ਲੱਧੇਵਾਲੀ (ਲਾਲੇਵਾਲੀ)
ਸਥਿਤੀ :
ਇਹ ਪਿੰਡ ਲੱਧੇਵਾਲੀ ਜਲੰਧਰ ਸ਼ਹਿਰ ਵਿੱਚ ਸੰਮਿਲਤ ਹੋ ਚੁੱਕਾ ਹੈ। ਜਲੰਧਰ-ਹੁਸ਼ਿਆਰਪੁਰ ਸੜਕ ‘ਤੇ ਮੰਡੀ ਤੋਂ 2 ਕਿਲੋਮੀਟਰ ਲੱਧੇਵਾਲੀ ਦੇ ਨਾਂ ਨਾਲ ਮਸ਼ਹੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਦੱਸਿਆ ਜਾਂਦਾ ਹੈ ਕਿ ਇਸ ਥਾਂ ਜਿਸ ਤੇ ਇਹ ਦੋਵੇਂ ਪਿੰਡ ਮੌਜੂਦ ਹਨ, ਕਦੇ ਦੋ ਮੁਸਲਮਾਨ ਭਰਾ, ਲੱਧਾ ਜੋ ਵੱਡਾ ਸੀ ਅਤੇ ਲਾਲਾ ਜੋ ਛੋਟਾ ਸੀ, ਖੇਤੀ ਕਰਿਆ ਕਰਦੇ ਸਨ। ਲੱਧਾ ਪੂਰਬ ਵੱਲ ਅਤੇ ਲਾਲਾ ਪੱਛਮ ਵਾਲੇ ਪਾਸੇ ਰਹਿੰਦੇ ਸਨ। ਇਹਨਾਂ ਦੇ ਆਲੇ ਦੁਆਲੇ ਕੋਈ ਅਬਾਦੀ ਨਹੀਂ ਸੀ। ਅੰਗਰੇਜ਼ਾ ਨੇ ਜਦੋਂ ਜਲੰਧਰ ਛਾਉਣੀ ਬਣਾਈ ਤਾਂ ਇੱਥੇ ਵੱਸਦੇ ਲੋਕਾਂ ਨੂੰ ਲਾਇਨ ਤੋਂ ਪਾਰ ਜਾਣ ਲਈ ਹੁਕਮ ਦਿੱਤਾ। ਇੱਥੋਂ ਬੇਘਰ ਹੋਏ ਲੋਕ ਰੇਲਵੇ ਲਾਈਨ ਤੋਂ ਕੁਝ ਹਟਵੇਂ ਵੱਸਣੇ ਸ਼ੁਰੂ ਹੋ ਗਏ ਅਤੇ ਬੇਅਬਾਦ ਥਾਂ ਪਿੰਡ ਦਾ ਰੂਪ ਧਾਰਦੀ ਗਈ ਅਤੇ ਇਹਨਾਂ ਪਿੰਡਾਂ ਦਾ ਨਾਂ ਲੱਧੇਵਾਲੀ ਲਾਲੇਵਾਲੀ ਪੱਤੀ ਦੇ ਨਾਂ ਤੇ ਮਸ਼ਹੂਰ ਹੋ ਗਿਆ। ਇਸ ਪਿੰਡ ਵਿੱਚ ਚਾਰ ਨਵੀਆਂ ਬਸਤੀਆਂ ਹਨ-ਕਾਕੀ ਪਿੰਡ, ਜੋਗਿੰਦਰ ਨਗਰ, ਦਸਮੇਸ਼ ਨਗਰ ਤੇ ਬੇਅੰਤ ਨਗਰ। ਕਾਕੀ, ਲੱਧੇ ਤੇ ਲੱਲੇ ਦੀ ਭੈਣ ਸੀ ਅਤੇ ਇਹ ਜ਼ਮੀਨ ਉਸਨੂੰ ਦਾਜ ਵਿੱਚ ਮਿਲੀ ਸੀ। ਜੋਗਿੰਦਰ ਨਗਰ ਇੱਥੋ ਦੇ ਪੰਚ ਦੇ ਨਾਂ ਤੇ ਹੈ ਜੋ ਇੱਕ ਸੜਕ ਹਾਦਸੇ ਵਿੱਚ ਮਰ ਗਿਆ ਸੀ ਤੇ ਉਹ ਕਾਫੀ ਜ਼ਮੀਨ ਦਾ ਮਾਲਕ ਸੀ। ਬੇਅੰਤ ਨਗਰ ਵਿੱਚ ਭਾਂਤ ਭਾਂਤ ਦੇ ਲੋਕਾਂ ਕਰਕੇ ਇਸ ਦਾ ਨਾਂ ਪਿਆ ਅਤੇ ਦਸਮੇਸ਼ ਨਗਰ ਦਸਮ ਪਾਤਸ਼ਾਹ ਦੇ ਨਾਂ ਤੇ ਨਾਂ ਪਿਆ।
ਇਸ ਇਲਾਕੇ ਵਿੱਚ ਰਾਜਪੂਤ ਸਿੱਖਾਂ ਦੀ ਕਾਫੀ ਅਬਾਦੀ ਹੈ ਅਤੇ ਇਹਨਾਂ ਤੋਂ ਇਲਾਵਾ ਜੱਟ, ਸੈਣੀ ਤੇ ਕੰਬੋਜ ਬਰਾਦਰੀ ਦੇ ਲੋਕ ਵੀ ਪਿੰਡ ਵਿੱਚ ਰਹਿੰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ