ਸਰਹਾਲੀ
ਸਥਿਤੀ :
ਤਹਿਸੀਲ ਫਲੌਰ ਦਾ ਪਿੰਡ ਸਰਹਾਲੀ, ਫਗਵਾੜਾ ਜੰਡਿਆਲਾ ਸੜਕ ‘ਤੇ ਫਗਵਾੜਾ ਤੋਂ 9 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਤਲਵਨ ਤੋਂ ਦਾਦੂ ਵਾਲ ਤੱਕ ਮੰਝ ਰਾਜਪੂਤਾਂ ਦਾ ਇਲਾਕਾ ਸੀ ਜਿਸਨੂੰ ਮੰਝਕੀ ਦਾ ਇਲਾਕਾ ਕਿਹਾ ਜਾਂਦਾ ਸੀ। ਪਰ ਤਵਲਨ ਤੇ ਦਾਦੂ ਵਾਲ ਵਾਲੇ ਮੁਸਲਮਾਨਾਂ ਦੇ ਗੋਤ ਅਲਗ ਸਨ ਤੇ ਸਰਹਾਲੀ ਆ ਕੇ ਇਹਨਾਂ ਦੀ ਹੱਦ ਬਣਦੀ ਸੀ। ਇਸ ਕਰਕੇ ਇਸ ਪਿੰਡ ਦਾ ਪਹਿਲਾ ਨਾ ‘ਸਰਹੱਦ ਵਾਲੀ’ ਤੇ ਫੇਰ ‘ਸਰਹਾਲੀ’ ਬਣ ਗਿਆ।
ਇਸ ਪਿੰਡ ਵਿੱਚ ਤਲਵਨ ਦੇ ਇੱਕ ਲੜਕੇ ਦੇ ਨਾਨਕੇ ਸਨ। ਲੜਕਾ ਫੌਜੀ ਸੀ ਤੇ ਉਸਦਾ ਕੋਈ ਮਾਮਾ ਨਹੀਂ ਸੀ ਤੇ ਸਾਰੀ ਜਾਇਦਾਦ ਤੇ ਉਸਦਾ ਹੱਕ ਸੀ ਪਰ ਖੇੜਾ ਪਿੰਡ ਜੋ ਨਾਲ ਲੱਗਦਾ ਸੀ ਦੇ ਜੋਹਲ ਉਸਨੂੰ ਹੱਕ ਨਹੀਂ ਲੈਣ ਦੇਂਦੇ ਸਨ। ਇੱਕ ਦਿਨ ਉਸਨੇ ਫ਼ੌਜ ਦਾ ਸਿੱਕਾ ਬਰੂਦ ਲਿਆ ਕੇ ਸਾਰੇ ਪਿੰਡ ਨੂੰ ਖਤਮ ਕਰ ਦਿੱਤਾ ਤੇ ਉਹ ਜੋਹਲ ਹੀ ਬਚੇ ਜੋ ਪਿੰਡ ਵਿੱਚ ਨਹੀਂ ਸਨ। ਉਹਨਾਂ ਜੋਹਲਾਂ ਨੇ ਗੋਰਾਇਆ ਕੋਲ ਜਾ ਕੇ ਜੌਹਲ ਪਿੰਡ ਵਸਾਇਆ। ਉਸ ਦੋਹਤੇ ਨੇ ਖੇੜੇ ਦੇ ਨਾਲ ਇਹ ਪਿੰਡ ਵੀ ਸਾਂਭ ਲਿਆ। ਪਿੰਡ ਦੇ ਚਾਰ ਹਿੱਸੇ ਵਿਚਕਾਰ ਇੱਕ ਕਿੱਲਾ ਗੱਡ ਕੇ ਬਣਾਏ ਅਤੇ ਚਾਰ ਰਸਤਿਆਂ ਦੇ ਸਿਰਿਆਂ ‘ਤੇ ਚਾਰ ਮੱਟੀਆਂ ਬਣਾਈਆਂ। ਕਿੱਲੇ ਵਾਲੀ ਜਗ੍ਹਾ ਤਕਰੀਬਨ ਚਾਰ ਕੁ ਕਨਾਲ ਹੁਣ ਤੱਕ ਲੋਕ ਮਨਹੂਸ ਸਮਝਦੇ ਹਨ ਤੇ ਬੇਅਬਾਦ ਹੈ।
ਇਹ ਪਿੰਡ ਪੀਰਾਂ, ਗੁਰੂਆਂ ਤੇ ਦੇਵੀਆਂ ਦੀ ਧਰਤੀ ਮੰਨੀ ਜਾਂਦੀ ਹੈ। ਇਸਦੇ ਇੱਕ ਫਰਲਾਂਗ ਉਤਰ ਵੱਲ ਇੱਕ ਥਾਂ ਹੈ ‘ਗੁਰੂਆਣਾ’ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਕੁਝ ਦੇਰ ਅਰਾਮ ਕੀਤਾ ਸੀ। ਇੱਥੇ ਇੱਕ ਸ਼ਾਨਦਾਰ ਗੁਰਦੁਆਰਾ ਹੈ। ਇੱਥੇ ਇੱਕ ਸਲਾਨੀ ਦੇਵੀ (ਸੀਤਲਾ ਦੇਵੀ) ਦਾ ਮੰਦਰ ਹੈ ਤੇ ਚਾਰ ਹੋਰ ਗੁਰਦੁਆਰੇ ਹਨ। ਪਿੰਡ ਦੇ ਬਾਹਰ ‘ਗੁਰੂ ਕਿਆ ਕੀ ਉਲਾਂਘੀ’, ਨੌ ਗਜ਼ੀਏ ਸ਼ਾਹ ਲੱਠਾ ਦੀ ਕਬਰ ‘ਤੇ ਝੰਡਾ ਜੀ ਦੀ ਸਮਾਧ ਵੀ ਪਿੰਡ ਵਾਸੀਆਂ ਲਈ ਪੂਜਨੀਕ ਥਾਵਾਂ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ