ਅਕੀਦਾ
ਇਹ ਸ਼ੌਕ ਹੈ ਜਾਂ ਮਜਬੂਰੀ
ਕਈ ਵਾਰੀ ਇੰਜ ਹੁੰਦਾ ਹੈ ਕਿ ਕਿਸੇ ਮਾਮਲੇ ਬਾਰੇ, ਕਿਸੇ ਵਿਸ਼ੇ ਬਾਰੇ ਲੜੀਬੱਧ ਵਿਚਾਰ ਅਚਾਨਕ ਜ਼ਿਹਨ ਦੀ ਸਲੇਟ ਉੱਤੇ ਉਭਰ ਆਉਂਦੇ ਹਨ। ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਕਿ ਇਨ੍ਹਾਂ ਵਿਚਾਰਾਂ ਨੂੰ ਹੁਣੇ ਹੀ ਕਾਗਜ਼ ਉੱਤੇ ਉਤਾਰ ਲਿਆ ਜਾਵੇ ਤਾਂ ਬਹੁਤ ਵਧੀਆ ਲੇਖ ਬਣ ਸਕਦਾ ਹੈ। ਪਰ ਅਜਿਹਾ ਕਰਨਾ ਸੰਭਵ ਨਹੀਂ ਹੁੰਦਾ। ਹੱਥਲੇ ਕੰਮਾਂ ਨੂੰ ਕਰਨ ਦੀ ਕਾਹਲੀ ਉਨਾਂ ਵਿਚਾਰਾਂ ਨੂੰ ਕੁਝ ਸਮੇਂ ਲਈ ਜਾਂ ਕਿਸੇ ਹੋਰ ਸਮੇਂ ਤਕ ਲਈ ਮੁਲਤਵੀ ਕਰਨ ਨੂੰ ਮਜਬੂਰ ਕਰ ਦਿੰਦੀ ਹੈ । ਅਤੇ ਜਦੋਂ ਫਿਰ ਕਦੇ ਉਸ ਵਿਸ਼ੇ ਬਾਰੇ ਕਲਮ ਉਠਾਈ ਜਾਵੇ ਤਾਂ ਪਹਿਲਾਂ ਵਾਲਾ ਕੋਈ ਵੀ ਵਿਚਾਰ ਨਹੀਂ ਅਹੁੜਦਾ।
ਪਹਿਲਿਆਂ ਵਿਚ, ਅਰਥਾਤ ਪੱਤਰਕਾਰੀ ਦੇ ਪੇਸ਼ੇ ਦੇ ਮੁਢਲੇ ਸਾਲਾਂ ਦੌਰਾਨ, ਇਹ ਸਮਾਂ ਬਹੁਤ ਹੀ ਪ੍ਰੇਸ਼ਾਨੀ ਵਾਲਾ ਸਮਾਂ ਹੁੰਦਾ ਸੀ। ਇਸ ਗੱਲ ਦੀ ਖਿਝ ਆਉਂਦੀ ਸੀ ਕਿ ਜਦੋਂ ਇਹ ਵਿਚਾਰ ਉਭਰੇ ਸਨ, ਉਦੋਂ ਹੀ ਕਿਤੇ ਨੋਟ ਕਿਉਂ ਨਾ ਕਰ ਲਏ। ਅਤੇ ਅਕਸਰ ਕਈ ਵਾਰ ਇਉਂ ਹੁੰਦਾ ਸੀ ਕਿ ਸਾਈਕਲ ਉੱਤੇ ਜਾਂਦੇ ਹੋਏ ਅਚਾਨਕ ਕੋਈ ਤੁਕਬੰਦੀ ਜਾਂ ਵਿਚਾਰ ਨੇ ਦਿਮਾਗ਼ ਵਿਚ ਉਭਰ ਪੈਣਾ ਅਤੇ ਉਸੇ ਵੇਲੇ ਸਾਈਕਲ ਰੋਕ ਕੇ ਸੜਕ ਕਿਨਾਰੇ ਕਾਠੀ ਉੱਤੇ ਕਾਗਜ਼ ਰੱਖ ਕੇ ਉਸ ਨੂੰ ਉਤਾਰ ਲੈਣਾ। ਆਮ ਆਦਰਸ਼ਵਾਦੀ ਨੌਜਵਾਨਾਂ ਵਾਂਗ ਹੀ ਕਵਿਤਾ ਦੇ ਖੇਤਰ ਵਿਚੀਂ ਲੰਘਣਾ ਪਿਆ ਹੈ, ਹਾਲਾਂਕਿ ਹੁਣ ਮੇਰਾ ਇਹ ਵਿਚਾਰ ਬਣ ਗਿਆ ਹੈ ਕਿ ਸਾਰੀ ਉਮਰ ਹੇਠਲੀ ਪੱਧਰ ਦਾ ਕੰਮ ਚਲਾਊ ਕਵੀ ਬਣੇ ਰਹਿਣ ਦਾ ਅਰਥ ਆਪਣੀ ਪ੍ਰਤਿਭਾ ਨੂੰ ਬੰਨ੍ਹ ਮਾਰਨਾ ਹੈ। ਮੇਰੀ ਧਾਰਨਾ ਹੈ ਕਿ ਜਿਉਂ ਜਿਉਂ ਮਨੁੱਖ ਭਾਵਨਾਵਾਂ ਦੇ ਚੱਕਰ ਵਿਚੋਂ ਨਿਕਲ ਕੇ ਸਮਝ ਦੀ ਪੱਧਰ ਉੱਤੇ ਪਹੁੰਚਦਾ ਹੈ ਤਾਂ ਉਸ ਨੂੰ ਜਾਂ ਤਾਂ ਕਵਿਤਾ ਦਾ ਪੱਧਰ ਉੱਚਾ ਕਰਨਾ ਚਾਹੀਦਾ ਹੈ ਜਾਂ ਫਿਰ ਆਪਣੀ ਲੇਖਣੀ ਦੀ ਸਿਨਫ਼ ਤਬਦੀਲ ਕਰ ਦੇਣੀ ਚਾਹੀਦੀ ਹੈ। ਖ਼ੈਰ, ਇਸ ਲੇਖ ਦਾ ਵਿਸ਼ਾ ਵਸਤੂ ਇਹ ਹੈ ਕਿ ਕੋਈ ਵੀ ਲੇਖਕ, ਚਾਹੇ ਉਹ ਸਿਰਜਣਾਤਮਕ ਲਿਖਾਰੀ ਹੋਵੇ ਜਾਂ ਪੱਤਰਕਾਰ, ਕਦੋਂ ਲਿਖਦਾ ਹੈ, ਕਿਉਂ ਲਿਖਦਾ ਹੈ ਅਤੇ ਕੀ ਲਿਖਦਾ ?
ਸਭ ਤੋਂ ਪਹਿਲਾਂ ਤਾਂ ਇਹੀ ਮਸਲਾ ਲਈਏ ਕਿ ਉਹ ਕੀ ਲਿਖਦਾ ਹੈ ? 31 ਜੁਲਾਈ 1969 ਨੂੰ ਮੈਂ ਪੱਤਰਕਾਰੀ ਦੇ ਖੇਤਰ ਵਿਚ ਦਾਖ਼ਲ ਹੋਣ ਲਈ ਜਲੰਧਰ ਦੀ ਉਸ ਅਖ਼ਬਾਰ ਦੀਆਂ ਪੌੜੀਆਂ ਚੜ੍ਹਿਆ ਜਿਹੜਾ ਉਦੋਂ ਸਿਖਾਂਦਰੂ ਪੱਤਰਕਾਰਾਂ ਦਾ ਮੱਕਾ ਸੀ। ਪਹਿਲੇ ਹੀ ਦਿਨ ਪਹਿਲਾ ਸਬਕ ਮੈਨੂੰ ਇਹ ਦਿਤਾ ਗਿਆ। ਕਿ ਜਿਸ ਨੇ ਸਹੀ ਅਰਥਾਂ ਵਿਚ ਪੱਤਰਕਾਰ ਬਣਨਾ ਹੈ ਉਸ ਨੂੰ ਕਵਿਤਾ ਜਾਂ ਕਹਾਣੀ ਲਿਖਣੀ ਨਸੀਬ ਨਹੀਂ ਹੋਣੀ। ਅੱਵਲ ਤਾਂ ਪੰਜਾਂ ਦਸਾਂ ਸਾਲਾਂ ਦੇ ਅਰਸੇ ਨੇ ਉਸ ਦੀ ਸਿਰਜਣਾਤਮਕ ਰੰਗ ਹੀ ਢਿੱਲੀ ਕਰ ਦੇਣੀ ਹੈ। ਉਸ ਨੇ ਪੱਤਰਕਾਰ ਬਣ ਜਾਣਾ ਹੈ ਅਤੇ ਕਵੀ ਜਾਂ ਕਹਾਣੀਕਾਰ ਨਹੀਂ ਰਹਿਣਾ। ਜੇ ਉਸ ਨੇ ਹੱਠ ਫੜ ਹੀ ਲਿਆ ਤਾਂ ਉਸ ਦੀ ਕਵਿਤਾ ਜਾਂ ਕਹਾਣੀ ਵਿਚ ਵੀ ਪੱਤਰਕਾਰੀ ਰਸ ਨੇ ਆ ਜਾਣਾ ਹੈ।
ਕਈ ਸਾਲਾਂ ਦੀ ਗੱਲ ਹੈ, ਮੇਰੇ ਇਕ ਪੱਤਰਕਾਰ ਮਿੱਤਰ ਨੇ ਆਪਣੀ ਹੋਣ ਵਾਲੀ ਪਤਨੀ ਨਾਲ ਪੱਤਰ ਵਿਹਾਰ ਸ਼ੁਰੂ ਕੀਤਾ। ਪੱਤਰ ਮੇਰੇ ਰਾਹੀਂ ਆਉਂਦੇ ਸਨ ਕਿਉਂਕਿ ਪੱਤਰਕਾਰ ਮਿੱਤਰ ਦਾ ਕੋਈ ਪੱਕਾ ਟਿਕਾਣਾ ਨਹੀਂ ਸੀ। ਜਦੋਂ ਦੋਹਾਂ ਦੀ ਸ਼ਾਦੀ ਹੋ ਗਈ ਤਾਂ ਮਿੱਤਰ ਦੀ ਪਤਨੀ ਨੇ ਆਪਣੇ ਪਤੀ ਦੇ ਪੱਤਰਾਂ ਬਾਰੇ ਟਿੱਪਣੀ ਕੀਤੀ : “ਜਦੋਂ ਵੀ ਇਹ ਵਿਆਹ ਤੋਂ ਪਹਿਲਾਂ ਖ਼ਤ ਲਿਖਦੇ ਸਨ, ਇਉਂ ਲੱਗਦਾ ਸੀ ਜਿਵੇਂ ਕੋਈ ਖ਼ਬਰ ਲਿਖ ਰਹੇ ਹੋਣ। ਜੇ ਕਮੀ ਸੀ ਤਾਂ ਸਿਰਫ਼ ਉਨਵਾਨ ਦੀ ਸੀ।” ਮੇਰੇ ਮਰਹੂਮ ਪਿਤਾ ਜੀ ਨੇ ਵੀ ਕਈ ਵਾਰ ਮੈਨੂੰ ਕਿਹਾ ਸੀ ਕਿ ਤੇਰੇ ਖ਼ਤ ਵਿਚ ਖ਼ਤਾਂ ਵਾਲੀ ਕੋਈ ਗੱਲ ਨਹੀਂ ਹੁੰਦੀ। ਕਦੇ ਤਾਂ ਇਹ ਲੇਖ ਬਣ ਜਾਂਦੇ ਹਨ, ਕਦੇ ਖ਼ਬਰਾਂ ਅਤੇ ਕਦੇ ਖ਼ਬਰਾਂ ਉੱਤੇ ਤਬਸਰਾ। ਮੈਂ ਕਈ ਵਾਰੀ ਆਪਣੇ ਲਿਖੇ ਪੱਤਰਾਂ ਨੂੰ ਦੁਬਾਰਾ ਪੜ੍ਹ ਕੇ ਨੁਕਸ ਕੱਢਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਕਦੇ ਨੁਕਸ ਨਹੀਂ ਪਤਾ ਲੱਗਾ। ਆਖ਼ਰਕਾਰ ਮੈਂ ਇਹ ਸਿੱਟਾ ਕੱਢਿਆ ਕਿ ਜਿਵੇਂ ਹਲਵਾਈ ਨੂੰ ਮਿਨਾਈ ਦੀ ਮਹਿਕ ਨਹੀਂ ਆਉਂਦੀ ਅਤੇ ਜਿਵੇਂ ਝਟਕਈ ਨੂੰ ਬਦਬੂ ਦਾ ਅਹਿਸਾਸ ਨਹੀਂ ਹੁੰਦਾ, ਉਵੇਂ ਹੀ ਮੈਨੂੰ ਵੀ ਚਿੱਠੀਆਂ ਵਿਚਲੇ ਖ਼ਬਰਾਂ ਦੇ ਅੰਸ਼ ਦਾ ਪਤਾ ਨਹੀਂ ਲੱਗਦਾ।
ਪੱਤਰਕਾਰੀ ਨੇ ਬਹੁਤ ਸਾਰੇ ਕਵੀ, ਕਹਾਣੀ ਲੇਖਕ, ਨਾਵਲਕਾਰ, ਨਾਟਕਕਾਰ “ਖ਼ਤਮ” ਕੀਤੇ ਦੱਸੇ ਜਾਂਦੇ ਹਨ। ਇਕ ਵਾਰੀ ਇਕ ਕਹਾਣੀਕਾਰ ਰਹਿ ਚੁੱਕੇ ਪੱਤਰਕਾਰ ਨੇ ਅਜਿਹੇ ਕਈ ਪੱਤਰਕਾਰਾਂ ਦੇ ਨਾਂ ਗਿਣਵਾਏ ਸਨ ਜਿਹੜੇ ਪਹਿਲਾਂ ਕਵੀ ਸਨ, ਕਹਾਣੀਕਾਰ ਸਨ ਜਾਂ ਨਾਵਲਕਾਰ ਸਨ। ਉਨ੍ਹਾਂ ਵਿਚੋਂ, ਹੋ ਸਕਦਾ ਹੈ, ਕੋਈ ਨਾ ਕੋਈ ਮਹਾਨ ਬਣ ਜਾਂਦਾ । ਪਰ ਹੁਣ ਵੀ ਉਹ ਕਾਫ਼ੀ ਜਾਣੇ ਜਾਂਦੇ ਹਨ।ਅਤੇ ਜਾਣੇ ਵੀ ਪੱਤਰਕਾਰਾਂ ਦੇ ਤੌਰ ‘ਤੇ ਜਾਂਦੇ ਹਨ। ਹੋ ਸਕਦਾ ਹੈ ਕਿ ਏਨੀ ਪ੍ਰਸਿੱਧੀ ਇਹ ਆਪਣੇ ਸਿਰਜਣਾਤਮਕ ਖੇਤਰ ਵਿਚ ਕਦੇ ਨਾ ਹਾਸਲ ਕਰ ਸਕਦੇ। ਫਿਰ ਵੀ ਜਿਹੜੇ ਪੱਤਰਕਾਰ, ਪੱਤਰਕਾਰੀ ਦੇ ਕਿੱਤੇ ਦੇ ਨਾਲ ਨਾਲ ਆਪਣੇ ਸਿਰਜਣਾਤਮਕ ਕੰਮ ਨੂੰ ਵੀ ਕਰਦੇ ਜਾ ਰਹੇ ਹਨ, ਉਹ ਸੱਚਮੁਚ ਹੀ ਪ੍ਰਸੰਸਾ ਦੇ ਕਾਬਲ ਹਨ। ਜਿਹੜੇ ਪੱਤਰਕਾਰੀ ਦੇ ਨਾਲ ਨਾਲ ਕਵਿਤਾ ਵਿਚ ਵੀ ਮੱਲਾਂ ਮਾਰ ਰਹੇ ਹਨ,ਉਹ ਤਾਂ ਹਨ ਹੀ ਸਰਵੋਤਮ ਸਤਿਕਾਰ ਦੇ ਪਾਤਰ।
ਸਾਲਾਂ ਦੀ ਪੱਤਰਕਾਰੀ ਦੇ ਤਜਰਬੇ ਨੇ ਹੁਣ ਲਿਖਣ ਲਈ ਸਮੇਂ ਦੀ ਸਮੱਸਿਆ ਨਹੀਂ ਰਹਿਣ ਦਿੱਤੀ।ਜਦੋਂ ਕਦੇ ਵੀ ਸਮਾਂ ਮਿਲੇ, ਕਿਸੇ ਵੀ ਮਨਚਾਹੇ ਵਿਸ਼ੇ ਬਾਰੇ ਡੇਢ ਦੋ ਹਜ਼ਾਰ ਸ਼ਬਦ ਤੁਰਤ ਫੁਰਤ ਲਿਖੇ ਜਾਂਦੇ ਹਨ। ਇਨ੍ਹਾਂ ਵਿਚ ਵਿਚਾਰ ਵੀ ਆਪ ਮੁਹਾਰੇ ਜੁੜਦੇ ਤੁਰੇ ਜਾਂਦੇ ਹਨ। ਇਸ ਦੇ ਮੁਕਾਬਲੇ ਜੇ ਕਦੇ ਕਿਸੇ ਮਿੱਤਰ ਨੂੰ ਜਾਂ ਸਹੇਲੀ ਨੂੰ ਚਿੱਠੀ ਲਿਖਣੀ ਪੈ ਜਾਵੇ ਤਾਂ ਅਤਿਅੰਤ ਮੁਸ਼ਕਲ ਪੈਦਾ ਹੋ ਜਾਂਦੀ ਹੈ।ਦੁਆ ਸਲਾਮ ਅਤੇ ਰਾਜ਼ੀ ਖ਼ੁਸ਼ੀ ਤੋਂ ਬਾਦ ਗੱਲ ਅੱਗੇ ਹੀ ਨਹੀਂ ਤੁਰਦੀ। ਇਹ ਪਤਾ ਨਹੀਂ ਲੱਗਦਾ ਕਿ ਚਿੱਠੀ ਵਿਚ ਕਿਸ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਜਾਣ।
ਇਸ ਦੇ ਮੁਕਾਬਲੇ ! ਮੇਰਾ ਇਕ ਮਿੱਤਰ ਹੈ ਜੋ ਕੇਂਦਰ ਸਰਕਾਰ ਦੇ ਇਕ ਦਫ਼ਤਰ ਵਿਚ ਕੰਮ ਕਰਦਾ ਹੈ। ਉਸ ਨੂੰ ਪੱਤਰਕਾਰੀ ਦਾ ਸ਼ੌਕ ਵੀ ਹੈ ਅਤੇ ਪੁਰਾਣਾ ਤਜਰਬਾ ਵੀ। ਉਸ ਦਾ ਕੰਮ ਵੀ ਪੱਤਰਕਾਰੀ ਨਾਲ ਸਬੰਧਤ ਹੈ। ਇਕ ਵਾਰੀ ਉਹ ਮੈਨੂੰ ਮਿਲਣ ਆਇਆ। ਉਸ ਨੇ ਨਵਾਂ ਲੇਖ ਲਿਖਿਆ ਸੀ। ਲੇਖ ਮੈਨੂੰ ਸੁਣਾਉਣਾ ਚਾਹੁੰਦਾ ਸੀ ਪਰ ਗ਼ਲਤੀ ਨਾਲ ਲੇਖ ਦਾ ਖਰੜਾ ਘਰ ਭੁੱਲ ਆਇਆ ਸੀ। ਪਰ ਇਸ ਨਾਲ ਵੀ ਉਹ ਨਿਰ-ਉਤਸ਼ਾਹਤ ਨਹੀਂ ਹੋਇਆ। ਬੀੜੀ ਸੁਲ੍ਹਗਾ ਕੇ ਉਸ ਨੇ ਹਰ ਫ਼ਿਕਰਾ ਆਪਣੇ ਜ਼ਿਹਨ ਵਿਚ ਉਭਾਰਿਆ ਅਤੇ ਸਾਰੇ ਦਾ ਸਾਰਾ ਲੇਖ, ਸਣੇ ਪੈਰਿਆਂ ਦੇ, ਸੁਣਾ ਦਿਤਾ।ਆਪਣੀ ਲਿਖਤ ਨਾਲ ਇਸ ਤਰ੍ਹਾਂ ਦਾ ਲਗਾਓ ਬਹੁਤ ਘੱਟ ਦੇਖਣ ਵਿਚ ਆਉਂਦਾ ਹੈ, ਖ਼ਾਸ ਕਰ ਕੇ ਜਦੋਂ ਇਹ ਲਿਖਤ ਪੱਤਰਕਾਰਤਾ ਦੇ ਖੇਤਰ ਵਿਚ ਆਉਂਦੀ ਹੋਵੇ ਨਾ ਕਿ ਕਥਾ-ਸਹਿਤ ਦੇ ਘੇਰੇ ਵਿਚ।
ਲਿਖਣ ਦੇ ਕੀ ਕਾਰਨ ਹਨ? ਇਸ ਸਵਾਲ ਦਾ ਜਵਾਬ ਦੇਣਾ ਮੁਸ਼ਕਲ ਹੈ। ਟਾਲਸਟਾਏ ਨੇ ਕਿਤੇ ਲਿਖਿਆ ਸੀ ਕਿ ਜੇ ਉਹ ਲਿਖੇ ਨਾ ਤਾਂ ਉਸ ਦਾ ਜਿਊਣਾ ਮੁਸ਼ਕਲ ਹੋ ਜਾਵੇ। ਫਿਰ ਵੀ ਲਿਖਣ ਕਾਰਨ ਹੀ ਉਸ ਦੀ ਪਤਨੀ ਨੇ ਉਸ ਦਾ ਜਿਊਣਾ ਦੁੱਭਰ ਕਰ ਦਿਤਾ ਸੀ ਕਿਉਂਕਿ ਉਸ ਦਾ ਵਿਚਾਰ ਸੀ ਕਿ ਜੇ ‘ਕਾਊਂਟ’ ਟਾਲਸਟਾਏ ਲਿਖਣ ਦੀ ਥਾਂ ਪਰਿਵਾਰ ਦੇ ਕਾਰੋਬਾਰ ਵਲ ਧਿਆਨ ਦਿੰਦਾ ਤਾਂ ਪਰਿਵਾਰ ਕਿਤੇ ਖ਼ੁਸ਼ਹਾਲ ਹੁੰਦਾ। ਪਰ ਉਸ ਵਿਚਾਰੀ ਨੂੰ ਕੀ ਪਤਾ ਸੀ ਕਿ ਜੇ ਟਾਲਸਟਾਏ ਲਿਖਦਾ ਨਾ, ਤਾਂ ਸਿਰਫ਼ ਰੂਸ ਦਾ ਹੀ ਨਹੀਂ ਸਮੁੱਚੇ ਸੰਸਾਰ ਦਾ ਸਾਹਿਤ ਕਿੰਨਾ ਗ਼ਰੀਬ ਹੋ ਗਿਆ ਹੁੰਦਾ। ਟਾਲਸਟਾਏ ਆਪਣੀ ਪਤਨੀ ਦੇ ਵਤੀਰੇ ਤੋਂ ਏਨਾ ਦੁਖੀ ਸੀ ਕਿ ਆਪਣੀ ਆਖਰੀ ਉਮਰੇ ਉਹ ਆਪਣੀ ਚਹੇਤੀ ਧੀ ਨੂੰ ਲੈ ਕੇ ਘਰੋਂ ਨਿਕਲ ਪਿਆ ਸੀ ਅਤੇ ਉਸ ਨੇ ਆਪਣੇ ਅੰਤਲੇ ਦਿਨ ਇਕ ਛੋਟੇ ਜਿਹੇ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਉੱਤੇ ਬਿਤਾਏ। ਕਿਹਾ ਜਾਂਦਾ ਹੈ ਕਿ ਉਸ ਨੇ ਇਹ ਆਦੇਸ਼ ਦਿਤੇ ਸਨ ਕਿ ਉਸ ਦੀ ਪਤਨੀ ਨੂੰ ਉਸ ਦੇ ਸਾਹਮਣੇ ਨਾ ਆਉਣ ਦਿਤਾ ਜਾਵੇ।
ਦੇ 6 ਮਨੁੱਖ ਨੇ ਜੋ ਕੁਝ ਦੇਖਿਆ, ਮਹਿਸੂਸਿਆ, ਚਿਤਵਿਆ, ਕਲਪਿਆ ਹੈ, ਉਸ ਨੂੰ ਪਰਗਟ ਕਰਨ ਦੀ ਚਾਹਨਾ ਹੋਣਾ ਕੁਦਰਤੀ ਗੱਲ ਹੈ। ਉਸੇ ਦੇ ਪ੍ਰਗਟਾਵੇ ਲਈ ਮਨੁੱਖ ਨੇ ਸ਼ਬਦ ਘੜੇ ਹਨ, ਅੱਖਰ ਘੜੇ ਹਨ ਅਤੇ ਅੱਖਰਾਂ ਰਾਹੀਂ ਸਾਹਿਤ। ਪੱਤਰਕਾਰੀ ਦੀ ਸਿਨਫ਼ ਰਾਹੀਂ ਵੀ ਮਨੁੱਖ ਉਸੇ ਤਰ੍ਹਾਂ ਹੀ ਆਪਣੀ ਜਿਗਿਆਸਾ ਤੇ ਉਤਸੁਕਤਾ ਸ਼ਾਂਤ ਕਰ ਲੈਂਦਾ ਹੈ ਜਿਵੇਂ ਕੋਈ ਕਵੀ ਜਾਂ ਕਹਾਣੀਕਾਰੀ ਕਵਿਤਾ ਜਾਂ ਕਹਾਣੀ ਲਿਖ ਕੇ। ਪਰ ਲਿਖਣ ਦਾ ਸਭ ਤੋਂ ਜ਼ਰੂਰੀ ਕਾਰਨ ਇਹ ਹੈ ਕਿ ਕਿਸੇ ਅਖ਼ਬਾਰ ਦਾ ਹਫ਼ਤਾਵਾਰੀ ਕਾਲਮ ਇਕ ਅਜਿਹੀ ਜ਼ਹਿਮਤ ਹੈ ਜਿਸ ਲਈ ਲਿਖਣਾ ਲਾਜ਼ਮੀ ਹੁੰਦਾ ਹੈ ਅਤੇ ਉਹ ਵੀ ਹਰ ਹਫ਼ਤੇ ਮਿਥੇ ਸਮੇਂ ‘ਤੇ।
ਇਸ ਲਈ ਕਿਸੇ ਬਾਤਰਤੀਬ ਸੋਚ ਦੀ ਚੋਣ ਨਹੀਂ ਹੁੰਦੀ। ਜੋ ਚਿੱਤ ਆਵੇ ਲਿਖੀ ਜਾਵੋ। ਪਾਠਕਾਂ ਨੇ ਉਹੀ ਪਰਵਾਨ ਕਰ ਲੈਣਾ ਹੁੰਦਾ ਹੈ। ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਪਾਠਕ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਹ ਲਿਖਤ ਪਸੰਦ ਵੀ ਆਈ ਹੈ। ਕਿਉਂ ਪਸੰਦ ਆਉਂਦੀ ਹੈ ਭਾਈ ਇਸ ਤਰ੍ਹਾਂ ਦੀ ਕਚਘਰੜ ਤੇ ਪੇਤਲੀ ਲਿਖਤ ਜਿਹੜੀ ਨਾ ਕਵਿਤਾ ਹੈ, ਨਾ ਕਹਾਣੀ ਹੈ, ਨਾ ਨਾਟਕ ਹੈ ਤੇ ਨਾ ਨਾਵਲ ਹੈ? ਇਸ ਸਵਾਲ ਦਾ ਜਵਾਬ ਤਾਂ ਉਹ ਪਾਠਕ ਹੀ ਦੇ ਸਕਦੇ ਹਨ।
ਮੇਰਾ ਮਨਭਾਉਂਦਾ ਵਿਸ਼ਾ
ਜਦੋਂ ਵੀ ਕਦੇ ਚਿੱਤ ਉਦਾਸ ਹੁੰਦਾ ਹੈ, ਹਾਵਰਡ ਫਾਸਟ ਦੀ ਪੁਸਤਕ ‘ਸਪਾਰਟੇਕਸ ਪੜ੍ਹਨ ਲੱਗ ਜਾਂਦਾ ਹਾਂ। ਇਹ ਕਿਤਾਬ ਪਿਛਲੇ ਪੰਦਰਾਂ ਸਾਲਾਂ ਵਿੱਚ ਵੀਹ ਵਾਰ ਪੜ੍ਹ ਚੁੱਕਾ ਹਾਂ। ਏਸੇ ਤਰ੍ਹਾਂ ਹੀ ‘ਦਾਸਤਾਨੇ ਨਸਰੂਦੀਨ’ ਪੰਦਰਾਂ ਵਾਰੀ ਮੁਕਾ ਚੁੱਕਾ ਹਾਂ। ਜਿਥੇ ‘ਸਪਾਰਟੇਕਸ’ ਇਕ ਅਜਿਹੇ ਵਿਦਰੋਹੀ ਦੀ ਕਹਾਣੀ ਹੈ ਜਿਸ ਨੇ ਕਈ ਦਿਨ ਤਕ ਰੋਮ ਦੀ ਅਜਿੱਤ ਬਾਦਸ਼ਾਹਤ ਨੂੰ ਹਿਲਾ ਕੇ ਗ਼ੁਲਾਮਾਂ ਦੀ ਹਕੂਮਤ ਕਾਇਮ ਕੀਤੀ ਸੀ, ਉਥੇ ਦਾਸਤਾਨੇ ਨਸਰੂਦੀਨ ਮੱਧਪੂਰਬ ਦੇ ਤਾਨਾਸ਼ਾਹਾਂ ਵਿਰੁਧ ਬਗਾਵਤ ਕਰਨ ਅਤੇ ਫ਼ੈਲਾਉਣ ਵਾਲੇ ਇਕ ਸ਼ਖ਼ਸ ਦੀ ਕਥਾ ਹੈ ਜਿਹੜੀ ਤਨਜ਼ ਤੇ ਮਜ਼ਾਹ ਨਾਲ ਭਰਪੂਰ ਹੈ। ਦੋਵੇਂ ਵਿਸ਼ੇ ਅਲੱਗ ਅਲੱਗ ਹਨ, ਫਿਰ ਵੀ ਦੋਵੇਂ ਹੀ ਮੈਨੂੰ ਉਦਾਸੀ ਦੇ ਪਲਾਂ ਵਿਚੋਂ ਕੱਢਣ ਵਿਚ ਸਹਾਈ ਹੁੰਦੇ ਹਨ।
ਜਦੋਂ ਕਦੇ ਉਦਾਸ ਹੁੰਦਾ ਹਾਂ ਦੇਰ ਰਾਤ ਤਕ ਜਾਗਦਾ ਰਹਿੰਦਾ ਹਾਂ ਤੇ ਫਿਰ ਦਿਨੇਂ ਦੇਰ ਨਾਲ ਉਠਦਾ ਹਾਂ। ਕਈ ਵਾਰੀ ਰਾਤ ਦੇ ਇਕ ਦੋ ਵਜੇ ਨੀਂਦ ਆਉਂਦੀ ਹੈ ਤੇ ਸਵੇਰੇ ਨੌਂ ਵਜੇ ਤੋਂ ਪਹਿਲਾਂ ਨਹੀਂ ਉਠਦਾ। ਜਾਂ ਫਿਰ ਡਾਕਟਰਾਂ ਤੇ ਸਿਆਣਿਆਂ ਦੇ ਕਹੇ ਵਾਂਗ, ਰਾਤ ਨੂੰ ਸਵਖਤੇ ਸੌਂ ਜਾਂਦਾ ਹਾਂ ਅਤੇ ਤੜਕੇ ਉਠ ਪੈਂਦਾ ਹਾਂ। ਇਹ ਤਬਦੀਲੀ ਕਦੋਂ ਤੇ ਕਿਵੇਂ ਆਉਂਦੀ ਹੈ, ਮੈਨੂੰ ਇਸ ਗੱਲ ਦੀ ਸਮਝ ਨਹੀਂ ਪਈ। ਪਰ ਜਦੋਂ ਸਧਾਰਨ ਨੀਂਦ ਦਾ ਸਿਲਸਿਲਾ ਵਿਗੜ ਜਾਵੇ, ਸਮਝ ਜਾਂਦਾ ਹਾਂ ਕਿ ਕੁਝ ਗੜਬੜ ਹੈ। ਇਸ ਲਈ ‘ਸਪਾਰਟੇਕਸ’ ਜਾਂ ‘ਦਾਸਤਾਨੇ ਨਸਰੂਦੀਨ’ ਚੁੱਕ ਲੈਂਦਾ ਹਾਂ।
ਗੁੱਸਾ ਵੀ ਬਹੁਤ ਆਉਂਦਾ ਹੈ। ਆਪਣੇ ਆਪ ਉੱਤੇ ਵੀ ਅਤੇ ਹੋਰ ਬਹੁਤ ਸਾਰਿਆਂ ਉੱਤੇ ਵੀ। ਉਨ੍ਹਾਂ ਉੱਤੇ ਵੀ ਜਿਹੜੇ ਸੰਤਾਲੀਆਂ ਚੁੱਕੀ ਬੇਕਸੂਰ ਲੋਕਾਂ ਨੂੰ ਮਾਰ ਕੇ ਸਰਕਾਰ ਵਿੱਰੁਧ ਲੜਾਈ ਦਾ ਦਮ ਭਰਦੇ ਰਹੇ, ਖ਼ਾਲਿਸਤਾਨ ਦੀ ਸਥਾਪਨਾ ਲਈ ਲੜਨ ਦਾ ਬਹਾਨਾ ਬਣਾ ਕੇ ਲੋਕਾਂ ਤੋਂ ਧਨ ਬਟੋਰਦੇ ਰਹੇ ਜਾਂ ਉਨ੍ਹਾਂ ਦੀਆਂ ਧੀਆਂ ਭੈਣਾਂ ਨੂੰ ਖੋਹ ਖ਼ਰਾਬ ਕਰਦੇ ਰਹੇ। ਉਨ੍ਹਾਂ ਉੱਤੇ ਵੀ ਆਉਂਦਾ ਹੈ ਜਿਨ੍ਹਾਂ ਨੂੰ ਸਰਕਾਰ ਨੇ ਵਰਦੀਆਂ ਦਿੱਤੀਆਂ ਤਾਂ ਸਨ ਲੋਕਾਂ ਦੀ ਰਾਖੀ ਕਰਨ ਲਈ ਪਰ ਜਿਹੜੇ ਰਾਤ ਨੂੰ ਇਨ੍ਹਾਂ ਨੂੰ ਲਾਹ ਕੇ ਕਿਸੇ ਗ਼ਰੀਬ ਦੀ ਤੀਵੀਂ ਦੀ ਪੱਤ ਲੁੱਟਣ ਚਲੇ ਜਾਂਦੇ ਰਹੇ ਤੇ ਦਿਨੋਂ ਵਰਦੀ ਪਾ ਕੇ ਉਨ੍ਹਾਂ ਗ਼ਰੀਬਾਂ ਨੂੰ ਕਿਸੇ ਨਾ ਕਿਸੇ ਦਫ਼ਾ ਵਿਚ ਅੰਦਰ ਕਰ ਦਿੰਦੇ ਰਹੇ।
ਦਲੀਲ ਨਾਲ ਗੱਲ ਉਥੇ ਹੁੰਦੀ ਹੈ ਜਿਥੇ ਅਗਲਾ ਬੰਦਾ ਦਲੀਲ ਦਾ ਕਾਇਲ ਹੋਵੇ। ਇਥੇ ਦਲੀਲ ਨੂੰ ਕੋਈ ਸੁਣਦਾ ਨਹੀਂ। ਜਿਹੜੇ ਲੋਕ ਖ਼ਾਲਿਸਤਾਨ ਦੀ ਸਿਰਜਣਾ ਚਾਹੁੰਦੇ ਸਨ, ਉਹ ਵੀ ਦਲੀਲ ਜਾਂ ਅਪੀਲ ਨਹੀਂ ਸਨ ਸੁਣਦੇ ਅਤੇ ਜਿਹੜੇ ਖ਼ਾਲਿਸਤਾਨ ਨਹੀਂ ਬਣਨ ਦੇਣਾ ਚਾਹੁੰਦੇ ਉਹ ਵੀ ਕੰਨ ਨਹੀਂ ਸਨ ਧਰਦੇ। ਜਿਹੜੇ ਲੋਕ ਖ਼ਾਲਿਸਤਾਨ ਦਾ ਵਿਰੋਧ ਕਰਨ ਦੀ ਹਿੰਮਤ ਕਰਨ ਉਨ੍ਹਾਂ ਨੂੰ ਖ਼ਾਲਿਸਤਾਨ ਬਣਾਉਣ ਦੇ ਹਾਮੀ ਗੋਲੀਆਂ ਨਾਲ ਭੁੰਨ ਦਿੰਦੇ ਸਨ। ਜਿਹੜੇ ਲੋਕ ਖ਼ਾਲਿਸਤਾਨ ਦੀ ਹਮਾਇਤ ਕਰਨ ਉਨ੍ਹਾਂ ਨੂੰ ਖ਼ਾਲਿਸਤਾਨ ਦਾ ਵਿਰੋਧ ਕਰਨ ਵਾਲੇ ਮੁਕਾਬਲਿਆਂ ਵਿਚ ਮਾਰ ਮੁਕਾਉਂਦੇ ਸਨ। ਤੀਜੀ ਧਿਰ ਦੀ ਗੱਲ ਨਾ ਉਹ ਸੋਚਦੀ ਸੀ ਤੇ ਨਾ ਉਹ ਧਿਰ। ਜਦੋਂ ਹਾਲਤ ਇਸ ਤਰ੍ਹਾਂ ਦੀ ਹੋਵੇ ਤਾਂ ਕਿਸੇ ਵੀ ਲੇਖਕ ਲਈ ਇਹ ਠੀਕ ਰਹਿੰਦਾ ਹੈ ਕਿ ਉਹ ਵਾਦ-ਵਿਵਾਦ ਵਿਚ ਪੈਣ ਦੀ ਥਾਂ ਆਪਣੇ ਮਨ ਭਾਉਂਦੇ ਵਿਸ਼ੇ ਤਕ ਸੀਮਤ ਰਹੇ। ਜਿਵੇਂ ‘ਸਪਾਰਟੇਕਸ’ ਤੇ ‘ਦਾਸਤਾਨੇ ਨਸਰੂਦੀਨ’ ਮੇਰੀਆਂ ਮਨਭਾਉਂਦੀਆਂ ਪੁਸਤਕਾਂ ਹਨ, ਉਵੇਂ ਹੀ ਸੰਪੂਰਣ ਪੰਜਾਬ ਦੀ ਕਲਪਨਾ ਤੇ ਇਸ ਦੀ ਸਥਾਪਨਾ ਬਾਰੇ ਗੱਲ ਕਰਨਾ ਮੇਰਾ ਮਨਭਾਉਂਦਾ ਵਿਸ਼ਾ ਹੈ।
ਖ਼ਾਲਿਸਤਾਨ ਦਾ ਸੰਕਲਪ ਕੀ ਹੈ, ਇਸ ਬਾਰੇ ਕਦੇ ਕਿਸੇ ਖ਼ਾਲਿਸਤਾਨੀ ਵਿਦਵਾਨ ਨੇ ਸਪਸ਼ਟ ਨਹੀਂ ਕੀਤਾ। ਅਸੀਂ ਤਾਂ ਉਡੀਕ ਕਰਦੇ ਰਹੇ ਕਿ ਕੋਈ ਕਰੇ । ਹਾਂ, ਕੁਝ ਸੱਜਣਾਂ ਨੇ ਇਸ ਦੇ ਨਕਸ਼ੇ ਜ਼ਰੂਰ ਸਮੇਂ-ਸਮੇਂ ਸਿਰ ਜਾਰੀ ਕੀਤੇ। ਇਕ ਦੋ ਨਕਸ਼ੇ ਮੇਰੀ ਨਜ਼ਰੋਂ ਲੰਘੇ ਸਨ। ਇਸ ਵਿਚ ਹੁਣ ਵਾਲਾ ਸਾਡਾ ਸਾਰਾ ਪੰਜਾਬ, ਹਰਿਆਣਾ, ਦਿੱਲੀ, ਯੂ.ਪੀ. ਦਾ ਤਰ੍ਹਾਈ ਵਾਲਾ ਇਲਾਕਾ, ਜੰਮੂ, ਰਾਜਸਥਾਨ ਦਾ ਵੱਡਾ ਹਿੱਸਾ ਅਤੇ ਗੁਜਰਾਤ, ਰਣਕੱਛ ਤੇ ਕਾਠੀਆਵਾੜ ਵਾਲਾ ਇਲਾਕਾ ਸ਼ਾਮਲ ਹੁੰਦਾ ਸੀ। ਇਸ ਤਰ੍ਹਾਂ ਨਾਲ ਇਹ ਹੁਣ ਵਾਲੇ ਪੰਜਾਬ ਤੋਂ ਲੱਗਪਗ ਚਾਰ ਗੁਣਾ ਵੱਡਾ ਹੋ ਜਾਂਦਾ ਹੈ। ਪਰ ਪਾਕਿਸਤਾਨ ਦੀ ਸੀਮਾ ਰੇਖਾ ਵਲ ਇਹ ਖ਼ਾਲਿਸਤਾਨ ਕਦੇ ਨਹੀਂ ਸੀ ਵਧਦਾ। ਕਿਉਂ ?
ਧਰਮ ਦੇ ਆਧਾਰ ਉੱਤੇ ਬਣੇ ਰਾਜ ਇਸ ਵੇਲੇ ਇਕ ਧੁਰੇ ਵਾਲੇ ਸੰਸਾਰ ਦੇ ਸਭ ਤੋਂ ਤਕੜੇ ਦੇਸ਼ ਅਮਰੀਕਾ ਹੀ ਨਹੀਂ, ਉਸ ਦੇ ਯਾਰਾਂ ਦੇ ਬਾਕੀ ਦੇ ਟੋਲੇ ਨੂੰ ਵੀ ਠੀਕ ਢੁਕਦੇ ਸਨ। ਮੂਲਵਾਦ ਦੇ ਉਭਾਰ ਰਾਹੀਂ ਇਹ ਦੇਸ਼ ਬਹੁਤ ਸਾਰੀਆਂ ਕੌਮੀ ਭਾਵਨਾਵਾਂ ਉਭਾਰ ਕੇ ਉਥੋਂ ਦੀਆਂ ਸਰਕਾਰਾਂ ਨੂੰ ਇਸ ਗੱਲ ਲਈ ਮਜਬੂਰ ਕਰ ਰਹੇ ਸਨ ਕਿ ਉਨ੍ਹਾਂ ਨੂੰ ਇਹ ਨਿਵੇਕਲੀਆਂ ਰਿਆਇਤਾਂ ਦੇਣ। ਖ਼ਾਲਿਸਤਾਨ ਦੀ ਮੰਗ ਵੀ ਇਸੇ ਨੀਤੀ ਦਾ ਹੀ ਸਿੱਟਾ ਸੀ ਜਿਸ ਨੂੰ ਇਸ ਦੇ ਸਮਰਥਕ ਸਮਝਣ ਲਈ ਤਿਆਰ ਨਹੀਂ ਸਨ। ਉਹ ਦਲੀਲ ਦੀ ਇਹ ਗੱਲ ਮੰਨਣ ਲਈ ਵੀ ਤਿਆਰ ਨਹੀਂ ਸਨ ਕਿ ਇਸ ਤਰ੍ਹਾਂ ਦਾ ਖ਼ਾਲਿਸਤਾਨ ਉਹ ਮੰਗ ਰਹੇ ਹਨ ਉਸ ਕਿਸਮ ਦਾ ਖ਼ਾਲਿਸਤਾਨ ਇਤਿਹਾਸਕ ਤੌਰ ‘ਤੇ ਸੰਭਵ ਨਹੀਂ ਹੈ।
ਜੇ ਹੁਣ ਸੰਭਵ ਹੈ ਤਾਂ ਸਿਰਫ਼ ਇਹੀ ਕਿ ਉਹ ਆਪਣੀ ਇਸ ਮੰਗ ਨੂੰ ਤਿਆਗ ਕੇ ਸੰਪੂਰਣ ਪੰਜਾਬ ਦੀ ਮੰਗ ਨੂੰ ਅਪਣਾ ਲੈਣ । ਪਰ ਕਿਉਂਕਿ ਉਹ ਦਲੀਲ ਮੰਨਦੇ ਨਹੀਂ ਸਨ, ਇਸ ਲਈ ਸੰਪੂਰਣ ਪੰਜਾਬ ਦੀ ਮੰਗ ਨੂੰ ਕਿਸੇ ਤੀਜੀ ਧਿਰ ਨੂੰ ਚੁੱਕਣਾ ਪਏਗਾ। ਇਹ ਤੀਜੀ ਧਿਰ ਕੋਈ ਹੋਰ ਨਹੀਂ ਪੰਜਾਬ ਦੇ ਬੁੱਧੀਜੀਵੀ ਹੀ ਹੋ ਸਕਦੇ ਹਨ ਜਿਨ੍ਹਾਂ ਨੇ ਦਹਿਸ਼ਤਗਰਦੀ ਦੇ ਪਿਛਲੇ ਕੁਝ ਦਿਨਾਂ ਵਿਚ ਬੋਲਣਾ ਸ਼ੁਰੂ ਕਰ ਦਿੱਤਾ ਸੀ, ਭਾਵੇਂ ਧੀਮੀ ਸੁਰ ਵਿਚ ਹੀ ਸਹੀ।
ਜਦੋਂ ਦੋਵੇਂ ਜਰਮਨੀ ਰਲ ਕੇ ਇਕ ਹੋਏ ਸਨ ਤਾਂ ਮੈਂ ਭਵਿੱਖਬਾਣੀ ਕੀਤੀ ਸੀ ਕਿ ਹੁਣ ਚਾਲੀ ਸਾਲ ਮਗਰੋਂ ਦੋਵੇਂ ਕਸ਼ਮੀਰ ਰਲ ਕੇ ਇਕ ਹੋ ਜਾਣਗੇ, ਦੋਵੇਂ ਬੰਗਾਲ ਮਿਲ ਕੇ ਇਕ ਦੇਸ਼ ਬਣਨਗੇ ਅਤੇ ਦੋਵੇਂ ਪੰਜਾਬ ਰਲ ਕੇ ਇਕ ਦੇਸ਼ ਬਣਨਗੇ। ਮੇਰੀ ਭਵਿੱਖਬਾਣੀ ਹੁਣ ਵੀ ਇਹੀ ਹੈ। ਫ਼ਰਕ ਹੈ ਤਾਂ ਸਿਰਫ਼ ਏਨਾ ਕਿ ਮੈਂ ਇਸ ਦਾ ਸਮਾਂ ਘਟਾ ਦਿੱਤਾ ਹੈ। ਹੁਣ ਮੈਂ ਤੀਹ ਤੋਂ ਪੈਂਤੀ ਸਾਲਾਂ ਦਾ ਸਮਾਂ ਇਸ ਲਈ ਦਿੰਦਾ ਹਾਂ। ਨਵੀਂ ਪੀੜ੍ਹੀ ਵਿਚੋਂ ਐਸੇ ਨੌਜਵਾਨ ਜ਼ਰੂਰ ਉਠਣਗੇ ਜਿਹੜੇ ਸੰਤਾਲੀ ਤੋਂ ਪਹਿਲਾਂ ਦੇ ਪੰਜਾਬ ਦੇ ਇਕੱਠੇ ਹੋਣ ਦੀ ਸਿੱਕ ਰੱਖਣਗੇ। ਇਸ ਕਰ ਕੇ ਨਹੀਂ ਕਿ ਉਨ੍ਹਾਂ ਨੂੰ ਪਾਕਿਸਤਾਨ ਨਾਲ ਕੋਈ ਦੁਸ਼ਮਣੀ ਹੈ। ਸਗੋਂ ਇਸ ਕਰ ਕੇ ਕਿ ਉਨ੍ਹਾਂ ਨੂੰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਪਿਆਰ ਹੈ।
ਹਿੰਦੂ ਫ਼ਲਸਫ਼ਾ ਕਹਿੰਦਾ ਹੈ ਕਿ ਹਰ ਸ਼ਖ਼ਸ ਆਪਣੇ ਆਪ ਨੂੰ ਸ਼ੁੱਧ ਕਰ ਲਵੇ ਤਾਂ ਸਮੁੱਚਾ ਦੇਸ਼ ਜਾਂ ਕੌਮ ਸ਼ੁੱਧ ਹੋ ਸਕਦੇ ਹਨ। ਹਰ ਸ਼ਖ਼ਸ ਆਪਣੇ ਆਪ ਨੂੰ ਸ਼ੁੱਧ ਕਰਨ ਦੀ ਸਮਰੱਥਾ ਰੱਖਦਾ ਹੋ ਸਕਦਾ ਹੈ ਮੇਰਾ ਇਸ ਨਾਲ ਇਖ਼ਤਲਾਫ਼ ਹੈ। ਪਰ ਇਸ ਫ਼ਲਸਫ਼ੇ ਨੂੰ ਸੰਪੂਰਣ ਪੰਜਾਬ ਦੇ ਮਾਮਲੇ ਵਿਚ ਮੰਨਣ ਨੂੰ ਜੀ ਕਰਦਾ ਹੈ। ਜੇ ਹਰ ਪੰਜਾਬੀ ਇਹ ਤਹੱਈਆ ਕਰ ਲਵੇ ਕਿ ਉਸ ਨੇ ਪੰਜਾਬ ਦੀਆਂ ਸਰਹੱਦਾਂ ਇਕ ਪਾਸੇ ਬਲੋਚਿਸਤਾਨ, ਦੂਜੇ ਪਾਸੇ ਸਿੰਧ, ਤੀਸਰੇ ਪਾਸੇ ਅੱਧੇ ਰਾਜਸਥਾਨ, ਚੌਥੇ ਪਾਸੇ ਚੀਨ, ਪੰਜਵੇਂ ਪਾਸੇ ਕਸ਼ਮੀਰ ਤੇ ਛੇਵੇਂ ਪਾਸੇ ਨੇਪਾਲ ਨਾਲ ਜੋੜਨੀਆਂ ਹਨ ਤਾਂ ਮੇਰੀ ਭਵਿੱਖਬਾਣੀ ਦਾ ਸਮਾਂ ਤੀਹ ਪੈਂਤੀ ਤੋਂ ਘਟ ਕੇ ਵੀਹ-ਪੰਝੀ ਸਾਲ ਵੀ ਹੋ ਸਕਦਾ ਹੈ।
ਗੋਬਲਜ਼ ਬਦਨਾਮ ਸੀ ਪਰ ਸੀ ਵਿਦਵਾਨ । ਉਸ ਦਾ ਵਿਚਾਰ ਸੀ ਕਿ ਜੇ ਇਕ ਝੂਠ ਵਾਰ ਵਾਰ ਬੋਲੋ ਤਾਂ ਲੋਕ ਉਸ ਨੂੰ ਸੱਚ ਸਮਝਣ ਲੱਗਣਗੇ। ਮੈਂ ਉਸ ਦਾ ਸ਼ੁਕਰਗੁਜ਼ਾਰ ਹਾਂ। ਇਹ ਗੱਲ ਸੱਚ ਉੱਤੇ ਵੀ ਢੁੱਕਦੀ ਹੈ। ਸੰਪੂਰਣ ਪੰਜਾਬ ਬਾਰੇ ਮੈਂ ਓਨੀ ਦੇਰ ਤੱਕ ਬੋਲਦਾ ਰਹਾਂਗਾ ਜਿੰਨੀ ਦੇਰ ਤੱਕ ਲੋਕ ਇਸ ਬਾਰੇ ਬੋਲਣਾ ਸ਼ੁਰੂ ਨਹੀਂ ਕਰਨਗੇ ਜਾਂ ਬੇਦਲੀਲੇ ਲੋਕ ਕੋਈ ਠੋਸ ਫ਼ੈਸਲਾ ਨਹੀਂ ਲੈਂਦੇ।
ਜਦੋਂ ਮੈਂ ਉਦਾਸ ਹੁੰਦਾ ਹਾਂ ਤਾਂ ‘ਸਪਾਰਟੇਕਸ’ ਜਾਂ ‘ਦਾਸਤਾਨੇ ਨਸਰੂਦੀਨ’ ਪੜ੍ਹਦਾ ਹਾਂ। ਜਦੋਂ ਗੁੱਸੇ ਵਿਚ ਆਉਂਦਾ ਹਾਂ ਤਾਂ ਸੰਪੂਰਣ ਪੰਜਾਬ ਦਾ ਕਿੱਸਾ ਛੇੜ ਬਹਿੰਦਾ ਹਾਂ । ਗਿੱਲਾ ਆਪਣੇ ਆਪ ਉੱਤੇ ਸਿਰਫ਼ ਇਹੀ ਹੈ ਕਿ ਇਹ ਗੁੱਸਾ ਲੱਗਾ ਤਾਰ ਕਿਉਂ ਨਹੀਂ ਆਉਂਦਾ ?
(17-7-1992)
ਰੰਗਦਾਰ ਸ਼ੀਸ਼ੇ ਨਹੀਂ ਚਾਹੀਦੇ
ਕਹਿੰਦੇ ਹਨ ਔਰੰਗਜ਼ੇਬ ਅਜਿਹਾ ਕੱਟੜ ਮੁਸਲਮਾਨ ਰਾਜਾ ਸੀ ਕਿ ਉਸ ਨੇ ਆਪਣੇ ਰਾਜ ਅੰਦਰ ਸੰਗੀਤ, ਨਾਟਕ ਅਤੇ ਇਸ ਤਰ੍ਹਾਂ ਦੀਆਂ ਹੋਰ ਕਲਾਵਾਂ ਉੱਤੇ ਸਖ਼ਤ ਰੋਕ ਲਾ ਦਿੱਤੀ ਹੋਈ ਸੀ । ਕੋਈ ਗੀਤ ਨਹੀਂ ਸੀ ਗਾ ਸਕਦਾ, ਨਾਚ ਨਹੀਂ ਸੀ ਰਚਾ ਕਰ ਸਕਦਾ ਅਤੇ ਨਾ ਹੀ ਨਾਟਕ ਚੇਟਕ ਕਰ ਸਕਦਾ ਸੀ। ਜੇ ਉਸੇ ਸਮੇਂ ਦੇ ਹਾਲਾਤ ਨੂੰ ਧਿਆਨ ਵਿਚ ਲਿਆਂਦਾ ਜਾਵੇ ਤਾਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਕਿ ਉਸ ਸਮੇਂ ਦੇ ਲੋਕ ਕਿਸ ਤਰ੍ਹਾਂ ਦੀ ਘੁਟਨ ਵਿਚ ਜੀਵਨ ਬਤੀਤ ਕਰਦੇ ਹੋਣਗੇ। ਜਿਸ ਤਰੀਕੇ ਉਸ ਨੇ ਹਰ ਹੀਲੇ ਨਾਲ ਇਸਲਾਮ ਧਰਮ ਨੂੰ ਲਾਗੂ ਕਰਨ ਲਈ ਅਤੇ ਹਿੰਦੂ ਧਰਮ ਨੂੰ ਖ਼ਤਮ ਕਰਨ ਖਾਤਰ ਸਖ਼ਤੀ ਦਾ ਰਸਤਾ ਅਖਤਿਆਰ ਕੀਤਾ, ਉਸ ਨੂੰ ਮਹਿਸੂਸ ਕਰਦਿਆਂ ਹੀ ਰੋਗਟੇ ਖੜ੍ਹੇ ਹੋ ਜਾਂਦੇ ਹਨ। ਭਾਵੇਂ ‘ਸਵਾ ਮਣ ਜਨੇਊ ਲਾਹ ਕੇ ਰੋਟੀ ਖਾਣ’ ਦੀ ਤਸ਼ਬੀਹ ਵਧਾ ਚੜ੍ਹਾ ਕੇ ਹੀ ਬਣਾਈ ਗਈ ਹੋਵੇ ਪਰ ਇਸ ਤੋਂ ਇਹ ਅਹਿਸਾਸ ਤਾਂ ਹੁੰਦਾ ਹੈ। ਕਿ ਵਿਅਕਤੀ ਦੇ ਨਿੱਜੀ ਵਿਚਾਰਾਂ ਅਤੇ ਅਕੀਦਿਆਂ ਵਿਚ ਜਬਰੀ ਤਬਦੀਲੀ ਕਰਨ ਵਿਚ ਮੁਗ਼ਲ ਰਾਜਿਆਂ ਵਿਚੋਂ ਸਭ ਤੋਂ ਬਦਨਾਮ ਔਰੰਗਜ਼ੇਬ ਹੀ ਹੈ।
ਧਰਮਾਂ ਪ੍ਰਤੀ ਜਾਂ ਲੋਕਾਂ ਦੇ ਨਿੱਜੀ ਵਿਚਾਰਾਂ ਪ੍ਰਤੀ ਅਸਹਿਣਸ਼ੀਲਤਾ ਦੀ ਭਾਵਨਾ ਸਿਰਫ਼ ਔਰੰਗਜ਼ੇਬ ਜਾਂ ਹੋਰ ਮੁਸਲਮਾਨ ਰਾਜਿਆਂ ਵਿਚ ਹੀ ਨਹੀਂ ਸੀ । ਲਗਪਗ ਹਰ ਦੌਰ ਦੇ ਹੁਕਮਰਾਨ ਨੇ ਆਪਣੀ ਸੱਤਾ ਸ਼ਕਤੀ ਦੀ ਵਰਤੋਂ ਕਰ ਕੇ ਉਨ੍ਹਾਂ ਵਿਚਾਰਾਂ ਅਤੇ ਅਕੀਦਿਆਂ ਨੂੰ ਕੁਚਲਣ ਜਾਂ ਬਦਲਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਉਸ ਦੇ ਪਸੰਦ ਦੇ ਨਹੀਂ ਸਨ। ਇਹ ਗੱਲ ਸਿਰਫ਼ ਭਾਰਤੀ ਰਾਜਿਆਂ ਉਤੇ ਹੀ ਲਾਗੂ ਨਹੀਂ ਹੁੰਦੀ ਸਗੋਂ ਦੁਨੀਆ ਭਰ ਦੇ ਰਾਜਿਆਂ ਉਤੇ ਢੁਕਦੀ ਹੈ । ਰੋਮਨ ਸਾਮਰਾਜ ਤੋਂ ਲੈ ਕੇ ਹੁਣ ਤਕ ਲਗਪਗ ਹਰ ਦੌਰ ਵਿਚ ਹੁਕਮਰਾਨਾਂ ਨੇ ਆਪਣੀਆਂ ਗੱਦੀਆਂ ਦੀ ਰਾਖੀ ਲਈ ਹੀ ਨਹੀਂ ਸਗੋਂ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਵੀ ਅਤੇ ਵਿਰੋਧੀਆਂ ਉੱਤੇ ਜ਼ੁਲਮ ਕਰ ਕੇ ਸੁਆਦ ਲੈਣ ਲਈ ਵੀ ਇਸ ਤਰ੍ਹਾਂ ਦਾ ਰਸਤਾ ਅਪਣਾਇਆ ਹੈ।
ਇਹ ਗੱਲ ਵੱਖਰੀ ਹੈ ਕਿ ਹਰ ਦੌਰ ਵਿਚ ਅਜਿਹੇ ਸੂਰਮੇ ਹੋਏ ਹਨ ਜਿਨ੍ਹਾਂ ਨੇ ਆਪਣੇ ਧਰਮਾਂ, ਆਪਣੇ ਵਿਚਾਰਾਂ, ਆਪਣੇ ਪਹਿਰਾਵੇ, ਆਪਣੀ ਸੋਚ, ਆਪਣੇ ਅਕੀਦਿਆਂ ਅਤੇ ਆਪਣੀ ਵਿਲੱਖਣਤਾ ਨੂੰ ਬਰਕਰਾਰ ਰੱਖਣ ਲਈ, ਆਪਣੀ ਸ਼ਖ਼ਸੀ ਅਜ਼ਾਦੀ ਦੀ ਰਾਖੀ ਕਰਨ ਲਈ, ਆਪਣੀ ਖ਼ੁਦ-ਦਾਰੀ ਨੂੰ ਕਾਇਮ ਰੱਖਣ ਲਈ ਅਤੇ ਸੱਚ ਦਾ ਸਿਰ ਉੱਚਾ ਰੱਖਣ ਲਈ ਆਪਣੇ ਸਿਰਾਂ ਦੀ ਬਾਜ਼ੀ ਲਾਈ ਹੈ। ਇਸ ਤਰ੍ਹਾਂ ਦੇ ਪੁਰਖ ਹਰ ਦੌਰ ਵਿਚ ਮਿਲ ਜਾਂਦੇ ਹਨ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ, ਜਿਨ੍ਹਾਂ ਨੂੰ ‘ਹਿੰਦ ਦੀ ਚਾਦਰ’ ਕਿਹਾ ਜਾਂਦਾ ਹੈ, ਔਰੰਗਜ਼ੇਬ ਦੀ ਹਕੂਮਤ ਨੂੰ ਚੈਲੰਜ ਨਹੀਂ ਸੀ ਕੀਤਾ। ਉਨ੍ਹਾਂ ਤਾਂ ਹਕੂਮਤ ਦੇ ਉਸ ਖ਼ਾਸੇ ਨੂੰ ਵੰਗਾਰਿਆ ਸੀ ਜਿਹੜਾ ਰਿਆਇਆ ਦੇ ਧਰਮ ਨੂੰ ਹੁਕਮਰਾਨਾਂ ਦੇ ਧਰਮ ਵਿਚ, ਤਲਵਾਰ ਦੇ ਜ਼ੋਰ ਨਾਲ, ਤਬਦੀਲ ਕਰਨਾ ਚਾਹੁੰਦਾ ਸੀ।
ਪਰ ਇਤਿਹਾਸ ਗਵਾਹ ਹੈ ਕਿ ਤਲਵਾਰ ਦੀ ਨੋਕ ਉੱਤੇ ਕਦੇ ਵੀ ਨਾ ਤਾਂ ਬਾਗ਼ੀਆਨਾ ਵਿਚਾਰ ਬਦਲੇ ਹਨ, ਨਾ ਧਰਮ, ਨਾ ਅਕੀਦੇ। ਨਾ ਹੀ ਸੱਚ ਕਹਿਣ ਦੀ ਹਿੰਮਤ ਘਟੀ ਹੈ। ਸਗੋਂ ਝੂਠ ਤੇ ਕੁਫ਼ਰ ਦੇ ਸਾਹਮਣੇ ਸੱਚ ਦੀ ਗੱਲ ਕਰਨ ਵਾਲੇ ਲੋਕਾਂ ਨੇ ਸਿਰ ਚੁੱਕ ਕੇ ਵੰਗਾਰ ਪਾਈ ਹੈ। ਭਾਵੇਂ ਇਸ ਲਈ ਉਨ੍ਹਾਂ ਨੂੰ ਸਿਰਾਂ ਦੀ ਕੁਰਬਾਨੀ ਦੇਣੀ ਪਈ ਹੋਵੇ, ਫਿਰ ਵੀ ਅੱਖ ਨੀਵੀਂ ਉਨ੍ਹਾਂ ਦੀ ਹੋਈ ਹੈ ਜਿਹੜੇ ਧੌਂਸ ਦੀ ਨੀਤੀ ਉਤੇ ਚਲਦੇ ਹਨ। ਸਿੱਖ ਇਤਿਹਾਸ ਦੀਆਂ ਉਦਾਹਰਣਾਂ ਲਈਏ ਤਾਂ ਸ਼ਹੀਦ ਸ਼੍ਰੋਮਣੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਰੀਰ ਤਿਆਗ ਦਿੱਤਾ ਪਰ ਸੋਚ ਨਹੀਂ। ” ਮਿੱਟੀ ਮੁਸਲਮਾਨ ਕੀ ” ਦੀ ਥਾਂ ” ਮਿੱਟੀ ਬੇਈਮਾਨ ਕੀ” ਕਰਨ ਵਾਲੇ ਆਪਣੇ ਨਿਕਟਤਮ ਨਜ਼ਦੀਕੀ ਨੂੰ ਛੇਕ ਦਿੱਤਾ ਕਿਉਂਕਿ ਉਸ ਨੇ ਇਹ ਤਬਦੀਲੀ ਮੁਸਲਮਾਨ ਹੁਕਮਰਾਨ ਦੀ ਖ਼ੁਸ਼ਨੂਦੀ ਹਾਸਲ ਕਰਨ ਲਈ ਕੀਤੀ ਸੀ। ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸਾਥੀਆ ਨੂੰ ਦੇਗਾਂ ਦੇ ਵਿਚ ਉਬਲਦਿਆਂ, ਆਰਿਆਂ ਨਾਲ ਚਿਰਦਿਆਂ, ਰੋਬਿਆਂ ਨਾਲ ਖੋਪੜੀਆਂ ਲਹਾਉਂਦਿਆਂ ਦੇਖਿਆ, ਖ਼ੁਦ ਪਿੰਜਰੇ ਵਿਚ ਪਏ ਰਹੇ ਪਰ ਸੱਚ ਉਤੇ ਡਟੇ ਰਹੇ।ਹੋਰ ਅਨੇਕਾਂ ਉਦਾਹਰਣਾਂ ਹਨ ਜਿਨ੍ਹਾਂ ਰਾਹੀਂ ਪਤਾ ਲਗਦਾ ਹੈ ਕਿ ਸੱਚ ਨੂੰ ਧਮਕੀਆਂ ਤੇ ਧੌਂਸਾਂ ਰਾਹੀਂ ਦਬਾਇਆ ਨਹੀਂ ਜਾ ਸਕਦਾ। ਬਾਬਾ ਨਾਨਕ ਨੇ ਤਾਂ ਬਾਬਰ ਦੀ ਚੜ੍ਹਾਈ ਵੇਲੇ ਰੱਬ ਤੱਕ ਨੂੰ ਵੰਗਾਰ ਪਾ ਦਿੱਤੀ ਸੀ, “ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਆਪੇ ਦੋਸ ਨਾ ਦੇਈ ਕਰਤਾ ਜਮ ਕਰ ਮੁਗ਼ਲ ਚੜਾਇਆ। ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦ ਨਾ ਆਇਆ।” ਤਾਂ ਫਿਰ ਇਨ੍ਹਾਂ ਗੁਰੂਆਂ ਪੀਰਾਂ ਦੋ ਪੈਰੋਕਾਰ ਕਿਉਂ ਨਾ ਸੱਚ ਉਤੇ, ਹਕੀਕਤ ਉਤੇ ਪਹਿਰਾ ਦੇਣ? ਜ਼ਰੂਰ ਦੇਣਾ ਚਾਹੀਦਾ ਹੈ। ਇਹ ਗੱਲ ਵੱਖਰੀ ਹੈ ਕਿ ਅਜਿਹਾ ਕਰਦੇ ਸਮੇਂ ਇਨ੍ਹਾਂ ਵਿਚੋਂ ਕੁਝ ਕੁ ਲੋਕ ਇਹ ਸਮਝਣ ਤੋਂ ਅਸਮਰਥ ਰਹਿ ਜਾਣ ਕਿ ਹੁਕਮਰਾਨ ਦੇ ਸੱਚ ਅਤੇ ਜਨਤਾ ਦੇ ਸੱਚ ਵਿਚ ਫ਼ਰਕ ਹੁੰਦਾ ਹੈ। ਪਰ ਇਸ ਵਿਚ ਉਨ੍ਹਾਂ ਦਾ ਕਸੂਰ ਕੋਈ ਨਹੀਂ ਹੈ ਕਿਉਂਕਿ ਆਖ਼ਰਕਾਰ ਉਹ ਤਾਂ ਮਹਾਨ ਗੁਰੂਆਂ ਦੇ ਚਰਨਾਂ ਦੀ ਧੂੜ ਵੀ ਨਹੀਂ ਹਨ। ਇਸ ਲਈ ਉਹ ਜੇ ਅਸਲੀ ਦੁਸ਼ਮਣ ਨੂੰ ਪਹਿਚਾਨਣ ਵਿਚ ਗ਼ਲਤੀ ਕਰ ਜਾਣ ਤਾਂ ਉਨ੍ਹਾਂ ਦਾ ਕਸੂਰ ਨਹੀਂ।
ਕਹਿੰਦੇ ਹਨ ਕਿ ਜਦੋਂ ਈਸਾ ਨੂੰ ਆਪਣੇ ਸਮੇਂ ਦਾ ਸੱਚ ਕਹਿਣ ਬਦਲੇ ਸੂਲੀ ‘ਤੇ ਚੜ੍ਹਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਪ੍ਰਮਾਤਮਾ ਨੂੰ ਅਰਜ਼ ਕੀਤੀ ਸੀ ਕਿ “ਹੇ ਪਿਤਾ, ਇਨ੍ਹਾਂ ਲੋਕਾਂ ਨੂੰ ਮਾਫ਼ ਕਰ ਦੇਹ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ।” ਮੇਰਾ ਖ਼ਿਆਲ ਹੈ ਕਿ ਤੱਤੀਆਂ ਤਵੀਆਂ ਉਤੇ ਬੈਠਣ ਤੇ ਦੇਗਾਂ ਵਿਚ ਉਬਲਣ ਮਗਰੋਂ ਦਰਿਆ ਦੇ ਪਾਣੀ ਵਿਚ ਇਸ਼ਨਾਨ ਕਰਨ ਲੱਗਿਆਂ ਗੁਰੂ ਅਰਜਨ ਦੇਵ ਜੀ ਨੇ ਅਤੇ ਚਾਂਦਨੀ ਚੌਕ ਵਿਚ ਜੱਲਾਦ ਦੀ ਤਲਵਾਰ ਚੱਲਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੇ ਜ਼ਰੂਰ ਹੀ ਪ੍ਰਮਾਤਮਾ ਨੂੰ ਕਿਹਾ ਹੋਵੇਗਾ ਕਿ “ਹੇ ਪਰਮਪਿਤਾ, ਇਨ੍ਹਾਂ ਮੂਰਖਾਂ ਨੂੰ ਮਾਫ਼ ਕਰੀਂ ਕਿਉਂਕਿ ਇਹ ਨਹੀਂ ਜਾਣਦੇ ਕੀ ਇਹ ਕੀ ਕਰ ਰਹੇ ਹਨ।”
ਇਸ ਤਰ੍ਹਾਂ ਦੀ ਮਾਫ਼ੀ ਦੇ ਦੇਣਾ ਦਰਅਸਲ ਜ਼ਾਲਮ ਉਤੇ ਜਾਂ ਜਾਬਰ ਉਤੇ ਬਹੁਤ ਵੱਡਾ ਕਲੰਕ ਲਾਉਣਾ ਹੈ । ਉਸ ਨੂੰ ਲਾਹਨਤਾਂ ਪਾਉਣਾ ਹੈ । ‘ਮੁਗਲੇ ਆਜ਼ਮ’ ਨਾਂ ਦੀ ਫ਼ਿਲਮ ਦੇ ਅੰਤਲੇ ਦ੍ਰਿਸ਼ਾਂ ਵਿਚ ਅਨਾਰਕਲੀ ਦੀਵਾਰ ਵਿਚ ਚਿਣਵਾਏ ਜਾਣ ਤੋਂ ਪਹਿਲਾਂ ਅਕਬਰ ਬਾਦਸ਼ਾਹ ਨੂੰ ਕਹਿੰਦੀ ਹੈ, “ਹੇ ਹਿੰਦੁਸਤਾਨ ਦੇ ਬਾਦਸ਼ਾਹ, ਜਾਹ ਮੈਂ ਤੈਨੂੰ ਆਪਣਾ ਕਤਲ ਮਾਫ਼ ਕੀਤਾ।” ਇਸੇ ਇਕ ਫ਼ਿਕਰੇ ਨਾਲ ਉਸ ਨੇ ਅਕਬਰ ਮਹਾਨ ਨੂੰ ਆਪਣੇ ਨਾਲੋਂ ਬੌਣਾ ਕਰ ਦਿੱਤਾ ਸੀ ।
ਔਰੰਗਜ਼ੇਬ ਕਲਾਵਾਂ ਦਾ ਦੋਖੀ ਸੀ। ਉਸੇ ਸਮੇਂ ਉੱਤਰੀ ਭਾਰਤ ਵਿਚ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਾਵਾਂ ਨੂੰ ਉਤਸ਼ਾਹਤ ਕਰ ਰਹੇ ਸਨ। ਉਨ੍ਹਾਂ ਦੇ ਜੀਵਨ ਵਿਚ ਬਹੁਤ ਸਾਰੇ ਨਾਟਕੀ ਅੰਸ਼ ਮਿਲਦੇ ਹਨ। ਉਨ੍ਹਾਂ ਦੇ ਸੀਨੇ ਅੰਦਰ ਇਕ ਸ਼ਾਇਰ ਦਾ ਦਿਲ ਧੜਕਦਾ ਸੀ। ਉਹ ਇਕ ਬਾਗ਼ੀ ਮਹਾਂਪੁਰਖ ਸਨ। ‘ਜ਼ਫਰਨਾਮਾ’ ਉਨ੍ਹਾਂ ਦੀ ਕਲਮ ਦੀ ਜੋਸ਼ੀਲੀ ਸੁਰ ਦਾ ਪ੍ਰਤੀਕ ਹੈ ਤਾਂ “ਮਿਤਰ ਪਿਆਰੇ ਨੂੰ…” ਉਨ੍ਹਾਂ ਦੀ ਰੁਮਾਂਸਕਤਾ ਦਾ ਸਿਖਰ ਸੀ। ਵਿਸਾਖੀ ਵਾਲੇ ਦਿਨ ਖਾਲਸੇ ਤੋਂ ਸਿਰਾਂ ਦੀ ਮੰਗ ਕਰ ਕੇ ਤੰਬੂ ਅੰਦਰ ਲਿਜਾ ਕੇ ਤਲਵਾਰ ਚਲਾਉਣ ਵਾਲਾ ਕੌਤਕ ਸਾਰੇ ਦਾ ਸਾਰਾ ਨਾਟਕੀ ਅੰਸ਼ਾਂ ਵਾਲਾ ਹੈ ਜਿਸ ਨੇ ਇਕ ਗਿੱਦੜ ਕੌਮ ਨੂੰ ਸ਼ੇਰ ਬਣਾ ਦਿੱਤਾ।
ਇਸ ਕੌਮ ਦੇ ਸ਼ੇਰ ਜਦੋਂ ਬੱਕਰੀਆਂ ਉਤੇ ਝਪਟਦੇ ਸਨ ਤਾਂ ਗੁਰਬਾਣੀ ਦੀ ਤੁਕ ਚੇਤੇ ਆਉਂਦੀ ਸੀ, “ਜੇ ਸਕਤਾ ਸਕਤੇ ਕਉ ਮਾਰੇ ਤਾਂ ਮਨ ਰੋਸ ਨਾ ਹੋਈ। ਸਕਤਾ ਸੀਂਹ ਮਾਰੇ ਪੈ ਵਗੈ, ਖਸਮੈ ਸਾ ਪਰਸਾਈ।” ਪਰ ਹਾਲਤ ਇਹ ਹੋਈ ਪਈ ਸੀ ਕਿ ਧਰਮਾਂ, ਅਕੀਦਿਆਂ, ਵਿਚਾਰਾਂ ਤੇ ਧਾਰਨਾਵਾਂ ਦੀ ਅਜ਼ਾਦੀ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਗੁਰੂਆਂ ਦੇ ਪੈਰੋਕਾਰ ਹੀ ਧਰਮਾਂ, ਅਕੀਦਿਆਂ, ਵਿਚਾਰਾਂ ਦੇ ਧਾਰਨਾਵਾਂ ਬਦਲਣ ਲਈ ਸਖ਼ਤੀ ਤੇ ਧਮਕੀਆਂ ਦਾ ਰਸਤਾ ਅਖ਼ਤਿਆਰ ਕਰਨ ਲੱਗ ਪਏ ਸਨ। ਸਹਿਨਸ਼ੀਲਤਾ ਦੀ ਇਹ ਕਮੀ ਦਰਅਸਲ ਗੁਰਸਿੱਖੀ, ਗੁਰਬਾਣੀ ਤੇ ਗੁਰ ਮਰਿਆਦਾ ਦੀ ਸਮਝ ਦੀ ਅਣਹੋਂਦ ਦੀ ਪ੍ਰਤੀਕ ਹੈ।ਜਿਹੜੇ ਲੋਕਾਂ ਨੂੰ ਆਪਣੇ ਮਤਾਂ, ਖ਼ਤਾਂ ਤੇ ਲੇਖਾਂ ਵਿਚ ਗਾਲ਼ਾਂ ਜਾਂ ਇਸ ਤਰ੍ਹਾਂ ਦੀ ਹੋਰ ਸਮੱਗਰੀ ਦੀ ਜ਼ਰੂਰਤ ਪਵੇ ਉਨ੍ਹਾਂ ਵਿਚ ਸਿਧਾਂਤਕ ਕਚਿਆਈ ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਬਹਿਸ ਕਰਦਿਆਂ ਉੱਚੀ ਬੋਲਣਾ ਪੈ ਜਾਵੇ ਉਹ ਵਿਚਾਰਾਂ ਪੱਖੋਂ ਊਣੇ ਹੁੰਦੇ ਹਨ। ਜਿਹੜੇ ਲੋਕ ਕਿਸੇ ਗੱਲ ਨੂੰ ਸੰਗ ਰਹਿਤ ਲੈ ਕੇ ਰੋਲਾ ਪਾ ਲੈਣ ਉਨ੍ਹਾਂ ਦੀ ਐਨਕ ਦੇ ਸ਼ੀਸ਼ੇ ਰੰਗਦਾਰ ਹੁੰਦੇ ਹਨ। ਜ਼ਰੂਰਤ ਇਸ ਗੱਲ ਦੀ ਹੈ ਕਿ ਹਰ ਸ਼ਖ਼ਸ ਰੰਗਦਾਰ ਸ਼ੀਸ਼ੇ ਲਾਹ ਕੇ ਪਾਰਦਰਸ਼ੀ ਤੇ ਸਵੱਛ ਸ਼ੀਸ਼ਿਆਂ ਨਾਲ ਦੇਖੇ। ਬਾਕੀਆਂ ਲਈ ਇਹੀ ਦੁਆ ਹੈ ਕਿ ਮਾਤਮਾ ਉਨ੍ਹਾਂ ਨੂੰ ਸੱਤ ਖੂਨ ਮਾਫ਼ ਕਰੇ।
ਜ਼ਿੰਦਗੀ ਵਿਚ ਪਹਿਲੀ ਵਾਰ
ਮੈਂ ਤੀਹਾਂ ਸਾਲਾਂ ਦਾ ਸਾਂ ਜਦੋਂ ਜ਼ਿੰਦਗੀ ਵਿਚ ਪਹਿਲੀ ਵਾਰੀ ਪਹਾੜਾਂ ਦੀ ਚੰਗੀ ਤਰ੍ਹਾਂ ਸੈਰ ਕੀਤੀ ਅਤੇ ਉਨਤਾਲੀਆਂ ਦਾ ਸਾਂ ਜਦੋਂ ਪਹਾੜ ਉਤੇ ਬਰਫ਼ ਪਈ ਹੋਈ ਦੇਖੀ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਮਨਾਲੀ ਤੋਂ ਉਪਰ ਰੋਹਤਾਂਗ ਵਿਚ ਪਹੁੰਚ ਕੇ ਬਰਫ਼ ਦੀ ਸਫ਼ੈਦ ਚਾਦਰ ਉਤੇ ਅਠਖੇਲੀਆਂ ਕਰਨ ਦਾ ਸੁਭਾਗ ਹਾਸਲ ਹੋਇਆ।
ਫ਼ੇਰ ਜ਼ਿੰਦਗੀ ਵਿਚ ‘ਪਹਿਲੀ ਵਾਰੀ’ ਬਰਫ਼ ਪੈਂਦੀ ਦੇਖਣ ਅਤੇ ਮਾਨਣ ਦਾ ਮੌਕਾ ਮਿਲਿਆ। ਐਤਵਾਰ ਦੀ ਸਵੇਰ ਖ਼ਬਰ ਛਪੀ ਕਿ ਸ਼ਿਮਲਾ ਵਿਚ ਬਰਫ਼ਬਾਰੀ ਹੋਈ ਹੈ। ਘੋੜੇ ਬੀੜ ਕੇ (ਕਾਰ) ਜਦੋਂ ਸਾਢੇ ਤਿੰਨ ਘੰਟੇ ਦਾ ਸਫ਼ਰ ਕਰ ਕੇ ਸ਼ਿਮਲੇ ਪੁੱਜੇ ਤਾਂ ਉਥੇ ਬਰਫ਼ ਦਾ ਨਾਂ ਨਿਸ਼ਾਨ ਤਕ ਵੀ ਨਹੀਂ ਸੀ। ਹਿੰਮਤ ਕਰ ਕੇ ਕੁਫਰੀ ਵੱਲ ਨੂੰ ਮੁਹਾਰ ਮੋੜ ਲਈ ਜੋ ਸ਼ਿਮਲਾ ਤੋਂ ਸਿਰਫ਼ ਸੋਲਾਂ ਕਿਲੋਮੀਟਰ ਦੂਰ ਪਰ ਢਾਈ ਹਜ਼ਾਰ ਮੀਟਰ ਉਚਾਈ ‘ਤੇ ਹੈ।
ਹਾਲੇ ਨੌਵੇਂ ਕਿਲੋਮੀਟਰ ਤਕ ਹੀ ਪੁੱਜੇ ਸਾਂ ਕਿ ਨਿੱਕੀ ਨਿੱਕੀ ਬਰਫ਼ ਡਿਗਣੀ ਸ਼ੁਰੂ ਹੋ ਗਈ। ਜਿਉਂ ਜਿਉਂ ਉਪਰ ਚੜ੍ਹਦੇ ਗਏ, ਇਸ ਦੀ ਰਫ਼ਤਾਰ ਵਿਚ ਵਾਧਾ ਹੁੰਦਾ ਗਿਆ। ਹਾਲਾਂਕਿ ਇਹ ਸਹੀ ਅਰਥਾਂ ਵਿਚ ਬਰਫ਼ ਜਾਂ ਸਨੋਅ-ਫਾਲ ਨਹੀਂ ਸੀ ਸਗੋਂ ਸਥਾਨਕ ਭਾਸ਼ਾ ਮੁਤਾਬਕ “ਬਜਰੀ” ਪੈ ਰਹੀ ਸੀ। ਬਰਫ਼ ਦੇ ਗੋਹੜੇ ਵੀ ਇਸ ਵਿਚ ਕੁਝ ਸਮੇਂ ਲਈ ਸ਼ਾਮਲ ਹੋਏ। ਢਾਈ ਘੰਟੇ ਦਾ ਜਿਹੜਾ ਸਮਾਂ ਅਸੀਂ ਉਥੇ ਰਹੇ, “ਬਜਰੀ” ਰਹਿ ਰਹਿ ਕੇ ਪੈਂਦੀ ਰਹੀ। ਵਾਪਸ ਪਰਤਣ ਤੇ ਕੁਫਰੀ ਤੋਂ ਕਰੀਬ ਡੇਢ ਕਿਲੋਮੀਟਰ ਹੇਠਾਂ ਏਨੀ ਜ਼ੋਰਦਾਰ ਬਰਫ਼ ਡਿੱਗੀ ਕਿ ਦਸਾਂ ਮਿੰਟਾਂ ਵਿਚ ਹੀ ਤਿੰਨ ਤਿੰਨ ਇੰਚ ਦੀ ਤਹਿ ਜੰਮ ਗਈ। ਜ਼ਿੰਦਗੀ ਵਿਚ ਪਹਿਲੀ ਵਾਰੀ ਬਰਫ਼ ਦਾ ਆਨੰਦ ਮਾਣਿਆ ਅਤੇ ਇਹ ਆਪਣੀ ਕਿਸਮ ਦਾ ਆਪਣਾ ਹੀ ਤਜਰਬਾ ਸੀ।
ਪਹਾੜਾਂ ਨੇ ਮੈਦਾਨੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਮੋਹਿਆ ਹੈ। ਫਿਰ ਹਿਮਾਲੀਆਈ ਲੜੀ ਦੇ ਪਹਾੜ ਹੈਨ ਵੀ ਬੇਹੱਦ ਖੂਬਸੂਰਤ। ਸਮਾਂ ਭਾਵੇਂ ਸਰਦੀਆਂ ਦਾ ਹੋਵੇ ਜਾਂ ਗਰਮੀਆਂ ਦਾ ਪਹਾੜ ਦੀ ਸੁੰਦਰਤਾ ਹਮੇਸ਼ਾ ਦਿਲ-ਖਿੱਚਵੀਂ ਹੁੰਦੀ ਹੈ। ਹਰੇਕ ਮੌਸਮ ਵਿਚ ਇਸ ਦਾ ‘ਪਹਿਲੀ ਵਾਰੀ ਆਨੰਦ ਮਾਨਣ ਵਾਲੇ ਆਨੰਦ ਨਾਲ ਸਰਸ਼ਾਰ ਹੋ ਜਾਂਦੇ ਹਨ।
ਜ਼ਿੰਦਗੀ ਵਿਚ ਪਹਿਲੀ ਵਾਰੀ ਪਹਾੜ ਦੇਖਣ ਦਾ ਵੱਖਰਾ ਮਜ਼ਾ ਹੈ। ਜੇ ਬਰਫ਼ਬਾਰੀ ਪਹਿਲੀ ਵਾਰੀ ਮਾਨਣ ਦਾ ਵੱਖਰਾ ਨਜ਼ਾਰਾ ਹੈ ਤਾਂ ਜ਼ਿੰਦਗੀ ਦੇ ਹਜ਼ਾਰਾਂ ਅਜਿਹੇ ਮਰਹਲੇ ਹਨ ਜਦੋਂ ਮਨੁੱਖ ਕਿਸੇ ਵੀ ਆਨੰਦ ਭਰਪੂਰ ਅਵਸਥਾ ਦੇ ਪ੍ਰਭਾਵ ਨੂੰ ਉਮਰ ਭਰ ਆਪਣੇ ਦਿਲ ਵਿਚ ਸਮੋਈ ਰੱਖ ਸਕਦਾ ਹੈ। ਕਿਸੇ ਵਿਦਵਾਨ ਨੇ ਕਿਹਾ ਹੈ ਕਿ ਮਨੁੱਖ ਦਾ ਮਨ ਅਜਿਹੇ ਬਾਲਕ ਵਰਗਾ ਹੈ ਜੋ ਪਤਾ ਨਹੀ ਸਮੁੰਦਰ ਦੇ ਕਿਨਾਰੇ ਤੁਰਦੇ ਤੁਰਦੇ ਕਿਹੜੇ ਪੱਥਰ ਨੂੰ ਚੁੱਕ ਕੇ ਆਪਣੇ ‘ਖ਼ਜ਼ਾਨੇ’ ਵਿਚ ਜਮ੍ਹਾਂ ਕਰ ਲਵੇ। ਉਸ ਬਾਲਕ ਵਾਂਗ ਮਨ ਜਾਂ ਦਿਮਾਗ ਵੀ ਪਤਾ ਨਹੀਂ ਕਿਹੜੀ ਯਾਦ ਨੂੰ ਅਛੋਪਲੇ ਜਹੇ ਆਪਣੇ ਵਿਚ ਸਮਾ ਲਵੇ ਅਤੇ ਇਹ ਮਨੁੱਖ ਦਾ ਸਦੀਵੀ ਖ਼ਜ਼ਾਨਾ ਬਣ ਜਾਵੇ।
ਜਿਨ੍ਹੀਂ ਦਿਨੀਂ ਬੱਚਾ ਪਹਿਲੇ ਪਹਿਲ ਸਕੂਲ ਪੜ੍ਹਨ ਜਾਂਦਾ ਹੈ ਤਾਂ ਉਸ ਨੂੰ ਉਸ ਦਿਨ ਦੀ ਅਸੀਮ ਖ਼ੁਸ਼ੀ ਹੁੰਦੀ ਹੈ। ਐਨ ਸੰਭਵ ਹੈ ਕਿ ਇਸ ਖ਼ੁਸ਼ੀ ਨੂੰ ਮਨੁੱਖ ਏਨਾ ਕੀਮਤੀ ਸਮਝੇ ਕਿ ਜ਼ਿੰਦਗੀ ਭਰ ਦੀ ਪੜ੍ਹਾਈ ਅਤੇ ਇਮਤਿਹਾਨਾਂ ਦੇ ਨਤੀਜੇ ਇਸ ਦੇ ਸਾਹਮਣੇ ਹੇਚ ਹੋਣ। ਮੈਨੂੰ ਹੁਣ ਤਕ ਚੇਤੇ ਹੈ ਕਿ ਮੇਰੇ ਪਿੰਡ ਨੰਗਲ ਸ਼ਾਮਾ ਦੇ ਸਕੂਲ ਵਿਚ ਮਾਸਟਰ ਫਕੀਰ ਚੰਦ ਤੇ ਹੈਡਮਾਸਟਰ ਹਰਬੰਸ ਸਿੰਘ ਕੋਲ ਜ਼ਿੰਦਗੀ ਵਿਚ ਪਹਿਲੇ ਦਿਨ ਮੇਰੇ ਪਿਤਾ ਮੈਨੂੰ ਦਾਖ਼ਲ ਕਰਵਾਉਣ ਲਈ ਲੈ ਗਏ ਸਨ ਅਤੇ ਫਿਰ ਆਂਢ ਗੁਆਂਢ ਵਿਚ ਪਤਾਸੇ ਵੰਡੇ ਸਨ। ਇਹ ਸਕੂਲ ਦਾ ਪਹਿਲਾ ਦਿਨ ਸੀ ਜੋ ਅੱਜ ਤਕ ਨਹੀਂ ਭੁੱਲਾ।
ਜ਼ਿੰਦਗੀ ਵਿਚ ਪਹਿਲੀ ਵਾਰੀ ਇਸ਼ਕ ‘ਕਰਨ’ ਜਾਂ ‘ਹੋਣ’ ਦਾ ਸੁਆਦ ਵੀ ਸਾਰੀ ਉਮਰ ਚੇਤੇ ਰਹਿੰਦਾ ਹੈ। ਜਿਵੇਂ ਪਹਿਲੀ ਵਾਰੀ ਬਰਫ਼ਬਾਰੀ ਹੋਣ ਦਾ ਸੁਆਦ ਸ਼ਬਦਾਂ ਵਿਚ ਨਹੀਂ ਬਿਆਨਿਆ ਜਾ ਸਕਦਾ, ਤਿਵੇਂ ਹੀ ਪਹਿਲੀ ਵਾਰੀ ਇਸ਼ਕ ਹੋਣ ਦਾ ਸੁਆਦ ਵੀ ਸ਼ਬਦਾਂ ਦੀ ਸਮਰਥਾ ਤੋਂ ਬਾਹਰ ਹੈ। ਉਂਜ ਮਨੁੱਖ ਭਾਵੇਂ ਕਿੰਨੇ ਵੀ ਇਸ਼ਕ ਜ਼ਿੰਦਗੀ ਵਿਚ ਕਰਦਾ ਫਿਰੇ, ਪਹਿਲੇ ਇਸ਼ਕ ਜਿੰਨੀ ਸ਼ਿੱਦਤ, ਪਹਿਲੇ ਇਸ਼ਕ ਜਿੰਨਾ ਸੁਆਦ, ਪਹਿਲੇ ਇਸ਼ਕ ਜਿੰਨੀ ਬੇਆਰਾਮੀ, ਪਹਿਲੇ ਇਸ਼ਕ ਜਿੰਨਾ ਨਸ਼ਾ, ਪਹਿਲੇ ਇਸ਼ਕ ਜਿੰਨੇ ਡੰਗ,ਪਹਿਲੇ ਇਸ਼ਕ ਜਿੰਨੀ ਚੋਭ,ਪਹਿਲੇ ਇਸ਼ਕ ਜਿੰਨੇ ਉਨੀਂਦੇ, ਪਹਿਲੇ ਇਸ਼ਕ ਜਿੰਨੀ ਉਡਾਰੀ, ਪਹਿਲੇ ਇਸ਼ਕ ਜਿੰਨੇ ਗ਼ਮ,ਪਹਿਲੇ ਇਸ਼ਕ ਜਿੰਨੀ ਨਿਰਾਸ਼ਾ ਨਾਲ ਦੀ ਕੋਈ ਰੀਸ ਨਹੀਂ ਹੁੰਦੀ। ਮਗਰਲੇ ਇਸ਼ਕਾਂ ਵਿਚ ਮਨੁੱਖ ਹਮੇਸ਼ਾ ਪਹਿਲੇ ਇਸ਼ਕ ਨਾਲ ਹੀ ਤੁਲਨਾ ਕਰਦਾ ਰਹਿੰਦਾ ਹੈ।
ਜਿਵੇਂ ਮਨੁੱਖ ਨੂੰ ਪਹਿਲਾ ਇਸ਼ਕ ਨਹੀਂ ਭੁੱਲਦਾ, ਤਿਵੇਂ ਹੀ ਉਹ ਪਹਿਲੀ ਵਾਰੀ ਦੇ ਸਰੀਰਕ ਸੰਬੰਧ ਦਾ ਸੁਆਦ ਵੀ ਜ਼ਿੰਦਗੀ ਭਰ ਲਈ ਨਹੀਂ ਵਿਸਾਰ ਸਕਦਾ। ਨਵੇਂ ਵਿਆਹੇ ਜੋੜਿਆਂ ਵਲੋਂ ਹਨੀਮੂਨ ਲਈ ਪਹਾੜਾਂ ਉਤੇ ਜਾਣ ਨੂੰ ਤਰਜੀਹ ਦੇਣ ਦੇ ਅਰਥ ਹਨ ਵਿਆਹ ਦੇ ਪਹਿਲੇ ਦਿਨਾਂ ਦੀ ਖ਼ੁਸ਼ੀ ਨੂੰ ਦੋਬਾਲਾ ਕਰਨ ਦੀ ਕੋਸ਼ਿਸ਼ ਕਰਨਾ । ਪਰ ਗੂੰਗੇ ਦੇ ਗੁੜ ਖਾਣ ਵਾਂਗ ਇਨ੍ਹਾਂ ਦਿਨਾਂ ਦਾ ਸੁਆਦ ਵੀ ਦੱਸਿਆ ਨਹੀਂ ਜਾ ਸਕਦਾ, ਸਿਰਫ਼ ਮਾਣਿਆ ਜਾ ਸਕਦਾ ਹੈ।
ਜ਼ਿੰਦਗੀ ਵਿਚ ਪਹਿਲੀ ਵਾਰੀ ਜਿੰਨਾ ਸੁਆਦ ਸਾਈਕਲ ਚਲਾਉਣ ਦਾ ਹੈ ਓਨਾ ਹੀ ਹਵਾਈ ਜਹਾਜ਼ ਵਿਚ ਸਫ਼ਰ ਕਰਨ ਦਾ ਵੀ ਹੁੰਦਾ ਹੈ। ਵਿਲੀਅਮ ਕੂਪਰ ਨਾਂ ਦੇ ਇਕ ਅੰਗਰੇਜ਼ ਸ਼ਾਇਰ ਦੀ ਇਕ ਕਵਿਤਾ ਸੀ “ਸਾਈਕਲ ਉਤੇ ਪਹਾੜੀ ਤੋਂ ਹੇਠਾਂ ਦਾ ਸਫ਼ਰ।” ਇਸ ਵਿਚ ਉਸ ਨੇ ਆਪਮੁਹਾਰੇ ਤੇਜ਼ ਗਤੀ ਨਾਲ ਚੱਲਣ ਵਾਲੀ ਸਾਈਕਲ ਸਵਾਰੀ ਦਾ ਸ਼ਾਨਦਾਰ ਜ਼ਿਕਰ ਕੀਤਾ ਹੈ।
ਪਰ ਹਰੇਕ ਬੰਦਾ ਹੀ ਸ਼ਾਇਰ ਹੁੰਦਾ ਤਾਂ ਗੋਡੇ ਗਿੱਟੇ ਭੰਨਵਾ ਕੇ ਸਾਈਕਲ ਚਲਾਉਣਾ ਸਿੱਖਣ ਮਗਰੋਂ ਪਹਿਲੀ ਵਾਰੀ ਸਾਈਕਲ ਚਲਾਉਣ ਦੇ ਆਨੰਦ ਨੂੰ ਕਵਿਤਾ ਦੇ ਰੂਪ ਵਿਚ ਪੇਸ਼ ਕਰਦਾ। ਇਵੇਂ ਹੀ ਪਹਿਲੀ ਵਾਰੀ ਹਵਾਈ ਜਹਾਜ਼ ਦੇ ਸਫ਼ਰ ਕਰਨ ਦੇ ਸੁਆਦ ਨੂੰ ਵੀ ਵਰਨਣ ਕਰਨਾ ਕਿਸੇ ਸ਼ਾਇਰ ਦੀ ਹੀ ਸਮਰਥਾ ਹੋ ਸਕਦੀ ਹੈ।
ਚਾਰ ਪੰਜ ਸੌ ਸਵਾਰੀਆਂ ਵਾਲੇ ਵੱਡੇ ਜਹਾਜ਼ ਦੀ ਗੱਲ ਤਾਂ ਵੱਖਰੀ ਹੈ, ਦੋ ਸੀਟਾਂ ਵਾਲੇ ਜਹਾਜ਼ ਦੀ ਪਹਿਲੀ ਵਾਰੀ ਸਵਾਰੀ ਦਾ ਵੀ ਕੋਈ ਜਵਾਬ ਨਹੀਂ। ਇਕ ਵਾਰੀ ਕਰਨਾਲ ਦੇ ਨਿਸ਼ਾਨ ਪਬਲਿਕ ਸਕੂਲ ਦੇ ਸਮਾਗਮ ਵਿਚ ਜਾਣਾ ਪਿਆ। ਸਮਾਗਮ ਤੋਂ ਬਾਅਦ ਉਥੇ ਦੀ ਫਲਾਈਂਗ ਕਲੱਬ ਦੇ ਇੰਸਪੈਕਟਰ ਨੇ ਦੋ ਸੀਟਾਂ ਵਾਲੇ ਪੁਸ਼ਪਕ ਜਹਾਜ਼ ਵਿਚ, ਰਾਤ ਦੇ ਵੇਲੇ, ਕਰਨਾਲ ਸ਼ਹਿਰ ਦੇ ਉਤੋਂ ਦੀ ਗੇੜਾ ਦਿਵਾਇਆ।ਇਸ ਤਜਰਬੇ ਨੂੰ ਵੀ ਸਾਰੀ ਉਮਰ ਚੇਤੇ ਰਖਣ ਵਾਲਾ ਤਜਰਬਾ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਅਜਿਹੇ ਜਹਾਜ਼ ਵਿਚ ਪਹਿਲੀ ਉਡਾਰੀ ਸੀ।
ਪਹਿਲੀ ਵਾਰੀ ਕਾਲਜ ਵਿਚ ਦਾਖ਼ਲਾ, ਪਹਿਲੀ ਵਾਰੀ ਫ਼ਿਲਮ ਦੇਖਣਾ, ਪਹਿਲੀ ਵਾਰੀ ਫ਼ਸਟ ਆਉਣਾ, ਪਹਿਲੀ ਵਾਰੀ ਇੰਟਰਵਿਊ ਦੇਣਾ, ਪਹਿਲੀ ਵਾਰੀ ਇਕੱਲਿਆਂ ਸਫ਼ਰ ਕਰਨਾ, ਪਹਿਲੀ ਵਾਰੀ ਬਲਿਊ ਫ਼ਿਲਮ ਦੇਖਣਾ, ਪਹਿਲੀ ਵਾਰੀ ਝੂਠ ਬੋਲਣਾ, ਪਹਿਲੀ ਵਾਰੀ ਸ਼ਰਾਬ ਪੀਣੀ, ਨੌਕਰੀ ਦਾ ਪਹਿਲਾ ਦਿਨ, ਪਹਿਲੀ ਵਾਰੀ ਸਕੂਟਰ ਜਾਂ ਕਾਰ ਖ਼ਰੀਦਣੀ, ਪਹਿਲੀ ਵਾਰੀ ਕਿਸੇ ਫ਼ਾਈਵ ਸਟਾਰ ਹੋਟਲ ਵਿਚ ਰਾਤ ਕੱਟਣੀ, ਪਹਿਲੀ ਵਾਰੀ ਤੈਰਨਾ ਸਿਖਣਾ, ਇਸ ਤਰ੍ਹਾਂ ਦੀਆਂ ਅਣਗਿਣਤ ਘਟਨਾਵਾਂ ਹਨ ਜਿਹੜੀਆਂ ਮਨੁੱਖ ਦੇ ਜ਼ਿਹਨ ਵਿਚ ਸੁਆਦ ਭਰ ਦਿੰਦੀਆਂ ਹਨ।
ਜ਼ਿੰਦਗੀ ਵਿਚ ਹਰ ਪਲ ਕੁਝ ਨਾ ਕੁਝ ਨਵਾਂ ਵਾਪਰ ਰਿਹਾ ਹੈ। ਕਈ ਸਾਲ ਪਹਿਲਾਂ ਜਦੋਂ ਇਕ ਸਿਆਸੀ ਮੋਰਚੇ ਵਿਚ ਪਹਿਲੀ ਵਾਰੀ ਗਿ੍ਫ਼ਤਾਰੀ ਦਿੱਤੀ ਸੀ ਉਦੋਂ ਵੀ ਇਹ ਨਵੀਂ ਗੱਲ ਸੀ ਹਾਲਾਂਕਿ ਦੋ ਘੰਟੇ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ। ਤੇ ਜਦੋਂ ਅਠਾਰਾਂ ਦਿਨ ਲਈ ਜੇਲ੍ਹ ਵਿਚ ਬੰਦ ਕਰ ਦਿਤਾ ਗਿਆ ਸੀ, ਉਦੋਂ ਵੀ ਇਹ ਯਾਦਗਾਰੀ ਗੱਲ ਸੀ। ਪਹਿਲੀ ਵਾਰੀ ਪੰਡਤ ਨਹਿਰੂ ਨੂੰ ਦੇਖਣਾ ਵੀ ਹਾਲੇ ਤੱਕ ਚੇਤੇ ਹੈ ਅਤੇ ਮੋਰਾਰਜੀ ਦੇਸਾਈ ਨਾਲ ਪ੍ਰੈਸ ਕਾਨਫ਼ਰੰਸ ਵਿਚ ਸ਼ਾਮਲ ਹੋਣਾ ਵੀ। ਪਹਿਲੀ ਵਾਰੀ ਬੰਬਈ ਦੀ ਚੌਪਾਟੀ ਬੀਚ ਦੇਖਣ ਦਾ ਵੀ ਆਪਣਾ ਤਜਰਬਾ ਸੀ ਤੇ ਮਦਰਾਸ ਦੀ ਮਰੀਨਾ ਬੀਚ ਦੇਖਣ ਦਾ ਵੀ ਵੱਖਰਾ ਨਜ਼ਾਰਾ ਸੀ। 1971 ਦੀ ਜੰਗ ਨੂੰ ਮੋਰਚੇ ਤੇ ਜਾ ਕੇ ‘ਕਵਰ ਕਰਨ ਨੂੰ ਵੀ ਭੁੱਲਿਆ ਨਹੀਂ ਜਾ ਸਕਦਾ।
ਜ਼ਿੰਦਗੀ ਅਸੀਮ ਹੈ ਅਤੇ ਇਸ ਵਿਚ “ਪਹਿਲੀ ਵਾਰੀਆਂ” ਵੀ ਅਸੀਮ ਹਨ। ਇਨ੍ਹਾਂ ਦਾ ਕੋਈ ਅੰਤ ਨਹੀਂ। ਏਸੇ ਕਰ ਕੇ ਇਹ ਜ਼ਿੰਦਗੀ ਜਿਊਣਾ ਆਪਣੇ ਆਪ ਵਿਚ ਖ਼ੂਬਸੂਰਤ ਮਾਮਲਾ ਹੈ। ਜੇ ਇਸ ਵਿਚ ਨਵੀਨਤਾ ਨਾ ਹੋਵੇ ਤਾਂ ਇਹ ਨੀਰਸ ਹੋ ਜਾਵੇ। ਇਹ ਅਫ਼ਸੋਸ ਵਾਲੀ ਗੱਲ ਹੈ ਕਿ ਭਾਰਤ ਦੇ ਹੀ ਨਹੀਂ, ਤੀਜੇ ਸੰਸਾਰ ਦੇ ਸਾਰੇ ਦੇਸ਼ਾਂ ਦੇ ਅੱਸੀ ਫ਼ੀਸਦੀ ਤੋਂ ਵੱਧ ਲੋਕ ਇਹੀ ਨੀਰਸ ਜ਼ਿੰਦਗੀ ਜੀਵੀ ਜਾ ਰਹੇ ਹਨ। ਹਾਲਾਂਕਿ ਉਨ੍ਹਾਂ ਲਈ ਜ਼ਿੰਦਗੀ ਵਿਚ “ਪਹਿਲੀ ਵਾਰੀ” ਬਹੁਤ ਕੁਝ ਵਾਪਰਦਾ ਹੈ। ਪਰ ਪਹਿਲੀ ਵਾਰੀ ਭੁੱਖਿਆਂ ਰਾਤ ਕੱਟਣਾ ਅਤੇ ਫ਼ੇਰ ਕਈ ਹੋਰ ਰਾਤਾਂ ਭੁੱਖਿਆਂ ਰਹਿਣ ਵਿਚ ਕੋਈ ਵੱਖਰਾ ਸੁਆਦ ਨਹੀਂ। ਭੁੱਖ ਤਾਂ ਹਮੇਸ਼ਾ ਭੁੱਖ ਹੁੰਦੀ ਹੈ।
ਜਿਵੇਂ ਜ਼ਿੰਦਗੀ ਵਿਚ ਪਹਿਲੀ ਵਾਰੀ ਬਰਫ਼ ਪੈਂਦੀ ਦੇਖਣ ਦਾ ਆਪਣਾ ਸੁਆਦ ਹੈ, ਤਿਵੇਂ ਹੀ ਉਸ ਦਿਨ ਦੀ ਉਡੀਕ ਕਰਨ ਵਿਚ ਸੁਆਦ ਹੈ ਜਿਸ ਦਿਨ ਦੀ ਦੁਨੀਆ ਉਤੇ ਕੋਈ ਸ਼ਖ਼ਸ ਭੁੱਖਾ ਨਹੀਂ ਹੋਏਗਾ। ਦੇਖੋ ਉਹ ਦਿਨ ਆਉਂਦਾ ਕਦੋਂ ਹੈ! ਉਦੋਂ ਇਹ ਜ਼ਿੰਦਗੀ ਦੇ ਸਮੁੱਚੇ ਇਤਿਹਾਸ ਦਾ ਪਹਿਲਾ ਦਿਨ ਹੋਵੇਗਾ।
ਮੈਂ ਭੁਲੱਕੜ ਹੋ ਚਲਿਆਂ
ਉਮਰ ਤਾਂ ਮੇਰੀ ਹਾਲੇ ਏਨੀ ਨਹੀਂ ਹੋਈ ਕਿ ਗੱਲਾਂ ਨੂੰ ਭੁੱਲ ਸਕਾਂ ਪਰ ਪਿਛਲੇ ਕੁਝ ਮਹੀਨਿਆਂ ਤੋਂ ਮੈਂ ਕਾਫ਼ੀ ਗੱਲਾਂ ਭੁੱਲਣ ਲੱਗ ਪਿਆ ਹਾਂ। ਇਨ੍ਹਾਂ ਵਿੱਚ ਕਈ ਗੱਲਾਂ ਤਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਚੇਤੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ । ਪਰ ਮੈਂ ਫਿਰ ਵੀ ਇਨ੍ਹਾਂ ਨੂੰ ਭੁੱਲ ਜਾਂਦਾ ਹਾਂ । ਤੇ ਜਦੋਂ ਮੈਨੂੰ ਕੋਈ ਗੱਲ ਚੇਤੇ ਆਉਂਦੀ ਹੈ ਤਾਂ ਉਸ ਨੂੰ ਚੇਤੇ ਕਰਨ ਦਾ ਸਮਾਂ ਲੰਘ ਗਿਆ ਹੁੰਦਾ ਹੈ । ਭੁੱਲ ਜਾਣ ਦੀ ਇਸ ਬਿਮਾਰੀ ਜਾਂ ਆਦਤ ਸਦਕਾ ਬਹੁਤ ਵਾਰੀ ਮੈਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ । ਫਿਰ ਵੀ ਕਈ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਨੂੰ ਭੁੱਲਣ ਸਦਕਾ ਮੈਨੂੰ ਲਾਭ ਹੀ ਹੁੰਦਾ ਹੈ, ਨੁਕਸਾਨ ਨਹੀਂ ।
ਜ਼ਿੰਦਗੀ ਦੇ ਮੈਂ ਚਾਰ ਦਹਾਕੇ ਪੂਰੇ ਕਰ ਚੁੱਕਾ ਹਾਂ। ਦੁਨੀਆ ਭਰ ਦੇ ਗਿਆਨਵਾਨ ਕਹਿੰਦੇ ਹਨ ਕਿ ਬੰਦੇ ਦੀ ਉਮਰ ਹੀ ਅਸਲ ਵਿਚ ਚਾਲੀਆਂ ਸਾਲਾਂ ਵਿਚ ਜਾ ਕੇ ਸ਼ੁਰੂ ਹੁੰਦੀ ਹੈ । ਡਾਕਟਰ ਕਹਿੰਦੇ ਹਨ ਕਿ ਜਦੋਂ ਬੰਦਾ ਭੁੱਲਣ ਲੱਗ ਜਾਂਦਾ ਹੈ ਤਾਂ ਉਹ ਸੱਤਰਿਆ-ਬਹੱਤਰਿਆ ਹੋ ਜਾਂਦਾ ਹੈ । ਪਰ ਇਥੇ ਤਾਂ ਹਾਲਤ ਹੀ ਵੱਖਰੀ ਹੈ । ਮੈਂ ਤਾਂ ਚਾਰ ਦਹਾਕੇ ਟੱਪ ਕੇ ਹੀ ਸੱਤਵੇਂ ਦਹਾਕੇ ਵਾਲੀ ਹਾਲਤ ਵਿਚ ਪਹੁੰਚ ਚਲਿਆ ਹਾਂ। ਮੇਰੇ ਇਕ ਦੁਸ਼ਮਣ ਦਾ ਕਹਿਣਾ ਹੈ ਕਿ ਮੈਂ ਅਸਲ ਵਿਚ ਕੁਝ ਵੀ ਭੁੱਲਦਾ ਨਹੀਂ ਸਗੋਂ ਭੁੱਲਣ ਦਾ ਮਕਰ ਕਰਦਾ ਹਾਂ, ਅਸਲ ਵਿਚ ਮੈਂ ਸਾਰੀਆਂ ਗੱਲਾਂ ਹੀ ਚੇਤੇ ਰੱਖਦਾ ਹਾਂ। ਚੇਤੇ ਹੀ ਨਹੀਂ ਰੱਖਦਾ ਸਗੋਂ ਕੁਝ ਗੱਲਾਂ ਦੀ ਤਾਂ ਖੁੰਦਕ ਉਮਰ ਭਰ ਨਾਲ ਚੁੱਕੀ ਫਿਰਦਾ ਹਾਂ ।
ਕਰਨਾਲ ਤੋਂ ਇਕ ਜੋਤਸ਼ੀ ਨੇ ਕੁਝ ਸਾਲ ਪਹਿਲਾਂ ਬਦੋਬਦੀ ਮੇਰੀ ਕਿਸਮਤ ਦੇਖਣੀ ਸ਼ੁਰੂ ਕਰ ਦਿੱਤੀ। ਅਖੇ ਮੈਂ ਕਿਹੜਾ ਤੈਥੋਂ ਪੈਸੇ ਮੰਗਦਾ ਹਾਂ ? ਮੈਂ ਵੀ ਕਿਹਾ ਕਿ ਪੁੱਤਰਾਂ ਕਰ ਲੈ ਆਪਣਾ ਰਾਂਝਾ ਰਾਜ਼ੀ। ਕਹਿਣ ਲੱਗਾ ਅਖੇ 1992 ਵਿਚ ਕੋਈ ਮਾਈ ਦਾ ਲਾਲ ਤੇਰੀ ਤਰੱਕੀ ਨਹੀਂ ਰੋਕ ਸਕਦਾ। ਮੈਂ ਕਿਹਾ ਐਵੇਂ ਕੁਫ਼ਰ ਕਿਉਂ ਤੋਲਦਾਂ? ਕਹਿੰਦਾ, ਜੇ ਨਾ ਹੋਵੇ ਤਾਂ ਸੌ ਛਿੱਤਰ ਮਾਰੀਂ ਤੇ ਗਿਣੀਂ ਇਕ । ਤੇ ਜਦੋਂ ਉਸੇ ਸਾਲ ਵਿਚ ਸਿਰਫ਼ ਚਾਰ ਮਹੀਨੇ ਰਹਿ ਗਏ ਸਨ, ਸਮੇਂ ਨੇ ਜੋ ਝਟਕਾ ਦਿੱਤਾ ਉਸ ਨੂੰ ਤਰੱਕੀ ਕਦਾਚਿਤ ਨਹੀਂ ਕਿਹਾ ਜਾ ਸਕਦਾ। ਹੁਣ ਚਿੱਤ ਤਾਂ ਕਰਦਾ ਸੀ ਕਿ ਉਸ ਜੋਤਸ਼ੀ ਦੇ ਘਰ ਛਿੱਤਰ ਲੈ ਕੇ ਜਾਵਾਂ ਪਰ ਮੈਨੂੰ ਉਸ ਦਾ ਸਿਰਨਾਵਾਂ ਨਹੀਂ ਲੱਭ ਰਿਹਾ। ਮੈਨੂੰ ਤਾਂ ਇਹ ਵੀ ਚੇਤੇ ਨਹੀਂ ਆ ਰਿਹਾ ਕਿ ਉਹ ਕਰਨਾਲ ਦਾ ਹੈ ਜਾਂ ਕੁਰਕਸ਼ੇਤਰ ਦਾ।
ਐਤਕੀਂ ਰਾਸ਼ਨ ਲੈਣ ਗਿਆ ਤਾਂ ਦੁਕਾਨਦਾਰ ਨੇ ਪਿਛਲੇ ਮਹੀਨੇ ਨਾਲੋਂ ਡੇਢ ਸੌ ਰੁਪਿਆ ਫ਼ਾਲਤੂ ਲੈ ਲਿਆ ਸੀ। ਪਿਛਲੇ ਮਹੀਨੇ ਵੀ ਪੰਜਾਹ ਸੱਠ ਰੁਪਏ ਉਸ ਤੋਂ ਪਹਿਲਾਂ ਵਾਲੇ ਮਹੀਨੇ ਤੋਂ ਵੱਧ ਲਾਏ ਸਨ। ਹਰ ਮਹੀਨੇ ਉਸ ਦੀ ਇਹ ਰੱਟ ਹੁੰਦੀ ਹੈ ਕਿ ਕੀ ਕਰੀਏ ਜਨਾਬ ਬਜ਼ਾਰ ਚੜ੍ਹਦਾ ਹੀ ਜਾ ਰਿਹਾ ਹੈ। ਪਤਨੀ ਹਰ ਮਹੀਨੇ ਦੀ ਦਸ ਤਰੀਕ ਤਕ ਤਨਖ਼ਾਹ ਖ਼ਰਚ ਕਰਕੇ ਬੈਠ ਜਾਂਦੀ ਹੈ। ਬਾਕੀ ਦੇ ਵੀਹ ਦਿਨ ਕਿਵੇਂ ਗੁਜ਼ਾਰੀਏ ? ਏਥੇ ਤਾਂ ਨੌਕਰੀ ਵੀ ਸਰਕਾਰੀ ਨਹੀਂ ਹੈ। ਕਲਰਕ ਹੁੰਦੇ ਤਾਂ ਕਿਤੇ ਰਿਸ਼ਵਤ ਦਾ ਗੱਫਾ ਲੈ ਕੇ ਦਾਲ ਫੁਲਕਾ ਤੋਰੀ ਜਾਂਦੇ। ਹੁਣ ਕੀ ਕਰੀਏ? ਹਰ ਮਹੀਨੇ ਸੋਚਦਾ ਹਾਂ ਕਿ ਕੀਹਨੇ ਕਿਹਾ ਸੀ ਕਿ ਸੌ ਦਿਨਾਂ ਵਿਚ ਕੀਮਤਾਂ ਏਨੀਆਂ ਫ਼ੀਸਦੀ ਘਟਾ ਦੇਵਾਂਗੇ ਤੇ ਪੰਜ ਸੌ ਦਿਨਾਂ ਵਿਚ ਏਨੀਆਂ ਫ਼ੀਸਦੀ? ਪਰ ਉਸ ਦਾ ਨਾਂ ਹੀ ਚੇਤੇ ਨਹੀਂ ਆ ਰਿਹਾ।ਏਨਾ ਵੀ ਕੀ ਭੁੱਲਣਾ ਹੋਇਆ? ਫਿਰ ਵੀ ਮੇਰਾ ਸਭ ਤੋਂ ਪਿਆਰਾ ਦੁਸ਼ਮਣ ਕਹਿੰਦਾ ਹੈ ਕਿ ਮੈਂ ਮਕਰ ਕਰਦਾ ਹਾਂ, ਮੈਨੂੰ ਸਭ ਕੁਝ ਚੇਤੇ ਰਹਿੰਦਾ ਹੈ ਪਰ ਮੈਂ ਭੁੱਲਦਾ ਨਹੀਂ।
ਸੱਚ ਜਾਣਿਓਂ, ਮੈ ਤਾਂ ਇਹ ਤਕ ਵੀ ਭੁੱਲੀ ਬੈਠਾ ਹਾਂ ਕਿ ਮੈਂ ਕਿਸ ਕਿਸ ਦਾ ਉਧਾਰ ਵਾਪਸ ਕਰਨਾ ਹੈ। ਇਕ ਦਿਨ ਹਿਸਾਬ ਕੀਤਾ ਸੀ, ਬਹੁਤ ਜ਼ੋਰ ਲਾ ਕੇ,ਤਾਂ ਪੰਜਾਹ ਹਜ਼ਾਰ ਤੋਂ ਵੱਧ ਦਾ ਕਰਜ਼ਾ ਸਿਰ ਚੜ੍ਹਿਆ ਗਿਣਿਆ ਸੀ। ਉਸ ਦਿਨ ਬਹੁਤ ਸਿਰ ਖਪਾਈ ਕੀਤੀ ਕਿ ਦੋ ਦੋ ਤਿੰਨ ਤਿੰਨ ਹਜ਼ਾਰ ਦੇ ਹਿਸਾਬ ਨਾਲ ਚੁੱਕੇ ਇਸ ਕਰਜ਼ੇ ਨੂੰ ਕਿਵੇਂ ਨਿਪਟਾਇਆ ਜਾਵੇ। ਇਸ ਚਿੰਤਾ ਵਿਚ ਸ਼ਰਾਬ ਦੇ ਦੋ ਹਾੜੇ ਲਾ ਕੇ ਸੌਂ ਗਿਆ।
ਸਵੇਰ ਹੋਈ ਤਾਂ ਕਰਜ਼ੇ ਦੀ ਰਕਮ ਤਾਂ ਚੇਤੇ ਰਹੀ ਪਰ ਜਿਨ੍ਹਾਂ ਤੋਂ ਉਧਾਰ ਲਿਆ ਹੋਇਆ ਸੀ ਉਨ੍ਹਾਂ ਦੇ ਨਾਂ ਭੁੱਲ ਗਏ। ਹੁਣ ਤਕ ਵੀ ਭੁੱਲੇ ਹੋਏ ਨੇ ਜਨਾਬ, ਅਤੇ ਉਨੀ ਦੇਰ ਤਕ ਭੁੱਲੇ ਰਹਿਣਗੇ ਜਦੋਂ ਤਕ ਰੱਬ ਛੱਤ ਪਾੜ ਕੇ ਪੈਸੇ ਨਹੀਂ ਸੁੱਟ ਦਿੰਦਾ । ਉਂਜ ਮੈਨੂੰ ਪਤਾ ਹੈ ਕਿ ਸਾਡੇ ਘਰਾਂ ਦੀਆਂ ਛੱਤਾਂ ਪਾੜਨ ਦੀ ਰੱਬ ਨੂੰ ਵਿਹਲ ਨਹੀਂ ਹੈ। ਉਹ ਤਾਂ ਉਨ੍ਹਾਂ ਦੀਆਂ ਛੱਤਾਂ ਪਾੜਦਾ ਹੈ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਹੁੰਦੀ। ਹੁਣ ਜੇ ਮੇਰਾ ਦੁਸ਼ਮਣ ਕਹੇ ਕਿ ਮੈਂ ਮਕਰ ਕਰਦਾ ਹਾਂ ਤੇ ਜਾਣ-ਬੁੱਝ ਕੇ ਲੈਣਦਾਰਾਂ ਦੇ ਨਾਂ ਭੁੱਲੀ ਬੈਠਾ ਹਾਂ ਤਾਂ ਮੈਂ ਕੀ ਕਰ ਸਕਦਾ ਹਾਂ ?
ਬੜਾ ਕੁਝ ਹੈ ਭੁੱਲਣ ਲਈ ਪਰ ਜਿਹੜਾ ਭੁੱਲ ਨਹੀਂ ਰਿਹਾ। ਫਿਰ ਵੀ ਬਹੁਤ ਕੁਝ ਹੈ ਜੋ ਭੁੱਲ ਗਿਆ ਹੈ। ਮਿਸਾਲ ਦੇ ਤੌਰ ‘ਤੇ ਮੈਂ ਭੁੱਲ ਗਿਆ ਹਾਂ ਕਿ ਮੇਰੀ ਮਾਂ ਨੂੰ ਗੋਡਿਆਂ ਵਿਚ ਦਰਦਾਂ ਦੀ ਬਿਮਾਰੀ ਹੈ ਤੇ ਉਸ ਨੇ ਇਸ ਕਾਰਨ ਇਨ੍ਹਾਂ ਦਾ ਅਪਰੇਸ਼ਨ ਕਰਵਾਉਣ ਤੋਂ ਇਨਕਾਰ ਕੀਤਾ ਹੈ ਕਿ ਇਸ ਉਤੇ ਖ਼ਰਚਾ ਬਹੁਤ ਆਉਂਦਾ ਹੈ। ਮੈਂ ਭੁੱਲ ਚੁੱਕਾ ਹਾਂ ਕਿ ਪੰਦਰਾਂ ਸਾਲ ਪਹਿਲਾਂ ਮੈਂ ਆਪਣੀ ਪਤਨੀ ਦੀਆਂ ਵਾਲੀਆਂ ਵੇਚ ਦਿੱਤੀਆਂ ਸਨ ਤੇ ਹਾਲੇ ਤਕ ਉਸ ਨੂੰ ਬਣਵਾ ਕੇ ਨਹੀਂ ਦੇ ਸਕਿਆ। ਮੈਂ ਭੁੱਲ ਗਿਆ ਹਾਂ ਕਿ ਵੀਹ ਸਾਲ ਪਹਿਲਾਂ ਆਪਣੀ ਭੈਣ ਤੋਂ ਸਿਰਫ਼ ਹਫ਼ਤੇ ਭਰ ਲਈ ਪੰਜ ਸੌ ਰੁਪਏ ਮੰਗ ਕੇ ਅੱਜ ਤਕ ਵਾਪਸ ਨਹੀਂ ਕੀਤੇ। ਮੈਂ ਇਹ ਵੀ ਭੁੱਲ ਗਿਆ ਹਾਂ ਕਿ ਪਿੰਡ ਦੇ ਜੱਦੀ ਮਕਾਨ ਦੀ ਮੁਰੰਮਤ ਵਿਚ ਹਿੱਸਾ ਪਾਉਣ ਦਾ ਜਿਹੜਾ ਵਾਅਦਾ ਮੈਂ ਆਪਣੇ ਬਾਪ ਨਾਲ ਕੀਤਾ ਸੀ ਉਸ ਨੂੰ ਉਸ ਦੇ ਜਿਊਂਦੇ ਜੀਅ ਤਾਂ ਕੀ ਮਰਨ ਤੋਂ ਬਾਅਦ ਵੀ ਪੂਰਾ ਨਹੀਂ ਕਰ ਸਕਿਆ। ਮੈਂ ਭੁੱਲ ਗਿਆ ਹਾਂ ਕਿ ਆਪਣੇ ਪੁੱਤਰ ਨੂੰ ਉਸ ਦੀ ਮਰਜ਼ੀ ਦੇ ਸਕੂਲ ਵਿਚ ਦਾਖ਼ਲ ਕਰਵਾਉਣ ਵਿਚ ਮੈਂ ਸਫਲ ਨਹੀਂ ਹੋ ਸਕਿਆ।
ਹਾਲੇ ਮੈਂ ਸੱਤਰਿਆ-ਬਹੱਤਰਿਆ ਤਾਂ ਨਹੀਂ ਹੋਇਆ ਫਿਰ ਵੀ ਭੁੱਲਣ ਦੀ ਬਿਮਾਰੀ ਮੈਨੂੰ ਲੱਗ ਗਈ ਹੈ। ਦੁਸ਼ਮਣ ਮੇਰਾ ਕਹਿੰਦਾ ਹੈ ਕਿ ਇਸ ਬਿਮਾਰੀ ਦੇ ਓਹਲੇ ਹੇਠ ਮੇਰਾ ਮਕਰ ਹੈ। ਪਤਾ ਨਹੀਂ ਇਹ ਸੱਚ ਹੈ ਜਾਂ ਨਹੀਂ। ਪਰ ਇਸ ਬਿਮਾਰੀ ਨੇ ਮੈਨੂੰ ਬਹੁਤ ਸਾਰੀਆਂ ਚਿੰਤਾਵਾਂ ਤੋਂ ਮੁਕਤ ਕਰ ਦਿੱਤਾ ਹੈ। ਕਰਨਾਲ ਵਾਲੇ ਜਾਂ ਕੁਰੂਕਸ਼ੇਤਰ ਵਾਲੇ ਜੋਤਸ਼ੀ ਨੇ ਬਹੁਤ ਝੂਠ ਬੋਲਿਆ ਸੀ। ਉਹ ਕਹਿੰਦਾ ਸੀ ਕਿ ਤੇਰੀ ਬ੍ਰਿਸ਼ਚਕ ਰਾਸ਼ੀ ਹੈ ਤੇ ਇਸ ਰਾਸ਼ੀ ਵਾਲੇ ਲੋਕ ਬਹੁਤ ਜ਼ਿੱਦੀ, ਖੁੰਦਕੀ, ਈਰਖਾਲੂ,ਕਬਜ਼ੇ ਦੀ ਭਾਵਨਾ ਵਾਲੇ (‘ਪਿਆਰ ਕਬਜ਼ਾ ਹੈ’ ਵਾਲੇ ਸੰਦਰਭ ਵਿਚ) ਅਤੇ ਪਿਆਰ ਵਿਚ ਇੰਤਹਾ ਦੀ ਹੱਦ ਤਕ ਪਹੁੰਚਣ ਵਾਲੇ ਹੁੰਦੇ ਹਨ। ਮੈਨੂੰ ਨਹੀਂ ਪਤਾ ਕਿ ਇਹ ਸੱਚ ਹੈ ਕਿ ਨਹੀਂ। ਪਰ ਹੈਰਾਨ ਹਾਂ ਕਿ ਉਸ ਨੇ ਮੇਰੀ ਯਾਦ ਸ਼ਕਤੀ ਬਾਰੇ ਕੁਝ ਕਿਉਂ ਨਹੀਂ ਦੱਸਿਆ? ਇਹ ਜੋਤਸ਼ੀ ਹੁੰਦੇ ਹੀ ਫਰਾਡ ਨੇ। ਵਰਨਾ ਜ਼ਰੂਰ ਦੱਸਦਾ ਕਿ ਬ੍ਰਿਸ਼ਚਕ ਰਾਸ਼ੀ ਵਾਲੇ ਹੀ ਨਹੀਂ ਸਗੋਂ ਸਾਰੀਆਂ ਰਾਸ਼ੀਆਂ ਵਾਲੇ ਲੋਕਾਂ ਨੂੰ ਸਮੇਂ ਸਮੇਂ ਮੁਤਾਬਕ ਕੁਝ ਨਾ ਕੁਝ ਭੁੱਲਣਾ ਚਾਹੀਦਾ ਹੈ।
ਏਸੇ ਲਈ ਮੈਂ ਭੁੱਲ ਚੁੱਕਾ ਹਾਂ ਕਿ ਚੜ੍ਹਦੀ ਉਮਰ ਕਿਸੇ ਐਸੀ ਕੁੜੀ ਨਾਲ ਇਸ਼ਕ ਕੀਤਾ ਸੀ ਜਿਸ ਨੇ ਫੌਜੀ ਅਫ਼ਸਰ ਜਾਂ ਵਿਦੇਸ਼ੀ ਵਾਸੀ ਨਾਲ ਵਿਆਹ ਕਰਨ ਨੂੰ ਤਰਜੀਹ ਦਿੱਤੀ ਸੀ। ਮੈਂ ਇਹ ਵੀ ਭੁੱਲ ਚੁੱਕਾ ਹਾਂ ਕਿ ਜਿਸ ਸਿਆਸੀ ਪਾਰਟੀ ਦੇ ਲੇਖੇ ਜ਼ਿੰਦਗੀ ਦੇ ਬਿਹਤਰੀਨ ਅੱਠ ਸਾਲ ਲਾਏ ਸਨ, ਉਸ ਦੇ ਕੁਝ ਆਗੂਆਂ ਦੀਆਂ ਕਰਤੂਤਾਂ ਨੇ ਉਸ ਪਾਰਟੀ ਪ੍ਤੀ ਉਦਰੇਵਾਂ ਭਰ ਦਿਤਾ ਸੀ। ਇਹ ਵੀ ਚੇਤੇ ਨਹੀਂ ਰਿਹਾ ਕਿ ਕਿਸੇ ਦੋਸਤ ਨੇ ਦੋਸਤੀ ਦੇ ਲਬਾਦੇ ਹੇਠ ਹੀ ਮੇਰੇ ਪੇਟ ਵਿਚ ਸੱਚਮੁੱਚ ਹੀ ਛੁਰੀਆਂ ਮਾਰੀਆਂ ਸਨ। ਇਹ ਵੀ ਯਾਦ ਨਹੀਂ ਕਿ ਸਾਡੇ ਪਿੰਡ ਦੇ ਤਾਰੀ ਨੇ ਮੈਨੂੰ ਇਕ ਵਾਰੀ ਭੈਣ ਦੀ ਗਾਲ੍ਹ ਕੱਢੀ ਸੀ ਤੇ ਮੈਂ ਉਸ ਨਾਲ ਸਾਰੀ ਉਮਰ ਨਾ ਬੋਲਣ ਦੀ ਸਹੁੰ ਖਾਧੀ ਸੀ। ਮੈਨੂੰ ਤਾਂ ਇਹ ਵੀ ਚੇਤੇ ਨਹੀਂ ਕਿ ਮੇਰੀ ਮਹਿਬੂਬ ਕੁੜੀ ਦੀਆਂ ਅੱਖਾਂ ਦੇ ਕਾਂਟੈਕਟ ਲੈਂਜ਼ ਦਾ ਰੰਗ ਕਿਹੋ ਜਿਹਾ ਸੀ। ਹੋਰ ਵੀ ਬਹੁਤ ਸਾਰੀਆਂ ਗੱਲਾਂ ਭੁੱਲ ਚੁੱਕਾ ਹਾਂ।
ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਮੈਂ ਤਾਂ ਇਹ ਵੀ ਭੁੱਲ ਚੁੱਕਾ ਹਾਂ ਕਿ ਕਿਸੇ ਮੀਕੇ ਜਾਂ ਕਿਸੇ ਪਾਲੇ ਨੇ ਮੇਰੀ ਜਾਨ ਦਾ ਸੌਦਾ ਕੀਤਾ ਸੀ ਅਤੇ ਕਿਸੇ ਰੀਸ਼ੇ ਜਾਂ ਬਖਸ਼ੇ ਨੇ ਇਸ ਸੌਦੇ ਦੀ ਦਲਾਲੀ ਕੀਤੀ ਸੀ। ਮੈਨੂੰ ਤਾਂ ਹੁਣ ਇਹ ਵੀ ਯਾਦ ਨਹੀਂ ਕਿ ਮੈਂ ਇਸ ਮਾਮਲੇ ਵਿਚ ਕਿਵੇਂ ਸਿਰ ਉਤੇ ਪੈਰ ਰੱਖ ਕੇ ਅਤੇ ਚਿੱਤੜਾਂ ਵਿਚ ਪੂਛ ਲੈ ਕੇ ਨੱਸਿਆ ਸਾਂ। ਮੈਨੂੰ ਤਾਂ ਦੁਸ਼ਮਣ ਦੀਆਂ ਨਜ਼ਰਾਂ ਵਿਚਲੀ ਜਿੱਤ ਦੀ ਲਿਸ਼ਕ ਵੀ ਹੁਣ ਚੇਤੇ ਨਹੀਂ, ਕਿਉਂਕਿ ਮੈਨੂੰ ਤਾਂ ਭੁੱਲਣ ਦੀ ਬਿਮਾਰੀ ਲੱਗ ਗਈ ਹੈ।
ਦੁਸ਼ਮਣ ਤੇ ਦੋਸਤ ਭਾਵੇਂ ਇਹਨੂੰ ਮਕਰ ਕਹੀ ਜਾਣ ਜਾਂ ਦੰਭ, ਅਸਲ ਗੱਲ ਤਾਂ ਇਹ ਹੈ ਕਿ ਇਸ ਬਿਮਾਰੀ ਨੇ ਮੈਨੂੰ ਬਹੂਤ ਸੌਖਿਆਂ ਕਰ ਦਿੱਤਾ ਹੈ ਕਿਉਂਕਿ ਸਭ ਗੱਲਾਂ ਭੁੱਲਣ ਦੇ ਨਾਲ ਨਾਲ ਮੈਂ ਇਹ ਵੀ ਭੁੱਲ ਚੁੱਕਾ ਹਾਂ ਕਿ ਜਿਊਂਦਾ ਵੀ ਹਾਂ ਜਾਂ ਮਰ ਗਿਆ ਹਾਂ। ਜੇ ਮੈਂ ਮਰ ਚੁੱਕਾ ਹਾਂ ਤਾਂ ਕ੍ਰਿਪਾ ਕਰਕੇ ਕਰਕੇ ਮੈਨੂੰ ਦੱਸਣ ਦੀ ਕੋਸ਼ਿਸ਼ ਕਰਨ। ਬਹੁਤ ਸ਼ੁਕਰ-ਗੁਜ਼ਾਰ ਹੋਵਾਂਗਾ।
(28-8-1992)
ਕਿਉਂ ਹੈ ਉਦਾਸੀ ਦਾ ਮੌਸਮ ?
ਵੈਸੇ ਤਾਂ ਅੱਜ ਕੱਲ੍ਹ ਉਦਾਸੀ ਦਾ ਮੌਸਮ ਨਹੀਂ ਹੈ। ਸਰਦੀਆਂ ਦਾ ਮੌਸਮ ਸੰਸਾਰ ਦੇ ਇਸ ਖਿੱਤੇ ਵਿਚ ਕਦੇ ਵੀ ਉਦਾਸੀ ਵਾਲਾ ਨਹੀਂ ਹੁੰਦਾ। ਭਾਰਤ ਵਿਚ ਤਾਂ ਸਗੋਂ ਗਰਮੀਆਂ ਖ਼ਤਮ ਹੁੰਦਿਆਂ ਸਾਰ ਹੀ ਤਿਉਹਾਰਾਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਜਦੋਂ ਕੋਈ ਕੌਮ ਤਿਉਹਾਰ ਮਨਾ ਰਹੀ ਹੋਵੇ ਤਾਂ ਨਿਸਚੇ ਹੀ ਉਹ ਖ਼ੁਸ਼ ਹੁੰਦੀ ਹੈ, ਉਦਾਸ ਨਹੀਂ ਹੁੰਦੀ। ਇਸ ਮੌਸਮ ਵਿਚ ਦੁਨੀਆ ਭਰ ਦੇ ਈਸਾਈ, ਈਸਟਰ ਅਤੇ ਕ੍ਰਿਸਮਿਸ ਦਾ ਤਿਉਹਾਰ ਮਨਾਉਂਦੇ ਹਨ। ਕਿਉਂਕਿ ਈਸਾਈਆਂ ਦਾ ਵੱਡਾ ਗੜ੍ਹ ਯੂਰਪੀ ਦੇਸ਼ ਹਨ ਜਾਂ ਅਮਰੀਕਾ, ਇਸ ਲਈ ਸਰਦੀ ਦੇ ਮੌਸਮ ਨੂੰ ਉਥੇ ਵੀ ਕਿਸੇ ਤਰ੍ਹਾਂ ਉਦਾਸੀ ਦਾ ਮੌਸਮ ਨਹੀਂ ਕਿਹਾ ਜਾ ਸਕਦਾ।
ਆਮ ਲੋਕਾਂ ਵਿਚ ਸਗੋਂ ਸਰਦੀ ਦੇ ਮੌਸਮ ਲਈ ਇਕ ਖ਼ਾਸ ਕਿਸਮ ਦਾ ਉਤਸ਼ਾਹ ਹੁੰਦਾ ਹੈ। ਉਹ ਇਸ ਮੌਸਮ ਨੂੰ ਉਡੀਕਦੇ ਰਹਿੰਦੇ ਹਨ। ਆਮ ਲੋਕਾਂ ਵਿਚ ਮੈਂ ਉਨ੍ਹਾਂ ਲੋਕਾਂ ਨੂੰ ਗਿਣਦਾ ਹਾਂ ਜਿਹੜੇ ਮੌਸਮਾਂ ਦਾ ਆਨੰਦ ਮਾਣ ਸਕਦੇ ਹਨ। ਇਨ੍ਹਾਂ ਵਿਚ ਉਹ ਲੋਕ ਸ਼ਾਮਲ ਨਹੀਂ ਹਨ ਜਿਹੜੇ ਨਵੰਬਰ ਦਾ ਮਹੀਨਾ ਚੜ੍ਹਦੇ ਸਾਰ ਹੀ ਰੱਬ ਅੱਗੇ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ ‘ਕਿ ਹੇ ਰੱਬਾ, ਸਰਦੀ ਦੇ ਮੌਸਮ ਨੂੰ ਨਾ ਹੀ ਭੇਜਿਆ ਕਰ। ਗਰਮੀ ਤਾਂ ਬੰਦਾ ਨੰਗੇ ਪਿੰਡੇ ਕੱਟ ਸਕਦਾ ਹੈ ਪਰ ਸਰਦੀ ਲਈ ਤਾਂ ਕੱਪੜਿਆਂ ਦੀ ਜ਼ਰੂਰਤ ਹੁੰਦੀ ਹੈ। ਉਹ ਵੀ ਗਰਮ ਕੱਪੜਿਆਂ ਦੀ । ਪਰ ਜਿਹੜੇ ਲੋਕ ਗਰਮ ਤਾਂ ਛੱਡੋ ਸਧਾਰਨ ਕੱਪੜਿਆਂ ਲਈ ਵੀ ਤਰਸਦੇ ਹਨ, ਉਨ੍ਹਾਂ ਲਈ ਇਹ ਮੌਸਮ ਕਿਸੇ ਤਰ੍ਹਾਂ ਵੀ ਖ਼ੁਸ਼ੀ ਵਾਲਾ ਨਹੀਂ ਹੋ ਸਕਦਾ। ਇਸ ਲਈ ਮੇਰੇ ‘ਆਮ ਲੋਕਾਂ’ ਵਿਚ ਇਹ ਲੋਕ ਸ਼ਾਮਲ ਨਹੀਂ ਹਨ।
ਮੈਂ ਜਿਨ੍ਹਾਂ ਆਮ ਲੋਕਾਂ ਦੀ ਗੱਲ ਕਰਦਾ ਹਾਂ ਉਨ੍ਹਾਂ ਵਿਚ ਉਹ ਲੋਕ ਸ਼ਾਮਲ ਹਨ ਜਿਹੜੇ ਤਿਉਹਾਰਾਂ ਨੂੰ ਮਨਾਉਂਦੇ ਹਨ, ਰੁੱਤਾਂ ਨੂੰ ਚਾਵਾਂ ਨਾਲ ਉਡੀਕਦੇ ਹਨ। ਮੈਂ ਉਨ੍ਹਾਂ ਲੋਕਾਂ ਦੀ ਗੱਲ ਕਰ ਰਿਹਾ ਹੈਜਿਹੜੇ ਗਰਮ ਕੱਪੜੇ ਖਰੀਦ ਸਕਦੇ ਹਨ ਤੇ ਪਾ ਸਕਦੇ ਹਨ। ਜਿਨ੍ਹਾਂ ਪਾਸ ਨਾ ਸਿਰਫ਼ ਗਰਮ ਕੱਪੜੇ ਪਾਉਣ ਦੀ ਸਮਰੱਥਾ ਹੁੰਦੀ ਹੈ ਸਗੋਂ ਵੰਨ-ਸੁਵੰਨੇ ਕੱਪੜੇ ਪਾਉਣ ਦੀ ਸ਼ਕਤੀ ਵੀ ਹੁੰਦੀ ਹੈ। ਮੇਰੇ ਆਮ ਲੋਕ ਉਹ ਹਨ ਜਿਹੜੇ ਕਿਸਮਿਸ ਦੇ ਦਿਨਾਂ ਵਿਚ ਇਸ ਗੱਲ ਦੀ ਉਡੀਕ ਕਰਦੇ ਹਨ ਕਿ ਕਦੋਂ ਪਹਾੜਾਂ ਉਤੇ ਬਰਫ਼ ਪਵੇ ਅਤੇ ਉਹ ਡਿਗਦੀ ਬਰਫ਼ ਦਾ ਨਜਾਰਾ ਲੈਣ ਲਈ ਪਹਾੜਾਂ ਉੱਤੇ ਜਾਣ। ਜਿਹੜੇ ਲੋਕਾਂ ਨੂੰ ਸਰਦੀਆਂ ਲਈ ਫਟੀਆਂ ਪੁਰਾਣੀਆਂ ਗੋਦੜੀਆਂ ਮਿਲਦੀਆਂ ਹਨ, ਉਨ੍ਹਾਂ ਨੂੰ ਅਸੀਂ ਲੋਕਾਂ ਵਿਚ ਕਿਵੇਂ ਸ਼ੁਮਾਰ ਕਰ ਸਕਦੇ ਹਾਂ ?
ਕਿਵੇਂ ਸ਼ੁਮਾਰ ਕਰ ਸਕਦੇ ਹਾਂ ਉਨ੍ਹਾਂ ਨੂੰ ਜਿਹੜੇ ਦੋ ਡੰਗ ਦੀ ਰੋਟੀ ਤੋਂ ਵੱਧ ਕੁਝ ਸੋਚ ਹੀ ਨਹੀਂ ਸਕਦੇ? ਉਹ ਤਾਂ ਲੋਕ ਹੋ ਹੀ ਨਹੀਂ ਸਕਦੇ। ਭਾਰਤ ਦੇ ਮਹਾਨਗਰਾਂ ਦੀਆਂ ਗੰਦੀਆਂ ਬਸਤੀਆਂ ਵਿਚ ਕੀੜਿਆਂ ਵਾਂਗ ਗੈਂਗਦੇ ਇਹ ਮਨੁੱਖੀ ਜਾਮੇ ਵਿਚ ਆਏ ਕੀੜੇ ਕਿਸੇ ਤਰ੍ਹਾਂ ਵੀ ਮਨੁੱਖ ਕਹਾਉਣ ਦੇ ਕਾਬਲ ਨਹੀਂ। ਕੁਰਬਲ ਕੁਰਬਲ ਕਰਦੇ ਹੋਏ ਇਹ ਫਿਰ ਵੀ ਸਰਦੀਆਂ ਦੀ ਰੁੱਤ ਹੀ ਕਿਉਂ, ਇਹ ਤਾਂ ਸਾਰੀਆਂ ਹੀ ਰੁੱਤਾਂ ਪਾਰ ਕਰ ਜਾਂਦੇ ਹਨ।
ਭਾਰਤ ਸਰਕਾਰ ਨੇ ਬਹੁਤ ਜ਼ੋਰ-ਸ਼ੋਰ ਨਾਲ ਪਰਿਵਾਰ ਨਿਯੋਜਨ ਦਾ ਪ੍ਰੋਗਰਾਮ ਆਰੰਭਿਆ ਹੋਇਆ ਹੈ। ਦੋ ਬੱਚੇ ਤੇ ਫਿਰ ਬੱਸ। ਅੰਗਰੇਜ਼ੀ ਦੀਆਂ ਅਖ਼ਬਾਰਾਂ ਵਿਚ ਵੱਡੇ ਵੱਡੇ ਇਸ਼ਤਿਹਾਰ। ਪਰ ਕਿਸ ਲਈ ? ਜਿਹੜੇ ਆਮ ਲੋਕ ਅਖ਼ਬਾਰਾਂ ਪੜ੍ਹ ਸਕਦੇ ਹਨ ਉਨ੍ਹਾਂ ਵਿਚੋਂ ਬਹੁਤੇ ਤਾਂ ਪਹਿਲਾਂ ਹੀ ਜਾਣਦੇ ਹਨ ਕਿ ਛੋਟਾ ਪਰਿਵਾਰ ਸੁਖੀ ਪਰਿਵਾਰ ਹੁੰਦਾ ਹੈ। ਪਰ ਜਿਹੜੇ ਕੀੜੇ ਕੁਰਬਲ ਕੁਰਬਲ ਕਰਦੇ ਗੰਦੀਆਂ ਬਸਤੀਆਂ ਵਿਚ ਰਹਿੰਦੇ ਹਨ, ਉਨ੍ਹਾਂ ਪਾਸ ਅਖ਼ਬਾਰਾਂ ਪੜ੍ਹਨ ਲਈ ਨਾ ਤਾਂ ਸਿਖਿਆ ਹੈ, ਨਾ ਪੈਸਾ ਤੇ ਨਾ ਵਿਹਲ। ਇਸ ਲਈ ਉਨ੍ਹਾਂ ਦਾ ਤਾਂ ਸ਼ੁਗਲ ਹੀ ਇਹੀ ਹੈ ਕਿ ਬੱਚੇ ਪੈਦਾ ਕਰੀ ਜਾਣ। ਸਰਦੀਆਂ ਦੀ ਰੁੱਤ ਵਿਚ ਜਦੋਂ ਉਨ੍ਹਾਂ ਕੋਲ ਗਰਮੀ ਪੈਦਾ ਕਰਨ ਲਈ ਕੱਪੜੇ ਤਕ ਵੀ ਨਾ ਹੋਣ ਤਾਂ ਉਹ ਹੋਰ ਕਰਨ ਵੀ ਕੀ? ਇਸ ਲਈ ਬੱਚੇ ਪੈਦਾ ਕਰਨਾ ਸ਼ੁਗਲ ਵੀ ਨਹੀਂ ਰਹਿ ਜਾਂਦਾ। ਇਹ ਤਾਂ ਮਜਬੂਰੀ ਬਣ ਜਾਂਦੀ ਹੈ।
ਆਮ ਲੋਕਾਂ ਵਿਚ ਉਹ ਵੀ ਸ਼ਾਮਲ ਨਹੀਂ ਹਨ ਜਿਹੜੇ ਦੂਰ-ਦੁਰਾਡੇ ਦੇ ਪਿੰਡਾਂ ਵਿਚ ਅੱਧੀ ਅੱਧੀ, ਇਕ-ਇਕ, ਦੋ-ਦੋ ਜਾਂ ਤਿੰਨ-ਤਿੰਨ ਏਕੜ ਜ਼ਮੀਨ ਉਤੇ ਨਿਰਭਰ ਕਰਦੇ ਹਨ। ਉਹ ਵੀ ਨਹੀਂ ਜਿਹੜੇ ਜ਼ਮੀਨਾਂ ਦੇ ਮਾਲਕ ਨਹੀਂ ਪਰ ਜਿਨ੍ਹਾਂ ਦਾ ਨਿਰਭਰ ਜ਼ਮੀਨਾਂ ਉਤੇ ਹੁੰਦਾ ਹੈ। ਉਹ ਵੀ ਨਹੀਂ ਜਿਹੜੇ ਭੱਠਿਆਂ ਉਤੇ, ਬੀੜੀਆਂ ਦੇ ਕਾਰਖ਼ਾਨਿਆਂ ਵਿਚ, ਪਟਾਕਿਆਂ ਦੀਆਂ ਫੈਕਟਰੀਆਂ ਵਿਚ, ਜਾਂ ਇਸ ਤਰ੍ਹਾਂ ਦੀਆਂ ਹੋਰ ਥਾਵਾਂ ਉਤੇ ਬੰਧੂਆ ਮਜ਼ਦੂਰਾਂ ਦੀ ਤਰ੍ਹਾਂ ਰਹਿ ਹਨ। ਬੇਨਾਮੀ ਫੈਕਟਰੀਆਂ ਵਿਚ ਕੰਮ ਕਰਦੇ ਮਜ਼ਦੂਰ ਵੀ ਸ਼ਾਮਲ ਨਹੀਂ ਹਨ ਕਿਉਂਕਿ ਉਨ੍ਹਾਂ ਪਾਸ ਵੀ ਰੁੱਤਾਂ ਅਤੇ ਤਿਉਹਾਰਾਂ ਨੂੰ ਮਨਾਉਣ ਲਈ ਸਮਾਂ ਨਹੀਂ ਹੁੰਦਾ । ਤੇ ਜਿਹੜੇ ਲੋਕ ਤਿਉਹਾਰ ਹੀ ਨਹੀਂ ਮਨਾ ਸਕਦੇ ਅਤੇ ਰੁੱਤਾਂ ਦੇ ਨਜ਼ਾਰੇ ਨਹੀਂ ਲੈ ਸਕਦੇ ਉਨ੍ਹਾਂ ਨੂੰ ਲੋਕਾਂ ਵਿਚ ਸ਼ਾਮਲ ਕਰਨਾ ਮੁਸ਼ਕਲ ਹੈ।
ਸਰਦੀ ਦੀ ਰੁੱਤ ਵੀ ਉਦਾਸੀ ਦੀ ਰੁੱਤ ਨਹੀਂ ਹੁੰਦੀ। ਪੰਜਾਬ ਵਿਚ ਤਾਂ ਸਗੋਂ ਜਨਵਰੀ ਵਿਚ ਲਹੜੀ ਮਨਾਈ ਜਾਂਦੀ ਹੈ ਜੋ ਕਿ ਹੈ ਹੀ ਖ਼ੁਸ਼ੀ ਦਾ, ਨਵੇਂ ਜਨਮੇ ਬੱਚੇ ਨਾਲ ਸਬੰਧਤ ਤਿਉਹਾਰ। ਜਿਨ੍ਹਾਂ ਲੋਕਾਂ ਦੀ ਮੈਂ ਗੱਲ ਕਰ ਰਿਹਾ ਹਾਂ ਉਨ੍ਹਾਂ ਲਈ ਬੱਚੇ ਦਾ ਜਨਮ ਸੱਚਮੁੱਚ ਹੀ ਖ਼ੁਸ਼ੀ ਦਾ ਸਬੱਬ ਹੁੰਦਾ ਹੈ । ਉਨ੍ਹਾਂ ਵਾਂਗ ਨਹੀਂ ਜਿਹੜੇ ਗੱਦੀਆਂ ਬਸਤੀਆਂ ਵਿਚ ਰਹਿੰਦੇ ਹਨ ਅਤੇ ਜਿਨ੍ਹਾਂ ਨੂੰ ਬੱਚਿਆਂ ਦੇ ਜੰਮਣ ਜਾਂ ਨਾ ਜੰਮਣ ਦਾ ਬਹੁਤਾ ਫ਼ਰਕ ਨਹੀਂ ਪੈਂਦਾ। ਇਸ ਲਈ ਜਿਹੜੇ ਲੋਕ ਬੱਚੇ ਦੇ ਜੰਮਣ ਉਤੇ ਖ਼ੁਸ਼ੀਆਂ ਕਰਦੇ ਹਨ,ਉਨ੍ਹਾਂ ਲਈ ਸਰਦੀ ਦਾ ਮੌਸਮ ਹਕੀਕਤਨ ਖੁਸ਼ੀ ਦਾ ਮੌਸਮ ਹੁੰਦਾ ਹੋਵੇਗਾ।
ਤਾਂ ਫੇਰ ਉਦਾਸੀ ਕਿਉਂ ਹੈ?
ਉਹ ਵੀ ਇਸ ਮੌਸਮ ਵਿਚ?
ਕੀ ਇਸ ਦਾ ਕਾਰਨ ਇਹ ਤਾਂ ਨਹੀਂ ਕਿ ਭਾਰਤ ਵਿਚ ਅਜ਼ਾਦੀ ਦੇ ਏਨੇ ਸਾਲਾਂ ਬਾਅਦ ਵੀ ਫ਼ਿਰਕੂ ਨਫ਼ਰਤ ਦਾ ਬੋਲਬਾਲਾ ਰਿਹਾ ਹੈ ਅਤੇ ਕਈ ਦਰਜਨ ਸ਼ਹਿਰਾਂ ਵਿਚ ਫ਼ਿਰਕੂ ਦੰਗੇ ਹੋਏ ਹਨ? ਪਰ ਫਿਰਕੂ ਦੰਗੇ ਤਾਂ ਪਹਿਲੀ ਵਾਰੀ ਨਹੀਂ ਹੋਏ। ਭਾਰਤ ਦਾ ਨਾਂ ਤਾਂ ਇਸ ਮਾਮਲੇ ਵਿਚ ਸਾਰੇ ਸੰਸਾਰ ਦੇ ਦੇਸ਼ਾਂ ਤੋਂ ਉਪਰ ਹੈ। ਇਹੀ ਤਾਂ ਇਕ ਖੇਤਰ ਹੈ ਜਿਥੇ ਅਸੀਂ ਦੁਨੀਆ ਨੂੰ ਮਾਤ ਦੇ ਰਹੇ ਹਾਂ। ਫਿਰ ਉਦਾਸੀ ਕਿਉਂ ਹੈ?
ਇਸ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਅਯੁੱਧਿਆ ਵਿਚ ਬਾਬਰੀ ਮਸਜਿਦ ਢਾਹ ਦਿੱਤੀ ਗਈ। ਪਰ ਇਹ ਵੀ ਕੋਈ ਨਵੀਂ ਗੱਲ ਨਹੀਂ। ਮੰਦਰ ਤੇ ਮਸਜਿਦਾਂ ਢਾਹੁਣ ਦਾ ਸਿਲਸਿਲਾ ਤਾਂ ਸਦੀਆਂ ਤੋਂ ਚਲਿਆ ਆ ਰਿਹਾ ਹੈ। ਜੇ ਇਕ ਹੋਰ ਮਸਜਿਦ ਢਾਰ ਦਿੱਤੀ ਗਈ ਤਾਂ ਕੀ ਹੋਇਆ। ਹੋਰ ਦੇਸ਼ਾਂ ਵਿਚ ਮੰਦਰ ਵੀ ਤਾਂ ਢਾਹੇ ਤੇ ਫੂਕੇ ਗਏ ਸਨ। ਇਹ ਤਾਂ ਅਦਲੇ ਦੇ ਬਦਲੇ ਵਾਲੀ ਗੱਲ ਹੈ, ਬੜੀ ਆਮ ਜਿਹੀ। ਫਿਰ ਉਦਾਸੀ। ਕਿਉਂ ਹੈ?
ਇਸ ਲਈ ਤਾਂ ਨਹੀਂ ਕਿ ਕੀਮਤਾਂ ਬਹੁਤ ਵਧ ਗਈਆਂ ਹਨ? ਪਰ ਇਹ ਵੀ ਤਾਂ ਕੋਈ ਨਵੀਂ ਗੱਲ ਨਹੀਂ। ਕੀਮਤਾਂ ਤਾਂ ਹਰ ਸਾਲ ਵਧਦੀਆਂ ਹਨ, ਹਰ ਹਾਲ ਵਧਦੀਆਂ ਹਨ। ਜਿਹੜੀ ਚੀਜ਼ ਅੱਜ ਦਸਾਂ ਦੀ ਹੈ, ਭਲਕੇ ਤੇਰਾਂ ਦੀ ਹੋ ਜਾਵੇਗੀ ਤੇ ਪਰਸੋਂ ਪੰਦਰਾਂ ਦੀ । ਇਹ ਤਾਂ ਆਮ ਜਿਹੀ ਗੱਲ ਹੈ। ਅਸੀਂ ਇਸ ਦੇ ਆਦੀ ਹੋ ਗਏ ਹਾਂ। ਫਿਰ ਉਦਾਸੀ ਕਿਉਂ ਹੈ ?
ਕੀ ਇਸ ਲਈ ਤਾਂ ਨਹੀਂ ਕਿ ਇੰਗਲੈਂਡ ਦਾ ਬਹਿਜ਼ਾਦਾ ਚਾਰਲਸ ਅਤੇ ਉਸ ਦੀ ਪਰਨੀ ਡਿਆਨਾ ਵੱਖ ਹੋ ਗਏ ਹਨ ? ਜਾਂ ਪੱਛਮੀ ਗਾਇਕਾ ਮੈਡਨਾ ਦੀਆਂ ਨੰਗੀਆਂ ਤਸਵੀਰਾਂ ਵਾਲੀ ਕਿਤਾਬ ਦੇ ਭਾਰਤ ਆਉਣ ਉਤੇ ਪਾਬੰਦੀ ਲਾ ਦਿੱਤੀ ਗਈ ਹੈ ? ਜਾਂ ਪੂਜਾ ਬੇਦੀ ਨੇ ਜਿਸਮ ਦਿਖਾਉਣਾ ਬੰਦ ਕਰ ਦਿੱਤਾ। ਹੈ ? ਜਾਂ ਅਮਿਤਾਭ ਬੱਚਨ ਫ਼ਿਲਮਾਂ ਸਾਈਨ ਨਹੀਂ ਕਰ ਰਿਹਾ? ਜਾਂ ਮੇਨਕਾ ਗਾਂਧੀ ਵਿਆਹ ਕਿਉਂ ਨਹੀਂ ਕਰਵਾ ਰਹੀ ? ਜਾਂ ਜਾਰਜ ਬੁਸ਼ ਹਾਰ ਗਿਆ ਹੈ ? ਜਾਂ ਭਾਰਤ ਦੱਖਣੀ ਅਫ਼ਰੀਕਾ ਤੋਂ ਕ੍ਰਿਕਟ ਵਿਚ ਹਾਰ ਗਿਆ ਹੈ ? ਜਾਂ ਕਮਿਊਨਿਜ਼ਮ ਦਾ ਤਜਰਬਾ ਫੇਲ੍ਹ ਹੋ ਗਿਆ ਹੈ ? ਜਾਂ ‘ਰੂਪ ਕੀ ਰਾਨੀ ,ਚੋਰੋਂ ਕਾ ਰਾਜਾ ਰਿਲੀਜ਼ ਨਹੀਂ ਹੋ ਰਹੀ? ਜਾਂ ਐਲ.ਕੇ ਅਡਵਾਨੀ ਦੀ ਜਾਨ ਨੂੰ ਖ਼ਤਰਾ ਹੈ ? ਜਾਂ ਪੰਜਾਬ ਪੁਲੀਸ ਤੇ ਬਹੁਤ ਸਾਰੇ ਖਾੜਕੂ ਹਾਲੇ ਵੀ ਮਾਸੂਮਾਂ ਨੂੰ ਮਾਰੀ ਜਾ ਰਹੇ ਹਨ ? ਜਾਂ ਸੋਮਾਲੀਆ ਦੀ ਡੁੱਖਮਰੀ ਨੂੰ ਪੱਛਮੀ ਮੀਡੀਆ ਸ਼ਿੰਗਾਰ ਕੇ ਪੇਸ਼ ਕਰ ਰਿਹਾ ਹੈ ? ਜਾਂ ਇਸਰਾਈਲ ਨੇ ਚਾਰ ਸੌ ਫ਼ਲਸਤੀਨੀਆਂ ਨੂੰ ਬੜੇ ਖੂਹ ਵਿਚ ਧੱਕਾ ਦੇ ਦਿੱਤਾ ਹੈ ? ਜਾਂ ਐਨਕਾਂ ਦਾ ਨੰਬਰ ਬਦਲ ਗਿਆ ਹੈ ? ਜਾਂ ਕਿਸੇ ਖ਼ਾਸ ਸੱਜਣ ਦੀ ਚਿੱਠੀ ਨਹੀਂ ਆਈ ? ਜਾਂ ਤੇ ਜਾਂ …??ਜਾਂ ….???
ਸਰਦੀ ਦਾ ਮੌਸਮ ਉਦਾਸੀ ਦਾ ਮੌਸਮ ਤਾਂ ਨਹੀਂ ਹੁੰਦਾ। ਫਿਰ ਵੀ ਉਦਾਸੀ ਕਿਉਂ ਹੈ ? ਅਤੇ ਉਹ ਵੀ ਉਦੋਂ, ਜਦੋਂ ਅੱਸੀ ਫੀਸਦੀ ਅਬਾਦੀ ਨੂੰ ਤਾਂ ਮਨੁੱਖਤਾ ਤੋਂ ਹੀ ਖਾਰਜ ਕਰ ਦਿੱਤਾ ਹੋਇਆ ਹੈ ? ਕੋਈ ਵੈਦ ਹਬੀਬ ਦੱਸੇ ਤਾਂ ਜਾਣੀਏਂ। ਖ਼ੁਸ਼ੀਆਂ ਤੇ ਖੇੜਿਆਂ ਦੇ ਇਸ ਮੌਸਮ ਨੂੰ ਗ੍ਰਹਿਣ ਕਿਉਂ ਹੈ ? ਇਹ ਸਦੀ ਉਦਾਸ ਹੋਏ ਲੋਕਾਂ ਦੀ ਸਦੀ ਕਿਉਂ ਹੈ? ਕੀ ਨਵੀਂ ਸਦੀ ਸਾਰੀ ਲੋਕਾਈ ਲਈ ਖ਼ੁਸ਼ੀਆਂ ਦੀ ਸਦੀ ਹੋਵੇਗੀ?
(25-12-1992)
ਕੁਝ ਰਾਗ ਸੁਰੀਲੇ, ਕੁਝ ਬੇਸੁਰੇ
ਕਿਸੇ ਦੀ ਮੌਤ ਦਾ ਮਾਤਮ ਕਰਨ ਗਿਆਂ ਜੇ ਕੋਈ ਆਪਣੇ ਪੁੱਤਰ ਦੇ ਆਉਣ ਵਾਲੇ ਵਿਆਹ ਦੀਆਂ ਗੱਲਾਂ ਕਰਨ ਲੱਗ ਪਵੇ ਤਾਂ ਕੌਣ ਇਸ ਨੂੰ ਪਸੰਦ ਕਰੇਗਾ ? ਤੇ ਜੇ ਕਿਸੇ ਵਿਆਹ ਦੇ ਮੌਕੇ ਉਤੇ ਕਿਸੇ ਨੇ ਮੌਤ ਦੀ ਗੱਲ ਛੇੜ ਲਈ ਤਾਂ ਉਸ ਨੂੰ ਕੌਣ ਸਿਆਣਾ ਕਹੇਗਾ ? ਇਨ੍ਹਾਂ ਦੋਹਾਂ ਸਥਿਤੀਆਂ ਦਾ ਰਾਗ ਵੱਖੋ ਵੱਖਰਾ ਹੈ । ਜਿਥੇ ਇਸ ਰਾਗ ਤੋਂ ਉਲਟ ਰਾਗ ਹੋਵੇਗਾ ਉਥੇ ਹੀ ਇਹ ਬੇਸੁਰਾ ਹੋ ਜਾਵੇਗਾ।
ਹਰ ਰੋਜ਼ ਸਵੇਰ ਮੰਦਰਾਂ ਵਿਚ ਭਜਨ ਗਾਏ ਜਾਂਦੇ ਹਨ ਤੇ ਗੁਰਦੁਆਰਿਆਂ ਵਿਚ ਬਾਣੀ ਦਾ ਕੀਰਤਨ ਹੁੰਦਾ ਹੈ । ਸ਼ਾਸਤਰੀ ਸੰਗੀਤਕਾਰਾਂ ਨੇ ਹੁਣ ਸਵੇਰ ਵੇਲੇ ਗਾਏ ਜਾਣ ਵਾਲੇ ਰਾਗਾਂ ਦੀਆਂ ਕੈਸਟਾਂ ਵੀ ਭਰੀਆਂ ਹਨ ਜਿਹੜੀਆਂ ਸੰਗੀਤ ਪ੍ਰੇਮੀਆਂ ਲਈ ਬਹੁਤ ਸੁਖਮਈ ਹਨ । ਆਕਾਸ਼ਵਾਣੀ ਤੋਂ ਹਰ ਰੋਜ਼ ਸਵੇਰ ਵੇਲੇ ਬਾਣੀ ਰੂਪੀ ਅੰਮਿ੍ਤ ਦੀ ਵਰਖਾ ਹੁੰਦੀ ਹੈ ।ਸੁਰਾਂ ਤੇ ਰਾਗਾਂ ਵਿਚ ਗਾਈ ਹੋਈ ਗੁਰੂ ਦੀ ਬਾਣੀ ਸਵੇਰ ਦੀ ਤਾਜ਼ੀ ਤੇ ਸੱਜਰੀ ਫ਼ਿਜ਼ਾ ਨੂੰ ਹੋਰ ਵੀ ਸ਼ਾਂਤਮਈ ਕਰ ਦਿੰਦੀ ਹੈ ।ਭਲਾ ਜੇ ਇਸ ਮੌਕੇ ‘ਤੇ ਤੁਹਾਡੇ ਘਰ ਦੇ ਬਾਹਰ ਕੋਈ ‘ਤੂਤਕ ਤੂਤਕ ਤੂਤੀਆਂ’ ਦਾ ਰਿਕਾਰਡ ਲਾ ਦੇਵੇ ਤਾਂ ਕਿਹੋ ਜਿਹਾ ਲੱਗੇਗਾ ? ਜ਼ਰੂਰ ਹੀ ਸਿਰ ਫੜ ਕੇ ਬੈਠਣ ਦੀ ਸਥਿਤੀ ਹੋ ਜਾਵੇਗੀ ।
ਸਵੇਰ ਵੇਲੇ ਚਿੱਤ ਕਰਦਾ ਹੈ ਕੋਈ ਸੁੰਦਰ ਫੁੱਲ ਦੇਖਣ ਨੂੰ, ਹਰਿਆਲੇ ਦਰਖ਼ਤ ਦੇਖਣ ਨੂੰ, ਸੁੰਦਰ ਚਿਹਰੇ ਦੇਖਣ ਨੂੰ । ਕਹਿੰਦੇ ਹਨ ਕਿ ਸਵੇਰ ਵੇਲੇ ਉਠਦੇ ਸਾਰ ਅਜਿਹੇ ਸ਼ਖ਼ਸ ਦਾ ਮੂੰਹ ਦੇਖਣਾ ਚਾਹੀਦਾ ਹੈ ਜਿਸ ਨੂੰ ਤੁਸੀਂ ਸਭ ਤੋਂ ਪਿਆਰ ਕਰਦੇ ਹੋਵੋ । ਇਸ ਲਈ ਸਿਆਣੇ ਕਹਿੰਦੇ ਹਨ ਕਿ ਸਵੇਰੇ ਉਠ ਕੇ ਅਚਾਨਕ ਹੀ ਅੱਖਾਂ ਨਾ ਖੋਲ੍ਹ ਦੇਵੋ । ਪਹਿਲਾਂ ਕੁਝ ਚਿਰ ਅੱਖਾਂ ਮੀਟ ਕੇ ਕਿਸੇ ਪਿਆਰੇ ਦੀ ਤਸਵੀਰ ਚਿਤਵਣ ਤੋਂ ਬਾਅਦ ਹੀ ਖੋਲ੍ਹੋ । ਪਰ ਜੇ ਤੁਹਾਨੂੰ ਕਿਸੇ ਪਿਆਰੇ ਤੇ ਸੁਹਣੇ ਦੀ ਤਸਵੀਰ ਦਿਖਾਈ ਨਹੀਂ ਦਿੰਦੀ ਤਾਂ ਘੱਟੋ ਘੱਟ ਸ਼ੀਸ਼ਾ ਹੀ ਦੇਖ ਲਵੋ ।ਆਪਣੀ ਸੂਰਤ ਨਾਲੋਂ ਪਿਆਰੀ ਸੂਰਤ ਹੋਰ ਕੋਈ ਨਹੀਂ ਹੁੰਦੀ ।
ਸਵੇਰ ਵੇਲੇ ਸ਼ਾਂਤ ਮਾਹੌਲ, ਸ਼ਾਮ ਵੇਲੇ ਸੁਖਮਈ ਮਾਹੌਲ ਬਹੁਤ ਜ਼ਰੂਰੀ ਹਨ। ਸਵੇਰ ਵੇਲੇ ਉੱਚੀ ਅਵਾਜ਼ ਅਤੇ ਤਲਖ਼ੀ ਨਾਲ ਕੀਤੀ ਗਈ ਗੱਲ ਬੇਸੁਰਾ ਰਾਗ ਹੈ । ਸਵੇਰ ਵੇਲੇ ਤਾਂ ਬੰਦਾ ਚਾਹੁੰਦਾ ਹੈ ਸਭ ਕੁਝ ਸੁਖਾਵਾਂ ਹੋਵੇ ।ਅੰਮ੍ਰਿਤ ਵੇਲਾ ਸੱਚ ਨਾਂਓਂ । ਇਹ ਤਾਂ ਗੁਰਬਾਣੀ ਵੀ ਕਹਿ ਗਈ ਹੈ ।ਪਰ ਕੀ ਅਸੀਂ ਇਸ ਅੰਮਿ੍ਤ ਵੇਲੇ ਨੂੰ ਸੱਚੇ ਨਾਂਓਂ ਵਾਸਤੇ ਜਾਂ ਸੱਚੀ ਸੂਰਤ ਵਾਸਤੇ ਮਹਿਫੂਜ਼ ਰੱਖ ਸਕਦੇ ਹਾਂ ?
ਸਵੇਰੇ ਉਠਦੇ ਸਾਰ ਹੀ ਅਸੀਂ ਸੋਚਦੇ ਹਾਂ ਕਿ ਰੱਬ ਸੁੱਖ ਰੱਖੇ, ਕਿਤੇ ਰਾਤੋ ਰਾਤ ਕੋਈ ਹੋਰ ਕਹਿਰ ਨਾ ਵਾਪਰ ਗਿਆ ਹੋਵੇ । ਪਹਿਲਾਂ ਇਹੀ ਅਰਦਾਸ ਰਾਤ ਨੂੰ ਕਰ ਕੇ ਸੁੱਤੇ ਸਾਂ ਕਿ ਹੇ ਵਾਹਿਗੁਰੂ ਰਾਤੋ ਰਾਤ ਕਿਸੇ ਨਜ਼ਦੀਕੀ ਉਤੇ ਕਰੋਪੀ ਨਾ ਵਾਪਰਨ ਦੇਵੀਂ । ਸਵੇਰੇ ਉਠਦੇ ਸਾਰ ਇਹ ਸੋਚਣ ਦਾ ਚੇਤਾ ਹੀ ਨਹੀ ਰਹਿੰਦਾ ਕਿ ਕਿਸੇ ਸੁਹਣੇ ਦੀ ਤਸਵੀਰ ਧਿਆਨ ਵਿਚ ਲਿਆਈਏ ।ਸਭ ਤੋਂ ਪਹਿਲਾ ਕੰਮ ਅਖ਼ਬਾਰ ਦੀ ਸੁਰਖ਼ੀ ਦੇਖਣ ਦਾ ਕੀਤਾ ਜਾਂਦਾ ਹੈ ਅਤੇ ਤੀਹਾਂ ਵਿਚੋਂ ਵੀਹ ਦਿਨਾਂ ਦੌਰਾਨ ਤਾਂ ਕਾਲੇ ਹਰਫ਼ਾਂ ਵਿਚੋਂ ਕਾਲੇ ਲੇਖ ਹੀ ਲੱਭਦੇ ਹਨ । ਫ਼ੇਰ ਖ਼ਬਰ ਦੀ ਇਕੱਲੀ ਇਕੱਲੀ ਸਤਰ ਬਰੀਕੀ ਨਾਲ ਪੜ੍ਹੀਦੀ ਹੈ ਕਿ ਮਰਨ ਵਾਲੇ ਪੈਂਤੀਆਂ ਵਿਚੋਂ ਕੋਈ ਆਪਣਾ ਤਾਂ ਨਹੀਂ ।
ਮਨੁੱਖ ਇਸ ਸੰਸਾਰ ਵਿਚ ਪੈਦਾ ਹੋਇਆ ਤਾਂ ਉਸ ਨੇ ਮਰਨਾ ਵੀ ਹੈ । ਜੋ ਆਇਆ ਹੈ ਉਸ ਨੇ ਜਾਣਾ ਵੀ ਹੈ । ਇਹ ਤਾਂ ਇਤਿਹਾਸਕ ਸੱਚਾਈ ਹੈ । ਪਰ ਕੁਵੇਲੇ ਨਾਲ ਜਾਂ ਸਮੇਂ ਤੋਂ ਪਹਿਲਾ ਤੁਰ ਗਏ ਬੰਦਿਆਂ ਦਾ ਸੱਲ੍ਹ ਬਹੁਤ ਜ਼ਿਆਦਾ ਹੁੰਦਾ ਹੈ ।
ਮਰਨ ਦੇ ਤਰੀਕੇ ਅਲੱਗ ਅਲੱਗ ਹਨ । ਕੁਝ ਲੋਕ ਹਨ ਜਿਹੜੇ ਕੁਦਰਤੀ ਮੌਤ ਮਰਦੇ ਹਨ । ਕੁਝ ਹੋਰ ਲੋਕ ਹਨ ਜਿਹੜੇ ਗ਼ੈਰ-ਕੁਦਰਤੀ ਮੌਤ ਦਾ ਸ਼ਿਕਾਰ ਹੁੰਦੇ ਹਨ ।
ਕੁਦਰਤੀ ਮਰਨ ਵਾਲੇ ਲੋਕਾਂ ਦੀ ਨਾ ਖ਼ਬਰ ਬਣਦੀ ਹੈ ਨਾ ਸੁਰਖ਼ੀ। ਉਨ੍ਹਾਂ ਦੀ ਸੁਰਖ਼ੀ ਤਾਂ ਵੀ ਨਹੀਂ ਬਣਦੀ ਜੇ ਉਹ ਬਹੁਤ ਹੀ ਮਸ਼ਹੂਰ ਵਿਅਕਤੀ ਵੀ ਹੋਣ। ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ ਗੁਰਪੁਰੀ ਸਿਧਾਰ ਗਏ ।ਉਹ ਜੀਵਨ ਦੇ ਸ਼ੈਦਾਈ ਸਨ। ਮੌਤ ਨਾਲ ਉਨ੍ਹਾਂ ਦਾ ਕੋਈ ਵਾਸਤਾ ਨਹੀਂ ਸੀ । ਉਹ ਤਾਂ ਜ਼ਿੰਦਗੀ ਤਕਸੀਮ ਕਰਦੇ ਸਨ। ਜਦੋਂ ਉਹ ਮਰੇ ਤਾਂ ਕੁਦਰਤੀ ਮੌਤ ਮਰੇ । ਇਸ ਲਈ ਉਹ ਸੁਰਖ਼ੀ ਨਹੀਂ ਸਨ।
ਕਿਉਂਕਿ ਉਹ ਸੁਰਖ਼ੀ ਨਹੀਂ ਸਨ ਇਸ ਲਈ ਪੰਜਾਬ ਸਰਕਾਰ ਨੇ ਵੀ ਆਪਣੀ ਜ਼ਿੰਮੇਵਾਰੀ ਸਿਰਫ਼ ਇਸ ਹੱਦ ਤਕ ਹੀ ਸੀਮਤ ਰੱਖੀ ਕਿ ਡਿਪਟੀ ਕਮਿਸ਼ਨਰ ਨੂੰ ਹੁਕਮ ਦੇ ਦਿੱਤਾ ਕਿ ਭਗਤ ਜੀ ਦੇ ਦਾਹ ਸਸਕਾਰ ਦਾ ਸਾਰਾ ਖ਼ਰਚਾ ਕਰ ਲੈਣ । ਮੁੱਖ ਮੰਤਰੀ ਨੂੰ ਤਾਂ ਛੱਡੋ, ਕਿਸੇ ਨਿੱਕੇ ਮੋਟੇ ਮੰਤਰੀ ਨੇ ਵੀ ਉਥੇ ਜਾਣ ਦੀ ਜ਼ਹਿਮਤ ਨਹੀਂ ਉਠਾਈ । ਕਿਸੇ ਇਕ ਸਿਰਫਿਰੇ ਬੁੱਢੇ ਦੀ ਅਰਥੀ ਮਗਰ ਸਮਾਂ ਕਿਉਂ ਗਵਾਉਂਦੇ ਫਿਰਨ? ਸ਼ਇਦ ਇਹੀ ਸੋਚਿਆ ਹੋਵੇਗਾ। ਪੰਜਾਬ ਸਰਕਾਰ ਦੇ ਮੰਤਰੀਆਂ ਨੇ ਏਨੇ ਸਮੇਂ ਵਿੱਚ ਕਿੰਨੇ ਉਦਘਾਟਨ ਕਰਨੇ ਸਨ ਅਤੇ ਕਿੰਨੇ ਨੀਂਹ ਪੱਥਰ ਰੱਖੇ ਜਾਣੇ ਸਨ ।
ਭਗਤ ਪੂਰਨ ਸਿੰਘ ਦੀ ਗੱਲ ਕਰਦੇ ਕਰਦੇ ਮੈਨੂੰ ਚੇਤੇ ਆ ਗਿਆ ਕਿ ਬਰਤਾਨੀਆ ਦੇ ਭਵਿੱਖ ਦੇ ਰਾਜੇ ਚਾਰਲਸ ਅਤੇ ਉਸ ਦੀ ਪਤਨੀ ਰਾਜ ਕੁਮਾਰੀ ਡਿਆਨਾ ਦਾ ਵਿਆਹ ਬੱਸ ਟੁੱਟਣ ਹੀ ਵਾਲਾ ਹੈ ਅਤੇ ਸਿਰਫ਼ ਬਰਤਾਨਵੀ ਹੀ ਨਹੀਂ ਸਗੋਂ ਭਾਰਤੀ ਅਖ਼ਬਾਰਾਂ ਦੇ ਪੰਨਿਆਂ ਦੇ ਪੰਨੇ ਵੀ ਇਸ ਕਿੱਸੇ ਨਾਲ ਕਾਲੇ ਕੀਤੇ ਹੁੰਦੇ ਹਨ । ਇਸ ਵਿਚ ਡਿਆਨਾ ਨੂੰ ਅਜਿਹੀ ਰਾਜ ਕੁਮਾਰੀ ਵਜੋਂ ਪੇਸ਼ ਕੀਤਾ ਗਿਆ ਹੈ ਜਿਹੜੀ ਇਕ ਨਿਰਮੋਹੇ ਕਿਸਮ ਦੇ ਬੰਦੇ ਨਾਲ ਵਿਆਹੀ ਗਈ ਹੋਈ ਹੈ ।
ਹੁਣ ਇਹ ਦੋਵੇਂ ਮਸਲੇ ਅੱਜ ਕੱਲ੍ਹ ਦੇ ਭਖਵੇਂ ਮਸਲੇ ਹਨ । ਭਗਤ ਪੂਰਨ ਸਿੰਘ ਅੰਦਰੋਂ ਬਹੁਤ ਖੂਬਸੂਰਤ ਸ਼ਖ਼ਸੀਅਤ ਸਨ । ਭਾਵੇਂ ਬਾਹਰੀ ਤੌਰ ‘ਤੇ ਉਹ ਆਪਣੀ ਦਿੱਖ ਤੋਂ ਪੂਰੀ ਤਰ੍ਹਾਂ ਬੇਵਾਹ ਸਨ ਪਰ ਉਨ੍ਹਾਂ ਦੀ ਅੰਦਰੂਨੀ ਖ਼ੂਬਸੂਰਤੀ ਕਮਾਲ ਦੀ ਸੀ । ਸ਼ਹਿਜ਼ਾਦੀ ਡਿਆਨਾ ਬਾਹਰੀ ਤੌਰ ‘ਤੇ ਸੁੰਦਰਤਾ ਦਾ ਮੁਜੱਸਮਾ ਹੈ ।ਉਸ ਦੀ ਤਸਵੀਰ ਵਾਰ ਵਾਰ ਦੇਖ ਕੇ ਵੀ ਜੀਅ ਨਹੀਂ ਭਰਦਾ ।ਸਵੇਰੇ ਸਭ ਤੋਂ ਪਹਿਲਾਂ ਉਸ ਦੀ ਤਸਵੀਰ ਦੇਖਣ ਨੂੰ ਚਿੱਤ ਕਰਦਾ ਹੈ । ਜੇ ਭਗਤ ਪੂਰਨ ਸਿੰਘ ਅਤੇ ਸ਼ਹਿਜ਼ਾਦੀ ਡਿਆਨਾ ਦੀ ਗੱਲ ਅਲੱਗ ਅਲੱਗ ਕੀਤੀ ਜਾਵੇ ਤਾਂ ਦੋਵੇਂ ਹੀ ਸੁਰੀਲੇ ਰਾਗ ਹਨ। ਪਰ ਭਗਤ ਪੂਰਨ ਸਿੰਘ ਦੇ ਜ਼ਿਕਰ ਮਗਰੋਂ ਸ਼ਹਿਜ਼ਾਦੀ ਡਿਆਨਾ ਦਾ ਜ਼ਿਕਰ ਬੇਸੁਰਾ ਰਾਗ ਬਣ ਜਾਂਦਾ ਹੈ ।
। ਇਸੇ ਤਰ੍ਹਾਂ ਜਦੋਂ ਸਵੇਰ ਵੇਲੇ ਇਕ ਪਾਸੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਹੋ ਰਿਹਾ ਹੁੰਦਾ ਹੈ ਤੇ ਦੂਸਰੇ ਪਾਸੇ ਪੰਦਰਾਂ ਖਾੜਕੂਆਂ ਦੇ ਸੁਰੱਖਿਆ ਬਲਾਂ ਵਲੋਂ ਮਾਰੇ ਜਾਣ ਜਾਂ ਪੁਲੀਸ ਮੁਲਾਜ਼ਮਾਂ ਦੇ ਤੀਹ ਬੇਗੁਨਾਹ ਰਿਸ਼ਤੇਦਾਰਾਂ ਦੀ ਖਾੜਕੂਆਂ ਹੱਥੋਂ ਹੱਤਿਆ ਹੋਣ ਦੀਆਂ ਖ਼ਬਰਾਂ ਆ ਰਹੀਆਂ ਹੁੰਦੀਆਂ ਹਨ ਤਾਂ ਜ਼ਿਹਨ ਦੀ ਸੁਰ ਇਕਦਮ ਬੇਸੁਰੀ ਹੋ ਜਾਂਦੀ ਹੈ । ਉਸ ਵੇਲੇ ਇਹ ਸੋਚਣਾ ਵੀ ਮੁਸ਼ਕਲ ਹੁੰਦਾ ਹੈ ਕਿ ਗੁਰਬਾਣੀ ਦੇ ਸੁਰੀਲੇਂਪਣ ਵਿਚ ਇਹ ਖੂਨ ਤੇ ਬੇਕਿਰਕੀ ਦਾ ਬੇਸੁਰਾਪਣ ਕਿੱਥੋਂ ਆ ਗਿਆ?
ਹੁਣ ਤਾਂ ਖੂਨ ਵੀ ਅਲੱਗ ਅਲੱਗ ਹੋ ਗਏ ਹਨ । ਕੋਈ ਗਿ੍ਫ਼ਤਾਰ ਹੁੰਦਾ ਹੈ ਤਾਂ ਅਖ਼ਬਾਰ ਚੀਕਦੀ ਹੈ ਕਿ ਇਕ ਸਿੱਖ ਨੌਜਵਾਨ ਗ੍ਰਿਫ਼ਤਾਰ । ਮੌਤਾਂ ਹੁੰਦੀਆਂ ਹਨ ਤਾਂ ਕੂਕਦੀ ਹੈ ਕਿ ਸਿੱਖ ਦਹਿਸ਼ਤਗਰਦਾਂ ਹੱਥੋਂ ਹਿੰਦੂਆਂ ਦਾ ਕਤਲ । ਕਿੱਥੇ ਗਈ ਜ਼ਾਲਮ ਤੇ ਮਜ਼ਲੂਮ ਦੀ ਗੱਲ? ਕਿੱਥੇ ਗਈ ਧਾੜਵੀ ਤੇ ਉਨ੍ਹਾਂ ਦੇ ਸ਼ਿਕਾਰ ਜਨਤਾ ਦੀ ਗੱਲ ? ਜਦੋਂ ਲੋਕ ਵੀ ਧਿਰਾਂ ਬਣਨ ਲੱਗ ਪੈਣ ਤੇ ਹਿੰਦੂ ਖੂਨ ਜਾਂ ਸਿੱਖ ਖੂਨ ਦੀਆਂ ਗੱਲਾਂ ਕਰਨ ਲੱਗ ਪੈਣ ਤਾਂ ਇਸ ਦਾ ਬੇਸੁਰਾਪਣ ਬਹੁਤ ਖਟਕਦਾ ਹੈ । ਪਰ ਇਹ ਬੇਸੁਰਾਪਣ ਹੋਰ ਵੀ ਗੁੰਝਲਦਾਰ ਹੋ ਜਾਂਦਾ ਹੈ ਜਦੋਂ ਕਿਸੇ ਖ਼ਬਰ ਵਿਚ ਇਹ ਸਤਰਾਂ ਛਪ ਜਾਣ ਕਿ ਇਕ ਹਜ਼ਾਰ ਲੋਕਾਂ ਨੂੰ ਮਾਰਨ ਵਾਲਾ ਜਿਹੜਾ ਕੱਲ ਮਾਰਿਆ ਗਿਆ ਹੈ ਉਹ ਹਾਲੇ ਵੀ ਦੋਵੇਂ ਵੇਲੇ ਗੁਰਬਾਣੀ ਦਾ ਪਾਠ ਕਰਦਾ ਸੀ । ਇਹ ਸਵਾਲ ਪੁੱਛ ਸਕਣ ਦੀ ਸਮਰੱਥਾ ਕਿਸ ਪਾਸ ਹੈ ਕਿ ਜੇ ਉਹ ਗੁਰਬਾਣੀ ਦਾ ਪਾਠ ਕਰਦਾ ਸੀ ਤਾਂ ਲੋਕਾਂ ਦਾ ਖ਼ੂਨ ਕਿਵੇਂ ਵਹਾ ਸਕਦਾ ਸੀ? ਸ਼ੱਕ ਹੁੰਦਾ ਹੈ ਕਿ ਖ਼ਬਰ ਦੀਆਂ ਸਤਰਾਂ ਗ਼ਲਤ ਹਨ ਜਾਂ ਫਿਰ ਉਸ ਨੇ ਗੁਰਬਾਣੀ ਨੂੰ ਨਹੀਂ ਸੀ ਸਮਝਿਆ। ਕਿਤੇ ਨਾ ਕਿਤੇ ਕੋਈ ਸੁਰ ਗ਼ਲਤ ਹੈ ।
ਸਵੇਰ ਵੇਲੇ ਅਖ਼ਬਾਰ ਵਿਚ ਆਪਣਿਆਂ ਦੇ ਨਾਂ ਲੱਭਦੇ ਫਿਰਦੇ ਅਸੀਂ ਜਦੋਂ ਇਸ ਗੱਲੋਂ ਨਿਸ਼ਚਿੰਤ ਹੋ ਜਾਂਦੇ ਹਾਂ ਤਾਂ ਸੁਖ ਦਾ ਸਾਹ ਲੈਂਦੇ ਹਾਂ । ਕਿੰਨਾ ਬੇਸੁਰਾ ਲੱਗਦਾ ਹੈ ਇਹ ਵਿਚਾਰ ਕਿ ਹੋਰ ਮੌਤਾਂ ਦੀ’ ਪ੍ਰਵਾਹ ਕੀਤੇ ਬਿਨਾਂ ਅਸੀਂ ਆਪਣੀ ਸਵੇਰ ਦੀ ਸ਼ੁਰੂਆਤ ਚੰਗੇ ਰਉਂ ਵਿਚ ਕਰਨ ਦੇ ਆਦੀ ਹੋ ਗਏ ਹਾਂ । ਉਹ ਵੀ ਉਦੋਂ ਜਦੋਂ ਕੁਝ ਅਖ਼ਬਾਰਾਂ ਨੇ ਤਹੱਈਆ ਕੀਤਾ ਹੋਇਆ ਹੈ ਕਿ ਉਹ ਮਰੇ ਹੋਏ ਸਾਡੇ ਆਪਣੇ ਲੋਕਾਂ ਦੀਆਂ ਲਹੂ ਲਿਬੜੀਆਂ ਤਸਵੀਰਾਂ ਨਾਲ ਸਾਡਾ ਸਵੇਰ ਦਾ ਮੂਡ ਖ਼ਰਾਬ ਕਰ ਕੇ ਹੀ ਹਟਣਗੀਆਂ ।
ਜ਼ਿੰਦਗੀ ਦੀ ਖ਼ੂਨ ਰੰਗੀ ਹਕੀਕਤ ਨੂੰ ਸਮਝਣਾ ਅਤੇ ਇਸ ਮੁਤਾਬਕ ਤੁਰਨਾ ਹਰ ਸ਼ਖ਼ਸ ਦਾ ਅਕੀਦਾ ਰਿਹਾ ਹੈ । ਅਸੀਂ ਵੀ ਖ਼ੂਨ ਦੇ ਰੰਗ ਨੂੰ ਆਪਣਾ ਰੰਗ ਬਣਾ ਲਿਆ ਹੈ ।ਪਰ ਇਹ ਤਾਂ ਬੇਸੁਰਾ ਰਾਗ ਹੈ । ਫਿਰ ਵੀ ਇਹ ਆਸ ਤਾਂ ਰੱਖਣੀ ਹੀ ਚਾਹੀਦੀ ਹੈ ਕਦੇ ਤਾਂ ਸਮਾਂ ਆਏਗਾ ਜਦੋਂ ਅੰਮ੍ਰਿਤ ਵੇਲੇ ਗੁਰਬਾਣੀ ਦੇ ਕੀਰਤਨ ਨਾਲ ਲਹੂ ਲਿਬੜੀਆਂ ਲਾਸ਼ਾਂ ਦੇ ਦ੍ਰਿਸ਼ ਨਹੀਂ ਦਿਖਾਈ ਦੇਣਗੇ ਸਗੋਂ ਸਤਬਰਗੇ ਦੇ ਫੁੱਲ ਖਿੜੇ ਦਿਸਿਆ ਕਰਨਗੇ ।
14-8-1992)
ਮੂਰਖ ਲੋਕਾਂ ਦਾ ਰੱਬ ਹੀ ਰਾਖਾ
ਚੰਗਾ ਮੁਸਲਮਾਨ ਉਹ ਹੈ ਜਿਹੜਾ ਪੰਜੇ ਵਕਤ ਨਮਾਜ਼ ਪੜ੍ਹਦਾ ਹੈ, ਰਮਜ਼ਾਨ ਦੇ ਮਹੀਨੇ ਰੋਜ਼ੇ ਰੱਖਦਾ ਹੈ ਅਤੇ ਨੇਮ ਨਾਲ‘ਜ਼ਕਾਤ’ ਕੱਢਦਾ ਹੈ। ਚੰਗਾ ਇਸਾਈ ਉਹ ਹੈ ਜਿਹੜਾ ਹਰ ਹਫ਼ਤੇ ਚਰਚ ਜਾਂਦਾ ਹੈ, ਬਾਈਬਲ ਦੇ ਪਾਠ ਕਰਦਾ ਹੈ, ਦਸ ਕਮਾਂਡਮੈਂਟਾਂ ਉਤੇ ਵਿਸ਼ਵਾਸ ਕਰਦਾ ਹੈ ਅਤੇ ਗ਼ਰੀਬਾਂ ਦੀ ਸਹਾਇਤਾ ਕਰਦਾ ਹੈ। ਚੰਗਾ ਸਿੱਖ ਉਹ ਹੈ ਜਿਹੜਾ ਸਵੇਰ ਸਾਰ ਬਾਣੀ ਪੜ੍ਹਦਾ ਹੈ,ਆਪਣੇ ਆਪ ਨੂੰ ਸ਼ੁੱਧ ਰੱਖਦਾ ਹੈ ਅਤੇ ਆਪਣੀ ਕਮਾਈ ਵਿਚੋਂ ਦਸਵੰਧ ਕੱਢਦਾ ਹੈ। ਚੰਗਾ ਹਿੰਦੂ ਉਹ ਹੈ ਜੋ ਸਵੇਰੇ ਸ਼ਾਮ ਪੂਜਾ ਕਰਦਾ ਹੈ ਤੇ ਗ਼ਰੀਬਾਂ ਨੂੰ ਦਾਨ ਕਰਦਾ ਹੈ।
ਮੈਂ ਜਿੰਨੇ ਮੁਸਲਮਾਨਾਂ ਨੂੰ ਜਾਣਦਾ ਹਾਂ, ਉਨ੍ਹਾਂ ਵਿਚੋਂ ਸ਼ਾਇਦ ਹੀ ਕੋਈ ਪੰਜੇ ਵਕਤ ਨਮਾਜ਼ ਪੜ੍ਹਦਾ ਹੋਵੇ। ਇਕ ਵਾਰੀ ਵੀ ਨਾ ਪੜ੍ਹਦਾ ਹੋਵੇ । ਹਾਂ, ਈਦ- ਬਕਰੀਦ ਦੇ ਮੌਕੇ ‘ਤੇ ਮਸਜਿਦ ਵਿਚ ਹੋਣ ਵਾਲੇ ਇਕੱਠ ਵਿਚ ਸਜਦੇ ਵਿਚ ਸ਼ਾਮਲ ਹੋ ਜਾਂਦਾ ਹੋਵੇ ਤਾਂ ਵੱਖਰੀ ਗੱਲ ਹੈ। ਪੂਰੀ ਤਨਦੇਹੀ ਨਾਲ ਰੋਜ਼ੇ ਵੀ ਉਨ੍ਹਾਂ ‘ਚੋਂ ਕੋਈ ਰੱਖਦਾ ਹੋਵੇ, ਇਸ ਦੀ ਵੀ ਬਹੁਤੀ ਸੰਭਾਵਨਾ ਦਿਖਾਈ ਨਹੀਂ ਦਿੰਦੀ। ਜ਼ਕਾਤ ਕੱਢਦਾ ਹੈ ਜਾਂ ਨਹੀਂ, ਇਸੇ ਦਾ ਵੀ ਇਲਮ ਨਹੀਂ। ਏਨੀ ਮਹਿੰਗਾਈ ਦੇ ਜ਼ਮਾਨੇ ਵਿਚ ਕਿਹੜਾ ਬੰਦਾ ਆਪਣੀ ਕਮਾਈ ਵਿਚੋਂ ਘਰ ਦੇ ਖ਼ਰਚੇ ਕਰ ਕੇ ਗ਼ਰੀਬਾਂ ਲਈ ਕੁਝ ਰਕਮ ‘ਬਚਾ ਸਕਦਾ ਹੈ?
ਜਿੰਨੇ ਇਸਾਈ ਮੇਰੇ ਵਾਕਫ਼ ਹਨ, ਉਨ੍ਹਾਂ ਵਿਚੋਂ ਮੈਂ ਕਿਸੇ ਨੂੰ ਵੀ ਚਰਚ ਜਾਂਦੇ ਜਾਂ ਬਾਈਬਲ ਪੜ੍ਹਦੇ ਨਹੀਂ ਦੇਖਿਆ। ਕ੍ਰਿਸਮਿਸ ਦੇ ਦਿਨਾਂ ਵਿਚ ਜ਼ਰੂਰ ਚੰਡੀਗੜ੍ਹ ਦੇ ਗਿਰਜਾ ਘਰਾਂ ਵਿਚ ਰੌਣਕ ਹੁੰਦੀ ਹੈ ਅਤੇ ਈਸਾ ਮਸੀਹ ਦੀ ਆਮਦ ਦੀ ਖ਼ੁਸ਼ੀ ਵਿਚ ਮੌਜ ਮੇਲੇ ਤੇ ਰੌਣਕਾਂ ਲੱਗਦੀਆਂ ਹਨ। ਪਰ ਆਮ ਦਿਨਾਂ ਵਿਚ ਕਿੰਨੇ ਕੁ ਇਸਾਈ ਗ਼ਰੀਬਾਂ ਦੀ ਸਹਾਇਤਾ ਕਰਨ ਦੀ ਸਮਰੱਥਾ ਰੱਖਦੇ ਹਨ? ਮੇਰੇ ਖ਼ਿਆਲ ਮੁਤਾਬਕ ਉਨ੍ਹਾਂ ਦੀ ਗਿਣਤੀ ਆਟੇ ਵਿਚ ਲੂਣ ਬਰਾਬਰ ਹੀ ਹੋ ਸਕਦੀ ਹੈ।
ਸਿੱਖ ਭਾਈਚਾਰੇ ਵਿਚ ਦਸਵੰਧ ਕੱਢਣ ਦਾ ‘ਹੁਕਮ’ ਹੈ। ਸਵੇਰ ਵੇਲੇ ਬਾਣੀ ਪੜ੍ਹਨ ਦਾ ਆਦੇਸ਼ ਹੈ। ਰਹਿਤਨਾਮਾ ਤਾਂ ਏਨਾ ਸਖ਼ਤ ਹੈ ਕਿ ਸਧਾਰਨ ਦੁਨੀਆਵੀ ਸਿੱਖ ਲਈ ਉਸ ਉਤੇ ਅਮਲ ਕਰਨਾ ਸੰਭਵ ਹੀ ਨਹੀਂ। ਸਵੇਰ ਵੇਲੇ ਸਪੀਕਰਾਂ ਰਾਹੀਂ ਤਾਂ ਗੁਰਦੁਆਰਿਆਂ ਦੇ ਗ੍ਰੰਥੀ ਸਿੰਘ ਜ਼ਰੂਰ ਕਾਫ਼ੀ ਸਾਰੇ ਲੋਕਾਂ ਨੂੰ ਬਾਣੀ ਦਾ ਕੀਰਤਨ ਸੁਣਾ ਦੇਣ, ਪਰ ਗੁਰਦੁਆਰਿਆਂ ਦੇ ਅੰਦਰ ਹਾਜ਼ਰੀ ਨਾਂਮਾਤਰ ਹੀ ਹੁੰਦੀ ਹੈ। ਗੁਰਪੁਰਬਾਂ ਦੇ ਮੌਕੇ ‘ਤੇ ਹੋਣ ਵਾਲੇ ਵਿਸ਼ੇਸ਼ ਜੋੜ-ਮੇਲਿਆਂ ਵਿਚ ਪਹੁੰਚ ਕੇ ਹੀ ਬਹੁਤੇ ਲੋਕ ਗੁਰੂ ਘਰ ਵਿਚ ਆਪਣੀ ‘ਹਾਜ਼ਰੀ’ ਲੁਆ ਲੈਂਦੇ ਹਨ। ਗੁਰਦੁਆਰਿਆਂ ਵਿਚ ਇਨ੍ਹੀਂ ਦਿਨੀਂ ਲੰਗਰ ਚਲਦੇ ਹਨ ਤਾਂ ਇਸ ਦਾ ਅਰਥ ਹੈ ਕਿ ਚੜ੍ਹਾਵਾ ਜ਼ਰੂਰ ਚੜ੍ਹਦਾ ਹਵੇਗਾ । ਪਰ ਕੀ ਸਾਰੇ ਸਿੱਖ ਹੀ ਆਪਣੀ ਆਮਦਨੀ ਵਿਚੋਂ ਦਸਵੰਧ ਕੱਢਦੇ ਹਨ? ਇਸ ਦਾ ਜਵਾਬ ਸ਼ਾਇਦ ਨਾਂਹ ਵਿਚ ਹੈ।
ਹਿੰਦੂ ਦੋਸਤਾਂ ਵਿਚ ਵੀ ਹਾਲ ਇਹੀ ਹੈ। ਕੁਝ ਕੁ ਅਜਿਹੇ ਜ਼ਰੂਰ ਹਨ ਜਿਹੜੇ ਮੰਗਲਵਾਰ ਜਾਂ ਹੋਰ ਦਿਨ ਤਿਉਹਾਰ ਉਤੇ ਮੰਦਰ ਜਾਂਦੇ ਹਨ। ਕਈ ਬਾਬਾ ਬਾਲਕ ਨਾਥ ਜਾਂ ਮਾਤਾ ਵੈਸ਼ਨੋ ਦੇਵੀ ਜਾਂ ਮਾਤਾ ਨੈਣਾ ਦੇਵੀ ਜਾਂ ਕੈਲਾਸ਼ ਪਰਬਤ ਤਕ ਦੀ ਯਾਤਰਾ ਕਰਨ ਵੀ ਜਾਂਦੇ ਹਨ। ਪਰ ਕੀ ਉਹ ਬਾਕਾਇਦਾ ਗ਼ਰੀਬਾਂ ਨੂੰ ਦਾਨ ਦਿੰਦੇ ਹਨ ? ਇਸ ਸਵਾਲ ਦਾ ਉਤਰ ਵੀ ਉਪਰਲੀ ਨਾਂਹ ਵਾਲਾ ਹੀ ਹੈ।
ਜੇ ਆਮ ਆਦਮੀ ਕੋਲ ਕਿਸੇ ਤਰ੍ਹਾਂ ਵੀ ਆਪਣੇ ਧਰਮ ਦੇ ਨਿਯਮਾਂ ਅਤੇ ਆਦੇਸ਼ਾਂ ਨੂੰ ਮੰਨਣ ਦਾ ਸਮਾਂ ਤੇ ਸਮਰਥਾ ਨਹੀਂ ਤਾਂ ਫਿਰ ਸਾਰੇ ਧਰਮਾਂ ਦੇ ਅਡੰਬਰ ਕਿਵੇਂ ਚਲਦੇ ਹਨ? ਕਿਵੇਂ ਗੁਰਦੁਆਰਿਆਂ ਤੇ ਮੰਦਰਾਂ ਦੀਆਂ ਇਮਾਰਤਾਂ ਉਤੇ ਸੋਨੇ ਦੇ ਪੱਤਰੇ ਜਾਂ ਸੰਗਮਰਮਰ ਲੱਗ ਜਾਂਦਾ ਹੈ? ਕਿਵੇਂ ਮਸਜਿਦਾਂ ਦੀਆਂ ਇਮਾਰਤਾਂ ਇਕ ਦੂਸਰੀ ਤੋਂ ਵਧ ਕੇ ਉੱਚੀਆਂ ਤੇ ਵੱਡੀਆਂ ਹੋਈ ਜਾਂਦੀਆਂ ਹਨ? ਤੇ ਕਿਵੇਂ ਗਿਰਜਾ ਘਰਾਂ ਵਿਚ ਭਗਵਾਨ ਯਸੂ ਤੇ ਮਾਂ ਮਰੀਅਮ ਦੀਆਂ ਮੂਰਤੀਆਂ ਸੋਨੇ ਦੇ ਗੁੰਬਦਾਂ ਤੇ ਕਰਾਸਾਂ ਹੇਠ ਸਜਾਈਆ ਜਾ ਸਕਦੀਆਂ ਹਨ?
ਦਰਅਸਲ ਸੰਸਾਰ ਦੇ ਸਾਰੇ ਹਾਕਮਾਂ ਨੇ ਲੋਕਾਂ ਉਤੇ ਹਕੂਮਤ ਕਾਇਮ ਰੱਖਣ ਲਈ, ਉਨ੍ਹਾਂ ਦੇ ਦਿਲਾਂ ਵਿਚ ਆਪਣਾ ਡਰ ਪੈਦਾ ਕਰਨ ਲਈ, ਉਨ੍ਹਾਂ ਦੀ ਲੁੱਟ ਬਰਕਰਾਰ ਰੱਖਣ ਲਈ ਅਤੇ ਉਨ੍ਹਾਂ ਦੀ ਗ਼ਰੀਬੀ ਤੇ ਆਪਣੀ ਅਮੀਰੀ ਨੂੰ ਸਹੀ ਸਿੱਧ ਕਰਨ ਲਈ ਰੱਬ, ਈਸ਼ਵਰ, ਭਗਵਾਨ, ਗਾਡ, ਅੱਲਾ ਜਾਂ ਹੋਰ ਦੇਵੀ ਦੇਵਤਿਆਂ ਦੀ ਸਿਰਜਣਾ ਕੀਤੀ ਸੀ ਅਤੇ ਉਹ ਹੁਣ ਵੀ ਇਸ ਸਥਿਤੀ ਨੂੰ ਬਰਕਰਾਰ ਰੱਖਣ ਲਈ ਯਤਨਸ਼ੀਲ ਹਨ। ਇਸਾਈ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਸਭ ਤੋਂ ਵਧੇਰੇ ਹੈ ਅਤੇ ਉਨ੍ਹਾਂ ਨੂੰ ਇਹ ਵਾਨ ਕਰਵਾਉਣ ਲਈ ਕਿ ਉਨ੍ਹਾਂ ਦੀ ਹਾਲਤ ਲਈ ਪ੍ਰਮਾਤਮਾ ਜ਼ਿੰਮੇਵਾਰ ਹੈ, ਹਾਕਮਾਂ ਨੂੰ ਪੋਪ ਦੀ ਧਾਰਮਿਕ ਬਾਦਸ਼ਾਹਤ ਬਰਕਰਾਰ ਰੱਖਣ ਲਈ ਕਰੋੜਾਂ ਰੁਪਏ ਖ਼ਰਚ ਕਰਨੇ ਪੈ ਰਹੇ ਹਨ। ਇਹੀ ਹਾਲ ਮੁਸਲਮਾਨਾਂ ਤੇ ਸਿੱਖਾਂ ਦਾ ਹੈ।
ਤਾਂ ਫਿਰ ਹੁਕਮਰਾਨ ਜਨਤਾ ਨੂੰ ਕਾਬੂ ਵਿਚ ਰੱਖਣ ਲਈ ਇਸ ਤਰ੍ਹਾਂ ਦੇ ਯਤਨ ਕਿਉਂ ਨਾ ਕਰਨ ? ਪਹਿਲਾਂ ਰਾਜਿਆਂ ਮਹਾਰਾਜਿਆਂ ਨੇ ਅਤੇ ਫ਼ੇਰ ਆਧੁਨਿਕ ਯੁੱਗ ਦੇ ਹਾਕਮਾਂ ਨੇ ਮੰਦਰਾਂ ਮਸਜਿਦਾਂ ਦੀ ਉਸਾਰੀ ਲਈ ਕਰੋੜਾਂ ਅਰਬਾਂ ਰੁਪਏ ਖ਼ਰਚ ਕੀਤੇ ਹਨ ਅਤੇ ਮੰਦਰਾਂ ਦੇ ਪੁਜਾਰੀ ਅਜਿਹੇ ਕੂਪ ਮੰਡਕ ਵਿਦਵਾਨ ਬਣਾ ਕੇ ਰੱਖ ਦਿੱਤੇ ਗਏ ਹਨ ਜਿਨ੍ਹਾਂ ਦਾ ਗਿਆਨ ਸੰਸਕ੍ਰਿਤ ਦੇ ਸ਼ਲੋਕ ਰਟਣ ਅਤੇ ਧੋਤੀ ਬੋਦੀ ਕਾਇਮ ਰੱਖਣ ਤੋਂ ਅਗੇ ਨਹੀਂ ਵਧਦਾ।
ਸਿਰਫ਼ ਮੰਦਰਾਂ ਦੇ ਪੁਜਾਰੀ ਹੀ ਕਿਉਂ, ਗਿਰਜਾ ਘਰਾਂ ਦੇ ਪਾਦਰੀ, ਮਸਜਿਦਾਂ ਦੇ ਇਮਾਮ ਤੇ ਗੁਰਦੁਆਰਿਆਂ ਦੇ ਭਾਈ ਵੀ ਸਿਰਫ਼ ਲਿਖੇ ਹੋਏ ਸ਼ਬਦ ਪੜ੍ਹਨ ਤਕ ਸੀਮਤ ਹੋ ਗਏ ਹਨ। ਧਰਮ ਪੁਸਤਕਾਂ ਦਾ ਫ਼ਲਸਫ਼ਾ ਮਹਾਨ ਹੈ, ਅਥਾਹ ਹੈ । ਪਰ ਇਨ੍ਹਾਂ ਨੂੰ ਅੱਖਾਂ ਮੀਟ ਕੇ, ਅਰਥਾਤ ਇਨ੍ਹਾਂ ਦੇ ਵਿਸ਼ਾਲ ਅਰਥਾਂ ਨੂੰ ਸਮਝੇ ਬਿਨਾਂ ਪੜ੍ਹਨ ਦਾ ਕਿਸ ਨੂੰ ਲਾਭ ਹੁੰਦਾ ਹੈ ? ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਸਾਖੀ ਆਉਂਦੀ ਹੈ ਜਿਸ ਵਿਚ ਉਹ ਨਮਾਜ਼ ਵਿਚ ਸ਼ਾਮਲ ਨਹੀਂ ਸਨ ਹੋਏ ਕਿਉਂਕਿ ਨਮਾਜ਼ ਵੇਲੇ ਨਮਾਜ਼ੀਆਂ ਦਾ ਧਿਆਨ ਨਵੇਂ ਜੰਮੇ ਵਛੇਰਿਆਂ ਜਾਂ ਇਸ ਕਿਸਮ ਦੇ ਹੋਰ ਦੁਨਿਆਵੀ ਮਸਲਿਆਂ ਵੱਲ ਸੀ।
ਰਾਮ ਮੰਦਰ ਦੀ ਅਯੁੱਧਿਆ ਵਿਚ ਉਸਾਰੀ ਰੁਕੀ ਰਹੀ ਹਾਲਾਂਕਿ ਇਹ ਗੱਲ ਕਿਸੇ ਤੋਂ ਭੁੱਲੀ ਹੋਈ ਨਹੀਂ ਕਿ ਉਸਾਰੀ ਦਾ ਠੇਕਾ ਚੁੱਕੀ ਫਿਰਦੀ ਵਿਸ਼ਵ ਹਿੰਦੂ ਪ੍ਰੀਸ਼ਦ ਕਈ ਕਰੋੜ ਰੁਪਏ ਦੇ ਫੰਡਾਂ ਦਾ ਹਿਸਾਬ ਨਹੀਂ ਸੀ ਦੇ ਰਹੀ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰ ਸੇਵਾ ਰੁਕੀ ਪਈ ਰਹੀ ਕਿਉਂਕਿ ਰਕਮਾਂ ਦਾ ਹਿਸਾਬ ਕਿਤਾਬ ਕੌਣ ਰੱਖੇ ਤੇ ਕੌਣ ਖ਼ਰਚੇ, ਇਸ ਬਾਰੇ ਰੇੜਕਾ ਪਿਆ ਹੋਇਆ ਸੀ। ਇਕ ਵਾਰੀ ਇਨੀਂ ਦਿਨੀਂ ਸੀ ਦਰਬਾਰ ਸਾਹਿਬ ਅੰਮਿ੍ਤਸਰ ਜਾਣ ਦਾ ਸੁਭਾਗ ਮਿਲਿਆ। ਅਕਾਲ ਤਖ਼ਤ ਦੀ ਅਧੂਰੀ ਇਮਾਰਤ ਦੇ ਬਾਹਰ ਇਕ ਸ਼ੀਸ਼ੇ ਦਾ ਅਲਮਾਰੀਨੁਮਾ ਬਕਸਾ ਰੱਖਿਆ ਗਿਆ ਸੀ ਜਿਸ ਉਤੇ ਸੰਗਤਾਂ ਲਈ ਬੇਨਤੀ ਕੀਤੀ ਗਈ ਹੈ ਕਿ ਉਹ ਕਾਰ ਸੇਵਾ ਲਈ ਲੋੜੀਂਦਾ ਸੋਨਾ ਉਸ ਬਕਸੇ ਵਿਚ ਪਾਉਣ। ਬਕਸੇ ਵਿਚ ਨੋਟ ਤਾਂ ਦਸ ਦਸ, ਵੀਹ ਵੀਹ ਤੇ ਪੰਜਾਹ ਦੇ ਵੀ ਤੇ ਟਾਵੇਂ ਸੌ ਸੌ ਦੇ ਵੀ ਸਨ ਪਰ ਸੋਨੇ ਦਾ ਇਕ ਛੱਲਾ ਤਕ ਨਹੀਂ ਸੀ। ਸੰਗਤ ਹੁਣ ਪਹਿਲਾਂ ਜਿੰਨੀ ਭੋਲੀ ਨਹੀਂ ਰਹੀ।
ਅਯੁੱਧਿਆ ਦੇ ਮੰਦਰ ਬਾਰੇ ਬਹੁਤ ਚਰਚਾ ਕੀਤੀ ਗਈ ਹੈ। ਹੁਣ ਉਥੇ ਇਕ ਚਬੂਤਰਾ ਬਣ ਰਿਹਾ ਹੈ।ਫਿਰ ਉਸ ਉਤੇ ਮੰਦਰ ਬਣੇਗਾ। ਹਿੰਦੂ ਸ਼ਾਵਨਵਾਦ ਦਾ ਇਕ ਭੂਤ ਸਿਆਸੀ ਪਾਰਟੀਆਂ ਨੇ ਰਲ ਕੇ ਬੋਤਲ ਵਿਚੋਂ ਕੱਢ ਦਿੱਤਾ ਹੈ। ਇਹ ਭੂਤ ਅਜਿਹਾ ਭੂਤ ਹੈ ਜਿਹੜਾ ਆਖ਼ਰਕਾਰ ਉਸੇ ਨੂੰ ਖਾ ਜਾਵੇਗਾ ਜਿਸ ਨੇ ਇਸ ਨੂੰ ਬੋਤਲ ਵਿਚੋਂ ਕੱਢਿਆ ਹੈ। ਇਸ ਤੋਂ ਬਿਨਾਂ ਜਾਨਾਂ ਹੋਰ ਵੀ ਲਵੇਗਾ।
ਪਰ ਸਵਾਲ ਤਾਂ ਇਹ ਹੈ ਕਿ ਜਿਹੜੇ ਲੋਕ ਮੰਦਰ ਦੀ ਉਸਾਰੀ ਲਈ ਜਾਨਾਂ ਵਾਰਨ ਲਈ ਤਿਆਰ ਹਨ, ਕੀ ਉਹ ਜਾਣਦੇ ਹਨ ਕਿ ਮੰਦਰ ਦੀ ਉਸਾਰੀ ਦਾ ਮਾਮਲਾ ਇਸ ਲਈ ਏਨਾ ਉਭਾਰਿਆ ਗਿਆ ਹੈ ਤਾਂ ਕਿ ਉਹ ਅਗਿਆਨੀ ਬਣੇ ਰਹਿਣ ਅਤੇ ਦੁਨੀਆ ਗਿਆਨ ਦੇ ਖੇਤਰ ਵਿਚ ਕਿਤੇ ਅੱਗੇ ਵਧਦੀ ਰਹੇ? ਕੀ ਲੋਕ ਜਾਣਦੇ ਹਨ ਕਿ ਜਿੰਨੇ ਵੀ ਦੇਸ਼ਾਂ ਵਿਚ ਲੋਕਾਂ ਨੂੰ ਥੋੜ੍ਹਾ ਥੋੜ੍ਹਾ ਗਿਆਨ ਹੋਣਾ ਸ਼ੁਰੂ ਹੋਇਆ ਉਥੇ ਉਥੇ ਹੀ ਧਰਮ ਦਾ ਪੁਨਰ-ਉੱਥਾਨ ਕੀਤਾ ਗਿਆ? ਕੀ ਉਹ ਜਾਣਦੇ ਹਨ ਕਿ ਜਿੰਨੇ ਵੀ ਦੇਸ਼ਾਂ ਵਿਚ ਲੋਕ ਮੰਦਰਾਂ, ਮਸਜਿਦਾਂ, ਗਿਰਜਾ ਘਰਾਂ ਤੇ ਗੁਰਦੁਆਰਿਆਂ ਦੀ ਉਸਾਰੀ ਕਰਦੇ ਹਨ ਜਾਂ ਉਨ੍ਹਾਂ ਦੇ ਪ੍ਰਬੰਧ ਚਲਾਉਂਦੇ ਹਨ, ਉਹ ਆਪਣੀ ਆਮਦਨੀ ਵਿਚੋਂ ਕਦੇ ਦਸਵੰਧ ਨਹੀਂ ਕੱਢਦੇ ਸਗੋਂ ਇਨ੍ਹਾਂ ਸੰਸਥਾਵਾਂ ਦੀ ਆਮਦਨੀ ਵਿਚੋਂ ਕੱਢਦੇ ਹਨ? ਇਹ ਦਸਵੰਧ ਉਨ੍ਹਾਂ ਦੀਆਂ ਗੋਗੜਾਂ ਵਧਾਉਂਦਾ ਹੈ ਤੇ ਉਨ੍ਹਾਂ ਦੇ ਧੀਆਂ ਪੁੱਤਰਾਂ ਉਤੇ ਗੁਰੂ ਦੀ ਮਿਹਰ ਕਰਦਾ ਹੈ।
ਜੋ ਲੋਕਾਂ ਨੂੰ ਇਸ ਗੱਲ ਦਾ ਸੱਚਮੁਚ ਹੀ ਨਹੀਂ ਪਤਾ ਤਾਂ ਉਨ੍ਹਾਂ ਦਾ ਰੱਬ ਹੀ ਰਾਖਾ। ਜਦੋਂ ਤਕ ਉਹ ਇਹ ਸਭ ਕੁਝ ਸਮਝਣ ਲਈ ਰਾਜ਼ੀ ਵੀ ਨਹੀਂ ਹੁੰਦੇ, ਓਨਾ ਚਿਰ ਤਕ ਉਨ੍ਹਾਂ ਦਾ ਤਾਂ ਰੱਬ ਵੀ ਰਾਖਾ ਨਹੀਂ ਬਣਨ ਲੱਗਾ।
(24-7-1992)
ਮਰਨ ਨੂੰ ਕਦੋਂ ਜੀ ਚਾਹੁੰਦੈ ?
ਪੰਜਾਬ ਦੇ ਹਿੰਸਕ ਦਿਨਾਂ ਦੀ ਗੱਲ ਹੈ, ਜਲੰਧਰ ਇਕ ਅਖ਼ਬਾਰ ਦੇ ਦਫ਼ਤਰ ਵਿਚ ਇਕ ਬਜ਼ੁਰਗ ਕਾਮਰੇਡ ਨਾਲ ਮੁਲਾਕਾਤ ਹੋ ਗਈ । ਪੱਤਰਕਾਰਾਂ ਨੂੰ ਧਮਕੀਆਂ ਦੀ ਗੱਲ ਚਲੀ ਤਾਂ ਉਨ੍ਹਾਂ ਇਸ ਗੱਲ ਦਾ ਬੁਰਾ ਮਨਾਇਆ ਕਿ ਖ਼ਾਕਸਾਰ ਨੂੰ ਜਦੋਂ ਇਸ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਨੇ ਉਸ ਦਾ ‘ਮੁਕਾਬਲਾ’ ਕਿਉਂ ਨਹੀਂ ਕੀਤਾ । ਉਨ੍ਹਾਂ ਦਾ ਵਿਚਾਰ ਸੀ ਕਿ ਅਸੂਲਾਂ ਲਈ ਮਰ ਮਿਟਣਾ ਹੀ ਬੰਦੇ ਦਾ ਅਕੀਦਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਜਿਹੜਾ ਬੰਦਾ ਧਮਕੀਆਂ ਤੋਂ ਡਰ ਕੇ ਚੁੱਪ ਕਰ ਕੇ ਬੈਠ ਜਾਵੇ ਅਤੇ ਉਨ੍ਹਾਂ ਦਾ ਮੁਕਾਬਲਾ ਨਾ ਕਰੇ ਉਹ ਗੀਦੀ ਹੈ । ਸ਼ਬਦ ਉਨ੍ਹਾਂ ਗੀਦੀ ਨਹੀਂ ਸੀ ਵਰਤਿਆ, ਪਰ ਅਰਥ ਕੁਝ ਉਨ੍ਹਾਂ ਦੇ ਇਹੀ ਸਨ ।
ਕਾਮਰੇਡਾਂ ਨੇ ਅਤਿਵਾਦ, ਵੱਖਵਾਦ ਵਿਰੁਧ ਲੜਾਈ ਲੜਨ ਦਾ ਤਹੱਈਆ ਕੀਤਾ ਹੋਇਆ ਸੀ ਅਤੇ ਉਹ ਲੜ ਵੀ ਰਹੇ ਸਨ । ਉਹ ਤਾਂ ਸਟੇਜਾਂ ਤਕ ਤੋਂ ਐਲਾਨ ਕਰਦੇ ਆ ਰਹੇ ਸਨ ਕਿ ਉਹ ਇਸ ਲੜਾਈ ਵਿਚ ਸ਼ਹੀਦਾਂ ਦੀਆਂ ਪਾਲਾਂ ਲਾ ਦੇਣਗੇ । ਜ਼ਰੂਰ ਲਾ ਦੇਣਗੇ ਕਿਉਂਕਿ ਉਨ੍ਹਾਂ ਪਹਿਲਾਂ ਵੀ ਲਾਈਆਂ ਸਨ । ਦਰਸ਼ਨ ਸਿੰਘ ਕੈਨੇਡੀਅਨ, ਅਰਜਨ ਸਿੰਘ ਮਸਤਾਨਾ,ਮਲਕੀਤ ਚੰਦ ਮੇਹਲੀ, ਗੁਰਸੇਵਕ ਸਿੰਘ, ਸੱਘੜ ਸਿੰਘ, ਨਛੱਤਰ ਸਿੰਘ ਧਾਰੀਵਾਲ, ਗੁਰਮੇਲ ਹੂੰਝਣ, ਹਰਪਾਲ ਖੋਖਰ ਅਤੇ ਹੋਰ ਪਤਾ ਨਹੀਂ ਕਿੰਨੇ ਬੰਦੇ ਗੋਲੀਆਂ ਦਾ ਸ਼ਿਕਾਰ ਹੋਏ । ਇਹ ਸਾਰੇ ਉਹ ਬੰਦੇ ਸਨ ਜਿਹੜੇ ਸੋਨ ਸੁਨਹਿਰੀ ਭਵਿੱਖ ਨੂੰ ਸਿਰਜਣ ਦਾ ਸੁਪਨਾ ਲੈ ਕੇ ਨਿਕਲੇ ਸਨ ਪਰ ਜਿਹੜੇ ਉਸ ਭਵਿੱਖ ਦਾ ਸੁਪਨਾ ਦਿਲ ਵਿਚ ਲਈ ਸ਼ਹੀਦਾਂ ਦੀ ‘ਪਾਲ’ ਵਿਚ ਜਾ ਖਲੋਤੇ ।
ਬਹੁਤ ਚੰਗਾ ਲੱਗਦਾ ਹੈ ਮੇਜ਼ ਉਤੇ ਅੱਠਾਂ ਗੋਲੀਆਂ ਵਾਲੀ ਪਿਸਤੌਲ ਰੱਖ ਕੇ ਅਖ਼ਬਾਰ ਲਈ ਸੰਪਾਦਕੀ ਲੇਖ ਲਿਖਣਾ । ਬੜਾ ਰੁਮਾਂਚਕ ਹੈ ਪਹਿਰੇਦਾਰਾਂ ਦੀ ਧਾੜ ਹੇਠ ਸੰਤਾਲੀਆਂ ਵਾਲਿਆਂ ਦੀਆਂ ਧੱਜੀਆਂ ਉਡਾਉਣਾ । ਸੱਚਮੁੱਚ ਹੀ ਸ਼ਾਨਦਾਰ ਪਿਰਤਾਂ ਪਾਈਆਂ ਜਾ ਰਹੀਆਂ ਹਨ ਪੰਜਾਬ ਦੇ ਇਤਿਹਾਸ ਦੇ ਇਕ ਗੰਭੀਰ ਤੇ ਹਨੇਰੇ ਦੌਰ ਵਿਚ ਇਕ ਅਜਿਹੇ ਚਾਨਣ ਦੀ ਮਸ਼ਾਲ ਜਗਾਈ ਰੱਖਣ ਦਾ ਯਤਨ ਕਰ ਕੇ ਜਿਸ ਵਿਚ ਬੜੇ ਸੁਲਝੇ ਹੋਏ ਸੂਰਮਿਆਂ ਤੇ ਨੌਜਵਾਨਾਂ ਦੇ ਲਹੂ ਦਾ ਤੇਲ ਪਾਇਆ ਜਾਂਦਾ ਹੈ । ਉਨ੍ਹਾਂ ਲਈ ਮਰਨ ਲਈ ਇਸ ਤੋਂ ਚੰਗਾ ਹੋਰ ਕੋਈ ਕਾਰਨ ਹੋ ਵੀ ਨਹੀਂ ਸਕਦਾ । ਪਰ ਕੀ ਮਰਨ ਲਈ ਸਿਰਫ਼ ਏਨਾ ਕੁ ਕਾਰਨ ਹੀ ਕਾਫ਼ੀ ?
ਮਰਨ ਦੀ ਇਕ ਉਮਰ ਹੁੰਦੀ ਹੈ। ਭਰ ਜਵਾਨੀ ਦੀ ਉਮਰ । ਮਰਨ ਲਈ ਇਕ ਕਾਜ਼ ਵੀ ਹੁੰਦਾ ਹੈ । ਜਦੋਂ ਸਾਡੀ ਮਰਨ ਦੀ ਉਮਰ ਸੀ ਉਦੋਂ ਸਾਡਾ ਕਾਜ਼ ਸਾਨੂੰ ਬਹੁਤ ਪਿਆਰਾ ਸੀ । ਇਸ ਕਾਜ਼ ਲਈ ਉਦੋਂ ਜੇ ਸਾਡੀ ਮਿੱਝ ਦੀ ਵੀ ਜ਼ਰੂਰਤ ਹੁੰਦੀ ਤਾਂ ਦੇਣ ਤੋਂ ਪਲ ਭਰ ਨਹੀਂ ਸੀ ਰੁਕਣਾ । ਪਰ ਉਦੋਂ ਮਰਨ ਦੀ ਜ਼ਰੂਰਤ ਨਹੀਂ ਪਈ ਕਿਉਂਕਿ ਸਾਡਾ ਕਾਜ਼ ਜ਼ਿੰਦਗੀ ਦਾ ਕਾਜ਼ ਸੀ। ਸਿਰਫ਼ ਆਪਣੀ ਜ਼ਿੰਦਗੀ ਦਾ ਨਹੀਂ ਸਗੋਂ ਸਮੁੱਚੇ ਸੰਸਾਰ ਦੇ ਦਬੇ-ਕੁਚਲੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦਾ। ਇਸ ਲਈ ਮਰਨ ਦੀ ਉਮਰੇ ਨਹੀਂ ਮਰੇ ।
ਮਰਨ ਦੀ ਉਮਰੇ ਭਗਤ ਸਿੰਘ ਮਰ ਗਿਆ । ਉਸ ਤੋਂ ਪਹਿਲਾਂ ਕਰਤਾਰ ਸਿੰਘ ਸਰਾਭਾ ਮਰ ਗਿਆ। ਊਧਮ ਸਿੰਘ ਸੁਨਾਮ ਵਾਲਾ ਮਰ ਗਿਆ। ਇਕ ਦੋ ਨਹੀਂ, ਸੈਂਕੜੇ ਦੇਸ਼ ਭਗਤ ਮਰ ਗਏ । ਉਨ੍ਹਾਂ ਦੀਆਂ ਉਮਰਾਂ ਵੀ ਮਰਨ ਵਾਲੀਆਂ ਸਨ ਅਤੇ ਕਾਜ਼ ਵੀ । ਇਸੇ ਲਈ ਉਹ ਹਾਲੇ ਤਕ ਜਿਉਂਦੇ ਹਨ। ਸ਼ਹੀਦ ਹਨ। ਏਸੇ ਲਈ ਉਨ੍ਹਾਂ ਦੀਆਂ ਚਿਤਾਵਾਂ ਉਤੇ ਮੇਲੇ ਲੱਗਦੇ ਹਨ। ਪਰ ਜਦੋਂ ਕਾਜ਼ ਹੀ ਧੁੰਦਲਾ ਹੋਵੇ ਉਦੋਂ ਕੀਹਦੇ ਲਈ ਕੋਈ ਮਰੇ ?
ਖ਼ੁਦਕੁਸ਼ੀਆਂ ਜਾਂ ਤਾਂ ਕਮਉਮਰ ਦੇ ਕਮਸਿਨ ਕਰਦੇ ਹਨ ਤੇ ਜਾਂ ਫਿਰ ਜ਼ਿੰਦਗੀ ਤੋਂ ਨਿਰਾਸ਼ ਹੋ ਚੁੱਕੇ ਤੇ ਜ਼ਿੰਦਗੀ ਦਾ ਵੱਡਾ ਹਿੱਸਾ ਜੀਅ ਚੁੱਕੇ ਲੋਕ । ਕਮਉਮਰ ਦੇ ਮੁੰਡੇ ਕੁੜੀਆਂ ਇਸ਼ਕ ਬਦਲੇ ਜਾਨਾਂ ਦੇ ਦਿੰਦੇ ਹਨ । ਮੁੰਡੇ ਨੇ ਕਿਹਾ, ਹੇ ਪ੍ਰੇਮਕਾ ਮੈਂ ਤੈਨੂੰ ਜਾਨ ਨਾਲੋਂ ਵੀ ਵੱਧ ਪਿਆਰ ਕਰਦਾ ਹਾਂ । ਕੁੜੀ ਨੇ ਕਿਹਾ, ਪਰ ਸਮਾਜ ਸਾਨੂੰ ਕਦੇ ਮਿਲਣ ਨਹੀਂ ਦੇਵੇਗਾ । ਮੁੰਡੇ ਨੇ ਕਿਹਾ, ਚਲ ਆਪਾਂ ਏਸ ਸਮਾਜ ਨੂੰ ਸਦਾ ਲਈ ਵਿਦਾ ਕਹਿ ਦਈਏ । ਕੁੜੀ ਨੇ ਹਾਂ ਵਿਚ ਹਾਂ ਮਿਲਾਈ ਅਤੇ ਦੋਵਾਂ ਨੇ ਹੱਥਾਂ ਦੀ ਕਰੰਘੜੀ ਪਾ ਪਹਾੜ ਤੋਂ ਛਾਲ ਮਾਰ ਦਿੱਤੀ ਜਾਂ ਰੇਲ ਹੇਠਾਂ ਸਿਰ ਦੇ ਦਿੱਤਾ ਜਾਂ ਜ਼ਹਿਰ ਖਾ ਲਈ । ਬੁੱਢੇ ਜ਼ਿੰਦਗੀ ਤੋਂ ਅਵਾਜ਼ਾਰ ਹੋ ਕੇ ਜਾਂ ਬੱਚਿਆਂ ਦੀ ਬੇਮੁਖਤਾ ਕਾਰਨ ਖ਼ੁਦਕੁਸ਼ੀ ਕਰਨ ਦੇ ਰਾਹ ਪੈਂਦੇ ਹਨ । ਉਨ੍ਹਾਂ ਪਾਸ ਕਾਜ਼ ਹੈ ਮਰਨ ਲਈ । ਉਨ੍ਹਾਂ ਦੀ ਉਮਰ ਹੈ ਮਰਨ ਦੀ । ਇਸ ਲਈ ਉਹ ਜਾਨ ਦਿੰਦੇ ਹਨ । ਪਰ ਅਸੀਂ ਖ਼ੁਦਕੁਸ਼ੀ ਕਿਉਂ ਕਰੀਏ ?
ਕਿਉਂ ਕਰੀਏ ਅਸੀਂ ਖ਼ੁਦਕੁਸ਼ੀ ਜਦੋਂ ਅਸੀਂ ਜਾਣਦੇ ਹਾਂ ਕਿ ਹੁਣ ਮਰਿਆਂ ਨਹੀਂ ਜਿਉਂਦਿਆਂ ਰਹਿ ਕੇ ਵਧੇਰੇ ਕੰਮ ਕੀਤਾ ਜਾ ਸਕਦਾ ਹੈ ? ਮਰ ਤਾਂ ਹਰੇਕ ਨੇ ਜਾਣਾ ਹੈ। ਇਹ ਤਾਂ ਇਕ ਇਤਿਹਾਸਕ ਸਚਾਈ ਹੈ। ਪਰ ਹੁਣ ਮਰਨ ਨੂੰ ਜੀ ਨਹੀਂ ਕਰਦਾ। ਧਰਮਕੋਟ ਵਾਲੇ ਬਾਬੇ ਬੀਰ ਨੇ ਸਾਰੀ ਉਮਰ ਵਿਆਹ ਹੀ ਨਹੀਂ ਸੀ ਕਰਵਾਇਆ। ਅੱਸੀਆਂ ਨੂੰ ਢੁੱਕ ਕੇ ਉਹ ਕਹਿੰਦਾ ਸੀ ਜਵਾਨੀ ਵੇਲੇ ਇਸ ਕਰ ਕੇ ਨਹੀਂ ਕਰਵਾਇਆ ਕਿ ਇਨਕਲਾਬ ਤੋਂ ਬਾਅਦ ਹੀ ਕਰਵਾਵਾਂਗੇ।ਇਨਕਲਾਬ ਉਡੀਕਦੇ ਉਡੀਕਦੇ ਉਮਰ ਹੀ ਵਿਆਹ ਦੇ ਕਾਬਲ ਨਾ ਰਹੀ।ਅਸੀਂ ਵੀ ਮਰਨ ਦੀ ਉਮਰੇ ਮਰ ਨਾ ਸਕੇ । ਜਦੋਂ ਮਰਨ ਦੀ ਉਮਰ ਸੀ ਉਦੋਂ ਇਨਕਲਾਬ ਨਹੀਂ ਆਇਆ ਤੇ ਜਦੋਂ ਪਤਾ ਲੱਗਾ ਕਿ ਇਨਕਲਾਬ ਹਾਲੇ ਆਉਣਾ ਨਹੀਂ ਤਾ ਮਰਨ ਦੀ ਇੱਛਾ ਹੀ ਨਹੀਂ ਰਹੀ।
ਕਬੱਡੀ ਦੇ ਮੈਚ ਵਿਚ ਜੇ ਇਕ ਧਿਰ ਦੇ ਖਿਡਾਰੀਆਂ ਦੀਆਂ ਅੱਖਾਂ ਉਤੇ ਪੱਟੀਆਂ ਬੰਨ੍ਹ ਦਿੱਤੀਆਂ ਜਾਣ ਤਾਂ ਉਹ ਧਿਰ ਕਿਸ ਤਰ੍ਹਾਂ ਜਿੱਤ ਸਕੇਗੀ? ਜਿੱਤ ਦੀ ਗੱਲ ਤਾਂ ਛੱਡੋ, ਉਹ ਧਿਰ ਆਪਣੀ ਵਾਰੀ ਵੀ ਕਿਵੇਂ ਦੇ ਸਕੇਗੀ? ਤੇ ਜੇ ਤੁਸੀਂ ਹਨੇਰੇ ਵਿਚ ਹੀ ਹੱਥ ਪੈਰ ਮਾਰਨੇ ਹਨ ਤਾਂ ਅਗਲੀ ਧਿਰ ਤਾਂ ਤੁਹਾਡੀ ਧੌਣ ਦਾ ਮਣਕਾ ਤੋੜ ਕੇ ਹੀ ਹਟੇਗੀ। ਸਪੇਨ ਦੀ ਇਕ ਖੇਡ ਵਿਚ ਇਕ ਖਿਡਾਰੀ ਭੂਤਰੇ ਹੋਏ ਸਾਨ੍ਹ ਨੂੰ ਲਾਲ ਰੁਮਾਲ ਦਿਖਾ ਕੇ ਹਮਲਾ ਕਰਨ ਲਈ ਪ੍ਰੇਰਿਤ ਕਰਦਾ ਹੈ। ਜੇ ਉਹ ਖਿਡਾਰੀ ਵੀ ਅੱਖਾਂ ਉਤੇ ਪੱਟੀ ਬੰਨ੍ਹ ਲਵੇ ਤਾਂ ਸਪਸ਼ਟ ਹੀ ਹੈ ਕਿ ਉਸ ਨੇ ਮਰਨਾ ਮਿਥਿਆ ਹੋਵੇਗਾ। ਪਰ ਕੀ ਇਹ ਮਰਨਾ ਸੱਚਮੁੱਚ ਦਾ ਬਹਾਦਰੀ ਦਾ ਮਰਨਾ J?
ਹਰ ਦੌਰ ਦੀ ਜਵਾਨੀ ਦਾ ਇਕ ਸੰਕਲਪ ਹੁੰਦਾ ਹੈ, ਮਰ ਮਿਟਣ ਲਈ ਇਕ ਆਦਰਸ਼ ਹੁੰਦਾ ਹੈ। ਜੇ ਸੱਠਵਿਆਂ ਦੇ ਦਹਾਕੇ ਦੀ ਜਵਾਨੀ ਦਾ ਆਦਰਸ਼ ਮਾਰਕਸਵਾਦ ਸੀ ਤਾਂ ਅੱਜ ਦੀ ਜਵਾਨੀ ਦੇ ਇਕ ਹਿੱਸੇ ਦਾ ਧਰਮ ਆਧਾਰਿਤ ਰਾਜ ਹੋ ਸਕਦਾ ਹੈ। ਇਹ ਜਵਾਨੀ ਇਸ ਰਾਹੇ ਪਈ ਕਿਉਂ, ਇਸ ਦੇ ਜਵਾਬ ਕਈ ਹੋ ਸਕਦੇ ਹਨ। ਇਨ੍ਹਾਂ ਵਿਚੋਂ ਇਕ ਇਹ ਵੀ ਹੋ ਸਕਦਾ ਹੈ ਕਿ ਮਾਰਕਸਵਾਦ ਨੂੰ ਆਦਰਸ਼ ਮੰਨਣ ਵਾਲੀ ਪੀੜ੍ਹੀ ਨੇ ਕਿਤੇ ਗ਼ਲਤੀ ਕੀਤੀ ਜਿਸ ਕਾਰਨ ਨਵੀਂ ਪੀੜ੍ਹੀ ਵਿਗਿਆਨ ਦੀ ਥਾਂ ਪਰਾਵਿਗਿਆਨ ਵਲ ਰੁਚੀ ਰੱਖਣ ਲੱਗ ਪਈ। ਮਤਭੇਦ ਕਿੰਨੇ ਵੀ ਹੋਣ ਪਰ ਇਸ ਗੱਲ ਤੋਂ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਰੁਝਾਨ ਵਾਲੇ ਲੋਕਾਂ ਦੀ ਮਰਨ ਦੀ ਉਮਰ ਹੈ ਤੇ ਉਹ ਮਰ ਵੀ ਰਹੇ ਹਨ।
ਪਰ ਸਾਡੀ ਹੁਣ ਮਰਨ ਦੀ ਉਮਰ ਨਹੀਂ ਰਹੀ। ਬਿਨਾਂ ਕਾਰਨ ਗੁਆਈ ਮੌਤ ਨੇ ਤੁਹਾਨੂੰ ਸ਼ਹੀਦ ਨਹੀਂ ਬਣਾਉਣਾ। ਆਪਣੇ ਮੂੰਹੋਂ ਭਾਵੇਂ ਕੋਈ ਆਪਣੇ ਆਪ ਨੂੰ ਜੋ ਮਰਜ਼ੀ ਕਹਿੰਦਾ ਰਹੇ-ਭਾਈ ਜਾਂ ਸ਼ਹੀਦ। ਹੁਣ ਤਾਂ ਸਾਡੀ ਉਮਰ ਜਿਉਂਦੇ ਰਹਿਣ ਦੀ ਹੈ। ਜਿਉਂਦੇ ਰਹਾਂਗੇ ਤਾਂ ਸ਼ਾਇਦ ਅਸੀਂ ਕੁਝ ਸਾਰਥਕ ਕਰ ਸਕਾਂਗੇ। ਮਰ ਵੀ ਜਾਵਾਂਗੇ। ਪਰ ਮਰਨ ਦਾ ਕੋਈ ਕਾਰਨ ਤਾਂ ਲੱਭੇ। ਉਸ ਕਾਰਨ ਲਈ ਮਰਨ ਨੂੰ ਤਾਂ ਹਾਲੇ ਜੀਅ ਨਹੀਂ ਕਰਦਾ ਜਿਸੇ ਕਾਰਨ ਲਈ ਮਰਨ ਨੂੰ ਬਜ਼ੁਰਗ ਕਾਮਰੇਡ ਕਹਿੰਦੇ ਹਨ। ਤੇ ਜਿਸ ਦਿਨ ਮਰਾਂਗੇ ਉਸ ਦਿਨ ਇਹ ਤਸੱਲੀ ਲੈ ਕੇ ਮਰਾਂਗੇ ਕਿ ਭਾਵੇਂ ਮਰਦੇ ਸਮੇਂ ਸ਼ਹੀਦ ਦਾ ਲੇਬਲ ਨਹੀਂ ਲੱਗਾ ਜਿਉਂਦੇ ਜੀਅ ਬੇਗ਼ੈਰਤਾ ਹੋਣ ਦਾ ਕਲੰਕ ਵੀ ਨਹੀਂ ਲੱਗਣ ਦਿੱਤਾ।
ਬਹੁਤੀ ਮੈਂ ਆ ਗਈ ਹੋਵੇ ਤਾਂ ਖ਼ਿਮਾ ਦਾ ਜਾਚਕ ਹਾਂ । ਪਰ ਬਜ਼ੁਰਗ ਕਾਮਰੇਡ ਨੂੰ ਇਕ ਵਾਰੀ ਫ਼ੇਰ ਬੇਨਤੀ ਕਰਦਾ ਹਾ ਕਿ ਹੁਣ ਮਰਨ ਦੀ ਨਾ ਤਾਂ ਉਮਰ ਹੀ ਰਹੀ ਹੈ ਤੇ ਨਾ ਹੀ ਬਹਾਨਾ। ਇਸ ਲਈ ਹੁਣ ਮਰਨ ਨੂੰ ਜੀਅ ਨਹੀਂ ਕਰਦਾ। ਇਹ ਗੱਲ ਵੱਖਰੀ ਹੈ ਕਿ ਅਸੀਂ ਸਿਰਫ਼ ਜਿਉਂਦੇ ਹੋਣ ਦਾ ਭਰਮ ਹੀ ਪਾਲਦੇ ਹੋਈਏ। ਵੈਸੇ ਖਬਰਿਆ ਪਹਿਲਾਂ ਹੀ ਮਰ ਚੁੱਕੇ ਹੋਈਏ।
(10-7-1992)
ਜਨਤਕ ਬਲਾਤਕਾਰ
ਇਕ ਵਾਰੀ ਇਕ ਸੀਨੀਅਰ ਪੱਤਰਕਾਰ ਦੋਸਤ ਉਦੋਂ ਖ਼ਫਾ ਖ਼ੂਨ ਹੋ ਉਠੇ ਜਦੋਂ ਮੈਂ ਉਨ੍ਹਾਂ ਦੇ ਇਸ ਕਥਨ ਉਤੇ ਇਤਰਾਜ਼ ਕੀਤਾ ਕਿ ਪੰਜਾਬ ਦੇ ਸਰਹੱਦੀ ਸ਼ਹਿਰਾਂ ਦੇ ਪਿੰਡਾਂ ਵਿਚ ਸੁਰੱਖਿਆ ਦਸਤਿਆਂ ਵਲੋਂ ਜਨਤਕ ਤੌਰ ‘ ਤੇ ਬਲਾਤਕਾਰ ਕੀਤੇ ਜਾਂਦੇ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਪਿੰਡਾਂ ਵਿਚ ਇਸਤਰੀਆਂ ਨੂੰ ਫੜ ਕੇ ਸ਼ਰ੍ਹੇਆਮ ਉਨ੍ਹਾਂ ਨਾਲ ਕਈ ਕਈ ਪੁਲੀਸ ਵਾਲੇ ਅਤੇ ਸੀ.ਆਰ.ਪੀ. ਵਾਲੇ ਬਲਾਤਕਾਰ ਕਰਦੇ ਸਨ। ਮੈਨੂੰ ਉਨ੍ਹਾਂ ਦੀ ਇਸ ਗੱਲ ਨਾਲ ਤਾਂ ਇਤਫ਼ਾਕ ਹੈ ਕਿ ਸੁਰੱਖਿਆ ਦਸਤੇ ਜਿਥੇ ਵੀ ਤਾਇਨਾਤ ਹੋਣ ਉਥੇ ਹੀ ਬਲਾਤਕਾਰ ਦੀਆਂ ਵਾਰਦਾਤਾਂ ਵਧ ਜਾਂਦੀਆਂ ਹਨ ਅਤੇ ਕਈ ਵਾਰੀ ਸਮੂਹਕ ਬਲਾਤਕਾਰ ਹੁੰਦੇ ਹਨ। ਪਰ ਇਸ ਗੱਲ ਨੂੰ ਹਲਕ ਹੇਠਾਂ ਲੰਘਾਉਣਾ ਮੁਸ਼ਕਲ ਹੈ ਕਿ ਪੰਜਾਬ ਵਰਗੇ ਸੂਬੇ ਦੇ ਉਨ੍ਹਾਂ ਸਰਹੱਦੀ ਜ਼ਿਲ੍ਹਿਆਂ ਵਿਚ ਸ਼ਰ੍ਹੇਆਮ ਬਲਾਤਕਾਰ ਹੁੰਦੇ ਹੋਣਗੇ ਜਿਥੇ ਲੋਕ ਆਪਣੀ ਅਣਖ ਲਈ ਮਰ ਮਿਟਣਾ ਸਧਾਰਨ ਗੱਲ ਸਮਝਦੇ ਹਨ।
ਜੇ ਉਸ ਪੱਤਰਕਾਰ ਦੋਸਤ ਦੇ ਵਿਚਾਰ ਨੂੰ ਅਰਥਾਂ ਦਾ ਜਾਮ ਪਹਿਨਾਈਏ ਤਾਂ ਇਸ ਤਰ੍ਹਾਂ ਦਾ ਦ੍ਰਿਸ਼ ਬਣੇਗਾ : ਪੁਲੀਸ ਜਾਂ ਸੀ.ਆਰ.ਪੀ.ਦੀ. ਟੋਲੀ ਕਿਸੇ ਪਿੰਡ ਨੂੰ ਜਾਂਦੀ ਹੈ। ਉਥੇ ਉਹ ਕਿਸੇ ਔਰਤ ਨੂੰ ਕਾਬੂ ਕਰ ਕੇ ਪਿੰਡ ਦੀ ਪਰ੍ਹੇ ਵਿਚ ਉਸ ਨੂੰ ਨਿਰਵਸਤਰ ਕਰ ਦਿੰਦੀ ਹੈ ਅਤੇ ਫ਼ੇਰ ਉਸ ਟੋਲੀ ਦੇ ਸਾਰੇ ਮੈਂਬਰ ਵਾਰੋ ਵਾਰੀ ਉਸ ਨਾਲ ਬਲਾਤਕਾਰ ਕਰਦੇ ਹਨ। ਜਾਂ ਫਿਰ ਇਕ ਤੋਂ ਵੱਧ ਔਰਤਾਂ ਨਾਲ ਇਸੇ ਤਰ੍ਹਾਂ ਦਿਨ ਦਿਹਾੜੇ ਇਹ ਕੁਕਰਮ ਕੀਤਾ ਜਾਂਦਾ ਹੈ। ਇਸ ਸਮੇਂ ਪਿੰਡ ਦੇ ਲੋਕ ਜਾਂ ਤਾਂ ਡਰੇ ਹੋਏ ਚੁੱਪ ਕਰਕੇ ਦੇਖਦੇ ਰਹਿੰਦੇ ਹਨ ਤੇ ਜਾਂ ਫਿਰ ਘਰੀਂ ਦੁਬਕ ਜਾਂਦੇ ਹਨ। ਮੈਨੂੰ ਇਸ ਗੱਲ ਦਾ ਵਿਸ਼ਵਾਸ ਨਹੀਂ ਅਤੇ ਮੇਰੇ ਖ਼ਿਆਲ ਮੁਤਾਬਕ ਕਿਸੇ ਵੀ ਸੂਝਵਾਨ ਪਾਠਕ ਨੂੰ ਇਸ ਉਤੇ ਵਿਸ਼ਵਾਸ ਨਹੀਂ ਹੋਏਗਾ।
ਪੁਲੀਸ ਵਲੋਂ ਹਿਰਾਸਤ ਵਿਚ ਰੱਖੀਆਂ ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਦੀ ਕੋਈ ਕਮੀ ਨਹੀਂ ਹੈ। ਬਿਹਾਰ ਅਤੇ ਆਂਧਰਾ ਪ੍ਰਦੇਸ਼ ਦੇ ਕੁਝ ਭਾਗਾਂ ਵਿਚ ਜਾਗੀਰਦਾਰਾਂ ਦੇ ਗੁੰਡਿਆਂ ਵਲੋਂ ਗ਼ਰੀਬ ਖੇਤ ਮਜ਼ਦੂਰਾਂ ਦੀਆਂ ਔਰਤਾਂ ਨਾਲ ਸਮੂਹਿਕ ਬਲਾਤਕਾਰ ਦੀਆਂ ਵੀ ਕਈ ਰਿਪੋਰਟਾਂ ਆਉਂਦੀਆਂ ਰਹਿੰਦਿਆਂ ਹਨ। ਪੁਲੀਸ ਹਿਰਾਸਤ ਵਿਚ ਬਲਾਤਕਾਰ ਦੀਆਂ ਵਾਰਦਾਤਾਂ ਪੰਜਾਬ ਵਿਚ ਵੀ ਹੁੰਦੀਆਂ ਹਨ, ਦਿੱਲੀ ਵਿਚ ਵੀ ਅਤੇ ਦੇਸ਼ ਦੇ ਹੋਰ ਸੂਬਿਆਂ ਵਿਚ ਵੀ। ਕੇਰਲਾ ਵਿਚ ਤਾਂ ਕਿਸੇ ਵੇਲੇ ਮੁੱਖ ਮੰਤਰੀ ਸ੍ਰੀ ਟੀ. ਕੇ. ਨਯਾਨਾਰ ਵਲੋਂ ਬਲਾਤਕਾਰ ਬਾਰੇ ਦਿੱਤੇ ਗਏ ਇਕ ਬਿਆਨ ਕਾਰਨ ਕਾਫ਼ੀ ਵਾਵੇਲਾ ਖੜ੍ਹਾ ਹੋਇਆ ਸੀ । ਜਦੋਂ ਕਿਸੇ ਔਰਤ ਨਾਲ ਬਲਾਤਕਾਰ ਦਾ ਮਾਮਲਾ ਉਠਾਇਆ ਗਿਆ ਤਾਂ ਉਨ੍ਹਾਂ ਕਿਹਾ: “ਇਹ ਕਿਹੜੀ ਅਲੋਕਾਰੀ ਗੱਲ ਹੈ। ਅਮਰੀਕਾ ਵਰਗੇ ਦੇਸ਼ ਅੰਦਰ ਤਾਂ ਬਲਾਤਕਾਰ ਏਨਾ ਆਮ ਹੈ ਜਿਵੇਂ ਚਾਹ ਦਾ ਕੱਪ ਪੀਤਾ ਹੋਵੇ ।” ਮਗਰੋਂ ਉਨ੍ਹਾਂ ਕਮਿਊਨਿਸਟ ਮੈਨੀਫੈਸਟੋ ਦਾ ਹਵਾਲਾ ਦੇ ਕੇ ਵੀ ਆਪਣੀ ਸਫ਼ਾਈ ਪੇਸ਼ ਕਰਨ ਦਾ ਯਤਨ ਕੀਤਾ।
ਭਾਰਤ ਭਰ ਵਿਚ ਬਲਾਤਕਾਰ ਅਤੇ ਔਰਤਾਂ ਨਾਲ ਛੇੜ ਛਾੜ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਸੰਨ 1983 ਵਿਚ ਬਲਾਤਕਾਰ ਦੇ 5298 ਕੇਸ ਦਰਜ ਕੀਤੇ ਗਏ ਸਨ ਜਿਹੜੇ 1988 ਤਕ ਵਧ ਕੇ 12036 ਹੋ ਗਏ। ਇਨ੍ਹਾਂ ਤੋਂ ਬਿਨਾਂ ਬਹੁਤ ਸਾਰੇ ਕੇਸ ਅਜਿਹੇ ਵੀ ਹੋਣਗੇ ਜਿਨ੍ਹਾਂ ਦੀ ਰਿਪੋਰਟ ਪੁਲੀਸ ਪਾਸ ਦਰਜ ਨਹੀਂ ਹੋਈ ਕਿਉਂਕਿ ਬਲਾਤਕਾਰ ਦੀ ਸ਼ਿਕਾਰ ਔਰਤ ਜਾਂ ਲੜਕੀ ਆਮ ਤੌਰ ‘ਤੇ ਬੇਇਜ਼ਤੀ ਦੇ ਡਰੋਂ ਚੁੱਪ ਹੀ ਰਹਿੰਦੀ ਹੈ । ਪਰ ਇਥੇ ਇਕ ਗੱਲ ਨੋਟ ਕਰਨ ਵਾਲੀ ਹੋਰ ਵੀ ਹੈ। ਬਲਾਤਕਾਰ ਦੇ ਕੁੱਲ ਮਾਮਲਿਆਂ ਵਿਚੋਂ ਕਰੀਬ ਇਕ ਫ਼ੀਸਦੀ ਮੰਦਰਾਂ ਦੇ ਪੁਜਾਰੀਆਂ, ਗੁਰਦੁਆਰਿਆਂ ਦੇ ਭਾਈਆਂ ਅਤੇ ਡੇਰਿਆਂ ਦੇ ਮਹੰਤਾਂ ਸਿਰ ਆਉਂਦਾ ਹੈ। ਹਸਪਤਾਲਾਂ ਦੀ ਗਿਣਤੀ ਵੀ ਇਸੇ ਵਿਚ ਆਉਂਦੀ ਹੈ। ਫਿਰ ਵੀ ਉਪਰੋਕਤ ਮਾਮਲਿਆਂ ਵਿਚ ਕੋਈ ਵੀ ਅਜਿਹਾ ਮਾਮਲਾ ਨਹੀਂ ਜਿਥੇ ਕਿਸੇ ਔਰਤ ਨਾਲ ਸ਼ਰ੍ਹੇਆਮ “ਜਨਤਕ ਤੌਰ ‘ਤੇ ” ਬਲਾਤਕਾਰ ਕੀਤਾ ਗਿਆ ਹੋਵੇ। ਸਿਰਫ਼ ਬਿਹਾਰ ਦਾ ਪ੍ਰਾਂਤ ਹੀ ਅਜਿਹਾ ਹੈ ਜਿਥੇ “ਜਨਤਕ” ਬਲਾਤਕਾਰ ਦੀਆਂ ਵਾਰਦਾਤਾਂ ਹੁੰਦੀਆਂ ਹਨ ਪਰ ਉਹ ਵੀ ਗਿਣਤੀ ਵਿਚ ਬਹੁਤ ਘੱਟ ਹਨ। ਪੁਲੀਸ ਵਲੋਂ ਬਲਾਤਕਾਰ ਦੇ ਇਕੱਲੀ ਦਿੱਲੀ ਵਿਚ ਹੀ ਜਨਵਰੀ 1988 ਤੋਂ ਮਾਰਚ 1990 ਤਕ 14 ਕੇਸ ਸਾਹਮਣੇ ਆਏ ਪਰ ਇਹ ਸਾਰੇ ਦੇ ਸਾਰੇ ਹਵਾਲਾਤ ਵਿਚ ਜਾਂ ਹਿਰਾਸਤ ਵਿਚ ਹੋਏ ਨਾ ਕਿ ਸ਼ਰ੍ਹੇਆਮ।
ਸ੍ਰੀਮਤੀ ਮਾਇਆ ਤਿਆਗੀ ਦਾ ਮਾਮਲਾ ਜਨਤਕ ਬਲਾਤਕਾਰ ਦਾ ਨਹੀਂ ਸਗੋਂ ਜਨਤਕ ਤੌਰ ‘ਤੇ ਉਸ ਨੂੰ ਨੰਗਿਆਂ ਕਰ ਕੇ ਦਿਨ ਦਿਹਾੜੇ ਬਾਜ਼ਾਰ ਵਿਚ ਫ਼ੇਰਨ ਦਾ ਅਤੇ ਮਗਰੋਂ ਥਾਣੇ ਵਿਚ ਬਲਾਤਕਾਰ ਦਾ ਸੀ। ਇਹ ਘਟਨਾ 18 ਜੂਨ 1980 ਨੂੰ ਵਾਪਰੀ ਅਤੇ 2 ਜਨਵਰੀ 1988 ਨੂੰ ਛੇ ਦੋਸ਼ੀ ਪੁਲੀਸ ਕਰਮਚਾਰੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਇਸ ਕੇਸ ਤੋਂ ਬਿਨਾਂ ਪਿਛਲੇ ਦਸਾਂ ਸਾਲਾਂ ਵਿਚ ਸ਼ਾਇਦ ਹੀ ਇਸ ਤਰ੍ਹਾਂ ਦਾ ਕੋਈ ਮਾਮਲਾ ਸਾਹਮਣੇ ਆਇਆ ਹੋਵੇ ਹਾਲਾਂਕਿ, ਜਿਵੇਂ ਉਪਰ ਦੱਸਿਆ ਹੈ, ਬਲਾਤਕਾਰਾਂ ਦੀ ਗਿਣਤੀ ਵਿਚ ਕਮੀ ਨਹੀਂ ਆਈ।
ਪੰਜਾਬ ਵਿਚ ਬਲਾਤਕਾਰ ਹੁੰਦੇ ਹਨ ਪਰ ਬੰਦ ਕਮਰਿਆਂ ਵਿਚ 28 ਫਰਵਰੀ 1989 ਨੂੰ ਗੁਰੂ ਤੇਗ ਬਹਾਦਰ ਹਸਪਤਾਲ ਅੰਮਿ੍ਤਸਰ ਵਿਚ ਕੈਂਸਰ ਨਾਲ ਪੀੜਤ ਆਪਣੀ ਮਾਂ ਲਈ ਖੂਨ ਦੇਣ ਗਈ 14 ਸਾਲ ਦੀ ਕੁੜੀ ਨਾਲ ਹਸਪਤਾਲ ਦੇ ਇਕ ਚਪੜਾਸੀ ਵਲੋਂ ਬਲਾਤਕਾਰ। ਮਾਰਚ 89 ਵਿਚ ਹੀ ਕਲਾਨੌਰ ਥਾਣੇ ਦੇ ਪਿੰਡ ਝਾਖੜੀ ਵਿਚ ਇਕ ਲੜਕੀ ਨਾਲ ਸਮੂਹਕ ਬਲਾਤਕਾਰ ਅਤੇ ਫ਼ੇਰ ਕਤਲ । ਮੁਕਤਸਰ ਦੇ ਸਿਨਮਾ ਹਾਲ ਦੇ ਦਰਸ਼ਕ ਬਕਸੇ ਵਿਚ ਇਕ ਔਰਤ ਨਾਲ ਸਮੂਹਕ ਬਲਾਤਕਾਰ। ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿਚ 35 ਸਾਲਾਂ ਔਰਤ ਨਾਲ ਪੁਲੀਸ ਕਰਮਚਾਰੀਆਂ ਵਲੋਂ ਬਲਾਤਕਾਰ ਦੇ ਕੇਸ ‘ਚ ਗਿ੍ਫ਼ਤਾਰੀ। ਸ੍ਰੀ ਹਰਗੋਬਿੰਦਪੁਰ ਦੇ ਪਿੰਡ ਭਾਮ ਵਿਚ ਇਕ ਬੰਦੇ ਵਲੋਂ ਪੰਜ ਸਾਲ ਦੀ ਲੜਕੀ ਨਾਲ ਬਲਾਤਕਾਰ। ਚੰਡੀਗੜ੍ਹ ਦੇ ਬੁੜੈਲ ਪਿੰਡ ਵਿਚ 7 ਅਗਸਤ 1989 ਨੂੰ ਦੋ ਸਾਲਾਂ ਦੀ ਬੱਚੀ ਨਾਲ ਬਲਾਤਕਾਰ। ਇਸ ਤਰ੍ਹਾਂ ਦੀਆਂ ਅਣਗਿਣਤ ਖ਼ਬਰਾਂ ਦੇ ਹਵਾਲੇ ਦਿੱਤੇ ਜਾ ਸਕਦੇ ਹਨ।
ਪਰ ਇਨ੍ਹਾਂ ਵਿਚੋਂ ਇਕ ਵੀ ਕੇਸ ਅਜਿਹਾ ਨਹੀਂ ਜਿਥੇ ਕਿਸੇ ਨੇ “ਜਨਤਕ” ਤੌਰ ’ਤੇ ਬਲਾਤਕਾਰ ਕਰਨ ਦੀ ਜੁਰਅਤ ਦਿਖਾਈ ਹੋਵੇ।
ਬਲਾਤਕਾਰ ਦੇ ਅਰਥ ਹਨ ਕਿਸੇ ਔਰਤ ਨਾਲ, ਉਸ ਦੀ ਮਰਜ਼ੀ ਦੇ ਬਿਨਾਂ, ਡਰਾ ਕੇ, ਧਮਕਾ ਕੇ, ਲਾਲਚ ਦੇ ਕੇ ਜਾਂ ਫੁਸਲਾ ਕੇ, ਸਰੀਰਕ ਸਬੰਧ ਕਾਇਮ ਕਰਨਾ। ਅਤੇ ਇਹ ਕੁਕਰਮ ਸਦਾ ਬੰਦ ਕਮਰਿਆਂ ਵਿਚ ਹੁੰਦੇ ਹਨ। ਫੂਹੜ ਤੋਂ ਫੂਹੜ, ਡਰਪੋਕ ਤੋਂ ਡਰਪੋਕ, ਅਸਭਿਅਕ ਤੋਂ ਅਸਭਿਅਕ ਸਮਾਜ ਵੀ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਦਾ ਕਿ ਉਸ ਦੀਆਂ ਔਰਤਾਂ ਦੀ ਪੱਤ ਸਰੇ ਬਾਜ਼ਾਰ ਲੁੱਟੀ ਜਾਵੇ।
ਇਸ ਲਈ ਜਦੋਂ ਪੱਤਰਕਾਰ ਦੋਸਤ ਨੇ ਇਸ ਗੱਲ ਉਤੇ ਅੜੇ ਰਹਿਣ ਦੀ ਜ਼ਿਦ ਕੀਤੀ ਕਿ ਪੰਜਾਬ ਵਿਚ ਜਨਤਕ ਬਲਾਤਕਾਰ ਹੁੰਦੇ ਹਨ ਤਾਂ ਉਸ ਨਾਲ ਅਸਹਿਮਤ ਹੋਣਾ ਲਾਜ਼ਮੀ ਸੀ। ਜਿਥੇ ਪੁਲੀਸ ਜਾਂ ਫ਼ੌਜ ਦੀ ਹਕੂਮਤ ਹੁੰਦੀ ਹੈ, ਉਥੇ ਗੁੰਡੀਆਂ ਰੰਨਾਂ ਦੀ ਪੁੱਛ ਪ੍ਰਤੀਤ ਹੁੰਦੀ ਹੈ ਅਤੇ ਗ਼ਰੀਬ ਸੁਆਣੀਆਂ ਦੀ ਇੱਜ਼ਤ ਲੁਟੀਂਦੀ ਹੈ। ਇਹ ਗੱਲ ਇਕੱਲੇ ਪੰਜਾਬ ਉਤੇ ਹੀ ਲਾਗੂ ਨਹੀਂ ਹੁੰਦੀ ਸਗੋਂ ਸਮੁੱਚੇ ਵਿਸ਼ਵ ਉਤੇ ਲਾਗੂ ਹੁੰਦੀ ਹੈ। ਫੌਜ ਦਾ ਕਿਰਦਾਰ ਹਰ ਥਾਈਂ ਇਕੋ ਜਿਹਾ ਹੁੰਦਾ ਹੈ। ਪੰਜਾਬ ਵਿਚ ਪਹਿਲਾਂ ਵੀ ਬਲਾਤਕਾਰ ਹੁੰਦੇ ਰਹੇ ਅਤੇ ਹੁਣ ਵੀ ਹੋ ਰਹੇ ਹਨ। ਪਰ ਕੀ ਸ਼ਰੇਆਮ ਅਤੇ “ਜਨਤਕ” ਤੌਰ ‘ਤੇ ਹੁੰਦੇ ਹਨ? ਇਸ ਸਵਾਲ ਦਾ ਜਵਾਬ ਪਾਠਕਾਂ ਉਤੇ ਛੱਡਦਾ ਹਾਂ । ਜੇ ਠੋਸ ਉਦਾਹਰਣਾਂ ਮਿਲਣ ਤਾਂ ਮੈਂ ਆਪਣਾ ਨਜ਼ਰੀਆ ਬਦਲਣ ਤੋਂ ਗੁਰੇਜ਼ ਨਹੀਂ ਕਰਾਂਗਾ। ਉਦੋਂ ਤਕ ਮੈਂ ਆਪਣੇ ਪੱਤਰਕਾਰ ਦੋਸਤ ਨਾਲ ਅਸਹਿਮਤ ਹਾਂ।
(4-5-1990)
ਮਰ ਜਾਣ ਦਾ ਅਧਿਕਾਰ
ਪਿਛਲੇ ਦਿਨੀਂ ਇਕ ਬਜ਼ੁਰਗ ਰਿਸ਼ਤੇਦਾਰ ਨਾਲ ਗੱਲਬਾਤ ਹੋਈ ਜਿਸ ਨੂੰ ਗਠੀਏ ਦਾ ਰੋਗ ਹੈ । ਇਸ ਰੋਗ ਕਾਰਨ ਉਹ ਤੁਰਨ ਤੋਂ ਵੀ ਆਰੀ ਹੈ। ਪਰ ਇਲਾਜ ਦੇ ਤੌਰ ‘ਤੇ ਉਹ ਘਰੇਲੂ ਓਹੜ ਪੋਹੜ ਕਰਨ ਤੋਂ ਬਿਨਾਂ ਹੋਰ ਕੁਝ ਵੀ ਕਰਨ ਲਈ ਤਿਆਰ ਨਹੀਂ । ਉਸ ਦੇ ਪੁੱਤਰਾਂ ਨੇ ਕਸਬੇ ਦੇ ਸਭ ਤੋਂ ਚੰਗੇ ਡਾਕਟਰ ਤੋਂ ਦਵਾਈ ਤਾਂ ਲਿਆ ਦਿੱਤੀ ਪਰ ਬਜ਼ੁਰਗ ਨੇ ਹਸਪਤਾਲ ਵਿਚ ਦਾਖ਼ਲ ਹੋਣ ਤੋਂ ਇਨਕਾਰ ਕਰ ਦਿੱਤਾ ।
ਇਹ ਪੁੱਛਣ ‘ਤੇ ਕਿ ਉਹ ਹਸਪਤਾਲ ਕਿਉਂ ਦਾਖ਼ਲ ਨਹੀਂ ਹੋ ਰਿਹਾ, ਬਜ਼ੁਰਗ ਨੇ ਕਿਹਾ ਕਿ ‘ਹਸਪਤਾਲ ਵਿਚ ਡਾਕਟਰ ਐਵੇਂ ਸੂਈਆਂ ਲਾਈ ਜਾਂਦੇ ਨੇ ਪਾਣੀ ਦੀਆਂ । ਬੰਦਾ ਜੇ ਜਿਊਂਦਾ ਰਹਿਣਾ ਚਾ ਹੈ ਤਾਂ ਵੀ ਮਰ ਜਾਏ।’ ਸਰਕਾਰੀ ਹਸਪਤਾਲਾਂ ‘ਤੇ ਉਸ ਨੂੰ ਭੋਰਾ ਵੀ ਵਿਸ਼ਵਾਸ ਨਹੀਂ ਸੀ। ਉਥੇ ਨਰਸਾਂ ਝਿੜਕਦੀਆਂ ਹਨ, ਡਾਕਟਰ ਸੁੱਤੇ ਰਹਿੰਦੇ ਹਨ, ਦਵਾਈਆਂ ਵੇਚ ਦਿੰਦੇ ਹਨ । ਉਸ ਨੇ ਜਲੰਧਰ ਦੇ ਇਕ ਮਸ਼ਹੂਰ ਸਰਕਾਰੀ ਸਰਜਨ ਦਾ ਨਾਂ ਲੈ ਕੇ ਕਿਹਾ ਕਿ ਉਹ ਬੜਾ ਕੁਰੱਪਟ ਹੈ । ਜਦੋਂ ਕਿਸੇ ਮਰੀਜ਼ ਦਾ ਅਪਰੇਸ਼ਨ ਕਰਨਾ ਹੁੰਦਾ ਹੈ ਤਾਂ ਉਸ ਦੀ ਚੀਰ ਫਾੜ ਕਰ ਕੇ ਆਪ ਬਾਹਰ ਨਿਕਲ ਆਉਂਦਾ ਹੈ ਅਤੇ ਵਾਰਸਾਂ ਪਾਸੋਂ ਰਿਸ਼ਵਤ ਮੰਗਦਾ ਹੈ । ਨਹੀਂ ਤਾਂ ਅਪਰੇਸ਼ਨ ਕਰਨ ਦੀ ਥਾਂ ਚੀਰਿਆ ਹੋਇਆ ਹਿੱਸਾ ਖੁੱਲ੍ਹਾ ਹੀ ਰਹਿਣ ਦੇਣ ਦੀ ਧਮਕੀ ਦਿੰਦਾ ਹੈ । ਇਸ ਤਰ੍ਹਾਂ ਦੀਆਂ ਉਸ ਨੇ ਕਈ ਦੰਦ ਕਥਾਵਾਂ ਕਹਿ ਸੁਣਾਈਆਂ ਹਾਲਾਂਕਿ ਉਸ ਪਾਸ ਕਿਸੇ ਦਾ ਵੀ ਸਬੂਤ ਨਹੀਂ ਸੀ। ਉਸ ਨੂੰ ਅਜਿਹਾ ਕੋਈ ਬੰਦਾ ਨਹੀਂ ਸੀ ਮਿਲਿਆ ਜਿਸ ਨੂੰ ਉਸ ਸਰਜਨ ਨੇ ਇਸ ਤਰ੍ਹਾਂ ਤੰਗ ਕੀਤਾ ਹੋਵੇ ।
ਖ਼ੈਰ, ਉਸ ਦੀ ਸਭ ਤੋਂ ਅਹਿਮ ‘ਲੱਭਤ’ ਪੀ.ਜੀ.ਆਈ. ਬਾਰੇ ਸੀ । ਜਦੋਂ ਉਸ ਨੂੰ ਮਸ਼ਵਰਾ ਦਿੱਤਾ ਗਿਆ ਕਿ ਉਹ ਪੀ.ਜੀ.ਆਈ. ਤੋਂ ਇਲਾਜ ਕਰਵਾ ਲਵੇ ਤਾਂ ਉਸ ਕੰਨਾਂ ਨੂੰ ਹੱਥ ਲਾ ਕੇ ਤੌਬਾ ਕਰਨੀ ਸ਼ੁਰੂ ਕਰ ਦਿੱਤੀ । ਉਹ ਇਥੋਂ ਇਲਾਜ ਕਰਾਉਣਾ ਤਾਂ ਇਕ ਪਾਸੇ ਰਿਹਾ, ਇਸ ਦੇ ਕੋਲ ਦੀ ਵੀ ਲੰਘਣਾ ਨਹੀਂ।ਸੀ ਚਾਹੁੰਦਾ । ਇਸ ਦਾ ਕਾਰਨ ਵੀ ਉਸ ਨੇ ਦਿਲਚਸਪ ਦੱਸਿਆ: “ਕਾਕਾ ਪੀ.ਜੀ.ਆਈ. ਤਾਂ ਬੰਦਾ ਭੁੱਲ ਕੇ ਵੀ ਨਾ ਜਾਏ। ਉਥੇ ਡਾਕਟਰ ਨਹੀਂ ਸਗੋਂ ਬੁੱਚੜ ਰਹਿੰਦੇ ਹਨ । ਡਾਕਟਰ ਜਦੋਂ ਦੇਖਦੇ ਹਨ ਕਿ ਉਹ ਇਲਾਜ ਨਹੀਂ ਕਰ ਸਕਦੇ ਤਾਂ ਉਹ ਮਰੀਜ਼ ਦੇ ਜ਼ਹਿਰ ਦਾ ਟੀਕਾ ਲਾ ਦਿੰਦੇ ਹਨ । ਫ਼ੇਰ ਉਸ ਦੇ ਮੁਰਦੇ ਦੀ ਚੀਰ ਫਾੜ ਕਰ ਕੇ ਆਪਣੇ ਤਜਰਬੇ ਕਰਦੇ ਰਹਿੰਦੇ ਹਨ ।”
ਉਸ ਦੀ ਇਹ ਗੱਲ ਸੱਚੀ ਨਹੀਂ ਹੈ, ਸਗੋਂ ਇਕ ਵਹਿਮ ਹੈ । ਪਰ ਵਹਿਮ ਦੇ ਵੀ ਕਾਰਨ ਹੁੰਦੇ ਹਨ । ਉਸ ਦੀ ਇਸ ਗੱਲ ਤੋਂ ਸਭ ਤੋਂ ਅਹਿਮ ਗੱਲ ਨਿਕਲਦੀ ਹੈ “ਰਹਿਮ ਦੀ ਹੱਤਿਆ” ਦੀ ਜਿਸ ਦੀ ਸੰਸਾਰ ਭਰ ਵਿਚ ਚਰਚਾ ਹੈ । ਡਾਕਟਰਾਂ ਅਤੇ ਧਾਰਮਿਕ ਨੇਤਾਵਾਂ ਦਰਮਿਆਨ ਇਹ ਵਿਸ਼ਾ ਕਈ ਸਾਲਾਂ ਤੋਂ ਬਹਿਸ ਦਾ ਮੁੱਦਾ ਬਣਿਆ ਆ ਰਿਹਾ ਹੈ। ਕੁਝ ਲੋਕ ਕਹਿੰਦੇ ਹਨ ਕਿ ਜਦੋਂ ਡਾਕਟਰੀ ਗਿਆਨ ਸਮਝ ਲਵੇ ਕਿ ਮਰੀਜ਼ ਨੂੰ ਹੋਰ ਜਿਊਂਦੇ ਰੱਖਣਾ ਉਸ ਨੂੰ ਕਸ਼ਟ ਦੇਣਾ ਹੈ ਤਾਂ ਉਸ ਮਰੀਜ਼ ਨੂੰ ਚੁੱਪਚਾਪ ਜ਼ਹਿਰ ਦਾ ਟੀਕਾ ਲਾ ਦੇਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਦੁੱਖਾਂ ਤੋਂ ਛੁਟਕਾਰਾ ਹਾਸਲ ਕਰ ਸਕੇ । ਇਸ ਬਹਿਸ ਦਾ ਹਾਲੇ ਤਕ ਕੋਈ ਸਿੱਟਾ ਨਹੀਂ ਨਿਕਲ ਸਕਿਆ। ਕੈਥੋਲਿਕ ਚਰਚ ਦਾ ਕਹਿਣਾ ਹੈ ਕਿ ਕਿਸੇ ਪ੍ਰਾਣੀ ਦੀ ਜਾਨ ਲੈਣ ਦਾ ਅਧਿਕਾਰ ਕਿਸੇ ਨੂੰ ਨਹੀਂ। ਡਾਕਟਰ ਨੂੰ ਵੀ ਨਹੀਂ ਜਿਸ ਨੂੰ ਪਤਾ ਹੈ ਕਿ ਉਸ ਦੇ ਮਰੀਜ਼ ਨੇ ਠੀਕ ਨਹੀਂ ਹੋਣਾ, ਆਖ਼ਰਕਾਰ ਮਰ ਜਾਣਾ ਹੈ। ਇਸ ਦੇ ਮੁਕਾਬਲੇ ਡਾਕਟਰਾਂ ਦੇ ਇਕ ਸਕੂਲ ਦਾ ਵਿਚਾਰ ਹੈ ਕਿ ਇਸ ਕਿਸਮ ਦੇ ਮਰੀਜ਼ਾਂ ਨੂੰ ਯਾਤਨਾ ਤੋਂ ਛੁਟਕਾਰਾ ਦਿਵਾਉਣ ਲਈ ਜ਼ਰੂਰੀ ਹੈ ਕਿ ਅਸਾਧ ਰੋਗਾਂ ਦੇ ਮਰੀਜ਼ਾਂ ਨੂੰ ‘ਰਹਿਮ ਹੱਤਿਆ’ ਰਾਹੀਂ ਰਾਹਤ ਪਹੁੰਚਾਈ ਜਾਵੇ।
ਅਮਰੀਕਾ ਵਿਚ ਇਨ੍ਹੀਂ ਦਿਨੀਂ ਇਕ 28 ਸਾਲਾਂ ਦੀ ਮੁਟਿਆਰ ਦਾ ਕੇਸ ਕਾਫ਼ੀ ਦਿਲਚਸਪੀ ਦਾ ਕੇਂਦਰ ਬਣਿਆ ਹੋਇਆ ਹੈ। ਕਰੀਬ ਪੰਜ ਸਾਲ ਪਹਿਲਾਂ ਉਸ ਦੀ ਕਾਰ ਇਕ ਖ਼ਾਲੀ ਸੜਕ ‘ਤੇ ਉਲਟ ਗਈ। ਇਸ ਨਾਲ ਉਸ ਦੇ ਸਿਰ ‘ਤੇ ਚੋਟ ਪਹੁੰਚੀ। ਕਰੀਬ ਅੱਧਾ ਘੰਟਾ ਮਗਰੋਂ ਉਥੇ ਲੰਘ ਰਹੀ ਇਕ ਐਂਬੂਲੈਂਸ ਟੀਮ ਨੇ ਉਸ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ। ਲਗਾਤਾਰ ਪੰਜ ਸਾਲਾਂ ਦੇ ਇਲਾਜ ਦੇ ਬਾਵਜੂਦ ਉਸ ਦੀ ਬੇਹੋਸ਼ੀ ਨਹੀਂ ਟੁੱਟੀ।ਡਾਕਟਰਾਂ ਦਾ ਕਹਿਣਾ ਹੈ ਕਿ ਜੇ ਐਂਬੂਲੈਂਸ ਪੰਜ ਮਿੰਟ ਪਹਿਲਾਂ ਪਹੁੰਚ ਗਈ ਹੁੰਦੀ ਤਾਂ ਉਸ ਦੀ ਚੇਤਨਾ ਕਾਇਮ ਰਹਿ ਸਕਦੀ ਸੀ । ਹਾਲਾਂਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਸੀ ਹੋ ਸਕਦੀ । ਫਿਰ ਵੀ ਉਸ ਨੇ ਚਲਣ ਫਿਰਨ ਦੇ ਸਮਰਥ ਹੋ ਜਾਣਾ ਸੀ । ਇਸ ਦੇ ਨਾਲ ਹੀ ਜੇ ਸਹਾਇਤਾ ਮਿਲਣ ਵਿਚ ਪੰਜ ਮਿੰਟ ਦੀ ਦੇਰੀ ਹੋ ਜਾਂਦੀ ਤਾਂ ਉਸ ਨੇ ਮਰ ਜਾਣਾ ਸੀ ।
ਉਸ ਦੇ ਮਾਪਿਆਂ ਨੇ ਪਿਛਲੇ ਸਾਲ ਆਪਣੇ ਖੇਤਰ ਦੀ ਅਦਾਲਤ ਵਿਚ ਅਰਜ਼ੀ ਦਾਇਰ ਕਰ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਧੀ ਉਤੇ ਰਹਿਮ ਕਰਕੇ ਉਸ ਨੂੰ ਮਾਰ ਦਿੱਤਾ ਜਾਵੇ । ਅਮਰੀਕੀ ਕਾਨੂੰਨ ਵਿਚ ਇਸ ਕਿਸਮ ਦੀ ਕੋਈ ਵਿਵਸਥਾ ਨਹੀਂ ਹੈ । ਇਸ ਲਈ ਹਾਲੇ ਤਕ ਇਸ ਮੁਟਿਆਰ ਨੂੰ ਮਸਨੂਈ ਢੰਗ ਨਾਲ ਜਿਊਂਦੇ ਰੱਖਿਆ ਜਾ ਰਿਹਾ ਹੈ । ਅਦਾਲਤ ਕੀ ਫ਼ੈਸਲਾ ਕਰਦੀ ਹੈ, ਇਸ ਦਾ ਅਮਰੀਕੀ ਕਾਨੂੰਨ ਵਿਵਸਥਾ ਉਤੇ ਬਹੁਤ ਗਹਿਰਾ ਪਏਗਾ ।
ਇਸ ਕਿਸਮ ਦਾ ਇਕ ਕੇਸ ਕਰੀਬ ਇਕ ਦਹਾਕੇ ਤੋਂ ਵੀ ਵੱਧ ਸਮਾਂ ਫ਼ਰਾਂਸ ਵਿਚ ਹੋਇਆ ਸੀ । ਉਥੇ ਇਕ ਅਜਿਹੀ ਲੜਕੀ ਨੂੰ ਅਦਾਲਤ ਦੇ ਹੁਕਮਾਂ ਨਾਲ ‘ਮਰ ਜਾਣ’ ਦਿੱਤਾ ਗਿਆ ਜਿਸ ਨੂੰ ਜਨਮ ਦੇ ਸਮੇਂ ਸਾਹ ਦੀ ਸਮੱਸਿਆ ਸੀ ਅਤੇ ਉਸ ਨੂੰ ਮਸਨੂਈ ਆਕਸੀਜਨ ਰਾਹੀਂ ਬਾਈ ਸਾਲਾਂ ਤਕ ਜਿਊਂਦੇ ਰੱਖਿਆ ਗਿਆ ਸੀ । ਉਹ ਹਸਪਤਾਲ ਦੇ ਬਿਸਤਰੇ ‘ਤੇ ਪਈ ਹੀ ਏਨੀ ਵੱਡੀ ਹੋ ਗਈ ਸੀ । ਆਖ਼ਰਕਾਰ ਅਦਾਲਤ ਨੇ ਇਹ ਗੱਲ ਵਾਨ ਕੀਤੀ ਕਿ ਉਸ ਨੂੰ ਇਸ ਤਰ੍ਹਾਂ ਜਿਊਂਦੇ ਰੱਖਣ ਦੀ ਕੋਈ ਤੁਕ ਨਹੀਂ । ਜਦੋਂ ਉਸ ਲੜਕੀ ਦੀ ਸਾਹ ਦੀ ਨਾਲੀ ਬੰਦ ਕੀਤੀ ਗਈ ਤਾਂ ਵੀ ਉਹ ਅਹਿਲ ਪਈ ਰਹੀ ਅਤੇ ਕੁਝ ਮਿੰਟਾਂ ਵਿਚ ਹੀ ਉਹ ਇਸ ਝੰਜਟ ਭਰੀ ਜ਼ਿੰਦਗੀ ਤੋਂ ਛੁਟਕਾਰਾ ਹਾਸਲ ਕਰ ਗਈ ।
ਇੰਗਲੈਂਡ ਵਿਚ ਬਜ਼ੁਰਗਾਂ ਨੇ ਕਈ ਸਾਲ ਪਹਿਲਾਂ ਇਕ ਸੰਸਥਾ ਕਾਇਮ ਕੀਤੀ ਸੀ “ਗਰੂਪ ਵਾਰ ਮਰਸੀ-ਕਿਲਿੰਗ”। ਇਨ੍ਹਾਂ ਵਿਚ ਸੱਠ ਸਾਲ ਤੋਂ ਵੱਧ ਉਮਰ ਦੇ ਵਿਅਕਤੀ ਸਨ ਜਿਹੜੇ ਜਾਂ ਤਾਂ ਬਿਮਾਰ ਸਨ ਤੇ ਜਾਂ ਆਪਣੇ ਪਰਿਵਾਰ ਵਲੋਂ ਤ੍ਰਿਸਕਾਰੇ ਹੋਏ। ਮਰਦ ਵੀ ਤੇ ਔਰਤਾਂ ਵੀ। ਇਸ ਗਰੁਪ ਨੇ ਉਨ੍ਹੀਂ ਦਿਨੀਂ ਬਹੁਤ ਜ਼ੋਰ ਨਾਲ ਮੰਗ ਕੀਤੀ ਸੀ ਕਿ ਜਿਹੜੇ ਲੋਕ ਜੀਣ ਦੇ ਸਮਰਥ ਨਹੀਂ ਹਨ ਅਤੇ ਸਰੀਰਕ ਜਾਂ ਮਾਨਸਿਕ ਯਾਤਨਾਵਾਂ ਸਹਿ ਰਹੇ ਹਨ ਉਨ੍ਹਾਂ ਨੂੰ ਮਰਨ ਦਾ ਅਧਿਕਾਰ ਦਿੱਤਾ ਜਾਵੇ। ਪਰ ਮਰਨ ਦਾ ਅਧਿਕਾਰ ਨਾ ਇੰਗਲੈਂਡ ਨੇ ਹੀ ਦਿੱਤਾ ਹੈ ਅਤੇ ਨਾ ਹੀ ਕਿਸੇ ਹੋਰ ਦੇਸ਼ ਨੇ। ਕਿਉਂਕਿ ਲਗਪਗ ਸਭ ਦੇਸ਼ਾਂ ਵਿਚ ਹੀ ਆਤਮ ਹੱਤਿਆ ਨੂੰ ਅਪਰਾਧ ਮੰਨਿਆ ਗਿਆ ਹੈ ਇਸ ਲਈ ਮਰਨ ਦਾ ਅਧਿਕਾਰ ਕਿਸੇ ਵੀ ਦੇਸ਼ ਦੇ ਕਾਨੂੰਨ ਲਈ ਸੌਖਾ ਨਹੀਂ ਹੈ।
ਪਰ ਫਿਰ ਵੀ ਬਹੁਤ ਸਾਰੇ ਡਾਕਟਰ ਅਜਿਹੇ ਹਨ ਜਿਹੜੇ ਆਪਣੇ ਮਰੀਜ਼ਾਂ ਉਤੇ ਤਰਸ ਕਰ ਕੇ ਉਨ੍ਹਾਂ ਨੂੰ ਚੁਪ ਚਪੀਤੇ ਜ਼ਹਿਰ ਦੇ ਦਿੰਦੇ ਹਨ । ਅਜਿਹੀ ਇਕ ਨਰਸ ਉਤੇ ਅਮਰੀਕਾ ਵਿਚ ਮੁਕੱਦਮਾ ਚਲਾਇਆ ਤਾਂ ਉਸ ਪਰਵਾਨ ਕੀਤਾ ਕਿ ਉਸ ਨੇ ਪੰਜ ਦਰਜਨ ਦੇ ਕਰੀਬ ਮਰੀਜ਼ਾਂ ਨੂੰ ਉਨ੍ਹਾਂ ਦੇ ਕਹਿਣ ‘ਤੇ “ਰਹਿਮ ਮੌਤ” ਦਿੱਤੀ ਸੀ ।
ਹਾਲੇ ਪਿਛਲੇ ਸਾਲ ਹੀ ਅਮਰੀਕਾ ਦੇ ਇਕ ਕਸਬੇ ਨਿਊ ਹੈਵਨ (ਕਨੈਕਟੀਕਟ) ਦੇ ਇਕ ਭਾਰਤੀ ਮੂਲ ਦੇ ਡਾਕਟਰ, ਡਾ. ਵਿਸ਼ਵਨਾਥਨ ਉੱਤੇ ‘ਮਰਸੀ ਕਿੱਲਰ’ ਹੋਣ ਦਾ ਸ਼ੱਕ ਕੀਤਾ ਗਿਆ ਅਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ। ਇਕ ਹੋਰ ਡਾਕਟਰ ਨੂੰ ਜਬਰੀ ਛੁੱਟੀ ‘ਤੇ ਭੇਜ ਦਿੱਤਾ ਗਿਆ। ਡਾ. ਵਿਸ਼ਵਨਾਥਨ ਨੂੰ ਉਸ ਦਿਨ ਮੁਅੱਤਲ ਕੀਤਾ ਗਿਆ ਜਿਸ ਦਿਨ 66 ਸਾਲਾਂ ਦੇ ਇਕ ਮਰੀਜ ਕਲਾਰੈਂਸ ਏ. ਰੀਡ ਦੀ ਮੌਤ ਹੋਈ ਜਿਸ ਦੀ ਮ੍ਰਿਤੂ ਸਰਟੀਫ਼ਿਕੇਟ ਨੂੰ ਸ਼ੱਕੀ ਪਾਇਆ ਗਿਆ ।
ਕਾਨੂੰਨੀ ਵਿਰੋਧ ਦੇ ਬਾਵਜੂਦ ਬਹੁਤ ਸਾਰੇ ਥਾਈਂ ਡਾਕਟਰ ਅਸਾਧ ਮਰੀਜ਼ਾਂ ਨੂੰ ਉਨ੍ਹਾਂ ਦੇ ਆਪਣੇ ਕਹੇ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਕਹੇ ‘ਰਹਿਮ ਦੀ ਮੌਤ’ ਦੇ ਦਿੰਦੇ ਹਨ। ‘ਰਹਿਮ ਦੀ ਮੌਤ’ ਚੰਗੀ ਜਾਂ ਮਾੜੀ, ਠੀਕ ਹੈ ਜਾਂ ਗ਼ਲਤ, ਇਸ ਬਾਰੇ ਚਰਚਾ ਸੰਸਾਰ ਭਰ ਵਿਚ ਚਲ ਰਹੀ ਹੈ ਅਤੇ ਅੱਗੋਂ ਵੀ ਚਲਦੀ ਰਹੇਗੀ । ਪਰ ਇਕ ਗੱਲ ਤਾਂ ਪੱਕੀ ਹੈ ਕਿ ਰਿੜਕ ਰਿੜਕ ਕੇ, ਗੋਡੇ ਰਗੜ ਕੇ ਮਰਨ ਨਾਲੋਂ ਇਕਦਮ ਮਰ ਜਾਣਾ ਕਿਤੇ ਬਿਹਤਰ ਤੇ ਸੁਖਾਵਾਂ ਹੁੰਦਾ ਹੈ – ਮਰਨ ਵਾਲੇ ਲਈ ਵੀ ਅਤੇ ਉਸ ਦੇ ਰਿਸ਼ਤੇਦਾਰਾਂ ਲਈ ਵੀ। ਤੁਹਾਡਾ ਕੀ ਵਿਚਾਰ ਹੈ ?
(16-2-1992)
ਕਿੰਨਾ ਬਦਲ ਗਿਆ ਹੈ ਮੇਰਾ ਪਿੰਡ !
ਚੜ੍ਹਦੀ ਉਮਰ ਦੀ ਮਾਸ਼ੂਕ ਜਦੋਂ ਵਿਆਹੀ ਜਾਂਦੀ ਹੈ ਤਾਂ ਬੰਦਾ ਲੰਬੀ ਦੇਰ ਤਕ ਉਸ ਦੀ ਝਲਕ ਦੇਖਣ ਲਈ ਤਰਸਦਾ ਰਹਿੰਦਾ ਹੈ। ਜੇ ਕਦੇ ਪੰਦਰੀ, ਵੀਹੀਂ ਜਾਂ ਤੀਰੀ ਸਾਲੀ ਉਸ ਦੇ ਮੁੜ ਦਰਸ਼ਨ ਹੋ ਜਾਣ ਤਾਂ ਉਸ ਦੀ ਦਲਦੀ ਉਮਰ, ਨੇਹਾਂ ਵਿਚ ਫਸੀ ਹਲਦੀ, ਸਰੀਰ ਉਤੇ ਚੜ ਆਈ ਚਰਬੀ ਬੰਦੇ ਦੇ ਉਤਸਾਹ ਨੂੰ ਨਕਾਰਾ ਕਰਕੇ ਰੱਖ ਦਿੰਦੀ ਹੈ। ‘ਖੰਡਰ ਬਤਾਤੇ ਹੈਂ ਕਿ ਇਮਾਰਤ ਹੁਸੀਨ ਥੀ’ ਵਾਲੀ ਗੱਲ ਹੀ ਰਹਿ ਜਾਂਦੀ ਹੈ ਤੇ ਬੰਦਾ ਖੰਡਰਾਤ ਨੂੰ ਦੇਖ ਕੈ ਦਿਲ ਮਸੋਸ ਕੇ ਇਹੀ ਸੋਚਣ ਲੱਗਦਾ ਹੈ ਕਿ ਉਸ ਨੇ ਆਖ਼ਰਕਾਰ ਏਨੇ ਸਾਲਾਂ ਮਗਰੋਂ ਉਸ ਨੂੰ ਵੇਖਣ ਦੀ ਹਿਮਾਕਤ ਕਿਉਂ ਕੀਤੀ।
ਪਰ ਆਪਣੇ ਪਿੰਡ ਅਤੇ ਉਸ ਮਕਾਨ ਨੂੰ, ਜਿਸ ਵਿਚ ਉਮਰ ਦੇ ਪਹਿਲੇ ਅਤੇ ਅਹਿਮ ਸਾਲ ਗੁਜ਼ਾਰੇ ਹੋਣ, ਦੇਖਣ ਜਾਣਾ ਮਾਸ਼ੂਕ ਨੂੰ ਦੇਖਣ ਨਾਲੋਂ ਕਿਤੇ ਵੱਖਰਾ ਅਤੇ ਅਹਿਮ ਹੈ ਅਤੇ ਇਸ ਮਕਾਨ ਦੀ ਦੁਰਦਸ਼ਾ ਵੀ ਜੇ ਖੰਡਰਾਂ ਵਾਲੀ ਹੋਵੇ ਤਾਂ ਇਸ ਦੀ ਹਾਲਤ ਦੇਖ ਕੇ ਮਾਸ਼ੂਕ ਦੀ ਹਾਲਤ ਨਾਲੋਂ ਵੀ ਕਿਤੇ ਵਧੇਰੇ ਦੁੱਖ ਹੁੰਦਾ ਹੈ। ਲਗਪਗ ਇਸੇ ਤਰ੍ਹਾਂ ਦੀ ਹਾਲਤ ਉਸ ਵੇਲੇ ਮੇਰੀ ਹੋਈ ਜਦੋਂ ਮੈਨੂੰ ਕਈ ਸਾਲਾਂ (ਲਗਪਗ ਦੋ ਦਹਾਕੇ) ਮਗਰੋਂ ਲਗਪਗ ਜਲੰਧਰ ਦੇ ਨਾਲ ਹੀ ਰਲ ਗਏ ਆਪਣੇ ਪਿੰਡ ਨੰਗਲ ਸ਼ਾਮਾ ਜਾਣ ਦਾ ਸਬੱਬ ਬਣਿਆ। ਪਿੰਡ ਦੀਆਂ ਗਲੀਆਂ ਵਿਚ ਘੁੰਮਦਿਆਂ ਇਹ ਅਹਿਸਾਸ ਹੁੰਦਾ ਸੀ ਕਿ ਮੈਂ ਫਿਰ ਉਸ ਬਹਿਸ਼ਤ ਵਿਚ ਪਹੁੰਚ ਗਿਆ ਹਾਂ ਜਿਥੇ ਬਚਪਨ ਵਿਚ ਖੇਡਿਆ,ਦੌੜਿਆ ਅਤੇ ਅੱਧੀ ਅੱਧੀ ਰਾਤ ਤਕ ਬਾਤਾਂ ਪਾਇਆ ਕਰਦੇ ਸਾਂ। ਪਰ ਤਬਦੀਲੀ ਦੇ ਆਸਾਰ ਬਾਹਰ ਤੋਂ ਹੀ ਨਜ਼ਰ ਆ ਰਹੇ ਸਨ। ਜਲੰਧਰ ਤੋਂ ਹੁਸ਼ਿਆਰਪੁਰ ਨੂੰ ਜਾਂਦੀ ਸੜਕ ਤੋਂ ਕਰੀਬ ਡੂਢ ਫਰਲਾਂਗ ਹਟਵੇਂ ਵਸੇ ਹੋਏ ਪਿੰਡ ਦੀ ਸੜਕ ਤਾਂ ਪੱਕੀ ਸੀ ਹੀ, ਇਸ ਦੇ ਨਾਲ ਨਾਲ ਮਕਾਨ ਵੀ ਬਣ ਗਏ ਸਨ। ਰਾਮਾ ਮੰਡੀ ਤੋਂ ਪਿੰਡ ਤਕ ਦਾ ਇਕ ਕਿਲੋਮੀਟਰ ਦਾ ਟੋਟਾ ਸਮੁੱਚਾ ਮਾਰਕੀਟ ਬਣ ਗਿਆ ਸੀ।ਸੱਠਵਿਆਂ ਵਿੱਚ ਇਥੋਂ ਦੀ ਦਿਨੇਂ ਤਿੱਖੜ ਦੁਪਹਿਰੇ ਲੰਘਣ ਸਮੇਂ ਡਰ ਲੱਗਦਾ ਹੁੰਦਾ ਸੀ ਕਿਉਂਕਿ ਇਸ ਦੇ ਦੋਹੀਂ ਪਾਸੀਂ ਉਚੇ ਟਿੱਬੇ ਸਨ ਅਤੇ ਟਿੱਬਿਆਂ ਉਤੇ ਉਗੇ ਬੂਝੇ ਅੱਧੀ ਸੜਕ ਨੂੰ ਘੇਰ ਲੈਂਦੇ ਸਨ। ਸੜਕ ਮਹਿਕਮੇ ਦੇ ਬੰਦੇ ਹਰ ਵੇਲੇ ਇਸ ਸੜਕ ਦੇ ਕਿਨਾਰਿਆਂ ਉਤੇ ਮਿੱਟੀ ਚੜ੍ਹਾਉਂਦੇ ਰਹਿੰਦੇ ਸਨ ਤਾਂ ਕਿ ਇਸ ਦੇ ਕਿਨਾਰੇ ਭੁਰ ਨਾ ਜਾਣ।
ਪਰ ਹੁਣ ਇਹ ਬਿਲਕੁਲ ਪੱਧਰਾ ਤੇ ਉਪਜਾਊ ਖੇਤਰ ਬਣ ਗਿਆ ਹੈ। ਸੜਕ ਦੇ ਨਾਲ ਨਾਲ ਦੁਕਾਨਾਂ ਉਸਰ ਗਈਆਂ ਹਨ। ਹਰ ਪਾਸੇ ਚਹਿਲ ਪਹਿਲ ਹੈ। ਪਿੰਡ ਦੇ ਐਨ ਮੁੱਢ ਵਿਚ ਜੰਲਧਰ ਸ਼ਹਿਰ ਦੀ ਚੁੰਗੀ ਬਣ ਗਈ ਹੈ। ਇਸ ਨਾਲ ਪਿੰਡ ਵਿਚ ਮਕਾਨਾਂ ਦੇ ਕਿਰਾਏ ਅਚਨਚੇਤ ਵਧ ਗਏ ਹਨ। ਲੋਕਾਂ ਨੇ ਆਪਣੇ ਖ਼ਾਲੀ ਪਏ ਮਕਾਨ ਵਪਾਰੀਆਂ ਨੂੰ ਕਿਰਾਏ ਉਤੇ ਦੇ ਦਿੱਤੇ ਹਨ ਜਿਨ੍ਹਾਂ ਅੱਗੋਂ ਇਨ੍ਹਾਂ ਨੂੰ ਗੋਦਾਮਾਂ ਵਿਚ ਤਬਦੀਲ ਕਰ ਲਿਆ ਹੈ। ਇਸ ਤਰ੍ਹਾਂ ਕਰਕੇ ਉਨ੍ਹਾਂ ਦੀ ਸੇਲ ਟੈਕਸ ਦੀ ਕਾਫ਼ੀ ਬੱਚਤ ਹੁੰਦੀ ਹੈ। ਮਾਸਟਰ ਦੀ ਸਮਾਧ, ਜਿਥੋਂ ਕਦੇ ਅਸੀਂ ਰਾਤ ਬਰਾਤ ਲੰਘਣ ਤੋਂ ਡਰਦੇ ਹੁੰਦੇ ਸਾਂ, ਹੁਣ ਮਕਾਨਾਂ ਵਿਚ ਘਿਰ ਗਈ ਹੈ। ਸਮਾਧ ਜਿੰਨਾ ਥਾਂ ਹੀ ਬਾਕੀ ਰੱਖਿਆ ਗਿਆ ਹੈ।
ਜਿਸ ਬੀਹੀ ਵਿਚ ਅਸੀਂ ਰਹਿੰਦੇ ਸਾਂ ਉਸ ਦੀ ਸਮੁੱਚੀ ਖੱਬੀ ਬਾਹੀ ਲੱਗਪਗ ਖੋਲਾ ਹੋ ਚੁੱਕੀ ਹੈ । ਲੋਕ ਕੰਮਾਂ ਧੰਦਿਆਂ ਦੇ ਚੱਕਰ ਵਿਚ ਜਾਂ ਉਂਜ ਵੀ ਪਿੰਡ ਛੱਡ ਕੇ ਬਾਹਰ ਚਲੇ ਗਏ ਹਨ । ਦੁਆਬੇ ਵਿਚ ਤਾਂ ਉਂਜ ਵੀ ਪਿੰਡਾਂ ਦੀਆਂ ਅੱਧੀਆਂ ਹਵੇਲੀਆਂ ਖ਼ਾਲੀ ਰਹਿੰਦੀਆਂ ਨੇ ਜਾਂ ਸਿਰਫ਼ ਕੋਈ ਬੁੱਢਾ ਬੁੱਢੀ ਹੀ ਉਨ੍ਹਾਂ ਵਿਚ ਵਾਸਾ ਵਰਦੇ ਹਨ । ਜ਼ਮੀਨਾਂ ਥੋੜ੍ਹੀਆਂ ਹੋਣ ਕਰਕੇ ਲੋਕ ਪਹਿਲਾਂ ਮਲੇਸ਼ੀਆ ਥਾਈਲੈਂਡ ਜਾਂਦੇ ਰਹੇ, ਫ਼ੇਰ ਇੰਗਲੈਂਡ ਅਤੇ ਅੱਜ ਕੱਲ ਅਰਬ ਦੇਸ਼ਾਂ ਵਿਚ ।
ਨੰਗਲ ਸ਼ਾਮਾ ਦਾ ਵੀ ਇਹੀ ਹਾਲ ਹੈ । ਘਰਾਂ ਦੇ ਘਰ ਪਰਦੇਸਾਂ ਨੂੰ ਤੁਰੇ ਹੋਏ ਹਨ। ਉਨ੍ਹਾਂ ਦੇ ਮਕਾਨ ਖੋਲੇ ਹੋ ਗਏ ਹਨ । ਸਾਡਾ ਪਰਿਵਾਰ ਵੀ ਸੱਤਰਵਿਆਂ ਵਿੱਚ ਜੱਦੀ ਮਕਾਨ ਛੱਡ ਕੇ ਜਲੰਧਰ ਸ਼ਹਿਰ ਆ ਵਸਿਆ ਸੀ ਜਿਥੇ ਸਾਡੇ ਪਿਤਾ ਜੀ ਨੂੰ ਸਰਕਾਰੀ ਮਕਾਨ ਮਿਲ ਗਿਆ ਸੀ । ਅੱਜ ਉਸ ਜੱਦੀ ਮਕਾਨ ਦੀ ਹਾਲਤ ਵੀਹ ਵਰ੍ਹੇ ਪਹਿਲਾਂ ਦੀ ਕਮਸਿਨ ਮਾਸ਼ੂਕ ਵਾਲੀ ਨਹੀਂ ਜਿਸ ਨੂੰ ਅੰਤਾਂ ਦਾ ਪਿਆਰ ਕਰਦੇ ਸਾਂ । ਇਨ੍ਹਾਂ ਵੀਹਾਂ ਸਾਲਾਂ ਨੇ ਆਪਣਾ ਅਸਰ ਦਿਖਾਇਆ ਹੈ ਅਤੇ ਕਦੇ ਖੁੱਲ੍ਹਾ ਅਤੇ ਵੱਡਾ ਲੱਗਣ ਵਾਲਾ ਇਹ ਮਕਾਨ ਹੁਣ ਅੰਤਾਂ ਦਾ ਸੌੜਾ, ਭੀੜਾ, ਨਿੱਗੂਣਾ, ਬੇਢੱਬਾ ਨਜ਼ਰ ਆਉਂਦਾ ਹੈ। ਗੁਆਂਢੀ ਕਹਿੰਦੇ ਹਨ ਕਿ ਇਸ ਦਾ ਮੂੰਹ ਮੱਥਾ ਸਵਾਰ ਲਵੋ ਤਾਂ ਤਿੰਨ ਚਾਰ ਸੌ ਰੁਪਏ ਕਿਰਾਇਆ ਹੀ ਆ ਸਕਦਾ ਹੈ । ਪਰ ਏਨਾ ਸਮਾਂ ਕਿਸ ਕੋਲ ਹੈ ?
ਜਿਨ੍ਹਾਂ ਲੋਕਾਂ ਨੂੰ ਆਪਣੀ ਬਾਲਪਨ ਤੇ ਚੜ੍ਹਦੀ ਉਮਰੇ, ਅਧਖੜ੍ਹ ਦੇਖਿਆ ਸੀ, ਉਹ ਬੁੱਢੇ ਹੋ ਗਏ ਹਨ। ਜਿਹੜੇ ਹਾਣੀ ਸਨ ਉਹ ਆਪੋ ਆਪਣੀ ਰੋਟੀ ਰੁਜ਼ਗਾਰ ਖ਼ਾਤਰ ਪਿੰਡੋਂ ਬਾਹਰ ਚਲੇ ਗਏ ਹਨ ਅਤੇ ਜਿਹੜੇ ਹੁਣ ਦੇ ਨੌਜਵਾਨ ਹਨ ਉਨ੍ਹਾਂ ਨੂੰ ਇਹ ਪਤਾ ਨਹੀਂ ਕਿ ਮੈਂ ਵੀ ਇਸੇ ਪਿੰਡ ਦਾ ਜੰਮਪਲ ਹਾਂ । ਉਹ ਪਾਸਾ ਵੱਟ ਕੇ ਲੰਘ ਜਾਂਦੇ ਹਨ। ਅੱਧੇ ਪਿੰਡ ਵਿਚ ਕਿਰਾਏਦਾਰ ਰਹਿਣ ਲੱਗ ਪਏ ਹਨ। ਉਨ੍ਹਾਂ ਨਾਲ ਉਂਜ ਕੋਈ ਸਾਂਝ ਨਹੀਂ। ਪਹਿਲਾਂ ਪਹਿਲ ਗਲੀ ਵਿਚ ਕਿਸੇ ਦੇ ਵੀ ਘਰ ਪ੍ਰਾਹੁਣਾ ਆਵੇ, ਸਾਰੀ ਗਲੀ ਵਿਚ ਪਤਾ ਲੱਗ ਜਾਣਾ ਅਤੇ ਹਰੇਕ ਨੇ ਉਸ ਦੀ ਆਓ ਭਗਤ ਕਰਨ ਲਈ ਬਾਹਰ ਦਰਾਂ ਵਿਚ ਆਉਣਾ। ਅੱਜ ਜਦੋਂ ਮੈਂ ਆਪਣੇ ਹੀ ਖੋਲਾ ਬਣੇ ਘਰ ਗਿਆ ਤਾਂ ਐਨ ਗੁਆਂਢ ਵਾਲੀ ਔਰਤ ਵੀ ਬਾਹਰ ਨਾ ਨਿਕਲੀ । ਬੱਸ ਏਨੀ ਅਵਾਜ਼ ਸੁਣਾਈ ਦਿੱਤੀ : “ ਫਲਾਣਾ ਸਿਹੁੰ ਦਾ ਮੁੰਡਾ ਲੱਗਦੈ।”
ਇਸ ਤਰ੍ਹਾਂ ਸ਼ਹਿਰ ਦੀ ਹਵਾ ਇਸ ਪਿੰਡ ਨੂੰ ਵੀ ਲੱਗ ਗਈ ਹੈ। ਲੋਕ ਨਿਰਮੋਹੇ ਤੇ ਵਪਾਰਕ ਹੋ ਗਏ ਹਨ। ਪਰ ਇਸ ਦਾ ਝੋਰਾ ਨਹੀਂ। ਇਸ ਤਰ੍ਹਾਂ ਹੋਣਾ ਹੀ ਸੀ। ਤਬਦੀਲੀ ਅਤੇ ਸਮਾਂ ਬੜਾ ਕੁਝ ਕਰ ਦਿੰਦੇ ਹਨ। ਸ਼ਹਿਰ ਨਾਲ ਨੇੜਤਾ ਕਾਰਨ ਜ਼ਮੀਨਾਂ ਦੀਆਂ ਕੀਮਤਾਂ ਵਧੀਆਂ ਹਨ। ਪਿੰਡ ਵਿਚ ਹਸਪਤਾਲ ਬਣ ਗਿਆ ਹੈ। ਹੁਣ ਲਗਪਗ ਸਾਰੀਆਂ ਹੀ ਜ਼ਰੂਰੀ ਚੀਜ਼ਾਂ ਪਿੰਡੋਂ ਮਿਲਣ ਲੱਗ ਪਈਆਂ ਹਨ। ਸਕੂਲ ਪਹਿਲਾਂ ਪੰਜਵੀਂ ਤਕ ਸੀ ਹੁਣ ਅੱਠਵੀਂ ਤਕ ਹੈ। ਦੋਂਹ ਸਾਲਾਂ ਨੂੰ ਦਸਵੀਂ ਤੱਕ ਹੋ ਜਾਵੇਗਾ। ਬਾਬਿਆਂ ਦੀ ਵੱਟ ਢਾਹ ਦਿੱਤੀ ਗਈ ਹੈ ਅਤੇ ਉਸ ਦੀ ਥਾਂ ਖੇਤ ਲਹਿਰਾ ਰਹੇ ਹਨ। ਨਵੇਂ ਮਕਾਨ ਉਸਰ ਆਏ ਹਨ।
ਪਿੰਡ ਬਾਹਰ ਨੂੰ ਫ਼ੈਲ ਰਿਹਾ ਹੈ। ਕੁਝ ਸਾਲ ਤਾਈਂ ਇਹ ਜਲੰਧਰ ਸ਼ਹਿਰ ਦਾ ਕੋਈ ਮੁਹੱਲਾ ਹੋਵੇਗਾ। ਉਦੋਂ ਸਿਰਫ਼ ਪੁਰਾਣੇ ਲੋਕ ਹੀ ਜਾਣਦੇ ਹੋਣਗੇ ਕਿ ਕਦੇ ਇਥੇ ਨੰਗਲ ਸ਼ਾਮਾ ਨਾਂ ਦਾ ਕੋਈ ਪਿੰਡ ਹੋਇਆ ਕਰਦਾ ਸੀ। ਇਸ ਗੱਲ ਦਾ ਵੀ ਕੋਈ ਝੋਰਾ ਨਹੀਂ। ਸ਼ਹਿਰਾਂ ਨੇ ਆਖ਼ਰ ਪਿੰਡਾਂ ਨੂੰ ਹੀ ਨਿਗਲਣਾ ਹੈ। ਉਨ੍ਹਾਂ ਦੇ ਵਧਣ ਲਈ ਚਾਰੇ ਪਾਸੇ ਪਿੰਡ ਹੀ ਤਾਂ ਹਨ।
ਤਾਂ ਫਿਰ ਝੋਰਾ ਕਿਸ ਗੱਲ ਦਾ ਹੈ ? ਸ਼ਾਇਦ ਕਿਸੇ ਗੱਲ ਦਾ ਵੀ ਨਹੀਂ। ਤੇ ਸ਼ਾਇਦ ਉਨ੍ਹਾਂ ਸਾਰੀਆਂ ਗੱਲਾਂ ਦਾ ਜਿਹੜੀਆਂ ਮੇਰੀ ਗ਼ੈਰਹਾਜ਼ਰੀ ਵਿਚ ਮੇਰੇ ਪਿੰਡ ਨਾਲ ਵਾਪਰ ਗਈਆਂ । ਮਰਹੂਮ ਨਾਟਕਕਾਰ ਸ੍ਰੀ ਗੁਰਦਿਆਲ ਸਿੰਘ ਫੁੱਲ ਸਾਰੀ ਉਮਰ ਇਹੀ ਲਲਕ ਦਿਲ ਵਿਚ ਰੱਖੀ ਬੈਠੇ ਰਹੇ ਕਿ ਉਨ੍ਹਾਂ ਦੀ ਪ੍ਰਤਿਭਾ ਨੂੰ ਉਨ੍ਹਾਂ ਦਾ ਪਿੰਡ ਵੀ ਪਛਾਣੇ। ਪਰ ਪਿੰਡ ਨੇ ਉਨ੍ਹਾਂ ਨੂੰ ਨਹੀਂ ਪਹਿਚਾਣਿਆ । ਪਰ ਕੀ ਕੋਈ ਵੀ ਪਿੰਡ ਅਤੇ ਉਸ ਦੇ ਲੋਕ ਆਪਣੇ ਉਨ੍ਹਾਂ ਜਾਇਆਂ ਨੂੰ ਪਛਾਣਦੇ ਹਨ ਜਿਹੜੇ ਇਕ ਵਾਰੀ ਜਾਂਦੇ ਹਨ ਤਾਂ ਕਈ ਕਈ ਸਾਲ ਪਰਤ ਕੇ ਨਹੀਂ ਆਉਂਦੇ ? ਪਿੰਡਾਂ ਨੇ ਕਸਬੇ ਬਣਦੇ ਰਹਿਣਾ ਹੈ ਅਤੇ ਕਸਬਿਆਂ ਨੇ ਸ਼ਹਿਰ । ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਇਸ ਦਾ ਕੋਈ ਬਾਸ਼ਿੰਦਾ ਕਿੱਥੇ ਰਹਿੰਦਾ ਹੈ । ਅਤੇ ਜਿਹੜੇ ਲੋਕ ਪਿੰਡ ਛੱਡ ਕੇ ਚਲੇ ਜਾਂਦੇ ਹਨ, ਉਨ੍ਹਾਂ ਦੇ ਘਰ ਖੰਡਰ ਬਣ ਜਾਂਦੇ ਹਨ,ਉਨ੍ਹਾਂ ਮਾਸ਼ੂਕਾਂ ਵਾਂਗ ਜਿਹੜੀਆਂ ਏਨੇ ਸਾਲਾਂ ਵਿਚ ਢਲ ਕੇ ਕੁੜੀਆਂ ਦੀ ਥਾਂ ਥੁਲਥੁਲ ਕਰਦੀਆਂ ਔਰਤਾਂ ਬਣ ਜਾਂਦੀਆਂ ਹਨ ਅਤੇ ਆਪਣੀ ਥਾਂ ਆਪਣੇ ਬੱਚਿਆ ਦੀਆਂ ਗੱਲਾਂ ਕਰਦੀਆਂ ਹਨ । ਪਰ ਦੋਵਾਂ ਨੂੰ ਹੀ ਏਨੇ ਸਾਲਾਂ ਮਗਰੋਂ ਦੇਖ ਕੇ ਦਿਲ ਵਿਚ ਹੂਕ ਉਠਦੀ ਹੈ ਕਿ ਕਾਸ਼ ਕਦੇ ਪੁਰਾਣੇ ਦਿਨ ਪਰਤ ਆਉਣ । ਪਰ ਕਦੇ ਇਸ ਤਰ੍ਹਾਂ ਹੋ ਨਹੀਂ ਸਕਦਾ।
ਦਿਨ ਪਰਤ ਕੇ ਨਹੀਂ ਆਉਂਦੇ ਅਤੇ ਲੋਕ ਆਪੋ ਆਪਣੇ ਲਈ ਨਵੇਂ ਟਿਕਾਣੇ ਬਣਾ ਲੈਂਦੇ ਹਨ। ਰਸੂਲ ਹਮਜ਼ਾਤੋਵ ‘ਮੇਰਾ ਦਾਗਿਸਤਾਨ’ ਵਿਚ ਲਿਖਦਾ ਹੈ: “ਜਿਹੜਾ ਪੰਛੀ ਅਕਸਰ ਆਲ੍ਹਣੇ ਬਦਲਦਾ ਰਹਿੰਦਾ ਹੈ ਅਤੇ ਕਦੇ ਵੀ ਆਪਣਾ ਮਨ ਨਹੀਂ ਬਣਾ ਸਕਦਾ ਕਿ ਕਿਹੜਾ ਆਲ੍ਹਣਾ ਚੁਣੇ, ਅਖ਼ੀਰ ਵਿਚ ਬਿਨਾਂ ਆਲ੍ਹਣੇ ਦੇ ਰਹਿ ਜਾਂਦਾ ਹੈ। ਕੀ ਇਹ ਵਧੇਰੇ ਸੌਖਾ ਨਹੀਂ ਕਿ ਬੰਦਾ ਆਪਣਾ ਆਲ੍ਹਣਾ ਬਣਾ ਲਵੇ, ਫਿਰ ਬੰਦੇ ਨੂੰ ਚੋਣ ਕਰਨ ਦੀ ਲੋੜ ਨਹੀਂ ਰਹੇਗੀ।” ਪਰ ਫਿਰ ਵੀ ਬੰਦੇ ਨੂੰ ਉਸ ਆਲ੍ਹਣੇ ਦੀ ਯਾਦ ਤਾਂ ਸਤਾਉਂਦੀ ਹੀ ਹੈ ਜਿਸ ਵਿਚ ਉਸ ਨੇ ਆਪਣੀ ਉਮਰ ਦੇ ਪਹਿਲੇ ਸਾਲ ਬਿਤਾਏ ਹੋਣ। ਇਸੇ ਨੂੰ ਮਿੱਟੀ ਦਾ ਮੋਹ ਕਹਿੰਦੇ ਹਨ।
(6-4-1990)
ਜਠੇਰੇ, ਵੱਡੇ-ਵਡੇਰੇ
ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਇਕ ਸਾਖੀ ਹੈ । ਇਕ ਵਾਰੀ ਉਹ ਹਰਿਦੁਆਰ ਗਏ ਤਾਂ ਦੇਖਿਆ ਕਿ ਉਥੇ ਬ੍ਰਾਹਮਣ ਸੂਰਜ ਵੱਲ ਨੂੰ ਪਾਣੀ ਚੜ੍ਹਾ ਰਹੇ ਹਨ । ਗੁਰੂ ਜੀ ਨੇ ਉਨ੍ਹਾਂ ਦੇ ਉਲਟ ਪੱਛਮ ਵੱਲ ਨੂੰ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ। ਪੰਡਤਾਂ ਨੇ ਉਨ੍ਹਾਂ ਨੂੰ ਮੂਰਖ, ਕੁਰਾਹੀਆ, ਪਾਗਲ ਆਦਿ ਕਿਹਾ ਤਾਂ ਗੁਰੂ ਜੀ ਨੇ ਪੁੱਛਿਆ, “ਤੁਸੀਂ ਪੂਰਬ ਵੱਲ ਨੂੰ ਪਾਣੀ ਕਿਉਂ ਚੜ੍ਹਾਉਂਦੇ ਹੋ ?”
“ਤਾਂ ਕਿ ਸਾਡੇ ਪਿਤਰਾਂ (ਪੂਰਵਜਾਂ) ਪਾਸ ਪੁੱਜ ਸਕੇ ।”
“ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ ।” ਗੁਰੂ ਜੀ ਨੇ ਉਨ੍ਹਾਂ ਦੇ ਜਵਾਬ ‘ਤੇ ਕਿਹਾ ।
“ਪਰ ਇਹ ਤੁਹਾਡੇ ਖੇਤਾਂ ਤਕ ਏਨੇ ਮੀਲ ਦੂਰ ਕਿਵੇਂ ਪੁੱਜੇਗਾ ?” ਪੰਡਤਾਂ ਨੇ ਪੱਛਿਆ ।
“ਜੇ ਤੁਹਾਡਾ ਪਾਣੀ ਪਿੱਤਰਾਂ ਤਕ ਜਾ ਸਕਦਾ ਹੈ ਤਾਂ ਮੇਰਾ ਕਰਤਾਰਪੁਰ ਤਕ ਕਿਉਂ ਨਹੀਂ?”
ਮਤਲਬ ਸਿਰਫ਼ ਇਹ ਸੀ ਕਿ ਪੰਡਤਾਂ ਨੂੰ ਦੱਸਿਆ ਜਾਵੇ ਕਿ ਉਨ੍ਹਾਂ ਵਲੋਂ ਪੂਰਬ ਵਲ ਮੂੰਹ ਕਰਕੇ ਆਪਣੇ ਪੂਰਵਜਾਂ ਤਕ ਪਾਣੀ ਪਹੁੰਚਾਉਣ ਦੇ ਯਤਨਾਂ ਦੇ ਕੋਈ ਅਰਥ ਨਹੀਂ ਕਿਉਂਕਿ ਇਹ ਪਾਣੀ ਉਨ੍ਹਾਂ ਦੇ ਪਿਤਰਾਂ ਤਕ ਨਹੀਂ ਪੁੱਜਦਾ ।ਗੁਰੂ ਨਾਨਕ ਜੀ ਉਦੋਂ ਇਹ ਗੱਲ ਸਾਬਤ ਕਰਨ ਵਿਚ ਸਫਲ ਹੋ ਗਏ। ਫਿਰ ਵੀ ਆਪਣੇ ਪਿਤਰਾਂ ਨੂੰ ਅਰਘ ਚੜਾਉਣ, ਉਨ੍ਹਾਂ ਦੇ ਨਾਂ ‘ਤੇ ਭੋਜਨ ਖਿਲਾਉਣ ਆਦਿ ਦੀ ਪਿਰਤ ਖ਼ਤਮ ਨਹੀਂ ਹੋਈ ਅਤੇ ਅੱਜ ਕੱਲ ਵੀ ਜਾਰੀ ਹੈ । ਸ਼ਰਾਧਾਂ ਦੇ ਦਿਨੀਂ ਲੋਕ ਆਪਣੇ ਮਰ ਚੁਕੇ ਬਜ਼ੁਰਗਾਂ ਦੇ ਨਾਂ ‘ਤੇ ਕੜਾਹ ਪੂਰੀਆਂ ਆਦਿ ਬਣਾ ਕੇ ਪੰਡਤਾਂ ਨੂੰ ਖਵਾਉਂਦੇ ਹਨ ਅਤੇ ਸਮਝਦੇ ਹਨ ਕਿ ਪੰਡਤਾਂ ਦੇ ਪੇਟ ਗਈਆਂ ਰੋਟੀਆਂ ਉਨ੍ਹਾਂ ਦੇ ਪੂਰਵਜਾਂ ਤਕ ਸਵਰਗ ਵਿਚ ਪਹੁੰਚ ਗਈਆਂ ਹਨ । ਜਿਵੇਂ ਸਵਰਗ ਤਕ ਦਾ ਰਸਤਾ ਪੰਡਤਾਂ ਦੇ ਢਿੱਡਾਂ ਰਾਹੀਂ ਹੋ ਕੇ ਜਾਂਦਾ ਹੋਵੇ । ਸਿੱਖਾਂ ਵਿਚ ‘ਪੰਜ ਸਿੱਖ ਬਿਠਾਏ’ ਜਾਂਦੇ ਹਨ ਅਤੇ ਉਨ੍ਹਾਂ ਨੂੰ ਭੋਜਨ ਛਕਾਇਆ ਜਾਂਦਾ ਹੈ ।
ਆਪਣੇ ਪੂਰਵਜਾਂ ਨੂੰ ਚੇਤੇ ਕਰਨਾ ਕੋਈ ਮਾੜੀ ਗੱਲ ਨਹੀਂ ਹੈ । ਜਦੋਂ ਕਿਸੇ ਨੂੰ ਆਪਣੇ ਕੁਰਸੀਨਾਮੇ ਦੀਆਂ ਤਿੰਨ-ਚਾਰ ਪੌੜੀਆਂ ਦਾ ਵੀ ਪਤਾ ਹੋਵੇ ਤਾਂ ਉਨ੍ਹਾਂ ਨੂੰ ਚੇਤੇ ਕਰਨਾ ਚੰਗਾ ਲਗਦਾ ਹੈ । ਮੇਰੇ ਆਪਣੇ ਚੇਤੇ ਮੁਤਾਬਾਕ ਮੇਰੇ ਦਾਦਾ ਜੀ ਦੇ ਪੜਦਾਦਾ ਤਕ ਦਾ ਕੁਰਸੀਨਾਮਾ ਪਤਾ ਹੈ । ਮਹੇਰਸਾ ਨਾਂ ਦਾ ਕੋਈ ਬਜ਼ੁਰਗ ਹੁੰਦਾ ਸੀ । ਉਸ ਦਾ ਪੁੱਤਰ ਵਿਸਾਖੀ ਸੀ ।ਵਿਸਾਖੀ ਦਾ ਪੁੱਤਰ ਹੋਇਆ ਅਮੀਂ ਚੰਦ । ਅਮੀਂ ਚੰਦ ਦੇ ਘਰ ਜਨਮ ਲਿਆ ਮੇਲਾ ਸਿੰਘ ਨੇ ਅਤੇ ਮੇਲਾ ਸਿੰਘ ਦੇ ਘਰ ਮਹਿੰਦਰ ਸਿੰਘ ਨੇ । ਅੱਗੇ ਮਹਿੰਦਰ ਸਿੰਘ ਦੀ ਸੰਤਾਨ ‘ਚੋਂ ਇਕ ਦਾ ਨਾਂ ਹੋਇਆ ਉਹ ਜੋ ਇਸ ਲੇਖਕ ਦਾ ਹੈ । ਦਲਬੀਰ ਸਿੰਘ ਪੁੱਤਰ ਮਹਿੰਦਰ ਸਿੰਘ ਪੁੱਤਰ ਮੇਲਾ ਸਿੰਘ ਪੁੱਤਰ ਅਮੀ ਚੰਦ ਪੁੱਤਰ ਵਿਸਾਖੀ ਪੁੱਤਰ ਮਹੇਰਸਾ ਲਿਖਣਾ ਚੰਗਾ ਵੀ ਲਗਦਾ ਹੈ ਅਤੇ ਦਿਲਚਸਪ ਵੀ। ਇਸ ਨਾਲ ਇਹ ਇਹਸਾਸ ਵੀ ਪੈਦਾ ਹੁੰਦਾ ਹੈ ਕਿ ਤੁਸੀਂ ਖਿਲਾਅ ਵਿਚ ਹੀ ਪੈਦਾ ਨਹੀਂ ਹੋਏ ਸਗੋਂ ਅਤੀਤ ਵਿਚ ਤੁਹਾਡੀਆਂ ਬਹੁਤ ਡੂੰਘੀਆਂ ਜੜ੍ਹਾਂ ਹਨ । ਕਈ ਵਾਰੀ ਚਿਤ ਕਰਦਾ ਹੈ ਕਿ ਮਹੇਰਸਾ ਤੋਂ ਵੀ ਪਹਿਲਾਂ ਦੇ ਬਜ਼ੁਰਗਾਂ ਬਾਰੇ ਪਤਾ ਹੋਵੇ। ਹੋਰ ਨਹੀਂ ਤਾਂ ਉਨ੍ਹਾਂ ਦੇ ਨਾਵਾਂ ਦਾ ਹੀ ਪਤਾ ਹੋਵੇ । ਨਿਰੰਤਰ ਤੁਰਦੀ ਇਹ ਲੜੀ ਕਿੱਥੇ ਤਕ ਜਾਂਦੀ ਹੋਵੇਗੀ ? ਇਸ ਦਾ ਆਖ਼ਰੀ ਮਿਰਾ ਤਾਂ ਭਾਵੇਂ ਮਿਥਿਹਾਸਕ ਬਾਬਾ ਆਦਮ ਹੀ ਹੋਵੇਗਾ ਪਰ ਨਿਰੰਤਰਤਾ ਦਾ ਅਹਿਸਾਸ ਤੁਹਾਨੂੰ ਧਰਤੀ ‘ਤੇ ਪੈਰ ਧਰ ਕੇ ਖੜੋਣ ਦਾ ਬਲ ਬਖ਼ਸ਼ਦਾ ਹੈ ।
ਆਪਣੇ ਬਜ਼ੁਰਗਾਂ ਜਾਂ ਜਠੇਰਿਆਂ ਨੂੰ ਚੇਤੇ ਕਰਨ ਲਈ ਕੀਤੇ ਜਾਂਦੇ ਤਰੱਦਦ ਦਰਅਸਲ ਮਨੁੱਖ ਵਲੋਂ ਇਹ ਯਾਦ ਕਰਨ ਦਾ ਹੀ ਉਪਰਾਲਾ ਹਨ ਕਿ ਉਨ੍ਹਾਂ ਦੀਆਂ ਕੜੀਆਂ ਭੂਤਕਾਲ ਵਿਚ ਡੂੰਘੀਆਂ ਹਨ ।ਜਠੇਰਿਆਂ ਦੀ ਮਾਨਤਾ ਕਈ ਢੰਗਾਂ ਨਾਲ ਕੀਤੀ ਜਾਂਦੀ ਹੈ । ਇਨ੍ਹਾਂ ਵਿਚ ਇਕ ਢੰਗ ਹੈ ਜਠੇਰਿਆਂ ਲਈ ਬਣਾਈ ਥਾਂ ਉਤੇ ਮਿੱਟੀ ਕੱਢਣਾ ।
ਬਚਪਨ ਵਿਚ ਉਥੇ ਜਾਣਾ ਪਿਕਨਿਕ ਵਰਗਾ ਲਗਦਾ ਹੁੰਦਾ ਸੀ । ਉਦੋਂ ਜਠੇਰਿਆਂ ਬਾਰੇ ਪਤਾ ਵੀ ਕੁਝ ਨਹੀਂ ਸੀ ਹੁੰਦਾ । ਮਿੱਟੀ ਦੇ ਇਕ ਗੁੰਬਦ ਵਰਗੇ ਢੇਰ ਦੇ ਹੇਠਾਂ ਇਕ ਮਟੀ ਜਿਹੀ ਬਣਾਈ ਗਈ ਸੀ ।ਭਾਈਚਾਰੇ ਦੀਆਂ ਔਰਤਾਂ ਉਥੇ ਦੀਵੇ ਜਗਾ ਕੇ ਚੁੰਨੀਆਂ ਚੜ੍ਹਾਉਂਦੀਆਂ ਸਨ । ਸਾਨੂੰ ਨਿੱਕੀ ਉਮਰ ਦੇ ਮੁੰਡਿਆਂ ਨੂੰ ਇਕ ਤਾਂ ਚਾਅ ਹੁੰਦਾ ਸੀ ਪਰਨਿਆਂ ਵਿਚ ਮਿੱਟੀ ਪਾ ਕੇ ਜਠੇਰਿਆਂ ਵਾਲੇ ਮਿੱਟੀ ਦੇ ਗੁੰਬਦ ਉਪਰ ਮਿੱਟੀ ਪਾ ਦੇ ਉਨ੍ਹਾਂ ਨੂੰ ਹੋਰ ਉੱਚੇ ਕਰਨ ਦਾ, ਦੂਜੇ ਕੜਾਹ ਅਤੇ ਰੋਟੀ ਹੱਥ ਉਤੇ ਰੱਖ ਕੇ ਪੱਬਾਂ ਭਾਰ ਬੈਠ ਕੇ ਖਾਣ ਦਾ, ਜਾਂ ਫਿਰ ਕੋਲੋਂ ਲੰਘਦੀ ਰੇਲ ਲਾਈਨ ਤੋਂ ਲੰਘਦੀ ਰੇਲ ਗੱਡੀ ਹੇਠਾਂ ਕੋਈ ਸਿੱਕਾ ਰੱਖ ਕੇ ਉਸ ਨੂੰ ਚਪਟਾ ਕਰਨ ਦਾ । ਨਵੇਂ ਵਿਆਹੇ ਜੋੜਿਆਂ ਅਤੇ ਪੈਦਾ ਹੋਏ ਮੁੰਡਿਆਂ ਦੇ ਥੰਮ੍ਹੇਂ ਲਿਆਈਆਂ ਸੁਆਣੀਆਂ ਮਟੀ ਉਤੇ ਦੀਵੇ ਜਗਾ ਕੇ ਚੁੰਨੀਆਂ ਚੜ੍ਹਾਉਂਦੀਆਂ ।
ਐਤਕੀਂ ਕਈ ਸਾਲਾਂ ਮਗਰੋਂ ਜਠੇਰੀਂ ਜਾਣ ਦਾ ਸਬੱਬ ਬਣਿਆ । ਰੌਣਕ ਪਹਿਲਾਂ ਵਾਲੀ ਹੀ ਸੀ । ਆਸ ਪਾਸ ਦੇ ਪਿੰਡਾਂ ਤੋਂ ਵੀ ਭਾਈਚਾਰੇ ਦੇ ਲੋਕ ਆਏ ਸਨ। ਪਹਿਲਾਂ ਸਭ ਪੈਦਲ ਪੁੱਜਦੇ ਸਨ। ਐਤਕੀਂ ਸਕੂਟਰਾਂ ਅਤੇ ਕਾਰਾਂ ਦੀ ਭਰਮਾਰ ਸੀ। ਪਹਿਲਾਂ ਵਾਂਗ ਹੀ ਮਿੱਟੀ ਕੱਢਣ ਦਾ ਕੰਮ ਕੀਤਾ ਗਿਆ। ਨਿੱਕੇ ਮੁੰਡਿਆਂ ਨੇ ਉਵੇਂ ਹੀ ਰੇਲ ਲਾਈਨ ਉਤੇ ਸਿੱਕੇ ਰੱਖੇ ਜਿਵੇਂ ਅਸੀਂ ਰੱਖਦੇ ਸਾਂ। ਉਵੇਂ ਹੀ ਸਾਂਝੇ ਬੈਠ ਕੇ ਰੋਟੀ ਖਾਧੀ ਗਈ। ਔਰਤਾਂ ਨੇ ਰੋਟੀਆਂ ਵਟਾਈਆਂ ਅਤੇ ਮਟੀ ਉੱਤੇ ਦੀਵੇ ਜਗਾ ਕੇ ਚੁੰਨੀਆਂ ਚੜ੍ਹਾਈਆਂ । ਪਰ ਐਤਕੀਂ ਫ਼ਰਕ ਇਹ ਸੀ ਕਿ ਮੇਰੇ ਅੰਦਰ ਤੀਹ ਸਾਲ ਪਹਿਲਾਂ ਦਾ ਬਾਲ ਨਹੀਂ ਚਾਲੀ ਸਾਲਾਂ ਦਾ ਪੁਰਸ਼ ਸੀ ਜਿਸ ਨੂੰ ਸੋਚਣ ਦੀ ਇੱਲਤ ਲੱਗੀ ਹੋਈ ਹੈ।
ਪਹਿਲਾ ਸਵਾਲ ਤਾਂ ਇਹ ਹੀ ਉਠਿਆ ਕਿ ਮਿੱਟੀ ਦਾ ਗੁੰਬਦ ਬਣਾ ਕੇ ਉਤੇ ਦੀਵਾ ਜਗਾਉਣ ਦਾ ਕੀ ਅਰਥ ? ਮੇਰਾ ਖ਼ਿਆਲ ਹੈ ਕਿ ਪੁਰਾਣੇ ਜ਼ਮਾਨੇ ਵਿਚ ਇਹ ਗੁੰਬਦ ਅਤੇ ਉਨ੍ਹਾਂ ਉਤੇ ਰਾਤ ਨੂੰ ਜਗਦੇ ਦੀਵੇ ਮੁਸਾਫ਼ਰਾਂ ਨੂੰ ਰਾਹ ਦਿਖਾਉਣ ਦਾ ਕੰਮ ਕਰਦੇ ਹੋਣਗੇ ਅਤੇ ਉਹ ਇਨ੍ਹਾਂ ਦੇ ਸੇਧੇ ਸਫ਼ਰ ਕੱਟ ਲੈਂਦੇ ਹੋਣਗੇ। ਤਾਂ ਫਿਰ ਮਿੱਟੀ ਪੁੱਟ ਕੇ ਕਿਉਂ ਪਾਈ ਜਾਂਦੀ ਹੈ? ਇਸ ਦੇ ਅਰਥ ਇਹ ਹੋ ਸਕਦੇ ਹਨ ਕਿ ਗੁੰਬਦ ਹੋਰ ਉੱਚਾ ਹੋਵੇ ਤਾਕਿ ਮੁਸਾਫ਼ਰਾਂ ਨੂੰ ਇਹ ਦੂਰੋਂ ਹੀ ਦਿਸ ਸਕੇ। ਅਤੇ ਇਹ ਕੰਮ ਕਿਉਂਕਿ ਇਕ ਬੰਦੇ ਲਈ ਕਰਨਾ ਮੁਸ਼ਕਲ ਹੈ, ਇਸ ਲਈ ਸਾਰਾ ਭਾਈਚਾਰਾ ਇਕੱਠਾ ਹੋ ਕੇ ਕਰਦਾ ਹੈ। ਚੁੰਨੀਆਂ ਚੜਾਉਣ ਦੀ ਪਿਰਤ ਸ਼ਾਇਦ ਇਸ ਭਾਵਨਾ ਨਾਲ ਪਈ ਹੋਵੇਗੀ ਕਿ ਦਾਨ ਦਿਤਿਆਂ ਅੱਗਾ ਸੌਰਦਾ ਹੈ। ਜਾਂ ਫਿਰ ਇਸ ਦੀ ਭਾਵਨਾ ਇਹ ਹੋਏਗੀ ਕਿ ਜਿਵੇਂ ਅਸੀਂ ਜਠੇਰਿਆਂ ਨੂੰ ਢਕਦੇ ਹਾਂ ਤਿਵੇਂ ਜਠੇਰੇ ਸਾਨੂੰ ਢਕਣ ਅਰਥਾਤ ਬਚਾਈ ਰੱਖਣ।
ਸਭ ਤੋਂ ਮਹੱਤਵਪੂਰਨ ਗੱਲ ਇਨ੍ਹਾਂ ਤੋਂ ਵੱਖਰੀ ਹੈ। ਉਹ ਹੈ ਰਲਮਿਲ ਕੇ ਰੋਟੀ ਖਾਣ ਦੀ। ਇਸ ਤਰ੍ਹਾਂ ਨਾਲ ਸਮੁੱਚਾ ਭਾਈਚਾਰਾ ਇਕ ਦਿਨ ਲਈ ਇਕੱਠਾ ਹੋ ਜਾਂਦਾ ਹੈ। ਕਈ ਸਾਲਾਂ ਦੇ ਵਿਛੜੇ ਸਬੰਧੀ ਤੇ ਦੋਸਤ-ਮਿੱਤਰ ਮਿਲ ਜਾਂਦੇ ਹਨ। ਪਰਦੇਸੀਂ ਤੇ ਕੰਮ-ਧੰਦਿਆਂ ’ਤੇ ਗਏ ਲੋਕ ਨਵੀਂ ਪਨੀਰੀ ਨਾਲ ਵਾਕਫ਼ੀ ਹਾਸਲ ਕਰਦੇ ਹਨ। ਦੂਜੇ, ਇਹ ਇਕ ਕਿਸਮ ਦੀ ਪਿਕਨਿਕ ਹੋ ਨਿਬੜਦੀ ਹੈ।ਔਰਤਾਂ ਗਿੱਧਾ ਪਾਉਂਦੀਆਂ ਹਨ ਅਤੇ ਨਿਆਣੇ ਚਾਂਘੜਾਂ ਮਾਰਦੇ ਹਨ।
ਅੱਜ ਕੱਲ੍ਹ ਜਠੇਰਿਆਂ ਨੂੰ ਪੂਜਣਾ ਭਾਵੇਂ ਰਸਮ ਬਣ ਗਿਆ ਹੈ, ਫਿਰ ਵੀ ਇਹ ਚੰਗੀ ਰਸਮ ਹੈ। ਇਸ ਨਾਲ ਘਰਾਂ ਦੇ ਕੰਮਾਂ-ਧੰਦਿਆਂ ਵਿਚ ਲੱਗੀਆਂ ਔਰਤਾਂ ਨੂੰ ਇਕ ਦਿਨ ਦੇ ਮੌਜ-ਮੇਲੇ ਦਾ ਮੌਕਾ ਵੀ ਮਿਲਦਾ ਹੈ ਅਤੇ ਚਿਰਾਂ ਦੇ ਵਿਛੜੇ ਲੋਕਾਂ ਨੂੰ ਮੁੜ ਮਿਲਣ ਦਾ ਵੀ। ਪਰ ਸਭ ਤੋਂ ਵੱਧ ਇਹ ਅਹਿਸਾਸ ਹੁੰਦਾ ਹੈ ਕਿ ਤੁਸੀਂ ਬਿਨਾਂ ਜੜ੍ਹਾਂ ਵਾਲੇ ਮਨੁੱਖ ਨਹੀਂ ਹੋ ਜਿਹੜੇ ਹਵਾ ਵਿਚ ਲਟਕ ਰਹੇ ਹੋਣ। ਮਨੁੱਖ ਨੂੰ ਆਪਣੀਆਂ ਜੜ੍ਹਾਂ ਦਾ ਅਹਿਸਾਸ ਹੋਣਾ ਜ਼ਰੂਰੀ ਹੈ ਤਾਂ ਹੀ ਉਹ ਆਪਣੇ ਪਰਿਵਾਰ, ਸਮਾਜ, ਭਾਈਚਾਰੇ ਸਭਿਆਚਾਰ ਅਤੇ ਸਾਹਿਤ ਪ੍ਰਤੀ ਵਧੇਰੇ ਯੋਗਦਾਨ ਪਾ ਸਕਦਾ ਹੈ।
ਅੱਜ ਭਾਵੇਂ ਗੁੰਮਟੀਆਂ ਉਤੇ ਦੀਵੇ ਜਗਾਉਣ ਦੀ ਜ਼ਰੂਰਤ ਨਹੀਂ ਰਹਿ ਗਈ ਪਰ ਇਸ ਗੁੰਮਟੀ ਨੁਮਾ ਢੇਰ ਉਤੇ ਮਿੱਟੀ ਪਾਉਂਦਿਆਂ ਇਹ ਅਹਿਸਾਸ ਹੁੰਦਾ ਹੈ ਕਿ ਤੁਸੀਂ ਕਿਸੇ ਮੇਲਾ ਸਿੰਘ, ਕਿਸੇ ਅਮੀਂ ਚੰਦ, ਕਿਸੇ ਵਿਸਾਖੀ, ਕਿਸੇ ਮਹੇਰਸੇ ਅਤੇ ਅੱਗੋਂ ਅਗਿਆਤ ਪੂਰਵਜਾਂ ਦੇ ਵਿਸ਼ਾਲ ਬੋਹੜ ਦੀ ਸ਼ਾਖਾ ਹੋ। ਸ਼ਾਇਦ ਇਹੀ ਅਹਿਸਾਸ ਇਸ ਕਿਸਮ ਦੀਆਂ ਰਸਮਾਂ ਨੂੰ ਜਾਇਜ਼ ਵੀ ਸਿੱਧ ਕਰਦਾ ਹੈ ਅਤੇ ਬਰਕਰਾਰ ਵੀ ਰੱਖ ਰਿਹਾ ਹੈ।
(11-5-1990)
ਚਿੰਤਾ ਕਿਸ ਗੱਲ ਦੀ ਹੈ ?
ਅੱਜ ਕੱਲ ਦੀ ਭੱਜ ਦੌੜ ਵਾਲੀ, ਖ਼ਾਸ ਕਰ ਕੇ ਮਹਾਨਗਰਾਂ ਵਿਚ ਰਹਿਣ ਵਾਲੇ ਲੋਕਾਂ ਦੀ, ਜ਼ਿੰਦਗੀ ਦਾ ਸਭ ਤੋਂ ਵੱਡਾ ਨੁਕਸਾਨ ‘ਚਿੰਤਾ’ ਹੈ । ਇਹ ਚਿੰਤਾ ਹੀ ਹੈ ਜਿਸ ਨੇ ਅੱਧੇ ਤੋਂ ਵੱਧ ਸ਼ਹਿਰੀ ਲੋਕਾਂ ਨੂੰ ਅਜਿਹੇ ਰੋਗੀ ਬਣਾ ਦਿੱਤਾ ਹੈ ਕਿ ਉਨ੍ਹਾਂ ਨੂੰ ਖ਼ੁਦ ਨੂੰ ਨਹੀਂ ਪਤਾ ਕਿ ਉਹ ਰੋਗੀ ਹਨ ।ਜਿਸ ਵੀ ਸ਼ਖ਼ਸ ਨਾਲ ਗੱਲ ਕਰੋ, ਉਹੀ ਕਹੇਗਾ, “ਬਸ ਯਾਰ, ਬਲੱਡ ਪਰੈਸ਼ਰ ਵਧਿਆ ਹੋਇਆ ਹੈ । ਡਾਕਟਰ ਨੇ ਲੂਣ ਘੱਟ ਕਰਨ, ਸੈਰ ਕਰਨ, ਤਲੀਆਂ ਚੀਜ਼ਾਂ ਨਾ ਖਾਣ ਅਤੇ ਚਿੰਤਾ ਨਾ ਕਰਨ ਲਈ ਕਿਹਾ ਹੈ ।” ਪਰ ਜੇ ਪੁੱਛੋ ਕਿ ਤੈਨੂੰ ਭਾਈ ਚਿੰਤਾ ਹੈ ਕਿਸ ਗੱਲ ਦੀ ? ਤਾਂ ਉਤਰ ਮਿਲੇਗਾ, “ਮੈਨੂੰ ਤਾਂ ਕਿਸੇ ਗੱਲ ਦੀ ਚਿੰਤਾ ਨਹੀਂ ”। ਜਾਂ ਫਿਰ ਕੁਝ ਲੋਕ ਬਲੱਡ ਪਰੈਸ਼ਰ ਜਾਂ ਹਾਈਪਰਟੈਨਸ਼ਨ ਦੇ ਸ਼ਿਕਾਰ ਨੂੰ ਕਹਿਣਗੇ: “ਚੰਗਾ ਭਲਾ ਤਾਂ ਤੂੰ ਏਂ। ਚੰਗੀ ਨੌਕਰੀ ਹੈ। ਚੰਗਾ ਪਰਿਵਾਰ ਹੈ । ਬੱਚੇ ਵਿਆਹੇ ਗਏ ਹਨ । ਫਿਰ ਤੈਨੂੰ ਕਿਸ ਗੱਲ ਦੀ ਚਿੰਤਾ ਹੈ ?” ਇਹ ਸਵਾਲ ਸੱਚਮੁੱਚ ਹੀ ਸੋਚਣ ਵਾਲਾ ਹੈ ਕਿ ਆਖ਼ਰ ਏਨੇ ਲੋਕਾਂ ਨੂੰ ਚਿੰਤਾ ਕਿਸ ਗੱਲ ਦੀ ਹੈ ?
ਮੇਰੇ ਮਿੱਤਰ ਸ਼ੌਕੀਨ ਸਿੰਘ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ । ਉਹ ਪੇਸ਼ੇ ਵਜੋਂ ਪੱਤਰਕਾਰ ਸੀ ਅਤੇ ਸ਼ੌਕ ਵਜੋਂ ਨਜ਼ਮਾਂ ਲਿਖਦਾ ਸੀ । ਨਜ਼ਮ ਮੈਨੂੰ ਕੋਈ ਵੀ ਚੇਤੇ ਨਹੀਂ ਰਹਿੰਦੀ । ਪਰ ਉਸ ਦੀ ਇਕ ਨਜ਼ਮ ਦੇ ਭਾਵ ਅਰਥ ਹੁਣ ਤਕ ਵੀ ਚੇਤੇ ਹਨ । ਉਸ ਨੇ ਲਿਖਿਆ ਸੀ ਕਿ ਉਸ ਨੂੰ ਆਪਣੀ ਮਾਂ ਦੇ ਚਿੱਟੇ ਵਾਲਾਂ ਉਤੇ ਲਏ ਚਿੱਟੇ ਓਢਣ ਦੀ ਵੀ ਚਿੰਤਾ ਹੈ ਅਤੇ ਇਸ ਗੱਲ ਦੀ ਵੀ ਚਿੰਤਾ ਹੈ ਕਿ ਰਿਕਸ਼ੇ ਵਿਚ ਬੈਠੀ ਜਾ ਰਹੀ ਮੁਟਿਆਰ ਦੀ ਚੁੰਨੀ ਕਿਤੇ ਰਿਕਸ਼ੇ ਦੇ ਪਹੀਏ ਵਿਚ ਨਾ ਫਸ ਜਾਵੇ । ਇਸ ਤਰ੍ਹਾਂ ਦੀ ਚਿੰਤਾ ਨੂੰ ਸਧਾਰਨ ਵਿਅਕਤੀ ਭਾਵੇਂ ਪ੍ਰਗਟ ਨਾ ਕਰ ਸਕੇ ਪਰ ਕਵੀ ਮਨ ਦੀ ਉਡਾਰੀ ਤਾਂ ਇਸ ਦੀ ਥਾਹ ਪਾ ਹੀ ਸਕਦੀ ਹੈ । ਸੋ ਕਿਸੇ ਵੀ ਨੌਜਵਾਨ ਲਈ ਕਿਸੇ ਵੀ ਮੁਟਿਆਰ ਦਾ ਉਡਦਾ ਲਹਿਰੀਆ ਸਾਈਕਲ ਵਿਚ ਫਸ ਜਾਣਾ ਵੀ ਚਿੰਤਾ ਦਾ ਕਾਰਨ ਬਣ ਸਕਦਾ ਹੈ । ਕਿੰਨੇ ਨੌਜਵਾਨਾਂ ਨੇ ਸੜਕ ਕਿਨਾਰੇ ਖੜ੍ਹ ਕੇ ਸਾਈਕਲ ਦੀ ਚੇਨ ਵਿਚੋਂ ਚੁੰਨੀ ਕੱਢਣ ਦੀ ਕੋਸ਼ਿਸ਼ ਕਰਦੀ ਮੁਟਿਆਰ ਦੀ ਸਹਾਇਤਾ ਕਰਨ ਦਾ ਯਤਨ ਕਰਨ ਦੀ ਇੱਛਾ ਤਾਂ ਕੀਤੀ ਹੋਏਗੀ ਪਰ ਅਜਿਹਾ ਕਰਨ ਦਾ ਹੌਸਲਾ ਨਹੀਂ ਜੁਟਾ ਸਕੇ ਹੋਣਗੇ। ਅਤੇ ਉਨ੍ਹਾਂ ਨੇ ਮਗਰੋਂ ਇਹ ਚਿੰਤਾ ਪਾਲੀ ਹੋਏਗੀ ਕਿ ਉਨ੍ਹਾਂ ਉਸ ਮੁਟਿਆਰ ਦੀ ਸਹਾਇਤਾ ਕਰਨ ਦੀ ਹਿੰਮਤ ਕਿਉਂ ਨਾ ਕਰ ਲਈ ।
ਸਿਆਣੇ ਕਹਿ ਗਏ ਹਨ ਕਿ ਚਿੰਤਾ ਚਿਤਾ ਸਮਾਨ ਹੈ । ਦਿਲ ਦੇ ਰੋਗੀਆਂ ਨੂੰ ਡਾਕਟਰ ਕਹਿੰਦੇ ਹਨ ਕਿ ਭਾਵੇਂ ਘਿਓ ਦਾ ਘੜਾ ਰੁੜ੍ਹ ਜਾਵੇ, ਚਿੰਤਾ ਨਹੀਂ ਕਰਨੀ । ਪਰ ਦਿਲ ਦੇ ਮਰੀਜ਼ਾਂ ਨੂੰ ਹੀ ਕਿਉਂ ? ਜਿਹੜੇ ਹਾਈਪਰਟੈਨਸ਼ਨ ਦੇ ਸ਼ਿਕਾਰ ਹਨ, ਉਨ੍ਹਾਂ ਨੂੰ ਹਰ ਗੱਲ ਦੀ ਚਿੰਤਾ ਤੋਂ ਮੁਕਤ ਹੋਣਾ ਪਏਗਾ। ਉਨ੍ਹਾਂ ਨੂੰ ਇਸ ਗੱਲ ਤੋਂ ਨਿਰਲੇਪ ਹੋਣਾ ਪਏਗਾ ਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਤੋਂ ਕਿਸੇ ਖ਼ਾਸ ਕਿਸਮ ਦੇ ਵਤੀਰੇ ਦੀ ਹੀ ਨਹੀਂ, ਖ਼ਾਸ ਹੱਦ ਤਕ ਆਮਦਨ ਦੀ ਵੀ ਆਸ ਕਰਦਾ ਹੈ ਅਤੇ ਬਹੁਤ ਸਾਰੇ ਸਮੇਂ ਦੀ ਵੀ । ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਘਰ ਵਿਚ ਰਾਸ਼ਨ ਮੁੱਕਿਆ ਹੋਇਆ ਹੈ ਅਤੇ ਬਾਣੀਏ ਨੇ ਉਧਾਰ ਦੇਣ ਤੋਂ ਨਾਂਹ ਕਰ ਦਿੱਤੀ ਹੈ । ਉਨ੍ਹਾਂ ਨੂੰ ਇਸ ਗੱਲ ਦੀ ਵੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਕਿ ਉਨ੍ਹਾਂ ਦਾ ਪੁੱਤਰ ਕਲਾਸ ਵਿਚੋਂ ਫੇਲ੍ਹ ਹੋ ਗਿਆ ਹੈ ਅਤੇ ਅਵਾਰਾਗਰਦੀ ਕਰਨ ਲੱਗ ਪਿਆ ਹੈ । ਇਸ ਗੱਲ ਦੀ ਵੀ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਉਸ ਦੀ ਜਵਾਨ ਧੀ ਗੁਆਂਢੀਆਂ ਦੇ ਮੁੰਡੇ ਨਾਲ ਕੁਝ ਵਧੇਰੇ ਹੀ ਘੁਲ ਮਿਲ ਗਈ ਹੈ। ਇਸ ਗੱਲ ਦਾ ਵੀ ਬੁਰਾ ਨਹੀਂ ਮੰਨਣਾ ਚਾਹੀਦਾ ਕਿ ਉਸਦੀ ਘਰ ਵਾਲੀ ਉਸਦੇ ਹੀ ਕਿਸੇ ਮਿੱਤਰ ਨਾਲ ਯਾਰਾਨਾ ਪਾਈ ਫਿਰਦੀ ਹੈ । ਇਹ ਵੀ ਚਿੰਤਾ ਦਾ ਕਾਰਨ ਨਹੀਂ ਹੋਣਾ ਚਾਹੀਦਾ ਕਿ ਤੁਹਾਡਾ ਬਾਸ ਤੁਹਾਨੂੰ ਬਿਨਾਂ ਕਾਰਨ, ਬਸ ਬੇਇੱਜ਼ਤ ਕਰਨ ਲਈ ਹੀ, ਤੁਹਾਡੇ ਕੰਮ ਵਿਚ ਨੁਕਸ ਕੱਢ ਰਿਹਾ ਹੈ ਅਤੇ ਡਾਂਟ ਰਿਹਾ ਹੈ । ਇਸ ਵੀ ਚਿੰਤਾ ਦਾ ਵਿਸ਼ਾ ਨਹੀਂ ਹੈ ਕਿ ਸਾਲਾਂ ਤੋਂ ਤੁਸੀ ਤਾਂ ਕਲਰਕ ਹੀ ਬੈਠੇ ਹੋ ਅਤੇ ਤੁਹਾਡੇ ਨਾਲ ਦਾ ਸਾਥੀ ਤੱਰਕੀ ਕਰ ਕੇ ਸੁਪਰਡੈਂਟ ਬਣ ਗਿਆ ਹੈ। ਫਿਰ ਇਸ ਗੱਲ ਦੀ ਤਾਂ ਚਿੰਤਾ ਬਿਲਕੁਲ ਹੀ ਨਹੀਂ ਹੋਣੀ ਚਾਹੀਦੀ ਕਿ ਤੁਹਾਡੀ ਨਾਲ ਵਾਲੀ ਸੀਟ ਉਤੇ ਬੈਠਾ ਤੁਹਾਡਾ ਸਾਥੀ ਕਿੰਨੇ ਖੁੱਲੇ ਦਿਲ ਨਾਲ ਰਿਸ਼ਵਤ ਲੈਂਦਾ ਹੈ ਅਤੇ ਤੁਸੀਂ ਸੋਚਦੇ ਰਹਿੰਦੇ ਹੋ ਕਿ ਕਾਸ਼ ਤੁਸੀਂ ਵੀ ਇਸ ਤਰ੍ਹਾਂ ਕਰ ਸਕਦੇ ।
ਚਿੰਤਾ ਦੇ ਕਈ ਕਾਰਨ ਹੋ ਸਕਦੇ ਹਨ । ਕੁਝ ਜ਼ਾਹਰਾ ਅਤੇ ਕੁਝ ਲੁਕਵੇਂ । ਕੁਝ ਸਾਲ ਪਹਿਲਾਂ ਮੈ ਕਿਤੇ ਪੜ੍ਹਿਆ ਸੀ ਕਿ ਇਕ ਬਜ਼ੁਰਗ ਅੰਗਰੇਜ਼ ਔਰਤ ਨੂੰ ਉਸ ਸਮੇਂ ਬਲੱਡ ਪਰੈਸ਼ਰ ਦੀ ਤਕਲੀਫ਼ ਵਧ ਜਾਂਦੀ ਸੀ ਜਦੋਂ ਉਸ ਦੀ ਸਹੇਲੀ ਉਸਨੂੰ ਦਸਦੀ ਸੀ ਕਿ ਉਸ ਦੀ ਪੋਤਰੀ ਲਈ ਕਿਸ ਕਿਸ ਅਮੀਰਜ਼ਾਦੇ ਨੇ ਵਿਆਹ ਦਾ ਪ੍ਰਸਤਾਵ ਭੇਜਿਆ ਹੈ। ਕਿਸੇ ਮਨੋਵਿਗਿਆਨੀ ਨੇ ਘੋਖ ਕਰ ਕੇ ਸਿੱਟਾ ਕੱਢਿਆ ਕਿ ਉਸ ਦੀ ਆਪਣੀ ਪੋਤੀ ਬਹੁਤੀ ਸੁੰਦਰ ਨਹੀਂ ਸੀ ਅਤੇ ਉਸ ਨੂੰ ਮਿਲਣ ਵਾਲੇ ਪ੍ਰੇਮੀ ਉਸ ਦੀ ਸਹੇਲੀ ਦੀ ਪੋਤੀ ਦੇ ਪ੍ਰੇਮੀਆਂ ਨਾਲੋਂ ਨਾ ਸਿਰਫ਼ ਘੱਟ ਸੁੰਦਰ ਹੀ ਹੁੰਦੇ ਸਨ ਸਗੋਂ ਘੱਟ ਅਮੀਰ ਵੀ ਸਨ । ਇਕ ਹੋਰ ਔਰਤ ਨੂੰ ਜਨਵਰੀ ਦੇ ਮਹੀਨੇ ਦੌਰਾਨ ਚਿੰਤਾ ਵਧ ਜਾਇਆ ਕਰਦੀ ਸੀ । ਖੋਜ ਕਰਨ ‘ਤੇ ਪਤਾ ਲੱਗਾ ਕਿ ਕਈ ਸਾਲ ਪਹਿਲਾਂ ਜਨਵਰੀ ਵਿਚ ਉਸ ਦੇ ਪਤੀ ਦੀ ਇਕ ਹਾਦਸੇ ਵਿਚ ਮੌਤ ਹੋ ਗਈ ਸੀ ਅਤੇ ਇਸ ਲਈ ਅਵਚੇਤਨ ਮਨ ਵਿਚ ਜਨਵਰੀ ਦਾ ਖ਼ੌਫ਼ ਬੈਠ ਗਿਆ ਸੀ ।ਚਿੰਤਾ ਦੇ ਕਾਰਨਾਂ ਦੀ ਵਿਆਖਿਆ ਕਰਨਾ ਬਹੁਤ ਮੁਸ਼ਕਲ ਹੈ । ਜੇ ਤੁਹਾਡਾ ਕੋਈ ਪਿਆਰਾ ਖਾੜੀ ਜੰਗ ਦੌਰਾਨ ਖਾੜੀ ਖੇਤਰ ਵਿਚ ਸੀ ਤਾਂ ਤੁਸੀਂ ਚਿੰਤਤ ਹੋ । ਤੁਹਾਡਾ ਪੁੱਤਰ ਬਾਜ਼ਾਰ ਗਿਆ ਲੇਟ ਹੋ ਗਿਆ ਹੈ ਤਾਂ ਤੁਹਾਨੂੰ ਚਿੰਤਾ ਹੈ । ਜੇ ਤੁਹਾਡੀ ਬੀਵੀ ਨੇ ਘਰ ਦੇ ਖ਼ਰਚੇ ਬਜਟ ਨਾਲੋਂ ਵਧਾ ਲਏ ਹਨ ਤਾਂ ਚਿੰਤਾ ਵਧਦੀ ਹੈ । ਜੇ ਤੁਸੀਂ ਕਿਤੇ ਜਾਣਾ ਚਾਹੁੰਦੇ ਹੋਏ ਜਾ ਨਹੀਂ ਸਕੇ ਤਾਂ ਚਿੰਤਾ ਹੋ ਜਾਂਦੀ ਹੈ । ਕੋਈ ਅਣਚਾਹਿਆ ਮਹਿਮਾਨ ਆ ਟਪਕੇ ਤਾਂ ਵੀ ਚਿੰਤਾ ਵਧਦੀ ਹੈ । ਬਿਜਲੀ ਜਾਂ ਪਾਣੀ ਦਾ ਬਿਲ ਨਹੀਂ ਦਿੱਤਾ ਤਾਂ ਚਿੰਤਾ ਹੈ ।ਜੇ ਉਹ ਸਿਆਸੀ ਪਾਰਟੀ, ਜਿਸ ਨਾਲ ਤੁਸੀਂ ਕਈ ਸਾਲ ਜੁੜੇ ਰਹੇ ਹੋਵੇ, ਕੁਰਾਹੇ ਪੈ ਜਾਵੇ ਤਾਂ ਵੀ ਚਿੰਤਾ ਹੁੰਦੀ ਹੈ । ਬੱਚੇ ਦਾ ਸਕੂਲ ਵਿਚ ਦਾਖ਼ਲਾ ਨਹੀਂ ਹੋਇਆ ਤਾਂ ਵੀ ਚਿੰਤਾ ਦਾ ਵਿਸ਼ਾ ਹੈ।
ਦਾਖ਼ਲਿਆਂ ਤੋਂ ਚਾਰ ਮਹੀਨੇ ਪਹਿਲਾਂ ਮੈਂ ਘਰ ਵਾਲੀ ਨਾਲ ਹਿੱਕ ਉਤੇ ਹੱਥ ਮਾਰ ਕੇ ਵਾਅਦਾ ਕਰ ਲਿਆ ਕਿ ਉਸ ਦੀ ਪਸੰਦ ਦੇ ਸਕੂਲ ਵਿਚ ਬੱਚੀ ਦਾ ਦਾਖ਼ਲਾ ਕਰਵਾ ਦੇਵਾਂਗਾ। ਅਪਰੈਲ ਦੇ ਸ਼ੁਰੂ ਵਿਚ ਜਦੋਂ ਸਕੂਲ ਵਿਚ ਗਿਆ ਤਾਂ ਪ੍ਰਿੰਸੀਪਲ ਨੇ ਕਿਹਾ ਕਿ ਦਾਖ਼ਲੇ ਤਾਂ ਦਸੰਬਰ ਵਿਚ ਹੋ ਗਏ ਹਨ । ਹੁਣ ਭਾਵੇਂ ਟੁੰਡੀ ਲਾਟ ਦੀ ਸਿਫ਼ਾਰਸ਼ ਕਰਵਾ ਲਵੋ, ਦਾਖ਼ਲਾ ਨਹੀਂ ਹੋਣਾ । ਚਿੰਤਾ ਦਾਖ਼ਲਾ ਨਾ ਹੋਣ ਦੀ ਵੀ ਸੀ ਅਤੇ ਪਤਨੀ ਦੀਆਂ ਨਘੋਚਾਂ ਦੀ ਵੀ ।
ਰੂਸ ਵਿਚ ਪੇਰੇਸਤਰੋਇਕਾ ਅਤੇ ਗਲਾਸਨੋਸਤ ਸਫਲ ਹੋਵੇਗਾ ਕਿ ਨਹੀਂ ? ਸਾਂਝੀ ਜਰਮਨੀ ਕਿਤੇ ਇਕ ਵਾਰੀ ਫ਼ੇਰ ਫ਼ਾਸ਼ੀਵਾਦ ਦੇ ਰਾਹ ਉਤੇ ਤਾਂ ਨਹੀਂ ਤੁਰ ਪਏਗੀ ? ਕੁਰਦਾਂ ਉਤੇ ਸੱਦਾਮ ਦੀਆਂ ਫੌਜਾਂ ਕਿੰਨਾ ਕੁ ਜ਼ੁਲਮ ਢਾਹੁਣਗੀਆਂ ? ਫਲਸਤੀਨੀਆਂ ਨੂੰ ਉਨ੍ਹਾਂ ਦਾ ਵੱਖਰਾ ਦੇਸ਼ ਮਿਲੇਗਾ ਜਾਂ ਨਹੀਂ ? ਖਾੜੀ ਜੰਗ ਦੀ ਸਫ਼ਲਤਾ ਤੋਂ ਬਾਅਦ ਅਮਰੀਕਾ ਕਿਤੇ ਸੰਸਾਰ ਦਾ ਦਸ ਨੰਬਰੀਆ ਤਾਂ ਨਹੀਂ ਬਣ ਜਾਏਂਗਾ ? ਜੇ ਸੰਸਾਰ ਦੇ ਸਾਰੇ ਹਥਿਆਰ ਚਲ ਜਾਣ ਤਾਂ ਕੀ ਹੋਏਗਾ ? ਚੀਨ ਵਿਚ ਜਮਹੂਰੀਅਤ ਲਾਗੂ ਹੋਏਗੀ ਜਾਂ ਨਹੀਂ ? ਓਰਤੇਗਾ ਦਾ ਕੀ ਬਣੇਗਾ ? ਇਦੀ ਅਮੀਨ ਅੱਜ ਕੱਲ ਕਿਥੇ ਹੈ ? ਫੀਦਲ ਕਾਸਤਰੋ ਨੂੰ ਸਿਗਾਰ ਪੀਣ ਨਾਲ ਕਿਤੇ ਕੈਂਸਰ ਤਾਂ ਨਹੀਂ ਹੋ ਜਾਏਗਾ ? ਇਰਵਿੰਗ ਵਾਲੇਸ ਦੀ ਮੌਤ ਦਾ ਖੱਪਾ ਕੌਣ ਪੂਰੇਗਾ ? ਇਹ ਸਾਰੇ ਸਵਾਲ ਵੀ ਚਿੰਤਾ ਵਿਚ ਵਾਧਾ ਕਰਦੇ ਹਨ ।
ਭਾਰਤ ਵਿਚ ਜਮਹੂਰੀਅਤ ਦਾ ਭਵਿੱਖ ਕੀ ਹੋਵੇਗਾ ? ਮੰਡਲ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦਾ ਲਾਭ ਹੋਏਗਾ ਜਾਂ ਹਾਨੀ ? ਮਹਿਰਾਣਾ ਵਿਚ ਦੋ ਨੌਜਵਾਨਾਂ ਤੇ ਇਕ ਮੁਟਿਆਰ ਨੂੰ ਦਿੱਤੀ ਗਈ ਫ਼ਾਂਸੀ ਦਾ ਬਾਕੀ ਸਮਾਜ ਉਤੇ ਕੀ ਭਾਵ ਪਏਗਾ ? ਪੱਛਮੀ ਬੰਗਾਲ ‘ਚ ਸੀ.ਪੀ.ਐਮ. ਦੀ ਸਰਕਾਰ ਮੁੜ ਬਣ ਸਕੇਗੀ ਕਿ ਨਹੀਂ ? ਪੰਜਾਬ ਵਿਚ ਚੋਣਾਂ ਹੋਣਗੀਆਂ ਵੀ ਜਾਂ ਨਹੀਂ ? ਅਗਲਾ ਪ੍ਰਧਾਨ ਮੰਤਰੀ ਕੌਣ ਹੋਏਗਾ ? ਕਿਤੇ ਭਾਰਤੀ ਜਨਤਾ ਪਾਰਟੀ ਤਾਂ ਨਹੀਂ ਜਿੱਤ ਜਾਏਗੀ ? ਭਾਰਤ ਤੋਂ ਵਿਦੇਸ਼ੀ ਕਰਜ਼ਿਆਂ ਦਾ ਭਾਰ ਕਿਵੇਂ ਹਲਕਾ ਹੋਏਗਾ ? ਭਾਰਤ ਦੀ ਗ਼ਰੀਬੀ ਕਿਵੇਂ ਦੂਰ ਹੋਏਗੀ? ਇਹ ਅਤੇ ਇਸ ਤਰ੍ਹਾਂ ਦੇ ਮਸਲੇ ਵੀ ਚਿੰਤਾ ਹੀ ਵਧਾਉਂਦੇ ਹਨ।
ਮਾਂ ਦੀ ਬਿਮਾਰੀ ਕਦੋਂ ਠੀਕ ਹੋਏਗੀ ? ਗੁਆਂਢਣ ਨੇ ਕਾਲੇ ਰੰਗ ਦੇ ਚਸ਼ਮੇ ਦੀ ਵਰਤੋਂ ਕਿਉਂ ਸ਼ੁਰੂ ਕਰ ਦਿੱਤੀ ਹੈ ? ਗੁਆਂਢੀ ਦੀ ਬਿਮਾਰੀ ਦੀ ਹਾਲਤ ਵਿਚ ਉਸ ਦੇ ਘਰ ਦਾ ਖ਼ਰਚਾ ਕਿਵੇਂ ਤੁਰੇਗਾ ? ਮਰ ਗਏ ਬੰਦੇ ਦੀ ਵਿਧਵਾ ਅਤੇ ਇਕਲੌਤੀ ਧੀ ਦਾ ਗੁਜ਼ਾਰਾ ਕਿਵੇਂ ਚਲੇਗਾ? ਹਰ ਰੋਜ਼ ਬੱਸ ਅੱਡੇ ਉਤੇ ਮਿਲਣ ਵਾਲੀ ਕੁੜੀ ਅੱਜ ਦਿਖਾਈ ਕਿਉਂ ਨਹੀਂ ਦਿੱਤੀ ? ਮਹਿਬੂਬ ਕੁੜੀ ਏਨੇ ਦਿਨਾਂ ਤੋਂ ਕਿਉਂ ਨਹੀਂ ਮਿਲੀ ? ਪਤਨੀ ਨਾਲ ਸਬੰਧਾਂ ਵਿਚ ਠੰਢਾਪਣ ਕਿਉਂ ਆ ਗਿਆ ਹੈ ? ਦੂਰ ਛੱਤ ਉਤੇ ਜਿਹੜੀ ਸਾੜ੍ਹੀ ਸੁੱਕ ਰਹੀ ਹੈ ਉਸ ਨੂੰ ਪਹਿਨਣ ਵਾਲੀ ਔਰਤ ਕਿਸ ਤਰ੍ਹਾਂ ਦੀ ਹੋਵੇਗੀ ? ਜਿਸ ਕੁੜੀ ਦਾ ਟੈਲੀਫੋਨ ਅਚਨਚੇਤ ਤੁਹਾਡੇ ਟੈਲੀਫੋਨ ਨਾਲ ‘ਅੜ’ ਗਿਆ ਹੈ ਉਸ ਨਾਲ ਮੁਲਾਕਾਤ ਹੋ ਸਕੇਗੀ ਕਿ ਨਹੀਂ ? ਪਿਛਲੇ ਦਿਨਾਂ ਤੋਂ ਦਾੜ੍ਹੀ ਨਹੀਂ ਰੰਗੀ ਗਈ, ਕੀ ਇਸ ਨਾਲ ਅਸਲੀ ਉਮਰ ਤਾਂ ਦਿਖਾਈ ਨਹੀਂ ਦੇਣ ਲੱਗ ਪਈ ? ਨਹਾਉਂਦੇ ਸਮੇਂ ਕਿਤੇ ਤਿਲਕ ਤਾਂ ਨਹੀਂ ਜਾਵਾਂਗਾ ?
ਕਿੰਨੇ ਮਸਲੇ ਹਨ ਜਿਨ੍ਹਾਂ ਬਾਰੇ ਚਿੰਤਾ ਹੋ ਸਕਦੀ ਹੈ ਤੇ ਹੁੰਦੀ ਹੈ ।
ਫਿਰ ਵੀ ਜਦੋਂ ਕੋਈ ਪੁੱਛਦਾ ਹੈ ਕਿ ਤੈਨੂੰ ਕਿਸ ਗੱਲ ਦੀ ਚਿੰਤਾ ਹੈ ਤਾਂ ਕੋਈ ਇਕ ਜਵਾਬ ਦੇਣਾ ਮੁਸ਼ਕਲ ਹੁੰਦਾ ਹੈ ।
ਕਿਸ ਗੱਲ ਦੀ ਚਿੰਤਾ ਹੈ ? ਕਿਸੇ ਗੱਲ ਦੀ ਵੀ ਤਾਂ ਨਹੀਂ । ਘੱਟੋ ਘੱਟ ਲਗਦਾ ਤਾਂ ਨਹੀਂ ਕਿ ਕਿਸੇ ਗੱਲ ਦੀ ਚਿੰਤਾ ਹੈ । ਫਿਰ ਵੀ ਚਿੰਤਾ ਤਾਂ ਹੈ ਅਤੇ ਕਈ ਮਸਲਿਆਂ ਦੀ ਹੈ । ਕਿਸ ਕਿਸ ਮਸਲੇ ਦਾ ਜ਼ਿਕਰ ਕਰੀਏ । ਸਵਾਲ ਤਾਂ ਸਿਰਫ਼ ਇਹ ਹੈ ਕਿ ਤੁਸੀਂ ਚਿੰਤਾ ਕਿਸ ਗੱਲ ਦੀ ਕਰਦੇ ਹੋ ?
ਜਵਾਬ ਇਹ ਹੈ ਕਿ ਸਾਨੂੰ ਤਾਂ ਸਾਰੇ ਜਹਾਨ ਦੀ ਚਿੰਤਾ ਹੈ । ਸਾਨੂੰ ਤਾਂ ਸਾਈਕਲ ਉਤੇ ਜਾਂਦੀ ਹਰ ਉਸ ਕੁੜੀ ਦੀ ਚਿੰਤਾ ਹੈ ਜਿਸ ਦੀ ਚੁੰਨੀ ਕਿਸੇ ਸਮੇਂ ਵੀ ਸਾਈਕਲ ਦੀ ਚੇਨ ਵਿਚ ਫਸ ਸਕਦੀ ਹੈ ।
ਪਰ ਆਖ਼ਰ ਚਿੰਤਾ ਹੈ ਕਿਸ ਗੱਲ ਦੀ ? ਸਵਾਲ ਤਾਂ ਫਿਰ ਵੀ ਕਾਇਮ ਹੈ ।
(26-4-1991)
ਸੁੱਖ ਤੇ ਚੈਨ ਚੋਰ ਨਹੀਂ ਲਿਜਾਂਦੇ
ਗਲਾਸ ਦੇ ਅੱਧੇ ਖ਼ਾਲੀ ਹੋਣ ਤੇ ਅੱਧੇ ਭਰੇ ਹੋਣ ਤੋਂ ਲੋਕਾਂ ਦੇ ਵਤੀਰੇ ਦਾ ਪਤਾ ਲਾਉਣ ਦੀ ਗਾਥਾ ਕਈਆਂ ਨੇ ਸੁਣੀ ਹੋਏਗੀ। ਜੇ ਕੋਈ ਬੰਦਾ ਕਹੇ ਕਿ ਗਲਾਸ ਅੱਧਾ ਖ਼ਾਲੀ ਹੈ ਤਾਂ ਉਸ ਦਾ ਨਜ਼ਰੀਆ ਨਿਰਾਸ਼ਾਵਾਦੀ ਸਮਝਿਆ ਜਾਂਦਾ ਹੈ । ਜੇ ਕੋਈ ਕਹੇ ਕਿ ਗਲਸ ਅੱਧਾ ਭਰਿਆ ਹੋਇਆ ਹੈ ਤਾਂ ਉਸ ਨੂੰ ਆਸ਼ਾਵਾਦੀ ਕਿਹਾ ਜਾਂਦਾ ਹੈ । ਕਿਸੇ ਵੀ ਹਾਲਤ ਬਾਰੇ ਜਿਸ ਤਰ੍ਹਾਂ ਦਾ ਨਜ਼ਰੀਆ ਕੋਈ ਸ਼ਖ਼ਸ ਰਖਦਾ ਹੈ ਉਸੇ ਤੋਂ ਪਤਾ ਲਗਦਾ ਹੈ ਕਿ ਜ਼ਿੰਦਗੀ ਪ੍ਰਤੀ ਉਸ ਦਾ ਕੀ ਵਤੀਰਾ ਹੈ।
ਸਾਡੇ ਇਕ ਮਿੱਤਰ ਪਰਿਵਾਰ ਦੇ ਘਰ ਉਦੋਂ ਚੋਰੀ ਹੋ ਗਈ ਜਦੋਂ ਉਹ ਘਰ ਬੰਦ ਕਰਕੇ ਕਿਤੇ ਬਾਹਰ ਗਏ ਹੋਏ ਸਨ । ਚੋਰਾਂ ਨੇ ਦੋ ਦਿਨ ਤਾਂ ਖੂਬ ਐਸ਼ ਕੀਤੀ ।ਵਿਦੇਸ਼ੀ ਵਿਸਕੀ ਪੀਤੀ। ਅੰਡੇ ਉਬਾਲ ਉਬਾਲ ਕੇ ਖਾਧੇ । ਮਜ਼ੇ ਨਾਲ ਸਾਰਾ ਸਾਮਾਨ ਫਰੋਲਿਆ ਅਤੇ ਆਖ਼ਰਕਾਰ ਕਾਫ਼ੀ ਸਾਰਾ ਕੀਮਤੀ ਸਾਮਾਨ ਲੈ ਕੇ ਤੁਰਦੇ ਬਣੇ । ਮਿੱਤਰ ਪਰਿਵਾਰ ਜਦੋਂ ਪਰਤਿਆ ਤਾਂ ਘਰ ਦਾ ਹੁਲੀਆ ਦੇਖ ਕੇ ਹੱਥਾਂ ਦੇ ਤੋਤੇ ਉਡ ਗਏ । ਕੁਝ ਦਿਨ ਤਕ ਕਾਫ਼ੀ ਉਦਾਸੀ ਵਾਲਾ ਮਾਹੌਲ ਬਣਿਆ ਰਿਹਾ । ਪੁਲੀਸ ਪਾਸ ਰਿਪੋਰਟ ਲਿਖਵਾਈ ਤਾਂ ਛੋਟਾ ਥਾਣੇਦਾਰ ਤਫ਼ਤੀਸ਼ ਕਰਨ ਆਇਆ। ਉਹ ਦੋ ਵਿਦੇਸ਼ੀ ਗਲਾਸ ਵੀ ਚੁੱਕ ਕੇ ਲੈ ਗਿਆ ਜਿਨ੍ਹਾਂ ਵਿਚ ਚੋਰਾਂ ਨੇ ਸ਼ਰਾਬ ਪੀਤੀ ਸੀ । ਬਾਕੀ ਬਚਦੀ ਸ਼ਰਾਬ ਵੀ, ਬੋਤਲ ਸਮੇਤ ਹੀ, ਉਸ ਨੇ ਚੁੱਕ ਲਈ ਅਤੇ ਕੁਝ ਨਕਦੀ ਉਸ ਨੇ ‘ਤਫ਼ਤੀਸ਼’ ਦੇ ‘ਖ਼ਰਚੇ’ ਵਜੋਂ ਲੈ ਲਈ।
ਕੁਝ ਦਿਨਾਂ ਵਿਚ ਚੋਰੀ ਦੇ ਅਫ਼ਸੋਸ ਦਾ ਪਹਿਲਾ ਝਟਕਾ ਜਾਂਦਾ ਰਿਹਾ ਤਾਂ ਪਰਿਵਾਰ ਨੇ ਚੋਰੀ ਨੂੰ ਠੱਠੇ ਦਾ ਬਹਾਨਾ ਬਣਾ ਲਿਆ । ਜਿਹੜੀ ਚੀਜ਼ ਵੀ ਘਰ ਵਿਚ ਨਾ ਲੱਭੇ ਉਸੇ ਨੂੰ ‘ਖ਼ਬਰੇ ਚੋਰ ਲੈ ਗਏ ਹੋਣ’ ਆਖ ਕੇ ਦੋਵੇਂ ਜੀਅ ਹੱਸ ਛੱਡਿਆ ਕਰਨ । ਉਨ੍ਹਾਂ ਦਾ ਇਹ ‘ਚੋਰ ਲੈ ਗਏ’ ਦਾ ਸਿਲਸਿਲਾ ਕਈ ਦਿਨ੍ਹਾਂ ਤਕ ਚਲਦਾ ਰਿਹਾ ਅਤੇ ਉਨ੍ਹਾਂ ਨੇ ਨਿਰਾਸ਼ਾਮਈ ਮਾਹੌਲ ਨੂੰ ਆਸਵੰਦ ਮਾਹੌਲ ਵਿਚ ਤਬਦੀਲ ਕਰ ਲਿਆ । ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ ਜਿਹੜੇ ਨੁਕਸਾਨ ਨੂੰ ਵੀ ਜ਼ਿੰਦਗੀ ਲਈ ਹਾਸੇ ਦੇ ਮਸਾਲੇ ਵਿਚ ਬਦਲ ਲੈਣ। ਵਰਨਾ ਬਹੁਤੇ ਤਾਂ ਲਗਾਤਾਰ ਝੁਰੀ ਹੀ ਜਾਂਦੇ ਹਨ ।
ਅੰਗਰੇਜ਼ੀ ਵਿਚ ਇਕ ਸ਼ਬਦ ਆਮ ਵਰਤਿਆ ਜਾਂਦਾ ਹੈ ਜਿਸ ਦੇ ਅਰਥ ਹਨ ‘ਨਾ ਦਰੁਸਤ ਹੋਣ ਵਾਲਾ ਆਸਵੰਦ ਵਿਅਕਤੀ’, ਅਰਥਾਤ ਅਜਿਹਾ ਵਿਅਕਤੀ ਜਿਸ ਨੇ ਕਦੇ ਨਿਰਾਸ਼ਾ ਦਾ ਮੂੰਹ ਨਹੀਂ ਦੇਖਿਆ ਅਤੇ ਕਦੇ ਵੀ ਨਿਰਾਸ਼ਾ ਨੂੰ ਆਪਣੇ ਆਪ ਉਤੇ ਹਾਵੀ ਨਹੀਂ ਹੋਣ ਦਿੱਤਾ । ਘੋਰ ਹਨੇਰੇ ਵਿਚ ਵੀ ਅਜਿਹਾ ਬੰਦਾ ਕਿਤੇ ਨਾ ਕਿਤੇ ਰੌਸ਼ਨੀ ਦੀ ਕਿਰਨ ਦੀ ਆਸ ਕਰਦਾ ਹੈ ਅਤੇ ਔਖੇ ਤੋਂ ਔਖੇ ਮਰਹਲੇ ਉਤੇ ਵੀ ਹਿੰਮਤ ਨਹੀਂ ਹਾਰਦਾ । ਹੈਮਿੰਗਵੇ ਦੇ ਨਾਵਲ ‘ਬੁੱਢਾ ਤੇ ਸਮੁੰਦਰ’ ਵਿਚਲਾ ਬੁੱਢਾ ਅਜਿਹਾ ਹੀ ਇਕ ਸਿਰੜੀ ਮਛੇਰਾ ਹੈ ਜਿਹੜਾ ਅੰਤਮ ਸਾਹਾਂ ਤੱਕ ਸੰਘਰਸ਼ ਕਰਦਾ ਹੈ ਅਤੇ ਪ੍ਰਕਿਰਤੀ ਨਾਲ ਆਢਾ ਲੈਂਦਾ ਹੈ ।
ਇਸ ਤਰ੍ਹਾਂ ਦੇ ਆਸ਼ਾਵਾਦੀ ਚਰਿੱਤਰ ਵਾਲੇ ਵਿਅਕਤੀਆਂ ਦੀ ਕਦੇ ਵੀ ਕਮੀ ਨਹੀਂ ਰਹੀ । ਸੁੰਦਰ ਲਾਲ ਬਹੂਗੁਣਾ ਪਿਛਲੀ ਅੱਧੀ ਸਦੀ ਤੋਂ ਇਨ੍ਹਾਂ ਯਤਨਾਂ ਵਿਚ ਲੱਗਾ ਹੋਇਆ ਹੈ ਕਿ ਦੇਸ਼ ਅੰਦਰ ਦਰਖ਼ਤਾਂ ਦੀ ਕਟਾਈ ਰੋਕਣੀ ਹੈ ਅਤੇ ਵਾਤਾਵਰਨ ਦੇ ਤਵਾਜ਼ਨ ਨੂੰ ਹਰ ਹਾਲਤ ਵਿਚ ਕਾਇਮ ਰੱਖਣਾ ਹੈ । ਮੇਧਾ ਪਟਕਰ ਪਿਛਲੇ ਕਈ ਸਾਲਾਂ ਤੋਂ ਡੈਮ ਦੀ ਉਸਾਰੀ ਵਿਰੁੱਧ ਉਨ੍ਹਾਂ ਲੋਕਾਂ ਦੇ ਸੰਘਰਸ਼ ਦੀ ਅਗਵਾਈ ਕਰਦੀ ਆ ਰਹੀ ਹੈ ਜਿਨ੍ਹਾਂ ਨੂੰ ਇਸ ਡੈਮ ਦੇ ਚਾਲੂ ਹੋਣ ਨਾਲ ਉਜੜਣਾ ਪੈਣਾ ਹੈ । ਸ਼ੰਕਰ ਗੂਹਾ ਨਿਓਗੀ ਨੇ ਕੁਝ ਸਾਲਾਂ ਵਿਚ ਹੀ ਛੱਤੀਸਗੜ੍ਹ ਦੇ ਇਲਾਕੇ ਵਿਚ ਮਜ਼ਦੂਰਾਂ ਨੂੰ ਇਸ ਤਰ੍ਹਾਂ ਲਾਮਬੰਦ ਕੀਤਾ ਕਿ ਉਨ੍ਹਾਂ ਦਾ ਮਸੀਹਾ ਹੋ ਨਿਬੜਿਆ । ਸਭ ਦੀ ਸ਼ਰਾਬ ਛੱਡਾ ਦਿੱਤੀ ਤਾਂ ਸ਼ਰਾਬ ਦੇ ਠੇਕੇਦਾਰ ਤਾਂ ਕੀ, ਸਰਕਾਰ ਵੀ ਉਸ ਦੇ ਖ਼ਿਲਾਫ਼ ਹੋ ਗਈ । ਮਜ਼ਦੂਰਾਂ ਦੀ ਲੁੱਟ ਵਿਰੁੱਧ ਸੰਘਰਸ਼ ਵਿਚ ਉਸ ਨੇ ਕਦੀ ਆਸ ਦਾ ਪੱਲਾ ਨਹੀਂ ਛੱਡਿਆ ਭਾਵੇਂ ਆਖ਼ਰਕਾਰ ਪੂੰਜੀਪਤੀ ਤਾਕਤਾਂ ਹੱਥੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਤਾਮਿਲਨਾਡੂ ਅਤੇ ਕਰਨਾਟਕ ਦੇ ਜੰਗਲਾਂ ਵਿਚ ਹਾਥੀ ਦੰਦ ਅਤੇ ਚੰਦਨ ਦੀ ਲੱਕੜੀ ਦੀ ਸਮਗਲਿੰਗ ਕਰਨ ਵਾਲੇ ਬਦਨਾਮ ਸਮਗਲਰ ਵੀਰੱਪਨ ਨੂੰ ਗਿ੍ਫ਼ਤਾਰ ਕਰਨ ਲਈ ਜੰਗਲਾਤ ਅਧਿਕਾਰੀ ਸਿਰੀਵਾਸਤਵ ਨੇ ਜਾਨ ਦੀ ਬਾਜ਼ੀ ਲਾ ਦਿੱਤੀ ।
ਇਸ ਤਰ੍ਹਾਂ ਦੀਆਂ ਅਨੇਕਾਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ ਜਿਥੇ ਲੋਕਾਂ ਨੇ ਆਪਣੇ ਸਿਰੜ ਨਾਲ ਵੱਡੇ ਕਾਰਨਾਮੇ ਕਰ ਦਿਖਾਏ ਹਨ । ਜਿਨ੍ਹਾਂ ਲੋਕਾਂ ਨੇ ਆਸ ਦਾ ਪੱਲਾ ਫੜੀ ਰੱਖਿਆ ਹੈ ਉਨ੍ਹਾਂ ਨੇ ਹੀ ਮੰਜ਼ਲਾਂ ਨੂੰ ਤੈਅ ਕੀਤਾ ਹੈ । ਐਡਮੰਡ ਹਿਲੇਰੀ ਅਤੇ ਸ਼ੇਰਪਾ ਤੇਨਜ਼ਿੰਗ ਨੇ ਕਿੰਨੀ ਵਾਰੀ ਯਤਨ ਕਰਨ ਮਗਰੋਂ ਮਾਊਂਟ ਐਵਰਸੈਟ ਸਰ ਕੀਤੀ ਸੀ। ਰਾਈਟ ਭਰਾਵਾਂ ਨੇ ਕਿੰਨੇ ਯਤਨਾਂ ਨਾਲ ਪਹਿਲਾ ਹਵਾਈ ਜਹਾਜ਼ ਤਿਆਰ ਕੀਤਾ ਸੀ। ਐਡੀਸਨ ਨੇ ਕਿੰਨੀ ਮਿਹਨਤ ਨਾਲ ਵਿਗਿਆਨ ਦੀਆਂ ਕਾਢਾਂ ਕੱਢੀਆਂ ਸਨ ਜਿਹੜੀਆਂ ਅੱਜ ਸਾਡੀ ਜ਼ਿੰਦਗੀ ਦੀਆਂ ਮੂਲ ਸਹੂਲਤਾਂ ਹਨ ।
ਇਨ੍ਹਾਂ ਸਾਰੀਆਂ ਇਤਿਹਾਸਕ ਗੱਲਾਂ ਦਾ ਜ਼ਿਕਰ ਸਕੂਲਾਂ ਵਿਚ ਅਕਸਰ ਕੀਤਾ ਜਾਂਦਾ ਹੈ ਤਾਂ ਕਿ ਬੱਚਿਆਂ ਵਿਚ ਨਿਰਾਸ਼ਾ ਪੈਦਾ ਨਾ ਹੋਵੇ ਸਗੋਂ ਉਹ ਆਸ਼ਾਵਾਦੀ ਬਣਨ। ਅਜਿਹਾ ਕਰਕੇ ਹੀ ਉਹ ਆਉਣ ਵਾਲੇ ਸਮੇਂ ਵਿਚਲੇ ਸੰਸਾਰ ਵਿਚ ਵਿਚਰ ਸਕਣਗੇ। ਅਤੇ ਇਹ ਗੱਲ ਕਿਸੇ ਤੋਂ ਲੁਕੀ ਹੋਈ ਨਹੀਂ ਕਿ ਅਗਲੇ ਵੀਹਾਂ, ਤੀਹਾਂ ਜਾਂ ਚਾਲੀਆਂ ਸਾਲਾਂ ਤਕ ਇਹ ਸੰਸਾਰ ਕਿਸ ਤਰ੍ਹਾਂ ਦਾ ਸੰਤਾਪ ਭੋਗੇਗਾ। ਇਸ ਦਾ ਇਸ਼ਾਰਾ ਤਾਂ ਹੁਣ ਜੋ ਕੁਝ ਵਾਪਰ ਰਿਹਾ ਹੈ ਉਸੇ ਤੋਂ ਹੀ ਮਿਲ ਸਕਦਾ ਹੈ ।
ਕਈ ਸਿਆਣੇ ਬਿਆਣੇ ਲੋਕ ਵੀ ਘਟਨਾਵਾਂ ਦੇ ਚੱਕਰ ਤੋਂ ਏਨਾ ਘਬਰਾ ਜਾਂਦੇ ਹਨ ਕਿ ‘ਬਸ ਹੁਣ ਕੁਝ ਨਹੀਂ ਹੋ ਸਕਦਾ’ ਵਾਲਾ ਵਤੀਰਾ ਧਾਰਨ ਕਰਕੇ ਹੱਥਲ ਹੋ ਬੈਠਦੇ ਹਨ । ਜੇ ਤਾਜ਼ਾ ਮਿਸਾਲ ਹੀ ਦੇਣੀ ਪਵੇ ਤਾਂ ਕੁਝ ਕਥਿਤ ਪ੍ਰਗਤੀਵਾਦੀ ਲੋਕਾਂ ਦੀ ਹੀ ਦੇ ਸਕਦੇ ਹਾਂ ਜਿਹੜੇ ਪੂਰਬੀ ਯੂਰਪ ਦੇ ਸੋਸ਼ਲਿਸਟ ਦੇਸ਼ਾਂ ਅਤੇ ਸਾਬਕਾ ਸੋਵੀਅਤ ਯੂਨੀਅਨ ਵਿਚ ਹੋਈਆਂ ਤਬਦੀਲੀਆਂ ਮਗਰੋਂ ਮਾਰਕਸਵਾਦ ਦਾ ਕੀਰਤਨ ਸੋਹਲਾ ਪੜ੍ਹੇ ਜਾਣ ਦੀਆਂ ਗੱਲਾਂ ਕਰਨ ਲੱਗ ਪਏ ਹਨ । ਲਗਪਗ ਉਸੇ ਤਰ੍ਹਾਂ ਦਾ ਹੀ ਵਤੀਰਾ ਪੰਜਾਬ ਦੀ ਹਾਲਤ ਬਾਰੇ ਵੀ ਵੇਖਣ ਨੂੰ ਮਿਲਦਾ ਹੈ ।
ਪਰ ਇਹ ਵਤੀਰਾ ਦਰੁਸਤ ਨਹੀਂ ਹੈ । ਸੰਸਾਰ ਜਾਂ ਪੰਜਾਬ ਵਿਚ ਅਜਿਹਾ ਕੁਝ ਵੀ ਨਹੀਂ ਵਾਪਰਿਆ ਜਿਸ ਉਤੇ ਉਦਾਸੀ ਦਾ ਪ੍ਰਗਟਾਵਾ ਹੋਵੇ । ਕੀ ਹੋਇਆ ਜੇ ਸੋਵੀਅਤ ਯੂਨੀਅਨ ਨਹੀਂ ਰਿਹਾ ? ਹੁਣ ਇੰਨੇ ਰਿਪਬਲਿਕਾਂ ਦੀ ਕਾਮਨਵੈਲਥ ਕਾਇਮ ਹੋ ਗਈ ਹੈ । ਕੀ ਹੋਇਆ ਜੇ ਪੰਜਾਬ ਵਿਚ ਵੱਖਰੇ ਰਾਜ ਦੀ ਮੰਗ ਚਲ ਰਹੀ ਹੈ ? ਇਸ ਤਰ੍ਹਾਂ ਦੀ ਮੰਗ ਦੇ ਅੰਦੋਲਨ ਸੰਸਾਰ ਵਿਚ ਕਿੰਨੇ ਹੀ ਥਾਵਾਂ ਉਤੇ ਚਲ ਰਹੇ ਹਨ ਅਤੇ ਪੰਜਾਬ ਨਾਲੋਂ ਵੀ ਹਿੰਸਕ ਰੁਖ਼ ਅਖ਼ਤਿਆਰ ਕਰ ਰਹੇ ਹਨ ।
ਅਸਲ ਆਸ਼ਾਵਾਦੀ ਉਹ ਸ਼ਖ਼ਸ ਹੈ ਜਿਹੜਾ ਇਸ ਗੱਲ ਦਾ ਰੋਣਾ ਨਹੀਂ ਰੋਂਦਾ ਕਿ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ ਸਗੋਂ ਉਹ ਬੁੱਧ ਧਰਮ ਦੇ ਇਸ ਅਸੂਲ ਉਤੇ ਚਲਦਾ ਹੈ ਕਿ ਹਾਲਾਤ ਕਦੇ ਵੀ ਏਨੇ ਖ਼ਰਾਬ ਨਹੀਂ ਹੁੰਦੇ ਕਿ ਉਨ੍ਹਾਂ ਨੂੰ ਸੁਧਾਰਿਆ ਨਾ ਜਾ ਸਕੇ । ਬੰਦਾ ਕਦੇ ਵੀ ਏਨਾ ਹੱਥਲ ਨਹੀਂ ਹੁੰਦਾ ਕਿ ਹਾਲਾਤ ਦਾ ਟਾਕਰਾ ਨਾ ਕਰ ਸਕੇ ਅਤੇ ਸੋਚ ਕਦੇ ਵੀ ਏਨੀ ਕੁੰਦ ਨਹੀਂ ਹੁੰਦੀ ਕਿ ਭਵਿੱਖ ਵਿਚ ਆਸ ਦੀ ਕਿਰਨ ਨਾ ਦੇਖ ਸਕੇ ।
ਜ਼ਿੰਦਗੀ ਦਾ ਫ਼ਲਸਫ਼ਾ ਮੇਰੇ ਉਸ ਮਿੱਤਰ ਦਾ ਹੀ ਸਹੀ ਲਗਦਾ ਹੈ ਜਿਹੜਾ ਸੱਠਾਂ ਸਾਲਾਂ ਦਾ ਹੋ ਕੇ ਵੀ ਤੀਹ ਸਾਲ ਏਨੇ ਹੀ ਠਾਠ ਨਾਲ ਜਿਊਣ ਦੀਆਂ ਗੱਲਾਂ ਕਰਦਾ ਹੈ ਜਿਸ ਠਾਠ ਨਾਲ ਅੱਜ ਜਿਊਂਦਾ ਹੈ । ਜ਼ਿੰਦਗੀ ਦਾ ਉਹ ਫ਼ਲਸਫ਼ਾ ਉਸ ਮਿੱਤਰ ਦਾ ਵੀ ਠੀਕ ਹੈ ਜਿਹੜਾ ਸਫ਼ੈਦ ਹੋ ਰਹੇ ਵਾਲਾਂ ਨੂੰ ਮੋਚਣਿਆਂ ਨਾਲ ਪੁੱਟਣ ਦੇ ਪੜਾਅ ਤੋਂ ਲੰਘ ਕੇ ਖਿਜ਼ਾਬ ਵਾਲੇ ਦੌਰ ਵਿਚ ਦਾਖ਼ਲ ਹੋ ਗਿਆ ਹੈ ਪਰ ਬੁਢਾਪੇ ਦੀ ਇਸ ‘ਦਿਸਦੀ ਨਿਸ਼ਾਨੀ’ ਵਿਰੁੱਧ ਆਖ਼ਰੀ ਦਮ ਤਕ ਲੜਨ ਦਾ ਤਹੱਈਆ ਕਰੀ ਬੈਠਾ ਹੈ । ਤੇ ਫ਼ਲਸਫ਼ਾ ਉਸ ਮਿੱਤਰ ਦਾ ਵੀ ਠੀਕ ਹੈ ਜਿਹੜਾ ਕਹਿੰਦਾ ਹੈ ਕਿ ਉਸ ਨੇ ਉਸ ਦਿਨ ਤਕ ਹਰ ਹਾਲਤ ਜਿਉਂਦੇ ਰਹਿਣਾ ਹੈ ਜਿਸ ਦਿਨ ਭਾਰਤ ਤੇ ਪਾਕਿਸਤਾਨ ਵਾਲੇ ਦੋਵੇਂ ਪੰਜਾਬ ਇਕ ਹੋ ਕੇ ਸੰਪੂਰਣ ਪੰਜਾਬ ਦਾ ਰੂਪ ਅਖ਼ਤਿਆਰ ਕਰ ਜਾਣਗੇ ।ਅਸੀਂ ਕਦੇ ਵੀ ਇਹ ਕਹਿਣ ਲਈ ਰਾਜ਼ੀ ਨਹੀਂ ਹਾਂ ਕਿ ਪੰਜਾਬ ਦਾ ਸੁੱਖ ਚੈਨ ਚੋਰ ਲੈ ਗਏ ਹਨ। ਸੁੱਖ ਚੈਨ ਦੀ ਚੋਰੀ ਨਹੀਂ ਹੁੰਦੀ। ਸਿਰਫ਼ ਕੁਝ ਲੋਕ ਹੀ ਹਨ ਜਿਹੜੇ ਨਿੱਕੀ ਜਿਹੀ ਗੱਲੇ ਢੇਰੀ ਢਾਹ ਬੈਠਦੇ ਹਨ।ਗੱਲ ਤਾਂ ਬਸ ਏਨੀ ਹੈ ਕਿ ਹਾਲੇ ਤਕ ਅਸੀਂ ਆਪਣੇ ਰਾਂਗਲੇ ਪੰਜਾਬ ਦੇ ਸੰਤਾਪ ਨੂੰ ਖ਼ਤਮ ਕਰਨ ਲਈ ਉਠਣ ਦੀ ਕੋਸ਼ਿਸ਼ ਨਹੀਂ ਕੀਤੀ। ਉਂਜ ਅਸੀਂ ਆਸਵੰਦ ਹਾਂ ਕਿ ਇਕ ਦਿਨ ਉਠਾਂਗੇ ਜ਼ਰੂਰ। ਆਸ ’ਤੇ ਹੀ ਜਹਾਨ ਜਿਊਂਦਾ ਹੈ।
(20-11-1991)
ਕਿੱਸਾ ਨੌਕਰਾਂ ਅਤੇ ਮਾਲਕਾਂ ਦਾ
ਸ਼ਾਮ ਦਾ ਵੇਲਾ ਸੀ ਤੇ ਅਸੀਂ ਤਿੰਨ ਜਣੇ ਇਕ ਛੜੇ ਵਾਕਫ਼ ਦੇ ਘਰ ਬੈਠੇ ਸਾਂ । ਇਹ ਪਹਿਲਾਂ ਕਦੇ ਫ਼ੌਜ ਵਿਚ ਰਿਹਾ ਸੀ ਅਤੇ ਸੁਭਾਅ ਵਜੋਂ ਹਾਲੇ ਤਕ ਵੀ ਫ਼ੌਜੀਆਂ ਵਾਲੀ ਹਮਾਂ ਤੁਮਾਂ ਉਸ ਵਿਚ ਬਰਕਰਾਰ ਹੈ । ਘਰ ਦੇ ਕੰਮ ਕਾਜ ਲਈ ਉਸ ਨੇ ਇਕ ਬਾਰਾਂ ਤੇਰਾਂ ਸਾਲ ਦਾ ਪਹਾੜੀ ਮੁੰਡਾ ਨੌਕਰ ਰਖਿਆ ਹੈ ਜੋ ਅੰਦਰ ਰਸੋਈ ਵਿਚ ਕੰਮ ਕਰੀ ਜਾਂਦਾ ਸੀ।
ਸਾਬਕਾ ਫ਼ੌਜੀ ਨੇ ਅਚਾਨਕ ਨੌਕਰ ਨੂੰ ਆਵਾਜ਼ ਮਾਰੀ । ਨੌਕਰ ਨਾ ਬੋਲਿਆ। ਉਸ ਨੇ ਫਿਰ ਬੜ੍ਹਕ ਮਾਰੀ । ਨੌਕਰ ਨੇ ਫਿਰ ਕੋਈ ਆਵਾਜ਼ ਨਾ ਦਿੱਤੀ। ਤੀਸਰੀ ਆਵਾਜ਼ ਉਤੇ ਵੀ ਉਹ ਨਾ ਪਹੁੰਚਾ। ਇਸ ਲਈ ਫ਼ੌਜੀ ਨੂੰ ਗੁੱਸਾ ਆ ਗਿਆ । ਉਸ ਨੇ ਅੰਦਰ ਰਸੋਈ ਵਿਚ ਝਾਤੀ ਮਾਰੀ । ਨੌਕਰ ਉਥੇ ਨਹੀਂ ਸੀ। ਫਿਰ ਉਹ ਮਗਰਲੇ ਵਿਹੜੇ ਵਿਚ ਗਿਆ ਜਿਥੇ ਨੌਕਰ ਕੱਪੜੇ ਧੋ ਰਿਹਾ ਸੀ। ਫ਼ੌਜੀ ਨੇ ਉਸਨੂੰ ਬੋਦਿਓਂ ਫੜ ਲਿਆ ਅਤੇ ਤਾਬੜਤੋੜ ਮਾਰਨ ਲੱਗਾ ਜਿਵੇਂ ਜੱਲਾਦ ਕੋੜੇ ਮਾਰਦਾ ਹੋਵੇ। ਇਕ,ਦੋ, ਤਿੰਨ, ਦਸ, ਪੰਦਰਾਂ। ਅੱਗੋਂ ਮੁੰਡਾ ਰੋਈ ਜਾਵੇ । ਫ਼ੌਜੀ ਕਹੇ ਕਿ “ਜਦ ਮੈਂ ਤੈਨੂੰ ਬੁਲਾਇਆ ਸੀ ਤਾਂ ਤੂੰ ਅੱਗੋਂ ਬੋਲਿਆ ਕਿਉਂ ਨਹੀਂ। ਇਨ੍ਹਾਂ ਬਾਹਰਲੇ ਸੱਜਣਾਂ ਸਾਹਮਣੇ ਮੇਰੀ ਬੇਇਜ਼ਤੀ ਹੋ ਗਈ ।” ਏਨਾ ਕਹਿ ਕੇ ਉਸ ਨੇ ਮੁੰਡੇ ਨੂੰ ਫਿਰ ਕੋਹਣਾ ਸ਼ੁਰੂ ਕਰ ਦਿੱਤਾ ।
ਮੈਂ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਵੀ ਪੈ ਨਿਕਲਿਆ: “ਸ੍ਰੀਮਾਨ ਜੀ, ਇਹ ਮੇਰਾ ਨਿੱਜੀ ਮਾਮਲਾ ਹੈ । ਤੁਸੀਂ ਇਸ ਵਿਚ ਦਖ਼ਲ ਨਾ ਦੇਵੋ ਤਾਂ ਚੰਗਾ ਹੈ । ਨੌਕਰ ਨੂੰ ਮੈਂ ਰੱਖਣਾ ਹੈ ਅਤੇ ਮੈਨੂੰ ਪਤਾ ਹੈ ਕਿ ਇਸ ਨਾਲ ਕੀ ਵਰਤਾਓ ਕਰਨਾ ਹੈ ।”
ਮੈਂ ਮੁੰਡੇ ਨੂੰ ਕੁੱਟ ਹੁੰਦਾ ਦੇਖ ਨਾ ਸਕਿਆ ਅਤੇ ਚੁੱਪ ਕਰਕੇ ਉਠ ਆਇਆ। ਫ਼ੌਜੀ ਹਾਲੇ ਵੀ ਉਸ ਦੀ ਤੌਣੀ ਲਾ ਰਿਹਾ ਸੀ ਤੇ ਮੁੰਡਾ ਦੋਵੇਂ ਹੱਥ ਉਚੇ ਚੁੱਕ ਕੇ ਬਚਾਓ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਨੂੰ ਹਾਲੇ ਤਕ ਚੇਤੇ ਹੈ ਕਿ ਛੇ ਫੁੱਟ ਉੱਚਾ ਤੇ ਸਾਨ੍ਹ ਵਰਗਾ ਚੌੜਾ ਫ਼ੌਜੀ ਕਿਵੇਂ ਮੇਮਣੇ ਜਿਹੇ ਨੌਕਰ ਦੀ ਕੁੱਟ ਕੁੱਟ ਕੇ ਭੋਅ ਕਰ ਕਿਹਾ ਸੀ । ਕਿੰਨੀ ਦੇਰ ਤੱਕ ਸੋਚਦਾ ਰਿਹਾ ਕਿ ਬਾਰਾਂ ਕੁ ਸਾਲਾਂ ਦੇ ਮੁੰਡੇ ਲਈ ਕੀ ਮਜਬੂਰੀ ਹੋਏਗੀ ਕਿ ਉਸ ਨੂੰ ਆਪਣੇ ਮਾਂ ਬਾਪ, ਭੈਣ-ਭਰਾ, ਪੜ੍ਹਾਈ-ਲਿਖਾਈ ਨੂੰ ਛੱਡ ਕੇ ਦੋ ਡੰਗ ਦੀ ਰੋਟੀ ਅਤੇ ਚੰਦ ਕੁ ਪੈਸਿਆਂ ਬਦਲੇ ਉਸ ਉਮਰ ਵਿਚ ਇਕ ਮੂਰਖ਼ ਦੀਆਂ ਰੋਟੀਆਂ ਬਣਾਉਣ ਦਾ ਕੰਮ ਕਰਨਾ ਪੈ ਗਿਆ ਹਾਲਾਂਕਿ ਇਸ ਉਮਰ ਦੇ ਮੁੰਡੇ ਖੇਡਣ ਖਾਣ ਵਿਚ ਮਸ਼ਗੂਲ ਹੁੰਦੇ ਹਨ ।
ਰਾਤ ਬਹੁਤ ਸੋਚ ਵਿਚਾਰ ਵਿਚ ਬੀਤੀ । ਸਾਰੀ ਰਾਤ ਮੈਨੂੰ ਸੁਪਨਾ ਆਉਂਦਾ ਰਿਹਾ ਜਿਸ ਵਿਚ ਇਕ ਸਾਨ੍ਹ ਇਕ ਮੇਮਣੇ ਨੂੰ ਕੋਹ ਰਿਹਾ ਸੀ ਤੇ ਮੇਮਣਾ ਡਰਿਆ ਬੈਠਾ ਸੀ, ਨਾ ਨੱਸ ਸਕਦਾ ਸੀ ਤੇ ਨਾ ਬੋਲ ਸਕਦਾ ਸੀ ।
ਸਵੇਰ ਹੋਈ ਤਾਂ ਜਾਗ ਦੇਰ ਨਾਲ ਖੁੱਲ੍ਹੀ । ਰਾਤ ਭਰ ਲੰਮੇ ਪਏ ਰਹਿਣ ਦੇ ਬਾਵਜੂਦ ਚੰਗੀ ਤਰ੍ਹਾਂ ਨੀਂਦ ਨਹੀਂ ਸੀ ਆਈ । ਜਿਸਮ ਟੁੱਟ ਰਿਹਾ ਸੀ ।ਰਾਤ ਵਾਲੀ ਘਟਨਾ ਵਾਰ ਵਾਰ ਚੇਤੇ ਆ ਰਹੀ ਸੀ । ਕੁਝ ਵੀ ਕਰਨ ਨੂੰ ਚਿਤ ਨਹੀਂ ਸੀ ਕਰ ਰਿਹਾ । ਸੋਚ ਰਿਹਾ ਸਾਂ ਕਿ ਅਸੀਂ ਬਾਲਗ ਲੋਕ ਕਿਸ ਕਿਸ ਤਰ੍ਹਾਂ ਦੀਆਂ ਬੇਤੁਕੀਆਂ ਲਹਿਰਾਂ ਵਿਚ ਲੱਗੇ ਰਹਿੰਦੇ ਹਾਂ । ਕਦੇ ਸਾਨੂੰ ਸਮਾਜਵਾਦ ਚਾਹੀਦਾ ਹੈ ਤੇ ਕਦੇ ਪਾਕਿਸਤਾਨ ।ਕਦੇ ਸਾਨੂੰ ਪੰਜਾਬੀ ਸੂਬਾ ਚਾਹੀਦਾ ਹੈ ਤੇ ਕਦੇ ਖ਼ਾਲਿਸਤਾਨ । ਕਦੇ ਅਸੀਂ ਚੰਡੀਗੜ੍ਹ ਦੀ ਮੰਗ ਕਰਦੇ ਹਾਂ ਤੇ ਕਦੇ ਪਾਣੀਆਂ ਪਿੱਛੇ ਲੜ ਰਹੇ ਹਾਂ । ਪਰ ਸਾਡੇ ਦੇਸ਼ ਦੇ ਕਿੰਨੇ ਕਰੋੜ ਬੱਚੇ ਹਨ ਜਿਨ੍ਹਾਂ ਨੇ ਬਚਪਨ ਨਹੀਂ ਦੇਖਿਆ, ਜਿਹੜੇ ਬਚਪਨ ਤੋਂ ਸਿੱਧੇ ਬੁਢਾਪੇ ਵਿਚ ਜਾਂਦੇ ਹਨ ਅਤੇ ਜਿਨ੍ਹਾਂ ਦਾ ਬਚਪਨ, ਅਲੜਪਣ ਅਤੇ ਜਵਾਨੀ ਪਤਾ ਨਹੀਂ ਕਿੱਥੇ ਰੁਲ ਜਾਂਦੇ ਹਨ ।
ਮੈਂ ਸੋਚ ਰਿਹਾ ਸਾਂ ਕਿ ਕਿਹੜੇ ਕਾਰਨ ਹਨ ਜਿਨ੍ਹਾਂ ਕਰਕੇ ਮਾਪੇ ਆਪਣੇ ਲਾਡਲਿਆਂ ਨੂੰ ਉਦੋਂ ਹੀ ਬੇਗਾਨੇ ਘਰਾਂ ਵਿਚ ਝਾੜੂ ਫ਼ੇਰਨ, ਬਰਤਨ ਸਾਫ਼ ਕਰਨ ਅਤੇ ਕੱਪੜੇ ਧੋਣ ਲਈ ਭੇਜ ਦਿੰਦੇ ਹਨ ਜਦੋਂ ਹਾਲੇ ਉਹ ਮਾਪਿਆਂ ਦੀ ਉਂਗਲੀ ਛਡ ਕੇ ਮਸਾਂ ਤੁਰਨ ਹੀ ਲੱਗੇ ਹੁੰਦੇ ਹਨ ? ਕਿਹੜੀ ਮਜਬੂਰੀ ਹੁੰਦੀ ਹੋਵੇਗੀ ਜਿਸ ਦੇ ਕਾਰਨ ਇਨ੍ਹਾਂ ਮਾਸੂਮ ਜਿੰਦਾਂ ਨੂੰ ਅੱਖੜ ਅਤੇ ਅੜ੍ਹਬ ਫ਼ੌਜੀਆਂ ਦੇ ਆਤਾਬ ਦਾ ਨਿਸ਼ਾਨਾ ਬਣਨ ਲਈ ਛਡ ਦਿੱਤਾ ਜਾਂਦਾ ਹੈ ? ਮਨਾਂ ਉਤੇ ਕਿੰਨਾ ਵੱਡਾ ਪੱਥਰ ਰੱਖ ਕੇ ਤੋਰਦੇ ਹੋਣਗੇ ਮਾਪੇ ਆਪਣੇ ਸੱਤਾਂ ਅੱਠਾਂ ਸਾਲਾਂ ਦੇ “ਕਮਾਊ” ਪੁੱਤਰਾਂ ਨੂੰ ਲੋਕਾਂ ਘਰੀਂ, ਉਨ੍ਹਾਂ ਦੀਆਂ ਜੂਠਾਂ ਖਾਣ ਅਤੇ ਸਾਫ਼ ਕਰਨ ਲਈ ?
ਇਨ੍ਹਾਂ ਹੀ ਸੋਚਾਂ ਸਦਕਾ ਮੈਂ ਆਪਣੀ ਸੱਤਾਂ ਸਾਲਾਂ ਦੀ ਬੱਚੀ ਉਤੇ ਨਜ਼ਰ ਮਾਰੀ ।ਇਹ ਸੋਚ ਕੇ ਮੇਰਾ ਅੰਦਰ ਹਿੱਲ ਗਿਆ ਕਿ ਖ਼ੁਦਾ ਨਾ ਖ਼ਾਸਤਾ ਜੇ ਇਸ ਨੂੰ ਕਿਸੇ ਮਜਬੂਰੀ ਹੇਠ ਇੰਜ ਕਰਨਾ ਪਵੇ ? ਦਸਵੀਂ ‘ਚ ਪੜ੍ਹਦੇ ਪੁੱਤਰ ਵੱਲ ਝਾਤੀ ਮਾਰ ਕੇ ਮੈਂ ਸੋਚਿਆ ਕਿ ਜੇ ਇਸ ਨੂੰ ਕਿਤੇ ਮਜ਼ਦੂਰੀ ਕਰਨ ਜਾਣਾ ਪਵੇ ਤਾਂ ਕੀ ਵਾਪਰੇ ਇਹ ਤਾਂ ਆਪਣੇ ਧੀਆਂ ਪੁੱਤਰ ਹੋਏ । ਇਨ੍ਹਾਂ ਬਾਰੇ ਤਾਂ ਅਜਿਹਾ ਸੋਚ ਕੇ ਵੀ ਹੌਲ ਪੈਂਦਾ ਹੈ । ਪਰ वे ਗਾਨੇ ਧੀਆਂ ਪੁੱਤਰਾਂ ਨੂੰ ਅਸੀਂ ਆਪਣੇ ਘਰ ਨੌਕਰ ਰੱਖ ਲੈਂਦੇ ਹਾਂ ਅਤੇ ਇਹ ਤਕ ਨਹੀਂ ਸੋਚਦੇ ਕਿ ਇਨ੍ਹਾਂ ਨੂੰ ਅਸੀਂ ਇਨਸਾਨ ਦੀ ਜੂਨ ਨਹੀਂ ਰਹਿਣ ਦਿੰਦੇ ਅਤੇ ਨੌਕਰ ਦੀ ਜੂਨ ਪਾ ਦਿੰਦੇ ਹਾਂ। ਉਸ ਦਾ ਨਾਂ ਕੋਈ ਵੀ ਹੋਵੇ, ਸਾਡੇ ਲਈ ‘ਰਾਮੂ’ ਹੀ ਹੋ ਜਾਂਦਾ ਹੈ ।
ਮੈਂ ਇਸ ਸਿੱਟੇ ਉਤੇ ਪੁੱਜਾ ਸਾਂ ਕਿ ਸਾਬਕਾ ਫ਼ੌਜੀਆਂ ਨੂੰ ਮਾਸੂਮ ਮੁੰਡੇ ਰੱਖਣ ਦਾ ਕੋਈ ਹੱਕ ਨਹੀਂ ਜੇ ਇਹ ਨਹੀਂ ਪਤਾ ਕਿ ਉਨ੍ਹਾਂ ਨਾਲ ਵਰਤਾਓ ਕਿਸ ਤਰ੍ਹਾਂ ਕਰਨਾ ਹੈ । ਏਨੇ ਨੂੰ ਇਕ ਮਿੱਤਰ ਨੇ ਆਣ ਬੂਹਾ ਖੜਕਾਇਆ। ਉਸ ਨੇ ਬੀਤੀ ਰਾਤ ਉਸ ਨਾਲ ਵਾਪਰੀ ਇਕ ਘਟਨਾ ਸੁਣਾਈ ਜਿਸ ਵਿਚ ਉਸ ਦੇ ਇਕ ਸਾਹਿਤਕਾਰ ਮਿੱਤਰ ਨੇ ਆਪਣੇ ਦਸਾਂ ਸਾਲਾਂ ਦੇ ਨੌਕਰ ਦੇ ਇਸ ਲਈ ਚੰਡ ਮਾਰੀ ਸੀ ਕਿਉਂਕਿ ਉਸ ਨੇ ਬਿਨਾਂ ਪੁੱਛਿਆਂ ਦਰਵਾਜ਼ਾ ਖੋਲ ਦਿੱਤਾ ਸੀ ।
ਉਸ ਦੱਸਿਆ ਕਿ ਉਹ ਆਪਣੇ ਇਸ ਸਾਹਿਤਕਾਰ ਮਿੱਤਰ ਨੂੰ ਮਿਲਣ ਗਿਆ ਜਿਹੜਾ ਨਾਟਕ ਲਿਖਦਾ ਵੀ ਹੈ ਤੇ ਖੇਡਦਾ ਵੀ ਹੈ । ਉਂਜ ਉਹ ਕਾਲਜ ਵਿਚ ਲੈਕਚਰਾਰ ਹੈ । ਜਦੋਂ ਮਹਿਮਾਨ ਮਿੱਤਰ ਉਸ ਦੇ ਘਰ ਪੁੱਜਾ ਤਾਂ ਅੱਗੋਂ ਸਾਹਿਤਕਾਰ ਘਰ ਨਹੀਂ ਸੀ । ਉਸ ਦੇ ਨੌਕਰ ਨੇ ਦਰਵਾਜ਼ਾ ਖੋਲ੍ਹ ਕੇ ਉਸ ਨੂੰ ਅੰਦਰ ਸੱਦ ਲਿਆ । ਅੱਧੇ ਘੰਟੇ ਦੀ ਉਡੀਕ ਦੌਰਾਨ ਦੋਸਤ ਨੇ ਮੇਜ਼ਬਾਨ ਦੇ ਨੌਕਰ ਨਾਲ ਗੱਲਾਂ ਜਾਰੀ ਰੱਖੀਆਂ । ਉਸ ਨੂੰ ਪਿਆਰ ਨਾਲ ਬੁਲਾਇਆ । ਨੌਕਰ ਮੁੰਡਾ ਏਨੇ ਵਿਚ ਹੀ ਖ਼ੁਸ਼ ਸੀ । ਉਸ ਨੂੰ ਸ਼ਾਇਦ ਇਸ ਕਿਸਮ ਦਾ ਵਰਤਾਓ ਪਹਿਲੀ ਵਾਰ ਮਿਲਿਆ ਸੀ ।
ਮਹਿਮਾਨ ਦੋਸਤ ਤੁਰਨ ਲੱਗਾ ਤਾਂ ਨੌਕਰ ਨੇ ਲਿਲਕੜੀ ਲਈ: “ਹੋਰ ਰੁਕ ਜਾਓ ਸਾਹਿਬ । ਕਭੀ ਕਭੀ ਤੋ ਆਪ ਜੈਸੇ ਲੋਕ ਮਿਲਤੇ ਹੈਂ ।” ਮਹਿਮਾਨ ਦਾ ਦਿਲ ਪਸੀਜ ਗਿਆ ਪਰ ਉਹ ਮੇਜ਼ਬਾਨ ਦੋਸਤ ਦੀ ਹੋਰ ਬਹੁਤ ਚਿਰ ਉਡੀਕ ਨਹੀਂ ਸੀ ਸਕਦਾ । ਇਸ ਲਈ ਉਹ ਉਠ ਕੇ ਬਾਹਰ ਵੱਲ ਤੁਰ ਪਿਆ। ਏਨੇ ਨੂੰ ਬਾਹਰ ਕਾਰ ਆ ਕੇ ਰੁਕੀ ਅਤੇ ਮੇਜ਼ਬਾਨ ਉਸ ਵਿਚੋਂ ਬਾਹਰ ਨਿਕਲਿਆ ।
ਦੋਸਤ ਦੱਸਦਾ ਹੈ ਕਿ ਮਾਲਕ ਨੇ ਉਸ ਦਾ ਹਾਲ ਚਾਲ ਮਗਰੋਂ ਪੁੱਛਿਆ, ਉਸ ਨੂੰ ਦਰਾਂ ਦੇ ਆਰ ਪਾਰ ਖੜ੍ਹਾ ਦੇਖ ਕੇ ਪਹਿਲਾਂ ਨੌਕਰ ਨੂੰ ਗਰਦਨੋਂ ਫੜ ਲਿਆ। ਦੋ ਥੱਪੜ ਉਸ ਦੀਆਂ ਕੋਮਲ ਗੱਲ੍ਹਾਂ ਉਤੇ ਰਸੀਦ ਕੀਤੇ ਅਤੇ ਗੜ੍ਹਕਿਆ: “ਹਰਾਮਜ਼ਾਦੇ, ਕੁੱਤੇ, ਤੈਨੂੰ ਕਿਹਾ ਸੀ ਕਿ ਕਿਸੇ ਲਈ ਦਰਵਾਜ਼ਾ ਨਹੀਂ ਖੋਲ੍ਹਣਾ। ਤੂੰ ਦਰਵਾਜ਼ਾ ਕਿਉਂ ਖੋਲ੍ਹਿਆ ? ” ਅਤੇ ਇਕ ਥੱਪੜ ਹੋਰ ।
ਮਹਿਮਾਨ ਦੋਸਤ ਨੇ ਜਦੋਂ ਨੌਕਰ ਦੇ ਹੱਕ ਵਿਚ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਸਾਹਿਤਕਾਰ ਨੇ ਉਸ ਦੀ ਗੱਲ ਕੱਟ ਦਿੱਤੀ : “ਨਹੀਂ, ਤੈਨੂੰ ਨਹੀਂ ਪਤਾ ਏਸ ਹਰਾਮਜ਼ਾਦੇ ਦਾ । ਤੇਰਾ ਤਾਂ ਕੋਈ ਨਹੀਂ ਪਰ ਜੇ ਕੋਈ ਚੋਰ ਜਾਂ ਡਾਕੂ ਆ ਕੇ ਇਸ ਦਾ ਗਲਾ ਘੁੱਟ ਜਾਂਦਾ ਤਾਂ … ।”
ਅਤੇ ਮਹਿਮਾਨ ਮਿੱਤਰ ਆਪਣੇ ਆਪ ਨੂੰ ਚੋਰ ਜਾਂ ਡਾਕੂ ਮਹਿਸੂਸ ਕਰਦਾ ਹੋਇਆ ਮੇਜ਼ਬਾਨ ਮਿੱਤਰ ਨਾਲ ਕੋਈ ਗੱਲ ਕੀਤੇ ਬਿਨਾਂ ਪਰਤ ਆਇਆ । ਉਸ ਨੇ ਭਰੇ ਹੋਏ ਗਲੇ ਨਾਲ ਇਹ ਵਾਰਤਾ ਸੁਣਾਈ । ਮੈਂ ਪਹਿਲਾਂ ਹੀ ਭਰਿਆ ਪੀਤਿਆ ਬੈਠਾ ਸਾਂ ।
ਇਸ ਲਈ ਮੈਂ ਸਿੱਟਾ ਕੱਢਿਆ ਹੈ ਕਿ ਸਿਰਫ਼ ਮੂਰਖ ਫ਼ੌਜੀਆਂ ਨੂੰ ਹੀ ਨਹੀਂ, ਕਮਅਕਲ ਮਾਸਟਰਾਂ ਅਤੇ ਸਾਹਿਤਕਾਰਾਂ ਨੂੰ ਵੀ ਸਮਝਾਉਣ ਦੀ ਜ਼ਰੂਰਤ ਹੈ ਕਿ ਉਨ੍ਹਾਂ ਨੇ ਜਿਹੜੇ ਨੌਕਰ ਰੱਖੇ ਹਨ ਉਨ੍ਹਾਂ ਨਾਲ ਗੁਲਾਮਾਂ ਵਾਲਾ ਸਲੂਕ ਨਹੀਂ ਕਰਨਾ ਚਾਹੀਦਾ। ਉਹ ਵੀ ਤਾਂ ਤੁਹਾਡੇ ਬੱਚਿਆਂ ਵਰਗੇ ਬੱਚੇ ਹੀ ਹਨ । ਜੇ ਤੁਸੀਂ ਉਨ੍ਹਾਂ ਨੂੰ ਬੱਚਿਆਂ ਵਾਂਗ ਨਹੀਂ ਰੱਖ ਸਕਦੇ ਤਾਂ ਆਪਣਾ ਗੰਦ ਆਪ ਸਾਫ਼ ਕਰੋ ।
ਪਰ ਇਹ ਕਹਿਣ ਦੇ ਬਾਵਜੂਦ ਮੈਂ ਉਨ੍ਹਾਂ ਬਾਲਾਂ ਦੇ ਮਾਪਿਆਂ ਨੂੰ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਖੇਡਣ ਦੀ ਉਮਰੇ ਪਰਾਈ ਜੂਠ ਚੁੱਕਣ ਲਈ ਨਾ ਭੇਜੋ ।ਕਿਉਂਕਿ ਮੈਂ ਖ਼ੁਦਾ ਨਹੀ ਹਾਂ। ਕਾਸ਼ ਮੈਂ ਖ਼ੁਦਾ ਹੁੰਦਾ ।
(5-6-1992)
ਬਲਾਤਕਾਰ ਕਿਉਂ ਹੁੰਦੇ ਹਨ ?
ਸੈਕਸ ਸਬੰਧੀ ਭਾਰਤੀ ਮਾਨਸਿਕਤਾ ਕੀ ਹੈ ? ਇਹ ਬੜਾ ਟੇਢਾ ਸਵਾਲ ਹੈ । ਇਸ ਦਾ ਜਵਾਬ ਦੇਣਾ ਏਨਾ ਸੌਖਾ ਨਹੀਂ ਹੈ । ਜੇ ਮੋਟੇ ਤੋਰ ‘ਤੇ ਦੇਖਣਾ ਹੋਵੇ ਤਾਂ ਇਸ ਦਾ ਜਵਾਬ ਭਾਰਤ ਵਿਚ ਵਾਪਰਨ ਵਾਲੀਆਂ ਬਲਾਤਕਾਰ ਦੀਆਂ ਘਟਨਾਵਾਂ ਦੀ ਗਿਣਤੀ ਤੋਂ ਮਿਲ ਜਾਂਦਾ ਹੈ । ਇਥੇ ਇਹ ਨੋਟ ਕਰਨ ਵਾਲੀ ਗੱਲ ਹੈ ਕਿ ਬਲਾਤਕਾਰ ਦੇ ਜਿੰਨੇ ਕੇਸ ਰੋਸ਼ਨੀ ਵਿਚ ਆਉਂਦੇ ਹਨ ਉਸ ਨਾਲੋਂ ਲਗਪਗ ਤਿੰਨ ਗੁਣਾਂ ਕੇਸਾਂ ਦੀ ਰਿਪੋਰਟ ਹੀ ਨਹੀਂ ਕੀਤੀ ਜਾਂਦੀ । ਇਸ ਦਾ ਕਾਰਨ ਬਲਾਤਕਾਰ ਦਾ ਸ਼ਿਕਾਰ ਹੋਈ ਇਸਤਰੀ ਜਾਂ ਲੜਕੀ ਦੀ ਸ਼ਰਮ, ਸਮਾਜਕ ਤੌਰ ‘ਤੇ ਛੇਕੇ ਜਾਣ ਦਾ ਡਰ, ਥਾਣਿਆਂ ਵਿਚ ਬਲਾਤਕਾਰ ਦੀ ਸ਼ਿਕਾਰ ਔਰਤ ਪ੍ਰਤੀ ਹਮਦਰਦੀ ਦੀ ਥਾਂ ਤ੍ਰਿਸਕਾਰ ਵਾਲਾ ਵਰਤਾਓ ਜਾਂ ਬਲਾਤਕਾਰੀ ਵਲੋਂ ਦਿੱਤੀ ਗਈ ਧਮਕੀ ਹੋ ਸਕਦੀ ਹੈ ।
ਬਲਾਤਕਾਰ ਕੀ ਹੈ ? ਕਿਸੇ ਇਸਤਰੀ ਨਾਲ ਉਸ ਦੀ ਮਰਜ਼ੀ ਦੇ ਬਿਨਾਂ ਕੀਤਾ ਗਿਆ ਸਰੀਰਕ ਸੰਪਰਕ ਬਲਾਤਕਾਰ ਹੈ । ਜੇ ਇਹ ਸਰੀਰਕ ਸੰਪਰਕ ਧੋਖੇ ਨਾਲ, ਲਾਲਚ ਦੇ ਕੇ, ਧਮਕੀ ਨਾਲ ਜਾਂ ਬਲੈਕਮੇਲ ਨਾਲ ਕੀਤਾ ਗਿਆ ਹੋਵੇ ਤਾਂ ਵੀ ਇਸ ਨੂੰ ਬਲਾਤਕਾਰ ਕਿਹਾ ਜਾਂਦਾ ਹੈ । ਭਾਰਤੀ ਕਾਨੂੰਨ ਮੁਤਾਬਕ ਤਾਂ ਜੇ ਕੋਈ ਮਰਦ ਆਪਣੀ ਵਿਆਹੁਤਾ ਪਤਨੀ ਨਾਲ ਉਸ ਦੀ ਇੱਛਾ ਤੇ ਵਿਰੁਧ ਸਰੀਰਕ ਸੰਪਰਕ ਕਾਇਮ ਕਰਦਾ ਹੈ ਤਾਂ ਵੀ ਇਸ ਨੂੰ ਬਲਾਤਕਾਰ ਕਿਹਾ ਜਾਵੇਗਾ । ਇਹ ਗੱਲ ਵੱਖਰੀ ਹੈ ਕਿ ਬਹੁਤੀਆਂ ਇਸਤਰੀਆਂ ਇਸ ਤਰ੍ਹਾਂ ਦੇ ਬਲਾਤਕਾਰ ਨੂੰ ਆਪਣੀ ਹੋਣੀ ਜਾਂ ਲਾਜ਼ਮੀ ਤਸ਼ੱਦਦ ਸਮਝ ਦੇ ਜਰ ਲੈਂਦੀਆਂ ग्ठ ।
ਭਾਰਤ ਦੀ ਮਸ਼ਹੂਰ ਇਸਤਰੀ ਪੱਤਰਕਾਰ ਅਤੇ ਲੇਖਿਕਾ ਸ਼ੋਭਾ ਡੇ ਆਪਣੇ ਪਹਿਲੇ ਹੀ ਨਾਵਲ ‘ਸੋਸ਼ਲਾਈਟ ਈਵਨਿੰਗਜ਼’ ਵਿਚ ਲਿਖਦੀ ਹੈ: “ਪਤੀ ਬਿਜ਼ਨਿਸ ਰਿਪੋਰਟਰ ਪੜ੍ਹ ਰਿਹਾ ਹੁੰਦਾ ਹੈ ਅਤੇ ਮੈਂ ਕੋਈ ਫ਼ਿਲਮੀ ਪੱਤਰਿਕਾ । ਉਬਾਸੀ ਲੈ ਕੇ ਉਹ ਪੁੱਛਦਾ ਹੈ, ਕੀ ਵਿਚਾਰ ਹੈ ਬੀਵੀ ? ਤੇ ਮੈਂ ਅਨਮੰਨੇ ਢੰਗ ਨਾਲ ਪੱਤਰਿਕਾ ਰੱਖ ਦਿੰਦੀ ਹਾਂ । ਹਮਬਿਸਤਰੀ ਵੇਲੇ ਮੈਂ ਅਕਸਰ ਸੋਚਦੀ ਹਾਂ ਕਿ ਅੱਜ ਦੀ ਸ਼ਾਪਿੰਗ ਸਮੇਂ ਮੈਂ ਕਿੰਨਾ ਖ਼ਰਚ ਕੀਤਾ ਹੈ, ਨੌਕਰਾਂ ਨੂੰ ਕਰਿਆਨੇ ਦੀ ਦੁਕਾਨ ਤੋਂ ਸਾਮਾਨ ਲਿਆਉਣ ਲਈ ਕਿਹਾ ਹੈ ਜਾਂ ਨਹੀਂ, ਅਤੇ ਕੀ ਅੰਜਲੀ ਦੀ ਆਪਣੇ ਨਵੇਂ ਪਤੀ ਨਾਲ ਨਿਭ ਸਕੇਗੀ? ਅਤੇ ਪਤਾ ਵੀ ਨਹੀਂ ਲਗਦਾ ਕਿ ਪਤੀ ਕਦੋਂ ਵਿਹਲਾ ਹੋ ਕੇ ਸੌਂ ਵੀ ਜਾਂਦਾ ਹੈ…।”
ਵਿਆਹ ਦੇ ਪਹਿਲੇ ਸਾਲਾਂ ਦੌਰਾਨ ਸੈਕਸ ਪ੍ਰਤੀ ਜੋ ਉਤਸ਼ਾਹ ਮਰਦ ਅਤੇ ਔਰਤ ਵਿਚਕਾਰ ਹੁੰਦਾ ਹੈ, ਉਹ ਹੌਲੀ ਹੌਲੀ ਘਟ ਜਾਂਦਾ ਹੈ । ਆਖ਼ਰਕਾਰ ਇਹ ਇਕ ਰਸਮ ਜਿਹੀ ਬਣ ਕੇ ਰਹਿ ਜਾਂਦੀ ਹੈ । ਆਮ ਭਾਰਤੀ ਮਰਦ ਮੁਤਾਬਕ ਇਸਤਰੀ ਲਈ ਸੈਕਸ ਦੀ ਕੋਈ ਅਹਿਮੀਅਤ ਨਹੀਂ। ਭਾਰਤ ਦੇ ਮਸ਼ਹੂਰ ਮਨੋਵਿਗਿਆਨੀ ਸੁਧੀਰ ਕੱਕੜ ਦੇ ਵਿਚਾਰਾਂ ਅਨੁਸਾਰ: “ਆਮ ਭਾਰਤੀ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਹਮਬਿਸਤਰੀ ਦੌਰਾਨ ਉਸ ਦੀ ਪਤਨੀ ਦੀਆਂ ਵੀ ਕੁਝ ਭਾਵਨਾਵਾਂ ਹੁੰਦੀਆਂ ਹਨ ਅਤੇ ਉਸ ਨੂੰ ਵੀ ਸੰਪੂਰਣ ਆਨੰਦ ਦੀ ਜ਼ਰੂਰਤ ਹੈ । ਉਹ ਤਾਂ ਬਸ ਅੰਨ੍ਹੇ ਵੇਗ ‘ਤੇ ਸਵਾਰ ਹੋ ਕੇ ਆਉਂਦਾ ਹੈ ਅਤੇ ਇਸ ਵੇਗ ਦੇ ਉਤਰ ਜਾਣ ‘ਤੇ ਆਪਣੀ ਪਤਨੀ ਦੀ ਹਾਲਤ ਜਾਣੇ ਬਿਨਾਂ ਉਠ ਜਾਂਦਾ ਹੈ ।” ਅਜਿਹੀ ਸੂਰਤ ਵਿਚ ਹੀ ਇਸਤਰੀਆਂ ਆਮ ਤੌਰ ‘ਤੇ ਪਰ-ਮਰਦ ਸਬੰਧਾਂ ਵਲ ਆਕਰਸ਼ਿਤ ਹੋ ਜਾਂਦੀਆਂ ਹਨ । ਇਹ ਜ਼ਰੂਰੀ ਨਹੀਂ ਕਿ ਇਨ੍ਹਾਂ ਪਰ-ਵਿਆਹ ਸਬੰਧਾਂ ਤੋਂ ਉਨ੍ਹਾਂ ਨੂੰ ਸੰਤੁਸ਼ਟੀ ਮਿਲਦੀ ਹੋਵੇ । ਪਰ ਇੰਨਾ ਜ਼ਰੂਰ ਹੁੰਦਾ ਹੈ ਕਿ ਉਹ ਸਰੀਰਕ ਸਬੰਧਾਂ ਦੇ ਇਸ ਵਰਜਿਤ ਰਸਤੇ ‘ਤੇ ਚਲਦਿਆਂ ਮਾਨਸਿਕ ਸੰਤੁਸ਼ਟੀ ਹਾਸਲ ਕਰ ਲੈਣ।
ਭਾਰਤ ਦੇ ਪਰਾਚੀਨ ਗਰੰਥਾਂ ਵਿਚ, ਜੋ ਕਿ ਮਰਦ ਲੇਖਕਾਂ ਤੇ ਵਿਦਵਾਨਾਂ ਵਲੋਂ ਰਚੇ ਗਏ, ਇਸਤਰੀ ਦੇ ਵੱਖ ਵੱਖ ਰੂਪਾਂ ਦਾ ਵਰਨਣ ਕੀਤਾ ਗਿਆ ਹੈ। ਇਥੇ ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਵਿਚ ਮਰਦਾਂ ਦਾ ਸੈਕਸ ਦੇ ਅਧਾਰ ‘ਤੇ ਕੋਈ ਵਰਗੀਕਰਨ ਨਹੀਂ ਕੀਤਾ ਗਿਆ । ਭਰਤਮੁਨੀ ਆਪਣੇ ਨਾਟ ਸ਼ਾਸਤਰ ਵਿਚ ਲਿਖਦਾ ਹੈ ਕਿ ਇਸਤਰੀ ਦੇ ਤਿੰਨ ਭੇਦ ਹਨ । ਸਵਕੀਆ, ਪਰਕੀਆ ਅਤੇ ਗਣਿਕਾ । ਅੱਗੇ ਇਨ੍ਹਾਂ ਦੇ ਵੀ ਵੱਖ ਵੱਖ ਭੇਦ ਕੀਤੇ ਗਏ ਹਨ । ਸਵਕੀਆ ਸਰਲ ਤੇ ਸ਼ੀਲਵਾਨ ਹੁੰਦੀ ਹੈ । ਇਸ ਦੇ ਅੱਗੋਂ ਤਿੰਨ ਭੇਦ ਹਨ: ਮੁਗਧਾ, ਮਧਿਆ ਅਤੇ ਪ੍ਰਗਲਭਾ । ਮੁਗਧਾ ਲੱਜਾਵਾਨ ਅਤੇ ਰੁਝੇਵੇਂ ਵੇਲੇ ਵੀ ਕੋਮਲ ਸੁਭਾ ਰਹਿੰਦੀ ਹੈ । ਮਧਿਆ ਆਪਣੀ ਭਰ ਜਵਾਨੀ ਵਿਚ ਕਾਮਵਤੀ ਅਤੇ ਸੰਭੋਗ ਵੇਲੇ ਅਚੇਤ ਹੋ ਜਾਣ ਵਾਲੀ ਹੁੰਦੀ ਹੈ। ਗਲਭਾ ਅਤਿ ਕਾਮਵਤੀ ਹੁੰਦੀ ਹੈ ਅਤੇ ਸੰਭੋਗ ਦੇ ਆਰੰਭ ਵਿਚ ਹੀ ਅਚੇਤ ਅਵਸਥਾ ਵਿਚ ਪੁੱਜ ਜਾਂਦੀ ਹੈ । ਮਧਿਆ ਦੇ ਅੱਗੋਂ ਤਿੰਨ ਭੇਦ ਹਨ: ਧੀਰਾ, ਅਧੀਰਾ ਅਤੇ ਧੀਰਾਧੀਰਾ ।
ਇਸ ਤਰ੍ਹਾਂ ਭਰਤ, ਮਨੂੰ, ਰੁਦਰਕ, ਭੋਜ ਰਾਜ, ਵਾਤਸਾਇਨ, ਭਾਨੂ ਮਿਸ਼ਰਾ, ਰੂਪ ਗੋਸਵਾਮੀ, ਸੰਤ ਅਕਬਰ ਸ਼ਾਹ, ਵਿਸ਼ਵ ਨਾਥ, ਭਰਤ ਮੁਨੀ ਆਦਿ ਅਨੇਕਾਂ ਵਿਦਵਾਨਾਂ ਨੇ ਭਾਰਤ ਦੀਆਂ ਇਸਤਰੀਆਂ ਦੇ ਭੇਦਾਂ ਦਾ ਵਰਨਣ ਕੀਤਾ ਹੈ । ਅਜੰਤਾ, ਅਲੋਰਾ ਤੇ ਖੁਜਰਾਹੋ ਦੀਆਂ ਮੂਰਤੀਆਂ ਵੀ ਭਾਰਤ ਦੀ ਸੈਕਸ ਮਾਨਸਿਕਤਾ ਦਾ ਵਰਨਣ ਕਰਦੀਆਂ ਹਨ । ਉਨ੍ਹਾਂ ਵਿਚ ਕਈ ਥਾਈਂ ਇਸ ਦੇ ਬੇਹੱਦ ਵਿਕਸਤ ਰੂਪ ਵੀ ਦਿਖਾਈ ਦਿੰਦੇ ਹਨ । ਪਰ ਮੂਲ ਰੂਪ ਵਿਚ ਪੁਰਾਤਨ ਕਥਾਵਾਂ ਦਾ ਸਾਰ ਇਹੀ ਨਿਕਲਦਾ ਹੈ ਕਿ ਉਦੋਂ ਸਰੀਰਕ ਸਬੰਧਾਂ ਬਾਰੇ ਇਸਤਰੀ ਉਤੇ ਅੱਜ ਕੱਲ ਵਰਗੇ ਬੰਧਨ ਨਹੀਂ ਸਨ ।
ਪੁਰਾਤਨ ਗਰੰਥਾਂ ਵਿਚ ਇਕ ਕਥਾ ਆਉਂਦੀ ਹੈ । ਉਦਲਕ ਨਾਂ ਦੇ ਇਕ ਸੰਤ ਦਾ ਪੁੱਤਰ ਸਵੇਤਕੇਤੂ ਇਕ ਵਾਰੀ ਆਪਣੇ ਮਾਤਾ ਪਿਤਾ ਨਾਲ ਬੈਠਾ ਗਰੰਥ ਵਾਚ ਰਿਹਾ ਸੀ ਕਿ ਇਕ ਬਰਾਹਮਣ ਨੇ ਆ ਕੇ ਉਸ ਦੀ ਮਾਂ ਨਾਲ ਸਹਿਚਾਰ ਦੀ ਇੱਛਾ ਪ੍ਰਗਟ ਕੀਤੀ ।ਸਵੇਤਕੇਤੂ ਗੁੱਸੇ ਵਿਚ ਆ ਗਿਆ ਤਾਂ ਉਦਲਕ ਨੇ ਕਿਹਾ: “ਤੇਰੇ ਹੈਰਾਨ ਹੋਣ ਦੀ ਲੋੜ ਨਹੀਂ ਵਤਸ ! ਔਰਤਾਂ ਆਜ਼ਾਦ ਹਨ ਅਤੇ ਜੇ ਗਊਆਂ ਵਾਂਗ ਉਹ ਆਪਣੇ ਵਿਰੋਧੀ ਸੈਕਸ ਦੇ ਸੈਂਕੜੇ ਜਾਂ ਹਜ਼ਾਰਾਂ ਪਰਾਣੀਆਂ ਵਲ ਆਕਰਸ਼ਤ ਹੁੰਦੀਆਂ ਹਨ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ । ਇਹ ਕੋਈ ਅਧਰਮ ਵੀ ਨਹੀਂ ਹੈ ।” ਕਹਿੰਦੇ ਹਨ ਇਸ ਉਤੇ ਸਵੇਤਕੁਤੂ ਨੇ ਐਲਾਨ ਕਰ ਦਿੱਤਾ ਕਿ ਉਸ ਦਿਨ ਤੋਂ ਬਾਅਦ ਪਤੀ ਤੇ ਪਤਨੀ ਤੋਂ ਬਿਨਾਂ ਕਿਸੇ ਵੀ ਪੁਰਸ਼ ਤੇ ਇਸਤਰੀ ਦੇ ਸੁਮੇਲ ਨੂੰ ਪਾਪ ਸਮਝਿਆ ਜਾਵੇਗਾ ।
ਮਹਾਭਾਰਤ ਵਿਚ ਪਾਂਡੂ ਆਪਣੀ ਪਤਨੀ ਕੁੰਤੀ ਨੂੰ ਇਹ ਕਥਾ ਸੁਣਾ ਕੇ ਕਹਿੰਦਾ ਹੈ ਕਿ ਅੱਜ ਕੱਲ੍ਹ ਸਭ ਲੋਕ ਸਵੇਤਕੇਤੂ ਦੀ ਸਲਾਹ ਨਹੀਂ ਮੰਨਦੇ । ਮਹਾਪੁਰਸ਼ਾਂ ਦਾ ਕਹਿਣਾ ਹੈ ਕਿ ਸਿਰਫ਼ ਉਸ ਸਮੇਂ ਹੀ ਪਰ-ਪੁਰਸ਼ ਸਹਿਯੋਗ ਮਨ੍ਹਾਂ ਹੈ ਜਦੋਂ ਇਸਤਰੀ ਦੇ ਗਰਭ ਧਾਰਨ ਕਰਨ ਦਾ ਖ਼ਤਰਾ ਹੋਵੇ । ਬਾਕੀ ਸਮੇਂ ਇਸਤਰੀ ਜਿਸ ਮਰਦ ਨਾਲ ਚਾਹੇ, ਸਮਾਗਮ ਕਰ ਸਕਦੀ ਹੈ ।
ਸੁਧੀਰ ਕੱਕੜ ਨੇ ਕਾਫ਼ੀ ਲੰਮੇ ਸਮੇਂ ਦੇ ਅਧਿਅਨ ਤੋਂ ਬਾਅਦ ਇਕ ਪੁਸਤਕ ਲਿਖੀ ਹੈ : “ਇੰਟੀਮੇਟ ਰਿਲੇਸ਼ਨਜ਼ ।” ਇਸ ਵਿਚ ਭਾਰਤੀ ਲਿੰਗ ਮਾਨਸਿਕਤਾ ਦਾ ਗਹਿਰਾ ਅਤੇ ਦਿਲਚਸਪ ਢੰਗ ਨਾਲ ਵਿਸ਼ਲੇਸ਼ਣ ਕੀਤਾ ਗਿਆ ਹੈ । ਉਸ ਪੁਸਤਕ ਦੇ ਲੰਬੇ ਵਿਸਥਾਰ ਵਿਚ ਜਾਣ ਦੀ ਬਜਾਏ ਇਥੇ ਸਿਰਫ਼ ਬਲਾਤਕਾਰ ਬਾਰੇ ਅਤੇ ਪਿਉ ਧੀ ਦੇ ਸਬੰਧਾਂ ਬਾਰੇ ਉਨ੍ਹਾਂ ਦੇ ਵਿਚਾਰ ਹੀ ਪੇਸ਼ ਕਰਾਂਗਾ। ਬਲਾਤਕਾਰ ਬਾਰੇ ਸ੍ਰੀ ਕੱਕੜ ਦਾ ਕਹਿਣਾ ਹੈ ਕਿ ਭਾਰਤੀ ਇਸਤਰੀਆਂ ਹਿੰਦੀ ਫ਼ਿਲਮਾਂ ਵਿਚ ਬਲਾਤਕਾਰ ਕਰਨ ਵਾਲੇ ਨੂੰ ਨਫ਼ਰਤ ਨਹੀਂ ਕਰਦੀਆਂ ਸਗੋਂ ਉਹ ਉਨ੍ਹਾਂ ਲਈ ਨਾਇਕ ਵਾਂਗ ਹੁੰਦਾ ਹੈ । ਇਸ ਦੇ ਨਾਲ ਹੀ ਆਮ ਜ਼ਿੰਦਗੀ ਵਿਚ ਬਲਾਤਕਾਰ ਕਰਨ ਵਾਲੇ ਲੋਕ, ਬਲਾਤਕਾਰ ਦੀਆਂ ਸ਼ਿਕਾਰ ਔਰਤਾਂ ਦੇ ਨਾਲੋਂ ਵੱਡੇ ਜਾਂ ਫਾਦਰ ਫਿਗਰ ਹੁੰਦੇ ਹਨ । ਇਨ੍ਹਾਂ ਦੀ ਉਮਰ ਚਾਲੀਆਂ ਦੇ ਨੇੜੇ ਤੇੜੇ ਹੁੰਦੀ ਹੈ ਅਤੇ ਇਨ੍ਹਾਂ ਦਾ ਸ਼ਿਕਾਰ ਇਨ੍ਹਾਂ ਦੀਆਂ ਆਪਣੀਆਂ ਨਜ਼ਦੀਕੀ ਰਿਸ਼ਤੇਦਾਰ ਨਾਬਾਲਗ ਜਾਂ ਕਮ-ਉਮਰ ਕੁੜੀਆਂ ਬਣਦੀਆਂ ਹਨ ਕਿਉਂਕਿ ਉਹੀ ਇਨ੍ਹਾਂ ਦੇ ਨੇੜੇ ਹੁੰਦੀਆਂ ਹਨ ।
ਧੀ ਦੇ ਜੁਆਨ ਹੋਣ ‘ਤੇ ਬਾਪ ਉਸ ਨਾਲ ਇਕ ਦੂਰੀ ਕਿਉਂ ਕਾਇਮ ਕਰ ਲੈਂਦਾ ਹੈ ? ਇਸ ਸਵਾਲ ਦਾ ਜਵਾਬ ਸ੍ਰੀ ਕੱਕੜ ਅਨੁਸਾਰ ਇਹ ਹੈ ਕਿ ਇਸ ਦੂਰੀ ਦਾ ਅਰਥ ਬਾਪ ਵਲੋਂ ਆਪਣੀ ਧੀ ਨਾਲ ਬਲਾਤਕਾਰ ਕਰਨ ਦੀ ਇੱਛਾ ਨੂੰ ਦਬਾਉਣਾ ਹੁੰਦਾ ਹੈ । ਜੇ ਉਹ ਧੀ ਨਾਲ ਵਧੇਰੇ ਸਰੀਰਕ ਨੇੜਤਾ ਰੱਖੇਗਾ ਤਾਂ ਉਸ ਦੀ ਬਲਾਤਕਾਰ ਦੀ ਇੱਛਾ ਵਧੇਗੀ । ਇਸ ਦੇ ਨਾਲ ਹੀ ਧੀ ਦਾ ਪਹਿਲਾ ਨਾਇਕ ਵੀ ਉਸ ਦਾ ਬਾਪ ਹੁੰਦਾ ਹੈ ਅਤੇ ਉਹ ਵੀ ਕਈ ਵਾਰੀ ਆਪਣੇ ਬਾਪ ਨਾਲ ਹਮਬਿਸਤਰੀ ਦੇ ਸੁਪਨੇ ਲੈਂਦੀ ਹੈ ।
ਸੁਧੀਰ ਕੱਕੜ ਦੇ ਇਹ ਕਥਨ ਅਤਿ ਗੁੰਝਲਦਾਰ ਮਸਲਿਆਂ ਬਾਰੇ ਬੇਬਾਕ ਅਤੇ ਖੁੱਲਦਿਲੀ ਨਾਲ ਕੀਤੇ ਗਏ ਇੰਕਸ਼ਾਫ਼ ਹਨ ਅਤੇ ਇਨ੍ਹਾਂ ਨਾਲ ਕਈ ਪੁਰਾਤਨ ਪੰਥੀਆਂ ਨੂੰ ਔਖ ਹੋਏਗੀ । ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਗੱਲਾਂ ਸੱਚੀਆਂ ਹਨ । ਸੈਕਸ ਸਬੰਧੀ ਆਮ ਭਾਰਤੀ ਦੀ ਮਾਨਸਿਕਤਾ ਦਾ ਸਹੀ ਦਰਪਣ ਹਨ ।
(2-3-1990)
ਚੁੱਪ ! ਨਕਲ ਚਲ ਰਹੀ ਹੈ !
ਪਹਿਲੀ ਗੱਲ ਸੱਠਵਿਆਂ ਦੇ ਦਹਾਕੇ ਦੀ ਹੈ ਅਤੇ ਦੂਜੀ ਅੱਸੀਵਿਆਂ ਦੇ ਅੰਤਲੇ ਸਾਲਾਂ ਦੀ । ਦੋਹਾਂ ਵਿਚਲੇ ਫ਼ਰਕ ਅਤੇ ਵਤੀਰੇ ਦੇ ਬਦਲਾਓ ਤੋਂ ਹੀ ਪਤਾ ਲਗਦਾ ਹੈ ਕਿ ਸਤਾਈ ਸਾਲਾਂ ਦੇ ਅਰਸੇ ਵਿਚ ਕਿੰਨਾ ਕੁਝ ਤਬਦੀਲ ਹੋ ਗਿਆ ਹੈ ਅਤੇ ਸੰਕਲਪਾਂ ਵਿਚ ਕਿਵੇਂ ਨਿਘਾਰ ਆਇਆ ਹੈ ।
ਜਲੰਧਰ ਛਾਉਣੀ ਦੇ ਕੈਂਟ ਬੋਰਡ ਸਕੂਲ ਵਿਚ ਅੱਠਵੀਂ ਜਮਾਤ ਨੂੰ ਹਿਸਾਬ ਪੜ੍ਹਉਣ ਵਾਲੇ ਮਾਸਟਰ ਜੀ ਦਾ ਪੂਰਾ ਨਾਂ ਭਾਵੇਂ ਚੇਤੇ ਨਹੀਂ ਪਰ ਚੇਤੇ ਦੇ ਪਟਲ ਉਤੇ ‘ਸ੍ਰੀ ਬਿਦਰ’ ਦੀ ਛਾਪ ਪਈ ਹੈ । ਉਨ੍ਹਾਂ ਬਾਰੇ ਮਸ਼ਹੂਰ ਸੀ ਕਿ ਆਪਣੀ ਜਮਾਤ ਨੂੰ ਲੱਗੀ ਪਾਠ ਪੁਸਤਕ ਵਿਚ ਦਰਜ ਇਕ ਇਕ ਸਵਾਲ ਵਾਰ ਵਾਰ ਕਰਵਾਉਣ ਦੇ ਨਾਲ ਨਾਲ ਸ਼ਾਹਰਾਹ-ਏ-ਕਾਮਯਾਬੀ ਦਾ ਇਕ ਇਕ ਸਵਾਲ ਵੀ ਕਰਵਾ ਦਿੰਦੇ ਸਨ । ਅੱਠਵੀਂ ਦੇ ਇਮਤਿਹਾਨ ਉਦੋਂ ਵੀ ਬੋਰਡ ਦੇ ਹੁੰਦੇ ਸਨ ਅਤੇ ਆਮ ਵਿਦਿਆਰਥੀਆਂ ਨੂੰ ਡਰ ਵੀ ਬਹੁਤਾ ਹਿਸਾਬ ਤੋਂ ਹੀ ਲਗਦਾ ਸੀ ।ਇਸ ਲਈ ਅੱਠਵੀਂ ਜਮਾਤ ਮਾਸਟਰ ਬਿਦਰ ਹੁਰਾਂ ਕੋਲ ਹੀ ਹੁੰਦੀ ਸੀ ਅਤੇ ਉਹ ਮਿਹਨਤ ਏਨੀ ਕਰਵਾਉਂਦੇ ਸਨ ਕਿ ਉਨ੍ਹਾਂ ਦਾ ਕੋਈ ਵਿਦਿਆਰਥੀ ਸੌ ਫ਼ੀਸਦੀ ਤੋਂ ਘੱਟ ਅੰਕ ਨਹੀਂ ਸੀ ਲੈ ਸਕਦਾ ।
ਇਮਤਿਹਾਨ ਹੋਏ ਅਤੇ ਸਾਰੀ ਕਲਾਸ ਹਿਸਾਬ ਵਿਚੋਂ ਪਾਸ ਹੋ ਗਈ । ਉਹ ਵੀ ਲਗਪਗ ਸੌ ਫ਼ੀਸਦੀ ਨੰਬਰ ਲੈ ਕੇ । ਜਿਸ ਦਿਨ ਹਿਸਾਬ ਦਾ ਇਮਤਿਹਾਨ ਸੀ, ਮਾਸਟਰ ਬਿਦਰ ਹੁਰੀਂ ਉਚੇਚਾ ਸੈਂਟਰ ਪੁੱਜੇ, ਬਾਹਰ ਖੜ੍ਹੇ ਰਹੇ ਅਤੇ ਅਸੀਂ ਅੰਦਰ ਬੈਠੇ ਇਸ ਕਰਕੇ ਧਿਆਨ ਨਾਲ ਪਰਚੇ ਕਰਦੇ ਰਹੇ ਕਿ ਕਿਤੇ ਮਾਸਟਰ ਜੀ ਹੁਣੇ ਆ ਕੇ ਕੰਨ ਨਾ ਮਰੋੜ ਦੇਣ । ਸੁਪਰਵਾਈਜ਼ਰ ਨੂੰ ਉਚੇਚਾ ਕਿਹਾ ਕਿ ਜੇ ਕੋਈ ਨਕਲ ਮਾਰਨ ਦੀ ਕੋਸ਼ਿਸ਼ ਕਰੇ, ਉਸ ਨੂੰ ਕਹਿ ਦੇਣਾ ਮਾਸਟਰ ਜੀ ਬਾਹਰ ਖੜ੍ਹੇ ਉਡੀਕ ਰਹੇ ਹਨ । ਮਾਸਟਰ ਬਿਦਰ ਹੁਰਾਂ ਦੀ ਮੌਜੂਦਗੀ ਨੇ ਤਾਂ ਜੋ ਕਰਨਾ ਸੀ ਕੀਤਾ, ਪਰ ਉਨ੍ਹੀਂ ਦਿਨੀਂ ਅੱਠਵੀਂ ਦੇ ਵਿਦਿਆਰਥੀ ਲਈ ਨਕਲ ਬਾਰੇ ਸੋਚਣਾ ਵੀ ਅਸੰਭਵ ਸੀ । ਮਾਸਟਰ ਰੋਸ਼ਨ ਲਾਲ ਦੇ ਕਾਲੇ ਮੋਟੇ ਡੰਡੇ ਨੇ ਇਹ ਸਿਖਾ ਦਿਤਾ ਹੋਇਆ ਸੀ ਕਿ ਮਿਹਨਤ ਨਾਲ ਹੀ ਸਭ ਕੰਮ ਸੌਰ ਸਕਦੇ ਹਨ ।
ਦੂਜੀ ਘਟਨਾ ਫਰਵਰੀ ਦੇ ਦੂਜੇ ਸਾਤੇ ਵਾਪਰੀ ਜਦੋਂ ਸੈਂਟਰਲ ਬੋਰਡ ਫਾਰ ਸੈਕੰਡਰੀ ਐਜੂਕੇਸ਼ਨ ਵਲੋਂ ਚੰਡੀਗੜ੍ਹ ਵਿਚ ਅੱਠਵੀਂ ਦੇ ਪੇਪਰ ਸ਼ੁਰੂ ਹੋਏ । ਪਹਿਲੇ ਹੀ ਦਿਨ ਅਧਿਆਪਕਾਂ ਨੇ ਖ਼ਾਸ ਖ਼ਾਸ ਵਿਦਿਆਰਥੀਆਂ ਨੂੰ ਆਪ ਜਾ ਕੇ ਦੱਸਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਕਿਹੜਾ ਸਵਾਲ ਕਿਸ ਤਰ੍ਹਾਂ ਕਰਨਾ ਹੈ । ਇਸ ਦੇ ਨਾਲ ਹੀ ਕਈ ਵਿਦਿਆਰਥੀਆਂ ਨੇ ਪਰਚੀਆਂ ਲੈ ਕੇ ਨਕਲ ਮਾਰਨੀ ਸ਼ੁਰੂ ਕਰ ਦਿੱਤੀ। ਨਿਗਰਾਨ ਅਮਲੇ ਨੇ ਉਨ੍ਹਾਂ ਉਤੇ ਕੋਈ ਇਤਰਾਜ਼ ਨਹੀਂ ਕੀਤਾ। ਸਗੋਂ ਇਕ ਨਿਗਰਾਨ ਨੇ ਤਾਂ ਖ਼ੁਦ ਦੋ ਵਿਦਿਆਰਥੀਆਂ ਨੂੰ ਪਰਚੀਆਂ ਲਿਖ ਕੇ ਦਿੱਤੀਆਂ । ਇਸ ਨਾਲ ਉਨ੍ਹਾਂ ਵਿਦਿਆਰਥੀਆਂ ਵਿਚ ਇਸ ਗੱਲ ਦਾ ਰੋਸ ਪੈਦਾ ਹੋਇਆ ਜਿਨ੍ਹਾਂ ਪਾਸ ਨਾ ਪਰਚੀ ਸੀ ਅਤੇ ਨਾ ਹੀ ਨਿਗਰਾਨ ਅਮਲੇ ਨਾਲ ਵਾਕਫ਼ੀ। ਉਹ ਨਾ ਕੁਝ ਕਰ ਸਕਦੇ ਸਨ, ਨਾ ਬੋਲ ਸਕਦੇ ਸਨ । ਪਰ ਉਨ੍ਹਾਂ ਦੇ ਮਨ ਅੰਦਰ ਇਹ ਸਵਾਲ ਤਾਂ ਜ਼ਰੂਰ ਉਠਿਆ ਕਿ ਜੇ ਕੁਝ ਵਿਦਿਆਰਥੀਆਂ ਨੂੰ ਨਕਲ ਮਾਰਨ ਦੀ ਖੁੱਲ੍ਹ ਹੈ ਅਤੇ ਉਨ੍ਹਾਂ ਨੂੰ ਨਿਗਰਾਨ ਅਮਲਾ ਆਪ ਵੀ ਉੱਤਰ ਦੱਸ ਰਿਹਾ ਹੈ ਤਾਂ ਬਾਕੀਆਂ ਨੂੰ ਅਜਿਹੀ ਖੁੱਲ੍ਹ ਕਿਉਂ ਨਹੀਂ ? ਇਸ ਸਵਾਲ ਦਾ ਉੱਤਰ ਕਿਸ ਪਾਸ ਹੈ? ਮੇਰੇ ਬੇਟੇ ਨੇ ਘਰ ਆ ਕੇ ਇਹ ਗੱਲ ਦੱਸੀ । ਪਰ ਨਾਲ ਹੀ ਕਿਹਾ: “ਜਾਂ ਤਾਂ ਮੈਨੂੰ ਵੀ ਨਕਲ ਕਰਵਾਉਣ ਲਈ ਸਿਫ਼ਾਰਸ਼ ਲੱਭੋ ਤੇ ਜਾਂ ਫਿਰ ਸਾਰੀ ਨਕਲ ਖ਼ਤਮ ਕਰਵਾਓ।” ਜੇ ਇਕ ਬੱਚਾ ਇਹ ਸਵਾਲ ਕਰ ਸਕਦਾ ਹੈ ਅਤੇ ਇਕ ਅਧਿਆਪਕ ਜਿਸ ਦਾ ਫ਼ਰਜ਼ ਹੈ ਨਕਲ ਰੋਕਣਾ, ਖ਼ੁਦ ਨਕਲ ਕਰਵਾਉਣਗੇ ਤਾਂ ਵਿਦਿਆਰਥੀ ਦੀ ਯੋਗਤਾ ਕਿਥੇ ਜਾਏਗੀ? ਸਮਝਣਾ ਚਾਹੀਦਾ ਹੈ ਕਿ ਹਾਲਤ ਬਹੁਤ ਹੀ ਨਿੱਘਰ ਚੁੱਕੀ ਹੈ।
ਪਰ ਗੱਲ ਬੱਚਿਆਂ ਤਕ ਹੀ ਸੀਮਤ ਨਹੀਂ ਰਹਿੰਦੀ। ਮੇਰਾ ਇਕ ਮਿੱਤਰ ਇਕ ਸੈਂਟਰ ਦਾ ਸੁਪਰਡੈਂਟ ਹੈ। ਮੈਂ ਉਸ ਨਾਲ ਨਕਲ ਬਾਰੇ ਸਰਸਰੀ ਗੱਲ ਕੀਤੀ। ਸੁਪਰਡੈਂਟ ਹੋਣ ਨਾਤੇ ਉਸ ਦੀ ਹੋਰ ਸੈਂਟਰਾਂ ਦੇ ਸੁਪਰਡੈਂਟਾਂ ਨਾਲ ਵੀ ਵਾਕਫ਼ੀ ਹੈ। ਜ਼ਰੂਰ ਹੀ ਉਸ ਨੂੰ ਵੀ ਸਾਥੀ ਅਧਿਆਪਕਾਂ ਰਾਹੀਂ ਸਿਫ਼ਾਰਸ਼ਾਂ ਆਈਆਂ ਹੋਣਗੀਆਂ ਨਕਲ ਮਾਰਨ ਵਾਲੇ ਖ਼ਾਸ ਵਿਦਿਆਰਥੀਆਂ ਨਾਲ ਨਰਮੀ ਵਰਤਣ ਦੀਆਂ। ਉਸ ਦੀ ਮਨਸ਼ਾ ਸੀ ਕਿ ਮੈਂ ਬੇਟੇ ਦਾ ਰੋਲ ਨੰਬਰ ਦੱਸਾਂ ਤਾਂ ਕਿ ਉਹ ਸਬੰਧਤ ਸੈਂਟਰ ਦੇ ਕਿਸੇ ਅਧਿਆਪਕ ਨੂੰ ਸਿਫ਼ਾਰਸ਼ ਕਰ ਸਕੇ।ਨਕਲ ਦੀ ਪ੍ਰਵਿਰਤੀ ਬਾਰੇ ਮੇਰੀ ਸਧਾਰਨ ਗੱਲ ਨੂੰ ਜਦੋਂ ਉਸ ਨੇ ਇਸ ਤਰ੍ਹਾਂ ਲਿਆ ਤਾਂ ਮੇਰੇ ਜ਼ਿਹਨ ਵਿਚ ਇਸ ਸਵਾਲ ਨੇ ਹੋਰ ਵੀ ਗੁੰਝਲਦਾਰ ਰੂਪ ਧਾਰਨ ਕਰ ਲਿਆ।
ਜਦੋਂ ਅਧਿਆਪਕ ਖ਼ੁਦ ਹੀ ਇਹ ਪੇਸ਼ਕਸ਼ ਕਰੇ ਕਿ ਉਹ ਨਕਲ ਲਈ ਸਿਫ਼ਾਰਸ਼ ਕਰ ਸਕਦਾ ਹੈ ਤਾਂ ਵਿਦਿਆਰਥੀ ਕਿਉਂ ਨਾ ਸਮਝੇ ਕਿ ਨਕਲ ਮਾਰਨਾ ਉਸ ਦਾ ਹੱਕ ਹੈ ? ਮੈਂ ਰੋਲ ਨੰਬਰ ਨਾ ਦੱਸ ਕੇ ਉਸ ਅਧਿਆਪਕ ਮਿੱਤਰ ਦੀ ਦਿਲੀ ‘ਸਦਭਾਵਨਾ’ ਨੂੰ ਤਾਂ ਠੇਸ ਪਹੁੰਚਾਈ ਹੀ, ਨਾਲ ਹੀ ਆਪਣੇ ਬੇਟੇ ਦੀ ‘ਮੰਦਭਾਵਨਾ’ ਦਾ ਵੀ ਭਾਗੀ ਬਣਿਆ ਜਿਹੜੀ ਨਕਲ ਦਾ ਬੰਦੋਬਸਤ ਨਾ ਕਰਨ ਕਰਕੇ ਉਸ ਦੇ ਦਿਲ ਵਿਚ ਪੈਦਾ ਹੋਈ ਹੋਏਗੀ।
ਇਕ ਚੁਥਾਈ ਸਦੀ ਪਹਿਲਾਂ ਪਿੰਡਾਂ ਵਿਚ ਕਿਤੇ ਕਿਤੇ ਨਕਲ ਚਲਦੀ ਸੀ। ਮੇਰੇ ਇਕ ਰਿਸ਼ਤੇਦਾਰ ਰਘਬੀਰ ਸਿੰਘ ਉਰਫ਼ ਘੀਰੇ ਨੇ ਦਸਵੀਂ ਦੇ ਪੇਪਰ ਦੇਣ ਸਮੇਂ ਕਿਤਾਬ ਖੋਲ੍ਹ ਕੇ ਰੱਖ ਲਈ ਸੀ ਅਤੇ ਛੇ ਇੰਚੀ ਫਲ ਵਾਲੇ ਕਮਾਨੀਦਾਰ ਚਾਕੂ ਨੂੰ ਡੈਸਕ ‘ਤੇ ਗੱਡ ਦਿੱਤਾ ਸੀ। ਇਸ ਕਾਰਨ ਕਿਸੇ ਵੀ ਨਿਗਰਾਨ ਦੀ ਹਿੰਮਤ ਨਹੀਂ ਸੀ ਪਈ ਕਿ ਉਹ ਉਸ ਨੂੰ ਨਕਲ ਕਰਨੋਂ ਰੋਕ ਸਕੇ। ਇਹ ਗੱਲ ਵੱਖਰੀ ਹੈ ਕਿ ਉਸ ਨੇ ਦਸਵੀਂ ਮਸਾਂ ਹੀ ਥਰਡ ਡਿਵੀਜ਼ਨ ਵਿਚ ਪਾਸ ਕੀਤੀ ਸੀ ਅਤੇ ਦਸਵੀਂ ਤੋਂ ਬਾਅਦ ਪੜ੍ਹਨ ਲਈ ਉਸ ਦੀ ਹਿੰਮਤ ਹੀ ਨਹੀਂ ਸੀ ਪਈ।
ਅੱਜ ਕੱਲ ਨਕਲ ਲਈ ਸਿਰਫ਼ ਇਹੀ ਤਰੀਕਾ ਨਹੀਂ ਵਰਤਿਆ ਜਾਂਦਾ। ਆਮ ਤੌਰ ‘ਤੇ ਲਗਪਗ ਸਾਰੇ ਹੀ ਇਮਤਿਹਾਨਾਂ ਵਿਚ, ਯੂਨੀਵਰਸਿਟੀ ਦੇ ਹੋਣ ਜਾਂ ਬੋਰਡ ਦੇ, ਨਿਗਰਾਨ ਅਮਲੇ ਨਾਲ ਅੱਟੀ ਸੱਟੀ ਲਾਈ ਜਾਂਦੀ ਹੈ। ਉਨ੍ਹਾਂ ਦੇ ਰੇਟ ਤੈਅ ਕੀਤੇ ਜਾਂਦੇ ਹਨ। ਜਿੰਨੀ ਵੱਡੀ ਜਮਾਤ ਉਨ੍ਹਾਂ ਹੀ ਵੱਧ ਰੇਟ। ਸੁਪਰਡੈਂਟ ਅਤੇ ਸੁਪਰਵਾਈਜ਼ਰ ਨਾ ਸਿਰਫ਼ ਚੰਗਾ ਚੋਖਾ ਪੈਸਾ ਹੀ ਬਣਾਉਂਦੇ ਹਨ ਸਗੋਂ ਇਮਤਿਹਾਨਾਂ ਦੇ ਦਿਨਾਂ ਵਿਚ ਦਾਰੂ ਅਤੇ ਮੁਰਗੇ ਦੇ ਵੀ ਖੁੱਲ੍ਹੇ ਗੱਫੇ ਚਲਾਉਂਦੇ ਹਨ। ਜਿਥੇ ਕਿਤੇ ਸੁਪਰਡੈਂਟ ਸਖ਼ਤ ਆ ਜਾਏ ਅਤੇ ਉਹ ਸਿਫ਼ਾਰਸ਼ ਜਾਂ ਰਿਸ਼ਵਤ ਦੇ ਢੰਗ ਨੂੰ ਪ੍ਰਵਾਨ ਨਾ ਕਰੇ ਤਾਂ ਫਿਰ ਧਮਕੀ ਵਾਲਾ ਕਦਮ ਚੁੱਕਿਆ ਜਾਂਦਾ ਹੈ। ਪਹਿਲਾਂ ਪਹਿਲ ਇਹ ਧਮਕੀ ਹਾਕੀਆਂ ਤੇ ਬੈਟਾਂ ਜਾਂ ਲੋਹੇ ਦੀਆਂ ਛੜਾਂ ਦੇ ਰੂਪ ਵਿਚ ਹੁੰਦੀ ਸੀ, ਫਿਰ ਇਹ ਏ. ਕੇ. 47 ਅਤੇ ਏ. ਕੇ. 74 ਰਫ਼ਲਾਂ ਦੇ ਰੂਪ ਵਿਚ ਹੋ ਗਈ।
ਕਈ ਸੈਂਟਰਾਂ ਵਿਚ ਸੁਪਰਡੈਂਟ ਨੂੰ ਵੱਖ ਵੱਖ ਖਾੜਕੂ ਜਥੇਬੰਦੀਆਂ ਦੇ ਪੈਡਾਂ ਉਤੇ ਹੀ ਧਮਕੀ ਭਰੇ ਪੱਤਰ ਆ ਜਾਂਦੇ ਰਹੇ ਹਨ ਕਿ ਉਹ ਆਪਣੇ ਸੈਂਟਰ ਵਿਚ ਸਖ਼ਤੀ ਨਾ ਕਰੇ ਨਹੀਂ ਤਾਂ ਉਸ ਦਾ ਘਾਣ ਬੱਚਾ ਪੀੜ ਦਿਤਾ ਜਾਏਗਾ । ਅੱਸੀਵਿਆਂ ਦੀ ਵਰ੍ਹਦੀ ਅੱਗ ਵਿਚ ਕੌਣ ਕਿਸੇ ਨਾਲ ਪੰਗਾ ਲੈਣਾ ਚਾਹੁੰਦਾ ਸੀ ? ਤੇ ਫ਼ੇਰ ਖਾੜਕੂਆਂ ਦੇ ਕਿਸੇ ਇਕ ‘ਉਮੀਦਵਾਰ’ ਕਾਰਨ ਸਾਰਾ ਸੈਂਟਰ ਹੀ ਸਮੂਹਕ ਨਕਲ ਦਾ ਕੇਦਰ ਬਣ ਜਾਂਦਾ ਸੀ । ਭਲੇ ਵੇਲਿਆਂ ਵਿਚ ਸਿਆਣੇ ਨਕਲਮਾਰ ਵਿਦਿਆਰਥੀ ਕਈ ਕਿਸਮ ਦੇ ਹਰਬੇ ਵਰਤ ਕੇ ਨਕਲ ਮਾਰਦੇ ਸਨ। ਵਿਦਿਆਰਥਣਾਂ ਚਿੱਟੀਆਂ ਸਲਵਾਰਾਂ ਦੀਆਂ ਸਿਲਵਟਾਂ ਉਤੇ ਲੇਖ ਤੇ ਪਰੈਸੀਆਂ ਲਿਖਦੀਆਂ ਸਨ ਅਤੇ ਵਿਦਿਆਰਥੀ ਹੱਥਾਂ ਦੀਆਂ ਤਲੀਆਂ ਉਤੇ ਅਤੇ ਕਮੀਜ਼ਾਂ ਦੇ ਕਫ਼ਾਂ ਦੇ ਅੰਦਰ। ਕਈ ਕਈ ਦਿਨ ਸਿਰੜੀ ਵਿਦਿਆਰਥੀ ਅਹਿਮ ਸਵਾਲਾਂ ਦੇ ਜਵਾਬ ਨਿੱਕੀਆਂ ਨਿੱਕੀਆਂ ਪਰਚੀਆਂ ਉਤੇ ਲਿਖਦੇ ਰਹਿੰਦੇ ਅਤੇ ਉਨ੍ਹਾਂ ਨੂੰ ਬੁਨੈਣਾਂ ਦੀਆਂ ਚੋਰ ਜੇਬਾਂ ਵਿਚ ਲੁਕੋਂਦੇ । ਇਕ ਵਿਦਿਆਰਥੀ ਨੇ ਲਗਪਗ ਸਭ ਅਹਿਮ ਸਵਾਲਾਂ ਦੀਆਂ ਪਰਚੀਆਂ ਕਿਤਾਬ ਵਿਚੋਂ ਪਾੜ ਕੇ ਪੱਟ ਉਤੇ ਰੱਖ ਕੇ ਉਪਰੋਂ ਕੋਈ ਕੱਪੜਾ ਬੰਨ੍ਹ ਲਿਆ । ਉਨ੍ਹਾਂ ਦੀ ਤਰਤੀਬ ਵਾਲੀ ਫ਼ਹਿਰਿਸਤ ਕਿਸੇ ਹੋਰ ਥਾਂ ਪਾ ਲਈ । ਪੈਂਟ ਦੀ ਜੇਬ ਅੰਦਰੋਂ ਪਾੜ ਕੇ ਪਰਚੀਆਂ ਤਕ ਹੱਥ ਪੁੱਜਣ ਦਾ ਰਸਤਾ ਬਣਾ ਲਿਆ । ਅੰਗਰੇਜ਼ੀ ਦੇ ਪਰਚੇ ਵਿਚ ‘ਥਰਸਟੀ ਕਰੋਅ’ ਆ ਗਿਆ ਸੀ । ਸੂਚੀ ਵਿਚ ਇਹ ਬਾਹਰਵੇ ਨੰਬਰ ‘ਤੇ ਸੀ । ਉਸ ਨੇ ਬਾਹਰਵੇਂ ਨੰਬਰ ਵਾਲੀ ਪਰਚੀ ਗਿਣ ਕੇ ਕੱਢੀ ਅਤੇ ਪਰਚੇ ਵਿਚ ਟੇਪ ਦਿੱਤੀ । ਬਾਹਰ ਆ ਕੇ ਉਸ ਛਾਲਾਂ ਮਾਰੀਆਂ ਅਖੇ ਸਟੋਰੀ ‘ਚੋਂ ਤਾਂ ਪੰਦਰਾਂ ਨੰਬਰ ਵੱਟ ‘ਤੇ ਪਏ ਆ । ਇਹ ਤਾਂ ਮਗਰੋਂ ਪਤਾ ਲੱਗਾ ਕਿ ਪੈਂਟ ਵਿਚ ਦੀ ਗਿਣਤੀ ਹੋਏ ਬਾਹਰਵੀਂ ਥਾਂ ਪਰਚੀ ਤੇਹਰਵੀਂ ਨਿਕਲ ਗਈ ਅਤੇ ਉਹ“ਥਰਸਟੀ ਕਰੋਅ” ਦੀ ਥਾਂ “ਦੀ ਲਾਇਨ ਐਂਡ ਦੀ ਮਾਊਸ ” ਲਿਖ ਆਇਆ ।
ਨਕਲ ਮਾਰਨ ਲਈ ਵੀ ਅਕਲ ਦੀ ਲੋੜ ਹੁੰਦੀ ਹੈ । ਬਿਨਾਂ ਅਕਲ ਦੇ ਨਕਲ ਮਾਰਨ ਨਾਲ ਥਰਸਟੀ ਕਰੋਅ ਦੀ ਥਾਂ ਦੀ ਲਾਇਨ ਐਂਡ ਦੀ ਮਾਊਸ ਲਿਖਿਆ ਜਾਂਦਾ ਹੈ । ਨਕਲ ਮਾਰਨ ਦੀ ਪ੍ਰਵਿਰਤੀ ਵਿਚ ਵਾਧਾ ਕਿਉਂ ਹੋ ਰਿਹਾ ਹੈ, ਇਸ ਬਾਰੇ ਸਿੱਖਿਆ ਸ਼ਾਸਤਰੀ, ਮਨੋਵਿਗਿਆਨੀ ਅਤੇ ਸਮਾਜ ਸ਼ਾਸਤਰੀ ਚਰਚਾ ਕਰਦੇ ਆ ਰਹੇ ਹਨ ਅਤੇ ਕਰਦੇ ਚਲੇ ਜਾਣਗੇ । ਹਰ ਸਾਲ ਇਮਤਿਹਾਨਾਂ ਵਿਚ ਬਹਿਸ ਦੀ ਇਹ ਰਸਮ ਅਦਾ ਕੀਤੀ ਜਾਂਦੀ ਹੈ। ਬੰਦ ਕਮਰਿਆਂ ਵਿਚ ਬੈਠੇ ਵਿਦਵਾਨਾਂ ਲਈ ਇਹ ਮਗਜ਼-ਜੁਗਾਲੀ ਹੈ ਜਿਸ ਨੂੰ ਉਹ ਲਗਾਤਾਰ ਕਰਦੇ ਆ ਰਹੇ ਹਨ, ਮਾਨਸਿਕ ਹੱਥ-ਰਸੀ ਹੈ ਜਿਸ ਰਾਹੀਂ ਉਹ ਘੱਟੋ ਘੱਟ ਆਪਣੀ ਸੰਤੁਸ਼ਟੀ ਕਰ ਲੈਂਦੇ ਹਨ । ਪਰ ਨਕਲ ਜਾਰੀ ਹੈ ਅਤੇ ਨਿਰੰਤਰ ਜਾਰੀ ਹੈ । ਜਿਸ ਢੰਗ ਨਾਲ ਇਹ ਜਾਰੀ ਹੈ, ਕੋਈ ਪਤਾ ਨਹੀਂ ਵਿਦਿਆਰਥੀ ਇਸ ਨੂੰ ਆਪਣਾ ਹੱਕ ਸਮਝਣਾ ਸ਼ੁਰੂ ਕਰ ਦੇਣ ਅਤੇ ਵਿਦਵਾਨਾਂ ਦੇ ਲਈ ਨਵੀਂ ਸਿਰਦਰਦੀ ਸ਼ੁਰੂ ਹੋ ਜਾਵੇ ਕਿ ‘ਨਕਲ ਵਿਦਿਆਰਥੀਆਂ ਦਾ ਹੱਕ ਜਾਂ ਅਧਿਆਪਕ ਦਾ ਅਧਿਕਾਰ’ ਵਿਸ਼ੇ ਉਤੇ ਕਿੰਨੇ ਸੈਮੀਨਾਰ ਕਰਵਾਏ ਜਾਣ ਅਤੇ ਇਨ੍ਹਾਂ ਲਈ ਸਰਕਾਰ ਪਾਸੋਂ ਕਿਸ ਕਿਸ ਬਹਾਨੇ ਰਕਮਾਂ ਬਟੋਰੀਆਂ ਜਾਣ ।
(23-2-1990)
ਦੋਸ਼ ਬੱਚਿਆਂ ਦਾ ਕਿਉਂ ?
ਪਿਛਲੇ ਦਿਨੀਂ ਇਕ ਖ਼ਬਰ ਛਪੀ ਕਿ ਬੰਬਈ ਦੇ ਇਕ ਅਮੀਰਾਨਾ ਖੇਤਰ‘ਜੁਹੂ ਵਿਚ ਪੁਲੀਸ ਨੇ ਇਕ ਮਕਾਨ ਵਿਚੋਂ ਤਿੰਨ ਸਾਲਾਂ ਦੇ ਬੱਚੇ ਨੂੰ ਪੰਤਾਲੀ ਕੁ ਸਾਲਾਂ ਦੀ ਇਕ ਅਧੇੜ ਉਮਰ ਦੀ ਔਰਤ ਤੋਂ ਬਚਾਇਆ ਹੈ। ਦੱਸਿਆ ਜਾਂਦਾ ਹੈ ਕਿ ਇਹ ਔਰਤ ਇਸ ਬੱਚੇ ਨੂੰ ਮਾਰਦੀ ਕੁੱਟਦੀ ਸੀ,ਉਸ ਨੂੰ ਭੁੱਖਾ ਰੱਖਦੀ ਸੀ ਅਤੇ ਹਰ ਤੀਸਰੇ ਦਿਨ ਸਿਰਫ਼ ਇਕ ਕੇਲਾ ਖਾਣ ਨੂੰ ਦਿੰਦੀ ਸੀ । ਮਾਰ ਕੁੱਟ ਅਤੇ ਤਸੀਹਿਆਂ ਕਾਰਨ ਉਹ ਮਾਸੂਮ ਬੱਚਾ ਇੰਨਾ ਦੁਰਬਲ ਹੋ ਗਿਆ ਕਿ ਹਿਲਜੁਲ ਤਕ ਨਹੀਂ ਸੀ ਸਕਦਾ ਅਤੇ ਉਸ ਦੀਆਂ ਅੱਖਾਂ ਵਿਚ ਸਹਿਮ ਛਾਇਆ ਹੋਇਆ ਸੀ ।
ਉਹ ਅਧੇੜ ਔਰਤ ਪਤਾ ਨਹੀਂ ਇਸ ਬੱਚੇ ਨਾਲ ਕੀ ਕਰਦੀ ਜੇ ਗੁਆਂਢ ਵਿਚ ਰਹਿੰਦੀ ਸਮਾਜ ਸੇਵਿਕਾ ਨੂੰ ਇਸ ਦਾ ਪਤਾ ਨਾ ਲੱਗ ਜਾਂਦਾ । ਉਸ ਨੇ ਜਦੋਂ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਪਰੋਕਤ ਔਰਤ ਅਤੇ ਉਸ ਦੇ ਇਕ ਸਾਥੀ ਨੇ ਗੱਲ ਨੂੰ ਟਾਲਣ ਦਾ ਯਤਨ ਕੀਤਾ। ਸਮਾਜ ਸੇਵਿਕਾ ਨੂੰ ‘ਆਪਣਾ ਕੰਮ ਕਰਨ’ ਅਤੇ ਉਨ੍ਹਾਂ ਦੇ ਮਾਮਲੇ ਵਿਚ ‘ਟੰਗ ਨਾ ਅੜਾਉਣ’ ਲਈ ਕਿਹਾ ਗਿਆ । ਪਰ ਜਦੋਂ ਉਸ ਪੁਲੀਸ ਦੀ ਸਹਾਇਤਾ ਲਈ ਤਾਂ ਇਹ ਮਾਮਲਾ ਹੋਰ ਵੀ ਉਲਝ ਗਿਆ । ਇਹ ਪਤਾ ਨਹੀਂ ਲੱਗਾ ਕਿ ਬੱਚਾ ਕਿਸ ਦਾ ਹੈ ਅਤੇ ਉਸ ਨੂੰ ਇਸ ਤਰ੍ਹਾਂ ਦੇ ਸ਼ਰਮਨਾਕ ਤਸੀਹੇ ਕਿਉਂ ਦਿੱਤੇ ਜਾਂਦੇ ਰਹੇ ਹਨ? ਉਸ ਔਰਤ, ਜਿਹੜੀ ਚਕਲਾ ਚਲਾਉਂਦੀ ਦੱਸੀਂਦੀ ਹੈ, ਦੇ ਸਾਥੀ ਨੇ ਸਮਾਜ ਸੇਵਿਕਾ ਨੂੰ ਕਿਹਾ ਕਿ ਇਹ‘ਹਰਾਮੀ’ ਬੱਚਾ ਹੈ ਜਿਸ ਲਈ ਇਸ ਨਾਲ ਅਜਿਹਾ ਸਲੂਕ ਹੀ ਕੀਤਾ ਜਾਣਾ ਚਾਹੀਦਾ ਹੈ ।
ਕਿਸੇ ਬੱਚੇ ਨੂੰ ਹਰਾਮੀ ਕਹਿਣਾ ਬਹੁਤ ਸੌਖਾ ਹੈ ਕਿਉਂਕਿ ਉਸ ਨੂੰ ਨਾ ਤਾਂ ਇਸ ਸ਼ਬਦ ਦੇ ਅਰਥ ਪਤਾ ਹੁੰਦੇ ਹਨ ਅਤੇ ਨਾ ਹੀ ਉਹ ਇਸ ਸੰਸਾਰ ਨੂੰ ਜਾਣਦਾ ਹੁੰਦਾ ਹੈ। ਉਹ ਤਾਂ ਉਨ੍ਹਾਂ ਬਾਲਗਾਂ ਦੇ ਸਹਾਰੇ ਹੁੰਦਾ ਹੈ ਜਿਹੜੇ ਉਸ ਨੂੰ ਪਹਿਲਾਂ ਪੈਦਾ ਕਰਦੇ ਹਨ ਅਤੇ ਫਿਰ ਉਸ ਨੂੰ ਹਰਾਮੀ ਕਹਿਣਾ ਸ਼ੁਰੂ ਕਰ ਦਿੰਦੇ ਹਨ। ਸ਼ਾਇਸਤਾ ਭਾਸ਼ਾ ਵਿਚ ਇਸ ਨੂੰ ਨਜਾਇਜ਼ ਸੰਤਾਨ ਵੀ ਕਹਿ ਦਿੱਤਾ ਜਾਂਦਾ ਹੈ । ਨਜਾਇਜ਼ ਜਾਂ ਹਰਾਮੀ ਸੰਤਾਨ ਉਨ੍ਹਾਂ ਬੱਚਿਆਂ ਨੂੰ ਕਿਹਾ ਜਾਂਦਾ ਹੈ ਜਿਹੜੇ ਕਿਸੇ ਔਰਤ ਨੇ ਬਿਨਾਂ ਸ਼ਾਦੀ ਕਰਵਾਇਆਂ ਪੈਦਾ ਕੀਤੇ ਹੋਣ । ਅਰਥਾਤ ਕਿਸੇ ਔਰਤ ਵਲੋਂ ਕਿਸੇ ਮਰਦ ਨਾਲ ਰੱਖੇ ਗਏ ਨਜਾਇਜ਼ ਕਾਮ ਰਿਸ਼ਤੇ ‘ਚੋਂ ਪੈਦਾ ਹੋਏ ਬੱਚੇ ਨੂੰ ਹਰਾਮੀ ਕਹਿ ਦਿੱਤਾ ਜਾਂਦਾ ਹੈ । ਉਨ੍ਹਾਂ ਬੱਚਿਆਂ ਨੂੰ ਵੀ ਹਰਾਮੀ ਕਿਹਾ ਜਾਂਦਾ ਹੈ ਜਿਹੜੇ ਇੱਛਕ ਸਹਿਵਾਸ ਦੀ ਥਾਂ ਅਣਇੱਛਕ ਸਹਿਵਾਸ ਅਰਥਾਤ ਬਲਾਤਕਾਰ ਆਦਿ ਕਾਰਨ ਪੈਦਾ ਹੋਏ ਹੋਣ।
ਭਾਵੇਂ ਅਸਲ ਅੰਕੜੇ ਨਹੀਂ ਮਿਲੇ, ਫਿਰ ਵੀ ਮੋਟੇ ਅੰਦਾਜ਼ੇ ਅਨੁਸਾਰ ਦੁਨੀਆ ਵਿਚ ਹਰ ਸਾਲ ਲੱਖਾਂ ਬੱਚੇ ਅਜਿਹੇ ਪੈਦਾ ਹੁੰਦੇ ਹਨ ਜਿਹੜੇ ਸ਼ਾਦੀਸ਼ੁਦਾ ਔਰਤਾਂ ਦੇ ਨਹੀਂ ਸਗੋਂ ਕੁਆਰੀਆਂ ਕੁੜੀਆਂ ਦੇ ਪੇਟੋਂ ਪੈਦਾ ਹੁੰਦੇ ਹਨ। ਅਮਰੀਕਾ ਵਿਚ ਸੈਕਸ ਦੀ ਖੁੱਲ੍ਹ ਸਕੂਲੀ ਪੱਧਰ ‘ਤੇ ਇੰਨੀ ਹੋ ਗਈ ਹੈ ਕਿ ਹਾਈ ਸਕੂਲ ਪਾਸ ਕਰਨ ਤਕ ਜਿਸ ਕੁੜੀ ਨੇ ਹਾਲੇ ਤਕ ਸਹਿਵਾਸ ਨਹੀਂ ਕੀਤਾ ਹੁੰਦਾ, ਉਸ ਨੂੰ ਬਾਕੀ ਦੇ ਮੁੰਡੇ ਕੁੜੀਆਂ ਮਾਨਸਿਕ ਜਾਂ ਸਰੀਰਕ ਤੌਰ ਅਵਿਕਸਤ ਸਮਝਦੇ ਹਨ। ਉਸ ਕੁੜੀ ਲਈ ਵੀ ਇਹ ਗੱਲ ਸ਼ਰਮ ਵਾਲੀ ਹੁੰਦੀ ਹੈ। ਇਰਵਿੰਗ ਵੈਲੇਸ ਨਾਂ ਦੇ ਮਸ਼ਹੂਰ ਨਾਵਲਕਾਰ ਦੇ ਇਕ ਨਾਵਲ ਦੀ ਨਾਇਕਾ ਚੌਵੀਆਂ ਸਾਲਾਂ ਦੀ ਉਮਰ ਤਕ ਵੀ ਸਰੀਰਕ ਪੱਖੋਂ ਕੁਆਰੀ ਹੈ ਅਤੇ ਜਦੋਂ ਉਹ ਚੌਵੀ ਸਾਲਾਂ ਦੀ ਉਮਰ ਵਿਚ ਪਹਿਲੀ ਵਾਰ ਕਿਸੇ ਆਪਣੇ ਦੋਸਤ ਮੁੰਡੇ ਨਾਲ ਸੌਣ ਲਗਦੀ ਹੈ ਤਾਂ ਵੀਹ ਵਾਰੀ ਇਸ ਗੱਲ ਲਈ ਮਾਫ਼ੀ ਮੰਗਦੀ ਹੈ ਕਿ ਉਹ ਕੁਆਰੀ ਹੈ।
ਅਮਰੀਕਾ ਵਿਚ ਕੁਆਰੀਆਂ ਦੇ ਮਾਂਵਾਂ ਬਣਨ ਦੀ ਗੱਲ ਆਮ ਹੈ । ਉਥੇ ਕਈ ਕੁੜੀਆਂ ਹਾਈ ਸਕੂਲ ਪਾਸ ਕਰਨ ਤੋਂ ਪਹਿਲਾਂ ਪਹਿਲਾਂ ਹੀ ਮਾਂਵਾਂ ਬਣ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਇਹ ਪਤਾ ਤਕ ਨਹੀਂ ਹੁੰਦਾ ਕਿ ਉਨ੍ਹਾਂ ਦੇ ਬੱਚਿਆਂ ਦਾ ਬਾਪ ਕੌਣ ਹੈ। ਅਮਰੀਕੀ ਸਭਿਆਚਾਰ ਵਿਚ ਇਸ ਨੂੰ ਕੋਈ ਅਲੋਕਾਰੀ ਗੱਲ ਵੀ ਨਹੀਂ ਸਮਝਿਆ ਜਾਂਦਾ ਅਤੇ ਇਸ ਤਰ੍ਹਾਂ ਪੈਦਾ ਹੋਏ ਬੱਚਿਆਂ ਨੂੰ ਕੋਈ ‘ਹਰਾਮੀ’ ਕਹਿ ਕੇ ਜ਼ਲੀਲ ਵੀ ਨਹੀਂ ਕਰਦਾ। ਇਸ ਲਈ ਉਨ੍ਹਾਂ “ਸਿੰਗਲ ਪੇਰੈਂਟ ਫ਼ੈਮਲੀ” ਦਾ ਨਾਂ ਈਜਾਦ ਕਰ ਲਿਆ ਹੈ ਅਰਥਾਤ ਅਜਿਹਾ ਪਰਿਵਾਰ ਜਿਸ ਵਿਚ ਸਿਰਫ਼ ਇਕ ਮਾਪਾ ਅਰਥਾਤ ਮਾਂ ਜਾਂ ਬਾਪ ਹੀ ਹੈ, ਦੋਵੇਂ ਨਹੀਂ। ਫਿਰ ਵੀ ਇਹ ਕਹਿਣਾ ਅਤਿਕਥਨੀ ਹੋਏਗੀ ਕਿ ਅਮਰੀਕਾ ਵਿਚ ਇਸ ਤਰ੍ਹਾਂ ਦੇ ਬੱਚਿਆਂ ਨੂੰ ਹੋਰ ਬੱਚਿਆਂ ਵਰਗਾ ਹੀ ਪਿਆਰ ਬਾਕੀ ਦੇ ਸਮਾਜ ਤੋਂ ਮਿਲਦਾ ਹੈ । ਪਰ ਭਾਰਤ ਵਿਚ ਉਨ੍ਹਾਂ ਨਾਲ ਬਾਕੀ ਦੇ ਬੱਚੇ ਹੀ ਨਹੀਂ ਸਗੋਂ ਵੱਡੇ ਵੀ ਵਿਤਕਰਾ ਅਤੇ ਨਫ਼ਰਤ ਕਰਦੇ ਹਨ ਅਤੇ ਉਨ੍ਹਾਂ ਨੂੰ ਟਿੱਚਰਾਂ ਕਰ ਕੇ ਉਨ੍ਹਾਂ ਦਾ ਜੀਣਾ ਮੁਸ਼ਕਲ ਕਰ ਦਿੱਤਾ ਜਾਂਦਾ ਹੈ । ਇਹੀ ਬੱਚੇ ਵੱਡੇ ਹੋ ਕੇ ਅਪਰਾਧੀ ਤੇ ਅਵਾਰਾ ਬਣਦੇ ਹਨ ਅਤੇ ਜੁਰਮਾਂ ਦੀ ਗਿਣਤੀ ਵਿਚ ਵਾਧਾ ਕਰਦੇ ਹਨ।
ਭਾਰਤ ਵਿਚ ਕੁਆਰੀ ਮਾਂ ਬਣਨਾ ਕਿਸੇ ਵੀ ਕੁੜੀ ਲਈ ਸਭ ਤੋਂ ਵੱਡੀ ਬਦਨਾਮੀ ਵਾਲੀ ਗੱਲ ਹੈ । ਫਿਰ ਵੀ ਹਰ ਸਾਲ ਭਾਰਤ ਵਿਚ ਜੇ ਲੱਖਾਂ ਨਹੀਂ ਤਾਂ ਹਜ਼ਾਰਾਂ ਔਰਤਾ ਬਿਨ-ਵਿਆਹੀਆਂ ਮਾਵਾਂ ਬਣਦੀਆਂ ਹਨ ਅਤੇ ਅਜਿਹੇ ਬੱਚੇ ਜਣਦੀਆਂ ਹਨ ਜਿਨ੍ਹਾਂ ਨੂੰ ਮਗਰੋਂ ਆਪ ਹੀ ਹਰਾਮੀ ਕਹਿੰਦੀਆਂ ਹਨ। ਭਾਰਤ ਦੇ ਅਨਾਥ ਆਸ਼ਰਮ ਉਨ੍ਹਾਂ ਬੱਚਿਆਂ ਨਾਲ ਭਰੇ ਪਏ ਹਨ ਜਿਨ੍ਹਾਂ ਨੂੰ ਜੰਮਣ ਤੋਂ ਬਾਅਦ ਉਨ੍ਹਾਂ ਦੀਆਂ ਮਾਵਾਂ ਨੇ ਤਿਆਗ ਦਿੱਤਾ। ਕਈ ਔਰਤਾਂ ਅਜਿਹੇ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਅਨਾਥ ਆਸ਼ਰਮਾਂ ਵਿਚ ਭੇਜਣ ਦੀ ਥਾਂ ਕੂੜੇ ਦੇ ਢੇਰਾਂ ਉਤੇ ਸੁੱਟ ਦਿੰਦੀਆਂ ਹਨ ਜਿਥੇ ਕੁੱਤੇ ਅਤੇ ਸੂਰ ਉਨ੍ਹਾਂ ਨੂੰ ਖ਼ਰਾਬ ਕਰਦੇ ਦੇਖੇ ਗਏ ਹਨ।
ਗਰਭਪਾਤ ਦੀਆਂ ਸਹੂਲਤਾਂ ਨੇ ਸ਼ਹਿਰੀ ਅਤੇ ਪੜ੍ਹੀਆਂ ਲਿਖੀਆਂ ਕੁੜੀਆਂ ਲਈ ਸਹੂਲਤ ਕਰ ਦਿੱਤੀ ਹੈ ।ਉਹ ਵਿਆਹ ਤੋਂ ਬਿਨਾਂ ਠਹਿਰੇ ਗਰਭ ਨੂੰ ਅਸਾਨੀ ਨਾਲ ਗਿਰਾ ਕੇ ਮੁਸ਼ਕਲ ਤੋਂ ਬਚ ਸਕਦੀਆਂ ਹਨ। ਅਜਿਹਾ ਹੁੰਦਾ ਵੀ ਹੈ । ਪਰ ਅਕਸਰ ਕੁਆਰੀਆਂ ਕੁੜੀਆਂ ਨਮੋਸ਼ੀ ਦੀਆਂ ਮਾਰੀਆਂ ਇਸ ਤਰ੍ਹਾਂ ਦੀ ਮੁਸ਼ਕਲ ਆਪਣੇ ਮਾਪਿਆਂ ਜਾਂ ਡਾਕਟਰ ਨੂੰ ਦੱਸਣ ਤੋਂ ਹਿਚਕਚਾਉਂਦੀਆਂ ਹਨ ਅਤੇ ਅਜਿਹਾ ਕਰਦੇ ਕਰਦੇ ਦੇਰ ਹੋ ਜਾਂਦੀ ਹੈ। ਇਸ ਤਰ੍ਹਾਂ ਉਹ ਅਜਿਹੇ ਬੱਚੇ ਨੂੰ ਜਨਮ ਦੇਣ ਲਈ ਮਜਬੂਰ ਹੁੰਦੀਆਂ ਹਨ ਜਿਸ ਨੂੰ ਹਰਾਮੀ ਕਿਹਾ ਜਾਂਦਾ ਹੈ ।
ਪਰ ਸਵਾਲਾਂ ਦਾ ਸਵਾਲ ਇਹ ਹੈ ਕਿ ਅਸਲ ਵਿਚ ਹਰਾਮੀ ਕੌਣ ਹੈ ? ਉਹ ਬੱਚਾ ਜਿਸ ਦੇ ਮੱਥੇ ‘ਤੇ ਸਮਾਜ ਹਰਾਮੀ ਦਾ ਲੇਬਲ ਲਾਉਂਦਾ ਹੈ ਜਾਂ ਉਹ ਲੋਕ ਜਿਹੜੇ ਅਜਿਹੇ ਬੱਚਿਆਂ ਨੂੰ ਪੈਦਾ ਕਰਦੇ ਹਨ? ਇਸ ਸਮਾਜ ਵਿਚ ਪਹਿਲਾਂ ਆਏ ਹੋਣ, ਅਰਥਾਤ ਬਾਲਗ ਹੋਣ, ਸ਼ਕਤੀਸ਼ਾਲੀ ਹੋਣ ਕਰਕੇ ਕਿਸੇ ਨੂੰ ਵੀ ਇਹ ਹੱਕ ਨਹੀਂ ਮਿਲ ਜਾਂਦਾ ਕਿ ਉਹ ਅਣਭੋਲ, ਅਗਿਆਨ ਅਤੇ ਨਿਰਛਲ ਬੱਚੇ ਉਤੇ ਆਪਣਾ ਦੋਸ਼ ਥੋਪ ਦੇਵੇ। ਆਪਣੀ ਅੱਯਾਸ਼ੀ ਅਤੇ ਮੱਕਾਰੀ ਦਾ ਧੱਬਾ, ਇਸ ਅੱਯਾਸ਼ੀ ਰਾਹੀਂ ਪੈਦਾ ਹੋਣ ਵਾਲੇ ਬੱਚੇ ਉਤੇ ਲਾ ਕੇ ਬਾਲਗ ਮਨੁੱਖ ਇਕ ਅਜਿਹਾ ਕੁਕਰਮ ਕਰਦੇ ਹਨ, ਜਿਸ ਨੂੰ ਕਿਸੇ ਤਰ੍ਹਾਂ ਵੀ ਬਖ਼ਸ਼ਿਆ ਨਹੀਂ ਜਾ ਸਕਦਾ। ਜਿਸ ਬੱਚੇ ‘ਤੇ ਜੰਮਦਿਆਂ ਹੀ ਹਰਾਮੀ ਹੋਣ ਦਾ ਲੇਬਲ ਲੱਗ ਜਾਵੇ ਉਸ ਨੂੰ ਪੰਦਰਾਂ ਸਾਲ ਦੀ ਉਮਰ ਤਕ ਤਾਂ ਇਸ ਦੇ ਅਰਥਾ ਦਾ ਹੀ ਪਤਾ ਨਹੀਂ ਲੱਗੇਗਾ ਅਤੇ ਜਦੋਂ ਲੱਗੇਗਾ ਉਦੋਂ ਬਹੁਤ ਦੇਰ ਹੋ ਚੁੱਕੀ ਹਏਗੀ ਅਤੇ ਉਹ ਸਮਾਜ ਤੋਂ ਬਦਲਾ ਲੈਣ ਲਈ ਅਪਰਾਧ ਦਾ ਰਸਤਾ ਅਖ਼ਤਿਆਰ ਕਰੇਗਾ।
ਇੰਗਲੈਂਡ ਵਿਚ ਰਾਤਾਂ ਨੂੰ ਮੁਟਿਆਰਾਂ ਦੇ ਸਿਰਾਂ ਵਿਚ ਪੇਚਕਸ ਮਾਰ ਕੇ ਦਰਜਨ ਦੇ ਕਰੀਬ ਵੇਸਵਾਵਾਂ ਨੂੰ ਕਤਲ ਕਰਨ ਵਾਲੇ ਮਸ਼ਹੂਰ ਕਾਤਲ ‘ਜੈਕ ਦਾ ਰਿੱਪਰ’ ਨੂੰ ਜਦੋਂ ਕਈ ਸਾਲਾਂ ਮਗਰੋਂ ਗ੍ਰਿਫ਼ਤਾਰ ਕਰਕੇ ਉਸ ਉਤੇ ਮੁਕੱਦਮਾ ਚਲਾਇਆ ਗਿਆ ਤਾਂ ਪਤਾ ਲੱਗਾ ਕਿ ਉਹ ਆਪਣੇ ਮਾਪਿਆਂ ਦੇ ਨਜਾਇਜ਼ ਸਬੰਧਾਂ ਵਿਚੋਂ ਪੈਦਾ ਹੋਇਆ ਸੀ । ਇਸ ਕਾਰਨ ਉਸ ਨੂੰ ਸਾਥੀ ਮੁੰਡਿਆਂ ਪਾਸੋਂ ਬਹੁਤ ਜ਼ਲਾਲਤ ਸਹਿਣੀ ਪਈ ਸੀ। ਇਹੀ ਕਾਰਨ ਸੀ ਕਿ ਉਸ ਦੇ ਮਨ ਅੰਦਰ ਹਰੇਕ ਵੇਸਵਾ ਨੂੰ ਕਤਲ ਕਰਨ ਦੀ ਇੱਛਾ ਪੈਦਾ ਹੋ ਗਈ ਸੀ।
ਬੱਚੇ ਹਰਾਮੀ ਨਹੀਂ ਹੁੰਦੇ ਕਿਉਂਕਿ ਉਹ ਆਪਣੀ ਮਰਜ਼ੀ ਨਾਲ ਪੈਦਾ ਨਹੀਂ ਹੁੰਦੇ । ਹਰਾਮੀ ਉਨ੍ਹਾਂ ਦੇ ਮਾਪੇ ਹੁੰਦੇ ਹਨ ਜਿਹੜੇ ਆਪਣੀ ਹਵਸ ਕਾਰਨ ਉਨ੍ਹਾਂ ਨੂੰ ਪੈਦਾ ਕਰਦੇ ਹਨ ਜਾਂ ਫਿਰ ਹਰਾਮੀ ਸਮਾਜ ਹੈ ਜਿਹੜਾ ਬੱਚਿਆਂ ਨੂੰ ਹਰਾਮੀ ਕਹਿੰਦਾ ਹੈ ।
ਖ਼ੈਰ ! ਭਾਰਤ ਵਿਚ ਇਸ ਤਰ੍ਹਾਂ ਦੇ ਬੱਚਿਆਂ ਬਾਰੇ ਰਵੱਈਆ ਬਦਲ ਰਿਹਾ ਹੈ । ਦਿੱਲੀ ਵਿਚ ਵੇਸਵਾਵਾਂ ਦੇ ਬੱਚਿਆਂ ਨੂੰ ਸਹੂਲਤ ਦਿੱਤੀ ਗਈ ਹੈ ਕਿ ਸਕੂਲ ਵਿਚ ਦਾਖ਼ਲੇ ਲਈ ਉਨ੍ਹਾਂ ਦੀ ਵਲਦੀਅਤ ਨਾ ਪੁੱਛੀ ਜਾਏ ਸਗੋਂ ਮਾਂ ਦੇ ਨਾਂ ਨਾਲ ਹੀ ਦਾਖ਼ਲ ਕਰ ਲਿਆ ਜਾਏ। ਫ਼ਿਲਮ ਅਤੇ ਟੀ.ਵੀ. ਅਭਿਨੇਤਰੀ ਨੀਨਾ ਗੁਪਤਾ ਨੇ ਬਿਨਾਂ ਵਿਆਹ ਕਰਵਾਏ ਬੱਚਾ ਪੈਦਾ ਕਰ ਕੇ ਭਾਰਤੀ ਸਮਾਜ ਦੇ ਨਿਯਮਾਂ ਮੁਤਾਬਕ ਇਕ ਹੌਸਲੇ ਵਾਲਾ ਕਦਮ ਚੁੱਕਿਆ ਹੈ। ਔਰਤ ਦੀ ਸਰੀਰਕ ਅਜ਼ਾਦੀ ਅਤੇ ਆਰਥਕ ਬਰਾਬਰੀ ਦੇ ਨਾਲ ਨਾਲ ਬੱਚਿਆਂ ਪ੍ਰਤੀ ਵੱਖਰੇ ਨਜ਼ਰੀਏ ਦੇ ਮਾਮਲੇ ਵਿਚ ਇਹ ਇਕ ਇਤਿਹਾਸਕ ਕਦਮ ਹੈ।
ਜਿਥੋਂ ਤਕ ਬੰਬਈ ਦੇ ਜੁਹੂ ਵਾਲੇ ਬੱਚੇ ਦਾ ਸਵਾਲ ਹੈ, ਉਸ ਦਾ ਅਤੇ ਉਸ ਵਰਗ ਦੇ ਲੱਖਾਂ ਬੱਚਿਆਂ ਦੇ ਭਵਿੱਖ ਦਾ ਕੀ ਬਣੇਗਾ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹ ਉਨ੍ਹਾਂ ਕਰੋੜਾਂ ਬੱਚਿਆਂ ਵਿਚੋਂ ਇਕ ਹੈ ਜਿਸ ਨੇ ਭਾਰਤ ਦੀ ਗ਼ਰੀਬੀ ਵਿਚ ਜਨਮ ਲਿਆ ਹੈ ਅਤੇ ਗ਼ਰੀਬੀ ਵਿਚ ਹੀ ਮਰਨਾ ਹੈ। ਇਹ ਲਾਅਨਤ (ਗ਼ਰੀਬੀ) ਤਾਂ ਹਰਾਮੀਪੁਣੇ ਨਾਲੋਂ ਵੀ ਵੱਡੀ ਹੈ।
(3-8-1990)
ਚੰਗਾ ਮੰਦਾ ਇਹ ਸੰਸਾਰ
ਇਹ ਸੰਸਾਰ ਬਹੁਤ ਦਿਲਚਸਪ ਹੈ। ਇਥੇ ਬਹੁਤ ਕੁਝ ਚੰਗਾ ਮੰਦਾ ਵਾਪਰਦਾ ਰਹਿੰਦਾ ਹੈ। ਕਈ ਵਾਰੀ ਅਜਿਹੀ ਗੱਲ ਜਾਂ ਘਟਨਾ ਵਾਪਰਦੀ ਹੈ ਕਿ ਸੁਣ/ਦੇਖ ਕੇ ਹਾਸਾ ਆਉਂਦਾ ਹੈ। ਕਦੇ ਕਿਸੇ ਘਟਨਾ ਉਤੇ ਰੋਣਾ ਵੀ ਆਉਂਦਾ ਹੈ। ਜਿੰਨਾ ਚਿਰ ਇਹ ਸੰਸਾਰ ਕਾਇਮ ਹੈ, ਜਿੰਨੀ ਦੇਰ ਤਕ ਇਸ ਵਿਚ ਮਨੁੱਖਾਂ ਦਾ ਵਾਸਾ ਹੈ, ਓਨੀ ਦੇਰ ਤਕ ਅਲੋਕਾਰੀਆਂ ਵਾਪਰਦੀਆਂ ਹੀ ਰਹਿਣੀਆਂ ਹਨ। ਇਨ੍ਹਾਂ ਵਿਚ ਕੁਝ ਬਹੁਤ ਚੰਗੀਆਂ ਹੋ ਸਕਦੀਆਂ ਹਨ ਅਤੇ ਕੁਝ ਬਹੁਤ ਮਾੜੀਆਂ।
ਮਿਸਾਲ ਵਜੋਂ ਯੂ. ਪੀ. ਦੇ ਇਕ ਪਿੰਡ ਗੋਪਾਲਪੁਰਾ ਦੀ ਹੀ ਗੱਲ ਲਈਏ। ਸਿੰਚਾਈ ਦੀਆਂ ਕੋਈ ਸਰਕਾਰੀ ਸਹੂਲਤਾਂ ਨਾ ਹੋਣ ਕਾਰਨ ਪਿੰਡ ਵਾਸੀਆਂ ਨੇ ਹਿੰਮਤ ਕਰਕੇ ਬਰਸਾਤਾਂ ਦਾ ਪਾਣੀ ਇਕੱਠਾ ਕਰਨ ਲਈ ਤਿੰਨ ਜੌਹੜ (ਤਲਾਬ/ਛੱਪੜ) ਬਣਾਏ ਅਤੇ ਇਨ੍ਹਾਂ ਦੇ ਦੁਆਲੇ ਦਰਖ਼ਤ ਲਾ ਦਿੱਤੇ। ਇਸ ਕੰਮ ਲਈ ਨੌਜਵਾਨਾਂ ਨੇ ਤਰੁਨ ਭਾਰਤ ਸੰਘ ਨਾਂ ਦੀ ਸੰਸਥਾ ਕਾਇਮ ਕੀਤੀ। ਦਰਖ਼ਤਾਂ ਰਾਹੀਂ ਉਹ ਪਿੰਡ ਲਾਗਿਉਂ ਵਗਦੇ ਚੋਅ ਦੇ ਹੜ੍ਹਾਂ ਤੋਂ ਵੀ ਬਚਣਾ ਚਾਹੁੰਦੇ ਸਨ ਜਿਹੜਾ ਹਰ ਸਾਲ ਪਿੰਡ ਵਿਚ ਭਾਰੀ ਤਬਾਹੀ ਮਚਾਉਂਦਾ ਸੀ। ਇਸ ਨਾਲ ਉਹ ਪਿੰਡ ਨੂੰ ਹਰਿਆਲੀ ਵੀ ਦੇਣਾ ਚਾਹੁੰਦੇ ਸਨ। ਪਰ ਸਰਕਾਰੀ ਮਸ਼ੀਨਰੀ ਨੂੰ ਇਹ ਗੱਲ ਪਸੰਦ ਨਹੀਂ ਆਈ। ਯੂ. ਪੀ. ਸਿੰਚਾਈ ਵਿਭਾਗ ਨੇ ਕਿਹਾ ਕਿ ਦਰਖ਼ਤ ਲਾਉਣ ਦਾ ਕੰਮ ਗੈਰ ਕਾਨੂੰਨੀ ਹੈ ਕਿਉਂਕਿ ਜਿਸ ਥਾਂ ਉਤੇ ਦਰਖ਼ਤ ਲਾਏ ਗਏ ਹਨ, ਉਹ ਸਰਕਾਰੀ ਹੈ। ਪਿੰਡ ਵਾਲੀਆਂ ਨੂੰ ਬੜੀ ਲੰਬੀ ਲੜਾਈ ਲੜਨੀ ਪਈ ਅਤੇ ਆਖ਼ਰਕਾਰ ਕਿਸੇ ਸਿਆਣੇ ਅਧਿਕਾਰੀ ਦੇ ਦਖ਼ਲ ਦੇਣ ਉਤੇ ਦਰਖ਼ਤਾਂ ਨੂੰ ਕਾਇਮ ਰਹਿਣ ਦਿੱਤਾ ਗਿਆ।
ਦਿਲਚਸਪ ਗੱਲ ਤਾਂ ਇਹ ਹੈ ਕਿ ਮਗਰੋਂ ਸਿੰਚਾਈ ਵਿਭਾਗ ਨੇ ਹੀ ਤਰੁਨ ਭਾਰਤ ਸੰਘ ਗੋਪਾਲਪੁਰਾ ਨੂੰ ਕਿਹਾ ਕਿ ਹੋਰ ਪਿੰਡਾਂ ਵਿਚ ਇਸ ਤਰ੍ਹਾਂ ਦੇ ਹੀ ਜੌਹੜ ਕਾਇਮ ਕੀਤੇ ਜਾਣ ਅਤੇ ਦਰਖ਼ਤ ਲਾਏ ਜਾਣ। ਗੋਪਾਲਪੁਰਾ ਦੇ ਵਾਸੀ ਕਰੀਬ ਸੌ ਪਿੰਡਾਂ ਦੇ ਵਿਚ ਅਜਿਹਾ ਕੰਮ ਕਰ ਚੁੱਕੇ ਹਨ। ਪਰ ਕਰੀਬ ਦੋ ਸਾਲ ਬਾਅਦ, 1987 ਵਿਚ ਪਿੰਡ ਵਾਸੀਆਂ ਨੇ ਇਕ ਮੁੱਖ ਜੌਹੜ ਦੇ ਨਾਲ ਲੱਗਦੇ ਬੰਨ੍ਹ ਉਤੇ ਬਹੁਤ ਸਾਰੇ ਦਰਖ਼ਤ ਲਾ ਦਿੱਤੇ । ਡੰਗਰ ਨਾ ਜਾਣ ਅਤੇ ਦਰਖ਼ਤ ਕਾਇਮ ਰਹਿਣ, ਇਸ ਲਈ ਇਕ ਕੰਧ ਵੀ ਉਸਾਰੀ ਗਈ। ਪੰਚਾਇਤ ਨੇ ਡੰਗਰ ਚਾਰਨ ਵਾਲੇ ਨੂੰ ਇੱਕੀ ਰੁਪਏ ਜੁਰਮਾਨੇ ਦੀ ਵੀ ਵਿਵਸਥਾ ਕੀਤੀ।
ਪਰ ਪਟਵਾਰੀ ਨੇ ਆਪਣੇ ਰਿਕਾਰਡ ਦੇਖੇ ਤਾਂ ‘ਫ਼ਤਵਾ’ ਦੇ ਦਿੱਤਾ ਕਿ ਇਹ ਕੰਧ ਸਰਕਾਰੀ ਜ਼ਮੀਨ ਉਤੇ ਉਸਾਰੀ ਗਈ ਹੈ, ਇਸ ਲਈ ਇਹ ਗੈਰ ਕਾਨੂੰਨੀ ਹੈ । ਸਰਕਾਰ ਵਲੋਂ ਕੰਧ ਢਾਹੁਣ ਅਤੇ ਦਰਖ਼ਤ ਪੁੱਟਣ ਲਈ ਕਾਨੂੰਨੀ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ। ਇਹ ਕੇਸ ਹੁਣ ਤਕ ਚਲ ਰਿਹਾ ਹੈ। ਬਹੁਤ ਸਾਰੇ ਦਰਖ਼ਤ ਸੁੱਕ ਚੁੱਕੇ ਹਨ ਹਾਲਾਂਕਿ ਕਾਫ਼ੀ ਸਾਰੀਆਂ ਝਾੜੀਆਂ ਉਗ ਆਈਆਂ ਹਨ ਜਿਸ ਨਾਲ ਮਿੱਟੀ ਦਾ ਖੁਰਨਾ ਰੁਕ ਗਿਆ ਹੈ। ਪਰ ਪਿਛਲੇ ਸਾਲ ਤਹਿਸੀਲਦਾਰ ਨੇ ਪਿੰਡ ਉਤੇ ਦਰਖ਼ਤ ਲਾਉਣ ਲਈ 4950 ਰੁਪਏ ਦਾ ਜੁਰਮਾਨਾ ਠੋਕ ਦਿੱਤਾ ਅਤੇ ਕੰਧ ਢਾਹੁਣ ਦੇ ਹੁਕਮ ਦੇ ਦਿੱਤੇ। ਆਖ਼ਰ ਕੰਧ ਢਾਹ ਦਿੱਤੀ ਗਈ। ਇਸ ਗੱਲ ਨੂੰ ਸਾਲ ਹੋ ਗਿਆ ਹੈ । ਇਸ ਸਮੇਂ ਦੌਰਾਨ ਭਾਰਤ ਦੀ ਪਹਿਲੀ ‘ਗਰੀਨ’ ਸਿਆਸਤਦਾਨ ਮੇਨਕਾ ਗਾਂਧੀ ਵਲੋਂ ਵਾਤਾਵਰਨ ਦੀ ਸੰਭਾਲ ਬਾਰੇ ਚਲਾਈ ਗਈ ਮੁਹਿੰਮ ਵੀ ਠੁੱਸ ਕਰ ਦਿੱਤੀ ਗਈ ਹੈ ।ਬੇਚਾਰੇ ਗੋਪਾਲਪੁਰ ਦੇ ਵਾਸੀ ਕਿਸ ਦੇ ਪਾਣੀਹਾਰ ਹਨ?
ਅੱਜ ਤੋਂ ਹਜ਼ਾਰਾਂ ਸਾਲ ਪਹਿਲਾ ਰੋਮ ਵਿਚ ਅਪਰਾਧੀਆਂ ਨੂੰ ਮੌਤ ਦੇ ਘਾਟ ਉਤਾਰਨ ਲਈ ਸਲੀਬ ਉਤੇ ਟੰਗਣ ਦੀ ਪ੍ਰਥਾ ਸ਼ੁਰੂ ਹੋਈ ਜਿਸ ਵਿਚ ਸਜ਼ਾਯਾਫ਼ਤਾ ਵਿਅਕਤੀ ਦੇ ਹੱਥਾਂ ਅਤੇ ਪੈਰਾਂ ਵਿਚ ਕਿੱਲ ਗੱਡ ਕੇ ਉਸ ਨੂੰ ਸਲੀਬ ਉਤੇ ਲਟਕਾ ਦਿੱਤਾ ਜਾਂਦਾ ਸੀ। ਇਸ ਨਾਲ ਬੰਦਾ ਦੋ ਤਿੰਨ ਦਿਨਾਂ ਵਿਚ ਭਾਰੀ ਕਸ਼ਟਾਂ ਮਗਰੋਂ ਦਮ ਤੋੜ ਜਾਂਦਾ ਸੀ। ਰੋਮ ਦੇ ਅਮੀਰਾਂ ਵਜ਼ੀਰਾਂ ਦੇ ਮਨੋਰੰਜਨ ਲਈ ਜਿਹੜੇ ਅਖਾੜੇ ਬਣਾਏ ਗਏ ਸਨ, ਉਨ੍ਹਾਂ ਵਿਚ ਲੜਨ ਵਾਲੇ ਗਲੈਡੀਏਟਰਾਂ ਦੇ ਪਹਿਲੇ ਵਿਦਰੋਹ ਦੇ ਨੇਤਾ ਸਪਾਰਟੇਕਸ ਅਤੇ ਉਸ ਦੇ ਹਜ਼ਾਰਾਂ ਸਾਥੀਆਂ ਨੂੰ ਇਸੇ ਤਰ੍ਹਾਂ ਕਈ ਮੀਲ ਤਕ ਗੱਡੀਆਂ ਸਲੀਬਾਂ ਉਤੇ ਚੜਾ ਕੇ ਮਾਰਿਆ ਗਿਆ ਸੀ । ਈਸਾ ਮਸੀਹ ਨੂੰ ਵੀ ਇਸੇ ਤਰ੍ਹਾਂ ਸਲੀਬ ਉਤੇ ਚੜ੍ਹਾ ਦਿੱਤਾ ਗਿਆ ਸੀ।
ਪਰ ਪਿਛਲੇ ਦਿਨੀਂ ਭੋਪਾਲ ਵਿਚ ਇਕ 25 ਸਾਲਾਂ ਦੀ ਔਰਤ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਸ ਦੇ ਸਿਰ ਵਿਚ ਦੋ ਇੰਚ ਦੀ ਮੇਖ ਗੱਡੀ ਹੋਈ ਸੀ । ਸਾਇੰਸ ਗਰੈਜੂਏਟ ਸ੍ਰੀਮਤੀ ਨੀਲੂ ਪਾਂਡੇ ਦਾ ਕਹਿਣਾ ਸੀ ਕਿ ਇਸ ਮੇਖ ਉਸ ਨੇ ਆਪ ਹੀ ਆਪਣੇ ਸਿਰ ਵਿਚ ਠੋਕੀ ਹੈ ਅਤੇ ਇਸ ਕੰਮ ਲਈ ਹਥੋੜੀ ਦੀ ਥਾਂ ਕੱਪੜੇ ਧੋਣ ਵਾਲੀ ਥਾਪੀ ਦੀ ਵਰਤੋਂ ਕੀਤੀ ਸੀ। ਅਜਿਹਾ ਉਹ ਇਕੋ ਵਾਰ ਹੀ ਨਹੀਂ ਕਰ ਸਕੀ । ਸਿਰ ਵਿਚ ਕਈ ਅਜਿਹੇ ਜ਼ਖ਼ਮ ਸਨ ਜਿਨ੍ਹਾਂ ਤੋਂ ਜਾਪਦਾ ਸੀ ਕਿ ਉਸ ਨੇ ਵਾਰ ਵਾਰ ਅਜਿਹੇ ਯਤਨ ਕੀਤੇ ਸਨ ।
ਨਵੇਂ ਨਵੇਂ ਰਿਕਾਰਡ ਕਾਇਮ ਕਰਨ ਲਈ ਜਾਂ ਫਿਰ ਨਵੇਂ ਤਜਰਬੇ ਹਾਸਲ ਕਰਨ ਲਈ ਲੋਕ ਕਈ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ। ਕੋਈ ਸੱਪਾਂ ਨਾਲ ਰਹਿੰਦਾ ਹੈ, ਕੋਈ ਸਿਰ ਪਰਨੇ ਹੁੰਦਾ ਹੈ,ਕੋਈ ਉਚੀਆਂ ਛਾਲਾਂ ਮਾਰਦਾ ਹੈ। ਇਸ ਤਰ੍ਹਾਂ ਦਾ ਇਕ ਤਜਰਬਾ ਫਰਾਂਸ ਦੀ ਮਿਸ ਵੈਰੋਨੀਕ ਲਾ ਗੁਏਨ ਨੇ ਪਿਛਲੇ ਸਾਲ ਕੀਤਾ। ਉਹ ਜ਼ਮੀਨ ਤੋਂ 85 ਮੀਟਰ ਹੇਠਾਂ ਇਕ ਗੁਫ਼ਾ ਵਿਚ ਪੂਰੇ 111 ਦਿਨਾਂ ਤੱਕ ਇਕੱਲੀ ਰਹੀ ਅਤੇ ਇੰਨੇ ਦਿਨਾਂ ਮਗਰੋਂ ਜਦੋਂ ਉਹ ਬਾਹਰ ਨਿਕਲੀ ਤਾਂ ਉਸ ਨੂੰ ਬਾਹਰਲਾ ਆਲਾ ਦੁਆਲਾ ਉਪਰਾ ਜਿਹਾ ਲੱਗਾ। ਉਹ ਏਨੇ ਦਿਨਾਂ ਤਕ ਲਈ ਬਾਹਰੀ ਸੰਸਾਰ ਤੋਂ ਕੱਟੀ ਰਹੀ ਸੀ। ਉਸ ਨੇ ਦਰਅਸਲ ਗੁਵਾਂ ਬਾਰੇ ਇਕ ਅਧਿਐਨ ਕਰਨਾ ਸੀ ਜਿਸ ਦੀ ਖ਼ਾਤਰ ਉਸ ਨੇ ਇਹ ਜੋਖਮ ਭਰਿਆ ਕਾਰਨਾਮਾ ਕੀਤਾ ਸੀ। ਉਸ ਕਿਹਾ: “ਗੁਫ਼ਾ ਵਿਚੋਂ ਬਾਹਰ ਆਉਣ ਤੋਂ ਪਹਿਲਾਂ ਮੈਂ ਗੁਫ਼ਾ ਨਾਲ ਗੱਲ ਕੀਤੀ। ਮੈਂ ਆਖਰੀ ਵਾਰੀ ਗੁਫ਼ਾ ਦੀਆਂ ਕੰਧਾਂ ਵਿਚੋਂ ਰਿਸ ਰਹੇ ਪਾਣੀ ਦੀ ਆਵਾਜ਼ ਸੁਣੀ। ਜਿਥੇ ਮੈਨੂੰ ਆਪਣੇ ਪਰਿਵਾਰ ਨਾਲ ਮਿਲਣ ਦੀ ਖ਼ੁਸ਼ੀ ਸੀ ਉਥੇ ਨਾਲ ਹੀ ਗੁਫ਼ਾ ਤੋਂ ਵਿਛੜਨ ਦਾ ਦੁੱਖ ਵੀ ਸੀ।” ਦਿਲਚਸਪ ਗੱਲ ਇਹ ਹੈ ਕਿ ਉਹ 111 ਦਿਨਾਂ ਤਕ ਗੁਫ਼ਾ ਵਿਚ ਰਹੀ ਪਰ ਉਸ ਨੂੰ ਅੰਦਾਜ਼ਾ ਸੀ ਕਿ ਉਹ ਸਿਰਫ਼ 42 ਦਿਨਾਂ ਤਕ ਹੀ ਰਹੀ ਹੈ।
ਇਕ ਵਾਰ ਫ਼ੇਰ ਭਾਰਤ ਪਰਤੀਏ। ਕਰੀਬ ਅੱਠ ਮਹੀਨੇ ਪਹਿਲਾਂ ਮਦਰਾਸ ਟੈਲੀਫੋਨ ਮਹਿਕਮੇ ਨੂੰ ਦਿਲਚਸਪ ਪੱਤਰ ਮਿਲਿਆ ਜਿਸ ਵਿਚ ਦੋ ਸੌ ਰੁਪਏ ਦੇ ਨੋਟ ਵੀ ਸਨ। ਇਸ ਪੱਤਰ ਵਿਚ ਲਿਖਿਆ ਗਿਆ ਸੀ ਕਿ ਇਹ ਪੈਸੇ ਇਸ ਲਈ ਭੇਜੇ ਜਾ ਰਹੇ ਹਨ ਕਿਉਂਕਿ ਕਈ ਸਾਲ ਪਹਿਲਾਂ ਪੱਤਰ ਭੇਜਣ ਵਾਲੇ ਸ਼ਖ਼ਸ ਨੇ ਟੈਲੀਫੋਨ ਬੂਥਾਂ ਵਿਚੋਂ ਦੋ ਟੈਲੀਫ਼ੋਨ ਅਪਰੇਟਸ ਚੁਰਾ ਲਏ ਸਨ। ਉਦੋਂ ਉਹ ਹਾਲੇ ਮੁੰਡਾ ਖੁੰਡਾ ਸੀ। ਹੁਣ ਕਾਫ਼ੀ ਵੱਡਾ ਹੋ ਚੁੱਕਾ ਸੀ। ਏਨੇ ਸਾਲਾਂ ਬਾਦ ਇਹ ਕਾਰਵਾਈ ਕਰਨ ਦਾ ਕਾਰਨ ਇਹ ਸੀ ਕਿ ਉਸ ਦੀ ਜ਼ਮੀਰ ਨੇ ਅਚਾਨਕ ਹੀ ਉਸ ਦੇ ਚੂੰਡੀਆਂ ਵੱਢਣੀਆਂ ਸ਼ੁਰੂ ਕਰ ਦਿੱਤੀਆਂ ਸਨ। ਭਾਰਤ ਵਰਗੇ ਦੇਸ਼ ਵਿਚ ਜਿਥੇ ਲੋਕ ਕਰੋੜਾਂ ਰੁਪਏ ਦੀ ਚੋਰੀ ਕਰ ਕੇ ਵੀ ਡਕਾਰ ਨਹੀਂ ਮਾਰਦੇ, ਇਸ ਤਰ੍ਹਾਂ ਦੀ ਇਮਾਨਦਾਰੀ ਬੜੀ ਅਲੋਕਾਰੀ ਲੱਗਦੀ ਹੈ । ਪਰ ਹੈ ਇਹ ਸਚਾਈ
ਬੱਚੇ ਬੜੀਆਂ ਦਿਲਚਸਪ ਗੱਲਾਂ ਕਰਦੇ ਹਨ। ਕਿਉਂਕਿ ਮਨ ਦੇ ਸੱਚੇ ਹੁੰਦੇ ਹਨ ਇਸ ਲਈ ਉਨ੍ਹਾਂ ਤੋਂ ਕਿਸੇ ਤਰ੍ਹਾਂ ਦੇ ਛਲ ਫਰੇਬ ਤੇ ਕਪਟ ਦੀ ਆਸ ਨਹੀਂ ਕੀਤੀ ਜਾ ਸਕਦੀ । ਉਹ ਕਿਸੇ ਵੀ ਮਾਮਲੇ ਦੇ ਸਭ ਤੋਂ ਚੰਗੇ ਗਵਾਹ ਹੁੰਦੇ ਹਨ। ਅਮਰੀਕਾ ਵਿਚ ਇਕ ਅਜਿਹੀ ਘਟਨਾ ਵਾਪਰੀ ਜਿਸ ਨੇ ਬੱਚਿਆਂ ਦੀ ਨਿਰਛਲਤਾ ਅਤੇ ਸਚਾਈ ਦੀ ਇਕ ਉਦਾਹਰਣ ਪੇਸ਼ ਕੀਤੀ। ਇਕ ਬੱਚੇ ਨੇ ਆਪਣੇ ਪਿਤਾ ਨੂੰ ਗੋਲੀ ਮਾਰ ਦਿੱਤੀ ਸੀ ਕਿਉਂਕਿ ਉਹ ਉਸ ਦੀ ਮਾਂ ਨੂੰ ਕੁੱਟਦਾ ਹੁੰਦਾ ਸੀ। ਉਸ ਕਿਹਾ: “ਪਾਪਾ ਨੂੰ ਮਾਰ ਦਿੱਤਾ ਹੈ।ਹੁਣ ਉਹ ਨਹੀਂ ਰਿਹਾ। ਜੇ ਉਸ ਨੇ ਫਿਰ ਮਾਂ ਨੂੰ ਕੁੱਟਿਆ ਤਾ ਮੈਂ ਫਿਰ ਗੋਲੀ ਮਾਰਾਂਗਾ।”
ਅਤੇ ਆਖ਼ਿਰ ਵਿਚ ਭਾਰਤ ਦੇ ਕਾਨੂੰਨ ਬਾਰੇ ਇਕ ਗੱਲ । ਇਥੇ ਇਕ ਕਾਤਲ ਨੂੰ ਤੇਤੀ ਸਾਲਾਂ ਮਗਰੋਂ ਗਿ੍ਫ਼ਤਾਰ ਕੀਤਾ ਗਿਆ। ਅਬਦੁੱਲ ਗਫੂਰ ਨੇ 21ਮਾਰਚ 1957 ਨੂੰ ਮੱਧ ਪ੍ਰਦੇਸ਼ ਦੇ ਜੋੜਾ ਪਿੰਡ ਵਿਚ ਅਹਿਮਦ ਨੂਰ ਦੀ ਹੱਤਿਆ ਕਰ ਦਿੱਤੀ। ਇਸ ਮਗਰੋਂ ਉਹ ਨਕਲੀ ਪਾਸਪੋਰਟ ‘ਤੇ ਪਾਕਿਸਤਾਨ ਚਲੇ ਗਿਆ। ਜਦੋਂ ਉਹ ਪਿਛਲੇ ਸਾਲ ਮਈ ਵਿਚ ਵਾਪਸ ਆਇਆ ਤਾਂ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤਰ੍ਹਾਂ ਭਾਰਤੀ ਪੁਲੀਸ ਨੇ ਆਪਣੇ ਉਤੇ ਲੱਗੇ ਧੱਬੇ ਨੂੰ ਧੋ ਦਿੱਤਾ।
ਇਸ ਤਰ੍ਹਾਂ ਦੀਆਂ ਅਨੇਕਾਂ ਹੋਰ ਉਦਾਹਰਣਾਂ ਹਨ ਜਿਹੜੀਆਂ ਸੰਸਾਰ ਨੂੰ ਦਿਲਚਸਪ ਅਤੇ ਰਹਿਣਯੋਗ ਬਣਾਉਂਦੀਆਂ ਹਨ ਅਤੇ ਜਦੋਂ ਤਕ ਸੰਸਾਰ ਕਾਇਮ ਹੈ ਅਤੇ ਇਸ ਵਿਚ ਮਨੁੱਖਾਂ ਦਾ ਵਾਸਾ ਹੈ, ਇਸ ਤਰ੍ਹਾਂ ਦੀਆਂ ਦਿਲਚਸਪ ਗੱਲਾਂ ਵਾਪਰਦੀਆਂ ਰਹਿਣਗੀਆਂ। ਇਹੀ ਸੰਸਾਰ ਦੀ ਖ਼ੂਬਸੂਰਤੀ ਹੈ। ਜਦੋਂ ਤਕ ਇਹ ਸੰਸਾਰ ਕਾਇਮ ਹੈ, ਚੰਗਾ ਜਾਂ ਮੰਦਾ, ਇਹ ਸਾਡਾ ਆਪਣਾ ਸੰਸਾਰ ਹੈ।
(24-8-1990)
ਸੁਪਨੇ ਅਤੇ ਉਨ੍ਹਾਂ ਦਾ ਟੁੱਟਣਾ
ਇਕ ਰਸਾਲੇ ਵਿਚ ਕਿਸੇ ਪੰਜ ਸਿਤਾਰਾ ਹੋਟਲ ਦੀ ਤਸਵੀਰ ਛਪਦੀ ਹੈ। ਗੋਆ ਦਾ ਮਨਮੋਹਕ ਇਲਾਕਾ। ਸਮੁੰਦਰ ਦਾ ਕਿਨਾਰਾ। ਵਿਸ਼ਾਲ ਸਮੁੰਦਰ ਅਤੇ ਉਸ ਦੇ ਕਿਨਾਰੇ ਸ਼ਾਨਦਾਰ ਬੀਚ। ਹੋਟਲ ਦੀ ਦਿੱਖ ਤੋਂ ਹੀ ਬੰਦਾ ਭਾਵਤ ਹੋ ਜਾਵੇ ਅਤੇ ਉਥੇ ਜਾਣਾ ਚਾਹੇ। ਤਸਵੀਰ ਨਾਲ ਛਪੀ ਇਬਾਰਤ ਪੜ੍ਹੋ : “ਦੋਂਹ ਦੇ ਪਰਿਵਾਰ ਲਈ ਤਿੰਨ ਰਾਤਾਂ ਅਤੇ ਦੋ ਦਿਨ ਸਿਰਫ਼ 4,375 ਰੁਪਏ ਵਿਚ ।” ਅਤੇ ਜੇ ਤੁਸੀਂ ਉਨ੍ਹਾਂ ਦੇ ਪੱਕੇ ਮੈਂਬਰ ਬਣ ਜਾਵੋ ਤਾਂ ਲਗਪਗ ਏਨੀ ਹੀ ਰਕਮ ਵਿਚ ਸਾਲ ਵਿਚ ਇਕ ਵਾਰੀ ਪੰਦਰਾਂ ਦਿਨ ਤਕ ਰਹਿ ਸਕਦੇ ਹੋ।ਬੜਾ ਹੁਸੀਨ ਸੁਪਨਾ ਹੈ। ਗੋਆ ਵਿਚ ਪੰਦਰਾਂ ਦਿਨਾਂ ਤਕ ਰਹਿਣ ਦੀ ਕਲਪਨਾ ਕਰ ਦੇ ਮਨ ਗਦਗਦ ਹੋ ਜਾਂਦਾ ਹੈ। ਪਰ ਉਸ ਦੇਸ਼ ਦੇ ਕਿੰਨੇ ਲੋਕ ਦੋ ਦਿਨਾਂ ਅਤੇ ਤਿੰਨ ਰਾਤਾਂ ਲਈ ਸਵਾ ਚਾਰ ਹਜ਼ਾਰ ਰੁਪਏ ਖ਼ਰਚ ਸਕਦੇ ਹਨ ਜਿਸ ਦੇਸ਼ ਦੇ ਸੱਠ ਫ਼ੀਸਦੀ ਲੋਕਾਂ ਨੂੰ ਸਾਲ ਵਿਚ ਵੀ ਏਨੇ ਪੈਸੇ ਕਮਾਉਣੇ ਮੁਸ਼ਕਲ ਹਨ? ਇਕ ਸੁਪਨਾ ਸਿਰਜਿਆ ਗਿਆ ਹੈ ਪਰ ਉਹ ਹਕੀਕਤ ਕਾਰਨ ਚਕਨਾਚੂਰ ਹੋ ਗਿਆ।
ਪਰਵਾਣੂ ਤੋਂ ਕੁਝ ਕਿਲੋਮੀਟਰ ਅੱਗੇ ਸ਼ਿਮਲਾ-ਚੰਡੀਗੜ੍ਹ ਸੜਕ ਉਤੇ ਸਥਿਤ ਇਕ ਹੋਟਲ ਵਿਚ ਜਾਣ ਦਾ ਮੌਕਾ ਮਿਲਿਆ। ਇਸ ਹੋਟਲ ਤੋਂ ਸਾਹਮਣੇ ਪਹਾੜੀ ਤਕ ਰੋਪਵੇ (ਰੱਸਾ ਰਸਤਾ) ਰਾਹੀਂ ਇਕ ਟਰਾਲੀ ਚਲਦੀ ਹੈ। ਇਸ ਟਰਾਲੀ ਵਿਚ ਬੈਠ ਕੇ ਤੁਸੀਂ ਅੱਠ ਮਿੰਟਾਂ ਦੇ ਸਮੇਂ ਵਿਚ ਇਕ ਹਜ਼ਾਰ ਫੁੱਟ ਦੀ ਉਚਾਈ ਚੜ੍ਹਦੇ ਹੋ ਅਤੇ ਢਾਈ ਮੀਲ ਸਫ਼ਰ ਕਰਦੇ ਹੋ। ਵੱਡਿਆਂ ਲਈ ਫੀਸ ਪੰਝੀ ਰੁਪਏ ਅਤੇ ਬਾਲਾਂ ਲਈ ਤੇਰਾਂ ਰੁਪਏ। ਉਪਰ ਇਕ ਸ਼ਾਨਦਾਰ ਹੋਟਲ ਹੈ ਜਿਸ ਵਿਚ ਸੰਸਾਰ ਦੇ ਸਾਰੇ ਸੁਖ ਮਿਲਦੇ ਹਨ। ਤਿੰਨ ਪਾਸੇ ਨੂੰ ਵਾਦੀ ਖੁਲ੍ਹਦੀ ਹੈ ਜਿਸ ਦਾ ਨਜ਼ਾਰਾ ਬੇਹੱਦ ਅਲੌਕਿਕ ਹੈ। ਉਸ ਪਹਾੜੀ ਨੂੰ ਕੋਈ ਸੜਕ ਨਹੀਂ ਜਾਂਦੀ। ਇਕੋ ਇਕ ਰਸਤਾ ਰੋਪਵੇ ਦੀ ਟਰਾਲੀ ਹੈ। ਸੈਲਾਨੀ ਕੁਝ ਮੱਧਵਰਗੀ, ਕੁਝ ਉਪਰਲੇ ਮੱਧ ਵਰਗੀ ਉਥੇ ਜਾਂਦੇ ਹਨ ਅਤੇ ਮਜ਼ਦੂਰ ਦੀ ਇਕ ਦਿਹਾੜੀ ਸਿਰਫ਼ ਆਉਣ ਜਾਣ ਵਿਚ ਹੀ ਖ਼ਰਚ ਕਰ ਦਿੰਦੇ ਹਨ। ਰਸਤੇ ਵਿਚ ਹੇਠਾਂ ਨਜ਼ਰ ਮਾਰਿਆਂ ਕਈ ਕਿਲੋਮੀਟਰ ਡੂੰਘੀ ਖਾਈ ਦਿਸਦੀ ਹੈ। ਉਪਰ ਜਾਇਆਂ ਕਾਲਕਾ, ਪਰਵਾਣੂ, ਪਿੰਜੌਰ, ਸੂਰਜਪੁਰ, ਚੰਡੀਗੜ੍ਹ,ਰੋਪੜ,ਖਰੜ ਅਤੇ ਹੋਰ ਸ਼ਹਿਰਾਂ ਦੀਆਂ ਬੱਤੀਆਂ ਝਿਲਮਿਲਾਉਂਦੀਆਂ ਇਕ ਸੁੰਦਰ ਨਜ਼ਾਰਾ ਪੇਸ਼ ਕਰਦੀਆਂ ਹਨ। ਕਿਸ ਦਾ ਚਿੱਤ ਨਹੀਂ ਚਾਹੇਗਾ ਕਿ ਉਹ ਕਿਸੇ ਚੰਨ ਚਾਨਣੀ ਰਾਤ ਵਿਚ ਕਿਸੇ ਹੁਸੀਨ ਸਾਥ ਨਾਲ ਇਸ ਸੁਪਨ ਸੰਸਾਰ ਵਿਚ ਵਿਚਰੇ?
ਪਰ ਕਿੰਨੇ ਲੋਕ ਅਜਿਹਾ ਕਰ ਸਕਦੇ ਹਨ? ਸੜਕ ਤੋਂ ਹਰ ਰੋਜ਼ ਸੈਂਕੜੇ ਬੱਸਾਂ ਕਾਰਾਂ ਟਰੱਕਾਂ ਰਾਹੀਂ ਹਜ਼ਾਰਾਂ ਲੋਕ ਲੰਘਦੇ ਹਨ। ਕਿੰਨੇ ਕੁ ਏਨੇ ਦਮਦਾਰ ਹੁੰਦੇ ਹਨ ਕਿ ਇਸ ਹੋਟਲ ਵਿਚ ਰੁਕ ਕੇ ਪਾਣੀ ਦਾ ਘੁੱਟ ਪੀਣ ਦੀ ਵੀ ਹਿੰਮਤ ਕਰ ਸਕਣ? ਹਾਲਾਂਕਿ ਪਾਣੀ ਦਾ ਤਾਂ ਮੁੱਲ ਵੀ ਕੋਈ ਨਹੀਂ ਲਗਦਾ। ਇਹ ਇਕ ਸੁਪਨਾ ਹੈ ਜਿਹੜਾ ਹਕੀਕਤ ਨਹੀਂ ਬਣ ਸਕਦਾ ਇਨ੍ਹਾਂ ਲੋਕਾਂ ਲਈ। ਮੇਰੇ ਵਰਗੇ ਤਨਖਾਹਦਾਰ ਬੰਦੇ ਲਈ ਵੀ ਨਹੀਂ ਜਿਸ ਦਾ ਅਜਿਹੇ ਹੋਟਲ ਵਿਚ ਸਣੇ ਪਰਿਵਾਰ ਇਕ ਗੇੜੇ ਨਾਲ ਅੱਧੇ ਮਹੀਨੇ ਦਾ ਬਜਟ ਖ਼ਰਚ ਹੋ ਸਕਦਾ ਹੈ। ਫਿਰ ਬਾਕੀ ਦੇ ਲੋਕ ਤਾਂ ਇਹ ਸੁਪਨਾ ਵੀ ਨਹੀਂ ਲੈ ਸਕਦੇ। ਇਹ ਸੁਪਨਾ ਸਿਰਜਿਆ ਤਾਂ ਗਿਆ ਹੈ ਪਰ ਅੱਸੀ ਕਰੋੜ ਵਸੋਂ ‘ਚੋਂ ਸਿਰਫ਼ ਤੇ ਸਿਰਫ਼ ਪੰਜ ਫ਼ੀਸਦੀ ਲਈ।
ਇਹ ਸਿਰਫ਼ ਦੋ ਉਦਾਹਰਣਾਂ ਹਨ। ਭਾਰਤ ਵਰਗੇ ਗ਼ਰੀਬ ਮੁਲਕ ਵਿਚ ਵੀ ਇਸ ਤਰ੍ਹਾਂ ਦੇ ਅਨੇਕ ਸੁਪਨ-ਸਥਾਨ 5-ਸਥਾਨ ਕਾਇਮ ਕੀਤੇ ਗਏ ਹਨ ਜਿਥੇ ਰਾਤ ਦਾ ਖ਼ਰਚਾ ਹੀ ਮੇਰੇ ਵਰਗੇ ਸ਼ਖ਼ਸ ਦੀ ਦੋ ਸਾਲ ਦੀ ਤਨਖਾਹ ਜਿੰਨਾ ਹੋ ਸਕਦਾ ਹੈ। ਪਰ ਇਸ ਦਾ ਅਰਥ ਇਹ ਨਹੀਂ ਕਿ ਸੁਪਨੇ ਲੈਣਾ ਗ਼ਲਤ ਹੈ। ਸੁਪਨੇ ਲਏ ਹੀ ਇਸੇ ਕਰ ਕੇ ਜਾਂਦੇ ਹਨ ਕਿ ਤਲਖ਼ ਹਕੀਕਤ ਤੋਂ ਰਤਾ ਕੁ ਮੂੰਹ ਮੋੜ ਕੇ ‘ਸੁਖ’ ਲੈ ਸਕੀਏ।
‘ਟਾਈਮ’ ਰਸਾਲੇ ਨੇ ਆਪਣੇ ਇਕ ਅੰਕ ਵਿਚ ਇਕ ਤਸਵੀਰ ਛਾਪੀ । ਇਸ ਵਿਚ ਮਾਸਕੋ ਦੇ ਲਾਲ ਚੌਕ ਦੇ ਸਾਹਮਣੇ ਇਕ ਗ਼ਰੀਬੜੀ ਔਰਤ ਇਕ ਤੰਬੂ ਵਿਚ ਬੈਠੀ ਦਿਖਾਈ ਦੇ ਰਹੀ ਹੈ। ਉਹ ਉਸ ਸੁਪਨੇ ਦੇ ਤਿੜਕਣ ਦੀ ਗਵਾਹੀ ਭਰਦੀ ਹੈ ਜਿਹੜਾ ਇਸ ਸਦੀ ਦੇ ਦੂਸਰੇ ਦਹਾਕੇ ਸੋਵੀਅਤ ਰੂਸ ਵਿਚ ਮਹਾਨ ਅਕਤੂਬਰ ਇਨਕਲਾਬ ਦੇ ਬਾਨੀ ਕਾਮਰੇਡ ਵਲਾਦੀਮੀਰ ਇਲੀਇਚ ਲੈਨਿਨ ਨੇ ਸਿਰਜਿਆ ਸੀ। ਇਹ ਸੁਪਨਾ ਸੀ ਪਰੋਲਤਾਰੀਆ ਦੀ ਗ਼ੁਲਾਮੀ ਦੇ ਖ਼ਾਤਮੇ ਅਤੇ ਇਸ ਦੀ ਡਿਕਟੇਟਰਸ਼ਿਪ ਦੀ ਸਥਾਪਨਾ ਦਾ। ਅਜਿਹਾ ਸੰਸਾਰ ਸਿਰਜਣ ਦਾ ਸੁਪਨਾ ਜਿਸ ਵਿਚ ਪੰਜ ਸਿਤਾਰਾ ਹੋਟਲਾਂ ਵਿਚ ਰਹਿਣ ਦਾ ਅਧਿਕਾਰ ਸਿਰਫ਼ ਮੁੱਠੀ ਭਰ ਲੋਕਾਂ ਨੂੰ ਨਾ ਰਹੇ ਅਤੇ ਗ਼ਰੀਬ ਅਤੇ ਭੁੱਖਮਰੀ ਦਾ ਸ਼ਿਕਾਰ ਬਾਕੀ ਦੀ ਨੜਿੰਨਵੇਂ ਫ਼ੀਸਦੀ ਵਸੋਂ ਨੂੰ ਵੀ ਹੋਵੇ। ਸਤਾਹਠ ਸਾਲਾਂ ਤਕ ‘ਲੋਹੇ ਦੇ ਪਰਦੇ’ ਪਿਛੇ ਰੂਸੀਆਂ ਨੇ ਇਸ ਗੱਲ ਨੂੰ ਲੁਕੋਈ ਰੱਖਿਆ ਕਿ ਉਹ ਬਾਹਰੀ ਪ੍ਰਚਾਰ ਦੇ ਬਾਵਜੂਦ ਅੰਦਰ ਸਮਾਜਵਾਦ ਦਾ ਲੈਨਿਨ ਦਾ ਸੁਪਨਾ ਪੂਰਾ ਕਰਨ ਵਿਚ ਸਮਰਥ ਨਹੀਂ ਹੋ ਸਕੇ। ਵਰਨਾ ਹੁਣ ਵੀ ਲਾਲ ਚੌਕ ਵਿਚ ਕਿਸੇ ਬੇਘਰ ਨੂੰ ਤੰਬੂ ਗੱਡ ਕੇ ਰਹਿਣ ਲਈ ਮਜਬੂਰ ਨਾ ਹੋਣਾ ਪੈਂਦਾ।
“ਅਸੀਂ ਸਾਰੀ ਦੁਨੀਆ ਨੂੰ ਬਰਾਬਰ ਕਰ ਦੇਣਾ ਹੈ। ਅਸੀਂ ਇਨਕਲਾਬ ਕਰ ਕੇ ਮਹਿਲਾਂ ਦੇ ਮੁਨਾਰੇ ਢਾਹ ਦੇਣੇ ਹਨ। ਅਸੀਂ ਮਾਤ੍ਰੜਾਂ ਦੀ ਹਕੂਮਤ ਕਾਇਮ ਕਰਨੀ ਹੈ ਅਤੇ ਧਨ ਕੁਬੇਰਾਂ ਨੂੰ ਚਕਨਾਚੂਰ ਕਰ ਦੇਣਾ ਹੈ।ਅਸੀਂ ਟੋਏ ਟਿੱਬੇ ਢਾਹਕੇ ਬਰਾਬਰ ਕਰ ਦੇਣੇ ਹਨ।” ਕਮਿਊਨਿਸਟ ਸੋਚ ਦੀ ਦਹਿਲੀਜ਼ ਉਤੇ ਸੱਠਵਿਆਂ ਸੱਤਰਵਿਆਂ ਵਿਚ ਪੈਰ ਰੱਖਣ ਵਾਲੇ ਸਾਡੇ ਵਰਗੇ ਆਦਰਸ਼ਵਾਦੀ ‘ਮੁੰਡੇ’ ਆਪਣੇ ਨੇਤਾਵਾਂ ਦੀ ਉਪਰ ਦਰਜ ਲੱਫਾਜ਼ੀ ਵਿਚ ਭਰਮਾਏ ਗਏ। ਨਕਸਲੀਆਂ ਨੂੰ ਮਾਓ ਦੀ ‘ਲਾਲ ਕਿਤਾਬ’ ਦੀਆਂ ਟੂਕਾਂ ਉਤੇ ਅਮਲ ਕਰਨ ਦਾ ਤਾਅਨਾ ਦੇਣ ਵਾਲੇ ਇਹ ਨੇਤਾ ਵੀ ਸਿਰਫ਼ ਟੂਕਾਂ ਉਤੇ ਹੀ ਕਾਇਮ ਰਹੇ। ਸੰਸਾਰ ਦੇ ਕਮਿਉਨਿਸਟ ਭੁੱਲ ਗਏ ਕਿ ਜੇ ਰਸਾਇਣ ਸ਼ਾਸਤਰ ਵਿਚ ਨਵੀਆਂ ਖੋਜਾਂ ਹੋ ਸਕਦੀਆਂ ਹਨ ਤਾਂ ਮਾਰਕਸ ਸ਼ਾਸਤਰ ਵਿਚ ਕਿਉਂ ਨਹੀਂ? ਦੋਵੇਂ ਹਨ ਤਾਂ ਵਿਗਿਆਨ ਹੀ।
ਹੁਣ ਜਦੋਂ ਪਹਿਲਾਂ ਰੂਸ ਵਿਚ, ਫ਼ੇਰ ਪੋਲੈਂਡ ਵਿਚ, ਫ਼ੇਰ ਰੋਮਾਨੀਆ ਵਿਚ ਅਤੇ ਫ਼ੇਰ ਜਰਮਨੀ ਵਿਚ ਇਹ ਸੁਪਨਾ ਟੁੱਟਿਆ ਤਾਂ ਅਸੀਂ ਭਾਰਤੀ ਵੀ ਡੌਰ ਭੌਰੇ ਹੋਏ ਪਏ ਸਾਂ। ਹੋਰਾਂ ਉਤੇ ‘ਸੁਪਨ ਸੰਸਾਰ’ (ਯੂਟੋਪੀਆ) ਸਿਰਜਣ ਦੇ ਦੋਸ਼ ਲਾਉਣ ਵਾਲੇ ਖ਼ੁਦ ਹੀ ਇਕ ਸੁਪਨੇ ਵਿਚ ਵਿਚਰਦੇ ਰਹੇ ਸਨ ਤੇ (ਸ਼ਾਇਦ) ਵਿਚਰ ਰਹੇ ਹਨ। ਇਸ ਦਾ ਅਰਥ ਇਹ ਨਹੀਂ ਕਿ ਮਾਰਕਸ ਦਾ ਦਰਸ਼ਨ ਅਤੇ ਲੈਨਿਨ ਦਾ ਸਮਾਜਵਾਦ ਦਾ ਸੁਪਨਾ ਯੂਟੋਪੀਆ ਸੀ। ਇਸ ਦਾ ਅਰਥ ਇਹ ਹੈ ਕਿ ਉਸ ਸੁਪਨੇ ਦੀ ਸਿਰਜਣਾ ਕਰਨ ਲਈ ਜ਼ਿੰਮੇਵਾਰ ਲੋਕ ਭੁੱਲ ਹੀ ਗਏ ਕਿ ਜਿਹੜਾ ਸੁਪਨਾ ਉਹ ਲੈ ਰਹੇ ਹਨ, ਉਹਨੂੰ ਸਿਰਜਣਾ ਵੀ ਹੈ ।
ਸੁਪਨੇ ਲੈਣਾ ਹਰ ਸ਼ਖ਼ਸ ਦਾ ਅਧਿਕਾਰ ਹੈ। ਬੱਚੇ ਦਾ ਸੁਪਨਾ, ਉਸ ਦੇ ਆਲੇ ਦੁਆਲੇ ਮੁਤਾਬਕ, ਚੂਪੇ ਜਾਂ ਲਾਲੀਪਾਪ ਦਾ ਹੈ। ਕਿਸ਼ੋਰ ਦਾ, ਫ਼ੇਰ ਉਸ ਦੀ ਸਮਾਜਕ ਸਥਿਤੀ ਮੁਤਾਬਕ, ਗੁੱਲੀ ਡੰਡੇ ਜਾਂ ਕ੍ਰਿਕਟ ਦੇ ਬੈਟ ਦਾ ਹੈ। ਉਸ ਤੋਂ ਵੱਡੇ ਦਾ ਸਾਈਕਲ ਅਤੇ ਸਕੂਟਰ ਦਾ ਹੈ। ਵਿਦਿਆਰਥੀ ਅੱਵਲ ਆਉਣ ਦਾ ਸੁਪਨਾ ਲੈਂਦਾ ਹੈ। ਮੁਟਿਆਰ ਕਿਸੇ ਜਵਾਨ ਤੇ ਸੁੰਦਰ ਰਾਜਕੁਮਾਰ ਨਾਲ ਵਰੇ ਜਾਣ ਦਾ ਸੁਪਨਾ ਲੈਂਦੀ ਹੈ। ਨੌਜਵਾਨ ਦੁਨੀਆ ਦੀ ਸਭ ਤੋਂ ਸੁੰਦਰ ਮੁਟਿਆਰ ਨੂੰ ਆਪਣੀਆਂ ਅੱਖਾਂ ਵਿਚ ਲੁਕੋਣਾ ਲੋਚਦਾ ਹੈ। ਚੰਗੀ ਨੌਕਰੀ, ਚੰਗੇ ਮਕਾਨ,ਚੰਗੇ ਵਾਹਨ, ਚੰਗੇ ਬੱਚਿਆਂ, ਚੰਗੇ ਨਿੱਜੀ ਭਵਿੱਖ, ਚੰਗੀ ਰੋਟੀ, ਚੰਗੇ ਕੱਪੜੇ, ਚੰਗੇ ਗੁਆਂਢੀ, ਚੰਗੇ ਬਾਸ, ਚੰਗੇ ਵਪਾਰ, ਚੰਗੇ ਕਾਰੋਬਾਰ ਦੇ ਸੁਪਨੇ ਮਨੁੱਖ ਲੈਂਦਾ ਹੈ।
ਪਰ ਕੀ ਇਹ ਸੁਪਨੇ ਪੂਰੇ ਹੁੰਦੇ ਹਨ? ਵੀਹ ਫ਼ੀਸਦੀ ਬੱਚੇ ਪੰਜ ਸਾਲ ਦੀ ਉਮਰ ਤੋਂ ‘ਨੌਕਰੀ’ ਕਰਨ ਲੱਗ ਪੈਂਦੇ ਹਨ। ਪੰਜਾਹ ਫ਼ੀਸਦੀ ਬੱਚੇ ਦਸ ਸਾਲ ਦੀ ਉਮਰ ਤੱਕ ਨੰਗੇ ਰਹਿੰਦੇ ਹਨ। ਉਨ੍ਹਾਂ ਨੂੰ ਪਾਉਣ ਲਈ ਕੱਪੜਾ ਨਸੀਬ ਨਹੀਂ ਹੁੰਦਾ। ਸ਼ਹਿਰਾਂ ਵਿਚ ਚਾਰ ਸਾਲ ਤੋਂ ਉਪਰ ਦੇ ਬੱਚੇ ਹੋਟਲਾਂ ਵਿਚ ਭਾਂਡੇ ਮਾਂਜਦੇ ਦੇਖੇ ਗਏ ਹਨ। ਪੈਂਹਠ ਫ਼ੀਸਦੀ ਨੇ ਸਕੂਲ ਦਾ ਮੂੰਹ ਸਿਰਫ਼ ਇਕ ਜਾਂ ਦੋ ਸਾਲ ਤਕ ਦੇਖਿਆ ਹੁੰਦਾ ਹੈ। ਪੰਜਾਹ ਫ਼ੀਸਦੀ ਮਾਪੇ ਆਪਣੀ ਸੰਤਾਨ ਨੂੰ ਤਿੰਨ ਵੇਲੇ ਦੀ ਰੋਟੀ ਨਹੀਂ ਦੇ ਸਕਦੇ । ਚੂਪੇ ਅਤੇ ਗੋਲੀਆਂ ਤਾਂ ਉਨ੍ਹਾਂ ਲਈ ਈਦ ਦੀ ਮਠਿਆਈ ਹੁੰਦੀ ਹੈ। ਭਾਰਤ ਦੇ ਪਿੰਡਾਂ ਦੀ ਕੁੱਲ ਵਸੋਂ ‘ਚੋਂ ਅੱਸੀ ਫ਼ੀਸਦੀ ਨੇ ਗੁੜ ਤੋਂ ਬਿਨਾਂ ਹੋਰ ਕੋਈ ਮਿੱਠਾ ਖਾ ਕੇ ਨਹੀਂ ਦੇਖਿਆ । ਪਰ ਸ਼ਹਿਰੀ ਮੱਧ ਸ਼੍ਰੇਣੀ ਅਤੇ ਉਚ ਸ਼੍ਰੇਣੀ ਦੀਵਾਲੀ, ਦੁਸਹਿਰੇ ਉਤੇ ਲੱਖਾਂ ਰੁਪਏ ਦੀ ਮਠਿਆਈ ਸਿਰਫ਼ ਅਫ਼ਸਰਾਂ ਤੇ ਵਾਕਫ਼ਾਂ ਨੂੰ ‘ਖ਼ੁਸ਼’ ਕਰਨ ਲਈ ਵੰਡ ਦਿੰਦੀ ਹੈ।
ਗੋਆ ਦੇ ਬੀਚ ਹੋਟਲ ਅਤੇ ਪਰਵਾਣੂੰ ਦੇ ਹਵਾਈ ਹੋਟਲ ਵਰਗੇ ਹਜ਼ਾਰਾਂ ਸੁਪਨੇ ਭਾਰਤ ਦੀ ਅਮੀਰ ਜਮਾਤ ਨੇ ਆਪਣੇ ਮਨ ਪਰਚਾਵੇ ਲਈ, ਆਪਣੀ ਐਸ਼ੋ ਇਸ਼ਰਤ ਲਈ ਤਿਆਰ ਕੀਤੇ ਹਨ। ਅਸੀਂ ਘੱਟੋ ਘੱਟ ਇਨ੍ਹਾਂ ਵਿਚ ਜਾ ਕੇ ਰਹਿਣ ਦਾ ਸੁਪਨਾ ਤਾਂ ਲੈ ਹੀ ਸਕਦੇ ਹਾਂ। ਅਸੀਂ ਉਸ ਵਿਸ਼ਾਲ ਗ਼ਰੀਬ ਜਨ ਸਮੂਹ ਦਾ ਹਿੱਸਾ ਨਹੀਂ ਜਿਹੜੇ ਇਹ ਸੁਪਨੇ ਤੱਕ ਵੀ ਨਹੀਂ ਲੈ ਸਕਦੇ। ਇਹ ਵੱਖਰੀ ਗੱਲ ਹੈ ਕਿ ਹਰੇਕ ਸ਼ਖ਼ਸ ਦਾ ਸੁਪਨਾ ਵੱਖਰੀ ਕਿਸਮ ਦਾ ਹੁੰਦਾ ਹੈ। ਜਿੰਨੀ ਵੱਡੀ ਪਹੁੰਚ ਓਨਾ ਵੱਡਾ ਸੁਪਨਾ। ਇਸ ਲਈ ਜਿੰਨਾ ਵੱਡਾ ਸੁਪਨਾ ਟੁੱਟੇਗਾ, ਓਨੀ ਵੱਧ ਦਰਦ ਹੋਵੇਗੀ।
ਭਾਰਤ ਦੀ ਸੱਠ ਫ਼ੀਸਦੀ ਦੇ ਕਰੀਬ ਵਸੋਂ ਦਾ ਸੁਪਨਾ ਸਿਰਫ਼ ਤੇ ਸਿਰਫ਼ ਰੋਟੀ ਹੈ ਅਤੇ ਜਦੋਂ ਇਹ ਰੋਟੀ ਵੀ ਨਸੀਬ ਨਹੀਂ ਹੁੰਦੀ ਤਾਂ ਇਹ ਵਜੋਂ ਕਿਸ ਚੀਜ਼ ਦਾ ਸੁਪਨਾ ਲਵੇ? ਕੋਈ ਇਸ ਦਾ ਉਤਰ ਦੇ ਸਕੇਗਾ? ਮੈਨੂੰ ਤਾਂ ਅਹੁੜ ਨਹੀਂ ਰਿਹਾ।
(30-11-1990)
ਜਜ਼ਬਾਤ ਨਹੀਂ ਤਰਕ ਦੀ ਲੋੜ
ਕਵੀ ਤੇ ਪੱਤਰਕਾਰ ਵਿਚਾਲੇ ਇਕ ਮੂਲ ਫ਼ਰਕ ਇਹੀ ਹੈ ਕਿ ਜਿਥੇ ਕਵੀ ਨਿਰੋਲ ਜਜ਼ਬਾਤ ਦੀ ਗੱਲ ਕਰਦਾ ਹੈ ਉਥੇ ਪੱਤਰਕਾਰ ਕਈ ਵਾਰੀ, ਕਈ ਵਾਰੀ ਹੀ ਕਿਉਂ ਅਕਸਰ ਹੀ, ਜਜ਼ਬਾਤ ਤੋਂ ਕੋਰਾ ਹੁੰਦਾ ਹੈ। ਕਿਸੇ ਵੀ ਮਸਲੇ ਬਾਰੇ ਪਹੁੰਚ ਅਖਤਿਆਰ ਕਰਨ ਲੱਗਿਆਂ ਨਿਰਭਰ ਇਸ ਗੱਲ ‘ਤੇ ਕਰਦਾ ਹੈ ਕਿ ਕੋਈ ਸ਼ਖ਼ਸ ਕਵੀ ਵਧੇਰੇ ਹੈ ਜਾਂ ਪੱਤਰਕਾਰ ਵਧੇਰੇ। ਦੂਸਰੇ ਅਰਥਾਂ ਵਿਚ, ਕੀ ਉਹ ਜਜ਼ਬਾਤੀ ਹੈ ਜਾਂ ਤਰਕ ਉਤੇ ਟੇਕ ਰੱਖਦਾ ਹੈ ? ਜਿਸ ਨੂੰ ਇਹ ਸਮਝ ਆ ਜਾਵੇ ਕਿ ਕਿਹੜਾ ਸ਼ਖ਼ਸ ਕਿਸ ਵੇਲੇ ਇਸ ਤਰ੍ਹਾਂ ਦੀ ਮਨੋਸਥਿਤੀ ਦਾ ਸ਼ਿਕਾਰ ਜਾਂ ਸਵਾਰ ਹੈ, ਉਸ ਲਈ ਉਸ ਦੀਆਂ ਦਲੀਲਾਂ ਅਤੇ ਕਾਰਵਾਈਆਂ ਨੂੰ ਸਮਝਣਾ ਸੌਖਾ ਹੋ ਜਾਂਦਾ ਹੈ।
ਪੰਜਾਬ ਦੀ ਹਿੰਸਕ ਦੌਰ ਦੀ ਸਥਿਤੀ ਬਾਰੇ ਇਹ ਵਖਰੇਵਾਂ ਬਹੁਤ ਸਪਸ਼ਟ ਦਿਖਾਈ ਦਿੰਦਾ ਰਿਹਾ। ਬਹੁਤ ਘੱਟ ਲੋਕ ਸਨ ਜਿਹੜੇ ਤਰਕ ਨਾਲ ਇਸ ਦਾ ਵਿਸ਼ਲੇਸ਼ਣ ਕਰਦੇ ਸਨ। ਬਹੁਤ ਵੱਧ ਸਨ ਜਿਹੜੇ ਨਿਰੋਲ ਜਜ਼ਬਾਤ ਦਾ ਸ਼ਿਕਾਰ ਹੋ ਕੇ ਇਸ ਬਾਰੇ ਆਪਣੇ ਜਿਗਰ ਦਾ ਲਹੂ ਬਾਲ ਰਹੇ ਸਨ । ਪੰਜਾਬ ਦੇ ਚੋਟੀ ਤੋਂ ਲੈ ਕੇ ਹੇਠਲੇ ਤੁਕਬੰਦੀ ਵਾਲੇ ਤਕ ਦੇ ਸ਼ਾਇਰ ਇਸ ਦੀ ਹਾਲਤ ਉਤੇ ਕੀਰਨੇ ਪਾ ਰਹੇ ਸਨ। ਕਦੇ ਕਹਿੰਦੇ ਸਨ ਕਿ ਇਹ ਗੁਲਾਬ ਨਹੀਂ ਰਿਹਾ, ਕਦੀ ਕਹਿੰਦੇ ਸਨ ਇਸ ਨੂੰ ਕਿਸੇ ਟੂਣਾ ਕਰ ਦਿੱਤਾ ਹੈ, ਕਦੀ ਆਖਦੇ ਸਨ ਕਿ ਇਥੋਂ ਦੀਆਂ ਫ਼ਿਜ਼ਾਵਾਂ ਵਿਚ ਜ਼ਹਿਰ ਘੁਲ ਗਿਆ ਹੈ। ਕਵਿਤਾ ਜਿੰਨੀ ਦਿਲ ਨੂੰ ਤੇ ਜਜ਼ਬਿਆਂ ਨੂੰ ਟੁੰਬਣ ਵਾਲੀ ਹੋਵੇਗੀ, ਓਨਾ ਹੀ ਉਸ ਦਾ ਵਧੇਰੇ ਅਸਰ ਹੋਵੇਗਾ। ਕਵਿਤਾ ਤਾਂ ਹੈ ਹੀ ਜਜ਼ਬਾਤ ਦੇ ਪ੍ਰਗਟਾਵੇ ਦਾ ਨਾਂ । ਇਸ ਲਈ ਸ਼ਾਇਰਾਂ ਨੇ ਸੰਵੇਦਨਸ਼ੀਲ ਪੰਜਾਬੀਆਂ ਦੇ ਆਹਤ ਹੋਏ ਜਜ਼ਬਿਆਂ ਨੂੰ ਟੁੰਬ ਕੇ ਸਥਿਤੀ ਦਾ ਆਦਰਸ਼ਵਾਦੀ ਚਿਤਰਨ ਕਰਨ ਦੀ ਕੋਸ਼ਿਸ਼ ਕੀਤੀ ।
ਪੰਜਾਬੀ ਜਿੰਨੇ ਬਾਹਰੋਂ ਅੱਖੜ ਤੇ ਅੜ੍ਹਬ ਦਿਖਾਈ ਦਿੰਦੇ ਹਨ, ਅੰਦਰੋਂ ਓਨੇ ਹੀ ਨਰਮ ਦਿਲ ਹਨ। ਗੱਲ ਗੱਲ ਉਤੇ ਖੂੰਡੇ ਚੁੱਕ ਲੈਣ ਵਾਲੇ ਮਝੈਲ ਭਾਊਆਂ ਨੂੰ ਤੇ ਮਾਲਵੇ ਦੇ ਬਾਈਆਂ ਨੂੰ ਦਾਰੂ ਦਾ ਘੁੱਟ ਮੂੰਹ ਨੂੰ ਲਾ ਕੇ ਉਚੀ ਉਚੀ ਰੋਂਦਿਆਂ ਅਕਸਰ ਦੇਖਿਆ ਜਾ ਸਕਦਾ ਹੈ। ਅਤੇ ਜਿਹੜਾ ਬੰਦਾ ਜਾਂ ਕੌਮ ਕਿਸੇ ਦੁੱਖ ਨੂੰ ਸਹਾਰਨ ਦੀ ਸਮਰਥਾ ਰੱਖਦੇ ਹੋਏ ਵੀ ਰੋਣਾ ਜਾਣਦੀ ਹੈ, ਉਹ ਅਤਿਅੰਤ ਸੂਖਮ ਭਾਵੀ ਅਤੇ ਸੰਵੇਦਨਸ਼ੀਲ ਕੌਮ ਹੁੰਦੀ ਹੈ। ਉਸ ਨੂੰ ਜਾਹਲ ਤੇ ਗੰਵਾਰ ਕਹਿਣਾ ਕਿਸੇ ਤਰ੍ਹਾਂ ਵੀ ਜਚਦਾ ਨਹੀਂ ਹੈ।
ਬਹੁਤੀ ਲੰਬੀ ਗੱਲ ਨਹੀਂ ਕਰਦੇ। ਸੱਠਵਿਆਂ ਦੀ ਹੀ ਗੱਲ ਕਰਦੇ ਹਾਂ ਜਦੋਂ ਪੰਜਾਬੀ ਨੌਜਵਾਨਾਂ ਨੇ ਸਮਾਜਵਾਦੀ ਇਨਕਲਾਬ ਲਿਆਉਣ ਲਈ ਹਥਿਆਰ ਚੁਕ ਲਏ ਸਨ। ਸੰਸਾਰ ਭਰ ਵਿਚ ਪਹਿਲੇ ਸੋਸ਼ਲਿਸਟ ਇਨਕਲਾਬ ਆਉਣ ਦੇ ਪੰਜਾਂ ਦਹਾਕਿਆਂ ਮਗਰੋਂ ਭਾਰਤ ਅਤੇ ਪੰਜਾਬ ਦੇ ਨੌਜਵਾਨਾਂ ਨੇ ਹਥਿਆਰਬੰਦ ਸੰਘਰਸ਼ ਰਾਹੀਂ ਰਾਜਪਲਟਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਬਹੁਤ ਘੱਟ ਨਕਸਲੀ ਨੌਜਵਾਨਾਂ ਨੇ ਮਾਰਕਸਵਾਦ ਅਤੇ ਮਾਓਵਾਦ ਦਾ ਡੂੰਘਾਈ ਨਾਲ ਅਧਿਅਨ ਕੀਤਾ ਸੀ।
ਜੇ ਪਤਾ ਸੀ ਤਾਂ ਸਿਰਫ਼ ਏਨਾ ਕਿ ਲੋਟੂਆਂ ਦੀ ਹਕੂਮਤ ਹਟਾ ਕੇ ਮਜ਼ਦੂਰਾਂ ਦੀ ਹਕੂਮਤ ਕਾਇਮ ਕਰਨੀ ਹੈ, ਸਰਵਹਾਰਾ ਜਾਂ ਪਰੋਲਤਾਰੀ ਨੂੰ ਸਰਵੇ ਸਰਵਾ ਬਣਾਉਣਾ ਹੈ ਅਤੇ ‘ਟੋਏ ਟਿੱਬੇ ਪੱਧਰੇ ਕਰਕੇ’ ਹਟਣਾ ਹੈ। ਸਿਰਫ਼ ਮਾਓ ਦੀ ਲਾਲ ਕਿਤਾਬ ਦੀਆਂ ਟੂਕਾਂ ਦੇ ਆਸਰੇ ਇਨ੍ਹਾਂ ਨੌਜਵਾਨਾਂ ਨੂੰ ਬਹਿਸਾਂ ਕਰਦੇ ਅਤੇ ਪਿਛਾਂਹਖਿਚੂ ਜਾਂ ਸੱਜ ਪਿਛਾਖੜੀ ਬੁੱਧੀਜੀਵੀਆਂ ਨਾਲ ਨੰਗੇ ਧੜ ਲੜਦੇ ਦੇਖਿਆ ਹੈ। ਇਹ ਜਜ਼ਬਾਤੀਪਣ ਨਹੀਂ ਸੀ ਤਾਂ ਕੀ ਸੀ?
ਨਕਸਲੀ ਲਹਿਰ ਦੇ ਚੜ੍ਹਾਅ ਦੌਰਾਨ ਸਰਗਰਮ ਨੌਜਵਾਨ ਹੁਣ ਅਧਖੜ ਹੋ ਚੁੱਕੇ ਹਨ। ਕਈਆਂ ਨੇ ਜਜ਼ਬਾਤ ਦੀ ਥਾਂ ਤਰਕ ਨੂੰ ਅਪਣਾ ਕੇ ਵਿਅਕਤੀਗਤ ਖ਼ਾਤਮੇ ਦੇ ਸੰਘਰਸ਼ ਦਾ ਰਾਹ ਤਿਆਗ ਦਿੱਤਾ ਤੇ ਜਮਾਤੀ ਜਨਤਕ ਸੰਘਰਸ਼ ਦੇ ਰਾਹ ਪੈ ਗਏ। ਕਈ ਬਿਲਕੁਲ ਹੀ ਲਹਿਰ ਨਾਲੋਂ ਕਿਨਾਰਾ ਕਰ ਕੇ ਪੇਸ਼ਾਵਰ ਖੇਤਰਾਂ ਵਿਚ ਪੈ ਕੇ ਨੌਕਰੀਆਂ ਕਰਨ ਲੱਗੇ। ਹਰੇਕ ਜਜ਼ਬਾਤੀ ਲਹਿਰ ਦਾ ਅੰਤ ਇਸੇ ਤਰ੍ਹਾਂ ਹੋਇਆ ਕਰਦਾ ਹੈ। ਪਰ ਇਸ ਲਹਿਰ ਨੇ ਪੰਜਾਬੀ ਨੂੰ ਕਈ ਖ਼ੂਬਸੂਰਤ ਸ਼ਾਇਰ ਦਿੱਤੇ ਜਿਨ੍ਹਾਂ ਪੰਜਾਬੀ ਸਾਹਿਤ ਦੀ ਸ਼ਾਇਰੀ ਦੀ ਸਿਨਫ਼ ਨੂੰ ਬੇਹੱਦ ਅਮੀਰ ਕੀਤਾ। ਇਹ ਉਨ੍ਹਾਂ ਦਾ ਜਜ਼ਬਾਤੀ ਪਹਿਲੂ ਹੀ ਸੀ ਜਿਸ ਕਾਰਨ ਉਹ ਏਨੇ ਕਸ਼ਟ ਸਹਿੰਦੇ ਹੋਏ ਵੀ ਸਾਹਿਤ ਰਚਦੇ ਰਹੇ। ਜੇ ਉਹ ਤਰਕ ਦਾ ਪੱਲਾ ਫੜ ਲੈਂਦੇ ਤਾਂ ਸ਼ਾਇਦ ਇਹ ਕੁਝ ਹਾਸਲ ਨਾ ਹੁੰਦਾ। ਪਰ ਜਿਵੇਂ ਉਪਰ ਲਿਖਿਆ ਹੈ ਕਿ ਕਵਿਤਾ ਅਤੇ ਤਰਕ ਆਪੋ ਵਿਚ ਵਿਰੋਧੀ ਹਨ।
ਜਜ਼ਬਾਤ ਅਤੇ ਜਵਾਨੀ ਦਾ ਗਹਿਰਾ ਸਬੰਧ ਹੈ। ਇਸੇ ਲਈ ਕਹਿੰਦੇ ਹਨ ਕਿ ਜਵਾਨੀ ਵਿਚ ਜੋਸ਼ ਤੇ ਬੁਢਾਪੇ ਵਿਚ ਹੋਸ਼ ਵਧੇਰੇ ਹੁੰਦਾ ਹੈ। ਜੋਸ਼ ਦਾ ਸਬੰਧ ਜਜ਼ਬਾਤ ਨਾਲ ਹੈ ਅਤੇ ਪੰਜਾਬੀ ਜਵਾਨ ਸਦੀਆਂ ਦਰ ਸਦੀਆਂ ਜਜ਼ਬਾਤੀ ਰਹੇ ਹਨ । ਵਰਨਾ ਰਾਂਝਾ ਬਾਰਾਂ ਸਾਲ ਤਕ ਹੀਰ ਦੀਆਂ ਮੱਝਾਂ ਨਾ ਚਾਰੀ ਜਾਂਦਾ ਅਤੇ ਫ਼ੇਰ ਜੋਗੀ ਬਣ ਕੇ ਖੇੜਿਆਂ ਦੀਆਂ ਗਲੀਆਂ ਦੀ ਖ਼ਾਕ ਨਾ ਛਾਣਦਾ ਫਿਰਦਾ। ਮਿਰਜ਼ੇ ਦਾ ਜਜ਼ਬਾਤੀ ਰਉਂ ਹੀ ਸੀ ਜਿਸ ਨੇ ਸਾਹਿਬਾਂ ਦੇ ਵਾਰ ਵਾਰ ਕਹਿਣ ਉਤੇ ਵੀ ਖਤਰੇ ਨੂੰ ਅਣਡਿੱਠ ਕਰ ਦਿੱਤਾ ਅਤੇ ਆਖ਼ਰ ਸਾਹਿਬਾਂ ਨੂੰ ਸਦਾ ਲਈ ਅਪਮਾਨ ਦੀ ਜ਼ਿੱਲਤ ਸਹਿਣ ਲਈ ਮਜਬੂਰ ਕਰ ਦਿੱਤਾ। ਜਜ਼ਬਾਤ ਦੀ ਰਉਂ ਵਿਚ ਹੀ ਦੁੱਲੇ ਨੇ ਅਕਬਰ ਦੀ ਸ਼ਾਹੀ ਪੇਸ਼ਕਸ਼ ਠੁਕਰਾ ਦਿੱਤੀ ਸੀ ਅਤੇ ਸਾਂਦਲਬਾਰ ਦੇ ਲੋਕਾਂ ਨੂੰ ਇਕ ਤਕੜੀ ਮੁਗ਼ਲ ਫ਼ੌਜ ਵਿਰੁੱਧ ਲਾਮਬੰਦ ਕਰਨ ਤੁਰ ਪਿਆ ਸੀ।
ਪੰਜਾਬ ਦੇ ਕਵੀ ਪੰਜਾਬ ਦੀ ਤਰਾਸਦੀ ਬਾਰੇ ਕਵਿਤਾਵਾਂ ਲਿਖਦੇ ਰਹੇ । ਦੋਂਹਾਂ ਤਾਕਤਾਂ ਵਿਚਾਲੇ ਚਲ ਰਹੀ ਜੰਗ ਵਿਚ ਇਕ ਧਿਰ ਹਮੇਸ਼ਾ ਮਾੜੀ ਹੁੰਦੀ ਹੈ। ਪਰ ਮਾੜੀ ਧਿਰ ਪਾਸ ਜਜ਼ਬਾਤ ਦੀ ਸ਼ਕਤੀ ਹੁੰਦੀ ਹੈ। ਇਸੇ ਸ਼ਕਤੀ ਦੇ ਆਸਰੇ ਉਹ ਸਿਰ ਧੜ ਦੀ ਬਾਜ਼ੀ ਲਾ ਦਿੰਦੇ ਹਨ। ਇਸ ਗੱਲ ਦੀ ਉਨ੍ਹਾਂ ਨੂੰ ਵਾਹ ਨਹੀਂ ਹੁੰਦੀ ਕਿ ਉਹ ਮਰਦੇ ਹਨ ਜਾਂ ਜਿਊਂਦੇ ਰਹਿੰਦੇ ਹਨ। ਇਸ ਉਮਰ ਵਿਚ ਮਰਨ ਦੀ ਲਾਲਸਾ ਵਧੇਰੇ ਹੁੰਦੀ ਹੈ। ਜਿਉਂ ਜਿਉਂ ਉਮਰ ਵਧਦੀ ਹੈ ਤਿਉਂ ਤਿਉਂ ਤਰਕ ਵਧਦਾ ਹੈ। ਇਸ ਲਈ ਉਮਰ ਦੇ ਵਧਣ ਨਾਲ ਜੋਸ਼ ਘਟ ਹੁੰਦਾ ਹੈ ਤੇ ਹੋਸ਼ ਵਿਚ ਵਾਧਾ ਹੁੰਦਾ ਹੈ। ਕਵੀਆਂ ਵਲੋਂ ਲਿਖੀ ਗਈ ਕਵਿਤਾ ਜੇ ਜੋਸ਼ੀਲੀ ਹੋਵੇ ਤਾਂ ਜੋਸ਼ ਵਧਾਉਂਦੀ ਹੈ ਅਤੇ ਜੇ ਕੀਰਨਾਮਈ ਹੋਵੇ ਤਾਂ ਹੱਸਾਸ ਕਰਦੀ ਹੈ।
ਪੰਜਾਬ ਦੇ ਬਹੁਤੇ ਲੋਕ ਕਵੀ ਹਨ। ਜਿਹੜੇ ਬਾਕਾਇਦਾ ਸ਼ਾਇਰੀ ਨਹੀਂ ਵੀ ਕਰਦੇ ਉਹ ਵੀ ਜਜ਼ਬਾਤੀ ਹੋਣ ਕਾਰਨ ਅੱਧੇ ਸ਼ਾਇਰ ਹੁੰਦੇ ਹਨ। ਇਸ ਲਈ ਉਹ ਨਵੀਂ ਪੀੜ੍ਹੀ ਦੇ ਜਜ਼ਬਾਤੀਪੁਣੇ ਵਿਚ ਵਾਧਾ ਹੀ ਕਰਦੇ ਹਨ। ਲੋੜ ਇਸ ਗੱਲ ਦੀ ਹੈ ਕਿ ਕੁਝ ਹੋਸ਼ ਵਾਲੇ ਪੰਜਾਬੀ ਜਜ਼ਬਾਤੀ ਪੰਜਾਬੀਆਂ ਨੂੰ ਤਰਕ ਦੀਆਂ ਕੁਝ ਗੱਲਾਂ ਸਮਝਾਉਣ ਤਾਂ ਕਿ ਉਨ੍ਹਾਂ ਵਿਚ ਜੋਸ਼ ਦੇ ਨਾਲ ਨਾਲ ਹੋਸ਼ ਵੀ ਆਵੇ । ਸ਼ਮਾਂ ਦੇ ਪਰਵਾਨੇ ਬਣ ਕੇ ਮਰਦੇ ਰਹਿਣਾ ਤਾਂ ਉਨ੍ਹਾਂ ਨੂੰ ਆਉਂਦਾ ਹੀ ਹੈ।
(15-11-1991)
ਕੁਝ ਸ਼ਬਦ ਜਵਾਨੀ ਮਸਤਾਨੀ ਦੇ ਹੱਕ ਵਿਚ
ਦਿੱਲੀ ਦੇ ਇਕ ਬਾਗ ਵਿਚ ਵਾਪਰੀ ਘਟਨਾ ਨੇ ਇਹ ਸਵਾਲ ਪੈਦਾ ਕੀਤਾ ਹੈ ਕਿ ਭਾਰਤੀ ਸਮਾਜ ਵਿਚ ਨੈਤਿਕ ਕਦਰਾਂ-ਕੀਮਤਾਂ ਕਾਇਮ ਰੱਖਣ ਦਾ ਠੇਕਾ ਕਿਸ ਨੇ ਲਿਆ ਹੋਇਆ ਹੈ? ਕੀ ਇਹ ਕੰਮ ਪੁਲੀਸ ਦੇ ਜ਼ਿੰਮੇ ਲਾਇਆ ਗਿਆ ਹੈ ਕਿ ਉਹ ਆਪੇ ਘੜੇ ਨਿਯਮਾਂ ਰਾਹੀਂ ਇਸ ਗੱਲ ਦੀ ‘ਗਾਰੰਟੀ’ ਕਰੇ ਕਿ ਭਾਰਤ ਦੀ ਨਵੀਂ ਪੀੜ੍ਹੀ ਦਾ ‘ਨੈਤਿਕ ਪਤਨ’ ਨਾ ਹੋਵੇ? ਕੀ ਇਸ ਨੂੰ ਕਿਸੇ ਲਾਇਸੈਂਸ ਦਿੱਤਾ ਹੋਇਆ ਹੈ ਕਿ ਇਹ ਨੈਤਿਕ ਮਾਣ ਮਰਿਆਦਾ ਬਰਕਰਾਰ ਰੱਖਣ ਦੇ ਬਹਾਨੇ ਉਨ੍ਹਾਂ ਸਧਾਰਨ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰੇ ਜਿਹੜੇ ਕੁਝ ਪਲ ਸ਼ਾਂਤਮਈ ਤਰੀਕੇ ਨਾਲ ਕਿਸੇ ਬਾਗ ਦੇ ਸ਼ਾਂਤ ਕੋਨੇ ਵਿਚ ਬਿਤਾਉਣਾ ਚਾਹੁੰਦੇ ਹਨ।
ਹੋਇਆ ਇਹ ਕਿ ਇਕ ਮਰਦ ਅਤੇ ਇਕ ਇਸਤਰੀ ਲੋਦੀ ਗਾਰਡਨ ਵਿਚ ਇਕ ਨਿਵੇਕਲੇ ਥਾਂ ਉਤੇ ਬੈਠੇ ਆਪਣੀ ਪਿਆਰ ਦੀ ਦੁਨੀਆ ਵਿਚ ਗੁੰਮੇ ਹੋਏ ਸਨ। ਉਨ੍ਹਾਂ ਵਲੋਂ ਇਸ ਤਰ੍ਹਾਂ ਦੀ ਕੋਈ ਹਰਕਤ ਨਹੀਂ ਸੀ ਕੀਤੀ ਜਾ ਰਹੀ ਜਿਸ ਨੂੰ ਜਨਤਕ ਥਾਂ ਉਤੇ ਕਰਨਾ ਠੀਕ ਨਹੀਂ ਹੈ। ਸਗੋਂ ਉਹ ਤਾਂ ਬਸ ਬੈਠੇ ਸਨ ਅਤੇ ਭਾਰਤ ਦੇ ਆਜ਼ਾਦ ਨਾਗਰਿਕ ਹੋਣ ਕਾਰਨ ਉਨ੍ਹਾਂ ਦਾ ਅਧਿਕਾਰ ਹੈ ਕਿ ਉਹ ਬਾਗ ਵਿਚ ਬੈਠ ਕੇ ਗੱਲਬਾਤ ਕਰ ਸਕਣ। ਪਿਆਰ ਮੁਹੱਬਤ ਦੇ ਮਾਮਲੇ ਵਿਚ ਜੇ ਉਹ ਕਿਸੇ ਮਿੱਥੀ ਹੋਈ ਸੀਮਾ ਦੀ ਉਲੰਘਣਾ ਕਰਦੇ ਤਾਂ ਜ਼ਰੂਰ ਦੋਸ਼ੀ ਹੋ ਸਕਦੇ ਸਨ। ਪਰ ਪੁਲੀਸ ਦੇ ਦੋ ਕਾਂਸਟੇਬਲਾਂ ਨੂੰ ਉਨ੍ਹਾਂ ਦਾ ਬਾਗ ਦੇ ਇਸ ਕੋਨੇ ਵਿਚ ਬੈਠਣਾ ਵੀ ਪਸੰਦ ਨਹੀਂ ਸੀ। ਇਸ ਲਈ ਉਨ੍ਹਾਂ ਇਸ ਜੋੜੇ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਵਾਰਾਗਰਦੀ ਦਾ ਦੋਸ਼ ਲਾ ਕੇ ਥਾਣੇ ਲੈ ਜਾਣ ਲਈ ਜ਼ਿਦ ਕਰਨ ਲੱਗੇ । ਹੋ ਸਕਦਾ ਹੈ ਕਿ ਉਨ੍ਹਾਂ ਨੂੰ ਥਾਣੇ ਲਿਜਾਣ ਦਾ ਡਰਾਵਾ ਦੇ ਕੇ ਦੋਵੇਂ ਕੁਝ ਪੈਸੇ ਝਾੜਣ ਵਿਚ ਸਫਲ ਹੋ ਜਾਂਦੇ ਪਰ ਉਥੋਂ ਲੰਘਦੀਆਂ ਕੁੜੀਆਂ ਦੀ ਟੋਲੀ ਨੇ ਉਸ ਜੋੜੇ ਦੀ ਢਾਲ ਬਨਣ ਦਾ ਫ਼ੈਸਲਾ ਕਰ ਲਿਆ ਅਤੇ ਕਾਂਸਟੇਬਲਾਂ ਨੂੰ ਏਨੀ ਝਾੜ ਪਾਈ ਕਿ ਦੋਹਾਂ ਨੂੰ ਖਿਸਕਣਾ ਪੈ ਗਿਆ ।
ਨੈਤਿਕਤਾ ਦੇ ਮਾਮਲੇ ਵਿਚ ਪੁਲੀਸ ਸੱਚਮੁੱਚ ਹੀ ਬਹੁਤ ‘ਗੰਭੀਰ’ ਜਾਪਦੀ ਹੈ। ਇਸ ਦੀ ਦੂਸਰੀ ਮਿਸਾਲ ਦਿੱਲੀ ਦੇ ਇਕ ਪੁਲੀਸ ਅਧਿਕਾਰੀ ਵਲੋਂ ਸੰਸਾਰ ਪ੍ਰਸਿੱਧ ਗਾਇਕਾ ਮੈਡੋਨਾ ਦੀ ਨਵੀਂ ਪੁਸਤਕ ‘ਸੈਕਸ’ ਉਤੇ ਭਾਰਤ ਵਿਚ ਪਾਬੰਦੀ ਲਾਉਣ ਬਾਰੇ ਕੀਤਾ ਗਿਆ ‘ਫ਼ੈਸਲਾ’ ਹੈ। ਇਸ ਅਧਿਕਾਰੀ ਨੇ ਤਾਂ ਕੀ ਭਾਰਤ ਵਿਚ ਸ਼ਾਇਦ ਕਿਸੇ ਨੇ ਵੀ ਮੈਡੋਨਾ ਦੀ ਇਹ ਕਿਤਾਬ ਨਹੀਂ ਵੇਖੀ ਜਿਹੜੀ ਯੂਰਪ ਅਤੇ ਅਮਰੀਕਾ ਵਿਚ ਧੜਾਧੜ ਵਿਕੀ ਹੈ। ਲੋਕ ਲੀੜੇ ਪੜਵਾ ਕੇ ਵੀ ਇਹ ਕਿਤਾਬ ਖ਼ਰੀਦਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਡੋਨਾ ਇਸ ਕਿਤਾਬ ਦੀ ਵਿਕਰੀ ਵਧਾਉਣ ਲਈ ਵੱਖ ਵੱਖ ਸ਼ਹਿਰਾਂ ਦੇ ਦੌਰੇ ਕਰ ਰਹੀ ਹੈ। ਭਾਰਤ ਵਿਚ ਇਹ ਕਿਤਾਬ ਆਵੇ ਜਾਂ ਨਾ, ਇਸ ਬਾਰੇ ਫ਼ੈਸਲਾ ਸਰਕਾਰ ਨੇ ਕਰਨਾ ਹੈ। ਪਰ ਦਿੱਲੀ ਦੇ ਇਹ ਪੁਲੀਸ ਅਧਿਕਾਰੀ ਪਹਿਲਾਂ ਹੀ ਫ਼ੈਸਲਾ ਕਰੀ ਬੈਠੇ ਹਨ ਕਿ ਇਸ ਕਿਤਾਬ ਨੂੰ ਦਿੱਲੀ ਵਿਚ ਵਿਕਣ ਨਹੀਂ ਦਿੱਤਾ ਜਾਵੇਗਾ ਤਾਂ ਕਿ ਦਿੱਲੀ ਵਾਸੀਆਂ ਦਾ ‘ਕਰੈਕਟਰ ਖ਼ਰਾਬ’ ਨਾ ਹੋ ਜਾਵੇ।
ਇਨ੍ਹਾਂ ਦੋਹਾਂ ਘਟਨਾਵਾਂ ਨੂੰ ਪੜ੍ਹ ਕੇ ਬਹੁਤ ਸਾਰੀਆਂ ਘਟਨਾਵਾਂ ਚੇਤੇ ਆਉਂਦੀਆਂ ਹਨ। ਜਿਵੇਂ ਸਾਡੇ ਪੁਲੀਸ ਵਾਲੇ ਨੈਤਿਕਤਾ ਦੀਆਂ ਅਜਿਹੀਆਂ ਧੱਜੀਆਂ ਉਡਾਉਂਦੇ ਹਨ ਕਿ ਮੂੰਹ ਅੱਡਿਆ ਦਾ ਅੱਡਿਆ ਰਹਿ ਜਾਂਦਾ ਹੈ। ਥਾਣਿਆਂ ਵਿਚ ਇਸਤਰੀਆਂ ਨਾਲ ਬਲਾਤਕਾਰ ਦੀਆਂ ਵਾਰਦਾਤਾਂ ਤਾਂ ਅਕਸਰ ਹੀ ਹੁੰਦੀਆਂ ਰਹਿੰਦੀਆ ਹਨ । ਪਰ ਬਿਹਾਰ ਦੇ ਸੀਤਾਪੁਰ ਥਾਣੇ ਵਿਚ ਦੋ ਸਾਲ ਪਹਿਲਾਂ ਵਾਪਰੀ ਘਟਨਾ ਨੇ ਤਾਂ ਇਹ ਹਰਕਤ ਸਿਰੇ ਹੀ ਲਾ ਦਿੱਤੀ। ਪਾਰਵਤੀ ਨਾਂ ਦੀ ਇਕ ਪੜ੍ਹੀ-ਲਿਖੀ ਇਸਤਰੀ ਨੇ ਇਕ ਅਸਰ-ਰਸੂਖ ਵਾਲੇ ਸਿਆਸੀ ਵਿਅਕਤੀ ਵਲੋਂ ਗ਼ਰੀਬਾਂ ਦਾ ਉਜਾੜਾ ਕਰਨ ਵਿਰੁਧ ਆਵਾਜ਼ ਬੁਲੰਦ ਕੀਤੀ। ਉਹ ਇਸਤਰੀਆਂ ਦੀ ਇਕ ਜਥੇਬੰਦੀ ਦੀ ਮੈਂਬਰ ਸੀ । ਉਸ ਸਿਆਸੀ ਵਿਅਕਤੀ ਨੂੰ ਇਹ ਗਵਾਰਾ ਨਹੀਂ ਸੀ ਕਿ ਕੋਈ ਔਰਤ ਉਸ ਵਿਰੁਧ ਆਵਾਜ਼ ਉਠਾਵੇ। ਇਸ ਲਈ ਇਸ ਖੇਤਰ ਦੇ ਥਾਣੇਦਾਰ ਨਾਲ ਸਾਂਢਾ-ਗਾਂਢਾ ਕਰਕੇ ਪਾਰਵਤੀ ਨੂੰ ਥਾਣੇ ਬੁਲਵਾਇਆ ਗਿਆ ਅਤੇ ਉਥੇ ਉਸ ਦੀਆਂ ਲੱਤਾਂ ਅਤੇ ਬਾਹਾਂ ਬੰਨ੍ਹ ਕੇ ਉਸ ਨਾਲ ਦੋ ਦਿਨ ਦੇ ਦੋ ਰਾਤਾਂ ਤਕ ਬਲਾਤਕਾਰ ਕੀਤਾ ਗਿਆ । ਨਾਲ ਨਾਲ ਉਸ ਨੂੰ ਵਾਰ ਵਾਰ ਕਿਹਾ ਜਾਂਦਾ ਰਿਹਾ ਕੇ ਹੁਣ ਨੇਤਾ ਜੀ ਖ਼ਿਲਾਫ਼ ਬੋਲ ਕੇ ਕਿਵੇਂ ਦਿਖਾਏਂਗੀ?ਪੁਲੀਸ ਦੀ ‘ਨੈਤਿਕਤਾ ਦੀ ਰਾਖੀ’ ਦੀਆਂ ਅਨੇਕਾਂ ਉਦਾਹਰਣਾਂ ਨਿਤ ਦਿਹਾੜੇ ਮਿਲ ਸਕਦੀਆਂ ਹਨ। ਪੰਜਾਬ ਪੁਲੀਸ ਦੇ ਇਕ ਉਹ ਅਧਿਕਾਰੀ ਨੇ ਵੱਡੇ ਅਫ਼ਸਰਾਂ ਦੀ ਇਕ ਪਾਰਟੀ ਵਿਚ ਇਕ ਮਹਿਲਾ ਅਫ਼ਸਰ ਦੀ ਪਿਛਾੜੀ ਉਤੇ ਚੂੰਢੀ ਵੱਢ ਕੇ ਨੈਤਿਕਤਾ ਦੀ ਅਮੀਰੀ ਦੀ ਉਦਾਹਰਣ ਪੇਸ਼ ਕੀਤੀ ਸੀ। ਉਸ ਮਹਿਲਾ ਅਧਿਕਾਰੀ ਵਲੋਂ ਕੀਤੀ ਗਈ ਸ਼ਿਕਾਇਤ ਉਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਅਤੇ ਉਸ ਵਲੋਂ ਕੀਤੇ ਗਏ ਕੇਸ ਦਾ ਕੋਈ ਖੁਰਾ-ਖੋਜ ਲੰਮਾ ਸਮਾਂ ਨਹੀਂ ਸੀ ਲੱਭਾ। ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੋ ਪੱਤਰਕਾਰ, ਇਕ ਫ਼ੌਜੀ ਅਫ਼ਸਰ ਅਤੇ ਦੋ ਡਾਕਟਰ ਕੁੱਟ ਦਿੱਤੇ ਜਦੋਂ ਇਹ ਅਫ਼ਵਾਹ ਫੈਲੀ ਕਿ ਉਸ ਦੇ ਨਿੱਜੀ ਬਾਡੀਗਾਰਡ ਦੀ ਬੀਵੀ ਤੇ ਬੱਚੀ ਨੂੰ ਖਾੜਕੂ ਮਾਰ ਗਏ। ਇਹ ਗੱਲ ਬਾਅਦ ਵਿਚ ਪਤਾ ਲੱਗੀ ਕਿ ਦਰਅਸਲ ਉਸ ਬਾਡੀਗਾਰਡ ਨੇ ਆਪਣੇ ਹੀ ਸਰਵਿਸ ਰਿਵਾਲਵਰ ਨਾਲ ਦੋਹਾਂ ਦੀ ਹੱਤਿਆ ਕੀਤੀ मी।
ਕੀ ਇਹ ਗੱਲ ਕਿਸੇ ਤੋਂ ਭੁੱਲੀ ਹੋਈ ਹੈ ਕਿ ਪਿੰਡਾਂ ਵਿਚ ਦੇਸੀ ਸ਼ਰਾਬ ਕੱਢਣ ਵਾਲੇ ਅਤੇ ਦਸ ਨੰਬਰੀਏ ਪੁਲੀਸ ਦੀ ਜੁੰਡੀ ਦੇ ਯਾਰ ਹੁੰਦੇ ਹਨ ? ਕਤਲ ਕਰਨ ਵਿਚ ‘ਮਾਹਿਰ’ ਲੋਕ ਪਹਿਲਾਂ ਇਲਾਕੇ ਦੇ ਥਾਣੇਦਾਰ ਨੂੰ ਦੱਸ ਕੇ ਕਤਲ ਕਰਦੇ ਹਨ। ਥਾਣੇਦਾਰ ਹੀ ਨਹੀਂ ਸਗੋਂ ਹੇਠਲੇ ਮੁਲਾਜ਼ਮਾਂ ਦੀ ਸਲਾਹ ਨਾਲ ਧੰਦੇ ਕਰਵਾਏ ਜਾਂਦੇ ਹਨ । ਅਫੀਮ, ਡੋਡਿਆਂ, ਚਰਸ ਹੀ ਨਹੀਂ, ਹੋਰ ਹਰ ਤਰ੍ਹਾਂ ਦੀ ਮਨਾਹੀ ਵਾਲੇ ਨਸ਼ੇ ਵੇਚਣ ਵਾਲੇ ਪੁਲੀਸ ਨੂੰ ਹਫ਼ਤਾ ਦਿੰਦੇ ਹਨ। ਸ਼ਹਿਰਾਂ ਵਿਚ ਤਾਂ ਪੁਲੀਸ ਦੀ ਨੈਤਿਕਤਾ ਦਾ ‘ਮਿਆਰ’ ਹੀ ਵੱਖਰਾ ਹੈ।ਅਪਰਾਧ ਜਗਤ ਦੀ ਅਜਿਹੀ ਕੋਈ ਕਾਰਵਾਈ ਹੁੰਦੀ ਹੀ ਨਹੀਂ ਜਿਹੜੀ ਵਿਚ ਪੁਲੀਸ ਦੀ ਹਿੱਸਾ-ਪੱਤੀ ਨਾ ਹੁੰਦੀ ਹੋਵੇ। ਉਹ ਤਾਂ ਉਨ੍ਹਾਂ ਵੇਸਵਾਵਾਂ ਤਕ ਤੋਂ ਹਫ਼ਤਾ ਉਗਰਾਹੁਣ ਵਿਚ ਸ਼ਰਮ ਨਹੀਂ ਕਰਦੇ ਜਿਹੜੀਆਂ ਇਕ ਇਕ ਗਾਹਕ ਭੁਗਤਾਉਣ ਲਈ ਮਸਾਂ ਪੰਜ ਰੁਪਏ ਹਾਸਲ ਕਰਨ ਦੇ ਸਮਰੱਥ ਹੁੰਦੀਆਂ ਹਨ।
ਸਭ ਤੋਂ ਚੰਗੀ ਦੇਸੀ ਸ਼ਰਾਬ ਹਾਸਲ ਕਰਨੀ ਹੋਵੇ ਜਾਂ ਵਧੀਆ ਡੋਡੇ ਲੈਣੇ ਹੋਣ ਤਾਂ ਤੁਸੀਂ ਇਹ ਸਭ ਕੁਝ ਥਾਣੇ ‘ਚੋਂ ਹਾਸਲ ਕਰ ਸਕਦੇ ਹੋ। ਚੰਡੀਗੜ੍ਹ ਵਿਚ ਕੁਝ ਸਾਲ ਪਹਿਲਾਂ ਇਕ ਪੱਤਰਕਾਰ ਨੇ ਵੇਸਵਾਪੁਣੇ ਬਾਰੇ ਇਕ ‘ਸਟੋਰੀ’ ਕਰਨੀ ਸੀ। ਉਸ ਲਈ ਉਸ ਨੇ ਆਪਣੇ ਇਕ ਮਿੱਤਰ ਪੁਲੀਸ ਅਧਿਕਾਰੀ ਦੀ ਸਹਾਇਤਾ ਲਈ ਜਿਸ ਨੇ ਸਾਰੇ ਚਕਲਿਆਂ ਦਾ ਦੌਰਾ ਉਸ ਪੱਤਰਕਾਰ ਨਾਲ ਚਲ ਕੇ ਕਰਵਾਇਆ। ਕਿਹੜੇ ਇਲਾਕੇ ਵਿਚ ਕਿਹੜੀ ਲੜਕੀ ਗੁੰਮਰਾਹ ਹੋ ਰਹੀ ਹੈ, ਇਸ ਦੀ ਸਭ ਤੋਂ ਪਹਿਲਾਂ ਸੂਚਨਾ ਪੁਲੀਸ ਨੂੰ ਮਿਲਦੀ ਹੈ ਅਤੇ ਉਸ ਨੂੰ ਇਕ ਵਾਰੀ ਪੁਲੀਸ ਅਫ਼ਸਰਾਂ ਦੀਆਂ ਲੱਤਾਂ ਹੇਠ ਦੀ ਜ਼ਰੂਰ ਲੰਘਣਾ ਪੈਂਦਾ ਹੈ।
ਗ਼ਰੀਬ ਦੀ ਜੇਬ ਕੱਟੀ ਜਾ ਰਹੀ ਹੁੰਦੀ ਹੈ ਜਾਂ ਕਿਸੇ ਔਰਤ ਦੀ ਗਲ ਦੀ ਚੇਨੀ ਲਾਹੀ ਜਾ ਰਹੀ ਹੁੰਦੀ ਹੈ ਤਾਂ ਪਹਿਰੇ ਉਤੇ ਖੜ੍ਹਾ ਸਿਪਾਹੀ ਮੂੰਹ ਫ਼ੇਰ ਲੈਂਦਾ ਹੈ। ਸਰੇ ਬਾਜ਼ਾਰ ਅਗਵਾ ਹੋ ਰਿਹਾ ਹੁੰਦਾ ਹੈ ਤਾਂ ਪੁਲੀਸ ਵਾਲਾ ਕਿਸੇ ਕੋਨੇ ਖੜ੍ਹਾ ਬੀੜੀ ਦੇ ਕਸ਼ ਲਾ ਰਿਹਾ ਹੁੰਦਾ ਹੈ । ਨੰਗੀਆਂ ਤਸਵੀਰਾਂ ਵਾਲੇ ਰਸਾਲੇ ਵੇਚਣ ਵਾਲੇ ਪਾਸੋਂ ਹਾਸਲ ਕਰ ਕੇ ਪੁਲੀਸ ਮੁਲਾਜ਼ਮ ਹੀ ਸਭ ਤੋਂ ਪਹਿਲਾਂ ਅੱਖਾਂ ਸੇਕਦੇ ਹਨ ਅਤੇ ਫ਼ੇਰ ਉਸ ਰਸਾਲੇ ਨੂੰ ਖ਼ਰੀਦਣ ਵਾਲੇ ਨੂੰ ਫੜ ਕੇ ਉਨ੍ਹਾਂ ਦੇ ਚਿੱਤੜ ਸੇਕਦੇ ਹਨ।‘ਖੁੱਲੀ ਖਿੜਕੀ’, ‘ਰੰਗੀਨ ਜਵਾਨੀ’, ‘ਜਵਾਨੀ ਕਾ ਜਲਵਾ’ ਵਰਗੀਆਂ ਫ਼ਿਲਮਾਂ ਵਿਚ ਸੈਂਸਰ ਕਰਵਾਏ ਬਿਨਾਂ ਦ੍ਰਿਸ਼ ਦਿਖਾਏ ਜਾ ਰਹੇ ਹੁੰਦੇ ਹਨ ਤਾਂ ਪਹਿਰੇ ‘ਤੇ ਖੜ੍ਹਾ ਪੁਲੀਸ ਵਾਲਾ ਉਸ ਦਾ ਸਵਾਦ ਲੈ ਰਿਹਾ ਹੁੰਦਾ ਹੈ। ਉਦੋਂ ਇਨ੍ਹਾਂ ਦੀ ਨੈਤਿਕਤਾ ਇਨ੍ਹਾਂ ਉਤੇ ਭਾਰ ਨਹੀਂ ਪਾਉਂਦੀ।
ਪਰ ਜਦੋਂ ਕਦੇ ਕੋਈ ਬਾਲਗ ਮੁੰਡਾ ਜਾਂ ਕੁੜੀ ਕਿਸੇ ਬਾਗ ਵਿਚ ਇਕੱਲੇ ਬੈਠ ਕੇ ਜ਼ਿੰਦਗੀ ਦੇ ਹੁਸੀਨ ਪਲਾਂ ਨੂੰ ਮਾਣ ਰਹੇ ਹੁੰਦੇ ਹਨ ਤਾਂ ਇਨ੍ਹਾਂ ਅੰਦਰਲਾ ਨੈਤਿਕਤਾ ਦਾ ਰਖਵਾਲਾ ਜਾਗ ਪੈਂਦਾ ਹੈ । ਉਹ ਨਹੀਂ ਚਾਹੁੰਦੇ ਕਿ ਖ਼ੂਬਸੂਰਤ ਜਵਾਨੀ ਖ਼ੂਬਸੂਰਤ ਸੁਪਨੇ ਸਿਰਜ ਸਕੇ ਕਿਉਂਕਿ ਇਸ ਨਾਲ ਭਾਰਤ ਦੀ ‘ਨੈਤਿਕਤਾ’ ਉਤੇ ਅਸਰ ਪੈਂਦਾ ਹੈ ਅਤੇ ਨੌਜਵਾਨਾਂ ਦਾ ‘ਚਰਿੱਤਰ ਖ਼ਰਾਬ’ ਹੁੰਦਾ ਹੈ। ਜਿਸ ਉਮਰ ਨੇ ਕਿੱਸਿਆਂ ਕਹਾਣੀਆਂ ਦੇ ਨਾਇਕ ਬਣਨਾ ਹੁੰਦਾ ਹੈ, ਉਸ ਉਮਰ ਲਈ ਜੇ ਬਾਗਾਂ ਵਿਚ ਵਿਚਰਨਾ ਹੀ ਮਨ੍ਹਾਂ ਹੈ ਤਾਂ ਬਾਗ ਹਨ ਕਾਹਦੇ ਲਈ ? ਜਾਂ ਤਾਂ ਇਨ੍ਹਾਂ ਬਾਗਾਂ ਨੂੰ ਹੀ ਵੱਢ ਦਿਓ, ਨਹੀਂ ਤਾਂ ਭਾਰਤ ਦੀ ਜਵਾਨੀ ਦੀ ਨੈਤਿਕਤਾ ਦੀ ਰਾਖੀ ਦਾ ਠੇਕਾ ਪੁਲੀਸ ਪਾਸੋਂ ਵਾਪਸ ਲੈ ਲਵੋ ।
ਰੋਟੀਆਂ ਅਤੇ ਸਿਰਫ਼ ਰੋਟੀਆਂ
ਇਸ ਸਦੀ ਦੇ ਛੇਵੇਂ ਦਹਾਕੇ ਵਿਚ ਭਾਰਤ ਅੰਦਰ ਪ੍ਰਗਤੀਵਾਦੀ ਲਹਿਰ ਦਾ ਜਦੋਂ ਸਿਖਰ ਦੌਰ ਸੀ, ਉਨ੍ਹੀਂ ਦਿਨੀਂ ‘ਅਕਲਮੰਦੀ’ ਦੀ ਗੱਲ ਕਰਨ ਵਾਲੇ ਲੋਕਾਂ ਨੂੰ ‘ਕਾਮਰੇਡ’ ਕਿਹਾ ਕਰਦੇ ਸਨ : “ਇਹਨੂੰ ਰੋਟੀਆਂ ਮਿਲਣ ਲੱਗ ਪਈਆਂ, ਹੁਣ ਕਾਹਨੂੰ ਇਹ ਸਾਡੇ ਨਾਲ ਖੜੂ ?” ਇਸੇ ਤਰ੍ਹਾਂ ਜਿਹੜੇ ਲੋਕ ਇਨਕਲਾਬ ਲਈ ਲੜਦੇ ਲੜਦੇ ਕਿਸੇ ਸਰਕਾਰੀ ਨੌਕਰੀ ਵਿਚ ਜਾ ਲੱਗਦੇ ਸਨ ਜਾਂ ਜਿਹੜੇ ਆਪਣੇ ਕਿਸੇ ਕਾਰੋਬਾਰ ਵਿਚ ਲੱਗ ਜਾਂਦੇ ਸਨ ਉਨ੍ਹਾਂ ਬਾਰੇ ਵੀ ਇਹੀ ਕਿਹਾ ਜਾਂਦਾ ਸੀ ਕਿ “ਇਸ ਦਾ ਤਾਂ ਇਨਕਲਾਬ ਆ ਗਿਆ, ਬਾਕੀ ਦੇ ਲੋਕਾਂ ਦੀ ਚਿੰਤਾ ਇਹਨੂੰ ਕਰਨ ਦੀ ਕੀ ਜ਼ਰੂਰਤ ਹੈ ?”
ਇਨ੍ਹਾਂ ਗੱਲਾਂ ਦਾ ਅਰਥ ਇਕੋ ਇਕ ਹੈ ਕਿ ਮਨੁੱਖ ਲਈ ਸਭ ਤੋਂ ਵੱਡੀ ਜ਼ਰੂਰਤ ਹੈ ਰੋਟੀ, ਜਿਸ ਬਿਨਾਂ ਗੁਜ਼ਾਰਾ ਨਹੀਂ ਹੁੰਦਾ। ਜਦੋਂ ਬੰਦੇ ਨੂੰ ਸੌਖੀ ਰੋਟੀ ਮਿਲਣ ਲੱਗ ਪੈਂਦੀ ਹੈ ਤਾਂ ਉਹ ਟੁੰਡੀਲਾਟ ਦੀ ਪ੍ਰਵਾਹ ਨਹੀਂ ਕਰਦਾ ਅਤੇ ਫ਼ੇਰ ਕਈ ਵਾਰੀ ਐਸੀਆਂ ਗੱਲਾਂ ਵੀ ਕਰਨ ਲੱਗ ਪੈਂਦਾ ਹੈ ਜਿਹੜੀਆਂ ਗੱਲਾਂ ਰੋਟੀ ਨਾ ਮਿਲਣ ਦੀ ਸੂਰਤ ਵਿਚ ਉਹ ਕਦੇ ਸੋਚ ਵੀ ਨਹੀਂ ਸਕਦਾ। ਅਰਥਾਤ ਮਨੁੱਖ ਦੀ ਸਭ ਤੋਂ ਵੱਡੀ ਲੋੜ ਰੋਟੀ ਹੈ ਅਤੇ ਬਾਕੀ ਸਾਰੀਆਂ ਗੱਲਾਂ ਉਸ ਤੋਂ ਬਾਅਦ ਦੀਆਂ ਹਨ।‘ਪੇਟ ਨਾ ਪਈਆਂ ਰੋਟੀਆਂ ਤੇ ਸੱਭੇ ਗੱਲਾਂ ਖੋਟੀਆਂ’ ਦਾ ਮੁਹਾਵਰਾ ਇਸੇ ਤੋਂ ਬਣਿਆ ਹੋਇਆ ਹੈ ।
ਪੰਜਾਬ ਦੇ ਵਸਨੀਕ ਇਸ ਗੱਲੋਂ ਖ਼ੁਸ਼ਨਸੀਬ ਹਨ ਕਿ ਇਨ੍ਹਾਂ ਨੇ ਕਦੇ ਭੁੱਖ ਨਹੀਂ ਦੇਖੀ। ਕੁਝ ਲੋਕਾਂ ਨੇ ਕਦੇ ਇਕ ਅੱਧੇ ਜਾਂ ਦੋ ਡੰਗਾਂ ਦਾ ਨਾਗਾ ਭਾਵੇਂ ਕੀਤਾ ਹੋਵੇ ਪਰ ਖ਼ੁਸ਼ਹਾਲੀ ਅਤੇ ਮਿਹਨਤ ਦੀ ਆਦਤ ਕਾਰਨ ਇਨ੍ਹਾਂ ਨੂੰ ਅਜਿਹਾ ਮੌਕਾ ਕਦੇ ਨਹੀਂ ਆਇਆ ਕਿ ਕਈ ਕਈ ਸਾਤੇ ਜਾਂ ਮਹੀਨੇ ਹੀ ਰੋਟੀ ਬਿਨਾਂ ਰਹਿਣਾ ਪਿਆ ਹੋਵੇ। ਉਦੋਂ ਵੀ ਨਹੀਂ ਜਦੋਂ ਸੰਨ ਬਤਾਲੀ ਵਿਚ ਬੰਗਾਲ ਵਿਚ ਇਸ ਸਦੀ ਦਾ ਭਿਆਨਕ ਕਾਲ ਪਿਆ ਸੀ ਅਤੇ ਉਦੋਂ ਵੀ ਨਹੀਂ ਜਦੋਂ ਸੰਨ ਨੱਬੇ ਵਿਚ ਕਾਲਾਂਹਾਡੀ ਵਿਚ ਲੋਕਾਂ ਨੂੰ ਦਰਖ਼ਤਾਂ ਦੀਆਂ ਜੜ੍ਹਾਂ ਖਾ ਕੇ ਗੁਜ਼ਾਰਾ ਕਰਨਾ ਪਿਆ ਸੀ ਅਤੇ ਸੈਂਕੜੇ ਲੋਕ ਭੁੱਖ ਨਾ ਸਹਾਰਦੇ ਹੋਏ ਮਾਰੇ ਗਏ ਸਨ ।
ਮਨੁੱਖ ਵਿਚਾਰਧਾਰਾ ਲਈ ਲੜ ਸਕਦਾ ਹੈ ਤੇ ਲੜਦਾ ਵੀ ਹੈ। ਉਹ ਜ਼ਮੀਨ ਜਾਇਦਾਦ ਲਈ ਲੜ ਸਕਦਾ ਹੈ ਤੇ ਲੜਦਾ ਵੀ ਹੈ। ਉਸ ਪਾਸ ਲੜਨ ਲਈ ਕਾਰਨ ਹੋ ਸਕਦੇ ਹਨ। ਪਰ ਉਹ ਉਦੋਂ ਤਕ ਹੀ ਲੜ ਸਕਦਾ ਹੈ ਜਦੋਂ ਤਕ ਉਸ ਪਾਸ ਲੜਨ ਲਈ ਸ਼ਕਤੀ ਹੈ। ਇਹ ਸ਼ਕਤੀ ਉਦੋਂ ਹੀ ਉਸ ਕੋਲ ਹੁੰਦੀ ਹੈ ਜਦੋਂ ਉਸ ਦੇ ਪੇਟ ਵਿਚ ਰੋਟੀਆਂ ਹੁੰਦੀਆਂ ਹਨ। ਬਹੁਤ ਵਿਰਲੇ ਹੁੰਦੇ ਹਨ ਜਿਹੜੇ ਭੁੱਖੇ ਪੇਟ ਵੀ ਲੜਦੇ ਰਹਿ ਸਕਦੇ ਹਨ। ਸਿੱਖ ਇਤਿਹਾਸ ਵੀ ਦਰਸਾਉਂਦਾ ਹੈ ਕਿ ਜਦੋਂ ਬਾਈਧਾਰ ਦੇ ਰਾਜਿਆਂ ਨੇ ਮੁਗ਼ਲ ਫ਼ੌਜਾਂ ਮੰਗਵਾ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪੁਆ ਦਿੱਤਾ ਤਾਂ ਸਿੰਘ ਬਹੁਤ ਹੌਸਲੇ ਨਾਲ ਲੜਦੇ ਰਹੇ। ਪਰ ਘੇਰਾ ਇੰਨਾ ਸਖ਼ਤ ਸੀ ਕਿ ਰਸਦ ਪਾਣੀ ਦੇ ਸਾਰੇ ਰਸਤੇ ਬੰਦ ਹੋ ਗਏ ਤੇ ਸਿੰਘਾਂ ਨੇ ਪਹਿਲਾਂ ਆਪਣੇ ਘੋੜੇ ਵੱਢ ਕੇ ਖਾਣੇ ਸ਼ੁਰੂ ਕਰ ਦਿੱਤੇ ਅਤੇ ਫ਼ੇਰ ਦਰਖ਼ਤਾਂ ਦੇ ਪੱਤੇ ਵੀ ਖਾ ਗਏ । ਸਿੱਖ ਇਤਿਹਾਸ ਇਹ ਵੀ ਦਸਦਾ ਹੈ ਕਿ ਭੁੱਖ ਦੇ ਮਾਰੇ ਹੋਏ ਹੀ ਚਾਲੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਚਲੇ ਗਏ ਹਨ। ਇਹ ਗੱਲ ਵੱਖਰੀ ਹੈ ਕਿ ਮਗਰੋਂ ਉਨ੍ਹਾਂ ਆਪਣੀਆਂ ਜਾਨਾਂ ਵਾਰ ਕੇ ਬੇਦਾਵਾ ਪੜਵਾ ਦਿੱਤਾ ਸੀ।
ਇਸ ਲਈ ਜਦੋਂ ਸੋਮਾਲੀਆ ਵਿਚੋਂ ਇਹ ਖ਼ਬਰਾਂ ਆਉਂਦੀਆਂ ਹਨ ਕਿ ਉਥੇ ਕੁਝ ਲੁਟੇਰੇ ਅਮਰੀਕਾ ਜਾਂ ਹੋਰ ਦੇਸ਼ਾਂ ਵਲੋਂ ਭੇਜੀ ਹੋਈ ਰੋਟੀ ਨੂੰ ਖੋਹ ਕੇ ਲੈ ਜਾਂਦੇ ਹਨ ਤਾਂ ਕੋਈ ਅਲੋਕਾਰੀ ਗੱਲ ਨਹੀਂ ਲਗਦੀ ਹਾਲਾਂਕਿ ਪੰਜਾਬ ਦੇ ਲੋਕਾਂ ਲਈ ਇਹ ਗੱਲ ਸਮਝਣ ਵਿਚ ਮੁਸ਼ਕਲ ਜ਼ਰੂਰ ਹੋ ਸਕਦੀ ਹੈ। ਅਲੋਕਾਰ ਗੱਲ ਇਹ ਵੀ ਨਹੀਂ ਲਗਦੀ ਕਿ ਉਥੇ ਦਾਲ ਦੀ ਤਰੀ ਦੀ ਇਕ ਕੌਲੀ ਹਾਸਲ ਕਰਨ ਲਈ ਲੋਕ ਤਿੰਨ ਤਿੰਨ ਸੌ ਮੀਲ ਪੈਦਲ ਤੁਰ ਕੇ ਆਉਂਦੇ ਹਨ ਅਤੇ ਉਨ੍ਹਾਂ ਵਿਚੋਂ ਬਹੁਤੇ ਰਸਤੇ ਵਿਚ ਹੀ ਰੱਬ ਨੂੰ ਪਿਆਰੇ ਹੋ ਜਾਂਦੇ ਹਨ। ਜਿਹੜੇ ਲੋਕ ਆਖ਼ਰਕਾਰ ਰਾਜਧਾਨੀ ਜਾਂ ਬੰਦਰਗਾਹਾਂ ਵਾਲੇ ਸ਼ਹਿਰਾਂ ਵਿਚ ਪਹੁੰਚ ਜਾਂਦੇ ਵੀ ਹਨ ਜਿਥੇ ਰਾਸ਼ਨ. ਦੀ ਵੰਡ ਹੁੰਦੀ ਹੈ, ਉਨ੍ਹਾਂ ਵਿਚੋਂ ਵੀ ਵੱਡੀ ਬਹੁ-ਗਿਣਤੀ ਸਿਰਫ਼ ਮਰਨ ਲਈ ਉਥੇ ਬੈਠਦੇ ਹਨ। ਅੱਖੀਂ ਪਹਿਰੀਂ ਜਦੋਂ ਇਕ ਵਾਰੀ ਰਾਸ਼ਨ ਦੀ ਪੁਕਾਰ ਹੁੰਦੀ ਹੈ ਤਾਂ ਉਨ੍ਹਾਂ ਵਿਚੋਂ ਕਈਆਂ ਪਾਸ ਇੰਨੀ ਹਿੰਮਤ ਵੀ ਨਹੀਂ ਹੁੰਦੀ ਕਿ ਉਹ ਉਠ ਕੇ ਆਪਣੇ ਬਾਟੇ ਵਿਚ ਦਾਲ ਦੀ ਤਰੀ ਪੁਆ ਸਕਣ।
ਕਿਸੇ ਸਿਆਣੇ ਦਾ ਕਥਨ ਹੈ ਕਿ ਮਨੁੱਖ ਨੂੰ ਖਾਣ ਲਈ ਹੀ ਨਹੀਂ ਜਿਊਣਾ ਚਾਹੀਦਾ ਹੈ ਸਗੋਂ ਜਿਊਣ ਲਈ ਹੀ ਖਾਣਾ ਚਾਹੀਦਾ ਹੈ। ਪਰ ਦੱਖਣੀ ਅਫ਼ਰੀਕੀ ਮਹਾਂਦੀਪ ਦੀ ਨੱਕ ਦੀ ਘੋੜੀ ਉਤੇ ਵਸੇ ਹੋਏ ਇਸ ਲਾਵਾਰਸ ਦੇਸ਼ ਸੋਮਾਲੀਆ ਦੇ ਕਰੋੜਾਂ ਲੋਕਾਂ ਪਾਸ ਖਾਣ ਲਈ ਜੀਊਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹ ਤਾਂ ਜਿਊਣ ਲਈ ਵੀ ਖਾਣ ਜੋਗੇ ਨਹੀਂ ਹਨ। ਉਹ ਤਾਂ ਖਾਂਦੇ ਹਨ ਤਾਂ ਸਿਰਫ਼ ਇਸ ਲਈ ਕਿ ਮਰ ਸਕਣ ਕਿਉਂਕਿ ਕਈ ਸਾਲਾਂ ਦੀ ਭੁੱਖਮਰੀ ਕਾਰਨ ਉਨ੍ਹਾਂ ਵਿਚ ਜੀਵਨ ਦੇ ਅੰਸ਼ ਤਾਂ ਬਚੇ ਹੀ ਨਹੀਂ ਹਨ। ਅਮਰੀਕੀ ਅਖ਼ਬਾਰਾਂ ਨੇ ਜਿਹੜੀਆਂ ਤਸਵੀਰਾਂ ਇਨ੍ਹਾਂ ਲੋਕਾਂ ਦੀਆਂ ਛਾਪੀਆਂ ਹਨ ਉਨ੍ਹਾਂ ਨੂੰ ਦੇਖਦਿਆਂ ਲਗਦਾ ਹੈ ਕਿ ਇਹ ਲੋਕ ਮਨੁੱਖ ਨਹੀਂ ਹਨ, ਸਗੋਂ ਸੁੱਕੀ ਹੋਈ ਲੱਕੜ ਹਨ। ਇਸ ਨਜ਼ਾਰੇ ਨੂੰ ਦੇਖ ਕੇ ਮਨੁੱਖਤਾ ਉਤੇ ਗੁੱਸਾ ਆਉਣ ਲਗਦਾ ਹੈ ਪਰ ਬੇਵੱਸ ਤੱਕਦੇ ਰਹਿ ਜਾਂਦੇ ਹਾਂ। ਇਸ ਲਈ ਨਹੀਂ ਕਿ ਇਹ ਲੋਕ ਮਰ ਰਹੇ ਹਨ ਸਗੋਂ ਇਸ ਲਈ ਵੀ ਕਿ ਮਨੁੱਖਤਾ ਦਾ ਕੋਈ ਅੰਸ਼ ਮਰ ਰਿਹਾ ਹੈ।
ਜੇ ਮਨੁੱਖਤਾ ਜਿਊਂਦੀ ਹੁੰਦੀ ਤਾਂ ਇਨ੍ਹਾਂ ਦੇਸ਼ਾਂ ਨੂੰ ਸੋਮਾਲੀਆ ਦੇ ਲੋਕਾਂ ਦਾ ਇੰਨੀ ਦੇਰ ਮਗਰੋਂ ਚੇਤਾ ਨਾ ਆਉਂਦਾ। ਜਿਸ ਦੇਸ਼ ਉਤੇ ਪੱਛਮੀ ਦੇਸ਼ਾਂ ਨੇ ਸਦੀਆਂ ਤੋਂ ਕਬਜ਼ਾ ਕਰ ਕੇ ਉਥੇ ਲੁੱਟ ਮਚਾਈ ਹੋਵੇ, ਉਸ ਨੂੰ ਰੋਟੀ ਦੀ ਲੋੜ ਪੈਣ ਉਤੇ ਛੱਡ ਜਾਣਾ ਮਨੱਖਤਾ ਦੇ ਮੱਥੇ ਉਤੇ ਕਲੰਕ ਹੀ ਤਾਂ ਹੈ। ਜਦੋਂ ਲੱਖਾਂ ਲੋਕ ਭੁੱਖ ਨਾਲ ਮਰ ਰਹੇ ਹੋਣ, ਹੋਰ ਲੱਖਾਂ ਮਰਨ ਕਿਨਾਰੇ ਹੋਣ ਅਤੇ ਕੁਝ ਧਾੜਵੀ ਭੁੱਖੇ ਮਰ ਰਹੇ ਲੋਕਾਂ ਲਈ ਆਈ ਰਸਦ ਨੂੰ ਹੀ ਲੁੱਟ ਰਹੇ ਹੋਣ, ਉਦੋਂ ਅਮਰੀਕਾ ਵਰਗਾ ਮਹਾਂਰਥੀ ਦੇਸ਼ ਰਸਦ ਘੱਟ ਭੇਜ ਰਿਹਾ ਹੋਵੇ ਪਰ ਸੰਸਾਰ ਨੂੰ ਵਿਖਾ ਜ਼ਿਆਦਾ ਰਿਹਾ ਹੋਵੇ ਤਾਂ ਗੁੱਸਾ ਆਉਣਾ ਲਾਜ਼ਮੀ ਹੈ।
ਰੋਟੀ ਲਈ ਲਿਲਕੜੀਆਂ ਕੱਢੀਆਂ ਜਾ ਸਕਦੀਆਂ ਹਨ, ਰੋਟੀ ਲਈ ਕਤਲ ਕੀਤਾ ਜਾ ਸਕਦਾ ਹੈ, ਰੋਟੀ ਲਈ ਜਿਸਮ ਵੇਚਿਆ ਜਾ ਸਕਦਾ ਹੈ, ਰੋਟੀ ਲਈ ਗੋਦ ਦੇ ਬੱਚੇ ਵਿਕ ਸਕਦੇ ਹਨ, ਰੋਟੀ ਲਈ ਕੀ ਕੁਝ ਨਹੀਂ ਕੀਤਾ ਜਾ ਸਕਦਾ? ਇਹ ਇਕੱਲੇ ਸੋਮਾਲੀਆ ਦੀ ਹੀ ਕਹਾਣੀ ਨਹੀਂ ਹੈ। ਸੋਮਾਲੀਆ ਤਾਂ ਸਿਰਫ਼ ਇਸ ਕਰਕੇ ਖ਼ਬਰਾਂ ਵਿਚ ਹੈ ਕਿ ਉਥੇ ਇਸ ਸਮੇਂ ਭਿਆਨਕ ਕਾਲ ਤੇ ਭੁੱਖਮਰੀ ਦਾ ਬੋਲਬਾਲਾ ਹੈ। ਦਰਅਸਲ ਇਹ ਕਹਾਣੀ ਤੀਜੇ ਸੰਸਾਰ ਦੇ ਸਾਰੇ ਦੇਸ਼ਾਂ ਦੀ ਹੈ। ਸਿਰਫ਼ ਤੀਜੇ ਸੰਸਾਰ ਦੇ ਦੇਸ਼ਾਂ ਦੀ ਹੀ ਕਿਉਂ, ਹਾਲੇ ਸਾਲ ਭਰ ਪਹਿਲਾਂ ਤਕ ਹੀ ਸੰਸਾਰ ਦੀ ਦੂਸਰੀ ਸਭ ਤੋਂ ਵੱਡੀ ਤਾਕਤ-ਸੋਵੀਅਤ ਰੂਸ-ਵਿਚ ਵੀ ਹਾਲ ਮੰਦਾ ਹੁੰਦਾ ਜਾ ਰਿਹਾ ਹੈ। ਸੰਕੇਤ ਮਿਲੇ ਹਨ ਕਿ ਹੁਣ ਸ਼ੁਰੂ ਹੋਈ ਸਿਆਲ ਦੀ ਰੁੱਤ ਵਿਚ ਕੁਝ ਥਾਈਂ ਰਾਸ਼ਨ-ਦੰਗੇ ਹੋਣ ਦਾ ਖ਼ਤਰਾ ਹੈ।
ਬੰਗਲਾਦੇਸ਼ ਵਰਗੇ ਭਾਰਤ ਦੇ ਗੁਆਂਢੀ ਦੇਸ਼ ਵਿਚ ਗ਼ਰੀਬੀ ਦੀ ਇੰਤਹਾ ਹੈ। ਭਾਰਤ ਦੇ ਕੁਝ ਰਾਜਾਂ ਵਿਚ ਮੰਦਹਾਲੀ ਨੇ ਲੋਕਾਂ ਲਈ ਭੁੱਖੇ ਮਰਨ ਦੀ ਨੌਬਤ ਲੈ ਆਂਦੀ ਹੈ। ਦਿੱਲੀ, ਬੰਬਈ, ਕਲਕੱਤਾ, ਮਦਰਾਸ,ਬੰਗਲੌਰ ਵਰਗੇ ਮਹਾਨਗਰਾਂ ਵਿਚ ਹੀ ਨਹੀਂ ਸਗੋਂ ਚੰਡੀਗੜ੍ਹ ਵਰਗੇ ਛੋਟੇ ਸ਼ਹਿਰਾਂ ਦੇ ਵੱਡੇ ਹੋਟਲਾਂ ਦੇ ਕੂੜੇ ਵਾਲੇ ਢੋਲਾਂ ਵਿਚੋਂ ਵੀ ਰੋਟੀ ਦੇ ਟੁਕੜੇ ਚੁਗਦੇ ਲੋਕ ਦੇਖੇ ਜਾ ਸਕਦੇ ਹਨ। ਪੰਜਾਬ ਦੇ ਹੀ ਸ਼ਹਿਰਾਂ ਵਿਚ ਢਾਬਿਆਂ ਦੀ ਜੂਠ ਦੋ ਰੁਪਏ ਕਿਲੋ ਦੇ ਹਿਸਾਬ ਨਾਲ ਵਿਕਦੀ ਹੈ। ਜ਼ਰਾ ਅੱਖਾਂ ਖੁੱਲੀਆਂ ਰੱਖੀਏ ਤਾਂ ਸਾਈਕਲ ਦੇ ਕੈਰੀਅਰ ਉਤੇ ਲਟਕਾਏ ਢੋਲਾਂ ਵਿਚ ਪਈ ਇਹ ਜੂਠ ਦੇਖੀ ਜਾ ਸਕਦੀ ਹੈ । ਇਸ ਸ਼ਹਿਰੋਂ ਬਾਹਰ ਵਸਦੀਆਂ ਝੁੱਗੀਆਂ ਵਿਚ ਵੇਚ ਦਿੱਤੀ ਜਾਂਦੀ ਹੈ ।ਵੱਡੇ ਸ਼ਹਿਰਾਂ ਦਾ ਤਾਂ ਹਾਲ ਹੀ ਵੱਖਰਾ ਹੈ।
ਭਾਰਤ ਦੀ ਅੱਸੀ ਕਰੋੜ ਵੱਸੋਂ ਵਿਚੋਂ ਘੱਟੋ ਘੱਟ ਚਾਲੀ ਕਰੋੜ ਤਾਂ ਅਜਿਹੀ ਹੈ ਜਿਸ ਪਾਸ ਜੂਠ ਖਾ ਕੇ ਗੁਜ਼ਾਰਾ ਕਰਨ ਦੀ ਹੀ ਸਮਰਥਾ ਹੈ। ਕਰੀਬ ਵੀਹ ਕਰੋੜ ਅਜਿਹੀ ਹੈ ਜਿਹੜੀ ਪਾਣੀ ਦੇ ਘੁੱਟ ਨਾਲ ਤਾਜ਼ਾ ਜਾਂ ਬੇਹੀ ਨਿਗਲਣ ਦੀ ਸਮਰੱਥਾ ਰੱਖਦੀ ਹੈ। ਅਠਾਰਾਂ ਕਰੋੜ ਅਜਿਹੀ ਹੈ ਜਿਸ ਨੂੰ ਦਰਮਿਆਨੀ ਜਮਾਤ ਕਿਹਾ ਜਾਂਦਾ ਹੈ ਜਿਸ ਪਾਸ ਤਾਜ਼ਾ ਰੋਟੀ, ਤਾਜ਼ਾ ਸਬਜ਼ੀ ਦੇ ਨਾਲ ਨਾਲ ਮੀਟ ਮੁਰਗਾ ਖਾ ਸਕਣ ਦੀ ਸਮਰਥਾ ਹੈ । ਬਾਕੀ ਦੇ ਦੋ ਫ਼ੀਸਦੀ ਉਹ ਹਨ ਜਿਹੜੇ ਇਕ ਰਾਤ ਦੇ ਖਾਣੇ ਉਤੇ ਪੰਜਾਹ ਹਜ਼ਾਰ ਰੁਪਏ ਤਕ ਵੀ ਖ਼ਰਚ ਕਰ ਸਕਦੇ ਹਨ। ਇਹ ਗੱਲ ਵੱਖਰੀ ਹੈ ਕਿ ਉਹ ਸ਼ੱਕਰ ਰੋਗ ਜਾਂ ਹੋਰ ਬੀਮਾਰੀਆਂ ਕਾਰਨ ਪੇਟ ਭਰ ਖਾਣਾ ਖਾ ਨਹੀਂ ਸਕਦੇ।
ਕੁਝ ਮਹੀਨੇ ਪਹਿਲਾਂ ਮੁਫ਼ਤ ਦੇ ਖ਼ਰਚੇ ਉੱਤੇ ਮੈਨੂੰ ਬੰਬਈ ਦੇ ਇਕ ਪੰਜ-ਸਿਤਾਰਾ ਹੋਟਲ ਵਿਚ ਤਿੰਨ ਦਿਨ ਠਹਿਰਣ ਦਾ ਮੌਕਾ ਮਿਲਿਆ। ਕਮਰੇ ਦਾ ਕਿਰਾਇਆ ਸੋਲਾਂ ਸੌ ਰੁਪਏ ਪ੍ਰਤੀ ਦਿਨ ਸੀ। ਨਿੰਬੂ ਪਾਣੀ ਦਾ ਇਕ ਗਲਾਸ ਬੱਤੀ ਰੁਪਏ ਦਾ ਆਇਆ। ਛੋਲੇ ਭਟੂਰੇ ਦੀ ਇਕ ਪਲੇਟ ਬਿਆਸੀ ਰੁਪਏ ਦੀ ਪਈ । ਤੰਦੂਰੀ ਚਿਕਨ ਇਕ ਸੌ ਬਾਂਨਵੇ ਰੁਪਏ ਦਾ ਸੀ । ਸਧਾਰਨ ਦਾਲ ਚਾਵਲ ਦੀ ਪਲੇਟ ਛਪੰਜਾ ਰੁਪਏ ਦੀ। ਉਸੇ ਹੋਟਲ ਦੇ ਫਲੋਰ ਅਟੈਂਡੈਂਟ ਪਾਸ ਇੰਨੀ ਸਮਰੱਥਾ ਨਹੀਂ ਸੀ ਕਿ ਉਹ ਹੋਟਲ ਤੋਂ ਖ਼ਰੀਦ ਕੇ ਕੈਂਪਾ ਕੋਲਾ ਪੀ ਸਕੇ ਕਿਉਂਕਿ ਉਸ ਦੀ ਕੀਮਤ ਅਠਾਰਾਂ ਰੁਪਏ ਸੀ।
ਜੇ ਅਸੀਂ ਸਰਕਾਰੀ ਖ਼ਰਚੇ ਉਤੇ ਜਾਂ ਪਰਾਈ ਜੇਬ ਦੇ ਆਸਰੇ ਪੰਜ-ਸਿਤਾਰਾ ਹੋਟਲ ਵਿਚ ਤਿੰਨ ਰਾਤਾਂ ਬਿਤਾ ਸਕਦੇ ਹਾਂ ਤਾਂ ਸਾਨੂੰ ਸੋਮਾਲੀਆ ਦੇ ਲੋਕਾਂ ਦੀ ਭੁੱਖ ਬਾਰੇ ਚਿੰਤਾ ਕਰਨ ਦੀ ਕਿਉਂ ਜ਼ਰੂਰਤ ਹੈ ? ਸਾਡਾ ਤਾਂ ਇਨਕਲਾਬ ਆ ਹੀ ਚੁੱਕਾ ਹੈ । ਸਾਨੂੰ ਤਾਂ ਰੋਟੀਆਂ ਮਿਲਣ ਹੀ ਲੱਗ ਪਈਆਂ ਹਨ। ਜਿਹੜੇ ਲੋਕਾਂ ਨੂੰ ਰੋਟੀ ਨਹੀਂ ਮਿਲਦੀ, ਉਨ੍ਹਾਂ ਨੂੰ ਡੈਨਮਾਰਕ ਦੀ ਰਾਣੀ ਵਾਲੀ ਸਲਾਹ ਦੇਵਾਂਗੇ ਕਿ ਉਹ ਕੇਕ ਖਾ ਲਿਆ ਕਰਨ।
(18-12-1992)
ਅੱਧੀ ਦੁਨੀਆਂ
ਕਿਹੜੀਆਂ ਔਰਤਾਂ ਬਾਰੇ?
ਮੇਰੀ ਇਕ ਪਰਿਵਾਰਕ-ਮਿੱਤਰ ਔਰਤ ਨੇ ਪਿਛਲੇ ਦਿਨੀਂ ਤਨਜ਼ ਨਾਲ ਕਿਹਾ ਕਿ ਉਸ ਨੇ ਮੇਰਾ ਕਾਲਮ ਉਸ ਦਿਨ ਤੋਂ ਪੜ੍ਹਨਾ ਸ਼ੁਰੂ ਕੀਤਾ ਜਿਸ ਦਿਨ ਤੋਂ “ ਮੈਂ ਔਰਤਾਂ ਬਾਰੇ ” ਲਿਖਣਾ ਸ਼ੁਰੂ ਕੀਤਾ। ਉਹ ਸ਼ਾਇਦ ਇਸ ਗੱਲ ਉਤੇ ਹੈਰਾਨ ਵੀ ਹੋਵੇ ਕਿ ਮੈਂ ਪਿਛਲੇ ਕਾਫ਼ੀ ਸਮੇਂ ਤੋਂ ਔਰਤਾਂ ਬਾਰੇ ਕਿਉਂ ਨਹੀਂ ਲਿਖਿਆ ।ਕਿਸੇ ਲੇਖ ਵਿਚ ਮੈਂ ਲਿਖਿਆ ਸੀ ਕਿ ਕਿਵੇਂ ਵਿਗਿਆਨੀਆਂ ਨੇ ਚੁੰਮਣ ਬਾਰੇ ਖੋਜ ਕਰ ਕੇ ਦੱਸਿਆ ਹੈ ਕਿ ਇਸ ਕਿਰਿਆ ਦੀ ਪ੍ਰਤੀਕਿਰਿਆ ਏਨੀ ਤੀਖਣ ਅਤੇ ਉਤੇਜਕ ਕਿਉਂ ਹੁੰਦੀ ਹੈ। ਮਰਦ ਅਤੇ ਔਰਤ ਦੇ ਚੁੰਮਣ ਵਿਚ ਅਜਿਹੀ ਕਿਹੜੀ ਰਸਾਇਣਕ ਕਿਰਿਆ ਹੁੰਦੀ ਹੈ ਜਿਸ ਰਾਹੀਂ ਉਹ ਇਕ ਦੂਸਰੇ ਨਾਲ ਪਿਆਰ ਜਤਾਉਣ ਲਈ ਇਸ ਦੀ ਵਰਤੋਂ ਕਰਦੇ ਹਨ। ਇਸ ਲੇਖ ਨੂੰ ਪੜ੍ਹ ਕੇ ਮੇਰੇ ਇਕ ਮਿੱਤਰ ਨੇ ਬਹੁਤ ਸਰਾਹਨਾ ਕੀਤੀ ਪਰ ਮਗਰੋਂ ਹਮੇਸ਼ਾ ਇਹੀ ਮਿਹਣਾ ਮਾਰਿਆ ਕਿ “ਯਾਰ ਫ਼ੇਰ ਤੂੰ ਉਹੋ ਜਿਹਾ ਲੇਖ ਨਹੀਂ ਲਿਖਿਆ।”
ਔਰਤ ਬਾਰੇ ਰਿਵਾਇਤੀ ਲਿਖਣ ਦੇ ਕੀ ਮਾਅਨੇ? ਸਦੀਆਂ ਤੋਂ ਲਿਖਿਆ ਜਾ ਰਿਹਾ ਹੈ। ਔਰਤ ਦੇ ਕਈ ਰੂਪ ਹਨ- ਮਾਂ, ਭੈਣ, ਪਤਨੀ, ਪ੍ਰੇਮਿਕਾ, ਧੀ ਵਗ਼ੈਰਾ ਵਗ਼ੈਰਾ। ਪਤਾ ਨਹੀਂ ਲੇਖਕ ਇਹ ਕਿਉਂ ਨਹੀਂ ਲਿਖਦੇ ਕਿ ਮਰਦ ਦੇ ਵੀ ਕਈ ਰੂਪ ਹਨ-ਪਿਓ, ਭਰਾ, ਪਤੀ, ਪ੍ਰੇਮੀ, ਪੁੱਤਰ ਆਦਿ ਆਦਿ। ਪਰ ਇਥੇ ਇਸ ਮਸਲੇ ਨੂੰ ਛੇੜਨ ਦੀ ਲੋੜ ਨਹੀਂ। ਲੋੜ ਇਸ ਗੱਲ ਦੀ ਹੈ ਕਿ ਅਸੀਂ ਔਰਤ ਨੂੰ ਵਿਸ਼ੇਸ਼ ਦਰਜਾ ਕਿਉਂ ਦਿੰਦੇ ਹਾਂ? ਅਤੇ ਕੀ ਇਹ ਵਿਸ਼ੇਸ਼ ਦਰਜਾ ਦਿੱਤਾ ਜਾਣਾ ਜ਼ਰੂਰੀ ਹੈ? ਇਥੇ ਨਾਲ ਹੀ ਸਵਾਲ ਇਹ ਵੀ ਕਰਨਾ ਬਣਦਾ ਹੈ ਕਿ ਜਦੋਂ ਅਸੀਂ ਮੱਧਵਰਗੀ ਲੋਕ ਔਰਤਾਂ ਬਾਰੇ ਗੱਲ ਕਰਦੇ ਹਾਂ ਤਾਂ ਸਾਡਾ ਉਨ੍ਹਾਂ ਪ੍ਰਤੀ ਨਜ਼ਰੀਆ ਮੱਧਵਰਗੀ ਜਾਂ ਚਿਟ-ਕੱਪੜੀਆ ਹੀ ਹੁੰਦਾ ਹੈ।
ਜਿਹੜੀਆਂ ਮੱਧਵਰਗੀ ਔਰਤਾਂ, ਔਰਤਾਂ ਦੀ ਅਜ਼ਾਦੀ ਜਾਂ ਬਰਾਬਰੀ ਦੀਆਂ ਗੱਲਾਂ ਕਰਦੀਆ ਹਨ, ਉਨ੍ਹਾਂ ਦੇ ਹੱਕਾਂ ਖਾਤਰ ਸੰਘਰਸ਼ ਕਰਨ ਦੇ ਦਾਅਵੇ ਕਰਦੀਆਂ ਹਨ, ਉਨ੍ਹਾਂ ਲਈ ਸੇਵਾ ਸਦਨ ਜਾਂ ਇਸ ਤਰ੍ਹਾਂ ਦੀਆਂ ਸੰਸਥਾਵਾਂ ਖੋਲ੍ਹਦੀਆਂ ਹਨ, ਉਨ੍ਹਾਂ ਔਰਤਾਂ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਵੀ ਮੱਧਵਰਗੀ ਖਪਤਵਾਦ ਵਾਲਾ ਹੀ ਹੁੰਦਾ ਹੈ। ਔਰਤਾਂ ਦੀ ਆਜ਼ਾਦੀ, ਬਰਾਬਰੀ, ਬੰਦ ਖ਼ਲਾਸੀ ਜਾਂ ‘ਮਰਦਾਂ ਦੇ ਗ਼ਲਬੇ’ ਤੋਂ ਛੁਟਕਾਰਾ ਹਾਸਲ ਕਰਨ ਲਈ ਹੋਣ ਵਾਲੀ ਮੀਟਿੰਗ ਵਿਚ ਜਾਣ ਤੋਂ ਪਹਿਲਾਂ ਵੀ ਇਹ ਮੱਧਵਰਗੀ ‘ਸਰਗਰਮ’ ਔਰਤਾਂ ਇਸ ਗੱਲ ਦਾ ਧਿਆਨ ਰੱਖਣਗੀਆਂ ਕਿ ਉਨ੍ਹਾਂ ਕਿਸ ਕਿਸਮ ਦੇ ਮੈਚਿੰਗ ਕੱਪੜੇ ਪਾਉਣੇ ਹਨ, ਕਿਸ ਕਿਸਮ ਦੀ ਸਾੜ੍ਹੀ ਬੰਨ੍ਹਣੀ ਹੈ, ਪਿਛਲੀ ਮੀਟਿੰਗ ਵਿਚ ਕਿਸ ਔਰਤ ਨੇ ਕਿਹੋ ਜਿਹੇ ਕੱਪੜੇ ਪਾਏ ਸਨ। ਅਤੇ ਮੀਟਿੰਗ ਵਿਚ, ਇਕ ਸਾਬਕਾ ਸਰਗਰਮ ਔਰਤ ਦੇ ਕਥਨ ਅਨੁਸਾਰ: “ਉਥੇ ਕੰਮ ਦੀ ਗੱਲ ਤਾਂ ਹੁੰਦੀ ਨਹੀਂ। ਇਕ ਦੂਜੀ ਦੀ ਚੁਗਲੀ ਕਰ ਕੇ ਵਾਪਸ ਆ ਜਾਂਦੀਆਂ ਹਨ। ਇਸ ਲਈ ਮੈਂ ਤਾਂ ਉਥੇ ਜਾਂਦੀ ਹੀ ਨਹੀਂ।”
ਜੇ ਇਕ ਸਰਗਰਮ ਔਰਤ ਉਪਰੋਕਤ ਕਿਸਮ ਦੀ ਮਨੋਬਿਰਤੀ ਰੱਖਦੀ ਹੈ ਤਾਂ ਇਸ ਵਿਚ ਉਨ੍ਹਾਂ ਦਾ ਕੋਈ ਕਸੂਰ ਨਹੀਂ। ਸਾਡੇ ਇਕ ਮਿੱਤਰ ਦੀ ਪਿਛਲੇ ਦਿਨੀਂ ਮੌਤ ਹੋ ਗਈ। ਉਸ ਦੀ ਚੁਰਾਸੀ ਸਾਲਾਂ ਦੀ ਮਾਂ ਗੱਲਾਂ ਕਰਦੇ ਹੋਏ ਕਹਿ ਰਹੀ ਸੀ: “ਬੜੀ ਮਿਹਨਤ ਕੀਤੀ ਏਸ ਨੇ। ਚੰਗੇ ‘ਹੁਦੇ ਉਤੇ ਪੁੱਜਿਆ। ਜ਼ਮੀਨ ਜਾਇਦਾਦ ਵੀ ਬਣਾਈ। ਹੁਣ ਮਗਰੋਂ ਜਿਹੜਾ ਵੀ ਰਹੇ ਉਸ ਨੂੰ ਕੱਪੜੇ ਤਾਂ ਚਿੱਟੇ ਪਾਉਣੇ ਹੀ ਪੈਣਗੇ, ਅੰਦਰੋਂ ਹਾਲਤ ਭਾਵੇਂ ਕਿਸੇ ਵੀ ਤਰ੍ਹਾਂ ਦੀ ਹੋਵੇ।”
ਇਹ ਬਜ਼ੁਰਗ ਔਰਤ ਬਿਲਕੁਲ ਅਨਪੜ੍ਹ ਹੈ-ਕੋਰੀ ਸਲੇਟ । ਉਸ ਨੂੰ ਕੀ ਪਤਾ ਮਾਰਕਸ ਅਤੇ ਲੈਨਿਨ ਨੇ ਮੱਧ ਵਰਗੀ ਲੋਕਾਂ ਬਾਰੇ ਕੀ ਕਿਹਾ ਹੈ? ਪਰ ਕਿੰਨੇ ਸਾਦੇ ਸ਼ਬਦਾਂ ਵਿਚ ਉਹ ਮਾਰਕਸ ਦੀ ਮੱਧਵਰਗ ਬਾਰੇ ਟਿੱਪਣੀ ਨੂੰ ਸਹੀ ਸਾਬਤ ਕਰ ਗਈ । ਮੱਧਵਰਗ ਨੂੰ ਨੱਕ ਨਮੂਜ ਸਭ ਤੋਂ ਵੱਧ ਮਾਰਦਾ ਹੈ। ਨੱਕ ਰੱਖਣ ਖਾਤਰ ਇਹ ਝੁੱਗਾ ਚੌੜ ਕਰਦਾ ਹੈ, ਨਵਾਂ ਫਰਨੀਚਰ ਲੈਂਦਾ ਹੈ, ਨਵੇਂ ਪਰਦੇ ਲਾਉਂਦਾ ਹੈ, ਗੁਆਂਢੀ ਦੇ ਟੀ.ਵੀ. ਦੇ ਮੁਕਾਬਲੇ ਵੀ.ਸੀ.ਆਰ. ਲੈਂਦਾ ਹੈ। ਦਫ਼ਤਰ ਸਾਥੀ ਕੋਲ ਮੋਪੇਡ ਹੈ ਤਾਂ ਇਹ ਸਕੂਟਰ ਲਵੇਗਾ, ਉਸ ਕੋਲ ਸਕੂਟਰ ਹੈ ਤਾਂ ਇਹ ਕਾਰ ਵਲ ਨੱਸੇਗਾ। ਅੰਦਰੋਂ ਭਾਵੇਂ ਕਰਜ਼ੇ ਨਾਲ ਵਿੰਨ੍ਹਿਆ ਪਿਆ ਹੋਵੇ, ਬਾਹਰੋਂ ਤਾਂ ‘ਚਿੱਟੇ ਕੱਪੜੇ ਪਾ ਕੇ ਹੀ ਰੱਖੇਗਾ। ਸਫ਼ੈਦ ਪੋਸ਼ੀ ਉਸ ਲਈ ਨਿਆਮਤ ਵੀ ਹੈ ਅਤੇ ਜ਼ਹਿਮਤ ਵੀ।
ਪਰ ਗੱਲ ਤਾਂ ਔਰਤਾਂ ਦੀ ਹੋ ਰਹੀ ਸੀ। ਕਾਂਗਰਸ(ਆਈ) ਦਾ ਮੈਨੀਫੈਸਟੋ ਕਹਿੰਦਾ ਹੈ ਕਿ ਅਗਲੇ 732 ਦਿਨਾਂ ਵਿਚ ਔਰਤਾਂ ਲਈ ਵਧੇਰੇ ਰੁਜ਼ਗਾਰ ਮੁਹੱਈਆ ਕੀਤਾ ਜਾਵੇਗਾ ਅਤੇ ਔਰਤਾਂ ਨੂੰ ਬਰਾਬਰ ਉਜਰਤ ਦੇਣ ਲਈ ਕਦਮ ਚੁੱਕੇ ਜਾਣਗੇ। ਇਸ ਦਾ ਅਰਥ ਇਹੀ ਹੈ ਕਿ ਔਰਤਾਂ ਨੂੰ ਹਾਲੇ ਤਕ ਮਰਦਾਂ ਦੇ ਬਰਾਬਰ ਕੰਮ ਬਦਲੇ ਬਰਾਬਰ ਉਜਰਤ ਨਹੀਂ ਮਿਲਦੀ। ਪਰ ਜਿਹੜੀਆਂ ਔਰਤਾਂ ਨੌਕਰੀ ਕਰਦੀਆਂ ਹਨ, ਕਮਾਈ ਕਰ ਕੇ ਘਰ ਵਿਚ ਹਿੱਸਾ ਪਾਉਂਦੀਆਂ ਹਨ, ਉਨ੍ਹਾਂ ਨਾਲ ਕੀ ਘਰ ਵਿਚ ਬਰਾਬਰੀ ਹੁੰਦੀ ਹੈ? ਔਰਤਾਂ ਦੇ ਰਸਾਲਿਆਂ ਵਿਚ ਕੰਮ ਕਾਜੀ ਔਰਤਾਂ ਅਤੇ ਘਰ’ ਬਾਰੇ ਜਿੰਨੇ ਲੇਖ ਛਪਦੇ ਹਨ, ਸਭ ਦੀ ਸ਼ੁਰੂਆਤ ਇਸ ਤਰ੍ਹਾਂ ਹੁੰਦੀ ਹੈ: “ਪਤੀ ਪਤਨੀ ਦਫ਼ਤਰ ਤੋਂ ਘਰ ਪਰਤਦੇ ਹਨ। ਪਤੀ ਕੁਰਸੀ ਉਤੇ ਆਰਾਮ ਨਾਲ ਬੈਠ ਜਾਂਦਾ ਹੈ ਅਤੇ ਪਤਨੀ ਸਿੱਧੀ ਰਸੋਈ ਵਿਚ ਜਾ ਕੇ ਦੋ ਕੱਪ ਚਾਹ ਬਣਾ ਕੇ ਲਿਆਉਂਦੀ ਹੈ । ਇਕ ਪਤੀ ਲਈ ਤੇ ਇਕ ਆਪਣੇ ਲਈ। ਕੀ ਇਹ ਕੰਮ ਪਤੀ ਨਹੀਂ ਕਰ ਸਕਦਾ?”
ਬਿਲਕੁਲ ਸਹੀ ਸਵਾਲ ਹੈ। ਜੇ ਪਤਨੀ ਘਰ ਦੀ ਕਮਾਈ ਵਿਚ ਹਿੱਸਾ ਪਾਉਂਦੀ ਹੈ ਤਾਂ ਪਤੀ ਨੂੰ ਘਰ ਦੇ ਕੰਮ ਵਿਚ ਹੱਥ ਵਟਾਉਣਾ ਚਾਹੀਦਾ ਹੈ। ਪਰ ਕਿੰਨੇ ਪਤੀ ਅਜਿਹਾ ਕਰਦੇ ਹਨ? ਇਸ ਤੋਂ ਵੀ ਵੱਡਾ ਸਵਾਲ ਹੈ ਕਿ ਕਿੰਨੀਆਂ ਭਾਰਤੀ ਪਤਨੀਆਂ ਇਨ੍ਹਾਂ ਸੰਸਕਾਰਾਂ ਵਿਚੋਂ ਨਿਕਲ ਕੇ ‘ਉਤਾਂਹ’ ਉਠ ਚੁੱਕੀਆਂ ਹਨ ? ਪਤੀ ਭਾਂਡੇ ਮਾਂਜ ਦੇਵੇ ਜਾਂ ਪਤਨੀ ਦੀ ਸਹੇਲੀ ਜਾਂ ਹੋਰ ਰਿਸ਼ਤੇਦਾਰਾਂ ਦੇ ਸਾਹਮਣੇ ਸਬਜ਼ੀ ਲਈ ਪਿਆਜ਼ ਲਸਣ ਹੀ ਚੀਰ ਲਵੇ ? ਭਾਰਤੀ ਔਰਤ ਲਈ ਇਹ ਬਰਦਾਸ਼ਤ ਕਰਨਾ ਹੀ ਮੁਸ਼ਕਿਲ ਹੈ ਕਿ ਉਸ ਦਾ ਪਤੀ ਉਸ ਦੀ ਰਸੋਈ ਵਿਚ ਜਾ ਕੇ ਕੰਮ ਕਰੇ। ਲੋਕ ਕੀ ਕਹਿਣਗੇ? ਇਸ ਸਵਾਲ ਨੇ ਮੱਧ ਵਰਗ ਵਿਚ ‘ਬਰਾਬਰੀ’ ਨੂੰ ਬੰਨ੍ਹ ਮਾਰਿਆ ਹੋਇਆ ਹੈ। ਉਚ ਵਰਗਾਂ ਵਿਚ ਇਹ ਮਸਲਾ ਨਹੀਂ ਕਿਉਂਕਿ ਉਥੇ ਰਸੋਈ ਗ੍ਰਹਿਣੀ ਦੀ ਨਹੀਂ, ਨੌਕਰ ਦੀ ਹੁੰਦੀ ਹੈ। ਹੇਠਲੇ ਗ਼ਰੀਬ ਵਰਗ ਵਿਚ ਰਸੋਈ ਹੁੰਦੀ ਹੀ ਨਹੀਂ।
ਔਰਤ ਦਾ ਜਿਸਮ ਮਰਦ ਲਈ ਪ੍ਰਥਮ-ਖਿੱਚ ਦਾ ਕਾਰਨ ਹੈ। ਔਰਤ ਦੇ ਸੁੰਦਰ ਹੋਣ ਦੇ ਪੈਮਾਨੇ ਵਿਚ ਉਸ ਦਾ ਰੰਗ, ਉਸ ਦੇ ਨੈਣ ਨਕਸ਼ਾਂ ਤੋਂ ਬਾਅਦ ਉਸ ਦੀਆਂ ਛਾਤੀਆਂ ਦੇ ਆਕਾਰ, ਉਸ ਦੇ ਕੁਲ੍ਹੇ ਅਤੇ ਉਸ ਦਾ ਪਤਲਾ ਲੱਕ ਆਉਂਦਾ ਹੈ। ਵਿਆਹ ਲਈ ਮੁੰਡੇ ਖਾਤਰ ਕੁੜੀ ਦੇਖਣ ਗਏ ਕਿੰਨੇ ਲੋਕ ਕੱਦ-ਬੁੱਤ, ਦੰਦਾਂ ਦੀ ਤਰਤੀਬ, ਮੁਸਕਰਾਹਟ, ਅੱਖਾਂ ਦੀ ਸੁੰਦਰਤਾ, ਰੰਗ ਅਤੇ ਖ਼ਾਸ ਖ਼ਾਸ ਅੰਗਾਂ ਦੀ ਸੁਡੌਲਤਾ ਤੋਂ ਬਿਨਾਂ ਕੁੜੀ ਦੇ ‘ਹੋਰ ਗੁਣਾਂ’ ਦੀ ਕਦਰ ਕਰਦੇ ਹਨ? ਪਰ ਜਦੋਂ ਕਿਸੇ ਕੁੜੀ ਲਈ ਮੁੰਡਾ ਦੇਖਣ ਜਾਂਦੇ ਹਨ ਤਾਂ ਸੁੰਦਰਤਾ ਦੇ ਨਾਲ ਨਾਲ ਉਸ ਦੀ ਪੜ੍ਹਾਈ, ਉਸ ਦੇ ਰੁਤਬੇ ਵਿਚ ਵਾਧੇ ਦੀ ਸੰਭਾਵਨਾ, ਉਪਰਲੀ ਆਮਦਨ, ਦਾਜ ਆਦਿ ਬਾਰੇ ਪੁੱਛ ਪ੍ਰਤੀਤ ਕੀਤੀ ਜਾਂਦੀ ਹੈ। “ਅਸੀਂ ਕਿਹੜੀ ਨੌਕਰੀ ਕਰਵਾਉਣੀ ਹੈ?” ਕੁੜੀ ਦੇ ਮਾਪੇ ਹੀ ਇਹੀ ਗੱਲ ਕਹਿ ਕੇ ਆਪਣੀ ਧੀ ਦੇ ਪੈਰਾਂ ਵਿਚ ਬੇੜੀਆਂ ਪਾ ਦਿੰਦੇ ਹਨ। ਤਾਂ ਫਿਰ ਸਹੁਰੇ ਘਰ ਵਾਲੇ ਉਸ ਨੂੰ ਨਿਰੋਲ ਦਾਸੀ ਤੇ ਨੌਕਰਾਣੀ ਕਿਉਂ ਨਾ ਸਮਝਣਗੇ?
ਔਰਤ ਦੀ ਆਜ਼ਾਦੀ ਤੇ ਬਰਾਬਰੀ ਦੀ ਗੱਲ ਕਰਨ ਵਾਲੀਆਂ ਸੰਸਥਾਵਾਂ ਇਸ਼ਤਿਹਾਰਾਂ ਵਿਚ ਔਰਤਾਂ ਦੇ ਜਿਸਮ ਦੀ ਨੁਮਾਇਸ਼ ਕੀਤੇ ਜਾਣ ਵਿਰੁੱਧ ਸਮੇਂ ਸਮੇਂ ਸਿਰ ਵਾਵੇਲਾ ਖੜ੍ਹਾ ਕਰਦੀਆਂ ਰਹਿੰਦੀਆਂ ਹਨ। ਜਾਂ ਇਹ ਕਿ ਮਰਦ ਨੇ ਔਰਤ ਦੇ ਜਿਸਮ ਨੂੰ ਸਿਰਫ਼ ਭੋਗਣ ਵਾਲੀ ਵਸਤ ਹੀ ਸਮਝ ਰੱਖਿਆ ਹੈ। ਪਰ ਕਿੰਨੀਆਂ ਕੁ ਸੰਸਥਾਵਾਂ ਨੇ ਉਸ ਇਸ਼ਤਿਹਾਰ ‘ਤੇ ਇਤਰਾਜ਼ ਕੀਤਾ ਹੈ ਜਿਸ ਵਿਚ ਇਕ ਮੁਟਿਆਰ ਫਰਸ਼ ਸਾਫ਼ ਕਰਨ ਵਾਲੀ ਮਸ਼ੀਨ ਫੜੀ ਖੜ੍ਹੀ ਹੈ ਅਤੇ ਹੇਠਾਂ ਕੈਪਸ਼ਨ ਹੈ: “ਇਸ ਮਸ਼ੀਨ ਨਾਲ ਤੁਸੀਂ ਸਹੁਰੇ ਘਰ ਵਿਚ ਬਿਹਤਰੀਨ ਬਹੂਰਾਣੀ ਸਾਬਤ ਹੋਵੋਗੇ?” ਜੇ ਭਲਾ ਬਹੂਰਾਣੀ ਦੀ ਥਾਂ ਜਮਾਦਾਰਨੀ ਕਰ ਦਿੱਤਾ ਜਾਵੇ? ਕੀ ਬਹੂਰਾਣੀ ਦਾ ਰੁਤਬਾ ਸਿਰਫ਼ ਸਫ਼ਾਈ ਕਰਨ, ਰੋਟੀ ਪਕਾਉਣ, ਕੱਪੜੇ ਧੋਣ, ਪਤੀ ਨਾਲ ਸੌਣ, ਨਿਆਣੇ ਜੰਮਣ ਅਤੇ ਉਨ੍ਹਾਂ ਨੂੰ ਪਾਲ ਕੇ ਵੱਡਿਆਂ ਕਰਨ ਤਕ ਹੀ ਸੀਮਤ ਹੈ ? ਪਰ ਕੌਣ ਪੁੱਛਦਾ ਹੈ ?
ਵਿਆਹ ਤੋਂ ਪਹਿਲਾਂ ਔਰਤਾਂ ਦੀ ਅਜ਼ਾਦੀ ਤੇ ਬਰਾਬਰੀ ਦੇ ਦਮਗਜੇ ਮਾਰਨ ਵਾਲੀਆਂ ਵਿਆਹ ਮਗਰੋਂ ‘ਪਤੀਬਰਤਾ’ ਤੇ ‘ਆਗਿਆਕਾਰ’ ਪਤਨੀਆਂ ਬਣ ਜਾਂਦੀਆਂ ਹਨ । ਵਿਆਹ ਤੋਂ ਪਹਿਲਾਂ ਝਨਾਵਾਂ ਨੂੰ ਚੀਰਨ ਦੇ ਦਾਅਵੇ . ਕਰਨ ਵਾਲੀਆਂ ਸਬਜ਼ੀ ਚੀਰਨ ਜੋਗੀਆਂ ਰਹਿ ਜਾਂਦੀਆਂ ਹਨ। ਵਿਆਹ ਤੋਂ ਪਹਿਲਾਂ ‘ਸਲਿਮ’ ਰਹਿਣ ਲਈ ਹਰ ਯਤਨ ਕਰਨ ਵਾਲੀਆਂ ਵਿਆਹ ਤੋਂ ਬਾਅਦ ਮੋਟੀਆਂ ਥੁਲਥੁਲ ਹੋ ਜਾਂਦੀਆਂ ਹਨ ਜਿਵੇਂ ਸੋਚਦੀਆਂ ਹੋਣ, “ ਹੁਣ ਸੁੰਦਰ ਤੇ ਆਕਰਸ਼ਕ ਰਹਿਣ ਦੀ ਕੀ ਲੋੜ ਹੈ?”
ਔਰਤਾਂ ਇਸ ਧਰਤੀ ਦਾ ਖ਼ੂਬਸੂਰਤ ਅੰਗ ਹਨ। ਕੁਦਰਤ ਦੀ ਸਿਤਾਰ ਦਾ ਮਿਜ਼ਰਾਬ ਹਨ, ਕਾਇਨਾਤ ਦੀ ਵਚਿੱਤਰ ਵੀਣਾ ਦਾ ਮਧੁਰ ਸੁਰ ਹਨ, ਉਨ੍ਹਾਂ ਦੀ ਚਾਲ ਇਕ ਸੰਗੀਤਮਈ ਤ ਹੈ। ਪਰ ਕਿਨ੍ਹਾਂ ਔਰਤਾਂ ਦੀ ਗੱਲ ਕਰ ਰਹੇ ਹਾਂ ਅਸੀਂ? ਉਨ੍ਹਾਂ ਦੀ ਜਿਹੜੀਆਂ ਦਿਨ ਰਾਤ ਮਿਹਨਤ ਕਰਦੀਆਂ ਇਹ ਵੀ ਭੁੱਲ ਜਾਂਦੀਆਂ ਹਨ ਕਿ ਉਹ ਔਰਤਾਂ ਹਨ ਜਾਂ ਉਨ੍ਹਾਂ ਦੀ ਜਿਹੜੀਆਂ ਇਸ ਗੱਲ ਉਤੇ ਪੰਦਰਾਂ ਦਿਨ ਤਕ ਰੁੱਸੀਆਂ ਰਹਿ ਸਕਦੀਆਂ ਹਨ ਕਿ ਗੁਆਂਢਣ ਨੇ ਜਿਸ ਰੰਗ ਦੀ ਸਾੜ੍ਹੀ ਖ਼ਰੀਦੀ ਹੈ, ਉਸ ਰੰਗ ਦੀ ਉਸ ਨੂੰ ਕਿਉਂ ਨਹੀਂ ਲਿਆ ਕੇ ਦਿੱਤੀ?
ਔਰਤਾਂ ਬਾਰੇ ਲਿਖਣਾ ਬਹੁਤ ਮੁਸ਼ਕਿਲ ਹੈ। ਇਹ ਗੱਲ ਸਭ ਲਿਖਾਰੀ ਕਹਿ ਗਏ ਹਨ। ਸ਼ਾਇਦ ਇਸ ਕਰ ਕੇ ਕਿਉਂਕਿ ਉਹ ਸਾਰੇ ਮਰਦ ਸਨ। ਕੋਈ ਔਰਤ ਵੀ ਤਾਂ ਮਰਦਾਂ ਦੇ ‘ਭੇਦ ਖੋਲ੍ਹੇ।’
(19-4-1991)
ਤੂੰ ਵੀ ਬਦਲ ਕਿ ਜ਼ਮਾਨਾ…
ਕਿਸੇ ਵੀ ਇਸਤਰੀ ਦੀ ਸੁੰਦਰਤਾ ਦਾ ਪੈਮਾਨਾ ਉਸ ਦੀਆਂ ਅੱਖਾਂ ਅਤੇ ਉਸ ਦੀਆਂ ਛਾਤੀਆਂ ਹੁੰਦੀਆਂ ਹਨ। ਮਰਦ ਲਈ ਪਹਿਲਾ ਆਕਰਸ਼ਣ ਵੀ ਇਸੇ ਤਰ੍ਹਾਂ ਹੀ ਹੁੰਦਾ ਹੈ, ਪਹਿਲਾਂ ਅੱਖਾਂ ਅਤੇ ਫ਼ੇਰ ਹਿੱਕ । ਇਸੇ ਕਾਰਨ ਸ਼ਾਇਰਾਂ ਨੇ ਅੱਖਾਂ ਜਾਂ ਨਜ਼ਰਾਂ ਬਾਰੇ ਜਿੰਨੇ ਵੀ ਸ਼ੇਅਰ ਕਹੇ ਹਨ ਓਨੇ ਇਸਤਰੀ ਦੇ ਕਿਸੇ ਹੋਰ ਅੰਗ ਬਾਰੇ ਨਹੀਂ ਕਹੇ। ਮਰਦ ਦੀ ਇਕੋ ਸਮੇਂ ਕਈ ਇਸਤਰੀਆਂ ਨੂੰ ਪਿਆਰ ਕਰਨ ਦੀ ਲਾਲਸਾ ਅਤੇ ਸਮਰਥਾ ਹੈ ਅਤੇ ਇਸ ਲਈ ਹਰ ਸ਼ਾਇਰ ਵੱਖ ਵੱਖ ਇਸਤਰੀਆਂ ਦੀਆਂ ਅੱਖਾਂ ਦੇ ਚਲਦੇ ਤੀਰਾਂ ਦਾ ਵੱਖਰਾ ਵੱਖਰਾ ਬਿਆਨ ਕਰ ਸਕਦਾ ਹੈ।
ਉਰਦੂ ਸ਼ਾਇਰੀ ਕਿਉਂਕਿ ਨਫ਼ਾਸਤ ਭਰੀ ਰਹੀ ਹੈ, ਇਸ ਲਈ ਉਨ੍ਹਾਂ ਨੇ ਅੱਖਾਂ ਤੋਂ ਬਾਅਦ ਹੀ ਦੂਸਰੀ ਖ਼ੂਬਸੂਰਤੀ ਬਾਰੇ, ਸੰਗ ਕਾਰਨ, ਬਹੁਤੇ ਸ਼ੇਅਰ ਨਹੀਂ ਕਹੇ ਹਾਲਾਂਕਿ ਮਰਦ ਦੀ ਸਭ ਤੋਂ ਵੱਡੀ ਇੱਛਾ ਸਹਿਵਾਸ ਸਮੇਂ ਛਾਤੀਆਂ ਨੂੰ ਛੋਹਣ ਸਹਿਲਾਉਣ ਦੀ ਹੁੰਦੀ ਹੈ। ਪੰਜਾਬ ਦੇ ਕਵੀਆਂ ਨੇ ਵੀ ਮੋਟੇ ਤੌਰ ‘ਤੇ ਇਸ ਸੰਗ ਨੂੰ ਕਾਇਮ ਰਖਿਆ ਹੈ ਪਰ ਇਸ਼ਕ ਦੇ ਕਿੱਸਿਆਂ ਵਿਚ ਕਿੱਸਾਕਾਰਾਂ ਨੇ ਇਸ ਸ਼ਰਮ ਨੂੰ ਲਾਹ ਸੁੱਟਿਆ ਹੈ। ਇਸੇ ਕਾਰਨ ਵਾਰਸਸ਼ਾਹ ਪਹਿਲਾਂ ਹੀਰ ਦੇ ਹੁਸਨ ਦੀ ਪ੍ਰਸੰਸਾ ਕਰਦੇ ਸਮੇਂ ਅਤੇ ਫ਼ੇਰ ਖੇੜਿਆਂ ਵਿਚ ਰਾਂਝੇ ਤੇ ਹੀਰ ਦੇ ਬਾਗ ਵਿਚ ਮਿਲਣ ਸਮੇਂ ਉਸ ਦੀਆਂ ਛਾਤੀਆਂ ਦਾ ਖੱਲ੍ਹ ਦੇ ਜ਼ਿਕਰ ਕਰਦਾ ਹੈ। ਇਕ ਥਾਂ ਤਾਂ ਉਹ ਇਥੋਂ ਤਕ ਲਿਖ ਜਾਂਦਾ ਹੈ : ਸਹਿਤੀ ਹੀਰ ਨੂੰ ਪੁੱਛਦੀ ਹੈ ਕਿ ਤੇਰੀਆਂ ਛਾਤੀਆਂ ਨੂੰ ਕੀਹਨੇ ਮਸਲਿਆ ਹੈ।
ਖ਼ੈਰ! ਗੱਲ ਵਾਰਸ ਦੀ ਨਹੀਂ। ਗੱਲ ਹੈ ਪੱਛਮ ਵਿਚ ਅੱਜ ਕੱਲ੍ਹ ਚਲ ਰਹੇ ਨਵੇਂ ਰੁਝਾਨ ਦੀ। ਇਹ ਰੁਝਾਨ ਹੈ ਔਰਤਾਂ ਵਲੋਂ ਪਲਾਸਟਿਕ ਸਰਜਰੀ ਰਾਹੀਂ ਆਪਣੀਆਂ ਛਾਤੀਆਂ ਦੇ ਆਕਾਰ ਤੇ ਰੂਪ ਨੂੰ ਤਬਦੀਲ ਕਰਵਾਉਣ ਦਾ। ਆਮ ਚਰਚਾ ਸੀ ਕਿ ਭਾਰਤ ਦੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹਰ ਦੋ ਚਾਰ ਸਾਲਾਂ ਮਗਰੋਂ ਪੱਛਮ ਵਿਚ ਜਾ ਕੇ ਆਪਣੇ ਚਿਹਰੇ ਦੀ ਪਲਾਸਟਿਕ ਸਰਜਰੀ ਕਰਵਾਉਂਦੀ ਸੀ ਜਿਸ ਕਾਰਨ ਉਸ ਦੇ ਚਿਹਰੇ ਉਤੇ ਝੁਰੜੀਆਂ ਨਹੀਂ ਸਨ ਪੈਂਦੀਆਂ। ਇਹੀ ਚਰਚਾ ਫ਼ਿਲਮੀ ਕਲਾਕਾਰ ਦੇਵ ਆਨੰਦ ਬਾਰੇ ਵੀ ਚਲਦੀ ਹੈ।
ਚਿਹਰੇ ਦੀ ਪਲਾਸਟਿਕ ਸਰਜਰੀ ਵਿਚ ਕੰਨਾਂ ਦੇ ਪਿਛਲੇ ਪਾਸੇ ਚਮੜੀ ਵਿਚ ਟੱਕ ਲਾ ਕੇ ਇਸ ਨੂੰ ਖਿੱਚ ਕੇ ਫਿਰ ਸਿਉਂ ਦਿੱਤਾ ਜਾਂਦਾ ਹੈ । ਪਰ ਛਾਤੀਆਂ ਦੀ ਸਰਜਰੀ ਏਨੀ ਆਸਾਨ ਨਹੀਂ ਹੈ। ਇਸ ਵਿਚ ਵੱਡੇ ਆਕਾਰ ਨੂੰ ਛੋਟਾ ਕਰਨ ਲਈ ਵਿਸ਼ੇਸ਼ ਤਕਨੀਕ ਨਾਲ ਕੁਝ ਗਰੰਥੀਆਂ ਕੱਢੀਆਂ ਜਾਂਦੀਆਂ ਹਨ ਤੇ ਛੋਟੇ ਨੂੰ ਵੱਡਾ ਕਰਨ ਲਈ ਕੁਝ ਗਰੰਥੀਆਂ ਪਾਈਆਂ ਜਾਂਦੀਆਂ ਹਨ। ਪਰ ਜਿਵੇਂ ਅੱਜ ਕੱਲ੍ਹ ਦਿਲ ਦੇ ਬਾਈਪਾਸ ਅਪਰੇਸ਼ਨ ਦੀ ਆਮ ਗੱਲ ਹੋ ਗਈ ਹੈ ਤਿਵੇਂ ਹੀ ਇਸਤਰੀ ਸਰੀਰ ਦੇ ਸਭ ਤੋਂ ਖੂਬਸੂਰਤ ਹਿੱਸੇ ਨੂੰ ਹੋਰ ਖ਼ੂਬਸੂਰਤ ਬਣਾਉਣ ਦੇ ਅਪਰੇਸ਼ਨ ਵੀ ਪੱਛਮ ਵਿਚ ਆਮ ਹੋ ਗਏ ਹਨ। ਇਹ ਸਿਸਟਮ ਭਾਰਤ ਦੇ ਮਹਾਂਨਗਰਾਂ ਵਿਚ ਵੀ ਆ ਗਿਆ ਹੈ ਤੇ ਭਾਰਤ ਦੀਆਂ ਅਮੀਰ ਸੁਆਣੀਆਂ ਹਜ਼ਾਰਾਂ ਰੁਪਏ ਖ਼ਰਚ ਕਰਕੇ ਆਪਣੀਆਂ ‘ਫਿਗਰਾਂ’ ਦਰੁਸਤ ਕਰਵਾ ਰਹੀਆਂ ਹਨ।
ਗੱਲ ਔਰਤਾਂ ਦੀਆਂ ਛਾਤੀਆਂ ਦੀ ਵੀ ਨਹੀਂ । ਗੱਲ ਤਾ ਹੁਸਨ ਦੇ ਬਦਲ ਰਹੇ ਮਾਪਦੰਡਾਂ ਦੀ ਅਤੇ ਵਿਗਿਆਨਕ ਢੰਗ ਨਾਲ ਹੁਸਨ ਵਿਚ ਵਾਧੇ ਦੀ ਹੈ। ਹਰੇਕ ਇਸਤਰੀ ਦੀ ਇੱਛਾ ਹੁੰਦੀ ਹੈ ਕਿ ਉਹ ਮਰਦਾਂ ਨੂੰ ਆਕਰਸ਼ਕ ਲੱਗੇ ਅਤੇ ਉਸ ਦੀ ਤਾਰੀਫ਼ ਕੀਤੀ ਜਾਵੇ। ਜੇ ਬਣ ਫਬ ਕੇ ਤਿਆਰ ਹੋਈ ਇਸਤਰੀ ਦੀ ਉਸ ਦਾ ਮਰਦ ਪ੍ਰਸੰਸਾ ਕਰ ਦੇਵੇ ਤਾਂ ਉਹ ਗਦ ਗਦ ਹੋ ਜਾਂਦੀ ਹੈ। ਔਰਤਾਂ ਦੀ ਆਜ਼ਾਦੀ ਅਤੇ ਮਰਦਾਂ ਨਾਲ ਬਰਾਬਰੀ ਦੀਆਂ ਜਿੰਨੀਆਂ ਮਰਜ਼ੀ ਗੱਲਾਂ ਹੁੰਦੀਆਂ ਰਹਿਣ, ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਇਸਤਰੀ ਸਿਰਫ਼ ਤੇ ਸਿਰਫ਼ (ਮਰਦ ਨੂੰ) ਆਕਰਸ਼ਤ ਕਰਨ ਲਈ ਹੀ ਬਣਦੀ ਫਬਦੀ ਹੈ ਜਾਂ ਫਿਰ ਦੂਸਰੀ ਇਸਤਰੀ ਨਾਲੋਂ ਖੂਬਸੂਰਤ ਦਿਖਾਈ ਦੇਣ ਲਈ। ਜਦੋਂ ਹਾਲੇ ਪਲਾਸਟਿਕ ਸਰਜਰੀ ਇਜਾਦ ਨਹੀਂ ਸੀ ਹੋਈ, ਔਰਤਾਂ ਲਈ ਇਕੋ ਇਕ ਤਰੀਕਾ ਸਖ਼ਤ ਕਸਰਤ ਦਾ ਰਹਿ ਗਿਆ ਸੀ। ਹੁਣ ਕਸਰਤ ਕੀਤੇ ਬਿਨਾਂ ਉਹ ਸੁੰਦਰ ਬਣ ਜਾਂਦੀਆਂ ਹਨ। ਕੋਈ ਨੱਕ ਛੋਟਾ ਕਰਵਾ ਰਹੀ ਹੈ, ਕੋਈ ਠੋਡੀ ਤਿੱਖੀ ਕਰਵਾ ਰਹੀ ਹੈ, ਕੋਈ ਅੱਖਾਂ ਤਿਰਛੀਆਂ ਕਰਵਾ ਰਹੀ ਹੈ ਤੇ ਕੋਈ ਗੱਲ੍ਹਾਂ ਦੇ ਉਭਾਰ ਘੱਟ ਕਰਵਾ ਰਹੀ ਹੈ। ਇੰਗਲੈਂਡ ਦੀ ਇਕ ਲੜਕੀ ਨੇ ਆਪਣੇ ਪ੍ਰੇਮੀ ਦੀ ਪਸੰਦ ਦਾ ਧਿਆਨ ਰਖਦੇ ਹੋਏ ਆਪਣੇ ਮੂੰਹ ਦਾ ਆਕਾਰ ਘੱਟ ਕਰਵਾ ਲਿਆ ਜਿਸ ਨਾਲ ਉਸ ਦੇ ਬੁੱਲ੍ਹ ਹੋਰ ਵੀ ਸੈਕਸੀ ਲੱਗਣ ਲੱਗ ਪਏ।
ਗੱਲ ਸਿਰਫ਼ ਔਰਤਾਂ ਦੇ ਸਰੀਰਕ ਅਕਰਸ਼ਣ ਦੇ ਵਾਧੇ ਲਈ ਕੀਤੇ ਜਾਂਦੇ ਤਰੱਦਦ ‘ਤੇ ਹੀ ਨਹੀਂ ਮੁੱਕ ਜਾਂਦੀ। ਇਸ ਤੋਂ ਅੱਗੇ ਵੀ ਤੁਰਦੀ ਹੈ। ਇਹ ਹੈ ਤਬਦੀਲੀ ਦੀ। ਸਮੇਂ ਦੇ ਬਦਲਣ ਨਾਲ ਸਾਰਾ ਕੁਝ ਬਦਲ ਰਿਹਾ ਹੈ ਜਾਂ ਫਿਰ ਮਸਨੂਈ ਢੰਗ ਨਾਲ ਬਦਲਿਆ ਜਾ ਰਿਹਾ ਹੈ। ਰਿਸ਼ਤੇ ਵੀ ਬਦਲ ਰਹੇ ਹਨ ਤੇ ਕਾਸਮੈਟਿਕ ਬਣ ਗਏ ਹਨ। ਚੰਡੀਗੜ੍ਹ ਦੀ ਰੈੱਡ ਕਰਾਸ ਸੰਸਥਾ ਵਿਚ ਵਿਆਹੁਤਾ ਜੋੜਿਆਂ ਦੇ ਝਗੜੇ ਨਿਬੇੜਨ ਲਈ ਬੈਠਦੀ ਇਸਤਰੀਆਂ ਦੀ ਟੋਲੀ ਪਾਸ ਇਕ ਕੇਸ ਆਇਆ ਹੈ ਜਿਸ ਵਿਚ ਔਰਤ ਆਪਣੇ ਪਤੀ ਉਤੇ ਦੋਸ਼ ਧਰਦੀ ਹੈ ਕਿ ਉਸ ਦੇ ਆਪਣੀਆਂ ਸਕੀਆਂ ਧੀਆਂ ਨਾਲ ਇਸਤਰੀ ਮਰਦ ਵਾਲੇ ਸਬੰਧ ਹਨ। ਮਤਰੇਈਆਂ ਧੀਆਂ ਨਾਲ ਇਸ ਤਰ੍ਹਾਂ ਦੇ ਸਬੰਧ ਰੱਖਣ ਦੀਆਂ ਗੱਲਾਂ ਤਾਂ ਸੁਣੀਆਂ ਸਨ ਪਰ ਸਕੀਆਂ ਧੀਆਂ ਨਾਲ ਨਹੀਂ। ਸੰਸਾਰ ਪ੍ਰਸਿਧ ਕਥਾ ‘ਈਡੀਪਸ’ ਵਿਚ ਈਡੀਪਸ ਦੇ ਆਪਣੀ ਮਾਂ ਨਾਲ ਸਬੰਧ ਬਣਦੇ ਹਨ। ਭਾਰਤ ਵਿਚ ਹੀ ਕਿਸੇ ਥਾਂ ਸਕੇ ਭੈਣ ਭਰਾਵਾਂ ਦੇ ਵਿਆਹ ਕਰਵਾਉਣ ਦੀ ਖ਼ਬਰ ਪਿਛਲੇ ਦਿਨੀਂ ਕਿਸੇ ਅਖ਼ਬਾਰ ਵਿਚ ਛਪੀ ਸੀ। ਪਰਿਵਾਰ ਨਿਯੋਜਨ ਨੇ ਚਾਚੇ, ਤਾਏ, ਭੂਆ, ਫੁੱਫੜ,ਮਾਮੇ, ਮਾਸੀ ਦੇ ਰਿਸ਼ਤੇ ਖ਼ਤਮ ਕਰ ਦਿੱਤੇ ਹਨ। ਨਿਰੰਤਰ ਤਬਦੀਲੀ ਆਉਂਦੀ ਜਾ ਰਹੀ ਹੈ ਅਤੇ ਇਸ ਤਬਦੀਲੀ ਨੇ ਸਾਰੇ ਸੰਸਾਰ ਨੂੰ ਪ੍ਰਭਾਵਤ ਕੀਤਾ ਹੈ।
ਵੀਹਵੀਂ ਸਦੀ ਦੇ ਦੂਸਰੇ ਦਹਾਕੇ ਜਿਹੜਾ ਇਨਕਲਾਬ ਰੂਸ ਦੇਸ਼ ਵਿਚ ਲਿਆਂਦਾ ਗਿਆ ਸੀ ਉਸ ਰਾਹੀਂ ਇਕ ਨਵੇਂ ਸਮਾਜ ਤੇ ਇਕ ਨਵੇਂ ਮਨੁੱਖ ਦੀ ਸਿਰਜਣਾ ਕਰਨ ਦਾ ਟੀਚਾ ਮਿਥਿਆ ਗਿਆ ਸੀ। ਪੌਣੀ ਸਦੀ ਤਕ ਨਾ ਉਹ ਨਿਵੇਕਲੀ ਕਿਸਮ ਦਾ ਸੰਸਾਰ ਸਿਰਜਿਆ ਜਾ ਸਕਿਆ ਤੇ ਨਾ ਨਵਾਂ ਮਨੁੱਖ ਹੀ। ਸਗੋਂ ਦੇਸ਼ ਹੋਰ ਪਛੜ ਗਿਆ ਤੇ ਹਾਲਤ ਇਥੋਂ ਤਕ ਜਾ ਪਹੁੰਚੀ ਹੈ ਕਿ ਉਥੋਂ ਦੇ ਲੋਕਾਂ ਨੇ ਚੁਹੱਤਰ ਸਾਲਾਂ ਦੀ ਖੜੋਤ ਨੂੰ ਚਹੁੰ ਸਾਲਾਂ ਦੀ ਠੰਢੀ ਹਵਾ ਦੇ ਰੁਮਕਣ ਮਗਰੋਂ, ਚਹੁੰ ਦਿਨਾਂ ਵਿਚ ਹੀ ਖ਼ਤਮ ਕਰ ਦਿੱਤਾ । ਉਥੋਂ ਦੇ ਮਨੁੱਖ ਨੂੰ ਬੰਨ੍ਹ ਮਾਰੀ ਬੈਠੀ ਇਸ ਖੜੋਤ ਦੇ ਖ਼ਾਤਮੇ ਨਾਲ ਤਬਦੀਲੀ ਦਾ ਐਸਾ ਦੌਰ ਚਲਿਆ ਕਿ ਤਬਦੀਲੀ-ਨਿਰੋਧਕ ਢਹਿ ਢੇਰੀ ਹੋ ਗਏ । ਲੋਕ ਸ਼ਕਤੀ ਦਾ ਐਸਾ ਪਰਵਾਹ ਚਲਿਆ ਕਿ ਕਿਸੇ ਰੋਕ ਸਾਹਮਣੇ ਨਹੀਂ ਰੁਕਿਆ।
ਅਸੀਂ ਭਾਰਤ ਵਾਸੀ ਰੱਬ ਵਿਚ ਯਕੀਨ ਰੱਖਦੇ ਹਾਂ। ਇਸ ਲਈ ਅਸੀਂ ਬਹੁਤ ਕਰਕੇ ਤਬਦੀਲੀ ਲਈ ਤਰੱਦਦ ਨਹੀਂ ਕਰਦੇ। ਅਸੀਂ ਜਾਂ ਤਾਂ ਤੇਤੀ ਕਰੋੜ ਦੇਵੀਆਂ ਤੇ ਦੇਵਤਿਆਂ ਦੀ ਪੂਜਾ ਕਰਦੇ ਹਾਂ ਜਾਂ ਫਿਰ ਇਸਤਰੀਆਂ ਦੀਆਂ ਛਾਤੀਆਂ ਦੀ ਗਿਣਤੀ ਮਿਣਤੀ। ਕੁੰਭ ਦਾ ਮੇਲਾ ਹੋਵੇ ਤਾਂ ਲੱਖਾਂ ਲੋਕ ਤ੍ਰਿਵੇਣੀ ਉਤੇ ਇਸ਼ਨਾਨ ਕਰਕੇ ਪਾਪ ਧੋਂਦੇ ਹਨ ਤੇ ਕੁਝ ਲੋਕ ਇਸ ਮੇਲੇ ਵਿਚ ਆਈਆਂ ਸੋਹਣੀਆਂ ਤੀਵੀਆਂ ਉਧਾਲਦੇ ਹਨ। ਕਿਸੇ ਗੁਰੂ ਪੀਰ ਦੇ ਦਿਨ ਦਿਹਾੜੇ ਧਰਮ ਦੇ ਨਾਂ ਉਤੇ ਸੋਹਣੇ ਚਿਹਰੇ ਤਾੜਦੇ ਹਨ ਤੇ ‘ਅੱਖਾਂ ਠੰਢੀਆਂ’ ਕਰਦੇ ਹਨ। ਸ਼ਰਾਬ ਦਾ ਉਹ ਬਰਾਂਡ ਸਭ ਤੋਂ ਵੱਧ ਵਿਕਦਾ ਹੈ ਜਿਸ ਦੇ ਇਸ਼ਤਿਹਾਰ ਜਾਂ ਕੈਲੰਡਰ ਉਤੇ ਨੰਗੀਆਂ ਛਾਤੀਆਂ ਵਾਲੀ ਇਸਤਰੀ ਦੀ ਤਸਵੀਰ ਹੋਵੇ।
ਇਹੀ ਕਾਰਨ ਹੈ ਕਿ ਭਾਰਤ ਵਿਚ ਗ਼ਰੀਬੀ ਲਗਾਤਾਰ ਕਾਇਮ ਹੈ। ਇਹੀ ਕਾਰਨ ਹੈ ਕਿ ਬੇਰੁਜ਼ਗਾਰੀ ਵਧ ਰਹੀ ਹੈ। ਇਹੀ ਕਾਰਨ ਹੈ ਕਿ ਸਨਅਤ ਅਤੇ ਅਤਥਚਾਰਾ ਵਿਕਾਸ ਨਹੀਂ ਕਰ ਰਿਹਾ। ਇਸੇ ਕਾਰਨ ਹੁਕਮਰਾਨ ਮਨ ਆਈਆਂ ਕਰਦੇ ਹਨ ਤੇ ਅਸੀਂ ਲੋਕ ਨਾ ਉਨ੍ਹਾਂ ਨੂੰ ਬਦਲਦੇ ਹਾਂ, ਨਾ ਨਿਜ਼ਾਮ ਨੂੰ ਤੇ ਨਾ ਆਪਣੇ ਆਪ ਨੂੰ। ਬਦਲਣਾ ਬਹੁਤ ਔਖਾ ਕੰਮ ਹੈ ਖ਼ਾਸ ਕਰਕੇ ਉਦੋਂ ਜਦੋਂ ਸਦੀਆਂ ਪੁਰਾਣੇ ਅਕੀਦੇ ਬਦਲਣੇ ਹੋਣ । ਇਸ ਲਈ ਅਸੀਂ ਧਰਮ ਬਾਰੇ ਨਜ਼ਰੀਆ ਬਦਲਣ ਬਾਰੇ ਤਿਆਰ ਨਹੀਂ । ਅਸੀਂ ਹਾਲੇ ਵੀ ਇਹੀ ਸੋਚਦੇ ਹਾਂ ਕਿ ਹੁਕਮਰਾਨ ਨੂੰ ਪ੍ਰਮਾਤਮਾ ਨੇ ਇਸੀ ਕੰਮ ਲਈ ਭੇਜਿਆ ਹੈ ਤੇ ਸਾਨੂੰ ਹੁਕਮਰਾਨ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਹੁਕਮਰਾਨ ਸੂਰਜਵੰਸ਼ੀ ਹਨ ਤੇ ਬਾਕੀ ਸਾਰੇ ਉਨ੍ਹਾਂ ਦੀ ਰਿਆਇਆ ਹੁਕਮਾਂ ਦੀ ਬਾਂਦੀ ਜ਼ਰ-ਖ਼ਰੀਦ ਗ਼ੁਲਾਮ । ਅਸੀਂ ਇਸਤਰੀ ਨੂੰ ਬਰਾਬਰ ਦਾ ਦਰਜਾ ਦੇਣ ਲਈ ਜ਼ਿਹਨੀ ਤੌਰ ‘ਤੇ ਤਿਆਰ ਨਹੀਂ ਹਾਲਾਕਿ ਸਰੀਰਕ ਬਣਤਰ ਤੇ ਸਦੀਆਂ ਦੀ ਦੋਹਰੀ ਗ਼ੁਲਾਮੀ ਕਾਰਨ ਹਰ ਔਰਤ ਹਰ ਮਰਦ ਦੇ ਬਰਾਬਰ ਹੋ ਵੀ ਨਹੀਂ ਸਕਦੀ। ਇਕੱਲੇ ਭਾਰਤ ਵਿਚ ਹੀ ਕਿਉਂ ਸਾਰੇ ਸੰਸਾਰ ਵਿਚ ਹੀ ਔਰਤ ਨੂੰ ਘਰ ਸਾਂਭਣ ਵਾਲੀ ਤੇ ਨਿਆਣੇ ਜੰਮ ਕੇ ਪਾਲਣ ਵਾਲੀ ਮਸ਼ੀਨ ਸਮਝਿਆ ਜਾਂਦਾ ਹੈ।
ਦੁਨੀਆ ਬਦਲ ਰਹੀ ਹੈ। ਦੋ ਸੰਸਾਰ ਤਾਕਤਾਂ ਦੀ ਥਾਂ ਇਕੋ ਤਾਕਤ ਰਹਿ ਗਈ ਹੈ । ਔਰਤ ਤੇ ਮਰਦ ਦੇ ਸਬੰਧ ਬਦਲ ਰਹੇ ਹਨ। ਦੋ ਔਰਤਾਂ ਆਪੋ ਵਿਚ ਤੇ ਦੋ ਮਰਦ ਆਪੋ ਵਿਚ ਵਿਆਹ ਕਰਵਾ ਰਹੇ ਹਨ। ਜੇ ਨਹੀਂ ਬਦਲਿਆਂ ਤਾਂ ਇਨ੍ਹਾਂ ਸਤਰਾਂ ਦੇ ਲੇਖਕ ਜਿਹੜਾ ਸਮਝਦਾ ਹੈ ਕਿ ਔਰਤ ਦੀ ਖੂਸਸੂਰਤੀ ਸਭ ਤੋਂ ਪਹਿਲਾਂ ਉਸ ਦੀਆਂ ਅੱਖਾਂ ਵਿਚ ਤੇ ਫ਼ੇਰ ਉਸ ਦੀਆਂ ਛਾਤੀਆਂ ਵਿਚ ਹੁੰਦੀ ਹੈ।
ਘਰੇਲੂ ਨੌਕਰਾਣੀਆਂ
ਮਸ਼ਹੂਰ ਪੱਤਰਕਾਰ ਅਤੇ ਲੇਖਕ ਖ਼ੁਸ਼ਵੰਤ ਸਿੰਘ ਨੇ ਇਕ ਵਾਰੀ ਲਿਖਿਆ ਸੀ ਕਿ ਪ੍ਰਧਾਨ ਮੰਤਰੀ ਦੇ ਸਲਾਹਕਾਰਾਂ ਦੀਆਂ ਨੌਕਰੀਆਂ ਲਗਪਗ ਓਨੀਆਂ ਦੀ ਅਸੁਰੱਖਿਅਤ ਹਨ ਜਿੰਨੀਆਂ ਘਰਾਂ ਵਿਚ ਕੰਮ ਕਰਨ ਵਾਲੀਆਂ ਨੌਕਰਾਣੀਆਂ ਦੀਆਂ। ਉਨ੍ਹਾਂ ਦੇ ਕਹਿਣ ਦਾ ਮਤਲਬ ਸੀ ਕਿ ਜਿਸ ਤਰ੍ਹਾਂ ਕਿਸੇ ਨਿੱਕੇ ਜਿਹੇ ਬਹਾਨੇ ਉਤੇ ਜਾਂ ਛੋਟੇ ਜਿਹੇ ਨੁਕਸਾਨ ਬਦਲੇ ਘਰ ਦੀਆਂ ਸੁਆਣੀਆਂ ਪਾਰਟ ਟਾਈਮ ਕੰਮ ਕਰਨ ਵਾਲੀਆਂ ਨੌਕਰਾਣੀਆਂ ਦਾ ਪੱਤਾ ਸਾਫ਼ ਕਰ ਦਿੰਦੀਆਂ ਹਨ, ਲਗਪਗ ਉਸੇ ਤਰ੍ਹਾਂ ਹੀ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਆਪਣੇ ਸਲਾਹਕਾਰਾਂ ਨੂੰ ਲਾਹ ਦਿੰਦੇ ਸਨ।
ਕਿਸੇ ਵੀ ਸ਼ਹਿਰ ਵਿਚ ਸਵੇਰ ਵੇਲੇ ਸੈਂਕੜੇ ਜਾਂ ਹਜ਼ਾਰਾਂ ਨਹੀਂ ਸਗੋਂ ਲੱਖਾਂ ਇਸਤਰੀਆਂ ਲੋਕਾਂ ਦੇ ਘਰਾਂ ਵਿਚ ਕੰਮ ਕਰਨ ਲਈ ਜਾਂਦੀਆਂ ਹਨ। ਇਨ੍ਹਾਂ ਦੇ ਕੰਮ ਵਿਚ ਮੁੱਖ ਤੌਰ ‘ਤੇ ਸਫ਼ਾਈ ਕਰਨਾ, ਕੱਪੜੇ ਧੋਣਾ, ਭਾਂਡੇ ਮਾਂਜਣਾ ਅਤੇ ਕੁਝ ਮਾਮਲਿਆਂ ਵਿਚ ਰੋਟੀ ਪਕਾਉਣਾ ਵੀ ਸ਼ਾਮਲ ਹੁੰਦਾ ਹੈ। ਮੱਧ ਵਰਗੀ ਸੰਸਾਰ ਵਿਚ ਇਨ੍ਹਾਂ ਪਾਰਟ ਟਾਈਮ ਨੌਕਰਾਣੀਆਂ ਬਿਨਾਂ ਨਾ ਸਰ ਸਕਦਾ ਹੈ ਅਤੇ ਨਾ ਸਰਦਾ ਹੈ। ਇਸ ਲਈ ਕਈ ਵਾਰੀ ਸੁਆਣੀਆਂ ਇਨ੍ਹਾਂ ਦੀਆਂ ਸ਼ਰਤਾਂ ਪ੍ਰਵਾਨ ਕਰਕੇ ਅਤੇ ਨਖ਼ਰੇ ਸਹਿ ਕੇ ਵੀ ਇਨ੍ਹਾਂ ਨੂੰ ਓਨੀ ਦੇਰ ਤਕ ਕੰਮ ਉਤੇ ਲਾਈ ਰੱਖਦੀਆਂ ਹਨ ਜਿੰਨੀ ਦੇਰ ਤਕ ਉਨ੍ਹਾਂ ਨੂੰ ਕਿਸੇ ਹੋਰ ਨੌਕਰਾਣੀ ਵਲੋਂ ਹਾਂ ਨਹੀਂ ਹੋ ਜਾਂਦੀ ।
ਚੰਡੀਗੜ੍ਹ ਵਰਗੇ ਸ਼ਹਿਰ ਵਿਚ, ਜਿਥੇ ਬਹੁਤੇ ਮੀਆਂ ਬੀਵੀ, ਦੋਵੇਂ ਹੀ ਦਫ਼ਤਰਾਂ ਵਿਚ ਕੰਮ ਕਰਦੇ ਹਨ, ਇਨ੍ਹਾਂ ਨੌਕਰਾਣੀਆਂ ਬਿਨਾਂ ਬਿਲਕੁਲ ਵੀ ਨਹੀਂ ਸਰਦਾ। ਪਤਨੀ ਨੇ ਵੀ ਜੇ ਸਵੇਰੇ 9 ਵਜੇ ਦਫ਼ਤਰ ਲਈ ਜਾਣਾ ਹੈ ਤਾਂ ਲਾਜ਼ਮੀ ਹੈ ਕਿ ਉਹ ਸਵੇਰੇ ਉਠ ਕੇ ਬੱਚਿਆਂ ਨੂੰ ਤਿਆਰ ਕਰੇ ਅਤੇ ਫ਼ੇਰ ਸਾਰੇ ਪਰਿਵਾਰ ਲਈ ਨਾਸ਼ਤਾ ਅਤੇ ਸਕੂਲ ਜਾਂਦੇ ਬੱਚਿਆਂ ਲਈ ਲੰਚ। ਘਰ ਦੀ ਸਫ਼ਾਈ ਵੀ ਏਸੇ ਵੇਲੇ ਹੋਣੀ ਹੁੰਦੀ ਹੈ। ਇਸ ਲਈ ਪਾਰਟ ਟਾਈਮ ਨੌਕਰਾਣੀ ਰੱਖਣੀ ਜ਼ਰੂਰੀ ਹੈ। ਜਦੋਂ ਘਰ ਦੀ ਸੁਆਣੀ ਰੋਟੀ – ਟੁੱਕ ਦਾ ਆਹਰ ਕਰ ਰਹੀ ਹੁੰਦੀ ਹੈ ਤਾਂ ਨੌਕਰਾਣੀ ਝਾੜੂ ਬੁਹਾਰੀ ਕਰਦੀ ਹੈ । ਇਸ ਤਰ੍ਹਾਂ ਉਸ ਔਰਤ ਲਈ ਦਫ਼ਤਰੋਂ ਵਾਪਸ ਆ ਕੇ ਸਫ਼ਾਈ ਕਰਨ ਦੀ ਸਮੱਸਿਆ ਨਹੀਂ ਰਹਿੰਦੀ। ਲਗਪਗ ਇਹੀ ਗੱਲ ਭਾਂਡਿਆਂ ਦੀ ਸਫ਼ਾਈ ਉਤੇ ਵੀ ਲਾਗੂ ਹੁੰਦੀ ਹੈ।
ਜੂਠੇ ਭਾਂਡੇ ਸਾਫ਼ ਕਰਨ ਲਈ ਵੀ ਪਾਰਟ ਟਾਈਮ ਨੌਕਰਾਣੀ ਚਾਹੀਦੀ ਹੈ ਅਤੇ ਚਾਹੀਦੀ ਵੀ ਸਵੇਰ ਸਾਰ ਹੈ। ਗ਼ਰੀਬ ਬਸਤੀਆਂ, ਝੁੱਗੀਆਂ, ਝੌਂਪੜੀਆਂ ਵਿਚੋਂ ਉਠ ਕੇ ਇਹ ਔਰਤਾਂ ਸਵੇਰ ਸਾਰ ਵੱਖ ਵੱਖ ਮੁਹੱਲਿਆਂ, ਬਸਤੀਆਂ, ਸੈਕਟਰਾਂ ਅਤੇ ਕਲੋਨੀਆਂ ਵਿਚ ਫੈਲ ਜਾਂਦੀਆ ਹਨ। ਵੱਖ ਵੱਖ ਖੇਤਰਾਂ ਵਿਚ ਇਨ੍ਹਾਂ ਦੇ ਕੰਮ ਦੇ ਰੇਟ ਵੱਖਰੇ ਵੱਖਰੇ ਹਨ । ਮਿਸਾਲ ਵਜੋਂ ਚੰਡੀਗੜ੍ਹ ਵਿਚ ਜੇ ਸੈਕਟਰ 23 ਦੇ ਦਸ ਮਰਲੇ ਦੇ ਸਰਕਾਰੀ ਮਕਾਨਾਂ ਵਿਚ ਸਫ਼ਾਈ ਕਰਵਾਉਣੀ ਹੋਵੇ ਤਾਂ ਮਹੀਨੇ ਦੇ ਸੱਠਾਂ ਰੁਪਿਆਂ ਅਰਥਾਤ ਦੋ ਰੁਪਏ ਦਿਹਾੜੀ ਨਾਲ ਸਰ ਸਕਦਾ ਹੈ ਪਰ ਇਹੀ ਕੰਮ ਸੈਕਟਰ ਸੋਲ੍ਹਾਂ ਦੇ ਸਰਕਾਰੀ ਮਕਾਨਾਂ ਵਿਚ ਦੋ ਸੌ ਰੁਪਿਆਂ ਵਿਚ ਅਤੇ ਸੈਕਟਰ 8 ਵਿਚ ਚਾਰ ਸੌ ਵਿਚ ਹੋਵੇਗਾ। ਜਿਉਂ ਜਿਉਂ ਮਕਾਨ ਦਾ ਆਕਾਰ ਵਧਦਾ ਹੈ ਅਤੇ ਸੈਕਟਰ ਬਦਲਦਾ ਹੈ, ਇਨ੍ਹਾਂ ਮਾਈਆਂ ਦੇ ਕੰਮ ਕੇ ਰੇਟ ਵੀ ਵਧਦੇ ਰਹਿੰਦੇ ਹਨ।
ਮੱਧ ਵਰਗੀ ਘਰੇਲੂ ਸੁਆਣੀਆਂ ਨੂੰ ਪਤਾ ਹੁੰਦਾ ਹੈ ਕਿ ਇਨ੍ਹਾਂ ਤੋਂ ਕੰਮ ਕਿਵੇਂ ਕਰਵਾਉਣਾ ਹੈ ਅਤੇ ਕਦੋਂ ਇਨ੍ਹਾਂ ਨੂੰ ਜਵਾਬ ਦੇਣਾ ਹੈ । ਮੇਰਾ ਆਪਣਾ ਤਜਰਬਾ ਹੈ ਕਿ ਮੇਰੀ ਪਤਨੀ ਨੇ ਕਦੇ ਕਿਸੇ ਘਰੇਲੂ ਨੌਕਰਾਣੀ ਨੂੰ ਛੇ ਮਹੀਨੇ ਤੋਂ ਵਧੇਰੇ ਨਹੀਂ ਟਿਕਣ ਦਿੱਤਾ। ਇਸ ਮਹੀਨੇ ਦੀ ਪਹਿਲੀ ਤਰੀਕ ਨੂੰ ਹਟਾਈ ਗਈ ਸਫ਼ਾਈ ਵਾਲੀ ਨੇ ਪੰਜ ਮਹੀਨੇ ਹੀ ਕੰਮ ਕੀਤਾ ਹੈ । ਇਨ੍ਹਾਂ ਪੰਜਾਂ ਮਹੀਨਿਆਂ ਦੌਰਾਨ ਇਹ ਹੀ ਤੈਅ ਨਹੀਂ ਸੀ ਹੋ ਸਕਿਆ ਕਿ ਉਸ ਨੇ ਕਿੰਨੇ ਵਜੇ ਕੰਮ ਉਤੇ ਆਉਣਾ ਹੈ। ਪਹਿਲੇ ਦੋ ਮਹੀਨੇ ਤਾਂ ਉਹ ਐਨ ਉਸ ਸਮੇਂ ਆ ਧਮਕਦੀ ਜਦੋਂ ਸਾਡੇ ਨਾਸ਼ਤੇ ਦਾ ਸਮਾਂ ਹੁੰਦਾ । ਫ਼ੇਰ ਵਾਰ ਵਾਰ ਕਹਿਣ ਉਤੇ ਸਵੇਰੇ ਸੱਤ ਸਾਢੇ ਸੱਤ ਵਜੇ ਆਉਣਾ ਸ਼ੁਰੂ ਕਰ ਦਿੱਤਾ ਜਦੋਂ ਹਾਲੇ ਉੱਠ ਕੇ ਚਾਹ ਪਾਣੀ ਚਲ ਰਿਹਾ ਹੁੰਦਾ ਸੀ। ਇਸ ਨਾਲ ਮੇਰੀ ਪਤਨੀ ਨੂੰ ਵੀ ਤੇ ਮੈਨੂੰ ਵੀ ਕੋਫ਼ਤ ਹੁੰਦੀ । ਫਿਰ ਉਸ ਨੇ ਤਿੰਨ ਮਹੀਨੇ ਮਗਰੋਂ ਹੀ ਮੰਗ ਰਖ ਦਿੱਤੀ ਕਿ ਉਸ ਦੇ ਪੈਸੇ ਵਧਾਏ ਜਾਣ। ਜਦੋਂ ਉਹ ਬਿਮਾਰੀ ਕਾਰਨ ਵੀਹ ਦਿਨ ਨਹੀਂ ਆਈ, ਘਰ ਵਿਚ ਅਜੀਬ ਕਿਸਮ ਦੀ ਪਰੇਸ਼ਾਨੀ ਵਾਲਾ ਤਣਾਓਪੂਰਨ ਮਾਹੌਲ ਰਿਹਾ। ਫਿਰ ਉਸ ਨੇ ਪੈਰਾਂ ਵਿਚ ਝਾਂਜਰਾਂ ਪਾ ਕੇ ਆਉਣਾ ਸ਼ੁਰੂ ਕਰ ਦਿੱਤਾ । ਸਵੇਰ ਵੇਲੇ ਜਦੋਂ ਸੰਗੀਤ ਸੁਣਨ ਜਾਂ ਅਖ਼ਬਾਰ ਪੜ੍ਹਨ ਦਾ ਚਿੱਤ ਕਰਦਾ ਤਾਂ ਸਫ਼ਾਈ ਵਾਲੀ ਸਾਰੇ ਘਰ ਵਿਚ ਝਾਂਜਰਾਂ ਛਣਕਾਉਂਦੀ ਫ਼ਿਰਦੀ। ਪਤਾ ਨਹੀਂ ਝਾਂਜਰਾਂ ਤੋਂ ਅੱਕ ਕੇ ਜਾਂ ਉਸ ਨੂੰ ਆਚਾਰ ਦੇ ਮਰਤਬਾਨ ਨੂੰ ਚੋਰੀਓਂ ਹੱਥ ਲਾਉਂਦੀ ਵੇਖ ਕੇ ਮੇਰੀ ਬੀਵੀ ਨੇ ਉਸ ਨੂੰ ਨੌਕਰੀਓਂ ‘ਕਢ’ ਦਿੱਤਾ।
ਇਨ੍ਹਾਂ ਘਰੇਲੂ ਨੌਕਰਾਣੀਆਂ ਦਾ ਕਿੰਨਾ ਸ਼ੋਸ਼ਣ ਹੁੰਦਾ ਹੈ, ਇਸ ਬਾਰੇ ਕਿਸੇ ਪਾਰਟੀ, ਸੰਸਥਾ ਜਥੇਬੰਦੀ ਜਾਂ ਸਮਾਜ ਸੇਵਕਾਂ ਨੇ ਕਦੇ ਚਿੰਤਾ ਨਹੀਂ ਕੀਤੀ। ਇਨ੍ਹਾਂ ਲਈ ਨੌਕਰੀ ਮਿਲਣ ਦੀ ਤਾਂ ਗਾਰੰਟੀ ਕੋਈ ਹੈ ਹੀ ਨਹੀਂ, ਪ੍ਰਧਾਨ ਮੰਤਰੀ ਦੇ ਸਲਾਹਕਾਰਾਂ ਵਾਂਗ ਨੌਕਰੀ ਦੇ ਸਥਾਈ ਹੋਣ ਦੀ ਵੀ ਕੋਈ ਗਾਰੰਟੀ ਨਹੀਂ। ਰੁਜ਼ਗਾਰ ਦਫ਼ਤਰਾਂ ਵਿਚ ਇਨ੍ਹਾਂ ਦੇ ਨਾਂ ਬੇਰੁਜ਼ਗਾਰਾਂ ਵਿਚ ਦਰਜ ਨਹੀਂ ਹਨ ਕਿਉਂਕਿ ਅਨਪੜ੍ਹਾਂ ਨੂੰ ਇਸ ਖ਼ਾਤੇ ਵਿਚ ਰਖਿਆ ਹੀ ਨਹੀਂ ਜਾਂਦਾ। ਇਹ ਅਜਿਹੇ ਗ਼ਰੀਬ ਤਬਕੇ ਨਾਲ ਸਬੰਧਤ ਹਨ ਜਿਨ੍ਹਾਂ ਦਾ ਮੁੱਖ ਪੇਸ਼ਾ ਰਿਕਸ਼ਾ ਚਲਾਉਣਾ, ਕੂੜ ਕਬਾੜ ਇਕੱਠਾ ਕਰਕੇ ਵੇਚਣਾ ਆਦਿ ਹੈ। ਇਹ ਸ਼ਹਿਰਾਂ ਦੇ ਬਾਹਰਵਾਰ ਜਾਂ ਸ਼ਹਿਰਾਂ ਦੇ ਅੰਦਰ ਹੀ ਝੌਂਪੜੀਆਂ ਵਿਚ ਰਹਿੰਦੇ ਹਨ। ਗ਼ਰੀਬੀ ਦੀ ਰੇਖ਼ਾ ਤੋਂ ਹੇਠਾਂ ਰਹਿਣ ਵਾਲੇ ਇਨ੍ਹਾਂ ਲੋਕਾਂ ਦੀ ਮਸਾਂ ਹੀ ਆਈ ਚਲਾਈ ਹੁੰਦੀ ਹੈ। ਜੇ ਇਨ੍ਹਾਂ ਦੇ ਮਰਦਾਂ ਦੇ ਨਾਂ ਵੀ ਰੁਜ਼ਗਾਰ ਦਫ਼ਤਰਾਂ ਵਿਚਲੇ ਬੇਰੁਜ਼ਗਾਰੀ ਵਾਲੇ ਰਜਿਸਟਰਾਂ ਵਿਚ ਦਰਜ ਨਹੀਂ ਹੁੰਦੇ ਤਾਂ ਇਨ੍ਹਾਂ ਔਰਤਾਂ ਤੇ ਲੜਕੀਆਂ ਨੂੰ ਕੌਣ ਦਰਜ ਕਰੇਗਾ?
ਇਨ੍ਹਾਂ ਦਾ ਕੋਈ ਏਕਾ ਨਹੀਂ ਹੈ, ਕੋਈ ਯੂਨੀਅਨ ਨਹੀਂ ਹੈ। ਹਰੇਕ ਘਰੇਲੂ ਨੌਕਰਾਣੀ ਆਪਣੇ ਥਾਂ ਇਕੱਲੀ ਹੈ । ਉਸ ਨੂੰ ਤਾਂ ਬਸ ਇਹੀ ਲਾਲਚ ਹੁੰਦਾ ਹੈ ਕਿ ਉਸ ਨੂੰ ਜਿੰਨੇ ਘਰ ਮਿਲ ਜਾਣ ਓਨੇ ਹੀ ਚੰਗੇ ਹਨ। ਜਿੰਨੇ ਵਧੇਰੇ ਘਰਾਂ ਵਿਚ ਕੰਮ ਕਰੇਗੀ ਓਨੇ ਵਧੇਰੇ ਪੈਸੇ ਮਿਲਣਗੇ। ਜਿੰਨੇ ਵਧੇਰੇ ਪੈਸੇ ਮਿਲਣਗੇ ਓਨਾ ਹੀ ਰੋਅਬ ਉਨ੍ਹਾਂ ਦੇ ਘਰਾਂ ਵਿਚ ਹੋਏਗਾ। ਵਰਨਾ ਸ਼ਰਾਬੀ ਪਤੀਆਂ ਦੀਆਂ ਗਾਲ੍ਹਾਂ ਅਤੇ ਮਾਰ ਖਾਣੀ ਪਏਗੀ । ਦੂਜਾ ਇਹ ਜਿਵੇਂ ਵੱਖ ਵੱਖ ਖੇਤਰਾਂ ਵਿਚ ਕੰਮ ਕਰਦੀਆਂ ਹਨ, ਉਸ ਮੁਤਾਬਕ ਇਨ੍ਹਾਂ ਨੂੰ ਜਥੇਬੰਦ ਕਰਨਾ ਮੁਸ਼ਕਿਲ ਵੀ ਹੁੰਦਾ ਹੈ। ਇਨ੍ਹਾਂ ਕਈ ਘਰਾਂ ਵਿਚ ਕੰਮ ਕਰਨ ਮਗਰੋਂ ਆਪਣੇ ਘਰਾਂ ਵਿਚ ਵੀ ਕੰਮ ਕਰਨਾ ਹੁੰਦਾ ਹੈ।ਰੋਟੀ ਪਕਾਉਣੀ, ਸਫ਼ਾਈ ਕਰਨੀ, ਲਿੱਪ ਪੋਚਾ ਕਰਨਾ, ਹਰ ਘਰ ਦਾ ਜਾਂ ਹਰ ਝੌਪੜੀ ਦਾ ਲਾਜ਼ਮੀ ਕੰਮ ਹੈ।
ਘਰੇਲੂ ਨੌਕਰਾਣੀ ਨੂੰ ਦੋ ਤਰ੍ਹਾਂ ਦੇ ਖ਼ਤਰਿਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਵਿਚ ਸਭ ਤੋਂ ਪਹਿਲਾ ਖ਼ਤਰਾ ਹੈ ਬਲਾਤਕਾਰ ਦਾ। ਜਿਨ੍ਹੀਂ ਘਰੀਂ ਔਰਤਾਂ ਪਹਿਲਾਂ ਕੰਮ ਉਤੇ ਚਲੀਆਂ ਜਾਂਦੀਆਂ ਹਨ, ਉਨ੍ਹੀਂ ਘਰੀਂ ਇਕੱਲੇ ਮਰਦਾਂ ਦੀ ਹਾਜ਼ਰੀ ਵਿਚ ਕੰਮ ਕਰਨਾ ਖ਼ਤਰੇ ਤੋਂ ਖ਼ਾਲੀ ਨਹੀਂ ਹੁੰਦਾ। ਬੰਬਈ ਦੀ ਇਕ ਸਮਾਜ ਸੇਵਿਕਾ ਸਰਲਾ ਖੋਡਕਾਂਵਕਰ ਵਲੋਂ ਕੀਤੇ ਗਏ ਇਕ ਸਰਵੇ ਮੁਤਾਬਕ ਸੋਲ੍ਹਾਂ ਸਾਲ ਦੀ ਉਮਰ ਤਕ ਆਉਂਦੇ ਆਉਂਦੇ ਘਰੇਲੂ ਨੌਕਰਾਣੀਆਂ, ਜਿਨ੍ਹਾਂ ਨੂੰ ਬੰਬਈਆ ਭਾਸ਼ਾ ਵਿਚ ‘ਬਾਈ’ ਕਿਹਾ ਜਾਂਦਾ ਹੈ, ਵਿਚੋਂ ਦੋ ਤਿਹਾਈ ਬਲਾਤਕਾਰ ਜਾਂ ਫ਼ਸਲਾਹਟ ਦਾ ਸ਼ਿਕਾਰ ਹੋ ਚੁੱਕੀਆਂ ਹੁੰਦੀਆਂ ਹਨ। ਸ਼ਾਇਦ ਇਹੀ ਕਾਰਨ ਹੈ ਕਿ ਇਨ੍ਹਾਂ ਲੜਕੀਆਂ ਦੀ ਚੜ੍ਹਦੀ ਉਮਰ ਦੇ ਸਾਲਾਂ ਵਿਚ ਹੀ ਸ਼ਾਦੀ ਕਰ ਦਿੱਤੀ ਜਾਂਦੀ ਹੈ। ਪਰ ਜ਼ਰੂਰੀ ਨਹੀਂ ਕਿ ਬਲਾਤਕਾਰ ਘਰ ਦੇ ਮਾਲਕ ਹੀ ਕਰਨ । ਬਹੁਤ ਵਾਰੀ ਸਾਥੀ ਨੌਕਰ ਮੁੰਡੇ, ਡਰਾਈਵਰ, ਮਾਲੀ ਆਦਿ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ।
ਦੂਜਾ ਖ਼ਤਰਾ ਹੈ ਚੋਰੀ ਦੇ ਇਲਜ਼ਾਮ ਦਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕੁਝ ਪਾਰਟ ਟਾਈਮ ਨੌਕਰਣੀਆਂ ਚੋਰੀ ਦੀ ਆਦਤ ਦਾ ਸ਼ਿਕਾਰ ਹੋ ਜਾਂਦੀਆਂ ਹਨ। ਪਰ ਜੇ ਘਰ ਵਿਚ ਕੋਈ ਵੀ ਕੀਮਤੀ ਚੀਜ਼ ਗੁਆਚ ਜਾਵੇ ਤਾਂ ਸਿੱਧਾ ਦੋਸ਼ ਇਨ੍ਹਾਂ ਉਤੇ ਹੀ ਲਗਦਾ ਹੈ। ਆਮ ਤੌਰ ‘ਤੇ ਚੋਰੀ ਦੀ ਸੂਰਤ ਵਿਚ ਪੁਲੀਸ ਵੀ ਘਰੇਲੂ ਨੌਕਰਾਂ ਤੇ ਨੌਕਰਾਣੀਆਂ ਤੋਂ ਹੀ ਪੁੱਛਗਿੱਛ ਕਰਦੀ ਹੈ। ਪਹਿਲਾ ਸ਼ੱਕ ਇਨ੍ਹਾਂ ਉਤੇ ਹੀ ਹੁੰਦਾ ਹੈ ।
ਇਹ ਔਰਤਾਂ ਜਿਥੇ ਅਮੀਰ ਤੇ ਮੱਧ ਵਰਗੀ ਘਰਾਂ ਲਈ ਲਾਜ਼ਮੀ ਸਹਾਇਤਾ ਪ੍ਰਦਾਨ ਕਰਦੀਆਂ ਹਨ, ਉਥੇ ਇਹ ਇਲਜ਼ਾਮਾਂ ਦੀਆਂ ਵੀ ਸ਼ਿਕਾਰ ਹੁੰਦੀਆਂ ਹਨ ਅਤੇ ਨੌਕਰੀ ਦੇ ਅਸਥਾਈਪੁਣੇ ਦੀਆਂ ਵੀ। ਵਿਆਹੁਤਾ ਜੀਵਨ ਦੇ ਦੋ ਦਹਾਕਿਆਂ ਵਿਚ ਕਰੀਬ ਚਾਰ ਦਰਜਨ ਨੌਕਰਾਣੀਆਂ ਤਾਂ ਮੈਂ ਹੀ ਦੇਖ ਚੁੱਕਾ ਹਾਂ । ਖ਼ੁਸ਼ਵੰਤ ਸਿੰਘ ਦੇ ਸ਼ਬਦਾਂ ਮੁਤਾਬਕ ਜਿਵੇਂ ਮਰਦ ਹਰ ਰੋਜ਼ ਕਮੀਜ਼ ਬਦਲਦਾ ਹੈ ਤਿਵੇਂ ਹੀ ਘਰਾਂ ਦੀਆਂ ਸੁਆਣੀਆਂ ਮਾਈਆਂ ਬਦਲ ਲੈਂਦੀਆ ਹਨ ਅਤੇ ਜਿੰਨੀ ਦੇਰ ਤਕ ਗ਼ਰੀਬੀ ਕਾਇਮ ਹੈ, ਘਰੇਲੂ ਸਹਾਇਤਾ ਵਾਲੀ ਇਹ ਸ਼੍ਰੇਣੀ ਕਾਇਮ ਰਹੇਗੀ ਅਤੇ ਇਸੇ ਤਰ੍ਹਾਂ ਤਰ੍ਹਾਂ ਦੇ ਵਤੀਰੇ ਦਾ ਸ਼ਿਕਾਰ ਰਹੇਗੀ।
ਧੀ-ਮਾਰਾਂ ਦਾ ਕੁਣਬਾ
ਗੱਲ ਨਿਰੀ ਜ਼ਾਤੀ ਹੈ ਪਰ ਇਥੇ ਇਸ ਦਾ ਮਹੱਤਵ ਹੱਥਲੇ ਵਿਸ਼ੇ ਨਾਲ ਸਬੰਧਤ ਹੋਣ ਕਾਰਨ ਬਹੁਤ ਹੈ। ਕੁਝ ਸਾਲ ਪਹਿਲਾਂ ਜਦੋਂ ਪੀ.ਜੀ.ਆਈ. ਚੰਡੀਗੜ੍ਹ ਵਿਚ ਮੇਰੀ ਬੇਟੀ ਦਾ ਜਨਮ ਹੋਇਆ ਤਾਂ ਨਰਸ ਨੇ ਆ ਕੇ ਮੂੰਹ ਲਟਕਾ ਕੇ ਖ਼ਬਰ ਸੁਣਾਈ। ਉਸ ਨੂੰ ਸ਼ਾਇਦ ਇੰਜ ਲਗਦਾ ਸੀ ਕਿ ਕੁੜੀ ਜੰਮਣ ‘ਤੇ ਮੇਰਾ ਪ੍ਰਤੀਕਰਮ ਵੀ ਮੂੰਹ ਲਟਕਾਉਣ ਵਾਲਾ ਹੋਵੇਗਾ ਜੋ ਆਮ ਤੌਰ ‘ਤੇ ਹੀ ਆਮ ਲੋਕਾਂ ਦਾ ਹੁੰਦਾ ਹੈ। ਪਰ ਜਦੋਂ ਮੈਂ ਇਸ ਗੱਲ ਨੂੰ ਖ਼ੁਸ਼ੀ ਨਾਲ ਸੁਣਿਆ ਅਤੇ ਉਸ ਨੂੰ ਬਰਫ਼ੀ ਖਿਲਾਉਣ ਦਾ ਵਾਅਦਾ ਕੀਤਾ ਤਾਂ ਉਹ ਡੌਰ ਭੌਰੀ ਰਹਿ ਗਈ।
ਇਸ ਤੋਂ ਕਰੀਬ ਇਕ ਮਹੀਨਾ ਪਹਿਲਾਂ ਹੀ ਡਾਕਟਰਾਂ ਨੇ ਮੇਰੀ ਪਤਨੀ ਦਾ ਸਾਊਂਡ ਸਕੈਨ ਕੀਤਾ ਸੀ। ਇਹ ਮਸ਼ੀਨ ਸ਼ਹਿਰ ਵਿਚ ਤਾਂ ਪਹਿਲਾਂ ਹੀ ਆ ਚੁੱਕੀ ਸੀ ਪਰ ਪੀ.ਜੀ.ਆਈ. ਸਰਕਾਰੀ ਸੰਸਥਾ ਹੋਣ ਕਾਰਨ, ਉਥੇ ਉਨ੍ਹੀਂ ਦਿਨੀਂ ਹੀ ਆਈ ਸੀ। ਇਸ ਲਈ ਡਾਕਟਰਾਂ ਨੂੰ ਉਸ ਦੀ ਵਰਤੋਂ ਦੀ ਸਿਖਲਾਈ ਦਿੱਤੀ ਜਾ ਰਹੀ ਸੀ। ਹਰ ਰੋਜ਼ ਡਾਕਟਰਾਂ ਦੀ ਵੱਖਰੀ ਟੀਮ ਕਿਸੇ ਨਾ ਕਿਸੇ ਮਰੀਜ਼ ਨੂੰ ਲਿਜਾ ਕੇ ਮਸ਼ੀਨ ਚਲਾਉਣੀ ਸਿੱਖਦੀ ਸੀ। ਮੇਰੇ ਕਹਿਣ ਦਾ ਮਤਲਬ ਹੈ ਕਿ ਜੇ ਡਾਕਟਰਾਂ ਦੀ ਲੋੜ ਨਾ ਹੁੰਦੀ ਤਾਂ ਸ਼ਾਇਦ ਮੈਂ ਇਹ ਟੈਸਟ ਕਰਵਾਉਣ ਲਈ ਹਾਮੀ ਨਾ ਭਰਦਾ ਕਿਉਂਕਿ ਇਸ ਟੈਸਟ ਉਪਰੰਤ ਟੀਮ ਦੀ ਸੀਨੀਅਰ ਡਾਕਟਰ ਨੇ ਮੈਨੂੰ ਕਿਹਾ: “ਮੁਬਾਰਕਾਂ, ਟੈਸਟ ਬਿਲਕੁਲ ਠੀਕ ਹੋਇਆ ਹੈ।”
“ ਸ਼ੁਕਰੀਆ।”
“ਮੈਨੂੰ ਪਤਾ ਲੱਗ ਗਿਆ ਹੈ ਕਿ ਤੁਹਾਡੇ ਪੁੱਤਰ ਹੋਏਗਾ ਕਿ ਧੀ ਪਰ ਤੁਹਾਨੂੰ ਦੱਸਣਾ ਨਹੀਂ।” ਲੇਡੀ ਡਾਕਟਰ ਨੇ ਇਹ ਗੱਲ ਇਵੇਂ ਕਹੀ ਜਿਵੇਂ ਇਹ ਪਤਾ ਲੱਗਣ ‘ਤੇ ਕਿ ਬੱਚਾ ਨਰ ਨਹੀਂ, ਮਾਦਾ ਹੈ, ਸ਼ਾਇਦ ਮੈਂ ਉਦਾਸ ਹੋ ਜਾਵਾਂ।
ਉਪਰੋਕਤ ਦੋਵੇਂ ਗੱਲਾਂ ਇਸਤਰੀਆਂ ਵਲੋਂ ਕੀਤੀਆਂ ਗਈਆਂ ਅਤੇ ਇਸ ਖ਼ਦਸ਼ੇ ਨਾਲ ਕੀਤੀਆਂ ਗਈਆਂ ਕਿ ਸ਼ਾਇਦ ਪੇਟ ਵਿਚ ਕੁੜੀ ਦੀ ਖ਼ਬਰ ਮਿਲਣਾ, ਜਾਂ ਕੁੜੀ ਜੰਮਣ ਦੀ ਖ਼ਬਰ ਕੋਈ ਅਫ਼ਸੋਸਨਾਕ ਗੱਲ ਹੈ। ਇਥੇ ਮੈਂ ਕਹਿਣਾ ਇਹ ਚਾਹੁੰਦਾ ਹਾਂ ਕਿ ਅੱਜ ਕੱਲ੍ਹ ਦੇ ਜ਼ਮਾਨੇ, ਜਦੋਂ ਜ਼ੋਰ ਇਸ ਗੱਲ ਉੱਤੇ ਦਿੱਤਾ ਜਾ ਰਿਹਾ ਹੈ ਕਿ ਮੁੰਡੇ ਅਤੇ ਕੁੜੀ ਵਿਚ ਕੋਈ ਫ਼ਰਕ ਨਹੀਂ ਹੈ, ਵਿਚ ਵੀ ਪੜ੍ਹੀਆਂ ਲਿਖੀਆਂ ਡਾਕਟਰਾਂ ਅਤੇ ਨਰਸਾਂ ਕੁੜੀਆਂ ਜੰਮਣ ਨੂੰ ਖ਼ੁਸ਼ੀ ਨਾਲ ਨਹੀਂ ਪਰਵਾਨ ਕਰਦੀਆਂ। ਉਹ ਭਾਰਤ ਦੀ ਸਮੁੱਚੀ ਵਸੋਂ ਦੇ ਵਿਚਾਰਾਂ ਦੀਆਂ ਪ੍ਰਤੀਕ ਹਨ। ਜੇ ਡਾਕਟਰ ਅਤੇ ਨਰਸਾਂ, ਜਿਨ੍ਹਾਂ ਨੂੰ ਪਤਾ ਹੈ ਕਿ ਕੁੜੀ ਜਾਂ ਮੁੰਡਾ ਪੈਦਾ ਹੋਣਾ ਕਿਸੇ ਦੇ ਵੱਸ ਨਹੀਂ ਅਤੇ ਜਿਹੜੀਆਂ ਆਪ ਕੁੜੀਆਂ ਹੋਣ ਦੇ ਨਾਤੇ ਡਾਕਟਰ ਅਤੇ ਨਰਸ ਦਾ ਕੰਮ ਕਰ ਰਹੀਆਂ ਹਨ, ਵੀ ਇਸ ਤਰ੍ਹਾਂ ਸੋਚਦੀਆਂ ਹਨ ਤਾਂ ਆਮ ਲੋਕਾਂ, ਅਤੇ ਖ਼ਾਸ ਕਰ ਕੇ ਆਮ ਔਰਤਾਂ, ਦੇ ਵਿਚਾਰ ਕਿਸ ਤਰ੍ਹਾਂ ਉਨ੍ਹਾਂ ਤੋਂ ਚੰਗੇ ਹੋ ਸਕਦੇ ਹਨ?
ਵਿਗਿਆਨ ਦੀ ਦੁਰਵਰਤੋਂ ਤਾਂ ਮਨੁੱਖ ਨੇ ਸ਼ੁਰੂ ਤੋਂ ਹੀ ਕੀਤੀ ਹੋਈ ਹੈ ਪਰ ਸਾਊਂਡ ਸਕੈਨ ਅਰਥਾਤ ਗਰਭ ਟੈਸਟ ਦੀ ਸਹੂਲਤ ਦੀ ਜਿੰਨੀ ਦੁਰਵਰਤੋਂ ਕੀਤੀ ਗਈ ਹੈ ਅਤੇ ਜਿੰਨੀ ਕੀਤੀ ਜਾ ਰਹੀ ਹੈ, ਇਸ ਦੀ ਉਦਾਹਰਣ ਕਿਤੇ ਨਹੀਂ ਮਿਲਦੀ। ਭਾਰਤੀ ਸੰਸਕ੍ਰਿਤੀ ਵਿਚ ਗਊ ਦੀ ਬਹੁਤ ਮਹੱਤਤਾ ਹੈ। ਇਹੀ ਕਾਰਨ ਹੈ ਕਿ ਗਊ ਨੂੰ ਮਾਰਨਾ ਗੁਨਾਹ ਮੰਨਿਆ ਜਾਂਦਾ ਹੈ। ਗਊ ਗ਼ਰੀਬ ਦੀ ਰੱਖਿਆ ਕਰਨਾ ਧਾਰਮਿਕ ਥਾਂ ਦੇ ਉਪਦੇਸ਼ ਹਨ। ਧੀਆਂ ਨੂੰ ਗਊਆਂ ਦੀ ਉਪਮਾ ਦਿੱਤੀ ਜਾਂਦੀ ਹੈ। ਗਊਆਂ ਨੂੰ ਪੇੜੇ ਖੁਆਏ ਜਾਂਦੇ ਹਨ। ਉਨ੍ਹਾਂ ਲਈ ਗਊਸ਼ਾਲਾਵਾਂ ਬਣਾ ਕੇ ਦਾਨ ਦਿੱਤੇ ਜਾਂਦੇ ਹਨ। ਬੁੱਚੜਾਂ ਹੱਥੋਂ ਗਊਆਂ ਨੂੰ ਛੁਡਵਾਉਣ ਲਈ ਮਨੁੱਖ ਵੀ ਕੁਰਬਾਨੀਆਂ ਦੇ ਜਾਂਦੇ ਹਨ। ਪਰ ਗਊਆਂ ਵਰਗੀਆਂ ਧੀਆਂ ਨੂੰ ਵਿਗਿਆਨ ਦੀ ਵਰਤੋਂ ਕਰ ਕੇ ਕੁਰਬਾਨ ਕੀਤਾ ਜਾ ਰਿਹਾ ਹੈ।
ਸ਼ਰ੍ਹੇਆਮ ਇਸ਼ਤਿਹਾਰ ਛਪਦੇ ਹਨ ਕਿ ਗਰਭ ਵਿਚਲੇ ਬੱਚੇ ਦਾ ਲਿੰਗ ਪਤਾ ਕਰਨ ਲਈ ਟੈਸਟ ਕਰਵਾਓ। ਇਸ ਦਾ ਅਰਥ ਹੈ ਕਿ ਜੇ ਗਰਭ ਵਿਚ ਮੁੰਡਾ ਹੈ ਤਾਂ ਠੀਕ, ਜਨਮ ਦੇ ਦਿਓ। ਜੇ ਕੁੜੀ ਹੈ ਤਾਂ ਗਰਭਪਾਤ ਕਰਵਾ ਦਿਓ ਤਾਂ ਕਿ ਛੁਟਕਾਰਾ ਮਿਲੇ।
ਧੀ-ਮਾਰਾਂ ਵਿਚ ਪਹਿਲਾਂ ਪਹਿਲ ਤਾਂ ਕੁਝ ਕਬੀਲੇ ਹੀ ਸ਼ਾਮਲ ਹੁੰਦੇ ਸਨ ਪਰ ਅੱਜ ਕੱਲ੍ਹ ਇਨ੍ਹਾਂ ਵਿਚ ਪੜ੍ਹੇ ਲਿਖੇ ਲੋਕ ਵੀ ਸ਼ਾਮਲ ਹੋ ਗਏ ਹਨ। ਰਾਜਸਥਾਨ ਦੇ ਭਰਤਪੁਰ ਜ਼ਿਲੇ ਦੇ ਗੁੱਜਰ ਪਰਿਵਾਰਾਂ ਵਿਚ ਅੱਜ ਕੱਲ੍ਹ ਵੀ ਜੰਮਦੀਆਂ ਕੁੜੀਆਂ ਨੂੰ ਮਾਰਨ ਦੀ ਪਰਵਿਰਤੀ ਪਾਈ ਜਾਂਦੀ ਹੈ। ਇਥੋਂ ਤਕ ਕਿ ਕਾਂਗਰਸ ਦੇ ਇਕ ਵਿਧਾਇਕ ਵਲੋਂ ਵੀ ਆਪਣੀ ਨਵੀਂ ਜੰਮੀ ਧੀ ਦੀ ਹੱਤਿਆ ਕਰ ਦਿੱਤੀ ਗਈ। ਇਸ ਬਾਰੇ ਅਸੈਂਬਲੀ ਵਿਚ ਬਹੁਤ ਚਰਚਾ ਹੋਈ ਅਤੇ ਲੋਕਾਂ ਨੇ ਇਸ ਵਿਧਾਇਕ ਵਿਰੁਧ ਕਾਰਵਾਈ ਕਰਨ ਦੀ ਵੀ ਮੰਗ ਕੀਤੀ ।
ਗੁੱਜਰਾਂ ਵਿਚ ਧੀਆਂ ਮਾਰਨ ਦੀ ਰਵਾਇਤ ਲੰਬੇ ਸਮੇਂ ਤੋਂ ਚਲੀ ਆ ਰਹੀ ਹੈ। ਇਹ ਪਰਵਿਰਤੀ ਉਸ ਵਿਧਾਇਕ ਬਰਜਿੰਦਰ ਸਿੰਘ ਦੇ ਪਿੰਡ ਸੂਪਾ ਸਮੇਤ ਇਕ ਦਰਜਨ ਦੇ ਕਰੀਬ ਪਿੰਡਾਂ ਵਿਚ ਪਾਈ ਜਾਂਦੀ ਹੈ। ਪਤਾ ਲੱਗਾ ਹੈ ਕਿ ਵਿਧਾਇਕ ਦੇ ਪਰਿਵਾਰ ਵਿਚ ਕੁੱਲ 200 ਮੈਂਬਰ ਹਨ ਪਰ ਕੁੜੀਆਂ ਦੀ ਗਿਣਤੀ ਇਕ ਦਰਜਨ ਤੋਂ ਵੀ ਘੱਟ ਹੈ। ਬਰਜਿੰਦਰ ਸਿੰਘ ਦੇ ਘਰ ਪਹਿਲਾਂ 1984 ਵਿਚ ਤੇ ਫਿਰ 1986 ਵਿਚ ਦੋ ਧੀਆਂ ਜੰਮੀਆਂ। ਪਰ ਹੁਣ ਉਨ੍ਹਾਂ ਦੇ ਸਿਰਫ਼ ਦੋ ਪੁੱਤਰ ਹੀ ਹਨ। ਧੀਆਂ ਕਦੋਂ ਤੇ ਕਿਵੇਂ ਮਰੀਆਂ ਇਸ ਦਾ ਕੋਈ ਪਤਾ ਨਹੀਂ। ਵਿਧਾਇਕ ਦਾ ਕਹਿਣਾ ਹੈ ਕਿ ਉਸ ਦੇ ਘਰ ਧੀਆਂ ਜੰਮੀਆਂ ਹੀ ਨਹੀਂ।
ਧੀਆਂ ਨੂੰ ਮਾਰਨ ਦੇ ਢੰਗ ਬੜੇ ਅਜੀਬ ਹਨ। ਰਾਜਸਥਾਨ ਵਿਚ ਤਾਂ ਦਾਈਆਂ ਹੀ ਜੰਮਦੀ ਕੁੜੀ ਦੇ ਮੂੰਹ ਵਿਚ ਰੇਤਾ ਪਾ ਦਿੰਦੀਆਂ ਹਨ ਜਿਸ ਨਾਲ ਉਹ ਸਾਹ ਘੁੱਟ ਕੇ ਮਰਦੀਆਂ ਹਨ। ਕਈ ਥਾਈਂ ਅੱਕ ਦਾ ਰਸ ਉਨ੍ਹਾਂ ਦੇ ਮੂੰਹ ਵਿਚ ਪਾ ਦਿੱਤਾ ਜਾਂਦਾ ਹੈ। ਇਹ ਰਸ ਕਿਉਂਕਿ ਜ਼ਹਿਰ ਦਾ ਕੰਮ ਕਰਦਾ ਹੈ, ਬੱਚੀ ਝੱਟ ਦਮ ਤੋੜ ਜਾਂਦੀ ਹੈ। ਪੰਜਾਬ ਵਿਚ ਕੁੜੀਆਂ ਨੂੰ ਅਫੀਮ ਦੇ ਕੇ ਮਾਰਿਆ ਜਾਂਦਾ ਸੀ। ਕਈ ਥਾਂਈਂ ਗਲ ਘੁੱਟ ਕੇ ਵੀ ਮਾਰਿਆ ਜਾਂਦਾ ਸੀ।
ਕੁੜੀ, ਖਾਸ ਕਰ ਕੇ ਜੰਮਦੀ ਕੁੜੀ,ਦਾ ਮਰਨਾ ਕੋਈ ਬੁਰੀ ਗੱਲ ਨਹੀਂ ਸਮਝੀ ਜਾਂਦੀ ਕਿਉਂਕਿ ਕੁੜੀ ਦਾ ਜੰਮਣਾ ਹੀ ਚੰਗਾ ਨਹੀਂ ਸਮਝਿਆ ਜਾਂਦਾ। ਜੇ ਕਿਸੇ ਨੂੰ ਇਹ ਕਹਿਣਾ ਹੋਵੇ ਕਿ ਉਹ ਝੂਠ ਮੂਠ ਦਾ ਦੁਖੀ ਬੈਠਾ ਹੈ ਤਾਂ ਪੰਜਾਬ ਵਿਚ ਕਹਿੰਦੇ ਹਨ, “ਤੂੰ ਤਾਂ ਐਂ ਬੈਠਾਂ ਜਿਵੇਂ ਕੁੜੀ ਦੱਬ ਕੇ ਆਇਆ ਹੋਵੇਂ।”
ਕਬੀਲਿਆਂ ਵਿਚ ਤਾਂ ਜੋ ਰਵਾਇਤਾਂ ਚਲਦੀਆਂ ਰਹੀਆਂ ਹਨ ਉਨ੍ਹਾਂ ਨੂੰ ਰੋਕਣਾ ਜ਼ਰੂਰੀ ਹੈ ਪਰ ਨਾਲ ਹੀ ਨਾਲ ਸਾਊਂਡ ਸਕੈਨਾਂ ਰਾਹੀਂ ਵਧ ਰਹੀ ਬਿਮਾਰੀ ਦੀ ਗਿਣਤੀ ਨੂੰ ਘੱਟ ਕਰਨਾ ਵੀ ਜ਼ਰੂਰੀ ਹੈ। ਗੁੱਜਰਾਂ ਵਿਚ ਹਰ ਇਕ ਹਜ਼ਾਰ ਮਰਦਾਂ ਪਿੱਛੇ 750 ਔਰਤਾਂ ਹਨ।ਜੇ ਆਧੁਨਿਕ ਧੀ-ਮਾਰਾਂ ਦੀ ਚਲਦੀ ਰਹੀ ਤਾਂ ਪੰਜਾਬ ਵਿਚ ਵੀ ਇਹ ਫ਼ਰਕ ਵਧਦਾ ਜਾਵੇਗਾ। ਇਸ ਰੁਝਾਨ ਨੂੰ ਰੋਕਣਾ ਸਿਰਫ਼ ਔਰਤਾਂ ਦੀਆਂ ਜਥੇ ਬੰਦੀ-ਮਾਂ ਦੀ ਹੀ ਜ਼ਿੰਮੇਵਾਰੀ ਨਹੀਂ ਸਗੋਂ ਸਰਕਾਰ ਅਤੇ ਹੋਰ ਸਵੈ-ਇੱਛਤ ਜਥੇਬੰਦੀਆਂ ਦੀ ਜ਼ਿੰਮੇਵਾਰੀ ਵੀ ਹੈ।
ਸਭ ਤੋਂ ਵਧੀਆ ਢੰਗ ਇਹੀ ਹੈ ਕਿ ਸਾਊਂਡ ਸਕੈਨ ਰਾਹੀਂ ਧੀਆਂ ਮਾਰਨ ਵਾਲੇ ਲੋਕਾਂ ਦਾ ਸਮਾਜੀ ਬਾਈਕਾਟ ਕੀਤਾ ਜਾਵੇ, ਚਾਹੇ ਉਹ ਕੋਈ ਡਾਕਟਰ ਹੀ ਕਿਉਂ ਨਾ ਹੋਵੇ ਜੋ ਕੁੜੀਆਂ ਹੋਣ ਦੀ ਸੂਰਤ ਵਿਚ ਗਰਭਪਾਤ ਕਰਦੀਆਂ ਹਨ।
ਧੀਆਂ ਨੂੰ ਜੰਮਣ ਤੋਂ ਪਹਿਲਾਂ ਮਾਰਨ ਦੀ ਰੁਚੀ ਪਿੱਛੇ ਮੂਲ ਕਾਰਨ ਦਹੇਜ ਦੀ ਲਾਅਨਤ ਹੈ। ਦਹੇਜ ਕਿੰਨੀਆਂ ਹੱਦਾਂ ਪਾਰ ਕਰ ਚੁੱਕਾ ਹੈ, ਇਸ ਦਾ ਪਤਾ ਇਸ ਗੱਲ ਤੋਂ ਲੱਗ ਸਕਦਾ ਹੈ ਕਿ ਇਕੱਲੇ ਮਹਾਰਾਸ਼ਟਰ ਵਿਚ ਹਰ ਸਾਲ ਵਿਆਹਾਂ ਉਤੇ ਮੋਟੇ ਅੰਦਾਜ਼ੇ ਮੁਤਾਬਿਕ 1200 ਕਰੋੜ ਰੁਪਏ ਖ਼ਰਚ ਕੀਤੇ ਜਾਂਦੇ ਹਨ। ਇਹ ਅੰਦਾਜ਼ਾ ਇਸ ਗੱਲ ਨੂੰ ਮੁੱਖ ਰੱਖ ਕੇ ਲਾਇਆ ਗਿਆ ਹੈ ਕਿ ਹਰ ਸਾਲ ਪ੍ਰਾਂਤ ਵਿਚ 8 ਲੱਖ ਵਿਆਹ ਹੁੰਦੇ ਹਨ ਅਤੇ ਹਰੇਕ ਵਿਆਹ ਉਤੇ ਦਸ ਹਜ਼ਾਰ ਰੁਪਏ ਖ਼ਰਚ ਹੁੰਦਾ ਹੈ। ਪਰ ਇਹ ਜ਼ਰੂਰੀ ਨਹੀਂ ਕਿ ਹਰੇਕ ਵਿਆਹ ਉਤੇ ਸਿਰਫ਼ 10 ਹਜ਼ਾਰ ਰੁਪਿਆ ਹੀ ਖ਼ਰਚ ਹੁੰਦਾ ਹੈ। ਇਸ ਵਿਚ ਦਹੇਜ ਵੀ ਸ਼ਾਮਲ ਹੈ ਅਤੇ ਪਾਰਟੀ ਦਾ ਖ਼ਰਚਾ ਵੀ। ਜੇ ਦਹੇਜ ਨੂੰ ਖ਼ਤਮ ਕਰ ਦਿੱਤਾ ਜਾਵੇ ਤਾਂ ਧੀ-ਮਾਰਾਂ ਦੀ ਸ਼੍ਰੇਣੀ ਖ਼ਤਮ ਕੀਤੀ ਜਾ ਸਕਦੀ ਹੈ। ਪਰ ਦਹੇਜ ਭਾਰਤੀ ਸਭਿਆਚਾਰ ਵਿਚ ਏਨਾ ਡੂੰਘਾ ਘਰ ਕਰੀ ਬੈਠਾ ਹੈ ਕਿ ਇਸ ਨੂੰ ਖ਼ਤਮ ਕਰਨਾ ਸੰਭਵ ਨਹੀਂ।
(18-8-1989)
ਉਹ ਜੋ ਪੁੱਤਰ ਹੋਣਾ ਸੀ – ਉਹ ਜੋ ਧੀ ਹੈ !
ਉੱਤਰੀ ਭਾਰਤ ਵਿਚ ਗਰਭ ਵਿਚ ਹੀ ਬੱਚੇ ਦੇ ਲਿੰਗ ਦੀ ਜਾਂਚ ਕਰਵਾਉਣ ਦਾ ਧੰਦਾ ਕਈ ਸਾਲਾਂ ਤੋਂ ਜ਼ੋਰਾਂ-ਸ਼ੋਰਾਂ ਨਾਲ ਚਲਦਾ ਆ ਰਿਹਾ ਹੈ। ਪੁੱਤਰ ਦੀ ਲਾਲਸਾ ਵਿਚ ‘ਮਾਪੇ’ ਗਰਭ ਦੇ ਤੀਹਵੇਂ ਹਫ਼ਤੇ ਤਕ ਵੀ ਜਾਂਚ ਕਰਵਾ ਕੇ ‘ਕੁੜੀ’ ਦਾ ਪਤਾ ਲੱਗਣ ਉਤੇ ਗਰਭਪਾਤ ਕਰਵਾ ਦਿੰਦੇ ਹਨ। ਪਿਛਲੇ ਦਿਨੀਂ ਇਸੇ ਤਰ੍ਹਾਂ ਦੇ ਗਰਭ ਟੈਸਟ ਅਤੇ ਗਰਭਪਾਤ ਬਾਰੇ ਇਕ ਦਿਲਚਸਪ ਖ਼ਬਰ ਛਪੀ । ਦਿਲਚਸਪ ਇਸ ਕਰਕੇ ਨਹੀਂ ਕਿ ਤੀਹ ਹਫ਼ਤੇ ਦੇ ਗਰਭ ਨੂੰ ਗਿਰਾ ਦਿੱਤਾ ਗਿਆ। ਦਿਲਚਸਪ ਇਸ ਕਰਕੇ ਕਿ ਡਾਕਟਰ ਦੀ ਅਲਟਰਾਸਾਊਂਡ ਮਸ਼ੀਨ ਨੇ ਦੱਸਿਆ ਸੀ ਕਿ ਗਰਭ ਵਿੱਚ ਲੜਕੀ ਹੈ। ਅਸਲ ਵਿੱਚ ਇਹ ਲੜਕਾ ਸੀ।
ਖ਼ਬਰ ਬਣਾਉਣ ਵਾਲੇ ਦੀ ਦਿਲਚਸਪੀ ਭਾਵੇਂ ਕਿਸੇ ਵੀ ਪਾਸੇ ਕਿਉਂ ਨਾ ਹੋਵੇ, ਮੇਰੀ ਹਮਦਰਦੀ ਨਾ ਡਾਕਟਰ ਵਲ ਸੀ, ਨਾ ਮਾਪਿਆਂ ਵੱਲ ਅਤੇ ਨਾ ਹੀ ਉਸ ਬੱਚੇ ਵੱਲ ਸੀ ਜਿਸ ਨੂੰ ਸਿਰਫ਼ ਇਸ ਕਰਕੇ ਮਾਰ ਦਿੱਤਾ ਗਿਆ ਕਿਉਂਕਿ ਡਾਕਟਰ ਦੀ ਮਸ਼ੀਨ ਨੇ ਦੱਸਿਆ ਸੀ ਕਿ ਉਹ ਲੜਕੀ ਹੈ। ਮੇਰੀ ਹਮਦਰਦੀ ਤਾਂ ਉਸ ਲੜਕੀ ਨਾਲ ਸੀ ਜਿਹੜੀ ਗਰਭ ਵਿਚ ਨਹੀਂ ਸੀ, ਪਰ ਜਿਹੜੀ ਜੇ ਗਰਭ ਵਿਚ ਹੁੰਦੀ ਵੀ ਤਾਂ ਨਿਸ਼ਚੇ ਹੀ ਗਰਭਪਾਤ ਰਾਹੀਂ ਮਾਰ ਦਿੱਤੀ ਗਈ ਹੁੰਦੀ। ਮੇਰੀ ਹਮਦਰਦੀ ਉਨ੍ਹਾਂ ਮਾਪਿਆਂ ਨਾਲ ਬਿਲਕੁਲ ਨਹੀਂ ਹੈ ਜਿਹੜੇ ਤਿੰਨ ਧੀਆਂ ਦੇ ਹੁੰਦਿਆਂ ਵੀ ਪੁੱਤਰ ਦੀ ਲਾਲਸਾ ਵਿਚ ਇਕ ਹੋਰ ‘ਜੀਅ’ ਨੂੰ ਇਸ ਸੰਸਾਰ ਵਿਚ ਲਿਆਉਣ ਲਈ ਪਹਿਲਾਂ ਯਤਨ ਕਰਦੇ ਹਨ ਅਤੇ ਫ਼ੇਰ ਇਹ ਪਤਾ ਲੱਗਣ ਉਤੇ ਕਿ ਪੈਦਾ ਹੋਣ ਵਾਲਾ ਜੀਅ ਨਰ ਨਹੀਂ ਮਾਦਾ ਹੈ, ਉਸ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੰਦੇ ਹਨ।
ਅਜਿਹੇ ਮਾਪਿਆਂ ਨਾਲ ਇਵੇਂ ਹੀ ਹੋਣਾ ਚਾਹੀਦਾ ਸੀ ਕਿ ਉਨ੍ਹਾਂ ਦਾ ‘ਲਾਲਸਾਵਾਂ ਦਾ ਪੁੱਤਰ’ ਗਰਭਪਾਤ ਰਾਹੀਂ ਮਾਰਿਆ ਜਾਵੇਂ। ਮੈਂ ਉਸ ਡਾਕਟਰ ਨਾਲ ਕਿਵੇਂ ਹਮਦਰਦੀ ਕਰ ਸਕਦਾ ਹਾਂ ਜਿਸ ਨੇ ਆਪਣੇ ਪੇਸ਼ੇ ਨਾਲ ਹਰਾਮਖ਼ੋਰੀ ਕਰਕੇ ਪੈਸੇ ਦੇ ਲਾਲਚ ਵਿਚ ਕਮਅਕਲ ਮਾਪਿਆਂ ਦੀ ਪੁੱਤਰ ਦੀ ਕਮਜ਼ੋਰੀ ਦਾ ਲਾਭ ਉਠਾਉਣ ਲਈ ਪਹਿਲਾਂ ਪੇਟ ਵਿਚਲੇ ਬੱਚੇ ਦੀ ਲਿੰਗ ਜਾਂਚ ਕੀਤੀ ਅਤੇ ਫ਼ੇਰ ਉਨ੍ਹਾਂ ਦੇ ਮਾਪਿਆਂ ਦੇ ਕਹਿਣ ਉਤੇ ਗਰਭਪਾਤ ਕਰ ਦਿੱਤਾ? ਮੈਨੂੰ ਬਿਲਕੁਲ ਤਰਸ ਨਹੀਂ ਆਉਂਦਾ ਉਨ੍ਹਾਂ ਮਾਪਿਆਂ ਉਤੇ ਜਾਂ ਉਸ ਡਾਕਟਰ ਉਤੇ ਜਿਨ੍ਹਾਂ ਨੂੰ ਗਰਭਪਾਤ ਤੋਂ ਬਾਅਦ ਪਤਾ ਲੱਗਾ ਕਿ ਦਰਅਸਲ ਜਿਸ ਦੀ ਉਹ ਹੱਤਿਆ ਕਰ ਬੈਠੇ ਹਨ, ਉਹ ਧੀ ਨਹੀਂ ਸੀ ਹੋਣੀ, ਸਗੋਂ ਪੁੱਤਰ ਹੋਣਾ ਸੀ । ਅਤੇ ਮੈਨੂੰ ਰਤਾ ਹੈਰਾਨੀ ਨਹੀਂ ਹੋਈ ਉਸ ਡਾਕਟਰ ਉਤੇ ਜਿਸ ਨੇ ਅਣਜੰਮੇ ਪੁੱਤਰ ਦੀ ਫੁੱਲੋ ਕੱਟ ਕੇ ਇਹ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਕਿ ਉਸ ਦੀ ਮਸ਼ੀਨ ਨੇ ਗ਼ਲਤ ਨਹੀਂ ਸੀ ਦੱਸਿਆ ਅਤੇ ਕਿ ਜੰਮਣ ਵਾਲਾ ਬੱਚਾ ਧੀ ਹੀ ਸੀ, ਨਾ ਕਿ ਪੁੱਤਰ ਹੋਣਾ ਸੀ।
ਮੈਨੂੰ ਅਫ਼ਸੋਸ ਹੈ ਉਸ ਬਾਲ ਦੇ ਜੰਮਣ ਤੋਂ ਪਹਿਲਾਂ ਹੀ ਮਰ ਜਾਣ ਉਤੇ । ਪਰ ਮੈਨੂੰ ਰਤਾ ਤਰਸ ਨਹੀਂ ਹੈ ਉਸ ਅਣਜੰਮੇ ਬਾਲ ਦੀ ਮੌਤ ਉਤੇ ਜਿਸ ਦੀ ਮਿੱਟੀ ਇੰਝ ਖ਼ਰਾਬ ਹੋਈ। ਮਰੇ ਹੋਏ ਮਨੁੱਖ ਦੀ ਮਿੱਟੀ ਨਾਲ ਜਿਵੇਂ ਮਰਜ਼ੀ ਕਰ ਲਵੋ, ਉਸ ਨੂੰ ਕੋਈ ਫਰਕ ਨਹੀਂ ਪੈਂਦਾ। ਕਿੰਨੀਆਂ ਬਾਲੜੀਆਂ ਹਨ ਜਿਨ੍ਹਾਂ ਦੀ ਨਿੱਤ ਦਿਹਾੜੇ ਇਸ ਤਰੀਕੇ ਨਾਲ ਹੱਤਿਆ ਕੀਤੀ ਜਾਂਦੀ ਹੈ ? ਉਨ੍ਹਾਂ ਦੀ ਮੌਤ ਉਤੇ ਕੋਈ ਕਿੰਨਾ ਕੁ ਅਫ਼ਸੋਸ ਕਰਦਾ ਹੈ? ਜਿਹੜੇ ਮਾਪੇ ਆਪ ਉਨ੍ਹਾਂ ਦੀ ਹੱਤਿਆ ਕਰਨ ਲਈ ਤਿਆਰ ਹੁੰਦੇ ਹਨ, ਜਿਹੜੇ ਡਾਕਟਰ ਉਨ੍ਹਾਂ ਦੀ ਹੱਤਿਆ ਬਿਨਾਂ ਦੂਸਰੀ ਵਾਰੀ ਸੋਚਿਆਂ ਕਰ ਦਿੰਦੇ ਹਨ,ਜਿਹੜੇ ਲੋਕ ਇਸ ਤਰ੍ਹਾਂ ਦੀ ਹੱਤਿਆ ਦੀ ਮਾਪਿਆਂ ਨੂੰ ‘ਸਲਾਹ’ ਦਿੰਦੇ ਹਨ, ਉਨ੍ਹਾਂ ਨੂੰ ਐਤਕੀਂ ਕਿਉਂ ਤਕਲੀਫ਼ ਹੋ ਗਈ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਧੀ ਨਹੀਂ ਮਾਰੀ ਗਈ ਸਗੋਂ ਪੁੱਤਰ ਮਾਰ ਦਿੱਤਾ ਹੈ ?
ਖ਼ਬਰ ਦੱਸਦੀ ਹੈ ਕਿ ਸ਼ਹਿਰ ਦੇ ਲੋਕਾਂ ਨੇ ਉਸ ਡਾਕਟਰ ਵਿਰੁਧ ਮੁਜ਼ਹਾਰਾ ਕੀਤਾ। ਇਹ ਵੀਪਤਾ ਲੱਗਾ ਹੈ ਕਿ ਪੁਲੀਸ ਕੋਲ ਉਸ ਡਾਕਟਰ ਵਿਰੁਧ ਕੇਸ ਦਰਜ ਕਰਵਾ ਦਿੱਤਾ ਗਿਆ ਹੈ। ਮੈਨੂੰ ਪਤਾ ਹੈ ਕਿ ਇਸ ਕੇਸ ਦਾ ਕੁਝ ਨਹੀਂ ਬਨਣਾ । ਗਰਭਪਾਤ ਕਾਨੂੰਨੀ ਅਪਰਾਧ ਨਹੀਂ ਹੈ। ਵੀਹ ਪੰਝੀ ਸਾਲ ਪਹਿਲਾਂ ਸਮਾਂ ਸੀ ਜਦੋਂ ਔਰਤਾਂ ਦਾਈਆਂ ਪਾਸੋਂ ਅਣਚਾਹੇ ਗਰਭ ਗਿਰਵਾਇਆ ਕਰਦੀਆਂ ਸਨ ਅਤੇ ਅਜਿਹਾ ਕਰਦੇ ਹੋਏ ਕਈ ਤਾਂ ਆਪਣੀਆਂ ਜਾਨਾਂ ਤਕ ਗੁਆ ਬਹਿੰਦੀਆਂ ਸਨ। ਹੁਣ ਤਾਂ ਸਰਕਾਰ ਵੀ ਕਹਿੰਦੀ ਹੈ ਕਿ ਅਣਚਾਹੇ ਬੱਚੇ ਤੋਂ ਛੁਟਕਾਰਾ ਪਾਉਣ ਲਈ ਵੱਖ ਵੱਖ ਤਰੀਕੇ ਵਰਤੇ ਜਾ ਸਕਦੇ ਹਨ । ਵੱਧ ਤੋਂ ਵੱਧ ਹੋਏਗਾ ਇਹ ਕਿ ਪੁਲੀਸ ਡਾਕਟਰ ਪਾਸੋਂ ਚਾਰ ਪੈਸੇ ਬਟੋਰੇਗੀ ਅਤੇ ਡਾਕਟਰ ਆਪਣੀ ਪ੍ਰੈਕਟਿਸ ਫਿਰ ਸ਼ੁਰੂ ਕਰ ਲਵੇਗਾ, ਮਾਪੇ ਇਸ ਨੂੰ ਹੋਣੀ ਸਮਝ ਕੇ ਚੁੱਪ ਕਰ ਜਾਣਗੇ ਅਤੇ ਆਂਢੀ ਗੁਆਂਢੀ ਚਾਰ ਦਿਨ ਚਸਕੇ ਲਾ ਲਾ ਕੇ ਗੱਲਾਂ ਕਰਨਗੇ ਅਤੇ ਫਿਰ ਆਪਣੇ ਕੰਮ ਧੰਦੀਂ ਲੱਗ ਜਾਣਗੇ ।
ਮੈਨੂੰ ਇਨ੍ਹਾਂ ਲੋਕਾਂ ਨਾਲ ਵੀ ਕੋਈ ਹਮਦਰਦੀ ਨਹੀਂ ਹੈ ਜਿਹੜੇ ਡਾਕਟਰ ਵਿਰੁਧ ਮੁਜ਼ਾਹਰੇ ਕਰਦੇ ਹਨ। ਇਹ ਲੋਕ ਉਦੋਂ ਕਿਥੇ ਹੁੰਦੇ ਹਨ ਜਦੋਂ ਡਾਕਟਰ ਕੁੜੀਆਂ ਦੀ ਹੱਤਿਆ ਕਰ ਰਹੇ ਹੁੰਦੇ ਹਨ? ਇਨ੍ਹਾਂ ਨੂੰ ਉਦੋਂ ਮੁਜ਼ਾਹਰਾ ਕਰਨ ਦੀ ਕਿਉਂ ਨਹੀਂ ਸੁੱਝਦੀ ਜਦੋਂ ਡਾਕਟਰ ‘ਸ਼ਰਤੀਆ’ ਲਿੰਗ ਜਾਂਚ ਦਾ ਦਾਅਵੇ ਕਰਦੇ ਹਨ ਅਤੇ ਲੋਕ ਇਸ ਸ਼ਰਤੀਆ ਦਾਅਵੇ ਦੇ ਸਦਕਾ ਅਣਚਾਹੇ ਮਾਦਾ ਗਰਭ ਤੋਂ ਛੁਟਕਾਰਾ ਹਾਸਲ ਕਰ ਲੈਂਦੇ ਹਨ? ਜਿਹੜੇ ਲੋਕ ਧੀਆਂ ਨੂੰ ਮਾਰਨ ਉਤੇ ਖ਼ੁਸ਼ੀ ਪ੍ਰਗਟ ਕਰਦੇ ਹਨ, ਜਿਹੜੇ ਲੋਕ ਇਸ ਨੂੰ ‘ਚਲੋ ਖਹਿੜਾ ਛੁੱਟਾ’ ਕਹਿ ਕੇ ਮਾਪਿਆਂ ਨੂੰ ਤਸੱਲੀ ਦਿੰਦੇ ਹਨ, ਜਿਹੜੇ ਲੋਕ ਪੁੱਤਰਾਂ ਦੀ ਪ੍ਰਾਪਤੀ ਲਈ ਸਾਧੂ, ਸਮਾਧਾਂ, ਮੜ੍ਹੀਆਂ, ਮਸਾਣਾਂ, ਜੋਗੀਆਂ,ਪੀਰਾਂ, ਗੁੰਡਿਆਂ, ਮੁਸ਼ਟੰਡਿਆਂ, ਜੜੀਆਂ, ਬੂਟੀਆਂ, ਵੈਦਾਂ, ਹਕੀਮਾਂ ਅਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਤਰੀਕਿਆਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਲਈ ਮੇਰੇ ਮਨ ਵਿਚ ਤਰਸ ਦਾ ਇਕ ਕਿਣਕਾ ਵੀ ਨਹੀਂ ਹੈ।
ਹੋ ਸਕਦਾ ਹੈ ਜਿਹੜਾ ਨਰ ਬੱਚਾ ਡਾਕਟਰ ਅਤੇ ਉਸ ਦੇ ਮਾਪਿਆਂ ਨੇ ਮਾਦਾ ਹੋਣ ਦੀ ਗ਼ਲਤੀ ਲੱਗਣ ਕਰਕੇ ਮਾਰ ਦਿੱਤਾ, ਉਹ ਵੱਡਾ ਹੋ ਕੇ ਕੋਈ ਅਧਿਕਾਰੀ ਬਣ ਜਾਂਦਾ ਜਾਂ ਫਿਰ ਅਧਿਆਪਕ ਜਾਂ ਵਿਗਿਆਨੀ । ਪਰ ਇਹ ‘ਸਿਰਫ਼’ ਹੋ ਹੀ ਸਕਦਾ ਹੈ। ਨਿਮਨ ਮੱਧ ਵਰਗ ਦੇ ਜਿਸ ਪਰਿਵਾਰ ਵਿਚ ਉਸ ਨੇ ਪੈਦਾ ਹੋਣਾ ਸੀ, ਉਸ ਪਰਿਵਾਰ ਪਾਸ ਏਨੇ ਸਾਧਨ ਨਹੀਂ ਸਨ ਹੋਣੇ ਕਿ ਉਸ ਨੂੰ ਬਹੁਤ ਵੱਡੀ ‘ਤੋਪ’ ਬਣਾ ਦਿੰਦੇ। ਉਹ ਤਾਂ ਜਾਂ ਕਲਰਕ ਬਣ ਜਾਂਦਾ ਜਾਂ ਫਿਰ ਕਿਤੇ ਰੇਹੜੀ ਫੜੀ ਲਾ ਕੇ ਬੈਠ ਜਾਂਦਾ । ਫਿਰ ਮਾਪੇ ਉਸ ਦਾ ਕਿਸੇ ਹੋਰ ਦੇ ਘਰ ਜੰਮੀ ਧੀ ਨਾਲ ਵਿਆਹ ਕਰ ਦਿੰਦੇ ਅਤੇ ਉਹ ਆਪਣੀ ਜੀਵਨ ਸਾਥਣ ਦੇ ਗਰਭ ਦੀ ਜਾਂਚ ਕਰਵਾ ਕੇ ਅਣਚਾਹੇ ਮਾਦਾ ਗਰਭ ਨੂੰ ਗਿਰਵਾ ਦਿੰਦਾ।
ਹੋ ਸਕਦਾ ਹੈ ਕਿ ਉਹ ਅਜਿਹਾ ਨਾ ਵੀ ਕਰਦਾ। ਇਹ ਵੀ ਹੋ ਸਕਦਾ ਹੈ ਕਿ ਉਹ ਕੋਈ ਪ੍ਤਿਭਾਵਾਨ ਖਿਡਾਰੀ, ਕੋਈ ਮਹਾਨ ਵਿਦਵਾਨ, ਕੋਈ ਵੱਡਾ ਸਾਇੰਸਦਾਨ ਜਾਂ ਕੋਈ ਹੋਰ ਨਾਮੀ ਹਸਤੀ ਤਾਂ ਨਾ ਬਣਦਾ ਪਰ ਕੋਈ ਸਧਾਰਨ ਡਾਕਟਰ ਹੀ ਬਣ ਜਾਂਦਾ। ਫਿਰ ਉਸ ਨੇ ਆਪਣੀ ਅਲਟਰਾਸਾਊਂਡ ਮਸ਼ੀਨ ਲਾ ਲਈ ਹੁੰਦੀ। ਹੋ ਸਕਦਾ ਹੈ। ਕਿਉਂਕਿ ਉਸ ਨੇ ਪੁੱਤਰ ਹੋਣਾ ਸੀ ਅਤੇ ਉਸ ਪਾਸ ਮਾਪਿਆਂ ਨੂੰ ਕਈ ਆਸਾਂ ਹੋਣੀਆਂ ਸਨ। ਸਭ ਤੋਂ ਵੱਡੀ ਆਸ ਤਾਂ ਇਹੀ ਹੋਣੀ ਸੀ ਕਿ ਉਹ ਵੱਡਾ ਹੋ ਕੇ ਵਿਆਹ ਕਰਵਾਏ ਅਤੇ ਉਸ ਦੀ ਪਤਨੀ ਮੁੰਡੇ ਜੰਮੇ ਨਾ ਕਿ ਕੁੜੀਆਂ।
ਮੈਨੂੰ ਖ਼ੁਸ਼ੀ ਹੈ ਕਿ ਜਿਹੜਾ ਗਰਭਪਾਤ ਹੋਇਆ ਉਹ ਨਰ ਸੀ, ਪੁੱਤਰ ਸੀ। ਜੇ ਧੀ ਹੁੰਦੀ ਤਾਂ ਵੀ ਉਸ ਦੀ ਮੌਤ ਹੋ ਜਾਣੀ ਸੀ ਸਗੋਂ ਲਾਜ਼ਮੀ ਹੋ ਜਾਣੀ ਸੀ। ਅਜੇ ਜੇ ਕਿਤੇ ਪੇਟ ਵਿਚ ਧੀ ਹੁੰਦੀ ਅਤੇ ਡਾਕਟਰ ਦੀ ਮਸ਼ੀਨ ਨੇ ਪੁੱਤਰ ਦਸ ਦਿੱਤਾ ਹੁੰਦਾ ਤਾਂ ਉਸ ਬਦਨਸੀਬ ਨਾਲ ਕੀ ਵਾਪਰਦੀ? ਜਿਸ ਨੂੰ ਜੰਮਣ ਹੀ ਨਹੀਂ ਦਿੱਤਾ ਜਾ ਰਿਹਾ ਸੀ, ਉਸ ਦੇ ਜੰਮਣ ਉਤੇ ਵਿਛੀ ਹੋਈ ਮਾਤਮ ਦੀ ਸਫ਼ ਮੈਂ ਹੁਣੇ ਚਿਤਵ ਸਕਦਾ ਹਾਂ। ਹੋ ਸਕਦਾ ਹੈ ਕਿ ਉਸਦੇ ਜੰਮਦੀ ਦੇ ਹੀ ਕੋਈ ਦਾਈ ਗਲ ਵਿਚ ਗੂਠਾ ਦੇ ਦਿੰਦੀ ਜਾਂ ਫਿਰ ਅਫ਼ੀਮ ਦੀ ਗੋਲੀ ਚਟਾ ਦਿੰਦੀ। ਜੇ ਬਚ ਜਾਂਦੀ ਤਾਂ ਸਾਰੀ ਬਾਲਪਣ ਦੀ ਉਮਰ ਮਾਪਿਆਂ ਦੇ ਨਿਹੋਰੇ ਅਤੇ ਡਾਂਟ ਖਾ ਕੇ ਜਿਊਂਦੀ ਵੱਡੀ ਹੁੰਦੀ । ਜੇ ਅੱਠ ਦੱਸ ਜਮਾਤਾਂ ਪੜ੍ਹ ਜਾਂਦੀ ਤਾਂ ਵੀ ਤੇ ਜਾਂ ਨਾ ਪੜ੍ਹ ਸਕਦੀ ਤਾਂ ਵੀ ਅਠਾਰਾਂ ਉੱਨੀਆਂ ਨੂੰ ਅੱਪੜਦਿਆਂ ਉਸ ਦਾ ਵਿਆਹ ਕਰ ਦਿੱਤਾ ਜਾਂਦਾ। ਫਿਰ ਉਸ ਸਹੁਰੇ ਘਰ ਜਾ ਕੇ ਗ੍ਰਹਿਸਥ ਦੀ ਚੱਕੀ ਪੀਸਦੀ, ਨਿਆਣੇ ਜੰਮਦੀ । ਜੇ ਉਸ ਦੇ ਗਰਭ ਵਿਚ ਕੁੜੀ ਠਹਿਰ ਗਈ ਹੁੰਦੀ ਤਾਂ ਮਸ਼ੀਨ ਰਾਹੀਂ ਦੇਖ ਕੇ ਉਸ ਕੁੜੀ ਨੂੰ ਮਾਰ ਦਿੱਤਾ ਜਾਂਦਾ । ਇਹ ਵੀ ਹੋ ਸਕਦਾ ਸੀ ਕਿ ਉਸ ਦੇ ਸਹੁਰੇ ਹੀ ਘੱਟ ਦਾਜ ਲਿਆਉਣ ਬਦਲੇ ਉਸ ਨੂੰ ਮਾਰ ਦਿੰਦੇ, ਅੱਗ ਲਾ ਕੇ ਸਾੜ ਦਿੰਦੇ। ਮਰਨਾ ਤਾਂ ਉਸ ਨੇ ਸੀ ਹੀ। ਇਸੇ ਲਈ ਮੈਨੂੰ ਖ਼ੁਸ਼ੀ ਹੈ ਕਿ ਜੋ ਗਰਭ ਗਿਰਾਇਆ ਗਿਆ ਉਹ ਨਰ ਸੀ, ਮਾਦਾ ਨਹੀਂ ਸੀ।
ਪਰ ਜੇ ਇਹ ਗਰਭ ਮਾਦਾ ਹੁੰਦਾ ਅਤੇ ਇਹ ਕੁੜੀ ਕਿਸੇ ਨਾ ਕਿਸੇ ਤਰ੍ਹਾਂ ਬਚ ਜਾਂਦੀ ਅਤੇ ਮੁਟਿਆਰ ਹੋ ਕੇ ਸਹੁਰੇ ਜਾਣ ਮਗਰੋਂ ਬਾਲ ਬੱਚੇ ਜੰਮਦੀ, ਉਨ੍ਹਾਂ ਨੂੰ ਪੜਾਉਂਦੀ, ਲਿਖਾਉਂਦੀ, ਵੱਡੇ ਕਰਦੀ, ਉਨ੍ਹਾਂ ਵਿਚ ਮੁੰਡੇ ਤੇ ਕੁੜੀ ਵਿਚਾਲੇ ਕੋਈ ਫ਼ਰਕ ਨਾ ਸਮਝਣ ਦੀ ਚੇਤਨਾ ਭਰਦੀ, ਉਨ੍ਹਾਂ ਨੂੰ ਮੂਰਖ ਡਾਕਟਰਾਂ, ਮੂਰਖ ਮਾਪਿਆਂ, ਅਤੇ ਮੂਰਖ ਲੋਕਾਂ ਦੀਆਂ ਮੂਰਖਤਾਈਆਂ ਤੋਂ ਜਾਣੂੰ ਕਰਵਾਉਂਦੀ ਤਾਂ ਉਸ ਨੇ ਕਿੰਨਾ ਵੱਡਾ ਯੋਗਦਾਨ ਪਾਉਣਾ ਸੀ। ਹੋ ਸਕਦਾ ਹੈ ਜਿਹੜਾ ਨਰ ਭਰੂਣ ਮਾਰਿਆ ਗਿਆ ਹੈ ਉਸ ਵਿਚ ਵੀ ਅਕਲ ਦੀਆਂ ਗੱਲਾਂ ਕਰਨ ਦੀ ਸਮਰਥਾ ਹੁੰਦੀ । ਪਰ ਹੁਣ ਤਾਂ ਸਿਰਫ਼ ‘ਹੋ ਸਕਦਾ ਹੈ’ ਹੀ ਕਿਹਾ ਜਾ ਸਕਦਾ ਹੈ।
ਪਰ ਕਿੰਨੇ ਲੋਕ ਹਨ ਜਿਹੜੇ ਇਸ ਕਾਂਡ ਤੋਂ ਸਬਕ ਸਿਖਣਗੇ? ਕਿੰਨੀਆਂ ਮੁਟਿਆਰਾਂ ਹਨ ਜਿਹੜੀਆਂ ਪ੍ਰਣ ਕਰਨਗੀਆਂ ਕਿ ਉਹ ਨਰ ਤੇ ਮਾਦਾ ਵਿਚ ਇਹ ਫ਼ਰਕ ਸਮਾਪਤ ਕਰਵਾਉਣ ਲਈ ਯਤਨ ਕਰਨਗਆਂ? ਇਹ ਫ਼ਰਜ਼ ਉਨ੍ਹਾਂ ਕੁੜੀਆਂ ਉਤੇ ਵਧੇਰੇ ਹੈ ਜਿਹੜੀਆਂ ਉਨ੍ਹਾਂ ਵਿਰੁਧ ਗਰਭ ਸਮੇਂ ਹੀ ਚੱਲਣ ਵਾਲੇ ਵਾਰਾਂ ਤੋਂ ਬਚ ਕੇ ਇਸ ਸੰਸਾਰ ਵਿਚ ਵਿਚਰ ਰਹੀਆਂ ਹਨ, ਜਿਹੜਾ ਮੁੱਖ ਤੌਰ ‘ਤੇ ਮਰਦਾਂ ਦਾ ਸਮਾਜ ਹੈ। ਇਸ ਲਈ ਆਓ ਉਸ ਭਰੂਣ ਦੀ ਹੱਤਿਆ ਉਤੇ ਝੂਰਨਾ ਬੰਦ ਕਰੀਏ ਜਿਸ ਨੇ, ਜੇ ਜਿਉਂਦਾ ਰਹਿੰਦਾ, ਤਾਂ ਪੁੱਤਰ ਹੋਣਾ ਸੀ। ਆਓ ਅਸੀਂ ਉਹ ਮਾਦਾ ਭਰੂਣ ਦੇ ਬਚ ਜਾਣ ਦੀ ਖ਼ੁਸ਼ੀ ਮਨਾਈਏ ਜਿਹੜੀ ਖ਼ੁਸ਼ਕਿਸਮਤੀ ਨਾਲ ਉਸ ਮਾਂ ਦੇ ਪੇਟ ਵਿਚ ਨਹੀਂ ਸੀ- ਕਿਉਂਕਿ ਜੇ ਉਹ ਹੁੰਦੀ ਤਾਂ ਉਹਨੇ ਹਰ ਹਾਲਤ ਮਰਨਾ ਸੀ। ਨਰ ਭਰੂਣ ਤਾਂ ‘ਗ਼ਲਤੀ ਨਾਲ’ ਹੀ ਮਰਿਆ ਹੈ।
ਬਾਲ ਕੁੜੀਆਂ ਦਾ ਵਰ੍ਹਾ
ਭਾਰਤ ਸਰਕਾਰ ਵਲੋਂ ਸਾਲ 1990 ਨੂੰ ਬਾਲ ਕੁੜੀਆਂ ਦਾ ਵਰ੍ਹਾ ਕਰਾਰ ਦਿੱਤੇ ਜਾਣ ‘ਤੇ ਕਿਸੇ ਕਾਰਟੂਨਿਸਟ ਨੇ ਕਾਰਟੂਨ ਬਣਾਇਆ। ਇਸ ਵਿਚ ਇਕ ਬਾਲੜੀ, ਉਸ ਦਾ ਕੰਨ ਪੁੱਟ ਰਹੀ ਆਪਣੀ ਮਾਂ ਨੂੰ ਕਹਿੰਦੀ ਹੈ, “ਮਾਂ, ਜ਼ਰਾ ਸੰਭਲ ਕੇ । ਤੂੰ ਬਾਲੜੀ ਸਾਲ ਵਿਚ ਇਕ ਬਾਲੜੀ ਦਾ ਕੰਨ ਖਿੱਚ ਕੇ ਉਸ ਨੂੰ ਤਕਲੀਫ ਪਹੁੰਚਾ ਰਹੀ ਹੈਂ।” ਇਹ ਕਾਰਟੂਨ ਅਤਿ ਸਧਾਰਨ ਵੀ ਸੀ ਅਤੇ ਅਤਿ ਗੰਭੀਰ ਵੀ। ਜੇ ਇਸ ‘ ਸਧਾਰਨ ਤੌਰ ‘ਤੇ ਲਈਏ ਤਾਂ ਇਹ ਇਕ ਤਨਜ਼ ਹੈ ਜਿਸ ਨੂੰ ਕਿਸੇ ਸ਼ਰਾਰਤੀ ਬੱਚੀ ਦੀ ਚੋਚਲੇ ਸੀਮਤ ਰੱਖਿਆ ਜਾ ਸਕਦਾ ਹੈ । ਪਰ ਜੇ ਉਸ ਦੇ ਗੰਭੀਰ ਪੱਖ ਨੂੰ ਲਈਏ ਤਾਂ ਇਸ ਦੇ ਕਈ ਅਰਥ ਨਿਕਲਦੇ ਹਨ। ਪਹਿਲਾ, ਇਸ ਭਾਰਤ ਵਿਚ ਬਾਲੜੀਆਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਦੂਜਾ, ਬਾਲੜੀਆਂ ਨੂੰ ਸਰੀਰਕ ਸਜ਼ਾਵਾਂ ਵੀ ਮਿਲਦੀਆਂ ਹਨ। ਤੀਜਾ, ਸਾਲ ਬਾਲੜੀਆਂ ਦਾ ਹੋਵੇ ਜਾਂ ਕੋਈ ਹੋਰ, ਉਨ੍ਹਾਂ ਦੀ ਹਾਲਤ ਵਿਚ ਕੋਈ ਫ਼ਰਕ ਨਹੀਂ ਪੈਂਦਾ। ਚੌਥਾ, ਅੱਜ ਦੀਆਂ ਬਾਲੜੀਆਂ ਨਾ ਸਿਰਫ਼ ਪਹਿਲਾਂ ਨਾਲੋਂ ਵਧੇਰੇ ਚੁਸਤ ਅਤੇ ਸਿਆਣੀਆਂ ਹੋ ਗਈਆਂ ਹਨ, ਸਗੋਂ ਉਨ੍ਹਾਂ ਨੂੰ ਆਪਣੇ ਹੱਕਾਂ ਬਾਰੇ ਵੀ ਗਿਆਨ ਹੋ ਗਿਆ ਹੈ।
ਪਰ ਕੀ ਭਾਰਤ ਦੀਆਂ ਬਾਲੜੀਆਂ ਦੀ ਹਾਲਤ ਸਿਰਫ਼ ਇਸ ਇਕ ਕਾਰਟੂਨ ਦੇ ਸਹਾਰੇ ਪਤਾ ਕੀਤੀ ਜਾ ਸਕਦੀ ਹੈ? ਅਜਿਹਾ ਕਰਨਾ ਸੰਭਵ ਹੀ ਨਹੀਂ ਅਤੇ ਸਾਰਥਕ ਵੀ ਨਹੀਂ । ਭਾਰਤ ਦੇ ਵੱਖ ਵੱਖ ਭਾਗਾਂ ਅਤੇ ਵੱਖ ਵੱਖ ਵਰਗਾਂ ਵਿਚ ਇਨ੍ਹਾਂ ਦੀ ਹਾਲਤ ਵੱਖਰੀ ਕਿਸਮ ਦੀ ਹੈ। ਮੈਟਰੋਪੋਲੀਟਨ ਸ਼ਹਿਰਾਂ ਵਿਚ ਜੇ ਬਾਲੜੀਆਂ ਦੇ ਇਕ ਹਿੱਸੇ ਨੂੰ ਅਤਿ ਆਧੁਨਿਕ ਸਹੂਲਤਾਂ ਅਤੇ ਬਿਹਤਰੀਨ ਸਿੱਖਿਆ ਮਿਲਦੀ ਹੈ ਤਾਂ ਇਕ ਹਿੱਸੇ ਨੂੰ ਸਕੂਲਾਂ ਤੇ ਖਿਡੌਣਿਆਂ ਦਾ ਮੂੰਹ ਤਕ ਵੀ ਦੇਖਣ ਨੂੰ ਨਹੀਂ ਮਿਲਦਾ। ਅਮੀਰ ਘਰਾਂ ਵਿਚ ਆਮ ਤੌਰ ‘ਤੇ ਬੱਚਿਆਂ ਲਈ ਨੌਕਰ ਵੀ ਬੱਚਿਆਂ ਦੀ ਉਮਰ ਦੇ ਹੁੰਦੇ ਹਨ ਅਤੇ ਇਹ ਨੌਕਰ ਆਮ ਤੌਰ ਤੇ ਕੁੜੀਆਂ ਹੁੰਦੀਆਂ ਹਨ। ਇਕ ਪਾਸੇ ਤਾਂ ਸੱਤਾਂ ਅੱਠਾਂ ਸਾਲਾਂ ਦੀ ਬਾਲੜੀ ਨੂੰ ਹਰ ਤਰ੍ਹਾਂ ਦੇ ਨਾਜ਼ ਨਖ਼ਰੇ ਕਰਨ ਦਾ ਅਧਿਕਾਰ ਹੁੰਦਾ ਹੈ ਅਤੇ ਦੂਜੇ ਪਾਸੇ ਉਸੇ ਉਮਰ ਦੀ ਬਾਲੜੀ ਉਸ ਦੇ ਨਾਜ਼ ਨਖ਼ਰੇ ਉਠਾਉਣ ਲਈ ਤਿਆਰ ਖੜ੍ਹੀ ਹੁੰਦੀ ਹੈ।
ਇਹ ਕਹਿਣ ਦੀ ਜ਼ਰੂਰਤ ਨਹੀਂ ਹੈ ਕਿ ਸਾਡੇ ਦੇਸ਼ ਅੰਦਰ ਬਾਲੜੀਆਂ ਅਰਥਾਤ ਕੁੜੀਆਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਇਹ ਵਿਤਕਰਾ ਪਹਿਲਾਂ ਪਹਿਲ ਜਨਮ ਤੋਂ ਤੁਰਤ ਬਾਅਦ ਮਾਰਨ ਰਾਹੀਂ ਹੁੰਦਾ ਸੀ ਜਦੋਂ ਦਾਈਆਂ ਜੰਮਦੀ ਕੁੜੀਆਂ ਦੀ ਗਲ ਘੁੱਟ ਦਿੰਦੀਆਂ ਸਨ ਤੇ ਜਾਂ ਉਸ ਦੇ ਮਲੂਕ ਜਿਹੇ ਮੂੰਹ ਵਿਚ ਮਾਂ ਦਾ ਮੰਮਾ ਦੇਣ ਦੀ ਥਾਂ ਮਿੱਟੀ ਦੀ ਚੁਟਕੀ ਪਾ ਦਿੰਦੀਆਂ ਸਨ। ਇਸ ਨਾਲ ਇਕ ਨੰਨ੍ਹੀ ਜਿੰਦ ਜੰਮਦਿਆਂ ਹੀ ਸਾਹ ਘੁੱਟ ਕੇ ਮਰ ਜਾਂਦੀ ਸੀ। ਕੁੜੀ ਮਰਨ ਤੇ (ਜਾਂ ਮਾਰੇ ਜਾਣ ‘ਤੇ) ਕਿਸੇ ਕਿਸਮ ਦਾ ਅਫ਼ਸੋਸ ਨਹੀਂ ਸੀ ਹੁੰਦਾ। ਸਗੋਂ ਪੰਜਾਬੀ ਵਿਚ ਤਾਂ ਇਸ ਨਾਲ ਸਬੰਧਤ ਇਕ ਮਜ਼ਾਕਨੁਮਾ ਮੁਹਾਵਰਾ ਵੀ ਹੈ ਜਿਸ ਵਿਚ ਕਿਸੇ ਫ਼ਰਜ਼ੀ ਅਫ਼ਸੋਸ ਰੂਪ ਵਿਚ ਬੈਠੇ ਬੰਦੇ ਨੂੰ ਕਿਹਾ ਜਾਂਦਾ ਹੈ, “ਇਵੇਂ ਬੈਠਾ ਜਿਵੇਂ ਕੁੜੀ ਦੱਬ ਕੇ ਆਇਆ ਹੋਵੇ।” ਅਰਥਾਰ ਕੁੜੀ ਦੱਬ ਕੇ ਆਉਣ ਵਾਲੇ ਮੂੰਹ ਲਟਕਾ ਕੇ ਬੈਠਣ ਵਾਲੇ ਨੂੰ ਟਿੱਚਰ ਕੀਤੀ ਜਾਂਦੀ ਹੈ। ਅੱਜ ਕੱਲ ਇਹ ਵਿਤਕਰਾ ਜਨਮ ਤੋਂ ਵੀ ਪਹਿਲਾਂ ਹੀ ਹੋਣ ਲੱਗ ਪੈਂਦਾ ਹੈ। ਅਲਟਰਾਸਾਊਂਡ ਰਾਹੀਂ ਗਰਭ ਵਿਚ ਹੀ ਭਰੂਣ ਕੇ ਲਿੰਗ ਦਾ ਪਤਾ ਲਾ ਲਿਆ ਜਾਂਦਾ ਹੈ । ਅਤੇ ਜੇ ਇਹ ਇਸਤਰੀ ਲਿੰਗ ਹੋਵੇ ਤਾਂ ਗਰਭਪਾਤ ਦਾ ਸਹਾਰਾ ਲੈ ਕੇ ਉਸ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ।
ਇਹ ਵਿਤਕਰਾ ਜਨਮ ਤੋਂ ਬਾਅਦ ਵੀ ਪਰਤੱਖ ਰਹਿੰਦਾ ਹੈ। ਆਮ ਘਰਾਂ ਵਿਚ ਬਾਲੜੀਆਂ ਨੂੰ ਬਾਲਕਾਂ ਨਾਲੋਂ ਘੱਟ ਤਰਜੀਹ ਦਿੱਤੀ ਜਾਂਦੀ ਹੈ। ਇਸ ਦਾ ਪ੍ਰਗਟਾਵਾ ਮਾੜੇ ਵਤੀਰੇ ਰਾਹੀਂ ਹੁੰਦਾ ਹੈ। “ਮੁੰਨੀ ਪਹਿਲਾਂ ਆਪਣੇ ਵੀਰ ਨੂੰ ਰੋਟੀ ਖਿਲਾ ਫ਼ੇਰ ਆਪ ਖਾਈਂ।” ਇਸ ਫ਼ਿਕਰੇ ਵਿਚ ਆਮ ਮਾਤਾ ਪਿਤਾ ਦਾ ਵਤੀਰਾ ਉਜਾਗਰ ਹੁੰਦਾ ਹੈ। ਮੁੰਨੀ ਭਾਵੇਂ ਵੀਰ ਨਾਲੋਂ ਉਮਰ ਵਿਚ ਵੀ ਛੋਟੀ ਹੋਵੇ, ਉਸ ਨੂੰ ਆਪਣੇ ਵੀਰ ਦੇ ਨਾਜ਼ ਨਖ਼ਰੇ ਉਠਾਉਣੇ ਪੈਂਦੇ ਹਨ। ਉਸ ਨੂੰ ਤਿੰਨ ਚਾਰ ਸਾਲ ਦੀ ਉਮਰ ਤੋਂ ਹੀ ਘਰ ਦੇ ਕੰਮਕਾਰ ਵਿਚ ਸਹਾਇਤਾ ਲਈ ਲਾ ਲਿਆ ਜਾਂਦਾ ਹੈ। ਭਾਂਡੇ ਚੁੱਕਣੇ, ਨਿੱਕਾ ਮੋਟਾ ਸਾਮਾਨ ਮਾਂ ਨੂੰ ਫੜਾਉਣਾ ਅਤੇ ਸਫ਼ਾਈ ਆਦਿ ਵਿਚ ਸਹਾਇਤਾ ਵਰਗੇ ਕੰਮ ਇਸ ਉਮਰ ਦੀਆਂ ਬਾਲੜੀਆਂ ਸ਼ੁਰੂ ਕਰ ਦਿੰਦੀਆਂ ਹਨ ਜਦ ਕਿ ਇਸ ਉਮਰ ਦੇ ਬਾਲਕ ਨੂੰ ਖੇਡਣ, ਰੁੱਸਣ ਅਤੇ ਰੋਣ ਤੋਂ ਹੀ ਵਿਹਲ ਨਹੀਂ ਮਿਲਦੀ।
ਜਦੋਂ ਬਾਲੜੀਆਂ ਅੱਠ ਨੌਂ ਸਾਲਾਂ ਦੀਆਂ ਹੋ ਜਾਂਦੀਆਂ ਹਨ ਤਾਂ ਉਨ੍ਹਾਂ ਲਈ ਹੋਰ ਵੀ ਬੋਝ ਤਿਆਰ ਹੁੰਦਾ ਹੈ। ਰੋਟੀ ਪਕਾਉਣੀ, ਬਰਤਨ ਮਾਂਜਣੇ, ਝਾੜੂ ਫ਼ੇਰਨਾ ਅਤੇ ਇਸ ਤਰ੍ਹਾਂ ਦੇ ਹੋਰ ਨਿੱਕੇ ਮੋਟੇ ਕੰਮ ਉਨ੍ਹਾਂ ਦੇ ਜ਼ਿੰਮੇ ਲੱਗ ਜਾਂਦੇ ਹਨ। ਉਸਦੀ ਉਮਰ ਦੇ ਭਰਾ ਪਹਿਲਾਂ ਵਾਂਗ ਹੀ ਠਾਠ ਨਾਲ ਰਹਿੰਦੇ ਹਨ। ਉਂਜ ਤਾਂ ਬੱਚੇ ਨੂੰ ਜਨਮ ਤੋਂ ਆਪਣੀ ਮਾਂ ਦੇ ਅਲੱਗ ਵਤੀਰੇ ਦਾ ਅਹਿਸਾਸ ਹੁੰਦਾ ਹੈ ਪਰ ਇਸ ਉਮਰ ਦਾ ਵਿਤਕਰਾ ਬਾਲੜੀਆਂ ਦੇ ਮਨਾਂ ਉਤੇ ਵਧੇਰੇ ਅਸਰ ਕਰਦਾ ਹੈ। ਇਹ ਅਚੇਤ ਤੌਰ ‘ਤੇ ਇਸ ਵਿਤਕਰੇ ਨੂੰ ਮਹਿਸੂਸ ਕਰਨ ਲਗਦੀਆਂ ਹਨ। ਇਸੇ ਉਮਰ ਵਿਚ ਹੀ ਮਾਵਾਂ ਆਪਣੀਆਂ ਧੀਆਂ ਨੂੰ “ਅਗਲੇ ਘਰਾਂ” ਦੀਆਂ ਮੱਤਾਂ ਦੇਣੀਆਂ ਸ਼ੁਰੂ ਕਰ ਦਿੰਦੀਆਂ ਹਨ। ਅਤੇ ਆਮ ਪੇਂਡੂ ਬਾਲੜੀਆਂ ਵੀ ਮਹਿਸੂਸ ਕਰਨ ਲੱਗ ਪੈਂਦੀਆਂ ਹਨ ਕਿ ਜੇ ਉਨ੍ਹਾਂ ਅਗਲੇ ਘਰ ਵਿਚ ਪਰਵਾਨ ਹੋਣਾ ਹੈ ਤਾਂ ਉਨ੍ਹਾਂ ਨੂੰ ਹਰ ਕੰਮ ਵਿਚ ਪਰਬੀਨ ਹੋਣਾ ਪਏਗਾ।
ਆਮ ਭਾਰਤੀ ਬਾਲੜੀ ਤੇਰਾਂ ਚੌਦਾਂ ਸਾਲ ਦੀ ਉਮਰ ਵਿਚ ਯੌਵਨ ਦੀ ਪਹਿਲੀ ਪੌੜੀ ‘ਤੇ ਪੈਰ ਰੱਖਦੀ ਹੈ। ਇਸ ਪੜਾਅ ‘ਤੇ ਪਹੁੰਚਦਿਆਂ ਹੀ ਉਸ ਉਤੇ ਸਿਰੇ ਦੀਆਂ ਪਾਬੰਦੀਆਂ ਅਤੇ ਰੋਕਾਂ ਲਾ ਦਿੱਤੀਆਂ ਜਾਂਦੀਆਂ ਹਨ। ਇਕੱਲਿਆਂ ਬਾਹਰ ਨਿਕਲਣ ਉਤੇ ਪਾਬੰਦੀ, ਮਸਾਲੇਦਾਰ ਭੋਜਣ ਖਾਣ ਉਤੇ ਪਾਬੰਦੀ (ਕਿਵੇਂ ਮੱਝ ਵਾਂਗ ਸਾਰਾ ਦਿਨ ਚਰਦੀ ਰਹਿੰਦੀ ਹੈ), ਵਾਲ ਸਵਾਰਨ ‘ਤੇ ਪਾਬੰਦੀ, ਹਮ-ਉਮਰ ਮੁੰਡਿਆਂ ਨਾਲ ਮਿਲਣ ਗਿਲਣ ਉਤੇ ਪਾਬੰਦੀ(ਉੱਧਲ ਜਾਣੀਏ, ਕਿਸੇ ਦਿਨ ਕੋਈ ਕਾਰਾ ਕਰ ਬੈਠੀ ਤਾਂ…) ਅਤੇ ਇਸ ਤਰ੍ਹਾਂ ਦੀਆਂ ਕਈ ਹੋਰ ਪਾਬੰਦੀਆਂ । ਆਮ ਪੇਂਡੂ ਪਰਿਵਾਰਾਂ ਵਿਚ ਬਾਲੜੀਆਂ ਨਾਲ ਦਰਜਾ-ਬ-ਦਰਜਾ ਇਸੇ ਤਰ੍ਹਾ ਦਾ ਵਿਹਾਰ ਹੁੰਦਾ ਹੈ । ਪੜ੍ਹੇ ਲਿਖੇ ਪਰਿਵਾਰਾਂ ਵਿਚ ਵੀ ਕੋਈ ਬਹੁਤਾ ਫ਼ਰਕ ਨਹੀਂ । ਪੰਜਾਬ, ਚੰਡੀਗੜ੍ਹ, ਦਿੱਲੀ ਅਤੇ ਹੋਰ ਸ਼ਹਿਰਾਂ ਦੇ ਪੜ੍ਹੇ ਲਿਖੇ ਕੁਝ ਕੁ ਪਰਿਵਾਰਾਂ ਨੂੰ ਛੱਡ ਦਿਓ, ਬਾਕੀ ਥਾਈਂ ਘੱਟ ਵੱਧ ਬਾਲੜੀਆਂ ਨਾਲ ਵਿਤਕਰਾ ਚਲਦਾ ਆ ਰਿਹਾ ਹੈ। ਜਿਹੜੇ ਮਾਪੇ ਕਹਿੰਦੇ ਹਨ ਕਿ ਉਹ ਵਿਤਕਰਾ ਨਹੀਂ ਕਰਦੇ, ਉਨ੍ਹਾਂ ਦੀ ਗਿਣਤੀ ਸ਼ਾਇਦ ਇਕ ਫ਼ੀਸਦੀ ਵੀ ਨਾ ਹੋਵੇ।
ਦਰਅਸਲ ਲੜਕੀਆਂ ਬਾਰੇ ਸਾਡੇ ਸਮਾਜ ਦਾ ਰਜਵਾੜਾਸ਼ਾਹੀ ਵਤੀਰਾ ਹਾਲੇ ਤਕ ਨਹੀਂ ਬਦਲਿਆ। ਯੂ. ਪੀ., ਰਾਜਸਥਾਨ, ਬਿਹਾਰ, ਆਂਧਰਾ, ਕਰਨਾਟਕ, ਮੱਧ ਪ੍ਰਦੇਸ਼ ਅਤੇ ਹੋਰ ਪ੍ਰਾਂਤਾਂ ਵਿਚ ਤਾਂ ਅੱਠ ਤੋਂ ਚੌਦਾਂ ਸਾਲ ਤਕ ਦੀਆਂ ਬਾਲੜੀਆਂ ਦਾ ਵਿਆਹ ਕਰ ਕੇ ਮਾਪੇ ਆਪਣੇ ਸਿਰੋਂ “ਭਾਰ ਲਾਹ ” ਕੇ ਬਾਲੜੀਆਂ ਸਿਰ ਘਰ ਗ੍ਰਹਿਸਥੀ ਦਾ ਭਾਰ ਪਾ ਦਿੰਦੇ ਹਨ। ਹਾਲੇ ਤਕ ਪੰਜਾਬ ਦੇ ਪਿੰਡਾਂ ਵਿਚ ਵੀ ਕਈ ਥਾਈਂ ਬਾਲੜੀਆਂ ਦਾ ਤੇਰਾਂ ਚੌਦਾਂ ਸਾਲ ਦੀ ਲੜਕੀ ਦਾ ਵਿਆਹ ਕਰਨ ਦੀ ਪਿਰਤ ਪਾਈ ਜਾਂਦੀ ਹੈ। ਬਾਲੜੀਆਂ ਨੂੰ ਪੜ੍ਹਾਉਣ ਬਾਰੇ ਮਾਪੇ ਦਲੀਲ ਦਿੰਦੇ ਹਨ : “ਇਹਨੂੰ ਪੜ੍ਹਾ ਕੇ ਕੀ ਕਰਨਾ ਹੈ? ਬੱਸ ਚਿੱਠੀ ਲਿਖਣ ਜੋਗੀ ਹੋ ਜਾਏ। ਫ਼ੇਰ ਆਪਣੇ ਘਰ ਵਸੇ।” ਅਰਥਾਤ ਲੜਕੀ ਨੂੰ ਸਿਰਫ਼ ਚਿੱਠੀ ਲਿਖਣ ਜੋਗੀ ਪੜ੍ਹਾਈ ਚਾਹੀਦੀ ਹੈ। ਉਹ ਵੀ ਤਾਂ ਕਿ ਕਿਸੇ ਮੁਸੀਬਤ ਵੇਲੇ ਮਾਪਿਆਂ ਨੂੰ ਖ਼ਬਰ ਕਰ ਸਕੇ।
Sri ਇਸ ਤਰ੍ਹਾਂ ਬਾਲੜੀਆਂ ਨਾਲ ਨਿਰੰਤਰ ਵਿਤਕਰਾ ਕਰਦੇ ਰਹਿਣ ਨਾਲ ਉਨ੍ਹਾਂ ਦੇ ਮਨ ਦੀ ਬਣਤਰ ਵੀ ਚੰਗਾ ਵਰ ਲੱਭਣ, ਚੰਗਾ ਘਰ ਮਿਲਣ ਅਤੇ ਚੰਗੀ ਸੱਸ ਹਾਸਲ ਹੋਣ ਤਕ ਸੀਮਤ ਰਹਿ ਜਾਂਦੀ ਹੈ।
ਸੈਂਟਰ ਫਾਰ ਸੋਸ਼ਲ ਰਿਸਰਚ ਦਿੱਲੀ ਦੀ ਰੰਜਨਾ ਕੁਮਾਰੀ ਨਾਂ ਦੀ ਇਕ ਖੋਜਕਾਰ ਵਲੋਂ ਪਿਛਲੇ ਦਿਨੀਂ ਬਾਲੜੀਆਂ ਬਾਰੇ ਸਰਵੇ ਕੀਤਾ ਗਿਆ। ਉਹ ਕਹਿੰਦੀ ਹੈ ਕਿ ਰਾਜਸਥਾਨ ਵਿਚ ਦੋ ਦਰਜਨ ਦੇ ਕਰੀਬ ‘ਕੰਨਿਆਵਾਂ ਨੂੰ ਹਫ਼ਤਾ ਹਫ਼ਤਾ ਭਰ ਦਾ ਇਸ ਕਾਰਨ ਉਪਵਾਸ ਰਖਾਇਆ ਗਿਆ ਤਾਂ ਕਿ ਉਨ੍ਹਾਂ ਦੀ ‘ਭਗਤੀ’ ਤੋਂ ਖ਼ੁਸ਼ ਹੋ ਕੇ ਇੰਦਰ ਦੇਵਤਾ ਮੀਂਹ ਵਰ੍ਹਾ ਦੇਵੇ। ਉਸ ਦੀ ਖੋਜ ਅਤੇ ਸਰਵੇ ਵੇਰਵੇ ਪੂਰਨ ਹੈ ਅਤੇ ਉਸ ਵਿਚ ਕਈ ਹੈਰਤ-ਅੰਗੇਜ਼ ਤੱਥ ਦਿੱਤੇ ਗਏ ਹਨ। ਪਰ ਸਭ ਤੋਂ ਦਿਲਚਸਪ ਤੱਥ ਇਹ ਹੈ ਉਸ ਵਲੋਂ ਨੌਂ ਤੋਂ ਚੌਦਾਂ ਸਾਲ ਤਕ ਦੀਆਂ ਬੱਚੀਆਂ ਪਾਸੋਂ ਪੁੱਛੇ ਗਏ ਉਨ੍ਹਾਂ ਦੇ ਸੁਪਨੇ ਬਾਰੇ ਸਵਾਲਾਂ ਦੇ ਜਵਾਬ। ਇਕ ਬੱਚੀ ਨੇ ਕਿਹਾ: “ਮੈਂ ਚਾਹੁੰਦੀ ਹਾਂ ਕਿ ਮੈਨੂੰ ਸੱਸ ਬਹੁਤੀ ਸਖ਼ਤ ਨਾ ਮਿਲੇ ਅਤੇ ਮੈਥੋਂ ਬਹੁਤਾ ਕੰਮ ਨਾ ਕਰਵਾਏ।” ਦੂਜੀ ਨੇ ਕਿਹਾ ਪਾਣੀ ਦਾ ਖੂਹ ਮੇਰੇ ਸਹੁਰੇ ਘਰ ਦੇ ਨੇੜੇ ਹੋਵੇ ਤਾਂ ਕਿ ਮੈਨੂੰ ਦੂਰੋਂ ਪਾਣੀ ਨਾ ਭਰਨਾ ਪਵੇ।” ਤੀਜੀ ਨੇ ਕਿਹਾ : “ਵਿਆਹ ਮਗਰੋਂ ਮੇਰੇ ਸਿਰਫ਼ ਮੁੰਡੇ ਹੀ ਜੰਮਣ। ਕੁੜੀਆਂ ਜੰਮ ਕੇ ਉਨ੍ਹਾਂ ਨੂੰ ਤਸੀਹੇ ਝੱਲਣ ਲਈ ਕਿਉਂ ਛੱਡਾਂ?” ਚੌਥੀ ਨੇ ਕਿਹਾ: “ਮੈਂ ਤਾਜ ਮਹੱਲ ਦੇਖਣਾ ਚਾਹੁੰਦੀ ਹਾਂ।” ਤੇ ਪੰਜਵੀਂ ਨੇ ਕਿਹਾ: “ਮੈਂ ਚਾਹੁੰਦੀ ਹਾਂ ਕਿ ਮੇਰਾ ਵਿਆਹ ਹੋ ਜਾਵੇ ਤਾਂ ਕਿ ਮੈਂ ਸੁਹਣੇ ਸੁਹਣੇ ਕੱਪੜੇ ਪਾਵਾਂ। ਮੇਰੇ ਕੋਲ ਇਹ ਇਕੋ ਇਕ ਸਲਵਾਰ ਕਮੀਜ਼ ਹੈ।” ਇਕ ਨੇ ਕਿਹਾ ਕਿ ਉਸ ਨੂੰ “ਸੁੰਦਰ ਲਾੜਾ ਚਾਹੀਦਾ ਹੈ।” ਅਤੇ ਸਿਰਫ਼ ਇਕ ਨੇ ਕਿਹਾ ਕਿ ਉਹ ਨੌਕਰੀ ਕਰਨਾ ਚਾਹੁੰਦੀ ਹੈ। ਕਿਸੇ ਖੇਤਰ ਵਿਚ ? ਇਸ ਸਵਾਲ ਦਾ ਜਵਾਬ ਸੀ : ਟਾਈਪਿਸਟ, ਮਾਸਟਰਨੀ ਜਾਂ ਨਰਸ। ਬਸ ਔਰਤਾਂ ਲਈ ਇਨ੍ਹਾਂ ਤਿੰਨਾਂ ਤੋਂ ਬਿਨਾਂ ਹੋਰ ਕਿਸੇ ਕਿੱਤੇ ਦੀ ਜਾਣਕਾਰੀ ਉਸ ਨੂੰ ਨਹੀਂ ਸੀ।
ਬਲਾੜੀਆਂ ਦੇ ਕੰਨ ਖਿੱਚੇ ਜਾਣ ਜਾਂ ਨਾ ਪਰ ਜੇ ਉਨ੍ਹਾਂ ਦੇ ਮਨਾਂ ਦੇ ਤਣਾਓ ਘੱਟ ਕੀਤੇ ਜਾਣ ਤਾਂ ਹੀ ਬਾਲੜੀਆਂ ਦਾ ਇਹ ਵਰ੍ਹਾ ਸਾਰਥਕ ਸਿੱਟੇ ਕੱਢ ਸਕਦਾ ਹੈ। ਕੰਨ ਖਿੱਚੇ ਜਾਣ ਦੀ ਸ਼ਿਕਾਇਤ ਕਰਨ ਵਾਲੀ ਬਾਲੜੀ ਦੀ ਮਾਸੂਮੀਅਤ ਨੂੰ ਬਰਕਰਾਰ ਰੱਖਣ ਲਈ ਅਸੀਂ ਕੀ ਕਰ ਰਹੇ ਹਾਂ? ਇਸ ਸਵਾਲ ਦਾ ਜਵਾਬ ਅਸਾਂ ਸਾਰਿਆਂ ਨੇ ਦੇਣਾ ਹੈ।
(14.4.1990)
ਔਰਤਾਂ ਦੀ ਕਮਾਈ ਅਤੇ ਮਿਹਨਤ
” ਮੈਂ ਕਮਾਈ ਕਰਦੀ ਹਾਂ, ਦਫ਼ਤਰ ਜਾਂਦੀ ਹਾਂ, ਬਰਾਬਰ ਦੀ ਤਨਖਾਹ ਲੈਂਦੀ ਹਾਂ ਫਿਰ ਵੀ ਘਰ ਦਾ ਸਾਰਾ ਕੰਮ ਰੋਟੀ ਟੁੱਕ, ਕੱਪੜਾ ਲੱਤਾ ਅਤੇ ਸਫ਼ਾਈ ਦਾ ਕੰਮ ਮੈਨੂੰ ਹੀ ਕਰਨਾ ਪੈਂਦਾ ਹੈ।” ਇਹ ਸ਼ਿਕਾਇਤ ਸ਼ਹਿਰਾਂ ਵਿਚ ਕੰਮ ਕਰਨ ਵਾਲੀਆਂ ਸਭ ਔਰਤਾਂ ਕਰ ਸਕਦੀਆਂ ਹਨ। ਭਾਵੇਂ ਹੁਣ ਪੜ੍ਹੇ ਲਿਖੇ ਨੌਜਵਾਨਾਂ ਨੇ ਨੌਕਰੀਪੇਸ਼ਾ ਪਤਨੀਆਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ ਫਿਰ ਵੀ ਘਰ ਦੇ ਕੰਮ ਕਾਰ ਬਾਰੇ ਉਨ੍ਹਾਂ ਦਾ ਨਜ਼ਰੀਆ ਨਹੀਂ ਬਦਲਿਆ। ਅਖ਼ਬਾਰਾਂ ਵਿਚ ਛਪਦੇ ਵਿਆਹ ਦੇ ਇਸ਼ਤਿਹਾਰਾਂ ਵਿਚ ਅਕਸਰ ਹੀ ਲਿਖਿਆ ਹੁੰਦਾ ਹੈ ਕਿ ਕੁੜੀ ਸੁਸ਼ੀਲ,ਸੁੰਦਰ,ਘਰ ਦੇ ਕੰਮਾਂ ਵਿਚ ਪ੍ਰਬੀਨ ਅਤੇ ਨੌਕਰੀ ਕਰਦੀ ਹੋਵੇ। ਇਸ ਦਾ ਮਤਲਬ ਇਹ ਹੈ ਕਿ ਆਮ ਆਦਮੀ ਵਧ ਰਹੀ ਮਹਿੰਗਾਈ ਦੇ ਦੌਰ ਵਿਚ ਅਜਿਹੀ ਪਤਨੀ ਹਾਸਲ ਕਰਨਾ ਚਾਹੁੰਦਾ ਹੈ ਜਿਹੜੀ ਘਰ ਦੇ ਖ਼ਰਚੇ ਵਿਚ ਹੱਥ ਵੰਡਾਏ। ਪਰ ਹਾਲੇ ਉਹ ਇਸ ਗੱਲ ਲਈ ਤਿਆਰ ਨਹੀਂ ਹੋਇਆ ਕਿ ਘਰ ਦੇ ਕੰਮਾਂ ਕਾਰਾਂ ਵਿਚ ਪਤਨੀ ਦੀ ਸਹਾਇਤਾ ਕਰੇ। ਕਈ ਵਾਰੀ ਤਾਂ ਉਹ ਪਤਨੀ ਨੂੰ ਕੁੱਟਮਾਰ ਕਰਨਾ ਵੀ ਆਪਣਾ ਹੱਕ ਸਮਝਦਾ ਹੈ। ਮੇਰੇ ਮਕਾਨ ਮਾਲਕ ਦਾ ਪੁੱਤਰ ਅਤੇ ਨੂੰਹ ਇਕੋ ਦਫ਼ਤਰ ਵਿਚ ਕੰਮ ਕਰਦੇ ਸਨ । ਨੂੰਹ ਦੀ ਤਨਖਾਹ ਵੀ ਪੁੱਤਰ ਨਾਲੋਂ ਵੱਧ ਸੀ ਅਤੇ ਰੁਤਬਾ ਵੀ । ਪਰ ਘਰ ਵਿਚ ਸਾਰਾ ਕੰਮ ਨੂੰਹ ਕਰਦੀ ਅਤੇ ਪੁੱਤਰ ਐਸ਼ ਕਰਦਾ ਸੀ। ਇਥੇ ਹੀ ਬੱਸ ਨਹੀਂ, ਉਹ ਕਈ ਵਾਰੀ ਉਸ ਨੂੰ ਕੁੱਟਮਾਰ ਵੀ ਕਰਦਾ ਸੀ। ਇਕ ਵਾਰੀ ਤਾਂ ਉਸ ਦੀ ਬਾਂਹ ਤਕ ਵੀ ਤੋੜ ਚੁੱਕਾ ਸੀ।
ਸ਼ਹਿਰੀ ਔਰਤਾਂ ਸਮਝਦੀਆਂ ਹਨ ਕਿ ਘਰ ਦੇ ਖ਼ਰਚੇ ਵਿਚ ਸਿਰਫ਼ ਉਹੀ ਹੱਥ ਵੰਡਾਉਂਦੀਆਂ ਹਨ। ਪਰ ਅਜਿਹਾ ਨਹੀਂ। ਭਾਰਤ ਦੇ ਪਿੰਡਾਂ ਵਿਚ ਵੀ ਕਰੀਬ 20 ਫ਼ੀਸਦੀ ਟੱਬਰ ਅਜਿਹੇ ਹਨ ਜਿਨ੍ਹਾਂ ਦਾ ਖ਼ਰਚਾ ਔਰਤਾਂ ਦੀ ਕਮਾਈ ‘ਤੇ ਚਲਦਾ ਹੈ ਅਤੇ ਕਰੀਬ 20 ਫ਼ੀਸਦੀ ਘਰਾਂ ਵਿਚ ਔਰਤਾਂ ਖ਼ਰਚੇ ਦਾ ਅੱਧ ਵੰਡਾਉਂਦੀਆਂ ਹਨ। ਅਜਿਹਾ ਇਸ ਗੱਲ ਦੇ ਬਾਵਜੂਦ ਹੈ ਕਿ ਔਰਤਾਂ ਨੂੰ ਇਕੋ ਕੰਮ ਬਦਲੇ ਮਰਦਾਂ ਨੂੰ ਮਿਲਦੀ ਉਜਰਤ ਨਾਲੋਂ ਘੱਟ ਉਜਰਤ ਮਿਲਦੀ ਹੈ। ਇਹ ਗੱਲ ਖੋਜ ਅਤੇ ਸਮੂਹਕ ਸਿਹਤ ਫਾਊਂਡੇਸ਼ਨ ਵਲੋਂ ‘ਔਰਤਾਂ ਦੇ ਕੰਮ, ਬੱਚੇ ਜਨਣ ਅਤੇ ਸਿਹਤ ਸੰਭਾਲ’ ਦੇ ਵਿਸ਼ੇ ‘ਤੇ ਕੀਤੇ ਗਏ ਇਕ ਅਧਿਅਨ ਵਿਚ ਕਹੀ ਗਈ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਔਰਤ ਨੂੰ ਸਦਾ ਇਹ ਡਰ ਰਹਿੰਦਾ ਹੈ ਕਿ ਉਸ ਨੂੰ ਪਤਾ ਨਹੀਂ ਕਦੋਂ ਘਰੋਂ ਕੱਢ ਦਿੱਤਾ ਜਾਵੇ। ਇਸ ਦਾ ਕਾਰਨ ਉਸ ਦੀ ਆਰਥਿਕ ਨਿਰਭਰਤਾ ਹੁੰਦਾ ਹੈ। ਕਿਉਂਕਿ ਉਸ ਦੇ ਬਾਪ ਅਤੇ ਪਤੀ ਦੀ ਜਾਇਦਾਦ ਹਮੇਸ਼ਾ ਬੰਦਿਆਂ ਦੇ ਨਾਂ ਹੁੰਦੀ ਹੈ ਅਤੇ ਔਰਤ ਲਈ ਕੋਈ ਮਾਲੀ ਸੁਰੱਖਿਆ ਨਹੀਂ ਹੁੰਦੀ। ਇਹੀ ਕਾਰਨ ਹੈ ਕਿ ਪਤੀ ਵਲੋਂ ਮਾਰਕੁੱਟ ਕੀਤੇ ਜਾਣ, ਸ਼ਰਾਬ ਪੀਣ ਜਾਂ ਹੋਰ ਔਰਤਾਂ ਨਾਲ ਸਬੰਧ ਰੱਖਣ ਦੇ ਬਾਵਜੂਦ ਉਹ ਘਰ ਛੱਡ ਕੇ ਕਿਤੇ ਨਹੀਂ ਜਾਂਦੀ ਅਤੇ ਇਨ੍ਹਾਂ ਗੱਲਾਂ ਨਾਲ ਸਮਝੌਤਾ ਕਰ ਲੈਂਦੀ ਹੈ।
ਪੰਜਾਬ ਵਿਚਲੀ ਪਿਰਤ ਮੁਤਾਬਕ ਵੀ ਕੋਈ ਔਰਤ ਓਨੀ ਦੇਰ ਤਕ ਆਪਣੇ ਸਹੁਰੇ ਘਰ ਆਪਣੇ ਪੈਰ ਲੱਗੇ ਨਹੀਂ ਸਮਝਦੀ ਜਦੋਂ ਤਕ ਉਹ ਪੁੱਤਰ ਦੀ ਮਾਂ ਨਾ ਬਣ ਜਾਏ। ਇਸ ਦਾ ਕਾਰਨ ਇਹ ਹੈ ਕਿ ਆਮ ਤੌਰ ‘ਤੇ ਕੁੜੀਆਂ ਜੰਮਣ ਵਾਲੀਆਂ ਔਰਤਾਂ ਦੇ ਪਤੀ ਦੂਜਾ ਵਿਆਹ ਕਰਵਾ ਲੈਂਦੇ ਸਨ ਕਿਉਂਕਿ ਘਰ ਦੀ ਅਣਸ ਤਾਂ ਮੁੰਡੇ ਤੋਂ ਤੁਰੀ ਮੰਨੀ ਜਾਂਦੀ ਹੈ।
ਅਧਿਅਨ ਵਿਚ ਕਿਹਾ ਗਿਆ ਹੈ ਕਿ ਕੰਮਕਾਜੀ ਭਾਰਤੀ ਇਕੋ ਸਮੇਂ ਪੰਜ ਕੰਮ ਕਰਦੀ ਹੈ : ਉਹ ਕੰਮ ਜਿਸ ਬਦਲੇ ਉਸ ਨੂੰ ਤਨਖਾਹ ਜਾਂ ਮਜ਼ਦੂਰੀ ਮਿਲਦੀ ਹੈ, ਘਰ ਦਾ ਕੰਮ, ਬਿਨਾਂ ਮਜ਼ਦੂਰੀ ਵਾਲਾ ਖੇਤੀਬਾੜੀ ਦਾ ਕੰਮ, ਬੱਚੇ ਪੈਦਾ ਕਰਨ ਦਾ ਕੰਮ ਅਤੇ ਬੱਚੇ ਪਾਲਣ ਦਾ ਕੰਮ। ਫਿਰ ਵੀ ਮਰਦ ਪ੍ਰਧਾਨ ਸਮਾਜ ਹੋਣ ਕਾਰਨ ਨਾ ਤਾਂ ਉਹ ਇਹ ਫ਼ੈਸਲਾ ਕਰ ਸਕਦੀ ਹੈ ਕਿ ਉਸ ਨੇ ਕਿੰਨੇ ਬੱਚੇ ਜੰਮਣੇ ਹਨ, ਨਾ ਹੀ ਬੱਚਿਆਂ ਦੀ ਪੜ੍ਹਾਈ ਬਾਰੇ ਕੋਈ ਫ਼ੈਸਲਾ ਲੈ ਸਕਦੀ ਹੈ ਅਤੇ ਨਾ ਹੀ ਬੱਚਿਆਂ ਦੇ ਪਾਲਣ ਪੋਸ਼ਣ ਵਿਚ ਹੀ ਉਸ ਦਾ ਕੋਈ ਵੱਡਾ ਦਖ਼ਲ ਹੁੰਦਾ ਹੈ।
ਅਧਿਅਨ ਕਰਨ ਵਾਲਿਆਂ ਨੇ ਇਕ ਬਹੁਤ ਦਿਲਚਸਪ ਸਿੱਟਾ ਕੱਢਿਆ ਹੈ : “ਕਿਉਂਕਿ ਔਰਤ ਇਕੋ ਸਮੇਂ ਉਤਪਾਦਨ ਕਰਦੀ ਹੈ ਅਤੇ ਪੁਨਰ ਉਤਪਾਦਨ (ਬੱਚੇ ਪੈਦਾ ਕਰਨਾ) ਕਰਦੀ ਹੈ ਇਸ ਲਈ ਉਸ ਨੂੰ ਵਧੇਰੇ ਉਜਰਤ ਮਿਲਣੀ ਚਾਹੀਦੀ ਹੈ ਅਤੇ ਉਸ ਦਾ ਰੁਤਬਾ ਵਧਣਾ ਚਾਹੀਦਾ ਹੈ। ਪਰ ਉਸ ਦੇ ਉਤਪਾਦਨ ਉਤੇ ਉਸ ਦੇ ਪੁਨਰ ਉਤਪਾਦਨ ਕਾਰਨ ਮੰਦਾ ਅਸਰ ਪੈਂਦਾ ਹੈ ਅਤੇ ਪੁਨਰ ਉਤਪਾਦਨ ਉਤੇ ਉਤਪਾਦਨ ਕਾਰਨ।”
ਸ਼ਹਿਰਾਂ ਦੀਆ ਪੜ੍ਹੀਆਂ ਲਿਖੀਆਂ ਅਤੇ ਔਰਤਾਂ ਦੇ ਹੱਕਾਂ ਲਈ ਲੜਨ ਦਾ ਦਾਅਵਾ ਕਰਨ ਵਾਲੀਆਂ ਔਰਤਾਂ ਵੀ ਜਦੋਂ ਆਪਣੇ ਘਰੀਂ ਜਾਂਦੀਆਂ ਹਨ ਤਾਂ ਆਗਿਆਕਾਰ ਮਾਵਾਂ, ਪਤਨੀਆਂ, ਭੈਣਾਂ ਬਣ ਜਾਂਦੀਆਂ ਹਨ। ਮੈਂ ਅਜਿਹੀਆਂ ਕਈ ਔਰਤਾਂ ਨੂੰ ਜਾਣਦਾ ਹਾਂ ਜਿਹੜੀਆਂ ਹੋਰ ਔਰਤਾਂ ਨੂੰ ਤਾਂ ਆਪਣੇ ਹੱਕਾਂ ਲਈ ਖੜੋਣ ਲਈ ਪ੍ਰੇਰਦੀਆਂ ਹਨ, ਪਰ ਆਪਣੇ ਘਰਾਂ ਵਿਚ ਜਾ ਕੇ ਆਪਣੇ ਹੱਕਾਂ ਨੂੰ ਭੁੱਲ ਜਾਂਦੀਆਂ ਹਨ।
ਦਰਅਸਲ ਤਾਂ ਜਿੰਨੀ ਦੇਰ ਤਕ ਔਰਤ ਨੂੰ ਜਾਇਦਾਦ ਦੀ ਬਰਾਬਰ ਦੀ ਮਾਲਕੀ ਨਹੀਂ ਦਿੱਤੀ ਜਾਂਦੀ, ਜਦੋਂ ਤਕ ਔਰਤਾਂ ਦੀ ਵਿਦਿਆ ਵਿਚ ਵਾਧਾ ਨਹੀਂ ਹੁੰਦਾ ਅਤੇ ਉਹ ਆਪਣੇ ਅਧਿਕਾਰਾਂ ਪ੍ਰਤੀ 0 ਪੂਰੀ ਤਰ੍ਹਾਂ ਚੇਤੰਨ ਨਹੀਂ ਹੁੰਦੀਆਂ ਉਦੋਂ ਤਕ ਉਨ੍ਹਾਂ ਨਾਲ ਵਿਤਕਰਾ ਹੁੰਦਾ ਰਹੇਗਾ। ਇਸ ਵਿਤਕਰੇ ਲਈ ਜ਼ਿੰਮੇਵਾਰੀ ਵੀ ਔਰਤਾਂ ਦੀ ਹੀ ਰਹੇਗੀ। ਕਿਉਂ ਭਲਾ ?
6 ਸਕੂਲਾਂ ਅਤੇ ਕਾਲਜਾਂ ਦੇ ਇਮਤਿਹਾਨਾਂ ਦੇ ਨਤੀਜੇ ਦੇਖੋ ਤਾਂ ਪਤਾ ਲੱਗੇਗਾ ਕਿ ਬਹੁਤੇ ਇਮਤਿਹਾਨਾਂ ਵਿਚ ਲੜਕੀਆਂ ਹੀ ਪਹਿਲੀਆਂ ਥਾਂਵਾਂ ਲੈਂਦੀਆਂ ਹਨ। ਕਈ ਵਾਰੀ ਤਾਂ ਪਹਿਲੀਆਂ ਦੋ ਦੋ ਦਰਜਨ ਥਾਵਾਂ ਵਿਚ ਕਿਸੇ ਮੁੰਡੇ ਦਾ ਨਾਂ ਨਹੀਂ ਹੁੰਦਾ। ਇਸ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਕੁੜੀਆਂ ਵਧੇਰੇ ਮਿਹਨਤ ਨਾਲ ਪੜ੍ਹਦੀਆਂ ਵੀ ਹਨ ਅਤੇ ਅਕਾਦਮਿਕ ਤੌਰ ਤੇ ਉਨ੍ਹਾਂ ਦੇ ਦਿਮਾਗ ਵੀ ਮੁੰਡਿਆਂ ਨਾਲੋਂ ਵੱਧ ਚਲਦੇ ਹਨ।
ਇਹੀ ਨਹੀਂ, 1978 ਤੋਂ ਬਾਅਦ ਸਕੂਲਾਂ ਵਿਚ ਲੜਕੀਆਂ ਦੇ ਦਾਖਲਿਆਂ ਦੀ ਗਿਣਤੀ ਵੀ ਬਹੁਤ ਵਧੀ ਹੈ। ਐਨ.ਸੀ.ਈ.ਆਰ.ਟੀ. ਵਲੋਂ ਕਰਵਾਏ ਗਏ ਸਰਬ ਹਿੰਦ ਵਿਦਿਅਕ ਸਰਵੇ ਮੁਤਾਬਕ ਹਾਇਰ ਸੈਕੰਡਰੀ ਪੱਧਰ ਤਕ ਇਹ ਵਾਧਾ 130 ਫ਼ੀਸਦੀ, ਸੈਕੰਡਰੀ ਪੱਧਰ ਤਕ 74 ਫ਼ੀਸਦੀ, ਮਿਡਲ ਤਕ 64 ਫ਼ੀਸਦੀ ਅਤੇ ਪ੍ਰਾਇਮਰੀ ਤਕ 36 ਫ਼ੀਸਦੀ ਦਾ ਹੈ। ਭਾਵੇਂ ਸਰਕਾਰੀ ਆਂਕੜਿਆਂ ਦੀ ਸੱਚਾਈ ਉਤੇ ਕਿੰਤੂ ਕੀਤਾ ਜਾ ਸਕਦਾ ਹੈ ਫਿਰ ਵੀ ਦਾਅਵਾ ਇਹ ਹੈ ਕਿ ਪੇਂਡੂ ਵਸੋਂ ਦੇ 95 ਫ਼ੀਸਦੀ ਲੋਕ ਹੁਣ ਪ੍ਰਾਇਮਰੀ ਵਿਦਿਆ ਦੇ ਘੇਰੇ ਵਿਚ ਆ ਗਏ ਹਨ ਕਿਉਂਕਿ ਏਨੀ ਵਸੋਂ ਪਾਸ ਇਕ ਕਿਲੋਮੀਟਰ ਦੇ ਘੇਰੇ ਤਕ ਪ੍ਰਾਇਮਰੀ ਸਕੂਲ ਖੋਲ੍ਹ ਦਿੱਤਾ ਗਿਆ ਹੈ।
ਇਸ ਤੋਂ ਲਗਦਾ ਹੈ ਕਿ ਔਰਤਾਂ ਦੀ ਸਿੱਖਿਆ ਵਿਚ ਕਾਫ਼ੀ ਰਫ਼ਤਾਰ ਨਾਲ ਵਾਧਾ ਹੋਇਆ ਹੈ ਅਤੇ ਹੋ ਰਿਹਾ ਹੈ। ਜੇ ਰਫ਼ਤਾਰ ਨੂੰ ਵਧਾਇਆ ਜਾਏ ਤਾਂ ਹੀ ਔਰਤਾਂ ਵਿਚ ਜਾਗ੍ਰਿਤੀ ਪੈਦਾ ਹੋਵੇਗੀ ਅਤੇ ਮਾਲੀ ਬੰਦਖ਼ਲਾਸੀ ਦਾ ਰਾਹ ਖੁਲ੍ਹੇਗਾ।
ਵਿਆਹ ਬਾਜ਼ਾਰ ਦੇ ਭਾਅ
ਸਾਲ ਭਰ ਪਹਿਲਾਂ ਜਦੋਂ ਨਾਨਸੈਂਸ ਕਲੱਬ ਨੇ ਚੰਡੀਗੜ੍ਹ ਵਿਚ ਉਲਟਾ ਪੁਲਟਾ ਵਾਲੇ ਜਸਪਾਲ ਭੱਟੀ ਦੀ ਅਗਵਾਈ ਹੇਠ ਲਾੜਿਆਂ ਦੀ ਬੋਲੀ ਦਿੱਤੀ ਸੀ ਤਾਂ ਕਿਸੇ ਨੇ ਕਿਆਸ ਵੀ ਨਹੀਂ ਕੀਤਾ ਹੋਣਾ ਕਿ ਇਸ ਤਰ੍ਹਾਂ ਦੀ ਮੰਡੀ ਸੱਚਮੁੱਚ ਹੀ ਭਾਰਤ ਵਿਚ ਕਿਸੇ ਥਾਂ ਲਗਦੀ ਹੋਵੇਗੀ।ਨਾਨਸੈਂਸ ਕਲੱਬ ਨੇ ਵੱਖ ਵੱਖ ਯੋਗਤਾਵਾਂ ਤੇ ਕਮਾਈ ਵਾਲੇ ਲਾੜਿਆਂ ਦੇ ਗੱਲਾਂ ਵਿਚ ਉਨ੍ਹਾਂ ਦੀਆਂ ਉਹ ਕੀਮਤਾਂ ਲਟਕਾਈਆਂ ਸਨ ਜਿਨ੍ਹਾਂ ਦੀ ਅਦਾਇਗੀ ਕਰ ਕੇ ਮਾਪੇ ਆਪਣੀਆਂ ਧੀਆਂ ਲਈ ਉਨ੍ਹਾਂ ਨੂੰ ‘ਖ਼ਰੀਦ’ ਸਕਦੇ ਹਨ। ਆਈ.ਏ.ਐਸ. ਲਈ ਦਸ ਲੱਖ, ਡਾਕਟਰ ਲਈ ਸੱਤ ਲੱਖ ਅਤੇ ਇੰਜੀਨੀਅਰ ਲਈ ਪੰਜ ਲੱਖ। ਪਤਾ ਨਹੀਂ ਕਲਰਕ ਲਈ ਕੀਮਤ ਰੱਖੀ ਗਈ ਸੀ ਜਾਂ ਨਹੀਂ ਪਰ ਪੀ.ਡਬਲਿਊ.ਡੀ. ਦਾ ਕਲਰਕ ਵੀ ਇਕ ਲੱਖ ਤੋਂ ਘੱਟ ਵਿਚ ਨਹੀਂ ਮਿਲਦਾ।
ਭਾਰਤ ਦੇਸ਼ ਮਹਾਨ ਹੈ। ਇਥੇ ਸਭ ਕੁਝ ਹੋ ਸਕਦਾ ਹੈ। ਬਿਹਾਰ ਦੇ ਦਰਭੰਗਾ ਜ਼ਿਲੇ ਵਿਚ ਉਪਰੋਕਤ ਨਾਨਸੈਂਸ ਕਲੱਬ ਦੀ ਫਰਜ਼ੀ ਮੰਡੀ ਦੇ ਉਲਟ ਬਾਕਾਇਦਾ ਇਕ ਮੰਡੀ ਲਗਦੀ ਹੈ। ਇਹ ਮੰਡੀ ਸਭ ਲੋਕਾਂ ਲਈ ਖੁੱਲ੍ਹੀ ਨਹੀਂ । ਇਸ ਨੂੰ ਸੌਰਠ ਸਭਾ ਕਿਹਾ ਜਾਂਦਾ ਹੈ ਅਤੇ ਇਸ ਵਿਚ ਸਿਰਫ਼ ਮੈਥਲੀ ਬ੍ਰਾਹਮਣ ਹੀ ਭਾਗ ਲੈ ਸਕਦੇ ਹਨ। ਇਹ ਸਭਾ ਹਰ ਸਾਲ ਮਈ ਤੇ ਜੂਨ ਦੇ ਮਹੀਨੇ ਲਗਦੀ ਹੈ ਅਤੇ ਇਥੇ ਲਾੜੀਆਂ ਦੀ ਆਸ ਵਿਚ ਬੈਠੇ ਹਰ ਕਿਸਮ ਤੇ ਹਰ ਕਮਾਸ਼ ਦੇ ਲਾੜੇ ਮਿਲ ਸਕਦੇ ਹਨ। ਇਹ ਲਾੜੇ ਸੌਰਠ ਸਭਾ ਦੌਰਾਨ ਆਪਣੇ ਮਾਪਿਆਂ ਦੇ ਨਾਲ ਆਉਂਦੇ ਹਨ। ਲਾੜੀਆਂ ਦੇ ਮਾਪੇ ਇੰਜ ਲਾੜਿਆਂ ਨੂੰ ਠੋਕ ਵਜਾ ਕੇ ਦੇਖਦੇ ਹਨ ਜਿਵੇਂ ਕੋਈ ਸੁਆਣੀ ਘੜਾ ਖ਼ਰੀਦਣ ਲਗਿਆਂ ਠੋਕ ਵਜਾ ਕੇ ਦੇਖਦੀ ਹੈ। ਪਤਾ ਲੱਗਾ ਹੈ ਕਿ ਮੈਥਲੀ ਬ੍ਰਹਾਮਣਾਂ ਦੇ 90 ਫ਼ੀਸਦੀ ਵਿਆਹ-ਜੋੜ ਇਸ ਸੌਰਠ ਸਭਾ ਵਿਚ ਬਣਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਲਾੜੇ ਅਤੇ ਉਨ੍ਹਾਂ ਦੇ ਬਾਪ ਨਾਲੋ ਨਾਲ ਤੁਰਦੇ ਹਨ। ਕੁੜੀਆਂ ਦੇ ਮਾਪੇ ਉਨ੍ਹਾਂ ਨੂੰ ਦੇਖਦੇ ਹਨ । ਜੇ ਲੜਕੀ ਲਈ ਲਾੜੇ ਦੀ ਭਾਲ ਕਰਨ ਵਾਲਾ ਵਿਅਕਤੀ ਕਿਸੇ ਲਾੜੇ ਨੂੰ ਚੰਗੀ ਤਰ੍ਹਾਂ ਦੇਖਣਾ ਚਾਹੇ ਤਾਂ ਉਹ ਉਸ ਨੂੰ ਉਠਣ ਬੈਠਣ ਲਈ ਵੀ ਕਹਿ ਸਕਦਾ ਹੈ । ਸੰਭਾਵੀ ਲਾੜੇ ਉਨ੍ਹਾਂ ਦੇ ਇਸ ਹੁਕਮ ਦੀ ਪਾਲਣਾ ਕਰਦੇ ਹਨ।
ਮੈਨੂੰ ਹਲਕਾ ਹਲਕਾ ਚੇਤੇ ਹੈ, ਆਪਣੀ ਕਿਸੇ ਪੋਤੀ ਲਈ ਮੁੰਡਾ ਦੇਖਣ ਲਈ ਗਏ ਮੇਰੇ ਬਾਬਾ ਜੀ ਨੇ ਮੁੰਡੇ ਨੂੰ ਉੱਠ ਕੇ ਤੁਰਨ ਲਈ ਕਿਹਾ ਸੀ। ਜਿਸ ਮੁੰਡੇ ਨੂੰ ਦੇਖਣ ਗਏ ਸਨ ਉਸ ਨੇ ਉੱਠ ਕੇ ਤੁਰ ਕੇ ਦਿਖਾ ਦਿੱਤਾ ਸੀ। ਸਾਡੇ ਲਈ ਇਹ ਗੱਲ ਅਜੀਬ ਸੀ ਪਰ ਸਾਡੇ ਬਾਬੇ ਲਈ ਨਹੀਂ। ਉਨ੍ਹਾਂ ਦਾ ਕਹਿਣਾ ਸੀ ਕਿ ਮੁੰਡਾ ਤੇ ਡੰਗਰ (ਲਵੇਰਾ) ਚੰਗੀ ਤਰ੍ਹਾਂ ਦੇਖ ਕੇ ਹੀ ਲੈਣਾ ਚਾਹੀਦਾ ਹੈ। ਤਸ਼ਬੀਹ ਭਾਵੇਂ ਅਜੀਬ ਲਗਦੀ ਸੀ, ਫਿਰ ਵੀ ਉਨ੍ਹਾਂ ਮੁਤਾਬਕ ਦਰੁਸਤ ਸੀ। ਵਿਆਹ ਦੇ ਅਭਿਲਾਸ਼ੀ ਨੂੰ ਵੀ ਤੁਰ ਕੇ ਦਿਖਾਉਣ ਵਿਚ ਸ਼ਾਇਦ ਕੋਈ ਹੇਠੀ ਨਹੀਂ ਮਹਿਸੂਸ ਹੋਈ ਹੋਵੇਗੀ।
Except ਗੱਲ ਦਰਭੰਗਾ ਦੀ ਸੌਰਠ ਸਭਾ ਦਾ ਚਲ ਰਹੀ ਸੀ। ਉਥੇ ਲਾੜਿਆਂ ਦੀ ਮੰਡੀ ਵਿਚ ਭਵਿੱਖ ਦੇ ਲਾੜੇ ਆਪਣੀ ਕੀਮਤ ਦਸਦੇ ਹਨ। ਕੁੜੀ ਵਾਲੇ ਟੋਹ-ਟਾਹ, ਦੇਖ-ਪਰਖ ਕੇ ਕੀਮਤ ਦਾ ਅੰਦਾਜ਼ਾ ਲਾੜੇ ਦੀ ਸ਼ਕਲ ਸੂਰਤ ਅਤੇ ਪੁਜ਼ੀਸ਼ਨ ਅਨੁਸਾਰ ਲਾਉਂਦੇ ਹਨ। ਆਈ. ਏ. ਐਸ. ਅਫ਼ਸਰਾਂ ਦੀ ਕੀਮਤ ਸਭ ਤੋਂ ਵੱਧ ਹੁੰਦੀ ਹੈ। ਪਰਿਵਾਰਕ ਪਿਛੋਕੜ ਵੀ ਬਹੁਤ ਮਹੱਤਤਾ ਰਖਦਾ ਹੈ। ਦਿਲਚਸਪ ਗੱਲ ਇਹ ਹੈ ਕਿ ਆਈ. ਏ. ਐਸ. ਲਾੜੇ ਵੀ ਇਸ ਸੌਰਠ ਸਭਾ ਵਿਚ ਆਉਂਦੇ ਹਨ। ਕਈ ਲਾੜਿਆਂ ਨੇ ਤਾਂ ਆਪਣੀ ਕੀਮਤ ਦੀ ਫੱਟੀ ਵੀ ਆਪਣੇ ਗਲ ਵਿਚ ਪਾਈ ਹੁੰਦੀ ਹੈ।
ਫਿਰ ਵੀ ਜ਼ਰੂਰੀ ਨਹੀਂ ਕਿ ਹਰੇਕ ‘ਮਾਲ’ ਹਰ ਸਾਲ ਹੀ ਵਿਕ ਜਾਂਦਾ ਹੋਵੇ। ਕਈ ‘ਆਈਟਮਾਂ’ ਅਜਿਹੀਆਂ ਵੀ ਹੁੰਦੀਆਂ ਹਨ ਜਿਹੜੀਆਂ ਕਈ ਕਈ ਸਾਲ ਨਹੀਂ ਵਿਕਦੀਆਂ। ਇਸ ਲਈ ਇਹ ਹਰ ਸਾਲ ਮੰਡੀ ਵਿਚ ਦਿਖਾਈ ਦਿੰਦੀਆਂ ਹਨ। ਜਿਹੜਾ ਮਾਲ ਵਾਰ ਵਾਰ ਮੰਡੀ ਵਿਚ ਆਵੇ ਪਰ ‘ਵਿਕੇ’ ਨਾ, ਉਸ ਦੀ ਕੀਮਤ ਘੱਟ ਹੁੰਦੀ ਜਾਂਦੀ ਹੈ। ਜਿਹੜਾ ਲਾੜਾ ਤਿੰਨ ਸਾਲ ਲਗਾਤਾਰ ਨਾ ਪਸੰਦ ਆਵੇ ਤਾਂ ਉਸ ਨੂੰ ਕੰਡਮ ਮਾਲ ਸਮਝ ਲਿਆ ਜਾਂਦਾ ਹੈ ਤੇ ਫ਼ੇਰ ਕੋਈ ਛੱਡੀ ਛਡਾਈ ਜਾਂ ਵਿਧਵਾ ਤੀਵੀਂ ਹੀ ਉਸ ਦੇ ਪੱਲੇ ਪੈਂਦੀ ਹੈ।
6868 ਵਿਆਹ ਦੇ ਮਾਮਲੇ ਵਿਚ ਨਾਮਧਾਰੀ ਸੰਪਰਦਾ ਦੀ ਰਵਾਇਤ ਬਹੁਤ ਆਧੁਨਿਕ ਅਤੇ ਸਾਦੀ ਹੈ। ਇਸ ਸੰਪਰਦਾ ਵਿਚ ਬਿਨਾਂ ਦਾਜ ਦਹੇਜ ਦੇ ਸਿਰਫ਼ ਇਕ ਰੁਪਏ ਨਾਲ ਵਿਆਹ ਕਰ ਦਿੱਤਾ ਜਾਂਦਾ ਹੈ। ਵਿਆਹ ਹੁੰਦਾ ਵੀ ਸਮੂਹਿਕ ਹੈ। ਹਰ ਸਾਲ ਜੋੜ ਮੇਲੇ ‘ਤੇ ਲੋਕ ਲੁਧਿਆਣਾ ਜ਼ਿਲੇ ਵਿਚ ਸਥਿਤ ਭੈਣੀ ਸਾਹਿਬ ਵਿਚ ਇਕੱਤਰ ਹੁੰਦੇ ਹਨ। ਉਥੇ ਹੀ ਥੋਕ ਦੇ ਭਾਅ, ਅਰਥਾਤ ਵੱਡੀ ਗਿਣਤੀ ਵਿਚ, ਜੋੜੇ ਸਾਦਾ ਸਫ਼ੈਦ ਵਸਤਰਾਂ ਵਿਚ ਵੱਡਾ ਗੋਲ ਦਾਇਰਾ ਬਣਾ ਕੇ ਫ਼ੇਰੇ ਲੈਂਦੇ ਹਨ। ਇਥੇ ਜੋੜੀਆਂ ਦੀ ਚੋਣ ਜਾਂ ਤਾਂ ਮਾਪੇ ਕਰਦੇ ਹਨ ਤੇ ਜਾਂ ਫਿਰ ਸੰਪਰਦਾ ਦੇ ਮੁਖੀ ਵਲੋਂ ਹੀ ਵਿਚੋਲਗਿਰੀ ਵਾਲਾ ਕੰਮ ਕਰ ਦਿੱਤਾ ਜਾਂਦਾ ਹੈ । ਉਹ ਆਪ ਹੀ ਮੁੰਡੇ ਕੁੜੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਰੁਤਬੇ ਤੇ ਹੈਸੀਅਤ ਨੂੰ ਦੇਖਦੇ ਹੋਏ ਰਿਸ਼ਤੇ ਤੈਅ ਕਰ ਦਿੰਦੇ ਹਨ। ਫਿਰ ਵੀ ਅੰਦਰਖ਼ਾਤੇ ਅਮੀਰ ਨਾਮਧਾਰੀ ਲੋਕ ਦਾਜ ਦਾ ਨਾਂ ਲਏ ਬਿਨਾਂ ਮੁੰਡੇ ਵਾਲਿਆਂ ਨੂੰ ਭਾਰੀ ਰਕਮਾਂ ਦੇ ਦਿੰਦੇ ਹਨ, ਪਰ ਜ਼ਾਹਰਾ ਤੌਰ ‘ਤੇ ਅਜਿਹਾ ਨਹੀਂ ਹੁੰਦਾ। ਭੈਣੀ ਸਾਹਿਬ ਵਿਚ ਲਾਵਾਂ ਫੇਰਿਆਂ ਤੋਂ ਬਾਅਦ ਕਈ ਵਾਰ ਰਿਸੈਪਸ਼ਨਾਂ ਵੀ ਦਿੱਤੀਆਂ ਜਾਂਦੀਆਂ ਹਨ।
ਪਰ ਸੰਪਰਦਾ ਦੇ ਮੁਖੀ ਲਗਦੀ ਵਾਹ ਦਾਜ ਦਾ ਲੈਣ ਦੇਣ ਨਹੀਂ ਕਰਨ ਦਿੰਦੇ। ਕਹਿੰਦੇ ਹਨ। ਕਿ ਇਕ ਵਾਰੀ ਕਿਸੇ ਸੱਜਣ ਨੇ ਆਪਣੀ ਧੀ ਦਾ ਸਾਕ ਕਰਨ ਲਈ ਮੁੰਡੇ ਨੂੰ ਗੁੜ ਭੇਜ ਦਿੱਤਾ। ਜਦੋਂ ਬਾਬਾ ਜਗਜੀਤ ਸਿੰਘ ਨੂੰ ਪਤਾ ਲੱਗਾ ਤਾਂ ਉਨ੍ਹਾਂ ਗੁੜ ਵਾਪਸ ਕਰਵਾ ਦਿੱਤਾ ਕਿਉਂਕਿ ਇਹ ਵੀ ਦਹੇਜ ਸਮਝਿਆ ਗਿਆ ਸੀ।
ਪਰ ਉਪਰੋਕਤ ਚਰਚਾ ਦਾ ਮਤਲਬ ਇਹ ਨਹੀਂ ਕਿ ਨਾਮਧਾਰੀਆਂ ਵਿਚ ਲਾੜਿਆਂ ਦੀ -ਕੀਮਤ ਨਹੀਂ ਪੈਂਦੀ। ਉਥੇ ਵੀ ਅਮੀਰੀ ਗ਼ਰੀਬੀ, ਲਾੜੇ ਦੇ ਰੁਤਬੇ, ਕਮਾਈ ਦੇ ਸਾਧਨ, ਬਾਪ ਦੀ ਹੈਸੀਅਤ ਆਦਿ ਦਾ ਧਿਆਨ ਰੱਖਿਆ ਜਾਂਦਾ ਹੈ। ਜੇ ਮੁੰਡਾ ਕੁੜੀ ਆਪ ਹੀ ‘ਰਾਜ਼ੀ’ ਨਾ ਹੋ ਜਾਣ ਤਾਂ ਅਕਸਰ ਵਿਆਹ ਦੀ ਗੱਲ ਬਰਾਬਰ ਦੀ ਹੈਸੀਅਤ ਵਾਲੇ ਮਾਪੇ ਆਪ ਹੀ ਕਰਦੇ ਹਨ ਜਿਵੇਂ ਕਿ ਆਮ ਪੰਜਾਬੀ ਜਾਂ ਆਪ ਭਾਰਤੀ ਮਾਪੇ ਕਰਦੇ ਹਨ ।
ਉੱਤਰੀ ਭਾਰਤ ਵਿਚ ਅਕਸਰ ਵਿਆਹ ਦੀ ਗੱਲ ਕਰਨ ਵੇਲੇ ਕੁੜੀ ਮੁੰਡੇ ਦੇ ਮਾਪੇ ‘ਲੈਣ ਦੇਣ ਦੀ ਗੱਲ ਕਰ ਲੈਂਦੇ ਹਨ। ਇਹ ਗੱਲ ਬਹੁਤ ਦਿਲਚਸਪ ਹੁੰਦੀ ਹੈ। ਕਈ ਵਾਰੀ ਤਾਂ ਇਹ ਇਵੇਂ ਹੁੰਦੀ ਹੈ ਜਿਵੇਂ ਮੰਡੀ ਵਿਚ ਬੋਲੀ ਦਿੱਤੀ ਜਾਂਦੀ ਹੋਵੇ।ਮੁੰਡੇ ਵਾਲੇ ਕਹਿੰਦੇ ਹਨ, “ਦੇਖੋ ਜੀ ਅਸੀਂ ਮੁੰਡੇ ਦੀ ਪੜ੍ਹਾਈ ਉਤੇ ਏਨੇ ਲੱਖ ਖ਼ਰਚ ਕੀਤੇ ਹਨ, ਉਹ ਖ਼ਰਚਾ ਤਾਂ ਤੁਹਾਨੂੰ ਹੀ ਪੂਰਾ ਕਰਨਾ ਪਏਗਾ ਨਾ।” ਭਲਾ ਉਨ੍ਹਾਂ ਨੂੰ ਕੋਈ ਪੁੱਛੇ ਕਿ ਮੁੰਡਾ ਪੜ੍ਹਾ ਕੇ ਤੁਸੀਂ ਕਿਹੜਾ ਕਿਸੇ ਉਤੇ ਅਹਿਸਾਨ ਕੀਤਾ ਹੈ ? ਫ਼ੇਰ ਕੁੜੀ ਵਾਲੇ ਕਹਿਣਗੇ ਕਿ “ਸਾਡੇ ਤਾਂ ਭਾਈ ਏਨੀ ਪੁੱਜਤ ਨਹੀਂ । ਅਸੀਂ ਤਾਂ ਏਨਾ ਕੁ ਕਰ ਸਕਦੇ ਹਾਂ ।” ਗੱਲ ਚਲਦੀ ਵਧਦੀ ਘਟਦੀ ਕਿਤੇ ਨਾ ਕਿਤੇ ਤਾਂ ਮੁੱਕਣੀ ਹੀ ਹੈ। ਜਾਂ ਮੁੰਡੇ ਵਾਲੇ ਮੰਗ ਘਟਾਉਂਦੇ ਹਨ ਤੇ ਜਾਂ ਰਿਸ਼ਤੇ ਦੀ ਗੱਲ ਟੁੱਟਦੀ ਹੈ।
ਮੁੰਡੇ ਵਾਲਿਆਂ ਵਲੋਂ ਸਾਰੀ ਉਮਰ ਕੁਝ ਨਾ ਕੁਝ ਹਾਸਲ ਕਰਨ ਨੂੰ ਆਪਣਾ ਹੱਕ ਸਮਝਿਆ ਜਾਂਦਾ ਹੈ। ਗ਼ਰੀਬ ਮਾਪਿਆਂ ਲਈ ਮੁੰਡੇ ਦਾ ਵਿਆਹ ਕਮਾਈ ਦਾ ਸਾਧਨ ਹੁੰਦਾ ਹੈ। ਉਹ ਮੁੰਡੇ ਦੀ ਵੱਧ ਤੋਂ ਵੱਧ ਬੋਲੀ ਲਾਉਣਾ ਚਾਹੁੰਦੇ ਹਨ। ਇਸ ਵਿਚ ਉਨ੍ਹਾਂ ਨੂੰ ਸ਼ਰਮ ਵੀ ਨਹੀਂ ਆਉਂਦੀ। ਸਮਾਜਕ ਵਰਤਾਰੇ ਨੇ ਇਸ ਗੱਲ ਨੂੰ ਸ਼ਰਮ ਤੋਂ ਉਪਰ ਕਰ ਦਿੱਤਾ ਹੈ। ਗ਼ਰੀਬ ਪਰਿਵਾਰਾਂ ਵਿਚ ਮੁੰਡੇ ਦੀ ਕੀਮਤ ਵਸੂਲ ਕਰਨੀ ਉਦੋਂ ਹੋਰ ਵੀ ਲਾਜ਼ਮੀ ਮੰਨੀ ਜਾਂਦੀ ਹੈ ਜਦੋਂ ਘਰ ਵਿਚ ਵਿਆਹ ਜੋਕਰੀ ਧੀ ਵੀ ਬੈਠੀ ਹੋਵੇ। ਇਸ ਲਈ ਮੁੰਡੇ ਦੀ ਕੀਮਤ ਸ਼ਰ੍ਹੇ ਆਮ ਮੰਗੀ ਤੇ ਅੰਗੀ ਜਾਂਦੀ ਹੈ। ਕੁੜੀ ਵਾਲੇ ਅਜਿਹੇ ਸਮੇਂ ਆਪਣੀ ਜ਼ਮੀਨ ਜਾਇਦਾਦ, ਗਹਿਣਾ ਗੱਟਾ ਵੇਚ ਦਿੰਦੇ ਹਨ।
ਸੋ ਭਾਵੇਂ ਹਿੰਦੂ ਮੈਰਿਜ ਐਕਟ ਅਨੁਸਾਰ ਧੀ ਨੂੰ ਬਾਪ ਦੀ ਜਾਇਦਾਦ ਵਿਚੋਂ ਹਿੱਸਾ ਮਿਲਦਾ ਹੈ ਫਿਰ ਵੀ ਇਸ ਨੂੰ ਲਾਗੂ ਨਹੀਂ ਕੀਤਾ ਜਾਂਦਾ। ਇਸ ਲਈ ਆਮ ਤੌਰ ਉਤੇ ਦਹੇਜ ਧੀ ਦਾ ਹਿੱਸਾ ਸਮਝ ਕੇ ਹੀ ਦਿੱਤਾ ਜਾਂਦਾ ਹੈ। ਇਹ ਕਈ ਵਾਰੀ ਅਸਲ ਹਿੱਸੇ ਨਾਲੋਂ ਕਿਤੇ ਵਧੇਰੇ ਹੁੰਦਾ ਹੈ । ਪਰ ਅਸਲ ਵਿਚ ਤਾਂ ਇਹ ਕੁੜੀ ਲਈ ਖ਼ਰੀਦੇ ਗਏ ਲਾੜੇ ਦਾ ਮੁੱਲ ਹੁੰਦਾ ਹੈ ਜਿਹੜਾ ਲਾੜੇ ਦੇ ਮਾਪਿਆਂ ਨੂੰ ਤਾਰਿਆ ਜਾਂਦਾ ਹੈ ।
ਪਿਛਲੇ ਦਿਨੀਂ ਇਕ ਮਿੱਤਰ ਨਾਲ ਲਾੜਿਆਂ ਦੀ ‘ਕੀਮਤ’ ਬਾਰੇ ਗੱਲ ਚੱਲੀ ਤਾਂ ਉਸ ਕਿਹਾ ਕਿ ਇਸ ਵੇਲੇ ਵਿਆਹਾਂ ਦੇ ਬਾਜ਼ਾਰ ਵਿਚ ਸਭ ਤੋਂ ਵੱਧ ਕੀਮਤ ਆਈ. ਏ. ਐਸ., ਡਾਕਟਰ ਤੇ ਇੰਜੀਨੀਅਰ ਦੀ ਹੈ ਅਤੇ ਸਭ ਤੋਂ ਘੱਟ ਕਾਮਰੇਡ, ਕਲਰਕ ਅਤੇ ਕਵੀ ਦੀ ਹੈ।ਜੇ ਕਿਸੇ ਲਾੜੇ ਵਿਚ ਮਗਰਲੇ ਤਿੰਨੋਂ ਗੁਣ ਹੋਣ ਤਾਂ ਸ਼ਾਇਦ ਉਹ ਉਮਰ ਭਰ ਕੁਆਰਾ ਹੀ ਰਹੇ। ਉਸ ਦੀ ਇਸ ਗੱਲ ਵਿਚ ਸੱਚਾਈ ਵੀ ਹੈ ਕਿਉਂਕਿ ਕਾਮਰੇਡ ਅਤੇ ਕਵੀ ਦੇ ਦੋ ਗੁਣਾਂ ਵਾਲੇ ਕਈ ਲਾੜੇ ਸਾਰੀ ਸਾਰੀ ਉਮਰ ਕੁਆਰੇ ਰਹਿੰਦੇ ਮੈਂ ਖ਼ੁਦ ਦੇਖੇ ग्ठ।
(27-7-1990)
ਵਿਆਹ ਅਤੇ ਤਲਾਕ
ਵਿਆਹ ਦੀ ਸੰਸਥਾ ਅਜਿਹੀ ਸੰਸਥਾ ਹੈ ਜਿਸ ਨਾਲ ਦੋ ਵਿਅਕਤੀ, ਪੁਰਸ਼ ਤੇ ਔਰਤ, ਸਮਾਜ ਵਿਚ ਇਕੱਠੇ ਰਹਿਣ, ਸੰਭੋਗ ਕਰਨ ਅਤੇ ਬੱਚੇ ਪੈਦਾ ਕਰਨ ਲਈ ਸਮਾਜ ਪਾਸੋਂ ਇਜਾਜ਼ਤ ਪ੍ਰਵਾਨ ਕਰਦੇ ਹਨ। ਇਹੀ ਕਾਰਨ ਹੈ ਕਿ ਵਿਆਹ ਸਮੇਂ ਰਿਸ਼ਤੇ ਨਾਤੇਦਾਰ, ਸੱਕੇ ਸਬੰਧੀ, ਆਂਢੀ ਗੁਆਂਢੀ ਅਤੇ ਮਿੱਤਰਚਾਰੇ ਵਾਲੇ ਲੋਕ ਬੁਲਾਏ ਜਾਂਦੇ ਹਨ। ਮੁੰਡੇ ਅਤੇ ਕੁੜੀ ਦੋਹਾਂ ਦੇ ਪਰਿਵਾਰ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੰਦੇ ਹਨ ਅਤੇ ਉਨ੍ਹਾਂ ਦੇ ਸੁਖੀ ਜੀਵਨ ਲਈ ਕਾਮਨਾ ਕਰਦੇ ਹਨ।
ਪਰ ਕਿੰਨੇ ਜੋੜੇ ਹਨ ਜਿਨ੍ਹਾਂ ਦਾ ਵਿਆਹੁਤਾ ਜੀਵਨ ਸੁਖੀ ਰਹਿੰਦਾ ਹੈ? ਇਕ ਸੂਚਨਾ ਮੁਤਾਬਕ ਭਾਰਤ ਵਿਚ ਦਸ ਫ਼ੀਸਦੀ ਦੇ ਕਰੀਬ ਵਿਆਹ ਇਕ ਸਾਲ ਦੇ ਅੰਦਰ ਅੰਦਰ ਹੀ ਟੁੱਟ ਜਾਂਦੇ ਹਨ। ਬਾਕੀ ਦੇ ਵਿਚੋਂ ਪੰਜ ਫ਼ੀਸਦੀ ਪੰਜ ਸਾਲਾਂ ਵਿਚ ਅਤੇ ਦੋ ਫ਼ੀਸਦੀ ਦਸ ਸਾਲਾਂ ਵਿਚ ਟੁੱਟਦੇ ਹਨ। ਪਰ ਇਹ ਫ਼ੀਸਦੀ ਯੂਰਪ ਵਿਚ ਹੁੰਦੇ ਤਲਾਕਾਂ ਦੇ ਮੁਕਾਬਲੇ ਬਹੁਤ ਨਿਗੂਣੀ ਹੈ ਜਿਥੇ ਵਿਆਹ ਟੁੱਟਣ ਦੀ ਦਰ ਕਈ ਵਾਰੀ ਚਾਲੀ ਫ਼ੀਸਦੀ ਤਕ ਚਲੀ ਜਾਂਦੀ ਹੈ। ਭਾਰਤ ਵਿਚ ਵੀ ਬਹੁਤੇ ਤਲਾਕ ਸ਼ਹਿਰਾਂ ਵਿਚ ਹੁੰਦੇ ਹਨ, ਪਿੰਡਾਂ ਵਿਚ ਨਹੀਂ। ਇਸ ਦਾ ਮੁੱਖ ਕਾਰਨ ਇਹੀ ਹੈ ਕਿ ਪਿੰਡਾਂ ਵਿਚ ਸਮਾਜ ਹਾਲੇ ਏਨਾ ਖੁਲ੍ਹਾ ਨਹੀਂ ਹੋਇਆ ਅਤੇ ਨਾ ਹੀ ਪੇਂਡੂ ਔਰਤਾਂ ਵਿਚ ਹੀ ਆਪਣੇ ਹੱਕਾਂ ਪ੍ਰਤੀ ਜਾਗਰੂਕਤਾ ਪੈਦਾ ਹੋ ਸਕੀ ਹੈ।
ਭਾਰਤ ਵਿਚ ਤਲਾਕ ਦਾ ਵੱਡਾ ਕਾਰਨ ਦਾਜ ਦੀ ਸਮੱਸਿਆ ਹੈ। ਹਾਲਾਂਕਿ ਸੁਭਾਅ ਨਾ ਮਿਲਣਾ, ਕਿਸੇ ਪਰਾਏ ਮਰਦ ਜਾਂ ਔਰਤ ਨਾਲ ਸਬੰਧ ਹੋਣਾ ਵਰਗੇ ਕਈ ਕਾਰਨ ਵੀ ਹੁੰਦੇ ਹਨ ਪਰ ਮੁੱਖ ਕਾਰਨ ਮੁੰਡੇ ਦੇ ਮਾਪਿਆਂ ਵਿਚ ਦਾਜ ਦੀ ਬਹੁਤੀ ਮੰਗ ਅਤੇ ਕੁੜੀ ਦੇ ਮਾਪਿਆਂ ਵਲੋਂ ਦਾਜ ਦੇਣ ਤੋਂ ਅਸਮਰਥਾ ਹੁੰਦੀ ਹੈ। ਇਸ ਲਈ ਤਲਾਕ ਹੋਵੇ ਜਾਂ ਨਾ, ਮਰਦ ਵਲੋਂ ਔਰਤ ਨੂੰ ਛੱਡ ਦਿੱਤਾ ਜਾਂਦਾ ਹੈ। ਮਰਦ ਤਾਂ ਫਿਰ ਵਿਆਹ ਕਰਵਾ ਲੈਂਦਾ ਹੈ ਪਰ ਛੁੱਟੜ ਔਰਤ ਨੂੰ ਕੋਈ ਵੀ ਝੱਲਣ ਲਈ ਤਿਆਰ ਨਹੀਂ ਹੁੰਦਾ । ਇਹੀ ਕਾਰਨ ਹੈ ਕਿ ਔਰਤਾਂ ਲਗਦੀ ਵਾਹ ਮਰਦ ਦੇ ਸਾਰੇ ਜ਼ੁਲਮਾਂ ਨੂੰ ਸਹਿ ਕੇ ਵੀ ਛੁੱਟੜ ਹੋਣ ਦੇ ਇਲਜ਼ਾਮ ਤੋਂ ਬਚਣ ਦਾ ਯਤਨ ਕਰਦੀਆਂ ਹਨ।
ਪੱਛਮ ਵਿਚ ਅੱਜ ਕੱਲ੍ਹ ਵਿਆਹ ਦੀ ਪ੍ਰਥਾ ਸਮਾਪਤ ਹੁੰਦੀ ਜਾ ਰਹੀ ਹੈ। ਇਸ ਦੀ ਥਾਂ ਅਣਵਿਆਹੇ ਜੋੜਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਮਰਦ ਤੇ ਔਰਤ ਆਪਣੀ ਮਰਜ਼ੀ ਨਾਲ ਇਕੱਠੇ ਰਹਿਣਾ ਸ਼ੁਰੂ ਕਰ ਦਿੰਦੇ ਹਨ।ਉਹ ਪਤੀ ਪਤਨੀ ਵਾਲੇ ਸਾਰੇ ਸਬੰਧ ਕਾਇਮ ਕਰਦੇ ਹਨ, ਬੱਚੇ ਪੈਦਾ ਕਰਦੇ ਹਨ ਅਤੇ ਬੱਚਿਆਂ ਦੀ ਪਰਵਰਿਸ਼ ਵੀ ਕਰਦੇ ਹਨ ਫਿਰ ਵੀ ਇਹ ਵਿਆਹ ਨਹੀਂ ਕਰਦੇ। ਇਸ ਕਿਸਮ ਦੇ ਜੋੜਿਆਂ ਦੀ ਪੱਛਮ ਵਿੱਚ ਓਨੀ ਹੀ ਕਦਰ ਅਤੇ ਸਤਿਕਾਰ ਹੈ ਜਿੰਨਾ ਕਿ ਬਾਕਾਇਦਾ ਵਿਆਹੇ ਹੋਏ ਜੋੜਿਆਂ ਦਾ। ਇਸ ਨਾਲ ਤਲਾਕ ਦੀ ਸੰਭਾਵਨਾ ਕਾਫ਼ੀ ਘਟ ਗਈ ਹੈ।
ਪਰ ਫਿਰ ਵੀ ਤਲਾਕ ਦੀ ਮਾਤਰਾ ਨਹੀਂ ਘਟੀ ।ਨਾ ਹੀ ਤਲਾਕ ਦੇ ਕਾਰਨਾਂ ਵਿਚ ਹੀ ਕੋਈ ਫ਼ਰਕ ਪਿਆ ਹੈ। ਫਰਾਂਸ ਦੀ ਇਕ ਔਰਤ ਨੇ ਇਸ ਕਾਰਨ ਪਤੀ ਤੋਂ ਤਲਾਕ ਲੈ ਲਿਆ ਸੀ ਕਿ ਉਹ ਸੌਂਦੇ ਸਮੇਂ ਘੁਰਾੜੇ ਬਹੁਤ ਮਾਰਦਾ ਹੈ। ਇੰਗਲੈਂਡ ਦੇ ਇਕ ਮਰਦ ਨੇ ਅਦਾਲਤ ਵਿਚ ਅਰਜ਼ੀ ਦੇ ਕੇ ਦੋਸ਼ ਲਾਇਆ ਸੀ ਕਿ ਉਸ ਦੀ ਪਤਨੀ ਸੰਭੋਗ ਸਮੇਂ ਉਸ ਦੇ ਜਿਸਮ ਉਤੇ ਦੰਦੀਆਂ ਵੱਢਦੀ ਹੈ। ਇਕ ਹੋਰ ਔਰਤ ਨੇ ਇਸ ਕਾਰਨ ਤਲਾਕ ਲਿਆ ਸੀ ਕਿਉਂਕਿ ਉਸ ਦਾ ਪਤੀ ਉਸ ਦੀ ਚਹੇਤੀ ਬਿੱਲੀ ਨੂੰ ਪੰਸਦ ਨਹੀਂ ਸੀ ਕਰਦਾ ਜਦ ਕਿ ਉਹ ਔਰਤ ਉਸ ਬਿੱਲੀ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਹਮੇਸ਼ਾ ਉਸ ਨੂੰ ਆਪਣੇ ਨਾਲ ਬਿਸਤਰੇ ਵਿਚ ਸੁਲਾਉਂਦੀ ਸੀ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਹੋਰ ਵੀ ਦਿੱਤੀਆਂ ਜਾ ਸਕਦੀਆਂ ਹਨ।
ਭਾਰਤ ਵਿਚ ਵਿਆਹ ਅੱਜ ਕੱਲ ਆਪਣੀ ਦੌਲਤ ਦਾ ਮੁਜ਼ਾਹਰਾ ਕਰਨ ਦੇ ਸਾਧਨ ਬਣ ਗਏ ਹਨ। ਕਈ ਸਾਲ ਪਹਿਲਾਂ ਭਾਰਤ ਦੇ ਇਕ ਮੰਤਰੀ ਦੀ ਧੀ ਦਾ ਵਿਆਹ ਇਕ ਸਾਬਕਾ ਮੰਤਰੀ ਦੇ ਪੁੱਤਰ ਨਾਲ ਹੋਇਆ ਤਾਂ ਦੋਹਾਂ ਪਰਿਵਾਰਾਂ ਦੀ ਅਮੀਰੀ ਦਾ ਨੰਗਾ ਚਿੱਟਾ ਪ੍ਰਦਰਸ਼ਨ ਕੀਤਾ ਗਿਆ। ਇਕ ਅੰਦਾਜ਼ੇ ਮੁਤਾਬਕ ਕਈ ਕਰੋੜ ਰੁਪਏ ਖ਼ਰਚ ਕੀਤੇ ਗਏ। ਅਖ਼ਬਾਰਾਂ ਨੇ ਆਪਣੇ ਕਾਲਮਾਂ ਵਿਚ ਇਨ੍ਹਾਂ ਦਾ ਖੁੱਲ੍ਹ ਕੇ ਬਿਆਨ ਕੀਤਾ । ਇਹ ਤਾਂ ਸਾਬਕਾ ਰਜਵਾੜਿਆਂ ਦੇ ਦੋ ਪਰਿਵਾਰਾਂ ਦੀ ਸ਼ਾਦੀ ਸੀ ਅਤੇ ਰਜਵਾੜੇ ਸ਼ਾਨੋ ਸ਼ੌਕਤ ਅਤੇ ਦੌਲਤ ਦਾ ਖੁੱਲ੍ਹਾ ਪ੍ਰਦਰਸ਼ਨ ਕਰਦੇ ਹੀ ਹਨ, ਅੱਜ ਕੱਲ੍ਹ ਦੇ ਪੂੰਜੀਪਤੀ ਵੀ ਇਸ ਤੋਂ ਪਿੱਛੇ ਨਹੀਂ ਹਟਦੇ। ਇਕ ਮਸ਼ਹੂਰ ਸਰਮਾਏਦਾਰ ਦੇ ਪੁੱਤਰ ਦੀ ਸ਼ਾਦੀ ਉਤੇ ਜਿਹੜਾ ਸੱਦਾ ਪੱਤਰ ਛਪਵਾਇਆ ਗਿਆ ਉਹ ਚਾਂਦੀ ਦਾ ਸੀ। ਇਕੱਲੀ ਚਾਂਦੀ ਦੀ ਕੀਮਤ ਹੀ ਇਕ ਹਜ਼ਾਰ ਰੁਪਏ ਦੇ ਕਰੀਬ ਹੋਏਗੀ। ਉਸ ਨੂੰ ਆਬਨੂਸ ਦੀ ਲਕੜੀ ਦੇ ਬਕਸੇ ਵਿਚ ਬੰਦ ਕੀਤਾ ਗਿਆ। ਨਾਲ ਚਾਂਦੀ ਦੀਆਂ ਵਿਸ਼ੇਸ਼ ਮੋਹਰਾਂ ਤਿਆਰ ਕਰਕੇ ਰੱਖੀਆਂ ਗਈਆਂ ਜਿਨ੍ਹਾਂ ਉਤੇ ਉਸ ਸਨਅਤੀ ਘਰਾਣੇ ਦਾ ਨਿਸ਼ਾਨ ਛਪਿਆ ਹੋਇਆ ਸੀ। ਇਹ ਸੱਦਾ ਪੱਤਰ ਖ਼ਾਸ ਖ਼ਾਸ ਲੋਕਾਂ ਲਈ ਵਿਸ਼ੇਸ਼ ਕਿਸਮ ਦੀਆਂ ਬੱਘੀਆਂ ਰਾਹੀਂ ਭੇਜੇ ਗਏ ਅਤੇ ਦੋ ਦੋ ਸੁੰਦਰ ਔਰਤਾਂ ਨੇ, ਜੋ ਅਰਬੀ ਲਿਬਾਸ ਵਿਚ ਸਨ, ਇਹ ‘ਸੱਦਾ ਪੱਤਰ ਟਿਕਾਣਿਆਂ ‘ਤੇ ਪਹੁੰਚਾਏ।
ਸਮਾਜ ਸੁਧਾਰਕ ਸਦੀਆਂ ਤੋਂ ਕੋਸ਼ਿਸ਼ਾਂ ਕਰ ਰਹੇ ਹਨ ਪਰ ਭਾਰਤ ਵਿਚ ਸ਼ਾਦੀਆਂ ਪੈਸੇ ਨੂੰ ਹੀ ਮੁੱਖ ਰੱਖ ਕੇ ਕੀਤੀਆਂ ਜਾਂਦੀਆਂ ਹਨ। ਪਿੱਛੇ ਜਿਹੇ ਮਹਾਰਾਸ਼ਟਰ ਦੀ ਇਕ ਸਮਾਜ ਸੁਧਾਰਕ ਸੰਸਥਾ ਨੇ ਕੁਝ ਅੰਕੜੇ ਛਾਪੇ। ਇਨ੍ਹਾਂ ਮੁਤਾਬਕ ਮਾਹਾਰਾਸ਼ਟਰ ਵਿਚ ਹਰ ਸਾਲ ਕਰੀਬ 8 ਲੱਖ ਵਿਆਹ ਹੁੰਦੇ ਹਨ। ਜੇ ਇਹ ਮੰਨ ਲਿਆ ਜਾਵੇ ਕਿ ਹਰੇਕ ਵਿਆਹ ਵਿੱਚ ਦਾਜ ਅਤੇ ਭੋਜਨ ਉੱਤੇ ਦਸ ਹਜ਼ਾਰ ਰੁਪਏ ਖ਼ਰਚ ਹੁੰਦੇ ਹਨ ਤਾਂ ਕੁੱਲ ਵਿਆਹਾਂ ਦਾ ਖ਼ਰਚਾ 1200 ਕਰੋੜ ਰੁਪਏ ਤਕ ਪਹੁੰਚ ਜਾਂਦਾ ਹੈ ਅਤੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਕਈ ਵਿਆਹਾਂ ਉਤੇ ਹਜ਼ਾਰਾਂ ਨਹੀਂ ਲੱਖਾਂ ਰੁਪਏ ਖ਼ਰਚ ਹੁੰਦੇ ਕੀਤੇ ਜਾਂਦੇ ਹਨ।
ਇਸ ਸੰਸਥਾ “ਸਮੂਹਿਕ ਵਿਆਹ” ਨੇ ਪੰਜਾਬ ਦੇ ਨਾਮਧਾਰੀਆਂ ਵਾਂਗ ਬਿਨਾਂ ਦਾਜ ਦਹੇਜ ਅਤੇ ਖ਼ਰਚੇ ਦੇ ਸਮੂਹਿਕ ਵਿਆਹ ਕਰਨ ਦੀ ਪਿਰਤ ਸ਼ੁਰੂ ਕੀਤੀ ਹੈ ਅਤੇ ਇਸ ਦੇ ਸੰਚਾਲਕ ਸ਼ਾਂਤੀ ਲਾਲ ਮੂਧਾ ਹੁਣ ਤਕ 1200 ਵਿਆਹ ਕਰਵਾ ਚੁੱਕੇ ਹਨ। ਸ੍ਰੀ ਮੂਥਾ ਕਹਿੰਦੇ ਹਨ ਕਿ ਪਿੰਡਾਂ ਵਿਚ ਗ਼ਰੀਬੀ ਦਾ ਇਕ ਕਾਰਨ ਵਿਆਹਾਂ ਉਤੇ ਖ਼ਰਚ ਕਰਨਾ ਹੈ ਅਤੇ ਇਸ ਖ਼ਰਚ ਲਈ ਲੋਕ ਆਮ ਤੌਰ ‘ਤੇ ਕਰਜ਼ਾ ਵੀ ਲੈਂਦੇ ਹਨ। ਲਾੜੀ ਲਈ ਦਾਜ, ਕੱਪੜੇ, ਗਹਿਣੇ, ਸਾਮਾਨ, ਫਰਨੀਚਰ, ਭਾਂਡੇ ਆਦਿ ਤਾਂ ਖ਼ਰੀਦੇ ਹੀ ਜਾਂਦੇ ਹਨ, ਸ਼ਾਮਿਆਨੇ ਲਾਏ ਜਾਂਦੇ ਹਨ, ਰੌਸ਼ਨੀਆਂ ਹੁੰਦੀਆਂ ਹਨ ਅਤੇ ਆਤਸ਼ਬਾਜ਼ੀ ਚਲਦੀ ਹੈ।
ਨਾਮਧਾਰੀ ਸੰਪਰਦਾਇ ਵਿਚ ਖ਼ਾਸ ਮੌਕਿਆਂ ‘ਤੇ ਸਮੂਹਕ ਵਿਆਹ ਰਚੇ ਜਾਂਦੇ ਹਨ ਅਤੇ ਵਿਆਹ ਵੇਲੇ ਕੋਈ ਖ਼ਰਚ ਨਹੀਂ ਕੀਤਾ ਜਾਂਦਾ। ਇਹ ਭਾਰਤ ਦਾ ਪਹਿਲਾ ਅਤੇ ਇਕੋ ਇਕ ਸੰਪਰਦਾਇ ਹੈ ਜਿਥੇ ਸਾਦਾ ਵਿਆਹਾਂ ਦੀ ਪਿਰਤ ਪਾਈ ਗਈ ਹੈ ਅਤੇ ਇਸ ਨੂੰ ਨਿਭਾਇਆ ਜਾ ਰਿਹਾ ਹੈ।
ਵਿਆਹ ਅਤੇ ਤਲਾਕ ਅਜਿਹੇ ਮਸਲੇ ਹਨ ਜਿਨ੍ਹਾਂ ਬਾਰੇ ਪਿਛਲੇ ਕਈ ਸਮੇਂ ਤੋਂ ਚਰਚਾ ਚਲ ਰਹੀ ਹੈ ਅਤੇ ਅੱਗੋਂ ਵੀ ਚਲਦੀ ਰਹੇਗੀ ਕਿਉਂਕਿ ਕਿਸੇ ਸਿਆਣੇ ਦਾ ਕਥਨ ਹੈ ਕਿ ਲੋਕ ਪਹਿਲਾਂ ਵਿਆਹ ਕਰਵਾਉਣ ਲਈ ਕਾਹਲੇ ਹੁੰਦੇ ਹਨ ਪਰ ਜਦੋਂ ਵਿਆਹ ਹੋ ਜਾਂਦਾ ਹੈ ਤਾਂ ਤਲਾਕ ਕਰਵਾਉਣ ਲਈ ਕਾਹਲੇ ਪੈ ਜਾਂਦੇ ਹਨ। ਪਰ ਤਲਾਕ ਤੋਂ ਬਾਅਦ ਉਹ ਫਿਰ ਵਿਆਹ ਕਰਵਾਉਣ ਦੇ ਇੱਛੁਕ ਹੁੰਦੇ ਹਨ। ਇਸ ਤਰ੍ਹਾਂ ਇਹ ਸਿਲਸਿਲਾ ਚਲਦਾ ਰਹਿੰਦਾ ਹੈ।
ਭਾਰਤ ਵਿਚ ਲੜਕੇ ਲਈ 21 ਸਾਲ ਅਤੇ ਲੜਕੀ ਲਈ 18 ਸਾਲ ਦੀ ਉਮਰ ਵਿਆਹ ਲਈ ਘੱਟੋ ਘੱਟ ਮਿੱਥੀ ਗਈ ਹੈ। ਫਿਰ ਵੀ ਇਥੇ ਤਿੰਨ ਤੋਂ ਲੈ ਕੇ ਬਾਰਾਂ ਸਾਲਾਂ ਦੇ ਬੱਚਿਆਂ ਦੇ ਵਿਆਹ ਕੀਤੇ ਜਾਂਦੇ ਹਨ। ਵਿਆਹ ਦੀ ਹੇਠਲੀ ਉਮਰ ਤਾਂ ਤੈਅ ਹ ਪਰ ਉਪਰਲੀ ਨਹੀਂ । ਫਿਲਪੀਨਜ਼ ਦੇ ਇਕ ਵਿਅਕਤੀ ਨੇ ਸੱਤਰ ਸਾਲ ਦੀ ਉਮਰ ਵਿਚ ਪੰਜਤਾਲੀ ਸਾਲ ਦੀ ਔਰਤ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਦੇ ਦੋ ਬੱਚੇ ਹੋਏ। ਸੰਯੁਕਤ ਅਰਬ ਅਮੀਰਾਤ ਦੇ ਇਕ ਸ਼ੇਖ਼ ਨੇ 68 ਸਾਲ ਦੀ ਉਮਰ ਵਿਚ ਸੱਤਵਾਂ ਵਿਆਹ ਕਰਵਾਇਆ। ਉਸ ਦੀ ਬੇਗਮ ਦੀ ਉਮਰ 18 ਸਾਲ ਦੀ ਸੀ ਜਦ ਕਿ ਉਸ ਦੀ ਵੱਡੀ ਧੀ ਦੀ ਉਮਰ 48 ਸਾਲ ਸੀ। ਸਭ ਤੋਂ ਵੱਡੀ ਉਮਰ ਦੀ ਜੋੜੀ ਫਰਾਂਸ ਦੇ ਇਕ ਨਿੱਕੇ ਜਿਹੇ ਕਸਬੇ ਲੀਮਾਰਕਸ ਵਿਚ ਹੋਈ । ਇਥੇ 102 ਸਾਲ ਦੇ ਬਜ਼ੁਰਗ ਨੇ 98 ਸਾਲ ਦੀ ਬਜ਼ੁਰਗ ਔਰਤ ਨਾਲ ਬਾਕਾਇਦਾ ਚਰਚ ਵਿਚ ਵਿਆਹ ਕਰਵਾਇਆ।
ਪਤਨੀਆਂ ਦੇ ਅਤਿਆਚਾਰ
ਕਈ ਦਹਾਕੇ ਪਹਿਲਾਂ ਦੀ ਗੱਲ ਹੈ। ਜਲੰਧਰ ਦੇ ਇਕ ਸੱਠਾਂ ਸਾਲਾਂ ਦੇ ਵਿਅਕਤੀ ਨੇ ਇਕ ਦਿਨ ਧਾਹਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਸ਼ਿਕਾਇਤ ਕੀਤੀ ਕਿ ਉਸ ਦੀ ਪਤਨੀ ਨੇ ਤਿੰਨ ਦਿਨਾਂ ਤੋਂ ਉਸ ਨੂੰ ਰੋਟੀ ਨਹੀਂ ਦਿੱਤੀ ਅਤੇ ਨਾ ਹੀ ਕੋਈ ਪੈਸਾ ਦਿੱਤਾ ਜਿਸ ਨਾਲ ਉਹ ਬਾਹਰੋਂ ਰੋਟੀ ਖਾ ਸਕੇ। ਬਾਹਰੋਂ ਦਿਖਣ ਨੂੰ ਅਤੇ ਅੰਦਰੋਂ ਵੀ ਸਖ਼ਤ ਜਾਨ ਇਸ ਸੱਜਣ ਦੀਆਂ ਅੱਖਾਂ ਵਿਚ ਇਸ ਸਮੇਂ ਹੰਝੂ ਆ ਗਏ ਪਰ ਉਦੋਂ ਨਹੀਂ ਸਨ ਆਏ ਜਦੋਂ ਉਸ ਦਾ ਜਵਾਨ ਪੁੱਤਰ ਇਕ ਹਾਦਸੇ ਵਿਚ ਜ਼ਖ਼ਮੀ ਹੋ ਕੇ ਦਮ ਤੋੜ ਗਿਆ ਸੀ। ਜਿਨ੍ਹਾਂ ਲੋਕਾਂ ਪਾਸ ਉਸ ਸ਼ਿਕਾਇਤ ਕੀਤੀ ਸੀ ਉਹ ਕੋਈ ਅਧਿਕਾਰੀ ਜਾਂ ਸਮਾਜ ਸੇਵੀ ਸੰਸਥਾਵਾਂ ਦੇ ਕਾਰਕੁਨ ਨਹੀਂ ਸਨ। ਉਹ ਤਾਂ ਉਸੇ ਸੱਜਣ ਵਰਗੇ ਪਤਨੀਆਂ ਦੇ ਅਤਿਆਚਾਰਾਂ ਤੋਂ ਦੁਖੀ ਲੋਕ ਸਨ ਅਤੇ ਉਨ੍ਹਾਂ ਸ਼ੁਗਲ ਸ਼ੁਗਲ ਵਿਚ ਹੀ ‘ਦੁਖੀ ਪਤੀ ਸਭਾ’ ਬਣਾਈ ਹੋਈ ਸੀ। ਇਸ ਘਟਨਾ ਨੂੰ ਹਾਸੇ ਵਿਚ ਹੀ ਉਡਾ ਦਿੱਤਾ ਗਿਆ ਹਾਲਾਂਕਿ ਇਸ ਦੀ ਇਕ ਵਿਸ਼ੇਸ਼ ਅਹਿਮੀਅਤ ਸੀ।
ਇਸੇ ਤਰ੍ਹਾਂ ਉਸ ਵਿਅਕਤੀ ਦੀ ਹਾਲਤ ਚੇਤੇ ਆਉਂਦੀ ਹੈ ਜਿਸ ਦੀ ਪਤਨੀ ਨਾ ਤਾਂ ਉਸ ਨਾਲ ਵਸਦੀ ਸੀ ਅਤੇ ਨਾ ਹੀ ਉਸ ਨੂੰ ਤਲਾਕ ਦਿੰਦੀ ਸੀ। ਉਹ ਬੰਦਾ ਹਰ ਸ਼ਰਤ ਮੰਨਣ ਲਈ ਤਿਆਰ ਸੀ ਜਿਸ ਵਿਚ ਖ਼ਰਚਾ ਦੇਣਾ, ਬੱਚੇ ਦੀ ਸਪੁਰਦਗੀ ਪਤਨੀ ਨੂੰ ਦੇਣਾ, ਇਕ ਮਕਾਨ ਉਸ ਦੇ ਨਾਂ ਕਰਨਾ ਆਦਿ ਸ਼ਾਮਲ ਸਨ। ਪਰ ਪਤਨੀ ਨੇ ਇਕੋ ਰੱਟ ਲੱਗਾ ਰੱਖੀ ਸੀ ਕਿ ਉਹ ਕੋਈ ਵੀ ਗੱਲ ਨਹੀਂ ਮੰਨੇਗੀ। ਹਾਲਤ ਇੱਥੋਂ ਤਕ ਪੁੱਜ ਗਈ ਕਿ ਉਸ ਬੰਦੇ ਨੇ ਇਕ ਦਿਨ ਫਾਹਾ ਲੈਣ ਦੀ ਕੋਸ਼ਿਸ਼ ਕੀਤੀ ਜੋ ਅਸਫ਼ਲ ਰਹੀ।
ਘਰੇਲੂ ਜੀਵਨ, ਅਰਥਾਤ ਪਤੀ ਪਤਨੀ ਵਿਚਕਾਰ, ਨਿੱਕੀਆਂ ਨਿੱਕੀਆਂ ਗੱਲਾਂ ਤੋਂ ਤਕਰਾਰ ਹੋ ਜਾਂਦੀ ਹੈ। ਇਸ ਤਕਰਾਰ ਵਿਚ ਪਤਨੀਆਂ ਕਿਉਂਕਿ ਦਲੀਲ ਦੀ ਥਾਂ ਰੋਣ ਪਿੱਟਣ, ਦੋਸ਼ ਲਾਉਣ, ਡੁਸਕਣ ਅਤੇ ਕਮਜ਼ੋਰ ਹੋਣ ਦਾ ਬਹਾਨਾ ਕਰਨ ਦਾ ਰਸਤਾ ਅਪਣਾਉਂਦੀਆਂ ਹਨ, ਇਸ ਲਈ ਆਮ ਤੌਰ ਤੇ ਲੋਕਾਂ ਦੀ ਹਮਦਰਦੀ ਉਨ੍ਹਾਂ ਨਾਲ ਹੋ ਜਾਂਦੀ ਹੈ। ਮਰਦ ਕਿਉਂਕਿ ਜਿਸਮਾਨੀ ਤੌਰ ‘ਤੇ ਤਕੜਾ ਹੁੰਦਾ ਹੈ, ਇਸ ਲਈ ਜੇ ਹਾਲਤ ਹੱਥੋਪਾਈ ਤਕ ਪਹੁੰਚ ਜਾਵੇ ਤਾਂ ਲਾਜ਼ਮੀ ਤੌਰ ‘ਤੇ ਉਸ ਦਾ ਹੱਥ ਉਪਰ ਹੁੰਦਾ ਹੈ। ਅਜਿਹੀ ਸਥਿਤੀ ਵਿਚ ਕਾਨੂੰਨ, ਸਮਾਜ ਤੇ ਭਾਈਚਾਰਾ ਉਸੇ ਨੂੰ ਦੋਸ਼ੀ ਕਰਾਰ ਦਿੰਦਾ ਹੈ।
ਭਾਰਤੀ ਦੰਡਾਵਲੀ ਵਿਚ ਇਕ ਧਾਰਾ ਹੈ ਕਿਸੇ ਅਪਰਾਧ ਲਈ ਕਿਸੇ ਨੂੰ ਉਕਸਾਉਣ ਜਾਂ
ਭੜਕਾਉਣ ਦੀ। ਜਿਵੇਂ ਦਾਜ ਬਦਲੇ ਜਾਂ ਕਿਸੇ ਹੋਰ ਕਾਰਨ ਕਿਸੇ ਵਿਆਹੁਤਾ ਲੜਕੀ ਨੂੰ ਆਤਮ-ਹੱਤਿਆ ਕਰਨ ਲਈ ਉਕਸਾਉਣ ਬਦਲੇ ਉਸ ਦੇ ਪਤੀ ਅਤੇ ਸਹੁਰਿਆਂ ਨੂੰ ਸਜ਼ਾ ਹੋ ਸਕਦੀ ਹੈ, ਉਵੇਂ ਹੀ ਇਸ ਕਾਨੂੰਨ ਵਿਚ ਇਹ ਵਿਵਸਥਾ ਵੀ ਕਰਨੀ ਚਾਹੀਦੀ ਹੈ ਕਿ ਘਰੇਲੂ ਝਗੜੇ ਵਿਚ ਉਕਸਾਹਟ ਪੈਦਾ ਕਰਨ ਲਈ ਪਤਨੀ ਵਿਰੁਧ ਕਾਰਵਾਈ ਕੀਤੀ ਜਾਵੇ।
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਘਰੇਲੂ ਝਗੜਿਆਂ ਵਿਚ ਬਹੁਤੀ ਵਾਰ ਪਤੀ ਅਤੇ ਉਸ ਦੇ ਪਰਿਵਾਰ ਦਾ ਦੋਸ਼ ਹੁੰਦਾ ਹੈ। ਇਸ ਦੋਸ਼ ਲਈ ਬਹੁਤੀ ਵਾਰੀ ਪਤੀ ਅਤੇ ਉਸ ਦੇ ਪਰਿਵਾਰ ਦੀ ਵਧੇਰੇ ਦਾਜ ਦੀ ਲਾਲਸਾ ਕਾਰਨ, ਜਾਂ ਤਾਂ ਪਤਨੀ ਦੀ ਕਿਸੇ ਨਾ ਕਿਸੇ ਢੰਗ ਨਾਲ ਹੱਤਿਆ ਕਰ ਦਿੱਤੀ ਜਾਂਦੀ ਹੈ ਜਾਂ ਫਿਰ ਉਸ ਨੂੰ ਆਤਮ-ਹੱਤਿਆ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ। ਭਾਰਤ ਦੇ ਕਾਨੂੰਨ ਇਸ ਮਾਮਲੇ ਵਿਚ ਔਰਤਾਂ ਦੇ ਹੱਕ ਵਿਚ ਵਧੇਰੇ ਹਨ ਅਤੇ ਮਰਦਾਂ ਦੇ ਖ਼ਿਲਾਫ਼ ਹਨ। ਮਿਸਾਲ ਵਜੋਂ ਵਿਆਹ ਦੇ ਸੱਤ ਸਾਲਾਂ ਦੇ ਅੰਦਰ ਅੰਦਰ ਜੇ ਕਿਸੇ ਲੜਕੀ ਦੀ ਸਹੁਰੇ ਘਰ ਮੌਤ ਹੋ ਜਾਵੇ ਤਾਂ ਉਸ ਦਾ ਸਾਰਾ ਸਹੁਰਾ ਪਰਿਵਾਰ ਬੱਝ ਜਾਂਦਾ ਹੈ। ਇਥੇ ਸਾਰੇ ਮਰਦਾਂ ਨੂੰ ਇਕੋ ਰੱਸੇ ਬੰਨ੍ਹ ਦਿੱਤਾ ਜਾਂਦਾ ਹੈ ਅਤੇ ਸਭ ਔਰਤਾਂ ਨੂੰ ਬਰੀ ਕਰ ਦਿੱਤਾ ਗਿਆ ਹੈ।
ਅਜਿਹੀ ਹਾਲਤ ਵਿਚ ਅਜਿਹਾ ਆਦਮੀ, ਜਿਸ ਦੀ ਪਤਨੀ ਕਿਸੇ ਨਾ ਕਿਸੇ ਕਾਰਨ ਵਿਆਹ ਤੋਂ ਖ਼ੁਸ਼ ਨਹੀਂ ਹੈ, ਬਹੁਤੀ ਕਸੂਤੀ ਹਾਲਤ ਵਿਚ ਫ਼ਸ ਜਾਂਦਾ ਹੈ। ਜੇ ਕਾਨੂੰਨੀ ਕਾਰਵਾਈ ਹੁੰਦੀ ਹੈ ਤਾਂ ਕਾਨੂੰਨ ਨੇ ਸਦਾ ਔਰਤ ਦਾ ਸਾਥ ਦੇਣਾ ਹੁੰਦਾ ਹੈ। ਕਾਨੂੰਨ ਦੇ ਰਖਵਾਲੇ, ਅਰਥਾਤ ਪੁਲੀਸ, ਵੀ ਔਰਤਾਂ ਦਾ ਹੀ ਸਾਥ ਦਿੰਦੇ ਹਨ। ਕਈ ਵਿਆਹ ਇਸੇ ਕਾਰਨ ਟੁੱਟ ਰਹੇ ਹਨ ਕਿ ਕਾਨੂੰਨ ਔਰਤਾਂ ਦਾ ਸਾਥ ਦਿੰਦਾ ਹੈ ਅਤੇ ਕਈ ਔਰਤਾਂ (ਸਾਰੀਆਂ ਨਹੀਂ) ਇਨ੍ਹਾਂ ਕਾਨੂੰਨਾਂ ਦਾ ਨਜਾਇਜ਼ ਲਾਭ ਉਠਾਉਂਦੀਆਂ ਹਨ। ਅਧਿਕਾਰੀ ਵਿਆਹ ਸਬੰਧਾਂ ਦੀ ਸੂਖਮਤਾ, ਇਨ੍ਹਾਂ ਵਿਚ ਤਰੇੜਾਂ ਦੇ ਨਿੱਕੇ ਨਿੱਕੇ ਕਾਰਨਾਂ ਵਿਚ ਨਹੀਂ ਜਾਂਦੇ ਸਗੋਂ ਕਾਨੂੰਨ ਦੀ ਨਜ਼ਰ ਵਿਚ ਮਰਦ ਨੂੰ ਹੀ ਦੋਸ਼ੀ ਕਰਾਰ ਦਿੰਦੇ ਹਨ।
ਕੋਈ ਔਰਤਾਂ ਆਪਣੇ ਪਤੀ ਨੂੰ ਕਿਸ ਤਰ੍ਹਾਂ ਤੰਗ ਕਰ ਸਕਦੀਆਂ ਹਨ ਅਤੇ ਉਸ ਦੇ ਜੀਵਨ ਨੂੰ ਕਿਵੇਂ ਨਰਕ ਬਣਾ ਸਕਦੀਆਂ ਹੈ,ਇਸ ਦੀਆਂ ਕਈ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਇਨ੍ਹਾਂ ਵਿਚ ਝੂਠੇ ਇਲਜ਼ਾਮ, ਨਿਰੰਤਰ ਖੁੰਦਕਬਾਜ਼ੀ, ਹਰ ਵੇਲੇ ਤਲਖ਼ੀ ਵਾਲਾ ਬੋਲ ਵਰਤਾਰਾ, ਪਤੀ ਪ੍ਰਤੀ ਲਾਹਵਾਹੀ, ਬੱਚਿਆਂ ਪ੍ਰਤੀ ਜ਼ਾਲਮਾਨਾ ਵਰਤਾਓ ਅਤੇ ਇਸ ਤਰ੍ਹਾ ਦੀਆਂ ਹੋਰ ਗੱਲਾਂ ਸ਼ਾਮਲ ਹਨ। ਸਭ ਤੋਂ ਸਧਾਰਨ ਅਤੇ ਆਮ ਵਰਤਿਆ ਜਾਂਦਾ ਢੰਗ ਹੈ ਪਤੀਆਂ ਉਤੇ ਦਾਜ ਬਦਲੇ ਤੰਗ ਕਰਨ ਦਾ ਦੋਸ਼ ਲਾਉਣਾ । ਇਸ ਧਮਕੀ ਦਾ ਅਰਥ ਹੁੰਦਾ ਹੈ ਕਿ ਜੇ ਉਸ ਦੀ ਮਰਜ਼ੀ ਅਨੁਸਾਰ ਕੰਮ ਨਾ ਹੋਇਆ ਤਾਂ ਉਹ ਆਪ ਤਾਂ ਮਰੇਗੀ ਹੀ, ਛੱਡੇਗੀ ਪਤੀ ਨੂੰ ਵੀ ਕਿਸੇ ਥਾਂ ਜੋਗਾ ਨਹੀਂ। ਇਹ ਸਾਰਾ ਕੁਝ ਪਤੀ ਪ੍ਰਤੀ ‘ਜ਼ੁਲਮ’ ਹੀ ਕਿਹਾ ਜਾ ਸਕਦਾ ਹੈ।
ਇਥੇ ਇਹ ਗੱਲ ਵੀ ਕਰਨ ਵਾਲੀ ਹੈ ਕਿ ਕਾਨੂੰਨ ਵਿਚ ਔਰਤਾਂ ਵਿਰੁਧ ‘ਜ਼ੁਲਮ’ ਨੂੰ ਪ੍ਰੀਭਾਸ਼ਤ ਕੀਤਾ ਗਿਆ ਹੈ ਅਤੇ ਇਸ ਨੂੰ ਇਕ ਸਜ਼ਾ ਯੋਗ ਅਪਰਾਧ ਮੰਨਿਆ ਗਿਆ ਹੈ । ਸੰਨ 1983 ਵਿਚ ਭਾਰਤੀ ਦੰਡ ਕੋਸ਼ ਵਿਚ ਨਵੀਂ ਧਾਰਾ 498-ਏ ਸ਼ਾਮਲ ਕਰ ਕੇ ਅਜਿਹਾ ਕੀਤਾ ਗਿਆ ਹੈ। ਇਸ ਅਨੁਸਾਰ ਕੋਈ ਵੀ ਜਾਣ ਬੁੱਝ ਕੇ ਕੀਤੀ ਗਈ ਉਹ ਕਾਰਵਾਈ ਔਰਤ ਵਿਰੁਧ ਜ਼ੁਲਮ ਹੈ, ਜਿਸ ਨਾਲ ਔਰਤ ਆਤਮ- ਹੱਤਿਆ ਕਰਨ ਲਈ ਮਜਬੂਰ ਹੋਵੇ ਜਾਂ ਜਿਸ ਰਾਹੀਂ ਜਿਸਮਾਨੀ ਚੋਟ ਲੱਗੀ ਹੋਵੇ ਜਾਂ ਉਸ ਦੀ ਸਰੀਰਕ ਜਾਂ ਮਾਨਸਿਕ ਸਿਹਤ ਖ਼ਰਾਬ ਹੋਵੇ। ਕਿਸੇ ਔਰਤ ਨੂੰ ਇਸ ਕਰਕੇ ਤੰਗ ਕਰਨਾ ਤਾਂ ਕਿ ਉਹ ਜਾਂ ਉਸ ਦਾ ਕੋਈ ਰਿਸ਼ਤੇ ਦਾਰ ਕਿਸੇ ਜਇਦਾਦ ਜਾਂ ਹੋਰ ਕੀਮਤੀ ਸਾਮਾਨ ਦੀ ਗੈਰਕਾਨੂੰਨੀ ਮੰਗ ਪੂਰੀ ਕਰਨ ਲਈ ਮਜਬੂਰ ਹੋਵੇ ਅਤੇ ਇਸ ਮੰਗ ਦੀ ਪੂਰਤੀ ਨਾ ਹੋਣ ਦੀ ਸੂਰਤ ਵਿਚ ਔਰਤ ਨੂੰ ਤੰਗ ਕੀਤਾ ਜਾਵੇ ਤਾਂ ਇਸ ਨੂੰ ਵੀ ਜ਼ੁਲਮ ਵੀ ਕਿਹਾ ਜਾਵੇਗਾ।
ਇਸਤਰੀਆਂ ਦੇ ਅਧਿਕਾਰਾਂ ਦੀ ਰਾਖੀ ਕਰਨ ਵਾਲੀਆਂ ਜਥੇਬੰਦੀਆਂ ਭਾਵੇਂ ਕਾਫ਼ੀ ਹੱਦ ਤਕ ਵਿਆਹ ਸਬੰਧਾਂ ਦੇ ਮਾਮਲੇ ਹੱਲ ਕਰਨ ਦਾ ਯਤਨ ਕਰਦੀਆਂ ਹਨ ਫਿਰ ਵੀ ਇਨ੍ਹਾਂ ਵਲੋਂ ਵਰਤਿਆ ਗਿਆ ਢੰਗ ਤਰੀਕਾ ਵੀ ਕਈ ਵਾਰੀ ਮਰਦਾਂ ਵਿਰੁਧ ਹਿਕਾਰਤ ਵਾਲਾ ਹੁੰਦਾ ਹੈ। ਕਈ ਵਾਰੀ ਨਿੱਕੀ ਜਿਹੀ ਗੱਲ ਹੀ ਕਿਸੇ ਇਸਤਰੀ ਜਥੇਬੰਦੀ ਵਲੋਂ ਦਿੱਤੀ ਹੱਲਾਸ਼ੇਰੀ ਨਾਲ ਇੰਨੀ ਵਧ ਜਾਂਦੀ ਹੈ ਕਿ ਮਗਰੋਂ ਪਤੀ ਪਤਨੀ ਦੇ ਰਿਸ਼ਤੇ ਨੂੰ ਕਾਇਮ ਰਖਣਾ ਮੁਸ਼ਕਲ ਹੋ ਜਾਂਦਾ ਹੈ। ਕਈ ਵਾਰੀ ਔਰਤਾਂ ਸਿਰਫ਼ ਦਬਾਅ ਪਾਉਣ ਲਈ ਅਤੇ ਸਬਕ ਸਿਖਾਉਣ ਲਈ ਹੀ ਇਨ੍ਹਾਂ ਮੰਚਾਂ ਦੀ ਵਰਤੋਂ ਕਰਦੀਆਂ ਹਨ। ਇਸਤਰੀ ਜਥੇਬੰਦੀਆਂ ਦੀਆਂ ਕਾਰਕੁਨ ਵੀ ਤਾਂ ਸਧਾਰਨ ਇਸਤਰੀਆਂ ਤੇ ਸਧਾਰਨ ਇਨਸਾਨ ਹੁੰਦੀਆਂ ਹਨ । ਇਸ ਲਈ ਉਨ੍ਹਾਂ ਨੂੰ ਕਿਸੇ ਚਲਾਕ ਤੇ ਚੁਸਤ ਔਰਤ ਵਲੋਂ ‘ਵਰਤ’ ਲੈਣਾ ਕੋਈ ਅਲੋਕਾਰੀ ਗੱਲ ਨਹੀਂ ਹੈ। ਚੰਡੀਗੜ੍ਹ ਵਿਚ ਹਰ ਸ਼ਨਿਚਰਵਾਰ ਨੂੰ ਲਗਦੀ ਇਸਤਰੀ ਅਦਾਲਤ ਵਿਚ ਕੋਈ ਮਰਦ ਨਹੀਂ ਬੈਠਦਾ। ਇਸ ਲਈ ਉਥੇ ਮਰਦ ਦੇ ਨੁਕਤਾਨਜ਼ਰ ਨੂੰ ਸਮਝਣ ਵਾਲਾ ਕੋਈ ਨਹੀਂ ਹੁੰਦਾ। ਇਸ ਤਰ੍ਹਾਂ ਬਹੁਤੀ ਵਾਰੀ ਇਸਤਰੀ ਜਥੇਬੰਦੀਆਂ ਸਥਿਤੀ ਨੂੰ ਠੀਕ ਕਰਨ ਦੀ ਥਾਂ ਸਗੋਂ ਖ਼ਰਾਬ ਕਰ ਦਿੰਦੀਆਂ ਹਨ ਅਤੇ ਬੇਇੱਜ਼ਤੀ ਤੇ ਖ਼ੁਨਾਮੀ ਦੇ ਡਰੋਂ ਮਰਦ ਪਾਸ ਇਸ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿ ਜਾਂਦਾ ਕਿ ਉਹ ਚੁੱਪ-ਚਾਪ ਇਲਜ਼ਾਮਾਂ ਨੂੰ ਪ੍ਰਵਾਨ ਕਰ ਕੇ ਸ਼ਰਤਾਂ ਮੰਨ ਲਵੇ ।
ਇਥੇ ਇਕ ਗੱਲ ਕਾਨੂੰਨ ਬਾਰੇ ਹੋਰ । ਸਿਰਫ਼ ਸ਼ੱਕ ਕੇ ਆਧਾਰ ਉਤੇ ਕੁੜੀ ਵਾਲਿਆਂ ਵਲੋਂ ਕੀਤੀ ਗਈ ਸ਼ਿਕਾਇਤ ਉਤੇ ਹੀ ਕਾਨੂੰਨ ਮੁੰਡੇ ਅਤੇ ਉਸ ਦੇ ਮਾਪਿਆਂ ਨੂੰ ਦੋਸ਼ੀ ਕਰਾਰ ਦੇ ਦਿੰਦੇ ਹਨ। ਪਰ ਇਸ ਕਿਸਮ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ ਜਿਸ ਵਿਚ ਗ਼ਲਤ ਸ਼ਿਕਾਇਤ ਕਰਨ ਉਤੇ ਕੁੜੀ ਵਾਲੀਆਂ ਨੂੰ ਵੀ ਸਜ਼ਾ ਦਿੱਤੀ ਜਾਵੇ । ਮਰਦਾਂ ਵਿਰੁਧ ਇਸ ਪੱਖਪਾਤੀ ਕਾਨੂੰਨ ਨੂੰ ਸੋਧਿਆ ਜਾਣਾ ਚਾਹੀਦਾ ਹੈ। ਸਿਰਫ਼ ਇਹੀ ਨਹੀਂ, ਵਿਆਹ ਸਬੰਧਾਂ ਵਿਚ ਨਾ ਬਰਾਬਰੀ ਵਾਲੇ ਸਾਰੇ ਕਾਨੂੰਨ ਹੀ ਸੋਧੇ ਜਾਣੇ ਚਾਹੀਦੇ ਹਨ, ਉਹ ਵੀ ਜਿਨ੍ਹਾਂ ਵਿਚ ਮਰਦਾਂ ਨੂੰ ਵਧੇਰੇ ਅਧਿਕਾਰ ਹਨ ਅਤੇ ਉਹ ਵੀ ਜਿਨ੍ਹਾਂ ਵਿਚ ਔਰਤਾਂ ਨੂੰ ਵੱਧ ਅਧਿਕਾਰ ਦਿੱਤੇ ਗਏ ਹਨ।
ਕਈ ਸਾਲ ਪਹਿਲਾਂ ‘ਅਖਿਲ ਭਾਰਤੀ ਪਤਨੀ ਅਤਿਆਚਾਰ ਵਿਰੋਧੀ ਮੋਰਚਾ’ ਨਾਂ ਦੀ ਇਕ ਸੰਸਥਾ ਕਾਇਮ ਕੀਤੀ ਗਈ। ਇਸ ਸੰਸਥਾ ਵਲੋਂ ਦਿੱਲੀ ਵਿਚ ਧਰਨਾ ਵੀ ਦਿੱਤਾ ਗਿਆ। ਧਰਨੇ ਵਿਚ ਕਈ ਸਤੇ ਹੋਏ ਪਤੀ ਸ਼ਾਮਲ ਹੋਏ । ਤੀਸ ਹਜ਼ਾਰੀ ਅਦਾਲਤ ਦੇ ਅਹਾਤੇ ਵਿਚ ਇਸ ਦੀ ਮੀਟਿੰਗ ਕੀਤੀ ਗਈ ਤੇ ਇਹ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਮਰਦਾਂ (ਪਤੀਆਂ) ਨਾਲ ਜ਼ਿੰਦਗੀ (ਅਤੇ ਪਤਨੀਆਂ) ਨੇ ਦੁਰਵਿਹਾਰ ਕੀਤਾ ਹੈ ਅਤੇ ਇਸ ਲਈ ਉਨ੍ਹਾਂ (ਪਤੀਆਂ) ਦੀ ਰਾਖੀ ਲਈ ਕੋਈ ਕਾਨੂੰਨ ਬਣਨਾ ਚਾਹੀਦਾ ਹੈ। ਉਥੇ ਇਕ ਪਤੀ ਨੇ ਦੱਸਿਆ, “ਮੈਂ ਆਪਣੀ ਪਤਨੀ ਨੂੰ ਏਨਾ ਪਿਆਰ ਕਰਦਾ ਸਾਂ ਕਿ ਮੈਂ ਆਪਣੀ ਬਾਂਹ ਉਤੇ ਉਸ ਦਾ ਨਾਂ ਤਕ ਖ਼ੁਦਵਾ ਲਿਆ ਸੀ। ਪਰ ਹੁਣ ਹਾਲਤ ਇਹ ਹੈ ਕਿ ਉਸ ਨੇ ਮੇਰੇ ਵਿਰੁਧ ਸੱਤ ਕੇਸ ਪਾਏ ਹੋਏ ਹਨ। ਮੇਰੀ ਗੱਲ ਕੋਈ ਨਹੀਂ ਸੁਣਦਾ। ਮੈਨੂੰ ਪੱਕਾ ਪਤਾ ਹੈ ਕਿ ਅਖ਼ਬਾਰਾਂ ਮੇਰੇ ਬਾਰੇ ਉਦੋਂ ਹੀ ਲਿਖਣਗੀਆਂ ਜਦੋਂ ਮੈਂ ਆਤਮ-ਹੱਤਿਆ ਕਰ ਲਵਾਗਾਂ।” ਇਕ ਹੋਰ ਨੇ ਕਿਹਾ ਕਿ “ਮੇਰੀ ਪਤਨੀ ਨੇ ਮੇਰੇ ਖ਼ਿਲਾਫ਼ ਦੁਰਵਿਹਾਰ ਦਾ ਦੋਸ਼ ਲਇਆ ਹੈ। ਮੇਰੇ ਘਰ ਵਾਲਿਆਂ ਨੂੰ ਤਾਂ ਛੱਡੋ, ਉਹ ਗੁਆਂਢ ਵਿਚੋਂ ਹੀ ਕੋਈ ਗਵਾਹ ਨਹੀਂ ਜੁਟਾ ਸਕੀ । ਫਿਰ ਵੀ ਅਦਾਲਤ ਨੇ ਮੈਨੂੰ ਦੋਸ਼ੀ ਕਰਾਰ ਦਿੱਤਾ। ਅਦਾਲਤਾਂ ਸਦਾ ਔਰਤਾਂ ਦਾ ਹੀ ਵਿਸ਼ਵਾਸ ਕਰਦੀਆਂ ਹਨ।”
ਪਤੀਆਂ ਅਤੇ ਪਟਨੀਆਂ ਦੇ ਜ਼ੁਲਮਾਂ ਦੀ ਇਸ ਤੋਂ ਬਿਹਤਰ ਉਦਾਹਰਣ ਕੀ ਹੋ ਸਕਦੀ ਹੈ ਕਿ ਜਦੋਂ ਪਤਨੀ ਅਤਿਆਚਾਰ ਵਿਰੋਧੀ ਮੋਰਚਾ ਧਰਨਾ ਦੇ ਰਿਹਾ ਸੀ ਤਾਂ ਇਸ ਦੇ ਕੁਝ ਮੈਂਬਰਾਂ ਦੀਆਂ ਪਤਨੀਆਂ ਨੇ ਨਾ ਸਿਰਫ਼ ਉਨ੍ਹਾਂ ਦਾ ਵਿਰੋਧ ਹੀ ਕੀਤਾ ਸਗੋਂ ਕੁਝ ਤਾਂ ਝਾੜੂ ਚੁੱਕ ਕੇ ਆ ਵੀ ਗਈਆਂ।
ਦੱਬੂ ਪਤੀ ਇਕ ਅਜਿਹੀ ਨਸਲ ਹੈ ਜਿਹੜੀ ਆਮ ਘਰਾਂ ਵਿਚ ਮਿਲ ਜਾਂਦੀ ਹੈ ।ਦੱਬੂ ਪਤੀ ਉਹ ਨਹੀਂ ਹੁੰਦੇ ਜਿਹੜੇ ਪਤਨੀ ਦੀ ਮੁੱਠੀ-ਚਾਪੀ ਕਰਦੇ ਹਨ ਜਾਂ ਉਨ੍ਹਾਂ ਦੇ ਨਾਜ਼ ਨਖਰੇ ਉਠਾਉਂਦੇ ਹਨ ਜਾਂ ਘਰ ਦੇ ਕੰਮ ਕਾਜ ਵਿਚ ਸਹਾਇਤਾ ਕਰਦੇ ਹਨ। ਦੱਬੂ ਪਤੀ ਉਹ ਹੁੰਦੇ ਹਨ ਜਿਹੜੇ ਘਰ ਜਾਣ ਲੱਗਿਆ ਡਰਦੇ ਹਨ, ਰਾਤ ਨੂੰ ਰੋਟੀ ਮੰਗਣ ਦੀ ਹਿੰਮਤ ਨਹੀਂ ਕਰਦੇ, ਜੇਬ ਖਰਚ ਘਰ ਵਾਲੀ ਦੀ ਮਰਜ਼ੀ ਮੁਤਾਬਕ ਨਾਲ ਲੈਂਦੇ ਹਨ, ਕੱਪੜੇ ਉਸ ਦੀ ਮਰਜ਼ੀ ਮੁਤਾਬਕ ਪਹਿਨਦੇ ਹਨ ਅਤੇ ਦੋਸਤੀਆਂ ਉਸ ਦੀ ਮਰਜ਼ੀ ਨਾਲ ਬਣਾਉਂਦੇ ਹਨ। ਇਸ ਨਸਲ ਦੀ ਵਿਸ਼ੇਸ਼ ਰਾਖੀ ਦੀ ਜ਼ਰੂਰਤ ਹੈ।
ਜੇ ਜਾਨਵਰਾਂ ਵਿਰੁਧ ਜ਼ੁਲਮਾਂ ਨੂੰ ਰੋਕਣ ਲਈ ਕੋਈ ਸੁਸਾਇਟੀ ਹੋ ਸਕਦੀ ਹੈ, ਕੋਈ ਮੰਤਰਾਲਾ ਹੋ ਸਰਦਾ ਹੈ ਤਾਂ ਬੇਚਾਰੇ ਪਤੀਆਂ ਨੂੰ ਬਚਾਉਣ ਲਈ ਕਿਉਂ ਨਹੀਂ ?
ਰੱਤੋ-ਰੱਤ ਪੰਜਾਬ
ਖ਼ਾਲਿਸਤਾਨ ਨਹੀਂ, ਸੰਪੂਰਣ ਪੰਜਾਬ
ਪਿਛਲੇ ਸਾਲਾਂ ਤੋਂ ਪੰਜਾਬ ਭਰ ਵਿਚ ਇਕ ਅਜਿਹੇ ਵੱਖਰੇ ਦੇਸ਼ ਦੀ ਸਥਾਪਨਾ ਕਰਨ ਲਈ ਰੂਪੋਸ਼ ਤੇ ਤੱਖ ਅੰਦੋਲਨ ਚਲ ਰਿਹਾ ਹੈ ਜਿਸ ਦਾ ਨਾਂ ਖ਼ਾਲਸਾ ਦੇਸ਼, ਖ਼ਾਲਿਸਤਾਨ ਜਾਂ ਸਿੱਖ ਹੋਮਲੈਂਡ ਹੋ ਸਕਦਾ ਹੈ। ਖਾੜਕੂ ਗਰੁੱਪਾਂ ਨੇ ਤਾਂ ਇਸ ਬਾਰੇ ਸਪਸ਼ਟ ਹੀ ਐਲਾਨ ਕੀਤਾ ਹੋਇਆ ਕਿ ਉਨ੍ਹਾਂ ਨੂੰ ਖ਼ਾਲਿਸਤਾਨ ਤੋਂ ਉਰੇ ਕੋਈ ਚੀਜ਼ ਨਹੀਂ ਚਾਹੀਦੀ।ਚੁੱਪ-ਚੁਪੀਤੇ ਨਰਮ ਦਲੀਏ ਅਖਵਾਉਂਦੇ ਅਕਾਲੀ ਆਗੂ ਵੀ ਹੌਲੀ ਹੌਲੀ ਇਸੇ ਪਾਸੇ ਵੱਲ ਵਧ ਰਹੇ ਹਨ। ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਨ ਦੀ ਮੰਗ ਤੋਂ ਸ਼ੁਰੂ ਹੋ ਕੇ ਕੁਝ ਅਕਾਲੀ ਦਲ ਤਾਂ ਇਥੋਂ ਤਕ ਕਹਿਣ ਲੱਗ ਪਏ ਹਨ ਕਿ ਜੇ ਉਨ੍ਹਾਂ ਨੂੰ ਸਰਕਾਰ ਖ਼ਾਲਿਸਤਾਨ ਦੇ ਵੀ ਦਿੰਦੀ ਹੈ ਤਾਂ ਉਹ ਇਨਕਾਰ ਨਹੀਂ ਕਰਨ ਲੱਗੇ। ਇਸ ਦੇ ਦੂਸਰੇ ਅਰਥ ਇਹ ਹਨ ਕਿ ਸਮੁੱਚਾ ਸਿੱਖ ਜਗਤ (ਸਿੱਖ ਸਿਆਸਤ) ਹੁਣ ਭਾਰਤ ਨਾਲ ਜੁੜੇ ਰਹਿਣ ਨੂੰ ਘੱਟ ਪਰ ਇਸ ਨਾਲੋਂ ਵੱਖਰੇ ਹੋਣ ਨੂੰ ਵਧੇਰੇ ਅਹਿਮੀਅਤ ਦੇਣ ਲੱਗ ਪਏ ਹਨ।
ਅਸੀਂ ਭਾਰਤੀ ਹਮੇਸ਼ਾ ਲੇਟ ਲਤੀਫ਼ ਰਹਿੰਦੇ ਹਾਂ। ਆਮ ਸੰਸਾਰ ਨਾਲੋਂ ਸਦਾ ਤੀਹ ਚਾਲੀ ਸਾਲ ਪਿੱਛੇ ਚਲਦੇ ਹਾਂ। ਇਸ ਵਿਚ ਕੋਈ ਅਤਿਕਥਨੀ ਨਹੀਂ ਹੈ। ਜੇ ਅਸੀਂ ਸੰਸਾਰ ਦੇ ਨਾਲ ਕਦਮ ਰਲਾ ਕੇ ਚਲਦੇ ਹੁੰਦੇ ਤਾਂ ਭਾਰਤ ਨੇ ਕਦੋਂ ਦੀ ਆਜ਼ਾਦੀ ਹਾਸਲ ਕਰ ਲਈ ਹੁੰਦੀ ਅਤੇ ਇਸ ਨੂੰ 1947 ਤਕ ਨਾ ਉਡੀਕਣਾ ਪੈਂਦਾ। ਜੇ ਅਸੀਂ ਸੰਸਾਰ ਦੀ ਰਫ਼ਤਾਰ ਨਾਲ ਤੁਰਨਾ ਜਾਣਦੇ ਤਾਂ 1947 ਵਿਚ ਦੇਸ਼ ਦੀ ਵੰਡ ਧਰਮ ਦੇ ਆਧਾਰ ਉਤੇ ਨਾ ਕੀਤੀ ਹੁੰਦੀ। ਜੇ ਵੰਡ ਹੁੰਦੀ ਵੀ ਤਾਂ ਦੋ ਕੌਮਾਂ ਦੀ ਉਸ ਨਖਿੱਧ ਸਿਧਾਂਤ ਹੇਠ ਤਾਂ ਨਾ ਹੁੰਦੀ ਜਿਸ ਨੇ ਦੇਸ਼ ਦੀਆਂ ਸਰਹੱਦਾਂ ਤਾਂ ਬਦਲੀਆਂ ਹੀ, ਨਾਲ ਹੀ ਨਾਲ ਲੋਕਾਂ ਦੇ ਮਨ ਵੀ ਬਦਲ ਦਿੱਤੇ ਅਤੇ ਪੰਜਾਬੀਆਂ ਹੱਥੋਂ ਹੀ ਪੰਜਾਬੀਆਂ ਦਾ ਕਤਲੇਆਮ ਕਰਵਾਇਆ। ਧਰਮ ਦੇ ਨਾਂ ਉਤੇ ਉਦੋਂ ਜਿਸ ਤਰ੍ਹਾਂ ਦੇ ਕੁਕਰਮ ਕੀਤੇ ਗਏ, ਜਿਸ ਤਰ੍ਹਾਂ ਦੀ ਨੰਗੀ ਵਹਿਸ਼ਤ ਦਾ ਨਾਚ ਨੱਚਿਆ ਗਿਆ, ਉਸ ਨੂੰ ਅੱਖੀਂ ਦੇਖਣ ਦਾ ਸੰਤਾਪ ਭਾਵੇਂ ਨਹੀਂ ਭੋਗਿਆ ਪਰ ਸੁਣੇ ਪੜ੍ਹੇ ਨੇ ਜੋ ਦਰਸਾਇਆ ਹੈ ਉਹ ਹੌਲਨਾਕ ਹੈ। ਪੰਜਾਬੀ ਹੀ ਪੰਜਾਬੀ ਦਾ ਵੈਰੀ ਹੋ ਗਿਆ। ਉਹ ਪੰਜਾਬੀ ਨਾ ਰਹਿ ਕੇ ਹਿੰਦੂ, ਸਿੱਖ ਤੇ ਮੁਸਲਮਾਨ ਵਿਚ ਵਟ ਗਿਆ। ਪਰ ਉਦੋਂ ਵੀ ਪਹਿਲਾਂ ਵਾਂਗ ਹੀ ਅਸੀਂ ਬਾਕੀ ਸੰਸਾਰ ਨਾਲੋਂ ਚਾਰ ਦਹਾਕੇ ਲੇਟ ਸਾਂ ।
ਅੱਜ ਵੀ ਅਸੀਂ ਬਾਕੀ ਦੇ ਸੰਸਾਰ ਨਾਲੋਂ ਚਾਰ ਦਹਾਕੇ ਲੇਟ ਹਾਂ।ਕੜੀਆਂ ਵਰਗੇ ਨੌਜਵਾਨ, ਜਿਨ੍ਹਾਂ ਦੀਆਂ ਚੌੜੀਆਂ ਛਾਤੀਆਂ ਕਿਸੇ ਹੀਰ ਸਲੇਟੀ ਦੇ ਸਿਰਾਂ ਨੂੰ ਆਸਰਾ ਦੇਣ ਲਈ ਬਣੀਆਂ ਸਨ, ਜਿਨ੍ਹਾਂ ਦੇ ਮੁਗਦਰਾਂ ਵਰਗੇ ਡੋਲੇ ਛਿੰਝਾਂ ਵਿਚ ਬਾਹੂਬਲ ਦਿਖਾਉਣ ਲਈ ਬਣੇ ਸਨ, ਜਿਨ੍ਹਾਂ ਦੇ ਮੱਖਣਾਂ-ਮਲਾਈਆਂ ਨਾਲ ਪਾਲੇ ਜੁੱਸੇ ਦੁਸ਼ਮਣਾਂ ਦੀਆਂ ਗੋਡਣੀਆਂ ਲੁਆਉਣ ਅਤੇ ਜਿਨ੍ਹਾਂ ਦੀਆਂ ਅੱਖਾਂ ਦੀ ਲਾਲੀ ਉਨ੍ਹਾਂ ਦੀਆਂ ਨਜ਼ਰਾਂ ਝੁਕਾਉਣ ਲਈ ਸੀ, ਉਹ ਅੱਜ ਇਕ ਸੁਪਨਈ ਸੰਸਾਰ ਦੀ ਸਿਰਜਣਾ ਲਈ ਆਪਣੀਆਂ ਜਾਨਾਂ ਵਾਰ ਰਹੇ ਹਨ। ਜਿਸ ਖ਼ਾਲਸਾ ਰਾਜ ਜਾਂ ਖ਼ਾਲਿਸਤਾਨ ਦਾ ਉਹ ਸੁਪਨਾ ਲੈ ਕੇ ਸਿਰ ਤਲੀਆਂ ਉਤੇ ਹੱਖੀ ਫਿਰਦੇ ਹਨ, ਉਹ ਹਕੀਕਤ ਨਹੀਂ ਹੋ ਸਕਦਾ। ਉਹ ਇਕ ਸੁਪਨਾ ਹੈ। ਉਹ ਯੂਟੋਪੀਆ ਹੈ। ਇਸ ਦੀ ਸਿਰਜਣਾ ਪਹਿਲੀ ਗੱਲੇ ਤਾਂ ਹੋ ਨਹੀਂ ਸਕਦੀ। ਜੇ ਹੋ ਵੀ ਜਾਵੇ ਤਾਂ ਸਿਰਾਂ ‘ਤੇ ਕੱਫਣ ਬੰਨੀ ਫਿਰਦੇ ਨੌਜਵਾਨਾਂ ਦੇ ਸਪਨੇ ਸਾਲਾਂ ਦਹਾਕਿਆਂ ‘ਚ ਨਹੀਂ, ਮਹੀਨਿਆਂ. ਹਫਤਿਆਂ ਵਿਚ ਚੂਰ ਹੋ ਜਾਣੇ ਹਨ ਕਿਉਂਕਿ ਇਤਿਹਾਸ ਨੇ ਸਾਬਤ ਕਰ ਦਿੱਤਾ ਹੈ ਕਿ ਨਿਰੋਲ ਧਰਮ ਦੇ ਨਾਂ ਉਤੇ ਵੱਖਰੇ ਦੇਸ਼ ਕਾਇਮ ਨਹੀਂ ਹੁੰਦੇ। ਜੇ ਕਾਇਮ ਹੋ ਜਾਣ ਤਾਂ ਬਰਕਰਾਰ ਨਹੀਂ ਰਹਿ ਸਕਦੇ ਅਤੇ ਜੇ ਬਰਕਰਾਰ ਵੀ ਰਹਿ ਜਾਣ ਤਾਂ ਉਹ ਏਨੇ ਉੱਲਾਰ ਅਤੇ ਅੱਖੜ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਸਹੀ ਜਾਂ ਗ਼ਲਤ ਦੀ ਤਮੀਜ਼ ਨਹੀਂ ਰਹਿੰਦੀ। ਇਸਰਾਈਲ ਇਸ ਦੀ ਉਦਾਹਰਣ ਹੈ। ਦੁਨੀਆ ਭਰ ਦੇ ਯਹੂਦੀਆਂ ਨੂੰ ਇਥੇ ਇਕੱਤਰ ਕਰ ਕੇ ਇਸ ਦੇਸ਼ ਦੀ ਸਥਾਪਨਾ ਕੀਤੀ ਗਈ ਅਤੇ ਇਸ ਨੇ ਆਪਣੀ ਸਥਾਪਨਾ ਦੇ ਬਤਾਲੀ ਸਾਲਾਂ ਦੇ ਸਮੇਂ ਦੌਰਾਨ ਅਮਰੀਕਾ ਦੇ ਸ਼ਿਕਾਰੀ ਕੁੱਤੇ ਤੋਂ ਵੱਧ ਹੋਰ ਕੋਈ ਭੂਮਿਕਾ ਨਹੀਂ ਨਿਭਾਈ।
ਭਾਰਤ ਦੀਆਂ ਸਰਹੱਦਾਂ ‘ਪਵਿੱਤਰ’ ਨਹੀਂ ਹਨ। ਸੰਸਾਰ ਦੇ ਕਿਸੇ ਦੇਸ਼ ਦੀਆਂ ਸਰਹੱਦਾਂ ਪਵਿੱਤਰ ਨਹੀਂ ਹੁੰਦੀਆਂ। ਹੁਕਮਰਾਨਾਂ ਦਾ ਅਕੀਦਾ ਇਹ ਹੁੰਦਾ ਹੈ ਕਿ ਲੋਕਾਂ ਨੂੰ ਸਰਹੱਦਾਂ ਦੇ ਵਾਵੇਲੇ ਵਿਚ ਫਸਾ ਕੇ ਅਜਿਹਾ ਉਲਝਾਓ ਕਿ ਉਹ ਅਸਲੀ ਮੁੱਦੇ ਹੀ ਭੁੱਲ ਜਾਣ ਅਤੇ ਹੁਕਮਰਾਨ ਖੁੱਲ੍ਹੇ ਦਿਲ ਨਾਲ ਲੋਕਾਂ ਦੀ ਲੁੱਟ-ਖਸੁੱਟ ਕਰ ਸਕਣ। ਜੇ ਸਰਹੱਦਾਂ ਪਵਿੱਤਰ ਹੁੰਦੀਆਂ ਤਾਂ ਭਾਰਤ ਦੀ ਸੀਮਾ ਕਾਬਲ ਨਾਲ, ਇਰਾਨ ਨਾਲ ਲਗਦੀ ਤੇ ਦੂਸਰੇ ਪਾਸੇ ਮਲੇਸ਼ੀਆਂ ਵਰਗੇ ਦੇਸ਼ ਵੀ ਇਸ ਵਿਚ ਸ਼ਾਮਲ ਹੁੰਦੇ। ਜੇ ਸਰਹੱਦਾਂ ਪਵਿੱਤਰ ਹੁੰਦੀਆਂ ਤਾਂ ਹੁਣ ਜਿਹੜਾ ਪਾਕਿਸਤਾਨ ਹੈ, ਇਹ ਭਾਰਤ ਹੀ ਹੁੰਦਾ ਤੇ ਹੁਣ ਜਿਹੜਾ ਬੰਗਲਾਦੇਸ਼ ਹੈ, ਇਹ ਬੰਗਲਾਦੇਸ਼ ਨਾ ਬਣਦਾ। ਜੇ ਸਰੱਹਦਾਂ ਪਵਿੱਤਰ ਹੁੰਦੀਆਂ ਤਾਂ ਪੰਜਾਬ ਸਿਮਟ ਕੇ ਸ਼ੰਭੂ ਤਕ ਨਾ ਰਹਿ ਗਿਆ ਹੁੰਦਾ ਸਗੋਂ ਇਸ ਦੀਆਂ ਸੀਮਾਵਾਂ ਹੇਠਾਂ ਮੱਧ ਪ੍ਰਦੇਸ਼ ਨਾਲ ਲਗਦੀਆਂ ਹੁੰਦੀਆਂ ਤੇ ਉਪਰ ਹਿਮਾਲੀਆ ਨਾਲ।
ਜੇ ਸਰਹੱਦਾਂ ਪਵਿੱਤਰ ਹੁੰਦੀਆਂ ਤਾਂ ਯੂਰਪ ਵਿਚ ਪੰਤਾਲੀ ਸਾਲ ਪਹਿਲਾਂ ਜਰਮਨੀ ਦੇ ਦੋ ਹਿੱਸੇ ਨਾ ਹੋਏ ਹੁੰਦੇ ਤੇ ਹੁਣ ਮੁੜ ਇਹ ਇਕ ਦੇਸ਼ ਨਾ ਬਣਿਆ ਹੁੰਦਾ। ਲਿਥੂਆਨੀਆ, ਲਾਤਵੀਆ ਤੇ ਐਸਟੋਨੀਆ ਦੀਆਂ ਬਾਲਟਿਕ ਰਿਪਬਲਿਕਾਂ ਪਹਿਲਾਂ ਸੋਵੀਅਤ ਯੂਨੀਅਨ ਨੇ ਹਥਿਆਈਆਂ ਨਾ ਹੁੰਦੀਆਂ ਤੇ ਹੁਣ ਉਨ੍ਹਾਂ ਦੀ ਆਜ਼ਾਦੀ ਪ੍ਰਵਾਨ ਨਾ ਕੀਤੀ ਹੁੰਦੀ । ਸੰਸਾਰ ਵਿਚ ਹਰ ਚਾਲੀ ਪੰਜਾਹ ਸਾਲ ਦੇ ਵਕਫ਼ੇ ਮਗਰੋਂ ਸਰਹੱਦਾਂ ਤਬਦੀਲ ਹੁੰਦੀਆਂ ਹਨ ਤੇ ਨਵੇਂ ਨਕਸ਼ੇ ਛਾਪੇ ਜਾਂਦੇ ਹਨ। ਇਹ ਇਤਿਹਾਸ ਦਾ ਚੱਕਰ ਹੈ ਤੇ ਇਸ ਨੂੰ ਕੋਈ ਰੋਕ ਨਹੀਂ ਸਕਦਾ। ਇਸ ਲਈ ਕਸ਼ਮੀਰ ਦੀ ਆਜ਼ਾਦੀ, ਪੰਜਾਬੀ ਦੇ ਵੱਖਰੇ ਰਾਜ ਅਤੇ ਅਸਾਮ ਦੀ ਅਲਹਿਦਗੀ ਨੂੰ ਕੋਈ ਮਾਈ ਦਾ ਲਾਲ ਰੋਕ ਨਹੀਂ ਸਕਦਾ। ਇਸ ਵਿਚ ਦੇਰ ਜ਼ਰੂਰ ਹੋ ਸਕਦੀ ਹੈ ਪਰ ਇਹ ਇਲਾਕੇ ਅਲੱਗ ਹੋਣੇ ਜ਼ਰੂਰ ਹਨ।
ਭਵਿੱਖ ਵਿਚ ਝਾਤ ਮਾਰ ਕੇ ਇਹ ਦੇਖਣ ਦੀ ਮੇਰੀ ਸਮਰੱਥਾ ਨਹੀਂ ਹੈ ਕਿ ਸਰਹੱਦਾਂ ਦੀ ਤਬਦੀਲੀ ਤੋਂ ਬਾਅਦ ਕਿਸ ਤਰ੍ਹਾਂ ਦੀ ਸਥਿਤੀ ਬਣੇਗੀ। ਹੋ ਸਕਦਾ ਹੈ ਭਾਰਤੀ ਕਸ਼ਮੀਰ ਤੇ ਪਾਕਿਸਤਾਨੀ ਕਬਜ਼ੇ ਹੇਠਲਾ ਕਸ਼ਮੀਰ ਰਲ ਕੇ ਇਕ ਹੋ ਜਾਣ। ਹੋ ਸਕਦਾ ਹੈ ਅਸਾਮ ਦਾ ਵੱਖਰਾ ਦੇਸ਼ ਹੋਂਦ ਵਿਚ ਆ ਜਾਵੇ। ਹੋ ਸਕਦਾ ਹੈ ਪੰਜਾਬ ਬਾਕੀ ਦੇਸ਼ ਨਾਲੋਂ ਅਲੱਗ ਹੋ ਕੇ ਖ਼ਾਲਿਸਤਾਨ ਜਾਂ ਖ਼ਾਲਸਾ ਰਾਜ ਬਣ ਜਾਵੇ ਅਤੇ ਸ਼ਾਇਦ ਇਹ ਵੀ ਹੋ ਜਾਵੇ ਕਿ ਭਾਰਤੀ ਪੰਜਾਬ ਤੇ ਪਾਕਿਸਤਾਨੀ ਪੰਜਾਬ ਰਲ ਕੇ ਵੱਖਰਾ ਸੰਪੂਰਣ ਪੰਜਾਬ ਬਣ ਜਾਵੇ ਜਿਸ ਵਿਚ 1966 ਵਿਚ ਕੱਢਿਆ ਹਿਮਾਚਲ ਤੇ ਹਰਿਆਣਾ ਦਾ ਇਲਾਕਾ ਵੀ ਹੋਵੇ ਤੇ 1947 ਵਿਚ ਵੰਡ ਕੇ ਅਲੱਗ ਕੀਤਾ ਗਿਆ ਪਾਕਿਸਤਾਨੀ ਕਬਜ਼ੇ ਹੇਠਲਾ ਪੰਜਾਬ ਵੀ। ਦੋ,ਤਿੰਨ, ਚਾਰ ਦਹਾਕੇ ਦੇਰ ਨਾਲ ਹੀ ਸਹੀ, ਜੇ ਭਾਰਤ ਦੀਆਂ ਸਰਹੱਦਾਂ ਵਿਚ ਤਬਦੀਲੀ ਆਉਣੀ ਹੀ ਹੈ ਅਤੇ ਜੇ ਇਸ ਦੇ ਵੱਖਰੇ ਦੇਸ਼ ਬਣਨੇ ਹੀ ਹਨ ਤਾਂ ਕਿਉਂ ਨਾ ਸੰਪੂਰਣ ਪੰਜਾਬ ਬਣੇ ?
ਖ਼ਾਲਿਸਤਾਨ ਦੀ ਮੰਗ ਕਰਨ ਵਾਲੇ ਲੋਕ ਜਿਹੜਾ ਸੁਪਨਾ ਲੈ ਰਹੇ ਹਨ ਉਸ ਵਿਚ ‘ਖ਼ਾਲਸੇ ਦਾ ਬੋਲਬਾਲਾ’ ਚਾਹੁੰਦੇ ਹਨ । ਪਰ ਉਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਬੋਲਬਾਲਾ ਕਿਉਂ ਨਹੀਂ ਚਾਹੁੰਦੇ? ਉਨ੍ਹਾਂ ਦੇ ਦਿਮਾਗ਼ਾਂ ਵਿਚ ਇਹ ਗੱਲ ਕਿਉਂ ਨਹੀਂ ਆਉਂਦੀ ਕਿ ਸਿੱਖ ਧਰਮ ਦੀ ਪਰਫੁੱਲਤਾ ਲਈ ਸਿੱਖ ਰਾਜ ਜ਼ਰੂਰੀ ਨਹੀਂ ਹੈ ਸਗੋਂ ਸੰਪੂਰਣ ਪੰਜਾਬ ਜ਼ਰੂਰੀ ਹੈ। ਇਸ ਵਿਚ ਸਾਡਾ ਲਾਹੌਰ ਵੀ ਹੋਵੇ, ਕਸੂਰ ਵੀ ਹੋਵੇ। ਝੰਗ ਸਿਆਲ ਵੀ ਹੋਵੇ, ਪੋਠੋਹਾਰ ਵੀ ਹੋਵੇ । ਸਾਡਾ ਨਨਕਾਣਾ ਵੀ ਹੋਵੇ ਤੇ ਸਾਡੇ ਬਾਬੇ ਨਾਨਕ ਦਾ ਜੋਤੀ ਜੋਤ ਸਮਾਉਣ ਦਾ ਸਥਾਨ ਕਰਤਾਰਪੁਰ ਵੀ। ਇਸ ਵਿਚ ਸ਼ਿਮਲਾ ਵੀ ਹੋਵੇ, ਧਰਮਸ਼ਾਲਾ ਵੀ ਹੋਵੇ, ਚੰਬਾ ਵੀ ਹੋਵੇ ਤੇ ਕੁੱਲੂ ਵੀ। ਜਿਹੜਾ ਪੰਜਾਬ ਹੁਣ ਮੁੱਠੀ ਭਰ ਰਹਿ ਗਿਆ ਹੈ, ਉਸ ਨੂੰ ਹੋਰ ਵਿਸ਼ਾਲ ਬਣਾਇਆ ਜਾਵੇ।
ਜਰਮਨਾਂ ਦੀ ਬੋਲੀ ਇਕ ਸੀ, ਪਹਿਰਾਵਾ ਇਕ ਸੀ, ਰਸਮੋ-ਰਿਵਾਜ ਇਕ ਸਨ। ਫ਼ਰਕ ਸੀ ਤਾਂ ਸਿਰਫ਼ ਵਿਚਾਰਧਾਰਾ ਦਾ ਹਾਲਾਂਕਿ ਧਰਮ ਉਥੇ ਵੀ ਕਈ ਸਨ। ਦੋਹਾਂ ਜਰਮਨੀਆਂ ਨੇ ਇਕ ਹੋ ਕੇ ਸੰਸਾਰ ਨੂੰ ਨਵੀਂ ਸੇਧ ਦਿੱਤੀ ਹੈ। ਦੋਵਾਂ ਕੋਰੀਆ ਦੇਸ਼ਾਂ ਦੇ ਲੋਕ ਇਕ ਹੋਣ ਲਈ ਯਤਨਸ਼ੀਲ ਹਨ ਤੇ ਸੰਭਵ ਹੈ ਕਿ ਛੇਤੀ ਉਹ ਸਰਹੱਦਾਂ ਦੀ ਲੀਕ ਮੇਟ ਕੇ ਫਿਰ ਇਕ ਹੋ ਜਾਣਗੇ। ਧਰਮ ਉਨ੍ਹਾਂ ਦੇ ਵੀ ਵੱਖਰੇ ਹਨ ਪਰ ਬੋਲੀ ਇਕ ਹੈ, ਪਹਿਰਾਵਾ ਇਕ ਹੈ ਤੇ ਰਸਮੋ-ਰਿਵਾਜ ਇਕ ਹਨ। ਇਸੇ ਤਰ੍ਹਾਂ ਸਾਈਪਰਸ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ।
ਸਮੇਂ ਬਦਲ ਰਹੇ ਹਨ ਪਰ ਅਸੀਂ ਨਹੀਂ ਬਦਲ ਰਹੇ। ਜਿਹੜੇ ਪੰਜਾਬੀ ਨੌਜਵਾਨਾਂ ਸਿਰਾਂ ਦੀਆਂ ਦਸਤਾਰਾਂ ਨੂੰ ਆਪਣੇ ਕੱਫਣ ਸਮਝ ਕੇ ਖ਼ਾਲਿਸਤਾਨ ਦਾ ਯੂਟੋਪੀਆ ਸਿਰਜਣ ਲਈ ਨਿੱਤਰੇ ਹੋਏ ਹਨ, ਉਨ੍ਹਾਂ ਨੂੰ ਤਾਂ ਬਾਅਦ ਵਿਚ ਸਮਝਾ ਲਵਾਂਗੇ ਪਰ ਜਿਹੜੇ ਲੋਕ ਸਹੀ ਅਰਥਾਂ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਸ਼ੈਦਾਈ ਹਨ, ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਹੁਣ ਵੇਲਾ ਖ਼ਾਲਸਾ ਰਾਜ ਜਾਂ ਖ਼ਾਲਿਸਤਾਨ ਲਈ ਲੜਾਈ ਲੜਨ ਦਾ ਨਹੀਂ, ਹੁਣ ਵੇਲਾ ਸੰਪੂਰਣ ਪੰਜਾਬ ਲਈ ਲੜਾਈ ਸ਼ੁਰੂ ਕਰਨ ਦਾ ਹੈ। ਅੰਗਰੇਜ਼ੀ ਕਹਾਵਤ ਹੈ ਕਿ ਕਦੇ ਵੀ ਕਿਸੇ ਕੰਮ ਨੂੰ ਸ਼ੁਰੂ ਕਰਨ ਵਿਚ ਦੇਰੀ ਨਹੀਂ ਹੁੰਦੀ। ਇਹ ਸ਼ੁਰੂਆਤ ਅੱਜ ਤੋਂ ਹੀ ਹੋ ਸਕਦੀ ਹੈ। ਮੇਰਾ ਖ਼ਿਆਲ ਹੈ ਕਿ ਜੇ ਪੰਜਾਬੀ ਬੁੱਧੀਜੀਵੀ ਵਰਗ ਸੰਪੂਰਣ ਪੰਜਾਬ ਦੀ ਗੱਲ ਛੇੜੇ ਅਤੇ ਦੋਹਾਂ ਪੰਜਾਬਾਂ ਨੂੰ ਮਿਲਾ ਕੇ ਇਕ ਕਰਨ ਲਈ ਅੰਦੋਲਨ ਛੇੜੇ ਤਾਂ ਇਸ ਦੀ ਧੜਕਣ ਸਰਹੱਦ ਦੇ ਪਾਰ ਬੈਠੇ ਪੰਜਾਬੀਆਂ ਤਕ ਵੀ ਪਹੁੰਚੇਗੀ।
ਜਦੋਂ ਜ਼ਮਾਨਾ ਬਦਲ ਰਿਹਾ ਹੈ ਤੇ ਸੰਸਾਰ ਦੀ ਵੱਡੀ ਗਿਣੀ ਜਾਂਦੀ ਤਾਕਤ ਨੇ ਖ਼ਾਮੋਸ਼ੀ ਨਾਲ ਵਖਰੇਵੇਂ ਨੂੰ ਪ੍ਰਵਾਨ ਕਰ ਲਿਆ ਹੈ ਤੇ ਜਦੋਂ ਕਮਿਊਨਿਜ਼ਮ ਦਾ ਮਾਡਲ ਫੇਲ੍ਹ ਹੋ ਗਿਆ ਹੈ, ਉਦੋਂ ਅਸੀਂ ਧਰਮ ਆਧਾਰੀ ਰਾਜ ਲਈ ਲੜ ਰਹੇ ਹਾਂ। ਸ਼ਰਮ ਵਾਲੀ ਗੱਲ ਹੈ। ਪਰ ਅਸੀਂ ਹਮੇਸ਼ਾ ਬਾਕੀ ਦੇ ਸੰਸਾਰ ਨਾਲੋਂ ਲੇਟ ਰਹੇ ਹਾਂ। ਇਸ ਲਈ ਅਸੀਂ ਤਿੰਨ ਚਾਰ ਦਹਾਕੇ ਮਗਰੋਂ ਸੋਚਾਂਗੇ ਕਿ ਸਾਨੂੰ ਖ਼ਾਲਿਸਤਾਨ ਨਹੀਂ ਸੰਪੂਰਣ ਪੰਜਾਬ ਚਾਹੀਦਾ ਹੈ ਜਿਸ ਵਿਚ ਨਾ ਸਿੱਖਾਂ ਦਾ ਬੋਲਬਾਲਾ ਹੋਵੇਗਾ ਨਾ ਹਿੰਦੂਆਂ ਤੇ ਨਾ ਮੁਸਲਮਾਨਾਂ ਦਾ। ਇਸ ਵਿਚ ਬੋਲਬਾਲਾ ਹੋਏਗਾ ਤਾਂ ਸਿਰਫ਼ ਪੰਜਾਬੀਆਂ ਦਾ। ਸੰਪੂਰਣ ਪੰਜਾਬ-ਜ਼ਿੰਦਾਬਾਦ!
(13.9.1991)
ਮਨੁੱਖ ਆਂਕੜੇ ਨਹੀਂ ਹੁੰਦੇ
ਪੰਜਾਬ ਦੀ ਇਕ ਦਹਾਕੇ ਦੀ ਤਰਾਸਦੀ ਨੇ ਮੌਤ ਨੂੰ ਇਕ ਰਸਮ ਅਤੇ ਬੰਦਿਆਂ ਨੂੰ ਬੇਨਾਮ ਕਰ ਦਿੱਤਾ ਹੈ।ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿਚ ਵੀ ਮੌਤਾਂ ਸਿਰਫ਼ ਆਂਕੜੇ ਬਣ ਕੇ ਰਹਿ ਗਈਆਂ ਹਨ।’ ਪੰਜਾਬ ਵਿਚ 18 ਮਰੇ’ ਦੀ ਸੁਰਖ਼ੀ ਏਨੀ ਨਿਰਦਈ ਸੁਰਖ਼ੀ ਹੈ ਕਿ ਇਸ ਵਿਚ ‘ਬੰਦੇ’ ਜਾਂ ‘ਵਿਅਕਤੀ’ ਸ਼ਬਦਾਂ ਦੀ ਵੀ ਵਰਤੋਂ ਨਹੀਂ ਕੀਤੀ ਗਈ। ਮੌਤਾਂ ਦੇ ਵਪਾਰ ਨੇ ਇਨਸਾਨੀ ਜ਼ਿੰਦਗੀ ਨੂੰ ਏਨਾ ਸਸਤਾ ਬਣਾ ਦਿੱਤਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਏਨੇ ਨਿਰਦਈ ਅਤੇ ਨਿਰਮੋਹੇ ਕਿ ਮੌਤਾਂ ਦੀਆਂ ਖ਼ਬਰਾਂ ਚਸਕੇ ਲਾ ਕੇ ਪੜ੍ਹੀਆਂ ਜਾਂਦੀਆਂ ਹਨ। ਜਿਸ ਦਿਨ ਕੋਈ ਵਾਰਦਾਤ ਨਾ ਹੋਵੇ, ਕੁਝ ਲੋਕ ਕਹਿੰਦੇ ਸੁਣਾਈ ਦਿੰਦੇ ਹਨ : “ਯਾਰ ਅੱਜ ਤਾਂ ਅਖ਼ਬਾਰ ਵਿਚ ਕੋਈ ਗੱਲ ਈ ਹੈ ਨਹੀਂ।”
ਦਰਅਸਲ ਹਿੰਸਾ ਅਤੇ ਕਤਲਾਂ ਦੀ ਦਿਨ ਪ੍ਰਤੀ ਦਿਨ ਦੀ ਚਾਲ ਨੇ ਮਨੁੱਖ ਨੂੰ ਮੌਤ ਤੋਂ ਨਿਰਲੇਪ ਕਰ ਦਿੱਤਾ ਹੈ। ਉਸ ਲਈ ਓਨੀ ਦੇਰ ਤਕ ਮੌਤ ਦੀ ਖ਼ਬਰ ਕੋਈ ਦੁੱਖ ਜਾਂ ਅਫ਼ਸੋਸ ਨਹੀਂ ਲੈ ਕੇ ਆਉਂਦੀ ਜਿੰਨੀ ਦੇਰ ਤਕ ਮਰਨ ਵਾਲਾ ਉਸ ਦਾ ਮਿੱਤਰ, ਰਿਸ਼ਤੇਦਾਰ ਜਾਂ ਵਾਕਫ਼ ਨਾ ਹੋਵੇ। ਉਸ ਲਈ ਓਨਾ ਚਿਰ ਖ਼ਬਰ ਕੋਈ ਦਿਲਚਸਪੀ ਵਾਲੀ ਨਹੀਂ ਹੁੰਦੀ ਜਿੰਨੀ ਦੇਰ ਉਹ ਉਸ ਦੇ ਜ਼ਿਲੇ, ਕਸਬੇ, ਮੁਹੱਲੇ ਜਾਂ ਪਿੰਡ ਵਿਚ ਨਾ ਵਾਪਰੀ ਹੋਵੇ।
ਮੌਤ ਬਾਰੇ ਵਿਦਵਾਨਾਂ ਨੇ ਵੱਖ ਵੱਖ ਰਾਵਾਂ ਦਿੱਤੀਆਂ ਹਨ ਜਿਨ੍ਹਾਂ ਨੂੰ ਅਸੀਂ ਮਹਾਨ ਕਥਨਾਂ ਵਜੋਂ ਵਰਤਦੇ ਹਾਂ। ਭਗਵਾਨ ਬੁੱਧ ਵਾਲੇ ‘ਮਰਨਾ ਸੱਚ ਤੇ ਜਿਊਣਾ ਝੂਠ’ ਵਾਲੇ ਕਥਨ ਨੂੰ ਭਾਰਤੀ ਫ਼ਲਸਫ਼ੇ ਵਿਚ ਆਮ ਵਰਤਿਆ ਜਾਂਦਾ ਹੈ। ਫਾਉਂਟੇਨ ਨਾਂ ਦੇ ਅੰਗਰੇਜ਼ ਫ਼ਿਲਾਸਫ਼ਰ ਨੇ ਕਿਹਾ ਹੈ,“ਬਿਰਧ ਮਰਦਾ ਹੈ ਤਾਂ ਅਤੀਤ ਮਰਦਾ ਹੈ, ਪਰ ਜਦੋਂ ਗਭਰੂ ਮਰਦਾ ਹੈ ਤਾਂ ਭਵਿੱਖ ਮਰਦਾ ਹੈ।” ਹਰ ਮਨੁੱਖ ਨੂੰ ਆਪਣੇ ਜੀਵਨ ਵਿਚ ਆਪਣੇ ਨੇੜਲੇ ਬੰਦਿਆਂ ਦੀਆਂ ਮੌਤਾਂ ਦੇਖਣੀਆਂ ਪੈਂਦੀਆਂ ਹਨ। ਪਰ ਫਿਰ ਵੀ ਮੌਤ ਕੀ ਹੈ, ਇਸ ਦੇ ਅਰਥ ਹਾਲੇ ਤਕ ਸਹੀ ਅਰਥਾਂ ਵਿਚ ਕੋਈ ਨਹੀਂ ਸਮਝ ਸਕਿਆ।
ਗੱਲ 1966 ਦੀ ਹੈ ਜਦੋਂ ਮੇਰੇ ਦਾਦਾ ਜੀ ਦਾ ਦੇਹਾਂਤ ਹੋਇਆ। ਉਦੋਂ ਮੈਂ ਹਾਲੇ ਮਸਾਂ ਸੋਲ੍ਹਾਂ ਸਾਲਾਂ ਦਾ ਸਾਂ। ਮਰਦੇ ਹੋਏ ਦਾਦਾ ਜੀ ਦੇ ਸਿਰਹਾਣੇ ਗੋਡਿਆਂ ਵਿਚ ਸਿਰ ਦੇਈ ਬੈਠਾ ਸੋਚ ਰਿਹਾ ਸਾਂ ਕਿ ਹੋਰ ਲੋਕ ਰੋ ਰਹੇ ਹਨ, ਮੈਂ ਵੀ ਰੋਵਾਂ। ਪਰ ਰੋਣਾ ਨਹੀਂ ਸੀ ਆ ਰਿਹਾ। ਇਸ ਲਈ ਗੋਡਿਆਂ ਵਿਚ ਸਿਰ ਦੇ ਕੇ ਆਪਣੇ ਆਪ ਨੂੰ ਕੋਸ ਰਿਹਾ ਸਾਂ । ਪਰ ਮੌਤ ਦੀ ਉਦੋਂ ਭੋਰਾ ਸਮਝ ਨਹੀਂ ਸੀ। ਫਿਰ ਵੀ ਇਸ ਗੱਲ ਦਾ ਅਹਿਸਾਸ ਜ਼ਰੂਰ ਸੀ ਕਿ ਉਹ ਸ਼ਖ਼ਸ ਜਿਸ ਨੂੰ ਅਸੀਂ ਬਚਪਨ ਤੋਂ ਦੇਖਦੇ ਆਏ ਹਾਂ ਅਤੇ ਜਿਸ ਦੇ ਪਰਤਣ ਦੀ ਅਸੀਂ ਸਭ ਬੱਚੇ ਹਰ ਸ਼ਾਮ ਉਤਸੁਕਤਾ ਨਾਲ ਉਡੀਕ ਕਰਿਆ ਕਰਦੇ ਸਾਂ, ਉਹ ਹੁਣ ਕੱਲ੍ਹ ਸਾਡੇ ਪਾਸ ਨਹੀਂ ਹੋਏ।
ਸੰਨ 1980 ਵਿਚ ਇਕ ਭਿਆਨਕ ਹਾਦਸੇ ਵਿਚ ਬਲਜੀਤ ਪੰਨੂੰ ਦੀ ਮੌਤ ਹੋ ਗਈ। ਕੜੀ ਵਰਗੇ ਤਕੜੇ ਜੁੱਸੇ ਵਾਲਾ ਪਰ ਅੰਦਰੋਂ ਗੋਹੜੇ ਵਰਗਾ ਨਰਮ ਬਲਜੀਤ ਜਦੋਂ ਇਕ ਗੰਢ ਵਾਂਗ ਲਪੇਟਿਆ ਪਿਆ ਦੇਖਿਆ ਤਾਂ ਮੌਤ ਨਾਲ ਦੂਜੀ ਵਾਰ ਸਾਹਮਣਾ ਹੋਇਆ। ਜਿੰਨਾ ਪਿਆਰਾ ਉਹ ਇਨਸਾਨ ਸੀ ਅਤੇ ਜਿੰਨੀ ਗੂਹੜੀ ਸਾਡੀ ਮਿੱਤਰਤਾ ਸੀ ਓਨਾ ਹੀ ਉਸ ਦੀ ਮੌਤ ਦਾ ਸੱਲ੍ਹ ਸੀ। ਅੱਖ ਦੇ ਫੋਰ ਵਿਚ ਜਾਗਦਾ, ਹੱਸਦਾ, ਖੇਲਦਾ ਅਤੇ ਸ਼ਰਮ ਨਾਲ ਕੰਨਾਂ ਤਕ ਲਾਲ ਹੋ ਜਾਣ ਵਾਲਾ ਪੰਨੂੰ ਕੁਝ ਨਹੀਂ ਸੀ ਰਿਹਾ। ਸੋਚਿਆ ਮੌਤ ਕੀ ਸ਼ੈਅ ਹੈ ? ਪਰ ਸਮਝ ਨਹੀਂ ਆਈ।
ਇਸੇ ਤਰ੍ਹਾਂ ਦਾ ਇਕ ਤੀਜਾ ਵਾਕਿਆ ਸੀਤਲ ਦਾਸ ਦੀ ਮੌਤ ਸਮੇਂ ਵਾਪਰਿਆ। ਸੀਤਲ ਦਾਸ ਆਈ. ਪੀ. ਐਸ. ਕਰ ਕੇ ਪਟਿਆਲੇ ਐਸ. ਐਸ. ਪੀ. ਲੱਗ ਗਿਆ ਸੀ । ਅਸਾਂ ਐਮ. ਏ. ਇਕੱਠਿਆਂ ਹੀ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਕੀਤੀ ਸੀ। ਸੰਨ 1972 ਦੇ ਮੋਗਾ ਗੋਲੀ ਕਾਂਡ ਵੇਲੇ ਉਹ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਸੀ.ਪੀ.ਆਈ.) ਦਾ ਸਰਗਰਮ ਮੈਂਬਰ ਸੀ। ਅਸੀਂ ਇਕੱਠਿਆਂ ਦਫ਼ਾ ਚੁਤਾਲੀ ਤੋੜ ਕੇ ਗ੍ਰਿਫਤਾਰੀ ਦਿੱਤੀ ਸੀ ਅਤੇ ਇਕੱਠਿਆਂ ਜਲੰਧਰ ਜੇਲ੍ਹ ਦੀ ਇਕੋ ਚੱਕੀ ਵਿਚ ਅਠਾਰਾਂ ਦਿਨ ਬਿਤਾਏ ਸਨ। 19 ਅਗਸਤ 1988 ਨੂੰ ਚੰਡੀਗੜ੍ਹ ਪ੍ਰਕਾਸ਼ ਕਲਾ ਸੰਗਮ ਦਾ ਸਮਾਗਮ ਸੀ। ਇਹ ਸ਼ਾਮ ਨੂੰ ਹੋਣਾ ਸੀ ਪਰ ਦਿਨ ਵੇਲੇ ਸੀਤਲ ਦਾਸ ਦੀ ਉਸ ਦੇ ਹੀ ਮਹਿਕਮੇ ਦੇ ਇਕ ਕਾਰਕੁਨ ਨੇ ਹੱਤਿਆ ਕਰ ਦਿੱਤੀ। ਉਸ ਦਿਨ ਮਰਹੂਮ ਰਾਜ ਕਪੂਰ ਦੀ ਫ਼ਿਲਮ ‘ਮੇਰਾ ਨਾਮ ਜੋਕਰ’ ਦਾ ਉਹ ਦ੍ਰਿਸ਼ ਚੇਤੇ ਆਇਆ ਜਿਸ ਵਿਚ ਮਾਂ ਦੇ ਮਰੀ ਪਈ ਹੋਣ ਦੇ ਬਾਵਜੂਦ ਜੋਕਰ ਲੋਕਾਂ ਨੂੰ ਹਸਾਉਣ ਲਈ ਦਰਸ਼ਕਾਂ ਸਾਹਮਣੇ ਜਾਂਦਾ ਹੈ।
ਸ਼ੌਕੀਨ ਸਿੰਘ ਜਦੋਂ ਕਦੇ ਮੂਡ ਵਿਚ ਹੁੰਦਾ ਸੀ, ਸ਼ੁਗਲ ਕਰਿਆ ਕਰਦਾ ਸੀ: “ਤੈਂ ਅੱਗੇ ਵਧ ਵਧ ਕੇ ਮੇਰਾ ਵਿਆਹ ਕਰਵਾਇਆ ਸੀ, ਲੈ ਬੱਚੂ ਅਸੀਂ ਵੀ ਬਦਲਾ ਲੈ ਹੀ ਲਿਆ।” ਪਰ ਜਿਸ ਦਿਨ ਉਸ ਦੀ ਮੌਤ ਹੋਈ ਮੈਂ ਸ਼ਹਿਰ ਵਿਚ ਨਹੀਂ ਸਾਂ । ਮੈਨੂੰ ਸਾਰੀ ਉਮਰ ਇਸ ਗੱਲ ਦਾ ਦੁੱਖ ਰਹੇਗਾ ਕਿ ਮੈਂ ਉਸ ਦਿਨ ਬਾਹਰ ਕਿਉਂ ਸਾਂ। ਸ਼ੌਕੀਨ ਵਰਗੇ ਨੇੜਲੇ ਮਿੱਤਰ ਦੇ ਤੁਰ ਜਾਣ ‘ਤੇ ਦਿਲ ਵਿਚ ਦੁੱਖ ਦੀ ਤਰੰਗ ਉਠੀ ਹਾਲਾਂਕਿ ਐਨ ਉਸੇ ਦਿਨ ਹਜ਼ਾਰਾਂ ਹੀ ਹੋਰ ਬੰਦੇ ਵੀ ਭਾਰਤ ਵਿਚ ਮਰੇ ਹੋਣਗੇ ਜਿਵੇਂ ਹਰ ਰੋਜ਼ ਹੀ ਮਰਦੇ ਹਨ। ਦਹਿਸ਼ਤਗਰਦਾਂ ਹੱਥੋਂ ਕਿੰਨੇ ਬੰਦੇ ਮਰੇ ਹਨ ਪਰ ਅਸਲੀ ਸੱਲ੍ਹ ਉਨ੍ਹਾਂ ਦਾ ਹੀ ਲੱਗਾ ਹੈ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਜਾਣੂੰ ਸਨ। ਸੁਮੀਤ ਸਿੰਘ (ਪ੍ਰੀਤ ਲੜੀ) ਨਾਲ ਉਸ ਦੀ ਹੱਤਿਆ ਤੋਂ ਕੁਝ ਦਿਨ ਪਹਿਲਾਂ ਹੀ ਮਿਲ ਕੇ ਆਇਆ ਸੀ। ਪਾਸ਼ ਨਾਲ ਵੀਹ ਸਾਲ ਪਹਿਲਾਂ ਆੜੀ ਸੀ ਜੋ ਸਿਆਸੀ ਵਖਰੇਵਿਆਂ ਕਾਰਨ ਨਿਰੰਤਰ ਕਾਇਮ ਨਾ ਰਹਿ ਸਕੀ। ਦਰਸ਼ਨ ਸਿੰਘ ਕੈਨੇਡੀਅਨ, ਅਰਜਨ ਸਿੰਘ ਮਸਤਾਨਾ, ਬਲਦੇਵ ਸਿੰਘ, ਜਗਰੂਪ ਸਿੰਘ ਅਤੇ ਹੋਰ ਕਈਆਂ ਨਾਲ ਵਿਚਾਰਧਾਰਾ ਦੀ ਸਾਂਝ ਸੀ। ਮੌਤ ਨਾਲ ਨਜ਼ਦੀਕੀ ਟਾਕਰਾ ਹਾਲੇ ਕੁਝ ਸਾਲ ਪਹਿਲਾਂ ਮੇਰਾ ਆਪਣਾ ਵੀ ਹੋਇਆ ਸੀ। ਦਿਲ ਦੇ ਅਪਰੇਸ਼ਨ ਸਮੇਂ, ਕਹਿੰਦੇ ਹਨ, ਕੋਈ ਮੁਸ਼ਕਲ ਪੈਦਾ ਹੋ ਗਈ ਸੀ। ਪਰ ਇਸ ਦਾ ਪਤਾ ਉਨ੍ਹਾਂ ਲੋਕਾਂ ਨੂੰ ਹੋਏਗਾ ਜਿਹੜੇ ਮੇਰੇ ਨਜ਼ਦੀਕੀ ਬਾਹਰ ਉਡੀਕ ਰਹੇ ਸਨ। ਪਰ ਸਭ ਤੋਂ ਤਾਜ਼ਾ ਘਟਨਾ ਕੁਝ ਦਿਨ ਪਹਿਲਾਂ ਵਾਪਰੀ ਹੈ। ਜ਼ਿੰਦਗੀ ਵਿਚ ਪਹਿਲੀ ਵਾਰੀ, ਉਹ ਵੀ ਚਾਲੀ ਸਾਲ ਦੀ ਉਮਰ ਵਿਚ, ਕਿਸੇ ਨਜ਼ਦੀਕੀ ਰਿਸ਼ਤੇਦਾਰ (ਸਕੇ ਚਾਚਾ) ਨੂੰ ਆਪਣੀਆਂ ਅੱਖਾਂ ਸਾਹਮਣੇ ਅਤੇ ਆਪਣੇ ਹੱਥਾਂ ਵਿਚ ਮਰਦੇ ਦੇਖਿਆ ਹੈ।
ਅਸੀਂ ਪਦਾਰਥਵਾਦੀ ਵਿਚਾਰਧਾਰਾ ਵਾਲੇ ਲੋਕ ਮੰਨਦੇ ਹਾਂ ਕਿ ਮੌਤ ਉਦੋਂ ਹੁੰਦੀ ਹੈ ਜਦੋਂ ਦਿਲ ਅਤੇ ਦਿਮਾਗ ਕੰਮ ਕਰਨਾ ਬੰਦ ਕਰ ਦਿੰਦੇ ਹਨ ਅਤੇ ਚੇਤਨਾ ਸਮਾਪਤ ਹੋ ਜਾਂਦੀ ਹੈ। ਇਸ ਤੋਂ ਬਾਅਦ ਸਰੀਰ ਦਾ ਕੁਝ ਨਹੀਂ ਰਹਿ ਜਾਂਦਾ। ਗੈਰ ਪਦਾਰਥਵਾਦੀ ਵਿਚਾਰਧਾਰਾ ਦੇ ਲੋਕਾਂ ਦਾ ਵਿਚਾਰ ਹੈ ਕਿ ਮਰਨ ਤੋਂ ਬਾਅਦ ਵੀ ਮਨੁੱਖ ਦੀ ਰੂਹ ਇਸ ਹਵਾ ਵਿਚ ਘੁੰਮਦੀ ਰਹਿੰਦੀ ਹੈ ਅਤੇ ਜੇਕਰ ਉਸ ਦੀ ਮੁਕਤੀ ਲਈ ਕੋਈ ਚਾਰਾਜੋਈ ਨਾ ਕੀਤੀ ਜਾਵੇ ਤਾਂ ਉਹ ਆਵਾਗੌਣ ਘੁੰਮਦੀ ਲੋਕਾਂ ਨੂੰ ਵੀ ਪ੍ਰੇਸ਼ਾਨ ਕਰਦੀ ਹੈ ਅਤੇ ਆਪਣੇ ਆਪ ਨੂੰ ਵੀ।
ਫਗਵਾੜਾ ਦੇ ਇਕ ਹਸਪਤਾਲ ਵਿਚ ਆਪਣੇ ਚਾਚੇ ਨੂੰ ਅੰਤਮ ਸਾਹ ਲੈਂਦੇ ਦੇਖ ਕੇ ਮੌਤ ਨੂੰ ਦੂਜੀ ਵਾਰ ਨਜ਼ਦੀਕ ਤੋਂ ਦੇਖਿਆ ਹੈ। ਫਿਰ ਵੀ ਇਹ ਪਤਾ ਨਹੀਂ ਲੱਗਾ ਕਿ ਮੌਤ ਕੀ ਹੈ। ਦਿਲ ਦੀ ਹਰਕਤ ਰੁਕ ਜਾਣ ਦਾ ਸੰਕੇਤ ਸਾਹਮਣੇ ਪਏ ਦਿਲ ਦੀ ਹਰਕਤ ਰਿਕਾਰਡ ਕਰਨ ਵਾਲੇ ਯੰਤਰ ਨੇ ਦੇ ਦਿੱਤਾ ਸੀ ਅਤੇ ਡਾਕਟਰ ਨੇ ਆਪਣੀ ਅੰਤਮ ਵਾਹ ਲਾਉਣ ਤੋਂ ਬਾਅਦ ਮੂੰਹ ਉਤੇ ਕੱਪੜਾ ਦੇ ਦਿੱਤਾ ਸੀ। ਬਸ ਇਹੀ ਇਸ ਜੀਵਨ ਦਾ ਅੰਤ ਸੀ। ਆਖਰੀ ਹਿਚਕੀ ਅਤੇ ਫਿਰ ਸਿੱਥਲਤਾ। ਬੱਸ ਇਹੀ ਮੌਤ ਸੀ। ਪਰ ਮੌਤ ਕੀ ਹੈ? ਇਸ ਦਾ ਤਾਂ ਫਿਰ ਵੀ ਕੋਈ ਪਤਾ ਨਹੀਂ ਲੱਗਾ।
ਰਸਮਾਂ ਰਿਵਾਜਾਂ ਮੁਤਾਬਕ ਹੁਣ ਮੁਕਾਣਾਂ ਆਉਣੀਆਂ ਹਨ। ਔਰਤਾਂ ਆਪਣੇ ਸਿਰ ਪਿੱਟਣਗੀਆਂ, ਵਾਲ ਖੋਹਣਗੀਆਂ, ਦੁਹੱਥੜਾਂ ਮਾਰਨਗੀਆਂ, ਵਿਰਲਾਪ ਕਰਨਗੀਆਂ। ਦੂਰ ਦੁਰਾਡੇ ਦੇ ਰਿਸ਼ਤੇ ਦਾਰ ਮਰਦ ਤੇ ਔਰਤਾਂ ਰਸਤੇ ਵਿਚ ਠੱਠੇ ਕਰਦੇ ਆਉਣਗੇ ਅਤੇ ਘਰ ਦੇ ਬੰਦੇ ਛੇਤੀ ਛੇਤੀ ਰੋਟੀ ਦੀ ਬੁਰਕੀ ਖਾ ਕੇ ਉਨ੍ਹਾਂ ਨਾਲਅਫ਼ਸੋਸ ਕਰਨ ਆਏ ਲੋਕਾਂ ਕੋਲ ਬੈਠ ਮੁੜ ਉਦਾਸੀ ਵਾਲੀਆਂ ਮੁਦਰਾਵਾਂ ਬਣਾ ਕੇ ਮਰ ਗਏ ਬੰਦੇ ਦੀਆਂ ਚੰਗੀਆਂ ਗੱਲਾਂ ਦਾ ਜ਼ਿਕਰ ਕਰਨਗੇ, ਮਾੜੀਆਂ ਗੱਲਾਂ ਨੂੰ ਲੁਕਾਉਣਗੇ ਅਤੇ ਔਗੁਣਾਂ ਨੂੰ ਵੀ ਗੁਣ ਬਣਾ ਕੇ ਪੇਸ਼ ਕਰਨਗੇ।
ਪਰ ਹਰ ਮਰ ਗਏ ਬੰਦੇ ਪਿੱਛੇ ਇਕ ਤਰੀਮਤ ਹੁੰਦੀ ਹੈ ਜੋ ਹਰ ਵੇਲੇ ਸੋਚਦੀ ਹੈ ‘ਹੁਣ ਮੇਰਾ ਕੀ ਹੋਏਗਾ?’ ਉਸ ਤਰੀਮਤ ਦੇ ਦੁੱਖ ਨੂੰ ਉਸੇ ਵਰਗੀਆਂ ਹੋਰ ਤਰੀਮਤਾਂ ਹੀ ਸਮਝ ਸਕਦੀਆਂ ਹਨ।
ਆਮ ਜ਼ਿੰਦਗੀ ਵਿਚ ਮੌਤ ਸਿਰਫ਼ ਆਂਕੜੇ ਬਣ ਕੇ ਰਹਿ ਗਈ ਹੈ। ਲੋਕ ਹੁਣ ਅਖ਼ਬਾਰਾਂ ਵਿਚ ਸਿਰਫ਼ ਗਿਣਤੀ ਪੜ੍ਹਦੇ ਹਨ। ਪਰ ਜਦੋਂ ਕਿਸੇ ਦਾ ਆਪਣਾ ਮਰਦਾ ਹੈ ਤਾਂ ਹੀ ਉਸ ਨੂੰ ਪਤਾ ਲਗਦਾ ਹੈ ਕਿ ਮਨੁੱਖ ਆਂਕੜੇ ਨਹੀਂ ਹੁੰਦੇ।
(12.1.1989)
ਪਿਸਤੌਲ ਬਨਾਮ ਤੋਪ
ਪਿਸਤੌਲ ਦਾ ਲਸੰਸ ਹਾਸਲ ਕਰਨ ਲਈ ਤੋਪ ਲਈ ਅਰਜ਼ੀ ਦੇਣ ਵਾਲੇ ਸੱਜਣ ਦਾ ਕਿੱਸਾ ਤੁਸੀਂ ਸੁਣਿਆ ਹੀ ਹੋਣੈ। ਉਸ ਨੂੰ ਪੰਜਾਹ ਬੋਰੀ ਸੀਮਿੰਟ (ਕੰਟਰੋਲ ਦੇ ਜ਼ਮਾਨੇ ‘ਚ) ਦੀ ਥਾਂ ਦੋ ਬੋਰੀ ਹੀ ਮਿਲੀ ਸੀ ਤੇ ਉਸ ਸੋਚਿਆ ਸੀ ਕਿ ਇਸ ਹਿਸਾਬ ਨਾਲ ਤੋਪ ਦਾ ਲਸੰਸ ਮੰਗੇ ਤਾਂ ਹੀ ਉਸ ਨੂੰ ਪਿਸਤੌਲ ਦਾ ਮਿਲ ਸਕਦਾ ਹੈ। ਇਹ ਭਲੇ ਵੇਲਿਆਂ ਦੀ ਗੱਲ ਹੋਏਗੀ ਜਦੋਂ ਪੰਜਾਬ ਵਿਚ ਲੋਕ ਪਿਸਤੌਲਾਂ ਦੇ ਲਸੰਸ ਹਾਸਲ ਕਰਨ ਲਈ ਬੇਨਤੀ ਪੱਤਰ ਭੇਜਦੇ ਹੋਣਗੇ। ਅੱਜ ਕੱਲ੍ਹ ਤਾਂ ਸੰਤਾਲੀਆਂ ਅਤੇ ਚੁਹੱਤਰਾਂ ਦੇ ਨਾਲ ਨਾਲ ਰਾਕਟ ਲਾਂਚਰ ਅਤੇ ਐਲ. ਐਮ. ਜੀਆਂ ਵੀ ਬਿਨਾਂ ਲਸੰਸ ਲੋਕ ਚੁਕੀ ਫਿਰਦੇ ਹਨ। ਇਨ੍ਹਾਂ ਸੰਤਾਲੀਆਂ, ਚੁਹੱਤਰਾਂ ਅਤੇ ਐਲ. ਐਮ. ਜੀਆਂ ਵਾਲੇ ਲੋਕਾਂ ਦੀ ਇੱਛਾ ਕੀ ਹੈ, ਇਹ ਹਾਲੇ ਤਕ ਕਿਸੇ ਨੂੰ ਸਪਸ਼ਟ ਨਹੀਂ ਹੋਇਆ।ਇਹ ਚਾਹੁੰਦੇ ਕੀ ਹਨ, ਕਿਸੇ ਨੂੰ ਨਹੀਂ ਪਤਾ। ਅਤੇ ਇਨ੍ਹਾਂ ਦਾ ਨਿਸ਼ਾਨਾ ਕੀ ਹੈ, ਕੋਈ ਨਹੀਂ ਜਾਣਦਾ। ਕਈ ਵਾਰੀ ਤਾਂ ਇੰਜ ਲਗਦਾ ਹੈ ਕਿ ਇਨ੍ਹਾਂ ਨੂੰ ਖ਼ੁਦ ਨੂੰ ਨਹੀਂ ਪਤਾ ਕਿ ਇਨ੍ਹਾਂ ਨੂੰ ਕੀ ਚਾਹੀਦਾ ਹੈ।
ਪਿਸਤੌਲ ਦੀ ਖ਼ਾਤਰ ਤੋਪ ਦੇ ਲਸੰਸ ਦੀ ਮੰਗ ਕਰਨ ਦੀ ਉਦਾਹਰਣ ਖ਼ਾਲਿਸਤਾਨ ਉਤੇ ਲਾਗੂ ਹੁੰਦੀ ਹੈ। ਸ਼ਾਇਦ ਇਹ ਲੋਕ ਪੰਜਾਬ ਲਈ ਵਧੇਰੇ ਖ਼ੁਦਮੁਖਤਾਰੀ ਚਾਹੁੰਦੇ ਹਨ ਅਤੇ ਕਿਉਂਕਿ ਸਰਕਾਰਾਂ ਸਦਾ ਹੀ ਮੰਗਣ ਵਾਲੇ ਦੀ ਮੰਗ ਨੂੰ ਦੋਧੀ ਦੇ ਦੁੱਧ ਵਾਂਗ ਪਤਲਾ ਕਰ ਕੇ ਪ੍ਰਵਾਨ ਕਰਦੀਆਂ ਹਨ, ਇਸ ਲਈ ਉਹ ਤੋਪ ਦੇ ਲਸੰਸ ਵਾਂਗ ਖ਼ਾਲਿਸਤਾਨ ਦੀ ਮੰਗ ਕਰ ਰਹੇ ਹਨ। ਪਰ ਕਰ ਵੀ ਕਿੱਥੇ ਰਹੇ ਹਨ ? ਉਹ ਤਾਂ ਸਿਰਫ਼ ਸੰਤਾਲੀਆਂ, ਚੁੱਹਤਰਾਂ, ਰਾਕਟ ਲਾਂਚਰ ਅਤੇ ਐਲ. ਐਮ. ਜੀਆਂ ਚਲਾ ਰਹੇ ਹਨ ਜਿਹੜੀਆਂ ਉਨ੍ਹਾਂ ਨੂੰ ਪਾਕਿਸਤਾਨ ਵਲੋਂ ਖੁੱਲ੍ਹੇ ਮਨ ਨਾਲ ਮਿਲਦੀਆਂ ਹਨ-ਸਣੇ ਟਰੇਨਿੰਗ ਦੇ ਅਤੇ ਸਣੇ ਸੰਭਾਵਿਤ ਨਿਸ਼ਾਨਿਆਂ ਦੀਆਂ ਹਦਾਇਤਾਂ ਦੇ।
ਅਕਾਲੀ ਦਲਾਂ ਵਿਚੋਂ ਕੋਈ ਖ਼ਾਲਿਸਤਾਨ ਦੀ ਮੰਗ ਨਹੀਂ ਕਰ ਰਿਹਾ। ਪ੍ਕਾਸ਼ ਸਿੰਘ ਬਾਦਲ ਨੇ ਭਾਵੇਂ ਸ਼ਰ੍ਹੇਆਮ ਅਤੇ ਜਨਤਕ ਤੌਰ ‘ਤੇ ਕਦੇ ਖ਼ਾਲਿਸਤਾਨ ਦੀ ਚਰਚਾ ਨਹੀਂ ਕੀਤੀ ਪਰ ਉਹ ਰਿਕਾਰਡ ‘ਤੇ ਹਨ ਕਿ ਅਕਾਲੀ ਦਲ ਸ੍ਰੀ ਆਨੰਦਰਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਵਾਉਣ ਦਾ ਇਰਾਦਾ ਰੱਖਦਾ ਹੈ ਜਿਸ ਦਾ ਮੂਲ ਮੁੱਦਾ ਰਾਜਾਂ ਲਈ ਵਧੇਰੇ ਖ਼ੁਦਮੁਖਤਾਰੀ ਹੈ। ਗੁਰਚਰਨ ਸਿੰਘ ਟੌਹੜਾ ਨਿਰੰਤਰ ਇਸ ਗੱਲ ਦੇ ਧਾਰਨੀ ਚਲੇ ਆ ਰਹੇ ਕਿ ਖ਼ਾਲਿਸਤਾਨ ਨਾ ਮਿਲਣਾ ਹੈ ਅਤੇ ਨਾ ਹੀ ਲਾਹੇਵੰਦ ਸੌਦਾ ਹੈ। ਇਸ ਲਈ ਇਸ ਦੀ ਮੰਗ ਕਰਨਾ ਗ਼ਲਤ ਹੈ। ਸੁਰਜੀਤ ਸਿੰਘ ਬਰਨਾਲਾ ਤਾਂ ਇਸ ਤੋਂ ਵੀ ਵਧ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਗੱਲ ਕਰਦੇ ਹਨ ਤੇ ਆਪਣੀ ਸਾਖ਼ ਇਕ ਸੂਝਵਾਨ ਕੌਮੀ ਨੇਤਾ ਦੇ ਤੌਰ ‘ਤੇ ਬਣਾ ਰਹੇ ਹਨ। ਰਹੀ ਗੱਲ ਸਿਮਰਨਜੀਤ ਸਿੰਘ ਮਾਨ ਦੀ। ਉਨ੍ਹਾਂ ਨੂੰ ਖ਼ੁਦ ਸਮਝ ਨਹੀਂ ਆ ਰਹੀ ਕਿ ਉਹ ਕੀ ਚਾਹੁੰਦੇ ਹਨ। ਉਹ ਕਿਰਪਾਨ ਦੇ ਮਾਮਲੇ ਨੂੰ ਹੀ ਏਨਾ ਲੰਬਾ ਖਿੱਚ ਕੇ ਲੈ ਗਏ ਹਨ ਕਿ ਬਾਕੀ ਦੇ ਮਸਲੇ ਤਾਂ ਉਨ੍ਹਾਂ ਲਈ ਸ਼ਾਇਦ ਕੋਈ ਅਰਥ ਹੀ ਨਹੀਂ ਰੱਖਦੇ। ਇਨ੍ਹਾਂ ਚੋਟੀ ਦੇ ਅਕਾਲੀ ਨੇਤਾਵਾਂ ਤੋਂ ਬਿਨਾਂ ਕੋਈ ਵੀ ਹੋਰ ਸਿਆਸੀ ਨੇਤਾ ਖ਼ਾਲਿਸਤਾਨ ਦੀ ਮੰਗ ਨਹੀਂ ਕਰਦਾ ਅਤੇ ਨਾ ਹੀ ਕੋਈ ਹੋਰ ਸਿਆਸੀ ਪਾਰਟੀ ਹੀ।
ਜੇ ਖ਼ਾਲਿਸਤਾਨ ਬਣ ਜਾਵੇ ਤਾਂ ਇਸ ਦਾ ਲਾਭ ਕਿਸ ਨੂੰ ਹੋਏਗਾ ? ਕਦਾਚਿਤ ਪੰਜਾਬੀ ਕਿਸਾਨ ਨੂੰ ਨਹੀਂ। ਪੰਜਾਬੀ ਕਿਸਾਨ ਨੇ ਪਿਛਲੇ ਦੋ ਦਹਾਕਿਆਂ ਦੌਰਾਨ ਸਖ਼ਤ ਮਿਹਨਤ ਕਰ ਕੇ ਅੰਨ ਉਤਪਾਦਨ ਹੀ ਨਹੀਂ ਸਗੋਂ ਸਮੁੱਚੀ ਖੇਤੀ ਵਿਚ ਜੋ ਇਲਕਲਾਬ ਲਿਆਂਦਾ ਹੈ, ਉਸ ਦੇ ਲਾਭ ਬਾਕੀ ਭਾਰਤ ਨਾਲੋਂ ਕਟੇ ਜਾਣ ‘ਤੇ ਇਸ ਨੂੰ ਹਾਸਲ ਨਹੀਂ ਹੋਣਾ। ਖ਼ਾਲਿਸਤਾਨ ਨੂੰ ਖਾਦਾਂ, ਕੀਟਨਾਸ਼ਕ ਦਵਾਈਆਂ ਅਤੇ ਇਸ ਤਰ੍ਹਾਂ ਦਾ ਹੋਰ ਸਾਮਾਨ ਬਾਹਰੋਂ ਮੰਗਵਾਉਣਾ ਪਏਗਾ ਪਰ ਇਸ ਦਾ ਅੰਨ ਕਿਤੇ ਵਿਕੇਗਾ ਨਹੀਂ। ਕੌਮਾਂਤਰੀ ਮੰਡੀ ਵਿਚ ਮੁਕਾਬਲੇ ਕਾਰਨ ਇਸ ਨੂੰ ਸਸਤੇ ਭਾਅ ‘ਤੇ ਵੇਚਣਾ ਪਏਗਾ ਅਤੇ ਇਸ ਤਰ੍ਹਾਂ ਕਿਸਾਨ ਨੂੰ ਲਾਭ ਦੀ ਥਾਂ ਨੁਕਸਾਨ ਹੋਏਗਾ। ਇਸ ਹਿਸਾਬ ਨਾਲ ਪੰਜਾਬ ਦੀ ਵੱਡੀ ਵਸੋਂ ਤਾਂ ਪਹਿਲਾਂ ਹੀ ਬਾਹਰ ਨਿਕਲ ਗਈ। ਇਸ ਵਿਚ ਜੇ ਸ਼ਾਮਲ ਕਰੋ 48 ਫ਼ੀਸਦੀ ਹਿੰਦੂ ਵੀਰਾਂ ਨੂੰ, ਤਾਂ ਗਿਣਤੀ ਨੱਬੇ ਫ਼ੀਸਦੀ ਤਕ ਪੁੱਜ ਜਾਏਗੀ।
ਹੁਣ ਲਵੋ ਸਨਅਤਕਾਰ ਨੂੰ । ਪਹਿਲੀ ਗੱਲ ਤਾਂ ਇਹ ਕਿ ਪੰਜਾਬ ਵਿਚ ਸਨਅਤਾਂ ਹੈਨ ਹੀ ਘੱਟ। ਜਿਹੜੀਆਂ ਹਨ ਵੀ ਉਨ੍ਹਾਂ ਦਾ ਬਹੁਤਾ ਹਿੱਸਾ ਖੇਤੀ ਉਪਜਾਂ ਉਤੇ ਆਧਾਰਤ ਹੈ। ਅਰਥਾਤ ਵੱਡੀ ਮਸ਼ੀਨੀਰੀ, ਰਸਾਇਣਾਂ, ਫੌਲਾਦ, ਧਾਤਾਂ ਆਦਿ ਤਿਆਰ ਕਰਨ ਵਾਲੀ ਕੋਈ ਸਨਅਤ ਨਹੀਂ। ਇਸ ਲਈ ਸਨਅਤਕਾਰਾਂ ਨੂੰ ਕੱਚਾ ਮਾਲ, ਮਸ਼ੀਨਰੀ, ਖਣਿਜ ਪਦਾਰਥਾਂ ਅਤੇ ਵਿਕਰੀ ਲਈ ਬਾਹਰ ਝਾਕਣਾ ਪਿਆ ਕਰੇਗਾ। ਹੁਣ ਵਿਸ਼ਾਲ ਭਾਰਤ ਵਿਚ ਇਨ੍ਹਾਂ ਦੇ ਮਾਲ ਦੀ ਮੰਡੀ ਹੈ। ਇਸ ਲਈ ਇਕ ਫ਼ੀਸਦੀ ਵਸੋਂ ਹੋਰ ਉਨ੍ਹਾਂ ਲੋਕਾਂ ਦੀ ਗਿਣਤੀ ਵਿਚੋਂ ਘਟਾ ਦੇਣੀ ਚਾਹੀਦੀ ਹੈ ਜਿਹੜੇ ਸੱਚਮੁੱਚ ਤੋਪ ਹਾਸਲ ਕਰਨਾ ਚਾਹੁੰਦੇ ਹਨ।
ਪੇਸ਼ਾਵਰ ਲੋਕ ਜਿਵੇਂ ਕਿ ਡਾਕਟਰ, ਇੰਜੀਨੀਅਰ ਆਦਿ ਨੂੰ ਵੀ ਇਸ ਦਾ ਲਾਭ ਨਹੀਂ ਹੋਣਾ ਕਿਉਂਕਿ ਉਨ੍ਹਾਂ ਦੇ ਰੁਜ਼ਗਾਰ ਦੇ ਮੌਕੇ ਤੇ ਸਥਾਨ ਸੀਮਤ ਹੋ ਜਾਣਗੇ । ਹੁਣ ਉਹ ਕਿਸੇ ਵੀ ਸੂਬੇ ਵਿਚ ਕਿਸੇ ਵੀ ਸੰਸਥਾ ਵਿਚ ਕੰਮ ਕਰ ਸਕਦੇ ਹਨ। ਫਿਰ ਉਹ ਸੀਮਤ ਹੋ ਕੇ ਰਹਿ ਜਾਣਗੇ। ਇਸ ਲਈ ਇਹ ਲੋਕ ਵੀ ਖ਼ਾਲਿਸਤਾਨ ਦੇ ਹੱਕ ਵਿਚ ਨਹੀਂ ਹਨ। ਇਹੀ ਗੱਲ ਪੱਤਰਕਾਰਾਂ ਉਤੇ ਵੀ ਲਾਗੂ ਹੁੰਦੀ ਹੈ। ਪੰਜਾਬ ਦੇ ਉਹ ਪੱਤਰਕਾਰ ਜਿਹੜੇ ਦਿੱਲੀ, ਬੰਬਈ, ਕਲਕੱਤਾ, ਮਦਰਾਸ, ਆਦਿ ਤੋਂ ਛਪਦੇ ਅੰਗਰੇਜ਼ੀ ਤੇ ਹਿੰਦੀ ਅਖ਼ਬਾਰਾਂ ਨਾਲ ਸਬੰਧਤ ਹਨ, ਕਦੇ ਵੀ ਇਸ ਕਿਸਮ ਦੀ ਸਥਿਤੀ ਨਹੀਂ ਚਾਹੁਣਗੇ ਜਿੱਥੇ ਉਨ੍ਹਾਂ ਲਈ ਰੁਜ਼ਗਾਰ ਹੀ ਨਾ ਰਹੇ। ਮੁਲਾਜ਼ਮਾਂ ਨੂੰ ਤਾਂ ਉਂਜ ਹੀ ਖਾਰਜ ਕਰ ਦਿਓ ਜਿਨ੍ਹਾਂ ਘਾਹ ਹੀ ਖੋਤਣਾ ਹੈ, ਭਾਵੇਂ ਕੁਝ ਵੀ ਹੁੰਦਾ ਰਹੇ।
ਰਹੀ ਗੱਲ ਇਹ ਕਿ ਇਸ ਦਾ ਲਾਭ ਕਿਸ ਨੂੰ ਹੋਏਗਾ? ਮੇਰੀ ਜਾਚੇ ਸਭ ਤੋਂ ਵੱਧ ਫ਼ਾਇਦਾ ਵਪਾਰੀ ਵਰਗ ਨੂੰ ਹੋਏਗਾ ਕਿਉਂਕਿ ਉਹ ਉਸ ਖ਼ਾਲਿਸਤਾਨ ਤੋਂ ਬਾਹਰ ਸਾਮਾਨ ਭੇਜ ਕੇ ਵੀ ਲਾਭ ਕਮਾਉਣਗੇ ਅਤੇ ਅੰਦਰ ਮੰਗਵਾ ਕੇ ਵੀ। ਇਸ ਤਰ੍ਹਾਂ ਇਕ ਸੀਮਤ ਵਸੋਂ ਦੇ ਹਿਤਾਂ ਦੀ ਪੂਰਤੀ ਲਈ ਏਨਾ ਵੱਡਾ ਵਾਵੇਲਾ ਖੜ੍ਹਾ ਕੀਤਾ ਗਿਆ ਹੈ।
ਪਰ ਸਵਾਲ ਫਿਰ ਵੀ ਖੜ੍ਹਾ ਹੈ ਕਿ ਤੋਪ ਦਾ ਲਸੰਸ ਹਾਸਲ ਕਰਨ ਵਾਲੇ ਲੋਕ ਕਿਸ ਦੇ ਹਿਤਾਂ ਦੀ ਰਾਖੀ ਕਰ ਰਹੇ ਹਨ ? ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਮੁੱਖ ਤੌਰ ‘ਤੇ ਕਿਸਾਨਾਂ ਦੇ ਪੁੱਤਰਾਂ ਉਤੇ ਆਧਾਰਤ ਹੈ। ਪਰ ਜੇ ਖ਼ਾਲਿਸਤਾਨ ਦੀ ਸਥਾਪਨਾ ਦਾ ਲਾਭ ਕਿਸਾਨਾਂ ਦੀ ਥਾਂ ਵਪਾਰੀਆਂ ਨੂੰ ਹੋਣਾ ਹੈ ਤਾਂ ਉਹ ਵਪਾਰੀਆਂ ਦੇ ਹਿਤਾਂ ਦੀ ਰਾਖੀ ਕਿਉਂ ਕਰ ਰਹੇ ਹਨ ? ਪਰ ਜਿਵੇਂ ਕਿ ਇਕ ਅਕਾਲੀ ਨੇਤਾ ਨੇ ਆਪਣਾ ਨਾਂ ਗੁਪਤ ਰੱਖਣ ਦੀ ਬੇਨਤੀ ਕਰਦੇ ਹੋਏ ਕਿਹਾ ਸੀ, “ ਫੈਡਰੇਸ਼ਨ ਅਤੇ ਮੁੰਡੇ ਦਰਅਸਲ ਡੂੰਘੀ ਨਹੀਂ ਸੋਚਦੇ। ਉਹ ਛੋਹਲੇ ਹਨ। ਤੱਤਭੜੱਥੀ ਵਾਲੇ ਸੁਭਾਅ ਦੇ ਹਨ। ਉਨ੍ਹਾਂ ਪਾਸ ਡੂੰਘਾਈ ਨਾਲ ਸੋਚਣ ਦੀ ਸ਼ਕਤੀ ਨਹੀਂ। ਕਿਉਂਕਿ ਜਵਾਨੀ ਸਦਾ ਗਰਮ ਹੁੰਦੀ ਹੈ ਅਤੇ ਜੇ ਜਵਾਨੀ ਦੇ ਹੱਥ ਹਥਿਆਰ ਆ ਜਾਣ ਤਾਂ ਉਹ ਊਂ ਹੀ ਲੋਕਾਂ ਦੇ ਕੰਧਾਂ ਕੌਲੇ ਢਾਹੁੰਦੀ ਫਿਰਦੀ ਹੈ।” ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਫੈਡਰੇਸ਼ਨ ਦੇ ਮੈਂਬਰਾਂ ਨੂੰ ਬਹੁਤਾ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ।
ਇਸ ਤਰ੍ਹਾਂ ਬਚੇ ਸਿਰਫ਼ ਇਸ਼ਾਰੀਆ ਇਕ ਫ਼ੀਸਦੀ ਲੋਕ, ਜਿਹੜੇ ਸਿਰਾਂ ਉਤੇ ਕੱਫਨ ਬੰਨ੍ਹੀਂ ਫਿਰਦੇ ਹਨ। ਇਕ ਸੱਜਣ ਨੇ ਕਿਹਾ, “ਖ਼ਾਲਿਸਤਾਨ ਦੀ ਸਥਾਪਨਾ ਲਈ ਪਾਕਿਸਤਾਨ ਜੀਅ ਤੋੜ ਕੋਸ਼ਿਸ਼ ਕਰ ਰਿਹਾ ਹੈ ਤਾਂ ਇਸ ਦਾ ਕਾਰਨ ਇਹ ਨਹੀਂ ਕਿ ਇਸ ਨੂੰ ਪੰਜਾਬੀਆਂ ਨਾਲ ਹੇਜ ਹੈ। ਸਗੋਂ ਅਸਲੀ ਕਾਰਨ ਇਹ ਹੈ ਕਿ ਇਸ ਨਾਲ ਇਕ ਤਾਂ ਭਾਰਤ ਸਰਕਾਰ ਤੋਂ ਸੰਨ ਇਕੱਤਰ ਦਾ ਬਦਲਾ ਲੈ ਰਿਹਾ ਹੈ ਅਤੇ ਦੂਜਾ ਇਸ ਨਾਲ ਕਸ਼ਮੀਰ ਉਤੇ ਇਸ ਦਾ ਕਬਜ਼ਾ ਹੁੰਦਾ ਹੈ। ਜੇ ਕਿਤੇ ਖ਼ਾਲਿਸਤਾਨ ਬਣ ਜਾਵੇ ਤਾਂ ਕਸ਼ਮੀਰ ਆਪਣੇ-ਆਪ ਹੀ ਭਾਰਤ ਨਾਲੋਂ ਅਲੱਗ ਹੋ ਜਾਏਗਾ।” ਪਰ ਕੀ ਇਹ ਸੰਭਵ ਹੈ ? ਹਾਲ ਦੀ ਘੜੀ ਤਾਂ ਸੰਭਵ ਲਗਦਾ ਨਹੀਂ। ਜਦੋਂ ਅਕਾਲੀ ਦਲ ਦੀ ਸਥਾਪਤ ਲੀਡਰਸ਼ਿਪ ਅਤੇ ਹੋਰ ਸਿਆਸੀ ਪਾਰਟੀਆਂ ਹੀ ਇਸ ਨਾਲ ਸਹਿਮਤ ਨਾ ਹੋਣ ਤਾਂ ਕਿਸੇ ਵੀ ਤਰ੍ਹਾਂ ਇਸ਼ਾਰੀਆ ਇਕ ਫ਼ੀਸਦੀ ਵਸੋਂ ਦੀ ਮੰਗ ਪੂਰੀ ਨਹੀਂ ਹੋ ਸਕਦੀ।
ਇਥੋਂ ਇਕ ਸਧਾਰਨ ਵਿਅਕਤੀ ਵਲੋਂ ਕੀਤੀ ਗਈ ਟਿੱਪਣੀ ਕਾਫ਼ੀ ਦਿਲਚਸਪ ਹੈ। ਜਦੋਂ ਉਸ ਨਾਲ ਗੱਲਬਾਤ ਵਿਚ ਇਹ ਕਿਹਾ ਗਿਆ ਕਿ ਮੁੰਡੇ ਦਰਅਸਲ ਤੋਪ ਦੀ ਤਾਂ ਮੰਗ ਹੀ ਕਰਦੇ ਹਨ, ਅਸਲ ਵਿਚ ਉਨ੍ਹਾਂ ਨੂੰ ਪਿਸਤੌਲ ਹੀ ਚਾਹੀਦੀ ਹੈ ਤਾਂ ਉਸ ਕਿਹਾ,”ਜੇ ਤੁਹਾਨੂੰ ਸਾਨੂੰ ਇਹ ਗੱਲ ਸਮਝ ਆ ਸਕਦੀ ਹੈ ਤਾਂ ਸਰਕਾਰ ਦੇ ਖਾਨੇ ਕਿਉਂ ਨਹੀਂ ਪੈਂਦੀ ?” ਇਸ ਗੱਲ ਦੀ ਤਾਂ ਸਾਨੂੰ ਵੀ ਸਮਝ ਨਹੀਂ ਭਾਈ।
(20.4.1990)
ਮਨੁੱਖ ਦੇ ਅੰਤਹਕਰਨ, ਬੋਲ !
ਪੰਜਾਬੀ ਦੀ ਕਹਾਵਤ ਹੈ ਕਿ ਦੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ। ਇਸ ਦੇ ਅਰਥ ਸਪਸ਼ਟ ਹਨ ਕਿ ਜਿਹੜੀ ਚੀਜ਼ ਗ਼ਲਤ ਹੋਵੇ ਉਸ ਨੂੰ ਆਪਣੀਆਂ ਅੱਖਾਂ ਅੱਗੇ ਬਰਦਾਸ਼ਤ ਕਰਨਾ ਸੌਖੀ ਗੱਲ ਨਹੀਂ ਹੁੰਦੀ। ਇਸੇ ਨੂੰ ਜੇ ਹੋਰ ਸ਼ਬਦਾਂ ਦਾ ਜੋੜਾ ਜਾਮਾ ਪਹਿਨਾਈਏ ਤਾਂ ਕਹਿ ਸਕਾਂਗੇ ਕਿ ਕਿਸੇ ਤਕੜੇ ਦਾ ਮਾੜੇ ਉਤੇ ਜ਼ੋਰ ਜ਼ੁਲਮ, ਕਿਸੇ ਤਾਨਾਸ਼ਾਹ ਦਾ ਆਪਣੀ ਰਈਅਤ ਉਤੇ ਕਹਿਰ ਅਤੇ ਕਿਸੇ ਜ਼ਾਲਮ ਦੀ ਮਜ਼ਲੂਮ ਤੇ ਬੇਸਹਾਰਾ ਉਤੇ ਸਖ਼ਤਾਈ ਨੂੰ ਪਰਵਾਨ ਕਰਨਾ ਪੰਜਾਬੀ ਸੁਭਾਅ ਨਹੀਂ ਹੈ। ਪੰਜਾਬੀ ਹੀ ਕਿਉਂ, ਸਮੁੱਚੇ ਸੰਸਾਰ ਵਿਚ ਵੱਖ ਵੱਖ ਸਮੇਂ ਹੋਏ ਮਹਾਪੁਰਸ਼ਾਂ ਨੇ ਇਸੇ ਤਰ੍ਹਾਂ ਦੀਆਂ ਗੱਲਾਂ ਕਹੀਆਂ ਅਤੇ ਅਜਿਹਾ ਕਹਿਣ ਬਦਲੇ ਆਪਣੀਆਂ ਜਾਨਾਂ ਤਕ ਵੀ ਗੁਆਈਆਂ। ਸੁਕਰਾਤ ਨੇ ਜ਼ਹਿਰ ਦਾ ਪਿਆਲਾ ਪੀਤਾ, ਸਰਮਦ ਨੇ ਹੱਸ ਕੇ ਫਾਂਸੀ ਚੁੰਮੀ ਅਤੇ ਸਪਾਰਟੇਕਸ ਨੇ ਸੰਸਾਰ ਦੇ ਪਹਿਲੇ ਪਰੋਲੇਤਾਰੀ ਇਨਕਲਾਬੀ ਹੋਣ ਦੀ ਭੱਲ ਖੱਟੀ ਜਿਸ ਨੇ ਰੋਮ ਦੀ ਅਜਿਹੀ ਅਜਿੱਤ ਫ਼ੌਜ ਨੂੰ ਕਈ ਦਿਨਾਂ ਤਕ ਅੱਗੇ ਲਾਈ ਰੱਖਿਆ ਜਿਸ ਬਾਰੇ ਕਹਿੰਦੇ ਹਨ ਕਿ ਸੌ ਮੀਲ ਦਾ ਸਫ਼ਰ ਕਰਨ ਮਗਰੋਂ ਵੀ ਜਦੋਂ ਇਹ ਪੜਾਅ ਕਰਦੀ ਸੀ ਤਾਂ ਇਸ ਤਰ੍ਹਾਂ ਦੀ ਕਿਲ੍ਹੇਬੰਦੀ ਕੀਤੀ ਜਾਂਦੀ ਸੀ ਜਿਵੇਂ ਕਈ ਸਾਲਾਂ ਤਕ ਉਥੇ ਹੀ ਰਹਿਣਾ ਹੋਵੇ। ਇਹ ਗੱਲ ਵੀ ਵੱਖਰੀ ਹੈ ਕਿ ਅਗਲੀ ਸਵੇਰ ਇਹ ਫਿਰ ਕੂਚ ਕਰ ਜਾਂਦੀ ਅਤੇ ਪਿੱਛੇ ਕਿਲ੍ਹੇਬੰਦੀ ਦਾ ਨਾਂ ਨਿਸ਼ਾਨ ਤਕ ਨਹੀਂ ਸੀ ਰਹਿੰਦਾ।
ਸਪਾਰਟੇਕਸ ਅਜਿਹਾ ਗੁਲਾਮ ਸੀ ਜਿਸ ਨੂੰ ਰੋਮ ਦੇ ਇਕ ਅਖਾੜੇ ਵਿਚ ਗਲੈਡੀਏਟਰ ਦੇ ਤੌਰ ‘ਤੇ ਅਮੀਰਾਂ ਦਾ ਮਨੋਰੰਜਨ ਕਰਨ ਲਈ ਜਾਨ ਦੀ ਬਾਜ਼ੀ ਲਾ ਕੇ ਲੜਾਈ ਲੜਨੀ ਪੈਂਦੀ ਸੀ। ਹੋਵਾਰਡ ਫਾਸਟ ਨੇ ਆਪਣੇ ਮਸ਼ਹੂਰ। ‘ ਨਾਵਲ ” ਆਦਿ ਵਿਦਰੋਹੀ ” (ਇਹ ਅਨੁਵਾਦਤ ਨਾਮ ਹੈ) ਵਿਚ ਲਿਖਿਆ ਹੈ ਕਿ ਕਿਵੇਂ ਸਪਾਰਟੇਕਸ ਨੇ ਇਹ ਗੱਲ ਬਰਦਾਸ਼ਤ ਕਰਨ ਤੋਂ ਨਾਂਹ ਕਰ ਦਿੱਤੀ ਕਿ ਕੁਝ ਅਮੀਰ ਸ਼ਹਿਜ਼ਾਦੇ ਆਪਣੇ ਮਨੋਰੰਜਨ ਲਈ ਕੁਝ ਗ਼ੁਲਾਮਾਂ ਨੂੰ ਅਜਿਹੀ ਖੇਡ ਲਈ ਮਜਬੂਰ ਕਰਨ ਜਿਸ ਵਿਚ ਇਕ ਦੀ ਜਾਨ ਜਾਣੀ ਲਾਜ਼ਮੀ ਸੀ। ਉਸ ਦੀ ਅਗਵਾਈ ਹੇਠ ਗੁਲਾਮਾਂ ਦੀ ਬਗ਼ਾਵਤ ਹੋਈ ਅਤੇ ਕਈ ਦਿਨਾਂ ਤਕ ਰੋਮ ਉਤੇ ਉਨ੍ਹਾਂ ਦੀ ਹਕੂਮਤ ਰਹੀ। ਇਹ ਗੱਲ ਵੱਖਰੀ ਹੈ ਕਿ ਮਗਰੋਂ ਉਨ੍ਹਾਂ ਨੂੰ ਸੂਲੀ ਉਤੇ ਚੜ੍ਹਾ ਦਿੱਤਾ ਗਿਆ। ਪਰ ਸੂਲੀ ਉਤੇ ਤਾਂ ਈਸਾ ਮਸੀਹ ਨੂੰ ਵੀ ਚੜ੍ਹਾਇਆ ਗਿਆ ਸੀ ।
ਸੱਚ ਸ਼ਬਦ ਦੇ ਸਹੀ ਅਰਥ ਸ਼ਾਇਦ ਕਿਸੇ ਨੂੰ ਨਹੀਂ ਪਤਾ। ਸੁਕਰਾਤ ਦਾ ਸੱਚ ਕੀ ਸੀ ? ਸਰਮਦ ਦਾ ਸੱਚ ਕੀ ਸੀ? ਈਸਾ ਦਾ ਸੱਚ ਕੀ ਸੀ? ਨਾਨਕ ਦਾ ਸੱਚ ਕੀ ਸੀ? ਤੇਗ ਬਹਾਦਰ ਦਾ ਸੱਚ ਕੀ ਸੀ? ਅਤੇ ਪਰਤ ਕੇ ਦੇਖੀਏ ਤਾਂ ਚੰਗੇਜ਼ ਖਾਨ ਦਾ ਸੱਚ ਕੀ ਸੀ? ਅਤੇ ਨਾਦਰ ਸ਼ਾਹ ਦਾ ਸੱਚ ਕੀ ਸੀ? ਜਹਾਂਗੀਰ ਦਾ ਸੱਚ ਕੀ ਸੀ ਤੇ ਔਰੰਗਜ਼ੇਬ ਦਾ ਸੱਚ ਕੀ ਸੀ? ਸੱਚ ਤਾਂ ਹਮੇਸ਼ਾ ਉਸ ਨੂੰ ਪਰਵਾਨ ਕਰਨ ਵਾਲੇ ਸ਼ਖ਼ਸ ਦੀ ਸੋਚ ਦਾ ਪ੍ਰਤੀਕ ਹੁੰਦਾ ਹੈ। ਬਾਬੇ ਨਾਨਕ ਦਾ ਸੱਚ ਸੀ ਉਸ ਸਮੇਂ ਦੇ ਅੰਧ ਵਿਸ਼ਵਾਸ ਤੇ ਕੂੜ ਦੇ ਹਨੇਰੇ ਨੂੰ ਖ਼ਤਮ ਕਰਕੇ ਗਿਆਨ ਦੀ ਰੋਸ਼ਨੀ ਪੈਦਾ ਕਰਨਾ। ਪਰ ਬਾਬਰ ਦਾ ਸੱਚ ਤਾਂ ਸਿਰਫ਼ ਇਥੋਂ ਤਕ ਸੀਮਤ ਸੀ ਕਿ ਉਸ ਨੇ ਹਿੰਦੁਸਤਾਨ ਦੀ ਜਨਤਾ ਉਤੇ ਹਕੂਮਤ ਕਰਨੀ ਹੈ ਅਤੇ ਡੰਡੇ ਦੇ ਜ਼ੋਰ ਉਤੇ ਕਰਨੀ ਹੈ। ਤੇਗ ਬਹਾਦਰ ਦਾ ਸੱਚ ਇਹ ਸੀ ਕਿ ਜ਼ੋਰ ਜ਼ੁਲਮ ਨਾਲ ਕਿਸੇ ਦੇ ਅਕੀਦੇ ਤੇ ਧਰਮ ਤਬਦੀਲ ਨਹੀਂ ਹੋ ਸਕਦੇ। ਪਰ ਔਰੰਗਜ਼ੇਬ ਦਾ ਸੱਚ ਸੀ ਕਿ ਅਕੀਦੇ ਅਤੇ ਧਰਮ ਰਾਜਿਆਂ ਦੇ ਹੁੰਦੇ ਹਨ ਨਾ ਕਿ ਰਿਆਇਆ ਦੇ। ਇਸੇ ਲਈ ਤੇਗ ਬਹਾਦਰ ਨੇ ਦਿੱਲੀ ਵਿਚ ਆਪਣੀ ਕੁਰਬਾਨੀ ਦਿੱਤੀ ਅਤੇ ਹਿੰਦ ਦੀ ਚਾਦਰ ਅਖਵਾਏ। ਤੇਗ ਬਹਾਦਰ ਨੇ ਜੇ ਸਿਰਫ਼ ਆਪਣੀ ਜਾਨ ਬਚਾਉਣ ਲਈ ਔਰੰਗਜ਼ੇਬ ਦੀ ਗੱਲ ਮੰਨ ਲਈ ਹੁੰਦੀ ਤਾਂ ਉਨ੍ਹਾਂ ਨੇ ਆਪਣਾ ਸੱਚ ਕੁਰਬਾਨ ਕਰ ਦਿੱਤਾ ਹੁੰਦਾ। ਉਨ੍ਹਾਂ ਦੇ ਪੋਤਰਿਆਂ ਜ਼ੋਰਾਵਰ ਸਿੰਘ ਅਤੇ ਫ਼ਤਹਿ ਸਿੰਘ ਨੇ ਜੇ ਦੀਵਾਰਾਂ ਵਿਚ ਚਿਣੇ ਜਾਣ ਤੋਂ * ਡਰ ਕੇ ਇਸਲਾਮ ਕਬੂਲ ਕਰ ਲਿਆ ਹੁੰਦਾ ਤਾਂ ਤੇਗ ਬਹਾਦਰ ਦੀ ਕੁਰਬਾਨੀ ਦੇ ਕੀ ਅਰਥ ਰਹਿ ਜਾਂਦੇ? ਪਰ ਇਹ ਸਾਰੇ ਤਾਂ ਸੁਕਰਾਤ ਤੇ ਮਨਸੂਰ ਦੀ ਤਰ੍ਹਾਂ ਸੱਚ ਉਤੇ ਪਹਿਰਾ ਦੇਣ ਵਾਲੇ ਸਨ। ਜਾਨਾਂ ਦੀ ਪਰਵਾਹ ਉਨ੍ਹਾਂ ਨੂੰ ਹੁੰਦੀ ਹੈ ਜਿਨ੍ਹਾਂ ਪੱਲੇ ਸੱਚ ਨਹੀਂ ਕੂੜ ਹੁੰਦਾ ਹੈ। ਦੇਖ ਕੇ ਮੱਖੀ ਉਹ ਨਿਗਲਦੇ ਹਨ ਜਿਹੜੇ ਆਪਣੇ ਸੱਚ ਨੂੰ ਜਾਨ ਬਦਲੇ ਵੇਚਣ ਲਈ ਤਿਆਰ ਹੁੰਦੇ ਹਨ।
ਲੋਕਾਂ ਨੇ ਭੀਸ਼ਮ ਸਾਹਨੀ ਦੇ ਨਾਵਲ ਉਤੇ ਅਧਾਰਤ ਸੀਰੀਅਲ ‘ਤਮਸ’ ਨੂੰ ਦੇਖਿਆ ਹੋਏਗਾ। ਇਸ ਵਿਚ ਨਿਰਦੇਸ਼ਕ ਗੋਬਿੰਦ ਨਿਹਲਾਨੀ ਨੇ ਇਕ ਦ੍ਰਿਸ਼ ਸ਼ਾਮਲ ਨਹੀਂ ਕੀਤਾ ਜਿਹੜਾ ਨਾਵਲ ਵਿਚ ਹੈ। ਦੰਗੇ ਸ਼ੁਰੂ ਹੋਣ ਤੇ ਇਕ ਸਿੱਖ ਨੱਸ ਰਿਹਾ ਹੈ। ਮੁਸਲਮਾਨਾਂ ਦੀ ਧਾੜ ਉਸ ਦੇ ਮਗਰ ਹੈ। ਲੰਬੀ ਦੌੜ ਮਗਰੋਂ ਉਹ ਫੜ ਲਿਆ ਜਾਂਦਾ ਹੈ। ਉਹ ਕਲਮਾ ਪੜ੍ਹਨ ਲਈ ਤਿਆਰ ਹੈ ਤਾਂ ਕਿ ਉਸ ਦੀ ਜਾਨ ਬਚ ਜਾਏ। ਜਦੋਂ ਉਨ੍ਹਾਂ ਨੂੰ ‘ਤਿਆਰ’ ਕੀਤਾ ਜਾ ਰਿਹਾ ਹੈ ਤਾਂ ਇਕ ਬੰਦਾ ਗਊ ਦੇ ਮਾਸ ਦਾ ਇਕ ਕੱਚਾ ਲਹੂ ਚੋਂਦਾ ਟੁਕੜਾ ਉਸ ਦੇ ਮੂੰਹ ਵਿਚ ਤੁੰਨ ਦਿੰਦਾ ਹੈ। ਸਾਰਾ ਕਿੱਸਾ ਪੜ੍ਹ ਕੇ ਰੋਗਟੇ ਖੜ੍ਹੇ ਹੋ ਜਾਂਦੇ ਹਨ। ਮਨ ਵਿਚ ਸ਼ੁਕਰ ਮਨਾਈਦਾ ਹੈ ਕਿ ਮੈਂ ਉਸ ਭਿਆਨਕ ਸਮੇਂ ਇਸ ਸੰਸਾਰ ਵਿਚ ਨਹੀਂ ਸਾਂ ਜਦੋਂ ਲੋਕਾਂ ਦੇ ਨਿੱਜੀ ਅਕੀਦੇ ਇਸ ਤਰ੍ਹਾਂ ਜ਼ਬਰਦਸਤੀ ਬਦਲੇ ਜਾ ਰਹੇ ਸਨ, ਜਦੋਂ ਹਰ ਕੋਈ ਆਪਣੇ ਸੱਚ ਨੂੰ ਹੋਰਨਾਂ ਦੇ ਸੱਚ ਤੋਂ ਵੱਖਰਾ ਤੇ ਉੱਤਮ ਕਰਾਰ ਦੇਣ ਲਈ ਮਨੁੱਖ ਤੋਂ ਵਹਿਸ਼ੀ ਅਤੇ ਗ਼ਲੀਜ਼ ਦਰਿੰਦੇ ਤਕ ਅੱਪੜ ਗਿਆ ਸੀ। ਜਦੋਂ ਪਾਰਵਤੀ ਜਾਂ ਸਲਮਾ ਬਦਲੇ ‘ਕਰਿਆੜੀ’ ਤੇ ‘ਸੁੱਲੀ’ ਵਾਲੇ ਸ਼ਬਦ ਆ ਜਾਣ ਅਤੇ ਜਦੋਂ ਇਕ ਪਾਸੇ ਹਿੰਦੂਵਾਣੀਆਂ ਨੂੰ ‘ਰਗੜਣਾ’ ਅਤੇ ‘ਸੁੱਲੀਆਂ’ ਨੂੰ ਬੇਪਰਦ ਕਰ ਕੇ ਸਰੇ ਬਜ਼ਾਰ ਉਨ੍ਹਾਂ ਨਾਲ ਬਦਕਾਰੀ ਕਰਨ ਦਾ ਸਿਲਸਿਲਾ ਸ਼ੁਰੂ ਹੋ ਜਾਵੇ, ਉਦੋਂ ਮਨੁੱਖ ਕਿਹੜੇ ਮੂੰਹ ਨਾਲ ਆਪਣੇ ਆਪ ਨੂੰ ਮਨੁੱਖ ਕਹਿ ਸਕਦਾ ਹੈ? ਪਰ ਜੋ ਕੁਝ ਸੰਤਾਲੀ ਦੀ ਵੰਡ ਵੇਲੇ ਹੋਇਆ ਉਸ ਨੂੰ ਸੁਣ ਪੜ੍ਹ ਕੇ ਤਾਂ ਇਹੀ ਲਗਦਾ ਹੈ ਕਿ ਉਦੋਂ ਮਨੁੱਖਤਾ ਸੀ ਹੀ ਨਹੀਂ। ਉਦੋਂ ਸੱਚ ‘ਤੇ ਪਹਿਰਾ ਦੇਣ ਵਾਲੇ ਸੁਕਰਾਤ, ਸਰਮਦ ਜਾਂ ਤੇਗ ਬਹਾਦਰ ਦੇ ਪੈਰੋਕਾਰਾਂ ਨੇ ਉਨ੍ਹਾਂ ਨੂੰ ਭੁਲਾ ਦਿੱਤਾ ਸੀ।
ਦੂਜੀ ਸੰਸਾਰ ਜੰਗ ਵੇਲੇ ਭਾਵੇਂ ਅਮਰੀਕੀ ਤੇ ਰੂਸੀ ਫ਼ੌਜਾਂ ਹਿਟਲਰ ਦੇ ਖ਼ਿਲਾਫ਼ ਰਲ ਕੇ ਲੜੀਆਂ ਪਰ ਮਗਰੋਂ ਦੋਹਾਂ ਵਿਚਾਲੇ “ਠੰਢੀ ਜੰਗ” ਦਾ ਦੌਰ ਸ਼ੁਰੂ ਹੋ ਗਿਆ। ਇਸ ਨਾਲ ਅਮਰੀਕਾ ਨੂੰ ਸੰਸਾਰ ਉਤੇ ਆਪਣੀ ਇਕੱਲੇ ਦੀ ਤਾਨਾਸ਼ਾਹੀ ਚਲਾਉਣ ਦਾ ਮੌਕਾ ਨਾ ਮਿਲਿਆ। ਜਿਥੇ ਕਿਤੇ ਇਸ ਨੇ ਕੋਸ਼ਿਸ਼ ਵੀ ਕੀਤੀ, ਮੂੰਹ ਦੀ ਖਾ ਕੇ ਪਰਤਿਆ । ਪਰ ਜਦੋਂ ਰੂਸ ਨੇ ਰਤਾ ਕੁ ਦੋਸਤੀ ਵਾਲਾ ਹੱਥ ਵਧਾਇਆ, ਅਮਰੀਕਾ ਨੇ ਚਾਲ੍ਹੀਆਂ ਸਾਲਾਂ ਦੀ ਠੰਢੀ ਜੰਗ ਦੌਰਾਨ ਪਣਪ ਰਹੇ ਆਪਣੇ ਇਰਾਦੇ ਨੂੰ ਅਮਲੀ ਜਾਮਾ ਪਹਿਨਾਉਣ ਵਿਚ ਭੋਰਾ ਸਮਾਂ ਨਹੀਂ ਗੁਆਇਆ । ਸਾਰੀ ਦੁਨੀਆ ਅੰਦਰੋਂ ਅੰਦਰੀ ਇਹੀ ਸੋਚਦੀ ਰਹੀ ਕਿ ਇਰਾਕ ਨਾਲ ਅਮਰੀਕਾ ਏਨੀ ਬੁਰੀ ਨਹੀਂ ਕਰੇਗਾ। ਪਰ ਜੋ ਬਾਬ ਉਸ ਨੇ ਇਰਾਕ ਨਾਲ ਕੀਤੀ ਹੈ, ਉਸ ਤੋਂ ਜਾਰਜ ਬੁਸ਼ ਦੇ ਔਰੰਗਜ਼ੇਬੀ ਚਰਿੱਤਰ ਦੀ ਝਲਕ ਪੈਂਦੀ ਹੈ।
ਡੇਢ ਮਹੀਨੇ ਦੌਰਾਨ ਇਰਾਕ ਦੇ ਸ਼ਹਿਰਾਂ ਉਤੇ ਚਾਰ ਲੱਖ (4,00,000) ਟਨ ਬਾਰੂਦ ਨਾਲ ਭਰੇ ਹੋਏ ਬੰਬ ਸੁੱਟੇ ਗਏ ਜਿਸ ਨਾਲ ਅਸੀਮ ਤਬਾਹੀ ਹੋਈ। ਆਖ਼ਰੀ ਦਿਨਾਂ ਵਿਚ ਤਾਂ ਰੂਸ ਨੇ ਅੰਤਮ ਤਬਾਹੀ ਟਾਲਣ ਲਈ ਵਾਹ ਵੀ ਲਾਈ। ਪਰ ਅਮਰੀਕਾ ਨੇ ਨਾਂਹ ਕਰ ਦਿੱਤੀ ਅਤੇ ਸਿਰਫ਼ ਆਪਣੇ ਹੀ ਸੱਚ ਨੂੰ ਸਰਵੋਤਮ ਸਮਝਿਆ। ਸਾਰਾ ਸੰਸਾਰ ਦੇਖ ਰਿਹਾ ਸੀ ਕਿ ਮੱਖੀ ਇਸ ਦੇ ਮੂੰਹ ਵਲ ਆ ਰਹੀ ਹੈ ਪਰ ਕਿਸੇ ਵਿਚ ਵੀ ਆਪਣੇ ਸੱਚ ਖ਼ਾਤਰ ਲੜ ਮਰਨ ਦੀ ਹਿੰਮਤ ਨਹੀਂ ਸੀ।
ਕਿਥੇ ਕਿਥੇ ਦੀ ਗੱਲ ਕਰੀਏ? ਹਰ ਪਾਸੇ ਕੂੜ ਦਾ ਪਸਾਰਾ ਹੈ। ਆਪਣੇ ਪੰਜਾਬ ਨੂੰ ਹੀ ਲਵੋ। ਸਰਕਾਰ ਵਲੋਂ ਇਕ ਖਾਸ ਤਰ੍ਹਾਂ ਦੇ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਚੱਲ ਰਹੀ ਹੈ। ਦੂਸਰੀ ਧਿਰ ਵਲੋਂ ਆਮ ਲੋਕਾਂ ਦੇ ਸੱਚ ਉਤੇ ਆਪਣਾ ਸੱਚ ਠੋਸਿਆ ਜਾ ਰਿਹਾ ਹੈ। ਹਰੇਕ ਦਾ ਸੱਚ ਆਪਣਾ ਹੈ ਅਤੇ ਉਸ ਲਈ ਸਧਾਰਨ ਪੰਜਾਬੀ ਦੇ ਸੱਚ ਨੂੰ ਕੁਰਬਾਨ ਕੀਤਾ ਜਾ ਰਿਹਾ ਹੈ। ਪੰਜਾਬੀ ਦੇ ਇਕ ਸਿਰਮੌਰ ਕਵੀ ਦੀ ਕਲਮ ਕਹਿੰਦੀ ਹੈ:-
ਹੇ ਮਨੁੱਖ ਦੇ ਅੰਤਹਕਰਨ ਕੁਝ ਤਾਂ ਬੋਲ
ਪਰ ਕੀ ਇਹ ਅੰਤਹਕਰਨ ਬੋਲ ਰਿਹਾ ਹੈ? ਇਸ ਅੰਤਹਕਰਨ ਦੀ ਬੋਲੀ ਨੂੰ ਕੌਣ ਸੁਣਦਾ ਹੈ ? ਅਸੀਂ ਆਪਣੀਆਂ ਆਜ਼ਾਦੀਆਂ ਗੁਆ ਚੁੱਕੇ ਹਾਂ। ਇਨ੍ਹਾਂ ਆਜ਼ਾਦੀਆਂ ਲਈ ਲੜਨਾ ਤਕ ਵੀ ਨਹੀਂ ਜਾਣਦੇ। ਇਕ ਪਾਸੇ ਸਾਡੇ ਵਿਚਾਰਾਂ ਉਤੇ ਸਰਕਾਰੀ ਡਾਕੇ ਪੈ ਰਹੇ ਹਨ ਦੂਜੇ ਪਾਸੇ ਸਾਡੇ ਉਤੇ ਨਿੱਜੀ ਵਰਤੋਂ ਵਿਹਾਰ, ਪਹਿਰਾਵੇ, ਖਾਣ ਪੀਣ, ਵਿਚਰਨ ਦੇ ਨਵੇਂ ਮਾਪਦੰਡ ਠੋਸੇ ਜਾ ਰਹੇ ਹਨ। ਕੋਈ ਵੀ ਸੁਕਰਾਤ, ਸਰਮਦ, ਮਨਸੂਰ ਜਾਂ ਤੇਗ ਬਹਾਦਰ ਬਣਨ ਲਈ ਤਿਆਰ ਨਹੀਂ। ਸਭ ਦੇਖ ਕੇ ਮੱਖੀ ਨਿਗਲੀ ਜਾ ਰਹੇ ਹਾਂ। ਅਸੀਂ ਗ਼ੁਲਾਮਾਂ ਦੇ ਵੀ ਗ਼ੁਲਾਮ ਹਾਂ। ਪਤਾ ਨਹੀਂ ਕਦੋਂ ਸਾਡੇ ਵਿਚੋਂ ਕੋਈ ਸਪਾਰਟੇਕਸ ਦਾ ਖੂਨ ਉਠੇਗਾ ?..
(7.3.1991)
ਇਕੋ ਆਜ਼ਾਦੀ : ਦੋ ਸੰਕਲਪ
ਸਵੇਰੇ ਦੇ ਛੇ ਵਜੇ ਸਨ ਜਦੋਂ ਮੈਂ ਕੁਝ ਅਖ਼ਬਾਰਾਂ ਖ਼ਰੀਦਣ ਲਈ ਜਲੰਧਰ ਦੀ ਸ਼ਾਸਤਰੀ ਮਾਰਕੀਟ ਵਲ ਰਵਾਨਾ ਹੋਇਆ। ਸ਼ਾਸਤਰੀ ਮਾਰਕੀਟ ਦਾ ਚੌਕ ਹੀ ਹੈ ਜਿਥੇ ਹਰ ਰੋਜ਼ ਸਵੇਰੇ ਅਖ਼ਬਾਰਾਂ ਦੇ ਹਾਕਰਾਂ ਨੂੰ ਜਲੰਧਰ ਵਿਚ ਆਉਂਦੀਆਂ ਅਖ਼ਬਾਰਾਂ ਵੰਡੀਆਂ ਜਾਂਦੀਆਂ ਹਨ ਤਾਂ ਕਿ ਉਹ ਅੱਗੋਂ ਘਰੋ ਘਰੀ ਜਾ ਕੇ ਤਕਸੀਮ ਕਰ ਸਕਣ। ਮਿਲਾਪ ਚੌਕ ਵਿਚ ਦੋ ਸਾਈਕਲ ਆਉਂਦੇ ਦਿਸੇ। ਇਕ ਉਤੇ ਅਖ਼ਬਾਰਾਂ ਲੱਦੀਆਂ ਹੋਈਆਂ ਸਨ। ਸਪਸ਼ਟ ਸੀ ਕਿ ਉਸ ਨੂੰ ਹਾਕਰ ਚਲਾ ਰਿਹਾ ਸੀ । ਦੂਸਰੇ ਉਤੇ ਇਕ ਵਰਦੀਪਾਰੀ ਸਿਪਾਹੀ ਸੀ ਜਿਸ ਨੇ ਮੋਢੇ ਉਤੇ ਥਰੀ ਨਟ ਥਰੀ ਦੀ ਰਫਲ ਟੰਗੀ ਹੋਈ ਸੀ। ਮੈਂ ਰੋਕ ਕੇ ਅਖ਼ਬਾਰਾਂ ਖ਼ਰੀਦਣ ਦੀ ਇੱਛਾ ਪ੍ਰਗਟ ਕੀਤੀ ਤਾਂ ਹਾਕਰ ਦੇ ਬੋਲਣ ਤੋਂ ਪਹਿਲਾਂ ਹੀ ਸਿਪਾਹੀ ਨੇ ਇਨਕਾਰ ਕਰ ਦਿੱਤਾ। ਕਹਿਣ ਲੱਗਾ ਕਿ ਇਕ ਤਾਂ ਉਨ੍ਹਾਂ ਪਾਸ ਸਿਰਫ਼ ਇਕੋ ਗਰੁੱਪ ਦੀਆਂ ਅਖ਼ਬਾਰਾਂ ਹਨ ਅਤੇ ਦੂਸਰੇ ਉਹ ਇਸ ਤਰ੍ਹਾਂ ਰਸਤੇ ਵਿਚ ਰੁਕ ਕੇ ਕਿਸੇ ਨੂੰ ਅਖ਼ਬਾਰ ਨਹੀਂ ਵੇਚਦੇ। ਕਾਰਨ ? ਕਾਰਨ ਇਹ ਕਿ ਸੁਰੱਖਿਆ ਦੇ ਅਸੂਲਾਂ ਮੁਤਾਬਕ ਅਜਿਹਾ ਕਰਨਾ ਗ਼ਲਤ ਹੈ।
ਉਨ੍ਹਾਂ ਦੀ ਗੱਲ ਸਮਝ ਆਉਂਦੀ ਸੀ ਕਿਉਂਕਿ ਪਿਛਲੇ ਕੁਝ ਸਾਲਾਂ ਦੇ ਅਰਸੇ ਤੋਂ ਉਸ ਵਿਸ਼ੇਸ਼ ਗਰੁਪ ਦੇ ਅਖ਼ਬਾਰਾਂ ਵੇਚਣ ਵਾਲੇ ਹਾਕਰਾਂ ਨੂੰ ਉਨ੍ਹਾਂ ਬੰਦੂਕਧਾਰੀ ਲੋਕਾਂ ਪਾਸੋਂ ਖ਼ਤਰਾ ਹੈ, ਜਿਹੜੇ ਨਹੀਂ ਚਾਹੁੰਦੇ ਕਿ ਉਸ ਅਖ਼ਬਾਰ ਦੀ ਵਿਕਰੀ ਪੰਜਾਬ ਵਿਚ ਹੋਵੇ। ਅਜਿਹੇ ਪੰਜ ਦਰਜਨ ਦੇ ਕਰੀਬ ਹਾਕਰ ਗੋਲੀਆਂ ਦਾ ਨਿਸ਼ਾਨਾ ਵੀ ਬਣ ਚੁੱਕੇ ਹਨ ਅਤੇ ਅੱਗੋਂ ਵੀ ਉਨ੍ਹਾਂ ਲਈ ਹਰ ਸਮੇਂ ਖ਼ਤਰਾ ਬਣਿਆ ਹੋਇਆ ਹੈ। ਇਸ ਦੇ ਮੁਕਾਬਲੇ ਕਈ ਅਜਿਹੇ ਹਾਕਰ ਵੀ ਮਿਲੇ ਜਿਹੜੇ ਵਰਦੀਧਾਰੀ ਬੰਦੂਕਧਾਰੀਆਂ ਤੋਂ ਬਿਨਾਂ ਹੀ ਅਖ਼ਬਾਰਾਂ ਵੰਡਣ ਲਈ ਰਵਾਨਾ ਹੋ ਰਹੇ ਸਨ। ਪੁੱਛਣ ‘ਤੇ ਪਤਾ ਲੱਗਾ ਕਿ ਉਨ੍ਹਾਂ ਪਾਸ ਉਸ ਵਿਸ਼ੇਸ਼ ਗਰੁੱਪ ਦੀਆਂ ਅਖ਼ਬਾਰਾਂ ਵਿਕਰੀ ਲਈ ਨਹੀਂ ਸਨ।
ਸ਼ਾਸਤਰੀ ਮਾਰਕੀਟ ਦੇ ਚੌਕ ਨੂੰ ਚਾਰ ਸੜਕਾਂ ਲਗਦੀਆਂ ਹਨ। ਹਰੇਕ ਸੜਕ ਉਤੇ ਲੋਹੇ ਦੀਆਂ ਰੋਕਾਂ ਖੜ੍ਹੀਆਂ ਕਰ ਕੇ ਰਸਤੇ ਬੰਦ ਕੀਤੇ ਗਏ। ਹਰੇਕ ਸੜਕ ਉਤੇ ਹਥਿਆਰਬੰਦ ਪੁਲੀਸ ਖੜ੍ਹੀ ਸੀ ਅਤੇ ਪੁਲੀਸ ਦੀਆਂ ਗੱਡੀਆਂ ਇਸ ਤਰ੍ਹਾਂ ਖੜ੍ਹੀਆਂ ਕੀਤੀਆਂ ਗਈਆਂ ਸਨ ਕਿ ਕੋਈ ਵਾਹਨ ਉਥੋਂ ਦੀ ਲੰਘ ਨਾ ਸਕੇ। ਹਾਲਾਂਕਿ ਮੈਂ ਖ਼ੁਦ ਅਖ਼ਬਾਰਾਂ ਨਾਲ ਸਬੰਧਤ ਸਾਂ, ਮੇਰੇ ਵਾਹਨ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਗਿਆ ਅਤੇ ਪੈਦਲ ਹੀ ਜਾਣ ਦਿੱਤਾ ਗਿਆ।
ਮੈਨੂੰ ਪਤਾ ਲੱਗਾ ਹੈ ਕਿ ਲਗਪਗ ਹਰ ਸ਼ਹਿਰ ਵਿਚ ਹੀ ਅਖ਼ਬਾਰਾਂ ਦੀ ਵਿਕਰੀ ਸਮੇਂ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਹਨ ਅਤੇ ਚੋਣਵੇਂ ਹਾਕਰਾਂ ਨਾਲ ਖਰੀ ਨਟ ਥਰੀ ਰਫਲਾਂ, ਜਿਹੜੀਆਂ ਚੁੱਕਣ ਵਿਚ ਭਾਰੀਆਂ ਅਤੇ ਚਲਣ ਵਿਚ ਰੱਬ ਆਸਰੀਆਂ ਹਨ, ਖਤਰੇ ਵੇਲੇ ਕਿਸ ਕੰਮ ਆਉਂਦੀਆਂ ਹੋਣਗੀਆਂ। ਪਰ ਇਕ ਗੱਲ ਤਾਂ ਸਪਸ਼ਟ ਹੈ ਕਿ ਅਖ਼ਬਾਰਾਂ ਦੇ ਹਾਕਰਾਂ ਨੂੰ ਕਿੰਨੀ ਖ਼ਤਰਨਾਕ ਜ਼ਿੰਦਗੀ ਜਿਊਣ ਲਈ ਮਜਬੂਰ ਹੋਣਾ ਪੈਂਦਾ ਹੈ ਅਤੇ ਉਹ ਵੀ ਅਗਿਆਤ ਖਾੜਕੂਆਂ ਪਾਸੋਂ।
ਇਸੇ ਤਰ੍ਹਾਂ ਇਕ ਹੋਰ ਉਦਾਹਰਣ ਹੁਣ ‘ਸਰਕਾਰੀ’ ਖਾੜਕੂਆਂ ਦੀ ਲਈਏ। ਇਹ ਖਾੜਕੂ ਪੰਜਾਬ ਪੁਲੀਸ ਦੇ ਵਰਦੀਧਾਰੀ ਸਿਪਾਹੀ ਹਨ। ਇਨ੍ਹਾਂ ਦਾ ਨਿਸ਼ਾਨਾ ਭਾਵੇਂ ਹੋਰ ਵੀ ਕਈ ਅਖ਼ਬਾਰਾਂ ਹੋਈਆਂ ਹਨ, ਪਰ ਜਲੰਧਰ ਦੀ ਇਕ ਵਿਸ਼ੇਸ਼ ਅਖ਼ਬਾਰ ਉਤੇ ਇਨ੍ਹਾਂ ਦੀ ਵਿਸ਼ੇਸ਼ ਕਰੋਪੀ ਹੈ। ਇਕ ਤੋਂ ਵੱਧ ਵਾਰ ਇਸ ਅਖ਼ਬਾਰ ਦੀਆਂ ਛਪੀਆਂ ਹੋਈਆਂ ਕਾਪੀਆਂ ਸਿਰਫ਼ ਇਸ ਕਾਰਨ “ਜ਼ਬਤ” ਕਰ ਲਈਆਂ ਗਈਆਂ ਕਿਉਂਕਿ ਇਸ ਵਿਚ ਕੁਝ ਅਜਿਹੀਆਂ ਰਿਪੋਰਟਾਂ ਛਪੀਆਂ ਸਨ ਜਿਹੜੀਆਂ ਸਰਕਾਰ ਨੂੰ ਪਸੰਦ ਨਹੀਂ । ਮੈਨੂੰ ਐਮਰਜੈਂਸੀ ਵੇਲੇ ਲੱਗੀ ਸੈਂਸਰਸ਼ਿਪ ਦੀ ਯਾਦ ਹੈ। ਇਹ ਸੈਂਸਰਸ਼ਿਪ ਲੋਕ ਨਾਇਕ ਜੇ ਪ੍ਰਕਾਸ਼ ਨਰਾਇਣ ਵਲੋਂ ਸ਼ੁਰੂ ਕੀਤੇ ਗਏ ‘ਮੁਕੰਮਲ ਇਨਕਲਾਬ’ ਨੂੰ ਦਬਾਉਣ ਲਈ ਲਾਈ ਗਈ ਸੀ। ਸੈਂਸਰ ਅਫ਼ਸਰਾਂ ਵਿਚ ਕੋਈ ਫੂਡ ਇੰਸਪੈਕਟਰ ਸੀ, ਕੋਈ ਰੋਡ ਇੰਸਪੈਕਟਰ ਅਤੇ ਕੋਈ ਸੈਨੇਟਰੀ ਇੰਸਪੈਕਟਰ। ਇਕ ਵ·ਰੀ ਇਨ੍ਹਾਂ ‘ਮਲੇਰੀਏ ਵਿਰੁਧ ਮੁਹਿੰਮ’ ਸਿਰਲੇਖ ਹੇਠ ਛਪੀ ਖ਼ਬਰ ਨੂੰ ਸਿਰਫ਼ ਇਸ ਕਾਰਨ ਕੱਟ ਦਿੱਤਾ ਸੀ ਕਿਉਂਕਿ ‘ਮੁਹਿੰਮ’ ਦੇ ਅਰਥਾਂ ਨੂੰ ਸੈਂਸਰ ਅਧਿਕਾਰੀ ਸਰਕਾਰ ਵਿਰੋਧੀ ਸਮਝਦੇ ਸਨ।
ਅਜਿਹੀ ਸਥਿਤੀ ਵਿਚ ਜੇ ਕਿਸੇ ਅਖ਼ਬਾਰ ਵਿਚ ਛਪੀ ਕਿਸੇ ਖ਼ਬਰ ਤੋਂ ਅਧਿਕਾਰੀ ਖ਼ਫ਼ਾ ਹੋ ਕੇ ਪੂਰੀ ਦੀ ਪੂਰੀ ਅਖ਼ਬਾਰ ਨੂੰ ਜ਼ਬਤ ਕਰ ਲੈਣ, ਇਸ ਬਾਰੇ ਕੀ ਕਿਹਾ ਜਾ ਸਕਦਾ ਹੈ ? ਸਰਕਾਰ ਦਾ ਕਹਿਣਾ ਹੈ ਕਿ ਕੁਝ ਅਖ਼ਬਾਰਾਂ ‘ਦਹਿਸ਼ਤਗਰਦਾਂ ’ ਦੇ ਪਾਲਿਸੀ ਬਿਆਨਾਂ ਨੂੰ ਛਾਪਦੀਆਂ ਹਨ ਅਤੇ ਅਜਿਹਾ ਕਰਦੇ ਹੋਏ ਕਾਨੂੰਨ ਦੀ ਉਲੰਘਣਾ ਕਰਦੀਆਂ ਹਨ। ਪਰ ਇਹ ਉਹੀ ਸਰਕਾਰ ਹੈ ਜਿਸ ਨੇ ਦਹਿਸ਼ਤਗਰਦਾਂ ਦੇ ਉਨ੍ਹਾਂ ਦੇ ਹੁਕਮਾਂ ਹੇਠ ਹੀ ‘ਮਿਲੀਟੈਂਟ’ ਬੋਲਣਾ (ਰੇਡੀਓ ਤੇ ਟੀ.ਵੀ. ਗਵਾਹ ਹਨ) ਸ਼ੁਰੂ ਕਰ ਦਿੱਤਾ, ਜਿਸ ਦੇ ਅਮਲੇ ਨੇ ਅੰਗਰੇਜ਼ੀ ਦੇ ਸਰਕਾਰੀ ਪਰਚੇ ਨੂੰ ਛਾਪਣ ਤੋਂ ਨਾਂਹ ਕਰ ਦਿੱਤੀ, ਜਿਸ ਦੇ ਸਟਾਫ ਨੇ ਰੇਡੀਓ ਸਟੇਸ਼ਨ ਤੋਂ ਨਿਰੋਲ ਪੰਜਾਬੀ ਪ੍ਰੋਗਰਾਮ ਦੇਣਾ ਸ਼ੁਰੂ ਕਰ ਦਿੱਤਾ, ਜਿਸ ਦੇ ਸੈਕਟਰੀਆਂ ਨੇ ਪੰਜਾਬੀ ਭਾਸ਼ਾ ਲਾਗੂ ਕਰਨ ਲਈ ਖਾੜਕੂਆਂ ਵਲੋਂ ਭੇਜੇ ਆਦੇਸ਼ਾਂ ਦੀਆਂ ਫੋਟੋ ਕਾਪੀਆਂ ਕਰਵਾ ਕੇ ਹੇਠਲੇ ਅਮਲੇ ਵਿਚ ਤਕਸੀਮ ਕਰਵਾਈਆਂ, ਜਿਸ ਨੇ ਖਾੜਕੂਆਂ ਦੇ ‘ਹੁਕਮਾਂ’ ਨੂੰ ਪ੍ਰਵਾਨ ਕਰ ਕੇ ਪੰਜਾਬੀ ਦੇ ਵਿਕਾਸ ਲਈ ਉਤਸ਼ਾਹ ਦੇਣ ਖਾਤਰ ਪੁਰਸਕਾਰ ਦੀਆਂ ਰਕਮਾਂ ਵਿਚ ਵਾਧਾ ਕਰ ਦਿੱਤਾ ਅਤੇ ਜਿਸ ਦੇ ਥਾਣੇਦਾਰਾਂ ਤਕ ਨੇ ਅਖ਼ਬਾਰਾਂ ਵਿਚ ‘ਸਪਸ਼ਟੀਕਰਨ’ ਦੇ ਕੇ ਖਾੜਕੂਆਂ ਨੂੰ ਆਪਣੀ ਸਥਿਤੀ ‘ਸਪਸ਼ਟ’ ਕੀਤੀ।
ਇਹ ਤਾਂ ਹੈ ਦੋ ਕਿਸਮ ਦੇ ਅਖ਼ਬਾਰਾਂ ਉਤੇ ਪੇ ਰਹੇ ਦੋ ਕਿਸਮ ਦੇ ਦਬਾਵਾਂ ਦੀ ਕਥਾ। ਹਰੇਕ ਗਰੁੱਪ ਦੀ ਪ੍ਰੈਸ ਦੀ ਆਜ਼ਾਦੀ ਬਾਰੇ ਵਿਆਖਿਆ ਤੇ ਪਹੁੰਚ ਵੱਖਰੀ ਹੈ। ਇਕ ਗਰੁਪ ਦਾ ਕਹਿਣਾ ਹੈ ਕਿ ਜਦੋਂ ਖਾੜਕੂ ਉਨ੍ਹਾਂ ਵਿਰੁਧ ਧਮਕੀਆਂ ਦਿੰਦੇ ਸਨ ਤਾਂ ਉਦੋਂ ਬਾਕੀ ਦੀ ਪ੍ਰੈਸ ਤੇ ਪੱਤਰਕਾਰ ਕਿਉਂ ਨਾ ਬੋਲੇ ? ਤੇ ਜਿਹੜੇ ਪੱਤਰਕਾਰ ਪੰਦਰਾਂ ਪੰਦਰਾਂ ਗਾਰਡਾਂ ਨਾਲ ਤੇ ਬੁਲੇਟ ਪਰੂਫ ਗੱਡੀਆਂ ਨਾਲ ਵਿਚਰਦੇ ਹਨ, ਜਿਹੜੇ ਪੱਤਰਕਾਰਾਂ ਲਈ ਪੰਜਾਬ ਸਰਕਾਰ ਸੈਂਕੜਿਆਂ ਦੀ ਗਿਣਤੀ ਵਿਚ ਪੁਲੀਸ, ਸੀ. ਆਰ. ਪੀ. ਅਤੇ ਬੀ. ਐਸ. ਐਫ. ਤਾਇਨਾਤ ਕਰਦੀ ਹੈ, ਉਹ ਆਪਣੇ ਆਪ ਨੂੰ ਕਿਵੇਂ ਆਜ਼ਾਦ ਕਹਿ ਸਕਦੇ ਹਨ? ਉਨ੍ਹਾਂ ਦੀ ਪੱਤਰਕਾਰੀ ਕਿਸ ਲਹਿਜ਼ੇ ਤੋਂ ਅਤੇ ਕਿਸ ਹਿਸਾਬ ਤੋਂ ਆਜ਼ਾਦ ਪੱਤਰਕਾਰੀ ਹੈ? ਅਤੇ ਜਿਨ੍ਹਾਂ ਅਖ਼ਬਾਰਾਂ ਨੇ ਆਪਣੇ ਸੰਪਾਦਕੀ ਅਮਲੇ ਦੇ ਹੱਥਾਂ ਵਿਚ ਕਲਮਾਂ ਦੇ ਨਾਲ ਨਾਲ ਬੰਦੂਕਾਂ ਤੇ ਪਿਸਤੌਲ ਫੜਾ ਦਿੱਤੇ ਹਨ ਉਹ ਕਿਸ ਤਰ੍ਹਾਂ ਦੀ ਵਿਚਾਰਾਂ ਦੀ ਆਜ਼ਾਦੀ ਦਾ ਦਾਅਵਾ ਕਰ ਸਕਦੇ ਹਨ ?
ਪ੍ਰੈਸ ਦਾ ਇਕ ਹਿੱਸਾ ਕਹਿ ਰਿਹਾ ਹੈ ਕਿ ਜਦੋਂ ਉਸ ਉਤੇ ਦਹਿਸ਼ਤਗਰਦਾਂ ਦਾ ਕਹਿਰ ਟੁੱਟਾ ਸੀ ਉਦੋਂ ਹੋਰ ਕੋਈ ਨਹੀਂ ਸੀ ਬੋਲਿਆ, ਕਿਸੇ ਨੇ ਵਿਰੋਧ ਨਹੀਂ ਸੀ ਕੀਤਾ। ਪ੍ਰੈਸ ਦਾ ਦੂਜਾ ਹਿੱਸਾ ਕਹਿ ਰਿਹਾ ਹੈ ਕਿ ਹੁਣ ਉਸ ਉਤੇ ਸਰਕਾਰੀ ਦਮਨ ਚਲ ਰਿਹਾ ਹੈ ਤਾਂ ਪਹਿਲਾ ਵਰਗ ਇਸ ਦਾ ਵਿਰੋਧ ਕਿਉਂ ਨਹੀਂ ਕਰ ਰਿਹਾ । ਹਾਲਾਤ ਦੀ ਹੋਣੀ ਦੇਖੋ ਕਿ ਪੈਸ ਦੇ ਇਕ ਹਿੱਸੇ ਉਤੇ ਸਰਕਾਰ ਦੀ ਕਰੋਪੀ ਹੋ ਰਹੀ ਹੈ ਅਤੇ ਇਕ ਹਿੱਸਾ ਕਹਿ ਰਿਹਾ ਹੈ ਕਿਉਂਕਿ ਪਹਿਲਾਂ ਇਹ ਨਹੀਂ ਸੀ ਬੋਲਿਆ, ਇਸ ਲਈ ਅਸੀਂ ਕਿਉਂ ਬੋਲੀਏ। ਪਰ ਗੱਲ ਇਥੋਂ ਤਕ ਸੀਮਤ ਨਹੀਂ ਰਹਿੰਦੀ। ਜੇ ਇਕ ਧੜਾ ਕਹੇ ਕਿ ਕਿਉਂਕਿ ਉਦੋਂ ਤੁਸੀਂ ਨਹੀਂ ਸੀ ਬੋਲੇ, ਇਸ ਕਰਕੇ ਹੁਣ ਤੁਹਾਡੇ ਨਾਲ ਜੋ ਕੁਝ ਹੋ ਰਿਹਾ ਹੈ, ਉਹ ਚੰਗੀ ਗੱਲ ਹੈ ਜਾਂ ਜੇ ਉਦੋਂ ਨਹੀਂ ਸੀ ਕੂਏ ਤਾਂ ਹੁਣ ਚੀਖ ਚਿਹਾੜਾ ਕਾਹਦੇ ਲਈ ਮਚਾ ਰਹੇ ਹੋ ਤਾਂ ਇਸ ਦਾ ਅਰਥ ਖ਼ੁਸ਼ੀ ਮਨਾਉਣ ਵਿਚ ਹੀ ਲਿਆ ਜਾ ਸਕਦਾ ਹੈ।
ਕਹਿੰਦੇ ਹਨ ਕਿ ਕੁੱਤੇ ਦਾ ਕੁੱਤਾ ਵੈਰੀ ਹੁੰਦਾ ਹੈ। ਇਸੇ ਤਰ੍ਹਾਂ ਅਖ਼ਬਾਰਾਂ ਵਿਚ ਮੁਕਾਬਲਾ ਹੈ।ਇਸੇ ਮੁਕਾਬਲੇ ਦਾ ਹੀ ਸਿੱਟਾ ਹੈ ਕਿ ਅਖ਼ਬਾਰਾਂ ਦੋ ਹਿੱਸਿਆਂ ਵਿਚ ਵੰਡੀਆਂ ਗਈਆਂ ਹਨ। ਦੋਹਾਂ ਦਾ ਪ੍ਰੈਸ ਦੀ ਆਜ਼ਾਦੀ ਬਾਰੇ ਸੰਕਲਪ ਵੱਖ ਵੱਖ ਹੈ। ਖਾੜਕੂਆਂ ਦੀ ਧਮਕੀ ਵੀ ਓਨੀ ਹੀ ਖ਼ਤਰਨਾਕ ਹੈ ਜਿੰਨੀ ਹਕੂਮਤ ਕਰਦੇ ਗਵਰਨਰ ਅਤੇ ਉਸ ਦੀ ਪੁਲੀਸ ਦੀ । ਪਰ ਵੱਖਰੇ ਨਜ਼ਰੀਏ ਕਾਰਨ ਅਸੀਂ ਇਕ ਦੂਸਰੇ ਨਾਲ ਵਖਰੇਵਾਂ ਕਰ ਰਹੇ ਹਾਂ। ਖਾੜਕੂ ਕਿਸੇ ਅਖ਼ਬਾਰ ਉਤੇ ‘ਹਮਲਾ’ ਕਰਦੇ ਹਨ ਤਾਂ ਦੂਜੀਆਂ ਅਖ਼ਬਾਰਾਂ ਉਤੇ ‘ਮਿਹਰ’ ਕਰਦੇ ਹਨ। ਸਰਕਾਰ ਕਿਸੇ ਅਖ਼ਬਾਰ ਉਤੇ ਹਮਲਾ ਕਰਦੀ ਹੈ ਤੇ ਦੂਜੀਆਂ ਉਤੇ ‘ਮਿਹਰ’ ਕਰਦੀ ਹੈ। ਮੁਕਾਬਲੇ ਦੀ ਇਸ ਦੌੜ ਵਿਚ ਦੋਵੇਂ ਤਾਕਤਾਂ ਅਖ਼ਬਾਰਾਂ ਨੂੰ ਆਪੋ ਵਿਚ ਲੜਾ ਰਹੀਆਂ ਹਨ। ਪ੍ਰੈਸ ਦੀ ਆਜ਼ਾਦੀ ਦੇ ਸੰਕਲਪ ਹੀ ਬਦਲ ਗਏ ਹਨ।
ਖਾੜਕੂ ਜਾਂ ਦਹਿਸ਼ਤਗਰਦ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਰਹੇ ਹਨ ਉਹ ਗ਼ਲਤ ਹਨ। ਕਿਸੇ ਨੇ ਉਨ੍ਹਾਂ ਦਾ ਸਮਰਥਨ ਨਹੀਂ ਕੀਤਾ। ਪਰ ਜਿਨ੍ਹਾਂ ਲਈ ਉਹ ਦਹਿਸ਼ਤਗਰਦ ਹਨ ਉਨ੍ਹਾਂ ਲਈ ਹੀ ਅੱਜ ਤੋਂ ਵੀਹ ਸਾਲ ਪਹਿਲਾਂ ਹਥਿਆਰ ਚੁੱਕਣ ਵਾਲੇ ਨਕਸਲਬਾੜੀ ਇਨਕਲਾਬੀ ਸਨ। ਇਥੇ ਮਕਸਦ ਦਹਿਸ਼ਤਗਰਦਾਂ ਦੀ ਰਈ ਕਰਨਾ ਨਹੀਂ। ਜਿਹੜੇ ਲੋਕ ਮਨੁੱਖਤਾ ਦਾ ਘਾਣ ਕਰਦੇ ਹਨ ਉਹ ਸੱਚੇ ਮਨੁੱਖ ਨਹੀਂ ਹੋ ਸਕਦੇ। ਪਰ ਇਸ ਗੱਲ ਤੋਂ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਹੀ ਜਾਂ ਗ਼ਲਤ, ਉਹ ਕਿਸੇ ਮਿਸ਼ਨ ਨੂੰ ਲੈ ਕੇ ਤੁਰ ਰਹੇ ਹਨ। ਜੇ ਉਨ੍ਹਾਂ ਆਪਣੀ ਕੋਈ ਅਖ਼ਬਾਰ ਸ਼ੁਰੂ ਕੀਤੇ ਬਿਨਾਂ (ਜਿਵੇਂ ਨਕਸਲੀਆਂ ਤੇ ਕਮਿਊਨਿਸਟਾਂ ਨੇ ਕੀਤਾ ਸੀ) ਹੀ ਆਪਣੇ ਮੰਤਵਾਂ ਲਈ ਅਖ਼ਬਾਰਾਂ ਦੀ ਵਰਤੋਂ ਕੀਤੀ ਹੈ ਤਾਂ ਇਹ ਖੱਬੇ ਸੱਜੇ ਸਾਰੇ ਵਖ ਦੇ ਇਨਕਲਾਬੀਆਂ ਲਈ ਇਕ ਨਵੇਂ ਹਥਿਆਰ ਦਾ ਸੰਕੇਤ ਹੈ। ਪਰ ਕੀ ਅਸੀਂ ਇਕ ਸੀਮਤ ਕਿਸਮ ਦੀ ਦਹਿਸ਼ਤਗਰਦੀ ਦੇ ਦੌਰ ਵਿਚ ਏਨਾ ਵੰਡੇ ਜਾਵਾਂਗੇ ਕਿ ਸਰਕਾਰ ਦੀ ਸਰਪ੍ਰਸਤੀ ਹੇਠ ਆਪਣੇ ਹੀ ਸਾਥੀਆਂ ਦੇ ਵੈਰੀ ਬਣ ਜਾਵਾਂਗੇ ? ਕੁਝ ਅਖ਼ਬਾਰਾਂ ਉਤੇ ਸਰਕਾਰੀ ਦਮਨ ਉਤੇ ਬਗਲਾਂ ਬਜਾ ਰਹੇ ਅਤੇ ਸਰਕਾਰੀ ਸਹਾਇਤਾ ਨਾਲ ਅਖ਼ਬਾਰਾਂ ਵੇਚ ਰਹੇ ਲੋਕਾਂ ਲਈ ਵੀ ਇਹ ਸੋਚਣ ਦੀ ਘੜੀ ਹੇ ਕਿ ਉਨ੍ਹਾਂ ਦਾ ਆਜ਼ਾਦੀ ਦਾ ਸੰਕਲਪ ਕੀ ਹੈ। ਕੀ ਕਦੇ ਸਰਕਾਰੀ ਸਰਪ੍ਰਸਤੀ ਹੇਠ ਪ੍ਰੈਸ ਆਜ਼ਾਦ ਰਹੀ ਹੈ? ਕੱਲ੍ਹ ਨੂੰ ਉਨ੍ਹਾਂ ਦੀ ਵਾਰੀ ਵੀ ਆ ਸਕਦੀ ਹੈ।
(5.4.1991)
ਦਹਿਸ਼ਤ ਦੇ ਪਰਛਾਵੇਂ
ਜਲੰਧਰ ਤੋਂ ਆਏ ਮਿੱਤਰਾਂ ਦੀ ਟੋਲੀ ਇਹ ਵੇਖ ਕੇ ਹੈਰਾਨ ਸੀ ਕਿ ਚੰਡੀਗੜ੍ਹ ਵਿਚ ਰਾਤ ਨੂੰ 9 ਵਜੇ ਵੀ ਸਿਨਮੇ ਦਾ ਸ਼ੋਅ ਚਲਦਾ ਹੈ ਅਤੇ ਲੋਕ ਗਿਆਰਾਂ ਵਜੇ ਤਕ ਵੀ ਵੱਡੇ ਚੌਕਾਂ ਵਿਚ ਬੈਠੇ ਰਹਿੰਦੇ ਹਨ ਜਾਂ ਸੜਕਾਂ ਉਤੇ ਸੈਰ ਕਰਦੇ ਹਨ। “ਇਹ ਤਾਂ ਬਹੁਤ ਕਮਾਲ ਦੀ ਗੱਲ ਹੈ ਬਈ,” ਇਕ ਦੋਸਤ ਆਖਦਾ ਹੈ। ਉਸ ਦੇ ਸ਼ਹਿਰ ਵਿਚ ਤਾਂ ਗਰਮੀਆਂ ਵਿਚ ਰਾਤ ਅੱਠ ਵਜੇ ਅਤੇ ਸਰਦੀਆਂ ਵਿਚ ਸ਼ਾਮੀਂ ਸੱਤ ਵਜੇ ਹੀ ਦਹਿਸ਼ਤ ਦੇ ਪ੍ਰਛਾਵੇਂ ਢਲ ਜਾਂਦੇ ਹਨ। ਉਥੇ ਫ਼ਿਲਮ ਦਾ ਆਖਰੀ ਸ਼ੋਅ 9 ਵਜੇ ਸਮਾਪਤ ਹੋ ਜਾਂਦਾ ਹੈ। ਲੋਕ ਆਪੋ ਆਪਣੇ ਘਰੀਂ ਚਲੇ ਜਾਂਦੇ ਹਨ ਅਤੇ ਜਾਂ ਤਾਂ ਟੈਲੀਵਿਜ਼ਨ ਦੇਖਦੇ ਹਨ ਜਾਂ ਫਿਰ ਕੋਈ ਹੋਰ ਕੰਮ-ਕਾਰ ਕਰਦੇ ਹਨ। ਰਾਤ ਨੂੰ ਦਸ ਵਜੇ ਤੋਂ ਬਾਦ ਤੁਸੀਂ ਕਿਸੇ ਦੇ ਘਰ ਜਾਣਾ ਹੋਵੇ ਤਾਂ ਅਗਲਾ ਦਰਵਾਜ਼ਾ ਨਹੀਂ ਖੋਲ੍ਹਦਾ। ਪਤਾ ਨਹੀਂ ਕੌਣ ਹੋਵੇ-ਦੋਸਤ ਜਾਂ ਦੁਸ਼ਮਣ? ਕੀ ਪਤਾ ਕੋਈ ਅਜਿਹਾ ਸ਼ਖ਼ਸ ਹੋਵੇ ਜਿਸ ਦੀ ਆਮਦ ਪ੍ਰਵਾਨ ਨਾ ਹੋਵੇ। ਇਸ ਲਈ ਬਿਹਤਰ ਇਹੀ ਹੈ ਕਿ ਘਰਾਂ ਦੀਆਂ ਬੱਤੀਆਂ ਗੁੱਲ ਕਰ ਦੇਵੋ ਅਤੇ ਘੰਟੀਆਂ ਦੇ ਕੁਨੈਕਸ਼ਨ ਕੱਟ ਦੇਵੋ।
ਬੱਚੇ ਨੂੰ ਬਾਜ਼ਾਰੋਂ ਦਹੀਂ ਲੈਣ ਭੇਜੋ ਤਾਂ ਦਸਾਂ ਮਿੰਟਾਂ ਮਗਰੋਂ ਹੀ ਚਿੰਤਾ ਹੋਣ ਲਗਦੀ ਹੈ। ਫ਼ਿਕਰ ਲੱਗ ਜਾਂਦਾ ਹੈ ਕਿ ਪਤਾ ਨਹੀਂ ਕੀ ਵਾਪਰ ਗਿਆ ਹੈ। ਲੇਟ ਕਿਉਂ ਹੋ ਰਿਹਾ ਹੈ? ਕਿਤੇ ਕੋਈ ਹਾਦਸਾ ਤਾਂ ਨਹੀਂ ਵਾਪਰ ਗਿਆ? ਕਿਤੇ ਕੋਈ ਅਨਹੋਣੀ ਤਾਂ ਨਹੀਂ ਘਟ ਗਈ? ਜਿੰਨੀ ਦੇਰ ਤਕ ਉਹ ਪਰਤ ਨਾ ਆਵੇ, ਲਹੂ ਸੁੱਕਿਆ ਰਹਿੰਦਾ ਹੈ। ਟਰੈਫਿਕ ਹੀ ਬਹੁਤ ਬਹੁਤ ਔਤਰਾ ਹੈ। ਕੋਈ ਲਾਲ ਬੱਤੀ ਦੀ ਪ੍ਰਵਾਹ ਨਹੀਂ ਕਰਦਾ। ਬਸ ਖਿੱਚੀ ਹੀ ਤੁਰਿਆ ਜਾਂਦਾ ਹੈ। ਡਰਾਈਵਿੰਗ ਦੇ ਕੋਈ ਅਸੂਲ ਨਹੀਂ ਹਨ। ਮੇਰਾ ਇਕ ਵਾਕਫ਼, ਜਿਸ ਨੇ ਸਾਲ ਭਰ ਟਰੱਕ ਚਲਾਇਆ ਹੈ, ਕਹਿੰਦਾ ਹੈ: “ਭਾਰਤ ਵਿਚ ਵਾਹਨ ਚਲਾਉਂਦਿਆਂ ਇਹੀ ਧਿਆਨ ਰੱਖੋ ਕਿ ਤੁਸੀਂ ਹੀ ਸਿਆਣੇ ਹੋ। ਬਾਕੀ ਦੇ ਜੋ ਸੜਕਾਂ ਉਤੇ ਚਲ ਰਹੇ ਹਨ, ਸਭ ਮੂਰਖ ਹਨ।” ਉਸ ਦੀ ਇਹ ਗੱਲ ਠੀਕ ਜਾਪਦੀ ਹੈ। ਸਾਡੇ ਇਕ ਦਫ਼ਤਰ ਸਾਥੀ ਦੀ ਮੌਤ ਹੀ ਇਸ ਕਰਕੇ ਹੋ ਗਈ ਕਿ ਉਸ ਨੇ ਸ਼ਇਦ ਦੂਸਰੇ ਪਾਸੇ ਤੋਂ ਆ ਰਹੇ ਵਾਹਨ ਚਾਲਕ ਨੂੰ ਸਿਆਣਾ ਸਮਝ ਲਿਆ ਸੀ।
ਦਹਿਸ਼ਤ ਅਤੇ ਸਹਿਮ ਹਰ ਵੇਲੇ ਬਣਿਆ ਰਹਿੰਦਾ ਹੈ। ਅੱਧੀ ਰਾਤ ਨੂੰ ਟੈਲੀਫੋਨ ਦੀ ਘੰਟੀ ਵੱਜੇ ਜਾਂ ਮਕਾਨ ਦੀ, ਇਕਦਮ ਮਨ ਵਿਚ ਦਹਿਲ ਪੈਦਾ ਹੋ ਜਾਂਦਾ ਹੈ। ਕੋਈ ਬੁਰੀ ਖ਼ਬਰ ਨਾ ਹੋਵੇ। ਮਨ ਹੀ ਮਨ ਕਾਮਨਾ ਕਰੀਦੀ ਹੈ ਕਿ ਸੁਖ ਹੋਵੇ। ਸਵੇਰ ਨੂੰ ਅਖ਼ਬਾਰ ਪੜ੍ਹੀਏ ਤਾਂ ਸਭ ਤੋਂ ਪਹਿਲਾਂ ਇਹੀ ਦੇਖਿਆ ਜਾਂਦਾ ਹੈ ਕਿ ਪੰਜਾਬ ਵਿਚ ਜਿਹੜੇ ਲੋਕ ਮਰੇ ਹਨ, ਉਨ੍ਹਾਂ ਵਿਚ ਕੋਈ ਵਾਕਫ਼ ਤਾਂ ਨਹੀਂ ਸੀ। ਕੋਈ ਰਿਸ਼ਤੇਦਾਰ ਹੀ ਤਾਂ ਚਲਾਣਾ ਨਹੀਂ ਕਰ ਗਿਆ। ਇਸੇ ਸਾਲ ਦੀ 15 ਮਾਰਚ ਨੂੰ ਸਵੇਰੇ ਘੰਟੀ ਵੱਜੀ ਤਾਂ ਪਤਾ ਲੱਗਾ ਕਿ ਮੇਰੇ ਬਾਪ ਦੀ ਅਚਨਚੇਤ ਮੌਤ ਹੋ ਗਈ। 21 ਮਈ ਨੂੰ ਅੱਧੀ ਰਾਤ ਵੇਲੇ ਟੈਲੀਫੋਨ ਆਇਆ ਤਾਂ ਦਿਲ ਦਹਿਲ ਗਿਆ। ਪਤਾ ਨਹੀਂ ਕੀ ਹੋਵੇਗਾ? ਖ਼ਬਰ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ। ਜਦੋਂ ਉਹ ਇਕ ਜਨਤਕ ਇਕੱਠ ਨੂੰ ਸੰਬੋਧਨ ਕਰਨ ਗਏ ਸਨ ਤਾਂ ਅਚਾਨਕ ਇਕ ਬੰਬ ਫਟ ਗਿਆ ਜਿਸ ਨੇ ਉਨ੍ਹਾਂ ਦੇ ਚਿਥੜੇ ਉਡਾ ਦਿੱਤੇ। ਇਸ ਗੱਲ ਦਾ ਦੁੱਖ ਸੀ ਕਿ ਇਕ ਚੋਟੀ ਦੇ ਸਿਆਸੀ ਨੇਤਾ ਨੂੰ ਇਸ ਤਰ੍ਹਾਂ ਬੇਰਹਿਮੀ ਨਾਲ ਮਾਰ ਦਿੱਤਾ ਗਿਆ। ਪਰ ਮਨ ਦੀ ਢੀਠਤਾਈ ਦੇਖੋ ਕਿ ਰਤਾ ਕੁ ਸਕੂਨ ਵੀ ਸੀ ਕਿ ਟੈਲੀਫੋਨ ਦੀ ਘੰਟੀ ਨੇ ਮੇਰੇ ਆਪਣੇ ਰਿਸ਼ਤੇਦਾਰ ਬਾਰੇ ਜਾਂ ਕਿਸੇ ਮਿੱਤਰ ਬਾਰੇ ਬੁਰੀ ਖ਼ਬਰ ਨਹੀਂ ਸੀ ਸੁਣਾਈ। ਰਾਜੀਵ ਗਾਂਧੀ ਮੇਰੇ ਚਾਚੇ ਦਾ ਪੁੱਤ ਭਰਾ ਨਹੀਂ ਸੀ ਜਿਸ ਦੀ ਮੌਤ ਦਾ ਮੈਨੂੰ ਦੁੱਖ ਹੁੰਦਾ। ਨਾ ਹੀ ਉਹ ਮੇਰਾ ਮਿੱਤਰ ਸੀ।
ਜਸਬੀਰ ਸਿੰਘ ਅਸ਼ੋਕਾ ਦੀ ਬੇਵਕਤ ਮੌਤ ਦਾ ਮੈਨੂੰ ਵਧੇਰੇ ਦੁੱਖ ਸੀ ਕਿਉਂਕਿ ਉਥੇ ਮੇਰਾ ਮਿੱਤਰ ਸੀ ਹਾਲਾਂਕਿ ਮੇਰੇ ਚਾਚੇ ਦਾ ਪੁੱਤ ਭਰਾ ਵੀ ਨਹੀਂ ਸੀ। ਐਤਵਾਰ ਉਹ ਜਲੰਧਰੋਂ ਘਰ ਪੁੱਟ ਕੇ ਚੰਡੀਗੜ੍ਹ ਆਇਆ ਤੇ ਅਗਲੇ ਦਿਨ ਉਸ ਦੀ ਲਾਸ਼ ਜਲੰਧਰ ਲਿਜਾਈ ਗਈ। ਟੈਲੀਫੋਨ ਦੀ ਘੰਟੀ ਨੇ ਇਹ ਖ਼ਬਰ ਸੁਣਾਈ ਸੋਮਵਾਰ ਸਵੇਰੇ।
ਸਾਰੇ ਮਾਹੌਲ ਉਤੇ ਦਹਿਸ਼ਤ ਹੈ। ਹਵਾ ਵਿਚ ਵੀ ਦਹਿਸ਼ਤ ਹੈ। ਮੇਰੇ ਇਕ ਕੰਮ ਸਾਥੀ ਦੇ ਇਕ ਰਿਸ਼ਤੇਦਾਰ ਨੂੰ ਉਸ ਦੇ ਚਾਰ ਹੋਰ ਭਰਾਵਾਂ ਸਣੇ ਗੋਲੀਆਂ ਮਾਰ ਦਿੱਤੀਆਂ ਗਈਆਂ। ਕਹਿੰਦੇ ਹਨ ਇਸ ਪਿੱਛੇ ਨਿੱਜੀ ਦੁਸ਼ਮਣੀ ਕੰਮ ਕਰਦੀ ਹੈ। ਪਰ ਜਿਵੇਂ ਉਹ ਮਾਰੇ ਗਏ ਹਨ, ਉਸ ਕਾਰਨ ਖਾੜਕੂਆਂ ਦੇ ਖਾਤੇ ਜਾ ਪਏ। ਦਹਿਸ਼ਤ ਦਾ ਹੀ ਕਾਰਨ ਹੈ ਕਿ ਇਕ ਬਚ ਗਿਆ ਭਰਾ ਫਰਾਰ ਹੋ ਗਿਆ-ਬਾਗੀ ਬਨਣ ਦਾ ਐਲਾਨ ਕਰ ਗਿਆ। ਪੁਲੀਸ ਕਿਸੇ ਘਰ ਛਾਪਾ ਮਾਰਦੀ ਤਾਂ ਮੁੱਛ ਫੁੱਟ ਗਭਰੂ ਉਰ੍ਹੇ ਪਰ੍ਹੇ ਹੋ ਜਾਂਦੇ ਹਨ। ਪੁਲੀਸ ਦਾ ਕੀ ਪਤਾ ਹੈ ਕਿਸ ਨੂੰ ਕਿਹੜੇ ਵੇਲੇ “ਦਹਿਸ਼ਤਗਰਦ” ਕਹਿ ਕੇ ਮਾਰ ਦੇਵੇ। ਪੁਲੀਸ ਗਭਰੂ ਦੇ ਅਧਖੜ ਮਾਪਿਆਂ ਦੀ ਬੇਇਜ਼ਤੀ ਕਰਦੀ ਹੈ,ਉਸ ਦੀਆਂ ਜਵਾਨ ਭੈਣਾਂ ਦੀ ਬੇਹੁਰਮਤੀ ਕਰਦੀ ਹੈ। ਉਰ੍ਹੇ ਪਰ੍ਹੇ ਹੋਇਆ ਜਵਾਨ, ਜਵਾਨੀ ਦੀ ਗਰਮੀ ਨਾਲ ਖੌਲਦਾ ਹੋਇਆ ਖਾੜਕੂ ਧਿਰਾਂ ਵਿਚ ਸ਼ਾਮਲ ਹੋ ਜਾਂਦਾ ਹੈ। ਵਿਚਾਰਧਾਰਕ ਤੌਰ ਉਤੇ ਨਹੀਂ ਸਗੋਂ ਦਹਿਸ਼ਤ ਤੋਂ ਬਚਣ ਜਾਂ ਬਦਲਾ ਲੈਣ ਲਈ। ਸਾਲ ਦੋ ਸਾਲ ਦੇ ਅਰਸੇ ਵਿਚ ਉਸ ਨੇ ਜਾਂ ਤਾਂ ਪੁਲੀਸ ਦੀ ਗੋਲੀ ਦਾ ਸ਼ਿਕਾਰ ਜੋ ਜਾਣਾ ਹੈ ਜਾਂ ਫਿਰ ਉਸ ਨੇ ਪੁਲੀਸ ਲਈ ਤੇ ਆਮ ਲੋਕਾਂ ਲਈ ਦਹਿਸ਼ਤ ਦਾ ਕਾਰਨ ਬਣ ਜਾਣਾ ਹੈ। ਇਹ ਸਿਲਸਿਲਾ ਨਿਰੰਤਰ ਚਲ ਰਿਹਾ ਹੈ ਅਤੇ ਪਤਾ ਨਹੀਂ ਕਦੋਂ ਤਕ ਚਲੇਗਾ।
ਦਹਿਸ਼ਤ ਦਾ ਪਰਛਾਵਾਂ ਸਾਡੇ ਰਾਂਗਲੇ ਪੰਜਾਬ ਵਿਚ ਹੀ ਹੈ, ਅਜਿਹੀ ਗੱਲ ਨਹੀਂ । ਇਹ ਪਰਛਾਵਾਂ ਹਰ ਥਾਂ ਹੈ। ਲੋਕ ਸਭਾ ਚੋਣਾਂ ਦੌਰਾਨ ਸੌ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਇਕ ਵੋਟਰ ਨੂੰ ਪੋਲਿੰਗ ਬੂਥ ਦੇ ਅੰਦਰ ਹੀ ਗੋਲੀ ਮਾਰ ਦਿੱਤੀ ਗਈ। ਉਸ ਪੋਲਿੰਗ ਬੂਥ ਅੰਦਰ, ਜਿਥੇ ਉਹ ਜਮਹੂਰੀ ਢੰਗ ਨਾਲ ਆਪਣੀ ਸਰਕਾਰ ਦੀ ਚੋਣ ਕਰਨ ਲਈ ਗਿਆ ਸੀ । ਪਰ ਉਸ ਨੂੰ ਕੀ ਪਤਾ ਸੀ ਕਿ ਮੰਤ ਉਥੇ ਮੂੰਹ ਅੱਡੀ ਖੜ੍ਹੀ ਹੈ। ਯੂ. ਪੀ. ਦੇ ਇਕ ਪਿੰਡ ਵਿਚ ਸੋਲ੍ਹਾਂ ਸਾਲਾ ਕੁੜੀ ਦਾ ਵੀਹਾਂ ਸਾਲਾਂ ਦੇ ਇਕ ਮੁੰਡੇ ਨਾਲ ਇਸ਼ਕ ਹੋ ਜਾਂਦਾ ਹੈ । ਇਸ਼ਕ ਦੀ ਦਾਸਤਾਨ ਲਗਪਗ ਹਮੇਸ਼ਾ ਹੀ ਦੁਖਾਂਤਰ ਰਹਿੰਦੀ ਹੈ। ਕਹਿੰਦੇ ਹਨ ਕਿ ਕੁੜੀ ਦੇ ਭਰਾ ਨੇ ਪਹਿਲਾਂ ਕੁੜੀ ਦਾ ਗਲ ਵੱਢਿਆ ਅਤੇ ਫ਼ੇਰ ਮੁੰਡੇ ਦਾ। ਕੁੜੀ ਦਾ ਗਲ ਵੱਢਣ ਵਿਚ ਉਸ ਨੇ ਕੁਹਾੜੀ ਦੀ ਵਰਤੋਂ ਕੀਤੀ ਜਿਸ ਨੂੰ ‘ਤਿੱਖੀ’ ਕਰਨ ਲਈ ਉਸ ਨੂੰ ਵਾਰ ਵਾਰ ਖੂਹ ਦੀ ਮੌਣ ‘ਤੇ ਜਾਣਾ ਪਿਆ। ਕੁੜੀ ਦਾ ਬਾਪ ਤੇ ਛੋਟਾ ਭਰਾ ਬੇਖ਼ੌਫ਼ ਹੋ ਕੇ ਇਹ ਤਮਾਸ਼ਾ ਦੇਖਦੇ ਰਹੇ। “ਅੱਧੇ ਘੰਟੇ ਬਾਦ” ਉਹ ਕੁੜੀ ਦਾ ਗਲ ਵੱਢਣ ਵਿਚ ਸਫਲ ਹੋ ਗਿਆ। ਉਨੀ ਦੇਰ ਤਕ ਉਸ ਦਾ ਪ੍ਰੇਮੀ ਮੁੰਡਾ ਨਾਲ ਵਾਲੇ ਦਰਖ਼ਤ ਨਾਲ ਬੱਝਾ ਦੇਖਦਾ ਰਿਹਾ। ਫ਼ੇਰ ਕੁੜੀ ਦੇ ਭਰਾ ਨੇ ਕੋਲ ਪਈ ਦਾਤੀ ਚੁੱਕ ਲਈ। ਉਸ ਨੇ ਉਸ ਦੰਦੇਹਾਰ ਦਾਤੀ ਨਾਲ ਹੌਲੀ ਹੌਲੀ ਉਸ ਦੀ ਗਰਦਨ ਵੱਢੀ । “ਜਿਉਂ ਜਿਉਂ ਮੈਂ ਉਸ ਦੀ ਗਰਦਨ ਵੱਢਦਾ ਰਿਹਾ, ਮੇਰੇ ਮਨ ਵਿਚ ਤੱਸਲੀ ਹੁੰਦੀ ਗਈ। ਜਦੋਂ ਆਖ਼ਰਕਾਰ ਉਸ ਦਾ ਸਿਰ ਧੜ ਨਾਲੋਂ ਅਲੱਗ ਹੋਇਆ ਤਾਂ ਮੈਨੂੰ ਬਹੁਤ ਤਸੱਲੀ ਹੋਈ।” ਉਹ ਇਵੇਂ ਕਹਿੰਦਾ ਹੈ ਜਿਵੇਂ ਉਹ ਕਿਸੇ ਬੰਦੇ ਬਾਰੇ ਨਹੀਂ ਸਗੋਂ ਲੱਕੜ ਦੀ ਗੇਲੀ ਬਾਰੇ ਗੱਲ ਕਰ ਰਿਹਾ ਹੋਵੇ । ਸੁਣਨ ਪੜ੍ਹਨ ਵਾਲੇ ਦੇ ਡਰ ਨਾਲ ਪਸੀਨੇ ਛੁੱਟ ਜਾਣ। ਪਤਾ ਨਹੀਂ ਦੂਸਰੇ ਲੋਕਾਂ ਨੂੰ ਮਾਰਨ ਵਾਲੇ ਲੋਕਾਂ ਦੇ ਹਿਰਦੇ ਕਿਸ ਤਰ੍ਹਾਂ ਦੇ ਹੁੰਦੇ ਹਨ-ਉਹ ਵੀ ਆਪਣੇ ਸਕਿਆ ਨੂੰ ਮਾਰਨ ਵਾਲਿਆ ਦੇ ? ਜੇ ਕਿਤੇ ਉਨ੍ਹਾਂ ਦੇ ਮਨਾਂ ਅੰਦਰ ਕੋਈ ਝਾਤੀ ਮਾਰ ਕੇ ਦੇਖ ਸਕੇ ? ਪਤਾ ਕਰ ਸਕੇ ਕਿ ਉਹ ਏਨੀ ਬੇਰਹਿਮੀ ਨਾਲ ਬੰਦੇ ਦਾ ਕਤਲ ਕਿਵੇਂ ਕਰ ਦਿੰਦੇ ਹਨ ਜਿੰਨੀ ਬੇਰਹਿਮੀ ਨਾਲ ਰਾਜੀਵ ਗਾਂਧੀ ਦਾ ਕੀਤਾ ਗਿਆ ?
ਬੰਦੇ ਹੱਥੋਂ ਬੰਦੇ ਦੇ ਕਤਲ ਦੀ ਵਿਥਿਆ ਮੁੱਢ ਕਦੀਮ ਤੋਂ ਚਲੀ ਆ ਰਹੀ ਹੈ। ਈਸਾ ਨੂੰ ਸੂਲੀ ਉਤੇ ਟੰਗਿਆ ਗਿਆ ਸੀ। ਸੁਕਰਾਤ ਨੇ ਜ਼ਹਿਰ ਦਾ ਪਿਆਲਾ ਪੀਤਾ। ਸਰਮਦ ਸੂਲੀ ਉਤੇ ਲਟਕਾ ਦਿੱਤਾ ਗਿਆ ਸੀ। ਗੁਰੂ ਅਰਜਨ ਦੇਵ ਜੀ ਨੂੰ ਤੱਤੀਆਂ ਤਵੀਆਂ ਉਤੇ ਬਿਠਾ ਕੇ,ਉਬਲਦੇ ਦੇਗਚਿਆਂ ਵਿਚ ਪਾ ਕੇ, ਸਿਰ ਉਤੇ ਤੱਤੀ ਰੇਤਾ ਪਾਈ ਗਈ। ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਉਨ੍ਹਾਂ ਦੇ ਸੰਗੀਆਂ ਨੂੰ ਬੇਰਹਿਮੇ ਢੰਗ ਨਾਲ ਤਸੀਹੇ ਦਿਤੇ ਗਏ। ਇਹ ਸਭ ਕੁਝ ਇਸ ਲਈ ਕੀਤਾ ਗਿਆ ਤਾਂ ਕਿ ਉਨ੍ਹਾਂ ਦੇ ਮਨ ਅੰਦਰ ਦਹਿਲ ਪੈਦਾ ਹੋ ਸਕੇ ਅਤੇ ਦਹਿਸ਼ਤ ਫੈਲ ਸਕੇ। ਪਰ ਮਹਾਂਪੁਰਸ਼ ਸਦਾ ਖ਼ੌਫ਼ ਤੋਂ ਉਪਰ ਹੁੰਦੇ ਹਨ। ਇਹ ਤਾਂ ਮੇਰੇ ਵਰਗੇ ਸਧਾਰਨ ਪੁਰਸ਼ ਹਨ ਜਿਹੜੇ ਹਰ ਚਿੱਠੀ ਨੂੰ ਖੋਲ੍ਹਦੇ ਹੋਏ ਡਰਦੇ ਹਨ ਕਿ ਪਤਾ ਨਹੀਂ ਇਸ ਵਿਚ ਕਿਸ ਕਿਸਮ ਦੀ ਖ਼ੌਫ਼ਨਾਕ ਖ਼ਬਰ ਹੋਵੇਗੀ ਜਾਂ ਫਿਰ ਧਮਕੀ? ਜਿਹੜੇ ਹਰ ਟੈਲੀਫੋਨ ਦੀ ਘੰਟੀ ਉਤੇ ਤ੍ਤਕਦੇ ਹਨ ਕਿ ਪਤਾ ਨਹੀਂ ਕਿਹੜੀ ਮਨਹੂਸ ਖ਼ਬਰ ਮਿਲੇ ? ਜਾਂ ਘਰ ਦੀ ਕਾਲ ਬੈਲ ਉਤੇ ਸਹਿਮ ਜਾਂਦੇ ਹਨ ਕਿ ਪਤਾ ਨਹੀਂ ਕਿਹੜਾ ਅਣਚਾਹਿਆ ਪ੍ਰਾਹੁਣਾ ਬਾਹਰ ਖੜ੍ਹਾ ਹੋਵੇ। ਦਹਿਸ਼ਤ ਦੇ ਪ੍ਰਛਾਵਿਆਂ ਹੇਠ ਜੀਅ ਰਹੇ ਅਸੀਂ ਲੋਕ ਕਿੰਨੇ ਬੌਣੇ ਹਾਂ।
(25.5.1991)
ਆਜ਼ਾਦੀ ਦੇ ਕੀ ਅਰਥ ਹਨ ?
ਹਾਲੇ ਤਿੰਨ ਹਫ਼ਤੇ ਪਹਿਲਾਂ ਅਸੀਂ ਆਪਣੇ ਦੇਸ਼ ਦੀ ਆਜ਼ਾਦੀ ਦੀ ਵਰ੍ਹੇ-ਗੰਢ ਮਨਾਈ ਹੈ।
ਦੇਸ਼ ਭਰ ਵਿਚ ਇਸ ਦਿਨ ਜਸ਼ਨ ਮਨਾਏ ਗਏ ਅਤੇ ਇਸ ਗੱਲ ਦੀ ਖ਼ੁਸ਼ੀ ਕੀਤੀ ਗਈ ਕਿ ਇਸ ਦਿਨ ਭਾਰਤ ਦੇਸ਼ ਮਹਾਨ ਨੇ ਅੰਗਰੇਜ਼ਾਂ ਨੂੰ ਇਸ ਧਰਤੀ ਤੋਂ ਉਖਾੜ ਕੇ ਬਾਹਰ ਸੁੱਟ ਦਿੱਤਾ ਸੀ ਅਤੇ ‘ਆਪਣੀ’ ਹਕੂਮਤ ਕਾਇਮ ਕਰ ਲਈ ਸੀ। ਦੂਸਰੇ ਸ਼ਬਦਾਂ ਵਿਚ ਦੇਸ਼ ਨੇ ਇਸ ਦਿਨ ਵਿਦੇਸ਼ੀ ਗ਼ੁਲਾਮੀ ਦੇ ਜੂਲੇ ਨੂੰ ਲਾਹ ਦਿੱਤਾ ਸੀ। ਇਹ ਗੱਲ ਵੱਖਰੀ ਹੈ ਕਿ ਭਾਰਤ ਦੀ ਜਨਤਾ ਦੇ ਗਲੋਂ ਜੂਲਾ ਨਹੀਂ ਲੱਥਾ। ਪਹਿਲਾਂ ਇਹ ਗੋਰੇ ਅੰਗਰੇਜ਼ਾਂ ਦਾ ਸੀ, ਹੁਣ ਇਹ ਭਾਰਤ ਦੇ ਕਾਲੇ ਅੰਗਰੇਜ਼ਾਂ ਦਾ ਹੈ। ਪਹਿਲਾਂ ਬਾਹਰਲੇ ਮੁਲਕ ਤੋਂ ਆ ਕੇ ਵਪਾਰੀ ਭਾਰਤ ਦੀ ਗ਼ਰੀਬੀ ਦਾ ਲਾਭ ਉਠਾਉਂਦਾ ਸੀ । ਹੁਣ ਸਾਡੇ ਹੀ ਦੇਸ਼ ਦਾ ਮਹਾਜਨ ਗ਼ਰੀਬਾਂ ਨੂੰ ਗ਼ਰੀਬੀ ਵਿਚ ਰਖਣ ਲਈ ਜੀਅ ਤੋੜ ਕੋਸ਼ਿਸ਼ਾਂ ਕਰ ਰਿਹਾ ਹੈ। ਗ਼ਰੀਬਾਂ ਨੇ ਤਾਂ ਪਹਿਲਾਂ ਵੀ ਗ਼ਰੀਬੀ ਢੋਈ ਸੀ ਤੇ ਹੁਣ ਵੀ ਢੋਅ ਰਹੇ ਹਨ।
ਉਸ ਸ਼ਖ਼ਸ ਨੂੰ ਚੇਤੇ ਆਇਆ ਕਿ ਦੋ ਦਿਨ ਪਹਿਲਾਂ ਹੀ ਰਾਤ ਦੇ ਕਰੀਬ ਅੱਠ ਵਜੇ ਚੰਡੀਗੜ੍ਹ ਤੇ ਮੋਹਾਲੀ ਵਾਲੇ ਨਾਕੇ ਉਤੇ ਸੀ.ਆਰ.ਪੀ. ਨੇ ਉਸ ਨੂੰ ਰੋਕ ਕੇ ਉਸ ਦੀ ਤੇ ਉਸ ਦੇ ਵਾਹਨ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਸੀ। ਉਨ੍ਹਾਂ ਦੀ ਤਸੱਲੀ ਕਰਵਾ ਕੇ ਅੱਗੇ ਤੁਰਿਆ ਤਾਂ ਹੋਮਗਾਰਡੀਆਂ ਨੇ ਨਾਕੇ ਉਤੇ ਰੋਕ ਲਿਆ। ਉਥੇ ਫਿਰ ਤਲਾਸ਼ੀ ਦਿੱਤੀ। ਅੱਗੇ ਪੁੱਜਾ ਤਾਂ ਚੰਡੀਗੜ੍ਹ ਪੁਲੀਸ ਦਾ ਨਾਕਾ ਸੀ। ਚੰਡੀਗੜ੍ਹ ਪੁਲੀਸ ਨੇ ਵੀ ਉਸੇ ਤਰ੍ਹਾਂ ਤਲਾਸ਼ੀ ਲਈ। ਅਗਲੇ ਚੌਕ ਵਿਚ ਫਿਰ ਪੁਲੀਸ ਦੀ ਬੈਟਰੀ ਦੀ ਰੋਸ਼ਨੀ ਨੇ ਰੁਕਣ ਦਾ ਸੰਕੇਤ ਦਿੱਤਾ। ਫਿਰ ਤਲਾਸ਼ੀ ਹੋਈ। ਇਸ ਤਰ੍ਹਾਂ ਪੰਜਾਂ ਮਿੰਟਾਂ ਦਾ ਸਫ਼ਰ ਪੰਜਤਾਲੀ ਮਿੰਟਾਂ ਵਿਚ ਕੱਟਿਆ। ਕਿਸੇ ਵੀ ਥਾਂ ਉਤੇ ਉਹ ਸ਼ਖ਼ਸ ਇਹ ਨਹੀਂ ਕਹਿ ਸਕਿਆ ਕਿ ਉਸ ਦੀ ਪਿੱਛੇ ਵੀ ਤਲਾਸ਼ੀ ਹੋ ਚੁੱਕੀ ਹੈ। ਇਸ ਦਾ ਸਿੱਧਾ ਅਰਥ ਹੈ ਕਿ ਉਸ ਸ਼ਖ਼ਸ ਨੂੰ ਨਾ ਤਾਂ ਆਪਣੀ ਮਰਜ਼ੀ ਨਾਲ ਤੁਰਨ ਫਿਰਨ ਦੀ ਆਜ਼ਾਦੀ ਹੈ ਅਤੇ ਨਾ ਹੀ ਇਸ ਆਜ਼ਾਦੀ ਉਤੇ ਹਮਲੇ ਵਿਰੁਧ ਰੋਸ ਪ੍ਰਗਟ ਕਰਨ ਦੀ ।ਉਂਜ ਭਾਰਤੀ ਸੰਵਿਧਾਨ ਸਪਸ਼ਟ ਕਹਿੰਦਾ ਹੈ ਕਿ ਦੇਸ਼ ਦੇ ਹਰੇਕ ਨਾਗਰਿਕ ਨੂੰ ਬੇਰੋਕ ਟੋਕ ਦੇਸ਼ ਵਿਚ ਕਿਤੇ ਵੀ ਜਾਣ ਦੀ ਆਜ਼ਾਦੀ ਹੈ।
ਉਸ ਸ਼ਖ਼ਸ ਨੂੰ ਪਿਛਲੇ ਦਿਨੀਂ ਇੱਕ ਟੈਲਿਫੋਨ ਆਇਆ। ਕਿਸੇ ਕੰਮ ਸਾਥੀ ਨੇ ਚੁਕ ਲਿਆ।
ਅੱਗੋਂ ਸਖ਼ਤ ਤੇ ਕੁਰਖਤ ਸ਼ਬਦਾਂ ਵਿਚ ਉਸ ਸ਼ਖ਼ਸ ਦਾ ਨਾਂ ਲੈ ਕੇ ਧਮਕੀ ਭਰੀ ਸੁਰ ਬੋਲੀ। ਅਗਲੇ ਦਿਨ ਫ਼ੇਰ ਉਹ ਘੰਟੀ ਵੱਜੀ। ਫ਼ੇਰ ਕੰਮ ਸਾਥੀ ਨੇ ਧਮਕੀ ਭਰੀ ਸੁਰ ਸੁਣੀ । ਤੀਸਰੇ ਦਿਨ ਉਸ ਸ਼ਖ਼ਸ ਨੇ ਖ਼ੁਦ ਟੈਲੀਫੋਨ ਸੁਣਿਆ।
ਪਰ ਦਲੀਲ ਦੀ ਕੋਈ ਵੱਟਕ ਨਾ ਹੋਈ। ਉਹ ਸ਼ਖ਼ਸ ਸੋਚਦਾ ਹੈ ਕਿ ਜਦੋਂ ਕਿਸੇ ਬੰਦੇ ਦੇ ਹੱਥ ਤਾਕਤ ਆ ਜਾਂਦੀ ਹੈ ਤਾਂ ਉਸ ਵਿਚ ਹਉਮੈ ਤੇ ਧਮਕੀ ਦੀ ਸੁਰ ਕਿਉਂ ਭਾਰੀ ਹੋ ਜਾਂਦੀ ਹੈ? ਇਹ ਤਾਕਤ ਭਾਵੇਂ ਵਰਦੀ ਨਾਲ ਮਿਲੀ ਸਰਕਾਰੀ ਤਾਕਤ ਹੋਵੇ ਤੇ ਭਾਵੇਂ ਕਿਸੇ ਹੋਰ ਤਰ੍ਹਾਂ ਦੀ। ਵਰਨਾ ਕੀ ਕਾਰਨ ਹੈ ਕਿ ਇਕ ਪਾਸੇ ਵਰਦੀ ਦੀ ਤਾਕਤ ਕਲਮ ਨੂੰ ਡਰਾਵੇ ਅਤੇ ਦੂਸਰੇ ਪਾਸੇ ਦੂਜੀ ਤਾਕਤ ਕਲਮ ਨੂੰ ਧਮਕੀਆਂ ਦੇਵੇ। ਉਸ ਸ਼ਖ਼ਸ ਨੇ ਪਿਛਲੇ ਬਾਈ ਸਾਲਾਂ ਦੌਰਾਨ ਕਲਮ ਦੀ ਕਮਾਈ ਖਾਧੀ ਹੈ। ਉਸ ਦੀ ਕਲਮ ਨੇ ਉਸ ਸ਼ਖ਼ਸ ਦੇ ਹਿਰਦੇ ਦੀ ਅਤੇ ਉਸ ਦੇ ਦਿਲ ਦੀ ਗੱਲ ਨੂੰ ਲਿਖਿਆ ਹੈ। ਪਰ ਹੁਣ ਉਸ ਨੂੰ ਕਿਹਾ ਜਾ ਰਿਹਾ ਹੈ ਕਿ ਦੂਜੀ ਤਾਕਤ ਵਾਲੇ ਦੀ ਮਰਜ਼ੀ ਦੀ ਗੱਲ ਲਿਖੇ। ਉਸ ਦੀ ਕਲਮ ਦੀ ਆਜ਼ਾਦੀ ਕਿੱਥੇ ਗਈ ?
ਭਾਰਤ ਦਾ ਸੰਵਿਧਾਨ ਕਹਿੰਦਾ ਹੈ ਕਿ ਹਰੇਕ ਵਿਅਕਤੀ ਨੂੰ ਆਪਣੇ ਵਿਚਾਰ ਖੁੱਲ੍ਹ ਕੇ ਕਹਿਣ ਤੇ ਲਿਖਣ ਦੀ ਆਜ਼ਾਦੀ ਹੈ। ਪਰ ਹਕੀਕਤ ਵਿਚ ਕੀ ਉਹ ਸ਼ਖ਼ਸ ਇਉਂ ਕਰ ਸਕਦਾ ਹੈ ? ਨਹੀਂ ।ਜੇ ਉਹ ਧਮਕੀ ਭਰੀ ਸੁਰ ਅੱਗੇ ਡਰ ਕੇ ਵਰਦੀ ਦੇ ਖ਼ਿਲਾਫ਼ ਲਿਖਦਾ ਹੈ ਤਾਂ ਵਰਦੀ ਵਾਲੇ ਪਾਸ ਕਾਨੂੰਨੀ ਅਧਿਕਾਰਾਂ ਰਾਹੀਂ ਉਸ ਨੂੰ ਲਿਫ਼ਾਉਣ ਦੀ ਸ਼ਕਤੀ ਹੈ। ਜੇ ਉਹ ਵਰਦੀ ਨੂੰ ਮਿਲੇ ਅਧਿਕਾਰਾਂ ਦੇ ਅਸਰ ਹੇਠ ਧਮਕੀ ਵਾਲੇ ਸੁਰ ਦੇ ਖ਼ਿਲਾਫ਼ ਲਿਖਦਾ ਹੈ ਤਾਂ ਉਹ ਸਿਰਫ਼ ਇਕੋ ਫ਼ਿਕਰਾ ਜਾਣਦੀ ਹੈ: “ ਸਾਡੀ ਮਰਜ਼ੀ ਮੁਤਾਬਕ ਲਿਖੋ, ਨਹੀਂ ਤਾਂ ਪਰਿਵਾਰ ਸਮੇਤ ਸੋਧੇ ਜਾਓਗੇ।” ਉਸ ਸ਼ਖ਼ਸ ਦੀ ਆਜ਼ਾਦੀ ਕਿਥੇ ਗਈ? ਉਹ ਸ਼ਖ਼ਸ ਦਿਨ ਭਰ ਇਹੀ ਕੁਝ ਸੋਚਦਾ ਰਿਹਾ ।
ਉਸ ਸ਼ਖ਼ਸ ਦੀ ਇੱਛਾ ਹੈ ਕਿ ਉਹ ਭਾਰਤ ਦਾ ਦੌਰਾ ਕਰੇ। ਸਾਰੇ ਮਹੱਤਵਪੂਰਨ ਸ਼ਹਿਰਾਂ ਨੂੰ ਦੇਖੇ। ਇਸ ਇੱਛਾ ਦੀ ਪੂਰਤੀ ਲਈ ਉਸ ਉਤੇ ਕੋਈ ਬੰਧਨ ਨਹੀਂ। ਉਹ ਪੂਰੀ ਤਰ੍ਹਾਂ ਆਜ਼ਾਦ ਹੈ। ਪਰ ਉਹ ਸ਼ਖ਼ਸ ਸੋਚਦਾ ਹੈ ਕਿ ਕੀ ਉਹ ਸੱਚ ਮੁੱਚ ਆਜ਼ਾਦ ਹੈ ? ਪਹਿਲੀ ਗੱਲ ਤਾਂ ਇਹੀ ਹੈ ਕਿ ਉਸ ਸ਼ਖ਼ਸ ਦੇ ਮਾਲਕ ਨੇ ਉਸ ਦੀਆਂ ਛੁੱਟੀਆਂ ਦੀ ਇਕ ਸੀਮਾ ਬੰਨ੍ਹੀ ਹੋਈ ਹੈ। ਅਤੇ ਕਿਉਂਕਿ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਰੋਟੀ ਉਸ ਦੀ ਨੌਕਰੀ ਤੋਂ ਚਲਦੀ ਹੈ, ਇਸ ਲਈ ਉਹ ਨੌਕਰੀ ਨੂੰ ਲੱਤ ਨਹੀਂ ਮਾਰ ਸਕਦਾ। ਇਸ ਲਈ ਉਹ ਆਪਣੀ ਮਰਜ਼ੀ ਨਾਲ ਕਿਤੇ ਆਉਣ ਜਾਣ ਲਈ ਆਜ਼ਾਦ ਨਹੀਂ । ਦੂਸੇ ਉਸ ਦੇ ਮਾਲਕ ਉਸ ਨੂੰ ਇੰਨੀ ਤਨਖਾਹ ਨਹੀਂ ਦਿੰਦੇ ਕਿ ਉਹ ਆਪਣੀ ਮਰਜ਼ੀ ਨਾਲ ਕਿਤੇ ਵੀ ਘੁੰਮ ਆਵੇ। ਉਸ ਦੇ ਹੀ ਨਹੀਂ, ਭਾਰਤ ਦੇ 90 ਫ਼ੀਸਦੀ ਲੋਕਾਂ ਪਾਸ ਏਨੀ ਰਕਮ ਨਹੀਂ ਹੈ ਕਿ ਉਹ ਆਪਣੀ ਮਰਜ਼ੀ ਨਾਲ ਜਦੋਂ ਚਾਹੁਣ, ਜਿੱਥੇ ਵੀ ਚਲੇ ਜਾਣ। ਇਸ ਸਿਸਟਮ ਨੂੰ ਪੈਸੇ ਵਾਲਿਆਂ ਨੇ ਬਣਾਇਆ ਹੀ ਇਸ ਤਰ੍ਹਾਂ ਦਾ ਹੈ ਕਿ ਕੋਈ ਵੀ ਸ਼ਖ਼ਸ ਰੋਟੀ ਕੱਪੜੇ ਦੇ ਚੱਕਰ ਵਿਚੋਂ ਨਿਕਲਣ ਦੀ ਸੋਚ ਹੀ ਨਾ ਸਕੇ। ਜੇ ਰੋਟੀ ਦਾ ਮਾਮਲਾ ਹੱਲ ਹੋ ਗਿਆ ਤਾਂ ਉਸ ਦੇ ਦਿਮਾਗ਼ ਵਿਚ ਹੋਰ ਖੁਰਾਫ਼ਾਤਾਂ ਉਠਣਗੀਆਂ।ਜਦ ਕੋਈ ਬੰਦਾ ਰੋਟੀ ਤੋਂ ਬਿਨਾਂ ਕੁਝ ਸੋਚ ਹੀ ਨਹੀਂ ਸਕਦਾ ਤਾਂ ਉਸ ਨੂੰ ਦੇਸ਼ ਵਿਦੇ ਸ਼ ਘੁੰਮਣ ਦੀ ਆਜ਼ਾਦੀ ਕਿਵੇਂ ਹੋ ਸਕਦੀ ਹੈ? ਇਸ ਲਈ ਉਸ ਸ਼ਖ਼ਸ ਨੂੰ ਵੀ ਅਜਿਹਾ ਕਰਨ ਦੀ ਆਜ਼ਾਦੀ ਨਹੀਂ। ਪਰ ਇਸ ਵਿਚ ਕਸੂਰ ਉਸੇ ਦਾ ਹੀ ਮੰਨਿਆ ਜਾਏਗਾ ਕਿਉਂਕਿ ਭਾਰਤ ਦਾ ਸੰਵਿਧਾਨ ਤਾਂ ਸਪਸ਼ਟ ਕਹਿੰਦਾ ਹੈ ਕਿ ਹਰੇਕ ਸ਼ਖ਼ਸ ਨੂੰ ਕਿਤੇ ਵੀ ਜਾਣ ਦੀ ਖੁਲ੍ਹ ਹੈ ਤੇ ਪੂਰਨ ਆਜ਼ਾਦੀ ਹੈ। ਜੇ ਕੋਈ ਸ਼ਖ਼ਸ ਨਹੀਂ ਜਾਂਦਾ ਜਾਂ ਜਾ ਹੀ ਨਹੀਂ ਸਕਦਾ ਤਾਂ ਇਸ ਵਿਚ ਕਿਸੇ ਦਾ ਕੀ ਕਸੂਰ।
ਉਸ ਸ਼ਖ਼ਸ ਨੂੰ ਹੋਰ ਬਹੁਤ ਸਾਰੀਆਂ ਆਜ਼ਾਦੀਆਂ ਦੀ ਜ਼ਰੂਰਤ ਹੈ। ਉਹ ਖੁੱਲ੍ਹ ਕੇ ਹੱਸਣਾ ਚਾਹੁੰਦਾ ਹੈ, ਪਰ ਦੁਨੀਆ ਦੇ ਦੁੱਖਾਂ ਨੇ ਉਸ ਦਾ ਹਾਸਾ ਖੋਹ ਲਿਆ। ਉਹ ਸ਼ਖ਼ਸ ਨਿਤ ਹੁੰਦੇ ਕਤਲਾਂ ਉਤੇ ਰੋਣਾ ਚਾਹੁੰਦਾ ਹੈ, ਪਰ ਕਤਲਾਂ ਦੀ ਗਿਣਤੀ ਦਿਨੋਂ ਦਿਨ ਏਨੀ ਵਧ ਰਹੀ ਹੈ ਕਿ ਉਸ ਦੀਆਂ ਅੱਖਾਂ ਹੀ ਤਰ ਨਹੀਂ ਹੁੰਦੀਆਂ। ਉਹ ਪੁਲੀਸ ਹੱਥੋਂ ਮਾਰੇ ਗਏ ਕਿਸੇ ਸੰਤਾਲੀ ਵਾਲੇ ਨੌਜਵਾਨ ਦਾ ਮਾਤਮ ਕਰਨਾ ਚਾਹੁੰਦਾ ਹੈ ਪਰ ਇਸ ਮਾਤਮ ਨੂੰ ਉਸ ਦੇ ਕਾਜ਼ ਨਾਲ ਹਮਦਰਦੀ ਸਮਝ ਕੇ ਟੁੰਗੇ ਜਾਣ ਦੇ ਡਰ ਨੇ ਉਸ ਨੂੰ ਬੰਨ੍ਹ ਰਖਿਆ ਹੈ। ਉਹ ਸੰਤਾਲੀ ਵਾਲਿਆਂ ਵਲੋਂ ਮਾਰੇ ਗਏ ਕਿਸੇ ਵਰਦੀ ਵਾਲੇ ਦੇ ਮਾਸੂਮ ਧੀਆਂ ਪੁੱਤਰਾਂ ਨੂੰ ਗਲਵਕੜੀ ਪਾਉਣਾ ਚਾਹੁੰਦਾ ਹੈ। ਪਰ ਪੁਲੀਸ ਦਾ ਟਾਊਟ ਅਖਵਾ ਕੇ ਗੋਲੀ ਦਾ ਨਿਸ਼ਾਨਾ ਬਣਨ ਦੀ ਦਹਿਸ਼ਤ ਉਸ ਨੂੰ ਅਜਿਹਾ ਕਰਨ ਨਹੀਂ ਦਿੰਦੀ। ਉਸ ਦਾ ਜੀਅ ਛੱਤੀ ਪ੍ਰਕਾਰ ਦੇ ਪਦਾਰਥ ਖਾਣ ਨੂੰ ਕਰਦਾ ਹੈ, ਪਰ ਆਟੇ ਦੇ ਭਾਅ ਨੇ ਹੀ ਉਸ ਦੀ ਬੱਸ ਕਰਵਾ ਦਿੱਤੀ ਹੈ। ਉਹ ਵਧੀਆ ਵਸਤਰ ਪਹਿਨਣ ਦਾ ਇੱਛੁਕ ਹੈ, ਪਰ ਉਸ ਦੀ ਜੇਬ ਉਸ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦੀ । ਉਹ ਚੌਕ ਵਿਚ ਖੜ ਕੇ ਚੀਕਾਂ ਮਾਰਨਾ ਚਾਹੁੰਦਾ ਹੈ ਪਰ ‘ਸਿਵਿਕ ਸੈਂਸ’ ਉਸ ਦੀ ਇਸ ਇੱਛਾ ਨੂੰ ਬਰੇਕ ਲਾ ਦਿੰਦੀ ਹੈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਇੱਛਾਵਾਂ ਹਨ ਜਿਹੜੀਆਂ ਉਸ ਸ਼ਖ਼ਸ ਦੇ ਅੰਦਰ ਪਣਪਦੀਆਂ ਹਨ, ਪਰ ਮਰ ਜਾਂਦੀਆਂ ਹਨ। ਤਾਂ ਫਿਰ ਉਹ ਆਜ਼ਾਦ ਕਿਵੇਂ ਹੈ ?
ਉਹ ਸ਼ਖ਼ਸ ਆਜ਼ਾਦ ਹੈ ਕਿ ਗੋਲੀ ਦੀ ਚੋਣ ਕਰੇ-ਵਰਦੀ ਦੀ ਜਾਂ ਸੰਤਾਲੀ ਦੀ ਉਹ ਸ਼ਖ਼ਸ ਆਜ਼ਾਦ ਹੈ-ਨੌਕਰੀ ਕਰੇ ਜਾਂ ਨਾ। ਉਹ ਸ਼ਖ਼ਸ ਆਜ਼ਾਦ ਹੈ-ਭਾਰਤ ਦੀ ਸੈਰ ਨੂੰ ਜਾਵੇ ਜਾਂ ਨਾ। ਉਹ ਸ਼ਖ਼ਸ ਆਜ਼ਾਦ ਹੈ-ਕੱਪੜਾ ਪਾਵੇ ਜਾਂ ਨਾ। ਆਖ਼ਰਕਾਰ ਬਾਪੂ ਗਾਂਧੀ ਜੀ ਨੇ ਸਿਰਫ਼ ਲੰਗੋਟੀ ਵਿਚ ਹੀ ਸਾਰੀ ਉਮਰ ਬਿਤਾ ਦਿੱਤੀ ਸੀ ਅਤੇ ਉਸ ਸ਼ਖ਼ਸ ਨੂੰ ਇਸ ਗੱਲ ਦੀ ਪੂਰੀ ਖੁੱਲ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨ ਲਈ ਆਪਣੀ ਮਰਜ਼ੀ ਦਾ ਤਰੀਕਾ ਚੁਣ ਲਵੇ। ਬਾਕੀ ਕਿਸੇ ਗੱਲ ਲਈ ਉਹ ਆਜ਼ਾਦ ਨਹੀਂ। ਭਾਰਤ ਫਿਰ ਵੀ ਆਜ਼ਾਦ ਹੈ।
(6-9-1991)
ਜਦੋਂ ਇਸਲਾਮ ਲਾਗੂ ਹੋਵੇਗਾ
ਜਦੋਂ ਪਾਕਿਸਤਾਨ ਵਿਚ ਜਨਰਲ ਜ਼ਿਆ-ਉਲ-ਹੱਕ ਦੀ ਪ੍ਰਧਾਨਗੀ ਹੇਠ ਹਕੂਮਤ ਕਾਇਮ ਹੋਈ ਤਾਂ ਉਨ੍ਹਾਂ ਨੇ ਦੇਸ਼ ਦਾ ‘ਇਸਲਾਮੀਕਰਣ’ ਕਰਨ ਦੀ ਠਾਣ ਲਈ। ਦੇਸ਼ ਭਰ ਦੇ ਮੁੱਲਾਂ ਮੁਲਾਣੇ ਜ਼ੁਲਫ਼ਕਾਰ ਅਲੀ ਭੁੱਟੋ ਵਲੋਂ ਚਲਾਈ ਗਈ ਆਧੁਨਿਕਤਾ ਦੀ ਲਹਿਰ ਤੋਂ ਕਾਫ਼ੀ ਦੁਖੀ ਸਨ ਕਿਉਂਕਿ ਉਨ੍ਹਾਂ ਦੀ ਦੁਕਾਨਕਾਰੀ ਖ਼ਤਮ ਹੁੰਦੀ ਜਾ ਰਹੀ ਸੀ। ਇਸ ਲਈ ਇਸਲਾਮੀਕਰਣ ਦੇ ਜਨਰਲ ਜ਼ਿਆ ਦੇ ਨਾਅਰੇ ਨਾਲ ਸਭ ਤੋਂ ਵੱਧ ਖ਼ੁਸ਼ੀ ਉਨ੍ਹਾਂ ਨੂੰ ਹੋਈ। ਉਨ੍ਹਾਂ ਨੇ ਦੇਸ਼ ਵਿਚ ਇਸਲਾਮੀ ਕਾਨੂੰਨ ਲਾਗੂ ਕਰਨ ਲਈ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਉਨ੍ਹਾਂ ਵਿਚੋਂ ਬਹੁਤੀਆਂ ਮਰਦਾਂ ਨਾਲ ਨਹੀਂ ਸਗੋਂ ਔਰਤਾਂ ਨਾਲ ਸਬੰਧਤ ਸਨ।
ਇਨ੍ਹਾਂ ਵਿਚ ਇਸ ਤਰ੍ਹਾਂ ਦੀਆਂ ਸ਼ਰਤਾਂ ਸ਼ਾਮਲ ਸਨ ਕਿ ਕੋਈ ਔਰਤ ਬੁਰਕੇ ਬਿਨਾਂ ਬਾਹਰ ਨਹੀਂ ਨਿਕਲੇਗੀ। ਕਿਸੀ ਗੈਰ ਮਰਦ ਨਾਲ ਗੱਲਬਾਤ ਨਹੀਂ ਕਰਨੀ ।ਹਮੇਸ਼ਾ ਸਿਰ ਕੱਜ ਕੇ ਰਖਣਾ। ਆਧੁਨਿਕ ਕਿਸਮ ਦੇ ਕੱਪੜੇ ਨਹੀਂ ਪਹਿਨਣੇ। ਲੜਕੀਆਂ ਦੀਆਂ ਹਾਕੀ ਵਰਗੀਆਂ ਖੇਡਾਂ ਬੰਦ ਕਰ ਦਿੱਤੀਆਂ ਗਈਆਂ। ਉਨ੍ਹਾਂ ਨੂੰ ਹੋਰ ਖੇਡਾਂ ਖੇਡਣ ਤੋਂ ਵੀ ਰੋਕ ਦਿੱਤਾ ਗਿਆ। ਜੇ ਕੁੜੀਆਂ ਨੇ ਕੋਈ ਖੇਡ ਖੇਡਣੀ ਹੀ ਹੋਵੇ ਤਾਂ ਉਹ ਸਲਵਾਰਾਂ ਪਾ ਕੇ ਖੇਡਣਗੀਆਂ ਅਤੇ ਕੋਈ ਮਰਦ ਉਨ੍ਹਾਂ ਦੀ ਖੇਡ ਦੇਖ ਨਹੀਂ ਸਕੇਗਾ। ਔਰਤਾਂ ਵਾਲਾਂ ਦੀਆਂ ਫੁੱਲ-ਚਿੜੀਆਂ ਨਹੀਂ ਬਣਾ ਸਕਣਗੀਆਂ। ਇਸ ਤਰ੍ਹਾਂ ਦੀਆਂ ਸ਼ਰਤਾਂ ਦੇ ਨਾਲ ਇਹ ਵੀ ਕਿਹਾ ਗਿਆ ਕਿ ਜੇ ਕਿਸੇ ਔਰਤ ਨਾਲ ਬਲਾਤਕਾਰ ਹੁੰਦਾ ਹੈ ਤਾਂ ਉਸ ਨੂੰ ਸਾਬਤ ਕਰਨਾ ਪਏਗਾ ਕਿ ਇਸ ਵਿਚ ਉਸ ਦੀ ਰਜ਼ਾ ਤਾਂ ਨਹੀਂ ਸੀ। ਉਸ ਦੀ ਗਵਾਹੀ ਅਦਾਲਤਾਂ ਵਿਚ ਮਰਦ ਦੇ ਮੁਕਾਬਲੇ ਵਿਚ ਅੱਧੀ ਮੰਨੀ ਜਾਏਗੀ ਵਗ਼ੈਰਾ ਵਗ਼ੈਰਾ।
ਇਸ ਕਿਸਮ ਦੇ ਮਾਹੌਲ ਵਿਚ ਕੁਝ ਮਰਦਾਂ ਨੇ ਆਪਣੇ ਆਪ ਹੀ ਇਹ ਅਧਿਕਾਰ ਹਾਸਲ ਕਰ ਲਏ ਕਿ ਉਹ ਔਰਤਾਂ ਨੂੰ ਇਸਲਾਮੀ ਆਦੇਸ਼ ਪ੍ਰਵਾਨ ਕਰਨ ਲਈ ਮਜਬੂਰ ਕਰ ਦੇਣਗੇ। ਲਾਹੌਰ ਵਿਚ ਇਕ ਪੜ੍ਹੀ ਲਿਖੀ ਅਤੇ ਚੰਗੇ ਅਹੁਦੇ ‘ਤੇ ਕੰਮ ਕਰਦੀ ਇਕ ਔਰਤ ਕਾਰ ਵਿਚ ਜਾ ਰਹੀ ਸੀ ਕਿ ਅਚਾਨਕ ਇਕ ਵਿਅਕਤੀ ਨੇ ਉਸ ਨੂੰ ਰੋਕ ਲਿਆ। ਕਾਰ ਵਿਚੋਂ ਬਾਹਰ ਨਿਕਲਣ ਉਤੇ ਉਸ ਨੇ ਔਰਤ ਪਾਸੋਂ ਪੁੱਛਿਆ ਕਿ ਉਸ ਨੇ ਸਿਰ ਕਿਉਂ ਨਹੀਂ ਕੱਜਿਆ ਹੋਇਆ ? ਇਸ ਤੋਂ ਪਹਿਲਾਂ ਕਿ ਔਰਤ ਕੋਈ ਉੱਤਰ ਦੇਵੇ, ਉਸ ਅਗਿਆਤ ਬੰਦੇ ਨੇ ਸ਼ਰ੍ਹੇਆਮ ਉਸ ਔਰਤ ਦੇ ਥੱਪੜ ਦੇ ਮਾਰਿਆ। ਨਾਲ ਹੀ ਚਿਤਾਵਨੀ ਦਿੱਤੀ ਕਿ ਜੇ ਅੱਗੋਂ ਉਸ ਨੇ ਸਿਰ ਕੱਜ ਕੇ ਰੱਖਣ ਦੀ ਇਸਲਾਮੀ ਹਦਾਇਤ ਉਤੇ ਅਮਲ ਨਾ ਕੀਤਾ ਤਾਂ ਉਸ ਦੇ ਕੱਪੜੇ ਪਾੜ ਦਿੱਤੇ ਜਾਣਗੇ। ਇਸ ਤਰ੍ਹਾਂ ਇਸਲਾਮੀ ਮੁਲਾਣਿਆਂ ਦੀ ਉਕਸਾਹਟ ਅਤੇ ਜਨਰਲ ਜ਼ਿਆ ਵਲੋਂ ਇਸਲਾਮੀ ਹਕੂਮਤ ਕਾਇਮ ਕਰਨ ਦੇ ਐਲਾਨਾਂ ਨਾਲ ਹਰ ਸਧਾਰਨ ਵਿਅਕਤੀ ਨੂੰ ਇਹ ਅਧਿਕਾਰ ਮਿਲ ਗਿਆ ਸੀ ਕਿ ਉਹ ਕਿਸੇ ਵੀ ਔਰਤ ਨੂੰ ਸਜ਼ਾ ਦੇ ਸਕੇ, ਭਾਵੇਂ ਉਹ ਉਸ ਨੂੰ ਜਾਣਦਾ ਹੋਵੇ ਜਾਂ ਨਾ।
ਇਸੇ ਦਾ ਹੀ ਸਿੱਟਾ ਸੀ ਕਿ ਲਾਹੌਰ ਦੀ ਹੀ ਇਕ ਬਾਹਰੀ ਬਸਤੀ ਵਿਚ ਕੁਝ ਮਰਦਾਂ ਨੇ ਇਕ ਔਰਤ ਨੂੰ ਸਰੇ ਬਾਜ਼ਾਰ ਨੰਗਿਆਂ ਕਰਕੇ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਸੀ। ਉਸ ਦਾ ਕਸੂਰ ਇਹ ਕੱਢਿਆ ਗਿਆ ਕਿ ਉਹ ਇਕ ਕਮਰੇ ਵਿਚ ਕਿਸੇ ਗੈਰ ਮਰਦ ਨਾਲ ਕੁਕਰਮ ਕਰ ਰਹੀ ਸੀ । ਜਿਸ ਮਰਦ ਨਾਲ ਉਹ ਫੜੀ ਗਈ ਸੀ ਉਸ ਨੂੰ ਵੀ ਪੱਥਰ ਮਾਰਦੇ ਦੇਖਿਆ ਗਿਆ। ਇਕ ਕੇਸ ਵਿਚ ਇਕ ਔਰਤ ਨੂੰ ਪੱਥਰ ਮਾਰ ਕੇ ਮਾਰਨ ਦੀ ਸਜ਼ਾ ਇਸ ਲਈ ਦਿੱਤੀ ਗਈ ਕਿਉਂਕਿ ਉਸ ਨੇ ਪਹਿਲੇ ਪਤੀ ਵਲੋਂ ਤਲਾਕ ਦਿੱਤੇ ਬਿਨਾਂ ਹੀ ਦੂਸਰਾ ਨਿਕਾਹ ਕਰਵਾ ਲਿਆ ਸੀ। ਉਸ ਵਲੋਂ ਸਫ਼ਾਈ ਦਿੱਤੀ ਗਈ ਕਿ ਉਸ ਨੇ ਤਲਾਕ ਅਤੇ ਉਸ ਤੋਂ ਮਗਰੋਂ ਕੁਝ ਸਮਾਂ ਨਿਕਾਹ ਨਾ ਕਰਵਾਉਣ ਦੀ ਇਸਲਾਮੀ ਸ਼ਰਤ ਪੂਰੀ ਕੀਤੀ ਹੈ ਪਰ ਕਿਸੇ ਨਾ ਸੁਣੀ। ਅਖ਼ਬਾਰਾਂ ਵਿਚ, ਭਾਰਤੀ ਅਖ਼ਬਾਰਾਂ ਵਿਚ ਵੀ, ਉਸ ਦੇ ਮਾਮਲੇ ਦੀ ਕਾਫ਼ੀ ਚਰਚਾ ਹੋਈ। ਜਨਰਲ ਜ਼ਿਆ ਪਾਸ ਅਪੀਲ ਵੀ ਪੁੱਜੀ। ਫ਼ੇਰ ਉਸ ਨਾਲ ਕੀ ਵਾਪਰਿਆ, ਇਹ ਪਤਾ ਨਹੀਂ ਲੱਗ ਸਕਿਆ।
ਇਹ ਗੱਲਾਂ ਸਿਰਫ਼ ਕਲਪਤ ਨਹੀ ਹਨ ਸਗੋਂ ਹਕੀਕਤਾਂ ਹਨ। ਦਰਅਸਲ ਪਾਕਿਸਤਾਨ ਵਿਚ ਇਸਲਾਮੀ ਰਾਜ ਕਾਇਮ ਹੋਣ ਮਗਰੋਂ ਧਰਮ ਦੇ ਨਾਂ ਉਤੇ ਸੱਚਮੁਚ ਹੀ ਔਰਤਾਂ ਉਤੇ ਕਾਫ਼ੀ ਬੰਦਸ਼ਾਂ ਲਾਈਆਂ ਗਈਆਂ ਸਨ। ਇਹ ਗੱਲ ਤੀਜੇ ਸੰਸਾਰ ਦੀਆਂ ਔਰਤਾਂ ਬਾਰੇ ਕਰਵਾਏ ਗਏ ਇਕ ਸਰਵੇਖਣ ਵਿਚ ਕਹੀ ਗਈ ਹੈ। ਇਹ ਸਰਵੇਖਣ ਇੰਟਰਨੈਸ਼ਨਲ ਵੋਮੈਨਜ਼ ਇਨਫਰਮੇਸ਼ਨ ਐਂਡ ਕਮਿਊਨੀਕੇਸ਼ਨ ਸਰਵਿਸ ਵਲੋਂ ਕਰਵਾਇਆ ਗਿਆ ਸੀ।
ਇਸ ਸਰਵੇ ਵਿਚ ਕਿਹਾ ਗਿਆ ਹੈ ਕਿ ਏਸ਼ੀਆ ਅਤੇ ਅਫਰੀਕਾ ਵਿਚ ਔਰਤਾਂ ਨਾਲ ਵਿਸ਼ੇਸ਼ ਕਿਸਮ ਦੀ ਹਿੰਸਾ ਕੀਤੀ ਜਾਂਦੀ ਹੈ।ਇਸ ਵਿਚ ਚੀਨ ਵਿਚ ਉਨ੍ਹਾਂ ਦੇ ਪੈਰਾਂ ਵਿਚ ਲੋਹੇ ਦੀਆਂ ਜੁੱਤੀਆਂ ਪਾਉਣਾ, ਸੁਡਾਨ ਵਿਚ ਉਨ੍ਹਾਂ ਦੇ ਗੁਪਤ ਅੰਗਾਂ ਵਿਚ ਮੋਰੀ ਕਰਕੇ ਰੱਸੀ ਬੰਨਣਾ, ਭਾਰਤ ਵਿਚ ਸਤੀ ਹੋਣਾ ਅਤੇ ਦਾਜ ਦਹੇਜ ਬਦਲੇ ਮੌਤਾਂ ਸ਼ਾਮਲ ਹਨ। ਪਰ ਜੋ ਕੁਝ ਪਾਕਿਸਤਾਨ ਦੀਆਂ ਔਰਤਾਂ ਨਾਲ ਵਾਪਰਦਾ ਹੈ ਉਸ ਦੇ ਮੁਕਾਬਲੇ ਇਹ ਕੁਝ ਵੀ ਨਹੀਂ। ਪਾਕਿਸਤਾਨੀ ਔਰਤਾਂ ਇਸ ਖਿੱਤੇ ਦੀਆਂ ਸਭ ਤੋਂ ਵੱਧ ਪੀੜਤ ਇਸਤਰੀਆਂ ਹਨ। ਪਾਕਿਸਤਾਨੀ ਔਰਤਾਂ ਅਨਪੜ੍ਹਤਾ ਦਾ ਸ਼ਿਕਾਰ ਹਨ। ਉਨ੍ਹਾਂ ਲਈ ਪੂਰੀ ਖੁਰਾਕ ਨਹੀਂ ਹੈ। ਇਸ ਲਈ ਉਹ ਬਿਮਾਰ ਰਹਿੰਦੀਆਂ ਹਨ। ਉਨ੍ਹਾਂ ਨੂੰ ਸਖ਼ਤ ਕੰਮ ਕਰਨਾ ਪੈਂਦਾ ਹੈ ਅਤੇ ਉਸ ਦੇ ਪੂਰੇ ਪੈਸੇ ਨਹੀਂ ਮਿਲਦੇ। ਉਨ੍ਹਾਂ ਨੂੰ ਇਨਸਾਨ ਤਕ ਨਹੀਂ ਸਮਝਿਆ ਜਾਂਦਾ ਅਤੇ ਘਰਾਂ ਅਤੇ ਸਮਾਜ ਵਿਚ ਉਨ੍ਹਾਂ ਦਾ ਸਥਾਨ ਮਰਦਾਂ ਨਾਲੋਂ ਕਿਤੇ ਨੀਵਾਂ ਮੰਨਿਆ ਜਾਂਦਾ ਹੈ।
ਜਨਰਲ ਜ਼ਿਆ ਨੇ ਇਸਲਾਮੀਕਰਣ ਹੇਠ ਵਿਆਜ ਨੂੰ ਬਿਲਕੁਲ ਹੀ ਖ਼ਤਮ ਕਿਉਂ ਨਹੀਂ ਕੀਤਾ ਹਾਲਾਂਕਿ ਇਸਲਾਮ ਹੇਠ ਵਿਆਜ ਲੈਣਾ ਹਰਾਮ ਹੈ? ਉਸ ਨੇ ਭ੍ਰਿਸ਼ਟਾਚਾਰ ਕਿਉਂ ਨਹੀਂ ਬੰਦ ਕਰਵਾਇਆ ਕਿਉਂਕਿ ਇਸਲਾਮ ਹੇਠ ਰਿਸ਼ਵਤਖੋਰੀ ਹਰਾਮ ਹੈ? ਇਸੇ ਤਰ੍ਹਾਂ ਉਸ ਨੇ ਇਸਲਾਮ ਦੇ ਕਈ ਹੋਰ ਪਹਿਲੂਆਂ ਨੂੰ ਲਾਗੂ ਕਿਉਂ ਨਹੀਂ ਕੀਤਾ? ਸਿਰਫ਼ ਔਰਤਾਂ ਨਾਲ ਸਬੰਧਤ ਨਿਯਮ ਹੀ ਕਿਉਂ ਏਨੀ ਸਖ਼ਤੀ ਨਾਲ ਲਾਗੂ ਕੀਤੇ ਗਏ? ਸਰਵੇ ਪਾਸ ਇਸ ਦਾ ਉੱਤਰ ਹੈ: “ਇਹ ਸਾਰੇ ਕਦਮ ਲਾਗੂ ਕਰਨ ਲਈ ਆਰਥਿਕ ਸਮਾਜਕ ਕਦਮ ਚੁੱਕਣੇ ਪੈਂਦੇ ਹਨ ਅਤੇ ਕਿਸੇ ਵੀ ਦੇਸ਼ ਲਈ ਅਜਿਹਾ ਕਰਨਾ ਔਖਾ ਹੈ । ਪਰ ਔਰਤਾਂ ਘਰ ਦੀ ਮੁਰਗੀ ਹਨ, ਜਦੋਂ ਮਰਜ਼ੀ ਫੜ ਕੇ ਝਟਕਾ ਲਈ। ਉਨ੍ਹਾਂ ਕਿਹੜਾ ਕੁਸਕ ਸਕਣਾ ਹੈ?”
ਇਸਲਾਮੀਕਰਣ ਜਾਂ ਧਰਮ ਨੂੰ ਜਦੋਂ ਸਰਕਾਰੀ ਸਰਪ੍ਰਸਤੀ ਤੋਂ ਬਿਨਾਂ ਹੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਉਦੋਂ ਵੀ ਇਸ ਦਾ ਬਹੁਤ ਅਸਰ ਹੁੰਦਾ ਹੈ। ਆਪਣੇ ਆਪ ਨੂੰ ਧਰਮ ਦੇ ਕੱਟੜ ਸਮਰਥਕ ਸਮਝਣ ਵਾਲੇ ਸਿਰ ਫਿਰੇ ਇਸ ਦੀਆਂ ਬਾਹਰ ਦਿਸਦੀਆਂ ਨਿਸ਼ਾਨੀਆਂ ਨੂੰ ਲਾਗੂ ਕਰਨ ਲਈ ਇਕ ਦੂਜੇ ਤੋਂ ਵਧ ਕੇ ਕੋਸ਼ਿਸ਼ਾਂ ਕਰਨ ਲਗਦੇ ਹਨ। ਗੱਲ ਮੁੱਕਦੀ ਹੈ ਔਰਤਾਂ ਦੇ ਪਹਿਰਾਵੇ ਅਤੇ ਸਲੂਕ ਉਤੇ। ਮਰਦਾਂ ਲਈ ਇਸਲਾਮ ਜਾਂ ਕਿਸੇ ਹੋਰ ਧਰਮ ਦੇ ਨਿਯਮਾਂ ਦੀ ਪਾਲਣਾ ਲਾਜ਼ਮੀ ਨਹੀਂ ਪਰ ਔਰਤਾਂ ਲਈ ਲਾਜ਼ਮੀ ਹੈ। ਜਦੋਂ ਧਰਮ ਲਾਗੂ ਕਰਨ ਲਈ ਸਰਕਾਰ ਦੀ ਸਰਪ੍ਰਸਤੀ ਵੀ ਮਿਲੀ ਹੋਵੇ ਤਾਂ ਇਸ ਨੂੰ ਲਾਗੂ ਕਰਨ ਵਾਲਿਆਂ ਵਿਚ ਪੁਲੀਸ ਵੀ ਸ਼ਾਮਲ ਹੋ ਜਾਂਦੀ ਹੈ।
ਇਹੀ ਕੁਝ ਪਾਕਿਸਤਾਨ ਵਿਚ ਹੋਇਆ। ਇਕ ਪਾਸੇ ਕੱਟੜਪੰਥੀਆਂ ਨੇ ਔਰਤਾਂ ਦੇ ਸਿਰ ਨਾ ਕੱਜਣ ਉਤੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਨੂੰ ਪੱਥਰ ਮਾਰ ਕੇ “ਮੌਕੇ ‘ਤੇ ਹੀ ਨਿਆਂ” ਕਰਨਾ ਸ਼ੁਰੂ ਕਰ ਦਿੱਤਾ ਤੇ ਦੂਜੇ ਪਾਸੇ ਪੁਲੀਸ ਨੇ ਵੀ ਇਸਲਾਮੀ ਨਿਯਮਾਂ ਹੇਠ ਔਰਤਾਂ ਉਤੇ ਜਬਰ ਕਰਨਾ ਸ਼ੁਰੂ ਕਰ ਦਿੱਤਾ। ਔਰਤਾਂ ਵਿਰੁਧ ਸਰਕਾਰੀ ਹਿੱਸਾ ਵਧਣ ਲੱਗੀ। ਕਈ ਥਾਈਂ ਇਸਲਾਮੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੀਆਂ ਔਰਤਾਂ ਨੂੰ ਅਗਵਾ ਕਰ ਲਿਆ ਗਿਆ ਅਤੇ ਉਨ੍ਹਾਂ ਦੀ ਬੇਪੱਤੀ ਕੀਤੀ ਗਈ। ਉਨ੍ਹਾਂ ਨੂੰ ਕੁੱਟ ਮਾਰ ਕਰਨ, ਸਾੜ ਕੇ ਮਾਰ ਦੇਣ, ਅੰਨ੍ਹੀਆਂ ਕਰ ਦੇਣ ਤਕ ਦੀਆਂ ਕਹਾਣੀਆਂ ਸੁਣੀਆਂ ਗਈਆਂ। ਪਰ ਕਿਸੇ ਕਾਨੂੰਨ ਨੇ ਉਨ੍ਹਾਂ ਉੱਤੇ ਜ਼ੁਲਮ ਕਰਨ ਵਾਲੇ ਖਾਵੰਦਾਂ ਜਾਂ ਹੋਰਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਜਨਰਲ ਜ਼ਿਆ ਦੀ ਹਕੂਮਤ ਹੇਠ ਜਬਰ ਜਿਨਾਹ ਦੀਆਂ ਵਾਰਦਾਤਾਂ ਵਿਚ ਵਾਧਾ ਹੋਇਆ। ਕਿਉਂਕਿ ਔਰਤਾਂ ਲਈ ਕਾਨੂੰਨ ਕੋਈ ਰਸਤਾ ਨਹੀਂ ਸੀ ਦਿੰਦਾ, ਇਸ ਲਈ ਉਹ ਕੋਈ ਸ਼ਿਕਾਇਤ ਨਹੀਂ ਸਨ ਕਰ ਸਕਦੀਆਂ।
ਜਬਰ ਜਿਨਾਹ ਦਾ ਸ਼ਿਕਾਰ ਔਰਤਾਂ ਨਾਲ ਹਮਦਰਦੀ ਦੀ ਥਾਂ ਉਨ੍ਹਾਂ ਨਾਲ ਨਫ਼ਰਤ ਕੀਤੀ ਜਾਂਦੀ ਸੀ ਅਤੇ ਉਨ੍ਹਾਂ ਨੂੰ ਬਦਕਾਰ ਕਰਾਰ ਦਿੱਤਾ ਜਾਂਦਾ ਸੀ । ਪਾਕਿਸਤਾਨੀ ਕਾਨੂੰਨ ਹੇਠ ਜਬਰ ਜਿਨਾਹ ਜਾਂ ਬਲਾਤਕਾਰ ਦਾ ਦੋਸ਼ ਸਾਬਤ ਕਰਨ ਲਈ ਚਾਰ ਮਰਦ ਗਵਾਹ ਪੇਸ਼ ਕਰਨੇ ਪੈਂਦੇ ਸਨ। ਬਹੁਤੀ ਵਾਰੀ ਅਜਿਹਾ ਹੋਇਆ ਕਿ ਅਦਾਲਤਾਂ ਨੇ ਦੋਸ਼ੀਆਂ ਨੂੰ ਛੱਡ ਦਿੱਤਾ ਅਤੇ ਔਰਤਾਂ ਨੂੰ ਕੋੜੇ ਮਾਰਨ ਦੀ ਸਜ਼ਾ ਸੁਣਾਈ ਕਿਉਂਕਿ ਉਨ੍ਹਾਂ ਨੇ ‘ਮਰਜ਼ੀ ਨਾਲ ਸੰਭੋਗ’ ਕੀਤਾ ਸੀ ਅਤੇ ਉਹ ਵੀ ਪਰਾਏ ਮਰਦ ਨਾਲ।
ਇਸ ਕਿਸਮ ਦੀ ਹਾਲਤ ਸੀ ਪਾਕਿਸਤਾਨ ਦੀ ਉਸ ਸਮੇਂ ਜਦੋਂ ਉਥੇ ਇਸਲਾਮੀ ਨਿਯਮ ਲਾਗੂ ਸਨ। ਅਤੇ ਕਿਸੇ ਨੂੰ ਵੀ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਜਿਥੋਂ ਵੀ ਕਿਤੇ ਧਾਰਮਿਕ ਨਿਯਮ ਲਾਗੂ ਹੋਣਗੇ, ਸਭ ਤੋਂ ਵੱਧ ਨਜ਼ਲਾ ਔਰਤਾਂ ਉਤੇ ਹੀ ਝੜੇਗਾ।
(4.1.1991)
ਮੌਤਾਂ ਦਾ ਹਿਸਾਬ ਕਿਤਾਬ
ਪੁਲੀਸ ਦਾ ਅਧਿਕਾਰੀ ਬਹੁਤ ਸਧਾਰਨ ਢੰਗ ਨਾਲ ਕਹਿੰਦਾ ਹੈ, “ਐਤਕੀਂ ਦੇ ਸਾਲ ਪੰਜਾਬ ਵਿਚ ਦਹਿਸ਼ਤਗਰਦੀ ਕਾਰਨ 3787 ਬੰਦੇ ਮਾਰੇ ਗਏ।” ਉਸ ਦੇ ਬੋਲਾਂ ਵਿਚ ਨਾ ਤਾਂ ਕੋਈ ਦਰਦ ਹੈ ਅਤੇ ਨਾ ਹੀ ਅਫ਼ਸੋਸ। ਜਿਵੇਂ ਇਹ ਕਹਿ ਰਿਹਾ ਹੋਵੇ ਕਿ ਇਸ ਦਿਨ ਫਲਾਣੇ ਝਟਕਈ ਨੇ ਚਾਰ ਹਜ਼ਾਰ ਮੁਰਗੇ ਝਟਕਾਏ। ਅਖ਼ਬਾਰ ਦੀ ਸੁਰਖ਼ੀ ਚੀਕਦੀ ਹੈ, “ਅਲੀਗੜ੍ਹ ਵਿਚ ਫਿਰਕੂ ਦੰਗੇ, 40 ਹਲਾਕ।” ਇਹ 40 ਕੀ ਹਨ? ਮਨੁੱਖ ਹਨ ਜਾਂ ਚੂਹੇ ?
ਪਿਛਲੇ ਸਾਲ ਜਦੋਂ ਇਰਾਕ ਦੀਆਂ ਫ਼ੌਜਾਂ ਨੇ ਕੁਵੈਤ ਉਤੇ ਕਬਜ਼ਾ ਕਰ ਲਿਆ ਤਾਂ ਅਮਰੀਕੀਫ਼ੌਜਾਂ ਨੇ ਸਾਊਦੀ ਅਰਬ ਵਿਚ ਜਾ ਡੇਰੇ ਲਾਏ। ਸਵਾ ਚਾਰ ਲੱਖ ਫ਼ੌਜੀ, ਕਿੰਨੇ ਸਾਰੇ ਟੈਂਕ, ਹਵਾਈ ਜਹਾਜ਼ ਅਤੇ ਹੋਰ ਅਮਲਾ ਫੈਲਾ । ਮਤਲਬ ਸੀ ਇਰਾਕ ਨੂੰ ਸਬਕ ਸਿਖਾਉਣਾ। ਇਕ ਵਾਰੀ ਫ਼ੌਜਾਂ ਟਿਕ ਗਈਆਂ, ਅੰਦਾਜ਼ੇ ਲੱਗਣੇ ਸ਼ੁਰੂ ਹੋ ਗਏ ਕਿ ਲੜਾਈ ਕਿੰਨੇ ਦਿਨ ਚਲੇਗੀ ਅਤੇ ਕਿੰਨੀਆਂ ਮੌਤਾਂ ਹੋਣਗੀਆਂ। ਇਕ ਪਾਸੇ ਜੋਤਸ਼ੀਆਂ ਨੇ ਜੰਗ ਦੇ ਸਿੱਟੇ ਕੱਢਣ ਬਾਰੇ ਭਵਿੱਖਬਾਣੀਆਂ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ, ਦੂਜੇ ਪਾਸੇ ਜੰਗੀ ਮਾਹਿਰਾਂ ਨੇ ਕਿਆਫ਼ੇ ਲਾਉਣੇ ਸ਼ੁਰੂ ਕਰ ਦਿੱਤੇ ਕਿ ਹਫ਼ਤੇ ਦੀ ਜੰਗ ਹੋਈ ਤਾਂ ਕਿੰਨੇ ਫ਼ੌਜੀ ਮਰਨਗੇ, ਦੋ ਹਫ਼ਤੇ ਦੀ ਜੰਗ ਹੋਈ ਤਾਂ ਮੌਤਾਂ ਕਿੰਨੀਆਂ ਹੋਣਗੀਆਂ ਅਤੇ ਜੇ ਮਹੀਨਾ ਚੱਲੀ ਤਾਂ ਕਿੰਨੀਆਂ। ਅਮਰੀਕੀ ਲੋਕਾਂ ਨੇ ਜਦੋਂ ਅਮਰੀਕੀ ਰਾਸ਼ਟਰਪਤੀ ਨੂੰ ਇਹ ਕਹਿੰਣਾ ਸ਼ੁਰੂ ਕੀਤਾ ਕਿ ਉਹ ਤੇਲ ਬਦਲੇ ਆਪਣੇ ਦੇਸ਼ ਦੇ ਜਵਾਨਾਂ ਦਾ ਖ਼ੂਨ ਨਾ ਵਹਾਵੇ, ਅਮਰੀਕਾ ਦੀ ਜੰਗੀ ਮਸ਼ੀਨਰੀ ਨੇ ਲੱਕੜੀ ਦੇ ਬਣੇ ਉਨ੍ਹਾਂ (ਖੱਫਣਾਂ) ਬਕਸਿਆਂ ਦੇ ਆਰਡਰ ਦੇਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਵਿਚ ਪਾ ਕੇ ਅਮਰੀਕੀ ਫ਼ੌਜੀਆਂ ਦੀਆਂ ਲਾਸ਼ਾਂ ਵਾਪਸ ਲਿਆਂਦੀਆਂ ਜਾਣਗੀਆਂ।
ਇਕ ਅਮਰੀਕੀ ਮਾਹਿਰ ਨੇ ਆਪਣੀ ਅਖ਼ਬਾਰ ਵਿਚ ਰਿਪੋਰਟ ਲਿਖੀ। ਉਸ ਵਿਚ ਇਰਾਕੀ ਫ਼ੌਜ ਦੇ ਮੁਕਾਬਲੇ ਅਮਰੀਕੀ ਫ਼ੌਜ ਦੇ ਬਿਹਤਰ ਹੋਣ ਨੂੰ ਸਾਬਤ ਕਰਨ ਮਗਰੋਂ ਉਹ ਲਿਖਦਾ ਹੈ, “ਅਮਰੀਕੀ ਸੈਨਿਕ ਵਿਹਲੇ ਬੈਠੇ ਤੰਗ ਹੋ ਰਹੇ ਹਨ। ਉਨ੍ਹਾਂ ਦੇ ਜੁੱਸੇ ਜੰਗ ਲੜਨ ਲਈ ਭਖ ਰਹੇ ਹਨ। ਉਨ੍ਹਾਂ ਦੀਆਂ ਉਂਗਲਾਂ ਰਫਲਾਂ ਦੇ ਘੋੜੇ ਦੱਬਣ ਲਈ ਵਿਆਕੁਲ ਹਨ। ਉਹ ਹਮਲਾਵਰ ਸੱਦਾਮ ਹੁਸੈਨ ਨੂੰ ਕੁਚਲ ਦੇਣ ਲਈ ਤਿਆਰ ਹਨ। ਉਨ੍ਹਾਂ ਨੂੰ ਪਤਾ ਹੈ ਕਿ ਜੰਗ ਦੇ ਅਰਥ ਮੌਤ ਵਿਚ ਜਾਂ ਲੂਲ੍ਹੇ-ਲੰਗੜੇ ਹੋਣ ਵਿਚ ਨਿਕਲ ਸਕਦੇ ਹਨ। ਪਰ ਉਹ ਹੁਣ ਉਡੀਕ ਨਹੀਂ ਸਕਦੇ। ਅਮਰੀਕੀ ਸੁਭਾਅ ਉਡੀਕਦੇ ਰਹਿਣ ਦਾ ਨਹੀਂ। ਸਵਾ ਚਾਰ ਲੱਖ ਫ਼ੌਜੀਆਂ ਵਿਚੋਂ ਇਕ ਹਫ਼ਤੇ ਦੀ ਲੜਾਈ ਵਿਚ ਦੋ-ਢਾਈ ਸੌ ਮਾਰੇ ਜਾਣ ਦਾ ਖ਼ਦਸ਼ਾ ਹੈ । ਪਰ ਏਨੀ ਕੁ ਕੁਰਬਾਨੀ ਤਾਂ ਦੇ ਣੀ ਹੀ ਬਣਦੀ ਹੈ …।” ਜਿਵੇਂ ਉਹ ਕਹਿ ਰਿਹਾ ਹੋਵੇ ਕਿ ਅਰਬਾਂ-ਖਰਬਾਂ ਰੁਪਏ ਦੇ ਤੇਲ ਬਦਲੇ ਜੇ ਦੋ-ਢਾਈ ਸੌ ਬੇਨਾਮ (ਅਰਥਾਤ ਗ਼ਰੀਬ) ਅਮਰੀਕੀ ਸੈਨਿਕ ਮਾਰੇ ਵੀ ਜਾਣ ਤਾਂ ਵੀ ਕੀ ਫ਼ਰਕ ਪੈਂਦਾ ਹੈ।
ਅਮਰੀਕੀ ਸੁਭਾਅ ਵਿਚ ਭਾਵੁਕਤਾ ਨਹੀਂ ਹੈ, ਖ਼ਾਸ ਕਰਕੇ ਜਦੋਂ ਉਨ੍ਹਾਂ ਦਾ ਵਾਹ ਗੈਰ-ਅਮਰੀਕਨਾਂ ਨਾਲ ਹੋਵੇ। ਇਹੀ ਕਾਰਨ ਹੈ ਕਿ ਉਹ ਕੁਵੈਤੀਆਂ, ਇਰਾਕੀਆਂ, ਵੀਅਤਨਾਮੀਆਂ ਅਤੇ ਇਸੇ ਤਰ੍ਹਾ ਹੋਰ ਲੋਕਾਂ ਦੇ ਪ੍ਰਵਾਹ ਨਹੀਂ ਕਰਦੇ । ਉਨ੍ਹਾਂ ਲਈ ਇਹ ਲੋਕ ਨਿਰੋਲ ਕੀੜੇ-ਮਕੌੜੇ ਹਨ। ਵੀਅਤਨਾਮ ਵਿਰੁਧ ਚੱਲੀ ਲੰਬੀ ਲੜਾਈ ਦੌਰਾਨ ਜਦੋਂ ਅਮਰੀਕੀ ਪਾਇਲਟ ਸੈਂਕੜਿਆਂ ਦੀ ਗਿਣਤੀ ਵਿਚ ਜਹਾਜ਼ ਲੈ ਕੇ ਵੀਅਤਨਾਮ ਉਤੇ ਬੰਬਾਰੀ ਕਰਨ ਜਾਂਦੇ ਸਨ ਤਾਂ ਉਨ੍ਹਾਂ ਨੂੰ ਜਿਥੇ ਥਾਂ ਮਿਲਦੀ ਸੀ, ਬੰਬ ਸੁੱਟ ਆਉਂਦੇ ਸਨ। ਇਸੇ ਕਾਰਨ ਬਸਤੀਆਂ ਦੀ ਬਸਤੀਆਂ ਥੇਹਾਂ ਵਿਚ ਬਦਲ ਜਾਂਦੀਆਂ ਸਨ। ਦੋ ਸੌ ਜਹਾਜ਼ਾਂ ਵਿਚੋਂ ਪੰਜ ਸੱਤ ਵਾਪਸ ਨਹੀਂ ਆਉਂਦੇ ਸਨ। ਵੀਅਤਨਾਮੀਆਂ ਦੀ ਜੰਗ ਦੀ ਸਮਰੱਥਾ ਉਨ੍ਹਾਂ ਦੇ ਹਥਿਆਰਾਂ ਵਿਚ ਨਹੀਂ ਸੀ, ਜਜ਼ਬੇ ਵਿਚ ਸੀ। ਇਹੀ ਕਾਰਨ ਸੀ ਕਿ ਸਧਾਰਨ ਮਾਰਟਰਾਂ ਨਾਲ ਹਵਾਈ ਜਹਾਜ਼ ਡੇਗ ਲਏ ਜਾਂਦੇ ਸਨ।
ਪਰ ਵਾਪਸ ਪਰਤ ਕੇ ਆਏ ਅਮਰੀਕੀ ਪਾਇਲਟ ਕੀ ਕਰਦੇ ਸਨ ? ਹਰੇਕ ਉਡਾਣ ਮਗਰੋਂ ਉਨ੍ਹਾਂ ਨੂੰ ਤਿੰਨ ਦਿਨਾਂ ਦੀ ਛੁੱਟੀ ਅਤੇ ਡੇਢ ਸੌ ਡਾਲਰ ਐਸ਼ ਕਰਨ ਲਈ ਮਿਲਦੇ ਸਨ। ਇਹ ਤਿੰਨ ਦਿਨ ਅਤੇ ਡੇਢ ਸੌ ਡਾਲਰ ਉਨ੍ਹਾਂ ਦੀ ਐਸ਼-ਇਸ਼ਰਤ ਉਤੇ ਖ਼ਰਚੇ ਜਾਂਦੇ ਸਨ। ਤਿੰਨ ਦਿਨ ਤਕ ਸ਼ਰਾਬ ਅਤੇ ਸ਼ਬਾਬ ਦੀ ਬਹੁਤਾਤ ਰਹਿੰਦੀ ਸੀ। ਥਾਈਲੈਂਡ ਦੀ ਜਿਸ ਧਰਤੀ ਤੋਂ ਉਹ ਉਡਾਣ ਭਰਦੇ ਸਨ, ਉਥੋਂ ਦੀ ਗ਼ਰੀਬ ਜਨਤਾ ਲਈ ਡਾਲਰਾਂ ਦੀ ਇਹ ਕਮਾਈ ਵਰਦਾਨ ਵੀ ਸੀ ਅਤੇ ਸਰਾਪ ਵੀ। ਵਰਦਾਨ ਇਸ ਕਰਕੇ ਕਿ ਇਨ੍ਹਾਂ ਪੈਸਿਆਂ ਨਾਲ ਇਹ ਖ਼ੁਸ਼ਹਾਲ ਹੁੰਦੇ ਸਨ, ਉਨ੍ਹਾਂ ਦੇ ਚੁਲ੍ਹੇ ਬਲਦੇ ਸਨ। ਸਰਾਪ ਇਸ ਕਰਕੇ ਕਿ ਉਨ੍ਹਾਂ ਦੀਆਂ ਧੀਆਂ ਭੈਣਾਂ ਨੂੰ ਵੇਸਵਾਵਾਂ ਵਿਚ ਬਦਲਿਆ ਜਾ ਰਿਹਾ ਸੀ । ਅੱਜ ਅਮਰੀਕਾ ਨੂੰ ਵੀਅਤਨਾਮ ਵਿਚੋਂ ਬਾਹਰ ਨਿਕਲਿਆਂ ਵੀ ਡੇਢ ਦਹਾਕੇ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਪਰ ਥਾਈਲੈਂਡ ਵਿਚ ਕੋਈ ਤਬਦੀਲੀ ਨਹੀਂ ਆਈ। ਉਥੋਂ ਦੀ ਮੁੱਖ ਸਨਅਤ ਹੀ ਵੇਸਵਾਗਮਨੀ ਬਣ ਗਈ ਹੈ। ਹੁਣ ਸਿਰਫ਼ ਅਮਰੀਕਾ ਤੋਂ ਹੀ ਨਹੀਂ, ਹੋਰ ਦੇਸ਼ਾਂ ਤੋਂ ਵੀ ਸੈਲਾਨੀ ਐਸ਼-ਇਸ਼ਰਤ ਲਈ ਉਥੇ ਜਾਂਦੇ ਹਨ।
ਪਰ ਅਸੀਂ ਗੱਲ ਕਰ ਰਹੇ ਸਾਂ ਮੌਤਾਂ ਦੀ ।’ਟਾਇਮ’ ਰਸਾਲੇ ਦੀ ਇਕ ਰਿਪੋਰਟ ਇਰਾਕ ਨਾਲ ਜੰਗ ਦੌਰਾਨ ਮੌਤਾਂ ਦੀ ਸੰਭਾਵਨਾ ਬਾਰੇ ਹੇਠ ਲਿਖੇ ਅਨੁਸਾਰ ਕਹਿੰਦੀ ਹੈ: “ਫ਼ੌਜੀ ਮਾਹਿਰਾਂ ਨੂੰ ਇਸ ਵਿਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਅਤੇ ਇਸ ਦੇ ਇਤਿਹਾਦੀ ਜਿੱਤ ਜਾਣਗੇ। ਪਰ ਸਵਾਲ ਇਹ ਹੈ ਕਿ ਕਿੰਨੀ ਛੇਤੀ ਅਤੇ ਕਿੰਨੀਆਂ ਮੌਤਾਂ ਕਰਵਾ ਕੇ ? ਇਸ ਬਾਰੇ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਪਰ ਮੌਤਾਂ ਬਾਰੇ ਰਤਾ ਕੁ ਕਿਆਸ ਕੀਤਾ ਜਾ ਸਕਦਾ ਹੈ ਅਤੇ ਇਹ ਕਿਆਸ ਬਹੁਤੇ ਤਸੱਲੀਬਖਸ਼ ਨਹੀਂ ਹਨ। ਹਵਾਈ ਸ਼ਕਤੀ ਫ਼ੈਸਲਾਕੁਨ ਹੋ ਸਕਦੀ ਹੈ ਪਰ ਸਿਰਫ਼ ਇਸੇ ਰਾਹੀਂ ਜੰਗ ਨਹੀਂ ਜਿੱਤੀ ਜਾ ਸਕਦੀ। ਕੁਝ ਇਰਾਕੀ ਸਿਪਾਹੀ ਤਾਂ ਡਟ ਕੇ ਲੜਨਗੇ ਅਤੇ ਜਦੋਂ ਕੁਝ ਫ਼ੌਜੀ ਚੰਗੀ ਤਰ੍ਹਾਂ ਮੋਰਚੇ ਪੁੱਟ ਕੇ ਲੜ ਰਹੇ ਹੋਣ ਤਾਂ ਦੂਜੀ ਧਿਰ ਦੀਆਂ ਮੌਤਾਂ ਲਾਜ਼ਮੀ ਹਨ। ਇਸ ਲਈ ਛੋਟੀ ਜਿਹੀ ਲੜਾਈ ਵੀ ਖੂਨੀ ਹੋ ਸਕਦੀ ਹੈ।”
ਇਕ ਬਰਤਾਨਵੀ ਅਧਿਕਾਰੀ ਦਾ ਕਹਿਣਾ ਸੀ,”ਜਦੋਂ ਮੈਦਾਨੀ ਜੰਗ ਸ਼ੁਰੂ ਹੋਈ, ਪਹਿਲੇ ਹੀ ਦਿਨਾਂ ਦੌਰਾਨ ਇਤਿਹਾਦੀ ਫ਼ੌਜਾਂ ਦੇ ਦੋ ਹਜ਼ਾਰ ਸੈਨਿਕ ਮਾਰੇ ਜਾਣਗੇ ਅਤੇ 25000 ਜ਼ਖ਼ਮੀ ਹੋ ਜਾਣਗੇ।”
ਇਕ ਅਮਰੀਕੀ ਵਿਸ਼ਲੇਸ਼ਕ ਐਡਵਰਡ ਲੁਟਵਾਕ ਕਹਿੰਦਾ ਹੈ, “ਜੇ ਹਾਲਤ ਇਤਿਹਾਦੀ ਫ਼ੌਜਾਂ ਦੇ ਹੱਕ ਵਿਚ ਬਹੁਤ ਜ਼ਿਆਦਾ ਵੀ ਰਹਿਣ ਅਤੇ ਜੇ ਇਰਾਕ ਦਾ 95 ਫ਼ੀਸਦੀ ਤੋਪਖਾਨਾ ਤਬਾਹ ਵੀ ਹੋ ਜਾਵੇ ਤਾਂ ਵੀ ਅਮਰੀਕਾ ਦੇ ਕਈ ਹਜ਼ਾਰ ਸੈਨਿਕ ਮਾਰੇ ਜਾਣਗੇ।” ਇਕ ਸੇਵਾ ਮੁਕਤ ਫ਼ੌਜੀ ਕਰਨਲ ਟਰੈਵਰ ਐਨ. ਡੂਪੂਈ ਨੇ ਮੌਤਾਂ ਦੀ ਕਿਆਸਅਰਾਈ ਕਰਨ ਦਾ ਇਕ ਤਰੀਕਾ ਲੱਭਾ ਹੈ। ਇਹ ਤਰੀਕਾ ਕਾਫ਼ੀ ਦਰੁਸਤ ਸਾਬਤ ਹੋਇਆ ਹੈ। ਪਨਾਮਾ ਉਤੇ ਹਮਲੇ ਸਮੇਂ ਉਸ ਨੇ ਅੰਦਾਜ਼ਾ ਲਾਇਆ ਸੀ ਕਿ 26 ਮੌਤਾਂ ਹੋਣਗੀਆਂ। ਐਕਸ਼ਨ ਮਗਰੋਂ ਮ੍ਰਿਤਕਾਂ ਦੀ ਗਿਣਤੀ ਸਿਰਫ਼ 23 ਸੀ। ਇਰਾਕ ਬਾਰੇ ਉਸ ਨੇ ਕਿਆਸ ਲਾਇਆ ਸੀ ਕਿ ਪਹਿਲੇ ਦਸ ਦਿਨਾਂ ਦੌਰਾਨ 1200 ਤੋਂ 3000 ਤਕ ਮੌਤਾਂ ਹੋ ਸਕਦੀਆਂ ਹਨ ਅਤੇ 7000 ਤੋਂ 16000 ਜ਼ਖ਼ਮੀ ਹੋ ਸਕਦੇ ਹਨ।
ਇਸ ਸਾਰੇ ਅੰਦਾਜ਼ੇ ਉਦੋਂ ਲਾਏ ਜਾ ਰਹੇ ਸਨ ਜਦੋਂ ਹਾਲੇ ਲੜਾਈ ਸ਼ੁਰੂ ਨਹੀਂ ਸੀ ਹੋਈ। ਲੜਾਈ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਦੇ ਹਵਾਈ ਹਮਲਿਆਂ ਵਿਚ ਤਿੰਨ ਹਜ਼ਾਰ ਤੋਂ ਵੱਧ ਇਰਾਕੀ ਮਾਰੇ ਜਾ ਚੁੱਕੇ ਹਨ।ਇਨ੍ਹਾਂ ਵਿਚ ਬਹੁਤੇ ਸਿਵਲੀਅਨ ਹਨ। ਇਨ੍ਹਾਂ ਬਾਰੇ ਅਮਰੀਕੀਆਂ ਨੂੰ ਕੋਈ ਚਿੰਤਾ ਨਹੀਂ । ਉਨ੍ਹਾਂ ਦੀ ਵੱਡੀ ਚਿੰਤਾ ਇਸ ਗੱਲ ਦੀ ਹੈ ਕਿ ਅਮਰੀਕੀ ਤੇ ਇਸਰਾਇਲੀ ਨਾ ਮਰਨ । ਇਰਾਕੀਆਂ ਦਾ ਕੀ ਹੈ ? ਪਹਿਲਾਂ ਵੀ ਤਾਂ ਦਸਾਂ ਸਾਲਾਂ ਦੀ ਇਰਾਕ-ਇਰਾਨ ਜੰਗ ਦੌਰਾਨ ਕਿੰਨੇ ਲੋਕ ਮਰ ਚੁੱਕੇ ਹਨ।
ਕਿਸੇ ਭੁਚਾਲ, ਅੱਗ-ਕਾਂਡ, ਰੇਲ ਦੁਰਘਟਨਾ, ਦੰਗੇ-ਫ਼ਸਾਦ ਜਾਂ ਕਿਸੇ ਹੋਰ ਕੁਦਰਤੀ ਆਫ਼ਤ ਵਿਚ ਮਰਨ ਵਾਲੀਆਂ ਦੀ ਗਿਣਤੀ ਹਾਦਸਾ ਵਾਪਰਨ ਤੋਂ ਬਾਅਦ ਕੀਤੀ ਜਾਂਦੀ ਹੈ। ਇਹ ਦੇਖਿਆ ਜਾਂਦਾ ਹੈ ਕਿ ਕਿੰਨੇ ਮਰੇ ਹਨ ਤੇ ਕਿੰਨੇ ਜ਼ਖ਼ਮੀ ਹੋਏ ਹਨ। ਲੋਕ ਵੀ ਏਨੀ ਕੁ ਤਸੱਲੀ ਕਰ ਲੈਂਦੇ ਹਨ ਕਿ ਕੁਦਰਤ ਸਾਹਮਣੇ ਉਨ੍ਹਾਂ ਦੀ ਕੁਝ ਨਹੀਂ ਵੜੀਂਦੀ।
ਪਰ ਇਥੇ ਤਾਂ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੈ ਜਿਹੜੀ ਆਪ ਜੰਗ ਸ਼ੁਰੂ ਕਰਨ ਤੋਂ ਪਹਿਲਾਂ ਮੌਤਾਂ ਗਿਣ ਰਹੀ ਹੈ ਅਤੇ ਕੱਫਣ ਤਿਆਰ ਕਰ ਰਹੀ ਹੈ। ਕਿਸ ਤਰ੍ਹਾਂ ਦੀ ਮਾਨਸਿਕਤਾ ਹੋਵੇਗੀ ਅਜਿਹੇ ਲੋਕਾਂ ਦੀ ? ਪਰ ਸੱਤਾ ਦਾ ਨਸ਼ਾ ਹੀ ਏਨਾ ਹੈ ਕਿ ਹੁਕਮਰਾਨ ਨੂੰ ਆਪਣੇ ਲੋਕਾਂ ਦੇ ਮਰਨ ਦਾ ਵੀ ਓਨਾ ਦੁੱਖ ਨਹੀਂ ਹੁੰਦਾ।
ਅਤੇ ਅਮਰੀਕਾ ਦੇ ਚਾਚਾ ਸੈਮ ਲਈ ਤਾਂ ਮੌਤਾਂ ਦਾ ਹਿਸਾਬ-ਕਿਤਾਬ ਕਰਨਾ ਇਵੇਂ ਹੀ ਜਿਵੇਂ ਕੋਈ ਮੁਰਗੀਆਂ ਦਾ ਹਿਸਾਬ ਕਰ ਰਿਹਾ ਹੋਵੇ। ਉਹ ਮੁਰਗੀਆਂ ਦਾ ਨਹੀਂ ਬੰਦਿਆਂ ਦਾ ਝਟਕਈ ਹੈ।
(25-11-1991)
ਦੋਹਰੇ ਮਿਆਰ-ਦੋਹਰੇ ਮਾਪ ਦੰਡ
‘ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ’ ਦਾ ਮੁਹਾਵਰਾ ਦਸਅਸਲ ਉਨ੍ਹਾਂ ਲੋਕਾਂ ਉਤੇ ਹੀ ਲਾਗੂ ਹੁੰਦਾ ਹੈ ਜਿਹੜੇ ਕਿਸੇ ਨਾ ਕਿਸੇ ਸਮੇਂ, ਕਿਸੇ ਨਾ ਕਿਸੇ ਮਾਮਲੇ ਬਾਰੇ ਆਪਣਾ ਸਟੈਂਡ ਬਦਲ ਲੈਂਦੇ ਹਨ। ਹਰ ਮਨੁੱਖ ਮੁੱਢਲੇ ਤੌਰ ‘ਤੇ ਸਵਾਰਥੀ ਹੈ। ਉਹ ਸਭ ਤੋਂ ਪਹਿਲਾਂ ਆਪਣੇ ਨਿੱਜ ਦਾ, ਫਿਰ ਆਪਣੇ ਪਰਿਵਾਰ ਦਾ ਅਤੇ ਉਸ ਤੋਂ ਬਾਅਦ ਬਾਕੀ ਦੇ ਸੰਸਾਰ ਦਾ ਧਿਆਨ ਰੱਖਦਾ ਹੈ। ਮੁਸੀਬਤ ਦੇ ਸਮੇਂ ਮਾਵਾਂ ਨੇ ਪੁੱਤਾਂ ਨੂੰ ਨਹੀਂ ਸੰਭਾਲਿਆ ਹਾਲਾਂਕਿ ਪੁੱਤਾਂ ਨੂੰ ਹਾਸਲ ਕਰਨ ਲਈ ਪਤਾ ਨਹੀਂ ਉਨ੍ਹਾਂ ਨੇ ਕਿੰਨੇ ਜੱਫ਼ਰ ਜਾਲੇ ਹੋਣਗੇ, ਕਿੰਨੀਆਂ ਮੁਸ਼ਕਲਾਂ ਸਹੀਆਂ ਹੋਣਗੀਆਂ। ਇਹ ਸਵਾਰਥ ਦੀ ਨਿਸ਼ਾਨੀ ਹੈ। ਸਭ ਨਾਲੋਂ ਵੱਧ ਆਪਣੇ ਆਪ ਨੂੰ ਪਿਆਰ ਕਰਨ ਦੀ ਨਿਸ਼ਾਨੀ। ਹਰ ਮਨੁੱਖ ਸ਼ੀਸ਼ੇ ਸਾਹਮਣੇ ਖੜ੍ਹ ਕੇ ਆਪਣੀ ਸੂਰਤ ਨੂੰ ਨਿਹਾਰਦਾ ਹੈ ਅਤੇ ਉਸ ਨੂੰ ਲਗਦਾ ਹੈ ਕਿ ਦੁਨੀਆ ਦਾ ਸਭ ਤੋਂ ਸੁੰਦਰ ਪੁਰਸ਼ ਜਾਂ ਇਸਤਰੀ ਉਹੀ ਹੈ। ਇਹੀ ਦੋਹਰੇ ਮਿਆਰ ਦੀ ਨਿਸ਼ਾਨੀ ਹੈ।ਦੋਹਰੇ ਮਾਪ ਦੰਡਾਂ ਦੀ ਉਦਾਹਰਣ। ਆਪਣੇ ਹੱਕ ਵਿਚ ਜਾਣ ਵਾਲੀਆਂ ਗੱਲਾਂ ਲਈ ਹੋਰ ਅਤੇ ਆਪਣੇ ਵਿਰੋਧ ਵਿਚ ਜਾਣ ਵਾਲੀਆਂ ਗੱਲਾਂ ਲਈ ਹੋਰ।
ਬੰਦਾ ਆਪਣੇ ਬੱਚੇ ਨੂੰ ਕਹਿੰਦਾ ਹੈ, ਸਲਾਹ ਦਿੰਦਾ ਹੈ ਕਿ ਬੇਟਾ ਫਲਾਂ ਗੱਲ ਨਹੀਂ ਕਰਨੀ। ਪਰ ਆਪ ਉਹੀ ਕੁਝ ਕਰਦਾ ਰਿਹਾ ਹੁੰਦਾ ਹੈ ਜਾਂ ਕਰ ਰਿਹਾ ਹੁੰਦਾ ਹੈ । ਬੱਚਾ ਕਿਉਂਕਿ ਬਾਪ ਨਾਲੋਂ ਛੋਟਾ ਹੈ, ਇਸ ਲਈ ਉਸ ਪ੍ਰਤੀ ਵੱਖਰਾ ਮਾਪ ਦੰਡ ਹੈ ਅਤੇ ਆਪਣੇ ਪ੍ਰਤੀ ਵੱਖਰਾ। ਇਹੀ ਕਾਰਨ ਹੈ ਕਿ ਬੱਚੇ ਜਦੋਂ ਆਪਣੇ ਪੈਰਾਂ ਉਤੇ ਖੜ੍ਹੇ ਹੋਣ ਜੋਗੇ ਹੁੰਦੇ ਹਨ ਤਾਂ ਉਡਾਰ ਹੋ ਜਾਂਦੇ ਹਨ ਅਤੇ ਮਾਪਿਆਂ ਤੋਂ ਵਿਹਰ ਜਾਂਦੇ ਹਨ।ਜੇ ਬਾਪ ਦੀ ਸ਼ਖ਼ਸੀਅਤ ਵਿਚ ਸਾਵਾਂਪਣ ਹੋਵੇ ਤਾਂ ਬੱਚਿਆਂ ਵਿਚ ਇਸ ਤਰ੍ਹਾਂ ਦਾ ਵਤੀਰਾ ਨਾ ਹੋਵੇ।
ਸਿਆਸਤ ਦੀ ਗੱਲ ਲਈਏ। ਇਥੇ ਹਰ ਪੈਰ ਉਤੇ ਦੋਹਰੇ ਮਿਆਰ ਵਰਤੇ ਜਾਂਦੇ ਦੇਖੇ ਜਾਣਗੇ। ਕਾਂਗਰਸ (ਆਈ) ਦੀ ਸਰਕਾਰ ਹੋਵੇ ਤਾਂ ਉਸ ਦੇ ਨੇਤਾ ਗੈਰ ਕਾਂਗਰਸੀ ਰਾਜ ਸਰਕਾਰਾਂ ਨੂੰ ਆਨੀਂ ਬਹਾਨੀਂ ਲਾਹ ਦੇਣਗੇ। ਇਸ ਦੇ ਮੁਕਾਬਲੇ ਜੇ ਸਰਕਾਰ ਕਿਸੇ ਗੈਰ ਕਾਂਗਰਸੀ ਪਾਰਟੀ ਦੀ ਬਣ ਗਈ ਤਾਂ ਕਾਂਗਰਸ ਪਾਰਟੀ ਇਸ ਗੱਲ ਉਤੇ ਵਾਵੇਲਾ ਖੜ੍ਹਾ ਕਰੇਗੀ ਕਿ ਰਾਜ ਦੀਆਂ ਸਰਕਾਰਾਂ ਕਿਉਂ ਤੋੜੀਆਂ ਜਾ ਰਹੀਆਂ ਹਨ। ਪੰਡਤ ਜਵਾਹਰ ਲਾਲ ਨਹਿਰੂ ਇਕ ਸੁਲਝੇ ਹੋਏ ਨੀਤੀਵੇਤਾ ਅਤੇ ਸਿਆਸਤਦਾਨ ਸਨ ਜਿਨ੍ਹਾਂ ਦੀ ਜਮਹੂਰੀਅਤ ਵਿਚ ਅਟੁੱਟ ਆਸਥਾ ਸੀ। ਪਰ ਕੇਰਲਾ ਦੀ ਪਹਿਲੀ ਕਮਿਊਨਿਸਟ ਸਰਕਾਰ ਨੂੰ ਜਿਸ ਤਰੀਕੇ ਨਾਲ ਉਨ੍ਹਾਂ ਬਰਖ਼ਾਸਤ ਕੀਤਾ, ਉਸ ਨਾਲ ਉਨ੍ਹਾਂ ਦੇ ਨਾਂ ਉਤੇ ਹਮੇਸ਼ਾ ਧੱਬਾ ਰਹੇਗਾ। ਉਦੋਂ ਤੋਂ ਹੀ ਇਹ ਪਿਰਤ ਚਲੀ ਹੈ ਕਿ ਗੈਰ ਪਾਰਟੀ ਸਰਕਾਰਾਂ ਨੂੰ ਟਿਕਣ ਨਾ ਦਿੱਤਾ ਜਾਵੇ। ਇਹ ਪਿਰਤ ਅੱਜ ਤਕ ਚਾਲੂ ਹੈ।
ਕੇਂਦਰ ਵਿਚ ਰਾਜ ਕਰਨ ਵਾਲੀ ਪਾਰਟੀ ਦੀ ਹੀ ਕਿਸੇ ਰਾਜ ਵਿਚਲੀ ਸਰਕਾਰ ਵਿਚ ਭਾਵੇਂ ਕਿੰਨੇ ਨੁਕਸ ਹੋਣ ਉਸ ਵਿਰੁੱਧ ਕੁਝ ਦਿਖਾਈ ਨਹੀਂ ਦਿੰਦਾ। ਪਰ ਜੇ ਰਾਜ ਵਿਚ ਸਰਕਾਰ ਕਿਸੇ ਹੋਰ ਪਾਰਟੀ ਦੀ ਹੋਵੇ ਤਾਂ ਉਸ ਨੂੰ ‘ਆਟਾ ਗੁੰਨ੍ਹਦੀ ਹਿੱਲਦੀ ਕਿਉਂ” ਦਾ ਬਹਾਨਾ ਬਣਾ ਕੇ ਲਾਹ ਦਿੱਤਾ ਜਾਂਦਾ ਹੈ। ਪੰਜਾਬ ਵਿਚ ਸੰਨ 1986 ਵਿੱਚ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਹੇਠਲੀ ਅਕਾਲੀ ਸਰਕਾਰ ਇਸ ਕਰ ਕੇ ਡੇਗੀ ਗਈ ਕਿ ਅਮਨ ਕਾਨੂੰਨ ਦੀ ਹਾਲਤ ਇਸ ਦੇ ਕਾਬੂ ਵਿਚ ਨਹੀਂ ਸੀ। ਪਰ ਰਾਸ਼ਟਰਪਤੀ ਰਾਜ ਦੇ ਚਾਲ੍ਹੀ ਮਹੀਨਿਆਂ ਦੌਰਾਨ ਹਰ ਰੋਜ਼ ਮਰਨ ਵਾਲੇ ਲੋਕਾਂ ਦੀ ਔਸਤ ਅੱਠਾਂ ਤੋਂ ਚਾਲੀਆਂ ਉਤੇ ਆ ਗਈ ਹੈ ਪਰ ਕੇਂਦਰ ਦੀ ਰਾਏ ਵਿਚ ਇਥੇ ਹੁਣ ਕਿਸੇ ਦਾ ਦੋਸ਼ ਨਹੀਂ ਹੈ ਸਗੋਂ ‘ਵਿਦੇਸ਼ੀ ਏਜੰਟ’ ਘੁਸਪੈਠ ਕਰ ਰਹੇ ਹਨ। ਦੋਹਰੇ ਮਿਆਰ ਹੋਰ ਕਿਸ ਨੂੰ ਕਹਿੰਦੇ ਹਨ?
ਧਰਮ ਬਹੁਤ ਗੁੰਝਲਦਾਰ ਅਤੇ ਖ਼ਤਰਨਾਕ ਬਣਾ ਦਿੱਤਾ ਗਿਆ ਹੈ। ਜਿਸ ਦਾ ਆਧਾਰ ਨਿਮਰਤਾ ਅਤੇ ਸੰਜਮ ਸੀ ਉਸ ਨੂੰ ਹੁਣ ਹੈਂਕੜ ਅਤੇ ਉਲਾਰਪਣ ਨਾਲ ਰਲਗੱਡ ਕਰ ਦਿੱਤਾ ਗਿਆ ਹੈ। ਇਹ ਮੇਰਾ ਧਰਮ ਹੈ ਇਸ ਲਈ ਬਿਹਤਰ ਹੈ। ਇਹ ਤੇਰਾ ਧਰਮ ਹੈ ਇਸ ਲਈ ਇਹ ਬਦਤਰ ਹੈ। ਹਾਲਾਂਕਿ ਧਰਮ ਸਾਰੇ ਹੀ ਬਿਹਤਰ ਤੇ ਵਧੀਆ ਹੁੰਦੇ ਹਨ ਜੇ ਇਨ੍ਹਾਂ ਦੇ ਮੂਲ ਅਸੂਲਾਂ ਦੀ ਸਹੀ ਢੰਗ ਨਾਲ ਪਾਲਣਾ ਕੀਤੀ ਜਾਵੇ। ਪਰ ਧਰਮਾਂ ਦੇ ਠੇਕੇਦਾਰਾਂ ਨੇ ਇਸ ਨੂੰ ਵਪਾਰ ਬਣਾ ਲਿਆ ਹੈ। ਲੋਕਾਂ ਨੂੰ ਧਰਮ ਦੀ ਪਾਲਣਾ ਕਰਨ ਲਈ ਕਹਿਣ ਵਾਲੇ ਲੋਕ ਆਪ ਅਧਰਮ ਤੇ ਕੁਕਰਮ ਕਰਦੇ ਹਨ। ਧਰਮ ਅਸਥਾਨਾਂ ਵਿਚ ਅਬਲਾਵਾਂ ਦੀ ਬੇਪੱਤੀ, ਗੋਲਕਾਂ ਦੀ ਹੇਰਾਫ਼ੇਰੀ, ਧਰਮ ਅਸਥਾਨਾਂ ਉਤੇ ਕਬਜ਼ਿਆਂ ਲਈ ਕੀਤੇ ਜਾਂਦੇ ਕਾਰਨਾਮਿਆਂ, ਰਚੀਆਂ ਜਾਂਦੀਆਂ ਸਾਜ਼ਸ਼ਾਂ ਦੀ ਲੜੀ ਅਮੁੱਕ ਹੈ। ਹਰੇਕ ਧਰਮ ਦੇ ਨੇਤਾਵਾਂ ਨੇ ਆਪਣੇ ਧਰਮ ਲਈ ਹਥਿਆਰ ਚੁੱਕ ਲਏ ਹਨ। ਕੋਈ ਅੱਲਾ ਹੂ ਅਕਬਰ ਦੇ ਨਾਅਰੇ ਲਾ ਰਿਹਾ ਹੈ ਅਤੇ ਕੋਈ ਹਰ ਹਰ ਮਹਾਦੇਵ ਦੇ। ਕਿਸੇ ਨੇ ਬੋਲੇ ਸੋ ਨਿਹਾਲ ਦੇ ਜੰਗੀ ਨਾਅਰੇ ਨੂੰ ਫ਼ਿਰਕੂ ਰੰਗਤ ਦੇ ਦਿੱਤੀ ਹੈ ਅਤੇ ਜ਼ਾਲਮਾਂ ਦੀ ਥਾਂ “ਦੂਸਰੇ ਧਰਮ” ਉਤੇ ਚੜ੍ਹਾਈ ਦਾ ਹਥਿਆਰ ਬਣਾ ਦਿੱਤਾ ਹੈ।
ਜਿਹੜੇ ਲੋਕ ਕੱਲ੍ਹ ਤਕ ਕਹਿੰਦੇ ਸਨ ਕਿ ਅਕਾਲੀ ਦਲ ਵਾਲੇ ਧਰਮ ਅਤੇ ਸਿਆਸਤ ਨੂੰ ਇਕ-ਮਿੱਕ ਕਰਕੇ ਭਾਰਤ ਦੇ ਸੰਵਿਧਾਨ ਦੀ ਉਲੰਘਣਾ ਕਰ ਰਹੇ ਹਨ, ਉਹੀ ਲੋਕ ਹੁਣ ਖ਼ੁਦ ਧਰਮ ਤੇ ਸਿਆਸਤ ਨੂੰ ਆਪਸ ਵਿਚ ਰਲਗੱਡ ਕਰ ਰਹੇ ਹਨ। ਅਜਿਹਾ ਕੀਤਾ ਵੀ ਡੰਕੇ ਦੀ ਚੋਟ ਉਤੇ ਜਾ ਰਿਹਾ ਹੈ। ਜਗਨ ਨਾਥ ਦੇ ਮੰਦਰ ਤੋਂ ਚਲੀ ਭਾਰਤੀ ਜਨਤਾ ਪਾਰਟੀ ਦੀ ਰੱਥ ਯਾਤਰਾ ਦਾ ਨਿਸ਼ਾਨਾ ਅਯੁੱਧਿਆ ਵਿਚ ਮੰਦਰ ਦੀ ਉਸਾਰੀ ਕਰਨਾ ਘੱਟ ਪਰ ਮਸਜਿਦ ਨੂੰ ਮਿਸਮਾਰ ਕਰਨਾ ਵੱਧ ਸੀ। ਜਿਥੇ ਸਿੱਖਾਂ ਵਿਚ ਕਾਰ ਸੇਵਾ ਗੁਰਦੁਆਰਿਆਂ ਦੀ ਉਸਾਰੀ ਲਈ ਹੁੰਦੀ ਹੈ ਉਥੇ ਅਯੁੱਧਿਆ ਵਿਚ ਮਸਜਿਦ ਨੂੰ ਢਾਹੁਣ ਲਈ ਕਾਰ ਸੇਵਾ ਕੀਤੀ ਗਈ। ਭਾਰਤੀ ਜਨਤਾ ਪਾਰਟੀ ਦੇ ਨੇਤਾ ਜਿਸ ਰੱਥ ਉਤੇ ਚੜ੍ਹ ਕੇ ਰਾਮ ਮੰਦਰ ਦੀ ਉਸਾਰੀ ਲਈ ਰਵਾਨਾ ਹੋਏ ਉਸ ਰੱਥ ਦੇ ਸਾਹਮਣੇ ਇਸ ਪਾਰਟੀ ਦਾ ਚੋਣ ਨਿਸ਼ਾਨ ਲੱਗਾ ਹੋਇਆ ਸੀ । ਇਹ ਹੈ ਦੋਗਲੇ ਪਣ ਦੀ ਮਿਸਾਲ।
ਕੋਈ ਹੋਰ ਧਰਮ ਤੇ ਸਿਆਸਤ ਨੂੰ ਰਲਗੱਡ ਕਰੇ ਤਾਂ ਮਾੜੀ ਗੱਲ ਹੈ। ਦੇਸ਼ ਦੇ ਲਈ ਹਾਨੀਕਾਰਕ ਹੈ। ਅਜਿਹਾ ਕਰਨ ਵਾਲਾ ਦੇਸ਼ ਦਾ ਗੱਦਾਰ ਹੈ। ਪਰ ਜੇ ਇਹ ਕਰਨ ਤਾਂ ਇਹ ਠੀਕ ਹੈ। ਦੇਸ਼ ਲਈ ਲਾਭਦਾਇਕ ਹੈ ਅਤੇ ਅਜਿਹਾ ਕਰਨ ਵਾਲੇ ਸੱਚੇ ਸੁੱਚੇ ਦੇਸ਼ਭਗਤ ਹਨ। ਮੁਸਲਮਾਨਾਂ ਦੇ ਮਾਮਲੇ ਵਿਚ ਸ਼ਾਹਬਾਨੋ ਕੇਸ ਵਿਚ ਅਦਾਲਤ ਦੀ ਕਾਰਵਾਈ ਦੀ ਪ੍ਰਵਾਹ ਨਾ ਕੀਤੇ ਜਾਣ ਵਿਰੁੱਧ ਜਿਨ੍ਹਾਂ ਲੋਕਾਂ ਨੇ ਅਦਾਲਤ ਦੀ ਤੌਹੀਨ ਦੀ ਰੌਲੀ ਪਾਈ ਸੀ ਉਹੀ ਲੋਕ ਸ਼ਰ੍ਹੇਆਮ ਕਹਿ ਰਹੇ ਸਨ ਕਿ ਮੰਦਰ ਦੇ ਮਾਮਲੇ ਉਤੇ ਕਿਸੇ ਅਦਾਲਤ ਜਾਂ ਸੰਵਿਧਾਨ ਨੂੰ ਨਹੀਂ ਮੰਨਣਗੇ। ਇਸ ਦਾ ਅਰਥ ਹੈ ਕਿ ਅਦਾਲਤਾਂ ਇਕਨਾਂ ਲਈ ਤਾਂ ਠੀਕ ਹੈ ਪਰ ਦੂਜੇ ਉਨ੍ਹਾਂ ਅਦਾਲਤਾਂ ਦੇ ਉਪਰ ਹਨ। ਜੇ ਗੁਆਂਢੀ ਪੰਚਾਇਤ ਦੀ ਗੱਲ ਨਾ ਮੰਨੇ ਤਾਂ ਉਹ ਬੇਪੀਰਾ ਹੈ ‘ਪਰ ਜੇ ਪੰਚਾਇਤ ਸਾਡੇ ਉਤੇ ਕੋਈ ਗੱਲ ਠੋਸੇਗੀ ਤਾਂ ਅਸੀਂ ਅੱਗੋਂ ਠੁੱਠ ਦਿਖਾ ਦਿਆਂਗੇ ।’ ਸਿਆਸੀ ਗੁੰਡਾਗਰਦੀ ਕਿਸ ਹੱਦ ਤਕ ਪਹੁੰਚ ਗਈ ਹੈ ? ਉਹ ਵੀ ਧਰਮ ਦੀ ਆੜ ਵਿਚ ?
ਇਸ ਵਿਚ ਖਾਲਿਸਤਾਨ ਦੀ ਆੜ ਵਿਚ ਲੜ ਰਹੇ ਖਾੜਕੂ ਅਤੇ ਅਕਾਲੀ ਦਲ ਵਾਲੇ ਵੀ ਬਰੀ ਨਹੀਂ ਹਨ। ਪੁਲੀਸ ਹੱਥੋਂ ਨੌਜਵਾਨ ਝੂਠੇ ਸੱਚ ਮੁਕਾਬਲਿਆਂ ਵਿਚ ਮਰਦੇ ਹਨ ਤਾਂ ਬਹੁਤ ਹਾਏ ਰੱਬਾ ਮਚਦੀ ਹੈ। ਪਰ ਜਦੋਂ ਇਹ ਖਾੜਕੂ ਬਦੇਸੇ ਲੋਕਾਂ ਨੂੰ ਮਾਰਦੇ ਹਨ ਤਾਂ ਕੋਈ ਹਾਅ ਦਾ ਨਾਅਰਾ ਤਕ ਨਹੀਂ ਮਾਰਦਾ। ਇਥੇ ਖੂਨ ਦਾ ਫ਼ਰਕ ਪੈਦਾ ਹੋ ਜਾਂਦਾ ਹੈ। ਖਾੜਕੂਆਂ ਹੱਥੋਂ ਵਹਾਇਆ ਖੂਨ ‘ਗੰਦਾ’ ਹੈ ਪਰ ਪੁਲੀਸ ਹੱਥੋਂ ਵਹਾਇਆ ਖੂਨ ‘ਪਵਿਤਰ’। ਇਸ ਕੈਸਾ ਦੋਹਰਾ ਮਿਆਰ ਹੈ? ਮੁਕਤੀ ਤੇ ਆਜ਼ਾਦੀ ਲਈ ਸੰਘਰਸ਼ ਕਰ ਰਹੇ ਲੋਕ ਜੋ ਸੱਤਾ ਆਸੀਨ ਲੋਕਾਂ ਨੂੰ ਮਾਰਨ ਤਾਂ ਸਮਝ ਆਉਂਦੀ ਹੈ, ਪਰ ਜੋ ਆਮ ਤੇ ਬੇਗਨਾਹ ਲੋਕਾਂ ਨੂੰ ਮਾਰਨ ਤਾਂ ਸਮਝ ਨਹੀਂ ਆਉਂਦੀ। ਪਲੀਸ ਤਾਂ ਹੈ ਹੀ ਸਥਾਪਤੀ ਦਾ ਹਥਿਆਰ। ਸਥਾਪਤੀ ਵਿੱਰਧ ਬਗਾਵਤ ਦੀ ਆਵਾਜ਼ ਉਠਾਉਣ ਵਾਲੇ ਲੋਕਾਂ ਨੂੰ ਕਾਬੂ ਅਤੇ ਖ਼ਤਮ ਕਰਨ ਲਈ ਹੀ ਇਹ ਕਾਇਮ ਕੀਤੀ ਗਈ ਹੈ । ਖਾੜਕੂ ਸਿੰਘ ਇਸ ਮਸ਼ੀਨਰੀ ਲਈ ਕਾਨੂੰਨ ਦੇ ਦੁਸ਼ਮਣ ਹਨ। ਪਰ ਆਮ ਲੋਕ ਖਾੜਕੂਆਂ ਦੀ ਨਜ਼ਰ ਵਿਚ ਕਿਸ ਦੇ ਦੁਸ਼ਮਣ ਹਨ? ਕੀ ਖਾੜਕੂਆਂ ਦੇ ?
ਇਕ ਹੋਰ ਮਿਸਾਲ ਲਵੋ। ਖ਼ੁਰਾਛਾਤੀ ਲੋਕਾਂ ਨੇ ਜਲੰਧਰ ਵਿਚ ਅਤੇ ਦਿੱਲੀ ਵਿਚ ਸੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਬੇਹੁਰਮਤੀ ਕੀਤੀ। ਇਨ੍ਹਾਂ ਨੂੰ ਅੱਗ ਲਾ ਦਿੱਤੀ। ਸਿੱਖ ਨੇਤਾਵਾਂ, ਖਾੜਕੂਆਂ ਅਤੇ ਸ਼ਰਧਾਲੂਆਂ ਦੇ ਸੀਨੇ ਛਲਣੀ ਹੋ ਗਏ। ਇਸ ਕੁਕਰਮ ਵਿਰੁੱਧ ਰੋਹ ਪ੍ਰਗਟ ਕਰਨ ਲਈ ਬੰਦ ਹੋਏ, ਦੰਗੇ ਹੋਏ, ਅੱਗਜ਼ਨੀ ਹੋਈ। ਅਖ਼ਬਾਰਾਂ ਵਿਚ ਹਰ ਛੋਟੇ ਮੋਟੇ ਤੋਂ ਲੈ ਕੇ ਵੱਡੇ ਤੋਂ ਵੱਡੇ ਨੇਤਾ ਨੇ ਹੰਝੂ ਵਹਾਏ। ਉਨ੍ਹਾਂ ਦੀ ਭਾਵਨਾ ਸਮਝ ਆਉਣ ਵਾਲੀ ਹੈ। ਪਰ ਉਸ ਪਾਵਨ ਬੀੜ ਬਾਰੇ ਕਿਸੇ ਨੇ ਗੱਲ ਤਕ ਨਹੀਂ ਕੀਤੀ ਜਿਸ ਵਿਚੋਂ ਦੀ ਖਾੜਕੂ ਸਿੰਘਾਂ ਨੇ ਉਸ ਵੇਲੇ ਤਿੰਨ ਗੋਲੀਆਂ ਲੰਘਾ ਦਿੱਤੀਆਂ ਜਦੋਂ ਉਹ ਸੰਤ ਬਲਵੰਤ ਸਿੰਘ ਨੂੰ ਮਾਰਨ ਗਏ ਸਨ। ਇਹ ਪਾਵਨ ਬੀੜ ਵੀ ਅਪਵਿੱਤਰ ਹੋਈ। ਜਲੰਧਰ ਵਿਚ ਹੋਈ ਘਟਨਾ ਦੇ ਦੋਸ਼ੀ ਪਛਾਣੇ ਨਹੀਂ। ਗਏ। ਪਰ ਬਲਾਚੌਰ ਵਾਲੀ ਘਟਨਾ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਛਲਣੀ ਕਰਨ ਵਾਲੇ ਖਾੜਕੂ ਤਾਂ ਕਿਸੇ ਨਾ ਕਿਸੇ ਪੰਥਕ ਕਮੇਟੀ ਜਾਂ ਕਿਸੇ ਫੋਰਸ ਦੇ ਆਪਣੇ ਬੰਦੇ ਹੋਣਗੇ ? ਇਨ੍ਹਾਂ ਵਿਰੁੱਧ ਕੀ ਕਾਰਵਾਈ ਹੋਵੇਗੀ? ਜਾਂ ਕੀ ਇਸ ਬੀੜ ਦੀ ਪਵਿੱਤਰਤਾ ਕਿਸੇ ਤਰ੍ਹਾਂ ਘੱਟ ਸੀ? ਜੇ ਪਵਿੱਤਰਤਾ ਦੇ ਦੋਹਰੇ ਮਿਆਰ ਹਨ ਤਾਂ ਬਾਕੀ ਗੱਲਾਂ ਬਾਰੇ ਕੀ ਕਰਾਂਗੇ ?
ਇਸ ਤਰ੍ਹਾਂ ਦਾ ਦੋਗਲਾਪਣ, ਇਸ ਤਰ੍ਹਾਂ ਦੇ ਦੋਹਰੇ ਮਿਆਰ, ਇਸ ਤਰ੍ਹਾਂ ਦੇ ਦੋਹਰੇ ਮਾਪ ਦੰਡ ਹਰ ਥਾਂ, ਹਰ ਵਿਅਕਤੀ, ਹਰ ਧਰਮ, ਹਰ ਵਿਚਾਰਧਾਰਾ, ਹਰ ਵਰਗ, ਹਰ ਦੇਸ਼ ਵਿਚ ਹਨ। ਇਸ ਦੋਗਲੇਪਣ ਕਾਰਨ ਹੀ ਇਹ ਸੰਸਾਰ ਏਨਾ ਵਖਰੇਵੇਂ ਭਰਿਆ ਏਨਾ ਸੰਸਿਆਂ ਭਰਿਆ, ਏਨਾ ਈਰਖਾਲੂ, ਝਗੜਾਲੂ, ਅਤੇ ਨਰ-ਭਕਸ਼ੀ ਹੈ। ਇਸ ਨੂੰ ਬਦਲਣ ਲਈ ਕੌਣ ਅੱਗੇ ਆਏਗਾ ਜਦੋਂ ਕਿ ਇਸ ਦੀ ਅਗਵਾਈ ਕਰਨ ਵਾਲੇ ਲੋਕ
ਖ਼ੁਦ ਹੀ ਦੋਗਲੇਪਣ ਦਾ ਸ਼ਿਕਾਰ ਹਨ ? ਨੇਤਾਗਣ ਹੀ ਕਿਉਂ, ਅਸੀਂ ਸਾਰੇ ਵੀ ? (23-11-1990)
ਸੁਪਨਾ ਟੁੱਟੇਗਾ ਤਾਂ ਜਾਗੋਗੇ ?
ਕਦੇ ਕਦੇ ਇਉਂ ਵੀ ਹੁੰਦੈ ਕਿ ਰਾਤ ਨੂੰ ਸੁੱਤੇ ਪਿਆਂ ਅਚਨਚੇਤ ਜਾਗ ਖੁੱਲਦੀ ਹੈ ਅਤੇ ਬੰਦਾ ਅੱਭੜਵਾਹੇ ਉਠਦਾ ਹੈ। ਅੱਖਾਂ ਮਲਣ ਤਕ ਦੀ ਹਿੰਮਤ ਨਹੀਂ ਹੁੰਦੀ । ਉਹ ਦੇਖਣ, ਪਹਿਚਾਨਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਕਿਥੇ ਹੈ,ਕਿਸ ਹਾਲਤ ਵਿਚ ਹੈ ਅਤੇ ਅਚਾਨਕ ਤ੍ਤਕ ਕੇ ਉਠਣ ਦਾ ਕਾਰਨ ਕੀ ਹੈ।ਲਗਦੀ ਵਾਹ ਕੁਝ ਪਲਾਂ ਵਿਚ ਹੀ ਉਸ ਨੂੰ ਚੇਤੇ ਆ ਜਾਂਦਾ ਹੈ ਕਿ ਉਹ ਆਪਣੇ ਹੀ ਘਰ ਵਿਚ ਆਪਣੇ ਹੀ ਮੰਜੇ ਉਤੇ ਪਿਆ ਹੈ।
ਭਕ ਕੇ ਉਠਣ ਦੇ ਕਈ ਕਾਰਨ ਹੋ ਸਕਦੇ ਹਨ। ਹੋ ਸਕਦਾ ਹੈ ਕਿ ਸੌਣ ਵਾਲੇ ਨੇ ਕੋਈ ਡਰਾਉਣਾ ਸੁਪਨਾ ਦੇਖਿਆ ਹੋਵੇ। ਸੰਭਵ ਹੈ ਉਸਦੇ ਸੁਪਨੇ ਵਿਚ ਖੂਨ ਦੀਆਂ ਨਦੀਆਂ ਵਹਿ ਰਹੀਆਂ ਹੋਣ। ਕੁਝ ਲੋਕ ਹਥਿਆਰਾਂ ਨਾਲ ਲੈੱਸ ਹੋ ਕੇ ਦਨਦਨਾਉਂਦੇ ਫਿਰਦੇ ਹੋਣ। ਉਨ੍ਹਾਂ ਦੇ ਹਥਿਆਰਾਂ ਵਿਚ ਡਾਂਗਾਂ, ਛਵੀਆਂ, ਬਰਛੇ, ਗੰਡਾਸੇ, ਕ੍ਰਿਪਾਨਾਂ, ਨੇਜੇ, ਤ੍ਰਿਸ਼ੂਲਾਂ, ਛੁਰੀਆਂ, ਬਰਛੇ, ਬਲਮਾਂ, ਕਿਰਚਾਂ ਵੀ ਹੋ ਸਕਦੀਆਂ ਹਨ ਅਤੇ ਅੱਗ ਉਗਲਣ ਵਾਲੇ ਤਮਚੇ ਵੀ । ਜੇ ਸੌਣ ਵਾਲਾ ਅੱਜ ਕੱਲ੍ਹ ਵਾਪਰ ਰਹੀਆਂ ਘਟਨਾਵਾਂ ਨੂੰ ਵੀ ਆਪਣੇ ਜ਼ਿਹਨ ਵਿਚ ਲੈ ਕੇ ਵਿਚਰਦਾ ਹੋਵੇ ਤਾਂ ਉਸ ਦੇ ਸੁਪਨੇ ਵਿਚਲੇ ਹਮਲਾਵਰਾਂ ਦੇ ਹਥਿਆਰਾਂ ਵਿਚ ਏ. ਕੇ. ਸੰਤਾਲੀਆਂ, ਚੁਹੱਤਰਾਂ, ਚੁਰਾਨਵੀਆਂ, ਐਲ.ਐਮ. ਜੀਆਂ, ਸਿਲੰਡਰ ਗੰਨਾਂ ਵੀ ਹੋ ਸਕਦੀਆਂ ਹਨ ਅਤੇ ਗਰਨੇਡ ਤੇ ਰਾਕਟ ਲਾਂਚਰ ਵੀ।
ਜੇ ਉਸ ਨੇ ਸੱਚਮੁੱਚ ਹੀ ਸੁਪਨਾ ਦੇਖਿਆ ਹੋਵੇਗਾ ਅਤੇ ਉਹ ਵੀ ਬਹੁਤ ਹੀ ਡਰਾਉਣਾ, ਤਾਂ ਇਹ ਵੀ ਜ਼ਰੂਰੀ ਹੈ ਕਿ ਉਸ ਦੇ ਸੁਪਨੇ ਵਿਚ ਮਾਰਨ ਤੇ ਮਰਨ ਵਾਲੀਆਂ ਦੀ ਸ਼ਨਾਖ਼ਤ ਕਰਨੀ ਉਸ ਲਈ ਬਹੁਤ ਮੁਸ਼ਕਲ ਹੋਏਗੀ। ਮਾਰਨ ਵਾਲਿਆਂ ਨੇ ਭਾਵੇਂ ਆਪਣੇ ਚਿਹਰੇ ਢੱਕੇ ਹੋਏ ਹੋਣਗੇ ਫਿਰ ਵੀ ਸੁਪਨਾ ਦੇਖ ਰਿਹਾ ਜਣਾ ਉਨ੍ਹਾਂ ਦੀਆਂ ਸੂਰਤਾਂ ਪਹਿਚਾਣ ਸਕਦਾ ਹੋਵੇਗਾ। ਸੁਪਨਿਆਂ ‘ਚ ਅਕਸਰ ਹੀ ਇਜ ਹੁੰਦਾ ਹੈ। ਸੁਪਨਾ ਦੇਖਣ ਵਾਲਾ ਨਕਾਬਾਂ ਵਾਲੇ ਚਿਹਰੇ ਵੀ ਪਹਿਚਾਣ ਸਕਦਾ ਹੈ । ਇਸ ਦੇ ਨਾਲ ਹੀ ਜਿਹੜੇ ਲੋਕ ਮਰ ਰਹੇ ਹੋਣਗੇ ਉਨ੍ਹਾਂ ਦੇ ਚਿਹਰੇ ਵੀ ਉਸ ਨੂੰ ਸਪਸ਼ਟ ਦਿਸ ਰਹੇ ਹੋਣਗੇ। ਉਸ ਲਈ ਇਹ ਕਹਿ ਸਕਣਾ ਮੁਸ਼ਕਲ ਹੋਏਗਾ ਕਿ ਕੌਣ ਕਿਸ ਨੂੰ ਮਾਰ ਰਿਹਾ ਹੈ। ਉਸ ਲਈ ਇਹ ਸ਼ਨਾਖ਼ਤ ਕਰਨੀ ਵੀ ਔਖੀ ਹੁੰਦੀ ਹੋਏਗੀ ਕਿ ਜਦ ਮਾਰਨ ਅਤੇ ਮਰਨ ਵਾਲਿਆਂ ਦੀਆਂ ਸ਼ਕਲਾਂ ਇਕੋ ਜਿਹੀਆਂ ਹਨ ਤਾਂ ਫਿਰ ਇਕ ਦੂਸਰੇ ਨੂੰ ਕਿਉਂ ਮਾਰ ਰਹੇ ਹਨ ?
ਜੇ ਸੁਪਨਾ ਲੈਣ ਵਾਲਾ ਪੰਜਾਹਾਂ ਦੇ ਦਹਾਕੇ ਨੂੰ ਪਾਰ ਕਰ ਚੁੱਕਾ ਹੋਵੇਗਾ ਤਾਂ ਉਸ ਦੇ ਸੁਪਨੇ ਵਿਚ ਇਕ ਦ੍ਰਿਸ਼ ਉਹ ਵੀ ਆਉਂਦਾ ਹੋਵੇਗਾ ਜਦੋਂ ਉਹ ਹਾਲੇ ਭਰ ਜਵਾਨ ਨਹੀਂ ਹੋਇਆ ਹੋਵੇਗਾ ਪਰ ਜਦੋਂ ਖੂਨ ਦੀਆਂ ਨਦੀਆਂ ਨੇ ਦਰਿਆਵਾਂ ਦੇ ਪਾਣੀਆਂ ਨੂੰ ਲਾਲ ਕਰ ਦਿੱਤਾ ਸੀ । ਸੁਪਨੇ ਦੀ ਇਕ ਤਸਵੀਰ ਵਿਚ ਬਹੁਤ ਸਾਰੇ ਬੇਪਛਾਣ ਲੋਕ ਕਾਫਲੇ ਬੰਨ੍ਹ ਕੇ ਇਕ ਅਜਿਹੀ ਲਕੀਰ ਦੇ ਆਰ-ਪਾਰ ਜਾ ਰਹੇ ਹੋਣਗੇ ਜਿਸ ਲਕੀਰ ਦਾ ਪਹਿਲਾਂ ਕੋਈ ਵਜੂਦ ਨਹੀਂ ਸੀ। ਇਸ ਲਕੀਰ ਦੇ ਆਰ-ਪਾਰ ਜਾਣ ਵਾਲੇ ਵੱਢੇ ਟੁੱਕੇ, ਥੱਕੇ ਅਤੇ ਜਵਾਨ ਔਰਤਾਂ ਨੂੰ ਖੁਹਾ ਚੁੱਕੇ ਲੋਕਾਂ ਨੂੰ ਵੀ ਪਤਾ ਨਹੀਂ ਹੋਣਾ ਕਿ ਇਹ ਲਕੀਰ ਕਿਥੇ ਹੈ ਅਤੇ ਕਿਸ ਨੇ ਵਾਹੀ ਹੈ।
ਗਹਿਰੀ ਨੀਂਦ ਲੈ ਰਹੇ ਇਸ ਜਣੇ ਦੀ ਜਦੋਂ ਅਚਨਚੇਤ ਜਾਗ ਖੁੱਲ੍ਹੀ ਹੋਏਗੀ ਅਤੇ ਉਹ ਤ੍ਰਭਕ ਕੇ ਉਠਿਆ ਹੋਵੇਗਾ ਤਾਂ ਹੋ ਸਕਦਾ ਹੈ ਉਹਦੇ ਸੁਪਨੇ ਵਿਚ ਕਿਸੇ ਨੇ ਉਸੇ ਦੇ ਸੀਨੇ ਵਿਚ ਖੰਜਰ ਖੋਭ ਦਿੱਤਾ ਹੋਵੇ। ਇਹ ਵੀ ਸੰਭਵ ਹੈ ਕਿ ਉਸ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ, ਸਬੰਧੀ, ਜਾਂ ਮਿੱਤਰ ਦੀ ਲੋਥ ਉਸ ਨੇ ਕਿਸੇ ਚੌਰਾਹੇ ਵਿਚ ਪਈ ਦੇਖੀ ਹੋਵੇ। ਕਹਿੰਦੇ ਹਨ ਮਨੁੱਖ ਨੂੰ ਸਭ ਤੋਂ ਵੱਧ ਸਦਮਾ ਉਦੋਂ ਪੁੱਜਦਾ ਹੈ ਜਦੋਂ ਉਸ ਦਾ ਕੋਈ ਬੇਹੱਦ ਨਜ਼ਦੀਕੀ ਸੱਜਣ ਕਿਸੇ ਹਾਦਸੇ ਦਾ ਸ਼ਿਕਾਰ ਹੁੰਦਾ ਹੈ।
ਇਹ ਵੀ ਸੰਭਵ ਹੈ ਕਿ ਉਸ ਦੇ ਸੁਪਨੇ ਵਿਚ ਕੀਰਨੇ ਪਾ ਰਹੀਆਂ ਔਰਤਾਂ ਦਾ ਝੁਰਮਟ ਦਿਖਾਈ ਦਿੱਤਾ ਹੋਵੇ। ਇਨ੍ਹਾਂ ਵਿਚ ਜਵਾਨ ਔਰਤਾਂ ਵੀ ਹੋਣਗੀਆਂ ਅਤੇ ਬੁੱਢੀਆਂ ਵੀ। ਇਨ੍ਹਾਂ ਵਿਚ ਵਿਆਹੀਆਂ ਵੀ ਹੋਣਗੀਆਂ ਅਤੇ ਕੁਆਰੀਆਂ ਵੀ ।ਸੰਭਵ ਹੈ ਕਿ ਇਨ੍ਹਾਂ ਵਿਚੋਂ ਇਕ ਆਪਣੀਆਂ ਚੂੜੀਆਂ ਭੰਨ੍ਹ ਰਹੀ ਹੋਵੇ, ਦੂਜੀ ਆਪਣੀ ਲੀਰੋ ਲੀਰ ਚੁੰਨੀ ਪੈਰਾਂ ਵਿਚ ਰੋਲ ਰਹੀ ਹੋਵੇ। ਇਸ ਵੀ ਸੰਭਵ ਹੈ ਕਿ ਸੁਪਨਾ ਦੇਖਣ ਵਾਲੇ ਨੂੰ ਉਨ੍ਹਾਂ ਕੀਰਨੇ ਪਾ ਰਹੀਆਂ ਔਰਤਾਂ ਵਿਚ ਵਾਲ ਖੋਹ ਰਹੀ ਅਤੇ ਦੁਹੱਥੜੀ ਪਿੱਟ ਰਹੀ ਆਪਣੀ ਮਾਂ ਦਾ ਝਾਉਲਾ ਪਿਆ ਹੋਵੇ ਜਾਂ ਲੀਰੋ ਲੀਰ ਚੁੰਨੀ ਤੋਂ ਬੇਖ਼ਬਰ ਗੁੰਮ ਸੁੰਮ ਹੋਈ ਆਪਣੀ ਭੈਣ ਦਾ ਮੁਹਾਂਦਰਾ ਦਿਸਿਆ ਹੋਵੇ ਅਤੇ ਜਾਂ ਫਿਰ ਲਹੂ-ਲੁਹਾਣ ਵੀਣੀਆਂ ਵਾਲੀ ਆਪਣੀ ਪਤਨੀ ਦੀ ਝਲਕ ਦਿਸੀ ਹੋਵੇ।
ਇਹ ਵੀ ਹੋ ਸਕਦਾ ਹੈ ਕਿ ਦੇਖਣ ਵਾਲਾ ਇਕ ਗਹਿਰੀ ਗੁਫ਼ਾ ਵਿਚ ਨੱਸ ਰਿਹਾ ਹੋਵੇ। ਉਸ ਦੇ ਪੈਰਾਂ ‘ਤੇ ਛਾਲੇ ਪਏ ਹੋਏ ਹੋਣ, ਲੀੜੇ ਲੀਰੋ-ਲੀਰ ਹੋਣ, ਸਰੀਰ ਹੱਫ ਗਿਆ ਹੋਵੇ ਅਤੇ ਉਹ ਫਿਰ ਵੀ ਨੱਸੀ ਜਾ ਰਿਹਾ ਹੋਵੇ ਕਿਉਂਕਿ ਉਸ ਦੇ ਦੁਆਲੇ ਲਾਸ਼ਾਂ ਦੇ ਢੇਰ ਲੱਗੇ ਹੋਣ ਅਤੇ ਉਨ੍ਹਾਂ ਲਾਸ਼ਾਂ ਦੇ ਢੇਰ ਵਿਚੋਂ ਝਾਕਦੇ ਚਿਹਰੇ ਉਸ ਦੇ ਆਪਣੇ ਹੀ ਭਰਾ, ਪਿਤਾ ਜਾਂ ਪੁੱਤਰ ਦੇ ਹੋਣ। ਏਨੀਆਂ ਲਾਸ਼ਾਂ ਨੂੰ ਮਿਧਦਾ ਹੋਇਆ ਉਹ ਨੱਸਦਾ ਜਾਂਦਾ ਹੋਵੇ ਅਤੇ ਅਚਾਨਕ ਉਸ ਦੀ ਨੀਂਦ ਖੁੱਲ੍ਹ ਜਾਵੇ।
ਪਤਾ ਨਹੀਂ ਸੁੱਤਾ ਪਿਆ ਬੰਦਾ ਇਨ੍ਹਾਂ ਵਿਚੋਂ ਜਾਂ ਇਸ ਤਰ੍ਹਾਂ ਦੇ ਹੋਰ ਸੁਪਨਿਆਂ ਵਿਚੋਂ ਕਿਹੜਾ ਸੁਪਨਾ ਦੇਖਦਾ ਹੈ। ਡਰਾਉਣੇ ਸੁਪਨਿਆਂ ਦੀ ਕੋਈ ਕਮੀ ਨਹੀਂ ਹੁੰਦੀ ਅਤੇ ਕੋਈ ਵੀ ਡਰਾਉਣਾ ਸੁਪਨਾ ਦੇਖ ਦੇ ਬੰਦਾ ਭਕ ਕੇ ਉਠ ਪੈਂਦਾ ਹੈ ਜਾਂ ਉਠ ਸਕਦਾ ਹੈ।
ਉਹ ਉੱਠ ਕੇ ਦੇਖਦਾ ਹੈ ਕਿ ਉਸ ਨੇ ਹੁਣੇ ਹੁਣੇ ਜੋ ਕੁਝ ਦੇਖਿਆ ਹੈ, ਉਹ ਅਸਲੀਅਤ ਨਹੀਂ ਸੁਪਨਾ ਸੀ। ਉਹ ਆਪਣੇ ਹੀ ਕਮਰੇ ਵਿਚ ਆਪਣੇ ਮੰਜੇ ਉਤੇ ਪਿਆ ਹੈ। ਉਸ ਦੀ ਪਤਨੀ ਆਰਾਮ ਨਾਲ ਦੁਨੀਆਂ ਤੋਂ ਬੇਖਬਰ ਸੁੱਤੀ ਪਈ ਹੈ। ਉਸ ਦੇ ਬੱਚੇ ਬਾਲਪਣ ਦੇ ਅੰਦਾਜ਼ ਵਿਚ ਘੂਕ ਅਤੇ ਬੇਪਰਵਾਹ ਪਏ ਹਨ। ਉਸ ਨੂੰ ਲਗਦਾ ਹੈ ਕਿ ਉਸ ਦੇ ਦੋਸਤ, ਰਿਸ਼ਤੇਦਾਰ, ਮਾਂ, ਭੈਣ, ਭਰਾ ਆਦਿ ਬਾਰੇ ਉਸ ਨੇ ਕੁਝ ਸਕਿੰਟਾਂ ਪਹਿਲਾਂ ਜੋ ਕੁਝ ਦੇਖਿਆ ਸੀ, ਉਹ ਸੱਚ ਨਹੀਂ ਸੀ । ਜੇ ਕੁਝ ਵਾਪਰਿਆ ਵੀ ਸੀ ਤਾਂ ਉਸ ਨਾਲ ਨਹੀਂ ਸੀ ਵਾਪਰਿਆ। ਇਸ ਲਈ ਉਸ ਨੂੰ ਜਾਗਣ ਦੀ ਲੋੜ ਨਹੀਂ ।
ਇਸ ਲਈ ਉਹ ਇਕ ਨਜ਼ਰ ਆਪਣੇ ਬੱਚਿਆ ਉਤੇ ਮਾਰਦਾ ਹੈ, ਸੁਪਨੇ ਕਾਰਨ ਖ਼ੁਸ਼ਕ ਹੋਏ ਗਲੇ ਨੂੰ ਤਰ ਕਰਨ ਲਈ ਪਾਣੀ ਦਾ ਘੁੱਟ ਪੀਂਦਾ ਹੈ ਅਤੇ ਪਾਸਾ ਲੈ ਕੇ ਸੌ ਜਾਂਦਾ ਹੈ। ਉਸ ਨੇ ਜਾਗਣ ਦੀ ਜ਼ਰੂਰਤ ਹੀ ਨਹੀਂ ਸਮਝੀ। ਉਹ ਜਾਗੇ ਵੀ ਕਿਉਂ ? ਕਿਉਂਕਿ ਉਸ ਦੇ ਘਰ ਤਾਂ ਕੁਝ ਨਹੀਂ ਵਾਪਰਿਆ।
ਸਵੇਰ ਹੁੰਦੇ ਸਾਰ ਉਹ ਜਣਾ ਜਦੋਂ ਸੱਚਮੁਚ ਹੀ ਜਾਗਦਾ ਹੈ ਅਤੇ ਨਿੱਤ ਦੇ ਕੰਮ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਪਤਾ ਲਗਦਾ ਹੈ ਕਿ ਰਾਤ ਨੂੰ ਕੁਝ ਨਾ ਕੁਝ ਵਾਪਰਿਆ ਜ਼ਰੂਰ ਹੈ। ਕੁਝ ਮਾਵਾਂ ਕੇ ਪੁੱਤ ਮਾਰੇ ਗਏ ਹਨ, ਕੁਝ ਭੈਣਾਂ ਦੇ ਭਰਾ ਕਤਲ ਹੋਏ, ਕੁਝ ਔਰਤਾਂ ਦੇ ਕੰਤ ਤੁਰ ਗਏ ਹਨ । ਕਿਸੇ ਬਾਲ ਦਾ ਬਾਪ ਨਹੀਂ ਰਿਹਾ, ਕਿਸੇ ਬਾਪ ਦਾ ਜਵਾਨ ਪੁੱਤਰ ਨਹੀਂ ਰਿਹਾ। ਕੁਝ ਜਵਾਨ ਸਰਕਾਰੀ ਗੋਲੀ ਨਾਲ ਮਰੇ ਹਨ ਅਤੇ ਕੁਝ ਗੈਰ- ਸਰਕਾਰੀ ਗੋਲੀ ਨਾਲ। ਉਹ ਮਨ ਹੀ ਮਨ ਹਿਸਾਬ ਲਾਉਂਦਾ ਹੈ ਕਿ ਕੱਲ੍ਹ ਨਾਲੋਂ ਅੱਜ ਕਿੰਨੇ ਵੱਧ ਜਾਂ ਘੱਟ ਮਰੇ ਹਨ। ਫਿਰ ਉਹ ਦਿਨ ਦੇ ਕੰਮ ਕਾਰ ਕਰਨ ਲਗਦਾ ਹੈ । ਜਾਣੀ ਕਿ ਫਿਰ ਸੌ ਜਾਂਦਾ ਹੈ।
ਉਸ ਲਈ ਸਦਾ ਹੀ ਇਹ ਸੁਪਨਾ ਹੈ। ਅਜਿਹਾ ਸੁਪਨਾ ਜਿਹੜਾ ਭਾਵੇਂ ਹਰ ਰੋਜ਼ ਆਵੇ, ਓਨੀ ਦੇਰ ਤਕ ਇਸ ਦੀ ਪ੍ਰਵਾਹ ਕਰਨ ਦੀ ਜ਼ਰੂਰਤ ਨਹੀਂ ਜਿੰਨੀ ਦੇਰ ਤਕ ਅੱਭੜਵਾਹੇ ਉਠਣ ‘ਤੇ ਉਸ ਦੇ ਅੰਗ ਵੀ ਸਹੀ ਸਲਾਮਤ ਦਿਸਦੇ ਹਨ ਅਤੇ ਉਸ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਵੀ ।
ਸੁਪਨਾ ਤਾਂ ਉਸ ਸ਼ਖ਼ਸ ਦਾ ਰੋਜ਼ ਟੁੱਟਦਾ ਹੈ ਪਰ ਉਹ ਉਸੇ ਵੇਲੇ ਫਿਰ ਸੌ ਜਾਂਦਾ ਹੈ। ਮੈਂ ਕਿਵੇਂ ਉਸ ਸ਼ਖ਼ਸ ਨੂੰ ਕਹਾਂ ਕਿ ਜਦੋਂ ਸੁਪਨਾ ਟੁੱਟਦਾ ਹੈ ਤਾਂ ਸੌ ਜਾਣ ਦੀ ਥਾਂ ਇਕ ਵਾਰੀ ਉਠ ਕੇ ਦੇਖ ਹੀ ਲਵੇ। ਜੇ ਤੁਸੀਂ ਕਹਿ ਸਕਦੇ ਹੋ ਤਾਂ ਕਹੋ। ਪਤਾ ਮੈਂ ਦਸਦਾ ਹਾਂ। ਉਸ ਸ਼ਖ਼ਸ ਦਾ ਨਾਂ ਹੈ ਪੰਜਾਬੀ ਅਤੇ ਪਤਾ ਪੰਜ ਪਾਣੀਆਂ ਦੀ ਧਰਤੀ।
ਉਸ ਨੂੰ ਕਹਿਣਾ ਸੁਪਨੇ ਸਿਰਫ਼ ਆਪਣੇ ਹੀ ਨਹੀਂ ਦੇਖੀਦੇ।
(6-3-1992)
ਕਿਸੇ ਵੀ ਪੱਤਰਕਾਰ ਨਾਲ ਗੱਲ ਕਰੋ, ਉਹ ਇਹੀ ਕਹੇਗਾ ਕਿ ਪੰਜਾਬ ਵਿਚ ਅੱਜ ਕੱਲ੍ਹ ਨਾਮਾਨਿਗਾਰੀ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਇਸ ਦਾ ਕਾਰਨ ਇਹੀ ਹੈ ਕਿ ਜਿਥੇ ਇਕ ਦਹਾਕਾ ਪਹਿਲਾਂ ਤਕ ਧਮਕੀਆਂ ਦੇਣ ਅਤੇ ਤਾੜਨਾਵਾਂ ਕਰਨ ਦਾ ਕੰਮ ਪੱਤਰਕਾਰ ਬਰਾਦਰੀ ਕਰਦੀ ਸੀ ਉਥੇ ਅੱਜ ਕੱਲ੍ਹ ਇਹ “ਜ਼ਿੰਮੇਵਾਰੀ” ਖਾੜਕੂ “ਵੀਰਾਂ” ਨੇ ਲੈ ਲਈ ਹੈ।
ਭਾਰਤ ਹੀ ਨਹੀਂ ਸਗੋਂ ਸਾਰੇ ਸੰਸਾਰ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਵਾਪਰਿਆ ਹੈ ਕਿ ਕਿਸੇ ਰੂਪੋਸ਼ ਲਹਿਰ ਨੇ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਲਈ “ਮੌਜੂਦਾ” ਅਖ਼ਬਾਰਾਂ ਦੀ ਵਰਤੋਂ ਕੀਤੀ ਹੋਵੇ। ਇਸ ਤੋਂ ਪਹਿਲਾਂ ਇਹੀ ਹੁੰਦਾ ਰਿਹਾ ਹੈ ਕਿ ਹਰ ਰੂਪੇਸ਼ ਲਹਿਰ ਆਪਣੇ ਵਿਚਾਰਾਂ ਦੇ ਪ੍ਰਚਾਰ ਲਈ ਆਪਣੇ ਰਸਾਲੇ ਤੇ ਅਖ਼ਬਾਰਾਂ ਛਾਪਣਾ ਸ਼ੁਰੂ ਕਰਦੀ ਰਹੀ ਹੈ ਅਤੇ ਇਹ ਰਸਾਲੇ ਤੇ ਅਖ਼ਬਾਰਾਂ ਕੁਝ ਸਮਾਂ ਬੀਤਣ ਮਗਰੋਂ ਖ਼ਤਮ ਹੋ ਜਾਂਦੇ ਰਹੇ ਹਨ।
ਖਾੜਕੂ ਅੰਦੋਲਨ ਵਲੋਂ ਅਖ਼ਬਾਰਾਂ ਰਾਹੀਂ ਆਪਣੇ ਵਿਚਾਰਾਂ ਦੇ ਪ੍ਰਚਾਰ ਦਾ ਆਗਾਜ਼ ਫਾਂਸੀ ਸਜ਼ਾ ਯਾਫ਼ਤਾ ਸੁੱਖਾ ਅਤੇ ਜਿੰਦਾ ਵਲੋਂ ਲਿਖੇ ਛੱਬੀ ਸਫ਼ਿਆਂ ਦੇ ਲੰਬੇ ਸਿਧਾਂਤਕ ਵਿਚਾਰਾਂ ਵਾਲੇ ਪੱਤਰ ਤੋਂ ਹੋਇਆ। ਇਹ ਪੱਤਰ ਭਾਵੇਂ ਜਿਸ ਕਿਸੇ ਨੇ ਵੀ ਲਿਖਿਆ ਸੀ, ਨਾਂ ਉਪਰੋਕਤ ਦੋਹਾਂ ਵਿਅਕਤੀਆਂ ਦਾ ਹੀ ਦਿੱਤਾ ਗਿਆ ਸੀ। ਜਿਹੜੇ ਹਰਕਾਰਿਆਂ ਨੇ ਇਸ ਪੱਤਰ ਦੀਆਂ ਕਾਪੀਆਂ ਅਖ਼ਬਾਰਾਂ ਦੇ ਦਫ਼ਤਰੀਂ ਅਤੇ ਸੰਪਾਦਕਾਂ ਦੇ ਨਾਂਉਂ ਪਹੁੰਚਾਈਆਂ, ਉਨ੍ਹਾਂ ਪਰਭਾਵ ਇਹ ਦਿੱਤਾ ਕਿ ਜੇ ਇਹ ਪੱਤਰ ਛਾਪਿਆ ਨਾ ਗਿਆ ਤਾਂ “ਸਿੱਟੇ ਗੰਭੀਰ” ਨਿਕਲ ਸਕਦੇ ਹਨ। ਇਸ ਗੰਭੀਰ ਸਿੱਟਿਆਂ ਵਾਲੀ ਧਮਕੀ ਦਾ ਹੀ ਸਿੱਟਾ ਸੀ ਕਿ ਲਗਪਗ ਸਭ ਅਖ਼ਬਾਰਾਂ ਨੇ ਇਸ ਪੱਤਰ ਨੂੰ ਲਗਪਗ “ਹੂਬਹੂ” ਛਾਪ ਦਿੱਤਾ।
ਇਸ ਤੋਂ ਬਾਅਦ ਸਿਲਸਿਲਾ ਸ਼ੁਰੂ ਹੋਇਆ “ਹੂਬਹੂ” ਬਿਆਨ ਛਾਪਣ ਦੀਆਂ ਧਮਕੀਆਂ ਦਾ। ਪੰਜਾਬ ਵਿਚ ਇਸ ਵੇਲੇ ਮੁੱਖ ਤੌਰ ‘ਤੇ ਭਾਵੇਂ ਸੱਤ, ਅੱਠ ਰੂਪੇਸ਼ ਜਥੇਬੰਦੀਆਂ ਹੀ ਕੰਮ ਕਰਦੀਆਂ ਹਨ, ਪਰ ਫੱਟੇ ਤੀਹ ਦੇ ਕਰੀਬ ਜਥੇਬੰਦੀਆਂ ਦੇ ਚਲ ਰਹੇ ਹਨ । ਹਰੇਕ ਜਥੇਬੰਦੀ ਚਾਹੁੰਦੀ ਹੈ ਕਿ ਉਸ ਵਲੋਂ ਭੇਜੇ ਗਏ ਬਿਆਨ ਅਖ਼ਬਾਰਾਂ ਵਿਚ ਹੂਬਹੂ ਛਪਣ। ਇਸ ਲਈ ਆਮ ਕਰਕੇ ਹਰੇਕ ਬਿਆਨ ਦੇ ਹੇਠਾਂ ਇਹ ਸ਼ਬਦ ਆਮ ਲਿਖੇ ਜਾਂਦੇ ਹਨ : “ਪੱਤਰਕਾਰ ਨੂੰ ਇਹ ਤਾੜਨਾ ਕੀਤੀ ਜਾਂਦੀ ਹੈ ਕਿ ਉਹ ਇਸ ਬਿਆਨ ਨੂੰ ਹੂਬਹੂ ਛਾਪੇ। ਕੋਈ ਕੱਟ ਵੱਢ ਨਾ ਕੀਤੀ ਜਾਵੇ। ਨਹੀਂ ਤਾਂ ਸੋਧ ਦਿੱਤਾ ਜਾਵੇਗਾ।”
ਲਗਪਗ ਇਹੋ ਜਿਹੇ ਸ਼ਬਦ ਹੀ ਆਮ ਤੌਰ ‘ਤੇ ਵਰਤੇ ਜਾਂਦੇ ਹਨ। ਪਰ ਕਈ ਵਾਰੀ ਇਸ ਧਮਕੀ ਵਿਚੋਂ ਵੀ ਸ਼ਾਨਦਾਰ ਫ਼ਿਕਰੇ ਨਿਕਲ ਆਉਂਦੇ ਹਨ। ਮਿਸਾਲ ਵਜੋਂ ਇਕ ਖਾੜਕੂ ਨੇ ਬਿਆਨ ਦੇ ਹੇਠਾਂ ਲਿਖਿਆ: “ਪੱਤਰਕਾਰ, ਜੇ ਤੂੰ ਕੱਟ ਵੱਢ ਕਰੇਂਗਾ ਤਾਂ ਅਸੀਂ ਵੀ ਕੱਟ ਵੱਢ ਕਰਾਂਗੇ। ” ਪੜ੍ਹ ਕੇ ਮਨ ਖ਼ੁਸ਼ ਹੋਇਆ। ਜੇ ਇਹ ਸ਼ਖ਼ਸ ਖਾੜਕੂਪੁਣੇ ਦੇ ਰਾਹ ਨਾ ਪੈਂਦਾ ਤਾਂ ਪੰਜਾਬੀ ਦਾ ਚੰਗਾ ਲੇਖਕ ਬਣਦਾ।
ਰੂਪੋਸ਼ ਜਥੇਬੰਦੀਆਂ ਪਾਸ ਅਸੀਮ ਸ਼ਕਤੀ ਹੁੰਦੀ ਹੈ। ਇਹ ਸ਼ਕਤੀ ਹੁੰਦੀ ਹੈ ਆਪਣੇ ਕਾਜ਼ ਲਈ ਮਰ ਮਿਟਣ ਦੀ, ਅਤੇ ਮਰ ਮਿਟਣ ਦੀ ਇੱਛਾ ਤੇ ਸਮਰਥਾ ਸਦਕਾ ਮਾਰ ਸਕਣ ਦੀ। ਜਦੋਂ ਬੰਦਾ ਸਿਰ ਉਤੇ ਕੱਫਨ ਬੰਨ੍ਹ ਕੇ ਤੁਰ ਪਵੇ ਤਾਂ ਉਸ ਲਈ ਮਰਨਾ ਕੋਈ ਵੱਡੀ ਗੱਲ ਨਹੀਂ ਹੁੰਦੀ। ਇਸ ਦੇ ਨਾਲ ਹੀ ਕਿਉਂਕਿ ਹਥਿਆਰਬੰਦ ਸੰਘਰਸ਼ ਦੇ ਰਾਹ ਪੈਣ ਵਾਲੇ ਲੋਕ ਚੜ੍ਹਦੀ ਉਮਰ ਦੇ ਹੁੰਦੇ ਹਨ, ਇਸ ਲਈ ਉਨ੍ਹਾਂ ਪਾਸ ਜੋਸ਼ ਵਧੇਰੇ ਤੇ ਹੋਸ਼ ਘੱਟ ਹੁੰਦਾ ਹੈ। ਇਸੇ ਜੋਸ਼ ਸਦਕਾ ਹੀ ਉਹ ਸੋਚਣ ਲੱਗਦੇ ਹਨ ਕਿ ਉਹ ਹਿੱਕ (ਜਾਂ ਏ. ਕੇ. ਸੰਤਾਲੀ) ਦੇ ਜ਼ੋਰ ਸਭ ਕੁਝ ਕਰਵਾ ਸਕਦੇ ਹਨ, ਇਥੋਂ ਤਕ ਕਿ ਅਖ਼ਬਾਰਾਂ ਤੇ ਅਖ਼ਬਾਰ ਵਾਲਿਆਂ ਦੀਆਂ ਹੁੰਦਾ। ਸਿਰਫ਼ ਇਕੋ ਫ਼ਿਕਰੇ ਨੇ ਹੀ ਇਸ ਧੰਨਵਾਦ ਦਾ ਪੰਜਾਹ ਫੀਸਦੀ ਖੋਹ ਲਿਆ ਤੇ ਜਿਸ ਭਾਵਨਾ ਨਾਲ ਇਹ ਬਿਆਨ ਜਾਰੀ ਕੀਤਾ ਗਿਆ ਸੀ, ਉਹ ਪਤਲੀ ਪੈ ਗਈ।
ਬੜਾ ਅਕਲਮੰਦ ਪੁਰਬ ਹੋਵੇਗਾ ਜਿਸ ਨੇ ਖਾੜਕੂ ਜਥੇਬੰਦੀਆਂ ਲਈ ਅਖ਼ਬਾਰਾਂ ਦੇ ਸੰਪਾਦਕਾਂ ਅਤੇ ਖੇਤਰੀ ਪੱਤਰ ਪ੍ਰੇਰਕਾਂ ਦੇ ਨਾਲ ਸੰਬਧਾਂ ਬਾਰੇ ਇਹ ਹਦਾਇਤਾਂ ਲਿਖੀਆਂ ਹਨ। ਇਸ ਕਿਸਮ ਦਾ ਗੰਭੀਰ ਤੇ ਤੀਖਣ ਗਿਆਨ ਰੱਖਣ ਵਾਲਾ ਸ਼ਖ਼ਸ ਨਿਸਚੇ ਹੀ ਆਪਣੀਆਂ ਅੱਖਾਂ, ਨੱਕ, ਕੰਨ, ਖੁੱਲ੍ਹੇ ਰਖਦਾ ਹੋਵੇਗਾ ਅਤੇ ਉਸ ਨੂੰ ਪਤਾ ਹੋਏਗਾ ਕਿ ਪੰਜਾਬ ਵਿਚ ਛਪਦੀਆਂ ਅਖ਼ਬਾਰਾਂ ਵਿਚ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਖਾੜਕੂ ਵੀਰਾਂ ਕਰਕੇ ਕਿਸ ਤਰ੍ਹਾਂ ਦੇ ਮਾਨਸਿਕ ਸੰਕਟ ਵਿਚੋਂ ਲੰਘਣਾ ਪੈਂਦਾ ਹੈ। ਉਸ ਦੀ ਇਸ ਅਕਲਮੰਦੀ ਲਈ ਉਸ ਦਾ ਸ਼ੁਕਰੀਆ।
ਆਮ ਤੌਰ ‘ਤੇ ਅਖ਼ਬਾਰਾਂ ਵਿਚ ਖਾੜਕੂ ਜਥੇਬੰਦੀਆਂ ਵਲੋਂ ਜਿਸ ਤਰ੍ਹਾਂ ਦੇ ਬਿਆਨ ਭੇਜ ਕੇ ਹੇਠਾਂ ਧਮਕੀ ਲਿਖੀ ਹੁੰਦੀ ਹੈ, ਇਸ ਦੀ ਉਦਾਹਰਣ ਦੇਣ ਦੀ ਜ਼ਰੂਰਤ ਨਹੀਂ। ਜਿਹੜੇ ਪਾਠਕਾਂ ਨੇ 8 ਮਈ ਦਾ ਇਹੀ ਅਖ਼ਬਾਰ ਪੜ੍ਹਿਆ ਹੋਏਗਾ, ਉਨ੍ਹਾਂ ਨੂੰ ਪਤਾ ਹੋਏਗਾ ਕਿ ਕਿਵੇਂ ਕਿਸੇ ਜੀਤੋ ਪ੍ਰੀਤੋ ਨੂੰ ਮਾਰਨ ਦੀ ਜ਼ਿੰਮੇਵਾਰੀ ਸੌ ਡੇਢ ਸੋ ਖਾੜਕੂਆਂ ਵਲੋਂ ਲਈ ਜਾਂਦੀ ਹੈ। 8 ਮਈ ਨੂੰ ਹੀ ਕਿਸੇ ਗੁੰਮਨਾਮ ਸੱਜਣ ਨੇ ਟੈਲੀਫੋਨ ਕਰ ਕੇ ਲੇਖ ਲਿਖਣ ਲਈ ਵਧਾਈ ਦਿੱਤੀ ਸੀ ਅਤੇ ਦਾਅਵਾ ਕੀਤਾ ਸੀ ਕਿ ਇਸ ਨੇ ਖਾੜਕੂ ਸਫ਼ਾਂ ਦੇ ਆਗੂਆਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਮੇਰਾ ਅੰਦਾਜਾ ਹੈ ਕਿ ਉਹ ਗੁੰਮਨਾਮ ਸੱਜਣ ਕਿਸੇ ਖਾੜਕੂ ਜਥੇਬੰਦੀ ਦਾ ਕਾਫ਼ੀ ਮੋਹਰੀ ਰੁਕਨ ਹੋਏਗਾ। ਦੋ ਦਿਨ ਮਗਰੋਂ ਅਕਾਲ ਫੈਡਰਸ਼ਨ ਦੇ ਕਨਵੀਨਰ ਦੀ ਚਿੱਠੀ ਆਈ ਸੀ ਜਿਸ ਵਿਚ ਕਿਹਾ ਗਿਆ ਸੀ: “ਖ਼ਬਰਾਂ ਦੀ ਕਾਂਟ ਛਾਂਟ ਬਾਰੇ ਮਿਲਦੀਆਂ ਧਮਕੀਆਂ ਬਾਰੇ ਤੁਹਾਡਾ ਲੇਖ ਪੜ੍ਹਿਆ। ਧਮਕੀਆਂ ਦੀ ਤੁਸੀਂ ਪਰਵਾਹ ਨਾ ਕਰਿਆ ਕਰੋ। ਅਸੀਂ ਤੁਹਾਡੀ ਮੁਸ਼ਕਲ ਪੂਰੀ ਤਰ੍ਹਾਂ ਸਮਝਦੇ ਹਾਂ। ਇਹ ਧਮਕੀਆਂ ਦਰਅਸਲ ਖਾੜਕੂ ਸਫ਼ਾਂ ਵਿਚ ਆਏ ਨਵੇਂ ਰੰਗਰੂਟਾਂ ਵਲੋਂ ਦਿੱਤੀਆਂ ਜਾਦੀਆਂ ਹਨ।”
ਪੰਥਕ ਕਮੇਟੀ ਦੇ ਡਾ ਸੋਹਣ ਸਿੰਘ, ਭਾਈ ਹਰਮਹਿੰਦਰ ਸਿੰਘ ਸੁਲਤਾਨਵਿੰਡ, ਭਾਈ ਸਤਿੰਦਰਪਾਲ ਸਿੰਘ, ਭਾਈ ਦਲਜੀਤ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਦੇ ਨਾਂ ਹੇਠ ਜਾਰੀ ਕੀਤੇ ਇਕ ਬਿਆਨ ਵਿਚ ਜਿਹੜੀਆਂ ਹਦਾਇਤਾਂ ਖਾੜਕੂ ਜਥੇਬੰਦੀਆਂ ਦੇ ਹੇਠਲੇ ਕਾਰਕੁਨਾਂ ਨੂੰ ਦਿੱਤੀਆਂ ਗਈਆਂ ਹਨ ਉਨ੍ਹਾਂ ਵਿਚ ਕਿਹਾ ਗਿਆ ਹੈ ਕਿ ਨੀਤੀ ਬਿਆਨ ਸਿਰਫ਼ ਪੰਥਕ ਕਮੇਟੀ ਹੀ ਜਾਰੀ ਕਰੇਗੀ। ਬੜੀ ਚੰਗੀ ਗੱਲ ਹੈ। ਵਰਨਾ ਹਰ ਏਰੀਆ ਕਮਾਂਡਰ ” ਬ੍ਰਾਹਮਣਵਾਦੀ ਰੁਝਾਨਾਂ” ਬਾਰੇ ਚਾਰ ਚਾਰ ਸਫ਼ਿਆਂ ਦੇ ਨੀਤੀ ਬਿਆਨ ਆਪਣੇ ਲੈਟਰ ਪੈਡਾਂ ਉਤੇ ਲਿਖ ਕੇ ਭੇਜੀ ਜਾਂਦਾ ਸੀ। ਜਿੰਮੇਵਾਰੀਆਂ ਦੇ ਮਾਮਲੇ ਵਿਚ ਸਿਰਫ਼ ਤਿੰਨ ਨਾਂ ਲਿਖਣ ਦੀ ਹਦਾਇਤ ਕੀਤੀ ਗਈ ਹੈ। ਇਸ ਲਈ ਵੀ ਸ਼ੁਕਰੀਆ, ਕਿਉਂਕਿ ਪਹਿਲਾਂ ਦਰਜਨਾਂ ਨਾਂ ਦੇ ਦਿੱਤੇ ਜਾਂਦੇ ਸਨ ਤੇ ਸਾਰੇ ਛਾਪਣ ਲਈ ਮਜਬੂਰ ਕੀਤਾ ਜਾਂਦਾ ਸੀ ।
ਬਿਆਨ ਕਹਿੰਦਾ ਹੈ: “ਅਕਸਰ ਇਹ ਵੇਖਿਆ ਗਿਆ ਹੈ ਕਿ ਜ਼ਿੰਮੇਵਾਰੀ ਲੈਣ ਜਾਂ ਸ਼ਰਧਾਂਜਲੀ ਅਰਪਿਤ ਕਰਨ ਸਮੇਂ ਖਾੜਕੂ ਜਥੇਬੰਦੀਆਂ ਦੇ ਪ੍ਰੈਸ ਨੋਟਾਂ ਵਿਚ ਜਥੇਬੰਦੀ ਦੇ ਮੁਖੀ ਤੋਂ ਇਲਾਵਾ ਕਈ ਸਿੰਘਾਂ ਦੇ ਨਾਂਵਾਂ ਦੀ ਲੰਮੀ ਕਤਾਰ ਲਿਖੀ ਹੁੰਦੀ ਹੈ। ਇਸ ਤੋਂ ਖਾੜਕੂ ਸੰਘਰਸ਼ ਬਾਰੇ ਇਹ ਪ੍ਰਭਾਵ ਪੈਦਾ ਹੁੰਦਾ ਹੈ ਕਿ ਖਾੜਕੂ ਨੌਜਵਾਨ ਆਪਣੇ ਨਾਂਵਾਂ ਦੀ ਬੇਲੋੜੀ ਪ੍ਰਸਿੱਧੀ ਕਰਕੇ ਆਪਣੀ ਹਉਮੈ ਦੀ ਭੁੱਖ ਦਾ ਇਜ਼ਹਾਰ ਕਰਦੇ ਹਨ। ਸੰਘਰਸ਼ ਵਿਚ ਆਇਆ ਇਹ ਰੁਝਾਨ ਬਹੁਤ ਮਾੜਾ ਹੈ ਅਤੇ ਖਾੜਕੂਆਂ ਦੀਆਂ ਕੁਰਬਾਨੀਆਂ ਦੇ ਸੁੱਚੇ ਜਜ਼ਬੇ ਅੱਗੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ।” ਇਸ ਹਦਾਇਤ ਲਈ ਵੀ ਮਿਹਰਬਾਨੀ ਕਿਉਂਕਿ ਇਸ ਕਿਸਮ ਦੀ ਮੁਸ਼ਕਲ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਅਕਸਰ ਆਉਂਦੀ ਸੀ ਕਿ ਲਿਖੇ ਗਏ ਵੀਹ ਨਾਂਵਾਂ ਵਿਚੋਂ ਕਿਸ ਨੂੰ ਛਾਪਿਆ ਜਾਵੇ ਤੇ ਕਿਸ ਨੂੰ ਨਾ। ਜਿਸ ਖਾੜਕੂ ਵੀਰ ਦਾ ਨਾਂ ਕੱਟਿਆ ਜਾਵੇ ਉਸੇ ਦੇ “ਗੁੱਸੇ ਹੋਣ ਦਾ ਖ਼ਤਰਾ” ਹੁੰਦਾ ਸੀ।
ਇਕ ਹੋਰ ਮੁਸ਼ਕਲ ਸੀ ਹਰੇਕ ਏਰੀਆ ਕਮਾਂਡਰ ਵਲੋਂ ਦਿੱਤੀਆਂ ਜਾਂਦੀਆਂ ਚਿਤਾਵਨੀਆਂ ਬਾਰੇ। ਇਸ ਬਾਰੇ ਪੰਥਕ ਕਮੇਟੀ ਦੀ ਹਦਾਇਤ ਕਹਿੰਦੀ ਹੈ “ਇਹੋ ਜਿਹੇ ਪ੍ਰੈਸ ਨੋਟ ਵੀ ਦੇਖੇ ਗਏ ਹਨ ਜਿਨ੍ਹਾਂ ਵਿਚ ਬੱਸਾਂ ਦੇ ਮਾਲਕਾਂ ਨੂੰ ਧਮਕੀਆਂ, ਆਸ਼ਕਾਂ ਨੂੰ ਤਾੜਨਾ, ਬੱਸਾਂ ਵਿਚ ਗੰਦੇ ਰਿਕਾਰਡ ਵਿਰੁਧ ਚਿਤਾਵਨੀਆਂ, ਕਿਸੇ ਵਿਅਕਤੀ ਦੇ ਆਚਰਨ ਉਤੇ ਦੂਸ਼ਣਬਾਜੀ, ਮੀਟ ਤੇ ਨਾਈਆਂ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਧਮਕੀਆਂ ਧਾਰਮਿਕ ਮਸਲਿਆਂ ਬਾਰੇ ਹੋਛੀ ਕਿਸਮ ਦੀ ਬਿਆਨਬਾਜ਼ੀ, ਪਰਿਵਾਰਕ ਮਮਲਿਆਂ ਵਿਚ ਸਿੱਧੇ ਤੌਰ ‘ਤੇ ਉਲਝ ਕੇ ਤਾੜਨਾ ਦੇਣੀ ਤੇ ਇਹੋ ਜਿਹੇ ਕਈ ਹੋਰ ਮਸਲਿਆਂ ਬਾਰੇ ਬਿਆਨ ਛਪਦੇ ਹਨ।” ਇਸ ਹਦਾਇਤ ਵਿਚ ਅੱਗੇ ਜਾ ਕੇ ਖਾੜਕੂਆਂ ਨੂੰ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਛੋਟੇ ਮਸਲਿਆਂ ਵਿਚ ਨਾ ਉਲਝਣ ਜਿਸ ਕਾਰਨ ਉਹ ਵੱਡੇ ਨਿਸ਼ਾਨੇ ਤੋਂ ਖੁੰਝ ਜਾਂਦੇ ਹਨ।
ਨਿੱਕਾ ਮੂੰਹ ਵੱਡੀ ਗੱਲ ਹੈ। ਪਰ ਹਦਾਇਤਨਾਮਾ ਤਿਆਰ ਕਰਨ ਵਾਲੇ ਨੂੰ ਸ਼ਾਬਾਸ਼ ਦੇਣ ਨੂੰ ਚਿੱਤ ਕਰਦਾ ਹੈ। ਕਿੰਨਾ ਵਧੀਆ ਵਿਸ਼ਲੇਸ਼ਣ ਕੀਤਾ ਹੈ ਸਮੁੱਚੀ ਸਥਿਤੀ ਦਾ । ਇਹ ਮਾਮਲਾ ਵੀ ਮੈਂ ਅੱਠ ਮਈ ਵਾਲੇ ਲੇਖ ਵਿਚ ਉਠਾਇਆ ਸੀ । ਮੈਂ ਇਹ ਵੀ ਲਿਖਿਆ ਸੀ ਕਿ ਏਸ ਤਰ੍ਹਾਂ ਕਰਨ ਨਾਲ ਖਾੜਕੂ ਆਪਣੇ ਅਸਲ ਨਿਸ਼ਾਨੇ ਤੋਂ ਲਾਂਭੇ ਚਲੇ ਜਾਂਦੇ ਹਨ।
ਜੇ ਪਾਠਕਾਂ ਨੂੰ ਮੇਰੇ ਲੇਖ ਅਤੇ ਪੰਥਕ ਕਮੇਟੀ ਦੇ ਬਿਆਨ ਵਿਚ ਏਨਾ ਕੁਝ ਸਾਂਝਾ ਲਗਦਾ ਹੈ ਤਾਂ ਕਿਤੇ ਇਹ ਸ਼ੱਕ ਨਾ ਕਰਨ ਲੱਗ ਪੈਣ ਕਿ ਇਹ ਬਿਆਨ ਵੀ ਮੈਂ ਹੀ ਲਿਖਿਆ/ਲਿਖਵਾਇਆ ਹੈ। ਜੀ ਨਹੀਂ, ਮੇਰੇ ਏਨੇ ਸੁਭਾਗ ਨਹੀਂ ਹਨ ਹਾਲਾਂਕਿ ਜਿਸ ਤਰ੍ਹਾਂ ਦੀਆਂ ਹਦਾਇਤਾਂ ਹਨ ਤੇ ਜਿਨ੍ਹਾਂ ਸ਼ਬਦਾਂ ਵਿਚ ਇਹ ਦਿੱਤੀਆਂ ਗਈਆਂ ਹਨ ਉਨ੍ਹਾਂ ਨੂੰ ਦੇਖ ਕੇ ਲਾਲਚ ਹੁੰਦਾ ਹੈ ਕਿ ਇਸ ਦੀ ਜ਼ਿੰਮੇਵਾਰੀ ਲੈ ਹੀ ਲਵਾਂ। ਪਰ ਝੂਠੀ ਜ਼ਿੰਮੇਵਾਰੀ ਲੈਣਾ ਠੀਕ ਨਹੀਂ। ਕਿਸੇ ਦਾ ਹੱਕ ਮਰਦਾ ਹੈ। ਏਨਾ ਕੁ ਮਾਣ ਤਾਂ ਹਾਸਲ ਕਰ ਹੀ ਸਕਦਾ ਹਾਂ ਕਿ ਪੰਥਕ ਕਮੇਟੀ ਨੂੰ ਇਹ ਹਦਾਇਤਾਂ ਜਾਰੀ ਕਰਨ ਲਈ ਆਧਾਰ ਦਾਸ ਵਲੋਂ ਉਠਾਏ ਗਏ ਨੁਕਤਿਆਂ ਰਾਹੀਂ ਹੀ ਮਿਲਿਆ ਹੋਵੇਗਾ।
ਫਿਰ ਵੀ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹਨ ਜਿਨ੍ਹਾਂ ਉਤੇ ਕਿੰਤੂ ਕੀਤਾ ਜਾ ਸਕਦਾ ਹੈ। ਪਹਿਲੀ ਗੱਲ ਤਾਂ ਇਹੀ ਹੈ ਕਿ ਹਦਾਇਤਾਂ ਜਾਰੀ ਕੀਤਿਆਂ ਕਰੀਬ ਦੋ ਹਫ਼ਤੇ ਹੋ ਗਏ ਹਨ ਪਰ ਹਾਲੇ ਤਕ ਇਨ੍ਹਾਂ ਉਤੇ ਪੂਰੀ ਤਰ੍ਹਾਂ ਅਮਲ ਹੋਣਾ ਸ਼ੁਰੂ ਨਹੀਂ ਹੋਇਆ। ਹਾਲੇ ਵੀ ਲੋਕਾਂ ਦੇ ਨਾਂ ਲੈ ਕੇ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਹਾਲੇ ਵੀ ਸ਼ਰਧਾਂਜਲੀਆਂ ਵਿਚ ਦਰਜਨਾਂ ਨਾਂ ਹੁੰਦੇ ਹਨ। ਜਥੇਬੰਦੀਆਂ ਇਕ ਦੂਸਰੇ ਨਾਲ ਸੰਪਰਕ ਲਈ ਅਖ਼ਬਾਰਾਂ ਦੀ ਵਰਤੋਂ ਕਰਨਾ ਜਾਰੀ ਰੱਖ ਰਹੀਆਂ ਹਨ। ‘ਫਲਾਂ ਬੰਦੇ ਦਾ ਨੁਕਸਾਨ ਨਾ ਕੀਤਾ ਜਾਵੇ’ ਵਰਗੇ ਬਿਆਨਾਂ ਤੋਂ ਜਥੇਬੰਦੀਆਂ ਦੇ ਆਪਸੀ ਤਾਲਮੇਲ ਦੀ ਕਮੀ ਰੜਕਦੀ ਹੈ।
ਇਹ ਸਾਰਾ ਕੁਝ ਵੀ ਸੁਧਰ ਸਕਦਾ ਹੈ। ਜਿਵੇਂ ਪੰਥਕ ਕਮੇਟੀ ਨੇ ਉਪਰੋਕਤ ਹਦਾਇਤਾਂ ਜਾਰੀ ਕੀਤੀਆਂ ਹਨ, ਉਵੇਂ ਹੀ ਹੋਰ ਵੀ ਜਾਰੀ ਕਰ ਸਕਦੀ ਹੈ। ਪਰ ਨਾਲ ਹੀ ਇਨ੍ਹਾਂ ਨੂੰ ਲਾਗੂ ਕਰਵਾਉਣ ਲਈ ਵੀ ਕਦਮ ਚੁੱਕੇ ਜਾਣ ਤਾਂ ਹੀ ਲਾਭ ਹੋ ਸਕਦਾ ਹੈ। ਵਰਨਾ ਇਹ ਸਰਕਾਰੀ ਹੁਕਮਾਂ ਵਰਗੀਆਂ ਬਣ ਕੇ ਰਹਿ ਜਾਣਗੀਆਂ।
ਅਤੇ ਅਖ਼ੀਰ ਵਿਚ ਉਸ ਫ਼ਿਕਰੇ ਦੀ ਗੱਲ ਕਰੀਏ ਜਿਸ ਨੇ ਕਮੇਟੀ ਦੇ ਬਿਆਨ ਦੀ ਅੱਧੀ ਆਭਾ ਖੋਹ ਲਈ ਹੈ। ਇਹ ਫ਼ਿਕਰਾ ਹੈ: “ਸਭ ਅਖ਼ਬਾਰਾਂ ਦੇ ਸੰਪਾਦਕਾਂ, ਰਿਪੋਰਟਰਾਂ ਅਤੇ ਹੋਰ ਸਬੰਧਤ ਅਮਲੇ ਨੂੰ ਅਪੀਲ ਕੀਤੀ ਗਈ ਹੈ ਕਿ ਪੰਥਕ ਕਮੇਟੀ ਦੀ ਉਪਰੋਕਤ ਨੀਤੀ ਅਤੇ ਹਦਾਇਤ ਤੋਂ ਬਾਹਰ ਜੇਕਰ ਪੰਥਕ ਕਮੇਟੀ ਦੇ ਅਧੀਨ ਕੰਮ ਕਰਦੀਆਂ ਖਾੜਕੂ ਜਥੇਬੰਦੀਆਂ ਦਾ ਕੋਈ ਬਿਆਨ ਆਉਂਦਾ ਹੈ ਤਾਂ ਉਹ ਛਾਪਣ ਤੋਂ ਇਨਕਾਰ ਕਰ ਦਿੱਤਾ ਜਾਵੇ। ਜੇਕਰ ਪੰਥਕ ਕਮੇਟੀ ਦਾ ਕੋਈ ਨੀਤੀ ਬਿਆਨ ਆਪਣੀ ਪੂਰੀ ਭਾਵਨਾ ਵਿਚ ਨਹੀਂ ਛਪਦਾ ਜਾਂ ਜਾਣ ਬੁੱਝ ਕੇ ਤੋੜਿਆ ਮਰੋੜਿਆ ਜਾਂਦਾ ਹੈ ਜਾਂ ਇਸ ਦੇ ਕੋਡ ਆਡ ਕੰਡਕਟ ਦੀ ਉਲੰਘਣਾ ਕਰਦਾ ਹੈ ਤਾਂ ਖਾੜਕੂ ਜਥੇਬੰਦੀਆਂ ਦੇ ਜਰਨੈਲ ਢੁਕਵੀਂ ਕਾਰਵਾਈ ਕਰਨ ਲਈ ਮਜਬੂਰ ਹੋਣਗੇ।”
ਬਾਬਿਓ, ਪ੍ਰੈਸ ਦੀ ਆਜ਼ਾਦੀ ਦੀ ਗੱਲ ਕਰਦੇ ਕਰਦੇ ਅਤੇ ਪੱਤਰਕਾਰਾਂ ਦੀਆਂ ਮੁਸ਼ਕਲਾਂ ਦਾ ਅਹਿਸਾਸ ਕਰਦੇ ਕਰਦੇ ਤੁਸੀਂ ਧਮਕੀਆਂ ਉੱਤੇ ਉਤਰ ਆਏ। ਆਪਣੀਆਂ ਸਫ਼ਾਂ ਨੂੰ ਤਾਂ ਕਹਿੰਦੇ ਹੈ ਕਿ ਧਮਕੀਆਂ ਨਾ ਦਿਓ, ਪਰ ਆਪ ‘ਢੁਕਵੀਂ ਕਾਰਵਾਈ’ ਦੀ ਤਲਵਾਰ ਸਿਰਾਂ ਉਤੇ ਲਟਕਾ ਦਿੰਦੇ ਹੋ। ਇਹ ਤਾਂ ਸਰਾਸਰ ਨਾਇਨਸਾਫ਼ੀ ਹੈ, ਜਬਰ ਹੈ, ਜ਼ੁਲਮ ਹੈ।
ਸਿਰਫ਼ ਇਕ ਫਿਕਰੇ ਨਾਲ ਤੁਸੀਂ ਸਾਰਾ ਕੰਮ ਖ਼ਰਾਬ ਕਰ ਦਿੱਤਾ। ਹੁਣ ਤਾਂ ਜੇ ਇਹ ਬਿਆਨ ਮੈਂ ਆਪ ਵੀ ਲਿਖਿਆ ਹੋਵੇ ਤਾਂ ਇਸ ਨੂੰ ਪਰਵਾਨ ਕਰਨ ਤੋਂ ਇਨਕਾਰ ਕਰ ਦੇਵਾਂਗਾ।
(31.7.1992)
ਆਓ ਅਲਮਾਰੀਆਂ ਖੋਲ੍ਹੀਏ
ਅਲਮਾਰੀਆਂ ਬੜੀਆਂ ਕੰਮ ਦੀਆਂ ਚੀਜ਼ਾਂ ਹਨ। ਇਨ੍ਹਾਂ ਦੀਆਂ ਸ਼ੈਲਫਾਂ ਵਿਚ ਬਹੁਤ ਸਾਰੀਆਂ ਚੀਜ਼ਾਂ ਰੱਖੀਆਂ ਜਾ ਸਕਦੀਆਂ ਹਨ ਜਿਨ੍ਹਾਂ ਨੂੰ ਅਲਮਾਰੀ ਦੇ ਪੱਲੜੇ ਬੰਦ ਕਰਕੇ ਦੁਨੀਆ ਹੀ ਨਹੀਂ ਆਪਣੀਆਂ ਨਜ਼ਰਾਂ ਤੋਂ ਵੀ ਓਹਲੇ ਰੱਖਿਆ ਜਾ ਸਕਦਾ ਹੈ। ਅਲਮਾਰੀਆਂ ਉਨ੍ਹਾਂ ਬੇਅਰਥ ਜਾਂ ਅਰਥ ਭਰਪੂਰ ਵਸਤਾਂ ਨੂੰ ਸੰਭਾਲ ਕੇ ਰਖਣ ਲਈ ਹੁੰਦੀਆਂ ਹਨ ਜਿਨ੍ਹਾਂ ਦੀ ਸਾਨੂੰ ਹਾਲ ਦੀ ਘੜੀ ਲੋੜ ਨਹੀਂ।
ਮਨੁੱਖ ਬਹੁਤ ਸਾਰੀਆਂ ਚੀਜ਼ਾਂ, ਕੂੜ ਕਬਾੜ, ਜੁੱਤੀਆਂ, ਲੀਰਾਂ, ਪਰਾਂਦੇ,ਟੁੱਟੇ ਹੋਏ ਬਰਤਨ, ਮੇਖਾਂ, ਕਿੱਲਾਂ, ਪੁਰਾਣੇ ਖਿਡੌਣੇ, ਕੁਰਸੀਆਂ, ਮੂੜ੍ਹੇ, ਪੈਕਿੰਗ ਵਾਲੇ ਗੱਤੇ ਦੇ ਡੱਬੇ ਅਤੇ ਹੋਰ ਨਿੱਕ-ਸੁੱਕ ਇਸ ਆਸ ਨਾਲ ਸਾਂਭ ਰਖੱਦਾ ਹੈ ਕਿ ਪਤਾ ਨਹੀਂ ਕਿਹੜੇ ਵੇਲੇ ਇਨ੍ਹਾਂ ਵਿਚੋਂ ਕਿਸੇ ਦੀ ਜ਼ਰੂਰਤ ਪੈ ਜਾਵੇ। ਜੇ ਇਹ ਸਾਰਾ ਸਾਮਾਨ ਘਰ ਵਿਚ ਆਵਾ ਗੌਣ ਪਿਆ ਰਹੇ ਤਾਂ ਸਾਰਾ ਘਰ ਹੀ ਕਬਾੜੀ ਦਾ ਘਰ ਲੱਗੇ। ਇਥੇ ਅਲਮਾਰੀਆਂ ਕੰਮ ਆਉਂਦੀਆਂ ਹਨ। ਕਹਿੰਦੇ ਹਨ ਕਿ ਜਿਸ ਘਰ ਵਿਚ ਜਿੰਨੀਆਂ ਵੱਧ ਅਲਮਾਰੀਆਂ ਹੋਣਗੀਆਂ, ਓਨਾ ਵਧੇਰੇ ਹੀ ਕਬਾੜ ਦਾ ਮਾਲ ਹੋਵੇਗਾ।
ਪਰ ਅਲਮਾਰੀਆਂ ਸਿਰਫ਼ ਕੂੜੇ ਕਬਾੜ ਦੇ ਹੀ ਕੰਮ ਨਹੀਂ ਆਉਂਦੀਆਂ, ਇਨ੍ਹਾਂ ਵਿਚ ਜ਼ਰੂਰੀ ਕੀਮਤੀ ਚੀਜ਼ਾਂ ਵਸਤਾਂ ਵੀ ਸਾਂਭੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਵਰਤੋਂ ਖ਼ਾਸ ਖ਼ਾਸ ਦਿਨਾਂ ਉਤੇ ਕੀਤੀ ਜਾਂਦੀ ਹੈ। ਜਰੀ ਜਾਂ ਸਿਲਕ ਦੀਆਂ ਸਾੜੀਆਂ, ਸੋਨੇ ਦੇ ਗਹਿਣੇ, ਗੋਟੇ ਕਿਨਾਰੀ ਵਾਲੀਆਂ ਚੁੰਨੀਆਂ, ਦਿਨ ਤਿਉਹਾਰਾਂ ਲਈ ਬਣਾਏ ਕੁਰਤੇ ਕਮੀਜ਼ਾਂ, ਨਿੱਤ ਵਰਤੋਂ ਵਿਚ ਨਾ ਆ ਸਕਣ ਵਾਲੀਆਂ ਟਾਈਆਂ ਅਤੇ ਇਸ ਤਰ੍ਹਾਂ ਦਾ ਹੀ ਹੋਰ ਸਾਮਾਨ।
ਇਨ੍ਹਾਂ ਅਲਮਾਰੀਆਂ ਨੂੰ ਅਸੀਂ ਦੇਖ ਸਕਦੇ ਹਾਂ। ਇਸ ਸਾਡੇ ਸਾਹਮਣੇ ਹੁੰਦੀਆਂ ਹਨ। ਪਰ ਕਈ ਅਲਮਾਰੀਆਂ ਅਜਿਹੀਆਂ ਵੀ ਹਨ ਜਿਹੜੀਆਂ ਦਿਖਾਈ ਨਹੀਂ ਦਿੰਦੀਆਂ। ਇਨ੍ਹਾਂ ਨੂੰ ਗੁਪਤ ਜਾਂ ਨਿਰਆਕਾਰ ਅਲਮਾਰੀਆਂ ਕਿਹਾ ਜਾ ਸਕਦਾ ਹੈ । ਇਹ ਅਲਮਾਰੀਆਂ “ਸਹੂਲਤ ਦੀਆਂ ਅਲਮਾਰੀਆਂ” ਹਨ ਜਿਨ੍ਹਾਂ ਵਿਚ ਉਹ ਵਿਚਾਰ ਅਤੇ ਮਸਲੇ ਲੁਕੋਏ ਜਾ ਸਕਦੇ ਹਨ ਤੇ ਲੁਕੋਏ ਜਾਂਦੇ ਹਨ ਜਿਨ੍ਹਾਂ ਦੀ ਹਾਲ ਦੀ ਘੜੀ ਜ਼ਰੂਰਤ ਨਹੀਂ ਹੁੰਦੀ। ਇਹ ਵਿਚਾਰ ਅਤੇ ਮਸਲੇ ਇਨ੍ਹਾਂ ਅਲਮਾਰੀਆਂ ਵਿਚ ਸਾਂਭੇ ਪਏ ਹਨ। ਜਦੋਂ ਸਹੂਲਤ ਹੋਵੇਗੀ ਤਾਂ ਕੱਢ ਲਵਾਂਗੇ। ਜੇ ਜ਼ਰੂਰਤ ਹੋਈ ਚੰਗੇ ਵਿਚਾਰ ਜਾਂ ਮਸਲੇ ਦੀ ਤਾਂ ਉਸ ਨੂੰ ਆਪਣੇ ਹੱਕ ਵਿਚ ਵਰਤਾਂਗੇ। ਜੇ ਲੋੜ ਹੋਈ ਵਿਰੋਧੀ ਨੂੰ ਠਿੱਬੀ ਲਾਉਣ ਦੀ ਤਾਂ ਕਿਸੇ ਟੁੱਟੀ ਜੁੱਤੀ ਵਰਗਾ ਵਿਚਾਰ ਕੱਢ ਕੇ ਉਸ ਨੂੰ ਤੋਪੇ ਲੁਆ ਕੇ ਦੁਸ਼ਮਨ ਵਿਰੁੱਧ ਵਰਤਾਂਗੇ।
ਸ਼ੇਰ ਅਤੇ ਲੇਲੇ ਵਾਲੀ ਕਹਾਣੀ ਤੁਸੀਂ ਜ਼ਰੂਰ ਸੁਣੀ ਹੋਵੇਗੀ। ਇਸ ਵਿਚ ਸ਼ੇਰ ਨੇ ਲੇਲੇ ਨੂੰ ਖਾਣ ਲਈ ਉਸ ਉਤੇ ਗਾਲ੍ਹਾਂ ਕੱਢਣ ਦਾ ਦੋਸ਼ ਲਾਇਆ ਸੀ। ਇਸ ਵਿਚਾਰ ਨੂੰ ਅਸੀ ਅਲਮਾਰੀ ਵਿਚ ਸਾਂਭ ਲਿਆ ਹੈ। ਜਦੋਂ ਲੋੜ ਹੁੰਦੀ ਹੈ ਤਾਂ ਵਰਤ ਲਿਆ ਜਾਂਦਾ ਹੈ। ਚੋਣਾਂ ਦਾ ਮੌਕਾ ਹੋਵੇ ਤਾਂ ਇਕ ਧਿਰ ਆਨੰਦਪੁਰ ਦੇ ‘ਵੱਖਵਾਦੀ’ ਮਤੇ ਨੂੰ ਆਪਣੀ ਅਲਮਾਰੀ ਵਿਚੋਂ ਕੱਢ ਕੇ ਝਾੜ ਪੂੰਝ ਕੇ ਲਿਸ਼ਕਾ ਲੈਂਦੀ ਹੈ। ਦੂਸਰੀ ਧਿਰ ਨੂੰ ਰਾਮ ਮੰਦਰ ਰਾਸ ਆਇਆ ਹੋਇਆ ਹੈ। ਸਰਕਾਰ ਨਹੀਂ ਬਣੀ ਤਾਂ ਇਹ ਮਾਮਲਾ ਅਲਮਾਰੀ ਵਿਚੋਂ ਬਾਹਰ। ਜੇ ਬਣ ਗਈ ਤਾਂ ਫਿਰ ਅਲਮਾਰੀ ਦੇ ਅੰਦਰ। ਸਾਲਾਂ ਤਕ ਮੰਡਲ ਕਮਿਸ਼ਨ ਦੀ ਰਿਪੋਰਟ ਕਬਾੜ ਵਿਚ ਪਈ ਰਹੀ। ਗੱਦੀ ਬਚਾਉਣ ਦੀ ਲੋੜ ਪਈ ਤਾਂ ਬਾਹਰ ਕੱਢ ਲਈ।
ਮਨਾਂ ਦੀਆਂ ਅਲਮਾਰੀਆਂ ਤਾਂ ਇਸ ਤੋਂ ਵੀ ਡੂੰਘੀਆਂ ਹਨ। ਇਨ੍ਹਾਂ ਵਿਚ ਬਹੁਤ ਕੁਝ ਚੰਗਾ ਅਤੇ ਮੰਦਾ,ਦੋਵੇਂ ਕਿਸਮ ਦਾ ਭਰਿਆ ਪਿਆ ਹੈ। ਬਚਪਨ ਦੀਆਂ ਯਾਦਾਂ,ਦੋਸਤਾਂ ਦੇ ਭੇਦ,ਮਿੱਤਰਾਂ ਦੇ ਅਹਿਸਾਨ, ਦੁਸ਼ਮਣੀਆਂ ਦੇ ਖ਼ਜਰ, ਜਵਾਨੀ ਦੇ ਸੁਪਨੇ, ਉਡਾਰੀਆਂ ਦੀ ਕਲਪਨਾ, ਦੁਨੀਆ ਭਰ ਦੀ ਖ਼ੂਬਸੂਰਤੀ ਨੂੰ ਪਿਆਰ ਕਰਨ ਦੀ ਇੱਛਾ, ਕੁਦਰਤ ਦੀ ਕਾਇਨਾਤ ਨਾਲ ਰਸ਼ਕ ਅਤੇ ਹੋਰ ਪਤਾ ਨਹੀਂ ਕਿੰਨਾ ਕੁਝ। ਪਰ ਇਨ੍ਹਾਂ ਦੀ ਜ਼ਰੂਰਤ ਜਦੋਂ ਪਏਗੀ ਉਦੋਂ ਹੀ ਕੱਢਾਂਗੇ।
ਸਾਡੀਆਂ ਅਲਮਾਰੀਆਂ ਤਾਂ ਪਿਛਲੇ ਕੁਝ ਸਾਲਾਂ ਤੋਂ ਰਤਾ ਕੁ ਵਧੇਰੇ ਹੀ ਬੰਦ ਹਨ। ਇਨ੍ਹਾਂ ਵਿਚ ਉਹ ਗੁੱਸਾ ਬੰਦ ਪਿਆ ਹੈ ਜਿਹੜਾ ਉਦੋਂ ਪੈਦਾ ਹੁੰਦਾ ਹੈ ਜਦੋਂ ਬੰਦਾ ਕੁਝ ਕਰਨ ਕੇ ਸਮਰੱਥ ਨਹੀਂ ਹੁੰਦਾ। ਇਹ ਗੁੱਸਾ ਆਪਣੇ ਆਪ ਉਤੇ ਵੀ ਹੈ ਤੇ ਸਮੇਂ ਦੇ ਹਾਕਮਾਂ ਉਤੇ ਵੀ। ਇਹ ਨਾਮਰਦੀ ਦਾ ਗੁੱਸਾ ਹੈ। ਹਾਲੇ ਇਹ ਬੰਦ ਪਿਆ ਹੈ, ਅਲਮਾਰੀ ਦੇ ਕਿਸੇ ਕੋਨੇ ਵਿਚ । ਜਿਸ ਦਿਨ ਜ਼ਰੂਰਤ ਪਏਗੀ ਤਾਂ ਇਸ ਨੂੰ ਕੱਢ ਲਵਾਂਗੇ।
ਬੁੱਧੀਜੀਵੀਆਂ, ਅਧਿਆਪਕਾਂ, ਪੱਤਰਕਾਰਾਂ, ਵਿਦਿਆਰਥੀਆਂ, ਨੌਜਵਾਨਾ ਦੇ ਮਨਾਂ ਦੀਆਂ ਅਲਮਾਰੀਆਂ ਤਾਂ ਹੋਰ ਵੀ ਭਰੀਆਂ ਪਈਆਂ ਹਨ। ਇਨ੍ਹਾਂ ਵਿਚ ਉਹ ਕਲਮਾਂ ਵੀ ਹਨ ਜਿਹੜੀਆਂ ਸੱਚ ਲਿਖਣ ਖੁਣੋ ਵਿਹਲੀਆਂ ਪਈਆਂ ਹਨ ਅਤੇ ਉਹ ਕਾਗਜ਼ ਵੀ ਜਿਨ੍ਹਾਂ ਉਤੇ ਸੱਚ ਨਹੀਂ ਲਿਖਿਆ ਗਿਆ। ਕੂੜ ਲਿਖਣ ਦੀ ਸ਼ਾਇਦ ਇਨ੍ਹਾਂ ‘ਚੋਂ ਬਹੁਤਿਆਂ ਨੂੰ ਆਦਤ ਨਹੀਂ ਤੇ ਸੱਚ ਲਿਖਣ ਦੀ ਹਿੰਮਤ ਨਹੀਂ। ਇਨ੍ਹਾਂ ਦੀਆਂ ਅਲਮਾਰੀਆਂ ਵਿਚ ਹਉਮੈ ਵੀ ਬੰਦ ਹੈ। ਜਦੋਂ ਲੋੜ ਪਏਗੀ ਤਾਂ ਇਹ ਕਲਮ ਤੇ ਕਾਗਜ਼ ਵੀ ਕੱਢਣਗੇ ਅਤੇ ਆਪਣੇ ਹਉਮੈ ਨੂੰ ਵੀ
ਬੜਾ ਕੁਝ ਹੈ ਇਨ੍ਹਾਂ ਅਲਮਾਰੀਆਂ ਵਿਚ। ਹਰੇਕ ਸ਼ਖ਼ਸ ਆਪਣੀ ਅਲਮਾਰੀ ਨੂੰ ਜੰਦਰੇ ਲਾ ਕੇ ਬੈਠਾ ਹੈ। ਕਿਤੇ ਦੂਸਰਾ ਨਾ ਦੇਖ ਲਵੇ ਕਿ ਉਸ ਨੇ ਆਪਣੀ ਜ਼ਬਾਨ, ਆਪਣੀ ਜ਼ਮੀਰ, ਆਪਣੀ ਹਉਮੈ, ਆਪਣਾ ਵਿਰਸਾ, ਆਪਣਾ ਭੂਤਕਾਲ, ਆਪਣਾ ਵਰਤਮਾਨ ਅਤੇ ਇਥੋਂ ਤਕ ਕਿ ਆਪਣਾ ਭਵਿੱਖ ਵੀ ਕਿਵੇਂ ਅਲਮਾਰੀ ਦੇ ਹੇਠਲੇ ਕਬਾੜ ਵਾਲੇ ਖਾਨੇ ਵਿਚ ਸੁੱਟ ਰਖਿੱਆ ਹੈ। ਫਿਰ ਵੀ ਸਾਰੇ ਆਪਣੇ ਆਪਣੀ ਅਲਮਾਰੀ ਦੇ ਕਬਾੜ ਉਤੇ ਪਹਿਰਾ ਦੇ ਰਹੇ ਹਨ।
ਮਨੋਵਿਗਿਆਨੀ ਕਹਿੰਦੇ ਹਨ ਕਿ ਮਨੁੱਖ ਦਾ ਮਨ ਇਕ ਜਵਾਲਾਮੁਖੀ ਵਰਗਾ ਹੈ। ਇਸ ਵਿਚ ਬਹੁਤ ਸਾਰਾ ਲਾਵਾ ਖੋਲਦਾ ਰਹਿੰਦਾ ਹੈ। ਜਦੋਂ ਇਹ ਲਾਵਾ ਇਕ ਖ਼ਾਸ ਹੱਦ ਤਕ ਖੋਲਦਾ ਹੈ ਤਾਂ ਇਹ ਬਾਹਰ ਨਿਕਲਣ ਲਈ ਰਸਤਾ ਭਾਲਦਾ ਹੈ।
ਆਮ ਗਿਆਨ ਦੀ ਗੱਲ ਇਹ ਹੈ ਕਿ ਕਿਸੇ ਬਸਤੇ ਵਿਚ ਓਨੀਆਂ ਹੀ ਵਸਤਾਂ ਪੈ ਸਕਦੀਆਂ ਹਨ ਜਿੰਨੀਆਂ ਪੈਣ ਦੀ ਸਮਰਥਾ ਹੁੰਦੀ ਹੈ। ਵੱਧ ਤੁੰਨਣ ਦੀ ਕੋਸ਼ਿਸ਼ ਕਰੀਏ ਤਾਂ ਇਸ ਦੀਆਂ ਸੀਣਾਂ ਉਧੜ ਜਾਣਗੀਆਂ ਅਤੇ ਸਾਰਾ ਲੀਰ ਪਰਾਂਦਾ ਸਾਰੀ ਦੁਨੀਆ ਦੇ ਸਾਹਮਣੇ ਖੁੱਲ੍ਹ ਜਾਵੇਗਾ। ਇਸ ਲਈ ਜੇ ਅਸੀਂ ਅਲਮਾਰੀਆਂ ਵਿਚ ਆਪਣਾ ਸਭ ਕੁਝ ਕੀਮਤੀ ਜਾਂ ਗੈਰ-ਕੀਮਤੀ ਸਾਮਾਨ ਭਰਦੇ ਰਹੇ, ਸਾਰਾ ਕੁਝ ਹੀ ਲੁਕਦੇ ਰਹੇ ਤਾਂ ਇਕ ਦਿਨ ਅਲਮਾਰੀ ਵੀ ਤਾਂ ਉਖੜ ਸਕਦੀ ਹੈ ਤੇ ਸਾਰਾ ਸਾਮਾਨ ਫ਼ਰਸ਼ ਉਤੇ ਢੇਰੀ ਹੋ ਸਕਦਾ ਹੈ।
ਸਿਆਸਤਦਾਨਾਂ ਦੀ ਗੱਲ ਛੱਡੋ। ਉਹ ਤਾਂ ਕਦੇ ਚੰਡੀਗੜ੍ਹ ਦਾ ਮਸਲਾ ਕੱਢ ਲੈਣਗੇ ਤੇ ਕਦੇ ਰੱਖ ਲੈਣਗੇ। ਕਦੇ ਕੰਦੂਖੇੜਾ ਕੱਢ ਲੈਣਗੇ ਤੇ ਕਦੇ ਵਾਪਸ ਅਲਮਾਰੀ ਵਿਚ ਰੱਖ ਦੇਣਗੇ। ਕਦੇ ਲਿੰਕ ਨਹਿਰ ਦਾ ਮਸਲਾ ਬਾਹਰ ਲਿਆਉਣਗੇ ਤੇ ਕਦੇ ਮੁੜ ਰੱਖ ਦੇਣਗੇ। ਉਨ੍ਹਾਂ ਦੀ ਤਾਂ ਖੇਡ ਹੀ ਮੌਕਾਪਰਸਤੀ ਦੀ ਹੈ। ਜਿਹੜਾ ਸਿਆਸਤਦਾਨ ਸਹੀ ਸਮੇਂ ਤੇ ਸਹੀ ਮਸਲੇ ਨੂੰ ਸਹੀ ਤਰੀਕੇ ਨਾਲ ਨਾ ਵਰਤ ਸਕੇ, ਉਸ ਨੂੰ ਸਹੀ ਸਿਆਸਤਦਾਨ ਨਹੀਂ ਕਿਹਾ ਜਾ ਸਕਦਾ। ਇਸ ਲਈ ਉਨ੍ਹਾਂ ਨਾਲ ਸਾਨੂੰ ਕੋਈ ਵਾਸਤਾ ਨਹੀਂ। ਉਨ੍ਹਾਂ ਦੀਆਂ ਅਲਮਾਰੀਆਂ ਵਿਚ ਸੁਗੰਧੀਆਂ ਨਹੀਂ ਹਨ ਸਗੋਂ ਸੜ ਰਹੇ ਪਿੰਜਰਾਂ ਦੀ ਸੜ੍ਹਾਂਦ ਹੈ। ਪਰ ਸਾਰੇ ਤਾਂ ਸਿਆਸਤਦਾਨ ਨਹੀਂ ਹਨ।
ਤੇ ਜਿਹੜੇ ਸਿਆਸਤਦਾਨ ਨਹੀਂ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਆਪੋ ਆਪਣੀਆਂ ਅਲਮਾਰੀਆਂ ਖੋਲ੍ਹ ਕੇ ਦੇਖਣ ਕਿ ਉਨ੍ਹਾਂ ਨੇ ਉਥੇ ਕੂੜ ਕਬਾੜ ਦੇ ਨਾਲ ਨਾਲ ਉਹ ਕਿਹੜੀ ਕਿਹੜੀ ਚੀਜ਼ ਸੁੱਟ ਰੱਖੀ ਹੈ ਜਿਹੜੀ ਅਸਲੋਂ ਕਬਾੜ ਨਹੀਂ ਸਗੋਂ ਕੀਮਤੀ ਚੀਜ਼ ਹੈ। ਜੇ ਉਥੇ ਕਿਤੇ ਸੱਚ, ਜ਼ਮੀਰ ਤੇ ਜ਼ਬਾਨ ਵਰਗੀਆਂ ਚੀਜ਼ਾਂ ਹੋਣ ਤਾਂ ਕਿਰਪਾ ਕਰਕੇ ਬਾਹਰ ਕੱਢ ਲੈਣ। ਇਨ੍ਹਾਂ ਤੋਂ ਬਿਨਾਂ ਉਹ ਜੀਅ ਕਿਵੇਂ ਰਹੇ ਹਨ ?
ਆਓ ਸਾਰੇ ਹੀ ਆਪਣੀਆਂ ਅਲਮਾਰੀਆਂ ਖੋਲ੍ਹੀਏ।
ਹਦਾਇਤਨਾਮਾ ਜ਼ਿੰਦਗੀ
ਹਦਾਇਤਨਾਮਾ ਖ਼ਾਵੰਦ ਅਤੇ ਹਦਾਇਤਨਾਮਾ ਬੀਵੀ ਲਿਖਣ ਵਾਲੇ ਮਹਾਂਪੁਰਸ਼ਾਂ ਨੂੰ ਹਦਾਇਤਨਾਮਾ ਜ਼ਿੰਦਗੀ ਲਿਖਣ ਦਾ ਫੁਰਨਾ ਕਿਉਂ ਨਹੀਂ ਫੁਰਿਆ ? ਇਹ ਹੈਰਾਨੀ ਵਾਲੀ ਗੱਲ ਹੈ। ਉਂਜ ਜੇ ਕਿਸੇ ਨੇ ਲਿਖਿਆ ਹੋਵੇ ਅਤੇ ਪਾਠਕਾਂ ਵਲੋਂ ਪੜ੍ਹਿਆ ਵੀ ਜਾਂਦਾ ਹੋਵੇ ਤਾਂ ਇਹ ਮੇਰੀ ਅਗਿਆਨਤਾ ਦਾ ਨਮੂਨਾ ਹੈ। ਸਾਰੇ ਜਗਤ ਦੀ ਹੈਰਾਨੀ ਹੋਵੇ ਜਾਂ ਮੇਰੀ ਅਗਿਆਨਤਾ, ਇਸ ਗੱਲੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜ਼ਿੰਦਗੀ ਦਾ ਹਦਾਇਤਨਾਮਾ ਬੇਹੱਦ ਦਿਲਚਸਪ ਵੀ ਹੋਏਗਾ ਅਤੇ ਹੈਰਾਨਕੁਨ ਵੀ।
ਸਮੇਂ ਦੇ ਬੀਤਣ ਨਾਲ ਮੁਢਲੀਆਂ ਹਦਾਇਤਾਂ ਤੋਂ ਬਿਨਾਂ ਖ਼ਾਵੰਦ ਅਤੇ ਬੀਵੀ ਦੇ ਸਬੰਧਾਂ ਵਿਚ ਵੀ ਵੱਡੀ ਤਬਦੀਲੀ ਆਈ ਹੈ ਅਤੇ ਇਹ ਆਪਸੀ ਸਬੰਧ ਪਹਿਲਾਂ ਨਾਲੋਂ ਵਧੇਰੇ ਗੁਝਲਦਾਰ ਹੋ ਗਏ ਹਨ। ਇਸ ਦਾ ਕਾਰਨ ਸਭਿਅਤਾ ਦੇ ਵਿਕਾਸ (ਜਾਂ ਨਿਘਾਰ) ਵਿਚ ਚੜ੍ਹੇ ਗਏ ਪੌੜੇ ਵੀ ਹੋ ਸਕਦੇ ਹਨ ਅਤੇ ਨਰ-ਮਾਦਾ ਦੇ ਜਿਣਸੀ ਸਬੰਧਾਂ ਵਿਚ ਸੰਤਾਨ ਉਤਪਤੀ ਤੋਂ ਬਿਨਾਂ ਵੀ ਸੰਪਰਕਸਾਜ਼ੀ ਦੀ ਵਧ ਰਹੀ ਤੇ ਵਧ ਚੁੱਕੀ ਪਦਾਰਥਕ ਰੁਚੀ ਵੀ ਪਰ ਚਰਚਾ ਦਾ ਵਿਸ਼ਾ ਹਦਾਇਤਨਾਮਾ ਖ਼ਾਵੰਦ ਅਤੇ ਹਦਾਇਤਨਾਮਾ ਬੀਵੀ ਨਹੀਂ ਹੈ। ਚਰਚਾ ਦਾ ਵਿਸ਼ਾ ਹੈ ਹਦਾਇਤਨਾਮਾ ਜ਼ਿੰਦਗੀ ਹੈ ਜੋ ਕਿਸੇ ਨੇ ਲਿਖਿਆ ਨਹੀਂ ਹੈ ਅਤੇ ਜੇ ਕਿਸੇ ਨੇ ਲਿਖਿਆ ਹੈ ਤਾਂ ਮੇਰੀ ਅਗਿਆਨਤਾ ਹੈ ਕਿ ਮੈਨੂੰ ਉਸ ਦੀ ਜਾਣਕਾਰੀ ਨਹੀਂ ਹੈ।
ਜ਼ਿੰਦਗੀ ਇਕ ਸਰਪਟ ਦੌੜਦਾ ਅੱਥਰਾ ਘੋੜਾ ਹੈ। ਜਿਹੜਾ ਇਸ ਉਤੇ ਸਵਾਰ ਹੋ ਜਾਂਦਾ ਹੈ, ਉਹ ਸ਼ਾਹ ਸਵਾਰ ਅਖਵਾਉਂਦਾ ਹੈ। ਇਤਿਹਾਸ ਵਿਚ ਉਸ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਦਰਜ ਹੁੰਦਾ ਹੈ। ਜਿਹੜਾ ਇਸ ਦੀ ਧੌਣ ਨਾਲ ਲਮਕ ਕੇ ਕੁਝ ਦੂਰ ਤਕ ਇਸ ਉਤੇ ਕਾਬੂ ਪਾਉਣ ਦੇ ਭਰਮ ਹੀ ਪਾਲ ਲਵੇ, ਉਹ ਵੀ ਬਹੁਤ ਜਾਂਬਾਜ਼ ਮੰਨਿਆਂ ਜਾਂਦਾ ਹੈ। ਭੁੱਲਣਾ ਉਸ ਨੂੰ ਵੀ ਨਹੀਂ ਚਾਹੀਦਾ ਜਿਹੜਾ ਇਸ ਦੀ ਲਗਾਮ ਫੜਣ ਦੀ ਕੋਸ਼ਿਸ਼ ਕਰਨ ਲਈ ਕੁਝ ਦੂਰ ਤਕ ਇਸ ਦੇ ਨਾਲ ਦੌੜਿਆ ਹੋਵੇ। ਵਰਨਾ ਬਾਕੀ ਦੇ ਲੋਕ ਤਾਂ ਇਸ ਦੇ ਖੁਰਾਂ ਵਲੋਂ ਉਡਾਈ ਜਾਂਦੀ ਧੂੜ ਨੂੰ ਫੱਕਦੇ ਹੀ ਰਹਿ ਜਾਂਦੇ ਹਨ। ਨਾ ਇਹ ਅੱਖਾਂ ਖੋਲ੍ਹ ਕੇ ਇਸ ਨੂੰ ਦੇਖ ਸਕਦੇ ਹਨ ਅਤੇ ਨਾ ਹੀ ਸਮਝ ਸਕਦੇ ਹਨ ਕਿ ਇਹ ਕੀ ਸ਼ੈਅ ਉਡਦੀ ਜਾ ਰਹੀ ਹੈ।
ਜ਼ਿੰਦਗੀ ਨੂੰ ਹਦਾਇਤਾਂ ਵਿਚ ਬੰਨ੍ਹਣਾ ਬਹੁਤ ਔਖਾ ਹੈ ਜਿਵੇਂ ਸਮੇਂ ਨੂੰ ਜਾਂ ਕਾਲ ਨੂੰ ਬੰਨ੍ਹਣਾ। ਕਹਿੰਦੇ ਹਨ ਰੌਣ ਨੇ ਕਾਲ ਨੂੰ ਪਾਵੇ ਨਾਲ ਬੰਨ੍ਹਿਆ ਹੋਇਆ ਸੀ। ਉਸ ਦੇ ਦਸ ਸਿਰ ਹਨ ਅਤੇ ਹਰੇਕ ਸਿਰ ਦੀ ਜ਼ਿੰਦਗੀ ਹਜ਼ਾਰ-ਹਜ਼ਾਰ ਸਿਰ ਸੀ। ਪਰ ਜਦੋਂ ਸਮਾਂ ਆਇਆ ਕਾਲ ਉਸ ਦੇ ਪਾਵੇ ਨਾਲੋਂ ਰੱਸੀ ਤੁੜਾ ਕੇ ਨੱਸ ਗਿਆ।
ਹਰ ਦੌਰ ਦਾ ਰੌਣ ਕੋਸ਼ਿਸ਼ ਕਰਦਾ ਹੈ ਕਿ ਉਹ ਜ਼ਿੰਦਗੀ ਨੂੰ ਪਾਵੇ ਨਾਲ ਬੰਨ੍ਹ ਕੇ ਰੱਖੇ। ਕੁਝ ਸਮੇਂ ਲਈ ਉਹ ਭਰਮ ਵੀ ਪਾਲ ਲੈਂਦਾ ਹੈ ਕਿ ਉਹ ਇਸ ਵਿਚ ਸਫ਼ਲ ਹੋ ਗਿਆ ਹੈ। ਪਰ ਅਸਲੋਂ ਉਹ ਇਕ ਭਰਮ ਪਾਲ ਰਿਹਾ ਹੁੰਦਾ ਹੈ। ਹਰ ਦੌਰ ਵਿਚ ਰਾਮ ਨਹੀਂ ਹੋਇਆ ਕਰਦੇ ਜਿਹੜੇ ਆਦਰਸ਼ ਦੇ ਸਿਖ਼ਰ ਹੋਣ। ਹਰ ਦੌਰ ਵਿਚ ਆਮ ਆਦਮੀ ਹੁੰਦੇ ਹਨ ਜਿਹੜੇ ਕਦੇ ਰੌਣ ਦੇ ਹੁਕਮਾਂ ਦੇ ਸਟੀਮ ਰੋਲਰ ਹੇਠਾਂ ਦਰੜੇ ਜਾਂਦੇ ਹਨ ਅਤੇ ਕਦੇ ਰਾਮ ਦੇ ਆਦਰਸ਼ਾਂ ਦੇ ਰੱਥ ਦੇ ਪਹੀਆਂ ਹੇਠਾਂ।
ਜ਼ਿੰਦਗੀ ਨੂੰ ਜੇ ਸਾਲਾਂ ਵਿਚ ਮਿਣੀਏ ਤਾਂ ਬੰਦਾ ਕਦੇ ਮਰਨਾ ਹੀ ਨਾ ਚਾਹੇ। ਉਸ ਦਾ ਜੀਅ ਕਰੇ ਕਿ ਉਹ ਅਨੰਤ ਕਾਲ ਤਕ ਜਿਊਂਦਾ ਰਹੇ। ਹਰਨਾਕਸ਼ ਨੇ ਇਹ ਵਰ ਲਿਆ ਸੀ ਕਿ ਉਹ ਨਾ ਦਿਨੇਂ ਮਰੇ ਨਾ ਰਾਤੀਂ, ਨਾ ਅੰਦਰ ਮਰੇ ਨਾ ਬਾਹਰ, ਨਾ ਧੁੱਪੇ ਮਰੇ ਨਾ ਛਾਵੇਂ, ਨਾ ਮਨੁੱਖ ਹੱਥੋਂ ਮਰੇ ਤੇ ਨਾ ਜਾਨਵਰ ਹੱਥੋਂ। ਪਰ ਜਦੋਂ ਮਰਨਾ ਸੀ ਤਾਂ ਢਲਦੀ ਸ਼ਾਮ ਜਦੋਂ ਸੂਰਜ ਡੁੱਬਣ ਹੀ ਲੱਗਾ ਸੀ, ਨਰਸਿੰਘ ਅਵਤਾਰ ਦੇ ਨਹੁੰਦਰਾਂ ਵਾਲੇ ਪੰਜਿਆਂ ਨਾਲ ਮਰ ਗਿਆ। ਸਾਲਾਂ ਨਾਲ ਮਿਥਣ ਲੱਗਿਆਂ ਬੰਦਾ ਅਸਲ ਵਿਚ ਜ਼ਿੰਦਗੀ ਜਿਉਂ ਨਹੀਂ ਰਿਹਾ ਹੁੰਦਾ ਸਗੋਂ ਮੌਤ ਤੋਂ ਦਹਿਲ ਕੇ ਘੁਰਨੇ ਵਿਚ ਵੜ ਰਿਹਾ ਹੁੰਦਾ ਹੈ।
ਅੱਜ ਦੇ ਰੌਣ ਦਾ ਹੁਕਮ ਹੈ ਕਿ ਬੰਦਾ ਆਪਣੀ ਮਰਜ਼ੀ ਨਾਲ ਨਾ ਸੌਵੇਂ, ਨਾ ਜਾਗੇ । ਉਸ ਦਾ ਕਹਿਣਾ ਹੈ ਕਿ ਬਾਣਾ ਤੇ ਬੋਲ ਬਾਣੀ ਉਸ ਮੁਤਾਬਕ ਚਲੇ। ਉਸ ਦੀ ਮਰਜ਼ੀ ਹੈ ਕਿ ਮਨੁੱਖ ਦਾ ਉਠਣ ਬੈਠਣ, ਤੁਰਨ ਫਿਰਨ, ਗਾਉਣ ਨੱਚਣ, ਰੋਣ, ਹੱਸਣ, ਨਾਟਕ ਚੇਟਕ, ਖ਼ੁਸ਼ੀ ਗ਼ਮੀ, ਵਸਤਰ ਅਤੇ ਇਥੋਂ ਤਕ ਕਿ ਉਸ ਦੀ ਸੋਚਣੀ ਵੀ ਉਸ ਦੇ ਹੁਕਮਾਂ ਵਾਲੀ ਹੋਵੇ। ਇਹੀ ਕਾਰਨ ਹੈ ਕਿ ਅਫਗਾਨਿਸਤਾਨ ਵਿਚ ਔਰਤਾਂ ਨੇ ਬੁਰਕੇ ਪਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਛੋਟੇ ਮੋਟੇ ਅਪਰਾਧਾਂ ਬਦਲੇ ਮਧਯੁਗ ਵਾਲੀ ਕੋੜੇ ਮਾਰਨ ਦੀ ਸਜ਼ਾ ਦਿੱਤੀ ਜਾਣ ਲੱਗ ਪਈ ਹੈ। ਪਾਕਿਸਤਾਨ ਵਿਚ ਇਸਤਰੀਆਂ ਉਤੇ ਪਾਬੰਦੀਆਂ ਲਾਗੂ ਹੋ ਰਹੀਆਂ ਹਨ। ਕਸ਼ਮੀਰ ਵਿਚ ਦੁਖਤਰੇ ਇਸਲਾਮ ਦੀਆਂ ਮੈਂਬਰ ਇਸਤਰੀਆਂ ਹੀ ਇਸਤਰੀਆਂ ਦੀ ਆਜ਼ਾਦੀ ਦੀਆਂ ਦੁਸ਼ਮਣ ਬਣ ਗਈਆਂ ਹਨ।
ਅੱਜ ਦੇ ਯੁਗ ਦਾ ਹਦਾਇਤਨਾਮਾ ਜ਼ਿੰਦਗੀ ਇਹੀ ਕਹਿੰਦਾ ਹੈ ਕਿ ‘ਦੜ ਵੱਟ ਚਮਾਨਾ ਕੱਟ ਭਲੇ ਦਿਨ ਆਵਣਗੇ। ਇਸ ਦਾ ਪਹਿਲਾ ਨੁਕਤਾ ਹੈ ਕਿ ਕਿਸੇ ਵੀ ਵਿਵਾਦ ਵਿਚ ਪੈਣ ਤੋਂ ਗੁਰੇਜ਼ ਕਰੋ। ਪਹਿਲਾਂ ਜੇ ਕਦੇ ਕੋਈ ਅਣਖ ਵਾਲੀ ਕਣੀ ਹੈ ਤਾਂ ਉਸ ਨੂੰ ਭੁੱਲ ਜਾਵੇ| ਅਣਖਾਂ ਵਾਲੇ ਉਹ ਸਮੇਂ ਹੁਣ ਨਹੀਂ ਰਹੇ ਜਦੋਂ ਗਲੀ ਵਿਚੋਂ ਖੰਘੁਰਾ ਮਾਰਿਆਂ ਕਤਲ ਹੋ ਜਾਂਦੇ ਸਨ। ਅੱਜ ਤਾਂ ਜੇ ਸੂਰਜ ਛਿਪੇ ਤੁਹਾਡੇ ਦਰਾਂ ਉਤੇ ਕੋਈ ਜ਼ੋਰ ਨਾਲ ਦਸਤਕ ਵੀ ਦੇਵੇ ਤਾਂ ਚੁੱਪ ਕਰ ਕੇ ਮਸਰੀ ਵਾਂਗ ਸੋ ਜਾਵੇ। ਸਾਨੂੰ ਕੀ’ ਦਾ ਵਾਕ ਸਦਾ ਚੇਤੇ ਰੱਖਣ ਨਾਲ ਹੀ ਗਤੀ ਹੋ ਸਕਦੀ ਹੈ।
ਦੁਸਰੇ ਨੁਕਤੇ ਵਜੋਂ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਹਿੰਸਾ ਦਾ ਦੌਰ ਤੁਹਾਡੇ ਲਈ ਉਨੀ ਦੇਰ ਤਕ ਕੋਈ ਅਰਥ ਨਹੀਂ ਰੱਖਦਾ ਜਿੰਨੀ ਦੇਰ ਤਕ ਤੁਸੀਂ ਮਹਿਫ਼ਜ਼ ਹੋ। ਜੇ ਤੁਸੀਂ ਠੀਕ ਹੋ ਤਾਂ ਸਾਰਾ ਜਹਾਨ ਠੀਕ ਹੈ। ਆਪ ਮੋਏ ਜੱਗ ਪਰਲੋ। ਇਸ ਲਈ ਜੇ ਜਹਾਨ ਦੀ ਪਰਲੋ ਰੋਕਣੀ ਹੈ ਤਾਂ ਆਪਣੇ ਆਪ ਨੂੰ ਬਚਾ ਕੇ ਰੱਖੋ। ਸੜਕ ਉਤੇ ਪਈ ਲਾਸ਼ ਕਿਸ ਦੀ ਹੈ ਤੇ ਕਿਸ ਨੇ ਇਸ ਦਾ ਕਤਲ ਕੀਤਾ ਹੈ, ਇਸ ਬਾਰੇ ਨਾ ਸੋਚਣ ਦੀ ਜ਼ਰੂਰਤ ਹੈ ਤੇ ਨਾ ਜਾਨਣ ਦੀ। ਜੇ ਹੋ ਸਕੇ ਤਾਂ ਆਪਣੀ ਪੂਛ ਚੱਡਿਆਂ ਵਿਚ ਦੇ ਕੇ ਤੇ ਨਜ਼ਰਾਂ ਲਾਂਭੇ ਕਰ ਕੇ ਤੁਰ ਜਾਵੋ।
ਤੀਸਰੇ, ਜੇ ਕਦੇ ਭੁੱਲ ਭੁਲੇਖੇ ਤੁਹਾਨੂੰ ਕੋਈ ਹੁਕਮਨਾਮਾ ਆ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਬਿਨਾਂ ਕਿਸੇ ਹੀਲ ਹੁੱਜਤ ਦੇ ਪ੍ਰਵਾਨ ਕਰ ਲਵੋ। ਜੇ ਵਾਨ ਨਹੀਂ ਕਰੋਗੇ ਤਾਂ ਕਿਸੇ ਦਾ ਕੀ ਕਰ ਲਵੋਗੇ? ਤਕੜੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ। ਜਿਵੇਂ ਅਮਰੀਕਾ ਭਾਰਤ ਉਤੇ ਜਿਹੜੀਆਂ ਵੀ ਸ਼ਰਤਾਂ ਲਾਵੇ, ਜਿਹੜੇ ਵੀ ਹੁਕਮ ਭੇਜੇ ਉਨ੍ਹਾਂ ਨੂੰ ਪ੍ਰਵਾਨ ਕਰਨ ਵਿਚ ਹੀ ਗਤੀ ਹੈ। ਜੇ ਨਹੀਂ ਮੰਨੋਗੇ ਤਾਂ ਆਪਣੇ ਪਾਸੇ ਹੀ ਭੰਨਵਾਓਗੇ। ਜੇ ਉਹ ਕਹੇ ਸਬਸਿਡੀਆਂ ਬੰਦ ਕਰੋ, ਸਬਸਿਡੀਆਂ ਬੰਦ। ਜੇ ਉਹ ਕਹੇ ਕਿਊਬਾ ਨੂੰ ਕਣਕ ਨਾ ਵੇਚੋ, ਕਣਕ ਦੀ ਵਿਕਰੀ ਬੰਦ। ਜੇ ਉਹ ਕਹੇ ਰਾਕਟ ਤਕਨਾਲੌਜੀ ਲਈ ਰੂਸ ਨਾਲ ਸੌਦਾ ਨਾ ਕਰੋ, ਸੌਦਾ ਬੰਦ।
ਚੌਥਾ ਅਤੇ ਸਭ ਤੋਂ ਮਹੱਤਵਪੂਰਨ ਨੁਕਤਾ ਹੈ ਕਿ ਨਾ ਆਪਣੇ ਤੋਂ ਤਕੜੇ ਦੇ ਸਾਹਮਣੇ ਹੋਵੋ ਤੇ ਨਾ ਆਪਣੇ ਤੋਂ ਮਾੜੇ ਦੇ। ਅਫ਼ਸਰ ਦੀ ਅਗਾੜੀ ਤੇ ਘੋੜੇ ਦੀ ਪਿਛਾੜੀ ਵਾਲੀ ਗੱਲ ਤਾਂ ਹਰ ਕੋਈ ਜਾਣਦਾ ਹੈ। ਪਰ ਹੁਣ ਤਾਂ ਹਰੇਕ ਅਗਾੜੀ ਤੇ ਹਰੇਕ ਪਿਛਾੜੀ ਤੋਂ ਡਰ ਕੇ ਲੰਘਣਾ ਬਣਦਾ ਹੈ। ਜੇ ਇਉਂ ਨਹੀਂ ਕਰੋਗੇ ਤਾਂ ਜ਼ਿੰਦਗੀ ਦੇ ਹਦਾਇਤਨਾਮੇ ਦੀ ਉਲੰਘਣਾ ਵੀ ਕਰ ਰਹੇ ਹੋਵੋਗੇ ਅਤੇ ਜ਼ਿੰਦਗੀ ਦੇ ਖ਼ਾਤਮੇ ਨੂੰ ਵੀ ਨੇੜੇ ਲਿਆ ਰਹੇ ਹੋਵੋਗੇ। ਇਸ ਲਈ ਜੇ ਤੁਸੀਂ ਅੰਡਰ ਸੈਕਟਰੀ ਹੋ ਤਾਂ ਕਲਰਕ ਨਾਲ ਜਾਂ ਚਪੜਾਸੀ ਨਾਲ ਕੋਈ ਪੰਗਾ ਨਾ ਲਵੋ। ਹੋ ਸਕਦਾ ਹੈ ਕਿ ਇਹ ਕਲਰਕ ਜਾਂ ਚਪੜਾਸੀ ਕਿਸੇ “ਸੁਪਰ ਪਾਵਰ” ਦੇ ਨੇੜੇ ਹੋਵੇ ਅਤੇ ਪੰਗਾ ਲੈਣ ਦੀ ਅਗਲੀ ਸਵੇਰ ਤੁਹਾਡੀ ਬਦਲੀ ਚੰਡੀਗੜ੍ਹ ਤੋਂ ਲੌਢੂਵਾਲ ਦੀ ਹੋ ਚੁੱਕੀ ਹੋਵੇ।
ਜ਼ਿੰਦਗੀ ਬੜੇ ਰੰਗ ਤਮਾਸ਼ੇ ਦਿਖਾਉਂਦੀ ਹੈ। ਇਸ ਉਤੇ ਸਵਾਰੀ ਕਰ ਕੇ ਚਲਣ ਦਾ ਮਜ਼ਾ ਵੀ ਹੈ ਅਤੇ ਮਾਣ ਵੀ। ਪਰ ਕਹਾਵਤ ਹੈ ਕਿ ਮੁਰਦਿਆਂ ਨੂੰ ਨਾ ਕੋਈ ਮਜ਼ਾ ਆਉਂਦਾ ਹੈ ਤੇ ਨਾ ਉਨ੍ਹਾਂ ਦਾ ਕੋਈ ਮਾਣ ਹੁੰਦਾ ਹੈ। ਜਾਨੋਂ ਮਰ ਗਿਆ ਉਤੇ ਤਾਂ ਇਹ ਗੱਲ ਢੁਕਦੀ ਹੈ ਹੀ, ਜਾਨੋਂ ਜਿਊਂਦਿਆਂ ਪਰ ਈਮਾਨੋਂ ਮਰ ਗਿਆ ਉਤੇ ਵੀ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ।
ਗੱਲ ਮੰਨਣੀ ਹੈ ਤਾਂ ਮੰਨੋ ਨਹੀਂ ਤਾਂ । ਅੱਗੇ ਤੇਰੇ ਭਾਗ ਲੱਛੀਏ।
(30.5.1992)
ਜ਼ਰਾ ਚੁੱਪ ਦਾ ਦਾਨ ਬਖ਼ਸ਼ੋ ਜੀ।
ਬਹੁਤ ਰੌਲਾ ਪੈ ਚੁੱਕਾ, ਬਹੁਤ ਹੁੜਦੰਗ ਮਚ ਚੁੱਕਾ। ਹੁਣ ਜ਼ਰਾ ਚੁੱਪ ਦਾ ਦਾਨ ਬਖਸ਼ੇ ਤਾਂ ਕਿ ਉਹ ਲੋਕ ਵੀ ਕੁਝ ਕਹਿ ਸਕਣ ਜਿਹੜੇ ਹਾਲੇ ਤਕ ਸ਼ਾਂਤ ਹੋ ਕੇ ਤੁਹਾਡੀ ਬਕਬਕ ਨੂੰ ਸੁਣਦੇ ਆ ਰਹੇ ਹਨ। ਜੇ ਤੁਹਾਡੇ ਮੂੰਹ ਬੰਦ ਹੋਣ ਤਾਂ ਉਹ ਵੀ ਕੁਝ ਕਹਿਣ ਜਿਨ੍ਹਾਂ ਦੇ ਮੂੰਹਾਂ ਉਤੇ ਤੁਸੀਂ ਛਿਕਲੀਆਂ ਦਿੱਤੀਆਂ ਹੋਈਆਂ ਹਨ। ਤੁਸੀ ਬੋਲਣੋਂ ਰੁਕੇਗੇ ਤਾਂ ਉਹ ਲੋਕ ਬੋਲਣਗੇ ਜਿਹੜੇ ਬੜੇ ਚਿਰ ਤੋਂ ਇਹ ਆਸ ਲਾਈ ਬੈਠੇ ਹਨ ਕਿ ਕਿਸੇ ਦਿਨ ਨਗਾਰਖਾਨੇ ਦਾ ਰੌਲਾ ਬੰਦ ਹੋਵੇਗਾ ਤਾਂ ਉਨ੍ਹਾਂ ਦੀ ਤੂਤੀ ਵੀ ਸੁਣੀ ਜਾਵੇਗੀ।
ਤੁਸੀਂ ਸਰਕਾਰ ਉਤੇ ਕਾਬਜ਼ ਹੋ। ਬੜੀ ਖ਼ੁਸ਼ੀ ਦੀ ਗੱਲ ਹੈ। ਇਸ ਦੀ ਪ੍ਰਵਾਹ ਨਾ ਕਰੋ ਕਿ ਤੁਹਾਨੂੰ ਪੰਜ ਵੋਟਾਂ ਪਈਆਂ ਹਨ ਜਾਂ ਹਜ਼ਾਰ। ਵੱਡੀ ਗੱਲ ਇਹ ਹੈ ਕਿ ਤੁਸੀਂ ਸਾਢੇ ਪੰਜਾਂ ਸਾਲਾਂ ਮਗਰੋਂ ਪਧਾਰੇ ਹੈ।ਸਵਾਗਤ ਹੈ। ਤੁਸੀਂ ਬਹੁਤ ਵੱਡੇ ਕਾਰਨਾਮੇ ਕੀਤੇ ਹਨ ਆਪਣੇ ਰਾਜ ਕਾਲ ਦੇ ਸੱਤਾਂ ਮਹੀਨਿਆਂ ਦੌਰਾਨ। ਬਹੁਤ ਚੰਗੀ ਗੱਲ ਹੈ। ਹੁਣ ਸੰਤਾਲੀਆਂ ਦੀ ਤਾੜ ਤਾੜ ਘੱਟ ਸੁਣਾਈ ਦਿੰਦੀ ਹੈ ਤੇ ਤੁਹਾਡੀਆਂ ਰਫ਼ਲਾਂ ਦੀ ਕਾੜ ਕਾੜ ਵਧੇਰੇ। ਤੁਹਾਨੂੰ ਮੁਬਾਰਕ । ਪਰ ਸ੍ਰੀਮਾਨ ਜੀ, ਇਹ ਤੁਸੀਂ ਰੌਲਾ ਕਿਸ ਗੱਲ ਦਾ ਪਾਈ ਜਾ ਰਹੇ ਹੋ ? ਸਰਕਾਰ ਉਤੇ ਕਬਜ਼ਾ ਕਰ ਕੇ ਤੁਸੀਂ ਕੁਝ ਨਾ ਕੁਝ ਤਾਂ ਕਰਨਾ ਹੀ ਸੀ । ਬਾਦਲ ਹੁਰਾਂ ਜੋ ਕੁਝ ਸੱਠਵਿਆਂ ਦੇ ਅੰਤਲੇ ਸਾਲਾਂ ਦੌਰਾਨ ਨਕਸਲੀਆਂ ਨਾਲ ਕੀਤਾ ਸੀ, ਉਸੇ ਦੀ ਨਕਲ ਤੁਸੀਂ ਨੱਬਿਆਂ ਦੇ ਮੁਢਲੇ ਸਾਲਾਂ ਦੌਰਾਨ ਖ਼ਾਲਿਸਤਾਨੀ ਖਾੜਕੂਆਂ ਨਾਲ ਕਰ ਰਹੇ ਹੋ । ਫਿਰ ਨਵੀਂ ਗੱਲ ਕਿਹੜੀ ਹੈ? ਤੁਸੀਂ ਨਾ ਹੋਣ ਦੇਵੋ ਖਾੜਕੂਆਂ ਨੂੰ ਮੁੜ ਜਥੇਬੰਦ। ਤੁਸੀਂ ਨਾ ਕਰਨ ਦੇਵੇ ਸਰਹੱਦ ਤੋਂ ਘੁਸਪੈਠ। ਤੁਸੀਂ ਤਾਇਨਾਤ ਕਰ ਦਿਓ ਹੋਰ ਸੁਰੱਖਿਆ ਦਸਤੇ। ਸਰਕਾਰ ਜੀ, ਤੁਹਾਨੂੰ ਸਰਕਾਰ ਹੁੰਦਿਆਂ ਇਹ ਸਭ ਕੁਝ ਕਰਨਾ ਹੀ ਪੈਣਾ ਹੈ। ਪਰ ਜੇ ਜ਼ਰਾ ਕੁ ਆਪਣੀ ਆਵਾਜ਼ ਹੌਲੀ ਕਰ ਲਵੋ ਤਾਂ ਕੀ ਫਰਕ ਪਵੇਗਾ? ਤੁਹਾਡੇ ਬੋਲਣ ਤੋਂ ਬਿਨਾਂ ਹੀ ਸਾਰੇ ਸਮਝੀ ਜਾਂਦੇ ਹਨ। ਤੇ ਜੇ ਜ਼ਰਾ ਕੁ ਚੁੱਪ ਦਾ ਦਾਨ ਹੀ ਬਖਸ਼ ਦੇਵੋ…।
ਸ੍ਰੀਮਾਨ ਜੀ, ਤੁਹਾਨੂੰ ਲੋਕ ‘ਡਾਇਰੈਕਟਰ ਜਨਰਲ ਆਫ ਪੰਜਾਬ’ ਕਹਿੰਦੇ ਹਨ। ਤੁਸੀਂ ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਵਿਚ ਵਿਚਰ ਵੀ ਇਵੇਂ ਹੀ ਰਹੇ ਹੋ। ਜਨਾਬ ਜਦੋਂ ਖਾਨਾਜੰਗੀ ਵਾਲੀ ਹਾਲਤ ਹੋਵੇ ਤਾਂ ਤੁਹਾਡਾ ਤੇ ਤੁਹਾਡੀ ਫੋਰਸ ਦਾ ਫ਼ਰਜ਼ ਬਣਦਾ ਹੈ ਕਿ ਸਾਹਮਣੇ ਵਾਲੀ ਧਿਰ ਦਾ ਟਾਕਰਾ ਕਰੋ। ਪਹਿਲਾਂ ਤੁਸੀਂ ਗਿੱਝੇ ਹੋਏ ਸੀ ਮੁਲਾਜ਼ਮਾਂ ਜਾਂ ਸਿਆਸੀ ਪਾਰਟੀਆਂ ਦੇ ਧਰਨਿਆਂ, ਮੁਜ਼ਾਹਰਿਆਂ ਉਤੇ ਲਾਠੀਆਂ ਚਲਾਉਣ। ਹੁਣ ਤੁਸੀਂ ਗੁਰੀਲਾ ਜੰਗ ਵਿਚ ਵੀ ਮੁਹਾਰਤ ਹਾਸਲ ਕਰ ਲਈ ਹੈ। ਕਦੇ ਮੰਡ ਦੇ ਅਪਰੇਸ਼ਨ ਹੁੰਦੇ ਹਨ ਤੇ ਕਦੇ ਰਾਤਰੀ ਗ਼ਲਬਾ ਦੇ। ਬੜੇ ਬਹਾਦਰ ਹੋ ਜੀ। ਇਸ ਵਿਚ ਕੋਈ ਦੋ ਰਾਵਾਂ ਨਹੀਂ। ਏਨੇ ਸੰਕਟ ਵਿਚ ਜਦੋਂ ਤੁਹਾਡੀ ਫੋਰਸ ਦੇ ਪਰਿਵਾਰਾਂ ਤਕ ਦੀਆਂ ਜਾਨਾਂ ਵੀ ਖ਼ਤਰੇ ਵਿਚ ਹਨ, ਛਾਤੀ ਤਾਣ ਕੇ ਖੜ੍ਹੇ ਹੁੰਦੇ ਹੋ। ਪਰ ਕੀ ਤੁਹਾਨੂੰ ਨਹੀਂ ਲਗਦਾ ਕਿ ਪਿਛਲੇ ਸਾਲਾਂ ਤੋਂ ਜਿਹੜੇ ਲੋਕ ਚੁੱਪਚਾਪ ਤੇ ਸਹਿਮੇ ਬੈਠੇ ਆਤਸ਼ਬਾਜ਼ੀ ਭੋਗ ਰਹੇ ਹਨ, ਉਨ੍ਹਾਂ ਨੂੰ ਵੀ ਕੋਈ ਸ਼ਾਂਤ ਲਮਹਾ ਚਾਹੀਦਾ ਹੈ? ਤੇ ਤੁਸੀਂ ਗਿਣਤੀਆਂ ਕਿਹੜੀਆਂ ਕਰੀ ਜਾਂਦੇ ਹੋ? ਕੀ ਇਉਂ ਨਹੀਂ ਲਗਦਾ ਕਿ ਪਹਿਲਾਂ ਵੀ ਕਈ ਵਾਰੀ ਗਿਣਤੀਆ ਮਿਣਤੀਆਂ ਦੇ ਅੰਕੜੇ ਲੋਕਾਂ ਨੂੰ ਸੁਣਾਏ ਗਏ ਸਨ? ਤੁਸੀਂ ਆਪਣਾ ਕੰਮ ਕਰੀ ਜਾਵੋ। ਪਰ ਜ਼ਰਾ ਚੁੱਪ ਕਰ ਜਾਵੋ ਤਾਂ ਸਹਿਮੇ ਹੋਏ ਲੋਕ ਵੀ ਜ਼ਰਾ ਬੰਦੂਕਾਂ ਦੇ ਪਟਾਖਿਆਂ ਅਤੇ ਔਰਤਾਂ ਤੇ ਬੱਚਿਆਂ ਦੀਆਂ ਕੁਰਲਾਹਟਾਂ ਦੀਆਂ ਆਵਾਜ਼ਾਂ ਤੋਂ ਕੁਝ ਸਮਾਂ ਰਾਹਤ ਹਾਸਲ ਕਰ ਸਕਣ।
ਤੇ ਜਨਾਬ ਖ਼ਾਲਸਾ ਜੀ, ਤੁਸੀਂ ਕੀ ਕਰੀ ਜਾਂਦੇ ਓ? ਬਹੁਤ ਰੌਲੇ ਪਾਈ ਜਾਨੇਂ ਓਂ। ਤੇ ਇਹ ਵੀ ਪਤਾ ਨਹੀਂ ਲੱਗ ਰਿਹਾ ਕਿ ਕਿਹੜਾ ਕੀ ਗੱਲ ਕਰ ਰਿਹਾ ਹੈ, ਕਿਸ ਨਾਲ ਗੱਲ ਕਰ ਰਿਹਾ ਹੈ। ਇਹ ਵੀ ਪਤਾ ਨਹੀਂ ਲਗਦਾ ਕਿ ਵਿਰੋਧ ਕਿਸ ਦਾ ਕਰਦੇ ਹੋ ਅਤੇ ਗਲਵਕੜੀ ਕੀਹਦੇ ਨਾਲ ਪਾ ਰਹੇ ਹੋ। ਨੀਲੀਆਂ ਦਸਤਾਰਾਂ ਦੇ ਹੜ ਵਿਚੋਂ ਕਿਹੜੇ ਕਿਹੜੇ ਜੈਕਾਰੇ ਅਤੇ ਨਾਅਰੇ ਲਾਏ ਜਾ ਰਹੇ ਹਨ, ਉਨਾਂ ਵਿਚੋਂ ਕੁਝ ਵੀ ਤਾਂ ਸਪਸ਼ਟ ਨਹੀਂ ਹੈ। ਜ਼ਰਾ ਸ਼ਾਂਤ ਬੈਠੀ ਕੰਮ ਨੂੰ ਸਮਝਾ ਤਾਂ ਦਿਓ ਕਿ ਤੁਸੀਂ ਇਕ ਹੋ ਜਾਂ ਇਕੱਤੀ। ਅਤੇ ਜੇ ਤੁਸੀਂ ਇਕੱਤੀ ਹੋ ਤਾਂ ਵਾਰ ਵਾਰ ਇਕ ਹੋਣ ਦੀਆਂ ਗੱਲਾਂ ਕਿਉਂ ਕਰਦੇ ਹੋ? ਜਾਂ ਤਾਂ ਤੁਸੀਂ ਇਕ ਹੋ ਜਾਵੇ ਤੇ ਜਾਂ ਫਿਰ ਇਕੱਤੀ ਹੀ ਹੋ ਜਾਵੇ। ਕੰਮ ਨੇ ਤਾਂ ਬਾਈ ਗੁਰੂ ਵੀ ਕੁਝ ਸਮੇਂ ਲਈ ਝੱਲ ਲਏ ਸੀ । ਤੁਸੀਂ ਤਾਂ ਹੋ ਹੀ ਸਿਆਸੀ ਨੇਤਾ। ਜੇ ਤੁਸੀਂ ਇਕੱਤੀਆਂ ਦੀ ਥਾਂ ਕੋਤਰ ਸੋ ਮੰਜੀਆਂ ਲਾ ਕੇ ਵੀ ਬੈਠ ਜਾਵੋ ਤਾਂ ਵੀ ਕੋਈ ਫ਼ਰਕ ਨਹੀਂ ਪੈਣਾ। ਪਰ ਬੈਨਤੀ ਸਿਰਫ਼ ਇਕੋ ਹੀ ਹੈ ਤੁਸੀਂ ਸਿੰਘ ਜੀ ਗੁਰਦੁਆਰਿਆਂ ਦਾ ਕਬਜ਼ਾ ਛੱਡ ਦਿਓ। ਤੁਸੀਂ ਸ੍ਰੀਮਾਨ ਜੀ ਕਿਰਪਾਨ ਦੀ ਲੰਬਾਈ ਤਕ ਹੀ ਸੀਮਤ ਨਾ ਰਹੋ। ਤੁਸੀਂ ਮਹਾਂ ਪੁਰਖੇ ਆਪਣੇ ਕੁਰਸੀ-ਸੁਖ ਦੀ ਵਾਰ ਵਾਰ ਕਲਪਨਾ ਕਰਨੀ ਬੰਦ ਕਰੋ ਤੇ ਤੁਸੀਂ ਬਾਬਾ ਜੀ, ਘਰ ਜਾ ਕੇ ਮੰਜਾ ਡਾਹ ਕੇ ਆਰਾਮ ਕਰੋ। ਤੇ ਜੇ ਏਨਾ ਕੁਝ ਨਹੀਂ ਕਰ ਸਕਦੇ ਤਾਂ ਕੰਮ ਨੂੰ ਮੁਕਤ ਹੀ ਕਰ ਛੱਡੋ। ਤੁਹਾਡਾ ਰੌਲਾ-ਰੱਪਾ ਬਹੁਤ ਹੋ ਗਿਆ ਹੈ। ਹੁਣ ਜ਼ਰਾ ਕੌਮ ਦੀ ਆਵਾਜ਼ ਵੀ ਸੁਣ ਲਵੋ। ਉਸਨੂੰ ਚੁੱਪ ਬੈਠ ਕੇ ਤਮਾਸ਼ਾ ਦੇਖਦੀ ਨੂੰ ਬਹੁਤ ਸਮਾਂ ਹੋ ਗਿਆ ਹੈ।
ਤੇ ਤੁਸੀਂ ਜਿਹੜੇ ਦੇਸ਼ ਦੀ ਏਕਤਾ ਲਈ ਸ਼ਹੀਦਾਂ ਦੀਆਂ ਪਾਲਾਂ ਲਾਉਣ ਵਿਚ ਲੱਗੇ ਹੋਏ ਹੋ. ਤੁਹਾਡੇ ਲਈ ਬੇਨਤੀ ਹੈ ਕਿ ਤੁਸਾਂ ਪਾਲਾਂ ਬਹੁਤ ਲਾ ਲਈਆਂ। ਬੜੇ ਹੀਰੇ ਕੁਰਬਾਨ ਦਿੱਤੇ। ਹੁਣ ਕਦੋਂ ਤਕ ਪਾਲਾਂ ਲਾਉਂਦੇ ਰਹੋਗੇ? ਪਰ ਜੇ ਤੁਸੀਂ ਸੱਚਮੁੱਚ ਹੀ ਏਨੇ ਖੁਲ੍ਹਦਿਲੇ ਹੋ ਕਿ ਤੁਸੀਂ ਸ਼ਹੀਦਾਂ ਦੀ ਗਿਣਤੀ ਦੇ ਮਾਮਲੇ ਵਿਚ ਸਭ ਤੋਂ ਸਿਰਮੌਰ ਰਹਿਣਾ ਚਾਹੁੰਦੇ ਹੋ ਤਾਂ ਜ਼ਰੂਰ ਰਹੋ। ਤੁਹਾਡੇ ਕੋਲ ਜ਼ਰੂਰ ਹੀ ਅਜਿਹੇ ਮਰਜੀਵੜਿਆਂ ਦੀ ਫ਼ੌਜ ਹੋਵੇਗੀ ਜਿਹੜੀ ਅਜਾਈਂ ਜਾਨਾਂ ਗਵਾਉਣ ਲਈ ਤਿਆਰ ਹੋਵੇਗੀ। ਪਰ ਜੇ ਤੁਸੀਂ ਰਤਾ ਕੁ ਆਪਣੀ ਆਵਾਜ਼ ਧੀਮੀ ਕਰੋ ਤਾਂ ਤੁਹਾਨੂੰ ਕੋਈ ਦੱਸ ਸਕੇ ਕਿ ਜਿਹੋ ਜਿਹੀ ਹਾਲਤ ਵਿਚ ਤੁਸੀਂ ਸ਼ਹੀਦੀਆਂ ਪਾਉਣ ਦਾ ਰੌਲਾ ਪਾਈ ਜਾ ਰਹੀ ਹੈ, ਉਸ ਹਾਲਤ ਵਿਚ ਹੋਈ ਮੌਤ ਨੂੰ ਸ਼ਹੀਦੀ ਨਹੀਂ ਖ਼ੁਦਕੁਸ਼ੀ ਕਹਿੰਦੇ ਹਨ। ਪਰ ਜੇ ਤੁਸੀਂ ਚੁੱਪ ਕਰੋ ਤਾਂ ਹੀ ਕੋਈ ਦੱਸੇ ਨਾ। ਵਰਨਾ ਤੁਸੀ ਤਾਂ ਲਗਾਤਾਰ ਕੁਕੀ ਹੀ ਜਾਂਦੇ ਹੋ ਤੇ ਤੁਹਾਡੇ ਸ਼ਹੀਦਾਂ ਦੀਆਂ ਸੂਚੀਆਂ ਵਿਚ ਵਾਧਾ ਹੋਈ ਜਾਂਦਾ ਹੈ। ਜ਼ਰਾ ਚੁੱਪ ਦਾ ਦਾਨ ਬਖ਼ਸ਼ੋ ਤਾਂ ਤੁਹਾਡੇ ਹੀ “ਭਵਿੱਖ ਦੇ ਸ਼ਹੀਦ” ਤੁਹਾਨੂੰ ਦੱਸਣ ਕਿ ਹੁਣ ਬਸ ਵੀ ਕਰੋ।
ਤੇ ਆਹ ਤੁਸੀਂ ਕੀ ਕਰੀ ਜਾਨੇ ਓ ਸ੍ਰੀਮਾਨ? ਜੇ ਕਲਮ ਤੁਹਾਡੇ ਹੱਥ ਹੈ ਤਾਂ ਇਸ ਨੂੰ ਕਿਸੇ ਧਿਰ ਦਾ ਧੂਤੂ ਤਾਂ ਨਾ ਬਣਾਓ। ਪਰ ਤੁਸੀਂ ਤਾਂ ਇਵੇਂ ਧਿਰਾਂ ਬਣ ਬੈਠੇ ਹੋ ਜਿਵੇਂ ਸਿਰ ਧੜ ਦੀ ਬਾਜ਼ੀ ਤੁਹਾਹੀ ਲੱਗੀ ਹੋਈ ਹੈ। ਜਨਾਬ ਜੇ ਤੁਹਾਡੇ ਕੋਲ ਸੁਣਨ ਦਾ ਸਮਾਂ ਹੋਵੇ ਤਾਂ ਕੋਈ ਤੁਹਾਨੂੰ ਦੱਸੇ ਕਿ ਜਿਹੜੀ ਜ਼ਹਿਰ ਤੁਸੀਂ ਲੋਕਾਂ ਦੇ ਕੰਨੀਂ ਭਰ ਰਹੇ ਹੋ, ਉਸ ਦਾ ਚੰਗਾ ਸਿੱਟਾ ਨਹੀਂ ਨਿਕਲਣ ਲੱਗਾ। ਤੇ ਫ਼ੇਰ ਤੁਸੀਂ ਮੌਤਾਂ ਵਿਚ ਵੀ ਵਖਰੇਵਾਂ ਕਿਵੇਂ ਕਰ ਸਕਦੇ ਹੋ? ਮੌਤ ਤਾਂ ਮੌਤ ਹੀ ਹੁੰਦੀ ਹੈ। ਜੇ ਰਤਾ ਕੁ ਚੁੱਪ ਦਾ ਦਾਨ ਬਖ਼ਸ਼ੋ ਤਾਂ ਕਿਸੇ ਤੂਤੀ ਦੀ ਆਵਾਜ਼ ਤੁਹਾਨੂੰ ਸੁਣਾਈ ਦੇਵੇ ਕਿ ਤੁਸੀਂ ਪੰਜਾਬੀ ਮਾਂ ਦੇ ਸੱਕੇ ਪੁੱਤ ਹੋ ਕੇ ਕੰਧਾਂ ਕਿਉਂ ੳਸਾਰਦੇ ਹੋ ? ਕੰਧਾਂ ਢਾਹੋ ਤਾਂ ਗੱਲ ਬਣੇ।
ਤੇ ਬਾਬਿਓ ਤੁਹਾਨੂੰ ਕੀ ਕਹੀਏ? ਤੁਸੀਂ ਤਾਂ ਹੋ ਹੀ ਸਭ ਗੱਲਾਂ ਤੋਂ ਉਪਰ। ਇਸ ਲਈ ਤੁਹਾਨੂੰ ਕੌਣ ਸਮਝਾ ਸਕਦਾ ਹੈ? ਅਸਾਲਟਾਂ ਨਾਲ ਲੈਸ ਹੋ ਕੇ ਤੁਸੀਂ ਕੌਮ ਦਾ ‘ਬੇੜਾ ਪਾਰ’ ਕਰਾਉਣ ਲਈ ਜਾਨਾਂ ਤਲੀ ‘ਤੇ ਰੱਖ ਕੇ ਜੰਗਲਾਂ, ਰੋਹੀਆਂ ਗਾਹੁੰਦੇ ਫਿਰਦੇ ਹੋ। ਬੜੇ ਵੱਡੇ ਸੰਕਲਪ ਦੇ ਵਾਹਨ ਹੋ ਤੁਸੀਂ। ਬੜੇ ਸਾਲਾਂ ਤੋਂ ਤੁਸੀਂ “ਮਿਸ਼ਨ” ਦੀ ਸਫਲਤਾ ਲਈ ਕਮਰਕੱਸੇ ਕਰੀ ਫਿਰਦੇ ਹੋ। ਜਿਸ ਕੌਮ ਪਾਸ ਇਸ ਤਰ੍ਹਾਂ ਜਾਨਾਂ ਵਾਰਨ ਵਾਲੇ ਜਵਾਨ ਹੋਣ ਉਹ ਕੌਮ ਕਦੇ ਵੀ ਹਾਰ ਨਹੀਂ ਸਕਦੀ। ਪਰ ਕੀ ਤੁਹਾਨੂੰ ਲਗਦਾ ਨਹੀਂ ਕਿ ਅਸਾਲਟਾਂ ਦੇ ਬਹੁਤੇ ਰੋਲੇ ਵਿਚ ਤੁਸੀਂ ਕੁਝ ਗੱਲਾਂ ਭੁੱਲੀ ਫਿਰਦੇ ਹੋ? ਕੀ ਤੁਸੀਂ ਇਹ ਨਹੀਂ ਭੁੱਲ ਗਏ ਕਿ ਅਬਲਾ ਤੇ ਮਜਲੂਮ ਦੀ ਰਾਖੀ ਲਈ ਖ਼ਾਲਸੇ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਹਨ? ਜਿੰਨਾ ਕੁ ਇਤਿਹਾਸ ਮੈਂ ਪੜ੍ਹਿਆ ਹੈ ਉਸ ਮੁਤਾਬਕ ਤਾਂ ਖ਼ਾਲਸੇ ਨੇ ਕਦੇ ਨਿੱਹਥੇ ਉਤੇ ਵਾਰ ਨਹੀਂ ਸੀ ਕੀਤਾ, ਕਿਸੇ ਬਾਲ ਨਿਆਣੇ ਉਤੇ ਹੱਥ ਨਹੀਂ ਸੀ ਚੁੱਕਿਆ, ਕਿਸੇ ਤਰੀਮਤ ਨਾਲ ਖੁਨਾਮੀ ਨਹੀਂ ਸੀ ਕੀਤੀ। ਪਰ ਰੌਲਾ ਹੀ ਐਨਾ ਪੈ ਰਿਹਾ ਹੈ ਕਿ ਤੁਹਾਡੇ ਹੀ ਕੀ ਕਿਸੇ ਦੇ ਵੀ ਕੰਨਾਂ ਤਕ ਕੋਈ ਗੱਲ ਨਹੀਂ ਪੁੱਜ ਰਹੀ।
ਜੇ ਸਾਰੇ ਜਣੇ ਹੀ ਚੁੱਪ ਦਾ ਦਾਨ ਬਖ਼ਸ਼ੋ ਤਾਂ ਮੈਂ ਆਪਣੀ ਤੂਤੀ ਵਜਾ ਛੱਡਾਂਗਾ। ਓਨੀ ਦੇਰ ਤਕ ਤਾਂ ਮੈਂ ਵੀ ਮੂੰਹ ਵਿਚ ਉਂਗਲਾਂ ਪਾ ਕੇ ਹੀ ਹੋਰਾਂ ਦਰਸ਼ਕਾਂ ਵਾਂਗ, ਡੌਰ-ਭੋਰਾ ਹੋਇਆ ਖੜ੍ਹਾ ਰਹਾਂਗਾ । ਕੀ ਚੁੱਪ ਦਾ ਦਾਨ ਬਖ਼ਸ਼ੋਗੇ? ਕਰੋਗੇ ਕਿਰਪਾ?
(16.10.1992)
ਸੁੱਖਾ, ਜਿੰਦਾ ਅਤੇ ਫ਼ਾਂਸੀ ਦੀ ਸਜ਼ਾ
ਮੈਂ ਉਨ੍ਹਾਂ ਲੋਕਾਂ ਨਾਲ ਬਿਲਕੁਲ ਸਹਿਮਤ ਨਹੀਂ ਜਿਹੜੇ ਕਹਿੰਦੇ ਹਨ ਕਿ ਜਨਰਲ ਏ. ਐਸ. ਵੈਦਿਆ ਦੀ ਹੱਤਿਆ ਲਈ ਫ਼ਾਂਸੀ ਲਾਏ ਗਏ ਸੁਖਦੇਵ ਸਿੰਘ ਸੁੱਖਾ ਅਤੇ ਹਰਜਿੰਦਰ ਸਿੰਘ ਜਿੰਦਾ ਖ਼ਤਰਨਾਕ ਅਪਰਾਧੀ ਸਨ ਅਤੇ ਉਨ੍ਹਾਂ ਲਈ ਫ਼ਾਂਸੀ ਦੀ ਸਜ਼ਾ ਹੀ ਲਾਜ਼ਮੀ ਸੀ। ਇਨ੍ਹਾਂ ਹੀ ਲੋਕਾਂ ਵਿਚ ਕੁਝ ਲੋਕਾਂ ਨੇ ਤਾਂ ਇਨ੍ਹਾਂ ਦੋਵਾਂ ਨੂੰ ਰੰਗਾ ਅਤੇ ਬਿੱਲਾ ਨਾਂ ਦੇ ਦੋ ਖ਼ਤਰਨਾਕ ਬਲਾਤਕਾਰੀ ਕਾਤਲਾਂ ਨਾਲ ਮੇਲਣ ਦੀ ਵੀ ਕੋਸ਼ਿਸ਼ ਕੀਤੀ ਹੈ। ਕਿਸੇ ਦਿੱਲੀ ਦੇ ਅਖ਼ਬਾਰ ਵਿਚ ਛਪੇ ਇਕ ਲੇਖ ਵਿਚ ਇਸ ਤਰ੍ਹਾਂ ਦੀ ਤੁਲਨਾ ਕੀਤੀ ਗਈ ਹੈ ਜਿਹੜੀ ਸਰਾਸਰ ਨਾਇਨਸਾਫ਼ੀ ਵਾਲੀ ਗੱਲ ਹੈ।
ਸੁੱਖਾ ਅਤੇ ਜਿੰਦਾ, ਅਜਿਹੇ ਖ਼ਤਰਨਾਕ ਹਤਿਆਰੇ ਨਹੀਂ ਸਨ ਜਿਨ੍ਹਾਂ ਨੂੰ ‘ਸਮਾਜ ਦਾ ਕੋਹੜ’ ਕਰਾਰ ਦਿੱਤਾ ਜਾਵੇ। ਸਗੋਂ ਉਹ ਅਜਿਹੇ ਲੋਕ ਸਨ ਜਿਹੜੇ ਛੋਟੇ ਮੋਟੇ ਅਪਰਾਧਾਂ ਤੋਂ ਉਠ ਕੇ, ਧਰਮ ਦੇ ਪ੍ਰਭਾਵ ਹੇਠ, ਜਨਰਲ ਵੈਦਿਆ ਦੀ ਹੱਤਿਆ ਕਰਨ ਦੇ ਰਾਹ ਤੁਰੇ ਅਤੇ ਇਸ ਕਾਰਵਾਈ ਮਗਰੋਂ ਉਹ ‘ਕੌਮ ਦੇ ਨਾਇਕ’ ਤੇ ਫ਼ਾਂਸੀ ਮਗਰੋਂ ‘ਕੰਮ ਦੇ ਸ਼ਹੀਦ’ ਦਾ ਰੁਤਬਾ ਹਾਸਲ ਕਰਨ ਦੇ ਸਮਰੱਥ ਹੋ ਗਏ । ਇਨ੍ਹਾਂ ਵਿਚੋਂ ਜਿੰਦਾ ਨੂੰ ਤਾਂ ਖ਼ਾਸ ਕਰਕੇ ਉਸ ਸ਼੍ਰੇਣੀ ਵਿਚ ਰਖਿਆ ਜਾ ਸਕਦਾ ਹੈ ਜਿਸ ਵਿਚ ਇਕ ਸਧਾਰਨ ਅਪਰਾਧੀ ਸਮਾਂ ਆਉਣ ਉਤੇ, ਕੁਝ ਸਿੱਧੇ ਜਾਂ ਅਸਿੱਧੇ ਪ੍ਰਭਾਵ ਹੇਠ, “ਕੌਮੀ ਪਰਵਾਨਾ” ਬਣ ਸਕਦਾ ਹੈ। ਸੁਖਦੇਵ ਸਿੰਘ ਸੁੱਖਾ ਇਸ ਕਾਰਨ ਜਿੰਦਾ ਨਾਲੋਂ ਵੱਖਰਾ ਸੀ ਕਿਉਂਕਿ ਉਸ ਨੇ ਆਪਣਾ ਖਾੜਕੂ ਜੀਵਨ ਆਪਰਾਧ ਤੋਂ ਨਹੀਂ ਸਗੋਂ ਧਰਮ ਪ੍ਰਭਾਵ ਗ੍ਰਹਿਣ ਕਰਨ ਤੋਂ ਸ਼ੁਰੂ ਕੀਤਾ ਸੀ।
ਮੇਰੀ ਰਾਏ ਮੁਤਾਬਕ ਸੁੱਖਾ ਅਤੇ ਜਿੰਦਾ ਨਾ ਤਾਂ ਸਿੱਖ ਕੌਮ ਜਾਂ ਅਕਾਲੀ ਦਲਾਂ ਲਈ ਏਨੇ ਮਹੱਤਵਪੂਰਨ ਬਣ ਸਕਦੇ ਅਤੇ ਨਾ ਹੀ ਭਾਰਤ ਸਰਕਾਰ ਲਈ ਏਨੇ ਖ਼ਤਰਨਾਕ ਬਣਦੇ ਜੇ ਅਖ਼ਬਾਰਾਂ ਨੇ ਇਨ੍ਹਾਂ ਨੂੰ ਲੋੜੋਂ ਵੱਧ ਪਰਚਾਰਿਆ ਨਾ ਹੁੰਦਾ । ਇਹ ਗੱਲ ਕਿਸੇ ਤੋਂ ਭੁੱਲੀ ਨਹੀਂ ਕਿ ਜਿਹੜੀ ਖੁੱਲੀ ਚਿੱਠੀ ਸੁੱਖਾ ਅਤੇ ਜਿੰਦਾ ਦੇ ਨਾਂ ਉਤੇ ਪਟਿਆਲਾ ਅਤੇ ਲੁਧਿਆਣਾ ਦੇ ਕੁਝ ਸਿੱਖ ਪ੍ਰੋਫੈਸਰਾਂ ਵਲੋਂ ਰਾਸ਼ਟਰਪਤੀ ਦੇ ਨਾਂ ਲਿਖੀ ਗਈ ਸੀ, ਉਸ ਨੂੰ ਉਤਰੀ ਭਾਰਤ ਹੀ ਨਹੀਂ ਸਗੋਂ ਦਿੱਲੀ ਤੋਂ ਪਾਰ ਛਪਦੀਆਂ ਅਖ਼ਬਾਰਾਂ ਨੇ ਵੀ ਵਿਸਥਾਰ ਨਾਲ ਛਾਪਿਆ ਸੀ। ਚੰਡੀਗੜ੍ਹ, ਜਲੰਧਰ ਅਤੇ ਦਿੱਲੀ ਤੋਂ ਛਪਦੀਆਂ ਕੁਝ ਅਖ਼ਬਾਰਾਂ ਨੂੰ ਤਾਂ ਇਹ ਬਿਆਨ ਪੂਰੇ ਦਾ ਪੂਰਾ ਹੀ ਛਾਪਣਾ ਪਿਆ ਸੀ ਕਿਉਂਕਿ ਬਿਆਨ ਦੀ ਫੋਟੋ ਕਾਪੀ ਦੇ ਨਾਲ ‘ਬਾਬਿਆਂ’ ਵਲੋਂ ‘ਹੱਥ ਜੋੜ ਕੇ ਬੇਨਤੀ ਕਰਨ ਦੇ ਸੁਨੇਹੇ ਵੀ ਮਿਲੇ ਸਨ। ਉਦੋਂ ਇਨ੍ਹਾਂ ਸੁਨੇਹਿਆਂ ਨੂੰ ਮੋੜਨ ਦੀ ਕਿਸੇ ਦੀ ਹਿੰਮਤ ਨਹੀਂ ਸੀ ਪੈ मवरी।
ਮੇਰੀ ਇਹ ਵੀ ਰਾਏ ਹੈ ਕਿ ਚਿੱਠੀ ਵਿਚ ਪ੍ਰਗਟ ਕੀਤੇ ਗਏ ਵਿਚਾਰਾਂ ਸਦਕਾ ਹੀ ਸੁੱਖਾ ਅਤੇ ਜਿੰਦਾ ਸਧਾਰਨ ਕਾਤਲਾਂ ਤੋਂ ਵਧ ਕੇ ਸਿਆਸੀ ਕਾਤਲਾਂ ਦੇ ਰੁਤਬੇ ਤਕ ਪਹੁੰਚੇ ਸਨ। ਲਗਪਗ ਇਸੇ ਕਿਸਮ ਦੀ ਸਥਿਤੀ ਵਿਚ ਸ਼ਹੀਦੇ ਆਜ਼ਮ ਭਗਤ ਸਿੰਘ ਨੇ ਆਪਣੇ ਨਾਂ ਦੀਆਂ ਧੁੰਮਾਂ ਪਾਈਆਂ ਸਨ ਕਿਉਂਕਿ ਉਨ੍ਹਾਂ ਨੇ ਆਪਣੇ ਮੁਕੱਦਮੇ ਦੌਰਾਨ ਆਪਣੀਆਂ ਦਲੀਲਾਂ ਰਾਹੀਂ ਅੰਗਰੇਜ਼ ਹਕੂਮਤ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਸਨ। ਫ਼ਰਕ ਸਿਰਫ਼ ਏਨਾ ਹੈ ਕਿ ਜਿੱਥੇ ਭਗਤ ਸਿੰਘ ਨੇ ਆਪਣੇ ਪੈਰਵੀ ਆਪ ਕਰਦੇ ਹੋਏ ਅੰਗਰੇਜ਼ਾਂ ਨੂੰ ਵਾਹਣੀਂ ਪਾਇਆ ਸੀ, ਉਥੇ ਸੁੱਖਾ ਅਤੇ ਜਿੰਦਾ ਪਾਸ ਆਪਣਾ ਨਜ਼ਰੀਆ ਆਪ ਪੇਸ਼ ਕਰਨ ਦੀ ਲਿਆਕਤ ਨਹੀਂ ਸੀ। ਵਰਨਾ ਜਿਸ ਤਰੀਕੇ ਨਾਲ ਉਨ੍ਹਾਂ ਵਲੋਂ ਰਾਸ਼ਟਰਪਤੀ ਨੂੰ ਭੇਜੀ ਚਿੱਠੀ ਦੀ ਇਬਾਰਤ ਲਿਖੀ ਗਈ ਸੀ, ਉਸ ਦੀ ਤਰਜ਼ ਵਿਚ ਜੇ ਅਦਾਲਤ ਵਿਚ ਆਪਣਾ ਬਿਆਨ ਦਿੰਦੇ ਤਾਂ ਹੋਰ ਵੀ ਪ੍ਰਸਿੱਧੀ ਹਾਸਲ ਕਰਦੇ।
ਜੇ ਮੈਂ ਉਨ੍ਹਾਂ ਲੋਕਾਂ ਨਾਲ ਸਹਿਮਤ ਨਹੀਂ ਹਾਂ ਜਿਹੜੇ ਸੁੱਖਾ ਅਤੇ ਜਿੰਦਾ ਨੂੰ ਸਧਾਰਨ ਹਤਿਆਰੇ ਗਰਦਾਨਦੇ ਹਨ ਤਾਂ ਮੈਂ ਉਨ੍ਹਾਂ ਨਾਲ ਵੀ ਇਤਫ਼ਾਕ ਰਾਏ ਨਹੀਂ ਰਖਦਾ ਜਿਹੜੇ ਉਨ੍ਹਾਂ ਨੂੰ ਸਰਵੁੱਚ ਸ਼ਹੀਦ ਦਾ ਰੁਤਬਾ ਦਿੰਦੇ ਹਨ। ਮੈਂ ਉਨ੍ਹਾਂ ਦੇ ਨਾਂ ਨਾਲ ਭਾਈ ਲਿਖਣ ਵਾਲੇ ਲੋਕਾਂ ਦੀ ਇਮਾਨਦਾਰੀ ਅਤੇ ਲਿਆਕਤ ਉਤੇ ਵੀ ਸ਼ੱਕ ਕਰਦਾ ਹਾਂ ਕਿਉਂਕਿ ਮੈਨੂੰ ਲਗਦਾ ਇਹ ਹੈ ਕਿ ਅਜਿਹਾ ਉਹ ਸੱਚੇ ਦਿਲੋਂ ਨਹੀਂ ਕਰ ਰਹੇ ਸਗੋਂ ਸੌੜੀ ਸਿਆਸਤ ਤੋਂ ਪ੍ਰੇਰਿਤ ਹੋ ਕੇ ਕਰ ਰਹੇ ਹਨ।
ਮੇਰੀ ਜਾਚੇ ਸਿੱਖ ਕੌਮ ਵਿਚ ਭਾਈ ਦਾ ਰੁਤਬਾ ਬਹੁਤ ਉੱਚਾ ਹੁੰਦਾ ਹੈ ਅਤੇ ਸਿੱਖ ਇਤਿਹਾਸ ਗਵਾਹ ਹੈ ਕਿ ਬਹੁਤ ਪਹੁੰਚੇ ਹੋਏ, ਗੁਰਬਾਣੀ ਦੇ ਗਿਆਤਾ, ਸੇਵਾ ਦੇ ਪੁੰਜ, ਨਿਮਰ ਵਿਅਕਤੀ ਲਈ ਭਾਈ ਦਾ ਲਕਬ ਵਰਤਿਆ ਜਾਂਦਾ ਸੀ। ਇਸਦੇ ਨਾਲ ਹੀ ਇਹ ਫ਼ੈਸਲਾ ਵੀ ਸਿੱਖ ਸੰਗਤ ਕਰਦੀ ਹੁੰਦੀ ਸੀ ਕਿ ਕਿਸ ਨੂੰ ‘ਭਾਈ’ ਕਹਿਣਾ ਹੈ ਤੇ ਕਿਸ ਨੂੰ ਨਹੀਂ। ਕਰੀਬ ਦਸ ਸਾਲ ਪਹਿਲਾਂ ਤਕ ਦੇ ਸਿੱਖ ਇਤਿਹਾਸ ‘ਤੇ ਝਾਤ ਮਾਰਿਆਂ ਪਤਾ ਲੱਗੇਗਾ ਕਿ ਭਾਈ ਸ਼ਬਦ ਦੀ ਵਰਤੋਂ ਆਮ ਕਰਕੇ ਤਖ਼ਤਾਂ ਦੇ ਜਥੇਦਾਰਾਂ ਜਾਂ ਹਜ਼ੂਰੀ ਕੀਰਤਨੀਆਂ ਲਈ ਕੀਤੀ ਜਾਂਦੀ ਸੀ, ਹਥਿਆਰਬੰਦ ਸੰਘਰਸ਼ ਕਰਨ ਵਾਲੇ ਤੇ ਅਜਿਹਾ ਸੰਘਰਸ਼ ਕਰਦੇ ਸਮੇਂ ਕੁਰੀਤੀਆਂ ਕਰਨ ਵਾਲੇ ਲੋਕਾਂ ਲਈ ਨਹੀਂ।
ਸੁੱਖਾ ਅਤੇ ਜਿੰਦਾ ਇਸ ਤਰ੍ਹਾਂ ਦੇ ਸਤਿਕਾਰ ਦੇ ਪਾਤਰ ਨਹੀਂ ਸਨ ਕਿਉਂਕਿ ਉਨ੍ਹਾਂ ਦੀਆਂ ਜੀਵਨੀਆਂ ਦਸਦੀਆਂ ਹਨ ਕਿ ਗਿ੍ਫ਼ਤਾਰ ਹੋ ਕੇ ਪੁਣੇ ਜੇਲ੍ਹ ਵਿਚ ਬੰਦ ਹੋਣ ਵੇਲੇ ਉਨ੍ਹਾਂ ਨੇ ਮੂੰਹ ਅਤੇ ਸਿਰ ਦੇ ਕੇਸ ਨਹੀਂ ਸਨ ਰੱਖੇ ਹੋਏ। ਇਹ ਵੀ ਪਤਾ ਲਗਦਾ ਹੈ ਕਿ ਉਹ ਸ਼ਰਾਬ ਦਾ ਸੇਵਨ ਆਮ ਕਰਦੇ ਸਨ ਅਤੇ ਵੇਸਵਾਵਾਂ ਨਾਲ ਉਨ੍ਹਾਂ ਦਾ ਸੰਪਰਕ ਸੀ। ਇਹ ਵੀ ਰਿਪੋਰਟਾਂ ਹਨ ਕਿ ਸਿੱਖ ਸੰਘਰਸ਼ ਲਈ ਉਹ ਜਿਹੜੀਆਂ ਰਕਮਾਂ ਹਾਸਲ ਕਰਦੇ ਸਨ, ਉਨ੍ਹਾਂ ਨੂੰ ਔਰਤਾਂ ਉਤੇ ਲੁਟਾ ਦਿੰਦੇ ਸਨ। ਹਰਜਿੰਦਰ ਸਿੰਘ ਜਿੰਦਾ ਬਾਰੇ ਤਾਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਉਹ ਨਸ਼ੀਲੀਆਂ ਵਸਤਾਂ ਦੇ ਨਾਲ ਸੋਨੇ ਦੀ ਸਮਗਲਿੰਗ ਵੀ ਕਰਦਾ ਸੀ। ਇਸ ਲਈ ਮੈਂ ਉਨ੍ਹਾਂ ਲੋਕਾਂ ਨਾਲ ਸਹਿਮਤ ਨਹੀਂ ਹਾਂ ਜਿਹੜੇ ਇਨ੍ਹਾਂ ਦੋਹਾਂ ਨੂੰ ਪਰਮ ਸ਼ਹੀਦ ਕਹਿੰਦੇ ਹੋਏ ਅਤਿਅੰਤ ਉੱਚੇ ਰੁਤਬੇ ਦਿੰਦੇ ਹਨ।
ਸੁਖਦੇਵ ਸਿੰਘ ਸੁੱਖਾ ਅਤੇ ਹਰਜਿੰਦਰ ਸਿੰਘ ਜਿੰਦਾ ਦਰਅਸਲ ਸਿਆਸਤ ਦੇ ਸ਼ਿਕਾਰ ਹੋਏ ਹਨ ਅਤੇ ਉਹ ਵੀ ਅਕਾਲੀ ਦਲਾਂ ਦੀ ਛਿੱਤਰੀ-ਦਾਲ-ਵੰਡ ਸਿਆਸਤ ਦੇ। ਇਕ ਆਮ ਕਹਾਵਤ ਹੈ ਕਿ ਇਕ ਦਾ ਦਹਿਸ਼ਤਗਰਦ ਦੂਸਰੀ ਧਿਰ ਦਾ ਦੇਸ਼ ਭਗਤ ਹੁੰਦਾ ਹੈ। ਭਗਤ ਸਿੰਘ ਅੰਗਰੇਜ਼ਾਂ ਦਾ ਦਹਿਸ਼ਤਗਰਦ ਸੀ ਪਰ ਅਜ਼ਾਦੀ ਲਈ ਸੰਘਰਸ਼ ਕਰ ਰਹੀ ਭਾਰਤੀ ਕੌਮ ਦਾ ਉਹ ਮਹਾਨ ਦੇਸ਼ ਭਗਤ ਸੀ । ਹਿੰਦੁਸਤਾਨ ਸਰਕਾਰ ਲਈ ਸੁੱਖਾਂ ਅਤੇ ਜਿੰਦਾ ਖ਼ਤਰਨਾਕ ਦਹਿਸ਼ਤਗਰਦ ਸਨ ਜਿਨ੍ਹਾਂ ਨੇ ਦੇਸ਼ ਦੀ ਸੈਨਾ ਦੇ ਸਾਬਕਾ ਮੁਖੀ ਦੀ ਦਿਨ-ਦਿਹਾੜੇ ਹੱਤਿਆ ਕੀਤੀ ਸੀ । ਖ਼ਾਲਿਸਤਾਨ ਦੀ ਲੜਾਈ ਲੜ ਰਹੇ ਲੋਕਾਂ ਲਈ ਉਹ ਕੌਮੀ ਨਾਇਕ प्ररु।
ਪਰ ਅਕਾਲੀ ਕਿੱਥੋਂ ਆ ਗਏ ? ਅਕਾਲੀ ਦਲਾਂ ਵਿਚੋਂ ਤਾਂ ਕੋਈ ਵੀ ਖ਼ਾਲਿਸਤਾਨ ਦੇ ਹੱਕ ਵਿਚ ਨਹੀਂ ਹੈ। ਫ਼ੇਰ ਉਨ੍ਹਾਂ ਨੇ ਇਨ੍ਹਾਂ ਦੀ ‘ਸ਼ਹਾਦਤ’ ਬਾਰੇ ਏਨਾ ਵਾਵੇਲਾ ਕਿਉਂ ਮਚਾਇਆ ? ਕਿਸੇ ਵੀ ਅਕਾਲੀ ਦਲ ਨੇ ਅੱਜ ਤਕ ਮੰਗ ਨਹੀਂ ਕੀਤੀ ਕਿ ਉਨ੍ਹਾਂ ਨੂੰ ਖ਼ਾਲਿਸਤਾਨ ਚਾਹੀਦਾ ਹੈ। ਖ਼ਾਲਿਸਤਾਨ ਲਈ ਹਥਿਆਰ ਚੁੱਕੀ ਫਿਰਦੀਆਂ ਖਾੜਕੂ ਜਥੇਬੰਦੀਆਂ ਤਕ ਨੇ ਸਪਸ਼ਟ ਨਹੀਂ ਕੀਤਾ ਕਿ ਖ਼ਾਲਿਸਤਾਨ ਦਾ ਸੰਕਲਪ ਕੀ ਹੈ ? ਫਿਰ ਸੁੱਖਾ ਅਤੇ ਜਿੰਦਾ, ਜਿਹੜੇ ਕਿ ਉਨ੍ਹਾਂ ਦੇ ਆਪਣੇ ਕਥਨਾਂ ਮੁਤਾਬਕ, ਖ਼ਾਲਿਸਤਾਨ ਦੀ ਖਾਤਰ ਫਾਂਸੀ ਉਤੇ ਚੜ੍ਹੇ, ਕਿਸ ਤਰ੍ਹਾਂ ਅਕਾਲੀ ਦਲਾਂ ਦੇ ਸ਼ਹੀਦ ਹੋਏ ?
ਅਕਾਲੀ ਦਲਾਂ ਨੇ ਤਾਂ ਸਿਰਫ਼ ਏਨਾ ਕੀਤਾ ਕਿ ਸਰਕਾਰ ਵਲੋਂ ਫ਼ਾਂਸੀ ਦੀ ਤਰੀਕ ਮਿੱਥਣ ਮਗਰੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਸਰਕਾਰ ਸਿੱਖਾਂ ਨਾਲ ਇਕ ਵਾਰੀ ਹੋਰ “ਧੱਕਾ” ਕਰਨ ਲੱਗੀ ਹੈ। ਉਨ੍ਹਾਂ ਵਲੋਂ ਦਿੱਲੀ ਦੇ ਦਰਬਾਰ ਵਿਚ ਅਪੀਲਾਂ ਕੀਤੀਆਂ ਗਈਆਂ, ਸੁਪਰੀਮ ਕੋਰਟ ਵਿਚੋਂ ਸਟੇਅ ਲੈਣ ਦੇ ਯਤਨ ਕੀਤੇ ਗਏ ਪਰ ਉਦੋਂ ਜਦੋਂ ਇਹ ਪਤਾ ਸੀ ਕਿ ਦੋਹਾਂ ਨੇ ਫ਼ਾਂਸੀ ਚੜ੍ਹ ਜਾਣਾ ਹੈ । ਤੇ ਦੋਹਾਂ ਨੂੰ ਫ਼ਾਂਸੀ ਦੇ ਦਿੱਤੀ ਗਈ ਤਾਂ ਅਕਾਲੀ ਦਲਾਂ ਨੇ ਤਿੰਨ ਦਿਨ ਦੇ ਬੰਦ ਦਾ ਸੱਦਾ ਦੇ ਦਿੱਤਾ ਜਿਹੜਾ ਬੁਰੀ ਤਰ੍ਹਾਂ ਅਸਫ਼ਲ ਰਿਹਾ। ਹੁਣ ਇਨ੍ਹਾਂ ਨੂੰ ਕੌਣ ਪੁੱਛੇ ਕਿ ਬੰਦ ਦੀ ਅਸਫ਼ਲਤਾ ਨਾਲ ਸੁੱਖਾ ਅਤੇ ਜਿੰਦਾ ਦੀ ਸ਼ਹੀਦੀ ਚਮਕੀ ਹੈ ਜਾਂ ਮੱਧਮ ਪਈ ਹੈ ?
ਲਗਪਗ ਸਾਰੇ ਅਕਾਲੀ ਦਲਾਂ ਨੇ ਹੀ ਸੁਖਦੇਵ ਸਿੰਘ ਸੁੱਖਾ ਅਤੇ ਹਰਜਿੰਦਰ ਸਿੰਘ ਜਿੰਦਾ ਨੂੰ ਅਗਲੇ ਕੁਝ ਦਿਨਾਂ ਤਕ ਭੁਲਾ ਦੇਣਾ ਹੈ। ਸੰਸਾਰ ਦਾ ਦਸਤੂਰ ਹੀ ਅਜਿਹਾ ਹੈ । ਹਰ ਸਾਲ ਉਨ੍ਹਾਂ ਦੀ ਯਾਦ ਵਿਚ ਅਖੰਡ ਪਾਠਾਂ ਦੇ ਭੋਗ ਪਾਏ ਜਾਂਦੇ ਰਹਿਣਗੇ। ਪਰ ਬਰਸੀਆਂ ਤਾਂ ਹਰੇਕ ਮਰੇ ਹੋਏ ਦੀਆਂ ਮਨਾਈਆਂ ਜਾਂਦੀਆਂ ਹਨ। ਅਕਾਲੀਆਂ ਨੂੰ ਤਾਂ ਇਕ ਮਸਲਾ ਚਾਹੀਦਾ ਸੀ ਜਿਸ ਦੀ ਵਰਤੋਂ ਕਰਕੇ ਉਹ ਆਪਣੇ ਡਿਗਦੇ ਹੋਏ ਵੱਕਾਰ ਨੂੰ ਬਚਾ ਸਕਦੇ ਸਨ। ਪਰ ਇਸ ਵਿਚ ਉਹ ਫੇਲ੍ਹ ਹੋਏ ਹਨ। ਸਦਾ ਵਾਂਗ ਹੀ ‘ਸ਼ਹੀਦੀਆਂ’ ਰੋਲ ਦਿੱਤੀਆਂ ਗਈਆਂ ਹਨ।
ਸੁੱਖਾ ਅਤੇ ਜਿੰਦਾ ਸ਼ਹੀਦ ਹਨ ਜਾਂ ਹਤਿਆਰੇ, ਉਨ੍ਹਾਂ ਨੂੰ ਭਾਈ ਦਾ ਰੁਤਬਾ ਮਿਲਣਾ ਚਾਹੀਦਾ ਸੀ ਜਾਂ ਨਹੀਂ, ਉਨ੍ਹਾਂ ਦੀਆਂ ‘ਸ਼ਹੀਦੀਆਂ’ ਨੂੰ ਅਕਾਲੀਆਂ ਨੇ ਰੋਲਿਆ ਹੈ ਜਾਂ ਚਮਕਾਇਆ ਹੈ, ਇਹ ਸਾਰੇ ਸਵਾਲ ਹੀ ਬੇਮਾਅਨੇ ਹੋ ਗਏ ਹਨ। ਅੱਜ ਫ਼ਾਂਸੀ ਨੂੰ ਤਿੰਨ ਹਫ਼ਤੇ ਹੋ ਗਏ ਹਨ ਅਤੇ ਹੋਰ ਤਿੰਨਾਂ ਹਫਤਿਆਂ ਨੂੰ ਰਹਿੰਦੇ ਸਵਾਲ ਵੀ ਮੁੱਕ ਜਾਣਗੇ। ਪਰ ਇਸ ਸਮੇਂ ਦੌਰਾਨ ਇਕ ਸਵਾਲ ਅਜਿਹਾ ਹੈ ਜਿਹੜਾ ਕਿਸੇ ਨੇ ਵੀ ਨਹੀਂ ਉਠਾਇਆ। ਉਹ ਸਵਾਲ ਹੈ ਫ਼ਾਂਸੀ ਦੀ ਸਜ਼ਾ ਦੀ ਸਾਰਥਕਤਾ ਦਾ।
ਮੇਰੀ ਜਾਚੇ ਫ਼ਾਂਸੀ ਦੀ ਸਜ਼ਾ ਦਾ ਸੰਕਲਪ ਉਸ ਜਾਹਲ ਸਮਾਜੀ ਬਣਤਰ ਦੀ ਉਪਜ ਹੈ ਜਿੱਥੇ ਹੱਥ ਬਦਲੇ ਹੱਥ, ਅੱਖ ਬਦਲੇ ਅੱਖ ਅਤੇ ਸਿਰ ਬਦਲੇ ਸਿਰ ਦੀ ਪਿਰਤ ਸੀ। ਅੱਜ ਦੇ ਆਧੁਨਿਕ ਯੁੱਗ ਵਿਚ ਵੀ ਜਦੋਂ ਰਾਜਸੱਤਾ ਇਹ ਜ਼ਰੂਰੀ ਸਮਝੇ ਕਿ ਕਿਸੇ ਸ਼ਖ਼ਸ ਨੂੰ ਉਸ ਦੇ ਜੁਰਮਾਂ ਦੀ ਸਜ਼ਾ ਉਸ ਦੀ ਜਾਨ ਲੈ ਕੇ ਹੀ ਦਿੱਤੀ ਜਾ ਸਕਦੀ ਹੈ ਤਾਂ ਇਸ ਦਾ ਅਰਥ ਹੈ ਕਿ ਰਾਜਸੱਤਾ ਨੂੰ ਆਪਣੇ ਆਪ ਉਤੇ ਵਿਸ਼ਵਾਸ ਨਹੀਂ ਹੈ। ਜਾਂ ਫਿਰ ਹਾਲੇ ਤਕ ਇਹ ਸਭਿਅਤਾ ਦੇ ਉਸ ਮੁਕਾਮ ਉਤੇ ਨਹੀਂ ਪੁੱਜੀ ਹੈ ਜਿੱਥੇ ਇਹ ਜਾਨ ਦੇ ਬਦਲੇ ਜਾਨ ਦੇ ਅਸੂਲ ਤੋਂ ਉਪਰ ਉਠ ਸਕੇ।
ਫਾਂਸੀ ਦੀ ਸਜ਼ਾ ਦੇ ਕੇ ਰਾਜਸੱਤਾ ਨੇ ਸੁੱਖਾ ਅਤੇ ਜਿੰਦਾ ਨੂੰ ਇਕ ਖ਼ਾਸ ਤਬਕੇ ਲਈ ‘ਸ਼ਹੀਦ’ ਬਣਾ ਦਿੱਤਾ। ਜੋ ਫ਼ਾਂਸੀ ਨਾ ਦਿੰਦੀ ਤਾਂ ਉਹ ਤਾਉਮਰ ਜੇਲ੍ਹ ਵਿਚ ਰਹਿੰਦੇ ਪਰ ਸ਼ਹੀਦ ਨਾ ਹੁੰਦੇ। ਹੋਰ ਬਹੁਤ ਸਾਰੇ ਅਪਰਾਧ ਹਨ ਜਿਨ੍ਹਾਂ ਲਈ ਸਰਕਾਰਾਂ ਫ਼ਾਂਸੀ ਦੀ ਸਜ਼ਾ ਤਜਵੀਜ਼ ਕਰਦੀਆਂ ਹਨ। ਅਕਾਲੀ ਦਲਾਂ ਨੂੰ ਹੀ ਨਹੀਂ, ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਚੀਕਾਂ ਮਾਰਦੀਆਂ ਜਥੇਬੰਦੀਆਂ ਨੂੰ ਇਹ ਗੱਲ ਕਿਉਂ ਨਹੀਂ ਸੁੱਝੀ ਕਿ ਉਹ ਫ਼ਾਂਸੀ ਦੀ ਸਜ਼ਾ ਵਿਰੁੱਧ ਹੀ ਅਵਾਜ਼ ਬੁਲੰਦ ਕਰਨ ? ਉਨ੍ਹਾਂ ਨੂੰ ਕੌਮਾਂਤਰੀ ਪੱਧਰ ਦੇ ਕਈ ਕਾਨੂੰਨਾਂ ‘ਤੇ ਘੁਣਤਰਾਂ ਦਾ ਤਾਂ ਪਤਾ ਹੈ ਤੇ ਅਕਸਰ ਉਨ੍ਹਾਂ ਦਾ ਹਵਾਲਾ ਵੀ ਦਿੰਦੇ ਰਹਿੰਦੇ ਹਨ । ਪਰ ਕੀ ਉਨ੍ਹਾਂ ਨੂੰ ਉਨ੍ਹਾਂ ਦੇਸ਼ਾਂ ਦੇ ਨਾਂ ਨਹੀਂ ਪਤਾ ਜਿੱਥੋਂ ਦੀਆਂ ਸਰਕਾਰਾਂ ਨੇ ਫਾਂਸੀ ਦੀ ਸਜ਼ਾ ਮੁੱਢੋਂ ਹੀ ਖ਼ਤਮ ਕੀਤੀ ਹੋਈ ਹੈ ?
(30-10-1992)
ਮੁਰਗੀਆਂ ਦੀ ਮੌਤ
ਦੁਪਹਿਰ ਦੇ ਖਾਣ ਸਮੇਂ ਜਦੋਂ ਜਿਊਂਦੀਆਂ ਮੁਰਗੀਆਂ ਹੀ ਘਰ ਲਿਆ ਰੱਖੀਆਂ ਤਾਂ ਸਵਾਲ ਇਹ ਪੈਦਾ ਹੋਇਆ ਕਿ ਇਨ੍ਹਾਂ ਨੂੰ ਮਾਰ ਕੇ ਸਾਫ਼ ਕੌਣ ਕਰੇਗਾ? ਮੁਰਗੀ ਮਾਰਨਾ ਸਾਧਾਰਣ ਬੰਦੇ ਦੇ ਵੱਸ ਦੀ ਗੱਲ ਨਹੀਂ। ਇਸ ਲਈ ਦਿਲ ਗੁਰਦਾ ਚਾਹੀਦਾ ਹੈ। ਮੁਰਗੀ ਜਦੋਂ ਝਟਕਈ ਦੇ ਹੱਥ ਲਾਉਣ ਉਤੇ ਚੀਕਾਂ ਮਾਰਦੀ ਹੈ ਜਾਂ ਖੰਡ ਫੜਫੜਾਉਂਦੀ ਹੈ ਤਾਂ ਮੌਤ ਤੋਂ ਬਚਣ ਲਈ ਹੱਥ ਪੈਰ ਮਾਰ ਰਹੀ ਹੁੰਦੀ ਹੈ। ਜੇ ਉਸ ਦੀਆਂ ਅੱਖਾਂ ਵਿਚ ਵੇਖਿਆ ਜਾਵੇ ਤਾਂ ਸਪਸ਼ਟ ਤੌਰ ‘ਤੇ ਖ਼ੌਫ਼ ਅਤੇ ਦਹਿਸ਼ਤ ਦੇ ਨਾਲ ਨਾਲ ਤਰਸ ਦੀ ਅਪੀਲ ਨਜ਼ਰ ਆਏਗੀ।
ਇਸ ਲਈ ਜਦੋਂ ਰਿਸ਼ਤੇਦਾਰੀ ਵਿਚ ਇਕ ਵਿਆਹ ਸਮੇਂ ਮੁਰਗੀਆਂ ਨੂੰ ਲੱਤਾਂ ਤੋਂ ਬੰਨ੍ਹ ਕੇ ਵਿਹੜੇ ਵਿਚ ਲਿਆਂਦਾ ਗਿਆ ਤਾਂ ਮੈਂ, ਮੇਰੇ ਪੁੱਤਰ ਅਤੇ ਮੇਰੀ ਧੀ ਦੇ ਨਾਲ ਨਾਲ ਕਮਜ਼ੋਰ ਦਿਲ ਵਾਲੇ ਦੋ ਤਿੰਨ ਹੋਰ ਜਣਿਆਂ ਨੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਕੇ ਰੇਡੀਓ ਦੀ ਆਵਾਜ਼ ਉੱਚੀ ਕਰ ਦਿੱਤੀ ਤਾਂ ਕਿ ਨਾ ਤਾਂ ਉਨ੍ਹਾਂ ਦੀ ਆਵਾਜ਼ ਹੀ ਸੁਣੇ ਤੇ ਨਾ ਉਨ੍ਹਾਂ ਨੂੰ ਵੱਢਣ ਸਮੇਂ ਹੁੰਦੇ ਜ਼ੁਲਮ ਨੂੰ ਦੇਖਿਆ ਹੀ ਜਾਵੇ। ਜਾਨਵਰਾਂ ਉਤੇ ਜ਼ੁਲਮ ਰੋਕਣ ਲਈ ਦੇਸ਼ ਦੇ ਕਈ ਸ਼ਹਿਰਾਂ ਵਿਚ ਐਸ. ਪੀ. ਸੀ. ਏ. ਨਾਂ ਦੀਆਂ ਸੰਸਥਾਵਾਂ ਬਣੀਆਂ ਹੋਈਆਂ ਹਨ। ਇਸ ਦਾ ਅਰਥ ਹੈ “ਸੁਸਾਇਟੀ ਫਾਰ ਪ੍ਰੀਵੈਨਸ਼ਨ ਆਫ ਕਰੂਇਲਿਟੀ ਅਗੇਂਸਟ ਐਨੀਮਲਜ਼” ਅਰਥਾਤ ਜਾਨਵਰਾਂ ਵਿਰੁਧ ਜਬਰ ਨੂੰ ਰੋਕਣ ਲਈ ਸੁਸਾਇਟੀ। ਇਸ ਸੁਸਾਇਟੀ ਦਾ ਮੁੱਖ ਕੰਮ ਇਹੀ ਹੈ ਕਿ ਮਨੁੱਖ ਕਿਸੇ ਤਰ੍ਹਾਂ ਵੀ ਜਾਨਵਰ ਨਾਲ ਦਰਿੰਦਗੀ ਨਾਲ ਪੇਸ਼ ਨਾ ਆਵੇ । ਇਸ ਸੁਸਾਇਟੀ ਵਾਲੇ ਇਸ ਗੱਲ ਉਤੇ ਵੀ ਇਤਰਾਜ਼ ਕਰਦੇ ਹਨ ਕਿ ਜਿਹੜੀਆਂ ਮੁਰਗੀਆਂ ਨੇ ਆਖ਼ਰਕਾਰ ਮਰ ਕੇ ਮਨੁੱਖਾਂ ਦੀ ਖਾਣੇ ਦੀ ਮੇਜ਼ ਉਤੇ ਆਉਣਾ ਹੈ ਉਨ੍ਹਾਂ ਨੂੰ ਜਿਊਂਦੇ ਜੀਅ ਤਾਂ ਤਸੀਹੇ ਨਾ ਦਿੱਤੇ ਜਾਣ। ਪਰ ਹਾਲੇ ਤਕ ਵੀ ਉਹ ਮਾਸ ਦੇ ਵਪਾਰੀਆਂ ਨੂੰ ਇਸ ਗੱਲ ਲਈ ਨਹੀਂ ਮਨਾ ਸਕੇ ਕਿ ਮੁਰਗੀਆਂ ਦੀਆਂ ਲੱਤਾਂ ਬੰਨ੍ਹ ਕੇ ਪੁੱਠੇ ਲਟਕਾ ਕੇ ਨਾ ਲਿਜਾਇਆ ਜਾਵੇ।
ਜਦੋਂ ਤਕ ਮੈਂ ਭੀਸ਼ਮ ਸਾਹਨੀ ਦਾ ਲਿਖਿਆ ਨਾਵਲ ‘ਤਮਸ’ ਨਹੀਂ ਸੀ ਪੜ੍ਹਿਆ, ਮੈਨੂੰ ਨਹੀਂ ਸੀ ਪਤਾ ਕਿ ਆਰ.ਐਸ.ਐਸ. ਨਾਂ ਦੀ ਹਿੰਦੂਵਾਦੀ ਸੰਸਥਾ ਵਿਚ ਦੀਕਸ਼ਾ ਕਿਵੇਂ ਦਿੱਤੀ ਜਾਂਦੀ ਹੈ।ਇਸ ਵਿਚ ਦੱਸਿਆ ਗਿਆ ਹੈ ਕਿ ਸੰਘ ਵਿਚ ਪ੍ਰਵੇਸ਼ ਕਰਨ ਵਾਲੇ ਨੂੰ ਇਕ ਮੁਰਗੀ ਦਾ ਗੱਲਾਂ ਕੱਟ ਕੇ ਇਸ ਗੱਲ ਦਾ ਸਬੂਤ ਦੇਣਾ ਪੈਂਦਾ ਹੈ ਕਿ ਉਸ ਦਾ ਦਿਲ ਗੁਰਦਾ ਮਜ਼ਬੂਤ ਹੈ ਅਤੇ ਉਹ ਆਪਣੇ ਧਰਮ ਦੇ ‘ਦੁਸ਼ਮਣ’ ਨੂੰ ਮਾਰਨ ਵਿਚ ਵੀ ਪਿੱਛੇ ਨਹੀਂ ਹਟੇਗਾ। ‘ਤਮਸ’ ਦਾ ਰਣਬੀਰ ਆਪਣੇ ਉਸਤਾਦ ਤੋਂ ਦੀਕਸ਼ਾ ਹਾਸਲ ਕਰ ਕੇ ਦੰਗਿਆਂ ਦੇ ਦਿਨਾਂ ਵਿਚ ਇਕ ਗ਼ਰੀਬ ਇਤਰ ਫੁਲੇਲ ਵਾਲੇ ਨੂੰ ਮਾਰ ਕੇ ਆਪਣੀ ‘ਬਹਾਦਰੀ’ ਦਾ ਸਬੂਤ ਦਿੰਦਾ ਹੈ।
ਇਸੇ ਨਾਵਲ ਦੇ ਇਕ ਹੋਰ ਕਾਂਡ ਵਿਚ ਇਕਬਾਲ ਸਿੰਘ ਜਦੋਂ ਮੁਸਲਮਾਨ ਹਮਲਾਵਰਾਂ ਸਾਹਮਣੇ ਹਥਿਆਰ ਸੁੱਟ ਕੇ ਮੁਸਲਮਾਨ ਬਣਨ ਲਈ ਰਾਜ਼ੀ ਹੋ ਜਾਂਦਾ ਹੈ ਤਾਂ ਇਕ ਕੱਟੜ ਕਿਸਮ ਦੇ ਮੁਸਲਿਮ ਲੀਗੀ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿ ‘ਸਾਲਾ ਸਿੱਖੜਾ’ ਐਵੇਂ ਕੈਵੇਂ ਹੀ ਤਬਲੀਗ ਕਰਵਾ ਲਵੇ। ਇਸ ਲਈ ਉਹ ਦੇੜ ਕੇ ਆਪਣੇ ਘਰ ‘ਮੋਟੇ ਮਾਸ’ ਦਾ ਲਹੂ ਚੋਂਦਾ ਟੁਕੜਾ ਲਿਆ ਕੇ ਉਸ ਦੇ ਮੂੰਹ ਵਿਚ ਤੁੰਨ ਦਿੰਦਾ ਹੈ।
ਮੈਨੂੰ ਨਹੀਂ ਪਤਾ ਕਿ ਅੱਜ ਕੱਲ੍ਹ ਆਰ. ਐਸ. ਐਸ. ਵਿਚ ਦਾਖ਼ਲੇ ਲਈ ਇਸ ਤਰ੍ਹਾਂ ਦੀ ਪ੍ਰੀਖਿਆ ਦੇਣੀ ਪੈਂਦੀ ਹੈ ਜਾਂ ਨਹੀਂ ਜਿਸ ਤਰ੍ਹਾਂ ਕਿ ਨਾਵਲ ਵਿਚ ਦਰਸਾਈ ਗਈ ਹੈ ਪਰ ਜਿਵੇਂ ਮੁਸਲਮਾਨਾਂ ਵਿਰੁਧ ਨਫ਼ਰਤ ਦੀ ਭਾਵਨਾ ਅੱਜ ਕੱਲ੍ਹ ਫੈਲਾਈ ਜਾ ਰਹੀ ਹੈ ਤੇ ਜਿਵੇਂ ਹਿੰਦੂ ਧਰਮ ਨੂੰ ਸਰਵੋਤਮ ਧਰਮ ਕਰਾਰ ਦੇਣ ਦਾ ਯਤਨ ਹੋ ਰਿਹਾ ਹੈ ਉਸ ਤੋਂ ਜਾਪਦਾ ਹੈ ਕਿ ਹਾਲੇ ਵੀ ਆਰ. ਐਸ. ਐਸ. ਦੇ ਹਰੇਕ ਮੈਂਬਰ ਬਦਲੇ ਇਕ ਮੁਰਗੀ ਦੀ ਜਾਨ ਜ਼ਰੂਰ ਜਾਂਦੀ ਹੈ।
ਮੁਰਗੀਆਂ ਮਰਨ ਲਈ ਹਨ, ਇਹ ਸੱਚ ਹੈ। ਅੱਜ ਕੱਲ੍ਹ ਤਾਂ ਮੁਰਗੀਆਂ ਦੀ ਅਜਿਹੀ ਨਸਲ ਵੀ ਵਿਕਸਿਤ ਕਰ ਲਈ ਗਈ ਹੈ ਜਿਹੜੀਆਂ ਆਂਡੇ ਨਹੀਂ ਦੇ ਸਕਦੀਆਂ। ਇਨ੍ਹਾਂ ਦਾ ਇਕੋ ਇਕ ਮਕਸਦ ਮਰਨਾ ਹੁੰਦਾ ਹੈ ਅਤੇ ਇਨ੍ਹਾਂ ਨੂੰ ਛੇਤੀ ਛੇਤੀ ਪਾਲ ਕੇ ਮਰਨ ਲਈ ਤਿਆਰ ਕੀਤਾ ਜਾਂਦਾ ਹੈ। ਇਸ ਲਈ ਉਨ੍ਹਾਂ ਦੇ ਮਰਨ ਉਤੇ ਕਿਸੇ ਨੂੰ ਕੋਈ ਅਫ਼ਸੋਸ ਨਹੀਂ ਹੋਣਾ ਚਾਹੀਦਾ। ਤੇ ਜੇ ਤੁਹਾਨੂੰ ਉਨ੍ਹਾਂ ਦੇ ਮਰਨ ਉਤੇ ਅਫ਼ਸੋਸ ਹੈ ਤਾਂ ਤੁਸੀਂ ਕਮਰੇ ਦਾ ਦਰਵਾਜ਼ਾ ਬੰਦ ਕਰ ਲਵੋ ਅਤੇ ਰੇਡੀਉ ਦੀ ਆਵਾਜ਼ ਉੱਚੀ ਕਰ ਦੇਵੋ। ਤੁਹਾਡਾ ਮਸਲਾ ਹੱਲ ਹੋ ਜਾਵੇਗਾ।
ਜਿਸ ਬੰਦੇ ਨੇ ਮੁਰਗੀਆਂ ਵੱਢਣ ਦਾ ਜ਼ਿੰਮਾ ਲਿਆ ਉਹ ਨਾ ਸ਼ਰਾਬ ਪੀਂਦਾ ਸੀ ਤੇ ਨਾ ਹੀ ਮਾਸ ਖਾਂਦਾ ਸੀ। ਕੁਝ ਸਾਲਾਂ ਤੋਂ ਉਸ ਨੇ ਬਿਆਸ ਵਾਲੇ ਬਾਬਿਆਂ ਤੋਂ ਨਾਮ ਲਿਆ ਹੋਇਆ ਸੀ। ਸਵੇਰੇ ਸ਼ਾਮ ਨਿਤਨੇਮ ਕਰਨਾ ਉਸ ਲਈ ਜ਼ਰੂਰੀ ਸੀ । ਹੱਥ ਵਿਚ ਲੋਹੇ ਦੇ ਮਣਕਿਆਂ ਵਾਲੀ ਮਾਲਾ ਵੀ ਸੀ ਜਿਸ ਨੂੰ ਉਹ ਕਦੇ ਕਦੇ ਫੇਰਦਾ ਵੀ ਸੀ ਪਰ ਕੰਮ ਉਹ ਝਟਕਈ ਵਾਲਾ ਕਰਦਾ ਸੀ । ਮੁਰਗੀਆਂ ਝਟਕਾਉਣਾ, ਉਨ੍ਹਾਂ ਦੇ ਟੁਕੜੇ ਕਰਨਾ ਤੇ ਫੇਰ ਰਿੰਨ੍ਹ ਕੇ ਲੋਕਾਂ ਨੂੰ ਖਿਲਾਉਣਾ ਉਸ ਦਾ ਰੁਜ਼ਗਾਰ ਸੀ। ਇਸ ਲਈ ਉਸ ਨੇ ਮੁਰਗੀਆਂ ਵੱਢਣ ਵਿਚ ਫੁਟਕਾ ਨਹੀਂ ਲਾਇਆ। ਇਹ ਗੱਲ ਵੱਖਰੀ ਹੈ ਕਿ ਮੈਂ ਕਮਰਾ ਬੰਦ ਕਰਕੇ ਸੋਚਦਾ ਰਿਹਾ ਕਿ ਜਿਨ੍ਹਾਂ ਬਾਬਿਆਂ ਪਾਸੋਂ ਨਾਮ ਲੈ ਕੇ ਉਸ ਨੇ ਮੀਟ ਖਾਣਾ ਤਿਆਗ ਦਿੱਤਾ ਹੈ, ਕੀ ਉਹ ਬਾਬਾ ਮੁਰਗੀਆਂ ਵੱਢਣ ਤੋਂ ਨਹੀਂ ਰੋਕਦਾ ? ਪਰ ਇਹ ਸਵਾਲ ਪੁੱਛ ਕੇ ਮੈਂ ਉਸ ਦੀਆਂ ‘ਧਾਰਮਿਕ ਭਾਵਨਾਵਾਂ’ ਨੂੰ ਨਹੀਂ ਸੀ ਦੁਖਾ ਸਕਦਾ ।
ਦਰਅਸਲ ਸਮਿਆਂ ਦੇ ਗੇੜ ਨੇ ਸਾਨੂੰ ਅੱਖਾਂ ਮੀਟਣ ਅਤੇ ਦੇਖ ਕੇ ਅਣਡਿੱਠ ਕਰਨ ਦੀ ਆਦਤ ਪਾ ਦਿੱਤੀ ਹੈ। ਅਸੀਂ ਮੁਰਗੀਆਂ ਨੂੰ ਮਰਦੀਆਂ ਦੇਖਦੇ ਰਹਿੰਦੇ ਹਾਂ ਪਰ ਅੱਖਾਂ ਬੰਦ ਕਰਕੇ ਲੰਘ ਜਾਂਦੇ ਹਾਂ । ਕਦੇ ਇਨ੍ਹਾਂ ਮੁਰਗੀਆਂ ਦਾ ਥੋਕ ਵਿਚ ਵਢਾਂਗਾ ਹੁੰਦਾ ਹੈ, ਕਦੇ ਇਕੱਲੀ ਇਕੱਲੀ ਦਾ। ਕਦੇ ਇਹ ਨਹਿਰ ਕਿਨਾਰੇ ਹੋ ਜਾਂਦਾ ਹੈ, ਕਦੇ ਕਿਸੇ ਭੱਠੇ ਉਤੇ, ਕਦੇ ਕਿਸੇ ਬੱਸ ਵਿਚ। ਇਸ ਤਰ੍ਹਾਂ ਮੁਰਗੀਆਂ ਵੱਢਣ ਵਾਲੇ ਪਤਾ ਨਹੀਂ ਦੀਕਸ਼ਾ ਹਾਸਲ ਕਰਨ ਸਮੇਂ ਕੀ ਮਾਰਦੇ ਹੋਣਗੇ ਪਰ ਉਨ੍ਹਾਂ ਦੇ ਦਿਲ ਬਹੁਤ ਮਜ਼ਬੂਤ ਹਨ। ਇਹ ਵੀ ਤਾਂ ਸਾਰੇ ਜਾਣਦੇ ਹਨ ਕਿ ਉਹ ਆਪਣੇ ਆਪ ਨੂੰ ਗੁਰੂ ਦੇ ਸਿੱਖ ਦੱਸਦੇ ਹਨ। ਇਸ ਲਈ ਜ਼ਰੂਰ ਹੀ ਧਾਰਮਿਕ ਪਰਵਿਰਤੀ ਵਾਲੇ ਹੁੰਦੇ ਹੋਣਗੇ। ਜਿਨ੍ਹਾਂ ਸੂਰਬੀਰਾਂ ਨੂੰ ਸ਼ੇਰਾਂ ਨਾਲ ਟੱਕਰ ਲੈਣ ਲਈ ਦਸਵੇਂ ਪਾਤਸ਼ਾਹ ਨੇ ਸਿਰਜਿਆ ਹੋਵੇ, ਉਨ੍ਹਾਂ ਸਾਹਮਣੇ ਮੁਰਗੀਆਂ ਮਾਰਨਾ ਕਿਹੜਾ ਔਖਾ ਕੰਮ ਹੈ ?
ਦੇਖਿਆ ਤਾਂ ਨਹੀਂ, ਪਰ ਮਹਿਸੂਸ ਕਰ ਸਕਦਾ ਹਾਂ ਕਿ ਜਦੋਂ ਇਨ੍ਹਾਂ ਮਾਸੂਮ ਮੁਰਗੀਆਂ ਨੂੰ ਕਿਸੇ ਭੱਠੇ ਉਤੇ, ਕਿਸੇ ਨਹਿਰ ਕਿਨਾਰੇ ਜਾਂ ਕਿਸੇ ਬੱਸ ਵਿਚ ਮਾਰਿਆ ਜਾਂਦਾ ਹੋਵੇਗਾ, ਤਾਂ ਉਨ੍ਹਾਂ ਦੇ ਗਲਿਆ ਵਿਚੋਂ ਚੀਕਾਂ ਵੀ ਨਿਕਲਦੀਆਂ ਹੋਣਗੀਆਂ, ਮਿੰਨਰਾਂ, ਤਰਲੇ, ਹਾੜ੍ਹੇ ਵੀ ਅਤੇ ਉਨ੍ਹਾਂ ਦੀਆਂ ਅੱਖਾਂ ਵਿਚ ਤਰਲਾ ਹੁੰਦਾ ਹੋਵੇਗਾ ਤੇ ਐਡ ਵੀ। ਪਰ ਜੇ ਘੋੜਾ ਘਾਹ ਨਾਲ ਦੋਸਤੀ ਕਰੋ ਤਾਂ ਖਾਏਗਾ ਕੀ? ਜੇ ਝਟਕਈ ਦੇ ਮਨ ਵਿਚ ਮੁਰਗੀਆਂ ਲਈ ਰਹਿਮ ਪੈਦਾ ਹੋ ਜਾਵੇ ਤਾਂ ਉਹ ਕਿਸੇ ਤਰ੍ਹਾਂ ਵੀ ਆਪਣਾ ਕੰਮ ਪੂਰਾ ਨਾ ਕਰ ਸਕੇ। ਇਸ ਲਈ ਮੁਰਗੀਆਂ ਨੂੰ ਮਾਰਨਾ ਉਸ ਦਾ ਕੰਮ ਹੈ ਅਤੇ ਚੀਕਣਾ ਮੁਰਗੀਆਂ ਦਾ।
ਜਾਨਵਰਾਂ ਨੂੰ ਤਸੀਹੇ ਦੇਣ ਵਿਰੁਧ ਇਕ ਸੁਸਾਇਟੀ ਹੈ ਪਰ ਮੁਰਗੀਆਂ ਨਾਲੋਂ ਵੀ ਬਦਤਰ ਤਰੀਕੇ ਨਾਲ ਜੀਅ ਰਹੇ ਅਤੇ ਮਾਰੇ ਜਾ ਰਹੇ ਇਨਸਾਨਾਂ, ਇਨਸਾਨਾਂ ਉਤੇ ਇਨਸਾਨਾਂ ਵਲੋਂ ਹੀ ਜੁਲਮ ਕਰਨ ਜਾਂ ਉਨ੍ਹਾਂ ਦਾ ਖੂਨ ਵਹਾਉਣ ਵਿਰੁਧ ਕੋਈ ਸੁਸਾਇਟੀ ਨਹੀਂ ਹੈ। ਇਸ ਲਈ ਜਦੋਂ ਕਿਤੇ ਉਹ ਮੁਰਗੀਆਂ ਵਾਂਗ ਮਾਰੇ ਜਾਂਦੇ ਹਨ ਤਾਂ ਬਸ ਚੁੱਪ ਰਹਿਣਾ ਹੀ ਚੰਗਾ ਹੁੰਦਾ ਹੈ। ਉਸ ਤੋਂ ਵੀ ਬਿਹਤਰ ਹੁੰਦਾ ਹੈ ਆਪਣੇ ਘਰਾਂ ਦੇ ਦਰਵਾਜ਼ੇ ਦੀਆਂ ਚਿਟਕਣੀਆਂ ਬੰਦ ਕਰ ਲਈਆਂ ਜਾਣ ਅਤੇ ਦੂਰਦਰਸ਼ਨ (ਮਾਫ਼ ਕਰਨਾ ਅੱਜ ਕੱਲ੍ਹ ਸਟਾਰ ਟੀ.ਵੀ.) ਦਾ ਚੈਨਲ ਲਾ ਕੇ ਉਸ ਦੀ ਆਵਾਜ਼ ਉੱਚੀ ਚੁੱਕ ਦਿੱਤੀ ਜਾਵੇ।
ਮੁਰਗੀਆ ਦਾ ਕੰਮ ਤਾਂ ਮਰਨਾ ਹੈ। ਫੇਰ ਅਸੀਂ ਕਾਹਨੂੰ ਇਨ੍ਹਾਂ ਬਾਰੇ ਐਵੇਂ ਚਿੰਤਾ ਕਰਦੇ ਰਹੀਏ ਚਿੰਤਾ ਕਰਨੀ ਹੈ ਤਾਂ ਇਸ ਗੱਲ ਦੀ ਕਰੀਏ ਕਿ ਰਾਤ ਨੂੰ ਮੂੰਗੀ ਦੀ ਦਾਲ ਬਣਨੀ ਹੈ ਜਾਂ ਮੁਰਗੀ ?
(4 12.1992)