ਰਸਨਹੇੜੀ
ਸਥਿਤੀ :
ਤਹਿਸੀਲ ਖਰੜ ਦਾ ਪਿੰਡ ਰਸਨਹੇੜੀ, ਸੰਤੇ ਮਾਜਰਾ – ਰਸਨਹੇੜੀ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੋਰਿੰਡਾ ਤੋਂ 15 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਵਿੱਚ ਜ਼ਿਆਦਾਤਰ ਮਹਾਜਨ ਲੋਕ ਰਹਿੰਦੇ ਸਨ ਇਸ ਕਰਕੇ ਇਹ ਪਿੰਡ ਵਪਾਰਕ ਕੇਂਦਰ ਮੰਨਿਆ ਜਾਂਦਾ ਸੀ । ਆਲੇ ਦੁਆਲੇ ਦੇ ਲੋਕ ਆਪਣੀਆਂ ਰਾਸ਼ਨ ਸੰਬੰਧੀ ਲੋੜਾਂ ਇੱਥੇ ਪੂਰੀਆਂ ਕਰਦੇ ਸਨ । ਪਿੰਡ ਦੇ ਨਾਲ ਬਰਸਾਤੀ ਨਦੀ ਤੇ ਚੋਇਆਂ ਕਾਰਨ ਇਹ ਵਪਾਰਕ ਕੇਂਦਰ ਹੜ੍ਹ ਨਾਲ ਟੋਟੇ ਟੋਟੇ ਹੋ ਕੇ ਛੋਟੀ ਵੱਡੀ ਰਸ਼ਨਹੇੜੀ ਦੇ ਰੂਪ ਵਿੱਚ ਹੋ ਗਿਆ। ਨਦੀ ਦਾ ਰੁੱਖ ਸਮੇਂ ਨਾਲ ਬਦਲ ਗਿਆ ਪਰ ਪਿੰਡ ਦਾ ਨਾਂ ਮਹਾਜਨਾਂ ਤੇ ਨਦੀ ਦੇ ਹੜ੍ਹ ਕਾਰਨ ‘ਰਾਸ਼ਨ ਹੇੜੀ’ ਪੈ ਗਿਆ।
ਪਿੰਡ ਵਿੱਚ ਸੰਤ ਸੁੰਦਰ ਸਿੰਘ ਮਹਾਨ ਪੁਰਖ ਹੋਏ ਹਨ ਜਿਨ੍ਹਾਂ ਨੇ ਪਿੰਡ ਲਈ ਬੜੇ ਭਲਾਈ ਦੇ ਕੰਮ ਕੀਤੇ ਅਤੇ ਗੁਰਦੁਆਰਾ ਬਣਾਇਆ ਅਤੇ ਸਾਰੀ ਜਾਇਦਾਦ ਗੁਰਦੁਆਰੇ ਨੂੰ ਦੇ ਦਿੱਤੀ। ਸੰਤਾਂ ਦੀ ਯਾਦ ਵਿੱਚ ਹਰ ਸਾਲ ਧਾਰਮਿਕ ਦਿਵਾਨ ਸਜਾਏ ਜਾਂਦੇ ਹਨ। ਬਾਬਾ ਹਰੀ ਸਿੰਘ ਮਨੋਡਾ ਪਿੰਡ ਦੇ ਚੰਗੇ ਤੀਰ ਅੰਦਾਜ਼ ਅਤੇ ਸੁਰਬੀਰ ਸਿੱਖ ਜੋਧੇ ਹੋਏ ਹਨ। ਉਹਨਾਂ ਦੀ ਸਮਾਧ ਵੀ ਮੁੱਖ ਦੁਆਰ ਤੇ ਬਣੀ ਹੋਈ ਹੈ। ਪਿੰਡ ਵਿੱਚ ਜੱਟਾਂ ਤੋਂ ਇਲਾਵਾ ਰਾਮਦਾਸੀਏ ਸਿੱਖ, ਬਾਲਮੀਕ, ਸੁਨਿਆਰੇ, ਲੁਹਾਰ, ਤਰਖਾਣ, ਬ੍ਰਾਹਮਣ, ਤੇਲੀ, ਨਾਈ, ਝਿਊਰ ਤੇ ਖੱਤਰੀ ਜਾਤਾਂ ਦੇ ਲੋਕ ਵੱਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ