ਮਹੇਸਰੀ
ਸਥਿਤੀ :
ਤਹਿਸ਼ੀਲ ਮੋਗਾ ਦਾ ਪਿੰਡ ਮਹੇਸਰੀ, ਮੋਗਾ – ਫਿਰੋਜ਼ਪੁਰ ਸੜਕ ਤੋਂ 1 ਕਿਲੋਮੀਟਰ ਹੈ ਅਤੇ ਰੇਲਵੇ ਸਟੇਸ਼ਨ ਮਹੇਸ਼ਰੀ ਸੰਧੂਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਇਤਿਹਾਸ ਬਹੁਤ ਪੁਰਾਣਾ ਹੈ। ਸੰਮਤ 1923 ਬਿਕਰਮੀ ਤੋਂ ਦੋ ਸਾਲ ਪਹਿਲਾਂ ਇਸ ਪਿੰਡ ਦੀ ਮੋੜੀ ਗੱਡੀ ਗਈ। ਸਿੱਖ ਮਿਸਲਾਂ ਵੇਲੇ ਜਦੋਂ ਇਹ ਇਲਾਕਾ ਸੂਬਾ ਸਰਹੰਦ ਦੇ ਪਰਗਣਾ ਤਿਹਾੜਾ ਵਿੱਚ ਸ਼ਾਮਲ ਸੀ ਤਾਂ ਇਹ ਚਾਰ ਭਰਾਵਾਂ ਸਦਾ ਸਿੰਘ, ਕਰਮ ਸਿੰਘ, ਦਿਆਲ ਸਿੰਘ ਗਰਚਾ ਅਤੇ ਨਾਹਰ ਸਿੰਘ ਅਨੰਦਪੁਰੀ ਦੀ ਵੰਡ ਵਿੱਚ ਆ ਗਿਆ। ਪਹਿਲੇ ਦੋ ਬੇਔਲਾਦੇ ਸਨ, ਦਿਆਲ ਸਿੰਘ ਦੀ ਵਿਰਾਸਤ ਉਸ ਦੀ ਲੜਕੀ ‘ਮਹੇਸਰੀ’ ਨੂੰ ਮਿਲੀ। ਇਸ ਲੜਕੀ ਦੇ ਨਾਂ ਤੇ ਪਿੰਡ ਦਾਂ ਨਾਂ ‘ਮਹੇਸਰੀ’ ਪਿਆ। ਸਾਰਾ ਪਿੰਡ ਸੰਧੂ ਗੋਤ ਦਾ ਹੈ ਅਤੇ ਇਹ ਆਪਣੇ ਵਡਿਕੇ ਕਾਹਨਾ ਕਾਛਾ ਜ਼ਿਲ੍ਹਾ ਲਾਹੌਰ ਤੋਂ ਆ ਕੇ ਆਬਾਦ ਹੋਏ ਦੱਸਦੇ ਹਨ। ਸੰਨ 1909 ਵਿੱਚ ਪਿੰਡ ਨਾਲ ਰੇਲਵੇ ਲਾਈਨ ਤੇ ਰੇਲਵੇ ਸਟੇਸ਼ਨ ਬਣਿਆ ਜਿਸ ਦਾ ਨਾਂ ਚੋਟੀਆਂ ਕਲਾਂ ਪਿਆ। ਸੰਨ 1970 ਵਿੱਚ ਇੱਕ ਕਰਮਚਾਰੀ ਦੀ ਹਿੰਮਤ ਨਾਲ ਸਟੇਸ਼ਨ ਦਾ ਨਾਂ ਬਦਲਕੇ ‘ਮਹੇਸਰੀ ਸੰਧੂਆਂ’ ਕਰਵਾਇਆ ਗਿਆ।
ਅਜ਼ਾਦੀ ਦੀ ਲਹਿਰ ਵਿੱਚ ਪਿੰਡ ਦਾ ਬੜਾ ਯੋਗਦਾਨ ਹੈ। ਇੱਥੋਂ ਦਾ ਮਸ਼ਹੂਰ ਕਮਿਊਨਿਸ਼ਟ ਲੀਡਰ ਬਾਬਾ ਨਿਧਾਨ ਸਿੰਘ ਸੀ। ਉਹ 33 ਸਾਲ ਅਮਰੀਕਾ ਅਤੇ ਰੂਸ ਵਿੱਚ ਰਿਹਾ ਅਤੇ ਗਦਰ ਲਹਿਰ ਵਿੱਚ ਸ਼ਾਮਲ ਹੋ ਕੇ ਤਨ ਮਨ ਧਨ ਨਾਲ ਸੇਵਾ ਕੀਤੀ। ਬਾਬਾ ਜੀ ਦੀ ਬਰਸੀ 24 ਜੂਨ ਨੂੰ ਹਰ ਸਾਲ ਮਨਾਈ ਜਾਂਦੀ ਹੈ। ਪਿੰਡ ਦੇ ਲੋਕਾਂ ਨੇ ਅਕਾਲੀ ਲਹਿਰ, ਜੈਤੋਂ ਦਾ ਮੋਰਚਾ ਅਤੇ ਖੁਸ਼ ਹਸੀਅਤੀ ਟੈਕਸ ਲਹਿਰ ਵਿੱਚ ਹਿੱਸਾ ਲਿਆ।
ਚੇਤ ਦੇ ਮਹੀਨੇ ਦੀ ਮੱਸਿਆ ਤੋਂ ਅਗਲੇ ਦਿਨ ਮਰ੍ਹਾਣੇ ਦਾ ਮੇਲਾ ਲੱਗਦਾ ਹੈ। ਸੰਧੂ ਗੋਤ ਦੇ ਜੱਟ ਦੂਰੋਂ ਦੂਰੋਂ ਮੇਲੇ ਵਿੱਚ ਸ਼ਾਮਲ ਹੁੰਦੇ ਹਨ। ਪਹਿਲਾਂ ਅਖੰਡ ਪਾਠ ਦਾ ਭੋਗ ਪੈਂਦਾ ਹੈ। ਫਿਰ ਬਾਬੇ ਕਾਲੇ ਮਹਿਰ ਦੇ ਮੱਠ ਤੇ ਨਵ-ਵਿਆਹੁਤਾ ਜੋੜੇ ਮੱਥਾ ਟੇਕਦੇ ਹਨ। ਸੁੱਖਾਂ ਲਾਹੀਆਂ ਜਾਂਦੀਆਂ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ