ਮੰਢਾਲੀ ਪਿੰਡ ਦਾ ਇਤਿਹਾਸ | Mandhali Village History

ਮੰਢਾਲੀ

ਮੰਢਾਲੀ ਪਿੰਡ ਦਾ ਇਤਿਹਾਸ | Mandhali Village History

ਸਥਿਤੀ :

ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਮੰਢਾਲੀ ਬੰਗਾ – ਫਗਵਾੜਾ ਸੜਕ ਤੋਂ 2 ਕਿਲੋ ਮੀਟਰ ਦੂਰ ਹੈ ਜਿਸ ਨੂੰ ਮੰਢਾਲੀ ਸਟੇਸ਼ਨ ਹੀ ਲੱਗਦਾ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ

ਲਗਭਗ ਸਤਾਰਵੀਂ ਸਦੀ ਦੇ ਅੱਧ ਵਿੱਚ ਲੱਖੂ ਤੇ ਹੱਮੂ ਇੱਥੇ ਆ ਕੇ ਵੱਸੇ। ਬਦੇਸ਼ਾਂ ਗੋਤ ਦੇ ਇਹ ਬਜ਼ੁਰਗ ਫਤਿਹਗੜ੍ਹ ਚੂੜੀਆਂ (ਗੁਰਦਾਸਪੁਰ) ਦੇ ਸਨ। ਇਸ ਪਿੰਡ ਦਾ ਇਲਾਕਾ ਬੜਾ ਪਿੰਡ ਸਟੇਟ ਵਿੱਚ ਆਉਂਦਾ ਸੀ ਤੇ ਫਤਿਹਗੜ੍ਹ ਚੂੜੀਆਂ ਵਾਲਿਆਂ ਦੀ ਰਿਸ਼ੇਤਦਾਰੀ ਬੜਾ ਪਿੰਡ ਵਾਲਿਆਂ ਨਾਲ ਸੀ । ਇਸ ਜਗ੍ਹਾ ਤੇ ਇੱਕ ਪੁਰਾਣਾ ‘ਮੱਟ’ ਸੀ ਜਿਸ ਕਰਕੇ ਬਹੁਤਾ ਸਮਾਂ ਇਸ ਪਿੰਡ ਦਾ ਨਾਂ ‘ਮਟ ਵਾਲੀ’ ਹੀ ਪ੍ਰਚਲਤ ਰਿਹਾ ਜੋ ਹੌਲੀ ਹੌਲੀ ਮੰਢਾਲੀ ਬਣ ਗਿਆ।

ਸ਼ੁਰੂ ਤੋਂ ਹੀ ਇਹ ਪਿੰਡ ਦੇਸ਼ ਭਗਤ ਸਿਆਸਤ ਦਾ ਗੜ੍ਹ ਰਿਹਾ ਹੈ। ਮੁਗਲ ਰਾਜ ਸਮੇਂ ਜ਼ੁਲਮ ਕਰਨ ਵਾਲੇ ਚਾਰ ਅਧਿਕਾਰੀਆਂ ਨੂੰ ਕਤਲ ਕਰਕੇ ਲੋਕਾਂ ਨੇ ਖੂਹ ਵਿੱਚ ਸੁੱਟ ਕੇ ਖੂਹ ਪੂਰ ਦਿੱਤਾ ਸੀ ਤੇ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ। ਪਿੰਡ ਵਾਸੀਆਂ ਨੇ ਅਜ਼ਾਦੀ ਦੀਆਂ ਵੱਖ ਵੱਖ ਲਹਿਰਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਪਿੰਡ ਦੇ ਗਿਆਨੀ ਗੁਰਦਿੱਤ ਸਿੰਘ ਦਲੇਰ, ਐਡੀਟਰ ‘ਦੇਸ ਸੇਵਕ’ ਨੂੰ 1939 ਵਿੱਚ ਮੁਲਤਾਨ ਜੇਲ੍ਹ ਵਿੱਚ ਫਾਂਸੀ ਲਾਇਆ ਗਿਆ। 1939 ਵਿੱਚ ਲਾਹੌਰ ਕਿਸਾਨ ਮੋਰਚੇ ਵਿੱਚ ਇਸ ਪਿੰਡ ਦੇ ਦੋ ਜੱਥੇ ਗਏ। ਪਿੰਡ ਦੇ ਹਜੂਰਾ ਸਿੰਘ ਨੂੰ ਜੋ ਫੌਜ ਵਿੱਚ ਸਨ ਅੰਗਰੇਜ਼ ਵਿਰੋਧੀ ਕਾਰਵਾਈਆਂ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਜਿਨ੍ਹਾਂ ਦੀ ਮੁਜਫਰਗੜ੍ਹ ਪਾਕਿਸਤਾਨ ਜੇਲ੍ਹ ਵਿੱਚ ਤਸੀਹਿਆਂ ਕਾਰਨ ਮੌਤ ਹੋਈ। ਸ. ਰਤਨ ਸਿੰਘ ਅਕਾਲੀ ਨੂੰ ਗ੍ਰਿਫਤਾਰ ਕਰਕੇ ਕਿਊਲੀ ਕੈਂਪ ਵਿੱਚ ਰੱਖਿਆ ਗਿਆ। 1942 ਵਿੱਚ ਇਸ ਪਿੰਡ ਵਿੱਚ ਰਾਜ ਪੱਧਰ ਦੀ ਕਾਨਫਰੰਸ ਹੋਈ। 1959 ਦੇ ਬੈਟਰ ਮੈਂਟ ਲੈਵੀ ਮੋਰਚੇ ਵਿੱਚ ਪਿੰਡ ਦੇ 35-40 ਵਿਅਕਤੀ ਗਏ ਜਿਹਨਾਂ ਵਿਚੋਂ ਕਈਆਂ ਦੀਆਂ ਜਾਇਦਾਦਾਂ ਵੀ ਕੁਰਕ ਹੋਈਆਂ।

ਪਿੰਡ ਦੇ ਚੜ੍ਹਦੇ ਪਾਸੇ ਮੁਸਲਮਾਨਾਂ ਦਾ ਪ੍ਰਸਿੱਧ ਤੀਰਥ ‘ਸਾਈਂ ਦਾ ਰੋਜ਼ਾ’ ਹੈ ਜਿੱਥੇ ਹਰ ਵੀਰਵਾਰ ਮੇਲਾ ਲੱਗਦਾ ਹੈ ਤੇ ਸਾਲ ਵਿੱਚ 15-20 ਹਾੜ ਬਹੁਤ ਵੱਡਾ ਮੇਲਾ ਲੱਗਦਾ ਹੈ ਤੇ ਪਾਕਿਸਤਾਨ ਤੋਂ ਵੀ ਬਹੁਤ ਲੋਕ ਆਉਂਦੇ ਹਨ। ਪਿੰਡ ਵਿੱਚ ਇੱਕ 1910 ਵਿੱਚ ਸੁਰਗਵਾਸ ਹੋ ਗਏ ਅਬਦੁਲਾ ਸ਼ਾਹ ਦੀ ਮਜ਼ਾਰ ਹੈ ਜਿਹਨਾਂ ਨੇ ਇਹ ਰੋਜ਼ਾ ਬਣਾਇਆ ਸੀ। 1933 ਵਿੱਚ ਨਮਾਜ਼ ਲਈ ਇੱਕ ਵੱਖਰੀ ਮਸਜ਼ਿਦ ਬਣਾਈ ਗਈ ਸੀ ਜੋ ਇਮਾਰਤ ਸਾਜੀ

ਕਲਾ ਦਾ ਇੱਕ ਨਮੂਨਾ ਹੈ। 1947 ਦੀ ਵੰਡ ਵੇਲੇ ਇੱਥੇ ਕੋਈ ਖੂਨ ਖਰਾਬਾ ਨਹੀਂ ਹੋਇਆ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!