ਮਾਹਲ ਗੈਹਲਾ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਮਾਹਲ ਗੈਹਲਾ, ਬੰਗਾ-ਗੜ੍ਹ ਸ਼ੰਕਰ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਬੰਗਾ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ वै।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਬੰਨ੍ਹਣ ਵਾਲੇ ਗਹਦੋ, ਸੇਹਜੂ, ਟੇਸੂ ਅਤੇ ਗੈਹਲਾ ਨਾਂ ਦੇ ਚਾਰ ਭਰਾ ਸਨ ਜਿਨ੍ਹਾਂ ਦਾ ਗੋਤ ਮਾਹਲ ਸੀ। ਇਹ ਸਿਰਸਾ ਕੋਲੋਂ ਪਿੰਡ ਤਾਜੀਆਂ ਤੋਂ ਆਏ ਸਨ। ਜਿੱਥੇ ਇਹ ਪਹਿਲੇ ਰਹਿੰਦੇ ਸਨ ਇਹਨਾਂ ਦੀ ਇੱਕ ਸੁੰਦਰ ਲੜਕੀ ਉਥੋਂ ਦੇ ਜਗੀਰਦਾਰ ਨੇ ਵਿਆਹ ਲਈ ਮੰਗੀ। ਇਹਨਾਂ ਨੇ ਬਰਾਤ ਮੰਗਵਾ ਕੇ ਉਹਨਾਂ ਨੂੰ ਕੱਖ ਕਾਨਿਆਂ ਨਾਲ ਅੱਗ ਲਾ ਦਿੱਤੀ ਅਤੇ ਆਪ ਦਿੱਲੀ ਵੱਲ ਭੀਣ ਪਿੰਡ ਵਿੱਚ ਚਲੇ ਗਏ ਜੋ ਰਾਜਪੂਤ ਹਿੰਦੂਆਂ ਦਾ ਗੜ੍ਹ ਸੀ। ਉਥੋਂ ਕਿਸੇ ਲੜਾਈ ਕਰਕੇ ਇਸ ਪਿੰਡ ਵਾਲੀ ਥਾਂ ਤੇ ਆ ਵੱਸੇ। ਇੱਥੇ ਛੋਟੇ ਭਰਾ ਗੈਹਲੇ ਨੇ ਮੋੜ੍ਹੀ ਗੱਡੀ ਅਤੇ ਪਿੰਡ ਦਾ ਨਾਂ ਮਾਹਲ ਰੱਖਿਆ ਗਿਆ। ਥੋੜ੍ਹੀ ਦੇਰ ਬਾਅਦ ਛੋਟਾ ਭਰਾ ਨਰਾਜ਼ ਹੋ ਗਿਆ ਅਤੇ ਉਸਨੇ ਸ਼ਰਤ ਰੱਖੀ ਕਿ ਪਿੰਡ ਦਾ ਨਾਂ ਉਸਦੇ ਨਾਂ ਤੇ ਰੱਖਿਆ ਜਾਵੇ। ਵੱਡਿਆਂ ਭਰਾਵਾਂ ਨੇ ਉਸਦੀ ਗਲ ਮੰਨ ਕੇ ਪਿੰਡ ਦਾ ਨਾਂ ‘ਗੈਹਲੇ ਦੀਆਂ ਮਾਹਲਾ’ ਰੱਖ ਦਿੱਤਾ ਜੋ ਬਾਅਦ ਵਿੱਚ ‘ਮਾਹਲ ਗੈਹਲਾ’ ਪ੍ਰਚਲਿਤ ਹੋ ਗਿਆ।
ਇਸ ਪਿੰਡ ਵਿੱਚ ਇੱਕ ਪੁਰਾਤਨ ‘ਸ਼ਿਵ ਦਾ ਮੰਦਰ’ ਹੈ। ਇੱਥੇ ਪੱਦੀ ਮੱਟ ਵਾਲੀ ਦੇ ਸਵਾਮੀ ਨੇ ਬੰਦਗੀ ਕੀਤੀ ਸੀ। ਉਹਨਾਂ ਦੇ ਨਾਂ ਤੇ ਇੱਥੇ ਹਰ ਹੋਲੀ ਤੇ ਮੇਲਾ ਲਗਦਾ ਹੈ। ਭਾਈ ਰਾਜੂ ਦਾ ਸਥਾਨ, ਬਾਵਾ ਚੁਨਤਾ ਦਾ ਸਥਾਨ, ਲੱਖਾਂ ਦੇ ਦਾਤੇ ਦਾ ਮੁਕਾਮ ਅਤੇ ਤਿੰਨ ਗੁਰਦੁਆਰੇ ਲੋਕਾਂ ਦੀ ਸ਼ਰਧਾ ਦੇ ਸਥਾਨ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ