ਮੱਲ ਕੇ
ਸਥਿਤੀ :
ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਮੱਲ ਕੇ, ਮੋਗਾ – ਕੋਟਕਪੂਰਾ ਸੜਕ ਤੋਂ 5 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਕੋਟਕਪੂਰਾ ਤੋਂ 13 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਮੋੜੀ ਗੱਡ ‘ਬਾਬਾ ਘਮੰਡਾ ਰਾਮ’ ਦੱਸਿਆ ਜਾਂਦਾ ਹੈ ਜਿਸ ਦੀ ਮਾਨਤਾ ਸਾਰੇ ਇਲਾਕੇ ਵਿੱਚ ਹੈ। ਪਿੰਡ ਵਿੱਚ ਬਾਬੇ ਘਮੰਡੇ ਦੀ ਸਮਾਧ ਹੈ। ਕਿਹਾ ਜਾਂਦਾ ਹੈ ਕਿ ਬਾਬੇ ਘਮੰਡੇ ਨੇ ਪਿੰਡ ਦੇ ਵਡੇਰਿਆਂ ਨੂੰ ਪਿੰਡ ਦੇ ਨਾਲ ਟਿੱਬੀ ਤੇ ਵੱਸਣ ਲਈ ਕਿਹਾ ਤੇ ਪਿੰਡ ਦੀ ਮੋੜ੍ਹੀ ਗੱਡੀ ਕੇ ਆਪ ਗਜਾ ਕਰਨ ਚਲਾ ਗਿਆ। ਜਦ ਕਈ ਦਿਨਾਂ ਬਾਅਦ ਵਾਪਸ ਆਇਆ ਤਾਂ ਵੇਖਿਆ ਕਿ ਪਿੰਡ ਵਾਲੇ ਲੁੱਟਾਂ ਖੋਹਾਂ ਤੋਂ ਡਰਦੇ ਟਿੱਬਿਓਂ ਉੱਠ ਕੇ ਅੱਜ ਵਾਲੀ ਥਾਂ ਛੱਪੜ ਕੋਲ ਆ ਬੈਠੇ। ਇਹ ਵੇਖ ਕੇ ਬਾਬੇ ਘਮੰਡੇ ਨੇ ਕਿਹਾ “ਜੇ ਤੁਸੀਂ ਉਸੇ ਟਿੱਬੀ ਤੇ ਬੈਠੇ ਰਹਿੰਦੇ ਤਾਂ ਮਲਕ ਸ਼ਹਿਰ ਬਣਨਾ ਸੀ, ਪਰ ਹੁਣ ਮਲੱਕਿਆਂ ਦੇ ਮੱਲ ਕੇ ਰਹਿ ਗਏ। ” ਇਸ ਤਰ੍ਹਾਂ ਪਿੰਡ ਦਾ ਨਾਂ ‘ਮੱਲ ਕੇ’ ਪੈ ਗਿਆ।
ਬਾਬੇ ਘਮੰਡੇ ਦੀ ਸਮਾਧ ਤੇ ਵਿਸਾਖੀ ਨੂੰ ਮੇਲਾ ਲੱਗਦਾ ਹੈ ਅਤੇ ਲੋਕ ਉਸ ਦਿਨ ਮਿੱਟੀ ਕੱਢਦੇ, ਪਰਸ਼ਾਦ ਚੜ੍ਹਾਉਂਦੇ ਹਨ ਤੇ ਸੁੱਖਾਂ ਪੂਰਦੇ ਹਨ। ਇਲਾਕੇ ਵਿੱਚ ਮੱਲ ਕੇ ਦੀ ਪ੍ਰਸਿਧਤਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਦਾ ਸੁਹਰਾ ਪਿੰਡ ਹੋਣ ਕਾਰਨ ਹੈ। ਬੀਬੀ ਰਾਮ ਕੌਰ ਦੇ ਪਿਤਾ ਸ. ਸੇਮਾ ਸਿੰਘ ਨੂੰ ਵਿਦਿਆ ਦਾ ਬਹੁਤ ਸ਼ੌਕ ਸੀ ਤੇ ਉਹਨਾਂ ਨੇ ਆਪਣੇ ਤੌਰ ਤੇ ਪਿੰਡ ਵਿੱਚ ਲੜਕੀਆਂ ਦਾ ਪ੍ਰਾਇਮਰੀ ਸਕੂਲ ਖੋਲ੍ਹਿਆ ਸੀ। ਰਾਮ ਕੌਰ ਤੇ ਉਹਨਾਂ ਦੀ ਭੈਣ ਉਸ ਸਕੂਲ ਵਿੱਚ ਪੜਾਉਂਦੀਆਂ ਸਨ। ਜੈਤੋਂ ਦੇ ਮੋਰਚੇ ਵਿੱਚ ਪਿੰਡ ਦੇ ਛੇ ਆਦਮੀਆਂ ਨੇ ਕੈਦ ਕੱਟੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ