ਸਮੁੰਦੜਾ
ਸਥਿਤੀ :
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਸਮੁੰਦੜਾ, ਗੜ੍ਹਸ਼ੰਕਰ – ਸੰਤੋਖਗੜ੍ਹ ਸੜਕ ਤੋਂ ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 6 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਬਾਹਰ ਬਹੁਤ ਪੁਰਾਣਾ ਤੇ ਮਾਨਤਾ ਵਾਲਾ ਸ਼ਿਵ ਦਾ ਮੰਦਰ ਹੈ ਜਿਸ ਕਰਕੇ ਪਿੰਡ ਦਾ ਨਾਂ ਸ਼ਿਵ ਮੰਦਰ ਤੋਂ ‘ਸਮੁੰਦੜ’ ਪੈ ਗਿਆ । ਮਹਾਦੇਵ ਨੂੰ ਮੰਨਣ ਵਾਲੇ ਲੋਕ ਸ਼ਿਵ ਮੰਦਰ ਦੀ ਪੂਜਾ ਕਰਦੇ ਸਨ ਇਸ ਕਰਕੇ ਸ਼ਿਵ ਮੰਦਰ ਮਹੇਸ਼ਆਣਾ ਬਣ ਗਿਆ। ਮਹੇਸ਼ਆਣਾ ਨਵਾਂ ਸ਼ਹਿਰ ਵਾਲੇ ਬਾਵਿਆਂ ਦੀ ਗੱਦੀ ਹੈ ਅਤੇ ਉਹਨਾਂ ਨੂੰ ਚੜ੍ਹਾਵੇ ਦਾ ਹਿੱਸਾ ਪਹੁੰਚਦਾ ਹੈ। ਇੱਥੇ ਮਿੱਟੀ ਖਾਣ ਵਾਲੇ ਬੱਚਿਆਂ ਨੂੰ ਲਿਆਇਆ ਜਾਂਦਾ ਹੈ। ਚੌਦੇ ਵਾਲੇ ਦਿਨ ਇੱਥੇ ਨਵ-ਵਿਆਹਿਆਂ ਜੋੜਿਆਂ ਅਤੇ ਨਵ-ਜੰਮਿਆਂ ਮੁੰਡਿਆਂ ਨੂੰ ਲਿਆਇਆ ਜਾਂਦਾ ਹੈ।
ਇਹ ਸਾਰਾ ਪਿੰਡ ਹਿੰਦੂਆਂ ਦਾ ਸੀ। ਮੁਗ਼ਲ ਰਾਜ ਵੇਲੇ ਪਿੰਡ ਦੇ ਮੋਹਰੀ ਦੋ ਭਰਾਵਾਂ ਵਿਚੋਂ ਇੱਕ ਲਾਲਚ ਵਿੱਚ ਆ ਕੇ ਮੁਸਲਮਾਨ ਬਣ ਗਿਆ ਅਤੇ ਪਿੰਡ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਅੱਜ ਵੀ ਪਿੰਡ ਦੀਆਂ ਦੋ ਪੱਤੀਆਂ ਹਨ ਇੱਕ ਮੁਸਲਮਾਨਾਂ ਅਤੇ ਇੱਕ ਹਿੰਦੂਆਂ ਦੀ।
ਪਿੰਡ ਵਿੱਚ ਇੱਕ ਬੇਦੀ ਸਿੱਖਾਂ ਦਾ ਕਿਲ੍ਹਾ ਸੀ ਅਤੇ ਕਿਲ੍ਹੇ ਦੇ ਖੂਹ ਦਾ ਪਾਣੀ ਬਹੁਤ ਮਿੱਠਾ ਸੀ, ਇਹ ਪਾਣੀ ਊਨੇ ਦੇ ਬੇਦੀਆਂ ਨੂੰ ਘੋੜਿਆਂ ‘ਤੇ ਪਹੁੰਚਾਇਆ ਜਾਂਦਾ ਸੀ। ਮੁਸਲਮਾਨਾਂ ਦੀ ਇੱਕ ਨਿਸ਼ਾਨੀ ਮਸੀਤ ਪਿੰਡ ਵਿੱਚ ਮੌਜੂਦ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ