ਮੂਸਾਪੁਰ
ਸਥਿਤੀ :
ਤਹਿਸੀਲ ਜਲੰਧਰ ਦਾ ਪਿੰਡ ਮੁਸਾਪੁਰ, ਜਲੰਧਰ-ਹੁਸ਼ਿਆਰਪੁਰ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਖੁਰਦਪੁਰ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਸੰਨ 1192 ਈ. ਵਿੱਚ ਮਹੁੰਮਦ ਗੌਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਕੇ ਦਿੱਲੀ ਤੇ ਤਖਤ ਤੇ ਕਬਜ਼ਾ ਕਰ ਲਿਆ ਤਾਂ ਹਿੰਦੂ ਰਾਜਪੂਤ ਦਿੱਲੀ ਦਾ ਇਲਾਕਾ ਛੱਡ ਦੇ ਰਾਜਸਥਾਨ ਵੱਲ ਅਤੇ ਪੰਜਾਬ ਵੱਲ ਆ ਗਏ। ਪੰਜਾਬ ਵਿੱਚ ਆ ਕੇ ਇਹ ਪਿੰਡ ਜਵੱਦੀ ਜਿਲ੍ਹਾ ਲੁਧਿਆਣਾ ਵਿੱਚ ਆ ਕੇ ਠਹਿਰੇ ਤੇ ਉੱਥੋਂ ਵੱਖ ਵੱਖ ਥਾਵਾਂ ਤੇ ਖਿੰਡ ਗਏ। ਕੁਝ ਲੋਕ ਇਸ ਥਾਂ ਤੇ ਆ ਗਏ। ਇਸ ਇਲਾਕੇ ਦਾ ਹਾਕਮ ਉਸ ਵੇਲੇ ਮੂਸਾ ਸੀ । ਲੋਕਾਂ ਨੇ ਮੂਸਾ ਕੋਲੋਂ ਪਿੰਡ ਵਸਾਉਣ ਦੀ ਆਗਿਆ ਲੈ ਲਈ ਅਤੇ ਉਸਨੂੰ ਖੁਸ਼ ਕਰਨ ਲਈ ਉਸਦੇ ਨਾਂ ਤੇ ਹੀ ਪਿੰਡ ਦਾ ਨਾਂ ‘ਮੂਸਾਪੁਰ’ ਰੱਖ ਦਿੱਤਾ। ਕੰਦੋਲਾ ਗੋਤ ਦੇ ਇਸ ਪਿੰਡ ਦੇ ਸਾਰੇ ਲੋਕ ਦਿੱਲੀ ਵਲੋਂ ਉਜੜ ਕੇ ਇੱਥੇ ਆ ਕੇ ਵੱਸੇ ਹੋਏ ਹਨ।
ਇਸ ਪਿੰਡ ਵਿੱਚ ਪੂਜਣਯੋਗ ਹਸਤੀ ਬਾਬਾ ਸੁੰਦਰ ਦਾਸ ਹੋਏ ਹਨ ਜੋ ਬਹੁਤ ਪਹੁੰਚੇ ਹੋਏ ਸੰਤ ਫਕੀਰ ਸਨ। ਉਹਨਾਂ ਦੀ ਯਾਦ ਵਿੱਚ ‘ਗੁਰਦੁਆਰਾ ਬਾਬਾ ਸੁੰਦਰ ਦਾਸ’ ਬਣਿਆ ਹੋਇਆ ਹੈ। ਪਿੰਡ ਵਿੱਚ ਇੱਕ ਹੋਰ ਸ਼ਰਧਾ ਦਾ ਸਥਾਨ ‘ਨਾਥਾਂ’ ਦਾ ਗੁਰਦੁਆਰਾ ਹੈ। ਕਿਹਾ ਜਾਂਦਾ ਹੈ ਕਿ ਬਹੁਤ ਸਮਾਂ ਪਹਿਲਾਂ ਇੱਥੇ ਗੋਰਖਨਾਥ ਦੇ ਟਿੱਲੇ ਦੇ ਨਾਥ ਆ ਕੇ ਠਹਿਰਿਆ ਕਰਦੇ ਸਨ। ਨਾਥਾਂ ਨੇ ਆਪਣੇ ਹੱਥੀ ਇਸ ਪਿੰਡ ਵਿੱਚ ਤਲਾਅ ਬਣਾਇਆ ਸੀ ਜਿਸ ਦੇ ਖੰਡਰਾਤ ਅੱਜ ਵੀ ਪਿੰਡ ਵਿੱਚ ਮੌਜੂਦ ਹਨ।
ਅੰਗਰੇਜ਼ੀ ਰਾਜ ਸਮੇਂ ਇਸ ਪਿੰਡ ਕੋਲ 12 ਪਿੰਡਾਂ ਦੀ ਜ਼ੈਲਦਾਰੀ ਸੀ। ਪਿੰਡ ਦੇ . ਪ੍ਰਕਾਸ਼ ਸਿੰਘ ਅਤੇ ਚੈਨ ਸਿੰਘ ਅਜ਼ਾਦ ਹਿੰਦ ਫੌਜ ਦੇ ਮਹਾਨ ਘੁਲਾਟੀਏ ਸਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ