ਵੱਲਾ
ਸਥਿਤੀ :
ਪਿੰਡ ਵੱਲਾ ਅੰਮ੍ਰਿਤਸਰ ਕਾਰਪੋਰੇਸ਼ਨ ਦੀ ਹੱਦ ਅੰਦਰ ਆਉਂਦਾ ਹੈ। ਇਹ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ 8 ਕਿਲੋਮੀਟਰ ਦੂਰ ਬਾਈਪਾਸ ‘ਤੇ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਸੋਹਲ (ਥਾਣਾ ਡਬਾਲ) ਦੇ ਦੋ ਭਰਾਵਾਂ ਵੱਲੇ ਤੇ ਮੱਲੇ ਨੇ ਵਸਾਇਆ ਸੀ। ਵੱਲੇ ਦੇ ਤਿੰਨ ਪੁੱਤਰ-ਵਸਣ, ਫੁਲੂ ਤੇ ਮਲਕ ਸਨ ਅਤੇ ਮੱਲੇ ਦਾ ਸਿਰਫ ਇੱਕ ਪੁੱਤਰ ਸੀ ਇਸ ਕਰਕੇ ਪਿੰਡ ਦਾ ਨਾਂ ਵੱਲੇ ਦੇ ਨਾਂ ਤੇ ਹੀ ਪਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲਾ ਤੋਂ ਸੰਗਤ ਸਮੇਤ ਸ੍ਰੀ ਹਰਮਿੰਦਰ ਸਾਹਿਬ ਐਮ੍ਰਿਤਸਰ ਪਹੁੰਚੇ। ਦਰਬਾਰ ਸਾਹਿਬ ਦੇ ਪੁਜਾਰੀਆਂ ਨੇ ਕਵਾੜ ਬੰਦ ਕਰ ਲਏ। ਗੁਰੂ ਜੀ ਕਾਫੀ ਦੇਰ ਉਡੀਕ ਕਰਣ ਤੋਂ ਬਾਅਦ ਪਿੰਡ ‘ਵੱਲੇ ਆ ਗਏ। ਇੱਥੇ ਬੀਬੀ ਹਰ ਦੇ ਪਰਿਵਾਰ ਨੇ ਬਹੁਤ ਸ਼ਰਧਾ ਨਾਲ ਗੁਰੂ ਜੀ ਦੀ ਸੇਵਾ ਕੀਤੀ। ਜਿਸ ਸਥਾਨ ਤੇ ਗੁਰੂ ਜੀ 17 ਦਿਨ ਰਹੇ ਉੱਥੇ ਅੱਜ ਕੱਲ ਬਹੁਤ ਹੀ ਆਲੀਸ਼ਾਨ ਗੁਰਦੁਆਰਾ ‘ਕੋਠਾ ਸਾਹਿਬ’ ਹੈ। ਮਾਘ ਦੀ ਪੁੰਨਿਆ ਨੂੰ ਇੱਥੇ ਹਰ ਸਾਲ ਬਹੁਤ ਭਾਰੀ ਮੇਲਾ ਲਗਦਾ ਹੈ।
ਪਿੰਡ ਦੇ ਭਾਈ ਮੂਲਾ ਸਿੰਘ ਨਨਕਾਣੇ ਦੇ ਸਾਕੇ ਵਿੱਚ ਸ਼ਹੀਦ ਹੋਏ। ਗੰਗਸਰ ਜੈਤੋ ਦੇ ਮੋਰਚੇ ਵਿੱਚ ਭਾਈ ਦਿਆਲ ਸਿੰਘ ਸ਼ਹੀਦ ਹੋਏ। ਜਲ੍ਹਿਆਂਵਾਲੇ ਬਾਗ ਦੇ ਸਾਕੇ ਵਿੱਚ ਵੱਲੇ ਦੇ ਗੋਪਾਲ ਸਿੰਘ ਸ਼ਹੀਦ ਹੋਏ। ਪਿੰਡ ਦੇ ਹੋਰ ਕਈ ਵਿਅਕਤੀਆਂ ਨੇ ਜੈਤੋ ਦੇ ਮੋਰਚੇ, ਗੁਰੂ ਕੇ ਬਾਗ ਦੇ ਮੋਰਚੇ ਅਤੇ ਭਾਰਤ ਛੱਡੋ ਅੰਦੋਲਨ ਵਿੱਚ ਕੈਦਾਂ ਕੱਟੀਆਂ। ਪਿੰਡ ਵਿੱਚ ਮਜ਼੍ਹਬੀ ਸਿੱਖਾਂ ਦੀ ਆਬਾਦੀ ਸਭ ਤੋਂ ਵੱਧ ਹੈ।