ਮਹਿਲ ਕਲਾਂ
ਸਥਿਤੀ :
ਤਹਿਸੀਲ ਬਰਨਾਲਾ ਦਾ ਪਿੰਡ ਮਹਿਲ ਕਲਾਂ, ਬਰਨਾਲਾ-ਰਾਏਕੋਟ (ਲੁਧਿਆਣਾ) ਸੜਕ ਉੱਤੇ ਸਥਿਤ, ਬਰਨਾਲਾ ਰੇਲਵੇ ਸਟੇਸ਼ਨ ਤੋਂ 24 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ :
ਇਸ ਪਿੰਡ ਨੂੰ ਵੱਸਿਆਂ ਚਾਰ-ਸਾਢੇ ਚਾਰ ਸੌ ਸਾਲ ਹੋ ਗਏ ਹਨ। ਕਹਿੰਦੇ ਹਨ ਕਿ ਜੈਸਲਮੇਰ ਤੋਂ ‘ਰਾਏ ਕੇ’ ਪਿੰਡ ਹਠੂਰ ਵਾਲੀ ਥਾਂ ਤੇ ਆ ਕੇ ਟਿਕੇ। ਪਿੱਛੋਂ ਇੱਕ ਮੁਸਲਮਾਨ ਫ਼ਕੀਰ ਦੀ ਪ੍ਰੇਰਨਾ ਨਾਲ ਮੁਸਲਮਾਨ ਹੋ ਗਏ। ਉਨ੍ਹਾਂ ਦੇ ਅਧਿਕਾਰ ਵਿੱਚ ਬਠਿੰਡਾ ਤੋਂ ਰੋਪੜਾ ਤੱਕ ਦਾ ਇਲਾਕਾ ਸੀ, ਜਿਸ ਵਿੱਚ ਇਸ ਪਿੰਡ ਦਾ ਇਲਾਕਾ ਵੀ ਸ਼ਾਮਲ ਸੀ। ਇਸ ਪਿੰਡ ਦੇ ਮੋਢੀ, ਗੱਡ ਚਹਿਲ ਸਨ। ਆਸਾ ਭੱਠਲ, ਅਮਰੂ ਚੀਮਾ, ਬਖਤਾ ਚਹਿਲ ਖੁੱਡ ਕਲਾਂ ਤੋਂ ਅਤੇ ਕੰਗ ਧਾਲੀਵਾਲ ਪਿੰਡ ਹੰਡਿਆਇਆ ਤੋਂ ਉੱਠ ਕੇ ਆਏ ਤੇ ਇਨ੍ਹਾਂ ਨੇ ਰਾਏਕੋਟ ਦੇ ਹਾਕਮ, ਰਾਏ ਕਲਾ ਨੂੰ ਘੋੜਾ ਨਜ਼ਰਾਨਾ ਦੇ ਕੇ ਪਿੰਡ ਵਸਾਇਆ। ਸ਼ੁਰੂ ਵਿੱਚ ਇਸ ਨੂੰ ‘ਰਾਏ ਦੇ ਮਹਿਲ’ ਕਿਹਾ ਜਾਂਦਾ ਸੀ ਜੋ ਪਿੱਛੋਂ ਜਾ ਕੇ ਕੇਵਲ ‘ਮਹਿਲ’ ਹੀ ਸੱਦਿਆ ਜਾਣ ਲੱਗਿਆ। ਰਾਏਸਰ ਦੇ ਰਾਜਪੂਤ ਮਹਿਲਾਂ ਵਾਲਿਆਂ ਨੂੰ ਤੰਗ ਕਰਦੇ ਸਨ। ਇਸ ਲਈ ਪਿੰਡ ਵਾਲਿਆਂ ਨੇ ‘ਰਣੀਕੇ’ ਤੋਂ ਮਦਦ ਲਈ। ਕੁੱਝ ਦੇਰ ਬਾਅਦ ਰਣੀਕੇ ਵਾਲਿਆਂ ਨੇ 1832 ਵਿੱਚ ਵੱਖਰਾ ਪਿੰਡ ‘ਮਹਿਲ ਖ਼ੁਰਦ’ ਵਸਾ ਲਿਆ ਤੇ ਪਹਿਲਾ ਪਿੰਡ ‘ਮਹਿਲ ਕਲਾਂ ਹੋ ਗਿਆ।
ਇੱਥੇ ਛੇਵੇਂ ਗੁਰੂ ਸਾਹਿਬ, ਗੁਰੂ ਹਰਿਗੋਬਿੰਦ ਸਾਹਿਬ ਜੀ ਆਏ ਤਾਂ ਪਿੰਡ ਵਿੱਚੋਂ ਕਿਸੇ ਨੇ ਨਹੀਂ ਪੁੱਛਿਆ ਤੇ ਉਹ ਅੱਗੇ ਚਲੇ ਗਏ। ਜਦੋਂ ਪਿੰਡ ਦੇ ਸੇਠ ਕੜਾਹਾ ਮੱਲ ਨੂੰ ਪਤਾ ਲੱਗਿਆ ਤਾਂ ਉਹ ਪਿੱਛੇ ਜਾ ਕੇ ਗੁਰੂ ਜੀ ਨੂੰ ਮੋੜ ਲਿਆਇਆ ਤੇ ਸੇਵਾ ਕੀਤੀ। ਇੱਥੇ ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰਾ ਹੈ।
ਇੱਕ ਸਾਧਾਂ ਦਾ ਡੇਰਾ ਹੁੰਦਾ ਸੀ ਜਿੱਥੇ ਹੁਣ ‘ਕਲੇਰਾਂ ਵਾਲਿਆਂ’ ਦਾ ‘ਨਾਨਕਸਰ’ ਹੈ। ਹੋਰ ਪੁਰਾਣੇ ਸਥਾਨਾਂ ਵਿੱਚੋਂ ਨਾਥਾਂ ਦਾ ਡੇਰਾ, ਦੁਰਗਾ ਮੰਦਰ, ਮਸੀਤ ਅਤੇ ਸ਼ਿਵ ਮੰਦਰ ਹਨ। ਸਮੇਂ ਸਮੇਂ ਤੇ ਚਲੀਆਂ ਰਾਜਸੀ ਲਹਿਰਾਂ ਵਿੱਚ ਪਿੰਡ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ