ਸਮਾਧ ਭਾਈ
ਸਥਿਤੀ :
ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਸਮਾਧ ਭਾਈ, ਮੋਗਾ – ਸਮਾਧ ਭਾਈ – ਰਾਮਪੁਰਾ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 28 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਇਹ ਪਿੰਡ ਰਾਮਗੜੀਆ ਪਰਿਵਾਰ ਦੇ ਭਾਈ ਗੁਲਾਬਾ, ਭਾਈ ਪੰਜਾਬਾ ਅਤੇ ਭਾਈ ਮੇਹਰਾ ਨੇ ਆਪਣੇ ਬਜ਼ਰੁਗ (ਪੜਦਾਦਾ) ਭਾਈ ਰੂਪਾ ਜੋ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਅਨਿਨ ਸਿੱਖ ਸਨ ਦੀ ਯਾਦ ਵਿੱਚ ਵਸਾਇਆ। ਭਾਈ ਰੂਪ ਚੰਦ ਦੀ ਸਮਾਧ ਪਿੰਡ ਦੇ ਪੱਛਮ ਵੱਲ ਹੈ ਜੋ ਕਿ ਇੱਕ ਪ੍ਰਭਾਵਸ਼ਾਲੀ ਗੁਰਦੁਆਰੇ ਦੇ ਰੂਪ ਵਿੱਚ ਹੈ ਜਿਸ ਦੇ ਨਾਲ ਸਰੋਵਰ ਵੀ ਹੈ। ਪਿੰਡ ਦਾ ਨਾਂ ‘ਸਮਾਧ ਭਾਈ’ ਇਸ ਸਮਾਧ ਤੋਂ ਪਿਆ। ਸਮਾਧ ਦੇ ਮੁਖ ਦੁਆਰ ਤੇ ਭਾਈ ਰੂਪ ਚੰਦ ਦੇ ਗੁਰਪੁਰੀ ਸਿਧਾਰਨ ਦਾ ਸਮਾਂ ਸਾਵਨ ਵਦੀ ਏਕਮ 1766 ਲਿਖਿਆ ਹੋਇਆ ਹੈ ਅਤੇ ਇੱਥੇ 12 ਜੁਲਾਈ ਨੂੰ ਬਰਸੀ ਸਮੇਂ ਜੋੜ ਮੇਲਾ ਲੱਗਦਾ ਹੈ। ਸਮਾਧ ਤੋਂ ਡੇਢ ਕਿਲੋਮੀਟਰ ਦੀ ਵਿੱਥ ਤੇ ਮਾਲ ਸਾਹਿਬ ਦਾ ਅਸਥਾਨ ਹੈ, ਇਸ ਨੂੰ ਬਾਬਾ ਧਰਮ ਚੰਦ ਦਾ ਤੱਪ ਅਸਥਾਨ ਵੀ ਕਿਹਾ ਜਾਂਦਾ ਹੈ। ਇੱਥੇ ਕਈ ਤਰ੍ਹਾਂ ਦੀਆਂ ਸੁੱਖਾਂ ਲਈ ਲੋਕ ਆਉਂਦੇ ਹਨ। ਪਿੰਡ ਵਿੱਚ ਇੱਕ ਨਾਨਕਸਰ ਗੁਰਦੁਆਰਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ