੀ ਪ੍ਰਭੁਤਾ ਇਕ ਹਕੀਕਤ ਬਣ ਚੁੱਕੀ ਹੈ, ਜਿਸ ਨੂੰ ਅੱਖਾਂ ਤੋਂ ਉਹਲੇ ਨਹੀਂ ਕੀਤਾ ਜਾ ਸਕਦਾ। ਰਣਜੀਤ ਸਿੰਘ ਸ਼ਕਤੀ ਵਧਾਊ ਤੇ ਨਜ਼ਰਾਨਾ ਉਗਰਾਹੂ ਦੌਰੇ ਤੇ ਅੱਗੇ ਨੂੰ ਤੁਰੀ ਗਿਆ। ਇਸ ਦੌਰਾਨ ਉਹ ਅੰਬਾਲਾ, . ਸਾਨੀਵਾਲ, ਚਾਂਦਪੁਰ, ਝੰਡਰ, ਧਾਰੀ, ਬੈਹਰਾਮਪੁਰ, ਰਹੀਮਾਬਾਦ, ਮਾਛੀਵਾੜਾ, ਕੌਨਾ, ਤਰੂਕੋਟ, ਚਲੰਦੀ ਤੇ ਕੈਲੋਵਾਰ ਦੇ ਛੋਟੇ ਵੱਡੇ ਸ਼ਹਿਰਾਂ ਵਿਚੋਂ ਦੀ ਲੰਘਿਆ। ਉਹ ਜਿੱਥੇ ਵੀ ਜਾਂਦਾ ਉਸ ਨੂੰ ‘ਜੀ ਆਇਆਂ’ ਕਿਹਾ ਜਾਂਦਾ । ਫਿਰ ਉਹ ਸ਼ਾਹਬਾਦ ਪੁੱਜਾ ਤੇ ਉੱਥੋਂ ਉਸ ਨੇ ਸਾਹਿਬ ਸਿੰਘ ਨੂੰ ਸੁਨੇਹਾ ਭੇਜਿਆ ਕਿ ਉਹ ਉਸ ਨੂੰ ਮਿਲਣਾ ਚਾਹੁੰਦਾ ਹੈ ।

ਸਾਹਿਬ ਸਿੰਘ ਕਿਸੇ ਖ਼ਾਸ ਕਾਰਨ ਕਰਕੇ ਰਣਜੀਤ ਸਿੰਘ ਦੇ ਸਾਹਮਣੇ ਨਹੀਂ ਹੋਣਾ ਚਾਹੁੰਦਾ ਸੀ । ਪਰ ਕੁਝ ਹੀਲ ਹੁਜਤ ਬਾਅਦ ਉਹ ਪਟਿਆਲੇ ਦੇ ਪੂਰਬ ਵੀਹ ਮੀਲ ਤੇ ਲਖਨੌਰ ਦੇ ਸਥਾਨ ਤੇ ਮਿਲਣ ਲਈ ਰਾਜੀ ਹੋ ਗਿਆ। ਉੱਥੇ ਬਾਬਾ ਸਾਹਿਬ ਸਿੰਘ ਬੇਦੀ, ਜਿਸ ਦਾ ਸਾਰੇ ਸਿੱਖ ਸਤਿਕਾਰ ਕਰਦੇ ਸਨ, ਦੇ ਰਿਹਾਇਸ਼ੀ ਤੰਬੂ ਵਿਚ ਦੋਹਾਂ ਦੀ ਮੁਲਾਕਾਤ ਹੋਈ । ਰਣਜੀਤ ਸਿੰਘ ਉਸ ਨੂੰ ਜੱਫੀ ਪਾ ਕੇ ਬੜੇ ਨਿੱਘ ਨਾਲ ਮਿਲਿਆ ਤੇ ਦੋਹਾਂ ਨੇ ਪੱਗਾਂ ਵਟਾਈਆਂ। ਦੂਜੇ ਦਿਨ ਰਣਜੀਤ ਸਿੰਘ ਨੇ ਸਾਹਿਬ ਸਿੰਘ ਨਾਲ ਸੰਧੀ ਤੇ ਦਸਤਖ਼ਤ ਕੀਤੇ ਉਪਰੰਤ ਉਹ ਭਾਗ ਸਿੰਘ ਜੀਂਦ, ਲਾਲ ਸਿੰਘ ਕੈਥਲ ਤੇ ਮਾਲਵੇ ਦੇ ਹੋਰ ਸਰਦਾਰਾਂ ਨਾਲ ਜਲਦੀ ਜਲਦੀ ਪੜਾਅ ਤੈਹ ਕਰਦਾ ਹੋਇਆ ਸਤਲੁਜ ਪਾਰ ਕਰਕੇ ਅੰਮ੍ਰਿਤਸਰ ਪੁੱਜਾ।

ਇਸ ਦੌਰਾਨ, ਅੰਗਰੇਜ਼ੀ ਸਰਕਾਰ ਨੇ ਫ਼ੈਸਲਾ ਕਰ ਲਿਆ ਕਿ ਜੋ ਮੈਟਕਾਫ਼ ਨੇ ਰਣਜੀਤ ਸਿੰਘ ਨੂੰ ਦਬਕਾ ਦਿੱਤਾ ਸੀ ਉਸ ਨੂੰ ਪੂਰਾ ਕੀਤਾ ਜਾਏ—ਕਿ ਉਹ ਸਤਲੁਜ ਨੂੰ ਆਪਣੀ ਉੱਤਰੀ ਸਰਹੱਦ ਕਰਾਰ ਕਰ ਦੇਣ। ਮਹਾਰਾਜੇ ਦੇ ਅੰਮ੍ਰਿਤਸਰ ਪੁੱਜਣ ਬਾਅਦ ਜਲਦੀ ਹੀ ਮੈਟਕਾਫ਼ ਵੀ ਪੁੱਜ ਗਿਆ ਤੇ ਉਸ ਨੇ ਚਿਤਾਵਨੀ ਦਿੱਤੀ ਕਿ ਮਾਲਵੇ ਦੀਆਂ ਸਭ ਖੋਹੀਆਂ ਰਿਆਸਤਾਂ ਵਾਪਸ ਕੀਤੀਆਂ ਜਾਣ, ਉੱਥੇ ਦੇ ਰਾਜਿਆਂ ਪਾਸੋਂ ਕੋਈ ਨਜ਼ਰਾਨਾ ਵਸੂਲ ਨਾ ਕੀਤਾ ਜਾਏ ਅਤੇ ਉਹ ਆਪਣੀ ਫ਼ੌਜ ਨੂੰ ਸਤਲੁਜ ਦੇ ਖੱਬੇ ਕਿਨਾਰੇ ਵੱਲ ਹੀ ਰੱਖੇ । ਦਲੀਲ ਇਹ ਦਿੱਤੀ ਗਈ ਕਿ ਅੰਗਰੇਜ਼ਾਂ ਨੇ ਮਰਹੱਟਿਆਂ ਨੂੰ ਹਟਾ ਕੇ ਉੱਤਰੀ ਹਿੰਦੁਸਤਾਨ ਵਿਚ ਉਨ੍ਹਾਂ ਦੀ ਥਾਂ ਆਪਣੀ ਪ੍ਰਭੁਤਾ ਸਥਾਪਤ ਕਰ ਦਿੱਤੀ ਹੋਈ ਹੈ। ਅੰਗਰੇਜਾਂ ਨੇ ਨਜ਼ਰਾਨਾ ਵਸੂਲ ਕਰਨ ਵਿਚ ਬੜੀ ਫਰਾਖ਼-ਦਿਲੀ ਵਿਖਾਈ ਹੈ ਪਰ ਇਸ ਦਾ ਇਹ ਭਾਵ ਨਹੀਂ ਕਿ ਹੋਰ ਕੋਈ ਤਾਕਤ ਨਜ਼ਰਾਨਾ ਵਸੂਲ ਕਰ ਸਕਦੀ ਹੈ। ਮੈਟਕਾਫ਼ ਨੂੰ ਹਦਾਇਤ ਸੀ ਕਿ ਗੱਲ-ਬਾਤ ਤਦ ਤਕ ਜਾਰੀ ਰੱਖੇ ਜਦ ਤਕ ਕਰਨਲ ਅਖ਼ਤਰਲੋਨੀ ਦੀ ਕਮਾਨ ਹੇਠ ਭੇਜੀ ਫ਼ੌਜ ਕਾਰਵਾਈ ਲਈ ਨਹੀਂ ਪਹੁੰਚਦੀ । ਸੋ ਮੈਟਕਾਫ਼ ਨੇ ਗਵਰਨਰ-ਜਨਰਲ ਦੀ ਚਿੱਠੀ ਦੇਣ ਦਾ ਸਮਾਂ ਦੀਵਾਲੀ ਦੇ ਤਿਉਹਾਰ ਨਾਲ ਰਖਿਆ। ਜਦੋਂ ਚਿੱਠੀ ਪੜ੍ਹ ਕੇ ਰਣਜੀਤ ਸਿੰਘ ਨੂੰ ਸੁਣਾਈ ਗਈ, ਉਸ ਬੜੇ ਠੰਡੇ ਜਿਗਰੇ ਨਾਲ ਇਹ ਸੁਣੀ। ਪਹਿਲਾਂ ਉਸ ਨੂੰ ਯਕੀਨ ਨਹੀਂ ਸੀ ਕਿ ਜੋ ਕੁਝ ਕਿਹਾ ਗਿਆ ਹੈ ਉਹ ਦਿਲੋਂ ਕਿਹਾ ਗਿਆ ਹੈ। ਜਦੋਂ ਮੈਟਕਾਫ਼ ਦੁਆਰਾ ਭੇਜੇ ਇਕ ਨੋਟ ਨੇ ਇਸ ਸਾਰੀ ਗੱਲ ਨੂੰ ਪੱਕਾ ਤੇ ਠੀਕ ਦੱਸਿਆ ਤਾਂ ਰਣਜੀਤ ਸਿੰਘ ਨੇ ਲਾਹੌਰ ਜਾਣ ਦਾ ਫ਼ੈਸਲਾ ਕਰ ਲਿਆ।

ਮੈਟਕਾਫ਼ ਵੀ ਕੁਝ ਚਿਰ ਹੋਰ ਅੰਮ੍ਰਿਤਸਰ ਠਹਿਰ ਕੇ ਲਾਹੌਰ ਪੁੱਜ ਗਿਆ। ਉਸ ਜਾਣ-ਬੁੱਝ ਕੇ ਕੁਝ ਹੋਰ ਦੇਰ ਲਾਈ ਤੇ ਫਿਰ ਮਿਲਣ ਲਈ ਵਕਤ ਮੰਗਿਆ। ਪੂਰੇ ਦਰਬਾਰ ਵਿਚ ਉਸ ਨੂੰ ਬੁਲਾਇਆ ਗਿਆ। ਫ਼ਕੀਰ ਅਜ਼ੀਜਉੱਦੀਨ ਨੇ ਦਰਬਾਰ ਦਾ ਪੱਖ ਪੇਸ਼ ਕੀਤਾ। ਉਸ ਅੰਗਰੇਜ਼ਾਂ ਤੇ ਰਣਜੀਤ ਸਿੰਘ ਦੇ ਆਪਸ ਦੇ ਸੰਬੰਧਾਂ ਦਾ ਇਤਿਹਾਸ ਦੁਹਰਾਇਆ ਤੇ ਇਸ ਨੁਕਤੇ ਤੇ ਜੋਰ ਦਿੱਤਾ ਕਿ ਹੁਣ ਤਕ ਅੰਗਰੇਜ਼ ਰਣਜੀਤ ਸਿੰਘ ਦਾ ਮਾਲਵੇ ਸਰਦਾਰਾਂ ਉੱਪਰ ਰਸੂਖ ਤੇ ਹੱਕ ਨੂੰ ਮੰਨਦੇ ਰਹੇ ਹਨ। ਜੋ ਇਲਾਕੇ ਦਰਬਾਰ ਨੇ ਲਏ ਹਨ ਉਹ ਨਿਸ਼ਚਿਤ ਜਿੱਤਾਂ ਉਪਰੰਤ ਪ੍ਰਾਪਤ ਕੀਤੇ ਗਏ ਹਨ। ਮੈਟਕਾਫ਼, ਜੋ ਵਕਤ ਨੂੰ ਜਾਣ-ਬੁੱਝ ਕੇ ਲਮਕਾ ਰਿਹਾ ਸੀ, ਆਪਣੇ ਪੱਖ ਵਿਚ ਦਲੀਲਾਂ ਦਿੰਦਾ ਰਿਹਾ। ਦੂਜੇ ਦਿਨ ਜਦ ਉਸ ਸੁਣਿਆ ਕਿ ਅੰਗਰੇਜ਼ੀ ਫ਼ੌਜਾਂ ਦੀ ਪੂਰੀ ਤਿਆਰੀ ਹੈ ਉਸ ਐਲਾਨ ਕੀਤਾ ਕਿ ਅੰਗਰੇਜੀ ਫ਼ੌਜ ਸਤਲੁਜ ਵੱਲ ਵਧ ਰਹੀ ਹੈ। ਇਹ ਐਲਾਨ ਨਿਰਾ ਹੁਣ ਫੋਕਾ ਦਮਗਜਾ ਨਹੀਂ ਸੀ ਜਿਵੇਂ ਰਣਜੀਤ ਸਿੰਘ ਸ਼ੁਰੂ ਵਿਚ ਸਮਝ ਰਿਹਾ ਸੀ। ਦਰਬਾਰ ਵਿਚ ਇਸ ਬਾਰੇ ਦੋ ਵਿਚਾਰ ਸਨ । ਮਹਾਰਾਜਾ ਤਾਂ ਜੰਗ ਲਈ ਤਿਆਰ ਸੀ। ਉਸ ਨੇ ਆਪਣੇ ਕਾਬਲ ਦੇ ਤਗੜੇ ਜਰਨੈਲ ਦੀਵਾਨ ਮੋਹਕਮ ਚੰਦ ਨੂੰ ਕਾਂਗੜੇ ਤੋਂ ਸੱਦਿਆ ਤੇ ਸਤਲੁਜ ਤੇ ਵਾਕਿਆ ਫਿਲੌਰ ਭੇਜ ਦਿੱਤਾ, ਜੋ ਲੁਧਿਆਣੇ ਦੇ ਸਾਹਮਣੇ ਹੈ। ਸਾਰੇ ਸਰਦਾਰਾਂ ਨੂੰ ਹੁਕਮ ਦਿੱਤਾ ਗਿਆ ਕਿ ਆਪਣੀਆਂ ਫ਼ੌਜਾਂ ਲੈ ਕੇ ਆਓ। ਇਸ ਤਰ੍ਹਾਂ ਇਕ ਲੱਖ ਦੇ ਕਰੀਬ ਫ਼ੌਜ ਸਭ ਪਾਸਿਉਂ ਜਮ੍ਹਾਂ ਹੋ ਗਈ। ਅੰਮ੍ਰਿਤਸਰ ਦਾ ਨਵਾਂ ਕਿਲ੍ਹਾ ਗੋਬਿੰਦਗੜ੍ਹ ਵੀ ਹੋਰ ਮਜ਼ਬੂਤ ਕੀਤਾ ਗਿਆ ਤੇ ਇਸ ਨੂੰ ਇਕ ਲੰਮੇ ਘੇਰੇ ਦੇ ਸਨਮੁਖ ਅਸਲੇ ਤੇ ਖਾਣ ਪੀਣ ਦੇ ਸਾਮਾਨ ਨਾਲ ਭਰ ਦਿੱਤਾ ਗਿਆ। ਦੂਜੀ ਵਿਚਾਰਧਾਰਾ ਦੀ ਅਗਵਾਈ ਫ਼ਕੀਰ ਅਜ਼ੀਜ਼ਉੱਦੀਨ ਦੇ ਹੱਥ ਸੀ । ਉਸ ਨੇ ਧੀਰਜ ਤੇ ਹੋਰ ਗੱਲ-ਬਾਤ ਲਈ ਸਲਾਹ ਦਿੱਤੀ; ਸਦਾ ਕੌਰ, ਜੋ ਹਮੇਸ਼ਾਂ ਤਕੜੀ ਨੀਤੀ ਦੇ ਹੱਕ ਵਿਚ ਰਹੀ ਸੀ, ਉਸ ਵੀ ਫ਼ਕੀਰ ਅਜ਼ੀਜ਼ਉੱਦੀਨ ਦਾ ਸਾਥ ਦਿੱਤਾ। ਰਣਜੀਤ ਸਿੰਘ ਨੇ ਫ਼ੈਸਲਾ ਕੀਤਾ ਕਿ ਕੁਝ ਸਮੇਂ ਲਈ ਉਡੀਕ ਕੀਤੀ ਜਾਏ ਤੇ ਹਾਲਾਤ ਨੂੰ ਵੇਖਿਆ ਜਾਏ । ਪਰ ਇਹ ਐਲਾਨ ਕਰ ਦਿੱਤਾ ਕਿ ਜੇ ਅਖ਼ਤਰਲੋਨੀ ਨੇ ਸਤਲੁਜ ਨੂੰ ਪਾਰ ਕੀਤਾ ਤਾਂ ਉਹ ਲੜਾਈ ਅਵੱਸ਼ ਕਰੇਗਾ।

ਮੈਟਕਾਫ਼ ਦੀ ਚਿਤਾਵਨੀ ਦੇਣ ਤੋਂ ਦੋ ਹਫ਼ਤੇ ਬਾਅਦ ਅਖ਼ਤਰਲੋਨੀ ਜਮਨਾ ਪਾਰ ਬੂੜੀਆ, ਪਟਿਆਲਾ ਤੇ ਨਾਭੇ ਰਾਹੀਂ ਹੁੰਦਾ ਹੋਇਆ ਲੁਧਿਆਣੇ ਵੱਲ ਚਲ ਪਿਆ। ਮਾਲਵੇ ਦੇ ਸਰਦਾਰਾਂ ਨੇ ਜੋ ਹਮੇਸ਼ਾਂ ਜੇਤੂ ਘੋੜੇ ਦੇ ਸਮਰਥਕ ਸਨ, ਅਖਤਰਲੋਨੀ ਨੂੰ ਵਧਾਈ ਦਿੱਤੀ, ਜਿਵੇਂ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਰਣਜੀਤ ਸਿੰਘ ਨੂੰ ਵਧਾਈ ਦਿੱਤੀ ਸੀ । ਸਦਾ ਕੌਰ ਨੇ ਜਾਂ ਤਾਂ ਆਪਣੀ ਸੁਰੱਖਿਆ ਲਈ ਜਾਂ ਦਰਬਾਰੀ ਖੇਡ ਖੇਡਦਿਆਂ ਉਨ੍ਹਾਂ ਸਰਦਾਰਾਂ ਦਾ ਸਾਥ ਦਿੱਤਾ । ਇਸ ਸਮੇਂ ਜੋ ਮਾਲਵੇ ਸਰਦਾਰਾਂ ਦੇ ਏਜੰਟ ਲਾਹੌਰ ਵਿਚ ਸਨ ਉਹ ਉੱਪਰੋਂ ਉੱਪਰੋਂ ਰਣਜੀਤ ਸਿੰਘ ਨੂੰ ‘ਜੀ ਹਜ਼ੂਰ’ ਕਹਿੰਦੇ ਰਹੇ। ਦੋ ਕੁ ਹਫ਼ਤਿਆਂ ਬਾਅਦ ਜਦੋਂ ਮੈਟਕਾਫ਼ ਨੂੰ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਅੰਬਾਲਾ ਖਾਲੀ ਕਰ ਦਿੱਤਾ ਹੈ, ਤਾਂ ਉਸ ਨੇ ਮੰਗ ਕੀਤੀ ਕਿ ਫਰੀਦਕੋਟ ਤੇ ਸਾਨੀਵਾਲ ਵੀ ਖਾਲੀ ਕੀਤਾ ਜਾਵੇ । ਇਸ ਤੇ ਨਾਲ ਲਗਦੇ ਦੂਸਰੇ ਸਵਾਲਾਂ ਦੇ ਸੁਲਝਾਉਣ ਲਈ ਗੱਲ-ਬਾਤ ਅੰਮ੍ਰਿਤਸਰ ਵਿਖੇ ਸ਼ੁਰੂ ਕੀਤੀ ਗਈ। ਇਸ ਦੌਰਾਨ ਮੈਟਕਾਫ਼ ਨੇ ਆਪਣੀ ਮੰਗ ਤੋਂ ਅੱਗੇ ਵੱਧ ਕੇ ਆਪਣੀ ਸਰਕਾਰ ਨੂੰ ਸਲਾਹ ਦਿੱਤੀ ਕਿ ਪੰਜਾਬ ਤੇ ਪੂਰਾ ਹੱਲਾ ਕੀਤਾ ਜਾਵੇ ਤੇ ਰਣਜੀਤ ਸਿੰਘ ਦੇ ਰਾਜ ਨੂੰ ਖ਼ਤਮ ਕੀਤਾ ਜਾਵੇ । ਇਸ ਦੇ ਉੱਤਰ ਵਿਚ ਉਸ ਨੂੰ ਇਹ ਸਲਾਹ ਦਿੱਤੀ ਗਈ ਕਿ ਉਹ ਗੱਲ-ਬਾਤ ਨੂੰ ਹੋਰ ਲਟਕਾਈ ਜਾਏ ਤਾਂਕਿ ਅੰਗਰੇਜ਼ਾਂ ਨੂੰ ਤਜਵੀਜ਼ ਕੀਤੇ ਗਏ ਵੱਡੇ ਹੱਲੇ ਲਈ ਸਮਾਂ ਮਿਲ ਜਾਏ । ਇਸ ਸਮੇਂ ਕਿਸਮਤ ਨੇ ਖੇਡ ਖੇਡੀ ਤੇ ਜੋਸ਼ ਮੱਠਾ ਪੈਣਾ ਸ਼ੁਰੂ ਹੋ ਗਿਆ । ਨੈਪੋਲੀਅਨ ਨੇ ਸਪੇਨ ਤੇ ਹੱਲਾ ਕਰ ਦਿੱਤਾ ਸੀ ਅਤੇ ਇਹ ਸਮਝਿਆ ਜਾ ਰਿਹਾ ਸੀ ਕਿ ਉਹ ਇਸ ਵਿਚ ਇੰਨਾ ਰੁੱਝ ਜਾਵੇਗਾ ਕਿ ਭਾਰਤ ਵੱਲ ਧਿਆਨ ਨਹੀਂ ਦੇ ਸਕੇਗਾ। ਸੋ ਹੁਣ ਰਣਜੀਤ ਸਿੰਘ ਨਾਲ ਲੜਾਈ ਦੀ ਕੋਈ ਫੌਰੀ ਜ਼ਰੂਰਤ ਨਹੀਂ ਸੀ । ਰਣਜੀਤ ਸਿੰਘ ਵਾਲੇ ਪਾਸੇ ਵੀ ਇਕ ਘਟਨਾ ਅਜਿਹੀ ਵਾਪਰੀ ਜੋ ਉਸ ਦੇ ਰਾਜ ਵਾਸਤੇ ਉੱਨੀ ਹੀ ਭਾਰੀ ਘਟਨਾ ਸੀ ਜਿੰਨੀ ਕਿ ਨੈਪੋਲੀਅਨ ਦਾ ਸਪੇਨ ਤੇ ਹੱਲਾ ਸਮੁੱਚੇ ਸੰਸਾਰ ਵਾਸਤੇ ਸੀ। ਹੋਲੀ ਤੇ ਮੁਹੱਰਮ ਇਕੱਠੇ ਇਕ ਸਮੇਂ ਆ ਗਏ ਤੇ ਇਕ ਫ਼ੌਜੀ ਝੜਪ ਨਿਹੰਗ ਸਿੰਘਾਂ ਤੇ ਮੈਟਕਾਫ਼ ਦੀ ਫ਼ੌਜ ਦੇ ਮੁਸਲਮਾਨਾਂ ਵਿਚਕਾਰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਹਮਣੇ ਵਾਪਰੀ। ਰਣਜੀਤ ਸਿੰਘ ਨੂੰ ਜੋ ਸਦਾ ਆਪਣੇ ਰਾਜ ਵਿਚ ਪਰਸਪਰ ਪਿਆਰ ਦਾ ਵਾਤਾਵਰਨ ਵੇਖਣਾ ਚਾਹੁੰਦਾ ਸੀ, ਇਸ ਘਟਨਾ ਨਾਲ ਬੜਾ ਦੁਖ ਹੋਇਆ । ਉਹ ਉਦਾਸ ਹੋ ਗਿਆ ਤੇ ਉਸ ਦੀ ਫ਼ੌਜੀ ਤੇ ਗੱਲ-ਬਾਤ ਕਰਨ ਵਾਲੀ ਸ਼ਕਤੀ ਨੂੰ ਇਕ ਸਦਾਚਾਰਕ ਸੱਟ ਵੱਜੀ। ਮੈਟਕਾਫ਼ ਨੇ ਇਸ ਗੱਲ ਨੂੰ ਖੂਬ ਚੁੱਕਿਆ ਤੇ ਰਣਜੀਤ ਸਿੰਘ ਨੂੰ ਕਸੂਰਵਾਰ ਥਾਪਿਆ । ਪਰੰਤੂ ਜੋ ਚਿੱਠੀਆਂ ਉਸ ਨੇ ਆਪਣੀ ਸਰਕਾਰ ਨੂੰ, ਇਸ ਗੱਲ ਨੂੰ ਪੰਜਾਬ ਤੇ ਹਮਲੇ ਦਾ ਬਹਾਨਾ ਬਣਾਉਣ ਬਾਰੇ ਲਿਖੀਆਂ ਉਹ ਅਜੇ ਰਾਹ ਵਿਚ ਹੀ ਸਨ ਕਿ ਕਲਕੱਤੇ ਤੋਂ ਸੰਧੀ ਦੇ ਦੋ ਡਰਾਫਡ ਆ ਪੁੱਜੇ ।

ਅੰਮ੍ਰਿਤਸਰ ਦੀ ਸੰਧੀ ਜਿਸ ਉੱਪਰ 25 ਅਪ੍ਰੈਲ, 1809 ਨੂੰ ਹਸਤਾਖਰ ਹੋਏ, ਉਸ ਅਨੁਸਾਰ ਦੋਹਾਂ ਧਿਰਾਂ ਵਿਚ ਪੱਕੀ ਮਿੱਤਰਤਾ ਦਾ ਪ੍ਰਬੰਧ ਹੋ ਗਿਆ। ਇਸ ਦੇ ਅਨੁਸਾਰ ਦਰਬਾਰ ਨਾਲ ਸਰਬੋਤਮ ਲਿਹਾਜ਼ ਵਾਲਾ ਸਲੂਕ ਕੀਤਾ ਗਿਆ, ਮਹਾਰਾਜੇ ਦੇ ਰਸੂਖ ਤੇ ਤਾਕਤ ਨੂੰ ਸਤਲੁਜ ਤੋਂ ਉੱਤਰ ਵੱਲ ਪ੍ਰਵਾਨ ਕਰ ਲਿਆ ਗਿਆ ਤੇ ਮਹਾਰਾਜੇ ਨੂੰ ਕਿਹਾ ਗਿਆ ਕਿ ਸਤਲੁਜ ਦੇ ਦੱਖਣ ਵੱਲ ਕੇਵਲ ਉੱਨੀ ਹੀ ਫ਼ੌਜ ਰੱਖੀ ਜਾਏ ਜਿੰਨੀ ਕਿ ਰੱਖਿਆ ਤੇ ਦੇਖ-ਭਾਲ ਲਈ ਜ਼ਰੂਰੀ ਹੋਵੇ । ਇਨ੍ਹਾਂ ਸ਼ਰਤਾਂ ਦਾ ਭਾਵ ਇਹ ਸੀ ਕਿ ਰਣਜੀਤ ਸਿੰਘ ਨੇ ਸਤਲੁਜ ਦੇ ਦੱਖਣ ਦੀਆਂ ਸਾਰੀਆਂ ਰਿਆਸਤਾਂ ਤੇ ਆਪਣਾ ਹੱਕ ਛੱਡ ਦਿੱਤਾ, ਪਰ ਇਕ ਨਿਜੀ ਸਮਝੌਤਾ ਫ਼ਕੀਰ ਅਜ਼ੀਜ਼ਉੱਦੀਨ ਦੀ ਮੈਟਕਾਫ਼ ਨਾਲ ਗੱਲ-ਬਾਤ ਵਿਚ ਹੋਇਆ ਅਤੇ ਉਹ ਇਹ ਸੀ ਕਿ ਜਿਨ੍ਹਾਂ ਇਲਾਕਿਆਂ ਨੂੰ ਫ਼ਕੀਰ ਨੇ ‘ਫ਼ੈਸਲਾਸ਼ੁਦਾ ਜਿੱਤਾਂ’ ਕਰਾਰ ਦਿੱਤਾ ਸੀ, ਉਨ੍ਹਾਂ ਨੂੰ ਵਾਪਸ ਕਰਨੇ ਜ਼ਰੂਰੀ ਨਹੀਂ ਹੋਣਗੇ।

ਈਸਟ ਇੰਡੀਆ ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼ ਦੀ ਅੰਦਰੂਨੀ ਕਮੇਟੀ ਨੇ ਅੰਮ੍ਰਿਤਸਰ ਦੀ ਸੰਧੀ ਤੇ ਵਿਚਾਰ ਕਰਦਿਆਂ ਇਹ ਕਿਹਾ ਕਿ ਇਹ ਅਕਤੂਬਰ, 1809 ਵਿਚ ਪਾਸ ਕੀਤੀ ਨੀਤੀ ਦੇ ਵਿਰੁੱਧ ਹੈ। ਵਾਸਤਵ ਵਿਚ ਇਹ ਬਿਲਕੁਲ ਹੀ ਉਸ ਦੇ ਉਲਟ ਸੀ । ਦੀਵਾਨ ਮੋਹਕਮ ਚੰਦ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਇਹ ਇਕ ਦਗ਼ਾ ਤੇ ਬੇਇੱਜ਼ਤੀ ਹੈ। ਦਰਬਾਰ ਦੀ ਇੱਜਤ ਪਤ ਦੀ ਰੱਖਿਆ ਲਈ ਉਸ ਮਰਹੱਟਿਆਂ ਤੇ ਰੁਹੇਲਿਆਂ ਨਾਲ ਸਲਾਹ ਮਸ਼ਵਰਾ ਵੀ ਕੀਤਾ ਜੋ ਉਹ ਸਾਰੇ ਰਲ ਕੇ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਕੱਢ ਦੇਣ। ਪਰ ਰਣਜੀਤ ਨੇ ਫਕੀਰ ਅਜ਼ੀਜ਼ਉੱਦੀਨ ਦੇ ਮਸ਼ਵਰੇ ਨੂੰ ਪ੍ਰਵਾਨ ਕੀਤਾ ਤੇ ਸਾਰੀ ਗੱਲ-ਬਾਤ ਨੂੰ ਇਕ ਵਿਚਾਰਵਾਨ ਤੇ ਖੇਡ ਵਾਲੀ ਸਪਿਰਟ ਵਿਚ ਲਿਆ। ਉਸ ਦਾ ਖ਼ਿਆਲ ਸੀ ਕਿ ਉਸ ਨੇ ਸ਼ਤਰੰਜ ਦੀ ਖੇਡ ਖੇਡੀ ਹੈ ਤੇ ਆਪਣੇ ਤੋਂ ਵਧੇਰੇ ਚਲਾਕ ਖਿਡਾਰੀ ਸਾਹਮਣੇ ਹਾਰ ਗਿਆ ਹੈ ਅਤੇ ਇਹ ਸਾਰੀ ਗੱਲ ਇੱਥੇ ਹੀ ਸਮਾਪਤ ਹੋ ਜਾਣੀ ਚਾਹੀਦੀ ਹੈ। ਉਸ ਪਾਸ ਹੋਰ ਵੀ ਵਧੇਰੇ ਠੋਸ ਕੰਮ ਕਰਨ ਵਾਲੇ ਸਨ ਬਜਾਇ ਇਸ ਦੇ ਕਿ ਇਕ ਪਰਛਾਵੇਂ ਦਾ ਪਿੱਛਾ ਕਰੀ ਜਾਵੇ, ਭਾਵੇਂ ਕਿ ਇਹ ਪਰਛਾਵਾਂ ਭਾਰਤੀ ਰਾਜ ਦਾ ਇਕ ਵੱਡਾ ਟੁਕੜਾ ਸੀ ।

ਸਾਬਕਾ ਅਫ਼ਗ਼ਾਨ ਬਾਦਸ਼ਾਹਾਂ ਦੀ ਮਹਿਮਾਨਨਿਵਾਜ਼ੀ

ਦੱਖਣ-ਪੂਰਬੀ ਸਰਹੱਦ ਵੱਲ ਰੋਕ ਪੈਣ ਤੇ ਰਣਜੀਤ ਸਿੰਘ ਦੀ ਅਥਾਹ ਸ਼ਕਤੀ ਨੇ ਜਲਦੀ ਹੀ ਹੋਰ ਪਾਸੇ ਵੱਲ ਰਸਤਾ ਲੱਭ ਲਿਆ। ਕਾਂਗੜੇ ਦੇ ਸੰਸਾਰ ਚੰਦ ਉੱਤੇ ਅਮਰ ਸਿੰਘ ਥਾਪਾ ਦਬਾਅ ਪਾ ਰਿਹਾ ਸੀ, ਤੇ ਉਸ ਦੇ ਕਿਲ੍ਹੇ ਨੂੰ ਉਸ ਦੀ ਫ਼ੌਜ ਕੋਲੋਂ ਖ਼ਤਰਾ ਸੀ। ਅੰਗਰੇਜ਼ਾਂ ਦੀ ਸਹਾਇਤਾ ਨਾ ਮਿਲਣ ਤੇ ਉਸ ਨੇ ਰਣਜੀਤ ਸਿੰਘ ਪਾਸ ਆਪਣੇ ਭਰਾ ਫ਼ਤਹ ਚੰਦ ਰਾਹੀਂ ਮਦਦ ਦੀ ਮੰਗ ਕੀਤੀ । ਰਣਜੀਤ ਸਿੰਘ ਨੇ ਹਾਂ ਕੀਤੀ ਪਰ ਸ਼ਰਤ ਰੱਖੀ ਕਿ ਕਾਂਗੜੇ ਦਾ ਕਿਲ੍ਹਾ ਦਰਬਾਰ ਦੇ ਸਿਪਾਹੀਆਂ ਨੂੰ ਦਿੱਤਾ ਜਾਏ ਤੇ ਉਹ ਇਸ ਦੀ ਰਾਖੀ ਆਪਣੇ ਰਾਜ ਦੇ ਇਕ ਭਾਗ ਵਾਂਗ ਸਦਾ ਕਰਿਆ ਕਰਨਗੇ । ਪਰ ਜਦੋਂ ਰਣਜੀਤ ਸਿੰਘ ਕਿਲ੍ਹੇ ਪਾਸ ਪੁੱਜਾ ਉਸ ਵੇਖਿਆ ਕਿ ਗੋਰਖੇ ਇਸ ਨੂੰ ਚੰਗੀ ਤਰ੍ਹਾਂ ਘੇਰੀ ਬੈਠੇ ਹਨ। ਤਿੰਨ ਮਹੀਨੇ ਤਕ ਰਣਜੀਤ ਸਿੰਘ ਨੇ ਗੋਰਖਿਆਂ ਨੂੰ ਘੇਰੀ ਰਖਿਆ ਤੇ ਜੋ ਰਸਦ ਪਾਣੀ ਦੀ ਸਹਾਇਤਾ ਉਨ੍ਹਾਂ ਨੂੰ ਨਿਪਾਲ ਤੋਂ ਮਿਲਦੀ ਸੀ ਉਹ ਬੰਦ ਕਰ ਦਿੱਤੀ। ਸਥਾਨਕ ਪਹਾੜੀ ਲੋਕਾਂ ਤੋਂ ਜੋ ਖਾਧ ਖੁਰਾਕ ਉਹ ਖਰੀਦਦੇ ਸਨ ਉਹ ਵੀ ਬੰਦ ਕਰ ਦਿੱਤੀ ਗਈ। ਅੰਤ ਨੂੰ ਜਦੋਂ ਗੋਰਖੇ ਭੁੱਖ ਨਾਲ ਮਰਨ ਲੱਗੇ ਤਾਂ ਉਹ ਕਿਲ੍ਹਾ ਛੱਡ ਕੇ ਵਾਪਸ ਜਾਣ ਲਈ ਮਜਬੂਰ ਹੋ ਗਏ । ਇਸ ਉਪਰੰਤ ਰਣਜੀਤ ਸਿੰਘ ਨੇ ਕਿਲ੍ਹੇ ਦੇ ਕਬਜ਼ੇ ਦੀ ਮੰਗ ਕੀਤੀ ਤਾਂ ਸੰਸਾਰ ਚੰਦ ਟਾਲ ਮਟੋਲੇ ਕਰਨ ਲੱਗ ਪਿਆ। ਉਸ ਦੀ ਅਮਰ ਸਿੰਘ ਥਾਪੇ ਨਾਲ ਗੱਲ-ਬਾਤ ਚੱਲ ਰਹੀ ਸੀ ਤੇ ਉਹ ਮੰਨ ਗਿਆ ਸੀ ਕਿ ਸੰਸਾਰ ਚੰਦ ਕਿਲ੍ਹਾ ਲੈ ਲਵੇ ਜੇਕਰ ਥਾਪੇ ਤੇ ਉਸ ਦੇ ਪਰਿਵਾਰ ਨੂੰ ਬਗ਼ੈਰ ਕਿਸੇ ਤਕਲੀਫ ਦੇ ਵਾਪਸ ਜਾਣ ਦਿੱਤਾ ਜਾਏ। ਇਸ ’ਤੇ ਰਣਜੀਤ ਸਿੰਘ ਨੇ ਸੰਸਾਰ ਚੰਦ ਦੇ ਲੜਕੇ ਨੂੰ, ਜੋ ਪਹਿਲਾਂ ਤੋਂ ਉਸ ਕੋਲ ਯਰਗਮਾਲ ਦੇ ਤੌਰ ਤੇ ਮੌਜੂਦ ਸੀ, ਫੜਕੇ ਬੰਦੀ ਬਣਾ ਲਿਆ, ਤਦ ਰਾਜੇ ਸੰਸਾਰ ਚੰਦ ਨੇ ਕਿਲ੍ਹਾ ਰਣਜੀਤ ਸਿੰਘ ਦੇ ਹਵਾਲੇ ਕੀਤਾ। ਗੋਰਖਿਆਂ ਨੂੰ ਜੋ ਵਾਪਸ ਜਾ ਰਹੇ ਸਨ, ਮਜਬੂਰਨ ਲੜਨਾ ਪਿਆ। ਭਾਵੇਂ ਉਹ ਹਾਰ ਗਏ ਪਰ ਉਹ ਬਹੁਤ ਹੀ ਬਹਾਦਰੀ ਨਾਲ ਲੜੇ। ਜੰਗ ਪਿੱਛੋਂ ਰਣਜੀਤ ਸਿੰਘ ਨੇ ਉਨ੍ਹਾਂ ਦੀ ਬਹਾਦਰੀ ਦਾ ਧਿਆਨ ਰਖਦਿਆਂ ਉਨ੍ਹਾਂ ਨੂੰ ਖੁਲ੍ਹਾ ਸਮਾਂ ਦਿੱਤਾ ਤਾਂ ਕਿ ਉਹ ਵਾਪਸ ਜਾ ਸਕਣ, ਇੱਥੋਂ ਤਕ ਕਿ ਉਨ੍ਹਾਂ ਦਾ ਸਾਜ-ਸਾਮਾਨ ਵਗ਼ੈਰਾ ਇਕੱਠਾ ਕਰਨ ਵਿਚ ਵੀ ਮੱਦਦ ਦਿੱਤੀ ।

ਇਸ ਜਿੱਤ ਬਾਅਦ ਰਣਜੀਤ ਸਿੰਘ ਨੇ ਘਰ ਪੁੱਜ ਕੇ ਜੋ ਬਾਕੀ ਰਹਿ ਗਏ ਵਿਰੋਧੀ ਤੇ ਆਜ਼ਾਦ ਰਜਵਾੜੇ ਸਨ, ਉਨ੍ਹਾਂ ਸਭ ਨੂੰ ਆਪਣੇ ਅਧੀਨ ਕੀਤਾ। ਉਸ ਨੇ ਆਪ ਇਨ੍ਹਾਂ ਥਾਂਵਾਂ ਤੇ ਕਬਜ਼ਾ ਕੀਤਾ—ਹਰਿਆਨਾ, ਇਸਲਾਮਗੜ੍ਹ, ਜਲਾਲਪੁਰ, ਖੁਸ਼ਾਬ, ਸਾਹੀਵਾਲ ਤੇ ਕੁਸਕ। ਦੀਵਾਨ ਮੁਹਕਮ ਚੰਦ ਨੇ ਫ਼ੈਜ਼ਲਾਪੁਰੀਆਂ ਦੇ ਇਲਾਕੇ ਨੂੰ ਜਿਨ੍ਹਾਂ ਦਾ ਵੱਡਾ ਸ਼ਹਿਰ ਜਲੰਧਰ ਸੀ, ਕਾਬੂ ਕੀਤਾ। ਫਕੀਰ ਅਜ਼ੀਜ਼ਉੱਦੀਨ ਨੇ ਗੁਜਰਾਤ ਨੂੰ, ਦੇਸਾ ਸਿੰਘ ਮਜੀਠੇ ਨੇ ਮੰਡੀ ਤੇ ਸਕੇਤ ਦੇ ਪਹਾੜੀ ਇਲਾਕੇ ਫ਼ਤਹ ਕੀਤੇ। ਮੀਆਂ ਗੋਸਾ ਨੇ ਪੱਟੀ ਨੂੰ ਲਿਆ ਤੇ ਤਰਨਤਾਰਨ ਦੇ ਨਾਲ ਦੇ ਪਿੰਡ ਵੀ ਪਰਾਪਤ ਕੀਤੇ । ਇਥੋਂ ਤਕ ਕਿ ਨਕੱਈ ਤੇ ਘਨੱਈਆ ਮਿਸਲਾਂ ਨੂੰ ਵੀ, ਜੋ ਮਹਾਰਾਜਾ ਦੇ ਸਾਕ ਸੰਬੰਧੀ ਸਨ, ਕੁਝ ਇਲਾਕੇ ਦੇਣੇ ਪਏ, ਕਿਉਂਕਿ ਜਿੱਥੇ ਦਰਬਾਰ ਦੀ ਤਾਬਿਆਦਾਰੀ ਦਾ ਸਵਾਲ ਹੁੰਦਾ ਸੀ, ਉੱਥੇ ਕਿਸੇ ਵਿਸ਼ੇਸ਼ ਵਿਅਕਤੀ ਦਾ ਕੋਈ ਲਿਹਾਜ ਨਹੀਂ ਸੀ ਕੀਤਾ ਜਾਂਦਾ ।

ਫ਼ਰਵਰੀ, 1820 ਵਿਚ ਜਦੋਂ ਰਣਜੀਤ ਸਿੰਘ ਖੁਸ਼ਾਬ ਵਿਚ ਸੀ ਉਦੋਂ ਉਸ ਨੂੰ ਅਚਾਨਕ ਅਫ਼ਗ਼ਾਨਿਸਤਾਨ ਤੋਂ ਆਇਆ ਇਕ ਮਹਿਮਾਨ ਮਿਲਿਆ ਜਿਸ ਦਾ ਨਾਮ ਸੀ। ਸ਼ਾਹ ਸ਼ੁਜਾਹ, ਜੋ ਸ਼ਾਹ ਜ਼ਮਾਨ ਦਾ ਭਰਾ ਸੀ। ਜਦ ਸ਼ਾਹ ਜ਼ਮਾਨ ਰਣਜੀਤ ਸਿੰਘ ਲਈ ਪੰਜਾਬ ਵਿਚ ਸਾਫ ਮੈਦਾਨ ਛੱਡ ਕੇ ਚਲਾ ਗਿਆ ਸੀ, ਉਸ ਤੋਂ ਬਾਅਦ ਦਸ ਵਰ੍ਹੇ ਅਫ਼ਗਾਨਿਸਤਾਨ ਅੰਦਰ ਖੂਬ ਖਾਨਾ-ਜੰਗੀ ਖੜਕੀ ਤੇ ਇਹ ਇਲਾਕਾ ਰਾਜ ਪਲਟਿਆਂ ਦਾ ਅੱਡਾ ਬਣਿਆ ਰਿਹਾ। ਸਦੋਜ਼ਈ ਸ਼ਾਹੀ ਘਰਾਣੇ ਤੋਂ ਤਾਕਤ ਖੁੱਸ ਕੇ ਬਾਰਕਜ਼ਈ ਘਰਾਣੇ ਦੇ ਹੱਥਾਂ ਵਿਚ ਆ ਗਈ, ਜਿਸ ਦਾ ਆਗੂ ਵਜ਼ੀਰ ਫ਼ਤਹ ਖ਼ਾਨ ਸੀ। ਫ਼ਤਹ ਖ਼ਾਨ ਨੇ ਜ਼ਮਾਨ ਸ਼ਾਹ ਨੂੰ ਤਖ਼ਤੋਂ ਲਾਹ ਕੇ ਉਸ ਦੇ ਮਤਰਏ ਭਰਾ ਮਹਿਮੂਦ ਨੂੰ ਤਖ਼ਤ ਤੇ ਬਿਠਾਇਆ ਤੇ ਇਸ ਨੇ ਜ਼ਮਾਨ ਸ਼ਾਹ ਦੀਆਂ ਅੱਖਾਂ ਕਢਵਾ ਦਿੱਤੀਆਂ ਤੇ ਉਸ ਨੂੰ ਕੈਦ ਕਰ ਲਿਆ । ਮਹਿਮੂਦ ਤੋਂ ਉਸ ਦੇ ਮਤਰੇਏ ਭਰਾ ਸ਼ੁਜਾਹ ਨੇ ਤਖ਼ਤ ਖੋਹ ਲਿਆ ਪਰ ਬਰਕਜ਼ਈਆਂ ਨੇ ਮਹਿਮੂਦ ਨੂੰ ਫਿਰ ਤਖ਼ਤ ਦਿਵਾ ਦਿੱਤਾ । ਸ਼ਾਹ ਸ਼ੁਜਾਹ ਫਿਰ ਪੰਜਾਬ ਆ ਗਿਆ, ਇਸ ਮਨੋਰਥ ਨਾਲ ਕਿ ਕਿਧਰੋਂ ਕੋਈ ਸਹਾਇਤਾ ਮਿਲ ਸਕੇ ਤੇ ਉਹ ਆਪਣਾ ਤਖ਼ਤ ਵਾਪਸ ਪ੍ਰਾਪਤ ਕਰ ਲਵੇ । ਉਸ ਨੂੰ ਰਣਜੀਤ ਸਿੰਘ ਬੜੇ ਸਤਿਕਾਰ ਤੇ ਸਲੀਕੇ ਨਾਲ ਮਿਲਿਆ। ਉਨ੍ਹਾਂ ਦੀ ਗੱਲ-ਬਾਤ ਵਿਚ ਇਹ ਫ਼ੈਸਲਾ ਹੋਇਆ ਕਿ ਰਣਜੀਤ ਸਿੰਘ ਸ਼ਾਹ ਦੀ ਮੱਦਦ ਕਰਕੇ ਮੁਲਤਾਨ ਤੇ ਪਿਸ਼ਾਵਰ ਉਸ ਨੂੰ ਦਿਵਾਏ ਤੇ ਫਿਰ ਜਦੋਂ ਉਸ ਨੂੰ ਕਾਬਲ ਦਾ ਤਖ਼ਤ ਮਿਲ ਜਾਏ, ਇਹ ਦੋਵੇਂ ਇਲਾਕੇ ਰਣਜੀਤ ਸਿੰਘ ਨੂੰ ਸੌਂਪ ਦਿੱਤੇ ਜਾਣ—ਤਖ਼ਤ ਦੀ ਬਹਾਲੀ ਵਿਚ ਸਹਾਇਤਾ ਦੇ ਇਵਜਾਨੇ ਵਜੋਂ । ਪਰੰਤੂ ਕੋਈ ਉਪਚਾਰਕ ਸੰਧੀ ਨਾ ਹੋ ਸਕੀ ਕਿਉਂਕਿ ਸ਼ਾਹ ਸ਼ੁਜਾਹ ਨੂੰ ਰਾਵਲਪਿੰਡੀ ਜਾਣ ਦੀ ਕਾਹਲੀ ਸੀ, ਜਿੱਥੇ ਜ਼ਮਾਨ ਸ਼ਾਹ ਪਹਿਲਾਂ ਪੁੱਜ ਚੁੱਕਾ ਸੀ ਤੇ ਜਿੱਥੇ ਉਸ ਨੂੰ ਪਿਸ਼ਾਵਰ ਦੇ ਯੂਸਫਜਾਈ ਤੇ ਹੋਰ ਕਬੀਲਿਆਂ ਨੇ ਤਾਬਿਆਦਾਰੀ ਦੇ ਸੰਦੇਸ਼ ਭੇਜੇ ਸਨ । ਸੁਜਾਹ ਨੇ ਮੁਲਤਾਨ ਤੇ ਕਬਜ਼ੇ ਲਈ ਕਈ ਵਾਰ ਕੋਸ਼ਿਸ਼ ਕੀਤੀ ਸੀ ਅਤੇ ਖੁਦ ਉਧਰ ਗਿਆ ਸੀ, ਪਰ ਉਸ ਨੂੰ ਉੱਥੇ ਕੋਈ ਆਦਰ ਨਾ ਮਿਲ ਸਕਿਆ, ਨਾ ਹੀ ਉਸ ਨੂੰ ਕਿਸੇ ਨੇ ਸ਼ਹਿਰ ਵਿਚ ਦਾਖਲ ਹੋਣ ਦੀ ਆਗਿਆ ਦਿੱਤੀ। ਕਸ਼ਮੀਰ ਬਾਰੇ ਹਾਲਾਤ ਹੋਰ ਵੀ ਅਨਿਸ਼ਚਿਤ ਸਨ ਕਿਉਂਕਿ ਉਥੋਂ ਦੇ ਗਵਰਨਰ ਦੀ ਫਰਮਾਬਰਦਾਰੀ ਦਾ ਕੋਈ ਭਰੋਸਾ ਨਹੀਂ ਸੀ।

ਮਹਾਰਾਜਾ ਰਣਜੀਤ ਸਿੰਘ | Maharaja Ranjit Singh |

ਰਣਜੀਤ ਸਿੰਘ ਨੇ ਪਹਿਲਾਂ ਮੁਲਤਾਨ ਵੱਲ ਰੁੱਖ ਕੀਤਾ । ਦਰਬਾਰ ਦੀਆਂ ਫ਼ੌਜਾਂ ਦਾ ਥੋੜ੍ਹੇ ਸਮੇਂ ਵਿਚ ਹੀ ਸ਼ਹਿਰ ਤੇ ਕਬਜ਼ਾ ਹੋ ਗਿਆ। ਅੱਗੇ ਵੀ ਇੰਜ ਹੋ ਚੁੱਕਾ ਸੀ । ਪਰ ਕਿਲ੍ਹੇ ਨੂੰ ਜਿੱਤਣਾ ਔਖੀ ਖੇਡ ਸੀ, ਜ਼ਮ ਜ਼ਮ ਤੋਪ ਨਾਲ ਵੀ, ਜੋ ਰਣਜੀਤ ਸਿੰਘ ਨੇ ਭੰਗੀਆਂ ਪਾਸੋਂ ਲਈ ਸੀ ਤੇ ਜੋ ਅੱਸੀ ਪੌਂਡ ਦਾ ਗੋਲਾ ਸੁੱਟ ਸਕਦੀ ਸੀ। ਤਿੰਨ ਮਹੀਨੇ ਦੇ ਘੇਰੇ ਪਿੱਛੋਂ ਨਵਾਬ ਮੁਜ਼ੱਫਰਖ਼ਾਨ ਨੇ ਕਰ ਦੇਣਾ ਮਨਜ਼ੂਰ ਕਰ ਲਿਆ ਤੇ ਘੇਰਾ ਚੁੱਕ ਲਿਆ ਗਿਆ। ਇਹ ਪੁਰਾਣੀ ਕਹਾਣੀ ਦਾ ਦੁਹਰਾਣਾ ਹੀ ਸੀ । ਫਿਰ ਕਈ ਸਿੱਖਾਂ ਤੇ ਮੁਸਲਮਾਨ ਸਰਦਾਰਾਂ ਅਤੇ ਭਿੰਬਰ ਤੇ ਰਾਜੌਰੀ ਦੇ ਪਹਾੜੀ ਰਾਜਿਆਂ ਨੂੰ ਅਧੀਨ ਕਰਕੇ ਉਹ ਲੂਣ ਦੀਆਂ ਖਾਣਾਂ ਦੇ ਇਲਾਕੇ ਖਿਊੜਾ ਪੁੱਜਾ, ਜੋ ਸਿੰਧ ਤੇ ਜਿਹਲਮ ਦੀਆਂ ਨਦੀਆਂ ਦੇ ਵਿਚਕਾਰ ਸੀ । ਇਹ ਫ਼ਰਵਰੀ 1811 ਦਾ ਸਮਾਂ ਸੀ । ਇਸ ਵੇਲੇ ਉਸ ਨੂੰ ਖ਼ਬਰ ਮਿਲੀ ਕਿ ਅਫ਼ਗ਼ਾਨਿਸਤਾਨ ਦਾ ਇਕ ਹੋਰ ਮਹਿਮਾਨ ਪੰਜਾਬ ਵਿਚ ਆ ਪਹੁੰਚਿਆ ਹੈ। ਇਹ ਸੀ ਕਾਬਲ ਦਾ ਇਸ ਵੇਲੇ ਦਾ ਬਾਦਸ਼ਾਹ ਸ਼ਾਹ ਮਹਿਮੂਦ ਜੋ 12000 ਫ਼ੌਜ ਸਮੇਤ ਆਇਆ ਸੀ । ਇਹ ਅਤਾ ਮੁਹੰਮਦ, ਗਵਰਨਰ ਕਸ਼ਮੀਰ, ਤੇ ਜਹਾਨਦਾਦ ਖ਼ਾਨ ਅਟੱਕ ਦੇ ਗਵਰਨਰ ਨੂੰ ਸਬਕ ਸਿਖਾਣ ਲਈ ਆਇਆ ਸੀ ਕਿਉਂਕਿ ਉਸ ਨੂੰ ਸ਼ੱਕ ਸੀ ਕਿ ਇਨ੍ਹਾਂ ਦੋਹਾਂ ਨੇ ਸ਼ੁਜਾਹ ਦੀ ਪਿਸ਼ਾਵਰ ਦੇ ਹਮਲੇ ਦੌਰਾਨ ਸਹਾਇਤਾ ਕੀਤੀ ਸੀ। ਫ਼ਕੀਰ ਅਜ਼ੀਜ਼ਉੱਦੀਨ ਉਸ ਨੂੰ ਮਿਲਿਆ ਤੇ ਉਸ ਦੇ ਇਰਾਦੇ ਦਾ ਜਾਇਜ਼ਾ ਲੈਣ ਬਾਅਦ ਇਨ੍ਹਾਂ ਦੋਹਾਂ ਹਾਕਮਾਂ ਦੀ ਮੁਲਾਕਾਤ ਰਾਵਲਪਿੰਡੀ ਵਿਚ ਹੋਈ। ਰਣਜੀਤ ਸਿੰਘ ਨੇ ਤਿਆਰੀ ਕੀਤੀ ਹੋਈ ਸੀ ਕਿ ਸ਼ਾਹ ਮਹਿਮੂਦ ਦੇ ਹੱਲੇ ਨੂੰ ਰੋਕਿਆ ਜਾਵੇ, ਪਰ ਇਸ ਮੁਲਾਕਾਤ ਨਾਲ ਦੋਹਾਂ ਦੇ ਸੰਬੰਧ ਚੰਗੇ ਹੋ ਗਏ ਤੇ ਸ਼ਾਹ ਸੁਗਾਤਾਂ ਤੇ ਤੁਹਫੇ ਲੈ ਕੇ ਵਾਪਸ ਚਲਾ ਗਿਆ।

ਰਣਜੀਤ ਸਿੰਘ ਦੀ ਸ਼ਾਹ ਸ਼ੁਜਾਹ ਨਾਲ ਮਿਲਣੀ, ਜੋ ਇਕ ਸਾਲ ਪਹਿਲਾਂ ਹੋਈ ਸੀ, ਤੇ ਸ਼ਾਹ ਮਹਿਮੂਦ ਨਾਲ ਹੋਈ ਹੁਣ ਵਾਲੀ ਮਿਲਣੀ ਦੇ ਵਿਚਲੇ ਸਮੇਂ ਅੰਦਰ ਕਈ ਉਤਾਰ ਚੜ੍ਹਾ ਹੋ ਚੁੱਕੇ ਸਨ । ਸ਼ੁਜਾਹ ਨੇ ਪਿਸ਼ੌਰ ਦੇ ਇਰਦ ਗਿਰਦ ਦੇ ਪਠਾਨਾਂ ਪਾਸੋਂ ਫ਼ੌਜ ਇਕੱਠੀ ਕਰ ਕੇ ਤੇ ਕਸ਼ਮੀਰ ਤੇ ਅਟਕ ਦੇ ਗਵਰਨਰਾਂ ਦੀ ਖੁਫੀਆ ਸਹਾਇਤਾ ਨਾਲ ਸ਼ਾਹ ਮਹਿਮੂਦ ਨੂੰ ਭਾਂਜ ਦਿੱਤੀ ਸੀ ਤੇ ਉਸ ਨੂੰ ਫਿਰ, ਕਿਸਮਤ ਦੇ ਖੇਲ ਵੇਖੋ, ਅਟਕ ਦੇ ਕਿਲ੍ਹੇ ਵਿਚ ਹੀ ਸ਼ਰਨ ਲੈਣੀ ਪਈ ਸੀ । ਪਰ ਸ਼ਾਹ ਸ਼ੁਜਾਹ ਕਾਬਲ ਦੇ ਤਖ਼ਤ ਤੇ ਕੇਵਲ ਚਾਰ ਮਹੀਨੇ ਹੀ ਰਿਹਾ। ਵਜ਼ੀਰ ਫ਼ਤਹ ਖ਼ਾਨ ਦੇ ਭਰਾਵਾਂ ਨੇ ਉਸ ਨੂੰ ਕਰਾਰੀ ਹਾਰ ਦੇ ਕੇ ਫਿਰ ਬਾਹਰ ਕੱਢ ਦਿੱਤਾ। ਕਿਸਮਤ ਦੇ ਚੱਕਰ ਨਾਲ ਉਸ ਨੂੰ ਵੀ ਆਪਣੇ ਵਿਰੋਧੀ ਵਾਂਗ ਅਟਕ ਦੇ ਕਿਲ੍ਹੇ ਵਿਚ ਪਨਾਹ ਲੈਣੀ ਪਈ । ਉਥੋਂ ਉਹ ਅਤਾ ਮੁਹੰਮਦ ਦੇ ਸੱਦੇ ਤੇ ਕਸ਼ਮੀਰ ਚਲਾ ਗਿਆ । ਜਦੋਂ ਰਣਜੀਤ ਸਿੰਘ ਤੇ ਮਹਿਮੂਦ ਦੀ ਮਿਲਣੀ ਹੋਈ ਉਦੋਂ ਉਹ ਅਤਾ ਮੁਹੰਮਦ ਦੇ ਹੱਥਾਂ ਵਿਚ ਕੈਦ ਸੀ ਤੇ ਮਹਿਮੂਦ ਕਾਬਲ ਦੇ ਤਖ਼ਤ ਉੱਤੇ ਬੈਠਾ ਰਾਜ ਕਰ ਰਿਹਾ ਸੀ । ਇਨ੍ਹਾਂ ਝਟਾ-ਪਟੀ ਦੀਆਂ ਤਬਦੀਲੀਆਂ ਵਿਚੋਂ ਜੋ ਗੱਲ ਨਿਤਰ ਕੇ ਸਾਹਮਣੇ ਆਉਂਦੀ ਹੈ, ਉਹ ਇਹ ਹੈ ਕਿ ਜਹਾਨਦਾਦ ਖ਼ਾਨ ਤੇ ਅਤਾ ਮੁਹੰਮਦ ਖ਼ਾਨ, ਜੋ ਭਰਾ ਸਨ, ਕਾਬਲ ਤੋਂ ਸੁਤੰਤਰ ਹੋਣਾ ਲੋਚਦੇ ਸਨ ਤੇ ਇਸ ਮਨੋਰਥ ਲਈ ਤਖ਼ਤ ਦੇ ਵਾਰਸਾਂ ਨੂੰ ਇਕ ਦੂਜੇ ਦੇ ਖ਼ਿਲਾਫ ਲੜਾ ਰਹੇ ਸਨ । ਸ਼ਾਹ ਸ਼ੁਜਾਹ ਨੇ ਅਟਕ ਤੋਂ ਕਸ਼ਮੀਰ ਜਾਣ ਤੋਂ ਪਹਿਲਾਂ ਰਣਜੀਤ ਸਿੰਘ ਦੀ ਰਾਇ ਪੁੱਛੀ ਸੀ ਪਰੰਤੂ ਰਣਜੀਤ ਸਿੰਘ ਨੇ ਇਹ ਕਿਹਾ ਕਿ ਉਹ ਆਪਣਾ ਨਫ਼ਾ ਨੁਕਸਾਨ ਆਪ ਸੋਚ ਲਵੇ । ਕਸ਼ਮੀਰ ਜਾਣ ਤੋਂ ਪਹਿਲਾਂ ਉਸ ਨੇ ਰਣਜੀਤ ਸਿੰਘ ਨੂੰ ਇਹ ਵੀ ਬੇਨਤੀ ਕੀਤੀ ਸੀ ਕਿ ਉਸ ਦੇ ਟੱਬਰ ਨੂੰ ਲਾਹੌਰ ਰਹਿਣ ਦੀ ਆਗਿਆ ਦਿੱਤੀ ਜਾਏ ਜਿੱਥੇ ਉਸ ਦਾ ਖ਼ਿਆਲ ਸੀ ਕਿ ਉਹ ਰਾਵਲਪਿੰਡੀ ਦੇ ਮੁਕਾਬਲੇ ਤੇ ਜ਼ਿਆਦਾ ਸੁਰੱਖਿਅਤ ਹੋਣਗੇ। ਇਹ ਬੇਨਤੀ ਪ੍ਰਵਾਨ ਕਰ ਕੇ ਰਣਜੀਤ ਸਿੰਘ ਨੇ ਸ਼ਾਹ ਜ਼ਮਾਨ ਤੇ ਦੋਹਾਂ ਭਰਾਵਾਂ ਦੇ ਟੱਬਰਾਂ ਨੂੰ ਲਾਹੌਰ ਵਿਚ ਮਕਾਨ ਦੇ ਦਿੱਤੇ । ਉਨ੍ਹਾਂ ਨੂੰ ਸ਼ਾਹਾਨਾ ਤਰੀਕੇ ਨਾਲ ਪਿੰਡੀ ਤੋਂ ਲਾਹੌਰ ਲਿਆਂਦਾ ਗਿਆ ਤੇ ਰਣਜੀਤ ਸਿੰਘ ਨੇ ਆਪ ਉਨ੍ਹਾਂ ਨੂੰ ਗ੍ਰਹਿ ਪਰਵੇਸ਼ ਕਰਵਾਇਆ। ਸ਼ਾਹ ਸ਼ੁਜਾਹ ਦੇ ਕਸ਼ਮੀਰ ਜਾਣ ਤੋਂ ਪਹਿਲਾਂ ਵਜ਼ੀਰ ਫ਼ਤਹ ਖ਼ਾਨ ਨੇ ਆਪਣੇ ਏਲਚੀ ਰਣਜੀਤ ਸਿੰਘ ਕੋਲ ਭੇਜੇ ਸਨ ਇਹ ਪੜਤਾਲ ਕਰਨ ਲਈ ਕਿ ਕੀ ਉਹ ਕਸ਼ਮੀਰ ਦੇ ਹਮਲੇ ਵਿਚ ਉਸ ਦੀ ਸਹਾਇਤਾ ਕਰੇਗਾ । ਉਸ ਸਮੇਂ ਗੋਲ ਮੋਲ ਵਹਿਦੇ ਕਰ ਕੇ ਰਣਜੀਤ ਸਿੰਘ ਨੇ ਟਾਲ ਦਿੱਤਾ ਤੇ ਕੋਈ ਪੱਕਾ ਇਕਰਾਰ ਨਾ ਕੀਤਾ। ਕਹਿ ਭੇਜਿਆ ਕਿ ਉਹ ਆਪਣਾ ਫ਼ੈਸਲਾ ਸ਼ਹਿਜਾਦਾ ਖੜਕ ਸਿੰਘ ਦੀ ਸ਼ਾਦੀ ਦੇ ਬਾਅਦ ਦੱਸੇਗਾ ਜਿਹੜੀ ਕਿ ਜਲਦੀ ਹੋਣ ਵਾਲੀ ਸੀ। ਸ਼ਾਦੀ ਦੇ ਸਮੇਂ ਰਣਜੀਤ ਸਿੰਘ ਨੇ ਕਰਨਲ ਅਖਤਰਲੋਨੀ ਦੀ ਰਾਇ ਪੁੱਛ ਲਈ ਜੋ ਗਵਰਨਰ ਜਨਰਲ ਦਾ ਨੁਮਾਇੰਦਾ ਬਣ ਕੇ ਆਇਆ ਸੀ । ਉਸ ਨੇ ਉੱਤਰ ਦਿੱਤਾ ਕਿ ਅੰਗਰੇਜ਼ ਕਸ਼ਮੀਰ ਦੇ ਹੱਲੇ ਦੇ ਸੰਬੰਧ ਵਿਚ ਉਸ ਦੀ ਕੋਈ ਸਹਾਇਤਾ ਜਾਂ ਵਿਰੋਧਤਾ ਨਹੀਂ ਕਰਨਗੇ । ਇਸ ਮਾਮਲੇ ਦੇ ਦੋ ਪੱਖ ਸਨ । ਇਹ ਨਿਰਾ ਕਸ਼ਮੀਰ ਦੇ ਕਬਜ਼ੇ ਦਾ ਸਵਾਲ ਨਹੀਂ ਸੀ ਪਰੰਤੂ ਸ਼ਾਹ ਸ਼ੁਜਾਹ ਨੂੰ ਕੈਦ ਵਿਚੋਂ ਛਡਾਉਣ ਦਾ ਸਵਾਲ ਸੀ। ਸ਼ਾਦੀ ਦੇ ਜਲਦੀ ਬਾਅਦ ਵਜ਼ੀਰ ਖ਼ਾਨ ਨੇ ਫਿਰ ਆਪਣੇ ਆਦਮੀ ਭੇਜੇ ਤੇ ਉਸ ਨੇ ਪੇਸ਼ਕਸ਼ ਕੀਤੀ ਕਿ ਉਹ ਰਣਜੀਤ ਸਿੰਘ ਨੂੰ ਅੱਧੀ ਲੁੱਟ ਤੇ ਨੌਂ ਲੱਖ ਰੁਪਏ ਦੇਵੇਗਾ ਜੇ ਉਹ ਕਸ਼ਮੀਰ ਦੇ ਕਬਜ਼ੇ ਲਈ ਉਸ ਦੀ ਮੱਦਦ ਕਰਨਾ ਮਨਜ਼ੂਰ ਕਰੇ । ਸ਼ਾਹ ਸ਼ੁਜਾਹ ਦੀ ਵੱਡੀ ਰਾਣੀ ਵਫਾ ਬੇਗ਼ਮ ਨੇ ਇਕ ਹੋਰ ਪੇਸ਼ਕਸ਼ ਕੀਤੀ ਕਿ ਜੇ ਸ਼ੁਜਾਹ ਨੂੰ ਉਨ੍ਹਾਂ ਨਾਲ ਮਿਲਾ ਦਿੱਤਾ ਜਾਵੇ ਤਾਂ ਉਹ ਦੁਨੀਆਂ ਦਾ ਸਭ ਤੋਂ ਕੀਮਤੀ ਹੀਰਾ ਕੋਹਨੂਰ ਮਹਾਰਾਜੇ ਨੂੰ ਦੇਵੇਗੀ। ਦੋਵੇਂ ਪੇਸ਼ਕਸ਼ਾਂ ਚੰਗੀਆਂ ਸਨ ਤੇ ਇਕ ਦੂਜੇ ਨੂੰ ਕਾਟ ਵੀ ਨਹੀਂ ਸਨ ਕਰਦੀਆਂ। ਸੋ ਇਹ ਦੋਵੇਂ ਸੁਝਾਉ ਪ੍ਰਵਾਨ ਕਰ ਲਏ ਗਏ ਤੇ ਰਣਜੀਤ ਸਿੰਘ ਨੇ ਇਹ ਜ਼ਿੰਮੇਵਾਰੀਆਂ ਸੰਭਾਲਣ ਦਾ ਪ੍ਰਣ ਦੇ ਦਿੱਤਾ।

ਰਣਜੀਤ ਸਿੰਘ ਤੇ ਵਜ਼ੀਰ ਫ਼ਤਹ ਖ਼ਾਨ ਦਸੰਬਰ 1812 ਵਿਚ ਜੇਹਲਮ ਦੇ ਪੱਛਮੀ ਕਿਨਾਰੇ ਰੋਹਤਾਸ ਦੇ ਸਥਾਨ ਤੇ ਮਿਲੇ । ਰਣਜੀਤ ਸਿੰਘ ਨੇ ਤਜਵੀਜ਼ ਰੱਖੀ ਕਿ ਦੋਵੇਂ ਫ਼ੌਜਾਂ ਮੁਜੱਫਰਾਬਾਦ ਦੇ ਰਸਤੇ ਦੀ ਬਜਾਇ ਮੀਰਪੁਰ ਤੇ ਰਾਜੌਰੀ ਦੇ ਰਸਤੇ ਮਾਰਚ ਕਰਨ, ਕਿਉਂਕਿ ਉਸ ਦਾ ਖ਼ਿਆਲ ਸੀ ਕਿ ਮੁਜ਼ੱਫਰਾਬਾਦ ਦੇ ਰਾਹ ਵਿਚ ਬਰਫ ਹੋਵੇਗੀ। ਇਹ ਗੱਲ ਮੰਨੀ ਗਈ। ਦੀਵਾਨ ਮੋਹਕਮ ਚੰਦ ਤੇ ਸਰਦਾਰ ਦਲ ਸਿੰਘ ਨੂੰ ਦਰਬਾਰ ਦੀਆਂ ਫ਼ੌਜਾਂ ਦੀ ਕਮਾਨ ਸੌਂਪੀ ਗਈ ਤੇ ਰਣਜੀਤ ਸਿੰਘ ਨੇ ਉਨ੍ਹਾਂ ਨੂੰ ਪੱਕੀ ਹਦਾਇਤ ਕੀਤੀ ਕਿ ਸ਼ਾਹ ਸ਼ੁਜਾਹ ਨੂੰ ਹਰ ਹਾਲਤ ਵਿਚ ਤੇ ਹਰ ਕੀਮਤ ਤੇ ਛੁਡਾ ਕੇ ਲਿਆਉਣਾ ਹੈ । ਦੋਵੇਂ ਫ਼ੌਜਾਂ ਜੇਹਲਮ ਟੱਪ ਕੇ ਭਿੰਬਰ, ਰਾਜੌਰੀ ਦੇ ਰਸਤੇ ਪੀਰ ਪੰਜਾਲ ਵੱਲ ਵਧੀਆਂ । ਪੀਰ ਪੰਜਾਲ ਤੇ ਕਾਫ਼ੀ ਬਰਫ਼ ਪਈ ਹੋਈ ਸੀ । ਵਜ਼ੀਰ ਫ਼ਤਹ ਖ਼ਾਨ ਨੂੰ ਆਪਣੀ ਫ਼ੌਜ ਦੀ ਵਿਸ਼ੇਸ਼ ਕਾਬਲੀਅਤ ਤੇ ਭਰੋਸਾ ਸੀ ਕਿ ਉਹ ਬਰਫਾਨੀ ਪਹਾੜੀਆਂ ਉਪਰੋਂ ਆਸਾਨੀ ਨਾਲ ਲੰਘ ਸਕਦੀ ਹੈ। ਇਸ ਲਈ ਉਹ ਮੁਹਕਮ ਚੰਦ ਨੂੰ ਖ਼ਬਰ ਦਿੱਤੇ ਬਿਨਾਂ ਚੁੱਪ-ਚਾਪ ਵੱਡੀਆਂ ਵੱਡੀਆਂ ਮੰਜ਼ਲਾਂ ਮਾਰਦਾ ਹੋਇਆ ਅੱਗੇ ਵਧਦਾ ਗਿਆ । ਜੇ ਉਹ ਸ਼ੇਰਗੜ੍ਹ ਜਲਦੀ ਪੁੱਜ ਜਾਂਦਾ ਜਿੱਥੇ ਕਿ ਸ਼ਾਹ ਸ਼ੁਜਾਹ ਕੈਦ ਸੀ ਤਾਂ ਇਸ ਗੱਲ ਦਾ ਕੀ ਪਤਾ ਸੀ ਕਿ ਉਹ ਉਸ ਨਾਲ ਕੈਸਾ ਸਲੂਕ ਕਰੇ। ਖ਼ੁਸ਼-ਕਿਸਮਤੀ ਨਾਲ ਰਾਜੌਰੀ ਦੇ ਆਗੂ ਨੇ ਜਗੀਰ ਦੇ ਲਾਲਚ ਵਿਚ ਆ ਕੇ ਇਕ ਛੁਟੇਰਾ ਰਸਤਾ ਦੱਸ ਦਿੱਤਾ ਜਿਸ ਦੁਆਰਾ ਦਰਬਾਰ ਦੀਆਂ ਫ਼ੌਜਾਂ ਸ਼ੇਰਗੜ੍ਹ ਦੇ ਮੁਹਾਸਰੇ ਵਿਚ ਅਫ਼ਗ਼ਾਨਾਂ ਨਾਲ ਰਲ ਕੇ ਭਾਗ ਲੈਣ ਲਈ ਐਨ ਵਕਤ ਤੇ ਪੁੱਜ ਗਈਆਂ। ਦੋ ਪਾਸਿਆਂ ਤੋਂ ਖ਼ਤਰਾ ਵੇਖ ਕੇ ਅਤਾ ਮੁਹੰਮਦ ਖ਼ਾਨ, ਗਵਰਨਰ, ਨੇ ਪਹਿਲਾਂ ਸ਼ੁਜ਼ਾਹ ਦੇ ਬਾਦਸ਼ਾਹ ਹੋਣ ਦੀ ਘੋਸ਼ਣਾ ਕੀਤੀ ਤੇ ਫਿਰ ਵਜੀਰ ਫਤਹ ਖ਼ਾਨ ਨਾਲ ਗੱਲਬਾਤ ਅਰੰਭੀ। ਇਹ ਮਸਲਾ ਸ਼ੁਜਾਹ ਨੇ ਆਪ ਹੀ ਹੱਲ ਕਰ ਦਿੱਤਾ ਕਿਉਂਕਿ ਉਹ ਆਪ ਹੀ ਪੈਦਲ ਚੱਲ ਕੇ ਸਿੱਖ ਕੈਂਪ ਵਿਚ ਜਾ ਪਹੁੰਚਿਆ। ਫਤਹ ਖ਼ਾਨ ਨੇ ਮੰਗ ਕੀਤੀ ਕਿ ਸ਼ੁਜਾਹ ਨੂੰ ਉਸ ਦੇ ਹਵਾਲੇ ਕੀਤਾ ਜਾਏ ਤੇ ਇਸ ਲਈ ਫ਼ੌਜੀ ਕਾਰਵਾਈ ਦੀ ਧਮਕੀ ਵੀ ਦਿੱਤੀ । ਪਰੰਤੂ ਦੀਵਾਨ ਮੁਹਕਮ ਚੰਦ ਨੇ ਸ਼ੁਜਾਹ ਦੀ ਆਪਣੀ ਮਰਜ਼ੀ ਵੇਖ ਕੇ ਉਸ ਦਾ ਸਾਥ ਦੇਣਾ ਹੀ ਠੀਕ ਸਮਝਿਆ । ਉਸ ਦੇ ਇਸ ਰੁਝੇਵੇਂ ਤੋਂ ਅਫਗ਼ਾਨਾਂ ਨੇ ਪੂਰਾ ਲਾਭ ਉਠਾਇਆ ਤੇ ਉਨ੍ਹਾਂ ਨੇ ਸ਼ੇਰਗੜ੍ਹ, ਹਰੀ ਪਰਬਤ ਤੇ ਹੋਰ ਛੋਟੇ ਮੋਟੇ ਕਿਲ੍ਹੇ ਆਪਣੇ ਕਾਬੂ ਵਿਚ ਲੈ ਲਏ ਤੇ ਸਾਰੀ ਲੁੱਟ-ਮਾਰ ਵੀ ਆਪ ਹੀ ਸਾਂਭ ਲਈ। ਜਦੋਂ ਦੀਵਾਨ ਮੁਹਕਮ ਚੰਦ ਨੇ ਲੁੱਟ-ਮਾਰ ਵਿਚੋਂ ਆਪਣਾ ਹਿੱਸਾ ਤੇ ਨੋ ਲੱਖ ਰੁਪਏ ਦੀ ਸਾਲਾਨਾ ਕਿਸ਼ਤ ਦੀ ਮੰਗ ਕੀਤੀ ਤਦ ਫ਼ਤਹ ਖ਼ਾਨ ਨੇ ਇਨਕਾਰ ਕਰ ਦਿੱਤਾ ਇਹ ਕਹਿ ਕੇ ਕਿ ਦਰਬਾਰ ਦੀਆਂ ਫ਼ੌਜਾਂ ਨੇ ਕੁਝ ਨਹੀਂ ਕੀਤਾ, ਇਸ ਲਈ ਉਨ੍ਹਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ। ਜਦੋਂ ਇਹ ਝਗੜਾ ਚਲ ਰਿਹਾ ਸੀ, ਅਤਾ ਮੁਹੰਮਦ ਮੌਕਾ ਤਾੜ ਕੇ ਨੱਸ ਗਿਆ ।

ਜਦੋਂ ਮੁਹਕਮ ਚੰਦ ਤੋਂ ਇਹ ਸਾਰੀ ਜਾਣਕਾਰੀ ਮਿਲ ਗਈ ਤਾਂ ਰਣਜੀਤ ਸਿੰਘ ਨੇ ਹੁਕਮ ਦਿੱਤਾ ਕਿ ਅਟਕ ਦੇ ਕਿਲ੍ਹੇ ਤੇ ਟਾਕਰੇ ਦੀ ਕਾਰਵਾਈ ਦੇ ਤੌਰ ਤੇ ਕਬਜ਼ਾ ਕਰ ਲਿਆ ਜਾਏ। ਗਵਰਨਰ ਜਹਾਂਦਾਦ ਖ਼ਾਨ ਹਾਰ ਖਾਣ ਕਰਕੇ ਤੇ ਆਪਣੇ ਭਰਾ ਅਤਾ ਮੁਹੰਮਦ ਦੇ ਦੌੜਨ ਕਰਕੇ ਹੁਣ ਬਹੁਤ ਕਮਜ਼ੋਰ ਮਹਿਸੂਸ ਕਰ ਰਿਹਾ ਸੀ । ਉਹ ਵਜ਼ੀਰ ਫ਼ਤਹ ਖ਼ਾਨ ਦੇ ਗੁੱਸੇ ਨੂੰ ਖ਼ਾਲਸਾ ਦਰਬਾਰ ਨਾਲ ਸਮਝੌਤੇ ਨਾਲੋਂ ਵਧੇਰੇ ਭਿਆਨਕ ਸਮਝਦਾ ਸੀ, ਇਸ ਲਈ ਉਸ ਨੇ ਕਿਲ੍ਹਾ ਫ਼ਕੀਰ ਅਜੀਜਉੱਦੀਨ ਦੇ ਹਵਾਲੇ ਕਰ ਦਿੱਤਾ। ਜਦੋਂ ਇਹ ਖ਼ਬਰ ਸ਼ੇਰਗੜ੍ਹ ਪੁੱਜੀ, ਦੀਵਾਨ ਮੁਹਕਮ ਚੰਦ ਖ਼ਾਲਸਾ ਫ਼ੌਜ ਤੇ ਸ਼ਾਹੀ ਮਹਿਮਾਨ ਨਾਲ ਪਹਿਲਾਂ ਹੀ ਲਾਹੌਰ ਵੱਲ ਚੱਲ ਪਿਆ ਸੀ ਅਤੇ ਹੁਣ ਉਹ ਬਿਲਕੁਲ ਮਹਿਫੂਜ ਸੀ। ਇਹ ਘਟਨਾ ਮਾਰਚ 1813 ਦੀ ਹੈ।

ਰਣਜੀਤ ਸਿੰਘ ਨੇ ਜੋ ਇਕਰਾਰ ਵਫਾ ਬੇਗਮ ਨਾਲ ਕੀਤਾ ਸੀ ਉਹ ਪੂਰਾ ਕਰ ਦਿੱਤਾ ਸੀ। ਸ਼ਾਹ ਸ਼ੁਜਾਹ ਆਪਣੇ ਟੱਬਰ ਨਾਲ ਮੁੜ ਆ ਮਿਲਿਆ ਸੀ ਭਾਵੇਂ ਉਸ ਨੂੰ ਧੋਖੇਬਾਜ਼ਾਂ ਤੇ ਭਰੋਸਾ ਕਰਕੇ ਆਪ ਸਹੇੜੀਆਂ ਕਈ ਮੁਸੀਬਤਾਂ ਵਿਚੋਂ ਦੀ ਲੰਘਣਾ ਪਿਆ ਸੀ। ਪਰ ਅਜੇ ਵੀ ਉਹ ਚੰਗੀ ਦਸ਼ਾ ਵਿਚ ਸੀ। ਸ਼ਹਿਜ਼ਾਦਾ ਖੜਕ ਸਿੰਘ ਤੇ ਭਈਆ ਰਾਮ ਸਿੰਘ ਪੂਰੀ ਸਜ-ਧਜ ਨਾਲ ਉਸ ਨੂੰ ਜਹਾਂਗੀਰ ਦੇ ਮਕਬਰੇ ਤੋਂ ਮੁਬਾਰਕ ਹਵੇਲੀ ਤਕ ਲੈ ਕੇ ਆਏ ਜਿਹੜੀ ਕਿ ਅਕਬਰ ਦੇ ਲਾਇਕ ਵਜ਼ੀਰ ਅਬੁਲ-ਫਜ਼ਲ ਦੇ ਪਿਤਾ ਨੇ ਬਣਵਾਈ ਸੀ ਤੇ ਹੁਣ ਸ਼ਾਹ ਸ਼ੁਜਾਹ ਦੀ ਵਰਤੋਂ ਲਈ ਉਨ੍ਹਾਂ ਦੇ ਹਵਾਲੇ ਕੀਤੀ ਹੋਈ ਸੀ । ਦੂਜੇ ਦਿਨ ਭਈਆ ਰਾਮ ਸਿੰਘ ਕੋਹਨੂਰ ਹੀਰੇ ਬਾਰੇ ਪਤਾ ਕਰਨ ਲਈ ਮੁਬਾਰਕ ਹਵੇਲੀ ਗਿਆ। ਉਸ ਨੂੰ ਟਾਲ ਦਿੱਤਾ ਗਿਆ। ਇਸ ਲਈ ਮੁਬਾਰਕ ਹਵੇਲੀ ਤੇ ਪੱਕਾ ਪਹਿਰਾ ਲਗਾ ਦਿੱਤਾ ਗਿਆ । ਕੁਝ ਦਿਨਾਂ ਬਾਅਦ ਸ਼ਾਹ ਦੇ ਖ਼ਾਸ ਆਦਮੀ ਕਿਲ੍ਹੇ ਵਿਚ ਆਏ ਤੇ ਉਨ੍ਹਾਂ ਨੇ ਸ਼ਾਹ ਵੱਲੋਂ ਸ਼ੁਭ ਸੰਦੇਸ਼ ਲਿਆਂਦਾ ਤੇ ਇਸ ਗੱਲ ਦਾ ਅਫ਼ਸੋਸ ਜ਼ਾਹਰ ਕੀਤਾ ਕਿ ਕੋਈ ਗ਼ਲਤਫਹਿਮੀ ਹੋ ਗਈ ਹੈ, ਕਿਉਂਕਿ ਸ਼ਾਹ ਨੇ ਪੰਜਾਬ ਆਉਣ ਤੋਂ ਪਹਿਲਾਂ ਉਹ ਹੀਰਾ ਕੰਧਾਰ ਦੇ ਇਕ ਵਪਾਰੀ ਪਾਸ ਗਹਿਣੇ ਰਖਿਆ ਸੀ । ਇਹ ਸਾਫ ਝੂਠ ਸੀ ਤੇ ਵਫਾ ਬੇਗਮ ਦੀ ਪੇਸ਼ਕਸ਼ ਨਾਲ ਬਿਲਕੁਲ ਮੇਲ ਨਹੀਂ ਸੀ ਖਾਂਦਾ, ਕਿਉਂਕਿ ਬੇਗਮ ਦੀ ਪੇਸ਼ਕਸ਼ ਤੋਂ ਸਾਫ ਜ਼ਾਹਰ ਹੁੰਦਾ ਸੀ ਕਿ ਹੀਰਾ ਉਸ ਦੇ ਕਬਜ਼ੇ ਵਿਚ ਹੈ। ਰਣਜੀਤ ਸਿੰਘ ਨੇ ਇਸ ਕਹਾਣੀ ਦੀ ਪਰਵਾਹ ਨਾ ਕੀਤੀ ਤੇ ਸ਼ਾਹ ਦੇ ਟੱਬਰ ਲਈ ਤਿੰਨ ਲੱਖ ਰੁਪਏ ਨਕਦ ਤੇ ਪੰਜਾਹ ਹਜ਼ਾਰ ਰੁਪਏ ਦੀ ਜਗੀਰ ਪੇਸ਼ਕਸ਼ ਕੀਤੀ ਜੋ ਸ਼ਾਹ ਵੱਲੋਂ ਮਨਜ਼ੂਰ ਕੀਤੀ ਗਈ। ਪਰ ਸ਼ਾਹ ਨੇ 50 ਦਿਨ ਦੀ ਮੁਹਲਤ ਮੰਗੀ ਜੋ ਪ੍ਰਵਾਨ ਕੀਤੀ ਗਈ। ਸਮੇਂ ਦੀ ਮੁਹਲਤ ਮੁੱਕਣ ‘ਤੇ ਪਹਿਲੀ ਜੂਨ 1813 ਨੂੰ ਮਹਾਰਾਜੇ ਨੇ ਫ਼ਕੀਰ ਅਜ਼ੀਜ਼ਉੱਦੀਨ, ਭਾਈ ਗੁਰਬਖ਼ਸ਼ ਸਿੰਘ ਤੇ ਜਮਾਂਦਾਰ ਖੁਸ਼ਹਾਲ ਸਿੰਘ ਨੂੰ ਭੇਜਿਆ ਕਿ ਪੁੱਛੋ ਕਿ ਸ਼ਾਹ ਹੁਣ ਹੀਰਾ ਦੇਣ ਨੂੰ ਤਿਆਰ ਹੈ ਕਿ ਨਹੀਂ। ਸ਼ਾਹ ਨੇ ਹਾਂ ਤਾਂ ਕਰ ਦਿੱਤੀ ਪਰ ਇਹ ਖਾਹਸ਼ ਪ੍ਰਗਟ ਕੀਤੀ ਕਿ ਮਹਾਰਾਜਾ ਖੁਦ ਆ ਕੇ ਲੈ ਜਾਏ । ਸੋ ਮਹਾਰਾਜਾ ਆਪਣੇ ਚੋਣਵੇਂ ਵਜ਼ੀਰਾਂ ਨਾਲ ਕੁਝ ਘੋੜ-ਸਵਾਰਾਂ ਸਮੇਤ ਮੁਬਾਰਕ ਹਵੇਲੀ ਪੁੱਜਾ। ਉਸ ਦੀ ਬੜੀ ਆਨ-ਸਾਨ ਤੇ ਸਤਿਕਾਰ ਨਾਲ ਆਉ-ਭਗਤ ਕੀਤੀ ਗਈ ਤੇ ਫਿਰ ਹੀਰਾ ਦੇਣ ਵਾਲਾ ਤੇ ਲੈਣ ਵਾਲਾ ਇਕ ਦੂਸਰੇ ਦੇ ਸਾਹਮਣੇ ਬੈਠ ਗਏ। ਕੁਝ ਚਿਰ ਬਾਅਦ ਸ਼ਾਹ ਨੇ ਨੌਕਰ ਨੂੰ ਇਸ਼ਾਰਾ ਕੀਤਾ ਕਿ ਹੀਰਾ ਲੈ ਆਵੇ । ਨੌਕਰ ਨੇ ਇਕ ਥੈਲੀ ਲਿਆ ਕੇ ਸ਼ਾਹ ਨੂੰ ਫੜਾਈ। ਇਸ ਵਕਤ ਸ਼ਾਹ ਨੇ ਰਸਮੀ ਤੌਰ ਤੇ ਸਤਿਕਾਰ ਵਜੋਂ ਗੋਡਾ ਟੇਕ ਕੇ ਪ੍ਰਣਾਮ ਕੀਤਾ। ਇਸ ਵੇਲੇ ਸਾਰੇ ਦਰਬਾਰੀ ਖੜ੍ਹੇ ਹੋ ਗਏ। ਫਿਰ ਸ਼ਾਹ ਨੇ ਥੈਲੀ ਖੋਲ੍ਹੀ ਤੇ ਹੀਰਾ ਕੱਢ ਕੇ ਮਹਾਰਾਜੇ ਨੂੰ ਭੇਟਾ ਕੀਤਾ। ਇਹ ਸਾਰੀ ਕਾਰਵਾਈ ਕੁਝ ਤੁਹਫੇ ਤੇ ਸੁਗਾਤਾਂ ਦੇਣ ਲੈਣ ਨਾਲ ਸਮਾਪਤ ਹੋਈ ਤੇ ਮਹਾਰਾਜਾ ਆਪ ਸ਼ਾਹ ਨੂੰ ਉਸ ਦੇ ਹਰਮ ਤਕ ਛੱਡਣ ਆਇਆ ਤੇ ਮੁਬਾਰਕ ਹਵੇਲੀ ਤੋਂ ਫ਼ੌਜੀ ਪਹਿਰਾ ਚੁਕਵਾ ਦਿੱਤਾ ਗਿਆ । ਜਿਨ੍ਹਾਂ ਲੋਕਾਂ ਦਾ ਇਸ ਸਮਾਗਮ ਨਾਲ ਸੰਬੰਧ ਸੀ, ਉਨ੍ਹਾਂ ਦੀ ਗੱਲ-ਬਾਤ ਤੋਂ ਜ਼ਾਹਰ ਹੁੰਦਾ ਹੈ ਕਿ ਨਕਦੀ ਤੇ ਜਗੀਰ, ਜਿਸ ਦਾ ਸ਼ਾਹ ਸ਼ੁਜਾਹ ਨੂੰ ਇਕਰਾਰ ਕੀਤਾ ਗਿਆ ਸੀ, ਉਹ ਦਿੱਤੀ ਗਈ।

ਇਹ ਮਿੱਤਰਤਾ ਦੋਹਾਂ ਧਿਰਾਂ ਨੇ ਬੜੀ ਮਹਿੰਗੀ ਕੀਮਤ ਦੇ ਕੇ ਪੱਕੀ ਕੀਤੀ ਸੀ ਅਤੇ ਇਸ ਦਾ ਦੋਹਾਂ ਧਿਰਾਂ ਨੇ ਸਤਿਕਾਰ ਕੀਤਾ ਸੀ । ਜੇ ਕੋਹਨੂਰ ਹੀਰਾ ਬਹੁਤ ਕੀਮਤੀ ਸੀ ਤਾਂ ਦਰਬਾਰ ਦੀਆਂ ਫ਼ੌਜਾਂ ਨੂੰ ਕਸ਼ਮੀਰ ਦੀ ਘਟਨਾ ਵਿਚ ਨੁਕਸਾਨ ਵੀ ਬਹੁਤ ਉਠਾਣਾ ਪਿਆ ਸੀ ਤੇ ਇਹ ਬਿਨਾਂ ਕਿਸੇ ਇਵਜ਼ਾਨੇ ਤੋਂ ਸੀ । ਸ਼ਾਹ ਸ਼ੁਜਾਹ ਨੇ ਇਸ ਮਿੱਤਰਤਾ ਦੀ ਪਰਵਾਹ ਨਾ ਕੀਤੀ ਤੇ ਆਪਣੇ ਪੁਰਾਣੇ ਤੇ ਪੱਕੇ ਦੁਸ਼ਮਨ ਵਜ਼ੀਰ ਫ਼ਤਹ ਖ਼ਾਨ ਨਾਲ ਚਿੱਠੀ-ਪੱਤਰ ਦਾ ਸਿਲਸਿਲਾ ਅਰੰਭ ਦਿੱਤਾ। ਉਸ ਦੇ ਦੋ ਆਦਮੀ ਫੜੇ ਗਏ ਜਿਨ੍ਹਾਂ ਪਾਸ ਵਜ਼ੀਰ ਵੱਲ ਲਿਖੀਆਂ ਚਿੱਠੀਆਂ ਸਨ ਜਿਨ੍ਹਾਂ ਵਿਚ ਵਜ਼ੀਰ ਨੂੰ ਪੰਜਾਬ ਤੇ ਹੱਲਾ ਕਰਨ ਲਈ ਪ੍ਰੇਰਿਆ ਗਿਆ ਸੀ । ਇਹ ਜੁਰਮ ਬੜਾ ਸੰਗੀਨ ਸੀ ਤੇ ਕਿਸੇ ਵੀ ਹਕੂਮਤ ਅਧੀਨ, ਕੀ ਨਵੀਂ ਕੀ ਪੁਰਾਣੀ, ਉਸ ਦਾ ਸਿਰ ਕਲਮ ਕੀਤਾ ਜਾ ਸਕਦਾ ਸੀ । ਪਰ ਉਸ ਨੂੰ ਮਾਮੂਲੀ ਜਿਹੀ ਸਜ਼ਾ (ਕੁਝ ਗਹਿਣੇ ਆਦਿ ਖੋਹ ਕੇ) ਦੇ ਕੇ ਛੱਡ ਦਿੱਤਾ ਗਿਆ । ਆਖਰ ਸਾਬਕ ਬਾਦਸ਼ਾਹ ਨੇ ਰਣਜੀਤ ਸਿੰਘ ਦੀ ਰਖਵਾਲੀ ਦਾ ਲਾਭ ਤਿਆਗ ਦਿੱਤਾ । ਪਹਿਲੇ ਉਸ ਦੀਆਂ ਬੇਗਮਾਂ ਤੇ ਫਿਰ ਉਹ ਆਪ ਗੁਪਤ ਤਰੀਕੇ ਨਾਲ ਲਾਹੌਰੋਂ ਚਲਾ ਗਿਆ ਤੇ ਲੁਧਿਆਣੇ ਜਾ ਕੇ ਅੰਗਰੇਜ਼ਾਂ ਦੀ ਰੱਖਿਆ ਲੈਣੀ ਪ੍ਰਵਾਨ ਕਰ ਲਈ । ਮਗਰੋਂ ਸ਼ਾਹ ਜ਼ਮਾਨ ਤੇ ਉਸ ਦਾ ਟੱਬਰ ਵੀ ਚਲਾ ਗਿਆ, ਪਰ ਇਹ ਇਕ ਸੁਹਣੇ ਤੇ ਸਲੀਕੇ ਭਰੇ ਵਤੀਰੇ ਨਾਲ।

ਵਜੀਰ ਫ਼ਤਹ ਖ਼ਾਨ, ਜਦੋਂ ਉਹ ਕਸ਼ਮੀਰੋਂ ਪਰਤਿਆ ਉਸ ਅਟਕ ਦੇ ਕਿਲ੍ਹੇ ਦੇ ਰਸਤੇ ਰੋਕ ਲਏ । ਦੀਵਾਨ ਮੁਹਕਮ ਚੰਦ ਦੀ ਅਗਵਾਈ ਹੇਠ ਮਦਦ ਲਈ ਇਕ ਫ਼ੌਜ ਲਾਹੌਰ ਤੋਂ ਭੇਜੀ ਗਈ । ਤਿੰਨ ਮਹੀਨੇ ਦੇ ਕਰੀਬ ਵਿਰੋਧੀ ਫ਼ੌਜਾਂ ਇਕ ਦੂਜੇ ਦੇ ਸਾਹਮਣੇ ਮੋਰਚੇ ਲਾ ਕੇ ਬੈਠੀਆਂ ਰਹੀਆਂ । ਫਿਰ ਦੀਵਾਨ ਮੁਹਕਮ ਚੰਦ ਨੇ ਆਪਣੇ ਆਦਮੀਆਂ ਨੂੰ ਅਫ਼ਗ਼ਾਨਾਂ ਤੇ ਦਰਿਆ ਦੇ ਵਿਚਕਾਰ ਖੜ੍ਹਾ ਕਰਕੇ ਅਫ਼ਗ਼ਾਨਾਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਲੜਾਈ ਵਿਚ ਪਹਿਲ ਕਰਨ, ਕਿਉਂਕਿ ਕੇਵਲ ਦਰਿਆ ਤੋਂ ਹੀ ਉਨ੍ਹਾਂ ਨੂੰ ਪਾਣੀ ਮਿਲ ਸਕਦਾ ਸੀ । ਜੁਲਾਈ 13, 1813 ਨੂੰ ਜੋ ਜੰਗ ਹੋਈ ਉਹ ਦਰਬਾਰ ਦੀਆਂ ਫ਼ੌਜਾਂ ਤੇ ਅਫ਼ਗ਼ਾਨਾਂ ਵਿਚ ਪਹਿਲੀ ਤਕੜੀ ਮੁੱਠ-ਭੇੜ ਸੀ ਤੇ ਇਸ ਵਿਚ ਦਰਬਾਰ ਦੀਆਂ ਫ਼ੌਜਾਂ ਦੀ ਜਿੱਤ ਹੋਈ ਕਿਉਂਕਿ ਉਨ੍ਹਾਂ ਦਾ ਜੰਗੀ ਹੁਨਰ ਵਧੇਰੇ ਅੱਛਾ ਸੀ । ਵਜ਼ੀਰ ਫ਼ਤਹ ਖ਼ਾਨ ਦੇ ਭਰਾ ਦੋਸਤ ਮੁਹੰਮਦ ਨੇ ਘੋੜ ਸਵਾਰਾਂ ਨਾਲ ਹੱਲਾ ਕੀਤਾ ਤਾਂ ਬੜਾ ਤਕੜਾ ਤੇ ਸੁਹਣਾ ਪਰ ਦੀਵਾਨ ਮੁਹਕਮ ਚੰਦ ਇਕ ਚਲਾਕੀ ਭਰੀ ਚਾਲ ਵਜੋਂ ਪਿਛਾਂਹ ਹਟ ਗਿਆ। ਅਫ਼ਗ਼ਾਨਾਂ ਨੂੰ ਇਹ ਪਰਤੀਤ ਹੋਇਆ ਕਿ ਉਹ ਜਿੱਤ ਰਹੇ ਹਨ। ਸੋ, ਜਦੋਂ ਅਫ਼ਗ਼ਾਨ ਲੁੱਟ-ਮਾਰ ਲਈ ਤਿਤਰ ਬਿਤਰ ਹੋਏ, ਮੁਹਕਮ ਚੰਦ ਨੇ ਫ਼ੌਜ ਇਕੱਠੀ ਕਰਕੇ ਹੱਲਾ ਬੋਲ ਦਿੱਤਾ ਤੇ ਖੂਬ ਟਾਕਰਾ ਕੀਤਾ । ਅਫ਼ਗ਼ਾਨਾਂ ਦਾ ਕਾਫੀ ਨੁਕਸਾਨ ਹੋਇਆ ਤੇ ਉਹ ਭੱਜ ਗਏ। 4 ਅਟਕ ਦੀ ਜਿੱਤ ਬਾਅਦ ਕਸ਼ਮੀਰ ਤੇ ਦੂਜਾ ਹੱਲਾ 1814 ਈ. ਵਿਚ ਕੀਤਾ ਗਿਆ,

ਪਰ ਇਹ ਨਿਸਫ਼ਲ ਗਿਆ ਤੇ ਮਹਿੰਗਾ ਵੀ ਬੜਾ ਪਿਆ। ਦੀਵਾਨ ਮੁਹਕਮ ਚੰਦ ਦੀ ਰਾਇ ਦੇ ਵਿਰੁੱਧ ਇਹ ਹੱਲਾ ਕੀਤਾ ਗਿਆ ਤੇ ਹੋਰ ਮਾੜੀ ਗੱਲ ਇਹ ਹੋਈ ਕਿ ਬੀਮਾਰੀ ਕਾਰਨ ਉਹ ਆਪ ਜੰਗ ਵਿਚ ਸ਼ਾਮਲ ਨਾ ਹੋ ਸਕਿਆ। ਮੁੱਢਲਾ ਕੈਂਪ ਰੋਹਤਾਸ ਵਿਚ ਸੀ ਜਿਥੋਂ 20 ਹਜ਼ਾਰ ਦੀ ਫ਼ੌਜ ਪੁਣਛ ਵੱਲ ਵਧੀ। ਇਹ ਫ਼ੌਜ ਮਹਾਰਾਜੇ ਦੀ ਆਪਣੀ ਅਗਵਾਈ ਹੇਠ ਸੀ। ਉਸ ਦੇ ਨਾਲ ਉਸ ਦੇ ਸਭ ਤੋਂ ਵਧੀਆ ਜਰਨੈਲ ਵੀ ਸਨ । ਇਕ ਹੋਰ 30 ਹਜ਼ਾਰ ਦੀ ਫ਼ੌਜ ਬਾਰਾਮੂਲੇ ਤੇ ਛੁਪੱਈਆਂ ਵੱਲ ਵਧੀ ਜਿਸ ਦੀ ਅਗਵਾਈ ਮੁਹਕਮ ਚੰਦ ਦੇ 20 ਸਾਲਾ ਜਵਾਨ ਪੋਤਰੇ ਰਾਮ ਦਿਆਲ ਦੇ ਹੱਥ ਸੀ । ਇਹ ਸਾਰੀ ਪਿਨਸਰ ਕਾਰਵਾਈ ਸੀ । ਪਰ ਫ਼ੌਜੀ ਕਾਰਵਾਈ ਲਈ ਇਹ ਗ਼ਲਤ ਸਮਾਂ ਸੀ ਕਿਉਂਕਿ ਮਾਨਸੂਨ ਦੀ ਵਰਖਾ ਸਿਰ ਤੇ ਖੜੋਤੀ ਸੀ । ਮੁੱਢਲੇ ਕੈਂਪ ਤੋਂ ਹਾਲੀ ਕੁਝ ਅੱਗੇ ਵਧੇ ਹੀ ਸਨ ਕਿ ਮੁਹਲੇਧਾਰ ਬਾਰਸ਼ ਪੈਣ ਲੱਗ ਪਈ । ਰਣਜੀਤ ਸਿੰਘ ਨੇ ਮੌਸਮ ਦੀ ਪਰਵਾਹ ਨਾ ਕਰਦਿਆਂ ਹੋਇਆਂ ਪੁਣਛ ਪਹੁੰਚਣ ਦੀ ਕੀਤੀ, ਉੱਥੇ ਉਸ ਨੇ ਵੇਖਿਆ ਕਿ ਖੇਤ ਸੜੇ ਹੋਏ ਹਨ ਤੇ ਘਰ ਉੱਜੜੇ ਹੋਏ । ਇਹ ਉੱਥੋਂ ਦੇ ਸਰਦਾਰ ਦੇ ਧੋਖੇ ਤੇ ਦਗ਼ੇ ਦਾ ਨਤੀਜਾ ਸੀ । ਖੁਰਾਕ ਦੀ ਕਮੀ ਤੇ ਥੁੜ ਦੇ ਨਾਲ ਨਾਲ ਹੈਜਾ ਵੀ ਫੈਲ ਗਿਆ ਜਿਸ ਕਰਕੇ ਉਸ ਦੇ ਕਈ ਆਦਮੀ, ਤੋਪਾਂ ਦੇ ਵੱਡੇ ਅਫ਼ਸਰ, ਮੀਆਂ ਗੋਸ਼ਾ ਸਮੇਤ ਮਾਰੇ ਗਏ। ਰਣਜੀਤ ਸਿੰਘ ਨੂੰ ਪਹਾੜਾਂ ਤੋਂ ਨਿਕਲਣਾ ਪਿਆ । ਕਸ਼ਮੀਰ ਦੀਆਂ ਫ਼ੌਜਾਂ ਜੋ ਸਾਹਮਣੇ ਖੜ੍ਹੀਆਂ ਸਨ, ਉਹ ਉਨ੍ਹਾਂ ਦਾ ਟਾਕਰਾ ਕਰਨ ਦੀ ਦਸ਼ਾ ਵਿਚ ਨਹੀਂ ਸਨ। ਦੂਜੇ ਪਾਸੇ ਰਾਮ ਦਿਆਲ ਸ੍ਰੀਨਗਰ ਪਹੁੰਚ ਗਿਆ। ਰਾਹ ਵਿਚ ਉਸ ਨੇ ਕਈ ਔਕੜਾਂ ਝੱਲੀਆਂ ਤੇ ਬਹਾਦਰੀ ਦੇ ਕਈ ਕਾਰਨਾਮੇ ਕੀਤੇ ਜਿਨ੍ਹਾਂ ਵਿਚੋਂ ਇਕ ਇਹ ਸੀ ਕਿ ਇਕ ਪਹਾੜੀ ਤੇਜ਼ ਨਾਲੇ ਨੂੰ ਹਾਥੀਆਂ ਦੇ ਪੈਰਾਂ ਨੂੰ ਇਕ ਦੂਜੇ ਨਾਲ ਬੰਨ੍ਹ ਕੇ ਤੇ ਇਕ ਦੂਜੇ ਨਾਲ ਜੋੜ ਕੇ ਪੁਲ ਬਣਾ ਕੇ ਪਾਰ ਕੀਤਾ। ਪਰ ਉਸ ਦੇ ਆਦਮੀ ਥੱਕੇ ਟੁੱਟੇ ਹੋਏ ਸਨ । ਉਸ ਨੂੰ ਹੋਰ ਕੋਈ ਸਹਾਇਤਾ ਵੀ ਨਾ ਪੁੱਜ ਸਕੀ। ਭਈਆ ਰਾਮ ਸਿੰਘ ਨੂੰ ਮੱਦਦ ਵਾਲੀ ਫ਼ੌਜ ਦੇ ਕੇ ਭੇਜਿਆ ਗਿਆ ਸੀ, ਉਹ ਬਗ਼ੈਰ ਕਿਸੇ ਕਾਰਨ ਦੇ ਮੁੱਢਲੇ ਪੜਾ ਵੱਲ ਪਰਤ ਆਇਆ। ਉਸ ਨੇ ਇਹੋ ਚੰਗਾ ਸਮਝਿਆ ਕਿ ਗਵਰਨਰ ਅਜ਼ੀਮ ਖ਼ਾਨ ਨਾਲ ਤੁਹਫੇ ਤੇ ਸੁਗਾਤਾਂ ਲੈਣ ਦੇਣ ਬਾਅਦ ਪਿਛਾਂਹ ਹਟ ਜਾਵਾਂ।

ਮੁਲਤਾਨ, ਕਸ਼ਮੀਰ ਤੇ ਪਸ਼ੌਰ ਦਾ ਜੇਤੂ

ਰਾਜੋਰੀ, ਭਿੰਡਰ ਤੇ ਝੰਗ ਦੇ ਸਰਦਾਰਾਂ ਨੂੰ ਆਪਣੇ ਅਧੀਨ ਕਰਨ ਤੋਂ ਕੁਝ ਚਿਰ ਬਾਅਦ ਰਣਜੀਤ ਸਿੰਘ ਨੇ ਆਪਣਾ ਧਿਆਨ ਮੁਲਤਾਨ ਵੱਲ ਮੋੜਿਆ। ਵਜ਼ੀਰ ਖ਼ਾਨ ਅਟਕ ਦੀ ਹਾਰ ਤੋਂ ਬਾਅਦ ਖੁਰਾਸਨ ਵਿਚ ਈਰਾਨੀਆਂ ਨਾਲ ਲੜਨ ਵਿਚ ਰੁੱਝਾ ਹੋਇਆ ਸੀ ਤੇ ਕੁਝ ਜ਼ਖਮਾਂ ਕਾਰਨ ਨਾਕਾਰਾ ਹੋ ਗਿਆ ਸੀ । ਸੋ ਉਸ ਤਰਫ਼ੋਂ ਕੋਈ ਫੌਰੀ ਖ਼ਤਰਾ ਨਹੀਂ ਸੀ। ਜਨਵਰੀ 1818 ਨੂੰ ਇਕ 20 ਹਜ਼ਾਰ ਦੀ ਫ਼ੌਜ ਮੁਲਤਾਨ ਵੱਲ ਭੇਜੀ ਗਈ, ਜਿਸ ਦੀ ਨਾਮ-ਮਾਤਰ ਅਗਵਾਈ ਸ਼ਹਿਜ਼ਾਦਾ ਖੜਕ ਸਿੰਘ ਕੋਲ ਤੇ ਅਸਲ ਅਗਵਾਈ ਇਕ ਨਵੇਂ ਉਭਰ ਰਹੇ ਅਫ਼ਸਰ ਦੀਵਾਨ ਚੰਦ ਦੇ ਹੱਥ ਸੀ। ਤੋਪਖ਼ਾਨਾ, ਜਿਸ ਵਿਚ ਭੰਗੀਆਂ ਦੀ ਜ਼ਮ ਜ਼ਮ ਤੋਪ ਵੀ ਸੀ, ਉਸ ਦੀ ਕਮਾਨ ਇਲਾਹੀ ਬਖ਼ਸ਼ ਕੋਲ ਸੀ। ਮੁਜ਼ੱਫਰਗੜ੍ਹ ਤੇ ਖਾਨਗੜ੍ਹ ਦੇ ਦੋ ਕਿਲ੍ਹੇ ਜੋ ਮੁਲਤਾਨ ਦੇ ਨਵਾਬ ਮੁਜ਼ਰਫਰ ਖ਼ਾਨ ਦੇ ਕਬਜ਼ੇ ਵਿਚ ਸਨ, ਜਲਦੀ ਹੀ ਲੈ ਲੀਤੇ ਗਏ। ਇਸ ਉਪਰੰਤ ਦੋ ਹਫ਼ਤਿਆਂ ਦੇ ਘੇਰੇ ਬਾਅਦ ਮੁਲਤਾਨ ਸ਼ਹਿਰ ਤੇ ਵੀ ਕਬਜ਼ਾ ਹੋ ਗਿਆ। ਪਰੰਤੂ ਕਿਲ੍ਹਾ ਪੰਜਾਂ ਮਹੀਨਿਆਂ ਤਕ ਅੜਿਆ ਰਿਹਾ। ਇਸ ਦੇ ਚਾਰੇ ਪਾਸੇ ਪਾਣੀ ਦੀ ਵੱਡੀ ਚੌੜੀ ਖਾਈ ਸੀ ਜਿਸ ਕਰਕੇ ਦੀਵਾਰਾਂ ਜ਼ਮ ਜ਼ਮ ਤੋਪ ਨਾਲ ਵੀ ਨਾ ਟੁੱਟ ਸਕੀਆਂ। ਆਖ਼ਰ ਨਿਹੰਗਾਂ ਦੇ ਇਕ ਦਸਤੇ ਨੇ ਰਾਤ ਦੇ ਹਨੇਰੇ ਵਿਚ ਦੀਵਾਰ ਹੇਠ ਸੁਰੰਗ ਲਾ ਕੇ ਬਾਰੂਦ ਲੱਗਾ ਦਿੱਤਾ ਜਿਸ ਦੇ ਉਡਣ ਨਾਲ ਇਕ ਵੱਡਾ ਸਾਰਾ ਰਸਤਾ ਬਣ ਗਿਆਕਿਲ੍ਹੇ ਨੂੰ ਹਵਾਲੇ ਕਰਨ ਤੇ ਇਸ ਬਦਲੇ ਇਕ ਜਗੀਰ ਦੇਣ ਦੀ ਗੱਲ ਚਲ ਰਹੀ ਸੀ, ਪਰ ਮੁਜ਼ੱਫ਼ਰਖ਼ਾਨ ਇਸ ਵਾਰੀ ਆਖ਼ਰੀ ਦਮ ਤਕ ਲੜਣ ਦਾ ਪੱਕਾ ਇਰਾਦਾ ਰਖਦਾ ਸੀ ਤੇ ਇਸ ਤਰ੍ਹਾਂ ਲੜਦਾ ਲੜਦਾ ਆਪਣੇ ਦੋ ਪੁੱਤਰਾਂ ਤੇ ਇਕ ਭਤੀਜੇ ਸਮੇਤ ਮਾਰਿਆ ਗਿਆ। ਕਿਲੇ ਨੂੰ ਕਾਬੂ ਕਰਨ ਬਾਅਦ ਇਨ੍ਹਾਂ ਸਾਰਿਆਂ ਨੂੰ ਫ਼ੌਜੀ ਸਤਿਕਾਰ ਨਾਲ ਦਫ਼ਨ ਕੀਤਾ ਗਿਆਨਵਾਬ ਦੇ ਦੋ ਹੋਰ ਲੜਕੇ, ਸਭ ਤੋਂ ਵੱਡਾ ਤੇ ਸਭ ਤੋਂ ਛੋਟਾ, ਕੈਦ ਕਰ ਲਏ ਗਏ । ਜਦੋਂ ਉਹ ਦਰਬਾਰ ਵਿਚ ਹਾਜ਼ਰ ਹੋਏ ਰਣਜੀਤ ਸਿੰਘ ਆਪਣੀ ਜਗ੍ਹਾ ਤੋਂ ਉੱਠ ਕੇ ਉਨ੍ਹਾਂ ਨੂੰ ਜੱਫੀ ਪਾ ਕੇ ਮਿਲਿਆ ਤੇ ਸਭ ਤੋਂ ਛੋਟੇ ਪੁੱਤਰ ਨੂੰ ਉਨ੍ਹਾਂ ਦੇ ਪਿਤਾ ਦੀ ਬਹਾਦਰੀ ਕਰਕੇ ਆਪਣੇ ਪਾਸ ਬਿਠਾਇਆ। ਦੋਹਾਂ ਲੜਕਿਆਂ ਨੂੰ ਜਗੀਰਾਂ ਦਿੱਤੀਆਂ।

ਰਣਜੀਤ ਸਿੰਘ ਦੇ ਹੱਥੋਂ ਮੁਲਤਾਨ ਦੀ ਫ਼ਤਹਿ ਨਾਲ ਅਫ਼ਗ਼ਾਨਾਂ ਦਾ ਸਿੰਧ ਦਰਿਆ ਦੇ ਪੂਰਬ ਵਿਚ ਆਖਰੀ ਟਿਕਾਣਾ ਵੀ ਜਾਂਦਾ ਰਿਹਾ ਕਿਉਂਕਿ ਉਹ ਹੁਣ ਇਸ ਬਾਰੇ ਕੁਝ ਵੀ ਨਹੀਂ ਸਨ ਕਰ ਸਕਦੇ। ਅਫ਼ਗਾਨਿਸਤਾਨ ਇਸ ਵੇਲੇ ਪਹਿਲਾਂ ਨਾਲੋਂ ਵੀ ਤਿਆਡ ਖਾਨਾਜੰਗੀ ਦਾ ਸ਼ਿਕਾਰ ਸੀ। ਵਜ਼ੀਰ ਫ਼ਤਹ ਖ਼ਾਨ ਜੋ ਬਾਦਸ਼ਾਹਾਂ ਨੂੰ ਬਣਾਂਦਾ ਤੇ ਢਾਹੁੰਦਾ ਸੀ ਉਸ ਨੂੰ ਧੋਖੇ ਨਾਲ, ਬੇਦਰਦ ਤੇ ਭਿਆਨਕ ਤਰੀਕੇ ਨਾਲ ਕਾਮਰਾਨ ਨੇ ਕਤਲ ਕਰ ਦਿੱਤਾ। ਇਹ ਕਾਮਰਾਨ ਉਸ ਦਾ ਆਪਣੇ ਹੀ ਬਣਾਏ ਬਾਦਸ਼ਾਹ ਮਹਿਮੂਦ ਦਾ ਪੁੱਤਰ ਸੀ। ਫ਼ਤਹ ਖ਼ਾਨ ਦੇ ਬਹੁਤ ਸਾਰੇ ਭਰਾ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਸਾਰੇ ਮੁਲਕ ਵਿਚ ਉੱਠ ਖੜੋਤੇ। ਖ਼ੈਬਰ ਤੇ ਪਸ਼ੌਰ ਦੇ ਪਠਾਨਾਂ ਦੀ ਖ਼ੈਰ-ਖਾਹੀ ਵਿਰੋਧੀ ਤਾਕਤਾਂ ਵਿਚ ਵੰਡੀ ਗਈ। ਸੋ ਰਣਜੀਤ ਸਿੰਘ ਨੂੰ ਆਪਣੀ ਉੱਤਰ-ਪੱਛਮੀ ਸਰਹਦ ਨੂੰ ਸਿੰਧ ਦਰਿਆ ਤੋਂ ਅੱਗੇ ਵਧਾ ਕੇ ਲੈ ਜਾਣ ਦਾ ਚੰਗਾ ਮੌਕਾ ਮਿਲ ਗਿਆ ਤਾਂ ਕਿ ਮੁੜ ਅਫ਼ਗ਼ਾਨਿਸਤਾਨ ਤੋਂ ਕੋਈ ਹੱਲਾ ਨਾ ਹੋ ਸਕੇ । ਉਹ ਰੋਹਤਾਸ ਵਿਚੋਂ ਲੰਘ ਕੇ ਰਾਵਲ ਪਿੰਡੀ ਤੋਂ ਹਸਨਅਬਦਾਲ ਤੋਂ ਹੁੰਦਾ ਹੋਇਆ ਹਜ਼ਾਰਾਂ ਪਹੁੰਚਿਆਂ ਤੇ ਜਾਇਜ਼ਾ ਲੈਣ ਲਈ ਇਕ ਫ਼ੌਜੀ ਟੁਕੜੀ ਸਿੰਧ ਦਰਿਆ ਤੋਂ ਪਾਰ ਕਿਸ਼ਤੀ ਰਾਹੀਂ ਭੇਜੀ । ਖਟਕ ਦੇ ਵਸਨੀਕਾਂ ਨੇ ਇਸ ਨੂੰ ਕਾਬੂ ਕਰਕੇ ਖ਼ਤਮ ਕਰ ਦਿੱਤਾ। ਇਸ ਨੁਕਸਾਨ ਕਰਕੇ ਰਣਜੀਤ ਸਿੰਘ ਨੇ ਇਕ ਐਸੀ ਨਾਟਕੀ ਕਾਰਵਾਈ ਕੀਤੀ ਜਿਸ ਨੇ ਉਸ ਨੂੰ ਬਹਾਦਰੀ ਤੇ ਕਿਸਮਤ ਅਜ਼ਮਾਈ ਲਈ ਸਦਾ ਲਈ ਮਸ਼ਹੂਰ ਕਰ ਦਿੱਤਾ । ਦਰਿਆ ਦੇ ਕੰਢੇ ਤੇ ਇਕ ਥਾਂ ਨੂੰ ਸਹਿਜ ਸੁਭਾ ਹੀ ਚੁਣ ਲਿਆ ਅਤੇ ਫ਼ੌਜਾਂ ਇਕੱਠੀਆਂ ਕਰਕੇ ਆਪਣੇ ਹਾਥੀ ਨੂੰ ਦਰਿਆ ਵਿਚ ਠੇਲ੍ਹ ਦਿੱਤਾ । ਫ਼ੌਜਾਂ ਮਗਰ ਮਗਰ ਲੰਘਦੀਆਂ ਗਈਆਂ ਤੇ ਨੁਕਸਾਨ ਵੀ ਬਹੁਤ ਘੱਟ ਹੋਇਆ । ਖਟਕਾਂ ਨੂੰ ਸਜ਼ਾ ਦੇਣ ਬਾਅਦ ਉਹ ਪਸ਼ੌਰ ਵੱਲ ਵਧਿਆ । ਉਥੋਂ ਦਾ ਗਵਰਨਰ ਯਾਰ ਮੁਹੰਮਦ ਖ਼ਾਨ, ਜੋ ਬਾਰਕਜ਼ਈ ਭਰਾਵਾਂ ਵਿਚੋਂ ਹੀ ਸੀ, ਨੱਠ ਗਿਆ ਤੇ ਰਣਜੀਤ ਸਿੰਘ 20 ਨਵੰਬਰ 1818 ਨੂੰ ਸ਼ਹਿਰ ਵਿਚ ਦਾਖ਼ਲ ਹੋ ਗਿਆ। ਤਿੰਨ ਦਿਨ ਦੀ ਰਿਹਾਇਸ਼ ਬਾਅਦ ਜਹਾਂਦਾਦ ਖ਼ਾਨ ਨੂੰ ਜੋ ਪਹਿਲਾਂ ਅਟਕ ਦਾ ਗਵਰਨਰ ਸੀ, ਇਥੋਂ ਦਾ ਗਵਰਨਰ ਥਾਪ ਕੇ ਉਹ ਲਾਹੌਰ ਪਰਤ ਆਇਆ । ਉਹ ਹਾਲੀਂ ਵਾਪਸ ਮੁੜਿਆ ਹੀ ਸੀ ਕਿ ਯਾਰ ਮੁਹੰਮਦ ਖ਼ਾਨ ਨੇ ਆਪਣੇ ਭਰਾ ਦੋਸਤ ਮੁਹੰਮਦ ਖ਼ਾਨ ਦੀ ਮਦਦ ਨਾਲ ਸ਼ਹਿਰ ਤੇ ਮੁੜ ਕਬਜ਼ਾ ਕਰ ਲਿਆ। ਪਰ ਪਸ਼ੌਰ ‘ਤੇ ਫਿਰ ਹੱਲੇ ਕਰਨ ਦੀ ਲੋੜ ਨਾ ਪਈ ਕਿਉਂਕਿ ਦੋਸਤ ਮੁਹੰਮਦ ਖ਼ਾਨ ਲਾਹੌਰ ਆਇਆ ਤੇ ਉਸ ਨੇ ਦਰਬਾਰ ਦੀ ਪਸ਼ੌਰ ਤੇ ਸਰਦਾਰੀ ਨੂੰ ਪ੍ਰਵਾਨ ਕਰ ਲਿਆ।

ਉੱਤਰ-ਪੱਛਮੀ ਸਰਹੱਦ ਦੇ ਵਕਤੀ ਤੌਰ ਤੇ ਸੁਰੱਖਿਅਤ ਹੋ ਜਾਣ ਉਪਰੰਤ ਰਣਜੀਤ ਸਿੰਘ ਨੇ ਆਪਣਾ ਧਿਆਨ ਫਿਰ ਕਸ਼ਮੀਰ ਵੱਲ ਮੋੜਿਆ। ਕਸ਼ਮੀਰ ਦਾ ਗਵਰਨਰ ਅਜ਼ੀਮ ਖ਼ਾਨ ਦੁਚਿਤੀ ਵਿਚ ਸੀ-ਉਸ ਦੀ ਇਕ ਖਾਹਿਸ਼ ਸੀ ਕਿ ਜੇ ਰਣਜੀਤ ਸਿੰਘ ਕਸ਼ਮੀਰ ਤੇ ਹੱਲਾ ਕਰੇ ਤਾਂ ਉਹ ਉਸ ਦਾ ਟਾਕਰਾ ਕਰੇ ਅਤੇ ਇਸ ਮਨੋਰਥ ਲਈ ਕਸ਼ਮੀਰ ਵਿਚ ਹੀ ਟਿਕਿਆ ਰਹੇ। ਉਸ ਦਾ ਦੂਜਾ ਵਿਚਾਰ ਇਹ ਸੀ ਕਿ ਤੁਰੰਤ ਅਫ਼ਗ਼ਾਨਿਸਤਾਨ ਜਾ ਕੇ ਆਪਣੇ ਭਰਾਵਾਂ ਨਾਲ ਰਲ ਕੇ ਵਜ਼ੀਰ ਫ਼ਤਹ ਖ਼ਾਨ ਦੇ ਕਾਤਲਾਂ ਨਾਲ ਹਿਸਾਬ ਚੁਕਾਏ। ਕਿਸੇ ਨੂੰ ਕੋਈ ਸ਼ੱਕ ਨਾ ਹੋ ਜਾਏ ਇਸ ਲਈ ਤਿਆਰੀਆਂ ਚੁੱਪ-ਚਾਪ ਕੀਤੀਆਂ ਗਈਆਂ। ਉਸ ਨੇ ਅੰਗਰੇਜਾਂ ਪਾਸੋਂ ਮੱਦਦ ਲੈਣ ਦਾ ਜਤਨ ਕੀਤਾ ਪਰ ਇਹ ਨਿਸਫ਼ਲ ਰਿਹਾ। ਫਿਰ ਉਸ ਨੇ ਆਪਣੇ ਭਰਾ ਜਬਾਰ ਖ਼ਾਨ ਨੂੰ ਵਾਗ-ਡੋਰ ਸੌਂਪ ਦਿੱਤੀ ਤੇ ਆਪ ਕਾਬਲ ਨੂੰ ਰਵਾਨਾ ਹੋ ਗਿਆ । ਅਪ੍ਰੈਲ, 1819 ਵਿਚ ਵਜ਼ੀਰਾਬਾਦ ਮੁੱਢਲਾ ਪੜਾ ਕਾਇਮ ਕੀਤਾ ਗਿਆ । ਫ਼ੌਜ ਦੇ ਤਿੰਨ ਹਿੱਸੇ ਕੀਤੇ ਗਏ। ਜੋ ਵੱਡਾ ਤੇ ਵਿਸ਼ੇਸ਼ ਹਿੱਸਾ ਸੀ, ਉਹ ਮਹਾਰਾਜੇ ਦੀ ਅਗਵਾਈ ਹੇਠ ਸੀ ਤੇ ਉਸ ਨੇ ਉੱਥੇ ਹੀ ਠਹਿਰਨਾ ਸੀ । ਦੋ ਫ਼ੌਜਾਂ, ਇਕ ਦੀਵਾਨ ਚੰਦ, ਜੋ ਮੁਲਤਾਨ ਦਾ ਜੇਤੂ ਸੀ, ਨੂੰ ਸੌਂਪੀ ਗਈ ਤੇ ਦੂਜੀ ਸ਼ਾਹਜ਼ਾਦਾ ਖੜਕ ਸਿੰਘ ਨੂੰ । ਇਨ੍ਹਾਂ ਦੋਹਾਂ ਫ਼ੌਜਾਂ ਨੇ ਇਕੱਠਿਆਂ ਰਾਜੌਰੀ ਪਹੁੰਚਣਾ ਸੀ ਤੇ ਉੱਥੋਂ ਵੱਖ-ਵੱਖ ਰਸਤਿਆਂ ਤੋਂ ਲੰਘਦਿਆਂ ਛੁਪਈਆਂ ਦੇ ਸਥਾਨ ਤੇ ਮਿਲਣਾ ਸੀ, ਜਿਸ ਜਗ੍ਹਾ ਅਫ਼ਗ਼ਾਨਾਂ ਦੀ ਫ਼ੌਜ ਦੇ ਮੁਕਾਬਲੇ ਦੀ ਆਸ ਸੀ । ਸਭ ਕੁਝ ਠੀਕ ਜਾ ਰਿਹਾ ਸੀ । ਪਰੰਤੂ ਜਦ ਦੋਵੇਂ ਫ਼ੌਜਾਂ ਰਾਜੋਰੀ ਪਹੁੰਚੀਆਂ ਤਾਂ ਉੱਥੇ ਪਹੁੰਚ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਰਾਜ਼ੋਰੀ ਦਾ ਆਗੂ ਅਗਰ ਖ਼ਾਨ ਤੇ ਪੁਣਛ ਦਾ ਸ਼ਾਸਕ ਅਫ਼ਗ਼ਾਨਾਂ ਨਾਲ ਜਾ ਰਲੇ ਹਨ । ਖ਼ੁਸ਼ਕਿਸਮਤੀ ਨਾਲ ਮਹਾਰਾਜੇ ਨੇ ਭਿੰਬਰ ਦੇ ਸਰਦਾਰ ਸੁਲਤਾਨ ਖ਼ਾਨ ਨੂੰ ਸੱਤ ਸਾਲ ਦੀ ਕੈਦ ਬਾਅਦ ਰਿਹਾ ਕਰ ਦਿੱਤਾ ਸੀ। ਕਿਉਂਕਿ ਮਹਾਰਾਜੇ ਨੂੰ ਅਗਰ ਖ਼ਾਨ ਦੀ ਦੋਸਤੀ ਤੇ ਸ਼ੱਕ ਸੀ ਤੇ ਉਸ ਨੇ ਸੁਲਤਾਨ ਖ਼ਾਨ ਨੂੰ ਭਿੰਬਰ ਦਾ ਇਲਾਕਾ ਦੇਣ ਦਾ ਇਕਰਾਰ ਕੀਤਾ ਜੇ ਉਹ ਪਹਾੜੀ ਰਸਤਿਆਂ ਤੇ ਦਰਬਾਰ ਦੀਆਂ ਫ਼ੌਜਾਂ ਦੀ ਠੀਕ ਅਗਵਾਈ ਕਰੇ । ਸੁਲਤਾਨ ਖ਼ਾਨ ਨੇ ਸਮੇਂ ਸਿਰ ਪੁੱਜ ਕੇ ਦੋਹਾਂ ਫ਼ੌਜਾਂ ਦੀ ਐਸੀ ਮੱਦਦ ਕੀਤੀ ਕਿ ਦੋਵੇਂ ਫ਼ੌਜਾਂ ਪੁਣਛ ਤੇ ਰਾਜੌਰੀ ਦੇ ਪਾਸਿਉਂ ਦੀ ਲੰਘ ਕੇ ਵੱਖ-ਵੱਖ ਰਸਤਿਆਂ ਰਾਹੀਂ ਇਕੋ ਵੇਲੇ ਛੁਪਈਆਂ ਪੁੱਜ ਗਈਆਂ। ਉੱਥੇ ਉਨ੍ਹਾਂ ਨੇ ਅਫ਼ਗ਼ਾਨ ਫ਼ੌਜਾਂ ਨੂੰ ਲੜਾਈ ਲਈ ਤਿਆਰ ਪਾਇਆ । ਲੜਾਈ ਸ਼ੁਰੂ ਹੋਈ, ਦਰਬਾਰ ਦੀਆਂ ਤੋਪਾਂ ਦਾ ਅਫ਼ਗ਼ਾਨ ਘੋੜ ਸਵਾਰ ਕੀ ਮੁਕਾਬਲਾ ਕਰ ਸਕਦੇ ਸਨ। ਸੋ ਕੁਝ ਘੰਟਿਆਂ ਦੀ ਲੜਾਈ ਬਾਅਦ ਹੀ ਜਾਬਰ ਖ਼ਾਨ ਤੇ ਉਸ ਦੇ ਆਦਮੀ ਸਿੰਧ ਦਰਿਆ ਤੇ ਪਹਾੜਾਂ ਵੱਲ ਨੱਸ ਗਏ ਤੇ ਸਾਰੇ ਇਲਾਕੇ ਤੇ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਕਬਜ਼ਾ ਕਰ ਲਿਆ। ਦੂਜੇ ਦਿਨ 6 ਜੁਲਾਈ, 1819 ਨੂੰ ਖੜਕ ਸਿੰਘ ਤੇ ਦੀਵਾਨ ਚੰਦ ਸ੍ਰੀਨਗਰ ਵਿਚ ਦਾਖ਼ਲ ਹੋ ਗਏ। ਦੀਵਾਨ ਮੋਤੀ ਰਾਮ, ਜੋ ਦੀਵਾਨ ਮੁਹਕਮ ਚੰਦ ਦਾ ਲੜਕਾ ਸੀ (ਇਹ ਮਹਾਨ ਜਰਨੈਲ ਕਸ਼ਮੀਰ ਦੇ ਦੂਜੇ ਹੱਲੇ ਬਾਅਦ ਮਰ ਗਿਆ ਸੀ), ਨੂੰ ਕਸ਼ਮੀਰ ਦਾ ਪਹਿਲਾ ਗਵਰਨਰ ਬਣਾਇਆ ਗਿਆ। ਫ਼ਕੀਰ ਅਜ਼ੀਜ਼ਉੱਦੀਨ ਉਸ ਪਾਸ ਕੁਝ ਸਮਾਂ ਰਿਹਾ। ਉਸ ਨੂੰ ਹੁਕਮ ਦਿੱਤਾ ਗਿਆ ਕਿ ਉਹ ਕਸ਼ਮੀਰ ਦੀ ਪੂਰੀ ਪੂਰੀ ਰਿਪੋਰਟ ਭੇਜੇ। ਨਿੱਕੇ ਮੋਟੇ ਥਾਂਵਾਂ ਤੇ ਜਿੱਥੇ ਕੁਝ ਕੁਝ ਮੁਕਾਬਲਾ ਹੋ ਰਿਹਾ ਸੀ ਫ਼ੌਜੀ ਦਸਤੇ ਭੇਜੇ ਗਏ ਤੇ ਉਨ੍ਹਾਂ ਨੂੰ ਵੀ ਅਧੀਨ ਕਰ ਲਿਆ ਗਿਆ। ਇਸ ਤਰ੍ਹਾਂ ਕਸ਼ਮੀਰ ਰਣਜੀਤ ਸਿੰਘ ਦੇ ਰਾਜ ਭਾਗ ਦਾ ਪੂਰਨ ਤੌਰ ਤੇ ਹਿੱਸਾ ਬਣ ਗਿਆ। ਰਣਜੀਤ ਸਿੰਘ ਨੇ ਸ਼ਾਹ ਸੁਜਾਹ ਨੂੰ ਇਹ ਪੇਸ਼ਕਸ਼ ਕੀਤੀ ਸੀ ਕਿ ਉਹ ਉਸ ਨੂੰ ਮੁਲਤਾਨ ਤੇ ਕਸ਼ਮੀਰ ਦੇ ਦੋਵੇਂ ਪ੍ਰਾਂਤ ਫ਼ਤਹਿ ਕਰ ਦੇਵੇਗਾ । ਇਹ ਦੋਵੇਂ ਕਾਬਲ ਤੋਂ ਅਮਲੀ ਤੋਰ ਤੇ ਆਜਾਦ ਹੋ ਚੁੱਕੇ ਸਨ। ਫਿਰ ਰਣਜੀਤ ਸਿੰਘ ਸ਼ਾਹ ਨੂੰ ਕਾਬਲ ਦਾ ਤਖ਼ਤ ਨੂੰ ਦੇਵੇਗਾ ਤੇ ਇਸ ਦੇ ਬਦਲੇ ਸ਼ਾਹ ਮੁਲਤਾਨ ਤੇ ਕਸ਼ਮੀਰ ਦੋਵੇਂ ਰਣਜੀਤ ਸਿੰਘ ਨੂੰ ਦੋ ਦੇਵੇਗਾ। ਇਹ ਸੁਹਣਾ ਸੌਦਾ ਸਾਊ ਪੁਰਸ਼ਾਂ ਦੇ ਫ਼ੈਸਲੇ ਵਾਂਗ ਸੀ । ਪਰ ਸ਼ਾਹ ਸ਼ੁਜਾਹ ਨੇ ਰਣਜੀਤ ਸਿੰਘ ਤੇ ਇਤਬਾਰ ਨਾ ਕੀਤਾ। ਉਹ ਸਮਝਦਾ ਸੀ ਕਿ ਮਹਾਰਾਜਾ ਇਹ ਦੋਵੇਂ ਇਲਾਕੇ ਬਗ਼ੈਰ ਆਪਣਾ ਇਕਰਾਰ ਪੂਰਾ ਕਰਨ ਦੇ ਹੜੱਪ ਕਰ ਜਾਏਗਾ। ਰਣਜੀਤ ਸਿੰਘ ਦੇ ਵਤੀਰੇ ਵਿਚ ਕੋਈ ਐਸੀ ਗੱਲ ਨਹੀਂ ਸੀ ਜਿਸ ਤੋਂ ਸ਼ਾਹ ਸ਼ੁਜਾਹ ਨੂੰ ਇਸ ਤਰ੍ਹਾਂ ਸੋਚਣ ਦੀ ਗੁੰਜਾਇਸ਼ ਹੁੰਦੀ। ਕਸ਼ਮੀਰ ਦੀ ਮੁਹਿੰਮ ਜੋ ਰਣਜੀਤ ਸਿੰਘ ਨੇ ਵਜ਼ੀਰ ਖ਼ਾਂ ਨਾਲ ਰਲਕੇ। ਸਰ ਕੀਤੀ ਸੀ ਉਸ ਦਾ ਮਕਸਦ ਵੀ ਜਿਵੇਂ ਕਿ ਮਗਰੋਂ ਵਾਪਰੀਆਂ ਘਟਨਾਵਾਂ ਨੇ ਸਾਬਤ ਕਰ ਦਿੱਤਾ, ਸ਼ੁਜਾਹ ਨੂੰ ਦੁਸ਼ਮਨਾਂ ਦੇ ਪੰਜੇ ਵਿਚੋਂ ਛਡਾਉਣਾ ਸੀ । ਕੋਹੇਨੂਰ ਦਾ ਲੈਣ-ਦੇਣ। ਇਸ ਵੱਡੇ ਸਮਝੌਤੇ ਤੋਂ ਬਾਹਰ ਸੀ—ਇਹ ਇਕ ਖ਼ਾਸ ਸੇਵਾ ਲਈ ਖ਼ਾਸ ਇਨਾਮ ਸੀ। ਇਸ ਦਾ ਸਮਝੌਤੇ ਨਾਲ ਕੋਈ ਸਬੰਧ ਨਹੀਂ ਸੀ। ਉਹ ਕਿਹੜੀ ਗੱਲ ਸੀ, ਸਿਵਾਇ ਇੱਜ਼ਤ ਦੇ, ਜਿਸ ਨੇ ਰਣਜੀਤ ਸਿੰਘ ਨੂੰ ਮਜ਼ਬੂਰ ਕੀਤਾ ਕਿ ਉਹ ਹੀਰੇ ਨੂੰ ਜਬਰਨ ਨਾ ਲਏ? ਇਸ ਸਾਰੇ ਸਮੇਂ ਦੌਰਾਨ ਹੀਰਾ ਵਫਾ ਬੇਗ਼ਮ ਪਾਸ ਸੀ ਅਤੇ ਉਸ ਨੂੰ ਇਹ ਵੀ ਪਤਾ ਸੀ ਕਿ ਸ਼ੁਜਾਹ ਸਮਝੌਤੇ ਨੂੰ ਮਨਸੂਖ ਕਰੀਂ ਬੈਠਾ ਹੈ, ਰਣਜੀਤ ਸਿੰਘ ਦੀ ਰੱਖਿਆ ਤੇ ਮਿੱਤਰਤਾ ਛੱਡ ਬੈਠਾ ਹੈ ਅਤੇ ਦੋਹਾਂ ਦੇ ਸਾਂਝੇ ਦੁਸ਼ਮਨ ਨਾਲ ਰਲਕੇ ਸਾਜਸ਼ ਕਰ ਰਿਹਾ ਹੈ। ਰਣਜੀਤ ਸਿੰਘ ਹੁਣ ਮੁਲਤਾਨ ਤੇ ਕਸ਼ਮੀਰ ਦੋਹਾਂ ਦਾ ਮਾਲਕ ਸੀ । ਉਸ ਨੇ ਪੰਜਾਬ ਦੇ ਮਹਾਰਾਜੇ। ਵਜੋਂ ਇਹ ਦੋਵੇਂ ਇਲਾਕੇ ਜਿੱਤੇ ਸਨ । ਇਹ ਗੱਲ ਵੀ ਠੀਕ ਸੀ ਕਿ ਪੰਜਾਬ ਦੀ ਧਰਤੀ ਦੇ ਇੱਕ ਪੁੱਤਰ ਨੇ ਆਪਣੇ ਬਾਹੂ ਬੱਲ ਨਾਲ ਇਹ ਦੋਵੇਂ ਪੰਜਾਬ ਨੂੰ ਦਿਵਾਇ ਸਨ, ਨਾ ਕਿ ਕਿਸੇ ਬਦੇਸ਼ੀ ਹੱਥੋਂ ਕਿਸੇ ਇਨਾਮ ਜਾਂ ਤੁਹਫੇ ਵਜੋਂ ਜਾਂ ਕੀਮਤ ਦੇ ਕੇ ਪ੍ਰਾਪਤ ਕੀਤੇ ਸਨ । ਇਸ ਤੋਂ ਇਲਾਵਾ ਉਸ ਦੇ ਸਿਰ ਤੇ ਹੁਣ ਕੋਈ ਜ਼ਿੰਮੇਵਾਰੀ ਨਹੀਂ ਸੀ ਕਿ ਉਹ ਕਿਸੇ ਹੋਰ ਆਦਮੀ ਦੀ ਖ਼ਾਤਰ ਲੜਾਈਆਂ ਲੜੇ।

ਕਸ਼ਮੀਰ ਦੀ ਫ਼ਤਹਿ ਤੋਂ ਬਾਅਦ ਚਾਰ ਵਰ੍ਹਿਆਂ ਲਈ ਰਣਜੀਤ ਸਿੰਘ ਆਪਣੀ ਫ਼ੌਜ ਨੂੰ ਨਵਾਂ ਪ੍ਰਬੰਧ ਦੇਣ ਵਿਚ ਰੁੱਝਿਆ ਰਿਹਾ। ਇਸ ਦੌਰਾਨ ਉਸ ਨੇ ਆਪਣੀ ਸੱਸ ਸਦਾ ਕੌਰ ਨਾਲ ਘਰੇਲੂ ਝਗੜਾ ਨਿਪਟਾਇਆ, ਉਚੇਰੀਆਂ ਨੌਕਰੀਆਂ ਵਿਚ ਕਈ ਤਬਦੀਲੀਆਂ ਕੀਤੀਆਂ, ਆਕੀ ਤੇ ਅਮੋੜ ਸਰਦਾਰਾਂ ਨੂੰ ਸਿੱਧਾ ਕੀਤਾ ਤੇ ਸਿੰਧ ਦੇ ਪਾਰ ਹਜ਼ਾਰੇ ਦੇ ਇਲਾਕੇ ਵਿਚ ਕਬਾਇਲੀ ਬਗ਼ਾਵਤਾਂ ਨੂੰ ਦਬਾਇਆ। ਇਸ ਸਮੇਂ ਦੇ ਅਖੀਰ 1823 ਈ. ਵਿਚ ਉਸ ਨੂੰ ਇਕ ਹੋਰ ਮੁਹਿੰਮ ਲਈ ਤਿਆਰ ਹੋਣਾ ਪਿਆ। ਇਹ ਪਿਸ਼ੌਰ ਨੂੰ ਮੁੜ ਕੇ ਜਿੱਤਣ ਦੀ ਮੁਹਿੰਮ ਸੀ । ਜਦੋਂ ਆਜਮ ਖ਼ਾਨ ਦਾ ਭਰਾ ਜਾਬਰ ਖ਼ਾਨ ਕਸ਼ਮੀਰ ਨੱਸ ਗਿਆ। ਤਾਂ ਉਹ ਕਾਬਲੋਂ ਪਿਸ਼ੌਰ ਪਹੁੰਚਿਆ ਤਾਂ ਕਿ ਆਪਣੇ ਭਰਾ ਯਾਰ ਮੁਹੰਮਦ ਨੂੰ ਵਰਗਲਾ ਸਕੇ ਜਾਂ ਮਜਬੂਰ ਕਰ ਸਕੇ ਕਿ ਉਹ ਰਣਜੀਤ ਸਿੰਘ ਤੋਂ ਆਕੀ ਹੋ ਜਾਏ । ਇਸ ਗੱਲ ਨੂੰ ਵਧੇਰੇ ਕਾਮਯਾਬ ਕਰਨ ਲਈ ਉਸ ਨੇ ਪਿਸ਼ੌਰ ਤੇ ਇਸ ਦੇ ਇਰਦ-ਗਿਰਦ ਦੇ ਇਲਾਕਿਆਂ ਦੇ ਯੂਸਫ਼ਜਾਈ ਤੇ ਖਟਕ ਲੋਕਾਂ ਵਿਚ ਸਿੱਖਾਂ ਵਿਰੁੱਧ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ ਯਾਰ ਮੁਹੰਮਦ ਖ਼ਾਨ ਮਾਲੀਆ ਇਕੱਠਾ ਕਰਨ ਲਈ ਆਏ ਫ਼ਕੀਰ ਅਜ਼ੀਜਉੱਦੀਨ ਨੂੰ ਮਿਲਿਆ ਸੀ, ਉੱਥੋਂ ਇੱਥੋਂ ਦੇ ਲੋਕਾਂ ਨੇ ਇਹ ਅਨੁਮਾਨ ਲਗਾ ਲਿਆ ਸੀ ਕਿ ਉਹ ਕਿਸ ਹੱਦ ਤੀਕ ਰਣਜੀਤ ਸਿੰਘ ਦੇ ਅਧੀਨ ਹੋ ਚੁੱਕਾ ਸੀ । ਫ਼ਕੀਰ ਦਾ ਬੜਾ ਸ਼ਾਹਾਨਾ ਸੁਆਗਤ ਕੀਤਾ ਗਿਆ ਸੀ ਤੇ ਬਹੁਤ ਵਧੀਆ ਸਜਾਏ ਗਏ ਘੋੜਿਆਂ ਦਾ ਤੁਹਫਾ ਮਹਾਰਾਜੇ ਲਈ ਉਸ ਨੂੰ ਦਿੱਤਾ ਗਿਆ ਸੀ।

ਮਹਾਰਾਜਾ ਰਣਜੀਤ ਸਿੰਘ | Maharaja Ranjit Singh |

ਫ਼ਕੀਰ ਹਾਲੀ ਪਿਸ਼ੌਰ ਗਿਆ ਹੀ ਸੀ ਕਿ ਉੱਥੋਂ ਦੇ ਲੋਕਾਂ ਨੇ ਰਲ ਕੇ ਫ਼ੌਜੀ ਦਲ ਜੱਥੇਬੰਦੀ ਕਰਕੇ ਯਾਰ ਮੁਹੰਮਦ ਦੇ ਵਿਰੁੱਧ ਖੁੱਲ੍ਹੀ ਬਗ਼ਾਵਤ ਕਰ ਦਿੱਤੀ। ਬਜਾਇ ਇਸ ਦੇ ਕਿ ਉਹ ਆਪਣੇ ਭਰਾ ਆਜ਼ਮ ਖ਼ਾਨ ਤੇ ਲੋਕਾਂ ਦੇ ਸਾਂਝੇ ਗੁੱਸੇ ਦਾ ਮੁਕਾਬਲਾ ਕਰਦਾ, ਯਾਰ ਮੁਹੰਮਦ ਨੱਸ ਕੇ ਕਿਧਰੇ ਛਿਪ ਗਿਆ । ਪਿਸ਼ੌਰ ਉੱਪਰ ਆਜ਼ਮ ਖ਼ਾਨ ਨੇ ਇਕ ਸਿੱਖ ਭਗੋੜੇ ਜੈ ਸਿੰਘ ਅਟਾਰੀਵਾਲੇ ਦੀ ਮਦਦ ਨਾਲ ਕਬਜ਼ਾ ਕਰ ਲਿਆ। ਜਦੋਂ ਇਹ ਖ਼ਬਰ ਮਹਾਰਾਜਾ ਰਣਜੀਤ ਸਿੰਘ ਨੂੰ ਮਿਲੀ, ਉਸ ਨੇ ਸ਼ਹਿਜ਼ਾਦਾ ਸ਼ੇਰ ਸਿੰਘ ਨੂੰ ਇਕ ਤਕੜੀ ਘੋੜ-ਸਵਾਰਾਂ ਦੀ ਫ਼ੌਜ ਦੀ ਕਮਾਂਡ ਦੇ ਕੇ ਭੇਜ ਦਿੱਤਾ ਤੇ ਨਾਲ ਹੀ ਉਸ ਦੀ ਮਦਦ ਲਈ ਦੀਵਾਨ ਕ੍ਰਿਪਾ ਰਾਮ ਤੇ ਹਰੀ ਸਿੰਘ ਨਲੂਆ, ਸ. ਅਤਰ ਸਿੰਘ ਤੇ ਸ. ਧਰਮ ਸਿੰਘ ਨੂੰ ਵੀ ਫ਼ੌਜੀ ਪਲਟਨਾਂ ਦੇ ਕੇ ਸਹਾਇਤਾ ਲਈ ਪਿੱਛੇ ਤੋਰ ਦਿੱਤਾ। ਉਨ੍ਹਾਂ ਨੇ ਸਿੰਧ ਦਰਿਆ ਨੂੰ ਬੇੜੀਆਂ ਦੇ ਬਣਾਏ ਪੁਲ ਰਾਹੀਂ ਪਾਰ ਕੀਤਾ ਤੇ ਜਹਾਂਗੀਰਾ ਕਿਲ੍ਹਾ ਥੋੜ੍ਹੇ ਹੀ ਸਮੇਂ ਦੇ ਬਾਅਦ ਕਾਬੂ ਕਰ ਲਿਆ, ਪਰ ਉਹ ਆਪ ਜਲਦੀ ਹੀ ਸਾਰੇ ਪਾਸਿਉਂ ਆਸ ਪਾਸ ਦੇ ਬੇਸ਼ੁਮਾਰ ਲੋਕਾਂ ਨਾਲ ਘੇਰੇ ਗਏ। ਰਣਜੀਤ ਸਿੰਘ ਆਪਣੇ ਯੂਰਪੀਨ ਜਰਨੈਲਾਂ, ਅਲਾਰਡ ਤੇ ਵੈਨਤੂਰਾ ਨਾਲ ਤੇ ਆਪਣੇ ਗੋਰਖਾ ਜਰਨੈਲ, ਬਲਭਦਰ ਤੇ ਹੋਰ ਜਰਨੈਲਾਂ ਨਾਲ ਲਾਹੌਰ ਤੋਂ ਉਸ ਪਾਸੇ ਵੱਧ ਰਿਹਾ ਸੀ । ਉਸ ਨੇ ਉੱਥੇ ਪਹੁੰਚ ਕੇ ਮਾਰਚ 13, 1823 ਨੂੰ ਵੇਖਿਆ ਕਿ ਬੇੜੀਆਂ ਦੇ ਪੁਲ ਨੂੰ ਅਫ਼ਗ਼ਾਨਾਂ ਨੇ ਬਰਬਾਦ ਕਰ ਦਿੱਤਾ ਹੈ। ਇਕ ਹੋਰ ਬੇੜੀਆਂ ਦੇ ਕੰਮ ਚਲਾਉ ਪੁਲ ਦੇ ਬਣਾਉਣ ਦੇ ਜਤਨ ਵੀ ਸਿਰੇ ਨਾ ਚੜ੍ਹ ਸਕੇ ਕਿਉਂਕਿ ਉੱਥੋਂ ਦੇ ਲੋਕ ਲੁਕ ਛਿਪ ਕੇ ਇਕੜ ਦੁਕੜ ਆਦਮੀਆਂ ਨੂੰ ਬੰਦੂਕਾਂ ਨਾਲ ਮਾਰ ਛੱਡਦੇ ਸਨ । ਇਹ ਲੋਕ ਇਸ ਜੰਗੀ ਹੁਨਰ ਵਿਚ ਬੜੇ ਮਾਹਿਰ ਸਨ। ਇਕ ਸਮੇਂ ਸ਼ੇਰ ਸਿੰਘ ਤੇ ਉਸ ਦੀ ਅੱਗੇ ਵਧਣ ਵਾਲੀ ਫ਼ੌਜ ਨੂੰ ਪੂਰਨ ਤਬਾਹੀ ਦਾ ਖ਼ਤਰਾ ਮਹਿਸੂਸ ਹੋਣ ਲੱਗ ਪਿਆ। ਹੁਣ ਕੋਈ ਚਾਰਾ ਨਹੀਂ ਸੀ ਦਿਸਦਾ, ਸਿਵਾਇ ਇਸ ਦੇ ਕਿ ਕਿਵੇਂ ਨਾ ਕਿਵੇਂ ਦਰਿਆ ਪਾਰ ਕੀਤਾ ਜਾਏ। ਰਣਜੀਤ ਸਿੰਘ ਨੇ ਇਸ ਕੰਮ ਲਈ ਜੋ ਜਗ੍ਹਾ ਚੁਣੀ ਉਹ ਪਿੰਡ ਹੂਦ ਨੇੜੇ ਦਾ ਇਕ ਇਤਿਹਾਸਕ ਸਥਾਨ ਸੀ, ਜਿਸ ਦੀ ਵਰਤੋਂ ਸਿਕੰਦਰ, ਮੁਹੰਮਦ ਗ਼ੋਰੀ ਤੇ ਬਾਬਰ ਨੇ ਆਪਣੇ ਸਮੇਂ ਕੀਤੀ ਸੀ । ਜਦੋਂ ਦਰਿਆ ਦੇ ਦੂਜੇ ਕਿਨਾਰੇ ਕਬਾਇਲੀ ਲੋਕਾਂ ਦੇ ਝੁੰਡ ਉੱਚੀ ਉੱਚੀ ਜੰਗੀ ਨਾਅਰੇ ਲਗਾ ਰਹੇ ਸਨ ਤੇ ਸਿੱਖਾਂ ਨੂੰ ਤਾਅਨੇ ਮਿਹਣੇ ਦੇ ਰਹੇ ਸਨ, ਰਣਜੀਤ ਸਿੰਘ ਨੇ ਆਪਣੇ ਘੋੜੇ ਨੂੰ ਦਰਿਆ ਵਿਚ ਠਲ੍ਹ ਦਿੱਤਾ ਤੇ ਬਾਕੀ ਫ਼ੌਜ ਘੋੜਿਆਂ, ਖੱਚਰਾਂ ਤੇ ਹਾਥੀਆਂ ਉੱਪਰ ਸਮਾਨ ਸਮੇਤ ਪਾਣੀ ਵਿਚ ਠਿਲ੍ਹ ਪਈ। ਪਾਣੀ ਦਾ ਵਹਾ ਬੜਾ ਤੇਜ ਸੀ ਜਿਸ ਕਰਕੇ ਬਹੁਤ ਸਾਰੇ ਆਦਮੀ ਤੇ ਜਾਨਵਰ ਰੁੜ੍ਹ ਪਏ। ਪਰ ਉਨ੍ਹਾਂ ਦਾ ਫੌਰੀ ਨਿਸ਼ਾਨਾ ਸ਼ੇਰ ਸਿੰਘ ਦੀ ਫ਼ੌਜ ਦੀ ਸਹਾਇਤਾ ਕਰਨਾ ਸੀ ਤੇ ਉਹ ਪੂਰਾ ਹੋ ਗਿਆ। ਕਿਸ਼ਤੀਆਂ ਇਕੱਠੀਆਂ ਕੀਤੀਆਂ ਗਈਆਂ ਤੇ ਸਾਰੀ ਫ਼ੌਜ ਹਾਥੀਆਂ ਤੋਪਾਂ ਸਮੇਤ ਪਾਰ ਹੋ ਗਈ। ਸ਼ਾਹੀ ਫ਼ੌਜ ਅਖੋੜਾ ਵਿਚ ਦਾਖ਼ਲ ਹੋ ਗਈ, ਉੱਥੇ ਜੈ ਸਿੰਘ ਅਟਾਰੀਵਾਲਾ ਮਹਾਰਾਜੇ ਦੇ ਚਰਨਾਂ ਤੇ ਢੱਠਾ ਤੇ ਉਸ ਨੂੰ ਖ਼ਿਮਾ ਕਰ ਦਿੱਤਾ ਗਿਆ।

ਇਸੇ ਦੋਰਾਨ ਯੂਸਫਜ਼ਈ ਤੇ ਅਟਕ ਕਬੀਲਿਆਂ ਦੇ ਵੀਹ ਹਜ਼ਾਰ ਬੰਦੇ ਜਹਾਂਗੀਰਾ ਤੋਂ ਪਿੱਛੇ ਹਟ ਕੇ ਇਕ ਛੋਟੀ ਜਿਹੀ ਪੀਰ ਸਾਬਕ ਨਾਮੀ ਪਹਾੜੀ ਉੱਤੇ ਜਮ੍ਹਾ ਹੋ ਗਏ। ਇਹ ਸਥਾਨ ਪਿਸ਼ੌਰ ਤੇ ਨੋਸ਼ਹਿਰੇ ਦੇ ਦਰਮਿਆਨ ਵਗਦੇ ਲੰਡੇ ਦਰਿਆ ਦੇ ਖੱਬੇ ਪਾਸੇ ਵੱਲ ਹੈ। ਉਨ੍ਹਾਂ ਦੀ ਮਦਦ ਲਈ ਹੋਰ ਪੱਛਮ ਵੱਲੋਂ ਨੇੜੇ ਨੇੜੇ ਦੀਆਂ ਪਹਾੜੀਆਂ ਉੱਤੇ ਕੁਮਕਾਂ ਮੌਜੂਦ ਸਨ। ਦਰਿਆ ਦੇ ਦੂਜੇ ਕਿਨਾਰੇ ਤੇ ਆਜ਼ਮ ਖ਼ਾਨ ਕਾਬਲ ਦੀ ਫ਼ੌਜ ਲਈ ਤਿਆਰ ਬੈਠਾ ਸੀ। ਮਹਾਰਾਜੇ ਨੇ ਇਕ ਛੋਟੀ ਸੈਨਾ ਜਨਰਲ ਐਲਾਰਡ ਤੇ ਵੈਨਤੂਰਾ ਦੀ ਅਗਵਾਈ ਹੇਠ ਆਜ਼ਮ ਖ਼ਾਨ ਨੂੰ ਰੋਕਣ ਲਈ ਭੇਜੀ ਤੇ ਬਾਕੀ ਦੀ ਸਾਰੀ ਫ਼ੌਜ, ਪੈਦਲ ਤੇ ਘੋੜ ਸਵਾਰ, ਪੀਰ ਸਾਬਕ ਦੇ ਮੋਰਚਾਬੰਦ ਕਬਾਇਲੀਆਂ ਵਿਰੁੱਧ ਲਾਮਬੰਦ ਕਰ ਦਿੱਤੀ । ਇਸ ਫ਼ੌਜ ਦੇ ਅਗਲਿਆਂ ਹਿੱਸਿਆਂ ਉੱਤੇ ਆਜ਼ਮ ਖ਼ਾਨ ਦੇ ਭਤੀਜੇ ਮੁਹੰਮਦ ਜ਼ਮਾਨ ਖ਼ਾਨ ਦੇ ਅਫ਼ਗਾਨ ਸਿਪਾਹੀਆਂ ਨੇ ਬੰਦੂਕਾਂ ਦੀਆਂ ਗੋਲੀਆਂ ਚਲਾਈਆਂ ਤੇ ਕਬਾਇਲੀਆਂ ਨੇ ਪਹਾੜੀਆਂ ਤੋਂ ਵੱਟਿਆਂ ਤੇ ਪੱਥਰਾਂ ਦੀ ਬੁਛਾੜ ਕੀਤੀ। ਕੁਝ ਮੌਤਾਂ ਹੋ ਗਈਆਂ ਤੇ ਇਕ ਅਗਲੀ ਫ਼ੌਜ ਦਾ ਆਗੂ, ਗੁਰੂ ਸਤ ਗੁਰੂ ਸਹਾਇ, ਵੀ ਮਾਰਿਆ ਗਿਆ। ਫਿਰ ਸਿੱਖ ਘੋੜ ਸਵਾਰਾਂ ਨੂੰ ਹੱਲੇ ਲਈ ਹੁਕਮ ਹੋਇਆ। ਇਸ ਤੇ ਸਿੱਖ ਘੋੜ ਸਵਾਰਾਂ ਦੀ ਇਕ ਤੋਂ ਬਾਅਦ ਦੂਜੀ ਸਫ ਅੱਗੇ ਵਧਦੀ, ਫਾਇਰ ਕਰਦੀ ਤੇ ਫਿਰ ਪਿੱਛੇ ਪਰਤ ਆਉਂਦੀ । ਦੁਸ਼ਮਣ ਇਸ ਲਗਾਤਾਰ ਗੋਲੀਆਂ ਦੀ ਬੁਛਾੜ ਦਾ ਟਾਕਰਾ ਨਾ ਕਰ ਸਕਿਆ ਤੇ ਉਨ੍ਹਾਂ ਦੇ ਅੱਧੇ ਆਦਮੀ ਵੀ ਮਾਰੇ ਗਏ। ਅੰਤ ਵਿਚ, ਸ਼ਾਮ ਵੇਲੇ ਦੇ ਨਜ਼ਦੀਕ ਕਬਾਇਲੀ ਪਹਾੜੀ ਤੋਂ ਉਤਰ ਆਏ ਤੇ ਉਨ੍ਹਾਂ ਸਿੱਖ ਘੋੜ-ਸਵਾਰ ਫ਼ੌਜ ਉੱਤੇ ਇਕ ਮਾਰੂ ਹਮਲਾ ਕਰ ਦਿੱਤਾ ਤੇ ਲਗਭਗ ਉਸ ਦੀਆਂ ਕਤਾਰਾਂ ਤੋੜ ਦਿੱਤੀਆਂ। ਇਹ ਵੇਖ ਕੇ ਰਣਜੀਤ ਸਿੰਘ ਨੇ ਆਪਣੇ ਮੁਸਲਮਾਨ ਨਜੀਬ ਤੇ ਗੋਰਖਾ ਫ਼ੌਜਾਂ ਨੂੰ ਅੱਗੇ ਵਧਾਇਆ ਤੇ ਪਹਾੜੀ ਦੇ ਦਾਮਨ ਵਿਚ ਇਕ ਫ਼ੌਜੀ ਦਸਤਾ ਖੜ੍ਹਾ ਕਰਕੇ ਹੁਕਮ ਦਿੱਤਾ ਕਿ ਜੋ ਸਿਪਾਹੀ ਵੀ ਨੱਸਣ ਦਾ ਜਤਨ ਕਰੇ, ਉਸ ਨੂੰ ਫੌਰਨ ਗੋਲੀ ਨਾਲ ਉਡਾ ਦਿਓ। ਉਸ ਸਮੇਂ ਦਰਬਾਰ ਦੀਆਂ ਫ਼ੌਜਾਂ ਜੋ ਪਹਾੜੀਆਂ ਦੇ ਦੂਜੇ ਪਾਸੇ ਸਨ ਉਹ ਪਿਸ਼ੋਰ ਵੱਲੋਂ ਅੱਗੇ ਵਧੀਆਂ ਤੇ ਕਬਾਇਲੀਆਂ ਤੇ ਹੱਲਾ ਕਰਕੇ ਉਨ੍ਹਾਂ ਦੇ ਪੈਰ ਉਖੇੜ ਦਿੱਤੇ । ਇਸ ਉਪਰੰਤ ਇਕ ਹੱਥੋਂ-ਹੱਥ ਲੜਾਈ ਹੋਈ ਜਿਸ ਵਿਚ ਅਕਾਲੀ ਫੂਲਾ ਸਿੰਘ ਦੇ ਨਿਹੰਗਾਂ ਨੇ ਤਕੜਾ ਹਿੱਸਾ ਲਿਆ। ਅਕਾਲੀ ਫੂਲਾ ਸਿੰਘ, ਜੋ ਪਠਾਨਾਂ ਦਾ ਖ਼ਾਸ ਨਿਸ਼ਾਨਾ ਸੀ, ਇਸ ਸਮੇਂ ਮਾਰਿਆ ਗਿਆ। ਇਸ ਤਰ੍ਹਾਂ ਲੜਾਈ ਬਹੁਤ ਘਮਸਾਨ ਦੀ ਹੋਈ ਤੇ ਦੋਹਾਂ ਧਿਰਾਂ ਦਾ ਬਹੁਤ ਨੁਕਸਾਨ ਹੋਇਆ।

ਇਹ ਲੜਾਈ ਗਹਿਰੀ ਸ਼ਾਮ ਤੀਕ ਹੁੰਦੀ ਰਹੀ । ਬਾਕੀ ਰਹਿ ਗਏ ਅਫ਼ਗ਼ਾਨਾਂ ਵਿਚ ਤਕੜੀ ਸਿੱਖ ਫ਼ੌਜ ਦਾ ਟਾਕਰਾ ਕਰਨ ਦੀ ਹੁਣ ਤਾਬ ਨਹੀਂ ਸੀ । ਉਹ ਸਿੱਖਾਂ ਦੇ ਦਸਤਿਆਂ ਵਿਚ ਕੱਟ ਵੱਢ ਕਰਕੇ ਪਹਾੜੀਆਂ ਵਿਚ ਘੁਸ ਗਏ । ਦਰਿਆ ਦੇ ਦੂਜੇ ਪਾਸੇ ਤੋਂ ਆਜ਼ਮ ਖ਼ਾਨ ਸਭ ਕੁਝ ਦੇਖ ਰਿਹਾ ਸੀ ਪਰ ਉਸ ਨੇ ਨਾ ਤਾਂ ਦਰਿਆ ਪਾਰ ਕੀਤਾ ਤੇ ਨਾ ਸਿੱਖ ਤੋਪਖਾਨੇ ਦਾ ਕੋਈ ਮੁਕਾਬਲਾ ਕੀਤਾ। ਕਬਾਇਲੀ ਦੂਜੇ ਦਿਨ ਫਿਰ ਜੰਗ ਲਈ ਇਕੱਠੇ ਹੋਏ ਪਰ ਆਜ਼ਮ ਖ਼ਾਨ ਪਹਿਲਾਂ ਹੀ ਆਪਣਾ ਡੇਰਾ ਉਖਾੜ ਕੇ ਪਿਸ਼ੌਰ ਵੱਲ ਨੂੰ ਚਲਾ ਗਿਆ ਤਾਂਕਿ ਆਪਣੀ ਦੌਲਤ ਤੇ ਔਰਤਾਂ ਨੂੰ ਇਕੱਠਾ ਕਰਕੇ ਜਲਾਲਾਬਾਦ ਪਹੁੰਚ ਸਕੇ । ਉਹ ਜਲਾਲਾਬਾਦ ਠੀਕ ਠਾਕ ਪੁੱਜ ਗਿਆ ਪਰ ਕੁਝ ਚਿਰ ਪਿੱਛੋਂ ਹੀ ਮਰ ਗਿਆ। ਸ਼ਾਇਦ ਉਸ ਦਾ ਦਿਲ ਟੁੱਟ ਚੁੱਕਾ ਸੀ।

17 ਮਾਰਚ ਨੂੰ ਰਣਜੀਤ ਸਿੰਘ ਜੇਤੂ ਫ਼ੌਜ ਨਾਲ ਪਿਸ਼ੌਰ ਦਾਖ਼ਲ ਹੋਇਆ। ਆਸ ਪਾਸ ਦੇ ਪਠਾਨ ਲੋਕਾਂ ਨੇ ਉਸ ਦੀਆਂ ਫ਼ੌਜਾਂ, ਜੋ ਖੁੱਲ੍ਹੇ ਇਲਾਕੇ ਵਿਚ ਖੈਮਾਜ਼ਨ ਸਨ, ਨੂੰ ਕਾਫ਼ੀ ਦੁਖੀ ਕੀਤਾ । ਉਹ ਰਾਤ ਨੂੰ ਆ ਕੇ ਹਮਲੇ ਕਰਦੇ ਤੇ ਲੁੱਟ-ਮਾਰ ਕਰਦੇ । ਇਹ ਉਹੀ ਤਰੀਕਾ ਸੀ—ਮਾਰੋ ਤੇ ਦੌੜ ਜਾਓ, ਜੋ ਮੁੱਢਲੇ ਸਾਲਾਂ ਵਿਚ ਰਣਜੀਤ ਸਿੰਘ ਆਪ ਅਫ਼ਗ਼ਾਨ ਹਮਲਾਵਰਾਂ ਦੇ ਵਿਰੁੱਧ ਵਰਤਦਾ ਰਿਹਾ ਸੀ । ਸੋ ਉਹ ਹੁਣ ਲਾਹੌਰ ਪਰਤਣ ਦਾ ਬੜਾ ਚਾਹਵਾਨ ਸੀ। ਉਸ ਨੇ ਇਸ ਲਈ ਯਾਰ ਮੁਹੰਮਦ ਖ਼ਾਨ ਨੂੰ ਗਵਰਨਰ ਥਾਪਿਆ, ਜੋ ਆਪਣੇ ਭਰਾ ਦੋਸਤ ਮੁਹੰਮਦ ਨਾਲ ਪੇਸ਼ ਹੋਇਆ ਸੀ । ਸ਼ਾਇਦ ਯਾਰ ਮੁਹੰਮਦ ਖ਼ਾਨ ਅਜੇ ਹੋਰ ਅਦਲਾ-ਬਦਲੀ ਵਾਲਾ ਰੋਲ ਅਦਾ ਕਰਨਾ ਚਾਹੁੰਦਾ ਸੀ । ਰਣਜੀਤ ਸਿੰਘ ਨੂੰ ਪਤਾ ਸੀ ਕਿ ਅਜੇ ਕਬਾਇਲੀ ਇਲਾਕੇ ਉੱਤੇ ਉਸ ਦਾ ਅਧਿਕਾਰ ਨਾਮ ਮਾਤਰ ਹੀ ਸੀ ਤੇ ਇਸ ਨੂੰ ਵਾਸਤਵਿਕਤਾ ਵਿਚ ਤਬਦੀਲ ਕਰਨ ਲਈ ਬਹੁਤ ਕੁਝ ਹੋਰ ਕਰਨਾ ਰਹਿੰਦਾ ਸੀ ਇਸ ਕਰਕੇ ਉਸ ਨੇ ਸਭ ਤੋਂ ਬਹਾਦਰ ਜਰਨੈਲ ਹਰੀ ਸਿੰਘ ਨਲੂਵੇ ਨੂੰ ਉੱਥੇ ਛੱਡ ਦਿੱਤਾ।

ਹਰੀ ਸਿੰਘ ਨੇ ਆਪਣੀ ਕਾਰਵਾਈ ਦਰਿਆ ਸਿੰਧ ਦੇ ਪੂਰਬ ਵੱਲ ਹਜ਼ਾਰਾ ਜ਼ਿਲ੍ਹੇ ਵਿਚ ਅਰੰਭੀ ਤੇ ਉੱਥੇ ਇਕ ਕਿਲ੍ਹਾ ਬਣਵਾਇਆ ਜਿਸ ਦਾ ਨਾਂ ਆਪਣੇ ਨਾਂ ਦੇ ਅਧਾਰ ਤੇ ਹਰੀਪੁਰ ਰਖਿਆ। ਹਰੀਪੁਰ ਤੋਂ ਕੇਵਲ 15 ਮੀਲ ਦੂਰ ਸਿਤਾਣਾ ਸੀ, ਜਿਥੇ ਬੂਨੇਰ ਦੇ ਪੀਰ ਬਾਬਾ ਖ਼ਾਨਦਾਨ ਦੇ ਸੱਯਦ ਅਕਬਰ ਸ਼ਾਹ ਦਾ ਕਿਲ੍ਹਾ ਸੀ । ਅਕਬਰ ਸ਼ਾਹ ਨੇ ਹੀ ਉਨ੍ਹਾਂ ਯੂਜਫ਼ਜ਼ਈ ਤੇ ਖਟਕ ਲੋਕਾਂ ਦੀ ਅਗਵਾਈ ਕੀਤੀ ਸੀ ਜੋ ਨੁਸ਼ਹਿਰੇ ਦੀ ਜੰਗ ਵਿਚ ਦਰਬਾਰ ਦੀਆਂ ਫ਼ੌਜਾਂ ਵਿਰੁੱਧ ਲੜੇ ਸਨ । ਕਬਾਇਲੀਆਂ ਦੇ ਦਿਲ ਵਿਚ ਆਪਣੀ ਹਾਰ ਰੜਕਦੀ ਸੀ ਤੇ ਉਹ ਫਿਰ ਸੱਯਦ ਅਕਬਰ ਸ਼ਾਹ ਦੀ ਅਗਵਾਈ ਹੇਠ ਸਿੱਖਾਂ ਨੂੰ ਇਸ ਇਲਾਕੇ ਤੋਂ ਕੱਢ ਦੇਣ ਦੀ ਤਿਆਰੀ ਕਰ ਰਹੇ ਸਨ । ਹਰੀ ਸਿੰਘ ਨਲੂਏ ਨੇ ਸਿੰਧ ਦਰਿਆ ਤੇ ਕਸ਼ਮੀਰ ਦੇ ਵਿਚਕਾਰ ਪਹਾੜੀਆਂ ਦੇ ਐਨ ਦਰਵਾਜ਼ੇ ਤੇ ਸਥਿਤ ਨਾਰਾ ਦੇ ਸਥਾਨ ਤੇ ਉਨ੍ਹਾਂ ਉੱਪਰ ਹੱਲਾ ਕੀਤਾ, ਪਰ ਉਨ੍ਹਾਂ ਦੀ ਗਿਣਤੀ ਬੇਸ਼ੁਮਾਰ ਸੀ ਜਿਸ ਕਾਰਨ ਉਸ ਨੂੰ ਬਚਾਉ ਦੀ ਪੋਜੀਸ਼ਨ ਲੈਣੀ ਪਈ। ਉਸ ਨੇ ਲਾਹੌਰ ਸੰਦੇਸ਼ ਭੇਜਿਆ ਪਰੰਤੂ ਇਸ ਤੋਂ ਪਹਿਲਾਂ ਕਿ ਰਣਜੀਤ ਸਿੰਘ ਤੇ ਉਸ ਦੀ ਫ਼ੌਜ ਲਗਾਤਾਰ ਮੰਜ਼ਲਾਂ ਮਾਰਦੀ ਹੋਈ ਉਥੇ ਪੁੱਜਦੀ, ਉਹ ਜ਼ਖਮੀ ਹੋ ਗਿਆ ਤੇ ਕਬਾਇਲੀਆਂ ਦੇ ਘੇਰੇ ਵਿਚੋਂ ਨਿਕਲਣ ਦੇ ਜਤਨ ਵਿਚ ਕਾਫ਼ੀ ਨੁਕਸਾਨ ਉਠਾ ਕੇ ਪਿਛਾਂਹ ਹਰੀਪੁਰ ਮੁੜ ਆਇਆ। ਰਣਜੀਤ ਸਿੰਘ ਨੇ ਫਿਰ ਸਿੰਧ ਦਰਿਆ ਨੂੰ ਪਾਰ ਕੀਤਾ, ਜਿਵੇਂ ਅੱਗੇ ਦੋ ਵਾਰੀ ਕਰ ਚੁੱਕਾ ਸੀ, ਤੇ ਟੋਪੀ ਤੇ ਕੋਠਾ ਦੇ ਇਲਾਕਿਆਂ ਵਿਚੋਂ ਮਾਰਚ ਕਰਦੇ ਹੋਏ ਕਬਾਇਲੀਆਂ ਦੇ ਵਿਰੁੱਧ ਕਈ ਦੰਡ-ਦੇਊ ਮੁਹਿੰਮਾਂ ਸਰ ਕੀਤੀਆਂ। ਉਸ ਨੇ ਯਾਰ ਮੁਹੰਮਦ ਨੂੰ ਆਪਣੇ ਕੈਂਪ ਵਿਚ ਸੱਦਿਆ ਅਤੇ ਉਸ ਤੋਂ ਤਾਬਿਆਦਾਰੀ ਦੀ ਤਾਜ਼ਾ ਸੌਗੰਦ ਤੇ ਘੋੜਿਆਂ ਦੇ ਤੁਹਫੇ ਪ੍ਰਾਪਤ ਕੀਤੇ। ਫਿਰ ਉਹ ਜਹਾਂਗੀਰਾ ਤੋਂ ਹੁੰਦਾ ਹੋਇਆ ਅਟਕ ਵਾਪਸ ਆ ਗਿਆ।

ਅਫ਼ਗ਼ਾਨਾਂ ਦੀ ਹੋਣੀ ਦਾ ਸਾਲਸ

ਜਦ ਤੋਂ ਸ਼ਾਹ ਸ਼ੁਜਾਹ ਨੇ ਰਣਜੀਤ ਸਿੰਘ ਦੀ ਓਟ ਛੱਡ ਕੇ ਅੰਗਰੇਜ਼ਾਂ ਦੀ ਸ਼ਰਨ ਵਿਚ ਲੁਧਿਆਣੇ ਰਿਹਾਇਸ਼ ਅਰੰਭੀ ਸੀ ਤਦ ਤੋਂ ਹੀ ਉਹ ਆਪਣੇ ਤਖ਼ਤੇ ਨੂੰ ਮੁੜ ਪ੍ਰਾਪਤ ਕਰਨ ਲਈ ਇੱਧਰ ਉੱਧਰ ਸਹਾਇਤਾ ਵਾਸਤੇ ਹੱਥ ਪੈਰ ਮਾਰ ਰਿਹਾ ਸੀ। ਉਸ ਨੇ ਰਣਜੀਤ ਸਿੰਘ ਨੂੰ 1826 ਈ. ਵਿਚ ਇਸ ਵਾਸਤੇ ਸੰਦੇਸ਼ ਵੀ ਭੇਜਿਆ ਪਰ ਕੋਈ ਤਸੱਲੀ-ਬਖ਼ਸ਼ ਉੱਤਰ ਨਾ ਮਿਲਿਆ। ਫਿਰ 1827 ਈ. ਵਿਚ ਉਸ ਨੂੰ ਅੰਗਰੇਜ਼ਾਂ ਤੋਂ ਪਤਾ ਲੱਗਾ ਕਿ ਉਨ੍ਹਾਂ ਦੀ ਰਣਜੀਤ ਸਿੰਘ ਨਾਲ ਹੋਈ ਸੰਧੀ ਅਨੁਸਾਰ ਉਹ ਉਸ ਦੀ ਮਦਦ ਉੱਨਾ ਚਿਰ ਨਹੀਂ ਕਰ ਸਕਦੇ ਜਦ ਤਕ ਉਹ ਰਣਜੀਤ ਸਿੰਘ ਨੂੰ ਇਸ ਗੱਲ ਲਈ ਨਹੀਂ ਮੰਨਾ ਲੈਂਦਾ । ਉਸ ਨੇ ਕੁਝ ਸਮੇਂ ਲਈ ਗੱਲਬਾਤ ਦਾ ਸਿਲਸਿਲਾ ਛੱਡ ਦਿੱਤਾ । 1831 ਈ. ਵਿਚ ਉਮੀਦ ਦੀ ਇਕ ਨਵੀਂ ਕਿਰਨ ਉਸ ਨੂੰ ਦਿਖਾਈ ਦਿੱਤੀ । ਸਿੰਧ ਦੇ ਤਾਲਪੁਰ ਦੇ ਅਮੀਰਾਂ ਨੇ ਉਸ ਨੂੰ ਸਹਾਇਤਾ ਦਾ ਵਚਨ ਦਿੱਤਾ। ਅੰਗਰੇਜ਼ ਇਨ੍ਹਾਂ ਪਾਸੋਂ ਵਪਾਰੀ ਸਹੂਲਤਾਂ ਲੈਣ ਲਈ ਗੱਲ-ਬਾਤ ਕਰ ਰਹੇ ਸਨ ਤੇ ਉਨ੍ਹਾਂ ਨੂੰ ਸ਼ੱਕ ਸੀ ਕਿ ਜੇਕਰ ਅੰਗਰੇਜ਼ਾਂ ਨੇ ਇਕ ਵਾਰੀ ਆਪਣੇ ਪੈਰ ਟਿਕਾਣ ਦੀ ਜਗਹ ਬਣਾ ਲਈ ਤਾਂ ਉਹ ਵਧਦੇ ਵਧਦੇ ਰਾਜਸੀ ਤਾਕਤ ਨਾਲ ਸਾਰੇ ਸਿੰਧ ਨੂੰ ਕਾਬੂ ਕਰ ਲੈਣਗੇ । ਸੋ ਉਨ੍ਹਾਂ ਤੋਂ ਬਚਣ ਲਈ ਉਨ੍ਹਾਂ ਨੇ ਸ਼ਾਹ ਸ਼ੁਜਾਹ ਨੂੰ ਆਪਣਾ ਨਾਮਧਰੀਕ ਮਾਲਕ ਪ੍ਰਵਾਨ ਕਰਨਾ ਮੰਨ ਲਿਆ। ਸ਼ੁਜਾਹ ਇਸ ਅਵਸਰ ਤੇ ਬਹੁਤ ਹੀ ਪ੍ਰਸੰਨ ਹੋਇਆ ਕਿਉਂਕਿ ਇਸ ਤਰ੍ਹਾਂ ਕਾਬਲ ਜਾਣ ਦਾ ਰਸਤਾ ਕੰਧਾਰ ਰਾਹੀਂ ਉਸ ਨੂੰ ਮਿਲਦਾ ਸੀ । ਉਸ ਨੂੰ ਰਣਜੀਤ ਸਿੰਘ ਪਾਸੋਂ ਵੀ ਮਦਦ ਦੀ ਆਸ ਸੀ ਜੋ ਕਿ ਉਨ੍ਹਾਂ ਦਿਨਾਂ ਵਿਚ ਅੰਗਰੇਜ਼ਾਂ ਨਾਲ ਕੁਝ ਨਰਾਜ਼ ਸੀ ਕਿਉਂਕਿ ਉਹ ਉਸ ਦੀ ਤਾਕਤ ਸਿੰਧ ਵੱਲ ਵਧਣ ਨਹੀਂ ਸਨ ਦਿੰਦੇ । ਅੰਗਰੇਜ਼ਾਂ ਨੇ ਚਾਲਾਕੀ ਨਾਲ ਸਿੰਧ ਦਰਿਆ ਦੀਆਂ ਜਹਾਜ਼ਰਾਨੀ ਦੀਆਂ ਸੰਭਾਵਨਾਵਾਂ ਤੇ ਸਿੰਧ ਦੇ ਇਲਾਕੇ ਅੰਦਰ ਆਰਥਕ ਲਾਭਾਂ ਸੰਬੰਧੀ ਸਰਵੇਖਣ ਕਰ ਲਿਆ ਸੀ । ਅਜਿਹਾ ਕਰਨ ਲਈ ਬਹਾਨਾ ਇਹ ਬਣਾਇਆ ਗਿਆ ਸੀ ਕਿ ਇੰਗਲੈਂਡ ਦੇ ਬਾਦਸ਼ਾਹ ਨੇ ਜੋ ਪੰਜ ਘੋੜੇ ਤੇ ਗਵਰਨਰ ਜਨਰਲ ਨੇ ਜੋ ਇਕ ਬੱਘੀ ਮਹਾਰਾਜੇ ਨੂੰ ਤੁਹਫੇ ਵਜੋਂ ਭੇਜਣੇ ਸਨ ਉਨ੍ਹਾਂ ਨੂੰ ਲਾਹੌਰ ਪਹੁੰਚਾਉਣ ਲਈ ਸਿੰਧ ਦਾ ਰਸਤਾ ਚੁਣਿਆ ਗਿਆ। ਇਸ ਉਪਰੰਤ 26 ਅਕਤੂਬਰ, 1831 ਨੂੰ ਗਵਰਨਰ ਜਨਰਲ ਲਾਰਡ ਵਿਲਿਅਮ ਬੈਨਟਿੰਕ ਤੇ ਮਹਾਰਾਜੇ ਦੀ ਰੋਪੜ ਵਿਚ ਮਿਲਣੀ ਹੋਈ। ਇਸ ਮਿਲਣੀ ਸਮੇਂ ਰਣਜੀਤ ਸਿੰਘ ਨੂੰ ਕਿਹਾ ਗਿਆ ਕਿ ਉਹ ਸਿੰਧ ਵਿਚ ਕੋਈ ਦਖ਼ਲ ਨਾ ਦੇਵੇ । ਕਿਉਂਕਿ ਅੰਮ੍ਰਿਤਸਰ ਦੀ ਸੰਧੀ ਸਤਲੁਜ ਦੇ ਦੱਖਣ ਵੱਲ ਸਤਲੁਜ ਤੇ ਸਿੰਧ ਦੇ ਸੰਗਮ ਤਕ ਹੀ ਅੰਗਰੇਜਾਂ ਦੀ ਦਖ਼ਲ-ਅੰਦਾਜੀ ਨੂੰ ਰੋਕਦੀ ਸੀ ਤੇ ਇਸ ਤੋਂ ਅਗਾਂਹ ਅੰਗਰੇਜ਼ਾਂ ਨੂੰ ਪੂਰਨ ਆਜ਼ਾਦੀ ਸੀ ਕਿ ਆਪਣੇ ਲਾਭ ਲਈ ਜੋ ਠੀਕ ਸਮਝਣ ਕਰ ਸਕਦੇ ਸਨ । ਇਸ ਮਿਲਣੀ ਦੀ ਬੜੀ ਹੀ ਸਜ-ਧਜ ਤੇ ਸਜਾਵਟ ਸੀ, ਜਿਸ ਕਾਰਨ ਇਸ ਨੂੰ ਵਡਿਆ ਕੇ ‘ਸੁਨਹਰੀ ਕਪੜੇ ਦੀ ਧਰਤੀ ਦੀ ਮਿਲਣੀ’ ਕਿਹਾ ਜਾਂਦਾ ਹੈ। ਪਰੰਤੂ ਇਸ ਦਾ ਸਿੱਟਾ ਕੁਝ ਵੀ ਨਾ ਨਿਕਲਿਆ ਤੇ ਇਸ ਤੋਂ ਰਣਜੀਤ ਸਿੰਘ ਨੂੰ ਬੜੀ ਹੀ ਨਿਰਾਸ਼ਾ ਹੋਈ।

ਅਜਿਹੀ ਹਾਲਤ ਵਿਚ ਸ਼ੁਜਾਹ ਨੇ ਰਣਜੀਤ ਸਿੰਘ ਨੂੰ ਸੁਨੇਹਾ ਭੇਜਿਆ ਕਿ ਉਹ ਪਿਸ਼ੋਰ ਅਤੇ ਸਿੰਧ ਤੇ ਪਹਾੜੀਆਂ ਦੇ ਵਿਚਲੇ ਇਲਾਕੇ ਤੋਂ ਆਪਣਾ ਹੱਕ ਛੱਡ ਦੇਵੇਗਾ ਜੇਕਰ ਕਾਬਲ ਦਾ ਤਖ਼ਤ ਦਿਵਾਉਣ ਵਿਚ ਉਹ ਉਸ ਦੀ ਸਹਾਇਤਾ ਕਰੇ । ਸੋ 1833 ਈ. ਵਿਚ ਗਠਜੋੜ ਦੀ ਇਕ ਸੰਧੀ ਕੀਤੀ ਗਈ। ਸ਼ੁਜਾਹ ਸਿੰਧ ਵੱਲ ਚਲਾ ਗਿਆ ਪਰ ਜਦੋਂ ਉਹ ਸ਼ਿਕਾਰਪੁਰ ਪੁੱਜਾ ਉਸ ਨੂੰ ਪਤਾ ਲੱਗਾ ਕਿ ਅਮੀਰਾਂ ਨੇ ਆਪਣਾ ਮਨ ਬਦਲ ਲਿਆ ਹੈ। ਦੋ ਕਾਰਨਾਂ ਕਰਕੇ ਉਨ੍ਹਾਂ ਐਸਾ ਕੀਤਾ ਸੀ । ਪਹਿਲੀ ਇਹ ਕਿ ਅਮੀਰਾਂ ਨੂੰ ਸ਼ੁਜਾਹ ਦੀ ਰਣਜੀਤ ਸਿੰਘ ਨਾਲ ਸੰਧੀ ਪਸੰਦ ਨਹੀਂ ਸੀ, ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਇਸ ਤਰ੍ਹਾਂ ਰਣਜੀਤ ਸਿੰਘ ਲਈ ਉਨ੍ਹਾਂ ਦੇ ਇਲਾਕੇ ਤੇ ਕਾਬੂ ਪਾਉਣਾ ਅਸਾਨ ਹੋ ਜਾਏਗਾ। ਦੂਜਾ, ਦੋਸਤ ਮੁਹੰਮਦ ਨੇ ਜੋ ਕਾਬਲ ਦਾ ਮਾਲਕ ਸੀ, ਉਨ੍ਹਾਂ ਨੂੰ ਧਮਕੀ ਦਿੱਤੀ ਕਿ ਜੇ ਉਹ ਸ਼ੁਜਾਹ ਦੀ ਮਦਦ ਕਰਨਗੇ ਤਾਂ ਉਨ੍ਹਾਂ ਨੂੰ ਇਸ ਦੇ ਸਿੱਟੇ ਭੁਗਤਣੇ ਪੈਣਗੇ । ਇਸ ਦਾ ਨਤੀਜਾ ਇਹ ਨਿਕਲਿਆ ਕਿ ਸਵਾਗਤ ਦੀ ਥਾਂ ਜਿਸ ਦੀ ਉਸ ਨੂੰ ਬੜੀ ਆਸ ਸੀ, ਉਸ ਨੂੰ ਸ਼ਿਕਾਰਪੁਰ ਵਿਚ ਬੇਸ ਪ੍ਰਾਪਤ ਕਰਨ ਲਈ ਉਨ੍ਹਾਂ ਨਾਲ ਲੜਣਾ ਪਿਆ । ਉਹ ਬਲੋਨ ਦੇ ਦੱਰੇ ਰਾਹੀਂ ਕੰਧਾਰ ਵੱਲ ਵਧਿਆ। ਅਰੰਭ ਵਿਚ ਉਸ ਨੂੰ ਕੁਝ ਕਾਮਯਾਬੀ ਹੋਈ ਪਰ ਬਾਅਦ ਵਿਚ ਜੁਲਾਈ 1834 ਵਿਚ ਦੋਸਤ ਮੁਹੰਮਦ ਨੇ ਉਸ ਨੂੰ ਇਕ ਤਕੜੀ ਹਾਰ ਦਿੱਤੀ ਤੇ ਉਹ ਟੁੱਟ-ਹਾਰ ਕੇ ਲੁਧਿਆਣੇ ਫਿਰ ਆ ਪੁੱਜਾ ।

ਰਣਜੀਤ ਸਿੰਘ ਨੂੰ ਸ਼ਾਹ ਸ਼ੁਜਾਹ ਨਾਲ ਸੰਧੀ ਕਰਨ ਉਪਰੰਤ ਪਿਸ਼ੌਰ ਦੇ ਰਾਜਸੀ ਪ੍ਰਬੰਧ ਵਿਚ ਕਾਫ਼ੀ ਔਖ ਹੋਈ । ਸੁਲਤਾਨ ਮੁਹੰਮਦ, ਜੋ ਉਸ ਸਮੇਂ ਉੱਥੋਂ ਦਾ ਗਵਰਨਰ ਸੀ, ਉਸ ਤੋਂ ਕੁਦਰਤੀ ਤੌਰ ਤੇ ਤਾਬਿਆਦਾਰੀ ਦੀ ਆਸ ਨਹੀਂ ਸੀ ਕੀਤੀ ਜਾ ਸਕਦੀ, ਕਿਉਂਕਿ ਉਹ ਦੋਸਤ ਮੁਹੰਮਦ ਦਾ ਭਰਾ ਸੀ ਤੇ ਇਹ ਸੰਧੀ ਦੋਸਤ ਮੁਹੰਮਦ ਦੇ ਵਿਰੁੱਧ ਸੀ। ਹੋਰ ਕੋਈ ਅਫ਼ਗਾਨ ਸਰਦਾਰ ਵੀ ਨਜ਼ਰ ਨਹੀਂ ਸੀ ਆਉਂਦਾ ਜਿਸ ਤੇ ਰਣਜੀਤ ਸਿੰਘ ਇਤਬਾਰ ਕਰ ਸਕਦਾ ਤੇ ਜੋ ਅਫ਼ਗ਼ਾਨਾਂ ਨੂੰ ਵੀ ਪ੍ਰਵਾਨ ਹੁੰਦਾ । ਸੋ ਸਾਫ਼ ਜ਼ਾਹਰ ਸੀ ਕਿ ਹੋਰ ਕੋਈ ਤਰੀਕਾ ਨਹੀਂ ਸੀ ਰਿਹਾ ਸਿਵਾਇ ਇਸ ਦੇ ਕਿ ਪਿਸ਼ੌਰ ਨੂੰ ਵੀ ਦਰਬਾਰ ਦੇ ਸਮੁੱਚੇ ਤੇ ਸਿੱਧੇ ਪ੍ਰਬੰਧ ਹੇਠ ਲਿਆਇਆ ਜਾਵੇ । ਸੋ ਮਈ 1834 ਵਿਚ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਏ ਨੂੰ ਗਵਰਨਰ ਥਾਪਿਆ ਤੇ ਆਪਣੇ ਪੋਤਰੇ ਸ਼ਹਿਜਾਦਾ ਨੌਨਿਹਾਲ ਸਿੰਘ ਨੂੰ ਨਲੂਏ ਦਾ ਸਾਥ ਦੇਣ ਲਈ ਭੇਜ ਦਿੱਤਾ।

ਅਫ਼ਗ਼ਾਨਿਸਤਾਨ ਇਸ ਸਮੇਂ ਲਗਭਗ ਤਿੰਨੇ ਸੁਤੰਤਰ ਰਿਆਸਤਾਂ ਵਿਚ ਵੰਡਿਆ ਹੋਇਆ ਸੀ ਜਿਨ੍ਹਾਂ ਉੱਪਰ ਬਰਕਜ਼ਈ ਭਰਾਵਾਂ ਦਾ ਰਾਜ ਸੀ। ਇਕ ਗਰੋਹ ਦਾ ਆਗੂ ਦੋਸਤ ਮੁਹੰਮਦ ਸੀ ਜਿਸ ਪਾਸ ਕਾਬਲ, ਗਜ਼ਨੀ ਤੇ ਜਲਾਲਬਾਦ ਦੇ ਇਲਾਕੇ ਸਨ । ਦੂਜੀ ਧਿਰ ਪਾਸ ਕੰਧਾਰ ਸੀ । ਇਕ ਹੋਰ ਧਿਰ ਕੋਲ ਪਿਸ਼ੋਰ ਦਾ ਇਲਾਕਾ ਸੀ ਜੋ ਰਣਜੀਤ ਸਿੰਘ ਦੇ ਇਸ ਨੂੰ ਆਪਣੇ ਰਾਜ ਵਿਚ ਸ਼ਾਮਲ ਕਰਨ ਤਕ ਉਨ੍ਹਾਂ ਦੇ ਅਧੀਨ ਰਿਹਾ। ਹੈਰਾਤ ਦਾ ਇਲਾਕਾ ਅਫ਼ਗ਼ਾਨਿਸਤਾਨ ਤੋਂ ਬਾਹਰ ਸੀ ਤੇ ਉੱਥੇ ਸ਼ਾਹ ਮਹਿਮੂਦ ਸਦੋਜ਼ਈ ਦੇ ਲੜਕੇ ਕਾਮਰਾਨ ਦਾ ਕਬਜ਼ਾ ਸੀ, ਇਹ ਇਰਾਨ ਦੇ ਅਧੀਨ ਸੀ । ਬਰਕਜ਼ਈ ਭਰਾਵਾਂ ਦੇ ਪਰਸਪਰ ਸੰਬੰਧ ਮਿੱਤਰਤਾ ਤੋਂ ਲੈ ਕੇ ਖੁਲ੍ਹਮ ਖੁਲ੍ਹੀ ਦੁਸ਼ਮਨੀ ਤਕ ਸਨ, ਪਰੰਤੂ ਵਧੇਰੇ ਉਨ੍ਹਾਂ ਦੀ ਆਪਸ ਵਿਚ ਈਰਖਾ ਸੀ । ਦੋਸਤ ਮੁਹੰਮਦ ਤੇ ਸੁਲਤਾਨ ਮੁਹੰਮਦ ਕੁਝ ਸਮੇਂ ਤੋਂ ਅੰਗਰੇਜ਼ਾਂ ਨੂੰ ਸਹਾਇਤਾ ਲਈ ਬੇਨਤੀ ਕਰਦੇ ਆ ਰਹੇ ਸਨ, ਕਦੀ ਰਲ ਕੇ ਤੇ ਕਦੀ ਵੱਖ ਵੱਖ ਹੋ ਕੇ; ਕਦੀ ਸ਼ੁਜਾਹ ਦੇ ਵਿਰੁੱਧ ਤੇ ਕਦੀ ਰਣਜੀਤ ਸਿੰਘ ਦੇ ਵਿਰੁੱਧ । ਮਿਸਲਾ ਲਈ ਜਦੋਂ ਸ਼ੁਜਾਹ ਸ਼ਿਕਾਰਪੁਰ ਦੀ ਜਿੱਤ ਉਪਰੰਤ ਕੰਧਾਰ ਵੱਲ ਜਾ ਰਿਹਾ ਸੀ ਉਸ ਸਮੇਂ ਦੋਸਤ ਮੁਹੰਮਦ ਅੰਗਰੇਜ਼ਾਂ ਦੇ ਤਾਜ ਦੀ ਅਧੀਨਗੀ ਪ੍ਰਵਾਨ ਕਰ ਕੇ ਬਾਜਗੁਜ਼ਾਰ ਰਾਜਾ ਬਣਨ ਲਈ ਤਿਆਰ ਹੋ ਗਿਆ ਸੀ ਪਰ ਸ਼ੁਜਾਹ ਨੂੰ ਹਰਾਉਣ ਬਾਅਦ ਜਲਦੀ ਹੀ ਉਸ ਨੇ ਇਹ ਅਧੀਨਗੀ ਦੀ ਪੇਸ਼ਕਸ਼ ਵਾਪਸ ਲੈ ਲਈ ਤੇ ਕੇਵਲ ਸਹਾਇਤਾ ਇਸ ਗੱਲ ਲਈ ਮੰਗੀ ਕਿ ਪਿਸ਼ੌਰ ਉਸ ਨੂੰ ਮੁੜ ਦਿਵਾਇਆ ਜਾਵੇ। ਪਰ ਅੰਗਰੇਜ਼ਾਂ ਨੇ ਇਸ ਸਾਰੇ ਸਮੇਂ ਲਈ ਕੋਈ ਪੱਕਾ ਬਚਨ ਨਾ ਦਿੱਤਾ । ਜਦੋਂ ਰਣਜੀਤ ਸਿੰਘ ਨੇ ਪਿਸ਼ੌਰ ਨੂੰ ਆਪਣੇ ਇਲਾਕੇ ਵਿਚ ਮਿਲਾ ਲਿਆ, ਦੋਸਤ ਮੁਹੰਮਦ ਨੇ ਫਿਰ ਅੰਗਰੇਜ਼ਾਂ ਨੂੰ ਮਦਦ ਲਈ ਬੇਨਤੀ ਕੀਤੀ, ਪਰ ਉਸ ਦੇ ਭੇਜੇ ਹੋਏ ਰਾਜਦੂਤ ਨੂੰ ਕੇਵਲ ਅਸਪਸ਼ਟ ਤਸੱਲੀਆਂ ਦੇ ਕੇ ਵਾਪਸ ਕਰ ਦਿੱਤਾ ਗਿਆ ।

ਇਸ ਸਮੇਂ ਹਰੀ ਸਿੰਘ ਨਲੂਆ ਚੁੱਪ-ਚਾਪ ਬੈਠਾ ਹੋਇਆ ਨਹੀਂ ਸੀ। ਆਸ ਪਾਸ ਦੇ ਕਬੀਲਿਆਂ ਨੂੰ ਉਸ ਆਪਣੇ ਅਧੀਨ ਕਰ ਲਿਆ ਸੀ ਤੇ ਕੁਝ ਕਿਲ੍ਹੇ ਬਣਵਾ ਲਏ ਸਨ, ਖ਼ਾਸ ਕਰਕੇ ਦੋ ਤਾਂ ਖ਼ੈਬਰ ਦੱਰੇ ਵਿਚ ਦਾਖ਼ਲ ਹੋਣ ਵਾਲੀ ਥਾਂ ਤੇ ਅਤੇ ਇਕ ਜਮਰੌਦ ਦੀ ਥਾਂ ਤੇ। ਇਨ੍ਹਾਂ ਸਭਨਾਂ ਵਿਚ ਫ਼ੌਜ ਵੀ ਕਾਫ਼ੀ ਰੱਖੀ ਹੋਈ ਸੀ।

ਅੰਗਰੇਜ਼ਾਂ ਤੋਂ ਮਦਦ ਨਾ ਮਿਲਣ ਕਰਕੇ ਨਿਰਾਸ ਹੋ ਕੇ ਦੋਸਤ ਮੁਹੰਮਦ 1835 ਈ. ਵਿਚ ਜਲਾਲਾਬਾਦ ਤੋਂ ਪਿਸ਼ੌਰ ਵੱਲ ਤੁਰ ਪਿਆ। ਜਿਵੇਂ ਉਸ ਨੂੰ ਆਸ ਸੀ, ਕਬਾਇਲੀ ਵੱਡੀ ਸੰਖਿਆ ਵਿਚ ਆਸ ਪਾਸ ਦੇ ਇਲਾਕਿਆਂ ਤੋਂ ਆ ਕੇ ਉਸ ਨਾਲ ਰਲਦੇ ਗਏ। ਖ਼ੈਬਰ ਦੀਆਂ ਤੇਜ਼ ਘਾਟੀਆਂ ਤੇ ਤੰਗ ਰਸਤੇ ਲੰਘ ਕੇ ਉਸ ਨੇ ਇਕ ਪਹਾੜੀ ਦੇ ਦਾਮਨ ਵਿਚ ਸ਼ੈਕਾਨ ਦੇ ਸਥਾਨ ਤੇ ਕੈਂਪ ਲਗਾਇਆ ਜਿੱਥੋਂ ਅੱਗੇ ਪਿਸ਼ੌਰ ਦਾ ਮੈਦਾਨੀ ਇਲਾਕਾ ਸ਼ੁਰੂ ਹੋ ਜਾਂਦਾ ਸੀ । ਰਣਜੀਤ ਸਿੰਘ ਉਸ ਸਮੇਂ ਸਿੰਧ ਦਰਿਆ ਦੇ ਪੂਰਬ ਵੱਲ ਸ਼ਿਕਾਰ ਖੇਡ ਰਿਹਾ ਸੀ। ਇਹ ਵੇਖ ਉਹ ਲਗਾਤਾਰ ਮੰਜਲਾਂ ਤਹਿ ਕਰਦਾ ਹੋਇਆ ਮੌਕੇ ਤੇ ਪੁੱਜ ਗਿਆ। ਨਤੀਜਾ ਸੀ ਇਕ ਵੱਡੀ ਜਿੱਤ ਤੇ ਉਹ ਵੀ ਲੜਾਈ ਤੋਂ ਬਗ਼ੈਰ । ਇਹ ਜਿੱਤ ਇਕ ਵਧੀਆ ਜੰਗੀ ਦਾਅ ਪੇਚ ਦੇ ਆਧਾਰ ਤੇ ਸੀ । ਰਣਜੀਤ ਸਿੰਘ ਦੀ ਫ਼ੌਜ ਦੋਸਤ ਮੁਹੰਮਦ ਦੀ ਫ਼ੌਜ ਨਾਲੋਂ ਹਰ ਪੱਖ ਤੋਂ ਵਧੇਰੇ ਸ਼ਕਤੀਸ਼ਾਲੀ ਸੀ—ਗਿਣਤੀ ਵਿਚ, ਅਸਲ ਵਿਚ, ਅਨੁਸ਼ਾਸਨ ਵਿਚ ਤੇ ਹੌਸਲੇ ਵਿਚ। ਜੇ ਕੋਈ ਮੁੱਠ-ਭੇੜ ਦੀ ਲੜਾਈ ਵੀ ਹੋ ਜਾਂਦੀ ਹੈ ਤਾਂ ਵੀ ਉਸ ਨੂੰ ਕਿਸੇ ਗੱਲ ਦਾ ਭੈ ਨਹੀਂ ਸੀ। ਪਰੰਤੂ ਉਹ ਅਫ਼ਗ਼ਾਨ ਫ਼ੌਜ ਨੂੰ ਤਬਾਹ ਨਹੀਂ ਸੀ ਕਰਨਾ ਚਾਹੁੰਦਾ, ਨਾ ਹੀ ਦੋਸਤ ਮੁਹੰਮਦ ਨੂੰ ਮਾਰਨਾ ਜਾਂ ਕੈਦ ਕਰਨਾ ਚਾਹੁੰਦਾ ਸੀ। ਉਸ ਦਾ ਮਨੋਰਥ ਕੇਵਲ ਇਹ ਸੀ ਕਿ ਅਮੀਰ ਅਸਲੀਅਤ ਸਮਝ ਜਾਏ, ਹੋਣੀ ਨੂੰ ਪ੍ਰਵਾਨ ਕਰ ਲਏ ਤੇ ਵਾਪਸ ਪਰਤ ਜਾਏ। ਇਸ ਲਈ ਉਸ ਨੇ ਫ਼ਕੀਰ ਅਜ਼ੀਜ਼ਉਦੀਨ ਤੇ ਜੋਸ਼ੀਆ ਹਾਰਲਾਂ ਨੂੰ ਅਮੀਰ ਪਾਸ ਭੇਜਿਆ ਤਾਂ ਕਿ ਉਹ ਉਸ ਨੂੰ ਸਮਝਾ ਸਕਣ। ਨਾਲ ਹੀ ਉਸ ਨੇ ਆਪਣੀਆਂ ਫ਼ੌਜਾਂ ਨੂੰ ਅਜਿਹੀ ਤਰਤੀਬ ਨਾਲ ਅਗਾਂਹ ਵਧਾਇਆ ਕਿ ਅਫ਼ਗ਼ਾਨ ਫ਼ੌਜਾਂ ਦੋ ਪਾਸਿਆਂ ਤੋਂ ਘਿਰ ਗਈਆਂ । ਪਰ ਸਭ ਕੁਝ ਉਸ ਨੇ ਚੁੱਪ-ਚਾਪ ਤੇ ਗੁਪਤ ਤਰੀਕੇ ਨਾਲ ਕੀਤਾ, ਤਾਂਕਿ ਅਫ਼ਗ਼ਾਨਾਂ ਨੂੰ ਕਿਸੇ ਕਿਸਮ ਦਾ ਕੋਈ ਸ਼ੱਕ ਨਾ ਉਪਜੇ । ਜਿਵੇਂ ਪਿੱਛੇ ਪਹਿਲੇ ਭਾਗ ਦੇ ਪੰਜਵੇਂ ਅਧਿਆਇ ਵਿਚ ਦੱਸਿਆ ਗਿਆ ਹੈ, ਉਸ ਦੇ ਰਾਜਦੂਤਾਂ ਨਾਲ ਚੰਗਾ ਸਲੂਕ ਨਾ ਕੀਤਾ ਗਿਆ। ਜਦ ਇਹ ਹੋ ਰਿਹਾ ਸੀ ਤਾਂ ਅਮੀਰ ਨੂੰ ਪਤਾ ਲੱਗਾ ਕਿ ਉਹ ਖ਼ੁਦ ਘਿਰਿਆ ਪਿਆ ਹੈ, ਉਸ ਪਾਸ ਸਿਵਾਇ ਪਿੱਛੇ ਮੁੜਨ ਤੋਂ ਹੋਰ ਕੋਈ ਚਾਰਾ ਨਹੀਂ ਸੀ। ਉਸ ਨੇ ਦੋਹਾਂ ਏਲਚੀਆਂ ਨੂੰ ਕੈਦ ਕਰ ਲਿਆ, ਉਹ ਉਨ੍ਹਾਂ ਨੂੰ ਯਰਗਮਾਲ ਬਣਾਉਣਾ ਚਾਹੁੰਦਾ ਸੀ । ਇਸ ਸਮੇਂ ਸੁਲਤਾਨ ਮੁਹੰਮਦ ਖ਼ਾਨ ਨੇ ਸਹਾਇਤਾ ਕੀਤੀ ਤੇ ਇਨ੍ਹਾਂ ਦੋਹਾਂ ਦੂਤਾਂ ਨੂੰ ਬਚਾ ਲਿਆ । ਦੋਵੇਂ ਰਾਜਦੂਤ ਸੁਲਤਾਨ ਮੁਹੰਮਦ ਖ਼ਾਨ ਦੇ ਹਵਾਲੇ ਕਰ ਦਿੱਤੇ ਗਏ ਅਤੇ ਉਸ ਨੂੰ ਕਿਹਾ ਗਿਆ ਕਿ ਉਹ ਉਨ੍ਹਾਂ ਨੂੰ ਆਪਣੇ ਨਾਲ ਜਲਾਲਾਬਾਦ ਲੈ ਜਾਵੇ। ਸੁਲਤਾਨ ਮੁਹੰਮਦ ਖ਼ਾਨ ਨਾ ਕੇਵਲ ਵਾਪਸੀ ਤੇ ਦੋਸਤ ਮੁਹੰਮਦ ਨਾਲ ਹੀ ਨਾ ਗਿਆ ਸਗੋਂ ਉਸ ਨੇ ਦੂਤਾਂ ਨੂੰ ਬੜੀ ਇੱਜ਼ਤ ਨਾਲ ਮਹਾਰਾਜੇ ਵੱਲ ਭੇਜ ਦਿੱਤਾ। ਇਹ ਇਸ ਕਰਕੇ ਹੋਇਆ ਕਿਉਂਕਿ ਉਸ ਨੂੰ ਦੋਸਤ ਮੁਹੰਮਦ ਤੋਂ ਕਿਸੇ ਲਾਭ ਦੀ ਆਸ ਨਹੀਂ ਸੀ।

ਦੋਸਤ ਮੁਹੰਮਦ ਇਸ ਪ੍ਰਕਾਰ ਭਾਂਜ ਖਾ ਕੇ ਢਹਿੰਦੀਆਂ ਕਲਾਂ ਵਿਚ ਚਲਾ ਗਿਆ ਤੇ ਕਿਸੇ ਧਾਰਮਕ ਸਥਾਨ ਤੇ ਇਬਾਦਤ ਲਈ ਕੁਝ ਚਿਰ ਵਾਸਤੇ ਚਲਾ ਗਿਆ । ਕੁਝ ਸਮੇਂ ਬਾਅਦ ਜਦ ਉਹ ਬਾਹਰ ਆਇਆ ਉਸ ਦੀ ਸੂਰਤ ਕੁਝ ਸੁਧਰੀ ਹੋਈ ਸੀ ਤੇ ਉਸ ਨੇ ਫਿਰ ਅੰਗਰੇਜ਼ਾਂ ਨਾਲ ਗੱਲ-ਬਾਤ ਅਰੰਭੀ । ਜਦ ਉਸ ਨੂੰ ਉਨ੍ਹਾਂ ਤੋਂ ਕੋਈ ਸਹਾਇਤਾ ਨਾ ਮਿਲੀ ਤਾਂ ਉਸ ਨੇ ਈਰਾਨੀਆਂ ਨਾਲ ਗੱਲ-ਬਾਤ ਤੋਰੀ ਪਰ ਉੱਥੋਂ ਵੀ ਨਿਰਾਸ਼ਾ ਹੀ ਮਿਲੀ। ਆਖ਼ਰ ਉਸ ਪਾਸ ਹੋਰ ਕੋਈ ਚਾਰਾ ਨਹੀਂ ਸੀ ਸਿਵਾਇ ਇਸ ਦੇ ਕਿ ਰਣਜੀਤ ਸਿੰਘ ਨਾਲ ਸੁਲਾਹ ਸਫਾਈ ਕਰੇ । ਉਹ ਪਿਸ਼ੌਰ ਨਾਲ ਆਪਣੇ ਟੱਬਰ ਦੇ ਸੰਬੰਧ ਬਹਾਲ ਕਰਨ ਲਈ ਇੰਨਾ ਇੱਛੁਕ ਸੀ ਕਿ ਇਸ ਦੀ ਪ੍ਰਾਪਤੀ ਲਈ ਮਹਾਰਾਜੇ ਦੀ ਅਧੀਨਗੀ ਪ੍ਰਵਾਨ ਕਰਨ ਲਈ ਵੀ ਤਿਆਰ ਸੀ। ਪਰ ਇਹ ਗੱਲ-ਬਾਤ ਪਰਾਟੋਕਾਲ ਦੇ ਇਕ ਨੁਕਤੇ ਤੇ ਟੁੱਟ ਗਈ। ਰਣਜੀਤ ਸਿੰਘ ਨੇ ਘੋੜਿਆਂ ਦਾ ਤੁਹਫਾ ਮੰਗਿਆ ਪਰ ਅਮੀਰ ਨੇ ਸੋਚਿਆ ਕਿ ਰਣਜੀਤ ਸਿੰਘ ਇਸ ਤੋਂ ਸਮਝੇਗਾ ਕਿ ਅਮੀਰ ਕੇਵਲ ਪਿਸ਼ੋਰ ਲਈ ਹੀ ਬਾਜ-ਗੁਜਾਰ ਨਹੀਂ ਹੈ ਸਗੋਂ ਕਾਬਲ ਉੱਪਰ ਵੀ ਕਬਜਾ ਰਣਜੀਤ ਸਿੰਘ ਦੀ ਪ੍ਰਵਾਨਗੀ ਕਰਕੇ ਹੈ। ਇਸ ਤਰ੍ਹਾਂ ਅਮੀਰ ਦੀ ਕੁਝ ਵੀ ਰਹਿ ਨਹੀਂ ਸੀ ਆਉਂਦੀ; ਇਸ ਦੇ ਉਲਟ ਉਸ ਦੇ ਵਕਾਰ ਨੂੰ ਹੋਰ ਧੱਕਾ ਲਗੇਗਾ ਤੇ ਮਹਾਰਾਜੇ ਨਾਲ ਕਿਸੇ ਵੇਲੇ ਅਣ-ਬਣ ਹੋਣ ਦੇ ਹੋ ਸਕਦਾ ਹੈ ਕਿ ਉਸ ਨੂੰ ਕਾਬਲ ਤੋਂ ਵੀ ਕੱਢ ਦਿੱਤਾ ਜਾਏ। ਇਸ ਲਈ ਅਮੀਰ ਨੇ ਇਕ ਵਾਰ ਫਿਰ ਆਪਣੀ ਕਿਸਮਤ ਨੂੰ ਜੰਗ ਵਿਚ ਅਜਮਾਉਣਾ ਚਾਹਿਆ।

ਮਹਾਰਾਜਾ ਰਣਜੀਤ ਸਿੰਘ | Maharaja Ranjit Singh |

ਅਪ੍ਰੈਲ 1837 ਵਿਚ ਉਸ ਨੇ 25 ਹਜ਼ਾਰ ਦੀ ਫ਼ੌਜ ਤੇ 18 ਭਾਰੀ ਤੋਪਾਂ ਆਪਣੇ ਪੁੱਤਰਾਂ ਦੀ ਅਗਵਾਈ ਹੇਠ ਪਿਸ਼ੌਰ ਨੂੰ ਤੋਰੀਆਂ। ਉਸ ਦੀ ਚਾਲ ਇਹ ਸੀ ਕਿ ਉਹ ਦਰਬਾਰ ਦੀਆਂ ਸ਼ਬਕਦਰ, ਜਮਰੌਦ ਤੇ ਪਿਸ਼ਾਵਰ ਦੇ ਕਿਲ੍ਹਿਆਂ ਵਿਚ ਰੱਖੀਆਂ ਫ਼ੌਜਾਂ ਨਾਲ ਇਕ ਇਕ ਕਰਕੇ ਲੜੇ । ਉਸ ਦੀ ਇਕ ਫ਼ੌਜੀ ਟੁਕੜੀ ਨੇ ਸ਼ਬਕਦਰ ਤੇ ਹੱਲਾ ਕੀਤਾ ਤੇ ਬਾਕੀ ਦੀ ਸਾਰੀ ਫ਼ੌਜ ਨੇ ਜਮਰੋਦ ਨੂੰ ਘੇਰਾ ਪਾਇਆ । ਜਮਰੌਦ ਵਿਚ ਉਸ ਸਮੇਂ 600 ਫ਼ੌਜੀ ਤੇ ਚਾਰ ਹਲਕੀਆਂ ਮਸ਼ੀਨਗਨਾਂ ਹੀ ਸਨ। ਅਫ਼ਗਾਨਾਂ ਦੀ ਭਾਰੀ ਗੋਲਾਬਾਰੀ ਨਾਲ ਕੁਝ ਘੰਟਿਆਂ ਵਿਚ ਹੀ ਜਮਰੌਦ ਹੱਥੋਂ ਜਾਂਦਾ ਦਿਸਿਆ, ਪਰ ਇਸ ਤੋਂ ਪਹਿਲਾਂ ਹੀ ਹਰੀ ਸਿੰਘ ਨਲਵਾ, ਜੋ ਪਿਸ਼ੌਰ ਵਿਚ ਬੀਮਾਰ ਸੀ, ਉਹ ਸਹਾਇਕ ਫ਼ੌਜ ਲੈ ਕੇ ਪੁੱਜ ਗਿਆ। ਉਸ ਦੇ ਆਣ ਨਾਲ ਜੰਗ ਦੀ ਸ਼ਕਲ ਹੀ ਬਦਲ ਗਈ। ਅਫ਼ਗਾਨ ਫ਼ੌਜ ਜੋ ਕਿਲ੍ਹੇ ਨੂੰ ਜਿੱਤਣ ਵਾਲੀ ਹੀ ਸੀ ਉਹ ਖ਼ੈਬਰ ਦੀ ਵਾਦੀ ਵਿਚ ਜਾਣ ਬੁੱਝ ਕੇ ਪਰਤ ਗਈ ਤੇ ਉੱਥੇ ਮੋਰਚੇ ਬੰਨ੍ਹ ਕੇ ਬੈਠ ਗਈ । ਹਰੀ ਸਿੰਘ ਨੇ ਆਪਣੀ ਫ਼ੌਜ ਨੂੰ ਜਮ੍ਹਾ ਕਰਕੇ ਤਰਤੀਬ ਦਿੱਤੀ ਤੇ ਅਫ਼ਗਾਨਾਂ ਦੇ ਹਮਲੇ ਦੀ ਉਡੀਕ ਕਰਨ ਲੱਗਾ। ਸੱਤ ਦਿਨਾਂ ਬਾਅਦ ਦੋਨੋਂ ਫ਼ੌਜਾਂ ਆਪਸ ਵਿਚ ਭਿੜੀਆਂ। ਉਸ ਦਿਨ 30 ਅਪ੍ਰੈਲ 1837 ਦੀ ਤਾਰੀਖ਼ ਸੀ। ਲੜਾਈ ਘਮਸਾਨ ਦੀ ਸੀ ਤੇ ਦਰਬਾਰ ਦੀਆਂ ਫ਼ੌਜਾਂ ਨੇ ਅਫ਼ਗਾਨਾਂ ਦੇ ਪੈਰ ਉਖਾੜ ਦਿੱਤੇ, ਤੇ ਉਨ੍ਹਾਂ ਦੀਆਂ 14 ਤੋਪਾਂ ਵੀ ਕਾਬੂ ਕਰ ਲਈਆਂ ਗਈਆਂ। ਇਸ ਨਾਜ਼ਕ ਸਮੇਂ ਅਫ਼ਗਾਨਾਂ ਨੂੰ ਕੁਮਕ ਪਹੁੰਚ ਗਈ ਤੇ ਕੁਝ ਚਿਰ ਲਈ ਜੰਗ ਦਾ ਰੁਖ ਉਨ੍ਹਾਂ ਦੇ ਹੱਕ ਵਿਚ ਹੋ ਗਿਆ। ਇਸ ਨੂੰ ਰੋਕਣ ਲਈ ਹਰੀ ਸਿੰਘ ਨਲਵਾ, ਜੋ ਨਿਜੀ ਖ਼ਤਰੇ ਮੁੱਲ ਲੈਣ ਤੋਂ ਕਦੇ ਸੰਕੋਚ ਨਹੀਂ ਸੀ ਕਰਦਾ, ਘਮਸਾਨ ਲੜਾਈ ਵਿਚ ਜਾ ਵੜਿਆ । ਉਹ ਹੌਦੇ ਵਿਚ ਸਵਾਰ ਸੀ ਜਦ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਪਿੱਛੇ ਡਿਗ ਪਿਆ। ਦਰਬਾਰ ਦੀਆਂ ਫ਼ੌਜਾਂ ਵਿਚ ਇਸ ਕਾਰਨ ਕੁਝ ਖਲਬਲੀ ਮਚ ਗਈ ਤੇ ਅਫ਼ਗਾਨਾਂ ਨੇ ਆਪਣੀਆਂ ਖੁੱਸੀਆਂ ਤੋਪਾਂ ਵਿਚੋਂ ਗਿਆਰਾਂ ਮੁੜ ਪ੍ਰਾਪਤ ਕਰ ਲਈਆਂ ਤੇ ਇਸ ਤੋਂ ਇਲਾਵਾ ਦਰਬਾਰ ਦੀਆਂ ਤਿੰਨ ਤੋਪਾਂ ਵੀ ਖੋਹ ਲਈਆਂ। ਪਰ ਦਰਬਾਰ ਵਾਲੇ ਕਿਲ੍ਹੇ ਦੀਆਂ ਦੀਵਾਰਾਂ ਦੇ ਹੇਠਾਂ ਮੋਰਚੇ ਲਾ ਕੇ ਜਮੇ ਰਹੇ। ਅਫ਼ਗਾਨਾਂ ਦੀ ਸਫ਼ਲਤਾ ਬੱਸ ਇੰਨੀ ਹੀ ਸੀ ਕਿ ਰਹੀ ਸਿੰਘ ਨਲਵਾ ਮਾਰਿਆ ਗਿਆ ਕਿਉਂਕਿ ਉਹ ਜਲਦੀ ਹੀ ਕਿਲੇ ਵਿਚ ਲੈ ਜਾਣ ਬਾਅਦ ਮਰ ਗਿਆ । ਇਸ ਦੇ ਮੁਕਾਬਲੇ ਤੇ ਅਫਗਾਨਾਂ ਦੇ ਇਕ ਹਜ਼ਾਰ ਤੋਂ ਵਧ ਬੰਦਿਆਂ ਦੀਆਂ ਲਾਸ਼ਾਂ ਮੈਦਾਨੇ ਜੰਗ ਵਿਚ ਸਨ ਤੇ ਤਿੰਨਾਂ ਕਿਲ੍ਹਿਆਂ ਵਿਚੋਂ ਉਹ ਇਕ ਵੀ ਨਹੀਂ ਸਨ ਲੈ ਸਕੇ, ਹਾਲਾਂਕਿ ਇਨ੍ਹਾਂ ਕਿਲ੍ਹਿਆਂ ਨੂੰ ਕਾਬੂ ਕਰਨ ਲਈ ਉਹ ਨਿਕਲੇ ਸਨ।

ਦੋਸਤ ਮੁਹੰਮਦ ਨੂੰ ਪਤਾ ਨਹੀਂ ਸੀ ਲਗਦਾ ਕਿ ਉਹ ਜਿੱਤਿਆ ਹੈ ਕਿ ਹਾਰਿਆ ਹੈ। ਸੋ ਉਸ ਨੇ ਮਹਾਰਾਜੇ ਨੂੰ ਲਿਖ ਭੇਜਿਆ ਜੇ ਪਿਸ਼ੋਰ ਉਸ ਨੂੰ ਦਿੱਤਾ ਜਾਵੇ ਤਾਂ ਉਹ ਇਸ ਦੇ ਬਦਲੇ ਕਰ ਦੇਵੇਗਾ। ਨਾਲ ਹੀ ਉਸ ਡਰਾਵਾ ਦਿੱਤਾ ਕਿ ਉਹ ਜੰਗ ਜਾਰੀ ਰੱਖੇਗਾ ਤੇ ਹੋਰ ਤਾਕਤਾਂ ਪਾਸੋਂ ਸਹਾਇਤਾ ਵੀ ਲਵੇਗਾ ਜੇ ਉਸ ਦੀ ਪੇਸ਼ਕਸ਼ ਨੂੰ ਮੰਜੂਰ ਨਾ ਕੀਤਾ ਗਿਆ। ਰਣਜੀਤ ਸਿੰਘ ਨੇ ਸੋਚਿਆ ਕਿ ਹੋਰ ਤਾਕਤਾਂ ਜਿਨ੍ਹਾਂ ਪਾਸੋਂ ਅਮੀਰ ਨੂੰ ਆਸ ਹੈ ਉਹ ਅੰਗਰੇਜ਼ ਹੀ ਹੋ ਸਕਦੇ ਹਨ ਤੇ ਉਸ ਨੂੰ ਪੂਰਨ ਭਰੋਸਾ ਸੀ ਕਿ ਅੰਗਰੇਜ਼ ਉਸ ਦੇ ਵਿਰੁੱਧ ਅਮੀਰ ਨਾਲ ਨਹੀਂ ਰਲਣਗੇ ! ਸੋ ਉਸ ਨੇ ਅਮੀਰ ਨੂੰ ਸਲਾਹ ਦਿੱਤੀ ਕਿ ਪਿਸ਼ੌਰ ਬਾਰੇ ਭੁੱਲ ਜਾਵੇ ਅਤੇ ਘੋੜੇ ਤੇ ਕਾਬਲ ਦੀਆਂ ਖ਼ਾਸ ਖ਼ਾਸ ਵਸਤਾਂ ਕਰ ਵਜੋਂ ਤੁਹਫੇ ਦੇ ਤੌਰ ਤੇ ਭੇਜੇ, ਜੇ ਉਹ ਕਾਬਲ ਦੇ ਤਖ਼ਤ ਦੀ ਮਹੱਤਤਾ ਕਾਇਮ ਰੱਖਣਾ ਚਾਹੁੰਦਾ ਹੈ। ਇਸ ਦੌਰਾਨ ਰਣਜੀਤ ਸਿੰਘ ਖ਼ੁਦ ਰੋਹਤਾਸ ਵੱਲ ਵਧ ਆਇਆ ਸੀ। ਹਾਲਾਂਕਿ ਉਹ ਅਧਰੰਗ ਦੇ ਦੋਰੇ ਤੋਂ ਅਜੇ ਮਸਾਂ ਹੀ ਠੀਕ ਹੋਇਆ ਸੀ ਤੇ ਉਸ ਨੇ ਰਾਜਾ ਧਿਆਨ ਸਿੰਘ ਨੂੰ ਦਰਬਾਰ ਦੀ ਸਭ ਤੋਂ ਵਧੀਆ ਫ਼ੌਜ ਸਮੇਤ ਜਮਰੌਦ ਵੱਲ ਤੋਰਿਆ । ਇਹ ਸਾਰੀ ਕਾਰਵਾਈ ਬੜੀ ਤੇਜ਼ੀ ਨਾਲ ਕੀਤੀ ਗਈ। ਰਾਮ ਨਗਰ ਤੋਂ ਪਿਸ਼ੌਰ ਤਕ 200 ਮੀਲਾਂ ਦੇ ਫ਼ਾਸਲੇ ਵਿਚ ਤੋਪਾਂ ਨੂੰ ਛੇ ਦਿਨਾਂ ਅੰਦਰ ਪਹੁੰਚਾਇਆ ਗਿਆ ਤੇ ਜਮਰੌਦ ਦੇ ਕਿਲ੍ਹੇ ਨੂੰ ਵੀ ਅਜਿਹੇ ਥੋੜ੍ਹੇ ਸਮੇਂ ਵਿਚ ਮੁਰੰਮਤ ਕਰ ਲਿਆ ਗਿਆ । ਰਣਜੀਤ ਸਿੰਘ ਹੁਣ ਦੋਸਤ ਮੁਹੰਮਦ ਦੇ ਅਗਲੇ ਕਦਮ ਦੀ ਉਡੀਕ ਕਰਨ ਲੱਗਾ।

1 ਕਾਬਲ ਵਿਚ ਵੀ ਕੁਝ ਘਟਨਾਵਾਂ ਵਾਪਰ ਰਹੀਆਂ ਸਨ : ਜਦੋਂ ਦੋਸਤ ਮੁਹੰਮਦ ਨੇ ਡਰਾਵਾ ਦਿੱਤਾ ਸੀ ਕਿ ਉਹ ਕਿਸੇ ਹੋਰ ਧਿਰ ਤੋਂ ਸਹਾਇਤਾ ਮੰਗੇਗਾ, ਉਸ ਦਾ ਭਾਵ ਅੰਗਰੇਜ਼ ਸਰਕਾਰ ਤੋਂ ਨਹੀਂ ਸੀ। ਰਣਜੀਤ ਸਿੰਘ ਨੇ ਇਸ ਬਾਰੇ ਗ਼ਲਤ ਅਨੁਮਾਨ ਲਗਾਇਆ ਸੀ । ਪਰੰਤੂ ਉਸ ਦਾ ਭਾਵ ਇਕ ਹੋਰ ਤਾਕਤ ਤੋਂ ਸੀ, ਜੋ ਇਸ ਸਾਰੇ ਇਲਾਕੇ ਤੇ ਪ੍ਰਭਾਵ ਪਾ ਰਹੀ ਸੀ, ਅਰਥਾਤ ਰੂਸੀਆਂ ਨੇ ਈਰਾਨ ਵਿਚ ਪੈਰ ਜਮਾ ਲਏ ਸਨ ਤੇ ਅਫ਼ਗ਼ਾਨਿਸਤਾਨ ਵਿਚ ਦਾਖ਼ਿਲ ਹੋਣਾ ਚਾਹੁੰਦੇ ਸਨ ਤੇ ਉਨ੍ਹਾਂ ਨੇ ਹੈਰਾਤ ਦੇ ਘੇਰੇ ਲਈ ਈਰਾਨ ਦੀਆਂ ਫ਼ੌਜਾਂ ਪਿੱਛੇ ਆਪਣੀ ਫ਼ੌਜ ਇਕੱਠੀ ਕਰ ਲਈ ਸੀ । ਜੇ ਉਹ ਇਸ ਹੱਲੇ ਵਿਚ ਸਫ਼ਲ ਹੋ ਜਾਣ ਤਾਂ ਉਹ ਭਾਰਤ ਦੀ ਉੱਤਰ ਪੱਛਮੀ ਸਰਹੱਦ ਦੇ ਇਕ ਪੜਾ ਹੋਰ ਨੇੜੇ ਆ ਸਕਦੇ ਸਨ। ਅੰਗਰੇਜ ਬੜੇ ਚਿੰਤਾਤੁਰ ਸਨ ਕਿਉਂਕਿ ਇਸ ਨਾਲ ਉਨ੍ਹਾਂ ਦਾ ਆਪਣਾ ਰਸੂਖ ਅਫ਼ਗ਼ਾਨਿਸਤਾਨ ਵਿਚ ਵਧਾਣਾ ਮੁਸ਼ਕਿਲ ਹੋ ਜਾਣਾ ਸੀ, ਜਦੋਂ ਕਿ 1832 ਦੀ ਸੰਧੀ ਜੋ ਉਨ੍ਹਾਂ ਰਣਜੀਤ ਸਿੰਘ, ਸਿੰਧ ਦੇ ਅਮੀਰਾਂ ਅਤੇ ਬਹਾਵਲਪੁਰ ਦੇ ਨਵਾਬ ਨਾਲ ਸਿੰਧ ਦਰਿਆ ਵਿਚ ਆਵਾਜਾਈ ਲਈ ਕੀਤੀ ਸੀ, ਉਸ ਦਾ ਮਕਸਦ ਇਹੋ ਸੀ। ਉਨ੍ਹਾਂ ਨੇ ਇਸ ਕਰਕੇ ਸਤੰਬਰ 1837 ਵਿਚ ਅਲੈਗਜੈਂਡਰ ਬਰਨਜ਼ ਨੂੰ ਕਾਬਲ ਭੇਜਿਆ । ਕਹਿਣ ਨੂੰ ਤਾਂ ਬਰਨਜ਼ ਦੀ ਯਾਤਰਾ ਦਾ ਭਾਵ ਵਪਾਰਕ ਸਹੂਲਤਾਂ ਲਈ ਢੂੰਡ ਭਾਲ ਕਰਨਾ ਸੀ, ਪਰੰਤੂ ਇਸ ਦਾ ਅਸਲ ਮਨੋਰਥ ਇਹ ਵੇਖਣਾ ਸੀ ਕਿ ਦੋਸਤ ਮੁਹੰਮਦ ਰੂਸੀਆਂ ਦੇ ਅਸਰ ਰਸੂਖ ਨੂੰ ਘਟਾਉਣ ਵਿਚ ਅੰਗਰੇਜ਼ਾਂ ਦੀ ਕਿੰਨੀ ਕੁ ਸਹਾਇਤਾ ਕਰੇਗਾ। ਬਰਨਜ਼ ਦੀਆਂ ਵਪਾਰਕ ਗੱਲਾਂ ਦੇ ਉੱਤਰ ਵਿਚ ਦੋਸਤ ਮੁਹੰਮਦ ਨੇ ਸਾਫ ਤੇ ਸਪਸ਼ਟ ਸ਼ਬਦਾਂ ਵਿਚ ਅੰਗਰੇਜ਼ਾਂ ਪਾਸੋਂ ਫ਼ੌਜਾਂ ਤੇ ਅਸਲੇ ਦੀ ਮੰਗ ਕੀਤੀ ਤਾਂ ਕਿ ਰਣਜੀਤ ਸਿੰਘ ਨੂੰ ਪਿਸ਼ੋਰ ਤੋਂ ਕੱਢਿਆ ਜਾਵੇ । ਬਰਨਜ਼ ਨੇ ਦਲੀਲ ਦਿੱਤੀ ਕਿ ਅੰਗਰੇਜ਼ਾਂ ਦੀ ਮਹਾਰਾਜੇ ਨਾਲ ਮਿੱਤਰਤਾ ਦੀ ਸੰਧੀ ਹੈ ਤੇ ਇਸ ਲਈ ਉਹ ਆਪਣੇ ਅਸਰ ਰਸੂਖ ਨੂੰ ਦੋਹਾਂ ਦੁਸ਼ਮਨਾਂ, ਰਣਜੀਤ ਸਿੰਘ ਤੇ ਦੋਸਤ ਮੁਹੰਮਦ ਵਿਚ ਸੁਲਾਹ ਸਫ਼ਾਈ ਕਰਾਣ ਲਈ ਹੀ ਵਰਤ ਸਕਦੇ ਹਨ। ਦੋਸਤ ਮੁਹੰਮਦ ਨੇ ਰੂਸੀ ਹੱਲੇ ਦਾ ਡਰਾਵਾ ਦਿੱਤਾ ਤੇ ਬਰਨਜ਼ ਨੂੰ ਵੀ ਇਸ ਗੱਲ ਦਾ ਯਕੀਨ ਹੋ ਗਿਆ ਕਿਉਂਕਿ ਉਨ੍ਹਾਂ ਦਿਨਾਂ ਵਿਚ ਹੀ ਰੂਸੀ ਏਲਚੀ ਜੋ ਤਹਿਰਾਨ ਵਿਚ ਸੀ ਉਸ ਦਾ ਭੇਜਿਆ ਹੋਇਆ ਇਕ ਬੰਦਾ ਦੋਸਤ ਮੁਹੰਮਦ ਲਈ ਚਿੱਠੀ ਲਿਆਇਆ ਜਿਸ ਵਿਚ ਇਹ ਕਿਹਾ ਗਿਆ ਸੀ, “ਆਪਣੇ ਭੇਤਾਂ ਬਾਰੇ ਇਸ ਤੇ ਭਰੋਸਾ ਰੱਖੋ।”

ਇਸ ਸਾਰੀ ਗੱਲ-ਬਾਤ ਦਾ ਤਾਰਕਿਕ ਸਿੱਟਾ ਇਹ ਨਿਕਲਿਆ ਕਿ 25 ਜੂਨ, 1837 ਨੂੰ ਅੰਗਰੇਜ਼ਾਂ, ਰਣਜੀਤ ਸਿੰਘ ਤੇ ਸ਼ਾਹ-ਸ਼ੁਜਾਹ ਵਿਚ ਪਰਸਪਰ ਮਿੱਤਰਤਾ ਦੀ ਸੰਧੀ ਹੋ ਗਈ। ਇਸ ਸੰਧੀ ਵਿਚ ਮਹਾਰਾਜੇ ਤੇ ਸ਼ਾਹ ਦੀ ਸੰਨ 1833 ਦੀ ਸੰਧੀ ਦੀਆਂ ਸ਼ਰਤਾਂ ਨੂੰ ਦੁਬਾਰਾ ਦੋਹਰਾਇਆ ਗਿਆ ਤੇ ਪੱਕਾ ਕੀਤਾ ਗਿਆ ਤੇ ਅੰਗਰੇਜ਼ ਸਰਕਾਰ ਨੇ ਉਸ ਦੀ ਬਤੌਰ ਤੀਸਰੀ ਧਿਰ ਤੇ ਤਾਈਦ ਕੀਤੀ। ਇਸ ਸੰਧੀ ਦਾ ਮੰਤਵ ਸੀ ਕਿ ਸਿਵਾਇ ਹੈਰਾਤ ਦੇ ਇਲਾਕੇ (ਜਿਸ ਨੂੰ ਨਾ ਛੇੜਿਆ ਜਾਏ) ਦੇ ਬਾਕੀ ਸਾਰੇ ਅਫ਼ਗ਼ਾਨਿਸਤਾਨ ਤੇ ਸ਼ਾਹ ਸ਼ੁਜਾਹ ਦੀ ਹਕੂਮਤ ਹੋਵੇਗੀ ਤੇ ਇਸ ਲਈ ਤਿੰਨੇ ਰਲਕੇ ਫ਼ੌਜੀ ਕਾਰਵਾਈ ਕਰਨਗੇ। ਰਣਜੀਤ ਸਿੰਘ ਨੇ ਅੰਗਰੇਜ਼ਾਂ ਦੀ ਇੱਛਾ ਦਾ ਸਤਿਕਾਰ ਕਰਦਿਆਂ ਹੋਇਆਂ ਸ਼ਿਕਾਰਪੁਰ ਤੇ ਕਬਜ਼ਾ ਨਹੀਂ ਸੀ ਕੀਤਾ ਜਦੋਂ ਕਿ ਖੜਕ ਸਿੰਘ ਮਜ਼ਾਰੀ ਲੋਕਾਂ ਨੂੰ ਦਰਬਾਰ ਦੇ ਇਲਾਕੇ ਦੇ ਪਿੰਡਾਂ ਦੀ ਲੁੱਟ-ਮਾਰ ਦੀ ਸਜ਼ਾ ਦੇਣ ਲਈ ਸ਼ਿਕਾਰਪੁਰ ਪਹੁੰਚ ਗਿਆ ਸੀ । ਉਸ ਨੇ ਹੁਣ ਇਸ਼ਾਰੇ ਵਜੋਂ ਇਹ ਕਿਹਾ ਕਿ ਸਫ਼ਲਤਾ ਦੇ ਬਾਅਦ ਲੁੱਟ ਦੇ ਹਿੱਸੇ ਵਿਚੋਂ ਉਸ ਨੂੰ ਜਲਾਲਾਬਾਦ ਦਿੱਤਾ ਜਾਏ । ਸ਼ੁਜਾਹ ਨੇ ਤੁਹਫਾ ਦੇ ਕੇ ਇਸ ਗੱਲੋਂ ਉਸ ਨੂੰ ਮੰਨਾ ਲਿਆ ਕਿ ਜਲਾਲਾਬਾਦ ਦੇਣ ਦੀ ਬਜਾਇ ਉਹ ਹਰ ਸਾਲ ਮਹਾਰਾਜੇ ਨੂੰ ਅਫ਼ਗਾਨਿਸਤਾਨ ਦੇ ਸਭ ਤੋਂ ਵਧੀਆ ਪਚਵੰਜਾ ਘੋੜੇ ਦੇਵੇਗਾ। ਇਹ ਇਕ ਐਸਾ ਤੁਹਫਾ ਸੀ ਜਿਸ ਤੋਂ ਰਣਜੀਤ ਸਿੰਘ ਕਦੀ ਵੀ ਨਹੀਂ ਸੀ ਇਨਕਾਰ ਕਰ ਸਕਦਾ। ਇਹ ਘੋੜਿਆਂ ਦੀ ਹੀ ਮੰਗ ਸੀ ਜਿਸ ਨੇ ਦੋਸਤ ਮੁਹੰਮਦ ਨੂੰ ਡਰਾ ਦਿੱਤਾ ਸੀ ਤੇ ਹੁਣ ਦੋਸਤ ਮੁਹੰਮਦ ਦਾ ਵਿਰੋਧੀ ਘੋੜਿਆਂ ਨੂੰ ਖ਼ੁਦ ਪੇਸ਼ ਕਰ ਰਿਹਾ ਸੀ । ਰਣਜੀਤ ਸਿੰਘ ਨੇ ਇਹ ਪੇਸ਼ਕਸ਼ ਪ੍ਰਵਾਨ ਕਰ ਲਈ । ਇੰਜ ਜਾਪਦਾ ਸੀ। ਕਿ ਉਹ ਬੱਚੇ ਵਾਂਗ ਸਭ ਕੁਝ ਕਰ ਰਿਹਾ ਹੈ ਜਿਵੇਂ ਬੱਚੇ ਨੂੰ ਗੁੱਡੀ ਦੇ ਕੇ ਚੁੱਪ ਕਰਾਇਆ ਜਾਏ, ਵਾਕਈ ਉਹ ਆਖ਼ਰੀ ਦਮ ਤਕ ਦਿਲੋਂ ਇਕ ਬੱਚਾ ਹੀ ਸੀ, ਜਿਥੋਂ ਤਕ ਘੋੜਿਆਂ ਦਾ ਮਾਮਲਾ ਸੀ। ਉਹ ਆਦਮੀਆਂ ਨੂੰ ਤੇ ਉਨ੍ਹਾਂ ਦੁਆਰਾ ਹੋਣ ਵਾਲੀਆਂ ਘਟਨਾਵਾਂ ਨੂੰ ਸਮਝਣ ਲਈ ਵੀ ਹੁਸ਼ਿਆਰ ਸੀ—ਜਿੰਨਾ ਕਿ ਘੋੜਿਆਂ ਦਾ ਪਾਰਖੂ ਸੀ । ਉਸ ਨੂੰ ਪਤਾ ਸੀ ਕਿ ਨਾ ਅੰਗਰੇਜ਼ ਤੇ ਅਫ਼ਗਾਨ ਇਹ ਪਸੰਦ ਕਰਨਗੇ ਕਿ ਉਹ ਜਲਾਲਾਬਾਦ ਜਾਂ ਹੋਰ ਕੋਈ ਹਿੱਸਾ, ਜੋ ਭਾਰਤ ਦਾ ਹਿੱਸਾ ਨਹੀਂ ਸੀ, ਆਪਣੇ ਅਧੀਨ ਕਰੇ । ਇਸ ਤਰ੍ਹਾਂ ਉਸ ਨੂੰ ਰੁੱਸੇ ਹੋਏ ਗੁਆਂਢੀਆਂ ਵਿਚ ਘਿਰ ਜਾਣ ਦਾ ਡਰ ਸੀ।

ਇਸ ਤੋਂ ਪਹਿਲਾਂ ਜਦ ਸੰਧੀ ਦੀ ਗੱਲ-ਬਾਤ ਚਲ ਰਹੀ ਸੀ, ਅੰਗਰੇਜ਼ਾਂ ਵੱਲੋਂ ਉਸ ਨੂੰ ਪੂਰੀ ਆਗਿਆ ਸੀ ਕਿ ਜੇ ਉਹ ਚਾਹੇ ਤਾ ਫ਼ੌਜੀ ਕਾਰਵਾਈ ਕਰ ਲਏ ਅਤੇ ਜੋ ਸਹਿਯੋਗ ਉਹ ਅੰਗਰੇਜ਼ਾਂ ਤੋਂ ਲੈਣਾ ਚਾਹੇ ਉਹ ਉਸ ਨੂੰ ਦਿੱਤਾ ਜਾਏਗਾ। ਉਸ ਦੇ ਮੁਖ-ਮੰਤਰੀ, ਧਿਆਨ ਸਿੰਘ, ਨੇ ਅੰਗਰੇਜ਼ਾਂ ਦੀ ਮਦਦ ਲੈਣ ਦੇ ਵਿਰੁੱਧ ਸਲਾਹ ਦਿੱਤੀ ਪਰੰਤੂ ਰਣਜੀਤ ਸਿੰਘ ਨੇ ਫ਼ਕੀਰ ਅਜ਼ੀਜ਼ਉੱਦੀਨ ਤੇ ਭਾਈ ਰਾਮ ਸਿੰਘ ਦੀ ਸਲਾਹ ਕਿ ਅੰਗਰੇਜ਼ਾਂ ਦੀ ਸਹਾਇਤਾ ਲੈ ਲਈ ਜਾਵੇ ’ਤੇ ਅਮਲ ਕਰਨ ਨੂੰ ਤਰਜੀਹ ਦਿੱਤੀ। ਉਸ ਦੀ ਆਪਣੀ ਫ਼ੌਜ ਕਾਫ਼ੀ ਤਕੜੀ ਸੀ ਤੇ ਉਹ ਆਪ ਹੀ ਸਾਰੇ ਮਾਮਲੇ ਨੂੰ ਨਜਿੱਠ ਸਕਦਾ ਸੀ ਪਰੰਤੂ ਉਸ ਸੋਚਿਆ ਕਿ ਜੇ ਹਾਰ ਹੋ ਗਈ ਜਾਂ ਫ਼ੌਜ ਦਾ ਬਹੁਤ ਨੁਕਸਾਨ ਹੋਇਆ ਤਾਂ ਉਸ ਦੀ ਤਾਕਤ ਦੀ ਧਾਂਕ ਨੂੰ ਸੱਟ ਵੱਜੇਗੀ ਤੇ ਅੰਗਰੇਜ਼ਾਂ ਦੀਆਂ ਨਜ਼ਰਾਂ ਵਿਚ ਵੀ ਉਹ ਹੌਲਾ ਹੋ ਜਾਏਗਾ। ਪਰ ਭਾਵੀ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਉਹ ਵਧੇਰੇ ਸਮਾਂ ਜੀਉਂਦਾ ਰਹਿੰਦਾ ਤੇ ਜਲਾਲਾਬਾਦ ਤੇ ਹੱਕ ਜਮਾਂਦਾ ਜਾਂ ਇਸ ਬਦਲੇ ਘੋੜਿਆਂ ਦਾ ਤੁਹਫ਼ਾ ਲੈਂਦਾ । ਅੰਗਰੇਜ਼ੀ ਫ਼ੌਜ ਜੋ ਸਿੰਧ ਫ਼ੌਜ ਦਾ ਇਕ ਹਿੱਸਾ ਸੀ, ਉਨ੍ਹਾਂ ਨੇ 25 ਅਪ੍ਰੈਲ 1839 ਨੂੰ ਕੰਧਾਰ ਤੇ ਕਬਜ਼ਾ ਕਰ ਲਿਆ । ਸ਼ਾਹ ਸ਼ੁਜਾਹ ਨੂੰ 8 ਮਈ ਵਾਲੇ ਦਿਨ ਤਖ਼ਤ ਤੇ ਬਿਠਾਇਆ ਗਿਆ, ਪਰੰਤੂ ਰਣਜੀਤ ਸਿੰਘ ਦੀ 27 ਜੂਨ ਨੂੰ ਮ੍ਰਿਤੂ ਹੋ ਗਈ। ਉਸ ਦੀਆਂ ਫ਼ੌਜਾਂ ਨੇ ਬਾਅਦ ਵਿਚ ਗਜ਼ਨੀ ਤੇ ਕਾਬਲ ਫ਼ਤਹਿ ਕਰਕੇ ਸ਼ੁਜਾਹ ਨੂੰ ਆਪਣੀ ਪੁਰਾਣੀ ਪਿਤਾ ਪੁਰਖੀ ਦਾ ਰਾਜ ਭਾਗ ਦਿਵਾਉਣ ਦਾ ਕੰਮ ਪੂਰਾ ਕੀਤਾ। ਇਹ ਕੰਮ ਕਈ ਸਾਲ ਪਹਿਲਾਂ ਵੀ ਹੋ ਸਕਦਾ ਸੀ ਜੇਕਰ ਸ਼ਾਹ ਸੁਜਾਹ ਰਣਜੀਤ ਸਿੰਘ ਉੱਤੇ ਭਰੋਸਾ ਕਰਦਾ।

ਭਾਗ ਤੀਜਾ : ਕਲਮ ਤੇ ਤਲਵਾਰ

ਕਲਮ

ਜਦੋਂ ਰਣਜੀਤ ਸਿੰਘ ਇਕ ਮਿਸਲਦਾਰ ਹੀ ਸੀ ਉਸ ਦਾ ਸਾਰਾ ਅਮਲਾ ਫ਼ੈਲਾ, ਇਕ ‘ਦੀਵਾਨ’ (ਮਾਲੀ ਪ੍ਰਬੰਧਕ) ਇਕ ‘ਤੋਸ਼ਾਖਾਨੀਆਂ’ (ਖਜ਼ਾਨਚੀ) ਤੇ ਕੁਝ ‘ਮੁਨਸ਼ੀ’ (ਕਲਰਕ) ਸਨ । ਮਹਾਰਾਜਾ ਬਣਨ ਤੋਂ ਬਾਅਦ ਉਸ ਨੇ ਹੌਲੀ ਹੌਲੀ ਇਕ ਵਿਭਾਗੀ ਸੰਗਠਨ ਉਸਾਰਿਆ, ਜਿਸ ਵਿਚ 15 ਦਫ਼ਤਰ ਸਨ, ਜਿਵੇਂ ਕਿ ਸਰਿਸਤਾ-ਇ-ਹਜ਼ੂਰ, ਦਫ਼ਤਰ-ਇ ਦੇਵੀ ਦਾਸ, ਨਕਲ ਦਫ਼ਤਰ, ਸ਼ਰਿਸ਼ਤਾ-ਇ-ਦੀਵਾਨੀ ਸ਼ਰਿਸਤਾ-ਇ- ਭਵਾਨੀਦਾਸ, ਦਫ਼ਤਰ-ਇ-ਆਮ, ਦਫ਼ਤਰ-ਇ-ਗੰਗਾਰਾਮ, ਸ਼ਰਿਸਤਾ-ਇ-ਦਫ਼ਤਰ, ਦਫ਼ਤਰ-ਇ-ਤੋਸ਼ਾ ਖਾਨ-ਇ-ਖਾਸ, ਦਸਵਾਂ ਦਫ਼ਤਰ, ਦਫ਼ਤਰ-ਇ-ਸ਼ਾਹਜ਼ਾਦਾ, ਦਫ਼ਤਰ- ਇ-ਦਰੋਗਾ, ਦਫ਼ਤਰ-ਇ-ਰੋਜ਼ਨਾਮਚਾ, ਦਫ਼ਤਰ-ਇ-ਮੋਹਰਯਾਨੀ, ਅਤੇ ਦਫ਼ਤਰ-ਇ- ਖ਼ਾਸ ਜਾਂ ਦਫ਼ਤਰ-ਇ ਮੁਅੱਲਾ। ਇਹ ਸਾਰੀ ਤਰਤੀਬ ਦੀਵਾਨ ਭਵਾਨੀ ਦਾਸ ਨੇ ਦਿੱਤੀ ਸੀ ਜੋ ਸ਼ਾਹ ਸ਼ੁਜਾਹ ਹੇਠ ਇਕ ਉੱਚੇ ਮਾਮਲਾ-ਅਧਿਕਾਰੀ ਦੇ ਤੌਰ ਤੇ ਕੰਮ ਕਰ ਚੁੱਕਾ ਸੀ । ਉਸ ਦੀ ਮਦਦ ਲਈ ਸੀ ਦੀਵਾਨ ਗੰਗਾ ਰਾਮ ਜੋ ਗਵਾਲੀਅਰ ਦੇ ਮਹਾਰਾਜੇ ਦੀ ਨੌਕਰੀ ਕਰ ਚੁੱਕਾ ਸੀ । ਇਹ ਦੋਵੇਂ ਅਫ਼ਸਰ ਕੁਝ ਦਫ਼ਤਰਾਂ ਦੇ ਮੁੱਖ-ਅਧਿਕਾਰੀ ਸਨ ਤੇ ਆਪਣੀਆਂ ਨਿੱਜੀ ਮੋਹਰਾਂ ਵੀ ਵਰਤਦੇ ਸਨ, ਜੋ ਸ਼ਾਹੀ ਮੋਹਰ ਦੇ ਨਾਲ ਨਾਲ ਸਾਰੇ ਸਰਕਾਰੀ ਕਾਗਜ਼ਾਂ ਤੇ ਲਗਦੀਆਂ ਸਨ। ਗੰਗਾ ਰਾਮ ਦੀ 1816 ਈ. ਵਿਚ ਮ੍ਰਿਤੂ ਤੋਂ ਬਾਅਦ ਰਾਜਾ ਦੀਨਾ ਨਾਥ ਨੇ ਸ਼ਾਹੀ ਮੋਹਰ ਦਾ ਚਾਰਜ ਲੈ ਲਿਆ ਤੇ 1834 ਈ. ਵਿਚ ਦੀਵਾਨ ਭਵਾਨੀ ਦਾਸ ਦੀ ਮ੍ਰਿਤੂ ਉਪਰੰਤ ਉਹ ਸਾਰੇ ਦੀਵਾਨੀ ਤੇ ਆਰਥਕ ਮਾਮਲਿਆਂ ਦਾ ਮੁਖੀ ਬਣ ਗਿਆ। ਭਾਈ ਰਾਮ ਸਿੰਘ, ਭਾਈ ਗੋਬਿੰਦ ਰਾਮ ਤੇ ਫਕੀਰ ਅਜ਼ੀਜ਼ਉੱਦੀਨ ਵੀ ਕਦੀ ਕਦੀ ਦੀਵਾਨੀ ਮਾਮਲਿਆਂ ਵਿਚ ਮਦਦ ਦੇਂਦੇ ਸਨ।

ਇਹ ਦਫ਼ਤਰ ਇਸ ਤਰ੍ਹਾਂ ਕੰਮ ਕਰਦੇ ਸਨ : ਜਦੋਂ ਮਹਾਰਾਜਾ ਤਨਖ਼ਾਹ ਦੀ ਅਦਾਇਗੀ ਦਾ ਕੋਈ ਹੁਕਮ ਦੇਂਦਾ ਸੀ, ਇਹ ਸਦਾ ਜ਼ਬਾਨੀ ਤੇ ਪੰਜਾਬੀ ਵਿਚ ਹੁੰਦਾ ਸੀ, ਜੇ ਕੋਈ ਮੁਨਸ਼ੀ ਉੱਥੇ ਹੁੰਦਾ ਉਹ ਉਸ ਨੂੰ ਫ਼ਾਰਸੀ ਵਿਚ ਲਿਖ ਦਿੰਦਾ । ਜਦੋਂ ਕੋਈ ਮੁਨਸ਼ੀ ਨਾ ਹੁੰਦਾ ਤਾਂ ਉੱਥੇ ਮੌਜੂਦ ਅਫ਼ਸਰਾਂ ਜਾਂ ਵਜ਼ੀਰਾਂ ਵਿਚੋਂ ਕੋਈ ਇਹ ਲਿਖ ਲੈਂਦਾ। ਉਹ ਇਹ ਨੋਟ ਫਿਰ ਕਿਸੇ ਮੁਨਸ਼ੀ ਨੂੰ ਦੇ ਦਿੰਦਾ ਜੋ ਉਸ ਨੂੰ ਠੀਕ ਸ਼ਕਲ ਵਿਚ ਫ਼ਾਰਸੀ ਬੋਲੀ ਵਿਚ ਤਿਆਰ ਕਰ ਦਿੰਦਾ ਤੇ ਆਪਣੇ ਮਹਿਕਮੇ ਦੀ ਮੋਹਰ ਲਗਾ ਦਿੰਦਾ, ਫਿਰ ਇਹ ਹੁਕਮ ਮਹਾਰਾਜੇ ਦੀ ਮਨਜ਼ੂਰੀ ਲਈ ਪੇਸ਼ ਕੀਤਾ ਜਾਂਦਾ। ਭਾਵੇਂ ਉਹ ਅਨਪੜ੍ਹ ਸੀ, ਫਿਰ ਵੀ ਉਸ ਨੂੰ ਫਾਰਸੀ ਦੀ ਇੰਨੀ ਸਮਝ ਜ਼ਰੂਰ ਆ ਗਈ ਸੀ ਕਿ ਉਹ ਉਸ ਦਾ ਤਾਤ ਪਰਜ਼ ਠੀਕ ਸਮਝ ਲੈਂਦਾ ਸੀ। ਕਈ ਵਾਰ ਜਦੋਂ ਮੁਨਸ਼ੀ ਦਾ ਬਣਾਇਆ ਖਰੜਾ ਉਸ ਦੇ ਅਸਲੀ ਹੁਕਮ ਨਾਲ ਮੇਲ ਨਹੀਂ ਸੀ ਖਾਂਦਾ, ਉਹ ਉਸ ਵਿਚ ਅਦਲਾ-ਬਦਲੀ ਕਰਵਾ ਦਿੰਦਾ ਸੀ ਜਾਂ ਦੋਬਾਰਾ ਮਜ਼ਮੂਨ ਬਣਾ ਕੇ ਪੇਸ਼ ਕਰਨ ਲਈ ਹੁਕਮ ਦਿੰਦਾ ਸੀ। ਹੁਕਮ ਦੀ ਪ੍ਰਵਾਨਗੀ ਦੇਣ ਤੋਂ ਬਾਅਦ ਦੋ ਮੋਹਰਾਂ ਲਗਾਈਆਂ ਜਾਂਦੀਆਂ ਸਨ । ਇਕ ਮੋਹਰ ਦੇ ਅੱਖਰ ਸਨ, ‘ਅਕਾਲ ਸਹਾਇ ਰਣਜੀਤ ਸਿੰਘ’, ਇਹ ਗੁਰਮੁਖੀ ਵਿਚ ਹੁੰਦੀ ਸੀ । ਦੂਜੀ ਮੋਹਰ ‘ਮੁਲਾਹਿਜ਼ਾ ਸ਼ੁਦ’ ਫ਼ਾਰਸੀ ਵਿਚ ਸੀ। ਇਨ੍ਹਾਂ ਮੋਹਰਾਂ ਨੂੰ ਲਗਾਣ ਬਾਅਦ ਇਹ ਹੁਕਮ ਕਈ ਸੰਬੰਧਿਤ ਦਫ਼ਤਰਾਂ ਵਿਚ ਦੀ ਲੰਘਦਾ ਸੀ । ਪਹਿਲਾਂ ਇਹ ਸਰਿਸ਼ਤਾ-ਇ-ਹਜ਼ੂਰ ਪਾਸ ਜਾਂਦਾ, ਜਿੱਥੇ ਇਹ ਦਰਜ਼ ਹੁੰਦਾ ਤੇ ਇਕ ਹੋਰ ਮੋਹਰ ਲਗਾਈ ਜਾਂਦੀ ਜਿਸ ਦੀ ਇਬਾਰਤ ਸੀ ‘ਅਜ ਕਰਾਰ-ਇ-ਹੁਕਮ-ਇ-ਅਸਰਫ’ ਅਤੇ ਇਸ ਤੇ ਇਹ ਵੀ ਲਿਖਿਆ ਜਾਂਦਾ ‘ਸਬਤ-ਇ-ਸਰਿਸ਼ਤਾ-ਇ-ਹਜੂਰ ਸ਼ੁਦ’। ਫਿਰ ਇਹ ਦੇਵੀ ਦਾਸ ਦੇ ਦਫ਼ਤਰ ਭੇਜਿਆ ਜਾਂਦਾ ਜਿੱਥੇ ਇਹ ਨੋਟ ਹੁੰਦਾ ਤੇ ਇਸ ਤੇ ਇਕ ਹੋਰ ਮੋਹਰ ਲਗਾਈ ਜਾਂਦੀ । ਫਿਰ ਇਹ ਭਵਾਨੀ ਦਾਸ ਦੇ ਦਫ਼ਤਰ ਭੇਜਿਆ ਜਾਂਦਾ, ਜਿੱਥੇ ਇਸ ਨੂੰ ਮੁੜ ਦਰਜ ਕੀਤਾ ਜਾਂਦਾ ਤੇ ਇਸ ਤੇ ਹੋਰ ਮੋਹਰ ਲਗਾਈ ਜਾਂਦੀ । ਫਿਰ ਉਹ ਆਮ ਸਕਤਰੇਤ ਵਿਚ ਭੇਜਿਆ ਜਾਂਦਾ, ਇੱਥੇ ਫਿਰ ਇਹ ਦਰਜ ਕੀਤਾ ਜਾਂਦਾ ਤੇ ਮੋਹਰ ਲਗਾਈ ਜਾਂਦੀ । ਇਸ ਪਿੱਛੋਂ ਇਹ ਨਕਲ ਦਫ਼ਤਰ ਨੂੰ ਭੇਜਿਆ ਜਾਂਦਾ ਜਿੱਥੇ ਇਸ ਦੀ ਅੱਖਰ ਅੱਖਰ ਨਕਲ ਕੀਤੀ ਜਾਂਦੀ। ਫਿਰ ਇਹ ਦੀਵਾਨ ਗੰਗਾ ਸਹਾਇ ਦੇ ਦਫ਼ਤਰ ਇਤਲਾਹ ਤੇ ਅੰਦਰਾਜ ਵਾਸਤੇ ਜਾਂਦਾ। ਮਗਰਲੇ ਸਾਲਾਂ ਵਿਚ ਇਹ ਦੋ ਜਾਂ ਤਿੰਨ ਹੋਰ ਦਫ਼ਤਰਾਂ ਵਿਚ ਵੀ ਖ਼ਜ਼ਾਨੇ ਜਾਣ ਤੋਂ ਪਹਿਲਾਂ ਭੇਜਿਆ ਜਾਂਦਾ, ਫਿਰ ਤੋਸਾਖਾਨੇ (ਖ਼ਜ਼ਾਨੇ) ਤੋਂ ਇਸ ਦੀ ਅਦਾਇਗੀ ਕੀਤੀ ਜਾਂਦੀ ਸੀ। ਕਈ ਹਾਲਤਾਂ ਵਿਚ ਇਸ ਦਾ ਸੰਬੰਧ ਦਫ਼ਤਰ-ਇ-ਦੀਵਾਨੀ, ਦਫ਼ਤਰ-ਇ-ਮੁਅੱਲਾ ਤੇ ਦਫ਼ਤਰ-ਇ-ਖ਼ਾਸ ਨਾਲ ਵੀ ਹੁੰਦਾ ਸੀ।

ਜਾਪਦਾ ਹੈ ਕਿ ਜਿਵੇਂ ਜਿਵੇਂ ਵਕਤ ਲੰਘਦਾ ਗਿਆ, ਅਜੋਕੇ ਘੁਮ-ਘੁਮਾ ਦੀ ਜੰਜੀਰ ਜਿਹੜੀ ਅਜੋਕੇ ਸਰਕਾਰ ਦੇ ਵਿਭਾਗਾਂ ਦੀ ਅੰਦਰੂਨੀ ਮਸ਼ੀਨਰੀ ਤੋਂ ਵੀ ਲੰਬੀ ਹੈ, ਬੜੀ ਔਖੀ ਲਗਣ ਲੱਗ ਪਈ। ਇਕ ਇਕ ਕਰਕੇ ਇਸ ਦੀਆਂ ਕੜੀਆਂ ਤਿਆਗ ਦਿੱਤੀਆਂ। ਗਈਆਂ ਤੇ ਇੱਥੋਂ ਤਕ ਕਿ ਰਣਜੀਤ ਸਿੰਘ ਦੇ ਰਾਜ ਦੇ ਆਖ਼ਰੀ ਸਮੇਂ ਵਿਚ ਇਕ ਮੋਹਰ ਦੀ ਹੀ ਵਰਤੋਂ ਹੁੰਦੀ ਸੀ—ਇਹ ਦੀਵਾਨ ਕਿਰਪਾ ਰਾਮ ਦੀ ਮੋਹਰ ਸੀ ਜਾਂ ਹਰਸੁਖ ਰਾਇ ਦੀ ਜੋ ਸ਼ਾਹੀ ਮੋਹਰ ਦਾ ਇੰਨਚਾਰਜ ਸੀ।

ਇਹ ਤਾਂ ਕੇਂਦਰੀ ਪ੍ਰਬੰਧ ਬਾਰੇ ਹੈ। ਜਿਥੋਂ ਤੀਕ ਸਥਾਨਕ ਪ੍ਰਬੰਧ ਦਾ ਸੰਬੰਧ ਹੈ, ਪੰਜਾਬ ਦੇ ਚਾਰ ਪ੍ਰੀਤ ਹੁੰਦੇ ਸਨ : ਲਹੌਰ, ਮੁਲਤਾਨ, ਕਸ਼ਮੀਰ ਤੇ ਪਿਸ਼ੌਰ। ਇਨ੍ਹਾਂ ਤੋਂ ਇਲਾਵਾ ਕੁਝ ਪਹਾੜੀ ਇਲਾਕੇ ਸਨ ਜਿਨ੍ਹਾਂ ਉੱਪਰ ਮਹਾਰਾਜੇ ਦਾ ਸਿੱਧਾ ਪ੍ਰਬੰਧ ਨਹੀਂ ਸੀ। ਪਰ ਇਹ ਉਸ ਨੂੰ ਸਲਾਨਾ ਕਰ ਦਿੰਦੇ ਸਨ। ਹਰ ਪ੍ਰਾਂਤ ਦੇ ਪਰਗਨੇ ਸਨ, ਹਰ ਪਰਗਨੇ ਵਿਚ ਤੁਅਲਕੇ ਤੇ ਹਰ ਤੁਅਲਕੇ ਵਿਚ 50 ਤੋਂ 100 ਤਕ ਪਿੰਡ ਹੁੰਦੇ ਸਨ । ਇਲਾਕੀ ਵੰਡ ਦਾ ਇਹ ਉਹੀ ਢਾਂਚਾ ਸੀ ਜੋ ਮੁਗ਼ਲਾਂ ਦੇ ਵੇਲੇ ਹੁੰਦਾ ਸੀ । ਹਰ ਪ੍ਰਾਂਤ ਦੇ ਪ੍ਰਬੰਧ ਦਾ ਮੁਖੀ ‘ਨਾਜ਼ਮ’ (ਗਵਰਨਰ) ਹੁੰਦਾ ਸੀ ਜਿਸ ਹੇਠਾਂ ਕੁਝ ‘ਕਾਰਦਾਰ (ਜਿਲ੍ਹਾ ਅਫ਼ਸਰ) ਹੁੰਦੇ ਸਨ। ਕਾਰਦਾਰ ਅੱਜ ਕਲ੍ਹ ਦੇ ਜ਼ਿਲ੍ਹਾ ਅਫ਼ਸਰਾਂ ਵਾਂਗ ਕੇਂਦਰੀ ਸਰਕਾਰ ਦਾ ਉਸ ਇਲਾਕੇ ਲਈ ਨੁਮਾਇੰਦਾ ਹੁੰਦਾ ਸੀ ਤੇ ਉਹ ਆਮ ਲੋਕਾਂ ਦੀ ਭਲਾਈ ਦਾ ਜਿੰਮੇਵਾਰ ਸੀ। ਉਹ ਮਾਲੀਆ ਅਫ਼ਸਰ, ਬੰਦੋਬਸਤ ਅਫ਼ਸਰ, ਖ਼ਜਾਨਾ ਅਫ਼ਸਰ, ਜੱਜ, ਮੈਜਿਸਟ੍ਰੇਟ, ਚੁੰਗੀ ਟੈਕਸ ਅਫ਼ਸਰ ਤੇ ਅਮਨ-ਸ਼ਾਂਤੀ ਅਫ਼ਸਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਸੀ

ਮਹਾਰਾਜਾ ਰਣਜੀਤ ਸਿੰਘ | Maharaja Ranjit Singh |

ਇਹ ਨਾਜ਼ਮ ਤੇ ਕਾਰਦਾਰ ਚੰਗੇ ਧਨਾਢ, ਚੰਗੀ ਪਦਵੀ ਤੇ ਰਸੂਖ ਵਾਲੇ ਹੁੰਦੇ ਸਨ ਜਿਨ੍ਹਾਂ ਨੂੰ ਮਹਾਰਾਜਾ ਆਪ ਮੁਕੱਰਰ ਕਰਦਾ ਸੀ—ਜਿਵੇਂ ਹਰੀ ਸਿੰਘ ਨਲਵਾ, ਦੀਵਾਨ ਸਾਵਣ ਮੱਲ ਤੇ ਸਰਦਾਰ ਲਹਿਣਾ ਸਿੰਘ-ਜਾਂ ਕਾਬਲ ਤੇ ਲਾਇਕ ਪੁਰਸ਼, ਜਿਵੇਂ ਐਵਾ-ਤਬੀਲ ਜਰਨੈਲ ਜਾਂ ਸਥਾਨਕ ਫ਼ੌਜੀ ਸਰਦਾਰ ਜਿਨ੍ਹਾਂ ਨੂੰ ਇਸ ਸ਼ਰਤ ਤੇ ਪਦਵੀਆਂ ਮਿਲਦੀਆਂ ਸਨ ਕਿ ਉਹ ਲੜਾਈ ਦੇ ਸਮੇਂ ਮਹਾਰਾਜੇ ਨੂੰ ਫ਼ੌਜੀ ਦਸਤੇ ਦਿੱਤਾ ਕਰਨਗੇ।

ਉਸ ਦਾ ਇਕ ਮਹਾਨ ਗੁਣ ਇਹ ਸੀ ਕਿ ਉਹ ਠੀਕ ਆਦਮੀ ਦੀ ਚੋਣ ਕਰ ਸਕਦਾ ਸੀ ਤੇ ਉਸ ਵਿਚ ਲਗਨ ਤੇ ਉਤਸ਼ਾਹ ਪੈਦਾ ਕਰ ਸਕਦਾ ਸੀ। ਇਸ ਗੁਣ ਦੇ ਕਾਰਨ ਰਣਜੀਤ ਸਿੰਘ ਨੇ ਸਥਾਨਕ ਪ੍ਰਬੰਧਕ ਅਫ਼ਸਰਾਂ ਨੂੰ ਜ਼ਿਆਦਾ ਇਖ਼ਤਿਆਰ ਦੇਣ ਵਿਚ ਅਮਲੀ ਲਾਭ ਭਾਂਪਿਆ । ਸ਼ਕਾਇਤਾਂ ਸੁਣਨ ਤੋਂ ਜੋ ਮਾਮਲਾ ਉਸ ਅੱਗੇ ਪੇਸ਼ ਹੁੰਦਾ ਸੀ ਉਸ ਬਾਰੇ ਆਖਰੀ ਆਦੇਸ਼ ਦੇਣ ਦੇ ਅਧਿਕਾਰ ਉਸ ਦੇ ਆਪਣੇ ਪਾਸ ਸਨ । ਇਸ ਤੋਂ ਇਲਾਵਾ ਉਸ ਦਾ ਸੁਭਾਅ ਸੀ ਕਿ ਸਮੇਂ ਸਮੇਂ ਜਦ ਕਦੀ ਉਹ ਬਾਹਰ ਜਾਂਦਾ ਉਹ ਖੁੱਲ੍ਹੇ ਤੌਰ ਤੇ ਪੁੱਛ-ਗਿੱਛ ਤੇ ਪੜਤਾਲ ਕਰਦਾ ਰਹਿੰਦਾ ਸੀ। ਫਿਰ ਵੀ ਅਫ਼ਸਰਾਂ ਉੱਪਰ ਸਭ ਤੋਂ ਵੱਡੀ ਪਾਬੰਦੀ ਕੇਂਦਰੀ ਸਰਕਾਰ ਦਾ ਚੌਕਸ ਵਿੱਤੀ ਨਿਯੰਤਰਨ ਸੀ।

ਸ਼ੁਰੂ ਵਿਚ ਇਸ ਆਰਥਕ ਨਿਯੰਤਰਨ ਦਾ ਵੱਡਾ ਸਾਧਨ ਮਹਾਰਾਜੇ ਦੀ ਕਮਾਲ ਦੀ ਯਾਦਦਾਸ਼ਤ ਸੀ। ਉਸ ਪਾਸ ਆਮਦਨ ਖ਼ਰਚ ਦੇ ਗੁੰਝਲਦਾਰ ਹਿਸਾਬ ਕਿਤਾਬ ਯਾਦ ਰੱਖਣ ਦੀ ਸ਼ਕਤੀ ਮੌਜੂਦ ਸੀ । ਪਰ ਇਕ ਨਿਜੀ ਕੰਟਰੋਲ ਦੀ ਵਰਤੋਂ ਦੀ ਆਖ਼ਰ ਹੱਦ ਹੁੰਦੀ ਹੈ ਜਿਸ ਕਰਕੇ ਰੁਪਏ ਪੈਸੇ ਦੇ ਮਾਮਲੇ ਵਿਚ ਹੇਰਾ ਫੇਰੀ ਹੋਣੀ ਸ਼ੁਰੂ ਹੋ ਗਈ। ਤਦ ਉਸ ਨੇ ਦੀਵਾਨ ਭਵਾਨੀ ਦਾਸ ਦੀ ਸਹਾਇਤਾ ਨਾਲ ਹਿਸਾਬ ਚੈਕ ਕਰਨ ਦਾ ਇਕ ਸਾਧਨ ਕੀਤਾ ਜੋ ਕਾਫੀ ਸਫ਼ਲ ਰਿਹਾ । ਮਾਲੀ ਮਾਮਲਿਆਂ ਵਿਚ ਗੜ-ਬੜ ਕਰਨ ਵਾਲਿਆਂ ਨੂੰ ਜੁਰਮਾਨੇ, ਜਾਇਦਾਦ ਦੀ ਕੁਰਕੀ ਤੇ ਨੋਕਰੀਉਂ ਜਵਾਬ ਦੀ ਸਜ਼ਾ ਦਿੱਤੀ ਜਾਂਦੀ ਸੀ । ਕਦੀ ਐਸਾ ਵੀ ਹੁੰਦਾ ਸੀ ਕਿ ਕੋਈ ਅਫ਼ਸਰ ਮਰਨ ਸਮੇਂ ਤਕ ਬਹੁਤ ਅਮੀਰ ਹੋ ਗਿਆ ਹੁੰਦਾ ਸੀ। ਅਜਿਹੀ ਹਾਲਤ ਵਿਚ ਮਹਾਰਾਜਾ ਹਿਸਾਬ ਠੀਕ ਕਰਨ ਲਈ ਉਸ ਅਫ਼ਸਰ ਦੀ  ਜਾਇਦਾਦ ਜਬਤ ਕਰ ਲੈਂਦਾ ਸੀ ਪਰ ਐਸਾ ਕਦੀ ਨਹੀਂ ਹੋਇਆ ਕਿ ਉਨਾਂ ਦੇ ਵਾਰਸਾਂ ਨੂੰ ਔਖ ਹੋਇਆ ਹੋਵੇ ਤੇ ਉਹ ਭੁੱਖੇ ਮਰੇ ਹੋਣ। ਰਾਜ ਦੀ ਆਮਦਨ ਦਾ ਬਹੁਤਾ ਹਿੱਸਾ ਨਜ਼ਰਾਨਿਆਂ, ਸਥਾਨਕ ਟੈਕਸਾਂ ਤੇ ਜਮੀਨ ਦੇ ਮਾਲੀਏ ਤੋਂ ਵਸੂਲ ਹੁੰਦਾ ਸੀ । ਅਜੋਕੇ ਸਮੇਂ ਨਜਰਾ ਕੋਈ ਬਜਟ ਨਹੀਂ ਸੀ ਹੁੰਦਾ ਪਰੰਤੂ ਫਿਰ ਵੀ ਪੜਤਾਲ ਦੁਆਰਾ ਆਮਦਨ ਤੇ ਖਰਚ ਵਿਚ ਸਮਤੋਲ ਰਖਿਆ ਜਾਂਦਾ ਸੀ । ਪੂਰੀ ਆਮਦਨ ਦੇ ਕੋਈ ਤਸੱਲੀਬਖਸ਼ ਆਂਕੜੇ ਤੋਂ ਨਹੀਂ ਮਿਲਦੇ ਪਰੰਤੂ ਦੋ ਵੱਖ-ਵੱਖ ਹਿਸਾਬ ਰੱਖਣ ਵਾਲਿਆਂ ਦੇ ਅਨੁਮਾਨ ਲਗਾਏ ਗਏ ਮਿਲਦੇ ਹਨ। ਇਹ ਅਨੁਮਾਨ ਵਿਸ਼ੇਸ਼ੱਗਾਂ ਦੁਆਰਾ ਨਹੀਂ ਲਾਏ ਗਏ, ਫਿਰ ਵੀ ਇਨ੍ਹਾਂ ਤੋਂ ਰਾਜ ਦੀ ਆਮਦਨੀ ਦਾ ਕੁਝ ਮੋਟਾ ਜਿਹਾ ਅੰਦਾਜਾ ਲਗਾਇਆ ਜਾ ਸਕਦਾ ਹੈ। ਇਨ੍ਹਾਂ ਵਿਚੋਂ ਪਹਿਲਾ ਹੈਨਰੀ ਟੀ. ਪ੍ਰਿੰਸਿਪ ਦਾ ਅਨੁਮਾਨ ਹੈ :

 

ਸੋਮਾ – ਸਾਲਾਨਾ ਆਮਦਨ ਰੁਪਏ

ਜ਼ਮੀਨੀ ਮਾਲੀਆ ਤੇ ਨਜ਼ਰਾਨੇ – 1,24,03,900

ਚੁੰਗੀ ਆਮਦਨ – 19,00,600

ਮੋਹਰਾਨਾ – 5,77,000

ਜੋੜ – 1,48,81,500

ਦੂਜਾ ਅੰਦਾਜ਼ਾ, ਜੋ ਹੇਠਾਂ ਦਰਜ ਹੈ, ਸ਼ਾਹਮਤ ਅਲੀ ਦਾ ਹੈ :

ਸੋਮਾ – ਸਾਲਾਨਾ ਆਮਦਨ ਰੁਪਏ

ਖਾਲਸਾ – 1,96,57,172

ਜਗੀਰਾਂ – 87,54,590

ਖਿਰਾਜਦਾਰ – 12,66,000

ਚੁੰਗੀ ਆਦਿ ਦਾ ਮਸੂਲ – 5,50,000

ਜੋੜ  – 3,02,27,762

 

ਮੋਟੇ ਤੌਰ ਤੇ ਸਾਰੇ ਰਾਜ ਦੀ ਕੁੱਲ ਜਨਸੰਖਿਆ ਦਾ ਅਨੁਮਾਨ 53,50,000 ਹੈ। ਆਮ ਘਰੇਲੂ ਜੀਵਨ ਦਾ ਖਰਚ ਦਾ ਅੰਦਾਜ਼ਾ ਇੱਥੋਂ ਲਗ ਸਕਦਾ ਹੈ ਕਿ ਸਭ ਤੋਂ ਜ਼ਰੂਰੀ ਖੁਰਾਕ, ਕਣਕ, ਦਾ ਮੁੱਲ 14 ਆਨੇ ਮਣ ਸੀ।

ਚੁੰਗੀ ਮਸੂਲ ਵਗ਼ੈਰਾ ਨੂੰ ਉਗਰਾਹੁਣ ਲਈ ਚੂੰਗੀਖ਼ਾਨਿਆਂ ਦਾ ਇਕ ਜਾਲ ਜਿਹਾ ਵਿਛਿਆ ਹੋਇਆ ਸੀ। ਹਰ ਚੀਜ ਉੱਤੇ ਮਹਿਸੂਲ ਲਗਦਾ ਸੀ ਭਾਵੇਂ ਕਿਤੇ ਬਣੀ ਹੋਵੇ ਤੇ ਕਿਤੇ ਵਿਕਣੀ ਹੋਵੇ। ਐਸ਼ੋ-ਇਸ਼ਰਤ ਦਾ ਸਾਮਾਨ ਜਾਂ ਜਰੂਰੀ ਸਾਮਾਨ-ਇਨ੍ਹਾਂ ਦੋਹਾਂ ਵਿਚ ਕੋਈ ਅੰਤਰ ਨਹੀਂ ਸੀ ਕੀਤਾ ਜਾਂਦਾ । ਇਨ੍ਹਾਂ ਦੇ ਕਰ ਦਾ ਨਿਰਖ਼ ਆਮ ਸੂਝ-ਬੂਝ ਦੇ ਆਧਾਰ ਤੇ ਲਗਾਇਆ ਜਾਂਦਾ ਤੇ ਇਹ ਨਿਰਖ ਸਾਰੇ ਰਾਜ ਵਿਚ ਇਕਸਾਰ ਹੁੰਦੇ ਸਨ । ਸਰਕਾਰ ਇਕ ਹੱਥ ਨਾਲ ਲੈਂਦੀ ਸੀ, ਦੂਜੇ ਹੱਥ ਦੇ ਦਿੰਦੀ ਸੀ । ਮੁਸੀਬਤ ਅਤੇ ਦੁੱਖ ਦੇ ਸਮੇਂ ਮਾਮਲਾ ਮਾਫ਼ ਕੀਤਾ ਜਾਂਦਾ, ਟੈਕਸਾਂ ਦੀ ਵਾਧੂ ਉਗਰਾਹੀ ਵਾਪਸ ਕੀਤੀ ਜਾਂਦੀ । ਕਾਲ ਦੇ ਸਮੇਂ ਲੋਕਾਂ ਦੀ ਸਹੂਲਤ ਲਈ ਬੀਜ ਬੋਣ ਲਈ ਮੁਫਤ ਵੰਡੇ ਜਾਂਦੇ, ਤਕਾਵੀ ਕਰਜ਼ੇ ਕਿਸਾਨਾਂ ਨੂੰ ਦਿੱਤੇ ਜਾਂਦੇ, ਵਪਾਰਕ ਅਦਾਰਿਆਂ ਤੇ ਕਾਰਖ਼ਾਨਿਆਂ ਦੀ ਵੀ ਪੂਰੀ ਮਦਦ ਕੀਤੀ ਜਾਂਦੀ-ਅਜਿਹੇ ਤਰੀਕਿਆਂ ਨਾਲ ਜਨਤਾ ਦਾ ਭਲਾ ਮੁੱਖ ਰਖਿਆ ਜਾਂਦਾ ਸੀ। ਅੱਜ ਕਲ੍ਹ ਦੀਆਂ ਸਰਕਾਰਾਂ ਨੂੰ ਅਜਿਹੀਆਂ ਗੱਲਾਂ ਦਾ ਮਾਣ ਹੁੰਦਾ ਹੈ ਪਰ ਇਹ ਗੱਲਾਂ ਉਦੋਂ ਵੀ ਕਾਫ਼ੀ ਹੁੰਦੀਆਂ ਸਨ । ਕੁਝ ਮਿਸਾਲਾਂ ਦੇਣੀਆਂ ਕਾਫੀ ਹੋਣਗੀਆਂ ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਰਣਜੀਤ ਸਿੰਘ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਲੋਕਾਂ ਕੋਲੋਂ ਵੱਧ ਕੁਝ ਨਾ ਲਿਆ ਜਾਵੇ । ਜਦੋਂ ਜਮਾਂਦਾਰ ਖੁਸ਼ਹਾਲ ਸਿੰਘ ਕਸ਼ਮੀਰ ਤੋਂ 1833 ਈ. ਵਿਚ ਬਹੁਤ ਸਾਰਾ ਪੈਸਾ ਲੈ ਆਇਆ ਹਾਲਾਂਕਿ ਉਥੇ ਕਾਫ਼ੀ ਜ਼ੋਰ ਦਾ ਕਾਲ ਪਿਆ ਹੋਇਆ ਸੀ, ਤਾਂ ਮਹਾਰਾਜੇ ਨੂੰ ਬਹੁਤ ਦੁੱਖ ਹੋਇਆ ਤੇ ਉਸ ਨਾਲ ਨਾਰਾਜ਼ ਹੋਇਆ। ਉਸ ਨੇ ਹਜ਼ਾਰਾਂ ਖੱਚਰਾਂ ਉੱਤੇ ਕਣਕ ਲੱਦ ਕੇ ਕਸ਼ਮੀਰ ਭੇਜੀ ਤੇ ਮਸਜਦਾਂ ਤੇ ਮੰਦਰਾਂ ਤੋਂ ਇਸ ਨੂੰ ਵੰਡਣ ਦਾ ਪ੍ਰਬੰਧ ਕੀਤਾ ਗਿਆ। ਉਸ ਨੇ ਸਿਪਾਹੀਆਂ ਦੀਆਂ ਚਾਰ ਪਲਟਨਾਂ ਨੂੰ ਇਸ ਕੰਮ ਤੇ ਲਾਇਆ ਕਿ ਸਾਰੇ ਕਸ਼ਮੀਰ ਦੇ ਲੋਕਾਂ ਨੂੰ ਮੈਦਾਨੀ ਇਲਾਕੇ ਵਿਚ ਇਕੱਠਾ ਕਰ ਕੇ ਆਟਾ, ਕੰਬਲ ਤੇ ਪੈਸੇ ਵੰਡੇ । ਇਕ ਹੋਰ ਅਵਸਰ ਤੇ ਜਨਰਲ ਅਵਾਤਬੀਲ ਨੇ ਪਿਸ਼ੌਰ ਦੇ ਖੱਤਰੀਆਂ ਤੋਂ 200 ਰੁਪਏ ਜੁਰਮਾਨਾ ਵਸੂਲ ਕੀਤਾ ਤੇ ਉਨ੍ਹਾਂ ਦੇ ਘਰ ਢਾਹ ਦਿੱਤੇ । ਜਦੋਂ ਮਹਾਰਾਜੇ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸੇ ਵਕਤ ਜਨਰਲ ਵੈਨਤੁਰਾ ਨੂੰ ਪਿਸ਼ੌਰ ਪੁੱਜਣ ਲਈ ਕਿਹਾ ਤਾਂਕਿ ਜੁਰਮਾਨਾ ਵਾਪਸ ਕੀਤਾ ਜਾਏ ਤੇ ਸਾਰੇ ਘਰ ਘਾਟ ਸਰਕਾਰੀ ਖਰਚ ਤੇ ਬਣਾਏ ਜਾਣ। ਇਕ ਹੋਰ ਮੌਕੇ ‘ਤੇ ਜਦੋਂ ਮਹਾਰਾਜੇ ਦਾ ਕੈਂਪ ਰੋਹਤਾਸ ਬਹੁਤ ਦੇਰ ਲਈ ਰਿਹਾ ਤਾਂ ਉਸ ਨੇ ਸ਼ਹਿਰ ਦੇ ਲੋਕਾਂ ਤੋਂ ਮਾਮਲਾ ਤੇ ਮਾਲੀਆ ਲੈਣਾ ਮਾਫ਼ ਕਰ ਦਿੱਤਾ । ਅਜਿਹੀ ਸਹਾਇਤਾ ਦੇ ਕੰਮਾਂ ਤੋਂ ਇਲਾਵਾ ਖੇਤੀ-ਬਾੜੀ ਤੇ ਵਪਾਰ ਨੂੰ ਠੋਸ ਮਦਦ ਤੇ ਹੋਸਲਾ ਦਿੱਤਾ ਜਾਂਦਾ ਸੀ । ਦੱਖਣ ਪੱਛਮੀ ਇਲਾਕੇ, ਜਿੱਥੇ ਵਰਖਾ ਬਹੁਤ ਘੱਟ ਹੁੰਦੀ ਸੀ ਉੱਥੇ ਨਹਿਰਾਂ ਕੱਢੀਆਂ ਗਈਆਂ। ਹੋਰ ਬਹੁਤ ਸਾਰੀਆਂ ਥਾਵਾਂ ਤੇ ਖੂਹ ਤੇ ਝਲਾਰਾਂ ਦਾ ਪ੍ਰਬੰਧ ਕੀਤਾ ਗਿਆ । ਗਾਵਾਂ, ਮੱਝਾਂ, ਬੈਲਾਂ ਦੀ ਉੱਨਤੀ ਲਈ ਉਸ ਨੇ ਚੰਗੇ ਤਕੜੇ ਸਰਕਾਰੀ ਸਾਂਢ ਵੱਖ-ਵੱਖ ਥਾਣਿਆਂ ਵਿਚ ਰੱਖੇ । ਗਾਵਾਂ, ਮੱਝਾਂ ਦੀਆਂ ਮੰਡੀਆਂ ਵੀ ਆਮ ਲਗਦੀਆਂ ਸਨ। ਫ਼ਸਲ ਦੀ ਹਾਲਤ ਅਨੁਸਾਰ ਮਾਮਲਾ ਲਿਆ ਜਾਂਦਾ ਸੀ । ਜਦੋਂ ਫਸਲ ਚੰਗੀ ਨਹੀਂ ਸੀ ਹੁੰਦੀ, ਮਾਮਲਾ ਮਾਫ ਕੀਤਾ ਜਾਂਦਾ ਸੀ ਤੇ ਚਾਰੇ ਦੀਆਂ ਫ਼ਸਲਾਂ ਦੇ ਉਗਾਣ ਲਈ ਕੋਈ ਪੈਸਾ ਨਹੀਂ ਸੀ ਲਿਆ ਜਾਂਦਾ । ਮਹਾਰਾਜੇ ਨੇ ਕੋਮਲ ਹੁਨਰ ਤੇ ਦੂਸਤਕਾਰੀ ਦੇ ਕੰਮਾਂ ਦੀ ਉੱਨਤੀ ਵਿਚ ਭੀ ਬੜੀ ਦਿਲਚਸਪੀ ਲਈ। ਮਿਸਾਲ ਦੇ ਤੌਰ ਤੇ, ਮੁਲਤਾਨ ਦੀ ਫਤਿਹ ਬਾਅਦ ਉਸ ਨੇ ਆਪਣੇ ਦਰਬਾਰੀਆਂ ਤੇ ਮਹਿਮਾਨਾਂ ਨੂੰ ਰੇਸ਼ਮੀ ਸਾਮਾਨ ਤੇ ਤੁਹਫ਼ੇ ਦੇਣੇ ਸ਼ੁਰੂ ਕੀਤੇ। ਹੋਲੀ ਹੋਲੀ ਅਮੀਰ ਲੋਕਾਂ ਵਿਚ ਮੁਲਤਾਨ ਦੇ ਸਿਲਕ ਦੇ ਕਮਰਬੰਦ, ਪਟਕੇ ਪਹਿਨਣ ਦਾ ਰਿਵਾਜ ਹੋ ਗਿਆ। ਲਾਹੌਰ ਤੇ ਅੰਮ੍ਰਿਤਸਰ ਦੇ ਵਪਾਰੀ ਅਦਾਰਿਆਂ ਵਿਚ ਵੀ ਉਸ ਦੀ ਸਖਾਵਤ ਤੇ ਸਹਾਇਤਾ ਮੰਨੀ ਜਾਂਦੀ ਸੀ।

ਉਨ੍ਹਾਂ ਦਿਨਾਂ ਵਿਚ ਵਿੱਦਿਆ ਬਹੁਤ ਕਰਕੇ ਮੰਦਰਾਂ, ਮਸਜਿਦਾਂ ਤੇ ਗੁਰਦਵਾਰਿਆਂ ਵਿਚ ਦਿੱਤੀ ਜਾਂਦੀ ਸੀ। ਧਾਰਮਕ ਸਥਾਨਾਂ ਨੂੰ ਮਹਾਰਾਜਾ ਨੇ ਬਹੁਤ ਖੁੱਲ੍ਹੇ ਦਿਲ ਨਾਲ ਦਾਨ ਦਿੱਤਾ ਜਿਸ ਕਰਕੇ ਵਿੱਦਿਆ ਦੀ ਉੱਨਤੀ ਵੀ ਅੱਛੀ ਹੋਈ। ਇਸ ਤੋਂ ਇਲਾਵਾ ਉੱਚੀ ਵਿਦਿਆ ਦੇ ਕੇਂਦਰਾਂ ਦੀ ਵੀ ਸਰਪਰਸਤੀ ਕੀਤੀ। ਮਿਸਾਲ ਵਜੋਂ ਅਰਬੀ ਤੇ ਫਾਰਸੀ ਵਜ਼ੀਫਿਆਂ ਲਈ ਇਕ ਸਕੂਲ ਲਾਹੌਰ ਦੇ ਹਕੀਮਾਂ ਦੇ ਬਾਜ਼ਾਰ ਵਿਚ ਸੀ । ਇਸ ਲਈ ਗਰੀਬ ਵਿਦਿਆਰਥੀਆਂ ਲਈ ਦਾਨ ਤੇ ਵਜੀਫੇ ਦਿੱਤੇ ਜਾਂਦੇ ਸਨ । ਕੋਮਲ ਹੁਨਰਾਂ ਦੀ ਵੀ ਕੋਈ ਅਣਗਹਿਲੀ ਨਹੀਂ ਸੀ, ਮਿਸਾਲ ਦੇ ਤੌਰ ਤੇ, ਚਿਤ੍ਰਕਾਰੀ ਉਸ ਦੀ ਸਰਪਰਸਤੀ ਹੇਠਾਂ ਖੂਬ ਵਧੀ ਫੁੱਲੀ ਤੇ ਇਕ ਸਕੂਲ ਸਿੱਖ ਚਿਤ੍ਰਕਾਰੀਆਂ ਦਾ ਹੋਂਦ ਵਿਚ ਆਇਆ। ਇਹ ਇਕ ਅਜਿਹਾ ਸਕੂਲ ਸੀ ਜਿਸ ਵਿਚ ਵਿਸ਼ੇ ਨੂੰ ਨਿਭਾਣ ਲਈ ਮੁਗ਼ਲਾਂ ਦਾ ਤਰੀਕਾ ਅਪਨਾਇਆ ਗਿਆ ਤੇ ਸੁਹਣੇ ਰੰਗ ਭਰਨ ਲਈ ਕਾਂਗੜੇ ਸਕੂਲ ਦੇ ਸਾਧਨ ਦੀ ਵਰਤੋਂ ਕੀਤੀ ਗਈ। ਉਸ ਦੇ ਦਰਬਾਰ ਵਿਚ ਅਨੇਕਾਂ ਚਿਤ੍ਰਕਾਰ ਸਨ ਜਿਨ੍ਹਾਂ ਵਿਚੋਂ ਬਹੁਤੇ ਪ੍ਰਸਿੱਧ ਇਹ ਸਨ : ਮੁਹੰਮਦ ਬਖਸ਼, ਕੇਹਰ ਸਿੰਘ ਤੇ ਕਾਂਗੜੇ ਦਾ ਪੁਰਖੂ । ਰਣਜੀਤ ਸਿੰਘ ਖੁਦ ਸੁਹਜਾਤਮਕ ਕਦਰਾਂ ਕੀਮਤਾਂ ਦਾ ਕਦਰਦਾਨ ਸੀ । ਉਸ ਨੇ ਗਰਮੀਆਂ ਲਈ ਸੰਗਮਰਮਰ ਦਾ ਇਕ ਘਰ, ਜਿਸ ਦੇ 15 ਦਰਵਾਜ਼ੇ ਸਨ, ਹਜ਼ੂਰੀ ਬਾਗ਼ ਵਿਚ ਡਿਜ਼ਾਈਨ ਕੀਤਾ ਤੇ ਫਿਰ ਆਪਣੀ ਨਿਗਰਾਨੀ ਹੇਠ ਉਸ ਨੂੰ ਬਣਵਾਇਆ। ਉਸ ਦਾ ਇਕ ਹੋਰ ਅਜੂਬਾ ਇਸ ਮਹਿਲ ਤੋਂ ਘੱਟ ਸੁੰਦਰ ਨਹੀਂ ਸੀ। ਇਹ ਸੀ ਉਸ ਦਾ ਆਪਣੇ 700 ਦੇ ਕਰੀਬ ਹਾਥੀਆਂ ਵਿਚੋਂ ਸਭ ਤੋਂ ਵੱਡੇ ਹਾਥੀ ਸੁੰਦਰਗਜ ਦੇ ਦੰਦਾਂ ਉੱਪਰ ਲਾਲਟੈਨਾਂ ਨੂੰ ਪੱਕੇ ਤੌਰ ਤੇ ਟਿਕਾਣਾ ਤੇ ਬੰਨ੍ਹਣਾਂ । ਇਨ੍ਹਾਂ ਲਾਲਟੈਨਾਂ ਵਿਚ ਸੁੰਦਰਤਾ ਤੇ ਉਪਯੋਗਤਾ ਦੇ ਦੋਵੇਂ ਪੱਖ ਮੌਜੂਦ ਸਨ। ਇਹ ਸੁੰਦਰਗਜ ਨੂੰ ਖ਼ਾਸ ਸਜ-ਧਜ ਦਿੰਦੀਆਂ ਤੇ ਰਸਤੇ ਵਿਚ ਹਾਥੀ ਲਈ ਚਾਨਣ ਦਾ ਕੰਮ ਦਿੰਦੀਆਂ। ਰਾਤ ਦੇ ਸਮੇਂ ਜਦੋਂ ਸੁੰਦਰਗਜ ਲਾਹੌਰ ਦੇ ਬਜ਼ਾਰ ਵਿਚੋਂ ਲੰਘਦਾ ਤਾਂ ਬਹੁਤ ਹੀ ਸ਼ਾਨਦਾਰ ਦ੍ਰਿਸ਼ ਬੱਝਦਾ, ਖ਼ਾਸ ਕਰਕੇ ਮੋਤੀ ਬਜ਼ਾਰ ਵਿਚ ਜਿੱਥੇ ਜੌਹਰੀਆਂ ਦੀਆਂ ਦੁਕਾਨਾਂ ਸਨ ਤੇ ਲਾਹੌਰ ਦਾ ਸਭ ਤੋਂ ਵੱਡਾ ਫੈਸ਼ਨ ਕੇਂਦਰ ਸੀ। ਉਸ ਦੇ ਹਉਦੇ ਉੱਪਰ ਹੀਰੇ ਵਗ਼ੈਰਾ ਜੜੇ ਹੋਏ ਸਨ ਤੇ ਲਾਲਟੈਨਾਂ ਦੀ ਰੋਸ਼ਨੀ ਵਿਚ ਇਨ੍ਹਾਂ ਦੀ ਚਮਕ ਦਮਕ ਹੋਰ ਵਧ ਜਾਂਦੀ ਸੀ, ਮਾਨੋ ਹੀਰਿਆਂ ਦੀ ਦੁਕਾਨ ਟੁਰ ਫਿਰ ਰਹੀ ਹੈ। ਇਸ ਦਾ ਪ੍ਰਭਾਵ ਹੋਰ ਵੀ ਵਧੇਰੇ ਹੋ ਜਾਇਆ ਕਰਦਾ ਜਦੋਂ ਸੁੰਦਰਗਜ ਆਪਣੀ ਪਿੱਠ ਉੱਪਰ ਸ਼ਾਹੀ ਹੈਰਮ ਦੇ ਕੀਮਤੀ ਮੋਤੀ, ਮੋਰਾਂ ਜਾਂ ਗੁਲ ਬੇਗਮ ਨੂੰ ਲੈ ਜਾਇਆ ਕਰਦਾ ਜਿਨ੍ਹਾਂ ਦੀ ਚਿਹਰੇ ਦੀ ਸੁੰਦਰਤਾ ਤੇ ਕੱਪੜਿਆਂ ਦੀ ਆਭਾ ਹੋਰ ਵੀ ਵਧ ਜਾਂਦੀ।

ਰਣਜੀਤ ਸਿੰਘ ਦੁਆਰਾ ਵਪਾਰ, ਦਸਤਕਾਰੀ ਤੇ ਸ਼ਿਲਪਕਾਰੀ ਨੂੰ ਸਰਪਰਸਤੀ ਦਿੱਤੇ ਜਾਣ ਨਾਲ ਸ਼ਹਿਰੀ ਉੱਨਤੀ ਵੀ ਖੂਬ ਹੋਈ। ਉਦੋਂ ਚਾਰ ਸ਼ਹਿਰ ਖ਼ਾਸ ਪ੍ਰਸਿੱਧ ਸਨ ਜਿਨ੍ਹਾਂ ਦੀ ਜਨਸੰਖਿਆ ਉਸ ਸਮੇਂ ਦੇ ਹਿਸਾਬ ਨਾਲ ਕਾਫ਼ੀ ਸੀ—ਮਿਸਾਲ ਵਜੋਂ ਲਾਹੌਰ (75,000), भेभिडमठ (60,000), धिम्मैव (55,000) डे भ्रलडात (45,000) । ਸ਼ਹਿਰੀ ਸਹੂਲਤਾਂ, ਖ਼ਾਸ ਕਰਕੇ ਸਫਾਈ ਬਾਰੇ ਇਨ੍ਹਾਂ ਸ਼ਹਿਰਾਂ ਵਿਚ ਪੁਰਾਣੇ ਢੰਗ ਦੀਆਂ ਸਨ। ਇਹ ਹੈਰਾਨੀ ਵਾਲੀ ਗੱਲ ਹੈ ਕਿ ਫਿਰ ਵੀ ਕੋਈ ਵਬਾ ਜਾਂ ਬੀਮਾਰੀ ਨਹੀਂ ਵਾਪਰੀ—ਹੈਜ਼ਾ ਤਾਂ ਬਹੁਤ ਹੀ ਘੱਟ ਹੁੰਦਾ ਸੀ ਤੇ ਪਲੇਗ ਦਾ ਨਾਮ ਨਿਸ਼ਾਨ ਨਹੀਂ ਸੀ। ਸ਼ਾਇਦ ਉਨ੍ਹਾਂ ਦਿਨਾਂ ਵਿਚ ਲੋਕਾਂ ਅੰਦਰ ਬੀਮਾਰੀ ਦੇ ਮੁਕਾਬਲੇ ਲਈ ਬਲ ਅਜੋਕੇ ਸਮੇਂ ਨਾਲੋਂ ਵਧੇਰੇ ਹੁੰਦਾ ਸੀ ਕਿਉਂਕਿ ਖੁਰਾਕ ਬੇਹਤਰ ਤੇ ਕਾਫ਼ੀ ਮਾਤਰਾ ਵਿਚ ਮਿਲਦੀ ਸੀ। ਦਵਾਖ਼ਾਨੇ ਵੀ ਚੋਖੀ ਗਿਣਤੀ ਵਿਚ ਸਨ, ਖ਼ਾਸ ਤੌਰ ਤੇ ਲਾਹੌਰ ਵਿਚ ਜਿੱਥੇ ਯੂਨਾਨੀ ਦਵਾਈ ਮੁਫ਼ਤ ਮਿਲਦੀ। ਇਨ੍ਹਾਂ ਦੀ ਦੇਖਭਾਲ ਦਾ ਕੰਮ ਫ਼ਕੀਰ ਨੂਰਉੱਦੀਨ ਦੇ ਸਪੁਰਦ ਸੀ। ਆਵਾਜਾਈ ਦੇ ਸਾਧਨ ਅੱਜ ਕਲ੍ਹ ਵਾਂਗ ਨਹੀਂ ਸਨ ਪਰੰਤੂ ਡਾਕੀਏ ਵੱਡੇ ਸ਼ਹਿਰਾਂ ਦੀ ਡਾਕ ਵਾਸਤੇ ਕਾਫ਼ੀ ਸਨ। ਨਾ ਹੀ ਅਜੋਕੇ ਸਮੇਂ ਵਾਂਗ ਸੜਕਾਂ ਦਾ ਜਾਲ ਸੀ ਪਰ ਜੋ ਕੁਝ ਵੀ ਸੜਕਾਂ ਸਨ ਉਨ੍ਹਾਂ ਤੇ ਸਫਰ ਕਰਨ ਵਿਚ ਕੋਈ ਖ਼ਤਰਾ ਨਹੀਂ ਸੀ ਕਿਉਂਕਿ ਡਾਕੂ ਬਹੁਤ ਘੱਟ ਹੁੰਦੇ ਸਨ। ਭਾਵੇਂ ਸੜਕਾਂ ਬਹੁਤ ਤੰਗ ਸਨ ਤੇ ਪੱਕੀਆਂ ਨਹੀਂ ਸਨ, ਉਹ ਹਾਥੀਆਂ, ਘੋੜਿਆਂ, ਖ਼ੱਚਰਾਂ, ਬੈਲ-ਗੱਡੀਆਂ, ਘੋੜਾ-ਗੱਡੀਆਂ ਤੇ ਪਾਲਕੀਆਂ ਲਈ ਠੀਕ ਸਨ। ਸਭ ਤੋਂ ਵਧੇਰੇ ਵਰਤੋਂ ਵਿਚ ਆਣ ਵਾਲੇ ਸਾਧਨ ਪੈਦਲ ਸਫ਼ਰ ਜਾਂ ਘੋੜ-ਸਵਾਰੀ ਸੀ। ਰਸਤਿਆਂ ਉੱਪਰ ਸਭ ਥਾਵਾਂ ਤੇ ਖੂਹ ਤੇ ਸਰਾਂਵਾਂ ਹੁੰਦੀਆਂ ਸਨ । ਰਣਜੀਤ ਸਿੰਘ ਨੇ ਪੰਜਾਬ ਨੂੰ 40 ਸਾਲ ਅਮਨ ਦਾ ਰਾਜ ਦਿੱਤਾ, ਜਿਸ ਵਿਚ ਅਜਿਹੀ ਖੁਸ਼ਹਾਲੀ ਤੇ ਉੱਨਤੀ ਹੋਈ ਜੋ ਮੁਗ਼ਲਾਂ ਦੇ ਸਮੇਂ ਤੋਂ ਲੈ ਕੇ ਵੇਖਣੀ ਨਸੀਬ ਨਹੀਂ ਸੀ ਹੋ ਸਕੀ।

ਤਲਵਾਰ

ਜਸਵੰਤ ਰਾਓ ਹੋਲਕਰ ਨੇ ਰਣਜੀਤ ਸਿੰਘ ਤੋਂ 1806 ਈ. ਵਿਚ ਰੁਖਸਤ ਲੈਣ ਵੇਲੇ ਇਹ ਸਲਾਹ ਦਿੱਤੀ ਸੀ ਕਿ ਮਹਾਰਾਜਾ ਇਕ ਬਾਕਾਇਦਾ ਫ਼ੌਜ ਬਣਾਏ ਜਿਸ ਵਿਚ ਤੋਪਖਾਨਾ ਤੇ ਪੈਦਲ ਫ਼ੌਜ ਦੇ ਦੋ ਵੱਡੇ ਹਿੱਸੇ ਹੋਣ। ਇਹ ਬੜੀ ਨੇਕ ਤੇ ਚੰਗੀ ਸਲਾਹ ਸੀ ਤੇ ਇਸ ਦਾ ਆਧਾਰ 50 ਸਾਲ ਦਾ ਭਾਰਤੀ ਤਜਰਬਾ ਸੀ । ਬਾਲਾ ਜੀ ਬਾਜੀਰਾਓ, ਮਾਧੋ ਜੀ ਸਿੰਧੀਆ, ਹੈਦਰ ਅਲੀ, ਟੀਪੂ ਸੁਲਤਾਨ ਤੇ ਹੋਲਕਰ ਨੇ ਅੰਗਰੇਜ਼ਾਂ ਦਾ ਮੁਕਾਬਲਾ ਮੁੱਖ ਤੌਰ ’ਤੇ ਯੂਰਪੀਨ ਅਫ਼ਸਰਾਂ ਦੁਆਰਾ ਤਿਆਰ ਕੀਤੇ ਗਏ ਤੋਪਖਾਨਿਆਂ ਤੇ ਪੈਦਲ ਫ਼ੌਜ ਨਾਲ ਕੀਤਾ ਸੀ। ਰਣਜੀਤ ਸਿੰਘ ਨੇ ਹੋਲਕਰ ਦੀ ਇਸ ਸਲਾਹ ਦੀ ਅਸਲੀਅਤ ਨੂੰ ਜਲਦੀ ਹੀ ਭਾਂਪ ਲਿਆ । ਅਹਿਮਦ ਸ਼ਾਹ ਅਬਦਾਲੀ ਦੇ ਸਮੇਂ ਤੋਂ ਉਪਰੰਤ ਜੋ ਦਲ ਖਾਲਸਾ ਘੋੜ-ਸਵਾਰ ਸਨ ਉਹ ਹੁਣ ਕੰਮ ਨਹੀਂ ਸਨ ਆ ਸਕਦੇ ਕਿਉਂਕਿ ਯੂਰਪੀਨ ਫ਼ੌਜਾਂ ਜਿਨ੍ਹਾਂ ਹਥਿਆਰਾਂ ਨਾਲ ਲੈਸ ਸਨ ਤੇ ਜੰਗ ਦੇ ਜਿਨ੍ਹਾਂ ਨਵੇਂ ਤਰੀਕਿਆਂ ਤੋਂ ਜਾਣੂ ਸਨ ਉਨ੍ਹਾਂ ਦੇ ਅੱਗੇ ਹੁਣ ਇਹ ਘੋੜ ਸਵਾਰ ਨਹੀਂ ਸਨ ਠਹਿਰ ਸਕਦੇ। ਰਣਜੀਤ ਸਿੰਘ ਨੇ ਹੋਲਕਰ ਦੀਆਂ ਪੱਛਮੀ ਨਮੂਨੇ ਦੀਆਂ ਫ਼ੌਜਾਂ ਦਾ ਮੁਆਇਨਾ ਕੀਤਾ ਤੇ ਉਨ੍ਹਾਂ ਦੀ ਸ਼ਕਲ, ਸੂਰਤ ਤੇ ਅਨੁਸ਼ਾਸਨ ਤੋਂ ਬਹੁਤ ਪ੍ਰਭਾਵਤ ਹੋਇਆ। ਪਰ ਇਸ ਗੱਲ ਦੀ ਉਸ ਨੂੰ ਸਮਝ ਨਹੀਂ ਸੀ ਆਉਂਦੀ ਕਿ ਹੋਲਕਰ ਦੀਆਂ ਫ਼ੌਜਾਂ ਲਾਰਡ ਲੈਕ ਦੀ ਫ਼ੌਜ ਦੇ ਮੁਕਾਬਲੇ ਕਿਉਂ ਨਹੀਂ ਸਨ ਕਰ ਸਕੀਆਂ ਜਦ ਕਿ ਦੋਹਾਂ ਦੀ ਸਿਖਲਾਈ ਤੇ ਹਥਿਆਰ ਇੱਕੋ ਜੇਹੇ ਸਨ। ਇਸ ਪ੍ਰਸ਼ਨ ਦਾ ਉੱਤਰ ਲੱਭਣ ਲਈ ਉਹ ਭੇਸ ਬਦਲਾ ਕੇ, ਲਾਰਡ ਲੈਕ ਦੇ ਕੈਂਪ ਵਿਚ ਗਿਆ ਸੀ ਜਿਸ ਦਾ ਵਰਣਨ ਇਕ ਪਹਿਲੇ ਅਧਿਆਇ ਵਿਚ ਦਿੱਤਾ ਗਿਆ ਹੈ। ਆਪਣੇ ਪ੍ਰਸ਼ਨ ਦਾ ਜੋ ਹੱਲ ਉਸ ਲੱਭਿਆ ਉਹ ਇਹ ਸੀ ਕਿ ਅੰਗਰੇਜ਼ਾਂ ਦੀ ਫ਼ੌਜ ਦੀ ਸਿਖਲਾਈ ਹੋਲਕਰ ਦੀ ਫ਼ੌਜ ਨਾਲੋਂ ਵਧੀਆ ਸੀ । ਸੋ ਰਣਜੀਤ ਸਿੰਘ ਨੇ ਖ਼ਾਲਸਾ ਫ਼ੌਜ ਦੀ ਸਾਰੀ ਤਰਤੀਬ ਨੂੰ ਬਦਲ ਦੇਣ ਦਾ ਤਹੱਯਾ ਕਰ ਲਿਆ। ਘੋੜ-ਸਵਾਰਾਂ ਤੇ ਤੋਪਖਾਨੇ ਦੀ ਨਿਸਬਤ ਪੈਦਲ ਫ਼ੌਜ ਉੱਤੇ ਖ਼ਾਸ ਤੌਰ ਤੇ ਉਸ ਦਾ ਇਰਾਦਾ ਵਧੇਰੇ ਜ਼ੋਰ ਦੇਣ ਦਾ ਸੀ । ਸਭ ਤੋਂ ਵੱਧ ਉਹ ਫ਼ੌਜੀ ਸਿਖਲਾਈ ਦੇ ਯੋਗ ਪ੍ਰਬੰਧ ਕਰਨ ਤੇ ਜ਼ੋਰ ਦੇਣਾ ਚਾਹੁੰਦਾ ਸੀ ।

ਸ਼ੁਰੂ ਵਿਚ ਪੈਦਲ ਫ਼ੌਜ ਦਾ ਪ੍ਰਬੰਧ ਕਰਨਾ ਕਾਫੀ ਔਖਾ ਸੀ। ਭਾਰਤ ਦੀ ਫ਼ੌਜੀ ਪਰੰਪਰਾ ਵਿਚ ਪੈਦਲ ਸਿਪਾਹੀਆਂ ਨੂੰ ਇਕ ਛੋਟਾ ਦਰਜਾ ਦਿੱਤਾ ਜਾਂਦਾ ਸੀ ਤੇ ਸਮਾਜਕ ਨੁਕਤੇ ਤੋਂ ਘਟੀਆ ਸਮਝਿਆ ਜਾਂਦਾ ਸੀ । ਅਕਬਰ ਦੇ ਸਮੇਂ ਉਹ ਦਰਬਾਨਾਂ, ਮਹਿਲ ਦੇ ਚੌਕੀਦਾਰਾਂ, ਪਾਲਕੀ ਚੁੱਕਣ ਵਾਲੇ ਮਜ਼ਦੂਰਾਂ ਤੇ ਚਿੱਠੀ-ਪੱਤਰ ਪਹੁੰਚਾਣ ਵਾਲਿਆਂ ਦੇ ਹੀ ਬਰਾਬਰ ਸਮਝੇ ਜਾਂਦੇ ਸਨ । ਰਣਜੀਤ ਸਿੰਘ ਤੋਂ ਪਹਿਲਾਂ ਸਿੱਖਾਂ ਨੇ ਇਨ੍ਹਾਂ ਨੂੰ ਥੋੜ੍ਹਾ ਜਿਹਾ ਉੱਚਾ ਦਰਜਾ ਦਿੱਤਾ ਤੇ ਕਿਲ੍ਹਿਆਂ ਦੀ ਰਾਖੀ ਲਈ ਇਨ੍ਹਾਂ ਨੂੰ ਵਰਤਣਾ ਸ਼ੁਰੂ ਕੀਤਾ ਪਰ ਹਾਲੀ ਵੀ ਇਹ ਘੋੜ ਸਵਾਰਾਂ ਤੋਂ ਘਟੀਆ ਸਮਝੇ ਜਾਂਦੇ ਸਨ। ਇਸ ਕਰਕੇ ਸਿੱਖ ਪੈਦਲ ਫ਼ੌਜ ਵਿਚ ਭਰਤੀ ਨਹੀਂ ਸਨ ਹੋਣਾ ਚਾਹੁੰਦੇ । ਇਸ ਲਈ ਆਰੰਭ ਵਿਚ ਰਣਜੀਤ ਸਿੰਘ ਨੇ ਈਸਟ ਇੰਡੀਆ ਕੰਪਨੀ ਦੀਆਂ ਫ਼ੌਜਾਂ ਦੇ ਹਿੰਦੁਸਤਾਨੀ ਭਗੌੜਿਆਂ ਨੂੰ ਭਰਤੀ ਕਰਨਾ ਸ਼ੁਰੂ ਕੀਤਾ ਤੇ ਸਿਖਲਾਈ ਦਾ ਕੰਮ ਜੋ ਉਨ੍ਹਾਂ ਵਿਚ ਵੱਡੇ ਤਜਰਬੇਕਾਰ ਸਨ ਉਨ੍ਹਾਂ ਦੇ ਸਪੁਰਦ ਕੀਤਾ । ਪੈਦਲ ਫ਼ੌਜ ਲਈ ਖਿੱਚ ਪੈਦਾ ਕਰਨ ਲਈ ਉਹ ਆਪ ਇਨ੍ਹਾਂ ਦੀਆਂ ਪਰੇਡਾਂ ਵੇਖਣ ਜਾਂਦਾ ਤੇ ਇਨ੍ਹਾਂ ਨੂੰ ਖ਼ਾਸ ਇਨਾਮ ਦਿੰਦਾ । ਜਦ ਇਕ ਵਾਰੀ ਇਹ ਪੈਦਲ ਫ਼ੌਜਾਂ ਸਿੱਖਾਂ ਨੂੰ ਪਸੰਦ ਆਣ ਲੱਗ ਪਈਆਂ ਤਦ ਉਸ ਨੇ ਚੋਣ ਦੇ ਨਿਯਮ ਸਖ਼ਤ ਕਰ ਦਿੱਤੇ । ਪਿੰਡਾਂ ਦੇ ਚੌਣਵੇਂ ਨੌਜਵਾਨਾਂ ਨੂੰ ਹੀ, ਜੋ ਸ਼ਕਲ ਤੇ ਸਰੀਰਕ ਬਲ ਵਿਚ ਬਹੁਤ ਚੰਗੇ ਹੁੰਦੇ, ਭਰਤੀ ਕੀਤਾ ਜਾਣ ਲੱਗਾ । ਹਿੰਦੂ ਤੇ ਮੁਸਲਮਾਨ ਵੀ ਭਰਤੀ ਹੋਣ ਲਈ ਆਉਣ ਲੱਗ ਪਏ ਅਤੇ ਉਨ੍ਹਾਂ ਨੂੰ ਵੀ ਇਸੇ ਕਸਵੱਟੀ ਤੇ ਚੁਣਿਆ ਜਾਂਦਾ। ਦੋ ਯੂਰੀਪਨ ਅਫ਼ਸਰ, ਐਲਾਰਡ ਤੇ ਵੈਨਤੂਰਾ, ਜੋ ਮਹਾਰਾਜੇ ਦੀ ਨੌਕਰੀ ਵਿਚ ਬਾਅਦ ਵਿਚ ਆਏ ਉਨ੍ਹਾਂ ਨੇ ਉਸ ਦੀ ਪੈਦਲ ਫ਼ੌਜ ਦੇ ਮਿਆਰ ਨੂੰ ਹੋਰ ਉੱਚਾ ਕੀਤਾ। 1838 ਈ. ਵਿਚ ਪੈਦਲ ਫ਼ੌਜ ਦੀ ਨਫਰੀ 29,617 ਸੀ ਤੇ ਇਨ੍ਹਾਂ ਦੀ ਮਾਸਕ ਤਨਖਾਹ ਉੱਪਰ 2,27,660 ਰੁਪਏ ਖ਼ਰਚ ਆਉਂਦਾ ਸੀ ।

ਪੈਦਲ ਫ਼ੌਜ ਦੇ ਪ੍ਰਬੰਧ ਨੂੰ ਠੀਕ ਕਰਨ ਪਿੱਛੋਂ ਉਸ ਨੇ ਆਪਣਾ ਧਿਆਨ ਤੋਪਖ਼ਾਨੇ ਵੱਲ ਕੀਤਾ । ਸਿੱਖਾਂ ਨੂੰ ਵੱਡੀਆਂ ਤੋਪਾਂ ਦਾ ਕੋਈ ਤਜਰਬਾ ਨਹੀਂ ਸੀ ਤੇ ਕੇਵਲ ਛੋਟੀਆਂ ਜੰਬੁਰਕਾਂ ਦੀ ਵਰਤੋਂ ਹੀ ਜਾਣਦੇ ਸਨ । ਸ਼ੁਰੂ ਵਿਚ ਉਸ ਨੂੰ ਇਸ ਲਈ ਅਫ਼ਸਰ ਤੇ ਤੋਪਚੀ ਦੋਵੇਂ ਪੰਜਾਬ ਤੋਂ ਬਾਹਰੋਂ ਮੰਗਣੇ ਪਏ । ਭਰਤੀ ਕੀਤੇ ਵੱਡੇ ਅਫ਼ਸਰਾਂ ਵਿਚ ਦੋ ਯੋਰਪੀਨ ਸਨ, ਜਿਨ੍ਹਾਂ ਦੇ ਨਾਮ ਕਲਾਡ ਅਗਸਟ ਕੋਰਟ ਤੇ ਅਲੈਗਜ਼ੈਂਡਰ ਗਾਰਡਨਰ ਸਨ। ਤੋਪਾਂ ਢਾਲਣ ਲਈ ਰਣਜੀਤ ਸਿੰਘ ਨੇ ਕਈ ਫੈਕਟਰੀਆਂ ਲਗਾਈਆਂ ਜਿੱਥੇ ਸਥਾਨਕ ਮਿਸਤਰੀ ਬਦੇਸ਼ਾਂ ਤੋਂ ਕੰਮ ਸਿੱਖ ਕੇ ਕੰਮ ਕਰਨ ਲੱਗ ਪਏ। 1838-39 ਈ. ਵਿਚ ਤੋਪਖਾਨੇ ਦੀ ਗਿਣਤੀ 4,535 ਸੀ ਜਿਸ ਵਿਚ 188 ਵੱਡੀਆਂ ਤੋਪਾਂ ਤੇ 280 ਜੰਬੁਰਕ ਸਨ ਅਤੇ ਇਸ ਦੀ ਮਾਹਵਾਰੀ ਤਨਖਾਹ ਦਾ ਖਰਚ 32,906 ਰੁਪਏ ਸੀ ।

ਘੋੜ ਸਵਾਰ ਵੀ ਫ਼ੌਜ ਦਾ ਇਕ ਹਿੱਸਾ ਬਣੇ ਰਹੇ। ਇਸ ਦੇ ਤਿੰਨ ਹਿੱਸੇ ਸਨ : ਬਾਕਾਇਦਾ ਘੋੜ ਸਵਾਰ, ਘੋੜ ਚੜਾ ਫ਼ੌਜ ਤੇ ਜਾਗੀਰਦਾਰੀ ਫ਼ੌਜ । 1838 ਈ. ਵਿਚ ਬਾਕਾਇਦਾ ਘੋੜ ਸਵਾਰ ਫ਼ੌਜ ਦੀ ਗਿਣਤੀ 4,090 ਸੀ ਤੇ ਇਸ ਦੀ ਮਾਹਵਾਰੀ ਤਨਖਾਹ 90,375 ਰੁਪਏ ਸੀ। ਘੋੜ ਚੜ੍ਹਾ ਫ਼ੌਜ ਵਿਚ ਇਸ ਇਲਾਕੇ ਦੇ ਤਕੜੇ ਖ਼ਾਨਦਾਨਾਂ ਦੇ ਨੁਮਾਇੰਦੇ ਹੁੰਦੇ ਸਨ ਜਿਨ੍ਹਾਂ ਨੂੰ ਰਣਜੀਤ ਸਿੰਘ ਰਾਜਨੀਤਕ ਮੰਤਵ ਲਈ ਆਪਣੇ ਦਰਬਾਰ ਦੇ ਨੇੜੇ ਰੱਖਣਾ ਚਾਹੁੰਦਾ ਸੀ। ਉਸ ਦੀ ਹਰ ਵਕਤ ਕੋਸ਼ਿਸ਼ ਇਹ ਸੀ ਕਿ ਉਹ ਉਨ੍ਹਾਂ ਦੀ ਖੈਰ-ਖਾਹੀ ਤੇ ਤਾਬਿਆਦਾਰੀ ਹਾਸਿਲ ਕਰ ਸਕੇ । ਇਸ ਕਰਕੇ ਉਹ ਉਨ੍ਹਾਂ ਨਾਲ ਸਦਾ ਉਦਾਰ-ਚਿਤ ਹੋ ਕੇ ਪੇਸ਼ ਆਉਂਦਾ ਸੀ । ਉਨ੍ਹਾਂ ਲਈ ਉਹ ਖ਼ਾਸ ਆਦਰ ਮਾਣ ਤੇ ਵਧੀਆ ਇਨਾਮ ਵੀ ਦਿੰਦਾ ਰਹਿੰਦਾ ਸੀ । ਕਈਆਂ ਨੂੰ ਨਕਦੀ ਵਿਚ ਵਜ਼ੀਫੇ ਵੀ ਦਿੱਤੇ ਜਾਂਦੇ ਸਨ। ਇਹ ਸਰਦਾਰ ਆਪਣੇ ਸੈਨਕਾਂ ਸਮੇਤ ਆਉਂਦਾ ਤੇ ਇਨ੍ਹਾਂ ਸਭ ਨੂੰ ਖ਼ਾਲਸਾ ਫ਼ੌਜ ਵਿਚ ਭਰਤੀ ਕਰ ਲਿਆ ਜਾਂਦਾ। ਮਿਸਾਲ ਵਜੋਂ ਨਕੱਈ ਤੇ ਘਨੱਈਆ ਸਰਦਾਰਾਂ ਦੇ ਸਾਰੇ ਦੇ ਸਾਰੇ ਘੋੜ-ਸਵਾਰਾਂ ਨੂੰ ਲੈ ਲਿਆ ਗਿਆ ਤੇ ਸ਼ਹਿਜ਼ਾਦਾ ਸ਼ੇਰ ਸਿੰਘ ਦੀਆਂ ਫ਼ੌਜਾਂ ਵਿਚ ਉਨ੍ਹਾਂ ਨੂੰ ਸ਼ਾਮਿਲ ਕਰ ਲਿਆ ਗਿਆ । ਇਸ ਫ਼ੌਜ ਵਿਚ ਪੰਜਾਬ ਦੀਆਂ ਲਗਭਗ ਸਾਰੀਆਂ ਸੂਰਬੀਰ ਜਾਤੀਆਂ ਨੂੰ ਨੁਮਾਇੰਦਗੀ ਮਿਲੀ ਹੋਈ ਸੀ ਜਿਵੇਂ ਕਿ ਜੱਟ, ਸਿੱਖ, ਹਿੰਦੂ, ਰਾਜਪੂਤ, ਮੁਸਲਮਾਨ ਰਾਜਪੂਤ, ਪਠਾਨ, ਖੱਤਰੀ, ਬ੍ਰਾਹਮਣ ਆਦਿ । ਇਨ੍ਹਾਂ ਦੀ ਤਨਖਾਹ ਤੇ ਹੋਰ ਭੱਤੇ ਰੈਗੂਲਰ ਫ਼ੌਜ ਨਾਲੋਂ ਵੱਧ ਹੁੰਦੇ ਸਨ। ਭਰਤੀ ਵੇਲੇ ਜੋ ਚੁਣੇ ਜਾਂਦੇ ਉਨ੍ਹਾਂ ਨੂੰ ਆਪਣੇ ਘੋੜੇ ਤੇ ਹਥਿਆਰ ਆਦਿ ਲਿਆਉਣੇ ਹੁੰਦੇ ਸਨ ਪਰ ਕਦੀ ਕਦੀ ਇਹ ਸ਼ਰਤ ਲਾਗੂ ਨਹੀਂ ਸੀ ਕੀਤੀ ਜਾਂਦੀ । 1836 ਈ. ਵਿਚ ਇਸ ਫ਼ੌਜ ਦੀ ਗਿਣਤੀ 10,795 ਸੀ ਤੇ ਇਸ ਦਾ ਸਾਲਾਨਾ ਖਰਚ 31,68,714 ਰੁਪਏ ਸੀ।

ਮਹਾਰਾਜਾ ਰਣਜੀਤ ਸਿੰਘ | Maharaja Ranjit Singh |

ਜਾਗੀਰਦਾਰੀ ਘੋੜ ਸਵਾਰ ਫ਼ੌਜ ਦੀ ਉਸਾਰੀ ਸਾਮੰਤਵਾਦੀ ਲੀਹਾਂ ਤੇ ਕੀਤੀ ਜਾਂਦੀ ਸੀ । ਜਾਗੀਰਦਾਰ ਤੇ ਉਨ੍ਹਾਂ ਦੇ ਸੈਨਿਕ ਆਮ ਤੌਰ ਤੇ ਆਪਣੀਆਂ ਜਾਗੀਰਾਂ ਵਿਚ ਹੀ ਰਹਿੰਦੇ ਸਨ ਤੇ ਸਾਲ ਵਿਚ ਇਕ ਵਾਰੀ ਦੁਸ਼ਹਿਰੇ ਦੇ ਅਵਸਰ ਤੇ ਮੁਆਇਨੇ ਲਈ ਹਾਜ਼ਰੀ ਭਰਦੇ ਸਨ । ਮਹਾਰਾਜਾ ਆਪ ਇਨ੍ਹਾਂ ਦਾ ਸਰਵੇਖਣ ਕਰਦਾ ਸੀ, ਇਹ ਪਤਾ ਕਰਨ ਲਈ ਕਿ ਉਸ ਦੇ ਜਾਗੀਰਦਾਰ ਇਸ ਸਬੰਧ ਵਿਚ ਆਪਣੇ ਫਰਜ਼ ਪੂਰੀ ਤਰ੍ਹਾਂ ਨਿਭਾ ਰਹੇ ਸਨ ਕਿ ਨਹੀਂ। ਜੇ ਕੋਈ ਇਸ ਵਿਚ ਅਣਗਿਹਲੀ ਜਾਂ ਲਾਪਰਵਾਹੀ ਕਰਦਾ ਤਾਂ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਸੀ, ਇੱਥੋਂ ਤਕ ਕਿ ਇਕ ਵਾਰੀ ਜਰਨੈਲ ਹਰੀ ਸਿੰਘ ਨਲਵੇ ਨੂੰ ਦੋ ਲੱਖ ਰੁਪਏ ਜੁਰਮਾਨਾ ਦੇਣਾ ਪਿਆ ਕਿਉਂਕਿ ਉਸ ਪਾਸ ਇਸ ਫ਼ੌਜ ਦੀ ਨਫਰੀ ਨਿਯਤ ਕੋਟੇ ਤੋਂ ਘੱਟ ਸੀ।

ਘੋੜ-ਚੜ੍ਹਾ ਫ਼ੌਜ ਆਪਣੀ ਬਣਤਰ ਦੇ ਕਾਰਨ ਫ਼ੌਜ ਦਾ ਸ੍ਰੇਸ਼ਟਤਮ ਭਾਗ ਸੀ। ਇਸ ਦੇ ਅਫ਼ਸਰ ਸ਼ਾਨ-ਸ਼ੌਕਤ ਕਾਇਮ ਰਖਣ ਵਿਚ ਇਕ ਦੂਜੇ ਦਾ ਰਸ਼ਕ ਕਰਦੇ ਰਹਿੰਦੇ ਸਨ। ਇਨ੍ਹਾਂ ਦੀ ਕੋਈ ਖ਼ਾਸ ਵਰਦੀ ਨਹੀਂ ਸੀ । ਇਸ ਕਰਕੇ ਇਸ ਦੇ ਅਫਸਰ ਆਪਣੇ ਸਾਥੀਆਂ ਨਾਲੋਂ ਚੰਗੇਰੇ ਬਸਤਰ, ਜੰਗੀ ਸਾਮਾਨ ਤੇ ਹਥਿਆਰ ਹਾਸਿਲ ਕਰਨ ਲਈ ਸਦਾ ਜਤਨ ਕਰਦੇ ਰਹਿੰਦੇ ਸਨ। ਕਈ ਮਖਮਲ ਜਾਂ ਰੇਸ਼ਮ ਦੇ ਕੋਟ ਪਹਿਨਦੇ ਸਨ ਤੇ ਉਸ ਉੱਪਰ ਜ਼ੱਰਾਬਖ਼ਤਰ ਦੀ ਕਮੀਜ਼ ਆਦਿ। ਕਈ ਗੁਲਾਬੀ, ਕਈ ਪੀਲੇ ਦਸਤਾਰੇ ਸਜਾਂਦੇ ਸਨ। ਸਭ ਦੇ ਲੱਕ ਦੁਆਲੇ ਇਕ ਪੇਟੀ ਹੁੰਦੀ ਸੀ ਜਿਸ ਉੱਪਰ ਜ਼ਰੀ ਦਾ ਕੰਮ ਹੋਇਆ ਹੁੰਦਾ ਸੀ । ਇਸ ਪੇਟੀ ਵਿਚ ਬਾਰੂਦ ਪਾਊਡਰ, ਇਰਾਨੀ ਤਲਵਾਰ ਤੇ ਕਦੇ ਪਸਤੌਲ ਵੀ ਟੰਗੇ ਹੁੰਦੇ ਸਨ। ਕੁਝ ਐਸੇ ਵੀ ਸਨ ਜਿਨ੍ਹਾਂ ਲੋਹੇ ਦੀ ਟੋਪੀ ਪਹਿਨੀ ਹੁੰਦੀ ਸੀ ਤੇ ਉਸ ਉੱਪਰ ਕਾਲੇ ਸਾਰਸ ਜਾਂ ਬਗਲੇ ਦੀ ਕਲਗੀ ਲੱਗੀ ਹੁੰਦੀ ਸੀ । ਕੁਝ ਸਵਾਰਾਂ ਪਾਸ ਤੀਰ ਕਮਾਨ ਦੇ ਭੱਥੇ ਹੁੰਦੇ ਸਨ । ਸਭ ਨੇ ਪਿੱਠਾਂ ਉੱਪਰ ਗੈਂਡੇ ਦੀ ਖੱਲ ਦੀਆਂ ਢਾਲਾਂ ਪਹਿਨੀਆਂ ਹੁੰਦੀਆਂ ਸਨ।

ਰਣਜੀਤ ਸਿੰਘ ਦੇ ਬਦੇਸ਼ੀ ਅਫ਼ਸਰ, ਜਿਨ੍ਹਾਂ ਨੂੰ ਆਮ ਕਰਕੇ ‘ਫਰੰਗੀ’ ਕਿਹਾ ਜਾਂਦਾ ਸੀ, ਬੜੇ ਸੋਹਣੇ ਤੇ ਰੰਗ-ਬਰੰਗੇ ਪਹਿਰਾਵੇ ਵਿਚ ਹੁੰਦੇ ਸਨ । ਉਨ੍ਹਾਂ ਦੀ ਨਫਰੀ ਬਾਰੇ ਵੱਖ-ਵੱਖ ਅਨੁਮਾਨ ਮਿਲਦੇ ਹਨ। ਸਭ ਤੋਂ ਬਹੁਤਾ ਅਨੁਮਾਨ 42 ਦਾ ਤੇ ਘੱਟ ਤੋਂ ਘੱਟ ਦਾ 20 ਦਾ ਹੈ। ਇਨ੍ਹਾਂ ਵਿਚ ਇਟੈਲੀਅਨ, ਫਰਾਂਸੀਸੀ, ਅਮਰੀਕਨ, ਅੰਗਰੇਜ਼, ਯੂਨਾਨੀ, ਰੂਸੀ, ਜਰਮਨ, ਸਕਾਟ ਤੇ ਐਂਗਲੋ-ਇੰਡੀਅਨ ਸ਼ਾਮਿਲ ਸਨ।

ਇਨ੍ਹਾਂ ਦੀ ਭਰਤੀ 1809 ਈ. ਦੀ ਅੰਮ੍ਰਿਤਸਰ ਸੰਧੀ ਤੋਂ ਜਲਦੀ ਹੀ ਬਾਅਦ ਸ਼ੁਰੂ ਹੋ ਗਈ ਸੀ। ਰਣਜੀਤ ਸਿੰਘ ਇਸ ਸੰਧੀ ਨੂੰ ਆਪਣੀ ਰਾਜਨੀਤਕ ਹਾਰ ਸਮਝਦਾ ਸੀ ਪਰ ਇਹ ਉਸ ਕਾਰਨ ਸਹਿਣੀ ਪਈ ਕਿਉਂਕਿ ਉਹ ਅੰਗਰੇਜ਼ਾਂ ਦੇ ਮੁਕਾਬਲੇ ਵਿਚ ਫ਼ੌਜੀ ਤੌਰ ਤੇ ਕਮਜ਼ੋਰ ਸੀ। ਸਭ ਤੋਂ ਪਹਿਲਾਂ ਅੰਗਰੇਜ਼ ਜੋ ਉਸ ਦੀ ਫ਼ੌਜ ਵਿਚ ਸ਼ਾਮਿਲ ਹੋਇਆ ਪਰਾਈਸ ਸੀ, ਜੋ ਅਖ਼ਤਰਲੋਨੀ ਦੀ ਫ਼ੌਜ ਤੋਂ ਭਗੌੜਾ ਹੋ ਕੇ ਆਇਆ ਸੀ । ਫਿਰ ਕੁਝ ਮਨਚਲੇ ਐਂਗਲੋ-ਇੰਡੀਅਨ ਸਿਪਾਹੀ ਸ਼ਾਮਿਲ ਹੋਏ । ਇਨ੍ਹਾਂ ਵਿਚੋਂ ਕਈ ਮਸ਼ਹੂਰ ਅੰਗਰੇਜ਼ ਅਫ਼ਸਰਾਂ ਦੇ ਲੜਕੇ ਸਨ, ਜਿਵੇਂ ਰਾਬਰਟ ਡਿਕ, ਜੋ ਜਨਰਲ ਸਰ ਰਾਬਰਟ ਡਿਕ ਦਾ ਲੜਕਾ ਸੀ ਅਤੇ ਜੈਕਬ ਥਾਮਸ, ਜੋ ਮਸ਼ਹੂਰ ਮਨਚਲੇ ਜਾਰਜ ਥਾਮਸ ਦਾ ਲੜਕਾ ਸੀ। ਪਰ ਪਹਿਲੇ ਬਦੇਸ਼ੀ ਅਫ਼ਸਰ ਜੋ ਵਾਸਤਵ ਵਿਚ ਵਡਮੁੱਲੀ ਪ੍ਰਾਪਤੀ ਸਨ ਉਹ ਸਨ ਜੀਨ ਫਰਾਂਸਿਸ ਅਲਾਰਡ ਤੇ ਜੀਨ ਬੇਪਟਿਸਟੇ ਵੈਨਤੁਰਾ । ਇਨ੍ਹਾਂ ਨੇ ਰਣਜੀਤ ਸਿੰਘ ਦੀ ਨੌਕਰੀ 1822 ਈ. ਵਿਚ ਸ਼ੁਰੂ ਕੀਤੀ। ਐਲਾਰਡ ਫਰਾਂਸ ਦਾ ਵਸਨੀਕ ਸੀ ਤੇ ਵੈਨਤੂਰਾ ਇਟਲੀ ਦਾ। ਇਹ ਦੋਵੇਂ ਵੱਡੇ ਖ਼ਾਨਦਾਨਾਂ ਦੇ ਸਨ ਤੇ ਇਨ੍ਹਾਂ ਨੇ ਨੈਪੋਲੀਅਨ ਹੇਠ ਸਪੇਨ ਤੇ ਇਟਲੀ ਦੀਆਂ ਫ਼ੌਜਾਂ ਵਿਚ ਨੌਕਰੀ ਕੀਤੀ ਹੋਈ ਸੀ । ਯੂਰਪ ਵਿਚ ਅਮਨ ਹੋਣ ਤੇ ਉਨ੍ਹਾਂ ਦੀ ਨੋਕਰੀ ਖ਼ਤਮ ਹੋ ਗਈ ਤੇ ਉਹ ਕਿਸੇ ਹੋਰ ਨੌਕਰੀ ਦੀ ਤਲਾਸ਼ ਵਿਚ ਮਿਸਰ ਤੇ ਈਰਾਨ ਵਿਚ ਗਏ ਪਰ ਸਫ਼ਲ ਨਾ ਹੋਏ । ਫਿਰ ਹੈਰਾਤ, ਕੰਧਾਰ, ਕਾਬਲ ਤੇ ਪਸ਼ੋਰ ਹੁੰਦੇ ਹੋਏ ਲਾਹੌਰ ਪਹੁੰਚੇ । ਰਣਜੀਤ ਸਿੰਘ ਨੇ ਦੋ ਮਹੀਨੇ ਉਨ੍ਹਾਂ ਦੀ ਯੋਗਤਾ ਤੇ ਕੰਮ-ਕਾਜ ਨੂੰ ਜਾਣਨ ਤੇ ਲਾਏ । ਜਦ ਪੂਰੀ ਤਸੱਲੀ ਤੇ ਕਰੜੀ ਪਰੀਖਿਆ ਹੋ ਗਈ ਤਾਂ ਉਨ੍ਹਾਂ ਨੂੰ ਨੋਕਰੀ ਦਿੱਤੀ। ਐਲਾਰਡ ਨੂੰ ਇਕ ਖ਼ਾਸ ਫ਼ੌਜੀ ਘੋੜ ਸਵਾਰ ਫ਼ੌਜ ਖੜ੍ਹੀ ਕਰਨ ਦਾ ਕੰਮ ਸੌਂਪਿਆ ਗਿਆ-ਇਹ ਆਦੇਸ਼ ਦੇ ਕੇ ਕਿ ਇਸ ਦਾ ਕੰਮ ਪ੍ਰਬੰਧ, ਸਿਖਲਾਈ ਤੇ ਹਥਿਆਰ ਆਦਿ ਬਿਲਕੁਲ ਯੂਰਪੀਨ ਘੋੜ ਸਵਾਰਾਂ ਵਾਂਗ ਹੋਣ। ਵੈਨਤੂਰਾ ਨੂੰ ਫ਼ੌਜ-ਇ-ਖ਼ਾਸ ਦਾ ਕਮਾਂਡਰ ਨਿਯਤ ਕੀਤਾ ਗਿਆ ਜੋ ਕਿ ਖਾਲਸਾ ਫ਼ੌਜ ਦਾ ਇਕ ਖ਼ਾਸ ਬ੍ਰਿਗੇਡ ਸੀ । ਉਹ ਅਨੁਸ਼ਾਸਨ, ਵਰਦੀ ਤੇ ਸਾਮਾਨ ਦੇ ਪੱਖੋਂ, ਖਾਲਸਾ ਫ਼ੌਜ ਵਿਚ ਪਹਿਲੇ ਨੰਬਰ ਤੇ ਸੀ। ਦੋਹਾਂ ਨੂੰ ਚੰਗੀ ਚੋਖੀ ਤਨਖਾਹ ਤੇ ਲਾਇਆ ਗਿਆ, ਜੋ ਸਾਲਾਨਾ 30 ਹਜ਼ਾਰ ਰੁਪਏ ਬਣਦੀ ਸੀ। ਐਲਾਰਡ ਨੂੰ ਰਿਹਾਇਸ਼ ਲਈ ਇਕ ਬੜੀ ਖੁਲ੍ਹੀ ਕੋਠੀ ਦਿੱਤੀ ਗਈ ਜਿੱਥੇ ਬਾਅਦ ਵਿਚ ਅੰਗਰੇਜ਼ਾਂ ਨੈ ਕਪੂਰਥਲਾ ਹਾਊਸ ਬਣਾਇਆ ਸੀ। ਇਸ ਨੂੰ ਆਮ ਤੋਰ ਤੇ ‘ਕੁੜੀ ਬਾਗ਼’ ਕਿਹਾ ਜਾਂਦਾ ਸੀ ਕਿਉਂਕਿ ਇੱਥੇ ਐਲਾਰਡ ਦੀ ਲੜਕੀ ਦੀ ਕਬਰ ਸੀ। ਵੈਨਤੂਰਾ ਨੂੰ ਰਿਹਾਇਸ਼ ਲਈ ਅਨਾਰਕਲੀ ਦਾ ਮਕਬਰਾ ਦਿੱਤਾ ਗਿਆ । ਇਕ ਸੰਗਮਰਮਰ ਦੀ ਸਿਲ ਪੱਛਮੀ ਪਾਕਿਸਤਾਨ ਦੇ ਚੀਫ਼ ਸੈਕਟਰੀ ਦੇ ਕਮਰੇ ਦੇ ਬਾਹਰ ਲੱਗੀ ਹੋਈ ਹੁਣ ਤਕ ਇਸ ਦੀ ਯਾਦ ਕਰਾਉਂਦੀ ਹੈ। ਐਲਾਰਡ ਤੇ ਵੈਨਤੂਰਾ ਦੋਹਾਂ ਨੂੰ ਤਰੱਕੀ ਦੇ ਕੇ ਜਨਰਲ ਦੇ ਅਹੁਦੇ ਤੇ ਲਾਇਆ ਗਿਆ । ਮਹਾਰਾਜਾ ਇਨ੍ਹਾਂ ਦੋਹਾਂ ਦੀ ਬੜੀ ਕਦਰ ਕਰਦਾ ਸੀ। ਐਲਾਰਡ ਨੂੰ ‘ਪੰਜਾਬ ਦੀ ਖ਼ੁਸ਼ਹਾਲੀ’ ਦਾ ਤਮਗ਼ਾ ਦਿੱਤਾ ਗਿਆ ਤੇ ਉਸ ਨੂੰ ਕਈ ਅਹਿਮ ਬੜੇ ਕੰਮਾਂ ਅਤੇ ਮੁਹਿੰਮਾਂ ਤੇ ਲਗਾਇਆ ਜਾਂਦਾ ਰਿਹਾ। ਉਸ ਨੇ ਇਕ ਕਸ਼ਮੀਰੀ ਇਸਤਰੀ ਨਾਲ ਵਿਆਹ ਕੀਤਾ ਜਿਸ ਤੋਂ ਕਈ ਬੱਚੇ ਪੈਦਾ ਹੋਏ । ਉਹ ਲੜਕੀ ਜਿਸ ਦੀ ਕਬਰ ਕਰਕੇ ‘ਕੁੜੀ ਬਾਗ਼’ ਨਾਮ ਪਿਆ, ਇਨ੍ਹਾਂ ਬੱਚਿਆਂ ਵਿਚੋਂ ਇਕ ਸੀ। ਉਹ ਇਕ ਵਾਰੀ ਘਰ ਛੁੱਟੀ ਤੇ ਗਿਆ ਸੀ ਤੇ ਜਦੋਂ ਵਾਪਸ ਆਇਆ ਉਹ ਫਰਾਂਸ ਦੇ ਬਾਦਸ਼ਾਹ ਲੂਈ ਫਿਲਪ ਦੀ ਰਣਜੀਤ ਸਿੰਘ ਵੱਲ ਇਕ ਨਿੱਜੀ ਚਿੱਠੀ ਲਿਆਇਆ। ਜਨਵਰੀ 1838 ਵਿਚ ਪਸ਼ੌਰ ਵਿਖੇ ਉਸ ਦੀ ਮੌਤ ਹੋ ਗਈ ਤੇ ਉਸ ਦੀ ਲਾਸ਼, ਦਵਾਈਆਂ ਦੀ ਵਰਤੋਂ ਕਰ ਕੇ, ਲਾਹੌਰ ਲਿਆਂਦੀ ਗਈ ਤੇ ਬੜੇ ਮਾਣ ਇੱਜ਼ਤ ਨਾਲ ਸਰਕਾਰੀ ਤੌਰ ਤੇ ਸ਼ਹਿਰੋਂ ਬਾਹਰ ਕਬਰਸਤਾਨ ਵਿਚ ਦਬਾਈ ਗਈ।

ਵੈਨਤੂਰਾ ਨੇ ਫ਼ੌਜ-ਇ-ਖ਼ਾਸ ਦਾ ਕੰਮ ਬਹੁਤ ਵਧੀਆ ਚਲਾਇਆ। ਇਸ ਵਿਚ ਚਾਰ ਪੈਦਲ ਬਟਾਲੀਅਨਾਂ ਤੇ ਦੋ ਘੋੜ-ਸਵਾਰ ਰੈਜਮੈਂਟਾਂ ਸਨ । ਇਸ ਫ਼ੌਜ ਨੇ ਬਹੁਤ ਸਾਰੀਆਂ ਮੁਹਿੰਮਾਂ ਵਿਚ, ਖ਼ਾਸ ਕਰਕੇ ਪਹਾੜੀ ਇਲਾਕੇ ਤੇ ਪਸ਼ੌਰ ਦੇ ਆਸ ਪਾਸ ਦੇ ਇਲਾਕੇ ਵਿਚ, ਬਹੁਤ ਸ਼ਾਨਦਾਰ ਕੰਮ ਕੀਤਾ। ਵੈਨਤੂਰਾ ਨੇ ਲੁਧਿਆਣੇ ਦੀ ਇਕ ਆਰਮੀਨੀਅਨ ਇਸਤਰੀ ਨਾਲ ਵਿਆਹ ਕੀਤਾ ਪਰ ਉਸ ਨੇ ਆਪਣੇ ਹਰਮ ਵਿਚ ਕਸ਼ਮੀਰੀ ਤੇ ਪੰਜਾਬੀ ਔਰਤਾਂ ਵੀ ਰਖੀਆਂ ਹੋਈਆਂ ਸਨ ਅਤੇ ਉਹ ਬੜੀ ਸ਼ਾਨ-ਸ਼ੌਕਤ ਨਾਲ ਰਹਿੰਦਾ ਸੀ। ਮਹਾਰਾਜੇ ਦੀ ਉਸ ਦੇ ਰਾਜਸੀ ਪ੍ਰਬੰਧ ਬਾਰੇ ਇੰਨੀ ਉੱਚੀ ਰਾਇ ਸੀ ਕਿ ਉਸ ਨੇ ਇਕ ਦੋ ਵਾਰੀ ਉਸ ਨੂੰ ਲਾਹੌਰ ਦਾ ਆਰਜ਼ੀ ਗਵਰਨਰ ਵੀ ਲਾਇਆ ਸੀ।

ਇਕ ਹੋਰ ਪ੍ਰਸਿੱਧ ਬਦੇਸ਼ੀ ਅਫ਼ਸਰ ਕਰਨਲ ਹੈਨਰੀ ਕੋਰਟ ਸੀ ਉਹ ਵੀ ਫਰਾਂਸ ਦੇ ਇਕ ਉੱਚੇ ਘਰਾਣੇ ਦਾ ਸੀ ਤੇ ਪੈਰਿਸ ਦੇ ਮਸ਼ਹੂਰ ਪਾਲੀਟੈਕਨਿਕ ਸਕੂਲ ਦਾ ਪੜ੍ਹਿਆ ਹੋਇਆ ਸੀ । ਸ਼ੁਰੂ-ਸ਼ੁਰੂ ਵਿਚ ਉਹ ਗੋਰਖਿਆਂ ਦੀਆਂ ਦੋ ਬਟਾਲੀਅਨਾਂ ਦਾ ਕਮਾਂਡਰ ਸੀ ਅਤੇ ਬਾਅਦ ਵਿਚ ਉਸ ਨੇ ਫਰੈਂਚ ਲੀਜੀਅਨ ਨਾਮੀ ਇਕ ਫ਼ੌਜ ਨੂੰ ਜੱਥੇਬੰਦ ਕੀਤਾ। ਉਹ ਬੜਾ ਹੀ ਸੁਲਝਿਆ ਹੋਇਆ ਤੇ ਤਹਿਜੀਬ ਯਾਫਤਾ ਆਦਮੀ ਸੀ ਤੇ ਆਪਣੀ ਸਰਕਾਰੀ ਨੋਕਰੀ ਤੋਂ ਇਲਾਵਾ ਵਿਦਿਅਕ ਖੇਤਰ ਵਿਚ ਵੀ ਕਾਫੀ ਲਗਨ ਰਖਦਾ ਸੀ।

ਰਣਜੀਤ ਸਿੰਘ ਦੇ ਬਦੇਸ਼ੀ ਅਫ਼ਸਰਾਂ ਵਿਚੋਂ ਸਭ ਤੋਂ ਨਾਟਕੀ ਰੰਗ-ਢੰਗ ਵਾਲਾ ਇਕ ਇਟਲੀ ਦਾ ਵਸਨੀਕ ਪੋਲੋ ਦ’ ਅਵੀਤਬੀਲ ਸੀ ਜਿਸ ਨੇ ਆਮ ਸਿਪਾਹੀ ਤੋਂ ਉੱਨਤੀ ਕੀਤੀ ਸੀ ਤੇ ਜੋ ਈਰਾਨ ਵਿਚ ਵੀ ਨੌਕਰੀ ਕਰ ਚੁੱਕਾ ਸੀ । ਉਹ ਬਹੁਤ ਹੀ ਤਕੜਾ ਛੇ ਫੁਟਾ ਜਟਕੇ ਸੁਭਾ ਦਾ ਮਾਲਕ ਤੇ ਪ੍ਰਬੰਧ ਦੇ ਮਾਮਲਿਆਂ ਵਿਹ ਬਹੁਤ ਹੀ ਕਰੜਾ ਅਫ਼ਸਰ ਸੀ। ਇਸ ਲਈ ਉਹ ਆਮ ਤੋਰ ਤੇ ਉਨ੍ਹਾਂ ਥਾਵਾਂ ਤੇ ਲਗਾਇਆ ਜਾਂਦਾ ਜਿੱਥੇ ਗੜਬੜ ਨੂੰ ਸਖਤੀ ਨਾਲ ਦਬਾਉਣ ਦੀ ਲੋੜ ਪੈਂਦੀ। ਪਹਿਲਾਂ ਉਸ ਨੂੰ ਵਜ਼ੀਰਾਬਾਦ ਦਾ ਗਵਰਨਰ ਲਗਾਇਆ ਗਿਆ, ਫਿਰ ਇਸ ਨੂੰ ਪਿਸ਼ੌਰ ਦਾ ਮਿਲਟਰੀ ਕਮਾਂਡਰ ਬਣਾ ਕੇ ਭੇਜਿਆ ਗਿਆ। ਉਹ ਇਕ ਵਾਰੀ ਫਰਾਂਸ ਵੀ ਗਿਆ ਤੇ ਉੱਥੋਂ ਬਾਦਸ਼ਾਹ ਲੂਈ ਫਿਲਪ ਨਾਲ ਮੁਲਾਕਾਤ ਕੀਤੀ। ਉਸ ਨੇ ਖੁਸ਼ ਹੋ ਕੇ ਉਸ ਨੂੰ ਫਰਾਂਸੀਸੀ ਫ਼ੌਜ ਦਾ ਆਨਰੇਰੀ ਜਰਨੈਲ ਦਾ ਖਿਤਾਬ ਅਤੇ ਕਰਾਸ ਆਫ ਦੀ ਲੀਜੀਅਨ ਆਫ ਆਨਰ ਪ੍ਰਦਾਨ ਕੀਤਾ।

ਰਣਜੀਤ ਸਿੰਘ ਨੇ ਆਪਣੇ ਬਦੇਸ਼ੀ ਅਫ਼ਸਰਾਂ ਤੋਂ ਬਹੁਤਾ ਕਰਕੇ ਸਿਖਲਾਈ ਦਾ ਕੰਮ ਲਿਆ। ਭਾਵੇਂ ਉਹ ਉਨ੍ਹਾਂ ਨੂੰ ਕਈ ਵਾਰ ਬੜੀਆਂ ਜ਼ਿੰਮੇਵਾਰੀਆਂ ਦੀਆਂ ਨੌਕਰੀਆਂ ਵੀ ਦਿੰਦਾ ਸੀ ਪਰ ਕਦੇ ਉਨ੍ਹਾਂ ਨੂੰ ਕਿਸੀ ਵੱਡੀ ਮੁਹਿੰਮ ਦਾ ਉੱਚ ਅਧਿਕਾਰੀ ਨਹੀਂ ਸੀ ਬਣਾਉਂਦਾ। ਇਸ ਕਰਕੇ ਨਹੀਂ ਕਿ ਉਹ ਉਨ੍ਹਾਂ ਤੇ ਇਤਬਾਰ ਨਹੀਂ ਸੀ ਕਰਦਾ ਭਾਵੇਂ ਇਸ ਗੱਲ ਦੀ ਗੁੰਜਾਇਸ਼ ਵੀ ਹੋ ਸਕਦੀ ਹੈ ਪਰ ਮਹਾਰਾਜਾ ਇਸ ਗੱਲ ਦਾ ਵਧੇਰੇ ਧਿਆਨ ਰਖਦਾ ਸੀ ਕਿ ਉਸ ਦੇ ਆਪਣੇ ਆਦਮੀ ਜਰਨੈਲੀ ਦੇ ਅਹੁਦਿਆਂ ਲਈ ਤਿਆਰ ਹੋ ਸਕਣ । ਜਦੋਂ ਕਦੀ ਉਹ ਉਨ੍ਹਾਂ ਨੂੰ ਰਾਜਸੀ ਪ੍ਰਬੰਧ ਦੇ ਅਹੁਦਿਆਂ ਤੇ ਲਗਾਉਂਦਾ ਸੀ ਇਹ ਉਨ੍ਹਾਂ ਨੂੰ ਉੱਚਤਮ ਫ਼ੌਜੀ ਕਮਾਂਡ ਤੇ ਨਾ ਲਾਉਣ ਲਈ ਇਕ ਪ੍ਰਕਾਰ ਦਾ ਮੁਆਵਜ਼ਾ ਹੁੰਦਾ ਸੀ ਕਿਉਂਕਿ ਸੀਨੀਅਰ ਹੋਣ ਕਰਕੇ ਉਨ੍ਹਾਂ ਦੇ ਦਿਲ ਵਿਚ ਉੱਚ ਪੋਜ਼ੀਸ਼ਨ ਤੇ ਪੁੱਜਣ ਦੀ ਖ਼ਾਹਿਸ਼ ਕੁਦਰਤੀ ਗੱਲ ਸੀ । ਇਸ ਪਿੱਛੇ ਰਾਜਸੀ ਸਿਆਣਪ ਵੀ ਕੰਮ ਕਰਦੀ ਸੀ । ਔਖੇ ਤੇ ਨਾ ਪਸੰਦ ਕੀਤੇ ਜਾਣ ਵਾਲੇ ਰਾਜਸੀ ਮਾਮਲੇ ਬਦੇਸ਼ੀ ਲੋਗ ਸ਼ਾਇਦ ਵਧੇਰੇ ਚੰਗੀ ਤਰ੍ਹਾਂ ਨਜਿਠ ਸਕਦੇ ਸਨ, ਸਥਾਨਕ ਅਫ਼ਸਰਾਂ ਦੇ ਮੁਕਾਬਲੇ ਵਿਚ, ਜਿਨ੍ਹਾਂ ਦੇ ਨਿਜੀ ਤੇ ਖ਼ਾਨਦਾਨੀ ਸੰਬੰਧ ਉਨ੍ਹਾਂ ਨੂੰ ਲਿਹਾਜ਼ ਕਰਨ ਲਈ ਮਜਬੂਰ ਕਰ ਦਿੰਦੇ ਸਨ । ਰਣਜੀਤ ਸਿੰਘ ਦੀ ਸੱਚੀ ਤੇ ਪੱਕੀ ਖਾਹਸ਼ ਸੀ ਕਿ ਬਦੇਸ਼ੀ ਅਫ਼ਸਰ ਹਮੇਸ਼ਾਂ ਲਈ ਪੰਜਾਬ ਵਿਚ ਵੱਸ ਜਾਣ; ਪਰ ਦੋ ਚਾਰ ਨੂੰ ਛੱਡ ਕੇ ਘਰ ਦੀ ਖਿੱਚ ਵਧੇਰੇ ਪ੍ਰਬਲ ਤੇ ਸਫ਼ਲ ਰਹੀ, ਬਾਵਜੂਦ ਇਸ ਦੇ ਕਿ ਚੰਗੀਆਂ ਨੌਕਰੀਆਂ, ਬਹੁਤੀਆਂ ਤਨਖਾਹਾਂ ਤੇ ਐਸ਼ ਵਾਲਾ ਜੀਵਨ ਵੀ ਪ੍ਰਾਪਤ ਸੀ।

ਅਜ਼ੀਜ਼ਉੱਦੀਨ ਇਕ ਘਟਨਾ ਦਾ ਵਰਣਨ ਕਰਦਾ ਹੈ ਜਿਸ ਤੋਂ ਮਹਾਰਾਜੇ ਨੂੰ ਬਹੁਤ ਜਿਆਦਾ ਨਿਰਾਸਤਾ ਹੋਈ। ਜਦੋਂ ਮੈਕਨਾਟਨ ਲਾਹੌਰ ਆਇਆ ਉਦੋਂ ਇਕ ਵਾਰੀ ਸੈਰ ਕਰਦਿਆਂ ਮਹਾਰਾਜੇ ਨੇ ਉਸ ਦੇ ਸਟਾਫ਼ ਦੇ ਤਿੰਨ ਅੰਗਰੇਜਾਂ ਨਾਲ ਇਤਫਾਕੀਆ ਤੌਰ ਤੇ ਆਪਣੇ ਯੂਰਪੀਨ ਅਫ਼ਸਰਾਂ ਬਾਰੇ ਜਿਕਰ ਕੀਤਾ । ਉਸ ਨੇ ਅੰਗਰੇਜਾਂ ਨੂੰ ਦੱਸਿਆ ਕਿ ਉਸ ਦੇ ਯੂਰਪੀਨ ਅਫ਼ਸਰਾਂ ਨੇ ਪੱਕਾ ਇਕਰਾਰ ਕੀਤਾ ਹੈ ਕਿ ਉਹ ਉਸ ਦੇ ਸਭ ਦੁਸ਼ਮਨਾਂ ਦੇ ਵਿਰੁੱਧ ਲੜਨਗੇ। ਅੰਗਰੇਜ਼ਾਂ ਨੇ ਕਿਹਾ ਕਿ ਇਹੋ ਜਿਹੇ ਇਕਰਾਰਾਂ ਦਾ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ, ਖ਼ਾਸ ਕਰਕੇ ਜਦੋਂ ਉਨ੍ਹਾਂ ਅਫ਼ਸਰਾਂ ਦੇ ਆਪਣੀ ਕੌਮ ਦੇ ਲੋਕ ਵਿਰੋਧੀ ਧੜੇ ਵੱਲੋਂ ਲੜ ਰਹੇ ਹੋਣ । ਵਾਪਸ ਕਿਲ੍ਹੇ ਵਿਚ ਪਹੁੰਚ ਕੇ ਇਹ ਗੱਲ ਰਣਜੀਤ ਸਿੰਘ ਨੇ ਰਾਜਾ ਧਿਆਨ ਸਿੰਘ ਤੇ ਫ਼ਕੀਰ ਅਜ਼ੀਜ਼ਉੱਦੀਨ ਨੂੰ ਬੜੀ ਉਦਾਸ ਹੋ ਕੇ ਸੁਣਾਈ। ਉਹ ਹੈਰਾਨ ਸੀ ਕਿ ਬਦੇਸ਼ੀ ਅਫ਼ਸਰਾਂ ਨੂੰ ਖ਼ੁਸ਼ ਕਰਨ ਲਈ ਜੋ ਕੁਝ ਉਸ ਨੇ ਪਹਿਲਾਂ ਕੀਤਾ ਹੈ ਉਸ ਤੋਂ ਵੱਧ ਕੀ ਕਰ ਸਕਦਾ ਹੈ। ਉਸ ਨੇ ਉਨ੍ਹਾਂ ਨੂੰ ਸ਼ਾਹਾਨਾ ਤਨਖਾਹਾਂ ਦਿੱਤੀਆਂ ਹਨ। ਮਿਸਾਲ ਵਜੋਂ ਅਵੀਤਬੀਲ ਨੂੰ ਸ਼ੁਰੂ ਵਿਚ 5,000/- ਮਹੀਨਾ ਤਨਖਾਹ ਦਿੱਤੀ, ਜੋ ਅੱਜ ਕਲ੍ਹ ਇਕ ਲੱਖ ਰੁਪਿਆ ਬਣਦੀ ਹੈ। ਐਲਾਰਡ ਤੇ ਵੈਨਤੂਰਾ ਨੂੰ ਜਿਵੇਂ ਦੱਸਿਆ ਹੈ ਢਾਈ ਹਜ਼ਾਰ ਰੁਪਏ ਮਹੀਨਾ ਤਨਖਾਹ ਦਿੱਤੀ। ਬਾਅਦ ਵਿਚ ਇਹ ਤਨਖਾਹਾਂ ਹੋਰ ਵਧਾਈਆਂ ਗਈਆਂ । ਇਸ ਤੋਂ ਇਲਾਵਾ ਉਨ੍ਹਾਂ ਨੂੰ ਜਗੀਰਾਂ ਤੇ ਇਨਾਮ ਆਦਿ ਵੀ ਦਿੱਤੇ ਗਏ। ਉਹ ਹਮੇਸ਼ਾਂ ਉਨ੍ਹਾਂ ਨਾਲ ਲਿਹਾਜ਼ ਤੇ ਭਰੋਸੇ ਨਾਲ ਵਰਤਦਾ ਰਿਹਾ। ਭਾਵੇਂ ਇਨ੍ਹਾਂ ਨੂੰ ਭਰਤੀ ਤਾਂ ਸਿਖਲਾਈ ਲਈ ਕੀਤਾ ਸੀ ਪਰ ਫਿਰ ਵੀ ਸਿਖਲਾਈ ਦੇ ਕੰਮ ਖ਼ਤਮ ਹੋਣ ਤੋਂ ਬਾਅਦ ਨਾ ਕੇਵਲ ਨੌਕਰੀਆਂ ਜਾਰੀ ਰੱਖੀਆਂ, ਸਗੋਂ ਕਈ ਵਾਰੀ ਉਨ੍ਹਾਂ ਲਈ ਉੱਚੇਚੀਆਂ ਨਵੀਆਂ ਨੌਕਰੀਆਂ ਢੂੰਡੀਆਂ ਗਈਆਂ।

ਧਿਆਨ ਸਿੰਘ ਯੂਰਪੀਨਾਂ ਦੇ ਵਿਰੁੱਧ ਸੀ। ਇਸ ਲਈ ਉਸ ਨੇ ਗੁੱਸੇ ਵਿਚ ਉੱਤਰ ਦਿੱਤਾ ਕਿ ਸਾਰੇ ਯੂਰਪੀਨ ਅਫ਼ਸਰ ਸੋਨਾ ਬਣਾਉਣ ਵਾਲੇ ਤੇ ਮੌਕਾਪ੍ਰਸਤ ਹਨ। ਅਜ਼ੀਜ਼ਉੱਦੀਨ ਦੀ ਰਾਏ ਮਹਾਰਾਜੇ ਵਾਂਗ ਵਿਸ਼ਾਲ ਤੇ ਸੌੜੀ ਕੌਮੀਅਤ ਦੇ ਨੁਕਤੇ ਤੋਂ ਉੱਪਰ ਸੀ । ਸੋ ਉਸ ਨੇ ਕਿਹਾ ਕਿ ਭਾਵੇਂ ਇਸ ਗੱਲ ਦਾ ਅਫ਼ਸੋਸ ਹੈ ਕਿ ਯੂਰਪੀਨ ਪੰਜਾਬ ਨੂੰ ਆਪਣਾ ਘਰ ਨਹੀਂ ਸਮਝਦੇ ਪਰ ਰਾਜ ਵਾਸਤੇ ਉਨ੍ਹਾਂ ਅੱਛਾ ਕੰਮ ਕੀਤਾ ਹੈ ਤੇ ਉਨ੍ਹਾਂ ਨੂੰ ਨੌਕਰੀ ਵਿਚ ਲੈਣਾ ਇਕ ਬੜੀ ਚੰਗੀ ਗੱਲ ਸਾਬਤ ਹੋਈ ਹੈ। ਇਸ ਗੱਲ ਤੋਂ ਬਾਅਦ ਮਹਾਰਾਜਾ ਕਾਫ਼ੀ ਚਿਰ ਕਿਸੇ ਸੋਚ ਵਿਚ ਗ਼ਲਤਾਨ ਰਿਹਾ।

ਮਹਾਰਾਜਾ ਰਣਜੀਤ ਸਿੰਘ | Maharaja Ranjit Singh |

ਭਾਗ ਚੌਥਾ : ਅਸਲ ਮਾਨਵਤਾ

ਲਾਲਸਾ ਵਾਲੀ ਸੱਸ

ਜਦੋਂ ਰਣਜੀਤ ਸਿੰਘ, ਸ਼ੁਕਰਚੱਕੀਆ ਮਿਸਲ ਦਾ ਸਰਦਾਰ, 16 ਸਾਲ ਦੀ ਉਮਰ ਦਾ ਸੀ, ਉਸ ਦੀ ਸ਼ਾਦੀ 14 ਸਾਲ ਦੀ ਮਹਿਤਾਬ ਕੌਰ, ਘਨਈਆ ਮਿਸਲ ਦੇ ਸਰਦਾਰ ਜੈ ਸਿੰਘ ਦੀ ਪੋਤਰੀ, ਨਾਲ 1796 ਈ. ਵਿਚ ਹੋ ਗਈ। ਸਮੁੱਚੀ ਸਿੱਖ ਕੌਮ ਨੇ ਇਸ ਦਾ ਇਕ ਮਹਾਨ ਘਟਨਾ ਦੇ ਰੂਪ ਵਿਚ ਸਵਾਗਤ ਕੀਤਾ ਸੀ । ਇਹ ਇਕ ਮੁਖੀ ਮਿਸਲ ਤੇ ਇਕ ਪ੍ਰਸਿੱਧ ਮਿਸਲ ਦਾ ਆਪਸ ਵਿਚ ਸੰਬੰਧ ਕਾਇਮ ਹੋਣਾ ਸੀ—ਜੋ ਇਕ ਵਿਸ਼ੇਸ਼ ਘਟਨਾ ਸੀ । ਪਰੰਤੂ ਇਸ ਦਾ ਸਿੱਟਾ ਇੰਨਾ ਮਹਾਨ ਨਿਕਲਣਾ ਸੀ ਕਿ ਜਿਸ ਦਾ ਉਸ ਵੇਲੇ ਕੋਈ ਆਦਮੀ ਅਨੁਮਾਨ ਨਹੀਂ ਲਗਾ ਸਕਦਾ ਸੀ । ਕਿਸੇ ਨੂੰ ਖ਼ਿਆਲ ਵੀ ਨਹੀਂ ਸੀ ਹੋ ਸਕਦਾ ਕਿ ਇਸ ਦੀ ਮਹੱਤਤਾ ਭਵਿੱਖ ਵਿਚ ਕਿੰਨੀ ਜ਼ਿਆਦਾ ਹੋ ਜਾਏਗੀ। ਇਸ ਨਾਲ ਉਸ ਸਮੇਂ ਸਿੱਖਾਂ ਦੀਆਂ ਦੋ ਸ਼ਕਤੀਸ਼ਾਲੀ ਸ਼ਖ਼ਸੀਅਤਾਂ, ਰਣਜੀਤ ਸਿੰਘ ਤੇ ਉਸ ਦੀ ਸੱਸ ਸਦਾ ਕੌਰ, ਇਕੱਠੀਆਂ ਹੋ ਗਈਆਂ ਤੇ ਉਨ੍ਹਾਂ ਨੇ ਕਦੀ ਇਕੱਠਿਆਂ ਰਲ ਕੇ ਤੇ ਕਦੀ ਇਕ ਦੂਜੇ ਦੇ ਵਿਰੁੱਧ ਹੋ ਕੇ ਆਣ ਵਾਲੇ ਚਾਲੀ ਵਰ੍ਹੇ ਦੇ ਸਿੱਖ ਇਤਿਹਾਸ ਨੂੰ ਰੂਪ-ਰੇਖਾ ਦਿੱਤੀ। ਆਪਣੇ ਪਤੀ ਦੀ ਮੌਤ ਪਿੱਛੋਂ, ਜੋ ਪੰਜ ਵਰ੍ਹੇ ਪਹਿਲਾਂ ਰਣਜੀਤ ਸਿੰਘ ਦੇ ਪਿਤਾ ਦੇ ਨਾਲ ਲੜਾਈ ਸਮੇਂ ਹੋਈ ਸੀ, ਸਦਾ ਕੌਰ ਆਪਣੀ ਇਕਲੌਤੀ ਬੱਚੀ ਮਹਿਤਾਬ ਕੌਰ ਦੀ ਪਾਲਣਾ ਵਿਚ ਰੁੱਝੀ ਰਹੀ । ਮਹਿਤਾਬ ਕੌਰ ਦੀ ਸ਼ਾਦੀ ਦੇ ਬਾਅਦ ਸਦਾ ਕੌਰ ਨੂੰ ਆਪਣੇ ਪਤੀ ਦੇ ਘਰ ਰਹਿਣ ਦੀ ਕੋਈ ਮਜਬੂਰੀ ਨਹੀਂ ਸੀ, ਇਸ ਲਈ ਉਹ ਦੁਲਹਨ ਦੇ ਨਵੇਂ ਘਰ ਰਹਿਣ ਲਈ ਚਲੀ ਗਈ। ਉਸ ਦਾ ਮਨੋਰਥ ਇਹ ਸੀ ਕਿ ਇਹ ਸਜ-ਵਿਆਹੀ ਜੋੜੀ ਇਕ ਦੂਜੇ ਦੇ ਨੇੜੇ ਹੋ ਜਾਵੇ, ਪਰ ਉਹ ਇਸ ਮਨੋਰਥ ਵਿਚ ਸਫ਼ਲ ਨਾ ਹੋਈ। ਇਨ੍ਹਾਂ ਦੋਹਾਂ ਦੇ ਆਪਸ ਵਿਚ ਇਕ ਦੂਜੇ ਨੂੰ ਨਾ ਪਸੰਦ ਕਰਨ ਦੇ ਕਈ ਖ਼ਾਸ ਕਾਰਨ ਸਨ । ਸੱਚੀ ਗੱਲ ਤਾਂ ਇਹ ਹੈ ਕਿ ਸਦਾ ਕੌਰ ਨੇ ਦੋਹਾਂ ਦੇ ਕੰਮਾਂ ਵਿਚ ਦਖ਼ਲ ਦੇ ਕੇ ਦੋਹਾਂ ਨੂੰ ਇਕ ਦੂਜੇ ਤੋਂ ਹੋਰ ਦੂਰ ਕਰ ਦਿੱਤਾ । ਪਰੰਤੂ ਸਦਾ ਕੌਰ ਦਾ ਇਸ ਤੋਂ ਇਕ ਵੱਡਾ ਮਨੋਰਥ ਇਹ ਵੀ ਸੀ ਕਿ ਸਿੱਖ ਕੌਮ ਦੀ ਅਗਵਾਈ ਲਈ ਆਪਣੇ ਜਵਾਈ ਨੂੰ ਤਿਆਰ ਕੀਤਾ ਜਾਏ। ਰਣਜੀਤ ਸਿੰਘ ਨੇ ਪਹਿਲਾਂ ਹੀ ਇਸ ਕੰਮ ਲਈ ਆਪਣੀ ਯੋਗਤਾ ਦਾ ਸਬੂਤ ਉਸ ਵੇਲੇ ਦੇ ਦਿੱਤਾ ਸੀ ਜਦ ਉਸ ਨੇ ਭੰਗੀਆਂ ਨੂੰ ਘਾਤ ਲਾ ਕੇ ਭਾਂਜ ਦਿੱਤੀ ਸੀ, ਉਸ ਸਮੇਂ ਉਸ ਦੀ ਉਮਰ ਕੇਵਲ 12 ਸਾਲ ਸੀ ਤੇ ਉਸ ਦੇ ਪਿਤਾ ਦੀ ਭੰਗੀਆਂ ਦੇ ਖਿਲਾਫ ਲੜਾਈ ਦੌਰਾਨ ਅਚਾਨਕ ਮ੍ਰਿਤੂ ਹੋ ਗਈ ਸੀ। ਸਦਾ ਕੌਰ ਤਖ਼ਤ ਦੇ ਪਿੱਛੇ ਰਹਿੰਦੇ ਹੋਏ ਤਾਕਤ ਬਣ ਕੇ ਰਾਜ ਕਰਨਾ ਚਾਹੁੰਦੀ ਸੀ । ਉਹ ਜਾਣਦੀ ਸੀ ਕਿ ਕਿਸੇ ਔਰਤ ਵਾਸਤੇ ਆਪਣੇ ਨਾਉਂ ਹੈਠ ਸਾਰੀ ਸਿੱਖ ਕੋਮ ਤੇ ਰਾਜ ਕਰਨਾ ਸੰਭਵ ਨਹੀਂ ਸੀ । ਉਸ ਦੇ ਪਰਿਵਾਰ ਵਿਚ ਕੋਈ ਵੀ ਐਸਾ ਆਦਮੀ ਨਹੀਂ ਸੀ ਜਿਸ ਨੂੰ ਉਹ ਪਉੜੀ ਦੇ ਡੰਡੇ ਦੇ ਤੌਰ ਤੇ ਵਰਤ ਸਕਦੀ। ਉਸ ਨੇ ਆਪਣੇ ਪਤੀ ਦੀ ਮੌਤ ਤੋਂ ਤੁਰੰਤ ਬਾਅਦ, ਜਦੋਂ ਉਸ ਦੇ ਸਹੁਰੇ ਦੇ ਮਰਨ ਤੋਂ ਪਿੱਛੋਂ ਉਸ ਨੂੰ ਡਰ ਪੈਦਾ ਹੋ ਗਿਆ ਕਿ ਕਿਤੇ ਉਸ ਦੇ ਦਿਉਰ ਉਸ ਨੂੰ ਮਿਸਲ ਤੋਂ ਹੀ ਨਾ ਕੱਢ ਦੇਣ ਤਾਂ ਉਸ ਨੇ ਆਪਣਾ ਪ੍ਰੋਗਰਾਮ ਤਿਆਰ ਕਰ ਲਿਆ। ਉਸ ਦੇ ਦਿਉਰ ਬਿਲਕੁਲ ਨਿਰਬਲ ਸਨ ਤੇ ਉਸ ਨੂੰ ਪਤਾ ਸੀ ਕਿ ਜੇ ਉਸ ਨੂੰ ਕਿਸੇ ਪਾਸੋਂ ਮਦਦ ਮਿਲ ਜਾਏ ਤਾਂ ਉਹ ਮਿਸਲ ‘ਚੋਂ ਆਪ ਨਿਕਲਣ ਦੀ ਬਜਾਏ ਇਨ੍ਹਾਂ ਨੂੰ ਕੱਢ ਸਕਦੀ ਹੈ। ਇਹੋ ਮਨੋਰਥ ਸੀ ਜਿਸ ਦੀ ਪੂਰਤੀ ਲਈ ਉਸ ਨੇ ਆਪਣੀ ਲੜਕੀ ਦੀ ਕੁੜਮਾਈ ਰਣਜੀਤ ਸਿੰਘ ਨਾਲ ਕੀਤੀ ਸੀ ਤੇ ਇਸ ਵਾਸਤੇ ਉਸ ਨੂੰ ਕਾਫੀ ਔਖਿਆਈ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਆਪਣੇ ਪਤੀ ਦੇ ਕਾਤਲ ਦੇ ਲੜਕੇ ਵਿਰੁੱਧ ਆਪਣੇ ਗੁੱਸੇ ਤੇ ਕਾਬੂ ਪਾਉਣਾ ਸੌਖੀ ਗੱਲ ਨਹੀਂ ਸੀ। ਇਸ ਹੋਣ ਵਾਲੇ ਰਿਸ਼ਤੇ ਦਾ ਲਾਭ ਉਸ ਨੂੰ ਪਹਿਲਾਂ ਹੀ ਮਿਲਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਇਸ ਨਾਲ ਉਸ ਦੇ ਹੱਥ ਇਤਨੇ ਮਜ਼ਬੂਤ ਹੋ ਗਏ ਸਨ ਕਿ 1793 ਈ. ਵਿਚ ਜਦੋਂ ਉਸ ਦੇ ਸਹੁਰੇ ਦੀ ਮ੍ਰਿਤੂ ਹੋਈ ਉਸ ਨੇ ਆਪਣੀ ਸੱਸ ਤੇ ਉਸ ਦੇ ਦੋ ਪੁੱਤਰਾਂ ਨੂੰ ਦੂਰ ਕਰਕੇ ਮਿਸਲ ਦੀ ਵਾਗਡੋਰ ਆਪਣੇ ਹੱਥ ਲੈ ਲਈ। ਉਸ ਨੇ ਬਟਾਲਾ ਆਪਣਾ ਮੁੱਖ ਕੇਂਦਰ ਬਣਾਇਆ ਅਤੇ ਉੱਥੇ ਉਸ ਨੇ ਇਕ ਤਕੜੀ ਫ਼ੌਜ ਤਿਆਰ ਕਰ ਲਈ ਜੋ ਉਸ ਦੇ ਖ਼ਾਨਦਾਨ ਦੇ ਪੁਰਾਣੇ ਦੁਸ਼ਮਨ, ਜੱਸਾ ਸਿੰਘ ਰਾਮਗੜ੍ਹੀਆ ਨੂੰ ਹਰਾਉਣ ਲਈ ਕਾਫ਼ੀ ਸੀ। ਇਸ ਯੋਜਨਾਬੱਧ ਸ਼ਾਦੀ ਦੇ ਹੋ ਜਾਣ ਉਪਰੰਤ ਉਸ ਨੇ ਤਾੜ ਲਿਆ ਕਿ ਹੁਣ ਐਸਾ ਸਮਾਂ ਆ ਗਿਆ ਹੈ ਕਿ ਜਿਸ ਮਨੋਰਥ ਲਈ ਇਹ ਸ਼ਾਦੀ ਰਚੀ ਗਈ ਸੀ ਉਸ ਦੀ ਪੂਰਤੀ ਲਈ ਭੋਇੰ ਤਿਆਰ ਕਰਨੀ ਸ਼ੁਰੂ ਕਰ ਦੇਵੇ ।

ਪਹਿਲਾ ਕੰਮ ਜੋ ਸਦਾ ਕੌਰ ਕਰਨਾ ਚਾਹੁੰਦੀ ਸੀ ਉਹ ਇਹ ਸੀ ਕਿ ਰਣਜੀਤ ਸਿੰਘ ਨੂੰ ਆਪਣੇ ਦਬਾ ਹੇਠ ਲਿਆਵੇ । ਪਰ ਮੁਸ਼ਕਿਲ ਇਹ ਸੀ ਕਿ ਉਹ ਆਪਣੀ ਮਾਂ ਦਾ ਬਹੁਤ ਲਾਡਲਾ ਸੀ ਅਤੇ ਚਾਹੁੰਦਾ ਸੀ ਕਿ ਰਾਜ ਦੇ ਸਾਰੇ ਕੰਮ ਉਸ ਦੀ ਮਾਂ ਉਸ ਦੇ ਪਿਤਾ ਦੇ ਦੀਵਾਨ ਲਖਪਤ ਰਾਇ ਦੀ ਸਹਾਇਤਾ ਨਾਲ ਕਰੀ ਜਾਏ। ਰਣਜੀਤ ਸਿੰਘ ਲਖਪਤ ਰਾਇ ਦੀ ਬੜੀ ਇੱਜਤ ਕਰਦਾ ਸੀ ਕਿਉਂਕਿ ਉਹ ਉਸ ਦੇ ਪਿਤਾ ਦਾ ਉੱਚ ਅਧਿਕਾਰੀ ਸੀ ਤੇ ਉਸ ਦੀ ਲਿਆਕਤ ਤੇ ਈਮਾਨਦਾਰੀ ਬਾਰੇ ਉਸ ਨੂੰ ਪੂਰਨ ਭਰੋਸਾ ਸੀ। ਸਦਾ ਕੌਰ ਨੇ ਰਣਜੀਤ ਸਿੰਘ ਦੇ ਇਹ ਕਹਿ ਕੇ ਲਖਪਤ ਰਾਇ ਵਿਰੁੱਧ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਉਹ ਪੈਸੇ ਖਾ ਰਿਹਾ ਹੈ। ਪਹਿਲਾਂ ਤਾਂ ਰਣਜੀਤ ਸਿੰਘ ਨੇ ਇਨ੍ਹਾਂ ਗੱਲਾਂ ਦੀ ਪਰਵਾਹ ਨਾ ਕੀਤੀ ਪਰ ਜਦੋਂ ਉਸ ਨੇ ਖਹਿੜਾ ਨਾ ਛੱਡਿਆ ਤਾਂ ਉਸ ਨੇ ਆਪਣੀ ਮਾਂ ਨਾਲ ਗੱਲ ਕੀਤੀ ਤੇ ਉਸ ਨੇ ਕਿਹਾ ਕਿ ਆਪਣੇ ਪਿਤਾ ਦੇ ਇਤਬਾਰੀ ਨੌਕਰ ਬਾਰੇ ਮਾੜੇ ਖ਼ਿਆਲ ਉਸ ਦੇ ਮਨ ਵਿਚ ਨਹੀਂ ਆਉਣੇ ਚਾਹੀਦੇ। ਇਕ ਜਾਂ ਦੋ ਵਾਰੀ ਉਸ ਆਪਣੀ ਮਾਂ ਜਾਂ ਲਖਪਤ ਰਾਇ ਨੂੰ ਕੁਝ ਗੱਲਾਂ ਸਪਸ਼ਟ ਕਰਨ ਤੇ ਉਸ ਦੀ ਤਸੱਲੀ ਕਰਾਉਣ ਬਾਰੇ ਕਿਹਾ ਵੀ ਪਰ ਰਾਜ ਪ੍ਰਬੰਧ ਤੇ ਹਿਸਾਬ ਕਿਤਾਬ ਦੇ ਮਾਮਲੇ ਇੰਨੇ ਡੂੰਘੇ ਸਨ ਕਿ ਉਸ ਨੂੰ ਉਨ੍ਹਾਂ ਦੀ ਕੋਈ ਸਮਝ ਨਾ ਪੈ ਸਕੀ। ਸੋ ਉਸ ਨੇ ਉਨ੍ਹਾਂ ਵੱਲ ਕੋਈ ਧਿਆਨ ਨਾ ਦਿੱਤਾ । ਸਦਾ ਕੋਰ ਨੇ ਫਿਰ ਖੁੱਲ੍ਹਮ ਖੁੱਲ੍ਹਾ ਤੇ ਸਿੱਧਾ ਦਖ਼ਲ ਦੇਣਾ ਸ਼ੁਰੂ ਕਰ ਦਿੱਤਾ । ਇਸ ਨਾਲ ਰਣਜੀਤ ਸਿੰਘ ਦੀ ਮਾਂ ਤੇ ਉਹਦੇ ਵਿਚ ਝਗੜੇ ਹੋਣ ਲੱਗ ਪਏ। ਰਣਜੀਤ ਸਿੰਘ ਨੂੰ ਅਜਿਹੇ ਘਰ ਵਿਚ ਰਹਿਣਾ ਮੁਸ਼ਕਲ ਹੋ ਗਿਆ ਤੇ ਉਸ ਨੇ ਘੋੜ-ਸਵਾਰੀ ਤੇ ਸ਼ਿਕਾਰ ਵਿਚ ਸਾਰਾ ਸਮਾਂ ਲਗਾਣਾ ਸ਼ੁਰੂ ਕਰ ਦਿੱਤਾ। ਉਹ ਸ਼ਾਇਦ ਇਸੇ ਤਰ੍ਹਾਂ ਕਰੀ ਟੁਰਿਆ ਜਾਂਦਾ ਜੇਕਰ 1796 ਈ. ਵਿਚ ਤੇ 1797 ਈ. ਵਿਚ ਅਫ਼ਗ਼ਾਨ ਦਾ ਸ਼ਾਹ ਜ਼ਮਾਨ ਹਮਲੇ ਲਈ ਨਾ ਆ ਟਪਕਦਾ। ਦੋਹਾਂ ਅਵਸਰਾਂ ਤੇ ਸਦਾ ਕੌਰ ਨੇ ਉਸ ਨੂੰ ਸਮਝਾਇਆ ਕਿ ਹੋਰਨਾਂ ਸਰਦਾਰਾਂ ਵਾਂਗ ਪਹਾੜਾਂ ਵੱਲ ਨੱਠਣਾ ਤੇ ਪਨਾਹ ਲੈਣ ਦੀ ਬਜਾਇ ਮੈਦਾਨੀ ਇਲਾਕੇ ਵਿਚ ਰਹਿ ਕੇ ਡਟ ਕੇ ਲੜਾਈ ਕਰੇ। ਇਹ ਸਦਾ ਕੌਰ ਹੀ ਸੀ ਜਿਸ ਨੇ ਉਸ ਨੂੰ ਕਿਹਾ ਕਿ ਸਰਬਤ ਖਾਲਸੇ ਦੀ ਇਕੱਤ੍ਰਤਾ ਅੰਮ੍ਰਿਤਸਰ ਵਿਚ ਬੁਲਾਏ। ਉਥੇ ਇਕੱਤਰ ਹੋਏ ਸਰਦਾਰਾਂ ਨੂੰ ਉਸ ਨੇ ਜੋਰਦਾਰ ਅਪੀਲ ਕੀਤੀ ਤੇ ਨਾਲੇ ਧਮਕੀ ਵੀ ਦਿੱਤੀ ਕਿ ਜੇ ਉਹ ਸਾਰੇ ਨੱਠ ਵੀ ਗਏ ਤਾਂ ਵੀ ਉਹ ਇਕੱਲੀ, ਭਾਵੇਂ ਔਰਤ ਹੀ ਹੈ, ਬਦੇਸ਼ੀਆਂ ਨਾਲ ਟੱਕਰ ਲਵੇਗੀ। ਇਸ ਦਾ ਸਿੱਟਾ ਇਹ ਹੋਇਆ ਕਿ ਸਾਰੇ ਸਰਦਾਰ ਉਸ ਦੇ ਜਵਾਈ ਦੀ ਅਗਵਾਈ ਹੇਠ ਹੋ ਗਏ।

ਪਰ ਜਦੋਂ ਇਨ੍ਹਾਂ ਸੰਕਟਾਂ ਨਾਲ ਪੈਦਾ ਹੋਇਆ ਜੋਸ਼ ਠੰਡਾ ਹੋ ਗਿਆ, ਤਾਂ ਰਣਜੀਤ ਸਿੰਘ ਨੂੰ ਮੁੜ ਆਪਣੇ ਘਰੇਲੂ ਜੀਵਨ ਦੇ ਦੁੱਖਾਂ ਕਰਕੇ ਉਦਾਸੀ ਦਾ ਸਾਹਮਣਾ ਕਰਨਾ ਪਿਆ। ਉਹ ਆਪਣੀ ਮਾਂ ਤੇ ਆਪਣੀ ਸੱਸ ਦੀਆਂ ਸਾਜਸ਼ਾਂ ਦੇ ਵਿਚਕਾਰ ਫਸ ਗਿਆ । ਇਹ ਸਾਜਸ਼ਾਂ ਉਸ ਦੇ ਮਨ ਉੱਪਰ ਅਧਿਕਾਰ ਜਮਾਉਣ ਤੇ ਅਸਰ ਰਸੂਖ ਵਧਾਉਣ ਵਾਸਤੇ ਸਨ। ਉਸ ਦਾ ਮਨ ਉਸ ਸਮੇਂ ਇਕ ਐਸੇ ਸਾਥੀ ਲਈ ਤੜਪ ਰਿਹਾ ਸੀ ਜਿਸ ਨੂੰ ਉਹ ਆਪਣੇ ਪਿਆਰ ਦਾ ਕੇਂਦਰ ਬਣਾ ਸਕੇ । ਉਸ ਦੀ ਵਹੁਟੀ ਮਹਿਤਾਬ ਕੌਰ ਇਹ ਫਰਜ਼ ਨਿਭਾਉਣ ਲਈ ਰਾਜ਼ੀ ਨਹੀਂ ਸੀ, ਉਹ ਤਾਂ ਉਸ ਦੀ ਮਾਂ ਤੇ ਸੱਸ, ਜੋ ਆਪੋ ਵਿਚ ਝਗੜਦੀਆਂ ਰਹਿੰਦੀਆਂ ਸਨ, ਨਾਲੋਂ ਵੀ ਘੱਟ ਸਾਥ ਨਿਭਾਉਣ ਨੂੰ ਤਿਆਰ ਸੀ । ਸੋ ਇਸ ਪਹਿਲੀ ਸ਼ਾਦੀ ਤੋਂ ਚਾਰ ਸਾਲ ਮਗਰੋਂ ਉਸ ਇਕ ਹੋਰ ਵਿਆਹ ਕਰ ਲਿਆ। ਇਸ ਦਾ ਨਾਮ ਰਾਜ ਕੌਰ ਸੀ ਜੋ ਨਕਈ ਮਿਸਲ ਦੇ ਆਗੂ ਦੀ ਲੜਕੀ ਸੀ । ਇਸ ਨੇ ਉਸ ਦੇ ਜੀਵਨ ਵਿਚ ਮਿਠਾਸ ਤੇ ਰੋਸ਼ਨੀ ਲੈ ਆਂਦੀ ਤੇ ਉਸ ਨੇ ਘਰੇਲੂ ਜੀਵਨ ਨੂੰ ਦਿਲਚਸਪ ਬਣਾ ਦਿੱਤਾ। ਹੁਣ ਉਹ ਅੱਗੇ ਨਾਲੋਂ ਬਹੁਤ ਜਿਆਦਾ ਵਕਤ ਘਰ ਵਿਚ ਹੀ ਬਿਤਾਣ ਲੱਗ ਪਿਆ ਤੇ ਆਪਣੇ ਰਾਜ ਪ੍ਰਬੰਧ ਵੱਲ ਵੀ ਵਧੇਰੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਉਸ ਨੇ ਜਲਦੀ ਹੀ ਅਨੁਭਵ ਕਰ ਲਿਆ ਕਿ ਉਹ ਆਪ ਰਾਜ ਦਾ ਕੰਮ ਕਰ ਸਕਦਾ ਹੈ ਤੇ ਉਸ ਨੂੰ ਛੇਤੀ ਹੀ ਇਹ ਕੰਮ ਆਪਣੇ ਹੱਥ ਲੈ ਲੈਣਾ ਚਾਹੀਦਾ ਹੈ । ਲਖਪਤ ਰਾਇ ਦੇ ਕਤਲ ਨੇ ਉਸ ਨੂੰ ਇਸ ਲਈ ਇਕ ਚੰਗਾ ਅਵਸਰ ਦੇ ਦਿੱਤਾ । ਇਹ ਸਦਾ ਕੌਰ ਦੇ ਜਾਣ ਲਈ ਹਰੀ ਝੰਡੀ ਸੀ। ਉਹ ਮਹਿਤਾਬ ਕੌਰ ਨੂੰ ਨਾਲ ਲੈ ਕੇ ਜਲਦੀ ਹੀ ਬਟਾਲੇ ਚਲੀ ਗਈ। ਸਦਾ ਕੌਰ ਨੂੰ ਇਕ ਨਾਸਾਤਮਕ ਜਿੱਤ ਹੀ ਪ੍ਰਾਪਤ ਹੋਈ। ਉਸ ਨੇ ਰਣਜੀਤ ਸਿੰਘ ਦੀ ਮਾਂ ਤੇ ਲਖਪਤ ਰਾਇ ਦੇ ਰਸੂਖ ਨੂੰ ਖ਼ਤਮ ਕਰ ਦਿੱਤਾ ਸੀ ਪਰ ਆਪ ਉਨ੍ਹਾਂ ਦੀ ਥਾਂ ਲੈਣ ਵਿਚ ਸਫ਼ਲ ਨਹੀਂ ਸੀ ਹੋ ਸਕੀ।

ਪਰੰਤੂ ਉਸ ਨੂੰ ਰਣਜੀਤ ਸਿੰਘ ਦੇ ਘਰ ਆ ਕੇ ਉਸ ਪਾਸੋਂ ਕਿਸੇ ਵੱਡੇ ਕੰਮ ਕਰਾਉਣ ਦੀ ਲੋੜ ਨਾ ਪਈ। ਇਸ ਗੱਲ ਲਈ ਇਕ ਅਵਸਰ ਜਲਦੀ ਹੀ ਆ ਵਾਪਰਿਆ । ਲਾਹੌਰ ਦੇ ਵਸਨੀਕਾਂ ਨੇ ਉਸ ਪਾਸ ਤੇ ਰਣਜੀਤ ਸਿੰਘ ਪਾਸ ਅਪੀਲ ਕੀਤੀ ਕਿ ਸ਼ਾਹ ਜ਼ਮਾਨ ਦੇ ਬਾਅਦ ਜੋ ਤਿੰਨ ਪੁਰਖੀ ਰਾਜ ਸ਼ਹਿਰ ਵਿਚ ਸਥਾਪਤ ਹੋਇਆ ਸੀ, ਉਸ ਦੇ ਭੈੜੇ ਸ਼ਾਸਨ ਤੋਂ ਕਿਵੇਂ ਉਨ੍ਹਾਂ ਨੂੰ ਬਚਾਇਆ ਜਾਏ। ਰਣਜੀਤ ਸਿੰਘ ਨੇ ਜਿੰਨੀ ਕੁ ਫ਼ੌਜ ਇਕੱਠੀ ਕਰ ਸਕਦਾ ਸੀ ਕਰ ਲਈ ਤੇ ਆਪਣੀ ਸੱਸ ਦੇ ਮਸ਼ਵਰੇ ਲਈ ਉਹ ਬਟਾਲੇ ਗਿਆ। ਉਹ ਉਸ ਦੀ ਉਡੀਕ ਕਰ ਰਹੀ ਸੀ ਤੇ ਜਦ ਰਣਜੀਤ ਸਿੰਘ ਨੇ ਆਪਣੀ ਫ਼ੌਜ ਨਾਲ ਲਾਹੌਰ ਤੇ ਹੱਲਾ ਬੋਲਿਆ, ਉਸ ਦੇ ਨਾਲ ਉਸ ਦੀ ਸੱਸ ਵੀ ਆਪਣੀ ਸੈਨਾ ਸਮੇਤ ਸ਼ਾਮਿਲ ਸੀ । ਉਸ ਨੇ ਇਸ ਅਚਾਨਕ ਹੱਲੇ ਦੀ ਯੋਜਨਾ ਤਿਆਰ ਕਰਨ ਵਿਚ ਸਹਾਇਤਾ ਕੀਤੀ ਸੀ। ਮਗਰੋਂ ਉਸ ਨੇ ਹੀ ਰਣਜੀਤ ਸਿੰਘ ਨੂੰ ਇਹ ਸਲਾਹ ਦਿੱਤੀ ਸੀ ਕਿ ਲਾਹੌਰ ਕਿਲ੍ਹੇ ਤੇ ਹੱਲਾ ਕਰਨ ਦੀ ਬਜਾਇ ਉਹ ਚੇਤ ਸਿੰਘ ਦੇ ਖਾਣ ਪੀਣ ਦੀ ਨਾਕਾਬੰਦੀ ਕਰ ਕੇ ਉਹਨੂੰ ਹਾਰ ਮੰਨਣ ਤੇ ਮਜ਼ਬੂਰ ਕਰੇ । ਲਾਹੌਰ ਤੇ ਕਬਜ਼ਾ ਹੋ ਜਾਣ ਉਪਰੰਤ ਫਿਰ ਜਦੋਂ ਭੰਗੀ, ਰਾਮਗੜ੍ਹੀਏ ਤੇ ਕਸੂਰ ਦੇ ਨਜ਼ਾਮਉੱਦੀਨ ਤਿੰਨੇ ਉਸ ਵਿਰੁੱਧ ਰਲ ਕੇ ਸ਼ਹਿਰ ਵੱਲ ਵਧੇ ਉਦੋਂ ਸਦਾ ਕੌਰ ਨੇ ਜੱਸਾ ਸਿੰਘ ਰਾਮਗੜ੍ਹੀਏ ਨੂੰ ਬਟਾਲੇ ਦੇ ਨੇੜੇ ਲੜਾਈ ਵਿਚ ਭਾਂਜ ਦਿੱਤੀ । ਬਾਕੀ ਫ਼ੌਜਾਂ ਨੂੰ ਰਣਜੀਤ ਸਿੰਘ ਨੇ ਭਸੀਨ ਦੇ ਸਥਾਨ ਤੇ ਆਪੂੰ ਨਜਿੱਠ ਲਿਆ।

ਰਣਜੀਤ ਸਿੰਘ ਨੇ ਇਸ ਸਹਾਇਤਾ ਦਾ ਬਦਲਾ ਇਕ ਵਰ੍ਹੇ ਬਾਅਦ ਇੰਜ ਚੁਕਾਇਆ ਕਿ ਸੰਸਾਰ ਚੰਦ ਕਾਂਗੜੇ ਵਾਲੇ ਨੇ ਜੋ ਉਸ ਦਾ ਇਲਾਕਾ ਆਪਣੇ ਅਧੀਨ ਕਰ ਲਿਆ ਸੀ। ਉਸ ਵਿਚੋਂ ਕੁਝ ਜਿੱਤ ਕੇ ਉਸ ਨੂੰ ਵਾਪਸ ਲੈ ਦਿੱਤਾ, ਇਸ ਤੋਂ ਇਲਾਵਾ ਸੰਸਾਰ ਚੰਦ ਦਾ ਕੁਝ ਇਲਾਕਾ ਵੀ ਉਸ ਦੇ ਸਪੁਰਦ ਕਰ ਦਿੱਤਾ । ਇਕ ਵਰ੍ਹੇ ਬਾਅਦ ਫਿਰ ਇਹ ਸਦਾ ਕੋਰ ਹੀ ਸੀ ਜਿਸ ਨੇ ਉਸ ਨੂੰ ਹੱਲਾ-ਸ਼ੇਰੀ ਦਿੱਤੀ ਤੇ ਉਸ ਨੇ ਮਹਾਰਾਜੇ ਦਾ ਖ਼ਿਤਾਬ ਧਾਰਨ ਕਰਨ ਦੇ ਪੱਖ ਵਿਚ ਫ਼ੈਸਲਾ ਕੀਤਾ। ਉਪਰੰਤ ਇਕ ਵਰ੍ਹੇ ਦੇ ਅੰਦਰ ਅੰਦਰ ਉਸ ਨੇ ਅੰਮ੍ਰਿਤਸਰ ਨੂੰ ਕਾਬੂ ਕਰਨ ਵਿਚ ਵੀ ਉਸ ਦੀ ਮਦਦ ਕੀਤੀ।

ਇਨ੍ਹਾਂ ਦੇ ਸੰਬੰਧਾਂ ਵਿਚ ਇਕ ਤਕੜਾ ਮੋੜ ਉਦੋਂ ਆਇਆ ਜਦੋਂ ਮਹਿਤਾਬ ਕੌਰ ਨੇ 1808 ਈ. ਵਿਚ ਸ਼ੇਰ ਸਿੰਘ ਤੇ ਤਾਰਾ ਸਿੰਘ ਜੌੜੇ ਬੱਚਿਆਂ ਨੂੰ ਜਨਮ ਦਿੱਤਾ। ਉਦੋਂ ਤਕ ਸਦਾ ਕੌਰ ਪਿੱਛੇ ਰਹਿ ਕੇ ਹੀ ਕੰਮ ਕਰਨਾ ਪਸੰਦ ਕਰਦੀ ਸੀ ਤੇ ਆਪਣੇ ਜਵਾਈ ਦੀ ਤਾਕਤ ਤੇ ਪ੍ਰਤਿਭਾ ਨੂੰ ਵਧਦਿਆਂ ਦੇਖ ਕੇ ਹੀ ਪ੍ਰਸੰਨ ਤੇ ਸੰਤੁਸ਼ਟ ਰਹਿੰਦੀ ਸੀ । ਉਸ ਦੀ ਲੜਕੀ ਦੇ ਘਰ ਇਸ ਜੋੜੇ ਪੁੱਤਰਾਂ ਦੇ ਜਨਮ ਨੇ ਉਸ ਨੂੰ ਕੁਝ ਨਵੇਂ ਵਿਚਾਰ ਦਿੱਤੇ । 1802 ਈ. ਵਿਚ ਰਣਜੀਤ ਸਿੰਘ ਦੀ ਦੂਜੀ ਵਹੁਟੀ ਰਾਜ ਕੌਰ ਨੇ ਇਕ ਪੁੱਤਰ ਖੜਕ ਸਿੰਘ ਨੂੰ ਜਨਮ ਦਿੱਤਾ ਸੀ । ਜੋ ਪ੍ਰਸ਼ਨ ਸਦਾ ਕੌਰ ਦੇ ਮਨ ਨੂੰ ਪਰੇਸ਼ਾਨ ਕਰ ਰਿਹਾ ਸੀ ਉਹ ਇਹ ਸੀ ਕਿ ਰਣਜੀਤ ਸਿੰਘ ਦੇ ਬਾਅਦ ਤਖ਼ਤ ਤੇ ਕੌਣ ਬੈਠੇਗਾ-ਖੜਕ ਸਿੰਘ ਜਾਂ ਜੋੜਿਆਂ ਵਿਚੋਂ ਵੱਡਾ ਲੜਕਾ ਸ਼ੇਰ ਸਿੰਘ। ਕਿਉਂਕਿ ਰਣਜੀਤ ਸਿੰਘ ਤੇ ਮਹਿਤਾਬ ਕੌਰ ਦੀ ਆਪਸ ਵਿਚ ਸੁਰ ਨਹੀਂ ਸੀ ਤੇ ਖੜਕ ਸਿੰਘ ਦੇ ਪਹਿਲਾਂ ਜਨਮ ਲੈਣ ਕਰਕੇ ਸਾਫ ਜ਼ਾਹਰ ਸੀ ਕਿ ਇਸ ਕੰਮ ਲਈ ਖੜਕ ਸਿੰਘ ਹੀ ਚੁਣਿਆ ਜਾਏਗਾ । ਪਰ ਸਦਾ ਕੌਰ ਸੋਚਦੀ ਸੀ ਕਿ ਕੀ ਉਹ ਇਹ ਫੈਸਲਾ ਬਦਲ ਸਕਦੀ ਹੈ। ਹਰ ਹਾਲਤ ਵਿਚ ਉਸ ਨੂੰ ਇਹ ਸਿਆਣਪ ਲੱਗਦੀ ਸੀ ਕਿ ਉਹ ਆਪਣੀ ਤਾਕਤ ਵਧਾਏ ਤੇ ਆਪਣੀ ਧੀ ਤੇ ਦੋਹਤਰਿਆਂ ਲਈ ਕੁਝ ਕਰੇ ਤੇ ਇਹ ਸਭ ਕੁਝ ਸ਼ੁਕਰਚੱਕੀਆਂ ਮਿਸਲ ਤੋਂ ਸੁਤੰਤਰ ਹੋ ਕੇ ਕਰੇ। ਉਸ ਨੇ ਇਸ ਦਾ ਮੁੱਢ ਆਪਣੇ ਵਿਰੋਧੀ ਰਾਮਗੜ੍ਹੀਆਂ ਦੇ ਇਲਾਕੇ ਤੇ ਧਾਵਾ ਕਰ ਕੇ ਬੱਝਿਆ ਜਿਸ ਕਾਰਨ ਉਨ੍ਹਾਂ ਨੇ ਰਣਜੀਤ ਸਿੰਘ ਪਾਸੋਂ ਸਾਮੰਤ ਦੇ ਰੂਪ ਵਿਚ ਸੁਰੱਖਿਆ ਮੰਗੀ ਅਤੇ ਰਣਜੀਤ ਸਿੰਘ ਨੂੰ ਉਨ੍ਹਾਂ ਵਿਚ ਸੁਲ੍ਹਾ ਸਫ਼ਾਈ ਕਰਾਉਣ ਲਈ ਦਖ਼ਲ ਦੇਣਾ ਪਿਆ ਤੇ ਇਕ ਵਾਰੀ ਨਹੀਂ ਸਗੋਂ ਕਈ ਵਾਰੀ। ਆਪਸ ਦੀ ਤਰੇੜ ਹੋਰ ਵਧ ਗਈ ਜਦੋਂ ਅਦੀਨਾ ਨਗਰ ਤੋਂ ਨਜ਼ਰਾਨਾ ਵਸੂਲ ਕੀਤਾ ਗਿਆ। ਅਦੀਨਾ ਨਗਰ ਘਨੱਈਆ ਮਿਸਲ ਦਾ ਇਕ ਇਲਾਕਾ ਸੀ। ਦਰਬਾਰ ਦਾ ਇਹ ਆਮ ਤਰੀਕਾ ਸੀ ਕਿ ਛੋਟੀਆਂ ਰਿਆਸਤਾਂ ਦੇ ਸਾਰੇ ਸਰਦਾਰਾਂ ਨੂੰ ਆਪਣੀ ਆਪਣੀ ਰੱਖਿਆ ਲਈ ਕੁਝ ਰਕਮ ਅਦਾ ਕਰਨੀ ਪੈਂਦੀ ਸੀ ਨਹੀਂ ਤਾਂ ਕੇਂਦਰੀ ਫ਼ੌਜ ਦਾ ਖ਼ਰਚਾ ਕਿਵੇਂ ਪੂਰਾ ਹੋ ਸਕਦਾ ਸੀ? ਮਹਾਰਾਜੇ ਦੀ ਆਪਣੀ ਵਹੁਟੀ ਤੇ ਸ਼ਹਿਜ਼ਾਦਾ ਖੜਕ ਸਿੰਘ ਦੀਆਂ ਜਾਗੀਰਾਂ ਨੂੰ ਵੀ ਇਸ ਤੋਂ ਛੋਟ ਨਹੀਂ ਸੀ, ਪਰ ਸਦਾ ਕੌਰ ਦਾ ਵਿਚਾਰ ਸੀ ਕਿ ਉਸ ਦੇ ਇਲਾਕੇ ਨੂੰ ਇਸ ਅਦਾਇਗੀ ਤੋਂ ਛੋਟ ਦਿੱਤੀ ਜਾਏ । ਫੀਰੋਜ਼ਪੁਰ ਦੇ ਨੇੜੇ ਵਦਨੀ ਦਾ ਇਲਾਕਾ ਉਸ ਨੂੰ ਤੁਹਫ਼ੇ ਦੇ ਤੌਰ ਤੇ ਦਿੱਤਾ ਗਿਆ ਪਰ ਇਸ ਤੁਹਫ਼ੇ ਨੇ ਉਸ ਨੂੰ ਪੂਰਨ ਤੌਰ ਤੇ ਸੰਤੁਸ਼ਟ ਕਰਨ ਦੀ ਬਜਾਇ, ਉਸ ਦੇ ਦਿਲ ਵਿਚ, ਜਦੋਂ ਅੰਗਰੇਜ਼ਾਂ ਨੇ ਰਣਜੀਤ ਸਿੰਘ ਦੇ ਸਤਲੁਜ ਤੋਂ ਪਾਰ ਦੇ ਇਲਾਕਿਆਂ ਤੋਂ ਕਰ ਲੈਣ ਦੇ ਹੱਕ ਨੂੰ ਵੰਗਾਰਿਆ, ਇਹ ਖ਼ਿਆਲ ਪੈਦਾ ਕਰ ਦਿੱਤਾ ਕਿ ਉਸ ਦੇ ਇਲਾਕੇ ਦਰਬਾਰ ਦੇ ਅਧਿਕਾਰ ਤੋਂ ਬਾਹਰ ਹਨ। ਮੈਟਕਾਫ਼ ਦੇ ਰਣਜੀਤ ਸਿੰਘ ਨਾਲ ਸੰਧੀ ਕਰਨ ਲਈ ਆਉਣ ਤੋਂ ਇਕ ਮਹੀਨਾ ਪਹਿਲਾਂ ਸਦਾ ਕੌਰ ਨੇ ਮਾਲਵੇ ਦੇ ਸਰਦਾਰਾਂ ਦੀ ਰਣਜੀਤ ਸਿੰਘ ਵਿਰੁੱਧ ਮਦਦ ਕੀਤੀ। ਬਾਅਦ ਵਿਚ ਜਦੋਂ ਅੰਗਰੇਜਾਂ ਨੇ ਤਿਆਰੀ ਕੀਤੀ ਕਿ ਰਣਜੀਤ ਸਿੰਘ ਨੂੰ ਸੰਧੀ ਤੇ ਦਸਤਖ਼ਤਾਂ ਲਈ ਤਾਕਤ ਦੀ ਵਰਤੋਂ ਕੀਤੀ ਜਾਏ ਤਦ ਸਦਾ ਕੌਰ ਮਾਲਵੇ ਦੇ ਸਰਦਾਰਾਂ ਨੂੰ ਇਹ ਸੰਦੇਸ਼ ਭੇਜਣ ਵਾਲਿਆਂ ਵਿਚ ਮੂਹਰੇ ਸੀ ਕਿ ਉਹ ਉਸ ਤੋਂ ਮਦਦ ਦੀ ਆਸ ਰੱਖ ਸਕਦੇ ਸਨ। ਕੁਝ ਹੋਰ ਸਮੇਂ ਬਾਅਦ ਜਦੋਂ ਅਖ਼ਤਰਲੋਨੀ ਅੰਗਰੇਜ਼ੀ ਫ਼ੌਜ ਲੈ ਕੇ ਮਾਲਵੇ ਦੇ ਇਲਾਕੇ ਵਿਚ ਦਾਖ਼ਲ ਹੋਇਆ ਤਦ ਵੀ ਸਦਾ ਕੋਰ ਉਸ ਨੂੰ ਜੀ-ਆਇਆਂ ਆਖਣ ਲਈ ਮਾਲਵੇ ਦੇ ਸਰਦਾਰਾਂ ਵਿਚ ਸ਼ਾਮਿਲ ਸੀ । ਉਸ ਨੇ ਸ਼ੁਰੂ ਸ਼ੁਰੂ ਵਿਚ ਜੋ ਸਹਾਇਤਾ ਕੀਤੀ ਸੀ ਉਸ ਸਭ ਕੁਝ ਨਾ ਖ਼ਿਆਲ ਰਖਦਿਆਂ ਹੋਇਆਂ ਰਣਜੀਤ ਸਿੰਘ ਨੇ ਇਨ੍ਹਾਂ ਸਾਰੀਆਂ ਵਧੀਕੀਆਂ ਨੂੰ ਖ਼ਿਮਾ ਕਰ ਦਿੱਤਾ। ਇਹ ਠੀਕ ਹੈ ਕਿ ਉਸ ਦੀਆਂ ਘਰੋਗੀ ਸਾਜਸ਼ਾਂ ਨੇ ਮਹਾਰਾਜੇ ਦੇ ਘਰੋਗੀ ਜੀਵਨ ਨੂੰ ਕਲੇਸ਼ ਨਾਲ ਭਰ ਦਿੱਤਾ ਪਰ ਉਹ ਜਾਣਦਾ ਸੀ ਕਿ ਉਸ ਦੇ ਮਨ ਵਿਚ ਕੋਈ ਮਾੜ ਨਹੀਂ ਸੀ ਤੇ ਉਹ ਉਸ ਨੂੰ ਹਮੇਸ਼ਾ ਹੌਸਲਾ ਤੇ ਸਾਹਸ ਦਿੰਦੀ ਰਹੀ ਸੀ।

ਪਰ ਉਨ੍ਹਾਂ ਦੇ ਪਰਸਪਰ ਸੰਬੰਧਾਂ ਵਿਚ ਟੁੱਟਣ ਦੀ ਨੋਬਤ ਉਦੋਂ ਆਈ ਜਦੋਂ ਉਸ ਨੇ 1812 ਈ. ਵਿਚ ਖ਼ੜਕ ਸਿੰਘ ਦੀ ਸ਼ਾਦੀ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਤੇ ਹੋਰ ਤਾਂ ਹੋਰ ਸ਼ੇਰ ਸਿੰਘ ਤੇ ਤਾਰਾ ਸਿੰਘ ਨੂੰ ਵੀ ਜਾਣ ਤੋਂ ਮਨ੍ਹਾਂ ਕਰ ਦਿੱਤਾ । ਉਸ ਸਮੇਂ ਤੀਕ ਮਹਿਤਾਬ ਕੌਰ ਮਰ ਚੁੱਕੀ ਸੀ ਤੇ ਦੋਵੇਂ ਸ਼ਹਿਜ਼ਾਦੇ ਉਸ ਪਾਸ ਹੀ ਰਹਿੰਦੇ ਸਨ । ਪਰ ਉਨ੍ਹਾਂ ਦੋਹਾਂ ਨੂੰ ਕਾਫ਼ੀ ਖਰਚ ਦੇਣ ਦੀ ਬਜਾਇ ਉਹ ਮੁੜ ਮੁੜ ਉਨ੍ਹਾਂ ਨੂੰ ਰਣਜੀਤ ਸਿੰਘ ਪਾਸ ਜਾਗੀਰਾਂ ਲੈਣ ਲਈ ਭੇਜ ਦਿੰਦੀ ।

ਜਦੋਂ ਰਣਜੀਤ ਸਿੰਘ ਨੇ ਖੜਕ ਸਿੰਘ ਨੂੰ ਕੁਝ ਨਿੱਕੀਆਂ ਨਿੱਕੀਆਂ ਜਾਗੀਰਾਂ ਦਿੱਤੀਆਂ ਤਦ ਸਦਾ ਕੌਰ ਨੇ ਮੇਹਣੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਉਹ ਨਿਰਪੱਖ ਨਹੀਂ ਤੇ ਸ਼ੇਰ ਸਿੰਘ ਤੇ ਤਾਰਾ ਸਿੰਘ ਨੂੰ ਗ਼ਰੀਬੀ ਵਿਚ ਰੋਲਣਾ ਚਾਹੁੰਦਾ ਹੈ। ਰਣਜੀਤ ਸਿੰਘ ਨੇ ਉੱਤਰ ਦਿੱਤਾ ਕਿ ਨਾਨੀ ਨੂੰ ਚਾਹੀਦਾ ਹੈ ਕਿ ਆਪਣੇ ਇਲਾਕੇ ਵਿਚੋਂ ਅੱਧਾ ਇਨ੍ਹਾਂ ਨੂੰ ਦੇ ਦੇਵੇ ਕਿਉਂਕਿ ਆਖਰ ਕੇਵਲ ਇਹ ਦੋਵੇਂ ਹੀ ਉਸ ਦੇ ਵਾਰਸ ਹਨ। ਇਹ ਝਗੜਾ ਚਲਦਾ ਰਿਹਾ ਜਦ ਤਕ ਕਿ ਰਣਜੀਤ ਸਿੰਘ ਨੇ ਇਸ ਦਾ ਹਮੇਸ਼ਾਂ ਹਮੇਸ਼ਾਂ ਲਈ ਫ਼ੈਸਲਾ ਕਰਨ ਲਈ ਨਾ ਠਾਣ ਲਈ। ਉਸ ਨੇ 1820 ਈ. ਵਿਚ ਇਹ ਸੁਝਾ ਦਿੱਤਾ ਕਿ ਉਹ ਆਪਣੇ ਸਾਰੇ ਇਲਾਕੇ ਦਾ ਪ੍ਰਬੰਧ ਸ਼ੇਰ ਸਿੰਘ ਦੇ ਹਵਾਲੇ ਕਰ ਦੇਵੇ ਕਿਉਂਕਿ ਉਸ ਦੀ ਉਮਰ ਸੱਤਰ ਤੋਂ ਉੱਪਰ ਹੋ ਗਈ ਹੈ ਤੇ ਉਸ ਨੂੰ ਹੁਣ ਆਰਾਮ ਕਰਨਾ ਚਾਹੀਦਾ ਹੈ। ਇਹ ਗੱਲ ਉਹ ਕਦੀ ਵੀ ਮੰਨਣ ਨੂੰ ਤਿਆਰ ਨਹੀਂ ਸੀ। ਸੋ ਉਸ ਨੇ ਫ਼ੈਸਲਾ ਕੀਤਾ ਕਿ ਸਤਲੁਜ ਤੋਂ ਪਾਰ ਜਾ ਕੇ ਉਹ ਅੰਗਰੇਜ਼ਾਂ ਪਾਸੋਂ ਆਪਣੀ ਰੱਖਿਆ ਪ੍ਰਾਪਤ ਕਰੇ । ਇਸ ਸਫਰ ਲਈ ਉਸ ਦਾ ਬਹਾਨਾ ਇਹ ਸੀ ਕਿ ਉਹ ਆਪਣੀ ਵੱਦਨੀ ਦੀ ਜਾਗੀਰ ਦੀ ਦੇਖਭਾਲ ਲਈ ਜਾ ਰਹੀ ਹੈ । ਰਣਜੀਤ ਸਿੰਘ ਨੇ ਇਹ ਸੁਣ ਕੇ ਉਸ ਨੂੰ ਬੁਲਾ ਭੇਜਿਆ ਕਿ ਉਹ ਲਾਹੌਰ ਆ ਕੇ ਉਸ ਨਾਲ ਦੋਹਤਰਿਆਂ ਲਈ ਜਾਗੀਰਾਂ ਦੇ ਮਾਮਲੇ ਬਾਰੇ ਗੱਲਬਾਤ ਕਰੇ । ਉਹ ਰਣਜੀਤ ਸਿੰਘ ਨੂੰ ਸ਼ਾਹਦਰੇ ਦੇ ਸਥਾਨ ਤੇ ਮਿਲੀ ਤੇ ਰਣਜੀਤ ਸਿੰਘ ਨੇ ਉਸ ਨੂੰ ਰਾਜ਼ੀ ਕਰ ਲਿਆ ਕਿ ਉਹ ਆਪਣੀ ਜਾਗੀਰ ਦਾ ਬੰਦੋਬਸਤ ਸ਼ੇਰ ਸਿੰਘ ਦੇ ਸਪੁਰਦ ਕਰ ਦੇਵੇ ਤੇ ਇਸ ਬਾਰੇ ਉਸ ਕੋਲੋਂ ਇਕ ਰਾਜ਼ੀਨਾਮੇ ਤੇ ਦਸਤਖ਼ਤ ਵੀ ਕਰਵਾ ਲਏ । ਪਰ ਉਸ ਨੇ ਮਨ ਵਿਚ ਘੁੰਡੀ ਰੱਖੀ ਤੇ ਬਟਾਲੇ ਨੱਠਣ ਦੀ ਕੋਸ਼ਿਸ਼ ਕੀਤੀ ਤਾਂ ਕਿ ਅੰਗਰੇਜ਼ਾਂ ਦੀ ਸਹਾਇਤਾ ਨਾਲ ਇਸ ਰਾਜ਼ੀਨਾਮੇ ਤੇ ਅਮਲ ਨੂੰ ਰੁਕਵਾ ਸਕੇ । ਉਸ ਨੂੰ ਖੜਕ ਸਿੰਘ ਨੇ ਰਾਹ ਵਿਚ ਹੀ ਰੋਕ ਲਿਆ ਤੇ ਲਾਹੌਰ ਲੈ ਆਂਦਾ ਜਿੱਥੇ ਉਸ ਨੂੰ ਆਪਣੇ ਮਕਾਨ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਸ਼ੇਰ ਸਿੰਘ ਨੂੰ ਉਸ ਦੀ ਜਾਗੀਰ ਦੀ ਸੰਭਾਲ ਸੌਂਪੀ ਗਈ ਪਰ ਸਦਾ ਕੌਰ ਨੇ ਮਰਨ ਤਕ ਇਸ ਠੀਕ ਤੇ ਤਾਰਕਿਕ ਨਿਰਣੇ ਨੂੰ ਪ੍ਰਵਾਨ ਨਾ ਕੀਤਾ। ਉਸ ਦੀ ਜਵਾਨੀ ਦੇ ਸਮੇਂ ਦੇ ਸੁਪਨੇ ਬੁਢਾਪੇ ਦੇ ਲੋਭ ਦੇ ਲਾਲਚ ਵਿਚ ਬਦਲ ਚੁੱਕੇ ਸਨ । ਆਪਣੀ ਨਜ਼ਰਬੰਦੀ ਸਮੇਂ ਉਸ ਨੇ ਰਣਜੀਤ ਸਿੰਘ ਨੂੰ ਸੁਨੇਹਾ ਭੇਜਿਆ ਕਿ ਉਹ ਮੌਤ ਨੂੰ ਤਰਜੀਹ ਦੇਵੇਗੀ ਪਰ ਆਪਣੀ ਜਾਗੀਰ ਦਾ ਖੁਸ ਜਾਣਾ ਉਹ ਨਹੀਂ ਸਹਾਰ ਸਕਦੀ। ਜਿਸ ਗੋਲੀ ਹੱਥ ਇਹ ਸੁਨੇਹਾ ਭੇਜਿਆ ਉਸ ਦੇ ਸਾਹਮਣੇ ਰਣਜੀਤ ਸਿੰਘ ਦੇ ਅੱਥਰੂ ਨਿਕਲ ਆਏ ਤੇ ਉਸ ਨੇ ਕਿਹਾ ਕਿ ਸਦਾ ਕੌਰ ਉਸ ਲਈ ਮਾਂ ਨਾਲੋਂ ਵੱਧ ਰਹੀ ਹੈ। ਉਸ ਨੇ ਗੋਲੀ ਨੂੰ ਅਪੀਲ ਕੀਤੀ ਕਿ ਉਹ ਸਦਾ ਕੌਰ ਨੂੰ ਸਮਝਾਏ ਕਿ ਜੋ ਫ਼ੈਸਲਾ ਕੀਤਾ ਗਿਆ ਹੈ ਉਹ ਉਹੀ ਹੈ ਜੋ ਉਹ ਆਪ ਹੀ ਕਰ ਦਿੰਦੀ ਜੇ ਉਹ ਸਿਆਣਪ ਤੇ ਦੂਰ-ਅੰਦੇਸ਼ੀ ਦੀ ਵਰਤੋਂ ਕਰ ਕੇ ਸੋਚਦੀ। ਉਸ ਦੀ ਜਾਇਦਾਦ ਪਹਿਲਾਂ ਜਾਂ ਮਗਰੋਂ ਉਸ ਦੇ ਦੋਹਤਰਿਆਂ ਨੂੰ ਜਾਣੀ ਸੀ, ਇਸ ਲਈ ਜ਼ਰੂਰੀ ਸੀ ਕਿ ਇਸ ਤੋਂ ਪਹਿਲਾਂ ਕਿ ਇਹ ਇਸ ਦੇ ਪੂਰੀ ਤਰ੍ਹਾਂ ਮਾਲਿਕ ਬਣਨ, ਇਸ ਦੇ ਬੰਦੋਬਸਤ ਦੀ ਸਿਖ਼ਲਾਈ ਇਨ੍ਹਾਂ ਨੂੰ ਮਿਲ ਜਾਏ।

ਸਿੱਖ ਇਤਿਹਾਸ ਵਿਚ ਸਦਾ ਕੌਰ ਦੀ ਗਿਣਤੀ ਅੱਛੀ ਹੋਸਲਾਮੰਦ ਤੇ ਕਾਬਲ ਇਸਤਰੀਆਂ ਵਿਚ ਕੀਤੀ ਜਾਂਦੀ ਹੈ। ਸਿੱਖ ਕੌਮ ਦੀ ਉੱਨਤੀ ਵਿਚ ਉਸ ਦੀ ਦੇਣ ਹੋਰ ਵੀ ਵਧੇਰੇ ਹੋਣੀ ਸੀ ਜੇਕਰ ਉਹ ਘਨੱਈਆ ਮਿਸਲ ਦੀ ਬੇਹਤਰੀ ਨੂੰ ਜਾਂ ਆਪਣੇ ਨਿਜੀ ਲਾਭ ਨੂੰ ਖਾਲਸਾ ਦਰਬਾਰ ਦੀ ਵਡੇਰੀ ਭਲਾਈ ਦੇ ਅਧੀਨ ਰੱਖਦੀ । ਉਸ ਦੀ ਭੁੱਲ ਇਹ ਸੀ ਕਿ ਉਹ ਇਹ ਗੱਲ ਨਾ ਪਛਾਣ ਸਕੀ ਕਿ ਰਣਜੀਤ ਸਿੰਘ ਇਕ ਵਿਰੋਧੀ ਮਿਸਲਦਾਰ ਨਹੀਂ ਸੀ ਸਗੋਂ ਸਮੁੱਚੀ ਸਿੱਖ ਕੌਮ ਦੀ ਏਕਤਾ ਦਾ ਇਕ ਚਿੰਨ੍ਹ ਸੀ । ਜੇਕਰ ਸਿੱਖ ਕਦੀ ਇਕੱਠੇ ਹੋਣੇ ਸਨ ਤਾਂ ਉਨ੍ਹਾਂ ਨੂੰ ਇਸ ਲਈ ਇਕ ਆਗੂ ਦੀ ਲੋੜ ਸੀ। ਇਹ ਕੰਮ ਰਣਜੀਤ ਸਿੰਘ ਦੇ ਹੱਥੋਂ ਹੀ ਹੋਣਾ ਸੀ ਤੇ ਉਸ ਦੇ ਆਪਣੇ ਹੱਥੋਂ ਨਹੀਂ ਸੀ ਹੋ ਸਕਦਾ। ਉਸ ਦੀ ਸੋਚਣੀ ਵਿਚ ਭੁੱਲ ਸੀ ਕਿ ਜੋ ਸੁਪਨਾ ਸਾਕਾਰ ਕਰਨ ਵਿਚ ਉਸ ਇੰਨਾ ਵੱਡਾ ਹਿੱਸਾ ਪਾਇਆ ਸੀ ਉਸ ਨੂੰ ਨਾਸ ਕਰਨ ਲਈ ਵੀ ਉਸ ਨੇ ਯਤਨ ਕੀਤੇ।

ਭਰਾ ਸਦਾ ਲਈ

ਜਿੰਨੇ ਵੀ ਵਿਅਕਤੀਆਂ ਨਾਲ ਰਣਜੀਤ ਸਿੰਘ ਨੇ ਸਦੀਵੀ ਭਰੱਪਣ ਦੀ ਸੋਗੰਦ ਵਜੋਂ ਪੱਗ ਵਟਾਈ ਉਨ੍ਹਾਂ ਵਿਚੋਂ ਫ਼ਤਿਹ ਸਿੰਘ ਆਹਲੂਵਾਲੀਆ ਸਭ ਤੋਂ ਉਸ ਦੇ ਨੇੜੇ ਸੀ। ਉਹ ਸੰਤ ਸੁਭਾ ਜੱਸਾ ਸਿੰਘ ਆਹਲੂਵਾਲੀਆ ਦੀ ਪ੍ਰਤਿਭਾ ਦਾ ਵਾਰਸ ਸੀ—ਉਹ ਜੱਸਾ ਸਿੰਘ ਜੋ ਸਿੱਖਾਂ ਦਾ ਇਕ ਪ੍ਰਕਾਰ ਦਾ ਬਾਦਸ਼ਾਹ ਹੋ ਗੁਜ਼ਰਿਆ ਹੈ ਅਤੇ ਜਿਸ ਦੀ ਕਮਾਨ ਹੇਠਾਂ ਉਨ੍ਹਾਂ ਦੀ ਸਾਂਝੀ ਫ਼ੌਜ ਅਹਿਮਦ ਸ਼ਾਹ ਅਬਦਾਲੀ ਦੇ ਵਿਰੁੱਧ ਲੜੀ ਸੀ। ਇਹ ਫ਼ਤਿਹ ਸਿੰਘ ਉਨ੍ਹਾਂ ਸਰਦਾਰਾਂ ਵਿਚੋਂ ਸੀ ਜਿਸ ਦਾ ਹੱਥ ਸ਼ੁਕਰਚੱਕੀਆਂ ਦੇ ਨੌਜਵਾਨ ਲੀਡਰ ਨੇ ਆਰੰਭ ਵਿਚ ਫੜਿਆ ਸੀ । ਇਹ ਉਸ ਦਾ ਅਸਰ-ਰਸੂਖ ਸੀ ਜਿਸ ਦੇ ਕਾਰਨ ਰਣਜੀਤ ਸਿੰਘ ਨੂੰ ਸਾਂਝੀ ਸਿੱਖ ਫ਼ੌਜ ਦੀ ਕਮਾਨ 1796 ਈ. ਵਿਚ ਤੇ ਫਿਰ 1797 ਈ. ਵਿਚ ਵੀ ਸ਼ਾਹ ਜ਼ਮਾਨ ਦੇ ਵਿਰੁੱਧ ਲੜਾਈ ਲਈ ਸੌਂਪੀ ਗਈ । 1799 ਈ. ਵਿਚ ਲਾਹੌਰ ਤੇ ਕਬਜ਼ਾ ਕਰਨ ਤੋਂ ਤੁਰੰਤ ਬਾਅਦ ਰਣਜੀਤ ਸਿੰਘ ਨੇ ਫ਼ਤਿਹ ਸਿੰਘ ਨੂੰ ਬੁਲਾ ਭੇਜਿਆ ਤੇ ਆਪਣੇ ਵੱਡੇ ਰਾਜਸੀ ਤੇ ਫ਼ੌਜੀ ਸਲਾਹਕਾਰਾਂ ਵਿਚ ਉਸ ਨੂੰ ਨਿਯਤ ਕੀਤਾ । ਇਕ ਸਾਲ ਬਾਅਦ ਤਰਨ-ਤਾਰਨ ਦੇ ਸਥਾਨ ਤੇ ਇਨ੍ਹਾਂ ਦੋਹਾਂ ਪੱਗਾਂ ਵਟਾਈਆਂ ਤੇ ਇਹ ਸਾਰਾ ਸਮਾਗਮ ਬੜੀ ਸੱਜ ਧੱਜ ਨਾਲ ਹੋਇਆ ਤੇ ਹਜ਼ਾਰਾਂ ਲੋਕਾਂ, ਜੋ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਉੱਥੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਲਈ ਇਕੱਠੇ ਹੋਏ ਸਨ, ਇਹ ਰਸਮ ਹੁੰਦੀ ਵੇਖੀ।

ਇਸ ਸਮਾਗਮਾਂ ਤੋਂ ਬਾਅਦ ਦੋਹਾਂ ਮਿੱਤਰਾਂ ਨੇ ਰਲ ਕੇ ਪਿੰਡੀ ਭਟੀਆਂ ਤੇ ਧਨੀ-ਪੋਠੋਹਾਰ ਤੇ ਕਬਜ਼ਾ ਕੀਤਾ ਤੇ ਇਹ ਦੋਵੇਂ ਇਲਾਕੇ ਫ਼ਤਿਹ ਸਿੰਘ ਨੂੰ ਦਿੱਤੇ ਗਏ । ਫਿਰ ਦੋਹਾਂ ਨੇ ਰਲ ਕੇ ਕਸੂਰ ਦੇ ਨਿਜ਼ਾਮੁੱਦੀਨ ਤੇ ਹਮਲਾ ਕੀਤਾ। 1802 ਈ. ਵਿਚ ਰਣਜੀਤ ਸਿੰਘ, ਫ਼ਤਿਹ ਸਿੰਘ ਤੇ ਸਦਾ ਕੌਰ ਜੇਤੂਆਂ ਦੇ ਰੂਪ ਵਿਚ ਅੰਮ੍ਰਿਤਸਰ ਦਾਖ਼ਲ ਹੋਏ।

ਰਣਜੀਤ ਸਿੰਘ ਤੇ ਫ਼ਤਿਹ ਸਿੰਘ ਦੀ ਪਰਸਪਰ ਮਿੱਤਰਤਾ ਹੋਰ ਪਕੇਰੀ ਹੋ ਗਈ ਜਦੋਂ ਉਨ੍ਹਾਂ ਨੇ ਅੰਗਰੇਜ਼ਾਂ ਨਾਲ 1806 ਈ. ਵਿਚ ਲਾਹੌਰ ਦੀ ਸੰਧੀ ਕੀਤੀ ਤੇ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਉਹ ਜਸਵੰਤ ਰਾਓ ਹੋਲਕਰ ਦੀਆਂ ਫ਼ੌਜਾਂ ਨੂੰ ਅੰਮ੍ਰਿਤਸਰੋਂ 60 ਮੀਲ ਬਾਹਰ ਕੱਢ ਦੇਣਗੇ। ਉਸੇ ਵਰ੍ਹੇ ਫ਼ਤਿਹ ਸਿੰਘ ਨੇ ਸਤਲੁਜ ਤੋਂ ਪਾਰ ਦੱਖਣ ਵੱਲ ਦੀ ਤੇ ਫਿਰ ਇਕ ਹੋਰ ਵਰ੍ਹੇ ਬਾਅਦ ਝੰਗ ਵੱਲ ਦੀ ਮੁਹਿੰਮ ਵਿਚ ਰਣਜੀਤ ਸਿੰਘ ਦਾ ਸਾਥ ਦਿੱਤਾ। ਇਸ ਉਪਰੰਤ ਉਨ੍ਹਾਂ ਰਲ ਕੇ ਸਿਆਲਕੋਟ, ਅਖਨੂਰ ਅਤੇ ਸ਼ੇਖੂਪੁਰੇ ਤੇ ਹਮਲੇ ਕੀਤੇ। ਫਿਰ 1808 ਈ. ਵਿਚ ਮੈਟਕਾਫ਼ ਆਇਆ। ਫ਼ਤਿਹ ਸਿੰਘ ਆਹਲੂਵਾਲੀਏ ਤੇ ਦੀਵਾਨ ਮੋਹਕਮ ਚੰਦ ਨੂੰ ਦੋ ਹਜ਼ਾਰ ਘੋੜ ਸਵਾਰਾਂ ਦੀ ਕਮਾਂਡ ਨਾਲ ਅੰਗਰੇਜ਼ ਸਰਕਾਰ ਦੇ ਦੂਤ ਦੇ ਸਵਾਗਤ ਲਈ ਕਸੂਰ ਭੇਜਿਆ ਗਿਆ। ਜਦੋਂ 1809 ਈ. ਵਿਚ ਅੰਮ੍ਰਿਤਸਰ ਦੀ ਸੰਧੀ ਤੇ ਦਸਤਖ਼ਤ ਹੋਏ ਉਦੋਂ ਫ਼ਤਿਹ ਸਿੰਘ ਉੱਥੇ ਮੌਜੂਦ ਸੀ। ਉਸ ਸਾਲ ਉਹ ਮਹਾਰਾਜੇ ਨਾਲ ਕਾਂਗੜੇ ਵੀ ਗਿਆ ਤੇ ਜਦੋਂ ਮਹਾਰਾਜੇ ਨੇ 1810 ਈ. ਵਿਚ ਮੁਲਤਾਨ ਤੇ ਹਮਲਾ ਕੀਤਾ ਉਦੋਂ ਫ਼ਤਿਹ ਸਿੰਘ ਨੂੰ ਲਾਹੌਰ ਤੇ ਅੰਮ੍ਰਿਤਸਰ ਦੀ ਰਖਵਾਲੀ ਦੀ ਜ਼ਿੰਮੇਵਾਰੀ ਸੌਂਪੀ ਗਈ । ਉਸ ਤੋਂ ਅਗਲੇ ਸਾਲ ਉਹ ਰਣਜੀਤ ਸਿੰਘ ਨਾਲ ਰਾਵਲਪਿੰਡੀ ਸ਼ਹਿਰ, ਸ਼ਾਹ ਮਹਿਮੂਦ ਨੂੰ ਵੀ ਮਿਲਣ ਗਿਆ ਤੇ ਇਸ ਉਪਰੰਤ ਜਲੰਧਰ ਦੇ ਸਰਦਾਰ ਬੁੱਧ ਸਿੰਘ ਨੂੰ ਵੀ ਅਧੀਨ ਕਰਨ ਵਿਚ ਸਹਾਇਤਾ ਕੀਤੀ। 1813 ਈ. ਵਿਚ ਉਹ ਮਹਾਰਾਜੇ ਦੇ ਪੱਖ ਵਿਚ ਵਜ਼ੀਰ ਫ਼ਤਿਹ ਖ਼ਾਨ ਵਿਰੁੱਧ ਲੜਿਆ ਤੇ ਫਿਰ ਬਹਾਵਲਪੁਰ, ਰਜੌਰੀ ਤੇ ਭਿੰਬਰ ਦੀਆਂ ਮੁਹਿੰਮਾਂ ਵਿਚ ਹਿੱਸਾ ਲਿਆ। 1818 ਈ. ਵਿਚ ਮੁਲਤਾਨ ਦੇ ਘੇਰੇ ਸਮੇਂ ਵੀ ਉਹ ਉੱਥੇ ਮੌਜੂਦ ਸੀ। 1819 ਈ. ਵਿਚ ਜਦ ਮਹਾਰਾਜਾ ਕਸ਼ਮੀਰ ਦੇ ਹਮਲੇ ਲਈ ਗਿਆ ਤਦ ਉਸ ਨੂੰ ਲਾਹੌਰ ਦੀ ਦੇਖਭਾਲ ਸੌਂਪੀ ਗਈ। ਦੋ ਸਾਲ ਬਾਅਦ ਉਸ ਨੇ ਮਨਖੇੜੇ ਦੇ ਕਿਲ੍ਹੇ ਨੂੰ ਕਾਬੂ ਕਰਨ ਵਿਚ ਮਹਾਰਾਜੇ ਦੀ ਸਹਾਇਤਾ ਕੀਤੀ।

1825 ਈ. ਵਿਚ ਅਚਾਨਕ ਅਸਮਾਨੋਂ ਬਿਚਲੀ ਡਿੱਗਣ ਵਾਂਗ ਖ਼ਬਰ ਆਈ ਕਿ ਫ਼ਤਿਹ ਸਿੰਘ ਆਹਲੂਵਾਲੀਆ ਕਪੂਰਥਲਾ ਛੱਡ ਕੇ, ਆਪਣੇ ਟੱਬਰ ਸਮੇਤ, ਸਤਲੁਜ ਪਾਰ ਕਰ ਕੇ ਜਗਰਾਉਂ ਨੱਠ ਗਿਆ ਹੈ। ਹੈਰਾਨੀ ਸੀ ਕਿ ਇੱਡੀ ਸੁਹਣੀ ਮਿੱਤਰਤਾ ਵਿਚ ਕਿਵੇਂ ਵਿਗਾੜ ਪਿਆ—ਅਜੇਹੀ ਮਿੱਤਰਤਾ ਜੋ ਅੰਮ੍ਰਿਤਸਰ ਦੀ ਸੰਧੀ ਵੇਲੇ ਸਾਜਸ਼ਾਂ ਤੇ ਦੁਸ਼ਮਣੀ ਦੇ ਬੁਲ੍ਹਿਆਂ ਅੱਗੇ ਵੀ ਪੱਕੀ ਤੇ ਅਹਿਲ ਰਹੀ ਸੀ। ਜਿਵੇਂ ਕਿ ਬਾਅਦ ਦੀ ਖੋਜ ਦੱਸਦੀ ਹੈ, ਇਸ ਸ਼ਰਾਰਤ ਦਾ ਕਾਰਨ ਚੌਧਰੀ ਕਾਦਰ ਬਖ਼ਸ਼ ਸੀ, ਜੋ ਫ਼ਤਿਹ ਸਿੰਘ ਦਾ ਲਾਹੌਰ ਵਿਚ ਏਜੰਟ ਸੀ। ਉਸ ਨੇ ਬੜੀਆਂ ਡਰਾਉਣੀਆਂ ਰਿਪੋਟਾਂ ਆਪਣੇ ਮਾਲਕ ਨੂੰ ਭੇਜੀਆਂ ਕਿ ਦਰਬਾਰ ਦੀ ਨੀਅਤ ਉਸ ਦੀ ਰਿਆਸਤ ਬਾਰੇ ਚੰਗੀ ਨਹੀਂ ਹੈ। ਇਨ੍ਹਾਂ ਰਿਪੋਟਾਂ ਵਿਚ ਇਹ ਗ਼ਲਤ-ਬਿਆਨੀ ਕੀਤੀ ਗਈ ਸੀ ਕਿ ਹੋਰਨਾਂ ਮਿਸਲਾਂ ਵਾਂਗੂੰ ਉਸ ਦੀ ਮਿਸਲ ਵੀ ਖੋਹ ਲਈ ਜਾਏਗੀ । ਚੰਗੇ ਭਾਗਾਂ ਨੂੰ ਅੰਗਰੇਜ਼ ਉਸ ਸਮੇਂ ਰਣਜੀਤ ਸਿੰਘ ਦੇ ਪੱਖ ਵਿਚ ਰਹਿਣ ਦੇ ਚਾਹਵਾਨ ਸਨ । ਕੁਝ ਵੀ ਹੋਵੇ, ਉਹ ਅੰਮ੍ਰਿਤਸਰ ਦੀ ਸੰਧੀ ਦੀ ਮੌਜੂਦਗੀ ਵਿਚ ਦਖ਼ਲ-ਅੰਦਾਜ਼ੀ ਲਈ ਕੋਈ ਹੱਕ ਨਹੀਂ ਸੀ ਰੱਖਦੇ । ਜਿੱਥੋਂ ਤਕ ਜਗਰਾਉਂ ਦਾ ਸੰਬੰਧ ਹੈ ਫ਼ਤਿਹ ਸਿੰਘ ਨੂੰ ਮਹਾਰਾਜੇ ਨੇ ਹੀ ਨਜ਼ਰਾਨੇ ਦੀ ਅਦਾਇਗੀ ਦੇ ਬਦਲੇ ਦਿੱਤਾ ਹੋਇਆ ਸੀ ਤੇ ਮਹਾਰਾਜਾ ਹੀ ਇਸ ਦਾ ਅਸਲੀ ਮਾਲਕ ਸੀ । ਜਿੱਥੋਂ ਤਕ ਫ਼ਤਿਹ ਸਿੰਘ ਦੇ ਸਤਲੁਜ ਦੇ ਉੱਤਰ ਵੱਲ ਦੇ ਇਲਾਕੇ ਦਾ ਪ੍ਰਸ਼ਨ ਸੀ ਉਸ ਵਿਚ ਅੰਮ੍ਰਿਤਸਰ ਦੀ ਸੰਧੀ ਅਨੁਸਾਰ ਅੰਗਰੇਜ਼ ਕੋਈ ਵੀ ਛੇੜਖਾਨੀ ਨਹੀਂ ਸਨ ਕਰ ਸਕਦੇ।

ਸੋ ਅੰਗਰੇਜ਼ਾਂ ਨੇ ਫ਼ਤਿਹ ਸਿੰਘ ਨੂੰ ਇਹ ਸਲਾਹ ਦਿੱਤੀ ਕਿ ਉਹ ਮਹਾਰਾਜੇ ਦੀ ਮਿੱਤ੍ਰਤਾ ਤੇ ਭਰੋਸਾ ਰੱਖੇ ਤੇ ਵਾਪਸ ਸਤਲੁਜ ਦੇ ਉੱਤਰ ਵੱਲ, ਜਿੱਥੇ ਉਸ ਦਾ ਘਰ ਹੈ ਉੱਥੇ ਚਲਾ ਜਾਏ। ਰਣਜੀਤ ਸਿੰਘ ਨੇ ਵੀ ਆਪਣੇ ਅਫ਼ਸਰ ਫ਼ਤਿਹ ਸਿੰਘ ਨੂੰ ਸਮਝਾਉਣ ਅਤੇ ਉਸ ਦੇ ਡਰ ਤੇ ਘਬਰਾਹਟ ਨੂੰ ਦੂਰ ਕਰਨ ਲਈ ਭੇਜੇ । ਆਖ਼ਰ ਫ਼ਤਿਹ ਸਿੰਘ ਵਾਪਸ ਆ ਗਿਆ। ਸ਼ਹਿਜ਼ਾਦਾ ਨੌਨਿਹਾਲ ਸਿੰਘ ਤੇ ਰਾਜਾ ਧਿਆਨ ਸਿੰਘ ਨੇ ਬੜੇ ਸਤਿਕਾਰ ਤੇ ਆਨ-ਸ਼ਾਨ ਨਾਲ ਉਸ ਦਾ ਸੁਆਗਤ ਕੀਤਾ। ਦੋਵੇਂ ਮਿੱਤਰ ਫਿਰ ਮਿਲੇ । ਫ਼ਤਿਹ ਸਿੰਘ ਨੇ ਮਿਆਨ ਵਿਚੋਂ ਤਲਵਾਰ ਕੱਢ ਕੇ ਰਣਜੀਤ ਸਿੰਘ ਦੇ ਪੈਰਾਂ ਤੇ ਰੱਖੀ ਤੇ ਕਿਹਾ ਕਿ ਉਹ ਉਸ ਦੀ ਬੇਵਫਾਈ ਦੇ ਕਸੂਰ ਦੇ ਬਦਲੇ ਆਪਣੇ ਹੱਥਾਂ ਨਾਲ ਉਸ ਦਾ ਸਿਰ ਕੱਟ ਦੇਵੇ। ਰਣਜੀਤ ਸਿੰਘ ਆਪਣੀ ਜਗਾਹ ਤੋਂ ਉੱਠਿਆ ਤੇ ਆਪਣੇ ਮਿੱਤਰ ਨੂੰ ਜੱਫੀ ਵਿਚ ਲਿਆ ਤੇ ਉਸ ਦੀ ਤਲਵਾਰ ਵਾਪਸ ਕਰ ਦਿੱਤੀ । ਦੋਹਾਂ ਦੀਆਂ ਅੱਖਾਂ ਵਿਚ ਅੱਥਰੂ ਸਨ। ਫ਼ਤਿਹ ਸਿੰਘ ਨੂੰ ਇਕ ਸ਼ਾਹੀ ਪੋਸ਼ਾਕ, ਇਕ ਹਾਥੀ, ਚਾਂਦੀ ਦੇ ਹੋਦੇ ਸਮੇਤ, ਤੇ ਇਕ ਮੋਤੀਆਂ ਦੀ ਮਾਲਾ ਖਿਲਅਤ ਵਿਚ ਦਿੱਤੇ ਗਏ।

ਉਸ ਦਾ ਇਲਾਕਾ, ਜੋ ਸਤਲੁਜ ਦੇ ਉੱਤਰ ਵੱਲ ਸੀ, ਉਹ ਮਹਾਰਾਜੇ ਦੇ ਹੁਕਮ ਮੁਤਾਬਿਕ ਫ਼ਕੀਰ ਅਜ਼ੀਜ਼ਉੱਦੀਨ ਨੇ ਆਪਣੇ ਕਾਬੂ ਵਿਚ ਕਰ ਲਿਆ ਸੀ । ਫ਼ਕੀਰ ਅਜ਼ੀਜ਼ਉੱਦੀਨ ਇਸ ਗੱਲ ਤੇ ਖ਼ੁਸ਼ ਨਹੀਂ ਸੀ ਕਿਉਂਕਿ ਉਹ ਫ਼ਤਿਹ ਸਿੰਘ ਜੈਸੇ ਭਲੇ ਪੁਰਸ਼ ਨੂੰ ਦਿਲੋਂ ਚਾਹੁੰਦਾ ਸੀ । ਫ਼ਕੀਰ ਨੂਰਉੱਦੀਨ ਨੂੰ ਭੇਜ ਕੇ ਇਹ ਇਲਾਕਾ ਫ਼ਤਿਹ ਸਿੰਘ ਦੇ ਆਦਮੀਆਂ ਦੇ ਹਵਾਲੇ ਕਰ ਦਿੱਤਾ ਗਿਆ । ਉਸ ਸਮੇਂ ਸਾਰੇ ਪੰਜਾਬ ਵਿਚ ਕੋਈ ਆਦਮੀ ਇੰਨਾ ਖੁਸ਼ ਨਹੀਂ ਸੀ ਜਿੰਨਾ ਕਿ ਫ਼ਕੀਰ ।

ਮਹਾਰਾਜਾ ਰਣਜੀਤ ਸਿੰਘ | Maharaja Ranjit Singh |

ਪਰੇਸ਼ਾਨ ਕਰਨ ਵਾਲਾ ਪ੍ਰਸ਼ੰਸਕ

1802 ਈ. ਵਿਚ ਅੰਮ੍ਰਿਤਸਰ ਤੇ ਕਬਜ਼ਾ ਕਰਨ ਸਮੇਂ ਰਣਜੀਤ ਸਿੰਘ ਦੀ ਸਹਾਇਤਾ ਕਰਨ ਵਾਲਿਆਂ ਵਿਚ ਇਕ ਅਕਾਲੀਆਂ ਦਾ ਟੋਲਾ ਵੀ ਸੀ ਜਿਸ ਦਾ ਆਗੂ ਫੂਲਾ ਸਿੰਘ ਸੀ । ਜਦੋਂ ਸਰਦਾਰਾਂ ਦੇ ਰਾਜ ਭਾਗ ਟੁੱਟ ਰਹੇ ਸਨ, ਖ਼ਾਲਸਾ ਪੰਥ ਦੇ ਇਹ ਸੱਚੇ ਸਿਪਾਹੀ ਜੋ ਦਿਲੋਂ ਆਪਣੇ ਆਪ ਨੂੰ ਗ਼ੈਰ ਫ਼ਾਨੀ (ਅਕਾਲੀ) ਸਮਝਦੇ ਸਨ, ਆਪਣਾ ਸਮਾਂ ਗੁਰਦੁਆਰਿਆਂ ਦੀ ਦੇਖ ਭਾਲ ਲਈ ਖ਼ਰਚ ਕਰਦੇ ਸਨ ਤੇ ਕਦੀ-ਕਦੀ ਇਰਦ-ਗਿਰਦ ਦੇ ਇਲਾਕਿਆਂ ਤੇ ਤਲਵਾਰ ਦੀ ਨੋਕ ਨਾਲ ਆਪਣੀ ਰੋਟੀ ਪ੍ਰਾਪਤ ਕਰਨ ਲਈ ਹੱਲੇ ਕਰਦੇ ਰਹਿੰਦੇ ਸਨ । ਉਨ੍ਹਾਂ ਦੀ ਇਹ ਦਿਲੀ ਖ਼ਾਹਸ਼ ਸੀ ਕਿ ਖ਼ਾਲਸਾ ਰਾਜ ਸਥਾਪਿਤ ਹੋਵੇ, ਪਰ ਉਹ ਠੀਕ ਤਰ੍ਹਾਂ ਜੱਥੇਬੰਦ ਨਾ ਹੋਣ ਕਰਕੇ ਇਸ ਸੁਪਨੇ ਨੂੰ ਸਾਕਾਰ ਕਰਨ ਦੇ ਸਮਰਥ ਨਹੀਂ ਸੀ । ਇਸ ਲਈ ਉਹ ਬੜੀ ਤਾਂਘ ਨਾਲ ਕਿਸੇ ਐਸੇ ਪੁਰਸ਼ ਦੀ ਉਡੀਕ ਵਿਚ ਸਨ ਜੋ ਇਹ ਕੰਮ ਕਰ ਸਕੇ ਤੇ ਉਹ ਆਪਣਾ ਸਾਰਾ ਧਾਰਮਿਕ ਜੋਸ਼ ਤੇ ਸੁਦ੍ਰਿੜ੍ਹ ਵੀਰਤਾ ਅਜਿਹੇ ਮਨੁੱਖ ਲਈ ਸੇਵਾ ਦੇ ਤੌਰ ਤੇ ਹਾਜ਼ਰ ਕਰਨ ਨੂੰ ਤਿਆਰ ਸਨ । ਅਜਿਹੇ ਆਦਮੀ ਦੀ ਝਲਕ ਉਨ੍ਹਾਂ ਨੂੰ ਪਹਿਲੀ ਵਾਰ ਨੌਜਵਾਨ ਰਣਜੀਤ ਸਿੰਘ ਵਿਚ ਦਿੱਸੀ । ਸੋ ਜਦੋਂ ਅਫ਼ਗਾਨਾਂ ਦੀ ਫ਼ੌਜ ਨੂੰ ਕੱਢ ਕੇ ਤੇ ਲਾਹੌਰ ਦਾ ਮਾਲਕ ਬਣ ਕੇ ਰਣਜੀਤ ਸਿੰਘ ਅੰਮ੍ਰਿਤਸਰ ਪੁੱਜਿਆ, ਅਕਾਲੀ ਬੜੀ ਖੁਸ਼ੀ ਨਾਲ ਉਸ ਦੀ ਸਹਾਇਤਾ ਲਈ ਤਿਆਰ ਹੋ ਗਏ ।

ਫੂਲਾ ਸਿੰਘ ਤੇ ਉਸ ਦੇ ਅਕਾਲੀਆਂ ਨਾਲ ਚਲਣਾ ਤੇ ਨਿਭਾਉਣਾ ਔਖੀ ਖੇਡ ਸੀ। ਉਨ੍ਹਾਂ ਦਾ ਸਾਰਾ ਜੀਵਨ ਇਕ ਵਿਰੋਧਾਭਾਸ ਸੀ। ਇਕ ਪਾਸੇ ਤਾਂ ਉਹ ਬੜੇ ਨਿਰਮਾਣ ਤੇ ਪਵਿੱਤਰ ਪੁਰਸ਼ ਸਨ ਜੋ ਸਦਾ ਭਜਨ ਬੰਦਗੀ ਵਿਚ ਰੁਝੇ ਰਹਿੰਦੇ ਸਨ ਤੇ ਗੁਰੂ ਪਿਆਰ ਵਿਚ ਪਵਿੱਤਰ ਸਥਾਨਾਂ ਤੇ ਗੁਰਦੁਆਰਿਆਂ ਅੰਦਰ ਨਿੱਕੇ ਤੋਂ ਨਿੱਕਾ ਕੰਮ ਕਰਨ ਲਈ ਤਿਆਰ ਰਹਿੰਦੇ ਸਨ, ਦੂਜੇ ਪਾਸੇ ਉਨ੍ਹਾਂ ਵਿਚ ਇਹ ਨਿਸ਼ਚਾ ਸੀ ਕਿ ਆਪਣੇ ਲੋਕਾਂ ਪਾਸੋਂ ਆਪਣੇ ਰਹਿਣ-ਸਹਿਣ ਲਈ ਜੋ ਕੁਝ ਵੀ ਚਾਹੁਣ ਉਹ ਖੋਹ ਕੇ ਲੈ ਸਕਦੇ ਹਨ। ਉਨ੍ਹਾਂ ਦੀਆਂ ਲੋੜਾਂ ਬਹੁਤੀਆਂ ਨਹੀਂ ਸਨ ਤੇ ਉਹ ਅਕਸਰ ਆਪਣੀਆਂ ਲੋੜਾਂ ਤੋਂ ਵੱਧ ਲੈਂਦੇ ਵੀ ਨਹੀਂ ਸਨ ਪਰ ਜਿਸ ਚੀਜ਼ ਦੀ ਲੋੜ ਹੋਵੇ ਉਸ ਨੂੰ ਹਰ ਤਰੀਕੇ ਨਾਲ ਹਾਸਿਲ ਕਰ ਲੈਂਦੇ ਸਨ । ਇਕ ਸੰਸਾਰੀ ਬਾਦਸ਼ਾਹ ਦੀ ਸੇਵਾ ਉਨ੍ਹਾਂ ਦੀ ਧਰਮ ਮਰਿਆਦਾ ਦੇ ਉਲਟ ਸੀ। ਸਗੋਂ ਉਨ੍ਹਾਂ ਦਾ ਇਹ ਵਿਸ਼ਵਾਸ ਸੀ ਕਿ ਤਕੜੇ ਤੇ ਅਮੀਰਾਂ ਤੋਂ ਖੋਹ ਕੇ ਗ਼ਰੀਬਾਂ ਤੇ ਕਮਜ਼ੋਰਾਂ ਦੀ ਮਦਦ ਕਰਨੀ ਚਾਹੀਦੀ ਹੈ । ਧਾਰਮਿਕ ਸਿਧਾਂਤਾਂ ਤੇ ਉਨ੍ਹਾਂ ਦੀ ਵਰਤੋਂ ਬਾਰੇ ਉਹ ਕੱਟੜ ਸਨ। ਅਮੀਰ ਤੇ ਚੰਗੇ ਰੱਜੇ ਪੁੱਜੇ ਲੋਕ ਉਨ੍ਹਾਂ ਤੋਂ ਡਰਦੇ ਸਨ, ਪਰ ਆਮ ਸਿੱਖ ਜਨਤਾ ਵਿਚ ਉਹ ਕਾਫੀ ਹਰਮਨ-ਪਿਆਰੇ ਸਨ ।

ਫੂਲਾ ਸਿੰਘ ਵਿਚ ਅਕਾਲੀ ਆਚਰਨ ਦੇ ਸਰਵੋਤਮ ਗੁਣ ਤੇ ਸਭ ਤੋਂ ਘਟੀਆ ਅੰਸ਼ ਦੋਵੇਂ ਮਿਲਦੇ ਸਨ। ਸਭ ਤੋਂ ਵਧੀਆ ਗੱਲ ਉਸ ਦੀ ਇਹ ਸੀ ਕਿ ਬਹਾਦਰੀ ਦੇ ਔਖੇ ਤੋਂ ਔਖੇ ਕੰਮ ਕਰਨ ਤੋਂ ਕਦੀ ਨਹੀਂ ਸੀ ਸੰਗਦਾ ਪ੍ਰੰਤੂ ਸਭ ਤੋਂ ਭੈੜੀ ਗੱਲ ਉਸ ਦਾ ਧਾਰਮਿਕ ਕੱਟੜਪੁਣਾ ਸੀ। ਰਣਜੀਤ ਸਿੰਘ ਨੇ ਇਨ੍ਹਾਂ ਦੋਹਾਂ ਦੀ ਇਕੱਠਿਆਂ ਵਰਤੋਂ ਕੀਤੀ। ਬੜੇ ਨਾਜ਼ਕ ਮੌਕਿਆਂ ਤੇ ਜਦੋਂ ਉਸ ਦਾ ਟਾਕਰਾ ਇਸੇ ਪ੍ਰਕਾਰ ਦੇ ਕੱਟੜ ਮੁਸਲਮਾਨਾਂ ਨਾਲ ਹੁੰਦਾ ਸੀ, ਜਿਵੇਂ ਕਿ ਕਸੂਰ ਤੇ ਨੌਸ਼ਹਿਰੇ ਦੀ ਲੜਾਈਆਂ ਵੇਲੇ, ਉਦੋਂ ਫੂਲਾ ਸਿੰਘ ਤੇ ਉਸ ਦੇ ਅਕਾਲੀਆਂ ਨੂੰ ਉੱਥੇ ਭੇਜ ਦਿੱਤਾ ਜਾਂਦਾ ਸੀ । ਪਰ ਇਸ ਅਨੋਖੇ ਆਦਮੀ ਦਿਆਂ ਹੋਰ ਲੱਛਣਾਂ ਨੂੰ ਕਾਬੂ ਵਿਚ ਲਿਆਉਣ ਲਈ ਰਣਜੀਤ ਸਿੰਘ ਨੂੰ ਕੁਝ ਸਮਾਂ ਲੱਗਾ । ਅਜੀਬ ਗੱਲ ਹੈ, ਪਰ ਇਹ ਹੈ ਠੀਕ, ਕਿ ਉਸ ਦੇ ਇਕ ਅਜਿਹੇ ਲੱਛਣ ਦਾ ਕਾਰਨ ਉਹ ਪ੍ਰਸੰਸਾ ਸੀ ਜੋ ਉਸ ਦੇ ਦਿਲ ਵਿਚ ਰਣਜੀਤ ਸਿੰਘ ਲਈ ਸੀ । ਉਹ ਨਹੀਂ ਸਹਾਰ ਸਕਦਾ ਕਿ ਉਸ ਦੇ ਸੁਪਨਿਆਂ ਦਾ ਤਾਜਦਾਰ ਅਰਥਾਤ ਰਣਜੀਤ ਸਿੰਘ ਰਾਜਨੀਤੀ ਦੀ ਖਾਤਰ ਅਸੂਲਾਂ ਨਾਲ ਕੋਈ ਸਮਝੌਤਾ ਕਰੇ । ਮੈਟਕਾਫ ਦੀ ਮੁਸਲਮਾਨ ਗਾਰਡ ਤੇ ਅੰਮ੍ਰਿਤਸਰ ਦੇ ਅਕਾਲੀਆਂ ਵਿਚ ਜੋ ਦੰਗਾ ਹੋਇਆ ਉਸ ਦਾ ਕਰਤਾ ਧਰਤਾ ਫੂਲਾ ਸਿੰਘ ਹੀ ਸੀ ਤੇ ਉਸ ਦਾ ਮਨੋਰਥ ਇਹ ਦੰਗਾ ਪੈਦਾ ਕਰਨ ਦਾ ਇਹ ਸੀ ਕਿ ਅੰਮ੍ਰਿਤਸਰ ਦੀ ਸੰਧੀ ਲਈ ਜੋ ਗੱਲਬਾਤ ਚਲ ਰਹੀ ਹੈ ਉਹ ਨੇਪਰੇ ਨਾ ਚੜ੍ਹੇ, ਕਿਉਂਕਿ ਉਸ ਦਾ ਖਿਆਲ ਸੀ ਕਿ ਸੰਧੀ ਤੇ ਦਸਤਖ਼ਤ ਕਰ ਕੇ ਰਣਜੀਤ ਸਿੰਘ ਦੀ ਇਕ ਸੁਤੰਤਰ ਸ਼ਾਸਕ ਦੇ ਰੂਪ ਵਿਚ ਪੋਜ਼ੀਸ਼ਨ ਕਮਜ਼ੋਰ ਹੋ ਜਾਏਗੀ । ਫੂਲਾ ਸਿੰਘ ਇਹ ਨਹੀਂ ਸੀ ਜਾਣਦਾ ਕਿ ਇਸ ਬੇਤਹਾਸਾ ਕਾਰਵਾਈ ਨਾਲ ਉਹ ਸੰਧੀ ਨੂੰ ਸਿਰੇ ਚੜ੍ਹਨ ਵਿਚ ਸਗੋਂ ਸਹਾਇਤਾ ਦੇ ਰਿਹਾ ਹੈ। ਇਸ ਤੋਂ ਵੀ ਭੈੜੀ ਗੱਲ ਸੀ ਉਸ ਦਾ ਲੁੱਟਮਾਰ ਲਈ ਬਾਰ-ਬਾਰ ਇਧਰ-ਉਧਰ ਜਾਣਾ। ਇਸ ਦਾ ਕਰਨ ਇਹ ਗ਼ਲਤਫਹਿਮੀ ਸੀ ਕਿ ਕਾਨੂੰਨੀ ਤੇ ਸਰਕਾਰੀ ਤਾਕਤ ਦੀ ਉਲੰਘਣਾ ਤੇ ਅਨਾਦਰ ਕਰਨਾ ਤੇ ਲੋਕਾਂ ਪਾਸੋਂ ਜ਼ਬਰਦਸਤੀ ਉਗਰਾਹੀ ਕਰਨਾ ਅਕਾਲੀਆਂ ਦਾ ਅਧਿਕਾਰ ਹੈ। ਰਣਜੀਤ ਸਿੰਘ ਨੂੰ ਬਾਰ-ਬਾਰ ਫੂਲਾ ਸਿੰਘ ਨੂੰ ਇਨ੍ਹਾਂ ਗੱਲਾਂ ਕਰਕੇ ਝਾੜਨਾ ਪੈਂਦਾ ਤੇ ਲੁੱਟਮਾਰ ਦਾ ਸਾਮਾਨ ਵਾਪਸ ਕਰਵਾਣਾ ਪੈਂਦਾ ਅਰਥਾਤ ਉਹ ਸਾਮਾਨ ਜੋ ਅਜੇ ਉਸ ਨੇ ਗ਼ਰੀਬਾਂ ਅਤੇ ਆਪਣੇ ਸਾਥੀਆਂ ਵਿਚ ਵੰਡਿਆ ਨਹੀਂ ਸੀ ਹੁੰਦਾ। ਜਦ ਤਕ ਰਣਜੀਤ ਸਿੰਘ ਨੇ ਉਸ ਨੂੰ ਤੇ ਉਸ ਦੇ ਟੋਲੇ ਨੂੰ ਆਪਣੀ ਮੁਲਾਜਮਤ ਵਿਚ ਲੈ ਕੇ ਆਪਣੇ ਅਨੁਸ਼ਾਸਨ ਹੇਠ ਸਿੱਧੇ ਤੌਰ ਤੇ ਨਾ ਲਿਆਂਦਾ, ਤਦ ਤੀਕ ਇਹ ਲੁੱਟਮਾਰ ਦੀਆਂ ਕਾਰਵਾਈਆਂ ਖ਼ਤਮ ਨਾ ਹੋਈਆਂ।

ਰਣਜੀਤ ਸਿੰਘ ਨੇ ਫੂਲਾ ਸਿੰਘ ਨਾਲ ਇਕ ਵਿਅਕਤੀ ਦੇ ਤੌਰ ਤੇ ਇਕ ਲਹਿਰ ਦੇ ਆਗੂ ਦੇ ਤੌਰ ਤੇ ਸਲੂਕ ਕੀਤਾ ਤੇ ਜਿਸ ਔਖੇ ਮਸਲੇ ਦਾ ਉਹ ਮਾਲਕ ਸੀ, ਉਸ ਦੀ ਦੋਹਾਂ ਪੱਖਾਂ ਤੋਂ ਸੁਯੋਗ ਵਰਤੋਂ ਕੀਤੀ। ਨਿੱਜੀ ਪੱਖ ਵੱਲੋਂ ਉਹ ਬਹਾਦਰ ਤੇ ਸ਼ਾਨਦਾਰ ਸਿਪਾਹੀ ਸੀ । ਅਕਾਲੀ ਲਹਿਰ ਦਾ ਇਕ ਆਗੂ ਹੋਣ ਦੇ ਨਾਤੇ ਉਹ ਇਕ ਅਜਿਹੀ ਤਾਕਤ ਦੀ ਪ੍ਰਤੀਨਿਧਤਾ ਕਰਦਾ ਸੀ ਜਿਸ ਦੀ ਵਰਤੋਂ ਰਾਜਨੀਤੀ ਪੱਖ ਤੋਂ ਜੇ ਠੀਕ ਨਾ ਕੀਤੀ ਜਾਂਦੀ ਤਾਂ ਇਹ ਰਾਜ ਭਾਗ ਨੂੰ ਜੜਾਂ ਤੋਂ ਹਿਲਾ ਸਕਦੀ ਸੀ। ਇਕ ਅਣਖੀ ਤੇ ਸੁਤੰਤਰ ਅਕਾਲੀ ਆਗੂ ਪਾਸੋਂ ਸਰਕਾਰੀ ਨੋਕਰੀ ਪ੍ਰਵਾਨ ਕਰਾ ਲੈਣਾ ਮਨੁੱਖੀ ਸੰਬੰਧਾਂ ਦੇ ਬੰਦੋਬਸਤ ਬਾਰੇ ਰਣਜੀਤ ਸਿੰਘ ਦੀ ਇਕ ਵੱਡੀ ਸਫ਼ਲਤਾ ਸੀ। ਇੰਨੀ ਹੀ ਮਹਾਨ ਉਸ ਦੀ ਰਾਜਨੀਤੀ ਦੀ ਇਹ ਪ੍ਰਾਪਤੀ ਸੀ ਕਿ ਉਸ ਨੇ ਅਕਾਲੀ ਸ਼ਕਤੀ ਨੂੰ ਸਰਕਾਰੀ ਹਿਤਾਂ ਵਾਸਤੇ ਵਰਤ ਲਿਆ ਪ੍ਰੰਤੂ ਇਨ੍ਹਾਂ ਲਈ ਰਣਜੀਤ ਨੂੰ ਕਾਫ਼ੀ ਸਬਰ ਤੇ ਧੀਰਜ ਤੋਂ ਕੰਮ ਲੈਣਾ ਪਿਆ । ਅਕਾਲੀ ਫੂਲਾ ਸਿੰਘ ਖ਼ਾਸ ਕਰਕੇ ਉਨ੍ਹਾਂ ਡਾਢੇ ਅਕਾਲੀਆਂ ਵਿਚੋਂ ਸੀ ਜੋ ਜਣੇ ਖਣੇ ਦੀ ਬੇਇਜ਼ਤੀ ਕਰਨਾ ਆਪਣੇ ਜੀਵਨ ਦਾ ਪੇਸ਼ਾ ਬਣਾ ਲੈਂਦੇ ਹਨ ਤੇ ਕਈ ਮੌਕਿਆਂ ਤੇ ਉਸ ਨੇ ਇਹ ਹਥਿਆਰ ਰਣਜੀਤ ਸਿੰਘ ਨਾਲ ਵੀ ਵਰਤਿਆ, ਜਦ ਤਕ ਕਿ ਉਹ ਪੂਰੀ ਤਰ੍ਹਾਂ ਅਸੀਲ ਨਹੀਂ ਸੀ ਹੋ ਗਿਆ। ਉਹ ਤਾਂ ਰਣਜੀਤ ਸਿੰਘ ਤੇ ਕਾਤਲਾਨਾ ਹਮਲਾ ਕਰਨ, ਕਮ ਸੇ ਕਮ ਇਸ ਦਾ ਮੁਜ਼ਾਹਰਾ ਕਰਨ, ਤੋਂ ਵੀ ਸੰਕੋਚ ਨਹੀਂ ਸੀ ਕਰਦਾ। ਰਣਜੀਤ ਸਿੰਘ ਤੇ ਅੰਗਰੇਜ਼ ਗਵਰਨਰ ਜਨਰਲ ਦੀ ਰੋਪੜ ਵਿਖੇ ਮੀਟਿੰਗ ਤੋਂ ਜਲਦੀ ਹੀ ਬਾਅਦ, ਜਿਸ ਵਿਚ ਰਣਜੀਤ ਸਿੰਘ ਨੂੰ ਸਿੰਧ ਦੇ ਕਿਸੇ ਇਲਾਕੇ ਤੇ ਕਬਜ਼ਾ ਕਰਨ ਦੀ ਮਨਾਹੀ ਕੀਤੀ ਗਈ ਸੀ, ਇਕ ਅਕਾਲੀ ਨੇ ਨੰਗੀ ਤਲਵਾਰ ਨਾਲ ਰਣਜੀਤ ਸਿੰਘ ਤੇ ਹੱਲਾ ਕੀਤਾ। ਇਸ ਆਦਮੀ ਨੂੰ ਫੜਨ ਬਾਅਦ ਕੋਈ ਲੋੜ ਨਹੀਂ ਸੀ ਜਾਪਦੀ ਇਹ ਪਤਾ ਕਰਨ ਦੀ ਕਿ ਇਸ ਸਾਰੀ ਕਾਰਵਾਈ ਪਿੱਛੇ ਦਿਮਾਗ ਕਿਸ ਦਾ ਕੰਮ ਕਰ ਰਿਹਾ ਹੈ। ਰਣਜੀਤ ਸਿੰਘ ਨੇ ਝੱਟ ਸਮਝ ਲਿਆ ਕਿ ਇਹ ਗਰਮ ਦਿਮਾਗ ਅਕਾਲੀ ਆਗੂ ਦੀ ਉਸ ਦੀ ਸਮਝੌਤੇ ਵਾਲੀ ਰਾਜਨੀਤੀ ਨਾਲ ਅਸੰਤੁਸ਼ਟਤਾ ਤੇ ਖਾਲਸਾ ਦਰਬਾਰ ਦੇ ਤੇਜ਼ ਪ੍ਰਤਾਪ ਸਬੰਧੀ ਉਸ ਦੀ ਉਤਸਾਹ-ਭਰਪੂਰ ਪ੍ਰੋੜ੍ਹਤਾ ਦਾ ਇਕ ਹੋਰ ਪ੍ਰਗਟਾਵਾ ਹੈ। ਅਕਾਲੀ ਫੂਲਾ ਸਿੰਘ ਮਹਾਰਾਜਾ ਦੀ ਨੋਕਰੀ ਕਰਦਾ ਰਿਹਾ ਜਦ ਕਿ ਨੌਸ਼ਹਿਰੇ ਦੀ ਲੜਾਈ ਵਿਚ ਉਹ ਬਹਾਦਰੀ ਨਾਲ ਲੜਦਾ ਹੋਇਆ ਮਾਰਿਆ ਗਿਆ। ਫ਼ਕੀਰ ਭਰਾਵਾਂ ਲਈ ਅਕਾਲੀ ਫੂਲਾ ਸਿੰਘ ਦੇ ਮਨ ਵਿਚ ਅਜ਼ੀਬ ਕਿਸਮ ਦਾ ਸਤਿਕਾਰ ਸੀ । ਉਹ ਅਕਸਰ ਮਜ਼ਾਕ ਦੇ ਤੌਰ ਤੇ ਵੱਡੇ ਪੁਰਸ਼ਾਂ ਦੀ ਬੇਜ਼ਤੀ ਕਰਦਾ ਰਹਿੰਦਾ ਸੀ। ਉਸ ਨੇ ਇਨ੍ਹਾਂ ਨਾਲ ਨਾ ਕੇਵਲ ਅਜਿਹੀ ਹਰਕਤ ਤੋਂ ਪਰਹੇਜ਼ ਹੀ ਕੀਤਾ ਸਗੋਂ ਕਈ ਵਾਰ ਇਨ੍ਹਾਂ ਪਾਸੋਂ ਮਿੱਠੀਆਂ ਝਾੜਾਂ ਵੀ ਸੁਣ ਲੈਂਦਾ ਸੀ । ਇਸ ਸਭ ਦਾ ਕਾਰਨ ਡਰ ਨਹੀਂ ਹੋ ਸਕਦਾ ਕਿਉਂਕਿ ਉਹ ਪੂਰਨ ਤੌਰ ਤੇ ਨਿਡਰ ਪੁਰਸ਼ ਸੀ ਤੇ ਫਿਰ ਫ਼ਕੀਰ ਭਰਾਵਾਂ ਪਾਸੋਂ ਉਸ ਨੇ ਕਿਉਂ ਡਰਨਾ ਸੀ। ਅਸਲ ਵਿਚ ਅਕਾਲੀ ਸਾਰੇ ਫ਼ਕੀਰ ਭਰਾਵਾਂ ਦਾ ਆਪਣੇ ਢੰਗ ਨਾਲ ਸਤਿਕਾਰ ਕਰਦੇ ਤੇ ਉਨ੍ਹਾਂ ਨੂੰ ‘ਬਾਬਾ ਜੀ’ ਜਾਂ ਸਾਂਈ ਜੀ ਕਰਕੇ ਸੱਦਦੇ—ਇਨ੍ਹਾਂ ਸ਼ਬਦਾਂ ਦੀ ਵਰਤੋਂ ਸਦਾ ਧਾਰਮਿਕ ਤੇ ਪਵਿੱਤਰ ਪੁਰਸ਼ਾਂ ਵਾਸਤੇ ਕੀਤੀ ਜਾਂਦੀ । ਪੂਰੀ ਤਰ੍ਹਾਂ ਕਾਬੂ ਹੇਠ ਆਉਣ ਤੋਂ ਪਹਿਲਾਂ, ਜਦੋਂ ਉਹ ਸਮੇਂ-ਸਮੇਂ ਲੁੱਟ-ਮਾਰ ਦੀਆਂ ਕਾਰਵਾਈਆਂ ਕਰਦੇ ਰਹਿੰਦੇ ਸਨ, ਇਕ ਵਾਰੀ ਸ਼ਹੀਦਗੰਜ ਮਸਜਦ, ਜੋ ਲੰਡਾ ਬਾਜ਼ਾਰ ਵਿਚ ਹੈ, ਪਾਸ ਕੁਝ ਅਕਾਲੀਆਂ ਨੇ ਫ਼ਕੀਰ ਨੂਰਉੱਦੀਨ ਨੂੰ ਰੋਕ ਕੇ ‘ਗਫੇ’ (ਮਾਇਕ ਤੁਹਫਾ) ਦੀ ਮੰਗ ਕੀਤੀ। ਫ਼ਕੀਰ ਨੂਰਉੱਦੀਨ ਦੱਸਦਾ ਹੈ ਕਿ ਇਹ ਪੈਸੇ ਉਨ੍ਹਾਂ ਬੜੇ ਸਤਿਕਾਰ ਨਾਲ ਮੰਗੇ ਜਿਵੇਂ ਕੋਈ ਮੰਗਤਾ ਬੇਨਤੀ ਕਰਦਾ ਹੈ। ਉਸ ਪਾਸ ਉਸ ਸਮੇਂ ਕਾਫ਼ੀ ਪੈਸੇ ਨਹੀਂ ਸਨ ਇਸ ਕਰਕੇ ਉਸ ਨੇ ਉਨ੍ਹਾਂ ਨੂੰ ਘਰ ਆਉਣ ਲਈ ਸੱਦਾ ਦਿੱਤਾ। ਜਦੋਂ ਉਹ ਘਰ ਆਏ ਤਾਂ ਉਸ ਨੇ ਉਨ੍ਹਾਂ ਨੂੰ 2000/- ਰੁਪਏ ਦਿੱਤੇ। ਜਦੋਂ ਮਹਾਰਾਜੇ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਸੰਬੰਧਿਤ ਅਕਾਲੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਪੇਸ਼ ਹੋਣ ਲਈ ਕਿਹਾ। ਮਹਾਰਾਜਾ ਇੰਨੇ ਨਰਾਜ਼ ਸਨ ਤੇ ਫ਼ਕੀਰ ਨੂੰ ਸੰਦੇਹ ਸੀ ਕਿ ਉਹ ਸਖਤ ਸਜਾ ਦੇਵੇਗਾ। ਨਾਚਾਕੀ ਤੋਂ ਬਚਣ ਲਈ ਉਸ ਨੇ ਮਹਾਰਾਜੇ ਨੂੰ ਕਿਹਾ ਕਿ ਇਹ ਡਾਕਾ ਜਾਂ ਖੋਹਾ-ਖਾਹੀ ਦਾ ਮਸਲਾ ਨਹੀਂ ਕਿਉਂਕਿ ਇਹ ਰੁਪਏ ਉਸ ਨੇ ਆਪਣੀ ਮਰਜ਼ੀ ਨਾਲ ਦਿੱਤੇ ਹਨ। ਸਪੱਸ਼ਟ ਹੀ ਮਹਾਰਾਜਾ ਨਾਰਾਜ਼ ਹੋਇਆ ਕਿਉਂਕਿ ਉਹ ਹੁਣ ਉਨ੍ਹਾਂ ਨੂੰ ਯੋਗ ਸਜ਼ਾ ਨਹੀਂ ਸੀ ਦੇ ਸਕਦਾ ਜਿਸ ਦੇ ਉਹ ਹੱਕਦਾਰ ਸਨ, ਸਗੋਂ ਉਸ ਨੂੰ ਉਨ੍ਹਾਂ ਨੂੰ ਛੱਡਣਾ ਪੈ ਗਿਆ। ਪ੍ਰੰਤੂ ਨੂਰਉੱਦੀਨ ਨੂੰ ਇਸ ਦਰਿਆ-ਦਿਲੀ ਦਾ ਬਹੁਤ ਲਾਭ ਹੋਇਆ, ਕਿਉਂਕਿ ਅਕਾਲੀਆਂ ਨੇ ਫਿਰ ਕਦੀ ਉਸ ਨੂੰ ਤੰਗ ਨਹੀਂ ਕੀਤਾ ।

ਇਕ ਵਿਅਕਤੀ ਜੋ ਸੰਤ ਹੋ ਸਕਦਾ ਸੀ

ਰਾਜ ਕੌਰ, ਜੋ ਰਣਜੀਤ ਸਿੰਘ ਦੀ ਦੂਜੀ ਵਹੁਟੀ ਸੀ, ਉਸ ਦੀ ਪਹਿਲੀ ਪਤਨੀ ਮਹਿਤਾਬ ਕੌਰ ਤੋਂ 1802 ਈ. ਵਿਚ ਪਹਿਲੇ ਲੜਕੇ ਨੂੰ ਜਨਮ ਦੇ ਕੇ ਅੱਗੇ ਨਿਕਲ ਗਈ। ਇਸ ਲੜਕੇ ਦਾ ਨਾਂ ਜੋਤਸ਼ੀਆਂ ਦੇ ਕਹਿਣ ਤੇ ਖੜਕ ਸਿੰਘ ਰੱਖਿਆ ਗਿਆ । ਮਹਾਰਾਜਾ ਤੇ ਉਸ ਦੇ ਸਭ ਲੋਕ ਰਾਜ ਭਾਗ ਦੇ ਵਲੀਅਹਿਦ ਦੇ ਜਨਮ ਤੇ ਇੰਨੇ ਖੁਸ਼ ਸਨ ਕਿ ਸਾਰਾ ਲਾਹੌਰ ਕਈ ਹਫ਼ਤਿਆਂ ਲਈ ਖੁਸ਼ੀਆਂ ਮਨਾਂਦਾ ਰਿਹਾ। ਦਰਬਾਰ ਦੇ ਹਰ ਦਰਬਾਰੀ ਨੂੰ ਸ਼ਾਹੀ ਪੋਸ਼ਾਕ ਤੇ ਰਾਜਧਾਨੀ ਵਿਚ ਵਸਦੇ ਹਰ ਸਿਪਾਹੀ ਨੂੰ ਸੋਨੇ ਦੀ ਮਾਲਾ ਇਨਾਮ ਵੱਜੋਂ ਮਿਲੀ । ਸ਼ਾਹੀ ਖਜ਼ਾਨੇ ਵਿਚੋਂ ਗ਼ਰੀਬਾਂ ਨੂੰ ਵੀ ਬਹੁਤ ਖੁਲ੍ਹ-ਦਿਲੀ ਨਾਲ ਪੈਸਾ ਵੰਡਿਆ ਗਿਆ ।

ਇਹ ਨਿਆਣਾ ਬੱਚਾ ਜਦ ਵੱਡਾ ਹੋਇਆ ਤਾਂ ਬੜਾ ਖੁਸ਼ ਰਹਿਣਾ ਤੇ ਸੁਲਝੇ ਹੋਏ ਸੁਭਾ ਦਾ ਮਾਲਕ ਸੀ । ਉਸ ਨੂੰ ਜੰਗੀ ਕਰਤੱਵ ਸਿਖਾਏ ਗਏ ਤੇ ਮੁਹਿੰਮਾਂ ਤੇ ਵੀ ਭੇਜਿਆ ਗਿਆ-ਆਰੰਭ ਵਿਚ ਸਿਖਲਾਈ ਲਈ, ਮਗਰੋਂ ਫ਼ੌਜਾਂ ਦੀ ਸਰਸਰੀ ਕਮਾਨ ਦੇ ਕੇ ਤੇ ਬਾਅਦ ਵਿਚ ਪੱਕੀ ਕਮਾਨ ਸੌਂਪ ਕੇ । ਹਰ ਅਵਸਰ ਤੇ ਉਸ ਨੇ ਆਪਣੇ ਕਰਤੱਵ ਨਾਲ ਜੱਸ ਖਟਿਆ ਤੇ ਆਸ ਕੀਤੀ ਜਾ ਸਕਦੀ ਸੀ ਕਿ ਵਕਤ ਆਉਣ ਤੇ ਉਹ ਇਕ ਯੋਗ ਫ਼ੌਜੀ ਆਗੂ ਸਾਬਤ ਹੋਵੇਗਾ। ਪਰ ਉਹ ਮਨ ਦਾ ਸਰਲ, ਭੋਲਾ ਤੇ ਜਲਦੀ ਧੋਖਾ ਖਾ ਜਾਣ ਵਾਲਾ ਤੇ ਦਿਮਾਗੀ ਤੌਰ ਤੇ ਆਲਸੀ ਸਾਬਤ ਹੋਇਆ। ਉਸ ਨੇ ਆਪਣੀ ਜਾਗੀਰ ਦਾ ਪ੍ਰਬੰਧ ਆਪਣੇ ਉਸਤਾਦ ਦੇ ਹੱਥ ਦੇ ਰਖਿਆ ਸੀ ਜਿਸ ਦਾ ਨਾਮ ਭੱਈਆ ਰਾਮ ਸਿੰਘ ਸੀ । ਇਹ ਇਕ ਮੇਰਠ ਦਾ ਬ੍ਰਾਹਮਣ ਸੀ ਜੋ ਸ਼ੁਰੂ ਵਿਚ ਮਹਾਰਾਜੇ ਦੇ ਅੰਗ-ਰੱਖਾਂ ਵਿਚੋਂ ਸੀ ਅਤੇ ਜੋ ਜਮਾਂਦਾਰ ਖੁਸ਼ਹਾਲ ਸਿੰਘ, ਜੋ ਮਹਾਰਾਜੇ ਦਾ ਡਿਉਢੀਦਾਰ ਸੀ ਦੀ ਸਹਾਇਤਾ ਨਾਲ ਛੇਤੀ ਹੀ ਤਰੱਕੀ ਕਰ ਗਿਆ ਸੀ । ਜਦੋਂ ਰਾਮ ਸਿੰਘ ਦੇ ਖਰਾਬ ਬੰਦੋਬਸਤ ਤੇ ਬੇਕਾਇਦਗੀਆਂ ਬਾਰੇ ਸ਼ਿਕਾਇਤਾਂ ਮਹਾਰਾਜੇ ਦੇ ਕੰਨੀਂ ਪੈਣ ਲੱਗੀਆਂ ਤਾਂ ਉਸ ਨੇ ਸ਼ਹਿਜ਼ਾਦੇ ਨੂੰ ਸੰਕੇਤ ਦਿੱਤਾ ਕਿ ਉਹ ਅੱਗੇ ਤੋਂ ਆਪਣੇ ਨਿਜੀ ਕੰਮਾਂ ਵਿਚ ਵਧੇਰੇ ਦਿਲਚਸਪੀ ਲਿਆ ਕਰੇ। ਪਰ ਸ਼ਹਿਜ਼ਾਦਾ ਭੱਈਆ ਰਾਮ ਸਿੰਘ ਦੇ ਹੱਥਾਂ ਵਿਚ ਇੰਨਾ ਵਿਕ ਚੁੱਕਾ ਸੀ ਕਿ ਇਨ੍ਹਾਂ ਝਿੜਕਾਂ ਦਾ ਉਸ ਉੱਤੇ ਕੋਈ ਅਸਰ ਨਾ ਹੋਇਆ । ਅੰਤ 1816 ਈ. ਵਿਚ ਮਹਾਰਾਜੇ ਨੇ ਇਹ ਨਾ ਸਹਾਰਦੇ ਹੋਏ ਪੈਸੇ ਦੇ ਗਬਨ ਦੇ ਦੋਸ਼ ਵਿਚ ਰਾਮ ਸਿੰਘ ਦੀ ਗ੍ਰਿਫ਼ਤਾਰੀ ਦਾ ਹੁਕਮ ਦਿੱਤਾ। ਰਾਮ ਸਿੰਘ ਚੀਕਦਾ ਰਿਹਾ ਕਿ ਉਹ ਬੇਕਸੂਰ ਹੈ ਤੇ ਜੋ ਰੁਪਏ ਗਬਨ ਦੇ ਉਸ ਦੇ ਸਿਰ ਪਾਏ ਗਏ ਹਨ ਉਹ ਨਹੀਂ ਭਰ ਸਕਦਾ । ਮਹਾਰਾਜੇ ਨੇ ਖੜਕ ਸਿੰਘ ਨੂੰ ਸੱਦ ਭੇਜਿਆ ਤੇ ਭਰੇ ਦਰਬਾਰ ਵਿਚ ਉਸ ਨੂੰ ਦੱਸਿਆ ਕਿ ਉਹ ਇਕ ਹੋਰ ਆਦਮੀ ਦੀਵਾਨ ਰਾਧਾ ਰਾਮ ਨੂੰ ਰਾਮ ਸਿੰਘ ਦੀ ਜਗ੍ਹਾ ਨਿਯੁਕਤ ਕਰ ਰਿਹਾ ਹੈ। ਖੜਕ ਸਿੰਘ ਨੇ ਰਾਮ ਸਿੰਘ ਦੀ ਬਹਾਲੀ ਲਈ ਬਥੇਰੇ ਹੱਥ-ਪੈਰ ਮਾਰੇ ਤੇ ਕਿਹਾ ਕਿ ਉਹ ਆਪਣੀ ਮਾਤਾ ਵੱਲੋਂ ਇਹ ਕਹਿ ਰਿਹਾ ਹੈ। ਮਹਾਰਾਜੇ ਨੇ ਸ਼ਹਿਜ਼ਾਦੇ ਨੂੰ ਕਿਹਾ ਕਿ ਉਹ ਸਾਰੀ ਗੱਲ ਆਪਣੀ ਮਾਂ ਨਾਲ ਕਰੇ ਤੇ ਉਸ ਦੀ ਪ੍ਰਵਾਨਗੀ ਲਿਆਵੇ।

ਦੂਜੇ ਦਿਨ ਮਹਾਰਾਣੀ ਰਾਜ ਕੌਰ ਦਰਬਾਰ ਵਿਚ ਹਾਜ਼ਰ ਹੋਈ ਤੇ ਉਸ ਨੂੰ ਇਸ ਵਿਸ਼ੇ ਉੱਪਰ ਕਈ ਪ੍ਰਸ਼ਨ ਪੁੱਛੇ ਗਏ। ਉਸ ਨੇ ਫ਼ੈਸਲਾ ਮਹਾਰਾਜੇ ਦੀ ਮਰਜ਼ੀ ਤੇ ਛੱਡ ਦਿੱਤਾ। ਭੱਈਆ ਰਾਮ ਸਿੰਘ ਨੇ ਜਿੰਨਾ ਪੈਸਾ ਉਸ ਦੇ ਨਾਂ ਨਿਕਲਦਾ ਸੀ ਉਸ ਦਾ ਪ੍ਰਬੰਧ ਕੀਤਾ ਤੇ ਖਜਾਨੇ ਵਿਚ ਜਮ੍ਹਾਂ ਕਰਾਇਆ, ਤਦ ਹੀ ਖੜਕ ਸਿੰਘ ਦੀ ਜਾਗੀਰ ਦਾ ਪ੍ਰਬੰਧ ਉਸ ਨੂੰ ਦਿੱਤਾ ਗਿਆ, ਪਰ ਇਸ ਤੋਂ ਪਹਿਲਾਂ ਉਸ ਨੂੰ ਇਸ ਲਈ ਨਕਦ ਜ਼ਮਾਨਤ ਦੇਣੀ ਪਈ ਕਿ ਅੱਗੇ ਲਈ ਦਰਬਾਰ ਦਾ ਨਜ਼ਰਾਨਾ ਬਾਕਾਇਦਾ ਤੌਰ ਤੇ ਦਿੱਤਾ ਜਾਇਆ ਕਰੇਗਾ। ਨਜ਼ਰਾਨੇ ਦੀ ਰਕਮ ਵੇਲੇ ਸਿਰ ਨਾ ਦਿੱਤੀ ਗਈ ਅਤੇ ਜਬਰਨ ਵਸੂਲ ਕਰਨੀ ਪਈ । ਜਿਸ ਤਰੀਕੇ ਨਾਲ ਇਕ ਅਵਸਰ ਤੇ ਖੜਕ ਸਿੰਘ ਦੀ ਸ਼ੇਖੂਪੁਰੇ ਵਾਲੀ ਜਾਗੀਰ ਦਾ ਨਜ਼ਰਾਨਾ ਉਗਰਾਹਿਆ ਗਿਆ ਉਸ ਤੋਂ ਪਤਾ ਲੱਗਦਾ ਹੈ ਕਿ ਦਰਬਾਰ ਦੇ ਪੈਸੇ ਦੀ ਉਗਰਾਹੀ ਵਿਚ ਖੂਨ ਦਾ ਰਿਸ਼ਤਾ ਜਾਂ ਹੋਰ ਜਾਤੀ ਸਬੰਧ ਰਣਜੀਤ ਸਿੰਘ ਨੂੰ ਕਿੰਨਾ ਘੱਟ ਪ੍ਰਭਾਵਿਤ ਕਰਦੇ ਸਨ। ਮਹਾਰਾਣੀ ਰਾਜ ਕੌਰ ਦੀ ਮੌਤ ਦਾ ਅਵਸਰ ਸੀ । ਸੰਸਕਾਰ ਤੋਂ ਬਾਅਦ ਤੁਰੰਤ ਹੀ ਦਰਬਾਰ ਦੇ ਸਿਪਾਹੀ ਸ਼ੇਖੂਪੁਰੇ ਪੁੱਜੇ ਤੇ ਖੜਕ ਸਿੰਘ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ । ਖੜਕ ਸਿੰਘ ਨੇ ਆਪਣੇ ਨੌਕਰ ਇਲਾਹੀਏ ਹੱਥ ਸੁਨੇਹਾ ਭੇਜਿਆ ਕਿ ਸਰਕਾਰੀ ਕਾਵਰਾਈ ਨੇ ਉਸ ਨੂੰ ਬਹੁਤ ਦੁਖੀ ਕੀਤਾ ਹੈ ਕਿਉਂਕਿ ਉਹ ਆਪਣੀ ਮਾਂ ਦੀ ਮੌਤ ਦੇ ਕਾਰਨ ਮਾਤਮ ਵਿਚ ਹੈ। ਮਹਾਰਾਜੇ ਨੇ ਉੱਤਰ ਭੇਜਿਆ ਕਿ ਇਹ ਕਾਰਵਾਈ ਇਸੇ ਲਈ ਕੀਤੀ ਗਈ ਹੈ ਕਿ ਇਹ ਮਾਤਮ ਦਾ ਸਮਾਂ ਹੈ ਤੇ ਇਸ ਕਰਕੇ ਸ਼ਹਿਜ਼ਾਦਾ ਆਪਣੀ ਜਾਗੀਰ ਦੀ ਦੇਖ-ਭਾਲ ਨਹੀਂ ਕਰ ਸਕਦਾ। ਨਾਲ ਇਹ ਵੀ ਕਹਿਲਾ ਭੇਜਿਆ ਕਿ ਜੇ ਸ਼ਹਿਜ਼ਾਦਾ ਪੰਜ ਲੱਖ ਰੁਪਏ ਤਾਰਨ ਦਾ ਲਿਖਤੀ ਵਾਇਦਾ ਕਰੇ ਤਾਂ ਦਰਬਾਰ ਦੇ ਸਿਪਾਹੀ ਵਾਪਸ ਬੁਲਾਏ ਜਾ ਸਕਦੇ ਹਨ।

ਸੰਸਾਰੀ ਸੂਝ-ਬੂਝ ਤੇ ਉੱਚੀ ਪਦਵੀ ਤੇ ਪਹੁੰਚਣ ਦੀ ਲਾਲਸਾ ਸ਼ਹਿਜ਼ਾਦਾ ਖੜਕ ਸਿੰਘ ਵਿਚ ਉੱਕੀ ਨਹੀਂ ਸੀ । ਉਸ ਦਾ ਅਸਲ ਸ਼ੌਕ ਭਜਨ ਬੰਦਗੀ, ਗੁਰੂ ਗ੍ਰੰਥ ਸਾਹਿਬ ਦਾ ਪਾਠ ਅਤੇ ਚੌਕੜੀ ਮਾਰ ਸਿਰ ਨੀਵਾਂ ਕਰਕੇ ਸੰਤਾਂ ਮਹਾਤਮਾ ਦੀ ਸੰਗਤ ਕਰਨ ਵਿਚ ਸੀ । ਸ਼ਾਇਦ ਉਹ ਗੁਰੂ ਸਾਹਿਬਾਂ ਦੇ ਸਮੇਂ ਹੋਏ ਆਪਣੇ ਕਿਸੇ ਬਜ਼ੁਰਗ ਦਾ ਪੁਨਰ-ਜਾਮਾ ਸੀ ਅਰਥਾਤ ਸਿੱਖਾਂ ਦੇ ਸਿਪਾਹੀ ਬਣਕੇ ਰਾਜਸੀ ਤਾਕਤ ਕਰਨ ਤੋਂ ਪਹਿਲਾਂ ਦੇ ਜ਼ਮਾਨੇ ਵਿਚ/ ਰਣਜੀਤ ਸਿੰਘ ਦੇ ਆਚਰਨ ਵਿਚ ਧਾਰਮਿਕ ਤੱਥ ਜ਼ਰੂਰ ਸੀ ਪਰ ਉਸ ਦਾ ਅਮਲੀ ਤੇ ਰਾਜਸੀ ਤੱਥ ਤਕੜਾ ਹੋਣ ਕਰਕੇ ਉਹ ਇਸ ਨੂੰ ਦਬਾ ਕੇ ਰਖਦਾ ਸੀ । ਖੜਕ ਸਿੰਘ ਮਲ ਲਾ ਅਮਲੀ ਤੱਥ ਨੂੰ ਉਤਸਾਹ ਦੇਣ ਵਾਲੀ ਕੋਈ ਚੀਜ਼ ਨਹੀਂ ਸੀ ਅਤੇ ਜੇ ਹੈ ਵੀ ਸੀ ਉਹ ਸਜ ਦੇ ਬੀਤਣ ਨਾਲ ਬੇਕਾਰ ਹੋ ਗਈ। ਉਸ ਦੀ ਇਕ ਪਾਸੜ ਰੁਚੀ ਤੇ ਉਸ ਵਿਚ ਅਮਲੀ ਉਤਸਾਹ ਦੀ ਅਣਹੋਂਦ ਦੇ ਕਾਰਨ ਰਣਜੀਤ ਸਿੰਘ ਨੂੰ ਬਹੁਤ ਪਰੇਸ਼ਾਨੀ ਰਹਿੰਦੀ ਸੀ ਕਿਉਂਕਿ ਉਹ ਜਾਣਦਾ ਸੀ ਕਿ ਉਸ ਦੇ ਵਾਰਸ ਨੂੰ ਅਜਿਹੇ ਗੁਣਾਂ ਦੀ ਅਤੀ ਲੋੜ ਹੈ ਜਿਨ੍ਹਾਂ ਦੁਆਰਾ ਉਹ ਉਸ ਦੀ ਮੌਤ ਉਪਰੰਤ ਜੋ । ਹਾਲਾਤ ਪੈਦਾ ਹੋਣ ਉਨ੍ਹਾਂ ਨਾਲ ਡਟ ਕੇ ਟਾਕਰਾ

ਕਰ ਸਕੇ। ਖੜਕ ਸਿੰਘ ਦਾ ਭੋਲਾਪਨ ਕਾਇਰਤਾ ਤੇ ਦਿਮਾਗੀ ਨਿਰਬਲਤਾ ਦੀ ਹਦ ਤਕ ਪੁੱਜ ਚੁੱਕਾ ਸੀ। ਲੇਖਕ ਦੇ ਘਰਾਣੇ ਦੇ ਕਾਗਜ਼ਾਂ ਵਿਚ ਕੁਝ ਘਟਨਾਵਾਂ ਦਾ ਵਰਣਨ ਹੈ ਜਿਸ ਤੋਂ ਇਹ ਬਿਲਕੁਲ ਸਾਫ਼ ਜ਼ਾਹਰ ਹੋ ਜਾਂਦਾ ਹੈ :

ਇਕ ਦਿਨ ਰਣਜੀਤ ਸਿੰਘ ਖੜਕ ਸਿੰਘ ਨੂੰ ਝਿੜਕ ਰਿਹਾ ਸੀ ਕਿ ਉਹ ਆਪਣੇ ਨਿੱਜੀ ਮਾਮਲਿਆਂ ਦੀ ਦੇਖ-ਭਾਲ ਕਰਨ ਦੀ ਜਾਂਚ ਸਿੱਖੇ ਤਾਂ ਕਿ ਉਹ ਬਾਅਦ ਵਿਚ ਤਖ਼ਤ ਤੇ ਬੈਠਣ ਦੇ ਯੋਗ ਹੋ ਸਕੇ । ਇਹ ਦੱਸਣ ਲਈ ਕਿ ਉਹ ਸਮਾਂ ਕਿਵੇਂ ਤੇਜ਼ੀ ਨਾਲ ਨੇੜੇ ਆ ਰਿਹਾ ਹੈ ਉਸ ਨੇ ਆਪਣੀ ਦਾੜ੍ਹੀ ਵੱਲ ਇਸ਼ਾਰਾ ਕੀਤਾ ਤੇ ਕਿਹਾ “ਵੇਖ ਮੇਰੀ ਧਉਲੀ ਦਾੜ੍ਹੀ ਵੱਲ, ਮੇਰੇ ਬੱਚੇ।” ਗੱਦੀ ਦਾ ਵਾਰਸ ਅੱਗੇ ਵਧਿਆ ਦਾੜ੍ਹੀ ਨੂੰ ਹੱਥ ਵਿਚ ਲਿਆ, ਧਿਆਨ ਨਾਲ ਦੇਖ ਕੇ ਕਹਿਣ ਲੱਗਾ “ਹਾਂ, ਪਰਮਾਤਮਾ ਦੀ ਸਹੁੰ ਸਾਰੀ ਚਿੱਟੀ ਹੋ ਗਈ ਹੈ।” ਇਹ ਸਭ ਇਕ ਗੁਪਤ ਪ੍ਰਾਈਵੇਟ ਥਾਂ ਤੇ ਹੋਇਆ ਪਰ ਫਿਰ ਵੀ ਕੁਝ ਦਰਬਾਰੀ ਹਾਜ਼ਰ ਸਨ । ਇਨ੍ਹਾਂ ਵਿਚੋਂ ਇਕ ਫ਼ਕੀਰ ਅਜ਼ੀਜ਼ਉੱਦੀਨ ਸੀ ਜਿਸ ਨੇ ਲਿਖਿਆ ਹੈ ਕਿ ਉਹ ਕਿੰਨਾ ਘਬਰਾਇਆ ਤੇ ਦੁਖੀ ਹੋਇਆ। ਜਿੱਥੋਂ ਤਕ ਮਹਾਰਾਜੇ ਦਾ ਸਬੰਧ ਸੀ ਉਸ ਦੇ ਚਿਹਰੇ ਤੇ ਇਕ ਬਹੁਤ ਹੀ ਨਿਰਾਸਤਾ ਦੀ ਝਲਕ ਦਿਸਦੀ ਸੀ। ਅਜਿਹੀ ਬਚਗਾਨਾ ਬੁੱਧੀ ਦੇ ਸਬੰਧ ਵਿਚ ਸ਼ਾਸਕ ਜਾਂ ਪਿਤਾ ਗੁੱਸੇ ਵਿਚ ਆ ਕੇ ਕਰ ਵੀ ਕੀ ਸਕਦਾ ਸੀ?

ਇਕ ਹੋਰ ਸਮੇਂ, ਜਦੋਂ ਸ਼ਹਿਜ਼ਾਦਾ ਖੜਕ ਸਿੰਘ ਸ਼ਾਹੀ ਅਸਤਬਲ ਦਾ ਮੁਆਇਨਾ ਕਰ ਰਿਹਾ ਸੀ ਤੇ ਫਕੀਰ ਨੂਰਉੱਦੀਨ ਸ਼ਾਹੀ ਹੁਕਮ ਅਨੁਸਾਰ ਉਸ ਨਾਲ ਸੀ, ਇਕ ਘੋੜਾ ਕੋਲੋਂ ਦੀ ਲੰਘਿਆ, ਅਸਤਬਲ ਦੇ ਕਰਮਾਚਾਰੀ ਨੂੰ ਸੰਬੋਧਨ ਕਰਕੇ ਸ਼ਹਿਜ਼ਾਦੇ ਨੇ ਪੁੱਛਿਆ, “ਕੀ ਇਹ ਉਹੀ ਘੋੜਾ ਨਹੀਂ ਜੋ ਨੌਸ਼ਿਹਿਰੇ ਦੀ ਜੰਗ ਵਿਚ ਮਾਰਿਆ ਗਿਆ ਸੀ?” ਤੇਜ ਬੁੱਧੀ ਵਾਲੇ ਅਸਤਬਲ ਇੰਚਾਰਜ ਨੇ ਝਟ ਉੱਤਰ ਦਿੱਤਾ “ਜੀ ਸਰਕਾਰ ਇਹ ਉਹੀ ਹੈ।” ਇਕ ਲੰਮੇ ਸਮੇਂ ਤਕ ਇਹ ਮਸਲਾ ਪਰੇਸ਼ਾਨ ਕਰਦਾ ਰਿਹਾ ਕਿ ਖੜਕ ਸਿੰਘ ਨੂੰ ਗੱਦੀ ਦਾ ਮਾਲਕ ਬਣਾਇਆ ਜਾਏ ਕਿ ਨਾ, ਖ਼ਾਸ ਕਰਕੇ ਜਦੋਂ ਮਹਾਰਾਜੇ ਦੇ ਮਨ ਵਿਚ ਸ਼ਹਿਜ਼ਾਦੇ ਦੇ ਆਪਣੀ ਜਾਗੀਰ ਨੂੰ ਵੀ ਠੀਕ ਤਰ੍ਹਾਂ ਨਾ ਚੱਲਣ ਕਰਕੇ ਅਸੰਤੁਸ਼ਟਤਾ ਸੀ, ਪਰ ਭੱਈਆ ਰਾਮ ਸਿੰਘ ਵਾਲੀ ਘਟਨਾ ਉਸ ਲਈ ਇਕ ਰੱਬੀ ਦਾਤ ਸਾਬਤ ਹੋਈ। ਇਕ ਅਵਸਰ ‘ਤੇ ਮਹਾਰਾਜੇ ਨੇ ਇਸ ਮਾਮਲੇ ਬਾਰੇ ਸ਼ਹਿਜਾਦੇ ਤੋਂ ਪੁੱਛ-ਗਿੱਛ ਕੀਤੀ, ਮਹਾਰਾਜੇ ਆ ਬਹੁਤ ਹੀ ਕਰੋਧ ਆਇਆ ਤੇ ਉਸ ਨੇ ਸ਼ਹਿਜ਼ਾਦੇ ਨੂੰ ਨਜ਼ਰੋਂ ਦੂਰ ਹੋਣ ਲਈ ਕਿਹਾ। ਇਹ ਗੱਲ ਸ਼ਹਿਜ਼ਾਦੇ ਨੇ ਦਿਲ ਨੂੰ ਲਾ ਲਈ ਤੇ ਕਿੰਨਾ ਚਿਰ ਉਹ ਦਰਬਾਰ ਵਿਚ ਨਾ ਆਇਆ। ਮਹਾਰਾਜੇ ਦੇ ਮੰਤਰੀਆਂ, ਖ਼ਾਸ ਕਰਕੇ ਅਜੀਜਉਦੀਨ ਨੇ ਸ਼ਹਿਜ਼ਾਦੇ ਦੇ ਪੱਖ ਵਿਚ ਮਹਾਰਾਜੇ ਨੂੰ ਕਿਹਾ ਕਿ ਕੁਝ ਨਾ ਕੁਝ ਕੀਤਾ ਜਾਏ ਤਾਂ ਕਿ ਉਸ ਦੀ ਬੇਇਜ਼ਤੀ ਦਾ ਕੁਝ ਹੱਲ ਹੋ ਸਕੇ। ਮਹਾਰਾਜੇ ਨੇ ਕੌੜਾ ਘੁੱਟ ਭਰ ਕੇ ਜੋ ਠੀਕ ਦਿਸਦਾ ਸੀ ਉਹ ਕਰਨਾ ਪ੍ਰਵਾਨ ਕਰ ਲਿਆ ਤੇ ਇਸ ਦਾ ਨਤੀਜਾ ਕਿਸਮਤ ਤੇ ਛੱਡ ਦਿੱਤਾ । ਸੋ 27 ਦਸੰਬਰ 1816 ਨੂੰ ਇਕ ਸ਼ਾਨਦਾਰ ਦਰਬਾਰ ਕੀਤਾ ਗਿਆ, ਜਿਸ ਵਿਚ ਮਹਾਰਾਜੇ ਨੇ ਸਹਿਜ਼ਾਦੇ ਦੇ ਮੱਥੇ ਤੇ ਕੇਸਰ ਦਾ ਟਿੱਕਾ ਲਗਾਇਆ। ਪਰ ਇਸ ਨਾਲ ਵੀ ਗੱਲ ਪੂਰੀ ਤਰ੍ਹਾਂ ਨਾ ਨਿਬੜ ਸਕੀ। ਰਣਜੀਤ ਸਿੰਘ ਦੇ ਅੰਤਿਮ ਸਮੇਂ ਤਕ ਇਹ ਕਿਆਸ ਲਗਾਈ ਹੁੰਦੀ ਰਹੀ ਕਿ ਰਾਜ ਭਾਗ ਖੜਕ ਸਿੰਘ ਨੂੰ ਮਿਲਦਾ ਹੈ ਕਿ ਸ਼ੇਰ ਸਿੰਘ ਨੂੰ, ਦੋਹਾਂ ਦੇ ਵਿਚ ਬਰਾਬਰ ਦਾ ਮੁਕਾਬਲਾ ਸੀ। ਖੜਕ ਸਿੰਘ ਸਭ ਤੋਂ ਵੱਡਾ ਸੀ ਤੇ ਆਪਣੀ ਮਾਤਾ ਕਰਕੇ ਨਕੱਈਆਂ ਮਿਸਲ ਨਾਲ ਤੇ ਆਪਣੀ ਵਹੁਟੀ ਰਾਹੀਂ ਫਤਿਹਗੜ੍ਹ ਦੇ ਘਨੱਈਆਂ ਨਾਲ ਸਬੰਧਿਤ ਸੀ। ਸਰਦਾਰਾਂ ਦੀ ਬਹੁ-ਗਿਣਤੀ ਵੀ ਉਸ ਵੱਲ ਸੀ ਤੇ ਫ਼ੌਜ ਵੀ ਉਸ ਨੂੰ ਠੀਕ ਤੇ ਅਸਲ ਵਾਰਸ ਮੰਨਦੀ ਸੀ। ਜੇ ਉਸ ਦੀ ਅਕਲ, ਸਿਆਣਪ ਜਾਂ ਸ਼ਕਲ ਵਕਲ ਪ੍ਰਸੰਸਾ ਜੋਗ ਨਹੀਂ ਸੀ, ਫਿਰ ਵੀ ਉਸ ਨੂੰ ਸਾਦਾਪਨ ਤੇ ਧਾਰਮਿਕ ਵਿਚਾਰਾਂ ਕਰਕੇ ਪਸੰਦ ਕੀਤਾ ਜਾਂਦਾ ਸੀ । ਸ਼ੇਰ ਸਿੰਘ ਸ਼ਕਲ ਸੂਰਤ ਵਿਚ ਵਧੇਰੇ ਚੰਗਾ, ਬੁੱਧੀ ਵਿਚ ਵਧੇਰੇ ਤੇਜ਼ ਤੇ ਵਧੇਰੇ ਪ੍ਰਭਾਵਸ਼ਾਲੀ ਸ਼ਖ਼ਸ਼ੀਅਤ ਦਾ ਮਾਲਕ ਸੀ। ਡੋਗਰਾ ਗਰੁੱਪ ਜਿਸ ਦਾ ਆਗੂ ਰਾਜ ਧਿਆਨ ਸਿੰਘ ਪ੍ਰਧਾਨ-ਮੰਤਰੀ ਸੀ, ਉਹ ਉਸ ਦਾ ਸਰਮਥਕ ਸੀ। ਪਰ ਉਸ ਵਿਚ ਵੱਡਾ ਦੋਸ਼ ਇਹ ਸੀ ਕਿ ਉਹ ਦੇ ਮਾਤਾ ਪਿਤਾ ਬਾਰੇ ਕੁਝ ਸ਼ੱਕ ਸੀ। ਆਮ ਅਫਵਾਹ ਇਹ ਸੀ ਕਿ ਮਹਿਤਾਬ ਕੌਰ ਨੇ ਉਸ ਨੂੰ ਜਾਂ ਉਸ ਦੇ ਜੋੜੇ ਭਰਾ ਤਾਰਾ ਸਿੰਘ ਨੂੰ ਜਨਮ ਨਹੀਂ ਸੀ ਦਿੱਤਾ, ਪਰ ਬਾਹਰੋਂ ਲਿਆ ਕੇ ਮਹਾਰਾਜੇ ਉੱਪਰ ਦੋਵੇਂ ਪੁੱਤਰ ਠੋਸ ਦਿੱਤੇ ਸਨ । ਰਣਜੀਤ ਸਿੰਘ ਨੇ ਦੋਹਾਂ ਨੂੰ ਪ੍ਰਵਾਨ ਕਰ ਲਿਆ ਸੀ ਪਰ ਆਮ ਖ਼ਿਆਲ ਸੀ ਕਿ ਉਸ ਨੇ ਇੱਜ਼ਤ ਬਚਾਉਣ ਲਈ ਇਹ ਸਭ ਕੁਝ ਕੀਤਾ ਸੀ ਕਿਉਂਕਿ ਰਣਜੀਤ ਸਿੰਘ ਦੀ ਆਪਣੀ ਸੱਸ ਸਦਾ ਕੌਰ ਨਾਲ ਅਣਬਣ ਸੀ, ਇਸ ਕਰਕੇ ਸ਼ੇਰ ਸਿੰਘ ਦੇ ਘਨੱਈਆ ਮਿਸਲ ਨਾਲ ਸਬੰਧ ਆਪਣੀ ਅਸਲ ਜਾਂ ਫਰਜ਼ੀ ਮਾਂ ਮਹਿਤਾਬ ਕੌਰ ਦੁਆਰਾ ਕੋਈ ਖ਼ਾਸ ਲਾਭ ਉਸ ਨੂੰ ਨਹੀਂ ਸੀ ਹੁੰਦਾ।

ਰਣਜੀਤ ਸਿੰਘ ਨੇ ਜੋ ਅੰਤਿਮ ਸਮੇਂ ਫ਼ਕੀਰ ਅਜ਼ੀਜ਼ਉੱਦੀਨ ਦੀ ਸਲਾਹ ਨਾਲ ਫ਼ੈਸਲਾ ਕੀਤਾ ਕਿ ਖੜਕ ਸਿੰਘ ਤਖ਼ਤ ਤੇ ਬੈਠੇਗਾ ਤੇ ਧਿਆਨ ਸਿੰਘ ਪ੍ਰਧਾਨ-ਮੰਤਰੀ ਹੋਵੇਗਾ, ਇਹ ਸਭ ਤੋਂ ਵਧੀਆ ਗੱਲ ਸੀ । ਖੜਕ ਸਿੰਘ ਦਾ ਹੱਕ ਬਣਦਾ ਸੀ ਤੇ ਉਸ ਨੂੰ ਸਲਾਹ ਤੇ ਮਦਦ ਦੇਣ ਲਈ ਧਿਆਨ ਸਿੰਘ ਦੀ ਅਗਵਾਈ ਦੀ ਲੋੜ ਸੀ । ਪਰ ਇਸ ਸਬੰਧ ਵਿਚ ਇਹ ਅਜੀਬ ਜੋੜ-ਮੇਲ ਸਿਰੇ ਨਾ ਚੜ੍ਹਿਆ । ਸਰਲ ਸੁਭਾ ਖੜਕ ਸਿੰਘ ਮਹਿਲ ਦੀਆਂ ਸਾਜ਼ਸ਼ਾਂ ਦਾ ਸ਼ਿਕਾਰ ਹੋ ਗਿਆ ਤੇ ਤਖ਼ਤ ਤੇ ਬੈਠਣ ਤੋਂ ਚਾਰ ਮਹੀਨੇ ਦੇ ਅੰਦਰ ਹੀ ਉਹ ਕੈਦ ਕੀਤਾ ਗਿਆ ਤੇ ਇਕ ਵਰ੍ਹੇ ਅੰਦਰ ਹੌਲੀ-ਹੌਲੀ ਜ਼ਹਿਰ ਦੇ ਕੇ ਉਸ ਨੂੰ ਮਾਰ ਦਿੱਤਾ ਗਿਆਫਕੀਰ ਅਜ਼ੀਜ਼ਉੱਦੀਨ ਇਨ੍ਹਾਂ ਗੱਲਾਂ ਦਾ ਵਰਣਨ ਬੜੇ ਦੁਖੀ ਹਿਰਦੇ ਨਾਲ ਕਰਦਾ ਹੈ। ਉਹ ਕਹਿੰਦਾ ਹੈ ਕਿ ਜੇ ਇਨ੍ਹਾਂ ਘਟਨਾਵਾਂ ਦਾ ਉਸ ਨੂੰ ਪਹਿਲੇ ਤੋਂ ਕੁਝ ਪਤਾ ਹੁੰਦਾ ਉਹ ਕਦੀ ਵੀ ਮਹਾਰਾਜੇ ਨੂੰ ਇਹ ਸਲਾਹ ਨਾ ਦਿੰਦਾ ਕਿ ਗੱਦੀ ਖੜਕ ਸਿੰਘ ਨੂੰ ਦਿੱਤੀ ਜਾਵੇਪਰ ਹੈਰਾਨੀ ਤਾਂ ਇਹ ਹੈ ਕਿ ਉਨ੍ਹਾਂ ਹਾਲਾਤ ਵਿਚ ਉਹ ਈਮਾਨਦਾਰੀ ਨਾਲ ਹੋਰ ਮਸ਼ਵਰਾ ਦੇ ਵੀ ਕੀ ਸਕਦਾ ਸੀ।

ਮਹਾਰਾਜਾ ਰਣਜੀਤ ਸਿੰਘ | Maharaja Ranjit Singh |

ਰਵਾਇਤੀ ਲੈਲੀ

ਰਣਜੀਤ ਸਿੰਘ ਦੀਆਂ ਪ੍ਰਬਲ ਅਭਿਲਾਸ਼ਾਵਾਂ ਵਿਚੋਂ ਇਕ ਉਸ ਦਾ ਘੋੜਿਆਂ ਨਾਲ ਪਿਆਰ ਸੀ। ਉਸ ਦੇ ਅਸਤਬਲ ਵਿਚ 1200 ਤੋਂ ਉੱਪਰ ਘੋੜੇ ਸਨ ਜਿਨ੍ਹਾਂ ਵਿਚੋਂ ਇਕ ਹਜ਼ਾਰ ਉਸ ਦੀ ਨਿੱਜੀ ਵਰਤੋਂ ਲਈ ਰਾਖਵੇਂ ਸਨ । ਉਸ ਨੂੰ ਇਨ੍ਹਾਂ ਘੋੜਿਆਂ ਦਾ ਬਹੁਤ ਹੀ ਖ਼ਿਆਲ ਰਹਿੰਦਾ ਸੀ ਤੇ ਤਕਰੀਬਨ ਰੋਜ਼ ਉਨ੍ਹਾਂ ਦਾ ਮੁਆਇਨਾ ਕਰਦਾ ਹੁੰਦਾ ਸੀ। ਘੋੜ ਸਵਾਰੀ ਉਸ ਦੀ ਮਨ ਪਸੰਦ ਤੇ ਖ਼ਾਸ ਵਰਜ਼ਿਸ਼ ਸੀ ਤੇ ਵੱਧ ਤੋਂ ਵੱਧ ਰੁਝੇਵੇਂ ਵਾਲੇ ਦਿਨ ਵੀ ਉਹ ਇਸ ਲਈ ਵਕਤ ਕੱਢ ਲੈਂਦਾ ਸੀ । ਜਿੱਥੇ ਕਿੱਥੇ ਵੀ ਉਹ ਹੁੰਦਾ ਦੋ ਘੋੜੇ ਤਿਆਰ ਬਰ ਤਿਆਰ ਸਦਾ ਉਸ ਦੇ ਪਾਸ ਖੜ੍ਹੇ ਰਹਿੰਦੇ ਤਾਂਕਿ ਜਦੋਂ ਉਹ ਚਾਹੇ ਉਨ੍ਹਾਂ ਦੀ ਸਵਾਰੀ ਦਾ ਆਨੰਦ ਮਾਣ ਸਕੇ। ਕਈ ਵਾਰ ਜਦ ਉਹ ਕਿਸੇ ਗੱਲ ਕਰਕੇ ਚਿੰਤਾਤੁਰ ਜਾਂ ਪਰੇਸ਼ਾਨ ਹੁੰਦਾ, ਉਹ ਝਟਪਟ ਦਰਬਾਰ ਬਰਖ਼ਾਸਤ ਕਰ ਦਿੰਦਾ ਤੇ ਘੋੜਾ ਮੰਗਾ ਕੇ ਲੰਮੇ ਸਫਰ ਲਈ ਨਿਕਲ ਜਾਂਦਾ। ਇਸ ਤੋਂ ਪਤਾ ਲੱਗ ਜਾਂਦਾ ਸੀ ਕਿ ਕੋਈ ਮਹਾਨ ਜਾਂ ਅਨੋਖੀ ਗੱਲ ਹੋਣ ਵਾਲੀ ਹੈ। ਕਦੀ ਕਦੀ ਉਹ ਕਹਿੰਦਾ ਹੁੰਦਾ ਸੀ ਕਿ ਕਾਠੀ ਤੇ ਬੈਠ ਕੇ ਸਭ ਤੋਂ ਵੱਧ ਸ੍ਵੈ-ਵਿਸ਼ਵਾਸ ਮਿਲਦਾ ਹੈ। ਇਸ ਲਈ ਉਹ ਅਕਸਰ ਮਹਤੱਵਪੂਰਨ ਫੈਸਲੇ ਘੋੜੇ ਦੀ ਪਿੱਠ ਤੇ ਬੈਠ ਕੇ ਕਰਦਾ ਸੀ। ਆਖਰੀ ਬਿਮਾਰੀ ਤਕ ਵੀ ਉਸ ਨੇ ਘੋੜ ਸਵਾਰੀ ਨੂੰ ਨਾ ਛੱਡਿਆ । ਜਦੋਂ ਪੈ ਦਰ ਪੈ ਅਧਰੰਗ ਦੇ ਹੱਲਿਆਂ ਨਾਲ ਉਹ ਇਸ ਕਾਬਲ ਨਹੀਂ ਸੀ ਰਿਹਾ ਕਿ ਬਗ਼ੈਰ ਕਿਸੇ ਸਹਾਇਤਾ ਦੇ ਉਹ ਘੋੜੇ ਤੇ ਚੜ੍ਹ ਸਕੇ, ਉਦੋਂ ਉਸ ਨੂੰ ਚੁੱਕ ਕੇ ਕਾਠੀ ਤੇ ਬਿਠਾਇਆ ਜਾਂਦਾ । ਇਕ ਵਾਰੀ ਉੱਥੇ ਬੈਠ ਕੇ ਫਿਰ ਆਪਣੀ ਦੇਖ-ਭਾਲ ਯਕੀਨੀ ਤੌਰ ਤੇ ਕਰ ਲੈਂਦਾ ਸੀ, ਕਿਉਂਕਿ ਉਹ ਜਨਮ ਤੋਂ ਹੀ ਘੋੜ-ਸਵਾਰ ਸੀ।

ਸ਼ਕਲ ਸੂਰਤ ਦੇ ਸਬੰਧ ਵਿਚ ਜੋ ਇੱਜ਼ਤ ਮਾਣ ਦੀ ਉਸ ਨੂੰ ਘਾਟ ਸੀ, ਘੋੜਿਆਂ ਦੀ ਸ਼ਕਲ ਸੂਰਤ ਦੇ ਸਬੰਧ ਵਿਚ ਉਹ ਪੂਰੀ ਕਰ ਲੈਂਦਾ ਸੀ। ਉਨ੍ਹਾਂ ਨੂੰ ਅਤਿ ਕੀਮਤੀ ਤੇ ਸ਼ਾਨਦਾਰ ਵਸਤਰਾਂ ਨਾਲ ਸਜਾਇਆ ਜਾਂਦਾ ਸੀ । ਲਗਾਮਾਂ ਤੇ ਕਾਠੀਆਂ ਵਿਚ ਸੋਨਾ ਤੇ ਕੀਮਤੀ ਪੱਥਰ ਜੜੇ ਹੁੰਦੇ, ਗਰਦਨਾਂ ਦੁਆਲੇ ਮੋਤੀਆਂ ਦੀਆਂ ਲੜੀਆਂ ਹੁੰਦੀਆਂ ਤੇ ਖ਼ਾਸ ਅਵਸਰਾਂ ਤੇ ਕੋਹਿਨੂਰ ਵੀ ਉਨ੍ਹਾਂ ਵਿਚ ਸ਼ਾਮਿਲ ਕੀਤਾ ਜਾਂਦਾ, ਉਨ੍ਹਾਂ ਦੇ ਗਿੱਟਿਆਂ ਦੁਆਲੇ ਸੋਨੇ ਦੇ ਕੜੇ ਬੰਨ੍ਹੇ ਹੋਏ ਹੁੰਦੇ ਸਨ । ਉਸ ਦੇ ਘੋੜਿਆਂ ਦੇ ਇਨ੍ਹਾਂ ਗਹਿਣਿਆਂ ਤੇ ਹੀਰਿਆਂ ਦਾ ਮੁੱਲ ਘੱਟੋ ਘੱਟ 50 ਲੱਖ ਰੁਪਏ ਹੋਵੇਗਾ । ਸ਼ਾਇਦ ਹੀ ਕੋਈ ਐਸਾ ਘੋੜਾ ਹੋਵੇ ਜੋ ਉਸ ਨੇ ਆਪਣੇ ਲਈ ਰਾਖ਼ਵਾਂ ਕੀਤਾ ਹੋਵੇ ਤੇ ਉਸ ਦਾ ਮੁੱਲ ਵੀਹ ਹਜ਼ਾਰ ਤੋਂ ਘੱਟ ਹੋਵੇ । ਬਹੁਤ ਸਾਰੇ ਘੋੜੇ ਤਾਂ ਸਥਾਨਕ ਨਸਲਾਂ ਦੇ ਸਨ ਪਰ ਚੋਖੇ ਸਾਰੇ ਈਰਾਨੀ ਵੀ ਸਨ, ਜਿਵੇਂ ਗੋਹਰਬਾਰ, ਸਫੈਦਪਰੀ ਤੇ ਲੈਲੀ । ਕੁਝ ਘੋੜੇ ਨਿਰੋਲ ਅਰਬੀ ਦੇ ਵੀ ਸਨ।

ਮਹਾਰਾਜਾ ਸਦਾ ਇਸ ਗੱਲ ਲਈ ਤਾਕ ਰਖਦਾ ਕਿ ਉਸ ਦੇ ਅਸਤਬਲ ਦੇ ਘੋੜਿਆਂ ਦੀ ਗਿਣਤੀ ਵਿਚ ਵਾਧਾ ਹੋਵੇ ਅਤੇ ਉਹ ਹਮੇਸ਼ਾਂ ਨਕਦ ਨਜ਼ਰਾਨਾ ਲੈਣ ਦੀ ਬਜਾਇ ਘੋੜੇ ਲੈਣ ਲਈ ਤਿਆਰ ਰਹਿੰਦਾ ਸੀ । ਅਸਲ ਵਿਚ ਜਦ ਕਦੀ ਉਹ ਨਵਾਂ ਇਲਾਕਾ ਫਤਹਿ ਕਰਦਾ ਉਸ ਦੀ ਪਹਿਲੀ ਮੰਗ ਘੋੜੇ ਹੀ ਹੁੰਦੀ, ਖ਼ਾਸ ਕਰਕੇ ਜੋ ਉਸ ਇਲਾਕੇ ਦੇ ਘੋੜੇ ਚੰਗੀ ਨਸਲ ਦੇ ਹੁੰਦੇ, ਜਾਂ ਉੱਥੇ ਦਾ ਸਰਦਾਰ ਚੰਗੇ ਅਸਤਬਲ ਲਈ ਮਸ਼ਹੂਰ ਹੁੰਦਾ। ਦਰਬਾਰੀਆਂ ਵਿਚ ਇਹੋ ਮਖ਼ੌਲ ਵਜੋਂ ਚਰਚਾ ਸੀ ਕਿ ਜੇ ਚੰਗੇ ਘੋੜੇ ਕਾਫੀ ਗਿਣਤੀ ਵਿਚ ਮਿਲ ਜਾਣ ਤਾਂ ਉਹ ਦਰਬਾਰ ਦਾ ਨਕਦ ਨਜ਼ਰਾਨਾ ਲੈਣ ਦੀ ਬਜਾਇ ਸਾਰੇ ਘੋੜੇ ਹੀ ਲੈ ਲੈਣਾ ਪ੍ਰਵਾਨ ਕਰ ਲਏ ਤੇ ਫਿਰ ਪੈਸੇ ਲਈ ਹੋਰ ਸਾਧਨਾਂ ਦੀ ਤਲਾਸ਼ ਕਰੇ ਜਾਂ ਘੋੜੇ ਵੇਚ ਕੇ ਰਾਜ ਭਾਗ ਦਾ ਕੰਮ ਚਲਾਏ। ਇਸ ਵਿਸ਼ੇ ਉੱਪਰ ਕੋਈ ਆਦਮੀ ਮਹਾਰਾਜੇ ਨਾਲ ਚਰਚਾ ਨਹੀਂ ਸੀ ਕਰ ਸਕਦਾ । ਇੱਥੋਂ ਤਕ ਕਿ ਅਜ਼ੀਜ਼ਉੱਦੀਨ ਤੇ ਨੂਰਉੱਦੀਨ ਵੀ ਇਸ ਲਈ ਹੌਂਸਲਾ ਨਹੀਂ ਸਨ ਕਰ ਸਕਦੇ । ਘੋੜਿਆਂ ਦੇ ਸਬੰਧ ਵਿਚ ਉਹ ਇਕ ਜ਼ਿੱਦੀ ਤੇ ਚੰਚਲ ਬੱਚੇ ਦੀ ਨਿਆਈਂ ਸੀ।

ਈਰਾਨੀ ਘੋੜੇ ਲੈਲੀ ਦੀ ਪ੍ਰਾਪਤੀ ਲਈ ਜੋ ਉਸ ਨੇ ਪਾਪੜ ਵੇਲੇ ਇਹ ਸਭ ਇਕ ਅਲਫ਼ ਲੈਲਾ ਦੀ ਕਹਾਣੀ ਵਾਂਗ ਲੱਗਦਾ ਹੈ । ਕੁਝ ਇਤਿਹਾਸਕਾਰਾਂ ਨੇ ਜਿਨ੍ਹਾਂ ਦੇ ਦਿਲ ਵਿਚ ਮਹਾਰਾਜੇ ਲਈ ਹਮਦਰਦੀ ਘੱਟ ਸੀ, ਇਸ ਕਹਾਣੀ ਨੂੰ ਇੰਜ ਮੋੜਿਆ-ਤੋੜਿਆ ਹੈ ਕਿ ਇਹ ਜ਼ੁਲਮ ਤੇ ਜਬਰ ਦੀ ਕਹਾਣੀ ਬਣ ਗਈ ਹੈ। ਲੇਖਕ ਦੇ ਘਰਾਣੇ ਦੇ ਕਾਗਜ਼ਾਂ ਅਨੁਸਾਰ ਜੋ ਅਸਲੀਅਤ ਪ੍ਰਗਟ ਹੁੰਦੀ ਹੈ, ਉਹ ਇਸ ਪ੍ਰਕਾਰ वै:

ਸੰਨ 1882 ਵਿਚ ਕਿਸੇ ਵਕਤ ਮਹਾਰਾਜੇ ਨੇ ਸੁਣਿਆ ਕਿ ਬਰਕਜ਼ਈ ਭਰਾਵਾਂ ਵਿਚ ਇਕ, ਦੋਸਤ ਮੁਹੰਮਦ ਜਾਂ ਯਾਰ ਮੁਹੰਮਦ, ਪਾਸ ਇਕ ਬਹੁਤ ਹੀ ਸੁੰਦਰ ਈਰਾਨੀ ਘੋੜਾ ਲੈਲੀ ਨਾਮ ਦਾ ਹੈ। ਪਰ ਇਹ ਨਹੀਂ ਸੀ ਪਤਾ ਲਗਦਾ ਕਿ ਘੋੜਾ ਕਾਬਲ ਹੈ ਜਾਂ ਕਿ ਪਸੋਰ । ਜਦੋਂ 1823 ਈ. ਵਿਚ ਫ਼ਕੀਰ ਅਜ਼ੀਜਉੱਦੀਨ ਯਾਰ ਮੁਹੰਮਦ ਪਾਸੋਂ ਨਜ਼ਰਾਨਾ ਵਸੂਲ ਕਰਨ ਲਈ ਪਸ਼ੋਰ ਗਿਆ ਤਾਂ ਜੋ ਤੁਹਫ਼ੇ ਮਹਾਰਾਜੇ ਨੂੰ ਭੇਟਾ ਕੀਤੇ ਗਏ ਸੀ ਉਨ੍ਹਾਂ ਵਿਚ ਕਈ ਘੋੜੇ ਵੀ ਸਨ ਪਰ ਲੈਲੀ ਉਨ੍ਹਾਂ ਵਿਚ ਨਹੀਂ ਸੀ । ਅਜੀਜਉੱਦੀਨ ਨੂੰ ਮਹਾਰਾਜੇ ਦੀ ਹਿਦੈਤ ਸੀ ਕਿ ਉਹ ਲੈਲੀ ਬਾਰੇ ਪੁੱਛ-ਗਿੱਛ ਕਰੇ ਤੇ ਹੋ ਸਕੇ ਤਾਂ ਇਸ ਦੀ ਪ੍ਰਾਪਤੀ ਲਈ ਯਤਨ ਕਰੇ । ਯਾਰ ਮੁਹੰਮਦ ਨੇ ਕਿਹਾ ਕਿ ਲੈਲੀ ਉਸ ਪਾਸ ਨਹੀਂ ਹੈ ਤੇ ਫ਼ਕੀਰ ਅਜੀਜਉੱਦੀਨ ਨੇ ਉਸ ਦੀ ਗੱਲ ਤੇ ਯਕੀਨ ਕਰ ਲਿਆ। ਇਕ ਦੋ ਵਰ੍ਹਿਆਂ ਬਾਅਦ ਇਹ ਖ਼ਬਰ ਪੁੱਜੀ ਕਿ ਇਹ ਘੋੜਾ ਵਾਕਈ ਯਾਰ ਮੁਹੰਮਦ ਪਾਸ ਹੈ। ਮਹਾਰਾਜੇ ਨੇ ਖਰੀਦਣ ਲਈ ਪੇਸ਼-ਕਸ਼ ਕੀਤੀ ਪਰ ਉਸ ਨੂੰ ਦੱਸਿਆ ਗਿਆ ਕਿ ਘੋੜਾ ਮਰ ਚੁੱਕਾ ਹੈ । ਮਹਾਰਾਜੇ ਪਾਸ ਪੂਰੀ ਖ਼ਬਰ ਸੀ ਕਿ ਘੋੜਾ ਜਿਊਂਦਾ ਹੈ ਤੇ ਯਾਰ ਮੁਹੰਮਦ ਪਾਸ ਹੈ। ਸੁਲਝੇ ਹੋਏ ਢੰਗ ਨਾਲ ਇਸ ਬਾਰੇ ਕੁਝ ਹੋਰ ਗੱਲ ਬਾਤ ਕੀਤੀ ਗਈ ਪਰ ਨਤੀਜਾ ਕੁਝ ਨਾ ਨਿਕਲਿਆ। ਆਖਰ 1828 ਈ. ਵਿਚ ਮਹਾਰਾਜ ਵਧੇਰੇ ਸਬਰ ਨਾ ਕਰ ਸਕਿਆ ਤੇ ਉਸ ਨੇ ਬੁੱਧ ਸਿੰਘ ਸੰਧਾਵਾਲੀਆ ਹੇਠ ਇਕ ਫ਼ੌਜ ਭੇਜੀ। ਇਕ ਇਸ ਕਰਕੇ ਕਿ ਜੋ ਕਬਾਇਲੀ ਉੱਥੇ ਸਿਰ ਚੁੱਕ ਰਹੇ ਹਨ ਉਨ੍ਹਾਂ ਨੂੰ ਵਕਤ ਸਿਰ ਦਬਾਇਆ ਜਾਏ ਤੇ ਦੂਜਾ ਯਾਰ ਮੁਹੰਮਦ ਪਾਸੋਂ ਲੈਲੀ ਲਿਆ ਜਾ ਸਕੇ । ਇਸ ਮੁਹਿੰਮ ਵਿਚ ਬੁੱਧ ਸਿੰਘ ਮਾਰਿਆ ਗਿਆ ਪਰ ਲੜਾਈ ਦਰਬਾਰ ਦੇ ਸਿਪਾਹੀਆਂ ਨੇ ਹੀ ਜਿੱਤੀ। ਪਰ ਜਦੋਂ ਜਰਨੈਲ ਐਲਾਰਡ ਤੇ ਵੈਨਤੂਰਾ ਨੇ ਜੋ ਬੁੱਧ ਸਿੰਘ ਨਾਲ ਗਏ ਸਨ, ਯਾਰ ਮੁਹੰਮਦ ਨਾਲ ਗੱਲ-ਬਾਤ ਕੀਤੀ ਤਦ ਵੀ ਜੋ ਘੋੜੇ ਮਹਾਰਾਜੇ ਨੂੰ ਦਿੱਤੇ ਗਏ ਉਨ੍ਹਾਂ ਵਿਚ ਲੈਲੀ ਨਹੀਂ ਸੀ। ਜਰਨੈਲਾਂ ਨੇ ਜਦ ਲੈਲੀ ਦੀ ਮੰਗ ਕੀਤੀ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਲੈਲੀ ਮਰ ਗਿਆ ਹੈ। ਉਨ੍ਹਾਂ ਨੇ ਯਾਰ ਮੁਹੰਮਦ ਦੇ ਭਰਾ ਨੂੰ ਯਰਗਮਾਲ ਵਜੋਂ ਫੜ ਲਿਆ। ਮਹਾਰਾਜੇ ਨੂੰ ਇਸ ਕਾਰਵਾਈ ਨਾਲ ਤਸੱਲੀ ਨਾ ਹੋਈ ਤੇ ਫਿਰ ਖੜਕ ਸਿੰਘ ਦੀ ਅਗਵਾਈ ਹੇਠ, ਇਕ ਹੋਰ ਫ਼ੌਜ ਪਸ਼ੌਰ ਭੇਜੀ ਗਈ ਤਾਂ ਕਿ ਲੈਲੀ ਨੂੰ ਜਿਵੇਂ ਕਿਵੇਂ ਪ੍ਰਾਪਤ ਕੀਤਾ ਜਾਏ—ਖ਼ਰੀਦਣ ਨਾਲ, ਧਮਕੀ ਨਾਲ, ਜ਼ੋਰ ਜ਼ਬਰ ਨਾਲ, ਤੇ ਜੇ ਲੋੜ ਪਵੇ ਤਾਂ ਯਾਰ ਮੁਹੰਮਦ ਨੂੰ ਗੱਦੀ ਤੋਂ ਲਾਹ ਕੇ ਵੀ। ਪਰ ਖੜਕ ਸਿੰਘ ਦੇ ਪਸ਼ੌਰ ਪੁੱਜਣ ਤੋਂ ਪਹਿਲਾਂ ਹੀ ਉਹ ਕਬਾਇਲੀਆਂ ਕੋਲੋਂ ਹਾਰ ਖਾ ਕੇ ਮਾਰਿਆ ਗਿਆ ਸੀ ਤੇ ਉਸ ਦਾ ਭਰਾ ਸੁਲਤਾਨ ਮੁਹੰਮਦ ਨੱਸ ਗਿਆ ਸੀ।

1830 ਈ. ਵਿਚ, ਜਦੋਂ ਸ਼ਹਿਜ਼ਾਦਾ ਸ਼ੇਰ ਸਿੰਘ ਤੇ ਜਨਰਲ ਵੈਨਤੂਰਾ ਨੇ ਸੁਲਤਾਨ ਮੁਹੰਮਦ ਨੂੰ ਪਸ਼ੌਰ ਦਾ ਗਵਰਨਰ ਥਾਪਿਆ ਤਦ ਫਿਰ ਲੈਲੀ ਦੀ ਮੰਗ ਕੀਤੀ ਗਈ। ਸੁਲਤਾਨ ਮੁਹੰਮਦ ਨੇ ਵੀ ਟਾਲ ਮਟੋਲਾ ਆਪਣੇ ਭਰਾ ਵਾਂਗ ਕੀਤਾ ਤੇ ਆਖ਼ਰ ਵੈਨਤੂਰਾ ਨੇ ਉਸ ਨੂੰ ਉਸ ਦੇ ਮਹਿਲ ਵਿਚ ਗ੍ਰਿਫਤਾਰ ਕੀਤਾ ਤਦ ਜਾ ਕੇ ਉਸ ਨੇ ਲੈਲੀ ਹਵਾਲੇ ਕੀਤਾ। ਫਿਰ ਇਹ ਲਾਹੌਰ ਲਿਆਂਦਾ ਗਿਆ ਤੇ ਜਿੱਤ ਦੇ ਇਕ ਚਿੰਨ੍ਹ ਵੱਜੋਂ ਇਸ ਦਾ ਬੜੇ ਹੀ ਆਦਰ ਮਾਣ ਨਾਲ ਸੁਆਗਤ ਕੀਤਾ ਗਿਆ।

ਸੈਲਾਨੀ ਬੈਰਨ ਚਾਰਲਸ ਹਿਊਗਲ ਨੇ ਲਿਖਿਆ ਹੈ ਕਿ ਰਣਜੀਤ ਸਿੰਘ ਨੇ ਉਸ ਨੂੰ ਦੱਸਿਆ ਕਿ ਲੈਲੀ ਨੂੰ ਹਾਸਿਲ ਕਰਨ ਲਈ ਸੱਠ ਲੱਖ ਰੁਪਏ ਖਰਚ ਹੋਏ ਸਨ ਅਤੇ 12 ਹਜ਼ਾਰ ਸਿਪਾਹੀਆਂ ਦੀਆਂ ਜਾਨਾਂ ਗਈਆਂ ਸਨ ਪਰ ਇਕ ਬੱਚਾ ਜੋ ਮੁੱਲ ਆਪਣੀ ਗੁੱਡੀ ਦਾ ਪਾਉਂਦਾ ਹੈ ਜਾਂ ਕੋਈ ਸ਼ਿਲਪਕਾਰੀ ਦੀਆਂ ਨਾਯਾਬ ਵਸਤਾਂ ਇਕੱਤਰ ਕਰਨ ਵਾਲਾ ਆਪਣੀ ਕਿਸੇ ਚੀਜ਼ ਦਾ ਜੋ ਮੁੱਲ ਪਾਉਂਦਾ ਹੈ, ਉਸ ਨੂੰ ਕਦੀ ਵੀ ਦਰੁਸਤ ਨਹੀਂ ਸਮਝਣਾ ਚਾਹੀਦਾ । ਇਸ ਤੋਂ ਇਲਾਵਾ ਜੋ ਵੀ ਫ਼ੌਜੀ ਮੁਹਿੰਮਾਂ ਇਸ ਸਮੇਂ ਹੋਈਆਂ ਉਹ ਨਿਰੋਲ ਲੈਲੀ ਦੀ ਪ੍ਰਾਪਤੀ ਲਈ ਤਾਂ ਨਹੀਂ ਸਨ । ਕੁਝ ਇਤਿਹਾਸਕਾਰਾਂ ਨੂੰ ਤਾਂ ਇਹ ਵੀ ਸੰਦੇਹ ਹੈ ਕਿ ਜੋ ਘੋੜਾ ਰਣਜੀਤ ਸਿੰਘ ਨੇ ਇੰਝ ਪ੍ਰਾਪਤ ਕੀਤਾ ਉਹ ਲੈਲੀ ਵੀ ਸੀ ਕਿ ਨਹੀਂ, ਕਿਉਂਕਿ ਲੈਲੀ ਸ਼ਬਦ ਇਸਤਰੀ ਲਿੰਗ ਹੈ ਤੇ ਇਸ ਨਾਮ ਦਾ ਜੋ ਜਾਨਵਰ ਉਸ ਦੇ ਅਸਤਬਲ ਵਿਚ ਸੀ ਉਹ ਘੋੜੀ ਨਹੀਂ ਸੀ ਸਗੋਂ ਘੋੜਾ ਸੀ । ਅਜ਼ੀਜ਼ਉੱਦੀਨ ਤੇ ਨੂਰਉੱਦੀਨ ਇਸ ਅੰਤਰ ਨੂੰ ਸਪਸ਼ਟ ਨਹੀਂ ਕਰਦੇ ਪਰ ਉਨ੍ਹਾਂ ਨੂੰ ਇਹ ਯਕੀਨ ਹੈ ਕਿ ਇਹ ਵਾਕਈ ਬਰਕਜ਼ਾਈ ਅਸਤਬਲ ਦਾ ਪ੍ਰਸਿੱਧ ਘੋੜਾ ਲੈਲੀ ਹੀ ਸੀ ਤੇ ਇਸ ਦੇ ਨਾਮ ਦੀ ਸਾਰੇ ਈਰਾਨ ਤੇ ਅਫ਼ਗਾਨਿਸਤਾਨ ਵਿਚ ਮਸ਼ਹੂਰੀ ਸੀ। ਭਾਵੇਂ ਕੁਝ ਵੀ ਹੋਵੇ, ਰਣਜੀਤ ਸਿੰਘ ਨੂੰ ਇਸ ਦੀ ਪ੍ਰਾਪਤੀ ਦੀ ਅਤਿਅੰਤ ਖੁਸ਼ੀ ਸੀ ਤੇ ਵਿਦੇਸ਼ੀ ਮਹਿਮਾਨਾਂ ਨੂੰ ਇਹ ਘੋੜਾ ਦਿਖਾ ਕੇ ਉਸ ਨੂੰ ਬੜੀ ਖੁਸ਼ੀ ਹੁੰਦੀ ਸੀ। ਅਜ਼ੀਜ਼ਉੱਦੀਨ ਤੇ ਨੂਰਉੱਦੀਨ ਇਸ ਘੋੜੇ ਦੀ ਬੜੀ ਹੀ ਤਾਰੀਫ ਕਰਦੇ ਹਨ। ਉਹ ਲਿਖਦੇ ਹਨ ਕਿ ਰੰਗ ਇਸ ਘੋੜੇ ਦਾ ਗੂੜ੍ਹਾ ਭੂਰਾ ਸੀ, ਪਰ ਇਹ ਲੈਲੀ ਸ਼ਬਦ ਦੇ ਅਰਥ ਨਾਲ ਮੇਲ ਨਹੀਂ ਖਾਂਦਾ ਕਿਉਂਕਿ ਲੈਲੀ ਤੋਂ ਮੁਰਾਦ ਕਾਲੇ ਰੰਗ ਦੀ ਹੈ। ਪਰ ਇੱਥੇ ਵੀ ਉਹ ਗੱਲ ਸਾਫ਼ ਨਹੀਂ ਦੱਸ ਸਕੇ । ਸ਼ਕਲ, ਲਿੰਗ ਤੇ ਰੰਗ-ਤਿੰਨਾਂ ਪੱਖਾਂ ਤੋਂ ਲੈਲੀ ਦਾ ਮਾਨੋ ਇਕ ਰਹੱਸ ਹੀ ਰਹੇਗਾ। ਇਸ ਰਹੱਸ ਦੇ ਉਲਟ ਮਸ਼ਹੂਰ ਲੈਲਾ, ਜੋ ਅਰਬੀ, ਫਾਰਸੀ ਤੇ ਉਰਦੂ ਕਵਿਤਾਵਾਂ ਦੇ ਆਦਰਸ਼ਕ ਤੇ ਪਾਗਲ ਪ੍ਰੇਮੀ ਮਜਨੂੰ ਦੀ ਪ੍ਰੇਮਕਾ ਸੀ, ਉਸ ਵਿਚ ਕੇਵਲ ਇਕੋ ਰਹੱਸ ਹੈ ਤੇ ਉਹ ਹੈ ਲੈਲਾ ਦੇ ਰੰਗ ਬਾਰੇ । ਆਮ ਖ਼ਿਆਲ ਹੈ ਕਿ ਉਹ ਰਾਤ ਵਾਗੂੰ ਕਾਲੀ ਸੀ, ਪਰ ਮਜਨੂੰ ਨੂੰ ਉਹ ਪਰਭਾਤ ਵਾਂਗ ਸੁਹਣੀ ਲਗਦੀ ਸੀ। ਇਸੇ ਕਰਕੇ ਫ਼ਾਰਸੀ ਦੀ ਮਸ਼ਹੂਰ ਅਖਾਣ ਹੈ “ਲੈਲੀ ਨੂੰ ਮਜਨੂੰ ਦੀਆਂ ਅੱਖਾਂ ਨਾਲ ਵੇਖੋ।” ਅਸੀਂ ਵੀ ਇਸ ਤੋਂ ਹੋਰ ਵਧੇਰੇ ਅੱਛਾ ਕੀ ਕਹਿ ਸਕਦੇ ਹਾਂ ਕਿ ਲੈਲਾ ਘੋੜੇ ਨੂੰ ਵੇਖਣਾ ਹੋਵੇ ਤਾਂ ਰਣਜੀਤ ਸਿੰਘ ਦੀਆਂ ਅੱਖਾਂ ਨਾਲ ਵੇਖੀਏ।

ਪਹੀਆਂ ਵਾਲਾ ਬੰਗਲਾ

ਰਣਜੀਤ ਸਿੰਘ ਦੇ ਮਹਿਲਾਂ ਦੇ ਅਜੂਬਿਆਂ ਵਿਚੋਂ ਇਕ ਅਜੂਬਾ ਪਹੀਆਂ ਵਾਲਾ ਬੰਗਲਾ ਸੀ ਜਿਸ ਦੀਆਂ ਦੀਵਾਰਾਂ ਚਾਂਦੀ ਦੀਆਂ ਸਨ, ਛੱਤ ਸ਼ਾਲ ਦੀ ਸੀ ਅਤੇ ਜਿਸ ਨੂੰ ਕਾਲੀਨਾਂ, ਗਦੇਲਿਆਂ, ਪੜਦਿਆਂ ਤੇ ਰੰਗ ਬਰੰਗੇ ਸ਼ੀਸ਼ੇ ਦੇ ਸ਼ਮਾਦਾਨਾਂ ਨਾਲ ਸਜਾਇਆ ਹੋਇਆ ਸੀ। ਇਸ ਨੂੰ ਅੱਠ ਹਾਥੀ ਖਿੱਚਦੇ ਸਨ। ਇਹ ਜ਼ਮੀਨ ਤੋਂ ਇੰਨਾ ਉੱਚਾ ਸੀ ਕਿ ਕੇਵਲ ਪਉੜੀ ਰਾਹੀਂ ਚੜ੍ਹਿਆ ਤੇ ਉਤਰਿਆ ਜਾ ਸਕਦਾ ਸੀ। ਸ਼ਾਹੀ ਖ਼ਾਨਦਾਨ ਦੇ ਬੱਚੇ ਤੇ ਉਨ੍ਹਾਂ ਦੇ ਮਿੱਤਰ ਸਾਥੀ ਖ਼ੁਸ਼ੀ ਦੇ ਅਵਸਰਾਂ ਤੇ ਸੈਰ ਲਈ ਇਸ ਦੀ ਵਰਤੋਂ ਕਰਦੇ ਸਨ। ਖ਼ਾਸ ਕਾਰਨ ਇਸ ਆਨੰਦ ਦਾ ਇਹ ਸੀ ਕਿ ਇਸ ਵਿਚ ਭਾਵੇਂ ਸਪਰਿੰਗ ਕੋਈ ਨਹੀਂ ਸੀ, ਪਰ ਅਜਿਹੇ ਝੂਲੇ ਆਉਂਦੇ ਸਨ ਕਿ ਮਹਿਸੂਸ ਹੁੰਦਾ ਸੀ ਕਿ ਅੱਠਾਂ ਹਾਥੀ-ਗੱਡੀਆਂ ਦੀ ਸਵਾਰੀ ਹੋ ਰਹੀ ਹੈ। ਮਹਾਰਾਜਾ ਅਕਸਰ ਆਪ ਇਨ੍ਹਾਂ ਮੌਕਿਆਂ ਤੇ ਹਾਜ਼ਰ ਹੁੰਦਾ ਤੇ ਆਨੰਦਮਈ ਯਾਤਰਾ ਦਾ ਪ੍ਰਬੰਧ ਕਰਦਾ ਸੀ। ਇਹ ਇਕ ਬੜੀ ਦਿਲਚਸਪ ਝਾਕੀ ਸੀ ਕਿ ਸ਼ੇਰੇ ਪੰਜਾਬ ਕਿਵੇਂ ਆਪਣੀ ਪਰਜਾ ਦੇ ਸਭ ਤੋਂ ਔਖੇ ਭਾਗ ਅਰਥਾਤ ਛੋਟੇ ਬੱਚਿਆਂ ਅਰਥਾਤ ਉਸਰ ਰਹੀ ਮਾਨਵ ਪਨੀਰੀ ਦੇ ਪ੍ਰਬੰਧ ਵਿਚ ਰਾਜਨੀਤੀ, ਰਾਜਦੂਤੀ ਤੇ ਜਰਨੈਲੀ ਦੇ ਆਪਣੇ ਸਾਰੇ ਹੁਨਰ ਵਰਤਦਾ ਸੀ । ਫ਼ਕੀਰ ਪਰਿਵਾਰ ਦੇ ਬੱਚੇ ਵੀ ਮੌਜ-ਮੇਲਾ ਮਾਣਨ ਵਾਲੇ ਬੱਚਿਆਂ ਵਿਚ ਸ਼ਾਮਿਲ ਹੁੰਦੇ ਸਨ ਅਤੇ ਲੇਖਕ ਦੇ ਘਰੇਲੂ ਕਾਗਜ਼ਾਂ ਵਿਚ ਮਹਾਰਾਜੇ ਦੀ ਨਿੱਜੀ ਨਿਗਰਾਨੀ ਅਧੀਨ ਇਨ੍ਹਾਂ ਆਨੰਦਮਈ ਸਵਾਰੀਆਂ ਦੇ ਬਿਰਤਾਂਤ ਤੇ ਮਹਾਰਾਜੇ ਨਾਲ ਸਿੱਧੀਆਂ ਮੁਲਾਕਾਤਾਂ ਦੇ ਸਮਾਚਾਰ ਮਿਲਦੇ ਹਨ।

ਰਣਜੀਤ ਸਿੰਘ ਦਾ ਬੱਚਿਆਂ ਨਾਲ ਬੜਾ ਸਨੇਹ ਸੀ, ਖ਼ਾਸ ਕਰਕੇ ਸੁਹਣੇ ਤੇ ਤੀਖਣ ਬੁੱਧੀ ਵਾਲੇ ਬਾਲਕਾਂ ਨਾਲ ਅਤੇ ਜਦ ਵੀ ਉਸ ਨੂੰ ਵਕਤ ਮਿਲਦਾ ਉਹ ਬੱਚਿਆਂ ਦੇ ਝੁਰਮਟ ਵਿਚ, ਉਨ੍ਹਾਂ ਨਾਲ ਖੇਡਦਾ ਤੇ ਉਨ੍ਹਾਂ ਨਾਲ ਨਿੱਕੇ-ਨਿੱਕੇ ਮਜ਼ਾਕ ਕਰਨ ਵਿਚ ਬੜੀ ਖ਼ੁਸ਼ੀ ਮਹਿਸੂਸ ਕਰਦਾ ਸੀ। ਰਾਜ-ਮਹਿਲ ਦੇ ਬੱਚਿਆਂ ਨੂੰ ਖ਼ਾਸ ਦਰਬਾਰ ਵਿਚ ਆਉਣ ਦੀ ਖੁਲ੍ਹ ਸੀ ਅਤੇ ਇਹ ਕੋਈ ਅਨੋਖੀ ਗੱਲ ਨਹੀਂ ਸੀ ਕਿ ਬਹੁਤ ਛੋਟੇ ਬੱਚੇ ਕਈ ਵਾਰ ਰਿੜ੍ਹ ਕੇ ਮਹਾਰਾਜੇ ਪਾਸ ਆ ਜਾਂਦੇ ਜਾਂ ਉਸ ਤੇ ਚੜ੍ਹ ਜਾਂਦੇ । ਬਹੁਤ ਸਾਰੇ ਵਿਦੇਸ਼ੀ ਯਾਤਰੂਆਂ ਨੇ ਇਸ ਗੱਲ ਵੱਲ ਸੰਕੇਤ ਕੀਤਾ ਹੈ। ਕਈਆਂ ਨੇ ਇਸ ਨੂੰ ਮਹਾਰਾਜੇ ਦੀ ਮਾਨਵਤਾ ਦਾ ਚਿੰਨ੍ਹ ਸਮਝ ਕੇ ਇਸ ਦੀ ਪ੍ਰਸੰਸਾ ਕੀਤੀ ਹੈ ਪਰ ਕਈਆਂ ਨੇ ਇਸ ਨੂੰ ਅਨੁਸ਼ਾਸਨਹੀਣਤਾ ਕਹਿ ਕੇ ਨਿੰਦਿਆ ਹੈ। ਪ੍ਰੰਤੂ ਕਿਉਂਕਿ ਰਣਜੀਤ ਸਿੰਘ ਆਪਣੇ ਆਰਾਮ ਦੇ ਸਮੇਂ ਵੀ ਸਚੇਤ ਜਾਂ ਅਚੇਤ ਤੌਰ ਤੇ ਆਪਣੇ ਰਾਜ ਦੇ ਭਵਿੱਸ਼ ਬਾਰੇ ਸੋਚਦਾ ਰਹਿੰਦਾ ਸੀ, ਉਹ ਇਹੋ ਜਿਹੇ ਅਵਸਰਾਂ ਦਾ ਲਾਭ ਉਠਾਉਂਦਾ ਤੇ ਸਰਦਾਰਾਂ ਤੇ ਦਰਬਾਰੀਆਂ ਦੇ ਬੱਚਿਆਂ ਵਿਚ ਜੋ ਲਾਇਕ ਹੁੰਦੇ ਉਨ੍ਹਾਂ ਨੂੰ ਚੁਣ ਲੈਂਦਾ । ਫਿਰ ਇਨ੍ਹਾਂ ਲੜਕਿਆਂ ਨੂੰ ਉਸ ਦੀ ਖ਼ਾਸ ਨਿਗਰਾਨੀ ਹੇਠ ਰੱਖੇ ਹੋਏ ਸਰਦਾਰਾਂ ਤੋਂ ਲਿਖਣਾ-ਪੜ੍ਹਣਾ ਸਿਖਾਇਆ ਜਾਂਦਾ, ਘੋੜ ਸਵਾਰੀ, ਸ਼ਸਤਰ-ਵਿਦਿਆ ਦੀ ਸਿਖਲਾਈ ਦਿੱਤੀ ਜਾਂਦੀ ਤੇ ਜਦੋਂ ਉਹ ਵੱਡੇ ਹੋ ਜਾਂਦੇ ਤਾਂ ਬਹੁਤ ਅਹਿਮ ਕੰਮਾਂ ਤੇ ਲਗਾਇਆ ਜਾਂਦਾ । ਇਸ ਤਰ੍ਹਾਂ ਉਸ ਨੇ ਕਈ ਨੌਜਵਾਨਾਂ ਨੂੰ ਨੌਕਰੀ ਵਿਚ ਲਿਆ ਤੇ ਉਨ੍ਹਾਂ ਵਿਚ ਕੁਝ ਫ਼ੌਜੀ ਤੇ ਦੀਵਾਨੀ ਮਹਿਕਮਿਆਂ ਵਿਚ ਬਹੁਤ ਉੱਚੀ ਪਦਵੀ ਤੇ ਪਹੁੰਚੇ । ਇਨ੍ਹਾਂ ਵਿਚ ਫ਼ਕੀਰ ਖ਼ਾਨਦਾਨ ਦੇ ਕੁਝ ਬੱਚੇ ਵੀ ਸਨ । ਪ੍ਰੰਤੂ ਇਨ੍ਹਾਂ ਵਿਚ ਸਭ ਤੋਂ ਪ੍ਰਸਿੱਧ ਸੀ ਹੀਰਾ ਸਿੰਘ ਜੋ ਰਾਜਾ ਧਿਆਨ ਸਿੰਘ ਦਾ ਲੜਕਾ ਸੀ।

ਹੀਰਾ ਸਿੰਘ 1818 ਈ. ਵਿਚ ਪੈਦਾ ਹੋਇਆ ਸੀ ਜਦੋਂ ਉਸ ਦੇ ਪਿਤਾ ਨੇ ਜਮਾਂਦਾਰ ਖੁਸ਼ਹਾਲ ਸਿੰਘ ਤੋਂ ਡਿਉਢੀਦਾਰ ਦੀ ਥਾਂ ਲਈ। ਉਪਰੰਤ, ਧਿਆਨ ਸਿੰਘ ਥੋੜ੍ਹੇ ਸਮੇਂ ਵਿਚ ਹੀ ਪ੍ਰਧਾਨ-ਮੰਤਰੀ ਬਣ ਗਿਆ ਤੇ ਫ਼ਕੀਰ ਅਜ਼ੀਜ਼ਉੱਦੀਨ ਦੇ ਸਹਿਯੋਗ ਨਾਲ ਇਹ ਦਰਬਾਰ ਦੀ ਇਕ ਬਹੁਤ ਹੀ ਜ਼ਰੂਰੀ ਸ਼ਖ਼ਸੀਅਤ ਗਿਣਿਆ ਜਾਣ ਲੱਗ ਪਿਆ। ਸੋ ਹੀਰਾ ਸਿੰਘ ਮਹਾਰਾਜੇ ਦੀ ਖ਼ਾਸ ਨਿਗਰਾਨੀ ਹੇਠ ਪਲਿਆ, ਕੇਵਲ ਇਸ ਲਈ ਨਹੀਂ ਕਿ ਉਹ ਪ੍ਰਧਾਨ-ਮੰਤਰੀ ਦਾ ਪੁੱਤਰ ਸੀ ਬਲਕਿ ਇਸ ਲਈ ਵੀ ਕਿ ਉਹ ਬਹੁਤ ਹੀ ਸੁੰਦਰ ਨੈਣ-ਨਕਸ਼, ਤੀਖਣ ਬੁੱਧੀ ਵਾਲਾ ਬਾਲਕ ਸੀ ਜਿਸ ਕਰਕੇ ਮਹਾਰਾਜੇ ਦਾ ਧਿਆਨ ਸਦਾ ਇਸ ਵੱਲ ਰਹਿੰਦਾ। ਇਕ ਯੋਗ ਸਿਖਿਆਰਥੀ ਹੋਣ ਕਰਕੇ ਇਹ ਸਭ ਲੜਕਿਆਂ ਨੂੰ ਘੋੜ-ਸਵਾਰੀ, ਤਲਵਾਰ ਤੇ ਬੰਦੂਕ ਚਲਾਉਣ ਵਿਚ ਪਿੱਛੇ ਛੱਡ ਗਿਆ। ਇਸ ਤੋਂ ਇਲਾਵਾ ਉਸ ਦੀ ਚੁਸਤੀ ਤੇ ਹਾਜ਼ਰ-ਜਵਾਬੀ ਮਹਾਰਾਜੇ ਨੂੰ ਖ਼ਾਸ ਪ੍ਰਭਾਵਿਤ ਕਰਦੀ ਸੀ। ਇਨ੍ਹਾਂ ਗੱਲਾਂ ਕਰਕੇ ਉਹ ਮਹਾਰਾਜੇ ਦਾ ਖ਼ਾਸ ਲਾਡਲਾ ਹੋ ਗਿਆ। ਜਦੋਂ ਉਹ ਅੱਠ ਜਾਂ ਨੋ ਸਾਲ ਦਾ ਹੋ ਗਿਆ, ਉਸ ਦਾ ਪਿਤਾ ਉਸ ਨੂੰ ਕਦੇ-ਕਦੇ ਦਰਬਾਰ ਵਿਚ ਲਿਆਉਣ ਲੱਗ ਪਿਆ। ਉੱਥੇ ਵੀ ਉਹ ਬੜੇ ਸੁਚੱਜੇ ਤਰੀਕੇ ਨਾਲ ਬੈਠਦਾ, ਸਾਰੀ ਕਾਰਵਾਈ ਨੂੰ ਚੁੱਪ ਚਾਪ ਬੜੇ ਧਿਆਨ ਨਾਲ ਵੇਖਦਾ ਤੇ ਜਦ ਕਦੀ ਮਹਾਰਾਜਾ ਆਗਿਆ ਦਿੰਦਾ ਬੜੀਆਂ ਸੁਹਣੀਆਂ ਗੱਲਾਂ ਕਰਦਾ । ਉਹ ਮਹਾਰਾਜੇ ਦੇ ਆਪਣੇ ਪੁੱਤਰਾਂ ਖੜਕ ਸਿੰਘ ਤੇ ਸ਼ੇਰ ਸਿੰਘ ਦੇ ਮੁਕਾਬਲੇ ਵਿਚ ਬਹੁਤ ਚੰਗਾ ਸੀ। ਖੜਕ ਸਿੰਘ ਨਾ ਕੇਵਲ ਸ਼ਕਲ ਸੂਰਤ ਵਿਚ ਸਾਦਾ ਤੇ ਅਕਲ ਦਾ ਹਲਕਾ ਸੀ ਸਗੋਂ ਸੰਗਾਊ ਤਬੀਅਤ ਦਾ ਸੀ ਅਤੇ ਉਸ ਨੂੰ ਦਰਬਾਰ ਵਿਚ ਬੈਠਣਾ ਔਖਾ ‘ਲਗਦਾ ਸੀ । ਇਸ ਕਰਕੇ ਉਹ ਸਿਰਫ ਉਦੋਂ ਹੀ ਦਰਬਾਰ ਵਿਚ ਆਇਆ ਕਰਦਾ ਜਦੋਂ ਬਹੁਤ ਹੀ ਮਜਬੂਰੀ ਹੁੰਦੀ। ਇਸ ਤੋਂ ਇਲਾਵਾ ਉਹ ਬਹੁਤ ਸਮਾਂ ਬਾਹਰ ਹੁੰਦਾ ਜਾਂ ਆਪਣੀ ਜਾਗੀਰ ਵਿਚ ਰਹਿੰਦਾ। ਸ਼ੇਰ ਸਿੰਘ ਖੂਬਸੂਰਤ ਸੀ ਤੇ ਮਰਦਾਨਾ ਵੀ ਪਰ ਉਹ ਵੀ ਅਕਲ ਤੇ ਸਿਆਣਪ ਵਿਚ ਕੋਈ ਵਿਸ਼ੇਸ਼ਤਾਈ ਨਹੀਂ ਸੀ ਰਖਦਾ। ਇਹ ਵੀ ਬਹੁਤ ਸਾਰਾ ਸਮਾਂ ਲਾਹੌਰ ਤੋਂ ਬਾਹਰ ਹੀ ਰਹਿੰਦਾ, ਆਪਣੀ ਨਾਨੀ ਸਦਾ ਕੌਰ ਪਾਸ ਜਾਂ ਕਿਸੇ ਨਾ ਕਿਸੇ ਮੁਹਿੰਮ ਤੇ। ਸੋ ਮਹਾਰਾਜੇ ਦਾ ਧਿਆਨ ਹੀਰਾ ਸਿੰਘ ਵੱਲ ਵਧਦਾ ਗਿਆ ਤੇ ਦਰਬਾਰ ਵਿਚ ਉਸ ਦੀ ਹਾਜ਼ਰੀ ਉਸ ਨੂੰ ਪਸੰਦ ਆਉਣ ਲੱਗ ਪਈ।

ਫਿਰ ਇਕ ਐਸਾ ਸਮਾਂ ਆਇਆ ਜਦੋਂ ਹੀਰਾ ਸਿੰਘ ਨੂੰ ਦਰਬਾਰ ਵਿਚ, ਮਹਾਰਾਜ ਦੇ ਪਾਸ, ਸ਼ਹਿਜਾਦਾ ਖੜਕ ਸਿੰਘ ਤੇ ਸ਼ਹਿਜ਼ਾਦਾ ਸ਼ੇਰ ਸਿੰਘ ਦੇ ਨਾਲ ਨਾਲ ਬੈਠਣ ਦੀ ਕੁਰਸੀ ਮਿਲਣੀ ਸ਼ੁਰੂ ਹੋ ਗਈ। ਕਿਉਂਕਿ ਸ਼ਹਿਜ਼ਾਦੇ ਆਮ ਤੌਰ ਤੇ ਗ਼ੈਰ-ਹਾਜ਼ਰ ਹੁੰਦੇ ਸਨ, ਇਸ ਕਰਕੇ ਮਹਾਰਾਜੇ ਦੇ ਨਾਲ ਕੁਰਸੀਆਂ ਤੇ ਬੈਠਣ ਵਾਲਾ ਹੀਰਾ ਸਿੰਘ ਹੀ ਇਕੱਲਾ ਰਹਿ ਗਿਆ। ਭਰੇ ਦਰਬਾਰ ਵਿਚ ਜਿੱਥੇ ਮੰਤਰੀ, ਸਲਾਹਕਾਰ ਤੇ ਸਰਦਾਰ ਆਪਣੇ ਆਪਣੇ ਅਹੁਦੇ ਮੁਤਾਬਕ ਬੈਠਦੇ, ਉੱਥੇ ਹੀਰਾ ਸਿੰਘ ਦੀ ਖ਼ਾਸ ਥਾਂ ਨੂੰ ਸ਼ਹਿਜ਼ਾਦਿਆਂ ਵਾਲੀ ਮਹੱਤਤਾ ਮਿਲ ਗਈ। ਪ੍ਰਾਈਵੇਟ ਮੀਟਿੰਗਾਂ ਵਿਚ ਜੋ ਸਥਿਤੀ ਸੀ, ਉਸ ਬਾਰੇ ਬਦੇਸ਼ੀ ਯਾਤਰੀਆਂ ਨੇ ਕਾਫੀ ਟੀਕਾ ਟਿੱਪਣੀ ਕੀਤੀ ਹੈ। ਹੀਰਾ ਸਿੰਘ ਮਹਾਰਾਜੇ ਦੇ ਪਾਸ ਬੈਠਦਾ ਤੇ ਉਸ ਦਾ ਪਿਤਾ, ਪ੍ਰਧਾਨ-ਮੰਤਰੀ, ਮਹਾਰਾਜੇ ਦੇ ਪਿੱਛੇ ਹੱਥ ਬੰਨ੍ਹ ਕੇ ਖਲੋਤਾ ਹੁੰਦਾ। ਇਸ ਵਿਚ ਕੋਈ ਐਸੀ ਗੱਲ ਨਹੀਂ ਸੀ ਕਿ ਜਿਸ ਨਾਲ ਹੋਰਾਂ ਨੂੰ ਤਕਲੀਫ ਜਾਂ ਹੈਰਾਨੀ ਹੁੰਦੀ। ਹੀਰਾ ਸਿੰਘ ਰਣਜੀਤ ਸਿੰਘ ਲਈ ਇਕ ਛੋਟਾ ਗਹਿਣਾ, ਇਕ ਪਾਲਤੂ ਜਾਨਵਰ, ਇਕ ਫੁੱਲ ਵਾਂਗੂੰ ਸੀ ਜਾਂ ਉਸ ਨੂੰ ਜੋ ਸੋਹਣੀਆਂ ਚਮਕੀਲੀਆਂ ਤੇ ਉਤਸਾਹ-ਭਰਪੂਰ ਚੀਜ਼ਾਂ ਵਿਚੋਂ ਖ਼ੁਸ਼ੀ ਮਹਿਸੂਸ ਹੁੰਦੀ ਸੀ, ਉਸ ਦਾ ਪ੍ਰਤੀਕ ਸੀ । ਇਸ ਤੋਂ ਛੁਟ ਰਣਜੀਤ ਸਿੰਘ ਨੂੰ ਜੋ ਆਪਣੇ ਬੱਚਿਆਂ ਤੋਂ ਨਿਰਾਸਤਾ ਹੁੰਦੀ ਸੀ, ਇਹ ਉਹ ਘਾਟ ਪੂਰੀ ਕਰਦਾ ਸੀ। ਜੋ ਖੜਕ ਸਿੰਘ ਤੇ ਸ਼ੇਰ ਸਿੰਘ ਨੂੰ ਹੋਣਾ ਚਾਹੀਦਾ ਸੀ ਉਹ ਉਸ ਵਿਚ ਵੇਖਦਾ ਸੀ। ਇਹ ਵੀ ਹੋ ਸਕਦਾ ਹੈ ਕਿ ਜੋ ਕੁਝ ਉਹ ਆਪ ਉਸ ਉਮਰ ਵਿਚ ਹੋਣਾ ਲੋਚਦਾ ਸੀ, ਉਹ ਉਸ ਨੂੰ ਹੀਰਾ ਸਿੰਘ ਵਿਚ ਨਜ਼ਰ ਆਉਂਦਾ ਸੀ।

ਹੀਰਾ ਸਿੰਘ ਜਵਾਨ ਹੋ ਕੇ ਇਕ ਬੜਾ ਸੋਹਣਾ ਲੜਕਾ, ਚਮਕੀਲੀਆਂ ਅੱਖਾਂ ਵਾਲਾ, ਹਾਜ਼ਰ ਜੁਆਬ, ਸੁਹਣੀ ਨੁਹਾਰ ਵਾਲਾ, ਬਹੁਤ ਵਧੀਆ ਘੋੜ ਸਵਾਰ, ਨਿਡਰ ਸਿਪਾਹੀ ਤੇ ਬੜਾ ਹੀ ਸੁਲਝਿਆ ਹੋਇਆ ਦਰਬਾਰੀ ਨਿਕਲਿਆ । ਇਹ ਸਾਰੇ ਗੁਣ ਉਸ ਨੂੰ ਆਪਣੇ ਪਿਤਾ ਪਾਸੋਂ ਵਿਰਾਸਤ ਵਿਚ ਮਿਲੇ ਸਨ ਅਤੇ ਕੁਝ ਉਸ ਸਿੱਖਿਆ ਤੋਂ ਹਾਸਿਲ ਹੋਏ ਸਨ ਜੋ ਮਹਾਰਾਜਾ ਰਣਜੀਤ ਸਿੰਘ ਦੁਆਰਾ ਉਸ ਨੂੰ ਮਿਲੀ ਸੀ । 1828 ਈ. ਵਿਚ ਜਦੋਂ ਉਹ ਹਾਲੀ ਦਸ ਸਾਲ ਦਾ ਸੀ, ਉਸ ਨੂੰ ਰਾਜੇ ਦਾ ਖਿਤਾਬ ਪ੍ਰਦਾਨ ਕੀਤਾ ਗਿਆ । ਇਸ ਦੇ ਨਾਲ ਇਕ ਢੁੱਕਵੀਂ ਜਾਗੀਰ ਵੀ ਦਿੱਤੀ ਗਈ ਤੇ ਕੁਝ ਫ਼ੌਜੀ ਰੈਜ਼ਮੈਂਟਾਂ ਦੀ ਕਮਾਂਡ ਵੀ। ਹੁਣ ਰਣਜੀਤ ਸਿੰਘ ਨੇ ਉਸ ਵਾਸਤੇ ਵਹੁਟੀ ਲੱਭਣ ਬਾਰੇ ਸੋਚਿਆ। ਰਣਜੀਤ ਸਿੰਘ ਦਾ ਪੁਰਾਣਾ ਵਿਰੋਧੀ ਸੰਸਾਰ ਚੰਦ, ਕਾਂਗੜੇ ਦਾ ਰਾਜਾ, ਜੋ ਹੁਣ ਮਰ ਚੁੱਕਾ ਸੀ ਉਸ ਦਾ ਲੜਕਾ ਅਨਰੋਧ ਚੰਦ ਆਪਣੀਆਂ ਦੋ ਸੋਹਣੀਆਂ ਭੈਣਾਂ ਨਾਲ ਲਾਹੌਰ ਆਇਆ। ਰਣਜੀਤ ਸਿੰਘ ਨੇ ਇਨ੍ਹਾਂ ਵਿਚੋਂ ਇਕ ਦਾ ਰਿਸ਼ਤਾ ਹੀਰਾ ਸਿੰਘ ਲਈ ਮੰਗਿਆ। ਅਨਰੋਧ ਚੰਦ ਜੋ ਪੁਰਾਣੇ ਤੇ ਉੱਚੇ ਘਰਾਣੇ ਦਾ ਮਾਣ ਰਖਦਾ ਸੀ ਉਸ ਨੇ ਹੀਰਾ ਸਿੰਘ ਨੂੰ ਨਵਾਂ ਉਠਿਆ ਪ੍ਰੰਤੂ ਘਟੀਆ ਸਮਝਦਿਆਂ ਹੋਇਆਂ ਇਸ ਗੱਲ ਨੂੰ ਪਸੰਦ ਨਾ ਕੀਤਾ ਤੇ ਹਾਂ ਜਾਂ ਨਾ ਵਿਚ ਕੋਈ ਉੱਤਰ ਨਾ ਦਿੱਤਾ ਤੇ ਫਤਿਹ ਸਿੰਘ ਆਹਲੂਵਾਲੀਏ ਦੀ ਲੜਕੀ ਦੀ ਸ਼ਾਦੀ ਵਿਚ ਸ਼ਾਮਿਲ ਹੋਣ ਲਈ ਚਲਾ ਗਿਆ । ਦੋ ਹਿੰਦੂ ਸਰਦਾਰਾਂ ਰਾਹੀਂ ਗੱਲ-ਬਾਤ ਫਿਰ ਤੋਰੀ ਗਈ ਤੇ ਅਨਰੋਧ ਚੰਦ ਨੇ ਇਕ ਲੜਕੀ ਦੇ ਰਿਸ਼ਤੇ ਬਾਰੇ ਲਿਖਤੀ ਪ੍ਰਵਾਨਗੀ ਭੇਜ ਦਿੱਤੀ । ਪਰ ਉਸ ਨੇ ਆਪਣੀ ਮਾਂ ਪਾਸੋਂ ਪੁੱਛਿਆ ਨਹੀਂ ਸੀ ਤੇ ਜਦੋਂ ਮਾਂ ਨੂੰ ਪਤਾ ਲੱਗਾ, ਉਹ ਬਹੁਤ ਨਾਰਾਜ਼ ਹੋਈ ਤੇ ਦੋਹਾਂ ਧੀਆਂ ਨੂੰ ਲੈ ਕੇ ਅੰਗਰੇਜ਼ੀ ਇਲਾਕੇ ਵਿਚ ਚਲੀ ਗਈ। ਛੇਤੀ ਹੀ ਮਗਰੋਂ ਅਨਰੋਧ ਚੰਦ ਵੀ ਉੱਥੇ ਉਸ ਨੂੰ ਜਾ ਮਿਲਿਆ ਤੇ ਦੋਹਾਂ ਭੈਣਾ ਦਾ ਵਿਆਹ ਟੀਰੀ ਗੜ੍ਹਵਾਲ ਦੇ ਰਾਜੇ ਨਾਲ ਕਰ ਦਿੱਤਾ। ਰਣਜੀਤ ਸਿੰਘ ਨੇ ਫਿਰ ਹੀਰਾ ਸਿੰਘ ਦੀ ਸ਼ਾਦੀ ਇਕ ਥੋੜ੍ਹਾ ਘੱਟ ਮਾਣ ਵਾਲੇ ਖ਼ਾਨਦਾਨ ਵਿਚ ਕਰ ਦਿੱਤੀ। ਇਹ ਸ਼ਾਦੀ 1829 ਈ. ਵਿਚ ਬੜੇ ਠਾਠ ਨਾਲ ਕੀਤੀ ਗਈ, ਜਿਹੜੀ ਮਹਾਰਾਜੇ ਦੇ ਮੁਤਬੰਨੇ ਪੁੱਤਰ ਦੀ ਸ਼ਾਦੀ ਦੀ ਸ਼ਾਨ ਦੇ ਬਿਲਕੁਲ ਅਨੁਕੂਲ ਸੀ । ਵਾਸਤਵ ਵਿਚ ਹੀਰਾ ਸਿੰਘ ਦਾ ਦਰਜਾ ਮਹਾਰਾਜੇ ਦੇ ਮੁਤਬੰਨੇ ਪੁੱਤਰ ਵਰਗਾ ਹੀ ਬਣ ਚੁੱਕਾ ਸੀ ।

ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਦਸ ਵਰ੍ਹਿਆਂ ਲਈ ਜੋ ਰਾਜ-ਗੱਦੀ ਲਈ ਉੱਥਲ-ਪੁੱਥਲ ਦੀ ਖੇਡ ਖੇਡੀ ਗਈ ਉਸ ਵਿਚ ਹੀਰਾ ਸਿੰਘ 1843 ਈ. ਵਿਚ ਪ੍ਰਧਾਨ-ਮੰਤਰੀ ਤਾਂ ਬਣ ਗਿਆ ਪਰ ਇਕ ਵਰ੍ਹੇ ਬਾਅਦ ਹੀ ਉਸ ਨੂੰ ਇਸ ਤੋਂ ਹੱਥ ਧੋਣੇ ਪਏ, ਸਗੋਂ ਇਸ ਦੇ ਕਾਰਨ ਉਸ ਦਾ ਚਾਲਾਕ ਤੇ ਮਾਣ ਨਾਲ ਭਰਿਆ ਸਿਰ ਵੀ ਫ਼ੌਜ ਨੇ ਕੱਟ ਕੇ ਲਾਹੌਰ ਦੇ ਇਕ ਵੱਡੇ ਦਰਵਾਜ਼ੇ ਤੇ ਲਟਕਾ ਦਿੱਤਾ । ਫ਼ਕੀਰ ਖ਼ਾਨਦਾਨ ਦੇ ਬੱਚੇ ਜੋ ਹੀਰਾ ਸਿੰਘ ਦੇ ਬਚਪਨ ਵਿਚ ਸਾਥੀ ਰਹੇ ਸਨ, ਉਨ੍ਹਾਂ ਦਾ ਜੀਵਨ ਹੋਰ ਤਰ੍ਹਾਂ ਦਾ ਸੀ । ਉਨ੍ਹਾਂ ਨੇ ਆਪਣੇ ਸਿਰ ਬਚਾ ਕੇ ਰੱਖੇ ਅਤੇ ਅੰਗਰੇਜ਼ੀ ਰਾਜ ਸਮੇਂ ਵੀ ਆਪਣੀਆਂ ਨੌਕਰੀਆਂ ਜਾਰੀ ਰੱਖੀਆਂ। ਇਹ ਨੋਕਰੀਆਂ ਹੀਰਾ ਸਿੰਘ ਦੀ ਨੌਕਰੀ ਨਾਲੋਂ ਘੱਟ ਲਾਭਦਾਇਕ ਨਹੀਂ ਸਨ, ਭਾਵੇਂ ਉਨ੍ਹਾਂ ਵਿਚ ਉਹ ਠਾਠ-ਬਾਠ ਤੇ ਆਨ-ਸ਼ਾਨ ਨਹੀਂ ਸੀ । ਉਨ੍ਹਾਂ ਦੇ ਦਿਲ, ਜੋ ਉਨ੍ਹਾਂ ਦੇ ਦਿਮਾਗ਼ਾਂ ਦਾ ਮਾਰਗ-ਦਰਸ਼ਨ ਕਰਦੇ ਸਨ, ਵਧੇਰੇ ਸਿਹਤਮੰਦ ਸਨ । ਫਿਰ ਉਨ੍ਹਾਂ ਨੂੰ ਅਜ਼ੀਜ਼ਉੱਦੀਨ ਤੇ ਨੂਰਉੱਦੀਨ ਦੀ ਅਗਵਾਈ ਵੀ ਹਾਸਿਲ ਸੀ ਜਿਸ ਨੇ ਉਨ੍ਹਾਂ ਨੂੰ ਖ਼ਾਲਸਾ ਦਰਬਾਰ ਦੀਆਂ ਸਾਜ਼ਸਾਂ ਦੀ ਖ਼ਤਰਨਾਕ ਖੇਡ ਵਿਚ ਸ਼ਾਮਿਲ ਨਹੀਂ ਹੋਣ ਦਿੱਤਾ ।

ਕਬੂਤਰ, ਅੰਨ੍ਹੀ ਇਸਤਰੀਆਂ ਤੇ ਸ਼ੇਰ

ਇਕ ਪਾਸੇ ਰਣਜੀਤ ਸਿੰਘ ਨੂੰ ਸ਼ਾਨ ਸ਼ੌਕਤ, ਹੀਰੇ ਜਵਾਹਰਾਤ ਤੇ ਆਲੀਸ਼ਾਨ ਲਿਬਾਸ (ਭਾਵੇਂ ਦੂਜਿਆਂ ਦੇ ਸਰੀਰ ਉੱਪਰ ਹੀ), ਤੇਜ਼ ਘੋੜੇ ਤੇ ਵਧੀਆ ਢੰਗ ਨਾਲ ਸਜਾਏ ਹਾਥੀ ਪਿਆਰੇ ਲਗਦੇ ਸਨ, ਦੂਜੇ ਪਾਸੇ ਉਸ ਦੇ ਸੁਭਾ ਦਾ ਇਕ ਹੋਰ ਪੱਖ ਕੋਮਲ ਤੇ ਨਿਮਾਣੀਆਂ ਚੀਜ਼ਾਂ ਵਾਸਤੇ ਦਿਲਚਸਪੀ ਸੀ। ਬੱਚਿਆਂ ਵਿਚ ਦਿਲਚਸਪੀ ਸਰਹੱਦੀ ਰੇਖਾ ਤੇ ਸੀ ਕਿਉਂਕਿ ਭਾਵੇਂ ਉਹ ਸਾਰੇ ਬੱਚਿਆਂ ਨੂੰ ਚਾਹੁੰਦਾ ਸੀ ਪਰ ਜੋ ਵਧੇਰੇ ਸੁਹਣੇ ਤੇ ਸਮਝਦਾਰ ਸਨ ਉਨ੍ਹਾਂ ਵੱਲ ਉਸ ਦਾ ਝੁਕਾਉ ਵਧੇਰੇ ਹੁੰਦਾ ਸੀ । ਪਾਲਤੂ ਜਾਨਵਰਾਂ ਲਈ ਉਸ ਦੇ ਮਨ ਵਿਚ ਐਸਾ ਕੋਈ ਅੰਤਰ ਨਹੀਂ ਸੀ-ਅਜਿਹੇ ਪਾਲਤੂ ਜਾਨਵਰ ਸਨ ਪਾਲੇ ਹੋਏ ਕਬੂਤਰ ਤੇ ਆਮ ਘਰੇਲੂ ਕੁੱਕੜ ਕੁਕੜੀਆਂ ਆਦਿ। ਉਸ ਦੇ ਬਦੇਸ਼ੀ ਮਹਿਮਾਨਾਂ ਨੂੰ ਇਹ ਵੇਖ ਕੇ ਇਕ ਛੋਟਾ ਅਜੀਬ ਜਿਹਾ ਸਦਮਾ ਲਗਦਾ ਸੀ—ਉਸ ਦੇ ਆਪਣੇ ਸਰਦਾਰਾਂ ਵਿਚ ਵਧੇਰੇ ਮਾਣ-ਇੱਜ਼ਤ ਵਾਲਿਆਂ ਨੂੰ ਥੋੜ੍ਹਾ ਘੱਟ ਮਹਿਸੂਸ ਹੁੰਦਾ ਸੀ ਪਰ ਹੁੰਦਾ ਉਨ੍ਹਾਂ ਨੂੰ ਵੀ ਸੀ—ਕਿ ਉਹ ਜਿਸ ਵੇਲੇ ਉਸ ਨੂੰ ਮਿਲਣ ਜਾਂਦੇ ਉਦੋਂ ਉਹ ਆਪਣੇ ਹੱਥਾਂ ਨਾਲ ਕਬੂਤਰ ਤੇ ਮਹੱਲ ਦਿਆਂ ਹੋਰ ਪੰਛੀਆਂ ਨੂੰ ਦਾਣਾ ਪਾ ਰਿਹਾ ਹੁੰਦਾ। ਇਹ ਨਜ਼ਾਰਾ ਕਿ ਉਸ ਦੇ ਆਲੇ-ਦੁਆਲੇ ਕਬੂਤਰਾਂ ਦਾ ਝੁੰਡ ਹੋਵੇ, ਕੁਝ ਸਿਰ ਉੱਪਰ ਉਡਦੇ ਫਿਰਦੇ ਹੋਣ, ਕੋਈ ਮੋਢਿਆਂ ਤੇ ਬੈਠੇ ਹੋਣ, ਕੋਈ ਹੱਥਾਂ ਤੇ ਡੂੰਗੇ ਮਾਰਦੇ ਹੋਣ ਜਾਂ ਚੂਚਿਆਂ ਦਾ ਇਕ ਟੋਲਾ ਆਲੇ-ਦੁਆਲੇ ਦੌੜਦਾ ਭੱਜਦਾ ਹੋਵੇ ਤੇ ਆਪਸ ਵਿਚ ਰੋਟੀ ਦਿਆਂ ਭੋਰਿਆਂ ਲਈ ਲੜਦੇ ਭਿੜਦੇ ਹੋਣ—ਇਹ ਉਸ ਚਿੱਤਰ ਤੋਂ ਭਿੰਨ ਸੀ ਜੋ ਉਨ੍ਹਾਂ ਆਪਣੇ ਮਨਾਂ ਵਿਚ ਇਸ ਮਹਾਨ ਮਹਾਰਾਜੇ ਬਾਰੇ ਬਣਾਇਆ ਹੋਇਆ ਸੀ। ਉਸ ਤੋਂ ਇਹ ਸਭ ਵੱਖ ਸੀ। ਮੁਗ਼ਲਾਂ ਦੇ ਆਖ਼ਰੀ ਬਾਦਸ਼ਾਹ ਬਹਾਦਰ ਸ਼ਾਹ ਨੇ ਉਸ ਨੂੰ ਇਕ ਪੱਖੇ ਵਰਗੀ ਪੂਛਾਂ ਵਾਲੇ ਕਬੂਤਰ ਤੇ ਨਾਟਕੀ ਬੰਦਰ ਭੇਜੇ। ਇਨ੍ਹਾਂ ਨੂੰ ਹਾਸਿਲ ਕਰਕੇ ਜੋ ਖੁਸ਼ੀ ਉਸ ਨੂੰ ਹੋਈ ਉਹ ਉਸ ਖੁਸ਼ੀ ਤੋਂ ਘੱਟ ਨਹੀਂ ਸੀ ਜੋ ਉਸ ਨੂੰ ਹੀਰੇ ਜਵਾਹਰਾਤ, ਸ਼ਾਹੀ ਪੁਸ਼ਾਕਾਂ ਤੇ ਘੋੜਿਆਂ ਦੇ ਬਹੁ-ਮੁੱਲੇ ਤੁਹਫੇ ਲੈ ਕੇ ਹੁੰਦੀ ਸੀ । ਮਹਾਰਾਜੇ ਦੀ ਆਪਣੀ ਨਿਗਰਾਨੀ ਹੇਠ ਇਨ੍ਹਾਂ ਨੂੰ ਹੋਰ ਵੀ ਖੇਡਾਂ ਆਦਿ ਕਰਨੀਆਂ ਸਿਖਾਈਆਂ ਗਈਆਂ ਅਤੇ ਜਦੋਂ ਕੋਈ ਖ਼ਾਸ ਮਹਿਮਾਨ ਆਉਂਦਾ ਉਨ੍ਹਾਂ ਨੂੰ ਇਨ੍ਹਾਂ ਦੇ ਤਮਾਸ਼ੇ ਵਿਖਾਏ ਜਾਂਦੇ ।

ਇਹ ਮਹੱਤਵਪੂਰਨ ਗੱਲ ਹੈ ਕਿ ਰਣਜੀਤ ਸਿੰਘ ਨੇ ਕੋਈ ਉਕਾਬ ਜਾਂ ਬਾਜ਼ ਨਹੀਂ ਸੀ ਰਖਿਆ ਹਾਲਾਂ ਕਿ ਉਸ ਸਮੇਂ ਵੱਡੇ ਆਦਮੀਆਂ ਲਈ ਇਨ੍ਹਾਂ ਪੰਛੀਆਂ ਦਾ ਆਪਣੇ ਹੱਥਾਂ ਤੇ ਗੁਟਾਂ ਤੇ ਦਿਖਾਣਾ ਇਕ ਬਹਾਦਰੀ ਤੇ ਤਾਕਤ ਦੀ ਨਿਸ਼ਾਨੀ ਸਮਝੀ ਜਾਂਦੀ ਸੀ। ਖਰਗੋਸ਼ਾਂ ਦੇ ਸ਼ਿਕਾਰ ਸਮੇਂ ਰਣਜੀਤ ਸਿੰਘ ਦਾ ਅਸਲੀ ਮਨੋਰਥ ਆਪਣੇ ਸ਼ਿਕਾਰੀ ਕੁੱਤਿਆਂ ਨੂੰ ਵਰਜਸ ਦੇਣ ਦਾ ਹੁੰਦਾ ਸੀ । ਜੋ ਘੋੜ ਸਵਾਰ ਇਨ੍ਹਾਂ ਸ਼ਿਕਾਰੀ ਕੁੱਤਿਆਂ ਨਾਲ ਜਾਂਦੇ ਸਨ, ਉਨ੍ਹਾਂ ਨੂੰ ਖ਼ਾਸ ਹਦਾਇਤ ਸੀ ਕਿ ਉਹ ਕਿਸੇ ਖ਼ਰਗੋਸ਼ ਦਾ ਨਾ ਹੀ ਪਿੱਛਾ ਕਰਨਗੇ ਤੇ ਨਾ ਹੀ ਮਾਰਨਗੇ। ਅਜ਼ੀਜ਼ਉੱਦੀਨ ਤਾਂ ਆਪਣੇ ਮਨ ਵਿਚ ਖ਼ਰਗੋਸ਼ਾਂ ਦੀ ਸਲਾਮਤੀ ਲਈ ਅਰਦਾਸ ਕਰਦਾ ਜਦੋਂ ਸ਼ਿਕਾਰੀ ਕੁੱਤੇ ਇਨ੍ਹਾਂ ਦਾ ਪਿੱਛਾ ਕਰ ਰਹੇ ਹੁੰਦੇ । ਪਰ ਰਣਜੀਤ ਸਿੰਘ ਇਸ ਨਰਮ-ਦਿਲ ਰਹੱਸਵਾਦੀ ਫ਼ਕੀਰ ਨਾਲੋਂ ਨਰਮ-ਦਿਲੀ ਵਿਚ ਪਿੱਛੇ ਨਹੀਂ ਸੀ । ਜਦੋਂ ਕਦੀ ਮਾਰਨ ਲਈ ਫੜੇ ਕਿਸੇ ਪੰਛੀ ਜਾਂ ਬੱਕਰੀ ਦੀ ਚੀਕ ਉਸ ਦੇ ਕੰਨੀ ਪੈ ਜਾਂਦੀ ਤਾਂ ਉਸੇ ਵਕਤ ਮਹਾਰਾਜਾ ਉਸ ਦੀ ਰਿਹਾਈ ਦਾ ਹੁਕਮ ਜਾਰੀ ਕਰ ਦਿੰਦਾ। ਇਸ ਲਈ ਸ਼ਾਹੀ ਲਾਂਗਰੀਆਂ ਨੂੰ ਇਸ ਗੱਲ ਦਾ ਖ਼ਾਸ ਖ਼ਿਆਲ ਰੱਖਣਾ ਪੈਂਦਾ।

ਦੁਖੀ ਆਵਾਜ਼ਾਂ ਸਬੰਧੀ ਉਸ ਦੀ ਹਮਦਰਦੀ ਵਾਲੀ ਰੁਚੀ ਦੇ ਕਾਰਨ ਮਹਾਰਾਜੇ ਦੇ ਸ਼ਹਿਰ ਦੀਆਂ ਸੜਕਾਂ ਤੋਂ ਗੁਜ਼ਰਦਿਆਂ ਹੋਇਆਂ ਕਈ ਅਜੀਬ ਘਟਨਾਵਾਂ ਵਾਪਰ ਜਾਂਦੀਆਂ ਸਨ । ਲੋਕ ਇਹ ਠੀਕ ਸਮਝਦੇ ਸਨ ਤੇ ਮਹਾਰਾਜਾ ਸਾਹਿਬ ਅੱਗੇ ਯੋਗ ਸ਼ਿਕਾਇਤਾਂ ਰੱਖਣ ਲਈ ਉਸ ਨੂੰ ਦੁਹਾਈ ਸਰਕਾਰ ਦਾ ਨਾਹਰਾ ਮਾਰ ਕੇ ਅਟਕਾ ਲੈਂਦੇ ਸਨ। ਇਹ ਤਾਂ ਆਮ ਗੱਲ ਸੀ ਪਰ ਕਦੀ ਕਦੀ ਲੋਕੀ ਇਸੇ ਸਾਧਨ ਨਾਲ ਸਭ ਪ੍ਰਕਾਰ ਦੀਆਂ ਅਜੀਬ ਗੱਲਾਂ ਵਾਸਤੇ ਵੀ ਅਟਕਾ ਲੈਂਦੇ ਸਨ। ਉਨ੍ਹਾਂ ਵਿਚੋਂ ਇਕ ਇਹ ਸੀ ਕਿ ਉਸ ਦੇ ਸਰੀਰ ਨੂੰ ਛੋਹਿਆ ਜਾਏ । ਕੁਝ ਲੋਕਾਂ ਨੂੰ ਭਰੋਸਾ ਸੀ ਕਿ ਮਹਾਰਾਜੇ ਦੀ ਛੋਹ ਨਾਲ ਆਮ ਧਾਤਾਂ ਸੋਨੇ ਵਿਚ ਬਦਲ ਜਾਂਦੀਆਂ ਹਨ। ਇਨ੍ਹਾਂ ਵਿਚ ਇਕ ਅੰਨ੍ਹੀ ਬੁੱਢੀ ਜ਼ਨਾਨੀ ਦੀ ਕਹਾਣੀ ਹੈ, ਜਿਸ ਨੇ ਮਹਾਰਾਜੇ ਨੂੰ ਦੁਖੀ ਆਵਾਜ਼ ਨਾਲ ਅਟਕਾ ਲਿਆ ਤੇ ਉਸ ਪਾਸ ਪਹੁੰਚ ਕੇ ਇਕ ਪਿੱਤਲ ਦਾ ਪਤੀਲਾ ਜੋ ਉਸ ਚੁੱਕਿਆ ਹੋਇਆ ਸੀ ਉਸ ਨੂੰ ਝਟ ਪਟ ਲੋਕਾਂ ਦੇ ਮਨ੍ਹਾ ਕਰਨ ਤੋਂ ਪਹਿਲਾਂ ਉਸ ਦੇ ਕਪੜਿਆਂ ਤੇ ਮਲ ਦਿੱਤਾ, ਜਿਸ ਕਰਕੇ ਸਾਰੇ ਕਪੜੇ ਗੰਦੇ ਤੇ ਕਾਲੇ ਹੋ ਗਏ । ਜਦੋਂ ਸ਼ਾਹੀ ਸਵਾਰੀ ਲੰਘ ਰਹੀ ਸੀ ਉਹ ਗਾਲਬਨ ਆਪਣੀ ਰਸੋਈ ਵਿਚ ਸੀ ਤੇ ਪਤੀਲੇ ਨੂੰ ਸਾਫ ਕਰਨ ਤੋਂ ਬਗ਼ੈਰ ਹੀ ਉਹ ਨੱਸ ਤੁਰੀ ਸੀ । ਸ਼ਾਹੀ ਨੌਕਰ ਦੌੜ ਕੇ ਉਸ ਕੋਲ ਗਏ ਤੇ ਉਸ ਨੂੰ ਧੂਹ ਕੇ ਪਰੇ ਲੈ ਗਏ ਤੇ ਪਤੀਲਾ ਖੋਹਣ ਦੀ ਕੋਸ਼ਿਸ਼ ਕੀਤੀ। ਮਹਾਰਾਜੇ ਨੇ ਨੌਕਰਾਂ ਨੂੰ ਮਨ੍ਹਾ ਕੀਤਾ ਤੇ ਫਿਰ ਝੁਕ ਕੇ ਅੰਨ੍ਹੀ ਔਰਤ ਨੂੰ ਪੁੱਛਣ ਲੱਗਾ, “ਬੁੱਢੀ ਮਾਂ, ਦਸ ਤੂੰ ਇੰਜ ਕਿਉਂ ਕੀਤਾ, ਕੀ ਤੈਨੂੰ ਪਤਾ ਹੈ ਕਿ ਤੂੰ ਮੇਰੇ ਸਾਰੇ ਕਪੜੇ ਖਰਾਬ ਕਰ ਦਿੱਤੇ ਹਨ।” ਔਰਤ ਨੇ ਚੀਕ ਮਾਰ ਕੇ ਕਿਹਾ, “ਮਹਾਰਾਜ! ਬੇਸ਼ਕ ਮੇਰਾ ਸਿਰ ਕੱਟ ਦਿਓ ਪਰ ਨੌਕਰਾਂ ਨੂੰ ਮੇਰਾ ਪਤੀਲਾ ਨਾ ਲੈਣ ਦੇਣਾ ਕਿਉਂਕਿ ਇਹ ਜ਼ਰੂਰ ਹੀ ਸੋਨੇ ਦਾ ਹੋ ਗਿਆ ਹੋਵੇਗਾ।” ਮਹਾਰਾਜੇ ਨੇ ਕਿਹਾ, “ਹਾਂ ਮਾਂ ਇਹ ਸੋਨੇ ਦਾ ਬਣ ਗਿਆ ਹੈ ਤੇ ਕੋਈ ਵੀ ਇਹ ਤੇਰੇ ਕੋਲੋਂ ਨਹੀਂ ਖੋਹ ਸਕਦਾ।” ਫਿਰ ਉਸ ਨੇ ਪਤੀਲੇ ਨੂੰ ਸੋਨੇ ਦੀਆਂ ਮੋਹਰਾਂ ਨਾਲ ਭਰਵਾ ਕੇ ਆਪਣੇ ਦੋ ਖ਼ਾਸ ਦਰਬਾਰੀ ਕਰਮਚਾਰੀਆਂ ਨੂੰ ਹੁਕਮ ਦਿੱਤਾ ਕਿ ਇਸ ਨੂੰ ਬੁੱਢੀ ਦੇ ਘਰ ਪੁਚਾ ਆਓ। ਬਾਅਦ ਵਿਚ ਪੁੱਛ-ਗਿੱਛ ਕਰਨ ਤੋਂ ਪਤਾ ਲੱਗਾ ਕਿ ਇਹ ਇਕ ਗ਼ਰੀਬ ਵਿਧਵਾ ਔਰਤ ਸੀ ਤੇ ਉਸ ਦਾ ਇਕੋ ਇਕ ਪੁੱਤਰ ਮਰ ਚੁੱਕਾ ਸੀ, ਸੋ, ਜੋ ਸੋਨਾ ਉਸ ਨੂੰ ਮਿਲਿਆ ਸੀ ਉਸ ਵਿਚੋਂ ਕੁਝ ਲਈ ਉਹ ਜ਼ਰੂਰ ਹੱਕਦਾਰ ਸੀ ।

ਰਣਜੀਤ ਸਿੰਘ ਦੀ ਨਰਮ-ਦਿਲੀ ਕਈ ਦਫਾ ਅਜੀਬ ਸ਼ਕਲ ਅਖ਼ਤਿਆਰ ਕਰ ਲੈਂਦੀ। ਖ਼ਰਗੋਸ਼ ਦੇ ਸ਼ਿਕਾਰ ਸਮੇਂ ਕਦੀ-ਕਦੀ ਜੰਗਲ ਵਿਚ ਲੁਕਿਆ ਹੋਇਆ ਸ਼ੇਰ ਵੀ ਕਾਬੂ ਆ ਜਾਂਦਾ । ਮਹਾਰਾਜੇ ਦਾ ਹੁਕਮ ਸੀ ਕਿ ਖ਼ਾਸ ਸੰਕਟਮਈ ਹਾਲਤਾਂ ਨੂੰ ਛੱਡ ਕੇ ਜਿਵੇਂ ਕਿ ਕਦੀ ਕਿਸੇ ਇਕੱਲੇ ਆਦਮੀ ਦਾ ਸ਼ੇਰ ਨਾਲ ਟਾਕਰਾ ਹੋ ਜਾਏ, ਸ਼ੇਰਾਂ ਵਿਰੁੱਧ ਬੰਦੂਕ ਦੀ ਵਰਤੋਂ ਨਾ ਕੀਤੀ ਜਾਏ। ਕੇਵਲ ਬਰਛਿਆਂ ਤੇ ਤਲਵਾਰਾਂ ਨਾਲ ਸ਼ੇਰਾਂ ਨੂੰ ਘੇਰੇ ਵਿਚ ਲੈ ਕੇ ਮਾਰਿਆ ਜਾ ਸਕਦਾ ਸੀ । ਮਹਾਰਾਜਾ ਕਹਿੰਦਾ ਹੁੰਦਾ ਸੀ ਕਿ ਇਹ ਕਾਇਰਤਾ ਤੇ ਬੇਇਨਸਾਫ਼ੀ ਹੈ ਕਿ ਸ਼ੇਰ ਨੂੰ ਬੰਦੂਕ ਨਾਲ ਮਾਰਿਆ ਜਾਏ ਕਿਉਂਕਿ ਉਸ ਪਾਸ ਦੂਰੀ ਤੋਂ ਮੁਕਾਬਲਾ ਕਰਨ ਲਈ ਕੋਈ ਹਥਿਆਰ ਨਹੀਂ । ਇਸ ਖ਼ਤਰਨਾਕ ਖੇਡ ਵਿਚ ਜੋ ਜੱਸ ਖਟਦੇ ਉਨ੍ਹਾਂ ਨੂੰ ਮਹਾਰਾਜਾ ਫ਼ੌਜ ਵਿਚ ਚੰਗੀਆਂ ਨੌਕਰੀਆਂ ਦੇ ਦਿੰਦਾ । ਇਕ ਰਾਤ ਸਮੇਂ ਸ਼ਿਕਾਰੀਆਂ ਨੇ ਸ਼ੇਰ ਦੇ ਬੱਚੇ ਨੂੰ ਕਾਬੂ ਕਰਕੇ ਪਿੰਜਰੇ ਵਿਚ ਪਾ ਕੇ ਮਹਾਰਾਜੇ ਦੇ ਤੰਬੂ ਕੋਲ ਰਖ ਦਿੱਤਾ। ਉਸ ਰਾਤ ਨੂੰ ਮਗਰੋਂ ਮਹਾਰਾਜੇ ਨੇ ਆਪਣੇ ਤੰਬੂ ਦੇ ਨੇੜੇ ਝਾੜੀਆਂ ਵਿਚ ਲਗਾਤਾਰ ਹਿਲ-ਜੁਲ ਸੁਣੀ । ਇਉਂ ਜਾਪਦਾ ਸੀ ਜਿਵੇਂ ਕੋਈ ਉੱਥੇ ਫਿਰਦਾ ਪਿਆ ਹੈ ਤੇ ਬਿੱਲੀ ਵਾਂਗ ਰੋਣ ਦੀ ਆਵਾਜ਼ ਵੀ ਸੁਣੀ । ਮਹਾਰਾਜੇ ਨੇ ਆਪਣੇ ਸ਼ਿਕਾਰੀ ਨੂੰ ਭੇਜਿਆ ਕਿ ਪਤਾ ਕਰੇ ਕਿ ਕੀ ਗੱਲ ਹੈ। ਸ਼ਿਕਾਰੀ ਨੇ ਆਵਾਜ਼ ਸੁਣ ਕੇ ਕਿਹਾ ਕਿ ਜੋ ਬੱਚਾ ਪਿੰਜਰੇ ਵਿਚ ਪਿਆ ਹੈ, ਇਹ ਆਵਾਜ਼ ਉਸ ਦੀ ਮਾਂ ਦੀ ਹੈ ਜੋ ਆਪਣੇ ਬੱਚੇ ਪਾਸ ਆਣਾ ਚਾਹੁੰਦੀ ਹੈ । ਮਹਾਰਾਜੇ ਨੇ ਹੁਕਮ ਦਿੱਤਾ ਕਿ ਬੱਚੇ ਨੂੰ ਛੱਡ ਦਿਓ। ਉਸ ਕਿਹਾ, “ਸ਼ੇਰਨੀ ਵੀ ਆਖ਼ਰ ਮਾਂ ਹੈ।” ਸ਼ਿਕਾਰੀ ਨੇ ਕੁਝ ਨਾਂਹ ਨੁਕਰ ਕੀਤੀ ਤੇ ਸੁਝਾਉ ਦਿੱਤਾ ਕਿ ਸ਼ੇਰਨੀ ਨੂੰ ਬੱਚੇ ਕੋਲ ਆਣ ਦਿਓ ਤੇ ਫਿਰ ਇਸ ਨੂੰ ਕਾਬੂ ਕੀਤਾ ਜਾਏ ਜਾਂ ਮਾਰ ਦਿੱਤਾ ਜਾਏ । ਪ੍ਰੰਤੂ ਰਣਜੀਤ ਸਿੰਘ ਨੇ ਇਕ ਤੱਕਣੀ ਨਾਲ ਉਸ ਨੂੰ ਚੁੱਪ ਕਰਾ ਦਿੱਤਾ ।

ਮਹਾਰਾਜਾ ਰਣਜੀਤ ਸਿੰਘ | Maharaja Ranjit Singh |

ਅਸਮਾਨ ਪ੍ਰੇਮਕਾਵਾਂ ਤੇ ਸਮਾਨ ਬੀਵੀਆਂ

ਜੇ ਕੋਈ ਐਸੀ ਚੀਜ਼ ਸੀ ਜਿਸ ਵਿਚ ਰਣਜੀਤ ਸਿੰਘ ਪੂਰਬ ਦੇ ਇਤਿਹਾਸ ਦੇ ਸਾਧਾਰਨ ਬਾਦਸ਼ਾਹਾਂ ਨਾਲ ਮੇਲ ਨਹੀਂ ਸੀ ਖਾਂਦਾ ਜਾਂ ਉਨ੍ਹਾਂ ਤੋਂ ਵਧ ਨਹੀਂ ਸਕਿਆ ਤਾਂ ਉਹ ਸੀ ਉਸ ਦੇ ਹਰਮ ਦੀ ਨਫਰੀ । ਇਸ ਵਿਚ 46 ਜ਼ਨਾਨੀਆਂ ਸਨ ਜੋ ਚਾਰ ਸ਼੍ਰੇਣੀਆਂ ਵਿਚ ਵੰਡੀਆਂ ਜਾ ਸਕਦੀਆਂ ਸਨ : ਪਹਿਲੀ ਸ਼੍ਰੇਣੀ ਵਿਚ ਨੌ ਇਸਤਰੀਆਂ ਸਨ ਜਿਨ੍ਹਾਂ ਨਾਲ ਉਸ ਨੇ ਸਨਾਤਨੀ ਸਿੱਖ ਤਰੀਕੇ ਨਾਲ ਵਿਆਹ ਕੀਤਾ ਹੋਇਆ ਸੀ । ਦੂਜੀ ਸ਼੍ਰੇਣੀ ਵਿਚ ਵੀ ਨੋ ਇਸਤਰੀਆਂ ਅਜਿਹੀਆਂ ਸਨ ਜੋ ਸਾਰੀਆਂ ਵਿਧਵਾਵਾਂ ਸਨ ਤੇ ਇੱਥੋਂ ਦੀ ਰੀਤੀ ਅਨੁਸਾਰ ਉਨ੍ਹਾਂ ਉੱਪਰ ਚਾਦਰ ਪਾਈ ਹੋਈ ਸੀ । ਤੀਜੀ ਸ਼੍ਰੇਣੀ ਵਿਚ ਸੱਤ ਦਰਬਾਰੀ ਔਰਤਾਂ ਸਨ। ਇਨ੍ਹਾਂ ਸਾਰੀਆਂ ਨੂੰ ਰਾਣੀਆਂ ਦਾ ਦਰਜਾ ਪ੍ਰਾਪਤ ਸੀ । ਪ੍ਰੰਤੂ ਚੌਥੀ ਸ਼੍ਰੇਣੀ ਵਾਲੀਆਂ ਇੰਝ ਨਹੀਂ ਸਨ ਤੇ ਉਹ ਰਖੇਲਾਂ ਸਨ।

ਇਹ ਕੁਦਰਤੀ ਤੇ ਸੁਭਾਵਕ ਸੀ ਕਿ ਰਣਜੀਤ ਸਿੰਘ ਇਨ੍ਹਾਂ ਵਿਚੋਂ ਕੁਝ ਔਰਤਾਂ ਨੂੰ ਦੂਜੀਆਂ ਨਾਲੋਂ ਵਧੇਰੇ ਪਸੰਦ ਕਰਦਾ ਸੀ। ਉਸ ਦਾ ਸਲੂਕ ਸਭ ਨਾਲ ਚੰਗਾ ਤੇ ਮਿਹਰਬਾਨੀ ਵਾਲਾ ਸੀ । ਇੱਥੋਂ ਤਕ ਕਿ ਉਸ ਦੀ ਪਹਿਲੀ ਵਹੁਟੀ ਜੋ ਬੜੀ ਆਕੜ ਵਾਲੀ ਸੀ ਅਤੇ ਜੋ ਆਪਣੇ ਨੋਜਵਾਨ ਪਤੀ ਦੇ ਪਿਆਰ ਨੂੰ ਤਿਆਗ ਕੇ ਆਪਣੀ ਮਾਂ ਕੋਲ ਚਲ਼ੀ ਗਈ ਸੀ, ਉਸ ਨੂੰ ਵੀ ਮਰਦੇ ਦਮ ਤੀਕ, ਉਹ ਜਦ ਕਦੀ ਮਿਲਦੇ ਰਣਜੀਤ ਸਿੰਘ ਪਾਸੋਂ ਉਨਾ ਕੁ ਪਿਆਰ ਜ਼ਰੂਰ ਮਿਲਦਾ ਰਿਹਾ ਜਿੰਨਾ ਕੁ ਉਹ ਲੈਣ ਲਈ ਤਿਆਰ ਸੀ । ਨਹੀਂ ਤਾਂ ਉਸ ਨੂੰ ਸ਼ੇਰ ਸਿੰਘ ਤੇ ਤਾਰਾ ਸਿੰਘ ਨੂੰ ਆਪਣੇ ਪੁੱਤਰ ਮੰਨਣਾ ਔਖਾ ਹੋ ਜਾਂਦਾ ਭਾਵੇਂ ਉਹ ਵਾਕਿਆ ਹੀ ਉਸ ਦੇ ਪੁੱਤਰ ਸਨ ਜਾਂ ਨਹੀਂ ਸਨ।

ਹਰਮ ਦੀਆਂ ਔਰਤਾਂ ਵਿਚ ਪਰਸਪਰ ਝਗੜੇ ਤੇ ਸਾਜਸ਼ਾਂ ਜਰੂਰ ਹੁੰਦੀਆਂ ਹੋਣਗੀਆਂ। ਕਿਹੜਾ ਘਰ ਹੈ, ਸ਼ਾਹੀ ਜਾਂ ਸਾਧਾਰਨ, ਜਿੱਥੇ ਇਹ ਗੱਲਾਂ ਨਹੀਂ ਹੁੰਦੀਆਂ? ਪਰ ਲੇਖਕ ਦੇ ਘਰੇਲੂ ਕਾਗਜ਼ਾਂ ਵਿਚ ਐਸੇ ਝਗੜੇ ਜਾਂ ਲੜਾਈਆਂ ਦਾ ਸਮਾਚਾਰ ਨਹੀਂ ਜੋ ਆਮ ਭੈੜੀ ਚਰਚਾ ਦਾ ਕਾਰਨ ਬਣਿਆ ਹੋਵੇ ਜਾਂ ਜਿਸ ਵਿਚ ਮਹਾਰਾਜਾ ਜਾਂ ਉਸ ਦੇ ਅਫ਼ਸਰਾਂ ਤੇ ਸਰਦਾਰਾਂ ਵਿਚੋਂ ਕੋਈ ਸ਼ਾਮਿਲ ਕੀਤਾ ਗਿਆ ਹੋਵੇ। ਇਸ ਸਾਰੀ ਗੱਲ ਦਾ ਕਾਰਨ ਸੀ ਰਣਜੀਤ ਸਿੰਘ ਦੀ ਸਿਆਣਪ, ਸੂਝ-ਬੂਝ ਤੇ ਨਿਰਪੱਖਤਾ। ਉਹ ਕਦੀ ਕਦਾਈਂ ਇਸ਼ਕ ਵੀ ਕਰ ਲੈਂਦਾ ਸੀ ਪਰ ਜਦ ਉਹ ਕਿਸੇ ਅਜਿਹੇ ਇਸ਼ਕ ਵਿਚ ਖੁਭਿਆ ਵੀ ਹੁੰਦਾ ਸੀ ਉਸ ਨੇ ਕਦੀ ਆਪਣੀ ਕਿਸੇ ਵਹੁਟੀ ਵੱਲੋਂ ਲਾਪਰਵਾਹੀ ਨਹੀਂ ਸੀ ਕੀਤੀ । ਜੇ ਕੋਈ ਪੁਰਸ਼ ਐਸਾ ਸੀ ਜੋ ਉਹ ਸਭ ਕੁਝ ਜਾਣਦਾ ਸੀ ਜੋ ਸ਼ਾਹੀ ਹਰਮ ਵਿਚ ਹੁੰਦਾ ਸੀ, ਉਹ ਫ਼ਕੀਰ ਨੂਰਉੱਦੀਨ ਸੀ ਜੋ ਮਹਾਰਾਜੇ ਦੇ ਮਹੱਲਾਂ ਦੇ ਸਾਰੇ ਕੰਮਾਂ ਦਾ ਅਫ਼ਸਰ ਸੀ । ਉਸ ਦੀ ਚੁੱਪ ਨੂੰ ਨਜ਼ਰ ਵਿਚ ਰਖਦੇ ਹੋਏ ਵੀ ਸੋਚਿਆ ਜਾਏ, ਤਾਂ ਵੀ ਇਹ ਮੰਨਣਾ ਪੈਂਦਾ ਹੈ ਕਿ ਉਸ ਦੇ ਕਾਗਜ਼ਾਂ ਵਿਚ ਕੋਈ ਵੀ ਮਹਾਰਾਜੇ ਦੇ ਹਰਮ ਬਾਰੇ ਬਦਨਾਮੀ ਵਾਲੀ ਗੱਲ ਨਹੀਂ । ਸੱਚ ਤਾਂ ਇਹ ਹੈ ਕਿ ਲੇਖਕ ਦੇ ਘਰਾਣੇ ਦੇ ਕਾਗਜ਼ਾਂ ਵਿਚ ਰਣਜੀਤ ਸਿੰਘ ਦੀਆਂ ਵਹੁਟੀਆਂ ਜਾਂ ਪ੍ਰੇਮਕਾਵਾਂ ਸਬੰਧੀ ਕੋਈ ਖ਼ਾਸ ਦਿਲਚਸਪੀ ਵਾਲੀ ਗੱਲ ਨਹੀਂ। ਜੋ ਕੁਝ ਥੁਹੜਾ ਬਹੁਤ ਮਿਲਦਾ ਹੈ ਉਹ ਹੇਠਾਂ ਦਿੱਤਾ ਜਾਂਦਾ ਹੈ ।

ਇਕ ਦਿਨ ਸ਼ਹਿਜ਼ਾਦਾ ਸ਼ੇਰ ਸਿੰਘ ਦਾ ਨਿੱਜੀ ਨੌਕਰ ਮਹਾਰਾਜੇ ਦੀ ਦੂਜੀ ਵਹੁਟੀ ਰਾਜ ਕੌਰ, ਜੋ ਸ਼ਹਿਜ਼ਾਦਾ ਖੜਕ ਸਿੰਘ ਦੀ ਮਾਂ ਸੀ, ਉਸ ਪਾਸ ਹਾਜ਼ਰ ਹੋਇਆ ਤੇ ਸੁਨੇਹਾ ਲਿਆਇਆ ਕਿ ਉਸ ਦਾ ਮਾਲਕ ਆਗਿਆ ਮੰਗਦਾ ਹੈ ਕਿ ਆ ਕੇ ਪੁੱਤਰ ਵਾਲਾ ਸਤਿਕਾਰ ਭੇਟ ਕਰੇ ਜਾਂ ਰਿਵਾਜ ਅਨੁਸਾਰ ਪੈਰੀਂ ਹੱਥ ਲਾਏ। ਰਾਜ ਕੌਰ ਨੇ ਗੁੱਸੇ ਵਿਚ ਕਿਹਾ, ਮੇਰਾ ਪੁੱਤਰ ਖੜਕ ਸਿੰਘ ਹੈ ਅਤੇ ਉਸ ਦਾ ਪੁੱਤਰ ਨੋਨਿਹਾਲ ਸਿੰਘ, ਰੱਬ ਉਨ੍ਹਾਂ ਦੀ ਰੱਖਿਆ ਕਰੇ, ਮੈਂ ਕਿਉਂ ਇਕ ਧੋਬੀ ਦੇ ਪੁੱਤਰ ਨੂੰ ਆਪਣੇ ਪੈਰਾਂ ਨੂੰ ਛੋਹਣ ਦੇਵਾਂ । ਜਾ ਜਾ ਕੇ ਉਸ ਨੂੰ ਕਹੋ ਕਿ ਉਹ ਅਜਿਹੇ ਖੇਖਣਾਂ ਨਾਲ ਆਪਣੇ ਆਪ ਨੂੰ ਮਹਾਰਾਜੇ ਦਾ ਪੁੱਤਰ ਨਹੀਂ ਮੰਨਵਾ ਸਕਦਾ। ਫ਼ਕੀਰ ਨੂਰਉੱਦੀਨ ਵੀ ਉੱਥੇ ਮੌਜੂਦ ਸੀ, ਉਸ ਨੇ ਇਹ ਸੁਣ ਕੇ ਰਾਜ ਕੌਰ ਨੂੰ ਕਿਹਾ, “ਮਹਾਰਾਣੀ, ਤੁਹਾਨੂੰ ਇੱਡੇ ਹੰਕਾਰ ਭਰੇ ਸ਼ਬਦ ਨਹੀਂ ਬੋਲਣੇ ਚਾਹੀਦੇ, ਇੰਝ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ। ਰਾਜ ਕੌਰ ਨੇ ਹੱਸ ਛੱਡਿਆ। ਕੁਝ ਚਿਰ ਬਾਅਦ ਉਹ ਅਚਾਨਕ ਮਰ ਗਈ ਤੇ ਉਸ ਤੋਂ ਥੋਹੜੀ ਦੇਰ ਬਾਅਦ ਰਣਜੀਤ ਸਿੰਘ ਵੀ ਗੁਜ਼ਰ ਗਿਆ, ਦੋ ਸਾਲਾਂ ਦੇ ਅੰਦਰ-ਅੰਦਰ ਖੜਕ ਸਿੰਘ ਤੇ ਨੌਨਿਹਾਲ ਸਿੰਘ ਇਕੋ ਦਿਨ ਮਰ ਗਏ।

ਖੜਕ ਸਿੰਘ ਨੂੰ ਆਪਣੀ ਮਾਂ ਦੀ ਮੌਤ ਦਾ ਬਹੁਤ ਦੁੱਖ ਹੋਇਆ। ਮਹਾਰਾਜੇ ਨੇ ਆਪਣੇ ਵੱਡੇ ਸਰਦਾਰਾਂ ਤੇ ਦਰਬਾਰੀਆਂ ਦੇ ਹੱਥ ਕੁਝ ਦੋਸ਼ਾਲੇ ਤੇ ਸੋਨੇ ਚਾਂਦੀ ਦੀ ਜ਼ਰੀ ਦੇ ਕਪੜੇ ਭੇਜੇ। ਮਹਾਰਾਣੀ ਦਾ ਨੜੋਆ ਬੜੀ ਸਜ-ਧਜ ਨਾਲ ਨਿਕਲਿਆ ਤੇ ਲਾਹੌਰ ਦੇ ਭਟੀ ਗੇਟ ਤੋਂ ਬਾਹਰ ਉਸ ਦੇ ਆਪਣੇ ਬਾਗ਼ ਵਿਚ ਉਸ ਦਾ ਸੰਸਕਾਰ ਕੀਤਾ। ਮਹਾਰਾਜੇ ਨੂੰ ਵੀ ਮਹਾਰਾਣੀ ਦੀ ਅਚਾਨਕ ਮੌਤ ਦਾ ਬਹੁਤ ਦੁੱਖ ਹੋਇਆ ਤੇ ਉਸ ਨੇ ਗੁੱਸੇ ਵਿਚ ਕਿਹਾ, “ਤਾਂ ਮੌਤ ਨੇ ਸ਼ਾਹੀ ਘਰਾਣੇ ਉੱਪਰ ਵੀ ਵਾਰ ਕਰ ਦਿੱਤਾ ਹੈ।” ਇਹ ਪਹਿਲੀ ਵਾਰੀ ਸੀ ਕਿ ਫ਼ਕੀਰ ਨੂਰਉੱਦੀਨ ਨੇ ਮਹਾਰਾਜੇ ਪਾਸੋਂ ਅਜਿਹੇ ਅਸ਼ਰਧਾ ਭਰੇ ਬੋਲ ਸੁਣੇ ਸਨ ਤੇ ਇਨ੍ਹਾਂ ਨੂੰ ਸੁਣ ਕੇ ਉਹ ਕੰਬ ਗਿਆ।

ਨੂਰਉੱਦੀਨ ਵਿਸ਼ੇਸ਼ ਅਦਬ ਨਾਲ, ਸਗੋਂ ਸ਼ਲਾਘਾ ਸਹਿਤ, ਕਾਂਗੜੇ ਦੇ ਰਾਜਾ ਸੰਸਾਰ ਚੰਦ ਦੀਆਂ ਦੋ ਲੜਕੀਆਂ ਬਾਰੇ ਲਿਖਦਾ ਹੈ ਜਿਨ੍ਹਾਂ ਨਾਲ ਇਕ ਫ਼ੌਜੀ ਹੱਲੇ ਬਾਅਦ, ਜੋ ਖ਼ਾਸ ਇਸ ਵਾਸਤੇ ਹੀ ਕੀਤਾ ਗਿਆ ਸੀ, ਰਣਜੀਤ ਸਿੰਘ ਨੇ ਵਿਆਹ ਕੀਤਾ ਸੀ। ਇਨ੍ਹਾਂ ਵਿਚੋਂ ਵੱਡੀ ਦਾ ਨਾਮ ਮਹਿਤਾਬ ਦੇਵੀ ਸੀ ਜਿਸ ਨੂੰ ਆਮ ਕਰਕੇ ਗੁੱਡਾਂ ਕਰਕੇ ਸਦਿਆ ਜਾਂਦਾ ਸੀ ਤੇ ਛੋਟੀ ਦਾ ਨਾਮ ਰਾਜ ਬਨਸੋ ਸੀ । ਇਸ ਪਿਛਲੀ ਨੇ ਤਾਂ ਅਫ਼ੀਮ ਖਾ ਕੇ ਆਤਮ ਹੱਤਿਆ ਕਰ ਲਈ ਸੀ ਤੇ ਵੱਡੀ ਰਣਜੀਤ ਸਿੰਘ ਦੀ ਚਿਖਾ ਤੇ ਬੈਠ ਕੇ ਸਤੀ ਹੋਈ ਸੀ। ਰਾਜ ਬਨਸੋ ਦੀ ਆਤਮ-ਹੱਤਿਆ ਕੁਝ ਅਜਿਹੇ ਹਾਲਾਤ ਵਿਚ ਹੋਈ ਜਿਸ ਕਰਕੇ ਰਣਜੀਤ ਸਿੰਘ ਸਾਧਾਰਨ ਨਾਲੋਂ ਵੀ ਵਧੇਰੇ ਦੁਖੀ ਹੋਇਆ । ਮਹਾਰਾਜਾ ਕਦੀ ਕਦੀ ਆਪਣੀਆਂ ਰਾਣੀਆਂ ਦਾ ਦਰਬਾਰ ਲਗਾਂਦਾ ਸੀ। ਅਜਿਹੇ ਇਕ ਦਰਬਾਰ ਸਮੇਂ ਇਕ ਨਾਚੀ, ਜਿਸ ਦਾ ਨਾਮ ਅਲਾਹ ਜੁਆਈ ਸੀ, ਉਸ ਨੂੰ ਪੁੱਛਿਆ ਕਿ ਉਸ ਦੀ ਰਾਏ ਵਿਚ ਸਾਰੀਆਂ ਰਾਣੀਆਂ ਵਿਚੋਂ ਕਿਹੜੀ ਸਭ ਤੋਂ ਸੋਹਣੀ ਹੈ। ਅਲਾਹ ਜੁਆਈ ਉੱਤਰ ਦੇਣ ਤੋਂ ਝਿਜਕਦੀ ਸੀ, ਕਿਉਂਕਿ ਇਸ ਤਰ੍ਹਾਂ ਸਿਵਾਇ ਇਕ ਦੇ ਸਾਰੀਆਂ ਨੇ ਨਰਾਜ਼ ਹੋ ਜਾਣਾ ਸੀ। ਮਹਾਰਾਜੇ ਨੇ ਜ਼ੋਰ ਦਿੱਤਾ ਤੇ ਸਹੁੰ ਖੁਆਈ ਕਿ ਉਹ ਜ਼ਰੂਰ ਦੱਸੇ । ਇੰਝ ਕਾਬੂ ਆਈ ਵਿਚਾਰੀ ਨੇ ਰਾਜ ਬਨਸੋ ਵੱਲ ਇਸ਼ਾਰਾ ਕਰਕੇ ਕਿਹਾ ਇਹ ਮਹਾਰਾਣੀ ਤਾਂ ਹਰਮ ਦਾ ਚੰਦਰਮਾ ਹੈ ਤੇ ਬਾਕੀ ਦੀਆਂ ਸਾਰੀਆਂ ਤਾਰਿਆਂ ਵਾਂਗਣ ਹਨ। ਰਣਜੀਤ ਸਿੰਘ ਨੇ ਜਵਾਬ ਵਿਚ ਕਿਹਾ, ਸ਼ਾਇਦ ਤੂੰ ਠੀਕ ਹੈਂ ਪਰ ਕੀ ਤੇਰੇ ਖਿਆਲ ਵਿਚ ਮੋਰਾਂ ਸਰਕਾਰ ਵੀ ਉੱਨੀ ਹੀ ਸੋਹਣੀ ਹੈ ਜਿੰਨੀ ਕਿ ਰਾਣੀ ਰਾਜ ਬਨਸੋ। ਇਕ ਉੱਚੇ ਰਾਜਪੂਤ ਖ਼ਾਨਦਾਨ ਦੀ ਸ਼ਹਿਜ਼ਾਦੀ ਦੀ ਤੁਲਨਾ ਜਦ ਉਸ ਦੇ ਪਤੀ ਨੇ ਇਕ ਰਹਿ ਚੁੱਕੀ ਦਰਬਾਰੀ ਔਰਤ ਨਾਲ ਕੀਤੀ ਤਾਂ ੳਸ ਦੇ ਸ੍ਵੈ-ਮਾਨ ਨੂੰ ਇੰਨੀ ਸੱਟ ਵੱਜੀ, ਕਿ ਜਦੋਂ ਉਹ ਆਪਣੇ ਸੌਣ ਵਾਲੇ ਕਮਰੇ ਵਿਚ ਗਈ ਤਾਂ ਉਸ ਨੇ ਬਹੁਤ ਸਾਰੀ ਅਫ਼ੀਮ ਖਾ ਲਈ ਤੇ ਅਜਿਹੀ ਲੇਟੀ ਕਿ ਫਿਰ ਨਾ ਉੱਠੀ । ਮਹਾਰਾਜੇ ਨੂੰ ਇਸ ਦਾ ਬੜਾ ਦੁੱਖ ਤੇ ਪਛਤਾਵਾ ਲੱਗਾ ਅਤੇ ਉਸ ਨੇ ਉਸ ਦਾ ਸੰਸਕਾਰ ਆਪਣੇ ਹੱਥਾਂ ਨਾਲ ਬੜੀ ਕੀਮਤੀ ਚੰਦਨ ਦੀ ਚਿਖਾ ਤੇ ਕੀਤਾ ।

ਦੂਜੀ ਮਹਾਰਾਣੀ ਜਿਸ ਬਾਰੇ ਨੂਰਉੱਦੀਨ ਕੁਝ ਸੁਆਦਲੀਆਂ ਗੱਲਾਂ ਦੱਸਦਾ ਹੈ, ਉਸ ਦਾ ਨਾਮ ਗੁਲ ਬਹਾਰ ਬੇਗਮ ਸੀ । ਉਸ ਵਿਚ ਅਕਲ, ਸੁੰਦਰਤਾ, ਸੂਝ-ਬੂਝ ਐਸੀ ਸੀ ਕਿ ਮਹਾਰਾਜਾ ਵੀ ਕਦੀ-ਕਦੀ ਗੁੰਝਲਦਾਰ ਮਾਮਲਿਆਂ ਬਾਰੇ ਉਸ ਦੀ ਰਾਇ ਲੈਂਦਾ ਤੇ ਫ਼ਾਇਦਾ ਉਠਾਂਦਾ । ਇਸ ਰਾਣੀ ਨੂੰ ਆਪਣੇ ਆਪ ਨੂੰ ਬਾਹਰ ਪਬਲਿਕ ਵਿਚ ਦਿਖਾਉਣ ਦਾ ਬਹੁਤ ਸ਼ੌਕ ਸੀ ਤੇ ਉਹ ਅਕਸਰ ਮਹਾਰਾਜੇ ਨਾਲ ਇਕੋ ਹਾਥੀ ਤੇ ਬੈਠ ਕੇ ਬਾਹਰ ਜਾਇਆ ਕਰਦੀ ਸੀ । ਉਸ ਦਾ ਆਪਣਾ ਲੜਕਾ ਕੋਈ ਨਹੀਂ ਸੀ, ਇਸ ਕਰਕੇ ਉਸ ਨੇ ਇਕ ਮੁਸਲਮਾਨ ਲੜਕੇ ਨੂੰ ਮੁਤਬੰਨਾ ਬਣਾ ਲਿਆ ਜਿਸ ਦੀ ਸੰਤਾਨ ਹਾਲੀ ਵੀ ਲਾਹੌਰ ਵਿਚ ਰਹਿੰਦੀ ਹੈ। ਉਸ ਨੇ ਇਕ ਮਸਜਦ ਵੀ ਬਣਵਾਈ ਜੋ ਹਾਲੀ ਵੀ ਹੈ। ਪੰਜਾਬ ਤੇ ਕਬਜ਼ਾ ਕਰਨ ਬਾਅਦ ਉਸ ਨੂੰ 12 ਹਜ਼ਾਰ ਰੁਪਏ ਸਾਲਾਨਾ ਪੈਨਸ਼ਨ ਸੰਨ 1863 ਵਿਚ ਉਸ ਦੀ ਮੌਤ ਤਕ ਅੰਗਰੇਜ਼ੀ ਸਰਕਾਰ ਦਿੰਦੀ ਰਹੀ।

ਪ੍ਰੰਤੂ ਰਣਜੀਤ ਸਿੰਘ ਦੀ ਚਹੇਤੀ ਰਾਣੀ ਮੋਰਾਂ ਸੀ। ਇਹ ਅੰਮ੍ਰਿਤਸਰ ਦੀ ਇਕ ਨਾਚੀ ਕੁੜੀ ਸੀ ਜਿਸ ਨੂੰ ਉਸ ਨੇ ਆਪਣੀ 22 ਸਾਲ ਦੀ ਉਮਰ ਵਿਚ ਵੇਖਿਆ ਤੇ ਵੇਖਦਿਆਂ ਹੀ ਪਿਆਰ ਵਿਚ ਫਸ ਗਿਆ । ਲੜਕੀ ਦੇ ਪਿਤਾ ਪਾਸੋਂ ਸ਼ਾਦੀ ਦੀ ਆਗਿਆ ਮਿਲਣ ਤੋਂ ਪਹਿਲਾਂ ਉਸ ਨੂੰ ਇਕ ਅੜੋਣੀ ਸ਼ਰਤ ਮੰਨਣੀ ਪਈ । ਉਦੋਂ ਅਜਿਹੀਆਂ ਔਰਤਾਂ ਦੇ ਘਰ ਵਿਚ ਇਹ ਰਿਵਾਜ ਚੱਲਿਆ ਆ ਰਿਹਾ ਸੀ ਕਿ ਸ਼ਾਦੀ ਤੋਂ ਪਹਿਲਾਂ ਲਾੜੇ ਨੂੰ ਆਪਣੇ ਸਹੁਰੇ ਘਰ ਆਪਣੀ ਹੱਥੀਂ ਅੱਗ ਬਾਲ ਕੇ ਫੂਕਾਂ ਦੁਆਰਾ ਪ੍ਰਚੰਡ ਕਰਨੀ ਪੈਂਦੀ ਸੀ । ਮੋਰਾਂ ਦਾ ਪਿਤਾ ਆਪਣੀ ਕੁਲ ਧਰਮ ਤੋਂ ਬਾਹਰ ਵਿਆਹ ਕਰਨ ਤੇ ਰਾਜ਼ੀ ਨਹੀਂ ਸੀ, ਸੋ ਉਸ ਨੇ ਇਸ ਸ਼ਰਤ ਦਾ ਪੂਰਾ ਕਰਨਾ ਜ਼ਰੂਰੀ ਰਖਿਆ ਤਾਂ ਕਿ ਕਿਸੇ ਤਰ੍ਹਾਂ ਇਹ ਸ਼ਾਹੀ ਪ੍ਰੇਮੀ ਘਬਰਾ ਕੇ ਖਹਿੜਾ ਛੱਡ ਦੇਵੇ । ਪਰ ਰਣਜੀਤ ਸਿੰਘ ਨੇ ਬਗੈਰ ਕਿਸੇ ਝਿਜਕ ਦੇ ਇਹ ਸ਼ਰਤ ਮੰਨ ਲਈ। ਪਰ ਇਸ ਸ਼ਰਤ ਦੀ ਪੂਰਤੀ ਮੋਰਾਂ ਦੇ ਆਪਣੇ ਪਿਤਾ ਦੇ ਘਰ ਕਰਨ ਦੀ ਬਜਾਏ ਅੰਮ੍ਰਿਤਸਰ ਦੇ ਇਕ ਧਨਾਢ ਮੀਆਂ ਸ਼ਮਦੂ ਦੇ ਘਰ ਕੀਤੀ ਗਈ । ਉਪਰੰਤ ਸ਼ਾਦੀ ਬੜੀ ਸ਼ਾਨ ਨਾਲ ਕੀਤੀ ਗਈ। ਮੀਆਂ ਸਮਦੂ ਮੋਰਾਂ ਦਾ ਧਰਮ ਪਿਤਾ ਬਣਿਆ ਹੋਇਆ ਸੀ। ਜੰਝ ਵਿਚ ਹਾਥੀਆਂ, ਘੋੜਿਆਂ, ਪਾਲਕੀਆਂ ਤੇ ਬੇਸ਼ੁਮਾਰ ਪੈਦਲ ਲੋਕ ਦਾ ਜਲੂਸ ਲਾਹੌਰ ਕਿਲ੍ਹੇ ਤੋਂ ਸ਼ਾਲਾਮਾਰ ਬਾਗ਼ ਤਕ ਕਈ ਮੀਲ ਲੰਬਾ ਸੀ । ਇਹ ਸਾਰੀ ਜੰਝ ਲਾਹੌਰ ਤੋਂ ਚੱਲ ਕੇ ਅੰਮ੍ਰਿਤਸਰ ਪੁੱਜੀ। ਮੀਆਂ ਸਮਦੁ ਨੇ ਕਈ ਲੱਖਾਂ ਰੁਪਏ ਦੇ ਗਹਿਣੇ ਕਪੜੇ ਆਦਿ ਦਾਜ ਵਿਚ ਦੇ ਕੇ ਕੰਨਿਆ-ਦਾਨ ਕੀਤਾ। ਇਉਂ ਜਾਪਦਾ ਸੀ ਜਿਵੇਂ ਕਿ ਇਕ ਸ਼ਹਿਜ਼ਾਦੀ ਦੀ ਸ਼ਾਦੀ ਹੋ ਰਹੀ ਹੋਵੇ।

ਮੋਰਾਂ ਰਾਣੀ ਨਾ ਕੇਵਲ ਸਭ ਤੋਂ ਸੁਹਣੀ ਹੀ ਸੀ—ਰਾਜ ਬਨਸੋ ਤੇ ਸ਼ਾਇਦ ਗੁੱਡਾਂ ਵਾਂਗਨ—ਸਗੋਂ ਰਣਜੀਤ ਸਿੰਘ ਦੀਆਂ ਸਾਰੀਆਂ ਰਾਣੀਆਂ ਵਿਚੋਂ ਉਸ ਦੀ ਸ਼ਾਨ ਸਭ ਤੋਂ ਉੱਚੀ ਸੀ । ਉਹੀ ਇਕੋ ਰਾਣੀ ਸੀ ਜਿਸ ਦੇ ਨਾਮ ਤੇ ਰਣਜੀਤ ਸਿੰਘ ਨੇ ਸਿੱਕਾ ਚਲਾਇਆ। ਇਸ ਸਿੱਕੇ ਉੱਪਰ ਮੋਰਾਂ ਦੇ ਨਾਂ ਤੇ ਮੋਰ ਦੀ ਤਸਵੀਰ ਸੀ । ਮੋਰਾਂ ਮੋਰ ਲਈ ਪੰਜਾਬੀ ਸ਼ਬਦ ਦਾ ਬਹੁਵਚਨ ਹੈ ਤੇ ਮੋਰਾਂ ਦਾ ਇਹ ਨਾਮ ਉਸ ਦੇ ਨੱਚਣ ਦੇ ਢੰਗ ਕਰਕੇ ਪੈ ਗਿਆ ਸੀ । ਉਸ ਦੇ ਨਾਮ ਦੀ ਲਾਹੌਰ ਦੇ ਮਤੀ ਚੌਕ ਦੇ ਨੇੜੇ ਇਕ ਮਸਜਿਦ ਵੀ ਹੈ। ਅੰਮ੍ਰਿਤਸਰ ਦੇ ਜ਼ਿਲ੍ਹੇ ਵਿਚ ਇਕ ਪਿੰਡ ਵੀ ਉਸ ਦੇ ਨਾਮ ਤੇ ਹੈ। ਉਹ ਘੁੰਡ ਨਹੀਂ ਸੀ ਕੱਢਦੀ ਤੇ ਮਹਾਰਾਜੇ ਨਾਲ ਆਮ ਲੋਕਾਂ ਵਿਚ ਮਹਾਰਾਣੀ ਗੁਲ ਬਹਾਰ ਬੇਗ਼ਮ ਵਾਂਗੂੰ ਬਗ਼ੈਰ ਘੁੰਡ ਦੇ ਫਿਰਿਆ ਕਰਦੀ ਸੀ, ਪਰ ਹੋਰ ਰਾਣੀਆਂ ਬਹੁਤ ਪੱਕੇ ਪਰਦੇ ਵਿਚ ਰਹਿੰਦੀਆਂ ਸਨ।

ਜਿਵੇਂ ਕਿ ਇਕ ਕਵੀ ਨੂੰ ਦਿਲ ਦੇ ਮਾਮਲਿਆਂ ਵਿਚ ਬੜੀ ਦਿਲਚਸਪੀ ਹੁੰਦੀ ਹੈ, ਉਸੇ ਤਰ੍ਹਾਂ ਫ਼ਕੀਰ ਅਜ਼ੀਜ਼ਉੱਦੀਨ ਦੱਸਦਾ ਹੈ ਕਿ ਰਣਜੀਤ ਸਿੰਘ ਨੇ ਕਈ ਮੌਕਿਆਂ ‘ਤੇ ਜਾਂ ਹੋਰ ਨਿਕਟਵਰਤੀਆਂ ਕੋਲ ਇਕਬਾਲ ਕੀਤਾ ਕਿ ਉਹ ਮੋਰਾਂ ਨੂੰ ਕਿੰਨਾ ਪਿਆਰ ਕਰਦਾ ਸੀ । ਇਕ ਐਸੇ ਇਕਬਾਲ ਦਾ ਵਰਣਨ ਸੋਹਨ ਲਾਲ ਨੇ ਆਪਣੀ ਕਿਤਾਬ ‘ਉਮਦਾਤ-ਉ-ਤਵਾਰੀਖ਼’ ਵਿਚ ਰੋਪੜ ਦੀ ਮਿਲਣੀ ਦੇ ਸਬੰਧ ਵਿਚ ਕੀਤਾ ਹੈ,

ਮਹਾਰਾਜਾ ਰਣਜੀਤ ਸਿੰਘ | Maharaja Ranjit Singh |

ਜਿੱਥੇ ਲਾਰਡ ਵਿਲਿਅਮ ਬੈਨਟਿਕ ਨੇ ਸੰਨ 1831 ਵਿਚ ਰੋਪੜ ਦੀ ਮੁਲਾਕਾਤ ਲਈ ਆਉਣ ਸਮੇਂ ਆਪਣੀ ਵਹੁਟੀ ਨੂੰ ਕਿਸ਼ਤੀ ਵਿਚੋਂ ਉਤਾਰਨ ਲਈ ਮਦਦ ਕੀਤੀ ਸੀ । ਸੋਹਨ ਲਾਲ ਲਿਖਦਾ ਹੈ ਕਿ ਇਹ ਵੇਖ ਕੇ ਮਹਾਰਾਜੇ ਨੇ ਕਿਹਾ ਸੀ ਕਿ ਉਸ ਨੂੰ ਇਸ ਵੇਲੇ ਬੀਬੀ ਮੋਰਾਂ ਦੀ ਯਾਦ ਆ ਗਈ ਹੈ ਕਿਉਂਕਿ ਉਸ ਲਈ ਉਸ ਦੇ ਦਿਲ ਵਿਚ ਬਿਲਕੁਲ ਐਸਾ ਹੀ ਪਿਆਰ ਸੀ ਤੇ ਉਹ ਇਕ ਦਿਨ ਲਈ ਵੀ ਉਸ ਤੋਂ ਵਿਛੋੜਾ ਨਹੀਂ ਸੀ ਸਹਾਰ ਸਕਦਾ । ਪ੍ਰੰਤੂ ਸਾਨੂੰ ਕੋਈ ਐਸੀ ਗਵਾਹੀ ਨਹੀਂ ਮਿਲਦੀ ਜਿਸ ਤੋਂ ਇਹ ਪਤਾ ਲਗਦਾ ਹੋਵੇ ਕਿ ਮੋਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਰਾਜਨੀਤੀ ਵਿਚ ਕੋਈ ਭਾਗ ਲਿਆ ਹੋਵੇ। ਪਰ ਇਹ ਗੱਲ ਮਹਾਰਾਜੇ ਦੀਆਂ ਹੋਰ ਰਾਣੀਆਂ ਬਾਰੇ ਵੀ ਕਹੀ ਜਾ ਸਕਦੀ ਹੈ। ਕੇਵਲ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਜਨਾਨਾ ਸਾਜ਼ਸ਼ਾਂ ਦਾ ਅਖਾੜਾ ਬਣਿਆ। ਇਸ ਕਰਕੇ ਸਰ ਲੈਪਲ ਗਰਿਫਨ ਦੀ ਕਿਤਾਬ ‘ਰਣਜੀਤ ਸਿੰਘ’ ਤੋਂ ਜੋ ਰਾਏ ਮਿਲਦੀ ਹੈ ਉਸ ਨੂੰ ਮੰਨਣਾ ਔਖਾ ਪ੍ਰਤੀਤ ਹੁੰਦਾ ਹੈ। ਉਹ ਰਾਏ ਇਸ ਪ੍ਰਕਾਰ ਹੈ :

“ਬਹੁਤ ਸਾਰੇ ਉਨ੍ਹਾਂ ਆਦਮੀਆਂ ਵਾਂਗੂੰ ਜਿਨ੍ਹਾਂ ਨੇ ਇਤਿਹਾਸ ਵਿਚ ਰਾਜਸੀ ਸ਼ਕਤੀ ਤੇ ਫ਼ੌਜੀ ਸਿਆਣਪ ਵਿਚ ਮਾਰਕੇ ਦਾ ਕੰਮ ਕੀਤਾ ਹੈ ਰਣਜੀਤ ਸਿੰਘ ਵੀ ਔਰਤਾਂ ਦੇ ਪ੍ਰਭਾਵ ਅਧੀਨ ਸੀ ।” ਹਾਂ, ਉਹ ਅਜਿਹੇ ਪ੍ਰਭਾਵ ਹੇਠ ਜ਼ਰੂਰ ਸੀ ਪਰ ਇਕ ਮਨੁੱਖ ਦੇ ਤੌਰ ਤੇ, ਰਾਜੇ ਦੇ ਤੌਰ ਤੇ ਨਹੀਂ ਤੇ ਇਹ ਇਕ ਐਸਾ ਖੇਤਰ ਸੀ ਜਿਸ ਵਿਚ ਉਹ ਦੋਹਾਂ ਯੋਗਤਾਵਾਂ ਨੂੰ ਵੱਖ-ਵੱਖ ਰੱਖਣ ਵਿਚ ਸਫ਼ਲ ਹੋਇਆ।

ਸਰਹੱਦ ਦੀ ਸੀਮਾ ਤੇ

ਰਣਜੀਤ ਸਿੰਘ ਦੇ ਹਰਮ ਤੇ ਦਰਬਾਰ ਦੇ ਵਿਚਕਾਰ, ਉਸ ਦੇ ਨਿੱਜੀ ਜੀਵਨ ਤੇ ਸਾਰਵਜਨਿਕ ਜੀਵਨ ਵਿਚਕਾਰ, ਇਕ ਐਸੀ ਸਰਜ਼ਮੀਨ ਸੀ ਜਿਸ ਉੱਪਰ ਕਿਸੇ ਦਾ ਵੀ ਅਧਿਕਾਰ ਨਹੀਂ ਸੀ। ਇਹ ਸ਼ਰਾਬ, ਸੰਗੀਤ ਤੇ ਨਾਚ ਦੀ ਦੁਨੀਆਂ ਸੀ । ਇਹ ਦੁਨੀਆਂ ਵਿਚ ਉਹ ਆਪਣੇ ਸੁਖ ਆਰਾਮ ਦੇ ਕਈ ਕਈ ਘੰਟੇ ਬਤੀਤ ਕਰਦਾ ਸੀ—ਹਫਤੇ ਵਿਚ ਇਕ ਜਾਂ ਦੋ ਵਾਰ ਸ਼ਾਮ ਨੂੰ, ਕਦੇ ਥੋੜ੍ਹੀ ਤੇ ਕਦੀ ਬਹੁਤੀ ਦੇਰ ਰਾਤ ਗਈ ਤਕ, ਕਿਸੇ ਤਿਉਹਾਰ ਦੇ ਅਵਸਰ ‘ਤੇ ਜਾਂ ਕਿਸੇ ਵਿਸ਼ੇਸ਼ ਸਰਕਾਰੀ ਸਮਾਗਮ ਦੇ ਮੌਕੇ ‘ਤੇ । ਕੁਝ ਵਿਰੋਧੀ ਆਲੋਚਕਾਂ ਨੇ ਉਸ ਨੂੰ ਵਿਲਾਸ ਦਾ ਤੇ ਬਦਮਾਸ਼ੀ ਦਾ ਦਰਜਾ ਦਿੱਤਾ ਹੈ। ਪਰ ਅਸਲੀਅਤ ਇਹ ਹੈ ਕਿ ਜਿਵੇਂ ਉਹ ਗਾਣ ਤੇ ਨੱਚਣ ਵਾਲੀਆਂ ਕੁੜੀਆਂ ਦੀ ਸੰਗਤ ਵਿਚ ਸਮਾਂ ਗੁਜ਼ਾਰਦਾ ਸੀ, ਉਸ ਵਿਚ ਵਿਲਾਸ ਦਾ ਕੋਈ ਨਾਂ ਨਿਸ਼ਾਨ ਨਹੀਂ ਸੀ । ਉਹ ਨੂੰ ਗਾਣਾ ਸੁਣਨਾ ਤੇ ਨਾਚ ਵੇਖਣਾ ਕਲਾ ਦੇ ਤੌਰ ਤੇ ਚੰਗੇ ਲਗਦੇ ਸਨ ਤੇ ਉਨ੍ਹਾਂ ਬਾਰੇ ਉਸ ਦੀ ਦਿਲਚਸਪੀ ਇਕ ਕਲਾਕਾਰ ਵਰਗੀ ਹੀ ਸੀ । ਇਹ ਸਾਰੇ ਪ੍ਰੋਗਰਾਮ ਇਕ ਕਲਾ ਦੀ ਮਾਨੋਂ ਪ੍ਰਦਰਸ਼ਨੀ ਸਨ, ਨਾਕਿ ਲੁਚਪੁਣੇ ਦੀਆਂ ਮਹਿਫਲਾਂ ਜੋ ਕੁਝ ਲੋਕਾਂ ਦੇ ਜਿਹਨ ਵਿਚ ਹੈ। ਮਹਾਰਾਜਾ ਕਦੀ ਇਕੱਲਾ ਤੇ ਕਦੀ ਮਹਿਮਾਨਾਂ ਨਾਲ ਵੱਖ ਬੈਠ ਜਾਂਦਾ ਸੀ । ਉਸ ਦੇ ਕੋਈ ਖ਼ਾਸ ਲੰਗੋਟੀਏ ਸਾਥੀ ਨਹੀਂ ਸਨ । ਉਹ ਆਪਣੀ ਖ਼ਾਸ ਸ਼ਰਾਬ ਪੀਂਦਾ ਜਿਹੜੀ ਕਿ ਮਨੱਕੇ ਤੇ ਕੁੱਟੇ ਹੋਏ ਮੋਤੀਆਂ ਤੋਂ ਬਣਾਈ ਹੁੰਦੀ ਸੀ ਤੇ ਸਾਰੀ ਕਾਰਵਾਈ ਨੂੰ ਵੇਖਦਾ, ਕਦੀ ਕਦੀ ਤਾੜੀਆਂ ਮਾਰਦਾ ਜਾਂ ਕਲਾਕਾਰ ਨੂੰ ਬੁਲਾ ਕੇ ਆਪਣੀ ਹੱਥੀਂ ਨਕਦ ਇਨਾਮ ਦਿੰਦਾ । ਉਸ ਨੂੰ ਹਾਜ਼ਰ-ਜਵਾਬੀ ਤੇ ਨੋਕ-ਝੋਕ ਦਾ ਬੜਾ ਸ਼ੌਕ ਸੀ, ਜਿਸ ਕਰਕੇ ਕਿਸੇ ਖ਼ਾਸ ਸੁਹਣੀ ਤੇ ਚੁਸਤ ਕੁੜੀ ਨਾਲ ਉਹ ਗੱਲਬਾਤ ਜਾਰੀ ਕਰ ਦਿੰਦਾ ਤੇ ਉਹੋ ਕੁੜੀ ਆਮ ਤੌਰ ‘ਤੇ ਸ਼ਰਾਬ ਦੇ ਪਿਆਲੇ ਦੀ ਸੇਵਾ ਕਰਦੀ । ਇਹ ਸਾਰੀ ਕਾਰਵਾਈ ਵਿਚ ਕੋਈ ਵੀ ਉਜੱਡਪੁਣਾ ਤੇ ਲੁੱਚਪੁਣਾ ਨਹੀਂ ਸੀ ਹੁੰਦਾ। ਗਾਣ ਤੇ ਨੱਚਣ ਵਾਲੇ ਦੋਵੇਂ ਕੰਮ ਬੜੇ ਸੰਜੀਦਾ ਤੇ ਸੱਭਯ ਤਰੀਕੇ ਦੇ ਹੁੰਦੇ ਸਨ। ਕਈ ਵਾਰ ਮਹਾਰਾਜੇ ਨੇ ਇਨ੍ਹਾਂ ਅਵਸਰਾਂ ਤੇ ਸਰਕਾਰੀ ਕੰਮ ਵੀ ਜਾਰੀ ਰਖਿਆ। ਅਸਲ ਵਿਚ ਜਿਨ੍ਹਾਂ ਲੋਕਾਂ ਨਾਲ ਵੱਖਰੀ ਗੱਲ ਕਰਨੀ ਹੁੰਦੀ ਸੀ, ਉਨ੍ਹਾਂ ਨੂੰ ਇੱਥੇ ਬੁਲਾਇਆ ਜਾਂਦਾ ਤਾਂ ਕਿ ਆਰਾਮ ਨਾਲ ਗੱਲ ਹੋ ਸਕੇ।

ਖ਼ਾਸ ਖ਼ਾਸ ਮੌਕਿਆਂ ਤੇ ਜੋ ਅਖੌਤੀ ਲੜਾਈਆਂ ਉਸ ਦੀਆਂ ਗਾਉਣ ਜਾਂ ਨਾਚ ਕਰਨ ਵਾਲੀਆਂ ਲੜਕੀਆਂ ਕਰਦੀਆਂ ਸਨ, ਉਨ੍ਹਾਂ ਨੂੰ ਕੁਝ ਲੇਖਕਾਂ ਨੇ ਵਧਾ ਚੜ੍ਹਾ ਕੇ ਲੱਚਰਪੁਣੇ ਤੇ ਵਿਲਾਸ ਦੇ ਰੂਪ ਵਿਚ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਐਸੀ ਕੋਈ ਗੱਲ ਨਹੀਂ ਸੀ । ਭਾਵੇਂ ਕਿੰਨੀ ਹੀ ਖੱਪ ਹੁੰਦੀ, ਇਨ੍ਹਾਂ ਵਿਚ ਕੋਈ ਲਾਪਰਵਾਹੀ ਜਾਂ ਅਸੱਭਯਪੁਨਾ ਨਹੀਂ ਸੀ ਹੁੰਦਾ। ਰਣਜੀਤ ਸਿੰਘ ਘੱਟ ਹੀ ਆਪਣੇ ਹੋਸ਼-ਹਵਾਸ ਗੁੰਮ ਕਰਦਾ ਸੀ । ਜੇ ਕਦੀ ਐਸਾ ਹੋਇਆ ਵੀ ਉਹ ਕਦੀ ਵਹਿਸ਼ੀ ਜਾਂ ਵਿਭਚਾਰੀ ਨਹੀਂ ਸੀ ਬਣਿਆ। ਉਹ ਅਨਪੜ੍ਹ ਤਾਂ ਹੈ ਸੀ ਪਰ ਫ਼ਕੀਰ ਭਰਾਵਾਂ ਵਰਗੇ ਪੜ੍ਹੇ ਲਿਖੇ ਤੇ ਸੱਭਯ ਲੋਕਾਂ ਦੀ ਸੰਗਤ ਕਰਕੇ ਉਸ ਵਿਚ ਚੋਖੀ ਨਫਾਸਤ ਆ ਗਈ ਸੀ ਅਤੇ ਉਹ ਸਦਾ, ਇਸ ਗੱਲ ਦਾ ਖਿਆਲ ਰਖਦਾ ਸੀ ਕਿ ਸ਼ਾਹੀ ਮਿਆਰ ਜਿਸ ਤੋਂ ਉਹ ਭਲੀ ਪ੍ਰਕਾਰ ਜਾਣੂ ਸੀ, ਕਦੇ ਨਾ ਡਿੱਗੇ । ਜਿੱਥੋਂ ਤਕ ਗਾਣ ਤੇ ਨੱਚਣ ਵਾਲੀਆਂ ਕੁੜੀਆਂ ਦਾ ਸਬੰਧ ਹੈ ਉਹ ਪੇਸ਼ਾਵਰ ਖ਼ਾਨਦਾਨਾਂ ਦੀਆਂ ਸਨ ਅਤੇ ਉਨ੍ਹਾਂ ਨੂੰ ਕਈ ਪੁਸ਼ਤਾਂ ਤੋਂ ਸ਼ਾਹੀ ਦਰਬਾਰਾਂ ਤੇ ਅਮੀਰ ਘਰਾਂ ਵਿਚ ਆਪਣੀ ਕਲਾ ਦੇ ਨਮੂਨੇ ਪ੍ਰਗਟ ਕਰਨ ਦੀ ਸਿਖਲਾਈ ਸੀ । ਇਸ ਤੋਂ ਇਲਾਵਾ ਉਨ੍ਹਾਂ ਦਾ ਆਪਣਾ ਇਕ ਸਖਤ ਅਨੁਸ਼ਾਸਨ ਸੀ ਜਿਸ ਦੀ ਪੈਰਵੀ ਉਨ੍ਹਾਂ ਲਈ ਜ਼ਰੂਰੀ ਸੀ । ਉਨ੍ਹਾਂ ਵਿਚੋਂ ਜੋ ਹੋਰ ਕਿਧਰੋਂ ਆਈਆਂ ਹੁੰਦੀਆਂ, ਉਨ੍ਹਾਂ ਨੂੰ ਵੀ ਇਹ ਜ਼ਰੂਰੀ ਸਿਖਲਾਈ ਦਿੱਤੀ ਜਾਂਦੀ ਸੀ । ਬਦੇਸ਼ੀ ਮਹਿਮਾਨਾਂ ਨੂੰ ਪੇਸ਼ਾਵਰ ਗਾਣ ਤੇ ਨੱਚਣ ਵਾਲੀਆਂ ਕੁੜੀਆਂ ਦੀ ਪੂਰਬੀ ਸੰਸਥਾ ਬਾਰੇ ਵਾਕਫੀਅਤ ਨਹੀਂ ਸੀ, ਇਸ ਲਈ ਅਜਿਹੀਆਂ ਚੀਜ਼ਾਂ ਵੇਖ ਕੇ ਜਾਂ ਇਨ੍ਹਾਂ ਬਾਰੇ ਸੁਣ ਕੇ ਉਨ੍ਹਾਂ ਦੇ ਵਿਚਾਰ ਭਟਕ ਜਾਂਦੇ ਸਨ । ਖ਼ਾਸ ਕਰਕੇ, ਉਹ ਇਨ੍ਹਾਂ ਮੌਕਿਆਂ ਤੋਂ ਬਿਲਕੁਲ ਅਣਜਾਣ ਸਨ ਜਿਵੇਂ ਹੋਲੀ ਦੇ ਤਿਉਹਾਰ ਦੀ ਮਿਸਾਲ ਹੀ ਲੈ ਲਓ । ਇਹ ਇਕ ਐਸਾ ਤਿਉਹਾਰ ਹੈ ਜਿਸ ਨੂੰ ਸਭ ਮਨਾਉਂਦੇ ਹਨ ਅਤੇ ਜਿਸ ਵਿਚ ਰੰਗ ਪਾਉਣ ਦੀ ਸਭ ਨੂੰ ਪੂਰੀ ਖੁਲ੍ਹ ਹੁੰਦੀ ਹੈ। ਇਸ ਮੌਕੇ ਤੇ ਤੀਰ ਕਮਾਨਾਂ ਦੀ ਵਰਤੋਂ ਤੇ ਰੰਗ ਦੇ ਗੋਲੇ ਮਾਰਨਾ ਇਕ ਚੰਗੀ ਗੱਲ ਸਮਝੀ ਜਾਂਦੀ ਸੀ ।

ਇਸ ਸ਼ਾਹੀ ਦਸਤੇ ਵਿਚ 125 ਕੁੜੀਆਂ ਸਨ ਜੋ ਆਪਣੇ ਸੁਹਣੇ ਨੈਨ-ਨਕਸ਼ਾਂ ਕਰਕੇ ਮਹਾਰਾਜੇ ਦੇ ਸਾਰੇ ਰਾਜ ਭਾਗ ਤੋਂ ਚੁਣੀਆਂ ਹੋਈਆਂ ਸਨ । ਉਹ 25 ਸਾਲ ਦੀ ਉਮਰ ਤਕ ਇਸ ਦਸਤੇ ਵਿਚ ਰਹਿੰਦੀਆਂ, ਉਪਰੰਤ ਉਨ੍ਹਾਂ ਨੂੰ ਮਹਾਰਾਜਾ ਆਪਣੇ ਕਿਸੇ ਅਫ਼ਸਰ ਨੂੰ ਖੁਸ਼ੀ ਨਾਲ ਜਾਂ ਕਿਸੇ ਚੰਗੇ ਕੰਮ ਦੇ ਇਨਾਮ ਵੱਜੋਂ ਦੇ ਦਿੰਦਾ ਸੀ । ਇਕ ਸਮੇਂ ਇਕ ਬਸ਼ੀਰਾਂ ਨਾਂ ਦੀ ਕੁੜੀ ਬਹੁਤ ਹੀ ਸਿਰ-ਕੱਢਵੀਂ ਸੀ, ਉਸ ਨੂੰ ਮਹਾਰਾਜਾ ਉਸ ਦੀਆਂ ਬਿੱਲੀਆਂ ਅੱਖਾਂ ਕਰਕੇ ‘ਬਿੱਲੋ’ ਸਦਦਾ ਸੀ ਜੋ ਅੰਗਰੇਜ਼ੀ ਵਿਚ ‘ਟੈਬੀ’ ਦੇ ਬਰਾਬਰ ਹੈ। ਉਹ ਮਹਾਰਾਜੇ ਦੀ ਖ਼ਾਸ ਚਹੇਤੀ ਸੀ ਤੇ ਉਸ ਨੂੰ 8000/- ਰੁਪਏ ਸਾਲ ਦੀ ਜਾਗੀਰ ਦਿੱਤੀ ਹੋਈ ਸੀ, ਜੋ ਕਿ ਹੋਰ ਕੁੜੀਆਂ ਦੀ ਜਾਗੀਰ ਨਾਲੋਂ ਦੁਗਣੀ ਸੀ । ਉਸ ਕੁੜੀ ਵਿਚ ਰਾਗ ਦਾ ਬਹੁਤ ਉੱਚਾ ਗੁਣ ਸੀ ਤੇ ਦੀਵਾਨ ਹਾਫਜ਼ ਦੀਆਂ ਗਜ਼ਲਾਂ ਗਾਉਣ ਵਿਚ ਉਹ ਬਹੁਤ ਹੀ ਮਾਹਰ ਸੀ। ਇਕ ਦਿਨ ਮੌਜ ਵਿਚ ਮਹਾਰਾਜੇ ਨੇ ਉਸ ਨੂੰ ਪੰਦਰਾਂ ਹਜਾਰ ਰੁਪਏ ਦੇ ਗਹਿਣੇ ਤੇ ਚਾਰ ਹਜ਼ਾਰ ਰੁਪਏ ਦੀ ਹੋਰ ਜਾਗੀਰ ਦੇਣ ਦਾ ਇਕਰਾਰ ਕੀਤਾ ਜੇਕਰ ਉਹ ਫ਼ਕੀਰ ਨੂਰਉੱਦੀਨ ਉੱਪਰ ਆਪਣੇ ਡੋਰੇ ਪਾ ਸਕੇ । ਬਿੱਲੋ ਨੇ ਸ਼ਰਮ ਲਾਹੁੰਦੇ ਹੋਏ ਕਿਹਾ, “ਨਾ, ਮਹਾਰਾਜ, ਸ਼ੁਕਰੀਆ, ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਐਸੇ ਪਵਿੱਤਰ ਆਦਮੀ ਨੂੰ ਪਾਪ ਭਰੀਆਂ ਅੱਖਾਂ ਨਾਲ ਵੇਖਾਂ ਤੇ ਸਿੱਟੇ ਵੱਜੋਂ ਅੰਨ੍ਹੀ ਹੋ ਜਾਵਾਂ?”

ਪਰ ਫ਼ਕੀਰ ਅਜ਼ੀਜਉੱਦੀਨ ਬਿੱਲੋ ਦੇ ਜਾਦੂ ਤੋਂ ਨਾ ਬਚ ਸਕਿਆ । ਇਹ ਇਸ ਤਰ੍ਹਾਂ ਹੋਇਆ ਕਿ ਇਕ ਸ਼ਾਮ ਨੂੰ ਉਹ ਮਹਾਰਾਜੇ ਪਾਸ ਜ਼ਰੂਰੀ ਕੰਮ ਲਈ ਗਿਆ, ਜਦੋਂ ਮਹਾਰਾਜਾ ਸਮਨ ਬੁਰਜ ਦੇ ਸਾਹਮਣੇ ਤਲਾ ਦੇ ਪਾਸ ਇਕ ਉੱਚੀ ਥਾਂ ਤੇ ਬੈਠਾ ਬਿੱਲੋ ਦੇ ਗਾਣੇ ਸੁਣ ਰਿਹਾ ਸੀ। ਕਿਉਂਕਿ ਮਹਾਰਾਜਾ ਸੁਣਨ ਵਿਚ ਮਸਤ ਸੀ ਇਸ ਕਰਕੇ ਫ਼ਕੀਰ ਉਸ ਕੋਲ ਇਕ ਕੁਰਸੀ ਤੇ ਬੈਠ ਗਿਆ ਤੇ ਗਾਣੇ ਦੀ ਸਮਾਪਤੀ ਦੀ ਉਡੀਕ ਕਰਨ ਲੱਗ ਪਿਆ। ਬਿੱਲੋ ਉਸ ਵਕਤ ਹਾਫਜ਼ ਵਿਚੋਂ ਆਪਣੀ ਸਭ ਤੋਂ ਵਧੀਆ ਗਜ਼ਲ ਆਪਣੀ ਸਭ ਤੋਂ ਸੁੰਦਰ ਸ਼ੈਲੀ ਵਿਚ ਗਾ ਰਹੀ ਸੀ । ਆਤਮਕ ਤੇ ਸੁਹਜਆਤਮਕ ਪ੍ਰਭਾਵਾਂ ਦਾ ਸੰਗਮ ਇਸ ਅਤੀ ਕੋਮਲ-ਚਿਤ ਫ਼ਕੀਰ ਲਈ ਹੱਦ ਤੋਂ ਵੱਧ ਤੀਖਣ ਸਿੱਧ ਹੋਇਆ ਅਤੇ ਉਸ ‘ਤੇ ਇਕ ਐਸਾ ਵਜਦ ਜਿਹਾ ਛਾਇਆ ਕਿ ਉਸ ਨੇ ‘ਅੱਲਾ-ਹੂ-ਅਕਬਰ’ ਉੱਚੀ ਸਾਰੀ ਕਹਿ ਕੇ ਤਲਾ ਵਿਚ ਛਾਲ ਮਾਰ ਦਿੱਤੀ । ਸ਼ਾਹੀ ਨੌਕਰਾਂ ਨੇ ਉਸ ਦੇ ਪਿੱਛੇ ਜਲਦੀ ਹੀ ਪਾਣੀ ਵਿਚ ਕੁੱਦ ਕੇ ਉਸ ਨੂੰ ਬਾਹਰ ਕੱਢਿਆ। ਬੜੇ ਚਿਰ ਤੀਕ ਉਸ ਨੂੰ ਹੋਸ਼ ਨਾਂ ਆਈ ਤੇ ਬਹੁਤ ਸਾਰੇ ਸ਼ਾਹੀ ਹਕੀਮਾਂ ਦੇ ਇਲਾਜ ਨਾਲ ਉਹ ਠੀਕ ਹੋਇਆ। ਫ਼ਕੀਰ ਨੂਰਉੱਦੀਨ ਇਨ੍ਹਾਂ ਹਕੀਮਾਂ ਵਿਚ ਨਹੀਂ ਸੀ। ਇਸ ਕਰਕੇ ਇਸ ਤੋਂ ਮਗਰੋਂ ਜਦ ਵੀ ਕਦੇ ਫ਼ਕੀਰ ਅਜ਼ੀਜ਼ਉੱਦੀਨ ਆਂਦਾ ਜੇ ਉਸ ਵਕਤ ਮਹਾਰਾਜਾ ਗਾਣਾ ਸੁਣ ਜਾਂ ਨਾਚ ਵੇਖ ਰਿਹਾ ਹੁੰਦਾ ਤਾਂ ਝਟਪਟ ਤਾੜੀ ਮਾਰ ਦਿੰਦਾ ਕਿ ਸਭ ਕੁਝ ਬੰਦ ਕਰ ਦਿਓ । ਖ਼ਾਸ ਕਰਕੇ ਉਹ ਤਬਲੇ ਵਾਲੇ ਮਿਰਾਸੀਆਂ ਨੂੰ ਇਹ ਕਹਿ ਕੇ ਬਾਹਰ ਜਾਣ ਲਈ ਕਹਿ ਦਿੰਦਾ ਕਿ ਦੌੜ ਜਾਓ, ਭੜਵਿਓ ਸਾਡੇ ਫ਼ਕੀਰ ਸਾਹਿਬ ਆ ਰਹੇ ਹਨ। ਪੰਜਾਬੀ ਲਫਜ਼ ‘ਭੜੂਆ’ ਇਕ ਪਿਆਰ-ਭਰੀ ਗਾਲੀ ਹੈ ਜੋ ਆਪਣੇ ਤੋਂ ਹੇਠਲਿਆਂ ਦੇ ਸਬੰਧ ਵਿਚ ਕਈ ਵਾਰ ਕੱਢ ਲਈ ਜਾਂਦੀ ਹੈ ਤੇ ਇਸ ਵਿਚ ਆਮ ਕਰਕੇ ਕੋਈ ਬੁਰੀ ਇਖ਼ਲਾਕੀ ਭਾਵਨਾ ਨਹੀਂ ਹੈ। ਇਹ ਸਮਝ ਨਹੀਂ ਆਉਂਦੀ ਕਿ ਵਿਚਾਰੇ ਮਿਰਾਸੀਆਂ ਨੂੰ ਹੀ ਕਿਉਂ ਬਾਹਰ ਕੱਢਿਆ ਜਾਂਦਾ ਸੀ, ਸ਼ਾਇਦ ਇਸ ਕਰਕੇ ਕਿ ਫ਼ਕੀਰ ਅਜ਼ੀਜ਼ਉੱਦੀਨ ਦੇ ਸੁਹਜਾਤਮਕ ਸਭਾ ਨੂੰ ਮਰਾਸੀਆਂ ਦਾ ਗਾਣ ਵਾਲੀਆਂ ਕੁੜੀਆਂ ਨੂੰ ਪ੍ਰੇਰਨਾ ਦੇਣਾ ਜਾਂ ਉੱਚੀਆਂ ਆਵਾਜ਼ਾਂ ਵਾਲੇ ਗਾਣੇ ਵਿਚ ਸ਼ਾਮਲ ਹੋਣਾ ਪਸੰਦ ਨਹੀਂ ਸੀ। ਇਕ ਹੋਰ ਇਹ ਗੱਲ ਸੀ ਕਿ ਮਿਰਾਸੀਆਂ ਦੀ ਸ਼ਕਲ ਸੂਰਤ ਚੰਗੀ ਨਹੀਂ ਹੁੰਦੀ। ਪ੍ਰੰਤੂ ਇਕ ਖ਼ਾਸ ਗੀਤ ਜੋ ਮਿਰਾਸੀ ਗਾਂਦੇ ਸਨ ਉਸ ਤੇ ਫ਼ਕੀਰ ਅਜ਼ੀਜ਼ਉੱਦੀਨ ਨੂੰ ਕੋਈ ਇਤਰਾਜ਼ ਨਹੀਂ ਸੀ । ਉਸ ਫ਼ਾਰਸੀ ਬੋਲੀ ਦੇ ਇਕ ਗੀਤ ਦੀਆਂ ਆਰੰਭਕ ਤੁਕਾਂ ਹਨ ਤੇ ਇਨ੍ਹਾਂ ਦਾ ਖੁੱਲ੍ਹਾ ਅਨੁਵਾਦ ਇਸ ਪ੍ਰਕਾਰ ਹੈ :

“ਪਰਮਾਤਮਾ ਤੇਰੇ ਸਿਤਾਰੇ ਨੂੰ ਸਦਾ ਉੱਚਾ ਰਖੇ। ਚੰਗੇ ਭਾਗ ਸਦਾ ਤੇਰਾ ਸਾਥ ਦੇਣ। ਤੇਰੀ ਖੁਸ਼ਹਾਲੀ ਦਾ ਫੁੱਲ ਸਦਾ ਖਿੜਿਆ ਰਹੇ ਤੇ ਤੇਰੇ ਦੁਸ਼ਮਨ ਦੀਆਂ ਅੱਖਾਂ ਵਿਚ ਕੰਡੇ ਵਾਂਗ ਚੁਭਦਾ ਰਹੇ।”

ਮਹਾਰਾਜਾ ਰਣਜੀਤ ਸਿੰਘ | Maharaja Ranjit Singh |

ਬਿੱਲੋ ਕੇਵਲ ਸਿਰ-ਕੱਢ ਗਾਉਣ ਵਾਲੀ ਹੀ ਨਹੀਂ ਸੀ, ਸਗੋਂ ਤੀਹ ਚਾਲੀ ਗਾਣ ਤੇ ਨੱਚਣ ਵਾਲੀਆਂ ਕੁੜੀਆਂ ਜਿਨ੍ਹਾਂ ਨੂੰ ਸੁਹਣੇ ਨੈਨ-ਨਕਸ਼, ਸੁਹਣੇ ਸਰੀਰ, ਹਾਸ ਭਰੀ ਤਬੀਅਤ ਤੇ ਚੁਸਤੀ ਕਰਕੇ ਚੁਣਿਆ ਜਾਂਦਾ ਸੀ, ਉਨ੍ਹਾਂ ਦੀ ਇਕ ਕੰਪਨੀ ਦੀ ਕਮਾਂਡਰ ਵੀ ਸੀ। ਇਨ੍ਹਾਂ ਦੀ ਵਰਦੀ ਇਹ ਸੀ–ਪੀਲੇ ਨਿੰਬੂ ਰੰਗ ਦੀ ਬਨਾਰਸੀ ਪਗੜੀ ਜਿਸ ਵਿਚ ਮੋਤੀਆਂ ਜੜੀ ਕਲਗੀ ਸੀ, ਇਕ ਗੂੜਾ ਹਰੇ ਰੰਗ ਦਾ ਜੰਪਰ ਜੋ ਨੀਲੇ ਸਾਟਨ ਦੇ ਚੋਗੇ ਉੱਤੇ ਪਾਇਆ ਜਾਂਦਾ ਸੀ ਤੇ ਜਿਹੜਾ ਜ਼ੱਰੀ ਦੀ ਪੇਟੀ ਨਾਲ ਬੰਨ੍ਹਿਆ ਹੁੰਦਾ ਸੀ, ਗੂੜ੍ਹੇ ਲਾਲ ਰੰਗ ਦੇ ਘੁਟਵੇਂ ਪਜਾਮੇ ਜੋ ਗੁਲਬਦਨ ਰੇਸ਼ਮ ਦੇ ਹੁੰਦੇ ਸਨ, ਤੇ ਨੋਕਦਾਰ ਸੁਨਹਿਰੀ ਜ਼ਰੀ ਦੀ ਜੁੱਤੀ। ਜ਼ੇਵਰ ਜੋ ਉਹ ਪਹਿਨਦੀਆਂ ਸਨ—ਕੰਨਾਂ ਵਿਚ ਸੋਨੇ ਦੀਆਂ ਵਾਲੀਆਂ ਜਿਨ੍ਹਾਂ ਵਿਚ ਕੀਮਤੀ ਪੱਥਰ ਜੜੇ ਹੋਏ ਸਨ, ਨੱਕ ਵਿਚ ਹੀਰੇ ਦਾ ਕੋਕਾ, ਸੋਨੇ ਦੇ ਦੋ ਕੜੇ ਅਤੇ ਵਿਚਕਾਰਲੀ ਉਂਗਲ ਤੇ ਹੀਰੇ ਦੀ ਛਾਂਪ । ਇਸ ਤੋਂ ਇਲਾਵਾ ਉਨ੍ਹਾਂ ਦੀ ਵਰਦੀ ਵਿਚ ਤੀਰ-ਕਮਾਨ ਸ਼ਾਮਿਲ ਸਨ ਪਰ ਇਹ ਉਨ੍ਹਾਂ ਦੇ ਨੈਣਾਂ ਦੇ ਤੀਰਾਂ ਨਾਲੋਂ ਘੱਟ ਖ਼ਤਰਨਾਕ ਸਨ ।

ਰਿਆਇਆ ਵਿਚ ਸਤਿਕਾਰਯੋਗ ਵਿਅਕਤੀ

ਰਣਜੀਤ ਸਿੰਘ ਦੇ ਵਿਰੋਧੀ ਆਲੋਚਕਾਂ ਨੇ ਉਸ ਦੀ ਮੁਲਕਗੀਰੀ ਬਾਰੇ ਜੋ ਉਸ ਦੀ ਨੁਕਤਾਚੀਨੀ ਕੀਤੀ ਹੈ ਉਸ ਵਿਚ ਅਜੀਬ ਸ੍ਵੈ-ਵਿਰੋਧਤਾ ਮਿਲਦੀ ਹੈ। ਸੈਨਿਕ ਸ਼ਕਤੀ ਦੁਆਰਾ ਆਪਣਾ ਰਾਜ ਕਾਇਮ ਕਰਨ ਲਈ ਰਣਜੀਤ ਸਿੰਘ ਦਾ ਉੱਨਾ ਹੀ ਹੱਕ ਬਣਦਾ ਸੀ ਜਿੰਨਾ ਕਿ ਉਸ ਤੋਂ ਪਹਿਲੇ ਜਾਂ ਮਗਰੋਂ ਕਿਸੇ ਹੋਰ ਮਨੁੱਖ ਦਾ। ਇਸ ਹੱਕ ਦੇ ਸਿਧਾਂਤਕ ਪੱਖ ਬਾਰੇ ਉਸ ਦੇ ਆਲੋਚਕ ਨਿਸ਼ਚੇਪੂਰਵਕ ਕੁਝ ਨਹੀਂ ਕਹਿੰਦੇ, ਪਰ ਇਕ ਅਜੀਬ ਦਲੀਲਬਾਜ਼ੀ ਨਾਲ ਉਹ ਰਣਜੀਤ ਸਿੰਘ ਨੂੰ ਇਸ ਹੱਕ ਦੀ ਅਮਲੀ ਵਰਤੋਂ ਲਈ ਨਿੰਦਦੇ ਹਨ। ਉਹ ਕਹਿੰਦੇ ਹਨ ਕਿ ਉਸ ਦਾ ਆਪਣੇ ਸਰਦਾਰਾਂ ਤੇ ਰਾਜਿਆਂ ਪਾਸੋਂ ਨਜ਼ਰਾਨਾ ਵਸੂਲ ਕਰਨਾ ਤੇ ਇਸ ਰਕਮ ਨੂੰ ਨਾ ਦੇਣ ਕਰਕੇ ਉਨ੍ਹਾਂ ਦੇ ਇਲਾਕੇ ਖੋਹ ਲੈਣਾ ਅਸਲੋਂ ਗ਼ਲਤ ਕਾਰਵਾਈਆਂ ਸਨ । ਪਰ ਉਹ ਇਹ ਨਹੀਂ ਦੱਸਦੇ ਕਿ ਹੋਰ ਕਿਹੜਾ ਤਰੀਕਾ ਹੋ ਸਕਦਾ ਹੈ ਜਾਂ ਕਦੇ ਹੋਇਆ ਹੈ, ਜਿਸ ਨਾਲ ਕੋਈ ਰਾਜ ਬਣਾਇਆ ਜਾਂ ਇਸ ਦੇ ਉਲਟ, ਸੰਭਾਲਿਆ ਜਾ ਸਕਦਾ ਹੈ। ਨਿਰਪੱਖ ਆਲੋਚਕਾਂ ਨੇ ਇਹ ਗੱਲ ਮੰਨੀ ਹੈ ਕਿ ਰਣਜੀਤ ਸਿੰਘ ਨੇ ਆਪਣੇ ਮਨੋਰਥ ਦੀ ਪੂਰਤੀ ਵਾਸਤੇ ਸਭ ਤੋਂ ਘੱਟ ਜਬਰ ਤੇ ਚਾਲਾਕੀ ਨੂੰ ਵਰਤਿਆ ਹੈ। ਮਿਸਾਲ ਵਜੋਂ, ਬੈਰਨ ਚਾਰਲਸ ਹਿਊਗਲ ਕਹਿੰਦਾ ਹੈ : “ਸ਼ਾਇਦ ਕਦੀ ਵੀ ਇਤਿਹਾਸ ਵਿਚ ਕਿਸੇ ਇਕੱਲੇ ਆਦਮੀ ਨੇ ਇੰਨਾ ਵੱਡਾ ਰਾਜ ਇੰਨੇ ਘੱਟ ਅਪਰਾਧ ਨਾਲ ਨਹੀਂ ਉਸਾਰਿਆ ਹੋਵੇਗਾ । ਜਦੋਂ ਅਸੀਂ ਇਸ ਮੁਲਕ ਦਾ ਤੇ ਇਸ ਦੇ ਅਸੱਭਯ ਲੋਕਾਂ ਦਾ, ਜਿਨ੍ਹਾਂ ਨਾਲ ਉਸ ਨੂੰ ਵਾਹ ਪੈਂਦਾ ਸੀ, ਧਿਆਨ ਗੋਚਰਾ ਕਰਦੇ ਹਾਂ, ਸਾਨੂੰ ਹੈਰਾਨਗੀ ਹੁੰਦੀ ਹੈ ਕਿ ਉਸ ਦੀ ਸਰਕਾਰ ਕਿੰਨੀ ਨਰਮ ਸੀ।” ਇਸੇ ਤਰ੍ਹਾਂ ਕੈਪਟਨ ਮਰੇ ਕਹਿੰਦਾ ਹੈ, “ਅਜੇਹੇ ਆਦਮੀ ਦੇ ਜੀਵਨ ਬਾਰੇ ਤਾਰੀਫ ਕਰਨੋਂ ਅਸੀਂ ਨਹੀਂ ਰੁਕ ਸਕਦੇ ਜਿਹੜਾ ਇੰਨੀਆਂ ਮੁਸ਼ਕਲਾਂ ਦੇ ਬਾਵਜੂਦ, ਇੰਨੇ ਥੋੜ੍ਹੇ ਅਪਰਾਧਾਂ ਨਾਲ, ਇਕ ਸਾਧਾਰਨ ਸਰਦਾਰ ਦੀ ਪੁਜ਼ੀਸ਼ਨ ਤੋਂ ਤਰੱਕੀ ਕਰ ਕੇ ਇਕ ਵੱਡੇ ਰਾਜ ਦਾ ਬਾਦਸ਼ਾਹ ਬਣ ਗਿਆ ਹੋਵੇ; ਜਿਸ ਦੇ ਰਾਜ ਵਿਚ ਹਿੰਦੂ, ਮੁਸਲਮਾਨ ਤੇ ਸਿੱਖ ਸਭ ਵਸਦੇ ਹੋਣ। ਸਾਰੇ ਭਾਰਤ ਵਿਚ ਇਹ ਇਕੋ ਰਿਆਸਤ ਸੀ ਜਿੱਥੇ ਅੰਗਰੇਜ ਦਾ ਰਾਜ ਅਧਿਕਾਰ ਨਹੀਂ ਸੀ।”

ਹੋਰ ਤਾਂ ਹੋਰ ਸਰ ਲੈਪਨ ਗਰਿਫਨ ਨੂੰ ਵੀ, ਜੋ ਸਮਝਦਾ ਹੈ ਕਿ ਮਹਾਰਾਜੇ ਨੇ ਆਪਣੇ ਸਾਥੀਆਂ ਮਿੱਤਰਾਂ ਤੇ ਨੋਕਰਾਂ ਦੇ ਇਲਾਕੇ ਖੋਹ ਕੇ ਜਿਆਦਤੀ ਕੀਤੀ ਸੀ ਅਤੇ ਜੋ ਇਨ੍ਹਾਂ ਕਾਰਵਾਈਆਂ ਦੀ ਇਕ ਲੰਬੀ ਸੂਚੀ ਦਿੰਦਾ ਹੈ, ਰਣਜੀਤ ਸਿੰਘ ਬਾਰੇ ਇਹ ਛੋਟ ਦੇਣੀ ਪਈ ਹੈ :

“ਰਣਜੀਤ ਸਿੰਘ ਸਾਰੀ ਖੋਹਾ-ਖਾਹੀ ਦੇ ਬਾਵਜੂਦ ਨਾ ਤਾਂ ਜਾਲਮ ਸੀ ਤੇ ਨਾ ਹੀ ਖੂਨ ਚੂਸਣ ਵਾਲਾ ਮਨੁੱਖ । ਕਿਸੇ ਕਿਲੇ ਨੂੰ ਜਿੱਤਣ ਜਾਂ ਕਾਬੂ ਕਰਨ ਬਾਅਦ ਉਹ ਹਾਰੀ ਹੋਈ ਧਿਰ ਨਾਲ ਬੜੀ ਨਰਮੀ ਤੇ ਲਿਹਾਜ਼ ਭਰਿਆ ਸਲੂਕ ਕਰਦਾ, ਭਾਵੇਂ ਉਨ੍ਹਾਂ ਕਿੰਨਾ ਹੀ ਕਰੜਾ ਮੁਕਾਬਲਾ ਕੀਤਾ ਹੁੰਦਾ। ਉਸ ਦੇ ਦਰਬਾਰ ਵਿਚ ਕਈ ਐਸੇ ਸਰਦਾਰ ਸਨ ਜਿਨ੍ਹਾਂ ਦੀਆਂ ਰਿਆਸਤਾਂ ਖੋਹਣ ਬਾਅਦ ਉਨ੍ਹਾਂ ਨੂੰ ਵਾਜਬੀ ਨੋਕਰੀਆਂ ਦਿੱਤੀਆਂ ਗਈਆਂ ਸਨ ਤੇ ਜਿਨ੍ਹਾਂ ਪੂਰਬ ਦੀ ਮੰਨੀ ਹੋਈ ਕਰਮਗਤੀ ਅਨੁਸਾਰ ਆਪਣੀ ਨਵੀਂ ਹਾਲਤ ਨੂੰ ਪ੍ਰਵਾਨ ਕਰ ਲਿਆ ਸੀ, ਇਹ ਕਿਸਮਤ ਵਿਚ ਭਰੋਸਾ ਐਸਾ ਹੈ ਕਿ ਇਸ ਨਾਲ ਹਾਰ ਦਾ ਸਖਤ ਤੋਂ ਸਖਤ ਡੰਗ ਵੀ ਦੂਰ ਹੋ ਜਾਂਦਾ ਹੈ। ਜਿਹੜੇ ਸਰਦਾਰ ਉਨ੍ਹਾਂ ਰਿਆਸਤਾਂ ਦੇ ਮਾਲਿਕ ਸਨ ਜਿਨ੍ਹਾਂ ਨੂੰ ਉਸ ਨੇ ਜਿੱਤ ਲਿਆ ਸੀ, ਇਸ ਤਰੀਕੇ ਨਾਲ ਉਨ੍ਹਾਂ ਦੀ ਪੋਜ਼ੀਸ਼ਨ ਬਰਾਬਰੀ ਤੇ ਰਕਾਬਤ ਦੇ ਦਰਜੇ ਤੋਂ ਗਿਰ ਕੇ ਬਾਇੱਜ਼ਤ ਅਧੀਨਗੀ ਦੇ ਦਰਜੇ ਵਿਚ ਬਦਲ ਗਈ ਸੀ । ਇਸ ਤੋਂ ਇਲਾਵਾ ਕਈ ਐਸੇ ਮੁਸਲਮਾਨ ਖ਼ਾਨ ਤੇ ਸਰਦਾਰ ਸਨ ਜਿਨ੍ਹਾਂ ਨੂੰ ਗੋਬਿੰਦ ਸਿੰਘ ਪਾਸੋਂ ਕੋਈ ਰਿਆਇਤ ਨਾ ਮਿਲਦੀ ਪਰ ਜਿਨ੍ਹਾਂ ਨੂੰ ਰਣਜੀਤ ਸਿੰਘ ਨੇ ਆਪਣੀ ਹੋਣੀ ਨਾਲ ਜੋੜ ਲਿਆ ਤੇ ਇੰਜ ਪੱਛਮ ਦੇ ਇਲਾਕੇ ਵਿਚ ਆਪਣੀ ਸਥਿਤੀ ਨੂੰ ਪੱਕਾ ਤੇ ਮਜ਼ਬੂਤ ਕਰ ਲਿਆ । ਸਿਆਲਾਂ, ਘੈਬੀਆਂ, ਟਿਵਾਣਿਆਂ ਤੇ ਖਰਲਾਂ ਦੇ ਮੁਸਲਮਾਨ ਕਬੀਲਿਆਂ ਦੇ ਸਰਦਾਰ ਅਤੇ ਮੁਲਤਾਨ ਦੇ ਨਵਾਬ ਮੁਜ਼ਫਰ ਖ਼ਾਨ ਦਾ ਖ਼ਾਨਦਾਨ ਇਸ ਟੋਲੀ ਵਿਚ ਆਂਦੇ मठ।”

ਸਰ ਲੈਪਲ ਗਰਿਫ਼ਨ ਕੁਝ ਹੋਰ ਨਾਂ ਵੀ ਇਸ ਸੂਚੀ-ਪੱਤਰ ਵਿਚ ਦੇ ਸਕਦਾ ਸੀ, ਜਿਵੇਂ ਕਿ ਕਸੂਰ ਦਾ ਨਵਾਬ ਕੁਤਬਉੱਦੀਨ, ਬਹਾਵਲਪੁਰ ਦਾ ਨਵਾਬ ਸਰਦਾਰ ਸੁਲਤਾਨ ਮੁਹੰਮਦ ਖ਼ਾਨ ਤੇ ਕਈ ਹੋਰ ਬਰਕਜ਼ਈ ਤੇ ਕਈ ਸੱਦੋਜ਼ਈ ਸ਼ਹਿਜ਼ਾਦੇ ।

ਸਰ ਹੈਨਰੀ ਲਾਰੰਸ ਮਹਾਰਾਜੇ ਦੀ ਦੂਜਿਆਂ ਪ੍ਰਤੀ ਹਮਦਰਦੀ ਨੂੰ ਇਸ ਤਰ੍ਹਾਂ ਸੰਖੇਪ ਵਿਚ ਪੇਸ਼ ਕਰਦਾ ਹੈ—“ਦਿੱਲੀ ਤੇ ਕਾਬਲ ਵਿਚ ਪਰਾਜਿਤ ਖ਼ਾਨਦਾਨਾਂ ਦੇ ਕਈ ਆਦਮੀ ਬੜੀ ਗ਼ਰੀਬੀ ਦੀ ਹਾਲਤ ਵਿਚ ਦੇਖੇ ਜਾ ਸਕਦੇ ਹਨ । ਪ੍ਰੰਤੂ ਪੰਜਾਬ ਵਿਚ ਇਕ ਵੀ ਐਸਾ ਬੰਦਾ ਨਹੀਂ ਮਿਲੇਗਾ ਜਿਸ ਦਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਨੇ ਜਿੱਤਿਆ ਹੋਵੇ ਤੇ ਉਸ ਦੇ ਗੁਜ਼ਾਰੇ ਦਾ ਪ੍ਰਬੰਧ ਨਾ ਕੀਤਾ ਹੋਵੇ। ਕੇਵਲ ਸਿੱਖ ਰਾਜ ਘਰਾਣਿਆਂ ਨੂੰ ਹੀ ਨਹੀਂ ਬਲਕਿ ਹੋਰ ਧਰਮਾਂ ਦੇ ਐਸੇ ਲੋਕਾਂ ਨੂੰ ਵੀ ਉਸ ਨੇ ਬਰਾਬਰ ਦੀ ਖੁਲ੍ਹ-ਦਿਲੀ ਨਾਲ ਗੁਜਾਰਾ ਦਿੱਤਾ ਹੋਇਆ ਸੀ।”

ਅਜੀਜਉੱਦੀਨ ਤੇ ਨੂਰਉੱਦੀਨ ਖਰਾਜ, ਨਜ਼ਰਾਨਾ ਤੇ ਹੋਰ ਕਰਾਂ ਦੇ ਲਗਾਉਣ ਤੇ ਵਸੂਲ ਕਰਨ ਦੀਆਂ ਮਿਸਾਲਾਂ ਦਿੰਦੇ ਹਨ ਜਿਨ੍ਹਾਂ ਵਿਚ ਮਹਾਰਾਜੇ ਨੇ ਬੜਾ ਖ਼ਿਆਲ ਰਖਿਆ ਕਿ ਕਿਸੇ ਨਾਲ ਕੋਈ ਸਖਤੀ ਨਾ ਹੋ ਜਾਏ। ਸਿਵਾਇ ਉਨ੍ਹਾਂ ਹਾਲਾਤਾਂ ਦੇ ਜਦੋਂ ਉਸ ਦੇ ਹੁਕਮ ਨੂੰ ਵੰਗਾਰਿਆ ਗਿਆ ਹੋਵੇ ਜਾਂ ਉਸ ਦੀ ਉਲੰਘਣਾ ਕੀਤੀ ਗਈ ਹੋਵੇ, ਇਹ ਆਮ ਰਿਵਾਜ਼ ਸੀ ਕਿ ਮੁਖੀਆਂ ਸਰਦਾਰਾਂ ਦੇ ਵਕੀਲਾਂ ਨਾਲ ਲੰਮੀ ਗੱਲ-ਬਾਤ ਕਰਕੇ ਹੀ ਐਸੀ ਰਕਮ ਤੇ ਸਮਝੌਤਾ ਕੀਤਾ ਜਾਂਦਾ ਜੋ ਦੋਹਾਂ ਧਿਰਾਂ ਨੂੰ ਮੁਨਾਸਿਬ ਤੇ ਯੋਗ ਲਗਦੀ। ਇਸ ਤੋਂ ਬਾਅਦ ਵੀ, ਪੈਸੇ ਦੀ ਅਦਾਇਗੀ ਲਈ ਕਾਫੀ ਸਮਾਂ ਦਿੱਤਾ ਜਾਂਦਾ । ਕਈ ਵਾਰੀ ਬਾਅਦ ਵਿਚ ਵਸੂਲੀ ਦੀਆਂ ਰਕਮਾਂ ਘੱਟ ਵੀ ਕੀਤੀਆਂ ਜਾਂਦੀਆਂ। ਇਕ ਖ਼ਾਸ ਦਸਤੂਰ, ਜਿਸ ਵਿਚ ਮਹਾਰਾਜਾ ਲੋਕਾਂ ਦੀਆਂ ਲੋੜਾਂ ਨੂੰ ਸਦਾ ਮੁੱਖ ਰਖਦਾ, ਉਹ ਸੀ ਕਿਸੇ ਸਰਦਾਰ ਦੀ ਮਿਰਤੂ ’ਤੇ ਨਜ਼ਰਾਨੇ ਦੀ ਵਸੂਲੀ ਬਾਰੇ । ਇਹ ਉਸ ਦਾ ਪੱਕਾ ਵਿਚਾਰ ਸੀ ਕਿ ਇਕ ਪਾਸੇ ਨਿਜੀ ਧਨ ਦੀ ਬਹੁਲਤਾ ਨੂੰ ਖ਼ਤਮ ਕੀਤਾ ਜਾਵੇ ਤੇ ਇਸ ਤਰ੍ਹਾਂ ਰਾਜ ਦੀ ਮਾਲੀ ਹਾਲਤ ਬੇਹਤਰ ਬਣਾਈ ਜਾਵੇ ਤੇ ਦੂਜੇ ਪਾਸੇ ਅਜਾਈਂ ਤੇ ਫਾਲਤੂ ਨਿੱਜੀ ਖਰਚ ਨੂੰ ਘੱਟ ਕੀਤਾ ਜਾਏ। ਫਿਰ ਵੀ ਉਹ ਹਰ ਹਾਲਤ ਵਿਚ ਦੇਖਦਾ ਸੀ ਕਿ ਸਰਦਾਰਾਂ ਦੀਆਂ ਵਿਧਵਾਵਾਂ ਤੇ ਬੱਚਿਆਂ ਪਾਸ ਚੋਖਾ ਧਨ ਰਹਿ ਜਾਏ ਜਿਸ ਨਾਲ ਉਹ ਸੁਖੀ ਜੀਵਨ ਬਤੀਤ ਕਰ ਸਕਣ। ਜਦੋਂ ਕੋਈ ਜਾਗੀਰ ਨਜ਼ਰਾਨਾ ਨਾ ਦੇਣ ਕਰਕੇ ਜਾਂ ਵਿਧਰੋਹ ਕਾਰਨ ਖੋਹੀ ਜਾਂਦੀ ਤਦ ਵੀ ਉਹ ਮਾਲਕਾਂ ਤੇ ਉਨ੍ਹਾਂ ਦੇ ਟੱਬਰਾਂ ਨੂੰ ਲੋੜੀਂਦੀ ਮਾਤਰਾ ਵਿਚ ਜਾਗੀਰਾਂ ਕਿਧਰੇ ਹੋਰ ਥਾਂ ‘ਤੇ ਦੇ ਦਿੰਦਾ। ਵਿਧਵਾਵਾਂ ਦੀਆਂ ਜਾਗੀਰਾਂ ਉਦੋਂ ਹੀ ਲਈਆਂ ਜਾਂਦੀਆਂ ਜਦੋਂ ਉਨ੍ਹਾਂ ਦੀਆਂ ਜਾਗੀਰਾਂ ਦੀ ਤੇ ਉਨ੍ਹਾਂ ਦੀ ਆਪਣੀ ਦੇਖ ਭਾਲ ਕਰਨ ਵਾਲਾ ਕੋਈ ਲੜਕਾ ਨਾ ਹੁੰਦਾ। ਕਈ ਵਾਰੀ ਤਾਂ ਅਜਿਹੀਆਂ ਹਾਲਤਾਂ ਵਿਚ ਮਹਾਰਾਜਾ ਖੁਦ ਉਨ੍ਹਾਂ ਤੇ ਚਾਦਰ ਪਾ ਲੈਂਦਾ ਤੇ ਉਨ੍ਹਾਂ ਨੂੰ ਆਪਣੀ ਰੱਖਿਆ ਵਿਚ ਲੈ ਲੈਂਦਾ।

ਇਸ ਮਾਮਲੇ ਵਿਚ ਫ਼ਕੀਰ ਅਜ਼ੀਜ਼ਉੱਦੀਨ ਨੇ ਇਕ ਸਵਾਦਲੀ ਘਟਨਾ ਦਾ ਜ਼ਿਕਰ ਕੀਤਾ ਹੈ । ਭਾਈ ਗੁਰਬਖਸ਼ ਸਿੰਘ ਮਹਾਰਾਜੇ ਦਾ ਇਕ ਪੁਰਾਣਾ ਤੇ ਇਤਬਾਰੀ ਨੌਕਰ ਸੀ। ਆਪਣੀ ਆਖ਼ਰੀ ਬਿਮਾਰੀ ਸਮੇਂ ਉਸ ਨੇ ਮਹਾਰਾਜੇ ਨੂੰ ਸੁਨੇਹਾ ਭੇਜਿਆ ਕਿ ਮੈਨੂੰ ਮਿਲ ਜਾਓ । ਜਦੋਂ ਮਹਾਰਾਜਾ ਉੱਥੇ ਗਿਆ ਤਾਂ ਕੀ ਦੇਖਦਾ ਹੈ ਕਿ ਫਰਸ਼ ਤੇ ਪੰਜ ਢੇਰ ਇਕ ਇਕ ਲੱਖ ਰੁਪਏ ਦੇ ਲੱਗੇ ਹੋਏ ਹਨ । ਭਾਈ ਦੇ ਤਿੰਨ ਲੜਕੇ ਤੇ ਇਕ ਲੜਕੀ ਸੀ । ਉਸ ਨੇ ਕਿਹਾ, “ਮਹਾਰਾਜ! ਮੈਂ ਆਪਣੇ ਧਨ ਦੀ ਵੰਡ ਇਸ ਤਰ੍ਹਾਂ ਕੀਤੀ ਹੈ ਜਿਵੇਂ ਤੁਸੀਂ, ਮੈਨੂੰ ਯਕੀਨ ਹੈ, ਆਪ ਕਰਦੇ। ਇਹ ਚਾਰ ਢੇਰ ਆਪਣੇ ਪਵਿੱਤਰ ਹੱਥਾਂ ਨਾਲ ਮੇਰੇ ਬੱਚਿਆਂ ਨੂੰ ਦੇ ਦਿਓ । ਪੰਜਵਾਂ ਢੇਰ ਖ਼ਾਲਸਾ ਦਰਬਾਰ ਦਾ ਹੈ। ਇਹ ਕ੍ਰਿਪਾ ਕਰਕੇ ਮੇਰੇ ਹੱਥੋਂ ਪ੍ਰਵਾਨ ਕਰੋ ।” ਜੇ ਮਹਾਰਾਜੇ ਉੱਪਰ ਛਡਿਆ ਜਾਂਦਾ ਤਾਂ ਉਹ ਕੀ ਕਰਦਾ, ਇਹ ਪਤਾ ਨਹੀਂ, ਪਰ ਉਸ ਨੇ ਉਸ ਚਾਲਾਕ ਭਾਈ ਦੀ ਇਹ ਵੰਡ ਪ੍ਰਵਾਨ ਕਰ ਲਈ।

ਦਰਬਾਰ ਵਾਸਤੇ ਵੰਡ ਇਕੱਠੇ ਕਰਨ ਦੇ ਮਾਮਲੇ ਵਿਚ ਭਾਵੇਂ ਉਹ ਕਰੜਾ ਸੀ ਤੇ ਨਿੱਜੀ ਮਾਮਲਿਆਂ ਦੀ ਪਰਵਾਹ ਨਹੀਂ ਸੀ ਕਰਦਾ ਪਰ ਫਿਰ ਵੀ ਮਾਨਵਤਾ ਦੇ ਨੁਕਤੇ ਤੋਂ ਉਸ ਨੂੰ ਕਈ ਵਾਰੀ ਅਦਲਾ-ਬਦਲੀ ਕਰਨੀ ਹੀ ਪੈਂਦੀ। ਇਹੀ ਕਾਰਨ ਸੀ ਕਿ ਇਕ ਵਾਰੀ ਫਕੀਰ ਭਰਾਵਾਂ ਦਾ ਡੇਢ ਲੱਖ ਰੁਪਿਆ ਮਹਾਰਾਜੇ ਨੂੰ ਦੇਣ ਤੋਂ ਬਚਾਉ ਹੋ ਗਿਆ । ਸਤੰਬਰ 1814 ਦਾ ਮਹੀਨਾ ਸੀ। ਮਹਾਰਾਜੇ ਅਜੇ ਕਸ਼ਮੀਰ ਤੋਂ ਬਹੁਤ ਨੁਕਸਾਨ ਉਠਾ ਕੇ ਵਾਪਸ ਪੁੱਜਾ ਸੀ ਤੇ ਦਰਬਾਰ ਦੀ ਮਾਲੀ ਹਾਲਤ ਬਹੁਤ ਖ਼ਸਤਾ ਸੀ । ਉਸ ਨੇ ਫ਼ਕੀਰ ਅਜ਼ੀਜ਼ਉੱਦੀਨ ਨੂੰ ਪੁੱਛਿਆ ਕਿ ਕੀ ਉਹ ਸਾਰੇ ਭਰਾ ਉਸ ਲਈ ਡੇਢ ਲੱਖ ਰੁਪਏ ਦਾ ਪ੍ਰਬੰਧ ਕਰ ਸਕਦੇ ਹਨ। ਅਜ਼ੀਜ਼ਉੱਦੀਨ ਨੇ ਹੱਥ ਜੋੜ ਕੇ ਕਿਹਾ ਕਿ ਭਾਵੇਂ ਉਸ ਦੀ ਸਾਰੀ ਸੰਪਤੀ ਤੇ ਜੀਵਨ ਮਹਾਰਾਜੇ ਲਈ ਹਾਜ਼ਰ ਹਨ ਪਰ ਉਸ ਪਾਸ ਇਸ ਵਕਤ ਕੁੱਲ ਸੱਠ ਹਜ਼ਾਰ ਰੁਪਏ ਹਨ । ਮਹਾਰਾਜੇ ਨੇ ਇਹ ਗੱਲ ਫਿਰ ਨਾ ਛੇੜੀ। ਅਜ਼ੀਜ਼ਉੱਦੀਨ ਕਹਿੰਦਾ ਹੈ ਕਿ ਉਹ ਬਹੁਤ ਦੁਖੀ ਸੀ ਕਿ ਉਹ ਮਹਾਰਾਜੇ ਦਾ ਹੁਕਮ ਪੂਰਾ ਨਹੀਂ ਕਰ ਸਕਿਆ ਤੇ ਹੋਰ ਵਧੇਰੇ ਨਿਰਾਸ਼ ਇਸ ਲਈ ਸੀ ਕਿ ਮਹਾਰਾਜੇ ਨੇ 60 ਹਜ਼ਾਰ ਦੀ ਉਸ ਦੀ ਤੁੱਛ ਰਕਮ ਪ੍ਰਵਾਨ ਨਾ ਕੀਤੀ । ਭਾਵੇਂ ਉਹ ਕਹਿੰਦਾ ਨਹੀਂ ਕਿਉਂਕਿ ਉਸ ਸਮੇਂ ਦੇ ਵੱਡੇ ਲੋਕਾਂ ਵਿਚ ਆਪਣਾ ਪੜਦਾ ਬਣਾਈ ਰੱਖਣਾ ਇਕ ਸਿਫਤ ਖ਼ਿਆਲ ਕੀਤੀ ਜਾਂਦੀ ਸੀ ਪਰ ਇਹ ਗੱਲ ਵੀ ਸ਼ੱਕੀ ਹੈ ਕਿ ਜਿੰਨੀ ਰਕਮ ਦੀ ਉਸ ਨੇ ਪੇਸ਼ਕਸ਼ ਕੀਤੀ ਸੀ ਉਹ ਉੱਨੀ ਵੀ ਦੇ ਸਕਦਾ ਸੀ ਕਿ ਨਹੀਂ। ਰਣਜੀਤ ਸਿੰਘ ਨੇ ਉਸ ਦੇ ਬੋਲ, ਦੇ ਲਹਿਜੇ ਤੋਂ ਭਾਂਪ ਲਿਆ ਹੋਵੇਗਾ ਤੇ ਇਸ ਕਰਕੇ ਇਕ ਪੁਰਾਣੇ ਤੇ ਵਫਾਦਾਰ ਨੌਕਰ ਦੇ ਲਿਹਾਜ਼ ਵਜੋਂ ਇਹ ਗੱਲ ਉੱਥੇ ਹੀ ਖ਼ਤਮ ਕਰ ਦਿੱਤੀ ਗਈ ।

ਭਾਗ ਪੰਜਵਾਂ : ਇੱਕ ਸ਼ਾਦੀ ਤੇ ਇੱਕ ਅਰਥੀ  

ਸੋਨੇ ਦੀ ਵਰਖਾ

ਮਾਰਚ 1837 ਪੰਜਾਬ ਲਈ ਇਕ ਖੁਸ਼ੀਆਂ ਵਾਲਾ ਮਹੀਨਾ ਸੀ। ਇਸ ਮਹੀਨੇ ਮਹਾਰਾਜੇ ਦੇ ਪੋਤਰੇ ਸ਼ਹਿਜਾਦਾ ਨੋਨਿਹਾਲ ਸਿੰਘ ਦੀ ਸ਼ਾਦੀ ਅੰਮ੍ਰਿਤਸਰ ਵਿਚ ਹੋਈ, ਮਹਾਰਾਜੇ ਨੇ ਆਪਣੇ ਵਜ਼ੀਰਾਂ ਤੇ ਸਰਦਾਰਾਂ ਨੂੰ ਕਿਹਾ ਕਿ ਉਹ ਚਾਹੁੰਦਾ ਹੈ ਕਿ ਇਹ ਸ਼ਾਦੀ ਇੰਨੀ ਧੂਮ-ਧਾਮ ਨਾਲ ਮਨਾਈ ਜਾਏ ਕਿ ਜੋ ਵੀ ਵੇਖੇ ਉਸ ਨੂੰ ਯਾਦ ਰਖੇ ਤੇ ਉਸ ਦੇ ਬੱਚੇ ਤੋਂ ਅੱਗੋਂ ਬੱਚਿਆਂ ਦੇ ਬੱਚੇ ਉਸ ਬਾਰੇ ਗੱਲਾਂ ਕਰਿਆ ਕਰਨ । 1837 ਈ. ਦੇ ਆਰੰਭ ਵਿਚ ਹੀ ਤਿਆਰੀਆਂ ਸ਼ੁਰੂ ਹੋ ਗਈਆਂ। ਸੱਦੇ-ਪੱਤਰ ਅੰਗਰੇਜ਼ਾਂ ਦੇ ਵੱਡੇ ਤੋਂ ਵੱਡੇ ਅਫ਼ਸਰਾਂ ਨੂੰ ਭੇਜੇ ਗਏ, ਜਿਵੇਂ ਕਿ ਗਵਰਨਰ ਜਨਰਲ, ਕਮਾਂਡਰ-ਇਨ-ਚੀਫ਼ ਤੇ ਆਗਰੇ ਦੇ ਗਵਰਨਰ ਨੂੰ ਅਤੇ ਸਿੰਧ ਤੇ ਸਤਲੁਜ ਵਿਚਕਾਰ ਦੇ ਇਲਾਕੇ ਦੇ ਸਾਰੇ ਵੱਡੇ ਮੁਖੀਆਂ ਤੇ ਸਰਦਾਰਾਂ ਨੂੰ । ਗਵਰਨਰ ਜਨਰਲ ਤੇ ਆਗਰੇ ਦੇ ਗਵਰਨਰ ਨੇ ਤਾਂ ਮਾਫੀ ਮੰਗ ਲਈ ਪਰ ਕਮਾਂਡਰ-ਇਨ-ਚੀਫ਼ ਨੇ ਆਣਾ ਪ੍ਰਵਾਨ ਕਰ ਲਿਆ, ਇਸੇ ਤਰ੍ਹਾਂ ਬਹਤੁ ਸਾਰੇ ਮੁਖੀਆਂ ਤੇ ਸਰਦਾਰਾਂ ਨੇ ਵੀ ਸੱਦਾ ਪ੍ਰਵਾਨ ਕਰ ਲਿਆ।

ਲੇਖਕ ਦੇ ਘਰੇਲੂ ਕਾਗਜ਼ਾਂ ਵਿਚ ਫ਼ਾਰਸੀ ਬੋਲੀ ਵਿਚ ਸ਼ਾਦੀ ਬਾਰੇ ਜੋ ਵਰਣਨ ਮਿਲਦਾ ਹੈ, ਉਹ ਇਸ ਪ੍ਰਕਾਰ ਹੈ : “ਸੰਮਤ 1893 ਦੀ 21 ਮਾਘ ਨੂੰ ਮਿਸਰ ਬੇਲੀ ਰਾਮ, ਭਾਈ ਸਾਹਿਬਾਨ ਤੇ ਸਰਦਾਰ ਅਤਰ ਸਿੰਘ ਨੂੰ ਹੁਕਮ ਹੋਇਆ ਕਿ ਉਹ ਸ਼ਹਿਜਾਦਾ ਨੌਨਿਹਾਲ ਸਿੰਘ ਤੇ ਸ਼ਹਿਜ਼ਾਦਾ ਖੜਕ ਸਿੰਘ ਨੂੰ ਮਿਲ ਕੇ ਸ਼ਾਦੀ ਦੀ ਸ਼ੁਭ ਮਹੂਰਤ ਕਢਾਉਣ। ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਕਿ ਜੋ ਕੁਝ ਇਸ ਰਸਮ ਵੇਲੇ ਲੋਕਾਂ ਵਿਚ ਵੰਡਣਾ ਹੈ ਉਹ ਮਿਸਰ ਲਾਲ ਸਿੰਘ ਮੋਦੀਖਾਨੇ ਤੋਂ ਲੈ ਲਵੇ । ਉਸ ਨੇ ਰੁਪਏ, ਅਸ਼ਰਫੀਆਂ, ਊਨੀ ਕੰਬਲ ਆਦਿ ਲੈ ਕੇ ਨਜੂਮੀਆਂ ਨੂੰ ਵੰਡੇ । ਮਹਾਰਾਜੇ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ ਗਈ ਤੇ ਫਿਰ ਉਨ੍ਹਾਂ ਨੋਨਿਹਾਲ ਸਿੰਘ ਨੂੰ ਬੁਲਾ ਭੇਜਿਆ। 29 ਮਾਘ ਸੰਮਤ 1893 ਵਾਲੇ ਦਿਨ ਕਪਤਾਨ ਵੇਡ ਨੇ ਮਹਾਰਾਜੇ ਨੂੰ ਦੱਸਿਆ ਕਿ ਸਰ ਹੈਨਰੀ ਫੇਨ, ਕਮਾਂਡਰ-ਇਨ-ਚੀਫ਼, ਵਿਆਹ ਵਿਚ ਸ਼ਾਮਿਲ ਹੋਵੇਗਾ। ਦੁਪਿਹਰ ਨੂੰ ਸ਼ਹਿਜ਼ਾਦਾ ਨੋਨਿਹਾਲ ਸਿੰਘ ਤੇ ਭਾਈ ਸਾਹਿਬਾਨ ਮਹਾਰਾਜੇ ਨੂੰ ਪ੍ਰਨਾਮ ਕਰਨ ਲਈ ਹਾਜ਼ਰ ਹੋਏ ਤੇ ਉਨ੍ਹਾਂ 500/- ਰੁਪਏ ਉਸ ਦੇ ਸਿਰ ਤੋਂ ਵਾਰ ਕੇ ਗਰੀਬਾਂ ਵਿਚ ਵੰਡੇ। ਮਹਾਰਾਜੇ ਵੱਲੋਂ ਫਿਰ ਬੀਬੀ ਨਕੈਣ ਤੇ ਰਾਣੀ ਚੰਦ ਕੌਰ ਨੂੰ ਅੰਮ੍ਰਿਤਸਰ ਜਾਣ ਲਈ ਹੁਕਮ ਹੋਇਆ। ਇਨ੍ਹਾਂ ਸ਼ਾਹੀ ਇਸਤਰੀਆਂ ਨੂੰ 250/- ਰੁਪਏ ਦਿੱਤੇ ਗਏ ਤੇ ਕੁਝ ਅਫ਼ਸਰਾਂ ਨੂੰ ਆਦੇਸ਼ ਦਿੱਤਾ ਕਿ ਅਟਾਰੀ ਦੇ ਸਥਾਨ ਤੇ ਕਮਾਂਡਰ-ਇਨ-ਚੀਫ ਦੇ ਸਵਾਗਤ ਲਈ ਪ੍ਰਬੰਧ ਕੀਤਾ ਜਾਏ । ਪਹਿਲੀ ਫੱਗਣ 1893 ਨੂੰ ਦਾਨ-ਪੁੰਨ ਆਦਿ ਕਰਨ ਬਾਅਦ ਸ਼ਹਿਜਾਦਾ ਖੜਕ ਸਿੰਘ ਨੂੰ ਘੋੜੇ, ਸੋਨੇ ਦੀ ਕਾਠੀ, ਸ਼ਾਹੀ ਲਿਬਾਸ, ਗਹਿਣੇ ਤੇ ਨਕਦੀ ਆਦਿ ਦੇ ਕੇ ਹੁਕਮ ਦਿੱਤਾ ਗਿਆ ਕਿ ਉਹ ਅੰਮ੍ਰਿਤਸਰ ਜਾ ਕੇ ਸ਼ਾਦੀ ਦਾ ਪ੍ਰਬੰਧ ਕਰੇ । ਲੱਧਾ ਸਿੰਘ ਤੇ ਫ਼ਕੀਰ ਇਮਾਮਉੱਦੀਨ ਨੂੰ ਹੁਕਮ ਦਿੱਤਾ ਗਿਆ ਕਿ ਉਹ ਸ਼ਹਿਜ਼ਾਦੇ ਦੇ ਸਵਾਗਤ ਦਾ ਪ੍ਰਬੰਧ ਕਰਨ ਤੇ ਤੋਪਾਂ ਦੀ ਸ਼ਾਹੀ ਸਲਾਮੀ ਦਾ ਵੀ। 30 ਫੱਗਣ 1893 ਨੂੰ ਪਸ਼ਕਾਰੇ ਦੀ ਰਸਮ ਦੌਰਾਨ ਸ਼ਹਿਜ਼ਾਦੇ ਨੂੰ ਚਾਰ ਹਜ਼ਾਰ ਸੋਨੇ ਦੀਆਂ ਮੋਹਰਾਂ ਦਿੱਤੀਆਂ ਗਈਆਂ। ਸਰਦਾਰ ਹਰੀ ਸਿੰਘ ਨਲੂਆ, ਰਾਜਾ ਗੁਲਾਬ ਸਿੰਘ, ਜਨਰਲ ਅਵੀਤਬੀਲ ਤੇ ਮਿਸਰ ਰੂਪ ਲਾਲ ਨੂੰ ਵਿਆਹ ਵਿਚ ਸ਼ਾਮਲ ਹੋਣ ਲਈ ਹੁਕਮ ਭੇਜੇ ਗਏ। ਮੁਲਤਾਨ ਦੇ ਦੀਵਾਨ ਸਾਵਣ ਮੱਲ ਦੀ ਇਕ ਚਿੱਠੀ ਪੁੱਜੀ ਤੇ ਉਸ ਨਾਲ ਸੋਨੇ ਦੀ ਕਢਾਈ ਵਾਲੀਆਂ ਬਿਸਤਰੇ ਦੀਆਂ ਚੱਦਰਾਂ ਦੇ ਇਕ ਸੌ ਥਾਨਾਂ, 100 ਜੋੜੇ ਸੋਨੇ ਦੇ ਕੜੇ ਤੇ ਹੋਰ ਕਈ ਚੀਜ਼ਾਂ ਵੀ ਸਨ । ਇਸ ਤੋਂ ਇਲਾਵਾ ਤਿੰਨ ਲੱਖ ਅੱਠ ਹਜ਼ਾਰ ਰੁਪਏ ਵੀ ਆਏ। ਕਪੜਿਆਂ ਦੇ ਚਾਰ ਸਟੋਰਾਂ ਦੇ ਜਮਾਂਦਾਰਾਂ ਨੂੰ ਯਾਰਾਂ-ਯਾਰਾਂ ਸੌ ਰੁਪਿਆ ਵਰਦੀ ਬਣਾਨ ਲਈ ਦਿੱਤਾ ਗਿਆ। ਪੰਜ ਫੱਗਣ 1893 ਨੂੰ ਸ਼ਹਿਜ਼ਾਦਾ ਨੌਨਿਹਾਲ ਸਿੰਘ ਮਹਾਰਾਜੇ ਪਾਸ ਪੇਸ਼ ਹੋਇਆ। ਮਹਾਰਾਜੇ ਨੇ ਉਸ ਨੂੰ ਕਿਹਾ ਕਿ ਸ਼ਰਾਰਤੀ ਲੋਕਾਂ ਦੀਆਂ ਗੱਲਾਂ ‘ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਉਸ ਨੂੰ ਤਸੱਲੀ ਕਰਾਈ ਕਿ ਉਹ ਵਿਆਹ ਤੇ ਜ਼ਰੂਰ ਆਵੇਗਾ।

6 ਫੱਗਣ ਨੂੰ ਫ਼ਕੀਰ ਅਜ਼ੀਜ਼ਉੱਦੀਨ ਨੇ ਕੈਪਟਨ ਵੇਡ ਨੂੰ ਮਹਾਰਾਜੇ ਦੇ ਪੇਸ਼ ਕੀਤਾ। ਦੂਜੇ ਦਿਨ ਪੈਦਲ, ਘੋੜ ਸੋਵਾਰ ਤੇ ਤੋਪਾਂ ਆਦਿ ਕਮਾਂਡਰ-ਇਨ-ਚੀਫ ਦੇ ਸਵਾਗਤ ਲਈ ਪੁਲਾਂ ਤੇ ਤੈਨਾਤ ਕੀਤੇ ਗਏ । ਉਸੇ ਦਿਨ ਸੋਨੇ ਤੇ ਚਾਂਦੀ ਦੀਆਂ ਕਈ ਵਸਤਾਂ, ਮਿਠਾਈਆਂ ਸਮੇਤ, ਸ਼ਹਿਜ਼ਾਦਾ ਨੋਨਿਹਾਲ ਸਿੰਘ ਨੂੰ ਦਿੱਤੀਆਂ ਗਈਆਂ । ਹੁਕਮ ਹੋਇਆ ਕਿ ਕਮਾਂਡਰ ਇਨ ਚੀਫ ਦੇ ਡੇਰੇ ਦੀ ਖਾਤਰ-ਤਵਾਜ਼ਾ ਰੋਜ਼ਾਨਾ ਭਾਈ ਰਾਮ ਸਿੰਘ ਤੇ ਸ਼ਾਮ ਸਿੰਘ ਅਟਾਰੀਵਾਲੇ ਦੀ ਸਲਾਹ ਨਾਲ ਕੀਤੀ ਜਾਏ। ਰਾਸ਼ਨ ਦੀ ਤਫਸੀਲ ਇਸ ਪ੍ਰਕਾਰ ਸੀ : 300 ਮਣ ਵਧੀਆ ਆਟਾ, 205 ਮਣ ਛੋਲੇ, 1000 ਮਣ ਲੱਕੜ, 15 ਸੇਰ ਮੱਖਣ, 50 ਸੇਰ ਘਿਉ, 15 ਸੇਰ ਖੰਡ, 1515 ਅੰਡੇ, 1000 ਬੱਕਰੇ, ਜਿੰਨਾ ਦਹੀਂ ਚਾਹੀਦਾ ਹੋਵੇ ਅਤੇ 40 ਮਣ ਮਿਠਾਈ । ਭਾਈ ਰਾਮ ਸਿੰਘ ਨੂੰ ਅਟਾਰੀ ਜਾਣ ਦਾ ਹੁਕਮ ਦਿੱਤਾ ਗਿਆ ਕਿ ਸਾਰੇ ਸਟੋਰਾਂ ਦਾ ਮੁਲਾਹਿਜ਼ਾ ਕਰੇ ਤੇ 101 ਊਠ, ਇੰਨੀਆਂ ਹੀ ਗਾਵਾਂ, ਮੱਝਾਂ ਤੇ ਘੋੜੇ ਖ਼ਰੀਦੇ। ਇਸ ਤੋਂ ਇਲਾਵਾ 150 ਦੁਸ਼ਾਲੇ, 25 ਬਨਾਰਸੀ ਦੁਪੱਟੇ, 50 ਲਾਚੇ, 56 ਵੱਡੇ ਨਾਪ ਦੀਆਂ ਵਰਦੀਆਂ, ਦੋ ਜ਼ਰੀ ਦੇ ਦੁਸ਼ਾਲੇ, ਦੋ ਸੋਨੇ ਦੀਆਂ ਕਾਠੀਆਂ, ਦੋ ਹਾਥੀ ਜਿਨ੍ਹਾਂ ਦੇ ਹੋਦਿਆਂ ਉੱਪਰ ਸੋਨਾ ਮੜ੍ਹਿਆ ਹੋਵੇ ਤੇ ਬਹੁਤ ਸਾਰੇ ਸੋਨੇ ਦੇ ਗਹਿਣਿਆਂ ਨੂੰ ਤਿਆਰ ਰਖਣ ਲਈ ਹੁਕਮ ਕੀਤਾ। ਇਹ ਵੀ ਹੁਕਮ ਦਿੱਤਾ ਕਿ ਦੋ ਸੋਨੇ ਨਾਲ ਮੜ੍ਹੇ ਬਰਤਨਾਂ, ਦੋ ਸੋਨੇ ਦੇ ਗਲਾਸਾਂ, ਦੋ ਸੋਨੇ ਦੇ ਵੱਡੇ ਪਿਆਲਿਆਂ, ਅੱਠ ਸੋਨੇ ਦੀਆਂ ਸੁਰਾਹੀਆਂ ਅਤੇ ਅੱਠ ਚਾਂਦੀ ਦੇ ਭਾਂਡਿਆਂ ਦੇ ਸੈਟਾਂ ਤੇ ਇੰਨੇ ਹੀ ਪਿੱਤਲ ਦੇ ਭਾਂਡਿਆਂ ਦੇ ਸੈਟਾਂ ਦਾ ਪ੍ਰਬੰਧ ਕੀਤਾ ਜਾਵੇ। ਰਸਦ ਬਾਰੇ ਇਹ ਹੁਕਮ ਸੀ ਕਿ ਦੋ ਕਮਰੇ ਆਟੇ ਨਾਲ, ਦੋ ਮੁਰਗੀਆਂ ਨਾਲ, ਦੋ ਗੁੜ ਨਾਲ, ਤੇ ਇਕ ਬਾਲਣ ਵਾਲੀ ਲੱਕੜ ਨਾਲ ਭਰ ਕੇ ਰਖਿਆ ਜਾਏ। ਇਸ ਤੋਂ ਇਲਾਵਾ ਇਕ ਹਜ਼ਾਰ ਗੱਡੇ ਚਾਰੇ ਦੇ, ਇਕ ਹਜ਼ਾਰ ਗੱਡੇ ਘਾਹ ਦੇ, ਸੌ ਗੱਡੇ ਚਾਰਪਾਈਆਂ ਦੇ ਤੇ ਪੰਜ ਸੌ ਮਿੱਟੀ ਦੇ ਭਾਂਡਿਆਂ ਦਾ ਇੰਤਜ਼ਾਮ ਕੀਤਾ ਜਾਏ।

ਦਸ ਫੱਗਣ ਵਾਲੇ ਦਿਨ ਕੈਪਟਨ ਵੇਡ ਨੇ ਬੇਨਤੀ ਕੀਤੀ ਕਿ ਕਮਾਂਡਰ ਚੇਤ ਸਿੰਘ ਨੂੰ ਦੇ ਦਿੱਤਾ ਜਾਏ ਕਿ ਉਹ ਹਰੀਕੇ ਪੱਤਣ ਤੇ ਕਿਸ਼ਤੀਆਂ ਤਿਆਰ ਰਖੇ ਤਾਂਕਿ ਕਮਾਂਡਰ-ਇਨ-ਚੀਫ ਦਰਿਆ ਪਾਰ ਕਰ ਸਕੇ । ਨਾਭੇ ਦੇ ਤੇ ਪਟਿਆਲੇ ਦੇ ਵਕੀਲਾਂ ਪਾਸੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੇ ਮਾਲਕ ਵਿਆਹ ਤੇ ਆਉਣਗੇ । ਉਨ੍ਹਾਂ ਹਾਂ ਵਿਚ ਉੱਤਰ ਦਿੱਤਾ। 15 ਫੱਗਣ ਵਾਲੇ ਦਿਨ ਕੈਪਟਨ ਵੇਡ ਨੇ ਮਹਾਰਾਜੇ ਨੂੰ ਛੋਟਾ ਰਾਮ ਦੇ ਬਾਗ਼ ਵਿਚ ਦੱਸਿਆ ਕਿ ਕਮਾਂਡਰ-ਇਨ-ਚੀਫ਼ ਪਹੁੰਚ ਗਿਆ ਹੈ। ਮਹਾਰਾਜੇ ਦੇ ਪੁੱਛਣ ਤੇ ਕੈਪਟਨ ਨੇ ਇਹ ਰਾਏ ਦਿੱਤੀ ਕਿ ਸਭ ਤੋਂ ਚੰਗੀ ਜਗ੍ਹਾ ਕਮਾਂਡਰ-ਇਨ-ਚੀਫ ਦੇ ਕੈਂਪ ਲਈ ਰਾਵੀ ਦੇ ਕਿਨਾਰੇ ਜਵਾਲਾ ਸਿੰਘ ਦਾ ਬਾਗ਼ ਹੈ। ਉਸ ਨੇ ਇਹ ਸੁਝਾਉ ਵੀ ਦਿੱਤਾ ਕਿ ਕਿਲ੍ਹੇ ਹੇਠਾਂ ਜੋ ਮੈਦਾਨ ਹੈ ਉੱਥੇ ਫ਼ੌਜੀ ਪਰੇਡ ਕਰਾਈ ਜਾਵੇ । 19 ਫੱਗਣ ਨੂੰ ਮਹਾਰਾਜਾ ਵਿਆਹ ‘ਤੇ ਜਾਣ ਵਾਸਤੇ ਲਾਹੌਰੋਂ ਰਵਾਨਾ ਹੋਇਆ। ਲਾਹੌਰੀ ਗੇਟ ਰਾਹੀਂ ਅੰਮ੍ਰਿਤਸਰ ਵਿਚ ਦਾਖ਼ਲ ਹੋਇਆ ਤੇ ਸੋਨੇ ਚਾਂਦੀ ਦੇ ਸਿੱਕਿਆਂ ਦੀ ਸੋਟ ਕਰਦਾ ਹੋਇਆ ਭੰਗੀ ਕਿਲ੍ਹੇ ਨੂੰ ਚਲਿਆ। ਸਾਰੇ ਹਾਜ਼ਰ ਸਰਦਾਰਾਂ ਨੇ ਉਸ ਨੂੰ ਪ੍ਰਮਾਣ ਕੀਤਾ ਵਿਆਹ ਦੀ ਰਸਮ ਆਰੰਭ ਹੋਈ।

ਮਹਾਰਾਣੀ ਨਕੈਣ ਨੇ ਸੋਨੇ ਤੇ ਚਾਂਦੀ ਦੇ ਸਿੱਕਿਆਂ ਦੀ ਮਹਾਰਾਜੇ ਤੇ ਸ਼ਹਿਜ਼ਾਦਾ ਖੜਕ ਸਿੰਘ ਦੇ ਸਿਰਾਂ ਤੋਂ ਦੀ ਸੋਟ ਕੀਤੀ । ਮਹਾਰਾਜੇ ਨੇ ਪੰਜ ਸੌ ਰੁਪਏ ਅਤੇ ਇਕ ਮੁੱਠ ਮੋਹਰਾਂ ਸ਼ਗਨਾਂ ਦੇ ਤੇਲ ਵਿਚ ਪਾਏ। ਫਿਰ ਉਸ ਨੇ ਆਪਣੇ ਹੱਥਾਂ ਨਾਲ ਅਤਰ, ਤੇਲ, ਆਟਾ ਤੇ ਪੀਸੇ ਹੋਏ ਮੋਤੀਆਂ ਦਾ ਲੇਪ ਤਿਆਰ ਕੀਤਾ। ਫਿਰ ਭਾਈ ਸਾਹਿਬਾਂ ਦੀਆਂ ਇਸਤਰੀਆਂ ਵਿਚੋਂ ਇਕ ਨੇ ਲਾੜੇ ਨੂੰ ਤੇਲ ਤੇ ਲੇਪ ਲਗਾਇਆ। ਇਸ ਕੰਮ ਲਈ ਮਹਾਰਾਜੇ ਨੇ ਉਸ ਨੂੰ 500 ਰੁਪਏ ਦਿੱਤੇ ਤੇ ਉਸ ਦੀ ਬੇਨਤੀ ਤੇ ਇਕ ਜਾਗੀਰ ਵੀ ਦਿੱਤੀ । ਅਟਾਰੀ ਤੋਂ ਮੋਹਰਾਂ ਤੇ ਰੁਪਏ, ਜੋ ਸ਼ਗਨ ਵਜੋਂ ਆਏ ਸਨ, ਉਹ ਲਾੜੇ ਨੂੰ ਦਿੱਤੇ ਗਏ । ਕੁਝ ਸਮੇਂ ਨਾਚ ਦਾ ਪ੍ਰੋਗਰਾਮ ਵੇਖ ਕੇ ਲਾੜਾ ਆਪਣੀ ਰਿਹਾਇਸ਼ ਵਾਲੀ ਥਾਂ ਚਲਾ ਗਿਆ।

22 ਤਰੀਕ ਨੂੰ ਸ਼ਹਿਜਾਦਾ ਨੋਨਿਹਾਲ ਸਿੰਘ ਬਾਜ਼ਾਰ ਵਿਚੋਂ ਸੋਨੇ ਚਾਂਦੀ ਦੇ ਸਿੱਕਿਆਂ ਦੀ ਸੋਟ ਕਰਦਾ ਲੰਘਿਆ ਤੇ ਭੰਗੀ ਕਿਲ੍ਹੇ ਵਿਚ ਵਿਆਹ ਦੀ ਰਸਮ ਲਈ ਪਹੁੰਚਿਆ। 23 ਦੁਪਹਿਰ ਨੂੰ ਮਹਾਰਾਜਾ ਭੰਗੀ ਕਿਲ੍ਹੇ ਵੱਲ ਗਿਆ, ਰਸਤੇ ਵਿਚ ਉਸੇ ਤਰ੍ਹਾਂ ਸੋਨੇ ਚਾਂਦੀ ਦੇ ਸਿੱਕਿਆਂ ਦੀ ਸੋਟ ਕਰਦਾ ਹੋਇਆ। ਉੱਥੇ ਰਾਜਾ ਲਾਡਵਾ ਤੇ ਰਾਜਾ ਸੁਚੇਤ ਸਿੰਘ ਨੇ ਹਾਥੀ, ਘੋੜੇ ਤੇ ਕਪੜੇ ਨਕਦੀ ਆਦਿ ਲਾੜੀ ਨੂੰ ਦਾਜ ਵੱਜੋਂ ਦਿੱਤੇ ਤੇ ਨਾਲੇ ਤਿਉਰ ਵੀ। ਉਨ੍ਹਾਂ ਖੜਕ ਸਿੰਘ ਅਤੇ ਨੋਨਿਹਾਲ ਸਿੰਘ ਦੇ ਸਿਰਾਂ ਤੋਂ ਸਿਰਵਾਰਨਾ ਵੀ ਕੀਤਾ । ਮਹਾਰਾਜਾ ਨੇ ਇਸ ਵਕਤ ਉਸ ਨੂੰ 1100 ਰੁਪਏ ਜਸ਼ਨ ਲਈ ਦਿੱਤੇ ।

24 ਨੂੰ ਕਿਸ਼ਨ ਚੰਦ ਦੀ ਰਿਪੋਰਟ ਆਈ ਕਿ ਕਮਾਂਡਰ-ਇਨ-ਚੀਫ਼ ਅੰਮ੍ਰਿਤਸਰ ਦੇ ਨੇੜੇ ਪੁੱਜ ਗਿਆ ਹੈ, ਇਸੇ ਵਕਤ ਰਾਜਾ ਗੁਲਾਬ ਸਿੰਘ ਆਪਣੇ ਚੋਣਵੇਂ ਘੋੜ-ਸਵਾਰਾਂ ਵਿਚੋਂ 500 ਨਾਲ ਪੁੱਜਿਆ। ਫ਼ਕੀਰ ਅਜ਼ੀਜ਼ਉੱਦੀਨ ਨੂੰ ਹੁਕਮ ਦਿੱਤਾ ਗਿਆ ਕਿ ਗੋਬਿੰਦਗੜ੍ਹ ਕਿਲ੍ਹੇ ‘ਚੋਂ ਤੋਪਾਂ ਦੀ ਸਲਾਮੀ ਦਾ ਇੰਤਜ਼ਾਮ ਕਰੇ। ਛੇਤੀ ਮਗਰੋਂ ਰਾਜਾ ਜਸਵੰਤ ਸਿੰਘ ਮਕੜਵਾਲਾ ਘੋੜੇ ਤੇ ਸ਼ਾਨਦਾਰ ਕੱਪੜੇ ਲੈ ਕੇ ਹਾਜ਼ਰ ਹੋਇਆ। ਉਸ ਨੇ ਮਹਾਰਾਜੇ ਦੇ ਸਿਰ ਤੋਂ ਇਕ ਹਜ਼ਾਰ ਰੁਪਏ ਦੀ ਸਰਵਾਰਨਾ ਕੀਤੀ। ਮਿਜ਼ਾਜ਼ਪੁਰਸੀ ਉਪਰੰਤ ਉਸ ਨੂੰ 2100 ਰੁਪਏ ਦੇ ਕੇ ਜਾਣ ਦੀ ਆਗਿਆ ਦਿੱਤੀ ਗਈ।

ਦੁਪਹਿਰ ਨੂੰ ਮਹਾਰਾਜਾ ਸ਼ੀਸ ਮਹਿਲ ਵੱਲ ਰਸਤੇ ਵਿਚ ਸੋਟ ਕਰਦਾ ਹੋਇਆ ਗਿਆ। ਭੰਗੀ ਕਿਲ੍ਹੇ ਵਿਚ ਵਿਆਹ ਦੀਆਂ ਤਿਆਰੀਆਂ ਦੇਖ ਕੇ ਪ੍ਰਸੰਨ ਹੋਇਆ ਤੇ ਪਰਮਾਤਮਾ ਦਾ ਧੰਨਵਾਦ ਕੀਤਾ ਤੇ ਫਿਰ ਸ਼ੀਸ ਮਹਿਲ ਵਿਚ ਦਾਖ਼ਲ ਹੋਇਆ। 25 ਤਰੀਕ ਨੂੰ ਮਹਾਰਾਜੇ ਨੇ ਖੜਕ ਸਿੰਘ ਨੂੰ ਕਮਾਂਡਰ-ਇਨ-ਚੀਫ ਸਰ ਹੈਨਰੀ ਫੈਨ ਦੇ ਸੁਆਗਤ ਲਈ ਭੇਜਿਆ। ਉਸੇ ਦਿਨ ਸਤਲੁਜ ਪਾਰ ਦੇ ਕੁਝ ਰਾਜੇ ਮਹਾਰਾਜੇ ਨੂੰ ਮਿਲਣ ਆਏ ਤੇ ਫਿਰ ਛੁੱਟੀ ਲੈ ਕੇ ਮੁੜ ਗਏ। ਕਿਉਂਕਿ ਕਮਾਂਡਰ-ਇਨ-ਚੀਫ਼ ਦੇ ਆਣ ਵਿਚ ਆਸ ਤੋਂ ਵੱਧ ਦੇਰੀ ਹੋ ਗਈ, ਇਸ ਕਰਕੇ ਮਹਾਰਾਜਾ ਆਪ ਸਾਰੇ ਦਰਬਾਰੀਆਂ ਨਾਲ ਉਸ ਦੇ ਸੁਆਗਤ ਲਈ ਗਿਆ। ਉਹ ਕਮਾਂਡਰ-ਇਨ-ਚੀਫ ਤੇ ਉਸ ਦੇ ਸਾਥੀਆਂ, ਜੋ ਹਾਥੀਆਂ ‘ਤੇ ਆ ਰਹੇ ਸਨ, ਨੂੰ ਮਿਲਿਆ । ਅੰਗਰੇਜ਼ ਅਫ਼ਸਰਾਂ ਨੇ ਹਾਥੀਆਂ ਤੇ ਖਲੋ ਕੇ ਮਹਾਰਾਜੇ ਨੂੰ ਅੰਗਰੇਜ਼ੀ ਤਰੀਕੇ ਨਾਲ ਪਰਨਾਮ ਕੀਤਾ ਤੇ ਕਮਾਂਡਰ-ਇਨ-ਚੀਫ ਨੇ ਮਹਾਰਾਜੇ ਦੇ ਹਾਥੀ ‘ਤੇ ਚੜ੍ਹ ਕੇ ਉਸ ਨਾਲ ਬਾਕੀ ਦੇ ਰਸਤੇ ਦਾ ਸਫਰ ਕੀਤਾ । ਇਹ ਸਾਰੀ ਪਾਰਟੀ ਢੁੱਕਵੇਂ ਠਾਠ-ਬਾਠ ਨਾਲ ਸ਼ੀਸ਼ ਮਹਿਲ ਵਿਚ ਦਾਖ਼ਲ ਹੋਈ। ਤੋਪਾਂ ਦੀ ਸਲਾਮੀ ਦਿੱਤੀ ਗਈ। ਮੇਜ਼ਬਾਨ ਤੇ ਮਹਿਮਾਨ ਨੇ ਇਕ ਦੂਜੇ ਦੇ ਸਿਰ ਉੱਤੋਂ ਪੰਜ ਪੰਜ ਹਜ਼ਾਰ ਰੁਪਏ ਦਾ ਸਿਰਵਾਰਨਾ ਕੀਤਾ। ਮਹਾਰਾਜੇ ਨੇ ਕਮਾਂਡਰ-ਇਨ-ਚੀਫ਼ ਦੀ ਗਰਦਨ ਤੇ ਇਕ ਤਗਮਾ ਦੇਖਿਆ ਤੇ ਇਸ ਬਾਰੇ ਪੁੱਛਿਆ। ਉਸ ਦੱਸਿਆ ਕਿ ਇਹ ਤਗਮਾ ਤੇ ਸਰ ਦਾ ਖਿਤਾਬ ਉਸ ਨੂੰ ਅੰਗਰੇਜ਼ ਸਰਕਾਰ ਵੱਲੋਂ ਉਸ ਦੀ ਨੌਕਰੀ ਦੀ ਪ੍ਰਸੰਸਾ ਵੱਜੋਂ ਮਿਲੇ ਹਨ। ਫਿਰ ਮਹਾਰਾਜੇ ਨੇ 9000 ਰੁਪਏ ਤੇ ਇਕ ਸੋ ਮੋਹਰਾਂ ਕਮਾਂਡਰ-ਇਨ-ਚੀਫ਼ ਨੂੰ ਦਿੱਤੇ ਤੇ ਉਸ ਦੀ ਪਾਰਟੀ ਦੇ ਅੰਗਰੇਜ਼ਾਂ ਨੂੰ ਦਸ ਹਜ਼ਾਰ ਪੰਜ ਸੋ ਰੁਪਏ ਜਿਆਫਤ ਲਈ ਦਿੱਤੇ । ਇਸ ਤੋਂ ਇਲਾਵਾ ਦੋ ਘੋੜੇ, ਦੋ ਹਾਥੀ, ਮਠਿਆਈਆਂ, ਫਲ, 40 ਸਜਾਵਟੀ ਮੰਜੇ, ਚਾਂਦੀ ਦੇ ਭਾਂਡੇ ਤੇ ਦੋ ਤੰਬੂ (ਚਾਂਦੀ ਦੇ ਪੋਲਾਂ ਵਾਲੇ) ਇਹ ਸਾਰਾ ਸਾਮਾਨ ਕਮਾਂਡਰ-ਇਨ-ਚੀਫ ਦੇ ਕੈਂਪ ਵਿਚ ਭੇਜਿਆ ਗਿਆ। ਦੁਪਹਿਰ ਨੂੰ ਫ਼ਕੀਰ ਅਜ਼ੀਜਉੱਦੀਨ ਨੂੰ ਭੇਜਿਆ ਗਿਆ ਕਿ ਕਿਲ੍ਹਾ ਭੰਗੀਆਂ ਵਿਚ ਵਿਆਹ ਦੀ ਰਸਮ ਵਿਚ ਸ਼ਾਮਿਲ ਹੋਣ ਲਈ ਕਮਾਂਡਰ-ਇਨ-ਚੀਫ਼ ਨੂੰ ਲੈ ਕੇ ਆਵੇ । ਉਥੇ ਪਹੁੰਚ ਕੇ ਕਮਾਂਡਰ-ਇਨ-ਚੀਫ ਨੇ ਮਹਾਰਾਜੇ ਦੇ ਸਿਰ ਤੋਂ ਸਿਰਵਾਰਨਾ ਕੀਤਾ ਤੇ ਕੁਝ ਸਮਾਂ ਦੋਵੇਂ ਆਪਸ ਵਿਚ ਗੱਲ-ਬਾਤ ਕਰਦੇ ਰਹੇ। ਜਿੰਨੇ ਵੀ ਉੱਥੇ ਹਾਜ਼ਰ ਸਨ ਸਭ ਨੇ ਬੜੇ ਜੋਸ਼ ਤੇ ਨਿੱਘ ਨਾਲ ਕਮਾਂਡਰ-ਇਨ-ਚੀਫ ਦਾ ਵਿਆਹ ਦੇ ਮੌਕੇ ਤੇ ਸੁਆਗਤ ਕੀਤਾ। ਫਿਰ ਨਿਉਂਦਰੇ ਦੀ ਰਸਮ ਸ਼ੁਰੂ ਹੋਈ। ਸਰਦਾਰਾਂ, ਵਜ਼ੀਰਾਂ, ਸ਼ਾਹੀ ਖ਼ਾਨਦਾਨ ਦੇ ਮੈਂਬਰਾਂ ਤੇ ਰਿਸ਼ਤੇਦਾਰਾਂ ਅਤੇ ਹੋਰ ਖੈਰਖਾਹਾਂ ਨੇ ਨਕਦ ਰਕਮਾਂ ਦੇ ਹੇਠ ਲਿਖੇ ਤੁਹਫੇ ਪੇਸ਼ ਕੀਤੇ ਇਨ੍ਹਾਂ ਨਕਦ ਰਕਮਾਂ ਦੀ ਬੜੀ ਲੰਮੀ ਸੂਚੀ ਦਿੱਤੀ ਹੋਈ ਹੈ। ਇਹ ਚਾਲੀ ਰੁਪਏ ਤੋਂ ਲੈ ਕੇ 77,519 ਰੁਪਏ ਤਕ ਹਨ :

ਨਿਉਂਦਰੇ ਦੀ ਰਸਮ ਬਾਅਦ ਚਾਰ ਵਧੀਆਂ ਪੁਸ਼ਾਕਾਂ, ਚਾਰ ਘੋੜੇ, ਦੋ ਹਾਥੀ, ਕਈ ਹੀਰੇ ਜਵਾਹਰਾਤ ਤੇ ਬਹੁ-ਮੁੱਲੇ ਕਪੜੇ ਦੇ ਕਈ ਥਾਨ ਸ਼ਹਿਜ਼ਾਦਾ ਖੜਕ ਸਿੰਘ ਨੇ ਕਮਾਂਡਰ-ਇਨ-ਚੀਫ, ਕੈਪਟਨ ਵੇਡ ਤੇ ਲਫਟੈਨ ਫੇਨ ਨੂੰ ਭੇਟ ਕੀਤੇ । ਇਸੇ ਤਰ੍ਹਾਂ ਸ਼ਹਿਜ਼ਾਦਾ ਨੌਨਿਹਾਲ ਸਿੰਘ ਨੇ 21 ਸ਼ਾਹੀ ਪੋਸ਼ਾਕਾਂ ਵੱਡੇ ਵੱਡੇ ਮਹਿਮਾਨਾਂ ਨੂੰ ਦਿੱਤੀਆਂ।

ਸ਼ਾਮ ਨੂੰ ਮਹਾਰਾਜਾ ਆਪਣੇ ਅੰਗਰੇਜ਼ ਮਹਿਮਾਨਾਂ ਨੂੰ ਸ਼ੀਸ਼ ਮਹਿਲ ਲੈ ਗਿਆ ਜਿੱਥੋਂ ਕੁਝ ਚਿਰ ਠਹਿਰਨ ਬਾਅਦ ਕਮਾਂਡਰ-ਇਨ-ਚੀਫ ਆਪਣੇ ਕੈਂਪ ਵੱਲ ਮੁੜ ਗਿਆ ਅਤੇ ਮਹਾਰਾਜਾ, ਧੰਨਵਾਦ ਵੱਜੋਂ, ਦਰਬਾਰ ਸਾਹਿਬ ਮੱਥਾ ਟੇਕਣ ਚਲਾ ਗਿਆ । ਬਾਅਦ ਦੁਪਹਿਰ ਮਹਾਰਾਜਾ, ਸ਼ਹਿਜ਼ਾਦਾ ਨੋਨਿਹਾਲ ਸਿੰਘ ਤੇ ਫ਼ੌਜ ਨਾਲ, ਬੂਪਾ ਰਾਏ ਵੱਲ ਗਿਆ। ਉਸ ਸਮੇਂ ਬਾਰਸ਼ ਤੇ ਗੜ੍ਹਿਆਂ ਦਾ ਇਕ ਤੁਫਾਨ ਜਿਹਾ ਚਲ ਰਿਹਾ ਸੀ । 27- ਨੂੰ ਸਵੇਰੇ ਫ਼ੌਜੀ ਮੁਆਇਨੇ ਬਾਅਦ ਮਹਾਰਾਜਾ ਕਮਾਂਡਰ-ਇਨ-ਚੀਫ ਨਾਲ ਅਟਾਰੀ ਤਕ ਗਿਆ । ਰੁਖਸਤ ਹੋਣ ਸਮੇਂ 2500 ਸੋਨੇ ਦੀਆਂ ਮੋਹਰਾਂ ਨੌਨਿਹਾਲ ਸਿੰਘ ਦੇ ਹਾਥੀ ਉੱਪਰੋਂ ਸੁਟੀਆਂ ਗਈਆਂ । ਜਦੋਂ ਇਹ ਸ਼ਾਹੀ ਟੋਲੀ ਅਟਾਰੀ ਪੁੱਜੀ ਤਾਂ ਤੋਪਾਂ ਦੀ ਸਲਾਮੀ ਕੀਤੀ । ਗਈ । ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਪੈਦਲ ਚਲ ਕੇ ਮਹਾਰਾਜੇ ਨੂੰ ਮਿਲਣ ਆਇਆ। ਮਹਾਰਾਜਾ ਉਸ ਨਾਲ ਉਸ ਦੀ ਹਵੇਲੀ ਤਕ ਗਿਆ ਜਿੱਥੇ ਸਰਦਾਰ ਨੇ 15 ਘੋੜੇ, 100 ਮੋਹਰਾਂ ਆਪਣੇ ਸ਼ਾਹੀ ਮਹਿਮਾਨ ਨੂੰ ਤੇ ਪੰਜੀ ਪੰਜੀ ਮੋਹਰਾਂ ਕਮਾਂਡਰ-ਇਨ-ਚੀਫ, ਸ਼ਹਿਜ਼ਾਦਾ ਖੜਕ ਸਿੰਘ, ਨੌਨਿਹਾਲ ਸਿੰਘ ਤੇ ਕੰਵਰ ਸ਼ੇਰ ਸਿੰਘ ਨੂੰ ਦਿੱਤੀਆਂ। ਉੱਥੋਂ ਮਹਾਰਾਜਾ ਬਾਰਾਂਦਰੀ ਵੱਲ ਚਲਾ ਗਿਆ ਤੇ ਕਮਾਂਡਰ-ਇਨ-ਚੀਫ ਆਪਣੇ ਕੈਂਪ ਵੱਲ । ਸ਼ਾਮ ਨੂੰ ਫ਼ਕੀਰ ਅਜ਼ੀਜ਼ਉੱਦੀਨ ਕਮਾਂਡਰ-ਇਨ-ਚੀਫ਼ ਨੂੰ ਨਾਲ ਲੈ ਕੇ ਸ਼ਾਲਾਮਾਰ ਬਾਗ਼ ਵੱਲ ਗਿਆ ਜਿੱਥੇ ਆਤਸ਼ਬਾਜੀ ਦੀ ਪ੍ਰਦਰਸ਼ਨੀ ਕੀਤੀ ਗਈ।

28 ਨੂੰ ਮਹਾਰਾਜੇ ਨੇ ਆਪਣੇ ਪਵਿਲੀਅਨ ਦਾ ਘੋੜੇ ‘ਤੇ ਸਵਾਰ ਹੋ ਕੇ ਚੱਕਰ ਕੱਟਿਆ ਅਤੇ ਹਜਾਰਾਂ ਬੰਦੇ ਜੋ ਉੱਥੇ ਇਕੱਠੇ ਹੋਏ ਹੋਏ ਸਨ, ਉਨ੍ਹਾਂ ਨੂੰ ਮਿਲਿਆ। ਉਸ ਨੇ ਆਪਣੀ ਪੈਦਲ ਤੇ ਘੋੜ-ਸਵਾਰ ਫ਼ੌਜ ਨੂੰ ਹੁਕਮ ਦਿੱਤਾ ਕਿ ਉਸ ਭੀੜ ਦੇ ਦੁਆਲੇ ਘੇਰਾ ਪਾ ਲਏ ਅਤੇ ਕਿਸੇ ਨੂੰ ਬਿਨਾਂ ਆਗਿਆ ਇਸ ਘੇਰੇ ਵਿਚੋਂ ਬਾਹਰ ਨਾ ਜਾਣ ਦਿੱਤਾ ਜਾਏ ਤੇ ਨਾ ਹੀ ਉਸ ਦੇ ਅੰਦਰ ਆਉਣ ਦਿੱਤਾ ਜਾਏ । ਫਿਰ ਉਸ ਨੇ ਆਪਣੇ ਵੱਡੇ ਸਰਦਾਰਾਂ ਨੂੰ ਰੁਪਿਆਂ ਦੀਆਂ ਥੈਲੀਆਂ ਦੇ ਕੇ ਭੀੜ ਵਿਚ ਭੇਜਿਆ ਤਾਂ ਕਿ ਹਰ ਇਕ ਨੂੰ ਇਕ ਇਕ ਰੁਪਿਆ ਦਿੱਤਾ ਜਾਵੇ। ਇਹ ਰੁਪਏ ਵੰਡਣ ਦੇ ਕੰਮ ਲਈ ਅੱਠ ਘੰਟੇ ਲੱਗੇ।

ਇਸ ਤੋਂ ਬਾਅਦ ਮਹਾਰਾਜੇ ਨੇ ਸ਼ਹਿਜ਼ਾਦਾ ਨੌਨਿਹਾਲ ਸਿੰਘ ਨੂੰ ਲਾੜੀ ਦੀ ਡੋਲੀ ਨਾਲ ਅੰਮ੍ਰਿਤਸਰ ਭੇਜਿਆ। ਫ਼ੌਜਾਂ ਨੂੰ ਮੀਆਂ ਮੀਰ ਜਾਣ ਤੇ ਉੱਥੇ ਠਹਿਰਨ ਦਾ ਹੁਕਮ ਦਿੱਤਾ । ਮਹਾਰਾਜਾ ਫਿਰ ਆਪਣੇ ਮੁੱਖ ਮਹਿਮਾਨ ਨੂੰ ਸ਼ਾਲੀਮਾਰ ਬਾਗ਼ ਵਿਚ ਜਸ਼ਨ ਮਨਾਉਣ ਲਈ ਲੈ ਗਿਆ। ਕਮਾਂਡਰ-ਇਨ-ਚੀਫ਼ ਉੱਤੇ ਉਸ ਦ੍ਰਿਸ਼ ਦਾ ਜਾਦੂ ਦਾ ਅਸਰ ਹੋਇਆ। ਮਹਾਰਾਜੇ ਨੇ ਉਸ ਨੂੰ ਪੁੱਛਿਆ ਕਿ ਕੀ ਉਸ ਨੇ ਹੋਰ ਕੋਈ ਐਸਾ ਬਾਗ਼ ਵੇਖਿਆ ਹੈ। ਕਮਾਂਡਰ-ਇਨ-ਚੀਫ਼ ਨੇ ਉੱਤਰ ਦਿੱਤਾ ਕਿ ਉਸ ਨੇ ਇਕ ਬਾਗ਼ ਪੈਰਿਸ ਵਿਚ ਵੇਖਿਆ ਸੀ ਜਿਸ ਤੇ ਲੱਖਾਂ ਰੁਪਏ ਖਰਚ ਕੀਤੇ ਗਏ ਸਨ । ਫਿਰ ਮਹਾਰਾਜੇ ਨੇ ਪੁੱਛਿਆ ਕਿ ਕੀ ਉਸ ਨੇ ਸ਼ਹਿਜ਼ਾਦਾ ਨੌਨਿਹਾਲ ਸਿੰਘ ਦੀ ਸ਼ਾਦੀ ਵਰਗੀ ਕੋਈ ਹੋਰ ਸ਼ਾਦੀ ਦੇਖੀ ਹੈ। ਕਮਾਂਡਰ-ਇਨ-ਚੀਫ਼ ਨੇ ਉੱਤਰ ਦਿੱਤਾ, ਨਹੀਂ । ਨਾਲ ਇਹ ਵੀ ਕਿਹਾ ਕਿ ਜਦੋਂ ਗਵਰਨਰ ਜਨਰਲ ਨੂੰ ਸ਼ਾਦੀ ਦੇ ਹਾਲ ਦਾ ਪਤਾ ਲੱਗੇਗਾ ਤਾਂ ਉਸ ਨੂੰ ਅਫ਼ਸੋਸ ਹੋਵੇਗਾ ਕਿ ਉਹ ਕਿਉਂ ਨਹੀਂ ਆਇਆ।

ਪੰਜ ਚੇਤਰ ਨੂੰ ਕਮਾਂਡਰ-ਇਨ-ਚੀਫ ਨੇ ਕਸੂਰ ਵਿਚ ਖਾਣੇ ਤੋਂ ਬਾਅਦ ਦਰਬਾਰ ਦੇ ਤੋਪਖਾਨੇ ਦੀ ਪਰੇਡ ਵੇਖੀ । ਛੇ ਤਰੀਕ ਨੂੰ ਕਮਾਂਡਰ-ਇਨ-ਚੀਫ਼ ਨੇ ਮਹਾਰਾਜੇ ਦੇ ਚਾਂਦੀ ਦੇ ਬੰਗਲੇ ਵਿਚ, ਜੋ ਫ਼ਕੀਰ ਨੂਰਉੱਦੀਨ ਦੀ ਨਿੱਜੀ ਨਿਗਰਾਨੀ ਹੇਠ ਤਿਆਰ ਕੀਤਾ ਗਿਆ ਸੀ, ਮਹਾਰਾਜੇ ਦੇ ਨਾਲ ਬੈਠ ਕੇ ਫ਼ੌਜ ਦੀ ਬਹੁਤ ਵੱਡੀ ਪਰੇਡ ਵੇਖੀ। 17 ਤਰੀਕ ਨੂੰ ਸ਼ਹਿਜ਼ਾਦਾ ਨੋਨਿਹਾਲ ਸਿੰਘ ਅੰਮ੍ਰਿਤਸਰ ਤੋਂ ਲਾਹੌਰ ਆਇਆ ਤੇ ਉਸ ਨੂੰ ਤੋਪਾਂ ਦੀ ਸਲਾਮੀ ਦਿੱਤੀ ਗਈ। ਸ਼ਾਮ ਨੂੰ ਫ਼ਕੀਰ ਅਜ਼ੀਜ਼ਉੱਦੀਨ ਕਮਾਂਡਰ-ਇਨ-ਚੀਫ ਨੂੰ ਨਾਲ ਲੈ ਕੇ ਕਿਲੇ ਵਿਚ ਆਇਆ ਜਿੱਥੇ ਰੋਸ਼ਨੀ ਤੇ ਸਜਾਵਟ ਆਦਿ ਦੇ ਵਿਸ਼ੇਸ਼ ਪ੍ਰਬੰਧ ਦੇ ਨਾਲ ਨਾਚ ਗਾਣੇ ਦਾ ਪ੍ਰੋਗਰਾਮ ਵੀ ਸੀ।

ਨੋ ਤਰੀਕ ਦੀ ਦੁਪਿਹਰ ਨੂੰ ਅੰਗਰੇਜ਼ ਅਫ਼ਸਰ ਤੇ ਉਨ੍ਹਾਂ ਦੀਆਂ ਤੀਵੀਆਂ ਮਹਾਰਾਜੇ ਨੂੰ ਮਿਲਣ ਆਏ। ਮਹਾਰਾਜਾ ਇਸਤਰੀਆਂ ਨੂੰ ਰਾਣੀ ਨਕੈਣ, ਜੋ ਖੜਕ ਸਿੰਘ ਦੀ ਮਾਂ ਸੀ, ਪਾਸ ਲੈ ਗਿਆ ਤੇ ਰਾਣੀ ਨੇ ਇਨ੍ਹਾਂ ਨੂੰ ਨਕਦ ਰੁਪਏ ਤੇ ਗਹਿਣੇ ਪੇਸ਼ ਕੀਤੇ। ਮਹਾਰਾਜੇ ਨੇ ਫ਼ਕੀਰ ਨੂਰਉੱਦੀਨ ਨੂੰ ਕਿਹਾ ਕਿ ਝੌਂਡੀ ਪਿਟਵਾਈ ਜਾਏ ਤੇ ਐਲਾਨ ਕੀਤਾ ਜਾਏ ਕਿ ਕੋਈ ਸ਼ੱਕੀ ਆਦਮੀ ਸ਼ਹਿਰ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਜਾਏਗਾ। ਨਾ ਹੀ ਕੋਈ ਕਮਾਂਡਰ-ਇਨ-ਚੀਫ਼ ਤੇ ਉਸ ਦੀ ਪਾਰਟੀ ਦੇ ਆਦਮੀਆਂ ਨਾਲ ਛੇੜਖਾਨੀ ਕਰੇਗਾ, ਜੇ ਕਿਸੇ ਨੇ ਕੋਈ ਸ਼ਰਾਰਤ ਕੀਤੀ ਤਾਂ ਸਖਤ ਸਜਾ ਦਿੱਤੀ ਜਾਵੇਗੀ ਕਮਾਂਡਰ-ਇਨ-ਚੀਫ਼ ਤੇ ਕੈਪਟਨ ਵੇਡ 10 ਤਰੀਕ ਫਿਰ ਮਹਾਰਾਜੇ ਨੂੰ ਮਿਲੇ । 12 ਤਰੀਕ ਨੂੰ ਕਮਾਂਡਰ-ਇਨ-ਚੀਫ ਹੋਲੀ ਦੇ ਤਿਉਹਾਰ ਵਿਚ ਸ਼ਾਮਲ ਹੋਇਆ ਤੇ ਉਸ ਨੇ ਕਿਹਾ ਕਿ ਉਸ ਨੇ ਬਹੁਤ ਆਨੰਦ ਮਾਣਿਆ ਹੈ। ਉਸੇ ਦਿਨ ਮਹਾਰਾਜੇ ਨੇ ਕੈਵਟਨ ਵੇਡ ਨੂੰ ਗਵਰਨਰ ਜਨਰਲ ਲਈ ਇਕ ਚਿੱਠੀ ਦਿੱਤੀ ਜਿਸ ਵਿਚ ਕਮਾਂਡਰ-ਇਨ-ਚੀਫ਼ ਦੇ ਸ਼ਾਦੀ ਵਿਚ ਸ਼ਾਮਲ ਹੋਣ ਤੇ ਖੁਸ਼ੀ ਪ੍ਰਗਟ ਕੀਤੀ ਗਈ ਸੀ । 15 ਤਰੀਕ ਨੂੰ ਮਹਾਰਾਜੇ ਦੇ ਹੁਕਮ ਨਾਲ ਸ਼ਹਿਜ਼ਾਦਾ ਨੋਨਿਹਾਲ ਸਿੰਘ ਨੇ ਕਮਾਂਡਰ-ਇਨ-ਚੀਫ਼ ਨੂੰ ਗਾਰਡ ਆਫ਼ ਆਨਰ ਦਿੱਤੀ ਅਤੇ ਉਸ ਨੇ ਗਾਰਡ ਦੀ ਵਰਦੀ ਤੇ ਅਨੁਸ਼ਾਸਨ ਅਤੇ ਸ਼ਹਿਜ਼ਾਦੇ ਦੀ ਕਮਾਂਡ ਕਰਨ ਦੀ ਲਿਆਕਤ ਬਾਰੇ ਮਹਾਰਾਜੇ ਨੂੰ ਵਧਾਈ ਦਿੱਤੀ । 18 ਤਰੀਕ ਨੂੰ ਫ਼ਕੀਰ ਅਜ਼ੀਜ਼ਉੱਦੀਨ ਅੰਗਰੇਜ਼ੀ ਮਹਿਮਾਨਾਂ ਨੂੰ ਮਹਾਰਾਜੇ ਪਾਸ ਲਿਆਇਆ ਤੇ ਉਸ ਨੇ ਉਨ੍ਹਾ ਦਾ ਵਿਆਹ ਵਿਚ ਭਾਗ ਲੈਣ ਲਈ ਧੰਨਵਾਦ ਕੀਤਾ। ਉੱਤਰ ਵੱਜੋਂ ਕਮਾਂਡਰ-ਇਨ-ਚੀਫ਼ ਨੇ ਵੀ ਧੰਨਵਾਦ ਕੀਤਾ, ਖ਼ਾਸ ਕਰਕੇ ਉਸ ਵਧੀਆ ਮਹਿਮਾਨ ਨਿਵਾਜ਼ੀ ਲਈ ਜੋ ਉਸ ਨੂੰ ਮਿਲੀ ਸੀ । ਫ਼ਕੀਰ ਅਜ਼ੀਜ਼ਉੱਦੀਨ ਦੀ ਬੇਨਤੀ ਤੇ ਮਹਾਰਾਜੇ ਨੇ ਅੰਗਰੇਜ਼ ਮਹਿਮਾਨਾਂ ਨੂੰ ਟੁਰਨ ਸਮੇਂ ਹੋਰ ਸ਼ਾਹੀ ਪੁਸ਼ਾਕਾਂ ਦਿੱਤੀਆਂ । ਸ਼ਹਿਜ਼ਾਦਾ ਸ਼ੇਰ ਸਿੰਘ ਨੂੰ ਉਨ੍ਹਾਂ ਦੇ ਵਾਪਸੀ ਦੇ ਸਫਰ ‘ਤੇ ਨਾਲ ਜਾਣ ਦਾ ਹੁਕਮ ਦਿੱਤਾ ਗਿਆ। ਕਮਾਂਡਰ-ਇਨ-ਚੀਫ਼ 19 ਤਰੀਕ ਨੂੰ ਫਿਰੋਜ਼ਪੁਰ ਵੱਲ ਚਲ ਪਿਆ । ਮਹਾਰਾਜੇ ਨੇ ਗੁਰੂ ਸਾਧੂ ਸਿੰਘ ਨੂੰ ਕਰਤਾਰਪੁਰ ਸ਼ਾਹੀ ਪੁਸ਼ਾਕਾਂ ਆਦਿ ਦੇ ਕੇ ਭੇਜਿਆ ਤੇ ਹਦਾਇਤ ਕੀਤੀ ਕਿ ਵਾਪਸੀ ਸਮੇਂ ਹਰ ਪੜਾ ‘ਤੇ ਮਹਿਮਾਨਾਂ ਦੀ ਸੇਵਾ ਟਹਿਲ ਦਾ ਪ੍ਰਬੰਧ ਕੀਤਾ। ਜਾਏ ਤੇ ਖਿਲਅਤੀ ਪੋਸ਼ਾਕਾਂ ਦਿੱਤੀਆਂ ਜਾਣ।

19 ਅਸੂ ਸੰਮਤ 1894 ਨੂੰ ਮੁਨਸ਼ੀ ਸ਼ਹਾਮਤ ਅਲੀ ਰਾਹੀਂ ਗਵਰਨਰ ਜਨਰਲ ਵੱਲੋਂ ਸ਼ਹਿਜ਼ਾਦੇ ਨੌਨਿਹਾਲ ਸਿੰਘ ਦੀ ਸ਼ਾਦੀ ਦੇ ਸਬੰਧ ਵਿਚ ਹੇਠ ਲਿਖੇ ਤੁਹਫ਼ੇ ਪੁੱਜੇ ਜੋ ਉਸੇ ਦਿਨ ਫ਼ਕੀਰ ਅਜ਼ੀਜ਼ਉੱਦੀਨ ਨੇ ਮਹਾਰਾਜੇ ਦੀ ਹਜੂਰੀ ਵਿਚ ਪੇਸ਼ ਕਰ ਦਿੱਤੇ :

  1. ਹੀਰਿਆਂ ਤੇ ਮੋਤੀਆਂ ਦੀ ਇਕ ਮਾਲਾ
  2. ਇਕ ਜੋੜਾ ਬਾਜੂਬੰਦ
  3. ਇਕ ਜ਼ੇਵਰ ਪਗੜੀ ਦਾ
  4. ਇਕ ਜੋੜਾ ਗਜਰਿਆਂ ਦਾ
  5. ਇਕ ਜੋੜਾ ਕੜਿਆਂ ਦਾ ਹੀਰਿਆਂ ਵਾਲਾ
  6. ਯਾਰਾਂ ਹੋਰ ਵੱਖ-ਵੱਖ ਕਿਸਮ ਦੇ ਗਹਿਣੇ
  7. 105 ਪੱਛਮੀ ਫ਼ੈਸ਼ਨ ਦੀਆਂ ਪੋਸ਼ਾਕਾਂ
  8. ਇਕ ਸੋਨੇ ਦਾ ਪਿੰਜਰਾ
  9. ਇਕ ਘੋੜਾ
  10. ਇਕ ਬਲੌਰੀ ਡਿਨਰ ਸੈੱਟ ।

“ਮਹਾਰਾਜੇ ਨੇ 500 ਰੁਪਏ ਮੁਨਸ਼ੀ ਸ਼ਹਾਮਤ ਅਲੀ ਨੂੰ ਦਿੱਤੇ ਤੇ ਇੰਨੇ ਹੀ ਰੁਪਏ ਤੇ ਮਠਿਆਈ ਦੇ ਥਾਲ ਤੁਹਫ਼ੇ ਲਿਆਉਣ ਵਾਲਿਆਂ ਨੂੰ ਦਿੱਤੇ ।”

ਇਹ ਹੈ ਸਾਰੀ ਕਾਰਗੁਜ਼ਾਰੀ ਦੀ ਅਤੀ ਸੰਖੇਪ ਰਿਪੋਰਟ ਜੋ ਉਨ੍ਹਾਂ ਅਫ਼ਸਰਾਂ ਨੇ ਬਣਾਈ ਜੋ ਪ੍ਰਬੰਧ-ਕਾਰਜਾਂ ਵਿਚ ਇੰਨੇ ਰੁਝੇ ਹੋਏ ਸਨ ਕਿ ਉਨ੍ਹਾਂ ਕੋਲ ਸ਼ਾਦੀ ਦਾ ਆਨੰਦ ਮਾਣਨ ਦਾ ਵਕਤ ਹੀ ਕਿੱਥੇ ਸੀ, ਇਸ ਦਾ ਵਿਸਤਾਰ ਨਾਲ ਬਿਆਨ ਕਰਨਾ ਤਾਂ ਇਕ ਪਾਸੇ ਰਹਿ ਗਿਆ। ਕੁਝ ਅੰਗਰੇਜ਼ੀ ਮਹਿਮਾਨਾਂ ਨੇ ਇਸ ਦਾ ਆਨੰਦ ਵੀ ਮਾਣਿਆ ਹੈ ਤੇ ਇਸ ਦਾ ਵਰਣਨ ਵੀ ਕੀਤਾ ਹੈ। ਅਸੀਂ ਇਸ ਤੋਂ ਚੰਗੇਰਾ ਕੀ ਕਰ ਸਕਦੇ ਹਾਂ ਕਿ ਜੋ ਉਨ੍ਹਾਂ ਨੇ ਕਿਹਾ ਹੈ ਉਸੇ ਵਿਚੋਂ ਕੁਝ ਸਰਕਾਰੀ ਰਿਪੋਰਟ ਵਿਚ, ਵਿਸਤਾਰ ਤੇ ਰੰਗ ਭਰਨ ਦੀ ਦ੍ਰਿਸ਼ਟੀ ਨਾਲ ਦੇ ਦੇਈਏ। ਜਿਹੜੀ ਪਾਰਟੀ ਅੰਮ੍ਰਿਸਤਰ ਤੋਂ ਪੰਜ ਮੀਲ ਬਾਹਰ ਕਮਾਂਡਰ-ਇਨ-ਚੀਫ਼ ਨੂੰ ਲੈਣ ਲਈ ਗਈ ਸੀ ਉਸ ਵਿਚ ਤਿੰਨ ਹਜ਼ਾਰ ਘੋੜ-ਸਵਾਰ ਸਨ। ਇਹ ਸਾਰੇ ਦੇ ਸਾਰੇ ਬਹੁਤ ਸੁੰਦਰ ਪੁਸ਼ਾਕਾਂ ਵਿਚ ਸਨ । ਇਸ ਪਾਰਟੀ ਦੀ ਸਭ ਤੋਂ ਵੱਧ ਖਿੱਚ ਪਾਣ ਵਾਲੀ ਸ਼ਖਸ਼ੀਅਤ ਪ੍ਰਧਾਨ-ਮੰਤਰੀ ਰਾਜਾ ਧਿਆਨ ਸਿੰਘ ਸੀ ਜਿਸ ਦਾ ਸਾਰਾ ਸਰੀਰ ਹੀਰਿਆਂ ਦੀਆਂ ਲੜੀਆਂ ਨਾਲ ਸਜਿਆ ਹੋਇਆ ਸੀ । ਇਹ ਹੀਰੇ ਲੜੀ ਉੱਪਰ, ਲੜੀ ਉਸ ਦੀ ਗਰਦਨ ਦੁਆਲੇ, ਸਾਫੇ ਉੱਤੇ, ਤਲਵਾਰ ਤੇ ਖੰਜਰ ਤੇ ਪੇਟੀ ਉੱਪਰ, ਤੇ ਇਸੇ ਤਰ੍ਹਾਂ ਸਾਰੇ ਲਿਬਾਸ ਤੇ ਸ਼ੋਭਾ ਦੇ ਰਹੇ ਸਨ । ਇੱਥੋਂ ਤਕ ਕਿ ਈਰਾਨੀ ਘੋੜਾ ਜਿਸ ਉੱਪਰ ਉਹ ਸਵਾਰ ਸੀ, ਉਸ ਦੀ ਕਾਠੀ ਤੇ ਲਗਾਮ ਵੀ ਸੋਨੇ ਨਾਲ ਜੜੀਆਂ ਹੋਈਆਂ ਸਨ ਤੇ ਕਾਠੀ ਉੱਪਰ ਕਪੜਾ ਚਾਂਦੀ ਦੀਆਂ ਤਾਰਾਂ ਦਾ ਬਣਿਆ ਹੋਇਆ ਸੀ । ਸ਼ਹਿਜ਼ਾਦਾ ਸ਼ੇਰ ਸਿੰਘ ਨੇ ਹੀਰੇ, ਲਾਲ, ਜਵਾਹਰਾਤ ਦਾ ਤਿਆਰਾ ਪਹਿਨਿਆਂ ਹੋਇਆ ਸੀ, ਉਸ ਦੀ ਟੋਲੀ ਦੇ ਅਫ਼ਸਰ ਵੀ ਹੀਰਿਆਂ ਤੇ ਸੋਨੇ ਚਾਂਦੀ ਦੇ ਕਪੜਿਆਂ ਵਿਚ ਖੂਬ ਚਮਕ ਰਹੇ ਸਨ । ਟਿਕਾ ਸ਼ਹਿਜ਼ਾਦਾ ਖੜਕ ਸਿੰਘ ਜੋ ਸਭ ਤੋਂ ਅੱਗੇ ਸੀ ਉਹ ਬਹੁਤਾ ਖਿੱਚ ਦਾ ਕਾਰਨ ਨਾ ਬਣ ਸਕਿਆ। ਮਹਾਰਾਜਾ ਆਪ ਵੀ, ਜਦੋਂ ਕਮਾਂਡਰ-ਇਨ-ਚੀਫ ਨੂੰ ਮਿਲਿਆ, ਬੜੇ ਸਾਧਾਰਨ ਪੀਲੇ ਰੰਗ ਦੇ ਪਹਿਰਾਵੇ ਵਿਚ ਸੀ ਤੇ ਉਸ ਦੀ ਛਾਤੀ ਤੇ ਸੁੱਚੇ ਮੋਤੀਆਂ ਦੀ ਕੇਵਲ ਇਕੋ ਮਾਲਾ ਸੀ । ਉਸ ਦੇ ਸਰਦਾਰ ਸਭ ਜ਼ਰੀ ਦੇ ਕਪੜਿਆਂ ਵਿਚ ਸਨ । ਜਦੋਂ ਕਮਾਂਡਰ-ਇਨ-ਚੀਫ ਉਸ ਦੇ ਨਾਲ ਸ਼ਾਹੀ ਹਾਥੀ ਤੇ ਸਵਾਰੀ ਕਰ ਰਿਹਾ ਸੀ ਤਾਂ ਮਹਾਰਾਜੇ ਨੇ ਉਸ ਨੂੰ ਅੰਗਰੇਜ਼ੀ ਰੈਜਮੈਂਟਾਂ ਦੇ ਢਾਂਚੇ ਬਾਰੇ ਅਣਗਿਣਤ ਪ੍ਰਸ਼ਨ ਕੀਤੇ-ਕਰਨਲ ਤੋਂ ਲੈ ਕੇ ਆਮ ਸਿਪਾਹੀ ਤਕ, ਤੋਪਾਂ ਬਣਾਉਣ ਦੇ ਅੰਗਰੇਜ਼ੀ ਢੰਗ ਬਾਰੇ, ਹੋਰ ਹਥਿਆਰਾਂ ਦੇ ਬਣਾਉਣ ਬਾਰੇ, ਉਨ੍ਹਾਂ ਜੰਗਾਂ ਬਾਰੇ ਜਿਨ੍ਹਾਂ ਵਿਚ ਸਰ ਹੈਨਰੀ ਨੇ ਭਾਗ ਲਿਆ ਸੀ ਤੇ ਈਸਟ ਇੰਡੀਆ ਕੰਪਨੀ ਦੀ ਫ਼ੌਜ ਦੀ ਨਫਰੀ ਬਾਰੇ । ਨਿਉਂਦਰੇ ਦੀ ਰਸਮ ਵੇਲੇ ਮਹਾਰਾਜਾ ਤੇ ਲਾੜਾ ਜਿਸ ਦਾ ਚਿਹਰਾ ਇਕ ਸੁਨਹਿਰੀ ਕਪੜੇ ਵਿਚ ਛੁਪਿਆ ਹੋਇਆ ਸੀ ਇਕ ਪ੍ਰਕਾਰ ਦੇ ਕ੍ਰਿਸ਼ਮਸ ਦਰਖ਼ਤ ਜਿਸ ਨੂੰ ਬਨਾਉਟੀ ਸੰਤਰੇ ਲੱਗੇ ਹੋਏ ਸਨ, ਹੇਠਾਂ ਬੈਠੇ ਹੋਏ ਸਨ । ਨਿਉਂਦਰੇ ਦੀ ਕੁੱਲ ਰਕਮ 50 ਲੱਖ ਤੋਂ ਵੱਧ ਸੀ।

ਲਾੜੇ ਨੂੰ ਜਦੋਂ ਵਿਆਹ ਸਮੇਂ ਹਾਰ ਪਹਿਨਾਇਆ ਗਿਆ ਉਹ ਸੋਨੇ ਦੇ ਧਾਗੇ ਵਿਚ ਪਰੋਏ ਹੋਏ ਹੀਰੇ ਜਵਾਹਰਾਤ ਦਾ ਸੀ । ਧਾਰਮਿਕ ਰਸਮ ਤੋਂ ਬਾਅਦ ਨਾਚੀ ਕੁੜੀਆਂ ਦੀ ਸ਼ਾਹੀ ਟੋਲੀ, ਜਿਨ੍ਹਾਂ ਦੀ ਗਿਣਤੀ 80 ਦੇ ਕਰੀਬ ਸੀ, ਉਨ੍ਹਾਂ ਨੇ ਸਾਰੀ ਰਾਤ ਨਾਚ ਗਾਣੇ ਦਾ ਪ੍ਰੋਗਰਾਮ ਦਿੱਤਾ । ਉਸ ਵਕਤ ਮਹਾਰਾਜੇ ਨੇ ਸ਼ਾਹੀ ਲਿਬਾਸ ਪਹਿਨਿਆਂ ਹੋਇਆ ਸੀ, ਉਸ ਦੀ ਛਾਤੀ ਤੇ ਵੱਡੇ ਮੋਤੀਆਂ ਦੀਆਂ ਲੜੀਆਂ ਚਮਕ ਰਹੀਆਂ ਸਨ, ਬਾਂਹ ਉੱਪਰ ਪ੍ਰਸਿੱਧ ਕੋਹਨੂਰ ਹੀਰਾ ਲਿਸ਼ਕਾਂ ਮਾਰ ਰਿਹਾ ਸੀ ।

ਘੋੜ ਸਵਾਰਾਂ ਦੀ ਵਲਗਣ ਦੇ ਅੰਦਰ ਖੜ੍ਹੇ ਵੇਖਣ ਵਾਲਿਆਂ ਵਿਚ ਜੋ ਰੁਪਿਆ ਵੰਡਿਆ ਗਿਆ, ਉਹ 10 ਲੱਖ ਰੁਪਏ ਤੋਂ ਵੱਧ ਸੀ । ਵਹੁਟੀ ਦੇ ਦਾਜ ਵਿਚ 101 ਘੋੜੇ ਜੋ ਸੋਨੇ ਚਾਂਦੀ ਨਾਲ ਮੜ੍ਹੇ ਸਾਜ਼ ਸਾਮਾਨ ਨਾਲ ਸਜਾਏ ਹੋਏ ਸਨ, 101 ਗਾਵਾਂ, 101 ਮੱਝਾਂ, 10 ਊਠ, 11 ਹਾਥੀ, ਸੋਨੇ ਤੇ ਚਾਂਦੀ ਦੇ ਕਈ ਲੱਖਾਂ ਰੁਪਏ ਦੇ ਗਹਿਣੇ, ਸੋਨੇ ਚਾਂਦੀ ਦੇ ਭਾਂਡੇ, ਕੀਮਤੀ ਪੱਥਰ, ਵਧੀਆ ਰੇਸ਼ਮੀ ਕਪੜੇ ਤੇ ਕਸ਼ਮੀਰੀ ਸ਼ਾਲਾਂ ਦੇ 500 ਜੋੜੇ ਸ਼ਾਮਲ ਸਨ । ਵਹੁਟੀ ਲਈ ਬਣਾਏ ਇਕੱਲੇ ਕਪੜੇ ਹੀ ਇਕ ਏਕੜ ਜਮੀਨ ਵਿਚ ਰਖੇ ਹੋਏ ਸਨ। ਸ਼ਾਲਾਮਾਰ ਬਾਗ਼ ਜਸ਼ਨਾਂ ਵਾਲੀ ਰਾਤ ਨੂੰ ਅਲਫ ਲੈਲਾ ਦੇ ਪਰੀਸਤਾਨ ਵਾਂਗ ਚਮਕ ਰਿਹਾ ਸੀ। ਤੇਲ ਦੇ ਲੈਂਪਾਂ ਦੀਆਂ ਕਤਾਰਾਂ ਹਰ ਥਾਂ ਮੌਜੂਦ ਸਨ, ਜਿੱਥੇ ਜਿੱਥੇ ਵੀ ਉਹ ਰਖੇ ਜਾਂ ਲਟਕਾਏ ਜਾ ਸਕਦੇ ਸਨ । ਇੱਥੋਂ ਤਕ ਕਿ ਦਰਖਤਾਂ ਦੀਆਂ ਟਾਹਣੀਆਂ ਉੱਪਰ ਵੀ ਲੈਂਪ ਲਟਕਾਏ ਹੋਏ ਸਨ। ਹੋਲੀ ਤਿਉਹਾਰ ਦਾ ਵਿਸ਼ੇਸ਼ ਪ੍ਰੋਗਰਾਮ ਮਹਾਰਾਜੇ ਦੀ ਜ਼ਨਾਨਾ ਪਲਟਨ ਦੀ ਲੜਾਈ ਸੀ । ਇਸ ਪਲਟਨ ਵਿਚ ਤੀਹ ਚਾਲੀ ਔਰਤਾਂ ਸਨ ਜੋ ਤੀਰ-ਕਮਾਨਾਂ ਨਾਲ ਸਨਬਧ ਸਨ । ਉਨ੍ਹਾਂ ਦੇ ਅਸਲੇ ਵਿਚ ਰੰਗ ਬਰੰਗੇ ਪਾਉਡਰ ਨਾਲ ਭਰੇ ਹੋਏ ਗੋਲੇ ਸਨ। ਇਨ੍ਹਾਂ ਵਿਚ ਇਕ ਗੋਲਾ ਅਫ਼ਗਾਨਿਸਤਾਨ ਰਾਜਦੂਤ ਦੀ ਸੋਹਣੀ ਵਾਹੀ ਹੋਈ ਦਾੜ੍ਹੀ ਵਿਚ ਫਟਿਆ ਜਿਸ ਨਾਲ ਉਸ ਦੇ ਚਿਹਰੇ ਤੇ ਹੱਤਕ ਦੀ ਭਾਵਨਾਂ ਨਾਲ ਇਕ ‘ ਡਰਾਉਣਾ ਜਿਹਾ ਰੰਗ ਇਕ ਛਿਨ ਲਈ ਆ ਗਿਆ। ਇਸ ਦੇ ਸਿੱਟੇ ਵੱਜੋਂ ਉਸ ਦੇ ਚਿਹਰੇ ਤੇ, ਖ਼ਾਸ ਕਰਕੇ ਅੱਖਾਂ ਤੇ, ਹੋਰ ਬਹੁਤ ਸਾਰੇ ਰੰਗਦਾਰ ਬਾਲ ਸੁਟੇ ਤੇ ਫਟਾਏ ਗਏ। ਅੰਗਰੇਜ਼ ਕਮਾਂਡਰ-ਇਨ-ਚੀਫ ਦੀ ਇਕ ਅੱਖ ਉੱਪਰ ਹੀ ਸੁਟੇ ਗਏ। ਇਹ ਕੋਈ ਨਹੀਂ ਦੱਸਦਾ ਕਿ ਮਹਾਰਾਜੇ ਦੀ ਇਕ ਅੱਖ ਨਾਲ ਕੀ ਵਾਪਰਿਆ।

ਅੰਤ ਵਿਚ ਅਸੀਂ ਮੁੱਖ ਅੰਗਰੇਜ਼ ਮਹਿਮਾਨ, ਸਰ ਹੈਨਰੀ ਫੇਨ, ਵੱਲੋਂ ਦਿੱਤੇ ਗਏ ਤੁਹਫੇ ਦਾ ਜ਼ਿਕਰ ਕਰਨਾ ਚਾਹੁੰਦੇ ਹਾਂ ਤਾਂ ਜੋ ਉਹ ਵੀ ਸੂਚੀ ਵਿਚ ਸ਼ਾਮਿਲ ਕੀਤਾ ਜਾ ਸਕੇ। ਗ਼ਲਤੀ ਨਾਲ ਇਹ ਸਰਕਾਰੀ ਸੂਚੀ ਵਿਚ ਦਰਜ ਹੋਣੋਂ ਰਹਿ ਗਿਆ ਸੀ । ਸਰ ਹੈਨਰੀ ਫੇਨ ਨੇ ਇਸ ਦਾ ਵਰਣਨ ਆਪਣੀ ਪੁਸਤਕ ‘Five Years in India’ ਵਿਚ ਕੀਤਾ ਹੈ। ਇਹ ਇਸ ਪ੍ਰਕਾਰ ਹੈ :

“ਰਣਜੀਤ ਸਿੰਘ ਆਪਣੀ ਪਰਜਾ ਵਿਚ ਇਕ ਦਿਆਵਾਨ ਤੇ ਸੁਖੀ ਹਾਕਮ ਦੇ ਤੌਰ ਤੇ ਜਾਣਿਆ ਜਾਂਦਾ ਹੈ । ਉਸ ਬਾਰੇ ਖਿਆਲ ਹੈ ਕਿ ਉਹ ਹਿੰਦੁਸਤਾਨ ਦੇ ਬੇਹਤਰੀਨ ਹੋ ਚੁੱਕੇ ਬਾਦਸ਼ਾਹਾਂ ਵਿਚ ਸੁਮਾਰ ਕੀਤਾ ਜਾ ਸਕਦਾ ਹੈ। ਉਸ ਦੇ ਨੇਕ ਤੇ ਚੰਗੇ ਸੁਭਾ ਦਾ ਸਬੂਤ ਉਸ ਦਾ ਬੱਚਿਆਂ ਨਾਲ ਪਿਆਰ ਹੈ (ਦੋ ਤਿੰਨ ਬੱਚੇ ਹਮੇਸ਼ਾ ਦਰਬਾਰ ਦੇ ਨੇੜੇ ਰਿੜ੍ਹਦੇ ਵੇਖੇ ਜਾ ਸਕਦੇ ਸਨ) ਅਤੇ ਇਸ ਗੱਲ ਦਾ ਇਕ ਹੋਰ ਸਬੂਤ ਇਹ ਹੈ ਕਿ ਜਦ ਦਾ ਉਸ ਨੇ ਆਪਣਾ ਮੁਲਕ ਫਤਿਹ ਕੀਤਾ ਹੈ, ਉਸ ਨੇ ਕਿਸੇ ਆਦਮੀ ਨੂੰ ਵੀ, ਸਖਤ ਤੋਂ ਸਖਤ ਅਪਰਾਧ ਲਈ ਵੀ, ਫਾਂਸੀ ਨਹੀਂ ਦਿੱਤੀ । ਸਾਡੇ ਪੂਰੇ ਕਿਆਮ ਦੌਰਾਨ, ਉਨ੍ਹਾਂ ਸਭ ਲੋਕਾਂ ਪ੍ਰਤੀ ਜੋ ਸਾਡੇ ਨਾਲ ਸਨ, ਜੋ ਵਧੀਆ ਦਿਆਲਤਾ ਤੇ ਚੰਗਾ ਸੁਭਾ ਅਸੀਂ ਵੇਖਿਆ ਉਸ ਤੋਂ ਸਾਨੂੰ ਪੱਕਾ ਭਰੋਸਾ ਹੋ ਜਾਂਦਾ ਹੈ ਕਿ ਇਹ ਵਾਕਈ ਉਸ ਦਾ ਅਸਲੀ ਸੁਭਾ ਹੈ। ਹਰ ਹਾਲਤ ਵਿਚ ਇਹ ਪੱਕੀ ਗੱਲ ਹੈ ਕਿ ਉਹ ਮੌਤ ਦੀ ਸਜ਼ਾ ਤੋਂ ਬਗ਼ੈਰ ਆਪਣੇ ਇੰਨੇ ਡਾਢੇ ਲੋਗਾਂ ਨੂੰ ਪੂਰਨ ਤੌਰ ਤੇ ਅਧੀਨ ਰਖਣ ਵਿਚ ਸਫ਼ਲ ਹੋਇਆ ਹੈ।”

ਬਬਰ ਸ਼ੇਰ ਦੀ ਮੌਤ

ਡਬਲੀਉ. ਜੀ. ਓਸਬਰਨ, ਜੋ ਅੰਗਰੇਜ਼ ਸਰਕਾਰ ਦੇ ਗਵਰਨਰ ਜਨਰਲ ਅਰਲ ਆਫ ਆਕਲੈਂਡ ਦਾ ਮਿਲਟਰੀ ਸੈਕਟਰੀ ਸੀ, ਉਹ ਆਪਣੇ ਵੱਡੇ ਅਫ਼ਸਰਾਂ ਨੂੰ ਰਣਜੀਤ ਸਿੰਘ ਦੇ ਸੰਸਕਾਰ ਦਾ ਸਮਾਚਾਰ ਇਉਂ ਆਰੰਭ ਕਰਦਾ ਹੈ :

“ਰਣਜੀਤ ਸਿੰਘ ਮਰ ਗਿਆ ਹੈ—ਵਿਚਾਰਾ। ਅਤੇ ਬੁੱਢੇ ਸ਼ੇਰ ਵਾਂਗ ਮਰਿਆ ਹੈ, ਜਿਵੇਂ ਸਾਰੀ ਉਮਰ ਉਹ ਜੀਵਿਆ ਸੀ । ਉਸ ਦੇ ਹੋਸ਼-ਹਵਾਸ ਅਖੀਰ ਦਮ ਤਕ ਠੀਕ ਸਨ ਉਸ ਦੇ ਸਾਰੇ ਸਰਦਾਰ ਅਖ਼ੀਰ ਤਕ ਉਸ ਦਾ ਹੁਕਮ ਮੰਨਦੇ ਰਹੇ (ਜਿਹੜਾ ਆਮ ਤੌਰ ਤੇ ਇੱਥੋਂ ਦੇ ਰਾਜਿਆਂ ਦੇ ਸਬੰਧ ਵਿਚ ਕੁਝ ਅਨੋਖਾ ਲਗਦਾ ਹੈ) ।”

ਬੁਢੇ ਸ਼ੇਰ ਦੀ ਮੌਤ ਵੀ ਕੁਝ ਸੌਖੀ ਮੌਤ ਨਹੀਂ ਸੀ । ਚਹੁੰ ਸਾਲਾਂ ਵਿਚ ਤਿੰਨ ਵਾਰ ਅਧਰੰਗ ਦਾ ਹਮਲਾ, ਬੁਖ਼ਾਰ ਤੇ ਪੇਚਸ਼ ਦੇ ਕਈ ਹੱਲੇ। ਐਲੋਪੈਥਿਕ, ਹੋਮੋਪੈਥਿਕ ਤੇ ਯੂਨਾਨੀ ਹਕੀਮਾਂ ਤੇ ਨੀਮ-ਹਕੀਮਾਂ ਦੇ ਤਜਰਬੇ, ਤੇ ਉਸ ਦਾ ਆਰਾਮ ਕਰਨ ਤੋਂ ਉੱਕਾ ਹੀ ਇਨਕਾਰ ਕਰਨਾ, ਜਿਸ ਦਾ ਅਸਰ ਘੱਟ ਨਹੀਂ ਸੀ। ਇਹ ਸਭ ਉਸ ਦੀ ਮੌਤ ਦੇ ਕਾਰਨ ਬਣੇ।

20 ਜੂਨ 1839 ਨੂੰ ਜਦੋਂ ਪਰੇਸ਼ਾਨੀ ਦੇ ਕੁਝ ਅਰਾਮ ਪਿੱਛੋਂ ਬੁਖਾਰ ਦਾ ਇਕ ਨਵਾਂ ਹੱਲਾ ਹੋਇਆ ਤੇ ਨੱਕ ਵਿਚੋਂ ਲਹੂ ਵਗਣ ਲੱਗਾ, ਤਦ ਰਣਜੀਤ ਸਿੰਘ ਨੂੰ ਮਹਿਸੂਸ ਹੋਣ ਲੱਗਾ ਕਿ ਉਸ ਦੇ ਹੁਣ ਸੰਸਾਰ ਵਿਚ ਗਿਣੇ ਮਿੱਥੇ ਦਿਨ ਹੀ ਰਹਿ ਗਏ ਹਨ । ਉਸ ਦੇ ਮਨ ਨੂੰ ਜੋ ਕੋਈ ਚਿਰਾਂ ਤੋਂ ਚਿੰਤਾ ਸੀ ਕਿ ਉਸ ਦੀ ਮੌਤ ਤੋਂ ਬਾਅਦ ਉਸ ਦੇ ਰਾਜ ਭਾਗ ਦਾ ਕੀ ਬਣੇਗਾ, ਉਸ ਦਾ ਪਹਿਲੀ ਵਾਰ ਉਸ ਨੇ ਪ੍ਰਗਟਾਵਾ ਕੀਤਾ। ਇਸ ਬਾਰੇ ਉਸ ਨੇ ਫਕੀਰ ਅਜ਼ੀਜ਼ਉੱਦੀਨ ਨਾਲ ਗੱਲ ਛੇੜੀ ਤੇ ਫ਼ਕੀਰ ਨੇ ਸਿਆਣਪ ਨਾਲ ਇਹ ਜ਼ਾਹਰ ਕਰਨ ਤੋਂ ਪਰਹੇਜ਼ ਕੀਤਾ ਕਿ ਅੰਤ ਇੰਨਾ ਨੇੜੇ ਹੈ, ਪਰ ਉਸ ਨੇ ਇਹ ਜ਼ਰੂਰ ਜਿਤਲਾਇਆ ਕਿ ਸਿਹਤਯਾਬੀ ਲਈ ਮਹਾਰਾਜੇ ਨੂੰ ਆਰਾਮ ਦੀ ਲੋੜ ਹੈ ਅਤੇ ਇਸ ਲਈ ਸੁਝਾਉ ਦਿੱਤਾ ਕਿ ਖੜਕ ਸਿੰਘ ਨੂੰ ਅਧਿਕਾਰ ਦਿੱਤੇ ਜਾਣ । ਉਸ ਦੇ ਵਾਰਸ ਹੋਣ ਦਾ ਐਲਾਨ ਤਾਂ ਪਹਿਲਾਂ ਹੀ ਸੰਨ 1816 ਵਿਚ ਕੀਤਾ ਗਿਆ ਸੀ । ਉਸ ਨੇ ਇਹ ਵੀ ਸੁਝਾਉ ਦਿੱਤਾ ਕਿ ਧਿਆਨ ਸਿੰਘ ਨੂੰ ਰਸਮੀ ਤੌਰ ‘ਤੇ ਪ੍ਰਧਾਨ-ਮੰਤਰੀ ਬਣਾਇਆ ਜਾਵੇ। ਮਹਾਰਾਜਾ ਵੀ ਆਪਣੇ ਆਪ ਨੂੰ ਕਿਸੇ ਭੁਲੇਖੇ ਵਿਚ ਨਹੀਂ ਸੀ ਰੱਖਣਾ ਚਾਹੁੰਦਾ। ਸੋ, ਉਸ ਨੇ ਫ਼ਕੀਰ ਅਜ਼ੀਜ਼ਉੱਦੀਨ ਤੋਂ ਸਾਫ ਤੇ ਸਪਸ਼ਟ ਸ਼ਬਦਾਂ ਵਿਚ ਪੁੱਛਿਆ ਕਿ ਕੀ ਵਿਰਾਸਤ ਬਾਰੇ ਸਰਕਾਰੀ ਐਲਾਨ ਅੱਛਾ ਨਹੀਂ ਰਹੇਗਾ। ਫ਼ਕੀਰ ਅਜੀਜਉੱਦੀਨ ਨੇ ਮੰਨਿਆ ਕਿ ਇਹ ਚੰਗਾ ਵਿਚਾਰ ਹੈ, ਸੋ ਉਸ ਨੇ ਐਲਾਨ ਦਾ ਖਰੜਾ ਤਿਆਰ ਕੀਤਾ। ਦੂਜੇ ਦਿਨ ਜਦ ਖੜਕ ਸਿੰਘ ਤੇ ਧਿਆਨ ਸਿੰਘ ਫ਼ੌਜ ਦਾ ਮੁਆਇਨਾ ਕਰ ਚੁੱਕੇ ਤਦ ਇਹ ਐਲਾਨ ਦਰਬਾਰ ਵਿਚ ਸੁਣਾਇਆ ਗਿਆ।

22 ਜੂਨ ਨੂੰ ਮਹਾਰਾਜਾ ਬੇਹੋਸ਼ ਹੋ ਗਿਆ। ਜੋ ਡਾਕਟਰ ਹਾਜ਼ਰ ਸਨ ਉਨ੍ਹਾਂ ਨੇ, ਸਮੇਤ ਅਜ਼ੀਜ਼ਉੱਦੀਨ ਦੇ, ਉੱਕੀ ਆਸ ਲਾਹ ਛੱਡੀ । ਸੋਹਣ ਲਾਲ ਨੇ ਇਸ ਦਾ ਵਰਨਣ ‘ਉਮਦਾਤ-ਉਤ-ਤਵਾਰੀਖ’ ਵਿਚ ਇਸ ਪ੍ਰਕਾਰ ਕੀਤਾ ਹੈ :

“ਇਹਤਿਆਤ ਦੇ ਤੌਰ ਤੇ ਇਹ ਫੈਸਲਾ ਕੀਤਾ ਗਿਆ ਕਿ ਸਰਕਾਰ ਦੇ ਅੰਤਿਮ ਦਿਨ ਲਈ ਦਸ ਲੱਖ ਰੁਪਏ ਦੇ ਮੁੱਲ ਦਾ ਬਬਾਨ ਤਿਆਰ ਕੀਤਾ ਜਾਏ ।” ਇਹ ਫ਼ੈਸਲਾ ਵੀ ਹੋਇਆ ਕਿ ਸੋਨੇ ਚਾਂਦੀ ਦੀਆਂ ਕਾਠੀਆਂ ਲਗਾਮਾਂ, ਮਖਮਲ, ਕਮਖਾਬ ਤੇ ਤਿੱਲੇ ਵਾਲੇ ਸਾਜ-ਸਮਾਨ ਵਾਲੇ 100 ਘੋੜਿਆਂ ਤੇ 500 ਗਾਵਾਂ ਦਾ ਸੰਕਲਪ ਕਰਾਇਆ ਜਾਏ।” ਕਿਲ੍ਹੇ ਦੇ ਪੂਰਬੀ, ਪੱਛਮੀ ਤੇ ਦੱਖਣੀ ਦਰਵਾਜ਼ਿਆਂ ਤੇ ਹਜੂਰੀ ਬਾਗ਼ ਦੇ ਦਰਵਾਜੇ ਦੇ ਰੱਖਿਅਕਾਂ ਨੂੰ ਪੂਰਨ ਤੌਰ ਤੇ ਸਾਵਧਾਨ ਰਹਿਣ ਦਾ ਹੁਕਮ ਦਿੱਤਾ ਗਿਆ ਤਾਂ ਜੋ ਕੋਈ ਅੰਦਰ ਨਾ ਆ ਸਕੇ । ਇਹ ਭਿਆਨਕ ਖ਼ਬਰ ਜਦੋਂ ਲਾਹੌਰ ਸ਼ਹਿਰ ਵਿਚ ਫੈਲੀ ਤਾਂ ਸਾਰੇ ਬਾਜ਼ਾਰਾਂ ਤੇ ਗਲੀਆਂ ਵਿਚ ਰੋਣ ਪਿੱਟਣ ਦਾ ਸ਼ੋਰ ਸੁਣਾਈ ਦੇਣ ਲੱਗਾ।”

ਪਰ ਮਹਾਰਾਜੇ ਨੂੰ ਹੋਸ਼ ਆ ਗਈ ਤੇ ਉਸ ਨੇ ਕਿਹਾ ਕਿ ਸਭ ਕੁਝ ਅਗੇਤਰੇ ਕਿਉਂ ਹੋ ਰਿਹਾ ਹੈ। ਇਸ ਕਰਕੇ ਉਸ ਨੇ ਹੁਕਮ ਦਿੱਤਾ ਕਿ ਉਸ ਦਾ ‘ਸੁਚੇਤਾ’ ਕਰਾਇਆ ਜਾਵੇ । ਇਸ ਤੇ ਸਭ ਪਾਸਿਉਂ ਵਧਾਈ ਦੀਆਂ ਆਵਾਜ਼ਾਂ ਉੱਠੀਆਂ। ‘ਸੁਚੇਤੇ’ ਬਾਅਦ ਸਰਕਾਰ ਨੇ ਹੁਕਮ ਦਿੱਤਾ ਕਿ ਰਾਗੀ, ਭੰਡ ਤੇ ਹੋਰ ਗਾਉਣ ਵਾਲੇ ਸਾਰੇ ਬੁਲਾਏ ਜਾਣ ਤੇ ਇਸ ਪਿੱਛੋਂ ਚੌਂਕੀਆਂ ਦਾ ਮੁਆਇਨਾ ਕੀਤਾ। ਇਸ ਪਿੱਛੋਂ ਸਰਕਾਰ ਨੇ ਜੋਨ ਹੋਮਜ਼ ਨੂੰ ਹੁਕਮ ਦਿੱਤਾ ਕਿ ਉਹ ਅੱਧੀ ਰਾਤ ਨੂੰ ਆਪਣੀਆਂ ਪਲਟਨਾਂ, 2500 ਘੋੜ ਸਵਾਰ ਤੇ ਕੁਝ ਤੋਪਾਂ ਲੈ ਕੇ ਅੰਮ੍ਰਿਤਸਰ ਜਾਏ ਤੇ ਗੋਬਿੰਦਗੜ੍ਹ ਦੇ ਕਿਲ੍ਹੇ ਦੇ ਦਰਵਾਜ਼ਿਆਂ ਤੇ ਪੱਕੀ ਤਰ੍ਹਾਂ ਆਪਣੇ ਆਪ ਨੂੰ ਸਥਾਪਿਤ ਕਰ ਲਏ ਅਤੇ ਮਹਾਰਾਜੇ ਦੇ ਕਿਸੇ ਰਿਸ਼ਤੇਦਾਰ ਤੇ ਹੋਰ ਲੋਕਾਂ ‘ਤੇ ਕੋਈ ਭਰੋਸਾ ਨਾ ਕਰੇ । ਰਾਜਾ ਹੀਰਾ ਸਿੰਘ ਦੇ ਡੇਰੇ ਨੂੰ ਹੁਕਮ ਹੋਇਆ ਕਿ ਉਹ ਅਨਾਰਕਲੀ ਦੇ ਮਕਬਰੇ ਕੋਲ ਆਪਣੇ ਆਪ ਨੂੰ ਸਥਾਪਿਤ ਕਰ ਲਵੇ । ਰਾਜਾ ਕਲਾਂ (ਧਿਆਨ ਸਿੰਘ) ਨੇ ਮਹਾਰਾਜੇ ਨਾਲ ਸਲਾਹ ਕਰਕੇ ਇਹ ਸੁਝਾਉ ਦਿੱਤਾ ਕਿ ਸਰਕਾਰ ਆਪਣੇ ਪਵਿੱਤਰ ਹੱਥਾਂ ਨਾਲ ਇਤਨੀ ਸੰਪਤੀ ਦਾ ਸੰਕਲਪ ਕਰੇ ਜੋ ਕਿ ਬਾਦਸ਼ਾਹ ਨੂੰ ਅਜਿਹੇ ਸਮੇਂ ਕਰਨਾ ਚਾਹੀਦਾ ਹੈ ਤੇ ਇਹ ਭੀ ਕਿਹਾ ਕਿ ਸਭ ਚੀਜ਼ਾਂ ਤੇ ਘੋੜੇ ਆਦਿ ਸਰਕਾਰ ਦੇ ਖਜ਼ਾਨੇ ਤੇ ਭੰਡਾਰਾਂ ਵਿਚ ਮੌਜੂਦ ਹਨ।” 22 ਹਜ਼ਾਰ ਰੁਪਏ ਤੋਂ ਇਲਾਵਾ ਜੋ ਚੀਜ਼ਾਂ ਵੰਡਣ ਲਈ ਤਜਵੀਜ਼ ਹੋਈਆਂ ਉਹ ਇਹ ਸਨ : “ਲਖਣਾ ਗਹਿਣੇ ਤੇ ਜਵਾਹਰਾਤ ਸਮੇਤ ਮਿਸਰ ਦੀਵਾਨ ਚੰਦ ਦੀ ਮੋਤੀਆਂ ਦੀ ਮਾਲਾ ਦੇ, 11 ਹਜਾਰ ਬਾਜੂਬੰਦ ਜਿਨ੍ਹਾਂ ਵਿਚ ਹੀਰੇ ਪੱਥਰ ਜੜੇ ਹੋਏ ਸਨ, ਸਜਾਵਟੀ ਕੜੇ, ਅੱਠ ਸੋਨੇ ਦੀਆਂ ਛਾਪਾਂ, ਚਾਰ-ਚਾਰ ਸੋਨੇ ਦੇ ਭਾਂਡੇ, ਪਲੇਟਾਂ ਪਿਆਲੀਆਂ ਤੇ ਜੱਗ। ਇਕ ਚਾਂਦੀ ਦੀ ਗਾਗਰ, ਚਾਂਦੀ ਦੀ ਚਿਰਮਚੀ, ਇਕ ਗੰਗਾ ਸਾਗਰ, ਚਾਂਦੀ ਦਾ ਛੋਟਾ ਸਟੂਲ, ਕਪੜੇ ਦੀਆਂ ਖ਼ਾਸ ਪੁਸ਼ਾਕਾਂ, 11 ਪਸ਼ਮੀਨੇ ਦੀਆਂ ਬਦਰੀਆਂ ਜਿਨ੍ਹਾਂ ਵਿਚ ਇਕੋ ਸਾਉਣ ਸੀ, 51 ਸੋਨੇ ਦੀਆਂ ਕੁਰਸੀਆਂ, 1 ਚਾਂਦੀ ਦੀ ਕੁਰਸੀ, ਸੋਨੇ ਤੇ ਹੀਰਿਆਂ ਨਾਲ ਮੜੀਆਂ ਤਲਵਾਰਾਂ ਵਾਲੀ ਇਕ ਬੜੀ ਸੋਹਣੀ ਢਾਲ, ਇਕ ਹੀਰੇ ਜੜਤ ਖੰਜਰ, ਇਕ ਸੋਨੇ ਦਾ ਖੰਜਰ, ਇਕ ਬੰਦੂਕ ਸੋਨੇ ਦੇ ਗਿਲਾਫ ਵਾਲੀ, ਦੋ ਹਾਥੀ ਸੋਨੇ ਦੇ ਹੌਦਿਆਂ ਸਮੇਤ, ਦੋ ਹਾਥੀ ਚਾਂਦੀ ਦੇ ਹੌਦਿਆਂ ਵਾਲੇ, 19 ਘੋੜੇ ਚਾਂਦੀ, ਸੋਨੇ, ਸਾਦਾ, ਹੀਰਿਆਂ ਤੇ ਸੋਨੇ ਦੀਆਂ ਤਾਰਾਂ ਵਾਲੀਆਂ ਕਾਠੀਆਂ ਵਾਲੇ, 101 ਜੋੜੇ ਕੀਮਤੀ ਹੀਰਿਆਂ ਦੇ ਹਾਰਾਂ ਦੇ ਜਿਨ੍ਹਾਂ ਵਿਚ ਕੋਈ ਧਾਗਾ ਨਹੀਂ ਸੀ, 11 ਮਖ਼ਮਲ, ਬਨਾਟ, ਸਾਦਾ ਕਪੜੇ ਦੇ ਤੇ ਹੋਰ ਸ਼ਾਮਿਆਨੇ ਜਿਨ੍ਹਾਂ ਦੀਆਂ ਚੋਬਾਂ ਸੋਨੇ ਤੇ ਚਾਂਦੀ ਦੀਆਂ. ਸਨ।””…. “ਰਾਤ ਨੂੰ ਰਾਜਾ ਕਲਾਂ (ਧਿਆਨ ਸਿੰਘ), ਸਰਦਾਰ ਅਜੀਤ ਸਿੰਘ, ਰਾਜਾ ਹੀਰਾ ਸਿੰਘ, ਭਾਈ ਸਹਿਬਾਨ, ਫ਼ਕੀਰ ਅਜ਼ੀਜ਼ਉੱਦੀਨ ਤੇ ਮਿਸਰ ਰਾਮ ਕ੍ਰਿਸ਼ਨ ਸਾਰੇ ਉੱਥੇ ਹੀ ਠਹਿਰੇ ਰਹੇ।”

ਮਹਾਰਾਜਾ ਰਣਜੀਤ ਸਿੰਘ | Maharaja Ranjit Singh |

23 ਜੂਨ ਨੂੰ ਮਹਾਰਾਜਾ ਜਲਦੀ ਸਵੇਰੇ ਉਠ ਬੈਠਾ ਤੇ ਆਪਣੀ ਖ਼ਾਸ ਸਵਾਰੀ ਮੰਗਵਾ ਕੇ ਬਾਹਰ ਸੈਰ ਲਈ ਗਿਆ । ਵਾਪਸ ਆ ਕੇ ਉਸ ਨੇ ਘੋੜਿਆਂ, ਹਾਥੀਆਂ, ਪੰਜ ਸੋਨੇ ਦੇ ਭਾਂਡਿਆਂ ਪਿਆਲਿਆਂ ਤੇ ਜੱਗਾਂ, 51 ਹਜ਼ਾਰ ਰੁਪਿਆਂ ਤੇ ਕੜਿਆਂ ਦੀ ਇਕ ਜੋੜੀ ਦਾ ਸੰਕਲਪ ਕੀਤਾ। ਬਾਅਦ ਵਿਚ ਸ਼ਾਹੀ ਹਕੀਮਾਂ ਨੇ ਵਿਚਾਰ ਵਟਾਂਦਰਾ ਕੀਤਾ। ਫ਼ਕੀਰ ਅਜ਼ੀਜ਼ਉੱਦੀਨ ਨੇ ਕਿਹਾ ਕਿ ਸਭ ਕੁਝ ਪਰਮਾਤਮਾ ਦੇ ਹੱਥ ਵਿਚ ਹੈ……. ਇਸ ਦੌਰਾਨ ਮਹਾਰਾਜਾ ਫਿਰ ਬੇਹੋਸ਼ ਹੋ ਗਿਆ । ਦੁਪਿਹਰ ਨੂੰ ਜਦ ਚਾਰ ਕੁ ਘੰਟੇ ਦਿਨ ਗੁਜ਼ਰਿਆ ਸੀ, ਮਹਾਰਾਜਾ ਨੂੰ ਹੋਸ਼ ਆ ਗਈ ਅਤੇ ਉਹ ਮੁੜ ਬਿਲਕੁਲ ਚੁਸਤ ਤੇ ਵੱਲ ਹੋ ਗਏ। ਫਿਰ ਉਸ ਨੇ ਤਾਕਤ ਵਾਲੀਆਂ ਦਵਾਈਆਂ ਲਈਆਂ, ਜਿਵੇਂ ਕਿ ਮੋਤੀ, ਫਿਰ ਉਹ ਸਰ੍ਹਾਣੇ ਤੇ ਸਿਰ ਰਖ ਕੇ ਆਰਾਮ ਲਈ ਲੇਟ ਗਿਆ….”

24 ਜੂਨ ਨੂੰ ਸਰਕਾਰ ਨੇ ਮੋਤੀਆਂ ਦਾ ਕੁਸ਼ਤਾ ਖਾਧਾ ਤੇ ਆਪਣੀ ਖ਼ਾਸ ਬੱਘੀ ਵਿਚ ਬੈਠ ਕੇ ਬਾਰਾਂਦਰੀ ਬਾਗ਼ ਵਿਚ ਗਿਆ ਤੇ ਵਾਪਸ ਆਇਆ । ਉਸ ਤੋਂ ਬਾਅਦ ਉਹ ਇਕ ਸਾਧੂ ਦੇ ਪਵਿੱਤਰ ਦਰਸ਼ਨਾਂ ਲਈ ਗਿਆ…..ਵਾਪਸ ਆਕੇ ਉਸਨੇ ਇਕ ਹੋਰ ਸੰਕਲਪ ਕੀਤਾ।

25 ਜੂਨ ਨੂੰ ਮਹਾਰਾਜਾ ਬਾਹਰ ਨਾ ਜਾ ਸਕਿਆ ਕਿਉਂਕਿ ਬਹੁਤ ਕਮਜ਼ੋਰ ਸੀ ਤੇ ਇਕ-ਤੋਂ ਵੱਧ ਵਾਰੀ ਬੇਹੋਸ਼ ਹੋ ਗਿਆ। ਰਾਜਾ ਧਿਆਨ ਸਿੰਘ ਨੇ ਸੁਝਾਉ ਦਿੱਤਾ ਕਿ ਸ਼ੀਸ਼ ਮਹਿਲ ਵਿਚ ਬਹੁਤ ਗਰਮੀ ਹੈ ਤੇ ਮਹਾਰਾਜੇ ਨੂੰ ਹੇਠਲੀ ਮੰਜ਼ਲ ਤੇ ਜਾਣਾ ਚਾਹੀਦਾ ਹੈ। ਵਿਚਾਰ ਇਹ ਸੀ ਕਿ ਉਹ ਫਰਸ਼ ਤੇ ਲੇਟੇ ਤੇ ਧਰਤੀ ਮਾਤਾ ਦੀ ਗੋਦ ਵਿਚ ਪੁਰਾਣੇ ਹਿੰਦੂ ਤਰੀਕੇ ਅਨੁਸਾਰ ਸੁਆਸ ਤਿਆਗੇ। ਮਹਾਰਾਜੇ ਨੇ ਇਸ ਸੁਝਾਉ ਨੂੰ ਪਸੰਦ ਨਾ ਕੀਤਾ ਕਿਉਂਕਿ ਉਹ ਹਾਲੀ ਮਰਨ ਨੂੰ ਤਿਆਰ ਨਹੀਂ ਸੀ । ਵਜ਼ੀਰਾਂ ਨੇ ਇਹ ਸਲਾਹ ਦਿੱਤੀ ਕਿ ਹੇਠਲੀ ਮੰਜ਼ਲ ਤੋਂ ਲੱਕੜਾਂ ਦਾ ਢੇਰ ਇਕੱਠਾ ਤੇ ਉੱਚਾ ਕਰਕੇ ਛੱਤ ਤਕ ਲਿਆਂਦਾ ਜਾਏ ਤਾਂ ਜੋ ਢਿੱਲਾ ਹੋਣ ਦੀ ਸੂਰਤ ਵਿਚ ਥੱਲੇ ਜਾ ਸਕੇ । “ਦੁਪਹਿਰ ਤਕ ਸਰਕਾਰ ਦੀਆਂ ਸਰੀਰਕ ਤੇ ਮਾਨਸਕ ਸ਼ਕਤੀਆਂ ਜਵਾਬ ਦੇ ਗਈਆਂ” ਤੇ ਨਬਜ਼ ਬਹੁਤ ਕਮਜ਼ੋਰ ਹੋ ਗਈ ਤੇ ਰੁਕ-ਰੁਕ ਕੇ ਚਲਣ ਲੱਗ ਪਈ।

26 ਜੂਨ ਨੂੰ ਸਵੇਰ ਸਾਰ “ਸਰਕਾਰ ਨੇ ਆਦਿ ਗ੍ਰੰਥ ਤੇ ਬਾਬਾ ਗ੍ਰੰਥ ਦੇ ਦਰਸ਼ਨਾਂ ਦਾ ਮਾਣ ਸਤਿਕਾਰ ਪ੍ਰਾਪਤ ਕੀਤਾ ਅਤੇ ਡੰਡੌਤ ਬੰਦਨਾ ਕੀਤੀ। ਫਿਰ ਉਸ ਨੂੰ ਇਕ ਨਵੀਂ ਦਵਾਈ ਦਿੱਤੀ ਗਈ ਜਿਸ ਨਾਲ ਥੋਹੜੀ ਜਿਹੀ ਤਾਕਤ ਪਰਤ ਆਈ। ਇਸ ਦਾ ਲਾਭ ਉਠਾਂਦਿਆਂ ਹੋਇਆਂ ਉਸ ਨੇ ਅੱਠ ਲੱਖ ਰੁਪਏ ਆਪਣੀ ਖ਼ਾਸ ਬੱਘੀ ਸੋਨੇ ਤੇ ਚਾਂਦੀ ਦੇ ਹੋਦਿਆਂ ਵਾਲੇ ਹਾਥੀਆਂ ਤੇ ਸੋਨੇ ਚਾਂਦੀ ਦੇ ਸਾਜ-ਸਮਾਨ ਵਾਲੇ ਘੋੜਿਆਂ ਦਾ ਸੰਕਲਪ ਕੀਤਾ । ਇਸ ਤੋਂ ਬਾਅਦ, ਸਰਕਾਰ ਨੇ ਆਪਣੀ ਕਮਰ ਨਾਲੋਂ ਹਥਿਆਰ ਖੋਲ੍ਹ ਦਿੱਤੇ ਤੇ ਨੋਕਰਾਂ ਨੂੰ ਦਿੰਦਿਆਂ ਹੋਇਆ ਕਿਹਾ ਕਿ ਹੁਣ ਅੰਤ ਸਮਾਂ ਆ ਗਿਆ ਹੈ।” ਨੋਕਰ ਸਾਰੇ ਫਿਸ ਪਏ, ਮਹਾਰਾਜੇ ਦੀਆਂ ਅੱਖਾਂ ਵਿਚ ਵੀ ਅੱਥਰੂ ਸਨ । ਕੁਝ ਚਿਰ ਬਾਅਦ, “51 ਗਾਵਾਂ, 11 ਹਜ਼ਾਰ ਅਸ਼ਰਫੀਆਂ, ਕਈ ਤੇਜ਼ ਚੱਲਣ ਵਾਲੇ ਘੋੜੇ, ਤੇ ਬਹੁਤ ਸਾਰੇ ਕਪੜਿਆਂ ਨੂੰ, ਸੰਕਲਪ ਕਰਵਾ ਕੇ, ਵੰਡ ਦਿੱਤਾ ਗਿਆ।”

ਭਾਈ ਗੋਬਿੰਦ ਰਾਮ ਨੇ ਕੋਹਿਨੂਰ ਦੀ ਗੱਲ ਛੇੜੀ। ਉਸ ਨੇ ਯਾਦ ਕਰਾਇਆ ਕਿ ਮਹਾਰਾਜਾ ਅਕਸਰ ਆਖਦਾ ਹੁੰਦਾ ਸੀ ਕਿ ਕੋਈ ਬਾਦਸ਼ਾਹ, ਜਿਸ ਪਾਸ ਇਹ ਇਕ ਹੀਰਾ ਸੀ, ਆਪਣੇ ਨਾਲ ਇਸ ਸੰਸਾਰ ਤੋਂ ਨਹੀਂ ਲੈ ਗਿਆ । ਇਸ ਕਰਕੇ ਉਸ ਦੀ ਮਰਜ਼ੀ ਹੈ ਕਿ ਕੰਵਰ ਖੜਕ ਸਿੰਘ ਨੂੰ ਰਾਜ ਭਾਗ ਸੌਂਪ ਕੇ ਪਵਿੱਤਰ ਸਥਾਨਾਂ ਦੀ ਯਾਤਰਾ ਲਈ ਭੇਜਿਆ ਜਾਏ ਅਤੇ ਉਹ ਆਪ ਇਹ ਹੀਰਾ ਜਗਨ ਨਾਥ ਪੁਰੀ ਦੇ ਮੰਦਰ ਨੂੰ ਦਾਨ ਕਰੇ। ਹੁਣ ਕਿਉਂਕਿ ਦੁਨੀਆਂ ਤੋਂ ਜਾਣ ਦਾ ਸਮਾਂ ਆ ਗਿਆ ਹੈ, ਭਾਈ ਨੇ ਅਚਾਨਕ ਉਨ੍ਹਾਂ ਦੀ ਇਸ ਪ੍ਰਤੀ ਰਾਏ ਪੁੱਛੀ। ਮਹਾਰਾਜੇ ਨੇ ਇਸ਼ਾਰਾ ਕੀਤਾ ਕਿ ਹੀਰਾ ਜਗਨ ਨਾਥ ਮੰਦਰ ਨੂੰ ਭੇਜਿਆ ਜਾਏ । ਫਿਰ ਭਾਈ ਗੋਬਿੰਦ ਰਾਮ ਨੇ ਦੱਸਿਆ ਕਿ ਮਹਾਰਾਜੇ ਨੇ ਇਸ ਤਰ੍ਹਾਂ ਕਰਨ ਲਈ ਰਾਜਾ ਧਿਆਨ ਸਿੰਘ ਨੂੰ ਪਹਿਲਾਂ ਹੀ ਹੁਕਮ ਦੇ ਰਖਿਆ ਹੈ ਪਰ ਰਾਜਾ ਧਿਆਨ ਸਿੰਘ ਨੇ ਕਿਹਾ ਸੀ ਕਿ ਇਸ ਹੁਕਮ ਦੀ ਪਾਲਣਾ ਉਹ ਨਹੀਂ ਸਗੋਂ ਕੰਵਰ ਖੜਕ ਸਿੰਘ ਹੀ ਕਰ ਸਕਦਾ ਹੈ। ਭਾਈ ਗੋਬਿੰਦ ਰਾਮ ਨੇ ਕਿਹਾ ਕਿ ਇਸ ਲਈ ਇਹ ਗੱਲ ਕੰਵਰ ਖੜਕ ਸਿੰਘ ਨੂੰ ਪੁਚਾ ਦਿੱਤੀ ਗਈ ਹੈ ਅਤੇ ਉਸ ਨੇ ਕਿਹਾ ਸੀ ਕਿ ਹੀਰਾ ਮਿਸਰ ਬੇਲੀ ਰਾਮ ਦੇ ਕੋਲ ਹੈ। ਇਹ ਗੱਲ ਸੁਣਕੇ ਜਮਾਂਦਾਰ ਖੁਸ਼ਹਾਲ ਸਿੰਘ ਨੇ ਮਿਸਰ ਬੇਲੀ ਰਾਮ ਨੂੰ ਹੀਰਾ ਲਿਆਉਣ ਲਈ ਕਿਹਾ ਪ੍ਰੰਤੂ ਉਸ ਨੇ ਟਾਲ-ਮਟੋਲ ਕੀਤੀ ਤੇ ਕਿਹਾ ਕਿ ਹੀਰਾ ਅੰਮ੍ਰਿਤਸਰ ਵਿਚ ਹੈ। ‘ਮਹਾਰਾਜੇ ਨੇ ਇਸ ਚਰਚਾ’ ਤੇ ਮੱਥੇ ਤੇ ਤਿਉੜੀਆਂ ਚਾੜੀਆਂ। ਇਸ ਤੋਂ ਬਾਅਦ ਭਾਈ ਗੋਬਿੰਦ ਰਾਮ ਦੀ ਬੇਨਤੀ ਅਨੁਸਾਰ ਦੋ ਲੱਖ ਰੁਪਏ ਦੇ ਮੁੱਲ ਦੇ ਹੀਰਿਆਂ ਦੇ ਦੋ ਬਾਜੂਬੰਦ ਕਈ ਨਗਾਂ ਵਾਲੇ ਗਹਿਣੇ, ਈਰਾਨੀ ਕਿਸਮ ਦੇ ਅੱਠ ਵੱਡੇ ਟੋਪ, ਦੋ ਹਾਥੀ ਸੋਨੇ ਦੀਆਂ ਚੌਕੀਆਂ ਸਮੇਤ ਤੇ ਪੰਜ ਲੱਖ ਰੁਪਏ ਨਕਦ ਸੰਕਲਪ ਵਿਚ ਦਿੱਤੇ ਗਏ। ਇਸ ਤੋਂ ਉਪਰੰਤ ਸਰਕਾਰ ਨੇ ਪਹਿਲਾਂ ਆਪਣੇ ਸਾਰੇ ਗਹਿਣੇ ਪਹਿਨੇ ਤੇ ਫਿਰ ਸਾਰੇ ਦੇ ਸਾਰੇ ਉਤਾਰ ਕੇ ਸੰਕਲਪ ਕਰਵਾ ਦਿੱਤੇ, ਧਰਤੀ ਮਾਤਾ ਤੇ ਸਿਰ ਰਖ ਕੇ ਮੱਥਾ ਟੇਕਦੇ ਹੋਏ।”

“15 ਹਾੜ੍ਹ (27 ਜੂਨ 1839) ਵਾਲੇ ਦਿਨ ਸਰਕਾਰ ਨੂੰ ਤਿੰਨਾਂ ਘੰਟਿਆਂ ਵਿਚ ਨੋ ਟੱਟੀਆਂ ਆਈਆਂ ਤੇ ਫਿਰ ਬੁਲ੍ਹ ਵੀ ਹਿਲਣੋਂ ਬੰਦ ਹੋ ਗਏ, ਨਬਜ਼ ਥਿੜਕਣ ਲੱਗ ਪਈ, ਫ਼ਕੀਰ ਰਜ਼ਾ (ਅਜ਼ੀਜ਼ਉੱਦੀਨ) ਹੰਝੂਆਂ ਨਾਲ ਭਰੀਆਂ ਅੱਖਾਂ ਤੇ ਦੁੱਖ ਭਰੇ ਦਿਲ ਨਾਲ ਕਹਿਣ ਲੱਗਾ ਕਿ ਉਹ ਮੁਸਲਮਾਨ ਹੈ ਤੇ ਜਾਣਦਾ ਹੈ ਕਿ ਅਖੀਰਲਾ ਸਮਾਂ ਆ ਪੁੱਜਾ ਹੈ। ਇਹ ਕਹਿ ਕੇ ਉਹ ਬਾਹਰ ਆ ਗਿਆ ਤੇ ਸਭ ਰੋਣ ਤੇ ਚਿੱਲਾਣ ਲਗ ਪਏ । ਉਸ ਤੋਂ ਬਾਅਦ ਸਰਕਾਰ ਦੁਪਹਿਰ ਨੂੰ ਫਿਰ ਹੋਸ਼ ਵਿਚ ਆ ਗਏ। ਇਸ ਵੇਲੇ ਉਨ੍ਹਾਂ ਨੂੰ ਬਹੁਤ ਸਖ਼ਤ ਦਰਦ ਹੋਣ ਲਗਾ। ਇਹ ਦਰਦ ਹੌਲੀ ਹੌਲੀ ਉਨ੍ਹਾਂ ਨੂੰ ਅੰਤਿਮ ਬੇਚੈਨੀ ਤੇ ਬੇਆਰਾਮੀ ਵਿਚ ਬਦਲ ਗਿਆ।” ਕੁਝ ਚਿਰ ਬਾਅਦ ਰਾਜਾ ਸੁਚੇਤ ਸਿੰਘ ਪੇਸ਼ ਹੋਇਆ। ਸਰਕਾਰ ਨੇ ਅੱਖਾਂ ਖੋਹਲੀਆਂ ਤੇ ਇਕ ਲਾਪਰਵਾਹੀ ਦੀ ਨਜ਼ਰ ਨਾਲ ਵੇਖ ਕੇ ਅੱਖਾਂ ਬੰਦ ਕਰ ਲਈਆਂ। ਹੁਣ ਨਜ਼ਰ ਬਿਲਕੁਲ ਬੰਦ ਹੋ ਗਈ। ਇਸ ਤੋਂ ਬਾਅਦ ਸਰਕਾਰ ਨੂੰ ਸਿੱਧਾ ਬਿਸਤਰੇ ਤੇ ਲਿਟਾ ਦਿੱਤਾ ਗਿਆ। ਜੋ ਅਖਰੀਲੇ ਦਿਨ ਲਈ ਸਭ ਲੋੜੀਂਦੀਆਂ ਵਸਤੂਆਂ ਨਾਲ ਤਿਆਰ ਕੀਤਾ ਗਿਆ ਸੀ । ਇਹ ਵਸਤਾਂ ਸਨ, ਦੁਸ਼ਾਲੇ, ਤੁਲਸੀ ਦੇ ਪੱਤੇ, ਸੋਨੇ ਦੀਆਂ ਮੋਹਰਾਂ, ਅਲਸੀ ਦਾ ਤੇਲ ਆਦਿ। ਇਕ ਸੋਨੇ ਦਾ ਲੈਂਪ ਜਲਾ ਦਿੱਤਾ ਗਿਆ ਤੇ ਫੇਰ ਹੋਰ ਚੀਜ਼ਾਂ ਸਮੇਤ ਇਹ ਸੰਕਲਪ ਵੱਜੋਂ ਦਿੱਤਾ ਗਿਆ । ਇਸ ਤੋਂ ਬਾਅਦ ਮਹਾਰਾਜੇ ਨੂੰ ਲੱਕੜ ਦੇ ਸਟੂਲ ਤੇ ਬਿਠਾ ਕੇ ਗੰਗਾ ਦੇ ਜਲ ਤੇ ਦਹੀਂ ਨਾਲ ਉਸ ਦੇ ਪਵਿੱਤਰ ਕੇਸਾਂ ਨੂੰ ਨੁਹਾਇਆ ਗਿਆ ਤੇ ਨਵੀਂ ਪੋਸ਼ਾਕ ਪਹਿਨਾਈ ਗਈ। ਜਦੋਂ ਮਹਾਰਾਜਾ ਸਵਾਸ ਛੱਡ ਰਿਹਾ ਸੀ ਤਾਂ ਭਾਈ ਗੋਬਿੰਦ ਰਾਮ ਨੇ ਉਸ ਦੇ ਕੰਨਾਂ ਵਿਚ ਤਿੰਨ ਵਾਰੀ ‘ਰਾਮ ਰਾਮ’ ਕਿਹਾ। ਸਰਕਾਰ ਨੇ ਦੋ ਵਾਰੀ ਤਾਂ ਇਸ ਸ਼ਬਦ ਨੂੰ ਦੁਹਰਾਇਆ ਪਰ ਤੀਜੀ ਵਾਰੀ ਉਸ ਦੇ ਹੋਠ ਨਾ ਖੁੱਲ੍ਹੇ ਤੇ ਜੀਨ-ਜੋਤ ਅੱਖਾਂ ਰਾਹੀਂ ਸਦਾ ਲਈ ਚਲੀ ਗਈ। ਕਿਲ੍ਹੇ ਦੇ ਦਰਵਾਜ਼ੇ ਇਕ ਦਮ ਬੰਦ ਕਰਨ ਲਈ ਸਖਤ ਹੁਕਮ ਦਿੱਤਾ ਗਿਆ ਅਤੇ ਰਾਜਾ ਜੀ (ਧਿਆਨ ਸਿੰਘ) ਨੇ ਆਦੇਸ਼ ਦਿੱਤਾ ਕਿ ਜਲਦੀ ਤੋਂ ਜਲਦੀ ਸੋਨੇ ਚਾਂਦੀ ਦਾ ਬਬਾਣ, ਸਮੇਤ ਹੋਰ ਚੀਜ਼ਾਂ, ਤਿਆਰ ਕੀਤਾ ਜਾਵੇ । ਜਦੋਂ ਇਸ ਭਿਆਨਕ ਖ਼ਬਰ ਦਾ ਇਸਤਰੀਆਂ ਨੂੰ ਪਤਾ ਲੱਗਾ ਤਾਂ ਉਹ ਉੱਚੀ-ਉੱਚੀ ਰੋਣ ਕੁਰਲਾਉਣ ਲੱਗ ਪਈਆਂ ਤੇ ਸਤੀ ਹੋਣ ਲਈ ਤਿਆਰ ਹੋ ਗਈਆਂ । ਰਾਜਾ ਕਲਾਂ ਉਨ੍ਹਾਂ ਕੋਲ ਗਿਆ ਤੇ ਉਨ੍ਹਾਂ ਦੇ ਦੁਖੀ ਹਿਰਦਿਆਂ ਨੂੰ ਹੌਂਸਲਾ ਦਿੱਤਾ ਤੇ ਕਿਹਾ ਕਿ ਕੰਵਰ ਖੜਕ ਸਿੰਘ ਉਨ੍ਹਾਂ ਦੀ ਪੂਰੀ ਦੇਖ ਭਾਲ ਕਰੇਗਾ ਅਤੇ ਪਹਿਲਾਂ ਵਾਂਗ ਉਨ੍ਹਾਂ ਨੂੰ ਅਸਲੀ ਮਾਵਾਂ ਸਮਝੇਗਾ । ਉਸ ਨੇ ਇਹ ਵੀ ਕਿਹਾ ਕਿ ਇਕ ਸਰਕਾਰ ਤੋਂ ਬਿਨਾਂ ਹਰ ਚੀਜ਼ ਉਨ੍ਹਾਂ ਨੂੰ ਮਿਲੇਗੀ।

ਰਾਜਾ ਧਿਆਨ ਸਿੰਘ ਫਿਰ ਸਮਨ ਬੁਰਜ ਵਿਚ ਗਿਆ ਤੇ ਰਾਣੀ ਕਟੋਚਾਂ (ਗੁੱਦਾਂ) ਤੇ ਹੋਰ ਰਾਣੀਆਂ ਨੂੰ ਤਸੱਲੀ ਦਿੱਤੀ । ਰਾਣੀ ਕਟੋਚਾਂ ਰਾਜਾ ਸੰਸਾਰ ਚੰਦ ਦੀ ਲੜਕੀ ਸੀ, ਪਹਿਲਾਂ ਸਖਤ ਪਰਦਾ ਕਰਿਆ ਕਰਦੀ ਸੀ, ਇਸ ਅਵਸਰ ਤੇ ਉਹ ਹਰਮ ਵਿਚੋਂ ਬਗ਼ੈਰ ਕਿਸੇ ਝਿਜਕ ਦੇ ਤੇ ਬਗ਼ੈਰ ਘੁੰਡ ਦੇ ਚਮਕੀਲੀਆਂ ਅੱਖਾਂ ਤੇ ਭਖਦੇ ਮੱਥੇ ਨਾਲ ਧਿਆਨ ਸਿੰਘ ਪਾਸ ਬਾਹਰ ਆ ਗਈ ਤੇ ਕਹਿਣ ਲੱਗੀ, “ਇਹ ਤਸੱਲੀਆਂ ਉਨ੍ਹਾਂ ਨੂੰ ਚਾਹੀਦੀਆਂ ਹਨ ਜਿਨ੍ਹਾਂ ਸਰਕਾਰ ਦੀ ਮੌਤ ਤੋਂ ਬਾਅਦ ਜੀਉਣਾ ਹੈ, ਮੈਂ ਤਾਂ ਸਰਕਾਰ ਦੀ ਰਕਾਬ ਦੇ ਨਾਲ ਪਰਲੋਕ ਜਾ ਰਹੀ ਹਾਂ।” ਹੋਰ ਰਾਣੀਆਂ ਵੀ ਇਸੇ ਤਰ੍ਹਾਂ ਹੀ ਕਿਹਾ।

ਮਹਾਰਾਜੇ ਦਾ ਸ਼ਵ ਸਾਰੀ ਰਾਤ ਫ਼ਰਸ਼ ‘ਤੇ ਪੂਰੇ ਜਾਹੋ ਜਲਾਲ ਨਾਲ ਰਖਿਆ ਰਿਹਾ। “ਸਭ ਆਦਮੀ, ਜੋ ਉੱਥੇ ਹਾਜ਼ਰ ਸਨ, ਸਾਰੀ ਰਾਤ ਰੋਂਦੇ ਤੇ ਚਿੱਲਾਂਦੇ ਰਹੇ, ਬ੍ਰਾਹਮਣ ਗੀਤਾ ਤੇ ਬਿਸ਼ਨ ਸਹੰਸਰਨਾਮ ਦਾ ਪਾਠ ਕਰਦੇ ਰਹੇ ਅਤੇ ਭਾਈ ਗ੍ਰੰਥ ਸਾਹਿਬ ਦੇ ਪਾਠ ਵਿਚ ਰੁਝੇ ਰਹੇ।”

28 ਜੂਨ ਨੂੰ “ਕੰਵਰ ਜੀ (ਖੜਕ ਸਿੰਘ) ਨੇ ਇਸ਼ਨਾਨ ਕੀਤਾ ਤੇ ਕਪੜੇ ਪਹਿਣੇ (ਜਿਵੇਂ ਧੋਤੀ, ਉਪਰਨਾ ਆਦਿ) ਤੇ ਸਰਕਾਰ ਨੂੰ ਲਕੜ ਦੇ ਸਟੂਲ ਤੇ ਬਿਠਾ ਕੇ ਗੰਗਾ ਜਲ ਨਾਲ ਇਸ਼ਨਾਨ ਕਰਾਇਆ ਤੇ ਫਿਰ ਉਨ੍ਹਾਂ ਨੂੰ ਦਸ਼ਤਾਰ ਤੇ ਪੁਸ਼ਾਕ, ਜਿਸ ਉੱਪਰ ਕੇਸਰ ਦੇ ਛਿੱਟੇ ਦਿੱਤੇ ਗਏ ਸਨ ਪਹਿਣਾਏ। ਸਰਕਾਰ ਦੇ ਸਰੀਰ ਨੂੰ ਗਹਿਣਿਆਂ ਨਾਲ ਖੂਬ ਸਜਾਇਆ ਗਿਆ। ਇਨ੍ਹਾਂ ਗਹਿਣਿਆਂ ਵਿਚ ਹੀਰਿਆਂ ਨਾਲ ਮੜ੍ਹੀ ਕਲਗੀ, ਜੜਾਉ ਪਗੜੀ ਜਿਸ ਵਿਚ ਇਕ ਹੀਰਾ ਸੀ, ਹੀਰੇ-ਜੜੀ ਹੱਥ ਵਾਲੀ ਜੰਜੀਰ, ਮੋਤੀਆਂ ਦੀ ਮਾਲਾ, ਹੀਰੇ-ਜੜ੍ਹਤ ਬਾਜੂ-ਬੰਦ ਤੇ ਇਕ ਨਗਾਂ ਵਾਲੀ ਛਾਪ ਸਨ । ਇਸ ਤੋਂ ਬਾਅਦ ਉਸ ਨੇ ਸਰਕਾਰ ਨੂੰ ਬਬਾਨ ਤੇ ਲਿਟਾ ਦਿੱਤਾ, ਇਕ ਸਿਰ੍ਹਾਣਾ ਉਨ੍ਹਾਂ ਦੇ ਸਿਰ ਥੱਲੇ ਤੇ ਇਕ ਗੱਲ੍ਹ ਥੱਲੇ ਰਖਿਆ । ਫੇਰ ਤੋਸ਼ੇਖਾਨੇ ਤੋਂ ਇਕ ਦੁਸ਼ਾਲਾ ਮੰਗਾ ਕੇ ਉੱਤੇ ਪਾ ਦਿੱਤਾ । ਇਸ ਤੋਂ ਬਾਅਦ ਸਾਰੇ ਸਰਦਾਰਾਂ ਨੇ ਤੇ ਨੇੜੇ ਦੇ ਕਰਮਚਾਰੀਆਂ ਨੇ ਦੋਸ਼ਾਲੇ ਭੇਟਾ ਕੀਤੇ।”

ਇਸ ਵਕਤ ਖਬਰ ਆਈ ਕਿ ਇਸਤਰੀਆਂ ਨੇ ਆਪਣੀਆਂ ਸਾਰੀਆਂ ਜਾਗੀਰਾਂ, ਗਹਿਣੇ ਤੇ ਹੋਰ ਸਮਾਨ ਆਦਿ ਸੰਕਲਪ ਕਰਵਾ ਦਿੱਤੇ ਹਨ ਅਤੇ ਹਾੜ੍ਹੀ ਦੀ ਫਸਲ ਦੀ ਆਮਦਨੀ ਦੀਆਂ ਰਸੀਦਾਂ ਕਾਰਦਾਰਾਂ ਦੇ ਹਵਾਲੇ ਕਰਕੇ ਤੇ ਪੂਰਨ ਤੌਰ ਤੇ ਸੱਜ-ਧਜ ਕੇ ਦਰਵਾਜ਼ੇ ਪਾਸ ਆ ਹਾਜ਼ਰ ਹੋਈਆਂ ਹਨ। ਕੰਵਰ ਜੀ (ਖੜਕ ਸਿੰਘ) ਦੌੜ ਕੇ ਦਰਵਾਜ਼ੇ ਵੱਲ ਗਿਆ ਉਨ੍ਹਾਂ ਨੂੰ ਮਿਲਣ ਵਾਸਤੇ ਤੇ ਜਾ ਕੇ ਉਨ੍ਹਾਂ ਦੇ ਚਰਨਾਂ ਤੇ ਡਿੱਗ ਪਿਆ-ਰਾਣੀਆਂ ਨੇ ਉਸ ਲਈ ਪ੍ਰਾਰਥਨਾ ਕੀਤੀ ਤੇ ਉਸ ਦੀ ਪਿੱਠ ਤੇ ਹੱਥ ਫੇਰ ਕੇ ਦਿਲਾਸਾ ਦਿੱਤਾ।” ਇਸ ਤੋਂ ਬਾਅਦ ਇਸਤਰੀਆਂ ਆਪਣੀ ਖ਼ਾਸ ਬੱਘੀ ਨੂੰ ਛੱਡ ਕੇ ਅੰਦਰ ਦਾਖ਼ਲ ਹੋਈਆਂ-ਚਮਕਦੇ ਮੱਥੇ, ਚਮਕਦੀਆਂ ਅੱਖਾਂ, ਲਾਲ ਗੱਲਾਂ, ਹਸਦੀਆਂ ਤੇ ਨੱਚਦੀਆਂ, ਮਾਨੋ ਕਿਸੇ ਆਤਮਕ ਮੰਡਲ ਦੀਆਂ ਰਹਿਣ ਵਾਲੀਆਂ ਹਨ ਅਤੇ ਸਰਕਾਰ ਦੇ ਪਾਸ ਆ ਪੁੱਜੀਆਂ।

ਜਦੋਂ ਰਾਜਾ ਧਿਆਨ ਸਿੰਘ ਪਿਛਲੀ ਸ਼ਾਮ ਨੂੰ ਸਮਨ ਬੁਰਜ ਵਿਚ ਰਾਣੀਆਂ ਨੂੰ ਦਿਲਾਸਾ ਦੇਣ ਗਿਆ ਸੀ, ਉਨ੍ਹਾਂ ਵਿਚੋਂ ਇਕ ਨੇ ਜਿਸ ਦਾ ਨਾਮ ਹਰ ਦੇਵੀ ਸੀ, ਟਕੋਰ ਲਾ ਕੇ ਉਸ ਨੂੰ ਉਸ ਦੇ ਇਕ ਪਹਿਲੇ ਕਥਨ ਬਾਰੇ ਯਾਦ ਕਰਾਇਆ ਕਿ “ਉਹ ਹਮੇਸ਼ਾਂ ਸਰਕਾਰ ਦੀ ਰਕਾਬ ਦੇ ਨਾਲ ਰਹੇਗਾ।” ਧਿਆਨ ਸਿੰਘ ਉਸ ਵੇਲੇ ਤਾਂ ਚੁੱਪ ਕਰ ਰਿਹਾ ਸੀ, ਪਰ ਹੁਣ ਉਹ ਬੜੇ ਸੁਹਣੇ ਕਪੜੇ ਤੇ ਗਹਿਣੇ ਪਹਿਣ ਕੇ ਆਇਆ ਤੇ ਉਸ ਨੇ “ਐਲਾਨ ਕੀਤਾ ਕਿ ਉਹ ਸਰਕਾਰ ਦੀ ਰਕਾਬ ਨਾਲ ਸ਼ਾਮਿਲ ਹੋਣਾ ਚਾਹੁੰਦਾ ਹੈ।” ਖੜਕ ਸਿੰਘ ਤੇ ਹੋਰਨਾਂ ਨੇ ਆਪਣੀਆਂ ਪੱਗਾਂ ਉਸ ਦੇ ਪੈਰਾਂ ਤੇ ਰਖੀਆਂ ਕਿ ਉਸ ਬਿਨਾਂ ਰਾਜ ਦਾ ਕੰਮ ਨਹੀਂ ਚਲ ਸਕਦਾ। ਫਿਰ ਇਕ ਗਰਮਾ ਗਰਮ ਬਹਿਸ ਸ਼ੁਰੂ ਹੋਈ ਕਿ ਧਰਮ ਸ਼ਾਸਤਰ ਵਜ਼ੀਰਾਂ ਨੂੰ ਆਪਣੇ ਬਾਦਸ਼ਾਹ ਨਾਲ ਸਤੀ ਹੋਣ ਦੀ ਆਗਿਆ ਦਿੰਦੇ ਹਨ ਕਿ ਨਹੀਂ । ਇਸ ਸਮੱਸਿਆ ਦਾ ਹੱਲ ਰਾਣੀ ਕਟੋਚਾਂ ਨੇ ਕੀਤਾ। ਉਸ ਨੇ ਹਾਕਮਾਨਾਂ ਤਰੀਕੇ ਨਾਲ ਧਿਆਨ ਸਿੰਘ ਨੂੰ ਹੁਕਮ ਦਿੱਤਾ ਕਿ ਉਹ ਇਹ ਪ੍ਰਵਾਨ ਕਰ ਲਵੇ ਕਿ ਉਹ ਨਵੇਂ ਮਹਾਰਾਜ ਦੀ ਇਕ ਸਾਲ ਸੇਵਾ ਕਰੇਗਾ ਤੇ ਉਸ ਤੋਂ ਪਿੱਛੋਂ ਉਸ ਨੂੰ ਖੁੱਲ੍ਹ ਹੋਵੇਗੀ ਕਿ ਨੌਕਰੀ ਤੋਂ ਮੁਕਤ ਹੋ ਕੇ ਪਵਿੱਤਰ ਅਸਥਾਨਾਂ ਦੀ ਯਾਤਰਾ ਤੇ ਚਲਾ ਜਾਏ । ਸਾਰਿਆਂ ਨੇ ਇਹ ਗੱਲ ਮੰਨ ਲਈ ਤੇ ਇਸ ਨੂੰ ਲਿਖਤ ਵਿਚ ਲੈ ਆਂਦਾ। ਅਰਥੀ ਦਾ ਜਲੂਸ ਕਿਲ੍ਹੇ ਤੋਂ ਚਲਿਆ। ਸਰਕਾਰ ਦੇ ਸ਼ਵ ਨੂੰ ਇਕ ਸ਼ਾਨਦਾਰ ਸਥਾਨ ਤੇ ਰਖਿਆ ਗਿਆ । ਉਸ ਸਮੇਂ ਹਰ ਪਾਸਿਉਂ ਰੋਣ ਚਿੱਲਾਣ ਦੀ ਆਵਾਜ਼ ਆਈ। ਸਭ ਉਹ ਇਸਤਰੀਆਂ ਸਣੇ ਗੁਲ ਬੇਗਮ, ਜੋ ਸਤੀ ਹੋਣ ਵਾਲੀਆਂ ਵਿਚ ਨਹੀਂ ਸਨ, ਰੋਈਆਂ ਤੇ ਰੋਂਦੇ ਰੋਂਦੇ ਜ਼ਮੀਨ ਤੇ ਡਿੱਗ ਪਈਆਂ ਤੇ ਬੇਹੋਸ਼ ਹੋ ਗਈਆਂ ।” ਚਾਰ ਰਾਣੀਆਂ ਜਿਨ੍ਹਾਂ ਨੇ ਮਹਾਰਾਜੇ ਦੀ ਚਿਖਾਂ ਤੇ ਸਤੀ ਹੋਣ ਦਾ ਫੈਸਲਾ ਕੀਤਾ, ਉਹ ਬਬਾਨ ਦੇ ਪਿੱਛੇ ਪੈਦਲ ਤੁਰੀਆਂ । ਉਨ੍ਹਾਂ ਦੁਲਹਨਾਂ ਵਾਲੇ ਲਿਬਾਸ ਤੇ ਗਹਿਣੇ ਪਹਿਣੇ ਹੋਏ ਸਨ। ਸ਼ਹਿਰ ਦੇ ਬਾਜ਼ਾਰਾਂ ਦੇ ਪਾਸਿਆਂ ਤੇ ਲੋਕ ਕਤਾਰਾਂ ਬੰਨ੍ਹੀ ਖੜੋਤੇ ਸਨ । ਜਦੋਂ ਅਰਥੀ ਲੰਘੀ, ਲੋਕੀ ਉੱਚੀ-ਉੱਚੀ ਰੋਏ ਤੇ ਮੁਸਲਮਾਨਾਂ, ਹਿੰਦੂਆਂ ਤੇ ਸਿੱਖਾਂ ਨੇ ਆਪਣੇ ਆਪਣੇ ਤਰੀਕੇ ਨਾਲ ਪ੍ਰਾਰਥਾਨਾਵਾਂ ਕੀਤੀਆਂ। ਰਾਣੀਆਂ ਆਪਣੇ ਜ਼ੇਵਰ ਉਤਾਰਦੀਆਂ ਤੇ ਗਰੀਬਾਂ ਵੱਲ ਸੁਟਦੀਆਂ ਜਾਂਦੀਆਂ ਜਾ ਰਹੀਆਂ ਸਨ ।

ਅਰਥੀ ਨੂੰ ਬਾਦਸ਼ਾਹੀ ਮਸਜਦ ਹੇਠਾਂ ਦਰਵਾਜ਼ੇ ਦੇ ਨੇੜੇ ਬਾਗ਼ ਵਿਚ ਲਿਜਾਇਆ ਗਿਆ ਤੇ ਮਹਾਰਾਜੇ ਦੇ ਸ਼ਵ ਨੂੰ ਇਸ਼ਨਾਨ ਕਰਾਕੇ ਚੰਦਨ ਦੀ ਚਿਖਾ ਤੇ ਰਖਿਆ ਗਿਆ । ਘੰਟਾ ਭਰ ਸਭ ਲੋਕਾਂ ਨੇ ਆਪਣੇ ਆਪਣੇ ਤਰੀਕੇ ਨਾਲ ਪ੍ਰਾਰਥਨਾਵਾਂ ਕੀਤੀਆਂ, ਫੇਰ ਚਾਰ ਰਾਣੀਆਂ, ਰਾਣੀ ਕਟੋਚਾਂ ਦੇ ਪਿੱਛੇ ਪਿੱਛੇ ਰੋਂਦੀਆਂ ਚਿਖਾ ਵੱਲ ਟੁਰ ਕੇ ਗਈਆਂ । ਰਾਣੀ ਕਟੋਚਾਂ ਮਹਾਰਾਜੇ ਦੇ ਸਿਰ ਨੂੰ ਗੋਦੀ ਵਿਚ ਰਖ ਕੇ ਚਿਖਾ ਦੇ ਵਿਚਕਾਰ ਬੈਠ ਗਈ, ਦੂਜੀਆਂ ਤਿੰਨ ਰਾਣੀਆਂ ਆਲੇ-ਦੁਆਲੇ ਬੈਠ ਗਈਆਂ ਤੇ ਉਨ੍ਹਾਂ ਦੇ ਆਲੇ-ਦੁਆਲੇ ਸੱਤ ਨੋਕਰਾਣੀਆਂ ਬੈਠ ਗਈਆਂ । ਲੰਬੂ ਲਾਣ ਤੋਂ ਪਹਿਲਾਂ ਰਾਣੀ ਕਟੋਚਾਂ ਨੇ ਖੜਕ ਸਿੰਘ ਤੇ ਧਿਆਨ ਸਿੰਘ ਨੂੰ ਬੁਲਾਇਆ ਤੇ ਧਿਆਨ ਦਾ ਹੱਥ ਮਹਾਰਾਜੇ ਦੀ ਛਾਤੀ ਤੇ ਰਖਵਾ ਕੇ ਉਸ ਪਾਸੋਂ ਉੱਚੀ ਆਵਾਜ਼ ਵਿਚ ਸੁਗੰਧ ਚੁਕਾਈ ਕਿ ਉਹ ਖੜਕ ਸਿੰਘ ਨਾਲ ਮਿੱਤਰਤਾ ਰਖੇਗਾ ਤੇ ਉਸ ਦੀ ਸਹਾਇਤਾ ਕਰਦਾ ਰਹੇਗਾ। ਇਸ ਤੋਂ ਬਾਅਦ ਉਸ ਖੜਕ ਸਿੰਘ ਤੋਂ ਵੀ ਸੋਂਹ ਚੁਕਾਈ ਕਿ ਉਹ ਕਦੀ ਵੀ ਰਾਜਾ ਧਿਆਨ ਸਿੰਘ ਦਾ ਵਿਰੋਧ ਨਹੀਂ ਕਰੇਗਾ। ਉਪਰੰਤ ਖੜਕ ਸਿੰਘ ਨੇ ਲਾਂਬੂ ਲਾਇਆ । ਥੋੜ੍ਹੀ ਦੇਰ ਬਾਅਦ ਕੁਝ ਹਲਕੀ ਜਿਹੀ ਬਰਖਾ ਹੋਈ। ਅਸਮਾਨ ਵਿਚੋਂ ਇਕ ਕਬੂਤਰਾਂ ਦਾ ਜੋੜਾ ਉਡਦਾ ਆਇਆ ਤੇ ਚਿਖਾ ਵਿਚ ਡਿੱਗ ਕੇ ਸਤੀ ਹੋ ਗਿਆ।

 

 

 

Credit – ਫ਼ਕੀਰ ਸੱਯਦ ਵਹੀਦਓੱਦੀਨ

Leave a Comment

error: Content is protected !!