ਲਧਾਈ ਕੇ
ਸਥਿਤੀ :
ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਲਧਾਈ ਕੇ, ਮੋਗਾ ਭਗਤਾ ਸੜਕ ਤੋਂ 1 ਕਿਲੋਮੀਟਰ ਅਤੇ ਮੋਗਾ ਰੇਲਵੇ ਸਟੇਸ਼ਨ ਤੋਂ 28 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ‘ਲਧਾਈ ਕੇ’ ਦਾ ਮੁੱਢ ਲਗਭਗ ਸਾਢੇ ਸੱਤ ਸੌ ਸਾਲ ਪਹਿਲਾਂ ‘ਲਧਾਈ’ ਨਾਂ ਦੇ ਗਿੱਲ ਨੇ ਬੱਝਿਆ ਸੀ। ਉਸ ਸਮੇਂ ਪਿੰਡ ਦਾ ਨਾਂ ਚੱਕ ਲਧਾਈ ਰਖਿਆ ਗਿਆ ਸੀ। ਚੱਕ ਲਧਾਈ ਵਿਚੋਂ ਕੁਝ ਲੋਕਾਂ ਨੇ ਨਿਕਲ ਕੇ ‘ਡਾਲਾ’ ਤੇ ‘ਰੰਮੀ’ ਪਿੰਡ ਬਣਾਏ, ਇਸ ਤਰ੍ਹਾਂ ਇਸ ਪਿੰਡ ਦੀ ਅਬਾਦੀ ਬਹੁਤ ਘੱਟ ਗਈ ਤੇ ਇਹ ‘ਲਧਾਈ ਕੇ ਬਣ ਕੇ ਰਹਿ ਗਿਆ । ਬਾਅਦ ਵਿੱਚ ਕੋਠਾ ਗੁਰੂ ਤੋਂ ਬਰਾੜ ਤੇ ਲੋਪੋ ਤੋਂ ਗੋਦਾਰੇ ਆ ਕੇ ਇੱਥੇ ਵੱਸ ਗਏ। ਭੁਲਰਾਂ ਦੇ ਘਰ ਵੀ ਇਸ ਪਿੰਡ ਵਿੱਚ ਹਨ। ਪਿੰਡ ਦੀ ਅੱਧੀ ਆਬਾਦੀ ਹਰੀਜਨਾਂ ਦੀ ਹੈ।
ਪਿੰਡ ਦੇ ਲੋਕ ਬਹੁਤ ਮਿਹਨਤੀ ਕਿਸਾਨ ਹਨ। ਇਸ ਪਿੰਡ ਵਿੱਚ ਇੱਕ ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਦਾ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਜਦੋਂ ਵੀ ਇਸ ਪਾਸੇ ਆਉਂਦੇ ਤਾਂ ਇੱਥੇ ਜ਼ਰੂਰ ਠਹਿਰਦੇ ਤੇ ਇੱਥੇ ਆ ਕੇ ਆਪਣੇ ਬਾਜਾਂ ਨੂੰ ਖੁੱਲ੍ਹਾ ਛੱਡਦੇ। ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਇੱਕ ਦਿਨ ਪਿੰਡੋਂ ਬਾਹਰ ਝਿੜੀ ਵੱਲ ਸੈਰ ਕਰਨ ਜਾਂਦਿਆਂ ਇੱਕ ਪੁਰਾਣੇ ਤੇ ਬਹੁਤ ਮੋਟੇ ਸੱਪ ਨੂੰ ਵੇਖਿਆ ਜੋ ਪਹਿਲੇ ਜਨਮ ਵਿੱਚ ਸਾਧ ਸੀ ਤੇ ਆਪਣੇ ਅੰਤ ਸਮੇਂ ਆਪਣੀ ਇਕੱਤਰ ਕੀਤੀ ਮਾਇਆ ਵਿੱਚ ਸੁਰਤੀ ਹੋਣ ਕਾਰਨ ਸੱਪ ਬਣ ਗਿਆ ਸੀ। ਗੁਰੂ ਜੀ ਨੇ ਆਪਣੀ ਚਰਣ ਛੋਹ ਨਾਲ ਉਸਦਾ ਉਧਾਰ ਕੀਤਾ। ਇਸ ਅਸਥਾਨ ਨੂੰ ‘ਕਲਿਆਣ ਸਰ’ ਦਾ ਨਾਂ ਦਿੱਤਾ ਗਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ