ਲੰਗੇਰੀ ਪਿੰਡ | Langeri Village

ਕਦੇ ਗ਼ਦਰੀ ਬਾਬਿਆਂ ਦੀ ਪਨਾਹਗਾਹ ਸੀ : ਲੰਗੇਰੀ

ਕੁਝ ਲੋਕ ਸਿਰਫ਼ ਇਤਿਹਾਸ ਪੜ੍ਹਦੇ ਨੇ ਤੇ ਕੁਝ ਲੋਕ ਉਹ ਹੁੰਦੇ ਨੇ, ਜਿਹੜੇ ਇਤਿਹਾਸ ਸਿਰਜਦੇ ਨੇ, ਪਰ ਇਤਿਹਾਸ ਸਦਾ ਉਹੀ ਲੋਕ ਰਚਦੇ ਹਨ ਜੋ ਸਮੇਂ ਅਤੇ ਆਮ ਲੋਕਾਂ ਤੋਂ ਵੱਖ ਹੋ ਕੇ ਕੁਝ ਕਰ ਜਾਂਦੇ ਨੇ। ਕਿਸੇ ਪਿੰਡ ਲਈ ਇਹ ਕਿੰਨੇ ਮਾਣ ਦੀ ਗੱਲ ਹੈ ਕਿ ਉਹ ਆਪਣੇ ਦੋ ਲੋਕ-ਪੱਖੀ ਸੂਰਮਿਆਂ ਕਰਕੇ ਇਤਿਹਾਸ ਦੇ ਸਰਵਰਕਿਆਂ ਵਿੱਚ ਦਰਜ ਹੋ ਕੇ ਪੂਰੇ ਸੰਸਾਰ ਵਿੱਚ ਜਾਣਿਆ ਜਾਂਦਾ ਹੈ। ਇਹ ਮਾਣ ਮੱਤਾ ਪਿੰਡ ਹੈ ਮਾਹਿਲਪੁਰ (ਬਲਾਕ) ਜ਼ਿਲ੍ਹਾ ਹੁਸ਼ਿਆਰਪੁਰ ਦੀ ਦੱਖਣ-ਪੱਛਮੀ ਜੂਹ ਵਿੱਚ ਹਰਿਆਵਲੇ ਰੁੱਖਾਂ ਵਿੱਚ ਲੁਕਿਆ ਹੋਇਆ ਲੰਗੇਰੀ। ਪਿੰਡ ਕਦੋਂ ਵਸਿਆ ਤੇ ਕਿਹਨੇ ਇਸ ਦੀ ਮੋਹੜੀ ਗੱਡੀ ਦੀ ਕਥਾ ਤੋਰਨ ਤੋਂ ਪਹਿਲਾਂ ਪੁਸਤਕ “ਗ਼ਦਰ ਲਹਿਰ ਦੇ ਅਣਫੋਲੇ ਵਰਕੇ” ਦੇ ਕੁਝ ਪੰਨਿਆਂ ਨੂੰ ਫਰੋਲਣਾ ਹੀ ਪੈਣਾ ਹੈ। ਸਫ਼ਾ 146 ਦੱਸਦਾ ਹੈ ਕਿ, “ਅਸੀਂ ਹੁਣ ਹੋਰ ਤਿੰਨ ਜੇਲ੍ਹ ਫਰਾਰੀਆਂ ਦਾ ਜ਼ਿਕਰ ਕਰਦੇ ਹਾਂ, ਜਿਨ੍ਹਾਂ ਦੇ ਫਲਸਰੂਪ ਗ਼ਦਰ ਪਾਰਟੀ ਤਕੜੀ ਹੋ ਕੇ ਅੱਗੇ ਵਧੀ। ਸੰਨ 1920 ਵਿੱਚ ਸੰਸਾਰ ਜੰਗ ਦੇ ਖਾਤਮੇ ਤੇ ਆਮ ਮੁਆਫ਼ੀ ਨਾਲ ਰਿਹਾਈਆਂ ਹੋਈਆਂ ਜਿਸ ਵਿੱਚ ਕੁਝ ਗ਼ਦਰੀ ਕੈਦੀ ਵੀ ਰਿਹਾਅ ਹੋਏ ਸਨ, ਉਨ੍ਹਾਂ ਵਿੱਚ ਬਾਬਾ ਵਿਸਾਖਾ ਸਿੰਘ ਦਦੇਹਰ, ਭਾਈ ਪਰਮਾਨੰਦ ਤੇ ਭਾਈ ਪਿਆਰਾ ਸਿੰਘ ਲੰਗੇਰੀ ਵੀ ਸ਼ਾਮਲ ਸਨ। ਲੰਗੇਰੀ ਮਾਹਿਲਪੁਰ ਤੋਂ ਦੋ ਮੀਲ ਦੀ ਵਿਥ ‘ਤੇ ਜੰਗਲ ਤੇ ਝਾੜੀਆਂ ਵਿੱਚ ਛੁਪਿਆ ਉਹ ਪਿੰਡ ਸੀ, ਜੋ ਕਿ ਗ਼ਦਰੀਆਂ ਦਾ ਖਾਸ ਕੇਂਦਰ ਬਣ ਗਿਆ ਸੀ। ਇਸ ਪਿੰਡ ਦੇ ਭਾਈ ਦਿਆ ਸਿੰਘ ਤੇ ਗਿਆਨੀ ਮੇਹਰ ਸਿੰਘ ਆਦਿ ਦੇ ਸਹਿਯੋਗ ਨਾਲ ਭਾਈ ਪਿਆਰਾ ਸਿੰਘ ਭੱਜੇ-ਨੱਠੇ ਗ਼ਦਰੀਆਂ ਨੂੰ ਸੰਭਾਲਦੇ ਤੇ ਸੁਰੱਖਿਅਤ ਟਿਕਾਦਿਆਂ ‘ਤੇ ਪਹੁੰਚਾਉਂਦੇ ਸਨ। ਇਸੇ ਪਿੰਡ ਦੇ ਕਾ. ਦਰਸ਼ਨ ਸਿੰਘ ਕੈਨੇਡੀਅਨ ਦੀ ਸ਼ਹਾਦਤ ਨੇ ਇਸ ਛੋਟੇ ਜਿਹੇ ਗਰਾਂ ਨੂੰ ਦੁਨੀਆਂ ਦੇ ਨਕਸ਼ੇ ਉੱਤੇ ਲੈ ਆਂਦਾ ਹੈ।” ਇਹੀ ਹਨ ਉਹ ਦੋ ਮਹਾਂਨਾਇਕ ਭਾਈ ਪਿਆਰਾ ਸਿੰਘ ਲੰਗੇਰੀ ਤੇ ਲੰਗੇਰੀ ਦਾ ਦਰਸ਼ਨ ਸਿੰਘ ਕਨੇਡੀਅਨ। ਇਤਿਹਾਸ ਬੋਲਦਾ ਹੈ ਕਿ ਜਦੋਂ 1920 ਵਿੱਚ ਅੰਡੇਮਾਨ ਦੇ 24 ਗ਼ਦਰੀ ਕੈਦੀਆਂ ਨੂੰ ਹਿੰਦੋਸਤਾਨ ਵਿੱਚ ਲੈ ਆਂਦਾ ਗਿਆ ਸੀ ਤਾਂ ਪੰਜਾਬ ਦੇ ਗ਼ਦਰੀਆਂ ਨੂੰ ਪੰਜਾਬ ਸਰਕਾਰ ਨੇ ਫੇਰ ਤੋਂ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੂੰ 23 ਅਗਸਤ 1921 ਨੂੰ ਮਦਰਾਸ ਵਿੱਚ ਸਮੁੰਦਰੀ ਜਹਾਜ਼ੋ ਉਤਾਰ ਕੇ ਮਦਰਾਸ ਕੋਇੰਬਟੂਰ, ਰਾਮਮੁੰਦਰੀ, ਬੰਗਲੌਰ, ਤ੍ਰਿਚਨਾਪਲੀ ਅਤੇ ਵੈਲੋਰ ਦੀਆਂ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ। ਵੇਲੋਰ ਜੇਲ੍ਹ ਵਿੱਚ ਬੰਦ ਗ਼ਦਰੀਆਂ ਦਾ ਫ਼ੌਜੀ ਇਨਸਟੱਕਚਰ ਮਾਸਟਰ ਊਧਮ ਸਿੰਘ ਕਸੇਲ ਲਗਾਤਾਰ ਦਸ ਮਹੀਨੇ ਜੇਲ੍ਹ ਤੋੜ ਕੇ ਨਿੱਕਲ ਜਾਣ ਦੀਆਂ ਸਕੀਮਾਂ ਬਣਾਉਂਦਾ ਰਿਹਾ। ਆਖਰ ਜੂਨ 1922 ਦੀ ਇੱਕ ਕਾਲੀ ਬੋਲੀ ਰਾਤ ਨੂੰ ਕੋਠੀ ਦਾ ਜਿੰਦਰਾ ਖੋਲ੍ਹ ਕੇ ਅਠਾਰਾਂ ਫੁੱਟ ਉੱਚੀ ਦੀਵਾਰ ਟੱਪ ਕੇ ਉਹ ਪੰਜਾਬ ਨੂੰ ਹੋ ਤੁਰਿਆ ਅਤੇ ਛੇ ਸੌ ਮੀਲ ਦਾ ਸਫ਼ਰ ਤਹਿ ਕਰਕੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਲੰਗੇਰੀ ਪਿੰਡ ਆ ਪਹੁੰਚਾ। ਪੈਰ ਸੁੱਜ ਗਏ ਤੇ ਸਰੀਰ ਰਾਤ ਦਿਨ ਦੇ ਸਫਰ ਕਰਕੇ ਚਕਨਾਚੂਰ ਹੋ ਗਿਆ ਸੀ। ਲੰਗੇਰੀ ਪਹੁੰਚਣ ‘ਤੇ ਭਾਈ ਪਿਆਰਾ ਸਿੰਘ ਨੇ ਚੰਗੀ ਸੰਭਾਅ ਕੀਤੀ ਤੇ ਤੰਦਰੁਸਤ ਹੋਣ ‘ਤੇ ਕਾਬਲ (ਅਫਗਾਨਿਸਤਾਨ) ਭੇਜ ਦਿੱਤਾ। ਮਾਸਟਰ ਊਧਮ ਸਿੰਘ ਦੀ ਫਰਾਰੀ ਤੋਂ ਕੁਝ ਚਿਰ ਬਾਅਦ 1922 ਵਿੱਚ ਗ਼ਦਰੀ ਗੁਰਮੁਖ ਸਿੰਘ ਤੇ ਸੱਜਣ ਸਿੰਘ ਦੀ ਚਾਲੀ ਅਕੌਲਾ ਜੇਲ੍ਹ (ਸੀ.ਪੀ.) ਦੀ ਹੋ ਗਈ ਸੀ। ਤ੍ਰਿਚਨਾਪਲੀ ਤੋਂ ਗੱਡੀ ਮਾਨਗੜ੍ਹ, ਚਾਲੀਮਗਾਓਂ ਹੁੰਦੀ ਅਕੋਲਾ ਜਾਣੀ ਸੀ, ਜਿਸ ਵਿੱਚ ਉਨ੍ਹਾਂ ਦੋਵਾਂ ਨੂੰ ਲਿਜਾਇਆ ਜਾ ਰਿਹਾ ਸੀ। ਪਹਿਰੇ ‘ਤੇ ਇੱਕ ਹਵਾਲਦਾਰ ਤੇ ਦੋ ਸਿਪਾਹੀ ਸਨ। ਦੋਹਾਂ ਗ਼ਦਰੀਆਂ ਦੇ ਹੱਥਕੜੀਆਂ ਤੇ ਬੇੜੀਆਂ ਲੱਗੀਆਂ ਹੋਈਆਂ ਸਨ। ਰਾਤ ਨੂੰ ਜਦੋਂ ਮਾਨਗੜ੍ਹ ਤੋਂ ਅਕਲਾ ਵੱਲ ਨੂੰ ਗੱਡੀ ਤੁਰੀ ਤਾਂ ਗੁਰਮੁੱਖ ਸਿੰਘ ਨੇ ਸੱਜਣ ਸਿੰਘ ਨੂੰ ਦੱਸਿਆ ਕਿ ਉਸ ਨੇ ਫਰਾਰ ਹੋ ਜਾਣਾ ਹੈ। ਸੱਜਣ ਸਿੰਘ ਨੇ ਛੁਪਾ ਕੇ ਰੱਖੇ ਹੋਏ ਪੈਸੇ ਗੁਰਮੁਖ ਸਿੰਘ ਦੇ ਹਵਾਲੇ ਕਰ ਦਿੱਤੇ। ਪੁਲਿਸ ਵਾਲੇ ਹੱਥਕੜੀਆਂ ਦੀ ਸੰਗਲੀ ਪੇਟੀ ਨਾਲ ਜਕੜ ਕੇ ਸੋ ਗਏ ਤੇ ਸੱਜਣ ਸਿੰਘ ਜਾਗਦਾ ਹੀ ਘੁਰਾੜੇ ਮਾਰਨ ਲੱਗ ਪਿਆ ਤੇ ਉੱਤੇ ਲਏ ਕੰਬਲ ਦੀਆਂ ਝੀਤਾਂ ਵਿਚੋਂ ਸਭ ਮਾਜਰਾ ਦੇਖਦਾ ਰਿਹਾ। ਗੁਰਮੁਖ ਸਿੰਘ ਨੇ ਆਪਣੇ ਕੂਲੇ ਹੱਥ ਖਿੱਚ ਧੂ ਕੇ ਹੱਥਕੜੀ ਵਿਚੋਂ ਬਾਹਰ ਕੱਢ ਲਏ। ਗੱਡੀ ਦੇ ਸਿਗਨਲ ਟੱਪਦਿਆਂ ਹੀ ਉਸ ਨੇ ਬੇੜੀਆਂ ਸਮੇਤ ਗੱਡੀ ਵਿਚੋਂ ਛਾਲ ਮਾਰ ਦਿੱਤੀ। ਜਦੋਂ ਪੁਲਸੀਆਂ ਨੂੰ ਜਾਗ ਆਈ ਤਾਂ ਗੁਰਮੁਖ ਸਿੰਘ ਗਾਇਬ ਹੋ ਚੁੱਕਾ ਸੀ। ਇਸ ਛੋਟੇ ਡੱਬੇ ਵਿੱਚ ਉਹੋ ਪੰਜੇ ਹੀ ਸਵਾਰੀਆਂ ਸਨ, ਕਿਸੇ ਹੋਰ ਨੂੰ ਉਨ੍ਹਾਂ ਚੜ੍ਹਨ ਨਹੀਂ ਸੀ ਦਿੱਤਾ। ਨੇੜੇ ਇੱਕ ਪਿੰਡ ਦੇ ਲੁਹਾਰ ਤੋਂ ਦੇਸ਼ ਭਗਤ ਦੱਸ ਕੇ ਭੇੜੀ ਕਟਵਾ ਲਈ ਅਤੇ ਫਿਰ ਅਸਲ ਠਾਹਰ ਕਿੱਥੇ ਲਈ? ਐੱਡਰੈਸ ਗੁਰਮੁਖ ਸਿੰਘ ਪਾਸ ਵੀ ਉਦੋਂ ਜੰਗਲੀ ਇਲਾਕੇ ਹੁਸ਼ਿਆਰਪੁਰ ਦੀ ਕੰਢੀ ਬੈਲਟ ਲਾਗਲੇ ਪਿੰਡ ਲੰਗੇਰੀ ਦਾ ਹੀ ਸੀ। ਰਾਜ਼ੀ-ਬਾਜ਼ੀ ਕਰਕੇ ਪਿਆਰਾ ਸਿੰਘ ਲੰਗੇਰੀ ਨੇ ਉਸ ਨੂੰ ਕਬਾਇਲੀ ਇਲਾਕਾ ਟਪਾ ਕੇ ਕਾਬਲ ਭਿਜਵਾ ਦਿੱਤਾ। ਹੁਣ ਦੋ ਮਫਰੂਰ ਗ਼ਦਰੀ ਕਾਬਲ ਕੇਂਦਰ ਨੂੰ ਚਲਾਉਣ ਵਿੱਚ ਮਸਰੂਫ਼ ਹੋ ਗਏ ਸਨ। ਜੇ ਭਲਾ ਲੰਗੇਰੀ ਵਾਲੇ ਇਨ੍ਹਾਂ ਫਰਾਰੀਆਂ ਨੂੰ ਨਾ ਸਾਂਭਦੇ ਅਤੇ ਨਾ-ਕਾਬਲ ਨੂੰ ਤੋਰਦੇ ਤਾਂ ਸ਼ਾਇਦ ਜੰਗੇ ਅਜ਼ਾਦੀ ਦੀ ਤਵਾਰੀਖ਼ ਅਤੇ ਗ਼ਦਰ ਪਾਰਟੀ ਦਾ ਇਤਿਹਾਸ ਕੁਝ ਹੋਰ ਹੁੰਦਾ।

ਲੰਗੇਰੀ ਪਿੰਡ | Langeri Village

ਮੁਲਕ ਦੀ ਅਜ਼ਾਦੀ ਲਈ ਗ਼ਦਰ ਵਿੱਢਣ ਲਈ ਜਦ ਕਰਤਾਰ ਸਿੰਘ ਸਰਾਭਾ ਇਨਕਲਾਬੀ ਡੀਟੈਚਮੈਂਟਾਂ ਨੂੰ ਸਾਵਧਾਨ ਕਰਨ ਲਈ ਸਾਰੇ ਪੰਜਾਬ ਵਿੱਚ ਘੁੰਮ ਰਿਹਾ ਸੀ ਤਾਂ ਬੰਤਾ ਸਿੰਘ ਸੰਘਵਾਲ ਜਿਹੜਾ 1913 ਵਿੱਚ ਅਮਰੀਕਾ ਤੋਂ ਹਿੰਦੋਸਤਾਨ ਆਇਆ ਸੀ ਜਲੰਧਰ, ਕਪੂਰਥਲਾ ਤੇ ਹੁਸ਼ਿਆਰਪੁਰ ਵਿੱਚ ਕਮਾਂਡ ਕਰ ਰਿਹਾ ਸੀ। ਇਸੇ ਇਲਾਕੇ ਵਿੱਚ ਬੀਬੀ ਗੁਲਾਬ ਕੌਰ ਅਤੇ ਪਿਆਰਾ ਸਿੰਘ ਲੰਗੇਰੀ ਆਦਿ ਬਾਅਦ ਵਿੱਚ ਆਏ। ਬਾਬਾ ਹਰਨਾਮ ਸਿੰਘ ਟੁੰਡੀਲਾਟ ਤੇ ਡਾ. ਅਰੁੜ ਸਿੰਘ ਨੇ ਵੀ ਇੱਧਰ ਆ ਡੇਰੇ ਲਾਏ। ਬਾਅਦ ‘ਚ ਪਿੰਡਾਂ ਵਿੱਚ ਗ਼ਦਰ-ਪ੍ਰਚਾਰ ਲਈ ਬੌਤਾ ਸਿੰਘ ਸੰਘਵਾਲ, ਰੂੜ ਸਿੰਘ ਤੇ ਹਰਨਾਮ ਸਿੰਘ ਟੁੰਡੀਲਾਟ ਕਪੂਰਥਲਾ ਰਿਆਸਤ ਦੇ ਪਿੰਡਾਂ, ਬੀਬੀ ਗੁਲਾਬ ਕੌਰ ਹਰਿਆਣਾ (ਹੁਸ਼ਿਆਰਪੁਰ) ਇਲਾਕਾ ਤੇ ਭਾਈ ਪਿਆਰਾ ਸਿੰਘ ਲੰਗੇਰੀ ਤੇ ਸਾਥੀਆਂ ਨੇ ਮਾਹਿਲਪੁਰ ਬੈਲਟ ਵਿੱਚ ਪ੍ਰਚਾਰ ਡਿਊਟੀ ਸੰਭਾਲੀ। ਮਾਹਿਲਪੁਰੀਆਂ ਨੇ ਕੇਂਦਰ ਰੱਖਿਆ ਪਿੰਡ ਲੰਗੇਰੀ ਵਿੱਚ। ਪੰਜਾਬ ਗਵਰਨਰ ਦੀ ਰਿਪੋਰਟ ਨੰ. 5073/1940 ਦਾ ਸਮੁੱਚਾ ਜ਼ਿਕਰ ਨਾ ਵੀ ਕਰੀਏ ਤਾਂ ਇਸੇ ਲੰਗੇਰੀ ਬਾਬਤ ਇਹ ਤਾਂ ਦਸ ਹੀ ਦੇਣਾ ਚਾਹੀਦਾ ਹੈ ਕਿ ਅੰਗਰੇਜ਼ਾਂ ਮੁਤਾਬਕ ਕਿਰਤੀ ਪਾਰਟੀ ਦੀਆਂ ਖਾੜਕੂ ਵਲੰਟੀਅਰ ਕੌਰਾਂ, ਗੁਰੀਲੇ ਦਸਤੇ ਅਤੇ ਡੀਫੈਂਸਾਂ ਵੀ ਇਨਕਲਾਬੀ ਤਿਆਰੀ ਦੀਆਂ ਨਿਸ਼ਾਨੀਆਂ ਸਨ। ਹੁਸ਼ਿਆਰਪੁਰ ਦੀ ਗੜ੍ਹਸ਼ੰਕਰ ਤਹਿਸੀਲ ਅੰਗਰੇਜ਼ੀ ਕਾਗਜ਼ਾਂ ਵਿੱਚ ਸਭ ਤੋਂ ਖਤਰਨਾਕ ਤਹਿਸੀਲ ਸੀ। ਇਸ ਕੰਢੀ ਇਲਾਕੇ ਦੀ ਜ਼ਮੀਨ ਗੁਰੀਲਾ ਜੰਗ ਲਈ ਬੜੀ ਢੁੱਕਵੀਂ ਹੈ। ਇਸੇ ਲਈ 1940 ਵਿੱਚ ਅੰਗਰੇਜ਼ੀ ਸਰਕਾਰ ਨੇ ਇਸ ਤਹਿਸੀਲ ਦੇ ਸਾਰੇ ਉੱਘੇ ਸਿਆਸੀ ਕਾਨਕੁੰਨ ਗ੍ਰਿਫਤਾਰ ਕਰ ਲਏ ਸਨ, ਜਿਨ੍ਹਾਂ ਵਿੱਚ ਕਿਰਤੀ ਪਾਰਟੀ ਦੇ ਦਸੋਧਾ ਸਿੰਘ ਢਾਡਾ, ਅਰਜਨ ਸਿੰਘ ਸੱਚ ਖੜੋਦੀ, ਬਾਬਾ ਗੇਂਦਾ ਸਿੰਘ ਗੜ੍ਹਸ਼ੰਕਰ, ਮੂਲਾ ਸਿੰਘ ਬਾਹੋਵਾਲ, ਜਥੇਦਾਰ ਵਤਨ ਸਿੰਘ ਆਦਿ ਤੋਂ ਬਿਨਾਂ ਲੰਗੇਰੀ ਦੇ ਦਇਆ ਸਿੰਘ, ਮੱਖਣ ਸਿੰਘ ਅਤੇ ਮੇਹਰ ਸਿੰਘ ਲੰਗੇਰੀ ਵੀ ਸ਼ਾਮਲ ਸਨ। ਮਾਸਟਰ ਹਰੀ ਸਿੰਘ ਅਤੇ ਡਾ. ਭਾਗ ਸਿੰਘ ਪਹਿਲਾਂ ਹੀ ਗ੍ਰਿਫਤਾਰ ਕਰਕੇ ਦਿਓਲੀ ਭੇਜ ਦਿੱਤੇ ਗਏ ਸਨ । ਇਹ ਸਾਰੇ ਆਗੂ ਲੰਗੇਰੀ ਪਿੰਡ ਵਿੱਚ ਦਇਆ ਸਿੰਘ ਹੁਰਾਂ ਦੇ ਚੁਬਾਰੇ ਵਿੱਚ ਮੀਟਿੰਗਾਂ ਕਰਦੇ, ਇੱਥੋਂ ਹੀ ਗੁਰੀਲਾ ਦਸਤੇ ਅਖ਼ਬਾਰ ਪਹੁੰਚਾਉਂਦੇ, ਕੰਧਾਂ ‘ਤੇ ਨਾਹਰੇ ਲਿਖਦੇ ਤੇ ਰੂਪੋਸ਼ ਸਾਥੀਆਂ ਦੀ ਹਿਫ਼ਾਜ਼ਤ ਕਰਦੇ ਸਨ। ਇਹ ਦਇਆ ਸਿੰਘ ਪੁੱਤਰ ਨਰੈਣ ਉਹੀ ਹੈ, ਜਿਸ ਦਾ ਇੱਕ ਭਾਈ ਦੋਆਬੇ ਦਾ ਇੱਕ ਮਸ਼ਹੂਰ ਦੇਸ਼ ਭਗਤ ਪੱਖੀ ਸੰਤ ਬਾਬਾ ਜਵਾਲਾ ਸਿੰਘ (ਹਰਖੋਵਾਲੀਆ) ਹੋਇਆ ਹੈ। ਇਸ ਸੰਤ ਨੇ 1947 ਦੀ ਵੰਡ ਵੇਲੇ ਹੋਈ ਵੱਢ-ਟੁੱਕ ਵੇਲੇ ਬੇਕਸੂਰੇ ਮੁਸਲਿਮ ਭਰਾਵਾਂ ਦੇ ਹੱਕ ਵਿੱਚ ਜ਼ੋਰਦਾਰ ਆਵਾਜ਼ ਉਠਾਈ ਅਤੇ ਉਨ੍ਹਾਂ ਨੂੰ ਸਾਂਭਿਆ ਸੀ, ਜਦਕਿ ਵੇਲੇ ਦੇ ਇਧਰਲੇ ਹੀ ਕੁਝ ਡੇਰਿਆਂ ਅਤੇ ਸੰਪਰਦਾਵਾਂ ਦੇ ਮੁਖੀਆਂ ਨੇ ਇਸ ਕਾਲੇ ਦੌਰ ਵਿੱਚ ਮਨੁੱਖਤਾ ਵਿਰੋਧੀ ਰੋਲ ਨਿਭਾਇਆ ਸੀ ਉਂਜ ਬਿਸ਼ਨਾ ਬੱਬਰ ਅਮੀਰਾਂ ਨੂੰ ਲੁੱਟ ਕੇ ਦੇਸ਼ ਭਗਤਾਂ ਦੀ ਮਦਦ ਵੀ ਕਰ ਦੇਂਦਾ ਸੀ। ਇਸ ਪਿੰਡ ਦੇ ਵੱਸਣ ਦੀ ਗਾਥਾ ਦੱਸਣ ਲਈ ਸਾਨੂੰ ਸੰਘਾ ਗੋਤ ਦੇ ਜੱਟਾਂ ਦੇ ਇੱਕ ਬਜ਼ੁਰਗ ਬਾਬਾ ਭਰੋ ਤੋਂ ਗੱਲ ਤੋਰਨੀ ਪਵੇਗੀ। ਪੀੜ੍ਹੀ ਦਰ ਪੀੜ੍ਹੀ ਤੁਰੀ ਆਉਂਦੀ ਦੰਦ ਕਥਾ ਅਤੇ ਨੇੜਲੇ ਸਕਰੂਲੀ ਪਿੰਡ ਦੇ ਇੱਕ ਬਜ਼ੁਰਗ ਕਾ ਸੁੱਚਾ ਸਿੰਘ ਦੇ ਦੱਸਣ ਅਨੁਸਾਰ ਅਰਸਾ ਪੰਜ ਕੁ ਸਦੀਆਂ ਪਹਿਲਾਂ ਮਾਲਵਾ ਖਿੱਤੇ ਦੇ ਇੱਕ ਪਿੰਡ ਭਾਈ ਕੀ ਡਰੋਲੀ ਤੋਂ ਉੱਠ ਕੇ ਸੰਘਾ ਨਾਂਅ ਦੇ ਬਜ਼ੁਰਗ ਦੀ ਔਲਾਦ ਦੇ ਕੁਝ ਵਡੇਰੇ, ਜੋ ਕਿ ਡੰਗਰਾਂ ਦੇ ਵਪਾਰੀ ਕਿਸਮ ਦੇ ਪਾਲੀ ਸਨ ਹੁਣ ਦੇ ਕਪੂਰਥਕਲਾ ਇਲਾਕੇ ਵਿੱਚ ਆ ਪਹੁੰਚੇ। ਉਨ੍ਹਾਂ ਦੇ ਇੱਕ ਬਜ਼ੁਰਗ ਕਾਲਾ ਨੇ ਜਿਸ ਪਿੰਡ ਦੀ ਮੋਹੜੀ ਗੱਡੀ ਉਸ ਬਜ਼ੁਰਗ ਤੇ ਉਸ ਦੇ ਗੋਤ ਸੰਘਾ ਤੋਂ ਹੀ ਅੱਜ ਦੇ ਮਸ਼ਹੂਰ ਇਨਕਲਾਬੀ ਪਿੰਡ ਦਾ ਨਾਂਅ ਕਾਲਾ ਸੰਘਿਆ ਪਿਆ ਹੋਇਆ ਹੈ। ਕੁਝ ਸਮੇਂ ਬਾਅਦ ਇੱਥੋਂ ਕੁਝ ਬਾਸ਼ਿੰਦੇ ਜੰਡ ਨਾਂਅ ਦੇ ਵਡੇਰੇ ਦੀ ਅਗਵਾਈ ਹੇਠ ਆ ਪੁੱਜੇ ਜਲੰਧਰ ਜ਼ਿਲੇ ਦੀ ਜੂਹ ਵਿੱਚ ਜਿਸ ਪਿੰਡ ਦੀ ਨੀਂਹ ਉਸ ਰੱਖੀ, ਉਸ ਦਾ ਨਾਂਅ ਪੈ ਗਿਆ ਜੰਡ ਸੰਘਾ ਜੋ ਕਿ ਅੱਜ ਦਾ ਹੁਸ਼ਿਆਰਪੁਰ-ਜਲੰਧਰ ਰਾਜ ਮਾਰਗ ਉੱਤੇ ਘੁੱਗ ਵੱਸਦਾ ਕਸਬਾਨੁਮਾ ਪਿੰਡ ਹੈ ਜੰਡੂ ਸਿੰਘ। ਇੱਥੋਂ ਹੀ ਇੱਕ ਫੱਕਰ ਕਿਸਮ ਦਾ ਸੰਘਿਆਂ ਦਾ ਇੱਕ ਵਡੇਰਾ ਭਰੋ ਉਨ੍ਹਾਂ ਵਕਤਾਂ ਵਿੱਚ ਹੀ ਮਾਹਿਲਪੁਰ ਇਲਾਕੇ ਨੂੰ ਹੋ ਤੁਰਿਆ। ਕਾਰਨ ਇਹ ਸੀ ਕਿ ਨੌਜਵਾਨ ਉਮਰ ਦਾ ਬਾਬਾ ਭਰੋ ਮੱਝਾਂ ਦਾ ਪਾਲੀ ਸੀ ਅਤੇ ਇਧਰ ਸਨ ਉਦੋਂ ਹਰੀਆਂ-ਭਰੀਆਂ ਚਰਗਾਹਾਂ। ਇਹੀ ਗੱਲ ਉਨ੍ਹਾਂ ਦੇ ਇਧਰ ਆਉਣ ਦਾ ਸਬੱਬ ਬਣੀ। ਬਾਬਾ ਭਰੋ ਦੀਆਂ ਦੋ ਤ੍ਰੀਮਤਾਂ ਸਨ, ਮਾਈ ਸ਼ਕਰੋ ਤੇ ਮਾਈ ਮੰਗੋ। ਕਹਿੰਦੇ ਨੇ ਕਿ ਬਾਬਾ ਭਰੋ ਇੱਕ ਯੋਧਾ ਵੀ ਸੀ, ਜੋ ਇਧਰਲੇ ਕਿਸੇ ਸਥਾਨਕ ਰਾਜੇ ਦੀ ਸੈਨਾ ਵਿੱਚ ਜਾ ਭਰਤੀ ਹੋਇਆ। ਉਸ ਦੀ ਬਹਾਦਰੀ ਤੋਂ ਖੁਸ਼ ਹੋ ਕੇ ਰਾਜੇ ਨੇ ਉਸ ਨੂੰ ਘੋੜਾ ਫੇਰ ਕੇ ਜ਼ਮੀਨ ਵਗਲ ਲੈਣ ਲਈ ਕਿਹਾ ਤਾਂ ਉਸ ਨੇ ਆਪਣੇ ਡੇਰੇ ਦੇ ਆਲੇ-ਦੁਆਲੇ ਹੁਣ ਦੇ ਸਕਰੂਲੀ, ਲੰਗੇਰੀ,ਡੰਡੇਵਾਲ, ਮੁਗੋਵਾਲ ਤੇ ਰਨਿਆਲਾ ਦੀ ਮਲਕੀਅਤ ਦੁਆਲੇ ਘੋੜਾ ਫਰਿਆ ਅਤੇ ਆਪਣੇ ਡੰਡੇ ਨੂੰ ਪੱਕੀ ਰਿਹਾਇਸ਼ ਦਾ ਰੂਪ ਦੇ ਕੇ ਆਪਣੀ ਪਹਿਲੀ ਪਤਨੀ ਮਾਈ ਸ਼ਕਰੋ ਦੇ ਨਾਂਅ ਤੇਰੇ ਇਸ ਦਾ ਨਾਂਅ ਰੱਖਿਆ, ਜੋ ਵਿਗੜਦਾ-ਸੰਵਰਦਾ ਅੱਜ ਦਾ ਸਕਰੂਲੀ ਪਿੰਡ ਬਣ ਗਿਆ। ਬਾਬਾ ਭਰੋ ਬੇਸ਼ਕ ਯੋਧਾ ਸੀ, ਪਰ ਫਿਰ ਵੀ ਉਸ ਵਕਤ ਚਰਾਂਦਾਂ ਅਤੇ ਜ਼ਮੀਨਾਂ ਨੂੰ ਅਬਜ਼ਿਆਂ ਅਤੇ ਇਲਾਕੇ ਦੀ ਖੋਹਾ-ਖੁਹਾਈ ਲਈ ਲੜਾਈਆਂ ਭੜਾਈਆਂ ਆਮ ਹੀ ਚੱਲਦੀਆਂ ਰਹਿੰਦੀਆਂ ਸਨ। ਬਾਬਾ ਭਰੋ ਦੀ ਨੇੜੇ ਦੇ ਇੱਕ ਪਿੰਡ ਢਾਡੇ ਵਿੱਚ ਭਾਵੇਂ ਰਿਸ਼ਤੇਦਾਰੀ ਪੈ ਗਈ ਸੀ, ਪਰ ਉਥੋਂ ਦੇ ਬਾਸ਼ਿੰਦੇ ਆਪਣੇ ਪਿੰਡ ਲਾਗਲਾ ਕੁਝ ਖਿੱਤਾ ਉਨ੍ਹਾਂ ਨੂੰ ਖੋਹਣ ਖਾਤਰ ਉਨ੍ਹਾਂ ਨੂੰ ਖ਼ਤਮ ਕਰਨਾ ਚਾਹੁੰਦੇ ਸਨ। ਉਹਨਾਂ ਕਾਮਯਾਬ ਵੀ ਹੋ ਜਾਂਦਾ ਸੀ, ਜੇ ਢਾਡੇ ਦੇ ਬ੍ਰਾਹਮਣਾਂ ਦਾ ਇੱਕ ਸੀਧਰ ਗੋਤਰ ਨਾਂਅ ਦਾ ਬਜ਼ੁਰਗ ਉਨ੍ਹਾਂ ਨੂੰ ਸਾਵਧਾਨ ਕਰਕੇ ਮਦਦ ਨਾ ਕਰਦਾ। ਬਾਬਾ ਭਰੋ ਆਪਣੇ ਵੰਸ਼ਜਾਂ ਨੂੰ ਹਦਾਇਤ ਕਰ ਗਿਆ ਕਿ ਜਦ ਕਦੀ ਇਸ ਖੇਤਰ ਦੇ ਸੰਘੇ ਕੋਈ ਸ਼ੁੱਭ ਕਰਮ ਕਰਨਗੇ ਤਾਂ ਉਹ ਸਭ ਤੋਂ ਪਹਿਲਾਂ ਸੀਧਤ ਗੋਤ ਦੇ ਪੰਡਤਾਂ ਦਾ ਮਾਣ-ਸਤਿਕਾਰ ਕਰਿਆ ਕਰਨਗੇ। ਅੱਜ ਵੀ ਸਕਰੂਲੀ ਆਦਿ ਪਿੰਡਾਂ ਵਿੱਚ ਇਹ ਰੀਤ ਪ੍ਰਚੱਲਿਤ ਹੈ। ਢਾਡੇ ਵਾਲੀ ਘਟਨਾ ਤੋਂ ਬਾਅਦ ਉਸ ਦੀ ਇੱਕ ਔਲਾਦ ਵਲੋਂ ਜਿਸ ਦੀ ਸ਼ਾਇਦ ਉਨ੍ਹਾਂ ਨਾਲ ਰਿਸ਼ਤੇਦਾਰੀ ਸੀ, ਉਸ ਦੀ ਦੂਸਰੀ ਪਤਨੀ ਮੰਗ ਦੇ ਨਾਂਅ ਵਸਾਇਆ ਪਿੰਡ ਅੱਜ ਦਾ ਮੁਗੋਵਾਲ ਹੈ। ਮੰਗੋ ਨੂੰ ਇੱਕ ਸਤੀ ਔਰਤ ਵੀ ਮੰਨਿਆ ਜਾਂਦਾ ਹੈ ਅਤੇ ਬਾਬਾ ਭਰੋ ਦੀ ਔਲਾਦ ਦੇ ਇੱਥੇ ਜੁੜਵੇਂ ਵੱਸਦੇ ਪਿੰਡ ਦੇ ਸੰਘੇ ਗੋਤਰ ਦੇ ਵਾਸ਼ਿੰਦੇ ਮੁਗੋਵਾਲ ਪਿੰਡ ਵਿੱਚ ਸਾਲ ਵਿੱਚ ਇੱਕ ਵਾਰ ਜੁੜ ਕੇ ਆਪਣੇ ਬਜ਼ੁਰਗਾਂ ਦੀ ਯਾਦ ਤਾਜ਼ਾ ਕਰਦੇ ਹਨ। ਬਾਬਾ ਭਰੋ ਦੀਆਂ ਹੋਰ ਅੰਸ਼ਾਂ ਨੇ ਬਾਅਦ ਵਿੱਚ ਵਸਾਏ ਡੰਡੇਵਾਲ ਤੇ ਰਨਿਆਲਾ ਪਰ ਲੰਗੇਰੀ ਨੂੰ ਵਸਾਉਣ ਵਾਲੀ ਉਸ ਦੀ ਹੀ ਇੱਕ ਹੋਰ ਅੰਸ਼ ਸੀ, ਭਾਈ ਕੰਮਾ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਕੋਲ ਲਾਂਗਰੀ ਦੀ ਸੇਵਾ ਕਰਦਾ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਂ-ਪ੍ਰਸਥਾਨ ਕਰ ਗਏ ਤਾਂ ਇਹ ਆਪਣੇ ਗਰਾਂ ਮੁੜ ਆਇਆ। ਬਹੁਤਾ ਬੋਲਣ ਵਾਲੇ (ਬੜਬੋਲਾ) ਅੜ੍ਹਬ ਕਿਸਮ ਦੇ ਇਸ ਸ਼ਖ਼ਸ ਨੂੰ ਸਕਰੂਲੀ ਦੇ ਬਜ਼ੁਰਗਾਂ ਪਿੰਡ ਦੇ ਨਾਲ ਲੱਗਵੀਂ ਥਾਂ ਕੋਲ ਅਬਾਦ ਹੋ ਜਾਣ ਲਈ ਕਿਹਾ। ਸਕਰੂਲੀ ਪਿੰਡ ਦੀ ਬਿਲਕੁਲ ਉੱਤਰੀ-ਪੂਰਬੀ ਗੁੱਠ ਵਿੱਚ ਇਸ ਨੇ ਆਪਣੇ ਰੈਣ-ਬਸੇਰੇ ਦੀ ਨੀਂਹ ਰੱਖੀ, ਪਹਿਲਾਂ-ਪਹਿਲ ਇਸ ਨੂੰ ਸਕਰੂਲੀ ਦੀ ਹੀ ਇੱਕ ਪੱਤੀ ਭਕਾਈ (ਬੜਬੋਲਾ ਅਰਥਾਤ ਭਕਾਈਆਂ ਦੀ ਪੱਤੀ) ਕਿਹਾ ਜਾਂਦਾ ਸੀ, ਪਰ ਬਾਅਦ ‘ਚ ਹੋਰ ਜ਼ਮੀਨ ਦੀ ਮਾਲਕੀ ਉਪਰੰਤ ਇਨ੍ਹਾਂ ਕੁਝ ਹੱਟਵੇਂ ਥਾਂ ਜਿਸ ਪਿੰਡ ਦੀ ਮੋਹੜੀ ਗੱਡੀ ਉਹ ਹੀ ਭਾਈ ਕੂੰਮਾ ਦੇ ਨਾਂਅ ਨਾਲ ਜੁੜੇ ਲਾਂਗਰੀ ਤਖੱਲਸ ਤੋਂ ਸ਼ਬਦ ਦਰ ਸ਼ਬਦ ਰੂਪ ਧਾਰਦਾ ਅੱਜ ਦਾ ਲੰਗੇਰੀ ਬਣ ਗਿਆ। ਇੰਜ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰਾ ਲਾਂਗਰੀ ਇਹੀ ਭਾਈ ਕੂੰਮਾ ਅੱਜ ਦੇ ਲੰਗੇਰੀ ਦਾ ਜਨਮਦਾਤਾ ਸੀ। ਇਸੇ ਦੀ ਔਲਾਦ ਪੀੜ੍ਹੀ-ਦਰ-ਪੀੜ੍ਹੀ ਤੁਰੇ ਆਉਂਦੇ ਸੰਘਾ ਜੱਟ ਹਨ, ਜਿਨ੍ਹਾਂ ਦਾ ਵਡੇਰਾ ਸੀ ਬਾਬਾ ਭਰੋ ਤੇ ਸਭ ਤੋਂ ਪਹਿਲਾਂ ਸੀ ਸੰਘਾ । ਲਾਂਗਰੀ ਵਾਲੀ ਘਟਨਾ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਮਾਲਵੇ ਖਿੱਤੇ ਦੇ ਡਰੋਲੀ ਭਾਈ ਕੀ ਤੋਂ ਤੁਰੇ ਸੰਘਾ ਗੋਤ ਦੇ ਬਜ਼ੁਰਗਾਂ ਨੇ ਕਾਲਾ ਸੰਘਿਆ, ਜੰਡੂ ਸਿੰਘਾਂ ਤੋਂ ਬਿਨਾਂ ਦੁਆਬੇ ਵਿੱਚ ਜੋ-ਜੋ ਪਿੰਡ ਵਸਾਏ, ਉਨ੍ਹਾਂ ਵਿੱਚੋਂ ਲੰਗੇਰੀ ਪਿੰਡ ਨੂੰ ਵੱਸਿਆਂ ਸਿਰਫ਼ ਤਿੰਨ ਕੁ ਹੀ ਸਦੀਆਂ ਹੋਈਆਂ ਹਨ। ਸੰਘਿਆਂ ਦੇ ਮਾਹਿਲਪੁਰ ਠਾਣੇ ਦੇ ਜੁੜਵੇਂ ਪੰਜ ਪਿੰਡਾਂ ਸਕਰੂਲੀ, ਡੰਡੇਵਾਲ, ਲੰਗੇਰੀ, ਮੁਗੋਵਾਲ ਤੇ ਰਨਿਆਲਾਂ ਵਿੱਚ ਸੰਘਾ ਗੋਤ ਦੇ ਜੱਟਾਂ ਦੀ ਹੁਣ ਵੀ ਭਰਮਾਰ ਹੈ। ਇੱਕ ਅੰਗਰੇਜ਼ ਵਿਦਵਾਨ ਸਰ ਡੇਨਜਿਲ ਚਾਰਲਸ ਜੇਲਫ ਬ੍ਰਿਬਟਸਨ ਅਤੇ ਆਨਰਏਬਲ ਈ. ਡੀ. ਮੈਕਲੈਗਨ ਦੀਆਂ ਕ੍ਰਮਵਾਰ ਸੰਸਾਰ ਪ੍ਰਸਿੱਧ ਪੁਸਤਕਾਂ-ਏ ਗਲੋਸਰੀ ਆਫ ਦੀ ਟਰਾਇਸ਼ ਐਂਡ ਕਾਸਟਸ ਅਤੇ ਪੰਜਾਬ ਕਾਸਟਸ ਤੇ 1882 ਅਤੇ 1883 ਦੀਆਂ ਸੈਨਸਸ ਰਿਪੋਰਟਾਂ ਵਿੱਚ ਵੀ ਇਨ੍ਹਾਂ ਗੱਲਾਂ ਦੀ ਪੁਸ਼ਟੀ ਲਈ ਇਸ਼ਾਰਾ ਵੀ ਪ੍ਰਾਪਤ ਹੁੰਦਾ ਹੈ।

ਜਿਵੇਂ ਕਿ ਪਹਿਲਾਂ ਹੀ ਜ਼ਿਕਰ ਆ ਚੁੱਕਾ ਹੈ ਕਿ ਲੰਗੇਰੀ ਜੰਗੇ ਅਜ਼ਾਦੀ ਦੀਆਂਸਰਗਰਮੀਆਂ ਅਤੇ ਕਿਰਤੀ-ਕਿਸਾਨ ਲਹਿਰਾਂ ਕਰਕੇ ਮਸ਼ਹੂਰ ਰਿਹਾ ਰਿਹਾ ਹੈ, ਪਰ ਇਹ ਗ਼ਦਰੀ ਮੂਵਮੈਂਟ ਤੋਂ ਸ਼ੁਰੂ ਹੋ ਕੇ ਬੱਬਰ ਅਕਾਲੀ, ਕਾਂਗਰਸ ਕਿਰਤੀ ਪਾਰਟੀ ਤੋਂ लाल ਪਾਰਟੀ ਥਾਣੀਂ ਹੁੰਦਾ ਹੋਇਆ ਕਮਿਊਨਿਸਟ ਇਨਕਲਾਬੀ ਸਫ਼ਾਂ ਤੱਕ ਦਾ ਸਫ਼ਰ ਕਰਨ ਵਾਲਾ ਵੀ ਸ਼ਾਇਦ ਪੰਜਾਬ ਦਾ ਇਕੋ-ਇੱਕ ਪਿੰਡ ਹੈ। ਸਿਆਸੀ ਤੌਰ ਉਤੇ ਸਦਾ ਹੀ ਸਤਰਕ ਰਹੇ ਇਸ ਪਿੰਡ ਦੀ ਸਰਗਰਮੀ ਅੰਗਰੇਜ਼ਾਂ ਨੂੰ ਕੁਝ ਅਜਿਹੀ ਰੜਕਦੀ ਸੀ ਕਿ ਨਾ ਸਿਰਫ਼ ਇੱਥੇ ਹੀ ਬਲਕਿ ਇਸ ‘ਤੇ ਬਾਜ਼ ਅੱਖ ਰੱਖਣ ਲਈ ਮਾਹਿਲਪੁਰ ਥਾਣੇ ਤੋਂ ਬਿਨਾਂ ਲਾਗਲੇ ਪਿੰਡਾਂ ਸਕਰੂਲੀ ਅਤੇ ਨੰਗਲ ਵਿਖੇ ਵੀ ਪੁਲਿਸ ਚੌਕੀਆਂ ਬਿਠਾ ਦਿੱਤੀਆਂ ਗਈਆਂ। ਤੰਗੀ-ਤੋੜਿਆਂ ਤੋਂ ਬਿਨਾਂ ਇਨ੍ਹਾਂ ਦਾ ਸਾਰਾ ਖਰਚਾ ਵੀ ਇਨ੍ਹਾਂ ਪਿੰਡਾਂ ਸਮੇਤ ਲੰਗੇਰੀ ਤੇ ਵੀ ਮੜ ਦਿੱਤਾ ਗਿਆ। ਜੰਗੇ ਅਜ਼ਾਦੀ ਦੇ ਸੰਗਰਾਮੀਆਂ ਵਿੱਚੋਂ ਇੱਥੋਂ ਦੇ ਸੀ.ਆਈ.ਡੀ. ਫਾਇਲ ਨੰ: 539/1915 ਸੰਨ ਸ੍ਰੀ ਲਛਮਣ ਸਿੰਘ ਗ਼ਦਰੀਆਂ ਅਤੇ ਇਨਕਲਾਬੀਆਂ ਨਾਲ ਰਾਬਤੇ ਕਾਰਨ ਅਮਰੀਕਾ ‘ਚ ਫੜ੍ਹੇ ਗਏ ਅਤੇ ਇਹੀ ਭਾਣਾ ਸੁੰਦਰ ਲੰਗੇਰੀ ਤੇ ਪਰਤਾਬ ਸਿੰਘ ਨਾਲ ਵਰਤਿਆ ਜਿਹੜੇ ਲੰਗੇਰੀ ਦੇ ਸਨ ਤੇ ਅਮਰੀਕਾ ‘ਚ ਫੜੇ ਗਏ। ਇੱਥੋਂ ਦੇ ਸ੍ਰੀ ਭਗਤ ਰਾਮ ਪੁੱਤਰ ਸ੍ਰੀ ਸੁਰਜਨ ਨੇ ਗੁਰੂ ਕਾ ਬਾਗ ਤੇ ਜੈਤੋ ਮੋਰਚੇ ‘ਚ ਭਾਗ ਲੈਣ ਤੋਂ ਇਲਾਵਾ ਹੋਰ ਸਰਗਰਮੀਆਂ ਤਹਿਤ ਤਿੰਨ ਸਾਲ ਕੈਦ ਕੱਟੀ। ਬਾਅਦ ‘ਚ ਇਹ ਪਿੰਡ ਛੱਡ ਕੇ ਯੂ.ਪੀ. ਜਾ ਵਸੇ। ਸ. ਹਰੀ ਸਿੰਘ ਗਿਆਨੀ ਪੁੱਤਰ ਸ. ਮੰਗਲ ਸਿੰਘ ਨੇ ਵੀ ਗੁਰੂ ਕਾ ਬਾਗ ਤੇ ਜੈਤੋ ਮੋਰਚੇ ਅਤੇ ਹੋਰ ਸਗਰਮੀਆਂ ਕਾਰਨ ਤਿੰਨ ਸਾਲ ਸਖ਼ਤ ਕੈਦ ਕੱਟੀ। ਸ੍ਰੀ ਕਰਤਾਰ ਸਿੰਘ ਪੁੱਤਰ ਖਜ਼ਾਨ ਸਿੰਘ ਨੇ ਵੀ ਗੁਰੂ ਕਾ ਬਾਗ ਮੋਰਚੇ ਤਹਿਤ ਛੇ ਮਹੀਨੇ ਦੀ ਕੈਦ ਅਤੇ ਅੰਗਰੇਜ਼ਾਂ ਦਾ ਉਸ ਵਕਤ ਦਾ ਇੱਕ ਸੌ ਰੁਪਏ ਜੁਰਮਾਨਾ ਭਰਿਆ। ਅਮਰੀਕਾ ਤੋਂ ਪਰਤੇ ਸ. ਉੱਤਮ ਸਿੰਘ ਨੂੰ ਦੇਸ਼ ਭਗਤ ਲਹਿਰ ਵਿਰੁੱਧ ਸ਼ੁਰੂ ਕੀਤੇ ਗਏ ਠੀਕਰੀ ਪਹਿਰੇ ਵਿਰੁੱਧ ਅਵਾਜ਼ ਬੁਲੰਦ ਕਰਨ ਕਰਕੇ ਅੰਗਰੇਜ਼ ਪਿੱਠੂ ਅਫਸਰਾਂ ਦੇ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਸ੍ਰੀ ਹਰਨਾਮ ਸਿੰਘ ਪੁੱਤਰ ਰਲਾ ਆਦਿਧਰਮੀ ਨੇ ਵੀ ਅਕਾਲੀ ਮੋਰਚੇ ‘ਚ ਭਾਗ ਲਿਆ। ਸ. ਹੁਸ਼ਨਾਕ ਸਿੰਘ ਪੁੱਤਰ ਸ. ਮੰਗਲ ਸਿੰਘ ਨੇ ਜਿੱਥੇ ਗੁਰੂ ਕਾ ਬਾਗ ਮੋਰਚੇ ਅਤੇ ਜੈਤੋ ਮੋਰਚੇ ‘ਚ ਤਿੰਨ ਸਾਲ ਸਖ਼ਤ ਕੈਦ ਕੱਟੀ, ਉੱਥੇ ਉਹ ਉਸ ਵਕਤ ਦੀਆਂ ਸਾਰੀਆਂ ਦੇਸ਼ ਭਗਤ ਪਾਰਟੀਆਂ ਅਤੇ ਤਹਿਰੀਕਾਂ ਦਾ ਸਾਂਝਾ-ਮੀਂਝਾ ਬੰਦਾ ਸੀ। ਮਾਰਚ 1929 ਨੂੰ ਜਦ ਕਾਂਗਰਸ ਦੇ ਸੱਦੇ ਉੱਤੇ ਸਿਵਲ ਨਾ ਫੁਰਮਾਨੀ ਸ਼ੁਰੂ ਹੋਈ ਤਾਂ ਦੇਸ਼ ਭਗਤਾਂ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਹਿਲੇ ਥਾਪੇ ਗਏ ਡਿਕਟੇਟਰ ਜਰਨੈਲ ਮੂਲਾ ਸਿੰਘ ਬਾਹੋਵਾਲ ਤੋਂ ਬਾਅਦ ਦੂਸਰਾ ਡਿਕਟੇਟਰ ਸ੍ਰੀ ਹੁਸ਼ਨਾਕ ਸਿੰਘ ਲੰਗੇਰੀ ਥਾਪਿਆ ਗਿਆ ਸੀ। ਸ. ਮੱਖਣ ਸਿੰਘ ਇਨ੍ਹਾਂ ਸਰਗਰਮੀਆਂ ਤਹਿਤ ਹੀ ਕਿਰਤੀ ਪਾਰਟੀ ਤੋਂ ਲਾਲ ਪਾਰਟੀ ਥਾਣੀਂ ਹੁੰਦਾ ਹੋਇਆ ਕਮਿਊਨਿਸਟ ਪਾਰਟੀ ‘ਚ ਪਹੁੰਚਿਆ। ਇਹ ਉਹੀ ਮੱਖਣ ਸਿੰਘ ਹੈ, ਜਿਸ ਦੇ ਚਾਚਾ ਸ. ਪਾਲ ਸਿੰਘ ਰਾਹੀਂ ਸਾਥੀ ਦਰਸ਼ਨ ਸਿੰਘ ਕਨੇਡੀਅਨ ਕੈਨੇਡਾ ਪੁੱਜਾ ਅਤੇ ਉਸੇ ਦੀ ਗੁੜ੍ਹਤੀ ਤੇ ਲੰਗੇਰੀ ਪਿੰਡ ਤੋਂ ਲਈ ਸਿਆਸੀ ਜਾਗ ਨਾਲ ਉਧਰ ਮਜ਼ਦੂਰ ਸੰਗਰਾਮ ‘ਚ ਕੁੱਦਿਆ ਸੀ । ਸੰਤ ਜਵਾਲਾ ਸਿੰਘ ਹਰਖੋਵਾਲੀਏ ਦਾ ਭਰਾ ਸ. ਦਇਆ ਸਿੰਘ ਪੁੱਤਰ ਸ. ਨਰੈਣ ਸਿੰਘ ਇਸ ਪਿੰਡ ਦਾ ਇੱਕ ਹੋਰ ਉੱਘਾ ਦੇਸ਼ ਭਗਤ ਹੋਇਆ ਹੈ। ਭਾਰਤ ਛੱਡੋ ਅੰਦੋਲਨ ਤੋਂ ਬਿਨਾਂ ਉਸ ਨੇ ਨਾ-ਮਿਲਵਰਤਣ ਲਹਿਰ ਵਿੱਚ ਵੀ ਹਿੱਸਾ ਲਿਆ ਅਤੇ ਕੁੱਲ ਮਿਲਾ ਕੇ ਛੇ ਸਾਲ ਕੈਦ ਕੱਟੀ।ਉੱਘੇ ਫਰੀਡਮ ਫਾਈਟਰ ਕਾ, ਗੰਧਰਵ ਸੇਨ ਨੇ ਆਪਣੀ ਚੇਤੇ ਦੀ ਚੰਗੇਰ ਫਰੋਲਦੇ ਹੋਏ।ਦੱਸਿਆ, “ਮੈਂ ਵੀ ਉਦੋਂ ਲੰਗੇਰੀ ਹੀ ਸਾਂ, ਜਦ ਬੱਬਰਾਂ ਨੇ ਇੱਥੋਂ ਦੇ ਦੇਸ਼ ਭਗਤਾਂ ਦੇ ਸਹਿਯੋਗ ਨਾਲ ਗ਼ਦਾਰ ਅਨੂਪ ਸਿੰਘ ਮਾਨਕੋ ਨੂੰ ਕਤਲ ਕੀਤਾ। ਉਦੋਂ ਉਜਾਗਰ ਸਿੰਘ ਪਨਿਆਲੀਆਂ, ਦਸੌਂਦਾ ਸਿੰਘ ਢਾਡਾ, ਜਥੇਦਾਰ ਵਤਨ ਸਿੰਘ, ਭਾਗ ਸਿੰਘ ਸੱਜਣ ਤੇ ਡਾ.ਭਾਗ ਸਿੰਘ ਆਦਿ ਵਰਗੇ ਵੀ ਇੱਥੇ ਠਠਿਹਰਦੇ ਸਨ।” ਪਤਾ ਤਾਂ ਇਹ ਵੀ ਲੱਗਦਾ ਹੈ।ਕਿ 1914 ਤੋਂ 1915 ਦੇ ਵਿਚਾਲੇ ਬਾਹੋਵਾਲੀਏ ਗ਼ਦਰੀ ਵੀਰ ਸਿੰਘ ਨਾਲ ਕਰਤਾਰ ਸਿੰਘ ਸਰਾਭਾ ਵੀ ਇੱਥੇ ਆਇਆ ਸੀ। ਗ਼ਦਰ ਪਾਰਟੀ ਦੇ ਹੀ ਭਾਗ ਸਿੰਘ ਉੱਪਲ ਤੋਂ ਬਿਨਾਂ ਬਾਬਾ ਗੁਰਮੁਖ ਸਿੰਘ ਲਲਤੋਂ ਅਤੇ ਹਰਨਾਮ ਸਿੰਘ ਟੁੰਡੀਲਾਟ ਵਰਗੇ ਸਿਰਮੌਰ ਇਨਕਲਾਬੀਆਂ ਦੀ ਵੀ ਕਦੇ ਇਹ ਪਿੰਡ ਠਾਹਰ ਰਿਹਾ ਹੈ। ਬਜ਼ੁਰਗ ਗੰਧਰਵ ਸੇਨ ਆਪਣੀ ਗੱਲ ਅਗਾਂਹ ਤੋਰਦਾ ਰਹਿੰਦਾ ਹੈ ਕਿ “ਲੰਗੇਰੀ ਪਿੰਡ ਦੇ ਉਦੋਂ ਦੇ ਬਹੁਤ ਹੀ ਖ਼ੁਸ਼ਹਾਲ ਪਰਿਵਾਰ ਵਾਲੇ ਦਇਆ ਸਿੰਘ ਹੁਰਾਂ ਦਾ ਚੁਬਾਰਾ ਇਲਾਕੇ ਦੀਆਂ ਸਰਗਰਮੀਆਂ ਦਾ ਕੇਂਦਰ ਸੀ। ਉਂਜ ਤਾਂ ਲੰਗੇਰੀ ਵਿੱਚ ਕਿਤੇ ਵੀ ਠਹਿਰਿਆ ਜਾਂ ਮੀਟਿੰਗ ਕੀਤੀ ਜਾ ਸਕਦੀ ਸੀ, ਜੰਗਲ-ਬੇਲੇ ਵੀ ਲੁਕਣ ਲਈ ਕਾਫ਼ੀ ਸਨ, ਪਰ ਉਤੋਂ ਸਿਫ਼ਤ ਇਹ ਕਿ ਕਦੇ ਵੀ ਪਿੰਡ ਦੇ ਕਿਸੇ ਸ਼ਖ਼ਸ ਨੇ ਮੁਖਬਰੀ ਨਹੀਂ ਕੀਤੀ। ਸਾਰੇ ਮਦਦਗੀਰ ਸਨ। ਚੌ. ਕਿਸ਼ਨਾ ਚੌਕੀਦਾਰ ਤਾਂ ਪੁਲਿਸ ਨੂੰ ਉਲਟੇ ਰਾਹ ਪਾ ਦੇਂਦਾ ਸੀ । ਸ੍ਰੀ ਰਤਨ ਸਿੰਘ ਸੈਣੀ ਦਾ ਬਾਗ ਵੀ ਲੁਕਣਗਾਹ ਰਿਹਾ ਹੈ।” ਬਾਅਦ ਵਿੱਚ ਇੱਕੇ ਨਕਸਲੀ ਕਰਤਾਰ ਸਿੰਘ ਕੂਲੇਵਾਲ ਦੀ

ਅਗਵਾਈ ‘ਚ ਕਮਿਉਨਿਸਟ ਇਨਕਲਾਬੀ ਵੀ ਆਉਂਦੇ ਰਹੇ। ਉਨ੍ਹਾਂ ਹੋਰ ਦੱਸਿਆ ਕਿ“1940-41 ਵਿੱਚ ਇਹੀ ਚੁਬਾਰਾ ਕਿਰਤੀ ਪਾਰਟੀ ਦਾ ਅੱਡਾ ਬਣਿਆ। ਲੰਗੇਰੀ ਵਾਲਿਆਂ ਦਾ ਪ੍ਰਭਾਵ ਕੁਝ ਅਜਿਹਾ ਸੀ ਅਤੇ ਸਰਗਰਮੀਆਂ ਹੀ ਕੁਝ ਇਸ ਢੰਗ ਨਾਲ ਚਲਾਈਆਂ ਗਈਆਂ ਕਿ ਉਦੋਂ ਦਾ ਹੁਸ਼ਿਆਰਪੁਰ ਜ਼ਿਲ੍ਹਾ ਕਾਂਗਰਸ ਦਾ ਸਾਰਾ ਯੂਨਿਟ ਹੀ ਕਿਰਤੀ ਪਾਰਟੀ ਦੇ ਲੀਡਰਾਂ ਦੀ ਰਹਿਨੁਮਾਈ ਹੇਠ ਆ ਗਿਆ ਸੀ। ਕਾਂਗਰਸ ਦੇ ਇਤਿਹਾਸ ਦੀ ਇਹ ਇੱਕ ਵਿਲੱਖਣ ਘਟਨਾ ਸੀ ਕਿ ਇਸ ਜ਼ਿਲ੍ਹੇ ਦੇ ਸਾਰੇ ਅਗਵਾਈ ਲਈ ਚੁਣੇ ਗਏ ਲੀਡਰ ਮਾਰਕਸੀ ਫ਼ਲਸਫੇ ਨਾਲ ਲੈਸ ਸਨ। ਇਸੇ ਪਿੰਡ ‘ਚ ਮਾਰਕਸੀ ਫ਼ਲਸਫੇ ਨਾਲ ਚੱਲੀਆਂ ਤਹਿਰੀਕਾਂ ਦੀ ਹੀ ਬਦੌਲਤ ਇਹ ਵਾਪਰਿਆ ਕਿ ਗ਼ਦਰੀ ਬੱਬਰ ਅਕਾਲੀ ਸੋਸ਼ਲਿਸਟ ਕਾਂਗਰਸ-ਕਿਰਤੀ ਪਾਰਟੀ ਤੋਂ ਲਾਲ ਪਾਰਟੀ ਰਾਹੀਂ ਹੁੰਦੇ ਹੋਏ ਇੱਥੋਂ ਦੇ ਲੱਗਭਗ ਸਾਰੇ ਸਰਗਰਮ ਵਰਕਰ ਅਜ਼ਾਦੀ ਉਪਰੰਤ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋਏ। ” ਪਿੰਡ ਦੇ ਬਹੁ-ਅਰਸਾ ਲਗਾਤਾਰ ਸਰਪੰਚ ਰਹਿਣ ਵਾਲੇ ਹੁਸ਼ਿਆਰਪੁਰ ਐਕਸਪ੍ਰੈਸ ਬੱਸ ਕੰਪਨੀ ਦੇ ਇੱਕ ਮਾਲਕ ਉੱਘੇ ਟਰਾਂਸਪੋਰਟਰ ਅਤੇ ਕਮਿਊਨਿਸਟ ਇਨਕਲਾਬੀ ਵਿਚਾਰਧਾਰਾ ਦੇ ਮੁਦਈ ਮਨਜੀਤ ਸਿੰਘ ਲਾਲੀ ਦਾ ਪਿਤਾ ਮਾਸਟਰ ਮੋਹਰ ਸਿੰਘ ਗਿਆਨੀ’ਪੁੱਤਰ ਸੂਬੇਦਾਰ ਰਣ ਸਿੰਘ ਵੀ ਗ਼ਦਰ ਤੇ ਇਨਕਲਾਬੀ ਲਹਿਰ ਦਾ ਇੱਕ ਉੱਘਾ ਰੁਕਨ ਹੋਇਆ ਹੈ। ਸਾਢੇ ਸੱਤ ਸਾਲ ਵੱਖ-ਵੱਖ ਤਹਿਰੀਕਾਂ ਵਿੱਚ ਕੈਦ ਕੱਟਣ ਵਾਲਾ ਵੇਲੇ ਦਾ ਸਕੂਲ ਮਾਸਟਰ ਮੇਹਰ ਸਿੰਘ ਭਾਈ ਪਿਆਰਾ ਸਿੰਘ ਦਾ ਖਾਸੋ-ਮ-ਖਾਸ ਸੀ। ਇਸ ਸ਼ਖ਼ਸ ਵੀ ਅਤੇ ਲੰਗੇਰੀ ਦੇ ਹੋਰ ਦੇਸ਼ ਭਗਤਾਂ ਅਤੇ ਇਸ ਪਿੰਡ ਦੀ ਕਿੰਨੀ ਮਹੱਤਤਾ ਸੀ, ਇਸ ਬਾਰੇ ਬਿਰਧ ਅਵਸਥਾ ਵਿੱਚ ਕੈਨੇਡਾ ਪਹੁੰਚੇ ਉੱਘੇ ਦੇਸ਼ ਭਗਤ ਮੂਲਾ ਸਿੰਘ ਬਾਹੋਵਾਲ ਕਿਸੇ ਵੈਸ਼ ਭਗਤ ਪਰਿਵਾਰ ਨੂੰ ਲਿਖੋ। ਇੱਕ ਖਤ ਵਿੱਚ ਇਤਿਹਾਸ ਨਾਲ ਹੋਏ ਖਿਲਵਾੜ ਬਾਰੇ ਚਿੰਤਾ ਪ੍ਰਗਟ ਕਰਦਿਆਂ ਇਸ ਵਿਰਸੇ ਨੂੰ ਇਮਾਨਦਾਰਾਨਾ ਢੰਗ ਨਾਲ ਸਾਂਭ ਲੈਣ ਦੀ ਅਪੀਲ ਕਰਦਿਆਂ ਇੰਜ ਜ਼ਿਕਰ ਕਰਦਾ ਹੈ ਕਿ ” ਗੁਰਦੁਆਰਿਆਂ ਦੀ ਸੇਵਾ, ਅੰਗਰੇਜ਼ ਪਿੱਠੂ ਤੇ ਇਖ਼ਲਾਕੀ ਗਿਰਾਵਟਾਂ ਦਾ ਸ਼ਿਕਾਰ ਹੋਏ ਮਹੰਤਾਂ ਤੋਂ ਸਾਂਭ ਲੈਣ ਦੇ ਪ੍ਰੋਗਰਾਮ ਬਾਰੇ ਭਾਈ ਪਿਆਰਾ ਸਿੰਘ ਲੰਗੇਰੀ ਨਾਲ ਸਲਾਹ-ਮਸ਼ਵਰਾ ਕੀਤਾ, ਕਿਉਂਕਿ ਬਹੁਤਾ ਕੰਮ ਥਾਣਾ ਮਾਹਿਲਪੁਰ ਵਿੱਚ ਸ਼ੁਰੂ ਹੋਇਆ। ਦੇਸ਼ ਭਗਤ ਬਾਬਾ ਹਰਨਾਮ ਸਿੰਘ ਜਿਆਣ ਵਾਲਿਆਂ ਦੇ ਹੁਕਮ ਮੁਤਾਬਕ 1920 ਵਿੱਚ ਪਹਿਲਾ ਅਕਾਲੀ ਜਥਾ ਟਾਹਲੀ ਸਾਹਿਬ (ਗੋਂਦਪੁਰ) ਕਾਇਮ ਕੀਤਾ। ਭਾਈ ਪਿਆਰਾ ਸਿੰਘ ਲੰਗੇਰੀ ਜਥੇਦਾਰ ਥਾਪਿਆ। ਤਕਰੀਬਨ ਚਾਲੀ ਆਦਮੀ ਸੰਤਾਂ ਦੇ ਸੰਗਤੀ ਸਨ । ਬਾਹੋਵਾਲ, ਲੰਗੇਰੀ, ਨੰਗਲ ਕਲਾਂ ਆਦਿ ਪਿੰਡਾਂ ਤੋਂ ਵੀ ਸਾਥੀ ਆਏ। (ਯਾਦ ਰਹੇ ਇੱਥੋਂ ਹੀ ਅਕਾਲੀ ਪਾਰਟੀ ਦੀ ਵੀ ਨੀਂਹ ਰੱਖੀ ਗਈ ਸਮਝੀ ਜਾਣੀ ਚਾਹੀਦੀ ਹੈ ਅਤੇ ਇਸ ਘਟਨਾ ਅਨੁਸਾਰ ਪਹਿਲੇ ਅਕਾਲੀ ਜਥੇ (ਪਾਰਟੀ) ’ਚ ਪਹਿਲੇ ਜਥੇਦਾਰ ਭਾਈ ਪਿਆਰਾ ਸਿੰਘ ਲੰਗੇਰੀ ਹੀ ਬਣਦੇ ਹਨ, ਬਾਅਦ ‘ਚ ਜਿਨ੍ਹਾਂ ਨੇ ਇਸ ਬਿਨਾਅ ਉੱਤੇ ਪ੍ਰਧਾਨਗੀ ਸ੍ਰੀ ਖੜਕ ਸਿੰਘ ਦੇ ਹਵਾਲੇ ਕਰ ਦਿੱਤੀ ਕਿ ਉਹ ਘੱਟ ਪੜ੍ਹੇ ਲਿਖੇ ਹੋਣ ਕਾਰਨ ਇਸ ਜਥੇਬੰਦੀ ਦਾ ਪ੍ਰਧਾਨ ਸਮੇਂ ਦੀ ਲੋੜ ਅਨੁਸਾਰ ਕਿਸੇ ਵੱਧ ਪੜ੍ਹੇ ਲਿਖੇ ਨੂੰ ਬਣਾਉਣਾ ਚਾਹੁੰਦੇ ਹਨ-ਲੇਖਕ)। ਪਹਿਲਾਂ ਪ੍ਰੋਗਰਾਮ ਇਹ ਬਣਿਆ ਕਿ ਚੀਫ਼ ਖਾਲਸਾ ਦੀਵਾਨ ਐਜੂਕੇਸ਼ਨ ਕਾਨਫਰੰਸ ਹੁਸ਼ਿਆਰਪੁਰ ਵਿੱਚ ਸਾਡਾ ਜਥਾ ਵਲੰਟੀਅਰ ਤੌਰ ‘ਤੇ ਸੇਵਾ ਕਰੇਗਾ। (ਇੱਥੇ ਇਹ ਦੱਸਣਾ ਵੀ ਜ਼ਰੂਰੀ ਬਣ ਗਿਆ ਹੈ ਕਿ ਇੱਥੇ ਹੀ ਰਵਾਇਤੀ ਸਿੱਖ ਲੀਡਰਾਂ ਨਾਲ ਅਜ਼ਾਦੀ ਲਹਿਰ ਨੂੰ ਚਲਾਉਣ ਸੰਬੰਧੀ ਪੈਦਾ ਹੋਏ ਮੱਤਭੇਦਾਂ ਤਹਿਤ ਦੁਆਬੇ ਦੇ ਨੌਜਵਾਨ ਖਾੜਕੂ ਦੇਸ਼ ਭਗਤ ਸਿੱਖਾਂ ਨੇ ਬੱਬਰ ਅਕਾਲੀ ਲਹਿਰ ਸ਼ੁਰੂ ਕੀਤੀ, ਜਿਸ ਦੀਆਂ ਮਾਹਿਲਪੁਰ, ਗੜ੍ਹਸ਼ੰਕਰ ਇਲਾਕੇ ਦੀਆਂ ਮੁਹਿੰਮਾਂ ਵੇਲੇ ਲੰਗੇਰੀ ਪਿੰਡ ਨਾਲ ਰਾਬਤਾ ਰਿਹਾ ਸੀ-ਲੇਖਕ)। ਇਸ ਤੋਂ ਬਾਅਦ ਪਿੰਡ ਪਿੰਡ ਅਕਾਲੀ ਜੱਥੇ ਬਣਾਉਣੇ ਸ਼ੁਰੂ ਕੀਤੇ। ਸੰਨ 1921 ਵਿੱਚ ਨਨਕਾਣੇ ਸਾਹਿਬ ਦਾ ਸਾਕਾ ਹੋ ਗਿਆ। ਜੱਥੇ ਨੇ ਜਿਆਣ ਸੰਤਾ ਦੀ ਕੁਟਿਆ ਵਿੱਚ ਇਕੱਠੇ ਹੋ ਕੇ ਪ੍ਰੋਗਰਾਮ ਬਣਾਇਆ ਤੇ ਨਨਕਾਣੇ ਸਾਹਿਬ ਭਾਈ ਪਿਆਰਾ ਸਿੰਘ ਲੰਗੇਰੀ ਦੀ ਜਥੇਦਾਰੀ ਹੇਠ ਗਏ। ਉਸੇ ਸਾਲ ਦੀਵਾਲੀ ਤੋਂ ਪਹਿਲਾਂ ਅੰਮ੍ਰਿਤਸਰ ਦੀਆਂ ਕੁੰਜੀਆਂ ਲੈਣ ਲਈ 60 ਸਿੰਘਾਂ ਦਾ ਜਥਾ ਦੇ ਕੇ ਮੈਨੂੰ ਹੁਸ਼ਿਆਰਪੁਰ ਤੋਂ ਭੇਜਿਆ। ਫੇਰ ਹੁਕਮ ਹੋਇਆ ਕਿ ਗੁਰਦੁਆਰਾ ਹੋਠੀਆਂ (ਗੁਰਦਾਸਪੁਰ) ਉੱਤੇ ਤੇਜਾ ਸਿੰਘ ਸੁਤੰਤਰ ਦਾ ਕਬਜ਼ਾ ਕਰਵਾਉਣਾ ਹੈ, ਜਿਸ ਵਿੱਚ ਮੇਘੋਵਾਲੀਏ, ਬਾਹੋਵਾਲੀਏ ਤੋਂ ਬਿਨਾਂ ਲੰਗੇਰੀ ਵਾਲੇ ਵੀ ਸ਼ਾਮਲ ਹੋਏ। ਸ੍ਰੀ ਹਰੀ ਸਿੰਘ ਲੰਗੇਰੀ ਲਿਖਣ-ਪੜ੍ਹਨ ਤੇ ਖਰਚ ਦਾ ਹਿਸਾਬ ਕਰਦੇ ਸਨ। ਫਿਰ ਮਾਹਿਲਪੁਰ ਇਲਾਕੇ ਦੇ ਜਥੇਦਾਰ ਇਕੱਠੇ ਹੋ ਕੇ ਕਹਿਣ ਲੱਗੇ ਕਿ ਸਾਨੂੰ ਬਾਹਰਲਿਆਂ ਇਲਾਕਿਆਂ ਵਿੱਚ ਲਈ ਫਿਰਦੇ ਹੋ, ਚੰਗਾ ਹੋਵੇ ਜੇ ਦੁਆਬੇ ਵਿੱਚ ਕੁਰਬਾਨੀ ਕਰੀਏ। ਭਾਈ ਪਿਆਰਾ ਸਿੰਘ ਲੰਗੇਰੀ ਦੀ ਸਲਾਹ ਨਾਲ ਮੈਂ ਤੇ ਬਾਬੂ ਦਇਆ ਸਿੰਘ ਲੰਗੇਰੀ ਨਵੰਬਰ 1921 ਵਿੱਚ ਆਨੰਦਪੁਰ ਸਾਹਿਬ ਪ੍ਰਾਈਵੇਟ ਤੌਰ ‘ਤੇ ਦੀਵਾਨ ਪੋਹਲੋ ਰਾਮ ਮੁਸਾਫ਼ਰ ਕਾਮਾ ਗਾਟਾ ਮਾਰੂ ਨੂੰ ਨਾਲ ਲੈ ਕੇ ਸਾਰੇ ਗੁਰਦੁਆਰਿਆਂ ਦੀ ਆਮਦਨ ਤੇ ਖਰਚ ਦੀ ਰਿਪੋਰਟ ਲੈ ਕੇ ਆਏ। ਨਾ ਕੋਈ ਲੰਗਰ ਚੱਲਦਾ ਸੀ, ਨਾ ਕੋਈ ਕੀਰਤਨ ਆਦਿ ਦਾ ਪ੍ਰਬੰਧ ਸੀ। ਜੋ ਆਮਦਨ ਸੀ, ਉਹ ਸੋਢੀ ਤੇ ਪੁਜਾਰੀ ਆਪਸ ਵਿੱਚ ਤਕਸੀਮ ਕਰ ਲੈਂਦੇ ਸਨ। ਇਹ ਸਾਰੀ ਰਿਪੋਰਟ ਹੋਂਦ ‘ਚ ਆ ਚੁੱਕੀ ਸ਼੍ਰੋਮਣੀ ਕਮੇਟੀ ਨੂੰ ਭੇਜੀ, ਨਾਲ ਹੀ ਮੰਗ ਕੀਤੀ ਕਿ ਸਾਨੂੰ ਆਨੰਦਪੁਰ ਸਾਹਿਬ ਦੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੀ ਇਜਾਜ਼ਤ ਦਿਓ। ਅਸੀਂ ਤਕਰੀਬਨ ਡੇਢ-ਦੋ ਮਹੀਨੇ ਉਡੀਕ ਕੀਤੀ. ਉਨ੍ਹਾਂ ਸਾਨੂੰ ਇਜਾਜ਼ਤ ਨਾ ਦਿੱਤੀ। ਮੈਂ ਦੁਆਬੇ ਦੇ ਅਕਾਲੀ ਦਲ ਤੋਂ ਬਾਗੀ ਹੋ ਕੇ ਫਤਿਹਗੜ ਸਾਹਿਬ ਜੋੜ ਮੇਲੇ ‘ਤੇ ਆਨੰਦਪੁਰ ਦੇ ਗੁਰਦੁਆਰਿਆਂ ਦਾ ਕਬਜ਼ਾ ਲੈਣ ਦਾ ਪ੍ਰੋਗਰਾਮ ਬਣਾਇਆ। ਅਸੀਂ 8-9 ਜਨਵਰੀ 1922 ਨੂੰ ਭਾਈ ਸਾਹਿਬ ਲੰਗੇਰੀ ਨਾਲ ਸਲਾਹ ਕਰਕੇ ਥਾਣਾ ਗੜ੍ਹਸ਼ੰਕਰ ਤੇ ਥਾਣਾ ਮਾਹਿਲਪੁਰ ਦੇ ਬੰਦੇ ਇਕੱਠੇ ਕੀਤੇ। ਅਸੀਂ ਜ਼ਿਲ੍ਹਾ ਅਕਾਲੀ ਜਥੇ ਨੂੰ ਵੀ ਨਾ ਦੱਸਿਆ। ਗਿਆਰਾਂ ਜਨਵਰੀ 1922 ਨੂੰ 75 ਸਿੰਘਾਂ ਦਾ ਜਥਾ ਲੈ ਕੇ ਸ਼ਾਮ ਦੇ ਪੰਜ ਵਜੇ ਮਾਹਿਲਪੁਰ ਤੋਂ ਆਨੰਦਪੁਰ ਸਾਹਿਬ ਨੂੰ ਚਾਲਾ ਪਾਇਆ। ਉਧਰੋਂ ਜਥੇਦਾਰ ਪ੍ਰਤਾਪ ਸਿੰਘ ਮੋਇਲਾ, ਜਥੇਦਾਰ ਵਤਨ ਸਿੰਘ ਚਾਹਲਪੁਰ ਤੇ ਜਰਨੈਲ ਸਿੰਘ ਮੋਰਾਂਵਾਲੀ ਸਮੇਤ 60-70 ਸਿੰਘ ਗੜ੍ਹਸ਼ੰਕਰ ਤੋਂ ਚੱਲ ਕੇ ਸੁਆਂ ਨਦੀ ਦੇ ਕੰਢੇ ਇਕੱਠੇ ਹੋ ਗਏ। ਜਿੱਥੋਂ ਸੜਕ ਤੋਂ ਥਾਣੇ ਦੇ ਪੱਤਣ ਨੂੰ ਰਾਹ ਛੁੱਟਦਾ ਹੈ। ਉੱਥੇ ਸਭ ਨੇ ਬਹਿ ਕੇ ਮੀਟਿੰਗ ਕੀਤੀ। ਉੱਥੇ ਚੋਣ ਕੀਤੀ। ਸਾਡੀ ਨਫ਼ਰੀ ਬਹੁਤ ਸੀ ਤੇ ਸਾਡੇ ਸਿੰਘ ਕਹਿੰਦੇ ਕਿ ਵੱਡਾ ਜਥੇਦਾਰ ਮੁਲਾ ਸਿੰਘ ਨੂੰ ਬਣਾਉਣਾ ਹੈ। ਮੈਂ ਦੱਸਿਆ ਕਿ ਭਾਈ ਪਿਆਰਾ ਸਿੰਘ ਲੰਗੇਰੀ ਦਾ ਹੁਕਮ ਹੈ ਕਿ ਵੱਡਾ ਜਥੇਦਾਰ ਪ੍ਰਤਾਪ ਸਿੰਘ ਮੋਇਲਾ ਨੂੰ ਬਣਾਉਣਾ ਹੈ। ਉੱਥੇ ਹੀ ਵੰਡ ਕੀਤੀ ਗਈ। ਅਠਾਰਾਂ ਸਿੰਘਾਂ ਦਾ ਜਥਾ ਦੇ ਕੇ ਬੱਬਰ ਅਕਾਲੀ ਲਾਭ ਸਿੰਘ ਜੱਸੋਵਾਲ ਨੂੰ ਕਿਲ੍ਹਾ ਆਨੰਦਗੜ੍ਹ ‘ਤੇ ਕਬਜ਼ਾ ਕਰਨ ਲਈ ਭੇਜਿਆ। ਮੇਰੀ ਡਿਊਟੀ ਸੀਸ ਗੰਜ ‘ਤੇ ਕਬਜ਼ਾ ਕਰਨ ਲਈ 32 ਸਿੰਘਾਂ ਤੇ ਜਰਨੈਲ ਸਿੰਘ ਮੋਰਾਂਵਾਲੀ ਮੇਰੇ ਨਾਲ ਸ਼ਾਮਲ ਕੀਤੇ। ਬਾਕੀ ਨਫ਼ਰੀ ਪ੍ਰਤਾਪ ਸਿੰਘ ਦੇ ਮਾਤਹਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਕਬਜ਼ਾ ਕਰਨ ਲਈ ਥਾਪੇ ਗਏ, ਜਿਸ ਵਿੱਚ ਗਦਰੀ ਮਿਹਰ ਸਿੰਘ ਲੰਗੇਰੀ (ਮਾਸਟਰ) ਦੀ ਡਿਊਟੀ ਹੈੱਡਗ੍ਰੰਥੀ ਵਾਸਤੇ ਤੇ ਮਾਸਟਰ ਪੂਰਨ ਸਿੰਘ ਸੈਕਟਰੀ ਵਾਸਤੇ ਨੀਯਤ ਹੋਏ। ਸ਼ਾਮ ਪੰਜ ਵਜੇ ਲੋਹੜੀ ਵਾਲੇ ਦਿਨ 12 ਜਨਵਰੀ ਨੂੰ ਕਬਜ਼ਾ ਕਰ ਲਿਆ। ਸਾਡਾ ਕੋਈ ਨੁਕਸਾਨ ਨਾ ਹੋਇਆ, ਫਿਰ ਕੀਰਤਪੁਰ ਸਾਹਿਬ ਦੇ ਗੁਰਦੁਆਰਿਆਂ ਦਾ ਕਬਜ਼ਾ 15 ਜਨਵਰੀ ਨੂੰ ਕੀਤਾ। ਜਥੇਦਾਰ ਪੂਰਨ ਸਿੰਘ ਬਾਹੋਵਾਲ, ਜਥੇਦਾਰ ਕਰਤਾਰ ਸਿੰਘ ਬੂੜੋਬਾੜੀ ਤੇ ਜਥੇਦਾਰ ਤੇਜਾ ਸਿੰਘ ਪਾਲਦੀ ਇਨ੍ਹਾਂ ਤਿੰਨਾਂ ਨੂੰ ਜਥਾ ਦੇ ਕੇ ਕੀਰਤਪੁਰ ਭੇਜਿਆ। ਮਹੰਤ ਚਤਰ ਦਾਸ ਰਾਈਫਲ ਲੈ ਕੇ ਚੁਬਾਰੇ ਵਿੱਚ ਬੈਠਾ ਸੀ। ਇਨ੍ਹਾਂ ਪਿੱਛਿਓਂ ਪੌੜੀ ਲਾ ਕੇ ਮਹੰਤ ਨੂੰ ਮੰਜੇ ‘ਤੇ ਨੱਪ ਲਿਆ ਤੇ ਰਾਈਫ਼ਲ ਕਬਜ਼ੇ ਵਿੱਚ ਲੈ ਲਈ। ਜਦੋਂ ਲੋਕਾਂ ਨੂੰ ਕਬਜ਼ੇ ਦਾ ਪਤਾ ਲੱਗਾ ਤਾਂ ਦੁਆਬੇ ਦੇ ਬਹੁਤ ਸਾਰੇ ਅਕਾਲੀ ਜਥੇ ਆਨੰਦਪੁਰ ਸਾਹਿਬ ਇਕੱਠੇ ਹੋ ਗਏ। ਅਸੀਂ ਭਾਈ ਪਿਆਰਾ ਸਿੰਘ ਲੰਗੇਰੀ ਨੂੰ ਅੰਮ੍ਰਿਤਸਰ ਭੇਜ ਦਿੱਤਾ । ਉਸ ਵਕਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਾਬਾ ਖੜਕ ਸਿੰਘ ਜੇਲ੍ਹ ਵਿੱਚ ਸਨ। ਐਕਟਿੰਗ ਪ੍ਰਧਾਨ ਸ. ਹਰਚੰਦ ਸਿੰਘ ਲਾਇਲਪੁਰ ਤੇ ਸੈਕਟਰੀ ਭਗਤ ਜਸਵੰਤ ਸਿੰਘ ਪੋਠੋਹਾਰੀਆ ਦੋਵੇਂ ਜਣੇ ਭਾਈ ਲੰਗੇਰੀ ਨਾਲ ਆਨੰਦਪੁਰ ਸਾਹਿਬ ਆਏ ਤੇ ਸਾਨੂੰ ਆ ਕੇ ਕਹਿਣ ਲੱਗੇ ਕਿ ਤੁਸੀਂ ਗਲਤ ਕੰਮ ਕੀਤਾ ਹੈ, ਕਬਜ਼ਾ ਛੱਡ ਦਿਓ। ਅਸੀਂ ਕਿਹਾ ਕਿ ਤੁਸੀਂ ਵਾਪਸ ਚਲੇ ਜਾਓ, ਅਸੀਂ ਤੁਹਾਥੋਂ ਕੋਈ ਮਦਦ ਨਹੀਂ ਮੰਗਦੇ। ਜਿਸ ਤਰ੍ਹਾਂ ਕਲਗੀਧਰ ਨੇ ਆਨੰਦਪੁਰ ਛੱਡਿਆ ਸੀ, ਜੇ ਲੋੜ ਪਈ ਤਾਂ ਅਸੀਂ ਵੀ ਉਵੇਂ ਹੀ ਕਰਾਂਗੇ।” ਇਹ ਸਨ ਸ. ਮੂਲਾ ਸਿੰਘ ਦੇ ਖ਼ਤ ਦੇ ਕੁਝ ਅੰਸ਼, ਜੋ ਲੰਗੇਰੀ ਪਾਲਿਆਂ ਦਾ ਗੁਰਦੁਆਰਾ ਸੁਧਾਰ ਲਹਿਰ ਵੇਲੇ ਦਾ ਖਾਸਾ ਉਭਾਰਦੇ ਹਨ। ਇੱਥੇ ਇਹ ਵੀ ਲਿਖ ਹੀ ਦਿੱਤਾ ਜਾਣਾ ਚਾਹੀਦਾ ਹੈ ਕਿ ਉਸ ਵਕਤ ਦੇ ਦੇਸ਼ ਭਗਤ ਬੱਬਰ ਅਕਾਲੀ ਵੀ ਵਿਰੁੱਧ ਵੀ ਵੇਲੇ ਦੀ ਅਕਾਲੀ ਲੀਡਰਸ਼ਿਪ ਫ਼ਤਵੇ ਜਾਰੀ ਕਰਦੀ ਰਹੀ। ਇਸ ਬਾਰੇ ਬੱਬਰ ਵਾਰੀਖ ਬਹੁਤ ਤਿੱਖਾ ਵਿਅੰਗ ਕਰਦੀ ਹੈ। ਭਾਈ ਪਿਆਰਾ ਸਿੰਘ ਤੇ ਉਸ ਦੇ ਲੰਗੇਰੀ ਦੋ ਹੋਰ ਸਾਥੀ ਬੱਬਰਾਂ ਦੇ ਹਮਾਇਤੀ ਸਨ ਅਤੇ ਇਹੋ ਜਿਹੀਆਂ ਤੇ ਹੋਰ ਘਟਨਾਵਾਂ ਕਾਰਨ ਵੀ ਲੰਗੇਰੀ ਦੇ ਇਹ ਯੋਧੇ ਅਕਾਲੀ ਲਹਿਰ ਤੋਂ ਬੇਮੁੱਖ ਹੁੰਦੇ ਚਲੇ ਗਏ।

ਲੰਗੇਰੀ ਪਿੰਡ | Langeri Village

ਹੁਣ ਆਪਾਂ ਲੰਗੇਰੀ ਦੇ ਉਨ੍ਹਾਂ ਦੇ ਮਹਾਨ ਲੋਕ ਨਾਇਕਾਂ ਵੱਲ ਆਉਂਦੇ ਆਉਂਦੇ ਹਾਂ। ਪਹਿਲੇ ਸਨ ਭਾਈ ਪਿਆਰਾ ਸਿੰਘ ਤੇ ਦੂਸਰਾ ਸੀ ਦਰਸ਼ਨ ਸਿੰਘ ਕੈਨੇਡੀਅਨ। ਭਾਈ ਪਿਆਰਾ ਸਿੰਘ ਬੇਸ਼ੱਕ ਜਵਾਨੀ ‘ਚ ਹੀ ਫੌਜ ਵਿੱਚ ਭਰਤੀ ਹੋ ਗਏ ਸਨ, ਪਰ ਅਜ਼ਾਦ ਤਬੀਅਤ ਦਾ ਮਾਲਕ ਬਹੁਤਾ ਚਿਰ ਅੰਗਰੇਜ਼ ਹਾਕਮ ਦੀ ਨੌਕਰੀ ਨਾ ਕਰ ਸਕਿਆ ਤੇ 1906 ਨੂੰ ਕੈਨੇਡਾ ਜਾ ਪੁੱਜਾ, ਜਿੱਥੇ ਆਪ ਨੇ ਕਾਮਾ ਗਾਟਾ ਮਾਰੂ ਜਹਾਜ਼ ਦੇ ਵਿਰੋਧ ਵਿੱਚ ਰੈਲੀ ਲਹਿਰ ਵਿੱਚ ਹਿੱਸਾ ਲਿਆ। ਉੱਥੇ ਆਪ ਨੇ ਯੂਨਾਈਟਿਡ ਇੰਡੀਆ ਲੀਗ ਦੇ ਖਜ਼ਾਨਚੀ ਵਜੋਂ ਕੰਮ ਕੀਤਾ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਆਪ ਜੀ ਉੱਥੇ ਕ੍ਰਾਂਤੀਕਾਰੀਆਂ ਦੀਆਂ ਲੇਖਣੀਆਂ ਛਾਪਣ ਵਾਲੇ ਡਾ. ਸੁੰਦਰ ਸਿੰਘ ਦੀ ਸੰਸਾਰ ਪ੍ਰੈਸ ਦੇ ਸ਼ੇਅਰ ਹੋਲਡਰ ਵੀ ਸਨ। ਪਹਿਲਾਂ-ਪਹਿਲ ਉਹਨਾਂ ਖੁਦ ਵੀ ਸੰਸਾਰ ਨਾਂਅ ਦਾ ਰਸਾਲਾ ਤੋਰਿਆ ਅਤੇ ਫਿਰ ਜਦ 1921 ਵਿੱਚ ਉਹ ਦੁਬਾਰਾ ਇੱਧਰ ਆਏ ਤਾਂ ਆਪ ਨੇ ਗ਼ਦਰ ਲਹਿਰ ਦੀਆਂ ਲੀਹਾਂ ਤੇ ਚੱਲਦੇ ਹੋਏ ਕ੍ਰਾਂਤੀਕਾਰੀ ਸਮਾਚਾਰ ਪੱਤਰਾਂ ਦੇ ਆਗਾਜ਼ ਨੂੰ ਅਗਾਂਹ ਤੋਰਦੇ ਹੋਏ ‘ਪ੍ਰਦੇਸੀ ਖਾਲਸਾ’ ਨਾਂਅ ਦਾ ਸਮਾਚਾਰ ਪੱਤਰ ਵੀ ਕੱਢਿਆ ਸੀ। ਗ਼ਦਰ ਪਾਰਟੀ ਦੇ ਸਤਰਕ ਸੂਤਰ ਭਾਈ ਪਿਆਰਾ ਸਿੰਘ 29 ਅਗਸਤ 1914 ਨੂੰ ਇੱਕ ਐਸ. ਐਸ. ਕੋਰੀਆਂ ਨਾਂਅ ਦੇ ਜਹਾਜ਼ ਰਾਹੀਂ ਸਾਨਫਰਾਂਸਿਸਕੋ ਤੋਂ ਮੁਲਕ ਦੀ ਅਜ਼ਾਦੀ ਖਾਤਰ ਤੁਰ ਪਏ ਅਤੇ ਉੱਘੇ ਗ਼ਦਰੀ ਭਾਈ ਨਿਧਾਨ ਸਿੰਘ ਚੁੱਘਾ (ਫਿਰੋਜ਼ਪੁਰ), ਵਰਿਆਮ ਸਿੰਘ ਕਮਾਲਪੁਰ (ਲੁਧਿਆਣਾ) ਅਤੇ ਦੋ ਹੋਰ ਅਗਿਆਤ ਸੂਰਬੀਰਾਂ ਨਾਲ ਨਾਗਾਸਾਕੀ (ਜਾਪਾਨ) ਉੱਤਰ ਗਏ। ਜਿੱਥੋਂ ਉਨ੍ਹਾਂ ਦਾ ਇਰਾਦਾ ਸ਼ਿੰਘਾਈ (ਚੀਨ) ਤੋਂ ਹੋ ਕੇ ਭਾਰਤ ਆਉਣਾ ਸੀ। 15 ਅਕਤੂਬਰ 1914 ਨੂੰ ਆਪ ਕਲਕੱਤਾ ਪਹੁੰਚੇ ਅਤੇ ਪੇਂਡੂ ਇਲਾਕਿਆਂ ਵਿੱਚ ਅੰਗਰੇਜ਼ੀ ਹਕੂਮਤ ਦੇ ਵਿਰੋਧ ਵਿੱਚ ਅੰਸ਼ਤੋਸ਼ ਫੈਲਾਉਣ ਅਤੇ ਭਾਰਤੀ ਫੌਜਾਂ ਨੂੰ ਜੰਗੇ ਅਜ਼ਾਦੀ ਲਈ ਬਗਾਵਤ ਕਰਨ ਦੀ ਮੁਹਿੰਮ ਵਿੱਢ ਦਿੱਤੀ। ਫਰੰਟੀਅਰ ਸੂਬਿਆਂ ਦੀਆਂ ਛਾਉਣੀਆਂ ਵਿੱਚ ਬਹੁਤਾ ਕੰਮ ਇਨ੍ਹਾਂ ਹੀ ਕੀਤਾ। ਆਪ ਦੀਆਂ ਇਨ੍ਹਾਂ ਬਾਗੀਆਨਾ ਕੋਸ਼ਿਸ਼ਾਂ ਨੂੰ ਰੋਕਣ ਲਈ ਲੰਗੇਰੀ, ਸਕਰੂਲੀ ਤੇ ਨੰਗਲ ਕਲਾਂ ਆਦਿ ਪਿੰਡਾਂ ਵਿੱਚ ਪੁਲਿਸ ਦੀਆਂ ਤਾਅਜ਼ੀਰੀ ਚੌਕੀਆਂ ਬਿਠਾ ਦਿੱਤੀਆਂ। ਆਖਰ 1915 ਦੀ ਵਿਸਾਖੀ ਵਾਲੇ ਦਿਨ ਇੱਕ ਸਾਧ ਤੁਲਸਾ ਸਿੰਘ ਅਤੇ ਚੰਦਾ ਸਿੰਘ ਵੱਡਾ ਨਗਰ ਆਦਿ ਵਰਗੇ ਗ਼ਦਾਰਾਂ ਵਲੋਂ ਹਕੂਮਤੀ ਇਨਾਮ ਪ੍ਰਾਪਤ ਕਰਨ ਦੇ ਲਾਲਚ ‘ਚ ਕੀਤੀਆਂ ਗਈਆਂ ਮੁਖਬਰੀਆਂ ਸਦਕਾ ਗ੍ਰਿਫਤਾਰ ਕਰ ਲਏ ਗਏ। ਜਿਸ ਸਮੇਂ ਪੁਲਿਸ ਪਿੰਡ ਬਿੰਜੋ ਦੀ ਜੂਹ ‘ਚ ਰਹਿੰਦੇ ਸਾਧ ਤੁਲਸਾ ਸਿੰਘ ਦੀ ਕੁਟੀਆ ਵਿੱਚ ਠਹਿਰੇ ਪਿਆਰਾ ਸਿੰਘ ਪਾਸ ਪਹੁੰਚੀ ਤਾਂ ਉਨ੍ਹਾਂ ਨੂੰ ਇਸ ਗੱਲ ਦੀ ਉੱਕੀ ਹੀ ਦਲੇਰੀ ਨਹੀਂ ਸੀ ਪੈਂਦੀ ਕਿ ਉਹ ਆਪ ਨੂੰ ਰਵਾ-ਰਵੀਂ ਜਾ ਕੇ ਫੜ ਲਵੇ। ਭਾਈ ਸਾਹਿਬ ਪੁਲਿਸ ਟੋਲੇ ਤੋਂ ਜਿਸ ਵਿੱਚ ਦੋ ਥਾਣੇਦਾਰ ਅਤੇ ਕੋਈ 12-14 ਹਥਿਆਰਬੰਦ ਸਿਪਾਹੀ ਸਨ, ਕੋਈ ਪੰਜ ਸੌ ਗਜ਼ ਅੱਗੇ-ਅੱਗੇ ਪੂਰੇ ਦਸ ਮੀਲ ਤੱਕ ਚੱਲਦੇ ਰਹੇ, ਪਰ ਉਨ੍ਹਾਂ ਨੂੰ ਨੇੜੇ ਹੋ ਕੇ ਭਾਈ ਜੀ ਨਾਲ ਰਲਣ ਦਾ ਹੀਆ ਨਾ ਪਿਆ। ਪਰ ਜਦ ਭਾਈ ‘ਜੀ ਪਿੰਡ ਬੱਦੋਵਾਲ ਸਰਦੁਲਾਪੁਰ ਪਾਸ ਪਹੁੰਚੇ ਤਾਂ ਪੁਲਿਸ ਨੇ ਭਾਈ ਜੀ ਨੂੰ ਡਾਕੂ ਡਾਕੂ ਦਾ ਰੋਲਾ ਪਾ ਕੇ ਪਿੰਡ ਦੀ ਮੁਡਹੀਰ ਮਗਰ ਪੁਆ ਦਿੱਤੀ। ਇਸੇ ਰੌਲੇ-ਗੌਲੇ ਵਿੱਚ ਭਾਈ ਜੀ ਦੀ ਲੱਤ ਵਿੱਚ ਪਿੰਡ ਡੰਡੇਵਾਲ ਲਾਗੇ ਇੱਕ ਆਜੜੀ ਨੇ ਢਾਂਗੀ ਫਸਾ ਦਿੱਤੀ। ਗਿੱਟੇ ਕੋਲੋਂ ਨਾਰਵਾ ਕੱਟਿਆ ਗਿਆ ਤੇ ਅਚਨਚੇਤ ਇਸ ਠੋਕਰ ਨਾਲ ਭਾਈ ਜੀ ਡਿੱਗ ਪੈਣ ਕਰਕੇ ਪੁਲਿਸ ਦੇ ਹੱਥ ਆ ਗਏ। ਮੌਕੇ ਉਪਰ ਹੀ ਉਨ੍ਹਾਂ ’ਤੇ ਉੱਤੋਂ ਵੱਧ ਤਸ਼ੱਦਦ ਕੀਤਾ ਗਿਆ। ਆਪ ਦੇ ਸਰੀਰ ਉੱਪਰ ਇਸ ਹੱਦ ਤੱਕ ਡਾਂਗਾਂ ਵਰ੍ਹਾਈਆਂ ਗਈਆਂ ਕਿ ਆਪ ਦਾ ਸਰੀਰ ਉੱਕਾ ਹੀ ਫਿੱਸ ਗਿਆ। ਇੱਕ ਲੱਤ ਬੁਰੀ ਤਰ੍ਹਾਂ ਤੋੜ ਦੱਤੀ ਗਈ ਤੇ ਦੂਸਰੇ ਅੰਗ ਬੜੀ ਬੇਰਹਿਮੀ ਨਾਲ ਭੰਨ-ਮਰੋੜ ਸੁੱਟੇ, ਪਰ ਇਸ ਦੇ ਬਾਵਜੂਦ ਆਪ ਨੂੰ ਖੂਹ ਦੀ ਲੱਜ ਨਾਲ ਚੰਗੀ ਤਰ੍ਹਾਂ ਨੂੜ ਕੇ ਗੱਡੇ ‘ਤੇ ਸੁੱਟ ਲਿਆ ਤੇ ਮਾਹਿਲਪੁਰ ਥਾਣੇ ਨੂੰ ਲੈ ਤੁਰੇ। ਤਿੰਨ ਦਿਨ ਪਿੱਛੋਂ ਆਪ ਨੂੰ ਹੱਥਕੜੀਆਂ ਨਾਲ ਜਕੜ ਕੇ ਪਾਲਕੀ ਵਿੱਚ ਸੁੱਟਣ ਪਿੱਛੇ ਹੁਸ਼ਿਆਰਪੁਰ ਲਿਆਂਦਾ ਗਿਆ ਤਾਂ ਉਸ ਸਮੇਂ ਥਾਣਾ ਮਾਹਿਲਪੁਰ ਤੋਂ ਹੁਸ਼ਿਆਰਪੁਰ ਦਾ ਪੰਦਰਾਂ ਮੀਲ ਦਾ ਰਸਤਾ ਲੋਕਾਂ ਦੀ ਆਵਾਜਾਈ ਤੋਂ ਉੱਕਾ ਹੀ ਬੰਦ ਕਰ ਦਿੱਤਾ ਗਿਆ ਤੇ ਸਭ ਪਾਸੇ ਪਿੰਡਾਂ ਵਿੱਚ ਦਹਿਸ਼ਤ ਫੈਲਾ ਦਿੱਤੀ ਗਈ ਕਿ ਕੋਈ ਵੀ ਮਨੁੱਖ ਸੜਕ ਉੱਪਰ ਚੱਲ ਫਿਰ ਨਹੀਂ ਸਕਦਾ, ਪਰ ਇਸ ਦੇ ਬਾਵਜੂਦ ਹਜ਼ਾਰਾਂ ਲੋਕ ਵਹੀਰਾਂ ਘੱਤ ਕੇ ਆਪ ਦੇ ਦਰਸ਼ਨਾਂ ਨੂੰ ਤੁਰ ਪਏ। ਇਸ ਪਿੱਛੋਂ ਆਪ ਨੂੰ ਸ. ਕਰਤਾਰ ਸਿੰਘ ਸਰਾਭਾ, ਬਾਬਾ ਸੋਹਣ ਸਿੰਘ ਭਕਨਾ, ਜਗਤ ਸਿੰਘ ਸੁਰ ਸਿੰਘ ਤੇ ਦੂਸਰੇ ਗ਼ਦਰੀ ਆਗੂਆਂ ਨਾਲ ਲਾਹੌਰ ਜੇਲ੍ਹ ਵਿੱਚ ਲਾਹੌਰ ਸਾਜ਼ਿਸ਼ ਕੇਸ ਦੇ ਸੰਬੰਧ ਵਿੱਚ ਰੱਖ ਕੇ ਕਾਲੇ ਪਾਣੀ ਦੀ ਸਜ਼ਾ ਸੁਣਾ ਦਿੱਤੀ, ਪਰ ਜਿਹੜੇ ਤਸੀਹੇ ਭਾਈ ਜੀ ਨੂੰ ਲਾਹੌਰ ਜੇਲ੍ਹ ਵਿੱਚ ਭੋਗਣੇ ਪਏ ਉਨ੍ਹਾਂ ਦੀ ਕਹਾਣੀ ਤਾਂ ਮਨੁੱਖ ਦੇ ਰੌਂਗਟੇ ਖੜੇ ਕਰ ਦੇਣ ਵਾਲੀ ਹੈ। ਭਾਈ ਜੀ ਦੀ ਟੁੱਟੀ ਹੋਈ ਲੱਤ ਦਾ ਜੇਲ੍ਹ ਵਿੱਚ ਉੱਕਾ ਹੀ ਕੋਈ ਇਲਾਜ ਨਾ ਕੀਤਾ ਗਿਆ। ਇੱਥੋਂ ਤੱਕ ਕਿ ਮਰਹਮ ਪੱਟੀ ਵੀ ਨਾ ਕੀਤੀ ਜਾਂਦੀ ਰਹੀ। ਸਗੋਂ ਪੂਰੇ ਡੇਢ ਸਾਲ ਤੱਕ ਆਪ ਨੂੰ ਹੱਥਕੜੀਆਂ ਨਾਲ ਜਕੜ ਛੱਡਿਆ ਅਤੇ ਸੰਗਲਾਂ ਨਾਲ ਬੰਨ੍ਹ ਕੇ ਲੱਗਭਗ ਹਰ ਰੋਜ਼ ਹੀ ਅੱਠ-ਦਸ ਘੰਟੇ ਇੱਕ ਲੱਤ ਦੇ ਪਾਰ ਖਲੋਣ ਲਈ ਮਜਬੂਰ ਕੀਤਾ ਜਾਂਦਾ ਸੀ। ਆਪ ਨੇ ਰਾਵਲਪਿੰਡੀ ਜੇਲ੍ਹ ਵਿੱਚ ਬੰਬ ਬਣਾਉਣ ਦੀ ਵੀ ਅਸਫ਼ਲ ਕੋਸ਼ਿਸ਼ ਕੀਤੀ ਸੀ। 1920 ਵਿੱਚ ਆਪ ਨੂੰ ਰਾਇਲ ਐਮਨੇਸਟੀ ਦੇ ਅਧੀਨ ਸ਼ਰਤਾਂ ‘ਤੇ ਰਿਹਾਅ ਕੀਤਾ ਗਿਆ। ਫਿਰ ਆਪ ਸਿੱਖ ਲੀਗ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ। ਆਪ ਨੇ ਫਿਰ ਆਪਣਾ ਅਕਾਲੀ ਜਥਾ ਬਣਾਇਆ ਅਤੇ ਆਨੰਦਪੁਰ ਦੇ ਗੁਰਧਾਮ ਅਜ਼ਾਦ ਕਰਵਾਏ। ਆਪ ਇਨ੍ਹਾਂ ਕੰਮਾਂ ਦੇ ਨਾਲ-ਨਾਲ ਬਦੇਸ਼ਾਂ ਵਿੱਚ ਸਿੱਖ ਕ੍ਰਾਂਤੀਕਾਰੀਆਂ ਦੇ ਸੰਪਰਕ ‘ਚ ਵੀ ਰਹੇ। ਨਵੰਬਰ 1922 ਵਿੱਚ ਆਪ ਫਿਰ ਅਮਰੀਕਾ, ਕੈਨੇਡਾ ਨੂੰ ਪ੍ਰਸਥਾਨ ਕਰ ਗਏ ਅਤੇ ਕ੍ਰਾਂਤੀਕਾਰੀ ਕੰਮ ਲਈ ਮਦਦ ਪ੍ਰਾਪਤ ਕਰਕੇ ਵਾਪਸ ਮੁੜ ਆਏ ਸਨ। ਆਪ ਗੁਪਤ ਤੌਰ ਤੇ ਬੱਬਰ ਅਕਾਲੀ ਜਥਿਆਂ ਦੇ ਮਦਦ ਕਰਦੇ ਰਹੇ, ਜਿਸ ਨੇ 1922-24 ਵਿੱਚ ਦੁਆਬੇ ਦੇ ਅੰਗਰੇਜ਼ੀ ਹਕੂਮਤ ਦੇ ਵਫ਼ਾਦਾਰਾਂ ਨੂੰ ਕਤਲ ਕਰਨ ਦੀ ਯੋਜਨਾ ‘ਤੇ ਅਮਲ ਕੀਤਾ। ਸੰਨ 1923 ਪਿਛਲੇ ਸਮੇਂ ਆਪ ਅਕਾਲੀ ਲੀਡਰਾਂ ਦੇ ਕੇਸ ਵਿੱਚ ਗ੍ਰਿਫਤਾਰ ਹੋਏ ਤੇ ਸੰਨ 1926 ਦੇ ਗੁਰਦੁਆਰਾ ਐਕਟ ਅਧੀਨ ਫਿਰ ਰਿਹਾਅ ਹੋਏ ਅਤੇ ਕਿਰਤੀ ਕਿਸਾਨ ਲਹਿਰ ‘ਚ ਜੁੱਟ ਗਏ। ਅਕਾਲੀ ਲਹਿਰ ਦੇ ਨਾਲ-ਨਾਲ ਜਦ ਬੱਬਰ ਲਹਿਰ ਵੀ ਉੱਭਰੀ ਤਾਂ ਸਮੇਂ ਦੇ ਕੁਝ ਅਕਾਲੀ ਨੇਤਾ ਬੱਬਰ ਲਹਿਰ ਦੀ ਹਥਿਆਰਬੰਦ ਇਨਕਲਾਬ ਦੀ ਨੀਤੀ ਦੇ ਵਿਰੁੱਧ ਸਨ, ਪਰ ਆਪ ਕਿਸੇ ਗੱਲ ਦੀ ਵੀ ਪ੍ਰਵਾਹ ਨਾ ਕਰਦਿਆਂ ਬੱਬਰ ਅਕਾਲੀ ਲਹਿਰ ਦੀ ਪੂਰੀ-ਪੂਰੀ ਹਮਾਇਤ ਕੀਤੀ ਨੂੰ ਆਪ ਫੇਰ ਸਾਨਫਰਾਂਸਿਸਕੋ ਹੁੰਦੇ ਵਾਪਸ ਕੈਨੇਡਾ ਪਰਤ ਗਏ, ਜਿੱਥੇ ਜਾ ਮਈ 1928 ਪਾਰਟੀਆਂ ਵੱਲੋਂ ਕੀਤੀ ਜਾਣ ਵਾਲੀ ਆਖਰੀ ਬਗਾਵਤ ਦੇ ਸੰਬੰਧ ਵਿੱਚ ਹਥਿਆਰਾਂ ਦੀ ਖਰੀਦ ਬਾਰੇ ਯੋਜਨਾ ਸੰਬੰਧੀ ਗ਼ਦਰ ਪਾਰਟੀ ਨਾਲ ਸਲਾਹ-ਮਸ਼ਵਰਾ ਕੀਤਾ। 3 ਅਪਲੇ 1929 ਨੂੰ ਵਿਕਟੋਰੀਆ (ਬੀ.ਸੀ. ਵਿਖੇ ਸਿੱਖ ਸਮੁਦਾਇ ਦੇ ਸਥਾਪਨਾ ਦਿਵਸ ਦੇ ਸੰਬੰਧ ਵਿੱਚ ਹੋਈ ਮੀਟਿੰਗ ਦੌਰਾਨ ਆਪ ਨੇ ਉੱਥੇ ਮੌਜੂਦ ਹਰ ਵਿਅਕਤੀ ਨੂੰ ਆਪਣੇ ਦੇਸ਼ ਦੀ ਅਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਪ੍ਰੇਰਿਤ ਕੀਤਾ। ਸੰਨ 1930 ਨੂੰ ਪੀਅਰਸ ਨਾਂਅ ਦੇ ਸਮੁੰਦਰੀ ਜਹਾਜ਼ ‘ਤੇ ਵਿਕਟੋਰੀਆ ਤੋਂ ਚੱਲ ਪਏ ਅਤੇ 25 ਜੁਲਾਈ 1930 ਨੂੰ ਕੁਟਸੰਗ ਨਾਂਅ ਦੇ ਸਮੁੰਦਰੀ ਜਹਾਜ਼ ‘ਤੇ ਕਲਕੱਤਾ ਪੁੱਜੇ। ਜੁਲਾਈ 1930 ਵਿੱਚ ਸਬਾਈ ਕਿਰਤੀ ਕਿਸਾਨ ਪਾਰਟੀ ਦੀ ਵਰਕਿੰਗ ਕਮੇਟੀ ਦੇ ਮੈਂਬਰ ਚੁਣੇ ਗਏ। ਸੰਨ 1931 ਦੇ ਮੱਧ ਵਿੱਚ ਸਰਕਾਰ ਨੂੰ ਆਪ ਦੇ ਹਕੂਮਤ ਲਈ ਇੱਕ ਹੋਰ ਖਤਰਨਾਕ ਲਹਿਰ ਸੰਬੰਧੀ ਸਮਰਪਿਤ ਹੋ ਜਾਣ ਦਾ ਪਤਾ ਲੱਗਾ ਤੇ ਆਪ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ। ਜਦ 1940 ਵਿੱਚ ਭਾਰਤ ਵਰਸ਼ ਦੇ ਲੋਕਾਂ ਅੰਦਰ ਅੰਗਰੇਜ਼ ਸਾਮਰਾਜ ਵਿਰੁੱਧ ਜੋਸ਼ ਤੇ ਗੁੱਸਾ ਵਧਣਾ ਸ਼ੁਰੂ ਹੋਇਆ ਤਾਂ ਆਪ ਨੇ ਉਸ ਸਮੇਂ ਸਾਮਰਾਜ ਵਿਰੋਧੀ ਧੜੇ ਦਾ ਸਾਥ ਦਿੱਤਾ, ਜਿਸ ਕਰਕੇ ਅੰਗਰੇਜ਼ ਸਰਕਾਰ ਨੇ ਮੁੜ ਗ੍ਰਿਫ਼ਤਾਰ ਕਰ ਲਿਆ ਅਤੇ ਪੂਰੇ ਚਾਰ ਸਾਲ ਤੱਕ ਵੱਖ-ਵੱਖ ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਵਿੱਚ ਰੱਖਿਆ। ਜੇਲ੍ਹ ਤੋਂ ਰਿਹਾਅ ਹੋਣ ਮਗਰੋਂ 1946 ਵਿੱਚ ਹਲਕਾ ਮਾਹਿਲਪੁਰ ਦੇ ਲੋਕਾਂ ਨੇ ਭਾਈ ਸਾਹਿਬ ਨੂੰ ਪੰਜਾਬ ਅਸੈਂਬਲੀ ਵਾਸਤੇ ਚੁਣਿਆ। ਉਨ੍ਹਾਂ ਕਦੇ ਵੀ ਪਬਲਿਕ ਲਾਭਾਂ ਤੋਂ ਨਿੱਜੀ ਲਾਭਾਂ ਨੂੰ ਤਰਜੀਹ ਨਹੀਂ ਦਿੱਤੀ। ਮਾਹਿਲਪੁਰ ਕਾਲਜ ਨੂੰ ਉਸਾਰਨ ਬਣਾਉਣ ਵਿੱਚ ਵੀ ਆਪ ਦਾ ਕਾਫੀ ਵੱਡਾ ਹਿੱਸਾ ਹੈ। ਭਾਈ ਪਿਆਰਾ ਸਿੰਘ ਤੋਂ ਬਿਨਾਂ ਦੋ ਹੋਰ ਐਮ.ਐਲ.ਏ. ਵੀ ਇਸ ਪਿੰਡ ‘ਚੋਂ ਹੋਏ ਹਨ, ਇੱਕ ਹੈ ਸ੍ਰੀ ਕਰਤਾਰ ਸਿੰਘ ਕਾਂਗਰਸ ਵਲੋਂ 1952 ‘ਚ ਚੁਣਿਆ ਗਿਆ ਅਤੇ ਦੂਸਰਾ ਦੋ ਵਾਰ ਚੁਣੇ ਜਾਣ ਵਾਲਾ ਮਸ਼ਹੂਰ ਕਮਿਊਨਿਸਟ ਇਨਕਲਾਬੀ ਸੀ ਸਾਥੀ ਦਰਸ਼ਨ ਸਿੰਘ ਕੈਨੇਡੀਅਨ। ਭਾਈ ਪਿਆਰਾ ਸਿੰਘ ਤੋਂ ਬਾਅਦ ਸਾਥੀ ਦਰਸ਼ਨ ਸਿੰਘ ਕੈਨੇਡੀਅਨ ਹੀ ਅਜਿਹਾ ਇਸ ਪਿੰਡ ਦਾ ਸ਼ਖ਼ਸ ਹੋਇਆ ਹੈ, ਜਿਸ ਕਰਕੇ ਵੀ ਇਹ ਪਿੰਡ ਸੰਸਾਰ ਪੱਧਰ ਉੱਤੇ ਮਸ਼ਹੂਰ ਹੋ ਚੁੱਕਾ ਹੈ। ਕੈਨੇਡਾ ਦੀ ਧਰਤੀ ‘ਤੇ ਲੱਕੜੀ ਮਿੱਲਾਂ ‘ਚ ਕੰਮ ਕਰਦੇ ਕਾਮਿਆਂ ਨੂੰ ਟਰੇਡ ਯੂਨੀਅਨ ਦੀ ਲੜੀ ਵਿੱਚ ਪਰੋਣ ਵਾਲਾ ਪਹਿਲਾ ਭਾਰਤੀ ਆਪਣੇ ਹੀ ਦੇਸ਼ ਵਿੱਚ ਆਪਣੇ ਹੀ ਪਿੰਡ ਨੂੰ ਜਾਂਦਾ ਹੋਇਆ ਮਾਰਿਆ ਗਿਆ। ਸੰਨ 1918 ਇਸੇ ਪਿੰਡ ਵਿੱਚ ਜਨਮੇ ਦਰਸ਼ਨ ਨੂੰ ਦੇਸ਼ ਪਿਆਰ ਦੀ ਲਗਨ ਤੇ ਰਾਜਨੀਤੀ ਦੀ ਗੁੜ੍ਹਤੀ ਬਾਬੂ ਦਇਆ ਸਿੰਘ ਜੀ ਹੁਰਾਂ ਦੇ ਚੁਬਾਰੇ ‘ਚੋਂ ਹੀ ਮਿਲੀ। ਚੰਗੇਰੇ ਭਵਿੱਖ ਦੀ ਲਾਲਸਾ 1938 ਵਿੱਚ ਉਨ੍ਹਾਂ ਨੂੰ ਕੈਨੇਡਾ ਲੈ ਆਈ, ਆਏ ਤਾਂ ਇੱਥੇ ਬਤੌਰ ਵਿਦਿਆਰਥੀ ਹੀ ਸਨ, ਪਰ ਕੈਨੇਡਾ ਵਿੱਚ ਇਨਸਾਨੀ ਵਿਤਕਰਾ ਦੇਖ ਉਨ੍ਹਾਂ ਦੀ ਗੈਰਤ ਹੋਰ ਤੜਪ ਉੱਠੀ। ਉਹ 1939 ਵਿੱਚ ਕੈਨੇਡਾ ਦੀ ਕਮਿਉਨਿਸਟ ਪਾਰਟੀ ਦਾ ਮੈਂਬਰ ਬਣ ਗਿਆ। ਘਰੇਲੂ ਤੰਗੀ-ਤੋੜੇ ਭੁੱਲ ਕੇ ਉਹ ਇਨਸਾਨੀ ਵਿਤਕਰੇ ਵਿਰੁੱਧ ਅਤੇ ਦੱਬੇ ਕੁਚਲੇ ਲੋਕਾਂ ਲਈ ਕੰਮ ਕਰਨ ਲੱਗਾ। ਸੰਨ 1941 ਤੋਂ 1944 ਤੱਕ ਉਹ ਮਹੀਨੇ ਵਿੱਚ ਇੱਕ ਹਫ਼ਤਾ ਕੰਮ ਕਰਦਾ ਤੇ ਤਿੰਨ ਹਫ਼ਤੇ ਮਜ਼ਦੂਰਾਂ ਨੂੰ ਸੰਗਠਨ ਕਰਨ ਵਿੱਚ ਲਾਉਂਦਾ। ਲੱਕੜੀ ਮਿੱਲਾਂ ਵਿੱਚ ਕੰਮ ਕਰਦੇ ਗੋਰੇ ਅਤੇ ਕਾਲੇ ਮਜ਼ਦੂਰਾਂ ਦੀ ਯੂਨੀਅਨ ਦੀ ਨੀਂਹ 1941 ਵਿੱਚ ਰੱਖੀ ਗਈ ਅਤੇ 1944 ਤੱਕ ਇਸ ਦੇ ਤੀਹ ਹਜ਼ਾਰ ਮੈਂਬਰ ਬਣ ਗਏ, ਜੋ ਕਿ ਕਿਸੇ ਸਾਮਰਾਜੀ ਮੁਲਕ ਦੀ ਇੱਕ ਵਿਲੱਖਣ ਘਟਨਾ ਸੀ। ਸੰਨ 1947 ਵਿੱਚ ਦਸੰਬਰ ਮਹੀਨੇ ਜਦ ਦਰਸ਼ਨ ਸਿੰਘ ਵਤਨ ਪਰਤਿਆ ਤਾਂ ਉਸ ਕੋਲ ਹੋਰ ਤਾਂ ਭਾਵੇਂ ਕੁਝ ਵੀ ਨਹੀਂ ਸੀ, ਪਰ ਹੁਣ ਉਹ ਦਰਸ਼ਨ ਸਿੰਘ ਤੋਂ ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਜ਼ਰੂਰ ਬਣ ਗਿਆ ਸੀ । ਬੱਸ ਨਾਂਅ ਦੇ ਨਾਲ ਦੋ ਅੱਖਰਾਂ ਦਾ ਵਾਧਾ ਉਸ ਦੀ ਕਮਾਈ ਸੀ। ਕੈਨੇਡਾ ਦੀ ਇਸ ਕਮਾਈ ਨੇ ਉਹਦੇ ਘਰ ਦੀ ਮਾਲੀ ਹਾਲਤ ਤਾਂ ਭਾਵੇਂ ਨਾ ਬਦਲੀ, ਪਰ ਉਹ ਨੈਸ਼ਨਲ ਹੀ ਨਹੀਂ, ਸਗੋਂ ਇੰਟਰਨੈਸ਼ਨਲ ਪੱਧਰ ‘ਤੇ ਜਾਣਿਆ ਜਾਣ ਲੱਗ ਪਿਆ ਤੇ ਨਾਲ ਹੀ ਮਸ਼ਹੂਰ ਹੋਇਆ ਲੰਗੇਰੀ ਪਿੰਡ। ਐਮ. ਐਲ. ਏ. ਬਣ ਕੇ ਵੀ ਉਸ ਦੇ ਘਰ ਦੀ ਮਾਲੀ ਹਾਲਤ ਕੋਈ ਬਹੁਤੀ ਚੰਗੀ ਨਾ ਹੋਈ, ਬਲਕਿ ਉਹ ਆਪਣੀ ਉਪਜੀਵਕਾ ਖੁਦ ਕਮਾਉਂਦੇ ਰਹੇ। ਜਦੋਂ ਉਹ ਪੰਜਾਬ ਅਸੈਂਬਲੀ ਵਿੱਚ ਐਮ.ਐਲ.ਏ. ਸਨ ਤਾਂ ਉਨ੍ਹਾਂ ਦਿਨਾਂ ‘ਚ ਇੱਕ ਅੰਤਰਜਾਤੀ ਵਿਆਹ ਹੋਇਆ। ਘਟਨਾ ਘਟੀ ਵੀ ਉਸੇ ਪਿੰਡ ਅਤੇ ਹਲਕੇ ਵਿੱਚ। ਉਚ-ਨੀਚ ਦਾ ਸਵਾਲ ਸੀ। ਵਿਆਹ ਕਰਵਾਉਣ ਵਾਲਾ ਜੋੜਾ ਪੜਿਆ-ਲਿਖਿਆ, ਜ਼ਿੰਮੇਵਾਰ ਤੇ ਸਿਆਣਾ ਸੀ, ਪਰ ਚੂੰਕਿ ਘਟਨਾ ਜਗੀਰੂ ਮੱਧ-ਵਰਗ ਵਿੱਚ ਘਟੀ ਸੀ, ਪੰਜਾਬ ਵਿਚ ਹੀ ਨਹੀਂ ਸਾਰੇ ਭਾਰਤ ਵਿਚ ਵਿਆਹ ਦੀ ਚਰਚਾ ਹੋਈ। ਇੱਥੋਂ ਤੱਕ ਕਿ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਨੇ ਵੀ ਪ੍ਰੇਮੀ ਜੋੜੇ ਨੂੰ ਅਕਾਸ਼ਵਾਣੀ ਉੱਤੇ ਅਸ਼ੀਰਵਾਦ ਦਿੱਤਾ। ਕੈਨੇਡੀਅਨ ਲਈ ਇੱਕ ਚੈਲਿੰਜ ਸੀ ਇਹ ਘਟਨਾ। ਇੱਕ ਪਾਸੇ ਆਪਣਾ ਭਾਈਚਾਰਾ ਤੇ ਜਗੀਰ ਤੇ ਮਨੁਵਾਦੀ ਸੋਚ ਤੇ ਦੂਜੇ ਪਾਸੇ “ਮਾਨਸ ਕੀ ਜਾਤਿ ਸਭੇ ਏਕੇ ਪਹਿਚਾਨਬੋ’ ਦੇ ਕਥਨ ਦੇ ਕੁਝ ਪੈਰੋਕਾਰ। ਕੈਨੇਡੀਅਨ ਹੁਰਾਂ ਅਸੈਂਬਲੀ ਵਿੱਚ ਡਟ ਕੇ ਇਸ ਜੋੜੇ ਦੀ ਸ਼ਲਾਘਾ ਕੀਤੀ ਤੇ ਵਧਾਈ ਦਿੱਤੀ। ਉਹ ਦੋ ਵਾਰ ਗੜ੍ਹਸ਼ੰਕਰ ਹਲਕੇ ਤੋਂ ਪੰਜਾਬ ਅਸੈਂਬਲੀ ਲਈ ਚੁਣੇ ਗਏ। ਪਹਾੜੀ ਤੇ ਕੱਚੇ ਰਾਹਾਂ ਵਿੱਚ ਹਮੇਸ਼ਾ ਹੀ ਉਨ੍ਹਾਂ ਨੇ ਸਾਈਕਲ ‘ਤੇ ਪੈਂਡਾਂ ਕਰਨਾ ਤੇ ਲੋਕਾਂ ਨਾਲ ਸੰਪਰਕ ਰੱਖਿਆ। ਕੰਮ ਏਨਾ ਕੀਤਾ ਕਿ ਕਈ ਲੋਕ ਤਾਂ ਹੁਣ ਤੱਕ ਉਨ੍ਹਾਂ ਦੀ ਪੂਜਾ ਕਰਦੇ ਹਨ। ਅੱਤਵਾਦ ਦੇ ਦਿਨਾਂ ਵਿੱਚ ਵੀ ਉਨ੍ਹਾਂ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਲੋਕਾਂ ਖਾਤਰ ਸੰਘਰਸ਼ ਜਾਰੀ ਰੱਖਿਆ। ਸਾਰੇ ਪੰਜਾਬ ਅਤੇ ਅੱਤਵਾਦ ਦੇ ਗੜ੍ਹਾਂ ਵਿੱਚ ਦਿੱਤੇ ਉਨ੍ਹਾਂ ਦੇ ਭਾਸ਼ਣ ਇਤਿਹਾਸਿਕ ਦਸਤਾਵੇਜ਼ ਬਣ ਚੁੱਕੇ ਹਨ। ਹੋਰ ਸਹੂਲਤਾਂ ਤੋਂ ਬਿਨਾਂ ਪਿੰਡ ਦੀ ਲਾਇਬਰੇਰੀ, ਰੋਗੀ ਸਹਾਇਕ ਸੰਮਤੀ ਤੇ ਦੇਸ਼ ਭਗਤ ਯਾਦਗਾਰ ਹਨ ਉਸ ਦੀਆਂ ਪਿੰਡ ਨੂੰ ਦੇਣਾਂ ਹਨ। ਆਦਿਧਰਮ ਲਹਿਰ ਜੋ ਗ਼ਦਰੀ ਮੰਗੂ ਰਾਮ ਮੁਗੋਵਾਲ ਨੇ 1926 ‘ਚ ਖੜ੍ਹੀ ਕੀਤੀ ਸੀ ਵਿੱਚ ਵੀ ਇਸ ਪਿੰਡ ਨੇ ਉੱਘਾ ਹਿੱਸਾ ਪਾਇਆ। ਜਿਹੜੀ ਸੌ ਮੈਂਬਰ ਪ੍ਰਬੰਧਕੀ ਕਮੇਟੀ ਸੀ ਉਸ ਦੇ ਆਨਰੇਰੀ ਪ੍ਰਚਾਰਕਾ ਵਿੱਚ ਲੰਗੇਰੀ ਦੇ ਸ੍ਰੀ ਧਨਪਤ ਰਾਮ ਅਤੇ ਸ੍ਰੀ ਗੋਪਾਲ ਦਾਸ ਪੁੱਤਰ ਸ੍ਰੀ ਭਰਪੂਰ ਵੀ ਸਨ।

ਜਲ੍ਹਿਆਂਵਾਲੇ ਬਾਗ ਦੇ ਸਾਕੇ ਸਮੇਂ ਇਸ ਪਿੰਡ ਦੇ ਹੁਕਮ ਸਿੰਘ, ਹੁਸ਼ਨਾਕ ਸਿੰਘ, ਕੁਲਦੀਪ ਸਿੰਘ, ਭਗਤ ਰਾਮ, ਗਿਆਨੀ ਹਰੀ ਸਿੰਘ, ਗਿਆਨੀ ਮੇਹਰ ਸਿੰਘ ਆਦਿ ਸ਼ਾਮਲ ਹੋਏ ਤੇ ਜੈਤੋਂ ਦੇ ਮੋਰਚੇ ਦੇ ਜਥੇ ਦੀ ਅਗਵਾਈ ਸਮੁੰਦ ਸਿੰਘ, ਮੱਖਣ ਸਿੰਘ, ਦੂਸਰਾ ਹੁਕਮ ਸਿੰਘ ਤੇ ਪੂਰਨ ਝੀਰ ਜੀ ਨੇ ਕੀਤੀ ਸੀ। ਇਲਾਕੇ ਦੀ ਕੋਈ ਵੀ ਪੁਲੀਟੀਕਲ ਕਾਨਫਰੰਸ ਅਜਿਹੀ ਨਹੀਂ ਸੀ, ਜਿਸ ਵਿੱਚ ਲੰਗੇਰੀ ਵਾਲਿਆਂ ਸਹਿਯੋਗ ਨਾ ਕੀਤਾ ਹੋਵੇ। ਅਜ਼ਾਦੀ ਤੋਂ ਪਹਿਲਾਂ ਦੀਆਂ ਇਲਾਕੇ ਦੀਆਂ ਜੰਡੋਲੀ, ਬਾੜੀਆਂ, ਗੜ੍ਹਸ਼ੰਕਰ ਅਤੇ ਮਾਹਿਲਪੁਰ ਆਦਿ ਦੀਆਂ ਨੈਸ਼ਨਲ ਪੱਧਰ ਦੀਆਂ ਕਾਨਫਰੰਸਾਂ ਵਿੱਚ ਇੱਥੋਂ ਦੇ ਬਾਸ਼ਿੰਦੇ ਵੱਡੀ ਪੱਧਰ ‘ਤੇ ਸ਼ਾਮਲ ਹੋਏ। ਅੱਜ ਵੀ ਪਿੰਡ ‘ਚ ਜਿੱਥੇ ਦੇਸ਼ ਭਗਤਾਂ ਦੀ ਯਾਦ ਵਿੱਚ ਯਾਦਗਾਰ ਹਾਲ, ਕਨੇਡੀਅਨ ਦੀ ਸ਼ਹਾਦਤ ਬਾਰੇ ਖੇਡ ਸਟੇਡੀਅਮ ਅਤੇ ਭਾਈ ਪਿਆਰਾ ਸਿੰਘ ਦੀ ਯਾਦ ‘ਚ ਡਿਸਪੈਂਸਰੀ ਤੋਂ ਇਲਾਵਾ ਲੱਗਭਗ ਸਾਰੀਆਂ ਸਹੂਲਤਾਂ ਨਾਲ ਲੈਸ ਇਸ ਪਿੰਡ ਦੇ ਪੰਚਾਇਤ ਘਰ ‘ਚ ਸਾਰੇ ਦੇਸ਼ ਭਗਤਾਂ ਦੀਆਂ ਵੱਡੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ ਅਤੇ ਮੌਜੂਦਾ ਸਰਪੰਚ ਦੀ ਅਗਵਾਈ ਹੇਠ ਪਿੰਡ ਤਰੱਕੀ ਦੀਆਂ ਪੁਲਾਂਘਾਂ ਪੁੱਟ ਰਿਹਾ ਹੈ। ਅਜ਼ਾਦੀ ਉਪਰੰਤ ਜ਼ਿਲ੍ਹੇ ਦਾ ਪਹਿਲਾ ਜੰਗ ਫਾਰਮਰ ਕਲੱਬ ਅਤੇ ਪੰਚਾਇਤ ਘਰ ਇਸੇ ਨਗਰ ਬਣਿਆ ਸੀ।

ਸਕਰੂਲੀ ਪਿੰਡ ਦੀ ਪੱਤੀ ਭਕਾਈ ਤੋਂ ਉੱਠ ਕੇ ਪਹਿਲਾਂ-ਪਹਿਲ ਮੌਜੂਦਾ ਵੱਸੋਂ ਨੇ ਲਹਿੰਦੇ ਪਾਸੇ ਸਟੇਡੀਅਮ ਕੋਲ ਗੁੱਗੇ ਪੀਰ ਵਾਲੀ ਥਾਂ ਡੇਰਾ ਕੀਤਾ ਸੀ, ਪਰ ਕਿਸੇ ਧਾਰਮਿਕ ਵਹਿਮ ਕਾਰਨ ਉੱਥੋਂ ਉੱਠ ਕੇ ਕੁਝ ਘਰ ਹੁਣ ਦੀ ਕੁਲੀਆਂ ਵਾਲੀ ਅੱਲ ਵਾਲੀ ਥਾਂ ਅਤੇ ਕੁਝ ਨੇ ਦੱਖਣ ਵੱਲ ਚੋਅ ਕੰਢੇ ਆ ਰੈਣ ਬਸੇਰਾ ਕੀਤਾ, ਪਰ ਪਾਣੀ ਦੀ ਸਤ੍ਹਾ ਉੱਪਰ ਆ ਜਾਣ ਕਾਰਨ ਮੌਜੂਦਾ ਜਗ੍ਹਾ ਯਾਨਿ ਕਿ ਚੌਥੀ ਥਾਂ ਇਹ ਪਿੰਡ ਪੱਕੇ ਤੌਰ ਤੇ ਆਬਾਦ ਹੋਇਆ। ਇਹ ਗੱਲ ਲੱਗਭਗ 1914 ਵੇਲੇ ਪਈ ਪਲੇਗ ਦੇ ਸਮੇਂ ਦੀ ਹੈ। ਹਦਬਸਤ ਨੰ: 101 ਤੇ ਕੁਲ 204 ਹੈਕਟੇਅਰ ਦੇ ਮਾਲਕ ਇਸ ਪਿੰਡ ਵਿੱਚ ਜ਼ਮੀਨ ਦੇ ਮਾਰੂਸ਼ ਸਿਸਟਮ (ਯਾਨੀ ਕਿ ਜਦੋਂ ਜ਼ਮੀਨ ਦੇ ਅਸਲ ਮਾਲਕ ਹਾਕਮ ਜਾਂ ਉਨ੍ਹਾਂ ਦੇ ਨੁਮਾਇੰਦੇ ਹੁੰਦੇ ਸਨ) ਵੇਲੇ ਇਸ ਪਿੰਡ ‘ਚ 32 ਹਲਾਂ ਦੀ ਵਾਹੀ ਸੀ। ਇੱਕ ਹਲ ਨੂੰ 20 ਖੇਤ ਸਨ ਅਤੇ ਬਾਕੀ ਹਲਾਂ ਨੂੰ 16-16 ਖੇਤ ਦਿੱਤੇ ਹੋਏ ਸਨ। ਸੰਨ 1984-1985 ਦੇ ਬੰਦੋਬਸਤ ਵਾਲੇ ਇਹ ਹਲਵਾਹਕ ਪੱਕੇ ਮਾਲਕ ਬਣੇ। ਜਦੋਂ ਇਲਾਕੇ ਲਈ ਖੂਹ ਲਾਉਣੇ ਇੱਕ ਮੁਸ਼ਕਲ ਤਕਨੀਕੀ, ਵੱਡਾ ਤੇ ਮਹਿੰਗਾ ਕਦਮ ਹੁੰਦਾ ਸੀ, ਉਦੋਂ ਵੀ ਇਸ ਪਿੰਡ ਦੇ 18 ਖੂਹ ਹੁੰਦੇ ਸਨ, ਜੋ ਕਿ ਇਸ ਪਿੰਡ ਦੀ ਇੱਕ ਸਿਫਤੀ ਗੱਲ ਸੀ। ਇੱਕ ਹੋਰ ਗੱਲ ਉਦੋਂ ਜਦੋਂ ਖੂਹਾਂ ‘ਤੇ ਸਿੰਚਾਈ ਲਈ ਲੋਕਾਂ (ਚਰਸ) ਵਰਤਿਆ ਜਾਂਦਾ ਸੀ, ਹਰਟ ਅਜੇ ਚੱਲੇ ਨਹੀਂ ਸੀ ਤਾਂ ਇੱਥੋਂ ਦਾ ਵਰਿਆਮ ਸਿੰਘ ਐਨਾ ਤਕੜਾ ਸੀ ਕਿ ਉਹ ਕੱਲਾ ਹੀ ਬੀਂਡ ਪਾਕੇ 18 ਮਣ ਕੱਚੇ ਪਾਣੀ ਦਾ ਬੋਕਾ ਖਿੱਚ ਲੈਂਦਾ ਸੀ, ਜਦਕਿ ਡੂੰਘੇ ਖੂਹਾਂ ਵਿੱਚੋਂ ਐਨਾ ਵਜ਼ਨ ਤਕੜੀਆਂ ਜੋਗਾਂ ਹੀ ਖਿੱਚ ਸਕਦੀਆਂ ਸਨ। ਜੇ ਫਿਰ ਗੱਲ ਜ਼ੋਰ ਦੀ ਹੀ ਕਰਨੀ ਹੋਵੇ ਤਾਂ ਭਲਵਾਨੀ ਵਿੱਚ ਵੀ ਇਸ ਪਿੰਡ ਦਾ ਗਿਣਤੀ ਪੱਖੋਂ ਕੋਈ ਸਾਨੀ ਨਹੀਂ ਸੀ। ਸੰਨ 1934 ਤੋਂ ਪਹਿਲਾਂ ਇੱਥੋਂ ਦਾ ਆਖਾੜਾ ਬੜਾ ਮਸ਼ਹੂਰ ਸੀ। ਪਿੰਡ ਦਾ ਹੀ ਭੋਲਾ ਸਿੰਘ ਇਲਾਕੇ ਦੇ ਭਲਵਾਨਾਂ ਨੂੰ ਦਾਅ-ਪੇਚ ਸਿਖਾਉਂਦਾ ਸੀ। ਇਸ ਅਖਾੜੇ ਵਿੱਚ ਇੱਕ 16 ਮਣ ਕੱਚੇ ਦੀ ਮੂੰਗਲੀ ਵੀ ਹੁੰਦੀ ਸੀ, ਜਿਸ ਨੂੰ ਪਿੰਡ ਦੇ ਸਾਧੂ ਸਿੰਘ, ਠਾਕਰ ਸਿੰਘ, ਭੁੱਲਾ ਸਿੰਘ ਤੇ ਹੁਸ਼ਨਾਕ ਸਿੰਘ ਆਦਿ ਫੇਰਦੇ ਹੁੰਦੇ ਸਨ। ਇਹ ਮੂੰਗਲੀ ਅਜੇ ਵੀ ਲਕਸ਼ੀਹਾਂ ਪਿੰਡ ਪਈ ਹੋਈ ਹੈ। ਇਹ ਮੁੰਗਲੀ ਕਲਾਤਮਿਕ ਤਾਂ ਹੈ ਹੀ। ਇਸ ਦਾ ਵਜ਼ਨ ਵਧਾਉਣ ਲਈ ਇਸ ਦੀ ਲੱਕੜ ਖੋਦਕੇ ਲੱਗਭਗ ਚਾਰੇ ਪਾਸੇ ਲੋਹੇ ਦੀਆਂ ਲੱਠਾਂ ਭਰੀਆਂ ਹੋਈਆਂ ਹਨ। ਗੋਲ ਅਕਾਰ ਦੀ ਥੱਲਿਓ ਮੋਟੀ, ਉੱਪਰੋ ਪਤਲੀ ਤੇ ਉਪਰ ਹੱਥੇ ਤੱਕ ਨੂੰ ਮਜ਼ਬੂਤੀ ਦੁਆਉਣ ਲਈ ਲੋਹੇ ਦੀਆਂ ਪਲੇਟਾਂ-ਪੱਤੀਆਂ ਦੀ ਵਰਤੋਂ ਕੀਤੀ ਗਈ ਹੈ। ਥੱਲਿਉਂ ਮੋਟਾਈ ਐਨੀ ਕਿ ਕਲਾਵੇ ਵਿੱਚ ਵੀ ਮੁਸ਼ਕਿਲ ਨਾਲ ਆਉਂਦੀ। ਲੱਗਭਗ ਇੱਕ ਸਦੀ ਪਹਿਲਾ ਤਿਆਰ ਕੀਤੀ ਇਹ ਕਸਰਤੀ ਵਸਤੂ ਵਰਗੀ ਸ਼ਾਇਦ ਹੀ ਕਿਧਰੇ ਹੋਰ ਹੋਵੇ। ਫੌਜੀ ਅਮਰ ਸਿੰਘ ਇੱਕ ਅਜਿਹਾ ਜੁਗਤੀ ਪਰ ਜੋਰਾਵਰ ਬੰਦਾ ਹੁੰਦਾ ਸੀ, ਜੋ ਬੱਕਰੀਆਂ ਚਾਰਨ ਲਈ ਵਰਤੇ ਜਾਂਦੇ ਇੱਕ ਵੀਹ ਕੁ ਫੁੱਟ ਲੰਮੇ ਢਾਗੇ ਨੂੰ ਇੱਕ ਹੱਥ ਨਾਲ ਹੀ ਐਨ ਸਿੱਧਾ ਖੜ੍ਹਾ ਕਰ ਲੈਂਦਾ ਸੀ ਜਦਕਿ ਕਹਿਰ ਕਹਾਉਂਦੇ ਗੱਭਰੂਆਂ ਦੇ ਵੀ ਇੰਜ ਕਰਦਿਆਂ ਗੁੱਟ ਨਿਕਲ ਜਾਇਆ ਕਰਦੇ ਸਨ। ਪੁਰਾਣੇ ਵੇਲਿਆਂ ਵੇਲੇ ਇਹ ਪਿੰਡ ਗਤਕੇਬਾਜ਼ੀ ਦੇ ਜੌਹਰਾਂ ਕਾਰਨ ਵੀ ਬੜਾ ਪ੍ਰਸਿੱਧ ਸੀ। ਇਸ ਜੰਗੀ ਤੇ ਖ਼ਤਰਨਾਕ ਖੇਡ ਦੇ ਕੋਚ ਇਸ ਪਿੰਡ ਦੇ ਸ੍ਰੀ ਰਤਨ ਸਿੰਘ ਸੈਣੀ ਸਨ। ਅਜੇ ਜੀ. ਉਹ ਗਤਕੇ ਦਾ ਉਹ ਸਮਾਨ ਸੈਣੀਆ ਦੇ ਬਾਗ ਵਿੱਚ ਪਿਆ ਹੋਇਆ ਹੈ।

ਲੰਗੇਰੀ ਪਿੰਡ | Langeri Village

ਦੱਸਿਆ ਜਾਂਦਾ ਹੈ ਕਿ ਇੱਥੋਂ ਦੇ ਜੱਟਾਂ ਦਾ ਬੈਂਡ-ਵਾਜਾ ਐਨਾ ਮਸ਼ਹੂਰ ਸੀ ਕਿ ਵਿਆਂਦੜ ਕੁੜੀਆਂ ਤੇ ਉਨ੍ਹਾਂ ਦੇ ਮਾਪੇ ਕਈ ਵਾਰ ਮੁੰਡੇ ਵਾਲਿਆਂ ਤੋਂ ਮੰਗ ਕਰਦੇ ਕਿ ਬੈਂਡ ਲੰਗੇਰੀ ਦਾ ਲਿਆਉਣਾ ਭਈ। ਮੁੱਖ ਕਲਾਕਾਰ ਫੌਜੀ ਅਮਰ ਸਿੰਘ ਤੇ ਦੂਸਰੇ ਸ਼ਾਜੀਆ ਵਿੱਚ ਸ਼ਰਨ ਸਿੰਘ, ਉਜਾਗਰ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਕਰਤਾਰ ਸਿੰਘ, ਗਿਆਨ ਸਿੰਘ, ਫੁੰਮਣ ਸਿੰਘ, ਲੱਛਮਣ ਸਿੰਘ ਤੇ ਹਰਨਾਮ ਸਿੰਘ ਆਦਿ ਹੁੰਦੇ ਸਨ। ਸਾਰੇ ਮਰ-ਮੁੱਕ ਗਏ ਪਰ ਸ਼ਰਨ ਸੂੰਹ ਅਜੇ ਜਿਊਂਦਾ । ਅਜ਼ਾਦੀ ਤੋਂ ਬਾਅਦ ਫਿਰ ਐਮ.ਐਲ.ਏ. ਬਣੇ ਕਰਤਾਰ ਸਿੰਘ ਦੀ ਅਗਵਾਈ ਹੇਠ ਆਦਿਧਰਮੀਆਂ ਨੇ ਇਸ ਪਿਰਤ ਨੂੰ ਅਗਾਂਹ ਤੋਰਿਆ। ਉਨ੍ਹਾਂ ਦੀ ਟੀਮ ਵਿੱਚ ਬਖ਼ਸੀ ਰਾਮ, ਜੋਗਿੰਦਰ ਸਿੰਘ, ਅਮਰ ਚੰਦ ਤੇ ਚਿੰਤਾ ਸਿੰਘ ਆਦਿ ਹੁੰਦੇ ਸਨ। ਕਾ. ਨਰੰਜਣ ਸਿੰਘ ਵਲੋਂ ਬਣਾਈਆਂ ਤਿੱਲੇ ਵਾਲੀਆਂ ਜੁੱਤੀਆਂ ਵੀ ਬਹੁਤ ਮਸ਼ਹੂਰ ਸਨ।

ਦੇਸ਼ੀ ਉਪਚਾਰ ਨੇ ਵੈਦਗੀ ਲਈ ਇੱਥੋਂ ਦਾ ਪ੍ਰਸਿੱਧ ਭਾਈ ਮਾਹਨ ਸਿੰਘ ਹੋਇਆ ਹੈ। ਮਸ਼ਹੂਰੀ ਤੋਂ ਬਿਨਾਂ ਉਹ ਐਨਾ ਰਿਆਇਤੀ ਤੇ ਚੰਗਾ ਸੀ ਕਿ ਸਾਰਾ ਇਲਾਕਾ ਉਨ੍ਹਾਂ ਨੂੰ ਭਾਈ ਜੀ ਸ਼ਬਦ ਨਾਲ ਸੰਬੋਧਿਤ ਕਰਦਾ, ਜੋ ਰੌਲਿਆ ਤੋਂ ਬਾਅਦ ਕੈਨੇਡਾ ਜਾ ਬੈਠਾ। ਡੇਢ ਕੁ ਸਦੀ ਪਹਿਲਾਂ ਇੱਥੋਂ ਦੇ ਇੱਕ ਬਜ਼ੁਰਗ ਨੰਦ ਸਿੰਘ ਨੇ ਆਪਣੇ ਪੁੱਤਰ ਨੂੰ ਮਿਹਨਤ ਕਰਕੇ ਅਜਿਹੀ ਡਾਕਟਰੀ ਤਾਲੀਮ ਦੁਆਈ ਕਿ ਉਸ ਤੋਂ ਬਾਅਦ ਚੱਲ ਸੋ ਚੱਲ। ਉਸੇ ਪਰਿਵਾਰ ਦੇ ਅਗਾਂਹ ਡਾ. ਜਵਾਲਾ ਸਿੰਘ, ਫਿਰ ਡਾ. ਮੇਹਰ ਸਿੰਘ ਆਦਿ ਪੀੜ੍ਹੀ-ਦਰ-ਪੀੜ੍ਹੀ ਇਹ ਪੜ੍ਹਾਈ ਤੇ ਕਿੱਤਾ ਚੱਲਿਆ। ਉਸ ਘਰ ਹੁਣ ਪੰਚ ਤਰਸੇਮ ਸਿੰਘ ਪੁਰਾਣੀਆਂ ਤੇ ਨਵੀਆਂ ਜਾਣਕਾਰੀਆਂ ਰੱਖਣ ਵਾਲੀ ਵਿਲੱਖਣ ਪ੍ਰਤਿਭਾ ਹੈ। ਡਾਕਟਰਾਂ ਦੇ ਇਸ ਟੱਬਰ ਨੇ ਮੁਹਾਰਤ ਤੇ ਲੋਕ ਸੇਵਾ ਨਾਲ ਚੰਗਾ ਨਾਮਣਾ ਖੱਟਿਆ। ਹੁਣ ਇਸੇ ਪਿੰਡ ਦੇ ਜਸਵੰਤ ਸਿੰਘ ਤੇ ਓ.ਪੀ.ਸਿੰਘ ਇਸ ਪਿਰਤ ਨੂੰ ਅਗਾਂਹ ਤੋਰ ਰਹੇ ਹਨ। ਇਸ ਪਿੰਡ ‘ਚੋਂ ਬਹੁਤੇ ਬੰਦੇ ਬਾਹਰਲੇ ਮੁਲਕੀ ਵੀ ਗਏ ਹੋਏ ਹਨ। ਉੱਘੇ ਸਮਾਜ ਸੇਵੀ ਚੋਂ ਸੋਹਣ ਸਿੰਘ ਦਾ ਪੁੱਤ ਬਲਦੇਵ ਮਸਤਾਨਾ ਇੰਗਲੈਂਡ ਦਾ ਉੱਘਾ ਸੰਗੀਤ-ਨਿਰਦੇਸ਼ਕ ਹੈ। ਗ਼ਦਰੀਆਂ ਦੇ ਕੁਝ ਘਰ ਪਨਾਮ ਚਲੇ ਗਏ ਹਨ, ਜਿਨ੍ਹਾਂ ਵਿੱਚ ਵੱਡੇ ਰੌਲਿਆਂ ਤੋਂ ਪਹਿਲਾਂ ਸਕੂਲ ਮਾਸਟਰ ਤੇ ਫਿਰ ਬੀ.ਡੀ.ਓ ਰਹੇ ਸ. ਮਿੱਤ ਸਿੰਘ ਬਹੁਤ ਨਾਮਵਰ ਹਨ ਜੋ ਕਦੇ ਭਾਈ ਪਿਆਰਾ ਸਿੰਘ ਦੇ ਮੁੱਖ ਚੋਣ ਇੰਚਾਰਜ ਹੁੰਦੇ ਸਨ।

ਇਕ ਹੋਰ ਉੱਘੇ ਵਿਅਕਤੀ ਵੀਰ ਸਿੰਘ ਦਾ ਇੱਕ ਪੁੱਤ ਕੈਨੇਡਾ ਵਿੱਚ ਬਹੁਤ ਵੱਡਾ ਖਜ਼ਾਨਾ ਅਫ਼ਸਰ ਜਾ ਲੱਗਾ। ਕੁਝ ਗੋਰਿਆਂ ਦੀ ਈਰਖਾ ਦਾ ਸ਼ਿਕਾਰ ਹੋਏ ਉਸ ਬੰਦੇ ਦੀ ਇਨਕੁਆਰੀ ਲਈ ਇੱਕ ਖਾਸ ਅੰਗਰੇਜ਼ ਟੀਮ 1978 ਵਿੱਚ ਇਸ ਪਿੰਡ ਪੁੱਜੀ। ਉਸ ਦੇ ਘਰੋਂ ਤਾਂ ਕੀ ਮਿਲਣਾ ਸੀ, ਉਲਟਾ ਉਸ ਪਰਿਵਾਰ ਅਤੇ ਪਿੰਡ ਦੀ ਸਾਦਗੀ ਤੇ ਵਿਲੱਖਣਤਾ ਤੋਂ ਉਹ ਐਨੇ ਪ੍ਰਭਾਵਿਤ ਹੋਏ ਕਿ ਵੱਡੇ ਤੜਕੇ ਤੋਂ ਲੈ ਕੇ ਦੇਰ ਆਥਣ ਤੱਕ ਚੱਲਣ ਵਾਲੀਆਂ ਸਾਰੀਆਂ ਪੇਂਡੂ ਗਤੀਵਿਧੀਆਂ, ਸਮਾਜਿਕ ਤੇ ਪੰਚਾਇਤੀ ਫੈਸਲਿਆਂ ਸਮੇਤ ਪੇਂਡੂ ਭਾਈਚਾਰੇ ਨੂੰ ਅਜਿਹਾ ਕੈਮਰਾਬੱਧ ਤੇ ਫਿਲਮਾਇਆ ਕਿ ਕਿਸੇ ਪੇਂਡ ਪੰਜਾਬ ਦੀ ਉਸ ਨੇ ਯਥਾਰਥੀ ਤਸਵੀਰ ਬਣ ਕੇ ਪੂਰੇ ਕੈਨੇਡਾ ਵਿੱਚ ਜਾ ਧੁੰਮ ਮਚਾਈ।

ਪੜ੍ਹਾਈ ਪੱਖੋਂ ਇਹ ਪਿੰਡ ਪਹਿਲਾਂ ਤੋਂ ਹੀ ਤਾਲੀਮ ਯਾਫ਼ਤਾ ਰਿਹਾ ਹੈ। ਜਦ ਕੁੜੀਆਂ ਚਿੜੀਆਂ ਨੂੰ ਸਕੂਲ ਤੋਰਨ ਦਾ ਕੋਈ ਨਾਂਅ ਵੀ ਨਹੀਂ ਸੀ ਲੈਂਦਾ, ਉਸ ਵਕਤ ਸੰਨ 1929 ਫਿਰ ਇੱਥੇ ਕੁੜੀਆਂ ਦਾ ਸਕੂਲ ਖੋਲਿਆ ਗਿਆ, ਜਿਸ ਲਈ ਭਾਈ ਸੁੰਦਰ ਸਿੰਘ, ਉਧਮ ਸਿੰਘ ਕੈਨੇਡਾ ਅਤੇ ਚੌ. ਬਸੰਤ ਰਾਮ ਨੇ ਵਿਸ਼ੇਸ਼ ਕੰਮ ਕੀਤਾ। ਹੋਰਨਾਂ ਤੋਂ ਇਲਾਵਾ ਦਲਿਤਾਂ ਵਿੱਚੋਂ ਵੀ ਪ੍ਰੋ. ਅਜੀਤ ਸਿੰਘ ਤੇ ਕਾਫ਼ੀ ਅਰਸਾ ਪਹਿਲਾਂ ਆਈ. ਜੀ. ਪੁਲਿਸ ਜੀਤ ਰਾਮ ਹੋਏ ਹਨ। ਮਾਸਟਰ ਦਰਬਾਰਾ ਸਿੰਘ ਦੀ ਅਗਵਾਈ ਵਾਲੀ ਰੱਸਾਕਸ਼ੀ ਅਤੇ ਫੁੱਟਬਾਲ ਟੀਮ ਬੱਡੀ ਪ੍ਰਸਿੱਧ ਤਾਂ ਹੀ ਸੀ, ਬਲਕਿ ਨੈਸ਼ਨਲ ਪੱਧਰ ਉੱਤੇ ਵੀ ਇੱਥੋਂ ਦੇ ਕੋਚ ਚੰਦਰ ਸ਼ੇਖਰ, ਬਲਜੀਤ, ਗੁਰਦਿਆਲ, ਹਰਦੀਪ, ਮਨਪ੍ਰੀਤ, ਸੁਖਦੇਵ, ਚੂਹੜ ਸਿੰਘ ਤੋਂ ਬਿਨਾਂ ਕੈਨੇਡੀਅਨ ਦਾ ਪੁੱਤਰ ਸੰਤ ਪ੍ਰਕਾਸ਼ ਆਦਿ ਹਨ। ਇਨਕਲਾਬੀ ਦਲਿਤ ਕਵੀ ਧੰਨਾ ਸਿੰਘ ਤਾਂ ਮਸ਼ਹੂਰ ਹੀ ਸੀ, ਅਗਾਂਹ ਲੇਖਕਾਂ ਦੀ ਪਿਰਤ ਤੋਰ ਕੇ ਪ੍ਰੋ. ਅਜੀਤ ਨੇ ਅਤੇ ਹੁਣ ਉੱਭਰਦੇ ਲੇਖਕ ਹਨ- ਜਸਵੀਰ ਬੇਦਰਦ ਤੇ ਅਮਰੀਕਾ ਲੰਗੇਰੀ। ਡਾ. ਗੁਰਚਰਨ ਤੋਂ ਬਿਨਾਂ ਅਮਰਜੀਤ, ਮਲਕੀਤ, ਨਰਿੰਦਰ, ਭਜਨ, ਮਾਸਟਰ ਬਚਿੱਤਰ ਸਿੰਘ ਤੋਂ ਬਿਨਾਂ ਨਰੰਜਨ ਕੌਰ ਆਦਿ ਅਗਾਂਹਵਧੂ ਚੱਕਰ ਅੱਗੇ ਤੋਰ ਰਹੇ ਹਨ। ਜਿੱਥੇ 80 ਸਾਲਾ ਬਜ਼ੁਰਗ ਕਾ. ਅਨੰਤ ਰਾਮ ਅਜੇ ਵੀ ਬਲਾਕ ਸੀ. ਪੀ. ਆਈ. ਦਾ ਆਫ਼ਿਸ ਸੈਕਟਰੀ ਹੈ, ਉੱਥੇ ਮਾਸਟਰ ਅਵਤਾਰ ਦੀ ਅਗਵਾਈ ਹੇਠ ਬਾਲ ਨਾਟ ਕੇਂਦਰ ਲੰਗੇਰੀ ਤੋਂ ਬਿਨਾਂ ਜਾਗ੍ਰਿਤੀ ਕਲਾ ਮੰਚ ਮਾਹਿਲਪੁਰ ਚੱਬੇਵਾਲ ਵੀ ਕੰਮ ਕਰ ਰਹੇ ਹਨ। ਹਰ ਸਾਲ ਮਨਾਏ ਜਾਂਦੇ ਕਾ. ਦਰਸ਼ਨ ਸਿੰਘ ਕੈਨੇਡੀਅਨ ਦੇ ਸ਼ਹਾਦਤੀ ਸਮਾਗਮ ਵਿੱਚ ਵੱਖ-ਵੱਖ ਪਾਰਟੀਆਂ ਦੇ ਕੌਮੀ ਪੱਧਰ ਦੇ ਆਗੂ ਸ਼ਾਮਲ ਹੁੰਦੇ ਹਨ। ਦੇਸ਼ ਭਗਤਾਂ ਨੂੰ ਸਮਰਪਿਤ ਸ਼ਹੀਦੀ ਸਮਾਗਮ ਉਸੇ ਗ਼ਦਰੀ ਮੇਹਰ ਸਿੰਘ ਦੇ ਪੁੱਤਰ ਸਰਪੰਚ ਮਨਜੀਤ ਲਾਲੀ ਦੀ ਅਗਵਾਈ ਹੇਠ ਮਨਾਇਆ ਜਾਂਦਾ ਹੈ, ਜਿਸ ਨੂੰ ਕਦੇ ਭਾਈ ਪਿਆਰਾ ਸਿੰਘ ਦੀ ਪ੍ਰੇਰਨਾ ਨਾਲ ਕਾ. ਕੈਨੇਡੀਅਨ ਨੇ ਅੱਸੀਵੇਂ ਦਹਾਕੇ ਦੇ ਅੱਧ ਵਿੱਚ ਪਿੰਡ ਸੁਧਾਰ ਅਤੇ ਵਿਕਾਸ ਲਈ ਵਲੈਤੋਂ ਸੱਦ ਲਿਆ ਸੀ। ਪੁਰਾਣੇ ਇਨਕਲਾਬੀ ਦੇਸ਼ ਭਗਤਾਂ ਭਾਵੇਂ ਇਸ ਪਿੰਡ ਦੇ ਇੱਕ-ਇੱਕ ਕਰਕੇ ਤੁਰ ਗਏ, ਪਰ ਫ਼ਖਰ ਕੀਤੇ ਜਾ ਸਕਣ ਵਾਲੇ ਇਸ ਪਿੰਡ ਨੇ ਉਸੇ ਲਾਲੀ ਦੀ ਅਗਵਾਈ ਹੇਠ ਅਜੇ ਵੀ ਇਨਕਲਾਬ ਦੀ ਸੂਹੀ ਲਾਟ ਮੱਘਦੀ ਰੱਖੀ ਹੋਈ ਹੈ।

 

 

 

 

 

Credit – ਵਿਜੈ ਬੰਬੇਲੀ

Leave a Comment

error: Content is protected !!