ਰਾਏਪੁਰ ਡੱਬਾ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਇਹ ਪਿੰਡ ਰਾਏਪੁਰ ਡੱਬਾ, ਬੰਗਾ-ਮਾਹਲੋ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਬੰਗਾ ਤੋਂ 6 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਲਗਭਗ 1000 ਸਾਲ ਪਹਿਲਾ ਇਸ ਪਿੰਡ ਨੂੰ ਰਾਏ-ਸੀ ਨਾਮੀ ਬਜ਼ੁਰਗ ਨੇ ਨਾਲ ਵਾਲੇ ਪਿੰਡ ਗੁਣਾਚੌਰ ਤੋਂ ਆ ਕੇ ਵਸਾਇਆ ਤੇ ਇਸ ਦਾ ਨਾਂ ਆਪਣੇ ਨਾਂ ਤੇ ‘ਰਾਏ ਪੁਰ ਰੱਖ ਦਿੱਤਾ। ਅੰਗਰੇਜ਼ੀ ਰਾਜ ਵੇਲੇ ਲੋਕ ਬਹੁਤ ਗਰੀਬ ਸਨ ਤੇ ਮਾਮਲਾ ਬੜੀ ਮੁਸ਼ਕਲ ਨਾਲ ਦੇਂਦੇ ਸਨ। ਪਰ ਇਸ ਪਿੰਡ ਦਾ ਮਾਮਲਾ ਸਭ ਤੋਂ ਪਹਿਲਾਂ ਖਜ਼ਾਨੇ ਵਿੱਚ ਪਹੁੰਚ ਜਾਂਦਾ ਸੀ। ਇਸ ਲਈ ਅੰਗਰੇਜ਼ ਹਕੂਮਤ ਨੇ ਇਸ ਪਿੰਡ ਨੂੰ ਆਪਣਾ ਡੱਬਾ ਸਮਝਿਆ ਜਿਸ ਵਿੱਚ ਜਦੋਂ ਚਾਹੇ ਪੈਸੇ ਲੈ ਲਵੋ। ਦਿੱਲੀ ਤੋਂ ਡੱਬੇ ਦਾ ਖਿਤਾਬ ਮਿਲਣ ਕਰਕੇ ਇਸ ਪਿੰਡ ਦਾ ਨਾ ‘ਰਾਏਪੁਰ ਡੱਬਾ’ ਪੈ ਗਿਆ।
ਸਿੱਖ ਰਾਜ ਵੇਲੇ ਇੱਥੇ ਇੱਕ ਕਿਲ੍ਹਾ ਸੀ। ਪਿੰਡ ਵਿੱਚ ਨਾਜ਼ਾਇਜ਼ ਉਗਰਾਹੀ ਵਿਰੁੱਧ ਉਸ ਕਿਲ੍ਹੇ ਦੇ ਸਰਦਾਰ ਨੇ ਅੰਗਰੇਜ਼ ਸਰਕਾਰ ਦੀ ਵਿਰੋਧਤਾ ਕੀਤੀ। ਗੁੱਸੇ ਵਿੱਚ ਸਰਕਾਰ ਨੇ ਉਸਦੀ ਜ਼ਾਇਦਾਦ ਜਬਤ ਕਰ ਦਿੱਤੀ ਅਤੇ ਕਿਲ੍ਹਾ ਢਹਿ ਢੇਰੀ ਕਰ ਦਿੱਤਾ, ਸਰਦਾਰ ਨੂੰ ਬੜੇ ਤਸੀਹੇ ਝੱਲਣੇ ਪਏ ਪਰ ਉਸਨੇ ਨਾਜ਼ਾਇਜ਼ ਉਗਰਾਹੀ ਨਹੀਂ ਦਿੱਤੀ। ਸਰਦਾਰ ਦੇ ਦੋਹਤਰੇ ਸ. ਬਿਸ਼ਨ ਸਿੰਘ ਦੀ ਔਲਾਦ ਇਸ ਵੇਲੇ ਪਿੰਡ ਵਿੱਚ ਸਰਦਾਰਾਂ ਦੇ ਨਾਂ ਨਾਲ ਰਹਿ ਰਹੀ ਹੈ ਇਸੇ ਸਰਦਾਰ ਨੇ ਪਿੰਡ ਵਿੱਚ ਰਾਹੀਆਂ ਦੇ ਪੀਣ ਲਈ ਪਾਣੀ ਦੀ ਇੱਕ ਬਾਉਲੀ ਬਣਵਾਈ ਸੀ ਅਤੇ ਨਾਲ ਹੀ ਅਰਾਮ ਲਈ ਕੋਠਾ ਬਣਾਇਆ ਸੀ। ਇਹ ਬਾਉਲੀ ਹੁਣ ਤੱਕ ਕਾਇਮ ਹੈ।
1872 ਵਿੱਚ ਜਦੋਂ ਕੂਕਾ ਲਹਿਰ ਜੋਰਾਂ ਤੇ ਸੀ ਤਾਂ ਜਥੇਦਾਰ ਜੁਆਲਾ ਸਿੰਘ ਅਤੇ ਭਾਈ ਪੂਰਨ ਸਿੰਘ ਕੂਕਾ ਲਹਿਰ ਵਿੱਚ ਅਗਲੀਆਂ ਕਤਾਰਾਂ ਵਿੱਚ ਕੰਮ ਕਰਦੇ ਰਹੇ ਹਨ। ਇਸ ਪਿੰਡ ਦੇ ਜੰਮਪਾਲ ਭਾਈ ਰਤਨ ਸਿੰਘ ਨੇ ਵਿਦੇਸ਼ਾਂ ਵਿੱਚ ਜਾ ਕੇ ਭਾਰਤੀ ਅਜ਼ਾਦੀ ਲਈ ਕੰਮ ਕੀਤਾ ਅਤੇ ਸਟਾਲਿਨ ਤੋਂ ਬਾਅਦ ਦੂਜੇ ਨੰਬਰ ਦਾ ਨੋਬਲ ਇਨਾਮ ਜਿੱਤਿਆ, 1917 ਵਿੱਚ ਮਾਸਕੋ ਵਿੱਚ ਹੋਈ ਦੂਜੀ ਇੰਨਟਰਨੈਸ਼ਨਲ ਲੇਬਰ ਕਾਨਫਰੰਸ ਵਿੱਚ ਭਾਰਤੀ ਡੈਲੀਗੇਟ ਵਜੋਂ ਗਏ ਸਨ ਅਤੇ 1942 ਵਿੱਚ ਹਿਟਲਰ ਦੀਆਂ ਫੋਜਾਂ ਦੁਆਰਾ ਮਾਰੇ ਗਏ ਸਨ । ਕਾਮਾਗਾਟਾਮਾਰੂ ਜਦੋਂ ਕੈਨੇਡਾ ਦੀ ਬੰਦਰਗਾਹ ਤੇ ਖੜ੍ਹਾ ਸੀ ਤਾਂ ਉਸ ਨੂੰ ਰਸਦ ਪਹੁੰਚਾਉਣ ਵਾਲਾ ਜਥੇਦਾਰ ਵਰਿਆਮ ਸਿੰਘ ਕੈਨੇਡੀਅਨ ਵੀ ਇਸੇ ਪਿੰਡ ਦਾ ਜੰਮਪਲ ਸੀ। ਉਸ ਇਤਿਹਾਸਕ ਜਹਾਜ਼ ਵਿੱਚ ਇਸ ਪਿੰਡ ਦੇ ਤਿੰਨ ਬੰਦੇ ਸਵਾਰ ਸਨ। 1958 ਦੇ ਖੁਸ਼ ਹੈਸੀਅਤ ਮੋਰਚੇ ਵਿੱਚ ਇਸ ਪਿੰਡ ਦੇ 20 ਬੰਦੇ ਗ੍ਰਿਫਤਾਰ ਹੋਏ। ਇਸ ਪਿੰਡ ਦਾ ਪਹਿਲਵਾਨੀ ਵਿਰਸਾ ਵੀ ਬਹੁਤ ਪੁਰਾਣਾ ਹੈ। ਹਰਬੰਸ ਸਿੰਘ ਰੁਸਤਮੇਂ ਹਿੰਦ ਰਹੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ