ਰਾਮੇਆਣਾ ਪਿੰਡ ਦਾ ਇਤਿਹਾਸ | Rameana Village History

ਰਾਮੇਆਣਾ

ਰਾਮੇਆਣਾ ਪਿੰਡ ਦਾ ਇਤਿਹਾਸ | Rameana Village History

ਸਥਿਤੀ :

ਤਹਿਸੀਲ ਜੈਤੋ ਦਾ ਪਿੰਡ ਰਾਮੇਆਣਾ, ਜੈਤੋਂ- ਮੁਕਤਸਰ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਲ ਗੰਗਸਰ ਜੈਤੋਂ ਤੋਂ 10 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਹ ਪਿੰਡ ਬਿਕਰਮੀ 1610 ਵਿੱਚ ਬਾਬਾ ਰਾਮਾ ਨਾਂ ਦੇ ਇੱਕ ਸ਼ਕਤੀਸ਼ਾਲੀ ਮਹਾਂਪੁਰਸ਼ ਨੇ ਵਸਾਇਆ ਸੀ। ਕਿਹਾ ਜਾਂਦਾ ਹੈ ਕਿ ਇੱਕ ਵਾਰ ਉਹਨਾਂ ਦਾ ਸੰਤ ਦੀਵਾਨੀਆ’ ਨਾਲ ਕਿਸੇ ਗੱਲ ‘ਤੇ ਝਗੜਾ ਹੋ ਗਿਆ। ਬਾਬਾ ਰਾਮ ਨੇ ਉਹਨਾਂ ਨੂੰ ਸਰਾਪ ਦੇ ਦਿੱਤਾ। ਇਸ ‘ਤੇ ਸੰਤ ਦੀਵਾਨੀਆਂ ਨੇ ਵੀ ਕਿਹਾ, “ਬਾਬਾ ਰਾਮਾ ਤੇਰਾ ਉਜੜ ਵਸੇਗਾ ਗਾਮਾ”, ਇਸ ਲਈ ਇਹ ਪਿੰਡ ਇੱਕ ਵਾਰੀ ਬੁਰੀ ਤਰ੍ਹਾਂ ਉੱਜੜ ਗਿਆ ਸੀ। ਪਿੰਡ ਦਾ ਨਾਂ ਬਾਬਾ ਰਾਮਾ ਦੇ ਨਾਂ ‘ਤੇ ਹੀ ਪਿਆ ਹੈ। ਪਿੰਡ ਦੇ ਚੜ੍ਹਦੇ ਪਾਸੇ ਵੱਡਾ ਡੇਰਾ ਹੈ ਜਿੱਥੇ ਬਾਬਾ ਰਾਮਾ ਰਹਿੰਦੇ ਸਨ ਅਤੇ ਨਾਲ ਹੀ ਸਮਾਧ ਹੈ।

ਇਹ ਪਿੰਡ ਮੁਗ਼ਲ ਬਾਦਸ਼ਾਹ ਨੇ ਗੁਰੂ ਹਰਸਹਾਏ ਦੇ ਸੋਢੀ ਅਮੀਰ ਸਿੰਘ ਦੇ ਵਡੇਰਿਆਂ ਨੂੰ ਦਿੱਤਾ ਸੀ। ਅਮੀਰ ਸਿੰਘ ਦੀ ਆਪਣੀ ਪਤਨੀ ਨਾਲ ਅਣਬਣ ਰਹਿੰਦੀ ਸੀ ਉਸਨੇ ਇਹ ਪਿੰਡ ਆਪਣੀ ਪਤਨੀ ਨੂੰ ਦੇ ਦਿੱਤਾ ਸੀ ਜੋ ‘ਮਾਈ’ ਨਾਂ ਨਾਲ ਪ੍ਰਸਿੱਧ ਸੀ। ਉਸ ਨੇ ਆਪਣੇ ਪੇਕੇ ਪਿੰਡ ਸੁਖਣਾ ਤਹਿਸੀਲ ਮੁਕਤਸਰ ਤੋਂ ਆਪਣੇ ਭਰਾਵਾਂ ਅਤੇ ਹੋਰ ਕੌਮਾਂ ਨੂੰ ਲਿਆ ਕੇ ਇਸ ਪਿੰਡ ਵਿੱਚ ਦੁਬਾਰਾ ਆਬਾਦ ਕੀਤਾ। ਕੁੱਝ ਸਮੇਂ ਪਿੱਛੋਂ ਅੰਗਰੇਜ਼ਾਂ ਨੇ ਇਹ ਪਿੰਡ ਮੁਦਕੀ ਦੀ ਲੜਾਈ ਸਮੇਂ ਖੋਹ ਲਿਆ ਅਤੇ ਫਰੀਦਕੋਟ ਦੇ ਮਹਾਰਾਜਾ ਪਹਾੜਾ ਸਿੰਘ ਨੂੰ ਸਿੱਖ ਕੌਮ ਨਾਲ ਗਦਾਰੀ ਵਜੋਂ ਇਨਾਮ ਵਿੱਚ ਦੇ ਦਿੱਤਾ।

ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਜੰਗ ਤੋਂ ਬਾਅਦ ਬਿਕਰਮੀ 1761 ਵਿੱਚ ਇਸ ਪਿੰਡ ਵਿੱਚ ਪਹੁੰਚੇ। ਇੱਥੇ ਹੀ ਮਾਝੇ ਦੇ ਸਿੰਘ ਜੋ ਅਨੰਦਪੁਰ ਸਾਹਿਬ ਵਿੱਚ ਬੇਦਾਵਾ ਲਿਖ ਕੇ ਦੇ ਗਏ ਸਨ, ਉਹ ਮਾਈ ਭਾਗੋ ਤੇ ਭਾਈ ਮਹਾ ਸਿੰਘ ਅਤੇ ਹੋਰ ਲਾਹੌਰ ਦੀ ਸੰਗਤ ਸਮੇਤ ਕਰੀਬ 500 ਦੀ ਗਿਣਤੀ ਵਿੱਚ ਇੱਥੇ ਗੁਰੂ ਜੀ ਨੂੰ ਆ ਕੇ ਮਿਲੇ। ਪਿੰਡ ਦੇ ਛਿਪਦੇ ਪਾਸੇ ਇਤਿਹਾਸਕ ਗੁਰਦੁਆਰਾ ਹੈ । ਇਹ ਢਾਈ ਮੰਜਲਾ ਗੁਰਦੁਆਰਾ ਫਰੀਦਕੋਟ ਦੇ ਮਹਾਰਾਜਾ ਹਰਿੰਦਰ ਸਿੰਘ ਨੇ ਗੱਦੀ ‘ਤੇ ਬੈਠਣ ਸਮੇਂ ਬਣਾਇਆ ਸੀ। ਗੁਰਦੁਆਰੇ ਦੇ ਪ੍ਰਧਾਨ ਜੀ ਦੇ ਦੱਸਣ ਮੁਤਾਬਕ ਇੱਥੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਅਜ਼ਾਦੀ ਤੋਂ ਪਹਿਲਾਂ ਕੀਰਤਨ ਕਰਿਆ ਕਰਦੇ ਸਨ ਅਤੇ ਉਹਨਾਂ ਨੇ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਹਰ ਸਾਲ 14 ਜੂਨ ਨੂੰ ਗੁਰਦੁਆਰੇ ਵਿਖੇ ਧਾਰਮਿਕ ਜੋੜ ਮੇਲਾ ਲਾਉਣਾ ਸ਼ੁਰੂ ਕੀਤਾ ਸੀ। ਪਿੰਡ ਦੇ ਗੁਰਦੁਆਰੇ ਪਾਸ 18 ਏਕੜ ਜ਼ਮੀਨ ਹੈ।

ਇਸ ਪਿੰਡ ਵਿੱਚ 42 ਪ੍ਰਤੀਸ਼ਤ ਹਰੀਜਨਾਂ ਦੀ ਅਬਾਦੀ ਹੈ ਅਤੇ 58 ਪ੍ਰਤੀਸ਼ਤ ਦੂਸਰੀਆਂ ਜਾਤੀਆਂ ਦੇ ਲੋਕਾਂ ਦੀ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!