ਮੌ ਸਾਹਿਬ ਪਿੰਡ ਦਾ ਇਤਿਹਾਸ | Mao Sahib Village History

ਮੌ ਸਾਹਿਬ

ਮੌ ਸਾਹਿਬ ਪਿੰਡ ਦਾ ਇਤਿਹਾਸ | Mao Sahib Village History

ਫਿਲੌਰ ਤਹਿਸੀਲ ਦਾ ਪਿੰਡ ਮੌ ਸਾਹਿਬ, ਫਿਲੌਰ – ਤਲਵਣ ਸੜਕ ‘ਤੇ ਸਥਿਤ ਰੇਲਵੇ ਸਟੇਸ਼ਨ ਪਰਤਾਬਪੁਰਾ ਤੋਂ 4 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਸ ਪਿੰਡ ਵਾਲੀ ਜਗ੍ਹਾ ‘ਤੇ ਪੁਰਾਣੇ ਖੰਡਰਾਂ ਤੋਂ ਪਤਾ ਲੱਗਦਾ ਹੈ ਕਿ ਇੱਥੇ ਕਿਸੇ ਵੇਲੇ ਇੱਕ ਵੱਡਾ ਸ਼ਹਿਰ ਵੱਸਦਾ ਸੀ ਜਿਸਦਾ ਨਾਂ ਮਮੇਲਾ ਦੱਸਿਆ ਜਾਂਦਾ ਹੈ। 12 ਕੋਹ ਲੰਬਾ ਇਹ ਸ਼ਹਿਰ ਇੱਕ ਪਾਸੇ ਨਗਰ ਤੇ ਦੂਸਰੇ ਪਾਸੇ ਤਲਵਣ ਤੱਕ ਫੈਲਿਆ ਹੋਇਆ ਸੀ।

ਕਿਹਾ ਜਾਂਦਾ ਹੈ ਕਿ ਮਮੋਲੇ ਦੇ ਰਾਜੇ ਅਦਲੀ ਨੇ ਹੀਰ-ਰਾਂਝੇ ਦੇ ਨਿਕਾਹ ਦਾ ਫੈਸਲਾ ਕਰਨ ਵੇਲੇ ਖੇੜਿਆਂ ਤੋਂ ਰਿਸ਼ਵਤ ਲੈ ਕੇ ਫੈਸਲਾ ਉਹਨਾਂ ਦੇ ਹੱਕ ਵਿੱਚ ਕਰ ਦਿੱਤਾ ਸੀ ਤੇ ਹੀਰ ਨੇ ਮਮੋਲੇ ਨੂੰ ਢਹਿ ਜਾਣ ਦਾ ਸਰਾਪ ਦਿੱਤਾ ਸੀ। ਸ਼ਹਿਰ ਸਚਮੁੱਚ ਹੀ ਤਬਾਹ ਹੋ ਗਿਆ ਤੇ ਜਦੋਂ ਦੁਬਾਰਾ ਉਸਰਿਆ ਤਾਂ ਇਸ ਦਾ ਨਾਂ ‘ਮਊਆ’ ਪੈ ਗਿਆ ਫੇਰ ਹੌਲੀ ਹੌਲੀ “ਮਾਉਂ ਤੋਂ ਮੌ ਰਹਿ ਗਿਆ। ਗੁਰੂ ਅਰਜਨ ਦੇਵ ਜੀ ਦਾ ਇੱਥੇ ਮਾਤਾ ਗੰਗਾ ਜੀ ਨਾਲ ਵਿਆਹ ਹੋਣ ਕਰਕੇ ਇਸ ਦਾ ਨਾਂ ‘ਮੌ ਸਾਹਿਬ’ ਪੈ ਗਿਆ।

ਗੁਰੂ ਅਰਜਨ ਦੇਵ ਜੀ ਦੀ ਸ਼ਾਦੀ ਸਮੇਂ ਇਸ ਪਿੰਡ ਦੀ ਜ਼ਿਆਦਾ ਅਬਾਦੀ ਮੁਸਲਮਾਨਾਂ ਦੀ ਸੀ ਜੋ ਬਰਾਤ ਸਮੇਂ ਨਕਲਾਂ ਕਰਾਉਣੀਆਂ ਜਾਂ ਰਾਸ ਪਵਾਉਣੀਆਂ ਜ਼ਰੂਰੀ ਸਮਝਦੇ ਸਨ। ਬਰਾਤ ਵਿੱਚ ਸਭ ਸਿੱਧੇ ਸਾਧੇ ਭਗਤ ਲੋਕ ਸ਼ਾਮਲ ਸਨ ਤੇ ਪਿੰਡ ਵਾਲਿਆਂ ਨੂੰ ਬਰਾਤ ਪਸੰਦ ਨਾ ਆਈ ਤਾਂ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਪਿੰਡ ਵਿੱਚ ਹਰੇਕ ਵਿਆਂਦੜ ਨੂੰ ਪਹਿਲਾਂ ਕਿੱਲਾ ਪੁੱਟਣਾ ਪੈਂਦਾ ਹੈ। ਉਹਨਾਂ ਨੇ ਜੰਡ ਦੇ ਦਰਖਤ ਨੂੰ ਪੂਰੀ ਤਰ੍ਹਾਂ ਕੱਟ ਕੇ ਕਿੱਲੇ ਦੀ ਤਰ੍ਹਾਂ ਬਣਾ ਦਿੱਤਾ। ਗੁਰੂ ਜੀ ਦੇ ਇਹ ਕਹਿਣ ਦੇ ਬਾਵਜੂਦ ਕਿ ‘ਕਿੱਲੇ’ ਗੱਡੇ ਜਾਂਦੇ ਹਨ ਪੁੱਟੇ ਨਹੀਂ ਜਾਂਦੇ, ਪਿੰਡ ਵਾਲਿਆਂ ਨੇ ਗੁਰੂ ਜੀ ਨੂੰ ਕਿੱਲਾ ਪੁੱਟਣ ਲਈ ਮਜ਼ਬੂਰ ਕੀਤਾ। ਗੁਰੂ ਜੀ ਨੇ ਘੋੜੇ ਉੱਤੇ ਚੜ੍ਹ ਕੇ ਜੰਡ ਦੀ ਜੜ੍ਹ ਵਿੱਚ ਨੇਜ਼ਾ ਮਾਰਿਆ ਤੇ ਜੰਡ ਨੂੰ ਜੜ੍ਹੋਂ ਪੁੱਟ ਦਿੱਤਾ। ਜੋਰ ਲੱਗਣ ਕਰਕੇ ਘੋੜਾ ਉੱਥੇ ਹੀ ਮਰ ਗਿਆ ਤੇ ਨੇੜੇ ਹੀ ਉਸਦਾ ਸਸਕਾਰ ਕੀਤਾ ਗਿਆ ਜਿੱਥੇ ਘੋੜੇ ਦਾ ਗੁਰਦੁਆਰਾ ਬਣਿਆ ਹੋਇਆ ਹੈ। ਗੁਰੂ ਜੀ ਇਸ ਫਰੇਬ ਵਾਲੇ ਇਮਤਿਹਾਨ ਤੋਂ ਬਹੁਤ ਔਖੇ ਹੋਏ ਉਨ੍ਹਾਂ ਪਿੰਡ ਵਾਲਿਆਂ ਨੂੰ ਸਰਾਪ ਦੇ ਰੂਪ ਵਿੱਚ ਕਿਹਾ, “ਮਾਊ ਮਾਰੀ ਕਰਤਾਰ ਜਿੱਥੇ ਵਸਦੇ ਝੂਠੇ, ਸਿਰੀਂ ਜਿਨ੍ਹਾਂ ਦੇ ਟੋਪੀਆਂ ਹੱਥੀ ਫੜੇ ਠੂਠੇ” ਜੋ ਅੱਜ ਵੀ ਪ੍ਰਚਲਤ ਹੈ।

ਇਸ ਗਲ ਉਪੰਰਤ ਗੁਰੂ ਜੀ ਡੋਲਾ ਲਿਜਾਣ ਦੇ ਬਗੈਰ ਹੀ ਜਾਣ ਨੂੰ ਤਿਆਰ ਹੋ ਗਏ। ਪਰ ਮਾਤਾ ਗੰਗਾ ਦੇ ਇਹ ਆਖਣ ਤੇ ਕਿ ਇਸ ਸਾਰੀ ਗਲ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਹੈ, ਉਹ ਮੰਨ ਗਏ ਮਾਤਾ ਗੰਗਾ ਜੀ ਦੀ ਵੱਡੀ ਭੈਣ ਜੀ ਹਰਿਹਾਂ ਨੇ ਪਿੰਡ ਵਾਲਿਆਂ ਨੂੰ ਮੁਆਫ ਕਰਨ ਦੀ ਬੇਨਤੀ ਕੀਤੀ ਤੇ ਗੁਰੂ ਜੀ ਨੇ ਕਿਹਾ ਕਿ ਜੇ ਜੰਡ ਦੀ ਇੱਕ ਅੱਧ ਜੜ੍ਹ ਜ਼ਮੀਨ ਵਿੱਚ ਰਹਿ ਗਈ ਤੇ ਉਹ ਮੁੜ ਹਰਿਆ ਹੋ ਗਿਆ ਤਾਂ ਪਿੰਡ ਦਾ ਕੁਝ ਨਹੀਂ ਵਿਗੜੇਗਾ। ਇਹ ਦੋਵੇਂ ਅਜ ਵੀ ਸਲਾਮਤ ਹਨ। ਘੋੜੇ ਦੇ ਮਰਨ ਤੋਂ ਬਾਅਦ ਮੁਸਲਮਾਨ ਸੇਵਾਦਾਰ ਖਵਾਜ ਨੇ ਵੀ ਮੌ ਰਹਿਣ ਦੀ ਖਾਹਿਸ਼ ਪ੍ਰਗਟਾਈ ਜੋ ਗੁਰੂ ਜੀ ਨੇ ਮੰਨ ਲਈ। ਗੁਰਦੁਆਰੇ ਤੋਂ ਥੋੜੀ ਹਟਵੀਂ ਖਵਾਜਾ ਰੋਸ਼ਨ ਦੀ ਜਗ੍ਹਾ ਹੈ ਜਿਸ ਉਪਰ ਮੁਸਲਮਾਨਾਂ ਦਾ ਕਬਜ਼ਾ ਰਿਹਾ ਹੈ।

ਪਹਿਲੇ ਇੱਥੇ ਛੋਟਾ ਗੁਰਦੁਆਰਾ ਸੀ, 1933 ਵਿੱਚ ਮਾਸਟਰ ਤਾਰਾ ਸਿੰਘ ਨੇ ਹੁਣ ਵਾਲੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਸੀ। ਇਸ ਸ਼ਾਨਦਾਰ ਗੁਰਦੁਆਰੇ ਦੇ ਸਾਹਮਣੇ ਮਾਤਾ ਗੰਗਾ ਜੀ ਦਾ ਵੱਖਰਾ ਗੁਰਦੁਆਰਾ ਹੈ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!