ਇਹ ਭੱਟੀ ਰਾਜਪੂਤਾਂ ਵਿੱਚੋਂ ਹਨ। ਭੱਟੀ ਰਾਜੇ ਸਲਵਾਨ ਦੇ ਪੰਦਰਾਂ ਪੁੱਤਰ ਸਨ । ਸਲਵਾਨ ਭੱਟਨੇਰ ਦਾ ਇਕ ਪ੍ਰਸਿੱਧ ਰਾਜਾ ਸੀ। ਇਸ ਦੇ ਇੱਕ ਪੁੱਤਰ ਦਾ ਨਾਮ ਸਾਇਰ ਰਾਉ ਸੀ। ਸਰਾਂ ਗੋਤ ਦੇ ਜੱਟ ਸਰਾਓ ਜਾਂ ਸਾਇਰ ਰਾਉ ਦੀ ਬੰਸ ਵਿਚੋਂ ਹਨ। ਕਈ ਇਤਿਹਾਸਕਾਰਾਂ ਨੇ ਸਲਵਾਨ ਨੂੰ ਸਾਲੋਂ ਵੀ ਲਿਖਿਆ ਹੈ। ਕਿਸੇ ਕਾਰਨ ਇਹ ਲੋਕ ਭੱਟਨੇਰ ਦੇ ਇਲਾਕੇ ਨੂੰ ਛੱਡ ਕੇ ਸਿਰਸੇ, ਹਿਸਾਰ ਤੇ ਬਠਿੰਡੇ ਵਲ ਆ ਗਏ। ਘੱਗਰ ਨਦੀ ਦੇ ਆਸਪਾਸ ਹਰਿਆਣੇ ਤੇ ਪੰਜਾਬ ਦੇ ਖੇਤਰ ਵਿੱਚ ਆਬਾਦ ਹੋ ਗਏ। ਬਠਿੰਡੇ ਵਿੱਚ ਸਰਾਵਾਂ ਦੇ 12 ਪਿੰਡ ਜੱਸੀ, ਪੱਕਾ, ਪਥਰਾਲਾ, ਸੇਖੂ, ਜੋਗੇਵਾਲਾ, ਤਖਤੂ, ਫਲੜ, ਸ਼ੇਰਗੜ੍ਹ, ਮਸਾਣਾ, ਦੇਸੂ, ਪੰਨੀਵਾਲਾ, ਵਾਘਾ ਆਦਿ ਹਨ। ਮਾਨਸਾ ਇਲਾਕੇ ਦੇ ਸਰਾਂ ਆਪਣਾ ਗੋਤ ਸਰਾਉਂ ਲਿਖਦੇ ਹਨ। ਮਾਨਸਾ ਸੁਨਾਮ ਦੇ ਇਲਾਕੇ ਵਿੱਚ ਕੋਟੜਾ ਸਰਾਉਂ ਗੋਤ ਦਾ ਪ੍ਰਸਿੱਧ ਪਿੰਡ ਹੈ। ਮੁਕਤਸਰ ਜ਼ਿਲ੍ਹੇ ਵਿੱਚ ਕੱਚਾ। ਕਾਲੇਵਾਲਾ ਪਿੰਡ ਸਾਰਾ ਹੀ ਸਰਾਂ ਗੋਤ ਦਾ ਹੈ।
ਫਿਰੋਜ਼ਪੁਰ ਵਿੱਚ ਮੁਰਾਦ ਵਾਲਾ ਵੀ ਸਰਾਂ ਗੋਤ ਦਾ ਇੱਕ ਉੱਘਾ ਪਿੰਡ ਹੈ। ਫਰੀਦਕੋਟ ਤੇ ਮੋਗੇ ਦੇ ਇਲਾਕੇ ਵਿੱਚ ਸਰਾਂ ਪੱਕਾ ਪੱਥਰਾਲਾ ਦੇ ਇਲਾਕੇ ਵਿਚੋਂ ਆਕੇ ਆਬਾਦ ਹੋਏ ਹਨ। ਮੋਗੇ ਗਿੱਲ ਦੀ ਪੱਕੇ ਰਿਸ਼ਤੇਦਾਰੀ ਸੀ। ਉਸਦੇ ਸਹੁਰੇ ਬਾਰੇ ਸਰਾਂ ਦੀ ਮੁਗ਼ਲਾਂ ਦੇ ਦਰਬਾਰ ਵਿੱਚ ਪੂਰੀ ਚੌਧਰ ‘ਚੱਲਦੀ ਸੀ। ਪਟਿਆਲੇ ਤੇ ਸੰਗਰੂਰ ਦੇ ਜ਼ਿਲ੍ਹਿਆਂ ਵਿੱਚ ਵੀ ਕੁਝ ਸਰਾਂ ਆਬਾਦ ਹਨ। ਸਰਾਵਾਂ ਨਾਮ ਦੇ ਪੰਜਾਬ ਵਿੱਚ ਕਈ ਪਿੰਡ ਹਨ। ਕਿਸੇ ਸਮੇਂ ਸਰਹੰਦ ਦੇ ਸਮਾਣੇ ਦੇ ਖੇਤਰ ਵਿੱਚ ਵੀ ਸਰਾਵਾਂ ਦਾ ਬੋਲਬਾਲਾ ਸੀ। ਸਤਲੁਜ ਦੇ ਖੇਤਰ ਲੁਧਿਆਣਾ ਤੇ ਫਿਰੋਜ਼ਪੁਰ ਆਦਿ ਵਿੱਚ ਵੀ ਸਰਾਂ ਕਾਫੀ ਸਨ । ਅਕਾਲੀ ਫੂਲਾ ਸਿੰਘ ਸਰਾਉ ਜੱਟ ਸੀ। ਪੱਛਮੀ ਪੰਜਾਬ ਦੇ ਲਾਹੌਰ, ਸਿਆਲਕੋਟ ਤੇ ਗੁਜਰਾਂਵਾਲਾ ਦੇ ਇਲਾਕਿਆਂ ਵਿੱਚ ਵੀ ਸਰਾਵਾਂ ਦੇ ਕਾਫੀ ਪਿੰਡ ਸਨ। ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਗੜ੍ਹਦੀਵਾਲਾ ਪਾਸ ਚਿਪੜਾ ਪਿੰਡ ਵੀ ਸਰਾਂ ਗੋਤ ਦੇ ਜੱਟਾਂ ਦਾ ਹੈ। ਦੁਆਬੇ ਵਿੱਚ ਸਰਾਂ ਬਹੁਤ ਘੱਟ ਹਨ। ਮੁੱਗ਼ਲਾਂ ਦੇ ਸਮੇਂ ਸਰਾਂ ਗੋਤ ਦੇ ਕੁਝ ਜੱਟ ਮੁਸਲਮਾਨ ਬਣ ਗਏ ਸਨ। ਪਿੰਡ ਬੜੀ ਟਿੱਬਾ ‘ ਦਾ ਦੁਲਾ ਸਿੰਘ ਸਰਾਉਂ ਮਹਾਰਾਜਾ ਰਣਜੀਤ ਸਿੰਘ ਦਾ ਖਿੜਾਵਾ ਹੋਇਆ ਹੈ। ਪਿੰਡ ਜੱਸੀ ਜ਼ਿਲ੍ਹਾ ਬਠਿੰਡਾ ਦੇ ਸੁਫਨਾ ਸਿੰਘ ਸਰਾਂ ਗੁਰੂ ਗੋਬਿੰਦ ਸਿੰਘ ਦਾ ਪੱਕਾ ਸੇਵਕ ਸੀ। 1881 ਦੀ ਜਨਸੰਖਿਆ ਅਨੁਸਾਰ ਪੰਜਾਬ ਵਿੱਚ ਸਰਾਂ ਗੋਤ ਦੇ ਜੱਟਾਂ ਦੀ ਗਿਣਤੀ 21826 ਸੀ। ਨਵੀਂ ਖੋਜ ਅਨੁਸਾਰ ਇਹ ਤੂਰ” ਹਨ । ਇਹ ਲੋਕ ਮੱਧ ਏਸ਼ੀਆ ਦੇ ਸਾਇਰ ਦਰਿਆ ਦੇ ਖੇਤਰ ਤੋਂ ਆਏ ਹਨ। ਇਹ ਸਾਕਾ ਬੰਸੀ ਕਬੀਲੇ ਦੇ ਲੋਕ ਸਨ। ਸਰਾਂ ਵੀ ਇੱਕ ਉੱਘਾ ਤੇ ਛੋਟਾ ਗੋਤ ਹੈ।