ਮਹਿੰਦੀਪੁਰ
ਸਥਿਤੀ:
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਮਹਿੰਦੀਪੁਰ, ਨਵਾਂ ਸ਼ਹਿਰ-ਗੜ੍ਹਸ਼ੰਕਰ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 2 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਕਰੀਬਨ ਪੌਣੇ ਛੇ ਸੌ ਸਾਲ ਪਹਿਲਾਂ ਨਵਾਂ ਸ਼ਹਿਰ ਤੋਂ ਭਰਾਲ ਗੋਤ ਦੇ ਕਰਮੂ ਅਤੇ ਸਾਧੜਿਆਂ ਤੋਂ ਸਾਧੜਾ ਗੋਤ ਦੇ ਜੀਤੇ ਨੇ ਵਸਾਇਆ। ਜੀਤੇ ਨੇ ਪਿੰਡ ਦੀ ਵਲਗਣ ਵਲੀ ਅਤੇ ਜੀਤੇ ਨੇ ਮੋਹੜੀ ਗੱਡੀ। ਜਿੱਥੇ ਮੋਹੜੀ ਗੱਡੀ ਗਈ ਉੱਥੇ ਮਹਿੰਦੀ ਦੇ ਬੂਟੇ ਸਨ ਜਿਸ ਤੋਂ ਪਿੰਡ ਦਾ ਨਾਂ ਮਹਿੰਦੀਪੁਰ ਰੱਖਿਆ ਗਿਆ। ਇਸ ਪਿੰਡ ਦਾ ਲਗਾਨ ਇੱਕਲਾ ਜੀਤੇ ਨੇ ਤਾਰਿਆ ਅਤੇ ਪਿੰਡ ਨੂੰ ਵਸਾਣ ਦੀ ਖਾਤਰ ਕੋਈ ਮੌਰਸੀ ਨਹੀਂ ਬਿਠਾਏ ਬਲਕਿ ਜਿੰਨੀ ਕਿਸੇ ਨੇ ਜ਼ਮੀਨ ਵੱਲ ਲਈ ਉਸਨੂੰ ਉਸਦੀ ਮਾਲਕੀ ਦੇ ਦਿੱਤੀ। ਇੱਥੇ ਇੱਕ ਲੁਬਾਣੇ ਬਰਾਦਰੀ ਦੇ ਬੰਦੇ ਨੇ ਖੂਹ ਲੁਆਇਆ ਸੀ ਅਤੇ ਉਸਦੀ ਭੈਣ ਨੇ ਬਾਉਲੀ ਬਣਵਾਈ ਸੀ।
ਪਿੰਡ ਵਿੱਚ ਕਈ ਪੀਰਾਂ ਦੇ ਸਥਾਨ ਹਨ। ਇੱਕ ‘ਲੱਖਾਂ ਦੇ ਦਾਤੇ’ ਸੁਲਤਾਨ ਦੇ 4 ਬਾਨ ਹਨ, ਮੁੱਖ ਜਗ੍ਹਾ ਨੂੰ ਪੰਜ ਪੀਰ ਕਿਹਾ ਜਾਂਦਾ ਹੈ। ਇੱਕ ਜ਼ਾਹਰ ਪੀਰ ਅਤੇ ਬਾਬੇ ਕੇਸਰ ਦੀ ਸਮਾਧ ਹੈ ਜਿਸਦੀ ਲੋਕ ਬਹੁਤ ਮਾਨਤਾ ਕਰਦੇ ਹਨ। ਪੰਜ ਪੀਰੀ ਜਗ੍ਹਾ ਤੇ ਹਰ ਸਾਲ ਰੱਖੜੀ ਵਾਲੇ ਦਿਨ ਇੱਕ ਟੋਲੀ ਕਾਰਾਂ ਮੰਗਣ ਚੜ੍ਹਦੀ ਹੈ। ਇਹ ਇੱਕ ਢੱਡ ਵਰਗਾ ਸਾਜ਼ ਡੋਰੂ ਵਜਾਉਂਦੇ ਹਨ ਅਤੇ ਗੁੱਗਾ ਜ਼ਾਹਰ ਪੀਰ ਦੀ ਜੀਵਨੀ ਗਾਉਂਦੇ ਹਨ। ਲੋਕੀ ਸ਼ਰਧਾ ਨਾਲ ਦਾਨ ਦੇਂਦੇ ਹਨ। ਨੌਵੇਂ ਦਿਨ (ਗੁੱਗਾਂ ਨੌਵੀ ਵਾਲੇ ਦਿਨ) ਪਿੰਡ ਵਿੱਚ ਯੱਗ ਕਰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ