ਮਹਿਣਾ
ਸਥਿਤੀ :
ਤਹਿਸੀਲ ਮੋਗੇ ਦਾ ਪਿੰਡ ਮਹਿਣਾ, ਮੋਗਾ – ਲੁਧਿਆਣਾ ਸੜਕ ਤੋਂ 6 ਕਿਲੋਮੀਟਰ ਦੂਰ ਅਤੇ ਮੋਗੇ ਰੇਲਵੇ ਸਟੇਸ਼ਨ ਤੋਂ 6 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ : –
ਇਹ ਪਿੰਡ ‘ਅਵਲ ਖੈਰ’ ਨੇ ਬੰਨ੍ਹਿਆ ਸੀ ਜੋ ਮੋਗੇ ਦੇ ਗਿੱਲ ਗੋਤ ਦਾ ਸੀ। ਅਵਲ ਖੈਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ‘ਮਰਾਜ’ ਦੀ ਲੜਾਈ ਵਿੱਚ 500 ਜੁਆਨ ਤੇ ਇੱਕ ਰਾਸ਼ਨ ਦਾ ਗੱਡਾ ਲੈ ਕੇ ਗਿਆ ਸੀ। ਇਸ ਪਿੰਡ ਦੇ ਵੱਸਣ ਤੋਂ ਪਹਿਲੇ ਇੱਥੇ ਇੱਕ ‘ਮਹਿਣੇ ਸ਼ਾਹ’ ਨਾਂ ਦਾ ਫਕੀਰ ਤੱਤ ਕਰਿਆ ਕਰਦਾ ਸੀ, ਜਿਸ ਦੇ ਨਾਂ ਤੇ ਅੱਵਲ ਖੈਰ ਨੇ ਇਸ ਪਿੰਡ ਦਾ ਨਾਂ ਰੱਖਿਆ। ਇਸ ਪਿੰਡ ਦੇ ਚਾਰ ਬਜ਼ੁਰਗ, ਮੱਲਾ ਸਿੰਘ, ਰੋਡਾ ਸਿੰਘ, ਬਾਬਾ ਜੋਧਾ ਸਿੰਘ, ਬਾਬਾ ਖੜਕ ਸਿੰਘ ਨੇ ਆਪਣੇ ਸਾਥੀਆਂ ਸਮੇਤ ਪਿੰਡ ਲੰਡੇ ਕੇ ਦੀ ਧੱਲੇਕਿਆਂ ਨਾਲ ਲੜਾਈ ਵਿੱਚ ਮਦਦ ਕੀਤੀ ਜਦੋਂ ਉਹ ਉਹਨਾਂ ਨੂੰ ਪਿੰਡ ਬੰਨ੍ਹਣ ਨਹੀਂ ਸਨ ਦੇਂਦੇ। ਚਾਰੇ ਸ਼ਹੀਦ ਹੋ ਗਏ ਅਤੇ ਇਹਨਾਂ ਦੀਆਂ, ਸਮਾਧਾਂ ਪਿੰਡ ਵਿੱਚ ਹਨ। ਇਸ ਪਿੰਡ ਦੇ ਕਰਨੈਲ ਸਿੰਘ, ਨਾਨਕ ਸਿੰਘ ਅਤੇ ਪ੍ਰੀਤਮ ਸਿੰਘ ਨੇ ਅਜ਼ਾਦ ਹਿੰਦ ਫੌਜ ਵਿੱਚ ਹਿੱਸਾ ਲਿਆ ਅਤੇ ਸ਼ਹੀਦ ਹੋ ਗਏ। ਜੈਤੋ ਦੇ ਮੋਰਚੇ ਵਿੱਚ ਵੀ ਕਈ ਪਿੰਡ ਵਾਸੀਆਂ ਨੇ ਹਿੱਸਾ ਲਿਆ।
ਪਿੰਡ ਵਿੱਚ ਇੱਕ ਗੁਰਦੁਆਰਾ ‘ਅਮਰਗੜ੍ਹ ਪੜਾਉ ਮਹਿਣਾ ਹੈ ਇੱਥੇ ਗੁਰੂ ਅਮਰ ਦਾਸ ਜੀ ਆ ਕੇ ਠਹਿਰੇ ਸਨ। ਪਿੰਡ ਦੇ ਥਾਣੇ ਦੇ ਸਾਹਮਣੇ ਸੜਕ ਤੇ ਸ਼ੇਰ ਸ਼ਾਹ ਸੂਰੀ ਦੀ ਬਣਵਾਈ ਇੱਕ ਸਰਾਂ ਹੈ ਜੋ ਅਜ ਵੀ ਚੰਗੀ ਹਾਲਤ ਵਿੱਚ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ