ਲੱਡਾ
ਤਹਿਸੀਲ ਧੂਰੀ ਦਾ ਪਿੰਡ ਲੱਡਾ, ਸੰਗਰੂਰ ਤੋਂ ਚਾਰ ਕਿਲੋ ਮੀਟਰ ਦੂਰ ਧੂਰੀ-ਸੰਗਰੂਰ ਸੜਕ ਤੇ ਸਥਿਤ ਬਹਾਦਰ ਸਿੰਘ ਵਾਲਾ ਰੇਲਵੇ ਸਟੇਸ਼ਨ ਤੋਂ 2 ਕਿਲੋਮੀਟਰ ਤੇ ਧੂਰੀ ਸਟੇਸ਼ਨ ਤੋਂ 7 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ :
ਕਿਹਾ ਜਾਂਦਾ ਹੈ ਕਿ ਕੋਈ 1500 ਈ. ਦੇ ਨੇੜੇ ‘ਲਾਡਾ’ ਗੁੱਜਰ ਨੇ ਇਸ ਪਿੰਡ ਦੀ ਨੀਂਹ ਰੱਖੀ ਸੀ। ਉਸ ਵੇਲੇ ਪੰਜਾਬ ਵਿੱਚ ਲੋਧੀਆਂ ਦਾ ਰਾਜ ਖ਼ਤਮ ਹੋਇਆ ਸੀ ਅਤੇ ਬਾਬਰ ਦੇ ਪੈਰ ਨਵੇਂ-ਨਵੇਂ ਜੰਮੇ ਸਨ। ਇਸ ਇਲਾਕੇ ਵਿੱਚ ਅਸ਼ਾਂਤੀ ਫੈਲੀ ਹੋਈ ਸੀ। ਆਲੇ-ਦੁਆਲੇ ਚੰਗੀ ਜ਼ਮੀਨ ਵੇਖ ਕੇ ਲਾਹੌਰ ਦਿੱਲੀ ਦੇ ਨੇੜੇ ਹੋਣ ਕਰਕੇ, ਲਾਡੇ ਨੇ ਇੱਥੇ ਰਿਆਸਤ ਬਣਾਉਣ ਦੀ ਸੋਚੀ ਪਰ ਉਸਦੀ ਜ਼ਿੰਦਗੀ ਨੇ ਬਹੁਤੀ ਦੇਰ ਉਸਦਾ ਸਾਥ ਨਾ ਦਿੱਤਾ। ਇਸ ਪਿੰਡ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਨੇ ਆਪਣੇ ਲਈ ਇੱਕ ਆਲੀਸ਼ਾਨ ਕੋਠੀ ਬਣਾਈ।
ਇੱਥੇ ਛੇਵੇਂ ਪਾਤਸ਼ਾਹ ਦੀ ਯਾਦਗਾਰ ਵਿੱਚ ਇੱਕ ਗੁਰਦੁਆਰਾ ਹੈ। ਗੁੱਗਾ ਜ਼ਾਹਰ ਪੀਰ ਦੀ ਮਾੜੀ, ਬਰਾਗੀ ਸਾਧਾਂ ਦਾ ਡੇਰਾ ਜਿਸਨੂੰ ਮਾਈ ਦਾ ਡੇਰਾ ਵੀ ਆਖਦੇ ਹਨ, ਡੇਰਾ ਭਗਵਾਨ ਦਾਸ ਤੇ ਡੇਰਾ ਭਗਤ ਭਗਵਾਨ ਇਸ ਪਿੰਡ ਦੀਆਂ ਹੋਰ ਮਹੱਤਵਪੂਰਨ ਥਾਵਾਂ ਹਨ। ਇਸ ਪਿੰਡ ਦੇ ਕਵੀਸ਼ਰ ਮਸ਼ਹੂਰ ਹਨ।
ਇਕ ਵਾਰ ਨਵਾਬ ਮਲੇਰਕੋਟਲਾ ਨੂੰ ਸੁਪਨੇ ਵਿੱਚ ਸੱਪ ਹੀ ਸੱਪ ਦਿਖਾਈ ਦੇਣ ਲੱਗੇ ਤਾਂ ਨਵਾਬ ਸਾਹਿਬ ਨੂੰ ਕਿਸੇ ਫਕੀਰ ਦੇ ਦੱਸਿਆ ਕਿ ਗੁੱਗੇ ਦੀ ਮਾੜੀ ਬਣਾਉਣ ਨਾਲ ਵਾਪਰਨ ਵਾਲਾ ਸੰਕਟ ਦੂਰ ਹੋ ਸਕਦਾ ਹੈ। ਨਵਾਬ ਮਲੇਰਕੋਟਲਾ ਨੇ ਲੱਡੇ ਵਿਖੇ ਆ ਕੇ ਗੁੱਗੇ ਦੀ ਮਾੜੀ ਬਣਵਾਈ ਤੇ ਇਸ ਉੱਤੇ ਸੋਨੇ ਦਾ ਕਲਸ ਚੜ੍ਹਾਇਆ। ਇਸ ਮਾੜੀ ਤੇ ਲੋਕ ਸੁੱਖਾ ਸੁੱਖਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ