ਲਸਾੜਾ
ਸਥਿਤੀ :
ਫਿਲੌਰ ਤਹਿਸੀਲ ਦਾ ਪਿੰਡ ਲਸਾੜਾ, ਫਿਲੌਰ-ਨਵਾਂ ਸ਼ਹਿਰ ਸੜਕ ਤੋਂ । ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਫਲੌਰ ਤੋਂ 14 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਲਗਭਗ 450 ਸਾਲ ਪਹਿਲਾਂ ਇਹ ਮਹਿਤੋ ਰਾਜਪੂਤਾਂ ਦਾ ਪਿੰਡ ਸੀ ਤੇ ਇੱਥੇ ਸਿਆਲ ਖੱਤਰੀ ਵੀ ਰਹਿੰਦੇ ਸਨ। ਇੱਥੇ ਇੱਕ ਮੁਸਲਮਾਨ ਜਾਗੀਰਦਾਰ ਲਸਾੜ ਖਾਂ ਰਹਿੰਦਾ ਸੀ ਜਿਸ ਦੇ ਨਾਂ ਤੇ ਪਿੰਡ ਦਾ ਨਾਂ ‘ਲਸਾੜਾ’ ਪੈ ਗਿਆ। ਪਿੰਡ ਦੀ ਇੱਕ ਪੱਤੀ ਸੈਣੀਆਂ ਦੀ ਹੈ ਤੇ ਦੂਸਰੀ ਮੁਸਲਮਾਨਾਂ ਦੀ। 1947 ਵਿੱਚ ਮੁਸਲਮਾਨ ਪਾਕਿਸਤਾਨ ਚਲੇ ਗਏ, ਪਿੰਡ ਵਾਲਿਆਂ ਨੇ ਉਹਨਾਂ ਨੂੰ ਫਲੌਰ ਤੱਕ ਸਹੀ ਸਲਾਮਤ ਪਹੁੰਚਾਇਆ ਸੀ।
ਇਸ ਪਿੰਡ ਦੀਆਂ ਮਹਾਨ ਹਸਤੀਆਂ ਵਿਚੋਂ ਸ਼ਹੀਦ ਬਾਬੂ ਲਾਭ ਸਿੰਘ ਹੋਏ ਹਨ ਅਤੇ ਫਿਲਮ ਐਕਟਰ ਸ੍ਰੀ ਪ੍ਰਿਥਵੀ ਰਾਜ ਕਪੂਰ ਵੀ ਇਸ ਪਿੰਡ ਦੇ ਜੰਮ ਪਲ ਸਨ। ਇੱਥੋਂ ਦੇ ਇੱਕ ਉੱਘੇ ਇਤਿਹਾਸਕਾਰ ਹੈਡਮਾਸਟਰ ਸੁੱਚਾ ਸਿੰਘ ਹੋਏ ਹਨ। ਇਸ ਪਿੰਡ ਦੇ ਭਾਈ ਦਲ ਸਿੰਘ ਜੀ ਬਹੁਤ ਮਸ਼ਹੂਰ ਰਾਗੀ ਹੋਏ ਹਨ ਜੋ ਹਰਬਲੱਭ ਦੇ ਮੇਲੇ ਤੇ ਪਹਿਲੇ ਜਾਂ ਦੂਜੇ ਨੰਬਰ ਤੇ ਆਇਆ ਕਰਦੇ ਸਨ। ਉਹਨਾਂ ਦੀ ਯਾਦ ਵਿੱਚ ਪਿੰਡ ਵਿੱਚ ਇੱਕ ਸੰਗੀਤ ਵਿਦਿਆਲਾ ਖੁਲ੍ਹਿਆ ਹੋਇਆ ਹੈ। ਪਿੰਡ ਦੇ ਸ੍ਰੀ ਬਰਕਤ ਰਾਮ ਅੰਗਰੇਜ਼ ਵਾਇਸਰਾਏ ਦੇ ਸੈਕਟਰੀ ਸਨ।
ਇਸ ਪਿੰਡ ਵਿੱਚ ਤਿੰਨ ਮੰਦਰ ਤੇ ਤਿੰਨ ਗੁਰਦੁਆਰੇ ਹਨ ਅਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ‘ਤੇ ਇੱਥੇ ਇੱਕ ਮੇਲਾ ਕ੍ਰਿਸ਼ਨ ਲੀਲਾ ਲਗਦਾ ਹੈ ਜੋ ਛੇ ਦਿਨ ਰਹਿੰਦਾ ਹੈ। ਇਸ ਨੂੰ ਦੇਖਣ ਲਈ ਲੋਕ ਦੂਰੋਂ ਦੂਰੋਂ ਆਉਂਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ