ਮਾੜੀ ਕੰਬੋਕੇ
ਸਥਿਤੀ :
ਤਹਿਸੀਲ ਪੱਟੀ ਦਾ ਪਿੰਡ ਮਾੜੀ ਕੰਬੋਕੇ, ਭਿੱਖੀਵਿੰਡ – ਮਾੜੀ ਕੰਬੋਕੇ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਪੱਟੀ ਤੋਂ 31 ਕਿਲੋਮੀਟਰ ਦੀ ਦੂਰੀ ‘ਤੇ ਸਥਿਤ है।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਵਾਲੀ ਜਗ੍ਹਾ ਤੇ ਇੱਕ ਕੰਬੋ ਨਾਂ ਦੇ ਪੁਰਾਣੇ ਵਿਅਕਤੀ ਦਾ ਮਹਿਲ ਹੁੰਦਾ ਸੀ ਜਿਸ ਦੇ ਆਲੇ ਦੁਆਲੇ ਵਸੋਂ ਹੋ ਗਈ ਅਤੇ ਇਸਦਾ ਨਾਂ ‘ਮਾੜੀ ਕੰਬੋਕੇ’ ਪੈ ਗਿਆ। ਇਸ ਪਿੰਡ ਦਾ ਜੰਮਪਲ ਸੂਰਬੀਰ ਸੁੱਖਾ ਸਿੰਘ ਸੀ ਜਿਸ ਨੇ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਅਤੇ ਉੱਥੇ ਨਾਚੀਆਂ ਨਚਾਉਣ ਵਾਲੇ ਮੱਸਾ ਰੰਗੜ ਦਾ ਸਿਰ ਲਾਹਿਆ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਉਹ ਬੱਚਾ ਸੀ ਤਾਂ ਮੁਗਲਾਂ ਦੇ ਡਰ ਤੋਂ ਸੁੱਖਾ ‘ਸਿੰਘ ਦੇ ਮਾਪਿਆਂ ਨੇ ਉਸਦਾ ਸਿਰ ਘੋਨਮੋਨ ਕਰ ਦਿੱਤਾ । ਸੁੱਖਾ ਸਿੰਘ ਨੇ ਘਰਦਿਆਂ ਤੋਂ ਨਾਰਾਜ਼ ਹੋ ਕੇ ਖੂਹ ਵਿੱਚ ਛਾਲ ਮਾਰ ਦਿਤੀ, ਜਿੱਥੇ ਅਜਕਲ੍ਹ ਗੁਰਦੁਆਰਾ ਬਣਿਆ ਹੋਇਆ ਹੈ। 1 ਨੂੰ ਖੂਹ ਵਿਚੋਂ ਕੱਢਿਆ ਗਿਆ ਅਤੇ ਪਿੰਡ ਦੇ ਲੋਕਾਂ ਨੇ ਬੋਲੀ ਮਾਰੀ, “ਸੂਰਮੇ ਬੁਜ਼ਦਿਲਾਂ ਵਾਂਗੂ ਨਹੀਂ ਮਰਦੇ ਸਗੋਂ ਕੁਝ ਕਰਕੇ ਸ਼ਹੀਦ ਹੁੰਦੇ ਹਨ।” ਇਸ ਗੱਲ ਨੇ ਸੁੱਖੇ ਦੇ ਦਿਲ ਨੂੰ ਐਸਾ ਟੁੰਬਿਆ ਕਿ ਉਹ ਪਿੰਡ ਦੇ ਨੰਬਰਦਾਰ ਦੀ ਘੋੜੀ ਚੋਰੀ ਕਰਕੇ ਭੱਜ ਕੇ ਨਵਾਬ ਜੱਸਾ ਸਿਘ ਆਹਲੂਵਾਲੀਏ ਦੇ ਜੱਥੇ ਵਿੱਚ ਸ਼ਾਮਲ ਹੋਇਆ ਅਤੇ ਉਥੋਂ ਪ੍ਰੇਰਨਾ ਲੈ ਕੇ ਬਹਾਦਰ ਬਣਿਆ। ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਨੇ ਮੱਸੇ ਰੰਗੜ ਦਾ ਸਿਰ ਲਾਹੁਣ ਦੀ ਕਸਮ ਖਾਧੀ ਸੀ । ਬਾਬਾ ਸੁੱਖਾ ਸਿੰਘ ਦੀ ਯਾਦ ਵਿੱਚ ਬਣੇ ਇਤਿਹਾਸਕ ਗੁਰਦੁਆਰੇ ਅਤੇ ਸਰੋਵਰ ਦੀ ਸੇਵਾ ਬਾਬਾ ਖੜਕ ਸਿੰਘ ਜੀ ਨੇ ਕਰਵਾਈ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ