ਰਮਾਣੇ ਧਾਲੀਵਾਲਾਂ ਦਾ ਉਪਗੋਤ ਹੈ । ਇਸ ਗੋਤ ਦਾ ਮੋਢੀ ਰਾਜਾ ਰਾਮ ਸੀ । ਰਾਜਾ ਰਾਮ ਇਕ ਸਿੱਧ ਕਾਲੂ ਨਾਥ ਦਾ ਭਤੀਜਾ ਸੀ । ਕਾਲੂ ਨਾਥ ਦਾ ਜਨਮ 1612 ਈਸਵੀਂ ਦੇ ਲਗਭਗ ਹੋਇਆ ਹੈ । ਕਾਲੂ ਨਾਥ ਦੇ ਦੂਜੇ ਭਰਾ ਦਾ ਨਾਮ ਚੀਖਾ ਸੀ । ਰਾਜਾ ਰਾਮ ਚੀਖੇ ਦਾ ਪੁੱਤਰ ਸੀ ।
ਮਾਝੇ ਦੇ ਅੰਮਿ੍ਤਸਰ ਖੇਤਰ ਵਿੱਚ ਨੀਲਪੁਰ ਧਾਲੀਵਾਲ ਭਾਈਚਾਰੇ ਦਾ ਪੁਰਾਣਾ ਪਿੰਡ ਸੀ । ਇਸ ਪਿੰਡ ਦਾ ਚੌਧਰੀ ਜੈਮਲ ਹੁੰਦਾ ਸੀ । ਉਸ ਦੇ ਪੁੱਤਰ ਕਾਲੂ ਨਾਥ ਅਤੇ ਚੀਖਾ ਸਨ । ਉਸ ਦਾ ਭਰਾ ਜੈਚੰਦ ਧਾਲੀਵਾਲ ਸੀ । ਜੈਮਲ ਦੀ ਮੌਤ ਤੋਂ ਮਗਰੋਂ ਉਸ ਦਾ ਭਰਾ ਜੈਚੰਦ ਆਪਣੇ ਭਤੀਜਿਆਂ ਨਾਲ ਬੁਰਾ ਸਲੂਕ ਕਰਨ ਲੱਗ ਪਿਆ । ਆਪਣੇ ਚਾਚਿਆਂ ਤੋਂ ਤੰਗ ਆਕੇ ਕਾਲੂ, ਚੀਖਾ ਤੇ ਇਨ੍ਹਾਂ ਦੀ ਮਾਂ ਮਾਲਵੇ ਦੇ ਜੰਗਲ ਦੇਸ਼ ਵਲ ਆ ਗਏ ਅੰਤ ਬਠਿੰਡੇ ਦੇ ਪਿੰਡ ਮੈਹਲਾਂ ਵਾਲੇ ਦੇ ਇਲਾਕੇ ਵਿੱਚ ਇਕ ਜੰਡ ਥੱਲੇ ਆਪਣਾ ਟਿਕਾਣਾ ਕਰ ਲਿਆ । ਇਸ ਸਥਾਨ ਤੇ ਕਾਲੂ ਨਾਥ ਨੇ 12 ਸਾਲ ਭਗਤੀ ਤੇ ਤਪੱਸਿਆ ਕੀਤੀ ਸੀ । ਮੈਹਲਾਂ ਮਾਨਾ ਦੀ ਮਾਲਕੀ ਸੀ । ਪਹਿਲਾਂ ਅਟੱਕ ਮਾਨ ਬਾਬੇ ਕਾਲੂ ਨਾਥ ਨਾਲ ਬਹੁਤ ਗੁੱਸੇ ਸੀ । ਉਹ ਇਨ੍ਹਾਂ ਨੂੰ ਏਥੋਂ ਕੱਢਣਾ ਚਾਹੁੰਦਾ ਸੀ । ਸ਼ਾਹ ਜਹਾਨ ਬਾਦਸ਼ਾਹ ਨੇ ਬਾਬੇ ਦੀ ਮਹਿਮਾ ਸੁਣਕੇ ਇਸ ਥਾਂ ਦਾ ਪੱਟਾ ਬਾਬੇ ਦੇ ਨਾਉਂ ਕਰ ਦਿੱਤਾ ।
ਕਾਲੂ ਨਾਥ ਦੇ ਭਗਤਾਂ ਨੇ ਬਾਬੇ ਨਾਲ ਕਈ ਕਰਾਮਾਤਾਂ ਵੀ ਜੋੜ ਦਿੱਤੀਆਂ ਸਨ । ਕਾਲੂ ਨਾਥ ਦੇ ਸ਼ਰਧਾਲੂਆਂ ਦੀ ਗਿਣਤੀ ਵੀ ਕਾਫੀ ਵੱਧ ਗਈ ਸੀ । ਅਟਕ ਮਾਨ ਨੇ ਆਪਣੀ ਧੀ ਪੰਜੀ ਦਾ ਰਿਸ਼ਤਾ ਕਾਲੂ ਨਾਥ ਦੇ ਛੋਟੇ ਭਾਈ ਚੀਖੇ ਨਾਲ ਕਰ ਦਿੱਤਾ । ਇਸ ਸਮੇਂ ਸਨਾਤਨੀ ਰਸਮ ਚਰਨ ਧੌਣ ਦੀ ਬੰਦ ਕਰ ਦਿੱਤੀ । ਨਵੀਂ ਰਸਮ ਗੋਡਾ ਧੋਣ ਦੀ ਚਾਲੂ ਹੋ ਗਈ । ਹੁਣ ਕੇਵਲ ਅਨੰਦ ਕਾਰਜ ਦੀ ਰਸਮ ਹੀ ਕੀਤੀ ਜਾਂਦੀ ਹੈ । ਅੱਟਕ ਮਾਨ ਦੇਵੀ ਦਾ ਭਗਤ ਸੀ । ਇੱਕ ਰਵਾਇਤ ਅਨੁਸਾਰ ਉਸ ਨੂੰ ਦੁਰਗਾ ਦੇਵੀ ਨੇ ਖਾਨੇ ਝਿੱੜੀ ਵਿੱਚ ਆਪ ਆਕੇ ਦਰਸ਼ਨ ਦਿੱਤੇ ਸਨ । ਜਿਉਣਾ ਮੋੜ ਵੀ ਦੇਵੀ ਦਾ ਭਗਤ ਸੀ । ਮਾਨ ਅਤੇ ਭੁੱਲਰ ਹੀ ਇਸ ਇਲਾਕੇ ਵਿੱਚ ਪ੍ਰਧਾਨ ਸਨ । ਧਾਲੀਵਾਲ ਤੇ ਬਰਾੜ ਆਦਿ ਮਗਰੋਂ ਆਬਾਦ ਹੋਏ ਹਨ ।

ਕਾਲੂ ਨਾਥ ਦੇ ਭਾਈ ਚੀਖੇ ਦੇ ਘਰ ਰਾਜਾ ਰਾਮ ਪੈਦਾ ਹੋਇਆ । ਇਸ ਰਾਜਾ ਰਾਮ ਦੀ ਹੀ ਬੰਸ ਰਮਾਣੇ ਹਨ । ਰਮਾਣਾ, ਰੋਮਾਣਾ ਤੇ ਰੁਮਾਣਾ ਇਕੋ ਗੋਤ ਹੈ । ਠੀਕ ਸ਼ਬਦ ਰਮਾਣਾ ਹੈ । ਕਾਲੂ ਨਾਥ 7 ਮਹਾਨ ਤੇ ਸ਼ਕਤੀ ਵਾਲਾ ਸਿੱਧ ਸੀ । ਰਾਮ ਚੰਦ ਬ੍ਰਾਹਮਣ ਨੂੰ ਇਸ ਖੇਤਰ ਵਿੱਚ ਹੀ ਗੰਗਾ ਪ੍ਰਗਟ ਕਰਕੇ ਵਿਖਾਈ । ਕਾਲੂ ਨਾਥ ਨਥਾਣੇ ਰਹਿੰਦਾ ਸੀ ਉਸਨੇ ਯੋਗ ਸਾਧਨਾ ਰਾਹੀਂ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਹੋਈਆਂ ਸਨ । ਇਹ ਵੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਉਨ੍ਹਾਂ ਦਾ ਸ਼ਰਧਾਲੂ ਤੇ ਸੇਵਕ ਬਣ ਗਿਆ ਸੀ । ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਗੁਰੂਸਰ ਮਹਿਰਾਜ (ਨਥਾਣਾ ਖੇਤਰ) ਵਾਲੀ ਜੰਗ ਲਾਹੌਰ ਦੀਆਂ ਫੌਜਾਂ ਨਾਲ ਲੜ ਰਹੇ ਸਨ ਤਾਂ ਕਾਲੂ ਨਾਥ ਤੇ ਉਸ ਦੇ ਭਰਾ ਚੀਖੇ ਨੇ ਗੁਰੂ ਸਾਹਿਬ ਦੇ ਲਸ਼ਕਰ ਲਈ ਦੁੱਧ ਤੇ ਲੰਗਰ ਦੀ ਸੇਵਾ ਕਰਕੇ ਗੁਰੂ ਸਾਹਿਬ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ । ਜੰਗ ਜਿੱਤਣ ਪਿੱਛੋਂ ਗੁਰੂ ਸਾਹਿਬ ਕਾਲੂ ਨਾਥ ਦੇ ਪਾਸ ਕਈ ਦਿਨ ਰਹੇ । ਕਾਲੂ ਨਾਥ ਨੂੰ ਨਾਥਾਂ ਦਾ ਨਾਥ ਹੋਣ ਦਾ ਬਚਨ ਕੀਤਾ । ਜਿਸ ਜਗ੍ਹਾ ਗੁਰੂ ਸਾਹਿਬ ਠਹਿਰੇ, ਉਸ ਸਥਾਨ ਪਰ ਸ਼ਾਨਦਾਰ ਗੁਰਦੁਆਰਾ ਬਣਿਆ ਹੋਇਆ ਹੈ । ਜਿੱਥੇ ਹਰ ਸਾਲ ਚੇਤ ਚੌਦਸ ਨੂੰ ਭਾਰੀ ਮੇਲਾ ਲੱਗਦਾ ਹੈ । ਰਮਾਣੇ ਗੋਤ ਦੇ ਲੋਕ ਇਸ ਮੇਲੇ ਵਿੱਚ ਜ਼ਰੂਰ ਸ਼ਾਮਿਲ ਹੁੰਦੇ ਹਨ। ਕਿਉਂਕਿ ਕਾਲੂ ਨਾਥ ਦੇ ਪ੍ਰਭਾਵ ਕਾਰਨ ਰਾਜਾ ਰਾਮ ਵੀ ਛੋਟੀ ਉਮਰ ਵਿੱਚ ਹੀ ਗੁਰੂ ਸਾਹਿਬ ਦਾ ਪੱਕਾ ਸ਼ਰਧਾਲੂ ਤੇ ਸੇਵਕ ਬਣ ਗਿਆ ਸੀ । ਗੁਰੂ ਜੀ ਨੇ ਖੁਸ਼ ਹੋਕੇ ਰਾਜਾ ਰਾਮ ਦਾ ਪਰਿਵਾਰ ਵੱਧਣ ਫੁਲਣ ਦਾ ਵਰ ਦਿੱਤਾ ਸੀ । ਇਸ ਵਰ ਦੇ ਕਾਰਨ ਹੀ ਰਾਜਾ ਰਾਮ ਦੀ ਬੰਸ ਦੇ ਧਾਲੀਵਾਲਾਂ ਨੇ ਆਪਣਾ ਅੱਡ ਗੋਤ ਚਾਲੂ ਕਰ ਲਿਆ । ਕਾਲੂ ਨਾਥ ਪਾਸ ਕੁਝ ਦਿਨ ਠਹਿਰ ਕੇ ਗੁਰੂ ਜੀ ਰਾਏ ਜੋਧ ਨਾਲ ਕਾਂਗੜ ਚਲੇ ਗਏ ਸਨ । ਰਾਜਾ ਰਾਮ ਦੇ ਪੁੱਤਰ ਬਿੱਧੀ ਚੰਦ ਤੇ ਬਾਲ ਚੰਦ ਐਸ਼ਪ੍ਰਸਤ ਤੇ ਅਭਿਮਾਨੀ ਬਣ ਗਏ । ਆਪਣੇ ਕਿਲ੍ਹੇ ਬਣਾਉਣੇ ਸ਼ੁਰੂ ਕਰ ਦਿੱਤੇ । ਇਨ੍ਹਾਂ ਨੇ ਬਠਿੰਡੇ ਪਾਸ ਰਮਾਣਾ ਪਿੰਡ ਬੰਨ ਲਿਆ । ਬਹੁਤੇ ਰਮਾਣੇ ਮਾਲਵੇ ਵਿੱਚ ਹੀ ਬਠਿੰਡੇ, ਮੁਕਤਸਰ, ਫਰੀਦਕੋਟ ਤੇ ਸੰਗਰੂਰ ਦੇ ਖੇਤਰਾਂ ਵਿੱਚ ਹੀ ਆਬਾਦ ਹਨ । ਇਨ੍ਹਾਂ ਦੇ ਪ੍ਰਸਿੱਧ ਪਿੰਡ ਰਮਾਣਾਂ ਕਲਾਂ, ਰਮਾਣਾ ਅਜੀਤ ਸਿੰਘ, ਜੋਧਪੁਰ ਰੁਮਾਣਾ, ਡਗੋਰਮਾਣਾ ਤੇ ਦਾਨਾ ਰਮਾਣਾ ਆਦਿ ਹਨ । ਰਾਜਸਤਾਨ ਦੇ ਗੰਗਾ ਨਗਰ ਤੇ ਹਨੂੰਮਾਨ ਖੇਤਰਾਂ ਵਿੱਚ ਵੀ ਰਮਾਣੇ ਭਾਈਚਾਰੇ ਦੇ ਲੋਕ ਕਈ ਪਿੰਡਾਂ ਵਿੱਚ ਵੱਸਦੇ ਹਨ । ਕੁਝ ਰਮਾਣੇ ਆਪਣਾ ਗੋਤ ਧਾਲੀਵਾਲ ਵੀ ਲਿਖਦੇ ਹਨ । ਸੰਗਰੂਰ ਇਲਾਕੇ ਦੇ ਪਿੰਡ ਧੌਲਾ ਵਿੱਚ ਰੁਮਾਣਿਆਂ ਦੇ ਮੁੱਖੀ ਦੀ ਸਮਾਧ ਪਿੰਡ ਦੇ ਪੂਰਬ ਵੱਲ ਡੇਰਾ ਰੁਮਾਣਾ ਦੇ ਨਾਮ ਨਾਲ ਮਸ਼ਹੂਰ ਹੈ । ਇਹ ਮਿਹਰ-ਮਿੱਠੇ ਦੀ ਬੰਸ ਨਾਲ ਨਾਰਾਜ਼ ਹੋਕੇ ਇਧਰ ਆਏ ਸਨ । ਪਿੰਡ ਨਥਾਣਾ ਵਿੱਚ ਬਾਬਾ ਕਾਲੂ ਨਾਥ ਦੀ ਯਾਦ ਵਿੱਚ ਹਰ ਸਾਲ ਭਾਰੀ ਮੇਲਾ ਲੱਗਦਾ ਹੈ । ਬਾਬਾ ਕਾਲੂ ਨਾਥ ਅੱਜ ਤੋਂ 400 ਸਾਲ ਪਹਿਲਾਂ ਹੋਇਆ ਸੀ । ਉਸ ਨੇ ਗੁਰੂ ਹਰਗੋਬਿੰਦ ਸਾਹਿਬ ਤੇ ਹੋਰ ਮਾਹਨ ਸਿੱਧਾਂ ਨਾਲ ਇਸ ਅਸਥਾਨਾਂ ਤੇ ਗੋਸ਼ਟੀਆਂ ਕੀਤੀਆਂ ਸਨ । ਜਿੱਥੇ ਇਸ ਸਮੇਂ ਬਾਬਾ ਕਾਲੂ ਨਾਥ ਦਾ ਮੰਦਿਰ ਹੈ, ਇਥੇ ਬੈਠ ਕੇ ਨਾਥ ਜੀ ਨੇ ਮਹਾਨ ਤਪੱਸਿਆ ਕੀਤੀ ਸੀ ਅਤੇ ਪਿੰਡ ਤੋਂ ਇਕ ਕਿਲੋਮੀਟਰ ਛਿਪਦੇ ਵੱਲ ਗੰਗਾ ਪ੍ਰਗਟ ਕੀਤੀ ਸੀ । ਇਸ ਗੰਗਾ ਦੇ ਤਲਾਬ ਵਿੱਚ ਕਾਲੂ ਨਾਥ ਦੇ ਭਾਈ ਦੀ ਬੰਸ ਦੇ ਰਮਾਣੇ ਆਪਣੇ ਮ੍ਰਿਤਕਾਂ ਦੇ ਫੁੱਲ ਜਲ ਪ੍ਰਵਾਹ ਕਰਦੇ ਹਨ ਅਤੇ ਇਸ਼ਨਾਨ ਕਰਦੇ ਹਨ । ਇਥੇ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਵਿੱਚ ਇੱਕ ਸ਼ਾਨਦਾਰ ਇਤਿਹਾਸਕ ਗੁਰਦੁਆਰਾ ਬਣਿਆ ਹੋਇਆ ਹੈ । ਗੁਰੂ ਜੀ ਮਾਲਵੇ ਦੇ ਇਸ ਖੇਤਰ ਵਿੱਚ ਬਿਕਰਮੀ ਸੰਮਤ 1688 ਤੋਂ 1692 ਤੱਕ ਸਮੇਤ ਪਰਿਵਾਰ ਚਾਰ ਪੰਜ ਸਾਲ ਰਹੇ ਸਨ ।
ਇਸ ਪਵਿੱਤਰ ਸਥਾਨ ਤੇ ਮੇਲਾ ਚਾਰ ਦਿਨ ਭਰਦਾ ਹੈ । ਚੇਤਰ ਵਦੀ ਤੇਰਸ ਨੂੰ ਸਵੇਰੇ ਢੋਲ ਵਜਾਕੇ ਮੇਲੇ ਦਾ ਸੱਦਾ ਦਿੱਤਾ ਜਾਂਦਾ ਹੈ । ਇਸ ਦਿਨ ਰਮਾਣੇ ਦੂਰ-ਦੂਰ ਤੋਂ ਆਕੇ ਮੰਦਿਰ ਵਿੱਚ ਚੌਕੀ ਭਰਦੇ ਹਨ ਅਤੇ ਅਗਲੀ ਸਵੇਰ ਗੰਗਾ ਦਾ ਇਸ਼ਨਾਨ ਕਰਕੇ ਮੱਥਾ ਟੇਕਦੇ ਹਨ । ਪ੍ਰਸ਼ਾਦ ਵਜੋਂ ਮੁੱਖ ਰੂਪ ਵਿੱਚ ਗੁੜ ਦੀਆਂ ਭੇਲੀਆਂ ਚੜ੍ਹਦੀਆਂ ਹਨ । ਨਕਦ ਚੜਾਵਾ ਵੀ ਚੜ੍ਹਦਾ ਹੈ । ਨਵੇਂ ਵਿਆਹਾਂ ਵਾਲੇ ਜੋੜੇ ਅਤੇ ਸੁਖਾਂ ਪੂਰੀਆਂ ਹੋਣ ਵਾਲੇ ਲੋਕ ਬੁਲੰਦ ਉੱਪਰ ਮਿੱਟੀ ਕੱਢ ਕੇ ਜਾਂਦੇ ਹਨ । ਮੱਸਿਆ ਦੇ ਦਿਨ ਇਲਾਕੇ ਦੇ ਲੋਕੀਂ ਮੇਲੇ ਵਿੱਚ ਸ਼ਾਮਿਲ ਹੁੰਦੇ ਹਨ । ਇਸ ਤੋਂ ਅਗਲੇ ਦਿਨ ਘੋਲ ਤੇ ਖੇਡਾਂ ਹੁੰਦੀਆਂ ਹਨ ।
ਮੇਲੇ ਦੇ ਅੰਤਲੇ ਦਿਨ ਕੇਵਲ ਔਰਤਾਂ ਦਾ ਹੀ ਮੇਲਾ ਹੁੰਦਾ ਹੈ । ਬਾਬੇ ਕਾਲੂ ਨਾਥ ਦੇ ਸ਼ਰਧਾਲੂ ਮਾਝੇ ਵਿੱਚ ਵੀ ਸਨ । ਸੱਠਿਆਲੇ ਪਿੰਡ ਦੀ ਮਾਈ ਨਾਥ ਜੀ ਦੀ ਬਹੁਤ ਸ਼ਰਧਾਲੂ ਸੀ । ਉਸ ਦੇ ਨਾਥ ਜੀ ਦੇ ਬਚਨ ਅਨੁਸਾਰ ਧੀਰਾ ਜੰਮਿਆ । ਜਦੋਂ ਧੀਰਾ ਵੱਡਾ ਹੋਇਆ ਤਾਂ ਉਸ ਦਾ ਆਪਣੇ ਮਤਰੇਏ ਭਰਾਵਾਂ ਨਾਲ ਝਗੜਾ ਹੋ ਗਿਆ ਸੀ । ਉਨ੍ਹਾਂ ਨੇ ਧੋਖੇ ਨਾਲ ਬਾਦਸ਼ਾਹ ਤੋਂ ਮੌਤ ਦੀ ਸਜ਼ਾ ਦਾ ਹੁਕਮ ਕਰਵਾ ਦਿੱਤਾ । ਧੀਰੇ ਨੇ ਬਾਬੇ ਕਾਲੂ ਨਾਥ ਦੇ ਨਾਮ ਦੀ ਸੁਖ ਸੁਖੀ । ਸੁਖ ਪੂਰੀ ਹੋ ਗਈ । ਧੀਰਾ ਛੁੱਟ ਗਿਆ । ਉਹ ਨਾਥ ਜੀ ਦੀ ਸੇਵਾ ਵਿੱਚ ਨਥਾਣੇ ਆਕੇ ਹਾਜ਼ਰ ਹੋ ਗਿਆ । ਕਈ ਦਿਨ ਸੇਵਾ ਕੀਤੀ ਫੇਰ ਨਾਥ ਜੀ ਦੀ ਆਗਿਆ ਨਾਲ ਰਾਜਾ ਰਾਮ ਦੇ ਛੋਟੇ ਪੁੱਤਰ ਰੂਪ ਚੰਦ ਨੂੰ ਆਪਣੇ ਨਾਲ ਲੈ ਗਿਆ । ਉਸ ਨੂੰ ਆਪਣੀ ਜ਼ਮੀਨ ਵਿੱਚੋਂ ਪੰਜ ਖੂਹ ਜਾਇਦਾਦ ਦੇ ਦਿੱਤੀ । ਹੁਣ ਰੂਪ ਚੰਦ 168 ਦੀ ਬੰਸ ਦੇ ਕਈ ਰੋਮਾਣੇ ਪਰਿਵਾਰ ਉੱਥੇ ਵੱਸਦੇ ਹਨ ਜਿਨ੍ਹਾਂ ਨੂੰ ਪਿੰਡ ਦੇ ਲੋਕ ਗੁਰੂ ਕੇ ਕਹਿੰਦੇ ਹਨ। ਸਠਿਆਲਾ ਬੱਲ ਜੱਟਾਂ ਦਾ ਪ੍ਰਸਿੱਧ ਪਿੰਡ ਹੈ । ਮਾਝੇ ਦੇ ਬੱਲ ਜੱਟ ਵੀ ਰੋਮਾਣਿਆਂ ਦੇ ਮੇਲੇ ਵਿੱਚ ਸ਼ਰਧਾ ਨਾਲ ਆਕੇ ਇਸ਼ਨਾਨ ਕਰਕੇ ਜਾਂਦੇ ਹਨ । ਬਾਬਾ ਕਾਲੂ ਨਾਥ ਦੇ ਮੰਦਿਰ ਵਿੱਚ ਅੱਜ ਤੱਕ ਵੀ ਮੰਜੇ ਉੱਪਰ ਸੌਣ, ਮਾਸ, ਸ਼ਰਾਬ, ਬੈਂਗਣ ਤੇ ਲਸਣ ਦੀ ਵਰਤੋਂ ਦੀ ਮਨਾਹੀ ਹੈ । ਸ਼ੁਰੂ ਵਿੱਚ ਸਾਰੇ ਰਮਾਣੇ ਵੈਸ਼ਨੂੰ ਹੁੰਦੇ ਸਨ । ਪਿਆਜ, ਲਸਣ, ਮਸਰ, ਮੀਟ, ਸ਼ਰਾਬ, ਅੰਡੈ ਆਦਿ ਦੀ ਵਰਤੋਂ ਨਹੀਂ ਕਰਦੇ ਸਨ । ਗਲ੍ਹ ਵਿੱਚ ਬਾਬੇ ਨਾਥ ਦੇ ਭਗਤ ਹੋਣ ਦੀ ਨਿਸ਼ਾਨੀ ਕੰਠੀ ਪਾਕੇ ਰੱਖਦੇ ਸਨ । ਸਿੱਖੀ ਦੇ ਪ੍ਰਭਾਵ ਕਾਰਨ ਰਮਾਣੇ ਪੁਰਾਣੇ ਰਸਮ ਰਵਾਜ ਛੱਡ ਰਹੇ ਹਨ । ਰਮਾਣਾ ਧਾਲੀਵਾਲਾਂ ਵਿੱਚੋਂ ਇੱਕ ਨਵਾਂ ਗੋਤ ਪ੍ਰਚੱਲਤ ਹੋਇਆ ਹੈ । ਪੰਜਾਬ ਵਿੱਚ ਇਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ । ਇਹ ਸਾਰੇ ਜੱਟ ਸਿੱਖ ਹਨ । ਰਮਾਣੇ ਭਾਈਚਾਰੇ ਦੇ ਲੋਕ ਮਿਹਨਤੀ ਤੇ ਸੰਜਮੀ ਹੁੰਦੇ ਹਨ । ਜੋ ਮਿਹਨਤ ਨਹੀਂ ਕਰਦੇ, ਉਹ ਇਕ ਦਿਨ ਜ਼ਰੂਰ ਬਰਬਾਦ ਹੁੰਦੇ ਹਨ । ਵਿਦਿਆ ਪ੍ਰਾਪਤ ਕਰਕੇ ਵੀ ਰਮਾਣਿਆਂ ਨੇ ਬਹੁਤ ਉੱਨਤੀ ਕੀਤੀ ਹੈ । ਕੁਝ ਰਮਾਣੇ ਬਾਹਰਲੇ ਦੇਸ਼ਾਂ ਕੈਨੇਡਾ ਆਦਿ ਵਿੱਚ ਵੀ ਗਏ ਹਨ । ਸ. ਮਹਿੰਦਰ ਸਿੰਘ ਰੋਮਾਣਾ ਫਰੀਦਕੋਟ ਜ਼ਿਲ੍ਹੇ ਦੇ ਪ੍ਰਸਿੱਧ ਲੀਡਰ ਹਨ । ਇੱਕ ‘ਇਤਿਹਾਸ ਰਮਾਣਾ’ ਪੁਸਤਕ ਕਵਿਤਾ ਵਿੱਚ ਵੀ ਛੱਪੀ ਹੈ । ਅਸਲ ਵਿੱਚ ਰਮਾਣਾ ਇੱਕ ਛੋਟਾ ਜਿਹਾ ਹੀ ਗੋਤ ਹੈ । ਬਹੁਤੇ ਰਮਾਣੇ ਮਾਲਵੇ ਵਿੱਚ ਹੀ ਵਸਦੇ ਹਨ । ਮਾਝੇ ਵਿੱਚ ਬਾਬਾ ਬਕਾਲਾ ਦੇ ਨਜ਼ਦੀਕ ਰਮਾਣਾ ਚੱਕ ਵਿੱਚ ਬਾਬਾ ਹਰੀਦਾਸ ਦੀ ਯਾਦ ਵਿੱਚ ਦੋ ਦਿਨ ਸਾਲਾਨਾ ਮੇਲਾ ਲੱਗਦਾ ਹੈ । ਬੇਸ਼ੱਕ ਨਵਾਂ ਗੋਤ ਹੈ ਫਿਰ ਵੀ ਕਾਫੀ ਪ੍ਰਸਿੱਧ ਹੈ ।
